ਤਾਜਾ ਖ਼ਬਰਾਂ


ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  30 minutes ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  39 minutes ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਹੋਰ ਖ਼ਬਰਾਂ..

ਦਿਲਚਸਪੀਆਂ

ਲੱਸੀ ਵਾਲਾ ਡੋਲੂ

ਗਰਮੀ ਨਾਲ ਮੁੜਕੋ-ਮੁੜਕੀ ਹੋਈ ਸੁਰਜੀਤ ਕੌਰ ਰਸੋਈ ਵਿਚੋਂ ਬਾਹਰ ਨਿਕਲ ਕੇ ਗਲੀ ਦੇ ਦਰਵਾਜ਼ੇ ਵਿਚ ਜਾ ਖੜ੍ਹੀ ਹੋਈ, ਸਾਹਮਣੇ ਦਰਵਾਜ਼ੇ ਵਿਚ ਬੈਠੀ ਉਸ ਦੀ ਹਮ-ਉਮਰ ਅਮਰੋ ਨੂੰ ਦੇਖ ਕੇ ਉਸ ਕੋਲ ਚਲੀ ਗਈ।
ਅਮਰੋ ਨੇ ਪੁੱਛਿਆ, 'ਕਿਵੇਂ ਤਰੇਲੀਓ ਤਰੇਲੀ ਹੋਈ ਪਈ ਏਂ।'
ਸੁਰਜੀਤ ਕੌਰ, 'ਰੋਟੀਆਂ ਪਕਾ ਕੇ ਆਈ ਹਾਂ।'
ਅਮਰੋ, 'ਤੇ ਬਹੁ?'
ਸੁਰਜੀਤ ਕੌਰ, 'ਉਹ ਤਾਂ ਏ.ਸੀ. ਛੱਡੀ ਪਈ ਹੈ। ਕਹਿੰਦੀ ਮੈਥੋਂ ਨਹੀਂ ਪੱਕਦੀਆਂ ਐਡੀ ਗਰਮੀ ਵਿਚ ਰੋਟੀਆਂ। ਐਂ ਕੁੜੇ ਅਮਰੋ! ਜਦੋਂ ਮੈਂ ਵਿਆਹੀ ਆਈ ਸੀ ਤਾਂ ਮੇਰੀ ਸੱਸ ਨੂੰ ਗਰਮੀ ਲੱਗਦੀ ਸੀ। ਹਓਕਾ ਭਰਦੀ ਹੋਈ ਫੇਰ ਤਾਂ ਮੈਂ ਹੀ ਤਕੜੀ ਹੋ ਗਈ।'
ਅਮਰੋ, 'ਨੀ ਤੂੰ ਮੇਰੀ ਸੁਣ ਲੈ, ਅੱਜ 14ਵੇਂ ਦੀ ਲੱਸੀ ਪਾਉਣ ਜਾਣਾ ਸੀ। ਮੁੰਡੇ ਨੇ ਕੱਢਿਆ ਸਕੂਟਰ ਤੇ ਕਹਿੰਦਾ, 'ਬੀਬੀ ਐ ਲੱਸੀ ਵਾਲਾ ਡੋਲੂ ਤੂੰ ਲੈ ਆਵੀਂ, ਇਹ ਤੋਂ ਤਾਂ ਤੁਰਿਆ ਨਹੀਂ ਜਾਂਦਾ। ਨੀਂ ਭੈਣੇ ਗਈ ਗੋਡੇ ਘੜੀਸਦੀ... ਜਦੋਂ ਮੈਂ ਵਿਆਹੀ ਆਈ ਸੀ ਤਾਂ ਏਹਦਾ ਪਿਓ, ਸਕੂਟਰ ਕੱਢ ਕੇ ਕਹਿੰਦਾ ਹੁੰਦਾ ਸੀ ਆ ਲੱਸੀ ਵਾਲਾ ਡੋਲੂ ਤੂੰ ਲੈ ਆਵੀਂ ਬੀਬੀ ਤੋਂ ਤਾਂ ਤੁਰਿਆ ਨਹੀਂ ਜਾਂਦਾ।
ਸੁਰਜੀਤ ਕੌਰ, 'ਫੇਰ ਤਾਂ ਆਪਾਂ ਦੋਵੇਂ ਤਕੜੀਆਂ ਹੋ ਗਈਆਂ।'
ਇਹ ਕਹਿ ਕੇ ਦੋਵੇਂ ਹੱਸਣ ਲੱਗ ਪਈਆਂ ਪਰ ਉਨ੍ਹਾਂ ਦੇ ਹਾਸੇ ਵਿਚ ਛੁਪਿਆ ਬੁਢਾਪੇ ਦਾ ਦਰਦ ਉਨ੍ਹਾਂ ਦੀਆਂ ਅੱਖਾਂ ਤੋਂ ਲੁਕਾਇਆ ਨਾ ਗਿਆ।

ਗਿੱਦੜਬਾਹਾ। ਮੋਬਾ : 82888-42066. ਈਮੇਲ : mkbrargdb@gmail.com


ਖ਼ਬਰ ਸ਼ੇਅਰ ਕਰੋ

ਕਾਵਿ-ਰੰਗ

* ਜਗਤਾਰ ਪੱਖੋ *
ਉਸ ਦੇ ਰੰਗ 'ਚ ਰੰਗੇ ਹਾਂ,
ਮਾੜੇ ਹਾਂ ਜਾਂ ਚੰਗੇ ਹਾਂ।
ਪਰਦਾ ਕਰਕੇ ਕੀ ਕਰਨਾ,
ਚਾਰੇ ਪਾਸੇ ਨੰਗੇ ਹਾਂ।
ਮੌਤ ਮਜਾਜਣ ਦੇ ਕੋਲੋਂ,
ਯਾਰ ਕਦੇ ਨਾ ਸੰਗੇ ਹਾਂ।
ਕਾਮੇ ਦੇ ਤਾਂ ਸੱਜਣ ਹਾਂ,
ਚੋਰਾਂ ਖਾਤਰ ਪੰਗੇ ਹਾਂ।
ਮਨ ਅੰਦਰ ਹੀ ਤੀਰਥ ਹੈ,
ਨਾ ਹੀ ਨ੍ਹਾਤੇ ਗੰਗੇ ਹਾਂ।
ਮੰਗ ਸਿਰਾਂ ਦੀ ਜੋ ਕਰਦਾ,
ਉਸ ਇਸ਼ਕੇ ਦੇ ਡੰਗੇ ਹਾਂ।
ਝੁਕ ਕੇ ਤੁਰਨਾ ਆਇਆ ਨਾ,
ਤਾਂ ਹੀ ਸੂਲੀ ਟੰਗੇ ਹਾਂ।

-ਪਿੰਡ ਪੱਖੋ ਕਲਾਂ (ਬਰਨਾਲਾ)। ਮੋਬਾਈਲ : 94651-96946.

* ਕੁਲਦੀਪ ਸਿੰਘ ਰੁਪਾਲ *
ਦਿਲ ਵਿਚ ਜੋ ਅੱਧ ਮੋਈਆਂ ਸੱਧਰਾਂ,
ਲੁਕ ਲੁਕ ਮੈਥੋਂ ਰੋਈਆਂ ਸੱਧਰਾਂ।
ਉਹ ਬੰਦਾ ਵੀ ਮੋਇਆਂ ਵਰਗਾ,
ਜਿਸ ਦੇ ਦਿਲ ਵਿਚ ਮੋਈਆਂ ਸੱਧਰਾਂ।
ਲੱਖ ਪਰਦੇ ਦੁਨੀਆ ਤੋਂ ਰੱਖਾਂ,
ਪਰ ਨਾ ਜਾਣ ਲਕੋਈਆਂ ਸੱਧਰਾਂ।
ਜਦ ਅੱਖਾਂ ਵਿਚ ਰੜਕਣ ਲੱਗੀਆਂ,
ਨੀਰ ਵਹਾ ਕੇ ਧੋਈਆਂ ਸੱਧਰਾਂ।
ਜਦ ਵੀ ਦਿਲ ਭਰਿਆ ਹੈ ਮੇਰਾ,
ਅੱਖਾਂ ਥਾਂਈਂ ਚੋਈਆਂ ਸੱਧਰਾਂ।
ਜਨਮ ਤੋਂ ਲੈ ਕੇ ਮਰਨੇ ਤਾਈਂ,
ਹਰ ਬੰਦੇ ਨੇ ਢੋਈਆਂ ਸੱਧਰਾਂ।
ਮਜਬੂਰੀ ਦੇ ਸਾਗਰ ਵਿਚ ਕੁਝ,
ਹੱਥੀਂ ਆਪ ਡੁਬੋਈਆਂ ਸੱਧਰਾਂ।

-ਗਲੀ ਨੰ: 10, ਕਲਗੀਧਰ ਕਾਲੋਨੀ, ਰਾਮਪੁਰਾ ਫੂਲ-151103.
ਮੋਬਾਈਲ : 94174-56778.

* ਗੁਰਮੀਤ ਖੋਖਰ *
ਵਸਾਇਆ ਤੂੰ ਜਦੋਂ ਸਾਹਾਂ 'ਚ ਸੰਦਲ ਹੋ ਗਿਆ ਖੋਖਰ,
ਲਗਾਇਆ ਜਦ ਤੂੰ ਨੈਣਾਂ ਨਾਲ ਕੱਜਲ ਹੋ ਗਿਆ ਖੋਖਰ।
ਤੇਰੇ ਮਿਲ ਜਾਣ ਤੋਂ ਪਹਿਲਾਂ ਬੜਾ ਹੀ ਜੋ ਅਧੂਰਾ ਸੀ,
ਤੇਰੇ ਤੁਰ ਜਾਣ ਤੋਂ ਮਗਰੋਂ ਮੁਕੰਮਲ ਹੋ ਗਿਆ ਖੋਖਰ।
ਜੋ ਜੰਮੀ ਬਰਫ਼ ਵਰਗਾ ਸੀ ਬੜਾ ਹੀ ਠੋਸ ਜਿਉਂ ਪੱਥਰ,
ਤੇਰੇ ਹੋਠਾਂ ਨੇ ਕੀ ਚੁੰਮਿਆ ਨਿਰਾ ਜਲ ਹੋ ਗਿਆ ਖੋਖਰ।
ਸਮਾਂ ਤਾਂ ਬੀਤਦਾ ਜਾਂਦਾ ਨਾ ਪਰ ਉਹ ਬੀਤਦਾ ਕਾਹਤੋਂ,
ਜੋ ਬੀਤੇ ਨਾਲ ਨਾ ਬੀਤੇ ਹੈ ਉਹ ਪਲ ਹੋ ਗਿਆ ਖੋਖਰ।
ਪਰਿੰਦੇ ਖ਼ਾਬ ਸਾਡੇ ਦੇ ਨਾ ਉੱਡਣ ਫਿਰ ਵੀ ਬਿਰਖਾਂ ਤੋਂ,
ਧੁਖ਼ੇ ਹਰ ਪਲ, ਚੜ੍ਹੇ ਧੂੰਆਂ ਉਹ ਜੰਗਲ ਹੋ ਗਿਆ ਖੋਖਰ।

-ਪਿੰਡ ਤੇ ਡਾਕ: ਭਾਈ ਰੂਪਾ ਬਠਿੰਡਾ। ਮੋਬਾਈਲ : 94630-24145.

* ਮਨਦੀਪ ਕੌਰ ਪ੍ਰੀਤ *
ਜੇ ਸੱਜਣਾਂ ਤੂੰ ਫੁੱਲ ਬਣ ਜਾਵੇਂ,
ਮੈਂ ਬਣ ਜਾਵਾਂ ਤਿਤਲੀ।
ਅੰਗ-ਸੰਗ ਹਰ ਵੇਲੇ ਰਹਿ ਕੇ,
ਪਾਈਏ ਪਿਆਰ ਦੀ ਕਿੱਕਲੀ।
ਜੇ ਸੱਜਣਾਂ ਨੂੰ ਕਾਗਜ਼ ਹੋਇਉਂ,
ਮੈਂ ਕਲਮ ਬਣ ਆਵਾਂ।
ਲਿਖ-ਲਿਖ ਤੇਰੇ ਉਤੇ ਸੋਹਣਿਆਂ,
ਮੈਂ ਆਪਣਾ ਪਿਆਰ ਜਤਾਵਾਂ।
ਜੇ ਸੱਜਣਾਂ ਤੂੰ ਆਵੇਂ ਰੁੱਖ ਬਣ,
ਮੈਂ ਰੁੱਖ ਤੇ ਫਲ ਬਣ ਆਵਾਂ।
ਵਾਰ ਦੇਵਾਂ ਤੈਥੋਂ ਜਿੰਦ ਨਿਮਾਣੀ,
ਹਰ ਜਨਮ ਤੇਰੇ ਨਾਲ ਬਿਤਾਵਾਂ।
ਜੇ ਚੰਨਾ ਬਣ ਬੱਦਲ ਵਰਸੇਂ,
ਮੈਂ ਧਰਤੀ ਬਣ ਜਾਵਾਂ।
ਇਕ-ਇਕ ਬੂੰਦ ਮੀਂਹ ਤੇਰੇ ਦੀ,
ਮੈਂ ਜਿੰਦ ਆਪਣੀ ਵਿਚ ਸਮਾਵਾਂ।
'ਪ੍ਰੀਤ' ਕੋਲੋਂ ਕਦੀ ਦੂਰ ਨਾ ਜਾਵੇਂ,
ਮੈਂ ਤੇਰਾ ਹੀ ਰੂਪ ਸਦਾਵਾਂ।

-ਸ. ਐਲੀਮੈਂਟਰੀ ਸਕੂਲ, ਕੋਟਲੀ ਖਾਸ, ਤਹਿ: ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ)

ਚਾਹ ਦਾ ਕੱਪ ਤੇ ਗੱਪ-ਸ਼ੱਪ

ਲਓ ਜੀ, ਅੱਜ ਚਾਹ ਦਾ ਕੱਪ ਫਿਰ ਇਕੱਠੇ ਹੋ ਕੇ ਪੀਏ ਤੇ ਗੱਪ ਸ਼ੱਪ ਮਾਰੀਏ। ਦਿਲਚਸਪ ਗੱਲ ਹੈ ਕਿ ਹਰ ਵਾਰੀ ਗੱਪ-ਸ਼ੱਪ ਦਾ ਵਿਸ਼ਾ ਆਪਣੇ-ਆਪ ਹੀ ਬਦਲ ਜਾਂਦਾ ਹੈ। ਸਾਡੀ ਇਕ ਸਹੇਲੀ ਆਈ ਉਸ ਨੇ ਆਉਂਦਿਆ ਹੀ ਠੰਢੇ ਪਾਣੀ ਦਾ ਗਿਲਾਸ ਪੀਤਾ ਤੇ ਕਹਿਣ ਲੱਗੀ 'ਬਈ ਅੱਜਕਲ੍ਹ ਦੇ ਬੱਚਿਆਂ ਤੋਂ ਰੱਬ ਬਚਾਏ, ਕਿੰਨੇ ਹੁਸ਼ਿਆਰ ਹੋ ਗਏ ਨੇ।'
'ਬਈ ਹੋਇਆ ਕੀ?' ਮੈਂ ਪੁੱਛਿਆ।
'ਹੋਣਾ ਕੀ ਸੀ, ਮੈਂ ਆਉਣ ਤੋਂ ਪਹਿਲਾਂ ਘਰ ਹੀ ਬਿਊਟੀ ਟਰੀਟਮੈਂਟ ਕਰ ਰਹੀ ਸੀ ਤੇ ਮੂੰਹ 'ਤੇ ਮੁਲਤਾਨੀ ਮਿੱਟੀ ਦਾ ਲੇਪ ਲਾਇਆ ਹੋਇਆ ਸੀ। ਮੇਰੀ 9 ਸਾਲਾਂ ਦੀ ਬੇਟੀ ਕਮਰੇ ਵਿਚ ਆਈ, ਪਹਿਲਾਂ ਤਾਂ ਤ੍ਰਬਕੀ ਤੇ ਫਿਰ ਬੋਲੀ 'ਮੰਮੀ ਤੁਸੀਂ ਮੂੰਹ 'ਤੇ ਮਿੱਟੀ ਦਾ ਲੇਪ ਕਿਉਂ ਲਗਾਇਆ ਹੈ?'
'ਸੋਹਣਾ ਦਿਸਣ ਲਈ।'
'ਅੱਛਾ' ਕਹਿ ਕਿ ਉਹ ਬਾਹਰ ਚਲੀ ਗਈ। ਦਸ ਮਿੰਟਾਂ ਬਾਅਦ ਮੈਂ ਆਪਣਾ ਮੂੰਹ ਧੋ ਕੇ ਕਮਰੇ ਤੋਂ ਬਾਹਰ ਆਈ ਤਾਂ ਮੇਰਾ ਸਾਫ ਮੂੰਹ ਦੇਖ ਕੇ ਉਹ ਬੋਲੀ, 'ਮੰਮੀ ਤੁਸੀਂ ਤਾਂ ਦਸ ਮਿੰਟਾਂ ਵਿਚ ਹੀ ਹਿੰਮਤ ਹਾਰ ਗਏ, ਮੂੰ ਧੋ ਲਿਆ। ਸਾਨੂੰ ਤਾਂ ਹਮੇਸ਼ਾ ਸਿਖਾਉਂਦੇ ਹੋ ਹਿੰਮਤ ਨਾ ਹਾਰੋ, ਜਿਸ ਕੰਮ ਨੂੰ ਸ਼ੁਰੂ ਕੀਤਾ ਹੈ, ਉਸ 'ਤੇ ਡਟੇ ਰਹੋ।'
'ਮੈਨੂੰ ਸਮਝ ਨਾ ਆਵੇ ਉਸ ਨੂੰ ਕੀ ਕਹਾਂ।'
'ਲੈ ਮੈਂ ਆਪਣੇ ਪੁੱਤਰ ਦੀ ਗੱਲ ਸੁਣਾਵਾਂ', ਦੂਜੀ ਬੋਲੀ
'ਇਕ ਦਿਨ ਉਹ ਨਹਾ ਰਿਹਾ ਸੀ, ਮੈਂ ਵੇਖਿਆ ਕਿ ਪਿੱਠ 'ਤੇ ਉਸ ਦਾ ਹੱਥ ਨਹੀਂ ਪਹੁੰਚ ਰਿਹਾ, ਮੈਂ ਉਠ ਕੇ ਉਸ ਦੀ ਪਿੱਠ ਤੇ ਹੌਲੇ-ਹੌਲੇ ਸਾਬਣ ਲਗਾਉਣਾ ਸ਼ੁਰੂ ਕੀਤਾ। ਨਾਲ ਹੀ ਨਾਲ ਉਹ ਉੱਚੀ-ਉੱਚੀ ਬੋਲਣ ਲਗਾ, 'ਮੇਰੇ ਇਸ਼ਨਾਨ ਦੀ ਇਸ ਆਰਾਮ-ਦਾਇਕ ਹਿੱਸੇ ਦੀ ਨਿਰਮਾਤਾ ਮੇਰੀ ਮੰਮੀ ਹੈ। ਤੁਸੀਂ ਵੀ ਇਸ ਮਜ਼ੇਦਾਰ ਇਸ਼ਨਾਨ ਲਈ ਉਨ੍ਹਾਂ ਨਾਲ ਸੰਪਰਕ ਕਰੋ, ਮੋਬਾਈਲ ਨੰ: ਹੈ....।' ਮੈਂ ਹੈਰਾਨ ਰਹਿ ਗਈ ਬੱਚਿਆਂ 'ਤੇ ਇਸ਼ਤਿਹਾਰਬਾਜ਼ੀ ਦਾ ਅਸਰ ਵੇਖ ਕੇ।'
ਏਨੇ ਵਿਚ ਸ਼ੀਲਾ ਬੋਲੀ , 'ਬਈ ਗੱਲਾਂ ਬੱਚਿਆਂ ਦੀਆਂ ਹੀ ਹੋ ਰਹੀਆਂ ਹਨ ਤਾਂ ਮੇਰੀ ਪੰਜ ਸਾਲਾ ਬੇਟੀ ਦੀ ਗੱਲ ਵੀ ਸੁਣ ਲਵੋ। ਤੁਸੀਂ ਸਾਰੀਆਂ ਜਾਣਦੀਆਂ ਹੀ ਹੋ ਕਿ ਮੇਰੇ ਪਤੀ ਵਿਦੇਸ਼ ਵਿਚ ਹਨ, ਜਿਥੇ ਉਨ੍ਹਾਂ ਨੂੰ ਦੋ ਕੁ ਸਾਲ ਰਹਿਣਾ ਪਵੇਗਾ। ਪਰਸੋਂ ਮੇਰੀ ਬੇਟੀ ਗੁਆਂਢੀਆਂ ਦੇ ਘਰੋਂ ਖੇਡ ਕੇ ਆਈ ਤੇ ਕਹਿਣ ਲੱਗੀ, 'ਮੰਮੀ ਮੈਨੂੰ ਵੀ ਇਕ ਨਿੱਕਾ ਜਿਹਾ ਭਰਾ ਚਾਹੀਦਾ ਹੈ'
ਮੈਂ ਕਿਹਾ 'ਹਾਂ, ਹਾਂ ਕਿਉਂ ਨਹੀਂ, ਪਾਪਾ ਨੂੰ ਵਾਪਸ ਆਉਣ ਦੇ ਫਿਰ ਭਰਾ ਵੀ ਆ ਜਾਵੇਗਾ।'
'ਅਸੀਂ ਪਾਪਾ ਦਾ ਇੰਤਜ਼ਾਰ ਕਿਉਂ ਕਰੀਏ। ਸਗੋਂ ਅਸੀਂ ਉਨ੍ਹਾਂ ਨੂੰ ਹੈਰਾਨੀ ਭਰੀ ਖੁਸ਼ੀ (ਸਰਪ੍ਰਾਈਜ਼) ਕਿਉਂ ਨਾ ਦੇ ਦਈਏ। ਉਨ੍ਹਾਂ ਦੇ ਆਉੇਣ ਤੋਂ ਪਹਿਲਾਂ ਹੀ ਭਰਾ ਲੈ ਆਓ'।
ਦੱਸੋ ਮੈਂ ਉਸ ਨੂੰ ਕੀ ਸਮਝਾਉਂਦੀ ਤੇ ਕੀ ਕਹਿੰਦੀ।
'ਬਈ ਬੱਚਿਆਂ ਦੇ ਸੋਚਣ ਤੇ ਵੇਖਣ ਦਾ ਤਰੀਕਾ ਵੱਡਿਆਂ ਤੋਂ ਅਲੱਗ ਹੈ। ਮੈਂ ਵੀ ਤੁਹਾਨੂੰ ਇਕ ਹੱਡਬੀਤੀ ਸੁਣਾਦੀ ਹਾਂ। ਤੁਸੀਂ ਜਾਣਦੀਆਂ ਹੋ ਮੇਰੇ ਪਤੀ ਸਰਕਾਰੀ ਅਫਸਰ ਹਨ। ਇਕ ਵਾਰੀ ਉਨ੍ਹਾਂ ਦਾ ਬੌਸ ਦਿੱਲੀ ਤੋਂ ਟੂਰ 'ਤੇ ਅਇਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਪੰਜ ਸਾਲਾ ਪੋਤਾ ਵੀ ਸੀ। ਸਾਰੇ ਅਫਸਰਾਂ, ਸ਼ਹਿਰ ਦੇ ਵਪਾਰੀਆਂ ਤੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਨਾਲ ਇਕ ਮੀਟਿੰਗ ਤੇ ਡਿਨਰ ਦਾ ਪ੍ਰਬੰਧ ਇਕ ਵੱਡੇ ਹੋਟਲ ਵਿਚ ਕੀਤਾ। ਡਿਨਰ ਤੋਂ ਪਹਿਲਾਂ ਬੌਸ ਨੇ ਸਭ ਨੂੰ ਟੈਕਸ ਨਾਲ ਜੁੜੇ ਮਾਮਲਿਆਂ ਤੇ ਸੰਬੋਧਿਤ ਕਰਨਾ ਸੀ। ਸੋ, ਭਾਸ਼ਣ ਸ਼ੁਰੂ ਹੋ ਗਿਆ। ਅੱਧਾ ਘੰਟਾ, ਪੌਣਾ ਘੰਟਾ ਤੇ ਇਕ ਘੰਟਾ ਬੀਤ ਗਿਆ ਤੇ ਉਹ ਬੋਲੀ ਹੀ ਜਾਵੇ। ਮੇਰਾ ਆਪਣਾ ਖਿਆਲ ਹੈ ਕਿ ਕਈ ਰਾਜਨੀਤਕ ਨੇਤਾਵਾਂ ਦੀ ਤਰ੍ਹਾਂ ਵੱਡੇ ਅਫਸਰਾਂ ਨੂੰ ਵੀ ਆਪਣੀ ਆਵਾਜ਼ ਨਾਲ ਪਿਆਰ ਜਿਹਾ ਹੋ ਜਾਂਦਾ ਹੈ। ਤੇ ਫਿਰ ਜੇ 'ਬੰਧੂਆ' ਸੁਣਨ ਵਾਲੇ ਮਿਲ ਜਾਣ ਤਾਂ ਚੁੱਪ ਹੋਣ ਦਾ ਮਤਲਬ ਹੀ ਨਹੀਂ ਰਹਿੰਦਾ। ਅਸੀਂ ਸਾਰੇ ਵਧੀਆ ਖਾਣੇ ਦਾ ਇੰਤਜ਼ਾਰ ਕਰ ਰਹੇ ਸਾਂ। ਤਦੇ ਹੀ ਉਨ੍ਹਾਂ ਦਾ ਪੋਤਾ ਸਟੇਜ 'ਤੇ ਪਹੁੰਚ ਗਿਆ ਤੇ ਪੈਂਟ ਫੜ ਕੇ ਕਹਿਣ ਲੱਗਾ, 'ਦਾਦੂ ਆਪ ਚੁੱਪ ਕਬ ਕਰੋਗੇ ਮੁਝੇ ਬਹੁਤ ਭੂਖ ਲਗੀ ਹੈ'। ਸਾਨੂੰ ਸਮਝ ਨਾ ਆਵੇ ਕਿ ਹਾਸੇ 'ਤੇ ਕਿਵੇਂ ਕਾਬੂ ਪਾਈਏ।
ਸੋ, ਇਹ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਚਾਹੇ ਬੱਚੇ ਹੁਸ਼ਿਆਰ ਹੋਣ ਪਰ ਹੁੰਦੇ ਨਿਰਛਲ ਤੇ ਸੱਚੇ ਹਨ। ਇਸ ਗੱਲ 'ਤੇ ਅਸੀਂ ਸਭ ਸਹਿਮਤ ਸਾਂ।

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ , ਪਟਿਆਲਾ।
ਮੋਬਾਈਲ : 95015-31277.

ਬਸ ਅੱਜ ਦਾ ਦਿਨ

ਕੈਲਿਆ ਆਜਾ ਚੌਕ ਤੱਕ ਚਲੀਏ, ਜਦੋਂ ਵੀਰੂ ਨੇ ਸਾਈਕਲ ਰੋਕ ਕੇ ਭੁੰਜੇ ਪੈਰ ਲਾਉਂਦਿਆਂ ਆਖਿਆ ਤਾਂ ਕੈਲੇ ਨੇ ਰਸਾਲੇ ਦੇ ਪੰਨੇ ਤੋਂ ਨਜ਼ਰ ਹਟਾਉਂਦੇ ਹੋਏ ਪੁੱਛਿਆ ਐਸ ਵੇਲੇ ਉਥੇ ਕੀ ਕਰਨ ਜਾਣੈ? ਬਹੁਤੇ ਸਵਾਲ ਨਾ ਕਰਿਆ ਕਰ ਯਾਰ, ਆਜਾ ਗੱਲਾਂਬਾਤਾਂ ਕਰਦੇ ਹੁਣੇ ਮੁੜੇ ਆਉਨੇ ਆਂ। ਕੈਲੇ ਦਾ ਮੱਥਾ ਤਾਂ ਠਣਕ ਗਿਆ ਪਰ ਪੁਰਾਣਾ ਸਾਥੀ ਹੋਣ ਕਰਕੇ ਮੋਢੇ ਤੇ ਪਰਨਾ ਧਰਿਆ ਤੇ ਸਾਈਕਲ ਮੂਹਰੇ ਜਾ ਬੈਠਾ। ਤੇਰੇ ਕਹੇ ਤੇ ਮੈਂ ਤੁਰ ਪਿਆਂ ਵੀਰੂ ਅਜੇ ਧਾਰ ਕੱਢਣੀ ਏਂ, ਕਈ ਕੰਮ ਹੋਰ ਵੀ ਐਸ ਵੇਲੇ ਕਰਨ ਵਾਲੇ ਹੁੰਦੇ ਨੇ। ਤੂੰ ਵੀ ਸੱਚਾ ਏਂ ਯਾਰ ਪਰ ਸਾਨੂੰ ਪੁੱਛ ਸ਼ਾਮ ਕਿਵੇਂ ਆਉਂਦੀ ਏ, ਗਰਮੀਆਂ 'ਚ ਤਾਂ ਦਿਨ ਅੜ ਕੇ ਖੜ੍ਹ ਜਾਂਦੇ ਨੇ, ਸੂਰਜ ਵੱਲ ਵਾਰ-ਵਾਰ ਵੇਖਦੇ ਧੌਣ ਵੀ ਹੰਭ (ਥੱਕ) ਜਾਂਦੀ ਏ ਕਦੋਂ ਸੂਰਜ ਥੱਲੇ ਉੱਤਰੇ ਤੇ ਮੂੰਹ ਦਾ ਸਵਾਦ ਬਦਲੀਏ। ਤਾਂ ਤੂੰ ਐਸ ਵੇਲੇ ਮੂੰਹ ਦਾ ਸਵਾਦ ਬਦਲਣ ਚੱਲਿਆ ਏਂ? ਵੀਰੂ ਤੈਨੂੰ ਕਿੰਨੀ ਵਾਰ ਅੱਗੇ ਸਮਝਾਇਐ ਪਈ ਨਸ਼ਾ ਕੋਈ ਵੀ ਹੋਵੇ ਇਸ ਦਾ ਲਾਲਚ ਮਾੜਾ ਏ, ਤਿਲ-ਤਿਲ ਮਾਰਦੈ ਬੰਦੇ ਨੂੰ, ਪਰ ਤੇਰੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕਦੀ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੋਚ ਲੈ ਨਸ਼ਿਆਂ ਦੀ ਗ੍ਰਿਫਤ 'ਚ ਆਇਆ ਸਰੀਰ ਕੇਰਾਂ ਜਵਾਬ ਦੇ ਗਿਆ ਤਾਂ ਔਖਾ ਈ ਸੰਭਲਦੈ, ਠੇਕਿਆਂ 'ਤੇ ਸ਼ਰਾਬ ਨਹੀਂ ਮੁੱਕਣੀ ਬੰਦੇ ਨੇ ਹੀ ਮੁੱਕਣੈ। ਕਿੱਧਰ ਗਿਆ ਲੱਖੇ ਕਾ ਗੇਲਾ, ਕਿਵੇਂ ਪੀ ਕੇ ਲਲਕਾਰੇ ਮਾਰਦਾ ਹੁੰਦਾ ਸੀ, ਅਖੇ ਓਨਾ ਨਲਕਿਆਂ 'ਚ ਪਾਣੀ ਨਹੀਂ ਜਿੰਨੀ ਮੈਂ ਡਕਾਰ ਗਿਆਂ। ਆਖਰ ਤਰਲੇ ਕੱਢਦਾ ਸੀ, ਬਚਾ ਲਉ-ਬਚਾ ਲਉ। ਰੋਜ਼ ਸੁਣਦੇ ਹੁੰਦੇ ਸਾਂ ਭੋਲੂ ਕੇ ਭਾਨੇ ਦੀਆਂ ਸ਼ੇਖੀਆਂ, ਅਖੇ ਇਹ ਤਾਂ ਸ਼ੈਅ ਈ ਬੜੀ ਵਧੀਆ ਏ, ਜਦੋਂ ਜਿਗਰ ਗਿਆ ਫਿਰ ਲੇਲ੍ਹੜੀਆਂ ਕੱਢੇ ਰੱਬਾ ਕੇਰਾਂ ਬਖਸ਼ਦੇ। ਵੇਖ ਕਿਵੇਂ ਰੁਲੇ ਨੇ ਨਿਆਣੇ-ਨਿੱਕੇ ਉਹਦੇ। ਯਾਰ ਤੂੰ ਧੀਰੇ ਵੱਲ ਵੇਖ, ਦਿਨ ਰਾਤ ਦਾ ਸ਼ਰਾਬੀ ਸੀ, ਅੱਜ ਮੂੰਹ 'ਤੇ ਨਹੀਂ ਧਰਦਾ। ਮੈਂ ਤਾਂ ਏਹੀ ਕਹਿਨਾਂ ਵੀਰ ਮੇਰਿਆ ਜਿਨ੍ਹਾਂ ਖਾਧੀਆਂ ਗਾਜਰਾਂ ਪੇਟ ਤਿਨ੍ਹਾਂ ਦੇ ਪੀੜ, ਜੇਹਾ ਕੋਈ ਕਰੇਗਾ ਤੇਹਾ ਭੁਗਤੇਗਾ, ਆਪਾਂ ਆਪਣੇ-ਆਪ ਨੂੰ ਬਚਾਉਣੈ, ਤੂੰ ਮਨ ਨੂੰ ਪੱਕਾ ਕਰ, ਆਹ ਸੁਣ ਗੁਰਦੁਆਰਾ ਸਾਹਿਬ 'ਚ ਕੀਰਤਨ ਹੁੰਦਾ, ਹੁਣੇ ਰਹਿਰਾਸ ਸਾਹਿਬ ਦਾ ਪਾਠ ਹੋਣੈ, ਚੱਲ ਆਪਾਂ ਗੁਰੂ ਚਰਨਾਂ ਵਿਚ ਹਾਜ਼ਰੀਆਂ ਭਰਦੇ ਆਂ, ਨਾਲੇ ਬੇਨਤੀ ਕਰਾਂਗੇ ਕਿ ਉਹ ਮਿਹਰ ਦੀ ਨਜ਼ਰ ਪਾਵੇ। ਕੈਲਾ ਏਨਾਂ ਕਹਿ ਕੇ ਗੁਰਦੁਆਰਾ ਸਾਹਿਬ ਅੱਗੇ ਸਾਈਕਲ ਤੋਂ ਉੱਤਰ ਗਿਆ। ਵੀਰੂ ਕੁਝ ਮਿੰਟ ਉਥੇ ਖੜ੍ਹਾ ਕੁਝ ਸੋਚਦਾ ਜ਼ਰੂਰ ਰਿਹਾ ਪਰ ਫਿਰ ਖੱਬਾ ਹੱਥ ਖੜ੍ਹਾ ਕਰਕੇ 'ਬਸ ਅੱਜ ਦਾ ਦਿਨ' ਕਹਿੰਦਾ ਹੋਇਆ ਚੌਕ ਵੱਲ ਚਲ ਪਿਆ। ਉਸ ਨੂੰ ਜਾਂਦੇ ਵੇਖ ਕੈਲੇ ਦੇ ਮੂੰਹੋਂ ਆਪ-ਮੁਹਾਰੇ ਇਹ ਲਾਈਨ ਨਿਕਲ ਗਈ, 'ਮੈਂ ਇਸ ਨੂੰ ਦਿਨ ਕਟੀ ਆਖਾਂ ਕੇ ਇਸ ਨੂੰ ਜ਼ਿੰਦਗੀ ਆਖਾਂ।'

-ਮੋਬਾਈਲ : 98144-51558.

ਰੰਗਾਂ ਦੇ ਰੰਗ

ਸੂਰਜ ਦੇ ਛਿਪਾਅ ਦਾ ਸੁਨਹਿਰੀ ਰੰਗ ਸੁਖਨਾ ਝੀਲ ਵਿਚ ਘੁਲ ਰਿਹਾ ਸੀ। ਲਹਿਰਾਂ ਨਾਲ ਇਹਦੇ ਜ਼ੇਵਰ ਹੋਰ ਚਮਕਣ ਲਗਦੇ। ਸੋਨੇ ਦੀ ਚਿੜੀ ਵਾਲੇ ਭਾਰਤੀ ਇਤਿਹਾਸ ਦਾ ਕੋਈ ਆਖਰੀ ਟੋਟਾ। ਖ਼ੁਸ਼ਗਵਾਰ ਮੌਸਮ ਕਰਕੇ ਅੱਜ ਰੋਜ਼ਾਨਾ ਨਾਲੋਂ ਜ਼ਿਆਦਾ ਭੀੜ ਸੀ। 'ਬੀਸ ਕੇ ਏਕ-ਬੀਸ ਕੇ ਏਕ', ਦੋ ਜਵਾਕ ਕਾਗਜ਼ ਦੀਆਂ ਕੋਨਾਂ ਵਿਚ ਭੇਲ ਪੂਰੀ ਵੇਚ ਰਹੇ ਸਨ। ਇਕ ਨੇ ਬਾਲਟੀ ਚੱਕੀ ਹੋਈ ਸੀ ਤੇ ਦੂਜੇ ਨੇ ਹੱਥ 'ਚ ਕਈ ਕੋਨਾਂ ਫੜੀਆਂ ਸਨ। 'ਜੀ.ਡੀ.ਪੀ. 8' ਪਰਸੈਂਟ ਤੇ ਗਰੋ ਕਰ ਰਹੀ, ਵੇਖੀ ਤੀਹ 'ਚ ਆਪਾਂ ਚੀਨ ਤੋਂ ਅੱਗੇ ਨਿਕਲ ਜਾਣਾ।' ਦਫਤਰੀ ਬਾਬੂ ਦਿਖ ਵਾਲੇ ਕੁਝ ਬੰਦੇ ਬਾਹਾਂ ਮਾਰਦੇ ਕੋਲੋਂ ਗੂੜ੍ਹੀਆਂ ਵਿਚਾਰਾਂ ਵਿਚ ਮਸਤ ਲੰਘੇ। ਸੂਰਜ ਢਲ ਚੁੱਕਾ ਸੀ ਪਰ ਅਸਮਾਨ ਨੇ ਅਜੇ ਕੁਝ ਕਿਰਨਾਂ ਆਪਣੀ ਬੁੱਕਲ 'ਚ ਲੁਕੋ ਰੱਖੀਆਂ ਸਨ। ਹਾਂ, ਪਾਣੀ ਦਾ ਸੁਨਹਿਰੀ ਰੰਗ ਜ਼ਰੂਰ ਪਿਲੱਤਣ ਵਿਚ ਬਦਲ ਰਿਹਾ ਸੀ। 'ਬੀਸ ਕੇ ਦੋ' ਉਹੀ ਆਵਾਜ਼ ਜ਼ਰਾ ਰਤਾ ਉੱਚੀ, ਫੇਰ ਕੰਨੀਂ ਪਈ। ਹਨੇਰ ਪਸਰਨ 'ਤੇ ਭੀੜ ਵੀ ਘਟ ਰਹੀ ਸੀ। ਹਨੇਰੇ ਨੇ ਝੀਲ ਦੀ ਸੁਨਹਿਰੀ ਫੁਲਕਾਰੀ ਉਤਾਰ ਦਿੱਤੀ। ਜਵਾਕ ਖਾਲੀ ਬਾਲਟੀ 'ਤੇ ਹੱਥਾਂ 'ਚ ਅਖੀਰ ਰੁਗ ਫੜੀ ਉੱਚੀ-ਉੱਚੀ ਹੋਕਾ ਲਾਉਂਦੇ, ਇਕ-ਦੂਜੇ ਤੋਂ ਅੱਗੇ ਭੱਜ ਰਹੇ ਸਨ। ਦੁਕਾਨਦਾਰ ਦੀ ਬੋਹਣੀ ਤੇ ਰੇਹੜੀ ਵਾਲੇ ਦੀ ਅਖੀਰ ਦਾ ਅਹਿਸਾਸ ਉਹੀ ਜਾਣਦੇ ਨੇ। ਪਾਣੀ ਤੋਂ ਸ਼ਾਹ ਕਾਲਾ ਅਤੇ 'ਬੀਸ ਕੇ ਏਕ ਤੋਂ ਤੀਨ' ਹੋ ਗਏ ਸੀ ਪਰ ਜੀ.ਡੀ.ਪੀ. ਦੱਸਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਸੀ।

- ਜਗਦੀਸ਼ ਸਿੰਘ -
ਮੋਬਾਈਲ : 99157-09188.

ਮਹਿੰਗੀਆਂ ਹੋ ਗਈਆਂ ਸਬਜ਼ੀਆਂ

ਅਦਰਕ, ਲਸਣ, ਮਟਰ, ਟਮਾਟਰ ਮਹਿੰਗੇ ਹੋ ਗਏ ਸਾਰੇ,
ਜੀਹਦਾ ਭਾਅ ਵੀ ਪੁੱਛ ਕੇ ਵੇਖੋ ਸੱਪ ਵਾਂਗ ਡੰਗ ਮਾਰੇ।
ਸੁਣ ਕੇ ਰੇਟ ਤੇ ਲੋਕੀਂ ਲੈਂਦੇ, ਮੂੰਹ ਵਿਚ ਉਂਗਲਾਂ ਪਾਅ,
ਮਹਿੰਗੀਆਂ ਹੋ ਗਈਆਂ ਸਬਜ਼ੀਆਂ ਤੇ ਸਭ ਦੇ ਵਧ ਗਏ ਭਾਅ
ਪੰਜਾਹ ਰੁਪਈਏ ਗੋਭੀ ਹੋ ਗਈ, ਸੱਠ ਰੁਪਈਏ ਬਤਾਊਂ,
ਚਾਲੀ ਰੁਪਈਏ ਕੱਦੂ ਸੁਣ ਕੇ, ਦਿਲ ਕਰੇ ਘਾਊਂ-ਮਾਊਂ।
ਅਚਾਰ ਵੀ ਕਿਹੜਾ ਸਸਤਾ, ਜਿਹੜਾ ਗ਼ਰੀਬ ਲਊ ਕੋਈ ਖਾਅ,
ਮਹਿੰਗੀਆਂ ਹੋ ਗਈਆਂ ਸਬਜ਼ੀਆਂ ਤੇ ਸਭ ਦੇ ਵਧ ਗਏ ਭਾਅ।
ਚਾਲੀ ਰੁਪਈਏ ਭਿੰਡੀ, ਕਰੇਲਾ ਅਰਬੀ ਤੀਹ ਨੂੰ ਹੋਈ,
ਔਖਾ ਹੋ ਗਿਆ ਝੱਟ ਲੰਘਾਉਣਾ ਕੀ ਕਰੂਗਾ ਕੋਈ।
ਇਸ ਚੰਦਰੀ ਮਹਿੰਗਾਈ ਦਿੱਤੇ, ਕੰਨਾਂ ਨੂੰ ਹੱਥ ਲੁਆ
ਮਹਿੰਗੀਆਂ ਹੋ ਗਈਆਂ ਸਬਜ਼ੀਆਂ ਤੇ ਸਭ ਦੇ ਵਧ ਗਏ ਭਾਅ।
ਮਹਿੰਗੇ ਮਿਰਚ, ਮਸਾਲੇ, ਹਲਦੀ ਕੁੱਲ ਮਹਿੰਗੀਆਂ ਦਾਲਾਂ,
ਖੁੰਡ, ਚਾਹ, ਦੁੱਧ ਦੇ ਰੇਟ ਵੀ ਵਧ ਗਏ, ਮਾਰ ਮਾਰ ਕੇ ਛਾਲਾਂ।
'ਗੋਪਾਲ ਕਲੇਰਾਂ' ਦਿਆਂ ਆਲੂ ਸਸਤੇ ਖਾ ਕੇ ਝੱਟ ਲੰਘਾਅ,
ਮਹਿੰਗੀਆਂ ਹੋ ਗਈਆਂ ਸਬਜ਼ੀਆਂ ਤੇ ਸਭ ਦੇ ਵਧ ਗਏ ਭਾਅ।

-ਕਵੀ ਗੋਪਾਲ ਸਿੰਘ 'ਨਿਮਾਣਾ'
-ਮੋਬਾਈਲ : 98159-58249.

ਹਮਦਰਦੀ ਦਾ ਪਾਤਰ

ਸਿਆਣੇ ਆਖਦੇ ਹਨ ਕਿ ਬੰਦਾ ਆਪਣਾ ਸਿਰ ਆਪ ਗੁੰਦਣ ਜੋਗਾ ਹੀ ਰਹੇ ਤਾਂ ਬਹੁਤ ਚੰਗੀ ਗੱਲ ਹੈ। ਭਾਵ ਕਿਸੇ ਸਹਾਰੇ ਜਾਂ ਆਸਰੇ ਦੀ ਝਾਕ ਤੋਂ ਮੁਕਤ ਰਹੇ ਭਾਵ ਲੋੜ ਹੀ ਨਾ ਪਵੇ। ਸੱਚਮੁੱਚ ਕਈ ਹਾਲਤਾਂ ਵਿਚ ਅਨੇਕਾਂ ਸੱਜਣ ਹਮਦਰਦੀ ਦੇ ਪਾਤਰ ਹੁੰਦੇ ਹਨ ਤੇ ਯਥਾਸ਼ਕਤ ਇਨ੍ਹਾਂ ਦੀ ਸਹਾਇਤਾ ਕਰ ਦੇਣੀ ਚਾਹੀਦੀ ਹੈ। ਪਰ ਹਰ ਸਮਾਜ 'ਚ ਕੁਝ ਬੰਦੇ ਘੁਮੰਡੀ ਹੁੰਦੇ ਹਨ, ਜੋ ਹਮਦਰਦੀ ਦੇ ਪਾਤਰ ਬਣਨ ਦਾ ਯਤਨ ਕਰਦੇ ਹਨ। ਬਿਮਾਰੀ, ਕਮਜ਼ੋਰੀ ਜਾਂ ਕਿਸੇ ਹੋਰ ਬਿਪਤਾ ਦਾ ਰੋਣਾ ਏਨਾ ਰੋਂਦੇ ਹਨ ਕਿ ਦੂਜੇ ਪਿਘਲ ਕੇ ਕੁਝ ਨਾ ਕੁਝ ਇਨ੍ਹਾਂ ਨੂੰ ਦੇ ਦਿੰਦੇ ਹਨ। ਫਿਰ ਇਹ ਅਲੋਪ ਹੋ ਕੇ ਨੌਂ-ਬਰ-ਨੌਂ ਹੋ ਜਾਂਦੇ ਹਨ।
ਸਾਡੇ ਇਕ ਮਿੱਤਰ ਚੰਗੇ ਪੈਸੇ ਵਾਲੇ ਹਨ ਤੇ ਲੋੜ ਅਨੁਸਾਰ ਸਹਾਇਤਾ ਵੀ ਦੂਜਿਆਂ ਦੀ ਕਰਦੇ ਹਨ। ਇਕ ਵਾਰ ਉਨ੍ਹਾਂ ਕੋਲ ਇਕ ਔਰਤ ਆਈ ਜਿਸ ਨਾਲ ਦਸ-ਬਾਰਾਂ ਸਾਲ ਦੇ ਦੋ ਬੱਚੇ ਸਨ। ਰੋਂਦੀ ਕੁਰਲਾਉਂਦੀ ਆਖਣ ਲੱਗੀ ਕਿ ਘਰਵਾਲਾ ਸ਼ਰਾਬੀ ਕਬਾਬੀ ਤੇ ਨਿਕੰਮਾ ਹੋਣ ਕਾਰਨ ਮੈਂ ਹੀ ਘਰਾਂ ਦੇ ਝਾੜੂ-ਪੋਚੇ ਲਾ ਕੇ ਬੱਚੇ ਪਾਲਦੀ ਹਾਂ। ਬੱਚਿਆਂ ਦੀ ਪੜ੍ਹਾਈ ਦੀ ਫੀਸ ਲਈ ਸਹਾਇਤਾ ਮੰਗਣ ਲੱਗੀ। ਸਾਡੇ ਮਿੱਤਰ ਨੇ ਆਪਣੇ ਪੀ.ਏ. ਨੂੰ ਪੈਸੇ ਦੇਣ ਲਈ ਆਖ ਦਿੱਤਾ ਤੇ ਔਰਤ ਅਸੀਸਾਂ ਦਿੰਦੀ ਤੁਰ ਗਈ।
ਫਿਰ ਕਿਸੇ ਦਿਨ ਇਕ ਆਦਮੀ ਆਇਆ ਜਿਸ ਨਾਲ ਦੋ ਛੋਟੇ ਬੱਚੇ ਸਨ। ਬੁਰੇ ਹਾਲੀਂ ਆਖਣ ਲੱਗਾ ਇਨ੍ਹਾਂ ਦੀ (ਬੱਚਿਆਂ ਦੀ) ਮਾਂ ਬਦਚਲਣ ਸੀ ਤੇ ਕਿਸੇ ਨਾਲ ਚਲੀ ਗਈ ਹੈ। ਮੈਂ ਹੀ ਇਨ੍ਹਾਂ ਨੂੰ ਪਾਲਦਾ ਹਾਂ, ਜੇ ਥੋੜ੍ਹੀ ਮਦਦ ਹੋ ਜਾਵੇ ਤਾਂ ਸ਼ੁਕਰ-ਗੁਜ਼ਾਰ ਹੋਵਾਂਗਾ। ਮੇਰਾ ਜ਼ਿਆਦਾ ਸਮਾਂ ਇਨ੍ਹਾਂ ਦੀ ਸੰਭਾਲ 'ਚ ਹੀ ਲਗਦਾ ਹੈ। ਇਸ ਆਦਮੀ ਦੀ ਵਾਜਬ ਸਹਾਇਤਾ ਕਰ ਦਿੱਤੀ। ਸਾਡੇ ਮਿੱਤਰ ਦੇ ਸਹਾਇਕ ਨੇ ਇਹ ਆਦਮੀ ਤੇ ਪਹਿਲਾਂ ਵਾਲੀ ਔਰਤ ਕੁਝ ਦਿਨ ਪਹਿਲਾਂ ਚੰਗੇ-ਭਲੇ ਇਕੱਠੇ ਹੱਸਦੇ-ਖੇਡਦੇ ਦੇਖੇ ਸਨ ਤੇ ਨਾਲ ਇਨ੍ਹਾਂ ਦੇ ਬੱਚੇ ਵੀ ਸਨ। ਕਿਸੇ ਦੁਕਾਨ ਤੋਂ ਕੁਝ ਖਾ-ਪੀ ਰਹੇ ਸਨ। ਉਹ ਹੌਲੀ-ਹੌਲੀ ਇਸ ਆਦਮੀ ਦੇ ਪਿੱਛੇ ਤੁਰ ਪਿਆ। ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਦੋਵੇਂ ਮੀਆਂ-ਬੀਵੀ ਚੰਗੇ ਭਲੇ ਇਕੱਠੇ ਰਹਿ ਰਹੇ ਹਨ। ਦੋਵੇਂ ਉਨ੍ਹਾਂ ਦੇ ਮਾਲਿਕ (ਸਾਡੇ ਮਿੱਤਰ) ਦੀ ਦਰਿਆਦਿਲੀ ਦਾ ਨਾਜਾਇਜ਼ ਲਾਭ ਉਠਾ ਗਏ। ਸਾਡੇ ਮਿੱਤਰ ਬਾਰੇ ਮਸ਼ਹੂਰ ਸੀ ਕਿ ਉਹ ਮੰਗਣ ਆਏ ਨੂੰ ਖਾਲੀ ਹੱਥ ਕਦੇ ਨਹੀਂ ਸੀ ਮੋੜਦਾ। ਸੋ, ਉਹ ਮੀਆਂ-ਬੀਵੀ ਹਮਦਰਦੀ ਦੇ ਪਾਤਰ ਬਣ ਕੇ ਆ ਗਏ। ਇਸ ਲਈ ਦਾਨੀ ਸੱਜਣਾਂ ਨੂੰ ਬਾਮੁਲਾਹਜ਼ਾ ਹੁਸ਼ਿਆਰ ਹੋ ਕੇ ਚੱਲਣ ਦੀ ਲੋੜ ਵੀ ਹੁੰਦੀ ਹੈ।

-ਰਾਜਿੰਦਰਪਾਲ ਸ਼ਰਮਾ
ਗਲੀ ਨੰ: 8-ਸੀ, ਹੀਰਾ ਬਾਗ਼, ਜਗਰਾਉਂ (ਲੁਧਿਆਣਾ)।
ਮੋਬਾਈਲ : 98886-31634.

ਤੁਹਾਨੂੰ ਪਹਿਲਾਂ ਦੇਖਿਆ ਲਗਦੈ ਕਿਤੇ

ਆਧੁਨਿਕੀਕਰਨ ਨੇ ਬੱਚਿਆਂ, ਬੁੱਢਿਆਂ ਅਤੇ ਜਵਾਨਾਂ ਦਾ ਦਿਮਾਗ਼ ਮਸ਼ੀਨਾਂ ਨਾਲੋਂ ਵੀ ਤੇਜ਼ ਕਰ ਦਿੱਤਾ ਹੈ। ਦੋ ਸਾਲਾਂ ਦਾ ਬੱਚਾ ਵੀ ਹੁਸ਼ਿਆਰੀ ਨਾਲ ਫ਼ੋਨ 'ਤੇ ਗੇਮ ਖੇਡਦਾ ਹੈ, ਗੱਲਾਂ ਕਰਦਾ ਹੈ, ਇੰਟਰਨੈੱਟ 'ਤੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਡਾਊਨਲੋਡ ਕਰਦਾ ਹੈ, ਇਸ਼ਾਰੇ ਨਾਲ ਹੀ ਗੱਲ ਕਰਦਾ ਹੈ ਤੇ ਕੀਤੀ ਗੱਲ ਨੂੰ ਸਮਝਦਾ ਹੈ। ਇਸ ਦਾ ਕਾਰਨ ਬੱਚਿਆਂ ਨੂੰ ਮਿਲ ਰਹੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ।
ਪੁਰਾਣੀ ਗੱਲ ਹੈ, ਚੜ੍ਹਦੀ ਉਮਰੇ ਕਿਹਰ ਸਿੰਘ ਆਪਣੇ ਭਤੀਜੇ-ਭਤੀਜੀ ਨੂੰ ਸ਼ਹਿਰ ਦੇ ਸਕੂਲ ਛੱਡਣ ਜਾਂਦਾ ਹੁੰਦਾ ਸੀ। ਉੱਥੇ ਹੋਰ ਵੀ ਬਥੇਰੇ ਲੋਕ ਆਪਣੇ ਬੱਚਿਆਂ ਨੂੰ ਛੱਡਣ ਆਉਂਦੇ ਸਨ ਕੋਈ ਸਕੂਟਰ 'ਤੇ, ਕੋਈ ਮੋਟਰਸਾਈਕਲ 'ਤੇ ਕੋਈ ਕਾਰ 'ਤੇ ਅਤੇ ਕੋਈ ਪੈਦਲ। ਕਈ ਵਾਰ ਲੋਕਾਂ ਵੱਲ ਦੇਖ ਕੇ ਇਵੇਂ ਲੱਗਦਾ ਸੀ ਕਿ ਲੋਕਾਂ ਨੂੰ ਹੋਰ ਕੰਮ ਹੈ ਨਹੀਂ, ਸਵੇਰੇ ਛੱਡਣ ਜਾਓ ਅਤੇ ਦੁਪਹਿਰੇ ਬੱਚਿਆਂ ਨੂੰ ਲੈਣ ਜਾਓ। ਪੁਰਾਣੇ ਵੇਲਿਆਂ ਵਿਚ ਇਸ ਤਰ੍ਹਾਂ ਦੇ ਰਿਵਾਜ ਨਹੀਂ ਸਨ। ਪ੍ਰਾਇਮਰੀ ਸਕੂਲ ਵਿਚ ਲੰਬਾ ਪੈਂਡਾ ਤੈਅ ਕਰ ਕੇ ਪੈਦਲ ਇਕੱਲੇ ਹੀ ਜਾਣਾ ਪੈਂਦਾ ਸੀ। ਮਾਂ-ਬਾਪ ਕੋਲ ਵਿਹਲ ਹੀ ਕਿੱਥੇ ਸੀ ਕਿ ਉਹ ਬੱਚਿਆਂ ਨੂੰ ਛੱਡਣ ਵੀ ਜਾਣ ਤੇ ਲੈਣ ਵੀ ਜਾਣ।
ਕਿਹਰ ਸਿੰਘ ਰੋਜ਼ਾਨਾ ਦੋ ਟਾਈਮ ਸਕੂਲ ਜਾਂਦਾ ਤਾਂ ਉੱਥੇ ਇਕ ਲੜਕੀ ਵੀ ਦੋ ਬੱਚਿਆਂ ਨੂੰ ਛੱਡਣ, ਲੈਣ ਆਉਂਦੀ ਸੀ। ਉਸ ਨਾਲ ਕਿਹਰ ਸਿੰਘ ਦੀਆਂ ਅੱਖਾਂ ਚਾਰ ਹੋ ਗਈਆਂ, ਪਰ ਕਿਹਰ ਸਿੰਘ ਆਪਣੀ ਗੱਲ ਉਸ ਨੂੰ ਕਹਿਣ ਤੋਂ ਸੰਗੀ ਜਾਵੇ। ਕੁੜੀ ਚਾਹੁੰਦੀ ਹੋਈ ਵੀ ਆਪ ਪਹਿਲ ਨਾ ਕਰ ਸਕੀ। ਐਦਾਂ ਕਈ ਦਿਨ ਲੰਘ ਗਏ। ਅਖੀਰ ਕੁੜੀ ਨੇ ਦੁਪਹਿਰ ਦੀ ਛੁੱਟੀ ਵੇਲੇ ਮੌਕਾ ਤਾੜ ਕੇ ਸਕੂਲ ਦੇ ਬਾਹਰ ਹੀ ਕੁਲਚੇ ਛੋਲੇ ਵੇਚਣ ਵਾਲੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ, 'ਭਾਈ ਦੋ ਕੁਲਚੇ ਕੋਠੀ ਨੰਬਰ ਫਲਾਣੀ ਵਿਚ ਭੇਜ ਦੇਣਾ, ਬਾਹਰੋਂ ਘੰਟੀ ਵਜਾ ਦੇਣਾ ਜੇਕਰ ਫੇਰ ਵੀ ਮੈਂ ਕੋਠੀ ਦਾ ਦਰਵਾਜ਼ਾ ਨਾ ਖੋਲ੍ਹਿਆਂ ਤਾਂ ਫ਼ੋਨ ਨੰਬਰ ਜੋ ਫਲਾਣਾ ਫਲਾਣਾ ਹੈ 'ਤੇ ਘੰਟੀ ਕਰ ਦੇਣਾ।' ਕੁੜੀ ਸਾਹੋ-ਸਾਹੀ ਸਭ ਕੁਝ ਦੱਸ ਗਈ ਸੀ। ਕਿਹਰ ਸਿੰਘ ਭਾਵੇਂ ਆਪਣੇ-ਆਪ ਨੂੰ ਤੇਜ਼ ਤਰਾਰ ਸਮਝਦਾ ਸੀ, ਨੂੰ ਫਿਰ ਵੀ ਉਸ ਕੁੜੀ ਦੀ ਰਮਜ਼ ਸਮਝ ਨਹੀਂ ਆਈ। ਉਸ ਨੂੰ ਕੋਠੀ ਨੰਬਰ ਦਾ ਪਤਾ ਲੱਗ ਗਿਆ ਸੀ, ਫ਼ੋਨ ਨੰਬਰ ਵੀ ਪਤਾ ਲੱਗ ਗਿਆ ਸੀ। ਪਰ ਉਹ ਨਾ ਸਮਝ ਇਹੀ ਸਮਝਦਾ ਰਿਹਾ ਸੀ ਕਿ ਕੁੜੀ ਨੇ ਮੇਰੇ ਨਾਲ ਨਹੀਂ, ਸਗੋਂ ਕੁਲਚੇ ਛੋਲੇ ਵਾਲੇ ਨਾਲ ਗੱਲ ਕੀਤੀ ਹੈ। ਕੁੜੀ ਨੇ ਉਸ ਨੂੰ ਨਾ ਸਮਝ ਕਹਿ ਮੁਸਕਰਾਉਣਾ ਛੱਡ ਦਿੱਤਾ।
ਕਿਹਰ ਸਿੰਘ ਦਾ ਵਿਆਹ ਹੋ ਗਿਆ। ਉਹੀ ਕੁੜੀ ਉਸ ਦੀ ਘਰਵਾਲੀ ਦੀ ਸਹੇਲੀ ਨਿਕਲੀ। ਉਸ ਕੁੜੀ ਨੇ ਕਿਹਰ ਸਿੰਘ ਨੂੰ ਹੱਸਦੇ ਹੋਏ ਕਿਹਾ ਸੀ, 'ਜੀਜਾ ਜੀ, ਯਾਦ ਕਰੋ ਕੁਲਚੇ ਛੋਲੇ ਵਾਲੇ ਦੇ ਬਹਾਨੇ ਮੈਂ ਆਪਣੀ ਕੋਠੀ ਨੰਬਰ ਅਤੇ ਫ਼ੋਨ ਨੰਬਰ ਤੁਹਾਨੂੰ ਦੱਸਿਆ ਸੀ, ਪਰ ਤੁਸੀਂ ਸਾਡੇ ਘਰੇ ਆਉਣ ਦੀ ਥਾਂ ਮੇਰੀ ਸਹੇਲੀ ਦੇ ਘਰੇ ਚਲੇ ਗਏ। ਸਾਰੇ ਪਾਸੇ ਹਾਸਾ ਮਚ ਗਿਆ ਕਿਹਰ ਸਿੰਘ ਨੂੰ ਉਦੋਂ ਵਰ੍ਹਿਆਂ ਪੁਰਾਣੀ ਘਟਨਾ ਯਾਦ ਆਈ। ਉਸ ਕੁੜੀ ਨੂੰ ਕਿਹਾ ਸੀ, 'ਤਾਹੀਓਂ ਜੀ ਮੈਨੂੰ ਲੱਗਦਾ ਸੀ, ਤੁਹਾਨੂੰ ਪਹਿਲਾਂ ਦੇਖਿਆ ਹੋਇਆ ਕਿਤੇ।'

-ਗੁਰਾਇਆ ਜ਼ਿਲ੍ਹਾ ਜਲੰਧਰ ਪੰਜਾਬ
ਈਮੇਲ-balwinder3600@gmail.com

ਕੰਡੇ ਦਾ ਕੰਡਾ ਮਿਹਨਤੀ ਮਿਲਾਵਟਖੋਰ...

ਦੁਨੀਆ 'ਚ ਸਾਡਾ ਇਕ ਇਹੋ ਜਿਹਾ ਦੇਸ਼ ਹੈ ਜਿਹੜਾ ਮਿਲ-ਵਰਤ ਕੇ ਮਿਲਾਵਟ ਕਰਦਾ ਹੈ। ਸਾਡੇ ਦੇਸ਼ ਦੀ ਖਾਸੀਅਤ ਇਹ ਹੈ ਕਿ ਸਾਡੇ ਕਿਸੇ ਇਕ ਪਾਰਟੀ ਦੀ ਸਰਕਾਰ ਵੀ ਬੜੀ ਮੁਸ਼ਕਿਲ ਨਾਲ ਬਣਦੀ ਹੈ, ਇਸ 'ਚ ਵੀ ਮਿਲਾਵਟ ਕਰਨੀ ਪੈਂਦੀ ਹੈ। ਖੈਰ, ਸਿਆਸਤ ਦਾ ਨਾਂਅ ਲੈ ਕੇ ਮਿਲਾਵਟ ਦੀ ਬੇਇੱਜ਼ਤੀ ਨਹੀਂ ਕੀਤੀ ਜਾ ਸਕਦੀ। ਕਿਉਂਕਿ ਸਿਆਸਤ ਨੂੰ ਬੇਇੱਜ਼ਤੀ ਦੀ ਪ੍ਰਵਾਹ ਨਹੀਂ। ਸਿਆਸਤ ਬੇਇੱਜ਼ਤੀ ਪਰੂਫ਼ ਹੈ। ਖੈਰ, ਗੱਲ ਮਿਲਾਵਟ ਬਾਰੇ ਹੋ ਰਹੀ ਸੀ। ਸਾਡੇ ਦੇਸ਼ 'ਚ ਬਹੁਤ ਸਾਰੇ ਮਿਲਾਵਟਖੋਰ ਨੇ। ਮਿਲਾਵਟਖੋਰ ਵੀ ਵੱਧ ਤੋਂ ਵੱਧ ਸਾਊ ਨੇ। ਇਨ੍ਹਾਂ ਦੇ ਸਾਊਪੁਣੇ ਕਾਰਨ ਕਈ ਸਾਊ ਸਵਰਗ ਸਿਧਾਰ ਗਏ। ਖੈਰ, ਉਹ ਤਾਂ ਇਕ ਦਿਨ ਸਭ ਨੇ ਜਾਣਾ ਹੀ ਹੈ ਤੇ ਜਿਉਂਦੇ ਜੀਅ ਸਭ ਨੇ ਖਾਣਾ ਵੀ ਹੈ। ਪਿਛਲੇ ਦਿਨੀਂ ਬੈਸਟ ਮਿਲਾਵਟ ਖੋਰ ਅਤੇ ਮੇਰਾ ਸਭ ਤੋਂ ਪਿਆਰਾ ਮਨਭਾਉਂਦਾ ਮਿਲਾਵਟਖੋਰ ਲਾਲਾ ਦੋ ਦੂਣੀ ਚਾਰ ਜੀ ਤੋਂ ਕੰਡਾ ਸਟੂਡੀਓ ਲਈ ਸਮਾਂ ਲਿਆ। ਥੋੜ੍ਹਾ ਜਿਹਾ ਲਾਲਾ ਦੋ ਦੂਣੀ ਚਾਰ ਜੀ ਬਾਰੇ ਦੱਸ ਦੇਵਾਂ। ਲਾਲਾ ਦੋ ਦੂਣੀ ਚਾਰ ਆਪਣੇ-ਆਪ ਨੂੰ ਅਲੱਗ-ਅਲੱਗ ਸੂਬਿਆਂ, ਅਲੱਗ-ਅਲੱਗ ਨਾਵਾਂ ਨਾਲ ਜਿਵੇਂ ਸਰਦਾਰ ਦੋ ਦੂਣੀ ਚਾਰ, ਖਾਨ ਦੋ ਦੂਣੀ ਚਾਰ ਨਾਲ ਜਾਣਿਆ ਜਾਂਦਾ ਹੈ। ਆਪ ਜੀ ਦੇ ਮਾਤਾ-ਪਿਤਾ ਜੀ ਕੌਣ-ਕੌਣ ਸਨ, ਇਹ ਆਪ ਜੀ ਨੂੰ ਨਹੀਂ ਪਤਾ। ਆਪ ਜੀ ਪਿਉਰ ਮਿਲਾਵਟ, ਖਰੀ ਮਿਲਾਵਟ ਨਾਲ ਜਾਣੇ ਜਾਂਦੇ ਹਨ। ਕਹਿੰਦੇ ਨੇ ਆਪ ਜੀ ਇਕ ਟੈਂਪੂ ਦੀ ਕੁੱਖੋਂ ਨਿਕਲੇ। ਮਤਲਬ ਜੋ ਕਿ ਕਰਿਆਨੇ ਦੇ ਸਮਾਨ ਦਾ ਲੱਦਿਆ ਸੀ ਉਸ 'ਚੋਂ ਨਿਕਲੇ ਸਨ। ਕਹਿੰਦੇ ਨੇ ਉਸ ਕਰਿਆਨੇ ਵਾਲੇ ਨੇ ਆਪ ਜੀ ਨੂੰ ਕਰਿਆਨੇ ਦੇ ਸਮਾਨ ਨਾਲ ਫ੍ਰੀ ਦੁਕਾਨ 'ਤੇ ਹੀ ਰੱਖ ਲਿਆ। ਆਪ ਜੀ ਨੇ ਮਿਲਾਵਟ 'ਚ ਜਨਮ ਲਿਆ ਤੇ ਆਪਣਾ ਨਾਂਅ ਮਿਲਾਵਟ ਦੀ ਸਿਖਰ 'ਤੇ ਲੈ ਗਏ। ਦੁਨੀਆ 'ਚ ਮਿਲਾਵਟੀ ਕਿੰਗ ਕਹਾਉਣ ਲੱਗੇ। ਮਿਲਾਵਟੀ ਕਿੰਗ ਹੋਣ ਦੇ ਬਾਵਜੂਦ ਆਪ ਜੀ 'ਚ ਬੜੀ ਨਿਮਰਤਾ ਭਰੀ ਮਿਲਾਵਟ ਹੈ। ਮਿਲਾਵਟਖੋਰੀ 'ਚ ਇਸ ਮੁਕਾਮ 'ਤੇ ਆਪ ਜੀ ਨੇ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਹਾਡੇ ਨਾਂਅ ਨਾਲ ਮਿਲਾਵਟ ਦੀ ਪਹਿਚਾਣ ਬਣੀ ਹੈ ।
ਆਓ, ਜਾਣੀਏ ਮਿਲਾਵਟੀ ਕਿੰਗ ਲਾਲਾ ਦੋ ਦੂਣੀ ਚਾਰ ਤੋਂ ਕੁਝ ਜ਼ਰੂਰੀ ਮਿਲਾਵਟੀ ਨੁਸਖੇ ਜਿਸ ਨਾਲ ਹਜ਼ਾਰਾਂ ਲੱਖਾਂ ਨੌਜਵਾਨਾਂ ਦਾ ਭਵਿੱਖ ਬਣ ਸਕਦਾ ਹੈ। ਕੁਝ ਸਵਾਲ-ਜਵਾਬ
* ਤੁਹਾਡਾ ਕੰਡਾ ਸਟੂਡੀਓ 'ਚ ਸੁਆਗਤ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਚਾਹ ਲਓਂਗੇ?
-ਮੈਂ ਬਾਹਰਲੀ ਕੋਈ ਵੀ ਚੀਜ਼ ਨਹੀਂ ਪੀਂਦਾ, ਹਾਂ ਚਾਹ ਤਾਂ ਖਾਸ ਕਰਕੇ ਨਹੀਂ ਪੀਂਦਾ, ਕਿਉਂਕਿ ਇਸ 'ਚ ਚਾਹ ਪੱਤੀ 'ਚ ਅਸੀਂ ਚਾਹ ਦਾ ਰੰਗ, ਚੰਮ ਦੀ ਪੁੱਠ ਅਤੇ ਇਸਤੇਮਾਲ ਹੋ ਚੁੱਕੀ ਚਾਹ ਦੀਆਂ ਪੱਤੀਆਂ ਅਤੇ ਪਪੀਤੇ ਦੇ ਪੱਤੇ ਮਿਲਾਉਂਦੇ ਹਾਂ। ਉਸ ਤੋਂ ਬਾਅਦ ਇਹ ਤੁਹਾਡੇ ਕੋਲ ਆਉਂਦੀ ਹੈ। ਬਾਕੀ ਜਿਹੜਾ ਤੁਸੀਂ ਦੁੱਧ ਸਾਨੂੰ ਚਾਹ 'ਚ ਪਾਅ ਕੇ ਪਿਆਉਗੇ ਉਹ ਤਾਂ ਯੂਰੀਆ ਨਾਲ ਭਰਪੂਰ ਹੈ। ਦੁੱਧ ਤਾਂ ਹੁਣ ਨਾਂਅ ਦਾ ਹੀ ਦੁੱਧ ਹੈ ।ઠ
* ਪਰ ਦੁੱਧ ਤਾਂ ਸਾਡੇ ਘਰ ਦਾ ਦੁੱਧ ਹੈ, ਅਸੀਂ ਮੱਝਾਂ-ਗਾਵਾਂ ਰੱਖੀਆਂ ਨੇ?
-ਤੁਸੀਂ ਵੀ ਭੋਲੇ ਹੋ ਜੀ, ਅਸੀਂ ਖਲ-ਵੜੇਂਵਿਆਂ 'ਚ ਸੇਬਿਆਂ ਵਾਲੀਆਂ ਬੋਰੀਆਂ ਵਿਚੇ ਹੀ ਪਾਅ ਦਿੰਦੇ ਹਾਂ ਤੇ ਬਾਕੀ ਰਹਿੰਦੀ-ਖੂੰਹਦੀ ਕਸਰ ਸਪਰੇਆਂ ਵਾਲੇ ਪੱਠੇ ਕੱਢ ਦਿੰਦੇ ਨੇ, ਜਿਹੜੇ ਤੁਸੀਂ ਦੁੱਧ ਦੀ ਗੱਲ ਕਰਦੇ ਹੋ ਉਹ ਤਾਂ ਸਾਡੀ ਮਿਹਨਤ ਭਰੀ ਮਿਲਾਵਟਖੋਰੀ ਨੇ ਖ਼ਤਮ ਕਰ ਦਿੱਤਾ ਹੈ ।
* ਸਾਡੇ ਕੋਲ ਪਹਿਲੀ ਵਾਰੀ ਆਏ ਹੋ, ਰੋਟੀ ਤਾਂ ਖਾਓਗੇ?
-ਨਹੀਂ ਜੀ ਜਿਹੜਾ ਆਟਾ ਤੁਸੀਂ ਖਾਂਦੇ ਹੋ ਉਸ 'ਚ ਅਸੀਂ ਸੁੱਕੀਆਂ ਰੋਟੀਆਂ ਪੀਸਦੇ ਹਾਂ ਅਤੇ ਗੰਦੇ ਚੌਲਾਂ ਦੀ ਕਣੀ ਪੀਸ ਕੇ ਆਟਾ ਤਿਆਰ ਕਰੀਦਾ ਹੈ, ਹੋਰ ਵੀ ਬਹੁਤ ਸਾਰੀਆਂ ਮਿਲਾਵਟਾਂ ਕਰੀਦੀਆਂ ਨੇ ਜੋ ਦੱਸਣ ਯੋਗ ਨਹੀਂ ਨੇ। ਦੂਜੀ ਤੁਸੀਂ ਸਬਜ਼ੀ ਦੀ ਗੱਲ ਕਰਦੇ ਹੋ ਸਾਡੇ ਬਹੁਤ ਸਾਰੇ ਮਿਲਾਵਟੀ ਮਿਹਨਤਖੋਰ ਵੀਰ ਰਾਤੋ-ਰਾਤ ਸਬਜ਼ੀ ਦੇ ਇੰਜੈਕਸ਼ਨ (ਟੀਕਾ) ਲਾਅ ਕੇ ਸਬਜ਼ੀ ਨੂੰ ਵੱਡਾ ਕਰ ਦਿੰਦੇ ਨੇ ਅਤੇ ਜਿਹੜੀ ਤੁਸੀਂ ਕੱਦੂ ਘੀਏ ਦੀ ਸਬਜ਼ੀ ਬਣਾਈ ਹੈ ਇਹ ਤਾਂ ਆਕਸੀਟੋਸਿਣ ਨਾਂਅ ਦਾ ਰਸਾਇਣ ਹੈ, ਜਿਹੜਾ ਰਾਤੋ-ਰਾਤ ਕਈ ਗੁਣਾ ਵੱਧ ਜਾਂਦਾ ਹੈ ਤੇ ਜਿਹੜੀ ਕਾਲੀ ਮਿਰਚ ਤੁਸੀਂ ਖਾਂਦੇ ਹੋ ਉਹ ਤਾਂ ਕਾਲੀ ਮਿਰਚ ਹੈ ਹੀ ਨਹੀਂ, ਉਹ ਤਾਂ ਪਪੀਤੇ ਦੇ ਬੀਜ ਨੇ ਜਿਹੜੇ ਹੂਬਹੂ ਕਾਲੀ ਮਿਰਚ ਵਰਗੇ ਹੀ ਹੁੰਦੇ ਨੇ ਅਤੇ ਹਲਦੀ ਜਿਹੜੀ ਖਾਂਦੇ ਹੋ ਉਸ 'ਚ ਗਾਅਚੀ ਅਤੇ ਲੈਡ ਕ੍ਰੋਮੇਟ ਮਿਲਾਇਆ ਜਾਂਦਾ ਹੈ। ਧਨੀਆ-ਮਸਾਲੇ 'ਚ ਲੱਕੜੀ ਦਾ ਬੂਰਾ ਬੜੀ ਮਿਹਨਤ ਨਾਲ ਕਰਦੇ ਹਾਂ ।ઠ
* ਤੁਸੀਂ ਵੇਸਣ ਦੀ ਰੋਟੀ ਹੀ ਖਾ ਲਓ?
-ਵੇਸਣ ਦੀ ਗੱਲ ਤੋਂ ਯਾਦ ਆਇਆ, ਤੁਸੀਂ ਜਿਹੜਾ ਵੇਸਣ ਖਾਂਦੇ ਹੋ ਉਸ 'ਚ ਅਰਹਰ ਦੀ ਦਾਲ ਅਤੇ ਕੇਸਰੀ ਜਾਂ ਖੇਸ਼ਾਰੀ ਰੰਗ ਪਾਇਆ ਜਾਂਦਾ ਹੈ। ਜਿਉਂ ਹੀ ਮਿਲਾਵਟਖੋਰ ਨੇ ਕਿਹਾ ਤਾਂ ਮੈਂ ਕਿਰਪਾਨ ਚੁੱਕੀ ਤੇ ਮਿਲਾਵਟੀ ਕਿੰਗ ਲਾਲਾ ਦੋ ਦੂਣੀ ਚਾਰ ਦੇ ਸਿਰ 'ਚ ਮਾਰੀ। ਲਾਲੇ ਦੇ ਦੋ ਸਿਰ ਹੋ ਗਏ ਤੇ ਜਦੋਂ ਮੈਂ ਕਿਰਪਾਨ ਫੇਰ ਮਾਰੀ ਤਾਂ ਲਾਲੇ ਦੇ ਸਿਰ ਦੇ ਚਾਰ ਸਿਰ ਹੋ ਗਏ ਜਿਵੇਂ-ਜਿਵੇਂ ਮੈਂ ਕਿਰਪਾਨ ਮਾਰਾਂ ਉਹ ਦੁੱਗਣੇ, ਚੌਗੁਣੇ ਹੋਈ ਜਾਣ। ਮੈਂ ਥੱਕ ਗਿਆ। ਪਸੀਨੋ-ਪਸੀਨੀ ਹੋ ਗਿਆ ਪਰ ਇਕੋ ਦਮ ਕੁਦਰਤ ਦਾ ਕ੍ਰਿਸ਼ਮਾ ਹੋਇਆ ਇਕ ਹਨੇਰੀ ਆਈ ਸਾਰੇ ਮਿਲਾਵਟਖੋਰ ਸਿਰ ਉਡਾ ਕੇ ਲੈ ਗਈ। ਮੈਂ ਇਕੋ ਦਮ ਤ੍ਰਬਕ ਕੇ ਉਠਿਆ, ਕਿਉਂਕਿ ਮੈਂ ਸੁਪਨਾ ਵੇਖ ਰਿਹਾ ਸੀ।

-1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001 ਪੰਜਾਬ।
ਮੋਬਾਈਲ : 098557-35666.

ਮਿੰਨੀ ਕਹਾਣੀ: ਰੂੜੀਵਾਦੀ ਸੋਚ

ਕੀੜਿਆਂ ਦੇ ਭੌਣ 'ਤੇ ਸਤਨਾਜਾ ਪਾ ਕੇ ਆਈ ਆਪਣੀ ਨੂੰਹ ਰਾਣੀ ਨੂੰ ਸੱਸ ਨੇ ਕਿਹਾ, 'ਧੀਏ ਮੈਂ ਵੀ ਸਵੇਰ ਦੀ ਭੁੱਖੀ ਬੈਠੀ ਹਾਂ, ਮੈਨੂੰ ਵੀ ਕੁਝ ਖਾਣ-ਪੀਣ ਨੂੰ ਦੇ ਦੇ, ਰਸੋਈ ਵਿਚੋਂ ਬੁੜਬੁੜ ਕਰਦੀ ਨੂੰਹ ਬੋਲੀ, 'ਇਹ ਭੂਰੀ ਕੀੜੀ ਪਤਾ ਨਹੀਂ, ਮੇਰੇ ਪਿਛੋਂ ਕਦੋਂ ਲਹੇਗੀ।'

-ਰਣਜੀਤ ਸਿੰਘ ਟੱਲੇਵਾਲ
ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ-148100.
ਮੋਬਾਈਲ : 98765-28579.

ਕਾਵਿ-ਵਿਅੰਗ

ਮੂਰਖ
* ਨਵਰਾਹੀ ਘੁਗਿਆਣਵੀ *
ਸਦਾ ਰਹਿਣ ਭੁਲੇਖਿਆਂ ਵਿਚ ਜਕੜੇ,
ਨਹੀਂ ਜਾਣਦੇ ਸੱਚ ਦੀ ਸਾਰ ਮੂਰਖ।
ਅਕਸਰ ਦੂਜੇ ਦੇ ਕੰਮ ਵਿਚ ਟੰਗ ਡਾਹੁੰਦੇ,
ਲੜਨ-ਭਿੜਨ ਨੂੰ ਰਹਿਣ ਤਿਆਰ ਮੂਰਖ।
ਹਰ ਬੰਦੇ ਨੂੰ ਜਾਣਦੇ ਟਿੱਚ ਸ਼ੁਹਦੇ,
ਕਰ ਦੇਣ ਨਿਹੱਥੇ 'ਤੇ ਵਾਰ ਮੂਰਖ।
ਟਹੁਰ ਆਪਣੀ ਦੇਣ ਗਵਾ ਹੋਛੇ,
ਬਹਿ ਜਾਣ ਸ਼ਰੀਕਾਂ ਦੇ ਬਾਰ ਮੂਰਖ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਡੰਡਾ
* ਹਰਦੀਪ ਢਿੱਲੋਂ *
ਹੱਲਾਸ਼ੇਰੀ ਜਦ ਝੰਡੇ ਦੀ ਮਿਲਣ ਲਗਦੀ,
ਕਰਨੋਂ ਖਰਮਸਤੀਆਂ ਫੇਰ ਨਾ ਰੁਕੇ ਡੰਡਾ।
ਭੀੜ ਪੇਤਲੇ ਵਿਚਾਰਾਂ ਦੀ ਭੱਜ ਉੱਠਦੀ,
ਵਰਦੀ ਸ਼ਿਸ਼ਕਰੀ ਦਾ ਜਦ ਘੁਕੇ ਡੰਡਾ।
ਦਿਸਦੇ ਜਦੋਂ ਜੁਝਾਰਾਂ ਦੇ ਤਣੇ ਮੁੱਕੇ,
ਪਿਛੇ ਝੰਡੇ ਦੇ ਛਾਪਲਕੇ ਲੁਕੇ ਡੰਡਾ।
'ਮੁਰਾਦਵਾਲਿਆ' ਡੰਡੇ ਦੀ ਛਿੜੇ ਮਹਿਮਾ,
ਜਿਹੜਾ ਕੂੜ ਦੇ ਮੌਰਾਂ ਵਿਚ ਠੁਕੇ ਡੰਡਾ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX