ਤਾਜਾ ਖ਼ਬਰਾਂ


ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  29 minutes ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  38 minutes ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਹੋਰ ਖ਼ਬਰਾਂ..

ਖੇਡ ਜਗਤ

ਚੌਥੀ ਵਾਰ ਫਾਰਮੂਲਾ ਵੰਨ ਵਿਸ਼ਵ ਚੈਂਪੀਅਨ ਬਣੇ

ਲੂਈਸ ਹੈਮਿਲਟਨ ਨੇ ਕਾਇਮ ਕੀਤੀ ਬਾਦਸ਼ਾਹਤ

ਰਫਤਾਰ ਦੀ ਖੇਡ ਫਾਰਮੂਲਾ ਵੰਨ ਦਾ ਸਾਲ 2017 ਦਾ ਸੀਜ਼ਨ ਉਹ ਗੱਲ ਪੱਕੀ ਕਰ ਗਿਆ ਹੈ, ਜਿਸ ਦਾ ਅੰਦਾਜ਼ਾ ਪਿਛਲੇ ਕਈ ਸਾਲਾਂ ਤੋਂ ਲਗਦਾ ਆ ਰਿਹਾ ਸੀ। ਕਾਰ ਰੇਸਿੰਗ ਦੀ ਇਸ ਨਿਵੇਕਲੀ ਖੇਡ ਵਿਚ ਲੂਈਸ ਹੈਮਿਲਟਨ ਨੇ ਆਪਣਾ ਜ਼ਬਰਦਸਤ ਰਿਕਾਰਡ ਬਰਕਰਾਰ ਰੱਖਦੇ ਹੋਏ ਚੌਥੀ ਵਾਰ ਵਿਸ਼ਵ ਖਿਤਾਬ ਜਿੱਤ ਲਿਆ ਹੈ ਅਤੇ ਰਫ਼ਤਾਰ ਦੀ ਖੇਡ ਦੇ ਵਿਸ਼ਵ ਚੈਂਪੀਅਨ ਬਾਦਸ਼ਾਹ ਅਤੇ ਆਪਣੇ ਸਮੇਂ ਦੇ ਸਭ ਤੋਂ ਬਿਹਤਰੀਨ ਕਾਰ ਰੇਸਿੰਗ ਡਰਾਈਵਰ ਵਜੋਂ ਆਪਣਾ ਨਾਂਅ ਪੱਕਾ ਕਰ ਦਿੱਤਾ ਹੈ। ਬ੍ਰਿਟੇਨ ਦੇ ਲੂਈਸ ਹੈਮਿਲਟਨ ਇਸ ਸੀਜ਼ਨ ਦੀਆਂ ਦੋ ਰੇਸ ਰਹਿੰਦਿਆਂ ਚੌਥੀ ਵਾਰ ਫਾਰਮੂਲਾ ਵੰਨ ਵਿਸ਼ਵ ਚੈਂਪੀਅਨ ਬਣ ਗਏ ਹਨ। ਸਾਲ 2008 ਵਿਚ ਬ੍ਰਿਟੇਨ ਦੇਸ਼ ਦੀ ਆਪਣੀ ਘਰੇਲੂ ਟੀਮ 'ਮੈਕਲਾਰੇਨ' ਦੇ ਨਾਲ ਆਪਣਾ ਪਹਿਲਾ ਖਿਤਾਬ ਜਿੱਤਣ ਵਾਲੇ 32 ਸਾਲਾ ਹੈਮਿਲਟਨ ਨੇ ਹੁਣ ਤੱਕ 207 ਰੇਸਾਂ ਵਿਚ 62 ਜਿੱਤਾਂ ਹਾਸਲ ਕੀਤੀਆਂ ਹਨ, ਜੋ ਕਿ ਆਪਣੇ-ਆਪ ਵਿਚ ਇਕ ਹੋਰ ਕਾਮਯਾਬੀ ਹੈ। ਇਸੇ ਦੌਰਾਨ ਹੈਮਿਲਟਨ ਨੇ ਇਕ ਸੀਜ਼ਨ ਵਿਚ 11 ਜਿੱਤਾਂ ਦੇ ਨਾਲ ਹੀ ਮਾਈਕਲ ਸ਼ੂਮਾਕਰ ਅਤੇ ਸਬੈਸਟਿਅਨ ਵੈੱਟਲ ਦੀ ਬਰਾਬਰੀ ਪਹਿਲਾਂ ਹੀ ਕੀਤੀ ਹੋਈ ਹੈ। ਲੂਈਸ ਹੈਮਿਲਟਨ ਦੀ ਖਿਤਾਬੀ ਜਿੱਤ ਦੀ ਇਕ ਖਾਸ ਗੱਲ ਇਹ ਵੀ ਸੀ ਕਿ ਹੈਮਿਲਟਨ ਨੇ ਸਾਰਾ ਸੀਜ਼ਨ ਅਗੇਤ ਬਣਾਈ ਰੱਖੀ ਅਤੇ ਕਦੇ ਵੀ ਅਜਿਹਾ ਨਹੀਂ ਲੱਗਿਆ ਕਿ ਕੋਈ ਹੋਰ ਡਰਾਈਵਰ ਅੰਕ ਸੂਚੀ ਵਿਚ ਉਸ ਨੂੰ ਪਿੱਛੇ ਕਰ ਸਕੇਗਾ।
ਲੂਈਸ ਹੈਮਿਲਟਨ ਨੂੰ ਫਾਰਮੂਲਾ ਵੰਨ ਦਾ ਵਿਸ਼ਵ ਖਿਤਾਬ ਜਿਤਾਉਣ ਵਾਲੇ ਇਸ ਸੀਜ਼ਨ ਦੀ ਖਾਸ ਗੱਲ ਇਹ ਵੀ ਸੀ ਕਿ ਇਸ ਰੇਸ ਦੌਰਾਨ ਸਿਰਫ ਸਾਬਕਾ ਵਿਸ਼ਵ ਖਿਤਾਬ ਜੇਤੂ ਜਰਮਨੀ ਦੇ ਸਬੈਸਟੀਅਨ ਵੈਟਲ ਨੇ ਹੀ ਤਕੜੀ ਟੱਕਰ ਦਿੱਤੀ, ਪਰ ਅੰਤ ਨੂੰ ਉਹ ਹੈਮਿਲਟਨ ਤੋਂ ਪਛੜ ਗਏ। ਫਾਰਮੂਲਾ ਵੰਨ ਇਕ ਅਜਿਹੀ ਖੇਡ ਹੈ, ਜਿਸ ਵਿਚ ਇਕ ਡਰਾਈਵਰ ਜਦੋਂ ਰੇਸ ਲਈ ਜਾਂਦਾ ਹੈ ਤਾਂ ਉਸ ਉੱਤੇ ਬਹੁਤ ਦਬਾਅ ਹੁੰਦਾ ਹੈ, ਪਰ ਹੈਮਿਲਟਨ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ ਸਾਰਾ ਸੀਜ਼ਨ ਆਪਣੇ ਟੀਚੇ ਉੱਤੇ ਧਿਆਨ ਟਿਕਾਈ ਰੱਖਿਆ। ਹੈਮਿਲਟਨ ਨੇ ਇਕ ਰਾਕੇਟ ਵਾਂਗ ਸ਼ੁਰੂਆਤ ਕੀਤੀ, ਜੋ ਸ਼ਾਇਦ ਉਸ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਸ਼ੁਰੂਆਤ ਸੀ। ਉਸ ਦੀ ਟੀਮ 'ਮਰਸੀਡੀਜ਼' ਦੀ ਵੀ ਤਾਰੀਫ਼ ਕਰਨੀ ਬਣਦੀ ਹੈ, ਜਿਸ ਨੇ ਇਕ ਸ਼ਾਨਦਾਰ ਕਾਰ ਤਿਆਰ ਕੀਤੀ, ਜਿਸ ਰਾਹੀਂ ਉਸ ਦੇ ਦੋਵੇਂ ਡਰਾਈਵਰ ਹੈਮਿਲਟਨ ਅਤੇ ਬੋਟਾਸ ਉੱਪਰਲੇ ਸਥਾਨਾਂ ਉੱਤੇ ਆਉਂਦੇ ਰਹੇ। ਖਿਤਾਬੀ ਅੰਕ ਸੂਚੀ ਵਿਚ ਲੂਈਸ ਹੈਮਿਲਟਨ ਤੋਂ ਬਾਅਦ ਸਬੈਸਟੀਅਨ ਵੈਟਲ ਦੂਜੇ ਨੰਬਰ ਉੱਤੇ ਆਏ ਹਨ। ਇਸ ਦੌਰਾਨ ਫਾਰਮੂਲਾ ਵੰਨ ਵਿਚ ਭਾਰਤ ਦੇਸ਼ ਦਾ ਪ੍ਰਦਰਸ਼ਨ ਇਸ ਵਾਰ ਅੰਕਾਂ ਦੇ ਹਿਸਾਬ ਨਾਲ ਕੁਝ ਸੁਧਾਰ ਲੈ ਕੇ ਆਇਆ। ਇਸ ਖੇਡ ਵਿਚਲੀ ਇਕਲੌਤੀ ਭਾਰਤੀ ਟੀਮ ਸਹਾਰਾ ਫੋਰਸ ਇੰਡੀਆ 'ਕੰਸਟਰਕਟਰਸ' ਭਾਵ ਕਾਰ ਬਣਾਉਣ ਵਾਲੀਆਂ ਕੰਪਨੀਆਂ ਦੀ ਚੈਂਪੀਅਨਸ਼ਿਪ ਵਿਚ ਚੌਥੇ ਸਥਾਨ ਉੱਤੇ ਰਹੀ। ਪਿਛਲੇ ਸਾਲ ਵੀ ਫੋਰਸ ਇੰਡੀਆ ਟੀਮ ਚੌਥੇ ਸਥਾਨ ਉੱਤੇ ਰਹੀ ਸੀ ਪਰ ਉਦੋਂ ਉਸ ਨੇ ਐਤਕੀਂ ਵਾਰ ਨਾਲੋਂ ਘੱਟ ਅੰਕ ਹਾਸਲ ਕੀਤੇ ਸਨ। ਰਿਕਾਰਡ ਭਾਵੇਂ ਜਿੰਨੇ ਮਰਜ਼ੀ ਬਣੇ ਹੋਣ ਪਰ ਕੁੱਲ ਮਿਲਾ ਕੇ ਇਹ ਸੀਜ਼ਨ ਲੂਈਸ ਹੈਮਿਲਟਨ ਦੇ ਨਾਂਅ ਹੀ ਕਿਹਾ ਜਾਵੇਗਾ, ਜਿਨ੍ਹਾਂ ਸ਼ਾਨਦਾਰ ਖਿਤਾਬੀ ਜਿੱਤ ਰਾਹੀਂ ਰਫਤਾਰ ਦੀ ਖੇਡ ਫ਼ਾਰਮੂਲਾ ਵੰਨ ਦੇ ਬਾਦਸ਼ਾਹ ਵਜੋਂ ਆਪਣਾ ਮੁਕਾਮ ਪੱਕਾ ਕਰ ਦਿੱਤਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਪਹਿਲੀ ਮੈਰਾਥਨ ਤੋਂ ਅਜੋਕੀ ਮੈਰਾਥਨ ਤੱਕ

ਪਹਿਲੀਆਂ ਉਲੰਪਿਕ ਖੇਡਾਂ ਤੋਂ ਹੁਣ ਤੱਕ ਲੱਖਾਂ-ਕਰੋੜਾਂ ਦੌੜਾਕ ਵੱਖ-ਵੱਖ ਦੌੜ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਹਨ। ਉਨ੍ਹਾਂ ਦੌੜ ਮੁਕਾਬਲਿਆਂ 'ਚੋਂ ਕੇਵਲ ਮੈਰਾਥਨ ਦੌੜ ਦੀ ਗੱਲ ਕਰਦੇ ਹਾਂ। 490 ਪੂ: ਈ: ਵਿਚ ਪਰਸ਼ੀਆ ਨੇ ਏਥਨਜ਼ 'ਤੇ ਹਮਲਾ ਕਰਨ ਲਈ ਆਪਣੀ ਫੌਜ ਯੂਨਾਨ ਦੇ ਸਰਹੱਦੀ ਪਿੰਡ ਮੈਰਾਥਨ ਵਿਚ ਉਤਾਰੀ। ਮੈਰਾਥਨ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ 25 ਕੁ ਮੀਲ ਦੂਰ ਹੈ। ਉਦੋਂ ਮੈਰਾਥਨ ਛੋਟਾ ਜਿਹਾ ਪਿੰਡ ਸੀ, ਜੋ ਹੁਣ ਸ਼ਹਿਰ ਹੈ, ਜਿਸ ਦੀ ਅਜੋਕੀ ਆਬਾਦੀ ਦਸ ਹਜ਼ਾਰ ਦੇ ਆਸ-ਪਾਸ ਹੈ। ਯੂਨਾਨ ਦੇ ਜਰਨੈਲ ਨੇ ਆਪਣੇ ਉਲੰਪਿਕ ਦੌੜਾਕ ਫਿਡੀਪੀਡੀਸ ਨੂੰ ਸਪਾਰਟਾ ਤੋਂ ਮਦਦ ਲੈਣ ਲਈ ਦੌੜਾਇਆ। ਉਹ ਦੌੜਦਾ, ਦਰਿਆ ਤੈਰਦਾ ਤੇ ਪਹਾੜੀਆਂ ਦੀਆਂ ਚੋਟੀਆਂ ਚੜ੍ਹਦਾ ਸਪਾਰਟਾ ਅੱਪੜਿਆ। ਮਦਦ ਲਈ ਸੁਨੇਹਾ ਦੇ ਕੇ ਵਾਪਸ ਏਥਨਜ਼ ਆਇਆ। ਬਿਨਾਂ ਆਰਾਮ ਕੀਤੇ ਉਸ ਨੂੰ ਫੌਜ ਨਾਲ ਮੈਰਾਥਨ ਵੱਲ ਕੂਚ ਕਰਨਾ ਪਿਆ। ਮੈਰਾਥਨ ਦੇ ਮੈਦਾਨ ਵਿਚ ਜੰਮ ਕੇ ਲੜਾਈ ਹੋਈ, ਜਿਸ ਵਿਚ ਯੂਨਾਨੀ ਜਿੱਤ ਗਏ।
ਜਰਨੈਲ ਨੇ ਜਿੱਤ ਦਾ ਸਮਾਚਾਰ ਤੁਰੰਤ ਏਥਨਜ਼ ਪੁਚਾਉਣ ਲਈ ਥੱਕੇ-ਟੁੱਟੇ ਫਿਡੀਪੀਡੀਸ ਨੂੰ ਮੁੜ ਏਥਨਜ਼ ਵੱਲ ਦੌੜਾਇਆ। ਦੌੜਦਿਆਂ ਉਹਦੇ ਪੈਰਾਂ 'ਚੋਂ ਖੂਨ ਸਿਮ ਆਇਆ, ਜਿਸ ਨਾਲ ਲਹੂ ਦੇ ਨਿਸ਼ਾਨ ਪਹਾੜੀ ਪੱਥਰਾਂ 'ਤੇ ਲੱਗਦੇ ਗਏ। ਉਹ ਹੰਭਿਆ-ਹੁੱਟਿਆ ਵੀ ਦੌੜਦਾ ਰਿਹਾ। ਏਥਨਜ਼ ਵਾਸੀਆਂ ਨੂੰ ਦੂਰੋਂ ਆਪਣੇ ਮਹਾਨ ਦੌੜਾਕ ਦਾ ਝਾਉਲਾ ਪਿਆ, ਤਾਂ ਉਹ ਘਰਾਂ ਦੀਆਂ ਛੱਤਾਂ ਤੋਂ ਉੱਤਰ ਕੇ ਲੜਾਈ ਦਾ ਸਮਾਚਾਰ ਸੁਣਨ ਲਈ ਅੱਗੇ ਵਧੇ। ਹੰਭੇ, ਹਫ਼ੇ ਤੇ ਲਹੂ-ਲੁਹਾਣ ਪੈਰਾਂ ਵਾਲੇ ਸਿਰੜੀ ਦੌੜਾਕ ਨੇ ਸਾਰੀ ਸੱਤਿਆ 'ਕੱਠੀ ਕਰ ਕੇ ਸਿਰਫ਼ ਇਹੋ ਕਿਹਾ, 'ਖ਼ੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!' ਏਨਾ ਕਹਿੰਦਿਆਂ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ।
ਪੁਰਾਤਨ ਉਲੰਪਿਕ ਖੇਡਾਂ ਦਾ ਭੋਗ ਸਦੀਆਂ ਪਹਿਲਾਂ ਪੈ ਚੁੱਕਾ ਸੀ। 1896 ਵਿਚ ਮਾਡਰਨ ਉਲੰਪਿਕ ਖੇਡਾਂ ਏਥਨਜ਼ ਤੋਂ ਹੀ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਖੇਡਾਂ 'ਚ ਫਿਡੀਪੀਡੀਸ ਦੀ ਯਾਦ ਵਿਚ 25 ਕੁ ਮੀਲ ਲੰਮੀ ਦੌੜ ਸ਼ਾਮਿਲ ਕੀਤੀ ਗਈ, ਜਿਸ ਦਾ ਨਾਂਅ ਮੈਰਾਥਨ ਦੌੜ ਰੱਖਿਆ ਗਿਆ। ਯੂਨਾਨੀਆਂ ਦੀ ਬੜੀ ਰੀਝ ਸੀ ਕਿ ਉਨ੍ਹਾਂ ਦੇ ਵਤਨੀ ਦੀ ਯਾਦ ਵਿਚ ਰੱਖੀ ਦੌੜ ਕੋਈ ਯੂਨਾਨੀ ਦੌੜਾਕ ਹੀ ਜਿੱਤੇ। ਏਥਨਜ਼ ਦੇ ਇਕ ਰਈਸ ਨੇ ਐਲਾਨ ਕੀਤਾ, 'ਜੇ ਕੋਈ ਯੂਨਾਨੀ ਇਹ ਦੌੜ ਜਿੱਤ ਜਾਵੇ ਤਾਂ ਉਹ ਦਸ ਲੱਖ ਯੂਨਾਨੀ ਸਿੱਕਿਆਂ ਦੇ ਇਨਾਮ ਨਾਲ ਉਸ ਦੌੜਾਕ ਨੂੰ ਆਪਣੀ ਧੀ ਦਾ ਡੋਲਾ ਵੀ ਦੇ ਦੇਵੇਗਾ।'
ਦੌੜ ਸ਼ੁਰੂ ਹੋਈ ਤਾਂ ਯੂਨਾਨੀ ਦੌੜਾਕ ਸਪਰਿਡਨ ਲੂਈਸ ਪਿੱਛੇ ਰਹਿ ਗਿਆ ਪਰ ਉਸ ਨੇ ਦਿਲ ਨਾ ਛੱਡਿਆ। ਜਦੋਂ ਤਿੰਨ ਕੁ ਮੀਲ ਦੀ ਦੂਰੀ ਰਹਿ ਗਈ ਤਾਂ ਉਹ ਸਭ ਤੋਂ ਮੂਹਰੇ ਹੋ ਗਿਆ। ਯੂਨਾਨੀ ਦਰਸ਼ਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਹ ਸਟੇਡੀਅਮ ਵਿਚ ਸਭ ਤੋਂ ਪਹਿਲਾਂ ਦਾਖਲ ਹੋਇਆ ਤਾਂ ਦਰਸ਼ਕ ਉਤਸ਼ਾਹ 'ਚ ਉੱਠ ਖੜ੍ਹੇ ਹੋਏ। ਬਾਦਸ਼ਾਹ ਦੇ ਦੋਵੇਂ ਸ਼ਹਿਜ਼ਾਦੇ ਜਾਰਜ ਤੇ ਨਿਕੋਲਸ ਖ਼ੁਸ਼ੀ ਵਿਚ ਯੂਨਾਨੀ ਦੌੜਾਕ ਨੂੰ ਹੱਲਾਸ਼ੇਰੀ ਦਿੰਦੇ ਉਹਦੇ ਨਾਲ ਦੌੜਨ ਲੱਗੇ। ਸਪਰਿਡਨ ਲੂਈਸ ਮੈਰਾਥਨ ਦੌੜ ਦਾ ਪਹਿਲਾ ਉਲੰਪਿਕ ਚੈਂਪੀਅਨ ਬਣ ਗਿਆ। ਖ਼ੁਸ਼ ਹੋਏ ਯੂਨਾਨ ਦੇ ਬਾਦਸ਼ਾਹ ਨੇ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ, 'ਮੰਗ ਜੋ ਕੁਛ ਮੰਗਣਾ।'
ਲੂਈਸ ਬੋਲਿਆ, 'ਮੇਰੇ ਕੋਲ ਘੋੜਾ ਹੈ ਪਰ ਘੋੜਾ-ਗੱਡੀ ਨਹੀਂ।'
ਉਹ ਡਾਕੀਆ ਸੀ, ਜਿਸ ਦਾ ਘੋੜਾ-ਗੱਡੀ ਨਾਲ ਕੰਮ ਹੋਰ ਵੀ ਸੌਖਾ ਹੋ ਸਕਦਾ ਸੀ। ਉਸ ਨੇ ਰਾਜੇ ਤੋਂ ਘੋੜਾ-ਗੱਡੀ ਲੈ ਲਈ ਪਰ ਰਈਸ ਦੀ ਧੀ ਦਾ ਡੋਲਾ ਨਾ ਲਿਆ, ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।
1896 ਤੋਂ 1924 ਦੀਆਂ ਉਲੰਪਿਕ ਖੇਡਾਂ ਤੱਕ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਨਹੀਂ ਸੀ। ਇਹ 24 ਤੋਂ 27 ਮੀਲ ਦਰਮਿਆਨ ਰਹੀ। 1924 ਵਿਚ ਪੈਰਿਸ ਦੀਆਂ ਉਲੰਪਿਕ ਖੇਡਾਂ ਤੋਂ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਰੱਖਣੀ ਤੈਅ ਹੋਈ ਭਾਵ 26 ਮੀਲ 385 ਗਜ਼। 1908 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ਦੀ ਮੈਰਾਥਨ 26 ਮੀਲ 385 ਗਜ਼ ਦੀ ਸੀ। ਉਦੋਂ ਸ਼ਾਹੀ ਨਿਵਾਸ ਵਿੰਡਸਰ ਕਾਸਲ ਤੋਂ ਦੌੜ ਸ਼ੁਰੂ ਹੋਈ ਸੀ ਤੇ ਵਾੲ੍ਹੀਟ ਸਟੇਡੀਅਮ ਵਿਚ ਰਾਇਲ ਬੌਕਸ ਮੂਹਰੇ ਮੁੱਕੀ ਸੀ। ਫਾਸਲਾ ਮਿਣਿਆ ਤਾਂ 26 ਮੀਲ 385 ਗਜ਼ ਨਿਕਲਿਆ ਸੀ। ਉਦੋਂ ਬਰਤਾਨੀਆ ਦਾ ਤਪ ਤੇਜ਼ ਸੀ ਤੇ ਇਹੋ ਫਾਸਲਾ ਮੈਰਾਥਨ ਦੌੜ ਲਈ ਮਿਆਰੀ ਬਣਾ ਦਿੱਤਾ ਗਿਆ।
1904 ਵਿਚ ਸੇਂਟ ਲੂਈ ਦੀਆਂ ਉਲੰਪਿਕ ਖੇਡਾਂ ਸਮੇਂ ਲੱਗੀ ਮੈਰਾਥਨ ਦੌੜ ਬੜੀ ਦਿਲਚਸਪ ਰਹੀ। ਕਿਊਬਾ ਦੇ ਇਕ ਡਾਕੀਏ ਫੇਲਿਕਸ ਕਰਨਾਜਲ ਨੇ ਆਪਣੇ ਦੋਸਤਾਂ ਕੋਲ ਸ਼ੇਖ਼ੀ ਮਾਰ ਦਿੱਤੀ ਕਿ ਉਹ ਉਲੰਪਿਕ ਦੀ ਮੈਰਾਥਨ ਦੌੜ ਜਿੱਤ ਸਕਦੈ। ਪਰ ਸੀਗਾ ਉਹ ਜੋਕਰਾਂ ਵਰਗਾ। ਸ਼ੇਖ਼ੀ ਦੇ ਮਾਰੇ ਉਹਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਏਧਰ-ਓਧਰ ਦੌੜਨ ਲੱਗਾ। ਖੇਡਾਂ ਨੇੜੇ ਆਈਆਂ ਤਾਂ ਉਹਦੇ ਕੋਲ ਸੇਂਟ ਲੂਈ ਜਾਣ ਜੋਗਾ ਕਿਰਾਇਆ ਵੀ ਨਹੀਂ ਸੀ। ਉਹ ਹਵਾਨਾ ਦੇ ਚੌਕਾਂ ਵਿਚ ਦੌੜ ਕੇ ਮਜਮੇ ਲਾਉਣ ਲੱਗਾ। ਕਿਰਾਏ ਜੋਗੇ ਪੈਸੇ 'ਕੱਠੇ ਹੋਏ ਤਾਂ ਉਹ ਸੇਂਟ ਲੂਈ ਨੂੰ ਰਵਾਨਾ ਹੋ ਗਿਆ ਪਰ ਰਾਹ ਵਿਚ ਹੀ ਜੂਆ ਖੇਡਦਿਆਂ ਪੈਸੇ ਹਾਰ ਬੈਠਾ।
ਖੈਰ, ਜੁਗਾੜ ਕਰਦੇ-ਕਰਾਉਂਦੇ ਜਦੋਂ ਉਹ ਸੇਂਟ ਲੂਈ ਅੱਪੜਿਆ ਤਾਂ ਮੈਰਾਥਨ ਦੌੜ ਸ਼ੁਰੂ ਹੋਣ ਵਾਲੀ ਸੀ। ਉਹ ਚੋਲੇ ਵਰਗਾ ਕੁੜਤਾ ਤੇ ਢਿੱਲੀ ਜਿਹੀ ਪਤਲੂਣ ਪਾਈ ਦੌੜ ਲਈ ਲਾਈ ਲਕੀਰ ਉੱਤੇ ਜਾ ਖੜ੍ਹਾ ਹੋਇਆ। ਮੁਕਾਬਲੇ 'ਚ ਦੁਨੀਆ ਦੇ ਮੰਨੇ-ਪ੍ਰਮੰਨੇ ਦੌੜਾਕ ਖੜ੍ਹੇ ਸਨ। ਡਾਕੀਏ ਦਾ ਹੁਲੀਆ ਵੇਖ ਕੇ ਦਰਸ਼ਕਾਂ ਦਾ ਹਾਸਾ ਨਹੀਂ ਸੀ ਰੁਕ ਰਿਹਾ।
ਅਮਰੀਕਾ ਦੇ ਅਥਲੀਟ ਸ਼ੈਰੀਡਨ ਨੇ ਕਿਤੋਂ ਕੈਂਚੀ ਲਿਆਂਦੀ ਤੇ ਲਕੀਰ ਉੱਤੇ ਖੜੋਤੇ ਫੇਲਿਕਸ ਦੇ ਕੁੜਤੇ ਨੂੰ ਆਸਿਓਂ-ਪਾਸਿਓਂ ਕੱਟ ਕੇ ਕੰਮ-ਚਲਾਊ ਬੁਨੈਣ ਬਣਾ ਦਿੱਤੀ। ਪਤਲੂਣ ਵੀ ਗੋਡਿਆਂ ਉੱਤੋਂ ਕੱਟ ਦਿੱਤੀ ਤੇ ਉਹ ਨਿੱਕਰ ਬਣ ਗਈ। ਹੁਣ ਉਹ ਆਰਾਮ ਨਾਲ ਦੌੜ ਸਕਦਾ ਸੀ। ਦੌੜਦਿਆਂ ਉਹ ਰਾਹ ਵਿਚ ਸੇਬ ਤੇ ਆੜੂ ਤੋੜ ਕੇ ਖਾਂਦਾ ਗਿਆ ਤੇ ਦਰਸ਼ਕਾਂ ਨਾਲ ਹਾਸਾ-ਮਖੌਲ ਕਰਦਾ ਗਿਆ। ਦੌੜ ਮੁੱਕੀ ਤਾਂ ਉਹ 37 ਦੌੜਾਕਾਂ ਵਿਚੋਂ ਚੌਥੇ ਥਾਂ ਆਇਆ। ਜੇ ਕਿਧਰੇ ਉਹ ਪਹਿਲਾਂ ਹੀ ਮੈਰਾਥਨ ਦੌੜਦਾ ਹੁੰਦਾ ਤਾਂ ਸੰਭਵ ਸੀ ਉਲੰਪਿਕ ਚੈਂਪੀਅਨ ਬਣ ਜਾਂਦਾ ਤੇ ਸ਼ੇਖ਼ੀ ਮਾਰਨੀ ਸੱਚੀ ਸਿੱਧ ਹੋ ਜਾਂਦੀ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਵਿਸ਼ਵ ਕਬੱਡੀ ਕੱਪਾਂ 'ਚ ਖਿਡਾਰੀਆਂ ਨਾਲੋਂ ਵੀ ਪਿਆਰਾ ਨਾਂਅ ਹੈ 'ਰਾਜਾ ਖੇਲਾ'

ਗਹਿਣੇ ਭਾਵੇਂ ਹੋਣ ਤਾਂ ਸੋਨੇ ਦੇ, ਪਰ ਬਣਾਉਣ ਵਾਲੇ ਸੁਨਿਆਰ ਨੂੰ ਵੀ ਚੇਤੇ ਰੱਖਿਆ ਜਾਂਦਾ ਹੈ। ਲੁਧਿਆਣੇ ਦਾ ਵਿਸ਼ਵ ਕਬੱਡੀ ਕੱਪ ਹੋਵੇ, ਟੋਰਾਂਟੋ ਦਾ, ਕੈਲੇਫੋਰਨੀਆ ਦਾ, ਸ਼ਿਕਾਗੋ ਦਾ ਹੋਵੇ ਤੇ ਚਾਹੇ ਵੈਨਕੂਵਰ ਦਾ, ਇੰਗਲੈਂਡ ਦਾ ਹੋਵੇ, ਚਾਹੇ ਜਰਮਨੀ ਦਾ, ਪਾਕਿਸਤਾਨ 'ਚ ਹੋਵੇ ਤੇ ਚਾਹੇ ਪੰਜਾਬੀਆਂ ਦੀ ਗਹਿਗਚ ਆਬਾਦੀ ਵਾਲੇ ਸ਼ਹਿਰ ਨਿਊਯਾਰਕ 'ਚ। ਖਿਡਾਰੀਆਂ ਨਾਲੋਂ ਵੀ ਜਿਸ ਮੁੰਡੇ ਦਾ ਨਾਂਅ ਕੁਮੈਂਟੇਟਰ ਵੱਧ ਲੈਂਦੇ ਹੋਣ, ਉਹ ਮੁੰਡਾ ਰਾਜਾ ਖੇਲਾ ਹੈ।
ਜਲੰਧਰ ਜ਼ਿਲ੍ਹੇ ਦੇ ਨਵਾਂ ਪਿੰਡ ਦਾ ਜੰਮਪਲ ਰਾਜਾ ਖੇਲਾ, ਜਿਸ ਦਾ ਪੂਰਾ ਨਾਂਅ ਸੁਖਰਾਜ ਸਿੰਘ ਖੇਲਾ ਹੈ, ਫਗਵਾੜੇ ਦੇ ਰਾਮਗੜ੍ਹੀਆ ਕਾਲਜ ਵਿਚ ਭੰਗੜਾ ਪਾਉਂਦਾ ਰਿਹਾ, ਯੂਨੀਵਰਸਿਟੀ ਪੱਧਰ 'ਤੇ ਕਬੱਡੀ ਖੇਡਦਾ ਰਿਹਾ, ਗਾਇਕਾਂ ਨਾਲ ਬੈਠਣੀ-ਉੱਠਣੀ ਨੇ ਨੰਬਰਦਾਰ ਬਲਵੰਤ ਸਿੰਘ ਖੇਲਾ ਦੇ ਪੁੱਤਰ ਨੂੰ ਸ਼ਾਇਰ ਬਣਾ ਦਿੱਤਾ। ਕੇ. ਐੱਸ. ਮੱਖਣ ਨੇ 'ਭੰਗੜੇ 'ਚ ਯਾਰ ਨੱਚਦੇ', 'ਸੋਹਣੇ ਮੁੱਖੜੇ ਗੁਲਾਬੀ ਹੋਈ ਜਾਂਦੇ ਨੇ', ਪਹਿਲਿਆਂ 'ਚ ਰਾਜੇ ਖੇਲੇ ਦੇ ਇਹ ਗੀਤ ਗਾ ਕੇ ਉਸ ਨੂੰ ਗੀਤਕਾਰੀ ਦੇ ਖੇਤਰ ਵਿਚ ਪ੍ਰਵੇਸ਼ ਦੁਆਇਆ ਸੀ ਤੇ ਬਾਅਦ ਵਿਚ ਉਹ ਇਕ ਤਰ੍ਹਾਂ ਨਾਲ ਕਬੱਡੀ ਨੂੰ ਸਮਰਪਿਤ ਸੰਪੂਰਨ ਸ਼ਾਇਰ ਹੋ ਨਿਬੜਿਆ। ਪਾਕਿਸਤਾਨ 'ਚ ਜਿੰਨੇ ਕਬੱਡੀ ਕੱਪ ਹੁੰਦੇ ਨੇ, ਉੱਥੇ ਕੁਮੈਂਟੇਟਰ ਲਹਿੰਦੇ ਪੰਜਾਬ ਦੇ ਨਹੀਂ, ਚੜ੍ਹਦੇ ਪੰਜਾਬ ਦੇ ਸ਼ਾਇਰ ਰਾਜੇ ਖੇਲੇ ਦੇ ਸ਼ਿਅਰਾਂ ਦੀ ਝੜੀ ਲਾਉਂਦੇ ਨੇ। ਇਹੀ ਕਾਰਨ ਹੈ ਕਿ ਇਨ੍ਹਾਂ ਖੇਡ ਮੇਲਿਆਂ 'ਚੋਂ ਰਾਜੇ ਖੇਲੇ ਦਾ ਨਾਂਅ ਸੁਣ ਕੇ ਅਕਰਮ ਰਾਹੀ ਉਹਦਾ ਮੁਰੀਦ ਬਣਿਆ ਤੇ ਉਸ ਨੇ ਰਾਜੇ ਖੇਲੇ ਦੇ ਗੀਤਾਂ ਨੂੰ ਗਾਇਆ ਤੇ ਪਹਿਲੀ ਵਾਰ ਹੋਵੇਗਾ ਕਿ ਜਦੋਂ ਅਕਰਮ ਰਾਹੀ ਰਾਜੇ ਖੇਲੇ ਦਾ ਗੀਤ 'ਕਬੱਡੀ ਏ ਪੰਜਾਬੀਆਂ ਦੀ ਸਾਂਝ ਮਿੱਤਰੋ' ਦੋਵਾਂ ਪੰਜਾਬਾਂ ਦੀ ਗਲਵਕੜੀ ਪੁਆਏਗਾ।
ਰਾਜਾ ਖੇਲਾ ਮਾਣ ਨਾਲ ਕਹੇਗਾ ਕਿ ਹਰ ਦੂਏ-ਚੌਥੇ ਕਬੱਡੀ ਕੁਮੈਂਟੇਟਰ ਉਸ ਨੂੰ ਫੋਨ ਕਰਕੇ ਪੁੱਛਦੇ ਹਨ ਕਿ ਕੋਈ ਨਵਾਂ ਸ਼ਿਅਰ ਸੁਣਾ ਤੇ ਹਰ ਕੋਈ ਇਕ-ਦੂਜੇ ਤੋਂ ਮੂਹਰੇ ਹੁੰਦਾ ਹੈ ਕਿ ਰਾਜਾ ਪਹਿਲਾਂ ਸਾਨੂੰ ਸ਼ਿਅਰ ਦੇਵੇ। ਉਂਜ ਦੇਬੀ ਮਖਸੂਸਪੁਰੀ ਨੂੰ ਉਹ ਆਪਣਾ ਉਸਤਾਦ ਮੰਨਦਾ ਹੈ, ਪਰ ਸਾਰੇ ਸ਼ਿਅਰ ਲੋਕ ਮੁਹਾਵਰਿਆਂ ਵਰਗੇ ਹਨ। ਜਿਵੇਂ :
ਬਾਬਾ ਪੋਤਾ ਬੈਠ ਕੇ ਸਲਾਹਾਂ ਕਰਦੇ
ਦੇਖਣਾ ਕਬੱਡੀ ਕੱਪ ਲੁਧਿਹਾਣੇ ਦਾ।
ਜਾਂ
ਖਤਰਿਆਂ ਨਾਲ ਜੋ ਖੇਡਣ ਦਾ ਸ਼ੌਂਕ ਰੱਖਣ
ਸੂਰਮੇ ਜੰਮਦੇ ਪੰਜਾਬ ਦੇ ਵਿਚ ਲੋਕੋ।
ਰਾਜੇ ਖੇਲੇ ਜੋ ਮਰਦ ਦਲੇਰ ਹੁੰਦੇ
ਉਹੀ ਮਿੱਧਦੇ ਮੈਚਾਂ ਦੀ ਹਿੱਕ ਲੋਕੋ।
ਅਸਲ ਵਿਚ ਜਿੰਨੀ ਦੁਨੀਆ ਭਰ ਦੇ ਲੋਕਾਂ ਵਿਚ ਮਾਂ ਖੇਡ ਕਬੱਡੀ ਪਿਆਰੀ ਹੈ, ਓਨਾ ਹੀ ਇਹ ਪਿਆਰਾ ਨਾਂਅ ਕੁਮੈਂਟੇਟਰਾਂ ਨੇ ਰਾਜੇ ਖੇਲੇ ਦਾ ਬਣਾ ਦਿੱਤਾ ਹੈ। ਅੱਜਕਲ੍ਹ ਉਹ ਸਰੀ (ਕੈਨੇਡਾ) ਰਹਿ ਰਿਹਾ ਹੈ। ਉਸ ਦਾ ਪੁੱਤਰ ਜੋਬਨ ਖੇਲਾ ਨਿੱਕੀ ਉਮਰੇ ਮਾਰਸ਼ਲ ਆਰਟ ਵਿਚ ਬਲੈਕ ਬੈਲਟ ਜੇਤੂ ਹੈ। ਰਾਜੇ ਦਾ ਭਰਾ ਬਲਜੀਤ ਭਰਾ ਦੇ ਹਰ ਕੰਮ 'ਚ ਬਰਾਬਰ ਦੀ ਧਿਰ ਬਣਿਆ ਹੁੰਦਾ ਹੈ। ਕਮਾਲ ਦੀ ਗੱਲ ਦੇਖੋ ਕਿ ਕਬੱਡੀ ਖੇਡ ਹੀ ਹੈ, ਗਾਇਕ ਤਾਂ ਸ਼ਾਇਰਾਂ ਮਗਰ ਭੱਜਦੇ ਦੇਖੇ ਨੇ, ਪਰ ਅੱਜਕਲ੍ਹ ਕਬੱਡੀ ਦੇ ਕੁਮੈਂਟੇਟਰ ਵੀ ਰਾਜੇ ਖੇਲੇ ਵਰਗੇ ਸ਼ਾਇਰਾਂ ਦੇ ਪਿੱਛੇ-ਪਿੱਛੇ ਤੁਰੇ ਆ ਰਹੇ ਹਨ। ਭਰ ਜੋਬਨ ਰਾਜੇ ਤੋਂ ਮਾਂ ਖੇਡ ਕਬੱਡੀ ਨੂੰ ਸ਼ਾਇਰੀ 'ਚ ਬੰਨ੍ਹ ਕੇ ਪੇਸ਼ ਕਰਨ ਦੀਆਂ ਬੜੀਆਂ ਉਮੀਦਾਂ ਹਨ।


E-mail : ashokbhaura@gmail.com

ਵੈਟਰਨ ਖਿਡਾਰੀਆਂ ਦੇ ਅਹਿਮ ਤਜਰਬੇ

ਨਵੇਂ ਖਿਡਾਰੀਆਂ ਲਈ ਜ਼ਰੂਰੀ

ਸਬ-ਜੂਨੀਅਰ ਪੱਧਰ ਤੋਂ ਲੈ ਕੇ ਜੂਨੀਅਰ ਪੱਧਰ ਤੱਕ ਅਤੇ ਫਿਰ ਸੀਨੀਅਰ ਪੱਧਰ ਤੱਕ ਹਰ ਖਿਡਾਰੀ ਜਾਂ ਖਿਡਾਰਨ ਖੇਡ ਸੰਸਾਰ 'ਚ ਕੁਝ ਮਾਣਮੱਤਾ ਕਰਕੇ ਦਿਖਾਉਣ ਲਈ ਸਖ਼ਤ ਮਿਹਨਤ ਕਰਦਾ ਹੈ, ਜੁਝਾਰੂ ਇਰਾਦੇ ਨਾਲ, ਕਠਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਦਾ ਹੈ, ਉਦਾਸੀ ਤੇ ਮਾਯੂਸੀ ਦੇ ਆਲਮ 'ਚ ਅੱਖਾਂ 'ਚ ਸਜਾਏ ਹੁਸੀਨ ਸੁਪਨੇ ਪੂਰੇ ਕਰਨ ਲਈ, ਹਰ ਤਰ੍ਹਾਂ ਦੀ ਥਕਾਵਟ ਅਤੇ ਬੇਹਾਪਣ ਦੂਰ ਕਰਨ ਲਈ ਉਹ ਨਿਰੰਤਰ ਗਤੀਸ਼ੀਲ ਰਹਿੰਦਾ ਹੈ। ਪੂਰੇ ਖੇਡ ਕੈਰੀਅਰ ਦੌਰਾਨ ਇਨ੍ਹਾਂ ਜੁਝਾਰੂ ਪਲਾਂ, ਇਸ ਜ਼ਿੰਦਗੀ ਦੀ ਜੱਦੋ-ਜਹਿਦ 'ਚ ਇਕ ਅਜੀਬ ਤਰ੍ਹਾਂ ਦਾ ਮਜ਼ਾ ਅਤੇ ਸੁਆਦ ਹੈ, ਭਾਵੇਂ ਇਹ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਤਕਲੀਫਾਂ ਨਾਲ ਲਬਰੇਜ਼ ਹੁੰਦਾ ਹੈ। ਹਰ ਪੜਾਅ 'ਤੇ ਟੂਰਨਾਮੈਂਟ ਖੇਡਣ ਲਈ ਚੋਣ ਦਾ ਸਹਿਮ ਅਤੇ ਡਰ ਉਸ ਦਾ ਨਿਰੰਤਰ ਪਿੱਛਾ ਕਰਦਾ ਹੈ। ਖੇਡ ਕੈਰੀਅਰ ਦੌਰਾਨ ਜੂਝ ਰਹੇ ਖਿਡਾਰੀ ਜਾਂ ਖਿਡਾਰਨ ਦੀ ਸਭ ਤੋਂ ਵੱਡੀ ਮਨਸ਼ਾ ਇਹੀ ਹੁੰਦੀ ਹੈ ਕਿ ਉਹ ਹਰ ਟੂਰਨਾਮੈਂਟ ਖੇਡੇ ਅਤੇ ਉਸ ਦਾ ਪ੍ਰਦਰਸ਼ਨ ਵੀ ਪ੍ਰਭਾਵਸ਼ਾਲੀ ਰਹੇ। ਪਰ ਸੱਟ ਦਾ ਡਰ, ਪਰਿਵਾਰਕ ਮਾਹੌਲ 'ਚ ਸੁੱਖ-ਸ਼ਾਂਤੀ ਬਣੇ ਰਹਿਣ ਦੀ ਸੋਚ, ਬਿਮਾਰ ਹੋ ਜਾਣ ਦੀ, ਫਿਟਨੈੱਸ ਦੀ ਚਿੰਤਾ ਵੀ ਉਸ ਨੂੰ ਲੱਗੀ ਹੀ ਰਹਿੰਦੀ ਹੈ ਅਤੇ ਕਈ ਹੋਰ ਮੁਸ਼ਕਿਲਾਂ ਦੀ ਵੀ, ਪਰ ਸਾਡੀ ਜਾਚੇ ਖਿਡਾਰੀ ਦੀ ਜ਼ਿੰਦਗੀ ਦੇ ਇਹ ਸਾਰੇ ਪਲ ਵੀ ਡਾਢੇ ਯਾਦਗਾਰ ਹੀ ਬਣ ਜਾਂਦੇ ਹਨ, ਜਦੋਂ ਉਹ ਖੇਡ ਤੋਂ ਸੰਨਿਆਸ ਲੈ ਲੈਂਦਾ ਹੈ। ਭਾਵੇਂ ਉਹ ਆਪਣੀ ਖੇਡ 'ਚ ਉਦੋਂ ਦੇਸ਼ ਵਲੋਂ ਉਸ ਪੱਧਰ 'ਤੇ ਖੇਡ ਨਹੀਂ ਸਕਦਾ, ਨਵੇਂ ਕੀਰਤੀਮਾਨ ਸਥਾਪਤ ਨਹੀਂ ਕਰ ਸਕਦਾ, ਹਾਂ ਕੋਚ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਸਕਦਾ ਹੈ। ਆਪਣੇ ਖੇਡ ਕੈਰੀਅਰ ਦੌਰਾਨ ਸਿੱਖੇ ਸਾਰੇ ਅਨੁਭਵ, ਸਾਰੇ ਤਜਰਬੇ ਆਪਣੇ ਚੇਲਿਆਂ ਨਾਲ ਸਾਂਝੇ ਕਰ ਸਕਦਾ ਹੈ। ਖੇਡ ਸੰਨਿਆਸ ਤੋਂ ਬਾਅਦ ਆਪਣੇ ਖੇਡ ਕੈਰੀਅਰ ਦੀਆਂ ਤਮਾਮ ਯਾਦਾਂ ਨੂੰ ਯਾਦ ਕਰਦਿਆਂ ਖਿਡਾਰੀ ਉਤਸ਼ਾਹਿਤ, ਰੁਮਾਂਚਿਤ ਅਤੇ ਅਕਸਰ ਭਾਵੁਕ ਵੀ ਹੋ ਜਾਂਦਾ ਹੈ। ਕਦੇ-ਕਦੇ ਉਸ ਦਾ ਮਨ ਕਰਦਾ ਹੈ ਕਿ ਉਹ ਆਪਣੇ ਤਜਰਬੇ ਸਾਂਝੇ ਵੀ ਕਰੇ।
ਇਸ ਲੇਖ ਨੂੰ ਲਿਖਣ ਦਾ ਸਾਡਾ ਮਕਸਦ ਇਹ ਹੈ ਕਿ ਪੁੰਗਰਦੇ ਖਿਡਾਰੀਆਂ ਨੂੰ ਜਦ ਵੀ ਮੌਕਾ ਮਿਲੇ, ਵੈਟਰਨ ਖਿਡਾਰੀਆਂ ਦੇ ਖੇਡ-ਕੈਰੀਅਰ ਦੌਰਾਨ ਦੇ ਦਿਲਚਸਪ ਤਜਰਬੇ ਸੁਣਨੇ ਚਾਹੀਦੇ ਹਨ। ਉਨ੍ਹਾਂ ਨੂੰ ਵੈਟਰਨ ਖਿਡਾਰੀਆਂ ਦੇ ਲਗਾਤਾਰ ਸੰਪਰਕ 'ਚ ਰਹਿਣਾ ਚਾਹੀਦਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਨੌਨਿਹਾਲ ਖਿਡਾਰੀਆਂ-ਖਿਡਾਰਨਾਂ ਨੂੰ ਆਪਣੇ ਖੇਡ ਦੇ ਕਿਸੇ ਵੈਟਰਨ ਖਿਡਾਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ। ਉਨ੍ਹਾਂ ਦੀ ਗੱਲਬਾਤ ਨੂੰ ਰਿਕਾਰਡ ਕਰਨਾ ਚਾਹੀਦਾ ਹੈ।
ਦੂਜੇ ਪਾਸੇ ਸਾਨੂੰ ਅਫਸੋਸ ਵੀ ਹੈ ਕਿ ਖੇਡ ਕਲੱਬ, ਖੇਡ ਅਕੈਡਮੀਆਂ ਅਤੇ ਟੂਰਨਾਮੈਂਟ ਪ੍ਰਬੰਧਕ ਵੈਟਰਨ ਖਿਡਾਰੀਆਂ ਨੂੰ ਸਿਰਫ ਸਨਮਾਨਿਤ ਕਰਨ ਲਈ ਹੀ ਸੱਦਾ ਦਿੰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਰੋਜ਼ਾਨਾ ਅਭਿਆਸ ਦੇ ਦੌਰਾਨ ਜਾਂ ਕੈਂਪਾਂ ਦੌਰਾਨ ਦਿੱਗਜ਼ ਵੈਟਰਨ ਖਿਡਾਰੀਆਂ ਨੂੰ ਬੁਲਾਇਆ ਜਾਵੇ ਅਤੇ ਉਨ੍ਹਾਂ ਨੂੰ ਨੌਨਿਹਾਲ ਖਿਡਾਰੀਆਂ ਨਾਲ ਸੰਪਰਕ ਕਰਨ ਦਾ ਮੌਕਾ ਦਿੱਤਾ ਜਾਵੇ।
ਅਸੀਂ ਮਹਿਸੂਸ ਕਰਦੇ ਹਾਂ ਕਿ ਖੇਡ ਜਗਤ 'ਚ ਮਹਾਨਤਾ ਦੀ ਸਿਖਰ 'ਤੇ ਪਹੁੰਚਣ ਲਈ ਖਿਡਾਰੀਆਂ ਨੂੰ ਆਪੋ-ਆਪਣੀ ਖੇਡ ਦੇ ਅਤੀਤ ਅਤੇ ਪਿਛੋਕੜ ਨੂੰ ਜਾਣਨਾ ਜ਼ਰੂਰੀ ਹੈ। ਵੈਟਰਨ ਖਿਡਾਰੀ ਇਸ ਪੱਖ ਤੋਂ ਸਭ ਤੋਂ ਵੱਡੇ ਰਾਹ ਦਸੇਰੇ ਸਾਬਤ ਹੋ ਸਕਦੇ ਹਨ। ਸਾਡੇ ਵੈਟਰਨ ਖਿਡਾਰੀਆਂ ਨੂੰ ਵੀ ਇਸ ਪੱਖੋਂ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਖੇਡ ਨੂੰ ਨੌਜਵਾਨ ਨਸਲ ਨੇ ਹੀ ਅੱਗੇ ਬੁਲੰਦੀ 'ਤੇ ਪਹੁੰਚਾਉਣਾ ਹੈ, ਜਿਸ ਖੇਡ ਨੇ ਉਨ੍ਹਾਂ ਨੂੰ ਸ਼ੋਹਰਤ, ਪੈਸਾ ਅਤੇ ਪ੍ਰਸਿੱਧੀ ਬਖਸ਼ੀ ਹੈ। ਇਹ ਠੀਕ ਹੈ ਕਿ ਕੋਈ ਵੀ ਖਿਡਾਰੀ ਕਿਸੇ ਵੀ ਖੇਡ ਤੋਂ ਵੱਡਾ ਨਹੀਂ ਹੁੰਦਾ ਪਰ ਕੁਝ ਵੱਡੇ ਖਿਡਾਰੀ ਉਸ ਖੇਡ ਨੂੰ ਆਪਣੇ ਕੀਮਤੀ ਤਜਰਬਿਆਂ ਦੀ ਸਾਂਝ ਨਾਲ ਹੋਰ ਅੱਗੇ ਵਧਾ ਸਕਦੇ ਹਨ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਖੇਡ ਦੁਨੀਆ 'ਚ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲਾ ਕੁੱਕੂ ਗੜ੍ਹਸ਼ੰਕਰੀਆ

ਖੇਡਾਂ ਦੀ ਦੁਨੀਆ 'ਚ ਇਕ ਹੋਰ ਚਮਕਿਆ ਸਿਤਾਰਾ, ਜਿਸ ਨੂੰ ਕੁੱਕੂ ਗੜ੍ਹਸ਼ੰਕਰੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ ਦਸਵੀਂ 'ਚ ਪੜ੍ਹਦਿਆਂ ਖੇਡਾਂ 'ਚ ਹੱਥ ਅਜ਼ਮਾਉਣ ਲਈ 1979 'ਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਗੜ੍ਹਸ਼ੰਕਰ 'ਚ ਰਹਿੰਦੇ ਪਰਿਵਾਰ ਦੇ ਮੁਖੀ ਸਾਧੂ ਰਾਮ ਪਿਤਾ ਤੇ ਭਰਾ ਯੋਗਰਾਜ ਨੇ ਬਲਵਿੰਦਰ ਕੁੱਕੂ ਨੂੰ ਖੇਡਾਂ ਵੱਲ ਵਧਣ ਲਈ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ।
ਆਰਮ ਰੈਸਲਿੰਗ ਦੇ ਖਿਡਾਰੀ ਬਲਵਿੰਦਰ ਸਿੰਘ ਕੁੱਕੂ ਨੇ 1983 'ਚ ਪੰਜਾਬ ਯੂਨੀਵਰਸਿਟੀ ਵਲੋਂ ਬਾਡੀ ਬਿਲਡਰ ਮੁਕਾਬਲੇ 'ਚ ਵੀ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਯੂਨੀਵਰਸਿਟੀ ਦੇ ਮਾਣ 'ਚ ਵੀ ਵਾਧਾ ਕੀਤਾ। 1984 'ਚ ਬਲਵਿੰਦਰ ਕੁੱਕੂ ਮਿਸਟਰ ਪੰਜਾਬ ਦਾ ਖਿਤਾਬ ਪੰਜਾਬ ਯੂਨੀਵਰਸਿਟੀ ਤੋਂ ਹਾਸਲ ਕਰ ਚੁੱਕਾ ਹੈ।
ਕਬੱਡੀ ਤੋਂ ਸ਼ੁਰੂ ਕਰਕੇ ਆਰਮ ਰੈਸਲਿੰਗ ਤੱਕ ਲੰਬਾ ਸਫ਼ਰ ਤੈਅ ਕਰਕੇ ਪਿਛਲੇ ਦਿਨੀਂ ਕਜ਼ਾਕਿਸਤਾਨ (ਰਸ਼ੀਆ) 'ਚ ਏਸ਼ੀਆ ਆਰਮ ਰੈਸਲਿੰਗ ਦੇ ਓਪਨ ਵਰਗ ਦੇ ਦੋ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਉਣ 'ਚ ਕੁੱਕੂ ਗੜ੍ਹਸ਼ੰਕਰੀਆ ਕਾਮਯਾਬ ਰਿਹਾ ਹੈ। ਕੁੱਕੂ ਤੁਰਕੀ 'ਚ ਨਵੰਬਰ, 2018 'ਚ ਹੋਣ ਵਾਲੇ ਮੁਕਾਬਲੇ 'ਚ ਭਾਰਤ ਦੀ ਝੋਲੀ 'ਚ ਸੋਨ ਤਗਮਾ ਪਾਉਣ ਲਈ ਤਿਆਰੀ ਕਰ ਰਿਹਾ ਹੈ।
ਬਲਵਿੰਦਰ ਸਿੰਘ ਕੁੱਕੂ ਦਾ ਕਹਿਣਾ ਹੈ ਕਿ ਖੇਡਾਂ ਦੇ ਖੇਤਰ 'ਚ ਬਹੁਤ ਹੀ ਅਨਮੋਲ ਹੀਰੇ (ਖਿਡਾਰੀ) ਹਨ, ਜਿਹੜੇ ਆਰਥਿਕ ਤੰਗੀਆਂ ਕਰਕੇ ਭਾਰਤ ਦਾ ਖੇਡਾਂ 'ਚ ਮਾਣ ਨਹੀਂ ਵਧਾ ਸਕੇ। ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਖਿਡਾਰੀਆਂ ਦੀ ਮਾਲੀ ਸਹਾਇਤਾ ਕਰੇ ਤਾਂ ਜੋ ਉਹ ਵੀ ਵਿਦੇਸ਼ਾਂ ਦੀ ਧਰਤੀ 'ਤੇ ਖੇਡਾਂ ਦੇ ਜੌਹਰ ਦਿਖਾ ਕੇ ਭਾਰਤ ਦਾ ਨਾਂਅ ਰੌਸ਼ਨ ਕਰ ਸਕਣ।


-ਸੁਮੇਸ਼ ਬਾਲੀ,
ਗੜ੍ਹਸ਼ੰਕਰ। ਮੋਬਾ: 98785-36351

ਬੁਲੰਦ ਹੌਸਲੇ ਹੋਣ ਤਾਂ ਕੀ ਨਹੀਂ ਹੋ ਸਕਦਾ : ਖਿਡਾਰੀ ਸੀਤਲ ਸਿੰਘ ਔਜਲਾ

'ਹਾਸ਼ਮ ਫ਼ਤਹਿ ਨਸੀਬ ਤਿਨ੍ਹਾਂ ਜਿਨ੍ਹਾਂ ਹਿੰਮਤ ਯਾਰ ਬਣਾਈ' ਦੀਆਂ ਸਤਰਾਂ ਖਿਡਾਰੀ ਸੀਤਲ ਸਿੰਘ ਔਜਲਾ 'ਤੇ ਬਿਲਕੁਲ ਢੁਕਦੀਆਂ ਨਜ਼ਰ ਆਉਂਦੀਆਂ ਹਨ, ਕਿਉਂਕਿ ਸੀਤਲ ਦੇ ਪਹਾੜ ਜਿੱਡੇ ਜ਼ੇਰੇ ਅਤੇ ਦ੍ਰਿੜ੍ਹ ਇਰਾਦੇ ਨੇ ਵੱਡੀਆਂ-ਵੱਡੀਆਂ ਮੱਲਾਂ ਮਾਰ ਕੇ ਇਹ ਸਿੱਧ ਕਰ ਕੇ ਵਿਖਾ ਦਿੱਤਾ ਕਿ ਸਰੀਰਕ ਅਪੰਗਤਾ ਇਨਸਾਨ ਨੂੰ ਸੁਪਨੇ ਸਕਾਰਨ ਤੋਂ ਰੋਕ ਨਹੀਂ ਸਕਦੀ, ਬਸ਼ਰਤ ਇਹ ਕਿ ਉਸ ਦੀ ਸੋਚ ਵੀ ਬਰਾਬਰ ਦੀ ਮਜ਼ਬੂਤ ਤੇ ਓਨੀ ਹੀ ਸ਼ਿੱਦਤ ਭਰੀ ਹੋਵੇ। ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਬਾਰਦੌਲੀ ਕਹੇ ਜਾਣ ਵਾਲੇ ਪ੍ਰਸਿੱਧ ਪਿੰਡ ਬਿਲਗਾ ਦੀ ਚੜ੍ਹਦੀ ਗੁਠੇ ਡੇਢ ਕੁ ਮੀਲ ਦੀ ਵਿੱਥ 'ਤੇ ਘੁੱਗ ਵਸਦੇ ਪਿੰਡ ਔਜਲਾ ਵਿਖੇ ਖਿਡਾਰੀ ਸੀਤਲ ਸਿੰਘ ਨੇ 26 ਫਰਵਰੀ, 1973 ਨੂੰ ਪਿਤਾ ਹੰਸ ਰਾਜ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਜਨਮ ਲਿਆ। ਬਚਪਨ ਤੋਂ ਹੀ ਤੇਜ਼-ਤਰਾਰ ਸੀਤਲ ਸਿੰਘ ਜਦੋਂ ਚੌਧਰੀ ਸੰਤਾ ਸਿੰਘ ਸੀ: ਸੈ: ਸਕੂਲ ਬਿਲਗਾ ਵਿਚ 10ਵੀਂ ਕਲਾਸ ਵਿਚ ਪੜ੍ਹਦਾ ਸੀ ਤਾਂ ਇਕ ਦਿਨ ਫੁੱਟਬਾਲ ਦੇ ਮੈਚ ਦੌਰਾਨ ਸੱਜੀ ਲੱਤ ਦੀ ਹੱਡੀ ਟੁੱਟ ਗਈ। ਬੇਵਸੀ ਏਨੀ ਵਧ ਗਈ ਕਿ ਜਾਨ ਬਚਾਉਣ ਲਈ ਲੱਤ ਗੁਆ ਕੇ ਰੱਬ ਦਾ ਭਾਣਾ ਮੰਨਣ ਤੋਂ ਸਿਵਾਏ ਹੋਰ ਕੋਈ ਚਾਰਾ ਨਾ ਰਿਹਾ।
ਸਰੀਰਕ ਚੁਣੌਤੀ ਨੂੰ ਖਿੜੇ ਮੱਥੇ ਕਬੂਲਦਿਆਂ ਸੀਤਲ ਨੇ ਇਕ ਲੱਤ ਹੋਣ ਦੇ ਬਾਵਜੂਦ ਵੀ ਕੁਸ਼ਤੀ ਦੇ ਅਖਾੜੇ ਵਿਚ ਉਤਰਨ ਦਾ ਪੱਕਾ ਮਨ ਬਣਾ ਲਿਆ ਅਤੇ ਬਿਲਗੇ ਵਾਲੇ ਉਸਤਾਦ ਮਾਣੇ ਪਹਿਲਵਾਨ ਦੇ ਜਾ ਚਰਨੀਂ ਹੱਥ ਲਾਇਆ, ਜਿੱਥੇ ਸੀਤਲ ਨੇ ਕਈ ਵਰ੍ਹੇ ਮਿਹਨਤ ਕਰ ਕੇ ਪੰਜਾਬ ਦੇ ਨਾਮੀ ਪਹਿਲਵਾਨਾਂ ਵਿਚ ਆਪਣਾ ਲੋਹਾ ਮੰਨਵਾਇਆ। ਜਨੂੰਨ ਦੀ ਹੱਦ ਤੱਕ ਸਿਰੜੀ ਸੀਤਲ ਸਿੰਘ ਨੇ ਗੁਰੂ ਨਾਨਕ ਕਾਲਜ ਫਗਵਾੜਾ ਵਿਚ ਪੜ੍ਹਦਿਆਂ ਯੂਨੀਵਰਸਿਟੀ, ਅੰਤਰ ਯੂਨੀਵਰਸਿਟੀ, ਜ਼ੋਨ, ਜ਼ਿਲ੍ਹਾ ਤੇ ਸਟੇਟ ਪੱਧਰ ਦੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਕੀਤੀ ਜਿੱਤ ਨੇ ਸੀਤਲ ਸਿੰਘ ਦੀ ਬੱਲੇ-ਬੱਲੇ ਕਰਵਾ ਦਿੱਤੀ। ਸੰਨ 1994 ਵਿਚ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਵੀ ਸੀਤਲ ਦੇ ਹੱਥ ਹੀ ਝੰਡੀ ਰਹੀ। ਇਸ ਕਰਾਮਾਤੀ ਪਹਿਲਵਾਨ ਨੇ ਪੰਜਾਬ ਦੀਆਂ ਛਿੰਝਾਂ ਵਿਚ ਸੈਂਕੜੇ ਵਾਰ ਕੁਸ਼ਤੀਆਂ ਜਿੱਤੀਆਂ ਅਤੇ 1996 ਵਿਚ ਜਲੰਧਰ ਦੇ ਹੰਸ ਰਾਜ ਸਟੇਡੀਅਮ ਵਿਚ ਕੁਸ਼ਤੀ ਦੀ ਪੂਰੀ ਲੜੀ ਜਿੱਤ ਕੇ ਜਨਰਲ ਵਰਗ ਵਿਚ ਹਿੰਦ ਕੇਸਰੀ ਦਾ ਖਿਤਾਬ ਵੀ ਆਪਣੇ ਨਾਂਅ ਕਰ ਕੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਸੀਤਲ ਸਿੰਘ ਆਪਣੀ ਸੰਘਰਸ਼ਮਈ ਜ਼ਿੰਦਗੀ ਵਿਚ ਅਨੇਕਾਂ ਵਾਰ ਸਰੀਰਕ ਤੌਰ 'ਤੇ ਹਾਦਸਿਆਂ ਦਾ ਸ਼ਿਕਾਰ ਹੋਇਆ ਪਰ ਇਨ੍ਹਾਂ ਹਾਦਸਿਆਂ ਵਿਚ ਉਹ ਹੋਰ ਵੀ ਪ੍ਰਪੱਕ ਹੋ ਕੇ ਨਿਕਲਿਆ। ਅਗਸਤ, 2017 ਨੂੰ ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਕਰਵਾਏ ਗਏ ਪੈਰਾ ਸਪੋਰਟਸ ਕਲੱਬ ਪਿੰਡ ਉਪਲ ਭੂਪਾ ਵਿਚ ਹੀ ਸ਼ਾਟਪੁੱਟ, ਡਿਸਕਸ ਥਰੋ ਵਿਚ ਸੋਨ ਤਗਮਾ ਜਿੱਤ ਕੇ ਖੇਡ ਪ੍ਰੇਮੀਆਂ ਦੇ ਹੋਰ ਵੀ ਮਨ ਮੋਹ ਲਏ।
ਸੀਤਲ ਇਕ ਲੱਤ ਹੋਣ ਦੇ ਬਾਵਜੂਦ ਵੀ ਇਕ ਹਰਫ਼ਨਮੌਲਾ ਖਿਡਾਰੀ ਹੀ ਨਹੀਂ, ਸਗੋਂ ਸੀਤਲ ਆਪਣੇ-ਆਪ ਵਿਚ ਨਿਆਸਰਿਆਂ ਨੂੰ ਆਸਰਾ ਦੇਣ ਵਾਲੀ ਉਹ ਚਲਦੀ-ਫਿਰਦੀ ਸੰਸਥਾ ਹੈ, ਜਿਸ ਨੂੰ ਕਿ ਅੱਜ ਤੱਕ ਸਰਕਾਰੇ ਦਰਬਾਰੇ ਕੋਈ ਵੀ ਸਰਕਾਰੀ ਸਹਾਇਤਾ ਪ੍ਰਾਪਤ ਨਹੀਂ ਹੋਈ। ਸੀਤਲ ਸਿੰਘ ਆਪਣੇ ਮਿੱਤਰਾਂ ਵਰਗੇ ਸੁਰਿੰਦਰ ਮੱਲਣ, ਸ਼ਸ਼ੀ ਭੂਸ਼ਣ, ਪ੍ਰਿੰ: ਕੁਲਰਾਜ ਕੌਰ ਰੰਧਾਵਾ, ਐਥਲੀਟ ਪਰਮਿੰਦਰ ਸਿਘ ਗੋਹਾਵਰ ਤੇ ਖੇਡ ਪ੍ਰਮੋਟਰ ਸੋਮਨਾਥ ਤਿਤਰੀਆ ਦਾ ਹਮੇਸ਼ਾ ਰਿਣੀ ਹੈ, ਜਿਨ੍ਹਾਂ ਨੇ ਗਾਹੇ-ਬਗਾਹੇ ਉਸ ਨੂੰ ਪ੍ਰੇਰਨਾ ਦੇਣ ਦੇ ਨਾਲ-ਨਾਲ ਮਾਨਸਿਕ ਬਲ ਵੀ ਬਖਸ਼ਿਆ। ਸਰੀਰਕ ਰੂਪ ਵਿਚ ਅਪਾਹਜ ਜ਼ਿੰਦਗੀ ਦੀਆਂ ਦਰਪੇਸ਼ ਮੁਸ਼ਕਿਲਾਂ ਨਾਲ ਦੋ-ਦੋ ਹੱਥ ਕਰ ਕੇ ਜਿੱਤ ਤੱਕ ਅੜੇ ਰਹਿਣ ਦੇ ਸੁਦਾਈ ਸੀਤਲ ਦੀ ਕਾਬਲੀਅਤ ਦੀ ਹੀ ਨਿਸ਼ਾਨੀ ਹੈ। ਇਮਾਰਤਸਾਜ਼ੀ ਨਾਲ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲਾ ਸੀਤਲ ਸਿੰਘ ਬਿਨਾਂ ਸ਼ੱਕ ਆਉਣ ਵਾਲੀ ਪੈਰਾ-ਉਲੰਪਿਕ ਦਾ ਅਰਜਨ ਸਾਬਤ ਹੋਵੇਗਾ ਅਤੇ ਉਹ ਯਕੀਨਨ ਉਲੰਪੀਅਨ ਬਣ ਕੇ ਦੇਸ਼ ਦਾ ਮਾਣ ਬਣੇਗਾ। ਅੰਗਹੀਣਤਾ ਨੂੰ ਸ਼ਰਾਪ ਨਾ ਸਮਝ, ਸਗੋਂ ਉਸ ਨੂੰ ਵਰਦਾਨ ਵਿਚ ਬਦਲਣ ਵਾਲੇ ਇਸ ਖਿਡਾਰੀ ਨੂੰ ਮੇਰਾ ਕੋਟਿਨ-ਕੋਟ ਪ੍ਰਣਾਮ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਚਮਕਦਾਰ ਕੈਰੀਅਰ ਦਾ ਦੁਖਦ ਅੰਤ

ਮਹਾਨ ਗੋਲਕੀਪਰ ਬੁਫੋਨ ਦੀ ਫੁੱਟਬਾਲ ਨੂੰ ਅਲਵਿਦਾ

ਅਗਲੇ ਸਾਲ 2018 'ਚ ਰੂਸ 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਜਾਂ ਹੋਰ ਕਿਸੇ ਵੀ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਜਦੋਂ ਫੁੱਟਬਾਲ ਦੀ ਬਾਦਸ਼ਾਹਤ ਲਈ ਖਿਡਾਰੀਆਂ ਦਾ ਵੱਡਾ ਮੇਲਾ ਜੁੜੇਗਾ ਤਾਂ ਇਤਾਲਵੀ ਫੁੱਟਬਾਲ ਦੇ ਸੁਪਰ ਸਟਾਰ ਅਤੇ ਖੇਡਾਂ ਦੀ ਦੁਨੀਆ 'ਚ ਸੁਨਹਿਰੀ ਸੁਰਖੀਆਂ ਲਿਖਣ ਵਾਲਾ ਦੁਨੀਆ ਦੇ ਸਰਬੋਤਮ ਗੋਲਕੀਪਰਾਂ ਵਿਚੋਂ ਇਕ ਬੁਫੋਨ ਜਿਆਲੁਇਗੀ ਆਪਣੇ ਜਲਵੇ ਬਿਖੇਰਦੇ ਨਜ਼ਰ ਨਹੀਂ ਆਉਣਗੇ। ਬੁਫੋਨ ਦੀ ਅਲਵਿਦਾ ਨਾਲ ਹੀ ਫੁੱਟਬਾਲ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। 28 ਜਨਵਰੀ, 1978 ਨੂੰ ਜਨਮੇ 6 ਫੁੱਟ 3 ਇੰਚ ਲੰਬੇ 39 ਵਰ੍ਹਿਆਂ ਦੇ ਬੁਫੋਨ ਵਲੋਂ ਆਪਣੇ ਦੇਸ਼ ਲਈ 175ਵਾਂ ਮੈਚ ਖੇਡਦਿਆਂ ਲਈ ਵਿਦਾਈ ਉਸ ਦੇ ਚਮਤਕਾਰੀ ਕੈਰੀਅਰ ਦੇ ਦੁਖਦ ਅੰਤ ਦੀ ਦਾਸਤਾਨ ਬਣ ਗਈ। ਅੱਖਾਂ ਵਿਚੋਂ ਹੰਝੂਆਂ ਦੇ ਸਲਾਬ ਵਿਚਾਲੇ ਬੁਫੋਨ ਨੇ ਕਿਹਾ, 'ਮੈਂ ਇਤਾਲਵੀ ਫੁੱਟਬਾਲ ਪ੍ਰੇਮੀਆਂ ਤੋਂ ਮੁਆਫ਼ੀ ਮੰਗਦਾ ਹਾਂ, ਮੈਨੂੰ ਇਸ ਤਰ੍ਹਾਂ ਨਾਲ ਵਿਦਾਈ ਲੈਣ ਦਾ ਦੁੱਖ ਹੈ।' ਦਰਅਸਲ ਵਿਸ਼ਵ ਕੱਪ ਕੁਆਲੀਫਾਈ ਗੇੜ ਦੇ ਮੈਚ ਵਿਚ ਇਟਲੀ ਦੇ ਸਵੀਡਨ ਨਾਲ ਡਰਾਅ ਰਹਿਣ ਦੇ ਨਾਲ ਹੀ 60 ਸਾਲ 'ਚ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਨਾ ਕਰ ਸਕਣਾ ਵਾਕਿਆ ਹੀ ਰਾਸ਼ਟਰੀ ਖੇਡ ਲਈ ਬੇਹੱਦ ਉਦਾਸੀ ਭਰੇ ਪਲ ਹਨ। ਇਹ ਤੀਜਾ ਮੌਕਾ ਹੈ ਜਦੋਂ ਇਟਲੀ ਦੀ ਟੀਮ ਵਿਸ਼ਵ ਕੱਪ 'ਚ ਹਿੱਸਾ ਨਹੀਂ ਲਵੇਗੀ, ਇਸ ਤੋਂ ਪਹਿਲਾਂ 1930 'ਚ ਪਹਿਲੇ ਟੂਰਨਾਮੈਂਟ 'ਚ ਨਹੀਂ ਖੇਡੀ ਸੀ ਤੇ ਫਿਰ 1958 'ਚ ਸਵੀਡਨ 'ਚ ਹੋਏ ਟੂਰਨਾਮੈਂਟ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ।
ਬੁਫੋਨ ਨੇ ਆਪਣੇ ਕਲੱਬ ਕੈਰੀਅਰ ਦੀ ਸ਼ੁਰੂਆਤ 1995 'ਚ ਪਾਰਮਾ ਕਲੱਬ ਤੋਂ ਕੀਤੀ। ਉਸ ਤੋਂ ਬਾਅਦ ਪੇਸ਼ੇਵਰ ਖਿਡਾਰੀ ਦੇ ਤੌਰ 'ਤੇ ਬਤੌਰ ਗੋਲਕੀਪਰ ਜੁਵੱਟਸ ਕਲੱਬ ਅਤੇ 2017 ਤੱਕ ਰਾਸ਼ਟਰੀ ਟੀਮ ਦੀ ਕਪਤਾਨੀ ਕੀਤੀ। ਫੁੱਟਬਾਲ ਪੰਡਿਤ ਉਸ ਦੀ ਗਿਣਤੀ ਦੁਨੀਆ ਦੇ ਮਹਾਨ ਗੋਲਕੀਪਰਾਂ ਵਿਚ ਕਰਦੇ ਹਨ ਤੇ ਉਸ ਦੀ 'ਸ਼ੂਟ ਸਟਾਪਿੰਗ' ਕਾਬਲੀਅਤ ਦੀ ਕਹਾਣੀ ਹਰ ਜ਼ਬਾਨ 'ਤੇ ਰਹਿੰਦੀ ਸੀ। ਬੁਫੋਨ ਨੇ ਜੂਨੀਅਰ ਪੱਧਰ 'ਤੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 1994-95 ਇਟਲੀ ਦੀ ਅੰਡਰ-16 ਟੀਮ ਵਜੋਂ ਕੀਤੀ ਅਤੇ 1997 ਤੱਕ ਇਟਲੀ ਦੀ ਅੰਡਰ-23 ਟੀਮ ਦਾ ਮੈਂਬਰ। ਜੁਵੱਟਸ ਕਲੱਬ ਵਲੋਂ ਸੀਰੀਜ਼ ਏ ਲੀਗ 'ਚ ਖੇਡਦਿਆਂ ਬੁਫੋਨ ਨੇ 2011 ਤੋਂ 2017 ਤੱਕ ਰਿਕਾਰਡ ਛੇ ਵਾਰ ਲੀਗ ਖਿਤਾਬ ਟੀਮ ਦੀ ਝੋਲੀ ਪਾਏ। ਇਟਲੀ ਵਲੋਂ ਖੇਡਦਿਆਂ 79 ਵਾਰ ਕਪਤਾਨੀ ਕਰਨ ਦਾ ਰਿਕਾਰਡ ਬੁਫੋਨ ਦੇ ਕੈਰੀਅਰ ਦਾ ਸ਼ਾਨਾਮੱਤਾ ਇਤਿਹਾਸ ਹੈ। ਪ੍ਰਾਪਤੀਆਂ ਦੀ ਅਗਲੀ ਲੜੀ 'ਚ ਬਤੌਰ ਗੋਲਕੀਪਰ ਖੇਡਦਿਆਂ ਇਟਲੀ ਨੇ 2006 'ਚ ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਉਹ 5 ਵਿਸ਼ਵ ਕੱਪ (1998, 2002, 2006, 2010, 2014) ਖੇਡਣ ਵਾਲਾ ਇਟਲੀ ਦਾ ਪਹਿਲਾ ਗੋਲਕੀਪਰ ਹੈ। ਬੁਫੋਨ ਨੇ ਇਟਲੀ ਟੀਮ ਵਲੋਂ ਖੇਡਦਿਆਂ 4 ਯੂਰਪੀਅਨ ਚੈਂਪੀਅਨ 'ਚ ਸ਼ਿਰਕਤ ਕੀਤੀ। 1996 'ਚ ਉਹ ਉਲੰਪਿਕ ਟੀਮ ਦਾ ਮੈਂਬਰ ਬਣਿਆ। ਉਸ ਨੇ ਦੋ ਫੀਫਾ ਕਨਫੈਡਰੇਸ਼ਨ ਕੱਪ ਖੇਡੇ ਤੇ 2013 'ਚ ਕਾਂਸੀ ਤਗਮਾ ਜਿੱਤਿਆ।
ਮਹਾਨ ਪੇਲੇ ਵਲੋਂ 100 ਖਿਡਾਰੀਆਂ ਦੀ ਚੋਣ 'ਚ ਬੁਫੋਨ ਦਾ ਨਾਂਅ ਅੰਕਤ ਕੀਤਾ ਗਿਆ। ਸੰਨ 2006 'ਚ ਬੁਫੋਨ ਫੀਫਾ ਬੇਲੋਨ ਡਿਉਰ ਖਿਤਾਬ 'ਚ ਰਨਰ-ਅੱਪ ਰਿਹਾ। ਇਟਲੀ ਲਈ ਦੀਵਾਰ ਬਣ ਕੇ ਗੋਲਾਂ ਵਿਚਕਾਰ ਖੜ੍ਹਾ ਹੋਣ ਵਾਲਾ ਬੁਫੋਨ ਚਾਰ ਵਾਰ ਦੁਨੀਆ ਦਾ ਬੈਸਟ ਗੋਲਕੀਪਰ ਐਲਾਨਿਆ ਗਿਆ, ਜਦਕਿ ਇਕੇਰ ਕੈਸੀਲੈਸ 5 ਵਾਰ ਇਸ ਖਿਤਾਬ ਲਈ ਚੁਣਿਆ ਗਿਆ। ਬੁਫੋਨ ਦੇ ਕੈਪ ਵਿਚ ਇਕ ਨਗੀਨਾ ਉਸ ਵੇਲੇ ਹੋਰ ਜੁੜ ਗਿਆ, ਜਦੋਂ ਉਸ ਨੂੰ '21ਵੀਂ ਸਦੀ ਦਾ ਮਹਾਨ ਗੋਲਕੀਪਰ' ਦੇ ਖਿਤਾਬ ਨਾਲ ਨਿਵਾਜਿਆ ਗਿਆ ਤੇ ਪਿਛਲੇ ਕਰੀਬ 25 ਸਾਲ ਤੋਂ ਉਹ ਦੁਨੀਆ ਦੇ ਚਰਚਿਤ ਖਿਡਾਰੀਆਂ 'ਚੋਂ ਇਕ ਰਿਹਾ ਹੈ। ਖਿਡਾਰੀਆਂ ਦੇ ਪਰਿਵਾਰ 'ਚ ਜਨਮੇ ਬੁਫੋਨ ਦੇ ਪਿਤਾ ਐਡਰਆਨੋ ਵੇਟ ਲਿਫਟਰ ਸਨ, ਮਾਤਾ ਮਾਰੀਆ ਸੁਟੈਲਾ ਡਿਸਕਸ ਥਰੋਅਰ ਸੀ, ਉਸ ਦੀਆਂ ਦੋ ਭੈਣਾਂ ਵੈਰੋਨੀਕਾ ਅਤੇ ਗੁਆਡੀਲੀਨਾ ਇਟਲੀ ਟੀਮ ਦੀਆਂ ਵਾਲੀਬਾਲ ਖਿਡਾਰਨਾਂ ਸਨ। ਖੈਰ, ਕੁੱਲ ਮਿਲਾ ਕੇ ਬੁਫੋਨ ਦਾ ਕੈਰੀਅਰ ਬੇਹੱਦ ਚਮਤਕਾਰ ਰਿਹਾ ਹੈ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਜਿੱਤਿਆ ਏਸ਼ੀਅਨ ਚੈਂਪੀਅਨਸ਼ਿਪ ਦਾ ਖ਼ਿਤਾਬ

ਜਨੂੰਨ ਦਾ ਨਾਂਅ ਹੈ ਮੈਰੀਕਾਮ

ਪੱਕਾ ਇਰਾਦਾ, ਅੱਗੇ ਵਧਣ ਦਾ ਜੋਸ਼ ਅਤੇ ਜਨੂਨ ਦਿਲ 'ਚ ਹੋਵੇ ਤਾਂ ਮੰਜ਼ਿਲ ਖੁਦ-ਬ-ਖੁਦ ਕਦਮਾਂ 'ਚ ਆ ਬਿਰਾਜਦੀ ਹੈ। ਇਸ ਲਈ ਤਾਂ ਮਨੀਪੁਰ ਦੀ ਬੇਟੀ ਐਮ. ਸੀ. ਮੈਰੀਕਾਮ ਇਕ ਗੁੰਮਨਾਮ ਅਤੇ ਗਰੀਬ ਪਰਿਵਾਰ 'ਚੋਂ ਨਿਕਲ ਕੇ ਅੱਜ ਬਾਕਸਿੰਗ 'ਚ ਵਿਸ਼ਵ ਚੈਂਪੀਅਨ ਦਾ ਰੁਤਬਾ ਹਾਸਲ ਕਰ ਚੁੱਕੀ ਹੈ। ਮੈਰੀਕਾਮ ਭਾਰਤੀ ਬਾਕਸਿੰਗ ਦਾ ਉਹ ਚਿਹਰਾ ਹੈ, ਜਿਸ ਨੇ ਮਹਿਲਾ ਬਾਕਸਿੰਗ ਨੂੰ ਅੱਗੇ ਵਧਾਇਆ। ਖੇਡ ਰਤਨ, ਅਰਜਨ ਐਵਾਰਡ, ਪਦਮਸ੍ਰੀ ਅਤੇ ਪਦਮ ਭੂਸ਼ਣ ਨਾਲ ਨਿਵਾਜੀ ਜਾ ਚੁੱਕੀ ਮੈਰੀਕਾਮ ਨੇ ਪਿਛਲੇ ਦਿਨੀਂ ਹੋ, ਚੀ, ਮਿੰਨ ਸਿਟੀ 'ਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਅਜੇਤੂ ਰਹਿੰਦਿਆਂ ਪੰਜਵੀਂ ਵਾਰ ਸੋਨ ਤਗਮਾ ਆਪਣੇ ਨਾਂਅ ਕੀਤਾ। 5 ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਫਾਈਨਲ 'ਚ (48 ਕਿਲੋਗ੍ਰਾਮ) 'ਚ ਉੱਤਰੀ ਕੋਰੀਆ ਦੀ ਕਿਮ ਹਿਆਗ ਨੂੰ ਇਕਤਰਫਾ ਮੁਕਾਬਲੇ 'ਚ 5-0 ਨਾਲ ਧਰਾਸ਼ਾਹੀ ਕਰਕੇ ਇਸ ਚੈਂਪੀਅਨਸ਼ਿਪ ਵਿਚ ਛੇਵਾਂ ਤਗਮਾ ਜਿੱਤਿਆ। ਸਾਲ 2008 'ਚ ਮੈਰੀਕਾਮ ਨੂੰ ਚਾਂਦੀ ਤਗਮੇ ਨਾਲ ਸਬਰ ਕਰਨਾ ਪਿਆ ਸੀ, ਇਸ ਤੋਂ ਪਹਿਲਾਂ ਭਾਰਤੀ ਬਾਕਸਿੰਗ ਦੀ ਸਨਸਨੀ ਮੈਰੀਕਾਮ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ 2012, 2010, 2005 ਅਤੇ 2003 'ਚ ਗੋਲਡਨ ਪੰਚ ਲਗਾਇਆ ਸੀ।
ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਨੇੜੇ ਇਕ ਗੁੰਮਨਾਮ ਪਿੰਡ ਖੰਗਥੇਈ ਨਾਲ ਤਾਲੁਕ ਰੱਖਣ ਵਾਲੀ, ਪਿਤਾ ਮੰਗਤੇ ਟੋਪਨਾ ਅਤੇ ਮਾਤਾ ਏਖੋਮ ਕਾਮ ਦੀ ਲਾਡਲੀ ਬੇਟੀ ਨੂੰ ਗਰੀਬੀ ਨਾਲ ਵੀ ਲੜਾਈ ਲੜਨੀ ਪਈ। ਦੋ ਛੋਟੀਆਂ ਭੈਣਾਂ ਅਤੇ ਇਕ ਭਰਾ ਦੀ ਦੇਖਭਾਲ, ਪਿਤਾ ਨਾਲ ਖੇਤਾਂ 'ਚ ਕੰਮ ਕਰਨਾ, ਮੱਛੀਆਂ ਫੜਨਾ ਅਤੇ ਪੜ੍ਹਾਈ ਕਰਨ ਦੇ ਨਾਲ-ਨਾਲ ਇਹ ਸ਼ਾਇਦ ਉਸ ਦੇ ਮਨ ਵਿਚ ਗਜਬ ਦਾ ਜਨੂਨ ਹੀ ਸੀ ਕਿ ਇਕ ਕਿਸਾਨ ਦੀ ਬੇਟੀ ਦਾ ਪੇਂਡੂ ਪਿਛੋਕੜ 'ਚੋਂ ਨਿਕਲ ਕੇ ਤੇ ਪੂਰੀ ਦੁਨੀਆ 'ਤੇ ਛਾ ਜਾਣਾ ਤੇ ਉਹ ਵੀ ਮੁੱਕੇਬਾਜ਼ੀ ਵਰਗੀ ਖੇਡ 'ਚ, ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।
ਜ਼ਿੱਦੀ ਸੁਭਾਅ ਅਤੇ ਹਰ ਗੱਲ ਨੂੰ ਬੇਬਾਕੀ ਨਾਲ ਕਹਿਣ ਵਾਲੀ ਇਸ ਕੁੜੀ ਨੇ 1999 'ਚ ਲੜਕੀਆਂ ਦੀ ਟ੍ਰੇਨਿੰਗ ਦੇਖ ਕੇ ਉਸ ਨੇ ਲੀਕ ਤੋਂ ਹਟ ਕੇ ਮਾਰਸ਼ਲ ਪ੍ਰਵਿਰਤੀ ਵਾਲੀ ਖੇਡ ਮੁੱਕੇਬਾਜ਼ੀ 'ਚ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ। ਉਹ 1998 ਦੀਆਂ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੇ ਮਨੀਪੁਰ ਦੇ ਹੀ ਮੁੱਕੇਬਾਜ਼ ਡਿਕੋਸਿੰਘ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੀ ਹੈ। ਛੋਹਲੇ ਕਦਮੀਂ ਅੱਗੇ ਵਧਦਿਆਂ ਸੰਨ 2000 'ਚ ਰਾਸ਼ਟਰੀ ਚੈਂਪੀਅਨ ਬਣਨ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮਜ਼ੇਦਾਰ ਗੱਲ ਇਹ ਰਹੀ ਕਿ ਮੁੱਕੇਬਾਜ਼ੀ 'ਚ ਇਸ ਮੁਕਾਮ 'ਤੇ ਪਹੁੰਚਣ ਤੋਂ ਬਾਅਦ ਉਸ ਦੀ ਇਸ ਪ੍ਰਾਪਤੀ ਤੋਂ ਅਣਜਾਣ ਉਸ ਦੇ ਪਿਤਾ ਨੂੰ ਆਪਣੀ ਬੇਟੀ ਦੀ ਰੁਚੀ ਦਾ ਉਦੋਂ ਪਤਾ ਲੱਗਾ, ਜਦੋਂ ਉਸ ਨੇ ਅਖਬਾਰ ਵਿਚ ਛਪੀ ਉਸ ਦੀ ਤਸਵੀਰ ਦੇਖੀ।
ਕੁੱਲ ਮਿਲਾ ਕੇ ਭਾਰਤੀ ਖੇਡ ਗਲਿਆਰਿਆਂ ਦੀ ਇਹ ਅਲੰਬਰਦਾਰ, ਵਿਆਹੁਤਾ ਜ਼ਿੰਦਗੀ ਨੂੰ ਪਟੜੀ 'ਤੇ ਰੱਖਦੀ ਹੋਈ ਅੱਜ ਵੀ ਸਿਖਰ 'ਤੇ ਹੈ।
ਪਰਮਾਤਮਾ 'ਚ ਵਿਸ਼ਵਾਸ ਰੱਖਣ ਵਾਲੀ, ਇਮਾਨਦਾਰ ਅਤੇ ਲਗਨ ਨਾਲ ਮਿਹਨਤ ਕਰਨ ਵਾਲੀ ਮੈਰੀਕਾਮ ਖੁਦ ਕਹਿੰਦੀ ਹੈ ਕਿ ਮੇਰਾ ਹਰ ਮੈਡਲ ਸੰਘਰਸ਼ ਦੀ ਦਾਸਤਾਨ ਹੈ ਪਰ ਏਸ਼ੀਅਨ ਚੈਂਪੀਅਨਸ਼ਿਪ ਦਾ ਪੰਜਵਾਂ ਪੀਲਾ ਮੈਡਲ ਇਸ ਲਈ ਖਾਸ ਹੈ ਕਿ ਪਿਛਲੇ ਇਕ ਸਾਲ ਤੋਂ ਰਿੰਗ ਤੋਂ ਬਾਹਰ ਕਈ ਭੂਮਿਕਾਵਾਂ ਨਿਭਾਉਣ ਦੇ ਬਾਵਜੂਦ ਹਾਸਲ ਹੋਇਆ ਹੈ। ਰਾਜ ਸਭਾ 'ਚ ਸੰਸਦ ਮੈਂਬਰ ਵਜੋਂ ਰਾਜਨੀਤਕ ਗਲਿਆਰਿਆਂ 'ਚ ਸਨਮਾਨਜਨਕ ਰੁਤਬਾ ਹਾਸਲ ਕਰਨ ਵਾਲੀ ਮੈਰੀਕਾਮ ਦਾ ਅਗਲਾ ਨਿਸ਼ਾਨਾ ਅਗਲੇ ਸਾਲ ਗੋਲਡ ਕਾਸਟ 'ਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ 'ਚ ਗੋਲਡਨ ਪੰਚ ਲਗਾਉਣਾ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਭਾਰਤ ਦੇ ਮਹਿਲਾ ਹਾਕੀ ਵਿਚ ਵਧਦੇ ਕਦਮ

ਏਸ਼ੀਆ ਕੱਪ ਆਪਣੇ ਨਾਂਅ ਕੀਤਾ

ਭਾਰਤੀ ਮਹਿਲਾਵਾਂ ਨੇ ਵੀ ਪੁਰਸ਼ ਹਾਕੀ ਤੋਂ ਪ੍ਰੇਰਿਤ ਹੋ ਕੇ ਉਸ ਤਰ੍ਹਾਂ ਦੀ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਦੇ ਹੋਏ ਚੀਨ ਦੀ ਮਜ਼ਬੂਤ ਦੀਵਾਰ ਨੂੰ ਢਾਹ ਕੇ ਏਸ਼ੀਆ ਕੱਪ ਆਪਣੇ ਨਾਂਅ ਕਰ ਲਿਆ ਹੈ। ਇਹ ਨਿਰਸੰਦੇਹ ਸੰਤੋਸ਼ਜਨਕ ਪ੍ਰਾਪਤੀ ਹੈ ਪਰ ਪੁਰਸ਼ ਹਾਕੀ ਦੀ ਤਰ੍ਹਾਂ ਹੀ ਇਸ ਸਮੇਂ ਇਹ ਕਹਿਣਾ ਯੋਗ ਹੋਵੇਗਾ ਕਿ ਇਹ ਸਥਿਤੀ ਭਾਰਤ ਦੀ ਆਖਰੀ ਮੰਜ਼ਿਲ ਨਹੀਂ, ਜੋ ਸਾਡੇ ਸੁਪਨਿਆਂ ਵਿਚ ਸਮਾਈ ਹੋਈ ਹੈ।
ਪੁਰਸ਼ ਹਾਕੀ ਕੋਲ ਤਾਂ ਇਕ ਮਾਣਮੱਤਾ ਇਤਿਹਾਸ ਹੈ, ਇਸ ਵਿਚ ਭਾਰਤ ਨੇ ਰਿਕਾਰਡ 8 ਸੋਨੇ ਦੇ ਤਗਮੇ ਉਲੰਪਿਕ ਵਿਚ ਪ੍ਰਾਪਤ ਕੀਤੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਮਹਿਲਾ ਹਾਕੀ ਭਾਰਤ ਦੀ ਹੁਣ ਦੇ ਸਮੇਂ ਵਿਚ ਵਧੇਰੇ ਵਿਕਸਿਤ ਹੋਈ ਹੈ ਤੇ ਬਾਕੀ ਖੇਡਾਂ ਵਿਚ ਮਹਿਲਾਵਾਂ ਨੇ ਸਰਗਰਮੀ ਨਾਲ ਪ੍ਰਵੇਸ਼ ਕਰਨਾ ਤੇ ਸਰਗਰਮੀ ਨਾਲ ਜਿੱਤਾਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਹਰ ਖੇਡ ਵਿਚ ਭਾਰਤੀ ਨਾਰੀਆਂ ਤਾਂ ਅੱਗੇ ਵਧ ਰਹੀਆਂ ਹਨ, ਪਰ ਇਸ ਸਮੇਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਯੂਰਪੀ ਟੀਮਾਂ ਨਾਲ ਜੇ ਅਸੀਂ ਇਸ ਗੱਲ ਤੋਂ ਮੁਕਾਬਲਾ ਕਰੀਏ ਤਾਂ ਸਥਿਤੀ ਬਹੁਤ ਨਿਰਾਸ਼ਾਜਨਕ ਦਿਸਦੀ ਹੈ। ਪਿੱਛੇ ਜਿਹੇ ਹੀ ਸਾਡੀਆਂ ਲੜਕੀਆਂ ਨੇ ਨਿਊਜ਼ੀਲੈਂਡ ਨਾਲ ਮੈਚ ਖੇਡੇ ਹਨ ਤੇ ਸਾਰੇ ਮੈਚ ਹੀ ਅਸੀਂ ਬਹੁਤ ਗੋਲਾਂ ਨਾਲ ਹਾਰੇ। ਪਹਿਲਾ ਮੈਚ ਅਸੀਂ 4-1 ਤੇ ਦੂਸਰਾ 8-1, ਤੀਸਰਾ 3-2 ਤੇ ਚੌਥਾ 3-0 ਤੇ ਆਖਰੀ ਮੈਚ 6-2 ਨਾਲ ਇਕਪਾਸੜ ਹੋਏ ਮੈੈਚਾਂ ਵਿਚ ਬੁਰੀ ਤਰ੍ਹਾਂ ਹਾਰੇ।
ਅਸੀਂ ਸੰਸਾਰ ਵਿਚ ਆਸਟ੍ਰੇਲੀਆ, ਇੰਗਲੈਂਡ, ਜਰਮਨੀ, ਸਪੇਨ, ਹਾਲੈਂਡ ਨਾਲ ਕਿਤੇ ਵੀ ਮੁਕਾਬਲੇ ਵਿਚ ਨਹੀਂ ਆਉਂਦੇ ਤੇ ਨਮੋਸ਼ੀ ਭਰੀਆਂ ਹਾਰਾਂ ਸਹਿੰਦੇ ਹਾਂ। ਜੇਕਰ ਜਾਪਾਨ ਵਿਚ ਹੋਏ ਏਸ਼ੀਆ ਕੱਪ ਦੀ ਗੱਲ ਕਰੀਏ ਤੇ ਵਿਸ਼ਲੇਸ਼ਣ ਤਰਕ ਸਹਿਤ ਕਰੀਏ, ਤਾਂ ਪਤਾ ਚਲਦਾ ਹੈ ਕਿ ਭਾਰਤ ਨੇ ਨਿਰਸੰਦੇਹ ਆਪਣੇ ਸਾਰੇ ਲੀਗ ਮੈਚ ਜਿੱਤੇ ਹਨ। ਖਾਸ ਤੌਰ 'ਤੇ ਜਦੋਂ ਇਕ ਲੀਗ ਮੈਚ ਵਿਚ ਚੀਨ ਨੂੰ 4-1 ਦੇ ਵੱਡੇ ਫਰਕ ਨਾਲ ਹਰਾਇਆ ਤਾਂ ਉਸ ਸਮੇਂ ਇਹ ਆਸ ਉਪਜਣੀ ਸੁਭਾਵਿਕ ਸੀ ਕਿ ਅਸੀਂ ਫਾਈਨਲ ਮੈਚ ਚੀਨ ਨਾਲ ਹੀ ਬੜੇ ਆਰਾਮ ਨਾਲ ਵੱਡੇ ਫਰਕ ਨਾਲ ਜਿੱਤਾਂਗੇ। ਪਰ ਜਦੋਂ ਮੈਚ 1-1 ਦੀ ਬਰਾਬਰੀ ਨਾਲ ਖ਼ਤਮ ਹੋਇਆ ਤਾਂ ਫ਼ੈਸਲਾ ਪੈਨਲਟੀਆਂ ਨਾਲ ਕੀਤਾ ਜਾਣਾ ਸੀ ਤੇ ਸਾਰਿਆਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਕਿ ਕੁਝ ਵੀ ਹੋ ਸਕਦਾ ਹੈ, ਫੌਜਾਂ ਜਿੱਤਦੀਆਂ-ਜਿੱਤਦੀਆਂ ਹਾਰ ਵੀ ਸਕਦੀਆਂ ਹਨ। ਪੈਨਲਟੀਆਂ ਲੱਗੀਆਂ ਤੇ ਉਹ ਵੀ 4-4 ਨਾਲ ਬਰਾਬਰ ਗਈਆਂ। ਹੁਣ ਸੰਕਟ ਗਹਿਰਾ ਹੋ ਗਿਆ ਕਿ ਜਿਹੜਾ ਵੀ ਦੇਸ਼ ਇਕ ਪੈਨਲਟੀ ਲਗਾ ਗਿਆ ਤੇ ਦੂਸਰੇ ਕੋਲੋਂ ਨਾ ਲੱਗੀ ਤਾਂ ਮੈਚ ਲਗਾਉਣ ਵਾਲੇ ਦਾ ਹੋਵੇਗਾ। ਪਰ ਸਾਡੀ ਕਪਤਾਨ ਰਾਣੀ ਰਾਮਪਾਲ ਨੇ ਮਨ ਦਾ ਸਾਵਾਂਪਨ ਨਹੀਂ ਡੋਲਣ ਦਿੱਤਾ ਤੇ ਪੈਨਲਟੀ ਸਹੀ ਲਾ ਕੇ ਮੈਚ ਆਪਣੇ ਨਾਂਅ ਕਰ ਲਿਆ ਤੇ ਚੀਨੀ ਖਿਡਾਰਨ ਦੀ ਪੈਨਲਟੀ ਸਵਿਤਾ ਨੇ ਰੋਕ ਲਈ ਤੇ ਸਵਿਤਾ ਨੂੰ ਟੂਰਨਾਮੈਂਟ ਦੀ ਸਰਬੋਤਮ ਗੋਲਕੀਪਰ ਖਿਡਾਰੀ ਐਲਾਨ ਦਿੱਤਾ ਗਿਆ।
ਇਸ ਸਮੇਂ ਉਸ ਮੈਚ ਦੀ ਯਾਦ ਆਉਂਦੀ ਹੈ, ਜਦੋਂ ਕਈ ਸਾਲ ਪਹਿਲਾਂ ਇਕ ਬਹੁਤ ਹੀ ਵਕਾਰੀ ਮੈਚ ਵਿਚ ਉਲੰਪੀਅਨ ਸੁਰਜੀਤ ਸਿੰਘ ਨੇ ਮੈਚ ਦੇ ਸ਼ੂੁਰੂ ਵਿਚ ਦੋ ਪੈਨਲਟੀਆਂ ਤੇ ਦੋ ਗੋਲ ਕਰ ਦਿੱਤੇ ਸਨ ਤੇ ਹਾਲੈਂਡ ਟੀਮ ਨੂੰ ਬਹੁਤ ਸੰਕਟ ਵਿਚ ਪਾ ਦਿੱਤਾ। ਪਰ ਹਾਲੈਂਡ ਨੇ ਵੀ ਮੈਚ ਵਿਚ ਦੇਰ ਨਾਲ ਵਾਪਸੀ ਕੀਤੀ ਤੇ ਮੈਚ ਬਰਾਬਰੀ ਨਾਲ ਖ਼ਤਮ ਹੋਇਆ। ਹੁਣ ਇਸ ਮੈਚ ਦਾ ਫ਼ੈਸਲਾ ਕੀਤਾ ਜਾਣਾ ਸੀ ਤੇ ਹਾਲੈਂਡ ਨੇ ਜ਼ਿਆਦਾ ਪੈਨਲਟੀਆਂ ਲਗਾ ਕੇ ਮੈਚ ਆਪਣੇ ਹੱਥ ਕਰ ਲਿਆ।
ਹੁਣ ਇਸ ਟੂਰਨਾਮੈਂਟ ਵਿਚੋਂ ਭਾਰਤ ਨੂੰ ਕੁਝ ਸਿੱਖਣ ਦੀ ਲੋੜ ਹੈ। ਅੱਗੇ ਕਈ ਅਹਿਮ ਮੁਕਾਬਲੇ ਹੋਣ ਵਾਲੇ ਹਨ, ਜਿਨ੍ਹਾਂ ਵਿਚ ਵਿਸ਼ਵ ਕੱਪ ਤੇ ਕਾਮਨ ਵੈਲਥ ਮੈਚ ਹੋਣੇ ਹਨ। ਯੂਰਪੀ ਟੀਮਾਂ ਨੇ ਵੀ ਸ਼ਰੀਕ ਕਰਨਾ ਹੈ ਤੇ ਭਾਰਤ ਦਾ ਸਹੀ ਪੱਧਰ ਉਸ ਸਮੇਂ ਜਾਂਚਿਆ ਜਾਣਾ ਹੈ। ਭਾਰਤੀ ਟੀਮ ਦਾ ਮਾਣ-ਸਨਮਾਨ ਕਰਨਾ ਬਣਦਾ ਹੈ ਪਰ ਭਾਰਤੀ ਟੀਮ ਨੂੰ ਇਹ ਯਾਦ ਕਰਨ ਦੀ ਲੋੜ ਹੈ ਕਿ ਇਸ ਮਾਣ ਨਾਲ ਉਹ ਆਪਣੇ ਆਦਰਸ਼ ਨੂੰ ਭੁੱਲ ਨਾ ਜਾਣ ਜਿਹੜਾ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿਚ ਕੋਈ ਮੈਡਲ ਲੈ ਕੇ ਫੱਟਾ ਖੜਕਾਉਣਾ ਹੈ। ਭਾਰਤ ਦੇ ਖੇਡ ਮੰਤਰੀ ਆਪ ਇਕ ਨਾਮਵਰ ਖਿਡਾਰੀ ਰਹੇ ਹਨ, ਉਹ ਦਰਸ਼ਕਾਂ ਦੀ ਇਸ ਇੱਛਾ ਨੂੰ ਜ਼ਰੂਰ ਪੂਰਾ ਕਰਨਗੇ ਕਿ ਮਹਿਲਾ ਹਾਕੀ ਦੇ ਮੈਚ ਵੀ ਟੀ.ਵੀ. ਸਾਧਨਾਂ ਰਾਹੀਂ ਦਿਖਾਏ ਜਾਣ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਭਾਰਤ ਦੀ ਪੇਸ਼ੇਵਰ ਫੁੱਟਬਾਲ ਲੀਗ ਦੀ ਸ਼ੁਰੂਆਤ

ਫ਼ੀਫ਼ਾ ਅੰਡਰ 17 ਵਿਸ਼ਵ ਕੱਪ ਦੀ ਭਾਰਤ ਵਲੋਂ ਕੀਤੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਫੁੱਟਬਾਲ ਪੱਖੀ ਚੱਲ ਰਹੀ ਫਿਜ਼ਾ ਅੰਦਰ ਹੁਣ ਨਵਾਂ ਰੰਗ ਲੈ ਕੇ ਆ ਰਹੀ ਹੈ ਭਾਰਤ ਦੀ ਆਪਣੀ ਪੇਸ਼ੇਵਰ ਫੁੱਟਬਾਲ ਲੀਗ ਇੰਡੀਅਨ ਸੁਪਰ ਲੀਗ ਯਾਨੀ ਆਈ.ਐਸ.ਐਲ., ਜਿਸ ਦਾ ਨਵਾਂ ਸੀਜ਼ਨ 17 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਹੀਰੋ ਇੰਡੀਅਨ ਸੁਪਰ ਲੀਗ ਵਿਚ ਇਸ ਵਾਰ ਕੁੱਲ 10 ਟੀਮਾਂ ਵਿਚਾਲੇ ਮੁਕਾਬਲੇ ਹੋਣਗੇ ਅਤੇ ਕੋਲਕਾਤਾ ਦੇ ਸਵਾਮੀ ਵਿਵੇਕਾਨੰਦ ਸਟੇਡੀਅਮ (ਸਾਲਟਲੇਕ ਸਟੇਡੀਅਮ) ਵਿਚ ਦੋ ਵਾਰ ਜੇਤੂ ਰਹੀ ਐਟਲੈਟਿਕੋ ਡੀ ਕੋਲਕਾਤਾ ਟੀਮ ਅਤੇ ਕੇਰਲ ਬਲਾਸਟਰ ਐੱਫ. ਸੀ. ਦਰਮਿਆਨ ਇਸ ਵਾਰ ਦਾ ਉਦਘਾਟਨੀ ਮੁਕਾਬਲਾ ਹੋਵੇਗਾ ਅਤੇ 17 ਨਵੰਬਰ ਤੋਂ ਸ਼ੁਰੂ ਹੋ ਰਹੀ ਆਈ.ਐਸ.ਐਲ. ਵਿਚ ਇਸ ਵਾਰ ਟੀਮਾਂ ਦੀ ਗਿਣਤੀ ਵਧਣ ਕਾਰਨ ਕੁੱਲ 95 ਮੈਚ ਖੇਡੇ ਜਾਣਗੇ। ਕਈ ਸਾਲਾਂ ਤੱਕ ਯੂਰਪੀਅਨ ਟੀਮਾਂ ਲਈ ਖੇਡਦੇ ਹੋਏ ਮੈਦਾਨ ਰੁਸ਼ਨਾਉਣ ਵਾਲੇ ਖਿਡਾਰੀ ਜਿਵੇਂ ਕਿ ਆਇਰਲੈਂਡ ਦੇ ਰੌਬੀ ਕੀਅਨ ਅਤੇ ਬੁਲਗਾਰੀਆ ਦੇ ਡਿਮੀਟਾਰ ਬਰਬਾਟੋਵ ਵਰਗੇ ਕਲਾਤਮਕ ਸਟਾਰ ਖਿਡਾਰੀ ਵੀ ਇਸ ਵਾਰ ਭਾਰਤੀ ਧਰਤੀ ਉੱਤੇ ਆਪਣੇ ਜਲਵੇ ਦਾ ਪ੍ਰਦਰਸ਼ਨ ਕਰਨਗੇ। ਹੀਰੋ ਆਈ.ਐੱਸ.ਐੱਲ.-2017-18 ਵਿਚ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਬੈਂਗਲੁਰੂ ਐੱਫ. ਸੀ. ਅਤੇ ਜਮਸ਼ੇਦਪੁਰ ਐੱਫ. ਸੀ. ਵਰਗੀਆਂ ਨਵੀਆਂ ਟੀਮਾਂ ਆਈਆਂ ਹਨ, ਜਿਨ੍ਹਾਂ ਸਮੇਤ ਹੁਣ ਕੁੱਲ 10 ਟੀਮਾਂ ਖ਼ਿਤਾਬ ਲਈ ਭਿੜਨਗੀਆਂ ਅਤੇ ਇਸੇ ਕਾਰਨ ਇਹ ਸੀਜ਼ਨ ਹੁਣ ਤੱਕ ਦਾ ਸਭ ਤੋਂ ਲੰਬੇ ਸਮੇਂ ਤੱਕ ਭਾਵ ਚਾਰ ਮਹੀਨੇ ਤਾਈਂ ਚੱਲੇਗਾ।
ਇਸ ਲੀਗ ਟੂਰਨਾਮੈਂਟ ਦੇ ਪ੍ਰੋਗਰਾਮ ਤਹਿਤ ਖੇਡੇ ਜਾਣ ਵਾਲੇ ਕੁਲ 95 ਮੈਚਾਂ ਤਹਿਤ ਸਾਰੀਆਂ 10 ਟੀਮਾਂ ਦੋ ਲੀਗ ਸੈਮੀਫਾਈਨਲ ਤੋਂ ਪਹਿਲਾਂ ਹਰ ਟੀਮ ਨਾਲ ਆਪਣੇ-ਆਪਣੇ ਘਰੇਲੂ ਅਤੇ ਬਾਹਰੀ ਫਾਰਮੈੱਟ ਦੇ ਤਹਿਤ ਮੈਚ ਖੇਡਣਗੀਆਂ। ਸੈਮੀਫਾਈਨਲ 4 ਮਾਰਚ ਦੇ ਦੂਜੇ ਹਫ਼ਤੇ ਵਿਚ ਸੰਭਾਵਿਤ ਹਨ। ਫਾਈਨਲ ਮੈਚ ਦੀ ਜਗ੍ਹਾ 'ਤੇ ਉਸ ਦੇ ਸਮੇਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਸਾਰੇ ਲੀਗ ਮੈਚ ਬੁੱਧਵਾਰ ਤੋਂ ਸਨਿਚਰਵਾਰ ਤੱਕ ਖੇਡੇ ਜਾਣਗੇ, ਜਿਹੜੇ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਸ਼ੁਰੂ ਹੋਣਗੇ। ਐਤਵਾਰ ਨੂੰ ਦੋ ਮੈਚ ਹੋਣਗੇ। ਇਕ ਸ਼ਾਮ 5.30 ਵਜੇ ਅਤੇ ਦੂਜਾ ਰਾਤ 8.00 ਵਜੇ ਤੋਂ ਹੋਵੇਗਾ। ਆਈ.ਐਸ.ਐਲ. ਇਕ ਧਨੀ ਫੁੱਟਬਾਲ ਲੀਗ ਹੈ, ਜਿਸ ਦੇ ਸਾਰੇ 10 ਕਲੱਬਾਂ ਨੇ ਕੁੱਲ ਮਿਲਾ ਕੇ 132.75 ਕਰੋੜ ਰੁਪਏ 77 ਵਿਦੇਸ਼ੀ ਤੇ 166 ਦੇਸੀ ਖਿਡਾਰੀਆਂ ਨੂੰ ਸ਼ਾਮਿਲ ਕਰਨ ਉੱਤੇ ਖ਼ਰਚ ਕੀਤੇ ਹਨ। ਨੇਮਾਂ ਵਿਚ ਵੀ ਇਸ ਵਾਰ ਕੁਝ ਬਦਲਾਓ ਕੀਤੇ ਗਏ ਹਨ ਅਤੇ ਹਰ ਟੀਮ ਵਿਚ ਖੇਡਣ ਵਾਲੇ ਖਿਡਾਰੀਆਂ ਦੇ ਨੇਮਾਂ ਤਹਿਤ ਹੁਣ 6 ਦੀ ਜਗ੍ਹਾ 5 ਵਿਦੇਸ਼ੀ ਖਿਡਾਰੀਆਂ ਨੂੰ ਟੀਮ ਵਿਚ ਰੱਖਣ ਦਾ ਕਾਨੂੰਨ ਬਣਾਇਆ ਗਿਆ ਹੈ। ਇਸ ਪਿੱਛੇ ਤਰਕ ਇਹ ਰੱਖਿਆ ਗਿਆ ਹੈ ਕਿ ਲੀਗ ਦੇ ਕਲੱਬਾਂ ਨੂੰ ਦੇਸੀ ਖਿਡਾਰੀਆਂ ਅਤੇ ਘਰੇਲੂ ਪ੍ਰਤਿਭਾਵਾਂ ਉੱਤੇ ਵੱਧ ਤੋਂ ਵੱਧ ਨਿਵੇਸ਼ ਕਰਨ ਨੂੰ ਉਤਸ਼ਾਹਿਤ ਕੀਤਾ ਜਾਵੇ। ਅਜਿਹਾ ਭਵਿੱਖ ਦੇ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ ਤੇ ਇਸ ਦੇ ਨਤੀਜੇ ਵਜੋਂ 32 ਦੇਸੀ ਖਿਡਾਰੀਆਂ ਨੂੰ ਕਈ ਸਾਲ ਦੇ ਕਰਾਰ ਉੱਤੇ ਇਸ ਨਾਲ ਕਰਾਰਬੱਧ ਕਰ ਲਿਆ ਗਿਆ ਹੈ।
ਅਜਿਹਾ ਘੱਟ ਹੀ ਹੁੰਦਾ ਹੈ ਕਿ ਇਸ ਦੇਸ਼ ਵਿਚ ਕ੍ਰਿਕਟ ਤੋਂ ਛੁੱਟ ਬਾਕੀ ਖੇਡਾਂ ਦੀ ਪੇਸ਼ੇਵਰ ਲੀਗ ਦੇ ਸ਼ੁਰੂਆਤੀ ਸੀਜ਼ਨਾਂ ਵਿਚ ਹੀ ਟੀਮਾਂ ਦੇ ਮਾਲਕ ਯਾਨੀ ਫਰੈਂਚਾਇਜ਼ੀ ਵੀ ਮਾਲਾਮਾਲ ਹੋ ਜਾਣ ਪਰ ਆਈ.ਐੱਸ.ਐੱਲ. ਦੀਆਂ ਵੱਖ-ਵੱਖ ਟੀਮਾਂ ਆਪਣੇ ਮਾਲਕਾਂ ਲਈ ਵੀ ਫਾਇਦੇ ਦਾ ਸੌਦਾ ਸਾਬਤ ਹੋਈਆਂ ਹਨ। ਇਸ ਵੇਲੇ ਆਲਮ ਇਹ ਹੈ ਕਿ ਦੇਸ਼ ਵਿਚ ਸਭ ਤੋਂ ਵੱਧ ਮਸ਼ਹੂਰ ਟੀ-20 ਕ੍ਰਿਕਟ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈ.ਪੀ.ਐੱਲ. ਤੋਂ ਬਾਅਦ ਬ੍ਰਾਂਡ ਮੁੱਲ ਦੇ ਮਾਮਲੇ ਵਿਚ ਇਹ ਫੁੱਟਬਾਲ ਲੀਗ ਭਾਰਤ ਵਿਚ ਦੂਜੇ ਨੰਬਰ ਦੀ ਮਕਬੂਲ ਲੀਗ ਹੈ। ਜੇ ਇਸ ਲੀਗ ਦੇ ਤਕਨੀਕੀ ਪਹਿਲੂ ਦੀ ਗੱਲ ਕਰੀਏ ਤਾਂ ਦੇਸ਼ ਦੇ ਖਿਡਾਰੀਆਂ ਲਈ ਵਿਦੇਸ਼ੀ ਖਿਡਾਰੀਆਂ ਦੇ ਨਾਲ ਖੇਡਣ ਦੇ ਤਜਰਬੇ ਦਾ ਲਾਭ ਲੈਣਾ ਵਾਕਈ ਵੱਡੀ ਗੱਲ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਫੁੱਟਬਾਲ ਦੇ ਪੱਧਰ ਅਤੇ ਕੋਚਿੰਗ ਦੇ ਮਿਆਰ ਨਾਲ ਵੀ ਫੁੱਟਬਾਲ ਨੂੰ ਉੱਪਰ ਲਿਆਉਣ ਦਾ ਮੌਕਾ ਮਿਲੇਗਾ। ਇਹ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਇੰਡੀਅਨ ਸੁਪਰ ਫੁੱਟਬਾਲ ਲੀਗ ਆਪਣੇ ਤੀਜੇ ਆਯੋਜਨ ਵਿਚ ਪਿਛਲੇ ਗੇੜਾਂ ਦੀ ਸਫਲ ਇਬਾਰਤ ਦੁਹਰਾਉਣ ਲਈ ਤਿਆਰ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਕੌਮਾਂਤਰੀ ਖੇਡ ਮੰਚ 'ਤੇ ਪੰਜਾਬੀਆਂ ਲਈ ਯਾਦਗਾਰੀ ਰਿਹਾ ਇਹ ਮਹੀਨਾ

ਚਾਲੂ ਵਰ੍ਹੇ ਦਾ ਅਕਤੂਬਰ ਮਹੀਨਾ ਪੰਜਾਬੀ ਖਿਡਾਰੀਆਂ ਨੇ ਕੌਮਾਂਤਰੀ ਖੇਡ ਮੰਚ 'ਤੇ ਵੱਡੀਆਂ ਮੱਲਾਂ ਮਾਰ ਕੇ ਯਾਦਗਾਰੀ ਬਣਾ ਦਿੱਤਾ ਹੈ। ਇਸ ਮਹੀਨੇ ਦੌਰਾਨ ਭਾਰਤੀ ਹਾਕੀ ਟੀਮ ਨੇ ਪੰਜਾਬੀ ਪੁੱਤਰ ਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਏਸ਼ੀਆ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਪਟਿਆਲਵੀ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਵਿਸ਼ਵ ਕੱਪ 'ਚੋਂ ਸੋਨ ਤਗਮਾ ਜਿੱਤ ਕੇ ਤਿਰੰਗਾ ਲਹਿਰਾਇਆ। ਬਾਸਕਟਬਾਲ ਦੀ ਵਿਸ਼ਵ ਪ੍ਰਸਿੱਧ ਐਨ.ਬੀ.ਏ. ਲੀਗ (ਅਮਰੀਕਾ) 'ਚ ਇਕ ਹੋਰ ਪੰਜਾਬੀ ਪੁੱਤਰ ਅਮਜੋਤ ਸਿੰਘ ਨੇ ਖੇਡਣ ਦਾ ਹੱਕ ਪ੍ਰਾਪਤ ਕੀਤਾ ਹੈ।
ਮਨਪ੍ਰੀਤ ਸਿੰਘ : ਜਲੰਧਰ ਜ਼ਿਲ੍ਹੇ ਦੀ ਵੱਖੀ 'ਚ ਵਸੇ ਪਿੰਡ ਮਿੱਠਾਪੁਰ ਦਾ ਜੰਮਪਲ ਮਨਪ੍ਰੀਤ ਸਿੰਘ ਹਾਕੀ ਦੇ ਖੇਤਰ 'ਚ ਕੋਰੀਅਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਲੰਬੇ ਅਰਸੇ ਤੋਂ ਕੌਮਾਂਤਰੀ ਖੇਡ ਮੰਚ 'ਤੇ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲਾ ਮਨਪ੍ਰੀਤ ਇਸ ਵੇਲੇ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਹੈ। ਦੋ ਵਾਰ ਉਲੰਪਿਕ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲਾ ਮਨਪ੍ਰੀਤ ਸਿੰਘ ਹੁਣ ਤੱਕ ਦੇਸ਼ ਲਈ ਚਾਰ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟਾਂ 'ਚੋਂ ਤਗਮਾ ਜਿੱਤਣ ਵਾਲੀਆਂ ਭਾਰਤੀ ਟੀਮਾਂ ਦਾ ਸਿਰਕੱਢ ਮੈਂਬਰ ਰਹਿ ਚੁੱਕਾ ਹੈ। ਗਲਾਸਗੋ ਰਾਸ਼ਟਰ ਮੰਡਲ ਖੇਡਾਂ 2014 'ਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ ਦਾ ਵੀ ਮਨਪ੍ਰੀਤ ਸਿੰਘ ਸ਼ਿੰਗਾਰ ਬਣਿਆ। ਲੰਦਨ 'ਚ ਹੋਈ ਹਾਕੀ ਦੀ ਚੈਂਪੀਅਨਜ਼ ਟਰਾਫੀ 2016 'ਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ ਦੀਆਂ ਜਿੱਤਾਂ 'ਚ ਵੀ ਮਨਪ੍ਰੀਤ ਸਿੰਘ ਦੀ ਅਹਿਮ ਭੂਮਿਕਾ ਰਹੀ। ਇਸ ਦੇ ਨਾਲ ਹੀ 2014 ਦੀਆਂ ਇੰਚੋਨ ਏਸ਼ੀਅਨ ਖੇਡਾਂ 'ਚੋਂ ਸੋਨ ਤਗਮਾ ਜੇਤੂ ਅਤੇ ਹਾਲ ਹੀ ਵਿਚ ਢਾਕਾ ਵਿਖੇ ਹੋਏ ਏਸ਼ੀਆ ਕੱਪ ਦੀ ਚੈਂਪੀਅਨ ਟੀਮ ਦਾ ਵੀ ਮਨਪ੍ਰੀਤ ਸਿੰਘ ਸਿਰਕੱਢ ਖਿਡਾਰੀ ਸਾਬਤ ਹੋਇਆ ਹੈ।
ਹਿਨਾ ਸਿੱਧੂ : ਸ਼ਾਹੀ ਸ਼ਹਿਰ ਪਟਿਆਲਾ ਦੀ ਜੰਮਪਲ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਪਿਛਲੇ ਦਿਨੀਂ ਦਿੱਲੀ ਵਿਖੇ ਹੋਏ ਵਿਸ਼ਵ ਕੱਪ ਦੌਰਾਨ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ 'ਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਹਿਨਾ ਨੇ ਗੋਲਡ ਕੋਸਟ ਆਸਟਰੇਲੀਆ 'ਚ ਹੋਈ ਰਾਸ਼ਟਰ ਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਵੀ ਪਿਛਲੇ ਮਹੀਨੇ ਸੋਨ ਤਗਮਾ ਜਿੱਤਿਆ ਹੈ। ਹਿਨਾ ਸਿੱਧੂ ਸਾਲ 2014 'ਚ 10 ਮੀਟਰ ਏਅਰ ਪਿਸਟਲ ਵਰਗ 'ਚ ਦੁਨੀਆ ਦੀ ਅੱਵਲ ਨੰਬਰ ਨਿਸ਼ਾਨੇਬਾਜ਼ ਬਣਨ ਵਾਲੀ ਪਹਿਲੀ ਭਾਰਤੀ ਖਿਡਾਰਨ ਵੀ ਬਣ ਚੁੱਕੀ ਹੈ। ਹਿਨਾ ਸਿੱਧੂ 2013 ਦੇ ਜਰਮਨੀ ਵਿਸ਼ਵ ਕੱਪ 'ਚ ਵੀ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਇਸ ਤੋਂ ਇਲਾਵਾ ਬੀਜਿੰਗ ਅਤੇ ਅਮਰੀਕਾ 'ਚ ਹੋਏ ਆਲਮੀ ਕੱਪਾਂ 'ਚੋਂ ਵੀ ਹਿਨਾ ਚਾਂਦੀ ਦੇ ਤਗਮੇ ਜਿੱਤ ਚੁੱਕੀ ਹੈ। ਦਿੱਲੀ ਵਿਖੇ 2010 'ਚ ਹੋਈਆ ਰਾਸ਼ਟਰ ਮੰਡਲ ਖੇਡਾਂ ਦੇ ਟੀਮ ਵਰਗ 'ਚ ਹਿਨਾ ਨੇ ਸੋਨ ਅਤੇ ਵਿਅਕਤੀਗਤ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ। 2010 ਦੀਆਂ ਏਸ਼ੀਅਨ ਖੇਡਾਂ ਦੇ ਟੀਮ ਵਰਗ 'ਚ ਹਿਨਾ ਚਾਂਦੀ ਅਤੇ ਵਿਅਕਤੀਗਤ ਵਰਗ 'ਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਏਸ਼ੀਅਨ ਚੈਂਪੀਅਨਸ਼ਿਪਾਂ 'ਚ ਵੀ ਹਿਨਾ ਸਿੱਧੂ ਅਨੇਕਾਂ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਉਪਰੋਕਤ ਪ੍ਰਾਪਤੀਆਂ ਦੀ ਬਦੌਲਤ 2014 'ਚ ਹਿਨਾ ਸਿੱਧੂ ਨੂੰ ਭਾਰਤ ਸਰਕਾਰ ਵਲੋਂ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਅਮਜਯੋਤ ਸਿੰਘ : ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਅਮਜਯੋਤ ਸਿੰਘ ਦੀ ਚੋਣ ਹਾਲ ਹੀ ਵਿਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਚਰਚਿਤ ਬਾਸਕਟਬਾਲ ਲੀਗ ਐਨ.ਬੀ.ਏ. (ਅਮਰੀਕਾ) ਲਈ ਹੋਈ ਹੈ। ਇਸ ਲੀਗ 'ਚ ਖੇਡਣ ਵਾਲਾ ਉਹ ਦੂਸਰਾ ਭਾਰਤੀ ਅਤੇ ਪੰਜਾਬੀ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਸਤਨਾਮ ਸਿੰਘ ਬੰਮਰਾ ਪਿੰਡ ਬੱਲੋਕੇ ਜ਼ਿਲ੍ਹਾ ਬਰਨਾਲਾ ਉਕਤ ਲੀਗ 'ਚ ਖੇਡਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਸੀ। ਸਾਬਕਾ ਕੌਮਾਂਤਰੀ ਬਾਸਕਟਬਾਲਰ ਸ: ਮਹਿੰਦਰ ਸਿੰਘ ਅਤੇ ਸਾਬਕਾ ਅਥਲੀਟ ਸ੍ਰੀਮਤੀ ਨਿਰਮਲ ਕੌਰ ਦਾ ਸਪੁੱਤਰ ਅਮਜਯੋਤ ਸਿੰਘ ਐਨ.ਬੀ.ਏ. 'ਚ ਓਕਲਾਹੋਮਾ ਸਿਟੀ ਬਲੂ ਟੀਮ ਦਾ ਹਿੱਸਾ ਬਣਿਆ ਹੈ। 6 ਫੁੱਟ 8 ਇੰਚ ਲੰਬਾ ਅਮਜਯੋਤ ਸਿੰਘ ਇਸ ਤੋਂ ਪਹਿਲਾਂ ਜਪਾਨ ਦੀ ਲੀਗ 'ਚ ਟੋਕੀਓ ਐਕਸਲੈਂਸ ਵਲੋਂ ਖੇਡ ਚੁੱਕਾ ਹੈ। ਭਾਰਤ 'ਚ ਹੋਣ ਵਾਲੀ ਬਾਸਕਟਬਾਲ ਲੀਗ ਯੂ.ਬੀ.ਏ. 'ਚ ਅਮਜਯੋਤ ਦਿੱਲੀ ਕੈਪੀਟਲਜ਼ ਵਲੋਂ ਖੇਡਦਾ ਹੈ। ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪਾਂ 'ਚ ਵੀ ਅਮਜਯੋਤ ਦੇਸ਼ ਦੀ ਨੁਮਾਇੰਦਗੀ ਕਰ ਚੁੱਕਾ ਹੈ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੀ ਲੁਧਿਆਣਾ ਸਥਿਤ ਅਕੈਡਮੀ ਦੀ ਪੈਦਾਇਸ਼ ਅਮਜਯੋਤ ਸਿੰਘ ਮਰਹੂਮ ਕੋਚ ਡਾ: ਸੁਬਰਾਮਨੀਅਮ ਅਤੇ ਤੇਜਾ ਸਿੰਘ ਧਾਲੀਵਾਲ ਹੁਰਾਂ ਦਾ ਤਰਾਸ਼ਿਆ ਹੋਇਆ ਹੀਰਾ ਹੈ।

ਨੇਤਰਹੀਣ ਕ੍ਰਿਕਟ ਟੀਮ ਦੀ ਜਿੰਦ ਜਾਨ ਹੈ ਮਾਨਵਿੰਦਰ ਸਿੰਘ ਪਟਵਾਲ

ਨੇਤਰਹੀਣ ਕ੍ਰਿਕਟ ਖਿਡਾਰੀ ਮਾਨਵਿੰਦਰ ਸਿੰਘ ਪਟਵਾਲ ਭਾਰਤ ਦੀ ਕ੍ਰਿਕਟ ਟੀਮ ਦੀ ਜਿੰਦ-ਜਾਨ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਿਆਂ ਕ੍ਰਿਕਟ ਜਗਤ ਵਿਚ ਅਜਿਹੇ ਦਿਸਹੱਦੇ ਗੱਡੇ ਕਿ ਆਉਣ ਵਾਲੇ ਸਮੇਂ ਵਿਚ ਵੀ ਮਾਨਵਿੰਦਰ ਸਿੰਘ ਪਟਵਾਲ ਨੂੰ ਕ੍ਰਿਕਟ ਜਗਤ ਵਿਚ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ। ਮਾਨਵਿੰਦਰ ਸਿੰਘ ਪਟਵਾਲ ਦਾ ਜਨਮ 14 ਜੂਨ, 1978 ਵਿਚ ਉੱਤਰਾਖੰਡ ਪ੍ਰਾਂਤ ਦੇ ਕੋਟਦੁਆਰ ਵਿਖੇ ਪਿਤਾ ਖੁਸ਼ਹਾਲ ਸਿੰਘ ਪਟਵਾਲ ਦੇ ਘਰ ਮਾਤਾ ਸੋਭਾ ਦੇਵੀ ਦੀ ਕੁੱਖੋਂ ਹੋਇਆ। ਮਾਨਵਿੰਦਰ ਸਿੰਘ ਪਟਵਾਲ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ ਅਤੇ ਉਹ ਫੁੱਟਬਾਲ ਦੀ ਖੇਡ ਨੂੰ ਜਨੂਨ ਦੀ ਹੱਦ ਤੱਕ ਪਿਆਰ ਕਰਦਾ ਸੀ। ਮਾਨਵਿੰਦਰ ਸਿੰਘ ਸਿਰਫ 9 ਸਾਲ ਦਾ ਸੀ ਕਿ ਉਸ ਦੇ ਫੁੱਟਬਾਲ ਖੇਡਦੇ ਹੀ ਸਿਰ ਉੱਪਰ ਸੱਟ ਲੱਗ ਗਈ। ਸੱਟ ਅਜਿਹੀ ਲੱਗੀ ਕਿ ਸਿਰ ਦੇ 11 ਆਪ੍ਰੇਸ਼ਨ ਹੋਣ ਦੇ ਬਾਵਜੂਦ ਵੀ ਡਾਕਟਰ ਉਸ ਦੀ ਅੱਖਾਂ ਦੀ ਰੌਸ਼ਨੀ ਵਾਪਸ ਨਹੀਂ ਲਿਆ ਸਕੇ। ਮਾਨਵਿੰਦਰ ਸਿੰਘ ਪਟਵਾਲ ਅਤੇ ਉਸ ਦੇ ਪਰਿਵਾਰ ਲਈ ਇਹ ਇਕ ਵੱਡਾ ਸਦਮਾ ਸੀ ਪਰ ਸਬਰ ਦਾ ਪਿਆਲਾ ਭਰਨ ਤੋਂ ਸਿਵਾਏ ਕੋਲ ਕੁਝ ਬਚਿਆ ਵੀ ਨਹੀਂ ਸੀ।
ਮਾਨਵਿੰਦਰ ਸਿੰਘ ਪਟਵਾਲ ਥੋੜ੍ਹਾ ਸੰਭਲਿਆ ਅਤੇ ਮਿਲੀ ਜ਼ਿੰਦਗੀ ਦੇ ਪਹੀਏ ਨੂੰ ਰੋੜ੍ਹਨ ਲੱਗ ਪਿਆ। ਸਕੂਲੀ ਵਿੱਦਿਆ ਦੇ ਨਾਲ-ਨਾਲ ਉੱਚ ਵਿੱਦਿਆ ਤਾਂ ਗ੍ਰਹਿਣ ਕਰ ਹੀ ਰਿਹਾ ਸੀ ਪਰ ਬਚਪਨ ਵਿਚ ਹੀ ਖੇਡ ਨਾਲ ਪਿਆਰ ਉਸ ਨੂੰ ਵਾਰ-ਵਾਰ ਖੇਡਣ ਨੂੰ ਮਜਬੂਰ ਕਰਦਾ। ਆਖਰ ਇਹ ਜਨੂੰਨ ਉਸ ਨੂੰ ਕ੍ਰਿਕਟ ਵੱਲ ਲੈ ਗਿਆ ਅਤੇ ਉਹ ਨੇਤਰਹੀਣ ਖਿਡਾਰੀਆਂ ਦੀ ਕ੍ਰਿਕਟ ਟੀਮ ਵਿਚ ਖੇਡਣ ਲੱਗਿਆ। ਸਾਲ 1999 ਵਿਚ ਟਾਟਾ ਸਟੀਲ ਚੈਲੰਜ ਕੱਪ ਕ੍ਰਿਕਟ ਟੂਰਨਾਮੈਂਟ, ਜੋ ਕਿ ਨੈਸ਼ਨਲ ਪੱਧਰ 'ਤੇ ਖੇਡਿਆ ਅਤੇ ਪਹਿਲੀ ਹੀ ਜਿੱਤ ਹਾਸਲ ਕੀਤੀ ਅਤੇ ਫਿਰ ਮਾਨਵਿੰਦਰ ਸਿੰਘ ਪਟਵਾਲ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕ੍ਰਿਕਟ ਜਗਤ ਦੀ ਦੁਨੀਆ 'ਚ ਅੱਗੇ ਹੀ ਵਧਦਾ ਗਿਆ। ਮਾਨਵਿੰਦਰ ਸਿੰਘ ਪਟਵਾਲ ਦਾ ਕ੍ਰਿਕਟ ਜਗਤ ਦਾ ਸਫ਼ਰ ਬੜਾ ਲੰਮਾ ਹੈ ਅਤੇ ਉਹ ਉੱਤਰਾਖੰਡ ਯਾਨੀ ਉਤਰਾਂਚਲ ਅਤੇ ਦਿੱਲੀ ਦੀ ਕ੍ਰਿਕਟ ਟੀਮ ਦਾ ਕਪਤਾਨ ਵੀ ਲੰਮਾ ਸਮਾਂ ਰਿਹਾ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਇਲਾਵਾ ਹੁਣ ਤੱਕ ਉਸ ਨੇ ਨੈਸ਼ਨਲ ਪੱਧਰ ਦੇ ਸਾਰੇ ਹੀ ਮੈਚ ਖੇਡ ਕੇ ਆਪਣਾ ਲੋਹਾ ਮੰਨਵਾਇਆ। ਸਾਲ 1998 ਵਿਚ ਦਿੱਲੀ ਵਿਚ ਹੋਏ ਵਰਲਡ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਉਹ 'ਮੈਨ ਆਫ ਦਾ ਮੈਚ' ਚੁਣਿਆ ਗਿਆ, ਜੋ ਮਾਨਵਿੰਦਰ ਵਾਸਤੇ ਇਕ ਬਹੁਤ ਵੱਡੀ ਪ੍ਰਾਪਤੀ ਸੀ। ਸਾਲ 2005 ਵਿਚ ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਇੰਡੋ-ਪਾਕ ਪੰਜਾਬ ਟੂਰਨਾਮੈਂਟ ਵਿਚ ਵੀ ਉਸ ਨੂੰ 'ਮੈਨ ਆਫ ਦੀ ਸੀਰੀਜ਼' ਚੁਣਿਆ ਗਿਆ। ਸਾਲ 2006 ਵਿਚ ਪਾਕਿਸਤਾਨ ਵਿਚ ਹੀ ਹੋਏ ਵਰਲਡ ਕੱਪ ਦੌਰਾਨ 'ਮੈਨ ਆਫ ਦਾ ਮੈਚ' ਐਵਾਰਡ ਨਾਲ ਸਨਮਾਨਿਆ ਗਿਆ।
ਸੰਨ 2005 ਵਿਚ ਭਾਰਤ ਵਿਚ ਹੋਈ ਪੰਜਵੀਂ ਇੰਡੋ-ਪਾਕਿ ਸੀਰੀਜ਼ ਵਿਚ ਵੀ ਭਾਰਤੀ ਟੀਮ ਨੂੰ ਜਿੱਤ ਦਿਵਾਈ। ਸਾਲ 2006 ਵਿਚ ਪਾਕਿਸਤਾਨ ਵਿਚ ਹੀ ਹੋਈ ਨੇਤਰਹੀਣ ਵਰਲਡ ਕੱਪ ਦਾ ਵੀ ਰਨਰ ਅੱਪ ਟਰਾਫੀ ਰਿਹਾ। ਸਾਲ 2007 ਤੋਂ 2010 ਤੱਕ ਇੰਗਲੈਂਡ ਵਿਚ ਹੋਈ ਪੰਜ ਮੈਚਾਂ ਦੀ ਸੀਰੀਜ਼ ਦਾ ਵੀ ਮਾਨਵਿੰਦਰ ਸਿੰਘ ਪਟਵੇਲ ਚੈਂਪੀਅਨ ਬਣਿਆ। ਮਾਨਵਿੰਦਰ ਸਿੰਘ ਨੂੰ ਇਹ ਮਾਣ ਵੀ ਜਾਂਦਾ ਹੈ ਕਿ ਸਾਲ 1999, 2000, 2002 ਅਤੇ 2004 ਵਿਚ ਉਸ ਦਾ ਨੈਸ਼ਨਲ ਟਰਾਫੀ 'ਤੇ ਕਬਜ਼ਾ ਰਿਹਾ। ਸਾਲ 2012 ਵਿਚ ਉਸ ਨੇ ਕ੍ਰਿਕਟ ਤੋਂ ਇਲਾਵਾ ਯੂਰਪ ਦੇ ਸ਼ਹਿਰ ਲਿਥੌਨੀਆ ਵਿਖੇ ਅੰਤਰਰਾਸ਼ਟਰੀ ਜੂਡੋ ਚੈਂਪੀਅਨਸ਼ਿਪ ਵਿਚ ਭਾਗ ਲੈ ਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਲੰਮਾ ਸਮਾਂ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੇ ਗੋਲਡ ਮੈਡਲਿਸਟ ਖਿਡਾਰੀ ਮਾਨਵਿੰਦਰ ਸਿੰਘ ਪਟਵੇਲ ਨੂੰ ਭਾਵੇਂ ਦੇਸ਼ ਦੇ ਬਹੁਤ ਹੀ ਵੱਡੇ ਵਕਾਰੀ ਸਨਮਾਨਾਂ ਨਾਲ ਸਨਮਾਨਿਆ ਜਾ ਚੁੱਕਾ ਹੈ ਪਰ ਉਹ ਆਪਣੀ ਜ਼ਿੰਦਗੀ ਦੇ ਉਨ੍ਹਾਂ ਪਲਾਂ ਨੂੰ ਹਮੇਸ਼ਾ ਯਾਦ ਰੱਖਦਾ ਹੈ ਜਦੋਂ ਦੇਸ਼ ਦੇ ਮਰਹੂਮ ਰਾਸਟਰਪਤੀ ਏ.ਪੀ.ਜੇ. ਅਬਦੁਲ ਕਲਾਮ, ਦਲਾਈਲਾਮਾ, ਰਾਜੀਵ ਗਾਂਧੀ ਅਤੇ ਅਮ੍ਰਿਤਾ ਸੈਨ ਦੇ ਹੱਥੋਂ ਪੁਰਸਕਾਰ ਮਿਲਿਆ। ਮਨਿਸਟਰੀ ਆਫ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵਿਚ ਪਰਸਨਲ ਅਸਿਸਟੈਂਟ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਵਾਲਾ ਮਨਵਿੰਦਰ ਸਿੰਘ ਪਟਵੇਲ ਭਾਰਤ ਦੀ ਬਲਾਇੰਡ ਕ੍ਰਿਕਟ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਵੀ ਹੈ ਅਤੇ ਉਹ ਹਮੇਸ਼ਾ ਹੀ ਬਲਾਇੰਡ ਖਿਡਾਰੀਆਂ ਦੀ ਭਲਾਈ ਲਈ ਤਤਪਰ ਰਹਿੰਦਾ ਹੈ। ਮਾਨਵਿੰਦਰ ਪਟਵੇਲ ਦੇ ਬੁਲੰਦ ਹੌਸਲੇ ਨੂੰ ਮੇਰੀ ਦਿਲੀ ਸਲਾਮ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001.
ਮੋਬਾ: 98551-14484

ਪ੍ਰਾਇਮਰੀ ਖੇਡਾਂ ਵੱਲ ਵਿਸ਼ੇਸ਼ ਤਵੱਜੋ ਦੇਣ ਦੀ ਲੋੜ

ਅੱਜ ਖੇਡਾਂ ਤੇ ਗਰਾਊਂਡਾਂ ਤੋਂ ਨਵੀਂ ਪਨੀਰੀ ਦੂਰ ਹੁੰਦੀ ਜਾ ਰਹੀ ਹੈ, ਇਸ ਲਈ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪ੍ਰਇਮਰੀ ਸਕੂਲਾਂ ਦੀਆਂ ਖੇਡਾਂ ਦਾ ਵੀ ਵਿਸ਼ੇਸ਼ ਖੇਡ ਕੈਲੰਡਰ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਵਿਉਂਤਬੱਧ ਤੇ ਤੈਅ ਸਮੇਂ ਅਨੁਸਾਰ ਛੋਟੇ ਪੱਧਰ 'ਤੇ ਹੋਣਹਾਰ ਖਿਡਾਰੀ ਪੈਦਾ ਕੀਤੇ ਜਾ ਸਕਣ।
ਪਰ ਹੁਣ ਤਾਂ ਇਹ ਖੇਡਾਂ ਮਹਿਜ ਇਕ ਖਾਨਾਪੂਰਤੀ ਹੀ ਬਣ ਕੇ ਰਹਿ ਗਈਆਂ ਹਨ। ਕਈ ਵਾਰ ਤਾਂ ਖੇਡਾਂ ਤੋਂ ਕੇਵਲ ਇਕ ਜਾਂ ਦੋ ਦਿਨ ਪਹਿਲਾਂ ਮੋਬਾਈਲ 'ਤੇ ਹੀ ਮੈਸੇਜ ਆਉਂਦਾ ਹੈ ਕਿ ਫਲਾਣੀ ਤਰੀਕ ਨੂੰ ਕੇਂਦਰੀ ਪੱਧਰ ਦੀਆਂ ਖੇਡਾਂ ਹਨ, ਬੱਚੇ ਲੈ ਕੇ ਆਇਓ। ਨਾ ਕੋਈ ਤਿਆਰੀ ਤੇ ਨਾ ਕੋਈ ਵਿੱਤੀ ਪ੍ਰਬੰਧ। ਬੇਸ਼ੱਕ ਅਧਿਆਪਕ ਆਪਣੇ ਪੱਧਰ 'ਤੇ ਬੱਚਿਆਂ ਦੀ ਤਿਆਰੀ ਤੇ ਫੰਡ ਇਕੱਠਾ ਕਰਕੇ ਇਹ ਖੇਡ ਮੁਕਾਬਲੇ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਬਾਅਦ ਬਲਾਕ ਪੱਧਰ ਦੀਆਂ ਖੇਡਾਂ ਦਾ ਐਲਾਨ ਹੋ ਜਾਂਦਾ ਹੈ। ਫੰਡਾਂ ਤੇ ਯੋਗ ਅਗਵਾਈ ਦੇ ਨਾ ਹੋਣ ਕਾਰਨ ਇਹ ਖੇਡਾਂ ਵਧੀਆ ਖਿਡਾਰੀ ਪੈਦਾ ਕਰਨ ਵਿਚ ਪਛੜ ਜਾਂਦੀਆਂ ਹਨ।
ਇਸ ਤੋਂ ਬਿਨਾਂ ਪੰਜਾਬ ਅੰਦਰ ਬਹੁਤ ਸਾਰੇ ਪ੍ਰਾਇਮਰੀ ਸਕੂਲ ਅਜਿਹੇ ਹਨ, ਜਿਨ੍ਹਾਂ ਕੋਲ ਕੋਈ ਖੇਡ ਦਾ ਗਰਾਊਂਡ ਨਹੀਂ ਹੈ। ਬੇਸ਼ੱਕ ਪਿਛਲੇ ਸਾਲ ਤੋਂ ਥੋੜ੍ਹੇ-ਬਹੁਤੇ ਸਕੂਲਾਂ ਵਿਚ ਖੇਡਾਂ ਦਾ ਸਮਾਨ ਜ਼ਰੂਰ ਦਿੱਤਾ ਗਿਆ ਹੈ, ਪਰ ਉਹ ਕਾਫੀ ਘੱਟ ਹੈ ਤੇ ਨਾਮਾਤਰ ਸੀ। ਦੂਜਾ ਪ੍ਰਾਇਮਰੀ ਸਕੂਲਾਂ ਅੰਦਰ ਕੋਈ ਪੀ.ਟੀ.ਆਈ. ਜਾਂ ਖੇਡ ਅਧਿਆਪਕ ਨਹੀਂ ਹੁੰਦਾ, ਜੋ ਅੱਜ ਸਮੇਂ ਦੀ ਮੁੱਖ ਮੰਗ ਤੇ ਲੋੜ ਹੈ। ਸਰਕਾਰ ਨੂੰ ਬਲਾਕ ਪੱਧਰ 'ਤੇ ਇਕ ਕੋਚ, ਘੱਟੋ-ਘੱਟ ਸੈਂਟਰ ਪੱਧਰ ਤੱਕ ਇਕ ਖੇਡ ਅਧਿਆਪਕ ਦੀ ਅਸਾਮੀ ਜ਼ਰੂਰ ਦੇਣੀ ਚਾਹੀਦੀ ਹੈ, ਤਾਂ ਜੋ ਦਿਨਾਂ ਦੇ ਹਿਸਾਬ ਨਾਲ ਇਕ ਦਿਨ ਇਕ ਸਕੂਲ ਜ਼ਰੂਰ ਖੇਡਾਂ ਦਾ ਅਭਿਆਸ ਕਰਵਾਏ। ਖੇਡਾਂ ਦੀ ਸਮਾਂ ਸਾਰਨੀ ਵਧੀਆ ਤਰੀਕੇ ਨਾਲ ਜਾਰੀ ਕੀਤੀ ਜਾਵੇ। ਸਕੂਲਾਂ ਦੇ ਗਰਾਊਂਡਾਂ ਦੀ ਨਜ਼ਰਸ਼ਾਨੀ ਕੀਤੀ ਜਾਵੇ।
ਨਸ਼ਾ ਅੱਜ ਪੰਜਾਬ ਨੂੰ ਘੁਣ ਵਾਂਗ ਲੱਗਾ ਹੋਇਆ ਹੈ। ਸਖਤੀ ਦੇ ਬਾਵਜੂਦ ਇਹ ਸਾਰੀਆਂ ਹੱਦਾਂ ਟੱਪ ਰਿਹਾ ਹੈ। ਲੋੜ ਹੈ ਕਿ ਛੋਟੀ ਪਨੀਰੀ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਰੁਚਿਤ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮਿਆਂ ਅੰਦਰ ਅਸੀਂ ਪੰਜਾਬ ਦੀ ਧਰਤੀ ਵਿਚੋਂ ਹਾਕੀ ਦੇ ਮੇਜਰ ਧਿਆਨ ਚੰਦ ਤੇ ਪ੍ਰਗਟ ਸਿੰਘ, ਕੁਸ਼ਤੀ ਵਿਚ ਦਾਰਾ ਸਿੰਘ, ਦੌੜਾਂ ਵਿਚ ਮਿਲਖਾ ਸਿੰਘ, ਕ੍ਰਿਕਟ ਵਿਚ ਯੁਵਰਾਜ, ਹਰਭਜਨ ਸਿੰਘ ਜਿਹੇ ਹੋਰ ਨਾਮੀ ਖਿਡਾਰੀ ਪੈਦਾ ਕਰ ਸਕੀਏ। ਇਸ ਛੋਟੇ ਪੱਧਰ ਤੋਂ ਹੀ ਆਉਣ ਵਾਲੇ ਸਮਿਆਂ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿਚੋਂ ਤਕੜੇ ਖਿਡਾਰੀ ਚੁਣੀਏ। ਜੇਕਰ ਅਜਿਹਾ ਹੋਇਆ ਤਾਂ ਆਉਂਦੇ ਸਾਲਾਂ ਵਿਚ ਪ੍ਰਾਇਮਰੀ ਪੱਧਰ 'ਤੇ ਖੇਡਾਂ ਖਿਡਾਉਣ ਦੇ ਜ਼ਰੂਰ ਸਾਰਥਿਕ ਸਿੱਟੇ ਨਿਕਲਣਗੇ।


-ਜਸਦੀਪ ਸਿੰਘ ਖ਼ਾਲਸਾ,
ਖੰਨਾ। ਮੋਬਾ: 94630-57786






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX