ਤਾਜਾ ਖ਼ਬਰਾਂ


ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  30 minutes ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  39 minutes ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਲੂ ਦੇ ਮੁੱਖ ਕੀੜਿਆਂ ਅਤੇ ਬਿਮਾਰੀਆਂ ਦੀ ਸਰਬਪੱਖੀ ਰੋਕਥਾਮ

ਆਲੂ ਦੀ ਬਿਜਾਈ ਲਗਪਗ 125 ਦੇਸ਼ਾਂ ਵਿਚ ਕੀਤੀ ਜਾਂਦੀ ਅਤੇ ਰੋਜ਼ਾਨਾਂ ਹੀ ਇਕ ਅਰਬ ਤੋਂ ਵੱਧ ਲੋਕ ਆਲੂ ਦੀ ਖਪਤ ਕਰਦੇ ਹਨ। ਵਿਕਾਸਸ਼ੀਲ ਦੇਸ਼ਾਂ ਦੇ ਅਣਗਿਣਤ ਲੋਕ ਆਪਣੇ ਭੋਜਨ ਲਈ ਆਲੂ 'ਤੇ ਹੀ ਨਿਰਭਰ ਕਰਦੇ ਹਨ। ਆਲੂ ਦੀ ਫ਼ਸਲ ਦਾ ਕਣਕ, ਝੋਨਾ, ਮੱਕੀ ਅਤੇ ਜੌਂ ਤੋਂ ਬਾਅਦ ਸੰਸਾਰ ਭਰ ਵਿਚ ਪੰਜਵਾਂ ਸਥਾਨ ਹੈ। ਜ਼ਿਆਦਾਤਰ ਆਲੂ ਦੀ ਖੇਤੀ ਠੰਢੀਆਂ ਰਾਤਾਂ ਅਤੇ ਚੋਖੀ ਧੁੱਪ ਵਾਲੇ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਸੇਂਜੂ ਅਤੇ ਚੰਗੇ ਜਲ ਨਿਕਾਸ ਵਾਲੀ ਪੋਲੀ ਮੈਰਾ, ਭੁਰਭਰੀ ਕੱਲਰ ਰਹਿਤ ਮੈਰਾ ਜ਼ਮੀਨ ਆਲੂ ਦੀ ਖੇਤੀ ਵਾਸਤੇ ਜ਼ਿਆਦਾ ਢੁੱਕਵੀਂ ਹੈ। ਆਲੂ ਪੰਜਾਬ ਵਿਚ ਸਬਜ਼ੀਆਂ ਦੀ ਇਕ ਮੁੱਖ ਫ਼ਸਲ ਹੈ, ਜਿਸ 'ਤੇ ਕਈ ਪ੍ਰਕਾਰ ਦੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ। ਇਨ੍ਹਾਂ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਇਸ ਫ਼ਸਲ ਦੇ ਉਤਪਾਦਨ ਨੂੰ ਸੀਮਿਤ ਕਰਨ ਦਾ ਮੁੱਖ ਕਾਰਣ ਹੈ। ਇਕ ਪੁਰਾਣੀ ਕਹਾਵਤ ਹੈ ਕਿ 'ਆਲੂ ਦੇ ਡੋਬੇ ਨੂੰ ਆਲੂ ਹੀ ਤਾਰਦਾ ਹੈ।' ਇਸ ਕਰਕੇ ਇਨ੍ਹਾਂ ਕੀੜੇ ਅਤੇ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਆਲੂ ਉਤਪਾਦਕਾਂ ਨੂੰ ਬਚਾਉਣ ਲਈ ਅਸੀਂ ਇਸ ਲੇਖ ਵਿਚ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਾਂ।
ੳ) ਮੁੱਖ ਕੀੜੇ : ਚੋਰ ਸੁੰਡੀ (ਕਟ ਵਰਮ) : ਇਸ ਕੀੜੇ ਦੀ ਤਿਤਲੀ ਦਰਮਿਆਨੇ ਅਕਾਰ ਦੀ (22-26 ਮਿਲੀਮੀਟਰ) ਦੀ ਹੁੰਦੀ ਹੈ ਅਤੇ ਤਿਤਲੀ ਦੇ ਖੰਭ ਕਰੀਮ ਰੰਗ ਦੇ ਹੁੰਦੇ ਹਨ। ਇਸ ਕਾਲੇ ਰੰਗ ਦੀ ਸੁੰਡੀ ਦੀ ਲੰਬਾਈ ਲਗਪਗ 40-48 ਮਿਲੀਮੀਟਰ ਹੁੰਦੀ ਹੈ। ਸੁੰਡੀਆਂ ਹਮੇਸ਼ਾ ਹੀ ਰਾਤ ਦੇ ਸਮੇਂ ਬੂਟਿਆਂ ਅਤੇ ਬਣ ਰਹੇ ਆਲੂਆਂ ਦਾ ਨੁਕਸਾਨ ਕਰਦੀਆਂ ਹਨ। ਹਮਲੇ ਦੇ ਸ਼ੁਰੂ ਵਿਚ ਇਹ ਸੁੰਡੀਆਂ ਪੌਦੇ ਦੇ ਤਣੇ ਨੂੰ ਜ਼ਮੀਨ ਦੇ ਪੱਧਰ ਤੋਂ ਕੱਟ ਦਿੰਦੀਆਂ ਹਨ ਅਤੇ ਬਾਅਦ ਵਿਚ ਪੌਦੇ ਦੇ ਸਾਰੇ ਹਿੱਸਿਆਂ ਨੂੰ ਖਾ ਜਾਂਦੀਆਂ ਹਨ। ਬਿਜਾਈ ਤੋਂ 20-25 ਦਿਨਾਂ ਬਾਅਦ ਬਣੇ ਹੋਏ ਆਲੂਆਂ ਵਿਚ ਸੁੰਡੀਆਂ ਮੋਰੀਆਂ ਕਰਕੇ ਆਲੂ ਨੂੰ ਨਸ਼ਟ ਕਰ ਦਿੰਦੀਆਂ ਹਨ।
ਸਰਬਪੱਖੀ ਰੋਕਥਾਮ : ਇਕ ਲਿਟਰ ਕਲੋਰਪਾਈਰੀਫਾਸ 20 ਈ. ਸੀ. ਪ੍ਰਤੀ ਏਕੜ 400 ਲਿਟਰ ਪਾਣੀ ਮਿਲਾ ਕੇ ਪੌਦਿਆਂ ਦੇ ਆਲੇ-ਦੁਆਲੇ ਵੱਟਾਂ ਉਤੇ ਛਿੜਕਾਅ ਕਰੋ।
ਤੇਲਾ/ਚੇਪਾ: ਇਹ ਛੋਟੇ ਪੀਲੇ ਨਰਮ-ਸਰੀਰ ਵਾਲੇ ਪਿਲਪਲੇ ਕੀੜੇ ਹੁੰਦੇ ਹਨ ਅਤੇ ਇਨ੍ਹਾਂ ਦੇ ਬਾਲਗ ਲਗਪਗ 1.0 ਮਿਲੀਮੀਟਰ ਲੰਬੇ ਹੁੰਦੇ ਹਨ। ਇਨ੍ਹਾਂ ਦੇ ਪੇਟ ਦੇ ਉਪਰਲੇ ਪਾਸੇ ਦੋ ਕੰਢੇ ਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕੌਰਨੀਕਲ ਕਿਹਾ ਜਾਂਦਾ ਹੈ। ਇਹ ਕੀੜੇ ਪੌਦੇ ਦੇ ਵੱਖ-ਵੱਖ ਹਿੱਸਿਆਂ ਵਿਚੋਂ ਰਸ ਚੂਸਦੇ ਹਨ, ਜਿਸ ਕਾਰਨ ਪੱਤੇ ਪੀਲੇ ਹੋ ਕੇ ਝੜਨ ਲੱਗ ਪੈਂਦੇ ਹਨ ਅਤੇ ਪੌਦੇ ਦਾ ਵਾਧਾ ਰੁਕ ਜਾਂਦਾ ਹੈ। ਗੰਭੀਰ ਹਮਲੇ ਦੀ ਸੂਰਤ ਵਿਚ ਸਾਰਾ ਪੌਦਾ ਹੀ ਝੁਲਸਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੀੜੇ (ਤੇਲਾ ਅਤੇ ਚੇਪਾ) ਵਿਸ਼ਾਣੂ ਰੋਗ (ਮੌਜੇਕ ਅਤੇ ਆਲੂ ਦਾ ਗੁੱਛ-ਮੁੱਛਾ ਰੋਗ) ਵੀ ਫੈਲਾਉਂਦੇ ਹਨ ਅਤੇ ਬੀਜ ਦੀ ਕੁਆਲਿਟੀ ਵੀ ਘਟਾਉਂਦੇ ਹਨ। ਇਨ੍ਹਾਂ ਦੇ ਸਰੀਰ ਦਾ ਮਲ-ਮੂਤਰ ਪੱਤਿਆਂ ਉੱਪਰ ਚਿਪਕ ਜਾਂਦਾ ਹੈ, ਜਿਸ ਕਰਕੇ ਪੱਤਿਆਂ ਉੱਪਰ ਬਾਅਦ ਵਿਚ ਕਾਲੇ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ ਅਤੇ ਪੌਦੇ ਨੂੰ ਧੁੱਪ ਤੋਂ ਮਿਲਣ ਵਾਲੀ ਖੁਰਾਕ ਪ੍ਰਭਾਵਿਤ ਹੋ ਜਾਂਦੀ ਹੈ। ਸਿੱਟੇ ਵੱਜੋਂ ਫ਼ਸਲ ਦਾ ਝਾੜ ਘੱਟ ਜਾਂਦਾ ਹੈ।
ਸਰਬਪੱਖੀ ਰੋਕਥਾਮ : ਜਿਉਂ ਹੀ ਫ਼ਸਲ ਉੱਪਰ ਇਹ ਕੀੜੇ ਨਜ਼ਰ ਆਉਣ ਤਾਂ ਇਨ੍ਹਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਫ਼ਸਲ 'ਤੇ 10 ਦਿਨ ਦੇ ਫਰਕ ਨਾਲ 300 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੌਏਟ) ਜਾਂ ਮੈਟਾਸਿਸਟਾਕਸ 25 ਈ ਸੀ (ਆਕਸੀਡੈਮੇਟੋਨ ਮੀਥਾਈਲ) ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਬੀਜ ਲਈ ਬੀਜੀ ਫ਼ਸਲ ਉੱਪਰ 5 ਕਿਲੋ ਥਿਮਟ 10 ਜੀ (ਫੋਰੇਟ) ਪ੍ਰਤੀ ਏਕੜ ਫ਼ਸਲ ਨੂੰ ਮਿੱਟੀ ਚਾੜਨ ਸਮੇਂ ਪਾ ਦਿਓ। ਇਸ ਪਿੱਛੋਂ ਕਿਸੇ ਕੀੜੇਮਾਰ ਦਵਾਈ ਦੇ ਛਿੜਕਾਅ ਦੀ ਲੋੜ ਨਹੀਂ ਰਹੇਗੀ।
ਮੈਟਾਸਿਸਟਾਕਸ ਜਾਂ ਰੋਗਰ ਨੂੰ ਆਲੂ ਪੁੱਟਣ ਦੇ 3 ਹਫ਼ਤੇ ਦੇ ਅੰਦਰ ਸਪਰੇਅ ਨਾ ਕਰੋ। ਖਾਣ ਵਾਲੀ ਫ਼ਸਲ ਉਤੇ ਥਿਮਟ ਦੀ ਵਰਤੋਂ ਨਾ ਕਰੋ।
ਅ) ਬਿਮਾਰੀਆਂ : ਪਿਛੇਤਾ ਝੁਲਸ ਰੋਗ: ਪਿਛੇਤੇ ਝੁਲਸ ਰੋਗ ਦਾ ਹੱਲਾ ਆਲਅੂਾਂ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਜੇਕਰ ਇਸ ਦਾ ਹਮਲਾ ਆਲੂ ਬਣਨ ਤੋਂ ਪਹਿਲਾਂ ਹੋ ਜਾਵੇ ਤਾਂ ਸਾਡੇ ਆਲੂ ਉਤਪਾਦਕਾਂ ਦਾ 80 ਤੋਂ 90 ਪ੍ਰਤੀਸ਼ਤ ਤੱਕ ਝਾੜ ਦਾ ਨੁਕਸਾਨ ਹੋ ਜਾਂਦਾ ਹੈ। ਇਹ ਬਿਮਾਰੀ ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਅਤੇ ਰੋਪੜ ਦੇ ਜ਼ਿਲ੍ਹਿਆਂ ਵਿਚ ਜ਼ਿਆਦਾ ਨੁਕਸਾਨ ਕਰਦੀ ਹੈ। ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੋਗਾ ਅਤੇ ਸੰਗਰੂਰ ਆਦਿ ਜ਼ਿਲ੍ਹਿਆਂ ਵਿਚ ਇਸ ਬਿਮਾਰੀ ਦਾ ਹਮਲਾ ਦਰਮਿਆਨਾ ਜਾਂ ਘੱਟ ਹੁੰਦਾ ਹੈ। (ਚਲਦਾ)


-ਹਰਪਾਲ ਸਿੰਘ ਰੰਧਾਵਾ
ਖੇਤੀ ਖੋਜ ਕੇਂਦਰ, ਗੁਰਦਾਸਪੁਰ
ਮੋਬਾਈਲ : 88720-03010


ਖ਼ਬਰ ਸ਼ੇਅਰ ਕਰੋ

ਖੇਤੀ ਸਹਾਇਕ ਫ਼ਸਲਾਂ ਦਾ ਹੋਵੇ ਉਚਿਤ ਮੰਡੀਕਰਨ

ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਮੁੱਖ ਫ਼ਸਲਾਂ ਦੇ ਨਾਲ-ਨਾਲ ਸਹਾਇਕ ਫ਼ਸਲਾਂ, ਸਬਜ਼ੀਆਂ ਦੀ ਕਾਸ਼ਤ, ਬਾਗ਼ਬਾਨੀ ਅਤੇ ਹੋਰ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਖੇਤੀ ਸਹਾਇਕ ਧੰਦੇ ਕਿਸਾਨ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਚੰਗੀ ਗੱਲ ਹੈ ਕਿ ਕਿਸਾਨ ਨੂੰ ਨਿਰ੍ਹਾ-ਪੁਰਾ ਆਪਣੀ ਛਿਮਾਹੀ ਫ਼ਸਲ 'ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਨਾਲ-ਨਾਲ ਕੁਝ ਕੁ ਸਹਾਇਕ ਧੰਦੇ ਜ਼ਰੂਰ ਅਪਣਾਉਣੇ ਚਾਹੀਦੇ ਹਨ। ਇਹ ਕਿੱਤੇ ਜਿੱਥੇ ਉਸ ਦੀਆਂ ਨਿੱਜੀ ਲੋੜਾਂ ਨੂੰ ਪੂਰਾ ਕਰਦੇ ਹਨ, ਉਥੇ ਉਸ ਨੂੰ ਆਰਥਿਕ ਪੱਖੋਂ ਵੀ ਕੁਝ ਨਾ ਕੁਝ ਹਲੂਣਾ ਜ਼ਰੂਰ ਦਿੰਦੇ ਹਨ। ਇਸ ਨਾਲ ਉਸ ਦਾ ਰੁਝੇਵਾਂ ਬਣਿਆ ਰਹਿੰਦਾ ਹੈ ਅਤੇ ਰੁੱਝੇ ਹੋਣ 'ਚ ਕੋਈ ਵੀ ਬੁਰਾਈ ਨਹੀ ਹੁੰਦੀ। ਸਿਆਣੇ ਕਹਿੰਦੇ ਹਨ ਕਿ ਸਾਰਥਿਕ ਰੁੱਝੇ ਹੋਣ ਨਾਲ ਪੈਸੇ ਆਉਂਦੇ ਹਨ, ਸਮਾਂ ਸਹੀ ਲੰਘਦਾ ਹੈ ਅਤੇ ਕੰਮ ਕਰਕੇ ਬੰਦੇ ਨੂੰ ਮਾਨਸਿਕ ਤੌਰ 'ਤੇ ਵੀ ਤਸੱਲੀ ਅਤੇ ਖ਼ੁਸ਼ੀ ਮਹਿਸੂਸ ਹੁੰਦੀ ਹੈ। ਦੂਜੇ ਪਾਸੇ ਅੱਤ ਦੀ ਮਹਿੰਗਾਈ ਦੇ ਜ਼ਮਾਨੇ 'ਚ ਅਜੋਕਾ ਸਮਾਂ ਇਹ ਵੀ ਮੰਗ ਕਰਦਾ ਹੈ ਕਿ ਹਰ ਧੰਦੇ 'ਤੇ ਖ਼ਰਚਾ ਆਉਂਦਾ ਹੈ, ਮਿਹਨਤ ਹੁੰਦੀ ਹੈ, ਐਨਰਜੀ ਲੱਗਦੀ ਹੈ। ਕੰਮ ਕਰਨ ਵਾਲੇ ਨੂੰ ਉਸ ਦੀ ਲਾਗਤ ਖ਼ਰਚੇ ਦੇ ਹਿਸਾਬ ਨਾਲ ਮੁਨਾਫ਼ਾ ਜ਼ਰੂਰ ਹੋਣਾ ਚਾਹੀਦਾ ਹੈ। ਪਰ ਸਾਡੇ ਦੇਸ਼ ਦਾ ਇਹ ਦੁਖ਼ਾਂਤਕ ਪਹਿਲੂ ਹੈ ਕਿ ਇੱਥੇ ਮੁੂਲ ਕਾਸ਼ਤਕਾਰ ਨੂੰ ਓਨਾ ਮੁਨਾਫ਼ਾ ਹਾਸਲ ਨਹੀਂ ਹੁੰਦਾ, ਜਿੰਨਾਂ ਕਿ ਉਸ ਦੇ ਦੁਆਰਾ ਤਿਆਰ ਕੀਤੀ ਗਈ ਕਾਸ਼ਤ ਨੂੰ ਅੱਗੇ ਸੇਲ ਕਰਨ ਵਾਲੇ ਹਾਸਲ ਕਰ ਜਾਂਦੇ ਹਨ। ਫ਼ਰਜ਼ੀ ਤੌਰ 'ਤੇ ਖੇਤੀ ਸਹਾਇਕ ਧੰਦਾ ਹੈ-ਪਸ਼ੂ ਪਾਲਣਾ। ਪਸ਼ੂ ਮਹਿੰਗੇ ਹਨ। ਉਨ੍ਹਾਂ ਦੀ ਮਾਮੂਲੀ ਬਿਮਾਰੀ 'ਤੇ ਵੀ ਕਾਫ਼ੀ ਜ਼ਿਆਦਾ ਪੈਸੇ ਖ਼ਰਚ ਹੋ ਜਾਂਦੇ ਹਨ। ਉਨ੍ਹਾਂ ਨੂੰ ਪਾਲਣਾ, ਸਾਂਭ-ਸੰਭਾਲ ਕਰਨਾ ਔਖਾ ਕੰਮ ਹੈ, ਕਿਉਂ ਜੋ ਅੱਜਕਲ੍ਹ ਹਰੇਕ ਚੀਜ਼ ਮੁੱਲ ਦੀ ਬਣ ਗਈ ਹੈ। ਦੁਧਾਰੂ ਪਸ਼ੁੁੁੁੁੁੁੁੁੁੁੁੁੁੁੁੁੁੁੂਆਂ ਤੋਂ ਦੁੱਧ ਹਾਸਲ ਕਰਨ ਲਈ ਖ਼ੁਰਾਕ 'ਤੇ ਕਾਫ਼ੀ ਜ਼ਿਆਦਾ ਖ਼ਰਚਾ ਆ ਜਾਂਦਾ ਹੈ। ਉਸ ਦੇ ਮੁਕਾਬਲੇ ਦੁੱਧ ਵੇਚਣ ਵਾਲੇ ਨੂੰ ਉਹ ਭਾਅ ਨਹੀਂ ਮਿਲਦਾ, ਜਿਸ ਦਾ ਕਿ ਉਹ ਹੱਕਦਾਰ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਸੂਬੇ ਦੇ ਬਹੁਤੇ ਕਿਸਾਨਾਂ ਨੇ ਪਸ਼ੂ ਪਾਲਣੇ ਘਟਾ ਦਿੱਤੇ ਹਨ ਜਾਂ ਉੱਕਾ ਹੀ ਛੱਡ ਦਿੱਤੇ ਹਨ ਅਤੇ ਉਹ ਖ਼ੁਦ ਦੁੱਧ ਮੁੱਲ ਲੈਣ ਵਾਲਿਆਂ ਦੀ ਕਤਾਰ 'ਚ ਸ਼ਾਮਿਲ ਹੁੰਦੇ ਜਾ ਰਹੇ ਹਨ। ਇਵੇਂ ਹੀ ਸਬਜ਼ੀਆਂ ਦੀ ਕਾਸ਼ਤ ਦੀ ਗੱਲ ਕਰਦੇ ਹਾਂ। ਜੇਕਰ ਸਬਜ਼ੀਆਂ ਦੀ ਕਾਸ਼ਤ ਥੋੜ੍ਹੇ ਲੋਕ ਕਰਦੇ ਹਨ ਤਾਂ ਇਹ ਲਾਹੇਵੰਦ ਧੰਦਾ ਬਣ ਜਾਂਦਾ ਹੈ, ਪਰ ਜਦੋਂ ਬਹੁਤੇ ਲੋਕ ਕਰਦੇ ਹਨ ਤਾਂ ਇਹ ਘਾਟੇਵੰਦ ਸੌਦਾ ਬਣ ਜਾਂਦਾ ਹੈ। ਸਿਆਲਾਂ ਦੇ ਦਿਨਾਂ 'ਚ ਗੋਭੀ, ਮੂਲੀਆਂ ਅਤੇ ਹੋਰਾਂ ਚੀਜ਼ਾਂ ਦੀ ਕਾਸ਼ਤ ਕਰਨ ਵਾਲੇ ਰੁਲਣ ਲੱਗ ਜਾਂਦੇ ਹਨ। ਪਿੱਛੇ ਜਿਹੇ ਲਾਲ ਟਮਾਟਰ ਵੇਚਣ ਵਾਲਿਆਂ ਨੂੰ ਭਾਅ 'ਚ ਗਿਰਾਵਟ ਆ ਜਾਣ ਕਾਰਨ ਕਾਫ਼ੀ ਮੰਦੇ ਦਾ ਸ਼ਿਕਾਰ ਹੋਣਾ ਪਿਆ। ਆਲੂਆਂ ਦੇ ਕਾਸ਼ਤਕਾਰਾਂ ਨੂੰ ਅਕਸਰ ਹੀ ਪੂਰਾ ਭਾਅ ਨਹੀਂ ਮਿਲਦਾ ਅਤੇ ਇਸ ਦੇ ਕਾਸ਼ਤਕਾਰਾਂ ਨੂੰ ਮਜ਼ਬੂਰਨ ਸੜਕਾਂ 'ਤੇ ਨਿਕਲਣਾ ਪੈਂਦਾ ਹੈ। ਮੁੱਕਦੀ ਗੱਲ ਤਾਂ ਇਹ ਹੈ ਕਿ ਮੰਡੀ 'ਚ ਫ਼ਿਕਸ ਪ੍ਰਾਈਸ (ਬੱਝਵੀਂ ਕੀਮਤ) ਦੀ ਘਾਟ ਕਾਰਨ ਸਹਾਇਕ ਕਿੱਤਿਆਂ ਨੂੰ ਅਪਣਾਉਣ ਵਾਲਿਆਂ 'ਤੇ ਭਾਅ ਸਬੰਧੀ ਸਦਾ ਹੀ ਅਨਿਸ਼ਚਤਾ ਬਣੀ ਰਹਿੰਦੀ ਹੈ। ਖੇਤੀ ਸਹਾਇਕ ਕਿੱਤਿਆਂ ਦਾ ਉਚਿਤ ਮੰਡੀਕਰਨ ਅਤੇ ਭਾਅ ਹੋਣਾ ਲਾਜ਼ਮੀ ਹੈ।


-ਪਿੰਡ : ਸਿਰਸੜੀ, ਡਾਕ : ਔਲਖ, ਜ਼ਿਲ੍ਹਾ ਫ਼ਰੀਦਕੋਟ-151207.
ਸੰਪਰਕ : 98156-59110.

ਹੋਂਦ ਬਾਕੀ ਹੈ

ਸਾਡੀਆਂ ਬਹੁਤ ਸਾਰੀਆਂ ਪੁਰਾਤਨ ਵਸਤੂਆਂ ਆਪਣੀ ਉਮਰ ਪੁਗਾਅ ਚੁੱਕੀਆਂ ਹਨ। ਹਰ ਵਸਤੂ ਦੀ ਜਦ ਤੱਕ ਲੋੜ ਬਣੀ ਰਹੇਗੀ, ਉਹ ਵਧਦੀ-ਫੁੱਲਦੀ ਰਹੇਗੀ ਜਾਂ ਬਚੀ ਰਹੇਗੀ। ਬਦਲਦੇ ਸਮੇਂ ਨੇ ਬਹੁਤ ਸਾਰੀਆਂ ਚੀਜ਼ਾਂ, ਜਿਨ੍ਹਾਂ ਨੂੰ ਅਸੀਂ ਸੱਭਿਆਚਾਰਕ ਚਿੰਨ੍ਹਾਂ ਦੇ ਤੌਰ 'ਤੇ ਜਾਣਦੇ ਹਾਂ, ਅੱਜ ਆਮ ਵਰਤੋਂ ਵਿਚ ਨਹੀਂ ਰਹੀਆਂ ਹਨ, ਇਸੇ ਲਈ ਉਹ ਹੌਲੀ-ਹੌਲੀ ਅਲੋਪ ਹੋ ਗਈਆਂ ਹਨ ਜਾਂ ਹੋ ਰਹੀਆਂ ਹਨ। ਪਰ ਸਮੇਂ ਤੇ ਤਕਨਾਲੋਜੀ ਦੀ ਮਾਰ ਝੱਲ ਕੇ ਵੀ ਸਾਡੇ ਕੋਲ ਇੰਨੂ ਉਰਫ ਬਿੰਨੂ ਬਚਿਆ ਹੋਇਆ ਹੈ। ਇਹ ਪੰਜ ਤੋਂ ਸਤ ਇੰਚ ਦੇ ਆਕਾਰ ਦਾ ਰਿੰਗ ਸਾਰੀ ਦੁਨੀਆ ਵਿਚ ਵਰਤਿਆ ਜਾਂਦਾ ਹੈ। ਕੰਮਕਾਜੀ ਔਰਤਾਂ ਤੇ ਮਜ਼ਦੂਰਾਂ ਲਈ ਸਿਰ 'ਤੇ ਟੋਕਰੀ, ਤਸਲਾ ਜਾਂ ਘੜਾ ਟਿਕਾਉਣਾ ਬਹੁਤ ਆਸਾਨ ਕਰ ਦਿੰਦਾ ਹੈ। ਸ਼ੌਕੀਨ ਔਰਤਾਂ ਇਸ ਨੂੰ ਸ਼ਿੰਗਾਰ ਕੇ ਬਣਾਉਂਦੀਆਂ ਸਨ/ਹਨ। ਆਮ ਤੌਰ 'ਤੇ ਇਸ ਦੇ ਅੰਦਰ ਕਾਹੀ ਦਾ ਗੋਲਾ ਭਰਿਆ ਜਾਂਦਾ ਹੈ ਤੇ ਉੱਤੇ ਲੀਰਾਂ ਕੱਸ ਕਿ ਲਪੇਟੀਆਂ ਜਾਂਦੀਆਂ ਹਨ। ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਹੁਣ ਇਸ ਨੂੰ ਬਣਾਉਣ ਦੇ ਮੁਕਾਬਲੇ ਲਈ, ਵਿਸ਼ਵ ਵਿਦਿਆਲਿਆਂ ਤੇ ਕਾਲਜਾਂ ਵਿਚ ਵੀ ਸ਼ਾਮਿਲ ਕਰ ਲਿਆ ਗਿਆ ਹੈ। ਇਹ ਇਸ ਨਿਮਾਣੀ ਜਿਹੀ, ਭਾਰ ਸਹਿਣ ਵਾਲੀ ਵਸਤੂ ਦੀ ਹੋਂਦ ਕਾਇਮ ਰੱਖਣ ਵੱਲ ਇਕ ਸਾਰਥਿਕ ਕਦਮ ਹੈ।


-ਮੋਬਾ: 98159-45018

ਸਰਕਾਰ ਦੀ ਉਸਾਰੂ ਨੀਤੀ ਨਾ ਹੋਣ ਕਾਰਨ ਕਣਕ ਦੀ ਬਿਜਾਈ ਪਛੜੀ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਪੰਜਾਬ 'ਚ ਇਸ ਸਾਲ ਝੋਨੇ ਦੀ ਰਿਕਾਰਡ ਪੈਦਾਵਾਰ ਹੋਣ ਕਾਰਨ ਮੰਡੀਆਂ ਵਿਚ ਵਿਕਣ ਲਈ ਆਈ ਪੈਦਾਵਾਰ ਦੇ ਆਧਾਰ 'ਤੇ ਉਤਪਾਦਨ ਦਾ ਅਨੁਮਾਨ 188 ਲੱਖ ਟਨ ਦਾ ਹੈ ਜੋ ਰਿਕਾਰਡ ਹੀ ਹੋਵੇਗਾ। ਕਿਸਾਨਾਂ ਵਲੋਂ ਦਿੱਤੀਆਂ ਜਾ ਰਹੀਆਂ ਰਿਪੋਰਟਾਂ ਵੀ ਰਿਕਾਰਡ ਉਤਪਾਦਕਤਾ 'ਤੇ ਉਤਪਾਦਨ ਦੀ ਹਾਮੀ ਭਰਦੀਆਂ ਹਨ। ਉਂਜ ਝੋਨੇ ਦੀ ਰਹਿੰਦ-ਖੁੰਹਦ ਅਤੇ ਪਰਾਲੀ ਨੂੰ ਸਮੇਟਣ ਦਾ ਮਸਲਾ ਉਨ੍ਹਾਂ ਦੇ ਸਿਰ 'ਤੇ ਚੜ੍ਹਿਆ ਰਿਹਾ। ਦਿੱਲੀ ਦਾ ਵਾਤਾਵਰਨ ਧੂੰਆਂ ਤੇ ਧੁੰਦ ਨਾਲ ਗੰਭੀਰ ਰੂਪ 'ਚ ਪ੍ਰਦੂਸ਼ਿਤ ਹੋਣ ਕਾਰਨ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਦਿੱਤੇ ਗਏ ਆਦੇਸ਼ਾਂ ਦੇ ਆਧਾਰ 'ਤੇ ਸ਼ੁਰੂ-ਸ਼ੁਰੂ 'ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਪਦੂਸ਼ਣ ਕੰਟਰੋਲ ਬੋਰਡ ਵਲੋਂ ਕਿਸਾਨਾਂ 'ਤੇ ਸਖ਼ਤੀ ਕੀਤੀ ਗਈ ਭਾਵੇਂ ਕਿ ਇਸ ਦਾ ਕੋਈ ਸਥਾਈ ਹੱਲ ਨਹੀਂ ਦੱਸਿਆ ਗਿਆ। ਦਿੱਲੀ ਦੇ ਪ੍ਰਦੂਸ਼ਣ ਦੀ ਸਮੱਸਿਆ ਇਕੱਲੇ ਪੰਜਾਬ 'ਚ ਝੋਨੇ ਦੀ ਰਹਿੰਦ-ਖੁੰਹਦ ਜੋ 21 ਮਿਲੀਅਨ ਟਨ ਦੇ ਕਰੀਬ ਹੁੰਦੀ ਹੈ, ਕਾਰਨ ਹੀ ਨਹੀਂ ਸੀ। ਦਿੱਲੀ ਦੇ ਇਸ ਪ੍ਰਦੂਸ਼ਨ ਲਈ ਉੱਤਰ ਪੱਛਮ ਦੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਰਾਜ ਵੀ ਜ਼ਿੰਮੇਵਾਰ ਸਨ ਜਿਨ੍ਹਾਂ ਵਿਚ 13 ਮਿਲੀਅਨ ਟਨ ਦੇ ਕਰੀਬ ਝੋਨੇ ਦੀ ਰਹਿੰਦ-ਖੁੰਹਦ ਹੁੰਦੀ ਹੈ ਅਤੇ ਉਸ ਵਿਚੋਂ ਬਹੁਤੀ ਮਾਤਰਾ ਨੂੰ ਅੱਗ ਲਾਈ ਜਾਂਦੀ ਹੈ। ਇਸ ਤੋਂ ਇਲਾਵਾ ਖਾੜੀ ਦੇ ਇਰਾਕ, ਕੁਵੈਤ ਤੇ ਸਾਊਦੀ ਅਰਬ ਦੇ ਮੁਲਕਾਂ 'ਚ ਆਏ ਤੂਫ਼ਾਨ ਵੀ ਧੁਆਂਖੀ ਧੁੰਦ ਦਾ ਕਾਰਨ ਬਣੇ। ਦਿੱਲੀ ਤੇ ਐਨ ਸੀ ਆਰ ਇਨ੍ਹਾਂ ਸਾਰੇ ਰਾਜਾਂ ਦੀ ਧੁਆਂਖੀ ਧੁੰਦ ਤੋਂ ਪ੍ਰਭਾਵਿਤ ਹੁੰਦੇ ਹਨ। ਐਗਰੀਕਲਚਰ ਸਾਇੰਿਸਜ਼ ਦੀ ਨੈਸ਼ਨਲ ਅਕੈਡਮੀ ਵੱਲੋਂ ਮਾਹਿਰਾਂ ਦੀਆਂ ਮੀਟਿੰਗਾਂ ਕਰਕੇ ਕੁਝ ਸੁਝਾਅ ਦਿੱਤੇ ਗਏ ਅਤੇ ਭਾਰਤ ਸਰਕਾਰ ਦੀਆਂ ਭੌਇੰ ਦੀ ਸਿਹਤ 'ਚ ਸੁਧਾਰ ਲਿਆਉਣ, ਸਿੰਜਾਈ ਦੀ ਤੁਪਕਾ ਵਿਧੀ ਨਾਲ ਵਧੇਰੇ ਫ਼ਸਲ ਲੈਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਮੌਸਮ ਦੇ ਜੋਖ਼ਮ ਘੱਟ ਕਰਨ ਸਬੰਧੀ ਚੱਲ ਰਹੀਆਂ ਸਕੀਮਾਂ ਨਾਲ ਵੀ ਇਸ ਅਕੈਡਮੀ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਪੂਰਾ ਕੀਤਾ ਗਿਆ। ਇਨ੍ਹਾਂ ਸੁਝਾਵਾਂ ਵਿਚ ਕੰਬਾਈਨਾਂ ਦੇ ਐਸ ਐਮ ਐਸ (ਸਟਰਾਅ ਮੈਨੇਜਮੈਂਟ ਸਿਸਟਮ) ਲਾਉਣਾ, ਟਰਬੋ ਹੈਪੀ ਸੀਡਰਾਂ ਦੀ ਵਰਤੋਂ ਅਤੇ ਪਿੰਡਾਂ 'ਚ ਸਥਾਪਿਤ ਕੀਤੇ ਗਏ ਕਿਸਾਨ ਸੇਵਾ ਕੇਂਦਰਾਂ ਰਾਹੀਂ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਰੋਟਾਵੇਟਰ, ਤੇ ਹੈਪੀ ਸੀਡਰ ਉਪਲਬਧ ਕਰਨ, ਆਦਿ ਦੇ ਸੁਝਾਅ ਦਿੱਤੇ ਗਏ। ਪੰਜਾਬ ਵਿਚ ਇਨ੍ਹਾਂ ਸਾਰੇ ਸੁਝਾਵਾਂ ਨੂੰ ਅਮਲੀ ਰੂਪ 'ਚ ਲਿਆਉਣ ਦੇ ਉਪਰਾਲੇ ਕੀਤੇ ਗਏ ਪਰ ਇਨ੍ਹਾਂ ਵਿਚੋਂ ਕਿਸੇ ਵਿਧੀ ਨੂੰ ਵੀ ਅੱਗ ਲਾਉਣ ਦੀ ਪ੍ਰਥਾ ਬੰਦ ਕਰਨ ਵਿਚ ਸਫ਼ਲਤਾ ਨਹੀਂ ਮਿਲੀ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇ ਕੇਂਦਰ ਕਿਸਾਨਾਂ ਨੂੰ ਮਾਲੀ ਸਹਾਇਤਾ ਦੇਣ ਲਈ ਰਾਜ ਸਰਕਾਰ ਨੂੰ ਸਰਮਾਇਆ ਮੁਹੱਈਆ ਕਰ ਦਿੰਦਾ ਤਾਂ ਸ਼ਾਇਦ ਇਸ ਸਮੱਸਿਆ 'ਤੇ ਕਾਬੂ ਪਾ ਲਿਆ ਜਾਂਦਾ। ਇਕੱਲੇ ਪੰਜਾਬ ਦੀ 1500 ਕਰੋੜ ਰੁਪਏ ਦੀ ਮੰਗ ਸੀ। ਪੰਜਾਬ ਸਰਕਾਰ ਕੋਲ ਤਾਂ ਇਹ ਰਕਮ ਖ਼ਰਚ ਕਰਨ ਦੀ ਗੁੰਜਾਇਸ਼ ਹੀ ਨਹੀਂ ਸੀ ਪਰ ਕੇਂਦਰ ਸਰਕਾਰ ਨੇ ਇਹ ਕਹਿ ਕੇ ਕਿ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ ਨੂੰ ਤਿਲਾਂਜਲੀ ਦੇਣ ਲਈ ਕੇਂਦਰ ਕੋਲ ਕੋਈ ਸਕੀਮ ਨਹੀਂ ਜਿਸ ਵਿਚੋਂ ਇਮਦਾਦ ਦਿੱਤੀ ਜਾ ਸਕੇ, ਹੱਥ ਖੜ੍ਹੇ ਕਰ ਦਿੱਤੇ। ਜਦੋਂ ਗਰੀਨ ਟ੍ਰਿਬਿਊਨਲ ਕੋਲ ਪੰਜਾਬ ਦੇ ਕਿਸਾਨ ਆਗੂਆਂ ਤੇ ਕਿਸਾਨ ਸੰਸਥਾਵਾਂ ਨੇ ਆਪਣੀਆਂ ਮੁਸ਼ਕਿਲਾਂ ਰੱਖੀਆਂ ਤਾਂ ਟ੍ਰਿਬਿਊਨਲ ਵੀ ਆਪਣੇ ਆਦੇਸ਼ਾਂ ਦੀ ਪਾਲਣਾ ਕਰਾਉਣ ਸਬੰਧੀ ਢਿੱਲਾ ਪੈ ਗਿਆ। ਕਿਸਾਨ ਇਸ ਭੰਬਲਭੂਸੇ 'ਚ ਫ਼ਸੇ ਰਹੇ। ਉਹ ਵੱਖੋ ਵੱਖ ਵਿਧੀਆਂ ਨੂੰ ਵਰਤਣ ਦਾ ਉਪਰਾਲਾ ਵੀ ਕਰਦੇ ਰਹੇ। ਸਫ਼ਲਤਾ ਫੇਰ ਵੀ ਪ੍ਰਾਪਤ ਨਾ ਹੋਈ। ਮੌਸਮ ਦੀ ਕ੍ਰੋਪੀ ਨੇ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ 'ਚ ਪੂਰੀ ਰੁਕਾਵਟ ਪਾਈ। ਕਈ ਥਾਂਵਾਂ 'ਤੇ ਬਾਇਓ ਗੈਸ ਪਲਾਂਟਾਂ ਨੇ ਪਰਾਲੀ ਦੀਆਂ ਗੱਠਾਂ ਲੈਣ ਸਬੰਧੀ ਉਨ੍ਹਾਂ ਦਾ ਸ਼ੋਸ਼ਣ ਕੀਤਾ ਅਤੇ ਉਹ 1000 ਤੋਂ 1200 ਰੁਪਏ ਏਕੜ ਤੱਕ ਪਲਾਂਟਾਂ ਨੂੰ ਦੇਣ ਲਈ ਵੀ ਮਜਬੂਰ ਹੋ ਗਏ। ਕਿਸਾਨਾਂ ਨੇ ਹਾਰ ਕੇ ਰਹਿੰਦ-ਖੁੰਹਦ ਤੇ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਐਨ ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਨਸ਼ਮੰਦੀ ਦਿਖਾਉਂਦਿਆਂ ਸਰਕਾਰੀ ਅਦਾਰਿਆਂ ਨੂੰ ਇਸ ਮਸਲੇ 'ਚ ਢਿੱਲ ਕਰਨ ਦੇ ਆਦੇਸ਼ ਦਿੱਤੇ। ਬਦਲਵੀਆਂ ਵਿਧੀਆਂ ਲਈ ਲੇਬਰ ਦੀ ਵੀ ਲੋੜ ਪੈਂਦੀ ਸੀ। ਜੇ ਕਿਸਾਨ ਫ਼ਾਲਤੂ ਖ਼ਰਚਾ ਕਰਨ ਲਈ ਵੀ ਤਿਆਰ ਹੋ ਜਾਣ ਤਾਂ ਖੇਤ ਮਜ਼ਦੂਰ ਉਪਲਬਧ ਨਹੀਂ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਉਪਰਾਲਾ ਕਰ ਰਹੇ ਹਨ ਕਿ ਕਿਸਾਨ ਕਣਕ ਦੀਆਂ ਯੋਗ ਕਿਸਮਾਂ ਦੀ ਚੋਣ ਕਰ ਕੇ ਸਮੇਂ ਸਿਰ ਬਿਜਾਈ ਕਰ ਲੈਣ ਤੇ ਉਤਪਾਦਕਤਾ ਨਾ ਘਟਣ ਦੇਣ। ਉਨ੍ਹਾਂ ਨੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਪੱਬਾਂ ਭਾਰ ਕੀਤਾ ਹੋਇਆ ਹੈ। ਕਿਸਾਨਾਂ 'ਚ ਸਹਿਮ ਦੌੜ ਰਿਹਾ ਹੈ ਕਿ ਕਣਕ ਦੀ ਬਿਜਾਈ ਹੁਣ ਪਿਛੇਤੀ ਕਰਨ ਨਾਲ ਪ੍ਰਤੀ ਹੈਕਟੇਅਰ ਝਾੜ ਘਟੇਗਾ, ਜਿਸ ਨਾਲ ਉਨ੍ਹਾਂ ਦਾ ਮੁਨਾਫ਼ਾ ਪ੍ਰਭਾਵਿਤ ਹੋਵੇਗਾ। ਪ੍ਰੰਤੂ ਆਈ ਸੀ ਏ ਆਰ - ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਡਾ. ਕੇ ਵੀ ਪ੍ਰਭੂ ਅਤੇ ਭਾਰਤ ਸਰਕਾਰ ਦੀ ਆਈ ਸੀ ਏ ਆਰ - ਇੰਸਟੀਚਿਊਟ ਆਫ਼ ਵ੍ਹੀਟ ਰਿਸਰਚ ਦੇ ਡਾਇਰੈਕਟਰ ਡਾ. ਜੀ ਪੀ ਸਿੰਘ ਅਨੁਸਾਰ ਕਣਕ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਹਨ ਜਿਨ੍ਹਾਂ ਦੀ ਆਦਰਸ਼ਕ ਬਿਜਾਈ ਹੀ 15 ਨਵੰਬਰ ਤੋਂ 25-30 ਨਵੰਬਰ ਤੱਕ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਡਰ ਹਟਾ ਕੇ ਪੂਰੇ ਜੋਸ਼ ਨਾਲ ਸਮੇਂ 'ਤੇ ਕਣਕ ਦੀ ਯੋਗ ਕਿਸਮ ਦੀ ਚੋਣ ਕਰ ਕੇ ਬਿਜਾਈ ਕਰ ਦੇਣੀ ਚਾਹੀਦੀ ਹੈ। ਝੋਨਾ-ਕਣਕ ਦੇ ਫ਼ਸਲੀ ਚੱਕਰ 'ਚ ਗੁੱਲੀ ਡੰਡਾ ਇਕ ਅਜਿਹਾ ਨਦੀਨ ਹੈ ਜੋ ਉਤਪਾਦਕਤਾ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ। ਕਿਸਾਨਾਂ ਨੂੰ ਇਸ ਨਦੀਨ 'ਤੇ ਕਾਬੂ ਪਾਉਣ ਲਈ ਸਮੇਂ ਸਿਰ ਕਾਰਵਾਈ ਕਰ ਲੈਣੀ ਚਾਹੀਦੀ ਹੈ।


ਮੋਬਾ: 98152-36307

ਖੁੰਬਾਂ ਦੀ ਖੇਤੀ ਜਾਂ ਪਰਾਲੀ ਦੀ ਯੋਗ ਵਰਤੋਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਟਨ ਖੁੰਬ : ਇਹ ਖੁੰਬ ਸਾਨੂੰ ਆਮ ਤੌਰ 'ਤੇ ਹਰੇਕ ਮੌਸਮ ਵਿਚ ਬਾਜ਼ਾਰਾਂ ਵਿਚ ਆਮ ਦੇਖਣ ਨੂੰ ਮਿਲਦੀ ਹੈ। ਇਹ ਖੁੰਬ ਦਿੱਖ ਪੱਖੌਂ ਸੱਭ ਤੋਂ ਸੋਹਣੀ ਹੁੰਦੀ ਹੈ, ਨਾਲੇ ਗੋਰੀ ਚਿੱਟੀ ਵੀ। ਅਸੀਂ ਅੰਗਰੇਜ਼ਾਂ ਦੇ ਮਾਨਸਿਕ ਪੱਖੋਂ ਅੱਜ ਵੀ ਗੁਲਾਮ ਹਾਂ। ਖ਼ੈਰ ਉਗਾਉਣ ਦੀ ਗੱਲ ਚੱਲ ਰਹੀ ਸੀ। ਬਟਨ ਖੁੰਬ ਨੂੰ ਉਗਾਉਣ ਲਈ ਸਭ ਤੋਂ ਪਹਿਲਾਂ ਕੰਪੋਸਟ ਤਿਆਰ ਕਰਨੀ ਪੈਂਦੀ ਹੈ। ਇਸ ਦੀ ਕੰਪੋਸਟ 28 ਤੋਂ 30 ਦਿਨਾਂ ਵਿਚ ਤਿਆਰ ਕੀਤੀ ਜਾ ਸਕਦੀ ਹੈ। ਮੌਸਮ ਦੇ ਮਿਜ਼ਾਜ਼ ਨੂੰ ਦੇਖਦੇ ਹੋਏ ਇਸ ਨੂੰ ਬੀਜਣ ਦੀ ਤਿਆਰੀ ਕਰਨੀ ਚਾਹੀਦੀ ਹੈ। ਕੰਪੋਸਟ ਬਣਨ ਤੋਂ ਬਾਅਦ ਜਦੋਂ ਬੀਜਣ ਲੱਗਦੇ ਹਾਂ ਉਸ ਸਮੇਂ ਮੌਸਮ ਗਰਮ ਨਹੀਂ ਹੋਣਾ ਚਾਹੀਦਾ। ਤਾਪਮਾਨ 18 ਤੋਂ 25 ਡਿਗਰੀ ਤਾਪਮਾਨ ਵਧੀਆ ਮੰਨਿਆ ਜਾਂਦਾ ਹੈ। ਕੰਪੋਸਟ ਤਿਆਰ ਕਰਨ ਲਈ ਸਭ ਤੋਂ ਪਹਿਲਾਂ 3 ਕੁਇੰਟਲ ਤੂੜੀ (ਜਾਂ 4 ਹਿਸੇ ਤੂੜੀ 1ਹਿੱਸਾ ਪਰਾਲੀ) ਨੂੰ ਪੱਕੇ ਫਰਸ਼ ਤੇ ਗਿੱਲਾ ਕਰੋ। ਉੱਪਰ ਸ਼ੈੱਡ ਹੋਣਾ ਜਰੂਰੀ ਹੈ। ਏਸ ਤੂੜੀ ਨੂੰ 24 ਤੋਂ 48 ਘੰਟੇ ਤੱਕ ਪੂਰਾ ਗਿੱਲਾ ਰੱਖੋ। ਏਸ ਵਿਚ ਨਮੀਂ ਦੀ ਮਾਤਰਾ 70ਤੋਂ 75% ਹੋਣੀ ਚਾਹੀਦੀ ਹੈ। ਨਮੀਂ ਦੀ ਮਾਤਰਾ ਚੈੱਕ ਕਰਨ ਲਈ ਜਦੋਂ ਗਿੱਲੀ ਤੂੜੀ ਨੂੰ ਮੁੱਠੀ ਵਿਚ ਲੈ ਕੇ ਘੁੱਟੋਗੇ ਤਾਂ ਪਾਣੀ ਦੀਆਂ ਬੂੰਦਾਂ ਉਂਗਲੀਆਂ ਦੇ ਜੋੜਾਂ ਵਿਚੋਂ ਟਪਕਣਗੀਆਂ। ਇਸ ਤਿਆਰ ਤੂੜੀ ਵਿਚ 1 ਕਿੱਲੋ ਡੀ.ਏ.ਵੀ, 6.5 ਕਿੱਲੋ ਯੂਰੀਆ, 3 ਕਿੱਲੋ ਸੁਪਰਫਾਸਫੇਟ, 15 ਕਿੱਲੋ ਚੋਕਰ (ਛਾਣ ਬੂਰਾ ) ਰਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਪਾਣੀ ਦਾ ਹਮੇਸ਼ਾ ਧਿਆਨ ਰੱਖੋ ਕਿ ਨਮੀਂ 70 ਫ਼ੀਸਦੀ ਤੋਂ ਘੱਟ 75 ਫ਼ੀਸਦੀ ਤੋਂ ਵੱਧ ਨਾ ਹੋਵੇ। ਇਸ ਢੇਰੀ ਨੂੰ 4 ਦਿਨ ਤੱਕ ਢੇਰ ਲਗਾ ਕੇ ਰੱਖੋ। ਚੌਥੇ ਦਿਨ 5 ਕਿੱਲੋ ਗੁੜ ਦਾ ਸੀਰਾ ਚੰਗੀ ਤਰ੍ਹਾਂ ਮਿਕਸ ਕਰੋ। ਢੇਰ ਲਗਾ ਦੇਵੋ। ਅੱਠਵੇਂ ਦਿਨ ਖਾਲੀ ਰਲਾ ਲਵੋ ਤੇ ਢੇਰ ਲਗਾਓ। 12ਵੇਂ ਦਿਨ 30 ਕਿੱਲੋ ਜਿਪਸਮ ਪਾਉ, ਮਿਕਸ ਕਰੋ ਤੇ ਢੇਰ ਲਗਾ ਦੇਵੋ। 16ਵੇਂ ਦਿਨ ਕੁਝ ਨਹੀਂ ਪਾਉਣਾ ਤੂੜੀ ਨੂੰ ਫਰੋਲ ਕੇ ਦੂਸਰੀ ਜਗਹ ਢੇਰੀ ਲਗਾਓ। 20ਵੇਂ ਦਿਨ 150ਮਿਲੀ ਲੀਟਰ ਫਿਊਰਡਮ ਮਿਲਾਓ। 24 ਵੇਂ ਦਿਨ ਤੂੜੀ ਨੂੰ ਚੰਗੀ ਤਰ੍ਹਾਂ ਫਰੋਲ ਕੇ ਦੁਬਾਰਾ ਢੇਰ ਲਗਾਉ ਕੁਝ ਨਹੀਂ ਪਾਉਣਾ। 28ਵੇਂ ਦਿਨ 60 ਮਿਲੀ. ਗਾਮਾ ਰਲਾ ਲਵੋ ਅਤੇ ਤੁਹਾਡਾ ਸਟੈਗ ਜਾਂ ਤੂੜੀ ਖੁੰਬ ਬੀਜਣ ਵਾਸਤੇ ਤਿਆਰ ਹੈ। ਕੰਪੋਸਟ ਦਾ ਰੰਗ ਭੂਰੇ ਰੰਗ ਦਾ ਹੋ ਜਾਵੇਗਾ। ਧਿਆਨ ਦੇਣਯੋਗ ਗੱਲ ਹੈ ਕਿ ਕੰਪੋਸਟ ਵਿਚੋਂ ਅਮੋਨੀਆ ਦਾ ਮੁਸਕ ਨਾ ਆਉਂਦਾ ਹੋਵੇ। ਇਸ ਢੇਰ ਦੀ ਪੀ.ਐਚ.ਵੈਲਯੂ 7 ਤੋਂ 8 ਹੋਵੇ ਅਤੇ ਨਮੀਂ 65 ਤੋਂ 75 ਫੀਸਦੀ ਤੱਕ ਹੋਵੇ।
ਬਿਜਾਈ : ਮੌਸਮ ਨੂੰ ਦੇਖਦੇ ਹੋਏ ਬਿਜਾਈ ਕਰੋ। 20 ਕਿਲੋ ਦੀਆਂ ਢੇਰੀਆਂ ਲਗਾਓ। 20 ਕਿੱਲੋ ਦੀ ਢੇਰੀ ਵਿਚ 250-300 ਗ੍ਰਾਮ ਬੀਜ ਲਵੋ। 10 ਗ੍ਰਾਮ ਬੀਜ ਨੂੰ ਰੱਖ ਕੇ ਬਾਕੀ ਦੇ ਬੀਜ ਨੂੰ 20 ਕਿੱਲੋ ਕੰਪੋਸਟ ਵਿਚ ਸੰਨੀ ਦੀ ਤਰ੍ਹਾਂ ਰਲਾ ਦੇਵੋ। 5-5 ਕਿੱਲੋ ਦੇ ਚਾਰ ਲਿਫਾਫੇ ਚੰਗੀ ਤਰ੍ਹਾਂ ਤੁੰਨ-ਤੁੰਨ ਕੇ ਭਰ ਲਵੋ। ਇਨ੍ਹਾਂ ਲਿਫਾਫਿਆਂ ਦੇ ਉਪਰ ਬਚਾਏ ਹੋਏ ਬੀਜ ਦੇ ਕੁਝ ਦਾਣੇ ਖਿਲਾਰ ਦੇਵੋ, ਤੇ ਲਫਾਫਾ ਬੰਦ ਕਰ ਦੇਵੋ। ਇਨ੍ਹਾਂ ਲਿਫਾਫਿਆਂ ਨੂੰ ਅਲੱਗ ਕਮਰੇ ਵਿਚ ਰੱਖ ਲਵੋ। ਹੁਣ ਲਿਫਾਫਿਆਂ ਨੂੰ ਛੇੜਨਾ ਨਹੀਂ। 15 ਕੁ ਦਿਨਾਂ ਵਿਚ ਚਿੱਟਾ-ਚਿੱਟਾ ਰੇਸ਼ਾ ਦਿਖਾਈ ਦੇਵੇਗਾ। ਹੁਣ ਇਨ੍ਹਾਂ ਲਿਫਾਫਿਆਂ ਦੇ ਉਪਰ ਕੇਸਿੰਗ ਤਿਆਰ ਕਰਕੇ ਪਾਉਣੀ ਹੈ। ਕੇਸਿੰਗ ਤਿਆਰ ਕਰਨ ਲਈ 4 ਹਿੱਸੇ ਰੂੜੀ 1 ਹਿੱਸਾ ਖੇਤ ਦੀ ਰੇਤਲੀ ਮਿੱਟੀ। ਇਸ ਮਿਕਚਰ ਵਿਚ 4 ਫ਼ੀਸਦੀ ਫਾਰਮੈਲਡੀਹਾਈਟ ਪਾ ਕੇ ਰਲਾ ਲੈਣਾ ਹੈ। ਏਸ ਕੇਸਿੰਗ ਨੂੰ ਕੰਪੋਸਟ ਵਾਲੇ ਲਫਾਫਿਆਂ ਦੇ ਉਪਰੋ ਖੋਲ੍ਹ ਕੇ ਤਕਰੀਬਨ 1.5 ਇੰਚ ਤੱਕ ਪਾ ਦੇਣਾ ਹੈ। ਹਰ ਰੋਜ਼ ਨਾਲੀ ਵਾਲੇ ਸਪਰੇਅ ਪੰਪ ਨਾਲ ਛਿੜਕਾਅ ਕਰਨਾ ਹੈ ਤਾਂ ਜੋ ਨਮੀਂ ਬਣੀ ਰਹੇ। 12 ਤੋਂ 15 ਦਿਨਾਂ ਤੱਕ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਖੁੰਬਾਂ ਨੂੰ ਬਿਨਾਂ ਧੋਤੇ ਪੈਕ ਕਰਕੇ ਵੇਚੋ ਜਾਂ ਇਨ੍ਹਾਂ ਦੇ ਪਕਵਾਨ (ਆਚਾਰ ਵਗੈਰਾ) ਬਣਾ ਕੇ ਵੇਚੋ।
ਢੀਂਗਰੀ : ਇਹ ਖੁੰਬ ਵੀ ਸਰਦੀਆਂ ਵਿਚ ਹੀ ਉਗਾਈ ਜਾਂਦੀ ਹੈ। ਇਸ ਵਿਚ ਖੁਰਾਕੀ ਤੱਤ ਬਟਨ ਵਾਲੇ ਹੀ ਹੁੰਦੇ ਹਨ ਪਰ ਦਿੱਖ ਪੱਖੋਂ ਸੋਹਣੀ ਨਹੀਂ ਲੱਗਦੀ। ਇਹ ਅੰਗਰੇਜ਼ਣ ਨਹੀਂ । ਇਹ ਉਗਾਉਣੀ ਬਹੁਤ ਆਸਾਨ ਹੈ। ਇਸ ਨੂੰ ਉਗਾਉਣ ਲਈ ਕਿਸੇ ਵੀ ਕੈਮੀਕਲ ਦੀ ਵਰਤੋਂ ਨਹੀਂ ਹੁੰਦੀ। ਤੂੜੀ ਨੂੰ ਚੰਗੀ ਤਰ੍ਹਾਂ ਗਿੱਲੀ ਕਰੋ। ਜਦੋਂ ਤੂੜੀ ਵਿਚ ਨਮੀੰ ਦੀ ਮਾਤਰਾ 65 ਤੋਂ 75 ਫ਼ੀਸਦੀ ਹੋ ਜਾਵੇ ਤਾਂ ਬਿਜਾਈ ਕਰ ਸਕਦੇ ਹੋ। ਏਸ ਲਈ ਤੂੜੀ ਦੋ ਦਿਨ ਵਿਚ ਹੀ ਤਿਆਰ ਹੋ ਜਾਂਦੀ ਹੈ। ਬਿਜਾਈ ਲਈ 5-5 ਕਿਲੋ ਦੀਆਂ ਢੇਰੀਆਂ ਲਗਾਓ। 5 ਕਿੱਲੋ ਦੀ ਢੇਰੀ ਵਿਚ 250 ਗ੍ਰਾਮ ਬੀਜ ਰਲਾਓ। ਯਾਦ ਰੱਖੋ 10 ਗ੍ਰਾਮ ਬੀਜ ਵੱਖ ਰੱਖ ਲਵੋ। 2.5 ਕਿੱਲੋ ਦੇ ਲਿਫਾਫੇ ਵਿਚ ਬੀਜ ਰਲੀ ਤੂੜੀ ਨੂੰ ਚੰਗੀ ਤਰ੍ਹਾਂ ਤੁੰਨ-ਤੁੰਨ ਕੇ ਭਰੋ। ਉੱਪਰ ਬਚੇ ਹੋਏ ਥੋੜ੍ਹੇ ਜਿਹੇ ਬੀਜ ਉਪਰਲੇ ਪਾਸੇ ਖਿਲਾਰ ਕੇ ਲਿਫਾਫੇ ਨੂੰ ਰੱਸੀ ਨਾਲ ਕੱਸ ਕੇ ਬੰਨ੍ਹ ਦੇਵੋ ਅਤੇ ਥੱਲੇ ਦੋਵੇਂ ਸਾਈਡਾਂ ਤੋਂ ਥੋੜ੍ਹਾ ਕੱਟ ਲਗਾ ਦੇਵੋ। ਇਸ ਪੈਕਟ ਨੂੰ ਕਮਰੇ ਵਿਚ ਸੈਲਫਾ 'ਤੇ ਰੱਖ ਦੇਵੋ। 20 ਤੋਂ 22 ਦਿਨਾਂ ਤੱਕ ਲਿਫਾਫੇ ਵਿਚ ਚਿੱਟੇ ਰੰਗ ਦਾ ਰੇਸ਼ਾ ਫੈਲ ਜਾਵੇਗਾ। ਜਦੋਂ ਰੇਸ਼ਾ ਫੈਲ ਜਾਵੇ ਤਾਂ ਲਿਫਾਫੇ ਨੂੰ ਪਾੜ ਕੇ ਅਲੱਗ ਕਰੋ ਅਤੇ ਤੂੜੀ ਦਾ ਸਟੈਗ ਲੱਗਿਆ ਰਹਿ ਜਾਵੇਗਾ। ਇਸ ਨੂੰ ਹਰ ਰੋਜ਼ ਹਲਕੀ ਫੁਹਾਰ ਨਾਲ ਪਾਣੀ ਦਾ ਛਿੱਟਾ ਦੇਵੋ। ਥੋੜੇ ਦਿਨਾਂ ਬਾਅਦ ਖੂੰਬਾਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਅਰਾਮ ਨਾਲ ਤੋੜ ਕੇ ਬਿਨਾਂ ਧੋਤੇ ਪੈਕ ਕਰਕੇ ਵੇਚ ਸਕਦੇ ਹੋ।
ਸਿਟਾਕੀ ਖੁੰਬ : ਇਹ ਮੈਡੀਕਲ ਖੁੰਬ ਹੈ। ਇਹ ਕਾਫੀ ਮਹਿੰਗੀ ਵੀ ਹੁੰਦੀ ਹੈ ਅਤੇ ਆਮ ਘਰਾਂ ਵਿਚ ਸੌਖੇ ਤਰੀਕੇ ਨਹੀਂ ਉਗਾਈ ਜਾ ਸਕਦੀ। ਜਦੋਂ ਆਸਾਨੀ ਨਾਲ ਹੋਣੀ ਹੀ ਨਹੀਂ ਫਿਰ ਮਗਜ਼ ਕਾਹਨੂੰ ਮਾਰਨਾ। ਇਹ ਵਾਲਾਂ ਪੀਰੀਅਡ ਸੌਂ ਕੇ ਹੀ ਗੁਜ਼ਾਰਿਆ। (ਸਮਾਪਤ)


-ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
ਮੋਬਾਈਲ: 9872099100

ਪਰਾਲੀ ਨੂੰ ਨਾ ਅੱਗ ਲਾਓ

ਪਰਾਲੀ ਨੂੰ ਨਾ ਅੱਗ ਲਾਓ, ਹਵਾ-ਪਾਣੀ-ਧਰਤੀ ਬਚਾਓ,
ਮਿੱਤਰ ਜੀਵ ਮਰ ਜਾਣਗੇ, ਧਰਤੀ ਬੰਜਰ ਕਰ ਜਾਣਗੇ।
ਬਿਨਾਂ ਲੋੜ ਸਪਰੇਆਂ ਕਰਕੇ, ਖਰਚ ਕਿਉਂ ਵਧਾਉਂਦੇ ਹੋ,
ਆਉਣ ਵਾਲੀਆਂ ਫ਼ਸਲਾਂ ਲਈ ਪਹਿਲਾਂ ਹੀ ਜ਼ਹਿਰਾਂ ਪਾਉਂਦੇ ਹੋ।
ਪਰਾਲੀ ਦਾ ਚਾਰਾ ਬਣਾ ਕੇ, ਤੂੜੀ ਦਾ ਬਦਲ ਬਣਾਈਏ,
ਅਨਮੋਲ ਜਿੰਦਾਂ ਨੂੰ ਮਰਨੋਂ ਬਚਾਅ ਲਈਏ।
ਗੁਜ਼ਰਾਂ ਦੀ ਮਦਦ ਨਾਲ ਖੇਤ ਸਾਫ਼ ਕਰਾ ਲਈਏ,
ਬਿਮਾਰੀਆਂ ਤੋਂ ਬਚਣ ਲਈ ਮਿੱਤਰ ਜੀਵ ਬਚਾਅ ਲਈਏ।
ਵੱਡੇ-ਵੱਡੇ ਟੋਏ ਪੁੱਟ ਕੇ, ਇਸ ਦੀ ਖਾਦ ਬਣਾ ਲਈਏ,
ਖੇਤਾਂ ਵਿਚ ਵਰਤੋਂ ਕਰਕੇ, ਆਮਦਨ ਵਧਾ ਲਈਏ।
ਠੰਢ ਦੇ ਦਿਨਾਂ ਵਿਚ ਪਸ਼ੂਆਂ ਹੇਠਾਂ ਵਿਛਾ ਸਕਦੇ ਹਾਂ,
ਵਰਤੋਂ ਇਸ ਦੀ ਕਰਕੇ ਬਿਮਾਰੀਆਂ ਦੂਰ ਭਜਾ ਸਕਦੇ ਹਾਂ।


-ਅਜੀਤ ਕੁਮਾਰ ਲੈਕਚਰਾਰ
ਪਿੰਡ ਤੇ ਡਾਕ: ਬਾਘਾ ਪੁਰਾਣਾ, ਵਾਰਡ ਨੰ: 7, ਸੁਸਾਇਟੀ ਗਲੀ, ਜ਼ਿਲ੍ਹਾ ਮੋਗਾ-142038.
ਮੋਬਾਈਲ : 98888-40537.

ਵਿਰਸੇ ਦੀਆਂ ਬਾਤਾਂ

ਠੰਢ ਹਾਲ ਕਰੂਗੀ ਮੰਦੇ, ਪਾ ਲਓ ਰਜਾਈਆਂ ਨੂੰ ਨਗੰਦੇ

ਠੰਢ ਹੌਲੀ-ਹੌਲੀ ਵਧਣੀ ਸ਼ੁਰੂ ਹੋ ਗਈ ਹੈ। ਚਾਦਰ, ਕੰਬਲ ਵਿਚ ਹੁਣ ਨਿੱਘ ਨਹੀਂ ਆਉਂਦਾ। ਰਜਾਈਆਂ ਨੂੰ ਪੇਟੀਆਂ ਤੇ ਬੈੱਡ ਦੇ ਬਕਸਿਆਂ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਬਾਜ਼ਾਰ ਵਿਚਲੀਆਂ ਦੁਕਾਨਾਂ ਦੇ ਬਾਹਰ ਰਜਾਈਆਂ ਦੇ ਢੇਰ ਲੱਗੇ ਮਿਲਦੇ ਹਨ। ਸੋਹਣੇ, ਮੋਟੇ ਕੰਬਲਾਂ ਦੀ ਵਿਕਰੀ ਵੀ ਸ਼ੁਰੂ ਹੋ ਚੁੱਕੀ ਹੈ। ਬਾਜ਼ਾਰ ਵਿਚ ਕਮਾਲ ਦੀਆਂ ਰਜਾਈਆਂ ਹਨ। ਜੈਪੁਰੀ ਰਜਾਈਆਂ, ਜਿਹੜੀਆਂ ਭਾਰ ਵਿਚ ਏਨੀਆ ਹੌਲੀਆਂ ਕਿ ਪੁੱਛੋ ਨਾ। ਨਿੱਘੀਆਂ ਬੇਹੱਦ। ਪਰ ਜਦੋਂ ਇਨ੍ਹਾਂ ਨੂੰ ਖਰੀਦਦੇ ਹਾਂ ਤਾਂ ਜੇਬ ਵਿਚਲਾ ਨਿੱਘ ਵੀ ਗਾਇਬ ਹੁੰਦਾ ਹੈ।
ਸ਼ਹਿਰਾਂ, ਪਿੰਡਾਂ ਵਿਚਲੇ ਘੱਟ ਵੱਧ ਪੇਂਜੇ ਚੱਲਦੇ ਦਿਸਦੇ ਹਨ। ਹਾਲਾਂਕਿ ਪਹਿਲਾਂ ਵਾਂਗ ਰਜਾਈਆਂ, ਗਦੇਲਿਆਂ 'ਚੋਂ ਲੋਗੜ ਕੱਢ ਕੇ ਉਨ੍ਹਾਂ ਨੂੰ ਦੁਬਾਰਾ ਪੇਂਜੇ 'ਤੇ ਲਿਜਾ ਕੇ ਰੂੰ ਭਰ ਕੇ ਰਜਾਈਆਂ, ਗਦੇਲਿਆਂ ਨੂੰ ਨਵਾਂ ਬਣਾਉਣ ਦਾ ਰੁਝਾਨ ਘਟਿਆ ਹੈ, ਪਰ ਫਿਰ ਵੀ ਕਿਤੇ-ਕਿਤੇ ਇਹ ਝਲਕਾਰਾ ਮਿਲ ਜਾਂਦਾ ਹੈ। ਉਹ ਦੌਰ ਤਾਂ ਮੁੱਕਣ ਵਰਗਾ ਹੋ ਗਿਆ, ਜਦੋਂ ਘਰ ਦੀ ਕਪਾਹ 'ਚੋਂ ਮਸ਼ੀਨ ਰਾਹੀਂ ਪਹਿਲਾਂ ਵੜੇਵੇਂ ਅੱਡ ਹੁੰਦੇ ਸਨ ਤੇ ਫੇਰ ਰੂੰ ਨਾਲ ਰਜਾਈਆਂ ਭਰੀਆਂ ਜਾਂਦੀਆਂ। ਰਜਾਈ ਜਿੰਨੀ ਭਾਰੀ ਹੁੰਦੀ, ਓਨੀ ਜਾਨਦਾਰ ਮੰਨੀ ਜਾਂਦੀ, ਓਨੀ ਨਿੱਘੀ। ਓਨੀਆਂ ਭਾਰੀਆਂ ਰਜਾਈਆਂ ਚੁੱਕਣ ਜੋਗੀਆਂ ਹੁੁਣ ਬਾਹਾਂ ਵੀ ਨਹੀਂ।
ਇਸ ਤਸਵੀਰ ਨੂੰ ਦੇਖ ਕੇ ਮਨ ਪ੍ਰਸੰਨ ਹੋ ਗਿਆ। ਇੱਕ ਮਾਤਾ ਰਜਾਈਆਂ 'ਤੇ ਨਗੰਦੇ ਪਾ ਰਹੀ ਹੈ। ਹੋ ਸਕਦਾ ਕਿਸੇ ਨੇ ਨਗੰਦਾ ਸ਼ਬਦ ਵੀ ਪਹਿਲੀ ਵਾਰ ਸੁਣਿਆ ਹੋਵੇ। ਜਦੋਂ ਰਜਾਈਆਂ 'ਚ ਹੱਥੀਂ ਰੂੰ ਭਰ ਕੇ ਸੂਏ ਨਾਲ ਹੱਥੀਂ ਤੋਪੇ ਭਰੇ ਜਾਂਦੇ ਹਨ ਤਾਂ ਇਹ ਨਗੰਦੇ ਹੁੰਦੇ ਹਨ। ਨਗੰਦੇ ਜਿੰਨੇ ਸਿੱਧੇ ਤੇ ਸਫ਼ਾਈਦਾਰ ਹੁੰਦੇ, ਔਰਤ ਦੀ ਮੁਹਾਰਤ ਓਨੀ ਸਮਝੀ ਜਾਂਦੀ। ਨਵੇਂ ਪੂਰ ਦੀਆਂ ਕੁੜੀਆਂ ਵਿਚੋਂ ਵੱਡੀ ਗਿਣਤੀ ਨੇ ਨਗੰਦੇ ਨਹੀਂ ਪਾਏ ਹੋਣੇ, ਪੱਕੀ ਗੱਲ ਹੈ। ਕਿਉਂਕਿ ਹੁਣ ਠੰਢ ਰੋਕਣ ਲਈ ਬਹੁਤ ਸਾਰੇ ਸਾਧਨ ਆ ਗਏ ਹਨ। ਹੁਣ ਪੇਟੀਆਂ ਵਿਚ ਰਜਾਈਆਂ ਸਾਂਭ ਕੇ ਰੱਖਣ ਦਾ ਵਕਤ ਜਾ ਰਿਹਾ ਤੇ ਨਿੱਘੀਆਂ, ਮਹਿੰਗੀਆਂ ਰਜਾਈਆਂ ਦਾ ਵਕਤ ਬਹੁੜ ਚੁੱਕਾ।
ਮੈਨੂੰ ਯਾਦ ਹੈ ਮੇਰੇ ਨਾਨਕੇ ਗੁਆਂਢ ਵਿਚ ਕੁਝ ਕੁੜੀਆਂ ਮੇਰੀਆਂ ਮਾਸੀਆਂ ਕੋਲੋਂ ਨਗੰਦੇ ਪਾਉਣੇ ਸਿੱਖਣ ਆਉਂਦੀਆਂ ਸਨ। ਚੰਗੀ-ਭਲੀ ਸਿੱਧੀ ਲਾਈਨ ਲਿਜਾਂਦੀਆਂ ਉਹ ਝੋਲ ਮਰਾ ਦਿੰਦੀਆਂ ਤੇ ਮੁੜ ਉਨ੍ਹਾਂ ਨੂੰ ਨਗੰਦੇ ਉਧੇੜਨੇ ਪੈਂਦੇ। ਵਾਰ-ਵਾਰ ਅਭਿਆਸ ਨਾਲ ਉਹ ਸਿੱਖ ਜਾਂਦੀਆਂ ਤੇ ਮਾਸੀਆਂ ਦਾ ਧੰਨਵਾਦ ਕਰਦੀਆਂ। ਇਹ ਵੇਲਾ ਬੀਤ ਚੁੱਕਾ ਹੈ। ਪੀੜ੍ਹੀਆਂ ਦਾ ਫ਼ਾਸਲਾ ਬੜਾ ਕੁਝ ਬਿਆਨ ਕਰਦਾ ਹੈ। ਹੱਥੀਂ ਕੰਮ ਕਰਨ ਦਾ ਜਜ਼ਬਾ ਘਟ ਰਿਹਾ ਤੇ ਲੋੜਾਂ ਬਦਲ ਰਹੀਆਂ। ਹੁਣ ਕਿਸੇ ਨੂੰ ਕਹੋ ਕਿ ਨਗੰਦੇ ਪਾਏ ਕਦੇ, ਫੱਟ ਜਵਾਬ ਮਿਲੇਗਾ, ਜਦੋਂ ਸਰਦਾ ਤਾਂ ਨਗੰਦਿਆਂ ਤੋਂ ਕੀ ਕਰਾਉਣਾ ਜਾਂ ਪਹਿਲਾਂ ਦੱਸਣਾ ਪਵੇਗਾ ਕਿ ਇਹ ਹੁੰਦੇ ਕੀ ਹਨ ਤੇ ਇਨ੍ਹਾਂ ਦੀ ਲੋੜ ਕਿਉਂ ਪੈਂਦੀ ਹੈ।
ਸਮਾਂ ਬਲਵਾਨ ਹੈ ਤੇ ਇਸ ਦੀ ਬਲਵਾਨਤਾ ਬਦਲਣ ਵਿਚ ਹੀ ਹੈ। ਸਮਾਂ ਉਹ ਨਹੀਂ ਤਾਂ ਅਸੀਂ ਉਹ ਕਿਵੇਂ ਰਹਿ ਸਕਦੇ ਹਾਂ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਖੁੰਬਾਂ ਦੀ ਖੇਤੀ ਜਾਂ ਪਰਾਲੀ ਦੀ ਯੋਗ ਵਰਤੋਂ

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਪਰਾਲੀ ਨੂੰ ਲੈ ਕੇ ਭਰਪੂਰ ਖੋਜਾਂ ਕੀਤੀਆਂ ਜਾਂ ਰਹੀਆਂ ਹਨ। ਯੂਨੀਵਰਸਿਟੀ ਵਾਲੇ ਸਮਝਦੇ ਹਨ ਕਿ ਕਿਸਾਨਾਂ ਨੂੰ ਇਕੱਲਿਆਂ ਨਾਅਰਾ ਦੇ ਕੇ ਨਹੀਂ ਸਰਨਾ ਕਿ ਪਰਾਲੀ ਨਾ ਸਾੜੋ, ਸਗੋਂ ਕਿਸਾਨਾਂ ਨੂੰ ਪਰਾਲੀ ਤੋਂ ਹੋਣ ਵਾਲੀ ਆਮਦਨ ਦੇ ਵਸੀਲੇ ਵੀ ਦੱਸਣੇ ਪੈਣਗੇ। ਖੇਤ ਵਿਚ ਪਰਾਲੀ ਨੂੰ ਲਗਾਈ ਅੱਗ ਨਾਲ ਹੋਣ ਵਾਲੇ ਮਿੱਟੀ ਦੇ ਨੁਕਸਾਨ, ਮਿੱਤਰ ਕੀੜਿਆਂ ਦੇ ਨੁਕਸਾਨ ਅਤੇ ਵਾਯੂਮੰਡਲ ਵਿਚ ਪੈਦਾ ਹੋ ਰਹੇ ਪ੍ਰਦੂਸ਼ਣ ਬਾਰੇ ਵੀ ਚੇਤੰਨ ਕਰਵਾਉਣਾ ਪਵੇਗਾ। ਕਿਸਾਨਾਂ ਦੇ ਸਹਿਯੋਗੀ ਬਣ ਉਨ੍ਹਾਂ ਦੀ ਆਮਦਨ ਦੇ ਸਰੋਤ ਵਧਾਉਣ ਅਤੇ ਉਨ੍ਹਾਂ ਨੂੰ ਫਸਲੀ ਵਿਭਿੰਨਤਾ ਦੇ ਰਾਹ ਪਾ 'ਕਣਕ ਝੋਨੇ' ਦੇ ਕੁਚੱਕਰ ਤੋਂ ਕੱਢ ਉਤਪਾਦਕ ਤੋਂ ਵਪਾਰੀ ਬਣਾਉਣਾ ਪਵੇਗਾ ਤਾਂ ਹੀ ਪੰਜਾਬ ਦੇ 345600 ਕਿਸਾਨੀ ਪਰਿਵਾਰ ਬਚ ਸਕਣਗੇ। 1053000 ਪੰਜਾਬ ਦੇ ਕਿਸਾਨੀ 'ਤੇ ਨਿਰਭਰ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇਗਾ। ਇਸੇ ਨੂੰ ਮੁੱਖ ਰੱਖ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਦਮੀ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਿਖਲਾਈਆਂ ਦੇ ਕੇ, ਨਵੀਆਂ ਖੋਜਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦੇ ਕਾਰਜ ਵੀ ਸਫਲਤਾ ਪੂਰਵਕ ਕਰ ਰਹੀ ਹੈ।
ਇਕ ਵੱਡੀ ਰਾਜਨੀਤਕ ਪਾਰਟੀ ਦੇ ਵੱਡੇ ਲੀਡਰ ਨੂੰ ਕਿਸਾਨਾਂ ਨਾਲ ਮਿਲ ਕੇ ਆਪ ਪਰਾਲੀ ਸਾੜਦੇ ਅਖ਼ਬਾਰ ਵਿਚ ਦੇਖਿਆ ਤਾਂ ਉਨ੍ਹਾਂ ਦੀ ਸੁਹਿਰਦਤਾ, ਸਿਆਸੀ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ ਲੱਗੀ। ਵਿਰੋਧੀ ਪਾਰਟੀ ਵਾਲੇ ਸੱਜਣੋਂ ਤੁਸੀ ਵੀ ਇਸ ਪਰਾਲੀ ਦੇ ਵਿਕਲਪ ਬਾਰੇ ਸੋਚੋ ਨਾ ਕਿ ਖੇਤਾਂ ਨੂੰ ਅੱਗ ਲਗਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰੋ। ਖੇਤ ਵਿਚ ਅੱਗ ਲਗਾਉਣ ਨਾਲ, ਖੇਤ ਦੇ ਮਾਲਕ ਕਿਸਾਨ ਦਾ ਵੀ ਓਨਾ ਹੀ ਨੁਕਸਾਨ ਹੈ, ਜਿੰਨਾ ਕਿ ਹੁੰਦਾ ਲੋਕਾਂ ਦਾ। ਰੱਬ ਦੇ ਵਾਸਤੇ ਧਰਤੀ ਮਾਂ ਦੇ ਸੀਨੇ 'ਤੇ ਲਾਂਬੂ ਨਾ ਲਗਾਉ। ਗੁਰਬਾਣੀ ਨੇ ਧਰਤੀ ਨੂੰ ਮਾਂ ਕਿਹਾ ਹੈ : ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ।
ਯੂਨੀਵਰਸਿਟੀ ਦੇ ਉਪਰੋਕਤ ਏਜੰਡੇ ਤਹਿਤ ਖੁੰਬਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਹਿੱਤ ਉਨ੍ਹਾਂ ਛੇ ਰੋਜਾ ਖੁੰਬ ਦੀ ਪੈਦਾਵਾਰ, ਮੰਡੀਕਰਨ, ਪ੍ਰੋਸੈਸਿੰਗ ਸਿਖਾਉੇਣ ਲਈ ਸਰਟੀਫਿਕੇਟ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ ਮੇਰੇ ਸਣੇ ਤਕਰੀਬਨ 50 ਉਦਮੀਆਂ ਨੇ ਭਾਗ ਲਿਆ। ਸਾਰੇ ਅਧਿਆਪਕ ਸਹਿਬਾਨਾਂ ਨੇ ਬੜੀ ਬਾਖੂਬੀ ਨਾਲ ਸਾਨੂੰ ਸਮਝਾ ਕੇ ਇਸ ਲਾਇਕ ਕਰ ਦਿੱਤਾ ਕਿ ਅਸੀਂ ਵੀ ਲੋਕਾਂ ਨੂੰ ਦੱਸਣ ਜੋਗੇ ਹੋ ਗਏ ਕਿ ਖੁੰਬਾਂ ਕਿਵੇਂ ਉਗਾਈਆਂ ਜਾ ਸਕਦੀਆਂ ਹਨ।
ਸਭ ਤੋਂ ਪਹਿਲਾਂ ਖੁੰਬ ਦੇ ਖੁਰਾਕੂ ਤੱਤਾਂ ਬਾਰੇ ਜੋ ਦੱਸਿਆ ਉਸ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਖੁੰਬ ਵਿਚ ਵਿਟਾਮਿਨ ਏ, ਸੀ, ਡੀ, ਬੀ-6, ਬੀ-12 ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹਾ ਭਰਪੂਰ ਮਾਤਰਾ ਵਿਚ ਹੁੰਦਾ ਹੈ। ਵਿਟਾਮਿਨ ਡੀ ਕਿਸੇ ਵੀ ਸਾਗ ਸਬਜ਼ੀ ਵਿਚ ਨਹੀਂ ਹੁੰਦਾ ਪਰ ਖੁੰਬ ਵਿਚੋਂ ਮਿਲਦਾ ਹੈ, ਜੋ ਕਿ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਵਧੀਆ ਸ੍ਰੋਤ ਹੈ। ਖੁੰਬ ਵਿਚ ਫੈਟ ਬਿਲਕੁਲ ਨਹੀਂ ਹੁੰਦਾ, ਇਸ ਲਈ ਇਹ ਦਿਲ ਦੀਆਂ ਬਿਮਾਰੀਆਂ ਰੋਕਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ।
ਖੁੰਬ ਜੋ ਕਿ ਉੱਲੀ ਤੋਂ ਉਤਪੰਨ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਇਸ ਨੂੰ ਖਾਣ ਵਾਲੀ ਉੱਲੀ ਵੀ ਕਹਿ ਸਕਦੇ ਹਾਂ। ਕੁਝ ਖੁੰਬਾਂ ਜ਼ਹਿਰੀਲੀਆਂ ਵੀ ਹੁੰਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜ ਤਰ੍ਹਾਂ ਦੀਆਂ ਕਿਸਮਾਂ ਤਿਆਰ ਕੀਤੀਆਂ ਹਨ ਜੋ ਉਪਰੋਕਤ ਸਾਰੇ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਅਤੇ ਸਾਰਾ ਸਾਲ ਹੀ ਇਨ੍ਹਾਂ ਨੂੰ ਉਗਾ ਸਕਦੇ ਹਾਂ। ਬਟਨ, ਢੀਂਗਰੀ ਅਤੇ ਸਿਟਾਕੀ ਸਰਦੀਆਂ ਵਿਚ ਉਗਾਈ ਜਾ ਸਕਦੀ ਹੈ ਅਤੇ ਗਰਮੀਆਂ ਵਿਚ ਮਿਲਕੀ ਅਤੇ ਪਰਾਲੀ ਖੁੰਬਾਂ ਉਗਾਈਆਂ ਜਾ ਸਕਦੀਆਂ ਹਨ। ਹੁਣ ਆਪਾਂ ਚਰਚਾ ਕਰਦੇ ਹਾਂ ਕਿ ਇਹ ਉਗਾ ਕਿਵੇਂ ਸਕਦੇ ਹਾਂ? (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
ਮੋਬਾਈਲ: 9872099100

ਕਣਕ ਦੀ ਬਿਜਾਈ ਲਈ ਇਹ ਮਹੀਨਾ ਢੁਕਵਾਂ

ਕਣਕ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ। ਨਵੰਬਰ ਮਹੀਨੇ ਨੂੰ ਕਣਕ ਦੀ ਬਿਜਾਈ ਲਈ ਉੱਤਮ ਮੰਨਿਆ ਗਿਆ ਹੈ।
ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋ ਰਹੇ ਹਨ ਉਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇਕਰ ਖੇਤ ਵਿਚ ਪੂਰਾ ਵੱਤਰ ਹੈ ਅਤੇ ਨਦੀਨਾਂ ਦੀ ਸਮੱਸਿਆ ਨਹੀਂ ਹੈ ਤਾਂ ਕਣਕ ਦੀ ਬਿਜਾਈ ਬਿਨਾਂ ਖੇਤ ਦੀ ਵਹਾਈ ਕੀਤਿਆਂ ਜ਼ੀਰੋਟਿਲ ਡ੍ਰਿਲ ਨਾਲ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਪੀ. ਬੀ. ਡਬਲਯੂ. 725, ਪੀ. ਬੀ. ਡਬਲਯੂ. 677, ਐਚ. ਡੀ. 3086, ਡਬਲਯੂ ਐਚ 1105, ਐਚ. ਡੀ. 2967, ਪੀ. ਬੀ. ਡਬਲਯੂ. 621, ਅਤੇ, ਪੀ. ਬੀ. ਡਬਲਯੂ. 550 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਡਬਲਯੂ ਐਚ. ਡੀ. 943, ਪੀ. ਡੀ. ਡਬਲਯੂ. 291 ਵਡਾਣਕ ਕਣਕ ਦੀਆਂ ਕਿਸਮਾਂ ਹਨ। ਟੀ. ਐਲ. 2908 ਟ੍ਰੀਟੀਕੇਲ ਕਣਕ ਦੀ ਕਿਸਮ ਹੈ। ਇਸ ਵਾਰ ਤਿੰਨ ਨਵੀਆਂ ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨ। ਕਈਆਂ ਸਾਲਾਂ ਤੋਂ ਕਾਸ਼ਤ ਕੀਤੀਆਂ ਜਾ ਰਹੀਆਂ ਕਿਸਮਾਂ ਪੀ. ਬੀ. ਡਬਲਯੂ. 343 ਅਤੇ ਪੀ. ਬੀ. ਡਲਬਯੂ. 550 ਵਿਚ ਕੁਝ ਕਮਜ਼ੋਰੀਆਂ ਆ ਗਈਆਂ ਸਨ। ਹੁਣ ਇਨ੍ਹਾਂ ਵਿਚ ਸੁਧਾਰ ਕਰਕੇ ਵਧੀਆ ਬਣਾਇਆ ਗਿਆ ਹੈ। ਇਸ ਵਾਰ ਉਨੱਤ ਪੀ. ਬੀ. ਡਬਲਯੂ. 343 ਦੀ ਬਿਜਾਈ ਕਰੋ। ਇਸ ਦਾ ਝਾੜ ਵੀ 23 ਕੁਇੰਟਲ ਤੋਂ ਵੱਧ ਹੈ। ਇਸ ਦੀ ਅਗੇਤੀ ਬਿਜਾਈ ਇਸ ਵਾਰ ਜ਼ਰੂਰ ਕਰੋ। ਉਨਤ ਪੀ. ਬੀ. ਡਬਲਯੂ. 550 ਨਵੰਬਰ ਵਿਚ ਬਿਜਾਈ ਲਈ ਵਧੀਆ ਹੈ। ਇਕ ਹੋਰ ਨਵੀਂ ਕਿਸਮ ਜਿਸ ਵਿਚ ਜਿੰਕ ਦੀ ਮਾਤਰਾ ਵੱਧ ਹੈ। ਪੀ. ਬੀ. ਡਬਲਯੂ. ਜਿੰਕ 1 ਹੈ। ਕੁਝ ਰਕਬੇ ਵਿਚ ਇਸ ਦੀ ਵੀ ਬਿਜਾਈ ਕਰੋ। ਮੌਸਮ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਵੇਖਦਿਆਂ ਹੋਇਆਂ ਸਾਰੇ ਰਕਬੇ ਵਿਚ ਇਕ ਕਿਸਮ ਨਾ ਬੀਜੀ ਜਾਵੇ ਸਗੋਂ ਦੋ ਜਾਂ ਤਿੰਨ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ।
ਇਕ ਏਕੜ ਦੀ ਬਿਜਾਈ ਲਈ 40 ਕਿਲੋ ਬੀਜ ਦੀ ਲੋੜ ਪੈਂਦੀ ਹੈ। ਜੇਕਰ ਉਨੱਤ ਪੀ. ਬੀ. ਡਬਲਯੂ. 550 ਕਿਸਮ ਦੀ ਬਿਜਾਈ ਕਰਨੀ ਹੈ ਤਾਂ ਬੀਜ 45 ਕਿਲੋ ਪਾਉਣਾ ਚਾਹੀਦਾ ਹੈ। ਬੀਜ ਰੋਗ ਰਹਿਤ, ਸਾਫ਼ ਸੁਥਰਾ ਅਤੇ ਨਰੋਆ ਹੋਵੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਣਕ ਲਈ ਜੈਵਿਕ ਖਾਦ ਤਿਆਰ ਕੀਤੀ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਇਸ ਦਾ ਟੀਕਾ ਜ਼ਰੂਰ ਲਗਾ ਲਵੋ। ਇਸ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 20 ਸੈਂ. ਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਜੇਕਰ ਦੋਪਾਸੀ ਬਿਜਾਈ ਕੀਤੀ ਜਾਵੇ ਤਾਂ ਝਾੜ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ। ਜੇਕਰ ਬਿਜਾਈ ਵੱਟਾਂ ਉਤੇ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਤੇ ਖਾਦਾਂ ਦੀ ਬੱਚਤ ਹੁੰਦੀ ਹੈ ਅਤੇ ਝਾੜ ਵਿਚ ਵਾਧਾ ਹੁੰਦਾ ਹੈ।
ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਆਮ ਕਰਕੇ ਦਰਮਿਆਨੀਆਂ ਜ਼ਮੀਨਾਂ ਲਈ 110 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 20 ਕਿਲੋ ਮੂਰੀਏਟ ਆਫ ਪੋਟਾਸ਼ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਗਈ ਹੈ। ਜੇਕਰ ਝੋਨੇ ਦੀ ਫੱਕ ਜਾਂ ਗੰਨੇ ਦੇ ਛਿਲਕੇ ਦੀ ਰਾਖ ਮਿਲ ਸਕੇ ਤਾਂ ਇਹ ਚਾਰ ਟਨ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਸ ਨਾਲ ਸੁਪਰਫਾਸਫੇਟ ਅੱਧੀ ਪਾਉਣੀ ਪਵੇਗੀ। ਇਹ ਧਰਤੀ ਦੀ ਸਿਹਤ ਵੀ ਠੀਕ ਕਰਦੀ ਹੈ। ਅੱਧਾ ਯੂਰੀਆ, ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਸਮੇਂ ਪਾਵੇ। ਬਾਕੀ ਦਾ ਯੂਰੀਆ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਜੇਕਰ ਬਿਜਾਈ ਹੈਪੀ ਸੀਡਰ ਨਾਲ ਕੀਤੀ ਗਈ ਹੈ ਤਾਂ 44 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਅਤੇ ਏਨਾ ਹੀ ਯੂਰੀਆ ਦੂਜੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਇਕ ਗੋਡੀ ਕਰੋ। ਜੇਕਰ ਗੋਡੀ ਨਾ ਕੀਤੀ ਜਾ ਸਕਦੀ ਹੋਵੇ ਤਾਂ ਨਦੀਨਾਂ ਅਨੁਸਾਰ ਢੁਕਵੇਂ ਨਦੀਨ ਨਾਸ਼ਕਾਂ ਦੀ ਮਾਹਿਰਾਂ ਦੀਆਂ ਹਿਦਾਇਤਾਂ ਅਨੁਸਾਰ ਵਰਤੋਂ ਕਰੋ। ਜੇਕਰ ਬਿਜਾਈ ਪਿਛੇਤੀ ਹੋ ਜਾਵੇ ਤਾਂ ਪਿਛੇਤੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਪਿਛੇਤੀ ਬਿਜਾਈ ਲਈ ਪੀ. ਬੀ. ਡਬਲਯੂ. 658 ਅਤੇ ਪੀ. ਬੀ. ਡਬਲਯੂ. 590 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਇਹ ਪੱਕਣ ਵਿਚ ਕੋਈ 130 ਦਿਨ ਲੈਂਦੀਆਂ ਹਨ ਪਰ ਇਨ੍ਹਾਂ ਦਾ ਝਾੜ ਘਟ ਕੇ 17 ਕੁਇੰਟਲ ਪ੍ਰਤੀ ਏਕੜ ਹੀ ਰਹਿ ਜਾਂਦਾ ਹੈ। ਦਸੰਬਰ ਦੇ ਅੱਧ ਪਿਛੋਂ ਕਣਕ ਨਹੀਂ ਬੀਜਣੀ ਚਾਹੀਦੀ ਕਿਉਂਕਿ ਪਿਛੇਤੀ ਬਿਜਾਈ ਦਾ ਝਾੜ ਬਹੁਤ ਘਟ ਜਾਂਦਾ ਹੈ। ਕਣਕ ਤੋਂ ਪੂਰਾ ਝਾੜ ਲੈਣ ਲਈ ਸਿਫ਼ਾਰਸ਼ ਕੀਤੀ ਹੋਈ ਕਿਸਮ ਦਾ ਰੋਗ ਰਹਿਤ ਅਤੇ ਨਰੋਆ ਬੀਜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਸੋਧ ਲਿਆ ਜਾਵੇ ਅਤੇ ਪੂਰਾ ਬੀਜ ਪਾਇਆ ਜਾਵੇ। ਬਿਜਾਈ ਸਮੇਂ ਖੇਤ ਵਿਚ ਪੂਰੀ ਨਮੀ ਹੋਣੀ ਚਾਹੀਦੀ ਹੈ। ਇੰਝ ਅਸੀਂ ਪੂਰਾ ਝਾੜ ਪ੍ਰਾਪਤ ਕਰ ਸਕਾਂਗੇ। ਇਕੋ ਕਿਸਮ ਬੀਜਣ ਦੀ ਥਾਂ ਦੋ ਤਿੰਨ ਕਿਸਮਾਂ ਦੀ ਬਿਜਾਈ ਕਰੋ।

ਜਿੰਨ ਪਹਾੜੋਂ ਲੱਭਾ

ਪੁਰਾਣੇ ਸਮੇਂ 'ਚ ਗੱਲ ਸੁਣਦੇ ਹੁੰਦੇ ਸੀ, ਇਕ ਸਾਧੂ, ਜੰਗਲਾਂ, ਪਹਾੜਾਂ 'ਚ ਘੁੰਮਦਾ ਫਿਰਦਾ ਸੀ। ਇਕ ਦਿਨ ਉਹ ਥੱਕ ਗਿਆ ਤੇ ਇਕ ਵੱਡੇ ਰੁੱਖ ਨਾਲ ਢਾਸਣਾਂ ਲਾ ਕਿ ਬਹਿ ਗਿਆ। ਜਦੋਂ ਉਸ ਨੂੰ ਜਾਗ ਆਈ ਤਾਂ ਕੀ ਵੇਖਦਾ ਹੈ ਕਿ ਮਿੱਟੀ ਨਾਲ ਲਿਬੜਿਆ ਇਕ ਭਾਂਡਾ ਥੋੜੀ ਦੂਰ ਪਿਆ ਸੀ। ਉਸ ਨੇ ਉਹ ਭਾਂਡਾ ਚੱਕ ਲਿਆ ਤੇ ਸੋਚਣ ਲੱਗ ਪਿਆ ਕਿ ਹੁਣ ਨਦੀ ਤੋਂ ਪਾਣੀ ਨਾਲ ਭਰ ਕਿ ਕੋਲ ਰੱਖਿਆ ਕਰਾਂਗਾ। ਥੋੜੀ ਦੂਰ ਹੀ ਨਦੀ ਆ ਗਈ। ਉਹ ਪਾਣੀ ਭਰਨ ਤੋਂ ਪਹਿਲੋਂ, ਭਾਂਡੇ ਨੂੰ ਮਾਂਜਣ ਲੱਗ ਪਿਆ। ਜਿਉਂ ਹੀ ਉਸ ਨੇ ਹੱਥ ਫੇਰਿਆ, ਤਦੇ ਹੀ ਇਕ ਜਿੰਨ ਪ੍ਰਗਟ ਹੋ ਗਿਆ। ਜਿੰਨ ਕਹਿੰਦਾ ਕਿ ਅੱਜ ਤੋਂ ਤੂੰ ਮੇਰਾ ਮਾਲਕ, ਜੋ ਮਰਜ਼ੀ ਕੰਮ ਕਰਾ, ਬਸ ਵਿਹਲਾ ਨਾ ਛੱਡੀਂ, ਨਹੀਂ ਤੇ ਮੈ ਤੈਨੂੰ ਖਾ ਜਾਊਂ। ਕੁਝ ਸਮਾਂ ਤਾਂ ਚੰਗਾ ਲੰਘ ਗਿਆ ਤੇ ਫਿਰ ਇਕ ਦਿਨ ਉਹ ਜਿੰਨ ਦਾ ਭੋਜਨ ਬਣ ਗਿਆ। ਅੱਜ ਫੇਰ ਲੋਕਾਂ ਨੂੰ ਇਕ ਜਿੰਨ ਮਿਲ ਗਿਆ ਹੈ, ਜੋ ਸਭ ਕੁਝ ਖਾ ਚੁੱਕਾ ਹੈ। ਸਿਨੇਮਾ, ਨਾਟਕ, ਨਾਚ, ਕੰਪਿਊਟਰ, ਟੀ.ਵੀ., ਫੋਨ, ਰਿਸ਼ਤੇ ਨਾਤੇ ਆਦਿ ਆਦਿ। ਕੀ ਪਿੰਡ, ਕੀ ਸ਼ਹਿਰ ਇਹ ਹਰ ਇਕ ਦੇ ਹੱਥ ਬੰਨੀ ਬੈਠਾ ਹੈ। ਦਿਨ ਹੈ ਜਾਂ ਰਾਤ, ਬੱਚਾ ਹੈ ਜਾਂ ਬਜ਼ੁਰਗ ਸਭ ਆਪਣੇ-ਆਪ ਨੂੰ ਮਾਲਕ ਸਮਝ ਰਹੇ ਹਨ। ਹਾਲੇ ਜਿੰਨ ਵੀ ਬਹੁਤ ਰੁਝਿਆ ਹੋਇਆ ਹੈ। ਪਰ ਜਲਦੀ ਹੀ ਇਸ ਨੂੰ ਮਨੁਖੱਤਾ ਦਾ ਮਾਸ ਮਿਲਣ ਵਾਲਾ ਹੈ। ਕਾਸ਼ ਕੋਈ ਇਸ ਤਕਨੋਲਜੀ ਦੇ ਪੈਦਾ ਕੀਤੇ ਜਿੰਨ ਨੂੰ ਵਾਪਸ ਪਹਾੜਾਂ ਵਿਚ ਦੱਬ ਆਵੇ।


ਮੋਬਾ: 98159-45018

ਠੋਸ ਯੋਜਨਾਬੰਦੀ ਦੀ ਘਾਟ ਕਾਰਨ ਬਰਕਰਾਰ ਹੈ ਪਰਾਲੀ ਦੀ ਸਮੱਸਿਆ

ਪੰਜਾਬ ਵਿਚ ਕਾਸ਼ਤ ਕੀਤੀ ਜਾ ਰਹੀ ਤਕਰੀਬਨ 30 ਲੱਖ ਹੈਕਟਰ ਝੋਨੇ, ਬਾਸਮਤੀ ਦੀ ਫਸਲ ਤੋਂ ਲਗਪਗ 21-22 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ। ਇਸ ਨੂੰ ਕਿਸਾਨਾਂ ਦੀ ਬਹੁਮਤ ਅੱਗ ਲਾਉਂਦੀ ਹੈ ਤਾਂ ਜੋ ਉਹ ਕਣਕ ਦੀ ਬਿਜਾਈ ਸਮੇਂ-ਸਿਰ ਕਰ ਸਕਣ। ਇਸ ਤੋਂ ਜੋ ਧੂੰਆਂ ਪੈਦਾ ਹੁੰਦਾ ਹੈ, ਉਸ ਨਾਲ ਪ੍ਰਦੂਸ਼ਣ ਵਧਦਾ ਹੈ। ਪੰਜਾਬ ਤੇ ਹਰਿਆਣੇ ਤੋਂ ਪੈਦਾ ਹੋਇਆ ਧੂੰਆਂ ਦਿੱਲੀ ਵਿਚ ਵੀ ਪ੍ਰਦੂਸ਼ਣ ਦਾ ਕਾਰਨ ਬਣਨ ਵਜੋਂ ਕੌਮੀ-ਗਰੀਨ ਟ੍ਰਬਿਊਨਲ ਨੇ ਪਰਾਲੀ ਤੇ ਝੋਨੇ ਦੀ ਰਹਿੰਦ-ਖੁੰਹਦ ਨੂੰ ਅੱਗ ਲਾ ਕੇ ਸੜਾਨ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇੇ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਨੇ ਇਸ ਸਾਲ ਇਕਦਮ ਇਸ ਪ੍ਰਥਾ ਨੂੰ ਬੰਦ ਕਰਨ ਲਈ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਰਾਜ ਪ੍ਰਦੂਸ਼ਣ ਬੋਰਡ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੇ ਚਲਾਨ ਕਰਕੇ ਜੁਰਮਾਨੇ ਕਰਨੇ ਸ਼ੁਰੂ ਕਰ ਦਿੱਤੇ। ਕਿਸਾਨਾਂ ਨੂੰ ਇਸ ਲਈ ਨਾ ਕੋਈ ਮਾਲੀ ਸਹਾਇਤਾ ਉਪਲਬਧ ਕੀਤੀ ਗਈ ਤੇ ਨਾ ਹੀ ਲੋੜੀਂਦੀ ਮਸ਼ੀਨਰੀ ਮੁਹਈਆ ਕੀਤੀ ਗਈ।
ਪਰਾਲੀ ਨੂੰ ਅੱਗ ਲਾਉਣਾ ਕੰਬਾਈਨ ਹਾਰਵੈਸਟਰ ਮਸ਼ੀਨਾਂ ਦਾ ਪ੍ਰਯੋਗ ਸ਼ੁਰੂ ਹੋਣ ਨਾਲ ਆਰੰਭ ਹੋਇਆ। ਉਸ ਤੋਂ ਪਹਿਲਾਂ ਜਦੋਂ ਫ਼ਸਲ ਦੀ ਕਟਾਈ ਖੇਤ ਮਜ਼ਦੂਰਾਂ ਰਾਹੀਂ ਹੱਥੀਂ ਕੀਤੀ ਜਾਂਦੀ ਸੀੇ, ਇਹ ਸਮੱਸਿਆ ਨਹੀਂ ਸੀ। ਖੇਤਾਂ ਵਿਚ ਫ਼ਸਲ ਦੇ ਮੁੱਢ ਨਹੀਂ ਸੀ ਰਹਿੰਦੇ, ਜਿਸ ਨਾਲ ਕਣਕ ਦੀ ਬਿਜਾਈ ਲਈ ਜ਼ਮੀਨ ਨੂੰ ਤਿਆਰ ਕਰਨ ਵਿਚ ਮੁਸ਼ਕਿਲ ਪੇਸ਼ ਆਵੇ। ਕਿਸਾਨਾਂ ਨੂੰ ਮਜਬੂਰਨ ਪਰਾਲੀ ਨੂੰ ਅੱਗ ਲਾਉਣ ਵੱਲ ਤੁਰਨਾ ਪਿਆ। ਜੇ ਉਹ ਅੱਗ ਨਾ ਲਾਉਣ, ਉਨ੍ਹਾਂ ਨੂੰ ਮਜ਼ਦੂਰੀ ਤੇ ਮਸ਼ੀਨਾਂ 'ਤੇ ਫਾਲਤੂ ਖਰਚਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਇਕ ਏਕੜ ਵਿਚੋਂ ਪਰਾਲੀ ਦੇ ਖਰਚੇ ਕਰਨ ਲਈ 300 ਤੋਂ 350 ਰੁਪਏ ਦੇਣੇ ਪੈਂਦੇ ਹਨ। ਸਟੇਟ ਐਵਾਰਡੀ ਅਤੇ ਪੀ. ਏ. ਯੂ. ਤੋਂ ਸਨਮਾਨਿਤ ਰਾਜ ਮੋਹਨ ਸਿੰਘ ਕਾਲੇਕਾ ਅਨੁਸਾਰ ਪਟਿਆਲਾ ਜ਼ਿਲ੍ਹੇ ਵਿਚ ਪੰਜਾਬ ਬਾਇਓਮਾਸ ਘਨੌਰ ਵਾਲੇ ਕੁਝ ਟਰੈਕਟਰਾਂ ਦੇ ਮਾਲਕਾਂ ਨਾਲ ਮਿਲ ਕੇ ਕਿਸਾਨਾਂ ਤੋਂ ਪਰਾਲੀ ਇਕੱਠੀ ਕਰਨ ਲਈ ਕਿਸਾਨਾਂ ਤੋਂ 1200 ਰੁਪਏ ਪ੍ਰਤੀ ਏਕੜ ਲੈ ਰਹੇ ਹਨ। ਜੋ ਰਕਮ ਟਰੈਕਟਰ ਦਾ ਮਾਲਕ ਤੇ ਪਲਾਂਟ ਆਪੋ ਵਿਚ ਵੰਡ ਲੈਂਦੇ ਹਨ। ਸਰਕਾਰ ਵਲੋਂ ਸਖ਼ਤੀ ਕੀਤੇ ਜਾਣ ਕਾਰਨ ਹੀ ਛੋਟੇ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਪਿਛਲੇ ਸਾਲਾਂ ਵਿਚ ਇਹ ਪਲਾਂਟ ਕੋਈ ਚਾਰਜ ਨਹੀਂ ਕਰਦੇ ਸਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਦੋ ਵੇਰ ਹੈਰੋ ਨਾਲ ਜ਼ਮੀਨ ਵਹੁਣੀ ਪੈਂਦੀ ਹੈ ਅਤੇ ਫਿਰ ਸੁਹਾਗਾ ਮਾਰ ਕੇ ਦੋ ਵੇਰ ਹੀ ਕਲਟੀਵੇਟਰ ਨਾਲ ਵਾਹ ਕੇ ਰੋਟਾਵੇਟਰ ਜਾਂ ਸੀਡ ਡਰਿੱਲ ਨਾਲ ਕਣਕ ਦੀ ਬਿਜਾਈ ਕਰਨੀ ਪੈਂਦੀ ਹੈ, ਜਿਸ ਨਾਲ 2500 ਤੋਂ 3000 ਰੁਪਏ ਏਕੜ ਤੱਕ ਕਿਸਾਨ ਦਾ ਖਰਚ ਆਉਂਦਾ ਹੈ। ਕਾਲੇਕਾ ਵਲੋਂ ਇਸ ਕੀਤੇ ਜਾ ਰਹੇ ਕਿਸਾਨਾਂ ਦੇ ਸ਼ੋਸ਼ਣ ਨੂੰ ਖੇਤੀਬਾੜੀ ਵਿਭਾਗ ਦੇ ਧਿਆਨ ਵਿਚ ਲਿਆਉਣ ਉਪਰੰਤ ਵੀ ਇਸ ਕਿਸਾਨ ਭਲਾਈ ਵਿਭਾਗ ਵਲੋਂ ਪਲਾਂਟ ਅਤੇ ਵਪਾਰੀ ਟਰੈਕਟਰ ਮਾਲਕਾਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਕਿ ਪੀ. ਏ. ਯੂ. ਸਨਮਾਨਿਤ ਬਲਬੀਰ ਸਿੰਘ ਜੜ੍ਹੀਆ ਅਨੁਸਾਰ ਅਮਲੋਹ ਦੇ ਆਲੇ-ਦੁਆਲੇ ਵਿਚ ਉੱਥੇ ਦੇ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਵਲੋਂ ਕਿਸਾਨਾਂ ਦਾ ਇਸ ਪੱਧਰ 'ਤੇ ਸ਼ੋਸ਼ਣ ਨਹੀਂ ਕੀਤਾ ਜਾ ਰਿਹਾ।
ਅੱਗ ਲਾਏ ਬਿਨਾਂ ਜੇ ਕਿਸਾਨ ਪਰਾਲੀ ਨੂੰ ਮਿੱਟੀ ਵਿਚ ਰਲਾ ਕੇ ਜ਼ਮੀਨ ਵਿਚ ਰਲਾਉਂਦੇ ਹਨ ਤਾਂ ਰੌਣੀ ਕਰਕੇ ਸਮੇਂ-ਸਿਰ ਕਿਸਾਨ ਕਣਕ ਨਹੀਂ ਬੀਜ ਸਕਦੇ ਕਿਉਂਕਿ ਪੰਜਾਬ ਰਾਜ ਬਿਜਲੀ ਨਿਗਮ ਅਕਤੂਬਰ ਦੇ ਮਹੀਨੇ ਲਈ ਕੇਵਲ 3-4 ਘੰਟੇ ਪ੍ਰਤੀ ਦਿਨ ਹੀ ਬਿਜਲੀ ਮੁਹੱਈਆ ਕਰਦਾ ਹੈ। ਪੰਜਾਬ ਖੇਤੀ ਯੂਨੀਵਰਸਿਟੀ ਵਲਂੋ ਜੋ ਪਰਾਲੀ ਨੂੰ ਖੇਤ ਵਿਚੋਂ ਬਾਹਰ ਕੱਢ ਕੇ ਪਰਾਲੀਚਾਰ ਬਣਾਉਣ, ਫਾਸਫੋ ਕੰਪੋਸਟ ਤਿਆਰ ਕਰਨ, ਪਰਾਲੀ ਅਤੇ ਗੋਹੇ ਨੂੰ ਮਿਲਾ ਕੇ ਬਾਇਓ ਗੈਸ ਤਿਆਰ ਕਰਨ ਆਦਿ ਦੀਆਂ ਵਿਧੀਆ ਦੱਸੀਆਂ ਜਾਂਦੀਆਂ ਹਨ, ਉਹ ਆਮ ਕਿਸਾਨਾਂ ਲਈ ਵਿਵਹਾਰਕ ਨਹੀਂ ਅਤੇ ਫਾਲਤੂ ਖਰਚਾ ਕਰਕੇ ਵੀ ਸਮੇਂ-ਸਿਰ ਕਣਕ ਦੀ ਬਿਜਾਈ ਕਰਨੀ ਸੰਭਵ ਨਹੀਂ। ਸਰਕਾਰ ਵਲੋਂ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ ਬੰਦ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਤੇ ਮਾਲੀ ਸਹਾਇਤਾ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਅਤੇ ਲੰਮੇ ਸਮੇਂ ਤੋਂ ਚਲ ਰਹੇ ਇਸ ਅਮਲ ਸਬੰਧੀ ਉਨ੍ਹਾਂ ਦੀ ਖੇਤੀ ਪ੍ਰਸਾਰ ਸੇਵਾ ਨੂੰ ਮਜ਼ਬੂਤ ਕਰਕੇ ਸੋਚ ਵਿਚ ਤਬਦੀਲੀ ਲਿਆਉਣੀ ਚਾਹੀਦੀ ਸੀ। ਹੁਣ ਇਸ ਮਨਾਹੀ ਦੇ ਹੁਕਮਾਂ ਦੀ ਖੁੱਲ੍ਹਮ-ਖੁੱਲ੍ਹਾ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਮਜਬੂਰੀ ਨੂੰ ਵੇਖਦੀਆਂ ਸਰਕਾਰ ਵਲੋਂ ਵੀ ਢਿੱਲ ਲਿਆਂਦੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਜੋ ਕੌਮੀ-ਗਰੀਨ ਟ੍ਰਬਿਊਨਲ ਕੋਲ ਪਟਿਆਲਾ ਜ਼ਿਲ੍ਹੇ ਦੇ ਕਲਰ ਮਾਜਰੀ ਪਿੰਡ ਦੇ ਕਿਸਾਨਾਂ ਨੂੰ ਪੇਸ਼ ਕੀਤਾ ਹੈ, ਉਨ੍ਹਾਂ ਨੂੰ ਤਾਂ ਸਰਕਾਰ ਵਲੋਂ ਮਸ਼ੀਨਰੀ ਦੇ ਕੇ ਪੂਰੀ ਸਹਾਇਤਾ ਉਪਲਬਧ ਕੀਤੀ ਗਈ ਹੈ। ਰਾਜ ਦੇ ਬਾਕੀ 12000 ਪਿੰਡਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ। ਕਿਸਾਨਾਂ ਨੂੰ ਤਾਂ ਐਸ. ਐਮ. ਐਸ. ਵਾਲੇ ਕੰਬਾਈਨ ਹਾਰਵੈਸਟਰ ਵੀ ਉਪਲਬਧ ਨਹੀਂ ਹੋਏ, ਹਾਲਾਂਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਐਲਾਨ ਕੀਤਾ ਗਿਆ ਸੀ ਕਿ ਕੋਈ ਕੰਬਾਈਨ ਹਾਰਵੈਸਟਰ ਸੁਪਰ ਐਸ. ਐਮ. ਐਸ. ਬਿਨਾਂ ਖੇਤਾਂ ਵਿਚ ਚੱਲਣ ਨਹੀਂ ਦਿੱਤੀ ਜਾਵੇਗੀ। ਸਟੇਟ ਐਵਾਰਡੀ ਕਾਲੇਕਾ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਕਿਸਾਨਾਂ 'ਤੇ ਕਾਰਵਾਈ ਕਰਨ ਲਈ ਤਾਂ ਤੁਰੰਤ ਖੇਤਾਂ ਵਿਚ ਪਹੁੰਚ ਜਾਂਦਾ ਹੈ। ਜਦੋਂ ਕਿ ਹੋਰ ਸ਼੍ਰੇਣੀਆਂ ਵਲੋਂ ਕੀਤੀ ਜਾ ਰਹੀ ਉਲੰਘਣਾ ਸਬੰਧੀ ਚੁੱਪ ਧਾਰ ਲੈਂਦਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਲਰ ਮਾਜਰੀ ਪਿੰਡ ਨੂੰ ਮਾਡਲ ਪਿੰਡ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਕਿ ਮਾਡਲ ਪਿੰਡ ਤਾਂ ਹੁੰਦਾ ਜੇ ਉੱਥੇ ਅੱਗ ਲਾਉਣ ਦੀ ਪ੍ਰਥਾ ਸਰਕਾਰੀ ਮਸ਼ੀਨਰੀ ਅਤੇ ਸਹਾਇਤਾ ਤੋਂ ਬਿਨਾਂ ਕਿਸਾਨਾਂ ਵਲੋਂ ਬੰਦ ਕੀਤੀ ਜਾਂਦੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦਾ ਸ਼ੌਕ ਨਹੀਂ ਮਜਬੂਰੀ ਹੈ। ਉਹ ਜਾਣਦੇ ਹਨ ਕਿ ਇਸ ਨਾਲ ਜ਼ਮੀਨ ਦੇ ਜ਼ਰੂਰੀ ਤੱਤ ਤੇ ਮਿੱਤਰ ਕੀੜੇ ਨਾਸ਼ ਹੁੰਦੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਉਹ ਇਹ ਵੀ ਜਾਣਦੇ ਹਨ ਕਿ ਧੂੰਆਂ ਉਨ੍ਹਾਂ ਦੇ ਫੇਫੜਿਆਂ ਨੂੰ ਵੀ ਹਾਨੀਕਾਰਕ ਹੈ ਪਰ ਉਹ ਕਰਨ ਕੀ? ਸਰਕਾਰ ਵਲੋਂ ਸਾਰੀ ਕਾਰਵਾਈ ਬਿਨਾਂ ਯੋਜਨਾਬੰਦੀ ਦੇ ਕੀਤੀ ਗਈ ਹੈ। ਕੇਂਦਰ ਸਰਕਾਰ ਤੋਂ ਜੋ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਪੰਜਾਬ ਸਰਕਾਰ ਨੇ 2000 ਕਰੋੜ ਰੁਪਏ ਦਾ ਪੈਕੇਜ ਮੰਗਿਆ ਸੀ, ਉਹ ਵੀ ਉਪਲਬਧ ਨਹੀਂ ਹੋਇਆ। ਸਰਕਾਰੀ ਖਜ਼ਾਨੇ ਵਿਚੋਂ ਕਿਸਾਨਾਂ ਨੂੰ ਮਸ਼ੀਨਰੀ ਤੇ ਮਾਲੀ ਸਹਾਇਤਾ ਦੇਣ ਲਈ ਪੰਜਾਬ ਸਰਕਾਰ ਕੋਲ ਕੋਈ ਸਾਧਨ ਨਹੀਂ ਸੀ। ਹਾੜ੍ਹੀ ਵਿਚ ਕਣਕ ਦੀ ਇਕੱਲੀ ਕਣਕ ਦੀ ਫ਼ਸਲ ਹੀ ਲਗਪਗ ਸਮੂਹ ਕਿਸਾਨਾਂ ਨੇ 35-36 ਲੱਖ ਹੈਕਟਅਰ 'ਤੇ ਬੀਜਣੀ ਹੈ। ਜੇ ਇਸ ਦੀ ਬਿਜਾਈ ਵਿਚ ਦੇਰ ਹੋ ਜਾਵੇ ਤਾਂ ਉਤਪਾਦਕਤਾ ਘਟਦੀ ਹੈ। ਪੰਜਾਬ ਵਲੋਂ ਕੇਂਦਰ ਕਣਕ ਭੰਡਾਰ ਵਿਚ ਸਭ ਰਾਜਾਂ ਨਾਲੋਂ ਵੱਧ 60 ਫ਼ੀਸਦੀ ਤੱਕ ਯੋਗਦਾਨ ਪਾਇਆ ਜਾ ਰਿਹਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਰਾਜ ਪ੍ਰਦੂਸ਼ਣ ਬੋਰਡ, ਪੰਜਾਬ ਖੇਤੀ ਯੂਨੀਵਰਸਿਟੀ ਤੇ ਹੋਰ ਸਾਰੇ ਸਬੰਧਤ ਵਿਭਾਗਾਂ ਦੇ ਉਪਰਾਲਿਆਂ ਉਪਰੰਤ ਵੀ ਪ੍ਰਦੂਸ਼ਣ ਦਾ ਨਾ ਘਟਣਾ ਨੁਕਸਦਾਰ ਯੋਜਨਾਬੰਦੀ ਦੀ ਗਵਾਹੀ ਭਰਦਾ ਹੈ। ਦੂਜੇ ਪਾਸੇ ਕਣਕ ਦੇ ਸਮਰਥਨ ਮੁੱਲ ਵਿਚ 110 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ ਵੀ ਕਾਸ਼ਤ ਦੇ ਵੱਧ ਰਹੇ ਖਰਚਿਆਂ ਦੀ ਪੂਰਤੀ ਨਹੀਂ ਕਰਦਾ।
ਸੋਧ : 24 ਅਕਤੂਬਰ ਦੇ ਇਸੇ ਕਾਲਮ 'ਚ 'ਕਿਸਾਨਾਂ ਦੀ ਦੀਵਾਲੀ ਫਿੱਕੀ ਰਹੀ, ਪ੍ਰੇਸ਼ਾਨੀਆਂ ਵਧੀਆਂ' ਲੇਖ ਵਿਚ ਪੰਜਾਬ ਖੇਤੀ ਯੂਨੀਵਰਸਿਟੀ ਦੇ ਚੌਲਾਂ ਦੇ ਸੀਨੀਅਰ ਬਰੀਡਰ ਦਾ ਨਾਂਅ ਡਾ: ਗੁਰਚਰਨ ਸਿੰੰਘ ਮਾਂਗਟ ਦੀ ਬਜਾਏ ਡਾ: ਗੁਰਜੀਤ ਸਿੰਘ ਮਾਂਗਟ ਪੜ੍ਹਿਆ ਜਾਏ।

ਵਿਰਾਸਤੀ ਮੇਲੇ 'ਤੇ ਵਿਸ਼ੇਸ਼

ਪੰਜਾਬੀ ਸੱਭਿਆਚਾਰ ਦਾ ਦਰਪਣ ਛਰਾਹਾਂ ਦੀ ਛਿੰਝ

ਮੇਲੇ ਕਿਸੇ ਵੀ ਸੱਭਿਆਚਾਰ ਦਾ ਦਰਪਣ ਹੁੰਦੇ ਹਨ। ਜੇਕਰ ਕਿਸੇ ਖਿੱਤੇ ਦੀ ਰਹਿਣੀ-ਬਹਿਣੀ ਅਤੇ ਸੱਭਿਆਚਾਰ ਦੇ ਨੇੜਿਓਂ ਦਰਸ਼ਨ ਕਰਨੇ ਹੋਣ ਤਾਂ ਉੱਥੇ ਲਗਦੇ ਮੇਲਿਆਂ ਵਿਚੋਂ ਕੀਤੇ ਜਾ ਸਕਦੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵਸਿਆ ਨੀਮ-ਪਹਾੜੀ ਇਲਾਕਾ ਬੀਤ ਹੈ ਜੋ 33 ਪਿੰਡਾਂ ਦਾ ਸਮੂਹ ਹੈ। ਇਹ ਇਲਾਕਾ ਪੰਜਾਬੀ ਵਿਰਾਸਤ ਦੀ ਅਹਿਮ ਨਿਸ਼ਾਨੀ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਇਲਾਕੇ ਦੇ ਕੇਂਦਰ ਵਿਚ ਰਮਣੀਕ ਵਾਤਾਵਰਨ ਵਿਚ ਵਸਿਆ ਹੋਇਆ ਹੈ ਪਿੰਡ ਅਚਲਪੁਰ। ਇਸ ਪਿੰਡ ਨੂੰ ਮਾਣ ਹਾਸਲ ਹੈ ਕਿ ਇੱਥੇ ਚਾਰ ਰੋਜ਼ਾ ਪ੍ਰਾਚੀਨ ਅਤੇ ਸਾਰੇ ਵਰਗਾਂ ਦਾ ਸਾਂਝਾ ਮੇਲਾ 'ਛਿੰਝ ਛਰਾਹਾਂ ਦੀ' ਲਗਦਾ ਹੈ । ਇਹ ਮੇਲਾ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਚਲਦਾ ਹੈ। ਬਾਕੀ ਮੇਲਿਆਂ ਵਾਂਗ ਭਾਵੇਂ ਇਸ ਮੇਲੇ ਦਾ ਰੰਗ-ਢੰਗ ਵੀ ਬਦਲ ਰਿਹਾ ਹੈ ਪ੍ਰੰਤੂ ਹਾਲੇ ਵੀ ਇਸ ਦੀ ਪੇਂਡੂ ਛੋਹ ਇਸ ਦੀ ਵਿਲੱਖਣਤਾ ਹੈ। ਹਾਲੇ ਵੀ ਇਸ ਮੇਲੇ ਨੇ ਆਪਣੀ ਪੁਰਾਣੀ ਦਿੱਖ ਨੂੰ ਕਿਤੇ ਨਾ ਕਿਤੇ ਕਾਇਮ ਰੱਖਿਆ ਹੋਇਆ ਹੈ। ਇਸ ਮੇਲੇ ਨਾਲ 'ਛਰਾਹਾਂ' ਸ਼ਬਦ ਜੁੜਨ ਬਾਰੇ ਦੱਸਿਆ ਜਾਂਦਾ ਹੈ ਕਿ ਪੁਰਾਣੇ ਵੇਲਿਆਂ ਵਿਚ ਇਹ ਸਥਾਨ ਛੇ ਰਾਹਾਂ ਦਾ ਕੇਂਦਰ ਬਿੰਦੂ ਹੁੰਦਾ ਸੀ। ਛੇ ਵੱਖ-ਵੱਖ ਇਲਾਕਿਆਂ ਤੋਂ ਪਗਡੰਡੀਆਂ ਰੂਪੀ ਰਾਹ ਆ ਕੇ ਇੱਥੇ ਮਿਲਦੇ ਸਨ। ਛੇ ਰਾਹਾਂ ਤੋਂ ਛਰਾਹਾਂ ਬਣ ਗਿਆ। ਅੱਜਕਲ੍ਹ ਇਸ ਸਥਾਨ ਉੱਤੇ ਮਨਮੋਹਕ ਵਾਤਾਵਰਨ ਵਿਚ ਸਿੱਧ ਬਾਬਾ ਬਾਲਕ ਰੂਪ ਜੀ ਦਾ ਪ੍ਰਚੀਨ ਮੰਦਰ ਸੁਸ਼ੋਭਿਤ ਹੈ। ਬੀਤ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਕੰਢੀ, ਦੁਆਬਾ ਅਤੇ ਦੂਣ ਖੇਤਰਾਂ ਤੋਂ ਵੱਡੀ ਗਿਣਤੀ ਸੰਗਤਾਂ ਸਭ ਤੋਂ ਪਹਿਲਾਂ ਇਸ ਪਾਵਨ ਅਸਥਾਨ 'ਤੇ ਨਤਮਸਤਕ ਹੁੰਦੀਆਂ ਹਨ। ਮੇਲੇ ਵਾਲੇ ਐਤਵਾਰ ਤੋਂ ਪਹਿਲਾਂ ਪਿੰਡ ਅਚਲਪੁਰ, ਮਜਾਰੀ, ਇੰਦੋਵਾਲ, ਨੈਣਵਾਂ ਅਤੇ ਝੋਣੋਵਾਲ ਦੀਆਂ ਸੰਗਤਾਂ ਵਲੋਂ ਹਫਤਾਵਾਰੀ ਯੱਗ ਕਰਵਾਏ ਜਾਂਦੇ ਹਨ। ਕੱਤਕ ਮਹੀਨਾ ਯੱਗਾਂ ਦਾ ਮਹੀਨਾ ਹੁੰਦਾ ਹੈ। ਮੇਲੇ ਤੋਂ ਇਕ ਦਿਨ ਪਹਿਲਾਂ ਤੋਂ ਲੈ ਕੇ ਲਗਾਤਾਰ ਪੰਜ ਦਿਨ ਅਤੁੱਟ ਲੰਗਰ ਚਲਦਾ ਹੈ। ਸੰਗਤਾਂ ਦੇ ਠਹਿਰਨ ਦਾ ਵੀ ਪ੍ਰਬੰਧ ਹੈ। ਮਹੰਤ ਅਸ਼ੋਕ ਕੁਮਾਰ ਅਨੁਸਾਰ ਪੁਸ਼ਤ-ਦਰ-ਪੁਸ਼ਤ ਉਨ੍ਹਾਂ ਦਾ ਪਰਿਵਾਰ ਇਸ ਮੰਦਰ ਦੀ ਸੇਵਾ-ਸੰਭਾਲ ਕਰਦਾ ਆ ਰਿਹਾ ਹੈ। ਮੇਲੇ ਦੇ ਪਹਿਲੇ ਦਿਨ ਨਵਾਂ ਅੰਨ ਮੱਕੀ ਦੇ ਦਾਣੇ , ਦੁੱਧ-ਖੀਰ, ਮਾਹਾਂ ਦੀ ਦਾਲ ਚੜ੍ਹਾ ਕੇ ਸੰਗਤਾਂ ਜਾਨ-ਮਾਲ ਦੀ ਤੰਦਰੁਸਤੀ ਲਈ ਦੁਆ ਕਰਦੀਆਂ ਹਨ। ਮੰਦਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਹਿਲੇ ਦਿਨ ਭਾਰੀ ਦੰਗਲ ਕਰਵਾਇਆ ਜਾਂਦਾ ਹੈ ਜਿਸ ਵਿਚ ਦੂਰ-ਦੁਰਾਡੇ ਤੋਂ ਨਾਮੀ ਪਹਿਲਵਾਨ ਪਹੁੰਚਦੇ ਹਨ। ਬਜ਼ੁਰਗਾਂ ਦੇ ਦੱਸਣ ਅਨੁਸਾਰ ਪੰਜਾਬ ਦੀ ਵੰਡ ਤੋਂ ਪਹਿਲਾਂ ਲਾਹੌਰ ਤੋਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਪਸ਼ੂਆਂ ਦੀ ਭਾਰੀ ਮੰਡੀ ਲਗਦੀ ਹੁੰਦੀ ਸੀ ਅਤੇ ਵਪਾਰੀ ਦੂਰ-ਦੁਰਾਡਿਓਂ ਪਹੁੰਚਦੇ ਹੁੰਦੇ ਸਨ। ਬਲਦਾਂ ਦੀਆਂ ਦੌੜਾਂ ਵੀ ਹੋਇਆ ਕਰਦੀਆਂ ਸਨ। ਸਮੇਂ ਦੀ ਤੋਰ ਨਾਲ ਭਾਵੇਂ ਇਹ ਸਭ ਅਲੋਪ ਹੋ ਗਿਆ ਹੈ ਪ੍ਰੰਤੁ ਮੇਲੇ ਦੀਆਂ ਰੌਣਕਾਂ ਹਾਲੇ ਵੀ ਬਰਕਰਾਰ ਹਨ।
ਹਾਲੇ ਵੀ ਪੇਂਡੂ ਸੁਆਣੀਆਂ ਇੱਥੋਂ ਮਿੱਟੀ ਦੇ ਬਣੇ ਭਾਂਡਿਆਂ ਜਿਵੇਂ ਘੜੇ, ਚਾਟੀਆਂ, ਦਧੂਨੀਆਂ, ਤੌੜੀਆਂ, ਚੱਪਣ-ਚੱਪਣੀਆਂ, ਝਾਵੇਂ ਆਦਿ ਦੀ ਖਰੀਦਦਾਰੀ ਕਰਦੀਆਂ ਹਨ। ਦੂਰ-ਦੁਰਾਡੇ ਨੌਕਰੀਆਂ ਕਰਦੇ ਅਤੇ ਪਰਵਾਸ ਕਰ ਕੇ ਦੂਰ ਜਾ ਵਸੇ ਇਸ ਖਿੱਤੇ ਦੇ ਮੂਲ ਨਿਵਾਸੀ ਮੇਲੇ ਨੂੰ ਤੱਕਣ ਦੀ ਤਾਂਘ ਜ਼ਰੂਰ ਰੱਖਦੇ ਹਨ। ਇਲਾਕੇ ਦੀ ਸਵੈ-ਸੇਵੀ ਸੰਸਥਾ ਬੀਤ ਭਲਾਈ ਕਮੇਟੀ ਵਲੋਂ ਹਰ ਵਰ੍ਹੇ ਕਰਵਾਇਆ ਜਾਂਦਾ ਤਿੰਨ ਰੋਜ਼ਾ ਖੇਡ ਮੇਲਾ 19 ਤੋਂ 21 ਨਵੰਬਰ ਤੱਕ ਚੱਲੇਗਾ ਅਤੇ ਖੇਡ ਮੇਲੇ ਦੀ ਸਮਾਪਤੀ ਉੁਪਰੰਤ ਸੱਭਿਆਚਾਰਕ ਮੇਲਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ। ਲੋਕ ਮੱਘਰ ਮਹੀਨੇ ਨੂੰ ਛਿੰਝ ਵਾਲਾ ਮਹੀਨਾ ਕਹਿ ਕੇ ਯਾਦ ਰੱਖਦੇ ਹਨ। ਹਫਤਾ ਪਹਿਲਾਂ ਹੱਟੀਆਂ ਅਤੇ ਚੰਡੋਲ ਸ਼ੁਰੂ ਹੋਣ ਨਾਲ ਮੇਲੇ ਦਾ ਰੰਗ ਬਣਨਾ ਸ਼ੁਰੂ ਹੋ ਜਾਂਦਾ ਹੈ। ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਮੇਲ ਦਾ ਸਬੱਬ ਬਣਦਾ ਇਹ ਮੇਲਾ ਰੂਹ ਨੂੰ ਇਕ ਹੁਲਾਰਾ ਜਿਹਾ ਦੇ ਜਾਂਦਾ ਹੈ। ਵਿਰਾਸਤ ਦੀਆਂ ਬਾਤਾਂ ਪਾਉਣ ਵਾਲਾ ਇਹ ਮੇਲਾ ਸੱਚਮੁਚ ਹੀ ਇਸ ਖੇਤਰ ਦੇ ਲੋਕਾਂ ਦਾ ਸਾਂਭਣਯੋਗ ਸਰਮਾਇਆ ਹੈ। ਐਤਕੀਂ ਇਹ ਮੇਲਾ 19 ਤੋਂ 22 ਨਵੰਬਰ ਤੱਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰੇਗਾ।


-ਪਿੰਡ ਤੇ ਡਾਕ: ਕਾਲੇਵਾਲ ਬੀਤ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ: ਹੁਸ਼ਿਆਰਪੁਰ-144523
ਮੋਬਾ: 94638-51568.

ਸਬਜ਼ੀਆਂ ਦੀ ਪੈਦਾਵਾਰ ਨਾਲ ਵੱਡੀ ਕਮਾਈ ਕਰਦੈ

ਕਾਮਰੇਡ ਕੇਸਰ ਸਿੰਘ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਨੇੜੇ ਪੈਂਦੇ ਪਿੰਡ ਰੰਧਾਵਾ ਦਾ ਵਸਨੀਕ ਕਾਮਰੇਡ ਕੇਸਰ ਸਿੰਘ ਰੰਧਾਵਾ ਆਪਣੀ ਮਿਹਨਤ ਸਦਕਾ ਸਬਜ਼ੀਆਂ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਰਿਹਾ ਹੈ। ਇਸ ਨੂੰ ਆਪਣੇ ਵਿਰਸੇ ਵਿਚੋਂ ਸਿਰਫ ਪੌਣਾ ਏਕੜ ਜ਼ਮੀਨ ਮਿਲੀ ਹੈ। ਇਹ ਮਿਹਨਤੀ ਕਿਸਾਨ 1995 ਤੋਂ ਸਬਜ਼ੀਆਂ ਦੀ ਕਾਸ਼ਤ ਕਰਦਾ ਆ ਰਿਹਾ ਹੈ। ਉਹ ਗਰਮੀਆਂ ਦੇ ਸੀਜ਼ਨ ਦੌਰਾਨ ਭਿੰਡੀ, ਗੋਭੀ, ਕਰੇਲਾ, ਘੀਆ ਅਤੇ ਹਲਦੀ ਆਦਿ ਦੀ ਕਾਸ਼ਤ ਕਰਦਾ ਹੈ। ਜਿਸ ਤੋਂ ਤਕਰੀਬਨ ਉਹ ਤਿੰਨ ਲੱਖ ਰੁਪਏ ਦੀ ਆਮਦਨ ਕਰਦਾ ਹੈ ਅਤੇ ਸਰਦੀਆਂ ਦੌਰਾਨ ਮਟਰ, ਗਾਜਰ, ਮੂਲੀ, ਪਾਲਕ, ਮੈਂਥਾ ਅਤੇ ਧਨੀਆਂ ਆਦਿ ਦੀ ਸੰਘਣੀ ਕਾਸ਼ਤ ਕਰਕੇ ਤਕਰੀਬਨ ਦੋ ਲੱਖ ਰੁਪਏ ਦੀ ਕਮਾਈ ਕਰ ਲੈਂਦਾ ਹੈ। ਉਹ ਜਿਹੜੀ ਸਬਜ਼ੀਆਂ ਪੈਦਾ ਕਰਦਾ ਹੈ ਉਸ ਦਾ ਮੰਡੀਕਰਨ ਆਪ ਹੀ 'ਆਪਣੀ ਮੰਡੀ' ਸਰਹਿੰਦ ਵਿਖੇ ਕਰਦਾ ਹੈ। ਜਿੱਥੇ ਉਸ ਨੂੰ ਆਮ ਮੰਡੀ ਨਾਲੋਂ ਡੇਢ ਤੋਂ ਦੋ ਗੁਣਾਂ ਵੱਧ ਆਮਦਨ ਹੁੰਦੀ ਹੈ। ਉਹ ਆਪਣੇ ਖੇਤਾਂ ਵਿਚ ਸੰਘਣੀ ਖੇਤੀ ਦੀ ਕਾਸ਼ਤ ਕਰਦਾ ਹੈ। ਜਿਵੇਂ ਕਿ ਉਸ ਨੇ ਵੱਟਾਂ ਉੱਤੇ ਟਮਾਟਰ ਦੀ ਕਾਸ਼ਤ ਕੀਤੀ ਹੋਈ ਹੈ । ਇਨ੍ਹਾਂ ਵੱਟਾਂ ਉੱਤੇ ਹੀ ਧਨੀਆਂ ਅਤੇ ਮੈਂਥੇ ਦੀ ਕਾਸ਼ਤ ਕੀਤੀ ਹੋਈ ਹੈ। ਖਾਲੀਆਂ ਦੇ ਵਿਚਕਾਰ ਉਸ ਨੇ ਪਾਲਕ ਅਤੇ ਮੇਥੀ ਦੀ ਕਾਸ਼ਤ ਕੀਤੀ ਹੋਈ ਹੈ। ਕਾਮਰੇਡ ਕੇਸਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਤਕਰੀਬਨ 10 ਟਰਾਲੀਆਂ ਰੂੜੀ ਖਾਦ ਹਰ ਸਾਲ ਪਾਉਂਦਾ ਹੈ। ਜਿਸ ਨਾਲ ਉਸ ਦੀ ਫਸਲ ਬਹੁਤ ਵਧੀਆ ਹੁੰਦੀ ਹੈ। ਪਰ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਕਮਾਈ ਵੀ ਬਹੁਤ ਹੁੰਦੀ ਹੈ। ਝੋਨੇ ਤੇ ਕਣਕ ਵਰਗੀਆਂ ਰਵਾਇਤੀ ਫਸਲਾਂ ਵਾਂਗ ਸਬਜ਼ੀ ਘਰੇ ਵਿਹਲੇ ਬੈਠ ਕੇ ਪੈਦਾ ਨਹੀ ਹੁੰਦੀ ਸਗੋਂ ਦਿਨ ਰਾਤ ਇੱਕ ਕਰਨਾ ਪੈਂਦਾ ਹੈ। ਸਬਜ਼ੀਆਂ ਦੀ ਕਾਸ਼ਤ ਲਈ ਪ੍ਰਬੰਧ, ਮੌਸਮ, ਅਗੇਤ/ਪਿਛੇਤ ਅਤੇ ਮੰਡੀ ਦਾ ਹਿਸਾਬ ਕਿਤਾਬ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੰਡੀ ਵਿਚ ਬੈਠੇ ਵਪਾਰੀ ਦੀ ਅੱਖ ਬਹੁਤ ਤੇਜ਼ ਹੈ। ਜਿਹੜਾ ਹਰ ਸਬਜ਼ੀ ਦੇ ਮਿਆਰ ਨੂੰ ਬਹੁਤ ਡੂੰਘਾਈ ਨਾਲ ਸਮਝਦਾ ਹੈ। ਬਾਗ਼ਬਾਨੀ ਵਿਭਾਗ ਉਸ ਨੂੰ ਸਬਜ਼ੀਆਂ ਦੇ ਮੰਡੀਕਰਨ ਲਈ ਪਲਾਸਟਿਕ ਦੇ ਕਰੇਟ ਸਬਸਿਡੀ 'ਤੇ ਦੇ ਦਿੰਦਾ ਹੈ ਅਤੇ ਸਬਜ਼ੀਆਂ ਉੱਤੇ ਸਪਰੇਅ ਲਈ ਦਵਾਈਆਂ ਵੀ ਦੇ ਦਿੰਦੇ ਹਨ। ਇਸ ਤਰ੍ਹਾਂ ਆਪਣੀ ਮਿਹਨਤ ਅਤੇ ਬਾਗ਼ਾਬਾਨੀ ਵਿਭਾਗ ਦੇ ਸਹਿਯੋਗ ਨਾਲ ਉਹ ਆਪਣੀ ਕਬੀਲਦਾਰੀ ਵਧੀਆ ਢੰਗ ਨਾਲ ਚਲਾ ਰਿਹਾ ਹੈ।


-ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ।
ਮੋਬਾਈਲ : 9876101698.

ਵਿਰਸਾ

ਚਿੜੀਆਂ ਘੁੱਗੀਆਂ ਮੋਰ ਗਟਾਰਾਂ ਹੋ ਅਲੋਪ ਗਈਆਂ,
ਵਿਚ ਅਸਮਾਨੀ ਨਾ ਹੀ ਦਿਸਣ ਕੂੰਜਾਂ ਦੀਆਂ ਡਾਰਾਂ।

ਇੱਲਾਂ ਗਿਰਝਾਂ ਜੋ ਸਮੇਟਦੀਆਂ ਸੀ ਗੰਦਗੀ ਨੂੰ,
ਵਾਸਾ ਕਰ ਲਿਆ ਜਾਪੇ ਉਨ੍ਹਾਂ ਵਿਚ ਪਹਾੜਾਂ।

ਗਾਨੀਵਾਲੇ ਤੋਤੇ ਸੁਪਨਾ ਹੋਏ ਲੋਕੋ ਓਏ,
ਬਣਾਏ ਰੈਣ ਬਸੇਰੇ ਕੱਚੀਆਂ ਵਿਚ ਦੀਵਾਰਾਂ।

ਜੁਗੜੇ ਹੋਗੇ ਸੇਹਾਂ ਗੋਹਾਂ ਕਦੇ ਨਾ ਵੇਖੀਆਂ,
ਖੇਤੀਂ ਤਿੱਤਰ ਬਟੇਰੇ ਨਾ ਹੀ ਮਾਰਦੇ ਟਾਹਰਾਂ।

ਚੱਕੀ ਰਾਹਿਆਂ ਤੇ ਉੱਲੂਆਂ ਨੇ ਛੱਡ ਪੰਜਾਬ ਦਿੱਤਾ,
ਨਾ ਹੀ ਖੇਤੀ ਦਿਸਦੀਆਂ ਰੋਜ਼ਾਂ ਦੀਆਂ ਕਤਾਰਾਂ।

ਖੋਂਹਦੇ ਕਾਂ ਨਾ ਵੇਖੇ ਰੋਟੀ ਕਿਤੇ ਜਵਾਕਾਂ ਤੋਂ,
ਕਬੂਤਰ ਨਾ ਚਿੱਠੀ ਤੇ ਨਾ ਪਚਾਉਂਦੇ ਤਾਰਾਂ।

ਅਜੋਕੀ ਪੀੜ੍ਹੀ ਨਾ ਕੁਝ ਬਾਜ਼ੀ ਬਾਰੇ ਜਾਣਦੀ,
ਦੱਸੋ ਚੀਨਿਆਂ ਨੂੰ ਹੁਣ ਕਿਥੋਂ 'ਵਾਜ਼ਾਂ ਮਾਰਾਂ।

'ਦੱਦਾਹੂਰੀਆ' ਆਖੇ ਹੁਣ ਤਾਂ ਰੱਬ ਹੀ ਰਾਖਾ ਹੈ,
ਵਿਰਸਾ ਲਿਖਣ ਵਾਲੇ 'ਤੇ ਖਾਂਦੇ ਲੋਕੀਂ ਖਾਰਾਂ।


-ਜਸਵੀਰ ਸ਼ਰਮਾ ਦੱਧਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX