ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  22 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  40 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  41 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  46 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  48 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ

ਉਸਰਦਿਆਂ ਤਾਂ ਲੱਗ ਜਾਂਦੇ ਕਈ ਮਹੀਨੇ ਸਾਲ,
ਸੁਪਨਮਈ ਇਹ ਮਹਿਲ ਤਿੜਕਦੇ ਇਕੋ ਝਟਕੇ ਨਾਲ।
ਹੋ ਕੇ ਧਨਵਾਨ ਫਿਰੇਂ ਦਰਗਾਹੀਂ ਪੱਲੇ ਅੱਡਦਾ,
ਮੈਂ ਤਾਂ ਢਾਰੇ ਵਿਚ ਵੀ ਖੁਸ਼ ਹਾਂ ਮੇਰਾ ਇਹੋ ਕਮਾਲ।
ਤੇਰੀ ਅਜ਼ਮਤ ਨੂੰ ਦੇਖਣ ਪਰਖਣ ਨੂੰ ਪੁੱਛ ਰਿਹਾਂ, ਪਰ,
ਤੂੰ ਕੋਈ ਉੱਤਰ ਹੋਰ ਦੇ ਰਿਹੈਂ, ਮੇਰਾ ਹੋਰ ਸਵਾਲ।
ਜਿੰਦੜੀਏ ਬਸ ਤੇਰਾ ਡਰ ਹੈ ਤੂੰ ਧੋਖਾ ਨਾ ਦੇਵੀਂ,
'ਐਰੇ ਗੈਰੇ ਨੱਥੂ ਖੈਰੇ' ਨੂੰ ਮੈਂ ਕਦੋਂ ਦੁਆਲ।
ਮੈਂ ਕਿਉਂ ਪੱਥਰਾਂ ਮੂਹਰੇ ਐਵੇਂ ਮੱਥੇ ਫਿਰਾਂ ਰਗੜਦਾ,
ਮੇਰੀ ਮਾਂ ਤੇ ਮੇਰਾ ਬਾਪੂ ਨੇ ਜਦ ਮੇਰੇ ਨਾਲ।
ਜ਼ਿੰਦਗੀ ਦਾ ਇਹ ਸਾਜ਼ ਅਜੇ ਤੱਕ ਸੁਰ ਨਾ ਹੋਇਆ ਮੈਥੋਂ,
ਕੰਡਿਆਂ ਉਤੇ ਤੁਰਦਾ ਤੁਰਦਾ ਸਿੱਖ ਗਿਆਂ ਪਰ ਤਾਲ।

-ਫਰੀਦਕੋਟ। ਮੋਬਾਈਲ : 94175-37470.

ਬੜਾ ਤੜਫੇ ਬੜਾ ਰੋਏ ਤੇਰੇ ਤੁਰ ਜਾਣ ਦੇ ਮਗਰੋਂ,
ਜਿਊਂਦੇ ਜੀਅ ਅਸੀਂ ਮੋਏ ਤੇਰੇ ਤੁਰ ਜਾਣ ਦੇ ਮਗਰੋਂ।
ਜਦੋਂ ਤੂੰ ਕੋਲ ਸੀ ਤਾਂ ਚੰਦ ਤਾਰੇ ਕੋਲ ਸਨ ਮੇਰੇ,
ਮੇਰੇ ਤੋਂ ਦੂਰ ਸਭ ਹੋਏ ਤੇਰੇ ਤੁਰ ਜਾਣ ਦੇ ਮਗਰੋਂ।
ਉਦਾਸੇ ਮੌਸਮਾਂ ਨੇ ਦਿਲ ਦੇ ਵਿਹੜੇ ਲਾ ਲਏ ਡੇਰੇ,
ਗਏ ਨਾ ਖ਼ਾਬ ਸੰਜੋਏ ਤੇਰੇ ਤੁਰ ਜਾਣ ਦੇ ਮਗਰੋਂ।
ਰਿਹਾ ਨਾ ਜ਼ਿੰਦਗੀ ਵਿਚ ਜ਼ਿੰਦਗੀ ਦੇ ਹਾਣ ਦਾ ਕੁਝ ਵੀ,
ਮੇਰੇ ਜਜ਼ਬੇ ਜ਼ਿਬਾ ਹੋਏ ਤੇਰੇ ਤੁਰ ਜਾਣ ਦੇ ਮਗਰੋਂ।
ਜਦੋਂ ਬੇਚੈਨ ਕੀਤਾ ਯਾਦ ਤੇਰੀ ਨੇ ਕਦੇ ਮੈਨੂੰ,
ਉਠਾਏ ਖ਼ਤ, ਪੜ੍ਹੇ ਤੇਰੇ ਤੁਰ ਜਾਣ ਦੇ ਮਗਰੋਂ।
ਮੇਰੇ ਗੁਲਸ਼ਨ 'ਚ ਬੂਟੇ ਸਧਰਾਂ, ਚਾਵਾਂ, ਉਮੀਦਾਂ ਦੇ,
ਨਾ ਮੁੜ ਕੇ ਫਿਰ ਹਰੇ ਹੋਏ, ਤੇਰੇ ਤੁਰ ਜਾਣ ਦੇ ਮਗਰੋਂ।
ਵਿਦਾਈ ਤੱਕ ਬੜੇ ਔਖੇ ਸੰਭਾਲੇ ਸੀ ਅਸੀਂ ਹੰਝੂ,
ਅਸਾਂ ਤੋਂ ਰੋਕ ਨਾ ਹੋਏ ਤੇਰੇ ਤੁਰ ਜਾਣ ਦੇ ਮਗਰੋਂ।
ਖ਼ੁਸ਼ੀ ਦੇ ਪਲ ਮਿਲੇ ਨਾ 'ਤੂਰ' ਨੂੰ ਮੁੜ ਜ਼ਿੰਦਗੀ ਅੰਦਰ,
ਗ਼ਮਾਂ ਦੇ ਭਾਰ ਹੀ ਢੋਏ, ਤੇਰੇ ਤੁਰ ਜਾਣ ਦੇ ਮਗਰੋਂ।

-ਮੋਬਾਈਲ : 97803-00247.

ਸਾਡੇ ਨੈਣ ਉਦਾਸੇ ਅੜਿਆ,
ਲੈ ਗਿਉਂ ਨਾਲ ਹੀ ਹਾਸੇ ਅੜਿਆ।

ਟੁੱਟਾ ਦਿਲ ਹੁਣ ਕਿੱਥੇ ਜੁੜਨਾ,
ਦੇ ਨਾ ਕੂੜ ਦਿਲਾਸੇ ਅੜਿਆ।

ਤੇਰੇ ਮੱਥੇ ਨਿਹਮਤ-ਨਿਹਮਤ,
ਸਾਡੇ ਹੱਥੀਂ ਕਾਸੇ ਅੜਿਆ।
ਕਾਣੋ ਮਾਰੇ ਜਾਮ-ਪੈਮਾਨੇ,
ਫਿਰਦੇ ਰਿੰਦ ਪਿਆਸੇ ਅੜਿਆ।

ਆਸਾਂ ਦੇ ਫੁੱਲ ਸੁੱਕਦੇ ਜਾਂਦੇ,
ਪਰਤੇ ਅਸੀਂ ਨਿਰਾਸੇ ਅੜਿਆ।

ਠੰਢੀ ਛਾਂ ਨਾ ਕਿਧਰੇ ਦਿਸਦੀ,
ਕਹਿਰੀ ਧੁੱਪ ਹਰ ਪਾਸੇ ਅੜਿਆ।


ਸਿਰ ਤੋਂ ਸੂਰਜ ਡਿੱਗ ਮਰਨਾ ਹੈ,
ਹੁਣ ਕੁਝ ਏਦਾਂ ਭਾਸੇ ਅੜਿਆ।

-ਪਿੰਡ ਤੇ ਡਾਕ: ਸੇਖਵਾਂ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ-143518.
ਮੋਬਾਈਲ: 88724-88861.


ਖ਼ਬਰ ਸ਼ੇਅਰ ਕਰੋ

ਕਹਾਣੀ: ਸਕੇ-ਸੋਧਰੇ

ਸਵੇਰੇ ਉੱਠ ਕੇ ਅਜੇ ਮੈਂ ਦਾਤਣ-ਕੁਰਲਾ ਹੀ ਕਰ ਰਿਹਾ ਸੀ ਕਿ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ।
ਮੈਂ ਘਰ ਦੇ ਵਿਹੜੇ 'ਚੋਂ ਲੰਘ ਪਸ਼ੂਆਂ ਵਾਲੇ ਵਾੜੇ ਦੀ ਛੋਟੀ ਕੰਧ ਉਪਰੋਂ ਬਾਹਰ ਨੂੰ ਵੇਖਿਆ ਤਾਂ ਸਾਹਮਣੇ ਖੂਹ ਵਾਲੇ ਅਹਾਤੇ 'ਚ ਕਾਰ ਸੇਵਾ ਵਾਲੇ ਬਾਬਿਆਂ ਦੀ ਗੱਡੀ ਖੜ੍ਹੀ ਸੀ, ਛੇ-ਸੱਤ ਸਫੇਦ ਕੁੜਤਿਆਂ ਵਾਲੇ ਨੌਜਵਾਨ ਗੱਡੀ 'ਚੋਂ ਉੱਤਰ ਬੋਹੜ ਦੇ ਆਲੇ-ਦੁਆਲੇ ਜਿਹੇ ਫਿਰ ਰਹੇ ਸੀ ।
ਮੈਨੂੰ ਮਾਮਲਾ ਭਾਂਪਦਿਆਂ ਬਹੁਤਾ ਸਮਾਂ ਨਾ ਲੱਗਾ ਮੈਂ ਸਿਰ 'ਤੇ ਸਾਫਾ ਵਲਦਿਆਂ ਵਾਹੋ-ਦਾਹੀ ਖੂਹ ਵਾਲੇ ਅਹਾਤੇ ਨੂੰ ਵਗ ਤੁਰਿਆ।
ਖੂਹ ਦੇ ਅਹਾਤੇ 'ਤੇ ਪਹੁੰਚ ਕੇ ਹੱਥ 'ਚ ਖੂੰਡਾ ਫੜੀ ਵੱਡੀ ਗੋਗੜ ਵਾਲੇ ਬਾਬੇ ਨੂੰ ਜਾ ਫਤਹਿ ਗਜਾਈ । ਬਾਬਿਆਂ ਦੇ ਕੋਲ ਹੀ ਤਾਇਆ ਸੁੱਚਾ ਸਿੰਘ, ਚਾਚਾ ਬਿੱਕਰ ਸਿਹੁੰ ਖੜੇ ਸਨ ।
ਇਹ ਕੀ ਮਾਜਰਾ ਏ ਬਾਬਾ ਜੀ? ਮੈਂ ਸਭ ਕੁਝ ਸਮਝ ਜਾਣ ਦੇ ਬਾਵਜੂਦ ਵੀ ਬਾਬਿਆਂ ਨੂੰ ਪੁੱਛ ਲਿਆ।
ਸਿੰਘਾ! ਇਹ ਪਿੱਪਲ ਸੰਗਤਾਂ ਨੇ ਗੁਰੂ ਘਰ ਭੇਟ ਕਰ ਦਿੱਤਾ ਹੈ। ਬਾਬਾ ਜੀ ਨੇ ਮੇਰੇ ਤਾਏ ਸੁੱਚਾ ਸਿੰਹੁ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਦਿਆਂ ਕਿਹਾ।
'ਬਾਬਾ ਜੀ! ਮੈਂ ਵੀ ਇਸ ਪਿੱਪਲ ਦੇ ਰੁੱਖ 'ਚ ਬਰਾਬਰ ਦਾ ਹਿੱਸੇਦਾਰ ਹਾਂ ਪਰ ਮੈਂ ਇਹ ਰੁੱਖ ਨੂੰ ਨਹੀਂ ਵੱਢਣ ਦੇਣਾ।' ਮੈਂ ਦੋ-ਟੁੱਕ ਸੁਣਾ ਦਿੱਤੀ ।
'ਨਹੀਂ... ਤੂੰ ਈ 'ਕੱਲਾ ਚੌਧਰੀ ਰਹਿ ਗਿਆਂ' ਤਾਏ ਸੁੱਚਾ ਸਿੰਹੁ ਅਤੇ ਚਾਚੇ ਬਿੱਕਰ ਸਿੰਹੁ ਨੇ ਮੇਰੇ ਵੱਲ ਕਹਿਰੀ ਨਜ਼ਰਾਂ ਨਾਲ ਵੇਖਦਿਆਂ ਕਿਹਾ ।
'ਤਾਇਆ! ਇਸ 'ਚ ਚੌਧਰੀ ਨਾ ਚੌਧਰੀ ਵਾਲੀ ਕੋਈ ਗੱਲ ਨਹੀਂ ਹੈ। ਇਹ ਬਜ਼ੁਰਗਾਂ ਦੀ ਨਿਸ਼ਾਨੀ ਮੈਂ ਨਹੀਂ ਵੱਢਣ ਦੇਣੀ। ਮੇਰੀ 'ਚ ਆਵਾਜ਼ ਦ੍ਰਿੜ੍ਹਤਾ ਦੇ ਨਾਲ ਤਰਲਾ ਵੀ ਸੀ।
'ਆ ਗਿਆ ਵੱਡਾ ਸਕਾ-ਸੋਧਰਾ ਬਜ਼ੁਰਗਾਂ ਦਾ...' ਚਾਚਾ ਬਿੱਕਰ ਪਤਾ ਨਹੀਂ ਕੀ-ਕੀ ਬੋਲ ਰਿਹਾ ਸੀ ।
ਤੂੰ-ਤੂੰ, ਮੈਂ-ਮੈਂ ਸੁਣ ਕੇ ਲੋਕ ਇਕੱਠੇ ਹੋ ਗਏ, ਮੇਰੀ ਮਾਂ ਨੇ ਮੇਰਾ ਪੱਖ ਪੂਰਦਿਆਂ ਤਾਏ ਹੋਰਾਂ ਨੂੰ ਕਈ ਖਰੀਆਂ-ਖਰੀਆਂ ਸੁਣਾ ਦਿੱਤੀਆਂ ।
ਮਾਮਲੇ ਦੀ ਨਜ਼ਾਕਤ ਸਮਝਦਿਆਂ ਬਾਬਿਆਂ ਨੇ ਆਰੇ-ਕੁਹਾੜੇ ਸਮੇਟ ਕੇ ਗੱਡੀ ਸਟਾਰਟ ਕਰ ਲਈ ।
ਇਹ ਪਿੱਪਲ ਦਾ ਰੁੱਖ ਮੇਰੇ ਦਾਦੇ ਦੇ ਵੱਡੇ ਭਰਾ ਕੁਸ਼ਾਲ ਸਿੰਘ ਨੇ ਲਗਾਇਆ ਸੀ । ਬਾਬਾ ਬੁੱਧ ਸਿੰਘ ਦੱਸਦਾ ਹੁੰਦਾ ਸੀ ਕਿ ਸਾਰਾ ਪਿੰਡ ਕੁਸ਼ਾਲ ਸਿੰਘ ਨੂੰ ਭਗਤ ਆਖ ਕੇ ਸੱਦਦਾ ਹੁੰਦਾ ਸੀ । ਖੁੱਲੀ ਭੋਇੰ ਹੋਣ ਦੇ ਬਾਵਜੂਦ ਭਗਤ ਦਾ ਵਿਆਹ ਨਹੀਂ ਸੀ ਹੋਇਆ। ਉਹ ਸਾਧੂ ਸੁਭਾਅ ਦਾ ਬੰਦਾ ਸੀ। ਮਾਪਿਆਂ ਨੇ ਭਗਤ ਨੂੰ ਬਚਪਨ 'ਚ ਡੇਰੇ ਵਾਲੇ ਬਾਬਾ ਉਤਮ ਸਿੰਘ ਹੁਰਾਂ ਕੋਲ ਗੁਰਮੁਖੀ ਪੜ੍ਹਨ ਲਾਇਆ ਤਾਂ ਭਗਤ 'ਤੇ ਡੇਰੇ ਦੀਆਂ ਸਾਧੂ ਰੁਚੀਆਂ ਹਾਵੀ ਹੋ ਗਈਆਂ। ਜਿੰਨਾ ਚਿਰ ਬਾਬਾ ਉੱਤਮ ਸਿੰਘ ਰਹੇ ਭਗਤ ਉਨ੍ਹਾਂ ਦੀ ਸੇਵਕੀ ਕਮਾਉਂਦਾ ਰਿਹਾ।
ਬਾਬਾ ਉਤਮ ਸਿੰਘ ਸਵਰਗਵਾਸ ਹੋਣ 'ਤੇ ਭਗਤ ਨੇ ਇਕ ਕਿਸਮ ਦਾ ਵੈਰਾਗ ਜਿਹਾ ਲਾ ਲਿਆ। ਉਸ ਦਿਨ ਤੋਂ ਬਾਅਦ ਭਗਤ ਨੇ ਆਪਣਾ ਆਪ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ। ਉਹ ਚੁੱਪ-ਚਾਪ ਪਿੰਡ ਦੇ ਖਰਾਬ ਕੱਚੇ ਰਸਤਿਆਂ ਤੋਂ ਚਿਕੜ ਹਟਾਉਣ ਲੱਗ ਪੈਂਦਾ ਉਸ ਨੂੰ ਵੇਖ ਕੇ ਸ਼ਰਮੋ-ਸ਼ਰਮੀਂ ਹੋਰ ਚੋਭਰ ਵੀ ਕਹੀਆਂ ਲੈ ਕੇ ਆ ਜਾਂਦੇ। ਪਲਾਂ 'ਚ ਹੀ ਖਰਾਬ ਰਾਹ ਵਧੀਆ ਰਸਤਾ ਬਣ ਜਾਂਦਾ। ਦਾਦਾ ਦੱਸਦਾ ਹੁੰਦਾ ਸੀ ਇਕ ਵਾਰ ਕੋਲ ਵਾਲੇ ਪਿੰਡ ਦਾ ਮਰਾਸੀ ਡੇਰੇ ਵਾਲੇ ਬਾਬਾ ਜੀ ਤੋਂ ਛੋਟੇ ਬੱਚਿਆਂ ਦਾ ਵਾਸਤਾ ਪਾ ਕੇ ਗਊ ਲੈ ਗਿਆ। ਥੋੜ੍ਹਾ ਚਿਰ ਤਾ ਮਰਾਸੀ ਨੇ ਗਊ ਦੀ ਸੇਵਾ ਕੀਤੀ ਫਿਰ ਅਵੇਸਲਾ ਹੋ ਗਿਆ। ਗਾਂ ਭੁੱਖੀ ਤਿਹਾਈ ਬੱਝੀ ਰਿਹਾ ਕਰੇ। ਜਦੋਂ ਇਸ ਦਾ ਪਤਾ ਭਗਤ ਨੂੰ ਲੱਗਾ ਤਾਂ ਉਸ ਨੇ ਕਿਸੇ ਨੂੰ ਉਲਾਹਮਾ ਦੇਣ ਦੀ ਥਾਂ ਹਰ ਰੋਜ਼ ਪੰਡ ਪੱਠੇ ਵੱਢ ਕੇ ਮਰਾਸੀ ਦੀ ਗਊ ਨੂੰ ਪਾ ਕੇ ਆਉਣੇ। ਵੇਖ ਕੇ ਲੋਕਾਂ ਨੇ ਮਰਾਸੀ ਨੂੰ ਫਿੱਟ -ਲਾਹਨਤ ਕੀਤੀ ਤਾਂ ਮਰਾਸੀ ਨੇ ਗਾਂ ਦੀ ਦੇਖ-ਭਾਲ ਸ਼ੁਰੂ ਕਰ ਦਿੱਤੀ । ਪਿੰਡ 'ਚ ਜਿੰਨੇ ਵੀ ਬੋਹੜ-ਪਿੱਪਲ ਲੱਗੇ ਹਨ ਸਾਰੇ ਭਗਤ ਦੇ ਹੱਥਾਂ ਦੇ ਲੱਗੇ ਹਨ । ਉਹ ਬੂਟੇ ਲਗਾਉਂਦਾ। ਉਨ੍ਹਾਂ ਨੂੰ ਪਾਣੀ ਪਾਉਂਦਾ। ਉਨ੍ਹਾਂ ਨੂੰ ਵਾੜ ਕਰਦਾ। ਜੇ ਕੋਈ ਪੁੱਛਦਾ ਤਾਂ ਉਹ ਇਨ੍ਹਾਂ ਪਿੱਪਲਾਂ-ਬੋਹੜਾਂ ਨੂੰ ਆਪਣੇ ਪੁੱਤ ਦੱਸਦਾ। ਲੋਕ ਵੀ ਹਾਸੇ-ਠੱਠੇ 'ਚ ਰੁੱਖਾਂ ਨੂੰ ਭਗਤ ਦਾ ਪੁੱਤ ਆਖਦੇ ਸਨ ।
ਭਗਤ ਜੀ ਦੁਨੀਆ ਤੋਂ ਚੱਲ ਵਸੇ। ਭਗਤ ਦੇ ਪੁੱਤਰਾਂ 'ਤੇ ਭਰਪੂਰ ਜੁਆਨੀ ਆਈ। ਸਾਰਾ-ਸਾਰਾ ਦਿਨ ਖੂਹਾਂ 'ਤੇ ਰੌਣਕਾਂ ਲੱਗੀਆਂ ਰਹਿੰਦੀਆਂ। ਗਰਮੀਆਂ 'ਚ ਕੋਇਲਾਂ ਗਾਉਂਦੀਆਂ। ਸੰਘਣੀ ਛਾਂ 'ਚੋਂ ਸੂਰਜ ਨਾ ਦਿਸਦਾ ।
ਸਮਾਂ ਲੰਘਿਆ। ਖੂਹਾਂ ਦੀ ਥਾਂ ਟਿਊਬਵੈੱਲਾਂ ਨੇ ਲੈ ਲਈ। ਲੋਕਾਂ ਦੀਆਂ ਰੁਚੀਆਂ ਬਦਲ ਗਈਆਂ। ਲੋਕਾਂ ਦਾ ਰੁੱਖਾਂ ਨਾਲੋਂ ਪਿਆਰ ਘੱਟ ਗਿਆ। ਭੋਇੰ ਦੀਆਂ ਵੰਡਾਂ ਪੈ ਗਈਆਂ। ਖੂਹ ਦੇ ਅਹਾਤੇ ਵੈਰਾਨ ਹੋ ਗਏ। ਇਕ-ਇਕ ਕਰ ਪਿੱਪਲ-ਬੋਹੜ ਵਿਕ ਗਏ ਤੇ ਕੁਹਾੜਿਆਂ ਦੀ ਭੇਟ ਚੜ੍ਹ ਗਏ।
ਸਾਡੇ ਖੂਹ ਵਾਲੇ ਅਹਾਤੇ 'ਤੇ ਪਿੱਪਲ ਤੇ ਬੋਹੜ ਦਾ ਰੁੱਖ ਸੀ। ਇਹ ਡੇਢ ਕਨਾਲ ਦਾ ਸਾਂਝਾ ਥਾਂ ਤਾਏ ਸੁੱਚਾ ਸਿੰਹੁ ਤੇ ਚਾਚੇ ਬਿੱਕਰ ਦੀ ਅੱਖ 'ਚ ਰੜਕ ਰਿਹਾ ਸੀ।
ਭਾਊ! ਇਹ ਪਿੱਪਲ ਤੇ ਬੋਹੜ ਵੱਢ ਕੇ ਖੂਹ ਵਾਲਾ ਅਹਾਤਾ ਵੰਡ ਲਈਏ। ਚਾਚਾ ਬਿੱਕਰ ਅਕਸਰ ਮੇਰੇ ਬਾਪ ਨੂੰ ਆਖਦਾ ।
ਚਾਚਾ ! ਇਹ ਪਿੱਪਲ -ਬੋਹੜ ਆਪਣੇ ਬਾਬੇ ਭਗਤ ਦੀ ਨਿਸ਼ਾਨੀ ਨੇ, ਭੋਇੰ ਦੀ ਆਪਾਂ ਨੂੰ ਕਿਹੜੀ ਘਾਟ ਹੈ? ਬਜ਼ੁਰਗਾਂ ਦੀ ਨਿਸ਼ਾਨੀ ਬਣੀ ਰਹਿਣ ਦਈਏ । ਮੇਰਾ ਜੁਆਬ ਚਾਚੇ ਨੁੰ ਚੰਗਾ ਨਾ ਲੱਗਦਾ ।
ਤੂੰ-ਤੂੰ, ਮੈਂ-ਮੈਂ ਤੋਂ ਅਗਲੇ ਦਿਨ ਚਾਚੇ ਤੇ ਤਾਏ ਨੇ ਪੰਚਾਇਤ ਬੁਲਾਈ । ਸਰਪੰਚ ਦਇਆ ਸਿੰਘ ਨੇ ਸਾਡਾ ਦੋਵਾਂ ਧਿਰਾਂ ਦਾ ਪੱਖ ਸੁਣਿਆ। ਸਰਪੰਚ ਨੇ ਜਿੱਥੇ ਮੇਰੀ ਸੋਚ ਦੀ ਸਰਾਹਣਾ ਕੀਤੀ, ਉੱਥੇ ਮੈਨੂੰ ਆਪਣੀ ਜ਼ਮੀਨ 'ਚੋਂ 10-10 ਮਰਲੇ ਥਾਂ ਤਾਏ ਸੁੱਚਾ ਸਿੰਘ ਅਤੇ ਚਾਚਾ ਬਿੱਕਰ ਸਿੰਹੁ ਨੂੰ ਦੇਣ ਦਾ ਫ਼ੈਸਲਾ ਸੁਣਾ ਦਿੱਤਾ।
ਮੈਂ ਪੰਚਾਇਤ ਦਾ ਫ਼ੈਸਲਾ ਸਵੀਕਾਰ ਕਰ ਲਿਆ। ਮਿਸਤਰੀ ਸਰਦੂਲ ਸਿੰਘ ਨੇ ਫੀਤਾ ਮਾਰ ਕੇ ਨਿਸ਼ਾਨੀਆਂ ਲਾ ਦਿੱਤੀਆਂ। ਤਾਏ ਦਾ ਸੀਰੀ ਮੇਹਰੂ ਵੱਟ ਢਾਹ ਕੇ ਤਾਏ ਦੇ ਖੇਤ ਨੂੰ ਵੱਡਾ ਕਰਨ ਲੱਗ ਪਿਆ।
ਇਕ -ਇਕ ਕਰ ਪੰਚਾਇਤ ਦੇ ਬੰਦੇ ਘਰੋ-ਘਰੀ ਚਲੇ ਗਏ ।
ਮੈਂ ਵੱਟੇ-ਵੱਟ ਪੈ ਕੇ ਖੂਹ ਦੇ ਅਹਾਤੇ 'ਤੇ ਪਹੁੰਚ ਗਿਆ। ਖੂਹ ਦੇ ਅਹਾਤੇ 'ਤੇ ਬਗੀਚੀ ਬਣਾਉਣ ਦੀ ਵਿਉਂਤ ਮੈਂ ਮਨ ਹੀ ਮਨ 'ਚ ਨੇਪਰੇ ਚਾੜ੍ਹ ਲਈ। ਮੈਂ ਖੂਹ ਦੀ ਢੱਠੀ ਮਨ 'ਤੇ ਬੈਠ ਗਿਆ । ਆਲਾ-ਦੁਆਲਾ ਗਹੁ ਨਾਲ ਵੇਖਿਆ। ਮੇਰੀਆਂ ਅੱਖਾਂ ਮੂਹਰੇ ਖੂਹ ਦੀਆਂ ਰੌਣਕਾਂ ਦੇ ਦ੍ਰਿਸ਼ ਰੂਪਮਾਨ ਹੋਣ ਲੱਗੇ। ਪਿੱਪਲ ਤੇ ਬੋਹੜ ਦੀਆਂ ਨੀਵੀਆਂ ਟਾਹਣੀਆਂ ਦੀ ਛੋਹ ਮੈਨੂੰ ਆਪਣੇ ਸਕੇ-ਸੋਧਰਿਆਂ ਦਾ ਅਸ਼ੀਰਵਾਦ ਲੱਗ ਰਹੀ ਸੀ ।

-ਪਿੰਡ ਸਾਰੰਗੜਾ, ਜ਼ਿਲ੍ਹਾ ਅੰਮ੍ਰਿਤਸਰ-143110.
ਮੋਬਾਈਲ : 98552-74305.

ਵਿਸ਼ਵਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਸਫ਼ਲਤਾ ਇਕ ਗੱਡੀ (ਟਰੇਨ) ਦੀ ਤਰ੍ਹਾਂ ਹੁੰਦੀ ਹੈ। ਮਿਹਨਤ, ਧਿਆਨ ਕੇਂਦਰਿਤ ਕਰਨਾ, ਕਿਸਮਤ ਆਦਿ ਇਸ ਦੇ ਕਈ ਡੱਬੇ ਹੁੰਦੇ ਹਨ ਪਰ ਇਨ੍ਹਾਂ ਸਾਰਿਆਂ ਨੂੰ ਵਿਸ਼ਵਾਸ ਦਾ ਇੰਜਣ ਖਿੱਚੀ ਰੱਖਦਾ ਹੈ।
* ਕੁਝ ਲੋਕ ਵਕਤ ਨਾਲ ਚਲਦੇ ਹਨ, ਕੁਝ ਵਕਤ ਗੁਜ਼ਾਰਦੇ ਹਨ। ਕੁਝ ਵਕਤ ਬਰਬਾਦ ਕਰਦੇ ਹਨ ਅਤੇ ਸਮਾਂ ਉਨ੍ਹਾਂ ਨੂੰ ਬਰਬਾਦ ਕਰ ਦਿੰਦਾ ਹੈ। ਪਰ ਸਮੇਂ ਦੇ ਪਾਬੰਦ ਆਦਮੀ 'ਤੇ ਸਾਰੇ ਵਿਸ਼ਵਾਸ ਕਰਦੇ ਹਨ ਕਿਉਂਕਿ ਇਸ ਤੋਂ ਉਸ ਦਾ ਆਚਰਣ ਝਲਕਦਾ ਹੈ।
* ਮਨੁੱਖ ਆਪਣੇ ਵਿਸ਼ਵਾਸ ਨਾਲ ਬਣਦਾ ਹੈ। ਜਿਸ ਤਰ੍ਹਾਂ ਦਾ ਉਹ ਵਿਸ਼ਵਾਸ ਕਰਦਾ ਹੈ, ਉਸੇ ਤਰ੍ਹਾਂ ਉਹ ਬਣ ਜਾਂਦਾ ਹੈ।
* ਪਰਿਵਾਰਕ ਮੈਂਬਰਾਂ ਦਾ ਆਪਸੀ ਤਾਲਮੇਲ, ਸਾਂਝ-ਪਿਆਰ, ਇਕ-ਦੂਜੇ 'ਤੇ ਵਿਸ਼ਵਾਸ ਅਤੇ ਇਕ-ਦੂਜੇ ਪ੍ਰਤੀ ਸੇਵਾ ਸਮਰਪਣ ਦੀ ਭਾਵਨਾ, ਇਕ-ਦੂਜੇ ਦਾ ਇੰਤਜ਼ਾਰ ਕਰਨਾ ਮਕਾਨ ਨੂੰ ਘਰ ਬਣਾਉਣ ਲਈ ਜ਼ਰੂਰੀ ਹਨ।
* ਵਿਸ਼ਵਾਸ ਬਹੁਤ ਵੱਡੀ ਪੂੰਜੀ ਹੈ, ਇਹ ਐਵੇਂ ਹੀ ਨਹੀਂ ਵੰਡੀ ਜਾਂਦੀ। ਵਿਸ਼ਵਾਸ ਖ਼ੁਦ 'ਤੇ ਰੱਖੋ ਤਾਂ ਤਾਕਤ ਅਤੇ ਦੂਜਿਆਂ 'ਤੇ ਰੱਖੋ ਤਾਂ ਕਮਜ਼ੋਰੀ ਬਣ ਜਾਂਦੀ ਹੈ।
* ਇਬਾਦਤ ਕਰਨ ਤੋਂ ਪਹਿਲਾਂ ਵਿਸ਼ਵਾਸ ਕਰਨਾ ਜ਼ਰੂਰੀ ਹੈ ਅਤੇ ਰਿਸ਼ਤਾ ਬਣਾਉਣ ਤੋਂ ਪਹਿਲਾਂ ਉਸ ਨੂੰ ਨਿਭਾਉਣ ਦਾ ਸਲੀਕਾ ਆਉਣਾ ਜ਼ਰੂਰੀ ਹੈ।
* ਮੇਰੇ ਹੱਥਾਂ ਦੀਆਂ ਲਕੀਰਾਂ ਵੀ ਮੈਨੂੰ ਕਹਿੰਦੀਆਂ ਹਨ ਕਿ ਲਕੀਰਾਂ 'ਤੇ ਨਹੀਂ, ਆਪਣੇ ਹੱਥਾਂ 'ਤੇ ਇਤਬਾਰ ਰੱਖੋ।
* ਜੀਵਨ ਦੇ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਕਿਸੇ ਅਹੁਦੇ ਜਾਂ ਪ੍ਰਸਿੱਧੀ ਦੇ ਮੁਥਾਜ ਨਹੀਂ ਹੁੰਦੇ। ਉਹ ਸਨੇਹ ਤੇ ਵਿਸ਼ਵਾਸ ਦੀ ਬੁਨਿਆਦ 'ਤੇ ਟਿਕੇ ਹੁੰਦੇ ਹਨ।
* ਰਿਸ਼ਤਾ ਰੱਖੋ ਪਰ ਵਿਸ਼ਵਾਸ ਵੀ ਜ਼ਰੂਰ ਰੱਖਣਾ ਕਿਉਂਕਿ ਜਿਥੇ ਵਿਸ਼ਵਾਸ ਹੁੰਦਾ ਹੈ, ਉਥੇ ਰਿਸ਼ਤੇ ਆਪਣੇ-ਆਪ ਹੀ ਬਣ ਜਾਂਦੇ ਹਨ।
* ਜ਼ਿੰਦਗੀ ਜਿਊਣ ਲਈ ਪਿਆਰ, ਵਿਸ਼ਵਾਸ, ਸਤਿਕਾਰ ਤੇ ਮਿਹਨਤ ਬਹੁਤ ਜ਼ਰੂਰੀ ਹੈ।
* ਵਿਆਹ ਤੋਂ ਬਾਅਦ ਪਤੀ-ਪਤਨੀ ਦਾ ਸਬੰਧ ਵੀ ਵਿਸ਼ਵਾਸ ਦੇ ਸਹਾਰੇ ਹੀ ਚਲਦਾ ਹੈ।
* ਇਸ ਤਰ੍ਹਾਂ ਦਾ ਆਪਣਾ ਵਿਵਹਾਰ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਤੁਹਾਡੇ ਬਾਰੇ ਬੁਰਾ ਵੀ ਕਹੇ ਤਾਂ ਕੋਈ ਉਸ 'ਤੇ ਵਿਸ਼ਵਾਸ ਨਾ ਕਰੇ।
* ਬੰਦਾ ਪ੍ਰਾਹੁਣੇ ਦੇ ਰੂਪ ਵਿਚ ਉਸ ਘਰ ਹੀ ਜਾਂਦਾ ਹੈ, ਜਿਥੇ ਉਸ ਨੂੰ ਇਹ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਉਥੇ ਹਰ ਕੋਈ ਉਸ ਨੂੰ ਖਿੜੇ ਮੱਥੇ ਝੱਲੇਗਾ। ਉਸ ਨੂੰ ਬਣਦਾ ਮਾਣ-ਸਨਮਾਨ ਮਿਲੇਗਾ, ਜਿਥੇ ਇਹ ਵਿਸ਼ਵਾਸ ਨਾ ਹੋਵੇ ਤਾਂ ਕੋਈ ਨਹੀਂ ਜਾਂਦਾ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਗੱਲ 'ਪਿੱਦੀ' ਦੀ

ਬੰਦੇ ਵੀ ਛੋਟੇ ਕੱਦ ਦੇ ਹੁੰਦੇ ਹਨ, ਇਨ੍ਹਾਂ ਨੂੰ ਮਧਰੇ, ਆਖਿਆ ਜਾਂਦਾ ਹੈ। ਜਿਹੜੇ ਦੋ-ਢਾਈ ਗਿੱਠਾਂ ਤੋਂ ਵੀ ਨੀਵੇਂ ਕੱਦ ਦੇ ਹੋਣ, ਉਨ੍ਹਾਂ ਨੂੰ 'ਪਿੱਦੀ' ਆਖਿਆ ਜਾਂਦਾ ਹੈ।
ਪਹਿਲਾਂ ਜਦ ਪੰਜਾਬ 'ਚ ਵੀ ਉਰਦੂ ਦਾ ਬੋਲ-ਬਾਲਾ ਸੀ, ਅਕਸਰ ਸੁਣਿਆ ਕਰਦੇ ਸਾਂ, 'ਕਯਾ ਪਿੱਦੀ, ਔਰ ਕਾ ਪਿੱਦੀ ਕਾ ਸ਼ੋਰਬਾ।'
ਮਤਲਬ ਪਿੱਦੀ ਐਨੀ ਛੋਟੀ ਹੁੰਦੀ ਹੈ ਕਿ ਉਹਦਾ ਸ਼ੋਰਬਾ (ਰਿੰਨ੍ਹ ਕੇ ਬਣਾਈ ਤਰੀ) ਵੀ ਬਣਾਇਆ ਤਾਂ ਕੀ ਬਣਾਇਆ! ਪਤਾ ਹੀ ਨਹੀਂ ਲਗਦਾ।
ਦੋਸਤਾਂ ਦੇ ਟੋਲੇ ਹਨ, ਇਨ੍ਹਾਂ ਵਿਚ ਉੱਚੇ ਕੱਦਵਾਲੇ, ਲੰਮ-ਸਲੰਮੇ ਮੁੰਡੇ ਵੀ ਹੁੰਦੇ ਹਨ, ਛੋਟੇ ਕੱਦ ਵਾਲੇ ਵੀ। ਲੰਮਿਆਂ ਨੂੰ ਬਾਂਸ, ਲੰਬੂ ਜਾਂ ਜ਼ਿਰਾਫ਼ ਕਹਿ ਕੇ ਸੱਦਿਆ ਜਾਂਦਾ ਹੈ ਤੇ ਛੋਟੇ ਕੱਦ ਵਾਲਿਆਂ ਨੂੰ 'ਪਿੱਦੀ' ਆਦਿ ਸੱਦਿਆ ਜਾਂਦਾ ਹੈ। ਇਹ 'ਛੇੜ' ਹੁੰਦੀ ਹੈ, ਇਹਦਾ ਸਿਰਫ ਟੋਲੀ ਦੇ ਉਨ੍ਹਾਂ ਮਿੱਤਰ-ਪਿਆਰਿਆਂ ਨੂੰ ਹੀ ਪਤਾ ਹੁੰਦਾ ਹੈ, ਜਿਨ੍ਹਾਂ ਵਿਚ ਮਧਰੇ ਜਾਂ ਪਿੱਦੀਆਂ ਬਿਰਾਜ਼ਮਾਨ ਹੁੰਦੀਆਂ ਹਨ। ਉਂਜ ਮੈਨੂੰ ਹਾਲਾਂ ਤਾਈਂ ਇਹ ਨਹੀਂ ਪਤਾ ਕਿ 'ਪਿੱਦੀ' ਹੁੰਦੀ ਕੀ ਹੈ? ਮੈਨੂੰ ਯਾਦ ਹੈ, ਅਸੀਂ ਕਾਲਜ 'ਚ ਪੜ੍ਹਦੇ ਸਾਂ ਤਾਂ ਸਾਡੀ ਟੋਲੀ ਵਿਚ ਵੀ ਇਕ ਪਿੱਦੀ ਸੀ, ਜਿਸ ਦਿਨ ਉਹ ਗ਼ੈਰ-ਹਾਜ਼ਰ ਹੁੰਦਾ, ਸਭੇ ਇਕ-ਦੂਜੇ ਨੂੰ ਪੁੱਛਦੇ, ਕੀ ਗੱਲ ਬਈ, ਅੱਜ ਪਿੱਦੀ ਨਹੀਂ ਆਈ? ਅੱਜ ਪੰਜਾਹ-ਸੱਠ ਸਾਲਾਂ ਬਾਅਦ ਮੁੜ ਪਿੱਦੀ ਦੀ ਯਾਦ ਆਈ, ਜਦ ਰਾਹੁਲ ਗਾਂਧੀ ਨੇ ਆਪਣੇ ਗਿਠਮੁਠੀਏ ਪਾਲਤੂ ਕੁੱਤੇ ਦੇ ਆਪਣੇ ਟਵਿੱਟਰ ਅਕਾਊਂਟ 'ਤੇ ਅਤੇ ਟੀ.ਵੀ. 'ਤੇ ਦਰਸ਼ਨ ਕਰਵਾਏ, ਨਾਲੇ ਉਹਦੇ ਨਾਂਅ ਦਾ ਖੁਲਾਸਾ ਕੀਤਾ...
'ਪਿੱਦੀ'
ਫਿਰ ਕੀ, ਜੱਗ ਵਿਚ ਪਿੱਦੀ-ਪਿੱਦੀ ਹੋ ਗਈ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ, ਸਾਡੇ ਮਿੱਤਰਾਂ 'ਚ ਜਿੰਨੀਆਂ ਪਿੱਦੀਆਂ ਸਨ, ਸਭਨਾਂ ਦੀਆਂ ਮੂਰਤਾਂ-ਸੂਰਤਾਂ ਅੱਖਾਂ ਸਾਹਮਣੇ ਘੁੰਮ ਗਈਆਂ।
ਮੇਰਾ ਖਿਆਲ ਹੈ ਇਹ ਪਹਿਲਾ ਤੇ ਨਿਵੇਕਲਾ ਪਾਲਤੂ ਕੁੱਤਾ ਹੈ, ਜਿਹਦਾ ਨਾਂਅ ਪਿੱਦੀ ਹੈ, ਵਰਨਾ ਪਾਲਤੂ ਕੁੱਤਿਆਂ ਦੇ ਨਾਂਅ ਅਕਸਰ ਟਾਮੀ, ਰੂਮੀ, ਰੋਮੀ, ਸ਼ੇਰਾ, ਗੋਲਡੀ ਲਵਲੀ ਤੇ ਪਿਆਰੇ-ਪਿਆਰੇ ਅੰਗਰੇਜ਼ੀ ਬੱਚਿਆਂ ਵਾਲੇ ਨਾਂਅ ਰੱਖੇ ਹੁੰਦੇ ਹਨ। ਹੁਣ ਸਮਝ ਆਈ ਕਿ ਇਹ ਕਿਉਂ ਮਸ਼ਹੂਰ ਹੈ, ਕਿ ਹਰ ਕੁੱਤੇ ਦੇ ਦਿਨ ਆਉਂਦੇ ਹਨ। ਹਰ ਕੁੱਤੇ ਦੇ ਨਹੀਂ ਅਸਲ 'ਚ ਹਰ ਪਾਲਤੂ ਕੁੱਤੇ ਦੇ ਦਿਨ ਅੱਛੇ ਦਿਨ ਹੀ ਹੁੰਦੇ ਹਨ, ਕਿਉਂਕਿ ਪਾਲਤੂ ਕੁੱਤਿਆਂ ਦਾ ਅੱਜਕਲ੍ਹ ਚੰਗਾ ਵਪਾਰ ਹੁੰਦਾ ਹੈ। ਜਿਵੇਂ ਘੋੜਿਆਂ ਨੂੰ ਪਾਲਣ ਲਈ ਫਾਰਮ ਬਣੇ ਹੋਏ ਹਨ, ਇਸੇ ਤਰ੍ਹਾਂ ਡਾਗ-ਬ੍ਰੀਡਰ (ਕੁੱਤਿਆਂ ਨੂੰ ਪਾਲਣ) ਵਾਲੇ ਫਾਰਮ ਹਨ। ਇਨ੍ਹਾਂ 'ਚ ਵਧੀਆ ਤੋਂ ਵਧੀਆ ਨਸਲ ਦੇ ਕੁੱਤੇ ਪੈਦਾ ਕਰਕੇ ਉਨ੍ਹਾਂ ਨੂੰ ਮਹਿੰਗੇ ਤੋਂ ਮਹਿੰਗੇ ਭਾਅ ਵੇਚਿਆ ਜਾਂਦਾ ਹੈ।
ਮੈਂ ਤਾਂ ਫਿਲਮ ਲਾਈਨ 'ਚ ਹਾਂ, ਇਥੇ ਕਿਸੇ ਵੀ ਫਿਲਮੀ ਹੀਰੋ-ਹੀਰੋਇਨ ਦੇ ਘਰ ਚਲੇ ਜਾਓ, ਵੱਡੇ ਨਾਂਅ ਵਾਲੇ ਹੋਣ ਜਾਂ ਛੋਟੇ ਨਾਂਅ ਵਾਲੇ, ਜਾਂ ਟੀ.ਵੀ. ਦੇ ਸਟਾਰ ਹੋਣ, ਉਹੀਓ ਕੁੱਤੇ ਸਭਨਾਂ ਕੋਲ ਕਿਤੇ ਇਕ ਪਾਲਤੂ, ਕਿਤੇ ਤਿੰਨ ਪਾਲਤੂ, ਕਿਤੇ ਚਾਰ ਪਾਲਤੂ ਕੁੱਤੇ ਤੁਹਾਡਾ ਸਵਾਗਤ ਕਰਨਗੇ। ਤੁਹਾਨੂੰ ਪੈਂਦੀ ਸੱਟੇ ਹੀ ਅਹਿਸਾਸ ਹੋ ਜਾਂਦਾ ਹੈ ਕਿ 'ਕੁੱਤਿਆਂ ਦੇ ਕਿੰਨੇ ਅੱਛੇ ਦਿਨ ਆਏ ਨੇ।'
ਹੀਰੋਇਨਾਂ ਸੋਫੇ 'ਤੇ ਬੈਠੀਆਂ ਹੁੰਦੀਆਂ ਹਨ ਕਿ ਤੁਹਾਡੇ ਸਾਹਮਣੇ ਇਕ ਕੁੱਤਾ ਕੁੱਦ ਕੇ ਉਹਦੀ ਗੋਦ 'ਚ ਬਹਿ ਜਾਂਦਾ ਹੈ, ਫਿਰ ਜਦ ਤਾਈਂ ਤੁਸੀਂ ਬੈਠੇ ਹੋ, ਉਹ ਤੁਹਾਡੇ ਨਾਲ ਗੱਲਾਂ ਘੱਟ ਤੇ ਕੁੱਤੇ ਦੇ ਪਿੰਡੇ 'ਤੇ ਪਿਆਰ ਭਰੇ ਹੱਥ ਫੇਰਦੀ ਰਹੇਗੀ। ਇਕ ਅੱਧਾ ਕੁੱਤਾ ਜੇਕਰ ਤੁਹਾਡੇ ਕੋਲ ਆ ਕੇ ਤੁਹਾਡੇ ਪੈਰਾਂ ਨੂੰ ਸੁੰਘਣ ਲੱਗੇ ਤਾਂ ਅੰਦਰੋਂ ਸਾਹ ਸੁੱਕ ਹੀ ਜਾਂਦਾ ਹੈ। ਹੀਰੋਇਨ ਦੂਰੋਂ ਹੀ ਹੱਸ ਕੇ ਸਹਾਰਾ ਦਏਗੀ, ਡਰੀਏ ਮਤ, ਕੁਛ ਨਹੀਂ ਕਹੇਗਾ ਯੇਹ।' ਕੁੱਛ ਨਹੀਂ ਕਹੇਗਾ ਕਿਵੇਂ ਲੰਮੀ ਜ਼ਬਾਨ ਬਾਹਰ ਕੱਢ ਕੇ ਉਹ ਜ਼ੋਰ-ਜ਼ੋਰ ਦੀ ਸਾਹ ਲੈ ਰਿਹਾ ਹੁੰਦਾ ਹੈ, 'ਹੈਅ... ਹੈਅ... ਹੈਅ...',ਲਗਦਾ ਤਾਂ ਇਹੋ ਹੈ ਕਿ ਅੱਜ ਇਹਨੇ ਛੱਡਣਾ ਨਹੀਂ।
ਕੁੱਤੇ, ਕੁੱਤੇ ਹੀ ਹੁੰਦੇ ਹਨ, ਪਰ ਇਹ ਵੀ 'ਗਲੀ ਦੇ ਕੁੱਤੇ' ਤੇ 'ਮਹਿਲਾਂ ਦੇ ਕੁੱਤੇ' ਦੇ ਵਰਗੀਕਰਨ 'ਚ ਵੰਡੇ ਗਏ ਹਨ।
ਇਕ ਹਲਕਾ-ਫੁਲਕਾ ਜੋਕ ਸੁਣਾ ਦਿੰਦਾ ਹਾਂ...
ਇਕ ਕੁੱਤੇ ਵਾਲੇ ਘਰ ਵਿਚ ਇਕ ਪ੍ਰਾਹੁਣਾ ਬਿਨਾਂ ਸੱਦੇ, ਬਿਨਾਂ ਐਲਾਨੇ ਆ ਵੜਦਾ ਸੀ। ਫਿਰ ਜਾਣ ਦਾ ਨਾਂਅ ਨਹੀਂ ਸੀ ਲੈਂਦਾ। ਕੁੱਤਾ ਵੀ ਉਹਨੂੰ ਪਛਾਣ ਗਿਆ ਸੀ, ਇਸ ਲਈ ਉਹਦੇ 'ਤੇ ਭੌਂਕਦਾ ਵੀ ਬਿਲਕੁਲ ਨਹੀਂ ਸੀ। ਉਨ੍ਹਾਂ ਨੇ ਬੜੇ-ਬੜੇ ਨੁਸਖੇ ਅਜ਼ਮਾਏ ਕਿ ਬਿਨ-ਸੱਦਿਆਂ ਪ੍ਰਾਹੁਣਾ ਘਰੋਂ ਚਲਾ ਜਾਏ ਪਰ ਹਰ ਫਾਰਮੂਲਾ ਫੇਲ। ਇਸ ਵਾਰ ਜਦ ਉਹ ਫਿਰ ਆਇਆ ਤਾਂ ਉਨ੍ਹਾਂ ਨੇ ਪਲੇਟ ਵਿਚ ਖਾਣਾ ਪਾ ਕੇ ਉਹਦੇ ਸਾਹਮਣੇ ਧਰਿਆ, ਪਰ ਕੋਲ ਹੀ ਕੁੱਤੇ ਨੂੰ ਜ਼ੰਜੀਰ ਪਾ ਕੇ ਬੰਨ੍ਹਿਆ ਹੋਇਆ ਸੀ। ਪਹਿਲਾਂ ਤਾਂ ਉਹਨੇ ਹੈਰਾਨੀ ਨਾਲ ਪੁੱਛਿਆ ਵੀ, 'ਕੁੱਤੇ ਨੂੰ ਕਿਉਂ ਬੰਨ੍ਹਿਾ ਹੋਇਆ ਜੇ?' ਇਹ ਮੈਨੂੰ ਪਛਾਣਦਾ ਏ। ਉਨ੍ਹਾਂ ਕਿਹਾ, 'ਆਪ ਖਾਨਾ ਖਾਓ ਜੀ, ਕੁੱਤੇ ਕੀ ਬਾਤ ਮਤ ਕਰੋ।' ਉਹਨੇ ਜਿਉਂ ਖਾਣਾ ਸ਼ੁਰੂ ਕੀਤਾ, ਕੁੱਤਾ ਜ਼ੋਰ-ਜ਼ੋਰ ਨਾਲ ਭੌਂਕਣ ਲੱਗਾ, ਗੁੱਸੇ ਨਾਲ ਜ਼ੰਜੀਰ ਤੁੜਵਾ ਕੇ ਉਸ 'ਤੇ ਟੁੱਟ ਪੈਣ ਦਾ ਯਤਨ ਕਰੇ।' ਪ੍ਰਾਹੁਣੇ ਨੇ ਫਿਰ ਪੁੱਛਿਆ, 'ਇਹਨੂੰ ਕੀ ਹੋ ਗਿਐ, ਇਹ ਤਾਂ ਮੈਨੂੰ ਪਛਾਣਦੇ ਸੀ?'
'ਇਹ ਜੀ ਤੁਹਾਨੂੰ ਤਾਂ ਪਛਾਣਦਾ ਹੀ ਏ, ਆਪਣੀ ਪਲੇਟ ਨੂੰ ਵੀ ਚੰਗੀ ਤਰ੍ਹਾਂ ਪਛਾਣਦਾ ਏ।'
ਬਸ ਫਿਰ ਕੀ ਸੀ, ਉਹ ਖਾਣਾ ਵਿਚੇ ਛੱਡ ਕੇ, ਪ੍ਰਾਹੁਣਾ ਥੂ-ਥੂ ਕਰਦਾ ਐਸਾ ਭੱਜਿਆ ਕਿ ਮੁੜ ਨਾ ਆਇਆ।'
ਆਪਣੇ ਧਰਮਿੰਦਰ ਭਾਅ ਜੀ, ਫਿਲਮ ਨਗਰੀ ਦੇ ਹੀਮੈਨ ਇਨ੍ਹਾਂ ਦਾ ਇਕ ਡਾਇਲਾਗ ਬਹੁਤ ਮਸ਼ਹੂਰ ਹੈ, 'ਕਮੀਨੇ ਕੁੱਤੇ, ਮੈਂ ਤੇਰਾ ਖ਼ੂਨ ਪੀ ਜਾਊਂਗਾ।'
ਧਰਮ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਜਾਓ ਤਾਂ ਜਦ ਬੰਗਲੇ ਦਾ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਇਥੇ ਵੀ ਤੁਹਾਡਾ ਸਵਾਗਤ ਪਲੇ ਹੋਏ ਕੁੱਤੇ ਹੀ ਕਰਦੇ ਹਨ।
ਇਕ ਬੰਗਲਾ ਜੁਹੂ ਬੀਚ ਨੇੜੇ ਹੀ ਸਵਰਗੀ ਇਕ ਨੇਕ ਮਨੁੱਖ ਦਾਰਾ ਸਿੰਘ ਜੀ ਦਾ ਵੀ ਹੈ। ਹੁਣ ਤਾਂ ਉਨ੍ਹਾਂ ਦੀ ਧਰਮਪਤਨੀ ਦਾ ਵੀ ਸਵਰਗਵਾਸ ਹੋ ਗਿਆ ਹੈ। ਬਹੁਤ ਸਾਲ ਪਹਿਲਾਂ ਜਦ ਮੈਂ ਦਾਰਾ ਜੀ ਨੂੰ ਮਿਲਣ ਉਨ੍ਹਾਂ ਦੇ ਬੰਗਲੇ 'ਚ ਗਿਆ ਸਾਂ ਤਾਂ ਕਾਲ ਬੈੱਲ ਦਬਾਉਣ ਮਗਰੋਂ ਲੋਹੇ ਦਾ ਭਾਰੀ ਗੇਟ ਖੁੱਲ੍ਹਿਆ। ਮੈਂ ਅੰਦਰ ਗਿਆ, ਉਥੇ ਉਨ੍ਹਾਂ ਦਾ ਕੁੱਤਾ ਬੈਠਾ ਸੀ, ਉਹਨੇ ਮੈਨੂੰ ਵੇਖਿਆ ਪਰ ਜ਼ਰਾ ਵੀ ਗਰੂੰ-ਗਰਾਂ ਜਾਂ ਭਊਂ-ਭਊਂ ਨਹੀਂ ਕੀਤੀ। ਪੂਰੀ ਤਰ੍ਹਾਂ ਬੇਪ੍ਰਵਾਹ ਰਿਹਾ। ਅੰਦਰ ਮੀਟਿੰਗ ਰੂਮ ਵਿਚ ਮੇਰਾ ਸਵਾਗਤ ਮਿਸਿਜ਼ ਦਾਰਾ ਜੀ ਨੇ ਕੀਤਾ। ਮੈਂ ਆਖਿਆ, 'ਭੈਣ ਜੀ, ਤੁਹਾਡਾ ਕੁੱਤਾ ਬੜਾ ਸੁਸ਼ੀਲ ਹੈ, ਆਮ ਕੁੱਤਿਆਂ ਵਰਗਾ ਨਹੀਂ, ਮੇਰੇ 'ਤੇ ਨਾ ਗੁਰਾਇਆ, ਨਾ ਭੌਂਕਿਆ।' ਭੈਣ ਜੀ ਨੇ ਹੱਸ ਕੇ ਕਿਹਾ, 'ਆਹੋ, ਸਾਡਾ ਕੁੱਤਾ ਕਮਾਲ ਦਾ ਹੈ, ਇਹ ਘਰ ਆਇਆਂ ਤਾਂ ਬਿਲਕੁਲ ਨਹੀਂ ਭੌਂਕਦਾ, ਜਦ ਇਥੋਂ ਜਾਓਗੇ ਤਾਂ ਵੇਖਣਾ ਕਿੱਦਾਂ ਉੱਠ ਕੇ ਭੌਂਕੇਗਾ।
ਇਹੋ ਜਿਹਾ ਕੁੱਤਾ ਮੈਂ ਹੋਰ ਕਿਤੇ ਸਾਰੀ ਜ਼ਿੰਦਗੀ 'ਚ ਨਹੀਂ ਵੇਖਿਆ। ਜਿਹੜਾ 'ਆਇਆਂ' 'ਤੇ ਨਹੀਂ 'ਵਾਪਸ' ਜਾਣ ਵਾਲਿਆਂ 'ਤੇ ਭੌਂਕਦਾ ਹੈ। ਕੁੱਤਿਆਂ ਦੀ ਉਮਰ ਵਧੇਰੇ ਤੋਂ ਵਧੇਰੇ 12 ਤੋਂ 14 ਸਾਲ ਦੀ ਹੁੰਦੀ ਹੈ।
ਇਹ ਪੱਕੀ ਗੱਲ ਹੈ ਕਿ ਕੁੱਤਾ ਮਨੁੱਖ ਦਾ ਸਭ ਤੋਂ ਉੱਤਮ ਭਰੋਸੇਮੰਦ, ਆਗਿਆਕਾਰੀ ਵਫ਼ਾਦਾਰ ਦੋਸਤ ਹੈ। ਪਰ ਫਿਰ ਵੀ ਮਨੁੱਖ ਦੇ ਮੂੰਹੋਂ ਹੀ ਕੁੱਤੇ ਦੀ ਐਨੀ ਦੁਰਗਤ ਕਿਉਂ ਹੈ? ਇਕ ਮਨੁੱਖ ਦੂਜੇ ਨੂੰ ਕੁੱਤਾ ਆਖ ਕੇ ਕਿੱਦਾਂ ਉਹਦਾ ਨਿਰਾਦਰ ਕਰਦਾ ਹੈ।
'ਓਏ ਉਹਦੇ ਮੂੰਹ ਨਾ ਲੱਗੀਂ, ਉਹ ਬੜਾ ਕੁੱਤਾ ਬੰਦਾ ਹੈ।'
'ਭੌਂਕ ਨਾ ਓਏ ਕੁੱਤਿਆ।'
'ਤੂੰ ਕੁੱਤੇ ਦੀ ਮੌਤ ਮਰੇਂਗਾ।'
'ਫਲਾਣਾ ਬੜੀ ਕੁੱਤੀ ਚੀਜ਼ ਏ'
ਪਾਰਸੀ ਲੋਕ ਘਰ 'ਚ ਕੁੱਤਾ ਜ਼ਰੂਰ ਰੱਖਦੇ ਹਨ। ਉਨ੍ਹਾਂ ਦਾ ਅਕੀਦਾ ਹੈ ਕਿ ਅੰਤ ਸਮੇਂ ਅੰਤਲੇ ਸਾਹ ਤੱਕ ਕੁੱਤਾ ਉਨ੍ਹਾਂ ਦੇ ਨੇੜੇ ਜ਼ਰੂਰ ਹੋਣਾ ਚਾਹੀਦਾ ਹੈ। ਮੁਸਲਮਾਨਾਂ ਲਈ ਕੁੱਤਾ ਰੱਖਣਾ ਜਾਇਜ਼ ਨਹੀਂ ਹੈ, ਫਿਰ ਵੀ ਕਾਇਦੇ ਆਜ਼ਮ ਜਿਨਾਹ ਨੇ ਕੁੱਤਾ ਪਾਲਿਆ ਸੀ। ਮੀਆਂ ਮੁਸ਼ੱਰਫ਼ ਨੇ ਅਜੇ ਵੀ ਕੁੱਤੇ ਪਾਲ ਰੱਖੇ ਹਨ। ਕੋਰੀਅਨ ਲੋਕ ਤਾਂ ਕੁੱਤੇ ਦਾ ਮਾਸ ਵੀ ਖਾਂਦੇ ਹਨ। ਮੁਕਦੀ ਗੱਲ, ਕੁੱਤਿਆਂ ਬਿਨਾਂ ਗਤ ਨਹੀਂ, ਕੁੱਤਿਆਂ ਤੋਂ ਬਚ ਕੇ ਰਹੀਂ ਬੰਦਿਆ।

ਸਾਹਿਤਕ ਸਰਗਰਮੀਆਂ

ਪ੍ਰੋ: ਮੋਹਨ ਸਪਰਾ ਦੇ 75ਵੇਂ ਜਨਮ ਦਿਨ 'ਤੇ ਸਾਹਿਤਕ ਵਿਚਾਰ ਗੋਸ਼ਟੀ
ਸੁਪ੍ਰਸਿੱਧ, ਸ਼੍ਰੋਮਣੀ ਹਿੰਦੀ ਕਵੀ ਪ੍ਰੋ: ਮੋਹਨ ਸਪਰਾ ਦੇ 75ਵੇਂ ਜਨਮ ਦਿਵਸ 'ਤੇ ਐਸ. ਡੀ. ਕਾਲਜ ਫ਼ਾਰ ਵੁਮੈਨ ਜਲੰਧਰ ਵਿਖੇ ਪੰਜਾਬ ਲੇਖਕ ਸੰਘ, ਵਲੋਂ ਆਯੋਜਤ, ਵਿਚਾਰ ਧਾਰਾ ਮੰਚ (ਰਜਿ:), ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਰਜਿ: ਦੇ ਸਹਿਯੋਗ ਨਾਲ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਾਹਿਤ ਅਤੇ ਪੱਤਰਕਾਰਤਾ ਜਗਤ ਨਾਲ ਸੰਬੰਧਤ ਸਪਰਾ ਸਾਹਿਬ ਦੇ ਮਿੱਤਰਾਂ ਅਤੇ ਸਨੇਹੀਆਂ ਨੇ ਸਾਹਿਤਕ ਅੰਦਾਜ਼ ਵਿਚ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਰਾਜਿੰਦਰ ਪਰਦੇਸੀ ਨੇ ਗੋਸ਼ਠੀ ਵਿਚ ਆਈਆਂ ਮੁਮਤਾਜ਼ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਸ਼੍ਰੋਮਣੀ ਕਵੀ ਪ੍ਰੋ: ਮੋਹਨ ਸਪਰਾ ਨੇ ਆਪਣੇ 32 ਵਰ੍ਹਿਆਂ ਦੇ ਅਧਿਆਪਕ ਸਫ਼ਰ ਦੌਰਾਨ ਕਵਿਤਾ ਨੂੰ ਆਪਣਾ ਧਰਮ-ਕਰਮ ਬਣਾਈ ਰੱਖਿਆ ਅਤੇ ਕਈ ਮਹੱਤਵਪੂਰਨ ਕਿਰਤਾਂ ਸਾਹਿਤ ਜਗਤ ਦੀ ਝੋਲੀ ਪਾਈਆਂ। ਉਨ੍ਹਾਂ ਨੂੰ ਅਨੇਕਾਂ ਪੁਰਸਕਾਰਾਂ ਨਾਲ ਸਾਹਿਤਕ ਅਤੇ ਗ਼ੈਰ-ਸਾਹਿਤਕ ਸੰਸਥਾਵਾਂ ਨੇ ਸਨਮਾਨਿਤ ਕੀਤਾ। ਇਸ ਸਮਾਗਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ-ਮੁਕਤ ਕੁਲਪਤੀ ਡਾ: ਐਸ.ਪੀ. ਸਿੰਘ ਮੁੱਖ ਮਹਿਮਾਨ ਸਨ ਜਦ ਕਿ ਵਿਸ਼ੇਸ਼ ਮਹਿਮਾਨ ਪ੍ਰਸਿੱਧ ਕਥਾਕਾਰ ਤੇ ਆਲੋਚਕ ਸ: ਪਿਆਰਾ ਸਿੰਘ ਭੋਗਲ, ਐਸ. ਡੀ. ਕਾਲਜ ਫਾਰ ਵੁਮੈਨ ਦੀ ਪ੍ਰਿੰਸੀਪਲ ਡਾ: ਕਿਰਨ ਅਰੋੜਾ, 'ਉੱਤਮ ਹਿੰਦੂ' ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ, ਰੋਜ਼ਾਨਾ ਭਾਸਕਰ ਦੇ ਸੰਪਾਦਕ ਸ੍ਰੀ ਰਮਨ ਮੀਰ, ਸੁਪ੍ਰਸਿੱਧ ਲੇਖਕ ਸੁਰੇਸ਼ ਸੇਠ, ਮੈਟਰੋ ਇਨਕਾਊਂਟਰ ਦੇ ਮੁੱਖ ਸੰਪਾਦਕ ਰਾਕੇਸ਼ ਸ਼ਾਂਤੀਦੂਤ, ਸੁਪ੍ਰਸਿੱਧ ਲੇਖਕ ਤੇ ਪੱਤਰਕਾਰ ਕੁਲਦੀਪ ਸਿੰਘ ਬੇਦੀ, ਸਨ। ਉਪਰੰਤ ਰਾਜਿੰਦਰ ਪਰਦੇਸੀ ਨੇ ਮੰਚ ਸੰਚਾਲਨ ਲਈ ਦਿੱਲੀ ਤੋਂ ਸੁਪ੍ਰਸਿੱਧ, ਕੇਂਦਰੀ ਸਮਾਚਾਰ ਸੰਪਾਦਕ/ਵਾਚਕ ਸ੍ਰੀ ਰਾਜਿੰਦਰ ਚੁੱਘ (ਆਕਾਸ਼ਵਾਣੀ ਦੇ ਸੇਵਾ-ਮੁਕਤ) ਨੂੰ ਸੱਦਾ ਦਿੱਤਾ। ਰਾਜਿੰਦਰ ਚੁੱਘ ਹੋਰਾਂ ਮੰਚ ਦੀ ਵਾਗ ਡੋਰ ਸੰਭਾਲਦਿਆਂ ਪ੍ਰੋ: ਮੋਹਨ ਸਪਰਾ ਨਾਲ ਆਪਣੀਆਂ 35 ਸਾਲ ਦੀਆਂ ਖ਼ੂਬਸੂਰਤ ਯਾਦਾਂ ਦਾ ਜ਼ਿਕਰ ਕੀਤਾ।
ਇਸ ਮੌਕੇ ਪ੍ਰਮੁੱਖ ਬੁਲਾਰੇ ਡਾ: ਤਰਸੇਮ ਗੁਜਰਾਲ ਹੋਰਾਂ ਪ੍ਰੋ: ਮੋਹਨ ਸਪਰਾ ਦੇ ਜੀਵਨ ਦੀਆਂ ਕੁਝ ਰੌਚਕ ਘਟਨਾਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਲੰਮੀ ਕਵਿਤਾ ਦੇ ਚਰਚਿਤ ਕਵੀ ਕਿਹਾ ਅਤੇ ਉਨ੍ਹਾਂ ਦੀ ਸੰਘਰਸ਼ਸ਼ੀਲ ਕਾਵਿ ਚੇਤਨਾ ਤੇ ਵਿਸਤਾਰ ਨਾਲ ਟਿੱਪਣੀ ਕੀਤੀ। ਡਾ: ਹਰਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਪ੍ਰੋ: ਮੋਹਨ ਸਪਰਾ ਦੀ ਕਵਿਤਾ ਕਦੇ ਵੀ ਉਤੇਜਤ ਨਹੀਂ ਹੋਈ ਬਲਕਿ ਆਪਣੀ ਗੱਲ ਸਹਿਜ ਅਤੇ ਠਰੰਮੇ ਨਾਲ ਕਰਦੀ ਹੈਂ'ਵਕਤ ਕੀ ਸਾਜਿਸ਼ ਕੇ ਖਿਲਾਫ਼' ਵਰਗੀ ਲੰਮੀ ਕਵਿਤਾ ਅਗਰ ਪੰਜਾਬ ਵਿਚ ਲਿਖੀ ਜਾ ਰਹੀ ਹੈ ਤਾਂ ਇਹ ਬਹੁਤ ਹੀ ਪ੍ਰਸੰਸਾਯੋਗ ਹੈ। ਕਥਾਕਾਰ ਸੁਰੇਸ਼ ਸੇਠ ਹੋਰਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਪ੍ਰੋ: ਮੋਹਨ ਸਪਰਾ ਦੇ ਕਾਵਿਕ ਅਤੇ ਪਰਿਵਾਰਕ ਸੰਘਰਸ਼ ਦੇ ਉਹ ਪੱਕੇ ਗਵਾਹ ਰਹੇ ਹਨ ਉਹ ਇਕ ਜੁਝਾਰੂ ਕਵੀ ਹਨ। ਸ਼ਾਇਰ/ਪੱਤਰਕਾਰ ਸਿਮਰ ਸਦੋਸ਼ ਹੁਰਾਂ ਦੱਸਿਆ ਕਿ ਪ੍ਰੋ: ਮੋਹਨ ਸਪਰਾ ਦਾ ਸਿਰਸਾ ਤੋਂ ਜਲੰਧਰ ਆਗਮਨ ਤੋਂ ਹੀ ਉਨ੍ਹਾਂ ਦੀ ਮਿੱਤਰਤਾ ਚਲੀ ਆ ਰਹੀ ਹੈ। ਉਨ੍ਹਾਂ ਦੀਆਂ ਕਲਾਤਮਕ ਰੁਚੀਆਂ ਕਰਕੇ ਮੈਨੂੰ ਉਨ੍ਹਾਂ ਦੀ ਮਿੱਤਰਤਾ 'ਤੇ ਫ਼ਖਰ ਹੈ। ਡਾ: ਕੈਲਾਸ਼ ਭਾਰਦਵਾਜ, ਪ੍ਰਤਾਪ ਸਿੰਘ ਸੋਢੀ, ਪ੍ਰਿੰ: ਜੇ. ਸੀ. ਜੋਸ਼ੀ, ਸ਼ਾਇਰ ਐਸ. ਐਸ. ਹਸਨ ਨੇ ਵੀ ਸਪਰਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਪੰਜਾਬੀ ਦੇ ਲੇਖਕ ਅਤੇ ਆਲੋਚਕ ਪ੍ਰੋ: ਪਿਆਰਾ ਸਿੰਘ ਭੋਗਲ ਪ੍ਰੋ: ਮੋਹਨ ਸਪਰਾ ਦੇ ਮੁਢਲੇ ਦਿਨਾਂ ਦੇ ਕਾਵਿਕ ਸਫ਼ਰ ਦੀ ਗੱਲ ਕਰਦਿਆਂ ਕਿਹਾ ਉਦੋਂ ਅਤੇ ਅੱਜ ਵਿਚ ਭਾਵੇਂ ਪੱਤਰਕਾਵਾਂ ਦੀ ਛਪਣ ਗਿਣਤੀ ਘਟੀ ਹੈ ਪਰ ਪ੍ਰੋ: ਮੋਹਨ ਸਪਰਾ ਦੀ ਕਾਵਿ ਉਡਾਰੀ ਹੋਰ ਉੱਚੀ ਹੁੰਦੀ ਗਈ ਉਨ੍ਹਾਂ ਇਸ ਗੱਲ ਦੀ ਪ੍ਰਸੰਸਾ ਕੀਤੀ।
ਮੁੱਖ ਮਹਿਮਾਨ, ਸਾਬਕਾ ਕੁਲਪਤੀ ਡਾ: ਐਸ. ਪੀ. ਸਿੰਘ ਹੁਰਾਂ ਕਿਹਾ ਕਿ ਉਨ੍ਹਾਂ ਪ੍ਰੋ: ਮੋਹਨ ਸਪਰਾ ਦੇ ਕਾਵਿ-ਸੰਘਰਸ਼ ਨੂੰ ਬਹੁਤ ਹੀ ਨੇੜਿਉਂ ਤੱਕਿਆ ਹੈ। ਕਵੀ ਮੋਹਨ ਸਪਰਾ ਅੰਦਰ ਅਥਾਹ ਊਰਜਾ ਹੈ ਨਵੇਂ ਲੇਖਕ ਉਸ ਦੇ ਸੰਘਰਸ਼ਸ਼ੀਲ ਜੀਵਨ ਤੋਂ ਪ੍ਰੇਰਣਾ ਲੈ ਸਕਦੇ ਹਨ। ਇਸ ਮੌਕੇ 'ਤੇ ਪ੍ਰੋ: ਮੋਹਨ ਸਪਰਾ ਦੀਆਂ ਕਾਵਿ ਕ੍ਰਿਤ ਪੁਸਤਕਾਂਂ'ਰਕਤਬੀਜ ਆਦਮੀ ਹੈ'ਂ ਡਾ: ਤਰਸੇਮ ਗੁਜਰਾਲ ਵਲੋਂ ਲਿਖਤ, 'ਮੋਹਨ ਸਪਰਾ ਕਾ ਕਾਵਿਯ ਪਥ' ਅਤੇ ਡਾ: ਭੁਪੇਂਦਰ ਪਰਿਹਾਰ ਵਲੋਂ ਪ੍ਰੋ: ਮੋਹਨ ਸਪਰਾ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ (ਸੰਪਾਦਿਤ ਪੁਸਤਕ) 'ਸਕਾਈ ਦ ਲਿਮਟ' ਦਾ ਲੋਕ-ਅਰਪਣ ਕੀਤਾ ਗਿਆ। ਸਮਾਗਮ ਵਿਚ ਦਰਸ਼ਨ ਦਰਵੇਸ਼ ਵਲੋਂ ਲਿਖਿਆ ਪ੍ਰੋ: ਮੋਹਨ ਸਪਰਾ ਦਾ ਕਾਵਿ ਚਿੱਤਰ ਰਾਜਿੰਦਰ ਪਰਦੇਸੀ ਨੇ ਪੜ੍ਹ ਕੇ ਸੁਣਾਇਆ। ਡਾ: ਅਤੁਲ ਵੀਰ ਅਰੋੜਾ (ਕਵੀ ਅਤੇ ਆਲੋਚਕ) ਅਤੇ ਰਮੇਂਦਰ ਜਾਖੂਂਮੁੱਖ ਸਕੱਤਰ ਹਰਿਆਣਾ ਵਲੋਂ ਰਚਿਤ ਪ੍ਰੋ: ਮੋਹਨ ਸਪਰਾ ਕਾਵਿ ਚਿੱਤਰ ਰਾਜਿੰਦਰ ਚੁੱਘ ਹੁਰਾਂ ਪੜ੍ਹ ਕੇ ਸੁਣਾਏ। ਸਮਾਗਮ ਵਿਚ ਮੋਹਨ ਸਪਰਾ ਤੇ ਸੰਦੀਪਿਕਾ ਸਪਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਸ੍ਰੀਮਤੀ ਕਮਲੇਸ਼ ਆਹੂਜਾ, ਵੀਨਾ ਵਿਜ, ਸ੍ਰੀਮਤੀ ਅਮਿਤਾ ਅਗਰਵਾਲ, ਡਾ: ਜਯੋਤੀ ਗੋਗੀਆ, ਐਸ. ਐਸ. ਹਸਨ, ਵਿਜੇ ਸ਼ਾਇਰ, ਸਰਲਾ ਭਾਰਦਵਾਜ, ਡਾ: ਕੰਵਲ ਭੱਲਾ, ਇਨ੍ਹਾਂ ਸਤਰਾਂ ਦੇ ਲੇਖਿਕਾ, ਮੁਖਵਿੰਦਰ ਸੰਧੂ, ਕੁਲਵਿੰਦਰ ਫੁੱਲ, ਜਤਿੰਦਰ ਮੋਹਨ ਵਿਰਕ, ਪ੍ਰੋ: ਸੰਦੀਪ ਚਾਹਲ, ਡਾ: ਨੀਲਮ ਜੁਲਕਾ, ਪ੍ਰੋ: ਨੀਰਜ ਜੈਨ, ਪ੍ਰੋ: ਸੋਮਨਾਥ ਸ਼ਰਮਾ, ਅਸ਼ੋਕ ਸਿੰਘ ਭਾਰਤ, ਪੀ. ਡੀ. ਧੀਮਾਨ, ਬਲਵਿੰਦਰ ਅੱਤਰੀ, ਰਾਕੇਸ਼ ਆਨੰਦ, ਬਿੱਟੂ ਓਬਰਾਏ ਸਮਾਗਮ ਦੀ ਸ਼ੋਭਾ ਵਧਾਉਣ ਵਾਲਿਆਂ ਵਿਚ ਸ਼ਾਮਲ ਸਨ। ਅੰਤ ਵਿਚ ਆਏ ਮਹਿਮਾਨਾਂ ਦਾ ਧੰਨਵਾਦ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸ: ਚੇਤਨ ਸਿੰਘ ਹੁਰਾਂ ਕੀਤਾ।

-ਰਿਪੋਰਟ : ਅਕਵੀਰ ਕੌਰ

ਮਿੰਨੀ ਕਹਾਣੀਆਂ

ਉਮੀਦਾਂ ਦੇ ਸਹਾਰੇ
ਅੱਜ ਨਰਾਇਣ ਦਾਸ ਆਪਣੀ ਸ਼ਿਕੰਜਵੀਂ ਦੀ ਰੇਹੜੀ ਕੋਲ ਉਦਾਸ ਬੈਠਾ ਸੀ। ਸਾਹਮਣੇ ਟਿਕਟਿਕੀ ਲਾਈ ਤੱਕਦੀ ਘਰਵਾਲੀ ਰੂਪਵਤੀ ਮਨ ਵਿਚ ਪਿਆ ਸਵਾਲ ਪੁੱਛਣ ਹੀ ਲੱਗੀ ਸੀ ਕਿ ਅਚਾਨਕ ਉਸ ਦੀ ਬੱਚੀ ਨੇ ਪੁੱਛਿਆ, 'ਪਾਪਾ, ਹੁਣ ਅਸੀਂ ਸ਼ਿਕੰਜਵੀਂ ਦੀ ਰੇਹੜੀ ਕਿੱਥੇ ਲਗਾਵਾਂਗੇ? ਇਹ ਮਸ਼ੀਨਾਂ ਤਾਂ ਸੜਕ ਕਿਨਾਰੇ ਖੜ੍ਹੇ ਦਰੱਖਤਾਂ ਨੂੰ ਜੜ੍ਹੋਂ ਪੁੱਟਦੀਆਂ ਆ ਰਹੀਆਂ ਨੇ।' ਮਾਂ ਨੇ ਧੀ ਨੂੰ ਖਿੱਚ ਕੇ ਆਪਣੇ ਕਲਾਵੇ ਵਿਚ ਲੈ ਲਿਆ। ਸ਼ਾਇਦ ਦੋਵਾਂ ਦਾ ਦੁੱਖ ਤੇ ਸਵਾਲ ਇਕ ਹੀ ਸੀ, ਕਿ ਹੁਣ ਘਰ ਦਾ ਚੁੱਲ੍ਹਾ ਚੌਂਕਾ ਕਿਵੇਂ ਚੱਲੇਗਾ। ਨਰਾਇਣ ਦਾਸ ਨੇ ਨਾ ਡੋਲਣ ਦਾ ਪ੍ਰਗਟਾਵਾ ਕਰਦੇ ਹੋਏ ਬੇਘਰ ਹੋਏ ਅਸਮਾਨ 'ਚ ਉੱਡਦੇ ਪੰਛੀਆਂ ਦੇ ਝੁੰਡਾਂ ਵੱਲ ਇਸ਼ਾਰਾ ਕੀਤਾ ਅਤੇ ਨਾਲ ਹੀ ਕਿਹਾ, 'ਰੱਬ 'ਤੇ ਯਕੀਨ ਕਰੋ, ਉਹ ਪੰਛੀ ਜੋ ਬੇਘਰ ਹੋ ਗਏ, ਉਹ ਕਿਤੇ ਜੀਣਾ ਤਾਂ ਨੀ ਛੱਡ ਦੇਣਗੇ, ਆਪਣੇ ਕੋਲ ਤਾਂ ਸੁੱਖ ਨਾਲ ਆਪਣਾ ਘਰ ਹੈ, ਕੰਮ ਦਾ ਕੀ ਐ, ਏਥੇ ਨਹੀਂ, ਕਿਤੇ ਹੋਰ ਸਹੀ, ਚਲੋ ਆਪਾਂ ਆਪਣੇ ਘਰ ਚੱਲੀਏ'। ਦਰੱਖਤਾਂ 'ਤੇ ਕਹਿਰ ਢਾਹੁੰਦੀਆਂ ਮਸ਼ੀਨਾਂ ਹੁਣ ਸ਼ਿਕੰਜਵੀਂ ਦੀ ਰੇਹੜੀ ਦੇ ਕੋਲ ਆ ਚੁੱਕੀਆਂ ਸਨ।

-ਪ੍ਰਵੀਨ ਚੌਧਰੀ
ਪੁੱਤਰੀ ਸ੍ਰੀ ਪਵਨ ਚੌਹਾਨ, ਪਿੰਡ ਥੋਪੀਆਂ, ਤਹਿ. ਬਲਾਚੌਰ (ਨਵਾਂਸ਼ਹਿਰ)। ਮੋਬਾਈਲ : 98149-40008

ਅਜੀਬ ਮੁਸਕਾਨ
ਉੱਚੀ ਕੋਠੀ ਵਾਲਿਆਂ ਦੀ ਨੂੰਹ ਸ਼ਹਿਰੋਂ ਖਰੀਦਦਾਰੀ ਕਰ ਕੇ ਲਿਆਂਦਾ ਸਾਮਾਨ ਆਪਣੀ ਸੱਸ ਨੂੰ ਦਿਖਾ ਰਹੀ ਸੀ, 'ਬੀਬੀ ਆਹ ਦੋ ਸੂਟ ਤੁਹਾਡੇ ਲਈ ਲਿਆਂਦੇ ਨੇ ਤੇ ਆਹ ਕੁੜਤਾ ਪਜਾਮਾ ਤੇ ਗਰਮ ਸੂਟ ਬਾਪੂ ਜੀ ਲਈ । ਆਹ ਦੋ ਸੂਟ ਇਨ੍ਹਾਂ ਨੇ ਮੈਨੂੰ ਲੈ ਕੇ ਦਿੱਤੇ ਨੇ ਤੇ ਆਹ ਦੋ-ਦੋ ਸੂਟ ਬੱਚਿਆਂ ਲਈ ਲਏ ਨੇ। ਆਹ ਜੀਨ ਤੇ ਸ਼ਰਟ ਇਨ੍ਹਾਂ ਨੇ ਆਪਣੇ ਵਾਸਤੇ ਲਈ ਐ। ਤੇ ਆਹ ਬਾਕੀ ਸਾਮਾਨ ਘਰ ਵਾਸਤੇ...।'
'ਹੂੰਅਅ... ਠੀਕ ਐ । ਚੱਲ ਰੱਖ ਦੇ ਇਹ ਸਭ ਪਾਸੇ ਤੇ ਰੋਟੀ ਪਾਣੀ ਦਾ ਕੋਈ ਆਹਰ ਕਰ ।'
ਹੁਣ ਪਾਸੇ ਖੜ੍ਹੀ ਕੰਮ ਵਾਲੀ ਕੁੜੀ ਨੂੰ ਦੇਖ ਕੇ ਉਹ ਬੋਲੀ, 'ਨੀਂ ਮੀਤੋ, ਤੂੰ ਵੀ ਐਧਰ ਆ, ਤੂੰ ਕਿੰਨੇ ਦਿਨਾਂ ਤੋਂ ਕਹਿੰਦੀ ਸੀ ਨਾ ਕਿ ਆਪਣਾ ਝਾੜੂ ਤੇ ਵਾਈਪਰ ਵੀ ਨਵੇਂ ਲਿਆਉਣ ਵਾਲੇ ਨੇ, ਆਹ ਦੇਖ ਮੈਂ ਤੇਰੇ ਲਈ ਵੀ ਨਵਾਂ ਫਰਸ਼ੀ ਝਾੜੂ ਤੇ ਵਾਈਪਰ ਲੈ ਕੇ ਆਈ ਹਾਂ...।' ਨਵਾਂ ਝਾੜੂ ਤੇ ਵਾਈਪਰ ਫੜ ਕੇ ਮੀਤੋ ਚਿਹਰੇ 'ਤੇ ਇਕ ਅਜੀਬ ਜਿਹੀ ਮੁਸਕਾਨ ਲੈ ਕੇ ਸਫਾਈ ਦੇ ਕੰਮ ਵਿਚ ਰੁੱਝ ਗਈ ।

-ਅਰਵਿੰਦਰ ਸਿੰਘ ਕੋਹਲੀ, ਜਗਰਾਉਂ ।
ਮੋਬਾਈਲ : 9417985058

ਮੈਨੂੰ ਬੁੜ੍ਹਾ ਨਹੀਂ ਚਾਹੀਦਾ
ਪੰਚਾਇਤ ਦੇ ਨਾਲ-ਨਾਲ ਚਾਰ ਪਤਵੰਤੇ ਸੱਜਣ ਵੀ ਜੁੜ ਬੈਠੇ ਸਨ। ਮਸਲਾ ਗੰਭੀਰ ਸੀ। ਮੇਰੀ ਘਰਵਾਲੀ ਮੇਰੇ ਤੋਂ ਜ਼ਿਆਦਾ ਹੀ ਖ਼ੁਸ਼ ਨਜ਼ਰ ਆ ਰਹੀ ਸੀ।
'...ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਂ ਬੁੜ੍ਹਾ ਨਹੀਂ ਰੱਖਣਾ... ਜੋ ਮਰਜ਼ੀ ਹੋ ਜਾਵੇ... ਮੈਂ ਘਰ ਰੱਖਣਾ... ਮੈਂ ਕੋਠੀ ਰੱਖਣੀ ਆ... ਮੈਂ ਜ਼ਮੀਨ ਰੱਖਣੀ ਆ... ਪੰਚਕੂਲੇ ਵਾਲੇ ਫਲੈਟ ਵੀ ਮੇਰੇ ਨੇ... ਲੁਧਿਆਣੇ ਵਾਲੀ ਫੈਕਟਰੀ ਤਾਂ ਮੈਂ ਪਹਿਲਾਂ ਹੀ ਆਪਣੇ ਨਾਂਅ ਕਰਵਾ ਲਈ ਸੀ... ਬੈਂਕ ਵਿਚਲੇ ਪੈਸੇ ਵੀ ਮੇਰੇ ਨੇ... ਮੈਂ ਇਹ ਭਲਵਾਨ ਦੀ ਕਿਚ-ਕਿਚ ਤੋਂ ਬੜਾ ਦੁਖੀ ਆਂ... ਬੁੜ੍ਹੀ ਬੜਾ ਸਿਰ ਖਾਂਦੀ ਆ... ਮੇਰੀ ਗਾਂ ਵਰਗੀ ਘਰਵਾਲੀ ਡਾਢੀ ਔਖੀ ਆ...।'
'...ਤੁਸੀਂ ਦੱਸੋ ਇਹ ਭਊ ਨੇ ਕਿਹੜੇ ਪਿਓ ਨੂੰ ਦੇ ਕੇ ਜਾਣਾ ਸਭ ਕੁਝ... ਹਿੱਕ 'ਤੇ ਰੱਖ ਕੇ ਖੜ੍ਹਨਾ ਏਨ੍ਹੇ...।'
ਘਰਵਾਲੀ ਮੇਰਾ ਇਹ ਰੂਪ ਦੇਖ ਬਾਗੋਬਾਗ ਹੋ ਰਹੀ ਸੀ। '...ਪਾਪਾ ਮੈਂ ਭੀ ਬੜਾ ਹੋ ਕਰ ਆਪ ਕੋ ਘਰ ਮੇਂ ਨਹੀਂ ਰੱਖੂੰਗਾ...' ਘਰਵਾਲੀ ਨੇ ਪੰਜੇ ਉਂਗਲਾਂ ਛੋਟੂ ਦੀਆਂ ਗੱਲਾਂ 'ਤੇ ਛਾਪ ਦਿੱਤੀਆਂ ਸਨ। ਹੁਣ ਸਾਨੂੰ ਦੋਹਾਂ ਨੂੰ ਤਰੇਲੀ ਆ ਰਹੀ ਸੀ।

-ਭੁਪਿੰਦਰ ਸਿੰਘ ਪੰਛੀ
ਫੋਨ : 98559-91055.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX