ਤਾਜਾ ਖ਼ਬਰਾਂ


ਕ੍ਰੋਏਸ਼ੀਆ ਨੂੰ 4-2 ਹਰਾ ਕੇ ਫਰਾਂਸ ਬਣਿਆ ਫੀਫਾ ਵਿਸ਼ਵ ਕੱਪ 2018 ਦਾ ਚੈਂਪੀਅਨ
. . .  1 day ago
ਕ੍ਰੋਏਸ਼ੀਆ ਨੇ ਫਰਾਂਸ ਸਿਰ ਕੀਤਾ ਦੂਸਰਾ ਗੋਲ - ਫਰਾਂਸ 4, ਕ੍ਰੋਏਸ਼ੀਆ 2
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਚੌਥਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਤੀਸਰਾ ਗੋਲ
. . .  1 day ago
ਪੁਲਿਸ ਵੱਲੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਸਾਬਕਾ ਕੌਂਸਲਰ ਸਮੇਤ 5 ਖ਼ਿਲਾਫ਼ ਮਾਮਲਾ ਦਰਜ
. . .  1 day ago
ਕਪੂਰਥਲਾ, 15 ਜੁਲਾਈ (ਅਮਰਜੀਤ ਸੁਡਾਨਾ) - ਕਪੂਰਥਲਾ ਪੁਲਿਸ ਨੇ ਇੱਕ ਟੈਂਪੂ 'ਚੋਂ 150 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ, ਜਿਸ ਨੂੰ ਲੈ ਕੇ ਸਾਬਕਾ ਕੌਂਸਲਰ...
ਫੀਫਾ ਵਿਸ਼ਵ ਕੱਪ 2018 ਫਾਈਨਲ : ਅੱਧੇ ਸਮੇਂ ਤੋਂ ਬਾਅਦ ਦੀ ਖੇਡ ਸ਼ੁਰੂ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਅੱਧਾ ਸਮਾਂ ਪੂਰਾ ਹੋਣ ਤੱਕ ਫਰਾਂਸ ਕ੍ਰੋਏਸ਼ੀਆ ਤੋਂ 2-1 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਦੂਸਰਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਕ੍ਰੋਏਸ਼ੀਆ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਦੇ ਕ੍ਰੋਏਸ਼ੀਆ ਸਿਰ ਕੀਤਾ ਪਹਿਲਾ ਗੋਲ
. . .  1 day ago
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

25 ਨਵੰਬਰ ਨੂੰ ਔਰਤਾਂ ਵਿਰੁੱਧ ਹੁੰਦੀ ਹਿੰਸਾ ਰੋਕਣ ਲਈ ਅੰਤਰਰਾਸ਼ਟਰੀ ਦਿਹਾੜੇ 'ਤੇ ਵਿਸ਼ੇਸ਼

ਕਦੋਂ ਰੁਕੇਗੀ ਮਹਿਲਾਵਾਂ ਵਿਰੁੱਧ ਹਿੰਸਾ

ਅੱਜ ਮਹਿਲਾਵਾਂ ਵਿਰੁੱਧ ਹਿੰਸਾ ਸਿਰ ਚੜ੍ਹ ਕੇ ਬੋਲ ਰਹੀ ਹੈ। ਅਖ਼ਬਾਰ ਪੜ੍ਹਦਿਆਂ ਜਾਂ ਖ਼ਬਰਾਂ ਸੁਣਦਿਆਂ ਜੋ ਮਾਮਲੇ ਮਹਿਲਾਵਾਂ ਦੇ ਨਾਲ ਹਿੰਸਾ ਅਤੇ ਉਤਪੀੜਨ ਦੇ ਸੁਣਨ ਅਤੇ ਦੇਖਣ ਨੂੰ ਮਿਲ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਮਾਨਵਤਾ ਤੋਂ ਵਿਸ਼ਵਾਸ ਉਠ ਰਿਹਾ ਹੈ, ਜਦੋਂ ਇਹ ਪਤਾ ਲਗਦਾ ਹੈ ਕਿ ਸਕੂਲ ਤੋਂ ਜਾ ਰਹੀ ਬੱਚੀ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਹੋਈ ਹੈ, ਦੂਜੇ ਪਾਸੇ 10 ਸਾਲ ਦੀ ਲੜਕੀ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਕਿਤੇ ਬਾਬੇ ਨੇ ਹੀ ਪਰਿਵਾਰ ਦੀ ਗ਼ੈਰ-ਹਾਜ਼ਰੀ ਵਿਚ ਆਪਣੀ ਛੇਵੀਂ ਜਮਾਤ ਦੀ ਪੋਤੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਦਿਨ-ਬ-ਦਿਨ ਤੇਜ਼ਾਬੀ ਹਮਲੇ ਵਧਦੇ ਜਾ ਰਹੇ ਹਨ, ਜੋ ਮਹਿਲਾਵਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿਚ ਕਮਜ਼ੋਰ ਕਰ ਰਹੇ ਹਨ। ਦਹੇਜ ਅਤੇ ਘਰੇਲੂ ਹਿੰਸਾ ਦੇ ਕਾਰਨ ਔਰਤ ਅੱਤਿਆਚਾਰ ਸਹਿਣ ਲਈ ਮਜਬੂਰ ਹੋ ਰਹੀ ਹੈ ਅਤੇ ਕਿਤੇ ਧੀ ਦੀ ਮਾਂ ਬਣਨ ਕਰਕੇ ਉਸ ਉੱਤੇ ਜ਼ੁਲਮ ਢਾਹੇ ਜਾਂਦੇ ਹਨ। ਅਪਰਾਧ ਕਰਨ ਵਾਲਿਆਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਨਾ ਤਾਂ ਉਨ੍ਹਾਂ ਨੂੰ ਆਪਣੀ ਧੀ ਸਮਾਨ ਲੜਕੀ ਨਾਲ ਜ਼ੁਲਮ ਕਰਨ ਤੋਂ ਡਰ ਲਗਦਾ ਹੈ ਅਤੇ ਨਾ ਹੀ ਆਪਣੀ ਮਾਂ ਵਰਗੀ ਔਰਤ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਹੋਇਆਂ ਉਨ੍ਹਾਂ ਦੀ ਰੂਹ ਕੰਬਦੀ ਹੈ। ਇਸ ਤੋਂ ਵੀ ਵੱਧ ਹੈਰਾਨਗੀ ਉਸ ਸਮੇਂ ਹੁੰਦੀ ਹੈ ਜਦੋਂ ਆਪਣੇ ਹੀ ਰਿਸ਼ਤੇਦਾਰ, ਡੇਰਿਆਂ ਵਿਚ ਬਣੇ ਹੋਏ ਧਾਰਮਿਕ ਗੁਰੂ, ਸਕੂਲਾਂ ਵਿਚ ਅਧਿਆਪਕ ਅਤੇ ਹਸਪਤਾਲ ਵਿਚ ਡਾਕਟਰ ਵੀ ਇਕੱਲੀ ਔਰਤ ਨੂੰ ਦੇਖ ਕੇ ਉਸ 'ਤੇ ਕਹਿਰ ਢਾਹੁਣ ਤੋਂ ਨਹੀਂ ਡਰਦੇ। ਇਸ ਤਰ੍ਹਾਂ ਦੇ ਹਾਲਾਤ ਵਿਚ ਔਰਤ ਨੂੰ ਸੁਰੱਖਿਅਤ ਕਿੱਥੇ ਸਮਝਿਆ ਜਾਵੇ? ਕਿਉਂਕਿ ਉਹ ਤਾਂ ਮਾਂ ਦੇ ਗਰਭ ਵਿਚ ਵੀ ਸੁਰੱਖਿਅਤ ਨਹੀਂ ਹੈ।
ਪਰ ਇਸ ਦਾ ਇਹ ਮਤਲਬ ਨਹੀਂ ਕਿ ਮਹਿਲਾਵਾਂ ਦੇ ਵਿਰੁੱਧ ਹਿੰਸਾ ਅਤੇ ਜ਼ੁਲਮ ਵਧਦੇ ਜਾਣਗੇ। ਇਨ੍ਹਾਂ 'ਤੇ ਰੋਕ ਲਗਾਉਣੀ ਬਹੁਤ ਜ਼ਰੂਰੀ ਹੈ, ਲੋਕ ਜਾਗਰੂਕ ਹੋ ਰਹੇ ਹਨ, ਸਰਕਾਰਾਂ ਵੀ ਆਪਣਾ ਕੰਮ ਕਰ ਰਹੀਆਂ ਹਨ ਅਤੇ ਨਿਆਂ ਪ੍ਰਣਾਲੀ ਵੀ ਨਿਆਂ ਦੇ ਕੇ ਔਰਤਾਂ ਦੇ ਹੌਸਲੇ ਨੂੰ ਬੁਲੰਦ ਕਰ ਰਹੀ ਹੈ। ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਸਮਾਜ ਨੂੰ ਜਾਗਣ ਦੀ, ਔਰਤ ਪ੍ਰਤੀ ਸੋਚ ਬਦਲਣ ਦੀ, ਜਿਸ ਦੀ ਸ਼ੁਰੂਆਤ ਸਾਡੇ ਘਰਾਂ ਤੋਂ ਹੋਵੇਗੀ। ਹਰ ਮਾਂ-ਬਾਪ ਨੂੰ ਆਪਣੇ ਧੀ-ਪੁੱਤਰ ਵਿਚ ਫਰਕ ਨਹੀਂ ਕਰਨਾ ਚਾਹੀਦਾ, ਬਲਕਿ ਬਚਪਨ ਤੋਂ ਹੀ ਪੁੱਤਰਾਂ ਨੂੰ ਔਰਤ ਜਾਤ ਦਾ ਮਾਣ-ਸਨਮਾਨ ਕਰਨਾ ਸਿਖਾਉਣਾ ਚਾਹੀਦਾ ਅਤੇ ਦੋਵਾਂ ਨੂੰ ਸਮਾਜ ਵਿਚ ਵਿਚਰਨ ਦੇ ਬਰਾਬਰ ਅਵਸਰ ਮਿਲਣੇ ਚਾਹੀਦੇ ਹਨ। ਉਨ੍ਹਾਂ ਨੂੰ ਸਿਰਫ ਤੋਹਫ਼ੇ ਅਤੇ ਸਹੂਲਤਾਂ ਹੀ ਨਹੀਂ, ਬਲਕਿ ਕੁਆਲਟੀ, ਸਮਾਂ ਅਤੇ ਸੰਸਕਾਰ ਵੀ ਜ਼ਰੂਰ ਦਿਓ, ਕਿਉਂਕਿ ਸੋਸ਼ਲ ਮੀਡੀਆ ਦੇ ਦੁਰਉਪਯੋਗ ਕਾਰਨ ਵੀ ਔਰਤਾਂ ਪ੍ਰਤੀ ਹਿੰਸਾ ਅਤੇ ਉਤਪੀੜਨ ਵਿਚ ਅੱਗੇ ਨਾਲੋਂ ਬਹੁਤ ਵਾਧਾ ਹੋਇਆ ਹੈ। ਇਨ੍ਹਾਂ ਸਾਈਟਸ 'ਤੇ ਕੁਝ ਇਸ ਤਰ੍ਹਾਂ ਦੀ ਉਤੇਜਿਤ ਸਮੱਗਰੀ ਪਰੋਸੀ ਜਾਂਦੀ ਹੈ, ਜਿਹੜੀ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਣ ਵਾਲੇ ਜਵਾਨਾਂ ਨੂੰ ਕਈ ਤਰ੍ਹਾਂ ਦੇ ਨਸ਼ਿਆਂ ਦਾ ਆਦੀ ਬਣਾ ਰਹੀਆਂ ਹਨ। ਅਪਰਾਧ ਅਤੇ ਹਨੇਰ ਦੀ ਦੁਨੀਆ ਵੱਲ ਵਧਦੇ ਹੋਏ ਇਹ ਲੋਕ ਆਏ ਦਿਨ ਬੱਚੀਆਂ ਅਤੇ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ, ਹਰ ਰੋਜ਼ ਔਰਤ ਟੁੱਟ ਰਹੀ ਹੈ। ਨਿਊਜ਼ ਚੈਨਲਾਂ 'ਤੇ ਔਰਤ ਜਾਤ ਨੂੰ ਕਮਜ਼ੋਰ ਕਰਨ ਵਾਲੀਆਂ ਐਡਸ ਵੀ ਬੰਦ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਔਰਤ ਪਰੋਸਣ ਦੀ ਵਸਤੂ ਨਹੀਂ, ਬਲਕਿ ਜੱਗ ਜਣਨੀ ਹੈ।
ਆਪਣੇ ਉੱਪਰ ਹੋ ਰਹੇ ਜੁਰਮਾਂ ਨੂੰ ਖ਼ਤਮ ਕਰਨ ਲਈ ਹਰ ਔਰਤ ਨੂੰ ਆਪਣੇ ਲਈ ਖੜ੍ਹਾ ਹੋਣਾ ਪਵੇਗਾ। ਹਿੰਸਾ, ਉਤਪੀੜਨ ਅਤੇ ਅੱਤਿਆਚਾਰ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਅਪਰਾਧੀ ਬਿਨਾਂ ਡਰ ਤੋਂ ਘੁੰਮ ਰਿਹਾ ਹੈ ਅਤੇ ਪੀੜਤਾ ਆਪਣੇ-ਆਪ ਵਿਚ ਘੁੱਟ ਕੇ ਮਰ ਰਹੀ ਹੈ, ਕਿਤੇ-ਕਿਤੇ ਮੌਤ ਨੂੰ ਵੀ ਗਲੇ ਲਗਾ ਲੈਂਦੀਆਂ ਹਨ। ਇਸ ਸਿਸਟਮ ਨੂੰ ਬਦਲਣ ਦੀ ਲੋੜ ਹੈ। ਲੜਕੀਆਂ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਖੁਦ ਲੈਣੀ ਪਵੇਗੀ, ਜੂਡੋ-ਕਰਾਟੇ ਅਤੇ ਆਤਮ-ਸੁਰੱਖਿਆ ਦੇ ਗੁਰ ਸਿੱਖਣੇ ਪੈਣਗੇ, ਡਰ ਕੇ ਨਹੀਂ, ਡਟ ਕੇ ਮੁਕਾਬਲਾ ਕਰਨਾ ਪਵੇਗਾ। ਹੁਣ ਔਰਤ ਵਿਚ ਬਹੁਤ ਬਦਲਾਅ ਆ ਰਿਹਾ ਹੈ, ਜਿਸ ਦੀ ਇਕ ਉਦਾਹਰਨ ਹੈ ਕਿ ਇਕ ਲੜਕੀ ਨੇ ਆਪਣੇ-ਆਪ ਨੂੰ ਰੇਪ ਵਿਕਟਮ ਕਹਾਉਣ ਦੀ ਬਜਾਏ ਰੇਪ ਸਰਵਾਈਵਰ ਬਣ ਕੇ ਆਪਣੇ ਵਰਗੀਆਂ ਕਈ ਪੀੜਤਾਂ ਨੂੰ ਸਕੂਲ ਦਾ ਰਸਤਾ ਦਿਖਾ ਕੇ ਜੁਰਮ ਨਾਲ ਲੜਨਾ ਸਿਖਾਇਆ। ਹਰ ਔਰਤ ਨੂੰ ਆਪਣੀ ਲੜਾਈ ਖੁਦ ਲੜਨੀ ਪਵੇਗੀ, ਤਾਂ ਹੀ ਉਹ ਆਪਣੇ ਪ੍ਰਤੀ ਵਧ ਰਹੇ ਅੱਤਿਆਚਾਰ ਨੂੰ ਨੱਥ ਪਾ ਸਕਦੀ ਹੈ।
ਮਹਿਲਾਵਾਂ ਪ੍ਰਤੀ ਵਧ ਰਹੀ ਹਿੰਸਾ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਸਮਾਜ, ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਸਰਕਾਰ ਨੇ ਕਈ ਤਰ੍ਹਾਂ ਦੇ ਐਕਟ ਪਾਸ ਕੀਤੇ ਹਨ, ਜੋ ਬਹੁਤ ਮਦਦਗਾਰ ਸਾਬਤ ਹੋ ਰਹੇ ਹਨ। ਸਕੂਲਾਂ-ਕਾਲਜਾਂ ਵਿਚ ਇਸ ਸਬੰਧੀ ਕਈ ਤਰ੍ਹਾਂ ਦੀਆਂ ਵਰਕਸ਼ਾਪ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ, ਵੂਮੈਨ ਹੈਲਪ ਲਾਈਨਜ਼ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਕਿ ਔਰਤਾਂ ਮੁਸੀਬਤ ਸਮੇਂ ਇਨ੍ਹਾਂ ਦਾ ਲਾਭ ਉਠਾ ਸਕਣ। ਨਿਆਂ ਪ੍ਰਣਾਲੀ ਵੀ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਨਾਲ-ਨਾਲ ਪੀੜਤ ਔਰਤਾਂ ਨੂੰ ਵੀ ਫਾਸਟ ਟਰੈਕ ਰਾਹੀਂ ਨਿਆਂ ਦੇ ਕੇ ਹਿੰਸਾ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੁਣ ਔਰਤ ਵੀ ਜਾਗ ਚੁੱਕੀ ਹੈ। ਉਹ ਡਰ ਕੇ ਨਹੀਂ, ਡਟ ਕੇ ਅਤੇ ਬਿਨਾਂ ਝਿਜਕ ਤੋਂ ਹਿੰਸਾ ਅਤੇ ਉਤਪੀੜਨ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਰੱਖਦੀ ਹੈ ਅਤੇ ਸਮੁੱਚੀ ਮਾਨਵਤਾ ਉਸ ਦੇ ਨਾਲ ਖੜ੍ਹੀ ਹੈ। ਉਸ ਦੀ ਬੁਲੰਦ ਆਵਾਜ਼ ਅਤੇ ਹੌਸਲਾ ਹੀ ਉਸ ਨੂੰ ਇਨ੍ਹਾਂ ਅਪਰਾਧਾਂ ਤੋਂ ਛੁਟਕਾਰਾ ਦੁਆ ਸਕਦਾ ਹੈ।

-ਮੋਬਾ: 98782-49944


ਖ਼ਬਰ ਸ਼ੇਅਰ ਕਰੋ

ਜੇ ਅਸੀਂ ਥੋੜ੍ਹਾ ਜਿਹਾ ਆਪਣੇ-ਆਪ ਨੂੰ ਬਦਲ ਲਈਏ...

ਮਨੁੱਖਾ ਜੀਵਨ ਅਨਮੋਲ ਹੈ। ਪਰਮਾਤਮਾ ਦੀ ਬੇਮਿਸਾਲ ਰਚਨਾ। ਸਮੇਂ ਦੇ ਨਾਲ ਮਨੁੱਖੀ ਜੀਵਨ ਵਿਚ ਵੀ ਬਦਲਾਅ ਆਉਂਦੇ ਰਹਿੰਦੇ ਹਨ। ਜ਼ਿੰਦਗੀ ਜਿਉਂਦਿਆਂ ਕਈ ਤਰ੍ਹਾਂ ਦੇ ਹਾਲਾਤ 'ਚੋਂ ਗੁਜ਼ਰਨਾ ਪੈਂਦਾ ਹੈ। ਚੰਗੇ-ਮਾੜੇ ਸਮੇਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ। ਜਨਮ ਤੋਂ ਮੌਤ ਤੱਕ ਦੇ ਸਫ਼ਰ ਵਿਚ ਅਸੀਂ ਸਾਰੇ ਰੰਗਾਂ ਨੂੰ ਮਾਣ ਸਕੀਏ, ਇਸ ਲਈ ਬਹੁਤ ਹੱਦ ਤੱਕ ਸਾਡਾ ਆਪਣਾ ਦ੍ਰਿਸ਼ਟੀਕੋਣ ਮਹੱਤਵ ਰੱਖਦਾ ਹੈ। ਕਈ ਤਾਂ ਮਿੱਠੀ ਜਿਹੀ ਮੁਸਕਾਨ ਨਾਲ ਹੀ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਲੁਕੋ ਲੈਂਦੇ ਹਨ ਅਤੇ ਕਈਆਂ ਲਈ ਛੋਟਾ ਜਿਹਾ ਤੂਫਾਨ ਹੀ ਸਭ ਕੁਝ ਖੋਹ ਲੈਂਦਾ ਹੈ। ਜੇ ਅਸੀਂ ਥੋੜ੍ਹਾ ਜਿਹਾ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਸਾਡੀ ਸਭ ਦੀ ਜ਼ਿੰਦਗੀ ਖੁਸ਼ੀਆਂ ਭਰਪੂਰ ਹੋ ਸਕਦੀ ਹੈ। ਅਕਸਰ ਅਸੀਂ ਬੀਤੇ ਸਮੇਂ ਜਾਂ ਆਉਣ ਵਾਲੇ ਸਮੇਂ ਲਈ ਜ਼ਿਆਦਾ ਹੀ ਸੋਚਣ ਲੱਗ ਪੈਂਦੇ ਹਾਂ। ਸਭ ਤੋਂ ਕੀਮਤੀ ਤੋਹਫ਼ਾ ਸਾਡਾ ਅੱਜ ਹੈ ਅਤੇ ਸਭ ਤੋਂ ਅਨਮੋਲ ਤੋਂ ਅਨਮੋਲ ਪਰਮਾਤਮਾ ਵਲੋਂ ਬਖਸ਼ੇ ਸਾਹ। ਆਪਣੇ ਅੱਜ ਨੂੰ ਹੀ ਬਿਹਤਰ ਢੰਗ ਨਾਲ ਜਿਊਣ ਦੀ ਕੋਸ਼ਿਸ਼ ਕਰੀਏ ਤੇ ਹਰ ਨਵੇਂ ਦਿਨ ਨੂੰ ਚੁਣੌਤੀ ਵਜੋਂ ਸਵੀਕਾਰ ਕਰੀਏ। ਸਾਕਾਰਾਤਮਕ ਰਵੱਈਆ ਰੱਖਦਿਆਂ ਅੱਗੇ ਵਧਦੇ ਜਾਈਏ ਤਾਂ ਜ਼ਿੰਦਗੀ ਹਸੀਨ ਲਗਦੀ ਹੈ। ਆਪਣੀਆਂ ਸਮੱਸਿਆਵਾਂ ਨੂੰ ਆਪ ਸਮਝਦਿਆਂ ਹੋਇਆਂ ਹੀ ਸਹੀ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਭ ਤੋਂ ਵੱਧ ਪ੍ਰਭਾਵ ਸਾਡੇ ਆਪਣੇ ਅੰਦਰ ਦੇ ਵਿਚਾਰਾਂ ਦੀ ਲੜਾਈ ਪਾਉਂਦੀ ਹੈ। ਮਨ ਨੂੰ ਸ਼ਾਂਤ, ਸਹਿਜ ਤੇ ਸੁਹਜ ਰੱਖਣ ਨਾਲ ਹੀ ਹੱਲ ਲੱਭਦੇ ਹਨ। ਜਿਹੜੀਆਂ ਚੀਜ਼ਾਂ ਸਾਡੇ ਹੱਥ-ਵੱਸ ਹਨ, ਉਨ੍ਹਾਂ ਨੂੰ ਆਪਣੇ ਮੁਤਾਬਿਕ ਸਹੀ ਦਿਸ਼ਾ ਦੇ ਸਕੀਏ ਅਤੇ ਜਿਹੜੀਆਂ ਸਾਡੇ ਵੱਸੋਂ ਬਾਹਰ ਹਨ, ਉਨ੍ਹਾਂ ਨੂੰ ਸਵੀਕਾਰਨ ਦੀ ਆਦਤ ਪਾ ਲਈਏ। ਚੇਤੇ ਰੱਖੀਏ ਕਿ ਇਸ ਦੁਨੀਆ ਵਿਚ ਸਭ ਕੁਝ ਸਾਡੇ ਸੋਚਣ ਮੁਤਾਬਿਕ ਨਹੀਂ ਹੁੰਦਾ। ਅਸੀਂ ਦੁਨੀਆ ਨਹੀਂ, ਸਿਰਫ ਆਪਣੇ-ਆਪ ਨੂੰ ਬਦਲ ਸਕਦੇ ਹਾਂ ਤੇ ਵਰਤਮਾਨ ਸਮੇਂ ਵਿਚ ਰਹਿ ਕੇ ਵਧੀਆ ਢੰਗ ਨਾਲ ਜੀਅ ਸਕਦੇ ਹਾਂ। ਆਓ, ਜ਼ਿੰਦਗੀ ਦੇ ਹਰ ਰੰਗ ਨੂੰ ਆਪ ਵੀ ਮਾਣੀਏ ਤੇ ਹੋਰਾਂ ਨੂੰ ਮਾਨਣ ਦਈਏ। ਕਿਸੇ ਲਿਖਾਰੀ ਦੀਆਂ ਹਿੰਦੀ ਵਿਚ ਲਿਖੀਆਂ ਇਨ੍ਹਾਂ ਸਤਰਾਂ ਨੂੰ ਸਾਰਥਕ ਬਣਾਈਏ-
'ਚਲੋ ਚਾਂਦ ਕਾ ਕਿਰਦਾਰ ਅਪਨਾ ਲੇਂ ਹਮ ਦੋਸਤੋ,
ਦਾਗ ਅਪਨੇ ਪਾਸ ਰਖੇਂ ਔਰ ਰੋਸ਼ਨੀ ਬਾਂਟ ਦੇਂ।'


-738/7, ਗੁਰੂ ਨਾਨਕ ਨਗਰ, ਪਟਿਆਲਾ।

ਬਰਕਰਾਰ ਰੱਖੋ ਗਹਿਣਿਆਂ ਦੀ ਚਮਕ ਨੂੰ

* ਪਰਲ ਅਤੇ ਸਟੋਂਸ ਵਾਲੇ ਗਹਿਣਿਆਂ ਨੂੰ ਵੱਖਰੇ ਡੱਬਿਆਂ ਵਿਚ ਰੂੰ ਦੀ ਪੈਡਿੰਗ ਬਣਾ ਕੇ ਰੱਖੋ ਤਾਂ ਕਿ ਦੂਜੇ ਗਹਿਣਿਆਂ ਦੇ ਨਾਲ ਮਿਲ ਕੇ ਸਟੋਂਸ ਨਿਕਲ ਨਾ ਜਾਣ ਅਤੇ ਪਰਲ ਦੀ ਚਮਕ ਵੀ ਖਰਾਬ ਨਾ ਹੋ ਜਾਵੇ। ਪਰਲਸ ਨੂੰ ਕਦੇ ਵੀ ਪਲਾਸਟਿਕ ਦੇ ਬੈਗ ਵਿਚ ਨਾ ਰੱਖੋ। ਇਸ ਦੇ ਰਸਾਇਣ ਪਰਲਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
* ਸੋਨੇ ਦੇ ਗਹਿਣਿਆਂ ਨੂੰ ਤੁਸੀਂ ਰੋਜ਼ਮਰ੍ਹਾ ਵਿਚ ਵਰਤੋਂ ਵਿਚ ਲਿਆਉਂਦੇ ਹੋ, ਉਨ੍ਹਾਂ ਨੂੰ ਵੀ ਮਹੀਨੇ ਵਿਚ ਇਕ ਵਾਰ ਨਰਮ ਬਰੱਸ਼ ਨਾਲ ਸਾਫ਼ ਕਰ ਲਓ ਤਾਂ ਕਿ ਉਨ੍ਹਾਂ 'ਤੇ ਜੰਮੀ ਮੈਲ ਪਰਤ ਦਾ ਰੂਪ ਨਾ ਲੈ ਲਵੇ। ਸਾਬਣ ਨਾਲ ਨਾ ਧੋਵੋ, ਕਿਉਂਕਿ ਸਾਬਣ ਦੇ ਰਸਾਇਣ ਨੁਕਸਾਨ ਪਹੁੰਚਾ ਸਕਦੇ ਹਨ। ਸੋਨੇ ਦੇ ਗਹਿਣਿਆਂ ਨੂੰ ਹਲਦੀ ਮਿਲੇ ਪਾਣੀ ਵਿਚ ਪਾ ਕੇ ਨਰਮ ਬਰੱਸ਼ ਨਾਲ ਸਾਫ਼ ਕਰ ਸਕਦੇ ਹੋ।
* ਗਹਿਣੇ ਸਾਫ਼ ਕਰਦੇ ਸਮੇਂ ਕਿਸੇ ਪਾਰਦਰਸ਼ੀ ਬਾਊਲ ਵਿਚ ਪਾ ਕੇ ਹੀ ਧੋਵੋ। ਸਿੰਕ ਵਿਚ ਗਹਿਣੇ ਰੱਖ ਕੇ ਨਾ ਧੋਵੋ।
* ਟੁੱਟੇ ਹੋਏ ਜਾਂ ਝਰੀਟਾਂ ਪਈਆਂ ਵਾਲੇ ਗਹਿਣਿਆਂ ਨੂੰ ਠੀਕ-ਠਾਕ ਗਹਿਣਿਆਂ ਤੋਂ ਵੱਖਰੇ ਰੱਖੋ ਤਾਂ ਕਿ ਟੁੱਟੇ ਗਹਿਣੇ ਦੂਜੇ ਗਹਿਣਿਆਂ 'ਤੇ ਨਿਸ਼ਾਨ ਨਾ ਪਾ ਦੇਣ। ਟੁੱਟੇ ਹੋਏ ਗਹਿਣਿਆਂ ਨੂੰ ਛੇਤੀ ਹੀ ਸੁਨਿਆਰੇ ਕੋਲੋਂ ਠੀਕ ਕਰਵਾ ਲਓ।
* ਨਾਜ਼ੁਕ ਗਹਿਣਿਆਂ ਨੂੰ ਵੱਖਰੇ ਡੱਬੇ ਵਿਚ ਪਹਿਲਾਂ ਲਾਲ ਕਾਗਜ਼ ਅਤੇ ਫਿਰ ਰੂੰ ਵਿਚ ਲਪੇਟ ਕੇ ਵੱਖ-ਵੱਖ ਰੱਖੋ।
* ਮੇਕਅਪ ਉਤਪਾਦਾਂ ਦੇ ਨਾਲ ਗਹਿਣਿਆਂ ਨੂੰ ਨਾ ਰੱਖੋ, ਕਿਉਂਕਿ ਉਨ੍ਹਾਂ ਦੇ ਰਸਾਇਣਾਂ ਨਾਲ ਗਹਿਣਿਆਂ ਦੀ ਚਮਕ ਫਿੱਕੀ ਪੈ ਸਕਦੀ ਹੈ।
* ਚਾਂਦੀ ਦੇ ਗਹਿਣਿਆਂ ਨੂੰ ਉਬਲੇ ਆਲੂਆਂ ਵਾਲੇ ਪਾਣੀ ਵਿਚ ਭਿਉਂ ਕੇ ਨਰਮ ਬਰੱਸ਼ ਨਾਲ ਸਾਫ਼ ਕਰ ਸਕਦੇ ਹੋ।
* ਹੀਰਿਆਂ ਦੇ ਗਹਿਣੇ ਰੋਜ਼ਾਨਾ ਲਗਾਤਾਰ ਨਾ ਪਹਿਨੋ, ਕਿਉਂਕਿ ਘਰ ਦੇ ਕੰਮਕਾਜ ਕਰਦੇ ਸਮੇਂ ਉਹ ਖਰਾਬ ਹੋ ਸਕਦੇ ਹਨ ਅਤੇ ਬਰੱਸ਼ ਨਾਲ ਸਾਫ਼ ਕਰਦੇ ਸਮੇਂ ਹੀਰਿਆਂ ਦੀ ਸੈਟਿੰਗ ਹਿੱਲ ਸਕਦੀ ਹੈ।
* ਗਹਿਣੇ ਹਮੇਸ਼ਾ ਮਾਨਤਾ ਪ੍ਰਾਪਤ ਸੁਨਿਆਰੇ ਕੋਲੋਂ ਹੀ ਖ਼ਰੀਦੋ, ਤਾਂ ਹੀ ਖਰਾਬ ਹੋਣ 'ਤੇ ਤੁਸੀਂ ਕੋਰਟ ਤੱਕ ਜਾ ਸਕਦੇ ਹੋ।
* ਗਹਿਣੇ ਖਰੀਦਦੇ ਸਮੇਂ ਉਨ੍ਹਾਂ ਦੇ ਟ੍ਰੇਡਮਾਰਕ ਅਤੇ ਕੁਆਲਿਟੀ ਮਾਰਕ ਦੇਖਣਾ ਨਾ ਭੁੱਲੋ। ਸੋਨੇ ਦੇ ਗਹਿਣਿਆਂ ਲਈ ਹਾਲਮਾਰਕ ਦੇ ਗਹਿਣੇ ਲਓ। ਗਹਿਣਿਆਂ ਦੀ ਰਸੀਦ ਜ਼ਰੂਰ ਲਓ, ਉਸ ਵਾਸਤੇ ਵੈਟ ਭਾਵੇਂ ਦੇਣਾ ਪਵੇ। ਰਸੀਦ ਸੰਭਾਲ ਕੇ ਰੱਖੋ।
* ਬਨਾਉਟੀ ਗਹਿਣੇ ਵੀ ਚੰਗੀ ਕਿਸਮ ਦੇ ਲਓ।


-ਨੀਤੂ ਗੁਪਤਾ

ਆਪਣੇ ਸੈਰ-ਸਪਾਟੇ ਦੇ ਬਜਟ ਨੂੰ ਲੈ ਕੇ ਤੁਸੀਂ ਕਿੰਨੇ ਚੁਸਤ ਸੈਲਾਨੀ ਹੋ?

ਘੁੰਮਣਾ-ਫਿਰਨਾ ਆਖਰ ਕਿਸ ਨੂੰ ਨਹੀਂ ਪਸੰਦ? ਹਰ ਕੋਈ ਮੌਕਾ ਮਿਲਦੇ ਹੀ ਸੈਰ-ਸਪਾਟੇ ਲਈ ਨਿਕਲ ਪੈਂਦਾ ਹੈ। ਪਰ ਘੁਮੱਕੜੀ ਦੇ ਸ਼ੌਕੀਨ ਜ਼ਿਆਦਾਤਰ ਲੋਕ ਘਰ ਆਉਣ ਤੋਂ ਬਾਅਦ ਆਪਣਾ ਬਜਟ ਵਿਗੜ ਜਾਣ ਦੀ ਕਹਾਣੀ ਸੁਣਾਉਂਦੇ ਰਹਿੰਦੇ ਹਨ। ਪਰ ਕੁਝ ਸਜਗ ਵੀ ਹੁੰਦੇ ਹਨ। ਸਵਾਲ ਹੈ ਤੁਸੀਂ ਕਿਸ ਕਿਸਮ ਦੇ ਸੈਲਾਨੀ ਹੋ? ਆਪਣੇ ਬਜਟ ਨੂੰ ਲੈ ਕੇ ਸਜਗ ਰਹਿਣ ਵਾਲੇ ਜਾਂ ਬਜਟ ਵਿਗਾੜਨੇ ਵਾਲੇ? ਖੁਦ ਨੂੰ ਪਰਖੋ ਇਸ ਕੁਇਜ ਦੇ ਰਾਹੀਂ-
1. ਸੈਰ-ਸਪਾਟੇ ਦੀ ਯੋਜਨਾ ਬਣਾਉਂਦੇ ਸਮੇਂ ਤੁਸੀਂ ਸਾਲ ਦੇ ਕਿਨ੍ਹਾਂ ਦਿਨਾਂ 'ਤੇ ਜ਼ੋਰ ਦਿੰਦੇ ਹੋ-
(ਕ) ਜਦੋਂ ਸਾਰੇ ਦੂਜੇ ਲੋਕ ਵੀ ਸੈਰ-ਸਪਾਟੇ ਲਈ ਨਿਕਲਦੇ ਹਨ ਭਾਵ ਜਦੋਂ ਸੈਰ-ਸਪਾਟੇ ਦਾ ਸੀਜ਼ਨ ਹੁੰਦਾ ਹੈ।
(ਖ) ਅਜਿਹੇ ਸਮੇਂ 'ਤੇ ਜਦੋਂ ਜ਼ਿਆਦਾਤਰ ਲੋਕ ਘੁੰਮਣ ਨਹੀਂ ਜਾਂਦੇ। (ਗ) ਪਹਿਲਾਂ ਤੋਂ ਅਜਿਹੀ ਕੋਈ ਯੋਜਨਾ ਨਹੀਂ ਬਣਾਉਂਦੇ।
2. ਸੈਰ-ਸਪਾਟੇ 'ਤੇ ਨਿਕਲਣ ਲਈ ਤੁਸੀਂ ਕਿੰਨੇ ਦਿਨ ਪਹਿਲਾਂ ਯੋਜਨਾ ਬਣਾਉਂਦੇ ਹੋ?
(ਕ) ਛੇ ਮਹੀਨੇ ਪਹਿਲਾਂ ਯੋਜਨਾ ਬਣਾ ਕੇ, ਤਿੰਨ ਮਹੀਨੇ ਪਹਿਲਾਂ ਸਾਰੀ ਬੁਕਿੰਗ ਵੀ ਕਰਾ ਲੈਂਦੇ ਹੋ।
(ਖ) ਸੋਚਦੇ ਤਾਂ ਹੋ, ਪਰ ਅਵਿਵਸਥਿਤ ਜੀਵਨ ਦੇ ਚਲਦੇ ਘੁੰਮਣ ਜਾਣ ਲਈ ਪਹਿਲਾਂ ਹੀ ਦਿਨ ਅਤੇ ਸਮਾਂ ਨਿਸਚਤ ਕਰ ਸਕਣਾ ਮੁਸ਼ਕਿਲ ਹੈ।
(ਗ) ਇਸ ਬਾਰੇ ਵਿਚ ਤਾਂ ਕੁਝ ਸੋਚਿਆ ਹੀ ਨਹੀਂ।
3. ਕਿਤੇ ਘੁੰਮਣ ਜਾਣ 'ਤੇ ਹੋਟਲ ਦੀ ਬੁਕਿੰਗ ਕਦੋਂ ਅਤੇ ਕਿਵੇਂ ਕਰਦੇ ਹੋ?
(ਕ) ਘੱਟ ਤੋਂ ਘੱਟ ਦੋ ਮਹੀਨੇ ਪਹਿਲਾਂ ਹੀ ਆਨਲਾਈਨ ਬੁਕਿੰਗ ਕਰਾ ਲੈਂਦੇ ਹੋ ਤਾਂ ਕਿ ਸੰਭਵ ਰਿਆਇਤ ਮਿਲ ਸਕੇ।
(ਖ) ਬਿਨਾਂ ਅੱਖਾਂ ਨਾਲ ਦੇਖੇ, ਇੰਟਰਨੈੱਟ ਜਾਂ ਫੋਨ ਦੇ ਜ਼ਰੀਏ ਬੁਕਿੰਗ ਕਰਾਉਣਾ ਸਹੀ ਨਹੀਂ ਸਮਝਦੇ, ਇਸ ਲਈ ਉਥੇ ਪਹੁੰਚ ਕੇ ਹੀ ਹੋਟਲ ਲੈਂਦੇ ਹੋ।
(ਗ) ਇਸ ਬਾਰੇ ਵਿਚ ਕੋਈ ਨਿਸਚਤ ਰੁਖ਼ ਨਹੀਂ ਅਪਣਾਉਂਦੇ।
4. ਸੈਰ-ਸਪਾਟੇ 'ਤੇ ਨਿਕਲਣ ਤੋਂ ਪਹਿਲਾਂ ਜਿਥੇ ਘੁੰਮਣ ਜਾ ਰਹੇ ਹੋ, ਉਸ ਜਗ੍ਹਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹੋ?
(ਕ) ਹਾਂ, ਇਸ ਨਾਲ ਨਾ ਸਿਰਫ ਘੁੰਮਣ ਵਿਚ ਸਹੂਲਤ ਹੁੰਦੀ ਹੈ, ਸਗੋਂ ਠੱਗੇ ਜਾਣ ਦੀ ਵੀ ਸੰਭਾਵਨਾ ਘੱਟ ਹੁੰਦੀ ਹੈ।
(ਖ) ਕਿਥੇ ਏਨਾ ਸਮਾਂ ਹੈ ਕਿ ਪਹਿਲਾਂ ਹੀ ਇਹ ਸਭ ਕਰੀਏ।
(ਗ) ਹਾਂ, ਜਾਣ-ਪਛਾਣ ਵਾਲਿਆਂ ਕੋਲੋਂ ਜਾਣ ਤੋਂ ਪਹਿਲਾਂ ਪੁੱਛ ਲੈਂਦੇ ਹਾਂ।
5. ਪਰਿਵਾਰਕ ਸੈਰ-ਸਪਾਟੇ 'ਤੇ ਨਿਕਲਣ 'ਤੇ ਘੁੰਮਣ-ਫਿਰਨ ਦੀ ਕਿਹੋ ਜਿਹੀ ਰਣਨੀਤੀ ਬਣਾਉਂਦੇ ਹੋ?
(ਕ) ਇਸ ਵਿਚ ਰਣਨੀਤੀ ਬਣਾਉਣ ਦੀ ਕੀ ਲੋੜ ਹੈ, ਜਿਵੇਂ ਇਕੱਲੇ ਘੁੰਮਦੇ ਹੋ, ਉਵੇਂ ਹੀ ਪਰਿਵਾਰ ਵਾਲਿਆਂ ਦੇ ਨਾਲ ਘੁੰਮਦੇ ਘੁੰਮੋਗੇ।
(ਖ) ਪਰਿਵਾਰ ਦੇ ਨਾਲ ਘੁੰਮਣ ਜਾਣ 'ਤੇ ਹੋਟਲ ਦੀ ਬਜਾਏ ਅਪਾਰਟਮੈਂਟ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਕਿ ਉਥੇ ਦੀ ਰਸੋਈ ਵਿਚ ਖੁਦ ਹੀ ਖਾਣਾ ਬਣਾਇਆ ਜਾ ਸਕੇ।
(ਗ) ਇਹ ਗੱਲ ਕਦੇ ਧਿਆਨ ਵਿਚ ਹੀ ਨਹੀਂ ਆਉਂਦੀ।
ਨਤੀਜਾ : ਜੇਕਰ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹ ਕੇ ਉਨ੍ਹਾਂ ਜਵਾਬਾਂ 'ਤੇ ਟਿਕ ਕੀਤਾ ਹੈ ਜੋ ਕਾਫੀ ਹੱਦ ਤੱਕ ਤੁਹਾਡੇ ਨਜ਼ਦੀਕ ਹਨ ਜਾਂ ਜਿਨ੍ਹਾਂ ਨਾਲ ਤੁਸੀਂ ਵੱਧ ਤੋਂ ਵੱਧ ਸਹਿਮਤ ਹੋ ਤਾਂ ਸੈਰ-ਸਪਾਟੇ ਦੇ ਬਜਟ ਦੇ ਮਾਮਲੇ ਵਿਚ ਤੁਸੀਂ ਕੁਝ ਇਸ ਤਰ੍ਹਾਂ ਹੋ-
(ਕ) ਜੇਕਰ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਸੈਰ-ਸਪਾਟੇ ਦੇ ਬਜਟ 'ਤੇ ਤੁਹਾਡਾ ਕੋਈ ਕਾਬੂ ਨਹੀਂ ਹੈ, ਤੁਸੀਂ ਵੀ ਉਨ੍ਹਾਂ ਬਹੁਤੀਆਂ ਔਰਤਾਂ ਦਾ ਹਿੱਸਾ ਹੋ ਜੋ ਘੁੰਮ ਕੇ ਆਉਣ ਤੋਂ ਬਾਅਦ ਬਜਟ ਦੇ ਵਿਗੜ ਜਾਣ ਦਾ ਰੋਣਾ ਰੋਂਦੀਆਂ ਰਹਿੰਦੀਆਂ ਹਨ।
(ਖ) ਜੇਕਰ ਤੁਹਾਡੇ ਦੁਆਰਾ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਤੋਂ ਘੱਟ ਹਨ ਤਾਂ ਪਤਾ ਲਗਦਾ ਹੈ ਕਿ ਤੁਸੀਂ ਬਜਟ ਨੂੰ ਲੈ ਕੇ ਚਿੰਤਤ ਤਾਂ ਰਹਿੰਦੇ ਹੋ ਪਰ ਤੁਹਾਡੀ ਚਿੰਤਾ ਨਿਯਮਤ ਅਤੇ ਯੋਜਨਾਬੱਧ ਨਹੀਂ ਹੈ, ਜਿਸ ਨਾਲ ਤੁਸੀਂ ਕਦੇ-ਕਦੇ ਬਜਟ ਨੂੰ ਕਾਬੂ ਵਿਚ ਰੱਖ ਲੈਂਦੇ ਹੋ ਅਤੇ ਕਦੇ ਅਸਫਲ ਹੋ ਜਾਂਦੇ ਹੋ।
(ਗ) ਜੇਕਰ ਤੁਹਾਡੇ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਨਿਸਚਤ ਰੂਪ ਨਾਲ ਤੁਸੀਂ ਬੇਹੱਦ ਸਜਗ ਸੈਲਾਨੀ ਹੋ। ਤੁਹਾਡਾ ਘੁੰਮਣ-ਫਿਰਨ ਦਾ ਬਜਟ ਹਮੇਸ਼ਾ ਕਾਬੂ ਵਿਚ ਅਤੇ ਤੁਹਾਡੀ ਨਿਰਧਾਰਤ ਯੋਜਨਾ ਦੇ ਅੰਦਰ ਰਹਿੰਦਾ ਹੈ। ਨਿਸਚਤ ਰੂਪ ਨਾਲ ਤੁਸੀਂ ਸਮਾਰਟ ਸੈਲਾਨੀ ਹੋ।


-ਪਿੰਕੀ ਅਰੋੜਾ

ਸਰਦੀਆਂ ਦਾ ਵਿਸ਼ੇਸ਼ ਪਕਵਾਨ

ਸਟਫ ਮਸ਼ਰੂਮ ਬਹਾਰ

ਸਮੱਗਰੀ : ਮਸ਼ਰੂਮ 100 ਗ੍ਰਾਮ, ਪਨੀਰ 200 ਗ੍ਰਾਮ, ਇਕ ਆਲੂ, ਕਾਰਨ ਫਲੋਰ ਦੋ ਵੱਡੇ ਚਮਚ, ਮਲਾਈ ਦੋ ਵੱਡੇ ਚਮਚ, ਕਾਲੀ ਮਿਰਚ ਇਕ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਦੋ ਵੱਡੇ ਪਿਆਜ਼, ਲਸਣ ਦਸ ਕਲੀਆਂ, ਅਦਰਕ ਇਕ ਟੁਕੜਾ, ਟਮਾਟਰ ਪਿਊਰੀ ਇਕ ਕੱਪ, ਲਾਲ ਮਿਰਚ ਇਕ ਛੋਟਾ ਚਮਚ, ਧਨੀਆ ਇਕ ਛੋਟਾ ਚਮਚ, ਛੋਟੀਆਂ ਇਲਾਇਚੀਆਂ ਚਾਰ, ਗਰਮ ਮਸਾਲਾ ਇਕ ਛੋਟਾ ਚਮਚ, ਭੁੰਨਿਆ ਜੀਰਾ ਇਕ ਛੋਟਾ ਚਮਚ, ਮੱਖਣ ਦੋ ਵੱਡੇ ਚਮਚ, ਘਿਓ ਜਾਂ ਤੇਲ ਚਾਰ ਵੱਡੇ ਚਮਚ।
ਵਿਧੀ : ਆਲੂ ਉਬਾਲ ਕੇ, ਛਿੱਲ ਕੇ ਮੈਸ਼ ਕਰ ਲਓ। ਪਨੀਰ ਮਿਲਾ ਦਿਓ। ਮਸ਼ਰੂਮ ਨੂੰ ਧੋ ਕੇ ਛੋਟੇ ਟੁਕੜੇ ਕਰ ਲਓ। ਮਲਾਈ ਵਿਚ ਥੋੜ੍ਹਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਫੈਂਟ ਲਓ ਅਤੇ ਮਸ਼ਰੂਮ ਵਿਚ ਮਿਲਾ ਦਿਓ। ਹੁਣ ਆਲੂ ਪਨੀਰ ਦੇ ਮਿਸ਼ਰਣ ਵਿਚ ਕਾਰਨ ਫਲੋਰ ਮਿਲਾ ਦਿਓ ਅਤੇ ਛੋਟੇ-ਛੋਟੇ ਰੋਲਸ ਬਣਾ ਲਓ। ਰੋਲਸ ਦੇ ਵਿਚ ਮਲਾਈ ਅਤੇ ਮਸ਼ਰੂਮ ਦਾ ਥੋੜ੍ਹਾ ਜਿਹਾ ਮਿਸ਼ਰਣ ਭਰ ਦਿਓ। ਹੁਣ ਇਨ੍ਹਾਂ ਰੋਲਸ ਨੂੰ ਤਲ ਲਓ।
ਗ੍ਰੇਵੀ ਲਈ ਪਿਆਜ਼ ਨੂੰ ਬਰੀਕ ਕਸ ਕੇ ਕੜਾਹੀ ਵਿਚ ਸੁਨਹਿਰਾ ਹੋਣ ਤੱਕ ਭੁੰਨੋ। ਇਸ ਵਿਚ ਅਦਰਕ-ਲਸਣ ਦਾ ਪੇਸਟ ਵੀ ਪਾ ਦਿਓ ਅਤੇ ਚੰਗੀ ਤਰ੍ਹਾਂ ਭੁੰਨੋ। ਇਸ ਤੋਂ ਬਾਅਦ ਇਲਾਇਚੀ ਕੁੱਟ ਕੇ ਪਾਓ ਅਤੇ ਸੁੱਕੇ ਮਸਾਲੇ ਵੀ ਮਿਲਾਓ। ਟਮਾਟਰ ਪਿਊਰੀ ਪਾ ਕੇ ਗੈਸ ਹੌਲੀ ਕਰ ਦਿਓ। ਇਸ ਗ੍ਰੇਵੀ ਨੂੰ 5 ਮਿੰਟ ਤੱਕ ਪੱਕਣ ਦਿਓ। ਵਿਚ-ਵਿਚ ਹਲਕੇ ਹੱਥ ਨਾਲ ਚਲਾ ਦਿਓ। ਸੰਘਣੀ ਗ੍ਰੇਵੀ ਤਿਆਰ ਹੋਣ ਤੋਂ ਬਾਅਦ ਉਪਰੋਂ ਦੀ ਮੱਖਣ ਪਾਓ। ਪਰੋਸਦੇ ਸਮੇਂ ਰੋਲਸ ਪਾ ਦਿਓ ਅਤੇ ਕਸੇ ਹੋਏ ਪਨੀਰ ਨਾਲ ਸਜਾ ਦਿਓ।
***

ਬਚਪਨ ਤੋਂ ਹੀ ਦੱਸੋ ਰਿਸ਼ਤਿਆਂ ਦੀ ਅਹਿਮੀਅਤ

ਬੱਚੇ ਦਾ ਮੁਢਲਾ ਸਕੂਲ ਉਸ ਦੀ ਮਾਂ ਹੈ ਅਤੇ ਬੱਚੇ ਦੇ ਮੂੰਹੋਂ ਵੀ ਪਹਿਲਾ ਸ਼ਬਦ ਮਾਂ ਦਾ ਉਚਾਰਨ ਹੁੰਦਾ ਹੈ। ਬੱਚੇ ਨੂੰ ਅਸੀਂ ਜਿਸ ਤਰ੍ਹਾਂ ਦਾ ਚਾਹੀਏ, ਢਾਲ ਸਕਦੇ ਹਾਂ। ਇਸ ਲਈ ਰਿਸ਼ਤਿਆਂ ਸਬੰਧੀ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦਿੱਤੀ ਜਾਵੇ ਕਿ ਇਹ ਤੇਰੀ ਮਾਸੀ ਹੈ, ਮਾਮਾ ਹੈ, ਤਾਇਆ ਅਤੇ ਚਾਚਾ-ਚਾਚੀ ਹੈ। ਇਸ ਤਰ੍ਹਾਂ ਬੱਚੇ ਰਿਸ਼ਤਿਆਂ ਦੇ ਨਿੱਘ ਅਤੇ ਪਿਆਰ ਨੂੰ ਮਾਣ ਸਕਦੇ ਹਨ। ਜੇਕਰ ਬੱਚੇ ਨੂੰ ਅਸੀਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਬਾਰੇ ਦੱਸਾਂਗੇ ਤਾਂ ਹੀ ਉਹ ਦਾਦਕੇ ਘਰ ਅਤੇ ਨਾਨਕੇ ਘਰ ਦੇ ਮਹੱਤਵ ਨੂੰ ਸਮਝੇਗਾ।
ਕਦੇ ਵੀ ਬੱਚਿਆਂ ਨੂੰ ਇਹ ਨਾ ਕਹੋ ਕਿ ਇਹ ਚੀਜ਼ ਤੇਰੀ ਹੈ ਜਾਂ ਮੇਰੀ, ਹਮੇਸ਼ਾ ਇਹ ਕਹੋ ਕਿ ਇਹ ਚੀਜ਼ ਆਪਣੀ ਹੈ। ਪਹਿਲਾਂ ਹਮੇਸ਼ਾ ਸੰਯੁਕਤ ਪਰਿਵਾਰ ਹੁੰਦੇ ਸਨ ਪਰ ਅੱਜਕਲ੍ਹ ਸੰਯੁਕਤ ਪਰਿਵਾਰ ਨਹੀਂ ਰਹੇ ਅਤੇ ਕੁਝ ਘਰਾਂ ਵਿਚ ਮਾਪੇ, ਚਾਚੇ, ਤਾਏ ਤੇ ਰਿਸ਼ਤਿਆਂ ਵਿਚ ਵੀ ਤੇਰ-ਮੇਰ ਸਬੰਧੀ ਬੱਚਿਆਂ ਨਾਲ ਗੱਲ ਕਰਦੇ ਹਨ, ਜਿਸ ਦਾ ਸਿੱਟਾ ਆਉਣ ਵਾਲੇ ਸਮੇਂ ਵਿਚ ਬਹੁਤ ਮਾੜਾ ਨਿਕਲਦਾ ਹੈ। ਹਮੇਸ਼ਾ ਬੱਚਿਆਂ ਨੂੰ ਸਾਰੇ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਓ। ਉਸ ਨੂੰ ਕਹੋ ਕਿ ਚਾਚਿਆਂ, ਤਾਇਆਂ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਮੰਨੋ ਅਤੇ ਉਨ੍ਹਾਂ ਦਾ ਸਤਿਕਾਰ ਕਰੋ। ਮਾਮੇ, ਚਾਚੇ, ਤਾਏ, ਭੂਆ ਤੇ ਫੁੱਫੜ ਨੂੰ ਵੀ ਇਨ੍ਹਾਂ ਰਿਸ਼ਤਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਫਰਜ਼ ਸਿਰਫ ਬੱਚਿਆਂ ਦਾ ਨਹੀਂ ਹੈ। ਲੋੜੀਂਦਾ ਪਿਆਰ ਅਤੇ ਲੋੜੀਂਦੀ ਜ਼ਿੰਮੇਵਾਰੀ ਹਰ ਇਕ ਰਿਸ਼ਤੇ ਪ੍ਰਤੀ ਜ਼ਰੂਰੀ ਹੈ।
ਇਸ ਲਈ ਸਮਾਜ ਵਿਚ ਰਹਿਣ ਲਈ ਸਮਾਜਿਕ ਹੋਣਾ ਜ਼ਰੂਰੀ ਹੈ ਅਤੇ ਇਸ ਸਮਾਜ ਵਿਚ ਸਾਰੇ ਰਿਸ਼ਤਿਆਂ ਨੂੰ ਬੜੀ ਹੀ ਸੰਜੀਦਗੀ ਅਤੇ ਪਿਆਰ ਨਾਲ ਨਿਭਾਉਣ ਦੇ ਅਹਿਸਾਸ ਨੂੰ ਬੱਚਿਆਂ ਨੂੰ ਬਚਪਨ ਵਿਚ ਹੀ ਕਰਾਇਆ ਜਾਵੇ ਤਾਂ ਜੋ ਵੱਡੀ ਉਮਰ ਵਿਚ ਸਵਾਰਥਪੁਣਾ ਅਤੇ ਇਕੱਲਾਪਨ ਅਖ਼ਤਿਆਰ ਨਾ ਕਰ ਬੈਠਣ, ਸਗੋਂ ਪਰਿਵਾਰਕ ਮੈਂਬਰਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਕੇ ਪਰਿਵਾਰ ਨੂੰ ਹੱਸਦੀ-ਖੇਡਦੀ ਫੁਲਵਾੜੀ ਬਣਾਉਣ।


-ਪਿੰਡ ਅਤੇ ਡਾਕ: ਕੋਟ ਕਰੋੜ ਕਲਾਂ, ਜ਼ਿਲ੍ਹਾ ਫਿਰੋਜ਼ਪੁਰ। ਮੋਬਾ: 99888-00759






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX