ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ
. . .  18 minutes ago
ਮੋਦੀ ਨੇ ਲਾਲ ਕਿਲ੍ਹੇ 'ਚ ਬਣੇ 'ਯਾਦ-ਏ-ਜਲਿਆਂ' ਮਿਊਜ਼ੀਅਮ ਦਾ ਕੀਤਾ ਦੌਰਾ
. . .  20 minutes ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲ੍ਹੇ 'ਚ ਬਣੇ 'ਯਾਦ-ਏ-ਜਲਿਆਂ' ਮਿਊਜ਼ੀਅਮ ਦਾ ਦੌਰਾ ਕੀਤਾ। ਇਹ ਮਿਊਜ਼ੀਅਮ ਜਲਿਆਂਵਾਲਾ ਬਾਗ 'ਤੇ ਬਣਾਇਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ...
ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ 'ਤੇ ਲੱਗੀ ਰੋਕ ਹਟਾਈ
. . .  37 minutes ago
ਨਵੀਂ ਦਿੱਲੀ, 23 ਜਨਵਰੀ (ਜਗਤਾਰ ਸਿੰਘ)- ਦਿੱਲੀ ਸਥਿਤ ਤੀਸ ਹਜ਼ਾਰੀ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਚੋਣਾਂ ਦਿੱਲੀ ਗੁਰਦੁਆਰਾ ਐਕਟ ਮੁਤਾਬਕ...
ਭਾਰਤ-ਨਿਊਜ਼ੀਲੈਂਡ ਮੈਚ : 9 ਓਵਰਾਂ ਤੋਂ ਬਾਅਦ ਭਾਰਤ 41/0
. . .  57 minutes ago
ਲਾਲ ਕਿਲ੍ਹੇ 'ਚ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਕੀਤਾ ਉਦਘਾਟਨ
. . .  57 minutes ago
ਨਵੀਂ ਦਿੱਲੀ, 23 ਜਨਵਰੀ- ਨੇਤਾਜੀ ਸੁਭਾਸ਼ ਚੰਦਰ ਬੋਸ ਦੀ 122ਵੀਂ ਜਯੰਤੀ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ 'ਚ ਬਣੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕਰਕੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮਿਊਜ਼ੀਅਮ 'ਚ...
ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੋਦੀ ਨੇ ਟਵਿੱਟਰ 'ਤੇ ਲਿਖਿਆ, ''ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ। ਉਹ ਇੱਕ ਅਜਿਹੇ ਯੋਧਾ...
ਭਾਰਤ ਨਿਊਜ਼ੀਲੈਂਡ ਮੈਚ : 5 ਓਵਰਾਂ ਤੋਂ ਬਾਅਦ ਭਾਰਤ 13/0
. . .  about 1 hour ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 1 hour ago
ਅੰਕਾਰਾ, 23 ਜਨਵਰੀ- ਤੁਰਕੀ ਦੇ ਤੱਟੀ ਇਲਾਕੇ 'ਚ ਅੱਜ ਤੜਕੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਯੂਰਪੀ ਭੂ-ਮੱਧ ਭੂਚਾਲ ਕੇਂਦਰ (ਈ. ਐੱਮ. ਐੱਸ. ਸੀ.) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.6 ਮਾਪੀ ਗਈ। ਈ...
ਦਰਦਨਾਕ ਹਾਦਸੇ ਵਿਚ ਧਾਗਾ ਫ਼ੈਕਟਰੀ ਦੀ ਮਹਿਲਾ ਵਰਕਰ ਦੀ ਮੌਤ ਤੇ 20 ਹੋਰ ਜ਼ਖਮੀ
. . .  about 1 hour ago
ਮਾਛੀਵਾੜਾ ਸਾਹਿਬ 23 ਜਨਵਰੀ (ਮਨੋਜ ਕੁਮਾਰ) - ਸਵੇਰੇ ਕਰੀਬ 7.30 ਵਜੇ ਮਾਛੀਵਾੜਾ ਤੋਂ ਕੁਹਾੜਾ ਜਾਂਦੀ ਸੜਕ 'ਤੇ ਵਾਪਰੇ ਹਾਦਸੇ ਵਿਚ 50 ਸਾਲਾਂ ਮਹਿਲਾ ਵਰਕਰ ਰੁਕਮਾ ਦੀ ਮੌਤ ਹੋ ਗਈ ਤੇ ਕਰੀਬ 20 ਹੋਰ ਮਹਿਲਾਂ ਵਰਕਰਜ਼ ਜ਼ਖਮੀ ਹੋ ਗਈਆਂ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭੱਟੀਆਂ ਲਾਗੇ...
ਭਾਰਤ ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦੀ ਟੀਮ 157 ਦੌੜਾਂ 'ਤੇ ਆਲ ਆਊਟ
. . .  about 1 hour ago
ਹੋਰ ਖ਼ਬਰਾਂ..

ਲੋਕ ਮੰਚ

ਸਕੂਲਾਂ ਵਿਚ ਲਾਇਬ੍ਰੇਰੀ ਪ੍ਰਬੰਧ ਕਿਹੋ ਜਿਹਾ ਹੋਵੇ

ਮਨੁੱਖ ਦੇ ਸਰੀਰ ਨੂੰ ਨਿਰੋਗ ਰੱਖਣ ਲਈ ਜਿਸ ਤਰ੍ਹਾਂ ਪੋਸ਼ਟਿਕ ਭੋਜਨ ਅਤੇ ਸਾਫ਼ ਵਾਤਾਵਰਨ ਦੀ ਲੋੜ ਹੈ, ਉਸੇ ਤਰ੍ਹਾਂ ਮਨੁੱਖੀ ਮਨ ਨੂੰ ਸਵਸਥ ਰੱਖਣ ਲਈ ਗਿਆਨ ਬਹੁਤ ਜ਼ਰੂਰੀ ਹੈ। ਮਨੁੱਖ ਦੇ ਗਿਆਨ ਵਿਚ ਵਾਧੇ ਲਈ ਚੰਗੀਆਂ ਕਿਤਾਬਾਂ ਦੀ ਸਖ਼ਤ ਲੋੜ ਹੈ। ਕੋਈ ਵੀ ਵਿਅਕਤੀ ਇਕ ਨਿਸਚਿਤ ਸੀਮਾ ਤੱਕ ਹੀ ਕਿਤਾਬਾਂ ਖਰੀਦ ਸਕਦਾ ਹੈ। ਇਸ ਲਈ ਕਿਤਾਬਾਂ ਦੇ ਸੰਗ੍ਰਹਿ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਹੋਈ। ਪੰਜਾਬ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਗਈ ਹੈ। ਸਰਕਾਰੀ ਸਕੂਲਾਂ ਵਿਚ ਵੱਡ-ਅਕਾਰੀ ਕਮਰੇ ਸਰਕਾਰ ਵਲੋਂ ਲਾਇਬ੍ਰੇਰੀ ਦੇ ਤੌਰ 'ਤੇ ਬਣਾਏ ਗਏ ਹਨ ਪਰ ਸਕੂਲਾਂ ਵਿਚ ਕਿਤਾਬਾਂ ਪ੍ਰਤੀ ਵਿਦਿਆਰਥੀਆਂ ਵਿਚ ਰੁਚੀ ਜਗਾਉਣ ਦੀ ਸਖ਼ਤ ਲੋੜ ਹੈ। ਸਕੂਲਾਂ ਵਿਚ ਸਾਲ ਵਿਚ ਘੱਟੋ-ਘੱਟ ਇਕ ਵਾਰ ਲਾਇਬ੍ਰੇਰੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਜ਼ਰੂਰ ਲਗਾਉਣੀ ਚਾਹੀਦੀ ਹੈ, ਜਿਸ ਵਿਚ ਆਪਣੇ ਸਕੂਲ ਦੀ ਲਾਇਬ੍ਰੇਰੀ ਦੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਅਤੇ ਜੇਕਰ ਹੋ ਸਕੇ ਤਾਂ ਕਿਸੇ ਪੁਸਤਕ ਵਿਕਰੇਤਾ ਜਾਂ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਉਨ੍ਹਾਂ ਦੀਆਂ ਪੁਸਤਕਾਂ ਵੀ ਸਕੂਲ ਵਿਚ ਵਿਕਰੀ ਲਈ ਉਸ ਸਮੇਂ ਵਿਸ਼ੇਸ਼ ਰਿਆਇਤ 'ਤੇ ਉਪਲਬਧ ਕਰਵਾਈਆਂ ਜਾਣ ਤਾਂ ਹੋਰ ਵੀ ਫਾਇਦੇਮੰਦ ਰਹੇਗਾ। ਹਰੇਕ ਇਲਾਕੇ ਵਿਚ ਕੁਝ ਉੱਘੇ ਲੇਖਕ ਵੀ ਹੁੰਦੇ ਹਨ। ਜੇਕਰ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਸਮੇਂ ਉਨ੍ਹਾਂ ਨੂੰ ਬਤੌਰ ਮਹਿਮਾਨ ਬੁਲਾਇਆ ਜਾਵੇ ਤਾਂ ਇਸ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਉਸਾਰੂ ਅਸਰ ਪਵੇਗਾ। ਪ੍ਰਦਰਸ਼ਨੀ ਸਮੇਂ ਵਿਦਿਆਰਥੀ ਨੂੰ ਉਸ ਵਲੋਂ ਪਸੰਦ ਕੀਤੀਆਂ ਗਈਆਂ ਕਿਤਾਬਾਂ ਨਿਯਮਾਂ ਅਨੁਸਾਰ ਪੜ੍ਹਨ ਲਈ ਸਮੇਂ-ਸਮੇਂ 'ਤੇ ਦਿੱਤੀਆਂ ਜਾਣ। ਇਸ ਲਈ ਪੰਜਾਬੀ, ਹਿੰਦੀ ਵਿਸ਼ੇ ਦੇ ਅਧਿਆਪਕਾਂ ਦੇ ਹਫ਼ਤਾਵਾਰੀ ਪੀਰੀਅਡਾਂ ਵਿਚ ਲਾਇਬ੍ਰੇਰੀ ਲਈ ਵੀ ਪੀਰੀਅਡ ਰਾਖਵੇਂ ਰੱਖੇ ਜਾਣੇ ਜ਼ਰੂਰੀ ਹਨ। ਇਸ ਤਰ੍ਹਾਂ ਨਾਲ ਵਿਦਿਆਰਥੀਆਂ ਵਿਚ ਪੰਜਾਬੀ ਦਾ ਮਿਆਰ ਵੀ ਉੱਚਾ ਹੋਵੇਗਾ ਤੇ ਉਨ੍ਹਾਂ ਦਾ ਬੌਧਿਕ ਵਿਕਾਸ ਵੀ ਹੋਵੇਗਾ। ਕਿਤਾਬਾਂ ਬੱਚਿਆਂ ਨੂੰ ਉਸਾਰੂ ਸੇਧ ਦੇ ਕੇ ਉਨ੍ਹਾਂ ਨੂੰ ਗ਼ਲਤ ਪਾਸੇ ਜਾਣ ਤੋਂ ਵੀ ਵਰਜਦੀਆਂ ਹਨ। ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਇਸ ਤਰ੍ਹਾਂ ਦੇ ਉਪਰਾਲੇ ਅਤੀ ਜ਼ਰੂਰੀ ਹਨ, ਨਹੀਂ ਤਾਂ ਇਹ ਕਿਤਾਬਾਂ ਦਾ ਅਣਮੁੱਲਾ ਖਜ਼ਾਨਾ ਕੇਵਲ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਵਿਚ ਹੀ ਕੈਦ ਹੋ ਕੇ ਰਹਿ ਜਾਵੇਗਾ।

-ਕੋਕਰੀ ਕਲਾਂ (ਮੋਗਾ)।
ਮੋਬਾ: 98550-00964


ਖ਼ਬਰ ਸ਼ੇਅਰ ਕਰੋ

ਸਿੱਖਿਆ ਦੇ ਖੇਤਰ 'ਚ ਬਾਲ ਅਧਿਕਾਰਾਂ ਦੀ ਅਣਦੇਖੀ

ਅੱਜ ਤੋਂ ਲਗਪਗ ਚਾਰ ਦਹਾਕੇ ਪਹਿਲਾਂ ਅੱਜ ਦੇ ਜ਼ਮਾਨੇ ਨਾਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਵੱਖਰੀ ਸੀ, ਜਿਸ ਵਿਚ 6 ਸਾਲ ਦੀ ਉਮਰ ਵਿਚ ਬੱਚੇ ਨੂੰ ਸਕੂਲ ਦਾਖਲ ਕੀਤਾ ਜਾਂਦਾ ਸੀ, ਜਿਸ ਦਾ ਮਤਲਬ ਇਹ ਸੀ ਕਿ ਬੱਚੇ ਨੂੰ ਥੋੜ੍ਹੀ-ਬਹੁਤ ਸਮਝ ਹੋਵੇ। ਉਸ ਸਮੇਂ ਵਿਚ ਸਕੂਲੀ ਅਮਲਾ ਇਕ ਸਾਧਾਰਨ ਕਿਸਮ ਦਾ ਅਤੇ ਜ਼ਿੰਮੇਵਾਰ ਹੁੰਦਾ ਸੀ, ਜੋ ਕਿ ਇਕ ਮਾਂ-ਬਾਪ ਸਮਾਨ ਹੀ ਸਮਝਿਆ ਜਾਂਦਾ ਸੀ। ਮੁਢਲੀ ਸਿੱਖਿਆ ਬਹੁਤ ਅਸਾਨ ਸੀ ਅਤੇ ਬੱਚੇ ਪਹਿਲੀ-ਦੂਜੀ ਜਮਾਤ ਵਿਚ ਪੰਜਾਬੀ ਅਤੇ ਹੋਰ ਮਜਬੂਨ ਅਸਾਨੀ ਨਾਲ ਪੜ੍ਹ-ਲਿਖ ਸਕਦੇ ਸਨ। ਬੱਚਿਆਂ ਦਾ ਸਕੂਲੀ ਬੋਝ ਘੱਟ ਸੀ, ਜਿਵੇਂ ਕਿ ਇਕ ਸਾਧਾਰਨ ਬਸਤਾ, ਸਲੇਟ, ਲੱਕੜ ਦੀ ਫੱਟੀ, ਕਾਨੇ ਦੀ ਕਲਮ ਅਤੇ ਦਵਾਤ ਹੁੰਦੀ ਸੀ। ਉਸ ਸਮੇਂ ਪੜ੍ਹਾਈ ਦਾ ਇਹ ਫਾਇਦਾ ਸੀ ਕਿ ਗਰੀਬ ਅਤੇ ਅਮੀਰ ਬੱਚਾ ਇਕ ਹੀ ਕਲਾਸ ਵਿਚ ਪੜ੍ਹਦੇ ਸਨ। ਉਨ੍ਹਾਂ ਦੀ ਸਾਧਾਰਨ ਜਿਹੀ ਵਰਦੀ ਹੁੰਦੀ ਸੀ। ਬਿਨਾਂ ਕੋਈ ਵਿਤਕਰੇ ਦੇ, ਕੋਈ ਫਰਕ ਨਾਲ ਨਹੀਂ ਦੇਖਿਆ ਜਾਂਦਾ ਸੀ। ਇਸ ਤਰ੍ਹਾਂ ਉਨ੍ਹਾਂ ਬੱਚਿਆਂ ਵਿਚ ਆਪਸੀ ਪਿਆਰ ਅਤੇ ਬਰਾਬਰਤਾ ਦੀ ਝਲਕ ਦਿਖਾਈ ਦਿੰਦੀ ਸੀ। ਇਸ ਤੋਂ ਬਾਅਦ ਜ਼ਮਾਨੇ ਦੇ ਨਾਲ-ਨਾਲ ਪੜ੍ਹਾਈ ਦਾ ਤਰੀਕਾ ਵੀ ਬਦਲ ਗਿਆ ਅਤੇ ਕਈ ਪ੍ਰਾਈਵੇਟ ਸਕੂਲ ਵੀ ਖੁੱਲ੍ਹ ਗਏ, ਜਿਥੇ ਸਰਕਾਰ ਵਲੋਂ ਆਂਗਣਵਾੜੀ ਦੇ ਰੂਪ ਵਿਚ ਅਤੇ ਪ੍ਰਾਈਵੇਟ ਸਕੂਲਾਂ ਨੇ ਕਿਸੇ ਹੋਰ ਰੂਪ ਵਿਚ ਦੋ ਸਾਲ ਦੇ ਬੱਚੇ ਨੂੰ ਦਾਖਲ ਕਰ ਲਿਆ। ਤਿੰਨ ਸਾਲ ਦੇ ਬੱਚੇ ਨੂੰ ਵੀ ਕਈ ਸਕੂਲਾਂ ਵਿਚ ਪਹਿਲਾਂ ਹੀ ਨਾਂਅ ਦਰਜ ਕਰਵਾਉਣਾ ਪੈਂਦਾ ਹੈ। ਜਿਹੜੀ ਬਾਲ ਉਮਰ ਉਸ ਦੀ ਖੇਡਣ-ਕੁੱਦਣ, ਬੇਪ੍ਰਵਾਹ ਅਤੇ ਵਧਣ-ਫੁੱਲਣ ਦੀ ਹੁੰਦੀ ਹੈ, ਉਸ ਉੱਪਰ ਰੋਕ ਲਗਾ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿਚ ਭਾਰੀ ਬਸਤੇ ਦਾ ਬੋਝ, ਕੀਮਤੀ ਵਰਦੀ ਸ਼ਾਮਿਲ ਹੈ। ਤਿੰਨ ਸਾਲ ਦੇ ਬੱਚੇ ਨੂੰ ਮਾਤਭੂਮੀ ਭਾਸ਼ਾ ਨੂੰ ਛੱਡ ਕੇ ਅੰਗਰੇਜ਼ੀ ਦਾ ਸਿਲੇਬਸ ਫੜਾ ਦਿੱਤਾ ਜਾਂਦਾ ਹੈ ਅਤੇ ਆਪਣੀ ਹੀ ਮਾਤ ਭਾਸ਼ਾ ਨੂੰ ਕਈ ਰੂਪ ਵਿਚ ਬੋਲਦਾ ਹੈ। ਦੇਖਿਆ ਗਿਆ ਹੈ ਕਿ ਅਜਿਹੇ ਸਮੇਂ ਵਿਚ ਮਾਪਿਆਂ ਦਾ ਵੀ ਨੰਨ੍ਹੇ ਬੱਚਿਆਂ ਪ੍ਰਤੀ ਸਖਤ ਰਵੱਈਆ ਹੁੰਦਾ ਹੈ ਅਤੇ ਬੱਚੇ ਮਾਨਸਿਕ ਤਣਾਅ ਹੇਠ ਡਰੇ ਰਹਿੰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਮਾਪੇ ਬੱਚਿਆਂ ਨੂੰ ਜੋ ਨੀਂਦ ਦੀ ਅਵਸਥਾ ਵਿਚ ਹੁੰਦੇ ਹਨ, ਆਪਣੇ ਮੋਢੇ ਨਾਲ ਲਾ ਕੇ ਸਕੂਲ ਪਹੁੰਚਾਉਂਦੇ ਹਨ। ਅੱਜ ਜਿਹੜੇ ਬੱਚੇ ਅਸੀਂ ਸਰੀਰਕ ਪੱਖੋਂ ਕਮਜ਼ੋਰ, ਨਜ਼ਰ ਦੀ ਐਨਕ ਅਤੇ ਖੇਡਾਂ ਤੋਂ ਪਛੜੇ ਹੋਏ ਦੇਖਦੇ ਹਾਂ, ਉਪਰੋਕਤ ਕਾਰਨਾਂ ਕਰਕੇ ਹੀ ਹਨ। ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿਰੋਧੀ ਨਹੀਂ ਹਾਂ ਪਰ ਇਹ ਹਾਲ ਵੀ ਠੀਕ ਨਹੀਂ ਕਿ ਇਹ ਵਿਦਿਅਕ ਅਦਾਰੇ ਇਕ ਪ੍ਰਾਈਵੇਟ ਵਪਾਰਕ ਅਦਾਰੇ ਦਾ ਰੂਪ ਧਾਰਨ ਕਰ ਲੈਣ। ਗਰੀਬ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਨੀ ਔਖੀ ਹੋ ਜਾਵੇ। ਅੱਜ ਜਿਹੜੇ ਸਰਕਾਰੀ ਸਕੂਲਾਂ ਦੇ ਸਾਲਾਨਾ ਬੋਰਡ ਜਾਂ ਯੂਨੀਵਰਸਿਟੀ ਦੇ ਨਤੀਜੇ ਆਉਂਦੇ ਹਨ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹਨ, ਜਿਸ ਤੋਂ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਦਾ ਪਤਾ ਲਗਦਾ ਹੈ। ਜੇਕਰ ਵਿੱਦਿਅਕ ਅਦਾਰੇ ਸਰਕਾਰੀ ਜਾਂ ਗ਼ੈਰ-ਸਰਕਾਰੀ ਹੋਣ, ਇਕਸਾਰਤਾ ਦਾ ਮਾਹੌਲ ਬਣ ਜਾਵੇ ਤਾਂ ਇਸ ਵਿਚ ਫਾਇਦੇ ਵਾਲੀ ਹੀ ਗੱਲ ਹੈ।

-ਜੀ. ਟੀ. ਰੋਡ, ਬਿਆਸ (ਅੰਮ੍ਰਿਤਸਰ)। ਮੋਬਾ: 78378-42477

ਨੀਤੀਆਂ, ਸਰਕਾਰ ਤੇ ਪੇਂਡੂ ਸੱਭਿਆਚਾਰ

 ਦੇਸ਼ ਦਾ ਸੰਵਿਧਾਨ ਸਭ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਸਮੁੱਚਾ ਸਰਕਾਰੀ ਢਾਂਚਾ ਉਸ ਵਿਚ ਅੰਕਿਤ ਕਾਨੂੰਨ ਮੁਤਾਬਿਕ ਚੱਲ ਆਪਣੀਆਂ ਜ਼ਿੰਮੇਵਾਰੀਆਂ ਮੁਤਾਬਿਕ ਆਮ ਲੋਕਾਈ ਲਈ ਭਲਾਈ ਦੇ ਕੰਮ ਕਰਦੇ ਹਨ। 26 ਜਨਵਰੀ, 1950 ਵਿਚ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਦੇਸ਼ ਬਾਕੀ ਖੇਤਰਾਂ ਵਾਂਗ ਪਿੰਡਾਂ ਦੇ ਵਿਕਾਸ ਨੂੰ ਸਰਕਾਰੀ ਪੱਧਰ 'ਤੇ ਦੇਖ-ਰੇਖ ਵਾਸਤੇ ਧਾਰਾ 243, 243-ਏ ਤੋਂ 243-ਓ ਤੱਕ ਪੰਚਾਇਤੀ ਰਾਜ ਲਈ ਵੱਖ-ਵੱਖ ਸ਼ਕਤੀਆਂ ਦਰਜ ਕੀਤੀਆਂ। ਇਹ ਚੁਣਿਆ ਗਿਆ ਪੰਚਾਇਤੀ ਸੰਗਠਨ ਅਧਿਕਾਰਤ ਤੌਰ 'ਤੇ ਕੇਂਦਰ ਅਤੇ ਰਾਜ ਸਰਕਾਰ ਤੋਂ ਵਿੱਤੀ ਸਹਾਇਤਾ ਲਈ ਹੱਕਦਾਰ ਹੈ। ਪਰ ਦੇਸ਼ ਦੇ ਸਿਆਸੀ ਬਦਲਾਓ ਦੇ ਕਾਰਨ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਜਿਸ ਨਾਲ ਕਈ ਵਾਰ ਪੰਚਾਇਤਾਂ ਨਾਲ ਵਿਤਕਰੇ ਦੇ ਕਾਰਨ ਖਮਿਆਜ਼ਾ ਪੂਰੇ ਪਿੰਡ ਨੂੰ ਭੁਗਤਣਾ ਪੈਂਦਾ ਹੈ। ਇਸ ਚਲਨ ਦੇ ਵਿਕਰਾਲ ਰੂਪ ਨੇ ਮੌਜੂਦਾ ਸਮੇਂ ਵਿਚ ਪੇਂਡੂ ਸੱਭਿਆਚਾਰ ਨੂੰ ਚੋਖੀ ਢਾਅ ਲਾ ਦਿੱਤੀ। ਪਾਰਟੀ ਹਿਤ ਧਿਆਨ ਵਿਚ ਰੱਖ ਕੇ ਘੜੀਆਂ ਨੀਤੀਆਂ ਆਰਥਿਕ ਪੱਧਰ 'ਤੇ ਹੀ ਨਹੀਂ, ਸਗੋਂ ਪਿੰਡਾਂ ਦੇ ਸਮਾਜਿਕ ਤੇ ਸੱਭਿਆਚਾਰਕ ਪੱਖ ਲਈ ਵੀ ਘਾਤਕ ਸਾਬਤ ਹੋ ਰਹੀਆਂ ਹਨ, ਜਿਨ੍ਹਾਂ ਦੇ ਚਲਦਿਆਂ ਅੱਜ ਪਿੰਡਾਂ ਵਿਚੋਂ ਸਹੂਲਤਾਂ ਦੀ ਘਾਟ ਕਾਰਨ ਖੇਤੀ ਧੰਦੇ ਦੇ ਨਿਘਾਰ ਨੇ ਪਿੰਡਾਂ ਦੀ ਆਰਥਿਕਤਾ ਨੂੰ ਲੀਹੋਂ ਲਾਹ ਦਿੱਤਾ। ਲੋਕਾਂ ਨੇ ਪਿੰਡਾਂ ਨੂੰ ਛੱਡ ਕੇ ਸ਼ਹਿਰ ਜਾਣਾ ਠੀਕ ਸਮਝਿਆ, ਜਿਸ ਕਰਕੇ ਪਿੰਡ ਤਾਂ ਬੇਰੌਣਕੇ ਹੋਏ ਹੀ, ਨਾਲ ਹੀ ਰੋਜ਼ਮਰਾ ਦੀਆਂ ਖਾਧ ਵਸਤਾਂ ਦੀ ਪੈਦਾਵਾਰ ਘਟਣ ਤੇ ਮੰਗ ਵਧਣ ਨਾਲ ਮਹਿੰਗਾਈ ਵੀ ਸਿਖਰਾਂ 'ਤੇ ਪਹੁੰਚ ਗਈ। ਪੱਕੇ ਰੁਜ਼ਗਾਰ ਦੀ ਘਾਟ ਨੇ ਨੌਜਵਾਨੀ ਨੂੰ ਬੁਰੀ ਤਰ੍ਹਾਂ ਝੰਬਿਆ ਤੇ ਇਨ੍ਹਾਂ ਦੇ ਆਰਥਿਕ ਅਸਥਿਰਤਾ ਦੀ ਚੀਸ ਨੇ ਵਿਦੇਸ਼ਾਂ ਵੱਲ ਮੂੰਹ ਮੋੜ ਦਿੱਤੇ। ਸਰਕਾਰੀ ਸਕੂਲ ਦੇ ਨਾਂਅ 'ਤੇ ਦਿਖ ਰਹੀਆਂ ਇਕੱਲੀਆਂ ਇਮਾਰਤਾਂ ਲਈ ਇਕੱਲੇ ਅਧਿਆਪਕ ਹੀ ਨਹੀਂ, ਸਗੋਂ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਜਨਤਾ ਕੁਝ ਮੁਫ਼ਤ ਸਹੂਲਤਾਂ ਦੀ ਪ੍ਰਾਪਤੀ ਕਾਰਨ ਉਸ ਤਰ੍ਹਾਂ ਦਾ ਵਿਰੋਧ ਹੀ ਦਰਜ ਨਹੀਂ ਕਰਵਾਉਂਦੀ ਕਿ ਜਿਸ ਨਾਲ ਸਹੂਲਤਾਂ ਦੇਣ ਲਈ ਸਰਕਾਰ ਮਜਬੂਰ ਹੋਵੇ। ਤਰਾਸਦੀ ਇਹ ਵੀ ਹੈ ਕਿ ਪਿੰਡਾਂ ਦੇ ਸਮਾਜਿਕ ਸੱਭਿਆਚਾਰ ਵਿਚ ਆਈਆਂ ਮਾਰੂ ਤਬਦੀਲੀਆਂ ਨੇ ਵਾਧੂ ਭੇਦ-ਭਾਵ ਪੈਦਾ ਕਰ ਦਿੱਤੇ। ਖੇਤੀ ਉਭਾਰ ਤੇ ਵਿਸਥਾਰ ਲਈ ਪਿੰਡਾਂ ਵਿਚ ਹੀ ਉਦਯੋਗਿਕ ਇਕਾਈ ਲਗਾ ਕੇ ਸਹੀ ਮੁੱਲ ਦੀ ਵਿਵਸਥਾ, ਸਾਂਭ-ਸੰਭਾਲ ਤੇ ਪੂਰੀ ਵਰਤੋਂ ਨੂੰ ਪੱਕਿਆਂ ਕੀਤਾ ਜਾਵੇ, ਤਾਂ ਜੋ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਨੂੰ ਮੋੜਿਆ ਜਾ ਸਕੇ। ਉਹ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਇਸ ਅਮੀਰ ਸੱਭਿਆਚਾਰ ਨੂੰ ਬਚਾਉਣ ਲਈ ਪਹਿਲ ਕੀਤੀ। ਸਰਕਾਰ ਨੂੰ ਅਜਿਹੀਆਂ ਸੰਸਥਾਵਾਂ ਦੀ ਮਦਦ ਕਰਕੇ ਇਨ੍ਹਾਂ ਦੇ ਕਾਰਜਾਂ ਨੂੰ ਹੋਰ ਫੈਲਾਉਣਾ ਚਾਹੀਦਾ ਹੈ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਪਿੰਡਾਂ ਨਾਲ ਜੁੜੇ ਸਾਜ਼ੋ-ਸਾਮਾਨ ਤੇ ਰੀਤੀ-ਰਿਵਾਜ ਅਜਾਇਬ ਘਰ ਵਿਚ ਨਹੀਂ, ਸਗੋਂ ਹੱਸਦੇ-ਵਸਦੇ ਪੰਜਾਬ ਅੰਦਰ ਅਨੰਦ ਮਾਣ ਸਕਣ। ਪ੍ਰਵਾਸ ਭਾਵੇਂ ਵਿਦੇਸ਼ੀ ਜਾਂ ਪਿੰਡ ਛੱਡ ਕੇ ਸ਼ਹਿਰ ਰਹਿਣਾ ਹੀ ਹੋਵੇ ਪਰ ਇਸ ਨਾਲ ਇਕ ਖਲਾਅ ਜ਼ਰੂਰ ਪੈਦਾ ਹੁੰਦਾ ਹੈ। ਮੁਢਲੀਆਂ ਸਹੂਲਤਾਂ ਦੇਣ ਨਾਲ, ਖਾਸ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ, ਛੋਟੇ ਉਦਯੋਗ ਤੇ ਖੇਤੀ ਨਵੀਨੀਕਰਨ ਵਾਸਤੇ ਕਰਜ਼ੇ ਦੇ ਕੇ ਇਨ੍ਹਾਂ ਮੁਸ਼ਕਿਲਾਂ ਨੂੰ ਠੱਲ੍ਹਿਆ ਜਾਵੇ ਤੇ ਪਿੰਡਾਂ ਦੇ ਅਮੀਰ ਸੱਭਿਆਚਾਰ ਦੇ ਉਜਾੜੇ ਨੂੰ ਰੋਕਣ ਲਈ ਸਭ ਧਿਰਾਂ ਨੂੰ ਮਿਲ ਕੇ ਯਤਨ ਕਰਨ ਦੀ ਭਰਪੂਰ ਲੋੜ ਹੈ।

-ਪਿੰਡ ਨੱਥੂਮਾਜਰਾ, ਜ਼ਿਲ੍ਹਾ ਸੰਗਰੂਰ। ਮੋਬਾ: 99880-03419

ਪੰਜਾਬ 'ਚ ਵਗ ਰਹੇ ਨਸ਼ਾ ਰੂਪੀ ਛੇਵੇਂ ਦਰਿਆ ਦਾ ਕੌੜਾ ਸੱਚ

ਨਸ਼ਿਆਂ ਦੇ ਵੱਖ-ਵੱਖ ਰੂਪਾਂ ਨੂੰ ਦਰਸਾਉਣ ਦੀ ਇਥੇ ਕੋਈ ਲੋੜ ਨਹੀਂ। ਨਸ਼ੇੜੀ ਨੂੰ ਜੋ ਵੀ ਨਸ਼ੀਲੀ ਵਸਤੂ ਮਿਲੇ, ਉਹ ਉਸ ਨੂੰ ਪ੍ਰਾਪਤ ਕਰਕੇ ਹੀ ਰਹੇਗਾ। ਬੇਸ਼ੱਕ ਉਸ ਨੂੰ ਮੀਲਾਂ ਦੂਰ ਹੀ ਕਿਉਂ ਨਾ ਜਾਣਾ ਪਵੇ।
ਨਸ਼ਾ ਰੂਪੀ ਛੇਵਾਂ ਦਰਿਆ ਬਿਨਾਂ ਕਿਸੇ ਰੋਕ-ਟੋਕ ਵਗਦਾ ਚਲਾ ਜਾ ਰਿਹਾ ਹੈ। ਇਸ ਗੰਦੇ ਮੌਤ ਰੂਪੀ ਪਾਣੀ ਨੂੰ ਵੇਚ ਕੇ ਅਮੀਰ ਲੋਕ ਕਰੋੜਪਤੀ ਬਣ ਰਹੇ ਹਨ। ਉਨ੍ਹਾਂ ਨੂੰ ਕਿਸੇ ਦੀ ਅਨਮੋਲ ਜ਼ਿੰਦਗੀ ਬਾਰੇ ਕੋਈ ਲੈਣ-ਦੇਣ ਨਹੀਂ। ਪਰ ਦੋਸਤੋ! ਉਨ੍ਹਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਕੀਤੇ ਹੋਏ ਕਰਮਾਂ ਦਾ ਫਲ ਇੱਥੇ ਹੀ ਭੁਗਤਣਾ ਪੈਣਾ ਹੈ। ਜੇਕਰ ਕੋਈ ਨਸ਼ਾ ਰੋਕਣ ਦੀ ਗੁਹਾਰ ਲਗਾਉਂਦਾ ਹੈ ਤਾਂ ਉਸ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਕ-ਦੂਜੇ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ। ਛੋਟੀਆਂ ਮੱਛੀਆਂ ਨੂੰ ਤਾਂ ਰੋਜ਼ਾਨਾ ਫੜ ਕੇ ਜੇਲ੍ਹਾਂ ਵਿਚ ਧੱਕਿਆ ਜਾਂਦਾ ਹੈ ਪਰ ਮਗਰਮੱਛ ਸੁੱਖ ਦੀ ਨੀਂਦ ਸੌਂ ਰਹੇ ਹਨ, ਰਾਵਣ ਦੀ ਤਰ੍ਹਾਂ ਹੱਸ ਰਹੇ ਹਨ। ਕਿਉਂਕਿ ਅਜੇ ਇਸ ਦਰਿਆ ਦੀ ਅੱਗ ਦਾ ਸੇਕ ਉਨ੍ਹਾਂ ਦੇ ਆਪਣਿਆਂ ਤੱਕ ਨਹੀਂ ਪਹੁੰਚਿਆ। ਨਵੀਂ ਸਰਕਾਰ ਦੇ ਬਣਨ 'ਤੇ ਮੁੱਢਲੇ ਦਿਨਾਂ 'ਚ ਨਸ਼ਿਆਂ 'ਤੇ ਰੋਕ ਲਗਾਉਣ ਦਾ ਬੜੇ ਹੀ ਜ਼ੋਰ-ਸ਼ੋਰ ਨਾਲ ਯਤਨ ਕੀਤਾ ਗਿਆ। ਸਿਰਫ ਇਕ ਦੋ-ਮਹੀਨੇ ਨਸ਼ਿਆਂ 'ਤੇ ਰੋਕ ਤਾਂ ਲੱਗੀ ਪਰ ਇਸ ਦਾ ਵਪਾਰ ਚੋਰੀ-ਛੁਪੇੇ ਜਾਰੀ ਹੈ। ਨਸ਼ਾ ਕਰਨ ਵਾਲੇ ਨੂੰ ਆਪਣੀ ਸੋਝੀ ਤਾਂ ਰਹਿੰਦੀ ਹੀ ਨਹੀਂ ਪਰ ਨਸ਼ਿਆਂ ਦੇ ਵਪਾਰੀ ਤਾਂ ਇਸ ਦਾ ਨਫ਼ਾ-ਨੁਕਸਾਨ ਚੰਗੀ ਤਰ੍ਹਾਂ ਸਮਝਦੇ ਤੇ ਪਹਿਚਾਣਦੇ ਹਨ। ਖਾਮੋਸ਼ ਗਲੀਆਂ, ਵੀਰਾਨ ਘਰ, ਬੁੱਢੇ ਮਾਂ-ਬਾਪ..., ਹੁਣ ਹੋਰ ਨਹੀਂ ਵੇਖਿਆ ਜਾਂਦਾ। ਨਹੀਂ ਸਹਿਣ ਹੁੰਦਾ। ਖੁਸ਼ਕ, ਬੇਮਾਨੀ ਹਮਦਰਦੀ ਤੋਂ ਕੁਝ ਵੀ ਨਹੀਂ ਸੁਧਰਨ ਵਾਲਾ। ਮਾਂ-ਬਾਪ ਤਾਂ ਆਪਣੇ ਬੱਚਿਆਂ ਨੂੰ ਭੇਜਦੇ ਹਨ ਨਸ਼ਾ ਰੁਕਵਾਉਣ ਲਈ ਰੋਕਥਾਮ ਸੰਸਥਾਵਾਂ ਵਿਚ ਅਤੇ ਉੱਥੇ ਮਿਲਦੀ ਹੈ-ਮੌਤ। ਕੁਝ ਨਸ਼ਾ ਰੋਕੂ ਸੰਸਥਾਵਾਂ ਪੈਸੇ ਕਮਾਉਣ ਦੇ ਚੱਕਰ 'ਚ ਆਪਣੇ ਮਕਸਦ ਤੋਂ ਭਟਕ ਰਹੀਆਂ ਹਨ। ਨਸ਼ਾਖੋਰ ਆਪਣਿਆਂ ਦਾ ਹੀ ਖੂਨ ਕਰ ਰਹੇ ਹਨ। ਲਾਲਚ, ਸਵਾਰਥ ਵੱਸ ਸਭ ਕੁਝ ਇਹ ਹੋ ਰਿਹਾ ਹੈ। ਹਾਂ, ਜੇਕਰ ਨਸ਼ਾ ਛੱਡਣ ਵਾਲਾ ਨਸ਼ਾ ਛੱਡਣਾ ਹੀ ਚਾਹੁੰਦਾ ਹੈ ਤਾਂ ਉਸ ਦੇ ਵਿਚ ਦ੍ਰਿੜ੍ਹ ਇੱਛਾ ਸ਼ਕਤੀ ਹੋਣੀ ਲਾਜ਼ਮੀ ਹੈ, ਤਾਂ ਹੀ ਉਹ ਖੁਦ-ਬ-ਖੁਦ ਨਸ਼ਾ ਛੱਡ ਸਕਦਾ ਹੈ। ਸਿਰਫ ਸਰਕਾਰਾਂ ਦੇ ਆਸਰੇ ਨਾ ਬੈਠਿਆ ਜਾਵੇ। ਮਨ ਦੀ ਸੱਚੀ ਗੱਲ ਕਰੋ। ਨੌਜਵਾਨ ਪੀੜ੍ਹੀ ਨੂੰ ਸੰਭਾਲੋ। ਉਨ੍ਹਾਂ ਦਾ ਉਚਿਤ ਮਾਰਗ ਦਰਸ਼ਨ ਕਰੋ। ਚੰਗਾ 'ਸੋਚਾਂਗੇ' ਤਾਂ ਦਿਨ ਬਦਲਣਗੇ, ਫਿਰ ਚੰਗੇ ਦਿਨ ਵੀ ਆਉਣਗੇ। ਘਰ-ਘਰ ਵਿਚ ਰੌਣਕ ਹੋਵੇ। ਹਰ ਤਰਫ ਰੌਣਕਾਂ ਹੋਣ। ਖੁਸ਼ਹਾਲੀ ਹੋਵੇ। ਕੋਈ ਵੀ ਮਾਂ-ਬਾਪ ਸਮੇਂ ਤੋਂ ਪਹਿਲਾਂ ਅਭਾਗੀ ਮੌਤ ਮਰਦੇ ਆਪਣੇ ਨੌਜਵਾਨ ਬੇਟਿਆਂ ਨੂੰ ਨਾ ਵੇਖੇ। ਖੁਸ਼ੀ ਨਾਲ ਜੀਓ ਅਤੇ ਖੁਸ਼ੀ ਨਾਲ ਜਿਊਣ ਦਿਓ। ਅਜੇ ਵੀ ਅਸੀਂ ਪੂਰਨ ਸੁਤੰਤਰ ਨਹੀਂ ਤੇ ਇਹ ਯਾਦ ਰੱਖੋ ਕਿ ਗੁਲਾਮੀ ਵਿਚ ਕਦੇ ਵੀ ਵਿਕਾਸ ਨਹੀਂ ਉਪਜ ਸਕਦਾ। ਫੈਸਲਾ ਕਰੋ ਕਿ ਤੁਸੀਂ ਅਣਖੀਲੇ ਸਵੈ-ਅਭਿਮਾਨੀ ਸ: ਭਗਤ ਸਿੰਘ, ਊਧਮ ਸਿੰਘ ਬਣਨਾ ਹੈ ਜਾਂ ਨਸ਼ੇੜੀ? ਦੇਸ਼ ਦੀਆਂ ਉੱਚੀਆਂ ਪਦਵੀਆਂ 'ਤੇ ਬੈਠਣਾ ਹੈ ਜਾਂ ਗਲੀਆਂ ਵਿਚ? ਆਪਣਾ, ਆਪਣੇ ਦੇਸ਼, ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਦਾ ਫੈਸਲਾ ਤੁਹਾਡੇ ਹੱਥ ਵਿਚ ਹੈ? ਸੋਚ ਬਦਲੋ, ਵਿਚਾਰ ਬਦਲੋ, ਆਪਣਾ ਪੰਜਾਬ ਬਦਲੋ।

-ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)। ਮੋਬਾ: 94172-80333

ਮਘਦਾ ਸੂਰਜ ਸੀ ਮਾਸਟਰ ਇੰਦਰਜੀਤ ਕੌਸ਼ਲ ਬਾਲਦ ਕਲਾਂ

ਮਾਸਟਰ ਇੰਦਰਜੀਤ ਕੌਸ਼ਲ 29 ਅਕਤੂਬਰ, 2017 ਨੂੰ ਸਾਡੇ ਕੋਲੋਂ ਹਮੇਸ਼ਾ ਲਈ ਵਿਦਾ ਹੋ ਗਏ ਹਨ। ਮਾਸਟਰ ਇੰਦਰਜੀਤ ਹੱਕ-ਸੱਚ ਲਈ, ਨਿਮਾਣੇ-ਨਿਤਾਣੇ ਵਰਗਾਂ ਲਈ ਜੇਲ੍ਹਾਂ ਜਾਣ ਵਾਲਾ, ਗੋਲੀਆਂ ਖਾਣ ਵਾਲਾ, ਚੇਤਨ ਅਤੇ ਦਲੇਰ ਇਨਸਾਨ ਸੀ। 11 ਅਪ੍ਰੈਲ, 1944 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਲਦ ਕਲਾਂ ਵਿਖੇ ਸ੍ਰੀ ਨੰਦ ਲਾਲ ਕੌਸ਼ਲ ਅਤੇ ਮਾਤਾ ਸ੍ਰੀਮਤੀ ਪੁੰਨਾ ਦੇਵੀ ਦੇ ਗ੍ਰਹਿ ਵਿਖੇ ਅਤਿ ਸਧਾਰਨ ਪਰਿਵਾਰ ਵਿਚ ਜਨਮ ਲੈਣ ਵਾਲੇ ਆਪਣੇ ਦੋ ਵੱਡੇ ਭਰਾਵਾਂ ਅਤੇ ਦੋ ਵੱਡੀਆਂ ਭੈਣਾਂ ਤੋਂ ਬਾਅਦ ਸਭ ਤੋਂ ਛੋਟੇ ਸਨ। ਹਮੇਸ਼ਾ ਸੰਘਰਸ਼ਸ਼ੀਲ ਰਾਹਾਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਵਾਲੇ ਅਤੇ ਬਿਨਾਂ ਆਰਥਿਕ ਵਸੀਲਿਆਂ ਤੋਂ ਬਿਹਤਰੀਨ ਸਮਾਜ ਬਣਾਉਣ ਵਾਲਾ ਸੁਪਨਸਾਜ਼ ਸੀ ਉਹ। ਉਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਦੇ ਬਾਵਜੂਦ ਉਨ੍ਹਾਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਸੰਨ 1964 ਵਿਚ ਬਤੌਰ ਅਧਿਆਪਕ ਸੇਵਾ ਵਿਚ ਆਏ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਸੇਵਾ ਨਿਭਾਉਂਦੇ ਹੋਏ ਸਾਲ 2002 ਵਿਚ ਬਤੌਰ ਬਲਾਕ ਪ੍ਰਾਇਮਰੀ ਅਫ਼ਸਰ, ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ, ਸੇਵਾ-ਮੁਕਤ ਹੋਏ। ਉਨ੍ਹਾਂ ਵਲੋਂ ਪੜ੍ਹਾਏ ਗਏ ਵਿਦਿਆਰਥੀ ਅੱਜ ਉੱਚ ਅਹੁਦਿਆਂ 'ਤੇ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦਾ ਵਿਆਹ ਸ੍ਰੀਮਤੀ ਯਸ਼ੋਦਾ ਦੇਵੀ ਨਾਲ ਸਾਲ 1964 ਵਿਚ ਹੋਇਆ ਅਤੇ ਉਨ੍ਹਾਂ ਦੇ ਘਰ ਦੋ ਬੱਚੇ ਦਵਿੰਦਰ ਸ਼ਰਮਾ ਪੁੱਤਰ ਜੋ ਕਿ ਇੰਜੀਨੀਅਰ ਦੇ ਤੌਰ 'ਤੇ ਅਤੇ ਪੁੱਤਰੀ ਚੰਚਲ ਕੌਸ਼ਲ ਡੀ.ਸੀ. ਦਫਤਰ ਬਰਨਾਲਾ ਵਿਖੇ ਬਤੌਰ ਪੀ.ਏ. ਸੇਵਾ ਨਿਭਾਅ ਰਹੇ ਹਨ। ਨੌਜਵਾਨ ਉਮਰ ਸਮੇਂ ਉਸ ਦੇ ਦੋਸਤ ਨਕਸਲਬਾੜੀ ਅੰਦੋਲਨ ਵਿਚ ਸਰਗਰਮ ਰਹੇ। ਉਹ ਉਨ੍ਹਾਂ ਨੂੰ ਵਰਜਦਾ ਰਿਹਾ ਕਿ ਇਹ ਲਹਿਰ ਇਕ ਉਤੇਜਨਾ ਦੀ ਉਪਜ ਹੈ, ਕ੍ਰਾਂਤੀ ਨਹੀਂ ਬਣ ਸਕਦੀ। ਉਹ ਸਾਰੀ ਉਮਰ ਅਧਿਆਪਕਾਂ ਦੇ ਹੱਕਾਂ ਲਈ ਅਗਾਂਹ ਵਧ ਕੇ ਲੜਦਾ ਰਿਹਾ। ਐਮਰਜੈਂਸੀ ਦੌਰਾਨ ਉਹ ਜੇਲ੍ਹ ਗਿਆ ਅਤੇ ਉਥੋਂ ਲੋਕ ਹਿੱਤਾਂ ਲਈ ਅੱਗੇ ਹੋ ਕੇ ਲੜਨ ਦਾ ਸਬਕ ਸਿੱਖ ਕੇ ਆਇਆ। ਉਹ ਧਰਮ-ਨਿਰਪੱਖਤਾ ਦਾ ਮੁਦਈ ਸੀ। ਜਾਤ-ਪਾਤ ਤੋਂ ਉੱਪਰ ਉੱਠ ਕੇ ਉਸ ਨੇ ਗੁਰੂਆਂ ਦੇ ਦਰਸਾਏ ਮਾਰਗ ਦਾ ਅਨੁਸ਼ਰਣ ਕੀਤਾ। ਮਾਸਟਰ ਇੰਦਰਜੀਤ ਇਕ ਸਾਧਾਰਨ ਜੀਵਨ ਜਿਊਣ ਵਾਲਾ ਅਤੇ ਵੱਡੇ ਕੰਮ ਕਰਨ ਵਾਲਾ ਇਨਸਾਨ ਸੀ। ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਦਾ ਅਸਰ ਬਹੁਤ ਗਹਿਰਾ ਅਤੇ ਵੱਡਾ ਸੀ। ਪਿੰਡ ਬਾਲਦ ਕਲਾਂ ਦੀ ਪੰਚਾਇਤੀ ਜ਼ਮੀਨ ਤੋਂ ਜਗੀਰਦਾਰਾਂ ਦਾ ਕਬਜ਼ਾ ਛੁਡਾਉਣ ਦੇ ਅੰਦੋਲਨ ਦਾ ਉਹ ਮੋਹਰੀ ਸੀ। ਧਨਾਢ ਜਗੀਰਦਾਰਾਂ ਨੇ ਉਨ੍ਹਾਂ ਨੂੰ ਆਪਣੇ ਰਸਤੇ ਵਿਚੋਂ ਹਟਾਉਣ ਲਈ ਉਸ ਉੱਤੇ ਜਾਨ-ਲੇਵਾ ਹਮਲਾ ਕਰਵਾਇਆ, ਜਿਸ ਵਿਚੋਂ ਉਹ ਵਾਲ-ਵਾਲ ਬਚ ਗਏ ਪਰ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਖੱਬੀ ਲੱਤ ਕੱਟਣੀ ਪਈ ਤੇ ਉਸ ਨੇ ਆਪਣੀ ਜ਼ਿੰਦਗੀ ਦੇ ਅੰਤਿਮ 11 ਸਾਲ ਇਕ ਲੱਤ ਨਾਲ ਹੀ ਸੰਘਰਸ਼ ਕਰਦੇ ਲਤਾੜੇ ਲੋਕਾਂ ਦਾ ਸਾਥ ਦਿੱਤਾ।
ਵਾਹੀਕਾਰਾਂ ਅਤੇ ਦਲਿਤਾਂ ਨੂੰ ਬਾਅਦ ਵਿਚ ਸੰਘਰਸ਼ ਕਰਕੇ ਜ਼ਮੀਨ ਦਾ ਕਬਜ਼ਾ ਮਿਲਿਆ ਅਤੇ ਉਸ ਦੁਆਰਾ ਸ਼ੁਰੂ ਕੀਤੇ ਸੰਘਰਸ਼ ਕਰਕੇ ਜ਼ਮੀਨ ਵਾਹੁਣ ਦਾ ਹੱਕ ਮਿਲਿਆ। ਬਾਲਦ ਕਲਾਂ ਪਿੰਡ ਤੋਂ ਸ਼ੁਰੂ ਹੋਇਆ ਸੰਘਰਸ਼ ਬਾਅਦ ਵਿਚ ਹੋਰ ਪਿੰਡਾਂ ਵਿਚ ਵੀ ਫੈਲਿਆ ਅਤੇ ਪੰਚਾਇਤੀ ਜ਼ਮੀਨ ਉੱਪਰ ਦਲਿਤਾਂ ਦੀ ਹਿੱਸੇਦਾਰੀ ਨੂੰ ਸਰਕਾਰ ਵਲੋਂ ਪ੍ਰਵਾਨ ਕੀਤਾ ਗਿਆ। ਸਮਾਜ ਸੇਵਾ ਉਨ੍ਹਾਂ ਦੇ ਸਾਹ-ਸਾਹ ਵਿਚ ਸਮਾਈ ਹੋਈ ਸੀ। ਗਰੀਬ-ਗੁਰਬੇ ਲਈ ਖੜ੍ਹਨ ਵਾਲਾ ਚੇਤਨ ਮਘਦਾ ਸੂਰਜ ਸੀ ਮਾਸਟਰ ਇੰਦਰਜੀਤ ਕੌਸਲ। ਉਸ ਦੇ ਸੈਂਕੜੇ ਵਿਦਿਆਰਥੀ ਪੰਜਾਬ ਨੂੰ ਵਿਗਿਆਨਕ ਸੋਚ ਦੇ ਲੜ ਲਾਉਣ ਲਈ ਅਨੇਕਾਂ ਖੇਤਰਾਂ ਵਿਚ ਪੂਰੇ ਜੋਸ਼ ਤੇ ਦਲੇਰੀ ਨਾਲ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਰਿਸ਼ਤੇ ਵਿਚੋਂ ਮਾਸਟਰ ਜੀ ਦੇ ਜੀਜਾ ਜੀ ਲੱਗਦੇ ਹਨ। ਮਾਸਟਰ ਆਪਣੇ ਜੀਜਾ ਜੀ (ਗਾਸੋ ਜੀ) ਨਾਲ ਮਿਲ ਕੇ ਪੰਜਾਬ ਵਿਚ ਪ੍ਰਗਤੀਵਾਦੀ ਕੀਮਤਾਂ ਅਤੇ ਪੁਸਤਕ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹੇ।

-ਪ੍ਰੋ: ਰਵਿੰਦਰ ਗਾਸੋ
ਮੋਬਾ: 94161-10679

ਇਮੀਗ੍ਰੇਸ਼ਨ ਏਜੰਟਾਂ ਦਾ ਆਇਆ ਹੜ੍ਹ

 ਭਾਵੇਂ ਅਖ਼ਬਾਰਾਂ ਖੋਲ੍ਹ ਲਵੋ ਜਾਂ ਫਿਰ ਕੋਈ ਚੈਨਲ ਲਗਾ ਲਵੋ, ਹਰ ਪਾਸੇ ਆਪੋ-ਆਪਣੇ ਲੁਭਾਵਣੇ ਤਰੀਕਿਆਂ ਨਾਲ ਇਮੀਗ੍ਰੇਸ਼ਨ ਏਜੰਟ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨਜ਼ਰ ਆਉਂਦੇ ਹਨ। ਏਜੰਟ ਵੱਖੋ-ਵੱਖਰੇ ਆਫਰ ਦੇ ਕੇ ਜ਼ਿਆਦਾਤਰ ਵਿਦਿਆਰਥੀ ਵਰਗ ਨੂੰ ਆਪਣੇ ਵੱਲ ਖਿੱਚਦੇ ਹਨ, ਕਿਉਂਕਿ ਵਿਦੇਸ਼ਾਂ ਵਿਚ ਬਹੁਤੇ ਸਰਕਾਰੀ, ਗ਼ੈਰ-ਸਰਕਾਰੀ ਕਾਲਜ, ਯੂਨੀਵਰਸਿਟੀਆਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਭਰਨ ਲਈ ਕਾਲਜ ਵੀ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ, ਦੂਜੇ ਦੇਸ਼ਾਂ ਵਿਚੋਂ ਏਜੰਟਾਂ ਦੇ ਨਾਲ ਸੰਪਰਕ ਕਰਕੇ ਵਿਦਿਆਰਥੀਆਂ ਦੇ ਦਾਖ਼ਲੇ ਕਰਵਾਏ ਜਾਂਦੇ ਹਨ। ਬਾਹਰੀ ਕਾਲਜਾਂ ਦੇ ਅਧਿਕਾਰੀ ਵੀ ਪੰਜਾਬ ਵਿਚ ਆ ਕੇ ਵਿਦਿਆਰਥੀਆਂ ਨੂੰ ਕਿਸੇ ਸੈਮੀਨਾਰ, ਕਾਨਫਰੰਸ ਆਦਿ ਆਯੋਜਿਤ ਕਰਕੇ ਬੱਚਿਆਂ ਨੂੰ ਉਸ ਕਾਲਜ, ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਲਈ ਵੀ ਉਤਸ਼ਾਹਿਤ ਕਰਦੇ ਹਨ। ਦੇਸ਼ਾਂ ਦੀਆਂ ਅੰਬੈਸੀਆਂ ਦੇ ਮਾਪਦੰਡਾਂ ਕਰਕੇ ਵਿਦਿਆਰਥੀਆਂ ਨੂੰ ਆਈਲੈਟਸ ਇਮਤਿਹਾਨ ਵਿਚੋਂ ਚੰਗੇ ਅੰਕ ਲੈਣ ਉਪਰੰਤ ਹੀ ਅਸਲ ਦਾਖ਼ਲੇ ਨੂੰ ਅਮਲ ਵਿਚ ਲਿਆਂਦਾ ਜਾਂਦਾ ਹੈ। ਫਿਰ ਵਿਦਿਆਰਥੀ ਜਾਂ ਉਸ ਦੇ ਮਾਪੇ ਕਾਲਜ ਅਤੇ ਵੀਜ਼ੇ ਦੀ ਫੀਸ ਆਦਿ ਦਾ ਬੰਦੋਬਸਤ ਕਰਨਾ ਸ਼ੁਰੂ ਕਰਦੇ ਹਨ, ਜੋ ਮੋਟੀ ਰਕਮ ਕਾਲਜ ਨੂੰ ਸਮੈਸਟਰ ਫੀਸ ਦੇ ਰੂਪ ਵਿਚ ਤਾਰੀ ਜਾਂਦੀ ਹੈ। ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਦੇ ਨਾਲ ਕੰਮ ਕਰਨਾ ਸੌਖਾ ਨਹੀਂ ਪਰ ਫਿਰ ਵੀ ਹਜ਼ਾਰਾਂ ਪੰਜਾਬ ਦੇ ਵਿਦਿਆਰਥੀ ਬਾਹਰ ਜਾਣ ਦੀ ਦੌੜ ਵਿਚ ਲੱਗੇ ਹੋਏ ਹਨ।
ਵੱਖੋ-ਵੱਖਰੇ ਏਜੰਟਾਂ ਵਲੋਂ ਰੋਜ਼ਾਨਾ ਹੀ ਕਈ ਦੇਸ਼ਾਂ ਦੇ ਵੀਜ਼ੇ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਮਾਪਿਆਂ-ਵਿਦਿਆਰਥੀਆਂ ਕੋਲੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਏਜੰਟਾਂ ਨੂੰ ਵੀ ਚੋਖਾ ਮੁਨਾਫਾ ਹੋ ਰਿਹਾ ਹੈ। ਕਰਜ਼ਾ ਚੁੱਕ ਬਾਹਰ ਗਏ ਬੱਚੇ ਉੱਪਰ ਜਾਂ ਉਸ ਦੇ ਮਾਪਿਆਂ ਉੱਪਰ ਇਕ ਵੱਖਰੀ ਜ਼ਿੰਮੇਵਾਰੀ ਆ ਪੈਂਦੀ ਹੈ। ਵਿਦੇਸ਼ਾਂ ਵਿਚ ਜਾਣਾ, ਜਾ ਕੇ ਤਰੱਕੀ ਕਰਨਾ ਕੋਈ ਮਾੜੀ ਗੱਲ ਨਹੀਂ, ਪੰਜਾਬੀਆਂ ਵਲੋਂ ਵਿਦੇਸ਼ਾਂ ਵਿਚ ਕੀਤੀਆਂ ਅਣਥੱਕ ਮਿਹਨਤਾਂ ਦੇਖ ਹਰ ਇਕ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਉੱਠ ਪੈਂਦਾ ਹੈ ਪਰ ਸਵਾਲ ਇਹ ਹੈ ਕਿ ਜੇਕਰ ਸਾਡੇ ਪੰਜਾਬੀ ਬਹੁਤਾਤ ਵਿਚ ਵਿਦੇਸ਼ਾਂ ਵੱਲ ਤੁਰਨ ਲੱਗ ਪਏ ਤਾਂ ਪੰਜਾਬ ਨੁਮਾ ਇਸ ਅਨਮੋਲ ਖਜ਼ਾਨੇ ਨੂੰ ਕੌਣ ਸੰਭਾਲੇਗਾ? ਇਹ ਗੱਲ ਵਿਚਾਰ ਕਰਨ ਯੋਗ ਹੈ।

-ਜ਼ਿਲ੍ਹਾ ਲੁਧਿਆਣਾ। ਮੋਬਾ: 99143-21937
ajitbajwa89@gmail.com

ਬਲਦ ਜੱਟ ਦੀਆਂ ਬਾਹਵਾਂ ਹੁੰਦੇ ਸੀ ਬਰਾਬਰ ਦੇ ਪੁੱਤ!

 ਮਸ਼ੀਨਰੀ ਆਉਣ ਤੋਂ ਪਹਿਲਾਂ ਖੇਤਾਂ ਵਿਚ ਬਲਦਾਂ ਤੇ ਊਠਾਂ ਦੀ ਸਰਦਾਰੀ ਹੁੰਦੀ ਸੀ। ਲੋਕ ਇਨ੍ਹਾਂ ਨੂੰ ਪੁੱਤਾਂ ਵਾਂਗ ਪਾਲਦੇ, ਸੇਵਾ ਕਰਦੇ, ਘਿਓ-ਛੋਲੇ ਚਾਰਦੇ, ਫਿਰ ਇਹ ਪੁੱਤਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ। ਗੱਲ ਕੀ, ਜਿਸ ਨੇ ਵੀ ਜੱਟ-ਜ਼ਿਮੀਂਦਾਰਾਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਕੰਮ ਕੀਤਾ, ਉਸ ਦੀ ਕਬੀਲਦਾਰੀ ਕਟਾਈ, ਉਸ ਨੂੰ ਹੀ ਕਿਸਾਨ ਨੇ ਆਪਣਾ ਪੁੱਤ ਮੰਨ ਲਿਆ। ਇਸ ਕਰਕੇ ਇਨ੍ਹਾਂ ਦੀਆਂ ਬੋਲੀਆਂ, ਅਖਾਣਾਂ, ਗੀਤਾਂ, ਰਸਮਾਂ-ਰਿਵਾਜਾਂ ਤੇ ਨਿੱਤ ਦੇ ਕੰਮ-ਧੰਦਿਆਂ, ਬੋਲਚਾਲ ਵਿਚ ਇਨ੍ਹਾਂ ਗਊ ਦੇ ਜਾਇਆਂ, ਕਮਾਊ ਪੁੱਤਾਂ ਦਾ ਨਾਂਅ ਬੋਲਦਾ ਜਿਵੇਂ ਇਹ ਇਨ੍ਹਾਂ ਦੇ ਘਰ ਦੇ ਹੀ ਜੀਅ ਹੋਣ, ਸਗੋਂ ਘਰਦਿਆਂ ਨਾਲੋਂ ਵੀ ਵਧ ਕੇ ਆਪਣੇ। ਜਦੋਂ ਮੈਂ ਸੁਰ ਸੰਭਾਲੀ ਤਾਂ ਮੇਰੇ ਦਾਦੇ ਕੋਲ ਬੜੇ ਤੇਜ਼ ਬਲਦ ਹੁੰਦੇ ਸੀ। ਉਹ ਹਮੇਸ਼ਾ ਮਾਰਨ ਵਾਲੇ ਤੇ ਗੁੱਸੇਖੋਰ ਬਲਦ ਰੱਖਦਾ। ਉਸ ਦਾ ਕਹਿਣਾ ਸੀ ਕਿ ਮਾਰਨ ਵਾਲੇ ਤੇ ਗੁੱਸੇਖੋਰ ਬਲਦ ਤੋਰੇ ਤੇ ਖੇਤੀ ਨੂੰ ਬਾਹਲੇ ਤੇਜ਼ ਹੁੰਦੇ ਨੇ। ਪਰ ਉਹ ਬਾਅ ਨੂੰ ਕੁਝ ਨਾ ਕਹਿੰਦੇ, ਸਗੋਂ ਉਸ ਨਾਲ ਲਾਡੀਆਂ-ਪਾਡੀਆਂ ਕਰਦੇ, ਜਿਵੇਂ ਸਮਝੋ ਉਸ ਦੇ ਬਰਾਬਰ ਦੇ ਪੁੱਤ ਹੋਣ ਬਰਾਬਰ ਸਮਝੋ ਕੀ ਉਹ ਤਾਂ ਸੀ ਹੀ ਬਰਾਬਰ ਦੇ ਪੁੱਤ... ਜਿਨ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਬਾਅ ਨਾਲ ਕਮਾਈ ਕੀਤੀ ਸੀ ਤੇ ਜਿਨ੍ਹਾਂ ਬਾਅ ਨਾਲ ਰਲ ਕੇ ਘਰ ਦੀ ਕਬੀਲਦਾਰੀ ਕਟਾਈ ਸੀ। ਬਾਅ ਸਾਡਾ ਇਨ੍ਹਾਂ ਦੀ ਸੇਵਾ ਵੀ ਬੜੀ ਕਰਦਾ ਸੀ। ਉਹ ਇਨ੍ਹਾਂ ਨਾਲ ਤੁਰਿਆ-ਫਿਰਦਾ ਆਪਮੁਹਾਰੇ ਗੱਲਾਂ ਕਰਦਾ ਰਹਿੰਦਾ। ਉਹ ਵੀ ਅੱਗੋਂ ਬੂਥ ਹਿਲਾਉਂਦੇ ਬਾਅ ਵੱਲ ਇਉਂ ਇਸ਼ਾਰੇ ਕਰਦੇ ਜਿਵੇਂ ਉਹ ਬਾਅ ਦੀ ਗੱਲ ਸਮਝਦੇ ਹੋਣ, ਉਸ ਨਾਲ ਗੱਲਾਂ ਕਰਦੇ ਹੋਣ, ਉਸ ਦੀ ਹਾਂ ਨਾਲ ਹਾਂ ਮਿਲਾਉਂਦੇ ਹੋਣ। ਇਹ ਕੌਤਕੀ ਨਜ਼ਾਰਾ ਆਪਣੀਆਂ ਅੱਖਾਂ ਨਾਲ ਕਈ ਵਾਰ ਮੈਂ ਆਪ ਦੇਖਿਆ। ਦਾਦੇ ਦੇ ਦੋਵੇਂ ਮਾਸਖੋਰੇ ਬਲਦਾਂ 'ਚ ਇਕ ਦੇ ਪਿੰਡੇ 'ਚੋਂ ਕਾਲੀ ਭਾਅ ਮਾਰਦੀ ਸੀ ਤੇ ਸਿੰਗ ਮੀਣੇ ਸੀ। ਸਾਰੇ ਉਸ ਨੂੰ ਮੀਣਾ-ਮੀਣਾ ਕਹਿੰਦੇ ਸੀ। ਦੂਜੇ ਦਾ ਗੋਰਾ ਨਿਸ਼ੋਅ ਰੰਗ ਮੁੜਵੇਂ ਕੈਂਠੇ ਵਰਗੇ ਸ਼ਾਹ ਸਿੰਗ, ਲੰਮੀ ਪੂਛ, ਪਿੰਡੇ ਤੋਂ ਮੱਖੀ ਤਿਲਕਦੀ, ਪੂਰਾ ਅੱਥਰਾ, ਮਾਰਦਾ ਵੀ ਬਾਹਲਾ ਸੀ।
ਬਾਅ ਦੱਸਦਾ ਹੁੰਦਾ ਕਿ ਬੱਗੇ ਨੂੰ ਪੁੱਤਾਂ ਵਾਂਗ ਪਾਲਿਆ-ਪਲੋਸਿਆ, ਵੱਡਾ ਕੀਤਾ, ਬੜਾ ਤੇਜ਼ ਨਿਕਲਿਆ ਤੇ ਅੱਗੋਂ ਗਊ ਦੇ ਜਾਏ ਨੇ ਵੀ ਆਪਣਾ ਕੁਝ ਨ੍ਹੀਂ ਲੁਕੋ ਕੇ ਰੱਖਿਆ। ਮੇਰੇ ਬਰਾਬਰ ਕਮਾਈ ਕੀਤੀ। ਆਪਣੇ ਘਰ ਦੀ ਕਮਾਈ ਤੇ ਕੁਝ ਨਾ ਕੁਝ ਚੰਗੇ ਵਿਚ ਇਹ ਮੀਣੇ ਦਾ ਵੀ ਬਹੁਤ ਵੱਡਾ ਹੱਥ ਹੈ ਤੇ ਬਾਅ ਗੱਲਾਂ ਕਰਦਾ-ਕਰਦਾ ਆਪਮੁਹਾਰੇ ਮੀਣੇ ਕੋਲ ਜਾ ਕੇ ਉਸ ਦੇ ਪਿੰਡੇ 'ਤੇ ਹੱਥ ਫੇਰਨ ਲੱਗ ਜਾਂਦਾ।
ਫਿਰ ਹੌਲੀ-ਹੌਲੀ, ਜਿਵੇਂ-ਜਿਵੇਂ ਬੱਗੇ 'ਤੇ ਜਵਾਨੀ ਚੜ੍ਹਦੀ, ਉਵੇਂ-ਉਵੇਂ ਮੀਣਾ ਬੁੱਢਾ ਹੋ ਰਿਹਾ ਸੀ। ਅਖੀਰ ਆਪਣੀ ਜ਼ਿੰਦਗੀ ਹੀ ਹਾਰ ਗਿਆ। ਗੱਡੇ ਜੁੜਨੋਂ ਤਾਂ ਉਹ ਪਹਿਲਾਂ ਹੀ ਹਟਾ ਲਿਆ ਸੀ, ਜੇ ਕੋਈ ਜਾਣੂ ਸਹਿਜ ਸੁਭਾਅ ਕਹਿ ਦਿੰਦਾ ਕਿਉਂ ਐਵੇਂ ਕਿੱਲੇ ਬੰਨ੍ਹਿਆ, ਛੱਡ ਆਓ ਕਿਤੇ, ਆਪੇ ਮਰ-ਖਪ ਜਾਊ ਤਾਂ ਦਾਦਾ ਉਸ ਦੇ ਗਲ ਪੈ ਜਾਂਦਾ ਹਰਖਿਆ ਬੋਲਦਾ, 'ਕਿਵੇਂ ਛੱਡ ਆਵਾਂ, ਇਨ੍ਹਾਂ ਮੇਰੇ ਨਾਲ ਪੁੱਤਾਂ ਵਾਂਗ ਕਮਾਈ ਕੀਤੀ ਆ, ਮੇਰੇ ਦੁੱਖਾਂ-ਸੁੱਖਾਂ ਦੇ ਸੀਰੀ ਆ ਗਊ ਦੇ ਜਾਏ ਦਾ ਚੰਮ ਪੱਟ ਕੇ ਹੁਣ ਕਿਥੇ ਸੁੱਟ ਆਵਾਂ...?' ਪਰ ਇਕ ਰਾਤ ਮੀਣੇ ਦੀ ਅਜੀਬ ਜਿਹੀ ਆਵਾਜ਼ ਸੁਣੀ। ਉਹ ਔਖਾ ਜਿਹਾ ਹੋ ਕੇ ਰੰਭਿਆ ਤੇ ਬਸ ਉਸ ਨੇ ਦਾਦੇ ਦੇ ਹੱਥਾਂ ਵਿਚ ਹੀ ਪ੍ਰਾਣ ਤਿਆਗ ਦਿੱਤੇ। ਦਾਦਾ ਮੈਂ ਪਹਿਲੀ ਵਾਰ ਰੋਂਦਾ ਦੇਖਿਆ। ਦਾਦੇ ਨਾਲ ਮੋਹ ਵੀ ਬਾਹਲਾ ਸੀ ਉਸ ਦਾ, ਹੱਥੀਂ ਜੁ ਪਾਲਿਆ ਸੀ, ਦਾਦੇ ਨਾਲ ਧਿਰ ਬਣ ਕੇ ਖੜ੍ਹਾ ਸੀ। ਉਸ ਦੇ ਚੰਗੇ-ਮਾੜੇ ਦਿਨਾਂ ਦਾ ਗਵਾਹ ਸੀ ਮੀਣਾ। ਦਾਦੇ ਨੇ ਬੜੇ ਦਿਨ ਚਿੱਤ ਨਾ ਲਾਇਆ। ਦਾਦਾ ਉਸ ਦਿਨ ਤੋਂ ਹੀ ਉਦਾਸੀ ਫੜ ਗਿਆ। ਬਾਅ ਰੋਂਦਾ ਵੀ ਕਿਉਂ ਨਾ, ਕਦੇ ਜੱਟ ਦੇ ਪੁੱਤ ਲਈ ਆਪਣੇ ਬਰਾਬਰ ਦਾ ਪੁੱਤ ਤੋਰਨਾ ਵੀ ਸੌਖਾ ਹੋਇਆ ਭਲਾ? ਉਹ ਵੀ ਕਮਾਊ ਪੁੱਤ, ਜਿਸ ਨੇ ਦਾਦੇ ਦੇ ਮੋਢੇ ਨਾਲ ਮੋਢਾ ਜੋੜ ਕੇ ਉਸ ਦੀ ਕਬੀਲਦਾਰੀ ਕਟਾਈ ਸੀ। ਉਸ ਦੀ ਬਰਾਬਰ ਧਿਰ ਬਣ ਕੇ ਖੜ੍ਹਾ ਸੀ ਮੀਣਾ। ਬਾਅ ਦੇ ਦੁੱਖਾਂ-ਸੁੱਖਾਂ ਦਾ ਸੀਰੀ ਬਰਾਬਰ ਦਾ ਪੁੱਤ ਮੀਣਾ ਤੁਰ ਗਿਆ ਸੀ ਤੇ ਬਾਅ ਸਾਡਾ ਬਾਹਲਾ ਉਦਾਸ ਸੀ।

-E-mail : brar00045@gmail.com

ਖ਼ਤਰਨਾਕ ਹੱਦ ਤੱਕ ਪੁੱਜਾ ਖੇਤਾਂ 'ਚ ਪਰਾਲੀ ਸਾੜਨ ਦਾ ਰੁਝਾਨ

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੇ ਕਿਸਾਨਾਂ ਦੁਆਰਾ ਚਿਰਾਂ ਤੋਂ ਅਨੇਕਾਂ ਫ਼ਸਲਾਂ ਜਿਵੇਂ ਮੱਕੀ, ਕਪਾਹ, ਨਰਮਾ, ਬਾਜਰਾ, ਮੂੰਗਫਲੀ, ਸਰ੍ਹੋਂ, ਝੋਨਾ, ਕਣਕ ਆਦਿ ਦੀ ਖੇਤੀ ਕੀਤੀ ਜਾ ਰਹੀ ਹੈ। ਇਨ੍ਹਾਂ ਸਭ ਫ਼ਸਲਾਂ ਵਿਚੋਂ ਕਣਕ, ਝੋਨੇ ਦਾ ਪੱਕਾ ਸਮਰਥਨ ਮੁੱਲ ਅਤੇ ਸਹੀ ਮੰਡੀਕਰਨ ਹੋਣ ਕਾਰਨ ਜ਼ਿਆਦਾਤਰ ਕਿਸਾਨ ਕਈ ਦਹਾਕਿਆਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਘੁੰਮਦੇ ਨਜ਼ਰ ਆ ਰਹੇ ਹਨ। ਇਸ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਜਿਥੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਭਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ, ਉਥੇ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਸੁਧਾਰਨ ਵਿਚ ਵੀ ਕਾਮਯਾਬੀ ਹਾਸਲ ਕੀਤੀ ਹੈ। ਕਣਕ-ਝੋਨੇ ਦੇ ਇਸ ਫ਼ਸਲੀ ਚੱਕਰ ਕਾਰਨ ਜਿਥੇ ਪੰਜਾਬ ਵਿਚ ਲਗਾਤਾਰ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ, ਉਥੇ ਝੋਨੇ ਦੀ ਕਟਾਈ ਮਗਰੋਂ ਖੇਤਾਂ ਵਿਚ ਬਚੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਫ਼ਸਲਾਂ ਲਈ ਜ਼ਰੂਰੀ ਜ਼ਮੀਨੀ ਤੱਤ ਨਸ਼ਟ ਹੁੰਦੇ ਜਾ ਰਹੇ ਹਨ, ਉਥੇ ਧੂੰਏਂ ਕਾਰਨ ਬੇਸ਼ੁਮਾਰ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਸਮੁੱਚਾ ਵਾਤਾਵਰਨ ਗੰਧਲਾ ਹੋ ਜਾਂਦਾ ਹੈ। ਇਹ ਪ੍ਰਦੂਸ਼ਣ ਸਮਾਜ ਨੂੰ ਇਕ ਤਰ੍ਹਾਂ ਤਬਾਹੀ ਵੱਲ ਲਿਜਾ ਰਿਹਾ ਹੈ।
ਇਨ੍ਹਾਂ ਦਿਨਾਂ ਵਿਚ ਖੇਤਾਂ ਵਿਚ ਅੱਗ ਲੱਗਣ ਕਾਰਨ ਜਿਥੇ ਹਰ ਸਾਲ ਅਨੇਕਾਂ ਮਨੁੱਖੀ ਜਾਨਾਂ ਧੂੰਏਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਅਜਾਈਂ ਚਲੀਆਂ ਜਾਂਦੀਆਂ ਹਨ, ਉਥੇ ਇਸ ਕਾਰਨ ਕਈ-ਕਈ ਦਿਨ ਅਸਮਾਨ ਵਿਚ ਧੂੰਏਂ ਦੇ ਗੁਬਾਰ ਹੀ ਛਾਏ ਰਹਿੰਦੇ ਹਨ। ਇਸ ਫੈਲੇ ਭਿਆਨਕ ਧੂੰਏਂ ਕਾਰਨ ਸਾਹ, ਦਮੇ ਅਤੇ ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਤਾਂ ਇਨ੍ਹਾਂ ਦਿਨਾਂ ਵਿਚ ਬਾਹਰ ਨਿਕਲਣਾ ਵੀ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿਚ ਖੇਤਾਂ ਵਿਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਸੜਕਾਂ ਕਿਨਾਰੇ ਖੜ੍ਹੇ ਰੁੱਖਾਂ ਦਾ ਵੀ ਭਾਰੀ ਨੁਕਸਾਨ ਕਰ ਦਿੰਦੀਆਂ ਹਨ ਪਰ ਹੁਣ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਾਡਾ ਕਿਸਾਨ ਵੀ ਖੇਤਾਂ ਵਿਚ ਪਰਾਲੀ ਸਾੜਨ ਦੇ ਮਾੜੇ ਨਤੀਜਿਆਂ ਤੋਂ ਭਲੀ-ਭਾਂਤ ਜਾਣੂ ਤਾਂ ਹੈ ਪਰ ਇਹ ਸਭ ਕੁਝ ਕਰਨਾ ਫਿਰ ਵੀ ਉਸ ਦੀ ਬਹੁਤ ਵੱਡੀ ਮਜਬੂਰੀ ਹੈ। ਅੱਜ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਬੇਹੱਦ ਸਖ਼ਤੀ ਅਤੇ ਭਾਰੀ ਜੁਰਮਾਨੇ ਕਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ, ਜਦ ਕਿ ਦੂਜੇ ਪਾਸੇ ਅਨੇਕਾਂ ਇੱਟਾਂ ਦੇ ਭੱਠੇ, ਲੋਹਾ ਪਿਘਲਾਉਣ ਵਾਲੀਆਂ ਭੱਠੀਆਂ, ਸਾਰੇ ਕਿਸਮ ਦੀਆਂ ਫੈਕਟਰੀਆਂ ਜੋ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ।
ਪੰਜਾਬ ਦਾ ਕਿਸਾਨ ਇਸ ਝੋਨੇ-ਕਣਕ ਦੇ ਫ਼ਸਲੀ ਚੱਕਰ ਦਾ ਬਦਲ ਕਰਨ ਲਈ ਤਤਪਰ ਤਾਂ ਹੈ ਪਰ ਉਸ ਨੂੰ ਇਸ ਪ੍ਰਤੀ ਸਰਕਾਰਾਂ ਦੇ ਸਹਿਯੋਗ ਦੀ ਲੋੜ ਵੀ ਹੈ, ਜੋ ਉਸ ਨੂੰ ਅਜੇ ਤੱਕ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ। ਸੋ, ਸਰਕਾਰ ਨੂੰ ਇਸ ਗੰਭੀਰ ਮਸਲੇ ਪ੍ਰਤੀ ਕਿਸਾਨਾਂ ਖ਼ਿਲਾਫ਼ ਬੇਹੱਦ ਸਖ਼ਤੀ ਦਿਖਾਉਣ ਦੀ ਬਜਾਏ ਇਸ ਦਾ ਸਸਤਾ ਤੇ ਵਧੀਆ ਬਦਲ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਹੋਈ ਕਿਸਾਨੀ ਮੁੜ ਲੀਹ 'ਤੇ ਆ ਸਕੇ।

-ਪਿੰਡ ਤੇ ਡਾਕ: ਚੜਿੱਕ (ਮੋਗਾ)।
ਮੋਬਾ: 94654-11585


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX