ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  about 1 hour ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  about 2 hours ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  about 3 hours ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  about 3 hours ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  about 3 hours ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 minute ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  about 4 hours ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਫ਼ਿਲਮ ਅੰਕ

ਇਲੀਆਨਾ ਡਿਕਰੂਜ਼

ਬਚ ਗਈ, ਬਚ ਗਈ

ਇਲੀਆਨਾ ਡਿਕਰੂਜ਼ ਕਦੇ-ਕਦੇ ਬਹੁਤ ਚਿੜ ਜਾਂਦੀ ਹੈ, ਗੁੱਸਾ ਆ ਜਾਏਗਾ, ਮੀਡੀਆ ਦਾ ਤਾਂ ਕੰਮ ਹੈ ਪਰ ਫੋਟੋਗ੍ਰਾਫਰ ਤੱਕ ਇਲੀਆਨਾ ਦੇ ਪਿੱਛੇ ਘੁੰਮਣਾ ਉਸ ਨੂੰ ਬਿਲਕੁਲ ਹੀ ਨਹੀਂ ਪਸੰਦ ਹੈ। ਅਸਲ 'ਚ ਸਿਤਾਰਿਆਂ ਦੀ ਵੀ ਜ਼ਿੰਦਗੀ ਹੈ, ਕੋਈ ਸੀਮਾ ਰੇਖਾ ਇਥੇ ਨਹੀਂ ਹੈ। ਇਥੇ ਮੀਡੀਆ ਆਕਰਸ਼ਣ ਲਈ ਪਾਏ ਪਹਿਰਾਵੇ ਦਾ ਵੀ ਅਰਥ ਹੋਰ ਕੱਢ ਲੈਂਦਾ ਹੈ। ਇਕ ਸਮਾਂ ਇਲੀ 'ਤੇ ਆਇਆ ਕਿ ਉਹ ਇੰਡਸਟਰੀ ਛੱਡਣ ਨੂੰ ਕਾਹਲੀ ਪਈ ਸੀ। ਰਾਜ ਕੁਮਾਰ ਗੁਪਤਾ ਦੀ ਨਵੀਂ ਫ਼ਿਲਮ ਇਲੀ ਨੇ ਅਜੈ ਦੇਵਗਨ ਨਾਲ ਹੁਣ ਕਰਨੀ ਹੈ। 'ਬਾਦਸ਼ਾਹੋ' ਵਾਲੀ ਇਹ ਹੀਰੋਇਨ ਹੁਣ ਟਵਿੱਟਰ ਦੀ ਵਰਤੋਂ ਘੱਟ ਕਰ ਰਹੀ ਹੈ। ਇਕ-ਦੋ ਟਵੀਟ ਉਸ ਖਿਲਾਫ਼ ਸਨ ਜਿਸ ਕਾਰਨ ਉਹ ਖਫ਼ਾ ਹੋਈ ਸੀ। ਅੱਜਕਲ੍ਹ ਮਾਨਸਿਕ ਤੌਰ 'ਤੇ ਉਹ ਸਿਹਤਮੰਦ ਨਹੀਂ ਹੈ। ਆਪਣੇ ਇਕ ਦੋਸਤ ਦੀ ਸਲਾਹ ਨਾਲ ਉਹ ਰੋਜ਼ ਇਕ ਮਨੋਵਿਗਿਆਨਕ ਡਾਕਟਰ ਕੋਲ ਜਾ ਰਹੀ ਹੈ। ਰਸਾਇਣਿਕ ਅਸੰਤੁਲਨ ਦੇ ਕਾਰਨ 'ਮਾਨਸਿਕ ਰੋਗ' ਦੀ ਬਿਮਾਰੀ ਨੇ ਇਲੀ ਨੂੰ ਦਬੋਚਿਆ ਹੈ। ਨਜ਼ਦੀਕੀ ਲੋਕਾਂ ਨੂੰ ਦੁੱਖ ਦੱਸਣ ਨਾਲ ਇਹ ਬਿਮਾਰੀ ਘਟਦੀ ਹੈ। ਇਲੀ ਨੇ ਕਿਹਾ ਹੈ ਕਿ ਇਕ ਸਮੇਂ ਤਾਂ ਆਪਣੀ ਰੂਪ-ਸੱਜਾ, ਇਸ ਤੋਂ ਬਿਨਾਂ ਜਿਸਮ ਸਭ ਸ਼ੀਸ਼ੇ 'ਚ ਦੇਖ ਕੇ ਉਹ ਇਸ ਕਦਰ ਨਿਰਾਸ਼ ਹੋ ਗਈ ਕਿ ਉਸ ਨੇ ਆਤਮ-ਹੱਤਿਆ ਕਰਨ ਦੀ ਸੋਚ ਵੀ ਦਿਲ 'ਚ ਪਾਲ ਲਈ। ਫਿਰ ਉਹ ਸੰਭਲ ਗਈ। ਲੋਕ ਕਹਿਣਗੇ ਕਿ ਫਲਾਣੀ ਹੀਰੋਇਨ ਬਹੁਤ ਸੋਹਣੀ ਹੈ ਪਰ ਸੋਹਣੇ ਦਿਸਣ ਲਈ ਤਿੰਨ ਘੰਟੇ ਲਗਾਤਾਰ ਕੋਸ਼ਿਸ਼ ਕਰਨੀ ਪੈਂਦੀ ਹੈ। ਹੁਣ ਆਪਣੀ ਮਾਨਸਿਕ ਬਿਮਾਰੀ ਤੋਂ ਉਹ ਕਾਫ਼ੀ ਹੱਦ ਤੱਕ ਠੀਕ ਹੈ। ਖੁਸ਼ ਰਹਿਣਾ ਉਸ ਨੇ ਸਿਖ ਲਿਆ ਹੈ। 'ਵਰਲਡ ਫੈੱਡਰੇਸ਼ਨ ਫਾਰ ਮੈਂਟਲ ਹੈਲਥ' ਸੰਸਥਾ ਦਾ ਸ਼ੁਕਰੀਆ ਜਿਸ ਨੇ ਇਲੀਆਨਾ ਡਿਕਰੂਜ਼ ਨੂੰ ਘੋਰ ਮਾਨਸਿਕ ਬਿਮਾਰੀ ਤੋਂ ਨਿਜਾਤ ਦਿਵਾਈ ਹੈ। ਇਲੀ ਹੁਣ ਸਭ ਨੂੰ ਦੱਸ ਰਹੀ ਹੈ ਕਿ ਮਾਨਸਿਕ ਰੋਗ ਬਿਮਾਰੀ ਹੈ ਪਰ ਇਹ ਲਾਇਲਾਜ ਨਹੀਂ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਹੈ।


-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਡਿਆਨਾ ਪੇਂਟੀ

ਅੰਬਰਾਂ 'ਚ ਲਾਵਾਂ ਉਡਾਰੀ

ਲਓ ਜੀ! ਇਥੇ ਹਰ ਕੋਈ ਮੋਟਾਪੇ ਤੋਂ ਦੁਖੀ ਹੈ ਪਰ ਡਿਆਨਾ ਪੇਂਟੀ ਪਤਲੀ ਹੋਣ ਤੋਂ ਦੁਖੀ ਹੈ। ਕਹਿੰਦੀ ਹੈ ਕਿ ਇਕ ਸਮੇਂ ਤਾਂ ਉਹ ਸੁੱਕ ਕੇ ਕਾਨਾ ਹੀ ਹੋ ਗਈ ਸੀ। ਸੁੱਕੀ ਲੱਕੜੀ ਵਰਗਾ ਸਰੀਰ ਦੇਖ ਕੇ ਉਹ ਬਹੁਤ ਪ੍ਰੇਸ਼ਾਨ ਹੋਈ ਸੀ ਤੇ ਅਰਦਾਸਾਂ ਕਰਨ ਲੱਗੀ ਕਿ ਉਸ 'ਤੇ ਵੀ ਮਾਸ ਆ ਜਾਏ। 'ਹੈਪੀ ਭਾਗ ਜਾਏਗੀ' ਵਾਲੀ ਡਿਆਨਾ ਪੇਂਟੀ ਨੇ ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਆਪਣੇ ਮਹਿਮਾਨ ਦੋਸਤਾਂ ਦੇ ਘਰ ਉਥੇ ਰਹਿੰਦੇ ਭਾਰਤੀ ਪੱਤਰਕਾਰਾਂ ਦੇ ਇਕ ਵਫ਼ਦ ਸਾਹਮਣੇ ਗ਼ੈਰ-ਰਸਮੀ ਗੱਲਾਂ ਦੌਰਾਨ ਇਹ ਇੰਕਸ਼ਾਫ਼ ਕੀਤਾ ਕਿ ਮੋਟੇ ਹੋਣ ਲਈ ਉਹ ਦਿਹਾੜੀ 'ਚ ਦਰਜਨ ਕੇਲੇ ਖਾਣ ਲੱਗ ਪਈ ਸੀ। ਹੁਣ ਡਿਆਨਾ ਲਈ ਉਸ ਦੀ 'ਲੁੱਕ' , 'ਰੂਪ ਜਾਂ ਦਿੱਖ' ਹੀ ਉਸ ਦੀ 'ਯੂ.ਐਸ.ਪੀ.' ਹੈ। 'ਲਖਨਊ ਸੈਂਟਰਲ' ਤੋਂ ਬਾਅਦ ਡਿਆਨਾ ਨੇ ਜਿਸ ਫ਼ਿਲਮ ਲਈ ਖ਼ੁਦ ਬਿਆਨ ਦਿੱਤਾ ਹੈ ਕਿ 'ਪ੍ਰਮਾਣੂ : ਦਾ ਸਟੋਰੀ ਆਫ਼ ਪੋਖਰਨ'। 'ਕਾਕਟੇਲ' ਵਾਲੀ ਡਿਆਨਾ ਦਿਨ-ਰਾਤ ਇਕ ਕਰ ਰਹੀ ਹੈ। ਫਿਰਦੌਸ ਤੇ ਸੰਯੁਕਤਾ ਚਾਵਲਾ ਜਿਨ੍ਹਾਂ ਨੇ ਜਾਨ ਅਬਰਾਹਮ-ਡਿਆਨਾ ਵਾਲੀ 'ਪ੍ਰਮਾਣੂ : ਦਾ ਸਟੋਰੀ ਆਫ ਪੋਖਰਨ' ਲਿਖੀ ਹੈ, ਦਾ ਮੰਨਣਾ ਹੈ ਕਿ ਇਸ ਫ਼ਿਲਮ ਨਾਲ ਲੋਕਾਂ ਨੂੰ ਇਕ ਵੱਖਰੀ ਡਿਆਨਾ ਦੇਖਣ ਨੂੰ ਮਿਲੇਗੀ। ਇਹ ਫ਼ਿਲਮ 8 ਦਸੰਬਰ ਨੂੰ ਆ ਰਹੀ ਹੈ। ਪਿਛਲੇ ਦਿਨੀਂ ਉਸ ਨੇ ਆਪਣਾ ਜਨਮ ਦਿਨ ਵੀ ਆਸਟ੍ਰੇਲੀਆ 'ਚ ਹੀ ਮਨਾਇਆ ਸੀ। ਨਾਲ ਹੀ ਉਸ ਨੇ ਆਪਣੇ ਇਸ ਜਾ ਰਹੇ ਸਾਲ ਦਾ ਵਿਸ਼ਲੇਸ਼ਣ ਕੀਤਾ ਹੈ ਕਿ 'ਹੈਪੀ ਭਾਗ ਜਾਏਗੀ-2' ਵੀ ਉਸ ਨੂੰ ਮਿਲੀ ਹੈ। ਡਿਆਨਾ 'ਪ੍ਰਮਾਣੂ : ਦਾ ਸਟੋਰੀ ਆਫ ਪੋਖਰਨ' 'ਚ ਆਰਮੀ ਅਫ਼ਸਰ ਬਣੀ ਹੈ ਤੇ ਡਿਆਨਾ ਪੇਂਟੀ ਨੇ ਹੁਣ ਤਮੰਨਾ ਜ਼ਾਹਿਰ ਕੀਤੀ ਹੈ ਕਿ ਕਲਪਨਾ ਚਾਵਲਾ 'ਤੇ ਬਾਇਓਪਿਕ ਬਣਨੀ ਚਾਹੀਦੀ ਹੈ। ਕਿੱਕ ਬਾਕਸਿੰਗ ਸਿਖ ਰਹੀ ਡਿਆਨਾ ਨੂੰ ਪਤਾ ਹੈ ਕਿ ਪ੍ਰਿਅੰਕਾ ਚੋਪੜਾ ਵੀ ਕਲਪਨਾ ਚਾਵਲਾ ਬਣਨਾ ਚਾਹੁੰਦੀ ਹੈ।

ਡੇਜ਼ੀ ਸ਼ਾਹ : ਮੁਮਤਾਜ਼

ਡੇਜ਼ੀ ਸ਼ਾਹ ਲਈ 2017 ਵੀ ਫਿੱਕਾ ਪੈਂਦਾ ਸਾਲ ਬਣ ਚੁੱਕਾ ਹੈ। 'ਰਾਮ ਰਤਨ' ਨੇ ਡੇਜ਼ੀ ਸ਼ਾਹ ਨੂੰ ਫਿਰ ਸੁਰਖੀਆਂ 'ਚ ਆਉਣ ਦੇ ਕਾਬਲ ਬਣਾਇਆ ਹੈ। ਡੇਜ਼ੀ ਸ਼ਾਹ ਨੇ ਇਸ ਦੌਰਾਨ ਤਮੰਨਾ ਜ਼ਾਹਿਰ ਕੀਤੀ ਹੈ ਕਿ ਬਾਇਓਪਿਕ ਫ਼ਿਲਮਾਂ ਦੇ ਇਸ ਦੌਰ 'ਚ ਉਹ ਆਪਣੇ ਸਮੇਂ ਦੀ ਲੋਕਪ੍ਰਿਆ ਹੀਰੋਇਨ ਮੁਮਤਾਜ਼ 'ਤੇ ਬਣਨ ਵਾਲੀ ਫ਼ਿਲਮ 'ਚ ਮੁਮਤਾਜ਼ ਬਣੇ ਤਾਂ ਫਿਰ ਦੇਖਣਾ ਡੇਜ਼ੀ ਸ਼ਾਹ ਦੇ ਕਮਾਲ, ਉਸ ਦਾ ਅਭਿਨੈ। ਡੇਜ਼ੀ ਦੀ ਮੰਨ ਲਈਏ ਤਾਂ ਉਸ ਦੀ ਜ਼ਿੰਦਗੀ ਮੁਮਤਾਜ਼ ਦੀ ਜ਼ਿੰਦਗੀ ਨਾਲ ਕਾਫ਼ੀ ਮੇਲ ਖਾਂਦੀ ਹੈ। ਮੁਮਤਾਜ਼ ਵੀ ਡਾਂਸਰ ਤੋਂ ਹੀਰੋਇਨ ਬਣੀ ਤੇ ਡੇਜ਼ੀ ਨਾਲ ਵੀ ਅਜਿਹਾ ਹੀ ਹੋਇਆ ਹੈ। ਸੱਲੂ ਮੀਆਂ ਦੀ ਫ਼ਿਲਮ 'ਤੇਰੇ ਨਾਮ' 'ਚ ਡੇਜ਼ੀ ਸ਼ਾਹ 'ਬੈਕ ਗਰਾਊਂਡ ਡਾਂਸਰ' ਸੀ। ਤਾਮਿਲ ਤੇ ਕੰਨੜ ਫ਼ਿਲਮਾਂ ਵੀ ਉਸ ਦੇ ਖਾਤੇ 'ਚ ਦਰਜ ਹਨ। 'ਹੇਟ ਸਟੋਰੀ-3' ਨਾਲ ਉਸ ਨੂੰ ਦਿਲ ਤੋਂ ਨਫ਼ਰਤ ਸੀ। ਇਸ ਤਰ੍ਹਾਂ ਨਵਾਂ ਸਾਲ ਫਿਰ ਡੇਜ਼ੀ ਸ਼ਾਹ ਲਈ ਬਹੁਤ ਕੁੱਝ ਨਵਾਂ ਲੈ ਕੇ ਚੜ੍ਹੇਗਾ। ਕਦੇ ਉਹ ਇਸ ਤੋਂ ਹੀ ਖੁਸ਼ ਸੀ ਕਿ ਕਾਸ਼ ਕਿਸੇ ਗਾਣੇ 'ਚ ਇਕ ਵਾਰ ਉਸ ਦਾ ਚਿਹਰਾ ਦਿਸ ਜਾਏ। ਗਣੇਸ਼ ਅਚਾਰੀਆ ਦੀ ਬਦੌਲਤ ਡੇਜ਼ੀ ਸ਼ਾਹ ਅੱਜ ਹੀਰੋਇਨ ਹੈ। 18 ਘੰਟੇ ਭੁੱਖੀ ਰਹਿ ਕੇ ਵੀ ਡੇਜ਼ੀ ਨੇ ਕੰਮ ਕੀਤਾ ਹੈ। ਜ਼ੇਬ ਖਰਚ ਲਈ ਉਹ 'ਕਰਾਊਡ ਡਾਂਸਰ' ਬਣੀ ਜਦ ਕਿ ਉਸ ਦਾ ਮਕਸਦ ਕਦੇ ਏਅਰ ਹੋਸਟੈੱਸ ਬਣਨ ਦਾ ਸੀ। ਡਾਕਟਰ ਦਾ ਪੁੱਤਰ ਡਾਕਟਰ ਤਾਂ ਐਕਟਰ ਦਾ ਪੁੱਤਰ ਐਕਟਰ ਬਣਨ 'ਤੇ ਇਤਰਾਜ਼ ਕਿਉਂ? ਸਪੱਸ਼ਟਵਾਦੀ ਡੇਜ਼ੀ ਸ਼ਾਹ ਨੇ ਇਹ ਵੀ ਇੰਕਸ਼ਾਫ਼ ਕੀਤਾ ਹੈ ਕਿ ਉਹ ਭੰਗੜਾ ਸਿੱਖਣਾ ਚਾਹੁੰਦੀ ਹੈ। 'ਰਾਮ ਰਤਨ' ਨਾਲ ਫਿਰ ਚਰਚਿਤ ਹੋਈ ਡੇਜ਼ੀ ਸ਼ਾਹ ਮੁਮਤਾਜ਼ ਕਦ ਬਣੇਗੀ, ਪਤਾ ਨਹੀਂ, ਪਰ ਸਲਮਾਨ ਖ਼ਾਨ ਦੀ 'ਰੇਸ-3' ਜ਼ਰੂਰ ਉਸ ਨੂੰ ਫਾਇਦਾ ਦੇਵੇਗੀ ਤੇ ਐਤਕੀਂ ਉਹ ਸਟਾਰ ਨਾਇਕਾ ਬਣੇਗੀ।

25 ਨਵੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏਂ ...

ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏਂ... ਗੀਤ ਜਦ 1943 'ਚ ਗਾਇਕਾ ਸੁਰਿੰਦਰ ਕੌਰ ਨੇ ਆਪਣੀ ਮਨਮੋਹਕ ਆਵਾਜ਼ 'ਚ ਗਾਇਆ ਸੀ ਤਾਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਗੀਤ ਦਹਾਕਿਆਂ ਤੱਕ ਆਪਣੀ ਤਾਜ਼ਗੀ ਸਮੇਟੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰੇਗਾ। 25 ਨਵੰਬਰ 1929 ਨੂੰ ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਪਿਤਾ ਲਾਲਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਪੈਦਾ ਹੋਈ ਸੁਰਿੰਦਰ ਕੌਰ ਨੂੰ ਬਚਪਨ ਤੋਂ ਹੀ ਸੰਗੀਤ ਦੀ ਚੇਟਕ ਲੱਗ ਗਈ ਸੀ। ਇਹ ਚੇਟਕ ਹੀ ਉਸ ਨੂੰ ਸੰਗੀਤ ਖੇਤਰ 'ਚ ਅੱਗੇ ਲੈ ਆਈ ਤੇ ਉਹ ਇਕ ਮਹਾਨ ਲੋਕ ਗਾਇਕਾ ਬਣ ਕੇ ਉੱਭਰੀ। ਅੱਜ ਦੇ ਸੰਗੀਤ ਅਤੇ ਸੁਰਿੰਦਰ ਕੌਰ ਦੇ ਸਮੇਂ ਦੇ ਸੰਗੀਤ ਦੇ ਦੌਰ 'ਚ ਫਰਕ ਬਾਰੇ ਜਦੋਂ ਇਕ ਵਾਰ ਸੁਰਿੰਦਰ ਕੌਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਸਿਰਫ ਇਹੀ ਕਿਹਾ ਸੀ ਕਿ ਜਦੋਂ ਅਸੀਂ ਗਾਉਂਦੇ ਹੁੰਦੇ ਸੀ ਤਾਂ ਅਸੀਂ ਬੈਠ ਕੇ ਗਾਉਂਦੇ ਹੁੰਦੇ ਸੀ 'ਤੇ ਲੋਕ ਨੱਚਦੇ ਹੁੰਦੇ ਸੀ ਪਰ ਅੱਜ ਦੇ ਗੀਤਾਂ ਨੂੰ ਜਦ ਇਕ ਗਾਇਕ ਗਾਉਂਦਾ ਹੈ ਤਾਂ ਗਾਇਕ ਨੱਚਦਾ ਹੈ ਜਦ ਕਿ ਸਰੋਤੇ ਬੈਠੇ ਰਹਿੰਦੇ ਹਨ। ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਤੋਂ ਹੀ ਪਤਾ ਲਗਦਾ ਹੈ ਕਿ ਪੁਰਾਣੇ ਸਮੇੇਂ 'ਚ ਸੰਗੀਤ ਅਤੇ ਗਾਇਕ ਦੀ ਆਵਾਜ਼ 'ਚ ਜਾਨ 'ਤੇ ਮਿਠਾਸ ਹੁੰਦੀ ਸੀ ਜੋ ਕਿ ਅੱਜ ਦੇ ਦੌਰ 'ਚ ਖ਼ਤਮ ਹੁੰਦੀ ਮਹਿਸੂਸ ਹੋ ਰਹੀ ਹੈ। ਸੁਰਿੰਦਰ ਕੌਰ ਦੇ ਦੌਰ ਦੇ ਸਮੇਂ ਇਕ ਲੜਕੀ ਲਈ ਗਾਇਕੀ ਦੇ ਖੇਤਰ 'ਚ ਜਗ੍ਹਾ ਬਣਾਉਣਾ ਕਾਫ਼ੀ ਔਖਾ ਸੀ ਪਰ ਜਿਵੇਂ ਹੀ ਇਸ ਗਾਇਕਾ ਨੇ ਸੰਗੀਤ ਖੇਤਰ 'ਚ ਨਾਮਣਾ ਖੱਟਿਆ ਤਾਂ ਦੂਸਰੀਆਂ ਗਾਇਕਾਵਾਂ ਦਾ ਵੀ ਸੰਗੀਤਕ ਖੇਤਰ 'ਚ ਆਉਣ ਦਾ ਹੌਸਲਾ ਵਧਿਆ। ਸੁਰਿੰਦਰ ਕੌਰ ਇਕ ਅਜਿਹੀ ਗਾਇਕਾ ਸੀ ਜਿਸ ਨੇ ਗ਼ੈਰ-ਸੰਗੀਤਕ ਘਰਾਣੇ ਨਾਲ ਸਬੰਧਿਤ ਹੁੰਦਿਆਂ ਹੋਇਆਂ ਵੀ ਇਸ ਮਿੱਥ ਨੂੰ ਤੋੜਿਆ ਕਿ ਇਕ ਸੰਗੀਤਕ ਘਰਾਣੇ ਨਾਲ ਸਬੰਧਿਤ ਵਿਅਕਤੀ ਹੀ ਸੰਗੀਤਕ ਖੇਤਰ 'ਚ ਚੰਗਾ ਨਾਂਅ ਕਮਾ ਸਕਦਾ ਹੈ। ਸੁਰਿੰਦਰ ਕੌਰ ਨੂੰ 'ਪੰਜਾਬ ਦੀ ਕੋਇਲ' ਵੀ ਕਿਹਾ ਗਿਆ ਕਿਉਂਕਿ ਉਸ ਨੇ ਆਪਣੀ ਸ਼ੀਰੀਂ ਆਵਾਜ਼ 'ਚ ਬੁੱਲੇ ਸ਼ਾਹ, ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਬਟਾਲਵੀ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਗਾ ਕੇ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਇਕ ਖ਼ਾਸ ਜਗ੍ਹਾ ਬਣਾਈ ਸੀ। ਚਾਹੇ ਇਹ ਗਾਇਕਾ ਲਹਿੰਦੇ ਪੰਜਾਬ 'ਚ ਪੈਦਾ ਹੋਈ ਸੀ ਪਰ ਦੇਸ਼ ਦੀ ਵੰਡ ਤੋਂ ਬਾਅਦ ਸੁਰਿੰਦਰ ਕੌਰ ਦਾ ਪਰਿਵਾਰ ਭਾਰਤ 'ਚ ਆ ਗਿਆ ਸੀ। ਜਦ ਸੁਰਿੰਦਰ ਕੌਰ ਇਕ ਪ੍ਰਸਿੱੱਧ ਗਾਇਕਾ ਬਣ ਚੁੱਕੀ ਸੀ ਤਾਂ ਉਹ ਪਾਕਿਸਤਾਨ ਦੇ ਲਹਿੰਦੇ ਪੰਜਾਬ ਵੱਲ ਗਈ ਸੀ ਅਤੇ ਉਸ ਨੇ ਆਪਣਾ ਪੁਰਾਣਾ ਘਰ ਵੀ ਦੇਖਿਆ ਸੀ । ਤਦ ਪਾਕਿਸਤਾਨੀ ਅਖ਼ਬਾਰਾਂ ਨੇ ਲਿਖਿਆ ਸੀ ਕਿ ਸੁਰਿੰਦਰ ਕੌਰ ਆਪਣੇ ਪੇਕੇ ਘਰ ਆਈ ਹੈ। ਸੁਰਿੰਦਰ ਕੌਰ ਪ੍ਰਤੀ ਪਾਕਿਸਤਾਨ ਦੇ ਇਸ ਪਿਆਰ ਤੋਂ ਪਤਾ ਲਗਦਾ ਹੈ ਕਿ ਸੁਰਿੰਦਰ ਕੌਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਇਕ ਸਿਰਮੌਰ ਗਾਇਕਾ ਸੀ। ਇਸ ਗਾਇਕਾ 'ਤੇ ਦੂਰਦਰਸ਼ਨ ਵਲੋਂ ਵੀ ਇਕ ਡਾਕੂਮੈਂਟਰੀ ਬਣਾ ਕੇ ਦੂਰਦਰਸ਼ਨ 'ਤੇ ਦਿਖਾਈ ਗਈ ਸੀ ਤੇ ਇਸ ਡਾਕੂਮੈਂਟਰੀ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ। ਸੁਰਿੰਦਰ ਕੌਰ ਦੇ ਗਾਏ ਗੀਤਾਂ 'ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀਂ..', 'ਸਾਡੇ ਤਾਂ ਵਿਹੜੇ...', 'ਗੋਰੀ ਦੀਆਂ ਝਾਂਜਰਾਂ ...', 'ਇਨ੍ਹਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ...', 'ਨੀਂ ਇਕ ਮੇਰੀ ਅੱਖ ਕਾਸ਼ਨੀ...', 'ਵੇ ਇਕ ਵਾਰੀ ਆਜਾ ਹਾਣੀਆਂ...', 'ਲੱਠੇ ਦੀ ਚਾਦਰ...' ਆਦਿ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਹਮੇਸ਼ਾ ਜ਼ਿੰਦਾ ਰਹਿਣਗੇ। 14 ਜੂਨ 2006 ਨੂੰ ਸੁਰਿੰਦਰ ਕੌਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ। ਸੁਿਰੰਦਰ ਕੌਰ ਦਾ ਇਹ ਸੰਗੀਤਕ ਪ੍ਰਭਾਵ ਹੀ ਆਖਿਆ ਜਾਵੇਗਾ ਕਿ ਉਸ ਦੀ ਅਗਲੀ ਪੀੜ੍ਹੀ ਜਿਵੇਂ ਕਿ ਉਸ ਦੀ ਬੇਟੀ ਡੋਲੀ ਗੁਲੇਰੀਆ, ਡੋਲੀ ਗੁਲੇਰੀਆ ਦੀ ਬੇਟੀ ਸੁਨੈਨਾ ਅਤੇ ਸੁਨੈਨਾ ਦੀ ਬੇਟੀ ਰੀਆ ਨੇ ਸੰਗੀਤਕ ਖੇਤਰ 'ਚ ਨਵੀਆਂ ਪੈੜਾਂ ਛੱਡੀਆਂ ਹਨ।


-ਸਿਮਰਨ, ਜਗਰਾਉਂ

ਸਨਾ ਸ਼ੇਖ਼

ਮੇਕਅੱਪ ਬਿਨ ਨਹੀਂ ਸਰਦਾ

'ਚਾਚੀ 420' ਨਾਲ ਬੀ-ਟਾਊਨ 'ਚ ਆਉਣ ਵਾਲੀ ਫਾਤਿਮਾ ਸਨਾ ਸ਼ੇਖ਼ ਦੱਸਣਾ ਚਾਹੁੰਦੀ ਹੈ ਕਿ ਪਹਿਰਾਵੇ ਨੂੰ ਲੈ ਕੇ ਔਰਤ ਜਾਂ ਲੜਕੀ ਦੇ ਚਰਿੱਤਰ ਦਾ ਵਿਸ਼ਲੇਸ਼ਣ ਕਰਨਾ ਜਾਇਜ਼ ਨਹੀਂ ਹੈ। ਯਾਦ ਹੈ ਨਾ ਕਿ ਜਦ ਇਸ ਹੀ ਸਨਾ ਨੇ ਬਿਕਨੀ ਫੋਟੋ ਸੈਸ਼ਨ ਕਰਵਾਇਆ ਸੀ ਤਦ ਲੋਕ ਭੜਕ ਪਏ ਸਨ। ਫਾਤਿਮਾ ਅਭਿਨੈ ਤੋਂ ਪਹਿਲਾਂ ਫੋਟੋਗ੍ਰਾਫ਼ੀ 'ਚ ਮਸਰੂਫ਼ ਰਹਿੰਦੀ ਸੀ। ਤੇਲੰਗਾਨਾ ਦੀ ਇਹ ਅਭਿਨੇਤਰੀ 'ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ', 'ਲੇਡੀਜ਼ ਸਪੈਸ਼ਲ' ਟੀ.ਵੀ. ਸ਼ੋਅਜ਼ ਕਰਨ ਵਾਲੀ 'ਦੰਗਲ' ਵਾਲੀ ਸਨਾ ਸ਼ੇਖ਼ ਨੇ ਚਾਹੇ 'ਬਿੱਟੂ ਬੌਸ', 'ਆਕਾਸ਼ਵਾਣੀ' ਫ਼ਿਲਮਾਂ ਵੀ ਕੀਤੀਆਂ ਹਨ ਪਰ ਗੱਲ 'ਦੰਗਲ' ਤੋਂ ਬਾਅਦ ਹੀ ਬਣੀ ਹੈ। ਹਾਲਾਂਕਿ 1997 'ਚ ਉਸ ਨੇ 'ਇਸ਼ਕ' ਨਾਂਅ ਦੀ ਫ਼ਿਲਮ ਵੀ ਕੀਤੀ ਸੀ। 'ਠੱਗਜ਼ ਆਫ਼ ਹਿੰਦੁਸਤਾਨ' ਕਰ ਰਹੀ ਫਾਤਿਮਾ ਸਨਾ ਸ਼ੇਖ਼ ਆਪਣੇ ਘਰ-ਪਰਿਵਾਰ ਸਬੰਧੀ ਆ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦੀ। ਇਹੋ ਜਿਹੀਆਂ ਗੱਲਾਂ ਬਾਲੀਵੁੱਡ ਅਭਿਨੇਤਰੀ ਲਈ ਆਮ ਹਨ ਪਰ ਫਾਤਿਮਾ ਸਨਾ ਸ਼ੇਖ਼ ਲਈ ਖਾਸ ਗੱਲ ਇਹ ਹੈ ਕਿ ਆਮਿਰ ਖ਼ਾਨ ਦਾ ਉਤਸ਼ਾਹ ਉਸ ਦੇ ਨਾਲ ਹੈ। ਬਿੱਗ ਬੀ ਉਸ ਦੀ ਪ੍ਰਸੰਸਾ ਕਰਦੇ ਹਨ ਤੇ ਸੋਸ਼ਲ ਮੀਡੀਆ 'ਚ ਉਸ ਦਾ ਪ੍ਰਸੰਸਕ ਵਰਗ ਵੱਡੀ ਗਿਣਤੀ 'ਚ ਉਸ ਦਾ ਹਮਾਇਤੀ ਹੈ। ਇਸ ਦੇ ਸਿਰ 'ਤੇ ਸਨਾ ਸ਼ੇਖ਼ ਨੂੰ ਆਪਣਾ ਭਵਿੱਖ ਹੋਰ ਸੰਵਰਦਾ ਨਜ਼ਰ ਆ ਰਿਹਾ ਹੈ।

'ਸੈਰਾਟ' ਦੀ ਰੀਮੇਕ ਵਿਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ

ਮਰਾਠੀ ਫ਼ਿਲਮ 'ਸੈਰਾਟ' ਨੇ ਆਪਣੀ ਕਮਾਈ ਦੀ ਬਦੌਲਤ ਮਰਾਠੀ ਫ਼ਿਲਮਾਂ ਦੇ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ। ਇਹ ਪਹਿਲੀ ਮਰਾਠੀ ਫ਼ਿਲਮ ਹੈ ਜਿਸ ਨੇ ਸੌ ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ। ਹੁਣ ਕਰਨ ਜੌਹਰ ਇਸ ਨੂੰ ਹਿੰਦੀ ਵਿਚ ਬਣਾ ਰਹੇ ਹਨ ਅਤੇ ਇਸ ਦਾ ਟਾਈਟਲ 'ਧੜਕ' ਰੱਖਿਆ ਗਿਆ ਹੈ। ਇਹ ਫ਼ਿਲਮ ਸ਼ਸ਼ਾਂਕ ਖੇਤਾਨ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ। ਉਹ ਪਹਿਲਾਂ 'ਹੰਪਟੀ ਸ਼ਰਮਾ ਕੀ ਦੁਲਹਨੀਆ' ਤੇ 'ਬਦਰੀਨਾਥ ਕੀ ਦੁਲਹਨੀਆ' ਨਿਰਦੇਸ਼ਿਤ ਕਰ ਚੁੱਕੇ ਹਨ। 'ਧੜਕ' ਰਾਹੀਂ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਿਚ ਜਾਹਨਵੀ ਦੇ ਨਾਇਕ ਹੋਣਗੇ ਇਸ਼ਾਨ ਖੱਟਰ। ਇਹ ਅਭਿਨੇਤਾ ਰਾਜੇਸ਼ ਖੱਟਰ ਤੇ ਅਭਿਨੇਤਰੀ ਨੀਲਿਮਾ ਅਜ਼ੀਮ ਦੇ ਬੇਟੇ ਹਨ ਅਤੇ ਸ਼ਾਹਿਦ ਕਪੂਰ ਦੇ ਸੌਤੇਲੇ ਭਰਾ ਹਨ। ਕਰਨ ਜੌਹਰ ਅਨੁਸਾਰ ਇਹ ਫ਼ਿਲਮ 'ਸੈਰਾਟ' ਦੀ ਹੂਬਹੂ ਨਕਲ ਨਹੀਂ ਹੋਵੇਗੀ ਪਰ ਉਸ ਦੀ ਮੂਲ ਕਹਾਣੀ 'ਤੇ ਨਵਾਂ ਢਾਂਚਾ ਤਿਆਰ ਕੀਤਾ ਜਾਵੇਗਾ। ਅਗਲੇ ਮਹੀਨੇ ਦਸੰਬਰ ਵਿਚ ਇਸ ਦੀ ਸ਼ੂਟਿੰਗ ਰਾਜਸਥਾਨ ਵਿਚ ਸ਼ੂਟ ਕਰ ਦਿੱਤੀ ਜਾਵੇਗੀ ਅਤੇ ਇਸ ਨੂੰ ਛੇ ਜੁਲਾਈ 2018 ਵਾਲੇ ਦਿਨ ਪ੍ਰਦਰਸ਼ਿਤ ਕਰਨ ਦੀ ਯੋਜਨਾ ਹੈ।

ਕਾਰਪੋਰੇਟ ਸੱਭਿਆਚਾਰ ਵਿਚ ਰੰਗੀ ਪਰਿਣੀਤੀ ਚੋਪੜਾ

ਇਕ ਸਮਾਂ ਉਹ ਵੀ ਸੀ ਜਦੋਂ ਪਰਿਣੀਤੀ ਚੋਪੜਾ ਦਾ ਕਾਰਪੋਰੇਟ ਜਗਤ ਨਾਲ ਨੇੜਲਾ ਸਬੰਧ ਰਿਹਾ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਉਹ ਇੰਗਲੈਂਡ ਵਿਚ ਫਾਈਨਾਂਸ ਦੀ ਪੜ੍ਹਾਈ ਕਰ ਰਹੀ ਸੀ ਅਤੇ ਬੈਂਕਿੰਗ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨਾਲ ਉਸ ਦਾ ਉੱਠਣਾ-ਬੈਠਣਾ ਸੀ। ਬਾਅਦ ਵਿਚ ਅਭਿਨੇਤਰੀ ਬਣ ਕੇ ਉਹ ਕਾਰਪੋਰੇਟ ਜਗਤ ਤੋਂ ਦੂਰ ਹੁੰਦੀ ਗਈ। ਹੁਣ ਨਿਰਦੇਸ਼ਕ ਦਿਬਾਕਰ ਬੈਨਰਜੀ ਦੀ ਫ਼ਿਲਮ 'ਸੰਦੀਪ ਔਰ ਪਿੰਕੀ ਫਰਾਰ' ਵਿਚ ਉਹ ਕਾਰਪੋਰੇਟ ਸੱਭਿਆਚਾਰ ਵਿਚ ਰੰਗੀ ਨਜ਼ਰ ਆਵੇਗੀ।
ਇਸ ਫ਼ਿਲਮ ਵਿਚ ਉਹ ਦਿੱਲੀ ਵਾਸੀ ਇਕ ਇਸ ਤਰ੍ਹਾਂ ਦੀ ਕਾਰੋਬਾਰੀ ਔਰਤ ਬਣੀ ਹੈ ਜੋ ਬਹੁਤ ਉੱਚੀਆਂ ਉਡਾਨਾਂ ਰੱਖਦੀ ਹੈ ਅਤੇ ਉਸ ਨੇ ਆਪਣੀ ਜ਼ਿੰਦਗੀ ਦੇ ਕੁਝ ਟੀਚੇ ਤੈਅ ਕੀਤੇ ਹੋਏ ਹਨ। ਆਪਣੇ ਵੱਲੋਂ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰਨਾ ਹੀ ਉਸ ਦੀ ਜ਼ਿੰਦਗੀ ਦਾ ਇਕ ਮਾਤਰ ਮਕਸਦ ਰਿਹਾ ਹੈ। ਇਸ ਭੂਮਿਕਾ ਨੂੰ ਉਹ ਕਾਫੀ ਚੁਣੌਤੀਪੂਰਨ ਮੰਨਦੀ ਹੈ। ਇਸ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਇੰਗਲੈਂਡ ਵਿਚ ਸੀ ਉਦੋਂ ਇਸ ਤਰ੍ਹਾਂ ਦੀਆਂ ਕਈ ਔਰਤਾਂ ਨੂੰ ਮਿਲੀ ਸੀ। ਉਨ੍ਹਾਂ ਨੂੰ ਮਿਲ ਕੇ ਜਾਣਿਆ ਕਿ ਕਿਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਸਮਰਪਿਤ ਹੋ ਕੇ ਆਪਣੇ ਕਾਰੋਬਾਰ ਨੂੰ ਵਧਾਇਆ ਜਾ ਸਕਦਾ ਹੈ। ਮੈਂ ਇਸ ਤਰ੍ਹਾਂ ਦੀਆਂ ਔਰਤਾਂ ਤੋਂ ਪ੍ਰਭਾਵਿਤ ਵੀ ਸੀ। ਹੁਣ ਜਦੋਂ ਇਹ ਭੂਮਿਕਾ ਮਿਲੀ ਤਾਂ ਇਥੇ ਮੈਨੂੰ ਉਹ ਸਭ ਕੁਝ ਕਰਨ ਦਾ ਮੌਕਾ ਮਿਲਿਆ ਜੋ ਕਾਰਪੋਰੇਟ ਦੇ ਖੇਤਰ ਵਿਚ ਔਰਤਾਂ ਕਰਦੀਆਂ ਹਨ। ਉਨ੍ਹਾਂ ਦੇ ਕੱਪੜਿਆਂ ਵਿਚ ਵੀ ਵੱਖਰਾ ਜਿਹਾ ਰੋਹਬ ਹੁੰਦਾ ਹੈ ਅਤੇ ਇਥੇ ਮੈਨੂੰ ਉਸ ਤਰ੍ਹਾਂ ਦੇ ਕੱਪੜੇ ਪਾਉਣ ਨੂੰ ਮਿਲੇ ਹਨ। ਕਿਉਂਕਿ ਕਾਰਪੋਰੇਟ ਖੇਤਰ ਨਾਲ ਮੇਰਾ ਪੁਰਾਣਾ ਸਬੰਧ ਰਿਹਾ ਹੈ। ਸੋ, ਮੈਨੂੰ ਲਗਦਾ ਹੈ ਕਿ ਇਸ ਭੂਮਿਕਾ ਵਿਚ ਕੁਝ ਤਾਂ ਆਪਣਾਪਨ ਹੈ। ਇਸ ਦੀ ਸ਼ੂਟਿੰਗ ਵਿਚ ਮੈਂ ਅਕਸਰ ਪੁਰਾਣੀਆਂ ਯਾਦਾਂ ਵਿਚ ਗਵਾਚ ਜਾਇਆ ਕਰਦੀ ਹਾਂ। ਹੁਣ ਮੈਂ ਵੱਡੇ ਪਰਦੇ 'ਤੇ ਕਾਰਪੋਰੇਟ ਜਗਤ ਦੀ ਇਹ ਜ਼ਿੰਦਗੀ ਇਸ ਫ਼ਿਲਮ ਵਿਚ ਜੀਅ ਕੇ ਖੁਸ਼ ਹਾਂ, ਜਦੋਂ ਕਿ ਮੈਂ ਇਸ ਤਰ੍ਹਾਂ ਜ਼ਿੰਦਗੀ ਬਾਰੇ ਸੋਚਿਆ ਕਰਦੀ ਸੀ।' ਪਰਿਣੀਤੀ ਨੂੰ ਚਮਕਾਉਂਦੀ ਇਸ ਫ਼ਿਲਮ ਵਿਚ ਅਰਜਨ ਕਪੂਰ ਉਸ ਦੇ ਨਾਲ ਹੈ ਅਤੇ ਇਹ ਅਗਲੇ ਸਾਲ ਅਗਸਤ ਵਿਚ ਪ੍ਰਦਰਸ਼ਿਤ ਹੋਵੇਗੀ।


-ਮੁੰਬਈ ਪ੍ਰਤੀਨਿਧ

ਨਵੀਂ ਸ਼ੁਰੂਆਤ ਹੁਣ ਹੋਈ ਹੈ ਪ੍ਰਿਆ ਬੈਨਰਜੀ

ਸੱਠ ਦੇ ਦਹਾਕੇ ਵਿਚ ਆਈ ਫ਼ਿਲਮ 'ਭੀਗੀ ਰਾਤ' ਦੇ ਇਕ ਹਿੱਟ ਗੀਤ ਦੇ ਮੁੱਖੜੇ ਦੇ ਨਾਂਅ 'ਤੇ ਬਣਨ ਵਾਲੀ ਫ਼ਿਲਮ 'ਦਿਲ ਜੋ ਨਾ ਕਹਿ ਸਕਾ' ਵਿਚ ਹਿਮਾਂਸ਼ ਕੋਹਲੀ ਤੇ ਪ੍ਰਿਆ ਬੈਨਰਜੀ ਨੂੰ ਚਮਕਾਇਆ ਗਿਆ ਹੈ। ਨਵੇਂ ਨਿਰਦੇਸ਼ਕ ਨਰੇਸ਼ ਲਾਲਵਾਨੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨਾਲ ਪ੍ਰਿਆ ਬੈਨਰਜੀ ਆਪਣੀ ਨਵੀਂ ਸ਼ੁਰੂਆਤ ਕਰ ਰਹੇ ਹਨ।
ਇਸ 'ਤੇ ਵਿਸ਼ੇਸ਼ ਰੌਸ਼ਨੀ ਪਾਉਂਦੇ ਹੋਏ ਉਹ ਕਹਿੰਦੇ ਹਨ, 'ਮੈਂ ਦੱਖਣ ਵਿਚ ਚਾਰ ਫ਼ਿਲਮਾਂ ਕੀਤੀਆਂ ਹਨ। ਤਿੰਨ ਤੇਲਗੂ ਤੇ ਇਕ ਤਾਮਿਲ। ਮੈਂ ਹਿੰਦੀ ਫ਼ਿਲਮਾਂ ਵਿਚ ਆਉਣਾ ਚਾਹੁੰਦੀ ਸੀ। ਸੋ, ਜਦੋਂ ਨਿਰਦੇਸ਼ਕ ਸੰਜੈ ਗੁਪਤਾ ਨੇ 'ਜਜ਼ਬਾ' ਦੀ ਪੇਸ਼ਕਸ਼ ਕੀਤੀ ਤਾਂ ਮੈਂ ਉਹ ਫ਼ਿਲਮ ਸਵੀਕਾਰ ਲਈ। ਉਸ ਵਿਚ ਮੈਂ ਸ਼ਬਾਨਾ ਆਜ਼ਮੀ ਦੀ ਬੇਟੀ ਬਣੀ ਸੀ। ਸ਼ਬਾਨਾ ਦੇ ਨਾਲ ਉਸ ਵਿਚ ਐਸ਼ਵਰਿਆ ਰਾਏ, ਇਰਫ਼ਾਨ ਖਾਨ ਵਰਗੇ ਵੱਡੇ ਸਟਾਰ ਸਨ। ਫ਼ਿਲਮ ਵਿਚ ਮੇਰੀ ਭੂਮਿਕਾ ਵੀ ਛੋਟੀ ਸੀ। ਸੋ, ਮੈਂ ਲੋਕਾਂ ਦਾ ਧਿਆਨ ਜ਼ਿਆਦਾ ਨਹੀਂ ਖਿੱਚ ਸਕੀ। ਉਹ ਐਸ਼ਵਰਿਆ ਰਾਏ ਦੀ ਵਾਪਸੀ ਵਾਲੀ ਫ਼ਿਲਮ ਸੀ। ਸੋ, ਪੂਰਾ ਫੋਕਸ ਉਸ 'ਤੇ ਹੋਣਾ ਸੁਭਾਵਿਕ ਹੀ ਸੀ। ਹੁਣ 'ਦਿਲ ਜੋ ਨਾ...' ਵਿਚ ਮੈਂ ਮੁੱਖ ਭੂਮਿਕਾ ਵਿਚ ਆਈ ਹਾਂ। ਪੂਰੀ ਫ਼ਿਲਮ ਹੀਰੋ-ਹੀਰੋਇਨ ਦੇ ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿਚ ਕੰਮ ਕਰਨ ਤੋਂ ਬਾਅਦ ਲੱਗਿਆ ਕਿ ਸਹੀ ਸ਼ੁਰੂਆਤ ਹੁਣ ਹੋਈ ਹੈ। ਇਸ ਫ਼ਿਲਮ ਜ਼ਰੀਏ ਮੈਂ ਲੋਕਾਂ ਦੀਆਂ ਨਜ਼ਰਾਂ ਵਿਚ ਆਵਾਂਗੀ। ਸੋ, ਮੈਨੂੰ ਲਗਦਾ ਹੈ ਕਿ ਬਾਲੀਵੁੱਡ ਵਿਚ ਮੇਰਾ ਸਫਰ ਇਸ ਫ਼ਿਲਮ ਨਾਲ ਸ਼ੁਰੂ ਹੋ ਰਿਹਾ ਹੈ।'
ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਇਹ ਬੰਗਾਲੀ ਬਾਲਾ ਕਹਿੰਦੀ ਹੈ, 'ਇਸ ਵਿਚ ਜਯਾ ਅਤੇ ਸੀਆ ਦੇ ਪਿਆਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਦੋਵੇਂ ਸ਼ਿਮਲਾ ਵਿਚ ਰਹਿੰਦੇ ਹੁੰਦੇ ਹਨ ਅਤੇ ਬਚਪਨ ਤੋਂ ਇਕ-ਦੂਜੇ 'ਚ ਆਕਰਸ਼ਣ ਮਹਿਸੂਸ ਕਰਦੇ ਹੁੰਦੇ ਹਨ। ਦੋਵਾਂ ਦੇ ਪਿਤਾ ਵਕੀਲ ਹਨ ਅਤੇ ਉਹ ਦੋਵੇਂ ਵੀ ਦੋਸਤ ਹਨ। ਜਯਾ ਅਤੇ ਸੀਆ ਦੋਵੇਂ ਬਹੁਤ ਉੱਚੀਆਂ ਉਮੀਦਾਂ ਵਾਲੇ ਵੀ ਹਨ। ਆਪਣਾ-ਆਪਣਾ ਕੈਰੀਅਰ ਬਣਾਉਣ ਲਈ ਦੋਵੇਂ ਆਪਣੀ-ਆਪਣੀ ਰਾਹ 'ਤੇ ਅੱਗੇ ਵਧ ਜਾਂਦੇ ਹਨ। ਆਪਣੀਆਂ ਉੱਚੀਆਂ ਉਡਾਨਾਂ ਨੂੰ ਪੂਰਾ ਕਰਨ ਦੀ ਇੱਛਾ ਵਿਚ ਦੋਵੇਂ ਇਕ ਦੂਜੇ ਨੂੰ ਦਿਲ ਦੀ ਗੱਲ ਨਹੀਂ ਕਹਿ ਪਾਉਂਦੇ। ਆਖਰ ਕਿਹੜੇ ਸੰਯੋਗਾਂ ਨਾਲ ਆਪਣੇ ਦਿਲ ਦੀ ਗੱਲ ਉਨ੍ਹਾਂ ਦੇ ਬੁੱਲ੍ਹਾਂ 'ਤੇ ਆ ਜਾਂਦੀ ਹੈ, ਇਹ ਇਸ ਦੀ ਕਹਾਣੀ ਹੈ। ਸੀਆ ਦੇ ਕਿਰਦਾਰ ਰਾਹੀਂ ਇਥੇ ਮੈਨੂੰ ਛੋਟੇ ਸ਼ਹਿਰ ਦੀ ਸਧਾਰਨ ਕੁੜੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ ਅਤੇ ਇਸ ਵਿਚ ਕਈ ਸ਼ੇਡਸ ਵੀ ਹਨ। ਕੋਲਕਾਤਾ ਵਿਚ ਜਨਮੀ ਪ੍ਰੀਆ ਦਾ ਪਾਲਣ-ਪੋਸ਼ਣ ਕੈਨੇਡਾ ਵਿਚ ਹੋਇਆ ਹੈ ਅਤੇ ਫਿਰ ਉਹ ਫ਼ਿਲਮਾਂ ਵਿਚ ਨਾਂਅ ਕਮਾਉਣ ਦੇ ਇਰਾਦੇ ਨਾਲ ਭਾਰਤ ਆ ਗਈ। ਇਥੇ ਉਸ ਨੇ ਅਨੁਪਮ ਖੇਰ ਦੇ ਐਕਟਿੰਗ ਸਕੂਲ ਵਿਚ ਅਭਿਨੈ ਸਿੱਖਿਆ, ਨਾਲ ਹੀ ਆਪਣੇ ਉਚਾਰਨ ਸੁਧਾਰਨ ਲਈ ਵੀ ਬਹੁਤ ਮਿਹਨਤ ਕੀਤੀ।


-ਪੰਨੂੰ

ਅਜੇ 'ਟਾਈਗਰ ਜ਼ਿੰਦਾ ਹੈ'

ਸਲਮਾਨ ਖਾਨ ਨੂੰ ਲੈ ਕੇ ਸੁਪਰ ਹਿੱਟ ਫ਼ਿਲਮ 'ਸੁਲਤਾਨ' ਦੇਣ ਵਾਲੇ ਨਿਰਦੇਸ਼ਕ ਅਲੀ ਅੱਬਾਸ ਜਫ਼ਰ ਹੁਣ ਸਲਮਾਨ ਦੇ ਨਾਲ 'ਟਾਈਗਰ ਜ਼ਿੰਦਾ ਹੈ' ਲੈ ਕੇ ਆ ਰਿਹਾ ਹੈ। ਇਹ 'ਏਕ ਥਾ ਟਾਈਗਰ' ਦਾ ਵਿਸਥਾਰ ਹੈ ਅਤੇ ਇਥੇ ਵੀ ਸਲਮਾਨ ਵਲੋਂ ਭਾਰਤੀ ਖੁਫੀਆ ਏਜੰਟ ਦੀ ਭੂਮਿਕਾ ਨਿਭਾਈ ਗਈ ਹੈ।
ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਆਈ. ਐਸ. ਆਈ. ਐਸ. ਵਲੋਂ ਤਿਰਕਿਟ ਵਿਚ 46 ਭਾਰਤੀ ਨਰਸਾਂ ਨੂੰ ਬੰਧਕ ਬਣਾ ਲਿਆ ਗਿਆ ਸੀ ਅਤੇ ਬਾਅਦ ਵਿਚ ਇਨ੍ਹਾਂ ਨਰਸਾਂ ਨੂੰ ਛੁਡਾ ਲਿਆ ਗਿਆ ਸੀ। ਇਸ ਘਟਨਾ ਨੂੰ ਫ਼ਿਲਮੀ ਜਾਮਾ ਪਵਾ ਕੇ ਇਥੇ ਪੇਸ਼ ਕੀਤਾ ਗਿਆ ਹੈ। ਇਹ ਮਸਾਲਾ ਫ਼ਿਲਮ ਹੈ। ਸੋ, ਇਥੇ ਰੋਮਾਂਸ ਤੇ ਐਕਸ਼ਨ ਦੇ ਨਾਲ-ਨਾਲ ਦੇਸ਼ ਪ੍ਰੇਮ ਦਾ ਤੜਕਾ ਲਗਾ ਕੇ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ।
ਅੱਤਵਾਦੀ ਸੰਗਠਨ ਆਈ. ਐਸ. ਸੀ. ਵਲੋਂ 25 ਭਾਰਤੀ ਨਰਸਾਂ ਨੂੰ ਬੰਧਕ ਬਣਾ ਲਿਆ ਜਾਂਦਾ ਹੈ। ਭਾਰਤ ਸਰਕਾਰ ਵਲੋਂ ਇਨ੍ਹਾਂ ਨੂੰ ਛੁਡਾਉਣ ਦੀ ਜ਼ਿੰਮੇਵਾਰੀ ਖੁਫੀਆ ਏਜੰਟ ਟਾਈਗਰ ਨੂੰ ਸੌਂਪੀ ਜਾਂਦੀ ਹੈ। ਉਹ ਆਪਣੇ ਮਿਸ਼ਨ 'ਤੇ ਨਿਕਲ ਪੈਂਦਾ ਹੈ ਅਤੇ ਇਸ ਕੰਮ ਵਿਚ ਉਸ ਨੂੰ ਪਾਕਿਸਤਾਨੀ ਖੁਫੀਆ ਏਜੰਟ ਜ਼ੋਇਆ (ਕੈਟਰੀਨਾ ਕੈਫ) ਦਾ ਸਾਥ ਮਿਲਦਾ ਹੈ। ਕਿਸ ਤਰ੍ਹਾਂ ਟਾਈਗਰ ਬੰਧਕ ਨਰਸਾਂ ਨੂੰ ਛੁਡਾਉਂਦਾ ਹੈ ਅਤੇ ਆਈ. ਐਸ. ਸੀ. ਦੇ ਸਰਗਨਾ ਅੱਬੂ ਉੱਸਮਾਨ (ਸੱਜਾਦ ਡੇਲਫਰੂਜ਼) ਨਾਲ ਟਕਰਾਉਂਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ। ਇਥੇ ਫ਼ਿਲਮ ਦੀ ਕਹਾਣੀ ਦੀ ਪਿੱਠਭੂਮੀ ਇਰਾਕ ਦੀ ਹੈ ਪਰ ਕਿਉਂਕਿ ਇਹ ਦੇਸ਼ ਯੁੱਧ ਦਾ ਅਖਾੜਾ ਬਣਿਆ ਹੋਇਆ ਹੈ ਅਤੇ ਉਥੇ ਸ਼ੂਟਿੰਗ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਇਸ ਦੀ ਜ਼ਿਆਦਾਤਰ ਸ਼ੂਟਿੰਗ ਆਬੂਧਾਬੀ ਵਿਚ ਕੀਤੀ ਗਈ ਹੈ।

-ਮੁੰਬਈ ਪ੍ਰਤੀਨਿਧ

ਗੁੱਗੂ ਗਿੱਲ-ਯੋਗਰਾਜ ਸਿੰਘ ਫ਼ਿਲਮ 'ਦੁੱਲਾ ਵੈਲੀ' 'ਚ ਮੁੜ ਇਕੱਠੇ

'ਬਦਲਾ ਜੱਟੀ ਦਾ', 'ਜੱਟ ਤੇ ਜ਼ਮੀਨ', 'ਅਣਖ ਜੱਟਾਂ ਦੀ' ਫ਼ਿਲਮਾਂ ਨਾਲ ਚਰਚਾ ਵਿਚ ਆਈ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੀ ਜੋੜੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਵਿਚ ਇਕ ਖ਼ਾਸ ਪਹਿਚਾਣ ਬਣਾਈ ਹੋਈ ਹੈ। ਜ਼ਮੀਨਾਂ ਦੀ ਵੰਡ, ਆਪਸੀ ਸ਼ਰੀਕੇਬਾਜ਼ੀ ਦੇ ਵਿਸ਼ਿਆਂ 'ਤੇ ਆਧਾਰਿਤ ਇਨ੍ਹਾਂ ਫ਼ਿਲਮਾਂ ਵਿਚਲੀ ਮਾਰਧਾੜ ਅਤੇ ਡਾਇਲਾਗ ਅੰਦਾਜ਼ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਪਰ ਕਿਸੇ ਕਾਰਨ ਇਸ ਜੋੜੀ ਦੇ ਅਲੱਗ-ਅਲੱਗ ਫ਼ਿਲਮਾਂ ਕਰਨਾ ਦਰਸ਼ਕਾਂ ਨੂੰ ਚੰਗਾ ਨਾ ਲੱਗਿਆ। ਕਈ ਸਾਲਾਂ ਬਾਅਦ ਹੁਣ ਨਿਰਦੇਸ਼ਕ ਦੇਵੀ ਸ਼ਰਮਾ ਇਕ ਵਾਰ ਫਿਰ ਇਸ ਐਕਸ਼ਨ ਜੋੜੀ ਨੂੰ ਫ਼ਿਲਮ 'ਦੁੱਲਾ ਵੈਲੀ' ਰਾਹੀਂ ਪਹਿਲਾਂ ਵਾਲੇ ਅੰਦਾਜ਼ 'ਚ ਲੈ ਕੇ ਆ ਰਿਹਾ ਹੈ। ਖੁਸ਼ਬੂ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਮਲਕੀਤ ਬੁੱਟਰ ਤੇ ਸੰਦੀਪ ਪ੍ਰਸਾਦ ਹਨ। ਫ਼ਿਲਮ ਦੀ ਕਹਾਣੀ ਨਸ਼ਿਆਂ ਦੀ ਦਲਦਲ ਵਿਚ ਧੱਸਦੇ ਜਾ ਰਹੇ ਪੰਜਾਬ ਅਤੇ ਜ਼ਮੀਨਾਂ ਦੀ ਵੰਡ ਅਤੇ ਫਿੱਕੇ ਪਏ ਖ਼ੂਨ ਦੇ ਰਿਸ਼ਤਿਆਂ ਬਾਤ ਪਾਉਂਦੀ ਪੰਜਾਬ ਦੀ ਕਹਾਣੀ ਦਾ ਮੁਲਾਂਕਣ ਕਰਦੀ ਹੈ। ਚਾਲੀ ਸਾਲ ਪਹਿਲਾਂ ਤਹਿਸ-ਨਹਿਸ ਹੋਏ ਇਕ ਐਸੇ ਹੀ ਪਰਿਵਾਰ ਦੇ ਮੁਖੀ ਦਲੀਪ ਸਿੰਘ ਉਰਫ਼ ਦੁੱਲਾ ਵੈਲੀ ਦੇ ਆਲੇ-ਦੁਆਲੇ ਘੁੰਮਦੀ ਇਸ ਫ਼ਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਬਠਿੰਡਾ ਅਤੇ ਸਰਦੂਲਗੜ੍ਹ ਇਲਾਕੇ ਵਿਚ ਕੀਤੀ ਗਈ ਹੈ
ਗੁੱਗੂ ਗਿੱਲ ਤੇ ਯੋਗਰਾਜ ਦੀ ਜੋੜੀ ਤੋਂ ਇਲਾਵਾ ਗਾਇਕ-ਅਦਾਕਾਰ ਸਰਬਜੀਤ ਚੀਮਾ ਦਾ ਬੇਟਾ ਗੁਰਵਰ ਚੀਮਾ ਇਸ ਫ਼ਿਲਮ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਹੈ। ਬਤੌਰ ਹੀਰੋ ਇਹ ਗੁਰਵਰ ਦੀ ਪਹਿਲੀ ਫ਼ਿਲਮ ਹੈ ਜਿਸ ਵਿਚ ਉਸ ਦੀ ਹੀਰੋਇਨ ਅਕਾਂਕਸ਼ਾ ਸਿੰਘ ਹੈ। ਇਸ ਤੋਂ ਇਲਾਵਾ ਦਰਜਨਾਂ ਪੰਜਾਬੀ ਫ਼ਿਲਮਾਂ ਕਰ ਚੁੱਕੇ ਸਰਬਜੀਤ ਚੀਮਾ ਨੂੰ ਦਰਸ਼ਕ ਇਸ ਵਾਰ ਨਵੇਂ ਰੂਪ ਵਿਚ ਵੇਖਣਗੇ।
ਫ਼ਿਲਮ 'ਦੁੱਲਾ ਵੈਲੀ' ਵਿਚ ਗੁੱਗੂ ਗਿੱਲ, ਯੋਗਰਾਜ ਸਿੰਘ, ਮੁਹੰਮਦ ਸਦੀਕ, ਗੁਰਵਰ ਚੀਮਾ, ਸਰਬਜੀਤ ਚੀਮਾ, ਅਕਾਂਕਸ਼ਾ, ਨੀਤ ਕੌਰ, ਅਵਤਾਰ ਗਿੱਲ, ਗੁਗਨੀ ਗਿੱਲ, ਨੀਟੂ ਪੰਧੇਰ, ਚਰਨਜੀਤ ਸੰਧੂ, ਹੈਰੀ ਸਚਦੇਵਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਖੁਸ਼ਬੂ ਸ਼ਰਮਾ ਨੇ ਲਿਖੀ ਹੈ ਅਤੇ ਡਾਇਲਾਗ ਮਲਕੀਤ ਬੁੱਟਰ ਨੇ ਲਿਖੇ ਹਨ। ਫ਼ਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਸੁਮਿਤ ਮਾਣਕ ਹਨ। ਫ਼ਿਲਮ ਦਾ ਸੰਗੀਤ ਮਿਊਜ਼ਿਕ ਫੀਵਰ 'ਚ ਮਨਜੀਤ ਉੱਪਲ ਕੈਨੇਡਾ ਵਲੋਂ ਤਿਆਰ ਕਰਵਾਇਆ ਗਿਆ ਹੈ।


-ਸੁਰਜੀਤ ਜੱਸਲ

ਮੇਰੇ ਸ਼ੌਕ ਹਨ ਖਾਣਾ ਤੇ ਗਾਣਾ-ਸ਼ੈਫ ਹਰਪਾਲ

ਕੁਕਰੀ ਸ਼ੋਅ ਦੇਖਣਾ ਪਸੰਦ ਕਰਨ ਵਾਲੇ ਦਰਸ਼ਕ ਮਾਸਟਰ ਸ਼ੈਫ ਹਰਪਾਲ ਸਿੰਘ ਦੇ ਨਾਂਅ ਤੋਂ ਜਾਣੂ ਹੋਣਗੇ ਹੀ। ਹਰਪਾਲ ਸਿੰਘ ਅਨੁਸਾਰ ਉਹ ਅਚਾਨਕ ਹੀ ਰਸੋਈ ਕਲਾ ਨਾਲ ਜੁੜ ਗਏ। ਉਸ ਦਾ ਪਾਲਣ-ਪੋਸ਼ਣ ਖੜਗਪੁਰ ਵਿਚ ਹੋਇਆ ਹੈ ਅਤੇ ਇਹ ਸ਼ਹਿਰ ਆਈ. ਆਈ. ਟੀ. ਤੇ ਰੇਲਵੇ ਵਰਕਸ਼ਾਪ ਲਈ ਜਾਣਿਆ ਜਾਂਦਾ ਹੈ। ਘਰ ਵਾਲਿਆਂ ਦੀ ਇੱਛਾ ਵੀ ਸੀ ਕਿ ਹਰਪਾਲ ਇਨ੍ਹਾਂ ਵਿਚੋਂ ਕਿਸੇ ਇਕ ਵਿਚ ਆਪਣਾ ਕੈਰੀਅਰ ਬਣਾਏ ਪਰ ਉਸ ਨੂੰ ਇਸ ਤਰ੍ਹਾਂ ਦੀ ਕੋਈ ਨੌਕਰੀ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ ਅਤੇ ਘਰ ਵਾਲਿਆਂ ਦੀ ਜ਼ਿੱਦ ਕਰਕੇ ਆਪਣੀ ਜਾਣ ਛੁਡਵਾਉਣ ਲਈ ਹੋਟਲ ਵਿਚ ਨੌਕਰੀ ਲੈ ਲਈ। ਇਥੋਂ ਉਸ ਦਾ ਰਸੋਈ ਕਲਾ ਨਾਲ ਨਵਾਂ ਰਿਸ਼ਤਾ ਬਣਿਆ ਅਤੇ ਇਸ ਰਿਸ਼ਤੇ ਨੇ ਅੱਜ ਉਸ ਨੂੰ ਸੈਲੀਬ੍ਰਿਟੀ ਸ਼ੈਫ ਬਣਾ ਦਿੱਤਾ ਹੈ।
ਹਰਪਾਲ ਸਿੰਘ ਅਨੁਸਾਰ ਹੁਣ ਉਹ ਆਪਣੀ ਜ਼ਿੰਦਗੀ ਵਿਚ ਹਰ ਉਹ ਕੰਮ ਕਰਨਾ ਚਾਹੁੰਦਾ ਹੈ, ਜੋ ਕਰਨ ਨੂੰ ਉਸ ਦਾ ਦਿਲ ਚਾਹੁੰਦਾ ਰਿਹਾ ਹੈ। ਇਸੇ ਵਜ੍ਹਾ ਕਰਕੇ ਜਦੋਂ ਅਭਿਨੈ ਕਰਨ ਦਾ ਮਨ ਹੋਇਆ ਤਾਂ ਫ਼ਿਲਮ 'ਬੈਂਕ ਚੋਰ' ਵਿਚ ਕੰਮ ਕਰ ਲਿਆ। ਹੁਣ ਉਸ ਦੀ ਇੱਛਾ ਗਾਇਕ ਬਣਨ ਦੀ ਹੈ ਅਤੇ ਉਸ ਅਨੁਸਾਰ ਹੁਣ ਉਹ ਆਪਣੇ ਦੋ ਸੋਲੋ ਗੀਤ ਲਿਆਉਣ ਵਿਚ ਲੱਗ ਗਿਆ ਹੈ। ਰਸੋਈ ਤੋਂ ਜਦੋਂ ਕਦੀ ਫੁਰਸਤ ਮਿਲਦੀ ਹੈ ਤਾਂ ਉਹ ਰਿਆਜ਼ ਵਿਚ ਲੱਗ ਜਾਂਦਾ ਹੈ। ਉਹ ਪੂਰੀ ਤਿਆਰੀ ਤੋਂ ਬਾਅਦ ਹੀ ਆਪਣੇ ਦੋਵੇਂ ਗੀਤ ਰਿਕਾਰਡ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੱਚਾ-ਪੱਕਾ ਖਾਣਾ ਕੋਈ ਸਵਾਦ ਨਹੀਂ ਦਿੰਦਾ ਹੈ, ਉਸੇ ਤਰ੍ਹਾਂ ਕੱਚੇ ਰਿਆਜ਼ ਨਾਲ ਸਜਿਆ ਗੀਤ ਵੀ ਸੁਣਨ ਵਾਲਿਆਂ ਨੂੰ ਕੋਈ ਮਜ਼ਾ ਨਹੀਂ ਦਿੰਦਾ ਹੈ। ਇਸੇ ਵਜ੍ਹਾ ਕਰਕੇ ਪੂਰੀ ਤਰ੍ਹਾਂ ਨਾਲ ਰਿਆਜ਼ ਕਰਨ ਤੋਂ ਬਾਅਦ ਹੀ ਉਹ ਆਪਣੇ ਗੀਤ ਜਨਤਾ ਸਾਹਮਣੇ ਲਿਆਉਣਗੇ।
ਸੰਗੀਤ ਪ੍ਰਤੀ ਸ਼ੌਕ ਨੂੰ ਲੈ ਕੇ ਉਹ ਕਹਿੰਦੇ ਹਨ, 'ਮੈਂ ਸਰਦਾਰ ਹਾਂ। ਹੋਰ ਪੰਜਾਬੀਆਂ ਦੀ ਤਰ੍ਹਾਂ ਮੇਰੇ ਵੀ ਦੋ ਸ਼ੌਕ ਹਨ। ਖਾਣਾ ਤੇ ਗਾਣਾ। ਖਾਣ ਦੇ ਮਾਮਲੇ ਵਿਚ ਤਾਂ ਬਹੁਤ ਨਾਂਅ ਕਮਾ ਲਿਆ, ਹੁਣ ਗਾਣੇ ਦੇ ਮਾਮਲੇ ਵਿਚ ਨਾਂਅ ਕਮਾਉਣ ਦੀ ਇੱਛਾ ਹੈ।'

-ਮੁੰਬਈ ਪ੍ਰਤੀਨਿਧ

ਹੋ ਗਯਾ ਹੈ ਪਿਆਰ... ਅਥੀਆ

'ਹੀਰੋ' ਫ਼ਿਲਮ ਨਾਲ ਹੀਰੋਇਨ ਬਣੀ ਅਥੀਆ ਸ਼ੈਟੀ ਸਾਰੀ ਜ਼ਿੰਦਗੀ ਸਲਮਾਨ ਖ਼ਾਨ ਦਾ ਅਹਿਸਾਨ ਨਹੀਂ ਚੁੱਕਾ ਸਕਦੀ। ਸੁਨੀਲ ਸ਼ੈਟੀ ਦੀ ਇਹ ਲਾਡਲੀ ਬੇਟੀ ਵੈਸੇ ਖ਼ਬਰਾਂ 'ਚ ਰਹਿਣਾ ਪਸੰਦ ਕਰਦੀ ਹੈ। ਫ਼ਿਲਮਾਂ ਦੀ ਥਾਂ ਅਥੀਆ ਸ਼ੈਟੀ ਆਪਣੇ ਚੱਕਰਾਂ ਨੂੰ ਲੈ ਕੇ ਸੁਰਖੀਆਂ ਵਿਚ ਹੈ। ਅਥੀਆ ਨੂੰ ਪਿਆਰ ਹੋ ਗਿਆ ਹੈ, ਉਸ ਨੂੰ ਪਿਆਰ ਇਕ ਕੈਨੇਡੀਅਨ ਰੈਪਰ ਨਾਲ ਹੋਇਆ ਹੈ। ਡੈਕ ਨਾਂਅ ਦਾ ਇਹ ਕੈਨੇਡੀਅਨ ਰੈਪਰ ਹੁਣ ਉਸ ਦੀ ਜ਼ਿੰਦਗੀ ਦਾ ਕੀਮਤੀ ਹਿੱਸਾ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਹਰ ਹਫ਼ਤੇ ਅਥੀਆ ਸ਼ੈਟੀ ਲੰਦਨ ਦੀ ਤਿਆਰੀ ਕਰਦੀ ਹੈ ਤਾਂ ਜੋ ਉਹ ਆਪਣੇ ਪਿਆਰੇ ਡੈਕ ਨੂੰ ਮਿਲ ਸਕੇ। ਸੁਨੀਲ ਸ਼ੈਟੀ ਦੀ ਇਹ ਲਾਡਲੀ ਬਿਟੀਆ ਜਿਸ ਤੇਜ਼ੀ ਨਾਲ ਇਥੇ ਆਈ ਸੀ, ਸਵਾਗਤ ਹੋਇਆ ਸੀ, ਉਸ ਤੇਜ਼ੀ ਨਾਲ ਹੀ ਉਸ ਦਾ ਫ਼ਿਲਮੀ ਕੈਰੀਅਰ ਡਿਗਦਾ ਨਜ਼ਰ ਆ ਰਿਹਾ ਹੈ। 'ਮੁਬਾਰਕਾਂ' ਵੈਸੇ ਹੀ ਨਹੀਂ ਚੱਲੀ ਤੇ ਅਥੀਆ ਵਿਹਲੀ ਹੋ ਗਈ। ਵਿਹਲਾ ਮਨ ਸ਼ੈਤਾਨ ਦਾ ਘਰ ਪਰ ਇਥੇ ਵਿਹਲਾ ਮਨ ਪਿਆਰ ਦਾ ਘਰ ਬਣ ਗਿਆ ਹੈ। ਅਥੀਆ ਸ਼ੈਟੀ ਹੁਣ ਫਿਰ ਲੰਦਨ ਜਾ ਰਹੀ ਹੈ। ਸ਼ਾਇਦ ਕੈਨੇਡੀਅਨ ਰੈਪਰ ਡੈਕ ਨਾਲ ਉਹ ਪਿਆਰ ਕਹਾਣੀ ਸ਼ਾਦੀ ਮੁਬਾਰਕ ਤੱਕ ਲਿਜਾਣਾ ਚਾਹੁੰਦੀ ਹੈ। ਫ਼ਿਲਮਾਂ ਨਹੀਂ ਤਾਂ ਘਰ ਹੀ ਵਸ ਜਾਏ। ਸ਼ਾਇਦ ਅਥੀਆ ਸ਼ੈਟੀ ਸਮੇਂ ਸਿਰ ਸਹੀ ਫ਼ੈਸਲਾ ਲੈਣਾ ਚਾਹੁੰਦੀ ਹੈ।

ਨਿਮਰਤ ਕੌਰ : ਘੱਟ ਕਰ ਕੇ ਨਾ ਜਾਣਿਓ

'ਲੰਚ ਬਾਕਸ' ਤੋਂ 'ਏਅਰ ਲਿਫਟ' ਤੱਕ ਨਿਰਮਤ ਕੌਰ ਨੇ ਫ਼ਿਲਮਾਂ ਕੀਤੀਆਂ ਹਨ ਪਰ ਉਸ ਦੇ ਹਿੱਸੇ ਉਹ ਕਾਮਯਾਬੀ ਨਹੀਂ ਆਈ ਜੋ ਆਉਣੀ ਚਾਹੀਦੀ ਸੀ। ਨਾਗੇਸ਼ ਕੂਕਨੂਰ ਦੀ ਵੈੱਬ ਸੀਰੀਜ਼ 'ਦਾ ਟੈਸਟ ਕੇਸ' ਨੇ ਥੋੜ੍ਹੀ ਬਹੁਤ ਚਰਚਾ ਦਿੱਤੀ ਪਰ ਇਹ ਚਰਚਾ ਇਸ ਵੈੱਬ ਸੀਰੀਜ਼ ਦੇ ਸਫ਼ਲ ਹੋਣ ਨਾਲ ਨਹੀਂ ਬਲਕਿ ਨਿਮਰਤ ਵਲੋਂ ਇਸ ਵਿਚਲੇ ਆਪਣੇ ਕਿਰਦਾਰ ਨੂੰ ਲੈ ਕੇ ਸਮਾਜਿਕ ਸੂਚਨਾ ਤੰਤਰ 'ਤੇ ਪਾਈ ਸਮੱਗਰੀ ਕਾਰਨ ਹੋਈ। ਨਿਮਰਤ ਨੇ ਆਪਣੀ ਸਮਾਜਿਕ ਸੂਚਨਾ ਤੰਤਰ ਵਾਲੀ 'ਫੇਸਬੁਕ' 'ਤੇ ਲਿਖਿਆ ਕਿ ਔਰਤ ਨੂੰ ਘੱਟ ਕਰ ਕੇ ਨਹੀਂ ਜਾਨਣਾ ਚਾਹੀਦਾ, ਖਾਸ ਕਰ ਭਾਰਤ 'ਚ, ਇਥੇ ਔਰਤ ਪੀ. ਐਮ. ਬਣਦੀ ਹੈ। ਰਾਜਨੀਤਕ ਪਾਰਟੀ ਦੀ ਮੁਖੀ, ਰਾਜ ਦੀ ਸੀ.ਐਮ., ਪੁਲਿਸ. ਨੇਵੀ, ਫ਼ੌਜ 'ਚ ਆ ਕੇ ਦੁਸ਼ਮਣ ਨਾਲ ਲੋਹਾ ਲੈਂਦੀ ਹੈ। ਅਮਰੀਕਨ ਲੜੀ 'ਹੋਮਲੈਂਡ' 'ਚ ਉਸ ਦਾ ਕਿਰਦਾਰ ਇਸੇ ਹੀ ਤਰ੍ਹਾਂ ਦਾ ਸੀ ਤੇ 'ਟੈਸਟ ਕੇਸ' 'ਚ ਵੀ ਅਜਿਹਾ ਹੀ ਸੀ। ਹਾਂ ਨਿਮਰਤ ਲਈ ਖਤਰੇ ਦੀ ਘੰਟੀ ਉਸ ਦੀ ਵਧਦੀ ਉਮਰ ਹੈ ਤੇ ਉਹ 36 ਸਾਲ ਦੀ ਹੋ ਗਈ ਹੈ। ਭਾਰਤੀ ਟੀ. ਵੀ. ਨਹੀਂ ਉਹ ਪੱਛਮੀ ਦੇਸ਼ਾਂ ਤੇ ਖਾਸ ਕਰ ਅਮਰੀਕਨ ਟੀ. ਵੀ. 'ਤੇ ਅਗਾਂਹ ਵਧਣ ਲਈ ਸਰਗਰਮ ਹੈ।

ਵਰੁਣ ਧਵਨ ਬੱਲੇ-ਬੱਲੇ

ਪ੍ਰਸੰਸਕਾਂ ਤੋਂ ਵਰੁਣ ਧਵਨ ਵੀ ਖਾਸਾ ਪ੍ਰੇਸ਼ਾਨ ਹੈ। ਇਕ ਅਣਪਛਾਤੇ ਬੰਦੇ ਦੇ ਖਿਲਾਫ਼ ਮੁੰਬਈ ਦੇ ਥਾਣੇ 'ਚ ਜਾ ਕੇ ਵਰੁਣ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਇਕ ਬੰਦਾ ਉਸ ਨੂੰ ਆਤਮ-ਹੱਤਿਆ ਕਰਨ ਦੀ ਧਮਕੀ ਦੇ ਰਿਹਾ ਹੈ। ਇਹ ਬੰਦਾ ਨਹੀਂ ਬਲਕਿ ਇਕ ਔਰਤ ਹੈ ਜੋ ਵਰੁਣ ਨੂੰ ਆਪਣੇ ਨਾਲ ਪਿਆਰ ਕਰਨ ਦੀ 'ਵਟਸਐਪ ਕਾਲਿੰਗ' ਕਰ ਰਹੀ ਹੈ। ਸੁਨੇਹੇ ਭੇਜ ਰਹੀ ਹੈ। ਇਥੋਂ ਤੱਕ ਕਿ ਵਰੁਣ ਨੇ ਇਸ ਔਰਤ ਦਾ ਨੰਬਰ ਹੀ 'ਬਲਾਕ' ਕਰ ਦਿੱਤਾ ਪਰ ਗੱਲ ਇਥੇ ਹੀ ਨਹੀਂ ਖਤਮ ਹੋਈ ਤੇ ਉਸ ਔਰਤ ਨੇ ਕਿਸੇ ਆਦਮੀ ਤੋਂ ਵਰੁਣ ਨੂੰ ਸੁਨੇਹੇ ਭਿਜਵਾਏ ਕਿ ਜੇ ਵਰੁਣ ਉਸ ਔਰਤ ਦਾ ਨੰਬਰ 'ਅਨਬਲਾਕ' ਨਹੀਂ ਕਰੇਗਾ ਤਾਂ ਉਹ ਆਤਮ-ਹੱਤਿਆ ਕਰ ਲਵੇਗੀ। ਵਰੁਣ ਅੱਜਕਲ੍ਹ ਸੁਜੀਤ ਸਰਕਾਰ ਦੀ ਫ਼ਿਲਮ 'ਅਕਤੂਬਰ' ਲਈ ਸਾਰਾ ਸਮਾਂ ਦੇ ਰਿਹਾ ਹੈ। ਇਸ ਫ਼ਿਲਮ ਦਾ ਪਹਿਲਾ ਟਰੇਲਰ ਵੀ ਆ ਗਿਆ ਹੈ। ਫ਼ਿਲਮ ਦਾ ਨਾਂਅ 'ਅਕਤੂਬਰ' ਹੈ ਪਰ ਇਹ ਹੁਣ ਨਵੇਂ ਸਾਲ ਅਪ੍ਰੈਲ 'ਚ ਆਏੇਗੀ। ਨਵੇਂ ਸਫ਼ਰ 'ਤੇ ਨਵੇਂ ਅਕਤੂਬਰ ਨੂੰ ਲੈ ਕੇ ਵਰੁਣ ਧਵਨ ਉਤਸ਼ਾਹਿਤ ਹੈ। ਸੁਜੀਤ ਨਾਲ ਇਹ ਉਸ ਦੀ ਪਹਿਲੀ ਫ਼ਿਲਮ ਹੈ। 'ਅਕਤੂਬਰ' ਇਕ ਰੁਮਾਂਟਿਕ ਫ਼ਿਲਮ ਹੈ। ਸੁਜੀਤ ਸਰਕਾਰ ਦੀਆਂ ਫ਼ਿਲਮਾਂ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਹਨ। ਵਰੁਣ ਦੇ ਨਾਲ 'ਅਕਤੂਬਰ' 'ਚ ਦੀਪਿਕਾ ਪਾਦੂਕੋਨ ਹੈ। 2012 'ਚ 'ਸਟੂਡੈਂਟ ਆਫ਼ ਦ ਯੀਅਰ' ਬਣੇ ਵਰੁਣ ਧਵਨ ਦੀ 'ਜੁੜਵਾਂ-2' ਖ਼ੂਬ ਹਿਟ ਰਹੀ ਹੈ। ਹੁਣ ਤਾਂ 'ਤੁਸਾਦ' ਅਜਾਇਬ ਘਰ 'ਚ ਵਰੁਣ ਧਵਨ ਦਾ ਮੋਮ ਦਾ ਬੁੱਤ ਵੀ ਸਥਾਪਤ ਹੋ ਰਿਹਾ ਹੈ। ਕਮਾਊ ਹੀਰੋ, ਸੋਹਣੇ ਮੁੰਡੇ ਤੇ ਪ੍ਰਸੰਸਕਾਂ ਦੀ ਦੀਵਾਨਗੀ ਤਾਂ ਹੋਣੀ ਹੀ ਹੈ। ਨਾਲ 'ਅਕਤੂਬਰ' ਜਿਹੀਆਂ ਫ਼ਿਲਮਾਂ ਉਸ ਨੂੰ ਸਰਬਪੱਖੀ ਅਭਿਨੇਤਾ ਵੀ ਸਥਾਪਤ ਕਰਨ ਜਾ ਰਹੀਆਂ ਹਨ।

ਕੰਗਨਾ ਰਣੌਤ

ਪਿੰਡ ਚੰਗੇ ਸ਼ਹਿਰ ਤੋਂ

ਐਨ.ਡੀ. ਟੀ.ਵੀ. ਦੇ ਸ਼ੋਅ 'ਯੂਥ ਫਾਰ ਚੇਂਜ' ਲਈ ਕੰਗਨਾ ਰਣੌਤ ਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਸੀ। ਕੰਗਨਾ ਨੇ ਨੌਜਵਾਨਾਂ ਲਈ ਇਸ ਸ਼ੋਅ 'ਚ ਜੋ ਗੱਲਾਂ ਕਹੀਆਂ ਸਨ, ਉਹ ਅੱਜ ਵੀ ਸੋਸ਼ਲ ਮੀਡੀਆ 'ਤੇ ਕਈਆਂ ਲਈ ਪ੍ਰੇਰਨਾ-ਸਰੋਤ ਬਣੀਆਂ ਹਨ। ਕੰਗਨਾ ਨੇ ਦੱਸਿਆ ਕਿ ਉਸ ਨੂੰ ਫੇਸਬੁੱਕ ਤੇ ਪ੍ਰਸੰਸਾ ਦੀਆਂ ਪੋਸਟਾਂ ਮਿਲੀਆਂ ਹਨ। ਕੰਗਨਾ ਨੇ ਕਿਹਾ ਸੀ ਕਿ ਜਦ ਉਸ ਨੇ ਕੰਮ ਸ਼ੁਰੂ ਕੀਤਾ ਸੀ ਤਦ ਉਸ ਦੇ ਜਿਸਮ ਤੇ ਰੰਗ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ ਤੇ ਸੁਣ-ਸੁਣ ਕੇ ਉਹ ਸ਼ਰਮਿੰਦੀ ਹੋ ਜਾਂਦੀ ਸੀ। ਹਾਂ, ਉਸ ਦੀ ਹਿਮਾਚਲੀ ਦਿੱਖ ਨੇ ਜ਼ਰੂਰ ਉਸ ਨੂੰ ਸ਼ਰਮਿੰਦਗੀ ਤੋਂ ਬਚਾਇਆ ਸੀ। ਮੰਡੀ (ਹਿਮਾਚਲ) ਤੋਂ ਮੁੰਬਈ ਜਾ ਕੇ 'ਗੈਂਗਸਟਰ' ਤੋਂ 'ਕਵੀਨ' ਬਣੀ ਮਿਸ ਰਣੌਤ ਕਹਿ ਰਹੀ ਹੈ ਕਿ ਨਿੱਕੇ ਕਸਬੇ ਜਾਂ ਸ਼ਹਿਰ ਚੰਗੇ ਹਨ ਜਿਥੇ 'ਭੂਆ, ਮਾਸੀ' ਲਫ਼ਜ਼ ਸੁਣਨ, ਵਰਤਣ ਨੂੰ ਮਿਲਦੇ ਹਨ ਜਦ ਕਿ ਮਹਾਨਗਰਾਂ 'ਚ 'ਆਂਟੀ' ਨੇ ਤਾਂ ਸਾਰੇ ਰਿਸ਼ਤਿਆਂ ਦਾ ਸੱਤਿਆਨਾਸ ਹੀ ਕਰ ਦਿੱਤਾ ਹੈ। ਜਦ ਕੰਗਨਾ ਹੀਰੋਇਨ ਬਣੀ ਤਦ ਰਿਸ਼ਤੇਦਾਰ ਵੀ ਕਹਿਣ ਸਾਡੀ ਕੰਗਨਾ ਜਦ ਕਿ ਪਹਿਲਾਂ ਉਹ ਕੁੜੀ ਕਿਥੇ ਚਿੱਕੜ 'ਚ ਘੱਲ ਦਿੱਤੀ ਮਾਪਿਆਂ ਨੂੰ ਕਹਿ ਕੇ ਉਸ ਦਾ ਦਿਲ ਤੋੜਦੇ ਸਨ। ਆਈ.ਏ.ਐਸ. ਦਾਦੇ ਦੀ ਪੋਤੀ ਕੰਗਨਾ ਘੂੰਗਟ (ਘੁੰਡ) ਦੀ ਮਾਨਸਿਕਤਾ 'ਚੋਂ ਬਾਹਰ ਨਿਕਲ ਕੇ ਦਾਦੇ ਦੀ ਨਰਾਜ਼ਗੀ ਵੀ ਸਹਿੰਦੀ ਰਹੀ। ਇਥੋਂ ਤੱਕ ਕਿ ਦਾਦਾ ਜੀ ਤੋਂ ਚਪੇੜਾਂ ਵੀ ਖਾਧੀਆਂ। ਗੱਲ ਕੀ ਕੰਗਨਾ ਰਣੌਤ ਨੇ ਬਿਮਾਰ ਮਾਨਸਿਕਤਾ 'ਚ ਜਨਮ ਲੈ ਕੇ ਵੱਡੀ ਹੋ ਕੇ ਵੀ ਘਰ-ਬਾਹਰ ਦੀਆਂ ਝਿੜਕਾਂ ਖਾ ਕੇ ਵੀ ਹਿੰਮਤ ਨਹੀਂ ਹਾਰੀ ਤੇ ਅੱਜ ਉਹ ਦਿਖਾ ਚੁੱਕੀ ਹੈ ਕਿ ਕੁੜੀਆਂ ਚਿੜੀਆਂ ਨਹੀਂ ਹਨ। ਕਿਸੇ ਤੋਂ ਘੱਟ ਨਹੀਂ ਧੀਆਂ? ਰਿਤਿਕ ਰੋਸ਼ਨ ਤੱਕ ਨੂੰ ਦਿਨੇ ਤਾਰੇ ਦਿਖਾਉਣ ਵਾਲੀ ਕੰਗਨਾ ਰਣੌਤ ਨਵੇਂ ਸਾਲ 'ਚ ਵੀ ਬਾਲੀਵੁੱਡ ਦੀ ਧੜਕਣ ਬਣੀ ਰਹੇਗੀ, ਸਾਫ਼ ਨਜ਼ਰ ਆ ਰਿਹਾ ਹੈ।


-ਸੁਖਜੀਤ ਕੌਰ

ਫ਼ਿਲਮ 'ਸਤਿ ਸ੍ਰੀ ਅਕਾਲ ਇੰਗਲੈਂਡ' ਦੇ ਗੀਤਾਂ ਨੂੰ ਯੂ-ਟਿਊਬ 'ਤੇ ਮਿਲ ਰਹੇ ਭਰਪੂਰ ਹੁੰਗਾਰੇ ਨਾਲ ਉਤਸ਼ਾਹਿਤ ਹਾਂ-ਐਮੀ ਵਿਰਕ

ਪੰਜਾਬੀ ਗਾਇਕੀ ਅਤੇ ਅਦਾਕਾਰੀ ਵਿਚ ਆਪਣਾ ਵਿਲੱਖਣ ਸਥਾਨ ਰੱਖਣ ਵਾਲੇ ਬਹੁਪੱਖੀ ਫ਼ਨਕਾਰ ਐਮੀ ਵਿਰਕ ਦੀ ਅਦਾਕਾਰੀ ਵਾਲੀ ਪੰਜਾਬੀ ਫ਼ਿਲਮ 'ਸਤਿ ਸ੍ਰੀ ਅਕਾਲ ਇੰਗਲੈਂਡ' 17 ਨਵੰਬਰ ਨੂੰ ਸਿਨੇਮੇ ਘਰਾਂ ਵਿਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਨਿਰਮਾਤਾ ਕੌਸ ਮੀਡੀਆ ਇੰਟਰਟੇਨਮੈਂਟ ਅਤੇ ਸਿੱਜਲੀਨ ਪ੍ਰੋਡਕਸ਼ਨਜ਼ ਨੇ ਇਸ ਫ਼ਿਲਮ ਨੂੰ ਪ੍ਰਤਿਭਾਵਾਨ ਨਿਰਦੇਸ਼ਕ ਵਿਕਰਮ ਪ੍ਰਧਾਨ ਦੀ ਨਿਰਦੇਸ਼ਨਾ ਹੇਠ ਫ਼ਿਲਮਾਇਆ ਹੈ। ਦੂਜੇ ਪਾਸੇ ਫ਼ਿਲਮ ਦੇ ਟਰੇਲਰ ਅਤੇ ਗੀਤਾਂ ਸਬੰਧੀ ਅਦਾਕਾਰ ਐਮੀ ਵਿਰਕ ਦਾ ਕਹਿਣਾ ਹੈ ਕਿ ਫ਼ਿਲਮ 'ਸਤਿ ਸ੍ਰੀ ਅਕਾਲ ਇੰਗਲੈਂਡ' ਦੇ ਗੀਤਾਂ ਨੂੰ ਯੂ-ਟਿਊਬ 'ਤੇ ਮਿਲ ਰਹੇ ਭਰਪੂਰ ਹੁੰਗਾਰੇ ਨਾਲ ਉਤਸ਼ਾਹਿਤ ਹਾਂ। ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤੇ ਸੰਗੀਤ ਨੂੰ ਸੰਗੀਤਕਾਰ ਜਤਿੰਦਰ ਸ਼ਾਹ ਵਲੋਂ ਸੰਗੀਤਬੱਧ ਕੀਤਾ ਗਿਆ ਹੈ ਅਤੇ ਗੀਤ ਫ਼ਿਲਮ ਦੀ ਮਕਬੂਲੀਅਤ ਵਿਚ ਵਾਧਾ ਕਰਨਗੇ। ਗਾਇਕ ਤੇ ਅਦਾਕਾਰ ਐਮੀ ਵਿਰਕ ਦੇ ਨਾਲ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀ ਸੋਹਣੀ ਸੁਨੱਖੀ ਅਦਾਕਾਰਾ ਮੋਨਿਕਾ ਗਿੱਲ ਬਾਰੇ ਨਿਰਮਾਤਾਵਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਪੰਜਾਬੀ ਫ਼ਿਲਮ 'ਸਤਿ ਸ੍ਰੀ ਅਕਾਲ ਇੰਗਲੈਂਡ' 'ਚ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਮੋਨਿਕਾ ਗਿੱਲ ਦੀ ਖ਼ੂਬਸੂਰਤ ਕੈਮਿਸਟਰੀ ਦਰਸ਼ਕਾਂ 'ਚ ਨੂੰ ਪਸੰਦ ਆਏਗੀ ਤੇ ਖਿੱਚ ਦਾ ਕੇਂਦਰ ਬਣੇਗੀ। ਫ਼ਿਲਮ ਦੀ ਕਹਾਣੀ ਮੇਜਰ ਜਰਮਨ ਸਿੰਘ ਮਾਨ (ਐਮੀ ਵਿਰਕ ) ਦੀ ਹੈ ਜੋ ਇਸ ਵਿਚ ਪ੍ਰਮੁੱਖ ਕਿਰਦਾਰ ਹੈ। ਉਹ ਇੰਗਲੈਂਡ ਜਾਣਾ ਚਾਹੁੰਦਾ ਹੈ ਅਤੇ ਵੀਜ਼ਾ ਲਗਵਾਉਣ ਲਈ ਨਵੇਂ ਨਵੇਂ ਤਰੀਕੇ ਲੱਭਦਾ ਹੈ ਪਰ ਹਰ ਵਾਰੀ ਉਸ ਨੂੰ ਅਪਰਵਾਨਗੀ ਹੀ ਮਿਲੀ ਉਸ ਨੇ ਹਾਰ ਨਹੀਂ ਮੰਨੀ ਅਤੇ ਉਹ ਇੰਗਲੈਂਡ ਪਹੁੰਚਣ ਵਿਚ ਸਫਲ ਵੀ ਹੋਇਆ। ਉੱਥੇ ਇਸ ਕਿਰਦਾਰ ਨੂੰੂ ਗੀਤ ਕਾਹਲੋਂ (ਮੋਨਿਕਾ ਗਿੱਲ) ਨਾਲ ਪ੍ਰੇਮ ਹੋ ਜਾਂਦਾ ਹੈ ਅਤੇ ਕਹਾਣੀ ਵਿਚ ਮੋੜ ਤਦ ਆਉਂਦਾ ਹੈ ਜਦੋਂ ਦੂਜੇ ਪਾਸੇ ਜਰਮਨ ਸਿੰਘ ਮਾਨ 'ਤੇ ਇਮੀਗਰੇਸ਼ਨ ਵਾਲਿਆਂ ਦੀ ਨਜ਼ਰ ਪੈਂਦੀ ਹੈ। ਇਹ ਫ਼ਿਲਮ ਦਰਸ਼ਕਾਂ ਨੂੰ 2005 ਵਿਚ ਆਈ ਆਰ.ਮਾਧਵ, ਦੀ ਰਾਮ ਜੀ ਲੰਦਨ ਵਰਗੀ ਲੱਗ ਸਕਦੀ ਹੈ ਪਰ ਅਸਲ ਵਿਚ ਇਹ ਉਸ ਤੋਂ ਅਲੱਗ ਹੈ ਕਿਉਂ ਜੋ ਇਹ ਫ਼ਿਲਮ ਰੁਮਾਂਟਿਕ ਕਾਮੇਡੀ ਸ਼ੈਲੀ ਦੀ ਬਣੀ ਫ਼ਿਲਮ ਹੈ। ਜਿਸ ਵਿਚ ਅੱਜਕਲ੍ਹ ਦੇ ਨੌਜਵਾਨਾਂ ਵਿਚ ਦੀਵਾਨਾਪਨ ਹੈ ਤੇ ਇਹੋ ਜਿਹੀਆਂ ਫ਼ਿਲਮਾਂ ਨੂੰ ਅੱਜ ਦੀ ਨਵੀਂ ਪੀੜ੍ਹੀ ਆਪਣੀ ਜ਼ਿੰਦਗੀ ਦੀ ਕਹਾਣੀ ਸਮਝ ਕੇ ਮਹਿਸੂਸ ਕਰਦੀ ਹੈ ਅਤੇ ਵੇਖਣ ਲਈ ਉਤਸ਼ਾਹਿਤ ਵੀ ਰਹਿੰਦੀ ਹੈ। ਫ਼ਿਲਮ ਵਿਚ ਐਮੀ ਵਿਰਕ, ਮੋਨਿਕਾ ਗਿੱਲ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦੇ ਇਕ ਵੱਡੇ ਥੰਮ੍ਹ ਸਮਝੇ ਜਾਂਦੇ ਅਦਾਕਾਰ ਸਰਦਾਰ ਸੋਹੀ, ਖ਼ੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਸਤਵੰਤ ਕੌਰ ਅਤੇ ਪ੍ਰਸਿੱਧ ਹਾਸਰਸ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਇਸ ਫ਼ਿਲਮ ਵਿਚ ਆਪਣੀਆਂ ਵੱਖ-ਵੱਖ ਭੂਮਿਕਾ ਨਿਭਾਈਆਂ ਹਨ। ਫ਼ਿਲਮ ਵਿਚਲੇ ਗੀਤਾਂ ਨੂੰ ਐਮੀ ਵਿਰਕ ਦੇ ਨਾਲ ਨਾਲ ਕਰਮਜੀਤ ਅਨਮੋਲ, ਨੂਰਾਂ ਭੈਣਾਂ, ਗੁਰਲੇਜ਼, ਗੁਰਸ਼ਬਦ ਆਦਿ ਵਲੋਂ ਵੀ ਆਪਣੀਆਂ ਆਵਾਜ਼ਾਂ ਦਿੱਤੀਆਂ ਗਈਆਂ ਹਨ। ਇਸ ਫ਼ਿਲਮ ਦੇ ਡਿਜੀਟਲ ਡਿਸਟ੍ਰੀਬਿਊਸ਼ਨ ਅਤੇ ਮਿਊਜ਼ਿਕ ਰਿਲੀਜ਼ ਦਾ ਜ਼ਿੰਮਾ ਸਾਗਾ ਮਿਊਜ਼ਿਕ ਵਲੋਂ ਨਿਭਾਇਆ ਗਿਆ ਹੈ।

ਕਰੀਨਾ ਦੀ 'ਵੀਰੇ ਦੀ ਵੈਡਿੰਗ'

ਆਖਰ 'ਬੇਬੋ' ਲਈ ਸ਼ੁਭ ਦਿਨ ਸ਼ੁਰੂ ਹੋ ਹੀ ਗਏ। ਖ਼ਾਸ ਕਰ ਚਾਂਦੀ ਰੰਗੇ ਪਰਦੇ 'ਤੇ ਫਿਰ ਧੁੰਮ ਮਚਾਉਣ ਦੇ ਤੇ 'ਵੀਰੇ ਦੀ ਵੈਡਿੰਗ' ਫ਼ਿਲਮ ਦਾ ਅਤਾ-ਪਤਾ ਲੱਗਣ ਦੇ। ਸੋਨਮ ਕਪੂਰ ਦੀ ਦੀਦੀ ਰੀਆ ਕਪੂਰ ਵਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੇ ਆਉਣ ਦੀ ਮਿਤੀ ਵੀ ਨਵੇਂ ਸਾਲ ਲਈ ਨਿਸਚਿਤ ਹੋ ਗਈ ਹੈ। ਕਰੀਨਾ ਕਪੂਰ ਦੀ ਮੁੜ ਵਾਪਸੀ ਵਾਲੀ ਇਹ ਫ਼ਿਲਮ ਹੈ 'ਵੀਰੇ ਦੀ ਵੈਡਿੰਗ' ਤੇ ਇਸ ਦੀ ਆਖਰੀ ਸ਼ੂਟਿੰਗ 'ਤੇ ਦਿੱਲੀ ਵਿਖੇ ਕਰੀਨਾ ਦੇ ਨਾਲ ਉਸਦਾ ਬੇਟਾ ਤੈਮੂਰ ਅਲੀ ਖ਼ਾਨ ਵੀ ਰਿਹਾ। ਹਾਂ, ਇਹ ਵੱਖਰੀ ਗੱਲ ਹੈ ਕਿ ਕਰੀਨਾ ਦੇ ਬੇਟੇ ਤੈਮੂਰ ਨੇ ਵਿਚਾਰੀ ਰੀਆ ਕਪੂਰ ਦੇ ਚਿਹਰੇ 'ਤੇ ਸਰਦੀ ਦੇ ਮੌਸਮ 'ਚ ਵੀ ਮੁੜ੍ਹਕਾ ਲਿਆ ਦਿੱਤਾ। ਤੈਮੂਰ ਦਾ ਰੋਜ਼ ਦਾ ਬਜਟ ਯਾਨੀ ਖਰਚਾ ਐਨਾ ਹੈ ਕਿ ਰੀਆ ਕਪੂਰ ਦੇ ਹੋਸ਼ ਹੀ ਉੱਡ ਗਏ। ਕਰੀਨਾ ਕਹੇ ਕਿ ਆਪਣੇ ਬੇਟੇ ਲਈ ਉਹ ਸਾਰੀ ਧਨ-ਦੌਲਤ ਕੁਰਬਾਨ ਕਰ ਦੇਵੇ। 'ਕੀ ਐਂਡ ਕਾ' ਫ਼ਿਲਮ ਤੋਂ ਬਾਅਦ 'ਵੀਰੇ ਦੀ ਵੈਡਿੰਗ' ਨਾਲ ਫਿਰ ਬਾਲੀਵੁੱਡ 'ਚ ਵਾਪਸੀ ਕਰ ਰਹੀ ਕਰੀਨਾ ਕਪੂਰ ਦੇ ਬੇਟੇ ਤੈਮੂਰ ਨੇ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਕਰੀਨਾ ਦੇ ਬਜਟ ਦੇ ਨਾਲ-ਨਾਲ ਹੁਣ ਨਿਰਮਾਤਾ ਨੂੰ ਉਸ ਦੇ ਬੇਟੇ ਦਾ ਬਜਟ ਵੀ ਰੱਖਣਾ ਪਵੇਗਾ। ਇਧਰ ਦਸ ਸਾਲ ਬਾਅਦ 'ਜਬ ਵੀ ਮੈਟ' ਦਾ ਦੂਸਰਾ ਹਿੱਸਾ ਬਣਨ ਦੀ ਵੀ ਖ਼ਬਰ ਹੈ। ਕਰੀਨਾ ਨੇ ਅਜੇ ਫ਼ੈਸਲਾ ਨਹੀਂ ਕੀਤਾ ਕਿ ਉਹ ਦੂਸਰੇ ਹਿੱਸੇ 'ਚ ਕੰਮ ਕਰੇਗੀ ਜਾਂ ਨਹੀਂ ਪਰ 'ਵੀਰੇ ਦੀ ਵੈਡਿੰਗ' ਦੀ ਉਡੀਕ ਕਰ ਰਹੀ ਕਰੀਨਾ ਕਪੂਰ ਖ਼ਾਨ ਨੇ ਆਪਣੇ ਬੇਟੇ ਤੈਮੂਰ ਲਈ ਫ਼ੈਸਲਾ ਕਰ ਲਿਆ ਹੈ ਕਿ ਤੈਮੂਰ ਪੜ੍ਹਾਈ ਲਈ ਇੰਗਲੈਂਡ ਦੇ ਬੋਰਡਿੰਗ ਸਕੂਲ ਜਾਏਗਾ। ਇਕ ਚੰਗੀ ਮਾਂ ਬਣ ਕਰੀਨਾ 'ਵੀਰੇ ਦੀ ਵੈਡਿੰਗ' ਦੇ ਨਾਲ-ਨਾਲ ਪੁੱਤਰ ਦੀ ਪਰਵਰਿਸ਼ ਦਾ ਵੀ ਧਿਆਨ ਰੱਖ ਰਹੀ ਹੈ।

ਪਾਲੀਵੁੱਡ ਵਾਲਿਆਂ ਦੀ ਬਾਲੀਵੁੱਡ ਹਾਰਰ ਫ਼ਿਲਮ 'ਬਲੈਕ ਨਾਈਟ'

'ਅੱਜ ਦੇ ਲਫੰਗੇ', 'ਚੰਨੋ' ਸਮੇਤ ਕਈ ਪਾਲੀਵੁੱਡ ਫ਼ਿਲਮਾਂ ਡਾਇਰੈਕਟ ਕਰਨ ਵਾਲੇ ਬਲਜਿੰਦਰ ਸਿੰਘ ਸਿੱਧੂ ਨੇ ਹੁਣ ਬਾਲੀਵੁੱਡ 'ਚ ਪ੍ਰਵੇਸ਼ ਕੀਤਾ ਹੈ। ਆਪਣੀ ਹੀ ਲਿਖੀ 'ਮਰਡਰ ਮਿਸਟਰੀ' ਕਹਾਣੀ 'ਤੇ ਉਸ ਦੀ ਪਟਕਥਾ, ਸੰਵਾਦ ਲਿਖ ਕੇ ਉਹ ਯੂ.ਬੀ.ਐਸ. ਪ੍ਰੋਡਕਸ਼ਨ ਲਈ ਪਹਿਲੀ ਹਿੰਦੀ ਫ਼ਿਲਮ 'ਬਲੈਕ ਨਾਈਟ' ਨਿਰਦੇਸ਼ਤ ਕਰ ਰਿਹਾ ਹੈ। ਬੰਗਲਾ ਮਾਡਲ ਸ਼ਰਮੀਲਾ ਸ਼ਾਹ, ਬਾਲੀਵੁੱਡ ਅਭਿਨੇਤਰੀ ਨੀਤੂ ਸਿੰਘ ਤੇ ਮਸ਼ਹੂਰ ਮਾਡਲ ਰੂਟ ਮੈਸੀ ਫ਼ਿਲਮ ਦੀਆਂ ਹੀਰੋਇਨਾਂ ਹਨ। 'ਬਲੈਕ ਨਾਈਟ' 'ਚ ਜਗਦੀਪ ਖੋਸਾ, ਪ੍ਰਦੀਪ ਸੰਧੂ, ਕਮਲਜੀਤ ਖੱਤਰੀ, ਧਰਮਪਾਲ ਬਾਲੀ ਤੇ ਦੀਪਕ ਭਾਟੀਆ ਦੇ ਨਾਲ ਰਜ਼ਾ ਮੁਰਾਦ, ਅਵਤਾਰ ਗਿੱਲ ਤੇ ਸੁਰਿੰਦਰਪਾਲ ਜਿਹੇ ਮਹਾਂਰਥੀ ਕਲਾਕਾਰ ਹਨ। ਸੰਗੀਤਕਾਰ ਸ਼ੇਖਰ ਨੇ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਹੈ। 'ਬਲੈਕ ਨਾਈਟ' 'ਚ ਗਲੈਮਰ ਤੇ ਐਕਸ਼ਨ ਦਾ ਮਿਸ਼ਰਣ ਹੋਵੇਗਾ।


-ਅੰਮ੍ਰਿਤ ਪਵਾਰ

ਅਮਨ ਮਹਿਤਾ ਲਿਆ ਰਹੇ ਹਨ 'ਤੇਰਾ ਇੰਤਜ਼ਾਰ'

ਨਵੇਂ ਨਿਰਮਾਤਾ ਅਮਨ ਮਹਿਤਾ ਤੇ ਬੀਜਲ ਮਹਿਤਾ ਨੇ ਆਪਣੀ ਪਹਿਲੀ ਫ਼ਿਲਮ ਦੇ ਤੌਰ 'ਤੇ 'ਤੇਰਾ ਇੰਤਜ਼ਾਰ' ਦਾ ਨਿਰਮਾਣ ਕੀਤਾ ਹੈ ਅਤੇ ਇਸ ਦਾ ਨਿਰਦੇਸ਼ਨ ਰਾਜੀਵ ਵਾਲੀਆ ਵਲੋਂ ਕੀਤਾ ਗਿਆ ਹੈ। ਫ਼ਿਲਮ ਵਿਚ ਅਰਬਾਜ਼ ਖਾਨ ਅਤੇ ਸਨੀ ਲਿਓਨੀ ਨੂੰ ਪਹਿਲੀ ਵਾਰ ਇਕੱਠਿਆਂ ਚਮਕਾਇਆ ਗਿਆ ਹੈ।
ਰੌਣਕ (ਸਨੀ ਲਿਓਨੀ) ਇਕ ਆਰਟ ਗੈਲੇਰੀ ਦੀ ਮਾਲਕਣ ਹੈ ਅਤੇ ਉਸ ਦੀ ਮੁਲਾਕਾਤ ਵੀਰ (ਅਰਬਾਜ਼ ਖਾਨ) ਨਾਲ ਹੁੰਦੀ ਹੈ ਜੋ ਚੰਗਾ ਚਿੱਤਰਕਾਰ ਹੈ। ਰੌਣਕ ਅਤੇ ਵੀਰ ਵਿਚਾਲੇ ਪਿਆਰ ਪੈਦਾ ਹੋਣ ਲਗਦਾ ਹੈ ਅਤੇ ਇਕ ਦਿਨ ਰੌਣਕ ਨੂੰ ਪਤਾ ਲਗਦਾ ਹੈ ਕਿ ਵੀਰ ਗ਼ਾਇਬ ਹੋ ਗਿਆ ਹੈ। ਉਹ ਵੀਰ ਨੂੰ ਲੱਭਣ ਨਿਕਲ ਪੈਂਦੀ ਹੈ ਅਤੇ ਇਸ ਭਾਲ ਦੌਰਾਨ ਉਸ ਦੀ ਮੁਲਾਕਾਤ ਇਕ ਇਸ ਤਰ੍ਹਾਂ ਦੀ ਔਰਤ (ਸੁਧਾ ਚੰਦਰਨ) ਨਾਲ ਹੁੰਦੀ ਹੈ ਜੋ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਭਾਵ ਭਵਿੱਖਵਾਣੀ ਸਹੀ ਰੂਪ ਵਿਚ ਕਰਦੀ ਹੈ। ਨਾਲ ਹੀ ਉਸ ਦੇ ਕੋਲ ਦੈਵੀ ਸ਼ਕਤੀ ਵੀ ਹੈ। ਇਸ ਔਰਤ ਦੀ ਮਦਦ ਨਾਲ ਰੌਣਕ ਨੂੰ ਵੀਰ ਦੀ ਭਾਲ ਵਿਚ ਕਾਫੀ ਮਦਦ ਮਿਲਦੀ ਹੈ। ਨਾਲ ਹੀ ਉਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਨਾਲ ਵੀ ਦੋ-ਦੋ ਹੱਥ ਹੋਣਾ ਪੈਂਦਾ ਹੈ। ਅਖੀਰ ਉਹ ਵੀਰ ਤਕ ਕਿਵੇਂ ਪਹੁੰਚਦੀ ਹੈ ਅਤੇ ਵੀਰ ਦੇ ਗਵਾਚਣ ਪਿੱਛੇ ਕੀ ਰਾਜ਼ ਸੀ, ਇਹ ਅੱਗੇ ਦਿਖਾਇਆ ਗਿਆ ਹੈ। ਜ਼ਿਆਦਾਤਰ ਤੌਰ 'ਤੇ ਮੌਰੇਸ਼ੀਅਸ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਬਾਰੇ ਅਰਬਾਜ਼ ਕਹਿੰਦੇ ਹਨ, 'ਮੈਂ 'ਦਰਾਰ' ਰਾਹੀਂ ਫ਼ਿਲਮਾਂ ਵਿਚ ਆਪਣਾ ਆਗਮਨ ਕੀਤਾ ਸੀ ਅਤੇ ਇਸ ਦੀ ਸ਼ੂਟਿੰਗ ਦਾ ਪਹਿਲਾ ਸ਼ਡਿਊਲ ਹੀ ਮੌਰੇਸ਼ੀਅਸ ਵਿਚ ਰੱਖਿਆ ਗਿਆ ਸੀ। ਹੁਣ ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਲਈ ਮੈਂ ਉਥੇ ਗਿਆ ਸੀ ਤਾਂ ਕਈ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਸਨ।'


-ਮੁੰਬਈ ਪ੍ਰਤੀਨਿਧ

ਮੁੰਬਈ ਮੇਲੇ ਵਿਚ ਹਿੱਸਾ ਲਏਗੀ ਸ਼ਿਲਪਾ ਸ਼ੈਟੀ

ਪਿਛਲੇ ਕਾਫੀ ਸਮੇਂ ਤੋਂ ਸ਼ਿਲਪਾ ਸ਼ੈਟੀ ਆਪਣੀਆਂ ਫ਼ਿਲਮਾਂ ਦੀ ਵਜ੍ਹਾ ਕਰਕੇ ਨਹੀਂ ਸਗੋਂ ਆਪਣੀ ਸਿਹਤਮੰਦੀ ਦੀ ਬਦੌਲਤ ਚਰਚਾ ਵਿਚ ਬਣੀ ਰਹੀ ਹੈ। ਨਾਲ ਹੀ ਉਹ ਸਿਹਤਮੰਦੀ ਦੇ ਪ੍ਰਚਾਰ ਵੀ ਕਰਦੀ ਰਹਿੰਦੀ ਹੈ। ਸਿਹਤਮੰਦ ਰਹਿਣ ਦਾ ਕੁਝ ਉਸੇ ਤਰ੍ਹਾਂ ਦਾ ਪ੍ਰਚਾਰ ਉਹ ਮੁੰਬਈ ਮੇਲੇ ਦੌਰਾਨ ਵੀ ਕਰੇਗੀ।
ਇਸ ਸਾਲ ਦੇ ਅਖੀਰ ਭਾਵ 28, 29 ਤੇ 30 ਦਸੰਬਰ ਨੂੰ ਮੁੰਬਈ ਵਿਚ ਇਕ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਮੁੰਬਈ ਫੈਸਟ ਨਾਂਅ ਦਿੱਤਾ ਗਿਆ ਹੈ। ਇਹ ਮਹਾਨਗਰ ਸੱਤ ਟਾਪੂਆਂ ਨੂੰ ਜੋੜ ਕੇ ਬਣਿਆ ਹੈ। ਇਸ ਲਈ ਇਸ ਸਮਾਰੋਹ ਨੂੰ ਵੀ ਸੱਤ ਵੱਖ-ਵੱਖ ਭਾਗਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਭਾਗਾਂ ਵਿਚ ਸਟ੍ਰੀਟ ਫੂਡ, ਬਾਲੀਵੁੱਡ, ਆਰਟ ਆਦਿ ਸ਼ਾਮਿਲ ਹਨ। ਸ਼ਿਲਪਾ ਸ਼ੈਟੀ ਦੇ ਨਾਲ ਮੀਕਾ ਸਿੰਘ, ਕੀਕੂ ਸ਼ਾਰਦਾ ਤੇ ਕਈ ਫੈਸ਼ਨ ਡਿਜ਼ਾਈਨਰ ਵੀ ਇਸ ਵਿਚ ਹਿੱਸਾ ਲੈਣਗੇ।
ਸ਼ਿਲਪਾ ਸ਼ੈਟੀ ਤਿੰਨ ਦਿਨ ਦੇ ਇਸ ਸਮਾਰੋਹ ਵਿਚ ਹਿੱਸਾ ਲੈ ਕੇ ਯੋਗ ਦਾ ਪ੍ਰਚਾਰ ਕਰੇਗੀ। ਉਹ ਕਹਿੰਦੀ ਹੈ, 'ਇਸ ਸ਼ਹਿਰ ਦੇ ਵਾਸੀਆਂ ਦੀ ਜ਼ਿੰਦਗੀ ਭੱਜ-ਦੌੜ ਨਾਲ ਭਰੀ ਹੋਈ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਲਈ ਯੋਗ ਦੀ ਜ਼ਰੂਰਤ ਹੈ ਅਤੇ ਮੈਂ ਇਸ ਸਮਾਰੋਹ ਜ਼ਰੀਏ ਮੁੰਬਈ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਯੋਗ ਦੀ ਮਦਦ ਨਾਲ ਕਿਸ ਤਰ੍ਹਾਂ ਸ਼ਾਂਤੀ ਹਾਸਲ ਕੀਤੀ ਜਾ ਸਕਦੀ ਹੈ। ਦੂਜੀ ਗੱਲ ਇਹ ਕਿ ਅੱਜ ਮੈਂ ਜੋ ਕੁਝ ਵੀ ਹਾਂ, ਉਹ ਇਸ ਸ਼ਹਿਰ ਦੀ ਵਜ੍ਹਾ ਕਰਕੇ ਹਾਂ। ਇਸ ਸ਼ਹਿਰ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਹੁਣ ਮੇਰੇ ਲਈ ਇਸ ਸ਼ਹਿਰ ਨੂੰ ਆਪਣੇ ਪਾਸੋਂ ਕੁਝ ਵਾਪਸ ਕਰਨ ਦਾ ਸਮਾਂ ਆ ਗਿਆ ਹੈ। ਸੋ, ਮੈਂ ਸ਼ਹਿਰ ਦੇ ਲੋਕਾਂ ਵਿਚ ਯੋਗ ਨੂੰ ਪ੍ਰਚਾਰਿਤ ਕਰਨਾ ਚਾਹੁੰਦੀ ਹਾਂ। ਮੈਂ ਇਥੇ ਇਕ ਗੱਲ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਬਾਰੇ ਗੂਗਲ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੇਰਾ ਜਨਮ ਮੰਗਲੌਰ ਵਿਚ ਹੋਇਆ ਸੀ ਪਰ ਇਹ ਗ਼ਲਤ ਜਾਣਕਾਰੀ ਹੈ। ਮੈਂ ਮੁੰਬਈ ਵਿਚ ਪੈਦਾ ਹੋਈ ਸੀ ਅਤੇ ਮੈਂ ਪੂਰੀ ਤਰ੍ਹਾਂ ਨਾਲ ਮੁੰਬਈ ਦੀ ਹਾਂ। ਇਸ ਤਰ੍ਹਾਂ ਜਦੋਂ ਇਸ ਸ਼ਹਿਰ ਦੀਆਂ ਖੂਬੀਆਂ ਦਿਖਾਉਂਦਾ ਇਹ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਇਸ ਵਿਚ ਸਹਿਯੋਗ ਦੇਣਾ ਮੇਰਾ ਨੈਤਿਕ ਫ਼ਰਜ਼ ਬਣ ਜਾਂਦਾ ਹੈ।'


-ਪੰਨੂੰ

ਭਾਰਤੀ ਟੀ. ਵੀ. ਜਗਤ ਦਾ ਸਭ ਤੋਂ ਮਹਿੰਗਾ ਲੜੀਵਾਰ- ਪੋਰਸ

ਭਾਰਤੀ ਟੀ. ਵੀ. ਸਨਅਤ 'ਚ ਜਿੱਥੇ ਘਰੇਲੂ ਮਾਮਲਿਆਂ ਵਾਲੇ ਲੜੀਵਾਰ ਜ਼ਿਆਦਾਤਰ ਬਣਦੇ ਹਨ ਉੱਥੇ ਦੇਸ਼ ਦੇ ਇਤਿਹਾਸ ਨਾਲ ਸਬੰਧਤ ਮਹਾਨ ਯੋਧਿਆਂ ਅਤੇ ਵੱਡੀਆਂ ਘਟਨਾਵਾਂ 'ਤੇ ਵੀ ਲੜੀਵਾਰ ਬਣ ਰਹੇ ਹਨ। ਸਵਾਤਵਿਕ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਸਿਧਾਰਥ ਕੁਮਾਰ ਤਿਵਾੜੀ ਵਲੋਂ ਭਾਰਤੀ ਇਤਿਹਾਸ ਦੇ ਮਹਾਨ ਯੋਧੇ 'ਪੋਰਸ' ਦੇ ਨਾਂਅ 'ਤੇ ਹਿੰਦੀ ਲੜੀਵਾਰ ਬਣਾਇਆ ਗਿਆ ਹੈ। ਇਸ ਦਾ ਅਨੁਮਾਨਤ ਬੱਜਟ 500 ਕਰੋੜ ਦਾ ਹੈ, ਜੋ ਭਾਰਤੀ ਟੀ. ਵੀ. ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਲੜੀਵਾਰ ਬਣਨ ਜਾ ਰਿਹਾ ਹੈ। ਇਸ ਲੜੀਵਾਰ ਦੀ ਪੰਜਾਬ ਨਾਲ ਇਕ ਸਾਂਝ ਇਹ ਹੈ ਕਿ ਇਸ ਦਾ ਨਿਰਦੇਸ਼ਕ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਅਤੇ ਮਾਨਸਾ ਸ਼ਹਿਰ ਦਾ ਦੋਹਤਾ ਕਮਲ ਹੈ ਅਤੇ ਇਸ ਦੇ ਨਾਲ ਪੰਜਾਬੀ ਫ਼ਿਲਮਾਂ ਦਾ ਨਾਇਕ ਤੇ ਮਾਨਸਾ ਸ਼ਹਿਰ ਦਾ ਜੰਮਪਲ ਅਮਨ ਧਾਲੀਵਾਲ ਇਸ ਲੜੀਵਾਰ 'ਚ ਅਹਿਮ ਤੇ ਮੋਹਰੀ ਕਿਰਦਾਰ ਨਿਭਾਅ ਰਿਹਾ ਹੈ। ਇਸ ਲੜੀਵਾਰ ਨਾਲ ਸਬੰਧਤ ਨਿਰਮਾਣ ਟੀਮ ਨੇ ਲੰਬਾ ਸਮਾਂ ਖੋਜ ਕੀਤੀ, ਜਿਸ ਅਨੁਸਾਰ ਇਸ ਦੇ ਸੈੱਟ ਤਿਆਰ ਕੀਤੇ ਗਏ ਹਨ। ਅਦਾਕਾਰਾਂ ਲਈ ਪੁਸ਼ਾਕਾਂ, ਗਹਿਣੇ ਅਤੇ ਹੋਰ ਸਮੱਗਰੀ ਪੋਰਸ ਦੇ ਕਾਲ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਲੜੀਵਾਰ 'ਚ ਟੀ. ਵੀ. ਜਗਤ ਦੇ ਨਾਮਵਰ ਅਦਾਕਾਰ ਰਤੀ ਪਾਂਡੇ, ਮੋਹਿਤ ਅਬਰੋਲ, ਅਮਨ ਧਾਲੀਵਾਲ, ਪ੍ਰਨੀਤ ਭੱਟ ਤੇ ਅਕਾਂਕਸ਼ਾ ਜੁਨੇਜਾ ਵਰਗੇ ਮੋਹਰੀ ਕਿਰਦਾਰ ਨਿਭਾਅ ਰਹੇ ਹਨ। ਇਹ ਲੜੀਵਾਰ ਭਾਰਤ ਦੇ ਮਹਾਨ ਸ਼ਾਸਕ ਪੋਰਸ ਦੇ ਰਾਜ ਭਾਗ ਦੀ ਸਥਾਪਨਾ, ਇਸ ਤੋਂ ਪਹਿਲਾਂ ਅਤੇ ਬਾਅਦ ਦੇ ਹਾਲਾਤ ਨੂੰ ਪੂਰੀ ਬਾਰੀਕੀ ਨਾਲ ਪੇਸ਼ ਕਰੇਗਾ। ਅਦਾਕਾਰ ਅਮਨ ਧਾਲੀਵਾਲ ਨੇ ਦੱਸਿਆ ਕਿ ਇਸ ਲੜੀਵਾਰ 'ਚ ਉਹ ਪੌਰਵ ਰਾਸ਼ਟਰ ਦੇ ਰਾਜੇ ਬਮਨੀ ਦੇ ਵੱਡੇ ਭਰਾ ਸ਼ਿਵ ਦੱਤ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਬਮਨੀ ਦੇ ਰਾਜ ਦਾ ਸੂਤਰਧਾਰ ਹੁੰਦਾ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ

19 ਨਵੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਦਾਰਾ ਸਿੰਘ ਨਹੀਂ ਕਿਸੇ ਨੇ ਬਣ ਜਾਣਾ

ਪਹਿਲਵਾਨੀ ਤੇ ਫ਼ਿਲਮੀ ਖੇਤਰ ਦੇ ਚਿਰਾਗ਼ ਇਸ ਹਸਤੀ ਦਾ ਜਨਮ 19 ਨਵੰਬਰ, 1928 ਨੂੰ ਪਿਤਾ ਸੂਰਤ ਸਿੰਘ ਦੇ ਘਰ ਅਤੇ ਮਾਤਾ ਬਲਵੰਤ ਕੌਰ ਦੀ ਕੁੱਖੋਂ ਹੋਇਆ। ਚੌੜੀ ਛਾਤੀ ਅਤੇ 6 ਫੁੱਟ 2 ਇੰਚ ਕੱਦ ਦੇ ਲੰਮ-ਸਲੰਮੇ ਇਸ ਨੌਜਵਾਨ ਦਾ ਖ਼ੁਆਬ ਛੋਟੀ ਉਮਰ 'ਚ ਹੀ ਪਹਿਲਵਾਨ ਬਣਨ ਦਾ ਸੀ। ਦਾਰਾ ਸਿੰਘ ਦੇ ਪਿਤਾ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਪਹਿਲਵਾਨ ਦਾ ਅੰਤਿਮ ਵਕਤ ਅਤਿ-ਮੁਸ਼ਕਿਲਾਂ ਭਰਿਆ ਬੀਤਦਾ ਹੈ। ਫਿਰ ਇਨ੍ਹਾਂ ਦੇ ਚਾਚੇ ਨੇ ਭਤੀਜ ਦੀ ਇਸ ਤਾਂਘ ਨੂੰ ਵੇਖਦਿਆਂ, ਇਨ੍ਹਾਂ ਨੂੰ ਥਾਪੀ ਦੇ ਕੇ ਕੁਸ਼ਤੀ ਦੇ ਮੈਦਾਨ ਵਿਚ ਧਾਵੇ ਬੋਲਣ ਲਈ ਵਧੇਰੇ ਹੌਸਲਾ ਅਫ਼ਜਾਈ ਕੀਤੀ। ਭਾਵੇਂ ਦਾਰਾ ਸਿੰਘ ਨੂੰ ਉਸ ਸਮੇਂ ਸਿਰਫ਼ ਪੰਜਾਬੀ ਹੀ ਬੋਲਣੀ ਆਉਂਦੀ ਸੀ ਪਰ ਪਰਾਏ ਦੇਸ਼ 'ਚ ਆਈਆਂ ਔਕੜਾਂ ਕਾਰਨ ਇਸ ਬੁੱਧੀਜੀਵੀ ਸ਼ਖ਼ਸ ਨੇ ਸਾਰੀਆਂ ਭਾਸ਼ਾਵਾਂ ਦ੍ਰਿੜ੍ਹ ਇਰਾਦੇ ਨਾਲ ਛੇਤੀ ਤੋਂ ਛੇਤੀ ਪੂਰੀ ਮਿਹਨਤ ਨਾਲ ਸਿੱਖੀਆਂ। ਇਨ੍ਹਾਂ ਨੇ ਆਪਣੇ ਜੀਵਨ ਵਿਚ ਕਦੇ ਵੀ, ਕਿਸੇ ਵੀ ਪ੍ਰੇਸ਼ਾਨੀ ਨਾਲ ਸਮਝੌਤਾ ਨਹੀਂ ਕੀਤਾ।
ਸੰਨ 1959 ਵਿਚ ਉੱਚ-ਕੋਟੀ ਅਤੇ ਸਿਰੇ ਦੇ ਪਹਿਲਵਾਨ ਦਾਰਾ ਸਿੰਘ ਨੇ 'ਰੁਸਤਮ-ਏ-ਹਿੰਦ' ਅਤੇ 1968 ਵਿਚ 'ਰੁਸਤਮ-ਏ-ਜਹਾਂ' ਬਣ ਕੇ ਆਪਣੇ ਮੁਲਕ ਦਾ ਨਾਂਅ ਸਾਰੇ ਸੰਸਾਰ ਵਿਚ ਚਮਕਾ ਦਿੱਤਾ।
ਧਰੁਵ ਤਾਰੇ ਵਾਂਗ ਚਮਕਦੇ ਦਾਰਾ ਸਿੰਘ ਦੀਆਂ ਸੁਪਰ-ਹਿੱਟ ਫ਼ਿਲਮਾਂ ਦੀ ਲੰਮੀ ਸੂਚੀ ਵਿਚੋਂ ਕੁਝ ਫ਼ਿਲਮਾਂ ਦਾ ਜ਼ਿਕਰ ਤੁਹਾਡੇ ਰੂ-ਬੂ-ਰੂ ਇਸ ਤਰ੍ਹਾਂ ਹੈ : ਸੰਨ 1952 'ਸੰਗਦਿਲ', 1955 'ਪਹਿਲੀ ਝਲਕ', 1962 'ਕਿੰਗਕਾਂਗ', 1965 'ਲੁਟੇਰਾ', 'ਸਿੰਕਦਰ-ਏ-ਆਜ਼ਮ', 1970 'ਆਨੰਦ', 'ਮੇਰਾ ਨਾਮ ਜੋਕਰ', 1973 'ਮੇਰਾ ਦੋਸਤ ਮੇਰਾ ਧਰਮ', 1974 'ਕੁੰਵਾਰਾ ਬਾਪ', 1976 'ਜੈ ਬਜਰੰਗ ਬਲੀ', 1978 'ਨਲਾਇਕ', 'ਭਗਤੀ ਮੇਂ ਸ਼ਕਤੀ', 1985 'ਮਰਦ', 1986 'ਕਰਮਾ', 'ਕ੍ਰਿਸ਼ਨਾ-ਕ੍ਰਿਸ਼ਨਾ', 1988 'ਮਹਾਂਵੀਰਾਂ', 1989 'ਘਰਾਣਾ', 1992 'ਪ੍ਰੇਮ ਦੀਵਾਨੇ', 1994 'ਕਰਨ', 1995 'ਰਾਮ ਸ਼ਸਤਰ', 1997 'ਲਵ ਕੁਸ਼', 1999 'ਦਿਲ-ਲਗੀ', 'ਜ਼ੁਲਮੀ', 2000 'ਦੁਲਹਨ ਹਮ ਲੇ ਜਾਏਂਗੇ', 2001 'ਫਰਜ਼', 2002 'ਸ਼ਰਾਰਤ', ਅਤੇ 2007 ਵਿਚ 'ਜਬ ਵੀ ਮੈਟ', ਆਦਿ ਫ਼ਿਲਮਾਂ ਨਾਲ ਸਿਨੇਮਾਂ ਘਰ ਦੀ ਸਕਰੀਨ 'ਤੇ ਛਾਉਣ ਵਾਲੇ ਇਹ ਸੁਪਰ-ਸਟਾਰ ਵੱਖ-ਵੱਖ ਕਿਰਦਾਰਾਂ ਜ਼ਰੀਏ ਦਰਸ਼ਕਾਂ ਤੋਂ ਅਣਚਾਹੀ ਸ਼ੋਭਾ ਖੱਟ ਚੁੱਕੇ ਹਨ।


-ਦਰਦੀ ਸਰਬਜੀਤ
ਪੱਤੀ ਰੋਡ, ਬਰਨਾਲਾ - 148101.
ਈ-ਮੇਲ :dardisarbjeet@gmail.com

ਚੰਗੀ ਭੂਮਿਕਾ ਦਾ ਇੰਤਜ਼ਾਰ ਹੁਣ ਖ਼ਤਮ ਹੋਇਆ : ਅਮਿਤ ਗੌਰ

ਬਾਇਓਪਿਕ ਦੇ ਅੱਜ ਦੇ ਦੌਰ ਵਿਚ ਨਾਮੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਵੀ ਹੁਣ ਫ਼ਿਲਮ ਬਣ ਰਹੀ ਹੈ। ਸ਼ਾਦ ਅਲੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦੋਸਾਂਝ ਵਲੋਂ ਸੰਦੀਪ ਸਿੰਘ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਫ਼ਿਲਮ ਦਾ ਨਾਂਅ 'ਫਲਿੱਕਰ ਸਿੰਘ' ਰੱਖਿਆ ਗਿਆ ਹੈ।
ਮਾਡਲਿੰਗ ਤੋਂ ਅਭਿਨੈ ਦੀ ਦੁਨੀਆ ਵਿਚ ਆਪਣਾ ਆਗਮਨ ਕਰਨ ਵਾਲੇ ਅਮਿਤ ਦੀ ਇਹ ਦੂਜੀ ਫ਼ਿਲਮ ਹੈ। ਜਾਨ ਅਬਰਾਹਮ ਨੂੰ ਚਮਕਾਉਂਦੀ 'ਫੋਰਸ' ਰਾਹੀਂ ਉਨ੍ਹਾਂ ਨੇ ਬਾਲੀਵੁੱਡ ਵਿਚ ਆਗਮਨ ਕੀਤਾ ਸੀ। ਸਾਲ 2011 ਵਿਚ ਆਈ ਇਸ ਫ਼ਿਲਮ ਵਿਚ ਅਮਿਤ ਵਲੋਂ ਨਾਰਕੋਟਿਕ ਇੰਸਪੈਕਟਰ ਦੀ ਭੂਮਿਕਾ ਨਿਭਾਈ ਗਈ ਸੀ। 'ਫੋਰਸ' ਤੋਂ ਬਾਅਦ ਹੁਣ ਉਹ ਫਿਰ ਇਕ ਵਾਰ ਕੈਮਰੇ ਸਾਹਮਣੇ ਆਏ ਹਨ। ਆਪਣੀਆਂ ਦੋ ਫ਼ਿਲਮਾਂ ਵਿਚਾਲੇ ਲੰਬੇ ਸਮੇਂ ਦੇ ਵਖਵੇ ਬਾਰੇ ਉਹ ਕਹਿੰਦੇ ਹਨ, 'ਮੇਰੇ ਫ਼ਿਲਮੀ ਕੈਰੀਅਰ ਦੀ ਪਹਿਲੀ ਫ਼ਿਲਮ 'ਫੋਰਸ' ਵਿਚ ਮੇਰੀ ਪ੍ਰਭਾਵਸ਼ਾਲੀ ਭੂਮਿਕਾ ਸੀ। ਮੇਰੇ ਕੰਮ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ। ਉਦੋਂ ਮੇਰੇ ਪ੍ਰਸੰਸਕਾਂ ਨੇ ਇਹ ਸਲਾਹ ਦਿੱਤੀ ਸੀ ਕਿ ਇਸ ਤਰ੍ਹਾਂ ਦੀਆਂ ਪ੍ਰਭਾਵੀ ਭੂਮਿਕਾਵਾਂ ਦੇ ਦਮ 'ਤੇ ਮੈਨੂੰ ਬਾਲੀਵੁੱਡ ਵਿਚ ਅੱਗੇ ਵਧਣਾ ਹੋਵੇਗਾ। ਮੈਂ ਗ਼ੈਰ-ਫ਼ਿਲਮੀ ਪਰਿਵਾਰ ਤੋਂ ਹਾਂ। ਇਥੇ ਮੇਰਾ ਕੋਈ ਗਾਡਫਾਦਰ ਨਹੀਂ ਹੈ। ਮੈਂ ਆਪਣੇ ਕੰਮ ਜ਼ਰੀਏ ਹੀ ਅੱਗੇ ਦਾ ਰਸਤਾ ਬਣਾਉਣਾ ਸੀ। ਸੋ, ਮੈਂ ਚੰਗੀਆਂ ਭੂਮਿਕਾਵਾਂ ਦਾ ਇੰਤਜ਼ਾਰ ਕਰਨ ਲੱਗਿਆ। ਮੈਨੂੰ ਦਾਲ-ਰੋਟੀ ਦੀ ਚਿੰਤਾ ਨਹੀਂ ਸੀ ਕਿਉਂਕਿ ਮੇਰੀ ਹੈਲਥ ਫੂਡ ਦੀ ਕੰਪਨੀ ਹੈ। ਇਸ ਦੌਰਾਨ ਮੈਂ ਚੈਨਲ 'ਵੀ' ਦੇ ਸ਼ੋਅ 'ਸਵੀਮ ਟੀਮ' ਵਿਚ ਕੰਮ ਕੀਤਾ ਅਤੇ ਇਸ ਨੂੰ ਵੀ ਚੰਗਾ ਹੁੰਗਾਰਾ ਮਿਲਿਆ। ਚੰਗੇ ਕੰਮ ਦੀ ਭੁੱਖ ਨੇ ਮੈਨੂੰ ਫਾਲਤੂ ਭੂਮਿਕਾਵਾਂ ਤੋਂ ਰੋਕਿਆ ਅਤੇ ਮੇਰੇ ਮਨ ਵਿਚ ਵੀ ਇਹ ਵਿਸ਼ਵਾਸ ਸੀ ਕਿ ਇਕ ਦਿਨ ਤਾਂ ਮੇਰੀ ਪ੍ਰਤਿਭਾ ਦੀ ਕਦਰ ਹੋਵੇਗੀ ਹੀ। ਆਖਿਰ ਸ਼ਾਦ ਅਲੀ ਨੇ ਮੈਨੂੰ ਬੁਲਾਇਆ ਅਤੇ ਆਪਣੀ ਫ਼ਿਲਮ ਦੀ ਪੇਸ਼ਕਸ਼ ਕੀਤੀ। ਚੰਗੀ ਭੂਮਿਕਾ ਦਾ ਇੰਤਜ਼ਾਰ ਹੁਣ ਖ਼ਤਮ ਹੋਇਆ ਹੈ। ਮੈਂ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹੀ ਹਾਂ। ਇਹ ਇਕ ਨਾਮੀ ਸਪੋਰਟਸਮੈਨ 'ਤੇ ਬਣ ਰਹੀ ਹੈ ਅਤੇ ਮੈਂ ਖ਼ੁਦ ਵੀ ਇਕ ਸਪੋਰਟਸਮੈਨ ਹਾਂ।'


-ਇੰਦਰਮੋਹਨ ਪੰਨੂੰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX