ਤਾਜਾ ਖ਼ਬਰਾਂ


ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  31 minutes ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  40 minutes ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਹੋਰ ਖ਼ਬਰਾਂ..

ਸਾਡੀ ਸਿਹਤ

ਸਰਦ ਰੁੱਤ ਵਿਚ ਸਿਹਤ ਦੀ ਸੰਭਾਲ ਕਿਵੇਂ ਹੋਵੇ?

ਸਾਡਾ ਦੇਸ਼ ਊਸ਼ਣ ਜਲਵਾਯੂ ਵਾਲਾ ਦੇਸ਼ ਹੈ ਅਤੇ ਸਰਦੀ ਦਾ ਸਮਾਂ ਅਲਪਕਾਲੀਨ ਹੀ ਰਹਿੰਦਾ ਹੈ। ਸਰਦ ਰੁੱਤ ਕੁਦਰਤੀ ਰੂਪ ਨਾਲ ਸਿਹਤ ਰੱਖਿਅਕ ਅਤੇ ਸਰੀਰ ਨੂੰ ਬਲ ਪੁਸ਼ਟੀ ਪ੍ਰਦਾਨ ਕਰਨ ਵਾਲੀ ਹੁੰਦੀ ਹੈ। ਇਸ ਰੁੱਤ ਵਿਚ ਰਹਿਣ-ਸਹਿਣ, ਖਾਣ-ਪੀਣ ਵਿਚ ਲਾਪ੍ਰਵਾਹੀ ਅਤੇ ਭੁੱਲ-ਚੁੱਕ ਕਦੇ ਨਹੀਂ ਕਰਨੀ ਚਾਹੀਦੀ।
ਸਾਡਾ ਸਰੀਰ ਪੰਜ ਤੱਤਾਂ ਨਾਲ ਬਣਿਆ ਹੈ-ਅੱਗ, ਪਾਣੀ, ਹਵਾ, ਧਰਤੀ, ਆਕਾਸ਼। ਇਨ੍ਹਾਂ ਤੱਤਾਂ ਦੇ ਸਹਿਯੋਗ ਨਾਲ ਹੀ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਹਨ। ਅੱਗ ਸਾਡੇ ਸਰੀਰ ਨੂੰ ਜੀਵਤ ਅਤੇ ਊਰਜਾਵਾਨ ਰੱਖਦੀ ਹੈ ਅਤੇ ਖਾਧੇ ਹੋਏ ਪਦਾਰਥ ਨੂੰ ਪਚਾਉਂਦੀ ਹੈ। ਸਰਦ ਰੁੱਤ ਵਿਚ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਮਨੁੱਖ ਨੇ ਕੁਦਰਤ ਦੇ ਨਾਲ ਇਥੋਂ ਤੱਕ ਛੇੜਛਾੜ ਅਤੇ ਮਨਮਾਨੀ ਕੀਤੀ ਹੈ ਕਿ ਕੁਦਰਤ ਦੀ ਵਿਵਸਥਾ ਵੀ ਅਸਤ-ਵਿਅਸਤ ਹੋ ਗਈ ਹੈ ਭਾਵ ਮੌਸਮ ਵੀ ਬੇਈਮਾਨ ਹੋ ਗਿਆ ਹੈ। ਸਰਦ ਰੁੱਤ ਵਿਚ ਪਾਚਣ ਸ਼ਕਤੀ ਵਧਦੀ ਹੈ। ਪਾਚਣ ਸ਼ਕਤੀ ਵਧਣ ਦਾ ਇਕ ਮੁੱਖ ਕਾਰਨ ਵੀ ਹੈ। ਇਸ ਰੁੱਤ ਵਿਚ ਰਾਤ ਲੰਬੀ ਅਤੇ ਦਿਨ ਛੋਟਾ ਹੁੰਦਾ ਹੈ ਭਾਵ ਰਾਤ ਲੰਬੀ ਹੋਣ ਕਾਰਨ ਸੌਣ ਲਈ ਸਮਾਂ ਜ਼ਿਆਦਾ ਮਿਲਦਾ ਹੈ। ਇਸ ਨਾਲ ਖਾਧਾ-ਪੀਤਾ ਹਜ਼ਮ ਹੋ ਜਾਂਦਾ ਹੈ। ਸਵੇਰੇ ਪੇਟ ਵੀ ਸਹੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਭੁੱਖ ਖੁੱਲ੍ਹ ਕੇ ਲੱਗੇਗੀ ਤਾਂ ਭੋਜਨ ਵੀ ਲੋੜੀਂਦੀ ਮਾਤਰਾ ਵਿਚ ਖਾਧਾ ਜਾਵੇਗਾ ਅਤੇ ਹਜ਼ਮ ਵੀ ਹੋਵੇਗਾ, ਜਿਸ ਨਾਲ ਸਰੀਰ ਵੀ ਪੁਸ਼ਟ ਅਤੇ ਬਲਵਾਨ ਹੋਵੇਗਾ। ਇਹੀ ਸਰਦ ਰੁੱਤ ਦਾ ਸਰੀਰ ਅਤੇ ਤੰਦਰੁਸਤੀ 'ਤੇ ਪੈਣ ਵਾਲਾ ਵਧੀਆ ਪ੍ਰਭਾਵ ਹੈ।
ਅਜਿਹੀ ਸਥਿਤੀ ਵਿਚ ਜੋ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਨ ਗੱਲ ਖ਼ਿਆਲ ਵਿਚ ਰੱਖਣ ਵਾਲੀ ਹੈ, ਉਹ ਇਹ ਹੈ ਕਿ ਅਜਿਹੀ ਸਿਹਤਵਰਧਕ ਅਤੇ ਬਲਪੁਸ਼ਟ ਪ੍ਰਦਾਨ ਕਰਨ ਵਾਲੀ ਰੁੱਤ ਵਿਚ ਪੌਸ਼ਟਿਕ ਆਹਾਰ ਜ਼ਰੂਰ ਲਿਆ ਜਾਵੇ ਅਤੇ ਦੋਵੇਂ ਵੇਲੇ ਸਵੇਰੇ-ਸ਼ਾਮ ਨਿਸਚਿਤ ਸਮੇਂ 'ਤੇ ਹੀ ਲਿਆ ਜਾਵੇ ਤਾਂ ਕਿ ਸਰੀਰ ਨੂੰ ਭੁੱਖ ਨਾ ਸਹਿਣੀ ਪਵੇ, ਕਿਉਂਕਿ ਸਰਦ ਰੁੱਤ ਵਿਚ ਪੇਟ ਅਗਨੀ ਵਧੀ ਹੋਈ ਹੁੰਦੀ ਹੈ ਜਿਸ ਨੂੰ ਸ਼ਾਂਤ ਕਰਨ ਲਈ ਠੀਕ ਸਮੇਂ 'ਤੇ ਭੋਜਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਭੋਜਨ ਵਿਚ ਭਾਰੀ, ਪੌਸ਼ਟਿਕ ਅਤੇ ਤਰਾਵਟ ਵਾਲੇ ਪਦਾਰਥ ਭਰਪੂਰ ਮਾਤਰਾ ਵਿਚ ਲੈਣੇ ਜ਼ਰੂਰੀ ਹੁੰਦੇ ਹਨ, ਜੋ ਵਧੀ ਹੋਈ ਪੇਟ ਅਗਨੀ ਦਾ ਮੁਕਾਬਲਾ ਕਰਕੇ ਉਸ ਨੂੰ ਸ਼ਾਂਤ ਕਰ ਸਕਣ, ਨਹੀਂ ਤਾਂ ਮਾਮੂਲੀ ਅਤੇ ਹਲਕੇ ਪਦਾਰਥਾਂ ਨੂੰ ਭਸਮ ਕਰਕੇ ਪੇਟ ਅਗਨੀ ਸਰੀਰ ਦੀਆਂ ਧਾਤੂਆਂ ਨੂੰ ਜਲਾਉਣ ਲੱਗੇਗੀ।
* ਸਰਦ ਰੁੱਤ ਵਿਚ ਜਦੋਂ ਚੰਗੀ ਠੰਢ ਪੈਣ ਲੱਗੇ, ਉਦੋਂ ਸਾਨੂੰ ਆਪਣੇ ਭੋਜਨ ਵਿਚ ਪੌਸ਼ਟਿਕ, ਚਿਕਨਾਈ ਵਾਲੇ ਮਧੁਰ, ਲਵਣ, ਰਸਯੁਕਤ, ਮਾਸਵਰਧਕ, ਖੂਨ ਵਧਾਉਣ ਵਾਲੇ, ਬਲਵਰਧਕ ਪਦਾਰਥਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਜਿਵੇਂ ਦੁੱਧ, ਘਿਓ, ਮੱਖਣ, ਉੜਦ ਦੀ ਦਾਲ, ਰਬੜੀ ਮਲਾਈ, ਦੁੱਧ ਚੌਲ, ਦੁੱਧ ਕੇਲਾ ਜਾਂ ਦੁੱਧ ਮਖਾਣੇ ਦੀ ਖੀਰ, ਹਰੀ ਸ਼ਾਕ ਸਬਜ਼ੀ, ਸੁੰਢ, ਅੰਜੀਰ, ਖਜੂਰ, ਲਸਣ, ਕਾਲੇ ਤਿਲ, ਗਾਜਰ ਔਲਾ, ਸ਼ਹਿਦ, ਪੁਰਾਣਾ ਗੁੜ ਅਤੇ ਮੌਸਮੀ ਫਲ ਆਦਿ।
* ਲਸਣ ਦੀਆਂ 2 ਤੋਂ 4 ਕਲੀਆਂ ਛਿੱਲ ਕੇ ਦੁੱਧ ਵਿਚ ਉਬਾਲ ਕੇ ਇਨ੍ਹਾਂ ਨੂੰ ਦੁੱਧ ਦੇ ਨਾਲ ਜਾਂ ਠੰਢੇ ਪਾਣੀ ਦੇ ਨਾਲ ਕੈਪਸੂਲ ਦੀ ਤਰ੍ਹਾਂ ਨਿਗਲ ਲਓ। ਚਾਹੋ ਤਾਂ ਘਿਓ ਵਿਚ ਤਲ ਕੇ ਖਾ ਲਓ। ਲਸਣ ਵਾਤ ਪ੍ਰਕੋਪ ਦਾ ਸ਼ਮਨ ਕਰਦਾ ਹੈ। ਦਿਲ ਨੂੰ ਬਲ ਦਿੰਦਾ ਹੈ।
* ਤਾਜ਼ੇ ਦੁੱਧ ਵਿਚ 1-2 ਚਮਚ ਸ਼ਹਿਦ ਘੋਲ ਕੇ ਸੌਣ ਸਮੇਂ ਵੀ ਪੀ ਸਕਦੇ ਹੋ। ਦੁੱਧ ਅਤੇ ਸ਼ਹਿਦ ਸਰੀਰ ਨੂੰ ਪੁਸ਼ਟ ਅਤੇ ਸੁਡੌਲ ਬਣਾਉਂਦੇ ਹਨ।
* ਸਰਤ ਰੁੱਤ ਵਿਚ ਰਹਿਣ-ਸਹਿਣ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਖਾਧਾ-ਪੀਤਾ ਵੀ ਤਾਂ ਹੀ ਹਜ਼ਮ ਹੋਵੇਗਾ, ਜੇ ਰਹਿਣ-ਸਹਿਣ, ਰੋਜ਼ਮਰਾ ਅਤੇ ਚੰਗਾ ਆਚਰਣ ਹੋਵੇਗਾ। ਕੁਦਰਤ ਦਾ ਸਹਿਯੋਗ ਦਿੱਤਾ ਜਾਵੇ ਭਾਵ ਕੁਦਰਤੀ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਕੁਦਰਤ ਵੀ ਸਹਿਯੋਗ ਦਿੰਦੀ ਹੈ।
* ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਖਾਨਾ ਜਾ ਕੇ, 2-3 ਕਿਲੋਮੀਟਰ ਤੱਕ ਸੈਰ ਕਰੋ ਜਾਂ ਯੋਗ ਆਸਣ ਕਰੋ, ਕਸਰਤ ਕਰੋ, ਉਬਟਨ ਜਾਂ ਤੇਲ ਮਾਲਿਸ਼ ਕਰਕੇ ਨਹਾਉਣਾ ਚਾਹੀਦਾ ਹੈ।
* ਦੇਰ ਰਾਤ ਤੱਕ ਜਾਗਣਾ, ਸਵੇਰੇ ਦੇਰ ਤੱਕ ਸੁੱਤੇ ਰਹਿਣਾ, ਆਲਸੀ ਰੋਜ਼ਮਰਾ, ਦਿਨ ਵਿਚ ਸੌਣਾ ਆਦਿ ਕੰਮ ਇਸ ਰੁੱਤ ਵਿਚ ਨਾ ਕਰੋ।
* ਇਸ ਰੁੱਤ ਵਿਚ ਰੁੱਖੇ-ਸੁੱਕੇ, ਹਲਕੇ, ਜ਼ਿਆਦਾ ਠੰਢੇ, ਬੇਹੇ ਅਤੇ ਖੱਟੇ ਪਦਾਰਥਾਂ ਦਾ ਸੇਵਨ ਨਾ ਕਰੋ।


ਖ਼ਬਰ ਸ਼ੇਅਰ ਕਰੋ

ਪ੍ਰਦੂਸ਼ਣ ਦਾ ਘਰ ਹੈ ਰਸੋਈਘਰ

ਰਸੋਈ ਵਿਚ ਖਾਣਾ ਬਣਾਉਣ ਲਈ ਜਲਾਏ ਜਾਣ ਵਾਲੇ ਚੁੱਲ੍ਹੇ ਵਿਚੋਂ ਨਿਕਲਣ ਵਾਲਾ ਧੂੰਆਂ, ਤੇਲ, ਘਿਓ ਅਤੇ ਸਬਜ਼ੀਆਂ ਦੇ ਭੁੰਨਣ ਦੀ ਗੰਧ ਗ੍ਰਹਿਣੀ ਦੇ ਸਰੀਰ ਵਿਚ ਪਹੁੰਚ ਕੇ ਕਈ ਤਰ੍ਹਾਂ ਦੇ ਵਿਕਾਰ ਪੈਦਾ ਕਰ ਦਿੰਦੀ ਹੈ। ਭਾਰਤੀ ਘਰਾਂ ਵਿਚ ਖਾਣਾ ਪਕਾਉਣ ਲਈ ਈਂਧਣ ਦੇ ਰੂਪ ਵਿਚ ਲੱਕੜੀ ਵਰਤੀ ਜਾਂਦੀ ਹੈ। ਇਨ੍ਹਾਂ ਵਿਚੋਂ ਨਿਕਲਣ ਵਾਲੇ ਧੂੰਏਂ ਵਿਚ ਕਾਰਬਨ ਮੋਨੋਆਕਸਾਈਡ ਕਾਫ਼ੀ ਮਾਤਰਾ ਵਿਚ ਰਹਿੰਦੀ ਹੈ, ਜੋ ਨੱਕ ਅਤੇ ਮੂੰਹ ਦੁਆਰਾ ਸਰੀਰ ਵਿਚ ਪਹੁੰਚਦੀ ਰਹਿੰਦੀ ਹੈ। ਸਰੀਰ ਵਿਚ ਲਗਾਤਾਰ ਕਾਰਬਨ ਮੋਨੋਆਕਸਾਈਡ ਪਹੁੰਚਣ ਨਾਲ ਸਿਰਦਰਦ, ਮਾਸਪੇਸ਼ੀਆਂ ਵਿਚ ਕਮਜ਼ੋਰੀ, ਸਾਹ ਲੈਣ ਵਿਚ ਪ੍ਰੇਸ਼ਾਨੀ, ਸੁਸਤੀ, ਉਨੀਂਦਰਾ, ਭੁੱਖ ਨਾ ਲੱਗਣਾ, ਮਿਚਲੀ ਆਦਿ ਲੱਛਣ ਦਿਖਾਈ ਦੇਣ ਲਗਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕਾਰਬਨ ਮੋਨੋਆਕਸਾਈਡ ਸਰੀਰ ਵਿਚ ਪਹੁੰਚ ਕੇ ਖ਼ੂਨ ਵਿਚ ਮੌਜੂਦ ਹੀਮੋਗਲੋਬਿਨ ਦੇ ਨਾਲ ਮਿਲ ਕੇ ਕਾਰਬੋਕਸੀ ਹੀਮੋਗਲੋਬਿਨ ਦਾ ਨਿਰਮਾਣ ਕਰਦੀ ਹੈ ਜੋ ਸਰੀਰ ਲਈ ਕਾਫ਼ੀ ਹਾਨੀਕਾਰਕ ਹੈ। ਕਾਰਬੋਕਸੀ ਹੀਮੋਗਲੋਬਿਨ ਸਰੀਰ ਦੇ ਅੰਗਾਂ ਤੱਕ ਆਕਸੀਜਨ ਪਹੁੰਚਾਉਣ ਦੇ ਕੰਮ ਵਿਚ ਰੁਕਾਵਟ ਪਾਉਂਦਾ ਹੈ। ਸਰੀਰ ਵਿਚ ਕਾਰਬੋਕਸੀ ਹੀਮੋਗਲੋਬਿਨ ਦੀ ਮਾਤਰਾ ਲਗਾਤਾਰ ਵਧਦੇ ਰਹਿਣ ਨਾਲ ਮਾਨਸਿਕ ਪ੍ਰੇਸ਼ਾਨੀ, ਸਾਹ ਨਲੀ ਵਿਚ ਤਕਲੀਫ਼, ਉਨੀਂਦਰਾ ਅਤੇ ਕਮਜ਼ੋਰੀ ਦੀ ਸ਼ਿਕਾਇਤ ਪੈਦਾ ਹੋ ਜਾਂਦੀ ਹੈ। ਸਰੀਰ ਵਿਚ ਕਾਰਬੋਕਸੀ ਹੀਮੋਗਲੋਬਿਨ ਦੀ ਮਾਤਰਾ 60 ਫ਼ੀਸਦੀ ਤੋਂ ਵਧ ਜਾਣ ਨਾਲ ਦਿਲ ਦਾ ਦੌਰਾ ਤੱਕ ਪੈ ਸਕਦਾ ਹੈ। ਔਰਤਾਂ ਦੇ ਸਰੀਰ ਵਿਚ ਮਰਦਾਂ ਦੇ ਮੁਕਾਬਲੇ ਹੀਮੋਗਲੋਬਿਨ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰ ਵਿਚ ਕਾਰਬਨ ਮੋਨੋਆਕਸਾਈਡ ਪਹੁੰਚਦੀ ਰਹਿੰਦੀ ਹੈ ਤਾਂ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਇਸ ਦੇ ਕਾਰਨ ਗਰਭ ਵਿਚ ਪਲ ਰਹੇ ਬੱਚੇ ਦੀ ਮੌਤ ਤੱਕ ਦੀ ਸੰਭਾਵਨਾ ਰਹਿੰਦੀ ਹੈ।
ਰਸੋਈ ਵਿਚ ਵਰਤਿਆ ਜਾਣ ਵਾਲਾ ਐਲ.ਪੀ.ਜੀ. ਸਟੋਵ ਵੀ ਘੱਟ ਖ਼ਤਰਨਾਕ ਨਹੀਂ ਹੈ। ਗੈਸ ਸਟੋਵ ਚਾਲੂ ਕਰਦੇ ਸਮੇਂ ਕਦੇ-ਕਦੇ ਸਟੋਵ ਛੇਤੀ ਚਾਲੂ ਨਹੀਂ ਹੁੰਦਾ। ਅਜਿਹੇ ਵਿਚ ਅੱਧਜਲੀ ਗੈਸ ਸਾਹ ਰਾਹੀਂ ਸਰੀਰ ਵਿਚ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਸਟੋਵ ਵਿਚੋਂ ਨਿਕਲਣ ਵਾਲੀ ਨਾਈਟ੍ਰੋਜਨ, ਸਲਫ਼ਿਊਰਿਕ ਆਕਸਾਈਡ, ਫਾਰਮਲਡੀਹਾਈਡ ਆਦਿ ਜ਼ਹਿਰੀਲੀਆਂ ਗੈਸਾਂ ਸਰੀਰ ਵਿਚ ਪਹੁੰਚ ਕੇ ਬ੍ਰਾਂਕੋਨਿਮੋਨੀਆ, ਲੈਰਿੰਜਾਈਟਿਸ, ਖੰਘ, ਅੱਖਾਂ ਵਿਚ ਜਲਣ, ਧੁੰਦਲਾਪਨ, ਖੁਜਲੀ ਆਦਿ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਲਫ਼ਿਊਰਿਕ ਆਕਸਾਈਡ ਨਾਲ ਨੱਕ ਦੇ ਵਾਲ ਵੀ ਝੜ ਜਾਂਦੇ ਹਨ।
ਜੇ ਤੁਸੀਂ ਰਸੋਈ ਵਿਚ ਟੈਲੀਵਿਜ਼ਨ, ਰੇਡੀਓ, ਟੇਪ ਰਿਕਾਰਡਰ, ਮਿਕਸੀ, ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ ਆਦਿ ਲਗਾ ਰੱਖਿਆ ਹੈ ਤਾਂ ਇਸ ਦੀ ਤੇਜ਼ ਆਵਾਜ਼ ਵੀ ਸਰੀਰ ਲਈ ਖ਼ਤਰਨਾਕ ਹੈ। ਮਾਹਿਰਾਂ ਅਨੁਸਾਰ 50 ਤੋਂ 60 ਡੈਸੀਬਲ ਤੋਂ ਜ਼ਿਆਦਾ ਆਵਾਜ਼ ਹਰ ਕਿਸੇ ਲਈ ਖ਼ਤਰਨਾਕ ਹੁੰਦੀ ਹੈ। ਰਸੋਈ ਵਿਚ ਜ਼ਿਆਦਾ ਸ਼ੋਰ ਹੋਣ ਨਾਲ ਕੰਨ ਵਿਚ ਆਵਾਜ਼ ਗੂੰਜਣਾ, ਕਮਜ਼ੋਰੀ, ਉਨੀਂਦਰਾ, ਦਿਲ ਦੀ ਧੜਕਣ ਦਾ ਵਧ ਜਾਣਾ, ਸਿਰਦਰਦ, ਅੱਖਾਂ ਦੀ ਤਕਲੀਫ਼, ਖੰਘ, ਚਮੜੀ ਰੋਗ, ਗੁਰਦੇ ਦੀ ਪ੍ਰੇਸ਼ਾਨੀ ਆਦਿ ਪੈਦਾ ਹੋ ਜਾਂਦੀ ਹੈ। ਰਸੋਈ ਵਿਚ ਸੜ ਰਿਹਾ ਕਚਰਾ ਵੀ ਘੱਟ ਖ਼ਤਰਨਾਕ ਨਹੀਂ ਹੁੰਦਾ। ਇਸ ਕਚਰੇ ਨਾਲ ਨਿਕਲਣ ਵਾਲੀ ਗੈਸ ਕਾਫ਼ੀ ਖ਼ਤਰਨਾਕ ਹੁੰਦੀ ਹੈ। ਇਸ ਲਈ ਘਰ ਵਿਚ ਕਚਰਾ ਸੜਨ ਨਾ ਦਿਓ।
ਖੋਜ ਕਰਤਾਵਾਂ ਦੇ ਅਨੁਸਾਰ ਰਸੋਈ ਦੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਉਸ ਵਿਚ ਰੋਸ਼ਨਦਾਨ ਅਤੇ ਐਗਜ਼ਾਸਟ ਫੈਨ ਲਗਾਓ ਤਾਂ ਕਿ ਅੰਦਰ ਦੀ ਹਵਾ ਬਾਹਰ ਅਤੇ ਬਾਹਰ ਦੀ ਹਵਾ ਅੰਦਰ ਆ ਸਕੇ। ਰਸੋਈ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖੋ। ਰਸੋਈ ਵਿਚ ਕਚਰਾ ਨਾ ਜੰਮਣ ਦਿਓ ਅਤੇ ਨਾ ਹੀ ਸੜਨ ਦਿਓ। ਰਸੋਈ ਦੀ ਸਫ਼ਾਈ ਕਰਦੇ ਸਮੇਂ ਨੱਕ-ਮੂੰਹ 'ਤੇ ਕੱਪੜਾ ਬੰਨ੍ਹੋ ਤਾਂ ਕਿ ਸਫ਼ਾਈ ਕਰਦੇ ਸਮੇਂ ਉੱਡਣ ਵਾਲੀ ਧੂੜ ਦੇ ਕਣ ਸਰੀਰ ਵਿਚ ਨਾ ਪਹੁੰਚ ਸਕਣ। ਰਸੋਈ ਵਿਚ ਰੱਖੇ ਟੀ. ਵੀ., ਟੇਪ ਰਿਕਾਰਡਰ, ਰੇਡੀਓ ਤੇਜ਼ ਆਵਾਜ਼ ਵਿਚ ਨਾ ਸੁਣੋ। ਜਦੋਂ ਵੀ ਮਕਾਨ ਬਣਵਾਓ, ਰਸੋਈਘਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਲੋੜੀਂਦੀ ਵਿਵਸਥਾ ਕਰੋ।

ਮੋਟਾਪਾ ਪੀੜਤਾਂ ਲਈ ਬੈਰਿਐਟ੍ਰਿਕ ਸਰਜਰੀ ਹੈ ਵਰਦਾਨ

ਮੋਟਾਪਾ ਅਤੇ ਮੋਟਾਪੇ ਨਾਲ ਸਬੰਧਤ ਬਿਮਾਰੀਆਂ ਮੌਤ ਦੇ ਕਾਰਨਾਂ ਵਿਚੋਂ ਕੈਂਸਰ ਤੋਂ ਬਾਅਦ ਦੂਜਾ ਸਥਾਨ ਰੱਖਦੀਆਂ ਹਨ। ਮੋਟਾਪਾ ਜਿਥੇ ਤੁਹਾਡੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੰਦਾ ਹੈ, ਉਥੇ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ, ਜਿਨ੍ਹਾਂ ਵਿਚੋਂ ਟਾਈਪ-2 ਸ਼ੂਗਰ, ਕੋਲੈਸਟ੍ਰੋਲ, ਘੁਰਾੜੇ, ਖੂਨ ਦਾ ਦਬਾਅ, ਸਲੀਪ ਐਪਨਿਆ, ਬਾਂਝਪਨ ਆਦਿ ਕੁਝ ਚਿੰਤਾਜਨਕ ਵਿਸ਼ੇ ਹਨ।
ਨਿੱਤ ਨਵੇਂ ਉਪਰਾਲੇ ਜਿਵੇਂ ਕਿ ਯੋਗਾ, ਕਸਰਤ, ਖੁਰਾਕ ਦੀ ਤਬਦੀਲੀ, ਜੀਵਨ ਸ਼ੈਲੀ ਵਿਚ ਬਦਲਾਅ ਆਦਿ ਤਰੀਕੇ ਅਸੀਂ ਪ੍ਰਿੰਟ, ਇਲੈਕਟ੍ਰੋਨਿਕ, ਸੋਸ਼ਲ ਮੀਡੀਆ ਅਤੇ ਵਿਸ਼ੇਸ਼ ਸਲਾਹਕਾਰਾਂ ਕੋਲੋਂ ਪ੍ਰਾਪਤ ਕਰਦੇ ਹਾਂ, ਜੋ ਕਿ ਲਾਭਦਾਇਕ ਹਨ ਪਰ ਬਤੌਰ ਬੈਰਿਐਟ੍ਰਿਕ (ਵੇਟ-ਲੌਸ) ਸਰਜਨ ਦੇ ਪੱਖ ਤੋਂ ਮੈਂ ਦੇਖਦਾ ਹਾਂ ਕਿ ਭਾਰ ਘਟਾਉਣ ਵਿਚ ਕਾਮਯਾਬੀ ਖੁਰਾਕ ਕੰਟਰੋਲ, ਕਸਰਤ ਨਾਲ ਕੇਵਲ ਕੁਝ ਫੀਸਦੀ ਲੋਕਾਂ ਵਿਚ ਹੀ ਸਫਲ ਹੁੰਦੀ ਹੈ।
ਬਹੁਤ ਸਾਰੇ ਲੋਕ ਜਦੋਂ ਖੁਰਾਕ ਕੰਟਰੋਲ ਅਤੇ ਕਸਰਤ ਛੱਡ ਦਿੰਦੇ ਹਨ ਤਾਂ ਘਟਿਆ ਹੋਇਆ ਭਾਰ ਫਿਰ ਵਧ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਕਈ ਵਾਰ ਆਪਣੀ ਉਮਰ, ਆਪਣੇ ਜੋੜਾਂ ਦੇ ਦਰਦ, ਸਾਹ, ਦਮਾ ਜਾਂ ਦਿਲ ਦੀ ਤਕਲੀਫ ਕਰਕੇ ਜ਼ਿਆਦਾ ਕਸਰਤ ਨਹੀਂ ਕਰ ਪਾਉਂਦੇ ਅਤੇ ਭਾਰ ਘਟਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਕਈ ਵਾਰ ਵਾਧੂ ਭਾਰ ਏਨਾ ਕੁ ਜ਼ਿਆਦਾ ਹੁੰਦਾ ਹੈ ਕਿ ਵਰਜਿਸ਼ ਅਤੇ ਖੁਰਾਕ ਕੰਟਰੋਲ ਨਾਲ ਨਹੀਂ ਘਟ ਸਕਦਾ।
ਮੋਟਾਪਾ ਪੀੜਤਾਂ ਲਈ ਬੈਰਿਐਟ੍ਰਿਕ ਸਰਜਰੀ ਵਰਦਾਨ ਹੈ। ਮੋਟਾਪੇ ਦੀ ਗਿਣਤੀ ਵਿਚ ਵਾਧੇ ਤੋਂ ਬਾਅਦ ਭਾਰਤ ਵਿਚ ਪਿਛਲੇ 13-14 ਸਾਲਾਂ ਤੋਂ ਬੈਰਿਐਟ੍ਰਿਕ ਸਰਜਰੀ ਕੀਤੀ ਜਾ ਰਹੀ ਹੈ। ਬੈਰਿਐਟ੍ਰਿਕ ਸਰਜਰੀ ਨਾਲ ਕੋਈ ਇਨਸਾਨ 20 ਕਿਲੋ, 100 ਕਿਲੋ ਜਾਂ ਇਸ ਤੋਂ ਜ਼ਿਆਦਾ ਵਾਧੂ ਭਾਰ ਵੀ ਘਟਾ ਸਕਦਾ ਹੈ ਅਤੇ ਹੋਰ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਜਿਵੇਂ ਟਾਈਪ-2 ਸ਼ੂਗਰ, ਕੋਲੈਸਟ੍ਰੋਲ, ਘੁਰਾੜੇ, ਖੂਨ ਦਾ ਦਬਾਅ, ਸਲੀਪ ਐਪਨਿਆ, ਬਾਂਝਪਨ ਤੋਂ ਵੀ ਨਿਜਾਤ ਪਾ ਲੈਂਦਾ ਹੈ।
ਮੋਟਾਪੇ ਤੋਂ ਪੀੜਤ ਇਕ ਮਰੀਜ਼ ਸੰਦੀਪ ਸੀ, ਜੋ ਕਿ ਜ਼ਿਆਦਾ ਭਾਰ ਹੋਣ ਕਾਰਨ ਅਸਾਨੀ ਨਾਲ ਕੰਮ ਨਹੀਂ ਕਰ ਸਕਦਾ ਸੀ। ਉਹ ਥੋੜ੍ਹਾ ਚੱਲਣ 'ਤੇ ਸਾਹੋ-ਸਾਹੀ ਹੋ ਜਾਂਦਾ ਸੀ, 35 ਸਾਲ ਵਿਚ ਉਸ ਦਾ 250 ਕਿਲੋ ਭਾਰ ਸੀ। ਬਿਮਾਰੀ ਤੋਂ ਕਾਫੀ ਪ੍ਰੇਸ਼ਾਨ ਰਹਿਣ ਤੋਂ ਬਾਅਦ ਸੰਦੀਪ ਨੇ ਇਸ ਹਸਪਤਾਲ ਤੋਂ ਬੈਰਿਐਟ੍ਰਿਕ ਸਰਜਰੀ ਕਰਵਾਈ। ਸਰਜਰੀ ਤੋਂ ਬਾਅਦ ਹੁਣ ਉਹ ਰੋਜ਼ਮਰਾ ਦੇ ਸਾਰੇ ਕੰਮ ਆਮ ਵਾਂਗ ਕਰ ਲੈਂਦਾ ਹੈ ਅਤੇ ਆਪਣੇ ਜੀਵਨ ਨੂੰ ਸੁਖਾਲਾ ਮਹਿਸੂਸ ਕਰ ਰਿਹਾ ਹੈ।


-ਡਾਇਰੈਕਟਰ, ਜੰਮੂ ਹਸਪਤਾਲ, ਜਲੰਧਰ।
www.jammuhospital.com

ਖਾਮੋਸ਼ ਕਾਤਲ ਹੁੰਦਾ ਹੈ ਉੱਚ ਖੂਨ ਦਬਾਅ

ਉੱਚ ਖੂਨ ਦਬਾਅ ਅੱਜ ਦੀ ਸਦੀ ਦਾ ਸਭ ਤੋਂ ਪ੍ਰਮੁੱਖ ਰੋਗ ਹੈ। ਇਸ ਬਿਮਾਰੀ ਦੀ ਇਕ ਇਹ ਖਾਸੀਅਤ ਹੈ ਕਿ ਇਹ ਵਧਣ 'ਤੇ ਆਪਣੇ ਆਉਣ ਦੀ ਆਹਟ ਤੱਕ ਨਹੀਂ ਦਿੰਦੀ। ਸ਼ੁਰੂ ਵਿਚ ਅਕਸਰ ਇਸ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਕੁਝ ਲੋਕ ਸਿਰਦਰਦ, ਚੱਕਰ, ਧੜਕਣ, ਥਕਾਨ ਅਤੇ ਖਿੰਨਤਾ ਦੀ ਸ਼ਿਕਾਇਤ ਕਰਦੇ ਹਨ ਪਰ ਇਹ ਪ੍ਰੇਸ਼ਾਨੀਆਂ ਏਨੀਆਂ ਆਮ ਹਨ ਕਿ ਇਨ੍ਹਾਂ ਨੂੰ ਖੂਨ ਦੇ ਦਬਾਅ ਨਾਲ ਸਿੱਧਾ ਜੋੜਨਾ ਮੁਨਾਸਿਬ ਨਹੀਂ ਹੁੰਦਾ।
ਬਹੁਤੇ ਲੋਕਾਂ ਵਿਚ ਖੂਨ ਦਾ ਦਬਾਅ ਵਧਣ ਦੀ ਸ਼ਿਕਾਇਤ ਅਚਾਨਕ ਹੀ ਹੁੰਦੀ ਹੈ। ਬਿਮਾਰ ਹੋਣ 'ਤੇ ਡਾਕਟਰ ਦੇ ਕੋਲ ਸਲਾਹ ਲਈ ਜਾਣ 'ਤੇ ਜਾਂ ਸਾਲਾਨਾ ਸਿਹਤ ਜਾਂਚ ਦੇ ਸਮੇਂ ਪਤਾ ਲਗਦਾ ਹੈ ਕਿ ਖੂਨ ਦਾ ਦਬਾਅ ਵਧਿਆ ਹੋਇਆ ਹੈ। ਕੁਝ ਲੋਕਾਂ ਨੂੰ ਇਸ ਦਾ ਪਤਾ ਉਦੋਂ ਲਗਦਾ ਹੈ ਜਦੋਂ ਬਿਮਾਰੀ ਉਗਰ ਹੋ ਚੁੱਕੀ ਹੁੰਦੀ ਹੈ। ਖੂਨ ਦਾ ਦਬਾਅ ਵਧਿਆ ਰਹਿਣ ਨਾਲ ਉਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਜਟਿਲਤਾਵਾਂ ਪੈਦਾ ਹੋ ਜਾਂਦੀਆਂ ਹਨ।
ਖੂਨ ਦਾ ਦਬਾਅ ਵਧਣ ਨਾਲ ਕਈ ਰੋਗੀਆਂ ਦੀ ਨਕਸੀਰ ਫੁੱਟ ਜਾਂਦੀ ਹੈ, ਕਈਆਂ ਦਾ ਸਾਹ ਫੁੱਲਣ ਲਗਦਾ ਹੈ, ਕਈਆਂ ਦੀ ਨਿਗ੍ਹਾ ਧੁੰਦਲੀ ਹੋ ਜਾਂਦੀ ਹੈ, ਕਈਆਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਕਈਆਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਕਈਆਂ ਨੂੰ ਅਧਰੰਗ ਤੱਕ ਹੋ ਜਾਂਦਾ ਹੈ, ਫਿਰ ਜਾ ਕੇ ਪਤਾ ਲਗਦਾ ਹੈ ਕਿ ਸਰੀਰ ਉੱਚ ਖੂਨ ਦਬਾਅ ਦੇ ਘੇਰੇ ਵਿਚ ਹੈ। ਇਸ ਲਈ ਇਸ ਰੋਗ ਨੂੰ ਚੁੱਪ ਕਾਤਲ ਦਾ ਦਰਜਾ ਰੋਗ ਮਾਹਿਰਾਂ ਦੁਆਰਾ ਦਿੱਤਾ ਗਿਆ ਹੈ।
ਖੂਨ ਦਾ ਦਬਾਅ ਵਧਣ ਦਾ ਸਭ ਤੋਂ ਵੱਡਾ ਖਮਿਆਜ਼ਾ ਦਿਲ ਨੂੰ ਭੁਗਤਣਾ ਪੈਂਦਾ ਹੈ। ਖੂਨ ਦਾ ਦਬਾਅ ਵਧਣ 'ਤੇ ਧਮਨੀਆਂ ਵਿਚ ਖੂਨ ਪੰਪ ਕਰਨ ਲਈ ਦਿਲ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਭਾਰ ਚੁੱਕਣ ਨਾਲ ਭੁਜਾਵਾਂ ਦੀਆਂ ਪੇਸ਼ੀਆਂ ਬਲਿਸ਼ਠ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਵਧੀਆਂ ਹੋਈਆਂ ਧਮਨੀਆਂ ਵਿਚ ਖੂਨ ਪੰਪ ਕਰਦੇ-ਕਰਦੇ ਦਿਲ ਦੀਆਂ ਪੇਸ਼ੀਆਂ ਵਿਚ ਵੀ ਅਤੀ ਵਾਧਾ ਪੈਦਾ ਹੋ ਜਾਂਦਾ ਹੈ ਪਰ ਬਲਿਸ਼ਠ ਹੋਣ ਨਾਲ ਜਿਥੇ ਭੁਜਾਵਾਂ ਦੀ ਤਾਕਤ ਵਧਦੀ ਹੈ, ਇਸ ਦੇ ਠੀਕ ਉਲਟ ਦਿਲ ਦੀਆਂ ਪੇਸ਼ੀਆਂ ਦੇ ਵਧਣ ਨਾਲ ਦਿਲ 'ਤੇ ਬੁਰਾ ਅਸਰ ਪੈਂਦਾ ਹੈ।
ਉਸ ਦੀ ਗੁਲੂਕੋਜ਼ ਅਤੇ ਆਕਸੀਜਨ ਦੀ ਮੰਗ ਵਧ ਜਾਂਦੀ ਹੈ ਪਰ ਕੋਰੋਨਰੀ ਧਮਨੀਆਂ ਉਹ ਮੰਗ ਪੂਰੀ ਨਹੀਂ ਕਰ ਸਕਦੀਆਂ, ਜਿਸ ਨਾਲ ਉੱਚ ਖੂਨ ਦਬਾਅ ਹੋਣ 'ਤੇ ਇੰਜ਼ਾਈਨਾ ਅਤੇ ਦਿਲ ਦਾ ਦੌਰਾ ਹੋਣ ਦਾ ਜੋਖਮ ਵਧ ਜਾਂਦਾ ਹੈ। ਕੁਝ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਦਿਲ ਥੱਕਣ ਲਗਦਾ ਹੈ ਅਤੇ ਉਸ ਦੀ ਖੂਨ ਪੰਪ ਕਰਨ ਦੀ ਸਮਰੱਥਾ ਘਟਣ ਲਗਦੀ ਹੈ। ਨਤੀਜੇ ਵਜੋਂ ਥੋੜ੍ਹੀ ਜਿਹੀ ਵੀ ਸਰੀਰਕ ਮਿਹਨਤ ਕਰਨ 'ਤੇ ਸਾਹ ਫੁੱਲਣ ਲਗਦੀ ਹੈ, ਦਿਲ ਫੇਲ੍ਹ ਹੋ ਸਕਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਮਾਤਰਾ ਵਧਣ ਨਾਲ ਜਾਨ ਤੱਕ ਜਾ ਸਕਦੀ ਹੈ।
ਬਹੁਤ ਜ਼ਿਆਦਾ ਦਾਬ ਦੇ ਕਾਰਨ ਧਮਨੀਆਂ ਦਾ ਲਚੀਲਾਪਨ ਖਤਮ ਹੋਣ ਲੱਗ ਜਾਂਦਾ ਹੈ ਅਤੇ ਉਹ ਪੱਥਰ ਵਾਂਗ ਸਖਤ ਹੋ ਜਾਂਦੀਆਂ ਹਨ। ਖੂਨ ਨੂੰ ਵਧਣ ਵਿਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਧਮਨੀਆਂ ਦੇ ਅੰਦਰ ਚਰਬੀ ਜੰਮਣ ਦੀ ਪ੍ਰਕਿਰਿਆ ਵੀ ਤੇਜ਼ ਹੋ ਜਾਂਦੀ ਹੈ। ਖੂਨ ਦਾ ਦਬਾਅ ਵਧਣ ਨਾਲ ਦਿਮਾਗ ਦੀਆਂ ਧਮਨੀਆਂ ਵਿਚ ਵੀ ਤਬਦੀਲੀ ਆਉਣ ਲਗਦੀ ਹੈ। ਉਨ੍ਹਾਂ ਵਿਚ ਛੋਟੇ-ਛੋਟੇ ਫਫੋਲੇ (ਇਨਿਊਰਿਜ਼ਮ) ਉੱਠ ਸਕਦੇ ਹਨ। ਪਲੇਟਲੇਟ ਕਣਾਂ ਦਾ ਥੱਕਾ ਬਣਨ ਅਤੇ ਕਿਸੇ ਦਿਮਾਗੀ ਧਮਨੀ ਵਿਚ ਫਸਣ ਨਾਲ ਦਿਮਾਗ ਦੇ ਕਿਸੇ ਹਿੱਸੇ ਦੀ ਖੂਨ ਦੀ ਪੂਰਤੀ ਅਚਾਨਕ ਕੱਟ ਸਕਦੀ ਹੈ।
ਕਦੇ-ਕਦੇ ਅਚਾਨਕ ਦਿਮਾਗ ਦੇ ਕਿਸੇ ਹਿੱਸੇ ਦੀ ਖੂਨ ਪੂਰਤੀ ਕੁਝ ਦੇਰ ਲਈ ਟੁੱਟ ਜਾਂਦੀ ਹੈ। ਇਸ ਨਾਲ ਕੁਝ ਮਿੰਟਾਂ ਲਈ ਦਿਸਣਾ ਬੰਦ ਹੋ ਜਾਂਦਾ ਹੈ, ਆਵਾਜ਼ ਨਹੀਂ ਨਿਕਲਦੀ, ਸਰੀਰ ਦਾ ਕੋਈ ਅੰਗ ਕੰਮ ਨਹੀਂ ਕਰਦਾ, ਬੇਹੋਸ਼ੀ ਆ ਜਾਂਦੀ ਹੈ ਅਤੇ ਅਧਰੰਗ ਵੀ ਹੋ ਸਕਦਾ ਹੈ। ਰੇਟਿਨਾ ਦੀ ਲਘੂ ਖੂਨ ਵਾਹਿਕਾਵਾਂ ਵੀ ਖੂਨ ਦੇ ਦਬਾਅ ਦੇ ਵਧੇ ਰਹਿਣ ਤੋਂ ਬਚ ਨਹੀਂ ਸਕਦੀਆਂ। ਸਮੇਂ ਦੇ ਨਾਲ ਉਨ੍ਹਾਂ ਵਿਚ ਅਨੇਕ ਮਾੜੇ ਬਦਲਾਅ ਆ ਜਾਂਦੇ ਹਨ। ਨਿਗ੍ਹਾ ਸਿਮਟ ਸਕਦੀ ਹੈ, ਧੁੰਦਲੀ ਹੋ ਸਕਦੀ ਹੈ, ਕਦੇ-ਕਦੇ ਦਿਸਣਾ ਵੀ ਬੰਦ ਹੋ ਜਾਂਦਾ ਹੈ।
ਖੂਨ ਦਾ ਦਬਾਅ ਵਧਣ ਨਾਲ ਗੁਰਦਿਆਂ 'ਤੇ ਵੀ ਬੁਰਾ ਅਸਰ ਪੈਂਦਾ ਹੈ। ਗੁਰਦਿਆਂ ਦੀ ਖੂਨ ਛਾਨਣ ਦੀ ਸ਼ਕਤੀ ਅਰਥਾਤ ਉਸ ਦੀਆਂ ਇਕਾਈਆਂ (ਗਲਾਮਿਊਰਲਾਈ), ਉਨ੍ਹਾਂ ਵੱਲ ਖੂਨ ਲਿਆਉਣ ਅਤੇ ਉਨ੍ਹਾਂ ਨਾਲ ਸਾਫ਼ ਹੋਇਆ ਖੂਨ ਲਿਜਾਣ ਵਾਲੀਆਂ ਧਮਨੀਆਂ 'ਤੇ ਗੰਭੀਰ ਅਸਰ ਪੈਂਦਾ ਹੈ। ਖੂਨ ਦੇ ਦਬਾਅ 'ਤੇ ਜੇ ਕਾਬੂ ਨਾ ਰੱਖਿਆ ਜਾਵੇ ਤਾਂ ਕੁਝ ਸਾਲ ਬਾਅਦ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਉੱਚ ਖੂਨ ਦਬਾਅ ਦੇ ਨਾਲ ਸ਼ੂਗਰ ਵੀ ਹੁੰਦੀ ਹੈ, ਉਨ੍ਹਾਂ ਵਿਚ ਗੁਰਦੇ ਦੇ ਠੱਪ ਹੋਣ ਦੀ ਦਰ ਚਾਰ ਗੁਣਾ ਜ਼ਿਆਦਾ ਵਧ ਜਾਂਦੀ ਹੈ।


-ਆਨੰਦ ਕੁਮਾਰ ਅਨੰਤ

ਸ਼ੂਗਰ ਅਤੇ ਕੋਲੈਸਟ੍ਰੋਲ ਵਿਚ ਲਾਭ ਪਹੁੰਚਾਉਂਦੀ ਹੈ ਮੇਥੀ

ਮੇਥੀ ਦੇ ਪੱਤਿਆਂ ਨੂੰ ਭਾਜੀ ਦੀ ਸ਼੍ਰੇਣੀ ਵਿਚ ਅਤੇ ਦਾਣਿਆਂ ਨੂੰ ਮਸਾਲੇ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਦਾ ਕਿਸੇ ਵੀ ਰੂਪ ਵਿਚ ਸੇਵਨ ਲਾਭ ਪਹੁੰਚਾਉਂਦਾ ਹੈ। ਇਹ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਹਾਲਤ ਵਿਚ ਲਾਭ ਪਹੁੰਚਾਉਂਦਾ ਹੈ। ਅਜਿਹੇ ਰੋਗੀ ਇਸ ਨੂੰ ਪਾਣੀ ਵਿਚ ਭਿਉਂ ਕੇ ਜਾਂ ਸਵੇਰੇ ਖਾਲੀ ਪੇਟ ਫੱਕਾ ਮਾਰ ਕੇ ਖਾਂਦੇ ਹਨ। ਇਹ ਸਬਜ਼ੀਆਂ ਵਿਚ ਸ਼ੌਕ ਲਗਾਉਣ 'ਤੇ ਖਾਣੇ ਦੀ ਗੈਸ ਬਣਨ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ। ਇਸ ਦਾ ਪਰਾਉਂਠਾ ਪੋਸ਼ਟਿਕ ਹੁੰਦਾ ਹੈ। ਇਹ ਉਪਾਪਚਯ ਨੂੰ ਕਾਬੂ ਰੱਖਦਾ ਹੈ। ਕਬਜ਼ ਦੂਰ ਕਰਦਾ ਹੈ। ਮੂਤਰ ਸੰਸਥਾਨ ਨੂੰ ਸਬਲ ਰੱਖਦਾ ਹੈ। ਇਹ ਖੂਨ ਸ਼ੋਧਕ ਹੈ। ਇਹ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
ਇਹ ਸੁੰਦਰਤਾ ਪ੍ਰਸਾਧਨਾਂ ਵਿਚ ਵੀ ਕੰਮ ਆਉਂਦਾ ਹੈ। ਇਸ ਦਾ ਪਾਊਡਰ ਨਾਰੀਅਲ ਤੇਲ ਵਿਚ ਪਾ ਕੇ ਵਾਲਾਂ ਵਿਚ ਲਗਾਇਆ ਜਾਂਦਾ ਹੈ। ਇਸ ਨਾਲ ਵਾਲ ਝੜਨ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਹ ਝੁਰੜੀਆਂ, ਕਿੱਲ-ਮੁਹਾਸੇ, ਚਮੜੀ ਦਾ ਸੁੱਕਾਪਨ ਦੂਰ ਕਰਦਾ ਹੈ। ਇਹ ਜੋੜਾਂ ਵਿਚ ਦਰਦ ਨੂੰ ਮਿਟਾਉਂਦਾ ਹੈ। ਇਹ ਪੇਟ ਦਰਦ ਦੂਰ ਕਰਦਾ ਹੈ। ਪ੍ਰਸੂਤਾ ਦੇ ਸਤਨ ਵਿਚ ਦੁੱਧ ਵਧਾਉਂਦਾ ਹੈ।

ਹਮੇਸ਼ਾ ਤੰਦਰੁਸਤ ਬਣੇ ਰਹਿਣ ਦੇ ਨੁਸਖੇ

ਭੱਜ-ਦੌੜ ਵਾਲੀ ਜ਼ਿੰਦਗੀ ਨੇ ਵਿਅਕਤੀ ਦੀ ਸਿਹਤ ਨੂੰ ਵੱਧ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਪਰ ਇਸ ਜ਼ਿੰਦਗੀ ਨੂੰ ਜਿਊਂਦੇ ਹੋਏ ਵੀ ਅਸੀਂ ਆਪਣੀ ਸਿਹਤ ਨੂੰ ਸਹੀ ਬਣਾਈ ਰੱਖਣ ਦੀ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ। 'ਸਿਹਤ ਹੀ ਧਨ ਹੈ' ਨੂੰ ਮੰਨਣੇ ਵਾਲੇ ਵਿਅਕਤੀ ਜ਼ਰੂਰ ਹੇਠ ਲਿਖੇ ਪ੍ਰਯੋਗਾਂ ਅਨੁਸਾਰ ਆਪਣੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਦੀ ਕੋਸ਼ਿਸ਼ ਕਰਨਗੇ। ਪੇਸ਼ ਹਨ ਕੁਝ ਰਾਮਬਾਣ ਨੁਸਖੇ-
* ਅੱਜਕਲ੍ਹ ਕਬਜ਼ ਹੋਣਾ ਆਮ ਸ਼ਿਕਾਇਤ ਹੈ। ਇਸੇ ਕਾਰਨ ਅੱਜ ਕਬਜ਼ ਨੂੰ ਮਹਾਰੋਗ ਮੰਨਿਆ ਗਿਆ ਹੈ। ਕਬਜ਼ ਹੀ ਅਨੇਕ ਰੋਗਾਂ ਦੀ ਜੜ੍ਹ ਹੈ। ਇਸ ਲਈ ਕਬਜ਼ ਹੁੰਦੇ ਹੀ ਸਭ ਤੋਂ ਪਹਿਲਾਂ ਉਸ ਨੂੰ ਦੂਰ ਕਰਨ ਦੇ ਭਰਸਕ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇਸ ਵਾਸਤੇ ਰਾਤ ਨੂੰ ਇਕ ਚਮਚ ਹਰੜ ਦਾ ਚੂਰਨ ਜਾਂ ਈਸਬਗੋਲ ਦੀ ਫੱਕੀ ਜਾਂ ਔਲੇ ਦਾ ਚੂਰਨ ਸ਼ਹਿਦ ਦੇ ਨਾਲ ਰੋਜ਼ਾਨਾ ਸੇਵਨ ਕਰੋ।
* ਰਾਤ ਨੂੰ ਇਕ ਤਾਂਬੇ ਦੇ ਭਾਂਡੇ ਵਿਚ ਪਾਣੀ ਭਰ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਬਾਸੀ ਮੂੰਹ ਪੀਣ ਨਾਲ ਪੇਟ ਚੰਗਾ ਰਹਿੰਦਾ ਹੈ। ਉੱਚ ਖੂਨ ਦਬਾਅ ਦੇ ਰੋਗੀਆਂ ਲਈ ਇਹ ਬਹੁਤ ਲਾਭਦਾਇਕ ਨੁਸਖਾ ਹੈ।
* ਸਵੇਰੇ ਉੱਠ ਕੇ ਮੰਜਨ ਕਰਨ ਤੋਂ ਬਾਅਦ ਅੱਧੇ ਨਿੰਬੂ ਦਾ ਰਸ ਕੋਸੇ ਪਾਣੀ ਵਿਚ ਪਾ ਕੇ ਪੀਂਦੇ ਰਹਿਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਚਾਹ ਦੀ ਆਦਤ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
* ਗਰਮੀ ਦੇ ਦਿਨਾਂ ਵਿਚ ਕਿਤੇ ਬਾਹਰੋਂ ਆਉਣ ਤੋਂ ਬਾਅਦ ਇਕ ਗਿਲਾਸ ਠੰਢੇ ਪਾਣੀ ਵਿਚ ਇਕ ਨਿੰਬੂ ਦਾ ਰਸ ਪਾ ਕੇ ਹਲਕਾ ਜਿਹਾ ਨਮਕ ਅਤੇ ਸ਼ੱਕਰ ਪਾ ਕੇ ਪੀਣ ਨਾਲ ਰਾਹਤ ਮਿਲਦੀ ਹੈ। ਘਰ ਤੋਂ ਬਾਹਰ ਨਿਕਲਦੇ ਸਮੇਂ ਇਸ ਨੂੰ ਪੀਣ ਨਾਲ ਲੂ ਲੱਗਣ ਦੀ ਸੰਭਾਵਨਾ ਨਹੀਂ ਰਹਿੰਦੀ ਹੈ।
* ਖਾਣਾ ਖਾਣ ਤੋਂ ਬਾਅਦ ਲੱਸੀ ਵਿਚ ਕਾਲਾ ਲੂਣ, ਜ਼ੀਰਾ, ਸੁੰਢ ਅਤੇ ਹਲਕੀ ਜਿਹੀ ਹਿੰਗ ਪਾ ਕੇ ਪੀਣ ਨਾਲ ਪਾਚਣ ਕਿਰਿਆ ਚੁਸਤ ਬਣੀ ਰਹਿੰਦੀ ਹੈ। ਲੱਸੀ ਵਿਚ ਸਿਰਫ ਅਜ਼ਵਾਇਣ ਦਾ ਚੂਰਨ ਪਾ ਕੇ ਖਾਣਾ ਖਾਣ ਤੋਂ ਬਾਅਦ ਪੀਣ ਨਾਲ ਬਵਾਸੀਰ ਵਿਚ ਲਾਭ ਹੁੰਦਾ ਹੈ।
* ਹਰ ਰੋਜ਼ ਸ਼ਾਮ ਨੂੰ ਭੋਜਨ ਤੋਂ ਬਾਅਦ ਜਾਂ ਰਾਤ ਨੂੰ ਸੌਣ ਲੱਗੇ ਔਲੇ ਦਾ ਚੂਰਨ ਸ਼ਹਿਦ ਜਾਂ ਪਾਣੀ ਦੇ ਨਾਲ ਲੈਂਦੇ ਰਹਿਣ ਨਾਲ ਕਬਜ਼ ਦੀ ਸ਼ਿਕਾਇਤ ਨਹੀਂ ਰਹਿੰਦੀ ਅਤੇ ਕਮਜ਼ੋਰੀ ਵੀ ਦੂਰ ਹੁੰਦੀ ਹੈ।
* ਭੋਜਨ ਤੋਂ ਬਾਅਦ ਅੱਧੀ ਕੱਚੀ ਅਤੇ ਅੱਧੀ ਭੁੰਨੀ ਹੋਈ ਸੌਂਫ ਚਬਾਉਣ ਨਾਲ ਪੁਰਾਣੀ ਪੇਚਿਸ਼ ਵਿਚ ਲਾਭ ਹੁੰਦਾ ਹੈ।
* ਹਰੀਆਂ ਸਬਜ਼ੀਆਂ ਦਾ ਜ਼ਿਆਦਾ ਪ੍ਰਯੋਗ ਕਰਨ ਨਾਲ ਅੰਦਰੂਨੀ ਸ਼ਕਤੀ ਦਾ ਵਿਕਾਸ ਹੁੰਦਾ ਹੈ ਅਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ।
* ਸਰਦੀ, ਖੰਘ ਅਤੇ ਜ਼ੁਕਾਮ ਤੋਂ ਬਚਣ ਲਈ ਤੁਲਸੀ ਦੇ ਪੱਤੇ, ਕਾਲੀ ਮਿਰਚ ਅਤੇ ਅਦਰਕ ਵਾਲੀ ਚਾਹ ਪੀਣੀ ਚਾਹੀਦੀ ਹੈ।
* ਪਾਨ ਮਸਾਲੇ ਦੀ ਵਰਤੋਂ ਨਾਲ ਮੂੰਹ ਦਾ ਕੈਂਸਰ ਵੀ ਹੋ ਸਕਦਾ ਹੈ। ਇਸ ਆਦਤ ਨੂੰ ਛੁਡਾਉਣ ਲਈ ਲੌਂਗ, ਇਲਾਇਚੀ, ਸੌਂਫ, ਛੁਹਾਰਾਯੁਕਤ ਮਸਾਲਾ ਬਣਾ ਕੇ ਵਰਤੋਂ ਕਰੋ।
* ਤੁਲਸੀ ਦੇ ਪੱਤਿਆਂ ਦੇ ਰਸ ਵਿਚ ਕਪੂਰ ਮਿਲਾ ਕੇ ਹਲਕਾ ਗਰਮ ਕਰਕੇ ਕੰਨ ਵਿਚ ਪਾਉਣ ਨਾਲ ਕੰਨ ਦਾ ਦਰਦ ਦੂਰ ਹੋ ਜਾਂਦਾ ਹੈ।
* ਗੁਲਾਬ ਦੇ ਅਰਕ ਵਿਚ ਗੁਲਾਬ ਦੇ ਪੱਤੇ ਅਤੇ ਧਨੀਆ ਪੀਸ ਕੇ ਰੋਜ਼ਾਨਾ ਇਕ ਚਮਚ ਸੇਵਨ ਕਰਨ ਨਾਲ ਦਿਲ ਦਾ ਦੌਰਾ ਨਹੀਂ ਪੈਂਦਾ।
* ਪ੍ਰੌੜ੍ਹ ਅਵਸਥਾ ਤੋਂ ਹੀ ਹਰ ਰੋਜ਼ ਹਰੜ ਲੈਂਦੇ ਰਹਿਣ ਅਤੇ ਔਲੇ ਦਾ ਸੇਵਨ ਕਰਦੇ ਰਹਿਣ ਨਾਲ ਬੁਢਾਪਾ ਨਹੀਂ ਸਤਾਉਂਦਾ।
* ਰੋਜ਼ਾਨਾ ਇਕ ਵਾਰ ਸ਼ੁੱਧ ਘਿਓ ਦੀਆਂ ਬੂੰਦਾਂ ਨੱਕ ਰਾਹੀਂ ਖਿੱਚਣ ਜਾਂ ਟਪਕਾਉਣ ਨਾਲ ਦਿਲ ਨੂੰ ਤਾਕਤ ਮਿਲਦੀ ਹੈ ਅਤੇ ਫੇਫੜਿਆਂ ਦੀ ਕਾਰਜਕੁਸ਼ਲਤਾ ਠੀਕ ਰਹਿੰਦੀ ਹੈ ਅਤੇ ਦਿਮਾਗ ਤਰੋਤਾਜ਼ਾ ਬਣਿਆ ਰਹਿੰਦਾ ਹੈ।

ਸਿਹਤ ਖ਼ਬਰਨਾਮਾ

ਤੁਸੀਂ ਵੀ ਪਾ ਸਕਦੇ ਹੋ ਤੇਜ਼ ਦਿਮਾਗ

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਤੁਸੀਂ ਆਪਣੇ ਦਿਮਾਗ ਦੀ ਕਾਰਜ ਸਮਰੱਥਾ ਨੂੰ ਤੇਜ਼ ਕਰ ਸਕਦੇ ਹੋ। ਵੈਸੇ ਤਾਂ ਇਹੀ ਮੰਨਿਆ ਜਾਂਦਾ ਹੈ ਕਿ ਹਰ ਵਿਅਕਤੀ ਜਨਮ ਤੋਂ ਹੀ ਤੇਜ਼ ਦਿਮਾਗ ਜਾਂ ਘੱਟ ਦਿਮਾਗ ਦਾ ਹੁੰਦਾ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਦਿਮਾਗ ਨੂੰ ਤੇਜ਼ ਕਰ ਸਕਦੇ ਹਾਂ, ਕੁਝ ਉਪਾਅ ਅਪਣਾ ਕੇ। ਅਸੀਂ ਜਾਣਦੇ ਹਾਂ ਕਿ ਦਿਮਾਗ ਦਾ ਭਾਰ ਸਾਡੇ ਸਰੀਰ ਦੇ ਭਾਰ ਦਾ 2 ਫੀਸਦੀ ਨਾਲੋਂ ਵੀ ਘੱਟ ਹੁੰਦਾ ਹੈ ਪਰ ਦਿਮਾਗ ਨੂੰ ਆਕਸੀਜਨ ਅਤੇ ਗਲੂਕੋਜ਼ ਦੀ ਲੋੜ ਜ਼ਿਆਦਾ ਹੁੰਦੀ ਹੈ। ਦਿਮਾਗ ਦੀ ਕਾਰਜ ਸਮਰੱਥਾ ਦੇ ਵਾਧੇ ਲਈ ਸਭ ਤੋਂ ਜ਼ਰੂਰੀ ਹੈ ਵਿਟਾਮਿਨ ਅਤੇ ਖਣਿਜ। ਤੰਦਰੁਸਤ ਦਿਮਾਗ ਵਿਚ ਐਂਟੀ-ਆਕਸੀਡੈਂਟ ਵਰਗੇ ਫੈਟੀ ਐਸਿਡ ਅਤੇ ਅਮੀਨੋ ਐਸਿਡ ਦਾ ਪੱਧਰ ਜ਼ਿਆਦਾ ਪਾਇਆ ਗਿਆ ਹੈ। ਚਰਬੀ ਵਾਲੇ ਭੋਜਨ ਦਾ ਸੇਵਨ ਘੱਟ ਕਰੋ, ਕਿਉਂਕਿ ਇਹ ਦਿਮਾਗ ਖੂਨ ਵਹਿਣੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਿਮਾਗ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਮੁਕਤ ਰੈਡੀਕਲ ਅਤੇ ਐਂਟੀਆਕਸੀਡੈਂਟ ਇਨ੍ਹਾਂ ਮੁਕਤ ਰੈਡੀਕਲਸ ਨੂੰ ਨਸ਼ਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਇਨ੍ਹਾਂ ਤੋਂ ਸੁਰੱਖਿਆ ਲਈ ਫਲਾਂ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ ਅਤੇ ਵਿਟਾਮਿਨ ਯੁਕਤ ਭੋਜਨ ਦਾ ਸੇਵਨ ਕਰੋ।
ਜ਼ੁਕਾਮ ਤੋਂ ਬਚਾਉਂਦਾ ਹੈ ਟਮਾਟਰ ਦਾ ਸੂਪ

ਟਮਾਟਰ ਸਬਜ਼ੀ ਦੀ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ ਪਰ ਇਹ ਰਸੀਲਾ ਫਲ ਹਲਕਾ ਖੱਟਾ-ਮਿੱਠਾ ਹੁੰਦਾ ਹੈ। ਇਸ ਵਿਚ ਵਿਟਾਮਿਨ 'ਸੀ' ਹੈ। ਇਹ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ। ਚਿਹਰੇ 'ਤੇ ਲਾਲੀ ਲਿਆਉਂਦਾ ਹੈ। ਇਹ ਗਲੇ ਦੇ ਹੇਠਾਂ ਜਾ ਕੇ ਖਾਰ ਵਿਚ ਬਦਲ ਜਾਂਦਾ ਹੈ। ਇਹ ਸਬਜ਼ੀ, ਚਟਣੀ, ਸਲਾਦ, ਜੂਸ, ਸੂਪ, ਸ਼ਰਬਤ, ਸਭ ਬਣਾ ਕੇ ਵਰਤਿਆ ਜਾਂਦਾ ਹੈ। ਇਹ ਪ੍ਰੋਸੈਸਡ ਬੋਤਲਬੰਦ ਰੂਪ ਵਿਚ ਵੀ ਮਿਲਦਾ ਹੈ ਪਰ ਹਾਈਬ੍ਰਿਡ ਦੇ ਚਲਦੇ ਇਹ ਮੌਸਮੀ ਨਾ ਰਹਿ ਕੇ ਸਦਾਬਹਾਰ ਹੋ ਗਿਆ ਹੈ। ਇਹ ਸਵਾਦੀ ਅਤੇ ਪਾਚਕ ਹੁੰਦਾ ਹੈ ਅਤੇ ਔਸ਼ਧੀ ਗੁਣ ਧਰਮ ਦਾ ਹੈ। ਜੀਅ ਮਿਚਲਾਉਣ, ਡਕਾਰ ਆਉਣ, ਪੇਟ ਫੁੱਲਣ, ਮੂੰਹ ਦੇ ਛਾਲੇ ਅਤੇ ਮਸੂੜਿਆਂ ਵਿਚ ਦਰਦ ਦੀ ਸਥਿਤੀ ਵਿਚ ਟਮਾਟਰ, ਅਦਰਕ, ਕਾਲੀ ਮਿਰਚ ਅਤੇ ਕਾਲੇ ਲੂਣ ਨਾਲ ਬਣਿਆ ਸੂਪ ਦਵਾਈ ਦਾ ਕੰਮ ਕਰਦਾ ਹੈ। ਇਸ ਦੇ ਗਰਮ-ਗਰਮ ਸੂਪ ਨਾਲ ਸਰਦੀ, ਜ਼ੁਕਾਮ ਦੂਰ ਹੋ ਜਾਂਦਾ ਹੈ। ਇਹ ਚੁਸਤੀ ਲਿਆਉਂਦਾ ਹੈ, ਅਤਿਸਾਰ, ਮੋਟਾਪਾ ਅਤੇ ਖੂਨ ਦੀ ਕਮੀ ਦੂਰ ਕਰਦਾ ਹੈ। ਸ਼ੂਗਰ ਦੀ ਸਥਿਤੀ ਵਿਚ ਇਹ ਦਵਾਈ ਹੈ।

ਨਾਚ ਦੁਆਰਾ ਸਰਦੀ ਭਜਾਓ, ਚੁਸਤੀ ਅਤੇ ਊਰਜਾ ਪਾਓ

ਉਹ ਸੌਂ ਕੇ ਉੱਠੀ ਹੀ ਸੀ ਕਿ ਉਸ ਨੂੰ ਬੜੇ ਜ਼ੋਰਾਂ ਦੀ ਸਰਦੀ ਸਤਾਉਣ ਲੱਗੀ। ਸਰਦੀ ਦਾ ਮੌਸਮ ਜਿਉ ਸੀ। ਘਰ ਦਾ ਕੋਈ ਵੀ ਕੰਮ ਕਰਨ ਦਾ ਉਸ ਦਾ ਮਨ ਨਹੀਂ ਸੀ।
ਫਿਰ ਉਸ ਨੇ ਆਪਣੇ ਹੀ ਟੀ. ਵੀ. 'ਤੇ ਆਪਣੇ ਮਨਪਸੰਦ ਗਾਣੇ ਨੂੰ ਸੁਣਿਆ। ਫਿਰ ਕੀ ਸੀ? ਉਹ ਗਾਣੇ ਦੀ ਧੁਨ 'ਤੇ ਪਹਿਲਾਂ ਤਾਂ ਆਪਣੇ ਹੱਥ-ਪੈਰ ਹਿਲਾਉਣ ਲੱਗੀ। ਫਿਰ ਉਸ ਨੇ ਘੱਟ ਤੋਂ ਘੱਟ 10 ਮਿੰਟ ਲਗਾਤਾਰ ਨਾਚ ਕੀਤਾ। ਉਸ ਦੇ ਨਾਚ ਨੇ ਕੀ ਕਮਾਲ ਦਿਖਾਇਆ ਅਤੇ ਉਸ ਨੇ ਕਿੰਨਾ ਵਧੀਆ ਮਹਿਸੂਸ ਕੀਤਾ, ਜਾਣੋ ਤਾਂ ਸਹੀ।
ਜਿਥੇ ਉਸ ਨੂੰ ਕੁਝ ਦੇਰ ਪਹਿਲਾਂ ਠੰਢ ਲੱਗ ਰਹੀ ਸੀ, ਉਥੇ ਹੁਣ ਉਸ ਨੂੰ ਗਰਮੀ ਲੱਗ ਰਹੀ ਸੀ। ਉਸ ਦੇ ਸਰੀਰ ਵਿਚ ਊਰਜਾ ਜਿਉ ਆ ਗਈ ਸੀ। ਉਹ ਆਪਣੇ-ਆਪ ਨੂੰ ਚੁਸਤ ਅਤੇ ਫੁਰਤੀਲਾ ਮਹਿਸੂਸ ਕਰ ਰਹੀ ਸੀ।
ਜਿਥੇ ਪਹਿਲਾਂ ਉਹ ਆਲਸੀ ਬਣੀ ਹੋਈ ਸੀ, ਉਥੇ ਹੁਣ ਉਹ ਆਪਣੇ-ਆਪ ਨੂੰ ਤਰੋਤਾਜ਼ਾ ਮਹਿਸੂਸ ਕਰ ਰਹੀ ਸੀ। ਮਨ ਹੀ ਮਨ ਖੁਸ਼ ਹੋ ਰਹੀ ਸੀ। ਜਿਥੇ ਉਹ ਹੁਣੇ ਕੰਮ ਤੋਂ ਮਨ ਚੁਰਾ ਰਹੀ ਸੀ, ਉਥੇ ਫਟਾਫਟ ਗਾਣਾ ਗੁਣਗੁਣਾਉਂਦੇ ਹੋਏ ਸਾਰਾ ਘਰ ਦਾ ਕੰਮ ਕਰ ਲਿਆ। ਤੁਸੀਂ ਮੰਨੋਗੇ ਨਹੀਂ, ਉਸ ਦਾ ਸਾਰਾ ਦਿਨ ਚੰਗਾ ਤਾਂ ਬੀਤਿਆ ਹੀ, ਸਗੋਂ ਉਸ ਦਿਨ ਉਸ ਨੇ ਬਹੁਤ ਸਾਰੇ ਹੋਰ ਕੰਮ ਵੀ ਨਿਪਟਾਏ।
ਦੇਖਿਆ ਤੁਸੀਂ 5-7 ਮਿੰਟ ਦੇ ਗਾਣੇ ਦਾ ਕਮਾਲ? ਤਾਂ ਫਿਰ ਦੇਰ ਕਿਸ ਗੱਲ ਦੀ? ਤੁਸੀਂ ਵੀ ਸ਼ੁਰੂ ਹੋ ਜਾਓ। ਰੇਡੀਓ, ਟੀ. ਵੀ., ਡੈੱਕ ਤਾਂ ਅੱਜਕਲ੍ਹ ਹਰ ਘਰ ਵਿਚ ਉਪਲਬਧ ਹੁੰਦੇ ਹਨ।
ਜ਼ਰੂਰੀ ਨਹੀਂ ਕਿ ਨਾਚ ਹੀ ਕੀਤਾ ਜਾਵੇ। ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ। ਧੁਨ ਦੇ ਅਨੁਸਾਰ ਹੀ ਆਪਣੇ ਸਰੀਰ ਦੇ ਹਰ ਅੰਗ ਨੂੰ ਹਿਲਾਇਆ ਜਾਵੇ। ਜੇਕਰ ਇਹ ਸ਼ੁੱਭ ਕੰਮ ਸਵੇਰੇ ਕੀਤਾ ਜਾਵੇ ਤਾਂ ਸਭ ਤੋਂ ਵਧੀਆ ਨਹੀਂ ਤਾਂ ਕੋਈ ਗੱਲ ਨਹੀਂ। ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਸ਼ੁਰੂ ਹੋ ਜਾਓ।
ਨਾਚ ਕਰਨ ਨਾਲ ਹਰ ਅੰਗ ਦੀ ਕਸਰਤ ਹੁੰਦੀ ਹੈ। ਨਾਚ ਦਾ ਨਾਚ, ਕਸਰਤ ਦੀ ਕਸਰਤ, ਸਰੀਰ ਵਿਚ ਊਰਜਾ ਦਾ ਵਿਕਾਸ ਅਤੇ ਕਮਾਲ ਦੀ ਚੁਸਤੀ-ਫੁਰਤੀ।
**

ਯੋਗ ਦੁਆਰਾ ਸ਼ੂਗਰ ਦਾ ਇਲਾਜ

aਵਰਤਮਾਨ ਸਮੇਂ ਵਿਚ ਸ਼ੂਗਰ ਦਾ ਪ੍ਰਕੋਪ ਬਹੁਤ ਤੇਜ਼ੀ ਨਾਲ ਵੱਡੀ ਗਿਣਤੀ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਬੰਨ੍ਹਦਾ ਜਾ ਰਿਹਾ ਹੈ। ਇਹ ਇਕ ਅਜਿਹੀ ਸਮੱਸਿਆ ਬਣ ਗਈ ਹੈ ਜਿਸ ਦਾ ਅੰਸ਼ਕ ਹੱਲ ਕਰਨਾ ਵੀ ਸੰਭਵ ਨਹੀਂ ਹੋ ਰਿਹਾ। ਨਿਯਮਤ ਰੂਪ ਨਾਲ ਦਵਾਈਆਂ ਦਾ ਸੇਵਨ ਕਰਨਾ ਅਤੇ ਖ਼ੂਨ ਸ਼ਰਕਰਾ ਦੀ ਜਾਂਚ ਕਰਾਉਂਦੇ ਰਹਿਣਾ ਸ਼ੂਗਰ ਰੋਗ ਤੋਂ ਪੀੜਤ ਰੋਗੀਆਂ ਦੀ ਨੀਤੀ ਜਿਹੀ ਬਣ ਚੁੱਕੀ ਹੈ।
ਸ਼ੂਗਰ ਦਾ ਪ੍ਰਕੋਪ ਅਚਾਨਕ ਨਾ ਹੋ ਕੇ ਹੌਲੀ-ਹੌਲੀ ਹੁੰਦਾ ਹੈ। ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਮਧੂਮੇਹ ਅਤੇ ਮੂਤਰਮੇਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮੂਤਰ ਦੇ ਨਾਲ ਸ਼ੱਕਰ ਨਿਕਲਣ ਦੀ ਸਥਿਤੀ ਵਿਚ ਇਹ ਮਧੂਮੇਹ ਕਹਾਉਂਦਾ ਹੈ ਅਤੇ ਬਹੁਤ ਜ਼ਿਆਦਾ ਮੂਤਰ ਹੋਣ ਦੀ ਦਸ਼ਾ ਵਿਚ ਇਸ ਨੂੰ ਮੂਤਰਮੇਹ ਕਿਹਾ ਜਾਂਦਾ ਹੈ।
ਇਹ ਰੋਗ ਹੋਣ 'ਤੇ ਕਬਜ਼, ਸਿਰਦਰਦ, ਭੁੱਖ-ਪਿਆਸ ਦੀ ਬਹੁਤਾਤ, ਪਿਸ਼ਾਬ ਦਾ ਵਾਰ-ਵਾਰ ਆਉਣਾ, ਚਮੜੀ ਦਾ ਖੁਸ਼ਕ ਅਤੇ ਖੁਰਦਰਾ ਹੋਣਾ, ਜ਼ਖਮ ਦਾ ਦੇਰ ਨਾਲ ਭਰਨਾ, ਹੱਥਾਂ-ਪੈਰਾਂ ਦਾ ਸੁੰਨ ਹੋ ਜਾਣਾ, ਘਬਰਾਹਟ, ਬੇਹੋਸ਼ੀ, ਉਨੀਂਦਰਾ, ਮਾਨਸਿਕ ਅਸੰਤੁਲਨ ਆਦਿ ਦੀਆਂ ਸਥਿਤੀਆਂ ਪ੍ਰਗਟ ਹੋਣ ਲਗਦੀਆਂ ਹਨ। ਰੋਗ ਦੇ ਜ਼ਿਆਦਾ ਵਧ ਜਾਣ 'ਤੇ ਸਰੀਰਕ ਸ਼ਕਤੀ ਵਿਚ ਕਮੀ, ਜੋੜਾਂ ਵਿਚ ਦਰਦ, ਨਜ਼ਰ ਕਮਜ਼ੋਰ ਹੋਣਾ, ਪਿੱਠ ਵਿਚ ਫੋੜੇ ਆਦਿ ਦਾ ਹੋਣਾ ਪਹਿਲੇ ਸੰਕੇਤ ਹੁੰਦੇ ਹਨ।
ਇਸ ਰੋਗ ਵਿਚ ਇੰਸੁਲਿਨ ਦੀ ਕਮੀ ਵਿਚ ਹਾਰਮੋਨਾਂ ਦੀ ਕਮੀ ਅਤੇ ਪਾਚਕ ਰਸ ਦੀ ਕਮੀ ਵਿਚ ਪਾਚਣ ਪ੍ਰਣਾਲੀ ਭੰਗ ਹੋ ਜਾਂਦੀ ਹੈ। ਮਾਨਸਿਕ ਤਣਾਅ ਦੇ ਕਾਰਨ ਪੈਂਕ੍ਰਿਆਜ਼ ਕੰਮ ਕਰਨਾ ਬੰਦ ਕਰ ਦਿੰਦੀ ਹੈ। ਫਲਸਰੂਪ ਬੀਟਾ ਸੈੱਲ ਜੋ ਇੰਸੁਲਿਨ ਪੈਦਾ ਕਰਦਾ ਹੈ, ਉਸ ਬੀਟਾ ਸੈੱਲ ਦੀ ਮਾਤਰਾ ਘੱਟ ਹੁੰਦੀ ਚਲੀ ਜਾਂਦੀ ਹੈ। ਇਸ ਕਾਰਨ ਖ਼ੂਨ ਵਿਚ ਚੀਨੀ ਦੀ ਮਾਤਰਾ ਵਧ ਜਾਂਦੀ ਹੈ ਅਤੇ ਇਹੀ ਵਾਧਾ ਸ਼ੂਗਰ ਰੋਗ ਬਣ ਕੇ ਸਰੀਰ ਨੂੰ ਹਰ ਤਰ੍ਹਾਂ ਨਾਲ ਦੁਰਬਲ ਬਣਾ ਸਕਦਾ ਹੈ।
ਯੋਗਦਰਸ਼ਨ ਇਕੋ-ਇਕ ਅਜਿਹਾ ਬਦਲ ਹੈ ਜੋ ਸਰੀਰ ਅਤੇ ਮਨ ਦੋਵਾਂ ਨੂੰ ਹੀ ਹਰ ਪੱਖੋਂ ਮਲ ਰਹਿਤ ਕਰਕੇ ਰੋਗ ਮੁਕਤੀ ਦਾ ਲਾਭ ਦਿੰਦਾ ਹੈ। ਯੋਗ ਕੁਦਰਤੀ ਜੀਵਨਸ਼ੈਲੀ 'ਤੇ ਆਧਾਰਿਤ ਹੁੰਦਾ ਹੈ ਜੋ ਆਤਮਗਿਆਨ ਨਾਲ ਤੰਦਰੁਸਤ ਤੇ ਲੰਮੀ ਜ਼ਿੰਦਗੀ ਜਿਉਣ ਦਾ ਮਾਰਗ ਦਰਸ਼ਨ ਕਰਦਾ ਹੈ। ਇਸ ਕਿਰਿਆ ਨਾਲ ਰੋਗੀ ਦੇ ਸਾਰੇ ਸਰੀਰਕ ਵਿਕਾਰ ਸ਼ੁੱਧ ਹੋ ਜਾਂਦੇ ਹਨ ਅਤੇ ਸ਼ੂਗਰ ਤੋਂ ਛੁਟਕਾਰਾ ਪਾਉਣ ਦੀ ਸੰਭਾਵਨਾ ਜ਼ਿਆਦਾ ਬਣ ਜਾਂਦੀ ਹੈ।
ਸਿੱਧ ਆਸਣ, ਸ਼ੀਰਸ਼ ਆਸਣ, ਸਰਵਾਂਗ ਆਸਣ, ਮਤਸਯ ਆਸਣ, ਅਰਧਮਤਸਏਂਦਰ ਆਸਣ, ਹਲ ਆਸਣ, ਚੱਕਰ ਆਸਣ ਅਤੇ ਮਿਊਰ ਆਸਣਾਂ ਦਾ ਅਭਿਆਸ ਸ਼ੂਗਰ ਦੇ ਰੋਗੀਆਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ।
ਯੋਗ ਅਭਿਆਸ ਦੇ ਨਾਲ-ਨਾਲ ਵਰਤ ਵੀ ਸ਼ੂਗਰ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਇਕ ਹੁੰਦਾ ਹੈ। ਵਰਤ ਦੇ ਸਮੇਂ ਖੱਟੇ ਫਲਾਂ ਦਾ ਰਸ, ਲੱਸੀ ਅਤੇ ਨਾਰੀਅਲ ਦਾ ਪਾਣੀ ਪੀਂਦੇ ਰਹਿਣੇ ਚਾਹੀਦਾ ਹੈ। ਆਹਾਰ ਸਿਧਾਂਤ ਦੇ ਅਨੁਸਾਰ ਰੋਗੀ ਨੂੰ ਕਾਰਬੋਹਾਈਡ੍ਰੇਟ ਦੀ ਮਾਤਰਾ ਨੂੰ ਘਟਾ ਕੇ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ।
ਬਹੁਤ ਜ਼ਿਆਦਾ ਮੋਟਾਪਾ ਅਤੇ ਸ਼ੂਗਰ ਦਾ ਗੂੜ੍ਹਾ ਸਬੰਧ ਹੁੰਦਾ ਹੈ। ਮੋਟਾਪੇ 'ਤੇ ਕਾਬੂ ਪਾਉਣ ਲਈ ਜ਼ਰੂਰੀ ਉਪਾਵਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ। ਇਸ ਵਾਸਤੇ ਮੰਡੂਕ ਆਸਣ, ਪੱਛਮੋਤਾਨ ਆਸਣ, ਮਿਊਰ ਆਸਣ, ਸੁਪਤ ਵਜਰ ਆਸਣ, ਧਨੁਰ ਆਸਣ ਅਤੇ ਅਰਧਮਤਸਏਂਦਰ ਆਸਣ ਦਾ ਅਭਿਆਸ ਉਪਯੋਗੀ ਸਿੱਧ ਹੁੰਦਾ ਹੈ।
ਸਵੇਰੇ ਖਾਲੀ ਪੇਟ ਔਲੇ ਦਾ ਪਾਣੀ ਜਾਂ ਰਸ ਅੱਧਾ ਗਿਲਾਸ ਪੀਣਾ, ਦਿਨ ਵਿਚ ਚਾਰ ਵਾਰ ਨਿੰਬੂ ਪਾਣੀ ਪੀਣਾ, ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ 250 ਗ੍ਰਾਮ ਕਰੇਲੇ ਦੇ ਰਸ ਵਿਚ 500 ਗ੍ਰਾਮ ਪਾਣੀ ਮਿਲਾ ਕੇ ਖੂਬ ਉਬਾਲ ਲਓ। ਜਦੋਂ ਪਾਣੀ 50 ਗ੍ਰਾਮ ਬਚ ਜਾਵੇ ਤਾਂ ਉਸ ਨੂੰ ਪੀਣਾ ਚਾਹੀਦਾ ਹੈ। ਦਹੀਂ ਅਤੇ ਮੇਥੀ ਦਾ ਸੇਵਨ ਲਾਭਦਾਇਕ ਹੁੰਦਾ ਹੈ। ਘਿਓ, ਖਟਿਆਈ, ਮਿਰਚ ਆਦਿ ਦੇ ਨਾਲ ਜ਼ਿਆਦਾ ਮਿੱਠੇ ਪਦਾਰਥਾਂ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ।
ਸ਼ੂਗਰ ਦੇ ਨਾਲ ਹੀ ਜੇਕਰ ਉੱਚ ਖੂਨ ਦਬਾਅ (ਹਾਈ ਬਲੱਡ ਪ੍ਰੈਸ਼ਰ) ਦੀ ਸ਼ਿਕਾਇਤ ਵੀ ਹੋਵੇ ਤਾਂ ਰੋਗੀ ਨੂੰ ਵਜਰ ਆਸਣ, ਸਿੱਧ ਆਸਣ, ਪਦਮ ਆਸਣ, ਮਤਸਯ ਆਸਣ ਅਤੇ ਸ਼ਵ ਆਸਣ ਦਾ ਵੀ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਮੋਟਾਪੇ 'ਤੇ ਛੇਤੀ ਕਾਬੂ ਪਾਇਆ ਜਾ ਸਕੇ।

ਦਿਲ ਦੇ ਦੌਰੇ ਤੋਂ ਬਚਾਅ ਲਈ ਕੁਝ ਨੁਸਖ਼ੇ

* ਚਰਬੀ ਵਾਲੇ ਭੋਜਨ ਦਾ ਸੇਵਨ ਘੱਟ ਕਰੋ।
* ਤੇਲਾਂ ਵਿਚ ਮੂੰਗਫਲੀ, ਸਰ੍ਹੋਂ ਦੀ ਵਰਤੋਂ ਕਰੋ। ਨਾਰੀਅਲ ਦੇ ਤੇਲ ਵਿਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਖਾਣੇ ਵਿਚ ਇਸ ਦੀ ਵਰਤੋਂ ਨਾ ਕਰੋ।
* ਹਰੀਆਂ ਸਬਜ਼ੀਆਂ, ਫਲ ਜ਼ਿਆਦਾ ਖਾਓ, ਕਿਉਂਕਿ ਇਨ੍ਹਾਂ ਵਿਚ ਵਿਟਾਮਿਨਜ਼ ਅਤੇ ਖਣਿਜ ਪਦਾਰਥ ਪਾਏ ਜਾਂਦੇ ਹਨ।
* ਆਂਡੇ ਵਿਚ ਚਰਬੀ ਜ਼ਿਆਦਾ ਹੁੰਦੀ ਹੈ, ਇਸ ਲਈ ਆਂਡੇ ਨਾ ਖਾਓ ਤਾਂ ਚੰਗਾ ਹੈ।
* ਮਟਨ ਨਾ ਖਾਓ। ਜੇ ਖਾਣਾ ਹੀ ਹੈ ਤਾਂ ਚਿਕਨ ਜਾਂ ਮੱਛੀ ਖਾਓ। ਮੱਛੀ ਖੂਨ ਵਿਚ ਕੋਲੈਸਟ੍ਰੋਲ ਘੱਟ ਕਰਦੀ ਹੈ।
* ਦੁੱਧ ਜ਼ਰੂਰ ਪੀਓ ਪਰ ਮਲਾਈ ਉਤਾਰ ਕੇ।
* ਲੱਸੀ ਦਾ ਸੇਵਨ ਲਾਭਦਾਇਕ ਹੈ।
* ਚੌਲਾਂ ਦੀ ਵਰਤੋਂ ਘੱਟ ਕਰੋ।
* ਪਾਣੀ ਜ਼ਿਆਦਾ ਮਾਤਰਾ ਵਿਚ ਪੀਓ।
* ਮੋਟਾਪਾ ਆਪਣੇ ਨੇੜੇ ਨਾ ਆਉਣ ਦਿਓ। ਪਤਲੇ ਬਣੇ ਰਹਿਣ ਦੀ ਕੋਸ਼ਿਸ਼ ਕਰੋ। ਇਸ ਵਾਸਤੇ ਸਵੇਰੇ-ਸ਼ਾਮ ਦੀ ਸੈਰ ਦੇ ਨਾਲ ਹੀ ਕਸਰਤ ਵੀ ਕਰ ਸਕਦੇ ਹੋ।
ਇਸ ਤੋਂ ਇਲਾਵਾ ਭੋਜਨ ਦੀ ਜੋ ਵੀ ਮਾਤਰਾ ਤੁਸੀਂ ਹੁਣ ਤੱਕ ਲੈਂਦੇ ਆਏ ਹੋ, ਉਸ ਵਿਚ ਕਮੀ ਕਰੋ।


-ਵਿਜਯਾ ਮਿਸ਼ਰਾ

ਜੋੜਾਂ ਵਿਚ ਦਰਦ : ਕਸਰਤ ਨਾਲ ਆਰਾਮ

ਜੋੜ ਸਰੀਰ ਨੂੰ ਚਲਾਉਣ ਵਿਚ ਸਹਾਇਤਾ ਕਰਦੇ ਹਨ। ਸਾਰੇ ਰੋਜ਼ਮਰ੍ਹਾ ਦੇ ਕੰਮ ਇਨ੍ਹਾਂ ਜੋੜਾਂ ਦੀ ਸਹਾਇਤਾ ਨਾਲ ਹੀ ਸੰਭਵ ਹੁੰਦੇ ਹਨ। ਇਨ੍ਹਾਂ ਜੋੜਾਂ ਵਿਚ ਬਹੁਤ ਜ਼ਿਆਦਾ ਉਮਰ, ਜ਼ਿਆਦਾ ਕੰਮ ਕਰਨ, ਸੱਟ ਲੱਗਣ, ਮੋਚ ਆਉਣ, ਖਿਚਾਅ, ਕੋਈ ਬਿਮਾਰੀ ਜਾਂ ਖਾਨਦਾਨੀ ਕਾਰਨਾਂ ਕਰਕੇ ਕੁਝ ਬਦਲਾਅ ਆ ਜਾਂਦਾ ਹੈ। ਇਹ ਵਿਅਕਤੀ ਦਾ ਦੁਸ਼ਮਣ ਬਣ ਕੇ ਉਸ ਨੂੰ ਤੁਰਨ-ਫਿਰਨ ਤੋਂ ਅਸਮਰੱਥ ਕਰ ਦਿੰਦਾ ਹੈ।
ਇਸ ਬਦਲਾਅ ਦਾ ਪਹਿਲਾ ਸੰਕੇਤ ਜੋੜਾਂ ਵਿਚ ਦਰਦ ਦੇ ਰੂਪ ਵਿਚ ਹੁੰਦਾ ਹੈ, ਜਿਸ ਨੂੰ ਪੀੜਤ ਵਿਅਕਤੀ ਪਹਿਲਾਂ-ਪਹਿਲਾਂ ਅਣਡਿੱਠ ਕਰਦਾ ਹੈ। ਬਾਅਦ ਵਿਚ ਇਹੀ ਦਰਦ ਪ੍ਰੇਸ਼ਾਨੀ ਦਾ ਵੱਡਾ ਕਾਰਨ ਬਣ ਜਾਂਦਾ ਹੈ। ਜੋੜਾਂ ਵਿਚ ਦਰਦ, ਗੋਡਿਆਂ ਵਿਚ ਦਰਦ ਦੀ ਪ੍ਰੇਸ਼ਾਨੀ ਆਦਿ ਵਾਰ-ਵਾਰ ਹੋਵੇ ਤਾਂ ਉਸ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ।
ਕਾਰਨ ਅਤੇ ਪ੍ਰਭਾਵ
ਇਹ ਆਸਟਿਓ ਆਰਥਰਾਈਟਿਸ, ਰਿਊਮੇਟਾਈਡ ਆਰਥਰਾਈਟਸ, ਲੰਬਰ ਸਪਾਂਡਿਲਾਇਟਿਸ, ਸਰਵਾਈਕਲ ਸਪਾਂਡਿਲਾਇਟਿਸ, ਆਸਟਿਓਪੋਰੋਸਿਸ, ਉੱਠਣ-ਬੈਠਣ ਦੇ ਗ਼ਲਤ ਢੰਗ, ਟੀ. ਬੀ. ਆਦਿ ਸੰਕ੍ਰਮਣ ਨਾਲ ਹੁੰਦਾ ਹੈ, ਜਿਸ ਨਾਲ ਗੋਡੇ, ਕਮਰ, ਕੂਹਣੀ, ਅੱਡੀ, ਗਲੇ ਅਤੇ ਕਮਰ ਦੀ ਰੀੜ੍ਹ ਦੀ ਹੱਡੀ, ਕਦੇ-ਕਦੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ।
ਮੋਟੇ ਵਿਅਕਤੀ ਜ਼ਿਆਦਾ ਦੇਰ ਤੱਕ ਖੜ੍ਹੇ ਹੋ ਕੇ ਕੰਮ ਕਰਨ ਵਾਲੇ ਜਾਂ ਗ਼ਲਤ ਤਰੀਕੇ ਨਾਲ ਉੱਠਣ-ਬੈਠਣ ਵਾਲੇ ਵਿਅਕਤੀ ਇਸ ਤੋਂ ਪੀੜਤ ਹੁੰਦੇ ਹਨ। ਇਸ ਨੂੰ ਲੈ ਕੇ ਗ਼ਲਤ-ਫਹਿਮੀਆਂ ਜ਼ਿਆਦਾ ਹਨ, ਜਿਵੇਂ ਇਹ ਬਿਮਾਰੀ ਜ਼ਿਆਦਾ ਉਮਰ ਵਾਲਿਆਂ ਨੂੰ ਹੁੰਦੀ ਹੈ ਜਾਂ ਇਹ ਠੰਢ ਦੀ ਵਜ੍ਹਾ ਨਾਲ ਹੁੰਦੀ ਹੈ। ਇਹ ਰੋਗ ਜ਼ਿਆਦਾ ਮਿਹਨਤ ਕਰਨ ਨਾਲ ਹੁੰਦਾ ਹੈ ਜਾਂ ਭੋਜਨ ਦੀ ਕਮੀ ਨਾਲ ਹੁੰਦਾ ਹੈ। ਇਹ ਦੂਜੇ ਜੋੜਾਂ ਵਿਚ ਵੀ ਫੈਲਦਾ ਹੈ। ਇਸ ਤਰ੍ਹਾਂ ਦੀਆਂ ਕਈ ਗ਼ਲਤ-ਫਹਿਮੀਆਂ ਦੇਖਣ-ਸੁਣਨ ਨੂੰ ਮਿਲਦੀਆਂ ਹਨ।
ਲੱਛਣ ਅਤੇ ਇਲਾਜ
ਜੋੜਾਂ ਵਿਚ ਸੋਜ ਹੁੰਦੀ ਹੈ। ਪਹਿਲਾਂ ਥੋੜ੍ਹੀ ਅਤੇ ਬਾਅਦ ਵਿਚ ਅਸਹਿਣਯੋਗ ਦਰਦ ਹੁੰਦੀ ਹੈ। ਸਵੇਰੇ ਉਠਦੇ ਸਮੇਂ ਜੋੜਾਂ ਵਿਚ ਸਖਤਾਈ ਮਹਿਸੂਸ ਹੁੰਦੀ ਹੈ। ਜੋੜਾਂ ਦੀਆਂ ਗਤੀਵਿਧੀਆਂ ਘੱਟ ਹੋ ਜਾਂਦੀਆਂ ਹਨ। ਕਦੇ-ਕਦੇ ਜੋੜਾਂ ਵਿਚ ਲਾਲੀ ਦਿਸਦੀ ਹੈ। ਤੁਰਨ, ਉੱਠਣ, ਬੈਠਣ ਵੇਲੇ ਦਰਦ ਹੁੰਦੀ ਹੈ। ਐਕਸਰੇ ਵਿਚ ਜੋੜਾਂ 'ਤੇ ਫਰਕ ਘੱਟ ਦਿਸਦਾ ਹੈ। ਇਲਾਜ ਨਾ ਹੋਣ 'ਤੇ ਪੀੜਤ ਭਾਗ ਟੇਢਾ ਹੋ ਜਾਂਦਾ ਹੈ।
ਅਜਿਹੀ ਹਾਲਤ ਵਿਚ ਘੱਟ ਦਰਦ ਵਾਲੀ ਗਤੀਵਿਧੀ ਕਰੋ। ਆਰਾਮ ਕਰੋ। ਖੂੰਡੀ ਦੀ ਵਰਤੋਂ ਕਰੋ। ਪੀੜਤ ਭਾਗ 'ਤੇ ਗਰਮ-ਠੰਢਾ ਸੇਕ ਕਰੋ। ਹੌਲੀ-ਹੌਲੀ ਕਸਰਤ ਕਰੋ। ਜ਼ਿਆਦਾ ਗਰਮੀ ਜਾਂ ਠੰਢ ਵਿਚ ਰਹਿ ਕੇ ਕਸਰਤ ਨਾ ਕਰੋ। ਥੱਕੇ ਹੋਵੋ ਤਾਂ ਕਸਰਤ ਨਾ ਕਰੋ। ਆਪਣੀ ਦਵਾਈ ਲੈਣ ਤੋਂ ਬਾਅਦ ਕਸਰਤ ਕਰੋ। ਇਸ ਨੂੰ ਹੌਲੀ-ਹੌਲੀ ਵਧਾਉਂਦੇ ਜਾਓ ਪਰ ਭਾਰੀ ਜਾਂ ਜ਼ਿਆਦਾ ਕਸਰਤ ਨਾ ਕਰੋ।
ਇਹ ਦਰਦ ਜੇ ਦੋ ਜਾਂ ਤਿੰਨ ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਹੁੰਦਾ ਰਹਿੰਦਾ ਹੈ ਤਾਂ ਇਲਾਜ ਬਹੁਤ ਜ਼ਰੂਰੀ ਹੋ ਜਾਂਦਾ ਹੈ। ਦਰਦਨਾਸ਼ਕ ਦਵਾਈ ਜਾਂ ਘਰੇਲੂ ਇਲਾਜ ਦੀ ਬਜਾਏ ਫਿਜ਼ਿਓਥੈਰੇਪਿਸਟ ਤੋਂ ਸਲਾਹ ਲੈ ਕੇ ਉਸ ਦੇ ਦੱਸੇ ਮੁਤਾਬਿਕ ਜੋੜਾਂ ਦੀ ਕਸਰਤ ਕਰੋ। ਇਸ ਨਾਲ ਜੋੜਾਂ ਦਾ ਅੰਤਰ ਵਧਦਾ ਹੈ। ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ। ਇਸ ਕਸਰਤ ਵਿਚ ਆਧੁਨਿਕ ਮਸ਼ੀਨਾਂ ਤੋਂ ਵੀ ਕੰਮ ਲਿਆ ਜਾਂਦਾ ਹੈ। ਫਿਜ਼ਿਓਥੈਰੇਪਿਸਟ ਬਿਮਾਰੀ ਜਾਂ ਮਰੀਜ਼ ਦੀ ਸਥਿਤੀ ਦੇਖ ਕੇ ਜੋੜਾਂ ਦੀ ਕਸਰਤ ਨਿਰਧਾਰਤ ਕਰਦਾ ਹੈ।

ਕੀ ਕਰੀਏ, ਕੀ ਨਾ ਕਰੀਏ?
ਭਾਰ, ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰੋ। ਉੱਠਣ-ਬੈਠਣ ਦਾ ਢੰਗ ਠੀਕ ਕਰੋ। ਗਰਮ ਪਾਣੀ ਨਾਲ ਸੇਕ ਕਰੋ। ਦੌੜ-ਭੱਜ ਘੱਟ ਕਰੋ। ਪੌੜੀਆਂ ਘੱਟ ਚੜ੍ਹੋ ਜਾਂ ਘੱਟ ਉਤਰੋ। ਨਿਯਮਤ ਰੂਪ ਵਿਚ ਨਿਰਧਾਰਤ ਕਸਰਤ ਕਰੋ। ਜੁਆਇੰਟ ਸਪੋਰਟਰ ਜਾਂ ਬੇਸ ਦੀ ਵਰਤੋਂ ਕਰੋ। ਜੰਕ ਫੂਡ, ਤਲਿਆ ਭੋਜਨ ਅਤੇ ਭਾਰ ਵਧਾਉਣ ਵਾਲੀਆਂ ਚੀਜ਼ਾਂ ਨਾ ਖਾਓ। ਮੋਟੇ ਗੱਦੇ 'ਤੇ ਨਾ ਸੌਵੋਂ। ਭਾਰੀ ਭੋਜਨ ਨਾ ਕਰੋ। ਦਰਦ 'ਤੇ ਜ਼ਿਆਦਾ ਧਿਆਨ ਨਾ ਦਿਓ।
***

ਕ੍ਰਿਸ਼ਮਈ ਖਣਿਜ : ਕੈਲਸ਼ੀਅਮ

ਕੈਲਸ਼ੀਅਮ ਸਾਡੀਆਂ ਹੱਡੀਆਂ ਦੀ ਮਜ਼ਬੂਤੀ ਅਤੇ ਤੰਦਰੁਸਤ ਦੰਦਾਂ ਲਈ ਜ਼ਰੂਰੀ ਹੈ ਪਰ ਇਸ ਤੋਂ ਇਲਾਵਾ ਕੈਲਸ਼ੀਅਮ ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹੀ ਨਹੀਂ, ਕੈਲਸ਼ੀਅਮ ਦਾ ਸੇਵਨ ਕਈ ਰੋਗਾਂ ਨੂੰ ਦੂਰ ਵੀ ਰੱਖਦਾ ਹੈ। ਏਨੇ ਮਹੱਤਵਪੂਰਨ ਪੋਸ਼ਕ ਤੱਤ ਦੇ ਲਾਭ ਜਾਣਦੇ ਹੋਏ ਵੀ ਸਾਡੇ ਵਿਚੋਂ ਕੋਈ ਵਿਅਕਤੀ ਇਸ ਖਣਿਜ ਦੀ ਸਹੀ ਮਾਤਰਾ ਦਾ ਸੇਵਨ ਨਹੀਂ ਕਰਦਾ। ਮਾਹਿਰ ਤਾਂ ਕੈਲਸ਼ੀਅਮ ਨੂੰ 'ਮਿਰੇਕਲ ਮਿਨਰਲ' ਮੰਨਦੇ ਹਨ।
ਨਵੀਨਤਮ ਖੋਜਾਂ ਨਾਲ ਸਾਹਮਣੇ ਆਇਆ ਹੈ ਕਿ ਗਰਭਵਤੀ ਔਰਤ ਨੂੰ ਵਾਧੂ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਅਤੇ ਇਸ ਦਾ ਸੇਵਨ ਗਰਭਵਤੀ ਔਰਤ ਨੂੰ ਗਰਭ ਅਵਸਥਾ ਨਾਲ ਸਬੰਧਤ ਹਾਈਪਰਟੈਂਸਿਵ ਡਿਸਆਡਰਸ ਤੋਂ ਵੀ ਸੁਰੱਖਿਆ ਦਿੰਦਾ ਹੈ। ਇਨ੍ਹਾਂ ਵਿਕਾਰਾਂ ਦੇ ਕਾਰਨ ਬੱਚੇ ਦਾ ਪੂਰੀ ਤਰ੍ਹਾਂ ਪਲਣ ਤੋਂ ਪਹਿਲਾਂ ਜਨਮ ਹੋਣਾ, ਬੱਚੇ ਦਾ ਘੱਟ ਭਾਰ ਹੋਣਾ ਅਤੇ ਕਈ ਹੋਰ ਮਾੜੇ ਨਤੀਜੇ ਹੋ ਸਕਦੇ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਕੈਲਸ਼ੀਅਮ ਦਾ ਜ਼ਿਆਦਾ ਕਰਨ ਨੂੰ ਕਿਹਾ ਜਾਂਦਾ ਹੈ।
ਕੈਲਸ਼ੀਅਮ ਓਸਟਿਓਪੋਰੋਸਿਸ ਰੋਗ ਤੋਂ ਵੀ ਸੁਰੱਖਿਆ ਦਿੰਦਾ ਹੈ। ਇਸ ਰੋਗ ਵਿਚ ਹੱਡੀਆਂ ਕਮਜ਼ੋਰ ਅਤੇ ਮ੍ਰਿਦੁ ਹੋ ਜਾਂਦੀਆਂ ਹਨ ਅਤੇ ਹੱਡੀ ਟੁੱਟਣ ਦੀ ਸੰਭਾਵਨਾ ਵਧ ਜਾਂਦੀ ਹੈ। ਨਵੀਆਂ ਖੋਜਾਂ ਵਿਚ ਇਹ ਸਾਹਮਣੇ ਆਇਆ ਹੈ ਕਿ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਦਾ ਸੇਵਨ ਹੱਡੀਆਂ ਵਿਚ ਹੋਣ ਵਾਲੇ ਇਸ ਕਸ਼ਯ ਨੂੰ ਰੋਕਦਾ ਹੈ ਅਤੇ ਆਸਟਿਓਪੋਰੋਸਿਸ ਦੇ ਫਲਸਰੂਪ ਹੋਣ ਵਾਲੇ ਟੁੱਟ-ਭੱਜ ਵਿਚ ਵੀ ਕਮੀ ਲਿਆਉਂਦਾ ਹੈ। ਜੇਕਰ ਕੈਲਸ਼ੀਅਮ ਨੂੰ ਵਿਟਾਮਿਨ 'ਡੀ' ਦੇ ਨਾਲ ਲਿਆ ਜਾਵੇ ਤਾਂ ਸਰੀਰ ਦੁਆਰਾ ਇਸ ਮਿਨਰਲ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਵੀ ਵਧਦੀ ਹੈ।
ਮਾਹਿਰਾਂ ਅਨੁਸਾਰ ਬਚਪਨ ਤੋਂ ਹੀ ਕੈਲਸ਼ੀਅਮ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਅਤੇ ਇਸ ਵਾਸਤੇ ਕੈਲਸ਼ੀਅਮ ਦੇ ਚੰਗੇ ਸਰੋਤਾਂ ਦੁੱਧ, ਦਹੀਂ, ਦਾਲ, ਪਨੀਰ, ਸਾਬਤ ਅਨਾਜ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਅੱਜਕਲ੍ਹ ਡੱਬਾਬੰਦ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਪ੍ਰਚਲਨ ਵਧ ਗਿਆ ਹੈ ਪਰ ਇਹ ਅਮੀਨੋ ਐਸਿਡ ਯੁਕਤ ਹੁੰਦੇ ਹਨ ਅਤੇ ਇਨ੍ਹਾਂ ਵਿਚ ਸਲਫਰ ਅਤੇ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕੈਲਸ਼ੀਅਮ ਨੂੰ ਨਸ਼ਟ ਕਰਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਨਾ ਕਰੋ।
ਔਰਤਾਂ ਲਈ ਹੋਰ ਕਈ ਹਾਲਤਾਂ ਵਿਚ ਵੀ ਕੈਲਸ਼ੀਅਮ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਖੋਜ ਵਿਚ ਔਰਤਾਂ ਨੂੰ ਜਦੋਂ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਾਇਆ ਗਿਆ ਤਾਂ ਉਨ੍ਹਾਂ ਵਿਚ ਕੈਲਸ਼ੀਅਮ ਦਾ ਸੇਵਨ ਨਾ ਕਰਨ ਵਾਲੀਆਂ ਔਰਤਾਂ ਦੀ ਤੁਲਨਾ ਵਿਚ ਘੱਟ ਤਕਲੀਫਾਂ ਪਾਈਆਂ ਗਈਆਂ। ਉਨ੍ਹਾਂ ਵਿਚ ਪੇਟ ਦਰਦ, ਪਿੱਠ ਦਰਦ, ਚਿੜਚਿੜਾਪਨ ਆਦਿ ਘੱਟ ਪਾਇਆ ਗਿਆ।
ਅੱਜ ਹਰ ਦੂਜੇ ਵਿਅਕਤੀ ਨੂੰ ਹਾਈਪਰਟੈਨਸ਼ਨ ਜਾਂ ਉੱਚ ਖੂਨ ਦਬਾਅ ਹੈ। ਇਸ ਨੂੰ 'ਸਾਈਲੈਂਟ ਕਿੱਲਰ' ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੇ ਲੱਛਣ ਸਾਲਾਂ ਤੱਕ ਉੱਭਰ ਕੇ ਸਾਹਮਣੇ ਨਹੀਂ ਆਉਂਦੇ ਅਤੇ ਇਹ ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ। ਇਹ ਅਧਰੰਗ, ਦਿਲ ਦੇ ਦੌਰੇ, ਗੁਰਦੇ ਨਾਲ ਸਬੰਧਤ ਰੋਗਾਂ ਦਾ ਕਾਰਨ ਬਣਦਾ ਹੈ। ਜੇ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਵਿਅਕਤੀ ਦੀ ਉਮਰ ਹੱਦ ਵੀ ਘੱਟ ਹੋ ਸਕਦੀ ਹੈ। ਹਰ ਰੋਜ਼ ਕੈਲਸ਼ੀਅਮ ਦੀ ਉਚਿਤ ਮਾਤਰਾ ਦਾ ਸੇਵਨ ਕਰਨ ਨਾਲ ਤੁਸੀਂ ਕਈ ਰੋਗਾਂ ਤੋਂ ਸੁਰੱਖਿਆ ਪਾ ਸਕਦੇ ਹੋ। ਇਸ ਲਈ ਆਪਣੇ ਭੋਜਨ ਵਿਚ ਦਹੀਂ, ਮੱਛੀ, ਕੇਲਾ ਆਦਿ ਨੂੰ ਸ਼ਾਮਿਲ ਕਰੋ।


-ਸੋਨੀ ਮਲਹੋਤਰਾ

ਮਾਲਿਸ਼ ਨਾਲ ਮਿਲਦੀ ਹੈ ਚੁਸਤੀ-ਫੁਰਤੀ

ਮਾਲਿਸ਼ ਅਰਥਾਤ ਮਸਾਜ ਭਾਰਤੀ ਜਨ-ਜੀਵਨ ਵਿਚ ਪ੍ਰਚਲਤ ਸਿਹਤ ਲਾਭ ਦੀ ਇਕ ਸੁਭਾਵਿਕ ਪ੍ਰਕਿਰਿਆ ਹੈ। ਇਸ ਦੀ ਲੋੜ ਬਾਲ ਉਮਰ ਤੋਂ ਲੈ ਕੇ ਬੁਢਾਪੇ ਤੱਕ ਬਣੀ ਰਹਿੰਦੀ ਹੈ। ਮਨੁੱਖੀ ਜੀਵਨ ਦੇ ਹਰ ਪੜਾਅ ਵਿਚ ਅਤੇ ਰੋਗਾਂ ਦੀ ਕਿਸੇ ਵੀ ਹਾਲਤ ਵਿਚ ਸਹੀ ਮਾਲਿਸ਼ ਨਾਲ ਲਾਭ ਪਾਇਆ ਜਾ ਸਕਦਾ ਹੈ।
ਇਹ ਸਭ ਤੋਂ ਜ਼ਿਆਦਾ ਪ੍ਰਾਚੀਨ ਆਯੁਰਵੈਦ ਚਿਕਿਤਸਕਾਂ ਵਿਚ ਸਿਹਤ ਦੇ ਲਾਭ ਪੱਖੋਂ ਵਰਨਣਯੋਗ ਹੈ। ਆਯੁਰਵੈਦ ਚਿਕਿਤਸਕ ਇਸ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਨ ਜਦੋਂ ਕਿ ਆਧੁਨਿਕ ਚਿਕਿਤਸਾ ਜਗਤ ਇਸ 'ਤੇ ਵੰਡਿਆ ਹੋਇਆ ਹੈ।
ਆਮ ਲੋਕ ਇਸ ਨੂੰ ਰੋਗਾਂ ਦਾ ਇਲਾਜ ਕਰਨ ਦਾ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਮੰਨਦੇ ਹਨ। ਇਹ ਹਜ਼ਾਰਾਂ ਸਾਲਾਂ ਤੋਂ ਪੀੜ੍ਹੀ-ਦਰ-ਪੀੜ੍ਹੀ ਆਪਣੇ ਦੇਸ਼ ਦੇ ਹਰ ਘਰ ਵਿਚ ਚਲੀ ਆ ਰਹੀ ਇਕ ਆਮ ਪਰੰਪਰਾ ਹੈ।
ਇਸ ਨਾਲ ਸਰੀਰ ਦੀ ਅੰਦਰੂਨੀ ਅਤੇ ਬਾਹਰੀ ਸਫ਼ਾਈ ਵੀ ਹੁੰਦੀ ਹੈ। ਟਾਕਸਿਨ ਅਰਥਾਤ ਜ਼ਹਿਰੀਲੇ ਤੱਤ ਪ੍ਰਦੂਸ਼ਣ ਆਦਿ ਦੇ ਕਾਰਨ ਸਰੀਰ ਵਿਚ ਜਮ੍ਹਾਂ ਹੋ ਜਾਂਦੇ ਹਨ ਜੋ ਅੱਗੇ ਕਈ ਰੋਗਾਂ ਦਾ ਕਾਰਨ ਬਣ ਜਾਂਦੇ ਹਨ। ਮਾਲਿਸ਼ ਇਨ੍ਹਾਂ ਜ਼ਹਿਰੀਲੇ ਤੱਤਾਂ ਨੂੰ ਸਰੀਰ ਵਿਚੋਂ ਬਾਹਰ ਕੱਢਦੀ ਹੈ। ਇਹ ਸਰੀਰ ਨੂੰ ਚਰਬੀ ਰਹਿਤ ਅਤੇ ਮੋਟਾਪਾ ਘੱਟ ਕਰਕੇ ਸੁਡੌਲ ਬਣਾਉਂਦੀ ਹੈ। ਇਹ ਖੂਨ ਦੇ ਪ੍ਰਵਾਹ ਨੂੰ ਸੁਧਾਰਦੀ ਹੈ। ਇਹ ਕਿਸੇ ਦਰਦ ਦੀ ਸਥਿਤੀ ਵਿਚ ਉਸ ਨੂੰ ਦੂਰ ਕਰਦੀ ਹੈ। ਇਹ ਤਣਾਅ ਤੋਂ ਰਾਹਤ ਦਿਵਾਉਂਦੀ ਹੈ। ਚਿੰਤਾਮੁਕਤ ਅਤੇ ਖੁਸ਼ ਰੱਖਦੀ ਹੈ।
ਮਾਲਿਸ਼ ਨਾਲ ਸਰੀਰ ਦੀਆਂ ਪ੍ਰਣਾਲੀਆਂ ਸੁਧਰਦੀਆਂ ਹਨ। ਚੰਗੀ ਨੀਂਦ ਆਉਂਦੀ ਹੈ। ਇਹ ਸਰੀਰ ਨੂੰ ਚੁਸਤੀ-ਫੁਰਤੀ ਨਾਲ ਭਰ ਦਿੰਦੀ ਹੈ। ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਮਾਲਿਸ਼ ਦੀਆਂ ਕਈ ਕਿਸਮਾਂ ਅਤੇ ਵਿਧੀਆਂ ਹਨ। ਇਥੇ ਸਵੇਰੇ ਉੱਠ ਕੇ ਸਰੀਰ ਦੀ ਸਫ਼ਾਈ ਤੋਂ ਬਾਅਦ ਮਾਲਿਸ਼ ਕਰਕੇ ਨਹਾਉਣ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮਾਲਿਸ਼ ਕਰਨ ਦੀ ਪ੍ਰਾਚੀਨ ਪਰੰਪਰਾ ਹੈ। ਬਾਲ ਅਵਸਥਾ ਵਿਚ ਬੱਚੇ ਅਤੇ ਬਾਲਕ ਨੂੰ ਤੇਲ ਲਗਾ ਕੇ ਮਾਲਿਸ਼ ਕਰਨ ਦੀ ਪਰੰਪਰਾ ਹੈ। ਰੋਗਾਣੂਅਵਸਥਾ ਵਿਚ ਵੀ ਰੋਗੀ ਦੀ ਮਾਲਿਸ਼ ਕੀਤੀ ਜਾਂਦੀ ਹੈ।
ਮਾਲਿਸ਼ ਕਦੋਂ, ਕਿਵੇਂ?
* ਸਵੇਰੇ ਪਖਾਨਾ ਜਾਣ ਤੋਂ ਬਾਅਦ ਅਤੇ ਨਹਾਉਣ ਤੋਂ ਪਹਿਲਾਂ ਮਾਲਿਸ਼ ਕਰਨੀ ਠੀਕ ਹੁੰਦੀ ਹੈ।
* ਮਾਲਿਸ਼ ਖੁਦ ਕਰੋ ਜਾਂ ਦੂਜਿਆਂ ਤੋਂ ਕਰਵਾਓ।
* ਮਾਲਿਸ਼ ਹਮੇਸ਼ਾ ਖਾਲੀ ਪੇਟ ਕੀਤੀ ਜਾਂਦੀ ਹੈ।
* ਮਾਲਿਸ਼ ਹਮੇਸ਼ਾ ਹਲਕੇ-ਹਲਕੇ ਦਬਾਅ ਨਾਲ ਕਰੋ।
* ਸਭ ਤੋਂ ਅਖੀਰ ਵਿਚ ਸਿਰ ਦੀ ਮਾਲਿਸ਼ ਕੀਤੀ ਜਾਂਦੀ ਹੈ।
* ਮਾਲਿਸ਼ ਤੋਂ ਤੁਰੰਤ ਬਾਅਦ ਕੋਸੇ ਪਾਣੀ ਨਾਲ ਨਹਾਓ।
* ਬੁਖਾਰ, ਕਬਜ਼, ਵਰਤ, ਉਲਟੀ, ਦਸਤ, ਗਰਭ ਅਵਸਥਾ, ਹੱਡੀ ਟੁੱਟਣ, ਸੁੱਜੇ ਹੋਏ ਸਥਾਨ ਦੀ ਮਾਲਸ਼ ਨਾ ਕਰੋ। ਦਿਲ ਦੇ ਰੋਗ ਦੀ ਹਾਲਤ ਵਿਚ ਦਿਲ ਤੋਂ ਬਾਹਰ ਵੱਲ ਨੂੰ ਮਾਲਿਸ਼ ਕਰੋ।
ਮਾਲਿਸ਼ ਦੇ ਲਾਭ
* ਇਸ ਨਾਲ ਚੁਸਤੀ-ਫੁਰਤੀ ਮਿਲਦੀ ਹੈ। ਸਰੀਰ ਤੰਦਰੁਸਤ ਅਤੇ ਮਨ ਖ਼ੁਸ਼ ਰਹਿੰਦਾ ਹੈ। ਇਹ ਸਭ ਰੋਗਾਂ ਤੋਂ ਬਚਾਉਂਦੀ ਹੈ।
* ਮਾਲਿਸ਼ ਨਾਲ ਥਕਾਵਟ ਦੂਰ ਹੁੰਦੀ ਹੈ। ਚਮੜੀ ਚਮਕਦਾਰ ਅਤੇ ਮੁਲਾਇਮ ਹੋ ਜਾਂਦੀ ਹੈ। ਝੁਰੜੀਆਂ ਛੇਤੀ ਨਹੀਂ ਪੈਂਦੀਆਂ।
* ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
* ਇਸ ਨਾਲ ਜਕੜਨ ਅਤੇ ਥਕਾਵਟ ਦੂਰ ਹੁੰਦੀ ਹੈ। ਮਨ ਸ਼ਾਂਤ ਹੁੰਦਾ ਹੈ ਅਤੇ ਗੂੜ੍ਹੀ ਨੀਂਦ ਆਉਂਦੀ ਹੈ।
* ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।
* ਮਾਲਿਸ਼ ਨਾਲ ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਹੁੰਦੀ ਹੈ।
* ਇਸ ਨਾਲ ਖੂਨ ਦਾ ਪ੍ਰਵਾਹ ਸੁਧਰਦਾ ਹੈ।
* ਇਸ ਨਾਲ ਸਰੀਰ ਦੇ ਸਾਰੇ ਅੰਗ ਕਿਰਿਆਸ਼ੀਲ ਹੁੰਦੇ ਹਨ।
* ਮਾਲਿਸ਼ ਸਰੀਰਕ ਦਰਦ ਦੂਰ ਕਰਦੀ ਹੈ।
* ਮਾਲਿਸ਼ ਤਣਾਅਮੁਕਤ ਕਰਕੇ ਮਾਨਸਿਕ ਰਾਹਤ ਦਿਵਾਉਂਦੀ ਹੈ।
ਤੇਲ ਮਾਲਿਸ਼ ਲਈ ਸਰ੍ਹੋਂ ਦਾ ਤੇਲ, ਜੈਤੂਨ ਦਾ ਤੇਲ, ਤਿਲ ਦਾ ਤੇਲ, ਬਦਾਮ ਦਾ ਤੇਲ, ਮੂੰਗਫਲੀ ਦਾ ਤੇਲ, ਰਾਈ ਦਾ ਤੇਲ ਆਦਿ ਵਰਤੇ ਜਾਂਦੇ ਹਨ।
ਸਾਰੇ ਤੇਲਾਂ ਵਿਚ ਲਾਭ ਦੇਣ ਵਾਲੇ ਵੱਖ-ਵੱਖ ਗੁਣ ਹੁੰਦੇ ਹਨ। ਕੇਰਲ ਵਿਚ ਕੀਤੀ ਜਾਣ ਵਾਲੀ ਆਯੁਰਵੈਦਿਕ ਮਾਲਿਸ਼, ਅਭਿਅੰਗ ਮਸਾਜ ਸਿਹਤ ਲਾਭ ਲਈ ਵਿਸ਼ਵ ਵਿਚ ਪ੍ਰਸਿੱਧ ਹੈ। ਇਸ ਵਿਚ ਤੇਲਾਂ ਦੇ ਨਾਲ ਆਯੁਰਵੈਦ ਜੜ੍ਹੀਆਂ ਬੂਟੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ।


-ਨੀਲਿਮਾ ਦਿਵੇਦੀ

ਸਿਹਤ ਖ਼ਬਰਨਾਮਾ

ਵਿਟਾਮਿਨ 'ਈ' ਪਾਰਕਿੰਸਨ ਰੋਗ ਹੋਣ ਦੀ ਸੰਭਾਵਨਾ ਘੱਟ ਕਰਦਾ ਹੈ

ਨਿਊ ਜਰਸੀ ਵਿਚ ਯੂਨੀਵਰਸਿਟੀ ਆਫ ਮੈਡੀਸਨ ਐਂਡ ਡੈਂਟਿਸਟ੍ਰੀ ਦੇ ਮਨੋਰੋਗ ਮਾਹਿਰ ਡਾ: ਲਾਰੈਂਸ ਕੋਲਬੇ ਅਨੁਸਾਰ ਜੇਕਰ ਵਿਟਾਮਿਨ 'ਈ' ਦਾ ਸੇਵਨ ਸ਼ੁਰੂ ਤੋਂ ਹੀ ਠੀਕ ਮਾਤਰਾ ਵਿਚ ਨਾ ਕੀਤਾ ਜਾਵੇ ਤਾਂ ਬਾਅਦ ਵਿਚ ਵਧਦੀ ਉਮਰ ਵਿਚ ਪਾਰਕਿੰਸਨ ਰੋਗ ਦੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਹਾਲੇ ਤੱਕ ਪਾਰਕਿੰਸਨ ਰੋਗ ਦੇ ਕਾਰਨ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਵਿਟਾਮਿਨ 'ਈ' ਇਕ ਚੰਗਾ ਐਂਟੀਆਕਸੀਡੈਂਟ ਹੈ ਅਤੇ ਪਾਰਕਿੰਸਨ ਰੋਗ ਦੇ ਇਲਾਜ ਵਿਚ ਇਸ ਦਾ ਸੇਵਨ ਲਾਭਦਾਇਕ ਸਾਬਤ ਹੋਇਆ ਹੈ।
ਵਾਤਾਵਰਨ ਸ਼ੁੱਧ ਤਾਂ ਮਨੁੱਖ ਵੀ ਤੰਦਰੁਸਤ
ਅਸੀਂ ਆਪਣੀ ਸਿਹਤ ਪੱਖੋਂ ਤਾਂ ਸੁਚੇਤ ਹੋ ਗਏ ਹਾਂ ਪਰ ਹਾਲੇ ਤੱਕ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਪ੍ਰਤੀ ਸੁਚੇਤ ਨਹੀਂ ਹੋਏ ਹਾਂ, ਜਦੋਂ ਕਿ ਸਾਡੀ ਸਿਹਤ ਨੂੰ ਸਾਡਾ ਵਾਤਾਵਰਨ ਬਹੁਤ ਹੀ ਪ੍ਰਭਾਵਿਤ ਕਰਦਾ ਹੈ। ਮਲੇਰੀਆ, ਹੈਜ਼ਾ, ਟਾਈਫਾਈਡ ਵਰਗੀਆਂ ਬਿਮਾਰੀਆਂ ਗ਼ਲਤ ਅਤੇ ਅਸ਼ੁੱਧ ਵਾਤਾਵਰਨ ਦਾ ਹੀ ਨਤੀਜਾ ਹਨ। ਅਸੀਂ ਹੱਥ ਧੋਣ, ਸਬਜ਼ੀਆਂ ਨੂੰ ਸਾਫ਼ ਰੱਖਣ ਵੱਲ ਜਿੰਨਾ ਧਿਆਨ ਦਿੰਦੇ ਹਾਂ, ਓਨਾ ਹੀ ਜ਼ਰੂਰੀ ਹੈ ਨਾਲੀਆਂ ਨੂੰ ਸਾਫ਼ ਰੱਖਣਾ, ਕੂੜਾ ਸਹੀ ਜਗ੍ਹਾ 'ਤੇ ਸੁੱਟਣਾ ਆਦਿ। ਜੇਕਰ ਸਾਡਾ ਵਾਤਾਵਰਨ ਸੁਰੱਖਿਅਤ ਨਹੀਂ ਹੈ ਤਾਂ ਸਾਡੀ ਸਿਹਤ ਵੀ ਸੁਰੱਖਿਅਤ ਨਹੀਂ ਹੈ। ਅੱਜ ਸਾਡੇ ਖਾਧ ਪਦਾਰਥਾਂ ਵਿਚ ਕੀਟਨਾਸ਼ਕ ਹਨ, ਪਾਣੀ ਵਿਚ ਪ੍ਰਦੂਸ਼ਣਕਾਰੀ ਪਦਾਰਥ, ਵਾਤਾਵਰਨ ਵਿਚ ਜ਼ਹਿਰੀਲਾ ਧੂੰਆਂ ਅਤੇ ਦੁੱਧ ਵਿਚ ਵੀ ਅਜਿਹੇ ਹਾਨੀਕਾਰਕ ਹਾਰਮੋਨਸ ਹਨ ਜੋ ਅਸੀਂ ਬੱਚਿਆਂ ਨੂੰ ਦਿੰਦੇ ਹਾਂ। ਇਸ ਲਈ ਵਾਤਾਵਰਨ ਦਾ ਸੁਰੱਖਿਅਤ ਹੋਣਾ ਜ਼ਿਆਦਾ ਜ਼ਰੂਰੀ ਹੈ।
ਪ੍ਰਦੂਸ਼ਣ ਸਭ ਦੀ ਉਮਰ ਨੂੰ ਘਟਾ ਰਿਹਾ ਹੈ

ਦੇਸ਼ ਦੁਨੀਆ ਵਿਚ ਚਾਰੇ ਪਾਸੇ ਪ੍ਰਦੂਸ਼ਣ ਵਧ ਰਿਹਾ ਹੈ। ਇਹ ਪ੍ਰਦੂਸ਼ਣ ਅਨੇਕ ਪ੍ਰੇਸ਼ਾਨੀਆਂ ਪੈਦਾ ਕਰ ਰਿਹਾ ਹੈ। ਇਸ ਸਰਬਵਿਆਪੀ ਪ੍ਰਦੂਸ਼ਣ ਦਾ ਪੱਧਰ ਸਾਰੇ ਥਾਵਾਂ 'ਤੇ ਇਕੋ ਜਿਹਾ ਨਹੀਂ ਹੈ। ਕਾਰਖਾਨਿਆਂ ਵਾਲੇ ਅਤੇ ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੈ। ਜੰਗਲਾਂ ਦੇ ਨੇੜੇ ਇਹ ਪੱਧਰ ਘੱਟ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਘੱਟ ਪ੍ਰਦੂਸ਼ਣ ਹੈ। ਸ਼ਹਿਰ ਦੇ ਵਧਦੇ ਪ੍ਰਦੂਸ਼ਣ ਨਾਲ ਸ਼ਹਿਰੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਦੂਸ਼ਣ ਦੀ ਵਧਦੀ ਵਿਕਰਾਲਤਾ ਤੋਂ ਸਾਰੇ ਪ੍ਰਭਾਵਿਤ ਹਨ, ਫਿਰ ਵੀ ਇਸ ਦੇ ਪ੍ਰਤੀ ਲਾਪ੍ਰਵਾਹੀ ਦੇ ਚਲਦੇ ਸਮੱਸਿਆ ਵਧ ਰਹੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX