ਤਾਜਾ ਖ਼ਬਰਾਂ


ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  5 minutes ago
ਨਵੀਂ ਦਿੱਲੀ, 19 ਨਵੰਬਰ - ਭਾਰਤ ਖਿਲਾਫ ਇਕ ਮਾਰਫ (ਤੋੜ ਮਰੋੜ ਕੇ) ਫ਼ੋਟੋ ਪੋਸਟ ਕਰਨਾ ਪਾਕਿਸਤਾਨ ਨੂੰ ਮਹਿੰਗਾ ਪਿਆ। ਮਾਈਕ੍ਰੋ ਬਲਾਲਿੰਗ ਵੈੱਬਸਾਈਟ ਟਵੀਟਰ ਨੇ ਪਾਕਿਸਤਾਨ ਡਿਫੈਂਸ ਦੇ ਅਧਿਕਾਰਕ ਅਕਾਊਂਟ ਨੂੰ ਗਲਤ ਫ਼ੋਟੋ ਪੋਸਟ ਕਰਨ 'ਤੇ ਸਸਪੈਂਡ ਕਰ ਦਿੱਤਾ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 8 ਵਿਕਟਾਂ 'ਤੇ ਬਣਾਇਆ 263 ਦੌੜਾਂ
. . .  41 minutes ago
ਐਟਮੀ ਹਮਲੇ ਦੇ ਟਰੰਪ ਦੇ ਆਦੇਸ਼ ਨੂੰ ਫੌਜ ਮੰਨਣ ਤੋਂ ਕਰ ਸਕਦੀ ਹੈ ਇਨਕਾਰ - ਅਮਰੀਕੀ ਨਿਊਕਲੀਅਰ ਕਮਾਂਡਰ
. . .  about 1 hour ago
ਨਿਊਯਾਰਕ, 19 ਨਵੰਬਰ - ਅਮਰੀਕੀ ਰਣਨੀਤੀ ਕਮਾਨ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਹੈ ਕਿ ਜੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਉਨ੍ਹਾਂ ਦਾ ਕੋਈ ਵੀ ਉਤਰਧਿਕਾਰੀ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਦਾ ਆਦੇਸ਼ ਦਿੰਦਾ ਹੈ ਤਾਂ ਉਹ ਆਦੇਸ਼ ਗੈਰਕਾਨੂੰਨੀ ਪਾਏ...
ਹੌਲਦਾਰ ਦੀ ਆਪਣੀ ਹੀ ਰਫਲ ਦੀ ਗੋਲੀ ਚਲਣ ਨਾਲ ਹੋਈ ਮੌਤ
. . .  about 1 hour ago
ਨਸਰਾਲਾ, 19 ਨਵੰਬਰ (ਸਤਵੰਤ ਸਿੰਘ ਥਿਆੜਾ) - ਪੰਜਾਬ ਪੁਲਿਸ ਦੇ ਮੁਲਾਜ਼ਮ ਹੌਲਦਾਰ ਠਾਕੁਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਸਾਹਰੀ ਦੀ ਅੱਜ ਸਵੇਰੇ 8.30 ਵਜੇ ਦੇ ਕਰੀਬ ਆਪਣੀ ਰਫ਼ਲ ਨਾਲ ਗੋਲੀ ਚੱਲਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੱਜ ਜਨਮ ਦਿਨ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ...
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਸ੍ਰੀਲੰਕਾ 7 ਵਿਕਟਾਂ 'ਤੇ 201 ਦੌੜਾਂ ਬਣਾ ਕੇ ਖੇਡ ਰਿਹੈ
. . .  about 2 hours ago
ਰਾਹੁਲ ਗਾਂਧੀ ਨੂੰ ਪਾਰਟੀ ਦਾ ਬਣਾਇਆ ਜਾ ਸਕਦੈ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਦਾ 'ਮੁਖੀਆ' ਬਣਾਉਣ 'ਤੇ 20 ਨਵੰਬਰ ਨੂੰ ਫੈਸਲਾ ਹੋ ਸਕਦਾ ਹੈ। ਦਰਅਸਲ 20 ਨਵੰਬਰ ਨੂੰ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਹੈ ਤੇ ਇਸ 'ਚ ਰਾਹੁਲ ਨੂੰ ਪ੍ਰਧਾਨ ਬਣਾਉਣ 'ਤੇ ਫੈਸਲਾ...
ਪ੍ਰਧਾਨ ਮੰਤਰੀ ਨੇ ਮਾਨੂਸ਼ੀ ਛਿੱਲਰ ਨੂੰ ਦਿੱਤੀ ਵਧਾਈ
. . .  about 3 hours ago
ਨਵੀਂ ਦਿੱਲੀ, 19 ਨਵੰਬਰ - ਚੀਨ ਦੇ ਸਾਨਿਆ 'ਚ ਹੋਏ ਮਿਸ ਵਰਲਡ ਮੁਕਾਬਲੇ 'ਚ ਭਾਰਤ ਦੀ ਹਰਿਆਣਵੀ ਮੁਟਿਆਰ ਮਾਨੂਸ਼ੀ ਛਿੱਲਰ ਨੇ 2017 ਦਾ ਮਿਸ ਵਰਲਡ ਮੁਕਾਬਲੇ ਦਾ ਖ਼ਿਤਾਬ ਜਿੱਤਿਆ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
. . .  about 3 hours ago
ਟਵਿਟਰ ਨੇ ਪਾਕਿ ਡਿਫੈਂਸ ਦਾ ਟਵਿਟਰ ਹੈਂਡਲਰ ਕੀਤਾ ਸਸਪੈਂਡ
. . .  1 day ago
ਹੋਰ ਖ਼ਬਰਾਂ..
  •     Confirm Target Language  

ਦਿਲਚਸਪੀਆਂ

ਸੁਪਨਾ ਪੂਰਾ ਹੋਇਆ

ਰਜਨੀ ਜਦੋਂ ਨਿੱਕੀ ਸੀ ਤਾਂ ਉਹਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਪਰ ਉਹ ਘਰ ਘਾਟ ਨਾ ਹੋਣ ਕਰਕੇ ਕਦੀ-ਕਦੀ ਬੜੀ ਦੁਖੀ ਵੀ ਹੋ ਜਾਂਦੀ ਸੀ ਅਤੇ ਆਪਣੀ ਮੰਮੀ-ਪਾਪਾ ਨੂੰ ਆਖਦੀ ਕਿ ਮੇਰੇ ਸਾਰੇ ਜਮਾਤੀਆਂ ਦੇ ਸੋਹਣੇ-ਸੋਹਣੇ ਘਰ ਨੇ ਪਰ ਮੰਮੀ ਸਾਡਾ ਘਰ ਕਦੋਂ ਬਣੇਗਾ | ਰੋਜ਼ ਜਦੋਂ ਵੀ ਰਜਨੀ ਸਕੂਲੋਂ ਆਵੇ ਤਾਂ ਆਪਣੇ ਮੰਮੀ-ਪਾਪਾ ਨੂੰ ਬਸ ਮਕਾਨ ਲਈ ਹੀ ਪੁੱਛਦੀ ਰਹਿੰਦੀ ਸੀ | ਰਜਨੀ ਛੋਟੀ ਬੱਚੀ ਸੀ ਭੋਲੀ ਜਿਹੀ | ਉਸ ਵਿਚਾਰੀ ਨੂੰ ਪਤਾ ਨਹੀਂ ਸੀ ਕਿ ਉਹਦੇ ਪਾਪਾ ਜਿੰਨੇ ਵੀ ਪੈਸੇ ਰੋਜ਼ ਕਮਾ ਕੇ ਲਿਆਉਂਦੇ ਨੇ ਉਹ ਉਸ 'ਤੇ ਅਤੇ ਉਹਦੇ ਨਿੱਕੇ ਵੀਰ ਦੀ ਫੀਸ 'ਤੇ ਲੱਗ ਜਾਂਦੇ ਨੇ ਅਤੇ ਜੋ ਥੋੜ੍ਹੇ ਬਹੁਤ ਬਚਦੇ ਸੀ, ਉਹਦਾ ਘਰ ਦਾ ਰਾਸ਼ਨ ਲੈ ਆਉਂਦੇ ਸੀ | ਬਸ ਏਨੀ ਕੁ ਹੀ ਆਮਦਨੀ ਸੀ ਰਜਨੀ ਦੇ ਪਾਪਾ ਦੀ | ਸਮਾਂ ਲੰਘਦਾ ਗਿਆ ਰਜਨੀ ਵੱਡੀ ਹੋਈ ਤਾਂ ਫਿਰ ਉਸ ਨੂੰ ਸੋਝੀ ਆਈ ਕਿ ਕਿਵੇਂ ਮੇਰੇ ਪਾਪਾ ਮੇਰਾ ਅਤੇ ਵੀਰੇ ਦੀ ਪੜ੍ਹਾਈ ਦਾ ਖਰਚ ਤੋਰਦੇ ਨੇ ਉਸ ਨੂੰ ਸਾਰਾ ਪਤਾ ਲੱਗ ਗਿਆ ਸੀ ਕਿ ਉਹਦੇ ਪਾਪਾ ਇਕ ਠੇਕੇਦਾਰ ਨਾਲ ਦਿਹਾੜੀਦਾਰ ਦਾ ਕੰਮ ਕਰਦੇ ਨੇ ਅਤੇ ਰੋਜ਼ ਤਿੰਨ ਸੌ ਰੁਪਏ ਠੇਕੇਦਾਰ ਉਨ੍ਹਾਂ ਨੂੰ ਦਿਹਾੜੀ ਦਿੰਦਾ ਹੈ | ਜਿਸ ਨਾਲ ਘਰ ਦਾ ਸਰਦਾ ਹੈ | ਹੁਣ ਰਜਨੀ ਸਿਆਣੀ ਹੋ ਗਈ ਸੀ ਉਹਨੇ ਦਸਵੀਂ ਪਾਸ ਕੀਤੀ ਅਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ | ਰਜਨੀ ਨੂੰ ਇਕ ਦਿਨ ਸਕੂਲ ਦੇ ਜਮਾਤੀ ਇਹ ਕਹਿਣ ਲੱਗੇ ਕਿ ਅਸੀਂ ਕੱਲ੍ਹ ਤੇਰੇ ਘਰ ਆਵਾਂਗੇ ਅਤੇ ਤੂੰ ਸਾਨੂੰ ਆਪਣੇ ਘਰ ਦਾ ਪਤਾ ਦੱਸ | ਰਜਨੀ ਚੁੱਪ ਕਰ ਗਈ ਅਤੇ ਕਹਿਣ ਲੱਗੀ ਮੇਰਾ ਘਰ ਬਣ ਰਿਹਾ ਹੈ ਅਤੇ ਜਦੋਂ ਪੂਰਾ ਬਣ ਜਾਵੇਗਾ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਘਰ ਬੁਲਾਵਾਂਗੀ | ਇਸ ਤਰ੍ਹਾਂ ਰਜਨੀ ਨੇ ਝੂਠ ਬੋਲ ਕੇ ਆਪਣੇ ਜਮਾਤੀਆਂ ਤੋਂ ਖਹਿੜਾ ਛੁਡਾਇਆ | ਰਜਨੀ ਨੇ ਵੀ ਇਕ ਸੰਕਲਪ ਕੀਤਾ ਹੋਇਆ ਸੀ ਕਿ ਇਕ ਨਾ ਇਕ ਦਿਨ ਮੈਂ ਆਪਣਾ ਘਰ ਜ਼ਰੂਰ ਬਣਾਵਾਂਗੀ ਅਤੇ ਆਪਣੇ ਸਾਰੇ ਜਮਾਤੀਆਂ ਨੂੰ ਘਰ ਬੁਲਾਵਾਂਗੀ | ਰਜਨੀ ਪੜ੍ਹਨ 'ਚ ਵੀ ਬੜੀ ਹੁਸ਼ਿਆਰ ਸੀ ਅਤੇ ਟਿਊਸ਼ਨ ਵੀ ਉਹ ਬੜੀ ਲਗਨ ਅਤੇ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਉਂਦੀ ਸੀ | ਹਰ ਮਾਤਾ-ਪਿਤਾ ਦੀ ਇਹ ਹੀ ਇੱਛਾ ਹੁੰਦੀ ਕਿ ਸਾਡਾ ਬੱਚਾ ਰਜਨੀ ਕੋਲ ਹੀ ਪੜ੍ਹੇ | ਇਕ ਦਿਨ ਉਹ ਵੀ ਆਇਆ ਰਜਨੀ ਨੇ ਯੂਨੀਵਰਸਿਟੀ ਤੋਂ ਐਮ.ਏ. ਦਾ ਇਮਤਿਹਾਨ ਪਹਿਲੇ ਸਥਾਨ 'ਤੇ ਪਾਸ ਕੀਤਾ | ਰਜਨੀ ਖੁਸ਼ ਸੀ, ਪਰਿਵਾਰ ਵੀ ਬਹੁਤ ਖੁਸ਼ ਹੋਇਆ ਸੀ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ | ਰਜਨੀ ਨੂੰ ਇਕ ਬਚਪਨ ਦੀ ਗੱਲ ਵਾਰ-ਵਾਰ ਸਤਾ ਰਹੀ ਸੀ ਉਹ ਸੀ ਮਕਾਨ ਦੀ ਉਸਾਰੀ | ਰਜਨੀ ਨੇ ਪਾਪਾ ਨੂੰ ਆਖਿਆ ਪਾਪਾ ਤੁਸੀਂ ਮਕਾਨ ਦਾ ਕੰਮ ਸ਼ੁਰੂ ਕਰਾਓ | ਪਾਪਾ ਅੱਗੋਂ ਚੁੱਪ ਹੋ ਗਏ, ਰਜਨੀ ਨੇ ਜਦੋਂ ਚੁੱਪ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗੇ ਮਕਾਨ ਕਿਵੇਂ ਸ਼ੁਰੂ ਕਰਾਂ, ਤੈਨੂੰ ਪਤਾ ਹੀ ਹੈ ਕਿ ਮੈਂ ਜੋ ਕਮਾਇਆ ਉਹ ਤੁਹਾਡੀ ਪੜ੍ਹਾਈ ਅਤੇ ਪਾਲਣ-ਪੋਸ਼ਣ 'ਤੇ ਲਗਦਾ ਰਿਹਾ | ਪਾਪਾ ਦੀ ਏਨੀ ਗੱਲ ਸੁਣ ਕੇ ਰਜਨੀ ਨੇ ਕੁਝ ਰੁਪਏ ਉਨ੍ਹਾਂ ਦੇ ਹੱਥ 'ਤੇ ਰੱਖ ਦਿੱਤੇ ਤੇ ਕਿਹਾ ਤੁਸੀਂ ਚਿੰਤਾ ਨਾ ਕਰੋ, ਪੈਸਾ ਸਭ ਮੈਂ ਲਗਾਵਾਂਗੀ, ਬਸ ਤੁਸੀਂ ਕੰਮ ਸ਼ੁਰੂ ਕਰਾਓ | ਦੇਖਦੇ ਹੀ ਦੇਖਦੇ ਪੰਜ-ਛੇ ਮਹੀਨਿਆਂ 'ਚ ਮਕਾਨ ਬਣ ਕੇ ਤਿਆਰ ਹੋ ਗਿਆ | ਹੁਣ ਰਜਨੀ ਦੀ ਸਰਕਾਰੀ ਵੀ ਲੱਗ ਗਈ ਸੀ | ਰਜਨੀ ਨੇ ਗ੍ਰਹਿ ਪ੍ਰਵੇਸ਼ ਬੜੀ ਧੂਮ-ਧਾਮ ਨਾਲ ਕੀਤਾ ਅਤੇ ਉਹ ਸਾਰੇ ਬਚਪਨ ਦੇ ਜਮਾਤੀ ਵੀ ਆਏ ਜੋ ਵਾਰ-ਵਾਰ ਰਜਨੀ ਦੇ ਘਰ ਆਉਣ ਦੀ ਜ਼ਿਦ ਕਰਦੇ ਹੁੰਦੇ ਸੀ | ਰਜਨੀ ਨੇ ਸਾਰਿਆਂ ਦੀ ਰੱਜ ਕੇ ਸੇਵਾ ਕੀਤੀ ਅਤੇ ਸਾਰੇ ਜਮਾਤੀ ਰਜਨੀ ਦਾ ਨਵਾਂ ਘਰ ਦੇਖ ਕੇ ਬਹੁਤ ਖੁਸ਼ ਹੋਏ | ਰਜਨੀ ਨੇ ਸਾਰੇ ਜਮਾਤੀਆਂ ਤੋਂ ਇਕ ਗੱਲ ਦੀ ਮਾਫ਼ੀ ਵੀ ਮੰਗੀ ਅਤੇ ਸਭ ਨੂੰ ਸੱਚ ਦੱਸਿਆ ਕਿ ਮੈਂ ਕਿਉਂ ਤੁਹਾਨੂੰ ਵਾਰ-ਵਾਰ ਘਰ ਨਾ ਆਉਣ ਲਈ ਮਨਾਂ ਕਰਦੀ ਹੁੰਦੀ ਸਾਂ, ਕਿਉਂਕਿ ਮੇਰਾ ਕੋਈ ਘਰ-ਘਾਟ ਨਹੀਂ ਸੀ, ਮੈਂ ਤੁਹਾਡੇ ਨਾਲ ਸਦਾ ਝੂਠ ਬੋਲਦੀ ਹੁੰਦੀ ਸੀ ਕਿ ਮੇਰਾ ਘਰ ਬਣ ਰਿਹਾ ਹੈ | ਸੱਚਾਈ ਇਹ ਸੀ ਕਿ ਅਸੀਂ ਰਾਤਾਂ ਵੀ ਖੁੱਲ੍ਹੇ ਅਸਮਾਨ (ਛੋਟੇ ਜਿਹੇ ਕੱਚੇ ਘਰ) ਹੇਠ ਗੁਜ਼ਾਰਦੇ ਹੁੰਦੇ ਸੀ | ਜਦੋਂ ਸਵੇਰ ਹੋਵੇ ਤਾਂ ਮੈਂ ਅਤੇ ਮੇਰਾ ਨਿੱਕਾ ਵੀਰ ਸਕੂਲ ਚਲੇ ਜਾਂਦੇ ਅਤੇ ਮੰਮੀ-ਪਾਪਾ ਕੰਮਕਾਰ ਲਈ ਨਿਕਲ ਜਾਂਦੇ ਹੁੰਦੇ ਸੀ | ਮੈਂ ਜੋ ਬਚਪਨ ਵਿਚ ਘਰ ਬਣਾਉਣ ਦਾ ਸੁਪਨਾ ਸੰਜੋਇਆ ਸੀ, ਬਸ ਅੱਜ ਉਹ ਮੇਰਾ ਸੁਪਨਾ ਪੂਰਾ ਹੋਇਆ ਹੈ | ਅੱਜ ਅਸੀਂ ਸਾਰੇ ਬਹੁਤ ਖੁਸ਼ ਹਾਂ ਅਤੇ ਰੱਬ ਅੱਗੇ ਇਹ ਹੀ ਦੁਆ ਕਰਦੇ ਹਾਂ ਕਿ ਰੱਬ ਸਭ ਨੂੰ ਘਰ ਨਸੀਬ ਕਰੇ |

-ਅਪਰ ਗਾਡੀਗੜ੍ਹ (ਬੇਕਰੀ ਵਾਲੀ ਗਲੀ), ਡਾਕ: ਗਾਡੀਗੜ੍ਹ, ਤਹਿਸੀਲ ਅਤੇ ਜ਼ਿਲ੍ਹਾ ਜੰਮੂ-181101.
ਮੋਬਾਈਲ : 94196-36562.


ਖ਼ਬਰ ਸ਼ੇਅਰ ਕਰੋ

ਅੱਜਕਲ੍ਹ ਰਿਸ਼ਤਿਆਂ ਤੋਂ ਜ਼ਿਆਦਾ ਮੋਬਾਈਲ ਸੰਭਾਲਦੇ ਨੇ ਲੋਕੀਂ...

ਸੰਚਾਰ ਸਾਧਨਾਂ ਨੇ ਅੱਜ ਸਾਰੀ ਦੁਨੀਆ ਨੂੰ ਇਕ ਹੀ ਮਾਲਾ ਵਿਚ ਪਰੋ ਦਿੱਤਾ ਹੈ | ਤੁਸੀਂ ਕਿਸੇ ਵੀ ਕੋਣੇ 'ਚ ਰਹਿੰਦੇ ਹੋਵੇ, ਦੁਨੀਆ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜ ਹੀ ਜਾਂਦੇ ਹੋ | 'ਸੋਸ਼ਲ ਮੀਡੀਆ' ਤਾਂ ਅੱਜਕਲ੍ਹ, ਏਨਾ ਜ਼ਿਆਦਾ ਸਰਗਰਮ ਹੋ ਰਿਹਾ ਹੈ ਕਿ ਮਨੁੱਖ ਦੇ ਮਨ ਵਿਚ ਕੁਝ ਵੀ ਆਇਆ, ਨਿੱਜੀ ਜ਼ਿੰਦਗੀ ਵਿਚ ਕੁਝ ਵੀ ਮਾੜਾ-ਮੋਟਾ ਵਾਪਰਿਆ ਫਟਾਫਟ ਮੀਡੀਆ ਰਾਹੀਂ ਲੋਕਾਂ ਅੱਗੇ ਪਰੋਸ ਦਿੱਤਾ | ਫਿਰ ਸਭ ਆਪੋ-ਆਪਣੀ ਸੋਚ ਮੁਤਾਬਿਕ ਤੁਹਾਡੇ ਅੱਗੇ ਵਿਚਾਰ ਪੇਸ਼ ਕਰਦੇ ਹਨ | ਕੋਈ ਪਸੰਦ ਕਰਦਾ ਹੈ, ਕੋਈ ਨਾ ਪਸੰਦ ਕਰਦਾ ਹੈ, ਕੋਈ ਸੁਝਾਓ ਦਿੰਦਾ ਹੈ ਤੇ ਕੋਈ ਫੌਕੀ ਵਾਹ-ਵਾਹ ਕਰਦਾ ਹੈ | ਚਾਹੇ ਉਹ ਲੋਕ ਸਾਡੇ ਨਜ਼ਦੀਕੀ ਹਨ ਜਾਂ ਨਹੀਂ, ਬਸ ਚਿਹਰੇ ਉਤੇ ਨਕਾਬ ਪਾੲੀਂ 'ਸੋਸ਼ਲ ਮੀਡੀਆ' ਤੇ ਸਾਰੇ ਜੁੜੇ ਹਨ | ਇਸ ਸਭ ਦੇ ਬਾਵਜੂਦ ਵੀ ਮਨੁੱਖ ਇਕੱਲਤਾ ਕਿਉਂ ਹੰਢਾ ਦਿੱਤਾ ਹੈ?
ਇਸ ਤੋਂ ਪਹਿਲਾਂ ਅਸੀਂ ਸਾਰੇ ਇਕ-ਦੂਜੇ ਨਾਲ ਸਾਂਝ ਪਾਉਣ ਲਈ ਘਰ ਜਾਂਦੇ ਸੀ, ਬੈਠਦੇ ਸੀ, ਗੱਲਾਂ ਕਰਦੇ ਸੀ, ਦਿਖਾਵੇ ਤੋਂ ਦੂਰ ਸੁਖ-ਦੁਖ ਵਿਚ ਸ਼ਰੀਕ ਹੁੰਦੇ ਸੀ | ਪਰ ਹੁਣ ਸਿਰਫ਼ ਨਕਲੀ ਜਿਹੀ ਸਾਂਝ ਹੋ ਗਈ ਹੈ | ਜੇ ਕੋਈ ਕਿਸੇ ਦੀ 'ਪੋਸਟ' ਉਤੇ 'ਕੁਮੈਂਟ' ਕਰਨਾ ਭੁੱਲ ਜਾਵੇ ਤਾਂ ਲੋਕੀਂ ਨਾਰਾਜ਼ ਹੋ ਜਾਂਦੇ ਹਨ | ਕਿਸੇ ਨੂੰ ਰਿਸਪੌਾਸ' ਮਿਲੇ ਜਾਂ ਨਾ ਮਿਲੇ ਤਾਂ ਤੁਹਾਨੂੰ ਆਪਣਾ ਸਮਝਣ ਤੋਂ ਹੀ ਹਟ ਜਾਣਗੇ ਚਾਹੇ ਤੁਹਾਡੀ ਕੋਈ ਮਜਬੂਰੀ ਹੀ ਹੋਵੇ |
ਅਜੋਕੇ ਯੁੱਗ ਵਿਚ ਮਨੁੱਖ ਨੂੰ ਕੀ ਹੋ ਰਿਹਾ ਹੈ? ਆਪਣੀਆਂ ਕੋਮਲ ਅਤੇ ਨਿੱਜੀ ਭਾਵਨਾਵਾਂ ਨੂੰ ਦੁਨੀਆ ਦੇ ਅਣਜਾਣੇ ਲੋਕਾਂ ਨਾਲ ਸਾਂਝਾ ਕਰਨਾ ਸੌਖਾ ਸਮਝਣ ਲੱਗ ਪਏ ਹਾਂ ਪਰ ਆਪਣਿਆਂ ਨਾਲ ਔਖਾ | ਅਜਿਹੇ ਸੰਚਾਰ ਸਾਧਨ ਨੇੜਤਾ ਵਧਾਉਣ ਦੀ ਥਾਂ, ਨੇੜਲੇ ਰਿਸ਼ਤਿਆਂ ਵਿਚ ਕਈ ਵਾਰੀ ਦੂਰੀਆਂ ਵੀ ਪੈਦਾ ਕਰ ਰਹੇ ਹਨ | 'ਸੈਲਫ਼ੀ' ਲੈ ਕੇ ਲੋਕਾਂ ਤੱਕ ਪਹੁੰਚਾਉਣ ਦੀ ਕਾਹਲ ਜ਼ਿਆਦਾ ਵਧ ਗਈ ਹੈ, ਬਜਾਏ ਇਸ ਦੇ ਕਿ ਉਨ੍ਹਾਂ ਪਲਾਂ ਦਾ ਦਿਲੋਂ ਆਨੰਦ ਮਾਣੀਏ | ਮਜ਼ਬੂਤ ਰਿਸ਼ਤੇ ਤਾਂ ਦਿਲੋਂ ਬਣਦੇ ਹਨ ਤੇ ਦਿਲੋਂ ਹੀ ਨਿਭਦੇ ਹਨ | ਸਿਰਫ਼ 'ਲਾਈਕ' ਨਾਲ ਨਹੀਂ ਚਲਦਾ ਰਿਸ਼ਤਿਆਂ ਦਾ ਸਫ਼ਰ | 'ਅਨਲਾਈਕ' ਨੂੰ ਵੀ ਨਜ਼ਰਅੰਦਾਜ਼ ਕਰਨਾ ਪੈਦਾ ਹੈ, ਰਿਸ਼ਤਿਆਂ ਨੂੰ ਬਚਾਉਣ ਲਈ |

-ਨਰਿੰਦਰ ਪਾਲ ਕੌਰ
ਪਟਿਆਲਾ | ਮੋਬਾਈਲ : 99147-49855.

ਗਿਰਝ

ਸੇਵਾਮੁਕਤ ਮਾਸਟਰ ਬਸੰਤ ਸਿੰਘ ਨੂੰ ਹਰ ਵੇਲੇ ਮਾਈਕ 'ਤੇ ਭਾਸ਼ਣ ਦੇਣ ਦਾ ਜਨੂੰਨ ਸਵਾਰ ਰਹਿੰਦਾ ਸੀ ਤੇ ਇਸ ਕਸਰ ਨੂੰ ਪੂਰਾ ਕਰਨ ਲਈ ਉਹ ਕੋਈ ਵੀ ਮੌਕਾ ਸੁੱਕਾ ਜਾਣ ਨੀ ਦਿੰਦਾ ਸੀ | ਭਾਵੇਂ ਕੋਈ ਸੁਣੇ ਜਾਂ ਨਾ ਸੁਣੇ ਉਸ ਦੇ ਹੱਥ ਜਦੋਂ ਵੀ ਮਾਈਕ ਆ ਜਾਂਦਾ ਸੀ ਉਹ ਛੇਤੀ ਕਿਤੇ ਛੱਡਦਾ ਨੀ ਸੀ, ਭਾਵੇਂ ਸਟੇਜ ਸੈਕਟਰੀ ਸਮਾਂ ਥੋੜ੍ਹਾ ਹੋਣ ਦੀਆਂ ਵਾਰ-ਵਾਰ ਦੁਹਾਈਆਂ ਪਾਈ ਜਾਂਦਾ ਹੋਵੇ ਤੇ ਭਾਵੇਂ ਲੋਕੀਂ ਉੱਠ ਕੇ ਜਾਣ ਵੀ ਲੱਗ ਪੈਣ | ਮਾਈਕ ਦੀ ਪ੍ਰਾਪਤੀ ਲਈ ਉਹ ਜਿਸ ਘਰ ਵੀ ਪਾਠ ਜਾਂ ਮਰਗ ਦਾ ਭੋਗ ਪੈਣ ਵਾਲਾ ਹੁੰਦਾ ਉਸ ਘਰ ਦੇ ਵਾਰ-ਵਾਰ ਗੇੜੇ ਮਾਰ ਕੇ ਅਗਲੇ ਨੂੰ ਆਪਣੀ ਹੋਂਦ ਤੇ ਸਿਆਣਪ ਦਾ ਅਹਿਸਾਸ ਜ਼ਰੂਰ ਕਰਵਾਉਂਦਾ ਸੀ ਅਤੇ ਗੱਲਾਂ ਹੀ ਗੱਲਾਂ ਵਿਚ ਮਾਈਕ 'ਤੇ ਭਾਸ਼ਣ ਦੇਣ ਸੰਬੰਧੀ ਸਪੱਸ਼ਟ ਇਸ਼ਾਰਾ ਵੀ ਕਰ ਜਾਂਦਾ ਸੀ | ਉਸ ਦੇ ਕਿਸੇ ਘਰ ਦੇ ਵਾਰ-ਵਾਰ ਲੱਗ ਰਹੇ ਗੇੜਿਆਂ ਤੋਂ ਪਿੰਡ ਵਾਸੀਆਂ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਇਸ ਘਰ ਵਿਚ ਕੋਈ ਬਜ਼ੁਰਗ ਸਖਤ ਬਿਮਾਰ ਪਿਆ ਹੈ ਤੇ ਉਸ ਦਾ ਬਚਣਾ ਮੁਸ਼ਕਿਲ ਹੈ | ਇਕ ਦਿਨ ਉਹ ਬਿਮਾਰ ਰੂਪ ਸਿੰਘ ਦਾ ਪਤਾ ਲੈਣ ਚਲਿਆ ਗਿਆ | ਰੂਪ ਸਿੰਘ ਦਾ ਮੰਜਾ ਸਰਦੀਆਂ ਦੇ ਦਿਨ ਹੋਣ ਕਾਰਨ ਘਰ ਦੇ ਵਿਹੜੇ ਵਿਚ ਧੁੱਪੇ ਡਾਹਿਆ ਹੋਇਆ ਸੀ ਤੇ ਉਸ ਦਾ ਪੋਤਰਾ ਉਸ ਦੇ ਕੋਲ ਬੈਠਾ ਸੀ | ਗੱਲਾਂ ਕਰਦਾ-ਕਰਦਾ ਬਸੰਤ ਸਿੰਘ ਅਸਮਾਨ ਵਿਚ ਉੱਡਦੀਆਂ ਗਿਰਝਾਂ ਵੱਲ ਵੇਖ ਕੇ ਰੂਪ ਸਿੰਘ ਦੇ ਪੋਤਰੇ ਨੂੰ ੂ ਗਿਰਝ ਪੰਛੀ ਬਾਰੇ ਦੱੱਸਣ ਲੱਗਾ ਕਿ ਕਿਸ ਤਰ੍ਹਾਂ ਪ੍ਰਾਣ ਤਿਆਗਣ ਜਾ ਰਹੇੇ ਜਾਨਵਰ ਜਾਂ ਮੁਰਦਾ ਜਾਨਵਰ ਦੇ ਉੱਪਰ ਅਸਮਾਨ ਵਿਚ ਗਿਰਝ ਮੰਡਰਾਉਣ ਲੱਗ ਪੈਂਦੀ ਹੈ | ਬਿਮਾਰ ਰੂਪ ਸਿੰਘ ਦੇ ਪੋਤਰੇ ਨੂੰ , ਬਸੰਤ ਸਿੰਘ ਵੀ ਹੁਣ ਇਕ ਗਿਰਝ ਹੀ ਮਹਿਸੂਸ ਹੋ ਰਿਹਾ ਸੀ |

-ਰੁਪਿੰਦਰ ਸਿੰਘ ਚਾਹਲ
ਕੋਕਰੀ ਕਲਾਂ (ਮੋਗਾ) ਮੋਬਾ : 98550-00964.

ਨੂੰਹ-ਸੱਸ ਦੇ ਕਿੱਸੇ

ਸੰਘ ਦਾ ਫਿਕਰ
ਇਕ ਔਰਤ ਨੇ ਆਪਣੀ ਖੱਬੀ ਅੱਖ 'ਚ ਮਹਿੰਗਾ ਲੈਨਜ਼ ਪਵਾਇਆ, ਅਜੇ ਉਹ ਸ਼ਹਿਰ ਦੇ ਇਕ ਹਸਪਤਾਲ 'ਚ ਹੀ ਦਾਖਲ ਸੀ ਕਿ ਪਿੱਛੇ ਪਿੰਡ ਉਸ ਦੀ ਸਾਸੂ ਮਾਂ ਅਕਾਲ ਚਲਾਣਾ ਕਰ ਗਈ | ਇਸ ਬਾਰੇ ਜਿਉਂ ਹੀ ਉਸ ਔਰਤ ਨੇ ਡਾਕਟਰ ਨੂੰ ਜਲਦੀ ਛੁੱਟੀ ਦੇ ਕੇੇ ਘਰ ਭੇਜਣ ਬਾਰੇ ਬੇਨਤੀ ਕੀਤੀ...ਤਾਂ ਡਾਕਟਰ ਨੇ ਸੁਝਾਅ ਦਿੰਦਿਆਂ ਕਿਹਾ, 'ਬੀਬੀ ਤੁਹਾਡੀ ਅੱਖ ਦਾ ਲੈਂਜ਼ ਅਜੇ ਸੱਜਰਾ ਹੈ, ਜੇਕਰ ਤੁਸੀਂ ਹੁਣ ਰੋ ਕੇ ਅੱਖ 'ਚੋਂ ਪਾਣੀ ਕੱਢਿਆ... ਤਾਂ ਲੈਂਜ਼ ਨੇ ਖਰਾਬ ਹੋ ਜਾਣਾ ਹੈ | ਅੱਖ ਨੂੰ ਪਾਣੀ ਲੱਗਣ ਅਤੇ ਕੋਈ ਮਿੱਟੀ ਘੱਟਾ ਪੈਣ ਤੋਂ ਘੱਟੋ-ਘੱਟ ਇਕ ਮਹੀਨਾ ਬਚਾਅ ਰੱਖਣਾ ਜ਼ਰੂਰੀ ਹੈ | ਨਾਲੇ ਅੱਖਾਂ 'ਤੇ ਕਾਲੀ ਐਨਕ ਲਾਉਣੀ ਵੀ ਜ਼ਰੂਰੀ ਹੈ | ਜੇਕਰ ਤੁਹਾਡੀ ਲਾਪ੍ਰਵਾਹੀ ਨਾਲ ਕੋਈ ਅੱਖ ਨੂੰ ਨੁਕਸਾਨ ਪਹੁੰਚ ਗਿਆ ਤਾਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ |'
'ਡਾਕਟਰ ਸਾਹਿਬ ਤੁਸੀਂ ਮੇਰੀ ਅੱਖ ਦਾ ਫਿਕਰ ਨਾ ਕਰੋ... | ਮੇਰਾ ਸੰਘ ਬਹੁਤ ਜ਼ਿਆਦਾ ਖਰਾਬ ਹੈ | ਬੱਸ ਹੁਣੇ ਹੀ ਜਲਦੀ-ਜਲਦੀ ਕੋਈ ਅਜਿਹੀ ਦਵਾ-ਬੂਟੀ ਦੇਵੋ ਕਿ ਸੰਘ ਮਿੰਟਾਂ-ਸਕਿੰਟਾਂ 'ਚ ਠੀਕ ਹੋ ਜਾਵੇ, ਮੈਨੂੰ ਅੱਖ ਨਾਲੋਂ ਜ਼ਿਆਦਾ ਫਿਕਰ ਖ਼ਰਾਬ ਸੰਘ ਦਾ ਐ... |'
'ਪਰ ਬੀਬੀ...ਅੱਖਾਂ ਇਕ ਨਾਜ਼ੁਕ ਅੰਗ ਹਨ | ਜਿਨ੍ਹਾਂ ਦੀ ਤੂੰ ਕੋਈ ਪ੍ਰਵਾਹ ਨਾ ਕਰਦੀ...ਪਰ ਸੰਘ ਖਰਾਬ ਦਾ ਐਨਾ ਫਿਕਰ ਕਿਉਂ...?'
'ਡਾਕਟਰ ਸਾਹਿਬ, ਘਰ ਜਾ ਕੇ ਉੱਚੀ-ਉੱਚੀ ਰੋਣਾ-ਪਿੱਟਣਾ ਵੀ ਤਾਂ ਪੈਣਾ ਹੈ ਨਾ...ਜਿਸ ਕਰਕੇ ਚੁੰਨੀ ਦੇ ਉਹਲੇ ਨਾਲ ਅੱਖਾਂ ਨੂੰ ਤਾਂ ਮੈਂ ਜੈ ਖਾਣਾ ਥੁੱਕ ਲਗਾ ਕੇ ਵੀ ਸਾਰ ਲਊਾ, ਪਰ ਲੋਕ-ਲੱਜੋ ਸੰਘ ਵੀ ਤਾਂ ਜ਼ੋਰ-ਸ਼ੋਰ ਨਾਲ ਅੱਡਣਾ ਹੀ ਪੈਣਾ, ਇਹਨੂੰ ਤਾਂ ਜੈ ਵੱਢੇ ਨੂੰ ਥੁੱਕ ਲਾ ਕੇ ਵੀ ਨਹੀਂ ਡੰਗ ਸਾਰਿਆ ਜਾਣਾ... |'
ਵਿਛੜਿਆਂ ਦੇ ਮੇਲੇ
ਅਸਥੀਆਂ ਜਲ ਪ੍ਰਵਾਹ ਕਰਨ ਵਾਲੇ ਸਥਾਨ 'ਤੇ ਲੰਬੇ ਚਿਰਾਂ ਤੋਂ ਵਿਛੜੀਆਂ ਦੋ ਸਹੇਲੀਆਂ ਦਾ ਅਚਾਨਕ ਸੁਮੇਲ ਹੋ ਗਿਆ, 'ਕੁੜੇ ਵਾਹ...ਤੂੰ ਕਿਵੇਂ...?'
'ਨੀਂ ਮੇਰੀ ਤਾਂ ਸੱਸ ਚੜਾਈਆਂ ਕਰ ਗਈ | ਜੀਹਦੇ ਫੁੱਲ ਪਾਉਣ ਆਏ ਹਾਂ |'
'ਨੀਂ ਤੂੰ ਕਿਵੇਂ...?'
'ਨੀਂ ਮੇਰੀ ਵੀ ਸੱਸ ਪ੍ਰਲੋਕ ਸੁਧਾਰ ਗਈ... ਅਸੀਂ ਵੀ ਫੁੱਲ ਪਾਉਣ ਆਏ ਹਾਂ |'
'ਨੀਂ ਫੇਰ ਤਾਂ ਆਪਣੀਆਂ ਸੱਸਾਂ ਹੀ ਕਰਮਾਂ ਵਾਲੀਆਂ ਸੀ | ਜਿਹੜੀਆਂ ਜੈ ਖਾਣੇਂ ਦੀਆਂ ਇੱਕਠੀਆਂ ਹੀ...', ਆਖਦੀ ਹੋਈ ਪਹਿਲੀ ਸਹੇਲੀ ਨੇ ਦੂਸਰੀ ਸਹੇਲੀ ਨੂੰ ਘੁੱਟ ਕੇ ਆਪਣੇ ਕਲਾਵੇ 'ਚ ਲੈ ਲਿਆ |

-ਪਿੰਡ: ਲੰਗੇਆਣਾ ਕਲਾਂ, ਜ਼ਿਲ੍ਹਾ ਮੋਗਾ |
ਮੋਬਾਈਲ : 98781-17285.

ਇਨਸਾਨੀਅਤ

ਬੜਾ ਫਖ਼ਰ ਮਹਿਸੂਸ ਹੁੰਦਾ ਹੈ ਕਿ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਚੈਨ ਦੀ ਜ਼ਿੰਦਗੀ ਬਸਰ ਕਰ ਰਹੇ ਹਾਂ | ਇਕ ਦਿਨ ਸਵੇਰੇ-ਸਵੇਰੇ ਮੈਂ ਗੁਰਦੁਆਰਾ ਸਾਹਿਬ 'ਚੋਂ ਮੱਥਾ ਟੇਕ ਕੇ ਬਾਹਰ ਨਿਕਲਿਆ ਤਾਂ ਕੀ ਦੇਖਿਆ ਕਿ ਬਾਹਰਲੇ ਪਾਸੇ ਇਕ ਖੂੰਜੇ 'ਚ ਅਧਖੜ ਉਮਰ ਦੀ ਭੀਖ਼ ਮੰਗਣ ਵਾਲੀ ਔਰਤ ਕੁਝ ਬੁੜਬੜਾ ਰਹੀ ਸੀ ਅਤੇ ਇਸ਼ਾਰੇ ਨਾਲ ਕਿਸੇ ਕੰਮ ਵਾਸਤੇ ਸਮਝਾ ਰਹੀ ਸੀ | ਭੀੜ ਹੋਣ ਕਰਕੇ ਉਸ ਵਿਚਾਰੀ ਦੀ ਗੱਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ | ਮੈਂ ਨਜ਼ਦੀਕ ਗਿਆ ਤੇ ਦੇਖਿਆ ਕਿ ਸਾਹਮਣੇ ਇਕ ਬਜ਼ੁਰਗ ਝੁਕਿਆ ਜਿਹਾ, ਚਿਹਰਾ ਝੁਰੜੀਆਂ ਭਰਪੂਰ ਸਕੂਟਰ ਸਟਾਰਟ ਕਰ ਰਿਹਾ ਸੀ | ਵਾਰੀ-ਵਾਰੀ ਕਿੱਕ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਹੀ ਢੰਗ ਨਾਲ ਕਿੱਕ ਨਹੀਂ ਵੱਜ ਰਹੀ ਸੀ | ਫੁਰਤੀ ਨਾਲ ਮੈਂ ਬਜ਼ੁਰਗ ਕੋਲ ਗਿਆ ਅਤੇ ਜਦ ਮੈਂ ਸਟਾਰਟ ਕਰ ਦਿੱਤਾ ਤਾਂ ਬਜ਼ੁਰਗ ਮੇਰੇ 'ਤੇ ਬੜਾ ਖੁਸ਼ ਹੋਇਆ ਤੇ ਮੈਨੂੰ ਵੀ ਬੜਾ ਸਕੂਨ ਮਿਲਿਆ ਵੱਡ ਵਡੇਰੇ ਦੀ ਸਹਾਇਤਾ ਕਰਕੇ | ਮੈਂ ਵੇਖਿਆ ਕਿ ਇਕਦਮ ਉਹ ਮੰਗਤੀ ਨੇ ਵਾਹਿਗੁਰੂ ਭਲਾ ਕਰੇ, ਵਾਹਿਗੁਰੂ ਭਲਾ ਕਰੇ ਦਾ ਅਲਾਪ ਅਲਾਪਣਾ ਸ਼ੁਰੂ ਕਰ ਦਿੱਤਾ ਤੇ ਇਉਂ ਪ੍ਰਤੀਤ ਹੋਇਆ ਜਿਵੇਂ ਕਹਿ ਰਹੀ ਹੋਵੇ ਕਿ ਭਲਿਓ ਲੋਕੋ ਇਨਸਾਨੀਅਤ ਸਭ ਤੋਂ ਬਹੁਮੁੱਲਾ ਧਨ ਹੈ | ਇਸ ਰਾਹੀਂ ਹੀ ਨਿਰਮੋਹੀ ਦੁਨੀਆ ਨੂੰ ਖ਼ੁਸ਼ਗਵਾਰ ਬਣਾਇਆ ਜਾ ਸਕਦਾ ਹੈ |

ਪਤੇ ਦੀ ਗੱਲ: ਸੰੁਦਰਤਾ

ਮਸ਼ਹੂਰ ਦਾਰਸ਼ਨਿਕ ਸੁਕਰਾਤ ਦੇਖਣ ਤੋਂ ਬਹੁਤੇ ਸੰੁਦਰ ਨਹੀਂ ਸਨ | ਪਰ ਉਹ ਜਦੋਂ ਕਦੇ ਬਾਹਰ ਜਾਂਦੇ ਤਾਂ ਸ਼ੀਸ਼ਾ ਜ਼ਰੂਰ ਨਾਲ ਲੈ ਕੇ ਜਾਂਦੇ | ਕਈ ਵਾਰ ਸ਼ੀਸ਼ੇ 'ਚ ਆਪਣਾ ਮੰੂਹ ਦੇਖਦੇ | ਉਨ੍ਹਾਂ ਦੇ ਪ੍ਰਸੰਸਕਾਂ ਨੂੰ ਸੁਕਰਾਤ ਦੇ ਇਸ ਤਰ੍ਹਾਂ ਕਰਨ 'ਤੇ ਬੜੀ ਹੈਰਾਨੀ ਹੁੰਦੀ | ਇਕ ਦਿਨ ਸਾਰਿਆਂ ਨੇ ਇਕੱਠੇ ਹੋ ਕੇ ਸੁਕਰਾਤ ਤੋਂ ਪੁੱਛਿਆ, 'ਮਹਾਰਾਜ, ਤੁਸੀਂ ਜਿਥੇ ਵੀ ਜਾਂਦੇ ਹੋ, ਸ਼ੀਸ਼ਾ ਜ਼ਰੂਰ ਨਾਲ ਰੱਖਦੇ ਹੋ ਤੇ ਵਾਰ-ਵਾਰ ਸ਼ੀਸ਼ੇ 'ਚ ਮੰੂਹ ਵੀ ਦੇਖਦੇ ਹੋ?' ਸੁਕਰਾਤ ਇਹ ਸੁਣ ਕੇ ਮੁਸਕਰਾਏ ਤੇ ਬੋਲੇ,'ਦੇਖੋ ਮੈਂ ਜਾਣਦਾ ਹਾਂ ਕਿ ਮੇਰੀ ਸ਼ਕਲ ਬਦਸੂਰਤ ਹੈ | ਮੈਂ ਸ਼ੀਸ਼ੇ 'ਚ ਮੁੜ-ਮੁੜ ਇਸ ਲਈ ਦੇਖਦਾ ਹਾਂ ਕਿ ਮੈਨੂੰ ਅਹਿਸਾਸ ਹੁੰਦਾ ਰਹੇ ਕਿ ਮੈਂ ਬਦਸੂਰਤ ਹਾਂ | ਮੈਨੂੰ ਬਦਸੂਰਤ ਸ਼ਕਲ ਸੰੁਦਰ ਬਣਾਉਣ ਲਈ ਚੰਗੇ ਤੇ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ | ਮੇਰੇ ਹਿਸਾਬ ਨਾਲ ਜੋ ਵਿਅਕਤੀ ਸ਼ਕਲ ਤੋਂ ਸੰੁਦਰ ਹੈ, ਉਹਨੂੰ ਸੰੁਦਰ ਕਹਿਣਾ ਗ਼ਲਤ ਹੈ | ਸੰੁਦਰਤਾ ਤਾਂ ਸਮਾਜ ਵਿਚ ਚੰਗੇ ਤੇ ਭਲਾਈ ਦੇ ਕੰਮ ਕਰਕੇ ਹੀ ਮਿਲਦੀ ਹੈ | ਵਿਅਕਤੀ ਬੇਸ਼ੱਕ ਬਦਸੂਰਤ ਕਿਉਂ ਨਾ ਹੋਵੇ ਪਰ ਉਸ ਵਲੋਂ ਸਮਾਜ ਵਿਚ ਕੀਤੇ ਕੰਮ ਉਸ ਨੂੰ ਬਦਸੂਰਤ ਤੋਂ ਵੀ ਸੰੁਦਰ ਬਣਾ ਦਿੰਦੇ ਹਨ | ਮੇਰੇ ਹਿਸਾਬ ਨਾਲ ਸੰੁਦਰਤਾ ਤਾਂ ਉਸ ਵਲੋਂ ਕੀਤੇ ਕੰਮਾਂ ਨਾਲ ਹੀ ਬਣਦੀ ਹੈ |'

-ਡੀ.ਆਰ. ਬੰਦਨਾ, 511, ਖਹਿਰਾ ਇਨਕਲੇਵ, ਜਲੰਧਰ-144007.

ਕਹਾਣੀ: ਬਾਬਲ

ਜਾਗਰ ਦੀ ਕੁੜੀ ਦੇ ਆਈਲੈਟਸ ਵਿਚੋਂ ਸੱਤ ਬੈਂਡ ਆਇਆਂ ਨੂੰ ਹਾਲੇ ਸੱਤ ਦਿਨ ਨਹੀਂ ਸਨ ਹੋਏ ਤੇ ਇਨ੍ਹਾਂ ਸੱਤਾਂ ਦਿਨਾਂ ਵਿਚ ਉਹ ਆਪਣੀ ਬੇਟੀ ਲਈ ਆਏ ਸੈਂਕੜੇ ਰਿਸ਼ਤੇ ਮੋੜ ਚੁੱਕਾ ਸੀ...ਕਿਉਂਕਿ ਉਹ ਆਪਣੀ ਬੇਟੀ ਅਤੇ ਉਸ ਦੀ ਪੜ੍ਹਾਈ ਦਾ ਮੁੱਲ ਨਹੀਂ ਵੱਟਣਾ ਚਾਹੁੰਦਾ ਸੀ ਉਸ ਨੇ ਆਪਣੀ ਬੇਟੀ ਨੂੰ ਪੁੱਤਾਂ ਵਾਂਗੂ ਪਾਲਿਆ ਸੀ ਅਤੇ ਉਸ ਦੀ ਬੇਟੀ ਨੇ ਵੀ ਆਪਣੇ ਬਾਬਲ ਦੀ ਇੱਜ਼ਤ ਉੱਪਰ ਕਦੇ ਆਂਚ ਨਹੀਂ ਆਉਣ ਦਿੱਤੀ ਸੀ | ਅੱਜ ਉਹ ਬਹੁਤ ਖੁਸ਼ ਸੀ ਕਿਉਂਕਿ ਉਸ ਦੀ ਬੇਟੀ ਨੇ ਆਪਣੀ ਮਿਹਨਤ ਸਦਕਾ ਇਕ ਮੁਕਾਮ ਹਾਸਲ ਕੀਤਾ ਸੀ | ਅੱਜ ਵੱਡੇ-ਵੱਡੇ ਘਰਾਂ ਦੇ ਉੱਚੇ ਅਹੁਦੇ ਉੱਪਰ ਬੈਠੇ ਲੋਕ ਉਸ ਦੇ ਘਰ ਨਾਲ ਆਪਣਾ ਰਿਸ਼ਤਾ ਜੋੜਨਾ ਚਾਹੁੰਦੇ ਸਨ...ਬੇਸ਼ੱਕ ਜਾਗਰ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੀ ਬੇਟੀ ਨੂੰ ਵਿਦੇਸ਼ ਪੜ੍ਹਨ ਲਈ ਭੇਜ ਸਕਦਾ... ਪਰ ਉਸ ਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸੀ ਕਿ ਉਹ ਆਪਣੀ ਬੇਟੀ ਨੂੰ ਕਿਸੇ ਨਾਲਾਇਕ ਤੇ ਨਿਖੱਟੂ ਪੱਲੇ ਪਾ ਦਿੰਦਾ | ਉਸ ਨੇ ਆਪਣੀ ਬੇਟੀ ਦੇ ਭਵਿੱਖ ਲਈ ਆਪਣੀ ਜੱਦੀ ਜ਼ਮੀਨ ਦਾ ਟੁਕੜਾ ਆੜ੍ਹਤੀਏ ਕੋਲ ਵੇਚ ਦਿੱਤਾ ਸੀ ਅਤੇ ਆਪਣੀ ਬੇਟੀ ਦੇ ਵਿਦੇਸ਼ ਕਾਲਜ ਵਿਚ ਫੀਸ ਭਰ ਦਿੱਤੀ ਸੀ ਅਤੇ ਉਸ ਦਾ ਵੀਜ਼ਾ ਆ ਗਿਆ ਸੀ | ਅੱਜ ਉਸ ਦੇ ਜਾਣ ਦਾ ਵੇਲਾ ਸੀ ਜਾਗਰ ਬਹੁਤ ਉਦਾਸ ਹੋ ਗਿਆ ਸੀ... ਉਸ ਨੂੰ ਦੇਖ ਉਸ ਦੀ ਬੇਟੀ ਬੋਲੀ ਕਿ ਬਾਪੂ ਉਦਾਸ ਕਿਉਂ ਏਾ ਅੱਜ ਤਾਂ ਖੁਸ਼ ਹੋ ਮੈਂ ਤੇਰਾ ਪੁੱਤ ਬਣ ਕੇ ਤੇਰੇ ਸੁਪਨੇ ਪੂਰੇ ਕਰਨ ਲਈ ਵਿਦੇਸ਼ੀ ਧਰਤੀ ਉੱਪਰ ਜਾ ਰਹੀ ਹਾਂ...ਅੱਜ ਤੋਂ ਬਾਅਦ ਕਦੇ ਵੀ ਨਾ ਸੋਚੀਂ ਕਿ ਤੇਰੇ ਕੋਈ ਪੁੱਤ ਨਹੀਂ ਮੈਨੂੰ ਤੂੰ ਆਪਣਾ ਪੁੱਤ ਸਮਝੀਂ, ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰਾਂਗੀ | ਜਾਗਰ ਨੇ ਰੋਂਦਿਆਂ ਹੋਇਆਂ ਆਪਣੀ ਬੇਟੀ ਨੂੰ ਸੀਨੇ ਨਾਲ ਲਾ ਲਿਆ | ਅੱਜ ਉਸ ਨੂੰ ਇਕ ਧੀ ਦਾ ਬਾਪ ਹੋਣ 'ਤੇ ਮਾਣ ਮਹਿਸੂਸ ਹੋ ਰਿਹਾ ਸੀ |

-ਅਵਤਾਰ ਸਿੰਘ ਧਾਲੀਵਾਲ
ਫੋਨ : 90419-42308.
avtardhaliwal001@gmail.com

'ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ'

ਕੱਲ੍ਹ ਹੀ ਮੈਂ ਇਕ ਬੈਂਕ ਮੁਲਾਜ਼ਮ ਨਾਲ ਪਾਰਕ ਵਿਚ ਘੁੰਮ ਰਿਹਾ ਸੀ | ਗੱਲਾਂਬਾਤਾਂ ਦਾ ਸਿਲਸਿਲਾ ਚਲ ਰਿਹਾ ਸੀ | ਗੱਲਾਂ ਚਲ ਪਈਆਂ ਕਿ ਜਦੋਂ ਅਸੀਂ ਸੇਵਾਮੁਕਤ ਹੋ ਗਏ, ਤਾਂ ਬਾਅਦ ਵਿਚ ਕੀ ਕਰਾਂਗੇ | ਹਾਲਾਂਕਿ ਅਜੇ ਅਸੀਂ ਇੰਨੇ ਬਜ਼ੁਰਗ ਨਹੀਂ, ਬਹੁਤ ਲੰਮੀ ਨੌਕਰੀ ਪਈ ਹੈ ਸਾਡੀ | ਪਰ ਤੁਹਾਨੂੰ ਪਤਾ ਹੀ ਹੈ ਜਦੋਂ ਗੱਲਾਂ ਤੁਰਦੀਆਂ ਹਨ, ਤਾਂ ਗੱਲਾਂ ਦੇ ਪੰਛੀ ਦੀ ਉਡਾਰੀ ਕਈ ਆਕਾਸ਼ ਵੀ ਟੱਪ ਜਾਂਦੀ ਹੈ | ਉਸ ਨੇ ਕਿਹਾ 'ਯਾਰ ਮੈਂ ਤਾਂ ਸੇਵਾਮੁਕਤ ਹੋਣ ਤੋਂ ਬਾਅਦ ਕਿਸੇ ਪਹਾੜੀ ਇਲਾਕੇ ਵਿਚ ਇਕ ਛੋਟਾ ਜਿਹਾ ਘਰ ਖਰੀਦ ਲਵਾਂਗਾ | ਉੱਥੇ ਹੀ ਕੋਈ ਛੋਟਾ-ਮੋਟਾ ਕੰਮ ਕਰ ਲਵਾਂਗਾ | ਦੁਨੀਆ ਦੇ ਸ਼ੋਰ-ਸ਼ਰਾਬੇ ਤੋਂ ਦੂਰ |' ਮੈਂ ਕਿਹਾ 'ਚਲੋ ਵਧੀਆ |' ਗਲਾਂ ਅੱਗੇ ਤੁਰੀਆਂ | ਹੁਣ ਉਹ ਆਪਣੇ ਸਾਥੀਆਂ ਬਾਰੇ ਗੱਲਾਂ ਕਰਨ ਲੱਗਾ, ਜੋ ਸੇਵਾਮੁਕਤ ਹੋ ਚੁੱਕੇ ਸਨ | ਉਨ੍ਹਾਂ ਵਿਚੋਂ ਇਕ ਗੱਲ ਐਸੀ ਸੀ, ਜੋ ਸੁਣਨ ਵਾਲੀ ਸੀ | ਉਸ ਨੇ ਕਿਹਾ 'ਇਕ ਮੇਰੇ ਨਾਲ ਫਲਾਣਾ ਕੰਮ ਕਰਦਾ ਸੀ | ਹੁਣ ਉਹ ਸੇਵਾਮੁਕਤ ਹੋ ਗਿਆ ਹੈ | ਹੁਣ ਉਸ ਕੋਲ ਕੋਈ ਕੰਮ ਨਹੀਂ | ਹੁਣ ਪਤਾ ਉਹ ਕੀ ਕਰਦਾ ਹੈ, ਉਹ ਮੁਕਤਸਰੋਂ ਬਠਿੰਡੇ ਦੀ ਟਰੇਨ ਫੜ੍ਹਦਾ ਹੈ ਅਤੇ ਬਠਿੰਡੇ ਜਾ ਕੇ ਉੱਥੇ ਸਟੇਸ਼ਨ 'ਤੇ ਹੀ ਬੈਠਾ ਰਹਿੰਦਾ ਹੈ ਅਤੇ ਸਿਰਫ ਉੱਥੇ ਸਾਰਾ ਦਿਨ ਟਰੇਨਾਂ ਦੇਖਦਾ ਰਹਿੰਦਾ ਹੈ, ਅਤੇ ਸ਼ਾਮ ਨੂੰ ਫਿਰ ਮੁਕਤਸਰ ਦੀ ਟਰੇਨ ਫੜ ਕੇ ਘਰ ਆ ਕੇ ਨਹਾ ਧੋ ਕੇ ਸੌਾ ਜਾਂਦਾ ਹੈ | ਹਾਹਾ | ਉਹ ਤਾਂ ਕਮਾਲ ਹੀ ਕਰ ਜਾਂਦਾ ਹੈ | ਮੈਂ ਉਸਨੂੰ ਕਈ ਵਾਰ ਕਿਹਾ ਵੀ ਹੈ ਕਿ, ਜੇ ਤੁਸੀਂ ਟਰੇਨਾਂ ਹੀ ਦੇਖਣੀਆਂ ਹਨ, ਤਾਂ ਮੁਕਤਸਰ ਦੇ ਰੇਲਵੇ ਸਟੇਸ਼ਨ 'ਤੇ ਬੈਠਕੇ ਕਿਉਂ ਨਹੀਂ ਦੇਖ ਲੈਂਦੇ | ਉਸ ਨੇ ਪਤਾ ਕੀ ਕਿਹਾ | ਉਹ ਕਹਿੰਦਾ ਮੁਕਤਸਰ ਤਾਂ ਇਕੋ ਹੀ ਟਰੇਨ ਆਉਂਦੀ ਹੈ, ਉਸ ਨਾਲ ਉਸ ਦਾ ਟਾਈਮ ਪਾਸ ਨਹੀਂ ਹੁੰਦਾ |' ਮੇਰੇ ਦੋਸਤ ਨੇ ਤਾਂ ਮੈਨੂੰ ਇਹ ਗੱਲ ਹੱਸ ਕੇ ਕਹਿ ਦਿੱਤੀ, ਪਰ ਮੇਰੇ 'ਤੇ ਇਸ ਦਾ ਅਸਰ ਬਹੁਤ ਡੂੰਘਾ ਹੋਇਆ | ਪਹਿਲਾਂ ਤਾਂ ਮੈਂ ਮਨ ਹੀ ਮਨ ਕੁਦਰਤ ਨੂੰ ਪ੍ਰਾਰਥਨਾ ਕੀਤੀ ਕਿ ਮੇਰੇ 'ਤੇ ਇਹੋ ਜਿਹਾ ਬੁਢੇਪਾ ਤਾਂ ਕਦੇ ਨਾ ਆਵੇ | ਕਿਉਂਕਿ ਮੈਂ ਇਸ ਗੱਲ ਦਾ ਤਾਂ ਇਹਸਾਸ ਹੈ ਕਿ ਉਸ ਆਦਮੀ ਦੀ ਇਹ ਜ਼ਿੰਦਗੀ ਅੱਤ ਦੀ ਘਟੀਆ ਹੈ | ਉਹ ਪਲ ਪਲ ਮਰ ਰਿਹਾ ਹੈ ਤੜਪ-ਤੜਪ ਕੇ | ਉਸ ਦੀ ਜ਼ਿੰਦਗੀ ਨੂੰ ਬੋਰੀਅਤ ਨੇ ਇੰਨਾ ਜ਼ਿਆਦਾ ਦਬੋਚਿਆ ਹੋਇਆ ਹੈ ਕਿ ਉਸਨੂੰ ਸਮਾਂ ਲੰਘਾਉਣ ਲਈ ਬਠਿੰਡੇ ਜਾਣਾ ਪੈਂਦਾ ਹੈ | ਮੈਂ ਸੱਚ ਦੱਸਾਂ ਤਾਂ ਮੈਨੂੰ ਇਹੋ ਜਿਹੇ ਬਜ਼ੁਰਗ ਬਿਲਕੁਲ ਵੀ ਚੰਗੇ ਨਹੀਂ ਲਗਦੇ | ਉਹ ਕੀ ਸੰਦੇਸ਼ ਦੇ ਰਹੇ ਹਨ ਆਪਣੇ ਬੱਚਿਆਂ ਨੂੰ ? ਉਹ ਨੌਜਵਾਨ ਪੀੜ੍ਹੀ ਵਾਸਤੇ ਕੀ ਸਬਕ ਬਣ ਰਹੇ ਹਨ? ਬਾਬਾ ਸ਼ੇਖ ਫਰੀਦ ਜੀ ਨੇ ਕਿੰਨਾ ਸੱਚ ਕਿਹਾ ਹੈ 'ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ | ' ਉਸ ਸੇਵਾਮੁਕਤ ਬਜ਼ੁਰਗ ਉੱਤੇ ਇਹ ਗੱਲ ਕਿੰਨੀ ਫੱਬਦੀ ਹੈ | ਮੈਂ ਆਪਣੇ ਜੀਵਨ ਦਾ ਇਕ ਵੀ ਪਲ ਅਜਿਹਾ ਨਹੀਂ ਦੇਖਣਾ ਚਾਹੂੰਦਾ, ਜਿਸ ਪਲ ਮੈਂ ਨਕਾਰਾ ਹੋਵਾਂ | 'ਵੋ ਜੀਵਨ ਹੀ ਕਿਆ ਜਿਸਮੇਂ ਕੋਈ ਮਕਸਦ ਹੀ ਨਾ ਹੋ | ' ਆਪਾਂ ਹਰ ਘੜੀ, ਹਰ ਹਾਲਤ ਵਿਚ ਕੁਝ ਨਾ ਕੁਝ ਅਜਿਹਾ ਜ਼ਰੂਰ ਕਰ ਸਕਦੇ ਹਾਂ ਜੋ ਆਪਣੇ ਲਈ ਜਾਂ ਕਿਸੇ ਹੋਰਾਂ ਲਈ ਕੁਝ ਚੰਗਾ ਹੋਵੇ | ਆਪਾਂ ਅਜਿਹਾ ਸੁਗੰਧ ਦੇਣ ਵਾਲਾ ਫੁੱਲ ਕਿਸੇ ਵੀ ਘੜੀ ਕਿਸੇ ਵੀ ਪਲ ਬਣ ਸਕਦੇ ਹਾਂ |

-ਫੋਨ : 09465554088.

ਜਦੋਂ ਮੈਂ ਕਾਰ ਕੋਲੋਂ ਜਟਕਾ ਕੰਮ ਲਿਆ

ਮੇਰੀ ਜੱਦੀ ਪੁਸ਼ਤੀ ਜ਼ਮੀਨ ਥੋੜ੍ਹੀ ਹੈ | ਮੇਰਾ ਬਾਪ ਖੇਤੀਬਾੜੀ ਕਰਨ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਦੁੱਧ ਵੇਚਣ ਦਾ ਕੰਮ ਵੀ ਕਰਦਾ ਸੀ ਜਿਸ ਕਰਕੇ ਪਿੰਡ ਵਿਚ ਉਹ ਦੋਧੀ ਵਜੋਂ ਮਸ਼ਹੂਰ ਸੀ | ਇੰਜ ਘਰ ਦਾ ਗੁਜ਼ਾਰਾ ਠੀਕ-ਠਾਕ ਚਲਦਾ ਗਿਆ ਕਿਉਂਕਿ ਪਰਿਵਾਰ ਛੋਟਾ ਸੀ | ਦੋਵੇਂ ਮੇਰੇ ਮਾਤਾ-ਪਿਤਾ ਅਤੇ ਇਕ ਮੇਰੀ ਛੋਟੀ ਭੈਣ | ਮੇਰੀ ਰੁਚੀ ਪੜ੍ਹਾਈ ਵਿਚ ਵਧੇਰੇ ਸੀ, ਜਿਸ ਕਰਕੇ ਪ੍ਰੋਫੈਸਰ ਬਣ ਗਿਆ ਅਤੇ ਨਾਲ ਹੀ ਲਿਖਣ-ਪੜ੍ਹਨ ਅਥਵਾ ਖੋਜ ਕਰਨ ਵੱਲ ਰੁਚਿਤ ਹੋ ਗਿਆ | ਪਰਿਵਾਰ ਛੋਟਾ ਹੋਣ ਕਰਕੇ, ਪ੍ਰੋਫੈਸਰੀ ਵਿਚੋਂ ਚੰਗਾ ਭਲਾ ਗੁਜ਼ਾਰਾ ਹੋਣ ਕਰਕੇ ਅਤੇ ਕਿਸਾਨੀ ਦੀ ਦਸ਼ਾ ਨੇ ਵੀ ਮੈਨੂੰ ਹੋਰ ਜ਼ਮੀਨ ਖਰੀਦਣ ਵਲੋਂ ਹੋੜੀ ਰੱਖਿਆ | ਇੰਜ ਪੜ੍ਹਾਈ ਵਾਲੇ ਪਾਸਿਉਂ ਸਵਾਦ ਬਦਲੀ ਅਤੇ ਮਾੜੀ-ਮੋਟੀ ਕਸਰਤ ਦੇ ਮਨਸ਼ੇ ਨਾਲ ਮੈਂ ਜੱਦੀ-ਪੁਸ਼ਤੀ ਜ਼ਮੀਨ ਵਿਚ ਹੀ ਵਾਹੀ ਬੀਜੀ ਕਰਦਾ ਆ ਰਿਹਾ ਹਾਂ | ਜ਼ਮੀਨ ਘੱਟ ਹੋਣ ਕਰਕੇ ਮੇਰੇ ਕੋਲ ਨਾ ਟਰੈਕਟਰ ਹੈ ਅਤੇ ਨਾ ਹੀ ਹੋਰ ਮਸ਼ੀਨਰੀ | ਖੇਤੀ ਦੇ ਕੰਮ ਲਈ ਮੈਂ ਟਰੈਕਟਰ ਜਾਂ ਹੋਰ ਮਸ਼ੀਨਰੀ ਕਿਰਾਏ ਉਪਰ ਲੈ ਲੈਂਦਾ ਹਾਂ | ਵਧੇਰੇ ਕਰਕੇ ਹਰਾ ਚਾਰਾ ਹੀ ਬੀਜਦਾ ਹਾਂ ਜੋ ਸਥਾਨਕ ਪੱਧਰ ਉੱਪਰ ਵਿਕ ਜਾਂਦਾ ਹੈ, ਬਹੁਤੀ ਖੇਚਲ ਵੀ ਨਹੀਂ ਕਰਨੀ ਪੈਂਦੀ | ਐਤਕੀਂ ਇਹ ਗੱਲ ਬਣੀ ਕਿ ਥੋੜ੍ਹਾ ਜਿਹਾ ਰਕਬਾ ਵਿਕ ਨਾ ਸਕਿਆ ਜਿਸ ਕਰਕੇ ਅਪ੍ਰੈਲ-ਮਈ ਵਿਚ ਬਰਸੀਮ ਦਾ ਬੀਜ ਪੱਕ ਗਿਆ |
ਬੀਜ ਤਾਂ ਪੱਕ ਗਿਆ ਅਤੇ ਕਾਮਾ ਲਾ ਕੇ ਵਢਾਅ ਵੀ ਲਿਆ ਪਰ ਹੁਣ ਕੱਢਣ ਦਾ ਮਸਲਾ ਦਰਪੇਸ਼ ਸੀ | ਅੱਜਕਲ੍ਹ ਤਾਂ ਕਣਕ ਵੀ ਵਧੇਰੇ ਕਰਕੇ ਕੰਬਾਈਨਾਂ ਨਾਲ ਹੀ ਸੰਭਾਲੀ ਜਾਂਦੀ ਹੈ, ਜਿਸ ਕਰਕੇ ਥ੍ਰੈਸ਼ਰ ਜਾਂ ਹੜੰਬੇ ਜਾਂ ਤਾਂ ਪੁਰਾਣੇ ਕਵਾੜ ਵਿਚ ਵਿਕ ਗਏ ਹਨ ਅਤੇ ਜੋ ਨਹੀਂ ਵਿਕੇ, ਉਨ੍ਹਾਂ ਨੂੰ ਜੰਗਾਲ ਖਾ ਰਿਹਾ ਹੈ | ਥੋੜ੍ਹੇ ਕੰਮ ਵਿਚੋਂ ਕਮਾਈ ਵੀ ਥੋੜ੍ਹੀ ਹੀ ਹੋਣੀ ਹੁੰਦੀ ਹੈ, ਇਸ ਲਈ ਕੋਈ ਕਿਰਾਏ ਵਾਲਾ ਵੀ ਭਾਮੀ ਨਾ ਭਰਦਾ, ਪਰ ਪੱਕਿਆ ਹੋਇਆ ਬੀਜ ਤਾਂ ਸਾਂਭਣਾ ਹੀ ਸੀ | ਬਚਪਨ ਵਿਚ ਮੈਂ ਵੇਖਦਾ ਹੁੰਦਾ ਸੀ ਕਿ ਜਦ ਕਣਕ ਦੇ ਗਾਹ ਨੂੰ ਉਡਾਅ ਕੇ ਤੂੜੀ ਦਾਣੇ ਵੱਖ ਕਰ ਲਏ ਜਾਂਦੇ ਤਾਂ ਮੋਟੀਆਂ-ਮੋਟੀਆਂ ਘੰੁਢੀਆਂ ਬਾਕੀ ਰਹਿ ਜਾਂਦੀਆਂ ਸਨ | ਇਨ੍ਹਾਂ ਘੰੁਢੀਆਂ ਉੱਪਰ ਬਲਦ ਫੇਰ ਕੇ ਜਿਸ ਨੂੰ ਮਾਝੇ ਵਿਚ ਮੇੜ੍ਹ ਪਾਉਣੀ ਵੀ ਕਹਿੰਦੇ ਹਨ, ਦਾਣੇ ਵੱਖ ਕਰ ਲਏ ਜਾਂਦੇ | ਅੱਜ ਬਰਸੀਮ ਨੂੰ ਗਾਹੁਣ ਲਈ ਇਸ ਵਾਰ ਟਰੈਕਟਰ ਚਲਾ ਕੇ ਸਾਰ ਲਿਆ ਜਾਂਦਾ ਹੈ ਪਰ ਮੇਰੇ ਕੋਲ ਤਾਂ ਨਾ ਬਲਦ ਹਨ, ਨਾ ਟਰੈਕਟਰ ਪਰ ਉਹ ਪੰਜਾਬੀ ਹੀ ਕੀ ਜੋ ਜੁਗਾੜੀ ਨਾ ਹੋਵੇ | ਬਰਸੀਮ ਦੀਆਂ ਡੋਡੀਆਂ ਛੋਟੀਆਂ-ਛੋਟੀਆਂ ਹੁੰਦੀਆਂ ਹਨ ਇਸ ਲਈ ਮਨ ਵਿਚ ਆਇਆ ਕਿ ਟਰੈਕਟਰ ਵਾਲਾ ਕੰਮ ਕਿਉਂ ਨਾ ਕਾਰ ਕੋਲੋਂ ਹੀ ਲੈ ਕੇ ਵੇਖਿਆ ਜਾਵੇ | ਕਾਮੇ ਨੂੰ ਨਾਲ ਲੈ ਕੇ ਉਸ ਨੂੰ ਲਗਾਤਾਰ ਫੋਲੀ ਦੇਈ ਜਾਣ ਦਾ ਕਹਿ ਕੇ ਮੈਂ ਕਾਰ ਦਾ ਸਟੇਅਰਿੰਗ ਸੰਭਾਲ ਲਿਆ | ਦਸ-ਪੰਦਰਾਂ ਗੇੜੇ ਘੇਰੇ-ਘੇਰੇ ਦੇ ਕੇ ਕਾਮੇ ਨੂੰ ਕਹਿਣਾ ਕਿ ਇਕ ਵਾਰ ਉਹ ਸਾਰੇ ਗਾਹ ਨੂੰ ਫੋਲ ਦੇਵੇ | ਤਿੰਨ-ਚਾਰ ਵਾਰ ਫੋਲਣ ਤੋਂ ਬਾਅਦ ਬਰਸੀਮ ਦਾ ਬੀਜ ਵੱਖ ਹੋ ਗਿਆ ਤੇ ਫਲਿਆਣ ਵੱਖ | ਤਜਰਬਾ ਕਾਮਯਾਬ ਹੁੰਦਾ ਵੇਖ ਕੇ ਮਨ ਉਤਸ਼ਾਹਿਤ ਹੋ ਗਿਆ | ਇੰਜ ਥੋੜ੍ਹਾ-ਥੋੜ੍ਹਾ ਕਰ ਕੇ ਦੋ-ਤਿੰਨ ਘੰਟਿਆਂ ਵਿਚ ਮੈਂ ਬਰਸੀਮ ਦਾ ਬੀਜ ਕੱਢ ਕੇ ਤਿਆਰ ਕਰ ਲਿਆ | ਹਵਾ ਰੁਮਕਦੀ ਹੋਣ ਕਰਕੇ ਮੈਂ ਤੇ ਕਾਮੇ ਨੇ ਉਡਾਅ ਕੇ ਉਸ ਨੂੰ ਸਾਫ਼ ਵੀ ਕਰ ਲਿਆ | ਇਹੋ ਬੀਜ ਸਰਦੀਆਂ ਵਿਚ ਬੀਜੀ ਜਾਣ ਵਾਲੀ ਫਸਲ ਲਈ ਕਾਫੀ ਹੋਵੇਗਾ | ਇੰਜ ਜਿਹੜਾ ਜਟਕਾ ਕੰਮ ਆਮ ਲੋਕੀਂ ਟਰੈਕਟਰ ਕੋਲੋਂ ਲੈਂਦੇ ਹਨ, ਇਹ ਮੈਂ ਕਾਰ ਕੋਲੋਂ ਲੈ ਲਿਆ | ਅਨੁਮਾਨ ਹੈ ਕਿ ਫਲੀਦਾਰ ਫ਼ਸਲਾਂ ਖਾਸ ਕਰਕੇ ਦਾਲਾਂ, ਸਰ੍ਹੋਂ, ਤੋਰੀਆ ਅਤੇ ਤਿਲ ਆਦਿ ਗਾਹੁਣ ਲਈ ਵੀ ਇਹ ਨੁਸਖਾ ਅਜ਼ਮਾਇਆ ਜਾ ਸਕਦਾ ਹੈ | ਤਜਰਬੇ ਕਰਨ ਵਿਚ ਕੋਈ ਹਰਜ਼ ਨਹੀਂ ਸਿਆਣਿਆਂ ਠੀਕ ਹੀ ਕਿਹਾ ਹੈ ਕਿ ਲੋੜ ਕਾਢ ਦੀ ਮਾਂ ਹੈ |

-ਮੋਬਾਈਲ : 98889-39808.

ਮਿੰਨੀ ਕਹਾਣੀਆਂ

ਖ਼ੁਸ਼ੀ
ਸਰਕਾਰੀ ਸਕੂਲ ਦੀ ਗਰਾਊਂਡ ਵਿਚ ਅੱਜ ਸਕੂਲ ਦੇ ਅਧਿਆਪਕਾਂ ਵਲੋਂ ਖੇਡਾਂ ਕਰਵਾਈਆਂ ਜਾ ਰਹੀਆਂ ਸੀ। ਜ਼ਿਲ੍ਹੇ ਦੇ ਨਾਮਵਰ ਸਕੂਲਾਂ ਦੇ ਬੱਚੇ ਆਪਣੇ ਕੋਚਾਂ ਨਾਲ ਪਹੁੰਚ ਰਹੇ ਸਨ। ਇਧਰ ਜਗਨਾ ਵੀ ਅਥਲੈਟਿਕਸ ਵਿਚ ਭਾਗ ਲੈ ਰਿਹਾ ਸੀ। ਉਹ ਚਾਹੁੰਦਾ ਸੀ ਕਿ ਮੈਂ ਦੌੜ ਵਿਚ ਇਨਾਮ ਜਿੱਤਾਂ ਅਤੇ ਆਪਣਾ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰਾਂ। ਪਰ ਉਸ ਕੋਲ ਨਾ ਤਾਂ ਭੱਜਣ ਲਈ ਬੂਟ ਸਨ ਅਤੇ ਨਾ ਹੀ ਵਧੀਆ ਜਰਸੀ। ਇਸ ਦੇ ਉਲਟ ਬਾਕੀ ਬੱਚੇ ਜੋ ਵਧੀਆ ਸਕੂਲਾਂ ਵਿਚੋਂ ਆਏ ਸਨ ਉਨ੍ਹਾਂ ਕੋਲ ਵਧੀਆ ਬੂਟ ਤੇ ਜਰਸੀ ਸੀ ਜਿਸ ਦੇ ਪਿੱਛੇ ਉਨ੍ਹਾਂ ਦਾ ਨਾਂਅ ਲਿਖਿਆ ਹੋਇਆ ਸੀ, ਉਨ੍ਹਾਂ ਕੋਲ ਸਨ। ਰੈਫਰੀ ਨੇ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਦੌੜਾਂ ਵਿਚ ਭਾਗ ਲੈਣਾ ਸੀ ਉਨ੍ਹਾਂ ਨੂੰ ਟਰੈਕ ਵਿਚ ਆਉਣ ਲਈ ਕਿਹਾ। ਬੱਚੇ ਆਪਣੀ-ਆਪਣੀ ਜਰਸੀ ਪਾ ਕੇ ਟਰੈਕ ਵਿਚ ਆ ਗਏ। ਪਰ ਜਗਨੇ ਕੋਲ ਇਹ ਸਭ ਕੁਝ ਨਹੀਂ ਸੀ। ਜਦ ਉਹ ਟਰੈਕ ਵਿਚ ਆਇਆ ਤਾਂ ਸਾਰੇ ਹੱਸਣ ਲੱਗ ਪਏ। ਇਥੋਂ ਤੱਕ ਕਿ ਜੋ ਕੁਮੈਂਟਰੀ ਕਰ ਰਿਹਾ ਸੀ ਉਹ ਵੀ ਜਗਨੇ 'ਤੇ ਵਿਅੰਗ ਕੱਸਣ ਲੱਗ ਪਿਆ। ਜਗਨੇ ਨੂੰ ਬਹੁਤ ਬੁਰਾ ਲੱਗਾ। ਉਹ ਫਿਰ ਵੀ ਟਰੈਕ ਵਿਚ ਖੜ੍ਹਾ ਰਿਹਾ। ਉਧਰ ਰੈਫਰੀ ਨੇ ਦੌੜ ਸਟਾਰਟ ਕਰਨ ਦੀ ਵਿਸਲ ਵਜਾਈ। ਜਗਨੇ ਨੇ ਪੂਰਾ ਜ਼ੋਰ ਲਗਾ ਦਿੱਤਾ ਭੱਜਣ ਲਈ। ਜਗਨਾ ਜਿਵੇਂ ਭੱਜ ਨਹੀਂ ਉੱਡ ਰਿਹਾ ਸੀ। ਸਾਰਿਆਂ ਨੂੰ ਜਗਨੇ ਨੇ ਪਿੱਛੇ ਛੱਡ ਦਿੱਤਾ ਅਤੇ ਇਹ ਦੌੜ ਜਿੱਤ ਲਈ। ਜਗਨਾ ਦੌੜ ਜਿੱਤ ਕੇ ਖੁਸ਼ੀ ਵਿਚ ਗਰਾਊਂਡ ਦੇ ਚੱਕਰ ਲਗਾਈ ਜਾ ਰਿਹਾ ਸੀ ਅਤੇ ਮਹਿਸੂਸ ਕਰ ਰਿਹਾ ਸੀ ਜਿਵੇਂ ਕੋਈ ਉਲੰਪਿਕ ਜਿੱਤ ਲਈ ਹੋਵੇ। ਜਦ ਜਗਨਾ ਸਟੇਜ 'ਤੇ ਇਨਾਮ ਲੈਣ ਲੱਗਾ ਤਾਂ ਕੁਮੈਂਟਰੀ ਵਾਲੇ ਨੇ ਮਹਿਸੂਸ ਕੀਤਾ ਜਿਵੇਂ ਉਸ ਦੀ ਬਹੁਤ ਵੱਡੀ ਹਾਰ ਹੋਈ ਹੈ ਅਤੇ ਉਹ ਜਗਨੇ ਵੱਲ ਮੂੰਹ ਨਹੀਂ ਸੀ ਕਰ ਰਿਹਾ।

-ਲਵਮਨਿੰਦਰ ਸਿੰਘ ਸੰਧਾਵਾਲੀਆ
ਪਿੰਡ ਬੂਆ ਨੰਗਲੀ। ਫੋਨ : 98150-61014.

ਪਾਪੀ ਲੋਕ
ਇਕ ਰਾਜਾ ਆਪਣੀ ਦੌਲਤ-ਸ਼ੋਹਰਤ ਤੇ ਰੁਤਬੇ ਦਾ ਬਹੁਤ ਹੰਕਾਰ ਕਰਦਾ ਸੀ। ਉਹ ਦੂਜੇ ਲੋਕਾਂ ਨੂੰ ਚੰਗਾ ਨਾ ਸਮਝਦਾ ਤੇ ਬਹੁਤ ਮਾੜੇ ਬੋਲ ਬੋਲਦਾ, ਨੀਚ ਕਹਿੰਦਾ। ਇਥੋਂ ਤੱਕ ਕਿ ਉਨ੍ਹਾਂ ਵੱਲ ਵੇਖਦਾ ਵੀ ਨਾ, ਨਾਸਤਿਕ ਸਮਝਦਾ। ਹਮੇਸ਼ਾ ਪਾਪੀ ਕਹਿ ਕੇ ਬੁਲਾਉਂਦਾ। ਪਰ ਉਹ ਮਜ਼ਦੂਰ ਤੇ ਗਰੀਬ ਲੋਕ ਅੱਖ ਤੱਕ ਨਾ ਚੁੱਕਦੇ ਤੇ ਮਾੜਾ ਸਮਾਂ ਸਮਝ ਕੇ ਬਸ ਮਿਹਨਤ ਕਰਦੇ ਰਹਿੰਦੇ। ਇਨ੍ਹਾਂ ਲੋਕਾਂ 'ਤੇ ਬਹੁਤ ਪਾਬੰਦੀਆਂ ਲਗਾ ਦਿੱਤੀਆਂ, ਜਿਸ ਕਾਰਨ ਇਹ ਆਪਣੇ ਰਿਤੀ ਰਿਵਾਜ ਸਭ ਕੁਝ ਭੁਲ ਗਏ ਤੇ ਜਦੋਂ ਵੀ ਕੋਈ ਦੁੱਖ-ਸੁੱਖ ਹੁੰਦਾ ਤਾਂ ਚੁੱਪ ਹੀ ਰਹਿੰਦੇ। ਸਮਾਂ ਬੀਤਦਾ ਗਿਆ। ਇਕ ਦਿਨ ਕੁਦਰਤ ਦੀ ਐਸੀ ਮਾਰ ਪਈ ਕਿ ਉਸ ਹੰਕਾਰੀ ਇਨਸਾਨ ਦਾ ਸਭ ਕੁਝ ਖਤਮ ਹੋ ਗਿਆ ਤੇ ਉਹ ਜੰਗਲ 'ਚ ਕੁਝ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਮਿਲਦਾ ਹੈ। ਉਹ ਦਿਨ ਰਾਤ ਉਸ ਦੀ ਦੇਖ-ਭਾਲ ਕਰਦੇ। ਕੁਝ ਦਿਨਾਂ 'ਚ ਉਹ ਤੰਦਰੁਸਤ ਤੇ ਚੱਲਣ-ਫਿਰਨ ਲਾਇਕ ਹੋ ਗਿਆ। ਆਪਣੇ-ਆਪ ਨੂੰ ਜਿਊਂਦਾ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ। ਰਾਜੇ ਨੇ ਇਕ ਬਜ਼ੁਰਗ ਆਦਮੀ ਨੂੰ ਪੁੱਛਿਆ ਕਿ ਤੁਸੀਂ ਕੌਣ ਲੋਕ ਹੋ ਜੋ ਮੇਰੀ ਦੇਖ-ਭਾਲ ਕਰ ਰਹੇ ਹੋ। ਪਹਿਲਾਂ ਤਾਂ ਬਜ਼ੁਰਗ ਡਰਦੇ ਮਾਰੇ ਕੁਝ ਵੀ ਨਹੀਂ ਬੋਲਿਆ। ਕੁਝ ਸਮਾਂ ਸੋਚਦਾ ਰਿਹਾ ਤੇ ਫਿਰ ਮੁਸਕਰਾ ਕੇ ਬੋਲਿਆ 'ਅਸੀਂ ਪਾਪੀ ਲੋਕ ਹਾਂ।' ਬਜ਼ੁਰਗ ਦਾ ਇਹ ਜਵਾਬ ਸੁਣ ਕੇ ਰਾਜੇ ਦੀਆਂ ਅੱਖਾਂ ਭਰ ਗਈਆਂ ਤੇ ਸ਼ਰਮਿੰਦਾ ਹੋਇਆ ਸਿਰ ਝੁਕਾ ਲੈਂਦਾ ਹੈ।

-ਵਰਿੰਦਰ ਸਿੰਘ,
ਪਿੰਡ-ਮਾਧੋਪੁਰ ਜੱਲੋਵਾਲ, ਕਪੂਰਥਲਾ।
ਮੋਬਾਈਲ : 98159-36616

ਪੜ੍ਹੀ-ਲਿਖੀ
ਮੀਤ ਪੁਲਿਸ ਵਿਚ ਭਰਤੀ ਹੋ ਗਿਆ ਸੀ। ਹੁਣ ਉਹਦੇ ਘਰ ਰਿਸ਼ਤਾ ਕਰਨ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਸੀ। ਪਹਿਲੇ ਉਹਦੀ ਮਾਂ ਦੇ ਲੱਖ ਮਿੰਨਤਾਂ ਕਰਨ 'ਤੇ ਉਹਦੀ ਮਾਂ ਦੀ ਭੈਣ ਦੇ ਜੇਠ ਤੋਂ ਇਲਾਵਾ ਕਿਸੇ ਨੇ ਵੀ ਹਾਮੀ ਨਹੀਂ ਸੀ ਭਰੀ। ਮਾਂ ਹੁਣ ਵੀ ਉਸੇ ਕੁੜੀ ਦਾ ਰਿਸ਼ਤਾ ਲੈ ਕੇ ਰਾਜ਼ੀ ਸੀ। ਪਰ ਮੀਤ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਿਹੜਾ ਸਾਕ ਪੱਕਾ ਕੀਤਾ ਸੀ। ਕਰਦਿਆਂ 'ਗੇ ਹੀ ਕਿਹਾ ਸੀ। ਅਸਲ ਵਿਚ ਉਹ ਕੁੜੀ ਬਾਰਾਂ ਜਮਾਤਾਂ ਪਾਸ ਸੀ ਪਰ ਮੀਤ ਸਰਕਾਰੀ ਮਾਸਟਰਨੀ ਲੱਗੀ ਕੁੜੀ ਭਾਲਦਾ ਸੀ। ਟੀਚਰ ਲੱਗੀ ਕਿਸੇ ਕੁੜੀ ਨੇ ਮੀਤ ਨਾਲ ਵਿਆਹੁਤਾ ਜੀਵਨ ਬਤਾਉਣ ਦੀ ਹਾਮੀ ਨਾ ਭਰੀ। ਅਖੀਰ ਮੀਤ ਨੇ ਦਾਜ ਦੇ ਲਾਲਚ ਵਿਚ ਇਕ ਐਮ.ਏ.ਬੀ.ਐੱਡ ਅਮੀਰ ਘਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਪਹਿਲਾਂ ਹੀ ਕੁੜੀ ਦੀ ਮਾਂ ਨੇ ਦੱਸਿਆ ਕਿ ਕੁੜੀ ਹੋਸਟਲ ਵਿਚ ਪੜ੍ਹੀ ਐ। ਹੋਸਟਲ ਵਿਚ ਪੜ੍ਹੀ ਕੁੜੀ ਨੂੰ ਮੋਬਾਈਲ ਚਲਾਉਣ ਤੋਂ ਇਲਾਵਾ ਘਰ ਦਾ ਕੋਈ ਕੰਮ ਨਹੀਂ ਸੀ ਆਉਂਦਾ। ਮੀਤ ਦੀ ਮਾਂ ਸਾਰੀ ਦਿਹਾੜੀ ਚੁੱਲ੍ਹੇ ਚੌਕੇ 'ਚ ਰਹਿੰਦੀ। ਮਾਂ ਦੇ ਇਕ ਦਿਨ ਬਿਮਾਰ ਹੋਣ 'ਤੇ ਚਾਹ ਬਣਾਉਂਦਾ ਮੀਤ ਸੋਚਦਾ ਕਿ ਵਿਆਹ ਕੁੜੀ ਨਾਲ ਕਰਵਾਉਣਾ ਚਾਹੀਦਾ ਸੀ। ਪੜ੍ਹੀ-ਲਿਖੀ ਹੋਰ ਗੱਲ ਐ। ਚੁੱਲ੍ਹੇ ਦਾ ਕੰਮ ਵੀ ਨਾ ਕਰ ਸਕਣ ਵਾਲੀ ਵੀ ਭਲਾ ਕੁੜੀ ਹੁੰਦੀ ਹੈ?

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।
ਮੋਬਾਈਲ : 94176-17337.

ਕਾਵਿ-ਵਿਅੰਗ

ਮੋੜਵਾਂ ਵਾਰ
* ਨਵਰਾਹੀ ਘੁਗਿਆਣਵੀ *
ਸਾਰੀ ਉਮਰ ਮੁਕਾਬਲਾ ਰਹੇ ਕਰਦੇ,
ਦੁਸ਼ਟਾਂ ਦੋਖੀਆਂ ਬੜਾ ਖ਼ੁਆਰ ਕੀਤਾ।
ਬਹਿ ਗਏ ਹਾਰ ਕੇ, ਈਰਖਾ ਕਰਨ ਵਾਲੇ,
ਹਰ ਇਕ ਰੋਕ ਨੂੰ ਅਸਾਂ ਨੇ ਪਾਰ ਕੀਤਾ।
ਓਹੀ ਦੁਸ਼ਮਣੀ ਦਾ ਮੁੱਢ ਬੰਨ੍ਹਦੇ ਰਹੇ,
ਅਸੀਂ ਜਿਨ੍ਹਾਂ ਨੂੰ ਦਿਲੋਂ ਪਿਆਰ ਕੀਤਾ।
ਪਹਿਲਾਂ ਕਿਸੇ ਨੂੰ ਕੁਝ ਵੀ ਆਖਿਆ ਨਾ,
ਪਿਛੋਂ, ਨਿੱਠ ਕੇ ਮੋੜਵਾਂ ਵਾਰ ਕੀਤਾ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਸ਼ਰੀਕ ਦਾ ਫ਼ਰਜ਼
* ਹਰਦੀਪ ਢਿੱਲੋਂ *
ਖੁੰਧਕ ਰੱਖਣੀ ਸ਼ਰੀਕ ਦੇ ਨਾਲ ਚਲਦੀ,
'ਕੱਠੀ ਸੋਗ ਦੀ ਦਰੀ ਨਾ ਹੋਣ ਦੇਣੀ।
ਪਾਣੀ ਕੱਸੀ ਦਾ ਤੋੜਨਾ ਫੇਰ ਸੋਟੀ,
ਫ਼ਸਲ ਨਫ਼ੇ ਦੀ ਭਰੀ ਨਾ ਹੋਣ ਦੇਣੀ।
ਲਗਦਾ ਜਦੋਂ ਸ਼ਰੀਕ ਨੂੰ ਦਿੱਸੇ ਤੜਕਾ,
ਠੰਢੀ ਚੁਗਲੀ ਦੀ ਤਰੀ ਨਾ ਹੋਣ ਦੇਣੀ।
'ਮੁਰਾਦਵਾਲਿਆ' ਸ਼ਰੀਕ ਦਾ ਫ਼ਰਜ਼ ਮੁਢਲਾ,
ਜੜ੍ਹ ਸ਼ਰੀਕ ਦੀ ਹਰੀ ਨਾ ਹੋਣ ਦੇਣ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX