ਤਾਜਾ ਖ਼ਬਰਾਂ


ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  0 minutes ago
ਨਵੀਂ ਦਿੱਲੀ, 21 ਅਪ੍ਰੈਲ - ਹਾਲ ਹੀ ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸ਼ਤਰੂਘਣ ਸਿਨਹਾ ਨੇ ਪਿਛਲੇ ਸਾਲ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਸਨਿੱਚਰਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਸਾਧਿਆ। ਸਿਨਹਾ ਨੇ ਸਵਾਲ ਕੀਤਾ ਕਿ ਕ੍ਰਿਪਾ ਕਰਕੇ...
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  33 minutes ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  42 minutes ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਿੰਨੀ ਇਤਿਹਾਸਕ ਤੇ ਕਿੰਨੀ ਮਿਥਿਹਾਸਕ ਹੈ ਰਾਣੀ ਪਦਮਿਨੀ ਦੀ ਕਹਾਣੀ

ਮਸ਼ਹੂਰ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਆ ਰਹੀ ਨਵੀਂ ਫ਼ਿਲਮ 'ਪਦਮਾਵਤੀ' ਬਾਰੇ ਮੌਜੂਦਾ ਵਿਵਾਦ ਦੇ ਬਹੁਤ ਸਾਰੇ ਪੱਖ ਹਨ¢ ਰਾਜਪੂਤਾਂ ਦੀ ਇਕ ਜਥੇਬੰਦੀ 'ਕਰਣੀ ਸੈਨਾ' ਵਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ¢ ਭਾਵੇਂ ਕਿ ਅਜੇ ਤੱਕ ਕਿਸੇ ਨੇ ਵੀ ਉਹ ਫ਼ਿਲਮ ਨਹੀਂ ਵੇਖੀ ਪਰ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਿਲਮਸਾਜ਼ ਦੀਆਂ ਕੁਝ ਗੱਲਾਂ ਤੋਂ ਸ਼ੱਕ ਹੋਇਆ ਹੈ ਕਿ ਜ਼ਰੂਰ ਹੀ ਇਸ ਵਿਚ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ¢ ਚਿਤੌੜ ਦੀ ਰਾਣੀ ਪਦਮਿਨੀ (ਪਦਮਾਵਤੀ) ਜਿਸ ਨੇ ਦਿੱਲੀ ਸਲਤਨਤ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਦੀ ਗ਼ੁਲਾਮ ਬਣਨ ਦੀ ਥਾਂ ਮੌਤ ਨੂੰ ਗਲੇ ਲਗਾ ਲਿਆ ਸੀ, ਦਾ ਕਿਰਦਾਰ ਇਸ ਫ਼ਿਲਮ ਵਿਚ ਦੀਪਿਕਾ ਪਾਦੂਕੋਨ ਵਲੋਂ ਨਿਭਾਇਆ ਗਿਆ ਹੈ¢ ਫ਼ਿਲਮ ਵਿਚ ਰਾਣੀ ਪਦਮਿਨੀ ਨੂੰ ਘੂਮਰ ਡਾਂਸ ਕਰਦੇ ਵੀ ਵਿਖਾਇਆ ਗਿਆ ਹੈ ਅਤੇ ਡਾਂਸ ਦੌਰਾਨ ਪਹਿਨੀ ਗਈ ਪੁਸ਼ਾਕ ਬਾਰੇ ਵੀ ਵਿਰੋਧੀਆਂ ਦੇ ਇਤਰਾਜ਼ ਹਨ¢ ਉਨ੍ਹਾਂ ਨੂੰ ਇਹ ਵੀ ਸ਼ੱਕ ਹੈ ਕਿ ਅਲਾਉਦੀਨ ਅਤੇ ਪਦਮਿਨੀ ਵਿਚਕਾਰ ਕੋਈ ਸੁਪਨੇ ਦਾ ਦਿ੍ਸ਼ ਵੀ ਫ਼ਿਲਮਾਇਆ ਹੋ ਸਕਦਾ ਹੈ, ਕਿਉਂਕਿ ਅਕਸਰ ਫ਼ਿਲਮਸਾਜ਼ ਇਹ ਤਕਨੀਕ ਵਰਤ ਲੈਂਦੇ ਹਨ¢ ਪਰ ਨਿਰਦੇਸ਼ਕ ਦਾ ਕਹਿਣਾ ਹੈ ਕਿ ਫ਼ਿਲਮ ਵਿਚ ਰਾਜਪੂਤ ਆਨ ਅਤੇ ਸ਼ਾਨ ਨੂੰ ਪੂਰੇ ਜਾਹੋ-ਜਲਾਲ ਨਾਲ ਵਿਖਾਇਆ ਗਿਆ ਹੈ ਅਤੇ ਫ਼ਿਲਮ ਵੇਖਣ ਤੋਂ ਬਿਨਾਂ ਹੀ ਸ਼ੱਕ ਦੇ ਆਧਾਰ ਉੱਤੇ ਵਿਰੋਧ ਕਰਨਾ ਬਿਲਕੁਲ ਗ਼ੈਰ-ਜਮਹੂਰੀ ਤਰੀਕਾ ਹੈ¢
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਰਾਣੀ ਪਦਮਿਨੀ ਕੋਈ ਇਤਿਹਾਸਕ ਪਾਤਰ ਹੈ ਜਾਂ ਨਹੀਂ, ਇਸ ਬਾਰੇ ਵੀ ਵੱਖ-ਵੱਖ ਇਤਿਹਾਸਕਾਰ ਇਕਮਤ ਨਹੀਂ ਹਨ ਤੇ ਉਨ੍ਹਾਂ ਦੇ ਆਪੋ-ਆਪਣੇ ਵਿਚਾਰ ਹਨ¢ ਇਤਿਹਾਸ ਮੁਤਾਬਕ ਚਿਤੌੜਗੜ੍ਹ ਉੱਤੇ ਅਲਾਊਦੀਨ ਖਿਲਜੀ ਨੇ 1303 ਈਸਵੀ ਵਿਚ ਕਬਜ਼ਾ ਕੀਤਾ ਸੀ ¢ ਖਿਲਜੀ ਦੇ ਸਮਕਾਲੀ ਇਤਿਹਾਸਕਾਰਾਂ ਅਮੀਰ ਖੁਸਰੋ ਅਤੇ ਜ਼ਿਆਉਦੀਨ ਬਰਨੀ ਨੇ ਕਿਤੇ ਵੀ ਪਦਮਿਨੀ ਨਾਂਅ ਦੀ ਕਿਸੇ ਰਾਣੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ¢ ਇਸੇ ਕਾਰਨ ਆਧੁਨਿਕ ਇਤਿਹਾਸਕਾਰ ਵੀ ਇਸ ਲੜਾਈ ਦਾ ਬਿਆਨ ਕਰਨ ਵੇਲੇ ਰਾਜੇ ਰਤਨ ਸਿੰਘ (ਰਤਨ ਰਾਵਲ) ਦੀ ਪਤਨੀ ਪਦਮਿਨੀ ਦੀ ਹੋਂਦ ਸੰਬੰਧੀ ਤੱਥਾਂ ਦੀ ਘਾਟ ਮਹਿਸੂਸ ਕਰਦੇ ਹਨ¢ ਉਹ ਰਾਣੀ ਪਦਮਿਨੀ ਨੂੰ ਕਾਲਪਨਿਕ ਪਾਤਰ ਅਤੇ ਉਸ ਦੀ ਕਹਾਣੀ ਨੂੰ ਮਹਿਜ਼ ਇਕ ਦੰਦ-ਕਥਾ ਹੀ ਮੰਨਦੇ ਹਨ¢ ਮਲਿਕ ਮੁਹੰਮਦ ਜਾਇਸੀ ਇਕ ਸੂਫ਼ੀ ਫ਼ਕੀਰ ਹੋਇਆ ਹੈ ਜਿਸ ਨੇ ਅਵਧੀ ਭਾਸ਼ਾ ਵਿਚ 'ਪਦਮਾਵਤ' ਨਾਂਅ ਦੀ ਇਕ ਮਸਨਵੀ (ਕਿੱਸਾ) ਦੀ ਰਚਨਾ ਕੀਤੀ ਸੀ¢ ਇਸ ਵਿਚ ਉਸ ਨੇ ਪਦਮਾਵਤੀ (ਪਦਮਿਨੀ) ਨੂੰ ਚਿਤੌੜ ਦੀ ਰਾਣੀ ਵਜੋਂ ਪੇਸ਼ ਕੀਤਾ ਸੀ¢ ਖ਼ਾਸ ਗੱਲ ਇਹ ਹੈ ਕਿ ਮਲਿਕ ਮੁਹੰਮਦ ਜਾਇਸੀ ਸ਼ੇਰ ਸ਼ਾਹ ਸੂਰੀ ਦਾ ਸਮਕਾਲੀ ਸੀ ਅਰਥਾਤ ਉਹ ਅਲਾਉਦੀਨ ਖਿਲਜੀ ਤੋਂ ਦੋ ਸਦੀਆਂ ਬਾਅਦ ਹੋਇਆ¢ ਉਸ ਦੀ ਰਚਨਾ 'ਪਦਮਾਵਤ' ਤੋਂ ਪਹਿਲਾਂ ਕਦੇ ਵੀ ਚਿਤੌੜ ਦੀ ਪਦਮਿਨੀ ਜਾਂ ਪਦਮਾਵਤੀ ਨਾਂਅ ਦੀ ਕਿਸੇ ਰਾਣੀ ਅਤੇ ਅਲਾਉਦੀਨ ਖਿਲਜੀ ਦੀ ਇਸ ਕਹਾਣੀ ਬਾਰੇ ਨਾ ਤਾਂ ਕੁਝ ਸੁਣਿਆ ਗਿਆ ਸੀ ਅਤੇ ਨਾ ਹੀ ਲਿਖਿਆ ਗਿਆ ਸੀ¢ ਇਕ ਚੌਹਾਨ ਰਾਜਪੂਤ ਰਾਜੇ ਹਮੀਰਾ ਦਾ ਜ਼ਿਕਰ ਜ਼ਰੂਰ ਸੁਣਨ ਨੂੰ ਮਿਲਦਾ ਹੈ ਜਿਸ ਨੇ ਖਿਲਜੀ ਦਾ ਡਟ ਕੇ ਮੁਕਾਬਲਾ ਕੀਤਾ ਸੀ¢ ਖਿਲਜੀ ਉਸ ਤੋਂ ਉਸ ਦੀ ਧੀ ਦਾ ਡੋਲਾ ਮੰਗਦਾ ਸੀ ਪਰ ਉਸ ਨੇ ਠੋਕ ਕੇ ਜਵਾਬ ਦੇ ਦਿੱਤਾ¢ ਫਿਰ ਜਦੋਂ ਉਸ ਦੀ ਫ਼ੌਜ ਖਿਲਜੀ ਤੋਂ ਹਾਰ ਗਈ ਤਾਂ ਉਸ ਦੀ ਧੀ ਅਤੇ ਹੋਰ ਔਰਤਾਂ ਨੇ ਜ਼ਲਾਲਤ ਤੋਂ ਬਚਣ ਲਈ ਜੌਹਰ ਦੀ ਰਸਮ ਨਿਭਾਈ ਅਤੇ ਸਾਰੀਆਂ ਨੇ ਆਪਣੇ ਆਪ ਨੂੰ ਅਗਨ-ਭੇਟ ਕਰ ਦਿੱਤਾ ਸੀ¢ ਹੋ ਸਕਦਾ ਹੈ ਜਾਇਸੀ ਨੇ ਇਸ ਲੋਕ ਕਥਾ ਤੋਂ ਪ੍ਰਭਾਵਿਤ ਹੋ ਕੇ ਇਸ ਵਿਚ ਕੁਝ ਫੇਰ-ਬਦਲ ਕਰ ਕੇ 'ਪਦਮਾਵਤ' ਦੀ ਘਾੜਤ ਘੜ ਲਈ ਹੋਵੇ¢ ਅਕਬਰ ਦੇ ਦਰਬਾਰੀ ਲੇਖਕ ਅਬੁਲ ਫਜ਼ਲ ਨੇ ਵੀ ਇਕ ਥਾਂ ਪਦਮਿਨੀ ਦਾ ਜ਼ਿਕਰ ਤਾਂ ਕੀਤਾ ਹੈ ਪਰ ਉਸ ਨੇ ਵੀ ਆਪਣੇ ਜ਼ਿਕਰ ਦਾ ਆਧਾਰ ਜਾਇਸੀ ਦੀ ਰਚਨਾ 'ਪਦਮਾਵਤ' ਨੂੰ ਹੀ ਬਣਾਇਆ ਹੈ¢
'ਪਦਮਾਵਤ' ਵਿਚਲੀ ਕਹਾਣੀ ਅਨੁਸਾਰ ਚਿਤੌੜਗੜ੍ਹ ਦੇ ਰਾਜੇ ਰਤਨ ਸਿੰਘ ਨੂੰ ਸੰਗਲਾਦੀਪ (ਸ੍ਰੀਲੰਕਾ) ਦੇ ਰਾਜੇ ਗੰਧਰਵ ਸੇਨ ਦੀ ਧੀ ਪਦਮਾਵਤੀ ਦੇ ਹੁਸਨ ਬਾਰੇ ਇਕ ਬੋਲਣ ਵਾਲੇ ਤੋਤੇ ਰਾਹੀਂ ਭਿਣਕ ਪਈ¢ ਉਹ ਚਿਤੌੜ ਤੋਂ 'ਸੱਤ ਸਮੁੰਦਰ' ਪਾਰ ਕਰਕੇ ਸੰਗਲਾਦੀਪ ਪਹੁੰਚਿਆ ਅਤੇ ਕਿਸੇ ਢੰਗ ਨਾਲ ਰਾਜੇ ਨੂੰ ਪ੍ਰਭਾਵਤ ਕਰਕੇ ਪਦਮਾਵਤੀ ਨੂੰ ਵਿਆਹ ਲਿਆਇਆ¢ ਰਾਜੇ ਦੇ ਇਕ ਬ੍ਰਾਹਮਣ ਦਰਬਾਰੀ ਰਾਘਵ ਚੇਤਨ ਨਾਲ ਰਾਜੇ ਦੀ ਕਿਸੇ ਗੱਲੋਂ ਅਣਬਣ ਹੋ ਗਈ ਜਿਸ ਨੇ ਗੁੱਸਾ ਖਾ ਕੇ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਨੂੰ ਰਾਜੇ ਖਿਲਾਫ਼ ਜਾ ਭੜਕਾਇਆ¢ ਨਾਲ ਹੀ ਉਸ ਨੇ ਰਾਣੀ ਪਦਮਾਵਤੀ ਦੇ ਹੁਸਨ ਦੀ ਤਾਰੀਫ਼ ਕੁਝ ਵੱਧ ਹੀ ਮਸਾਲਾ ਲਗਾ ਕੇ ਕਰ ਦਿੱਤੀ ਜਿਸ ਕਰਕੇ ਖਿਲਜੀ ਪਦਮਾਵਤੀ ਨੂੰ ਵੇਖਣ ਲਈ ਬੇਤਾਬ ਹੋ ਉਠਿਆ ਅਤੇ ਚਿਤੌੜ ਉੱਤੇ ਹਮਲਾ ਕਰ ਦਿੱਤਾ¢ ਰਤਨ ਸਿੰਘ ਨੇ ਆਪਣੀ ਹਾਰ ਹੁੰਦੀ ਵੇਖ ਕੇ ਖਿਲਜੀ ਨਾਲ ਸਮਝੌਤਾ ਕਰ ਲਿਆ ਅਤੇ ਚਿਤੌੜ ਦੇ ਮਹਿਲ ਵਿਚ ਦੋਵਾਂ ਦੀ ਇਕ ਸਾਂਝੀ ਬੈਠਕ ਹੋਈ¢ ਜਦੋਂ ਖਿਲਜੀ ਮਹਿਲ 'ਚੋਂ ਵਾਪਸ ਮੁੜਨ ਲੱਗਿਆ ਤਾਂ ਉਸਦੀ ਨਜ਼ਰ ਪਦਮਾਵਤੀ ਉੱਤੇ ਪੈ ਗਈ¢ ਉਸ ਨੇ ਮਹਿਲ ਤੋਂ ਬਾਹਰ ਛੱਡਣ ਆਏ ਰਤਨ ਸਿੰਘ ਨੂੰ ਧੋਖੇ ਨਾਲ ਕੈਦ ਕਰ ਲਿਆ¢ ਰਤਨ ਸਿੰਘ ਨੂੰ ਕੈਦ ਕਰਕੇ ਉਸ ਨੇ ਰਾਣੀ ਪਦਮਾਵਤੀ ਦੀ ਮੰਗ ਰੱਖ ਦਿੱਤੀ¢ ਰਾਜਪੂਤ ਯੋਧਿਆਂ ਗੋਰਾ ਅਤੇ ਬਾਦਲ ਨੇ ਖਿਲਜੀ ਨੂੰ ਭਰਮਾਉਣ ਲਈ ਉਹ ਮੰਗ ਮੰਨ ਲਈ ਅਤੇ ਬਹੁਤ ਸਾਰੀਆਂ ਪਾਲਕੀਆਂ ਖਿਲਜੀ ਦੇ ਕੈਂਪ ਵਿਚ ਭੇਜ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਵਿਚੋਂ ਇਕ ਪਾਲਕੀ ਵਿਚ ਪਦਮਾਵਤੀ ਹੈ¢ ਪਰ ਅਸਲ ਵਿਚ ਬਹੁਤੀਆਂ ਪਾਲਕੀਆਂ ਵਿਚ ਰਾਜਪੂਤ ਲੜਾਕੂ ਸਨ ਜਿਨ੍ਹਾਂ ਨੇ ਖਿਲਜੀ ਦੇ ਕੈਂਪ ਵਿਚ ਭਾਜੜ ਮਚਾ ਦਿੱਤੀ ਅਤੇ ਰਤਨ ਸਿੰਘ ਨੂੰ ਛੁਡਾ ਕੇ ਲੈ ਗਏ¢ ਰਤਨ ਸਿੰਘ ਦੀ ਗੈਰ-ਹਾਜ਼ਰੀ ਵਿਚ ਪਿੱਛੋਂ ਕਿਸੇ ਗੁਆਂਢੀ ਰਾਜੇ ਦੇਵਪਾਲ ਨੇ ਪਦਮਾਵਤੀ ਅੱਗੇ ਵਿਆਹ ਦੀ ਮੰਗ ਰੱਖ ਦਿੱਤੀ¢ ਵਾਪਸ ਆ ਕੇ ਰਤਨ ਸਿੰਘ ਉਸ ਰਾਜੇ ਨਾਲ ਖਹਿਬੜ ਪਿਆ ਅਤੇ ਲੜਾਈ ਵਿਚ ਦੋਵੇਂ ਰਾਜੇ ਇਕੱਠੇ ਹੀ ਮਾਰੇ ਗਏ¢ ਇਸ ਦੇ ਨਤੀਜੇ ਵਜੋਂ ਰਤਨ ਸਿੰਘ ਦੀਆਂ ਦੋਵੇਂ ਰਾਣੀਆਂ ਨਾਗਮਤੀ ਅਤੇ ਪਦਮਾਵਤੀ ਸਤੀ ਹੋ ਗਈਆਂ¢ ਜਦੋਂ ਤੱਕ ਖਿਲਜੀ ਆਪਣੀਆਂ ਫ਼ੌਜਾਂ ਲੈ ਕੇ ਹਮਲਾ ਕਰਨ ਲਈ ਪਹੁੰਚਿਆ ਤਾਂ ਸਭ ਕੁਝ ਖ਼ਤਮ ਹੋ ਚੁੱਕਾ ਸੀ¢
ਜਾਇਸੀ ਨੇ ਖੁਦ ਹੀ ਆਪਣੀ ਰਚਨਾ ਦੇ ਅਖੀਰ ਵਿਚ ਮੰਨਿਆ ਹੈ ਕਿ ਪਦਮਾਵਤ ਉਸ ਦੀ ਕਲਪਨਾ ਦੀ ਕਹਾਣੀ ਹੈ¢ ਪਰ ਜੇਕਰ ਜਾਇਸੀ ਨੇ ਨਾ ਵੀ ਮੰਨਿਆ ਹੁੰਦਾ ਤਾਂ ਫੇਰ ਵੀ ਸਾਡੇ ਕੋਲ ਹੋਰ ਕਈ ਪ੍ਰਮਾਣ ਮੌਜੂਦ ਹਨ ਜਿਹੜੇ ਇਸ ਕਹਾਣੀ ਦੇ ਕਾਲਪਨਿਕ ਹੋਣ ਵੱਲ ਇਸ਼ਾਰਾ ਕਰਦੇ ਹਨ¢ ਇਸ ਵਿਚ ਬਹੁਤ ਸਾਰੀਆਂ ਅਜਿਹੀਆਂ ਕਮੀਆਂ ਹਨ ਜਿਹੜੀਆਂ ਇਸ ਨੂੰ ਇਕ ਇਤਿਹਾਸਕ ਕਹਾਣੀ ਦੇ ਰੂਪ ਵਿਚ ਖਾਰਜ ਕਰਦੀਆਂ ਹਨ¢ ਇਹ ਰਚਨਾ 1540 ਈਸਵੀ ਅਰਥਾਤ ਖਿਲਜੀ ਦੀ ਚਿਤੌੜ ਮੁਹਿੰਮ ਤੋਂ 237 ਸਾਲ ਬਾਅਦ ਪੂਰੀ ਹੋਈ | ਇਸ ਲਈ ਇਹ ਕਿਸੇ ਦੰਦ-ਕਥਾ ਉੱਤੇ ਆਧਾਰਿਤ ਵੀ ਹੋ ਸਕਦੀ ਹੈ¢ ਸ੍ਰੀਲੰਕਾ ਦੇ ਇਤਿਹਾਸ ਵਿਚ ਅਲਾਉਦੀਨ ਖਿਲਜੀ ਦਾ ਸਮਕਾਲੀ ਗੰਧਰਵ ਸੇਨ ਨਾਂਅ ਦਾ ਕੋਈ ਰਾਜਾ ਹੋਇਆ ਹੀ ਨਹੀਂ ਅਤੇ ਨਾ ਹੀ ਚਿਤੌੜਗੜ੍ਹ (ਰਾਜਸਥਾਨ)  ਤੋਂ ਸ੍ਰੀਲੰਕਾ ਤੱਕ ਕੋਈ ਸੱਤ ਸਮੁੰਦਰ ਆਉਂਦੇ ਹਨ¢ ਰਾਜਾ ਰਤਨ ਸਿੰਘ ਚਿਤੌੜ ਦਾ ਰਾਜਾ 1301 ਈਸਵੀ ਵਿਚ ਬਣਿਆ ਮੰਨਿਆ ਜਾਂਦਾ ਹੈ ਅਤੇ 1303 ਈਸਵੀ ਵਿਚ ਖਿਲਜੀ ਨੇ ਉੱਥੇ ਹਮਲਾ ਕਰ ਦਿੱਤਾ¢ ਪਰ 'ਪਦਮਾਵਤ' ਦੀ ਕਹਾਣੀ ਇਹ ਕਹਿੰਦੀ ਹੈ ਕਿ ਰਤਨ ਸਿੰਘ  ਅਤੇ ਪਦਮਿਨੀ ਨੇ ਰਾਜਾ-ਰਾਣੀ ਦੇ ਰੂਪ ਵਿਚ 8 ਸਾਲ ਬਿਤਾਏ¢ ਇੰਜ ਹੀ ਪਾਲਕੀਆਂ ਵਿਚ ਆਪਣੇ ਲੜਾਕੂ ਸਿਪਾਹੀ ਭੇਜਣ ਵਾਲੀ ਕਹਾਣੀ ਵੀ ਰੋਹਤਾਸ ਦੇ ਕਿਲ੍ਹੇ ਵਾਲੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਲਿਖੀ ਗਈ ਲਗਦੀ ਹੈ¢ ਰੋਹਤਾਸ ਦੇ ਕਿਲ੍ਹੇ ਵਾਲੀ ਘਟਨਾ 1539 ਈਸਵੀ ਵਿਚ ਵਾਪਰੀ ਸੀ ਜਿਸ ਵਿਚ ਸ਼ੇਰਸ਼ਾਹ ਸੂਰੀ ਨੇ ਰੋਹਤਾਸ ਦੇ ਹਿੰਦੂ ਰਾਜੇ ਨੂੰ ਧੋਖੇ ਨਾਲ ਆਪਣੇ ਜਾਲ ਵਿਚ ਫਸਾਇਆ ਸੀ¢ ਜਦੋਂ ਸ਼ੇਰ ਸ਼ਾਹ ਸੂਰੀ ਹਮਾਯੂੰ ਨਾਲ ਜੰਗ ਲੜ ਰਿਹਾ ਸੀ ਤਾਂ ਉਸ ਨੂੰ ਕਿਤੇ ਆਰਜ਼ੀ ਠਾਹਰ ਬਣਾਉਣ ਲਈ ਇਕ ਕਿਲ੍ਹੇ ਦੀ ਲੋੜ ਸੀ¢ ਉਸ ਨੇ ਚਲਾਕੀ ਨਾਲ ਰੋਹਤਾਸ ਦੇ ਸ਼ਾਸਕ ਨੂੰ ਮਨਾ ਲਿਆ ਕਿ ਉਸ ਦੀ ਫ਼ੌਜ ਦੀਆਂ ਔਰਤਾਂ, ਬੱਚਿਆਂ ਅਤੇ ਖਜ਼ਾਨੇ ਦੀ ਸੰਭਾਲ ਲਈ ਉਸ ਨੂੰ ਕੁਝ ਦੇਰ ਲਈ ਕਿਲ੍ਹੇ ਵਿਚ ਸ਼ਰਨ ਚਾਹੀਦੀ ਹੈ ਤਾਂ ਜੋ ਉਹ ਬੇਫ਼ਿਕਰ ਹੋ ਕੇ ਦੂਰ ਬੰਗਾਲ ਵਿਚ ਹਮਾਯੂੰ ਨਾਲ ਲੜ ਸਕੇ¢ ਰੋਹਤਾਸ ਦਾ ਹਾਕਮ ਲਾਲਚ ਅਤੇ ਵਿਸ਼ਵਾਸ ਵਿਚ ਆ ਗਿਆ¢ ਸੂਰੀ ਨੇ ਆਪਣੀਆਂ ਔਰਤਾਂ ਅਤੇ ਬੱਚਿਆਂ ਨੂੰ ਪਾਲਕੀਆਂ ਵਿਚ ਬਿਠਾ ਕੇ ਕਿਲ੍ਹੇ ਅੰਦਰ ਪਹੁੰਚਾਉਣਾ ਸ਼ੁਰੂ ਕਰ ਦਿੱਤਾ¢ ਪਰ ਪਹਿਲੀਆਂ ਕੁਝ ਪਾਲਕੀਆਂ ਵਿਚ ਹੀ ਔਰਤਾਂ ਅਤੇ ਬੱਚੇ ਸਨ ਅਤੇ ਉਸ ਤੋਂ ਬਾਅਦ ਬੰਦ ਪਾਲਕੀਆਂ ਦੀ ਆੜ ਵਿਚ ਆਪਣੇ ਅਫ਼ਗਾਨ ਲੜਾਕੂ ਕਿਲ੍ਹੇ ਅੰਦਰ ਦਾਖ਼ਲ ਕਰ ਦਿੱਤੇ ਜਿਨ੍ਹਾਂ ਨੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਅਤੇ ਹਿੰਦੂ ਸ਼ਾਸਕ ਨੂੰ ਕਿਲ੍ਹਾ ਛੱਡ ਕੇ ਦੌੜਨ ਲਈ ਮਜਬੂਰ ਕਰ ਦਿੱਤਾ¢ ਬਿਲਕੁਲ ਇਸੇ ਤਰ੍ਹਾਂ ਦੀ ਹੀ ਪਾਲਕੀਆਂ ਦੀ ਕਹਾਣੀ ਜਾਇਸੀ ਨੇ 'ਪਦਮਾਵਤ' ਵਿਚ ਪੇਸ਼ ਕੀਤੀ ਹੈ¢
ਇੰਜ, ਰਾਣੀ ਪਦਮਿਨੀ ਦੀ ਕਹਾਣੀ ਦੀ ਇਤਿਹਾਸਕ ਪ੍ਰਮਾਣਿਕਤਾ ਅਜੇ ਤੱਕ ਇਕ ਬਹਿਸ ਦਾ ਵਿਸ਼ਾ ਹੈ¢ ਉਹ ਖ਼ੁਦ ਹੀ ਇਕ ਕਾਲਪਨਿਕ ਕਹਾਣੀ (ਮਸਨਵੀ) ਦੀ ਪਾਤਰ ਹੈ¢ ਪਰ ਇਹ ਵੀ ਸੱਚ ਹੈ ਕਿ ਭਾਰਤ ਵਿਚ ਬਹੁਤ ਸਾਰੀਆਂ ਕਹਾਣੀਆਂ ਮਿਥਿਹਾਸ ਅਤੇ ਇਤਿਹਾਸ ਦੀਆਂ ਗੁੰਝਲਾਂ ਵਿਚ ਫਸੀਆਂ ਹੋਈਆਂ ਮਿਲਦੀਆਂ ਹਨ¢ ਸਾਨੂੰ ਇਹ ਵੀ ਵੇਖਣ ਦੀ ਲੋੜ ਹੈ ਕਿ ਜੇਕਰ ਉਨ੍ਹਾਂ ਕਹਾਣੀਆਂ ਦੇ ਪਾਤਰ ਸਾਡੀ ਮਾਣਯੋਗ ਵਿਰਾਸਤ ਦਾ ਹਿੱਸਾ ਹਨ ਤਾਂ ਸਾਨੂੰ ਉਨ੍ਹਾਂ ਦੇ ਅਕਸ ਉੱਤੇ ਚੋਟ ਪਹੁੰਚਾਉਣ ਤੋਂ ਵੀ ਬਚਣ ਦੀ ਲੋੜ ਹੈ¢ ਭਾਵੇਂ ਕਿ ਅੱਜ ਸਾਡਾ ਸਮਾਜ ਜੌਹਰ ਵਰਗੀ ਪ੍ਰਥਾ ਨੂੰ ਨਕਾਰ ਚੁੱਕਾ ਹੈ ਪਰ ਉਹ ਵੀ ਇਕ ਸਮਾਂ ਸੀ ਜਦੋਂ ਸਾਡੀਆਂ ਔਰਤਾਂ ਸਵੈਮਾਣ ਦੀ ਬਹਾਲੀ ਲਈ ਜੌਹਰ ਦੀ ਪ੍ਰਥਾ ਨਾਲ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੀਆਂ ਸਨ¢ ਇਹ ਸਾਡੀ ਵਿਰਾਸਤ ਹੈ ਅਤੇ ਅਸੀਂ ਇਸ ਨੂੰ ਬਦਲ ਨਹੀਂ ਸਕਦੇ¢ ਉਮੀਦ ਕਰਨੀ ਚਾਹੀਦੀ ਹੈ ਕਿ ਫ਼ਿਲਮਸਾਜ਼ ਨੇ ਆਪਣੀ ਫ਼ਿਲਮ ਵਿਚ ਇਸ ਗੱਲ ਦਾ ਧਿਆਨ ਜ਼ਰੂਰ ਹੀ ਰੱਖਿਆ ਹੋਏਗਾ¢ ਇਸ ਲਈ ਕਿਸੇ ਆਉਣ ਵਾਲੀ ਫ਼ਿਲਮ ਬਾਰੇ ਆਪਣੇ ਵੱਲੋਂ ਹੀ ਕਿਆਫ਼ੇ ਲਗਾ ਕੇ ਬਿਨਾਂ ਸੋਚੇ ਸਮਝੇ ਉਸ ਦਾ ਵਿਰੋਧ ਕਰਨਾ ਵੀ ਇਕ ਹਠੀ ਮਾਨਸਿਕਤਾ ਹੀ ਹੈ¢ ਅਜਿਹੀ ਪਿਛਾਂਹ-ਖਿੱਚੂ ਮਾਨਸਿਕਤਾ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਢਾਹ ਲਗਾਉਂਦੀ ਹੈ¢ 

-ਫੋਨ : +91 94171 93193.


ਖ਼ਬਰ ਸ਼ੇਅਰ ਕਰੋ

ਇਕ ਪੱਖ ਇਹ ਵੀ

1300 ਈਸਵੀ ਤੋਂ ਪਹਿਲਾਂ ਮੰਗੋਲਾਂ ਨੇ ਉਤਰ-ਪੱਛਮ ਵਲੋਂ ਸਰਹੱਦ ਨੂੰ ਪਾਰ ਕਰਕੇ ਹਿੰਦੁਸਤਾਨ ਉੱਤੇ ਕਈ ਹਮਲੇ ਕੀਤੇ | ਇਨ੍ਹਾਂ ਹਮਲਿਆਂ ਵਿਚ ਮੰਗੋਲ ਫ਼ੌਜਾਂ ਹਾਰਦੀਆਂ ਰਹੀਆਂ ਅਤੇ ਉਸ ਦੇ ਬਹੁਤ ਸਾਰੇ ਸਿਪਾਹੀ ਗਿ੍ਫ਼ਤਾਰ ਕਰਕੇ ਦਿੱਲੀ ਭੇਜੇ ਜਾਂਦੇ ਰਹੇ ਜਿੱਥੇ ਜਾਨ ਬਚਾਉਣ ਦੇ ਲਾਲਚ ਵਿਚ ਇਨ੍ਹਾਂ ਮੰਗੋਲ ਫ਼ੌਜੀਆਂ ਵਿੱਚੋਂ ਬਹੁਤ ਸਾਰਿਆਂ ਨੇ ਇਸਲਾਮ ਕਬੂਲ ਕਰ ਲਿਆ ਅਤੇ ਹਿੰਦੁਸਤਾਨੀ ਫ਼ੌਜ ਵਿਚ ਭਰਤੀ ਹੋ ਗਏ | ਪਰ ਉਹ ਦਿਲਾਂ ਵਿੱਚੋਂ ਿਖ਼ਲਜੀ ਰਾਜ ਪ੍ਰਤੀ ਈਰਖਾ ਨੂੰ ਖ਼ਤਮ ਨਾ ਕਰ ਸਕੇ ਅਤੇ ਜਦੋਂ ਵੀ ਮੌਕਾ ਮਿਲਿਆ ਫ਼ੌਜ ਵਿੱਚੋਂ ਭੱਜ ਕੇ ਗਵਾਂਢੀ ਰਾਜਾਂ ਦੀਆਂ ਫ਼ੌਜਾਂ ਵਿਚ ਭਰਤੀ ਹੁੰਦੇ ਰਹੇ | ਹੌਲੀ ਹੌਲੀ ਇਹ ਸਾਰੇ ਚਿਤੌੜ ਦੇ ਰਾਣੇ ਕੋਲ ਇਕੱਠੇ ਹੋ ਗਏ ਅਤੇੇ ਚਿਤੌੜ ਦੇ ਰਾਣੇ ਨੇ ਇਨ੍ਹਾਂ ਲੜਾਕੂ ਮੰਗੋਲਾਂ ਦੀ ਸਹਾਇਤਾ ਨਾਲ ਤਕੜੀ ਫ਼ੌਜ ਤਿਆਰ ਕਰ ਲਈ | ਜਦੋਂ ਸੁਲਤਾਨ ਅਲਾਉੱਦੀਨ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਸ ਨੇ ਚਿਤੌੜ ਦੇ ਰਾਣੇ ਨੂੰ ਇਨ੍ਹਾਂ ਮੰਗੋਲ ਫ਼ੌਜੀਆਂ ਨੂੰ ਵਾਪਸ ਕਰਨ ਲਈ ਦੂਤ ਭੇਜਿਆ ਪਰ ਰਾਣੇ ਨੇ ਇਨ੍ਹਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ | ਸਿੱਟੇ ਵਜੋਂ ਸੁਲਤਾਨ ਅਲਾਉਦੀਨ ਨੂੰ ਚਿਤੌੜ ਉੱਤੇ ਹਮਲਾ ਕਰਨ ਦਾ ਬਹਾਨਾ ਮਿਲ ਗਿਆ |
ਰਣਥੰਬੌਰ ਨੂੰ ਜਿੱਤਣ ਤੋਂ ਬਾਅਦ 1301 ਈਸਵੀ ਵਿਚ ਸੁਲਤਾਨ ਅਲਾਉੱਦੀਨ ਿਖ਼ਲਜੀ ਨੇ ਰਾਜਪੂਤਾਨੇ ਦੀ ਇਸ ਮੁੱਖ ਰਿਆਸਤ ਮੇਵਾੜ ਦੀ ਰਾਜਧਾਨੀ ਚਿਤੌੜ 'ਤੇ ਚੜ੍ਹਾਈ ਕਰ ਦਿੱਤੀ | ਉਸ ਸਮੇਂ ਚਿਤੌੜ ਦੇ ਕਿਲ੍ਹੇ ਨੂੰ ਉਸ ਦੀਆਂ ਵਿਸ਼ੇਸ਼ ਖ਼ੂਬੀਆਂ ਕਰਕੇ ਅਜਿੱਤ ਸਮਝਿਆ ਜਾਂਦਾ ਸੀ | ਉਸ ਦੀਆਂ ਦੀਵਾਰਾਂ ਬਹੁਤ ਉੱਚੀਆਂ ਸਨ ਅਤੇ ਜੰਗਲੀ ਦਰਖ਼ਤਾਂ ਨਾਲ ਭਰੇ ਪਹਾੜਾਂ ਨੇ ਉਸ ਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ ਸੀ | ਉਸ ਸਮੇਂ ਚਿਤੌੜ ਦਾ ਹੁਕਮਰਾਨ ਸਿਸੋਦੀਆ ਰਾਜਪੂਤ ਰਾਣਾ ਰਤਨ ਸਿੰਘ ਬਹਾਦਰ ਹਿੰਦੁਸਤਾਨ ਦੇ ਰਾਜਿਆਂ ਵਿੱਚ ਸਭ ਤੋਂ ਮਸ਼ਹੂਰ ਰਾਜਾ ਸੀ | ਇਹ ਸਾਰੀਆਂ ਖ਼ੂਬੀਆਂ ਵੀ ਕਿਲ੍ਹੇ ਨੂੰ ਅਲਾਉਦੀਨ ਖਿਲਜੀ ਤੋਂ ਨਾ ਬਚਾ ਸਕੀਆਂ | ਸੁਲਤਾਨ ਨੇ ਉੱਥੇ ਪਹੁੰਚ ਕੇ ਬਿਨਾਂ ਦੇਰੀ ਕੀਤਿਆਂ ਕਿਲ੍ਹੇ ਦੀ ਘੇਰਾਬੰਦੀ ਕਰ ਲਈ | ਰਾਜਪੂਤ ਫ਼ੌਜ ਬਹਾਦਰੀ ਨਾਲ ਲੜੀ ਪਰ ਅੰਤ ਨੂੰ ਹਾਰ ਗਈ | ਕਿਲ੍ਹੇ ਦੀਆਂ ਰਾਜਪੂਤ ਔਰਤਾਂ ਨੇ ਰਾਜਪੂਤੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਰਾਣੀ ਪਦਮਾਵਤੀ ਸਮੇਤ ਅਲਾਉੱਦੀਨ ਦੀ ਫ਼ੌਜ ਦੇ ਹੱਥ ਆਉਣ ਤੋਂ ਪਹਿਲਾਂ ਹੀ ਜੌਹਰ ਦੀ ਰਸਮ ਮੁਤਾਬਿਕ ਆਪਣੇ ਆਪ ਨੂੰ ਅਗਨ ਭੇਦ ਕਰ ਲਿਆ | ਸੁਲਤਾਨ ਨੇ ਕਿਲ੍ਹੇ 'ਤੇ ਕਬਜ਼ਾ ਕਰਨ ਤੋਂ ਬਾਅਦ ਆਪਣੇ ਪੁੱਤਰ ਅਤੇ ਉਤਰ ਅਧਿਕਾਰੀ ਿਖ਼ਜ਼ਰ ਖ਼ਾਂ ਨੂੰ ਚਿਤੌੜ ਦਾ ਹਾਕਮ ਨਿਯੁਕਤ ਕੀਤਾ | ਉਸ ਨੇ ਸ਼ਹਿਰ ਦਾ ਨਾਂਅ ਵੀ ਿਖ਼ਜ਼ਰਾਬਾਦ ਰੱਖ ਦਿੱਤਾ ਪਰ ਇਹ ਨਾਂਅ ਚੱਲ ਨਾ ਸਕਿਆ | ਬਾਅਦ ਵਿਚ ਅਲਾਉੱਦੀਨ ਨੇ ਰਾਣਾ ਰਤਨ ਸਿੰਘ ਦੇ ਭਾਣਜੇ ਅਤੇ ਆਪਣੇ ਵਫ਼ਾਦਾਰ ਰਾਣਾ ਰਤਨ ਸੇਨ ਨੂੰ ਵਫ਼ਾਦਾਰੀ ਦੀ ਸ਼ਰਤ ਉੱਤੇ ਚਿਤੌੜ ਦਾ ਹਾਕਮ ਨਿਯੁਕਤ ਕਰ ਦਿੱਤਾ |
ਉੱਪਰ ਦਰਜ ਕੀਤੀ ਇਤਿਹਾਸਕ ਸੱਚਾਈ ਦੇ ਉਲਟ ਸੁਲਤਾਨ ਅਲਾਉੱਦੀਨ ਿਖ਼ਲਜੀ ਦੇ ਚਿਤੌੜ ਉੱਤੇ ਹਮਲੇ ਬਾਰੇ ਇਤਿਹਾਸਕਾਰਾਂ ਨੇ ਕਈ ਮਨਘੜਤ ਕਹਾਣੀਆਂ ਪੈਦਾ ਕਰ ਲਈਆਂ | ਕੁਝ ਇਤਿਹਾਸਕਾਰ ਲਿਖਦੇ ਹਨ ਕਿ ਸੁਲਤਾਨ ਅਲਾਉੱਦੀਨ ਿਖ਼ਲਜੀ ਨੇ ਚਿਤੌੜ ਉੱਤੇ ਹਮਲਾ ਉੱਥੋਂ ਦੀ ਖ਼ੂਬਸੂਰਤ ਰਾਜਪੂਤ ਰਾਣੀ ਪਦਮਾਵਤੀ ਨੂੰ ਪ੍ਰਾਪਤ ਕਰਨ ਲਈ ਕੀਤਾ ਸੀ, ਕਿਉਂ ਜੋ ਉਹ ਆਪਣੇ ਜਾਸੂਸਾਂ ਅਤੇ ਚਾਪਲੂਸਾਂ ਰਾਹੀਂ ਉਸ ਦੇ ਹੁਸਨ ਦੀਆਂ ਕਹਾਣੀਆਂ ਸੁਣਦਾ ਰਹਿੰਦਾ ਸੀ | ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਸਰਾਸਰ ਬੇਬੁਨਿਆਦ, ਮਨਘੜਤ ਅਤੇ ਸੱਚਾਈ ਤੋਂ ਕੋਹਾਂ ਦੂਰ ਹੈ | ਅਲਾਉੱਦੀਨ ਦੇ ਸਮਕਾਲੀ ਇਤਿਹਾਸਕਾਰਾਂ ਨੇ ਕਿਤੇ ਵੀ ਇਸ ਘਟਨਾ ਦਾ ਜ਼ਿਕਰ ਨਹੀਂ ਕੀਤਾ | 'ਤਾਰੀਖ਼-ਏ-ਹਿੰਦ' ਦਾ ਲੇਖਕ ਲਿਖਦਾ ਹੈ;
'ਇਸ ਅਖੌਤੀ ਕਹਾਣੀ ਦੀ ਹਕੀਕਤ ਇਹ ਹੈ ਕਿ ਅਲਾਉੱਦੀਨ ਤੋਂ ਬਾਅਦ ਸ਼ੇਰ ਸ਼ਾਹ ਸੂਰੀ ਦੇ ਸਮੇਂ ਮਲਿਕ ਮੁਹੰਮਦ ਜਾਇਸੀ ਨੇ ਹਿੰਦੀ ਵਿਚ 'ਪਦਮਾਵਤੀ' ਨਾਂਅ ਦੀ ਇਕ ਮਸਨਵੀ (ਲੰਬੀ ਕਵਿਤਾ) ਲਿਖੀ ਸੀ ਜਿਸ ਵਿਚ ਉਸ ਨੇ ਮਹਾਰਾਣੀ ਪਦਮਾਵਤੀ ਅਤੇ ਅਲਾਉੱਦੀਨ ਬਾਰੇ ਝੂਠੀ ਕਹਾਣੀ ਬਿਆਨ ਕੀਤੀ ਸੀ | ਭਾਵੇਂ ਉਸ ਨੇ ਮਸਨਵੀ ਦੇ ਆਖ਼ਰ ਵਿਚ ਲਿਖ ਵੀ ਦਿੱਤਾ ਸੀ ਕਿ ਇਹ ਮਸਨਵੀ ਇਕ ਿਖ਼ਆਲੀ ਕਹਾਣੀ 'ਤੇ ਆਧਾਰਿਤ ਹੈ ਹਕੀਕਤ 'ਤੇ ਨਹੀਂ | ਇਸ ਤੋਂ ਬਾਅਦ ਉਰਦੂ ਦੇ ਮਸ਼ਹੂਰ ਲੇਖਕ ਮੌਲਵੀ ਮੁਹੰਮਦ ਹੁਸੈਨ ਆਜ਼ਾਦ ਨੇ ਦੋ ਕਦਮ ਹੋਰ ਅੱਗੇ ਵਧਦਿਆਂ ਇਸ ਕਹਾਣੀ ਨੂੰ ਇਤਿਹਾਸ ਵਿਚ ਦਰਜ ਕਰ ਦਿੱਤਾ | '
ਬਾਅਦ ਵਿਚ ਆਉਣ ਵਾਲੇ ਅੰਗਰੇਜ਼ ਵਿਦਵਾਨਾਂ ਨੇ ਜਿਨ੍ਹਾਂ ਦਾ ਕੰਮ ਹਿੰਦੁਸਤਾਨੀ ਕੌਮਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਲੜਾ ਕੇ ਅੰਗਰੇਜ਼ ਰਾਜ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਸੀ, ਹਿੰਦੁਸਤਾਨ ਦੇ ਮੁਸਲਮਾਨ ਬਾਦਸ਼ਾਹਾਂ ਨੂੰ ਦੁਨੀਆ ਵਿਚ ਬਦਨਾਮ ਕਰਨ ਲਈ ਅਜਿਹੀਆਂ ਮਨਘੜਤ ਕਹਾਣੀਆਂ ਨੂੰ ਇਤਿਹਾਸ ਵਿਚ ਵਧਾ-ਚੜ੍ਹਾ ਕੇ ਪੇਸ਼ ਕੀਤਾ | ਇਸ ਤੋਂ ਵੀ ਵੱਧ ਸਿਤਮਜ਼ਰੀਫ਼ੀ ਇਹ ਹੋਈ ਕਿ ਹਿੰਦੁਸਤਾਨੀ ਇਤਿਹਾਸਕਾਰਾਂ ਨੇ ਹਿੰਦੁਸਤਾਨੀ ਜ਼ਬਾਨਾਂ ਵਿਚ ਲਿਖੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਪੜ੍ਹਨ ਦੀ ਥਾਂ ਅੰਗਰੇਜ਼ੀ ਵਿਚ ਲਿਖੀਆਂ ਕਿਤਾਬਾਂ ਪੜ੍ਹਨ ਨੂੰ ਪਹਿਲ ਦਿੱਤੀ ਅਤੇ ਅੰਗਰੇਜ਼ਾਂ ਦੇ ਲਿਖੇ ਝੂਠੇ ਹਵਾਲਿਆਂ ਨੂੰ ਲਿਖ ਕੇ ਹਿੰਦੁਸਤਾਨੀ ਇਤਿਹਾਸ ਦੀ ਸ਼ਕਲ ਵਿਗਾੜ ਦਿੱਤੀ |

-ਮੋਬਾਈਲ : 98555-51359.

ਕਿਹ ਬਿਧਿ ਸਜਾ ਪ੍ਰਥਮ ਸੰਸਾਰਾ

ਇਹ ਧਰਤੀ, ਇਹ ਆਕਾਸ਼, ਤਾਰਿਆਂ ਦੇ ਮੰਡਲ, ਉਨ੍ਹਾਂ ਵਿਚ ਵਿਦਮਾਨ ਪਦਾਰਥ ਦੇ ਭਿੰਨ-ਭਿੰਨ ਰੂਪ ਅਤੇ ਇਹ ਸਮਸਤ ਬ੍ਰਹਿਮੰਡ | ਕੀ ਇਹ ਸਦਾ ਤੋਂ ਹੀ ਇੰਜ ਹਨ ਜਾਂ ਕਿ ਕਦੀ ਜਨਮੇ ਸਨ? ਇਸ ਪ੍ਰਸ਼ਨ ਦਾ ਉੱਤਰ ਏਨਾ ਸਰਲ ਨਹੀਂ ਹੈ | ਨਾ ਹੀ ਇਹ ਪਦਾਰਥਕ ਵਿਸ਼ਵ ਸਦਾ ਤੋਂ ਇੰਜ ਸੀ ਤੇ ਨਾ ਹੀ ਇਹ ਕਦੀ ਨਿਰਾਕਾਰ 'ਚੋਂ ਉਪਜਿਆ ਸੀ | ਇਸ ਵਿਸ਼ਵ ਦੇ ਹੋਂਦ ਵਿਚ ਆਉਣ ਸਬੰਧੀ ਕੋਈ ਸਪਸ਼ਟ ਧਾਰਨਾ ਅਜੇ ਮਨੁੱਖ ਦੀ ਬੁੱਧੀ ਵਿਚ ਸਮਾ ਨਹੀਂ ਸਕੀ | ਪਰ ਅਜੋਕੀ ਵਿਗਿਆਨਕ ਸੋਚਣੀ ਦੇ ਆਧਾਰ 'ਤੇ ਵਿਗਿਆਨੀ ਇਸ ਸਮੱਸਿਆ ਦਾ ਪੁਲਾੜ ਅਤੇ ਸਮੇਂ ਵਿਚ ਡੁੰਘਾਈ ਤੱਕ ਪਹੁੰਚਕੇ ਵਿਸ਼ਲੇਸ਼ਣ ਕਰਨ ਦੇ ਸਮਰੱਥ ਜ਼ਰੂਰ ਹੋ ਗਏ ਹਨ | ਧਾਰਮਿਕ ਵਿਚਾਰਾਂ ਵਿਚ ਕਿਸੇ ਤਾਰਕਿਕ ਵਿਸਥਾਰ ਦੇ ਬਿਨਾਂ (ਮਿੱਥ ਮੁਤਾਬਿਕ) ਹੀ ਸਿ੍ਸ਼ਟੀ ਨੂੰ ਸਿਰਜਿਆ ਮੰਨਿਆ ਜਾਂਦਾ ਰਿਹਾ ਹੈ | ਜਿਵੇਂ ਅਫਰੀਕਾ ਦੇ ਬੋਸ਼ੋਂਗੋ ਲੋਕ ਮੰਨਦੇ ਹਨ ਕਿ ਆਰੰਭ ਵਿਚ ਸਭ ਪਾਸੇ ਹਨੇਰਾ ਸੀ ਤੇ ਪਾਣੀ ਹੀ ਪਾਣੀ ਸੀ-ਨਾਲ ਹੈ ਸੀ ਉਨ੍ਹਾਂ ਦਾ 'ਰੱਬ ਬੰਬਾ' | ਇਕ ਦਿਨ ਉਸਦੇ ਢਿੱਡ ਵਿਚ ਬਹੁਤ ਪੀੜ ਹੋਈ ਤਾਂ ਉਸ ਨੇ ਉਲਟੀ ਕਰ ਦਿੱਤੀ | ਉਸ ਦੇ ਢਿੱਡ ਵਿਚੋਂ ਸੂਰਜ ਨਿਕਲਿਆ ਜਿਸ ਨੇ ਬਹੁਤ ਸਾਰਾ ਪਾਣੀ ਸੋਖ ਲਿਆ ਤੇ ਇੰਜ ਸੁੱਕੀ ਧਰਤੀ ਪ੍ਰਗਟ ਹੋ ਗਈ | ਫਿਰ ਵੀ ਉਸ ਦੀ ਪੀੜ ਖਤਮ ਨਾ ਹੋਈ ਤਾਂ ਉਸ ਨੇ ਹੋਰ ਉਲਟੀ ਕੀਤੀ ਜਿਸ ਨਾਲ ਉਸ ਨੇ ਚੰਨ ਤੇ ਤਾਰੇ ਉਗਲ ਦਿੱਤੇ | ਉਸ ਨੇ ਫਿਰ ਉਗਲੇ ਕਈ ਜਾਨਵਰ, ਮਗਰਮੱਛ, ਕੱਛੂ ਤੇ ਅੰਤ ਵਿਚ ਮਨੁੱਖ ਦੀ ਵਾਰੀ ਵੀ ਆ ਗਈ | ਇਸੇ ਤਰ੍ਹਾਂ 'ਬਿਸ਼ਪ ਉਸ਼ਰ' ਨੇ ਜੈਨੇਸਿਜ਼ ਦੀ ਪੁਸਤਕ ਵਿਚ ਜ਼ਿਕਰ ਕੀਤਾ ਹੈ ਕਿ ਸਿ੍ਸ਼ਟੀ ਦੀ ਸਿਰਜਣਾ 4004 ਵਰ੍ਹੇ ਈਸਾ ਪੂਰਵ, 27 ਅਕਤੂਬਰ ਨੂੰ ਸਵੇਰੇ 9 ਵਜੇ ਹੋਈ ਸੀ | ਇਵੇਂ ਹੀ ਵੱਖ ਵੱਖ ਧਰਮਾਂ ਦੇ ਮੰਨਣ ਵਾਲਿਆਂ ਨੇ ਵੱਖ ਵੱਖ ਮਿੱਥ ਬਣਾਏ ਹੋਏ ਹਨ, ਜਿਵੇਂ ਕਿ ਹਿੰਦੂ ਮੱਤ ਦੀ ਇਕ ਮਾਨਤਾ ਅਨੁਸਾਰ ਵਿਸ਼ਵ ਦੇ ਰਚੇਤੇ ਬ੍ਰਹਮਾ ਦਾ ਇਕ ਦਿਨ 4.3 ਅਰਬ ਸਾਲ ਲੰਬਾ ਹੁੰਦਾ ਹੈ ਜਦੋਂ ਉਹ ਵਿਸ਼ਵ ਦੀ ਰਚਨਾ ਕਰਦਾ ਤੇ ਉਸ ਨੂੰ ਚਲਾਉਂਦਾ ਹੈ | ਫਿਰ ਏਨੀ ਹੀ ਲੰਬੀ ਰਾਤ ਦੌਰਾਨ ਉਹ ਵਿਸ਼ਰਾਮ ਕਰਦਾ ਹੈ | ਫਿਰ ਪਰਲੋ ਆਉਂਦੀ ਹੈ ਤੇ ਇਹ ਕਿਰਿਆ ਬ੍ਰਹਮਾ ਦੇ ਸੌ ਸਾਲ (ਭਾਵ ਧਰਤੀ ਦੇ 311ਖਰਬ, 40 ਅਰਬ ਸਾਲ) ਤੱਕ ਚਲਦੀ ਹੈ | ਏਨੀ ਹੀ ਬ੍ਰਹਮਾ ਦੀ ਜਾਂ ਵਿਸ਼ਵ ਦੀ ਉਮਰ ਹੈ | ਇਹ ਮੰਨਿਆ ਜਾਂਦਾ ਹੈ ਕਿ ਹੁਣ ਅਸੀਂ ਬ੍ਰਹਮਾ ਦੇ 41ਵੇਂ ਸਾਲ ਵਿਚੀਂ ਗੁਜ਼ਰ ਰਹੇ ਹਾਂ (156 ਖਰਬ ਸਾਲ ਲੰਘ ਗਏ ਹਨ) | ਬ੍ਰਹਮਾਂ ਦੇ ਅੰਤ ਤੋਂ ਬਾਅਦ 100 ਬ੍ਰਹਮਾ ਸਾਲ ਹੋਰ ਗੁਜ਼ਰਣਗੇ ਤੇ ਨਵਾਂ ਬ੍ਰਹਮਾ ਜਨਮ ਲਵੇਗਾ ਤੇ ਇਹ ਪ੍ਰਕਿਰਿਆ ਸਦਾ ਚੱਲਦੀ ਰਹੇਗੀ | ਮਿਥਹਾਸ ਵਿਚ ਤਾਂ ਬਹੁਤ ਕੁਝ ਹੈ, ਪਰ ਬਿਨਾਂ ਕਿਸੇ ਕਿਸਮ ਦੇ ਪ੍ਰੇਖਣਾਂ ਜਾਂ ਤਰਕ ਦੇ | ਪਰੰਤੂ, ਸੂਝਵਾਨ ਸੋਚ ਇਹੋ ਚਾਹੁੰਦੀ ਹੈ ਕਿ ਤਰਕ ਕਰਕੇ ਹੀ ਇਸ ਸਮੱਸਿਆ ਦਾ ਹੱਲ ਢੂੰਡਿਆ ਜਾਵੇ | ਜਗਿਆਸੂ ਆਪੋ-ਆਪਣੀ ਬੁੱਧੀ ਅਨੁਸਾਰ ਚਿਰਕਾਲ ਤੋਂ ਹੀ, 'ਕਿਵੇਂ' ਅਤੇ 'ਕਿਓਾ' ਦਾ ਹੱਲ ਢੂੰਡਦੇ ਆਏ ਹਨ, ਜਿਵੇਂ ਕਿ ਇਕ ਇਤਿਹਾਸਕ ਵਿਅਕਤੀ ਖਲੀਫ਼ਾ-ਅਰ-ਹਰਨ ਦਾ ਇਕ ਦਾਰਸ਼ਨਿਕ ਨਾਲ ਹੋਇਆ ਵਾਰਤਾਲਾਪ ਵੀ ਇਸੇ ਗੱਲ ਦਾ ਪ੍ਰਤੀਕ ਹੈ;
ਖਲੀਫਾ: ਮੈਂ ਸੁਣਿਆ ਹੈ ਕਿ ਧਰਤੀ ਬਿਲਕੁਲ ਪੱਧਰੀ ਨਹੀਂ, ਪਰ ਮੈਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਹੋ ਰਿਹਾ |
ਦਾਰਸ਼ਨਿਕ: ਓ ਵਫ਼ਾਦਾਰਾਂ ਦੇ ਹਾਕਮ, ਭਾਵੇਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਪਰ ਧਰਤੀ ਪੱਧਰੀ ਨਹੀਂ ਹੈ | ਧਰਤੀ ਇਕ ਵਿਸ਼ਾਲ ਸੁਸਤ ਕੱਛੂ ਦੀ ਪਿੱਠ ਹੈ |
ਖਲੀਫਾ: ਪਰ ਇਹ ਕੱਛੂ ਕਿਸ ਉੱਪਰ ਟਿਕਿਆ ਹੋਇਆ ਹੈ? ਕੀ ਇਹ ਖੜਾ ਹੈ ਜਾਂ ਕਿ ਤੈਰ ਰਿਹਾ ਹੈ?
ਦਾਰਸ਼ਨਿਕ: ਓ ਵਫ਼ਾਦਾਰਾਂ ਦੇ ਹਾਕਮ, ਇਹ ਬੜੀ ਭੇਦ ਵਾਲੀ ਗੱਲ ਹੈ, ਇਹ ਕੱਛੂ ਇਕ ਅਨੰਤ ਸਮੁੰਦਰ ਵਿਚ ਤੈਰ ਰਿਹਾ ਹੈ |
ਖਲੀਫਾ: ਤਾਂ ਫਿਰ ਸਮੁੰਦਰ ਕਿੱਥੇ ਹੈ?
ਦਾਰਸ਼ਨਿਕ: ਓ ਵਫ਼ਾਦਾਰਾਂ ਦੇ ਹਾਕਮ, ਇਸ ਗੱਲ ਦਾ ਉੱਤਰ ਕੇਵਲ ਮੈਂ ਹੀ ਜਾਣਦਾ ਹਾਂ ਕਿ ਸਮੁੰਦਰ ਇਕ ਵੱਡੇ ਗੋਲੇ ਦੇ ਅੰਦਰ ਬੰਦ ਹੈ ਤੇ ਉਸ ਗੋਲੇ ਨੂੰ ਸੁਨਹਿਰੀ ਦੰਦਾਂ ਵਾਲੇ ਚਿੱਟੇ ਹਾਥੀ ਨੇ ਚੁੱਕਿਆ ਹੋਇਆ ਹੈ | ਪਰ ਉਹ ਹਾਥੀ ਅੱਗੋਂ ਕਿਸ ਚੀਜ਼ 'ਤੇ ਖੜ੍ਹਾ ਹੈ? ਇਸ ਦਾ ਉੱਤਰ ਮੈਂ ਤਾਂ ਕੀ, ਇਸ ਸੰਸਾਰ ਵਿਚ ਕੋਈ ਵੀ ਨਹੀਂ ਜਾਣਦਾ |
ਅਜਿਹਾ ਕਈ ਕੁਝ ਸੁਣ ਕੇ ਗੁਰੂ ਸਾਹਿਬ ਨੇ ਫੁਰਮਾਇਆ ਸੀ;
'ਆਪੁ ਆਪੁਨੀ ਬੁਧਿ ਹੈ ਜੇਤੀ
ਬਰਨਤ ਭਿੰਨ ਭਿੰਨ ਤੁਹਿ ਤੇਤੀ
ਤੁਮਰਾ ਲਖਾ ਨਾ ਜਾਇ ਪਸਾਰਾ
ਕਿਹ ਬਿਧਿ ਸਜਾ ਪ੍ਰਥਮ ਸੰਸਾਰਾ'
(ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਦਾਰਸ਼ਨਿਕ ਜਾਂ ਵਿਗਿਆਨੀ, ਜਦੋਂ ਵੀ ਨਿਰਪੱਖ ਆਰੰਭ ਬਾਰੇ ਸੋਚਣ ਲਗਦੇ ਹਨ ਤਾਂ ਓਦੋਂ ਵੀ ਸਥਿਤੀ ਕੁਝ ਅਜਿਹੀ ਹੀ ਹੋ ਜਾਂਦੀ ਹੈ | ਉਹ ਵੀ ਇਹ ਗੱਲ ਦੱਸਣੋਂ ਅਸਮਰੱਥ ਹੋ ਜਾਂਦੇ ਹਨ ਕਿ ਚਿੱਟਾ ਹਾਥੀ ਕਿਸ ਚੀਜ਼ 'ਤੇ ਖੜ੍ਹਾ ਹੈ, ਪਰ ਵਿਗਿਆਨਕ ਸੋਚ ਤਾਂ ਇਹੋ ਮੰਗ ਕਰਦੀ ਹੈ ਕਿ ਇਸ ਸਮੱਸਿਆ ਦਾ ਹੱਲ ਦਿ੍ਸ਼ਟ ਪਦਾਰਥਕ ਵਿਸ਼ਵ ਚੋਂ ਹੀ ਢੂੰਡਿਆ ਜਾਵੇ | ਵਿਗਿਆਨੀਆਂ ਨੇ ਬ੍ਰਹਿਮੰਡ ਦੇ ਰੂਪ ਅਤੇ ਇਸ ਅੰਦਰ ਵਾਪਰ ਰਹੀਆਂ ਘਟਨਾਵਾਂ ਨੂੰ ਜਾਂਚ ਕੇ ਇਸ ਦੇ ਹੋਂਦ ਵਿਚ ਆਉਣ ਸਬੰਧੀ ਕਈ ਮਾਡਲ ਬਣਾਏ ਹਨ | ਨਿੱਤ ਹੋ ਰਹੇ ਨਵੇਂ ਪ੍ਰੇਖਣ ਜਿਸ ਮਾਡਲ ਦੇ ਹੱਕ ਵਿਚ ਜਾਂਦੇ ਹਨ ਜਾਂ ਮਾਡਲ ਨੂੰ ਸੋਧਕੇ ਜੋ ਨਵਾਂ ਮਾਡਲ ਬਣਾਉਂਦੇ ਹਨ, ਸੁਭਾਵਿਕ ਤੌਰ 'ਤੇ ਉਹੀ ਮਾਡਲ ਜ਼ਿਆਦਾ ਸਹੀ ਹੋਵੇਗਾ |
ਯੂਨਾਨੀ ਦਾਰਸ਼ਨਿਕ ਅਰਸਤੂ ਦਾ ਵਿਚਾਰ ਸੀ ਕਿ ਬ੍ਰਹਿਮੰਡ ਸਦਾ ਤੋਂ ਇੰਜ ਹੀ ਵਿਦਮਾਨ ਹੈ | ਜੋ ਤਬਦੀਲੀ ਅਸੀਂ ਦੇਖਦੇ ਹਾਂ ਉਹ ਕੁਦਰਤੀ ਕਰੋਪੀਆਂ ਕਰਕੇ ਹੈ, ਜਿਵੇਂ ਕਿ ਹੜ੍ਹ, ਭੁਚਾਲ ਆਦਿ ਤੋਂ ਹੁੰਦੀਆਂ ਹਨ ਅਤੇ ਜਿਸ ਕਾਰਨ ਸੱਭਿਅਤਾਵਾਂ ਨੂੰ ਮੁੜ ਸਥਾਪਿਤ ਹੋਣਾ ਪੈਂਦਾ ਹੈ | ਸਦੀਵੀ ਵਿਸ਼ਵ ਦਾ ਸੰਕਲਪ ਕਿਸੇ ਅਜਿਹੇ ਵਿਚਾਰ ਨੂੰ ਰੋਕਣਾ ਸੀ ਜਿਸ ਨਾਲ ਕਿਸੇ 'ਆਰੰਭ-ਕਰਤਾ' ਦੀ ਹੋਂਦ ਤੋਂ ਬਚਿਆ ਜਾ ਸਕੇ | ਇਸ ਤੋਂ ਉਲਟ ਦੂਜੇ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਇਸ ਵਿਸ਼ਵ ਦਾ ਆਰੰਭ ਹੋਇਆ ਸੀ, ਇਸ ਤੱਥ ਨੂੰ ਉਹ ਰੱਬ ਦੀ ਹੋਂਦ ਨਾਲ ਇੰਜ ਜੋੜਦੇ ਹਨ ਕਿ ਇਕ ਪ੍ਰਥਮ 'ਆਰੰਭ-ਕਰਤਾ' ਹੈ ਸੀ ਜੋ ਬ੍ਰਹਿਮੰਡ ਦਾ ਮੁੱਖ ਚਾਲਕ ਹੈ | ਲੋਕ ਪੁੱਛਦੇ ਸਨ ਕਿ ਜੇ ਬ੍ਰਹਿਮੰਡ ਇਕ ਸਮੇਂ ਰੱਬ ਦੁਆਰਾ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਤੋਂ ਪਹਿਲਾਂ ਰੱਬ ਕੀ ਕਰਦਾ ਰਿਹਾ ਸੀ? ਕੀ ਉਹ ਉਨ੍ਹਾਂ ਲੋਕਾਂ ਵਾਸਤੇ ਦੋਜ਼ਖ ਤਿਆਰ ਕਰ ਰਿਹਾ ਸੀ ਜੋ ਅਜਿਹੇ ਸਵਾਲ ਪੁੱਛਦੇ ਹਨ?--- ਬ੍ਰਹਿਮੰਡ ਕਦੀ ਸ਼ੁਰੂ ਹੋਇਆ ਸੀ ਕਿ ਨਹੀਂ, ਇਸ ਤੱਥ ਨੇ ਜਰਮਨ ਦਾਰਸ਼ਨਿਕ 'ਇਮਾਨਿਉਲ ਕਾਂਤ' ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ |
ਜੇ ਬ੍ਰਹਿਮੰਡ ਕਦੀ ਆਰੰਭਿਆ ਸੀ ਤਾਂ ਬ੍ਰਹਿਮੰਡ ਨੇ ਇਸ ਤੋਂ ਪਹਿਲਾਂ ਬੀਤੇ ਅਨੰਤ ਕਾਲ ਤੱਕ ਸ਼ੁਰੂ ਹੋਣ ਲਈ ਸਬਰ ਕਿਵੇਂ ਕੀਤਾ? ਅਤੇ ਦੂਜੇ ਪਾਸੇ ਜੇ ਇਹ ਸਦਾ ਤੋਂ ਹੀ ਇੰਜ ਹੈ ਤਾਂ ਇਸ ਨੂੰ ਵਰਤਮਾਨ ਸਥਿਤੀ ਤੱਕ ਪੁੱਜਣ ਲਈ (ਭਾਵ ਕਿ ਆਧੁਨਿਕ ਮਨੁੱਖ ਤੱਕ ਪੁੱਜਣ ਲਈ) ਏਨਾ ਸਮਾਂ ਕਿਓਾ ਲੱਗ ਗਿਆ? ਇਨ੍ਹਾਂ ਦੋਵਾਂ, ਵਾਦ ਤੇ ਵਿਵਾਦ ਦੌਰਾਨ, ਕਾਂਤ ਦੇ (ਅਤੇ ਆਮ ਲੋਕਾਂ ਦੇ ਵੀ) ਵਿਚਾਰ ਇਹ ਬਣੇ ਰਹੇ ਕਿ ਸਮਾਂ ਨਿਰਪੇਖ (ਐਬਸੋਲਿਊਟ) ਹੈ | ਭਾਵ ਇਹ ਕਿ ਸਮਾਂ ਅਨੰਤ ਭੂਤਕਾਲ ਤੋਂ ਅਨੰਤ ਭਵਿਖਤ ਤੱਕ ਇਕਸਾਰ ਚੱਲਦਾ ਰਹੇਗਾ, ਇਸ ਗੱਲ ਦੀ ਨਾ ਪਰਵਾਹ ਕਰਦੇ ਹੋਏ ਕਿ ਪਿਛੋਕੜ ਵਿਚ ਬ੍ਰਹਿਮੰਡ ਹੈ ਜਾਂ ਨਹੀਂ ਹੈ (ਆਮ ਲੋਕਾਂ ਦੀ ਧਾਰਨਾ ਇਹੋ ਹੁੰਦੀ ਹੈ) | ਪਰ, ਸੰਨ 1915 ਵਿਚ ਐਲਬਰਟ ਆਈਨਸਟਾਈਨ ਦੇ ਇਨਕਲਾਬੀ 'ਜਨਰਲ ਰੈਲੇਟਿਵਿਟੀ 'ਸਿਧਾਂਤ ਨੇ ਸੋਚਣੀ ਵਿਚ ਇਕ ਨਵਾਂ ਮੋੜ ਲੈ ਆਂਦਾ | ਉਸ ਅਨੁਸਾਰ ਸਮਾਂ ਤੇ ਪੁਲਾੜ ਨਿਰਪੇਖ ਨਹੀਂ ਸਗੋਂ ਵੇਗਵਾਨ ਹਨ ਜੋ ਕਿ ਸਿ੍ਸ਼ਟੀ ਵਿਚ ਮੌਜੂਦ ਪਦਾਰਥ ਅਤੇ ਊਰਜਾ 'ਤੇ ਨਿਰਭਰ ਕਰਦੇ ਹਨ | ਉਨ੍ਹਾਂ ਦੀ ਵਿਆਖਿਆ ਬ੍ਰਹਿਮੰਡ ਦੇ ਵਿਚ ਹੀ ਹੁੰਦੀ ਹੈ, ਉਸ ਤੋਂ ਬਾਹਰ ਨਹੀਂ | ਆਰੰਭ ਤੋਂ ਪਹਿਲਾਂ ਕੀ ਸੀ? ਇਹ ਤਾਂ ਅਜਿਹਾ ਪ੍ਰਸ਼ਨ ਪੁੱਛਣ ਦੇ ਤੁਲ ਹੈ ਕਿ 'ਦੱਖਣੀ ਧਰੁਵ ਦੇ ਦੱਖਣ ਵਿਚ ਕੀ ਹੈ'? ਇਸ ਤਰ੍ਹਾਂ ਆਰੰਭ ਕਾਲ ਤੋਂ ਪਹਿਲਾਂ ਸਮੇਂ ਦੀ ਹੋਂਦ ਬਾਰੇ ਪੁੱਛਣਾ ਅਰਥਹੀਣ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-444/1, ਅਰਬਨ ਅਸਟੇਟ, ਪਟਿਆਲਾ |
-ਮੋਬਾਈਲ : 98143-48697.

ਗੱਲ ਸਮਾਂ, ਸਿਹਤ ਤੇ ਸਮਾਰਟ ਫੋਨ ਦੀ

ਅੱਜ ਦੇ ਤੇਜ਼ ਰਫ਼ਤਾਰ ਸਮੇਂ ਨੂੰ ਤਕਨਾਲੋਜੀ ਨੇ ਇਸ ਦੀ ਚਾਲ ਹੋਰ ਵੀ ਤੇਜ਼ ਕਰ ਦਿੱਤੀ ਹੈ ਜਿਸ ਨਾਲ ਭਾਵੇਂ ਜ਼ਿੰਦਗੀ ਵਿਚ ਕੰਮ ਕਰਨ ਦੇ ਤਰੀਕੇ ਮੁੱਢੋਂ ਹੀ ਬਦਲ ਚੁੱਕੇ ਹਨ, ਪਰ ਮਨੁੱਖ ਆਪਣੀ ਨਿੱਜੀ ਜ਼ਿੰਦਗੀ ਦੇ ਜ਼ਰੂਰੀ ਫ਼ਲਸਫ਼ੇ ਤੋਂ ਕੋਹਾਂ ਦੂਰ ਜਾ ਰਿਹਾ ਹੈ ਜਿਸ ਕਾਰਨ ਅੱਜ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਖੇਡ ਮੈਦਾਨਾਂ ਤੱਕ ਚੁੱਪ ਪਸਰ ਚੁੱਕੀ ਹੈ | ਇਸ ਦੀ ਮਾਰ ਤੋਂ ਕਿਸੇ ਵੀ ਵਰਗ ਦੇ ਲੋਕ ਨਹੀਂ ਬਚ ਸਕੇ, ਸਗੋਂ ਬਚੇ ਹੋਏ ਵੀ ਦੇਖੋ-ਦੇਖੀ ਇਸ ਦੇ ਭਰਮ-ਜਾਲ ਵਿਚ ਫਸ ਗਏ | ਕਿਉਂਕਿ ਹਰ ਛੋਟੀ-ਵੱਡੀ ਕੰਪਨੀ ਨੇ ਆਪਣੇ ਸਮਾਰਟ ਫੋਨ ਲੋਕਾਂ ਦੀ ਵਿੱਤ ਮੁਤਾਬਿਕ ਉਨ੍ਹਾਂ ਦੇ ਹੱਥਾਂ ਵਿਚ ਪਹੁੰਚਾ ਦਿੱਤੇ, ਪਰ ਅਮਰੀਕਾ ਦੀ ਇਕ ਕੰਪਨੀ ਵਲੋਂ ਸਮਾਰਟ ਫੋਨ ਦੀ ਚੜ੍ਹਤ ਪਿਛੇ ਵੱਡੀ ਮਿਹਨਤ ਲਗਾਈ ਹੈ | 2004 ਵਿਚ ਸਟੀਵ ਜਾਬਸ ਨੇ ਪ੍ਰੋਜੈਕਟ ਪਰਪਲ ਦੇ ਨਾਂਅ 'ਤੇ ਇਸ ਦੇ ਪਹਿਲੇ ਫੋਨ ਦੀ ਖੋਜ ਲਈ 1000 ਸਾਫਟਵੇਅਰ ਇੰਜੀਨੀਅਰਾਂ ਦੀ ਫ਼ੌਜ ਦੇ ਨਾਲ 150 ਮਿਲੀਅਨ ਅਮਰੀਕੀ ਡਾਲਰਾਂ ਦੀ ਵੱਡੀ ਕੀਮਤ ਅਤੇ 30 ਮਹੀਨਿਆਂ ਦੀ ਸਖ਼ਤ ਮਿਹਨਤ ਕਰ ਕੇ ਅਖੀਰ 29 ਜੂਨ, 2007 ਨੂੰ 4 ਤੇ 8 ਜੀ.ਬੀ. ਦੇ ਆਈਫੋਨ 499 ਤੇ 599 ਅਮਰੀਕੀ ਡਾਲਰ ਦੀ ਕੀਮਤ 'ਤੇ ਆਮ ਲੋਕਾਂ ਨੂੰ ਅਮਰੀਕਾ ਦੇ ਲੋਕਲ ਸਮੇਂ ਸ਼ਾਮ 6 ਵਜੇ ਤੋਂ ਵੇਚਣੇ ਸ਼ੁਰੂ ਕਰ ਦਿੱਤੇ ਸਨ | ਪਹਿਲੀ ਜਨਰੇਸ਼ਨ ਦੇ ਆਈਫੋਨ ਨੇ 2008 ਦੇ ਪਹਿਲੇ 3-4 ਮਹੀਨਿਆਂ ਦੇ ਅੰਤ ਤੱਕ 6.1 ਮਿਲੀਅਨ ਇਕਾਈਆਂ ਵੇਚ ਦਿੱਤੀਆਂ ਸਨ | ਇਸ ਤਰ੍ਹਾਂ ਇਕੱਲੇ ਐਪਲ ਨੇ ਸਮਾਰਟ ਫੋਨ ਦੀ ਮਾਰਕੀਟ 'ਤੇ 50 ਫ਼ੀਸਦੀ ਕਬਜ਼ਾ ਕਰ ਲਿਆ | 2007 ਤੋਂ 2016 ਤੱਕ ਆਪਣੀ ਕਾਮਯਾਬੀ ਦੇ ਝੰਡੇ ਬੁਲੰਦ ਰਖਦਿਆਂ ਹੋਇਆਂ 25 ਸਤੰਬਰ, 2015 ਨੂੰ 6 ਐਸ ਅਤੇ 6 ਐਸ ਪਲੱਸ, 60,000 ਦੀ ਭਾਰੀ ਕੀਮਤ ਵਾਲਾ ਅਤੇ 31 ਅਪ੍ਰੈਲ, 2016 ਨੂੰ ਐਸ.ਈ. 22,000 ਕੀਮਤ ਵਾਲੇ ਦਰਮਿਆਨੇ ਆਈ ਫੋਨ ਨਾਲ ਅੱਜ ਵੀ 43.6 ਫ਼ੀਸਦੀ ਕਬਜ਼ਾ ਬਰਕਰਾਰ ਹੈ | ਜਿਸ ਵਿਚ ਕੋਰੀਆ ਦੀ ਕੰਪਨੀ ਨੂੰ ਸਿਰਫ਼ 27.6 ਫ਼ੀਸਦੀ, ਇਕ ਹੋਰ ਨੂੰ 9.4 ਫ਼ੀਸਦੀ ਦੀ ਮਾਰਕੀਟ ਨਾਲ ਸਬਰ ਕਰਨਾ ਪਿਆ | ਭਾਰਤ ਵਿਚ ਸਾਲ ਦੇ ਅੰਤ ਤੱਕ 204.1 ਮਿਲੀਅਨ ਸਮਾਰਟ ਫੋਨ ਵਰਤਣ ਵਾਲੇ ਲੋਕ ਹੋ ਜਾਣਗੇ, ਜਦੋਂਕਿ ਪੂਰੀ ਦੁਨੀਆ ਵਿਚ ਇਸ ਦੀ ਗਿਣਤੀ 2 ਬਿਲੀਅਨ ਨੂੰ ਪਾਰ ਕਰ ਜਾਵੇਗੀ | ਮੌਜੂਦਾ ਸਮੇਂ ਵਿਚ ਐਪਲ, ਇਕੱਲੀ ਕੰਪਨੀ ਅਮਰੀਕਾ ਦੇ ਕੁੱਲ ਘਰੇਲੂ ਉਤਪਾਦ (74P) ਵਿਚ 1.25 ਫ਼ੀਸਦੀ ਹਿੱਸਾ ਪਾਉਂਦੀ ਹੈ |
ਸਮਾਰਟ ਫੋਨ ਇਕ ਚੰਗੇ ਉਪਯੋਗੀ ਵਾਸਤੇ ਗੁਣਾਂ ਦੀ ਵੱਡੀ ਖਾਣ ਹੈ ਜਿਸ ਨਾਲ ਉਹ ਲੈਪਟਾਪ ਜਾਂ ਕੰਪਿਊਟਰ ਤੋਂ ਬਿਨਾਂ ਆਪਣੇ ਦਫ਼ਤਰ ਦੇ ਹਰ ਕੰਮ ਵਿਚ ਵਰਤ ਸਕਦਾ ਹੈ | ਫੋਨ ਦੇ ਨਾਲ ਪੂਰੀ ਦੁਨੀਆ ਨਾਲ ਜੁੜ ਕੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨੀਆਂ ਸੰਭਵ ਹਨ ਅਤੇ ਘਰ ਜਾਂ ਦਫਤਰ ਬੈਠਿਆਂ ਬਿਨਾਂ ਸਮਾਂ ਨਸ਼ਟ ਕੀਤੇ ਵੱਖ-ਵੱਖ ਸੋਸ਼ਲ ਸਾਈਟਸ ਤੋਂ ਖਰੀਦਦਾਰੀ, ਫ਼ਿਲਮਾਂ, ਬੱਸਾਂ ਅਤੇ ਟਰੇਨਾਂ ਦੀ ਟਿਕਟ ਸਕਿੰਟਾਂ ਵਿਚ ਪ੍ਰਾਪਤ ਕਰ ਸਕਦੇ ਹਾਂ | ਵਿਦੇਸ਼ਾਂ ਵਿਚ ਬੈਠੇ ਰਿਸ਼ਤੇਦਾਰਾਂ ਨਾਲ ਮੁਫਤੋ-ਮੁਫ਼ਤ ਗੱਲਾਂ ਦੇ ਨਾਲੋ-ਨਾਲ ਮਿੰਟਾਂ-ਸਕਿੰਟਾਂ ਵਿਚ ਕਾਗਜ਼ ਪੱਤਰ ਭੇਜਣ ਦੀ ਸੁਵਿਧਾ ਵੀ ਉਪਲਬੱਧ ਹੈ | ਕਿੰਨੇ ਹੀ ਪੰਜਾਬੀ ਗਾਇਕਾਂ ਨੇ ਬਿਨਾਂ ਪੈਸੇ ਖਰਚ ਕੀਤੇ ਯੂ-ਟਿਊਬ 'ਤੇ ਆਪਣੇ ਗਾਣੇ ਪਾਏ ਤੇ ਰਾਤੋ-ਰਾਤ ਸਟਾਰ ਬਣ ਗਏ | ਇਸ ਬਹੁ-ਉਪਯੋਗ ਦੇ ਹੰੁਦਿਆਂ ਵੀ ਇਸ ਦੇ ਦੁਰਉਪਯੋਗਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਜਿਸ ਕਾਰਨ ਜ਼ਿੰਦਗੀ ਦੇ ਅਣਭੁੱਲ ਤੇ ਅਨਮੋਲ ਪਲਾਂ ਤੋਂ ਬੱਚੇ ਤੇ ਨੌਜਵਾਨ ਵਾਂਝੇ ਰਹਿ ਰਹੇ ਹਨ, ਕਿਉਂਕਿ ਅਜਿਹਾ ਕੋਈ ਹੀ ਘਰ ਹੋਵੇਗਾ, ਜਿਥੇ ਬੱਚਿਆਂ ਦੇ ਗੇਮ ਖੇਡਣ ਲਈ ਅਲੱਗ ਤੋਂ ਟੈਬ ਜਾਂ ਫੋਨ ਉਪਲਬੱਧ ਨਾ ਹੋਵੇ | ਜਿਥੇ ਫੋਨ ਦੀਆਂ ਖ਼ਤਰਨਾਕ ਰੇਡੀਓ ਐਕਟਿਵ ਤਰੰਗਾਂ ਦੇ ਨਾਲ ਉਨ੍ਹਾਂ ਦੇ ਕੋਮਲ ਬਚਪਨ ਨੂੰ ਨੁਕਸਾਨ ਹੁੰਦਾ ਹੈ, ਉਥੇ ਹੀ ਉਨ੍ਹਾਂ ਦੇ ਸਰੀਰਕ ਵਾਧੇ 'ਤੇ ਵੀ ਅਸਰ ਪੈਂਦਾ ਹੈ, ਬਾਹਰ ਖੇਡਣ ਦੀ ਬਜਾਏ ਉਹ ਘਰ ਬੈਠੇ ਰਹਿਣ ਕਰਕੇ ਸਮਾਜਿਕ ਦੁਨੀਆ ਦੇ ਮੇਲ-ਜੋਲ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਬਚਪਨ ਦੀਆਂ ਖੇਡਾਂ ਜਿਵੇਂ ਲੁਕਣ-ਮੀਚੀ, ਗੁੱਲੀ-ਡੰਡਾ, ਖੱਡਾ, ਬੰਟੇ ਜਾਂ ਰੋੜੇ ਖੇਡਣਾ, ਪੀਂਘ ਝੂਠਣ ਆਦਿ ਅਲੋਪ ਹੋ ਰਹੀਆਂ ਹਨ |
ਨੌਜਵਾਨ ਪੀੜ੍ਹੀ ਇਸ ਦੀ ਸਭ ਤੋਂ ਵੱਧ ਮਾਰ ਹੇਠ ਹੈ | ਇਹ ਫੇਸਬੁੱਕ, ਵਟਸਐਪ ਜਾਂ ਦੂਸਰੀਆਂ ਸਾਈਟਸ ਦੇ ਕਾਰਨ ਬਿਨਾਂ ਕੰਮ ਤੋਂ ਕੀਮਤੀ ਸਮਾਂ ਦਿਨ-ਰਾਤ ਘੰਟਿਆਂਬੱਧੀ ਜ਼ਾਇਆ ਕਰਦੇ ਹਨ ਜਿਸ ਨਾਲ ਉਹ ਉਨੀਂਦਰੇ, ਦਿਮਾਗੀ ਪ੍ਰੇਸ਼ਾਨੀ ਜਾਂ ਥਕਾਵਟ ਦੇ ਕਾਰਨ ਨਵੀਆਂ ਬਿਮਾਰੀਆਂ ਸਹੇੜਦੇ ਹਨ ਅਤੇ ਸਰੀਰਕ ਕਸਰਤ ਨਾ ਹੋਣ ਕਰਕੇ ਅਜਿਹੀਆਂ ਬਿਮਾਰੀਆਂ ਹੋਰ ਵੀ ਘਾਤਕ ਹੋ ਜਾਂਦੀਆਂ ਹਨ | ਆਪਣੇ ਵਪਾਰਕ ਵਾਧੇ ਦੇ ਲਈ ਮੋਬਾਈਲ ਕੰਪਨੀਆਂ ਵੱਲੋਂ ਰਾਤ ਨੂੰ ਮੁਫ਼ਤ ਗੱਲਾਂ ਕਰਨ ਦੇ ਲਾਲਚ ਕਾਰਨ ਨੌਜਵਾਨ ਪਾੜਿ੍ਹਆਂ ਦਾ ਰਾਤ ਨੂੰ ਪੜ੍ਹਨ ਦਾ ਸਮਾਂ ਵੀ ਨਸ਼ਟ ਹੋ ਰਿਹਾ ਹੈ | ਸੈਲਫੀਆਂ ਦੀ ਮਾਨਸਿਕ ਬਿਮਾਰੀ ਕਾਰਨ ਅੱਜ ਇਹ ਫੋਨ ਹੋਰ ਵੀ ਘਾਤਕ ਹੋ ਗਏ ਹਨ | ਕੁਝ ਰਾਜਾਂ ਨੇ ਫੋਟੋਆਂ ਖਿੱਚਣ ਦੇ ਖ਼ਤਰਨਾਕ ਸਥਾਨਾਂ 'ਤੇ ਕਾਨੂੰਨੀ ਪਾਬੰਦੀ ਲਗਾ ਦਿੱਤੀ ਹੈ | ਡਾਕਟਰੀ ਖੋਜ ਦੇ ਅਨੁਸਾਰ ਜ਼ਿਆਦਾ ਵਰਤੋਂ ਦੇ ਕਾਰਨ ਮੋਬਾਈਲ ਫੋਨ ਦੀਆਂ ਰੇਡੀਓ ਐਕਟਿਵ ਤਰੰਗਾਂ ਦੇ ਨਾਲ ਦਿਮਾਗੀ ਟਿਊਮਰ, ਹਾਈਬਲੱਡ ਪ੍ਰੈਸ਼ਰ, ਕੰਨਾਂ ਤੋਂ ਘਟ ਸੁਣਨਾ, ਵਰਗੀਆਂ ਹੋਰ ਅਨੇਕਾਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ | ਗਰਭਵਤੀ ਔਰਤਾਂ ਲਈ ਮੋਬਾਈਲ ਫੋਨ ਦੀ ਵਰਤੋਂ ਬੱਚੇ ਲਈ ਸਿੱਧੇ ਤੌਰ 'ਤੇ ਘਾਤਕ ਹੈ ਜਿਸ ਕਾਰਨ ਬੰਗਲਾਦੇਸ਼ ਸਰਕਾਰ ਨੇ ਅਧਿਕਾਰਕ ਤੌਰ 'ਤੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਫੋਨ ਵਰਤਣ ਦੀ ਪਾਬੰਦੀ ਘੋਸ਼ਿਤ ਕੀਤੀ ਹੈ | ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ 2013 ਵਿਚ ਇੰਟਰਨੈੱਟ ਦੀ ਵਰਤੋਂ 189.6 ਮਿਲੀਅਨ ਸੀ ਜੋ ਕਿ 2017 ਦੇ ਅੰਤ ਤੱਕ 503 ਮਿਲੀਅਨ ਹੋ ਸਕਦੀ ਹੈ | ਅਗਸਤ 2015 ਫੇਸਬੁੱਕ ਦੇ ਸਰਵੈ ਮੁਤਾਬਿਕ ਇਸ ਦੀ ਵਰਤੋਂ ਕਰਨ ਵਾਲੇ ਉਮਰ ਵਰਗ ਆਧਾਰ 'ਤੇ 13 ਤੇ 19 ਸਾਲ ਤੱਕ 26 ਫ਼ੀਸਦੀ, 30 ਤੋਂ 39 ਤੱਕ 16 ਫ਼ੀਸਦੀ, 40 ਤੋਂ 49 ਤੱਕ 5.2 ਫ਼ੀਸਦੀ ਜਦਕਿ 20 ਤੋਂ 29 ਸਾਲ ਤੱਕ ਦੇ ਨੌਜਵਾਨ ਸਭ ਤੋਂ ਵੱਧ 51 ਫ਼ੀਸਦੀ ਵਰਤੋਂ ਕਰਦੇ ਹਨ | ਇਸੇ ਤਰ੍ਹਾਂ ਵਟਸਐਪ ਕੰਪਨੀ ਵਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਜਨਵਰੀ 2015 ਤੱਕ 700 ਮਿਲੀਅਨ ਲੋਕ ਵਟਸਐਪ ਦੀ ਵਰਤੋਂ ਕਰਦੇ ਸਨ ਅਤੇ ਇਕ ਦਿਨ ਵਿਚ 30 ਬਿਲੀਅਨ ਸੁਨੇਹਿਆਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ |
ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (91M19) ਅਤੇ ਇੰਡੀਅਨ ਮਾਰਕੀਟ ਰਿਸਰਚ ਬਿਊਰੋ (9MR2) ਇੰਟਰਨੈਸ਼ਨਲ ਦੇ ਸਰਵੇ ਅਨੁਸਾਰ ਇੰਟਰਨੈੱਟ ਆਫ਼ ਇੰਡੀਆ 2015 ਦੀ ਰਿਪੋਰਟ ਵਿਚ ਦਸੰਬਰ 2015 ਤੱਕ 402 ਮਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਸਨ ਜੋ ਕਿ ਚੀਨ ਦੇ 600 ਮਿਲੀਅਨ ਲੋਕਾਂ ਤੋਂ ਬਾਅਦ ਦੂਜੇ ਨੰਬਰ 'ਤੇ ਹੈ | ਇਸੇ ਤਰ੍ਹਾਂ 91M19 ਜੂਨ, 2016 ਦੀ ਮੋਬਾਈਲ ਇੰਟਰਨੈੱਟ ਰਿਪੋਰਟ ਮੁਤਾਬਿਕ ਭਾਰਤ ਵਿਚ ਸ਼ਹਿਰੀ ਖੇਤਰ ਦੇ 262 ਮਿਲੀਅਨ ਅਤੇ ਪੇਂਡੂ ਖੇਤਰ ਦੇ 109 ਮਿਲੀਅਨ ਲੋਕ ਮੋਬਾਈਲ ਇੰਟਰਨੈੱਟ ਵਰਤ ਰਹੇ ਹਨ | ਭਾਵੇਂ ਇਨ੍ਹਾਂ ਅੰਕੜਿਆਂ ਨੂੰ ਪੜ੍ਹ ਕੇ ਸਾਨੂੰ ਖੁਸ਼ੀ ਵੀ ਹੁੰਦੀ ਹੈ ਕਿ ਇਕ ਵਿਕਾਸਸ਼ੀਲ ਦੇਸ਼ ਦੇ ਲੋਕ ਇੰਨੀ ਵੱਡੀ ਗਿਣਤੀ ਵਿਚ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਵਰਤੋਂਕਾਰਾਂ ਵਿਚੋਂ ਮਨਪ੍ਰਚਾਵੇ ਵਜੋਂ ਵਰਤ ਰਹੇ ਲੋਕਾਂ ਨੂੰ ਘਟਾ ਦਿੱਤਾ ਜਾਵੇ ਤਾਂ ਸੁਚੱਜੀ ਵਰਤੋਂ ਦੇ ਲੋਕਾਂ ਦੀ ਗਿਣਤੀ ਬਹੁਤ ਘੱਟ ਗਿਣਤੀ ਵਿਚ ਰਹਿ ਜਾਵੇਗੀ |
ਇਹ ਲੋਕ ਜਿਥੇ ਆਪਣਾ ਸਮਾਂ ਬਰਬਾਦ ਕਰਦੇ ਹਨ, ਉਥੇ ਹੀ ਆਪਣੀ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਤੋਂ ਵੀ ਅਣਜਾਣ ਹਨ | ਨਵੀਂ ਤਕਨਾਲੋਜੀ ਦੀ ਵਰਤੋਂ ਸਾਨੂੰ ਅਗਾਂਹਵਧੂ ਲੋਕਾਂ ਵਿਚ ਜ਼ਰੂਰ ਸ਼ੁਮਾਰ ਕਰ ਦਿੰਦੀ ਹੈ | ਬਸ਼ਰਤੇ ਇਸ ਨਾਲ ਅਸੀਂ ਸਮਾਰਟ ਮੋਬਾਈਲ ਉਪਯੋਗੀ ਨਹੀਂ ਬਣ ਜਾਂਦੇ, ਕਿਉਂਕਿ ਸਾਇੰਸ ਦੀ ਹਰ ਖੋਜ ਵਿਚ ਉਸ ਦੀਆਂ ਲਾਭ ਅਤੇ ਹਾਨੀਆਂ ਨਾਲੋ-ਨਾਲ ਚਲਦੀਆਂ ਹਨ ਪਰ ਅਜਿਹਾ ਨਹੀਂ ਕਿ ਬਹੁਤਾਤ ਲਾਭ ਦੇ ਮਿਲਦਿਆਂ ਅਸੀਂ ਉਸ ਦੀਆਂ ਹਾਨੀਆਂ ਨੂੰ ਅਖੋਂ ਪਰੋਖੇ ਹੀ ਕਰ ਜਾਈਏ | ਸੋ, ਸਾਨੂੰ ਸਮਾਂ, ਸਿਹਤ ਦਾ ਧਿਆਨ ਰੱਖਦੇ ਹੋਏ ਸਮਾਰਟ ਫੋਨ ਨੂੰ ਸਮਾਰਟ ਵਰਤੋਂਕਾਰ ਬਣ ਕੇ ਵਰਤਣਾ ਚਾਹੀਦਾ ਹੈ |

-ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ, (ਪੰਜਾਬ)
ਮੋਬਾਈਲ : 99880-03419.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-133

ਮਾਨਵਵਾਦੀ ਸਿਨੇਮਾ ਦਾ ਪੈਰੋਕਾਰ ਵੀ. ਸ਼ਾਂਤਾਰਾਮ

ਮੁੰਬਈ ਦੇ ਸੈਂਟਰਲ ਰੇਲਵੇ ਸਟੇਸ਼ਨ ਦੇ ਬਿਲਕੁਲ ਹੀ ਨਾਲ ਲਗਦੀ ਪਰੇਲ ਦੀ ਇਕ ਸੜਕ 'ਤੇ ਵੀ. ਸ਼ਾਂਤਾਰਾਮ ਦਾ ਰਾਜ ਕਮਲ ਸਟੂਡੀਓ ਸਥਿਤ ਹੈ। ਇਹ ਸਟੂਡੀਓ ਫ਼ਿਲਮ ਨਿਰਮਾਣ ਨਾਲ ਸਬੰਧਿਤ ਹਰੇਕ ਤਰ੍ਹਾਂ ਦੀਆਂ ਸਹੂਲਤਾਂ (ਡਬਿੰਗ, ਰਿਕਾਰਡਿੰਗ, ਪ੍ਰੋਸੈਸਿੰਗ, ਲੈਬਾਰਟਰੀ, ਸਟੀਰੀਓਫੋਨਿਕ ਸਾਊਂਡ ਆਦਿ) ਪ੍ਰਦਾਨ ਕਰਦਾ ਹੈ। 'ਸ਼ੋਅਲੇ' ਵਰਗੀ ਸੁਪਰਹਿੱਟ ਫ਼ਿਲਮ ਦਾ ਸਾਊਂਡ ਟਰੈਕ ਇਨ੍ਹਾਂ ਸਹੂਲਤਾਂ ਦੇ ਸਹਿਯੋਗ ਨਾਲ ਹੀ ਤਿਆਰ ਕੀਤਾ ਗਿਆ ਸੀ।
ਇਸ ਚਰਚਿਤ ਨਿਰਮਾਣ ਕੇਂਦਰ ਨੂੰ ਬਣਾਉਣ ਵਾਲੇ ਸ਼ਾਂਤਾਰਾਮ ਰਾਜਾਰਾਮ ਵਨਕੁਦਰੇ ਦੀ ਜੀਵਨ ਗਾਥਾ ਵੀ ਉਸ ਦੀਆਂ ਫ਼ਿਲਮਾਂ ਦੀ ਤਰ੍ਹਾਂ ਹੀ ਦਿਲਚਸਪੀ ਅਤੇ ਗੰਭੀਰਤਾ ਦਾ ਮਿਸ਼ਰਣ ਪ੍ਰਦਾਨ ਕਰਦੀ ਹੈ। ਉਸ ਦਾ ਜਨਮ 18 ਨਵੰਬਰ, 1901 ਨੂੰ ਕੋਲਹਾਪੁਰ 'ਚ ਜੈਨ ਮਰਾਠੀ ਪਿਤਾ ਅਤੇ ਹਿੰਦੂ ਮਾਤਾ ਦੇ ਘਰ 'ਚ ਹੋਇਆ ਸੀ। ਵੀ. ਸ਼ਾਂਤਾਰਾਮ ਦਾ ਝੁਕਾਅ ਸ਼ੁਰੂ ਤੋਂ ਹੀ ਸਿਨੇਮਾ ਵੱਲ ਸੀ। ਇਸ ਲਈ ਉਸ ਨੇ ਕੋਲਹਾਪੁਰ 'ਚ ਸਥਿਤ ਬਾਊ ਰਾਓ ਪੇਂਟਰ ਦੀ ਮਹਾਰਾਸ਼ਟਰ ਫਿਲਮ ਕੰਪਨੀ 'ਚ ਨੌਕਰੀ ਕਰ ਲਈ ਸੀ। ਕਈ ਤਰ੍ਹਾਂ ਦੇ ਫੁਟਕਲ ਕੰਮ ਕਰਨ ਤੋਂ ਬਾਅਦ ਉਸ ਨੂੰ ਬਤੌਰ ਅਭਿਨੇਤਾ 'ਸੁਰੇਖਾ ਹਰਨ' ਨਾਮਕ ਇਕ ਧਾਰਮਿਕ ਫ਼ਿਲਮ 'ਚ ਕੰਮ ਕਰਨ ਦਾ ਅਵਸਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਅਨੇਕਾਂ ਹੀ ਧਾਰਮਿਕ ਰੰਗਤ ਵਾਲੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ।
ਕਿਉਂਕਿ ਧਾਰਮਿਕ ਫ਼ਿਲਮਾਂ ਬਣਾਉਣ ਦਾ ਹੀ ਉਸ ਵੇਲੇ ਦੌਰ ਸੀ, ਇਸ ਲਈ ਸ਼ਾਂਤਾਰਾਮ ਨੂੰ ਵੀ ਇਹ ਪ੍ਰੰਪਰਾ ਮਜਬੂਰੀਵਸ ਨਿਭਾਉਣੀ ਪਈ ਸੀ। ਪਰ ਉਸ ਦੇ ਯੋਗਦਾਨ ਦਾ ਜੇਕਰ ਸਹੀ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਮੂਕ ਮੂਵੀਜ਼ ਦੇ ਜਨਕ ਦਾਦਾ ਸਾਹਿਬ ਫਾਲਕੇ ਅਤੇ ਟਾਕੀਜ਼ ਨੂੰ ਹੋਂਦ 'ਚ ਲਿਆਉਣ ਵਾਲੇ ਆਰਦੇਸ਼ੀਰ ਇਰਾਨੀ ਤੋਂ ਬਾਅਦ ਸ਼ਾਂਤਾਰਾਮ ਦਾ ਹੀ ਨੰਬਰ ਆਉਂਦਾ ਹੈ। ਉਸ ਨੇ ਸਿਨੇਮਾ ਨੂੰ ਜਨਤਾ ਦੇ ਉਦੇਸ਼-ਪੂਰਨ ਮੰਤਵ ਲਈ ਵਰਤਿਆ। ਆਪਣੀ ਇਸ ਸੋਚ ਨੂੰ ਅਮਲੀਜਾਮਾ ਪਹਿਨਾਉਣ ਲਈ ਉਸ ਨੇ ਚਾਰ ਸਾਥੀਆਂ (ਕੁਲਕਰਨੀ, ਦਾਮਲੇ, ਫੱਤੇਲਾਲ, ਘਾਏਕਰ) ਨਾਲ ਮਿਲ ਕੇ ਪ੍ਰਭਾਤ ਫ਼ਿਲਮ ਕੰਪਨੀ ਦੀ ਪੂਨਾ 'ਚ ਸਥਾਪਨਾ ਕੀਤੀ। ਸਮਾਜਿਕ ਅਤੇ ਸੁਧਾਰਵਾਦੀ ਫ਼ਿਲਮਾਂ ਬਣਾਉਣ ਦੀ ਪਹਿਲ ਇਸੇ ਕੰਪਨੀ ਨੇ ਹੀ ਕੀਤੀ ਸੀ।
ਪ੍ਰਭਾਤ ਕੰਪਨੀ ਦੇ ਇਸ ਸਮਾਜ ਹਿਤ ਅਤੇ ਦੇਸ਼-ਹਿਤ ਜਾਨੂੰਨ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਸਕਦਾ ਹੈ ਕਿ ਇਸ ਨੇ ਧਾਰਮਿਕ ਫ਼ਿਲਮਾਂ 'ਚ ਵੀ ਰਾਸ਼ਟਰੀ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸਿਨੇਮਾ ਨੂੰ ਉਸ ਵੇਲੇ ਦੇ ਰਾਜਨੀਤਕ, ਆਰਥਿਕ ਹਾਲਾਤ ਦਾ ਪ੍ਰਤੀਨਿਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਗੱਲ ਬਿਲਕੁਲ ਸਹੀ ਹੈ ਕਿ ਇਸ ਕੰਪਨੀ ਨੇ ਬਹੁਤ ਸਾਰੀਆਂ ਫ਼ਿਲਮਾਂ ਮਰਾਠੀ ਭਾਸ਼ਾ 'ਚ ਬਣਾਈਆਂ ਸਨ। ਪਰ ਹਿੰਦੀ ਸਿਨੇਮਾ ਲਈ ਵੀ ਇਸ ਨੇ 'ਦੁਨੀਆ ਨਾ ਮਾਨੇ' (1937), 'ਆਦਮੀ' (1939) ਅਤੇ 'ਪੜੋਸੀ' (1941) ਵਰਗੀਆਂ ਦੇਸ਼ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ। ਇਨ੍ਹਾਂ ਫ਼ਿਲਮਾਂ ਦੇ ਆਧਾਰ 'ਤੇ ਹੀ ਹਿੰਦੀ ਸਿਨੇਮਾ ਦੇਸ਼ ਦੀਆਂ ਜੜ੍ਹਾਂ ਨਾਲ ਜੁੜਿਆ ਸੀ।
ਇਨ੍ਹਾਂ 'ਚੋਂ 'ਪੜੋਸੀ' ਫ਼ਿਲਮ ਦਾ ਵਧੇਰੇ ਜ਼ਿਕਰ ਇਸ ਕਰਕੇ ਆਉਂਦਾ ਹੈ ਕਿਉਂਕਿ ਇਸ 'ਚ ਹਿੰਦੂ-ਮੁਸਲਿਮ ਏਕਤਾ ਨੂੰ ਪ੍ਰਚਾਰਿਤ ਕੀਤਾ ਗਿਆ ਸੀ। ਇਸ 'ਚ ਦੋ ਨਾਇਕ ਸਨ, ਪਰ ਖ਼ੂਬਸੂਰਤ ਗੱਲ ਇਹ ਸੀ ਮੁਸਲਿਮ ਕਿਰਦਾਰ ਨੂੰ ਇਕ ਹਿੰਦੂ ਨੇ ਅਤੇ ਹਿੰਦੂ ਪਾਤਰ ਨੂੰ ਇਕ ਮੁਸਲਿਮ ਨੇ ਰਜਤਪਟ 'ਤੇ ਪੇਸ਼ ਕੀਤਾ ਸੀ।
ਪ੍ਰਭਾਤ 'ਚ ਸ਼ਾਂਤਾਰਾਮ ਦੀ 'ਪੜੋਸੀ' ਅੰਤਿਮ ਫ਼ਿਲਮ ਸੀ। ਦਰਅਸਲ 1940 ਵਿਚ 'ਸੰਤ ਗਿਆਨੇਸ਼ਵਰ' ਦੇ ਨਿਰਮਾਣ ਸਮੇਂ ਉਸ ਦਾ ਆਪਣੇ ਭਾਈਵਾਲਾਂ ਨਾਲ ਝਗੜਾ ਹੋ ਗਿਆ ਸੀ। ਦਾਮਲੇ ਅਤੇ ਫੱਤੇ ਲਾਲ ਉਸ ਤੋਂ ਅਲੱਗ ਹੋ ਗਏ ਸਨ। ਫਿਰ ਜਦੋਂ ਦਾਮਲੇ ਦੀ ਮੌਤ ਹੋ ਗਈ ਤਾਂ ਸਾਰੇ ਹੀ ਭਾਈਵਾਲ ਅਲੱਗ ਹੋ ਗਏ ਸਨ। ਗਾਣੇ ਬਣਾਉਣ ਵਾਲੀ ਇਕ ਕੰਪਨੀ ਏ.ਵੀ.ਐਮ. ਨੇ ਪ੍ਰਭਾਤ ਨੂੰ ਖਰੀਦ ਲਿਆ ਅਤੇ ਅੱਗੋਂ ਕਿਸੇ ਹੋਰ ਅਦਾਰੇ ਨੂੰ ਵੇਚ ਦਿੱਤਾ ਸੀ। 1959 ਵਿਚ ਭਾਰਤ ਸਰਕਾਰ ਨੇ ਇਸੇ ਹੀ ਸਥਾਨ 'ਤੇ ਐਫ.ਟੀ.ਆਈ.ਆਈ. (ਫ਼ਿਲਮ ਟ੍ਰੇਨਿੰਗ ਇੰਸਟੀਟਿਊਟ ਆਫ਼ ਇੰਡੀਆ) ਦੀ ਸਥਾਪਨਾ ਕੀਤੀ ਸੀ। ਫ਼ਿਲਮ ਨਿਰਮਾਣ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ਨੂੰ ਸਰਕਾਰੀ ਪੱਧਰ 'ਤੇ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਸੰਸਥਾ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਵਧੀਆ ਕਲਾਕਾਰ ਅਤੇ ਤਕਨੀਸ਼ੀਅਨ ਦਿੱਤੇ ਹਨ।
ਪ੍ਰਭਾਤ ਤੋਂ ਅਲੱਗ ਹੋ ਕੇ ਵੀ. ਸ਼ਾਂਤਾਰਾਮ ਬੰਬਈ ਆ ਗਏ, ਇਥੇ ਉਨ੍ਹਾਂ ਨੇ ਰਾਜ ਕਮਲ ਕਲਾ ਮੰਦਿਰ ਦੀ ਸਥਾਪਨਾ ਕੀਤੀ। ਸ਼ਾਂਤਾਰਾਮ ਨੇ ਸਦਾ ਹੀ ਕੋਈ ਨਾ ਕੋਈ ਸੰਦੇਸ਼ ਆਪਣੀਆਂ ਕਿਰਤਾਂ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਖੁਦ ਵੀ ਕਈ ਫ਼ਿਲਮਾਂ 'ਚ ਕੰਮ ਕੀਤਾ ਅਤੇ ਆਪਣੀਆਂ ਪਤਨੀਆਂ (ਸੰਧਿਆ, ਜੈ ਸ਼੍ਰੀ) ਤੋਂ ਇਲਾਵਾ ਆਪਣੀ ਬੇਟੀ (ਰਾਜਸ਼੍ਰੀ) ਨੂੰ ਵੀ ਫ਼ਿਲਮਾਂ 'ਚ ਕੰਮ ਕਰਨ ਦੀ ਪ੍ਰੇਰਨਾ ਦਿੱਤੀ।
ਰਾਜਕਮਲ ਦੇ ਬੈਨਰ ਅਧੀਨ ਬਣਨ ਵਾਲੀ ਪਹਿਲੀ ਫ਼ਿਲਮ 'ਸ਼ਕੁੰਤਲਾ' (1949) ਸੀ। ਹਾਲਾਂਕਿ ਇਹ ਇਕ ਮਿਥਿਹਾਸਕ ਫ਼ਿਲਮ ਸੀ, ਪਰ ਇਸ ਦੇ ਮਾਧਿਅਮ ਰਾਹੀਂ ਸ਼ਾਂਤਾਰਾਮ ਨੇ ਦੇਸ਼ ਦੀ ਨਾਰੀ ਨਾਲ ਹੋ ਰਹੇ ਵੱਖ-ਵੱਖ ਤਰ੍ਹਾਂ ਦੇ ਸ਼ੋਸ਼ਣ ਸਬੰਧੀ ਗੰਭੀਰ ਨੁਕਤੇ ਉਠਾਏ ਸਨ। ਬਾਅਦ 'ਚ ਇਸੇ ਹੀ ਵਿਸ਼ੇ ਨੂੰ ਲੈ ਕੇ ਉਸ ਨੇ 'ਇਸਤਰੀ' (1961) ਫ਼ਿਲਮ ਬਣਾਈ ਸੀ। ਇਸ ਦਾ ਨਾਇਕ ਉਹ ਖੁਦ ਸੀ ਜਦੋਂ ਕਿ ਨਾਇਕਾ ਉਸ ਦੀ ਪਤਨੀ ਹੀ ਸੀ।
ਸ਼ਾਂਤਾਰਾਮ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਸਿਰਫ਼ ਪ੍ਰਚਾਰਕ ਹੀ ਨਹੀਂ ਸੀ ਬਲਕਿ ਉਸ ਨੂੰ ਸਿਨੇਮਾ ਦੀਆਂ ਸਾਰੀਆਂ ਹੀ ਵਿਧੀਆਂ (ਕਲਾਵਾਂ) ਦਾ ਸੰਪੂਰਨ ਗਿਆਨ ਸੀ। ਇਸ ਕਰਕੇ ਉਸ ਦੀਆਂ ਫ਼ਿਲਮਾਂ ਦਾ ਤਕਨੀਕੀ ਅਤੇ ਸਿਰਜਣਾਤਮਿਕ ਪੱਖ ਬਹੁਤ ਹੀ ਸ਼ਕਤੀਸ਼ਾਲੀ ਹੋਇਆ ਕਰਦਾ ਸੀ। ਇਸ ਸਬੰਧੀ ਉਸ ਦੀ 1955 ਵਿਚ ਆਈ ਫ਼ਿਲਮ 'ਝਨਕ ਝਨਕ ਬਾਜੇ ਪਾਇਲ' ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ। ਇਸ ਫ਼ਿਲਮ 'ਚ ਨ੍ਰਿਤ ਦੀ ਸਿਰਜਣਾ ਸਬੰਧੀ ਕੀਤੀ ਜਾਣ ਵਾਲੀ ਤਪੱਸਿਆ ਦਾ ਬਿਰਤਾਂਤ ਉਸ ਨੇ ਵਿਸ਼ੇ ਪੱਖ ਵਜੋਂ ਲਿਆ ਸੀ। ਫ਼ਿਲਮ ਦਾ ਨਾਇਕ ਪ੍ਰਸਿੱਧ ਨ੍ਰਿਤਕ ਗੋਪੀ ਕਿਸ਼ਨ ਸੀ। (ਚਲਦਾ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਕ ਵਾਰ ਸ: ਨਾਨਕ ਸਿੰਘ ਨਾਵਲਿਸਟ ਦਾ ਜਨਮ ਦਿਨ ਕੇਂਦਰੀ ਲਿਖਾਰੀ ਸਭਾ, ਜਲੰਧਰ ਨੇ ਜਲੰਧਰ ਵਿਖੇ ਮਨਾਇਆ ਸੀ।
ਉਸ ਪ੍ਰੋਗਰਾਮ ਵਿਚ ਬਾਕੀ ਦੇ ਸਾਹਿਤਕਾਰਾਂ ਤੋਂ ਇਲਾਵਾ ਬਲਰਾਜ ਸਾਹਨੀ ਸਾਹਿਤਕਾਰ ਤੇ ਫ਼ਿਲਮੀ ਆਰਟਿਸਟ ਵੀ ਵਿਸ਼ੇਸ਼ ਤੌਰ 'ਤੇ ਆਏ ਸੀ ਕਿਉਂਕਿ ਬਲਰਾਜ ਸਾਹਨੀ ਸ: ਨਾਨਕ ਸਿੰਘ ਦਾ ਵੀ ਸਨੇਹੀ ਸੀ। ਉਸ ਵਕਤ ਸ: ਜਸਵੰਤ ਸਿੰਘ ਕੰਵਲ ਨੇ ਮੈਨੂੰ ਆਖਿਆ, 'ਬਾਜਵੇ ਸਾਡੀ ਸਾਹਨੀ ਸਾਹਬ ਨਾਲ ਤਸਵੀਰ ਖਿੱਚ ਦੇਹ।' ਕਿਉਂਕਿ ਪ੍ਰਿੰਸੀਪਲ ਸੁਜਾਨ ਸਿੰਘ ਦੀ ਕੰਵਲ ਨਾਲ ਨੇੜਤਾ ਸੀ, ਉਹ ਢੁੱਡੀਕੇ ਪੜ੍ਹਾਉਂਦਾ ਸੀ।
ਇਸ ਕਰਕੇ ਇਨ੍ਹਾਂ ਤਿੰਨਾਂ ਨੇ ਇਕੱਠਿਆਂ ਤਸਵੀਰ ਖਿਚਵਾਈ ਸੀ। ਇਹ ਤਸਵੀਰ ਮੇਰੇ ਕੋਲ ਹੀ ਪਈ ਰਹੀ ਕਿਤੇ ਵੀ ਨਾ ਛਪ ਸਕੀ ਤੇ ਹੁਣ ਭੁੱਲੀਆਂ ਵਿਸਰੀਆਂ ਯਾਦਾਂ ਦੀ ਗਵਾਹੀ ਭਰ ਰਹੀ ਏ।

ਮੋਬਾਈਲ : 98767-41231

ਸ਼ੁਕਰਾਨਾ ਕਰਦੇ ਫ਼ਕੀਰ...

ਦਹਾਕਾ ਪਹਿਲੋਂ ਦੀ ਗੱਲ ਹੈ। ਸਵੇਰ ਸਾਰ ਮੈ ਆਪਣੇ ਵਿਭਾਗ ਗੁਰੂ ਗੋਬਿੰਦ ਸਿੰਘ ਭਵਨ ਜਾ ਰਿਹਾ ਸਾਂ, ਦੇਖਿਆ ਅਫਜ਼ਲ ਅਹਿਸਨ ਰੰਧਾਵਾ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਫਤਰ ਅੱਗੇ ਲਾਅਨ ਵਿਚ ਟਹਿਲ ਰਹੇ ਸਨ। ਪਹਿਲੋਂ ਦੇਖੇ ਸਨ ਕਦੀ, ਸੋ ਪਛਾਣ ਲਏ... ਸਵਾ ਛੇ ਫੁੱਟ ਲੰਮਾਂ ਕੱਦ, ਸੋਹਣੀ ਸਿਹਤ.. ਸੋਹਣੀ ਸ਼ਕਲ ਸੂਰਤ। ਜਾ ਕੇ ਸਲਾਮ ਅਰਜ਼ ਕੀਤੀ, ਕਿਹਾ, 'ਰੰਧਾਵਾ ਸਾਹਿਬ ਮੈਂ ਤੁਹਾਡਾ ਪਾਠਕ ਹਾਂ, ਅਹਿ ਮੇਰਾ ਡਿਪਾਰਟਮੈਂਟ ਹੈ ਸਾਹਮਣੇ, ਮੇਰੇ ਕੁਲੀਗ ਅਤੇ ਵਿਦਿਆਰਥੀ ਤੁਹਾਨੂੰ ਮਿਲ ਕੇ ਫਖਰ ਕਰਨਗੇ ਆਪਣੇ-ਆਪ ਉੱਪਰ। ਚਾਹ ਪਾਣੀ ਪੀਆਂਗੇ, ਤੁਹਾਡੀਆਂ ਗੱਲਾਂ ਸੁਣਾਂਗੇ। ਮਸਰੂਫ ਤਾਂ ਨਹੀਂ?'
ਉਨ੍ਹਾਂ ਕਿਹਾ, 'ਪੂਰਾ ਵਿਹਲਾ ਹਾਂ। ਹੁਕਮ ਸਿਰ ਮੱਥੇ, ਚਲੋ ਚੱਲੀਏ।'
ਚਾਲੀ ਕੁ ਜਣੇ ਵੱਡੇ ਛੋਟੇ ਉਨ੍ਹਾਂ ਦੁਆਲੇ ਬੈਠ ਗਏ, ਇਕ-ਦੂਜੇ ਦਾ ਤੁਆਰਫ ਕਰਵਾਇਆ। ਮੈਂ ਅਰਜ਼ ਕੀਤੀ-ਕੋਈ ਵਾਕਿਆ ਹੁੰਦਾ ਹੈ ਜਿਹੜਾ ਯਾਦ ਰਹਿੰਦੈ ਤੇ ਸੁਣਾਉਣ ਨੂੰ ਦਿਲ ਕਰਦੈ, ਸੁਣਾਓ। ਕਹਿੰਦੇ, 'ਬਾਕੀ ਮਜ਼ਮੂਨ ਤਾਂ ਅਸੀਂ ਸਕੂਲੇ ਪੜ੍ਹ ਲੈਂਦੇ, ਜਿਨ੍ਹਾਂ ਨੇ ਅਰਬੀ ਫਾਰਸੀ ਸਿੱਖਣੀ ਹੁੰਦੀ ਉਹ ਸ਼ਾਮੀਂ ਮਸਜਿਦ ਵਿਚ ਮੌਲਵੀ ਜੀ ਕੋਲ ਪੁੱਜਦੇ। ਮੌਲਵੀ ਜੀ ਛੜੇ ਸਨ, ਅੰਨ ਪਾਣੀ ਆਪੇ ਤਿਆਰ ਕਰਕੇ ਛਕਦੇ। ਕਦੀ ਢਿੱਲੇ ਮੱਠੇ ਹੁੰਦੇ, ਸਾਡੇ ਵਿਚੋਂ ਕੋਈ ਜਣਾ ਇਹ ਜ਼ਿੰਮੇਵਾਰੀ ਆਪਣੇ ਘਰੋਂ ਖਾਣਾ ਲਿਆ ਕੇ, ਖੁਆ ਕੇ ਨਿਭਾ ਜਾਂਦਾ।'
ਇਕ ਸ਼ਾਮ ਪੜ੍ਹਨ ਗਏ, ਮੌਲਵੀ ਜੀ ਨੂੰ ਬੁਖਾਰ ਚੜ੍ਹਿਆ ਹੋਇਆ ਸੀ। ਮੈਂ ਸਾਥੀਆਂ ਨੂੰ ਕਿਹਾ, 'ਅੱਜ ਦਾ ਖਾਣਾ ਮੇਰੇ ਘਰੋਂ।' ਮਾਂ ਨੇ ਦਾਲ ਰੋਟੀ ਬਣਾ ਦਿੱਤੀ, ਜੱਗ ਵਿਚ ਦੁੱਧ ਲੈ ਕੇ ਅੱਬਾ ਨਾਲ ਮਸਜਿਦ ਵੱਲ ਚੱਲ ਪਿਆ। ਖਾਣਾ ਖੁਆਇਆ, ਦੁੱਧ ਪਿਲਾਇਆ। ਅੱਬੂ ਬੋਲੇ, 'ਸਖਤ ਜ਼ਿੰਦਗੀ ਹੈ ਮੌਲਵੀ ਜੀ ਤੁਹਾਡੀ।' ਮੌਲਵੀ ਜੀ ਨੇ ਕਿਹਾ, 'ਹਾਂ, ਸੋ ਤਾ ਹੈ।' ਅੱਬਾ ਨੇ ਪੁੱਛਿਆ, 'ਕਦੀ ਰੱਬ ਅੱਗੇ ਗਿਲਾ ਸ਼ਿਕਵਾ ਨਹੀਂ ਕੀਤਾ ਇਸ ਗੱਲ ਦਾ?' ਮੌਲਵੀ ਜੀ ਬੋਲੇ, 'ਗਿਲਾ ਸ਼ਿਕਵਾ ਕਰਨ ਦਾ ਹੱਕ ਉਸ ਨੂੰ ਹੁੰਦੈ ਭਰਾ ਜਿਸ ਨੇ ਕਦੀ ਸ਼ੁਕਰਾਨਾ ਕੀਤਾ ਹੋਏ। ਸ਼ੁਕਰਾਨਾ ਕਰਨਾ ਹੈ ਇਕ ਉਮਰ, ਸ਼ੁਕਰਾਨਾ ਮਨਜ਼ੂਰ ਹੋ ਗਿਆ ਫਿਰ ਗਿਲੇ ਸ਼ਿਕਵੇ ਵੀ ਕਰ ਲਵਾਂਗੇ ਮਾਲਕ ਸਾਹਵੇਂ।
ੲ ਗੁਲਿਸਤਾਂ ਵਿਚ ਸ਼ੇਖ ਸਾਅਦੀ ਦਾ ਕਥਨ-ਖ਼ਬਰ ਮਿਲੀ ਕਿ ਬੰਦਗੀ ਕਰਦੇ ਮੇਰੇ ਫਕੀਰ ਮਿੱਤਰ ਉੱਪਰ ਚੀਤੇ ਨੇ ਹਮਲਾ ਕਰ ਦਿੱਤਾ, ਜ਼ਖਮੀ ਹਨ। ਖ਼ਬਰਸਾਰ ਵਾਸਤੇ ਉਸ ਦੀ ਝੌਂਪੜੀ ਗਿਆ ਤਾਂ ਦੇਖਿਆ ਉਹ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ। ਹੈਰਾਨ ਹੋ ਕੇ ਮੈਂ ਪੁੱਛਿਆ, 'ਏਨੀ ਮੁਸੀਬਤ ਵਿਚ ਫਸੇ ਹੋ ਹਜ਼ੂਰ ਸ਼ੁਕਰਾਨਾ ਕਿਸ ਗੱਲ ਦਾ?' ਮੁਸਕਰਾਏ ਕਿਹਾ, 'ਮੁਸੀਬਤਾਂ ਵਿਚ ਫਸਿਆ ਹਾਂ ਗ਼ੁਨਾਹਾਂ ਵਿਚ ਤਾਂ ਨਹੀਂ। ਮੁਸੀਬਤ ਆਉਂਦੀ ਹੈ ਫਿਰ ਚਲੀ ਵੀ ਜਾਂਦੀ ਹੈ। ਗੁਨਾਹ ਤਾਂ ਅਗਲੇ ਜਹਾਨ ਤੱਕ ਨਾਲ ਜਾਂਦੇ ਹਨ।'
ੲ ਰਾਬਿੰਦਰਨਾਥ ਟੈਗੋਰ ਦੇ ਬੋਲ
ਤੂੰ ਜ਼ਖਮ ਦਿੱਤੇ ਪਿਤਾ,
ਮੈਂ ਤੇਰਾ ਸ਼ੁਕਰਾਨਾ ਕੀਤਾ।
ਜ਼ਖਮ ਰਾਜ਼ੀ ਹੋਏ,
ਮੈਂ ਤੇਰਾ ਸ਼ੁਕਰਾਨਾ ਕੀਤਾ।
ਤੇਰੇ ਅੱਗੇ ਬੇਨਤੀ ਹੈ ਮੇਰੀ ਇਕ।
ਰਾਜ਼ੀ ਹੋਏ ਜ਼ਖਮਾਂ ਦੇ ਨਿਸ਼ਾਨ ਤਾਂ,
ਦੇਖ ਲਏਂਗਾ ਇਕ ਵਾਰ?

-ਹਰਪਾਲ ਸਿੰਘ ਪੰਨੂ
ਮੋਬਾਈਲ : 94642-51454.

ਐਡਮਿੰਟਨ (ਕੈਨੇਡਾ) ਦਾ ਇਕ ਮਿਊਂਸਪਲ ਪਾਰਕ

ਮਹੀਨਾ ਕੁ ਹੋਇਆ, ਕੈਨੇਡਾ ਦੇਸ਼ 2 ਮਹੀਨੇ ਭਰਮਣ ਕੀਤਾ। ਮੌਸਮ ਖ਼ੁਸ਼ਗਵਾਰ ਸੀ, ਖ਼ੂਬ ਹਰਿਆਵਲ ਅਤੇ ਦਿਲਕਸ਼ ਨਜ਼ਾਰੇ ਵੇਖਣ ਨੂੰ ਮਿਲੇ।
ਅੱਜ ਤੁਹਾਨੂੰ ਇਸ ਦੇ ਐਡਮਿੰਟਨ ਸ਼ਹਿਰ ਦੇ ਲੂਈਸ ਮੈਕਕਿਨੀ ਪਾਰਕ (:ਰਚਤਕ $ਫ. ਾਂਜਅਅਕਖ ૿਼ਗਾ) ਦੀ ਗੇੜੀ ਲਗਵਾਉਂਦਾ ਹਾਂ। ਇਹ ਮਿਊਂਸਪਲ ਪਾਰਕ ਸੈਸਕੈਚਵਾਨ (ਛ਼ਤਾ਼ਵਫੀਕਮ਼ਅ) ਦਰਿਆ ਦੇ ਕਿਨਾਰੇ 1998 'ਚ ਵਿਉਂਤਬੰਦੀ ਕਰ ਕੇ ਬਣਾਇਆ ਗਿਆ। ਜਿਸ ਔਰਤ ਦੇ ਨਾਂਅ 'ਤੇ ਇਹ ਪਾਰਕ ਬਣਾਇਆ ਗਿਆ, ਉਸ ਦਾ ਜਨਮ ਅਤੇ ਮੁਢਲਾ ਜੀਵਨ ਪੇਂਡੂ ਮਾਹੌਲ 'ਚ ਬੀਤਿਆ। ਔਰਤਾਂ ਦੇ ਹੱਕ 'ਚ ਖੂਬ ਆਵਾਜ਼ ਬੁਲੰਦ ਕੀਤੀ, ਆਲਮੀ ਅੰਗਰੇਜ਼ ਹਕੂਮਤ ਦੌਰਾਨ ਉਹ ਪਹਿਲੀ ਮਹਿਲਾ ਸੀ, ਜਿਸ ਨੇ ਪਾਰਲੀਮੈਂਟ ਦੀ ਸੀਟ 1929 'ਚ ਜਿੱਤੀ। ਇਸ ਪਾਰਕ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਧਰਤੀ ਦੇ 13 ਹੈਕਟੇਅਰ ਟੁਕੜੇ 'ਤੇ ਇਹ ਪਾਰਕ ਬਣਾਇਆ ਗਿਆ, ਉਥੇ ਕੂੜਾ ਡੰਪ ਕੀਤਾ ਜਾਂਦਾ ਸੀ।
ਕਤਾਰ 'ਚ ਲਾਈਟਾਂ ਲਗਾ ਕੇ ਪੁਲ ਦੇ ਦੁਆਲੇ ਰੁੱਖ ਜੋ ਪਹਿਲਾਂ ਹਰੇ-ਭਰੇ ਸਨ, ਦੋ ਮਹੀਨੇ ਬਾਅਦ ਆਉਣ ਲੱਗਿਆਂ ਵੇਖੇ ਤਾਂ ਉਨ੍ਹਾਂ ਦਾ ਰੰਗ ਤਾਂਬੇ ਰੰਗਾ ਹੋ ਗਿਆ ਸੀ। ਬਾਅਦ 'ਚ ਬਰਫ਼ਬਾਰੀ 'ਚ ਕਈ ਰੁੱਖ 'ਨਿਰ-ਵਸਤਰ' ਭਾਵ ਪੱਤਾ ਰਹਿਤ ਹੋ ਜਾਂਦੇ ਹਨ ਅਤੇ ਮੌਸਮ-ਏ-ਬਹਾਰ 'ਚ ਫੇਰ ਹਰੇ-ਭਰੇ ਹੋ ਜਾਂਦੇ ਹਨ। ਵਾਹ ਤੇਰੀ ਕੁਦਰਤ ਰੱਬਾ।

ਈਮੇਲ : dosanjhsps@yahoo.com

ਦੁਆਬੇ ਦੇ ਲੋਕ ਗੀਤਾਂ ਵਿਚ ਜੀਵਨ ਦੀ ਝਲਕ

ਪੰਜਾਬੀ ਲੋਕ ਗੀਤ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿਚੋਂ ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਸੁਹਜਮੂਲਕ ਸੁਭਾਅ ਵੀ ਉਘੜਦਾ ਹੈ ਅਤੇ ਕਈ ਪ੍ਰਕਾਰ ਦੇ ਸਮਾਜਿਕ, ਆਰਥਿਕ, ਭਾਈਚਾਰਕ, ਧਾਰਮਿਕ ਅਤੇ ਰੁਮਾਂਟਿਕ ਸਰੋਕਾਰਾਂ ਦਾ ਬੋਧ ਵੀ ਹੁੰਦਾ ਹੈ। ਜਿਥੋਂ ਤੱਕ ਵਿਭਿੰਨ ਉਪ-ਖੰਡਾਂ ਜਾਂ ਵਿਭਿੰਨ ਇਲਾਕਿਆਂ ਦੇ ਲੋਕ ਗੀਤਾਂ ਦਾ ਸਬੰਧ ਹੈ, ਹਰ ਪ੍ਰਯੋਜਨ ਪੱਖੋਂ ਇਨ੍ਹਾਂ ਵਿਚ ਸਮਾਨਤਾ ਪਾਈ ਜਾਂਦੀ ਹੈ, ਪਰ ਜਦੋਂ ਇਲਾਕਾਈ ਹੱਦ-ਬੰਦੀਆਂ ਜਾਂ ਉਪ ਭਾਸ਼ਾਈ ਪੱਧਰ 'ਤੇ ਲੋਕ ਗੀਤਾਂ ਅਤੇ ਲੋਕ ਜੀਵਨ-ਸ਼ੈਲੀ ਨੂੰ ਬਾਰੀਕੀ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਸਾਰੇ ਸਰੋਕਾਰ ਸਾਨੂੰ ਵੱਖ-ਵੱਖ ਜੀਵਨ ਪੱਧਤੀਆਂ ਦਾ ਸਰੂਪ ਉਘਾੜਦੇ ਹੋਏ ਦਿਸਦੇ ਹਨ। ਸਾਂਝੇ ਪੰਜਾਬ ਦੇ ਬਹੁਤ ਸਾਰੇ ਉਪ- ਖੇਤਰ ਰਹੇ ਹਨ, ਜਿਨ੍ਹਾਂ ਵਿਚ ਵੱਖ-ਵੱਖ ਉਪ ਬੋਲੀਆਂ ਪ੍ਰਚਲਿਤ ਰਹੀਆਂ ਹਨ। ਜਿਵੇਂ ਮੁਲਤਾਨੀ, ਪੋਠੋਹਾਰੀ, ਮਾਝੀ, ਦੁਆਬੀ, ਪੁਆਧੀ ਅਤੇ ਮਲਵਈ ਆਦਿ। ਅੱਜ ਅਸੀਂ ਆਪਣੇ ਵਿਚਾਰਾਂ ਨੂੰ ਕੇਵਲ ਦੁਆਬੇ ਦੇ ਖੇਤਰ ਵਿਚੋਂ ਉਗਮੇਂ ਲੋਕ ਗੀਤਾਂ ਦੇ ਵਿਚੋਂ ਲੋਕ-ਜੀਵਨ ਨੂੰ ਪਛਾਨਣ ਦੀ ਕੋਸ਼ਿਸ਼ ਵਿਚ ਹਾਂ।
ਦੁਆਬੇ ਦੇ ਇਰਦ-ਗਿਰਦ ਮਾਝੇ, ਡੁਗਰ, ਪਹਾੜ, ਪੁਆਧ ਅਤੇ ਮਾਲਵੇ ਦੇ ਖਿੱਤੇ ਹਨ, ਜਿਸ ਨੂੰ ਦਰਿਆ ਬਿਆਸ ਅਤੇ ਦਰਿਆ ਸਤਲੁਜ ਦੇ ਵਿਚਕਾਰਲੇ ਖਿੱਤੇ ਸਦਕਾ ਦੁਆਬਾ ਨਾਂਅ ਦਿੱਤਾ ਗਿਆ ਹੈ। ਇਸ ਖੇਤਰ ਵਿਚ ਜਿਥੇ ਬਰਸਾਤੀ ਚੋਆਂ, ਝਰਨਿਆਂ , ਚਿੱਟੀ ਅਤੇ ਕਾਲੀ ਵੇਈਂ ਨੇ ਵੀ ਇਸ ਖਿੱਤੇ ਨੂੰ ਵਿਸ਼ੇਸ਼ ਰੰਗਤ ਪ੍ਰਦਾਨ ਕੀਤੀ ਹੈ, ਉਥੇ ਸੱਭਿਆਚਾਰਕ ਅਤੇ ਇਤਿਹਾਸਕ ਪੱਖੋਂ, ਵਿਭਿੰਨਤਾ ਵੀ ਪ੍ਰਦਾਨ ਕੀਤੀ ਹੈ। ਦੁਆਬੇ ਦੇ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੁਆਬ ਨਾਲ ਸਬੰਧਿਤ ਸ਼ਹਿਰਾਂ , ਕਸਬਿਆਂ ਅਤੇ ਪਿੰਡਾਂ ਦਾ ਖੇਤਰ ਸ਼ਾਮਿਲ ਹੈ। ਦੁਆਬੇ ਦੇ ਇਨ੍ਹਾਂ ਸਾਰੇ ਖੇਤਰਾਂ ਨੂੰ ਅੱਗੋਂ ਦੋਵਾਂ, ਮੰਜਕੀ, ਬੀਤ, ਸੀਰੋਵਾਲ, ਸੈਣੀਬਾਰ, ਕੰਢੀ, ਭਾਦਾ, ਬੇਟ, ਛੰਭ ਆਦਿ ਨਾਵਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਪਰੰਤੂ ਸਮੁੱਚੇ ਰੂਪ 'ਚ ਦੁਆਬੇ ਦੇ ਲੋਕ ਗੀਤ ਅਤੇ ਇਥੋਂ ਦੀ ਲੋਕਜੀਵਨ ਸ਼ੈਲੀ ਉਕਤ ਖੇਤਰੀ ਨਾਮਕਰਨ ਹੁੰਦਿਆਂ ਹੋਇਆਂ ਵੀ ਸਾਂਝੀ ਲੜੀ ਵਿਚ ਪਰੋਈ ਹੋਈ ਹੈ ਅਤੇ ਮਲਵਈ, ਪੁਆਧੀ, ਮਾਝੀ, ਮੁਲਤਾਨੀ ਅਤੇ ਪੋਠੋਹਾਰੀ ਆਦਿ ਖਿੱਤਿਆਂ ਦੀ ਮਹਾਨਤਾ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ।
ਧਰਤ ਦੁਆਬੇ ਦੇ ਲੋਕਾਂ ਵੱਲੋਂ ਸਿਰਜੇ ਗਏ ਬੱਚੇ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧਿਤ ਲੋਕ ਗੀਤ, ਜਨਮ ਸਮੇਂ ਗਾਏ ਜਾਣ ਵਾਲੇ ਸੋਹਿਲੜੇ, ਦਿੱਤੀਆਂ ਜਾਂਦੀਆਂ ਲੋਰੀਆਂ, ਟੱਪੇ, ਬੋਲੀਆਂ, ਮਾਹੀਏ, ਸੁਹਾਗ, ਘੋੜੀਆਂ, ਜੰਝ ਬੰਨ੍ਹਣੀ- ਖੋਲ੍ਹਣੀ, ਸਿੱਠਣੀਆਂ, ਛੰਦ-ਪਰਾਗੇ, ਮਰਨ ਉਪਰੰਤ ਅਲਾਹੁਣੀਆਂ , ਕੀਰਨੇ ਤੋਂ ਛੁੱਟ ਰੁੱਤਾਂ ਤਿਉਹਾਰਾਂ, ਮੇਲਿਆਂ, ਪਸ਼ੂ-ਪੰਛੀਆਂ , ਪ੍ਰਕਿਰਤੀ ਆਦਿ ਸਬੰਧੀ ਲੋਕ ਗੀਤ ਵੱਖਰਤਾ ਸਹਿਤ ਲੋਕਜੀਵਨ ਸ਼ੈਲੀ ਨੂੰ ਪ੍ਰਗਟ ਕਰਦੇ ਹਨ। 'ਗੀਗਾ ਜੰਮਿਆਂ ਨੀ ਗੁੜ ਵੰਡਿਆ ਨੀ' ਜਾਂ 'ਜੰਮਦਾ ਹਰਿਆ ਪੱਟ ਨੀ ਵਲੇਟਿਆ ਕੁੱਛੜ ਦਿਓ ਇਨ੍ਹਾਂ ਮਾਈਆਂ ਨੀ' , ਜਾਂ 'ਵੀਰ ਘਰ ਪੁੱਤ ਜੰਮਿਆ ਪੇ ਮੱਝੀਆਂ ਦੇ ਸੰਗਲ ਫੜਾਵੇ' , ਜਾਂ 'ਘਰ ਨੰਦ ਦੇ ਮਿਲਣ ਵਧਾਈਆਂ ਜੀ ਘਰ ਨੰਦ ਦੇ' ਆਦਿ ਮੁਖੜਿਆਂ ਤਹਿਤ ਗਾਏ ਜਾਂਦੇ ਲੋਕ ਗੀਤ ਪੁੱਤਰ ਦੀ ਆਮਦ ਦੀ ਸ਼ੁੱਭ-ਕਾਮਨਾ ਨਾਲ ਸਬੰਧਿਤ ਹਨ।
ਇਸੇ ਤਰ੍ਹਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਅਨੇਕਾਂ ਲੋਰੀਆਂ ਜਿਵੇਂ 'ਸੌਂ ਜਾ ਮੇਰੇ ਨਿਕੜੇ, ਸੌਂ ਜਾ , ਅ ਅ....., ਸੁਹਣੇ ਕੱਪੜੇ ਪਾਵਾਂਗੇ....ਨਾਨਕਿਆਂ ਨੂੰ ਜਾਵਾਂਗੇ...ਖੀਰਾਂ ਪੂੜੇ ਖਾਮਾਗੇ....ਮੋਟੇ ਹੋ ਕੇ ਆਮਾਗੇ ਆਦਿ ਵਿਚੋਂ ਧੀ ਲੁਪਤ ਹੈ। ਜੇ ਕਿਤੇ ਥਾਲ ਪਾਉਣਾ ਜਾਂ ਕਿਕਲੀ ਪਾਉਣ ਨਾਲ ਸਬੰਧਿਤ ਲੋਕ ਗੀਤ ਮਿਲਦੇ ਹਨ ਤਾਂ ਉਨ੍ਹਾਂ ਵਿਚ ਧੀ-ਬਾਪ-ਭਰਾ, ਮਾਂ ਆਦਿ ਦੀ ਵਡਿਆਈ ਕਰਦੀ ਪ੍ਰਤੀਤ ਹੁੰਦੀ ਹੈ। ਆਜ਼ਾਦਾਨਾ ਰੂਪ ਵਿਚ ਉਸ ਨੂੰ ਅਹਿਮੀਅਤ ਨਹੀਂ ਹੈ। ਭਾਵ ਮਰਦ ਪ੍ਰਧਾਨਗੀ ਪੰਜਾਬ ਦੇ ਸਭਨਾਂ ਖਿੱਤਿਆਂ ਦੇ ਲੋਕ ਗੀਤਾਂ ਵਿਚ ਸ਼ੁਮਾਰ ਹੈ , ਤਿਵੇਂ ਹੀ ਦੁਆਬੇ ਵਿਚ ਹੈ। 'ਦੋ ਵੀਰ ਦੇਵੀਂ ਵੇ ਰੱਬਾ, ਇਕ ਮੁਨਸ਼ੀ ਇਕ ਪਟਵਾਰੀ ਜਾਂ ... ਮੇਰੀ ਸਾਰੀ ਉਮਰ ਦੇ ਮਾਪੇ।' ਵੀ ਇਸੇ ਸੋਚ ਦ੍ਰਿਸ਼ਟੀ ਦੇ ਲੋਕ ਜੀਵਨ ਦਾ ਸੂਚਕ ਹਨ।
ਜਵਾਨ ਹੋਏ ਪੁੱਤ ਧੀ ਦੇ ਮੰਗਣੇ ਅਤੇ ਵਿਆਹ ਆਦਿ ਨਾਲ ਸਬੰਧਿਤ ਰਸਮੋ-ਰਿਵਾਜ ਵਿਚ ਵੀ ਪੁੱਤਰ ਦੀ ਪਹਿਲ ਤੇ ਧੀ ਨੂੰ ਦੁਜੈਲਾ ਅਥਵਾ ਪਿਓ, ਭਰਾ ਆਦਿ ਪੇਕਿਆਂ ਦੇ ਪੱਖ ਦੇ ਰਿਸ਼ਤੇਦਾਰਾਂ ਉਤੇ ਆਸ਼ਰਿਤ ਦਰਸਾਇਆ ਜਾਂਦਾ ਰਿਹਾ ਹੈ ਭਾਵੇਂ ਮਾਪਿਆਂ ਦੇ ਪੱਖੋਂ ਲੋਕ ਗੀਤਾਂ ਜ਼ਰੀਏ ਇਹ ਦਰਸਾਇਆ ਗਿਆ ਹੈ ਕਿ ਬੇਟੀ ਨੂੰ ਪੁੱਛਿਆ ਜਾਵੇ ਕਿ ਉਹ ਕਿਹੋ ਜਿਹਾ ਵਰ ਘਰ ਚਾਹੁੰਦੀ ਹੈ, ਅੱਗੋਂ ਬੇਟੀ ਦੱਸਦੀ ਵੀ ਦਰਸਾਈ ਗਈ ਹੈ ਕਿ ਉਸ ਨੂੰ ਕ੍ਰਿਸ਼ਨ ਜਾਂ ਰਾਮ ਵਰਗਾ ਵਰ ਚਾਹੀਦਾ ਹੈ ਅਤੇ ਘਰ ਂ ਜਿਥੇ ਰਹਿਣ ਬਹਿਣ, ਆਰਾਮ ਕਰਨਾ , ਖਾਣਾ ਪੀਣਾ, ਪਹਿਣਨਾ ਅਤੇ ਹਾਰ-ਸ਼ਿੰਗਾਰ ਕਰਨਾ ਜਿਹੀਆਂ ਸਭ ਸਹੂਲਤਾਂ ਹੋਣ, ਪਰ ਅਜਿਹਾ ਯਥਾਰਥਕ ਨਹੀਂ, ਕਲਪਨਾ ਆਧਾਰਿਤ ਹੀ ਜਾਪਦਾ ਹੈ।
ਹੋਰ ਗਿਲੇ ਸ਼ਿਕਵੇ ਤਾਂ ਦੂਰ ਰਹੇ, ਦੁਆਬੇ ਦੇ ਉਦਰੇਵੇਂ ਨੂੰ ਧੀ ਭੈਣ ਇਵੇਂ ਪ੍ਰਗਟ ਕਰਦੀ ਹੈ ਕਿ -
ਹੋਰ ਧੀਆਂ ਦਿਤੀਆਂ ਦੇਸ ਦੁਆਬੜੇ,
ਮੈਂ ਕਿਉਂ ਦਿੱਤੜੀ ਵੇ ਚੰਦੜੇ ਪਹਾੜ ਵੇ।
ਹੋਰ ਧੀਆਂ ਖਾਂਦੀਆਂ ਕੁੱਟ ਕੁੱਟ ਚੂਰੀਆਂ,
ਮੈਂ ਕਿਉਂ ਖਾਂਵਦੀ ਵੇ ਬਾਥੂਏ ਦਾ ਸਾਗ ਵੇ।
ਹੱਥ ਮੇਰੇ ਰਾਂਬੜੀ ਵੇ ਮੋਢੇ ਮੇਰੇ ਤਾਂਗੜੀ,
ਘਾਉ ਖੁਤੇਂਦੜੀ ਵੇ ਟਿਬਿਆਂ ਦੇ ਹੇਠ ਵੇ।
ਅੱਗੇ ਅੱਗੇ ਜਾਂਵਦੀ ਵੇ ਪਿਛੇ ਮੁੜ ਦੇਖਦੀਂ ਵੇ,
ਨਜ਼ਰੀਂ ਨਾ ਆਂਵਦਾ ਵੇ ਬਾਬਲ ਤੇਰਾ ਦੇਸ ਵੇ।
ਰੋਟੀਆਂ ਪਕਾਂਵਦੀ ਦੇ ਹੱਥ ਜਲ ਜਾਂਵਦੇ ਵੇ,
ਹੁਣ ਚੇਤਾ ਆਂਵਦਾ ਦੇਸ ਦੁਆਬੜਾ ਵੇ।
ਉਸ ਦੀ ਇਹ ਵੀ ਪੁਕਾਰ ਹੁੰਦੀ ਹੈ ਕਿ ਉਸ ਨੂੰ ਜੰਗਲ ਭਾਵ ਪੁਆਧ ਅਤੇ ਮਾਲਵੇ ਵਿਚ ਨਾ ਵਿਆਹਵੇਂ
ਜੰਗਲ ਧੀ ਨਾ ਦਈਂ ਬਾਬਲਾ,
ਉਥੇ ਪਾਣੀ ਦਾ ਤਸੀਹਾ,
ਬੋਲੇ ਜੰਗਲ ਦਾ ਪਪੀਹਾ
ਜੰਗਲ ਧੀ ਨਾ ਦਈਂ ਬਾਬਲਾ,
ਓਥੇ ਮੋਠਾਂ ਦੀ ਗੁਡਾਈ,
ਬੇਟੀ ਮਰ ਜਾਊਗੀ ਤ੍ਹਿਆਈ।
ਇਸੇ ਤਰ੍ਹਾਂ ਇਸ ਮੁਟਿਆਰ ਦਾ ਦਿਲੀ ਅਹਿਸਾਸ ਦਾ ਪ੍ਰਗਟਾਵਾ ਹੈ ਕਿ ਂ
ਦੁਆਬੇ ਦੀ ਮੈਂ ਜੰਮੀ ਜਾਈ,
ਚੰਦਰੇ ਪੁਆਧ ਵਿਆਹੀ,
ਇਥੇ ਤਾਂ ਮੈਂ ਜਾਵਾਂ ਨਾ,
ਬੰਨ੍ਹੇ ਉਥੇ ਮੱਕੀ ਗੁਡਣੇ ਲਾਈ।'
ਵਿਆਹ ਕਰਵਾ ਕੇ ਸਹੁਰੇ ਜਾਂਦੀ ਕੁੜੀ ਨੂੰ ਵੀ ਅਕਸਰ ਸਹੇਲੀਆਂ ਕਹਿ ਦੇਂਦੀਆਂ ਹਨਂਕਿ 'ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਦੁਆਬਾ ਪੰਜਾਬ ਦਾ ਵਿਚਕਾਰਲਾ ਭਾਗ ਹੈ। ਜ਼ਮੀਨਾਂ ਥੋੜ੍ਹੀਆਂ ਹੋਣ ਸਦਕਾ ਮਾਝੇ, ਮਾਲਵੇ ਨਾਲੋਂ ਇਸ ਖੇਤਰ ਦੇ ਲੋਕ ਰੋਟੀ-ਰੋਜ਼ੀ ਖਾਤਰ ਚਾਹੇ ਉਹ ਵੱਡੇ-ਵੱਡੇ ਰਾਜਿਆਂ, ਜਗੀਰਦਾਰਾਂ (ਸਰਦਾਰਾਂ) ਅਤੇ ਹੋਰ ਵਿਦੇਸ਼ੀ ਹੁਕਮਰਾਨਾਂ ਦੇ ਖੇਤਰਾਂ ਵਿਚ ਨੌਕਰੀ ਕਰਨ ਨਿਕਲੇ, ਉਨ੍ਹਾਂ ਦੀ ਜੀਵਨ ਤੋਰ ਨੇ ਤਾਂ ਬਾਹਰੀ ਪ੍ਰਭਾਵ ਤਮ੍ਹੇਂ ਕਾਰਨ ਕਬੂਲ ਕੀਤੇ ਪਰ ਘਰ ਵਿਚ ਮਾਂ, ਭੈਣ ਨੂੰ ਉਦਰੇਵਾਂ ਤਾਂ ਹੋਇਆ ਹੀ ਹੋਇਆ ਪਰੰਤੂ ਸਭ ਤੋਂ ਵੱਧ ਉਦਰੇਵਾਂ, ਹੁੱਸੜ ਅਤੇ ਵਿਛੋੜਾ ਉਨ੍ਹਾਂ ਦੀਆਂ ਸੱਜ ਵਿਆਹੀਆਂ ਨਾਰਾਂ ਨੂੰ ਮਹਿਸੂਸ ਹੋਇਆ। ਸੰਖੇਪ ਵਿਚ ਇਨ੍ਹਾਂ ਲੰਮੇ ਚੌੜੇ ਹਾਵਾਂ-ਭਾਵਾਂ ਅਤੇ ਉਦਗਾਰਾਂ ਨੂੰ ਇਨ੍ਹਾਂ ਲੋਕ ਬੋਲਾਂ ਰਾਹੀਂ ਸਮਝਿਆ ਜਾ ਸਕਦਾ ਹੈ ਕਿਂ
ਨੀ ਸੱਸੂ ਨੀ ਧੰਨ ਤੇਰਾ ਆਤਮਾ, ਧੰਨ ਤੇਰਾ ਜੀਅਰਾ,
ਧੰਨ ਤੇਰਾ ਜੀਅਰਾ ਪੁੱਤ ਪਰਦੇਸਾਂ ਨੂੰ ਤੋਰਿਆ ਏ।
ਨੀ ਨੋਹੇਂ ਨੀ ਤੇਰਾ ਨਾ ਘੱਲਿਆ, ਮੇਰਾ ਨਾ ਘੱਲਿਆ
ਮੇਰਾ ਨਾ ਘੱਲਿਆ ਦੰਮਾਂ ਦੇ ਲੋਭ ਨੂੰ ਗਇਆ ਏ।
ਇਸੇ ਤਰ੍ਹਾਂ ਦੁਆਬੇ 'ਚ ਗਾਏ ਜਾਂਦੇ ਸੁਹਾਗ ਅਤੇ ਘੋੜੀਆਂ ਵਿਚ ਵੀ ਦੁਆਬੀ ਲੋਕਜੀਵਨ-ਸ਼ੈਲੀ ਦਾ ਵਿਲੱਖਣ ਸਰੂਪ ਪ੍ਰਗਟ ਹੁੰਦਾ ਹੈ। ਸੁਹਾਗਾਂ ਵਿਚ ਜਿਥੇ ਵਿਛੋੜਾ, ਦਰਦ ਅਤੇ ਦਿਲ ਦੀ ਬੋਟੜੀ ਦੇ ਟੁੱਟਣ ਦੇ ਅਹਿਸਾਸਾਂ ਨੂੰ ਹਿਰਦੇ ਹਿਲੂਣਨ ਵਾਲੀ ਲੋਕ ਬੋਲੀ 'ਚ ਪ੍ਰਗਟਾਉਂਦਿਆਂ ਹੋਇਆਂ ਪਿਓ, ਭਰਾ, ਚਾਚੇ, ਤਾਇਆਂ, ਮਾਮਿਆਂ, ਦਾਦਿਆਂ, ਨਾਨਿਆਂ ਆਦਿ ਨੂੰ ਨਿਮਨ ਰੂਪ ਵਿਚ ਪ੍ਰਗਟਾਇਆ ਗਿਆ ਹੈ, ਉਥੇ ਘੋੜੀਆਂ ਵਿਚ ਵਿਆਂਹਦੜ ਦੇ ਪੱਖ ਨੂੰ ਰਾਜਿਆਂ, ਮਹਾਰਾਜਿਆਂ ਅਤੇ ਰਣ ਜੇਤੂਆਂ ਦੇ ਰੂਪ ਵਿਚ ਪ੍ਰਗਟਾਇਆ ਗਿਆ ਹੈ। ਉਦਾਹਰਨ ਵਜੋਂ ਸੁਹਾਗ ਦੇ ਬੋਲ ਹਨ-
ਕੋਠਾ ਨਿਮਦਾ ਨਿਮਦਾ ਕਿਉਂ ਨਿਮਿਆਂ,
ਕੋਠਾ ਨਿਮਦਾ ਨਿਮਦਾ ਕਿਉਂ ਨਿਮਿਆਂ,
ੲ੍ਹੇਦੀ ਖੜ ਪੁਰਾਣੀ ਤਾਂ ਨਿਮਿਆਂ,
ੲ੍ਹੇਦੀ ਖੜ ਪੁਰਾਣੀ ਤਾਂ ਨਿਮਿਆਂ।
ਇਸ ਬੀਬੀ ਦਾ ਬਾਬਲ ਕਿਉਂ ਨਿਮਿਆਂ,
ਇਸ ਬੀਬੀ ਦਾ ਬਾਬਲ ਕਿਉਂ ਨਿਮਿਆਂ
ਘਰ ਬੇਟੀ ਕੁਆਰੀ ਤਾਂ ਨਿਮਿਆਂ,
ਘਰ ਬੇਟੀ ਕੁਆਰੀ ਤਾਂ ਨਿਮਿਆਂ।
ਪਰ ਘੋੜੀ ਦੇ ਬੋਲ ਹਨ ਕਿਂ
ਘੋੜਾ ਜੁਧਿਆ ਤੋਂ ਆਇਆ ਚੜ੍ਹੋ ਮੇਰੇ ਵੀਰ,
ਰਾਜੇ ਜਨਕ ਦੇ ਜਾਣਾ, ਲੱਗੀ ਸਾਨੂੰ ਡੇਰ।
ਸੀਤਾ ਵ੍ਹਿਆ ਘਰ ਲਿਆਉਣੀ,
ਲੱਗੀ ਸਾਨੂੰ ਡੇਰ।
ਡੋਲਾ ਬੂਹੇ ਅੱਗੇ ਆਇਆ, ਲੱਗੀ ਸਾਨੂੰ ਡੇਰ।
ਮਾਤਾ ਪਾਣੀ ਵਾਰੇ ਲੱਗੀ ਸਾਨੂੰ ਡੇਰ।.....
ਇਸੇ ਤਰ੍ਹਾਂ ਧਰਮੀ ਮਾਪਿਆਂ, ਵੀਰਾਂ, ਰਿਸ਼ਤੇਦਾਰਾਂ, ਸੁਹਣੇ ਜਾਂ ਨਾ-ਪਸੰਦ ਕੌਂਤ, ਜੋੜੀਆਂ ਜੱਗ ਥੋੜ੍ਹੀਆਂ, ਸੌਂਕਣ, ਨੂੰਹ ਸੱਸ, ਨਣਦ ਭਰਜਾਈ, ਜੇਠ, ਸਹੁਰੇ ਅਤੇ ਸੱਸ ਦੇ ਚੁੱਭਵੇਂ ਬੋਲਾਂ, ਦੇਰ ਦੇ ਮੁਹੱਬਤੀ ਬੋਲਾਂ, ਵਕਤੀ ਜ਼ਮਾਨੇ ਦੇ ਸੁਖਦ-ਦੁਖਦ ਭਾਵਾਂ, ਘਰ ਦੇ ਮਾਂਗਲਿਕ ਸ਼ਗਨਾਂ, ਲੋੜਾਂ ਥੋੜਾਂ, ਦਿਲ-ਪਰਚਾਵੇ ਦੇ ਬੋਲਾਂ, ਆਦਰਸ਼ ਪ੍ਰੀਤਾਂ, ਆਸ਼ਕ ਤੇ ਮਾਸ਼ੂਕਾਂ ਦੇ ਅੰਤਰੀਵੀ ਭਾਵਾਂ ਆਦਿ ਨੂੰ ਲੈਅ ਆਤਮਕ ਗਾਣ ਸ਼ੈਲੀ ਅਤੇ ਸਰੋਕਾਰਾਂ ਜ਼ਰੀਏ ਵੀ ਦੁਆਬੇ ਦੇ ਲੋਕ ਗੀਤ ਲੋਕਜੀਵਨ ਨੂੰ ਪੇਸ਼ ਕਰਦੇ ਹਨ।
ਦੁਆਬੇ ਦੇ ਲੋਕ ਗੀਤਾਂ ਵਿਚ ਲੋਕ ਜੀਵਨ, ਲੋਕ ਕਾਵਿ ਰੂਪ ਬਾਰਾਂ ਮਾਹੇ, ਸਤਵਾਰੇ, ਟੱਪਿਆਂ, ਨਿੱਕੀਆਂ ਵੱਡੀਆਂ ਬੋਲੀਆਂ, ਲੋਕ ਨਾਚ ਗਿੱਧੇ ਵਿਚ ਪੇਸ਼ ਕੀਤੇ ਜਾਂਦੇ ਸਾਂਗਾਂ ਆਦਿ ਰਾਹੀਂ ਵੀ ਪ੍ਰਗਟ ਹੁੰਦਾ ਵਿਲੱਖਣ ਰੂਪ 'ਚ ਪੇਸ਼ ਦਰ ਪੇਸ਼ ਉਪਲਬੱਧ ਹੈ।
ਦੁਆਬੀ ਲੋਕ ਜੀਵਨਸ਼ੈਲੀ 'ਚ 'ਜੋਗੀ ' ਜਾਂ 'ਸਾਧ' ਦਾ ਬੜਾ ਜ਼ਿਕਰ ਮਿਲਦਾ ਹੈ, ਖਾਸਕਰ ਮੁਟਿਆਰਾਂ ਜੋਗੀ ਨੂੰ ਕਈ ਪੱਜਾਂ ਜਾਂ ਗੁਪਤ ਚਾਹਤਾਂ ਨਾਲ ਵੇਖਣ ਜਾਂਦੀਆਂ ਹਨ। 'ਜੋਗੀ ਉੱਤਰ ਪਹਾੜੋਂ ਆਇਆ ਚਰਖ਼ੇ ਦੀ ਘੂਕ ਸੁਣ ਕੇ।'
ਬੋਲੀ ਨਿਰੋਲ ਦੁਆਬੇ ਦੀ ਹੀ ਸਿਰਜਣਾ ਹੈ। ਇਸੇ ਤਰ੍ਹਾਂ ਚਰਖ਼ੇ ਦੀ ਮਹਾਨਤਾ, 'ਚਰਖ਼ਾ ਖੂਬ ਘੜੀਂ ਤਰਖਾਣਾ, ਮੈਂ ਹੁਣ ਸਹੁਰੇ ਚਲੀ ਜਾਣਾ' ਆਦਿ ਜਿਹੇ ਗੀਤਾਂ ਵਿਚੋਂ ਵੀ ਦੁਆਬੇ ਦੇ ਜੀਵਨ ਦੀ ਵਿਲੱਖਣ ਝਲਕ ਉੱਘੜਦੀ ਹੈ।
ਪੂਰਨ ਭਗਤ, ਸਰਵਣ ਪੁੱਤਰ ਜਿਹੇ ਨਾਇਕ ਦੁਆਬੀ ਲੋਕ ਗੀਤਾਂ ਜ਼ਰੀਏ ਲੋਕ ਮਾਨਸਿਕਤਾ 'ਚ ਘਰ ਕਰ ਚੁੱਕੇ ਹੋਏ ਹਨ ਅਤੇ ਗੁਰੂ ਪੀਰਾਂ ਦੀਆਂ ਸਿੱਖਿਆਵਾਂ ਓਟ ਆਸਰੇ ਨੂੰ ਪ੍ਰਗਟਾਉਂਦੇ ਲੋਕ ਗੀਤ ਲੋਕਜੀਵਨ ਦੀ ਆਸਥਾ ਹਨ। ਘੋੜੇ, ਗਾਂ, ਬਲਦ ਜਿਹੇ ਪਸ਼ੂਆਂ ਸਬੰਧੀ ਬਹੁਤ ਸਾਰੇ ਲੋਕ-ਗੀਤ ਜੀਵਨ ਦੀ ਸਦਾ ਬਹਾਰ ਰੰਗਤ ਦਾ ਪ੍ਰਗਟਾਵਾ ਹਨ। ਬਹਾਦਰੀ, ਸੂਰਮਗਤੀ, ਤਹਿ ਦਿਲੋਂ ਪਿਆਰ ਅਤੇ ਜੀਵਨ ਦੇ ਅਨੇਕਾਂ ਰੰਗ-ਤਮਾਸ਼ੇ ਇਨ੍ਹਾਂ ਗੀਤਾਂ ਥਾਣੀਂ ਪ੍ਰਗਟ ਹੋ ਕੇ ਦੁਆਬੀ ਜੀਵਨ ਵਿਚ ਖੂਬਸੂਰਤੀ, ਸਦੀਵੀ ਜੀਣ ਦੀ ਲਾਲਸਾ ਭਰਦੇ ਪ੍ਰਤੀਤ ਹੁੰਦੇ ਹਨ ਪਰੰਤੂ ਬੁਢਾਪੇ ਵਲ ਵਧਦਿਆਂ ਜਵਾਨੀ ਦੇ ਤੁਰ ਜਾਣ ਦਾ ਝੋਰਾ ਪਛਤਾਵਾ ਬਣ ਜਾਂਦਾ ਹੈ, ਜਿਵੇਂ ਬੋਲ ਹਨਂ
ਬ੍ਹੇੜੇ ਤਾਂ ਮੇਰੇ ਮਰੂਏ ਦਾ ਬੂਟਾ
ਜੀ ਨਾਗ ਬੈਠਾ ਵਲ੍ਹ ਪਾ
ਮੇਰੇ ਗ੍ਹੈਰ ਗੁਮਾਨੀਆ ਜੀ,
ਨਾਗ ਬੈਠਾ ਵਲ੍ਹ ਪਾ।
ਗਈ ਜਵਾਨੀ ਆਇਆ ਬੁਢਾਪਾ,
ਜੀ ਹੁਣ ਰਹੀ ਪਛਤਾ।
ਮੇਰੇ ਗ੍ਹੈਰ ਗੁਮਾਨੀਆ ਜੀ ਹੁਣ ਰਹੀ ਪਛਤਾ।
ਕਾਲਿਆਂ ਕੇਸਾਂ ਧੌਲੇ ਜਾਂ ਆਏ ਜੀ, ਕੇਸਾਂ ਨੇ ਰੰਗ ਬਦਲਾ।
ਮੇਰੇ ਗ੍ਹੈਰ ਗੁਮਾਨੀਆ ਜੀ, ਹੁਣ ਰਹੀ ਪਛਤਾ।
ਕੁਲ ਮਿਲਾ ਕੇ, ਕਿਹਾ ਜਾ ਸਕਦਾ ਹੈ ਕਿ ਦੁਆਬੇ ਦੀ ਧਰਤੀ, ਦੁਆਬੇ ਦੇ ਲੋਕ ਗੀਤ ਅਤੇ ਦੁਆਬੇ ਦੀ ਲੋਕਜੀਵਨ ਸ਼ੈਲੀ ਸੱਚ-ਮੁੱਚ ਵਿਲੱਖਣ ਅਤੇ ਮਾਣ ਕਰਨਯੋਗ ਹੈ।

ਂਏ-9, ਚਾਹਲ ਨਗਰ, ਫਗਵਾੜਾ-144401
ਮੋਬਾਈਲ : 98142-09732.

ਜਦੋਂ ਡਾ: ਮਨਮੋਹਨ ਸਿੰਘ ਨੇ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ!

ਬਹੁਤ ਸਾਰੇ ਦੇਸ਼ਾਂ 'ਚ ਸਿਆਸਤਦਾਨ ਅਕਸਰ ਹੀ ਕਈ ਵਾਰ ਅਜਿਹੇ ਖੁਫ਼ੀਆ ਕੰਮ ਕਰਦੇ ਹਨ, ਜਿਸ ਦਾ ਆਮ ਲੋਕਾਂ ਤੋਂ ਪਰਦਾ ਰੱਖਿਆ ਜਾਂਦਾ ਹੈ। ਪਰ ਕਈ ਵਾਰ ਦੇਰ-ਸਵੇਰ ਅਜਿਹੇ ਘਟਨਾਕ੍ਰਮ ਜੱਗ-ਜ਼ਾਹਿਰ ਹੋ ਜਾਂਦੇ ਹਨ। ਹਾਲਾਂਕਿ ਕੁਝ ਦੇਸ਼ਾਂ 'ਚ ਕਿਸੇ ਵੀ ਜਾਣਕਾਰੀ ਨੂੰ 25 ਸਾਲਾਂ ਤੋਂ ਬਾਅਦ ਜਨਤਕ ਕਰਨ ਦੇ ਕਾਨੂੰਨ ਵੀ ਪ੍ਰਚੱਲਿਤ ਹਨ। ਅੱਜ ਅਸੀਂ ਜਿਹੜੀ ਗੱਲ ਦੱਸਣ ਜਾ ਰਹੇ ਹਾਂ ਇਹ ਵੀ ਇਕ ਖੁਫ਼ੀਆ ਯਾਤਰਾ ਦੇ ਸੰਦਰਭ ਵਿਚ ਹੈ। ਭਾਰਤ ਦੇ ਰਿਜ਼ਰਵ ਬੈਂਕ ਦੇ ਸਾਬਕ ਗਵਰਨਰ ਡਾ: ਮਨਮੋਹਨ ਸਿੰਘ, ਜੋ ਬਾਅਦ ਵਿਚ ਪ੍ਰਧਾਨ ਮੰਤਰੀ ਵੀ ਬਣੇ, ਵਲੋਂ ਆਪਣੇ ਪਾਕਿਸਤਾਨ ਦੌਰੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ ਗਈ ਸੀ। ਬੇਸ਼ਕ ਡਾ: ਮਨਮੋਹਨ ਸਿੰਘ ਦੇ ਇਸ ਦੌਰੇ ਨੂੰ ਖੁਫ਼ੀਆ ਰੱਖਣ ਦਾ ਬਹੁਤ ਯਤਨ ਕੀਤਾ ਗਿਆ ਪਰ ਕਈਂ ਦਹਾਕਿਆਂ ਬਾਅਦ ਅੱਜ ਅਸੀਂ ਡਾ: ਮਨਮੋਹਨ ਸਿੰਘ ਦੇ ਇਸ ਦੌਰੇ ਬਾਰੇ ਆਪ ਨੂੰ ਦੱਸਣ ਜਾ ਰਹੇ ਹਾਂ।
ਡਾ: ਮਨਮੋਹਨ ਸਿੰਘ ਸਤੰਬਰ 1982 ਤੋਂ ਲੈ ਕਿ ਜਨਵਰੀ 1985 ਤੱਕ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਵੀ ਰਹਿ ਚੁੱਕੇ ਹਨ।
ਇਸੇ ਸਮੇਂ ਦੌਰਾਨ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬੈਂਕ ਅਧਿਕਾਰੀਆਂ ਦੀ ਇਕ ਬਹੁਤ ਵੱਡੀ ਮੀਟਿੰਗ ਹੋਈ ਸੀ, ਜਿਸ ਵਿਚ ਦੱਖਣ ਅਤੇ ਪੂਰਬੀ ਏਸ਼ੀਆ ਦੇ ਬੈਂਕਾਂ ਦੇ ਸਰਬਰਾਹ (ਮੁਖੀ) ਸ਼ਾਮਿਲ ਹੋਏ ਸਨ। ਇਸ ਮੀਟਿੰਗ ਵਿਚ ਹਿੰਦੋਸਤਾਨ ਦੀ ਨੁਮਾਇੰਦਗੀ ਉਸ ਸਮੇਂ ਦੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਡਾ: ਮਨਮੋਹਨ ਸਿੰਘ ਕਰਨ ਆਏ ਸਨ। ਕਾਨਫ਼ਰੰਸ ਖ਼ਤਮ ਹੋ ਗਈ ਅਤੇ ਸਾਰੇ ਦੇਸ਼ਾਂ ਦੇ ਨੁਮਾਇੰਦੇ ਆਪਣੇ-ਆਪਣੇ ਦੇਸ਼ਾਂ ਨੂੰ ਤੁਰ ਗਏ ਪਰ ਡਾ: ਮਨਮੋਹਨ ਸਿੰਘ ਨੇ ਹਬੀਬ ਬੈਂਕ ਜਿਨ੍ਹਾਂ ਵਲੋਂ ਇਹ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ, ਉਨ੍ਹਾਂ ਨੂੰ ਆਪਣੇ ਦਿਲ ਦੀ ਇੱਛਾ ਪ੍ਰਗਟਾਈ ਕਿ ਉਹ ਲਾਹੌਰ ਘੁੰਮਣਾ ਚਾਹੁੰਦੇ ਹਨ। ਹਬੀਬ ਬੈਂਕ ਵਾਲਿਆਂ ਨੇ ਵੀ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਅਤੇ ਮਨਮੋਹਨ ਸਿੰਘ ਨੂੰ ਲਾਹੌਰ ਦੇ ਹੋਟਲ 'ਚ ਠਹਿਰਾਇਆ ਗਿਆ, ਉਸ ਸਮੇਂ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਤਖਾਨੇ ਵਿਚ ਤਾਇਨਾਤ ਜੁਆਇੰਟ ਸਕੱਤਰ ਲਾਲਾ ਜੀ ਵੀ ਉਨ੍ਹਾਂ ਦੇ ਨਾਲ ਆਏ ਸਨ ਅਤੇ ਉਹ ਹਰ ਪੱਖ ਤੋਂ ਡਾ: ਮਨਮੋਹਨ ਸਿੰਘ ਦੇ ਦੌਰੇ 'ਤੇ ਨਜ਼ਰ ਰੱਖ ਰਹੇ ਸਨ। ਜੇ ਗੱਲ ਕੀਤੀ ਜਾਵੇ ਡਾ: ਮਨਮੋਹਨ ਸਿੰਘ ਦੇ ਪਿਛੋਕੜ ਦੀ ਤਾਂ ਉਹ ਖੱਤਰੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਦਾ ਗੋਤਰ ਕੋਹਲੀ ਹੈ ਤੇ ਪਾਕਿਸਤਾਨ ਦੇ ਚੱਕਵਾਲ 'ਚ ਇਨ੍ਹਾਂ ਦੇ ਪਿੰਡ ਦਾ ਨਾਮ ਗਾਹ ਸੀ। ਮੌਜੂਦਾ ਸਮੇਂ ਵਿਚ ਵੀ ਚੱਕਵਾਲ ਇਲਾਕੇ ਵਿਚ ਕੋਹਲੀ ਮੁਸਲਮਾਨ ਕਾਫ਼ੀ ਵੱਡੀ ਗਿਣਤੀ 'ਚ ਰਹਿੰਦੇ ਹਨ। ਤਕਰੀਬਨ ਪੋਠੋਹਾਰ ਤੋਂ ਲੈ ਕੇ ਪਾਕਿਸਤਾਨੀ ਕਸ਼ਮੀਰ ਦੇ ਇਲਾਕੇ ਤੱਕ ਕੋਹਲੀ ਮੁਸਲਮਾਨਾਂ ਦੀ ਕਾਫ਼ੀ ਆਬਾਦੀ ਹੈ ਅਤੇ ਮੌਜੂਦਾ ਸਮੇਂ ਵਿਚ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਵਿਵਾਦ ਕਾਰਨ ਗੋਲੀਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ 'ਚ ਕੋਹਲੀ ਭਾਈਚਾਰਾ ਵੀ ਸ਼ਾਮਿਲ ਹੈ।
ਭਾਰਤ ਸਰਕਾਰ ਦੀ ਮਨਸ਼ਾ ਸੀ ਕਿ ਲਾਲਾ ਜੀ ਪਰਛਾਵੇਂ ਵਾਂਗੂ ਉਨ੍ਹਾਂ ਦੇ ਨਾਲ ਰਹਿਣ ਅਤੇ ਕਿਸੇ ਵੀ ਹਾਲਤ 'ਚ ਡਾ: ਮਨਮੋਹਨ ਸਿੰਘ ਨੂੰ ਪਾਸੇ ਨਾ ਛੱਡਿਆ ਜਾਵੇ। ਲਾਹੌਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਡਾ: ਮਨਮੋਹਨ ਸਿੰਘ ਨੇ ਖੁੱਲ੍ਹ ਕੇ ਕਿਸੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕੀਤੀ। ਉਸ ਸਮੇਂ ਪੱਤਰਕਾਰਾਂ ਵਿੱਚ ਮੁਹੰਮਦ ਰਫ਼ੀਕ ਡੋਗਰ ਨਾਮ ਦਾ ਕਾਫ਼ੀ ਸੀਨੀਅਰ ਪੱਤਰਕਾਰ ਵੀ ਸ਼ਾਮਿਲ ਸੀ।
ਉਹ ਵੀ ਚੜ੍ਹਦੇ ਪੰਜਾਬ 'ਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਸਰਹੱਦ ਕੋਲ ਪੈਂਦੇ ਪਿੰਡ ਪੱਬਾਰਾਲੀ ਦਾ ਜੰਮਪਲ ਸੀ, ਜੋ ਕਿ ਬਟਵਾਰੇ ਸਮੇਂ ਮਹਿਜ਼ 7-8 ਸਾਲ ਦੀ ਉਮਰ ਦਾ ਹੋਵੇਗਾ। ਫਿਰਕੂ ਹਿੰਸਾ ਫੈਲਣ ਕਰਕੇ 1947 ਵਿਚ ਉਨ੍ਹਾਂ ਦੇ ਪਰਿਵਾਰ ਨੂੰ ਉਥੋਂ ਉਜੜਨਾ ਪਿਆ ਸੀ।
ਸ਼ਾਇਦ ਭਾਰਤੀ ਸਫ਼ਾਰਤਖਾਨੇ ਦੇ ਜੁਆਇੰਟ ਸਕੱਤਰ ਦੀ ਹਾਜ਼ਰੀ ਕਾਰਨ ਡਾ: ਮਨਮੋਹਨ ਸਿੰਘ ਬਹੁਤੀ ਗੱਲ ਨਹੀਂ ਕਰਨਾ ਚਾਹੁੰਦੇ ਸਨ। ਪਰ ਆਪਣੀ ਜਨਮਭੂਮੀ ਦਾ ਵਿਛੋੜਾ ਡਾ: ਮਨਮੋਹਨ ਸਿੰਘ ਦੀਆਂ ਅੱਖਾਂ ਵਿਚੋਂ ਸਾਫ਼ ਵੇਖਿਆ ਜਾ ਸਕਦਾ ਸੀ। ਹਬੀਬ ਬੈਂਕ ਵਾਲਿਆਂ ਨੇ ਇਸੇ ਦੌਰਾਨ ਮਨਮੋਹਨ ਸਿੰਘ ਨੂੰ ਜਹਾਂਗੀਰ ਅਤੇ ਨੂਰਜਹਾਂ ਦੇ ਮਕਬਰੇ, ਜੋ ਕਿ ਰਾਵੀ ਦਾ ਦਰਿਆ ਪਾਰ ਕਰ ਕੇ ਸ਼ਾਹਦਰੇ 'ਚ ਮੌਜੂਦ ਹੈ, ਉਸ ਥਾਂ ਘੁੰਮਾਉਣ ਦੀ ਪੇਸ਼ਕਸ਼ ਕੀਤੀ। ਪੱਤਰਕਾਰਾਂ ਸਮੇਤ ਜਹਾਂਗੀਰ ਦਾ ਮਕਬਰਾ ਵੇਖਣ ਗਏ ਡਾ: ਮਨਮੋਹਨ ਸਿੰਘ ਦੀ ਮਕਬਰੇ ਦੇ ਨਿਗਰਾਨ ਸ਼ੇਖ਼ ਸਈਅਦ ਨੇ ਕਾਫ਼ੀ ਟਹਿਲ ਸੇਵਾ ਕੀਤੀ। ਇਸ ਤੋਂ ਬਾਅਦ ਹਬੀਬ ਬੈਂਕ ਦੇ ਜ਼ੋਨਲ ਮੈਨੇਜਰ ਸ਼ਫ਼ੀ ਅਰਸ਼ਦ ਨੇ ਪੱਤਰਕਾਰ ਰਫ਼ੀਕ ਡੋਗਰ ਨੂੰ ਬੇਨਤੀ ਕੀਤੀ ਕਿ ਜੇਕਰ ਤੁਸੀਂ ਇਜਾਜ਼ਤ ਲੈ ਦੇਵੋ ਤਾਂ ਅਸੀਂ ਡਾ: ਮਨਮੋਹਨ ਸਿੰਘ ਨੂੰ ਕੱਲ ਸ਼ਾਲਾਮਾਰ ਬਾਗ਼ ਲਾਹੌਰ ਵਿੱਚ ਸੱਦ ਕੇ ਉਨ੍ਹਾਂ ਨੂੰ ਰਾਤ ਦਾ ਭੋਜਨ ਕਰਵਾਉਣਾ ਚਾਹੁੰਦੇ ਹਾਂ। ਕਿਉਕਿ ਪੱਤਰਕਾਰਾਂ ਦਾ ਸਰਕਾਰਾਂ ਸਾਹਮਣੇ ਇਕ ਚੰਗਾ ਰੁਤਬਾ ਹੁੰਦਾ ਹੈ ਇਸ ਲਈ ਰਫ਼ੀਕ ਡੋਗਰ ਨੇ ਪੁਰਾਤਤੱਵ ਵਿਭਾਗ ਦੇ ਮੈਂਬਰ ਨਬੀ ਖ਼ਾਨ, ਜੋ ਕਿ ਉਸ ਕਾਫ਼ਲੇ 'ਚ ਸ਼ਾਮਿਲ ਸਨ, ਨਾਲ ਗੱਲ-ਬਾਤ ਕੀਤੀ।
ਪਹਿਲਾਂ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਕੁੱਝ ਨਾਂਹ-ਨੁਕਰ ਕੀਤੀ ਪਰ ਫ਼ਿਰ ਬਾਅਦ ਵਿੱਚ ਉਹ ਡਾ: ਮਨਮੋਹਨ ਸਿੰਘ ਨੂੰ ਇਹ ਭੋਜਨ ਦੇਣ ਲਈ ਮੰਨ ਗਏ। ਹਬੀਬ ਬੈਂਕ ਦੇ ਸ਼ਫੀ ਅਰਸ਼ਦ ਅਤੇ ਲਾਹੌਰ ਜ਼ੋਨ ਦੇ ਆਗੂ ਸਰਫ਼ਰਾਜ਼ ਮੁਹੰਮਦ ਭੱਟੀ ਵੀ ਇਹ ਭੋਜਨ ਦੇਣ ਲਈ ਕਾਫ਼ੀ ਖੁਸ਼ ਸਨ। ਅਗਲੇ ਦਿਨ ਡਾ: ਮਨਮੋਹਨ ਸਿੰਘ ਸ਼ਾਲਾਮਾਰ ਬਾਗ਼ ਪਹੁੰਚੇ ਅਤੇ ਭੋਜਨ ਮੌਕੇ ਮਨਮੋਹਨ ਸਿੰਘ ਦੀ ਸੇਵਾ ਵੀ ਬਹੁਤ ਕੀਤੀ ਗਈ। ਇਕ ਦਫ਼ਾ ਮਨਮੋਹਨ ਸਿੰਘ ਨੇ ਸਰਫ਼ਰਾਜ ਭੱਟੀ ਨੂੰ ਕਿਹਾ ਕਿ ਭੱਟੀ ਸਾਹਿਬ ਲਗਦਾ ਹੈ ਕਿ ਅੱਜ ਤੁਸੀਂ ਵੀ ਸਾਨੂੰ ਕੋਕਾ ਕੋਲਾ ਹੀ ਡਾਹੋਗੇ, ਤਾਂ ਭੱਟੀ ਸਾਹਿਬ ਨੇ ਵੀ ਜੁਆਬ ਦਿੰਦੇ ਹੋਇਆਂ ਕਿਹਾ ਕਿ ਸਰਦਾਰ ਸਾਹਿਬ ਦਾਰੂ ਤਾਂ ਨਹੀਂ ਦੇ ਸਕਦੇ ਪਰ ਹਾਂ ਲੱਸੀ ਜ਼ਰੂਰ ਦੇ ਸਕਦੇ ਹਾਂ। ਇਹ ਸੁਣ ਕੇ ਮੁਸਕਰਾਉਂਦਿਆਂ ਹੋਇਆਂ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਚਲੋ ਉਹੀ ਡਾਹ ਦਿਓ। ਵੇਖਦਿਆਂ ਹੀ ਵੇਖਦਿਆਂ ਲੱਸੀ ਵੀ ਹਾਜ਼ਰ ਹੋ ਗਈ। ਮਨਮੋਹਨ ਸਿੰਘ ਨੇ ਮਿੰਟਾਂ 'ਚ ਹੀ ਲੱਸੀ ਦਾ ਜੱਗ ਖਾਲੀ ਕਰ ਦਿੱਤਾ ਤੇ ਆਖ਼ਿਆ ਸੁਆਦ ਆ ਗਿਆ। ਲਾਹੌਰ 'ਚ ਪੁਰਾਣੀਆਂ ਇਮਾਰਤਾਂ ਵੇਖਦਿਆਂ ਹੋਇਆਂ ਮਨਮੋਹਨ ਸਿੰਘ ਕਾਫ਼ੀ ਦਿਲਚਸਪੀ ਲੈ ਰਹੇ ਸਨ।
ਪਾਕਿਸਤਾਨ 'ਚ ਸਿੱਖਾਂ ਦੇ ਅਨੇਕਾਂ ਇਤਿਹਾਸਕ ਧਾਰਮਿਕ ਸਥਾਨ ਹਨ ਪਰ ਮਨਮੋਹਨ ਸਿੰਘ ਨੇ ਉਨ੍ਹਾਂ ਸਥਾਨਾਂ ਨੂੰ ਵੇਖਣ ਲਈ ਮੂੰਹ ਤੋਂ ਇਕ ਲਫ਼ਜ਼ ਤੱਕ ਨਾ ਕੱਢਿਆ। ਇਸ ਤੋਂ ਬਾਅਦ ਮੌਕਾ ਵੇਖਦਿਆਂ ਹੋਇਆਂ ਮਨਮੋਹਨ ਸਿੰਘ ਨੇ ਸ਼ਰਫ਼ਾਜ਼ ਭੱਟੀ ਦੇ ਕੰਨ 'ਚ ਆਖ਼ਿਆ ਕਿ ਭੱਟੀ ਸਾਹਿਬ ਤੁਸੀਂ ਮੈਨੂੰ ਮੱਕੇ ਦਾ ਹੱਜ ਨਹੀਂ ਕਰਵਾਉਣਾ? ਥੋੜਾ ਹੈਰਾਨ ਹੁੰਦਿਆਂ ਹੋਇਆਂ ਭੱਟੀ ਸਾਹਿਬ ਨੇ ਪੁੱਛਿਆ ਕਿ ਸਰਦਾਰ ਜੀ ਕਿਹੜਾ ਹੱਜ? ਤਾਂ ਡਾ: ਮਨਮੋਹਨ ਸਿੰਘ ਹੁਰਾਂ ਨੇ ਜੁਆਬ ਦਿੰਦਿਆਂ ਕਿਹਾ ਕਿ ਜਨਾਬ ਸਾਡਾ ਮੱਕਾ। ਫ਼ਿਰ ਭੱਟੀ ਸਾਹਿਬ ਨੇ ਸਾਊਦੀ ਅਰਬ ਵਾਲੇ ਮੱਕੇ ਦਾ ਹਵਾਲਾ ਦਿੰਦਿਆਂ ਪੁੱਛਿਆ ਤਾਂ ਡਾ: ਮਨਮੋਹਨ ਸਿੰਘ ਨੇ ਉਤਰ ਦਿੱਤਾ ਕਿ ਭੱਟੀ ਸਾਹਿਬ ਸਾਡਾ ਮੱਕਾ ਤਾਂ ਪਾਕਿਸਤਾਨ 'ਚ ਹੈ ਭਾਵ ਬਾਬੇ ਨਾਨਕ ਦਾ ਜਨਮ ਅਸਥਾਨ। ਭੱਟੀ ਸਾਹਿਬ ਨੇ ਡਾ: ਮਨਮੋਹਨ ਸਿੰਘ ਦੇ ਮਨੋਭਾਵਾਂ ਨੂੰ ਸਮਝਦਿਆਂ ਹੋਇਆ ਹਾਂ ਆਖ਼ ਦਿੱਤੀ ਸੀ। ઠઠ
ਇਸ ਤੋਂ ਬਾਅਦ ਸਰਫ਼ਰਾਜ਼ ਭੱਟੀ ਸਾਹਿਬ ਨੇ ਪਾਕਿਸਤਾਨ ਦੀ ਹਕੂਮਤ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਹਕੂਮਤ ਨੇ ਵੀ ਇਸ ਬਾਰੇ ਵਿਚਾਰ ਕਰਦਿਆਂ ਹੋਇਆਂ ਸਹਿਯੋਗ ਦੇਣ ਦੀ ਗੱਲ ਆਖੀ। ਇਸ ਸਬੰਧੀ ਇਕ ਗੁਪਤ ਯੋਜਨਾ ਤਿਆਰ ਕੀਤੀ ਗਈ। ਡਾ: ਮਨਮੋਹਨ ਸਿੰਘ ਨੇ ਸ਼ਾਮ ਦੇ 7 ਵਜੇ ਹੀ ਰਾਤ ਦਾ ਭੋਜਨ ਕਰ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਆਰਾਮ ਕਰਨਾ ਚਾਹੁੰਦੇ ਹਨ ਅਤੇ ਕੋਈ ਵੀ ਮੈਨੂੰ ਤੰਗ ਨਾ ਕਰੇ। ਆਰਾਮ ਕਰਨ ਲਈ ਕਮਰੇ ਵਿਚ ਜਿਵੇਂ ਹੀ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਕਮਰੇ ਦੇ ਬਾਹਰ 'ਡੂ ਨਾਟ ਡਿਸਟਰਬ' ਦੀ ਤਖ਼ਤੀ ਜੜ ਦਿੱਤੀ ਗਈ। ਹੋਟਲ ਦੇ ਟੈਲੀਫ਼ੋਨ ਆਪ੍ਰੇਟਰ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਮਨਮੋਹਨ ਸਿੰਘ ਨੂੰ ਕੋਈ ਵੀ ਕਾਲ ਨਹੀਂ ਦੇਵੇਗਾ।
ਰਾਤ ਨੂੰ ਜਿਵੇਂ ਹੀ 8:30 ਦਾ ਸਮਾਂ ਹੋਇਆ ਤਾਂ ਡਾ: ਮਨਮੋਹਨ ਸਿੰਘ ਉੱਪਰ ਚਾਦਰ ਲੈ ਕੇ ਹੋਟਲ ਦੇ ਬਾਹਰ ਖੜ੍ਹੀ ਪਜੈਰੋ ਗੱਡੀ ਵਿੱਚ ਆ ਬੈਠੇ। ਕੇਂਦਰ ਵਲੋਂ ਮੌਕੇ 'ਤੇ ਭੇਜੇ ਗਏ ਖਾਸ ਸੁਰੱਖਿਆ ਦਸਤਿਆਂ ਦੇ ਕਾਫ਼ਲੇ ਨਾਲ ਡਾ: ਮਨਮੋਹਨ ਸਿੰਘ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਹੋਟਲ ਤੋਂ ਤੁਰ ਪਏ। ਲਾਹੌਰ ਤੋਂ ਘੰਟਾ ਕੁ ਵਿੱਥ ਦਾ ਸਫ਼ਰ ਤੈਅ ਕਰਕੇ ਉਹ ਆਖ਼ਿਰ ਨਨਕਾਣਾ ਸਾਹਿਬ ਪਹੁੰਚੇ। ਦੂਜੇ ਪਾਸੇ ਗੁਰੂ ਘਰ ਦੇ ਸੇਵਾਦਾਰਾਂ ਅਤੇ ਗ੍ਰੰਥੀਆਂ ਤੋਂ ਵੀ ਇਸ ਗੱਲ ਦਾ ਪਰਦਾ ਰੱਖਿਆ ਗਿਆ ਸੀ ਕਿ ਡਾ: ਮਨਮੋਹਨ ਸਿੰਘ ਆ ਰਹੇ ਹਨ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕੁੱਝ ਸਿੱਖ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਹਨ। ਇਸ ਤੋਂ ਬਾਅਦ ਮਨਮੋਹਨ ਸਿੰਘ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋਏ, ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਆਪਣੇ ਧਰਮ ਮੁਤਾਬਿਕ ਸਾਰੀਆਂ ਰਸਮਾਂ ਕੀਤੀਆਂ ਅਤੇ ਇਸ ਦੌਰਾਨ ਸਰਦਾਰ ਸਾਹਿਬ ਕਾਫ਼ੀ ਨਿਹਾਲ ਅਤੇ ਸ਼ਾਂਤ ਦਿਖਾਈ ਦੇ ਰਹੇ ਸਨ। ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਕਾਫ਼ਲਾ ਫ਼ਿਰ ਤੋਂ ਹੋਟਲ ਵੱਲ ਰਵਾਨਾ ਹੋ ਗਿਆ। ਅੰਮ੍ਰਿਤ ਵੇਲੇ 3 ਕੁ ਵਜੇ ਤੱਕ ਕਾਫ਼ਲਾ ਹੋਟਲ ਪਹੁੰਚ ਗਿਆ। ਦੂਜੇ ਪਾਸੇ ਇਸ ਗੱਲ ਦੀ ਕਿਸੇ ਨੂੰ ਵੀ ਭਿਣਕ ਤੱਕ ਨਾ ਲੱਗੀ।ઠ
ਮਨਮੋਹਨ ਸਿੰਘ ਸਵੇਰੇ ਆਪਣੀ ਨੀਂਦ ਪੂਰੀ ਕਰ ਕੇ ਉੱਠੇ ਅਤੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਹਾਸਲ ਕਰਨ ਲਈ ਡਾਕਟਰ ਸਮੇਤ ਹੋਰ ਕਈਂ ਸੱਜਣ ਪਹੁੰਚੇ। ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਹਬੀਬ ਬੈਂਕ ਦੇ ਅਫ਼ਸਰ ਸਰਫ਼ਰਾਜ਼ ਭੱਟੀ ਵੀ ਖੁਸ਼ ਸਨ ਕਿ ਹੁਣ ਡਾ: ਮਨਮੋਹਨ ਸਿੰਘ ਪਾਕਿਸਤਾਨ ਤੋਂ ਖ਼ੁਸ਼ੀ-ਖ਼ੁਸ਼ੀ ਜਾਣਗੇ।
ਅਖ਼ੀਰ ਡਾ: ਮਨਮੋਹਨ ਸਿੰਘ ਭਾਰਤ ਵਾਪਸ ਪਰਤੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 10 ਸਾਲ ਤੱਕ ਪਾਕਿਸਤਾਨ ਦੇ ਲੋਕਾਂ ਨੂੰ, ਖ਼ਾਸ ਕਰਕੇ ਉਨ੍ਹਾਂ ਦੇ ਪਿੰਡ ਗਾਹ ਦੇ ਲੋਕਾਂ ਨੂੰ ਬਹੁਤ ਉਡੀਕ ਸੀ ਕਿ ਡਾ: ਸਾਹਿਬ ਪਰਿਵਾਰ ਸਮੇਤ ਪਾਕਿਸਤਾਨ ਜ਼ਰੂਰ ਆਉਣਗੇ ਪਰ ਸ਼ਾਇਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਨਾ ਰਹਿਣ ਕਾਰਨ ਅਜਿਹਾ ਨਹੀਂ ਹੋ ਸਕਿਆ।
ਹੁਣ ਪਾਠਕਾਂ ਦੇ ਦਿਲ 'ਚ ਇਹ ਪ੍ਰਸ਼ਨ ਜ਼ਰੂਰ ਉੱਠਦਾ ਹੋਵੇਗਾ ਕਿ ਮੈਨੂੰ ਇਸ ਮਾਮਲੇ ਬਾਰੇ ਕਿਵੇਂ ਪਤਾ ਲੱਗਾ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਮਾਮਾਲੇ ਦੇ ਚਸ਼ਮਦੀਦ ਗਵਾਹ ਰਹੇ ਪੱਤਰਕਾਰ ਮੁਹੰਮਦ ਰਫ਼ੀਕ ਡੋਗਰ ਨਾਲ ਵੀ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਹੈ। ਰਫ਼ੀਕ ਡੋਗਰ ਨੇ ਆਪਣੀ ਕਿਤਾਬ ਡੋਗਰਨਾਮਾ 'ਚ ਵੀ ਇਹ ਗੱਲ ਬਾਖ਼ੂਬੀ ਬਿਆਨ ਕੀਤੀ ਹੈ। ਸਾਲ 2016 'ਚ ਲਾਹੌਰ 'ਚ ਪ੍ਰਕਾਸ਼ਤ ਹੋਈ ਇਸ ਕਿਤਾਬ ਦੇ ਸਫ਼ਾ ਨੰਬਰ 225 'ਤੇ ਸਭ ਕੁਝ ਦਰਜ ਹੈ। ਜਿਵੇਂ ਕਿ ਅਸੀਂ ਪਿੱਛੇ ਵੀ ਇਹ ਬਿਆਨ ਕਰ ਚੁੱਕੇ ਹਾਂ ਕਿ ਰਫ਼ੀਕ ਡੋਗਰ ਭਾਰਤ-ਪਾਕਿਸਤਾਨ ਦੇ ਬਟਵਾਰੇ ਦਾ ਦੁੱਖ ਅੱਜ ਵੀ ਆਪਣੇ ਦਿਲ 'ਚ ਸਮੋਈ ਬੈਠੇ ਹਨ ਅਤੇ ਜਿਸ ਸਮੇਂ ਉਨ੍ਹਾਂ ਨੇ ਆਪਣਾ ਘਰ ਛੱਡਿਆ ਸੀ ਤਾਂ ਉਦੋਂ ਉਨ੍ਹਾਂ ਦਾ ਦਾਦਾ, ਪਿੰਡ ਦੀ ਮਸਜਿਦ ਦਾ ਮੌਲਵੀ ਅਤੇ ਇਕ ਹੋਰ ਨਜ਼ਦੀਕੀ ਸਾਥੀ ਭਾਰਤ ਹੀ ਰਹਿ ਗਏ ਸਨ ਅਤੇ ਉਨ੍ਹਾਂ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਆਖਿਆ ਸੀ ਕਿ ਤੁਸੀਂ ਚਲੋ ਅਸੀਂ ਜਲਦੀ ਆ ਜਾਵਾਂਗੇ ਪਰ ਉਹ ਅੱਜ ਤੱਕ ਪਾਕਿਸਤਾਨ ਨਹੀ ਪਹੁੰਚੇ।
ਜ਼ਾਹਿਰ ਹੈ ਕਿ ਉਹ ਕਤਲੇਆਮ ਦਾ ਸ਼ਿਕਾਰ ਹੋ ਗਏ ਸਨ। ਬੇਸ਼ਕ ਇਸ ਦੁਖਾਂਤ ਨੂੰ 70 ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਰਫ਼ੀਕ ਡੋਗਰ ਅੱਜ ਵੀ ਆਪਣੇ ਦਾਦੇ ਦੀ ਉਡੀਕ ਕਰਦੇ ਹਨ ਅਤੇ ਜਦੋਂ ਵੀ ਭਾਰਤ ਤੋਂ ਕੋਈ ਯਾਤਰੀ ਪਾਕਿਸਤਾਨ ਜਾਂਦਾ ਹੈ ਤਾਂ ਰਫ਼ੀਕ ਡੋਗਰ ਦੇ ਦਿਲ 'ਚ ਉਨ੍ਹਾਂ ਨੂੰ ਮਿਲਣ ਦੀ ਤਾਂਘ ਉੱਠ ਖੜ੍ਹੀ ਹੁੰਦੀ ਹੈ। ਉਨ੍ਹਾਂ ਵਲੋਂ ਡਾ: ਮਨਮੋਹਨ ਸਿੰਘ ਨਾਲ ਉਸ ਸਮੇਂ ਨੇੜਤਾ ਬਣਾਉਣਾ ਜਾਂ ਉਨ੍ਹਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਹਰ ਸੰਭਵ ਮਦਦ ਦੇਣ ਦਾ ਵੀ ਸ਼ਾਇਦ ਇਹੀ ਕਾਰਨ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੱਤਰਕਾਰ ਰਫ਼ੀਕ ਡੋਗਰ 'ਨਵਾ-ਏ-ਵਕਤ' ਅਖ਼ਬਾਰ 'ਚ ਬਹੁਤ ਲੰਮਾਂ ਸਮਾਂ ਕੰਮ ਕਰਕੇ ਹੁਣ ਸੇਵਾ ਮੁਕਤ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਉਹ ਹੁਣ ਤੱਕ 25 ਤੋਂ ਵੱਧ ਕਿਤਾਬਾਂ ਵੀ ਲੋਕ ਅਰਪਣ ਕਰ ਚੁੱਕੇ ਹਨ।

-ਲੇਖਕ ਤੇ ਖੋਜਕਾਰ ਦਾ ਸਬੰਧ ਲਹਿੰਦੇ ਪੰਜਾਬ (ਪਾਕਿਸਤਾਨ) ਨਾਲ ਹੈ ਅਤੇ ਉਹ ਬਰਤਾਨੀਆ ਵਿਚ ਰਹਿੰਦੇ ਹਨ।
ਮੋਬਾ: +447878132209
email : kotroy@hotmail.co.uk

ਅਨੁਵਾਦਕ : ਗੁਰਿੰਦਰ ਸਿੰਘ ਬੈਦਵਾਣ
ਮੋਬਾ: 8872221333
gurinder25.gs@gmail.com

ਅਲਵਿਦਾ ਅੰਬੈਸਡਰ ਕਾਰ

ਆਖ਼ਰਕਾਰ ਦਹਾਕਿਆਂ ਤਕ ਭਾਰਤ ਦੀ ਸ਼ਾਨ ਅਤੇ ਤਾਕਤ ਦਾ ਬਦਲ ਬਣੀ ਰਹੀ ਅੰਬੈਸਡਰ ਕਾਰ ਪਿਛਲੇ ਦਿਨੀਂ ਵਿਕ ਹੀ ਗਈ। ਹਾਲਾਂਕਿ ਇਸ ਦਾ ਸੌਦਾ ਤਾਂ ਇਸ ਸਾਲ ਮਾਰਚ ਮਹੀਨੇ ਵਿਚ ਹੀ ਹੋ ਗਿਆ ਸੀ, ਪਰ ਇਸ 'ਤੇ ਆਖਰੀ ਮੋਹਰ ਅਕਤੂਬਰ 2017 ਦੇ ਅਖੀਰ ਵਿਚ ਲੱਗੀ। ਉਦੋਂ ਹੋਰ ਰਸੂਖ ਦੀ ਕਹਾਣੀ ਵਾਲੀ ਅੰਬੈਸਡਰ ਕਾਰ ਦੀ ਬਜ਼ਾਰ ਵਿਚ ਸਿਰਫ 80 ਕਰੋੜ ਰੁਪਏ ਦੀ ਕੀਮਤ ਲੱਗੀ। ਸਿਰਫ 80 ਕਰੋੜ ਰੁਪਏ ਵਿਚ ਹਿੰਦੁਸਤਾਨ ਮੋਟਰਜ਼ ਦੀ ਅੰਬੈਸਡਰ ਕਾਰ, ਫਰਾਂਸੀਸੀ ਕੰਪਨੀ ਪਿਉਜਿਅਟ ਦੀ ਹੋ ਗਈ। ਇਕ ਜ਼ਮਾਨਾ ਸੀ ਜਦੋਂ ਸਫੈਦ ਅੰਬੈਸਡਰ ਕਾਰ ਦੇ ਬੋਨਟ 'ਤੇ ਲਹਿਰਾਉਂਦਾ ਭਾਰਤ ਦਾ ਝੰਡਾ ਇਸ ਦੇ ਖਾਸ ਹੋਣ ਦੀ ਕਹਾਣੀ ਕਹਿੰਦਾ ਸੀ। ਪਰ ਆਟੋਮੋਬਾਈਲਜ਼ ਦੀ ਦੁਨੀਆ ਵਿਚ ਹਾਲ ਹੀ ਦੇ ਦਹਾਕਿਆਂ ਵਿਚ ਬਹੁਤ ਤੇਜ਼ ਬਦਲਾਅ ਹੋ ਰਹੇ ਸਨ ਅਤੇ ਅੰਬੈਸਡਰ ਬਦਲਾਅ ਦੀ ਰਫ਼ਤਾਰ ਵਿਚ ਮੁਕਾਬਲੇਬਾਜ਼ੀ ਨਹੀਂ ਕਰ ਰਹੀ ਸੀ, ਜਿਸ ਦਾ ਨਤੀਜਾ ਉਹੀ ਨਿਕਲਿਆ ਜੋ ਨਿਕਲ ਸਕਦਾ ਸੀ। ਇਸ ਸਭ ਦੇ ਬਾਵਜੂਦ ਕਿ ਅੰਬੈਸਡਰ ਨੂੰ ਸਰਕਾਰ ਦੀ ਵਿਸ਼ੇਸ਼ ਸਰਪ੍ਰਸਤੀ ਹਾਸਲ ਸੀ।
ਦਰਅਸਲ ਇਸ ਸ਼ਤਾਬਦੀ ਦੀ ਸ਼ੁਰੂਆਤ ਤੋਂ ਹੀ ਲੜਖੜਾ ਰਹੀ ਅੰਬੈਸਡਰ ਕਾਰ ਦਾ ਉਤਪਾਦਨ ਸਾਲ 2014 ਵਿਚ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ। ਫਿਰ ਵੀ ਜੇਕਰ ਅਗਲੇ ਦੋ ਸਾਲਾਂ ਤੱਕ ਇਹ ਉਮੀਦ ਬਣੀ ਰਹੀ ਕਿ ਬਰਤਾਨਵੀ ਮੌਰਿਸ ਆਕਸਫੋਰਡ ਦੀ ਤਰਜ਼ 'ਤੇ ਬਣੀ ਅੰਬੈਸਡਰ ਕਾਰ ਦੇ ਨਵੇਂ ਮਾਡਲ ਬਾਜ਼ਾਰ ਵਿਚ ਜਲਦੀ ਹੀ ਆਉਣਗੇ ਤੇ ਇਸ ਦੇ ਪਿੱਛੇ ਇਸ ਦਾ ਮਜ਼ਬੂਤ ਇਤਿਹਾਸ ਸੀ।
ਪਰ ਨਵੇਂ ਮਾਡਲਾਂ ਦਾ ਇੰਤਜ਼ਾਰ ਹੀ ਰਿਹਾ। ਸਾਰੇ ਐਲਾਨਾਂ ਦੇ ਬਾਅਦ ਵੀ ਜਦੋਂ ਅੰਬੈਸਡਰ ਨੂੰ ਬਾਜ਼ਾਰ ਤੋਂ ਕੋਈ ਉਤਸ਼ਾਹਜਨਕ ਹੁੰਗਾਰਾ ਨਾ ਮਿਲਿਆ ਤਾਂ ਅਖੀਰ ਅੰਬੈਸਡਰ ਨੂੰ ਬੰਦ ਹੀ ਹੋਣਾ ਪਿਆ। ਸੀ. ਕੇ. ਬਿਰਲਾ ਸਮੂਹ ਦੀ ਕੰਪਨੀ ਹਿੰਦੁਸਤਾਨ ਮੋਟਰਜ਼, ਜੋ ਅੰਬੈਸਡਰ ਕਾਰ ਬਣਾਉਂਦੀ ਸੀ, ਨੂੰ 90 ਦੇ ਦਹਾਕੇ ਦੇ ਮੱਧ ਵਿਚ ਯੂਰਪ ਦੀ ਪਿਉਜਿਅਟ ਦੇ ਰੂਪ ਵਿਚ ਨਵਾਂ ਸਾਂਝੀਦਾਰ ਮਿਲਿਆ। ਉਸ ਸਮੇਂ ਲੱਗਿਆ ਸੀ ਕਿ ਜਿਵੇਂ ਹੁਣ ਹਿੰਦੁਸਤਾਨ ਮੋਟਰਜ਼, ਉਦਾਰੀਕਰਨ ਦੇ ਦੌਰ ਵਿਚ ਨਵੇਂ ਉਤਸ਼ਾਹ ਨਾਲ ਰਫ਼ਤਾਰ ਫੜੇਗੀ, ਪਰ ਇਹ ਸੰਭਵ ਨਹੀਂ ਹੋਇਆ। ਸ਼ਾਇਦ ਇਹ ਦੱਖਣੀ ਕੋਰੀਆ ਦੀ ਹੁੰਡਾਈ ਅਤੇ ਜਾਪਾਨ ਦੀ ਨਿਸਾਨ ਵਰਗੀ ਆਧੁਨਿਕ ਤਕਨੀਕ ਵਾਲੀਆਂ ਕਾਰਾਂ ਦਾ ਮੁਕਾਬਲਾ ਨਹੀਂ ਕਰ ਸਕੀ। ਅਖੀਰ ਅੰਬੈਸਡਰ ਨੂੰ ਉਸ ਦੇ ਯੂਰਪੀ ਸਾਂਝੀਦਾਰ ਨੇ ਹੀ ਖਰੀਦ ਲਿਆ। ਪਰ ਅੰਬੈਸਡਰ ਭਾਵੇਂ ਇਤਿਹਾਸ ਦੇ ਸਫ਼ਿਆਂ ਵਿਚ ਗੁੰਮ ਹੋ ਚੁੱਕੀ ਹੋਵੇ ਪਰ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਤੂਫਾਨੀ ਸਾਲਾਂ ਦੇ ਇਤਿਹਾਸ ਵਿਚ ਅੰਬੈਸਡਰ ਹਮੇਸ਼ਾ ਜਿਊਂਦੀ ਅਤੇ ਆਪਣੇ ਪ੍ਰਭਾਵ ਨਾਲ ਰੋਮਾਂਚਿਤ ਕਰਦੀ ਰਹੇਗੀ। ਜਦੋਂ ਵੀ ਕੋਈ ਫਿਲਮਕਾਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ 60 ਅਤੇ 70 ਦੇ ਦਹਾਕਿਆਂ 'ਤੇ ਆਧਾਰਿਤ ਕੋਈ ਫਿਲਮ ਬਣਾਏਗਾ ਤਾਂ ਉਸ ਫਿਲਮ ਦਾ ਸਭ ਤੋਂ ਜਿਊਂਦਾ ਅਤੇ ਗੀਤਮਾਨ ਪ੍ਰਤੀਕ ਅੰਬੈਸਡਰ ਕਾਰ ਹੀ ਹੋਵੇਗੀ। ਉਹ ਅੰਬੈਸਡਰ ਜਿਸ ਦੇ ਸਿਰ 'ਤੇ ਇਕ ਲਾਲਬੱਤੀ ਹੌਲੀ-ਹੌਲੀ ਘੜੀ ਦੀਆਂ ਸੂਈਆਂ ਦੀ ਦਿਸ਼ਾ ਵਿਚ ਘੁੰਮ ਰਹੇਗੀ ਹੋਵੇਗੀ। ਬੋਨਟ 'ਤੇ ਭਾਰਤ ਦਾ ਝੰਡਾ ਲੱਗਿਆ ਹੋਵੇਗਾ ਅਤੇ ਇਸ ਵਿਚੋਂ ਇਕ ਸਫਾਰੀ ਸੂਟ ਪਾਈ ਆਮ ਆਦਮੀ ਨੂੰ ਕੁਝ ਨਾ ਸਮਝਣ ਵਾਲਾ, ਸਰਕਾਰੀ ਅਧਿਕਾਰੀ ਉਤਰ ਰਿਹਾ ਹੋਵੇਗਾ। ਅੰਬੈਸਡਰ ਕਾਰ ਉਦੋਂ ਤੋਂ ਹੀ ਭਾਰਤੀ ਨੌਕਰਸ਼ਾਹੀ ਦਾ ਵੀ ਸਭ ਤੋਂ ਮਜ਼ਬੂਤ ਪ੍ਰਤੀਕ ਰਹੀ ਹੈ।
ਅੰਬੈਸਡਰ ਕਾਰ ਸਿਰਫ਼ ਕਾਰ ਨਹੀਂ ਸੀ ਬਲਕਿ ਇਹ ਆਜ਼ਾਦੀ ਤੋਂ ਬਾਅਦ ਦੇਸ਼ ਦੇ ਨਵ-ਨਿਰਮਾਣ ਦਾ ਇਕ ਹਿੱਸਾ ਸੀ। ਇਸ ਲਈ ਇਸ ਦੇ ਨਾਲ ਭਾਰਤ ਸਰਕਾਰ ਦਾ ਹੀ ਨਹੀਂ, ਭਾਰਤ ਦੇ ਆਮ ਆਦਮੀ ਦਾ ਵੀ ਇਕ ਭਾਵਨਾਤਮਕ ਸਬੰਧ ਸੀ। ਹਿੰਦੁਸਤਾਨ ਵਿਚ ਅੰਬੈਸਡਰ ਕਾਰ ਹਿੰਦੁਸਤਾਨ ਮੋਟਰਜ਼ ਦੇ ਬੈਨਰ ਹੇਠ ਸਾਲ 1958 ਵਿਚ ਬਣਨੀ ਸ਼ੁਰੂ ਹੋਈ ਸੀ ਅਤੇ 2014 ਤਕ ਬਣਦੀ ਰਹੀ। ਦਰਅਸਲ ਇਹ ਬਰਤਾਨੀਆ ਦੀ ਮੌਰਿਸ ਆਕਸਫੋਰਡ ਸੀਰੀਜ਼-3 ਦਾ ਇਕ ਭਾਰਤੀ ਮਾਡਲ ਸੀ ਜਾਂ ਇੰਝ ਕਹਿ ਸਕਦੇ ਹਾਂ ਕਿ ਇਸ ਤੋਂ ਪ੍ਰੇਰਣਾ ਲੈ ਕੇ ਇਹ ਬਣੀ ਸੀ। ਅੰਬੈਸਡਰ ਨਾਲ ਭਾਰਤ ਸਰਕਾਰ ਅਤੇ ਭਾਰਤੀਆਂ ਦਾ ਇਸ ਲਈ ਵੀ ਇਕ ਭਾਵਨਾਤਮਕ ਸਬੰਧ ਸੀ, ਕਿਉਂਕਿ ਇਹ ਹਿੰਦੁਸਤਾਨ ਵਿਚ ਬਣਨ ਵਾਲੀ ਪਹਿਲੀ ਕਾਰ ਸੀ। ਇਸ ਲਈ ਇਸ ਨੂੰ ਦਹਾਕਿਆਂ ਤੱਕ ਭਾਰਤ ਸਰਕਾਰ ਦੀ ਜ਼ਬਰਦਸਤ ਸਰਪ੍ਰਸਤੀ ਹਾਸਲ ਰਹੀ ਹੈ ਜਦੋਂ ਕਿ 80 ਦੇ ਦਹਾਕੇ ਵਿਚ ਜਾਪਾਨ ਦੀ ਮਦਦ ਨਾਲ ਭਾਰਤ ਵਿਚ ਮਾਰੂਤੀ ਦਾ ਵੀ ਜਨਮ ਹੋ ਚੁੱਕਾ ਸੀ। ਫਿਰ ਵੀ ਮਾਰੂਤੀ ਨੂੰ ਸਰਕਾਰ ਦਾ ਉਹ ਪਿਆਰ ਅਤੇ ਦੁਲਾਰ ਨਹੀਂ ਮਿਲਿਆ ਜੋ ਪਿਆਰ ਹਮੇਸ਼ਾ ਅੰਬੈਸਡਰ ਕਾਰ ਨੂੰ ਮਿਲਦਾ ਰਿਹਾ ਹੈ। ਇਤਿਹਾਸ ਦੱਸਦਾ ਹੈ ਅਤੇ ਅਨੁਭਵ ਵੀ ਕਿ ਜ਼ਿਆਦਾ ਸਰਪ੍ਰਸਤੀ ਵਿਚ ਚੀਜ਼ਾਂ ਵਧਦੀਆਂ ਫੁਲਦੀਆਂ ਨਹੀਂ ਹਨ, ਕਿਉਂਕਿ ਉਹ ਮੁਕਾਬਲਾ ਕਰਨਾ ਭੁੱਲ ਜਾਂਦੀਆਂ ਹਨ। ਅੰਬੈਸਡਰ ਕਾਰ ਦੇ ਨਾਲ ਵੀ ਇਹੀ ਹੋਇਆ। ਉਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਰਪ੍ਰਸਤੀ ਹਾਸਲ ਸੀ। ਇਸ ਲਈ ਉਸ ਨੇ ਬਾਜ਼ਾਰ ਵੱਲ ਕਦੀ ਤਵੱਜੋਂ ਨਹੀਂ ਦਿੱਤੀ ਕਿਉਂਕਿ ਅੰਬੈਸਡਰ ਦੀਆਂ ਟੈਕਸੀਆਂ ਦਾ 90 ਦੇ ਦਹਾਕੇ ਤੱਕ ਲਗਜ਼ਰੀ ਟੈਕਸੀਆਂ ਵਿਚ ਸ਼ੁਮਾਰ ਸੀ, ਬਾਵਜੂਦ ਇਸ ਦੇ ਹਿੰਦੁਸਤਾਨ ਮੋਟਰਜ਼ ਨੇ ਅੰਬੈਸਡਰ ਲਈ ਬਾਜ਼ਾਰ ਵਿਚ ਥਾਂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਇਸ ਦਾ ਇਕ ਦੂਜਾ ਕਾਰਨ ਇਹ ਵੀ ਸੀ ਕਿ ਉਸ ਨੂੰ ਵਿਸ਼ਵਾਸ ਸੀ ਕਿ ਭਾਰਤ ਸਰਕਾਰ ਪਰੰਪਰਾ ਦੇ ਨਾਂਅ 'ਤੇ ਹਮੇਸ਼ਾ ਉਸ ਦਾ ਬੋਝ ਢੋਂਹਦੀ ਰਹੇਗੀ।

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-132

'ਤਾਲ ਸੇ ਤਾਲ ਮਿਲਾ... ' ਏ. ਆਰ. ਰਹਿਮਾਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵੈਸੇ ਏ. ਆਰ. ਰਹਿਮਾਨ 'ਤੇ ਅੜੀਅਲ ਅਤੇ ਜ਼ਿੱਦੀ ਹੋਣ ਦਾ ਦੋਸ਼ ਵੀ ਅਕਸਰ ਲਗਦਾ ਰਿਹਾ ਹੈ। ਇਸ ਕਰ ਕੇ ਉਸ ਦੇ ਕਈ ਸਬੰਧ ਹਊਮੈ ਦੇ ਟਕਰਾਅ ਦਾ ਵੀ ਕਈ ਵਾਰ ਸ਼ਿਕਾਰ ਹੋਏ ਸਨ। ਮਿਸਾਲ ਦੇ ਤੌਰ 'ਤੇ ਸੁਖਵਿੰਦਰ ਸਿੰਘ ਕਦੇ ਰਹਿਮਾਨ ਦਾ ਚਹੇਤਾ ਗਾਇਕ ਹੋਇਆ ਕਰਦਾ ਸੀ। ਪਰ 'ਸਲੱਮ ਡਾਗ' ਮਿਲੀਨੇਅਰ ਦੇ 'ਜੈ ਹੋ' ਵਾਲੇ ਗੀਤ ਨੂੰ ਆਸਕਰ ਐਵਾਰਡ ਜਦੋਂ ਮਿਲਿਆ ਤਾਂ ਸੁਖਵਿੰਦਰ ਨੇ ਰਹਿਮਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਅਮਰੀਕਾ ਜਾ ਕੇ ਇਸ ਐਵਾਰਡ ਨੂੰ ਪ੍ਰਦਾਨ ਕਰਨ ਵਾਲੀ ਕਮੇਟੀ ਦੇ ਸਾਹਮਣੇ ਇਹ ਗੀਤ ਗਾਉਣਾ ਚਾਹੁੰਦਾ ਹੈ ਪਰ ਰਹਿਮਾਨ ਨੇ ਉਸ ਦਾ ਇਹ ਪ੍ਰਸਤਾਵ ਨਹੀਂ ਸੀ ਮੰਨਿਆ ਅਤੇ ਆਪ ਹੀ ਇਸ ਗੀਤ ਨੂੰ ਉਸ ਨੇ ਅਮਰੀਕਾ ਜਾ ਕੇ ਪੇਸ਼ ਕੀਤਾ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਦੇ ਸਬੰਧਾਂ 'ਚ ਤਰੇੜ ਦਾ ਆ ਜਾਣਾ ਸੁਭਾਵਿਕ ਹੀ ਸੀ।
ਬਾਲੀਵੁੱਡ ਵਿਚ ਤਾਂ ਇਹ ਵੀ ਚਰਚਾ ਹੈ ਕਿ 'ਸਲੱਮ ਡਾਗ ਮਿਲੀਨੇਅਰ' ਵਾਲੇ ਗੀਤ ਕਰ ਕੇ ਰਹਿਮਾਨ ਨੂੰ ਆਸਕਰ ਮਿਲਣਾ ਵੀ ਇਕ ਇਤਫਾਕ ਹੀ ਸੀ। ਦਰਅਸਲ ਇਹ ਗੀਤ ਸੁਭਾਸ਼ ਘਈ ਦੀ ਇਕ ਫ਼ਿਲਮ ਲਈ ਰਿਕਾਰਡ ਕੀਤਾ ਗਿਆ ਸੀ ਪਰ ਸੁਭਾਸ਼ ਘਈ ਨੂੰ ਇਹ ਗੀਤ ਇਸ ਲਈ ਪਸੰਦ ਨਹੀਂ ਸੀ ਆਇਆ ਕਿਉਂਕਿ ਇਕ ਤਾਂ ਇਹ ਉਸ ਦੀ ਫ਼ਿਲਮ ਦੇ ਟੈਂਪੋ ਨੂੰ ਰੋਕਦਾ ਸੀ ਅਤੇ ਦੂਜਾ ਇਸ ਦੀ ਰਿਕਾਰਡਿੰਗ 'ਚ ਈਸਾਈ ਧਰਮ ਦੇ ਸੰਗੀਤ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਏ.ਆਰ. ਰਹਿਮਾਨ ਨੇ ਇਹ ਗੀਤ ਆਪਣੇ ਕੋਲ ਰੱਖ ਲਿਆ ਸੀ। ਕੁਝ ਚਿਰ ਬਾਅਦ ਜਦੋਂ ਸਲੱਮ ਡਾਗ ਮਿਲੀਨੇਅਰ ਦੇ ਨਿਰਮਾਤਾ ਨੇ ਉਸ ਨੂੰ ਇਕ ਸਿਚੂਏਸ਼ਨ ਸਮਝਾਈ ਤਾਂ ਰਹਿਮਾਨ ਨੂੰ ਲੱਗਿਆ ਕਿ 'ਜੈ ਹੋ' ਵਾਲਾ ਗੀਤ ਹੀ ਉਸ 'ਤੇ ਢੁਕਵਾਂ ਬੈਠਦਾ ਸੀ। ਇਸ ਲਈ ਉਸ ਨੇ ਇਹ ਗੀਤ 'ਸਲੱਮ ਡਾਗ' ਵਾਲਿਆਂ ਨੂੰ ਦੇ ਦਿੱਤਾ ਸੀ। ਬਾਅਦ 'ਚ ਜਦੋਂ ਇਸੇ ਹੀ ਗੀਤ ਨੂੰ ਆਸਕਰ ਐਵਾਰਡ ਮਿਲਿਆ ਤਾਂ ਸੁਭਾਸ਼ ਘਈ ਨੇ ਬੜੇ ਵਿਅੰਗਾਤਮਿਕ ਢੰਗ ਨਾਲ ਕਿਹਾ ਸੀ, 'ਜੇ ਮੇਰੇ ਠੁਕਰਾਏ ਗੀਤ ਗਰੈਮੀ ਐਵਾਰਡ ਜਿੱਤਦੇ ਹਨ ਤਾਂ ਇਹ ਕੰਮ ਤਾਂ ਮੈਂ ਹਰੇਕ ਸੰਗੀਤਕਾਰ ਦੇ ਨਾਲ ਕਰ ਸਕਦਾ ਹਾਂ।'
ਬਾਵਜੂਦ ਇਨ੍ਹਾਂ ਆਲੋਚਨਾਵਾਂ ਦੇ, ਸੱਚਾਈ ਤਾਂ ਇਹ ਹੈ ਕਿ 'ਟਾਈਮਜ਼' ਪੱਤ੍ਰਿਕਾ ਨੇ ਉਸ ਨੂੰ 'ਮਦਰਾਸ ਦਾ ਖੋਜਾਰਟ' ਦੇ ਖ਼ਿਤਾਬ ਦੇ ਨਾਲ ਨਿਵਾਜ਼ਿਆ ਹੈ। ਉਸ ਦੇ ਗੀਤਾਂ ਦੇ 2000 ਕਰੋੜ ਦੇ ਰਿਕਾਰਡ ਮਾਰਕਿਟ 'ਚ ਵਿਕ ਚੁੱਕੇ ਹਨ। 11 ਵਾਰ ਉਸ ਨੂੰ ਗਰੈਮੀ ਐਵਾਰਡ ਵੀ ਦਿੱਤਾ ਗਿਆ ਹੈ। 4 ਵਾਰ ਉਸ ਨੂੰ ਰਾਸ਼ਟਰੀ ਪੁਰਸਕਾਰ ਦੇ ਨਾਲ ਨਿਵਾਜ਼ਿਆ ਗਿਆ ਹੈ। 1997 ਵਿਚ ਉਸ ਨੇ 'ਵੰਦੇ ਮਾਤਰਮ' ਗੀਤ ਰਿਕਾਰਡ ਕਰਵਾਇਆ ਸੀ। ਇਸ 'ਚ ਦੇਸ਼ ਦੇ ਕਈ ਪ੍ਰਸਿੱਧ ਗੀਤਕਾਰਾਂ ਨੇ ਭਾਗ ਲਿਆ ਸੀ। ਇਸੇ ਹੀ ਤਰ੍ਹਾਂ ਉਸ ਨੇ 'ਜਨ ਗਨ ਮਨ' ਵਾਲੇ ਰਾਸ਼ਟਰੀ ਗੀਤ ਨੂੰ ਵੀ ਕਈ ਚਰਚਿਤ ਆਵਾਜ਼ ਦੀ ਸਹਾਇਤਾ ਨਾਲ ਰਿਕਾਰਡ ਕਰਵਾਇਆ ਸੀ। ਉਂਜ ਰਹਿਮਾਨ ਯੂ.ਐਨ.ਓ. ਦੀ ਸੰਸਥਾ ਡਬਲਿਊ.ਐਚ.ਓ. ਦੇਨਾਲ ਵੀ ਜੁੜਿਆ ਹੋਇਆ ਹੈ ਅਤੇ ਟੀ.ਬੀ. ਦੇ ਵਿਰੁੱਧ ਚਲ ਰਹੀ ਮੁਹਿੰਮ 'ਚ ਉਸ ਦਾ ਵਿਸ਼ੇਸ਼ ਯੋਗਦਾਨ ਵੀ ਹੈ।
ਪਰ ਬਤੌਰ ਸੰਗੀਤਕਾਰ ਉਸ ਦੀ ਵਿਸ਼ੇਸ਼ਤਾ ਕੀ ਹੈ? ਇਸ ਪ੍ਰਸ਼ਨ ਦਾ ਉੱਤਰ ਬੜਾ ਸਪੱਸ਼ਟ ਹੈ, ਭਾਰਤੀ ਫ਼ਿਲਮ ਸੰਗੀਤ ਦੀ ਸਭ ਤੋਂ ਚਰਚਿਤ ਜੋੜੀ ਲਕਸ਼ਮੀ ਕਾਂਤ-ਪਿਆਰੇ ਲਾਲ ਦੇ ਬਾਅਦ ਇਸ ਖੇਤਰ 'ਚ ਇਕ ਤਰ੍ਹਾਂ ਦਾ ਖਾਲੀਪਨ ਪੈਦਾ ਹੋ ਗਿਆ ਸੀ। ਇਹ ਠੀਕ ਹੈ ਕਿ ਅਨੂ ਮਲਿਕ ਅਤੇ ਨਵੀਮ ਸ਼ਰਵਣ ਵਰਗਿਆਂ ਹੋਰ ਵੀ ਕਈ ਸੰਗੀਤਕਾਰਾਂ ਨੇ ਬਦਲ ਰਹੀਆਂ ਪ੍ਰਸਥਿਤੀਆਂ ਦੇ ਅਨੁਸਾਰ ਕਾਫੀ ਕੰਮ ਕੀਤਾ ਪਰ ਇਨ੍ਹਾਂ ਸਾਰਿਆਂ 'ਚ ਕਮੀ ਇਹ ਰਹੀ ਕਿ ਇਨ੍ਹਾਂ 'ਚ ਮੌਲਿਕਤਾ ਬਹੁਤ ਘੱਟ ਸੀ। ਇਨ੍ਹਾਂ ਨੇ ਖਾਸ ਕਰ ਕੇ ਪਾਕਿਸਤਾਨੀ ਗਾਇਕ ਨੁਸਰਤ ਫਤਹਿ ਅਲੀ ਖ਼ਾਨ ਦੀਆਂ ਰਚਨਾਵਾਂ ਦੀ ਰੱਜ ਕੇ ਕਾਪੀ ਕੀਤੀ।
ਇਨ੍ਹਾਂ ਸੰਗੀਤਕਾਰਾਂ ਦੀ ਇਸ ਨਕਲ ਕਰਨ ਵਾਲੀ ਪ੍ਰਵਿਰਤੀ ਦਾ ਸਪੱਸ਼ਟੀਕਰਨ ਇਕ ਘਟਨਾ ਨਾਲ ਵਧੇਰੇ ਹੋ ਸਕਦਾ ਹੈ। ਇਕ ਵਾਰ ਨੁਸਰਤ ਸਾਹਿਬ ਸੰਨੀ ਸਟੂਡੀਓ 'ਚ (ਮੁੰਬਈ) ਇਕ ਰਿਕਾਰਡਿੰਗ ਦੇ ਸਿਲਸਿਲੇ 'ਚ ਆਏ ਸਨ। ਕੁਝ ਪੱਤਰਕਾਰ ਵੀ ਉਥੇ ਮੌਜੂਦ ਸਨ। ਇੰਨੀ ਦੇਰ ਨੂੰ ਅਨੂ ਮਲਿਕ ਨੁਸਰਤ ਸਾਹਿਬ ਦੇ ਕੋਲ ਆ ਕੇ ਕਹਿਣ ਲੱਗਾ, 'ਖ਼ਾਨ ਸਾਹਿਬ, ਮੈਂ ਤਾਂ ਤੁਹਾਡੇ ਤੋਂ ਪ੍ਰੇਰਨਾ ਲੈਂਦਾਹਾਂ ਪਰ ਨਦੀਮ-ਸ਼ਰਵਣ ਤਾਂ ਤੁਹਾਡੀ ਪੂਰੀ ਦੀ ਪੂਰੀ ਕਾਪੀ ਕਰਦੇ ਹਨ। ਤੁਸੀਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ?' ਨੁਸਰਤ ਸਾਹਿਬ ਚੁੱਪ ਰਹੇ। ਪੱਤਰਕਾਰਾਂ ਨੇ ਵੀ ਖ਼ਾਨ ਸਾਹਿਬ ਨੂੰ ਕੋਈ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਖ਼ਾਨ ਸਾਹਿਬ ਨੇ ਕਿਹਾ, 'ਮੈਂ ਕਿਸ-ਕਿਸ 'ਤੇ ਕਾਰਵਾਈ ਕਰਾਂ?' ਅਨੂ ਤੋਂ ਪਹਿਲਾਂ ਹੀ ਨਦੀਮ-ਸ਼ਰਵਣ ਮੈਨੂੰ ਮੇਰੇ ਹੋਟਲ 'ਚ ਮਿਲਣ ਆਏ ਸਨ। ਉਨ੍ਹਾਂ ਨੇ ਮੈਨੂੰ ਅਨੂ ਮਲਿਕ 'ਤੇ ਇਹੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਸੀ।'
ਇਸ ਪਰੰਪਰਾ (ਨਕਲ) ਦੇ ਵਿਪਰੀਤ ਏ.ਆਰ. ਰਹਿਮਾਨ ਨੇ ਵਿਭਿੰਨ ਸੰਗੀਤਕ ਸ਼ੈਲੀਆਂ ਨੂੰ ਮਿਸ਼ਰਤ ਕਰ ਕੇ ਅਜਿਹੀਆਂ ਰਚਨਾਵਾਂ ਸੰਗੀਤਬੱਧ ਕੀਤੀਆਂ ਹਨ, ਜੋ ਕਿ ਮੌਲਿਕ ਬੇਸ਼ੱਕ ਨਾ ਹੋਣ ਪਰ ਉਹ ਗੁਣਗਾਉਣ 'ਚ ਸੁਰੀਲੇ ਸੰਗੀਤ ਦਾ ਪ੍ਰਭਾਵ ਦਿੰਦੀਆਂ ਹਨ। ਇਸ ਕਰ ਕੇ ਹੀ ਉਸ ਦਾ ਸੰਗੀਤ ਬਹੁਤ ਸਾਰੀਆਂ ਫ਼ਿਲਮਾਂ 'ਚ ਪ੍ਰਭਾਵਸ਼ਾਲੀ ਅਤੇ ਲੋਕਪ੍ਰਿਆ ਰਿਹਾ ਹੈ। ਇਨ੍ਹਾਂ 'ਚੋਂ 'ਤਹਿਜ਼ੀਬ', 'ਬਾਂਬੇ', 'ਦਿਲ ਸੇ', 'ਰੰਗੀਲਾ', 'ਤਾਲ', 'ਜੀਨਸ', 'ਪੁਕਾਰ', 'ਲਗਾਨ', 'ਮੰਗਲ ਪਾਂਡੇ', 'ਰੰਗ ਦੇ ਬਸੰਤੀ', 'ਸਵਦੇਸ਼', 'ਜੋਧਾ ਅਕਬਰ', 'ਜਾਨੇ ਤੂ ਜਾਨੇ ਨਾ', 'ਯੁਵਰਾਜ', 'ਸਲਮਡਾਗ ਮਿਲੀਨੇਅਰ', 'ਜਬ ਤਕ ਹੈ ਜਾਨ' ਅਤੇ 'ਗਜ਼ਨੀ' ਦੇ ਨਾਂਅ ਵਿਸ਼ੇਸ਼ ਰੂਪ 'ਚ ਲਏ ਜਾ ਸਕਦੇ ਹਨ।
ਬਤੌਰ ਸੰਗੀਤਕਾਰ ਰਹਿਮਾਨ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਕਿਸੇ ਖ਼ਾਸ ਗੀਤਕਾਰ ਜਾਂ ਗਾਇਕ ਨੂੰ ਆਪਣੇ ਨਾਲ ਨਹੀਂ ਜੋੜਦਾ ਹੈ। ਗੀਤਕਾਰਾਂ 'ਚੋਂ ਉਸ ਨੇ ਜਾਵੇਦ ਅਖ਼ਤਰ, ਗੁਲਜ਼ਾਰ ਅਤੇ ਅਰਸ਼ਿਦ ਕਾਮਲ ਵਰਗੇ ਮਸ਼ਹੂਰ ਗੀਤਕਾਰਾਂ ਨਾਲ ਵੀ ਕੰਮ ਕੀਤਾ ਹੈ ਅਤੇ ਇਨ੍ਹਾਂ ਤੋਂ ਘੱਟ ਚਰਚਿਤ ਗੀਤਕਾਰਾਂ ਨਾਲ ਵੀ ਕੰਮ ਕੀਤਾ ਹੈ ਅਤੇ ਇਨ੍ਹਾਂ ਤੋਂ ਘੱਟ ਚਰਚਿਤ ਗੀਤਕਾਰਾਂ ਨਾਲ ਵੀ ਉਹ ਸਹਿਜ ਭਾਵ ਨਾਲ ਕੰਮ ਕਰਦਾ ਹੈ। ਉਹ ਸਿਰਫ਼ ਗੀਤ ਦੇ ਅੰਤਿਮ ਪ੍ਰਭਾਵ ਬਾਰੇ ਹੀ ਸੋਚਦਾ ਹੈ। ਇਸੇ ਹੀ ਤਰ੍ਹਾਂ ਗਾਇਕਾਂ 'ਚੋਂ ਵੀ ਉਸ ਦੀ ਪਸੰਦ ਕਿਸੇ ਵਿਸ਼ੇਸ਼ ਗਾਇਕ ਪ੍ਰਤੀ ਰੁਝਾਨ ਨਹੀਂ ਰੱਖਦੀ ਹੈ। ਉਹ ਸੁਖਵਿੰਦਰ ਸਿੰਘ ਨਾਲ ਵੀ ਤਾਲ-ਮੇਲ ਰੱਖਦਾ ਹੈ ਅਤੇ ਅਰਿਜੀਤ ਸਿੰਘ ਵਰਗੇ ਨਵੇਂ ਗਾਇਕ ਦੇ ਨਾਲ ਵੀ ਬਰਾਬਰ ਦਾ ਦ੍ਰਿਸ਼ਟੀਕੋਣ ਪ੍ਰਗਟ ਕਰਦਾ ਹੈ। ਗਾਇਕਾਵਾਂ 'ਚੋਂ ਵੀ ਨਿਧੀ ਚੌਹਾਨ ਅਤੇ ਅਲਕਾ ਯਾਗਨਿਕ ਦੀ ਪ੍ਰਤਿਭਾ ਨੂੰ ਉਹ ਉਸੇ ਹੀ ਤਰਾਜੂ 'ਚ ਤੋਲਦਾ ਹੈ, ਜਿਸ 'ਚ ਹਰਸ਼ਦੀਪ ਦੀ ਤੁਲਦੀ ਹੈ। ਹਾਂ, ਜੇਕਰ ਉਸ ਨੂੰ ਚੰਗਾ ਲੱਗੇ ਤਾਂ ਉਹ ਕਈ ਵਾਰ ਖੁਦ ਵੀ ਗਾਇਕ ਬਣ ਜਾਂਦਾ ਹੈ। 'ਹਾਈਵੇ' ਵਿਚ ਉਸ ਨੇ ਖੁਦ ਜੁਗਨੀ ਗਾ ਕੇ ਵੱਡੇ-ਵੱਡੇ ਗਾਇਕਾਂ ਨੂੰ ਹੈਰਤ 'ਚ ਪਾ ਦਿੱਤਾ ਸੀ।
ਨਿੱਜੀ ਤੌਰ 'ਤੇ ਏ.ਆਰ. ਰਹਿਮਾਨ ਸੂਫ਼ੀ ਗਾਇਕੀ ਤੋਂ ਬਹੁਤ ਹੀ ਪ੍ਰਭਾਵਿਤ ਹੈ। ਉਹ ਅਕਸਰ ਹਜ਼ਰਤ ਨਿਜ਼ਾਮੁਦੀਨ (ਅਜਮੇਰ) ਦੀ ਦਰਗਾਹ 'ਤੇ ਜਾਂਦਾ ਹੈ ਅਤੇ ਉਥੇ ਕਈ-ਕਈ ਦਿਨ ਸੂਫ਼ੀ ਕਲਾਮਾਂ ਨੂੰ ਆਪਣੇ ਅੰਤਰੀਵ ਅੰਦਰ ਜਜ਼ਬ ਕਰਦਾ ਹੈ। ਇਹ ਪ੍ਰਭਾਵ ਉਸ ਦੀਆਂ ਰਚਨਾਵਾਂ ਅਤੇ ਉਸ ਦੀ ਜੀਵਨ ਸ਼ੈਲੀ 'ਤੇ ਵੀ ਸਪੱਸ਼ਟ ਦੇਖਿਆ ਜਾ ਸਕਦਾ ਹੈ। ਉਸ ਦਾ ਮੁੰਬਈ ਅਤੇ ਚੇਨਈ ਦਰਮਿਆਨ ਲਗਾਤਾਰ ਯਾਤਰਾ ਕਰਨਾ ਵੀ ਉਸ ਦੀ ਨਿੱਜੀ ਭਟਕਣ ਜਾਂ ਉਸ ਸੂਫ਼ੀ ਸ਼ੈਲੀ ਦਾ ਪ੍ਰਤੀਕ ਹੈ, ਜੋ ਕਿ ਇਸ਼ਕ ਹਕੀਕੀ ਅਤੇ ਇਸ਼ਕ ਮਜਾਜ਼ੀ ਦਾ ਨਾਅਰਾ ਬੁਲੰਦ ਕਰਦੀ ਹੈ:
ਝੱਲਾ ਕੀ ਲਭਦਾ ਫਿਰੇ,
ਯਾਰੋ ਨਾ ਘਰ ਕਿਹੜਾ,
ਲੋਕਾਂ ਤੋਂ ਪੁੱਛਦਾ ਫਿਰੇ...
ਰੰਗ ਸਤਰੰਗੀ ਦੇ, ਬੁਲਬੁਲਾਂ ਦੀ ਬੋਲੀ,
ਧੁੱਪ ਦੇ ਪੈਰ ਚਲੇ, ਛਾਵਾਂ ਦੀ ਲੈ ਡੋਲੀ...
(ਜਬ ਤਕ ਹੈ ਜਾਨ)

ਧੰਨਵਾਦ
Playing Backward : Raju Bhartan
Indian Express : Interview by Harneet Singh
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਦੋ ਹਸਤੀਆਂ ਆਪਣੇ-ਆਪਣੇ ਖੇਤਰ ਦੀਆਂ ਮਹਾਨ ਹਸਤੀਆਂ ਸਨ। ਸ: ਸੋਹਣ ਸਿੰਘ ਸੀਤਲ ਸ਼੍ਰੋਮਣੀ ਢਾਡੀ ਤੇ ਇਤਿਹਾਸਕਾਰ ਸਨ। ਸ੍ਰੀ ਲਾਲ ਚੰਦ ਯਮਲਾ ਜੱਟ ਲੋਕ ਗਾਇਕੀ ਦਾ ਬਾਦਸ਼ਾਹ ਸੀ ਜਿਹੜਾ ਆਪਣੇ ਲਿਖੇ ਗੀਤ ਹੀ ਗਾਉਂਦਾ ਸੀ। ਇਸ ਦੇ ਧਾਰਮਿਕ ਗੀਤ ਸਭ ਤੋਂ ਵੱਖਰੇ ਸਨ। ਯਮਲਾ ਤੂੰਬੀ ਦਾ ਬਾਦਸ਼ਾਹ ਤੇ ਤੂੰਬੀ ਦਾ ਜਨਮਦਾਤਾ ਸੀ।
ਇਹ ਤਸਵੀਰ ਉਸ ਵਕਤ ਖਿੱਚੀ ਗਈ ਸੀ ਜਦੋਂ ਪ੍ਰੋ: ਮੋਹਨ ਸਿੰਘ ਫਾਊਂਡੇਸ਼ਨ ਵਾਲੇ ਸ: ਜਗਦੇਵ ਸਿੰਘ ਜੱਸੋਵਾਲ ਨੇ ਸ੍ਰੀ ਲਾਲ ਚੰਦ ਯਮਲਾ ਜੱਟ ਨੂੰ ਮੇਲੇ 'ਤੇ ਸਨਮਾਨਿਆ ਸੀ। ਉਸ ਵਕਤ ਹੀ ਸ: ਸੋਹਣ ਸਿੰਘ ਸੀਤਲ ਆਏ ਤਾਂ ਯਮਲਾ ਜੀ ਨੇ ਮੈਨੂੰ ਆਖਿਆ, 'ਬਾਜਵਾ, ਸਾਡੇ ਦੋ ਭਰਾਵਾਂ ਦੀ ਇਕ ਤਸਵੀਰ ਖਿੱਚ ਦੇ।' ਸੀਤਲ ਜੀ ਨੇ ਵੀ ਹਾਂ ਕਰ ਦਿੱਤੀ ਤੇ ਆਖਿਆ ਸਾਡੀ ਦੋਵਾਂ ਦੀ ਇਕ ਤਸਵੀਰ ਜ਼ਰੂਰ ਖਿੱਚ ਦੇ ਕਿਤੇ ਸਾਡੀ ਵੀ ਦੋਵਾਂ ਦੀ ਯਾਦ ਰਹੇਗੀ। ਇਹ ਦੋਵੇਂ ਕਲਾਕਾਰ ਇਸ ਸੰਸਾਰ ਤੋਂ ਚਲੇ ਗਏ ਹਨ, ਪਰ ਆਪਣੀ ਯਾਦ ਛੱਡ ਗਏ ਹਨ।

ਮੋਬਾਈਲ : 98767-41231

ਕੀ ਤੁਹਾਡਾ ਬੱਚਾ 'ਕ੍ਰੌਨਿਕ ਫਟੀਗ ਸਿੰਡਰੋਮ' ਦਾ ਸ਼ਿਕਾਰ ਤਾਂ ਨਹੀਂ?

ਮੇਰੇ ਕੋਲ ਅਕਸਰ ਅਜਿਹੇ ਕੇਸ ਆਉਂਦੇ ਹਨ, ਜਦੋਂ ਪੜ੍ਹਾਈ 'ਚ ਮਾਪੇ ਘਬਰਾਏ ਹੋਏ ਹੁੰਦੇ ਹਨ ਤੇ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਵਾਰ-ਵਾਰ ਥੱਕਿਆ ਮਹਿਸੂਸ ਕਰਦਾ ਹੈ ਤੇ ਪੜ੍ਹਨ ਵਿਚ ਬੜੀ ਹੀ ਘਟ ਰੁਚੀ ਰੱਖਦਾ ਹੈ। ਉਨ੍ਹਾਂ ਵਾਸਤੇ ਇਹ ਬੜੀ ਹੀ ਚਿੰਤਾ ਦਾ ਵਿਸ਼ਾ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਬੱਚਾ ਪੜ੍ਹਾਈ 'ਚ ਪਿਛੇ ਨਾ ਰਹਿ ਜਾਏ ਹੈ। ਉਨ੍ਹਾਂ ਨੂੰ ਗੁਆਂਢੀਆਂ ਦੇ ਬੱਚੇ ਮਲਾਂ ਮਾਰਦੇ ਹੋਏ ਦਿਖਾਈ ਦਿੰਦੇ ਹਨ। ਕੀ ਤੁਹਾਡੇ ਬੱਚੇ ਦੀ ਵੀ ਅਜਿਹੀ ਸਥਿਤੀ ਤਾਂ ਨਹੀਂ? ਜੇਕਰ ਹੈ ਤਾਂ ਅਵੇਸਲੇ ਹੋਣ ਨਾਲ ਗੱਲ ਨਹੀਂ ਬਣਨੀ। ਤੁਹਾਨੂੰ ਜਲਦੀ ਹੀ ਆਪਣੇ ਬੱਚੇ ਨੂੰ ਸਹੀ ਰਾਹ 'ਤੇ ਪਾਉਣ ਦੀ ਸਖ਼ਤ ਜ਼ਰੂਰਤ ਹੈ, ਵਰਨਾ ਮੌਕਾ ਹਥੋਂ ਨਿਕਲ ਜਾਵੇਗਾ ਤੇ ਕੇਸ ਵਿਗੜ ਵੀ ਸਕਦਾ ਹੈ।
ਹੁਣ ਤੁਸੀਂ ਪਹਿਲਾਂ ਖੁਦ ਦੇਖੋ ਤੇ ਚੈੱਕ ਕਰੋ। ਕੀ ਤੁਹਾਡਾ ਬੱਚਾ ਲਗਾਤਾਰ ਬਗੈਰ ਇਕ ਪਲ ਦੇ ਆਰਾਮ (ਰੈਸਟ) ਕੀਤੇ ਪੜ੍ਹਦਾ ਹੀ ਤਾਂ ਨਹੀਂ ਰਹਿੰਦਾ? ਕੀ ਉਹ ਇਕ ਪਲ ਵਾਸਤੇ ਵੀ ਖੁੱਲ੍ਹੀ ਹਵਾ ਵਿਚ ਆਪਣੇ ਕਮਰੇ 'ਚੋਂ ਬਾਹਰ ਨਹੀਂ ਨਿਕਲਦਾ? ਕੀ ਉਹ ਖਾਣਾ-ਪੀਣਾ ਵੀ ਆਪਣੇ ਕਮਰੇ ਵਿਚ ਹੀ ਤਾਂ ਨਹੀਂ ਖਾਂਦਾ? ਕੀ ਉਹ ਇਕ ਪਲ ਵਾਸਤੇ ਵੀ ਟੀ.ਵੀ. ਵਗੈਰਾ ਨਹੀਂ ਦੇਖਦਾ? ਕੀ ਜਦੋਂ ਉਹ ਸੌਂਦਾ ਹੈ, ਉਸਲਵੱਟੇ ਹੀ ਤਾਂ ਨਹੀਂ ਲੈਂਦਾ ਰਹਿੰਦਾ? ਕੀ ਉਸ ਦਾ ਸੁਭਾਅ ਚਿੜਚਿੜਾ ਤਾਂ ਨਹੀਂ ਹੋ ਗਿਆ ਲਗਦਾ? ਜੇਕਰ ਇਨ੍ਹਾਂ ਵਿਚੋਂ ਕੁਝ ਕੁ ਗੱਲਾਂ ਵੀ ਤੁਹਾਡੇ ਬੱਚੇ 'ਤੇ ਲਾਗੂ ਹੁੰਦੀਆਂ ਹਨ ਤਾਂ ਸਮਝ ਲਵੋ ਕੇ ਤੁਹਾਨੂੰ ਆਪਣੇ ਬੱਚੇ ਵੱਲ ਤਵੱਜੋਂ ਦੇਣ ਦੀ ਸਖ਼ਤ ਜ਼ਰੂਰਤ ਹੈ।
ਇਕ ਚੰਗੇ ਮਾਪੇ ਹੋਣ ਦੇ ਨਾਤੇ ਤੁਹਾਨੂੰ ਦੇਖਣਾ ਪਵੇਗਾ ਕਿ ਕੀ ਤੁਹਾਡੇ ਬੱਚੇ ਦਾ ਪੜ੍ਹਨ ਦਾ ਕਮਰਾ ਗਰਮੀਆਂ ਵਿਚ ਹਵਾਦਾਰ ਤੇ ਸਰਦੀਆਂ ਵਿਚ ਸਹੀ ਢੰਗ ਨਾਲ ਗਰਮ ਰਹਿੰਦਾ ਹੈ? ਕੀ ਮਿੱਟੀ, ਘੱਟਾ, ਧੂੜ ਉਸ ਦੇ ਕਮਰੇ ਵਿਚ ਤਾਂ ਨਹੀਂ ਆਉਂਦੀ? ਕੀ ਤੁਹਾਡਾ ਬੱਚਾ ਉਬਾਸੀਆਂ ਤਾਂ ਨਹੀਂ ਲੈਂਦਾ ਰਹਿੰਦਾ? ਕੀ ਉਹ ਪੜ੍ਹਦੇ ਵਕਤ ਵਾਰ-ਵਾਰ ਆਪਣੀ ਸੀਟ ਤੋਂ ਉੱਠ ਕੇ ਏਧਰ-ਉਧਰ ਤਾਂ ਨਹੀਂ ਘੁੰਮਦਾ ਰਹਿੰਦਾ? ਜੇਕਰ ਇਹ ਕੁਝ ਹੁੰਦਾ ਹੈ ਤਾਂ ਸਮਝ ਲਵੋ ਕਿ ਉਸ ਦਾ ਮਨ ਇਕਾਗਰ ਨਹੀਂ ਹੁੰਦਾ ਤੇ ਉਹ ਸਹੀ ਢੰਗ ਨਾਲ ਪੜ੍ਹਾਈ ਵਿਚ ਮਨ ਨਹੀਂ ਲਗਾ ਸਕੇਗਾ ਤੇ ਜੀਵਨ ਵਿਚ ਕਾਮਯਾਬੀ ਹਾਸਲ ਨਹੀਂ ਕਰ ਸਕੇਗਾ।
ਜੇਕਰ ਤੁਹਾਡਾ ਬੱਚਾ ਅਜਿਹੀ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ ਤੇ ਤੁਸੀਂ ਉਸ ਵੱਲ ਧਿਆਨ ਨਹੀਂ ਦੇ ਸਕਦੇ ਤਾਂ ਹੋ ਸਕਦਾ ਹੈ ਕਿ ਉਹ ਦਿਨ-ਬਦਿਨ ਕਮਜ਼ੋਰ ਹੁੰਦਾ ਜਾਵੇਗਾ, ਸਰੀਰਕ ਤੌਰ 'ਤੇ ਵੀ ਤੇ ਪੜ੍ਹਾਈ ਵਿਚੋਂ ਵੀ। ਕਈ ਬੱਚਿਆਂ ਵਿਚ ਅਜਿਹੀ ਸਥਿਤੀ ਵਿਚ ਖ਼ੂਨ ਦੀ ਕਮੀ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇੰਜ ਬੱਚਾ ਕ੍ਰੌਨਿਕ ਫਟੀਗ ਸਿੰਡਰੋਮ (ਸੀ.ਐਫ.ਐਸ.) ਦਾ ਸ਼ਿਕਾਰ ਹੋ ਜਾਂਦਾ ਹੈ।
ਅਜਿਹੀ ਹਾਲਤ ਵਿਚ ਬੱਚੇ ਨੂੰ ਅਕਸਰ ਸਿਰ ਦਰਦ ਹੋ ਸਕਦੀ ਹੈ। ਉਸ ਦੇ ਪੱਠਿਆਂ ਵਿਚ ਜਾਂ ਜੋੜਾਂ ਵਿਚ ਦਰਦ ਹੋ ਸਕਦੀ ਹੈ। ਉਸ ਦੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਸਕਦੀ ਹੈ। ਅਜਿਹੀ ਹਾਲਤ ਵਿਚ ਜ਼ਰੂਰਤ ਹੁੰਦੀ ਹੈ ਬੱਚੇ ਦੀ ਮਾਨਸਿਕ ਸਥਿਤੀ ਨੂੰ ਜਾਣਨ ਦੀ ਤੇ ਪਰਖਣ ਦੀ। ਮਾਹਿਰ ਮਨੋ ਵਿਗਿਆਨਕ ਜਾਂ ਮਨੋ ਚਿਕਿਤਸਕ ਹੀ ਅਜਿਹੀ ਹਾਲਤ ਵਿਚ ਤੁਹਾਡੇ ਬੱਚੇ ਨੂੰ ਸਹੀ ਰਾਹ ਦਿਖਾ ਸਕਦੇ ਹਨ। ਘਬਰਾਉਣ ਦੀ ਜ਼ਰੂਰਤ ਨਹੀਂ। ਸਗੋਂ ਹੌਸਲੇ ਦੀ ਜ਼ਰੂਰਤ ਹੈ ਤੇ ਫਿਰ ਤੁਹਾਡੇ ਬੱਚੇ ਦੇ ਕੈਰੀਅਰ ਨੂੰ ਵੀ ਚਾਰ ਚੰਨ ਲੱਗ ਸਕਦੇ ਹਨ।

-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਵਾਰਡ ਨੰਬਰ : 3, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com

3 ਹਜ਼ਾਰ ਕਰੋੜ 'ਚ ਵਿਕਿਆ ਲਿਓਨਾਰਦੋ ਦਾ ਚਿੱਤਰ

ਪਿਛਲੇ ਦਿਨੀਂ ਨਿਊਯਾਰਕ 'ਚ ਹੋਏ ਇਕ ਸਮਾਗਮ ਦੌਰਾਨ ਦੁਨੀਆ ਦੇ ਮਹਾਨ ਚਿੱਤਰਕਾਰ ਲਿਓਨਾਰਦੋ ਦ ਵਿੰਚੀ ਵਲੋਂ ਈਸਾ ਮਸੀਹ ਦੀ ਬਣਾਈ ਗਈ ਪੇਂਟਿੰਗ 'ਸਾਲਵੇਟੁਰ ਮੁੰਡੀ' ਦੀ ਲਗਪਗ 3,000 ਕਰੋੜ ਰੁਪਏ 'ਚ ਹੋਈ ਨਿਲਾਮੀ ਨੇ ਦੁਰਲਭ ਚਿੱਤਰਾਂ (ਪੇਂਟਿੰਗਜ਼) ਦੀ ਨਿਲਾਮੀ ਸਬੰਧੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲਾਤੀਨੀ ਭਾਸ਼ਾ ਦੇ ਸ਼ਬਦ ਸਾਲਵੇਟੁਰ ਮੁੰਡੀ ਦਾ ਅਰਥ ਹੈ 'ਸੇਵੀਅਰ ਆਫ ਦ ਵਰਲਡ'। 16ਵੀਂ ਸਦੀ ਦੀ ਸ਼ੁਰੂਆਤ ਵਿਚ ਬਣਾਈ ਗਈ ਇਹ ਪੇਂਟਿੰਗ ਲਿਓਨਾਰਦੋ ਦੇ ਮੌਜੂਦ 20 ਬੇਸ਼ਕੀਮਤੀ ਚਿੱਤਰਾਂ ਵਿਚੋਂ ਇਕ ਹੈ ਅਤੇ ਇਕੋ-ਇਕ ਅਜਿਹਾ ਚਿੱਤਰ ਜਿਹੜਾ ਕਿ ਨਿੱਜੀ ਹੱਥਾਂ ਵਿਚ ਹੈ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੇ ਵਿਕੇ ਚਿੱਤਰ ਦਾ ਰਿਕਾਰਡ ਪਾਬਲੋ ਪਿਕਾਸੋ ਦੇ 'ਵੂਮੈਨ ਆਫ ਅਲਜੀਅਰਸ' ਦੇ ਨਾਂਅ ਸੀ, ਜਿਹੜਾ ਕਿ ਮਈ 2015 ਵਿਚ ਲਗਪਗ 1100 ਕਰੋੜ ਰੁਪਏ ਵਿਚ ਵਿਕਿਆ ਸੀ। ਇਕ ਸੂਚਨਾ ਅਨੁਸਾਰ, ਵਿਲੀਏਮ ਦੀ ਕੂਲਿੰਗ ਦੀ ਪੇਂਟਿੰਗ 'ਇੰਟਰਚੇਂਜ' ਨੂੰ ਸਾਲ 2015 ਵਿਚ ਇਕ ਨਿੱਜੀ ਸੰਸਥਾ ਵਲੋਂ 300 ਮਿਲੀਅਨ ਡਾਲਰ 'ਚ ਵੇਚਿਆ ਗਿਆ ਸੀ। ਇਸ ਪ੍ਰੋਗਰਾਮ ਦੇ ਆਯੋਜਕ 'ਸਾਲਵੇਟੁਰ ਮੁੰਡੀ' ਲਈ ਘੱਟੋ-ਘੱਟ 100 ਮਿਲੀਅਨ ਡਾਲਰ ਨਿਲਾਮੀ ਲਈ ਮੁਢਲੀ ਕੀਮਤ ਰੱਖੀ ਗਈ ਸੀ। ਇਸ ਨਿਲਾਮੀ ਦੀ ਸ਼ੁਰੂਆਤ 75 ਮਿਲੀਅਨ ਡਾਲਰ ਤੋਂ ਹੋਈ ਅਤੇ ਲਗਪਗ 20 ਮਿੰਟਾਂ ਦੇ ਅੰਦਰ ਹੀ 300 ਮਿਲੀਅਨ ਡਾਲਰ ਤੱਕ ਚਲੀ ਗਈ। ਲੋਕਾਂ ਵਲੋਂ ਵੱਡੀ ਰਕਮ ਲਗਾਉਣ ਵਿਚ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਸੀ। ਆਖਰ 400 ਮਿਲੀਅਨ ਡਾਲਰ ਦੀ ਬੋਲੀ ਲਗਾਈ ਗਈ, ਜੋ ਕਿ ਆਖਰੀ ਸਾਬਤ ਹੋਈ। ਖ਼ਰੀਦਦਾਰ ਵਲੋਂ ਨਿਲਾਮੀ ਘਰ ਕ੍ਰਿਸਟੀਜ਼ ਦੀ ਫੀਸ ਦੇਣ ਉਪਰੰਤ ਇਹ ਚਿੱਤਰ ਲਗਪਗ 450 ਮਿਲੀਅਨ ਡਾਲਰ ਦੀ ਰਿਕਾਰਡ ਕੀਮਤ 'ਤੇ ਖ਼ਰੀਦਿਆ ਗਿਆ ਹੈ। ਇਸ 26 ਇੰਚ ਲੰਮੇ ਖੂਬਸੂਰਤ ਚਿੱਤਰ 'ਚ ਈਸਾ ਮਸੀਹ ਪੁਨਰ-ਜਨਮ ਤੋਂ ਬਾਅਦ ਸੁੰਦਰ ਕੱਪੜਿਆਂ 'ਚ ਹਨ, ਉਨ੍ਹਾਂ ਦੇ ਖੱਬੇ ਹੱਥ 'ਚ ਇਕ ਗੋਲ ਅਕਾਰ ਧਰਤੀ ਹੈ ਅਤੇ ਸੱਜੇ ਹੱਥ ਨਾਲ ਉਹ ਆਸ਼ੀਰਵਾਦ ਦੇ ਰਹੇ ਹਨ।
ਲਿਓਨਾਰਦੋ ਦ ਵਿੰਚੀ ਦਾ ਜਨਮ 1452 ਵਿਚ ਹੋਇਆ ਸੀ। ਉਹ ਦੁਨੀਆ ਦੇ ਮਹਾਨ ਚਿੱਤਰਕਾਰ, ਮੂਰਤੀਕਾਰ, ਸੰਗੀਤਕਾਰ ਆਦਿ ਸਨ। ਉਨ੍ਹਾਂ ਦੀਆਂ ਸਭ ਤੋਂ ਪ੍ਰਸਿੱਧ ਕਲਾਕ੍ਰਿਤੀਆਂ ਵਿਚੋਂ ਮੋਨਾਲਿਸਾ ਅਤੇ ਦ ਲਾਸਟ ਸੁਪਰ ਆਦਿ ਹਨ। ਮੋਨਾਲਿਸਾ ਦੀ ਮੁਸਕਾਨ ਅੱਜ ਵੀ ਇਕ ਰਹੱਸ ਹੈ। ਬਹੁਤ ਸਾਰੇ ਇਤਿਹਾਸਕਾਰ ਅਤੇ ਵਿਦਵਾਨ ਲਿਓਨਾਰਦੋ ਦ ਵਿੰਚੀ ਨੂੰ ਇਕ 'ਯੂਨੀਵਰਸਲ ਜੀਨੀਅਸ' ਮੰਨਦੇ ਹਨ।
-ਅਜੀਤ ਬਿਊਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX