ਤਾਜਾ ਖ਼ਬਰਾਂ


ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  27 minutes ago
ਮੁੰਬਈ, 20 ਮਾਰਚ- ਅੱਜ ਦੇਸ਼ ਭਰ 'ਚ ਹੋਲਿਕਾ ਦਹਿਨ ਕੀਤਾ ਜਾਵੇਗਾ। ਇਸੇ ਵਿਚਾਲੇ ਮੁੰਬਈ ਦੇ ਵਰਲੀ ਇਲਾਕੇ 'ਚ ਇੱਕ ਅਨੋਖੀ ਹੋਲਿਕਾ ਬਣਾਈ ਗਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਰਲੀ 'ਚ ਇਸ ਵਾਰ ਹੋਲਿਕਾ ਦੇ ਨਾਲ ਜੈਸ਼-ਏ...
ਭਿਆਨਕ ਅੱਗ ਲੱਗਣ ਕਾਰਨ 200 ਘਰ ਸੜ ਕੇ ਹੋਏ ਸੁਆਹ
. . .  47 minutes ago
ਪਟਨਾ, 20 ਮਾਰਚ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹਿਆਪੁਰ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਬਸਤੀ 'ਚ ਬੀਤੀ ਰਾਤ ਅੱਗ ਲੱਗਣ ਕਾਰਨ 200 ਕੱਚੇ ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ 'ਚ ਛੇ ਲੋਕ ਵੀ ਝੁਲਸੇ ਹਨ। ਹਾਦਸੇ ਸੰਬੰਧੀ ਅੱਜ...
ਪਟੜੀ ਤੋਂ ਉਤਰੀ ਟਰੇਨ, ਵਾਲ-ਵਾਲ ਬਚੇ ਯਾਤਰੀ
. . .  about 1 hour ago
ਚੰਡੀਗੜ੍ਹ, 20 ਮਾਰਚ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਵੱਡਾ ਟਰੇਨ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਕ ਦਿੱਲੀ ਤੋਂ ਕਾਲਕਾ ਜਾਣ ਵਾਲੀ ਹਿਮਲਾਅਨ ਕੁਈਨ ਯਾਤਰੀ ਟਰੇਨ ਜਦੋਂ ਪਾਣੀਪਤ ਦੇ ਭੋੜਵਾਲ ਮਾਜਰੀ ਸਟੇਸ਼ਨ ਕੋਲ ਪਹੁੰਚੀ ਤਾਂ...
ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ
. . .  about 1 hour ago
ਈਟਾਨਗਰ, 20 ਮਾਰਚ - ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਦੋ ਮੌਜੂਦਾ ਮੰਤਰੀ ਤੇ 6 ਵਿਧਾਇਕ ਨੈਸ਼ਨਲ ਪੀਪਲਜ਼ ਪਾਰਟੀ 'ਚ ਸ਼ਾਮਲ ਹੋ ਗਏ...
ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ
. . .  about 2 hours ago
ਨਵੀਂ ਦਿੱਲੀ, 20 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਮੰਗਲਵਾਰ ਦੇਰ ਰਾਤ ਪੰਜ ਘੰਟੇ ਤੱਕ ਚੱਲੀ। ਅੱਜ ਫਿਰ ਇਹ ਬੈਠਕ ਹੋਵੇਗੀ ਤੇ ਉਸ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਹੋਵੇਗਾ। ਸੂਤਰਾਂ ਮੁਤਾਬਿਕ ਦੇਰ ਰਾਤ ਦੀ ਮੀਟਿੰਗ 'ਚ ਕਈ ਉਮੀਦਵਾਰਾਂ...
ਜਹਿਰੀਲੀ ਗੈਸ ਚੜਨ ਕਾਰਨ ਤਿੰਨ ਕਿਸਾਨਾਂ ਦੀ ਮੌਤ
. . .  about 2 hours ago
ਔਰੰਗਾਬਾਦ, 20 ਮਾਰਚ - ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਇਹ ਕਿਸਾਨ ਸੀਵਰੇਜ ਦੇ ਮੈਨਹੋਲ ਵਿਚ ਦਾਖਲ ਹੋਏ ਸਨ ਤੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਜਦਕਿ ਲਾਪਤਾ ਦੱਸਿਆ ਜਾ ਰਿਹਾ...
ਕਰਨਾਟਕਾ 'ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ
. . .  about 2 hours ago
ਬੈਂਗਲੁਰੂ, 20 ਮਾਰਚ - ਕਰਨਾਟਕਾ ਦੇ ਧਾਰਵਾੜ ਸਥਿਤ ਕੁਮਾਰਰੇਸ਼ਵਰ ਨਗਰ ਵਿਚ ਇਕ ਨਿਰਮਾਣਧੀਨ ਇਮਾਰਤ ਡਿਗ ਗਈ। ਮਲਬੇ ਹੇਠ ਫਸੇ ਲੋਕਾਂ ਨੂੰ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਕੱਢਿਆ ਜਾ ਰਿਹਾ ਹੈ। 43 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਤੇ 3 ਲੋਕ ਮਾਰੇ ਗਏ ਹਨ। ਬਚਾਅ...
ਅੱਜ ਦਾ ਵਿਚਾਰ
. . .  about 3 hours ago
ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
ਹੋਰ ਖ਼ਬਰਾਂ..

ਨਾਰੀ ਸੰਸਾਰ

25 ਨਵੰਬਰ ਨੂੰ ਔਰਤਾਂ ਵਿਰੁੱਧ ਹੁੰਦੀ ਹਿੰਸਾ ਰੋਕਣ ਲਈ ਅੰਤਰਰਾਸ਼ਟਰੀ ਦਿਹਾੜੇ 'ਤੇ ਵਿਸ਼ੇਸ਼

ਕਦੋਂ ਰੁਕੇਗੀ ਮਹਿਲਾਵਾਂ ਵਿਰੁੱਧ ਹਿੰਸਾ

ਅੱਜ ਮਹਿਲਾਵਾਂ ਵਿਰੁੱਧ ਹਿੰਸਾ ਸਿਰ ਚੜ੍ਹ ਕੇ ਬੋਲ ਰਹੀ ਹੈ। ਅਖ਼ਬਾਰ ਪੜ੍ਹਦਿਆਂ ਜਾਂ ਖ਼ਬਰਾਂ ਸੁਣਦਿਆਂ ਜੋ ਮਾਮਲੇ ਮਹਿਲਾਵਾਂ ਦੇ ਨਾਲ ਹਿੰਸਾ ਅਤੇ ਉਤਪੀੜਨ ਦੇ ਸੁਣਨ ਅਤੇ ਦੇਖਣ ਨੂੰ ਮਿਲ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਮਾਨਵਤਾ ਤੋਂ ਵਿਸ਼ਵਾਸ ਉਠ ਰਿਹਾ ਹੈ, ਜਦੋਂ ਇਹ ਪਤਾ ਲਗਦਾ ਹੈ ਕਿ ਸਕੂਲ ਤੋਂ ਜਾ ਰਹੀ ਬੱਚੀ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਹੋਈ ਹੈ, ਦੂਜੇ ਪਾਸੇ 10 ਸਾਲ ਦੀ ਲੜਕੀ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਕਿਤੇ ਬਾਬੇ ਨੇ ਹੀ ਪਰਿਵਾਰ ਦੀ ਗ਼ੈਰ-ਹਾਜ਼ਰੀ ਵਿਚ ਆਪਣੀ ਛੇਵੀਂ ਜਮਾਤ ਦੀ ਪੋਤੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਦਿਨ-ਬ-ਦਿਨ ਤੇਜ਼ਾਬੀ ਹਮਲੇ ਵਧਦੇ ਜਾ ਰਹੇ ਹਨ, ਜੋ ਮਹਿਲਾਵਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿਚ ਕਮਜ਼ੋਰ ਕਰ ਰਹੇ ਹਨ। ਦਹੇਜ ਅਤੇ ਘਰੇਲੂ ਹਿੰਸਾ ਦੇ ਕਾਰਨ ਔਰਤ ਅੱਤਿਆਚਾਰ ਸਹਿਣ ਲਈ ਮਜਬੂਰ ਹੋ ਰਹੀ ਹੈ ਅਤੇ ਕਿਤੇ ਧੀ ਦੀ ਮਾਂ ਬਣਨ ਕਰਕੇ ਉਸ ਉੱਤੇ ਜ਼ੁਲਮ ਢਾਹੇ ਜਾਂਦੇ ਹਨ। ਅਪਰਾਧ ਕਰਨ ਵਾਲਿਆਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਨਾ ਤਾਂ ਉਨ੍ਹਾਂ ਨੂੰ ਆਪਣੀ ਧੀ ਸਮਾਨ ਲੜਕੀ ਨਾਲ ਜ਼ੁਲਮ ਕਰਨ ਤੋਂ ਡਰ ਲਗਦਾ ਹੈ ਅਤੇ ਨਾ ਹੀ ਆਪਣੀ ਮਾਂ ਵਰਗੀ ਔਰਤ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਹੋਇਆਂ ਉਨ੍ਹਾਂ ਦੀ ਰੂਹ ਕੰਬਦੀ ਹੈ। ਇਸ ਤੋਂ ਵੀ ਵੱਧ ਹੈਰਾਨਗੀ ਉਸ ਸਮੇਂ ਹੁੰਦੀ ਹੈ ਜਦੋਂ ਆਪਣੇ ਹੀ ਰਿਸ਼ਤੇਦਾਰ, ਡੇਰਿਆਂ ਵਿਚ ਬਣੇ ਹੋਏ ਧਾਰਮਿਕ ਗੁਰੂ, ਸਕੂਲਾਂ ਵਿਚ ਅਧਿਆਪਕ ਅਤੇ ਹਸਪਤਾਲ ਵਿਚ ਡਾਕਟਰ ਵੀ ਇਕੱਲੀ ਔਰਤ ਨੂੰ ਦੇਖ ਕੇ ਉਸ 'ਤੇ ਕਹਿਰ ਢਾਹੁਣ ਤੋਂ ਨਹੀਂ ਡਰਦੇ। ਇਸ ਤਰ੍ਹਾਂ ਦੇ ਹਾਲਾਤ ਵਿਚ ਔਰਤ ਨੂੰ ਸੁਰੱਖਿਅਤ ਕਿੱਥੇ ਸਮਝਿਆ ਜਾਵੇ? ਕਿਉਂਕਿ ਉਹ ਤਾਂ ਮਾਂ ਦੇ ਗਰਭ ਵਿਚ ਵੀ ਸੁਰੱਖਿਅਤ ਨਹੀਂ ਹੈ।
ਪਰ ਇਸ ਦਾ ਇਹ ਮਤਲਬ ਨਹੀਂ ਕਿ ਮਹਿਲਾਵਾਂ ਦੇ ਵਿਰੁੱਧ ਹਿੰਸਾ ਅਤੇ ਜ਼ੁਲਮ ਵਧਦੇ ਜਾਣਗੇ। ਇਨ੍ਹਾਂ 'ਤੇ ਰੋਕ ਲਗਾਉਣੀ ਬਹੁਤ ਜ਼ਰੂਰੀ ਹੈ, ਲੋਕ ਜਾਗਰੂਕ ਹੋ ਰਹੇ ਹਨ, ਸਰਕਾਰਾਂ ਵੀ ਆਪਣਾ ਕੰਮ ਕਰ ਰਹੀਆਂ ਹਨ ਅਤੇ ਨਿਆਂ ਪ੍ਰਣਾਲੀ ਵੀ ਨਿਆਂ ਦੇ ਕੇ ਔਰਤਾਂ ਦੇ ਹੌਸਲੇ ਨੂੰ ਬੁਲੰਦ ਕਰ ਰਹੀ ਹੈ। ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਸਮਾਜ ਨੂੰ ਜਾਗਣ ਦੀ, ਔਰਤ ਪ੍ਰਤੀ ਸੋਚ ਬਦਲਣ ਦੀ, ਜਿਸ ਦੀ ਸ਼ੁਰੂਆਤ ਸਾਡੇ ਘਰਾਂ ਤੋਂ ਹੋਵੇਗੀ। ਹਰ ਮਾਂ-ਬਾਪ ਨੂੰ ਆਪਣੇ ਧੀ-ਪੁੱਤਰ ਵਿਚ ਫਰਕ ਨਹੀਂ ਕਰਨਾ ਚਾਹੀਦਾ, ਬਲਕਿ ਬਚਪਨ ਤੋਂ ਹੀ ਪੁੱਤਰਾਂ ਨੂੰ ਔਰਤ ਜਾਤ ਦਾ ਮਾਣ-ਸਨਮਾਨ ਕਰਨਾ ਸਿਖਾਉਣਾ ਚਾਹੀਦਾ ਅਤੇ ਦੋਵਾਂ ਨੂੰ ਸਮਾਜ ਵਿਚ ਵਿਚਰਨ ਦੇ ਬਰਾਬਰ ਅਵਸਰ ਮਿਲਣੇ ਚਾਹੀਦੇ ਹਨ। ਉਨ੍ਹਾਂ ਨੂੰ ਸਿਰਫ ਤੋਹਫ਼ੇ ਅਤੇ ਸਹੂਲਤਾਂ ਹੀ ਨਹੀਂ, ਬਲਕਿ ਕੁਆਲਟੀ, ਸਮਾਂ ਅਤੇ ਸੰਸਕਾਰ ਵੀ ਜ਼ਰੂਰ ਦਿਓ, ਕਿਉਂਕਿ ਸੋਸ਼ਲ ਮੀਡੀਆ ਦੇ ਦੁਰਉਪਯੋਗ ਕਾਰਨ ਵੀ ਔਰਤਾਂ ਪ੍ਰਤੀ ਹਿੰਸਾ ਅਤੇ ਉਤਪੀੜਨ ਵਿਚ ਅੱਗੇ ਨਾਲੋਂ ਬਹੁਤ ਵਾਧਾ ਹੋਇਆ ਹੈ। ਇਨ੍ਹਾਂ ਸਾਈਟਸ 'ਤੇ ਕੁਝ ਇਸ ਤਰ੍ਹਾਂ ਦੀ ਉਤੇਜਿਤ ਸਮੱਗਰੀ ਪਰੋਸੀ ਜਾਂਦੀ ਹੈ, ਜਿਹੜੀ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਣ ਵਾਲੇ ਜਵਾਨਾਂ ਨੂੰ ਕਈ ਤਰ੍ਹਾਂ ਦੇ ਨਸ਼ਿਆਂ ਦਾ ਆਦੀ ਬਣਾ ਰਹੀਆਂ ਹਨ। ਅਪਰਾਧ ਅਤੇ ਹਨੇਰ ਦੀ ਦੁਨੀਆ ਵੱਲ ਵਧਦੇ ਹੋਏ ਇਹ ਲੋਕ ਆਏ ਦਿਨ ਬੱਚੀਆਂ ਅਤੇ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ, ਹਰ ਰੋਜ਼ ਔਰਤ ਟੁੱਟ ਰਹੀ ਹੈ। ਨਿਊਜ਼ ਚੈਨਲਾਂ 'ਤੇ ਔਰਤ ਜਾਤ ਨੂੰ ਕਮਜ਼ੋਰ ਕਰਨ ਵਾਲੀਆਂ ਐਡਸ ਵੀ ਬੰਦ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਔਰਤ ਪਰੋਸਣ ਦੀ ਵਸਤੂ ਨਹੀਂ, ਬਲਕਿ ਜੱਗ ਜਣਨੀ ਹੈ।
ਆਪਣੇ ਉੱਪਰ ਹੋ ਰਹੇ ਜੁਰਮਾਂ ਨੂੰ ਖ਼ਤਮ ਕਰਨ ਲਈ ਹਰ ਔਰਤ ਨੂੰ ਆਪਣੇ ਲਈ ਖੜ੍ਹਾ ਹੋਣਾ ਪਵੇਗਾ। ਹਿੰਸਾ, ਉਤਪੀੜਨ ਅਤੇ ਅੱਤਿਆਚਾਰ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਅਪਰਾਧੀ ਬਿਨਾਂ ਡਰ ਤੋਂ ਘੁੰਮ ਰਿਹਾ ਹੈ ਅਤੇ ਪੀੜਤਾ ਆਪਣੇ-ਆਪ ਵਿਚ ਘੁੱਟ ਕੇ ਮਰ ਰਹੀ ਹੈ, ਕਿਤੇ-ਕਿਤੇ ਮੌਤ ਨੂੰ ਵੀ ਗਲੇ ਲਗਾ ਲੈਂਦੀਆਂ ਹਨ। ਇਸ ਸਿਸਟਮ ਨੂੰ ਬਦਲਣ ਦੀ ਲੋੜ ਹੈ। ਲੜਕੀਆਂ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਖੁਦ ਲੈਣੀ ਪਵੇਗੀ, ਜੂਡੋ-ਕਰਾਟੇ ਅਤੇ ਆਤਮ-ਸੁਰੱਖਿਆ ਦੇ ਗੁਰ ਸਿੱਖਣੇ ਪੈਣਗੇ, ਡਰ ਕੇ ਨਹੀਂ, ਡਟ ਕੇ ਮੁਕਾਬਲਾ ਕਰਨਾ ਪਵੇਗਾ। ਹੁਣ ਔਰਤ ਵਿਚ ਬਹੁਤ ਬਦਲਾਅ ਆ ਰਿਹਾ ਹੈ, ਜਿਸ ਦੀ ਇਕ ਉਦਾਹਰਨ ਹੈ ਕਿ ਇਕ ਲੜਕੀ ਨੇ ਆਪਣੇ-ਆਪ ਨੂੰ ਰੇਪ ਵਿਕਟਮ ਕਹਾਉਣ ਦੀ ਬਜਾਏ ਰੇਪ ਸਰਵਾਈਵਰ ਬਣ ਕੇ ਆਪਣੇ ਵਰਗੀਆਂ ਕਈ ਪੀੜਤਾਂ ਨੂੰ ਸਕੂਲ ਦਾ ਰਸਤਾ ਦਿਖਾ ਕੇ ਜੁਰਮ ਨਾਲ ਲੜਨਾ ਸਿਖਾਇਆ। ਹਰ ਔਰਤ ਨੂੰ ਆਪਣੀ ਲੜਾਈ ਖੁਦ ਲੜਨੀ ਪਵੇਗੀ, ਤਾਂ ਹੀ ਉਹ ਆਪਣੇ ਪ੍ਰਤੀ ਵਧ ਰਹੇ ਅੱਤਿਆਚਾਰ ਨੂੰ ਨੱਥ ਪਾ ਸਕਦੀ ਹੈ।
ਮਹਿਲਾਵਾਂ ਪ੍ਰਤੀ ਵਧ ਰਹੀ ਹਿੰਸਾ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਸਮਾਜ, ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਸਰਕਾਰ ਨੇ ਕਈ ਤਰ੍ਹਾਂ ਦੇ ਐਕਟ ਪਾਸ ਕੀਤੇ ਹਨ, ਜੋ ਬਹੁਤ ਮਦਦਗਾਰ ਸਾਬਤ ਹੋ ਰਹੇ ਹਨ। ਸਕੂਲਾਂ-ਕਾਲਜਾਂ ਵਿਚ ਇਸ ਸਬੰਧੀ ਕਈ ਤਰ੍ਹਾਂ ਦੀਆਂ ਵਰਕਸ਼ਾਪ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ, ਵੂਮੈਨ ਹੈਲਪ ਲਾਈਨਜ਼ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਕਿ ਔਰਤਾਂ ਮੁਸੀਬਤ ਸਮੇਂ ਇਨ੍ਹਾਂ ਦਾ ਲਾਭ ਉਠਾ ਸਕਣ। ਨਿਆਂ ਪ੍ਰਣਾਲੀ ਵੀ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਨਾਲ-ਨਾਲ ਪੀੜਤ ਔਰਤਾਂ ਨੂੰ ਵੀ ਫਾਸਟ ਟਰੈਕ ਰਾਹੀਂ ਨਿਆਂ ਦੇ ਕੇ ਹਿੰਸਾ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੁਣ ਔਰਤ ਵੀ ਜਾਗ ਚੁੱਕੀ ਹੈ। ਉਹ ਡਰ ਕੇ ਨਹੀਂ, ਡਟ ਕੇ ਅਤੇ ਬਿਨਾਂ ਝਿਜਕ ਤੋਂ ਹਿੰਸਾ ਅਤੇ ਉਤਪੀੜਨ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਰੱਖਦੀ ਹੈ ਅਤੇ ਸਮੁੱਚੀ ਮਾਨਵਤਾ ਉਸ ਦੇ ਨਾਲ ਖੜ੍ਹੀ ਹੈ। ਉਸ ਦੀ ਬੁਲੰਦ ਆਵਾਜ਼ ਅਤੇ ਹੌਸਲਾ ਹੀ ਉਸ ਨੂੰ ਇਨ੍ਹਾਂ ਅਪਰਾਧਾਂ ਤੋਂ ਛੁਟਕਾਰਾ ਦੁਆ ਸਕਦਾ ਹੈ।

-ਮੋਬਾ: 98782-49944


ਖ਼ਬਰ ਸ਼ੇਅਰ ਕਰੋ

ਜੇ ਅਸੀਂ ਥੋੜ੍ਹਾ ਜਿਹਾ ਆਪਣੇ-ਆਪ ਨੂੰ ਬਦਲ ਲਈਏ...

ਮਨੁੱਖਾ ਜੀਵਨ ਅਨਮੋਲ ਹੈ। ਪਰਮਾਤਮਾ ਦੀ ਬੇਮਿਸਾਲ ਰਚਨਾ। ਸਮੇਂ ਦੇ ਨਾਲ ਮਨੁੱਖੀ ਜੀਵਨ ਵਿਚ ਵੀ ਬਦਲਾਅ ਆਉਂਦੇ ਰਹਿੰਦੇ ਹਨ। ਜ਼ਿੰਦਗੀ ਜਿਉਂਦਿਆਂ ਕਈ ਤਰ੍ਹਾਂ ਦੇ ਹਾਲਾਤ 'ਚੋਂ ਗੁਜ਼ਰਨਾ ਪੈਂਦਾ ਹੈ। ਚੰਗੇ-ਮਾੜੇ ਸਮੇਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ। ਜਨਮ ਤੋਂ ਮੌਤ ਤੱਕ ਦੇ ਸਫ਼ਰ ਵਿਚ ਅਸੀਂ ਸਾਰੇ ਰੰਗਾਂ ਨੂੰ ਮਾਣ ਸਕੀਏ, ਇਸ ਲਈ ਬਹੁਤ ਹੱਦ ਤੱਕ ਸਾਡਾ ਆਪਣਾ ਦ੍ਰਿਸ਼ਟੀਕੋਣ ਮਹੱਤਵ ਰੱਖਦਾ ਹੈ। ਕਈ ਤਾਂ ਮਿੱਠੀ ਜਿਹੀ ਮੁਸਕਾਨ ਨਾਲ ਹੀ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਲੁਕੋ ਲੈਂਦੇ ਹਨ ਅਤੇ ਕਈਆਂ ਲਈ ਛੋਟਾ ਜਿਹਾ ਤੂਫਾਨ ਹੀ ਸਭ ਕੁਝ ਖੋਹ ਲੈਂਦਾ ਹੈ। ਜੇ ਅਸੀਂ ਥੋੜ੍ਹਾ ਜਿਹਾ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਸਾਡੀ ਸਭ ਦੀ ਜ਼ਿੰਦਗੀ ਖੁਸ਼ੀਆਂ ਭਰਪੂਰ ਹੋ ਸਕਦੀ ਹੈ। ਅਕਸਰ ਅਸੀਂ ਬੀਤੇ ਸਮੇਂ ਜਾਂ ਆਉਣ ਵਾਲੇ ਸਮੇਂ ਲਈ ਜ਼ਿਆਦਾ ਹੀ ਸੋਚਣ ਲੱਗ ਪੈਂਦੇ ਹਾਂ। ਸਭ ਤੋਂ ਕੀਮਤੀ ਤੋਹਫ਼ਾ ਸਾਡਾ ਅੱਜ ਹੈ ਅਤੇ ਸਭ ਤੋਂ ਅਨਮੋਲ ਤੋਂ ਅਨਮੋਲ ਪਰਮਾਤਮਾ ਵਲੋਂ ਬਖਸ਼ੇ ਸਾਹ। ਆਪਣੇ ਅੱਜ ਨੂੰ ਹੀ ਬਿਹਤਰ ਢੰਗ ਨਾਲ ਜਿਊਣ ਦੀ ਕੋਸ਼ਿਸ਼ ਕਰੀਏ ਤੇ ਹਰ ਨਵੇਂ ਦਿਨ ਨੂੰ ਚੁਣੌਤੀ ਵਜੋਂ ਸਵੀਕਾਰ ਕਰੀਏ। ਸਾਕਾਰਾਤਮਕ ਰਵੱਈਆ ਰੱਖਦਿਆਂ ਅੱਗੇ ਵਧਦੇ ਜਾਈਏ ਤਾਂ ਜ਼ਿੰਦਗੀ ਹਸੀਨ ਲਗਦੀ ਹੈ। ਆਪਣੀਆਂ ਸਮੱਸਿਆਵਾਂ ਨੂੰ ਆਪ ਸਮਝਦਿਆਂ ਹੋਇਆਂ ਹੀ ਸਹੀ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਭ ਤੋਂ ਵੱਧ ਪ੍ਰਭਾਵ ਸਾਡੇ ਆਪਣੇ ਅੰਦਰ ਦੇ ਵਿਚਾਰਾਂ ਦੀ ਲੜਾਈ ਪਾਉਂਦੀ ਹੈ। ਮਨ ਨੂੰ ਸ਼ਾਂਤ, ਸਹਿਜ ਤੇ ਸੁਹਜ ਰੱਖਣ ਨਾਲ ਹੀ ਹੱਲ ਲੱਭਦੇ ਹਨ। ਜਿਹੜੀਆਂ ਚੀਜ਼ਾਂ ਸਾਡੇ ਹੱਥ-ਵੱਸ ਹਨ, ਉਨ੍ਹਾਂ ਨੂੰ ਆਪਣੇ ਮੁਤਾਬਿਕ ਸਹੀ ਦਿਸ਼ਾ ਦੇ ਸਕੀਏ ਅਤੇ ਜਿਹੜੀਆਂ ਸਾਡੇ ਵੱਸੋਂ ਬਾਹਰ ਹਨ, ਉਨ੍ਹਾਂ ਨੂੰ ਸਵੀਕਾਰਨ ਦੀ ਆਦਤ ਪਾ ਲਈਏ। ਚੇਤੇ ਰੱਖੀਏ ਕਿ ਇਸ ਦੁਨੀਆ ਵਿਚ ਸਭ ਕੁਝ ਸਾਡੇ ਸੋਚਣ ਮੁਤਾਬਿਕ ਨਹੀਂ ਹੁੰਦਾ। ਅਸੀਂ ਦੁਨੀਆ ਨਹੀਂ, ਸਿਰਫ ਆਪਣੇ-ਆਪ ਨੂੰ ਬਦਲ ਸਕਦੇ ਹਾਂ ਤੇ ਵਰਤਮਾਨ ਸਮੇਂ ਵਿਚ ਰਹਿ ਕੇ ਵਧੀਆ ਢੰਗ ਨਾਲ ਜੀਅ ਸਕਦੇ ਹਾਂ। ਆਓ, ਜ਼ਿੰਦਗੀ ਦੇ ਹਰ ਰੰਗ ਨੂੰ ਆਪ ਵੀ ਮਾਣੀਏ ਤੇ ਹੋਰਾਂ ਨੂੰ ਮਾਨਣ ਦਈਏ। ਕਿਸੇ ਲਿਖਾਰੀ ਦੀਆਂ ਹਿੰਦੀ ਵਿਚ ਲਿਖੀਆਂ ਇਨ੍ਹਾਂ ਸਤਰਾਂ ਨੂੰ ਸਾਰਥਕ ਬਣਾਈਏ-
'ਚਲੋ ਚਾਂਦ ਕਾ ਕਿਰਦਾਰ ਅਪਨਾ ਲੇਂ ਹਮ ਦੋਸਤੋ,
ਦਾਗ ਅਪਨੇ ਪਾਸ ਰਖੇਂ ਔਰ ਰੋਸ਼ਨੀ ਬਾਂਟ ਦੇਂ।'


-738/7, ਗੁਰੂ ਨਾਨਕ ਨਗਰ, ਪਟਿਆਲਾ।

ਬਰਕਰਾਰ ਰੱਖੋ ਗਹਿਣਿਆਂ ਦੀ ਚਮਕ ਨੂੰ

* ਪਰਲ ਅਤੇ ਸਟੋਂਸ ਵਾਲੇ ਗਹਿਣਿਆਂ ਨੂੰ ਵੱਖਰੇ ਡੱਬਿਆਂ ਵਿਚ ਰੂੰ ਦੀ ਪੈਡਿੰਗ ਬਣਾ ਕੇ ਰੱਖੋ ਤਾਂ ਕਿ ਦੂਜੇ ਗਹਿਣਿਆਂ ਦੇ ਨਾਲ ਮਿਲ ਕੇ ਸਟੋਂਸ ਨਿਕਲ ਨਾ ਜਾਣ ਅਤੇ ਪਰਲ ਦੀ ਚਮਕ ਵੀ ਖਰਾਬ ਨਾ ਹੋ ਜਾਵੇ। ਪਰਲਸ ਨੂੰ ਕਦੇ ਵੀ ਪਲਾਸਟਿਕ ਦੇ ਬੈਗ ਵਿਚ ਨਾ ਰੱਖੋ। ਇਸ ਦੇ ਰਸਾਇਣ ਪਰਲਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
* ਸੋਨੇ ਦੇ ਗਹਿਣਿਆਂ ਨੂੰ ਤੁਸੀਂ ਰੋਜ਼ਮਰ੍ਹਾ ਵਿਚ ਵਰਤੋਂ ਵਿਚ ਲਿਆਉਂਦੇ ਹੋ, ਉਨ੍ਹਾਂ ਨੂੰ ਵੀ ਮਹੀਨੇ ਵਿਚ ਇਕ ਵਾਰ ਨਰਮ ਬਰੱਸ਼ ਨਾਲ ਸਾਫ਼ ਕਰ ਲਓ ਤਾਂ ਕਿ ਉਨ੍ਹਾਂ 'ਤੇ ਜੰਮੀ ਮੈਲ ਪਰਤ ਦਾ ਰੂਪ ਨਾ ਲੈ ਲਵੇ। ਸਾਬਣ ਨਾਲ ਨਾ ਧੋਵੋ, ਕਿਉਂਕਿ ਸਾਬਣ ਦੇ ਰਸਾਇਣ ਨੁਕਸਾਨ ਪਹੁੰਚਾ ਸਕਦੇ ਹਨ। ਸੋਨੇ ਦੇ ਗਹਿਣਿਆਂ ਨੂੰ ਹਲਦੀ ਮਿਲੇ ਪਾਣੀ ਵਿਚ ਪਾ ਕੇ ਨਰਮ ਬਰੱਸ਼ ਨਾਲ ਸਾਫ਼ ਕਰ ਸਕਦੇ ਹੋ।
* ਗਹਿਣੇ ਸਾਫ਼ ਕਰਦੇ ਸਮੇਂ ਕਿਸੇ ਪਾਰਦਰਸ਼ੀ ਬਾਊਲ ਵਿਚ ਪਾ ਕੇ ਹੀ ਧੋਵੋ। ਸਿੰਕ ਵਿਚ ਗਹਿਣੇ ਰੱਖ ਕੇ ਨਾ ਧੋਵੋ।
* ਟੁੱਟੇ ਹੋਏ ਜਾਂ ਝਰੀਟਾਂ ਪਈਆਂ ਵਾਲੇ ਗਹਿਣਿਆਂ ਨੂੰ ਠੀਕ-ਠਾਕ ਗਹਿਣਿਆਂ ਤੋਂ ਵੱਖਰੇ ਰੱਖੋ ਤਾਂ ਕਿ ਟੁੱਟੇ ਗਹਿਣੇ ਦੂਜੇ ਗਹਿਣਿਆਂ 'ਤੇ ਨਿਸ਼ਾਨ ਨਾ ਪਾ ਦੇਣ। ਟੁੱਟੇ ਹੋਏ ਗਹਿਣਿਆਂ ਨੂੰ ਛੇਤੀ ਹੀ ਸੁਨਿਆਰੇ ਕੋਲੋਂ ਠੀਕ ਕਰਵਾ ਲਓ।
* ਨਾਜ਼ੁਕ ਗਹਿਣਿਆਂ ਨੂੰ ਵੱਖਰੇ ਡੱਬੇ ਵਿਚ ਪਹਿਲਾਂ ਲਾਲ ਕਾਗਜ਼ ਅਤੇ ਫਿਰ ਰੂੰ ਵਿਚ ਲਪੇਟ ਕੇ ਵੱਖ-ਵੱਖ ਰੱਖੋ।
* ਮੇਕਅਪ ਉਤਪਾਦਾਂ ਦੇ ਨਾਲ ਗਹਿਣਿਆਂ ਨੂੰ ਨਾ ਰੱਖੋ, ਕਿਉਂਕਿ ਉਨ੍ਹਾਂ ਦੇ ਰਸਾਇਣਾਂ ਨਾਲ ਗਹਿਣਿਆਂ ਦੀ ਚਮਕ ਫਿੱਕੀ ਪੈ ਸਕਦੀ ਹੈ।
* ਚਾਂਦੀ ਦੇ ਗਹਿਣਿਆਂ ਨੂੰ ਉਬਲੇ ਆਲੂਆਂ ਵਾਲੇ ਪਾਣੀ ਵਿਚ ਭਿਉਂ ਕੇ ਨਰਮ ਬਰੱਸ਼ ਨਾਲ ਸਾਫ਼ ਕਰ ਸਕਦੇ ਹੋ।
* ਹੀਰਿਆਂ ਦੇ ਗਹਿਣੇ ਰੋਜ਼ਾਨਾ ਲਗਾਤਾਰ ਨਾ ਪਹਿਨੋ, ਕਿਉਂਕਿ ਘਰ ਦੇ ਕੰਮਕਾਜ ਕਰਦੇ ਸਮੇਂ ਉਹ ਖਰਾਬ ਹੋ ਸਕਦੇ ਹਨ ਅਤੇ ਬਰੱਸ਼ ਨਾਲ ਸਾਫ਼ ਕਰਦੇ ਸਮੇਂ ਹੀਰਿਆਂ ਦੀ ਸੈਟਿੰਗ ਹਿੱਲ ਸਕਦੀ ਹੈ।
* ਗਹਿਣੇ ਹਮੇਸ਼ਾ ਮਾਨਤਾ ਪ੍ਰਾਪਤ ਸੁਨਿਆਰੇ ਕੋਲੋਂ ਹੀ ਖ਼ਰੀਦੋ, ਤਾਂ ਹੀ ਖਰਾਬ ਹੋਣ 'ਤੇ ਤੁਸੀਂ ਕੋਰਟ ਤੱਕ ਜਾ ਸਕਦੇ ਹੋ।
* ਗਹਿਣੇ ਖਰੀਦਦੇ ਸਮੇਂ ਉਨ੍ਹਾਂ ਦੇ ਟ੍ਰੇਡਮਾਰਕ ਅਤੇ ਕੁਆਲਿਟੀ ਮਾਰਕ ਦੇਖਣਾ ਨਾ ਭੁੱਲੋ। ਸੋਨੇ ਦੇ ਗਹਿਣਿਆਂ ਲਈ ਹਾਲਮਾਰਕ ਦੇ ਗਹਿਣੇ ਲਓ। ਗਹਿਣਿਆਂ ਦੀ ਰਸੀਦ ਜ਼ਰੂਰ ਲਓ, ਉਸ ਵਾਸਤੇ ਵੈਟ ਭਾਵੇਂ ਦੇਣਾ ਪਵੇ। ਰਸੀਦ ਸੰਭਾਲ ਕੇ ਰੱਖੋ।
* ਬਨਾਉਟੀ ਗਹਿਣੇ ਵੀ ਚੰਗੀ ਕਿਸਮ ਦੇ ਲਓ।


-ਨੀਤੂ ਗੁਪਤਾ

ਆਪਣੇ ਸੈਰ-ਸਪਾਟੇ ਦੇ ਬਜਟ ਨੂੰ ਲੈ ਕੇ ਤੁਸੀਂ ਕਿੰਨੇ ਚੁਸਤ ਸੈਲਾਨੀ ਹੋ?

ਘੁੰਮਣਾ-ਫਿਰਨਾ ਆਖਰ ਕਿਸ ਨੂੰ ਨਹੀਂ ਪਸੰਦ? ਹਰ ਕੋਈ ਮੌਕਾ ਮਿਲਦੇ ਹੀ ਸੈਰ-ਸਪਾਟੇ ਲਈ ਨਿਕਲ ਪੈਂਦਾ ਹੈ। ਪਰ ਘੁਮੱਕੜੀ ਦੇ ਸ਼ੌਕੀਨ ਜ਼ਿਆਦਾਤਰ ਲੋਕ ਘਰ ਆਉਣ ਤੋਂ ਬਾਅਦ ਆਪਣਾ ਬਜਟ ਵਿਗੜ ਜਾਣ ਦੀ ਕਹਾਣੀ ਸੁਣਾਉਂਦੇ ਰਹਿੰਦੇ ਹਨ। ਪਰ ਕੁਝ ਸਜਗ ਵੀ ਹੁੰਦੇ ਹਨ। ਸਵਾਲ ਹੈ ਤੁਸੀਂ ਕਿਸ ਕਿਸਮ ਦੇ ਸੈਲਾਨੀ ਹੋ? ਆਪਣੇ ਬਜਟ ਨੂੰ ਲੈ ਕੇ ਸਜਗ ਰਹਿਣ ਵਾਲੇ ਜਾਂ ਬਜਟ ਵਿਗਾੜਨੇ ਵਾਲੇ? ਖੁਦ ਨੂੰ ਪਰਖੋ ਇਸ ਕੁਇਜ ਦੇ ਰਾਹੀਂ-
1. ਸੈਰ-ਸਪਾਟੇ ਦੀ ਯੋਜਨਾ ਬਣਾਉਂਦੇ ਸਮੇਂ ਤੁਸੀਂ ਸਾਲ ਦੇ ਕਿਨ੍ਹਾਂ ਦਿਨਾਂ 'ਤੇ ਜ਼ੋਰ ਦਿੰਦੇ ਹੋ-
(ਕ) ਜਦੋਂ ਸਾਰੇ ਦੂਜੇ ਲੋਕ ਵੀ ਸੈਰ-ਸਪਾਟੇ ਲਈ ਨਿਕਲਦੇ ਹਨ ਭਾਵ ਜਦੋਂ ਸੈਰ-ਸਪਾਟੇ ਦਾ ਸੀਜ਼ਨ ਹੁੰਦਾ ਹੈ।
(ਖ) ਅਜਿਹੇ ਸਮੇਂ 'ਤੇ ਜਦੋਂ ਜ਼ਿਆਦਾਤਰ ਲੋਕ ਘੁੰਮਣ ਨਹੀਂ ਜਾਂਦੇ। (ਗ) ਪਹਿਲਾਂ ਤੋਂ ਅਜਿਹੀ ਕੋਈ ਯੋਜਨਾ ਨਹੀਂ ਬਣਾਉਂਦੇ।
2. ਸੈਰ-ਸਪਾਟੇ 'ਤੇ ਨਿਕਲਣ ਲਈ ਤੁਸੀਂ ਕਿੰਨੇ ਦਿਨ ਪਹਿਲਾਂ ਯੋਜਨਾ ਬਣਾਉਂਦੇ ਹੋ?
(ਕ) ਛੇ ਮਹੀਨੇ ਪਹਿਲਾਂ ਯੋਜਨਾ ਬਣਾ ਕੇ, ਤਿੰਨ ਮਹੀਨੇ ਪਹਿਲਾਂ ਸਾਰੀ ਬੁਕਿੰਗ ਵੀ ਕਰਾ ਲੈਂਦੇ ਹੋ।
(ਖ) ਸੋਚਦੇ ਤਾਂ ਹੋ, ਪਰ ਅਵਿਵਸਥਿਤ ਜੀਵਨ ਦੇ ਚਲਦੇ ਘੁੰਮਣ ਜਾਣ ਲਈ ਪਹਿਲਾਂ ਹੀ ਦਿਨ ਅਤੇ ਸਮਾਂ ਨਿਸਚਤ ਕਰ ਸਕਣਾ ਮੁਸ਼ਕਿਲ ਹੈ।
(ਗ) ਇਸ ਬਾਰੇ ਵਿਚ ਤਾਂ ਕੁਝ ਸੋਚਿਆ ਹੀ ਨਹੀਂ।
3. ਕਿਤੇ ਘੁੰਮਣ ਜਾਣ 'ਤੇ ਹੋਟਲ ਦੀ ਬੁਕਿੰਗ ਕਦੋਂ ਅਤੇ ਕਿਵੇਂ ਕਰਦੇ ਹੋ?
(ਕ) ਘੱਟ ਤੋਂ ਘੱਟ ਦੋ ਮਹੀਨੇ ਪਹਿਲਾਂ ਹੀ ਆਨਲਾਈਨ ਬੁਕਿੰਗ ਕਰਾ ਲੈਂਦੇ ਹੋ ਤਾਂ ਕਿ ਸੰਭਵ ਰਿਆਇਤ ਮਿਲ ਸਕੇ।
(ਖ) ਬਿਨਾਂ ਅੱਖਾਂ ਨਾਲ ਦੇਖੇ, ਇੰਟਰਨੈੱਟ ਜਾਂ ਫੋਨ ਦੇ ਜ਼ਰੀਏ ਬੁਕਿੰਗ ਕਰਾਉਣਾ ਸਹੀ ਨਹੀਂ ਸਮਝਦੇ, ਇਸ ਲਈ ਉਥੇ ਪਹੁੰਚ ਕੇ ਹੀ ਹੋਟਲ ਲੈਂਦੇ ਹੋ।
(ਗ) ਇਸ ਬਾਰੇ ਵਿਚ ਕੋਈ ਨਿਸਚਤ ਰੁਖ਼ ਨਹੀਂ ਅਪਣਾਉਂਦੇ।
4. ਸੈਰ-ਸਪਾਟੇ 'ਤੇ ਨਿਕਲਣ ਤੋਂ ਪਹਿਲਾਂ ਜਿਥੇ ਘੁੰਮਣ ਜਾ ਰਹੇ ਹੋ, ਉਸ ਜਗ੍ਹਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹੋ?
(ਕ) ਹਾਂ, ਇਸ ਨਾਲ ਨਾ ਸਿਰਫ ਘੁੰਮਣ ਵਿਚ ਸਹੂਲਤ ਹੁੰਦੀ ਹੈ, ਸਗੋਂ ਠੱਗੇ ਜਾਣ ਦੀ ਵੀ ਸੰਭਾਵਨਾ ਘੱਟ ਹੁੰਦੀ ਹੈ।
(ਖ) ਕਿਥੇ ਏਨਾ ਸਮਾਂ ਹੈ ਕਿ ਪਹਿਲਾਂ ਹੀ ਇਹ ਸਭ ਕਰੀਏ।
(ਗ) ਹਾਂ, ਜਾਣ-ਪਛਾਣ ਵਾਲਿਆਂ ਕੋਲੋਂ ਜਾਣ ਤੋਂ ਪਹਿਲਾਂ ਪੁੱਛ ਲੈਂਦੇ ਹਾਂ।
5. ਪਰਿਵਾਰਕ ਸੈਰ-ਸਪਾਟੇ 'ਤੇ ਨਿਕਲਣ 'ਤੇ ਘੁੰਮਣ-ਫਿਰਨ ਦੀ ਕਿਹੋ ਜਿਹੀ ਰਣਨੀਤੀ ਬਣਾਉਂਦੇ ਹੋ?
(ਕ) ਇਸ ਵਿਚ ਰਣਨੀਤੀ ਬਣਾਉਣ ਦੀ ਕੀ ਲੋੜ ਹੈ, ਜਿਵੇਂ ਇਕੱਲੇ ਘੁੰਮਦੇ ਹੋ, ਉਵੇਂ ਹੀ ਪਰਿਵਾਰ ਵਾਲਿਆਂ ਦੇ ਨਾਲ ਘੁੰਮਦੇ ਘੁੰਮੋਗੇ।
(ਖ) ਪਰਿਵਾਰ ਦੇ ਨਾਲ ਘੁੰਮਣ ਜਾਣ 'ਤੇ ਹੋਟਲ ਦੀ ਬਜਾਏ ਅਪਾਰਟਮੈਂਟ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਕਿ ਉਥੇ ਦੀ ਰਸੋਈ ਵਿਚ ਖੁਦ ਹੀ ਖਾਣਾ ਬਣਾਇਆ ਜਾ ਸਕੇ।
(ਗ) ਇਹ ਗੱਲ ਕਦੇ ਧਿਆਨ ਵਿਚ ਹੀ ਨਹੀਂ ਆਉਂਦੀ।
ਨਤੀਜਾ : ਜੇਕਰ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹ ਕੇ ਉਨ੍ਹਾਂ ਜਵਾਬਾਂ 'ਤੇ ਟਿਕ ਕੀਤਾ ਹੈ ਜੋ ਕਾਫੀ ਹੱਦ ਤੱਕ ਤੁਹਾਡੇ ਨਜ਼ਦੀਕ ਹਨ ਜਾਂ ਜਿਨ੍ਹਾਂ ਨਾਲ ਤੁਸੀਂ ਵੱਧ ਤੋਂ ਵੱਧ ਸਹਿਮਤ ਹੋ ਤਾਂ ਸੈਰ-ਸਪਾਟੇ ਦੇ ਬਜਟ ਦੇ ਮਾਮਲੇ ਵਿਚ ਤੁਸੀਂ ਕੁਝ ਇਸ ਤਰ੍ਹਾਂ ਹੋ-
(ਕ) ਜੇਕਰ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਸੈਰ-ਸਪਾਟੇ ਦੇ ਬਜਟ 'ਤੇ ਤੁਹਾਡਾ ਕੋਈ ਕਾਬੂ ਨਹੀਂ ਹੈ, ਤੁਸੀਂ ਵੀ ਉਨ੍ਹਾਂ ਬਹੁਤੀਆਂ ਔਰਤਾਂ ਦਾ ਹਿੱਸਾ ਹੋ ਜੋ ਘੁੰਮ ਕੇ ਆਉਣ ਤੋਂ ਬਾਅਦ ਬਜਟ ਦੇ ਵਿਗੜ ਜਾਣ ਦਾ ਰੋਣਾ ਰੋਂਦੀਆਂ ਰਹਿੰਦੀਆਂ ਹਨ।
(ਖ) ਜੇਕਰ ਤੁਹਾਡੇ ਦੁਆਰਾ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਤੋਂ ਘੱਟ ਹਨ ਤਾਂ ਪਤਾ ਲਗਦਾ ਹੈ ਕਿ ਤੁਸੀਂ ਬਜਟ ਨੂੰ ਲੈ ਕੇ ਚਿੰਤਤ ਤਾਂ ਰਹਿੰਦੇ ਹੋ ਪਰ ਤੁਹਾਡੀ ਚਿੰਤਾ ਨਿਯਮਤ ਅਤੇ ਯੋਜਨਾਬੱਧ ਨਹੀਂ ਹੈ, ਜਿਸ ਨਾਲ ਤੁਸੀਂ ਕਦੇ-ਕਦੇ ਬਜਟ ਨੂੰ ਕਾਬੂ ਵਿਚ ਰੱਖ ਲੈਂਦੇ ਹੋ ਅਤੇ ਕਦੇ ਅਸਫਲ ਹੋ ਜਾਂਦੇ ਹੋ।
(ਗ) ਜੇਕਰ ਤੁਹਾਡੇ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਨਿਸਚਤ ਰੂਪ ਨਾਲ ਤੁਸੀਂ ਬੇਹੱਦ ਸਜਗ ਸੈਲਾਨੀ ਹੋ। ਤੁਹਾਡਾ ਘੁੰਮਣ-ਫਿਰਨ ਦਾ ਬਜਟ ਹਮੇਸ਼ਾ ਕਾਬੂ ਵਿਚ ਅਤੇ ਤੁਹਾਡੀ ਨਿਰਧਾਰਤ ਯੋਜਨਾ ਦੇ ਅੰਦਰ ਰਹਿੰਦਾ ਹੈ। ਨਿਸਚਤ ਰੂਪ ਨਾਲ ਤੁਸੀਂ ਸਮਾਰਟ ਸੈਲਾਨੀ ਹੋ।


-ਪਿੰਕੀ ਅਰੋੜਾ

ਸਰਦੀਆਂ ਦਾ ਵਿਸ਼ੇਸ਼ ਪਕਵਾਨ

ਸਟਫ ਮਸ਼ਰੂਮ ਬਹਾਰ

ਸਮੱਗਰੀ : ਮਸ਼ਰੂਮ 100 ਗ੍ਰਾਮ, ਪਨੀਰ 200 ਗ੍ਰਾਮ, ਇਕ ਆਲੂ, ਕਾਰਨ ਫਲੋਰ ਦੋ ਵੱਡੇ ਚਮਚ, ਮਲਾਈ ਦੋ ਵੱਡੇ ਚਮਚ, ਕਾਲੀ ਮਿਰਚ ਇਕ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਦੋ ਵੱਡੇ ਪਿਆਜ਼, ਲਸਣ ਦਸ ਕਲੀਆਂ, ਅਦਰਕ ਇਕ ਟੁਕੜਾ, ਟਮਾਟਰ ਪਿਊਰੀ ਇਕ ਕੱਪ, ਲਾਲ ਮਿਰਚ ਇਕ ਛੋਟਾ ਚਮਚ, ਧਨੀਆ ਇਕ ਛੋਟਾ ਚਮਚ, ਛੋਟੀਆਂ ਇਲਾਇਚੀਆਂ ਚਾਰ, ਗਰਮ ਮਸਾਲਾ ਇਕ ਛੋਟਾ ਚਮਚ, ਭੁੰਨਿਆ ਜੀਰਾ ਇਕ ਛੋਟਾ ਚਮਚ, ਮੱਖਣ ਦੋ ਵੱਡੇ ਚਮਚ, ਘਿਓ ਜਾਂ ਤੇਲ ਚਾਰ ਵੱਡੇ ਚਮਚ।
ਵਿਧੀ : ਆਲੂ ਉਬਾਲ ਕੇ, ਛਿੱਲ ਕੇ ਮੈਸ਼ ਕਰ ਲਓ। ਪਨੀਰ ਮਿਲਾ ਦਿਓ। ਮਸ਼ਰੂਮ ਨੂੰ ਧੋ ਕੇ ਛੋਟੇ ਟੁਕੜੇ ਕਰ ਲਓ। ਮਲਾਈ ਵਿਚ ਥੋੜ੍ਹਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਫੈਂਟ ਲਓ ਅਤੇ ਮਸ਼ਰੂਮ ਵਿਚ ਮਿਲਾ ਦਿਓ। ਹੁਣ ਆਲੂ ਪਨੀਰ ਦੇ ਮਿਸ਼ਰਣ ਵਿਚ ਕਾਰਨ ਫਲੋਰ ਮਿਲਾ ਦਿਓ ਅਤੇ ਛੋਟੇ-ਛੋਟੇ ਰੋਲਸ ਬਣਾ ਲਓ। ਰੋਲਸ ਦੇ ਵਿਚ ਮਲਾਈ ਅਤੇ ਮਸ਼ਰੂਮ ਦਾ ਥੋੜ੍ਹਾ ਜਿਹਾ ਮਿਸ਼ਰਣ ਭਰ ਦਿਓ। ਹੁਣ ਇਨ੍ਹਾਂ ਰੋਲਸ ਨੂੰ ਤਲ ਲਓ।
ਗ੍ਰੇਵੀ ਲਈ ਪਿਆਜ਼ ਨੂੰ ਬਰੀਕ ਕਸ ਕੇ ਕੜਾਹੀ ਵਿਚ ਸੁਨਹਿਰਾ ਹੋਣ ਤੱਕ ਭੁੰਨੋ। ਇਸ ਵਿਚ ਅਦਰਕ-ਲਸਣ ਦਾ ਪੇਸਟ ਵੀ ਪਾ ਦਿਓ ਅਤੇ ਚੰਗੀ ਤਰ੍ਹਾਂ ਭੁੰਨੋ। ਇਸ ਤੋਂ ਬਾਅਦ ਇਲਾਇਚੀ ਕੁੱਟ ਕੇ ਪਾਓ ਅਤੇ ਸੁੱਕੇ ਮਸਾਲੇ ਵੀ ਮਿਲਾਓ। ਟਮਾਟਰ ਪਿਊਰੀ ਪਾ ਕੇ ਗੈਸ ਹੌਲੀ ਕਰ ਦਿਓ। ਇਸ ਗ੍ਰੇਵੀ ਨੂੰ 5 ਮਿੰਟ ਤੱਕ ਪੱਕਣ ਦਿਓ। ਵਿਚ-ਵਿਚ ਹਲਕੇ ਹੱਥ ਨਾਲ ਚਲਾ ਦਿਓ। ਸੰਘਣੀ ਗ੍ਰੇਵੀ ਤਿਆਰ ਹੋਣ ਤੋਂ ਬਾਅਦ ਉਪਰੋਂ ਦੀ ਮੱਖਣ ਪਾਓ। ਪਰੋਸਦੇ ਸਮੇਂ ਰੋਲਸ ਪਾ ਦਿਓ ਅਤੇ ਕਸੇ ਹੋਏ ਪਨੀਰ ਨਾਲ ਸਜਾ ਦਿਓ।
***

ਬਚਪਨ ਤੋਂ ਹੀ ਦੱਸੋ ਰਿਸ਼ਤਿਆਂ ਦੀ ਅਹਿਮੀਅਤ

ਬੱਚੇ ਦਾ ਮੁਢਲਾ ਸਕੂਲ ਉਸ ਦੀ ਮਾਂ ਹੈ ਅਤੇ ਬੱਚੇ ਦੇ ਮੂੰਹੋਂ ਵੀ ਪਹਿਲਾ ਸ਼ਬਦ ਮਾਂ ਦਾ ਉਚਾਰਨ ਹੁੰਦਾ ਹੈ। ਬੱਚੇ ਨੂੰ ਅਸੀਂ ਜਿਸ ਤਰ੍ਹਾਂ ਦਾ ਚਾਹੀਏ, ਢਾਲ ਸਕਦੇ ਹਾਂ। ਇਸ ਲਈ ਰਿਸ਼ਤਿਆਂ ਸਬੰਧੀ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦਿੱਤੀ ਜਾਵੇ ਕਿ ਇਹ ਤੇਰੀ ਮਾਸੀ ਹੈ, ਮਾਮਾ ਹੈ, ਤਾਇਆ ਅਤੇ ਚਾਚਾ-ਚਾਚੀ ਹੈ। ਇਸ ਤਰ੍ਹਾਂ ਬੱਚੇ ਰਿਸ਼ਤਿਆਂ ਦੇ ਨਿੱਘ ਅਤੇ ਪਿਆਰ ਨੂੰ ਮਾਣ ਸਕਦੇ ਹਨ। ਜੇਕਰ ਬੱਚੇ ਨੂੰ ਅਸੀਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਬਾਰੇ ਦੱਸਾਂਗੇ ਤਾਂ ਹੀ ਉਹ ਦਾਦਕੇ ਘਰ ਅਤੇ ਨਾਨਕੇ ਘਰ ਦੇ ਮਹੱਤਵ ਨੂੰ ਸਮਝੇਗਾ।
ਕਦੇ ਵੀ ਬੱਚਿਆਂ ਨੂੰ ਇਹ ਨਾ ਕਹੋ ਕਿ ਇਹ ਚੀਜ਼ ਤੇਰੀ ਹੈ ਜਾਂ ਮੇਰੀ, ਹਮੇਸ਼ਾ ਇਹ ਕਹੋ ਕਿ ਇਹ ਚੀਜ਼ ਆਪਣੀ ਹੈ। ਪਹਿਲਾਂ ਹਮੇਸ਼ਾ ਸੰਯੁਕਤ ਪਰਿਵਾਰ ਹੁੰਦੇ ਸਨ ਪਰ ਅੱਜਕਲ੍ਹ ਸੰਯੁਕਤ ਪਰਿਵਾਰ ਨਹੀਂ ਰਹੇ ਅਤੇ ਕੁਝ ਘਰਾਂ ਵਿਚ ਮਾਪੇ, ਚਾਚੇ, ਤਾਏ ਤੇ ਰਿਸ਼ਤਿਆਂ ਵਿਚ ਵੀ ਤੇਰ-ਮੇਰ ਸਬੰਧੀ ਬੱਚਿਆਂ ਨਾਲ ਗੱਲ ਕਰਦੇ ਹਨ, ਜਿਸ ਦਾ ਸਿੱਟਾ ਆਉਣ ਵਾਲੇ ਸਮੇਂ ਵਿਚ ਬਹੁਤ ਮਾੜਾ ਨਿਕਲਦਾ ਹੈ। ਹਮੇਸ਼ਾ ਬੱਚਿਆਂ ਨੂੰ ਸਾਰੇ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਓ। ਉਸ ਨੂੰ ਕਹੋ ਕਿ ਚਾਚਿਆਂ, ਤਾਇਆਂ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਮੰਨੋ ਅਤੇ ਉਨ੍ਹਾਂ ਦਾ ਸਤਿਕਾਰ ਕਰੋ। ਮਾਮੇ, ਚਾਚੇ, ਤਾਏ, ਭੂਆ ਤੇ ਫੁੱਫੜ ਨੂੰ ਵੀ ਇਨ੍ਹਾਂ ਰਿਸ਼ਤਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਫਰਜ਼ ਸਿਰਫ ਬੱਚਿਆਂ ਦਾ ਨਹੀਂ ਹੈ। ਲੋੜੀਂਦਾ ਪਿਆਰ ਅਤੇ ਲੋੜੀਂਦੀ ਜ਼ਿੰਮੇਵਾਰੀ ਹਰ ਇਕ ਰਿਸ਼ਤੇ ਪ੍ਰਤੀ ਜ਼ਰੂਰੀ ਹੈ।
ਇਸ ਲਈ ਸਮਾਜ ਵਿਚ ਰਹਿਣ ਲਈ ਸਮਾਜਿਕ ਹੋਣਾ ਜ਼ਰੂਰੀ ਹੈ ਅਤੇ ਇਸ ਸਮਾਜ ਵਿਚ ਸਾਰੇ ਰਿਸ਼ਤਿਆਂ ਨੂੰ ਬੜੀ ਹੀ ਸੰਜੀਦਗੀ ਅਤੇ ਪਿਆਰ ਨਾਲ ਨਿਭਾਉਣ ਦੇ ਅਹਿਸਾਸ ਨੂੰ ਬੱਚਿਆਂ ਨੂੰ ਬਚਪਨ ਵਿਚ ਹੀ ਕਰਾਇਆ ਜਾਵੇ ਤਾਂ ਜੋ ਵੱਡੀ ਉਮਰ ਵਿਚ ਸਵਾਰਥਪੁਣਾ ਅਤੇ ਇਕੱਲਾਪਨ ਅਖ਼ਤਿਆਰ ਨਾ ਕਰ ਬੈਠਣ, ਸਗੋਂ ਪਰਿਵਾਰਕ ਮੈਂਬਰਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਕੇ ਪਰਿਵਾਰ ਨੂੰ ਹੱਸਦੀ-ਖੇਡਦੀ ਫੁਲਵਾੜੀ ਬਣਾਉਣ।


-ਪਿੰਡ ਅਤੇ ਡਾਕ: ਕੋਟ ਕਰੋੜ ਕਲਾਂ, ਜ਼ਿਲ੍ਹਾ ਫਿਰੋਜ਼ਪੁਰ। ਮੋਬਾ: 99888-00759

ਗਰਭਵਤੀ ਮਹਿਲਾ ਦੀ ਦੇਖਭਾਲ ਲਈ ਵਿਸ਼ੇਸ਼ ਸਾਵਧਾਨੀਆਂ

ਹਰ ਗਰਭਵਤੀ ਮਹਿਲਾ ਨੂੰ ਆਪਣੀ ਦੇਖਭਾਲ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਰਹਿੰਦੀ ਹੈ। ਅਸਲ ਵਿਚ ਗਰਭ ਅਵਸਥਾ ਨੂੰ ਤਿੰਨ ਤਿਮਾਹੀਆਂ ਵਿਚ ਵੀ ਵੰਡਿਆ ਜਾਂਦਾ ਹੈ। ਪਹਿਲੇ ਹਫਤੇ ਤੋਂ ਲੈ ਕੇ 12ਵੇਂ ਹਫਤੇ ਤੱਕ ਦੇ ਸਮੇਂ ਨੂੰ ਪਹਿਲੀ ਤਿਮਾਹੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ 13ਵੇਂ ਹਫਤੇ ਤੋਂ ਲੈ ਕੇ 28ਵੇਂ ਹਫਤੇ ਤੱਕ ਦੇ ਸਮੇਂ ਨੂੰ ਦੂਜੀ ਤਿਮਾਹੀ ਕਿਹਾ ਜਾਂਦਾ ਹੈ। 29ਵੇਂ ਹਫਤੇ ਤੋਂ ਲੈ ਕੇ 40ਵੇਂ ਹਫਤੇ ਤੱਕ ਦੇ ਸਮੇਂ ਨੂੰ ਤੀਜੀ ਤਿਮਾਹੀ ਕਿਹਾ ਜਾਂਦਾ ਹੈ। ਹਰ ਗਰਭਵਤੀ ਔਰਤ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਪਹਿਲੀ ਤਿਮਾਹੀ ਦੇ ਸਮੇਂ ਦੌਰਾਨ ਹੀ ਗਰਭਪਾਤ ਹੋਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ, ਇਸ ਲਈ ਇਸ ਸਮੇਂ ਦੌਰਾਨ ਗਰਭਵਤੀ ਔਰਤ ਨੂੰ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ। ਦੂਜੀ ਤਿਮਾਹੀ ਦੇ ਸਮੇਂ ਦੌਰਾਨ ਪੇਟ ਵਿਚ ਭਰੂਣ ਦੀ ਹਰਕਤ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਤੀਜੀ ਤਿਮਾਹੀ ਦੌਰਾਨ ਬੱਚਾ ਆਪਣਾ ਪੂਰਾ ਆਕਾਰ ਲੈ ਲੈਂਦਾ ਹੈ। ਇਸ ਕਰਕੇ ਹਰ ਗਰਭਵਤੀ ਮਹਿਲਾ ਨੂੰ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਤਾਂ ਬੋਚ-ਬੋਚ ਕੇ ਕਦਮ ਰੱਖ ਕੇ ਤੁਰਨਾ ਚਾਹੀਦਾ ਹੈ।
ਹਰ ਗਰਭਵਤੀ ਮਹਿਲਾ ਨੂੰ ਫੋਲਿਕ ਐਸਿਡ ਦੀ ਲੋਂੜੀਂਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਐਸਿਡ ਹਰੀਆਂ ਪੱਤੀਆਂ ਵਿਚ ਪਾਇਆ ਜਾਂਦਾ ਹੈ। ਬੱਚੇ ਦੇ ਜਨਮ ਸਮੇਂ ਇਸ ਐਸਿਡ ਦਾ ਕਾਫੀ ਲਾਭ ਹੁੰਦਾ ਹੈ। ਅਸਲ ਵਿਚ ਹਰੀਆਂ ਸਬਜ਼ੀਆਂ, ਖਰਬੂਜ਼ਾ, ਲੌਕੀ, ਕੱਦੂ, ਪਾਲਕ, ਮੇਥੀ, ਸਾਗ ਅਤੇ ਮੂੰਗਫਲੀ ਵਿਚ ਫੋਲਿਕ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਗਰਭਵਤੀ ਮਹਿਲਾ ਨੂੰ ਕੋਲਡ ਡਰਿੰਕ ਵੀ ਸਾਵਧਾਨੀ ਨਾਲ ਅਤੇ ਘੱਟ ਮਾਤਰਾ ਵਿਚ ਹੀ ਪੀਣੇ ਚਾਹੀਦੇ ਹਨ। ਵੱਖ-ਵੱਖ ਤਰ੍ਹਾਂ ਦੇ ਫਲ ਜ਼ਰੂਰ ਖਾਣੇ ਚਾਹੀਦੇ ਹਨ ਪਰ ਇਹ ਫਲ ਨਾ ਤਾਂ ਕੱਚੇ ਹੋਣ ਅਤੇ ਨਾ ਹੀ ਜ਼ਿਆਦਾ ਪੱਕੇ ਹੋਣ। ਇਨ੍ਹਾਂ ਫਲਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਆਂਡਾ ਖਾਣਾ ਕਾਫੀ ਲਾਹੇਵੰਦ ਰਹਿੰਦਾ ਹੈ। ਜਿਹੜੀਆਂ ਔਰਤਾਂ ਆਂਡਾ ਨਾ ਖਾਂਦੀਆਂ ਹੋਣ, ਉਨ੍ਹਾਂ ਨੂੰ ਆਪਣੇ ਖਾਣੇ ਵਿਚ ਪਨੀਰ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਖਾਣੇ ਚਾਹੀਦੇ ਹਨ।
ਆਪਣੇ ਲੱਗਣ ਵਾਲੇ ਜ਼ਰੂਰੀ ਟੀਕਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜ਼ਰੂਰੀ ਟੀਕੇ ਸਮੇਂ ਸਿਰ ਹੀ ਲਗਵਾਉਣੇ ਚਾਹੀਦੇ ਹਨ। ਗਰਭਵਤੀ ਮਹਿਲਾ ਨੂੰ ਸਮੋਸੇ ਟਿੱਕੀਆਂ, ਪਾਵ ਭਾਜੀ ਨਿਊਡਲ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ। ਸੰਤੁਲਤ ਭੋਜਨ ਹੀ ਕਰਨਾ ਚਾਹੀਦਾ ਹੈ। ਖਾਣੇ ਵਿਚ ਦਾਲਾਂ ਤੇ ਹਰੀਆਂ ਸਬਜ਼ੀਆਂ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ।
ਵੱਖ-ਵੱਖ ਤਰ੍ਹਾਂ ਦੇ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਹਨ ਪਰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਫਲ ਗਰਮੀ ਨਾ ਕਰਦੇ ਹੋਣ। ਇਸ ਤੋਂ ਇਲਾਵਾ ਕੁਝ ਔਰਤਾਂ ਫਲਾਂ ਦਾ ਜੂਸ ਪੀਣਾ ਜ਼ਿਆਦਾ ਪਸੰਦ ਕਰਦੀਆਂ ਹਨ ਪਰ ਫਲਾਂ ਦੇ ਜੂਸ ਨਾਲੋਂ ਫਲ ਖਾਣੇ ਜ਼ਿਆਦਾ ਲਾਭਦਾਇਕ ਹਨ। ਵਧੇਰੇ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ। ਗਰਭਵਤੀ ਔਰਤਾਂ ਨੂੰ ਆਪਣੇ ਸਰੀਰ ਦੀ ਸਫਾਈ ਰੱਖਣੀ ਚਾਹੀਦੀ ਹੈ। ਗਰਭਵਤੀ ਔਰਤ ਨੂੰ ਭਾਰ ਨਹੀਂ ਚੁੱਕਣਾ ਚਾਹੀਦਾ ਅਤੇ ਭਾਰੀ ਕੰਮ ਨਹੀਂ ਕਰਨੇ ਚਾਹੀਦੇ।
ਜੇ ਹੋ ਸਕੇ ਤਾਂ ਗਰਭਵਤੀ ਔਰਤ ਨੂੰ ਆਪਣੇ ਗਰਭ ਅਵਸਥਾ ਦੇ ਸਮੇਂ ਆਪਣੀ ਸੱਸ, ਨਣਾਨ, ਭੈਣ ਜਾਂ ਮਾਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ, ਜੋ ਕਿ ਉਸ ਦੀ ਉਚਿਤ ਦੇਖਭਾਲ ਕਰ ਸਕੇ। ਗਰਭਵਤੀ ਔਰਤ ਨੂੰ ਲੜਾਈ-ਝਗੜੇ ਵਾਲੀਆਂ ਫਿਲਮਾਂ ਨਹੀਂ ਦੇਖਣੀਆਂ ਚਾਹੀਦੀਆਂ।
ਹਰ ਗਰਭਵਤੀ ਮਹਿਲਾ ਨੂੰ ਸਮੇਂ-ਸਮੇਂ ਉਪਰ ਮਾਹਿਰ ਡਾਕਟਰ ਦੀ ਸਲਾਹ ਲੈਣ ਦੇ ਨਾਲ ਹੀ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਗਰਭਵਤੀ ਮਹਿਲਾ ਦਾ ਕਮਰਾ ਹਵਾਦਾਰ ਹੋਣਾ ਚਾਹੀਦਾ ਹੈ, ਉਥੇ ਸਲ੍ਹਾਬ ਜਿਹੀ ਨਹੀਂ ਹੋਣੀ ਚਾਹੀਦੀ। ਕਮਰੇ ਵਿਚ ਹੱਸਦੇ ਹੋਏ ਬੱਚੇ ਦੀ ਤਸਵੀਰ ਇਸ ਤਰ੍ਹਾਂ ਰੱਖੀ ਹੋਣੀ ਚਾਹੀਦੀ ਹੈ ਕਿ ਸਵੇਰੇ ਉੱਠਣ ਸਮੇਂ ਗਰਭਵਤੀ ਮਹਿਲਾ ਦੀ ਪਹਿਲੀ ਨਜ਼ਰ ਹੀ ਉਸ ਬੱਚੇ ਦੀ ਤਸਵੀਰ ਉੱਪਰ ਪਵੇ।
ਆਪਣੇ ਸੌਣ ਦੇ ਤਰੀਕਿਆਂ ਉੱਪਰ ਵੀ ਧਿਆਨ ਦੇਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਉਸ ਨੂੰ ਲੋਂੜੀਂਦੀ ਨੀਂਦ ਲੈਣੀ ਚਾਹੀਦੀ ਹੈ। ਇਹ ਨੀਂਦ ਹੀ ਹੈ ਜੋ ਕਿ ਦਿਨ ਭਰ ਦੀ ਥਕਾਵਟ ਦੂਰ ਕਰਕੇ ਸਾਨੂੰ ਅਗਲੇ ਦਿਨ ਦੇ ਕੰਮਾਂ ਲਈ ਤਿਆਰ ਕਰਦੀ ਹੈ। ਚੰਗੀ ਨੀਂਦ ਆਉਣ ਲਈ ਜ਼ਰੂਰੀ ਹੈ ਕਿ ਸਹੀ ਢੰਗ ਨਾਲ ਸੌਂਇਆ ਜਾਵੇ।
ਪਹਿਲੇ ਤਿੰਨ ਮਹੀਨਿਆਂ ਦੌਰਾਨ ਕਰਵਟ ਲੈ ਕੇ ਜਾਂ ਇਕ ਪਾਸੇ ਹੋ ਕੇ ਪੈਣਾ ਜ਼ਿਆਦਾ ਲਾਹੇਵੰਦ ਹੁੰਦਾ ਹੈ। ਭਾਵੇਂ ਕਿ ਗਰਭਵਤੀ ਮਹਿਲਾ ਪਿੱਠ ਦੇ ਸਹਾਰੇ ਸਿੱਧੀ ਵੀ ਪੈ ਸਕਦੀ ਹੈ। ਚੌਥੇ ਤੋਂ ਛੇਵੇਂ ਮਹੀਨਿਆਂ ਦੇ ਦੌਰਾਨ ਕਦੇ ਵੀ ਪੇਟ ਦੇ ਭਾਰ ਅਤੇ ਉਲਟੇ ਹੋ ਕੇ ਨਹੀਂ ਪੈਣਾ ਚਾਹੀਦਾ। ਇਸ ਤਰ੍ਹਾਂ ਪੇਟ ਉੱਪਰ ਭਾਰ ਪੈ ਜਾਂਦਾ ਹੈ ਜੋ ਕਿ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਗਰਭਵਤੀ ਮਹਿਲਾ ਨੂੰ ਗਰਭ ਦੇ ਸੱਤਵੇਂ ਤੋਂ ਨੌਵੇਂ ਮਹੀਨੇ ਦੇ ਸਮੇਂ ਦੌਰਾਨ ਇਕ ਹੀ ਪਾਸੇ ਜ਼ਿਆਦਾ ਦੇਰ ਤੱਕ ਨਹੀਂ ਪੈਣਾ ਚਾਹੀਦਾ, ਉਸ ਨੂੰ ਖੱਬੇ ਪਾਸੇ ਵੀ ਕੁਝ ਦੇਰ ਪੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੋਵਾਂ ਪੈਰਾਂ ਵਿਚਾਲੇ ਸਿਰਹਾਣਾ ਰੱਖ ਕੇ ਸੌਣ ਨਾਲ ਵੀ ਬੱਚਾ ਅਤੇ ਮਾਂ ਤੰਦਰੁਸਤ ਰਹਿੰਦੇ ਹਨ।
ਗਰਭ ਅਵਸਥਾ ਦੌਰਾਨ ਸੰਗੀਤ ਸੁਣਨਾ ਚੰਗਾ ਮੰਨਿਆ ਜਾਂਦਾ ਹੈ । ਰੱਬ ਦੀ ਪੂਜਾ-ਪਾਠ ਵੀ ਕੀਤਾ ਜਾ ਸਕਦਾ ਹੈ। ਕਦੇ ਵੀ ਕੰਨਾਂ ਨੂੰ ਹੈੱਡ ਫੋਨ ਲਗਾ ਕੇ ਸੰਗੀਤ ਨਹੀਂ ਸੁਣਨਾ ਚਾਹੀਦਾ। ਸਿਰਫ ਹਲਕੀ ਆਵਾਜ਼ ਵਿਚ ਹੀ ਸੰਗੀਤ ਸੁਣਨਾ ਚਾਹੀਦਾ ਹੈ। ਹਰ ਗਰਭਵਤੀ ਮਹਿਲਾ ਨੂੰ ਤਣਾਓ ਤੋਂ ਦੂਰ ਰਹਿਣਾ ਚਾਹੀਦਾ ਹੈ।
ਹਰ ਔਰਤ ਦੀ ਜ਼ਿੰਦਗੀ ਵਿਚ ਗਰਭ ਅਵਸਥਾ ਇਕ ਅਜਿਹਾ ਸਫਰ ਹੁੰਦਾ ਹੈ, ਜੋ ਕਿ ਜੋਖ਼ਮ ਭਰਿਆ ਤਾਂ ਹੁੰਦਾ ਹੈ ਪਰ ਹੁੰਦਾ ਬਹੁਤ ਅਨੰਦਦਾਇਕ ਹੈ। ਇਸ ਸਮੇਂ ਦੌਰਾਨ ਔਰਤ ਨੂੰ ਆਪਣੇ ਅੰਦਰ ਪਲ ਰਹੇ ਨਵੇਂ ਜੀਵ ਬਾਰੇ ਨਿੱਤ ਨਵੀਆਂ ਗੱਲਾਂ ਦਾ ਪਤਾ ਚਲਦਾ ਹੈ ਅਤੇ ਉਹ ਆਪਣੇ ਪੇਟ ਵਿਚ ਪਲ ਰਹੇ ਬੱਚੇ ਨਾਲ ਵੀ ਗੱਲਾਂ ਕਰਦੀ ਰਹਿੰਦੀ ਹੈ। ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਹਰ ਗਰਭਵਤੀ ਔਰਤ ਸਿਹਤਮੰਦ ਅਤੇ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ।


-ਲੱਕੀ ਨਿਵਾਸ, 61-ਏ, ਵਿਦਿਆ ਨਗਰ, ਪਟਿਆਲਾ। ਮੋਬਾ: 94638-19174

ਧੀ ਘਰ ਦੀ ਰੌਣਕ

ਮਾਪਿਆਂ ਦੇ ਘਰ 20-25 ਵਰ੍ਹੇ ਰਾਜ ਕਰਨ ਵਾਲੀ ਧੀ ਨੂੰ ਸਹੁਰੇ ਤੋਰਨਾ ਤਿਆਗ ਕੁਰਬਾਨੀ ਦਾ ਬਦਲਵਾਂ ਰੂਪ ਹੈ। ਤਾਂ ਹੀ ਤਾਂ ਕਹਿੰਦੇ ਨੇ ਜੇ ਮਨੁੱਖੀ ਸਰੀਰ ਨੂੰ ਬਚਾਉਣ ਲਈ ਖੂਨਦਾਨ ਮਹਾਨ ਦਾਨ ਹੈ ਤਾਂ ਸੰਸਾਰ ਵਿਚ ਮਨੁੱਖੀ ਨਸਲ ਨੂੰ ਅੱਗੇ ਤੋਰਨ ਲਈ ਕੰਨਿਆ ਦਾਨ ਵੀ ਮਹਾਨ ਦਾਨ ਹੈ।
ਧੀ ਵਾਸਤੇ ਦੂਜੇ ਘਰ ਜਾ ਕੇ ਨਵੇਂ ਸਿਰਿਓਂ ਜ਼ਿੰਦਗੀ ਦਾ ਆਰੰਭ ਜ਼ਿੰਦਗੀ ਦਾ ਮਹੱਤਵਪੂਰਨ ਬਦਲਾਓ ਹੈ। ਪੁਰਾਣੇ ਸਮੇਂ ਧੀਆਂ ਨੂੰ ਛੋਟੀ ਉਮਰ ਵਿਚ ਹੀ ਸਹੁਰੇ ਤੋਰ ਦਿੱਤਾ ਜਾਂਦਾ ਸੀ ਪਰ ਅਜੋਕੇ ਦੌਰ ਵਿਚ ਧੀਆਂ ਦੀ ਪੜ੍ਹਾਈ-ਲਿਖਾਈ ਕਾਰਨ ਸਹੁਰੇ ਜਾਣ ਦੇ ਸਮੇਂ ਉਮਰ ਦਾ ਚਾਹੇ ਫਰਕ ਹੈ ਪਰ ਹਕੀਕਤ ਅੱਜ ਵੀ ਇਹੀ ਹੈ। ਧੀ ਦੀ ਮਾਂ ਹੋਣਾ ਅਤੇ ਧੀ ਹੋਣਾ ਕੁਦਰਤ ਦਾ ਸਭ ਤੋਂ ਵੱਡਾ ਵਰਦਾਨ ਹੈ। ਜਿਨ੍ਹਾਂ ਘਰਾਂ ਵਿਚ ਧੀਆਂ ਨਹੀਂ ਹੁੰਦੀਆਂ, ਕਹਿੰਦੇ ਨੇ ਮਾਪਿਆਂ ਦੇ ਪਾਪ ਨਹੀਂ ਧੋਤੇ ਜਾਂਦੇ। ਕੰਨਿਆ ਦਾਨ ਕਰਕੇ ਕਈ ਪਾਪ ਧੋਤੇ ਜਾਂਦੇ ਹਨ।
ਧੀਆਂ ਨੂੰ ਤਰੱਕੀ ਲਈ ਇਕ ਨਰੋਆ ਸਮਾਜ ਚਾਹੀਦਾ ਹੈ, ਜਿਥੇ ਉਹ ਖੁੱਲ੍ਹ ਅਤੇ ਮੌਜ ਨਾਲ ਮਾਪਿਆਂ ਦੇ ਘਰ ਬਚਪਨ ਬਿਤਾ ਸਕਣ ਤੇ ਫਿਰ ਜਵਾਨੀ ਦੀਆਂ ਉਡਾਰੀਆਂ ਲਈ ਬੜਾ ਖੁੱਲ੍ਹਾ ਅੰਬਰ ਚਾਹੀਦਾ ਹੈ, ਜਿਥੇ ਉਹ ਸੁਪਨਿਆਂ ਨੂੰ ਖੰਭ ਲਾ ਸਕਣ ਤੇ ਧੀ ਤੋਂ ਨੂੰਹ ਬਣਨ ਦੇ ਸਫ਼ਰ ਵਿਚ ਇਕ ਅਜਿਹਾ ਪਰਿਵਾਰ ਚਾਹੀਦਾ ਹੈ ਜੋ ਧੀ ਦੇ ਨੂੰਹ ਬਣਨ ਵਿਚ ਮਿਲੇ ਨਵੇਂ ਸੰਸਾਰ ਵਿਚ ਓਪਰਾਪਣ ਨਾ ਮਹਿਸੂਸ ਹੋਣ ਦੇਵੇ। ਪੁਰਾਣੇ ਸਮੇਂ ਵਿਚ ਧੀਆਂ ਦਾ ਮਾਪਿਆਂ ਨਾਲੋਂ ਵਿਛੋੜਾ ਬੜੀ ਦੇਰ ਬਾਅਦ ਮਿਲਣ ਦੀ ਉਮੀਦ ਨਾਲ ਜੁੜਿਆ ਹੁੰਦਾ ਸੀ। ਪਰ ਅੱਜ ਤਕਨਾਲੋਜੀ ਤੇ ਸੰਚਾਰ ਸਾਧਨਾਂ ਨਾਲ ਮਾਪਿਆਂ ਅਤੇ ਧੀਆਂ ਦਾ ਫਾਸਲਾ ਓਨਾ ਨਹੀਂ, ਜਦੋਂ ਮਨ ਚਾਹੇ, ਧੀਆਂ ਆਪਣੇ ਮਾਪਿਆਂ ਨਾਲ ਫੋਨ, ਵੀਡੀਓ ਕਾਲ ਤੇ ਹੋਰ ਕਈ ਤਰ੍ਹਾਂ ਜੁੜੀਆਂ ਰਹਿੰਦੀਆਂ ਹਨ। ਇਹ ਠੀਕ ਹੈ ਕਿ ਕਈ ਘਰਾਂ ਵਿਚ ਅਜੇ ਵੀ ਧੀਆਂ ਦਾ ਜਨਮ ਖੁਸ਼ੀ ਦਾ ਸਬੱਬ ਨਹੀਂ ਬਣਦਾ। ਸੋਗ ਵਰਗੀ ਭਾਵਨਾ ਪੈਦਾ ਹੋ ਜਾਂਦੀ ਹੈ ਪਰ ਅਜਿਹੀ ਸੋਚ ਬਦਲਣੀ ਪਵੇਗੀ। ਧੀ-ਪੁੱਤ ਵਿਚ ਬਰਾਬਰਤਾ ਲਈ ਮਾਵਾਂ ਨੂੰ ਹੀ ਪਹਿਲ ਕਰਨੀ ਪਵੇਗੀ, ਕਿਉਂਕਿ ਉਨ੍ਹਾਂ ਦੀ ਦਿਸ਼ਾ ਨਿਰਦੇਸ਼ ਹੇਠ ਹੀ ਧੀਆਂ-ਪੁੱਤਰਾਂ ਨੇ ਜਵਾਨ ਹੋਣਾ ਹੈ ਤੇ ਫਿਰ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨਾ ਹੈ।
ਸਾਨੂੰ ਧੀਆਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਅਜੇ ਹੋਰ ਬਦਲਣ ਦੀ ਲੋੜ ਹੈ। ਧੀ ਕਈ ਰਿਸ਼ਤਿਆਂ ਦੀ ਸਿਰਜਣਹਾਰ ਹੈ ਪਰ ਅਜੇ ਵੀ ਧੀਆਂ ਲਈ ਸਮਾਜ ਨੇ ਬਾਹਵਾਂ ਖੋਲ੍ਹ ਕੇ ਸਵਾਗਤ ਕਰਨ ਦੀ ਜਾਚ ਨਹੀਂ ਸਿੱਖੀ। ਅਜੇ ਵੀ ਧੀਆਂ ਨੂੰ ਸਮਾਜ ਅੰਦਰਲੀਆਂ ਕਈ ਬੁਰਾਈਆਂ ਦੀ ਭੇਟ ਚੜ੍ਹਨਾ ਪੈਂਦਾ ਹੈ। ਭਰੂਣਹੱਤਿਆ, ਦਾਜ ਪ੍ਰਥਾ, ਬਾਂਝ ਹੋਣ ਦਾ ਦਾਅਨਾ, ਜਬਰ-ਜਨਾਹ, ਛੇੜਖਾਨੀਆਂ ਤੇ ਹੋਰ ਕਈ ਤਰ੍ਹਾਂ ਦੇ ਸ਼ੋਸ਼ਣ ਤੇ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਹਿਣਸ਼ੀਲਤਾ, ਸੰਜਮ ਤੇ ਸਲੀਕੇ ਦੀ ਮੰਗ ਧੀਆਂ ਤੋਂ ਕਰਦਿਆਂ ਅਸੀਂ ਭੁੱਲ ਜਾਂਦੇ ਹਾਂ ਕਿ ਉਨ੍ਹਾਂ ਦੇ ਜਜ਼ਬਿਆਂ ਦੀ ਕਦਰ ਕਰਨਾ ਵੀ ਸਾਡਾ ਫਰਜ਼ ਹੈ।
ਏਨੀਆਂ ਸਥਿਤੀਆਂ ਧੀਆਂ/ਔਰਤਾਂ ਦੇ ਵਿਰੋਧ ਵਿਚ ਹੋਣ ਦੇ ਬਾਵਜੂਦ ਧੀਆਂ ਸਮਾਜ ਦਾ ਬੁਰਾ ਨਹੀਂ ਮੰਗਦੀਆਂ। ਉਹ ਤਾਂ ਮੰਗਦੀਆਂ ਹਨ ਬਸ ਆਪਣੇ ਲਈ ਅਜਿਹਾ ਸੁਰੱਖਿਅਤ ਸਮਾਜ ਜਿਥੇ ਉਨ੍ਹਾਂ ਦੇ ਸੁਪਨਿਆਂ ਨੂੰ ਬੂਰ ਪੈ ਸਕੇ, ਜਿਥੇ ਉਹ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਣ, ਕਿਸੇ ਮੈਲੀ ਨਜ਼ਰ ਦਾ ਅਤੇ ਕਿਸੇ ਦੀ ਹਵਸ ਦਾ ਸ਼ਿਕਾਰ ਨਾ ਬਣ ਸਕਣ।
ਆਓ, ਅਸੀਂ ਸਭ ਆਪਣੇ ਆਲੇ-ਦੁਆਲੇ ਅਜਿਹੇ ਸਮਾਜ ਦੀ ਉਸਾਰੀ ਕਰੀਏ, ਔਰਤਾਂ ਦੀ ਇੱਜ਼ਤ ਤੇ ਸਤਿਕਾਰ ਲਈ ਯਤਨ ਕਰੀਏ।
ਨਾਰੀ ਸਿੱਖਿਆ, ਨਾਰੀ ਆਜ਼ਾਦੀ ਤੇ ਨਾਰੀ ਸਸ਼ਕਤੀਕਰਨ ਦਾ ਨਾਅਰਾ ਦੇਣ ਲਈ ਸਾਨੂੰ ਪਹਿਲਾਂ ਆਪਣੇ-ਆਪਣੇ ਪਰਿਵਾਰਕ ਪੱਧਰ 'ਤੇ ਨਾਰੀ ਨੂੰ ਬਣਦਾ ਸਥਾਨ ਦੇਣਾ ਪਵੇਗਾ, ਤਾਂ ਹੀ ਪੂਰੀ ਤਰ੍ਹਾਂ ਅਸੀਂ ਨਾਰੀ ਆਜ਼ਾਦੀ ਦੇ ਹੱਕਦਾਰ ਹੋਵਾਂਗੇ। ਕਿਸੇ ਕਵੀ ਨੇ ਠੀਕ ਕਿਹਾ ਹੈ-
ਧੀਆਂ ਦੇ ਨੇ ਉੱਜਲ ਮੁਖੜੇ
ਇਹ ਵੀ ਨੇ ਜਾਨ ਦੇ ਟੁਕੜੇ।
ਹਰ ਧੀ ਦਾ ਆਉਣਾ ਸਤਿਕਾਰੋ
ਐਵੇਂ ਨਾ ਧੀਆਂ ਨੂੰ ਮਾਰੋ।
ਧੀਆਂ ਹੁੰਦੀਆਂ ਘਰ ਦੀਆਂ ਸ਼ਾਨਾਂ
ਬੇਸ਼ੱਕ ਹੁੰਦੀਆਂ ਧਨ ਬੇਗਾਨਾ।


-ਐੱਚ. ਐੱਮ. ਵੀ., ਜਲੰਧਰ।

ਸਰਦ ਰੁੱਤ ਵਿਚ ਚਮੜੀ ਦੀ ਦੇਖਭਾਲ

ਸਰਦ ਮੌਸਮ ਦੇ ਸ਼ੁਰੂਆਤੀ ਦਿਨਾਂ ਵਿਚ ਚਮੜੀ ਨੂੰ ਕ੍ਰੀਮ, ਮਾਇਸਚਰਾਈਜਰ, ਫਲਾਂ, ਪੀਣ ਵਾਲੇ ਪਦਾਰਥਾਂ ਅਤੇ ਉਚਿਤ ਪੋਸ਼ਾਹਾਰ ਦੇ ਰਾਹੀਂ ਨਮੀ ਅਤੇ ਨਰਮਾਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਸਰਦੀਆਂ ਦੇ ਮਹੀਨੇ ਦੇ ਆਰੰਭ ਵਿਚ ਮੌਸਮ ਵਿਚ ਨਰਮਾਈ ਵਿਚ ਕਮੀ ਕਾਰਨ ਚਮੜੀ ਵਿਚ ਖਿਚਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੀ ਵਾਤਾਵਰਨ ਵਿਚ ਨਮੀ ਘੱਟ ਹੋਣੀ ਸ਼ੁਰੂ ਹੁੰਦੀ ਹੈ, ਨਾਲ ਹੀ ਖੁਸ਼ਕ ਅਤੇ ਫੋੜੇ-ਫਿੰਨਸੀਆਂ ਤੋਂ ਗ੍ਰਸਤ ਚਮੜੀ ਲਈ ਪ੍ਰੇਸ਼ਾਨੀਆਂ ਦਾ ਸਬੱਬ ਸ਼ੁਰੂ ਹੋ ਜਾਂਦਾ ਹੈ।
ਜੇਕਰ ਤੁਸੀਂ ਆਪਣੀ ਰਸੋਈ ਅਤੇ ਕਿਚਨ ਗਾਰਡਨ ਵਿਚ ਕੁਝ ਪਦਾਰਥਾਂ ਦੀ ਸਹੀ ਵਰਤੋਂ ਕਰੋ ਤਾਂ ਚਮੜੀ ਨਾਲ ਸਬੰਧਤ ਸਾਰੀਆਂ ਪ੍ਰੇਸ਼ਾਨੀਆਂ ਦਾ ਕੁਦਰਤੀ ਤਰੀਕੇ ਨਾਲ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਸਰਦੀਆਂ ਵਿਚ ਆਮ ਅਤੇ ਖੁਸ਼ਕ ਚਮੜੀ ਨੂੰ ਸਵੇਰੇ ਅਤੇ ਰਾਤ ਨੂੰ ਕਲੀਜ਼ਿੰਗ ਕ੍ਰੀਮ ਅਤੇ ਜੈੱਲ ਨਾਲ ਤਾਜ਼ੇ ਆਮ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਮੌਸਮ ਵਿਚ ਚਮੜੀ ਦੀ ਆਰਦਰਤਾ ਵਾਤਾਵਰਨ ਵਿਚ ਮਿਲ ਜਾਂਦੀ ਹੈ ਅਤੇ ਚਮੜੀ ਨੂੰ ਖੋਈ ਹੋਈ ਆਰਦਰਤਾ ਨੂੰ ਪ੍ਰਦਾਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ।
ਸਰਦੀਆਂ ਦੇ ਮੌਸਮ ਵਿਚ ਦਿਨ ਦੇ ਸਮੇਂ ਚਮੜੀ ਨੂੰ ਧੁੱਪ ਦੀਆਂ ਕਿਰਨਾਂ ਤੋਂ ਬਚਾਉਣ ਲਈ ਸਨਸਕਰੀਨ ਦੀ ਵਰਤੋਂ ਕਰੋ। ਜਦੋਂ ਵੀ ਚਮੜੀ ਵਿਚ ਰੁੱਖਾਪਨ ਵਧਣਾ ਸ਼ੁਰੂ ਹੁੰਦਾ ਹੈ, ਤਾਂ ਚਮੜੀ 'ਤੇ ਤਰਲ ਮਾਇਸਚਰਾਈਜਰ ਦੀ ਵਰਤੋਂ ਕਰੋ। ਰਾਤ ਨੂੰ ਚਮੜੀ ਨੂੰ ਨਾਈਟਕ੍ਰੀਮ ਨਾਲ ਪੋਸ਼ਿਤ ਕਰਨਾ ਚਾਹੀਦਾ ਹੈ। ਚਮੜੀ 'ਤੇ ਨਾਈਟਕ੍ਰੀਮ ਲਗਾਉਣ ਨਾਲ ਚਮੜੀ ਚਿਕਣੀ ਅਤੇ ਮੁਲਾਇਮ ਹੋ ਜਾਂਦੀ ਹੈ। ਅੱਖਾਂ ਦੀ ਬਾਹਰੀ ਚਮੜੀ ਦੇ ਆਲੇ-ਦੁਆਲੇ ਕ੍ਰੀਮ ਲਗਾ ਕੇ 10 ਮਿੰਟ ਬਾਅਦ ਉਸ ਨੂੰ ਗਿੱਲੇ ਰੂੰ ਦੇ ਫਹੇ ਨਾਲ ਧੋ ਦੇਣਾ ਚਾਹੀਦਾ ਹੈ।
ਤੇਲੀ ਚਮੜੀ ਦੇ ਬਾਹਰੀ ਰੁੱਖੇਪਨ ਨਾਲ ਨਿਪਟਣ ਲਈ ਚਿਹਰੇ 'ਤੇ ਹਰ ਰੋਜ਼ 10 ਮਿੰਟ ਤੱਕ ਸ਼ਹਿਦ ਲਗਾ ਕੇ ਇਸ ਨੂੰ ਸਾਫ਼, ਤਾਜ਼ੇ ਪਾਣੀ ਨਾਲ ਧੋ ਦਿਓ।
ਘਰੇਲੂ ਉਪਾਅ : ਆਮ ਚਮੜੀ ਨੂੰ ਮੁਲਾਇਮ ਅਤੇ ਕੋਮਲ ਬਣਾਉਣ ਲਈ ਹਰ ਰੋਜ਼ 10 ਮਿੰਟ ਚਿਹਰੇ 'ਤੇ ਸ਼ਹਿਦ ਲਗਾ ਕੇ ਇਸ ਨੂੰ ਸਾਫ਼ ਅਤੇ ਤਾਜ਼ੇ ਪਾਣੀ ਨਾਲ ਧੋ ਦਿਓ। ਖੁਸ਼ਕ ਚਮੜੀ ਲਈ ਸ਼ਹਿਦ ਵਿਚ ਆਂਡੇ ਦਾ ਪੀਲਾ ਭਾਗ ਜਾਂ ਇਕ ਚਮਚ ਸ਼ੁੱਧ ਨਾਰੀਅਲ ਤੇਲ ਪਾ ਕੇ ਚਮੜੀ ਨੂੰ ਮਾਲਿਸ਼ ਕਰੋ। ਤੇਲੀ ਚਮੜੀ ਲਈ ਸ਼ਹਿਦ ਵਿਚ ਆਂਡੇ ਦਾ ਸਫੈਦ ਹਿੱਸਾ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਚਮੜੀ ਦੀ ਮਾਲਿਸ਼ ਕਰੋ। ਸੇਬ ਦੇ ਛਿਲਕੇ ਅਤੇ ਗੂਦਾ ਭਾਗ ਨੂੰ ਮਿਕਸੀ ਵਿਚ ਪੂਰੀ ਤਰ੍ਹਾਂ ਪੀਸ ਕੇ ਲੇਪ ਬਣਾ ਲਓ। ਇਸ ਨੂੰ 15 ਮਿੰਟ ਤੱਕ ਚਿਹਰੇ 'ਤੇ ਫੇਸ ਮਾਸਕ ਦੀ ਤਰ੍ਹਾਂ ਲਗਾਓ ਅਤੇ ਇਸ ਤੋਂ ਬਾਅਦ ਤਾਜ਼ੇ-ਠੰਢੇ ਪਾਣੀ ਨਾਲ ਧੋ ਦਿਓ। ਇਹ ਸਾਰੇ ਤਰ੍ਹਾਂ ਦੀ ਚਮੜੀ ਲਈ ਬਹੁਤ ਜ਼ਿਆਦਾ ਪ੍ਰਭਾਵੀ ਸਕਿਨ ਟੋਨਰ ਸਾਬਤ ਹੁੰਦਾ ਹੈ। ਹਰ ਰੋਜ਼ ਚਿਹਰੇ 'ਤੇ ਐਲੋਵੇਰਾ ਜ਼ੈੱਲ ਲਗਾ ਕੇ ਚਿਹਰੇ ਨੂੰ 20 ਮਿੰਟ ਬਾਅਦ ਤਾਜ਼ੇ, ਸਾਫ਼ ਪਾਣੀ ਨਾਲ ਧੋ ਦਿਓ।
ਐਲੋਵੇਰਾ ਜ਼ੈੱਲ ਪੱਤਿਆਂ ਦੇ ਬਾਹਰੀ ਭਾਗ ਦੇ ਬਿਲਕੁਲ ਹੇਠਾਂ ਮੌਜੂਦ ਰਹਿੰਦਾ ਹੈ। ਜੇ ਤੁਸੀਂ ਇਸ ਨੂੰ ਆਪਣੇ ਵਿਹੜੇ ਵਿਚੋਂ ਪੁੱਟ ਕੇ ਸਿੱਧਾ ਵਰਤੋਂ ਵਿਚ ਲਿਆ ਰਹੇ ਹੋ ਤਾਂ ਪੌਦੇ ਨੂੰ ਸਾਫ਼ ਕਰਨਾ ਕਦੇ ਨਾ ਭੁੱਲੋ।
ਅੱਧਾ ਚਮਚ ਸ਼ਹਿਦ, ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਸੁੱਕਾ ਦੁੱਧ ਪਾਊਡਰ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਇਸ ਨੂੰ ਤਾਜ਼ੇ-ਸਾਫ਼ ਪਾਣੀ ਨਾਲ ਧੋ ਦਿਓ।

ਰਲੇ-ਮਿਲੇ ਆਟੇ ਦੇ ਲੱਡੂ

ਸਮੱਗਰੀ : ਰਲਿਆ-ਮਿਲਿਆ ਆਟਾ (ਕਣਕ, ਬੇਸਣ, ਸੋਇਆਬੀਨ) 1 ਕਿਲੋ, ਖੰਡ 750 ਗ੍ਰਾਮ, ਘਿਓ ਭੁੰਨਣ ਲਈ, ਇਲਾਇਚੀ ਪਾਊਡਰ 1/2 ਛੋਟਾ ਚਮਚ, ਸੁੱਕੇ ਮੇਵੇ 4 ਚਮਚ।
ਤਰੀਕਾ : ਇਕ ਪੈਨ ਵਿਚ ਦੇਸੀ ਘਿਓ ਲਓ। ਇਸ ਨੂੰ ਗਰਮ ਕਰ ਲਓ ਅਤੇ ਇਸ ਵਿਚ ਆਟਾ ਪਾ ਦਿਓ ਅਤੇ ਮੱਠੀ ਅੱਗ 'ਤੇ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਸ ਵਿਚ ਇਲਾਇਚੀ ਪਾਊਡਰ, ਪੀਸੀ ਖੰਡ, ਸੁੱਕੇ ਮੇਵੇ ਪਾ ਕੇ ਹਵਾ ਦਿਓ। ਹੁਣ ਇਸ ਦੇ ਲੱਡੂ ਵੱਟ ਲਓ। ਜੇਕਰ ਲੋੜ ਹੋਵੇ ਤਾਂ ਘਿਓ ਹੋਰ ਪਾ ਲਓ।
ਪਾਲਕ ਬਰਫੀ
ਸਮੱਗਰੀ : ਦੁੱਧ 1 ਲਿਟਰ, ਪਾਲਕ 250 ਗ੍ਰਾਮ, ਨਾਰੀਅਲ ਦਾ ਬੁਰਦਾ 650 ਗ੍ਰਾਮ, ਖੰਡ 250 ਗ੍ਰਾਮ, ਸੁੱਕੇ ਮੇਵੇ ਸਜਾਉਣ ਲਈ।
ਤਰੀਕਾ : ਪਾਲਕ ਨੂੰ ਧੋ ਕੇ ਬਰੀਕ-ਬਰੀਕ ਕੱਟ ਲਓ। ਦੁੱਧ ਨੂੰ ਉਬਾਲ ਕੇ ਉਸ ਵਿਚ ਪਾਲਕ ਪਾ ਦਿਓ। ਦੁੱਧ ਨੂੰ ਗਾੜ੍ਹਾ ਹੋਣ ਤੱਕ ਪਕਾਓ। ਹੁਣ ਇਸ ਵਿਚ ਖੰਡ ਪਾ ਦਿਓ, ਇਸ ਵਿਚ ਨਾਰੀਅਲ ਦਾ ਬੁਰਾਦਾ ਪਾ ਕੇ। ਇਕ ਥਾਲੀ ਵਿਚ ਘਿਓ ਲਾ ਕੇ ਤਿਆਰ ਮਿਸ਼ਰਣ ਨੂੰ ਇਸ ਉੱਪਰ ਪਾ ਦਿਓ ਅਤੇ ਸੁੱਕੇ ਮੇਵੇ ਤਿਆਰ ਬਰਫੀ ਉੱਪਰ ਲਾ ਦਿਓ।


-ਰਜਿੰਦਰ ਕੌਰ ਸਿੱਧੂ,
ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕੇ. ਵੀ. ਕੇ., ਮਾਨਸਾ।

ਕੀ ਤੁਸੀਂ ਫ਼ੈਸਲਾ ਪ੍ਰਭਾਵਿਤ ਕਰਨ ਵਾਲੇ ਹੋ?

ਕਹਿਣਾ ਸੌਖਾ ਹੈ ਪਰ ਸਾਡੇ ਵਿਚੋਂ ਜ਼ਿਆਦਾਤਰ ਲੋਕ ਫ਼ੈਸਲਾ ਲੈਣ ਤੋਂ ਕਤਰਾਉਂਦੇ ਹਨ। ਵਿਆਹ-ਸ਼ਾਦੀ ਅਤੇ ਕੈਰੀਅਰ ਵਰਗੀਆਂ ਵੱਡੀਆਂ ਗੱਲਾਂ ਨੂੰ ਛੱਡ ਦੇਈਏ, ਰੋਜ਼ਮਰ੍ਹਾ ਦੇ ਛੋਟੇ-ਛੋਟੇ ਫ਼ੈਸਲੇ ਲੈਣ ਦਾ ਵੀ ਸਾਡੇ ਵਿਚ ਜੇ ਆਤਮਵਿਸ਼ਵਾਸ ਹੋਵੇ ਤਾਂ ਜ਼ਿੰਦਗੀ ਦਾ ਮਜ਼ਾ ਹੀ ਅਲੱਗ ਹੋ ਜਾਂਦਾ ਹੈ। ਆਓ, ਦੇਖਦੇ ਹਾਂ ਤੁਹਾਡੇ ਵਿਚ ਇਹ ਅਨੰਦ ਉਠਾਉਣ ਦੀ ਹਿੰਮਤ ਕਿੰਨੀ ਹੈ?
1. ਪਤੀਦੇਵ ਦੇ ਨਾਲ ਜਦੋਂ ਖਾਣੇ ਲਈ ਰੈਸਟੋਰੈਂਟ ਜਾਂਦੇ ਹੋ ਤਾਂ ਬੈਰ੍ਹੇ ਨੂੰ ਖਾਣੇ ਦਾ ਹੁਕਮ-(ਕ) ਪਤੀਦੇਵ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਬਾਹਰ ਦਾ ਜ਼ਿਆਦਾ ਪਤਾ ਹੁੰਦਾ ਹੈ। (ਖ) ਤੁਸੀਂ ਕਰਦੇ ਹੋ, ਕਿਉਂਕਿ ਤੁਹਾਨੂੰ ਆਪਣੀ ਦੇ ਨਾਲ ਉਨ੍ਹਾਂ ਦੀ ਪਸੰਦ ਬਾਰੇ ਵੀ ਪਤਾ ਹੁੰਦਾ ਹੈ। (ਗ) ਘਰੋਂ ਹੀ ਤੈਅ ਕਰਕੇ ਜਾਂਦੇ ਹੋ ਕਿ ਕੀ ਖਾਣਾ ਹੈ।
2. ਘਰ ਤੋਂ ਬਾਹਰ ਦੁਪਹਿਰ ਜਾਂ ਰਾਤ ਦੇ ਖਾਣੇ ਦਾ ਪ੍ਰੋਗਰਾਮ-(ਕ) ਪਤੀਦੇਵ ਹੀ ਤੈਅ ਕਰਦੇ ਹਨ, ਜਦੋਂ ਉਨ੍ਹਾਂ ਦੇ ਕੋਲ ਸਮਾਂ ਹੋਵੇ। (ਖ) ਤੁਹਾਡੀ ਜ਼ਿੱਦ ਨਾਲ ਤੈਅ ਹੁੰਦਾ ਹੈ। (ਗ) ਪਹਿਲਾਂ ਤੋਂ ਹੀ ਨਿਸਚਿਤ ਹੈ।
3. ਖਰੀਦਦਾਰੀ ਲਈ ਉਦੋਂ ਜਾਂਦੇ ਹੋ-
(ਕ) ਜਦੋਂ ਕਈ ਸਹੇਲੀਆਂ ਜਾ ਰਹੀਆਂ ਹੋਣ। (ਖ) ਜਦੋਂ ਸੱਚਮੁੱਚ ਇਸ ਦੀ ਲੋੜ ਹੋਵੇ। (ਗ) ਜਦੋਂ ਉਹ ਪੈਸੇ ਦਿੰਦੇ ਹਨ।
4. ਤੁਹਾਡਾ ਵਿਆਹ ਹੈ?
(ਕ) ਲਵ ਮੈਰਿਜ। (ਖ) ਮੰਮੀ-ਪਾਪਾ ਦੀ ਪਸੰਦ। (ਗ) ਰਿਸ਼ਤੇਦਾਰਾਂ ਦੀ ਪਸੰਦ।
5. ਤੁਸੀਂ ਨੌਕਰੀ ਕਰਨੀ ਹੈ, ਇਹ ਫ਼ੈਸਲਾ ਸੀ-(ਕ) ਮੰਮੀ-ਪਾਪਾ ਦਾ, ਤਾਂ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕੋ। (ਖ) ਤੁਹਾਡਾ, ਤਾਂ ਕਿ ਆਰਥਿਕ ਆਜ਼ਾਦੀ ਮਹਿਸੂਸ ਕਰ ਸਕੋ। (ਗ) ਸਹੇਲੀ ਦੇ ਕਹਿਣ 'ਤੇ।
ਨਤੀਜੇ : * ਜੇ ਤੁਹਾਡੇ ਹਾਸਲ ਅੰਕ 10 ਤੋਂ ਘੱਟ ਹਨ ਤਾਂ ਮੁਆਫ਼ ਕਰਨਾ, ਤੁਸੀਂ ਫ਼ੈਸਲੇ ਲੈਣ ਵਾਲੇ ਨਹੀਂ ਹੋ, ਭਾਵੇਂ ਕਦੇ-ਕਦੇ ਆਪਣੀ ਰਾਏ ਜ਼ਰੂਰ ਰੱਖਦੇ ਹੋ।
* ਜੇਕਰ ਤੁਹਾਡੇ ਹਾਸਲ ਅੰਕ 10 ਤੋਂ 15 ਦੇ ਵਿਚ ਹਨ ਤਾਂ ਤੁਹਾਡੇ ਵਿਚ ਆਤਮਵਿਸ਼ਵਾਸ ਹੈ, ਫ਼ੈਸਲਾ ਲੈਣ ਦੀ ਸਮਰੱਥਾ ਵੀ ਹੈ ਪਰ ਥੋੜ੍ਹੀ ਹਿਚਕਿਚਾਹਟ ਹੈ, ਜੋ ਵਕਤ ਦੇ ਨਾਲ ਆਪਣੇ-ਆਪ ਚਲੀ ਜਾਵੇਗੀ।
* ਜੇ ਤੁਹਾਡੇ ਹਾਸਲ ਅੰਕ 20 ਤੋਂ 25 ਹਨ ਤਾਂ ਤੁਸੀਂ ਬਿਨਾਂ ਸ਼ੱਕ ਸ਼ਾਨਦਾਰ ਫ਼ੈਸਲੇ ਲੈਂਦੇ ਹੋ।


-ਪਿੰਕੀ ਅਰੋੜਾ

ਕੀ ਵਾਕਿਆ ਹੀ ਸੁੱਖ-ਦੁੱਖ ਦੇ ਸਾਥੀ ਹੋ ਤੁਸੀਂ?

1. ਤੁਹਾਡੇ ਪਤੀ ਹਰ ਸਾਲ ਵਰ੍ਹੇਗੰਢ 'ਤੇ ਤੁਹਾਨੂੰ ਮਹਿੰਗਾ ਗਲੇ ਦਾ ਹਾਰ ਦਿੰਦੇ ਹਨ। ਪਰ ਇਸ ਵਾਰ ਨਹੀਂ ਦੇ ਸਕੇ। ਅਜਿਹੇ ਵਿਚ ਤੁਸੀਂ-
(ਕ) ਉਨ੍ਹਾਂ ਨਾਲ ਨਾਰਾਜ਼ ਹੋ ਜਾਂਦੇ ਹੋ। (ਖ) ਵਰ੍ਹੇਗੰਢ ਦੇ ਦਿਨ ਕੁਝ ਨਹੀਂ ਕਹਿੰਦੇ। (ਗ) ਇਸ ਗੱਲ 'ਤੇ ਗੌਰ ਹੀ ਨਹੀਂ ਕਰਦੇ।
2. ਤੁਹਾਡਾ ਜਨਮ ਦਿਨ ਹੈ ਅਤੇ ਪਤੀ ਨੇ ਮਹੱਤਵਪੂਰਨ ਮੀਟਿੰਗ ਵਿਚ ਜਾਣਾ ਹੈ। ਅਜਿਹੇ ਵਿਚ ਤੁਸੀਂ-(ਕ) ਪਤੀ ਨੂੰ ਜਾਣ ਨੂੰ ਕਹੋਗੇ। (ਖ) ਪਤੀ ਨੂੰ ਜਾਣ ਤੋਂ ਰੋਕੋਗੇ। (ਗ) ਪਤੀ ਨੂੰ ਕਹੋਗੇ ਚਲੇ ਜਾਓ ਪਰ ਛੇਤੀ ਆਉਣਾ।
3. ਤੁਹਾਡੇ ਪਤੀ ਦਾ ਅਚਾਨਕ ਵਪਾਰ ਠੱਪ ਹੋ ਗਿਆ ਹੈ। ਇਸ ਦੇ ਲਈ ਤੁਸੀਂ ਆਏ ਦਿਨ-(ਕ) ਪਤੀ ਨੂੰ ਤਾਅਨਾ ਦਿਓਗੇ ਕਿ ਇਹ ਸਭ ਉਨ੍ਹਾਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ। (ਖ) ਇਸ ਔਖੇ ਸਮੇਂ ਸਹਾਰਾ ਬਣ ਕੇ ਨਾਲ ਖੜ੍ਹੇ ਹੋ ਜਾਓਗੇ। (ਗ) ਆਪਣੀ ਨਾਖੁਸ਼ੀ ਦਰਸਾਉਣ ਲਈ ਪਤੀ ਨਾਲ ਬੋਲਣਾ ਬੰਦ ਕਰ ਦਿਓਗੇ।
4. ਕਿਸੇ ਦਿਨ ਅਚਾਨਕ ਤੁਹਾਡੇ ਪਤੀ ਦੇ ਨਾਲ ਉਨ੍ਹਾਂ ਦੇ ਕਈ ਦੋਸਤ ਵੀ ਘਰ ਖਾਣ ਲਈ ਆ ਜਾਂਦੇ ਹਨ। ਇਸ 'ਤੇ ਤੁਸੀਂ-(ਕ) ਗਰਮਜੋਸ਼ੀ ਨਾਲ ਸਭ ਦਾ ਸਵਾਗਤ ਕਰਦੇ ਹੋ। (ਖ) ਪਤੀ ਨੂੰ ਸਾਰਿਆਂ ਨੂੰ ਹੋਟਲ ਲਿਜਾਣ ਲਈ ਕਹਿੰਦੇ ਹੋ। (ਗ) ਉਸ ਸਮੇਂ ਤਾਂ ਉਨ੍ਹਾਂ ਸਾਰਿਆਂ ਦੀ ਸੇਵਾ ਕਰਦੇ ਹੋ ਪਰ ਭਵਿੱਖ ਵਿਚ ਅਜਿਹਾ ਨਾ ਹੋਵੇ, ਇਸ ਵਾਸਤੇ ਪਤੀਦੇਵ ਨੂੰ ਚਿਤਾਵਨੀ ਦੇ ਦਿੰਦੇ ਹੋ।
5. ਤੁਹਾਡੀ ਸਹੇਲੀ ਦੇ ਪਤੀ ਨੇ ਉਸ ਨੂੰ ਵਿਦੇਸ਼ੀ ਟ੍ਰਿਪ 'ਤੇ ਲਿਜਾਣ ਦਾ ਵਾਅਦਾ ਕੀਤਾ ਹੈ। ਇਸ 'ਤੇ ਤੁਸੀਂ-(ਕ) ਆਪਣੇ ਪਤੀਦੇਵ ਨੂੰ ਮਜਬੂਰ ਕਰਦੇ ਹੋ ਕਿ ਉਹ ਵੀ ਤੁਹਾਨੂੰ ਵਿਦੇਸ਼ ਲੈ ਜਾਵੇ। (ਖ) ਸਹੇਲੀ ਦੀ ਇਸ ਗੱਲ ਦਾ ਘਰ ਵਿਚ ਜ਼ਿਕਰ ਤੱਕ ਨਹੀਂ ਕਰਦੇ। (ਗ) ਪਤੀ ਨੂੰ ਤਾਂ ਕੁਝ ਨਹੀਂ ਕਹਿੰਦੇ ਪਰ ਮਨ ਹੀ ਮਨ ਸੋਚਦੇ ਹੋ ਕਿ ਕਾਸ਼ ਮੈਨੂੰ ਵੀ ਕਦੇ ਅਜਿਹਾ ਹੀ ਸਰਪ੍ਰਾਈਜ਼ ਮਿਲੇ...।
ਨਤੀਜਾ : (ਕ) ਜੇ ਤੁਹਾਡੇ ਪ੍ਰਾਪਤ ਅੰਕ 0 ਤੋਂ 9 ਦੇ ਵਿਚਕਾਰ ਹਨ ਤਾਂ ਤੁਸੀਂ ਖੁਦ ਹੀ ਸਮਝ ਜਾਓ ਕਿ ਤੁਸੀਂ ਕਿਹੋ ਜਿਹੀ ਪਤਨੀ ਹੋ? ਆਪਣੇ-ਆਪ ਨੂੰ ਸੁਧਾਰੋ, ਤਾਂ ਕਿ ਸੱਚੀ ਜੀਵਨ ਸਾਥਣ ਬਣ ਸਕੋ।
(ਖ) ਜੇਕਰ ਤੁਹਾਡੇ ਅੰਕ 10 ਤੋਂ 19 ਦੇ ਵਿਚ ਹਨ ਤਾਂ ਤੁਸੀਂ ਸਮਝਦਾਰ ਅਤੇ ਮੌਕੇ ਦੀ ਸੰਵੇਦਨਸ਼ੀਲਤਾ ਸਮਝਦੇ ਹੋ।
(ਗ) ਜੇਕਰ ਤੁਹਾਡੇ ਪ੍ਰਾਪਤ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਹਾਡੇ ਬਾਰੇ ਵਿਚ ਕੁਝ ਵੀ ਕਹਿਣ ਦੀ ਲੋੜ ਨਹੀਂ, ਤੁਸੀਂ ਇਕ ਬਿਹਤਰੀਨ ਲਾਈਫ ਪਾਰਟਨਰ ਹੋ ਭਾਵ ਸੁੱਖ-ਦੁੱਖ ਵਿਚ ਸੱਚੀ ਸਾਥਣ।


-ਪ. ਅਰੋੜਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX