ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖ ਪੰਥ ਵਿਚ ਕੜਾਹ-ਪ੍ਰਸ਼ਾਦ ਦੀ ਮਹੱਤਤਾ

ਸਮੁੱਚੇ ਸਿੱਖ ਧਰਮ ਵਿਚ ਕੜਾਹ-ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕੋ ਫਰਸ਼ 'ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾਹ-ਪ੍ਰਸ਼ਾਦ ਛਕਾ ਕੇ ਜਾਤ-ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿੱਤਾ। ਭਾਈ ਗੁਰਦਾਸ ਜੀ ਨੇ ਕੜਾਹ-ਪ੍ਰਸ਼ਾਦ ਦਾ ਨਾਂਅ ਪੰਚਾਮ੍ਰਿਤ ਲਿਖਿਆ ਹੈ :
ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ ਭਏ
ਪੰਚ ਮਿਲਿ ਪ੍ਰਗਟ ਪੰਚਮ੍ਰਿਤ ਪ੍ਰਗਾਸ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖ ਮੱਤ ਦਾ ਮੁੱਖ ਪ੍ਰਸ਼ਾਦ ਜੋ ਅਕਾਲ ਪੁਰਖ ਨੂੰ ਅਰਪਣ ਕਰਕੇ ਸੰਗਤ ਵਿਚ ਵਰਤਾਈਦਾ ਹੈ, ਇਸ ਦਾ ਨਾਂਅ ਪੰਚਾਮ੍ਰਿਤ ਹੈ। ਇਸ ਦਾ ਵਿਸ਼ੇਸ਼ਣ ਮਹਾਪ੍ਰਸ਼ਾਦ ਵੀ ਕਿਹਾ ਜਾਂਦਾ ਹੈ।
ਆਣਿ ਮਹਾ ਪਰਸਾਦ
ਵੰਡਿ ਖਵਾਇਆ।
(ਵਾਰ ੨੦, ਪਉਜ਼ੀ ੧੦)
ਗੁਰ ਪ੍ਰਤਾਪ ਸੂਰਜ ਗ੍ਰੰਥ ਦੇ 24ਵੇਂ ਅਧਿਆਏ ਵਿਚ ਅਤੇ ਹੋਰ ਅਨੇਕਾਂ ਥਾਵਾਂ 'ਤੇ ਵੀ ਕੜਾਹ-ਪ੍ਰਸ਼ਾਦ ਦਾ ਨਾਂਅ ਪੰਚਾਮ੍ਰਿਤ ਲਿਖਿਆ ਹੈ।
ਸਗਲ ਦੇਹ ਪਰ ਦੇਹੁ ਲਗਾਈ।
ਪੰਚਾਮ੍ਰਿਤ ਆਦਿਕ ਕਰਿਵਾਈ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੀਵਾਨ ਦੀ ਸਮਾਪਤੀ ਮਗਰੋਂ ਕੜਾਹ-ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਬਣਾ ਦਿੱਤੀ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਵੀ ਲਿਖਿਆ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਦੇਣ ਹੈ। ਗੁਰੂ ਅਰਜਨ ਦੇਵ ਜੀ ਨੇ ਤਾਂ ਇਕ ਵਾਰੀ ਹੁਕਮ ਕੀਤਾ ਸੀ ਕਿ ਮ੍ਰਿਤਕ ਦੇਹ (ਸਰੀਰ) ਦਾ ਸਸਕਾਰ ਕਰਕੇ ਮੁੜੋ ਤਾਂ ਕੜਾਹ-ਪ੍ਰਸ਼ਾਦਿ ਵਰਤਾਇ ਦੇਣਾ। ਇਸ ਦਾ ਬਹੁਤ ਡੂੰਘਾ ਭਾਵ ਹੈ, ਸਿੱਖ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ।
ਕੜਾਹ-ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਦੀ ਵਿਧੀ ਰਹਿਤਨਾਮਿਆਂ ਵਿਚ ਇਸ ਤਰ੍ਹਾਂ ਲਿਖੀ ਹੈ-
ਕੜਾਹ ਕਰਨ ਕੀ ਬਿਧਿ ਸੁਨ ਲੀਜੈ।
ਤੀਨ ਭਾਗ ਕੋ ਸਮਸਰ ਕੀਜੈ।
ਲੇਪਨ ਆਗੈ ਬਹੁਕਰ ਦੀਜੈ।
ਮਾਂਜਨ ਕਰ ਭਾਂਜਨ ਧੋਵੀਜੈ।
ਕਰ ਸਨਾਨ ਪਵਿਤ੍ਰ ਹ੍ਵੈ ਬਹੈ।
ਵਾਹਿਗੁਰੂ ਬਿਨ ਅਵਰ ਨ ਕਹੈ।
ਕਰਿ ਤਿਆਰ ਚੌਕੀ ਪਰ ਧਰੈ।
ਚਾਰ ਓਰ ਕੀਰਤਨ ਬਹਿ ਕਰੈ।
ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ।
ਕਿਸਿ ਥੋੜਾ ਕਿਸਿ ਅੱਗਲਾ ਸਦਾ ਰਹੈ ਤਿਸੁ ਸੋਗ।
(ਤਨਖਾਹਨਾਮਾ)
ਕੜਾਹ-ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸਾਫ਼-ਸੁਥਰੇ ਭਾਂਡੇ ਵਿਚ, ਸਾਫ਼ ਹੱਥਾਂ ਨਾਲ ਇਕੋ ਜਿੰਨਾ ਆਟਾ, ਖੰਡ ਤੇ ਘਿਓ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਕੜਾਹ-ਪ੍ਰਸ਼ਾਦ ਤਿਆਰ ਕੀਤਾ ਜਾਵੇ। ਜੇਕਰ ਚਾਸ਼ਨੀ (ਚਾਸ) ਬਣਾ ਲਈ ਜਾਵੇ ਤਾਂ ਹੋਰ ਵੀ ਚੰਗੀ ਗੱਲ ਹੈ। ਆਟਾ ਚੰਗੀ ਤਰ੍ਹਾਂ ਭੁੱਜ ਜਾਣ 'ਤੇ ਚਾਸ਼ਨੀ ਮਿਲਾਈ ਜਾਵੇ। ਆਟੇ ਅਤੇ ਚਾਸ ਦੀ ਗਰਮਾਈ ਵਿਚ ਥੋੜ੍ਹਾ ਵੀ ਫਰਕ ਨਾ ਹੋਵੇ। ਜੇਕਰ ਚਾਸ਼ਨੀ ਜ਼ਰਾ ਵੀ ਠੰਢੀ ਹੋ ਜਾਵੇ ਤਾਂ ਘਿਓ ਅਲੱਗ ਹੋ ਜਾਵੇਗਾ। ਚਾਸ਼ਨੀ ਪਾਉਣ ਪਿੱਛੋਂ ਕੜਾਹੀ ਚੁੱਲ੍ਹੇ ਤੋਂ ਉਤਾਰ ਲੈਣੀ ਚਾਹੀਦੀ ਹੈ।
ਕੜਾਹ-ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਵਾਲੇ ਵਿਅਕਤੀਆਂ ਦੇ ਕੱਪੜੇ ਸਾਫ਼ ਹੋਣ ਅਤੇ ਨਹੁੰ ਵਧੇ ਹੋਏ ਤੇ ਮੈਲੇ ਨਾ ਹੋਣ। ਚੰਗੀ ਤਰ੍ਹਾਂ ਹੱਥ ਧੋ ਕੇ ਸਾਫ਼ ਕੱਪੜੇ ਨਾਲ ਪੂੰਝ ਕੇ ਖੁਸ਼ਕ ਹੋਣੇ ਚਾਹੀਦੇ ਹਨ। ਉਂਗਲਾਂ 'ਤੇ ਛਾਪ-ਛੱਲਾ ਨਾ ਪਾਇਆ ਹੋਵੇ। ਮੂੰਹ ਉੱਪਰ ਰੁਮਾਲ ਬੰਨ੍ਹਿਆ ਹੋਵੇ। 'ਜਪੁ' ਬਾਣੀ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਬਣਾਇਆ ਜਾਵੇ। ਦੀਵਾਨ/ਦਰਬਾਰ ਹਾਲ ਵਿਚ ਪ੍ਰਸ਼ਾਦ ਕੜਾਹੀ ਵਿਚ ਨਾ ਲਿਆਂਦਾ ਜਾਵੇ। ਸਾਫ਼ ਥਾਲ ਜਾਂ ਪਰਾਤ ਵਿਚ ਸਵੱਛ ਰੁਮਾਲ/ਕੱਪੜੇ ਨਾਲ ਢਕ ਕੇ ਲਿਆਂਦਾ ਜਾਵੇ। ਦੀਵਾਨ/ਦਰਬਾਰ ਹਾਲ ਵਿਚ ਹੀ ਪ੍ਰਸ਼ਾਦ ਏਨਾ ਠੰਢਾ ਕਰ ਲਿਆ ਜਾਵੇ ਤਾਂ ਕਿ ਵਰਤਾਉਣ ਅਤੇ ਲੈਣ ਵਾਲਿਆਂ ਦੇ ਹੱਥ ਨਾ ਸੜਨ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਕੜਾਹ-ਪ੍ਰਸ਼ਾਦ ਤਿਆਰ ਕਰਨ ਬਾਰੇ ਇਸ ਤਰ੍ਹਾਂ ਵਰਨਣ ਕੀਤਾ ਹੈ-
ਪਾਵਨ ਤਨ ਪਾਵਨ ਕਰ ਥਾਨ।
ਘ੍ਰਿਤ ਮੈਦਾ ਲੇ ਖੰਡ ਸਮਾਨ।
ਕਰ ਕੜਾਹ ਜਪੁ ਪਾਠ ਸੁ ਠਾਨੈ।
ਗੁਰਪ੍ਰਸਾਦ ਅਰਦਾਸ ਬਖਾਨੈ।
ਅਸੀਂ ਗੁਰਧਾਮਾਂ ਵਿਚ ਕੜਾਹ-ਪ੍ਰਸ਼ਾਦ ਬਣਦਾ ਅਤੇ ਵਰਤਦਾ ਅਕਸਰ ਦੇਖਦੇ ਹਾਂ। ਕਿਤੇ ਕੜਾਹ-ਪ੍ਰਸ਼ਾਦ ਦੀ ਥਾਂ ਲੇਟੀ ਪ੍ਰਸ਼ਾਦ ਅਤੇ ਕਿਤੇ ਘਿਓ, ਪ੍ਰਸ਼ਾਦ ਤੋਂ ਅਲੱਗ ਹੋਇਆ ਹੁੰਦਾ ਹੈ, ਜਿਸ ਤੋਂ ਗੁਰ ਸੰਗਤ ਦੇ ਵਸਤਰ (ਕੱਪੜੇ) ਦਾਗ਼ੀ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਅਨੰਦ ਸਾਹਿਬ ਬਾਣੀ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅਖੀਰਲੀ ਪਉੜੀ ਦਾ ਪਾਠ ਕਰਕੇ ਫਿਰ ਅਰਦਾਸ ਉਪਰੰਤ ਹੁਕਮਨਾਮਾ/ਮੁੱਖ ਵਾਕ ਲੈ ਕੇ ਕ੍ਰਿਪਾਨ ਭੇਟ ਕਰਕੇ ਸੰਗਤ ਵਿਚ ਵਰਤਾਉਣ ਤੋਂ ਪਹਿਲਾਂ ਕੜਾਹ-ਪ੍ਰਸ਼ਾਦ ਵਿਚੋਂ ਪੰਜ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਵਰਤਾਇਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੰਘ ਨੂੰ ਕੌਲੀ/ਕਟੋਰੀ ਵਿਚ ਪਾ ਕੇ ਦਿੱਤਾ ਜਾਵੇ, ਜੋ ਸੇਵਾ ਤੋਂ ਵਿਹਲਾ ਹੋ ਕੇ ਛਕ ਲਵੇ। ਪ੍ਰਸ਼ਾਦ ਵਰਤਾਉਣ ਵੇਲੇ ਇਕੋ ਜਿਹਾ ਸਭ ਨੂੰ ਵਰਤਾਵੇ। ਕਲਗੀਧਰ ਜੀ ਦਾ ਹੁਕਮ ਹੈ-
ਜੋ ਪ੍ਰਸ਼ਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ।
ਕਿਸਿ ਥੋੜਾ ਕਿਸਿ ਅਗਲਾ ਸਦਾ ਰਹੈ ਤਿਸੁ ਸੋਗ।
ਕਲਗੀਧਰ ਪਾਤਸ਼ਾਹ ਦੀ ਤਾਂ ਆਗਿਆ ਇਥੋਂ ਤੱਕ ਹੈ ਕਿ ਜੇਕਰ ਕਿਸੇ ਮਨੁੱਖ ਦਾ ਕਾਰਜ ਅੜਿਆ ਹੋਵੇ ਤਾਂ ਕੜਾਹ-ਪ੍ਰਸ਼ਾਦ ਕਰਵਾ ਕੇ ਅਰਦਾਸ ਕਰੇ। ਇਸੇ ਕਰਕੇ ਗੁਰਦੁਆਰਿਆਂ ਵਿਚ ਅੰਮ੍ਰਿਤ ਵੇਲੇ ਸੰਗਤਾਂ ਕੜਾਹ-ਪ੍ਰਸ਼ਾਦ ਕਰਵਾਉਂਦੀਆਂ ਹਨ। ਕੋਈ ਦਸਵੰਧ ਕਰਕੇ, ਕੋਈ ਮਨੋਕਾਮਨਾ ਕਰਕੇ, ਕੋਈ ਦੇਹ ਅਰੋਗਤਾ ਲਈ, ਕੋਈ ਸੁੱਖ-ਸ਼ਾਂਤੀ ਲਈ ਅਰਦਾਸਾਂ ਕਰਵਾਉਂਦੇ ਹਨ। ਉਹ ਕਹਿੰਦੇ ਹਨ ਕਿਸੇ ਮਨੁੱਖੀ ਦੁਆਰੇ ਜਾਂ ਸੁੱਖਣਾ ਦੀ ਕੋਈ ਲੋੜ ਨਹੀਂ।
ਕਰਹੁ ਤਿਹਾਵਲ ਅਰਹਿ ਜੋ ਕਾਜਾ।
ਕਰ ਅਰਦਾਸ ਧਲਹੁ ਮਮ ਧਿਆਨਾ।
ਹੋਹਿ ਮਨੋਰਥ ਪੂਰ ਮਹਾਨਾ।
ਕਲਗੀਧਰ ਪਾਤਸ਼ਾਹ ਰਹਿਰਾਸ ਦੇ ਪਾਠ ਉਪਰੰਤ ਵੀ ਅਰਦਾਸ ਕਰਕੇ ਕੜਾਹ-ਪ੍ਰਸ਼ਾਦ ਵਰਤਾਇਆ ਕਰਦੇ ਸਨ। ਕਈ ਸ਼ਰਧਾਲੂ/ਲੋਕ ਕੜਾਹ-ਪ੍ਰਸ਼ਾਦ ਵਾਲੇ ਹੱਥ ਆਪਣੇ ਮੂੰਹ 'ਤੇ ਅਤੇ ਦਾੜ੍ਹੀ 'ਤੇ ਫੇਰਦੇ ਹਨ, ਜੋ ਕਿ ਅਸੱਭਿਆਪਨ ਦੀ ਨਿਸ਼ਾਨੀ ਹੈ। ਇਸ ਥਿੰਦੇਪਨ ਵਿਚ ਮਿਠਾਸ ਦਾ ਅੰਸ਼ ਹੁੰਦਾ ਹੈ। ਇਸ ਲਈ ਇਨ੍ਹਾਂ ਤੋਂ ਬਚਣ ਲਈ ਸਾਨੂੰ ਥਿੰਦੇ ਹੱਥ ਕਿਸੇ ਕੱਪੜੇ ਨਾਲ ਸਾਫ਼ ਕਰ ਲੈਣੇ ਚਾਹੀਦੇ ਹਨ ਜਾਂ ਪਾਣੀ ਨਾਲ ਧੋ ਲੈਣੇ ਚਾਹੀਦੇ ਹਨ। ਪੁਰਾਣੇ ਸਿੰਘਾਂ ਨੇ ਇਸ ਪਵਿੱਤਰ ਪ੍ਰਸ਼ਾਦ ਦਾ ਨਾਂਅ ਕੁਣਕਾ ਪ੍ਰਸ਼ਾਦ ਇਸੇ ਲਈ ਰੱਖਿਆ ਸੀ ਕਿ ਨਾਮਾਤਰ (ਤਨਿਕ) ਹੀ ਲੈਣਾ ਠੀਕ ਹੈ।
ਅੱਜਕਲ੍ਹ ਕਈ ਥਾਵਾਂ 'ਤੇ ਦੇਖਿਆ ਜਾਂਦਾ ਹੈ ਕਿ ਜਿਥੇ ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਈ ਜਾਂਦੀ ਹੈ, ਉਸੇ ਕਮਰੇ ਵਿਚ ਹੀ ਸੰਗਤਾਂ ਜੋੜੇ (ਜੁੱਤੇ) ਪਾ ਕੇ ਚਲੀਆਂ ਜਾਂਦੀਆਂ ਹਨ ਤੇ ਉਥੋਂ ਹੀ ਪ੍ਰਸ਼ਾਦ ਖਾਣ ਲਈ ਲੈ ਲੈਂਦੀਆਂ ਹਨ। ਸੰਗਤਾਂ ਨੂੰ ਰੁਪਈਆਂ ਨਾਲ ਦੇਗ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭੇਟ ਕਰਕੇ ਜੋ ਬਾਕੀ ਬਚਿਆ ਪ੍ਰਸ਼ਾਦ ਮਿਲੇ, ਉਹ ਵੀ ਵੰਡ ਕੇ ਛਕਣਾ (ਖਾਣਾ) ਚਾਹੀਦਾ ਹੈ। ਅਣਜਾਣ ਵਿਅਕਤੀ ਤੋਂ ਪ੍ਰਸ਼ਾਦ ਲੈ ਕੇ ਨਾ ਖਾਓ। ਕਿਉਂਕਿ ਪ੍ਰਸ਼ਾਦ ਖੁਆ ਕੇ ਕਈ ਵਾਰ ਸ਼ਰਾਰਤੀ ਲੋਕ ਲੁੱਟ ਲੈਂਦੇ ਹਨ। ਕੜਾਹ-ਪ੍ਰਸ਼ਾਦ ਵਾਲੇ ਕਮਰੇ ਵਿਚ ਜੋੜੇ ਪਾ ਕੇ ਜਾਣਾ ਤੇ ਉਥੋਂ ਹੀ ਪ੍ਰਸ਼ਾਦ ਲੈ ਕੇ ਖਾਣਾ ਗੁਰਮਤਿ ਦੇ ਉਲਟ ਹੈ। ਕੜਾਹ-ਪ੍ਰਸ਼ਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚੋਂ ਪ੍ਰਾਪਤ ਕਰਕੇ ਛਕਣ ਨਾਲ ਤ੍ਰਿਪਤੀ ਹੁੰਦੀ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਬਦ ਜੋੜ ਕੜਾਹ ਪ੍ਰਸ਼ਾਦ ਹੈ ਜਾਂ ਕੜਾਹਿ ਪ੍ਰਸ਼ਾਦਿ। ਪੰਜਾਬੀ ਸ਼ਬਦ ਰੂਪ ਤੇ ਸ਼ਬਦ ਜੋੜ ਕੋਸ਼ ਸੰਪਾਦਕ ਡਾ: ਹਰਕੀਰਤ ਸਿੰਘ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਛਾਪਿਆ ਗਿਆ ਹੈ, ਉਸ ਦੇ ਪੰਨਾ 231 'ਤੇ 'ਕੜਾਹ-ਪ੍ਰਸ਼ਾਦ' ਇਸ ਤਰ੍ਹਾਂ ਹੈ। ਸਿੱਖਾਂ ਦੀ ਸਰਬ-ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਉੱਚ-ਕੋਟੀ ਦੇ ਵਿਦਵਾਨ, ਬੁਲਾਰੇ ਸੇਵਾ ਕਰ ਰਹੇ ਹਨ ਪਰ ਪੰਜਾਬੀ ਮਾਤ ਭਾਸ਼ਾ ਪੱਖੋਂ ਕਿੰਨੇ ਅਵੇਸਲੇ ਹਨ, ਇਹ ਤੁਸੀਂ ਦੇਖ ਸਕਦੇ ਹੋ। ਇਨ੍ਹਾਂ ਸਤਰਾਂ ਦਾ ਲੇਖਕ ਪਿਛਲੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਲਈ ਗਿਆ। ਜਦੋਂ ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਉਣ ਲੱਗਾ ਤਾਂ ਉਥੇ ਐਲ. ਈ. ਡੀ. (ਲੈਡ ਲਾਈਨ ਬੋਰਡ) 'ਤੇ 'ਕੜਾਹਿ ਪ੍ਰਸ਼ਾਦਿ' ਲਿਖਿਆ ਆ ਰਿਹਾ ਸੀ। ਜਦ ਮੈਂ ਕੜਾਹ-ਪ੍ਰਸ਼ਾਦ ਦੀ ਪਰਚੀ ਦੇਣ ਵਾਲੇ ਭਾਈ ਸਾਹਿਬ ਨੂੰ ਕਿਹਾ ਕਿ ਇਥੇ ਸ਼ਬਦ-ਜੋੜ ਗ਼ਲਤ ਲਿਖਿਆ ਹੋਇਆ ਹੈ ਤਾਂ ਉਸ ਦਾ ਰਵੱਈਆ ਹੀ ਬੜਾ ਰੁੱਖਾ ਸੀ। ਉਸ ਨੇ ਕਿਹਾ ਕਿ ਅਸੀਂ ਕਿਹੜਾ ਇਸ ਵੱਲ ਕਦੇ ਦੇਖਿਆ ਹੈ।
ਜਦੋਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਿਕਰਮਾ ਵਿਚ ਬਾਬਾ ਬੁੱਢਾ ਜੀ ਦੀ ਬੇਰ ਕੋਲ ਬਣੇ ਕਮਰੇ ਵਿਚ ਪੈਕਟਾਂ ਵਿਚ ਬੰਦ ਪੰਜੀਰੀ ਪ੍ਰਸ਼ਾਦ ਦੇ ਪੈਕਟ ਲਏ ਤਾਂ ਉਨ੍ਹਾਂ 'ਤੇ ਪ੍ਰਸ਼ਾਦ ਦੇ 'ਦ' ਨੂੰ ਸਿਹਾਰੀ ()ਿ ਸੀ। ਪਹਿਲੀ ਗੱਲ ਤਾਂ ਇਹ ਕਿ ਪੰਜਾਬੀ ਵਿਚ 'ਕੜਾਹ' ਦੇ 'ਹ' ਨੂੰ ਸਿਹਾਰੀ ਨਹੀਂ ਹੈ। ਦੂਜਾ ਪ੍ਰਸ਼ਾਦ ਦੇ 'ਦ' ਨੂੰ ਵੀ ਸਿਹਾਰੀ ()ਿ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਸਾਦ ਦੇ 'ਦ' ਨੂੰ ਸਿਹਾਰੀ ਹੈ, ਉਥੇ ਸੱਸੇ ਦੇ ਪੈਰ ਵਿਚ ਬਿੰਦੀ (.) ਨਹੀਂ ਹੈ। ਪਰ ਜਦੋਂ ਅਸੀਂ ਪੰਜਾਬੀ ਵਿਚ ਲਿਖਦੇ ਹਾਂ 'ਪ੍ਰਸ਼ਾਦ' ਦੇ ਸੱਸੇ (ਸ) ਦੇ ਪੈਰ ਵਿਚ ਬਿੰਦੀ ਹੁੰਦੀ ਹੈ ਤੇ 'ਦ' ਨੂੰ ਸਿਹਾਰੀ ਨਹੀਂ ਹੁੰਦੀ। ਇਨ੍ਹਾਂ ਸਤਰਾਂ ਦੇ ਲੇਖਕ ਨੇ ਇਕ-ਦੋ ਉਦਾਹਰਨਾਂ ਹੀ ਦਿੱਤੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਕਈ ਥਾਵਾਂ 'ਤੇ ਕੜਾਹਿ ਪ੍ਰਸ਼ਾਦਿ ਹੀ ਲਿਖਿਆ ਹੋਇਆ ਦੇਖਿਆ ਹੈ। ਜਦੋਂ ਲੇਖਕ ਨੇ ਇਨ੍ਹਾਂ ਸ਼ਬਦ ਜੋੜਾਂ ਨੂੰ ਇਕ ਵਿਅਕਤੀ ਨੂੰ ਪੜ੍ਹਨ ਲਈ ਕਿਹਾ ਤਾਂ ਉਸ ਨੇ ਪੜ੍ਹਿਆ 'ਕੜਾਹੇ ਪ੍ਰਸ਼ਾਦੇ'। ਦੋਵੇਂ ਸ਼ਬਦ-ਜੋੜਾਂ ਵਿਚ ਸਿਹਾਰੀ ਲੱਗੀ ਹੋਣ ਕਰਕੇ ਉਸ ਨੇ ਇਸ ਤਰ੍ਹਾਂ ਪੜ੍ਹਿਆ, ਬਾਅਦ ਵਿਚ ਉਹ ਵੀ ਕਹਿਣ ਲੱਗਾ ਕੜਾਹ-ਪ੍ਰਸ਼ਾਦ ਗ਼ਲਤ ਲਿਖਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਪੰਜਾਬੀ 'ਸ਼ਬਦ-ਜੋੜਾਂ' ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।


-1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ (ਲੁਧਿਆਣਾ)।


ਖ਼ਬਰ ਸ਼ੇਅਰ ਕਰੋ

ਇੱਟਾਂ ਤੇ ਪੱਥਰਾਂ 'ਤੇ ਲਿਖਿਆ ਖਗੋਲ ਸ਼ਾਸਤਰ

ਜੰਤਰ ਮੰਤਰ

ਗੁਲਾਬੀ ਨਗਰ ਨਾਲ ਦੁਨੀਆ ਭਰ ਵਿਚ ਜਾਣੇ ਜਾਂਦੇ ਪ੍ਰਸਿੱਧ ਨਗਰ ਜੈਪੁਰ ਦੀ ਸਥਾਪਨਾ ਮਹਾਰਾਜਾ ਸਵਾਈ ਜੈ ਸਿੰਘ ਦੂਜਾ ਨੇ 1727 ਈਸਵੀ ਵਿਚ ਕੀਤੀ ਸੀ। ਉਨ੍ਹਾਂ ਦੇ ਨਾਂਅ 'ਤੇ ਹੀ ਇਸ ਨਗਰ ਦਾ ਨਾਮਕਰਨ 'ਜੈਪੁਰ' ਵਜੋਂ ਹੋਇਆ ਅਤੇ ਜੈਪੁਰ ਸ਼ਹਿਰ ਦੇ ਨਿਰਮਾਣ ਦੇ ਨਾਲ ਹੀ ਉਹ ਆਪਣੀ ਰਾਜਧਾਨੀ ਅਮਰ ਤੋਂ ਜੈਪੁਰ ਲੈ ਆਏ। ਜੈ ਸਿੰਘ ਨਾ ਸਿਰਫ ਇਸ ਨਗਰ ਦੇ ਸੰਸਥਾਪਕ ਸਨ, ਸਗੋਂ ਖੁਦ ਇਕ ਖੋਜੀ ਅਤੇ ਖਗੋਲ ਸ਼ਾਸਤਰੀ ਵੀ ਸਨ ਅਤੇ ਇਸ ਖੇਤਰ ਦੇ ਉਹ ਇਕ ਮੰਨੇ-ਪ੍ਰਮੰਨੇ ਮਾਹਿਰ ਵੀ ਸਨ। ਖਗੋਲ ਸ਼ਾਸਤਰ ਨਾਲ ਸਬੰਧਿਤ ਅਨੇਕਾਂ ਪੁਸਤਕਾਂ, ਗ੍ਰੰਥਾਂ ਅਤੇ ਖੋਜ-ਪੱਤਰਾਂ ਦੇ ਅਧਿਅਨ ਦੇ ਨਾਲ-ਨਾਲ ਮਹਾਰਾਜਾ ਜੈ ਸਿੰਘ ਨੇ ਭਾਰਤੀ, ਯੂਰਪੀ ਅਤੇ ਇਸਲਾਮੀ ਖਗੋਲ ਸ਼ਾਸਤਰੀਆਂ ਅਤੇ ਵਿਦਵਾਨਾਂ ਨੂੰ ਬੁਲਾ ਕੇ ਇਸ ਵਿਸ਼ੇ 'ਤੇ ਵਿਸਥਾਰ ਸਹਿਤ ਬਹਿਸ ਕਰਵਾਈ ਅਤੇ ਇਸ ਵਿੱਦਿਆ ਦਾ ਆਦਾਨ-ਪ੍ਰਦਾਨ ਵੀ ਕੀਤਾ। ਸੱਤ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਰਾਜਾ ਜੈ ਸਿੰਘ ਨੇ ਆਪਣੀ ਇਕੱਤਰ ਕੀਤੀ ਵਿੱਦਿਆ ਨੂੰ ਇਕ ਰੂਪ ਦਿੰਦਿਆਂ ਹੋਇਆਂ 1724 ਈਸਵੀ ਵਿਚ ਦਿੱਲੀ ਵਿਚ ਇਕ ਖਗੋਲ ਯੰਤਰ ਦੀ ਸਥਾਪਨਾ ਕਰਨ ਦਾ ਐਲਾਨ ਕਰ ਦਿੱਤਾ ਅਤੇ 'ਜੰਤਰ ਮੰਤਰ' ਨਾਮੀ ਇਤਿਹਾਤਕ ਤੇ ਖਗੋਲਿਕ ਤੌਰ 'ਤੇ ਮਹੱਤਵਪੂਰਨ ਇਮਾਰਤ ਦਾ ਨਿਰਮਾਣ ਕਰਕੇ ਭਾਰਤ ਦਾ ਗੌਰਵ ਵਧਾਇਆ।
ਦਿੱਲੀ ਵਿਚ ਇਕ ਖਗੋਲ ਯੰਤਰ ਬਣ ਜਾਣ ਤੋਂ ਬਾਅਦ ਉਸ ਨੇ ਆਪਣੇ ਸ਼ਹਿਰ ਜੈਪੁਰ ਵਿਚ ਇਸ ਤੋਂ ਵੀ ਵੱਡਾ ਇਕ ਖਗੋਲ ਯੰਤਰ ਬਣਾਉਣ ਦਾ ਨਿਸ਼ਚਾ ਕਰ ਲਿਆ ਅਤੇ ਦਿੱਲੀ ਵਿਚ ਸਥਾਪਿਤ ਯੰਤਰਾਂ ਦੇ ਲੱਕੜੀ ਅਤੇ ਧਾਤੂ ਦੇ ਅਨੇਕਾਂ ਨਮੂਨੇ ਤਿਆਰ ਕਰਵਾ ਕੇ ਉਨ੍ਹਾਂ ਦੇ ਬਲੂ ਪ੍ਰਿੰਟ ਤਿਆਰ ਕਰਵਾਏ ਅਤੇ ਫਿਰ ਇਨ੍ਹਾਂ ਨੂੰ ਆਪਣੀ ਰਾਜਧਾਨੀ ਜੈਪੁਰ ਵਿਚ ਲੈ ਆਏ। ਸੰਨ 1728 ਈਸਵੀ ਵਿਚ ਜੈਪੁਰ ਵਿਚ ਜੰਤਰ ਮੰਤਰ ਦਾ ਨਿਰਮਾਣ ਆਰੰਭ ਹੋਇਆ ਅਤੇ ਇਸ ਨੂੰ ਪੂਰਾ ਹੋਣ ਵਿਚ 6 ਸਾਲ ਲੱਗੇ। ਇਸ ਤੋਂ ਬਾਅਦ ਸਵਾਈ ਰਾਜਾ ਜੈ ਸਿੰਘ ਦੂਜਾ ਨੇ ਉਜੈਨ, ਬਨਾਰਸ ਅਤੇ ਮਥੁਰਾ ਵਿਚ ਵੀ ਅਜਿਹੇ ਖਗੋਲ ਪ੍ਰਯੋਗਸ਼ਾਲਾਵਾਂ ਬਣਾਈਆਂ ਪਰ ਇਨ੍ਹਾਂ ਪੰਜਾਂ ਵਿਚੋਂ ਜੇ ਕੋਈ ਸਭ ਤੋਂ ਪ੍ਰਭਾਵਸ਼ਾਲੀ ਹੈ ਤਾਂ ਉਹ ਜੈਪੁਰ ਦੀ ਹੀ ਹੈ। ਹੋਵੇ ਵੀ ਕਿਉਂ ਨਾ, ਰਾਜਾ ਜੈ ਸਿੰਘ ਜੈਪੁਰ ਦੇ ਰਾਜਾ ਸੀ ਅਤੇ ਇਸ ਨਾਤੇ ਜੈਪੁਰ ਦੇ ਖਗੋਲ ਪ੍ਰਯੋਗਸ਼ਾਲਾ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਹੋਣਾ ਸੁਭਾਵਿਕ ਸੀ।
ਸਵਾਈ ਜੈ ਸਿੰਘ ਆਪਣੇ ਰਾਜ ਮਹਿਲ ਦੇ ਕੋਲ ਹੀ ਸਥਿਤ ਇਸ ਪ੍ਰਯੋਗਸ਼ਾਲਾ ਵਿਚ ਆਪਣਾ ਜ਼ਿਆਦਾਤਰ ਸਮਾਂ ਬਤੀਤ ਕਰਦੇ ਸਨ ਅਤੇ ਇਥੇ ਕਾਫੀ ਦੇਰ ਤੱਕ ਵਿਦਵਾਨਾਂ ਤੇ ਖਗੋਲ ਸ਼ਾਸਤਰੀਆਂ ਦੇ ਨਾਲ ਸਲਾਹ-ਮਸ਼ਵਰੇ ਤੇ ਬਹਿਸਾਂ ਕਰਦੇ ਰਹਿੰਦੇ ਸਨ। ਅਨੇਕਾਂ ਖੋਜਾਰਥੀ ਵੀ ਇਥੇ ਆਉਂਦੇ-ਜਾਂਦੇ ਸਨ ਤੇ ਰਾਜਾ ਜੈ ਸਿੰਘ ਸਭ ਦੀ ਬਹੁਤ ਇੱਜ਼ਤ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਖਗੋਲ ਸ਼ਾਸਤਰ ਨਾਲ ਬਹੁਤ ਹੀ ਲਗਾਓ ਸੀ। ਉਹ ਇਸ ਲਈ ਕੁਝ ਵੀ ਕਰਨ ਲਈ ਤਿਆਰ ਸਨ। ਜੈਪੁਰ ਦੀ ਇਸ ਪ੍ਰਸਿੱਧ ਪ੍ਰਯੋਗਸ਼ਾਲਾ ਵਿਚ ਸਭ ਤੋਂ ਵੱਧ (14) ਖਗੋਲ ਯੰਤਰ ਹਨ ਅਤੇ ਦੂਸਰੇ ਚਾਰ ਖਗੋਲ ਯੰਤਰਾਂ ਦੇ ਮੁਕਾਬਲੇ ਇਹ ਵੱਡੇ ਹੀ ਨਹੀਂ, ਉਪਯੋਗੀ ਅਤੇ ਅਤਿ-ਆਧੁਨਿਕ ਤਕਨੀਕ 'ਤੇ ਆਧਾਰਿਤ ਹੋਣ ਕਰਕੇ ਦੇਸ਼ ਤੇ ਵਿਦੇਸ਼ ਦੇ ਖਗੋਲ ਵਿਗਿਆਨਕਾਂ ਅਤੇ ਖੋਜੀ ਮਹਾਂਰਥੀਆਂ ਤੋਂ ਬਿਨਾਂ ਆਮ ਸਧਾਰਨ ਜਨਤਾ ਤੇ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਵੀ ਹਨ। ਇਨ੍ਹਾਂ ਯੰਤਰਾਂ ਵਿਚ ਵੱਡਾ ਸਮਰਾਟ ਯੰਤਰ, ਛੋਟਾ ਸਮਰਾਟ ਯੰਤਰ, ਪ੍ਰਕਾਸ਼ ਯੰਤਰ, ਰਾਮ ਯੰਤਰ, ਦਿੰਗਸ਼ ਯੰਤਰ, ਕਪਾਲ ਯੰਤਰ, ਚੱਕਰ ਯੰਤਰ, ਨਾਰਵਲ ਯੰਤਰ, ਕ੍ਰਾਂਤੀਵ੍ਰਿਤ ਯੰਤਰ, ਉਨਤਾਸ਼ ਯੰਤਰ, ਅਸ਼ਟਕਲੋਣ ਯੰਤਰ, ਰਾਸ਼ੀ ਵਲਭ ਯੰਤਰ ਅਤੇ ਦਿਸ਼ਨੋਦਕ ਯੰਤਰ ਵਰਗੇ ਅਤੀ ਮਹੱਤਵਪੂਰਨ ਯੰਤਰ ਸ਼ਾਮਿਲ ਹਨ।
ਵੱਡਾ ਸਮਰਾਟ ਯੰਤਰ ਦੁਨੀਆ ਦਾ ਸਭ ਤੋਂ ਵੱਡਾ ਆਪਣੀ ਕਿਸਮ ਦਾ ਯੰਤਰ ਹੈ, ਜਦਕਿ ਲਘੂ ਸਮਰਾਟ ਯੰਤਰ ਸਿਰਫ ਸਥਾਨਕ ਸਮੇਂ ਦੀ ਜਾਣਕਾਰੀ ਹੀ ਨਹੀਂ ਦਿੰਦਾ, ਸਗੋਂ ਇਹ ਇਕ ਦੁਰਲੱਭ ਯੰਤਰ ਹੈ, ਜੋ ਕਿ ਸਮੇਂ ਬਾਰੇ ਕਈ ਮਹੱਤਵਪੂਰਨ ਬਾਰੀਕੀਆਂ 'ਤੇ ਵੀ ਰੌਸ਼ਨੀ ਪਾਉਂਦਾ ਹੈ। ਪ੍ਰਕਾਸ਼ ਯੰਤਰ ਜਿਸ ਨੂੰ ਜੈ ਪ੍ਰਕਾਸ਼ ਯੰਤਰ ਵੀ ਆਖਿਆ ਜਾਂਦਾ ਹੈ, ਦਾ ਨਾਮਕਰਨ ਰਾਜਾ ਜੈ ਪ੍ਰਕਾਸ਼ ਦੇ ਨਾਂਅ 'ਤੇ ਕੀਤਾ ਗਿਆ ਹੈ। ਸੰਗਮਰਮਰ ਅਤੇ ਲਾਲ ਪੱਥਰ ਦੇ ਬਣੇ ਇਸ ਯੰਤਰ ਦੀ ਸਹਾਇਤਾ ਨਾਲ ਜਨਮ ਸਮੇਂ ਦੇ ਨਖਸ਼ਤਰ ਅਤੇ ਰਾਸ਼ੀ ਦੀ ਜਾਣਕਾਰੀ ਸਹਿਤ ਜਨਮ ਪੱਤਰੀ ਤਿਆਰ ਕੀਤੀ ਜਾ ਸਕਦੀ ਹੈ। ਰਾਮ ਯੰਤਰ ਦੇ ਨਾਲ ਸੂਰਜ ਗ੍ਰਹਿਣ ਜਾਂ ਚੰਦ ਗ੍ਰਹਿਣ ਦੇ ਸਮੇਂ ਸੂਰਜ ਅਤੇ ਤਾਰਿਆਂ ਜਾਂ ਚੰਦਰਮਾ ਦੀ ਸਥਿਤੀ, ਦੂਰੀ ਅਤੇ ਝੁਕਾਅ ਦਾ ਪਤਾ ਲੱਗਦਾ ਹੈ। ਦਿੰਗਸ਼ ਯੰਤਰ ਦੀ ਵਰਤੋਂ ਚਾਰਾਂ ਦਰਵਾਜ਼ਿਆਂ ਅਤੇ ਦਿਸ਼ਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਕਿਸੇ ਅਪਰਾਧਿਕ ਸਾਜਿਸ਼ ਦੀ ਜਾਣਕਾਰੀ ਸਮਰਾਟ ਨੂੰ ਦਿੰਦੇ ਹਨ, ਕਿਉਂਕਿ ਇਹ ਇਕ 'ਮਾਈਕ੍ਰੋ ਕੈਮਰਾ' ਵਾਂਗ ਕਾਰਜ ਕਰਦਾ ਹੈ।
ਸੰਗਮਰਮਰ ਪੱਥਰਾਂ ਦੀਆਂ ਦੋ ਅਰਧਚਾਪਾਂ ਨਾਲ ਬਣਿਆ ਕਪਾਲੀ ਯੰਤਰ 12 ਰਾਸ਼ੀਆਂ ਦੇ ਲਗਨ ਦਾ ਗਿਆਨ ਦਿੰਦਾ ਹੈ। ਚੱਕਰ ਯੰਤਰ ਕਿਸੇ ਵਿਸ਼ੇਸ਼ ਸਮੇਂ 'ਤੇ ਤਾਰਿਆਂ, ਸੂਰਜ ਤੇ ਚੰਦਰਮਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਾ ਹੈ। ਨਾਰੀ ਵੱਲ ਯੰਤਰ ਦੇ ਦੋ ਭਾਗ ਹਨ-ਉੱਤਰ ਤੇ ਦੱਖਣ। ਇਹ ਦੋਵੇਂ ਭਾਗ ਗੋਲ ਹਨ ਅਤੇ ਇਸ ਦਾ ਪਹਿਲਾ ਭਾਗ ਸਾਲ ਦੇ ਪਹਿਲੇ 6 ਮਹੀਨੇ ਕਾਰਜ ਕਰਦਾ ਹੈ ਅਤੇ ਸਭ ਰਿਕਾਰਡ ਸਾਂਭ ਕੇ ਰੱਖਦਾ ਹੈ, ਉਥੇ ਇਸ ਦਾ ਦੂਜਾ ਅਰਧ ਗੋਲ ਭਾਗ ਦੂਸਰੇ ਛੇ ਮਹੀਨਿਆਂ ਦਾ ਰਿਕਾਰਡ ਸਾਂਭ ਕੇ ਰੱਖਦਾ ਹੈ। ਸਮੇਂ ਦੀ ਜਾਣਕਾਰੀ ਦੇ ਨਾਲ-ਨਾਲ ਗ੍ਰਹਿਆਂ ਦੀ ਸਥਿਤੀ ਤੇ ਝੁਕਾਅ ਦਾ ਗਿਆਨ ਵੀ ਇਸ ਯੰਤਰ ਦੁਆਰਾ ਲਗਾਇਆ ਜਾ ਸਕਦਾ ਹੈ। ਕ੍ਰਾਂਤੀਵ੍ਰਿਤ ਯੰਤਰ ਦੇ ਰਾਹੀਂ ਗ੍ਰਹਿਆਂ ਦੀ ਦੂਰੀ ਪ੍ਰਤੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ, ਜਦਕਿ ਉਨਤਾਂਸ਼ ਯੰਤਰ ਦੇ ਦੁਆਰਾ ਉਨਤਾਂਸ਼ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਰਾਸ਼ੀਵਲ ਯੰਤਰ ਦੇ ਦੁਆਰਾ 12 ਰਾਸ਼ੀਆਂ ਦੇ ਅਲੱਗ-ਅਲੱਗ ਸਮੇਂ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਗਿਆਨ ਹਾਸਲ ਕੀਤਾ ਜਾ ਸਕਦਾ ਹੈ। ਯੰਤਰਰਾਜ ਨਾਮੀ ਕੇਂਦਰ ਵਿਚ ਸਥਿਤ ਯੰਤਰ ਸਮੂਹਿਕ ਤੌਰ 'ਤੇ ਸਭ ਯੰਤਰਾਂ ਦੀ ਕਾਰਜ ਵਿਧੀ ਅਤੇ ਮਕਸਦ 'ਤੇ ਰੌਸ਼ਨੀ ਪਾਉਂਦਾ ਹੈ।
ਇੰਜ 14 ਯੰਤਰਾਂ ਦੀ ਸਹਾਇਤਾ ਦੇ ਨਾਲ ਕਾਲ ਗਿਣਤੀ ਕਰਕੇ ਜੋਤਿਸ਼ੀ, ਗਣਿਤ ਸ਼ਾਸਤਰੀ ਅਤੇ ਵਿਦਵਾਨ ਇਸ ਖੇਤਰ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਇਕੱਤਰ ਕਰਨ ਲਈ ਇਥੇ ਆਉਂਦੇ ਰਹਿੰਦੇ ਹਨ। ਸਵਾਈ ਜੈ ਸਿੰਘ ਦੀ ਮੌਤ ਤੋਂ ਬਾਅਦ ਵੀ ਉਸ ਦੇ ਉਤਰਾਧਿਕਾਰੀਆਂ ਨੇ ਇਸ ਦੀ ਸੰਭਾਲ ਲਈ ਜ਼ਰੂਰੀ ਧਿਆਨ ਦਿੱਤਾ ਤੇ ਇਸੇ ਕਰਕੇ ਅੱਜ ਵੀ ਇਹ ਯਾਦਗਾਰੀ ਪ੍ਰਯੋਗਸ਼ਾਲਾ ਓਨੀ ਹੀ ਲਾਭਕਾਰੀ ਤੇ ਉਪਯੋਗੀ ਸਾਬਤ ਹੋ ਰਹੀ ਹੈ, ਜਿੰਨੀ ਕਿ ਅੱਜ ਤੋਂ ਸਦੀਆਂ ਪਹਿਲਾਂ ਸੀ।
ਯੰਤਰਾਂ ਦੀ ਸੁਰੱਖਿਆ ਅਤੇ ਸੰਭਾਲ 'ਤੇ ਅੱਜ ਵੀ ਖੂਬ ਖਰਚ ਹੋਣ ਕਰਕੇ ਇਹ ਸਭ ਯੰਤਰ ਅੱਜ ਵੀ ਖੂਬ ਉਪਯੋਗੀ ਅਤੇ ਕਾਰਜਕਾਰੀ ਹਨ ਅਤੇ ਹਰ ਇਕ ਯੰਤਰ ਦੀ ਸੰਭਾਲ ਅਤੇ ਇਸ ਬਾਰੇ ਸੈਲਾਨੀਆਂ ਤੇ ਖੋਜੀਆਂ ਨੂੰ ਜਾਣਕਾਰੀ ਦੇਣ ਲਈ ਵਿਦਵਾਨ 'ਗਾਈਡ' ਨਿਯੁਕਤ ਹਨ ਜੋ ਕਿ ਇਨ੍ਹਾਂ ਬਾਰੇ ਸੰਪੂਰਨ ਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਦੇ ਹਨ। ਸਮੇਂ-ਸਮੇਂ 'ਤੇ ਇਥੇ ਕਾਰਜਸ਼ਾਲਾਵਾਂ ਅਤੇ ਸੰਮੇਲਨ ਹੁੰਦੇ ਰਹਿੰਦੇ ਹਨ ਅਤੇ ਖਗੋਲ ਸ਼ਾਸਤਰ ਦੇ ਅਧਿਐਨ ਅਤੇ ਅਧਿਆਪਨ ਦੇ ਬਾਰੇ ਵੀ ਪ੍ਰੀਖਿਆਵਾਂ ਆਯੋਜਿਤ ਹੁੰਦੀਆਂ ਰਹਿੰਦੀਆਂ ਹਨ। ਅੱਜ ਵੀ ਇਹ ਯੰਤਰ ਪ੍ਰਯੋਗੀ ਤੌਰ 'ਤੇ ਖੂਬ ਲਾਭਕਾਰੀ ਹਨ ਅਤੇ ਇਥੇ ਖਗੋਲ ਸ਼ਾਸਤਰ ਨਾਲ ਸਬੰਧਿਤ ਪ੍ਰੀਖਿਆਵਾਂ ਤੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਇਸ ਨਾਲ ਸਬੰਧਿਤ ਮਾਡਲਾਂ ਦੀ ਵਿਵਸਥਾ ਵੀ ਕੀਤੀ ਗਈ ਹੈ। ਇੰਜ ਇਸ ਪ੍ਰਾਚੀਨ ਭਾਰਤੀ ਵਿੱਦਿਆ ਦੀ ਇਹ ਜਿਉਂਦੀ-ਜਾਗਦੀ ਮਿਸਾਲ ਪੁਰਾਤਨ ਸਮਰਾਟਾਂ ਦੀ ਦੂਰਅੰਦੇਸ਼ੀ, ਸੂਝ ਅਤੇ ਵਿਗਿਆਨਕ ਰੁਚੀਆਂ ਦਾ ਇਕ ਸਜੀਵ ਸਬੂਤ ਹੈ।


-ਪੀ.ਸੀ.ਐੱਸ. (ਏ.), ਪਿਲਕਨ ਸਟਰੀਟ, ਅਨਾਰਕਲੀ ਬਾਜ਼ਾਰ, ਜਗਰਾਉਂ-142026. ਮੋਬਾ: 98885-69669

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ

ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ

ਮੇਲੇ 'ਤੇ ਵਿਸ਼ੇਸ਼
ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾਂਦਿਆਂ ਰਸਤੇ 'ਚ ਪੈਂਦੇ ਥਾਣਾ ਘਰਿੰਡਾ ਤੋਂ ਖੱਬੇ ਪਾਸੇ 3 ਕੁ ਮੀਲ ਦੂਰ ਛੇਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਸਥਿਤ ਹੈ।
ਪਿੰਡ ਹੁਸ਼ਿਆਰ ਨਗਰ ਦੇ ਬਾਹਰਵਾਰ ਸਥਿਤ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਤ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾਂਦੇ ਸਨ ਤਾਂ ਇਸ ਰਸਤੇ ਤੋਂ ਹੀ ਗੁਜ਼ਰਦੇ ਸਨ। ਇਕ ਵਾਰ ਗੁਰੂ ਜੀ ਲਾਹੌਰ ਨੂੰ ਜਾਂਦੇ ਸਮੇਂ ਇਸ ਜਗ੍ਹਾ 'ਤੇ ਆਰਾਮ ਕਰਨ ਲਈ ਰੁਕੇ ਤਾਂ ਇਥੋਂ ਸੱਜੇ ਪਾਸੇ ਹੁਣ ਉਜੜ ਚੁੱਕੇ ਨੌਂ ਲੱਖਾ ਸ਼ਹਿਰ ਦੇ ਲੋਕਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸਾਨੂੰ ਇਸ ਸ਼ਹਿਰ ਦਾ ਹਾਕਮ ਹੁਸ਼ਿਆਰ ਖਾਂ ਬੜਾ ਤੰਗ-ਪ੍ਰੇਸ਼ਾਨ ਕਰਦਾ ਹੈ, ਇਥੋਂ ਤੱਕ ਕਿ ਸਾਡੀਆਂ ਧੀਆਂ-ਭੈਣਾਂ ਵੀ ਇਸ ਜ਼ਾਲਮ ਦੇ ਰਾਜ 'ਚ ਸੁਰੱਖਿਅਤ ਨਹੀਂ ਹਨ। ਸਾਨੂੰ ਇਸ ਜ਼ਾਲਮ ਦੇ ਜ਼ੁਲਮਾਂ ਤੋਂ ਬਚਾਇਆ ਜਾਵੇ। ਤਾਂ ਉਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਕੁਝ ਸਿੰਘ ਭੇਜ ਕੇ ਹੁਸ਼ਿਆਰ ਖਾਂ ਨੂੰ ਸੁਧਰ ਜਾਣ ਲਈ ਕਿਹਾ ਪਰ ਅੱਗੋਂ ਤਾਕਤ ਦੇ ਨਸ਼ੇ 'ਚ ਅੰਨ੍ਹੇ ਹੁਸ਼ਿਆਰ ਖਾਂ ਨੇ ਗੁਰੂ ਜੀ ਨੂੰ ਜਾਨ ਬਚਾਅ ਕੇ ਭੱਜ ਜਾਣ ਦੀ ਚੁਣੌਤੀ ਦਿੱਤੀ।
ਗੁਰੂ ਜੀ ਆਪਣੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਹੁਸ਼ਿਆਰ ਖਾਂ ਨੂੰ ਸੋਧਾ ਲਾਉਣ ਲਈ ਨਿਕਲੇ ਤਾਂ ਅੱਗੋਂ ਹੁਸ਼ਿਆਰ ਖਾਂ ਵੀ ਆਪਣੇ ਸਿਪਾਹੀ ਲੈ ਕੇ ਮੈਦਾਨ 'ਚ ਗੁਰੂ ਜੀ ਨਾਲ ਲੜਨ ਲਈ ਆ ਗਿਆ। ਥੋੜ੍ਹੇ ਚਿਰ ਦੀ ਹੋਈ ਇਸ ਝੜਪ 'ਚ ਹੁਸ਼ਿਆਰ ਖਾਂ ਨੂੰ ਮੂੰਹ ਦੀ ਖਾਣੀ ਪਈ। ਗੁਰੂ ਜੀ ਦੇ ਇਕ ਹੀ ਵਾਰ ਨਾਲ ਹੁਸ਼ਿਆਰ ਖਾਂ ਜ਼ਖ਼ਮੀ ਹੋ ਕੇ ਘੋੜੇ ਤੋਂ ਹੇਠਾਂ ਡਿਗ ਪਿਆ ਤਾਂ ਉਸ ਸਮੇਂ ਗੁਰੂ ਜੀ ਨੇ ਕਿਹਾ, 'ਹੁਸ਼ਿਆਰ ਖਾਂ ਮਰਨ ਲਈ ਤਿਆਰ ਹੋ ਜਾ ਕਲਮਾਂ ਪੜ੍ਹ।' ਤਾਂ ਹੁਸ਼ਿਆਰ ਖਾਂ ਕਹਿਣ ਲੱਗਾ, 'ਮਹਾਰਾਜ, ਬੜੀ ਵੱਡੀ ਭੁੱਲ ਹੋ ਗਈ, ਬਖਸ਼ ਲਓ, ਮੈਂ ਇਸ ਸ਼ਹਿਰ 'ਤੇ ਬੜਾ ਚਿਰ ਰਾਜ ਕੀਤਾ ਹੈ, ਕਿਤੇ ਮੇਰਾ ਵੀ ਪਿੱਛੇ ਕੋਈ ਨਾਂਅ ਰਹਿ ਜਾਵੇ', ਤਾਂ ਰਹਿਮ ਦਿਲ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਤੇਰੇ ਮਗਰੋਂ ਤੇਰੇ ਪਾਪਾਂ ਨਾਲ ਭਰਿਆ ਇਹ ਸ਼ਹਿਰ ਉਜੜ ਜਾਵੇਗਾ ਤੇ ਇਥੋਂ ਕੁਝ ਦੂਰੀ 'ਤੇ ਹਟ ਕੇ ਹੁਸ਼ਿਆਰ ਨਗਰ ਇਕ ਪਿੰਡ ਤੇਰੇ ਨਾਂਅ 'ਤੇ ਵਸੇਗਾ। ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੁਸ਼ਿਆਰ ਖਾਂ ਮਰ ਗਿਆ। ਉਸ ਦੇ ਮਰਨ ਉਪਰੰਤ ਉਥੋਂ ਦੀ ਜਨਤਾ ਨੇ ਸੁੱਖ ਦਾ ਸਾਹ ਲਿਆ।
(ਇਥੇ ਵਰਨਣਯੋਗ ਹੈ ਕਿ ਉਹ ਸ਼ਹਿਰ ਤਾਂ ਉਜੜੇ ਨੂੰ ਸੈਂਕੜੇ ਸਾਲ ਹੋ ਗਏ ਪਰ ਉਥੋਂ ਦੀਆਂ ਕੁਝ ਕੁ ਖਾਸ ਮਸਜਿਦਾਂ, ਜਿਥੇ ਲੋਕ ਇਬਾਦਤ ਕਰਨ ਰੋਜ਼ ਆਉਂਦੇ ਸਨ, ਉਹ ਅਜੇ ਵੀ ਕਾਇਮ ਹਨ। ਇਕ ਬਹੁਤ ਵੱਡਾ ਪੁਰਾਤਨ ਤਲਾਅ, ਜਿਸ ਵਿਚ ਉਸ ਸਮੇਂ ਦੇ ਸ਼ਾਹੀ ਲੋਕ ਨਹਾਉਂਦੇ ਸਨ, ਇਹ ਤਲਾਅ ਅਤੇ ਮਸਜਿਦਾਂ ਅੱਜਕਲ੍ਹ ਵਕਫ਼ ਬੋਰਡ ਦੇ ਅਧੀਨ ਹਨ। ਲੇਖਕ ਨੇ ਵਕਫ਼ ਬੋਰਡ ਨੂੰ ਮਸਜਿਦਾਂ ਦੀ ਸਾਂਭ-ਸੰਭਾਲ ਸਬੰਧੀ ਚਿੱਠੀ ਲਿਖੀ ਸੀ, ਜਿਸ ਦਾ ਜਵਾਬ ਮੁਸਲਿਮ ਅਬਾਦੀ ਦਾ ਨਾ ਹੋਣਾ ਕਹਿ ਕੇ ਵਕਫ਼ ਬੋਰਡ ਨੇ ਪੱਲਾ ਝਾੜ ਲਿਆ।) ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਹਰ ਮਹੀਨੇ ਭਾਰੀ ਮੱਸਿਆ ਲਗਦੀ ਹੈ। ਦੂਰ-ਦੂਰ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਇਸ ਵਾਰ 25-26 ਨਵੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਜੀ ਨੇ ਇਸ ਪਾਵਨ ਅਸਥਾਨ 'ਤੇ ਇਸ ਧਰਤੀ ਨੂੰ ਬੜੇ ਵਰ ਦਿੱਤੇ ਕਿ ਇਥੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨ ਨਾਲ (ਪਹਿਲਾਂ ਇਥੇ ਛੱਪੜੀ ਸੀ) ਕੋਹੜੇ ਰਾਜ਼ੀ ਹੋਇਆ ਕਰਨਗੇ। ਸ਼੍ਰੋਮਣੀ ਕਮੇਟੀ ਦਾ ਸੁਚੱਜਾ ਪ੍ਰਬੰਧ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਹਰ ਵੇਲੇ 'ਜੀ ਆਇਆਂ' ਕਹਿੰਦਾ ਹੈ।


-ਪਿੰਡ ਹੁਸ਼ਿਆਰ ਨਗਰ, ਅੰਮ੍ਰਿਤਸਰ।
ਮੋਬਾ: 98551-20287

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਬੀਕਾਨੇਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਫ਼ਿਲਮਾਂ ਦੀ ਸ਼ੂਟਿੰਗ : ਕਸ਼ਮੀਰ ਵਾਦੀ ਫ਼ਿਲਮ ਨਗਰੀ ਦੀ ਪਹਿਲੀ ਪਸੰਦ ਰਹੀ ਹੈ, ਕਿਸੇ ਸਮੇਂ ਹਰ ਹਿੰਦੀ ਫ਼ਿਲਮ ਵਿਚ ਹੀ ਕਸ਼ਮੀਰ ਵਾਦੀ ਦੇ ਮਨਮੋਹਕ ਦ੍ਰਿਸ਼ ਪਾਏ ਜਾਂਦੇ ਸੀ, ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਇਸ ਵਾਦੀ ਵਿਚ ਹੋ ਚੁੱਕੀ ਹੈ। ਹਾਲ ਤਾਂ ਇਹ ਹੈ ਕਿ ਪਹਿਲਗਾਮ ਤੋਂ 15 ਕਿਲੋਮੀਟਰ ਦੂਰ ਲਿੱਦਰ ਵਾਦੀ ਦੇ ਇਕ ਹਿੱਸੇ ਨੂੰ ਬੇਤਾਬ ਵਾਦੀ ਵੀ ਕਿਹਾ ਜਾਂਦਾ ਹੈ। ਇਸ ਵਾਦੀ ਵਿਚ ਸੰਨੀ ਦਿਉਲ ਅਤੇ ਅੰਮ੍ਰਿਤਾ ਸਿੰਘ ਦੀ ਫ਼ਿਲਮ ਬੇਤਾਬ ਦੀ ਸ਼ੂਟਿੰਗ ਹੋਈ ਸੀ, ਉਦੋਂ ਤੋਂ ਹੀ ਇਸ ਇਲਾਕੇ ਨੂੰ ਬੇਤਾਬ ਵਾਦੀ ਕਿਹਾ ਜਾਂਦਾ ਹੈ। ਇਸ ਵਾਦੀ ਦੀ ਸਮੁੰਦਰ ਤਲ ਤੋਂ ਉਚਾਈ 7851 ਫੁੱਟ ਹੈ। ਇਸ ਤੋਂ ਇਲਾਵਾ ਪੂਰੇ ਕਸ਼ਮੀਰ ਇਲਾਕੇ ਵਿਚ ਹੀ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ।
ਕਿਸੇ ਸਮੇਂ ਪ੍ਰਸਿੱਧ ਰਿਆਸਤ ਰਹਿ ਚੁੱਕੀ ਕਸ਼ਮੀਰ ਵਾਦੀ ਅੱਜ ਵੀ ਸੈਲਾਨੀਆਂ ਦਾ ਮਨ ਮੋਹ ਲੈਂਦੀ ਹੈ। ਕਸ਼ਮੀਰ ਵਾਦੀ ਨੂੰ ਧਰਤੀ ਉੱਪਰ ਸਵਰਗ ਦਾ ਨਾਂਅ ਦਿੱਤਾ ਹੋਇਆ ਹੈ। ਇਸ ਵਾਦੀ ਨੂੰ ਪੂਰਬ ਦਾ ਸਵਿਟਜ਼ਰਲੈਂਡ ਵੀ ਕਹਿੰਦੇ ਹਨ।
ਰਿਆਸਤ ਬੀਕਾਨੇਰ
ਬੀਕਾਨੇਰੀ ਭੁਜੀਆ ਕਾਰਨ ਪ੍ਰਸਿੱਧ ਬੀਕਾਨੇਰ ਸ਼ਹਿਰ ਅਸਲ ਵਿਚ ਇਕ ਪੁਰਾਤਨ ਰਿਆਸਤ ਹੈ। ਇਹ ਰਿਆਸਤ ਆਪਣੇ-ਆਪ ਵਿਚ ਇਕ ਪ੍ਰਾਚੀਨ ਇਤਿਹਾਸ ਸਮੋਈ ਬੈਠੀ ਹੈ। ਰਾਜਸਥਾਨ ਸੂਬੇ ਵਿਚ ਸਥਿਤ ਇਹ ਪੁਰਾਤਨ ਰਿਆਸਤ ਬੀਕਾਨੇਰ ਅੱਜ ਵੀ ਪੁਰਾਣੀਆਂ ਰਿਆਸਤੀ ਨਿਸ਼ਾਨੀਆਂ ਸਾਂਭੀ ਬੈਠੀ ਹੈ।
ਬੀਕਾਨੇਰ ਰਿਆਸਤ ਦਾ ਪੁਰਾਣਾ ਨਾਂਅ ਜਾਂਗਲ ਅਤੇ ਜੰਗਲ ਦੇਸ਼ ਸੀ। ਬੀਕਾਨੇਰ ਰਿਆਸਤ ਅਤੇ ਜੋਧਪੁਰ ਰਿਆਸਤ ਦਾ ਉੱਤਰੀ ਹਿੱਸਾ ਅਸਲ ਵਿਚ ਜਾਂਗਲ ਦੇਸ਼ ਕਹਿਲਾਉਂਦਾ ਸੀ। ਬੀਕਾਨੇਰ ਰਿਆਸਤ ਦੇ ਉੱਤਰੀ ਦਿਸ਼ਾ ਵਿਚ ਕੁਰੂ ਅਤੇ ਮਦਰ ਦੇਸ਼ ਸਥਿਤ ਸਨ। ਬੀਕਾਨੇਰ ਰਿਆਸਤ ਦਾ ਜ਼ਿਕਰ ਮਹਾਂਭਾਰਤ ਵਿਚ ਵੀ ਆਉਂਦਾ ਹੈ ਪਰ ਉਸ ਵਿਚ ਇਸ ਦਾ ਨਾਂਅ ਜਾਂਗਲ ਦੇਸ਼ ਹੀ ਲਿਖਿਆ ਹੋਇਆ ਮਿਲਦਾ ਹੈ। ਮਹਾਂਭਾਰਤ ਵਿਚ ਜਾਂਗਲ ਦੇਸ਼ ਦਾ ਨਾਂਅ ਇਕੱਲੇ ਤੌਰ ਉੱਪਰ ਵੀ ਆਉਂਦਾ ਹੈ ਅਤੇ ਕੁਰੂ ਅਤੇ ਮਦਰ ਦੇਸ਼ਾਂ ਦੇ ਨਾਲ ਜੁੜਿਆ ਹੋਇਆ ਵੀ ਮਿਲਦਾ ਹੈ। ਬੀਕਾਨੇਰ ਦੇ ਰਾਜਾਂ ਨੂੰ ਜੰਗਲ ਦੇਸ਼ ਦਾ ਮਾਲਕ ਹੋਣ ਦੇ ਕਾਰਨ ਅਜੇ ਤੱਕ ਵੀ ਜੰਗਲਧਰ ਬਾਦਸ਼ਾਹ ਕਿਹਾ ਜਾਂਦਾ ਹੈ। ਅਸਲ ਵਿਚ ਆਧੁਨਿਕ ਬੀਕਾਨੇਰ ਦੀ ਪ੍ਰਸਿੱਧੀ ਬੀਕਾਨੇਰੀ ਭੁਜੀਆ ਕਰਕੇ ਹੀ ਹੈ। ਕਿਹਾ ਜਾਂਦਾ ਹੈ ਕਿ ਬੀਕਾਨੇਰ ਦਾ ਹਵਾ ਅਤੇ ਪਾਣੀ ਹੀ ਅਜਿਹਾ ਹੈ ਕਿ ਉਥੇ ਭੁਜੀਆ ਬਹੁਤ ਹੀ ਵਧੀਆ ਕਿਸਮ ਦਾ ਬਣਦਾ ਹੈ, ਜਦੋਂ ਕਿ ਉਸੇ ਸਾਮਾਨ ਨਾਲ ਗੰਗਾਨਗਰ ਅਤੇ ਹੋਰ ਇਲਾਕਿਆਂ ਵਿਚ ਵੀ ਭੁਜੀਆ ਬਣਾਉਣ ਦਾ ਯਤਨ ਕੀਤਾ ਗਿਆ ਪਰ ਉਸ ਦਾ ਸਵਾਦ ਬੀਕਾਨੇਰ ਦੇ ਭੁਜੀਆ ਵਰਗਾ ਵਧੀਆ ਨਾ ਬਣ ਸਕਿਆ। ਇਹੀ ਕਾਰਨ ਹੈ ਕਿ ਬੀਕਾਨੇਰ ਦਾ ਬਣਿਆ ਭੁਜੀਆ ਹਰ ਭਾਰਤੀ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਬੀਕਾਨੇਰ ਦੀ ਜਿਪਸਮ ਅਤੇ ਕਲੇਅ ਵੀ ਜਗਤ ਪ੍ਰਸਿੱਧ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 9463819174

22 ਨਵੰਬਰ ਲਈ ਵਿਸ਼ੇਸ਼

ਲਦਾਖ ਦੇ ਹੀਰੋਲੈਫਟੀਨੈਂਟ ਜਨਰਲ ਬਿਕਰਮ ਸਿੰਘਨੂੰ ਯਾਦ ਕਰਦਿਆਂ...

ਸਿਆਣਾ (ਬਲਾਚੌਰ)ਹੁਸ਼ਿਆਰਪੁਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਦੇ ਨਿਵਾਸੀ ਸਵ: ਨਰਾਇਣ ਸਿੰਘ(ਜਿਹੜੇ ਕਿ ਸੈਨਾ 'ਚ ਉੱਚ ਅਧਿਕਾਰੀ ਸਨ) ਤੇ ਮਾਤਾ ਸ਼ਿਵ ਕੌਰ ਦੇਪੁੱਤਰ ਬਿਕਰਮ ਸਿੰਘ (ਅਮਰ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਲਦਾਖ ਦੇ ਹੀਰੋ) ਜਿਨ੍ਹਾਂ ਦਾ ਜਨਮਨਾਨਕੇਪਿੰਡ ਕਾਹਮਾ,ਨੇੜੇ ਬੰਗਾਵਿਖੇ4 ਜੁਲਾਈ, 1911 ਨੂੰ ਹੋਇਆ। ਬਿਕਰਮ ਸਿੰਘ ਨੇਵਿੱਦਿਆ ਪ੍ਰਿੰਸ ਆਫ ਵੇਲਜ, ਰਾਇਲ ਇੰਡੀਆ ਮਿਲਟਰੀ ਕਾਲਜ ਦੇਹਰਾਦੂਨ ਆਦਿ ਵਕਾਰੀ ਸਿੱਖਿਆ ਸੰਸਥਾਵਾਂ ਤੋਂ ਕੀਤੀ। ਇਸਉਪਰੰਤ ਉਨ੍ਹਾਂ ਦੀ ਚੋਣ ਰਾਇਲ ਮਿਲਟਰੀ ਅਕਾਦਮੀ ਸੈਂਡਹਰਸਟ (ਇੰਗਲੈਂਡ) ਲਈ ਹੋਈ। ਸਾਲ 1932 ਵਿਚ ਉਨ੍ਹਾਂ ਨੂੰ ਕਮਿਸ਼ਨ ਮਿਲਣ 'ਤੇ ਇਕ ਸਾਲ ਲਈ ਬਰਤਾਨਵੀ ਬਰਕਸ਼ਾਇਰ ਰਜਮੈਂਟ ਵਿਚ ਨਿਯੁਕਤ ਕਰ ਦਿੱਤਾ ਗਿਆ। ਥੋੜ੍ਹੇ ਜਿਹੇ ਅਰਸੇ ਪਿੱਛੋਂ 6/13 ਐਫ. ਆਈ. ਰਾਈਫਲਜ਼, ਕੋਹਾਟ ਵਿਚ ਨਿਯੁਕਤੀ ਹੋਈ। ਇਸੇ ਦੌਰਾਨ ਉਨ੍ਹਾਂ ਨੇ ਬਰਤਾਨਵੀ ਹਕੂਮਤ ਵਲੋਂ ਉੱਤਰ-ਪੱਛਮੀ ਸੀਮਾ ਪ੍ਰਾਂਤ ਵਿਚ ਬਾਗੀ ਕਬਾਇਲੀਆਂ ਖਿਲਾਫ਼ ਤੇ ਇਸੇ ਪ੍ਰਕਾਰ ਈਰਾਨ, ਇਰਾਕ ਅਤੇ ਲੀਬੀਆ ਵਿਖੇ ਵੀ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਏ। 47 ਵਿਚ ਚੌਥੀ ਬਟਾਲੀਅਨ ਰਾਜਪੂਤ ਸੈਨਾ ਦੇ ਕਮਾਨ ਅਫ਼ਸਰ ਅਤੇ 1948 'ਚ ਬ੍ਰਿਗੇਡੀਅਰ ਦੇ ਅਹੁਦੇ 'ਤੇ ਆ ਕੇ ਜੰਮੂ-ਕਸ਼ਮੀਰ ਤੇ 1953 'ਚ ਆਸਾਮ ਵਿਚ ਸੇਵਾ ਕੀਤੀ।
ਫਿਰ 1955 'ਚ ਉਨ੍ਹਾਂ ਮੇਜਰ ਜਨਰਲ ਵਜੋਂ ਡਵੀਜ਼ਨ ਜੇ. ਐਂਡ ਕੇ. ਵਿਚ ਡਵੀਜ਼ਨ ਤਾਇਨਾਤ ਕੀਤਾ ਗਿਆ। ਉਹ ਅਸ਼ਾਂਤੀ ਵਾਲੇ ਇਲਾਕਿਆਂ 'ਚ ਤਾਇਨਾਤ ਰਹੇਤੇਉਥੇ ਸ਼ਾਂਤੀ ਸਥਾਪਤ ਕੀਤੀ। ਉਨ੍ਹਾਂ ਦਿੱਲੀ, ਰਾਜਸਥਾਨ ਖੇਤਰ ਵਿਚ ਜੀ.ਓ.ਸੀ. ਦੀ ਜ਼ਿੰਮੇਵਾਰੀ ਨਿਭਾਈ। 1961 ਵਿਚ ਉਨ੍ਹਾਂ ਦੀ ਚੋਣ ਲੈਫਟੀਨੈਂਟ ਜਨਰਲ ਦੇ ਅਹੁਦੇ 'ਤੇ ਕੋਰ ਕਮਾਂਡਰ ਵਜੋਂ ਕੀਤੀ ਗਈ, ਜਿਸ 'ਤੇ ਉਹ ਪਹਿਲਾਂ ਹੀ ਨਿਯੁਕਤ ਸਨ। ਸਾਲ 1962 ਦੇ ਚੀਨੀ ਹਮਲੇ ਦੌਰਾਨ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਲਦਾਖ ਖੇਤਰ ਵਿਚ ਖੁਦ ਜਾਨ ਜੋਖਮ ਵਿਚ ਪਾ ਕੇਚੀਨੀਆਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹ ਜੰਮੂ-ਕਸ਼ਮੀਰ ਦੇ ਹਰ ਬਸ਼ਿੰਦੇ ਦੇ ਮਨ ਵਿਚ ਵਸ ਗਏ। ਲੋਕ ਉਨ੍ਹਾਂ ਨੂੰ ਫਰਿਸ਼ਤੇ ਦੀ ਤਰ੍ਹਾਂ ਪੂਜਣ ਲੱਗੇ। ਇਸੇ ਜੰਗ ਵਿਚ 60 ਫੀਸਦੀ ਤਗਮੇ ਪ੍ਰਾਪਤ ਕਰਨ ਵਾਲੇਜਵਾਨ ਉਨ੍ਹਾਂ ਦੀ ਹੀ ਰੈਜਮੈਂਟ ਨਾਲ ਸਬੰਧਤਸਨ। ਇਸ ਸ਼ਾਨਦਾਰਤੇ ਵਿਲੱਖਣਪ੍ਰਾਪਤੀਕਾਰਨ ਹਿੱਤ ਉੱਥੇ ਦੇ ਬਸ਼ਿੰਦਿਆਂਨੇ ਉਨ੍ਹਾਂ ਨੂੰ ਹੀਰੋ ਆਫ ਲਦਾਖ ਦਾ ਖ਼ਿਤਾਬ ਦਿੱਤਾ। ਇਸ ਸ਼ਾਨਦਾਰ ਜਿੱਤ ਤੋਂ ਬਆਦ 16 ਨਵੰਬਰ, 1963 ਸੈਨਾ ਦੇ ਕਮਾਂਡਰ ਹੈੱਡਕੁਆਟਰ ਪੱਛਮੀ ਕਮਾਂਡ ਪੱਛਮੀ ਬੰਗਾਲ ਵਜੋਂ ਤਰੱਕੀ ਹੋਈ ਅਤੇ ਉਨ੍ਹਾਂ ਨੇ 3 ਦਸੰਬਰ ਨੂੰ ਲੈ: ਜਨਰਲ ਦੌਲਤ ਸਿੰਘ ਹੁਰਾਂ ਤੋਂ ਅਹੁਦਾ ਸੰਭਾਲਣਾ ਸੀ, ਪਰ ਸ: ਬਿਕਰਮ ਸਿੰਘ 22 ਨਵੰਬਰ, 1963 ਨੂੰ ਪੁਣਛ ਲਾਗਲੇ ਝਲਾਸ ਖੇਤਰ ਆਪਣੇ ਸਾਥੀਆਂ ਏਅਰ ਮਾਰਸ਼ਲ ਪਿੰਟੋਂ, ਲੈ: ਜ: ਦੌਲਤ ਸਿੰਘ, ਮੇਜਰ ਜਨਰਲ ਨਾਨਵੱਤੀ ਤੇ ਪਾਇਲਟ ਲੈ: ਸੋਢੀ ਨਾਲ ਬਾਰਡਰ ਦਾ ਨਿਰੀਖਣ ਕਰਨ ਲਈਹਵਾਈ ਸਫ਼ਰ ਕਰ ਰਹੇ ਸਨ, ਤਾਂ ਇਹ ਸਫ਼ਰ ਉਨ੍ਹਾਂ ਲਈ ਆਖਰੀ ਸਫ਼ਰ ਸਾਬਤ ਹੋਇਆ, ਕਿਉਂਕਿ ਇਸ ਦੌਰਾਨ ਉਨ੍ਹਾਂ ਦਾ ਹੈਲੀਕਾਪਟਰਭੇਦਭਰੇ ਹਾਲਾਤ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਲੈਫਟੀਨੈਂਟ ਜਨਰਲ ਸ: ਬਿਕਰਮ ਸਿੰਘ ਸਹਿਤ ਸਾਰੇਸੂਰਬੀਰ ਸ਼ਹਾਦਤ ਦਾ ਜਾਮ ਪੀ ਗਏ।
ਸ਼ਹਾਦਤ ਉਪਰੰਤ ਉਨ੍ਹਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਲੈ: ਜਨਰਲ ਬਿਕਰਮ ਸਿੰਘ ਦੀ ਸ਼ਹਾਦਤ 'ਤੇ ਹਰ ਜੰਮੂ-ਕਸ਼ਮੀਰ ਤੇ ਖਾਸ ਕਰਕੇ ਲਦਾਖੀਆਂ ਦੀਆਂ ਅੱਖਾਂ ਹੰਝੂਆਂ ਨਾਲ ਨਮ ਸਨ ਅਤੇ ਲੋਕਾਂ ਦੇਅਤਿੰਅਤਮੋਹਤੇ ਇੱਛਾ ਨੂੰ ਮੁੱਖ ਰੱਖਦਿਆਂਉਨ੍ਹਾਂ ਦਾ ਅੰਤਿਮ ਸੰਸਕਾਰ ਜੰਮੂ-ਕਸ਼ਮੀਰ ਵਿਚ ਕੀਤਾ ਗਿਆ। ਲਦਾਖ ਦੇ ਹੀਰੋ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਜੰਮੂ ਸ਼ਹਿਰ ਵਿਚ ਤਵੀ ਨਦੀ ਦੇ ਕੰਢੇ 'ਤੇ ਚੌਕ, ਜਿਸ ਨੂੰ ਬਿਕਰਮ ਚੌਕ ਆਖਿਆ ਜਾਂਦਾ ਹੈ, 'ਤੇ ਸੁਸ਼ੋਭਿਤ 10 ਫੁੱਟ ਲੰਬਾ ਕਾਸ਼ੀ ਦਾ ਬੁੱਤ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਾਉਂਦਾ ਰਹੇਗਾ। ਇਲਾਕੇ ਦੇ ਲੋਕਾਂ, ਭਾਰਤੀ ਫੌਜ ਤੋਂ ਸੇਵਾ ਮੁਕਤ ਜਵਾਨਾਂ ਤੇ ਅਫ਼ਸਰਾਂ ਦੀ ਮੰਗ ਹੈ ਕਿਜੰਮੂ-ਕਸ਼ਮੀਰ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਚੌਕ 'ਤੇ ਸੁਸ਼ੋਭਿਤ ਬੁੱਤ ਵਾਂਗ ਬਲਾਚੌਰ ਖੇਤਰਵਿਚ ਅਮਰ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮਸਿੰਘ ਦੀ ਯਾਦ ਵਿਚ ਸ਼ਾਨਦਾਰ ਯਾਦਗਾਰ ਉਸਾਰੀ ਕੀਤੀਜਾਵੇ। ਲੈ: ਜਨ: ਬਿਕਰਮ ਸਿੰਘ ਦੀ ਬਰਸੀ/ਸ਼ਹੀਦੀ ਦਿਹਾੜੇ 'ਤੇ 22 ਨਵੰਬਰ ਨੂੰ ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿਚ ਯਾਦ ਕੀਤਾ ਜਾ ਰਿਹਾ ਹੈ।


-ਬਲਾਚੌਰ (ਸ਼:ਭ:ਸ: ਨਗਰ)। ਮੋਬਾ: 94176-48151

ਲਾਹੌਰੀਆਂ ਨੇ ਨਹੀਂ ਭੁਲਾਇਆ ਗੋਬਿੰਦ ਰਾਮ ਸ਼ਰਬਤ ਵਾਲੇ ਨੂੰ

ਦੇਸ਼ ਦੀ ਵੰਡ ਦੇ ਚਲਦਿਆਂ ਲਾਹੌਰ ਵਿਚ ਹੋਏ ਸੰਪਰਦਾਇਕ ਦੰਗਿਆਂ ਵਿਚ ਮੁਸਲਿਮ ਦੰਗਾਕਾਰੀਆਂ ਦੁਆਰਾ ਉਥੋਂ ਦੇ ਕਰੀਬ-ਕਰੀਬ ਸਾਰੇ ਹੀ ਹਿੰਦੂ ਮੁਹੱਲੇ ਫੂਕ ਦਿੱਤੇ ਗਏ ਅਤੇ ਘਰਾਂ ਤੇ ਮੰਦਿਰਾਂ ਨੂੰ ਖ਼ਾਕ-ਏ-ਸਪੁਰਦ ਕਰ ਦਿੱਤਾ ਗਿਆ। ਸੰਪਰਦਾਇਕ ਨਫ਼ਰਤ ਦੀ ਇਸ ਅੱਗ ਵਿਚ ਲਾਹੌਰ ਦੇ ਕਰੀਬ ਸਾਰੇ ਹਿੰਦੂ ਆਬਾਦੀ ਵਾਲੇ ਮੁਹੱਲੇ ਤੇ ਬਾਜ਼ਾਰ-ਸ਼ਾਹ ਆਲਮ, ਰੰਗ ਮਹਿਲ, ਸੂਹਾ ਬਾਜ਼ਾਰ, ਵੱਛੂਵਾਲੀ, ਗਵਾਲ ਮੰਡੀ, ਸੰਤ ਨਗਰ, ਨਿਸਬਤ ਰੋਡ ਅਤੇ ਸਰੀਨ ਮੁਹੱਲਾ ਆਦਿ ਜ਼ਮੀਨਦੋਜ਼ ਹੋ ਗਏ। ਇਸ ਦੌਰਾਨ ਹੋਈ ਲੁੱਟ-ਖਸੁੱਟ ਅਤੇ ਸਾੜ-ਫੂਕ ਦੀਆਂ ਘਟਨਾਵਾਂ ਦੇ ਬਾਅਦ ਉਪਰੋਕਤ ਇਲਾਕਿਆਂ ਵਿਚ ਸ਼ਾਇਦ ਹੀ ਕਿਸੇ ਹਿੰਦੂ ਦਾ ਅਜਿਹਾ ਘਰ ਜਾਂ ਦੁਕਾਨ ਬਾਕੀ ਬਚੀ ਰਹਿ ਗਈ ਹੋਵੇਗੀ, ਜੋ ਦੰਗਾਕਾਰੀਆਂ ਦੁਆਰਾ ਅੱਗ ਦੇ ਭਾਂਬੜਾਂ ਦੇ ਸਪੁਰਦ ਨਾ ਕੀਤੀ ਗਈ ਹੋਵੇ। ਇਨ੍ਹਾਂ ਲੁੱਟਮਾਰ ਅਤੇ ਸਾੜ-ਫੂਕ ਦੀਆਂ ਘਟਨਾਵਾਂ ਦੇ ਚਲਦਿਆਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ ਡੱਬੀ ਬਾਜ਼ਾਰ ਵਿਚਲੀ ਪਵਿੱਤਰ ਬਾਉਲੀ ਵੀ ਤਹਿਸ-ਨਹਿਸ ਹੋ ਗਈ, ਜੋ ਸੁਨਹਿਰੀ ਮਸਜਿਦ ਦੇ ਪਿੱਛੇ ਮੌਜੂਦ ਸੀ। ਆਖਰ ਲਾਹੌਰੀਆਂ ਦੁਆਰਾ ਲਾਹੌਰ ਦੀਆਂ ਬਾਕੀ ਹਿੰਦੂ ਇਮਾਰਤਾਂ ਅਤੇ ਧਾਰਮਿਕ ਅਸਥਾਨਾਂ ਨਾਲ ਐਨੀ ਬੇਰੁਖ਼ੀ ਅਤੇ 'ਗੋਬਿੰਦ ਰਾਮ ਕਾਹਨ ਚੰਦ' ਨਾਮੀ ਇਮਾਰਤ ਨਾਲ ਐਨੀ ਹਮਦਰਦੀ ਕਿਉਂ ਵਿਖਾਈ ਜਾ ਰਹੀ ਹੈ? ਇਥੇ ਇਹ ਜਾਣਨਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਹ 'ਗੋਬਿੰਦ ਰਾਮ ਕਾਹਨ ਚੰਦ' ਕੌਣ ਸਨ? ਪਰ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਲਾਹੌਰ ਦੇ ਕਥਿਤ 'ਵਿਦਵਾਨ ਇਤਿਹਾਸਕਾਰਾਂ' ਦੇ ਦਿਮਾਗ ਦੀ ਤਾਰੀਫ਼ ਕਰਨੀ ਵੀ ਬਣਦੀ ਹੈ, ਜੋ ਆਰੰਭ ਤੋਂ ਹੀ ਝੂਠ ਦਾ ਪੁਲੰਦਾ ਘੜਨ ਵਿਚ ਮਾਹਰ ਰਹੇ ਹਨ।
ਉਪਰੋਕਤ ਦੋ ਮੰਜ਼ਿਲਾਂ ਇਮਾਰਤ ਦੇ ਮੱਥੇ 'ਤੇ ਸਭ ਤੋਂ ਉੱਪਰ ਅੰਗਰੇਜ਼ੀ ਵਿਚ 'ਗੋਬਿੰਦ ਰਾਮ ਕਾਹਨ ਚੰਦ', ਉਸ ਦੇ ਹੇਠਾਂ 'ਇਸਟੇਬਲਿਸ਼ਮੈਂਟ 1805' ਅਤੇ ਸਭ ਤੋਂ ਹੇਠਾਂ 'ਹਿੰਦੁਸਤਾਨ ਕਮਰਸ਼ੀਅਲ ਬੈਂਕ ਲਿਮਟਿਡ' ਲਿਖਿਆ ਗਿਆ ਹੈ। ਇਹ ਇਬਾਰਤ ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਇਸੇ ਪ੍ਰਕਾਰ ਦਰਜ ਸੀ। ਇਹੋ ਇਬਾਰਤ ਹੇਠਲੀ ਮੰਜ਼ਿਲ ਦੇ ਬਾਹਰ ਸ਼ਾਹਮੁਖੀ (ਉਰਦੂ) ਵਿਚ ਵੀ ਦਰਜ ਹੈ। ਲਾਹੌਰ ਦੇ ਪ੍ਰਸਿੱਧ ਇਤਿਹਾਸਕਾਰ ਮਾਜ਼ਿਦ ਸ਼ੇਖ਼ ਸਹਿਤ ਹੋਰਨਾ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਉਪਰੋਕਤ ਇਬਾਰਤ ਵਿਚੋਂ 'ਗੋਬਿੰਦ ਰਾਮ ਕਾਹਨ ਚੰਦ' ਨੂੰ ਅਲੱਗ ਕਰ ਕੇ 'ਇਸਟੇਬਲਿਸ਼ਮੈਂਟ 1805-ਹਿੰਦੁਸਤਾਨ ਕਮਰਸ਼ੀਅਲ ਬੈਂਕ ਲਿਮਟਿਡ' ਨੂੰ ਇਕੱਠਾ ਕਰ ਦਿੱਤਾ ਹੈ। ਇਸ ਦੇ ਬਾਅਦ ਇਹ ਕਹਾਣੀ ਘੜ ਦਿੱਤੀ ਗਈ ਕਿ ਹਿੰਦੁਸਤਾਨ ਕਮਰਸ਼ੀਅਲ ਬੈਂਕ ਲਿਮਟਿਡ ਦੀ ਸਥਾਪਨਾ ਸੰਨ 1805 ਵਿਚ ਲਾਹੌਰ 'ਚ ਹੋਈ ਅਤੇ ਲਾਹੌਰ ਵਿਚ ਇਸ ਦੀਆਂ ਦੋ ਸ਼ਾਖਾਵਾਂ ਸ਼ੁਰੂ ਕਰਨ ਦੇ ਬਾਅਦ ਇਸ ਦੀ ਇਕ ਬ੍ਰਾਂਚ ਅੰਮ੍ਰਿਤਸਰ ਵਿਚ ਸ਼ੁਰੂ ਕੀਤੀ ਗਈ ਅਤੇ 2 ਜਨਵਰੀ, 1809 ਨੂੰ ਬੈਂਕ ਦੀ ਬ੍ਰਾਂਚ ਬੰਗਾਲ ਵਿਚ ਵੀ ਸ਼ੁਰੂ ਕੀਤੀ ਗਈ। ਪਾਠਕਾਂ ਨੂੰ ਇਹ ਜਾਣ ਕੇ ਵੱਡੀ ਹੈਰਾਨੀ ਹੋਵੇਗੀ ਕਿ ਪਾਕਿਸਤਾਨੀ ਕਥਿਤ ਵਿਦਵਾਨ ਜਿਸ 'ਹਿੰਦੁਸਤਾਨ ਕਮਰਸ਼ੀਅਲ ਬੈਂਕ ਲਿਮਟਿਡ' ਦੀ ਸ਼ੁਰੂਆਤ ਪੂਰੇ ਦਾਅਵੇ ਨਾਲ ਸੰਨ 1805 ਵਿਚ ਹੋਈ ਦੱਸ ਕੇ ਐਨਾ ਲੰਮਾ-ਚੌੜਾ ਇਤਿਹਾਸ ਘੜ ਰਹੇ ਹਨ, ਅਸਲ ਵਿਚ ਉਸ ਦੀ ਸ਼ੁਰੂਆਤ 14 ਮਈ, 1943 ਨੂੰ ਹੋਈ ਸੀ, ਜਿਸ ਨੂੰ ਬਾਅਦ ਵਿਚ ਪੰਜਾਬ ਨੈਸ਼ਨਲ ਬੈਂਕ 'ਚ ਸ਼ਾਮਿਲ ਕਰ ਲਿਆ ਗਿਆ।
ਦਰਅਸਲ ਸੰਨ 1805 ਵਿਚ ਰੰਗ ਮਹਿਲ ਇਲਾਕੇ ਦੀ ਉਪਰੋਕਤ ਇਮਾਰਤ ਦੀ ਹੇਠਲੀ ਮੰਜ਼ਿਲ ਵਿਚ 'ਗੋਬਿੰਦ ਰਾਮ ਕਾਹਨ ਚੰਦ' ਆਯੁਰਵੈਦਿਕ ਦਵਾਈਆਂ ਦੀ ਦੁਕਾਨ ਸ਼ੁਰੂ ਕੀਤੀ ਗਈ ਸੀ, ਜਿਸ ਦਾ ਜੜ੍ਹੀ-ਬੂਟੀਆਂ ਨਾਲ ਬਣਿਆ ਸ਼ਰਬਤ ਪੂਰੇ ਪੰਜਾਬ ਵਿਚ ਮਸ਼ਹੂਰ ਸੀ। ਸੰਨ 1944 ਦੇ ਸ਼ੁਰੂ ਵਿਚ ਇਸੇ ਦੁਕਾਨ ਦੀ ਉੱਪਰਲੀ ਮੰਜ਼ਿਲ ਵਿਚ ਹਿੰਦੁਸਤਾਨ ਕਮਰਸ਼ੀਅਲ ਬੈਂਕ ਲਿਮਟਿਡ ਦੀ ਬ੍ਰਾਂਚ ਸ਼ੁਰੂ ਕੀਤੀ ਗਈ।
ਦੇਸ਼ ਦੀ ਵੰਡ ਦੇ ਬਾਅਦ 'ਗੋਬਿੰਦ ਰਾਮ ਕਾਹਨ ਚੰਦ' ਨੂੰ ਦਿੱਲੀ ਵਿਚ ਮੁੜ ਇਸੇ ਨਾਂਅ ਨਾਲ ਸ਼ੁਰੂ ਕੀਤਾ ਗਿਆ। ਜਲਦੀ ਬਾਅਦ ਉਪਰੋਕਤ ਆਯੁਰਵੈਦਿਕ ਦਵਾਈਆਂ ਦੀ ਦੁਕਾਨ ਨੇ ਆਯੁਰਵੈਦਿਕ ਦਵਾਈਆਂ ਦੀ ਫੈਕਟਰੀ ਦਾ ਰੂਪ ਲੈ ਲਿਆ ਅਤੇ ਇਸ ਦਾ ਯੂਨਿਟ 'ਜੀ.ਕੇ. ਹਰਬਲਜ਼' ਨਾਂਅ ਨਾਲ ਅੱਜ ਵੀ ਨਵੀਂ ਦਿੱਲੀ ਵਿਚ ਸਥਾਪਿਤ ਹੈ।
ਲਾਹੌਰ ਵਿਚ ਰਹਿੰਦੇ ਪੁਰਾਣੇ ਬਜ਼ੁਰਗਾਂ ਅਨੁਸਾਰ ਦੇਸ਼ ਦੀ ਵੰਡ ਦੇ ਕੁਝ ਸਮੇਂ ਬਾਅਦ 'ਗੋਬਿੰਦ ਰਾਮ ਕਾਹਨ ਚੰਦ' ਦੇ ਮਾਲਕ ਲਾਹੌਰ ਆਏ ਸਨ ਅਤੇ ਉਨ੍ਹਾਂ ਨੇ ਦੁਕਾਨ ਦੀ ਬੇਸਮੈਂਟ ਦੀ ਖੁਦਾਈ ਕਰਕੇ ਸੋਨੇ-ਚਾਂਦੀ ਦੇ ਗਹਿਣੇ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਰੁਪਿਆਂ ਨਾਲ ਭਰੀਆਂ ਬੋਰੀਆਂ ਨੂੰ ਟਰੰਕਾਂ ਵਿਚੋਂ ਬਾਹਰ ਕੱਢ ਲਿਆ। ਉਹ ਖੁਦਾਈ ਕਰ ਕੇ ਕੱਢੇ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਇਥੇ ਹੀ ਜ਼ਰੂਰਤਮੰਦਾਂ ਅਤੇ ਜਾਣ-ਪਹਿਚਾਣ ਵਾਲੇ ਮੁਸਲਮਾਨ ਪਰਿਵਾਰਾਂ ਵਿਚ ਵੰਡੇ ਗਏ, ਪਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਆਪਣੇ ਨਾਲ ਭਾਰਤ ਲੈ ਗਏ। ਸ਼ਾਇਦ ਇਹੋ ਕਾਰਨ ਰਿਹਾ ਹੋਵੇਗਾ ਜੋ ਲਾਹੌਰੀਆਂ ਨੇ ਆਪਣੇ ਉਪਰੋਕਤ ਮਦਦਗਾਰਾਂ ਦੇ ਨਾਂਅ ਅਤੇ ਉਨ੍ਹਾਂ ਦੀ ਨਿਸ਼ਾਨੀ ਦਾ ਸਨਮਾਨ ਰੱਖਦਿਆਂ 'ਗੋਬਿੰਦ ਰਾਮ ਕਾਹਨ ਚੰਦ' ਨਾਮੀ ਇਮਾਰਤ ਨੂੰ ਨਾ ਸਿਰਫ਼ ਸਹਿਜ ਕੇ ਹੀ ਰੱਖਿਆ, ਸਗੋਂ ਇਸ ਯਾਦਗਾਰ ਨੂੰ ਸਦੀਵੀ ਬਣਾਈ ਰੱਖਣ ਲਈ ਉਹ ਸਮੇਂ-ਸਮੇਂ 'ਤੇ ਇਸ ਦਾ ਨਵਨਿਰਮਾਣ ਵੀ ਕਰਾਉਂਦੇ ਆ ਰਹੇ ਹਨ। ਦੇਸ਼ ਦੀ ਵੰਡ ਦੇ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਆਈ ਕੜਵਾਹਟ ਦੇ ਚਲਦਿਆਂ ਕਈ ਵਾਰ ਹਾਲਾਤ ਬਦ ਤੋਂ ਬਦਤਰ ਹੋਏ, ਪਰ ਇਸ ਦੇ ਬਾਵਜੂਦ ਲਾਹੌਰੀਆਂ ਨੇ ਇਹ ਨਿਸ਼ਾਨੀ ਲੁਪਤ ਨਹੀਂ ਹੋਣ ਦਿੱਤੀ।


-ਅੰਮ੍ਰਿਤਸਰ। ਫੋਨ : 9356127771, 7837849764

ਜਦੋਂ ਛੇਵੇਂ ਪਾਤਸ਼ਾਹ ਜੀ ਨੇ ਬਾਜ਼ ਦਾ ਹਿਸਾਬ ਚੁਕਾਇਆ

ਕਈ ਲੋਕੀਂ ਭਰਮ ਕਰਦੇ ਹਨ ਕਿ ਗੁਰੂ ਪਾਤਸ਼ਾਹ ਜੀ ਸ਼ਿਕਾਰ ਕਿਉਂ ਕਰਦੇ ਸਨ? ਗੁਰੂ ਦੀ ਹਰ ਕਿਰਿਆ ਪਿੱਛੇ ਕੋਈ ਡੂੰਘਾ ਭੇਦ ਲੁਕਿਆ ਹੁੰਦਾ ਹੈ। ਪਾਤਸ਼ਾਹ ਜੀ ਸ਼ਿਕਾਰ ਵੀ ਪਰਉਪਕਾਰ ਲਈ ਹੀ ਕਰਦੇ ਸਨ। ਇਕ ਵਾਰ ਜਦੋਂ ਆਪ ਜੀ ਸ੍ਰੀ ਹਰਿਗੋਬਿੰਦਪੁਰੇ ਬਿਰਾਜੇ ਹੋਏ ਸਨ ਤਾਂ ਦੂਰੋਂ-ਦੂਰੋਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਆ ਰਹੀਆਂ ਸਨ। ਉਸ ਸਮੇਂ ਕਾਂਸ਼ੀ ਦੀ ਸੰਗਤ ਆਪ ਜੀ ਦੇ ਦਰਸ਼ਨਾਂ ਨੂੰ ਆ ਗਈ। ਇਨ੍ਹਾਂ ਵਿਚੋਂ ਇਕ ਸ਼ਰਧਾਵਾਨ ਸਿੱਖ ਮਹਾਰਾਜ ਜੀ ਦੇ ਦੀਦਾਰਿਆਂ ਲਈ ਬਹੁਤ ਪਿਆਸਾ ਸੀ। ਉਸ ਨੇ ਆ ਕੇ ਮੱਥਾ ਟੇਕਿਆ ਅਤੇ ਉੱਪਰ ਦੇਖਿਆ ਤਾਂ ਹੈਰਾਨ ਹੋ ਗਿਆ ਕਿ ਪਾਤਸ਼ਾਹ ਜੀ ਦਮਦਮੇ ਉੱਤੇ ਬਿਰਾਜ ਹੋਏ ਸਨ ਅਤੇ ਆਪਣੇ ਬਾਜ਼ ਨੂੰ ਇਕ ਬਟੇਰੇ ਦਾ ਮਾਸ ਖੁਆ ਰਹੇ ਸਨ। ਸਿੱਖ ਦੇ ਮਨ ਵਿਚ ਸ਼ੰਕਾ ਆ ਗਿਆ ਕਿ ਏਨੇ ਕ੍ਰਿਪਾਲੂ ਪਾਤਸ਼ਾਹ ਜੀ ਦਇਆਹੀਣ ਕਿਵੇਂ ਹੋ ਸਕਦੇ ਹਨ? ਅੰਤਰਜਾਮੀ ਸਤਿਗੁਰੂ ਜੀ ਨੇ ਉਸ ਦੇ ਦਿਲ ਦੀ ਗੱਲ ਜਾਣ ਕੇ ਕਿਹਾ ਕਿ ਬਿਨਾਂ ਕਾਰਨ ਜਾਣੇ ਕਿਸੇ 'ਤੇ ਤਰਕ ਕਰਨਾ ਠੀਕ ਨਹੀਂ ਹੈ। ਇਹ ਸੁਣ ਕੇ ਸਿੱਖ ਬਹੁਤ ਹੈਰਾਨ ਅਤੇ ਸ਼ਰਮਿੰਦਾ ਹੋਇਆ ਅਤੇ ਕਹਿਣ ਲੱਗਾ ਕਿ ਆਪ ਦਿਲਾਂ ਦੀਆਂ ਜਾਣਦੇ ਹੋ। ਮੈਨੂੰ ਅਨਜਾਣ ਬੁੱਧੀ ਹੋਣ ਕਰਕੇ ਆਪ ਜੀ ਦੀ ਬਾਹਰਲੀ ਕਿਰਿਆ ਦੇਖ ਕੇ ਸ਼ੰਕਾ ਉੱਠਿਆ ਹੈ। ਕਿਰਪਾ ਕਰਕੇ ਨਵਿਰਤ ਕਰੋ। ਮਹਾਰਾਜ ਜੀ ਨੇ ਕਿਹਾ ਕਿ ਕਿਸੇ ਨਾਲ ਬੋਲ-ਕੁਬੋਲ ਕਰਨ ਨਾਲ, ਧੱਕਾ ਕਰਨ ਨਾਲ ਅਤੇ ਬਦਲੇ ਦੀ ਭਾਵਨਾ ਰੱਖਣ ਨਾਲ ਜਨਮਾਂ ਦੇ ਚੱਕਰ ਪੈ ਜਾਂਦੇ ਹਨ। ਪਿਛਲੇ ਜਨਮ ਵਿਚ ਸਾਡਾ ਬਾਜ਼ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਸਿੱਖ ਸੇਵਾਦਾਰ ਸੀ। ਇਹ ਬਟੇਰਾ ਉਸ ਸਮੇਂ ਨਦੀ ਉੱਤੇ ਬੇੜੀ ਦਾ ਮਲਾਹ ਸੀ। ਉਹ ਪੈਸੇ ਲੈ ਕੇ ਨਦੀ ਪਾਰ ਕਰਵਾਉਂਦਾ ਹੁੰਦਾ ਸੀ।
ਕਿਸੇ ਜ਼ਰੂਰੀ ਕਾਰਜ ਲਈ ਬਾਜ਼ ਬਣੇ ਇਸ ਸਿੱਖ ਨੂੰ ਚੌਥੇ ਪਾਤਸ਼ਾਹ ਜੀ ਨੇ ਨਦੀਓਂ ਪਾਰ ਭੇਜਿਆ। ਇਸ ਕੋਲ ਉਸ ਸਮੇਂ ਕੇਵਲ ਪੰਜ ਪੈਸੇ ਹੀ ਸਨ। ਇਹ ਹੁਕਮ ਮੰਨ ਕੇ ਛੇਤੀ ਨਾਲ ਗਿਆ ਅਤੇ ਮਲਾਹ ਦੀ ਬੇੜੀ ਵਿਚ ਬੈਠ ਗਿਆ। ਜਦੋਂ ਬੇੜੀ ਨਦੀ ਦੇ ਵਿਚਕਾਰ ਪਹੁੰਚੀ ਤਾਂ ਮਲਾਹ ਨੇ ਸਾਰਿਆਂ ਤੋਂ ਪੈਸੇ ਮੰਗੇ। ਇਸ ਸਿੱਖ ਨੇ ਪੰਜ ਪੈਸੇ ਦੇ ਕੇ ਕਿਹਾ ਕਿ ਮੈਂ ਗੁਰੂ ਜੀ ਦੇ ਕੰਮ ਜਾ ਰਿਹਾ ਹਾਂ ਅਤੇ ਮੇਰੇ ਕੋਲ ਹੋਰ ਪੈਸੇ ਨਹੀਂ ਹਨ, ਕਿਰਪਾ ਕਰਕੇ ਤੂੰ ਮੈਨੂੰ ਇਨ੍ਹਾਂ ਪੈਸਿਆਂ ਵਿਚ ਹੀ ਪਾਰ ਲਾ ਦੇ। ਪਰ ਮਲਾਹ ਨੇ ਝਗੜਾ ਕੀਤਾ ਕਿ ਪੈਸੇ ਥੋੜ੍ਹੇ ਹਨ। ਇਸ ਝਗੜੇ ਵਿਚ ਹੀ ਮਲਾਹ ਨੇ ਇਸ ਸਿੱਖ ਨੂੰ ਚੁੱਕ ਕੇ ਨਦੀ ਵਿਚ ਸੁੱਟ ਦਿੱਤਾ। ਡੁੱਬਦੇ ਹੋਏ ਸਿੱਖ ਨੇ ਕ੍ਰੋਧ ਵਿਚ ਕਿਹਾ ਕਿ ਨਾ ਇਸ ਮਲਾਹ ਨੇ ਗੁਰੂ ਜੀ ਦਾ ਅਦਬ ਰੱਖਿਆ ਹੈ ਅਤੇ ਨਾ ਹੀ ਮੇਰੇ 'ਤੇ ਤਰਸ ਕੀਤਾ ਹੈ। ਮੇਰਾ ਵੱਸ ਚੱਲੇ ਤਾਂ ਮੈਂ ਇਸ ਨੂੰ ਕੱਚੇ ਨੂੰ ਖਾ ਜਾਵਾਂ। ਇਸੇ ਚਿਤਾਵਨੀ ਵਿਚ ਸਿੱਖ ਨੇ ਪ੍ਰਾਣ ਤਿਆਗ ਦਿੱਤੇ ਅਤੇ ਗੁਰੂ-ਘਰ ਦਾ ਸੇਵਾਦਾਰ ਹੋਣ ਕਰਕੇ ਗੁਰੂ ਕਾ ਬਾਜ਼ ਬਣਿਆ। ਉਧਰ ਮਲਾਹ ਨੇ ਮਰ ਕੇ ਬਟੇਰੇ ਦੀ ਜੂਨ ਪਾਈ। ਇਨ੍ਹਾਂ ਦਾ ਆਵਾਗਵਣ ਮਿਟਾਉਣ ਲਈ ਸਾਨੂੰ ਇਹ ਸਵਾਂਗ ਰਚਣਾ ਪਿਆ ਹੈ। ਸੋ, ਇਹ ਬਾਜ਼ ਬਟੇਰੇ ਤੋਂ ਪਿਛਲੇ ਜਨਮ ਦਾ ਬਦਲਾ ਲੈ ਰਿਹਾ ਹੈ ਅਤੇ ਅਸੀਂ ਇਨ੍ਹਾਂ ਦਾ ਲੇਖਾ ਖ਼ਤਮ ਕਰ ਰਹੇ ਹਾਂ। ਮਹਾਰਾਜ ਜੀ ਨੇ ਸਭ ਨੂੰ ਭਲੇ ਬਣਨ ਦੀ ਅਤੇ ਖਿਮਾਸ਼ੀਲ ਰਹਿਣ ਦੀ ਸਿੱਖਿਆ ਦੇ ਕੇ ਤੋਰਿਆ।

ਮਸਲੇ ਸ਼ੇਖ ਫ਼ਰੀਦ ਕੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸੂਫ਼ੀ ਵਿਚਾਰਧਾਰਾ ਅਤੇ ਮਸਲੇ : ਇਬਾਦਤ, ਇਸ਼ਕ, ਜ਼ਾਹਰ-ਬਾਤਨ ਦੀ ਪਾਕੀਜ਼ਗੀ, ਅੱਲਾ ਦੇ ਨਾਂਅ ਉੱਪਰ ਧਨ ਦੌਲਤ, ਸ਼ਕਤੀ ਅਤੇ ਹੋਰ ਦੁਨਿਆਵੀ ਵਸਤਾਂ ਦਾ ਤਿਆਗ, ਮੁਰਸ਼ਦ ਪ੍ਰਤੀ ਨਿਸ਼ਚਾ, ਆਪੇ ਦੀ ਪਛਾਣ, ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਅਤੇ ਸਾਦਾ ਜੀਵਨ ਬਸਰ ਕਰਨਾ ਆਦਿ ਅਜਿਹੇ ਕੁਝ ਸੂਫ਼ੀ ਵਿਚਾਰ ਜਾਂ ਸਿਧਾਂਤ ਹਨ, ਜੋ ਮਸਲਿਆਂ ਵਿਚ ਸਲੋਕਾਂ ਅਤੇ ਵਾਰਤਕ ਬਿਰਤਾਂਤ ਦੇ ਰੂਪ ਵਿਚ ਸਮਾਏ ਹੋਏ ਹਨ। ਇਹ ਉਹ ਵਿਚਾਰ ਹਨ, ਜੋ ਬਾਬਾ ਫ਼ਰੀਦ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਲੋਕਾਂ ਨਾਲ ਸਮਾਨਤਾ ਰੱਖਦੇ ਹਨ। ਮਸਲਿਆਂ ਦਾ ਫ਼ਰੀਦ ਵਧੇਰੇ ਸਮਦਰਸ਼ੀ ਅਤੇ ਦਰਦਮੰਦ ਹੈ।
ਸਾਹਿਤਕ ਅਤੇ ਭਾਸ਼ਾਈ ਮਹੱਤਵ : ਮਸਲਾ ਅਰਬੀ ਸ਼ਬਦ ਹੈ, ਜਿਸ ਦਾ ਅਰਥ ਹੈ ਸੁਆਲ ਜਾਂ ਪੁੱਛ। ਉਰਦੂ ਵਿਚ ਆ ਕੇ ਇਸ ਦਾ ਅਰਥ ਵਿਸਤਾਰ ਹੋ ਗਿਆ ਅਤੇ ਇਸ ਤੋਂ ਦੀਨੀ ਕਾਨੂੰਨ ਦਾ ਭਾਵ ਲਿਆ ਜਾਣ ਲੱਗਾ। ਪੰਜਾਬੀ ਵਿਚ ਆ ਕੇ ਇਹ ਸ਼ਬਦ ਹੋਰ ਵੀ ਵਿਸ਼ਾਲਤਰ ਹੋ ਗਿਆ, ਕਿਉਂਕਿ ਮਸਲੇ ਸਿਰਲੇਖ ਅਧੀਨ ਪ੍ਰਾਪਤ ਵਾਰਤਕ ਰਚਨਾਵਾਂ ਵਿਚ ਦੀਨੀ ਗੱਲਾਂ ਦੇ ਨਾਲ-ਨਾਲ ਚਰਿਤ੍ਰ ਉਸਾਰੀ ਦੀ ਗੱਲ ਵੀ ਆਣ ਜੁੜੀ। ਜਿਵੇਂ ਜਨਮ ਸਾਖੀਆਂ, ਸਾਖੀਆਂ ਅਤੇ ਪਰਚੀਆਂ ਸਿੱਖ/ਹਿੰਦੂ ਧਰਮ ਆਗੂਆਂ ਦੇ ਜੀਵਨ ਬਿਰਤਾਂਤ ਅਤੇ ਸ਼ਖ਼ਸੀਅਤ ਨੂੰ ਅੰਕਿਤ ਕਰਦੀਆਂ ਹਨ, ਠੀਕ ਇਸੇ ਤਰ੍ਹਾਂ ਮਸਲੇ ਮੁਸਲਮਾਨ ਧਰਮ ਸਾਧਕਾਂ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਰੇਖਾਂਕਿਤ ਕਰਦੇ ਹਨ, ਜਿਵੇਂ ਮਸਲਾ ਹਦਰਥ ਰਸੂਲ ਕਾ, ਮਸਲਾ ਮੂਸੇ ਪੈਗ਼ੰਬਰ ਕਾ, ਮਸਲਾ ਹਸਨ ਹੁਸੈਨ ਕਾ ਆਦਿ।
ਮਸਲੇ ਸ਼ੇਖ਼ ਫ਼ਰੀਦ ਕੇ ਵਿਚ ਜਨਮ ਸਾਖੀਆਂ ਵਾਲੀ ਕਲਾਤਮਕਤਾ ਭਾਵੇਂ ਨਹੀਂ, ਪਰ ਇਸ ਦਾ ਮੂਲੋਂ ਅਭਾਵ ਵੀ ਨਹੀਂ। ਨਾਟਕੀਅਤਾ, ਸੰਵਾਦਾਤਮਕਤਾ, ਸੰਜਮ ਅਤੇ ਸਾਦਗੀ ਇਸ ਦੀ ਵਾਰਤਕ ਸ਼ੈਲੀ ਦੇ ਉੱਘੇ ਲੱਛਣ ਹਨ। ਲੇਖਕ ਨੇ ਕੇਵਲ ਉੱਨੀ ਮਸਲਿਆਂ ਵਿਚ ਹੀ ਫ਼ਰੀਦ ਗਾਥਾ ਨੂੰ ਸਮੇਟ ਕੇ ਲੋੜੀਂਦਾ ਪ੍ਰਭਾਵ ਉਤਪੰਨ ਕਰ ਲਿਆ ਹੈ। ਕਿਧਰੇ ਵੀ ਬੇਲੋੜਾ ਵਿਸਤਾਰ ਨਹੀਂ। ਵਿਆਖਿਆਕਾਰੀ ਅਤੇ ਵਰਣਨਾਤਮਕ ਸ਼ੈਲੀ ਵਾਲੀਆਂ ਮੱਧਕਾਲੀ ਰਚਨਾਵਾਂ ਵਿਚ ਇਹ ਇਕ ਅਨੂਠੀ ਵੰਨਗੀ ਹੈ। ਵਸਤੂ ਯੋਜਨਾ ਦੀ ਦ੍ਰਿਸ਼ਟੀ ਤੋਂ ਲਗਪਗ ਹਰ ਮਸਲੇ ਦਾ ਮਹੱਤਵ ਰਚਨਾ ਦੇ ਸਮੁੱਚ ਵਿਚ ਵੀ ਹੈ ਅਤੇ ਸੁਤੰਤਰ ਰੂਪ ਵਿਚ ਵੀ। ਲੇਖਕ ਨੇ ਛੋਟੀਆਂ-ਛੋਟੀਆਂ ਕਹਾਣੀਆਂ ਦੀ ਤਰ੍ਹਾਂ ਇਨ੍ਹਾਂ ਨੂੰ ਰਸਦਾਇਕ ਬਣਾ ਕੇ ਪੇਸ਼ ਕੀਤਾ ਹੈ, ਜਿਸ ਕਰਕੇ ਆਦਿ ਤੋਂ ਅੰਤ ਤੱਕ ਪਾਠਕ ਦੀ ਰੌਚਕਤਾ ਬਣੀ ਰਹਿੰਦੀ ਹੈ।
ਮਸਲਿਆਂ ਦੀ ਰਚਨਾ ਵਿਧੀ ਜਨਮ ਸਾਖੀਆਂ ਵਾਲੀ ਹੈ। ਹਰ ਮਸਲਾ ਸਾਖੀ ਦੀ ਤਰ੍ਹਾਂ ਕੁਝ ਖ਼ਾਸ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ। ਜਿਵੇਂ ਸਾਖੀ ਕਿਸੇ ਇਕ ਸ਼ਬਦ ਜਾਂ ਬਾਣੀ ਖੰਡ ਦੁਆਲੇ ਬੁਣੀ ਹੋਈ ਹੁੰਦੀ ਹੈ, ਤਿਵੇਂ ਹੀ ਹਰ ਮਸਲਾ ਕਿਤੇ ਇਕ, ਕਿਤੇ ਇਕ ਤੋਂ ਵਧੀਕ ਸਲੋਕਾਂ ਦੁਆਲੇ ਬੁਣਿਆ ਹੋਇਆ ਹੈ। ਮੱਧਕਾਲ ਵਿਚ ਗੱਦ ਅਤੇ ਪਦ ਵਿਚ ਲਿਖੀਆਂ ਗਈਆਂ ਮਿਸ਼ਰਿਤ ਰਚਨਾਵਾਂ ਆਮ ਹਨ। ਮਸਲੇ ਸ਼ੇਖ ਫ਼ਰੀਦ ਕੇ ਮੂਲ ਰੂਪ ਵਿਚ ਗੱਦ ਰਚਨਾ ਹੈ ਪਰ ਇਸ ਵਿਚ ਸਤਵੰਜਾ ਸਲੋਕ ਵੀ ਹਨ। ਪੁਸਤਕ ਦੀ ਭਾਸ਼ਾ ਲਹਿੰਦੀ ਪੰਜਾਬੀ ਜਾਂ ਮੁਲਤਾਨੀ ਹੈ। ਲਹਿੰਦੀ ਵਿਚ ਸੰਜੁਗਤ ਵਿਅੰਜਨ ਪੂਰਬੀ ਪੰਜਾਬੀ ਨਾਲੋਂ ਜ਼ਿਆਦਾ ਉਚਾਰੇ ਜਾਂਦੇ ਹਨ ਜਿਵੇਂ ਤ੍ਰੀਹ (ਤੀਹ), ਤ੍ਰੈ (ਤਿੰਨ) ਅਤੇ ਨੀਂਦਰ (ਨੀਂਦ) ਆਦਿ। ਪੂਰਬੀ ਪੰਜਾਬੀ ਦੀ ਧੁਨੀ/ਗ/ਲਹਿੰਦੀ ਵਿਚ ਸਿ ਨਾਲ ਭੁਗਤਾਈ ਜਾਂਦੀ ਹੈ ਜਿਵੇਂ ਹੋਸੀ, ਥੀਸੀ, ਕਰਸੀ, ਜਾਸੀ ਅਤੇ ਆਸੀ ਆਦਿ। ਸਥਾਨਕ ਸ਼ਬਦਾਵਲੀ ਵੀ ਲਹਿੰਦੀ ਦੀ ਇਕ ਹੋਰ ਵਿਲੱਖਣਤਾ ਹੈ। ਇਸਲਾਮੀ ਸੰਸਕ੍ਰਿਤੀ ਨਾਲ ਸਬੰਧਤ ਸ਼ਬਦਾਵਲੀ ਵੀ ਮੁਲਤਾਨੀ ਸ਼ਬਦ-ਭੰਡਾਰ ਦਾ ਅੰਗ ਬਣ ਰਹੀ ਸੀ। ਬਹੁਤੇ ਵਾਕ ਤਾ/ਅਰੁ/ਹਿ/ਕਿ ਆਦਿ ਸ਼ਬਦਾਂ ਨਾਲ ਸ਼ੁਰੂ ਹੁੰਦੇ ਹਨ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਮੱਧਕਾਲੀਨ ਪੰਜਾਬੀ ਵਾਰਤਕ ਵਿਚ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ (ਪੁਰਾਤਨ ਜਨਮ ਸਾਖੀ) ਪੋਠੋਹਾਰੀ ਪੰਜਾਬੀ ਵਿਚ, ਜਨਮ ਸਾਖੀ ਭਾਈ ਬਾਲਾ ਮਾਝੀ ਵਿਚ ਲਿਖੀਆਂ ਗਈਆਂ ਪਹਿਲੀਆਂ-ਪਹਿਲੀਆਂ ਵਾਰਤਕ ਰਚਨਾਵਾਂ ਮੰਨੀਆਂ ਜਾਂਦੀਆਂ ਹਨ ਤਾਂ ਚਰਚਾ ਅਧੀਨ ਪੁਸਤਕ ਮੁਲਤਾਨੀ ਪੰਜਾਬੀ (ਲਹਿੰਦੀ) ਵਿਚ ਲਿਖੀ ਗਈ ਪਹਿਲੀ ਵਾਰਤਕ ਰਚਨਾ ਕਹਾਉਣ ਦੀ ਹੱਕਦਾਰ ਹੈ।


-ਮੋਬਾ: 98889-39808

ਸ਼ਬਦ ਵਿਚਾਰ

ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ॥

ਸਿਰੀਰਾਗੁ ਮਹਲਾ ੫
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ॥
ਇਕਸ ਕਾ ਮਨਿ ਆਸਰਾ
ਇਕੋ ਪ੍ਰਾਣ ਆਧਾਰੁ॥
ਤਿਸੁ ਸਰਣਾਈ ਸਦਾ ਸੁਖੁ
ਪਾਰਬ੍ਰਹਮ ਕਰਤਾਰੁ॥ ੧॥
ਮਨ ਮੇਰੇ ਸਗਲ ਉਪਾਵ ਤਿਆਗੁ॥
ਗੁਰੁ ਪੂਰਾ ਆਰਾਧਿ ਨਿਤ
ਇਕਸੁ ਕੀ ਲਿਵ ਲਾਗੁ॥ ੧॥ (ਰਹਾਉ)॥
ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ॥
ਇਕਸ ਕੀ ਮਨਿ ਟੇਕ ਹੈ
ਜਿਨਿ ਜੀਉ ਪਿੰਡੁ ਦਿਤਾ॥
ਸੋ ਪ੍ਰਭੁ ਮਨਹੁ ਨ ਵਿਸਰੈ
ਜਿਨਿ ਸਭੁ ਕਿਛੁ ਵਸਿ ਕੀਤਾ॥ ੨॥
ਘਰਿ ਇਕੋ ਬਾਹਰਿ ਇਕੋ
ਥਾਨ ਥਨੰਤਰਿ ਆਪਿ॥
ਜੀਅ ਜੰਤ ਸਭਿ ਜਿਨਿ ਕੀਏ
ਆਠ ਪਹਰ ਤਿਸੁ ਜਾਪਿ॥
ਇਕਸੁ ਸੇਤੀ ਰਤਿਆ
ਨ ਹੋਵੀ ਸੋਗ ਸੰਤਾਪੁ॥ ੩॥
ਪਾਰਬ੍ਰਹਮੁ ਪ੍ਰਭੁ ਏਕੁ ਹੈ
ਦੂਜਾ ਨਾਹੀ ਕੋਇ॥
ਜੀਉ ਪਿੰਡੁ ਸਭੁ ਤਿਸ ਕਾ
ਜੋ ਤਿਸੁ ਭਾਵੈ ਸੁ ਹੋਇ॥
ਗੁਰਿ ਪੂਰੈ ਪੂਰਾ ਭਇਆ
ਜਪਿ ਨਾਨਕ ਸਚਾ ਸੋਇ॥ ੪॥ ੯॥ ੭੯॥
(ਅੰਗ 45)
ਪਦ ਅਰਥ : ਪਛਾਣੂ-ਪਛਾਣਨ ਵਾਲਾ, ਜਾਣਨ ਵਾਲਾ। ਜੀਅ-ਜਿੰਦ। ਇਕੋ-ਇਕ ਪਰਮਾਤਮਾ ਹੀ। ਇਕਸ ਕਾ-ਇਕ ਪਰਮਾਤਮਾ ਦਾ। ਆਧਾਰੁ-ਆਸਰਾ। ਰਖਣਹਾਰੁ-ਰੱਖਿਆ ਕਰਨ ਵਾਲਾ। ਸਗਲ-ਸਾਰੇ। ਉਪਾਵ-ਉਪਾਉ। ਤਿਆਗੁ-ਛੱਡ ਦੇਹ। ਟੇਕ-ਆਸਰਾ, ਸਹਾਰਾ। ਜੀਉ-ਜਿੰਦ। ਪਿੰਡੁ-ਸਰੀਰ, ਦੇਹੀ। ਵਸਿ ਕੀਤਾ-ਵੱਸ ਵਿਚ ਕੀਤਾ ਹੋਇਆ ਹੈ। ਘਰਿ-ਹਿਰਦੇ ਘਰ ਵਿਚ। ਇਕੋ-ਇਕ ਪਰਮਾਤਮਾ ਹੀ। ਥਾਨ ਥਨੰਤਰਿ-ਸਭਨੀ ਥਾਈਂ। ਜੀਅ-ਜੀਵ। ਜੰਤ-ਜੰਤੂ। ਜੀਅ ਜੰਤ-ਜੀਵ ਜੰਤੂ। ਜਿਨਿ ਕੀਏ-ਜਿਸ ਨੇ ਪੈਦਾ ਕੀਤੇ ਹਨ। ਆਠ ਪਹਰ-ਅੱਠੇ ਪਹਿਰ, ਦਿਨ ਰਾਤ, ਸਦਾ। ਇਕਸੁ ਸੇਤੀ-ਇਕ ਦੇ ਨਾਲ। ਰਤਿਆ-(ਪਿਆਰ ਵਿਚ) ਰੰਗਿਆ। ਸੋਗ ਸੰਤਾਪੁ-ਦੁੱਖ ਕਲੇਸ਼। ਤਿਸ ਕਾ-ਉਸ ਦਾ। ਭਾਵੈ-ਚੰਗਾ ਲਗਦਾ ਹੈ। ਸੁ-ਉਹੀ ਕੁਝ। ਗੁਰ ਪੂਰੈ-ਪੂਰੇ ਗੁਰੂ ਦੁਆਰਾ। ਪੂਰਾ ਭਇਆ-ਪੂਰਾ ਹੋਇਆ ਹੈ। ਜਪਿ-ਜਪ ਕੇ। ਸਚਾ ਸੋਇ-ਉਸ ਸੱਚੇ ਭਾਵ ਸਦਾ ਥਿਰ ਰਹਿਣ ਵਾਲੇ ਨੂੰ।
ਪਰਮਾਤਮਾ ਦੇ ਕਿਹੜੇ-ਕਿਹੜੇ ਗੁਣਾਂ ਨੂੰ ਗਾਵੀਏ, ਉਹ ਤਾਂ ਗੁਣਾਂ ਦਾ ਖਜ਼ਾਨਾ ਹੈ। ਉਸ ਦੀ ਵਡਿਆਈ ਨੂੰ ਵਰਨਣ ਕੀਤਾ ਨਹੀਂ ਜਾ ਸਕਦਾ, ਜੋ ਸਭ ਤੋਂ ਉੱਚਾ ਅਥਵਾ ਸ੍ਰੇਸ਼ਟ ਹੈ। ਰਾਗੁ ਸੂਹੀ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ॥
ਤੁਮਰੀ ਮਹਿਮਾ ਬਰਨਿ ਨਾ ਸਾਕਉ
ਤੂੰ ਠਾਕੁਰ ਊਚ ਭਗਵਾਨਾ॥ (ਅੰਗ 735)
ਕਵਨ ਕਵਨ-ਕਿਹੜੇ ਕਿਹੜੇ। ਗੁਣੀ ਨਿਧਾਨਾ-ਗੁਣਾਂ ਦਾ ਖਜ਼ਾਨਾ। ਮਹਿਮਾ-ਵਡਿਆਈ।
ਜਿਥੇ ਕਿਧਰੇ ਵੀ ਚਲੇ ਜਾਈਏ, ਹੇ ਪ੍ਰਭੂ, ਤੂੰ ਹਰ ਥਾਂ ਵਿਆਪਕ ਹੈਂ। ਤੂੰ ਹੀ ਸਭਨਾਂ ਨੂੰ ਪੈਦਾ ਕਰਨ ਵਾਲਾ ਹੈਂ। ਰਾਗੁ ਆਸਾ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਤੂੰ ਸਭਨੀ ਥਾਈ ਜਿਥੈ ਹਉ ਜਾਈ
ਸਾਚਾ ਸਿਰਜਨਹਾਰੁ ਜੀਉ॥ (ਅੰਗ 438)
ਜਿਨ੍ਹਾਂ-ਜਿਨ੍ਹਾਂ ਨੇ ਇਕ ਮਨ, ਇਕ ਚਿੱਤ ਹੋ ਕੇ ਤੇਰੀ ਅਰਾਧਨਾ ਕੀਤੀ ਹੈ, ਉਨ੍ਹਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋਈ ਹੈ, ਭਾਵੇਂ ਅਜਿਹੇ ਜਗਿਆਸੂ ਸੰਸਾਰ ਵਿਚ ਹਨ ਵਿਰਲੇ-ਵਿਰਲੇ ਹੀ-
ਜਿਨੁ ਇਕ ਮਨਿ ਧਿਆਇਆ
ਤਿਨੁ ਸੁਖੁ ਪਾਇਆ
ਤੇ ਵਿਰਲੇ ਸੰਸਾਰਿ ਜੀਉ॥
(ਅੰਗ 438)
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਅਜਿਹੇ ਜਗਿਆਸੂ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ, ਉਨ੍ਹਾਂ ਦੇ ਨੇੜੇ ਜਮ ਨਹੀਂ ਆ ਸਕਦਾ ਅਤੇ ਨਾ ਹੀ ਉਨ੍ਹਾਂ ਨੂੰ ਜੀਵਨ ਵਿਚ ਕਦੇ ਕਿਸੇ ਪ੍ਰਕਾਰ ਦੀ ਹਾਰ ਹੁੰਦੀ ਹੈ ਭਾਵ ਉਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ-
ਤਿਨ ਜਮੁ ਨੇੜਿ ਨ ਆਵੈ
ਗੁਰ ਸਬਦੁ ਕਮਾਵੈ
ਕਬਹੁ ਨ ਆਵਹਿ ਹਾਰਿ ਜੀਉ॥ (ਅੰਗ 438)
ਅਜਿਹੇ ਸਾਧਕ ਜੋ ਪ੍ਰਭੂ ਦੀ ਚਰਨੀਂ ਲਗਦੇ ਹਨ, ਉਨ੍ਹਾਂ ਦਾ ਫਿਰ ਜੰਮਣ-ਮਰਨ ਦਾ ਗੇੜ ਮੁੱਕ ਜਾਂਦਾ ਹੈ-
ਜੰਮਣੁ ਮਰਣੁ ਤਿਨ੍ਰਾ ਕਾ ਚੂਕਾ
ਜੋ ਹਰਿ ਲਾਗੇ ਪਾਵੈ॥ (ਅੰਗ 438)
ਪਾਵੈ-ਪੈਰੀਂ, ਚਰਨੀਂ।
ਵਾਸਤਵ ਵਿਚ ਸਭ ਜੀਵ-ਜੰਤਾਂ ਨੂੰ ਇਕ ਪ੍ਰਭੂ ਦਾ ਹੀ ਆਸਰਾ ਹੈ। ਸਾਡੀ (ਕਿਸਮਤ ਦੀ) ਡੋਰ ਉਸ ਦੇ ਹੱਥ ਵਿਚ ਹੀ ਹੈ। ਉਹ ਜੋ ਕੁਝ ਸਾਡੇ ਪਾਸੋਂ ਕਰਵਾਉਂਦਾ ਹੈ, ਅਸੀਂ ਉਹੀ ਕੁਝ ਕਰਦੇ ਹਾਂ। ਰਾਗੁ ਸੋਰਠਿ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਜੀਅ ਜੰਤ ਤੇਰੇ ਧਾਰੇ॥
ਪ੍ਰਭ ਡੋਰੀ ਹਾਥਿ ਤੁਮਾਰੇ॥
ਜਿ ਕਰਾਵੈ ਸੋਈ ਕਰਣਾ॥
ਨਾਨਕ ਦਾਸ ਤੇਰੀ ਸਰਨਾ॥ (ਅੰਗ 626-27)
ਧਾਰੇ-ਆਸਰਾ।
ਇਸ ਲਈ ਪ੍ਰਭੂ ਅੱਗੇ ਇਹੋ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਸਭ ਕੁਝ ਤੇਰੇ ਵੱਸ ਵਿਚ ਹੈ। ਅਸੀਂ ਐਨੇ ਜ਼ੋਰਾਵਰ ਨਹੀਂ ਕਿ ਕੁਝ ਕਰ ਸਕੀਏ। ਇਸ ਲਈ ਸਾਨੂੰ ਜੀਵਾਂ ਨੂੰ ਬਖਸ਼ ਲਓ। ਗੁਰੂ ਰਾਮਦਾਸ ਜੀ ਦੇ ਰਾਗੁ ਸੂਹੀ ਵਿਚ ਅਨਮੋਲ ਬਚਨ ਹਨ-
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥
ਅਸਾ ਜੋਰੁ ਨਾਹੀ
ਜੋ ਕਿਛੁ ਕਰਿ ਹਮ ਸਾਕਹ
ਜਿਉ ਭਾਵੈ ਤਿਵੈ ਬਖਸਿ॥ (ਅੰਗ 736)
ਹੇ ਪ੍ਰਭੂ, ਤੂੰ ਆਪਣੀ ਵਡਿਆਈ ਆਪ ਹੀ ਜਾਣਦਾ ਹੈਂ। ਸਭ (ਜੀਵ-ਜੰਤ) ਨਿੱਤ ਤੈਨੂੰ ਹੀ ਧਿਆਉਂਦੇ ਹਨ। ਜਿਹੜਾ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ, ਉਸ ਨੂੰ ਤੇਰੀ ਦਰਗਾਹ ਵਿਚ ਥਾਂ ਮਿਲ ਜਾਂਦੀ ਹੈ-
ਤੇਰੀ ਵਡਿਆਈ ਤੂੰ ਹੈ ਜਾਣਹਿ
ਸਭ ਤੁਧ ਨੋ ਨਿਤ ਧਿਆਏ॥
ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ
ਜਨ ਨਾਨਕ ਸੋ ਥਾਇ ਪਾਏ॥ (ਅੰਗ 735)
ਸ਼ਬਦ ਦੇ ਅੱਖਰੀਂ ਅਰਥ : ਸਭ ਦੀ ਰੱਖਿਆ ਕਰਨ ਵਾਲਾ ਇਕ ਪਰਮਾਤਮਾ ਹੀ ਸਭ ਜੀਵਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਹੇ ਮੇਰੇ ਮਨ, ਸਭਨਾਂ ਨੂੰ ਇਕ ਪ੍ਰਭੂ ਦਾ ਹੀ ਆਸਰਾ ਹੈ। ਸਭ ਜੀਵਾਂ ਦੀ ਜਿੰਦ ਦੀ ਸਾਰ ਲੈਣ ਵਾਲਾ ਇਕ ਪ੍ਰਭੂ ਹੀ ਹੈ। ਉਸ ਪਾਰਬ੍ਰਹਮ ਕਰਤਾਰ ਦੀ ਸ਼ਰਨੀ ਲੱਗਿਆਂ ਸਦਾ ਆਤਮਿਕ ਸੁਖ ਮਿਲਦਾ ਹੈ।
ਇਸ ਲਈ ਹੇ ਮੇਰੇ ਮਨ, ਹੋਰ ਸਾਰੇ ਹੀਲੇ-ਵਸੀਲਿਆਂ ਨੂੰ ਤਿਆਗ ਕੇ ਕੇਵਲ ਪੂਰੇ ਗੁਰੂ ਨੂੰ ਸਦਾ ਅਰਾਧ ਕੇ ਕੇਵਲ ਇਕ ਪ੍ਰਭੂ ਦੀ ਲਿਵ ਵਿਚ ਲੱਗਿਆ ਰਹੁ, ਭਾਵ ਜੁੜਿਆ ਰਹੁ। ਇਕ ਪ੍ਰਭੂ ਹੀ ਸਭਨਾਂ ਦਾ ਭਰਾ, ਮਿੱਤਰ ਤੇ ਮਾਂ-ਪਿਓ ਹੈ। ਇਸ ਲਈ ਹੇ ਭਾਈ, ਕੇਵਲ ਉਸ ਇਕ ਦਾ ਹੀ ਓਟ ਆਸਰਾ ਲੈ, ਜਿਸ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ। ਅਜਿਹੇ ਪਰਮਾਤਮਾ ਨੂੰ ਮਨੋਂ ਕਦੀ ਵਿਸਾਰਨਾ ਨਹੀਂ ਚਾਹੀਦਾ, ਜਿਸ ਨੇ ਸਭ ਕੁਝ ਆਪਣੇ ਵੱਸ ਵਿਚ ਕੀਤਾ ਹੋਇਆ ਹੈ।
ਸਾਡੇ ਹਿਰਦੇ ਘਰ ਵਿਚ, ਬਾਹਰ ਅਤੇ ਹੋਰ ਸਭਨੀਂ ਥਾਈਂ ਇਕ ਪਰਮਾਤਮਾ ਆਪ ਹੀ ਵਸ ਰਿਹਾ ਹੈ। ਅਜਿਹੇ ਪਰਮਾਤਮਾ ਜਿਸ ਨੇ ਸਾਰੇ ਜੀਵ-ਜੰਤੂ ਪੈਦਾ ਕੀਤੇ ਹਨ, ਉਸ ਦਾ ਦਿਨ-ਰਾਤ ਸਿਮਰਨ ਕਰਨਾ ਚਾਹੀਦਾ ਹੈ। ਉਸ ਇਕ ਦੇ ਨਾਮ ਰੰਗ ਵਿਚ ਰੰਗੇ ਜਾਣ ਨਾਲ ਕਿਸੇ ਪ੍ਰਕਾਰ ਦੇ ਦੁੱਖ ਜਾਂ ਕਲੇਸ਼ ਨਹੀਂ ਵਿਆਪਦੇ।
ਪਾਰਬ੍ਰਹਮ ਪਰਮਾਤਮਾ ਕੇਵਲ ਇਕ ਹੀ ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ। ਇਹ ਜਿੰਦ ਤੇ ਸਰੀਰ ਉਸ ਦੇ ਹੀ (ਦਿੱਤੇ ਹੋਏ) ਹਨ। ਜੋ ਕੁਝ ਉਸ ਨੂੰ ਭਾਉਂਦਾ ਹੈ, ਉਹੀ ਕੁਝ ਹੁੰਦਾ ਹੈ। ਜੋ ਕੋਈ ਵੀ ਪੂਰਾ (ਪੂਰਨ ਜੀਵਨ ਵਾਲਾ) ਹੋਇਆ ਹੈ, ਉਹ ਪੂਰੇ ਗੁਰੂ (ਦੁਆਰਾ) ਹੀ ਸੱਚੇ ਅਰਥਾਤ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪ ਕੇ ਹੀ ਹੋਇਆ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਭਗਤੀ ਦਾ ਭਾਵ ਹੈ ਸਦਵਿਚਾਰਾਂ ਦਾ ਪੈਦਾ ਹੋਣਾ

ਸੰਸਾਰ ਵਿਚ ਦੁੱਖਾਂ ਦਾ ਅਸਲ ਕਾਰਨ ਦੁਰਬੁੱਧੀ, ਕੁਮਤ ਹੈ। ਵੈਰ-ਵਿਰੋਧ, ਆਲਸ, ਲੜਾਈ-ਝਗੜੇ, ਬੁਰੇ ਵਿਚਾਰ, ਬੁਰੀ ਸੰਗਤ ਸਭ ਸਾਡੀ ਭੈੜੀ ਸੋਚ ਜਾਂ ਦੁਰਬੁੱਧੀ ਦਾ ਨਤੀਜਾ ਹਨ। ਸਵਾਮੀ ਵਿਵੇਕਾਨੰਦ ਜੀ ਭਗਤੀਯੋਗ ਵਿਚ ਲਿਖਦੇ ਹਨ ਕਿ ਭਗਤੀ ਦਾ ਇਹ ਅਰਥ ਨਹੀਂ ਕਿ ਤੁਸੀਂ ਭਗਵਾਨ ਦੀ ਮੂਰਤੀ ਜਾਂ ਪੂਜਾ ਵਾਲੀ ਥਾਂ ਘੰਟਿਆਂ ਬੱਧੀ ਬੈਠੇ ਰਹੋ ਜਾਂ ਵਾਰ-ਵਾਰ ਕਿਸੇ ਸ਼ਬਦ ਨੂੰ ਦੁਹਰਾਉਂਦੇ ਰਹੋ ਪਰ ਧਿਆਨ ਕਿਤੇ ਹੋਰ ਹੋਵੇ। ਭਗਤੀ ਦਾ ਸਾਰ ਤਾਂ ਇਹ ਹੈ ਕਿ ਸਾਡੇ ਮਨ ਵਿਚ ਸਦਵਿਚਾਰ ਜਾਂ ਨੇਕ ਵਿਚਾਰ ਪੈਦਾ ਹੋਣ ਅਤੇ ਦੂਜਿਆਂ ਪ੍ਰਤੀ ਹਮਦਰਦੀ ਅਤੇ ਭਲਾਈ ਵਾਲਾ ਸੁਭਾਅ ਬਣੇ। ਅਸੀਂ ਆਪਣੇ ਕਰਮ ਵੀ ਅਜਿਹੇ ਨੇਕ ਵਿਚਾਰਾਂ ਅਨੁਸਾਰ ਨਿਰਧਾਰਤ ਕਰੀਏ। ਜਿਵੇਂ ਇਕ ਛੋਟਾ ਜਿਹਾ ਦੀਪਕ ਪੂਰੇ ਕਮਰੇ ਵਿਚ ਪ੍ਰਕਾਸ਼ ਪੈਦਾ ਕਰ ਦਿੰਦਾ ਹੈ, ਉਸੇ ਤਰ੍ਹਾਂ ਨੇਕ ਵਿਚਾਰ ਸਾਡੀ ਸੋਚ ਨੂੰ ਦੀਪਤ ਕਰਦੇ ਹਨ ਜਾਂ ਸਾਡੇ ਅੰਦਰ ਸਦਬੁੱਧੀ/ਚੰਗੀ ਸੋਚ ਪੈਦਾ ਕਰਦੇ ਹਨ। ਜੇ ਬੁਰਾਈ ਜਾਂ ਦੁੱਖਾਂ ਦਾ ਕਾਰਨ ਕੁਮਤ ਜਾਂ ਦੁਰਬੁੱਧੀ ਹੈ ਤਾਂ ਸ਼ਾਂਤੀ ਦਾ ਕਾਰਨ ਸੁਮੱਤ ਜਾਂ ਸਦਬੁੱਧੀ ਹੈ। ਭਗਤੀ ਨਾਲ ਇਕ ਵਿਅਕਤੀ ਅੰਦਰ ਤਾਂ ਨੇਕ ਵਿਚਾਰ ਪੈਦਾ ਹੁੰਦੇ ਹਨ ਪਰ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕ ਜਾਂ ਉਸ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੋਣ ਵਾਲੇ ਪਰਿਵਾਰਕ ਮੈਂਬਰ ਜਾਂ ਦੋਸਤ-ਮਿੱਤਰ ਵੀ ਉਸ ਦਾ ਲਾਭ ਲੈਂਦੇ ਹਨ। ਇਹ ਸਦਬੁੱਧੀ ਹੀ ਏਕਤਾ ਅਤੇ ਅਨੁਸ਼ਾਸਨ ਵਿਚ ਵਾਧਾ ਕਰਦੀ ਹੈ। ਭਾਵੇਂ ਇਸ ਦਾ ਪ੍ਰਭਾਵ ਧੀਮਾ ਹੋਵੇ ਪਰ ਪੈਂਦਾ ਜ਼ਰੂਰ ਹੈ ਅਤੇ ਹਾਲਾਤ ਵਿਚ ਵੀ ਪਰਿਵਰਤਨ ਆਉਂਦਾ ਹੈ। ਨੇਕ ਵਿਚਾਰ ਹੀ ਆਤਮ-ਨਿਰੀਖਣ, ਆਤਮ-ਸ਼ੁੱਧੀ ਅਤੇ ਆਤਮ-ਉੱਨਤੀ ਦੀ ਤਾਕਤ ਪੈਦਾ ਕਰਦੇ ਹਨ। ਜਿਵੇਂ-ਜਿਵੇਂ ਸਾਡੇ ਅੰਦਰ ਸਦਬੁੱਧੀ ਜਾਂ ਨੇਕ ਵਿਚਾਰ ਪੈਦਾ ਹੁੰਦੇ ਹਨ, ਅਸੀਂ ਆਪਣੀਆਂ ਮੁਸ਼ਕਿਲਾਂ ਅਤੇ ਕਮਜ਼ੋਰੀਆਂ ਲਈ ਦੂਜਿਆਂ ਨੂੰ ਦੋਸ਼ ਦੇਣਾ ਛੱਡ ਦਿੰਦੇ ਹਾਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਸਾਲਾਨਾ ਸਮਾਗਮ ਉੱਤੇ ਵਿਸ਼ੇਸ਼

ਗੁਰ: ਡੇਰਾ ਦੁੱਖਭੰਜਨ ਸਾਹਿਬ ਊਨਾ ਹਿਮਾਚਲ ਪ੍ਰਦੇਸ਼

ਗੁਰਦੁਆਰਾ ਡੇਰਾ ਦੁੱਖਭੰਜਨ ਸਾਹਿਬ ਡੀ. ਸੀ. ਕਾਲੋਨੀ ਊਨਾ ਸਾਹਿਬ ਹਿਮਾਚਲ ਪ੍ਰਦੇਸ਼ ਵਿਚ ਹੈ, ਇਥੇ ਡੇਰੇ ਦੇ ਮੁੱਖ ਸੰਚਾਲਕ ਬਾਬਾ ਚਰਨਜੀਤ ਸਿੰਘ ਪਿਛਲੇ 28 ਸਾਲਾਂ ਤੋਂ ਗੁਰਬਾਣੀ ਦੁਆਰਾ ਸੰਗਤਾਂ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਨ ਤੇ ਸੰਗਤਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਦੇ ਹਨ।
ਬਚਪਨ ਤੋਂ ਹੀ ਬਾਬਾ ਚਰਨਜੀਤ ਸਿੰਘ ਆਪਣੇ ਘਰ ਪਰਿਵਾਰ ਦੀ ਤਰ੍ਹਾਂ ਜੋ ਕਿ ਗੁਰੂ ਨਾਨਕ ਅੰਸ਼ ਵੰਸ਼ ਨਾਲ ਜੁੜੇ ਹੋਏ ਸਨ, ਸੇਵਾ ਸਿਮਰਨ ਨਾਲ ਲਗਾਓ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਦੇ ਸਨ ਅਤੇ ਉਨ੍ਹਾਂ ਦੀ ਲਗਨ ਪਰਮਾਤਮਾ ਵਿਚ ਲੀਨ ਹੋ ਚੁੱਕੀ ਸੀ ਅਤੇ ਉਹ ਸਰਕਾਰੀ ਨੌਕਰੀ ਕਰਦੇ ਹੋਏ ਵੀ ਗੁਰਬਾਣੀ, ਪਾਠ, ਕੀਰਤਨ, ਵਿਚ ਕਾਫ਼ੀ ਸਮਾਂ ਬਤੀਤ ਕਰਦੇ ਸਨ, ਜਦੋਂ ਕਿ ਉਨ੍ਹਾਂ ਦੇ ਦੁਆਰਾ ਗੁਰਬਾਣੀ ਗਾਇਨ ਕਰਨ 'ਚ ਬਹੁਤ ਰਸ ਆਉਂਦਾ ਸੀ ਜੋ ਕਿ ਸੰਗਤਾਂ ਨੂੰ ਮੋਹ ਲੈਂਦਾ ਸੀ।
ਬਾਬਾ ਚਰਨਜੀਤ ਸਿੰਘ ਦੀ ਸੇਵਾ ਸਦਕਾ ਅਤੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਹੁਣ ਗੁਰਦੁਆਰਾ ਡੇਰਾ ਦੁੱਖਭੰਜਨ ਸਾਹਿਬ, ਪ੍ਰਕਾਸ਼ ਅਸਥਾਨ, ਪਾਲਕੀ ਅਸਥਾਨ, ਲੰਗਰ ਅਤੇ ਅਨੇਕਾਂ ਕਮਰਿਆਂ ਸਹਿਤ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਚੁੱਕੀ ਹੈ। ਰੋਜ਼ਾਨਾ ਇਥੇ ਸਵੇਰ-ਸ਼ਾਮ ਨਿਤਨੇਮ ਤੇ ਗੁਰਬਾਣੀ ਦੇ ਕੀਰਤਨ ਹੁੰਦੇ ਹਨ ਅਤੇ ਹਰ ਐਤਵਾਰ ਤੇ ਮੰਗਲਵਾਰ ਤੋਂ ਇਲਾਵਾ ਜੇਠੇ ਐਤਵਾਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਗੁਰਬਾਣੀ ਦੇ ਕੀਰਤਨ ਹੁੰਦੇ ਹਨ। ਇਥੇ ਇਕ ਸਮਾਗਮ ਅਗਸਤ ਮਹੀਨੇ ਵਿਚ ਜਪ, ਤਪ, ਸੇਵਾ, ਸਿਮਰਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਜਿਸ ਵਿਚ ਸਵੇਰੇ ਅੰਮ੍ਰਿਤ ਵੇਲੇ ਸਿਮਰਨ, ਨਿਤਨੇਮ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਹਨ ਅਤੇ ਸਾਲਾਨਾ ਸਮਾਗਮ ਤੇ ਕੀਰਤਨ ਦਰਬਾਰ 22 ਤੋਂ 24 ਨਵੰਬਰ ਤੱਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ 'ਚ ਮਨਾਇਆ ਜਾਂਦਾ ਹੈ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਜੱਥੇ, ਸੰਤ ਮਹਾਂਪੁਰਖ, ਕਥਾਵਾਚਕ ਉਪਦੇਸ਼ ਤੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਣ ਦੀ ਪ੍ਰੇਰਨਾ ਦਿੰਦੇ ਹਨ।
ਗੁਰਦੁਆਰਾ ਡੇਰਾ ਦੁੱਖਭੰਜਨ ਸਾਹਿਬ ਡੀ. ਸੀ. ਕਾਲੋਨੀ ਊਨਾ 'ਚ ਇਸ ਵਾਰ ਸਾਲਾਨਾ ਸਮਾਗਮ 'ਤੇ ਰੈਣ-ਸੁਬਾਈ ਕੀਰਤਨ ਦਰਬਾਰ ਬਾਬਾ ਚਰਨਜੀਤ ਸਿੰਘ ਜੀ ਅਤੇ ਸਮੂਹ ਸਾਧ-ਸੰਗਤ ਦੇ ਵਲੋਂ 22 ਤੋਂ 24 ਨਵੰਬਰ ਤੱਕ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ, 23 ਨਵੰਬਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਦੇ ਉਪਰੰਤ ਦਿਨ ਦੇ ਸਮਾਗਮ ਤੇ ਰੈਣ-ਸੁਬਾਈ ਕੀਰਤਨ ਦਰਬਾਰ ਵਿਚ ਅਨੇਕਾਂ ਸੰਤ ਮਹਾਂਪੁਰਖ, ਕਥਾਵਾਚਕ, ਰਾਗੀ, ਢਾਡੀ ਜਥੇ ਉਪਦੇਸ਼, ਕਥਾ, ਪ੍ਰਚਾਰ ਤੇ ਗੁਰਬਾਣੀ ਕੀਰਤਨ ਕਰਨਗੇ।

-ਊਨਾ, ਸੰਪਰਕ 9816497250

ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਇਆ ਨਿਰਮਲ ਪੰਥ ਸੰਸਾਰ ਦੇ ਨਕਸ਼ੇ 'ਤੇ ਸੂਰਜ ਵਾਂਗ ਉਦੈ ਹੋਇਆ। ਇਕ ਅਕਾਲ ਦੀ ਓਟ ਤੇ ਧੁਰ ਕੀ ਬਾਣੀ ਦੀ ਸ਼ਕਤੀ ਰਾਹੀਂ ਅਧਿਆਤਮਿਕ ਵਿਚਾਰਧਾਰਾ ਦਾ ਪ੍ਰਤਾਪ ਪਸਰਿਆ। 'ਸਭਨਾ ਜੀਆ ਕਾ ਇਕੁ ਦਾਤਾ' ਦੇ ਇਲਾਹੀ ਬੋਲਾਂ ਨੇ ਊਚ-ਨੀਚ, ਰੰਗ-ਨਸਲ ਦੀ ਵਰਨ ਵੰਡ ਨੂੰ ਤੋੜਦਿਆਂ ਤਪਦੇ ਹਿਰਦਿਆਂ ਨੂੰ ਸਰਸ਼ਾਰ ਕੀਤਾ। ਰੂਹਾਨੀਅਤ ਦੇ ਬੋਲ ਜਦ ਰਬਾਬ ਦੀਆਂ ਤਰਬਾਂ ਨਾਲ ਇਕਸੁਰ ਹੋਏ ਤਾਂ ਬੇਸੁਰੇ ਹੋਏ ਮਾਨਵੀ ਹਿਰਦੇ ਖਸਮ ਕੀ ਬਾਣੀ ਦੀ ਚੇਤੰਨਤਾ ਨਾਲ ਠੱਗ ਤੋਂ ਸੱਜਣ, ਬਦੀ ਤੋਂ ਬੰਦਗੀ ਵੱਲ, ਕੰਮਚੋਰ ਤੋਂ ਕਿਰਤੀ ਤੇ ਵਿਤਕਰੇਬਾਜ਼ੀ ਤੋਂ ਉਪਰ ਉਠ ਵੰਡ ਛਕਣ ਵਾਲੀ ਬਿਰਤੀ ਦੇ ਮਾਲਕ ਹੋ ਗਏ। ਇਸ ਕਰਾਮਾਤ ਦੀ ਰਮਜ਼ ਦਾ ਨੁਕਤਾ ਗੁਰੂ ਪਾਤਸ਼ਾਹ ਨੇ ਸਿੱਧਾਂ ਜੋਗੀਆਂ ਦੇ ਸਵਾਲ ਦਾ ਉੱਤਰ ਦਿੰਦਿਆਂ ਦੱਸਿਆ, 'ਗੁਰਬਾਣੀ ਸੰਗਤਿ ਬਿਨਾ ਦੂਜੀ ਓਟ ਨਹੀਂ ਹਹਿ ਰਾਈ।' (ਭਾਈ ਗੁਰਦਾਸ ਜੀ)।
ਪਹਿਲੇ ਜਾਮੇ ਵਿਚ ਇਕੱਤਰ ਹੋਈ 'ਅੰਮ੍ਰਿਤ ਬਚਨ ਸਾਧ ਕੀ ਬਾਣੀ' ਮਹਲਾ ਦੂਜਾ, ਤੀਜਾ, ਚੌਥਾ ਤੋਂ ਬਾਅਦ ਪੰਚਮ ਪਾਤਸ਼ਾਹ ਜੀ ਪਾਸ ਪੀੜ੍ਹੀ-ਦਰ-ਪੀੜ੍ਹੀ ਗੁਰਿਆਈ ਦੇ ਨਾਲ ਸੰਗ੍ਰਹਿਤ ਹੁੰਦੀ ਵੱਡ ਅਕਾਰੀ ਹੋ ਗਈ ਸੀ। ਸਤਿਗੁਰਾਂ ਨੇ 'ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ' ਦੇ ਮਹਾਂਵਾਕ ਅਨੁਸਾਰ ਸ੍ਰੀ ਆਦਿ ਬੀੜ ਦੇ ਸੰਪਾਦਨ ਦਾ ਮਹਾਨ ਕਾਰਜ ਪ੍ਰਾਰੰਭ ਕੀਤਾ। ਸ੍ਰੀ ਅੰਮ੍ਰਿਤਸਰ ਵਿਖੇ ਰਾਮਸਰ ਸਾਹਿਬ ਦੇ ਸਥਾਨ 'ਤੇ ਸਤਿਗੁਰੂ ਤਰਤੀਬਵਾਰ ਗੁਰਬਾਣੀ ਲਿਖਵਾਉਂਦੇ ਗਏ ਤੇ ਭਾਈ ਗੁਰਦਾਸ ਜੀ ਲਿਖਦੇ ਗਏ। ਇਹ ਪੈਂਤੀ ਮਹਾਂਪੁਰਸ਼ਾਂ ਦੇ ਦੈਵੀ ਅਨੁਭਵ, ਬ੍ਰਹਮ ਵੀਚਾਰ ਤੇ ਰੂਹਾਨੀਅਤ ਮੰਡਲ ਦੀਆਂ ਰਹੱਸਮਈ ਰਮਜ਼ਾਂ ਵੱਡ ਅਕਾਰੀ ਰੂਪ ਵਿਚ ਇਕ ਜਗ੍ਹਾ ਸੰਗ੍ਰਹਿ ਹੋ ਗਈਆਂ।
ਇਹ ਆਦਿ ਗ੍ਰੰਥ ਵਿਸ਼ਵ ਪ੍ਰੇਮ ਤੇ ਸਰਬ ਸਾਂਝੀਵਾਲਤਾ ਦਾ ਥੰਮ੍ਹ ਬਣ ਕੇ, ਇਕ ਪ੍ਰਭੂ ਪ੍ਰੇਮ ਦਾ ਸੁਨੇਹਾ ਦਿੰਦਾ, ਹਰ ਪ੍ਰਕਾਰ ਦੇ ਫੋਕਟ ਕਰਮਕਾਂਡਾਂ ਤੋਂ ਜਾਗ੍ਰਿਤ ਕਰਦਾ, 'ਏਕ ਨੂਰ ਤੇ ਸਭੁ ਜਗੁ ਉਪਜਿਆ' ਦਾ ਪੈਗ਼ਾਮ ਦਿੰਦਾ ਹੋਂਦ ਵਿਚ ਆਇਆ। ਫਿਰ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਤਾਂ ਪੰਚਮ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਫੁਰਮਾਇਆ, 'ਬੁਢਾ ਸਾਹਿਬ ਖੋਲਹੁ ਗ੍ਰੰਥ, ਲੇਹੁ ਅਵਾਜ ਸੁਨਹਿ ਸਭ ਪੰਥ।' (ਸੂਰਜ ਪ੍ਰਕਾਸ਼)
ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਆਦਿ ਗ੍ਰੰਥ ਦਾ ਪ੍ਰਕਾਸ਼ 'ਪੋਥੀ ਪਰਮੇਸਰ ਕਾ ਥਾਨ' ਸਿੱਖ ਫਲਸਫ਼ੇ ਦਾ ਪ੍ਰਗਟ ਰੂਪ ਸੀ। ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਤਾਂ ਹਾਜ਼ਰ ਸੰਗਤਾਂ ਨੂੰ ਪ੍ਰਭੂ ਹਾਜ਼ਰ ਨਾਜ਼ਰ ਹੋ ਕੇ ਆਵਾਜ਼ ਦਿੰਦਾ ਅਨੁਭਵ ਹੋਇਆ, 'ਸੰਤਾ ਕੇ ਕਾਰਜ ਆਪਿ ਖਲੋਇਆ ਹਰਿ ਕੰਮੁ ਕਰਾਵਣ ਆਇਆ ਰਾਮ' ਤੇ ਇਸ ਸ਼ਬਦ ਨਾਦ ਦੀ ਬਰਕਤ ਨਾਲ ਸਭ ਦਿਸ਼ਾ ਵਿਸਮਾਦੀ ਮਾਹੌਲ ਹੋ ਗਿਆ। ਪੰਚਮ ਪਾਤਸ਼ਾਹ ਜੀ ਨੇ ਤਾਂ ਮੁੰਦਾਵਣੀ ਵਿਚ ਸੰਦੇਸ਼ ਦਿੱਤਾ ਕਿ ਇਸ ਵੱਡ ਅਕਾਰੀ ਗ੍ਰੰਥ ਰੂਪੀ ਥਾਲ ਵਿਚ ਸਤਿ, ਸੰਤੋਖ, ਵੀਚਾਰ ਤੇ ਅੰਮ੍ਰਿਤ ਨਾਮ ਹੈ, ਜਦ ਕੋਈ ਅਭਿਲਾਸ਼ੀ ਬਣ ਕੇ ਭੁੰਚੇਗਾ ਤਾਂ ਜੀਵਨ ਸਫ਼ਲ ਹੋ ਜਾਏਗਾ। ਇਹ ਤਾਂ 'ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ।' ਇਸ ਵਿਚ ਰਾਗ ਕਲਾ, ਕਾਵਿ ਕਲਾ, ਅਨਭਉ ਪ੍ਰਕਾਸ਼, ਲੋਕ ਧੁਨਾ, ਅਨੇਕ ਭਾਸ਼ਾਵਾਂ, ਧਰਮੀਆਂ ਦਾ ਜੀਵਨ, ਕਿਰਤ ਦੀ ਕਦਰ, ਬੰਦਗੀ ਵਾਲਿਆਂ ਦੀ ਅਵਸਥਾ, ਸਫ਼ਲ ਜੀਵਨ ਜਾਚ, ਨੈਤਿਕ ਕਦਰਾਂ ਕੀਮਤਾਂ, ਬੇਅੰਤ ਕਲਾਵਾਂ, ਸਿੱਖੀ ਸੰਸਕਾਰ, ਕੁਦਰਤ ਦੇ ਰਹੱਸ ਅਤੇ ਰੂਹਾਨੀ ਮੰਡਲਾਂ ਦੇ ਡੂੰਘੇ ਭੇਦ ਹਨ।
ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਸਮੁੱਚੀ ਮਾਨਵਤਾ ਨੂੰ ਇਹੋ ਸੁਨੇਹਾ ਦਿੱਤਾ ਕਿ ਭਾਈ ਜਿਵੇਂ ਹੀਰੇ, ਰਤਨ ਆਦਿ ਸਮੁੰਦਰ ਵਿਚ ਭਰਪੂਰ ਹੁੰਦੇ ਹਨ ਪਰ ਹੰਸ ਬਿਰਤੀ ਹੀ ਟੁੱਭੀ ਮਾਰ ਕੇ ਕੁਝ ਪ੍ਰਾਪਤ ਕਰਦੀ ਹੈ ਜਾਂ ਪਰਬਤਾਂ ਵਿਚ ਹੀਰੇ, ਮਾਣਕ ਤੇ ਪਾਰਸ ਤਾਂ ਹੁੰਦੇ ਹਨ ਪਰ ਕੋਈ ਖੁਦਾਈ ਦਾ ਮਾਹਿਰ ਹੀ ਇਹ ਕੀਮਤੀ ਵਸਤਾਂ ਜਗਤ ਸਾਹਮਣੇ ਲਿਆਉਂਦਾ ਹੈ। ਜਿਵੇਂ ਜੰਗਲਾਂ ਵਿਚ ਚੰਦਨ, ਕਪੂਰ ਆਦਿ ਹੁੰਦਾ ਤਾਂ ਹੈ ਪਰ ਕੋਈ ਖੋਜੀ ਢੂੰਢਾਊ ਹੀ ਸੁਗੰਧੀ ਮਹਿਕਾਉਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵਿਚ ਵੀ ਸਾਰੇ ਹੀ ਪਦਾਰਥ ਹਨ, ਜਿਹੜਾ-ਜਿਹੜਾ ਖੋਜ ਕਰੇਗਾ, ਉਹੀ ਮਨ ਭਾਉਂਦੇ ਪਦਾਰਥ ਉਜਾਗਰ ਕਰ ਲਏਗਾ। ਭਾਈ ਸਾਹਿਬ ਦਾ ਪ੍ਰੇਰਨਾਮਈ ਕਬਿੱਤ ਹੈ :
ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ,
ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਈ॥
ਜੈਸੇ ਪਰਬਤਿ ਹੀਰਾ ਮਾਨਕ ਪਾਰਸ ਸਿਧ,
ਖਨਵਾਰਾ ਖਨਿ ਜਗ ਵਿਖੇ ਪ੍ਰਗਟਾਵਈ॥
ਜੈਸੇ ਬਨ ਬਿਖੈ ਮਲਿਆਗਰ ਸੌਧਾ ਕਪੂਰ,
ਸੋਧ ਕੈ ਸੁਬਾਸੀ ਸੁਬਾਸ ਬਿਹਸਾਵਈ॥
ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ
ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ॥


-ਖ਼ਾਲਸਾ ਕਾਲਜ, ਅੰਮ੍ਰਿਤਸਰ। ਮੋਬਾ:98159-85559

21 ਤੋਂ 23 ਨਵੰਬਰ 'ਤੇ ਸਾਲਾਨਾ ਸ਼ਹੀਦੀ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ

ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਨਵਾਂ ਨਗਰ ਚੱਕ ਨਾਨਕੀ ਸ੍ਰੀ ਅਨੰਦਪੁਰ ਸਾਹਿਬ ਸਥਾਪਤ ਕਰਨ ਤੋਂ ਪਹਿਲਾਂ ਇਤਿਹਾਸਕ ਸਰੋਤਾਂ ਅਨੁਸਾਰ ਜਿਥੇ ਅੱਜਕਲ੍ਹ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸੁਸ਼ੋਭਿਤ ਹੈ, ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 5 ਮਹੀਨੇ 19 ਦਿਨ ਇਲਾਕਾ ਨਿਵਾਸੀ ਸੰਗਤਾਂ ਨੂੰ ਨਾਮਬਾਣੀ ਸੇਵਾ ਸਿਮਰਨ ਦਾ ਉਪਦੇਸ਼ ਦੇ ਕੇ ਕਿਰਤਾਰਥ ਕੀਤਾ। ਜਿਸ ਪਵਿੱਤਰ ਅਸਥਾਨ 'ਤੇ ਸਤਿਗੁਰੂ ਜੀ ਨੇ ਨਿਵਾਸ ਰੱਖਿਆ, ਉਸ ਅਸਥਾਨ ਨੂੰ ਅੱਜ ਸਿੱਖ ਜਗਤ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਇਸ ਪਵਿੱਤਰ ਅਸਥਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿਚ 1972 ਈ: ਵਿਚ ਪਾਵਨ ਅਸਥਾਨ 'ਤੇ ਗੁਰਦੁਆਰਾ ਸਾਹਿਬ ਦੀ ਖੂਬਸੂਰਤ ਆਲੀਸ਼ਾਨ ਇਮਾਰਤ ਉਸਾਰਨ ਦੀ ਆਰੰਭਤਾ ਕੀਤੀ ਗਈ। ਸੰਗਤਾਂ ਦੇ ਭਰਪੂਰ ਸਹਿਯੋਗ ਦੁਆਰਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਦੀ ਵਿਸ਼ਾਲ ਇਮਾਰਤ 2002 ਈ: ਨੂੰ ਮੁਕੰਮਲ ਹੋਈ। ਗੁਰਦੁਆਰਾ ਸਾਹਿਬ ਵਿਖੇ ਅਕਾਸ਼ ਨੂੰ ਛੂੰਹਦਾ 131 ਫੁੱਟ ਨੀਲਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ।
ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 342ਵਾਂ ਪਾਵਨ ਸ਼ਹੀਦੀ ਦਿਹਾੜਾ ਸ੍ਰੀਮਾਨ ਨਾਗਰ ਸਿੰਘ, ਸ੍ਰੀਮਾਨ ਭਾਈ ਨੌਰੰਗ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਗਿਆਨੀ ਸ਼ੁਮਿੱਤਰ ਸਿੰਘ ਅਨੁਸਾਰ 21 ਤੋਂ 23 ਨਵੰਬਰ ਤੱਕ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿਚ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਮੁੱਖ ਗ੍ਰੰਥੀ ਭਾਈ ਨੌਰੰਗ ਸਿੰਘ ਨੇ ਦੱਸਿਆ ਕਿ 21 ਨਵੰਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਉਪਰੰਤ ਇਸੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। 22 ਨਵੰਬਰ ਸ਼ਾਮ ਨੂੰ ਕੀਰਤਨ ਦਰਬਾਰ ਸਜੇਗਾ। 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਖੁੱਲ੍ਹੇ ਪੰਡਾਲ ਵਿਚ ਸਜਾਏ ਜਾ ਰਹੇ ਸਾਲਾਨਾ ਗੁਰਮਤਿ ਸਮਾਗਮ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ, ਰਾਗੀ, ਢਾਡੀ ਜਥੇ ਤੇ ਪ੍ਰਚਾਰਕ ਸਮੂਹ ਸੰਗਤਾਂ ਨੂੰ ਨਿਹਾਲ ਕਰਨਗੇ।


-ਰਣਧੀਰ ਸਿੰਘ ਸੰਭਲ

ਸ਼੍ਰੋਮਣੀ ਸਿੱਖ ਸੰਸਥਾ : ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ

ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਸ਼੍ਰੋਮਣੀ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਇਹ ਕਮੇਟੀ ਕਿਵੇਂ ਹੋਂਦ ਵਿਚ ਆਈ? ਇਸ ਦਾ ਨਿਕਾਸ-ਵਿਕਾਸ ਕਿਵੇਂ ਹੋਇਆ ਅਤੇ ਕਿਵੇਂ ਇਹ ਸ਼੍ਰੋਮਣੀ ਸਿੱਖ ਸੰਸਥਾ ਵਜੋਂ ਪ੍ਰਵਾਨ ਚੜ੍ਹੀ? ਇਸ ਨੇ ਕੀ ਪ੍ਰਾਪਤੀਆਂ ਕੀਤੀਆਂ? ਇਨ੍ਹਾਂ ਸੁਆਲਾਂ ਨੂੰ ਅਸੀਂ ਸੰਖੇਪ 'ਚ ਵਿਚਾਰ ਰਹੇ ਹਾਂ।
12 ਅਕਤੂਬਰ, 1920 ਨੂੰ ਖਾਲਸਾ ਬਰਾਦਰੀ ਦਾ ਸਾਲਾਨਾ ਦੀਵਾਨ ਅੰਮ੍ਰਿਤਸਰ 'ਚ ਹੋਇਆ, ਜਿਸ ਵਿਚ ਬਹੁਤ ਸਾਰੇ ਅਖੌਤੀ ਗੁਰੂ-ਦਾਤ ਅੰਮ੍ਰਿਤ ਦੀ ਪਾਹੁਲ ਪ੍ਰਾਪਤ ਕਰ, ਨਾਨਕ ਨਿਰਮਲ ਪੰਥ ਦੇ ਮੈਂਬਰ ਬਣੇ। ਨਵੇਂ ਸਜੇ ਸਿੰਘ ਗੁਰੂ ਅਰਜਨ ਦੇਵ ਜੀ ਦੁਆਰਾ ਸਿਰਜਤ ਸਰਬ-ਸਾਂਝੇ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਤਾਂ ਪੁਜਾਰੀ ਨੱਕ-ਮੂੰਹ ਵੱਟਣ ਲੱਗੇ। ਥੋੜ੍ਹੀ ਨੋਕ-ਝੋਕ ਤੋਂ ਬਾਅਦ ਪੁਜਾਰੀ ਅਰਦਾਸ ਕਰਨ ਤੇ ਹੁਕਮਨਾਮਾ ਲੈਣ ਲਈ ਸਹਿਮਤ ਹੋ ਗਏ। ਹੁਕਮਨਾਮੇ ਦੇ ਬੋਲ ਸਨ :
ਨਿਗੁਣਿਆ ਨੋ ਆਪੇ ਬਖਸਿ ਲਏ
ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ
ਭਾਈ ਰਾਮ ਨਾਮਿ ਚਿਤੁ ਲਾਇ॥ (ਅੰਗ 638)
ਜਦ ਇਨ੍ਹਾਂ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਬੇਨਤੀ ਲਈ ਹਾਜ਼ਰ ਹੋਇਆ ਤਾਂ ਅਕਾਲ ਤਖ਼ਤ ਦੇ ਪੁਜਾਰੀ ਹਰਨ ਹੋ ਗਏ। ਸਿੰਘਾਂ ਨੇ ਫ਼ੈਸਲਾ ਕੀਤਾ ਕਿ ਗੁਰੂ ਦਾ ਤਖ਼ਤ ਸੁੰਨਾ ਨਹੀਂ ਰਹਿਣਾ ਚਾਹੀਦਾ ਤੇ ਸੇਵਾ-ਸੰਭਾਲ ਵਾਸਤੇ 25 ਸਿੰਘਾਂ ਦਾ ਜਥਾ ਨਿਯਤ ਕਰ ਦਿੱਤਾ। ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਹਾਲਤਾਂ ਨੂੰ ਦੇਖਦੇ ਹੋਏ 9 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਹਾਮੀ ਤੇ ਹਮਾਇਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕਰਵਾਇਆ ਕਿ 15 ਨਵੰਬਰ, 1920 ਨੂੰ ਸਿੱਖਾਂ ਦਾ ਪ੍ਰਤੀਨਿਧ ਇਕੱਠ ਬੁਲਾਇਆ ਗਿਆ। ਪ੍ਰਤੀਨਿਧ ਇਕੱਠ ਵਿਚ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਦਾ ਨਾਂਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਰੱਖਿਆ ਗਿਆ। ਇਸ ਕਮੇਟੀ ਦੀ ਪਲੇਠੀ ਮੀਟਿੰਗ 12 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈ। ਸਭ ਤੋਂ ਪਹਿਲਾਂ ਪੰਜ ਪਿਆਰੇ ਚੁਣੇ ਗਏ, ਜਿਨ੍ਹਾਂ ਸਾਰਿਆਂ ਮੈਂਬਰਾਂ ਦੀ ਸੋਧ ਕੀਤੀ ਤੇ ਅਹੁਦੇਦਾਰ ਚੁਣੇ ਗਏ। ਪਹਿਲੀ ਇਕੱਤਰਤਾ ਸਮੇਂ ਹੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਵਿਧਾਨ ਬਣਾਉਣ ਲਈ ਇਕ ਸਬ-ਕਮੇਟੀ ਬਣਾਈ ਗਈ। 30 ਅਪ੍ਰੈਲ, 1921 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੀ ਰਜਿਸਟ੍ਰੇਸ਼ਨ ਕਰਵਾਈ ਗਈ।
ਚੁਣੀ ਹੋਈ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਲੈਣ ਲਈ ਮਹੰਤਾਂ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਪੁਜਾਰੀਆਂ ਨੇ ਗੋਲੀ ਚਲਾ ਦਿੱਤੀ, ਜਿਸ ਵਿਚ ਭਾਈ ਹਜ਼ਾਰਾ ਸਿੰਘ ਸ਼ਹੀਦ ਹੋ ਗਏ, ਜੋ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਸਦਵਾਏ।
20 ਫਰਵਰੀ, 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ, ਜਿਸ ਵਿਚ ਅਨੇਕਾਂ ਸਿੰਘ ਮਹੰਤ ਨਰੈਣ ਦਾਸ ਦੇ ਗੁੰਡਿਆਂ ਦੀਆਂ ਗੋਲੀਆਂ, ਗੰਡਾਸੀਆਂ, ਛਵੀਆਂ ਤੇ ਡਾਂਗਾਂ ਦੇ ਸ਼ਿਕਾਰ ਹੋਏ। ਕੁਝ ਸਿੱਖਾਂ ਨੂੰ ਮਹੰਤ ਦੇ ਆਦਮੀਆਂ ਨੇ ਜੰਡ ਦੇ ਦਰਖ਼ਤ ਨਾਲ ਬੰਨ੍ਹ, ਜਿਉਂਦੇ ਜੀਅ ਸਾੜ ਦਿੱਤਾ। ਇਸ ਅਤਿ ਦੁਖਦਾਈ ਹਿਰਦੇਵੇਦਕ ਘਟਨਾ ਤੋਂ ਪਿੱਛੋਂ 21 ਫਰਵਰੀ, 1921 ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਅਧੀਨ ਆਇਆ।
8 ਅਗਸਤ, 1921 ਨੂੰ ਗੁਰੂ ਕੇ ਬਾਗ, ਘੂਕੇ ਵਾਲੀ ਅੰਮ੍ਰਿਤਸਰ ਦਾ ਮਾਮਲਾ ਮੋਰਚੇ ਦਾ ਰੂਪ ਧਾਰਨ ਕਰ ਗਿਆ। ਅੰਗਰੇਜ਼ ਹਾਕਮ ਅਸਲ ਵਿਚ ਪੂਰੀ ਤਰ੍ਹਾਂ ਮਹੰਤਾਂ ਤੇ ਪੁਜਾਰੀਆਂ ਦੀ ਪਿੱਠ 'ਤੇ ਸਨ। ਅਕਾਲੀ ਲਹਿਰ ਦੇ ਅੰਗਰੇਜ਼ ਸਾਮਰਾਜ ਤੇ ਕੁਰੱਪਟ ਮਹੰਤਾਂ-ਪੁਜਾਰੀਆਂ ਦੇ ਖਿਲਾਫ਼ ਲੰਬੀ ਲੜਾਈ ਲੜਦੇ ਅਨੇਕਾਂ ਕੁਰਬਾਨੀਆਂ ਤੇ ਤਸੀਹੇ ਝੱਲ ਕੇ ਗੁਰਸਿੱਖਾਂ ਨੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ। ਚਾਬੀਆਂ ਦਾ ਮੋਰਚਾ, ਗੁਰਦੁਆਰਾ ਫੇਰੂ ਦਾ ਮੋਰਚਾ, ਜੈਤੋ ਦਾ ਮੋਰਚਾ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਰੂਪਮਾਨ ਕਰਦੇ ਹਨ। ਪਰ ਅੰਗਰੇਜ਼ ਸਾਮਰਾਜ ਨੂੰ ਸੰਗਠਿਤ ਸਿੱਖ ਸ਼ਕਤੀ ਅੱਗੇ ਗੋਡੇ ਟੇਕਣੇ ਪਏ। 1925 'ਚ ਸਿੱਖ ਗੁਰਦੁਆਰਾ ਕਾਨੂੰਨ ਬਣ ਜਾਣ ਨਾਲ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਵਿਸ਼ਵ ਦੀ ਪਹਿਲੀ ਲੋਕਤੰਤਰੀ ਢੰਗ ਦੁਆਰਾ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਸੰਸਥਾ ਬਣੀ।
ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਸਿਰਜਣਾ ਸਿੱਖ ਸ਼ਹੀਦਾਂ ਦੇ ਸਿਰਾਂ 'ਤੇ ਹੋਈ ਹੈ। 1920 ਤੋਂ 1925 ਤੱਕ ਚੱਲੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਆਪਣੀ ਚਰਮ ਸੀਮਾ 'ਤੇ ਸੀ। ਇਸ ਸਮੇਂ ਦੌਰਾਨ ਜੋ ਕੁਰਬਾਨੀਆਂ ਸਿੱਖੀ ਦੇ ਪਰਵਾਨਿਆਂ ਨੇ ਕੀਤੀਆਂ, ਮਾਨਸਿਕ, ਸਰੀਰਕ ਤਸੀਹੇ ਸਹੇ, ਉਨ੍ਹਾਂ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਇਕ ਇਸਾਈ ਪਾਦਰੀ ਦੇ ਅੱਖੀਂ ਡਿੱਠੇ ਹਾਲ ਤੋਂ ਸਪੱਸ਼ਟ ਹੋ ਜਾਂਦਾ ਹੈ, ਜੋ ਉਸ ਨੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸਿੱਖਾਂ 'ਤੇ ਹੁੰਦੇ ਜਬਰ-ਜ਼ੁਲਮ ਨੂੰ ਦੇਖ ਕੇ ਲਿਖੇ ਕਿ ਮੈਂ ਸੈਂਕੜੇ ਈਸਾ ਸੂਲੀ 'ਤੇ ਚੜ੍ਹਦੇ ਦੇਖ ਰਿਹਾ ਹਾਂ।
ਅਕਾਲ ਦੇ ਪੁਜਾਰੀ ਗੁਰਸਿੱਖ 'ਅਕਾਲੀ' ਸਦਵਾਏ, ਜਿਨ੍ਹਾਂ ਨੇ ਗੁਰਧਾਮਾਂ, ਗੁਰਦੁਆਰਿਆਂ ਦੀ ਅਜ਼ਮਤ ਵਾਸਤੇ ਅੰਗਰੇਜ਼ ਸਰਕਾਰ ਦੇ ਵਿਰੁੱਧ ਭੁੱਖੇ-ਧਿਆਏ ਨੰਗੇ ਪਿੰਡੇ ਲੰਬੇਰਾ ਸੰਘਰਸ਼ ਲੜਿਆ ਤੇ ਸਫਲਤਾ ਦੀਆਂ ਸਰ-ਬੁਲੰਦੀਆਂ ਨੂੰ ਛੂਹਿਆ। ਇਹ ਗੁਰੂ ਕੇ ਲਾਲ ਤਨ, ਮਨ, ਧਨ, ਬਚਨ ਕਰਮ ਤੋਂ ਅਕਾਲ ਦੇ ਪੁਜਾਰੀ ਸਨ ਤੇ ਨਿਸ਼ਕਾਮ ਸੇਵਾ ਇਨ੍ਹਾਂ ਦਾ ਅਦਰਸ਼ ਸੀ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਸਫਲ ਕਰਨ ਲਈ ਇਨ੍ਹਾਂ ਮਰਜੀਵੜਿਆਂ 'ਤੇ ਆਧਾਰਿਤ 14 ਦਸੰਬਰ, 1920 ਨੂੰ 'ਸ਼੍ਰੋਮਣੀ ਅਕਾਲੀ ਦਲ' ਹੋਂਦ ਵਿਚ ਆਇਆ। ਅਕਾਲੀ ਲਹਿਰ ਨੇ ਗੁਰਦੁਆਰਾ ਚੋਣਾਂ ਵਿਚ ਪਹਿਲੀ ਵਾਰ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿਵਾਇਆ।
ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਰਦੀ, ਇਸ ਦਾ ਕਾਰਜ ਖੇਤਰ ਬਹੁਤ ਵਿਸ਼ਾਲ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਬਹੁਤ ਸਾਰੇ ਇਤਿਹਾਸਕ ਕਾਰਜ ਤੇ ਫ਼ੈਸਲੇ ਕੀਤੇ ਹਨ, ਸੰਖੇਪ ਵਿਚ ਅਸੀਂ ਵਿਚਾਰ ਕਰਾਂਗੇ।
ਗੁਰਦੁਆਰਾ ਪ੍ਰਬੰਧ ਦੀ ਆਮਦਨ-ਖਰਚ ਦੇ ਹਿਸਾਬ-ਕਿਤਾਬ ਨੂੰ ਪਾਰਦਰਸ਼ੀ ਕਰਨ ਲਈ 1927 ਤੋਂ ਮਾਸਿਕ ਪੱਤਰ 'ਗੁਰਦੁਆਰਾ ਗਜ਼ਟ' ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ, ਜੋ ਨਿਰੰਤਰ ਜਾਰੀ ਹੈ। ਜਾਤੀ ਭੇਦਭਾਵ ਨੂੰ ਮਿਟਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ। ਕੋਈ ਸਿੱਖ ਕਿਸੇ ਨਾਲ ਜਾਤੀ ਭੇਦਭਾਵ ਨਹੀਂ ਕਰੇਗਾ ਤੇ ਨਾ ਹੀ ਕਿਸੇ ਦੀ ਜਾਤ ਬਰਾਦਰੀ ਪੁੱਛੇਗਾ। ਮਹੰਤਾਂ ਤੇ ਪੁਜਾਰੀਆਂ ਦੇ ਪ੍ਰਬੰਧ ਕਾਰਨ ਹਰ ਗੁਰਦੁਆਰੇ ਦੀ ਆਪਣੀ ਮਰਯਾਦਾ ਸੀ, ਜਿਸ ਨੂੰ ਇਕਸੁਰ ਤੇ ਇਕਸਾਰ ਕਰਨ ਲਈ 'ਸਿੱਖ ਰਹਿਤ ਮਰਯਾਦਾ' ਨਿਸਚਤ ਕੀਤੀ ਗਈ, ਜਿਸ ਨੂੰ 'ਗੁਰੂ ਪੰਥ' ਦੀ ਪ੍ਰਵਾਨਗੀ ਹਾਸਲ ਹੈ। ਸਿੱਖ ਰਹਿਤ ਮਰਯਾਦਾ ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਫਰੀ ਛਾਪ ਕੇ ਵੰਡੀ ਜਾਂਦੀ ਹੈ।
17 ਜੂਨ, 1923 ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਕਰਵਾਈ ਗਈ, ਜੋ ਇਤਿਹਾਸਕ ਕਾਰਜ ਸੀ। ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਥਾਪਤ ਕੀਤਾ ਗਿਆ। ਹੁਣ ਮਿਸ਼ਨਰੀ ਕਾਲਜਾਂ ਦੀ ਗਿਣਤੀ 13 ਹੈ, ਜੋ ਵੱਖ-ਵੱਖ ਰਾਜਾਂ 'ਚ ਚਲਾਏ ਜਾ ਰਹੇ ਹਨ। ਸਿੱਖ ਇਤਿਹਾਸ ਰੀਸਰਚ ਬੋਰਡ ਦੀ ਸਥਾਪਨਾ ਕੀਤੀ ਗਈ, ਤਾਂ ਜੋ ਸਿੱਖ ਇਤਿਹਾਸ ਨੂੰ ਦੁਬਾਰਾ ਲਿਖਵਾਏ। ਪੰਜਾਬੀ ਸੂਬੇ ਦੀ ਸਥਾਪਤੀ ਵਾਸਤੇ ਮਤਾ ਪਾਸ ਕੀਤਾ ਗਿਆ ਤੇ ਮੋਰਚਾ ਲਾਇਆ ਗਿਆ। ਆਜ਼ਾਦੀ ਲਹਿਰ ਨੂੰ ਪੂਰਨ ਸਹਿਯੋਗ ਤੇ ਸਮਰਥਨ ਸ਼੍ਰੋਮਣੀ ਕਮੇਟੀ ਵਲੋਂ ਦਿੱਤਾ ਗਿਆ।
ਗੁਰਦੁਆਰਾ ਐਕਟ ਬਣਨ ਨਾਲ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਵਿਧੀਵਤ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਚੋਣ 5 ਸਾਲਾਂ ਬਾਅਦ ਬਾਲਗ ਸਿੱਖ ਵੋਟਰਾਂ ਦੁਆਰਾ ਕੀਤੀ ਜਾਂਦੀ ਹੈ ਪਰ ਚੋਣ ਕੇਂਦਰ ਸਰਕਾਰ ਕਰਾਉਂਦੀ ਹੈ। ਮੌਜੂਦਾ ਹਾਊਸ ਵਿਚ ਕੁਲ 190 ਮੈਂਬਰ ਹਨ, ਜਿਨ੍ਹਾਂ 'ਚੋਂ 120 ਚੋਣ ਹਲਕਿਆਂ ਵਿਚੋਂ ਚੁਣ ਕੇ ਆਉਂਦੇ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਚੋਣ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਹੁੰਦੀ ਹੈ ਪਰ 15 ਮੈਂਬਰ ਦੇਸ਼ ਭਰ ਵਿਚੋਂ ਕੋਆਪਟ ਕੀਤੇ ਜਾਂਦੇ ਹਨ। 30 ਸੀਟਾਂ ਬੀਬੀਆਂ ਵਾਸਤੇ ਰਾਖਵੀਆਂ ਹਨ। ਜਰਨਲ ਚੋਣ ਤੋਂ ਬਾਅਦ ਹਰ ਸਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੁੰਦੀ ਹੈ।
ਸ਼੍ਰੋਮਣੀ ਕਮੇਟੀ ਦੇ ਆਪਣੇ ਕਾਰਜ ਭਾਗ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰੀਸਰਚ ਬੋਰਡ, ਐਜੂਕੇਸ਼ਨ ਕਮੇਟੀ, ਟਰੱਸਟ ਵਿਭਾਗ, ਸੈਕਸ਼ਨ 85, ਸੈਕਸ਼ਨ 87 ਆਦਿ ਵੱਖ-ਵੱਖ ਵਿੰਗ ਅਤੇ ਵਿਭਾਗ ਹਨ।
ਸ਼੍ਰੋਮਣੀ ਗੁ: ਪ੍ਰ: ਕਮੇਟੀ ਅਧੀਨ ਸੈਕਸ਼ਨ 85 'ਚ ਵੱਡੇ 90 ਇਤਿਹਾਸਕ ਗੁਰਦੁਆਰੇ ਆਉਂਦੇ ਹਨ ਤੇ ਸ਼ੈਕਸ਼ਨ 87 ਅਧੀਨ ਛੋਟੇ ਇਤਿਹਾਸਕ ਗੁਰਦੁਆਰੇ ਸ਼ਾਮਿਲ ਹਨ, ਜਿਨ੍ਹਾਂ ਵਿਚ ਚੁਣੀਆਂ ਕਮੇਟੀਆਂ, ਨਾਮਜ਼ਦ ਕਮੇਟੀਆਂ ਅਤੇ ਲੋਕਲ ਕਮੇਟੀਆਂ ਸ਼ਾਮਿਲ ਹਨ। ਧਰਮ ਪ੍ਰਚਾਰ ਕਮੇਟੀ ਅਧੀਨ ਵੱਖ-ਵੱਖ ਰਾਜਾਂ 'ਚ 11 ਸਿੱਖ ਮਿਸ਼ਨ ਸਥਾਪਤ ਹਨ ਤੇ 13 ਮਿਸ਼ਨਰੀ ਕਾਲਜ ਚਲਾਏ ਜਾ ਰਹੇ ਹਨ। ਟਰੱਸਟ ਵਿਭਾਗ ਦੀਆਂ ਦੋ ਯੂਨੀਵਰਸਿਟੀਆਂ, ਦੋ ਮੈਡੀਕਲ ਕਾਲਜ, ਦੋ ਇੰਜੀ: ਕਾਲਜ, ਅਨੇਕਾਂ ਡਿਗਰੀ ਕਾਲਜ ਤੇ 54 ਸਕੂਲ ਚਲਾਏ ਜਾ ਰਹੇ ਹਨ।
ਲੋਕ ਕਲਿਆਣਕਾਰੀ ਕਾਰਜਾਂ ਵਜੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਪਿੰਗਲਵਾੜਾ ਭਗਤ ਪੂਰਨ ਸਿੰਘ, ਯਤੀਮਖਾਨਾ, ਬਿਰਧਘਰ ਆਦਿ ਨੂੰ ਸਾਲਾਨਾ ਸਹਾਇਤਾ ਦਿੰਦੀ ਹੈ। ਇਸ ਤੋਂ ਇਲਾਵਾ ਹੜ੍ਹ-ਪੀੜਤਾਂ, ਭੂਚਾਲ-ਪੀੜਤਾਂ, ਸੁਨਾਮੀ ਪੀੜਤਾਂ, ਸਿੱਖ ਕਤਲੇਆਮ ਦੇ ਪੀੜਤਾਂ, ਜੋਧਪੁਰ ਦੇ ਕੈਦੀਆਂ, ਧਰਮੀ ਫੌਜੀਆਂ ਦੀ ਮਦਦ ਵੀ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ।
ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦਾ ਕਾਨੂੰਨੀ ਅਧਿਕਾਰ ਖੇਤਰ ਗੁ: ਪ੍ਰਬੰਧ ਸਬੰਧੀ ਭਾਵੇਂ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੱਕ ਸੀਮਤ ਹੈ ਪਰ ਵਿਸ਼ਵ ਭਰ ਵਿਚ ਵਸੇ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਵੀ ਸ਼੍ਰੋਮਣੀ ਕਮੇਟੀ ਹੀ ਹੈ। ਸਿੱਖਾਂ ਨਾਲ ਸਬੰਧਤ ਮਸਲੇ ਸ਼੍ਰੋਮਣੀ ਕਮੇਟੀ ਪਾਸ ਹੀ ਆਉਂਦੇ ਹਨ। ਮਸਲਾ ਭਾਵੇਂ ਦਸਤਾਰ ਦਾ ਹੋਵੇ ਜਾਂ ਕਕਾਰਾਂ ਦਾ।
ਗੁਰਦੁਆਰਿਆਂ ਦੀ ਨਵ-ਉਸਾਰੀ ਤੇ ਨਵ-ਨਿਰਮਾਣ, ਸਰਾਵਾਂ ਦਾ ਢੁਕਵਾਂ ਪ੍ਰਬੰਧ ਕਰਨਾ, ਸਿੱਖ ਵਿਰਸੇ ਤੇ ਵਿਰਾਸਤਾਂ ਨੂੰ ਸੰਭਾਲਣਾ ਤੇ ਸਿੱਖ ਧਰਮ ਪ੍ਰਚਾਰ ਪ੍ਰਸਾਰ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰੇਡੀਓ, ਟੀ.ਵੀ., ਇੰਟਰਨੈੱਟ ਮਾਧਿਅਮ ਨੂੰ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ।
ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ-ਪ੍ਰਸਾਰ, ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਆਪਣੇ ਵਿਸ਼ੇਸ਼ ਛਾਪੇਖਾਨੇ ਲਾਏ ਗਏ ਹਨ, ਜਿਨ੍ਹਾਂ ਵਿਚ ਗੁਰਬਾਣੀ ਦੀ ਪ੍ਰਕਾਸ਼ਨ ਸੇਵਾ ਅਦਬ-ਸਤਿਕਾਰ ਅਤੇ ਮਰਯਾਦਾ ਨਾਲ ਕੀਤੀ ਜਾਂਦੀ ਹੈ।
ਸਿੱਖਾਂ ਦੀ ਇਹ ਸ਼੍ਰੋਮਣੀ ਸੰਸਥਾ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਸ: ਸੁੰਦਰ ਸਿੰਘ ਮਜੀਠੀਆ ਨੂੰ ਪ੍ਰਾਪਤ ਹੋਇਆ। ਸਮੇਂ-ਸਮੇਂ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ, ਪੰਥ ਰਤਨ ਮਾਸਟਰ ਤਾਰਾ ਸਿੰਘ, ਪੰਥ ਰਤਨ ਜਥੇ: ਗੁਰਚਰਨ ਸਿੰਘ ਟੌਹੜਾ, ਲੋਹ ਪੁਰਸ਼ ਜਥੇ: ਜਗਦੇਵ ਸਿੰਘ ਤਲਵੰਡੀ, ਬੀਬੀ ਜਗੀਰ ਕੌਰ, ਜਥੇ: ਅਵਤਾਰ ਸਿੰਘ ਮੱਕੜ ਅਤੇ ਹੁਣ ਇਹ ਸੇਵਾ ਪ੍ਰੋ: ਕਿਰਪਾਲ ਸਿੰਘ ਬਡੂੰਗਰ ਬਾਖੂਬੀ ਨਿਭਾ ਰਹੇ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਮਾਲਵੇ ਦੇ ਸਿੱਖ

ਬਠਿੰਡਾ ਤੋਂ 30 ਕਿਲੋਮੀਟਰ ਦੱਖਣੀ-ਪੂਰਬ ਵੱਲ ਤਲਵੰਡੀ ਸਾਬੋ ਨਾਂਅ ਦੀ ਸਬ-ਡਵੀਜ਼ਨ ਹੈ। ਇਹ ਅਸਥਾਨ ਆਦਿ ਕਾਲ ਤੋਂ ਧਾਰਮਿਕ ਮਹੱਤਤਾ ਵਾਲਾ ਰਿਹਾ ਹੈ। ਵੈਦਿਕ ਕਾਲ ਸਮੇਂ ਸਰਸਵਤੀ ਨਦੀ ਥਨੇਸਰ/ਪਹੇਵਾ ਆਦਿ ਹੁੰਦੀ ਹੋਈ ਤਲਵੰਡੀ ਸਾਬੋ ਦੇ ਨਾਲ ਵਗਦੀ ਸੀ ਅਤੇ ਇਥੇ ਇਕ ਬਹੁਤ ਹੀ ਆਧੁਨਿਕ ਸ਼ਹਿਰ ਵਸਿਆ ਹੋਇਆ ਸੀ, ਜਿਸ ਨੂੰ ਇੰਦਰ ਦੀ ਪੁਰੀ (ਪੁਰਿੰਦ੍ਹਰੀ) ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਸ਼ਹਿਰ ਵਿਚ ਸੁੰਦਰ ਇਮਾਰਤਾਂ ਅਤੇ ਰਾਜ ਮਾਰਗ ਬਣੇ ਹੋਏ ਸਨ। ਇਹ ਇਕ ਵਪਾਰ ਦਾ ਕੇਂਦਰ ਸੀ। ਸ਼ਹਿਰ ਦੇ ਆਲੇ-ਦੁਆਲੇ ਬਹੁਤ ਸੁੰਦਰ ਤੇ ਮਨਮੋਹਕ ਬਾਗ-ਬਗੀਚੇ ਬਣੇ ਹੋਏ ਸਨ। ਇਸ ਸਥਾਨ 'ਤੇ ਮਹਾਂ-ਰਿਸ਼ੀ ਮਾਰਕੰਡੇ ਜਿਹੇ ਮਹਾਂਪੁਰਸ਼ਾਂ ਨੇ ਭਗਤੀ ਕੀਤੀ। ਪਰ ਸਮੇਂ ਦੇ ਨਾਲ ਸਰਸਵਤੀ ਨੇ ਆਪਣਾ ਰੁਖ਼ ਬਦਲ ਕੇ ਪੂਰਬ ਵੱਲ ਕਰ ਲਿਆ ਅਤੇ ਸਤਲੁਜ ਦਰਿਆ ਜਿਹੜਾ ਬਠਿੰਡਾ ਦੇ ਕਿਲ੍ਹੇ ਨਾਲ ਵਗਦਾ ਸੀ, ਉਸ ਨੇ ਆਪਣਾ ਰੁਖ਼ ਪੱਛਮ ਵੱਲ ਕਰ ਲਿਆ ਅਤੇ ਤਲਵੰਡੀ ਦਾ ਇਲਾਕਾ ਉੱਚੇ ਟਿੱਬਿਆਂ ਵਾਲਾ ਮਾਰੂਥਲ ਬੰਜਰ ਬਣ ਗਿਆ, ਜਿਹੜਾ ਕਦੇ ਜ਼ਰਖ਼ੇਜ਼ ਭੂਮੀ ਸੀ।
ਸਮੇਂ ਦੇ ਬਦਲਣ ਨਾਲ ਮੁਗਲ ਕਾਲ ਵਿਚ ਇਹ ਇਲਾਕਾ ਦਿੱਲੀ ਦੇ ਬਾਦਸ਼ਾਹ ਸ਼ਮਸੂਦੀਨ ਦੇ ਅਧੀਨ ਆ ਗਿਆ। ਹਿੰਦੂ ਗੁੱਜਰਾਂ ਨੇ 48 ਪਿੰਡ ਬਾਦਸ਼ਾਹ ਸ਼ਮਸੂਦੀਨ ਕੋਲੋਂ ਮੁਸਲਮਾਨ ਧਰਮ ਗ੍ਰਹਿਣ ਕਰਕੇ ਪ੍ਰਾਪਤ ਕੀਤੇ ਅਤੇ ਉਹ ਇਨ੍ਹਾਂ 48 ਪਿੰਡਾਂ ਦੇ ਜਗੀਰਦਾਰ/ਮਾਲਕ/ਚੌਧਰੀ ਬਣ ਗਏ। ਇਨ੍ਹਾਂ ਗੁੱਜਰਾਂ ਦੇ ਸਰਦਾਰ ਦੇ ਕੋਈ ਪੁੱਤਰ ਨਹੀਂ ਸੀ। ਉਸ ਦੇ ਇਕਲੌਤੀ ਪੁੱਤਰੀ ਸੀ, ਜਿਸ ਦਾ ਨਾਂਅ ਸਾਬੋ ਸੀ। ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ 48 ਪਿੰਡਾਂ ਦੀ ਚੌਧਰਾਣੀ ਬਣੀ। ਇਸੇ ਕਰਕੇ ਇਹ ਇਲਾਕਾ ਸਾਬੋ ਦੀ ਤਲਵੰਡੀ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਪਰ ਬਾਅਦ ਵਿਚ ਜਦੋਂ ਬਰਾੜਾਂ ਤੇ ਸਿੱਧੂਆਂ ਨੇ ਇਸ ਇਲਾਕੇ ਵਿਚ ਜ਼ੋਰ ਫੜਿਆ ਤਾਂ ਉਨ੍ਹਾਂ ਨੇ ਬਹੁਤ ਸਾਰਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੁਕਤਸਰ ਦੀ ਜੰਗ ਤੋਂ ਬਾਅਦ 1762 ਵਿਚ ਲੱਖੀ ਜੰਗਲ ਹੁੰਦੇ ਹੋਏ ਸਾਬੋ ਦੀ ਤਲਵੰਡੀ ਪਹੁੰਚੇ। ਇਹ ਉਹ ਪਵਿੱਤਰ ਧਰਤੀ ਹੈ, ਜਿਸ ਨੂੰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਥੋਂ ਦੇ ਜਗੀਰਦਾਰ/ਸਰਦਾਰ ਰਾਇ ਡੱਲੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਬੋ ਦੀ ਤਲਵੰਡੀ 'ਚ ਸਵਾਗਤ ਕੀਤਾ। ਗੁਰੂ ਜੀ ਨੇ ਇਸ ਪਵਿੱਤਰ ਧਰਤੀ ਨੂੰ ਨਮਸਕਾਰ ਕੀਤਾ। ਉਸ ਤੋਂ ਉਪਰੰਤ ਰਾਇ ਡੱਲੇ ਨੇ ਗੁਰੂ ਜੀ ਦੇ ਕਹਿਣ ਮੁਤਾਬਿਕ ਭੋਜਨ ਪਾਣੀ ਤੇ ਠਹਿਰਨ ਦਾ ਪ੍ਰਬੰਧ ਇਕ ਉੱਚੇ ਟਿੱਬੇ ਦੀ ਟੀਸੀ 'ਤੇ ਕੀਤਾ। ਗੁਰੂ ਜੀ ਭਾਈ ਡੱਲੇ ਵਲੋਂ ਰੱਖੇ ਹੋਏ ਤਖ਼ਤਪੋਸ਼ 'ਤੇ ਬੈਠ ਗਏ ਅਤੇ ਗੁਰੂ ਜੀ ਨੇ ਆਪਣਾ ਕਮਰਕੱਸਾ ਖੋਲ੍ਹਣ ਉਪਰੰਤ ਦਮ ਲਿਆ ਅਤੇ ਆਪਣੇ ਮੁਖ਼ਾਰਬਿੰਦ ਤੋਂ ਬੋਲਿਆ ਕਿ ਇਹ ਤਾਂ ਸਾਡਾ 'ਅਨੰਦਪੁਰ ਸਾਹਿਬ ਵਾਲਾ ਦਮਦਮਾ' ਹੈ। ਇਸ ਕਰਕੇ ਸਾਬੋ ਦੀ ਤਲਵੰਡੀ ਨੂੰ ਸ੍ਰੀ ਦਮਦਮਾ ਸਾਹਿਬ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ। ਗੁਰੂ ਜੀ ਇਥੇ ਨੌਂ ਮਹੀਨੇ, ਨੌਂ ਦਿਨ ਤੇ ਨੌਂ ਘੜੀਆਂ ਠਹਿਰੇ। ਇੱਥੇ ਰਹਿੰਦਿਆਂ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਭਾਈ ਮਨੀ ਸਿੰਘ ਤੋਂ ਕਰਵਾਈ ਅਤੇ ਇਥੇ ਪੜ੍ਹਨ-ਲਿਖਣ ਲਈ ਇਕ ਵਿੱਦਿਆ ਕੇਂਦਰ ਬਣਵਾਇਆ ਅਤੇ ਇਸ ਨਗਰ ਨੂੰ ਗੁਰੂ ਦੀ ਕਾਸ਼ੀ ਦਾ ਖ਼ਿਤਾਬ ਦਿੱਤਾ ਗਿਆ। ਇਸੇ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦਾ ਦਰਜਾ ਦਿੱਤਾ। ਜਿਹੜੇ ਵੀ ਹੁਕਮਨਾਮੇ ਗੁੁਰੂ ਸਾਹਿਬ ਦੁਆਰਾ ਜਾਰੀ ਕੀਤੇ ਗਏ, ਉਨ੍ਹਾਂ 'ਤੇ ਤਖ਼ਤ ਦਮਦਮਾ ਸਾਹਿਬ ਦੀ ਮੋਹਰ ਲਾਈ। ਇਹ ਮੋਹਰ ਚਾਂਦੀ ਦੀ ਹੈ, ਜਿਸ 'ਤੇ ਇਹ ਅੱਖਰ 'ਗੁਰੂ ਗੋਬਿੰਦ ਸਿੰਘ ਜਾਗਾ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ' ਉਕਰੇ ਹੋਏ ਹਨ। ਹਰ ਚਿੱਠੀ-ਪੱਤਰ 'ਤੇ ਉੱਕਤ ਅੱਖਰੀ ਮੋਹਰ ਲਾਈ ਜਾਂਦੀ ਸੀ, ਜਿਸ ਦੇ ਦਰਸ਼ਨ ਅੱਜ ਵੀ ਕਰਵਾਏ ਜਾਂਦੇ ਹਨ। ਇਸ ਤਖ਼ਤ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਨੂੰ ਗੁਰੂ ਸਾਹਿਬ ਨੇ ਆਪ ਮੁਕੱਰਰ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 'ਚ ਹੋਂਦ ਵਿਚ ਆਈ। ਸ਼੍ਰੋਮਣੀ ਕਮੇਟੀ ਨੇ ਚਾਰ ਤਖ਼ਤ ਐਕਟ ਦੇ ਅਧੀਨ ਸਥਾਪਿਤ ਕਰ ਦਿੱਤੇ, ਜਿਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ (ਸ੍ਰੀ ਅਮ੍ਰਿਤਸਰ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਹਜ਼ੂਰ ਸਾਹਿਬ (ਨੰਦੇੜ ਸਾਹਿਬ), ਤਖ਼ਤ ਸ੍ਰੀ ਪਟਨਾ ਸਾਹਿਬ (ਪਟਨਾ ਸਿਟੀ) ਆਦਿ ਸ਼ਾਮਿਲ ਹਨ, ਪਰ ਸ੍ਰੀ ਦਮਦਮਾ ਸਾਹਿਬ ਨੂੰ ਪਹਿਲਾਂ ਤਖ਼ਤ ਦਾ ਦਰਜਾ ਸ਼੍ਰੋਮਣੀ ਕਮੇਟੀ ਵਲੋਂ ਨਹੀਂ ਸੀ ਦਿੱਤਾ ਗਿਆ।
ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਨੂੰ ਪੰਜਵਾਂ ਤਖ਼ਤ ਕਰਾਰ ਦੇਣ ਲਈ ਮਾਲਵੇ ਦੇ ਸਿੱਖ ਪ੍ਰਚਾਰਕਾਂ, ਰਾਜਨੀਤੀਵਾਨਾਂ, ਬੁੱਧੀਜੀਵੀਆਂ ਵਲੋਂ ਦਮਦਮਾ ਸਾਹਿਬ ਨੂੰ ਸਿੱਖਾਂ ਦਾ ਪੰਜਵਾਂ ਤਖ਼ਤ ਐਲਾਨਣ ਬਾਰੇ ਜਦੋਂ ਵੀ ਕੋਈ ਧਾਰਮਿਕ ਦੀਵਾਨ ਸਿੱਖ ਕਾਨਫਰੰਸ ਹੁੰਦੀ, ਤਾਂ ਉਹ ਜ਼ੋਰਦਾਰ ਸ਼ਬਦਾਂ ਵਿਚ ਆਪਣੇ ਵਿਚਾਰ ਰੱਖਦੇ। 1959 ਵਿਚ ਗਿਆਨੀ ਚੰਨਣ ਸਿੰਘ ਸ੍ਰੀ ਖੰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਤੌਰ ਧਾਰਮਿਕ ਮੈਂਬਰ ਸਲਾਹਕਾਰ ਸਨ ਤਾਂ ਉਨ੍ਹਾਂ ਦਮਦਮਾ ਸਾਹਿਬ ਦੇ ਹੱਕ ਵਿਚ ਮਤਾ ਪਾਸ ਕਰਵਾਉਣ ਲਈ ਸਫਬੰਦੀ ਸ਼ੁਰੂ ਕੀਤੀ। ਉਨ੍ਹਾਂ ਨੇ ਸਰਦਾਰ ਧੰਨਾ ਸਿੰਘ ਗੁਲਸ਼ਨ ਐੱਮ. ਐੱਲ. ਏ. ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਨ, ਦੇ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਉਨ੍ਹਾਂ ਨੇ ਇਸ ਮਹਾਨ ਕਾਰਜ ਲਈ ਸਰਦਾਰ ਧੰਨਾ ਸਿੰਘ ਗੁਲਸ਼ਨ ਨੂੰ ਮਾਲਵੇ ਦੇ ਸਿੱਖਾਂ ਦੀ ਅਗਵਾਈ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਆ। ਉਨ੍ਹਾਂ ਦਾ ਸਾਥ ਦੇਣ ਵਾਲਿਆਂ ਵਿਚ ਜਥੇਦਾਰ ਜਗੀਰ ਸਿੰਘ ਫੱਗੂਵਾਲ, ਸਰਦਾਰ ਕਰਤਾਰ ਸਿੰਘ ਦੀਵਾਨਾ, ਗਿਆਨੀ ਗੁਰਦਿੱਤ ਸਿੰਘ ਐੱਮ.ਐੱਲ.ਸੀ. ਦੇ ਨਾਂਅ ਵਿਸ਼ੇਸ਼ ਅਸਥਾਨ ਰੱਖਦੇ ਹਨ।
7 ਮਾਰਚ, 1959 ਨੂੰ ਸ਼੍ਰੋਮਣੀ ਕਮੇਟੀ ਦਾ ਇਜਲਾਸ ਬੁਲਾਇਆ ਗਿਆ, ਇਸ ਇਜਲਾਸ ਵਿਚ ਦਮਦਮਾ ਸਾਹਿਬ ਨੂੰ ਤਖ਼ਤ ਐਲਾਨਣ ਲਈ ਇਕ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਪ੍ਰਵਾਨਗੀ ਉਪਰੰਤ ਧਾਰਮਿਕ ਸਲਾਹਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ, ਜਿਸ ਦੀ ਪੁਸ਼ਟੀ ਸਰਦਾਰ ਧੰਨਾ ਸਿੰਘ ਗੁਲਸ਼ਨ ਦੇ 12 ਮਾਰਚ, 1959 'ਚ ਸ੍ਰੀਮਾਨ ਗਿਆਨੀ ਚੰਨਣ ਸਿੰਘ ਜੀ ਸ੍ਰੀ ਖੰਡ ਨੂੰ ਭੇਜੇ ਗਏ ਪੱਤਰ ਤੋਂ ਹੁੰਦੀ ਹੈ। ਪੱਤਰ ਹੇਠ ਲਿਖੇ ਅਨੁਸਾਰ ਸੀ :
'ਬੇਨਤੀ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਮੈਂ ਬਜਟ ਸਮਾਗਮ ਸਮੇਂ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਨੂੰ ਪੰਜਵਾਂ ਤਖ਼ਤ ਪ੍ਰਵਾਨ ਕਰਨ ਵਾਸਤੇ ਮਤਾ ਪੇਸ਼ ਕੀਤਾ ਸੀ, ਜੋ ਬਹਿਸ ਤੋਂ ਪਿੱਛੋਂ ਧਾਰਮਿਕ ਸਲਾਹਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ ਸੀ। ਧਾਰਮਿਕ ਸਲਾਹਕਾਰ ਕਮੇਟੀ ਨੇ ਚਾਰ ਮਹੀਨੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਕਰਨੀ ਹੈ। ਇਸ ਦੀ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਉੱਥੇ ਧਾਰਮਿਕ ਸਲਾਹਕਾਰ ਕਮੇਟੀ ਵਿਚ ਸ਼ਾਮਿਲ ਹੋ ਕੇ ਮੈਂ ਆਪਣਾ ਪੱਖ ਪੇਸ਼ ਕਰਨਾ ਚਾਹੁੰਦਾ ਹਾਂ। ਇਸ ਵਿਚ ਤੁਹਾਡੀ ਸਹਾਇਤਾ ਅਤੇ ਆਸ਼ੀਰਵਾਦ ਦੀ ਭਾਰੀ ਲੋੜ ਹੈ। ਆਸ ਹੈ ਕਿ ਤੁਸੀਂ ਆਪਣੀ ਭਰਪੂਰ ਖੋਜ ਦੀ ਸਹਾਇਤਾ ਲਿਖਤੀ ਰੂਪ ਵਿਚ ਦਾਸ ਨੂੰ ਭੇਜ ਕੇ ਧੰਨਵਾਦੀ ਬਣਾਓਗੇ ਅਤੇ ਛੇਤੀ ਹੀ ਜੋ ਸਬੂਤ ਮਿਲੇ, ਭੇਜ ਕੇ ਨਿਵਾਜੋਗੇ।' (ਧੰਨਾ ਸਿੰਘ ਗੁਲਸ਼ਨ ਐੱਮ. ਐੱਲ. ਏ., ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)
ਸਰਦਾਰ ਧੰਨਾ ਸਿੰਘ ਗੁਲਸ਼ਨ ਦੇ ਪੱਤਰ ਦੇ ਉੱਤਰ ਵਿਚ ਗਿਆਨੀ ਚੰਨਣ ਸਿੰਘ ਸ੍ਰੀ ਖੰਡ ਨੇ ਦਮਦਮਾ ਸਾਹਿਬ ਨੂੰ ਤਖ਼ਤ ਬਣਾਉਣ ਬਾਰੇ ਯਤਨ ਕਰਨ ਲਈ ਧੰਨਵਾਦ ਕੀਤਾ ਅਤੇ ਆਪਣੇ ਲੇਖਾਂ ਦੀਆਂ ਨਕਲਾਂ ਅਤੇ ਖੋਜ ਸਬੰਧੀ ਭਰਪੂਰ ਸਮੱਗਰੀ ਭੇਜ ਦਿੱਤੀ। ਜਿੱਥੇ ਮਾਲਵੇ ਦੇ ਰਾਜਨੀਤੀਵਾਨਾਂ, ਬੁੱਧੀਜੀਵੀਆਂ, ਫਿਲਾਸਫ਼ਰਾਂ ਅਤੇ ਧਾਰਮਿਕ ਆਗੂਆਂ ਨੇ ਸ੍ਰੀ ਦਮਦਮਾ ਸਾਹਿਬ ਨੂੰ ਪੰਜਵਾਂ ਤਖ਼ਤ ਬਣਾਉਣ ਬਾਰੇ ਭਰਪੂਰ ਯਤਨ ਆਰੰਭ ਦਿੱਤੇ, ਉੱਥੇ ਮਾਝੇ ਦੇ ਰਾਜਨੀਤੀਵਾਨ, ਧਾਰਮਿਕ ਆਗੂ ਇਸ ਦੇ ਵਿਰੋਧ ਵਿਚ ਉੱਠ ਖੜ੍ਹੇ ਹੋਏ। ਉਨ੍ਹਾਂ ਦਾ ਤਰਕ ਸੀ ਕਿ ਮਲਵਈ ਖੇਤਰੀਵਾਦ ਉਭਾਰ ਰਹੇ ਹਨ। ਪਰ ਧਾਰਮਿਕ ਸਲਾਹਕਾਰ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਮਾਮਲਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 27 ਨਵੰਬਰ, 1959 ਨੂੰ ਪ੍ਰੇਮ ਸਿੰਘ ਲਾਲਪੁਰਾ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਇਜਲਾਸ ਵਿਚ ਪੇਸ਼ ਕੀਤਾ, ਜਿਸ ਵਿਚ 181 ਮੈਂਬਰ ਹਾਜ਼ਰ ਸਨ ਅਤੇ ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਅਤੇ ਦਫ਼ਤਰ ਨੂੰ ਅਧਿਕਾਰ ਦੇ ਦਿੱਤੇ ਕਿ ਉਹ ਸਿੱਖ ਗੁਰਦੁਆਰਾ ਐਕਟ ਵਿਚ ਤਰਮੀਮ ਲਈ ਸਰਕਾਰ ਨਾਲ ਖਤੋ-ਖ਼ਤਾਬ ਕਰੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਨੇ ਸਰਕਾਰ ਨਾਲ ਦਮਦਮਾ ਸਾਹਿਬ ਨੂੰ ਤਖ਼ਤ ਬਣਾਉਣ ਲਈ ਗੁਰਦੁਆਰਾ ਐਕਟ ਵਿਚ ਸੋਧ ਕਰਨ ਲਈ ਲਿਖਿਆ ਅਤੇ ਮਤੇ ਦੀ ਪ੍ਰੋੜ੍ਹਤਾ ਲਈ ਮਤੇ ਦੀ ਕਾਪੀ ਭੇਜੀ। ਲੰਮੇ ਸਮੇਂ ਪਿੱਛੋਂ 30.09.1964 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਏ ਤਖ਼ਤ ਨੂੰ ਮਾਨਤਾ ਮਿਲੀ, ਇਸ ਵਿਚ ਮਾਲਵੇ ਦੇ ਸਿੱਖਾਂ ਨੂੰ ਸਫਲਤਾ ਮਿਲੀ ਅਤੇ ਤਖ਼ਤ ਦੇ ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ, ਹੈੱਡ ਗ੍ਰੰੰਥੀ ਸ੍ਰੀਮਾਨ ਚੰਨਣ ਸਿੰਘ ਸ੍ਰੀ ਖੰਡ ਨੂੰ ਨਿਯੁਕਤ ਕੀਤਾ ਗਿਆ।


-ਸਾਬਕਾ ਮੈਂਬਰ ਪਾਰਲੀਮੈਂਟ।
ਮੋਬਾ: 94178-00472

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਕਸ਼ਮੀਰ ਦੀ ਭਾਸ਼ਾ : ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਉਰਦੂੁ ਹੈ ਪਰ ਇਸ ਸੂਬੇ ਵਿਚ ਹਿੰਦੀ, ਪੰਜਾਬੀ, ਡੋਗਰੀ, ਕਸ਼ਮੀਰੀ, ਬਾਲਟੀ, ਲੱਦਾਖੀ, ਪੁਰੀਮ, ਗੁਰਜੀ, ਦਾਦਰੀ ਬੋਲਣ ਵਾਲੇ ਲੋਕ ਵੀ ਬਹੁਤ ਗਿਣਤੀ ਵਿਚ ਰਹਿੰਦੇ ਹਨ। ਸਾਲ 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਕਸ਼ਮੀਰੀ ਬੋਲਣ ਵਾਲੇ ਲੋਕਾਂ ਦੀ ਗਿਣਤੀ 76 ਲੱਖ ਹੈ, ਜੋ ਕਿ ਹੁਣ ਕਾਫੀ ਵਧ ਗਈ ਹੈ। ਕਸ਼ਮੀਰੀ ਭਾਸ਼ਾ ਨੂੰ ਬੋਲਣ ਲਈ ਕਈ ਲਿੱਪੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਾਰਦਾ, ਦੇਵਨਾਗਰੀ, ਰੋਮਨ, ਪਰਸ਼ੋ ਅਰਬੀ ਕਸ਼ਮੀਰੀ ਭਾਸ਼ਾ ਦੀਆਂ ਵੱਖ-ਵੱਖ ਲਿੱਪੀਆਂ ਹਨ। ਕਸ਼ਮੀਰ ਵਾਦੀ ਦੇ ਉੱਤਰ ਅਤੇ ਪੱਛਮ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦਰਦੀ, ਸ੍ਰੀਨਯਾ, ਕੋਹਵਾੜ ਕਸ਼ਮੀਰੀ ਭਾਸ਼ਾ ਦੇ ਉਲਟ ਹੀ ਹੁੰਦੀਆਂ ਸਨ। ਇਹ ਭਾਸ਼ਾ ਇੰਡੋ ਆਰੀਅਨ ਅਤੇ ਹਿੰਦੁਸਤਾਨੀ ਇਰਾਨੀ ਭਾਸ਼ਾ ਦੇ ਨੇੜੇ ਦੀ ਭਾਸ਼ਾ ਹੈ। ਭਾਸ਼ਾ ਵਿਗਿਆਨੀਆਂ ਅਨੁਸਾਰ ਕਸ਼ਮੀਰੀ ਭਾਸ਼ਾ ਨੂੰ ਕਈ ਉਤਰਾਅ-ਚੜ੍ਹਾਅ ਵੇਖਣੇ ਪਏ ਅਤੇ ਇਸ ਤਰ੍ਹਾਂ ਮੌਜੂਦਾ ਕਸ਼ਮੀਰੀ ਭਾਸ਼ਾ ਹੋਂਦ ਵਿਚ ਆ ਗਈ।
ਕਸ਼ਮੀਰੀ ਗਹਿਣੇ : ਕਸ਼ਮੀਰ ਦੇ ਗਹਿਣੇ ਦੁਨੀਆ ਭਰ ਵਿਚ ਪ੍ਰਸਿੱਧ ਹਨ, ਅਸਲ ਵਿਚ ਇਥੋਂ ਦੇ ਲੋਕ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਆਰਟੀਫਿਸ਼ੀਅਲ ਜਿਊਲਰੀ ਵੀ ਬਹੁਤ ਪਸੰਦ ਕਰਦੇ ਹਨ। ਇਥੇ ਲੋਕ ਸਿਰਫ ਦਿਖਾਵੇ ਲਈ ਹੀ ਗਹਿਣੇ ਨਹੀਂ ਪਾਉਂਦੇ, ਸਗੋਂ ਕਈ ਲੋਕ ਧਾਰਮਿਕ ਰਿਵਾਜ ਕਾਰਨ ਵੀ ਗਹਿਣੇ ਪਾਉਂਦੇ ਹਨ। ਕਸ਼ਮੀਰੀ ਪੰਡਿਤਾਂ ਦੀਆਂ ਵਿਆਹੁਤਾ ਮੁਟਿਆਰਾਂ ਸੋਨੇ ਦਾ ਗਹਿਣਾ ਦੇਜ ਹੋਰ ਪਾਉਂਦੀਆਂ ਹਨ, ਇਹ ਗਹਿਣਾ ਬਹੁਤ ਹੀ ਸੋਹਣਾ ਹੁੰਦਾ ਹੈ। ਕਸ਼ਮੀਰ ਵਿਚ ਭਾਵੇਂ ਜ਼ਿਆਦਾਤਰ ਗਹਿਣੇ ਸੋਨੇ ਦੇ ਹੀ ਹੁੰਦੇ ਹਨ ਪਰ ਇਨ੍ਹਾਂ ਗਹਿਣਿਆਂ ਦੀ ਖੂਬਸੂਰਤੀ ਵਿਚ ਵਾਧਾ ਕਰਨ ਲਈ ਇਨ੍ਹਾਂ ਦੀ ਬਨਾਵਟ ਵਿਚ ਦੂਧੀਆ ਪੱਥਰ, ਰਕਤਮਣੀ, ਨੀਲਮਣੀ, ਫਿਰੋਜ਼ਾ ਅਤੇ ਸੁਲੇਮਾਨੀ ਪੱਥਰ ਵੀ ਜੜ ਦਿੱਤੇ ਜਾਂਦੇ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਕਈ ਤਰ੍ਹਾਂ ਦੇ ਕੀਮਤੀ ਪੱਥਰ ਬਾਹਰੋਂ ਵੀ ਮੰਗਾਏ ਜਾਂਦੇ ਹਨ ਪਰ ਪੰਨਾ, ਨੀਲਮਣੀ, ਸੁਲੇਮਾਨੀ ਪੱਥਰ ਅਤੇ ਬਿਲੋਰੀ ਕਸ਼ਮੀਰ ਵਿਚ ਹੀ ਪਾਏ ਜਾਂਦੇ ਹਨ। ਕਸ਼ਮੀਰੀ ਸੰਗਤਰਾਸ਼ ਆਪਣੀ ਕਲਾ ਵਿਚ ਪੂਰੇ ਮਾਹਿਰ ਹੁੰਦੇ ਹਨ, ਇਹ ਹੀ ਕਾਰਨ ਹੈ ਕਿ ਪੂਰੀ ਦੁਨੀਆ ਵਿਚ ਕਸ਼ਮੀਰ ਦੇ ਬਣੇ ਗਹਿਣੇ ਅਤੇ ਹੋਰ ਸਾਮਾਨ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਕਸ਼ਮੀਰੀ ਔਰਤਾਂ ਆਮ ਤੌਰ 'ਤੇ ਜਿਗਨੀ ਅਤੇ ਟਿੱਕਾ ਪਾਉਂਦੀਆਂ ਹਨ, ਜੋ ਕਿ ਮੱਥੇ ਉੱਪਰ ਪਾਏ ਜਾਣ ਵਾਲੇ ਗਹਿਣੇ ਹਨ। ਇਹ ਗਹਿਣੇ ਸੋਨੇ ਅਤੇ ਚਾਂਦੀ ਦੇ ਬਣੇ ਹੁੰਦੇ ਹਨ। ਇਨ੍ਹਾਂ ਦੀ ਕਿਨਾਰੀ ਉੱਪਰ ਮੋਤੀ ਅਤੇ ਸੋਨੇ ਦੀਆਂ ਪੱਤੀਆਂ ਲਟਕਦੀਆਂ ਰਹਿੰਦੀਆਂ ਹਨ। ਕਸ਼ਮੀਰੀ ਔਰਤਾਂ ਆਪਣੇ ਕੰਨਾਂ ਵਿਚ ਅੱਟਾ ਹੂਰ, ਕਨ ਦੂਰ, ਝੁਮਕਾ, ਦੇਜ ਹੋਰ, ਕਨਵਜੀ ਆਦਿ ਗਹਿਣੇ ਪਾਉਂਦੀਆਂ ਹਨ, ਜਿਨ੍ਹਾਂ ਵਿਚ ਫਿਰੋਜ਼ਾ ਵੀ ਲੱਗਿਆ ਹੁੰਦਾ ਹੈ। ਕਨ ਵਜੀ ਅਸਲ ਵਿਚ ਕੰਨ ਵਿਚ ਪਾਉਣ ਵਾਲਾ ਇਕ ਅਜਿਹਾ ਗਹਿਣਾ ਹੈ, ਜਿਸ ਦੇ ਕਿਨਾਰਿਆਂ 'ਤੇ ਛੋਟੇ ਮੋਤੀਆਂ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਕੀਮਤੀ ਪੱਥਰ ਲੱਗੇ ਹੁੰਦੇ ਹਨ। ਇਸੇ ਤਰ੍ਹਾਂ ਝੁਮਕਾ ਵੀ ਗੇਂਦ ਦੀ ਤਰ੍ਹਾਂ ਦਾ ਹੀ ਕੰਨ ਵਿਚ ਪਾਉਣ ਵਾਲਾ ਇਕ ਕੀਮਤੀ ਗਹਿਣਾ ਹੈ। ਇਸੇ ਤਰ੍ਹਾਂ ਕਨ ਦੂਰ ਅਜਿਹਾ ਸੋਨੇ ਦਾ ਗਹਿਣਾ ਹੈ, ਜਿਸ ਨੂੰ ਅੱਲੜ ਅਤੇ ਜਵਾਨ ਕੁਆਰੀਆਂ ਕੁੜੀਆਂ ਜ਼ਿਆਦਾਤਰ ਪਾਉਂਦੀਆਂ ਹਨ। ਇਹ ਗਹਿਣੇ ਸੋਨੇ ਦੇ ਹੀ ਹੁੰਦੇ ਹਨ, ਜਿਨ੍ਹਾਂ ਵਿਚ ਲਾਲ ਅਤੇ ਹਰੇ ਰੰਗ ਦੇ ਕੀਮਤੀ ਰਤਨ ਲੱਗੇ ਹੁੰਦੇ ਹਨ। (ਚਲਦਾ)


ਮੋਬਾ: 9463819174

ਬਾਬਾ ਦੀਪ ਸਿੰਘ ਦੀ ਲਾਸਾਨੀ ਸ਼ਹਾਦਤ

ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉੱਦਰ ਤੋਂ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, (ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ) ਹੁਣ ਜ਼ਿਲ੍ਹਾ ਤਰਨਤਾਰਨ ਵਿਚ ਹੋਇਆ। ਆਪ ਦਾ ਨਾਂਅ ਭਾਈ ਦੀਪਾ ਰੱਖਿਆ ਗਿਆ। ਬਚਪਨ ਵਿਚ ਹੀ ਆਪ ਜੋਸ਼ੀਲੇ ਤੇ ਤਕੜੇ ਸਨ। 18 ਸਾਲ ਦੇ ਹੋਏ, ਉਧਰ ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ ਪਿਤਾ ਗੁਰੂ ਘਰ ਦੇ ਅਨਿਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਚ ਮਨਾਉਣ ਦਾ ਫ਼ੈਸਲਾ ਕੀਤਾ। ਭਾਈ ਦੀਪਾ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤੇ ਪਾਤਸ਼ਾਹ ਜੀ ਨੇ ਭਾਈ ਦੀਪ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ। ਅਨੰਦਪੁਰ ਸਾਹਿਬ ਰਹਿ ਕੇ ਭਾਈ ਦੀਪ ਸਿੰਘ ਨੇ ਗੁਰਮੁਖੀ, ਫਾਰਸੀ ਤੇ ਅਰਬੀ ਲਿਪੀ ਵਿਚ ਨਿਪੁੰਨਤਾ ਹਾਸਲ ਕੀਤੀ ਤੇ ਇੱਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਜੀ ਵੀ ਨਾਲ ਹੀ ਜਾਂਦੇ ਸਨ। ਆਪ ਗੁਰੂ ਗੋਬਿੰਦ ਸਿੰਘ ਜੀ ਪਾਸ ਸੰਮਤ 1757 ਤੋਂ 1762 ਤੱਕ ਪੰਜ ਸਾਲ ਤੱਕ ਰਹੇ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਨੂੰ ਮੁਖੀਏ ਬਣਾ ਕੇ ਤੇ ਦੋ ਸਿੰਘਣੀਆਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਸਮੇਤ ਦਿੱਲੀ ਭੇਜ ਦਿੱਤਾ। ਉਸ ਸਮੇਂ ਭਾਈ ਦੀਪ ਸਿੰਘ ਕੁਝ ਸਮਾਂ ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਵਿਚ ਜੁੱਟ ਗਏ। ਮੁਕਤਸਰ ਦੀ ਜੰਗ ਤੋਂ ਬਾਅਦ 1704 ਈ: ਨੂੰ ਗੁਰੂ ਜੀ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਪਹੁੰਚੇ। ਇਥੇ ਗੁਰੂ ਜੀ ਨੇ ਕਈ ਚਿਰਾਂ ਦਾ ਕਮਰਕੱਸਾ ਖੋਲ੍ਹਿਆ ਤੇ ਦਮ ਲਿਆ ਤਾਂ ਇਸ ਅਸਥਾਨ ਦਾ ਨਾਂਅ ਦਮਦਮਾ ਸਾਹਿਬ ਪ੍ਰਸਿੱਧ ਹੋਇਆ। ਆਪ ਜੀ ਇੱਥੇ ਨੌਂ ਮਹੀਨੇ ਰਹੇ। ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕਰਨ ਵੱਲ ਧਿਆਨ ਦਿੱਤਾ ਗਿਆ। 1705 ਈ: ਨੂੰ ਭਾਈ ਮਨੀ ਸਿੰਘ ਜੀ ਤੋਂ ਬੀੜ ਲਿਖਵਾਉਣੀ ਸ਼ੁਰੂ ਕੀਤੀ ਗਈ ਤੇ ਬਾਬਾ ਦੀਪ ਸਿੰਘ ਜੀ ਲਿੱਖਣ ਦੇ ਸਾਰੇ ਸਾਮਾਨ ਦਾ ਪ੍ਰਬੰਧ ਕਰਨ ਲੱਗੇ। 1707 ਈ: ਨੂੰ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ (ਗੁਰਬਖਸ਼ ਸਿੰਘ) ਬਣਾ ਦਿੱਤਾ। ਗੁਰੂ ਜੀ ਆਪ ਪੰਜਾਬ ਛੱਡ ਕੇ ਦੱਖਣ ਵੱਲ ਚਲੇ ਗਏ। 1708 ਈ: ਨੂੰ ਬੰਦਾ ਸਿੰਘ ਬਹਾਦਰ ਪੰਜਾਬ ਆਇਆ। ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਈ: ਨੂੰ ਜੋਤੀ ਜੋਤ ਸਮਾ ਗਏ ਸਨ। 1708 ਤੋਂ ਲੈ ਕੇ 1715 ਤੱਕ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਯੁੱਧ ਵਿਚ ਮਦਦ ਕੀਤੀ ਤੇ ਜਿੱਤ ਦਾ ਪਰਚਮ ਲਹਿਰਾਇਆ। ਇਸ ਦਾ ਵਰਨਣ 'ਭਾਈ ਕਾਹਨ ਸਿੰਘ ਨਾਭਾ ਨੇ 'ਮਹਾਨ ਕੋਸ਼' ਦੇ ਪੰਨਾ ਨੰ: 638 'ਤੇ ਕੀਤਾ ਹੈ। 1734 ਵਿਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਿਹ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇੱਕਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ। ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗਾ। ਇਸ ਸਭ ਕੁਝ ਦੀ ਖ਼ਬਰ ਇਕ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਦਮਦਮਾ ਸਾਹਿਬ ਤੋਂ 5000 ਸਿੰਘਾਂ ਦਾ ਜਥਾ ਲੈ ਕੇ ਨਿਕਲੇ। ਤਰਨਤਾਰਨ ਸਾਹਿਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਜ਼ਾਲਮਾਂ ਤੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਤੁਰ ਪਏ। ਤਰਨਤਾਰਨ ਸ਼ਹਿਰ ਵਿਚ ਹੀ ਚੰਦ ਕੁ ਫਰਲਾਂਗਾਂ ਦੀ ਵਿੱਥ 'ਤੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਤੇ ਗਰਜਵੀਂ ਆਵਾਜ਼ ਵਿਚ ਕਿਹਾ ਕਿ 'ਜਿਸ ਨੇ ਸ਼ਹੀਦ ਹੋਣਾ ਹੈ, ਉਹ ਹੀ ਇਹ ਲਕੀਰ ਟੱਪਣ।' ਸਿੰਘ ਜੈਕਾਰੇ ਗਜਾਉਂਦੇ ਹੋਏ ਛਾਲਾਂ ਮਾਰ ਕੇ ਲਕੀਰ ਟੱਪ ਗਏ। ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਨੂੰ ਜਾਂਦਿਆਂ ਨੌ ਕਿਲੋਮੀਟਰ 'ਤੇ ਬਾਬਾ ਜੀ ਨੇ ਰਣਨੀਤੀ ਬਣਾਈ ਕਿ ਵੈਰੀ ਨਾਲ ਕਿਸ ਤਰ੍ਹਾਂ ਦੋ-ਦੋ ਹੱਥ ਕਰਨੇ ਹਨ। ਬਾਬਾ ਜੀ ਨੇ ਪੰਜ ਹਜ਼ਾਰ ਦੇ ਜਥੇ ਨੂੰ ਛੋਟੀਆਂ-ਛੋਟੀਆਂ ਟੁੱਕੜੀਆਂ ਵਿਚ ਵੰਡਿਆਂ ਤੇ ਕਮਾਂਡ ਜਥੇਦਾਰਾਂ ਨੂੰ ਸੌਂਪ ਕੇ ਵੈਰੀ ਨੂੰ ਚਾਰ ਚੁਫੇਰੇ ਤੋਂ ਘੇਰਨ ਦੀ ਰਣਨੀਤੀ ਬਣਾਈ। ਉਧਰ ਜਹਾਨ ਖਾਂ ਭਾਰੀ ਭਰਕਮ ਫ਼ੌਜ ਲੈ ਕੇ ਤਰਨਤਾਰਨ ਤੋਂ ਦਸ ਕਿਲੋਮੀਟਰ 'ਤੇ ਗੋਹਲਵੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਇਸ ਜਗ੍ਹਾ ਗੁ: ਲਲਕਾਰ ਸਾਹਿਬ ਸਥਿਤ ਹੈ। ਦੋਵਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਪਹੁੰਚ ਗਏ। ਬਾਬਾ ਦੀਪ ਸਿੰਘ ਜੀ ਦੋ ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਵੈਰੀ ਦਲ ਦੀ ਵਾਢ ਕਰਦੇ ਹੋਏ ਅੱਗੇ ਹੀ ਅੱਗੇ ਜਾ ਰਹੇ ਸਨ। ਫ਼ੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵੱਧ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿਚ ਬੜੀ ਜ਼ਬਰਦਸਤ ਟੱਕਰ ਹੋਈ। ਦੋਵਾਂ ਦੇ ਸਾਂਝੇ ਵਾਰ ਨਾਲ ਜਮਾਲ ਖਾਂ ਦਾ ਸੀਸ ਧੜ ਤੋਂ ਅਲੱਗ ਹੋ ਗਿਆ। (ਤਰਨਤਾਰਨ ਤੋਂ ਤੇਰ੍ਹਾਂ ਕਿਲੋਮੀਟਰ 'ਤੇ ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਸਥਿਤ ਹੈ) ਇਸ ਲੜਾਈ ਵਿਚ ਬਾਬਾ ਦੀਪ ਸਿੰਘ ਜੀ ਦੀ ਧੌਣ 'ਤੇ ਇਕ ਪਾਸੇ ਬੜਾ ਡੂੰਘਾ ਫੱਟ ਲੱਗ ਗਿਆ ਸੀ। ਬਾਬਾ ਦੀਪ ਸਿੰਘ ਜੀ ਨੇ ਏਨੀ ਜ਼ਖ਼ਮੀ ਹਾਲਤ ਵਿਚ ਵੀ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਲੈ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿਚ ਹਫੜਾ ਦਫੜੀ ਮੱਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦੱਖਣੀ ਬਾਹੀ ਵੱਲ ਇਕ ਗੁਰਦੁਆਰਾ ਤੇ ਇਕ ਨਿਸ਼ਾਨ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਨਵੰਬਰ 1757 ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ 'ਸ਼ਹੀਦਾਂ ਸਾਹਿਬ' ਹੈ, ਜਿੱਥੇ ਬਾਬਾ ਜੀ ਦਾ ਅਤੇ ਇਸ ਜੰਗ ਵਿਚ ਸ਼ਹੀਦ ਹੋਏ ਬਾਕੀ ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ, ਇਨ੍ਹਾਂ ਸ਼ਹੀਦ ਸਿੰਘਾਂ ਦੇ ਪਵਿੱਤਰ ਸ਼ਸ਼ਤਰਾਂ ਦੇ ਰੋਜ਼ਾਨਾ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਰਸ਼ਨ ਕਰਵਾਏ ਜਾਂਦੇ ਹਨ। ਗੁ: ਸ਼ਹੀਦ ਗੰਜ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤਾਂ ਹੁੰਮ-ਹੁੰਮਾ ਕੇ ਪਹੁੰਚਦੀਆਂ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।


-ਪਿੰਡ ਤੇ ਡਾਕ: ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ। ਮੋਬਾ: 97817-51690

ਪੇਸ਼ਾਵਰ 'ਚ ਪ੍ਰਾਚੀਨ ਵਿਰਾਸਤ ਖੰਡਰਾਂ ਵਿਚ ਹੋ ਰਹੀ ਹੈ ਤਬਦੀਲ

ਪ੍ਰਾਚੀਨ ਕਾਲ ਵਿਚ ਗੰਧਾਰ ਦੇਸ਼ ਦੀ ਰਾਜਧਾਨੀ ਰਿਹਾ ਪੁਰੁਸਪੁਰ ਸ਼ਹਿਰ ਹੁਣ ਪੇਸ਼ਾਵਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਾਲ 120 ਤੋਂ ਲੈ ਕੇ ਸਾਲ 132 ਤੱਕ ਕਨਿਸ਼ਕ ਨੇ ਇਥੇ ਰਾਜ ਕੀਤਾ ਅਤੇ ਸਾਲ 991 ਦੇ ਕਰੀਬ ਸੁਬਕਤਉੱਦੀਨ ਨੇ ਰਾਜਾ ਜੈਪਾਲ ਤੋਂ ਪੇਸ਼ਾਵਰ ਖੋਹ ਕੇ ਇਸ ਨੂੰ ਆਪਣੇ ਰਾਜ ਵਿਚ ਸ਼ਾਮਿਲ ਕਰ ਲਿਆ। ਸਾਲ 1817 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਾਚੀਨ ਸ਼ਹਿਰ ਨੂੰ ਸਿੱਖ ਰਾਜ ਦਾ ਹਿੱਸਾ ਬਣਾ ਲਿਆ।
ਮੌਜੂਦਾ ਸਮੇਂ ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖ਼ਵਾਹ ਦੇ ਇਸ ਪੁਰਾਤਨ ਸ਼ਹਿਰ ਵਿਚ ਤਾਲਿਬਾਨ ਅੱਤਵਾਦੀਆਂ ਦੀਆਂ ਵਿਰਾਸਤ ਅਤੇ ਧਰਮ ਵਿਰੋਧੀ ਕਾਰਵਾਈਆਂ ਦੇ ਚਲਦਿਆਂ ਇਕ-ਇਕ ਕਰਕੇ ਹਿੰਦੂਆਂ ਦੀਆਂ ਪ੍ਰਾਚੀਨ, ਧਾਰਮਿਕ ਤੇ ਵਿਰਾਸਤੀ ਨਿਸ਼ਾਨੀਆਂ ਜ਼ਮੀਨਦੋਜ਼ ਕਰ ਦਿੱਤੀਆਂ ਗਈਆਂ। ਅੱਜ ਜੇਕਰ ਕੁਝ ਬਾਕੀ ਬਚੇ ਰਹਿ ਗਏ ਹਨ ਤਾਂ ਉਹ ਹਨ ਇਨ੍ਹਾਂ ਮੁਕੱਦਸ ਯਾਦਗਾਰਾਂ ਦੇ ਖੰਡਰ ਜਾਂ ਇਤਿਹਾਸ ਦੀਆਂ ਪੁਸਤਕਾਂ ਵਿਚ ਇਨ੍ਹਾਂ ਨਾਲ ਸਬੰਧਤ ਕੈਦ ਇਤਿਹਾਸ ਦੇ ਚੰਦ ਅਧਿਆਇ।
ਦੇਸ਼ ਦੀ ਵੰਡ ਤੋਂ ਪਹਿਲਾਂ ਪੇਸ਼ਾਵਰ ਵਿਚ ਅੱਧਾ ਦਰਜਨ ਦੇ ਕਰੀਬ ਗੁਰਦੁਆਰੇ; ਗੁਰਦੁਆਰਾ ਭਾਈ ਜੋਗਾ ਸਿੰਘ-ਮੁਹੱਲਾ ਜੋਗਣ ਸ਼ਾਹ, ਗੁਰਦੁਆਰਾ ਪਹਿਲੀ ਪਾਤਸ਼ਾਹੀ ਅਤੇ ਧਰਮਸ਼ਾਲਾ ਸ੍ਰੀਚੰਦ-ਗੰਜ ਮੁਹੱਲਾ, ਗੁਰਦੁਆਰਾ ਸ਼ਹੀਦ ਬੁੰਗਾ ਅਤੇ ਗੁਰਦੁਆਰਾ ਤੇਜਾ ਸਿੰਘ-ਕਿਲ੍ਹਾ ਬਾਲਾ ਹਿਸਾਰ ਦੇ ਪਿੱਛੇ ਅਸਾਮਾਈ ਗੇਟ ਦੇ ਪਾਸ ਅਤੇ ਗੁਰਦੁਆਰਾ ਭਾਈ ਬੀਬਾ ਸਿੰਘ-ਮੁਹੱਲਾ ਕਰੀਮਪੁਰਾ ਅਤੇ ਸੈਂਕੜੇ ਹਿੰਦੂ ਮੰਦਿਰ ਸਨ। ਇਨ੍ਹਾਂ ਵਿਚੋਂ ਪੰਜ ਤੀਰਥ (ਪੰਜ ਸਰੋਵਰ), ਗੁਰੂ ਗੋਰਖ਼ਨਾਥ ਮੰਦਿਰ (ਗੋਰਖ਼ਹੱਟੀ/ਗੋਰਖ਼ਟੜੀ), ਅਸਾਮਾਈ ਮੰਦਿਰ ਅਤੇ ਖੁਸ਼ਹਾਲ ਬਾਗ਼ ਪ੍ਰਮੁੱਖ ਹਿੰਦੂ ਤੀਰਥ ਸਨ।
ਉਪਰੋਕਤ ਹਿੰਦੂ ਤੀਰਥਾਂ ਵਿਚੋਂ ਖੁਸ਼ਹਾਲ ਬਾਗ਼ ਨਾਮੀ ਮੁਹੱਲਾ ਪੇਸ਼ਾਵਰ ਛਾਉਣੀ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸ਼ਹਿਰ ਦੀ ਵਰਸਾਕ ਰੋਡ 'ਤੇ ਆਬਾਦ ਹੈ। ਇਸ ਇਲਾਕੇ ਦਾ ਇਹ ਨਾਂਅ ਇਥੋਂ ਦੇ ਪਖ਼ਤੂਨ ਕ੍ਰਾਂਤੀਕਾਰੀ ਕਵੀ ਦੇ ਨਾਂਅ 'ਤੇ ਪਿਆ। ਇਸ ਇਲਾਕੇ ਨੂੰ ਗੋਰਖ ਦੇਗੀ ਅਤੇ ਗੋਰਖ ਤਲਾਬ ਵੀ ਕਿਹਾ ਜਾਂਦਾ ਹੈ। ਗੋਰਖ ਦੇਗੀ ਮੰਦਿਰ ਬਹੁਤ ਪ੍ਰਾਚੀਨ ਹੈ ਅਤੇ ਜਦੋਂ ਸਾਲ 1670 ਦੇ ਕਰੀਬ ਇਥੇ ਪਾਸ ਤੋਂ ਹੀ ਇਕ ਨਹਿਰ ਕੱਢੀ ਗਈ ਤਾਂ ਮੰਦਿਰ ਦੇ ਪਾਸ ਹੀ ਇਕ ਸਰੋਵਰ ਬਣਾ ਦਿੱਤਾ ਗਿਆ, ਜਿਸ ਵਿਚ ਪਾਣੀ ਉਪਰੋਕਤ ਨਹਿਰ ਵਿਚੋਂ ਭਰਿਆ ਜਾਂਦਾ ਸੀ। ਇਸ ਅਸਥਾਨ ਦੇ ਦਰਸ਼ਨ ਅਤੇ ਸਰੋਵਰ 'ਚ ਇਸ਼ਨਾਨ ਕਰਨ ਲਈ ਸ਼ਰਧਾਲੂ ਦੂਰ-ਦੂਰ ਤੋਂ ਇਥੇ ਆਉਂਦੇ ਸਨ ਅਤੇ ਰੋਜ਼ਾਨਾ ਇਥੇ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਸੀ। ਇਸ ਮੰਦਿਰ ਦੇ ਇਤਿਹਾਸ ਦਾ ਸਬੰਧ ਸ਼ਹਿਰ ਦੇ ਗੰਜ ਮੁਹੱਲਾ ਵਿਚ ਸਥਿਤ ਗੋਰਖਹੱਟੀ ਅਸਥਾਨ ਨਾਲ ਦੱਸਿਆ ਜਾਂਦਾ ਹੈ। ਇਹ ਵੀ ਪੜ੍ਹਨ ਵਿਚ ਆਉਂਦਾ ਹੈ ਕਿ ਗੁਰੂ ਗੋਰਖਨਾਥ ਨੇ ਗੋਰਖਹੱਟੀ ਵਿਚ ਮੌਜੂਦ ਡੂੰਘੇ ਖੂਹ ਵਿਚ ਛਲਾਂਗ ਲਗਾਈ ਸੀ ਅਤੇ ਬਾਅਦ ਵਿਚ ਉਹ ਇਸ ਸਥਾਨ ਤੋਂ ਪ੍ਰਗਟ ਹੋਏ। ਇਸ ਲਈ ਇਨ੍ਹਾਂ ਦੋਵਾਂ ਤੀਰਥਾਂ ਦੀ ਬਹੁਤ ਮਹਾਨਤਾ ਸੀ। ਗੋਰਖ ਦੇਗੀ ਦੇਸ਼ ਦੀ ਵੰਡ ਦੇ ਬਾਅਦ ਤੋਂ ਬੰਦ ਹੈ ਅਤੇ ਇਥੋਂ ਦੇ ਸਥਾਨਕ ਹਿੰਦੂਆਂ ਨੂੰ ਇਸ ਤੀਰਥ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਨਹੀਂ ਹੈ।
ਗੁਰੂ ਗੋਰਖਨਾਥ ਨਾਲ ਸਬੰਧਤ ਅਸਥਾਨ ਗੋਰਖਹੱਟੀ, ਜਿਸ ਨੂੰ ਗੋਰਖਨਾਥ ਮੰਦਿਰ ਵੀ ਕਿਹਾ ਜਾਂਦਾ ਹੈ, ਦੀ ਨਵ-ਉਸਾਰੀ ਕਰੀਬ 160 ਵਰ੍ਹੇ ਪਹਿਲਾਂ ਪੇਸ਼ਾਵਰੀ ਹਿੰਦੂਆਂ ਦੁਆਰਾ ਕਰਵਾਈ ਗਈ। ਇਸ ਮੰਦਿਰ ਵਿਚ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਸਾਲ 2012 ਵਿਚ ਸਥਾਨਕ ਹਿੰਦੂਆਂ ਨੂੰ ਪੂਜਾ-ਪਾਠ ਅਤੇ ਦੀਵਾਲੀ ਮਨਾਉਣ ਦੀ ਮਨਜ਼ੂਰੀ ਮਿਲੀ। ਪੂਰੇ 65 ਵਰ੍ਹਿਆਂ ਤੱਕ ਬੰਦ ਰਹੇ ਇਸ ਮੰਦਿਰ ਨੂੰ ਸਾਲ 2012 ਵਿਚ ਪੇਸ਼ਾਵਰ ਹਾਈ ਕੋਰਟ ਦੇ ਆਦੇਸ਼ 'ਤੇ ਹੀ ਖੋਲ੍ਹਿਆ ਗਿਆ। ਮੰਦਿਰ ਦਾ ਮੁੱਖ ਪ੍ਰਬੰਧਕ ਬਖ਼ਤ ਮੁਹੰਮਦ ਨਾਮੀ ਮੁਸਲਮਾਨ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਮੰਦਿਰ ਦੀਆਂ ਚਾਬੀਆਂ ਉਸੇ ਪਾਸ ਰਹਿੰਦੀਆਂ ਹਨ ਅਤੇ ਮੰਦਿਰ ਵੀ ਉਸੇ ਦੀ ਇੱਛਾ ਅਨੁਸਾਰ ਖੋਲ੍ਹਿਆ ਤੇ ਬੰਦ ਕੀਤਾ ਜਾਂਦਾ ਹੈ।
ਸ਼ਹਿਰ ਦੀ ਜੀ.ਟੀ. ਰੋਡ 'ਤੇ ਮੌਜੂਦ ਪੰਚ ਤੀਰਥ ਨੂੰ ਜ਼ਮੀਨਦੋਜ਼ ਕਰਕੇ ਉਸ ਦੇ ਸਥਾਨ 'ਤੇ ਸਾਲ 1970 ਦੇ ਕਰੀਬ ਖ਼ੈਬਰ ਪਖ਼ਤੂਨਖ਼ਵਾਹ ਚੈਂਬਰ ਆਫ਼ ਕਾਮਰਸ ਇੰਡਸਟਰੀ ਅਤੇ ਤੀਰਥ ਦੇ ਸਰੋਵਰ ਨੂੰ ਗੌਰਮਿੰਟ ਹਾਈ ਸਕੂਲ ਨੰ: 2 ਦੇ ਖੇਡ ਦੇ ਮੈਦਾਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਉਪਰੋਕਤ ਦੇ ਇਲਾਵਾ ਪੇਸ਼ਾਵਰ ਦੇ ਕਿਲ੍ਹਾ ਬਾਲਾ ਹਿਸਾਰ ਦੇ ਪਿੱਛੇ ਲੇਡੀ ਰੀਡਿੰਗ ਹਸਪਤਾਲ ਦੇ ਨਾਲ ਲਗਦੇ ਪ੍ਰਾਚੀਨ ਤੇ ਇਤਿਹਾਸਕ ਅਸਾਮਾਈ ਮੰਦਿਰ ਨੂੰ ਵੀ ਦੇਸ਼ ਦੀ ਵੰਡ ਦੇ ਬਾਅਦ ਬੰਦ ਕਰ ਦਿੱਤਾ ਗਿਆ ਹੈ ਅਤੇ ਸਥਾਨਕ ਹਿੰਦੂਆਂ ਨੂੰ ਇਥੇ ਪੂਜਾ-ਪਾਠ ਕਰਨ ਦੀ ਮਨਜ਼ੂਰੀ ਨਹੀਂ ਹੈ। ਪੇਸ਼ਾਵਰ ਅਤੇ ਆਸ-ਪਾਸ ਦੇ ਕਬਾਇਲੀ ਤੇ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਹਿੰਦੂਆਂ ਵਿਚ ਵਿਸ਼ੇਸ਼ ਤੌਰ 'ਤੇ ਇਸ ਮੰਦਿਰ ਨੂੰ ਬੰਦ ਕੀਤੇ ਜਾਣ ਨੂੰ ਲੈ ਕੇ ਬਹੁਤ ਨਰਾਜ਼ਗੀ ਹੈ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸੰਸਾਰ ਵਿਚ ਅਸਾਮਾਈ ਦੇ ਦੋ ਹੀ ਤੀਰਥ ਹਨ, ਜਿਨ੍ਹਾਂ ਵਿਚੋਂ ਇਕ ਨੂੰ ਖ਼ੈਬਰ ਪਖ਼ਤੂਨਖ਼ਵਾਹ ਦੀ ਸੂਬਾ ਸਰਕਾਰ ਦੇ ਆਦੇਸ਼ 'ਤੇ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਅਸਾਮਾਈ ਦੇ ਕਾਬੁਲ ਸ਼ਹਿਰ ਦੇ ਕੋਹ-ਏ-ਅਸਾਮਾਈ ਵਿਚ ਸਥਿਤ ਦੂਸਰੇ ਸਥਾਨ ਨੂੰ ਉਥੋਂ ਦੇ ਤਾਲਿਬਾਨ ਦੁਆਰਾ ਜਲਾ ਦਿੱਤਾ ਗਿਆ ਹੈ।


-ਅੰਮ੍ਰਿਤਸਰ।
ਫੋਨ : 93561-27771, 78378-49764

ਤਿਨ ਕੋ ਬਾਜ਼ ਨਹੀ ਮੈਂ ਦੇਨਾ

ਸ਼ਾਹਜਹਾਨ ਦਾ ਇਕ ਖਾਸ ਚਿੱਟਾ ਬਾਜ਼ ਉਸ ਨੂੰ ਬਹੁਤ ਪਿਆਰਾ ਸੀ ਜੋ ਉਸ ਨੇ ਦੂਰ ਦੇਸ਼ ਤੋਂ ਮੰਗਵਾਇਆ ਸੀ। ਉਸ ਦਾ ਹੁਕਮ ਸੀ ਕਿ ਮੁਗਲਾਂ ਤੋਂ ਇਲਾਵਾ ਨਾ ਕੋਈ ਬਾਜ਼ ਰੱਖ ਸਕਦਾ ਹੈ, ਨਾ ਸ਼ਿਕਾਰ ਖੇਡ ਸਕਦਾ ਹੈ, ਨਾ ਘੋੜੇ 'ਤੇ ਚੜ੍ਹ ਸਕਦਾ ਹੈ ਅਤੇ ਨਾ ਹੀ ਸ਼ਸਤਰ ਪਹਿਨ ਸਕਦਾ ਹੈ। ਛੇਵੇਂ ਪਾਤਸ਼ਾਹ ਜੀ ਨੇ ਸੱਚੇ ਪਾਤਸ਼ਾਹ ਬਣ ਕੇ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, ਸ਼ਸਤਰਧਾਰੀ ਫੌਜ ਤਿਆਰ ਕੀਤੀ, ਬਾਜ਼ ਰੱਖੇ, ਸ਼ਿਕਾਰ ਖੇਡੇ ਅਤੇ ਘੋੜਸਵਾਰੀ ਕੀਤੀ। ਪਰਉਪਕਾਰੀ ਪਾਤਸ਼ਾਹ ਜੀ ਨੇ ਜਿਥੇ ਨਿਰਬਲ ਹੋਈ ਕੌਮ ਵਿਚ ਧਰਮ ਯੁੱਧ ਦਾ ਚਾਅ ਪੈਦਾ ਕੀਤਾ, ਉਥੇ ਉੱਚੇ-ਸੁੱਚੇ ਅਸੂਲਾਂ ਦਾ ਉਪਦੇਸ਼ ਦਿੱਤਾ ਕਿ ਡਿੱਗਿਆ ਹੋਇਆ, ਹਥਿਆਰ ਹੀਣਾ, ਬਾਲਕਾਂ, ਬਿਰਧਾਂ, ਰੋਗੀਆਂ, ਸ਼ਰਨਾਗਤਾਂ ਅਤੇ ਔਰਤਾਂ 'ਤੇ ਕਦੇ ਵਾਰ ਨਹੀਂ ਕਰਨਾ ਪਰ ਜ਼ੁਲਮ ਅੱਗੇ ਹਿੱਕਾਂ ਤਾਣ ਕੇ ਖਲੋ ਜਾਣਾ ਹੈ। ਸੰਨ 1629 ਦੇ ਮਈ ਮਹੀਨੇ ਵਿਚ ਸ਼ਾਹੀ ਬਾਜ਼ ਦੀ ਅਜਿਹੀ ਘਟਨਾ ਘਟੀ ਜੋ ਮਹਾਰਾਜ ਜੀ ਤੇ ਮੁਗਲ ਸੈਨਾ ਚੜ੍ਹਾ ਲਿਆਈ। ਇਨ੍ਹਾਂ ਦਿਨਾਂ ਵਿਚ ਸ਼ਾਹਜਹਾਨ ਲਾਹੌਰ ਆਇਆ ਹੋਇਆ ਸੀ। ਇਕ ਦਿਨ ਉਹ ਸ੍ਰੀ ਅੰਮ੍ਰਿਤਸਰ ਦੀ ਦਿਸ਼ਾ ਵਿਚ ਸ਼ਿਕਾਰ ਚੜ੍ਹਿਆ ਅਤੇ ਅਨੇਕਾਂ ਜੀਵਾਂ ਦਾ ਸ਼ਿਕਾਰ ਕਰਕੇ ਸ਼ਹਿਰ ਤੋਂ 16-17 ਮੀਲਾਂ ਦੀ ਦੂਰੀ 'ਤੇ ਆਰਾਮ ਕਰਨ ਲਈ ਠਹਿਰ ਗਿਆ। ਇਧਰੋਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਵੀ ਸ਼ਿਕਾਰ ਖੇਡਦੇ ਹੋਏ ਦੁਪਹਿਰ ਸਮੇਂ ਪਿੰਡ ਗੁਮਟਾਲਾ ਦੀ ਹੱਦ ਵਿਚ ਜੌੜੇ ਪਿੱਪਲਾਂ ਦੀ ਛਾਂ ਹੇਠ ਬਿਰਾਜੇ ਹੋਏ ਸਨ। ਸਿੱਖਾਂ ਨੇ ਦੇਖਿਆ ਕਿ ਬਾਦਸ਼ਾਹ ਦਾ ਬਾਜ਼ ਸੁਰਖਾਬ ਪੰਛੀ ਨੂੰ ਤਸੀਹੇ ਦੇਣ ਲਈ ਕਦੇ ਆਕਾਸ਼ ਵਿਚ ਲੈ ਜਾਂਦਾ ਸੀ, ਕਦੇ ਜ਼ਮੀਨ ਉੱਪਰ ਸੁੱਟਦਾ ਸੀ-
ਦੌਰਿ ਦੌਰਿ ਪੰਛੀ ਕੋ ਧਰਹੀ।
ਉਹ ਛੋਟੇ ਪੰਛੀਆਂ ਨੂੰ ਵੀ ਤੜਫਾ-ਤੜਫਾ ਕੇ ਮਾਰ ਰਿਹਾ ਸੀ। ਇਹ ਦੇਖ ਕੇ ਸਿੱਖਾਂ ਦਾ ਹਿਰਦਾ ਦਰਦ ਨਾਲ ਭਰ ਗਿਆ ਅਤੇ ਉਨ੍ਹਾਂ ਨੇ ਮਹਾਰਾਜ ਜੀ ਦਾ ਬਾਜ਼ ਸ਼ਾਹੀ ਬਾਜ਼ 'ਤੇ ਛੱਡ ਦਿੱਤਾ। ਗੁਰੂ ਸਾਹਿਬ ਜੀ ਦੇ ਬਾਜ਼ ਨੇ ਸ਼ਾਹੀ ਬਾਜ਼ ਨੂੰ ਥੱਲੇ ਸੁੱਟ ਲਿਆ ਅਤੇ ਸਿੱਖਾਂ ਨੇ ਉਹ ਫੜ ਕੇ ਪਾਤਸ਼ਾਹ ਜੀ ਦੇ ਹਵਾਲੇ ਕਰ ਦਿੱਤਾ। ਸਿੱਖਾਂ ਨੇ ਬੇਨਤੀ ਕੀਤੀ-
ਬਾਜ਼ ਤੁਰਕ ਕੌ ਦੀਜੈ ਨਾਹੀ।
ਸਦਾ ਜੁੱਧ ਤਿਨ ਸੰਗਿ ਮਚਾਹੀ।
ਮਹਾਰਾਜ ਜੀ ਨੇ ਫ਼ਰਮਾਇਆ ਕਿ ਐਸਾ ਹੀ ਹੋਵੇਗਾ। ਹੁਣ ਰਾਜ ਜਰਵਾਣਿਆਂ ਦੇ ਹੱਥ ਨਹੀਂ, ਸਗੋਂ ਲਿਤਾੜਿਆਂ ਅਤੇ ਅਨਾਥਾਂ ਦੇ ਹੱਥ ਹੋਵੇਗਾ। ਗੁਰਬਿਲਾਸ ਅਨੁਸਾਰ-
ਤਿਨ ਕੋ ਬਾਜ ਨਹੀਂ ਮੈਂ ਦੇਨਾ।
ਤਾਜ ਬਾਜ ਤਿਨ ਕੇ ਸਭਿ ਲੈਨਾ।
ਦੇਸ ਰਾਜ ਤਿਨ ਕਾ ਮੈਂ ਲੈਹੋੁਂ।
ਗਰੀਬ ਅਨਾਥਨ ਕੋ ਸਭ ਦੈਹੋਂ।
ਜਦੋਂ ਮੁਗਲ ਸਿਪਾਹੀ ਆ ਕੇ ਰੋਹਬ ਪਾਉਣ ਲੱਗੇ ਤਾਂ ਸਿੱਖਾਂ ਨੇ ਉਨ੍ਹਾਂ ਨੂੰ ਭਜਾ ਦਿੱਤਾ। ਸ਼ਾਹਜਹਾਨ ਨੂੰ ਭੜਕਾਇਆ ਗਿਆ ਕਿ ਅੱਜ ਬਾਜ਼ ਨੂੰ ਹੱਥ ਪਾਇਆ, ਕੱਲ੍ਹ ਨੂੰ ਤਾਜ ਨੂੰ ਪਾਉਣਗੇ। ਬਾਦਸ਼ਾਹ ਨੇ ਕ੍ਰੋਧ ਵਿਚ ਆ ਕੇ ਮੁਖਲਸ ਖਾਂ ਨੂੰ ਸੱਤ ਹਜ਼ਾਰ ਫੌਜ ਦੇ ਕੇ ਗੁਰੂ ਸਾਹਿਬ ਨੂੰ ਬਾਜ਼ ਸਹਿਤ ਪਕੜ ਲਿਆਉਣ ਦਾ ਹੁਕਮ ਦਿੱਤਾ। ਪਿੱਪਲੀ ਸਾਹਿਬ ਦੇ ਅਸਥਾਨ 'ਤੇ ਮਹਾਰਾਜ ਜੀ ਨਾਲ ਪਹਿਲੀ ਜੰਗ ਹੋਈ, ਜਿਸ ਵਿਚ ਆਪ ਜੀ ਦੀ ਫਤਹਿ ਹੋਈ। ਮੁਗ਼ਲ ਹੱਥ ਮਲਦੇ ਰਹਿ ਗਏ-
ਬਹੁ ਪ੍ਰਿਯ ਬਾਜ ਛਠੇ ਗੁਰ ਛੀਨਾ।
ਰਹੇ ਜਾਚ ਪੁਨ ਕਿਉਂ ਹੂ ਨ ਦੀਨਾ।

ਮਸਲੇ ਸ਼ੇਖ ਫ਼ਰੀਦ ਕੇ

ਜਨਮ ਸਾਖੀਆਂ ਅਤੇ ਪਰਚੀਆਂ ਦੀ ਤਰ੍ਹਾਂ ਮਸਲੇ ਵੀ ਮੱਧਕਾਲੀ ਸੋਚ ਅਤੇ ਦ੍ਰਿਸ਼ਟੀ ਅਨੁਸਾਰ ਲਿਖੀਆਂ ਜਾਂਦੀਆਂ ਰਹੀਆਂ ਜੀਵਨੀਮੂਲਕ ਰਚਨਾਵਾਂ ਹਨ। ਮਸਲੇ ਸ਼ੇਖ ਫ਼ਰੀਦ ਕੇ ਰਚਨਾ ਦਾ ਖਰੜਾ ਸਵਰਗਵਾਸੀ ਸੰਤ ਇੰਦਰ ਸਿੰਘ ਚੱਕਰਵਰਤੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਈਸਰ ਖਾਨਾ ਦੇ ਕਿਸੇ ਨਾਮਧਾਰੀ ਪਰਿਵਾਰ ਪਾਸੋਂ ਹਾਸਲ ਹੋਇਆ ਸੀ। ਅੱਜਕਲ੍ਹ ਇਹ ਖਰੜਾ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੀ ਲਾਇਬ੍ਰੇਰੀ ਵਿਚ ਹੱਥ ਲਿਖਤ ਨੰ: 359 ਉੱਪਰ ਸੁਰੱਖਿਅਤ ਹੈ। ਵੱਡ-ਆਕਾਰੀ ਇਸ ਗ੍ਰੰਥ ਵਿਚ ਹੋਰਨਾਂ ਕਈ ਰਚਨਾਵਾਂ ਦੇ ਨਾਲ-ਨਾਲ ਮਸਲੇ ਸ਼ੇਖ ਫ਼ਰੀਦ ਕੇ ਵੀ ਸੰਕਲਿਤ ਹੈ।
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਵਿਚ ਜਿਨ੍ਹਾਂ ਧਰਮ ਆਗੂਆਂ ਦਾ ਵਧੇਰੇ ਪ੍ਰਭਾਵ ਸੀ, ਉਨ੍ਹਾਂ ਵਿਚ ਬਾਬਾ ਫ਼ਰੀਦ ਸ਼ਕਰਗੰਜ ਵੀ ਸੀ। ਗੁਰੂ ਨਾਨਕ ਦੇਵ ਜੀ ਵਲੋਂ ਫਰੀਦ ਬਾਣੀ ਇਕੱਤਰ ਕਰਨ ਅਤੇ ਮਗਰੋਂ ਗੁਰੂ ਅਰਜਨ ਦੇਵ ਜੀ ਵਲੋਂ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰਨ ਨਾਲ ਬਾਬਾ ਫ਼ਰੀਦ ਸਿੱਖ ਇਤਿਹਾਸ, ਸਿੱਖ ਸਾਹਿਤ ਅਤੇ ਸਿੱਖ ਸੱਭਿਆਚਾਰ ਦਾ ਹਿੱਸਾ ਬਣ ਨਿਬੜਿਆ। ਫਲਸਰੂਪ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਲਿਖੀਆਂ ਜਾਣ ਲੱਗੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਸੰਤਾਂ-ਭਗਤਾਂ ਦੀਆਂ ਪਰਚੀਆਂ ਅਤੇ ਕਥਾਵਾਂ, ਸਾਹਿਤ ਦਾ ਵਰਣਯ ਵਿਸ਼ਾ ਬਣਨ ਲੱਗੀਆਂ, ਉਥੇ ਇਸਲਾਮੀ ਪੈਗ਼ੰਬਰਾਂ ਅਤੇ ਪੀਰਾਂ-ਫ਼ਕੀਰਾਂ ਬਾਰੇ ਮਸਲਿਆਂ ਵਰਗੀਆਂ ਰਚਨਾਵਾਂ ਹੋਂਦ ਵਿਚ ਆਉਣ ਲੱਗੀਆਂ। ਮਸਲੇ ਸ਼ੇਖ ਫ਼ਰੀਦ ਕੇ ਅਜਿਹੀ ਇਕ ਜੀਵਨੀਮੂਲਕ ਵਾਰਤਕ ਰਚਨਾ ਹੈ।
ਮਸਲੇ ਸ਼ੇਖ਼ ਫ਼ਰੀਦ ਕੇ ਦੇ ਰਚਨਾਕਾਰ ਅਤੇ ਰਚਨਾਕਾਲ ਦਾ ਮਸਲਾ ਕਾਫ਼ੀ ਉਲਝਿਆ ਹੋਇਆ ਹੈ। ਇੰਦਰ ਸਿੰਘ ਚੱਕਰਵਰਤੀ, ਪਿਆਰਾ ਸਿੰਘ ਪਦਮ ਅਤੇ ਸ਼ਮਸ਼ੇਰ ਸਿੰਘ ਅਸ਼ੋਕ ਇਸ ਨੂੰ ਸੋਢੀ ਮਿਹਰਬਾਨ ਜਾਂ ਮੀਣਾ ਸੰਪਰਦਾਇ ਦੇ ਕਿਸੇ ਲੇਖਕ ਦੀ ਰਚਨਾ ਮੰਨਦੇ ਹਨ, ਜਦ ਕਿ ਗੋਬਿੰਦ ਸਿੰਘ ਲਾਂਬਾ ਦਾ ਮੰਨਣਾ ਹੈ ਕਿ ਸਾਰੇ ਉੱਨੀ ਦੇ ਉੱਨੀ ਮਸਲੇ ਕਿਸੇ ਇਕ ਇਕੱਲੇ ਲੇਖਕ ਦੇ ਨਹੀਂ, ਸਗੋਂ ਵੱਖ-ਵੱਖ ਲਿਖਾਰੀਆਂ ਦੇ ਹਨ। ਸਾਨੂੰ ਇਹ ਸਾਰੇ ਮਤ, ਵੱਖ-ਵੱਖ ਕਾਰਨਾਂ ਕਰਕੇ, ਅਣਮਾਣਿਕ ਅਤੇ ਸਹੀ ਨਹੀਂ ਜਾਪਦੇ। ਲਗਦਾ ਇਹ ਹੈ ਕਿ ਇਸ ਰਚਨਾ ਦਾ ਕਰਤਾ ਨਾ ਮਿਹਰਬਾਨ ਹੈ ਨਾ ਕੋਈ ਹੋਰ ਮੁਸਲਮਾਨ ਲੇਖਕ, ਸਗੋਂ ਉਹ ਲੇਖਕ ਹੈ ਜਿਸ ਦੇ ਸਾਹਮਣੇ ਮਾਡਲ ਜਾਂ ਆਦਰਸ਼ ਰੂਪ ਵਿਚ ਜਨਮ ਸਾਖੀਆਂ ਅਤੇ ਹੋਰ ਸਿੱਖ ਸਾਹਿਤ ਮੌਜੂਦ ਸੀ, ਕਿਉਂਕਿ ਇਨ੍ਹਾਂ ਦਾ ਪ੍ਰਭਾਵ ਮਸਲਿਆਂ ਉਪਰ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਰਚਨਾਕਾਲ ਬਾਰੇ ਸਾਬਤ ਹੁੰਦਾ ਹੈ ਇਹ ਸਤਾਰ੍ਹਵੀਂ ਸਦੀ ਦੇ ਆਖਰ ਵਿਚ ਦਾ ਹੈ।
ਮਸਲੇ ਸ਼ੇਖ ਫ਼ਰੀਦ ਕੇ ਵਿਚ ਸ਼ੇਖ਼ ਫ਼ਰੀਦ ਸ਼ਕਰਗੰਜ ਦੀਆਂ ਜੀਵਨ ਘਟਨਾਵਾਂ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਨਿਰੂਪਿਤ ਕੀਤਾ ਗਿਆ ਹੈ। ਇਨ੍ਹਾਂ ਮਸਲਿਆਂ ਵਿਚ ਬਾਬਾ ਫ਼ਰੀਦ ਦਾ ਸੰਖੇਪ ਸੰਸਾਰਕ ਅਤੇ ਅਧਿਆਤਮਕ ਜੀਵਨ ਚਿਤਰਿਆ ਗਿਆ ਹੈ। ਮੁਕੰਮਲ ਜੀਵਨ ਨਾਲੋਂ ਲੇਖਕ ਨੇ ਕੇਵਲ ਉਨ੍ਹਾਂ ਘਟਨਾਵਾਂ ਨੂੰ ਹੀ ਚੁਣਿਆ ਹੈ, ਜੋ ਬਾਬਾ ਜੀ ਦੇ ਜੀਵਨ ਦੇ ਕਿਸੇ ਨਾ ਕਿਸੇ ਅਹਿਮ ਪੱਖ ਨੂੰ ਉਜਾਗਰ ਕਰਦੀਆਂ ਹਨ। ਇਨ੍ਹਾਂ ਸਾਰਿਆਂ ਵਿਚ ਪ੍ਰਯੋਜਨ ਅਤੇ ਵਿਧੀ ਦੀ ਇਕ ਸੂਖਮ ਜਿਹੀ ਸਾਂਝ ਅਤੇ ਏਕਤਾ ਵੀ ਨਜ਼ਰੀਂ ਪੈਂਦੀ ਹੈ। ਜਨਮ ਸਾਖੀਆਂ ਦੇ ਨਾਇਕ ਵਾਂਗ, ਮਸਲਿਆਂ ਦਾ ਨਾਇਕ ਏਨਾ ਆਦਰਸ਼ਿਆਇਆ ਹੋਇਆ ਨਹੀਂ, ਬੇਸ਼ੱਕ ਉਹ ਅਜਿਹੀ ਭਾਵਨਾ ਤੋਂ ਬਿਲਕੁਲ ਮੁਕਤ ਵੀ ਨਹੀਂ ਕਿਹਾ ਜਾ ਸਕਦਾ। ਕਿਸੇ-ਕਿਸੇ ਥਾਂ ਬਾਬਾ ਫ਼ਰੀਦ ਦੀ ਸ਼ਖ਼ਸੀਅਤ ਚਮਤਕਾਰੀ ਦਿਸਦੀ ਹੈ ਪਰ ਬਹੁਤੀ ਵਾਰੀ ਉਸ ਦੀ ਕਿਸੇ ਨਾ ਕਿਸੇ ਕਮਜ਼ੋਰੀ ਉਪਰ ਉਂਗਲ ਧਰੀ ਗਈ ਹੈ। ਮਸਲਿਆਂ ਦਾ ਨਾਇਕ ਵਿਕਾਸਸ਼ੀਲ ਹੈ। ਆਰੰਭ ਵਿਚ ਉਹ ਕਚੇਰੀ ਅਧਿਆਤਮਕ ਸੂਝ ਵਾਲਾ ਅਤੇ ਦੁਨਿਆਵੀ ਵਸਤਾਂ ਦੇ ਪ੍ਰਭਾਵ ਹੇਠ ਆ ਜਾਣ ਵਾਲਾ ਵਿਅਕਤੀ ਹੈ ਪਰ ਜਿਵੇਂ-ਜਿਵੇਂ ਉਸ ਦੀ ਅਧਿਆਤਮ ਜਾਗਰੂਕਤਾ ਪ੍ਰਚੰਡ ਹੁੰਦੀ ਜਾਂਦੀ ਹੈ, ਤਿਵੇਂ-ਤਿਵੇਂ ਉਹ ਉੱਚਾ ਹੁੰਦਾ ਜਾਂਦਾ ਹੈ। ਮਸਲੇ ਸ਼ੇਖ਼ ਫ਼ਰੀਦ ਕੇ ਬਾਬਾ ਫ਼ਰੀਦ ਨੂੰ ਸੰਸਾਰਕ ਵਿਅਕਤੀ ਤੋਂ ਫ਼ਕੀਰੀ ਵੱਲ ਅਗ੍ਰਸਰ ਕਰਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ॥


ਸਿਰੀਰਾਗੁ ਮਹਲਾ ੫
ਸੋਈ ਧਿਆਈਐ ਜੀਅੜੇ
ਸਿਰਿ ਸਾਹਾਂ ਪਾਤਿਸਾਹੁ॥
ਤਿਸ ਹੀ ਕੀ ਕਰਿ ਆਸ ਮਨ
ਜਿਸ ਕਾ ਸਭਸੁ ਵੇਸਾਹੁ॥
ਸਭਿ ਸਿਆਣਪਾ ਛਡਿ ਕੈ
ਗੁਰ ਕੀ ਚਰਣੀ ਪਾਹੁ॥ ੧॥
ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ॥
ਆਠ ਪਹਰ ਪ੍ਰਭੁ ਧਿਆਇ ਤੂੰ
ਗੁਣ ਗੋਇੰਦ ਨਿਤ ਗਾਉ॥ ੧॥ ਰਹਾਉ॥
ਤਿਸ ਕੀ ਸਰਨੀ ਪਰੁ ਮਨਾ
ਜਿਸੁ ਜੇਵਡੁ ਅਵਰੁ ਨ ਕੋਇ॥
ਜਿਸੁ ਸਿਮਰਤ ਸੁਖੁ ਹੋਇ ਘਣਾ
ਦੁਖੁ ਦਰਦੁ ਨ ਮੂਲੇ ਹੋਇ॥
ਸਦਾ ਸਦਾ ਕਰਿ ਚਾਕਰੀ
ਪ੍ਰਭੁ ਸਾਹਿਬੁ ਸਚਾ ਸੋਇ॥ ੨॥
ਸਾਧ ਸੰਗਤਿ ਹੋਇ ਨਿਰਮਲਾ
ਕਟੀਐ ਜਮ ਕੀ ਫਾਸ॥
ਸੁਖਦਾਤਾ ਭੈ ਭੰਜਨੋ
ਤਿਸੁ ਆਗੈ ਕਰਿ ਅਰਦਾਸਿ॥
ਮਿਹਰ ਕਰੇ ਜਿਸੁ ਮਿਹਰਵਾਨੁ
ਤਾਂ ਕਾਰਜੁ ਆਵੈ ਰਾਸਿ॥ ੩॥
ਬਹੁਤੋ ਬਹੁਤੁ ਵਖਾਣੀਐ ਉਚੋ ਊਚਾ ਥਾਉ॥
ਵਰਨਾ ਚਿਹਨਾ ਬਾਹਰਾ
ਕੀਮਤਿ ਕਹਿ ਨ ਸਕਾਉ॥
ਨਾਨਕ ਕਉ ਪ੍ਰਭ ਮਇਆ ਕਰਿ
ਸਚੁ ਦੇਵਹੁ ਅਪੁਣਾ ਨਾਉ॥ ੪॥ ੭॥ ੭੭॥
(ਅੰਗ 44)
ਪਦ ਅਰਥ : ਜੀਅੜੇ-ਹੇ ਜਿੰਦੇ। ਸਿਰਿ ਸਾਹਾਂ ਪਾਤਿਸਾਹੁ-ਸ਼ਾਹਾਂ ਦੇ ਸਿਰਾਂ 'ਤੇ ਪਾਤਸ਼ਾਹ ਹੈ। ਸੋਈ-ਉਸ। ਤਿਸ ਹੀ ਕੀ-ਉਸ ਦੀ ਹੀ। ਕਰਿ ਆਸ ਮਨ-ਮਨ ਵਿਚ ਆਸ ਰੱਖ। ਸਭਸੁ-ਸਭ ਨੂੰ। ਵੇਸਾਹੁ-ਭਰੋਸਾ ਹੈ। ਪਾਹੁ-ਪੈ ਜਾ। ਸੁਖ-ਅਨੰਦ। ਸਹਜ ਸੇਤੀ-ਆਤਮਿਕ ਅਡੋਲਤਾ ਨਾਲ। ਮਨਾ-ਹੇ ਮਨ। ਤਿਸ ਕੀ-ਉਸ ਪਰਮਾਤਮਾ ਦੀ। ਪਰ-ਪੈ। ਅਵਰੁ ਨ ਕੋਇ-ਹੋਰ ਕੋਈ ਨਹੀਂ ਹੈ। ਸੁਖੁ ਹੋਇ ਘਣਾ-ਬੜਾ ਸੁਖ (ਅਨੰਦ) ਮਿਲਦਾ ਹੈ। ਨ ਮੂਲੇ ਹੋਇ-ਬਿਲਕੁਲ (ਉੱਕੇ) ਹੀ ਨਹੀਂ ਹੁੰਦੇ। ਚਾਕਰੀ-ਸੇਵਾ ਭਗਤੀ। ਸਾਹਿਬੁ ਸਚਾ-ਸਦਾ ਥਿਰ ਰਹਿਣ ਵਾਲਾ ਮਾਲਕ। ਸੋਇ-ਉਸ ਦੀ।
ਹੋਇ ਨਿਰਮਲਾ-ਪਵਿੱਤਰ ਹੋਈਦਾ ਹੈ। ਕਟੀਐ-ਕੱਟੀ ਜਾਂਦੀ ਹੈ। ਜਮ ਕੀ ਫਾਸ-ਜਮ ਦੀ ਫਾਹੀ। ਸੁਖਦਾਤਾ-ਸੁਖ ਦੇਣ ਵਾਲਾ ਦਾਤਾ। ਭੈ ਭੰਜਨੋ-ਸਭ ਡਰਾਂ ਦੇ ਨਾਸ ਕਰਨ ਵਾਲਾ ਹੈ। ਰਾਸਿ-ਸੰਵਰ ਜਾਂਦੇ ਹਨ, ਸਿਰੇ ਚੜ੍ਹ ਜਾਂਦੇ ਹਨ। ਕਾਰਜੁ-ਕੰਮ ਕਾਜ। ਬਹੁਤੋ ਬਹੁਤੁ-ਵੱਡੇ ਤੋਂ ਵੱਡਾ। ਵਖਾਣੀਐ-ਆਖਿਆ ਜਾਂਦਾ ਹੈ। ਉਚੋ ਊਚਾ-ਉੱਚੇ ਤੋਂ ਉੱਚਾ। ਥਾਉ-ਸਥਾਨ। ਵਰਨਾ-ਰੰਗ। ਚਿਹਨਾ-ਰੂਪ ਰੇਖਾ। ਬਾਹਰਾ-ਤੋਂ ਬਾਹਰ ਹੈ। ਕਹਿ ਨਾ ਸਕਾਉ-ਕਹਿ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ। ਮਇਆ ਕਰਿ-ਦਇਆ ਕਰਕੇ, ਮਿਹਰ ਕਰਕੇ। ਸਚੁ-ਸਦਾ ਥਿਰ ਰਹਿਣ ਵਾਲਾ।
ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿਚ ਪੰਚਮ ਗੁਰਦੇਵ ਨੇ ਪਰਮਾਤਮਾ ਦਾ ਅੱਠੇ ਪਹਿਰ ਸਿਮਰਨ ਕਰਨ ਲਈ ਜੀਵ ਨੂੰ ਪ੍ਰੇਰਿਆ ਹੈ। ਜਿਨ੍ਹਾਂ ਨੇ ਵੀ ਇਕ ਮਨ ਇਕ ਚਿਤ ਹੋ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ, ਪਰਮਾਤਮਾ ਨੇ ਉਨ੍ਹਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ। ਰਾਗੁ ਗਉੜੀ ਕੀ ਵਾਰ ਮਹਲਾ ੪ ਵਿਚ ਹਜ਼ੂਰ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਜਿਨੀ ਤੂ ਇਕ ਮਨਿ ਸਚੁ ਧਿਆਇਆ
ਤਿਨ ਕਾ ਸਭੁ ਦੂਖੁ ਗਵਾਇਆ॥
(ਅੰਗ 301)
ਹੇ ਪ੍ਰਭੂ, ਤੇਰਾ ਕੋਈ ਸ਼ਰੀਕ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ, ਜਿਸ ਨੂੰ ਤੇਰੇ ਬਰਾਬਰ ਦਾ ਆਖ ਸਕੀਏ-
ਤੇਰਾ ਸਰੀਕੁ ਕੋ ਨਾਹੀ
ਜਿਸ ਨੋ ਲਵੈ ਲਾਇ ਸੁਣਾਇਆ॥
(ਅੰਗ 301)
ਹੇ ਮਾਇਆ ਤੋਂ ਰਹਿਤ ਪ੍ਰਭੂ, ਤੇਰੇ ਜੇਡਾ ਵੱਡਾ ਦਾਤਾ ਤੇਰੇ ਤੋਂ ਬਿਨਾਂ ਕੋਈ ਹੋਰ ਨਹੀਂ। ਇਸ ਲਈ ਤੂੰ ਮੇਰੇ ਮਨ ਨੂੰ ਪਿਆਰਾ ਲਗਦਾ ਹੈਂ-
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ
ਤੂਹੈ ਸਚੁ ਮੇਰੈ ਮਨਿ ਭਾਇਆ॥
(ਅੰਗ 301)
ਹੇ ਸਦਾ ਥਿਰ ਰਹਿਣ ਵਾਲੇ ਪ੍ਰਭੂ, ਤੇਰਾ ਨਾਮ ਵੀ ਸਦਾ ਥਿਰ ਰਹਿਣ ਵਾਲਾ ਹੈ-
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ॥
(ਅੰਗ 301)
ਨਾਇਆ-ਨਾਮ।
ਇਸ ਲਈ ਜੋ ਕੁਝ ਪ੍ਰਭੂ ਨੂੰ ਚੰਗਾ ਲਗਦਾ ਹੈ, ਉਹ ਉਹੀ ਕੁਝ ਕਰੇਗਾ। ਉਸ ਨੂੰ ਕਿਸੇ ਪ੍ਰਕਾਰ ਦਾ ਹੁਕਮ ਕੀਤਾ ਨਹੀਂ ਜਾ ਸਕਦਾ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ। ਉਹ ਤਾਂ ਪਾਤਸ਼ਾਹਾਂ ਅਤੇ ਸ਼ਾਹਾਂ ਦਾ ਪਾਤਸ਼ਾਹ ਹੈ। ਉਸ ਦੇ ਹੁਕਮ ਵਿਚ ਹੀ ਰਹਿਣਾ ਚਾਹੀਦਾ ਹੈ। ਜਗਤ ਗੁਰੂ ਬਾਬੇ ਦੇ ਬਾਣੀ 'ਜਪੁ' ਜੀ ਵਿਚ ਪਾਵਨ ਬਚਨ ਹਨ-
ਜੋ ਤਿਸੁ ਭਾਵੈ ਸੋਈ ਕਰਸੀ
ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ
ਨਾਨਕ ਰਹਣੁ ਰਜਾਈ॥ (ਅੰਗ 6)
ਇਹ ਸ਼ਬਦ ਰਾਗੁ ਆਸ ਵਿਚ ਪੰਨਾ 8-9 'ਤੇ ਅਤੇ ਪੰਨਾ 347-48 'ਤੇ ਵੀ ਅੰਕਤ ਹੈ।
ਇਸ ਲਈ ਹੇ ਭਾਈ, ਪ੍ਰਭੂ ਜੋ ਸਭ ਕੁਝ ਕਰਨ ਦੇ ਸਮਰੱਥ ਹੈ, ਉਸ ਦੀ ਸਰਨੀ ਲੱਗੇ ਰਹਿਣਾ ਚਾਹੀਦਾ ਹੈ, ਉਸ ਦਾ ਸਿਮਰਨ ਕਰਨ ਨਾਲ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਸ (ਪ੍ਰਭੂ) ਨਾਲੋਂ ਵਿਛੋੜਾ ਦੂਰ ਹੋ ਜਾਂਦਾ ਹੈ। ਗੁਰਵਾਕ ਹੈ-
ਜਿਸੁ ਸਿਮਰਤ ਸੁਖੁ
ਪਾਈਐ ਬਿਨਸੈ ਬਿਓਗੁ॥
ਨਾਨਕ ਪ੍ਰਭ ਸਰਣਾਗਤੀ
ਕਾਰਣ ਕਰਨ ਜੋਗੁ॥
(ਰਾਗੁ ਬਿਲਾਵਲੁ ਮਹਲਾ ੫,
ਅੰਗ 817)
ਬਿਨਸੈ-ਨਾਸ ਹੋ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਬਿਓਗੁ-ਵਿਛੋੜਾ। ਸਰਣਾਗਤੀ-ਸਰਨੀ ਲੱਗਣਾ ਚਾਹੀਦਾ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਸਿਮਰਨ ਕਰਨ ਨਾਲ ਪ੍ਰਾਣੀ ਦਾ ਮਨ ਤੇ ਤਨ ਸੁਖੀ ਹੋ ਜਾਂਦੇ ਹਨ, ਅਨੰਦ ਭਰਪੂਰ ਹੋ ਜਾਂਦੇ ਹਨ, ਜਿਸ ਨਾਲ ਉਸ ਨੂੰ ਫਿਰ ਕਿਸੇ ਤਰ੍ਹਾਂ ਦਾ ਡਰ-ਭੈਅ ਨਹੀਂ ਰਹਿ ਜਾਂਦਾ-
ਸਿਮਰਿ ਸਿਮਰਿ ਮਨ ਤਨ ਸੁਖੀ
ਨਾਨਕ ਨਿਰਭਇਆ॥
(ਅੰਗ 817)
ਸ਼ਬਦ ਦੇ ਅੱਖਰੀਂ ਅਰਥ : ਹੇ ਮੇਰੇ ਜੀਅੜੇ, ਸਦਾ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਜੋ ਸ਼ਾਹਾਂ ਦੇ ਸਿਰ 'ਤੇ ਪਾਤਸ਼ਾਹ ਹੈ। ਹੇ ਮੇਰੇ ਮਨ, ਕੇਵਲ ਇਕ ਪ੍ਰਭੂ 'ਤੇ ਆਸ ਰੱਖਣੀ ਚਾਹੀਦੀ ਹੈ, ਜਿਸ 'ਤੇ ਸਭ ਜੀਵਾਂ ਨੂੰ ਭਰੋਸਾ ਹੈ। ਇਸ ਲਈ ਹੇ ਮੇਰੇ ਮਨ, ਸਾਰੀਆਂ ਚਤੁਰਾਈਆਂ ਛੱਡ ਕੇ ਇਕ ਗੁਰੂ ਦੀ ਚਰਨੀਂ ਲੱਗ।
ਹੇ ਮੇਰੇ ਮਨ, ਅਨੰਦ ਤੇ ਆਤਮਿਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਨੂੰ ਜਪ, ਸਿਮਰਨ ਕਰ। ਅੱਠੇ ਪਹਿਰ ਭਾਵ ਦਿਨ-ਰਾਤ ਇਕ ਪ੍ਰਭੂ ਦੇ ਨਾਮ ਦਾ ਸਿਮਰਨ ਕਰ, ਹਰ ਵੇਲੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਰਹੁ।
ਜਿਸ ਪ੍ਰਭੂ ਜੇਡਾ ਹੋਰ ਕੋਈ ਨਹੀਂ, ਹੇ ਮੇਰੇ ਮਨ, ਉਸ ਪ੍ਰਭੂ ਦੀ ਸਰਨੀ ਪਹੁ। ਜਿਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਬੜਾ ਆਤਮਿਕ ਅਨੰਦ ਮਿਲਦਾ ਹੈ ਅਤੇ ਕਿਸੇ ਪ੍ਰਕਾਰ ਦੇ ਦੁੱਖ-ਕਲੇਸ਼ ਨਹੀਂ ਵਿਆਪਦੇ। ਉਸ ਪ੍ਰਭੂ ਦੀ ਸਦਾ ਸੇਵਾ ਭਗਤੀ ਕਰ। (ਕਿਉਂਕਿ) ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ।
ਸਾਧ ਸੰਗਤ ਕਰਨ ਨਾਲ ਪਵਿੱਤਰ ਹੋ ਜਾਈਦਾ ਹੈ ਅਤੇ ਜਮ ਦੀ ਫਾਹੀ ਕੱਟੀ ਜਾਂਦੀ ਹੈ। ਸੁਖ ਅਨੰਦ ਦੇਣ ਵਾਲੇ ਅਤੇ ਭੈਅ-ਡਰ ਦੂਰ ਕਰਨ ਵਾਲੇ ਪਰਮਾਤਮਾ ਅੱਗੇ ਅਰਦਾਸ ਕਰ। ਜਿਸ 'ਤੇ ਮਿਹਰਾਂ ਦਾ ਸਾਈਂ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਸ ਦੇ ਸਾਰੇ ਕਾਰਜ ਸੰਵਰ ਜਾਂਦੇ ਹਨ, ਸਿਰੇ ਚੜ੍ਹ ਜਾਂਦੇ ਹਨ। ਜਿਸ ਪ੍ਰਭੂ ਨੂੰ ਵੱਡੇ ਤੋਂ ਵੱਡਾ ਆਖਿਆ ਜਾਂਦਾ ਹੈ, ਉਸ ਦਾ ਸਥਾਨ ਉੱਚੇ ਤੋਂ ਉੱਚਾ ਹੈ ਜੋ ਰੰਗ, ਰੂਪ-ਰੇਖਾ ਤੋਂ ਬਾਹਰ ਹੈ ਭਾਵ ਉਸ ਦਾ ਕੋਈ ਰੰਗ-ਰੂਪ ਨਹੀਂ, ਉਸ ਦੀ ਅਸੀਂ ਕੀਮਤ ਨਹੀਂ ਪਾ ਸਕਦੇ। ਅੰਤ ਵਿਚ ਪੰਚਮ ਗੁਰਦੇਵ ਪ੍ਰਭੂ ਅੱਗੇ ਅਰਜੋਈ ਕਰ ਰਹੇ ਹਨ ਕਿ ਹੇ ਪ੍ਰਭੂ, ਮੇਰੇ 'ਤੇ ਕਿਰਪਾ ਕਰਕੇ ਸਦਾ ਥਿਰ ਰਹਿਣ ਵਾਲਾ ਆਪਣਾ ਨਾਮ ਬਖਸ਼ੋ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਮਿਹਨਤ ਤੋਂ ਬਿਨਾਂ ਪ੍ਰਾਪਤ ਸਫ਼ਲਤਾ ਖੁਸ਼ੀ ਨਹੀਂ ਦੇ ਸਕਦੀ

ਅਸੀਂ ਸਾਰੇ ਇਹ ਆਸ ਰੱਖਦੇ ਹਾਂ ਕਿ ਅਸੀਂ ਇਸ ਜੀਵਨ ਰੂਪੀ ਪੱਥ 'ਤੇ ਵਧਦੇ ਹੋਏ ਆਪਣੀ ਮੰਜ਼ਿਲ ਪ੍ਰਾਪਤ ਕਰੀਏ ਪਰ ਮਿਹਨਤ ਤੋਂ ਬਿਨਾਂ ਪ੍ਰਾਪਤ ਹੋਈ ਸਫਲਤਾ ਸਾਨੂੰ ਖੁਸ਼ੀ ਨਹੀਂ ਦੇ ਸਕਦੀ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜੇ ਅਸੀਂ ਸਵਾਰਥ-ਰਹਿਤ ਭਾਵਨਾ ਨਾਲ ਕਰਮ ਕਰਦੇ ਰਹੀਏ ਤਾਂ ਇਕ ਦਿਨ ਜ਼ਰੂਰ ਅਜਿਹਾ ਆਵੇਗਾ ਕਿ ਉਸ ਦਾ ਫਲ ਮਿਲੇਗਾ। ਵੱਖ-ਵੱਖ ਦੇਸ਼ਾਂ, ਖੇਤਰਾਂ ਅਤੇ ਸਮੁਦਾਇਆਂ ਵਿਚ ਕਰਮ ਬਾਰੇ ਵੱਖ-ਵੱਖ ਧਾਰਨਾਵਾਂ ਹਨ। ਮੁਸਲਮਾਨ ਅਨੁਸਾਰ ਜੋ ਕੁਰਾਨ ਵਿਚ ਲਿਖਿਆ ਹੈ, ਉਹ ਹੀ ਕਰਮ ਹੈ। ਹਿੰਦੂ ਕਹਿੰਦਾ ਹੈ ਕਿ ਜੋ ਵੇਦਾਂ ਵਿਚ ਹੈ, ਉਹ ਮੇਰਾ ਕਰਮ ਹੈ। ਇਕ ਇਸਾਈ ਅਨੁਸਾਰ ਜੋ ਬਾਈਬਲ ਲਿਖਿਆ ਹੈ, ਉਹ ਹੀ ਉਸ ਦਾ ਕਰਮ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜੀਵਨ ਵਿਚ ਸਮੇਂ, ਹਾਲਾਤ, ਜਾਤਿ ਭੇਦ ਜਾਂ ਧਾਰਮਿਕ ਵਿਚਾਰਧਾਰਾ ਅਨੁਸਾਰ ਵੀ ਕਰਮ ਬਦਲ ਜਾਂਦੇ ਹਨ ਪਰ ਕਰਮ ਕਰਨ ਵਿਚ ਕੀਤੀ ਮਿਹਨਤ ਕੇਵਲ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਾਨਸਿਕ ਖੁਸ਼ੀ ਵੀ ਪ੍ਰਦਾਨ ਕਰਦੀ ਹੈ। ਇਕ ਮਿਹਨਤੀ ਅਤੇ ਕਰਮਯੋਗੀ ਹੀ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣਦਾ ਹੈ। ਗੀਤਾ ਵਿਚ ਭਗਵਾਨ ਕ੍ਰਿਸ਼ਨ ਵੀ ਅਰਜਨ ਨੂੰ ਕਹਿੰਦੇ ਹਨ ਕਿ ਮਿਹਨਤ ਹੀ ਅਸਲ ਪੂਜਾ ਹੈ। ਇਸ ਤੋਂ ਬਿਨਾਂ ਸੁਖੀ ਰਹਿਣਾ ਔਖਾ ਹੈ। ਜਿਹੜਾ ਮਿਹਨਤ ਨਹੀਂ ਕਰਦਾ, ਉਹ ਦੂਜਿਆਂ 'ਤੇ ਨਿਰਭਰ ਰਹਿੰਦਾ ਹੈ ਅਤੇ ਅਸਲ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਮਿਹਨਤ ਕਰਨ ਵਾਲਾ ਆਪਣੇ ਕਰਮਾਂ ਨਾਲ ਹੀ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ, ਕਿਉਂਕਿ ਕਰਮਯੋਗੀ ਹੀ ਕਰਮ ਤੱਤ ਨੂੰ ਸਮਝਦਾ ਹੈ।


ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਹੁਕਮੈ ਅੰਦਰਿ ਸਭੁ ਕੋ...

ਪਰਮਾਤਮਾ ਦੀ ਉਸਤਤ, ਪਰਮਾਤਮਾ ਦੀ ਵਡਿਆਈ ਅਸੀਂ ਜਿੰਨੀ ਵੀ ਕਰ ਸਕੀਏ, ਓਨੀ ਹੀ ਥੋੜ੍ਹੀ ਹੈ, ਕਿਉਂਕਿ ਉਸ (ਅਕਾਲ ਪੁਰਖ) ਦੀ ਵਿਸ਼ਾਲਤਾ ਦੇ ਸੋਮਿਆਂ ਦੇ ਭੰਡਾਰ ਸਾਡੀ ਸੋਚ ਦੀ ਪਹੁੰਚ ਤੋਂ ਬਹੁਤ ਦੂਰ ਹਨ। ਅਸੀਂ ਓਨਾ ਹੀ ਉਸ (ਅਕਾਲ ਪੁਰਖ) ਦੀ ਵਡਿਆਈ, ਸਿਫਤ ਨੂੰ ਬਿਆਨ ਕਰ ਸਕਦੇ ਹਾਂ, ਜਿੰਨੀ ਕਿ ਅਕਾਲ ਪੁਰਖ ਆਪਣੀ ਮਿਹਰ, ਕਿਰਪਾ ਨਾਲ ਸਾਨੂੰ ਸੋਝੀ ਬਖਸ਼ਦਾ ਹੈ ਅਤੇ ਸਾਡੇ 'ਤੇ ਮਿਹਰ ਕਰਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਜਿੰਨਾ ਸਮਾਂ ਸਾਡੀ ਸੋਚ ਦੇ ਮੁਤਾਬਿਕ ਸਭ ਕੁਝ ਚੱਲ ਰਿਹਾ, ਜਿਵੇਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਜੋ ਪਾਉਣਾ, ਲੈਣਾ ਚਾਹੁੰਦੇ ਹਾਂ, ਜੇ ਅਸੀਂ ਉਹ ਸਭ ਕੁਝ ਹਾਸਲ ਕਰ ਲੈਂਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਪਰਮਾਤਮਾ ਸਾਡੇ ਨਾਲ ਹੈ। ਇਸੇ ਤਰ੍ਹਾਂ ਜੇ ਸਾਡੀ ਜ਼ਿੰਦਗੀ ਵਿਚ ਕੋਈ ਤਬਦੀਲੀ, ਅਣਚਾਹੇ ਹਾਲਾਤ ਬਣਦੇ ਹਨ ਤਾਂ ਸਾਡੀ ਸੋਚ ਦੇ ਪੱਖ ਤਬਦੀਲ ਹੁੰਦੇ ਸਮਾਂ ਨਹੀਂ ਲਗਾਉਂਦੇ। ਅਸੀਂ ਸੋਚਦੇ ਹਾਂ ਕਿ 'ਪਰਮਾਤਮਾ ਸਾਡੇ ਨਾਲ ਕਿੱਥੇ ਹੈ? ਜੇਕਰ ਹੁੰਦਾ ਤਾਂ ਸਾਡੇ 'ਤੇ ਇਹ ਮੁਸ਼ਕਿਲ ਨਾ ਆਉਂਦੀ।' ਪਰ ਜੇਕਰ ਅਸੀਂ ਸੋਚੀਏ ਤਾਂ ਇਹ ਜ਼ਰੂਰੀ ਤਾਂ ਨਹੀਂ ਕਿ ਹਮੇਸ਼ਾ ਸਾਡੀ ਸੋਚ ਹੀ ਸਹੀ ਹੋਵੇ, ਜਦਕਿ ਸੱਚ ਤਾਂ ਇਹ ਹੈ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ। ਉਹ (ਅਕਾਲ ਪੁਰਖ) ਹਰ ਜ਼ਰੇ-ਜ਼ਰੇ ਵਿਚ ਵਸਦਾ ਹੈ। ਹਰ ਇਕ ਜੀਵ-ਜੰਤੂ, ਪਸ਼ੂ-ਪੰਛੀ, ਫੁੱਲ-ਪੌਦੇ ਅਤੇ ਸਭ ਕੁਝ ਉਸ ਅਕਾਲ ਪੁਰਖ ਦੀ ਮਿਹਰ, ਕਿਰਪਾ ਨਾਲ ਪੈਦਾ ਹੋਇਆ ਹੈ ਅਤੇ ਅਕਾਲ ਪੁਰਖ ਆਪ ਸਭ ਵਿਚ ਵਸ ਕੇ ਆਪ ਹੀ ਸਭ ਦਾ ਖਿਆਲ ਰੱਖ ਰਿਹਾ ਹੈ। ਜਦਕਿ ਸੂਰਜ, ਚੰਨ, ਬ੍ਰਹਿਮੰਡ ਹਰ ਇਕ ਚੀਜ਼ ਪਰਮਾਤਮਾ ਦੀ ਰਜ਼ਾ ਅੰਦਰ ਚੱਲ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ-
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ॥
ਗੁਰੂ ਜੀ ਅਕਾਲ ਪੁਰਖ ਦੀ ਉਸਤਤ ਦੀ ਮਹਿਮਾ ਨੂੰ ਬਿਆਨ ਕਰਦਿਆਂ ਫ਼ਰਮਾਉਂਦੇ ਹਨ ਕਿ ਸਾਰੇ ਹੀ ਉਸ ਅਕਾਲ ਪੁਰਖ ਦੇ ਹੁਕਮ ਵਿਚ ਹਨ, ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਅਕਾਲ ਪੁਰਖ ਦਾ ਹੁਕਮ ਸਾਰੀ ਸ੍ਰਿਸ਼ਟੀ ਦੇ ਪ੍ਰਬੰਧ ਦੀ ਮਰਿਆਦਾ ਨੂੰ ਚਲਾ ਰਿਹਾ ਹੈ, ਜਦਕਿ ਅਸੀਂ ਜਾਣਦੇ ਹਾਂ ਕਿ ਹੁਕਮ ਨੂੰ ਚਲਾਉਂਦੇ ਹੋਇਆਂ ਅਕਾਲ ਪੁਰਖ ਆਪ ਇਸ ਸਭ ਤੋਂ ਨਿਰਲੇਪ ਹੈ। ਅਸੀਂ ਆਪਣੀ ਜ਼ਿੰਦਗੀ ਦੀਆਂ ਗਤੀਵਿਧੀਆਂ ਵਿਚ ਏਨਾ ਕੁ ਉਲਝ ਕੇ ਰਹਿ ਜਾਂਦੇ ਹਾਂ ਕਿ ਸਾਡੇ ਲਈ ਚੰਗੇ-ਮਾੜੇ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਸਾਡੀ ਸੋਚ ਦਾ ਦਾਇਰਾ ਬਹੁਤ ਛੋਟਾ ਹੋ ਕੇ ਰਹਿ ਗਿਆ ਹੈ, ਜਿਸ ਵਿਚ ਅਸੀਂ ਆਪਣੀ ਸੋਚ, ਆਪਣੀ ਕਥਨੀ ਨੂੰ ਸੱਚ ਕਰਨ ਵਿਚ ਲੱਗੇ ਹੋਏ ਹਾਂ। ਸਾਨੂੰ ਅਜਿਹਾ ਲਗਦਾ ਹੈ ਕਿ ਜੋ ਅਸੀਂ ਸੋਚ ਰਹੇ ਹਾਂ ਅਤੇ ਜੋ ਅਸੀਂ ਕਰ ਰਹੇ ਹਾਂ, ਉਹੀ ਸਹੀ ਹੈ ਅਤੇ ਜ਼ਿੰਦਗੀ 'ਚ ਬਦਲਦੇ ਹਾਲਾਤ ਦੇ ਅਨੁਸਾਰ ਅਸੀਂ ਅਕਾਲ ਪੁਰਖ ਨੂੰ ਕਦੇ ਆਪਣੇ ਨਾਲ ਅਤੇ ਆਪਣੇ ਤੋਂ ਦੂਰ ਸਮਝਣ ਲੱਗ ਪੈਂਦੇ ਹਾਂ।
ਕੀ ਕਦੇ ਅਸੀਂ ਅਜਿਹਾ ਸੋਚਿਆ ਹੈ ਕਿ ਸਾਡੇ 'ਤੇ ਚੰਗੇ-ਮਾੜੇ ਦਿਨ ਕਿਉਂ ਆਉਂਦੇ ਹਨ? ਕੀ ਸਾਡੀ ਪਰਮਾਤਮਾ ਨਾਲ ਕੋਈ ਦੁਸ਼ਮਣੀ ਹੈ? ਜਦਕਿ ਸੱਚ ਤਾਂ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ, ਸਗੋਂ ਪਰਮਾਤਮਾ ਤਾਂ ਹਮੇਸ਼ਾ ਸਾਡੇ ਸੁਖ-ਦੁੱਖ ਵਿਚ ਸਾਡੇ ਨਾਲ ਹੁੰਦਾ ਹੈ। ਲੋੜ ਹੈ ਸਾਨੂੰ ਇਸ ਤੋਂ ਜਾਣੂ ਹੋਣ ਦੀ ਅਤੇ ਸਮਝਣ ਦੀ ਕਿ ਦੁੱਖ-ਸੁਖ ਤਾਂ ਸਾਡੇ ਕਰਮਾਂ 'ਤੇ ਨਿਰਭਰ ਕਰਦੇ ਹਨ। ਇਸ ਜਗਤ 'ਤੇ ਜੀਵਨ ਵਿਚ ਵਿਚਰਦਿਆਂ ਅਸੀਂ ਜਿਸ ਤਰ੍ਹਾਂ ਕਰਮਾਂ ਦੀ ਕਮਾਈ ਕਰਦੇ ਹਾਂ, ਸਾਨੂੰ ਉਸੇ ਤਰ੍ਹਾਂ ਦਾ ਫਲ ਮਿਲਦਾ ਹੈ। ਅਕਾਲ ਪੁਰਖ ਹਮੇਸ਼ਾ ਇਨਸਾਨ ਦੇ ਕਰਮਾਂ ਦੀ ਕਮਾਈ ਪੂੰਜੀ ਦੇ ਆਧਾਰ 'ਤੇ ਹੀ ਹਮੇਸ਼ਾ ਉਸ ਦਾ ਨਿਆਂ ਕਰਦਾ ਹੈ ਅਤੇ ਚੰਗੇ ਕਰਮਾਂ ਨੂੰ ਚੰਗਿਆਈ ਤੇ ਮਾੜੇ ਕਰਮ ਕੀਤਿਆਂ ਨੂੰ ਬੁਰਾਈ ਦਾ ਪਾਤਰ ਬਣਨਾ ਪੈਂਦਾ ਹੈ। ਜੇਕਰ ਅਸੀਂ ਇਸ ਜ਼ਿੰਦਗੀ ਦੇ ਅਸਲੀ ਤੱਤ ਨੂੰ ਸਮਝ ਕੇ ਜੀਵਨ ਬਤੀਤ ਕਰੀਏ ਤਾਂ ਅਸੀਂ ਕਦੇ ਵੀ ਅਕਾਲ ਪੁਰਖ 'ਤੇ ਸ਼ਿਕਵਾ ਨਹੀਂ ਕਰਾਂਗੇ, ਸਗੋਂ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਮਨ ਅੰਦਰ ਵਸਾ ਕੇ ਹਮੇਸ਼ਾ ਉਸ ਨੂੰ ਆਪਣੇ ਅੰਦਰ ਅਤੇ ਆਪਣੇ ਨਾਲ ਮਹਿਸੂਸ ਕਰਾਂਗੇ।
ਕਮਾਈ ਹਰ ਵੇਲੇ ਚੰਗੇ ਕਰਮਾਂ ਦੀ,
ਨਾ ਕਰ ਗੱਲ ਕਦੇ ਵੀ ਕੋਈ ਸ਼ਿਕਵੇ ਦੀ।
ਨਾਲ ਹੈ ਤੇਰੇ ਹਮੇਸ਼ਾ ਵਾਹਿਗੁਰੂ ਹਰ ਵੇਲੇ,
ਰੱਖ ਮਨ 'ਚ ਵਸਾ ਕੇ ਨਾਮ-ਬਾਣੀ ਹਰ ਵੇਲੇ।
ਚੰਗੇ ਕਰਮਾਂ ਨਾਲ ਰੱਖ ਸਜਾ ਕੇ ਜ਼ਿੰਦਗੀ ਨੂੰ,
ਫੁਰਨਿਆਂ ਦੀ ਮੁਹਤਾਜ ਨਾ ਬਣਾ ਜ਼ਿੰਦਗੀ ਨੂੰ।


-ਧੀਰੋਵਾਲ।

ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਪਠਲਾਵਾ ਵਾਲੇ

ਗੁਰਬਾਣੀ ਮੁਤਾਬਿਕ ਜਿੱਥੇ 'ਨਿਰਮਲ ਪੰਥ' ਦਾ ਅਗਾਜ਼ ਜਗਤ-ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ ਸੀ, ਉੱਥੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਰਚਿਤ 'ਮਹਾਨ ਕੋਸ਼' ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਦੁਆਰਾ ਜਿਨ੍ਹਾਂ ਪੰਜਾਂ ਸਿੰਘਾਂ ਨੂੰ ਸੰਸਕ੍ਰਿਤ ਦੀ ਵਿੱਦਿਆ ਪੜ੍ਹਨ ਲਈ ਕਾਂਸ਼ੀ ਭੇਜਿਆ ਗਿਆ ਸੀ, ਉਨ੍ਹਾਂ ਨੂੰ 'ਨਿਰਮਲੇ' ਦੀ ਉਪਾਧੀ ਦਿੱਤੀ ਗਈ ਸੀ। ਭਾਈ ਸਾਹਿਬ ਅਨੁਸਾਰ ਸਿੱਖ ਕੌਮ ਵਿਚ ਨਿਰਮਲੇ ਸਾਧੂ, ਵਿੱਦਿਆ ਪ੍ਰੇਮੀ, ਨਾਮ-ਅਭਿਆਸੀ ਅਤੇ ਗੁਰਮਤਿ ਦੇ ਵੱਡੇ ਪ੍ਰਚਾਰਕ ਮੰਨੇ ਜਾਂਦੇ ਹਨ। ਇਸੇ ਨਿਰਮਲੇ ਪਰੰਪਰਾ ਦੇ ਇਕ ਮਹਾਨ ਸੰਤ ਅਤੇ ਤਪੱਸਵੀ ਸਨ ਸੰਤ ਬਾਬਾ ਘਨੱਈਆ ਸਿੰਘ ਪਠਲਾਵਾ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਜਿੱਥੇ ਸਿੱਖ ਧਰਮ ਦੇ ਇਤਿਹਾਸਕ ਸਥਾਨਾਂ ਦੀਆਂ ਇਮਾਰਤਾਂ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਇਆ, ਉੱਥੇ 80 ਹਜ਼ਾਰ ਤੋਂ ਵੀ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ।
ਸੰਤ ਬਾਬਾ ਘਨੱਈਆ ਸਿੰਘ ਦਾ ਜਨਮ ਪਿਤਾ ਸ: ਦਇਆ ਸਿੰਘ ਦੇ ਗ੍ਰਹਿ ਵਿਖੇ ਮਾਤਾ ਰੱਜੀ ਦੀ ਕੁੱਖੋਂ ਸੰਨ 1862 ਈਸਵੀ 'ਚ ਪਿੰਡ ਪਠਲਾਵਾ (ਸ਼ਹੀਦ ਭਗਤ ਸਿੰਘ ਨਗਰ) ਵਿਚ ਹੋਇਆ। ਉਹ ਘਰ-ਬਾਰ ਛੱਡ ਕੇ ਨਾਮ ਸਿਮਰਨ ਦੇ ਮਾਰਗ 'ਤੇ ਚੱਲ ਪਏ। ਆਪ ਨੇ ਸੰਤ ਬਾਬਾ ਖਜ਼ਾਨ ਸਿੰਘ ਪਿੰਡ ਪੱਦੀ ਸੂਰਾ ਸਿੰਘ (ਹੁਸ਼ਿਆਪੁਰ) ਦੇ ਡੇਰੇ ਪਿੰਡ ਹੱਲੂਵਾਲ ਨੇੜੇ ਮਾਹਿਲਪੁਰ ਤੋਂ ਵਿੱਦਿਆ ਅਤੇ ਗੁਰ-ਗਿਆਨ ਪ੍ਰਾਪਤ ਕੀਤਾ। ਇਕ ਹੋਰ ਕਥਨ ਅਨੁਸਾਰ ਆਪ ਨੇ ਸੰਤੋਖਗੜ੍ਹ (ਹਿਮਾਚਲ ਪ੍ਰਦੇਸ਼) ਦੇ ਸ: ਇੰਦਰ ਸਿੰਘ ਗ੍ਰਹਿਸਥੀ ਨੂੰ ਆਪਣਾ ਗੁਰੂ ਧਾਰਿਆ ਸੀ ਅਤੇ ਉਨ੍ਹਾਂ ਤੋਂ ਧਾਰਮਿਕ ਵਿੱਦਿਆ ਗ੍ਰਹਿਣ ਕੀਤੀ ਸੀ।
ਨਿਰਮਲੇ ਪਰੰਪਰਾ ਦੇ ਮਹਾਨ ਸਤੰਭ ਵਜੋਂ ਵਿਚਰਦਿਆਂ ਆਪ ਨੇ ਜਿੱਥੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਤਾ ਜ਼ਿੰਦਗੀ ਸੇਵਾ ਨਿਭਾਈ, ਉੱਥੇ ਲੁਕਾਈ ਦੀ ਸੇਵਾ ਹਿਤ ਵੀ ਆਪਣਾ ਜੀਵਨ ਦਿੱਤਾ। ਪਿੰਡ ਪਠਲਾਵਾ (ਸ਼ਹੀਦ ਭਗਤ ਸਿੰਘ ਨਗਰ) ਦੇ ਬਾਹਰ ਆਪ ਨੇ ਘੋਰ ਤਪੱਸਿਆ ਕੀਤੀ, ਜਿੱਥੇ ਕਿ ਅੱਜ ਆਪ ਦੇ ਤਪ-ਅਸਥਾਨ ਦੀ ਨਿਸ਼ਾਨੀ ਵਜੋਂ ਗੁਰਦੁਆਰਾ ਨਿਰਮਲ ਬੁੰਗਾ ਦੀ ਸ਼ਾਨਦਾਰ ਇਮਾਰਤ ਸੁਸ਼ੋਭਿਤ ਹੈ। ਆਪ 16 ਨਵੰਬਰ 1938 (ਮੁਤਾਬਿਕ ਇਕ ਮੱਘਰ) ਸੱਚਖੰਡ ਜਾ ਬਿਰਾਜੇ। ਆਪ ਦੀ ਬਰਸੀ ਸਬੰਧੀ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲਿਆਂ ਦੀ ਅਗਵਾਈ ਵਿਚ 16 ਨਵੰਬਰ ਨੂੰ ਭਾਰੀ ਗੁਰਮਤਿ ਸਮਾਗਮ ਮਨਾਏ ਜਾ ਰਹੇ ਹਨ।


-ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ-144510. ਮੋਬਾ: 98146-81444

ਪਸ਼ੂਪਤੀਨਾਥ ਮੰਦਿਰ, ਕਾਠਮੰਡੂ (ਨਿਪਾਲ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮੰਦਿਰ ਵਿਚ ਕਾਫੀ ਰਸ਼ ਸੀ, ਜਿਸ ਕਾਰਨ ਬਾਹਰ ਤੋਂ ਹੀ ਮੰਦਿਰ ਸਾਹਮਣੇ ਖੜ੍ਹ ਕੇ ਸਿਜਦਾ ਕੀਤਾ। ਉੱਥੇ ਸਾਨੂੰ ਇਕ ਪੰਜਾਬੀ ਸਾਧੂ ਵੀ ਮਿਲਿਆ। ਉਹ ਆਪਣੇ-ਆਪ ਨੂੰ ਲੁਧਿਆਣੇ ਦੇ ਕਿਸੇ ਪਿੰਡ ਦਾ ਦੱਸ ਰਿਹਾ ਸੀ। ਉਹ ਕਾਫੀ ਦੇਰ ਬਾਅਦ ਆਪਣੀ ਮਾਂ-ਬੋਲੀ ਵਿਚ ਗੱਲ ਕਰਕੇ ਖੁਸ਼ ਹੋ ਰਿਹਾ ਸੀ। ਉਹ ਇਥੇ ਤਕਰੀਬਨ 15 ਸਾਲਾਂ ਤੋਂ ਰਹਿ ਰਿਹਾ ਸੀ। ਸਾਥੀਆਂ ਨੇ ਉਸ ਤੋਂ ਮੰਦਿਰ ਬਾਰੇ ਜਾਣਕਾਰੀ ਲਈ। ਇਹ ਮੰਦਿਰ ਬਾਘਮਤੀ ਨਦੀ ਦੇ ਕਿਨਾਰੇ 'ਤੇ ਹੈ ਜੋ ਮੰਦਿਰ ਦੇ ਬਿਲਕੁਲ ਪਿੱਛੇ ਹੀ ਵਹਿ ਰਹੀ ਹੈ। ਪਰ ਅੱਜ ਪਾਣੀ ਵਿਚ ਕਾਫੀ ਠਹਿਰਾਅ ਸੀ, ਪਰ ਪਾਣੀ ਸੀ। ਤਕਰੀਬਨ ਇਕ ਘੰਟਾ ਮੰਦਿਰ ਦੇ ਪਰਿਸਰ ਵਿਚ ਘੁੰਮ ਕੇ ਅਸੀਂ ਬਾਹਰ ਆ ਗਏ। ਹੁਣ ਮੰਦਿਰ ਦੇ ਬਾਹਰ ਦੇ ਦ੍ਰਿਸ਼ ਮਾਨਣ ਦਾ ਸਮਾਂ ਸੀ। ਅਸੀਂ ਸਾਰਿਆਂ ਨੇ ਕੁਝ ਯਾਦਗਾਰੀ ਤਸਵੀਰਾਂ ਲਈਆਂ।
ਮੰਦਿਰ ਦੇ ਬਾਹਰ ਹੀ ਇਕ ਰਜਿਸਟਰਡ ਐਨ.ਜੀ.ਓ. ਵਲੋਂ ਖੂਨਦਾਨ ਕੈਂਪ ਲਗਾਇਆ ਹੋਇਆ ਸੀ। ਸਾਡੇ ਇਕ ਸਾਥੀ ਮਨੋਜ ਕਰੀਮਪੁਰੀ ਵਲੋਂ ਖੂਨਦਾਨ ਵੀ ਕੀਤਾ ਗਿਆ, ਜਿਸ ਬਦਲੇ ਉਸ ਨੂੰ ਲੀਚੀ ਦਾ ਜੂਸ ਅਤੇ ਇਕ ਸਰਟੀਫਿਕੇਟ ਵੀ ਦਿੱਤਾ ਗਿਆ। ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਸੀ। ਇੱਥੇ ਇਕ ਪਾਸੇ ਕਈ ਕਬੂਤਰ ਬੈਠੇੇ ਸਨ, ਜੋ ਚੋਗਾ ਚੁਗ ਰਹੇ ਸਨ ਅਤੇ ਇਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਸੀ। ਇਹ ਇਕ ਸੁੰਦਰ ਦ੍ਰਿਸ਼ ਸੀ, ਜਿਸ ਦਾ ਸ਼ਬਦਾਂ ਵਿਚ ਵਰਨਣ ਨਹੀਂ ਕੀਤਾ ਜਾ ਸਕਦਾ ਸੀ। ਨਿਪਾਲ ਵਿਚ ਅੱਜ ਸਾਡਾ ਚੌਥਾ ਦਿਨ ਸੀ ਪਰ ਸਾਨੂੰ ਕਿਤੇ ਵੀ ਬਾਂਦਰ ਨਹੀਂ ਦਿਖਿਆ ਸੀ ਪਰ ਅੱਜ ਇਥੇ ਸਾਨੂੰ ਪਹਿਲੀ ਵਾਰ ਬਾਂਦਰਾਂ ਦੇ ਦਰਸ਼ਨ ਹੋਏ। ਇਹ ਸਾਡੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ। ਨਹੀ ਤਾਂ ਪਹਾੜਾਂ ਵਿਚ ਤਾਂ ਇਹ ਆਮ ਪਾਇਆ ਜਾਂਦਾ ਹੈ। ਜਦੋਂ ਅਸੀਂ ਅਗਲੇ ਸਥਾਨ 'ਤੇ ਜਾਣ ਲਈ ਆਪਣੀ ਬੱਸ ਕੋਲ ਜਾ ਰਹੇ ਸਾਂ ਤਾਂ ਮੈਨੂੰ ਮੇਰਾ ਪੁਰਾਣਾ ਸਾਥੀ ਸਤਪਾਲ ਮਿਲਿਆ, ਜੋ ਆਪਣੇ 5-6 ਦੋਸਤਾਂ ਨਾਲ ਸਾਡੀ ਤਰ੍ਹਾਂ ਹੀ ਨਿਪਾਲ ਦੇਖਣ ਆਇਆ ਸੀ। ਇਹ ਸਾਰੇ ਸਾਥੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਓਪਰੇ ਦੇਸ਼ ਵਿਚ ਆਪਣੇ ਪੁਰਾਣੇ ਸਾਥੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਅਸੀਂ ਮਿਲੇ ਵੀ ਤਾਂ ਕਾਫੀ ਸਾਲਾਂ ਬਾਅਦ ਸੀ। ਉਹ ਕੱਲ੍ਹ ਵਾਪਸ ਜਾ ਰਹੇ ਸਨ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਬਾਕੀ ਸਫ਼ਰ ਲਈ ਸ਼ੁੱਭ ਕਾਮਨਾ ਦੇ ਕੇ ਅਗਲੇ ਸਥਾਨ ਵੱਲ ਚੱਲ ਪਏ। (ਸਮਾਪਤ)


ਮੋਬਾ: 94172-27229


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX