ਤਾਜਾ ਖ਼ਬਰਾਂ


ਬੀਰ ਦਵਿੰਦਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਅਨੰਦਪੁਰ ਸਾਹਿਬ ਹਲਕੇ ਤੋਂ ਹੋਣਗੇ ਉਮੀਦਵਾਰ
. . .  5 minutes ago
ਲੁਧਿਆਣਾ, 18 ਫ਼ਰਵਰੀ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੂੰ ਲੋਕ ਸਭਾ ਚੋਣ ਲਈ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ....
ਹਰਸਿਮਰਤ ਬਾਦਲ ਨੇ ਬਠਿੰਡਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਕੰਮਾਂ ਦਾ ਕੀਤਾ ਉਦਘਾਟਨ
. . .  11 minutes ago
ਬਠਿੰਡਾ, 18 ਫਰਵਰੀ (ਕਮਲਜੀਤ ਸਿੰਘ) ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮਾਂ ਦਾ ਉਦਘਾਟਨ....
ਅਟਾਰੀ ਵਾਹਗਾ ਸਰਹੱਦ 'ਤੇ ਕਾਂਗਰਸ ਦੇ ਘੱਟ ਗਿਣਤੀ ਫ਼ਰੰਟ ਵੱਲੋਂ ਪਾਕਿ ਦਾ ਝੰਡਾ ਤੇ ਪੁਤਲਾ ਫੂਕਿਆ ਗਿਆ
. . .  15 minutes ago
ਅਟਾਰੀ 18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਸਰਹੱਦ 'ਤੇ ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਕਾਂਗਰਸ ਦੇ ਘੱਟ ਗਿਣਤੀ ਫ਼ਰੰਟ ਵੱਲੋਂ ਤਿਲਵਰ ਮੁਹੰਮਦ ਖ਼ਾਨ ਦੀ ਅਗਵਾਈ ਹੇਠ ਪਾਕਿਸਤਾਨ....
ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਭਗਵੰਤ ਮਾਨ
. . .  13 minutes ago
ਨੂਰਪੁਰ ਬੇਦੀ, 18 ਫਰਵਰੀ (ਹਰਦੀਪ ਸਿੰਘ ਢੀਂਡਸਾ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਰੌਲ਼ੀ ਦੇ ਪਿੰਡ ਪੁੱਜ ਕੇ ਉਨ੍ਹਾਂ ਦੇ ਮਾਪਿਆਂ ਨਾਲ....
ਜਾਣੋ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਕੀ-ਕੀ ਹੋਏ ਐਲਾਨ
. . .  26 minutes ago
ਚੰਡੀਗਡ਼੍ਹ, 18 ਫਰਵਰੀ- ਪੰਜਾਬ ਵਿਧਾਨ ਸਭਾ `ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2019-2020 ਦਾ ਬਜਟ ਪੇਸ਼ ਕੀਤਾ ਗਿਆ। ਇਸ ਬਜਟ `ਚ ਵਿੱਤ ਮੰਤਰੀ ਵੱਲੋਂ ਸੂਬਾ ਵਾਸੀਆਂ ਲਈ...
ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਦੀ ਹੋਈ ਮੌਤ
. . .  37 minutes ago
ਕੋਟਕਪੂਰਾ, 18 ਫਰਵਰੀ (ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਸਵਾਈਨ ਫਲੂ ਦੇ ਇੱਕ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਸ਼ਹਿਰ ਨਿਵਾਸੀ ਕ੍ਰਿਸ਼ਨ ਕੁਮਾਰ ਪੂੱਪ ਪਿਛਲੇ ਹਫ਼ਤੇ ਤੋਂ ਬਿਮਾਰ ਚੱਲਿਆ ਆ....
ਜਾਣੋ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਕੀ-ਕੀ ਹੋਏ ਐਲਾਨ
. . .  59 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2019-2020 ਦਾ ਬਜਟ ਪੇਸ਼ ਕੀਤਾ ਗਿਆ। ਇਸ ਬਜਟ 'ਚ ਵਿੱਤ ਮੰਤਰੀ ਵੱਲੋਂ ਸੂਬਾ ਵਾਸੀਆਂ ਲਈ....
ਸੜਕ ਹਾਦਸੇ ਵਿਚ ਪਿਉ ਪੁੱਤਰ ਦੀ ਮੌਤ, 4 ਗੰਭੀਰ ਜ਼ਖਮੀ
. . .  about 1 hour ago
ਜਲਾਲਾਬਾਦ,18ਫਰਵਰੀ(ਜਤਿੰਦਰ ਪਾਲ ਸਿੰਘ)- ਪੰਜਾਬ ਦੀਆਂ ਸੜਕਾਂ ਤੇ ਸਫ਼ਰ ਕਰਨਾ ਕਿੰਨਾ ਕੁ ਖ਼ਤਰਨਾਕ ਹੈ। ਇਸ ਦੀ ਮਿਸਾਲ ਫਿਰ ਬੀਤੀ ਰਾਤ ਮਿਲੀ ਜਦੋਂ ਜਲਾਲਾਬਾਦ ਦੇ ਇੰਦਰ ਨਗਰੀ ਦੇ ਪਰਿਵਾਰ ਤੇ ਇਹ ਐਤਵਾਰ ਦੀ ਰਾਤ ਕਹਿਰ ਬਣ ਕੇ ਗੁਜਰੀ ਜਦੋਂ ....
ਮਨਿਸਟਰੀਅਲ ਕਾਮਿਆਂ ਦੀ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ, ਲੋਕ ਪਰੇਸ਼ਾਨ
. . .  about 1 hour ago
ਅਜਨਾਲਾ 18 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੀਆਂ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਮਨਿਸਟਰੀਅਲ ਕਾਮਿਆਂ ਵੱਲੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਅੱਜ ਮੁੜ ਸ਼ੁਰੂ ਹੋ ਗਈ, ਜਿਸ ਕਾਰਨ ਸਰਕਾਰੀ ਦਫ਼ਤਰਾਂ 'ਚ ਕੰਮ ਕਰਵਾਉਣ ਆਏ ਵਿਅਕਤੀਆਂ ਨੂੰ....
ਐੱਸ. ਡੀ. ਐੱਫ. ਦੇ ਪ੍ਰਧਾਨ ਹੋਬੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਹੋਏ ਸ਼ਾਮਲ
. . .  about 1 hour ago
ਲੁਧਿਆਣਾ, 18 ਫਰਵਰੀ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਸਟੂਡੈਂਟਸ ਫੈਡਰੇਸ਼ਨ (ਐੱਸ. ਡੀ. ਐੱਫ.) ਦੇ ਪ੍ਰਧਾਨ ਜਸਪ੍ਰੀਤ ਸਿੰਘ ਹੋਬੀ ਆਪਣੇ ਸਾਥੀਆਂ ਸਮੇਤ ਪਾਰਟੀ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਪਾਰਟੀ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਬੋਹੜ ਦਾ ਤਰਲਾ

ਪਿੰਡ ਤੋਂ ਥੋੜ੍ਹਾ ਦੂਰ ਸ਼ਾਮਲਾਤ 'ਚ ਇਕ ਪੁਰਾਣਾ ਬੋਹੜ ਦਾ ਵਿਸ਼ਾਲ ਰੁੱਖ ਸੀ, ਜਿਸ ਉੱਪਰ ਵੱਖ-ਵੱਖ ਕਿਸਮਾਂ ਦੇ ਵੰਨ-ਸੁਵੰਨੇ ਪੰਛੀ ਇਕ ਪਰਿਵਾਰ ਦੀ ਤਰ੍ਹਾਂ ਆਪਸ ਵਿਚ ਮਿਲ ਕੇ ਰਹਿੰਦੇ ਸਨ। ਕੋਈ 4-5 ਦਹਾਕਿਆਂ ਦੀਆਂ ਧੁੱਪਾਂ, ਹਨੇਰੀਆਂ ਆਪਣੇ ਮਲਕੂੜੇ ਪਿੰਡੇ 'ਤੇ ਹੰਢਾਅ ਉਹ ਕਾਫੀ ਵਿਸ਼ਾਲ ਰੁੱਖ ਬਣ ਗਿਆ ਸੀ। ਹੁਣ ਉਸ ਦੀਆਂ ਲਮਕਦੀਆਂ ਜੜ੍ਹਾਂ ਵੀ ਧਰਤੀ ਵਿਚ ਲੱਗ ਉਸ ਨੂੰ ਸਹਾਰਾ ਦੇ ਰਹੀਆਂ ਸਨ। ਅਚਾਨਕ ਇਕ ਦਿਨ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਮਤਾ ਪਕਾਇਆ ਕਿ ਬੋਹੜ ਦਾ ਰੁੱਖ ਵੱਢ ਕੇ ਇਕ ਵਿਸ਼ਾਲ ਪੰਚਾਇਤ ਘਰ ਬਣਾਇਆ ਜਾਵੇ, ਜਿਸ ਵਿਚ ਚੋਣਾਂ ਵੇਲੇ ਇਕੱਠ ਅਤੇ ਹੋਰ ਪੰਚਾਇਤੀ ਕੰਮਕਾਜ ਜਾਂ ਕੋਈ ਪਿੰਡ ਦਾ ਸਾਂਝਾ ਸਮਾਗਮ ਕੀਤਾ ਜਾ ਸਕੇ। ਹੌਲੀ-ਹੌਲੀ ਇਹ ਖ਼ਬਰ ਬੋਹੜ ਦੇ ਕੰਨੀਂ ਜਾ ਪਈ। ਬੁੱਢਾ ਰੁੱਖ ਹੁਣ ਨਿਰਾਸ਼ ਰਹਿਣ ਲੱਗ ਪਿਆ, ਕਿਉਂਕਿ ਹੁਣ ਕੁਝ ਦਿਨਾਂ ਬਾਅਦ ਉਸ ਦੀਆਂ ਜੜ੍ਹਾਂ 'ਤੇ ਕੁਹਾੜਾ ਚੱਲਣ ਵਾਲਾ ਸੀ। ਪਰ ਪੰਛੀ ਇਸ ਗੱਲ ਤੋਂ ਬੇਖਬਰ ਸਨ।
ਇਕ ਦਿਨ ਸਵੇਰੇ ਬੋਹੜ ਨੇ ਸਾਰੇ ਪੰਛੀਆਂ ਨੂੰ ਕੁਝ ਦੇਰ ਰੁਕਣ ਲਈ ਕਿਹਾ ਤਾਂ ਸਾਰੇ ਪੰਛੀਆਂ ਨੇ ਹੈਰਾਨੀ ਪ੍ਰਗਟ ਕੀਤੀ। ਜਦੋਂ ਸਾਰੇ ਪੰਛੀ ਇਕੱਠੇ ਹੋ ਗਏ ਤਾਂ ਬੁੱਢੇ ਰੁੱਖ ਨੇ ਭਰੇ ਮਨ ਹੈਰਾਨੀ ਪ੍ਰਗਟ ਕੀਤੀ ਕਿ ਭਰਾਵੋ, ਹੁਣ ਮੇਰਾ ਤੁਹਾਡੇ ਕੋਲੋਂ ਵਿਛੜਨ ਦਾ ਸਮਾਂ ਆ ਗਿਆ ਹੈ, ਕਿਉਂਕਿ ਮਨੁੱਖਤਾ ਵਿਚ ਆਪਣੇ-ਆਪ ਨੂੰ ਸਿਆਣਾ ਸਮਝਣ ਦਾ ਭੁਲੇਖਾ ਪਾਲੀ ਬੈਠਾ ਇਨਸਾਨ ਮੈਨੂੰ ਇਥੋਂ ਵੱਢ ਕੇ 'ਕੰਕਰੀਟ ਦਾ ਜੰਗਲ' ਉਸਾਰਨਾ ਚਾਹੁੰਦਾ ਹੈ। ਉਹ ਸਾਡੀਆਂ ਸੁਖ ਸਹੂਲਤਾਂ ਤੋਂ ਕੋਝਾ ਅਣਜਾਣ ਬਣ ਬੈਠਾ ਹੈ। ਇਹ ਗੱਲ ਉੱਲੂ ਤੋਂ ਲੈ ਕੇ ਗੋਲੇ ਕਬੂਤਰ, ਹਰੀਹਰ ਅਤੇ ਡੂਮਣੇ ਦੀਆਂ ਮੱਖੀਆਂ ਤੱਕ ਸਭ ਨੇ ਸੁਣੀ। ਸਾਰੇ ਪੰਛੀ ਬੋਹੜ 'ਤੇ ਢਹਿਣ ਵਾਲੇ ਕਹਿਰ ਨੂੰ ਟਾਲਣ ਲਈ ਆਪਣੇ-ਆਪਣੇ ਦਿਮਾਗ ਨਾਲ ਸੋਚਣ ਲੱਗੇ। ਤੋਤੇ ਨੇ ਉੱਲੂ ਨੂੰ ਕਿਹਾ, 'ਉੱਲੂ ਵੀਰ, ਤੂੰ ਹੀ ਕੁਝ ਕਰ', ਤਾਂ ਉੱਲੂ ਬੋਲਿਆ, 'ਭਰਾਵੋ, ਮੈਨੂੰ ਤਾਂ ਦਿਨੇ ਚੰਗੀ ਤਰ੍ਹਾਂ ਦਿਸਦਾ ਵੀ ਨਹੀਂ। ਹਾਂ, ਰਾਤ ਨੂੰ ਜੋ ਮਰਜ਼ੀ ਕਰਾ ਲਿਓ।' ਇਹ ਗੱਲ ਬੋਹੜ ਦੀ ਇਕ ਟਾਹਣੀ ਨਾਲ ਲਮਕਦੇ ਚਮਗਿੱਦੜ ਨੇ ਵੀ ਆਖੀ। ਗੋਲੇ ਕਬੂਤਰ ਨੂੰ ਹਰੀਹਰ ਨੇ ਕਿਹਾ, 'ਤੁਸੀਂ ਤਾਂ ਭਰਾਵੋ ਸ਼ਿਕਾਰੀ ਦਾ ਜਾਲ ਲੈ ਕੇ ਹੀ ਉਡ ਆਏ ਸੀ, ਤੁਸੀਂ ਹੀ ਕੁਝ ਕਰੋ।' ਸਾਰੇ ਪੰਛੀਆਂ ਦੀਆਂ ਗੱਲਾਂ ਸੁਣਦੇ ਬਾਂਦਰ ਨੂੰ ਆਪਣੀ ਜਾਤੀ ਦੇ ਇਨਸਾਨਾਂ ਦੀ ਸੋਚ ਉੱਪਰ ਗੁੱਸਾ ਆ ਰਿਹਾ ਸੀ। ਚਿਰਾਂ ਤੋਂ ਬਣੇ ਮੋਹ ਕਾਰਨ ਉੱਪਰ-ਥੱਲੇ ਚਪੂਸੀਆਂ ਮਾਰਦੀ ਗਲਹਿਰੀ ਵੀ ਹੰਝੂ ਵਹਾਅ ਰਹੀ ਸੀ।
ਕਾਰੀਗਰ ਅਤੇ ਸੂਝਬੂਝ ਦੇ ਤੌਰ 'ਤੇ ਜਾਣੇ ਜਾਂਦੇ ਬੋਹੜ ਦੀ ਇਕ ਟਹਿਣੀ 'ਤੇ ਬਿਜੜੇ ਦਾ ਆਲ੍ਹਣਾ ਲਟਕਦਾ ਸੀ। ਉਹ ਸਭ ਦੀ ਵਿੱਥਿਆ ਚੁੱਪਚਾਪ ਸੁਣ ਰਿਹਾ ਸੀ। ਜਦੋਂ ਸਾਰੇ ਜਣੇ ਚੁੱਪ ਹੋ ਗਏ ਤਾਂ ਬਿਜੜੇ ਨੇ ਕਿਹਾ, 'ਭਰਾਵੋ! ਮੇਰੇ ਨਿੱਕੇ ਜਿਹੇ ਦਿਮਾਗ 'ਚ ਇਕ ਤਰਕੀਬ ਹੈ', ਤਾਂ ਸਾਰੇ ਪੰਛੀ ਇਕਦਮ ਬੋਲੇ, 'ਭਰਾਵਾ ਛੇਤੀ ਦੱਸ।' ਕਾਂ ਨੇ ਕਿਹਾ, 'ਦੱਸੇਂਗਾ ਉਦੋਂ ਜਦੋਂ ਸਭ ਕੁਝ ਵਾਪਰ ਗਿਆ?' ਬਿਜੜੇ ਨੇ ਕਿਹਾ, 'ਆਪਣੇ ਉੱਪਰ ਡੂਮਣੇ ਦਾ ਮਖਿਆਲ ਲੱਗਾ ਹੋਇਆ ਹੈ, ਜਿਸ ਤੋਂ ਇਨਸਾਨ ਡਰਦਾ ਹੈ। ਜੇਕਰ ਆਪਾਂ ਰਾਣੀ ਮੱਖੀ ਨੂੰ ਬੇਨਤੀ ਕਰੀਏ ਤਾਂ ਕੋਈ ਹੱਲ ਹੋ ਸਕਦਾ ਹੈ। ਸਾਰੇ ਪੰਛੀਆਂ ਨੂੰ ਇਕ ਆਸ ਦੀ ਕਿਰਨ ਦਿਖਾਈ ਦਿੱਤੀ। ਸਾਰੇ ਪੰਛੀਆਂ ਨੇ ਡੂਮਣੇ ਦੀਆਂ ਮੱਖੀਆਂ ਨੂੰ ਬੇਨਤੀ ਕੀਤੀ ਕਿ ਭੈਣੋਂ, ਤੁਸੀਂ ਸਾਡੀ ਮਦਦ ਕਰੋ ਤਾਂ ਕਿ ਬੋਹੜ ਨੂੰ ਬਚਾਇਆ ਜਾ ਸਕੇ। ਰਾਣੀ ਮੱਖੀ ਨੇ ਸਭ ਪੰਛੀਆਂ ਦੀ ਫਰਿਆਦ ਸੁਣ ਬੋਹੜ ਨੂੰ ਬਚਾਉਣ ਲਈ ਸਾਰੀਆਂ ਮੱਖੀਆਂ ਨੂੰ ਆਪਣੇ ਡੰਗ ਚਲਾਉਣ ਦਾ ਹੁਕਮ ਦੇ ਦਿੱਤਾ।
ਅਗਲੀ ਸਵੇਰ ਬੋਹੜ ਨੂੰ ਕੱਟਣ ਲਈ ਲੱਕੜਹਾਰੇ ਆਏ ਤਾਂ ਜਦੋਂ ਉਨ੍ਹਾਂ ਨੇ ਕਹੀ ਨਾਲ ਜੜ੍ਹਾਂ ਨੂੰ ਨੰਗਾ ਕੀਤਾ ਤਾਂ ਮੱਖੀਆਂ ਨੇ ਲੱਕੜਹਾਰਿਆਂ 'ਤੇ ਹਮਲਾ ਕਰ ਦਿੱਤਾ ਤੇ ਉਹ ਆਪਣੇ ਸੰਦ ਸੁੱਟ ਕੇ ਭੱਜ ਗਏ ਅਤੇ ਦੂਜੇ ਪੰਛੀਆਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਦੂਜੇ ਦਿਨ ਫਿਰ ਮੱਖੀਆਂ ਨੇ 'ਬੋਹੜ ਪੁੱਟਣ' ਵਾਲਿਆਂ 'ਤੇ ਮਿੱਥੀ ਚਾਲ ਅਨੁਸਾਰ ਧਾਵਾ ਬੋਲ ਦਿੱਤਾ। ਹੁਣ ਪਿੰਡ ਦੇ ਲੋਕਾਂ ਦੀ ਸਮਝ ਵਿਚ ਗੱਲ ਪੈ ਗਈ ਸੀ ਕਿ ਪੰਛੀ ਬੋਹੜ ਪੁੱਟਣ ਦੇ ਵਿਰੋਧ ਵਿਚ ਹਨ। ਲੋਕਾਂ ਨੇ ਹੁਣ ਇਹ ਫੈਸਲਾ ਬਦਲ ਕੇ ਬੋਹੜ ਦੁਆਲੇ ਵਿਸ਼ਾਲ ਚੌਂਤਰਾ ਅਤੇ ਕੁਝ ਬੈਂਚ ਡਾਹੁਣ ਦਾ ਫੈਸਲਾ ਲੈ ਲਿਆ ਸੀ। ਇਸ ਤਰ੍ਹਾਂ ਪੰਛੀਆਂ ਨੇ ਆਪਸੀ ਸੂਝਬੂਝ ਅਤੇ ਏਕੇ ਨਾਲ ਬੋਹੜ ਦਾ ਵਿਸ਼ਾਲ ਰੁੱਖ ਬਚਾ ਲਿਆ। ਸਾਰੇ ਪੰਛੀ ਆਪਣੀ ਜਿੱਤ ਦੀ ਖੁਸ਼ੀ ਵਿਚ ਚਹਿਚਹਾ ਰਹੇ ਸਨ।

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।
ਮੋਬਾ: 98156-88236


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-6: ਸਪਾਈਡਰ ਗਰਲ

ਸਪਾਈਡਰਮੈਨ ਵਾਂਗ ਚੁਸਤ-ਫੁਰਤ ਹੈ ਸਪਾਈਡਰ ਗਰਲ। ਇਸ ਦਾ ਅਸਲ ਨਾਂਅ ਮੇਡੇ ਪਾਰਕਰ ਹੈ, ਜੋ 1998 ਵਿਚ ਨਿਊਯਾਰਕ ਵਿਚ ਪਹਿਲੀ ਵਾਰੀ 'ਸਪਾਈਡਰ ਗਰਲ' ਫ਼ਿਲਮ ਦੇ ਰੂਪ ਵਿਚ ਸਾਹਮਣੇ ਆਈ ਸੀ।
ਭੂਰੀਆਂ ਅੱਖਾਂ ਅਤੇ ਵਾਲਾਂ ਵਾਲੀ ਇਹ ਕਾਰਟੂਨ ਪਾਤਰ ਅਸਲ ਵਿਚ ਵਿਸ਼ਵ ਪ੍ਰਸਿੱਧ ਸਪਾਈਡਰਮੈਨ ਦੀ ਬੇਟੀ ਹੈ, ਜੋ ਪਿਤਾ ਵਾਂਗ ਹੀ ਕੰਧਾਂ ਉੱਪਰ ਤੇਜ਼ੀ ਨਾਲ ਚੱਲ-ਫਿਰ ਸਕਣ ਦੀ ਸਮਰੱਥਾ ਰੱਖਦੀ ਹੈ। ਸਾਢੇ ਪੰਜ ਫੁੱਟ ਕੱਦ ਵਾਲੀ ਸਪਾਈਡਰ ਗਰਲ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਇਹ ਅਨੋਖੀ ਸ਼ਕਤੀਆਂ ਦੀ ਮਾਲਕ ਹੈ ਅਤੇ ਆਪਣੇ ਅਨੁਭਵ ਨਾਲ ਹਾਲਾਤ ਦਾ ਪਤਾ ਲਗਾ ਲੈਂਦੀ ਹੈ ਕਿ ਕਿੱਥੇ ਕੋਈ ਮਾੜੀ ਘਟਨਾ ਵਾਪਰਨ ਵਾਲੀ ਹੈ। ਇਹ ਫਟਾਫਟ ਸਬੰਧਤ ਥਾਂ 'ਤੇ ਜਾ ਕੇ ਸਥਿਤੀ ਉਪਰ ਕਾਬੂ ਪਾ ਲੈਂਦੀ ਹੈ ਅਤੇ ਨੁਕਸਾਨ ਹੋਣ ਤੋਂ ਬਚਾਉਂਦੀ ਹੈ। ਇਹ ਕਾਰਟੂਨ ਨਾਇਕਾ ਮੂਲ ਰੂਪ ਵਿਚ ਅਮਰੀਕਾ ਨਿਵਾਸੀ ਹੈ ਅਤੇ ਪੂਰੇ ਵਿਸ਼ਵ ਦੇ ਬੱਚਿਆਂ ਦੀ ਚਹੇਤੀ ਪਾਤਰ ਹੋਣ ਦਾ ਮਾਣ ਪ੍ਰਾਪਤ ਹੈ।

ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703

'ਵਿਗਿਆਨੀ ਇਕ, ਨੋਬਲ ਪੁਰਸਕਾਰ ਦੋ': ਪ੍ਰੇਰਨਾ ਸਰੋਤ ਵਿਗਿਆਨੀ-ਮੇਰੀ ਕਿਊਰੀ

ਵਾਰਸਾ (ਪੋਲੈਂਡ) ਵਿਖੇ ਅਧਿਆਪਕਾ ਮਾਤਾ ਅਤੇ ਪ੍ਰੋਫੈਸਰ ਪਿਤਾ ਦੇ ਘਰ ਜਨਮੀ ਵਿਗਿਆਨੀ 'ਮੇਰੀ ਕਿਊਰੀ' ਬਚਪਨ ਵਿਚ ਹੀ ਪੜ੍ਹਨ-ਲਿਖਣ ਵਿਚ ਕਾਫੀ ਹੁਸ਼ਿਆਰ ਸੀ। ਮਾਪਿਆਂ ਦੇ ਪ੍ਰੋਤਸਾਹਨ ਨਾਲ ਉਹ ਸ਼ੁਰੂਆਤੀ ਕਲਾਸਾਂ ਵਿਚ ਪਹਿਲੀਆਂ ਥਾਵਾਂ 'ਤੇ ਹੀ ਰਹੇ, ਪਰ ਘਰ ਦੀ ਆਰਥਿਕ ਤੰਗੀ ਕਾਰਨ ੳਨ੍ਹਾਂ ਨੂੰ ਆਪਣੀ ਵੱਡੀ ਭੈਣ ਕੋਲ ਪੜ੍ਹਨ ਲਈ ਪੈਰਿਸ ਜਾਣਾ ਪਿਆ, ਜਿੱਥੇ ਸਕੂਲੀ ਪੜ੍ਹਾਈ ਦੌਰਾਨ ਕਿਊਰੀ ਨੇ ਆਪਣੀ ਮਿਹਨਤ ਦੇ ਬਲ 'ਤੇ ਕਈ ਵਾਰ ਵਜ਼ੀਫੇ ਹਾਸਲ ਕੀਤੇ ਅਤੇ ਆਪਣੀ ਭੈਣ 'ਤੇ ਆਰਥਿਕ ਬੋਝ ਨਹੀਂ ਬਣੇ। ਹਾਲਾਂਕਿ ਉਹ ਕਰਾਕੋਅ ਯੂਨੀਵਰਸਿਟੀ ਵਿਚ ਦਾਖਲੇ ਲਈ ਇਸ ਕਾਰਨ ਨਕਾਰੇ ਗਏ, ਕਿਉਂਕਿ ਉਹ ਇਕ ਔਰਤ ਸਨ, ਪਰ ਫਿਰ ਵੀ ਆਪਣੀਆਂ ਖੋਜਾਂ ਜਾਰੀ ਰੱਖਦਿਆਂ ਕਿਊਰੀ ਨੂੰ ਫਰਾਂਸ ਵਿਚ ਡਾਕਟਰੇਟ ਡਿਗਰੀ ਪੂਰਾ ਕਰਨ ਵਾਲੀ ਪਹਿਲੀ ਮਹਿਲਾ ਬਣਨ ਦਾ ਸੁਭਾਗ ਅਤੇ ਪੈਰਿਸ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣਨ ਵਾਲੀ ਪਹਿਲੀ ਮਹਿਲਾ ਹੋਣ ਦਾ ਗੌਰਵ ਪ੍ਰਾਪਤ ਹੈ, ਜਦੋਂ ਕਿ ਸੰਨ 1800 ਤੋਂ 1900 ਦੇ ਦਰਮਿਆਨ (ਜਦੋਂ ਔਰਤ ਕੇਵਲ ਘਰ ਸਾਂਭਣ ਲਈ ਹੀ ਜਾਣੀ ਜਾਂਦੀ ਸੀ) ਅਤੇ ਹੁਣ 2017 ਤੱਕ ਵੀ ਫਿਜ਼ਿਕਸ ਅਤੇ ਮੈਥ ਪੁਰਸ਼ ਪ੍ਰਧਾਨ ਵਿਸ਼ੇ ਮੰਨੇ ਜਾਂਦੇ ਹਨ। ਇਥੇ ਅਧਿਆਪਨ ਦੌਰਾਨ ਉਨ੍ਹਾਂ ਨੇ ਵਿਗਿਆਨਿਕ ਪਿਅਰੇ ਕਿਊਰੀ ਨਾਲ ਵਿਆਹ ਕਰਵਾਇਆ। ਇਸ ਵਿਗਿਆਨਕ ਜੋੜੇ ਨੇ 1898 ਵਿਚ 'ਪੋਲੋਨੀਅਮ' ਨਾਮੀ ਤੱਤ ਦੀ ਮਹੱਤਵਪੂਰਨ ਖੋਜ ਕੀਤੀ ਅਤੇ ਕੁਝ ਸਮੇਂ ਬਾਅਦ ਹੀ 'ਰੇਡੀਅਮ' ਦੀ ਖੋਜ ਕਰਕੇ ਚਿਕਿਤਸਾ ਵਿਗਿਆਨ ਅਤੇ ਰੋਗਾਂ ਦੇ ਇਲਾਜ ਵਿਚ ਕ੍ਰਾਂਤੀ ਲੈ ਆਂਦੀ।
1903 ਵਿਚ ਮੇਰੀ ਕਿਊਰੀ ਨੇ ਪੀ.ਐਚ.ਡੀ. ਪੂਰੀ ਕੀਤੀ। ਇਸੇ ਸਾਲ ਇਸ ਦੰਪਤੀ ਨੂੰ 'ਰੇਡੀਓਐਕਟੀਵਿਟੀ' ਦੀ ਖੋਜ ਲਈ ਭੌਤਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਮਿਲਿਆ ਅਤੇ ਇਸ ਤੋਂ 8 ਸਾਲ ਬਾਅਦ 1911 ਵਿਚ ਦੁਬਾਰਾ ਫਿਰ ਇਸ ਦੰਪਤੀ ਨੂੰ 'ਰੇਡੀਅਮ ਦੀ ਸ਼ੁੱਧੀਕਰਨ' (ਆਈਸੋਲੇਸ਼ਨ ਆਫ ਪਿਓਰ ਰੇਡੀਅਮ) ਵਿਸ਼ੇ ਲਈ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਵੀ ਮਿਲਿਆ। ਵਿਗਿਆਨ ਦੀਆਂ ਦੋ ਸ਼ਾਖਾਵਾਂ ਵਿਚ ਨੋਬਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲੀ ਮੇਰੀ ਕਿਊਰੀ ਪਹਿਲੀ ਮਹਿਲਾ ਵਿਗਿਆਨਕ ਹੈ। ਉਨ੍ਹਾਂ ਸਿੱਧ ਕਰ ਵਿਖਾਇਆ ਕਿ ਔਰਤਾਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ। ਇਸ ਜੋੜੇ ਦੀਆਂ ਦੋਵੇਂ ਬੇਟੀਆਂ ਨੂੰ ਵੀ ਨੋਬਲ ਪੁਰਸਕਾਰ ਮਿਲਿਆ-ਵੱਡੀ ਬੇਟੀ ਆਈਰੀਨ ਨੂੰ 1935 ਵਿਚ ਰਸਾਇਣ ਵਿਗਿਆਨ ਦੇ ਖੇਤਰ ਵਿਚ ਜਦਕਿ ਛੋਟੀ ਬੇਟੀ ਈਵ ਨੂੰ 1965 ਵਿਚ ਸ਼ਾਂਤੀ ਲਈ ਨੋਬਲ ਪੁਰਸਕਾਰ ਮਿਲਿਆ। ਵਿਸ਼ਵ ਵਿਚ ਮੇਰੀ ਕਿਊਰੀ ਦਾ ਇਕੋ-ਇਕ ਅਜਿਹਾ ਪਰਿਵਾਰ ਹੈ, ਜਿਸ ਦੇ ਹਰ ਮੈਂਬਰ ਨੂੰ ਨੋਬਲ ਪੁਰਸਕਾਰ ਹਾਸਲ ਹੋਣ ਦਾ ਮਾਣ ਪ੍ਰਾਪਤ ਹੈ।

-ਮਨਿੰਦਰ ਕੌਰ,
ਫ਼ਰੀਦਕੋਟ।

ਬੁਝਾਰਤਾਂ

1. ਹੱਥ ਨਹੀਂ, ਸਿਰ ਮੂੰਹ ਨਹੀਂ, ਨਾ ਲੱਤਾਂ ਨਾ ਬਾਹਾਂ,
ਜਿਉਂ-ਜਿਉਂ ਹੇਠਾਂ ਪਟਕੋ, ਤਿਉਂ-ਤਿਉਂ ਚੜ੍ਹਦੀ ਤਾਹਾਂ।
2. ਲੱਕੜੀ ਮਚ ਕੇ ਕੋਲਾ ਹੋਈ, ਕੋਲਾ ਸੜ ਕੇ ਸੁਆਹ।
ਮੈਂ ਨਭਾਗਣ ਅਜਿਹੀ ਸਾੜੀ, ਨਾ ਕੋਲਾ ਹੋਈ ਨਾ ਸੁਆਹ।
3. ਦਸ ਜਾਣੇ ਪਕਾਉਣ ਵਾਲੇ, ਬੱਤੀ ਜਾਣੇ ਖਾਣ ਵਾਲੇ।
4. ਇਕ ਨਿੱਕਾ ਜਿਹਾ ਸਿਪਾਹੀ, ਜਿਸ ਦੀ ਖਿੱਚ ਕੀ ਵਰਦੀ ਲਾਹੀ।
5. ਹਰੀ-ਹਰੀ ਗੰਦਲ ਬੜੀਓ ਮਿੱਠੀ, ਆਉਂਦੀ ਹੈ ਪਰ ਕਿਸੇ ਨਾ ਡਿੱਠੀ।
6. ਪੈਰ ਬਿਨਾਂ ਚੌਂਕਾ ਚੜ੍ਹੇ, ਮੂੰਹ ਬਿਨਾਂ ਆਟਾ ਖਾਏ,
ਮਰਨ 'ਤੇ ਉਹ ਜੀਅ ਉੱਠੇ, ਬਿਨ ਮਾਰੇ ਮਰ ਜਾਏ।
7. ਸਾਲ ਮਗਰੋਂ ਗੱਡੀ ਆਈ, ਕੋਈ ਚੜ੍ਹ ਗਿਆ ਕੋਈ ਰਹਿ ਗਿਆ।
8. ਸਾਨੂੰ ਦੇ ਕੇ ਗਏ ਬਾਹਰਲੇ ਬੰਦੇ, ਸਵੇਰੇ ਉੱਠਦਾ ਹਰ ਕੋਈ ਮੰਗੇ।
9. ਆਪਣੇ ਆਂਡੇ ਘਰ 'ਚ ਰੱਖਦੀ, ਕਾਂ ਦੇ ਨਾਲ ਧੋਖਾ ਕਰਦੀ,
ਕਾਲਾ ਤਨ ਪਰ ਮਿੱਠੇ ਬੋਲ, ਰਾਜ਼ ਦੱਸੋ ਉਸ ਦਾ ਖੋਲ੍ਹ।
10. ਇਕ ਚੀਜ਼ ਜੋ ਬਾਹਰੋਂ ਆਵੇ, ਮੋਟਰ ਕਾਰਾਂ ਤਾਈਂ ਭਜਾਵੇ।
ਉੱਤਰ : (1) ਗੇਂਦ, (2) ਗੈਸ, (3) ਉਂਗਲਾਂ ਤੇ ਦੰਦ, (4) ਕੇਲਾ, (5) ਨੀਂਦ, (6) ਤਬਲਾ, (7) ਨਤੀਜਾ, (8) ਚਾਹ, (9) ਕੋਇਲ, (10) ਪੈਟਰੋਲ-ਡੀਜ਼ਲ।

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ)। ਮੋਬਾ: 98763-22677

ਬਾਲ ਨਾਵਲ-37: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਐਮਰਜੈਂਸੀ ਵਿਚ ਬਹੁਤੀ ਭੀੜ ਨਹੀਂ ਸੀ ਪਰ ਉਥੇ ਜਿਸ ਡਾਕਟਰ ਦੀ ਡਿਊਟੀ ਸੀ, ਉਹ ਹਰ ਮਰੀਜ਼ ਨੂੰ ਬਹੁਤ ਚੰਗੀ ਤਰ੍ਹਾਂ ਦੇਖ ਰਿਹਾ ਸੀ। ਉਸ ਦੀ ਬੋਲਚਾਲ ਵਿਚ ਵੀ ਬੜੀ ਮਿਠਾਸ ਸੀ। ਉਸ ਨੇ ਹਥਲਾ ਮਰੀਜ਼ ਦੇਖਣ ਤੋਂ ਬਾਅਦ ਬੀਜੀ ਨੂੰ ਪਹਿਲਾਂ ਦੇਖ ਲਿਆ। ਦੇਖਣ ਤੋਂ ਬਾਅਦ ਉਸ ਨੇ ਈ. ਸੀ. ਜੀ. ਕੀਤੀ। ਈ. ਸੀ. ਜੀ. ਦੇਖ ਕੇ ਉਸ ਦੇ ਚਿਹਰੇ 'ਤੇ ਘਬਰਾਹਟ ਆਈ। ਉਸ ਨੇ ਉਸੇ ਵਕਤ ਬੀਜੀ ਨੂੰ ਦਿਲ ਦੇ ਰੋਗਾਂ ਵਾਲੀ ਵਾਰਡ ਵਿਚ ਸ਼ਿਫਟ ਕਰਨ ਲਈ ਆਪਣੇ ਅਸਿਸਟੈਂਟ ਨੂੰ ਕਿਹਾ। ਉਹ ਆਪ ਮਰੀਜ਼ ਦੇ ਨਾਲ ਉਸ ਵਾਰਡ ਵਿਚ ਗਿਆ ਅਤੇ ਉਥੋਂ ਦੇ ਇੰਚਾਰਜ ਡਾਕਟਰ ਨੂੰ ਕੁਝ ਦੱਸ ਕੇ ਇਲਾਜ ਸ਼ੁਰੂ ਕਰਵਾਇਆ।
ਹਰੀਸ਼ ਡੌਰ ਭੌਰਾ ਹੋਇਆ ਸਭ ਕੁਝ ਦੇਖ ਰਿਹਾ ਸੀ। ਉਸ ਨੇ ਐਮਰਜੈਂਸੀ ਵਾਲੇ ਡਾਕਟਰ ਦਾ ਨਾਂਅ ਪਤਾ ਕੀਤਾ। ਉਸ ਨੂੰ ਪਤਾ ਲੱਗਾ ਕਿ ਉਹ ਡਾਕਟਰ ਗਾਂਧੀ ਹਨ, ਜਿਹੜੇ ਪੂਰੇ ਹਸਪਤਾਲ ਵਿਚ ਆਪਣੀ ਨੇਕੀ, ਸੇਵਾ ਭਾਵ, ਮਿੱਠੀ ਬੋਲੀ ਲਈ ਮਸ਼ਹੂਰ ਹਨ ਅਤੇ ਜੋ ਪੂਰੀ ਤਰ੍ਹਾਂ ਹਸਪਤਾਲ ਅਤੇ ਮਰੀਜ਼ਾਂ ਲਈ ਸਮਰਪਿਤ ਹਨ।
ਬੀਜੀ ਦਾ ਇਲਾਜ ਸ਼ੁਰੂ ਹੋ ਗਿਆ। ਡਾਕਟਰ ਨੇ ਬਹੁਤ ਸਾਰੀਆਂ ਦਵਾਈਆਂ ਲਿਖ ਦਿੱਤੀਆਂ। ਦਵਾਈਆਂ ਦੀ ਲੰਮੀ ਲਿਸਟ ਵਾਲੀ ਪਰਚੀ ਉਨ੍ਹਾਂ ਨੇ ਹਰੀਸ਼ ਨੂੰ ਫੜਾ ਦਿੱਤੀ। ਲਿਸਟ ਨੂੰ ਹਰੀਸ਼ ਬਿਟਰ-ਬਿਟਰ ਦੇਖ ਰਿਹਾ ਸੀ। ਉਹ ਪਰਚੀ ਲੈ ਕੇ ਕੈਮਿਸਟ ਦੀ ਦੁਕਾਨ ਵੱਲ ਤੁਰ ਪਿਆ। ਕੈਮਿਸਟ ਦੀ ਦੁਕਾਨ 'ਤੇ ਕਾਫੀ ਭੀੜ ਸੀ। ਉਸ ਨੇ ਕੰਬਦੇ ਹੱਥਾਂ ਨਾਲ ਪਰਚੀ ਦੁਕਾਨ ਦੇ ਇਕ ਕਰਿੰਦੇ ਨੂੰ ਫੜਾਈ ਅਤੇ ਸਾਰੀਆਂ ਦਵਾਈਆਂ ਦੀ ਕੀਮਤ ਪੁੱਛੀ। ਉਸ ਨੇ ਕਿਹਾ, 'ਤਕਰੀਬਨ ਤਿੰਨ ਕੁ ਹਜ਼ਾਰ ਦੀਆਂ ਆਉਣਗੀਆਂ।'
ਹਰੀਸ਼ ਨੇ ਆਪਣੀ ਜੇਬ ਵਿਚੋਂ ਜਦੋਂ ਸਾਰੇ ਵੱਡੇ-ਛੋਟੇ ਨੋਟ ਕੱਢੇ ਤਾਂ ਉਹ ਦੋ ਸੌ ਰੁਪਏ ਬਣੇ। ਉਸ ਦਾ ਸਿਰ ਘੁੰਮ ਰਿਹਾ ਸੀ। ਉਹ ਹਰ ਹਾਲਤ ਵਿਚ ਸਾਰੀਆਂ ਦਵਾਈਆਂ ਖਰੀਦ ਕੇ ਜਲਦੀ ਤੋਂ ਜਲਦੀ ਬੀਜੀ ਨੂੰ ਦੇਣੀਆਂ ਚਾਹੁੰਦਾ ਸੀ, ਤਾਂ ਜੋ ਉਹ ਇਕਦਮ ਠੀਕ ਹੋ ਜਾਣ। ਉਸ ਨੇ ਬੜਾ ਸੋਚਿਆ, ਉਸ ਨੂੰ ਆਪਣੇ ਵੀਰ ਜੀ (ਸਿਧਾਰਥ) ਤੋਂ ਇਲਾਵਾ ਹੋਰ ਕੋਈ ਨਜ਼ਰ ਨਹੀਂ ਸੀ ਆ ਰਿਹਾ, ਜਿਹੜਾ ਉਸ ਦੀ ਮਦਦ ਕਰਦਾ।
ਹਰੀਸ਼ ਨੇ ਦੁਕਾਨਦਾਰ ਨੂੰ ਹੀ ਇਕ ਫੋਨ ਕਰਨ ਦੀ ਬੇਨਤੀ ਕੀਤੀ। ਦੁਕਾਨਦਾਰ ਨੇ ਨੰਬਰ ਪੁੱਛਿਆ ਅਤੇ ਉਹ ਨੰਬਰ ਮਿਲਾ ਕੇ ਫੋਨ ਹਰੀਸ਼ ਨੂੰ ਫੜਾ ਦਿੱਤਾ। ਇਹ ਸਿਧਾਰਥ ਦਾ ਮੋਬਾਈਲ ਨੰਬਰ ਸੀ। ਸਿਧਾਰਥ ਨੇ ਜਦੋਂ ਮੋਬਾਈਲ ਸੁਣਿਆ ਤਾਂ ਹਰੀਸ਼ ਦੀ ਰੋਣ ਵਰਗੀ ਆਵਾਜ਼ ਸੁਣ ਕੇ ਉਸ ਨੇ ਪੁੱਛਿਆ, 'ਬੇਟਾ ਕੀ ਹੋਇਐ? ਤੂੰ ਅੱਜ ਕਿਥੇ ਹੈਂ?'
ਹਰੀਸ਼ ਨੇ ਆਪਣੇ-ਆਪ ਨੂੰ ਸੰਭਾਲਦਿਆਂ ਸਾਰੀ ਗੱਲ ਦੱਸੀ। ਸਿਧਾਰਥ ਨੇ ਕਿਹਾ, 'ਮੈਂ ਦਸਾਂ ਮਿੰਟਾਂ ਵਿਚ ਹੀ ਤੇਰੇ ਕੋਲ ਪਹੁੰਚ ਰਿਹਾ ਹਾਂ। ਤੂੰ ਐਸ ਵੇਲੇ ਕਿਥੋਂ ਫੋਨ ਕਰ ਰਿਹਾ ਏਂ?'
'ਮੈਂ ਵੀਰ ਜੀ ਹਸਪਤਾਲ ਦੇ ਸਾਹਮਣੇ ਕੈਮਿਸਟ ਦੀ ਦੁਕਾਨ 'ਤੇ ਖੜ੍ਹਾ ਹਾਂ। ਮੈਂ ਜ਼ਰੂਰੀ ਕੁਝ ਦਵਾਈਆਂ ਲੈਣੀਆਂ ਹਨ ਅਤੇ ਮੇਰੇ ਕੋਲ ਪੈਸੇ ਬਹੁਤ ਥੋੜ੍ਹੇ ਹਨ।'
'ਤੂੰ ਫਿਕਰ ਨਾ ਕਰ, ਮੈਂ ਬਸ ਪਹੁੰਚਿਆ ਕਿ ਪਹੁੰਚਿਆ', ਇਹ ਕਹਿ ਕੇ ਸਿਧਾਰਥ ਨੇ ਮੋਬਾਈਲ ਬੰਦ ਕਰ ਦਿੱਤਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ: ਇਹ ਹੈ ਮੇਰੀ ਕਲਮ

ਇਹ ਹੈ ਮੇਰੀ ਕਲਮ ਬੜੇ ਕਮਾਲ ਦੀ,
ਮਨ ਦੇ ਛੁਪੇ ਖਿਆਲਾਂ ਨੂੰ ਪ੍ਰਗਟ ਕਰਦੀ।
ਬਚਪਨ ਵਿਚ ਮੈਨੂੰ ਲਿਖਣਾ ਸਿਖਾਇਆ,
ਸੁੰਦਰ ਅੱਖਰਾਂ ਨੂੰ ਫੱਟੀ 'ਤੇ ਚਮਕਾਇਆ।
ਹਰ ਅੱਖਰ ਵਿਚ ਅਨੋਖੇ ਰੰਗ ਇਹ ਭਰਦੀ।
ਇਹ ਹੈ ਮੇਰੀ ਕਲਮ... ... ... ... ... ...

ਕਿਸ਼ੋਰ ਉਮਰ ਵਿਚ ਇਸ ਨੇ ਮੈਨੂੰ ਗੰਭੀਰ ਬਣਾਇਆ,
ਲਿਖੇ ਹਰ ਅੱਖਰ ਨੇ ਮੈਨੂੰ ਵੱਖਰਾ ਅਸਰ ਦਿਖਾਇਆ।
ਲਿਖੇ ਹਰ ਅੱਖਰ 'ਚ ਚਮਕ ਅਨੋਖੀ ਦਿਸਦੀ।
ਇਹ ਹੈ ਮੇਰੀ ਕਲਮ... ... ... ... ... ...

ਕਾਲਜ ਪੁੱਜੇ ਤਾਂ ਇਸ ਨੇ ਅਜਬ ਰੰਗ ਦਿਖਾਏ,
ਸੁੰਦਰ ਲਿਖਾਈ ਨੇ ਕਈ ਮੁਕਾਬਲੇ ਜਿਤਾਏ।
ਮੇਰਾ ਮਾਣ ਵਧਾਉਂਦੀ ਰਹੀ ਚੜ੍ਹਾਈ ਕਰਦੀ।
ਇਹ ਹੈ ਮੇਰੀ ਕਲਮ... ... ... ... ... ...

ਜ਼ਿੰਦਗੀ ਦੇ ਹਰ ਮੋੜ 'ਤੇ ਰਹੀ ਹੈ ਪੱਕੀ ਹਮਸਫ਼ਰ,
ਭਵਿੱਖ ਬਣਾਉਣ ਵਿਚ ਛੱਡੀ ਨਾ ਕੋਈ ਕਸਰ।
ਜ਼ਿੰਦਗੀ ਭਰ ਮੈਂ ਰਹੀ ਸਫਲਤਾ ਦੀਆਂ ਪੌੜੀ ਚੜ੍ਹਦੀ।
ਇਹ ਹੈ ਮੇਰੀ ਕਲਮ... ... ... ... ... ...

-ਅਨੁਰਾਧਾ ਕਸ਼ਯਪ
ਮਕਾਨ ਨੰ: ਬੀ-36/123, ਮੁਹੱਲਾ ਸ਼ਿਵ ਕੋਟ ਭੰਡਾਰੀ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਰੌਚਿਕ ਜਾਣਕਾਰੀ

* ਭਾਰਤ ਵਿਚ ਸਭ ਤੋਂ ਪਹਿਲਾਂ ਡਾਕ ਪ੍ਰਣਾਲੀ 1837 ਵਿਚ ਸ਼ੁਰੂ ਹੋਈ ਸੀ।
* ਦੁਨੀਆ ਵਿਚ ਸਭ ਤੋਂ ਵੱਧ ਉੱਨ ਦਾ ਨਿਰਯਾਤ ਆਸਟ੍ਰੇਲੀਆ ਦੇਸ਼ ਕਰਦਾ ਹੈ।
* 'ਤਿੱਬਤ ਦਾ ਪਠਾਰ' ਦੁਨੀਆ ਦਾ ਸਭ ਤੋਂ ਉੱਚਾ ਪਠਾਰ ਹੈ। ਇਸ ਨੂੰ ਸੰਸਾਰ ਦੀ ਛੱਤ ਵੀ ਕਿਹਾ ਜਾਂਦਾ ਹੈ।
* ਹਾਥੀ ਅਤੇ ਨਾਰੀਅਲ ਕੇਰਲ ਰਾਜ ਦੀ ਪਛਾਣ ਹਨ। ੲ ਵਿਸ਼ਵ ਵਿਚ ਸਭ ਤੋਂ ਵੱਧ ਮੱਕੀ ਦੀ ਫਸਲ ਅਮਰੀਕਾ ਵਿਚ ਹੁੰਦੀ ਹੈ।
* ਭਾਰਤ ਵਿਚ ਕਾਗਜ਼ ਤਿਆਰ ਕਰਨ ਵਾਲੀ ਪਹਿਲੀ ਮਿੱਲ ਸਾਲ 1832 ਵਿਚ ਪੱਛਮੀ ਬੰਗਾਲ ਵਿਚ ਲਗਾਈ ਗਈ ਸੀ।

-ਅਵਤਾਰ ਸਿੰਘ ਕਰੀਰ,
ਮੋਗਾ। ਮੋਬਾ: 94170-05183

ਬਾਲ ਸਾਹਿਤ

ਬੂਟਾ ਸਿੰਘ ਚੌਹਾਨ ਦੀਆਂ ਦੋ ਬਾਲ ਪੁਸਤਕਾਂ
ਸੰਪਰਕ : 98143-80749

ਬੂਟਾ ਸਿੰਘ ਚੌਹਾਨ ਦੀਆਂ ਤਾਜ਼ਾ ਛਪੀਆਂ ਦੋ ਬਾਲ ਪੁਸਤਕਾਂ ਵਿਚੋਂ ਪਹਿਲੀ ਪੁਸਤਕ 'ਨਿੱਕੀ ਜਿਹੀ ਡੇਕ' ਹੈ, ਜਿਸ ਵਿਚ ਬਾਲ ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ ਵਿਚ ਲੋਰੀਨੁਮਾ ਅਤੇ ਖੇਡ-ਗੀਤ ਨੁਮਾ ਕਵਿਤਾਵਾਂ ਸ਼ਾਮਿਲ ਹਨ। ਜ਼ਿਆਦਾਤਰ ਕਵਿਤਾਵਾਂ ਸੰਬੋਧਨੀ ਅੰਦਾਜ਼ ਵਿਚ ਲਿਖੀਆਂ ਗਈਆਂ ਹਨ। 'ਚਿੜੀਏ ਨੀ ਚਿੜੀਏ', 'ਚੱਲ ਚੱਲ ਘੋੜਿਆ', 'ਇੱਲਤ ਦੀ ਜੜ੍ਹ', 'ਸਾਈਕਲੀ ਲਿਆ ਦਿਓ', 'ਸੁਖਮਨ', 'ਗੀਤ', 'ਧੀ' ਅਤੇ 'ਸੁੱਕੇ ਬੂਟੇ ਨੂੰ' ਆਦਿ ਕਵਿਤਾਵਾਂ ਪੜ੍ਹਨਯੋਗ ਹਨ। 'ਬੇਦੀ ਸਰ' ਕਵਿਤਾ ਰਾਹੀਂ ਪਰਿਵਾਰਕ ਸੰਕਟਾਂ ਨੂੰ ਹੱਲ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ ਜਦੋਂ ਕਿ 'ਪਿੱਪਲ ਤੇ ਬੋਹੜ' ਕਵਿਤਾ ਵਿਚ ਪਿੱਪਲ ਅਤੇ ਬੋਹੜ ਵਰਗੇ ਰੁੱਖ ਆਪਣੀ ਖ਼ਤਮ ਹੋ ਰਹੀ ਹੋਂਦ ਲਈ ਮਨੁੱਖ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ। ਇਸ ਪੁਸਤਕ ਦੇ 32 ਪੰਨੇ ਹਨ ਅਤੇ ਮੁੱਲ 50 ਰੁਪਏ ਹੈ।
ਬੂਟਾ ਸਿੰਘ ਚੌਹਾਨ ਦੀ ਦੂਜੀ ਪੁਸਤਕ 'ਜੜ੍ਹਾਂ ਵਾਲੀ ਗੱਲ' ਹੈ। ਇਸ ਬਾਲ ਨਾਵਲ ਦੀ ਨਾਇਕਾ ਰੀਆ ਹਿਸਾਬ ਦੀ ਕਮਜ਼ੋਰੀ ਕਾਰਨ ਪਛੜ ਜਾਂਦੀ ਹੈ ਪਰ ਉਸ ਦੇ ਦਾਦਾ ਜੀ ਖੱਬਲ ਦੀ ਜੜ੍ਹ ਦੀ ਮਿਸਾਲ ਦਿੰਦੇ ਹੋਏ ਉਸ ਦੇ ਮੱਠੇ ਪੈ ਰਹੇ ਆਤਮਵਿਸ਼ਵਾਸ ਅਤੇ ਕਮਜ਼ੋਰ ਮਨ ਵਿਚ ਪੁਨਰ-ਸ਼ਕਤੀ ਦਾ ਅਹਿਸਾਸ ਜਗਾਉਂਦੇ ਹਨ। ਉਹ ਉਸ ਅੰਦਰ ਅਜਿਹੀ ਲਗਨ, ਉਤਸ਼ਾਹ ਅਤੇ ਅਨੁਸ਼ਾਸਨ ਪੈਦਾ ਕਰਦੇ ਹਨ ਕਿ ਰੀਆ ਆਪਣੀ ਕਮਜ਼ੋਰੀ ਉਪਰ ਕਾਬੂ ਪਾਉਣ ਵਿਚ ਕਾਮਯਾਬ ਹੁੰਦੀ ਹੈ। ਇਹ ਨਾਵਲ ਨਿਰਾਸ਼ ਮਨ ਵਿਚ ਆਸ ਦੀ ਕਿਰਨ ਜਗਾਉਂਦਾ ਹੈ। ਇਸ ਨਾਵਲ ਦੀ ਭਾਸ਼ਾ ਆਸਾਨ ਅਤੇ ਜਿਗਿਆਸਾ ਭਰਪੂਰ ਹੈ। ਇਸ ਪੁਸਤਕ ਦੇ 40 ਪੰਨੇ ਹਨ ਅਤੇ ਮੁੱਲ 50 ਰੁਪਏ ਹੈ। ਯੂਨੀਸਟਾਰ ਬੁਕਸ ਪ੍ਰਾ: ਲਿਮ: ਮੋਹਾਲੀ ਵਲੋਂ ਛਾਪੀਆਂ ਗਈਆਂ ਇਨ੍ਹਾਂ ਪੁਸਤਕਾਂ ਵਿਚ ਦਰਸ਼ਨ ਟਿੱਬਾ ਵਲੋਂ ਦਿਲਚਸਪ ਚਿੱਤਰ ਬਣਾਏ ਗਏ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਚੁਟਕਲੇ

* ਪਤਨੀ-'ਜੋ ਆਦਮੀ ਚੋਰੀ ਕਰਦਾ ਹੈ, ਉਹ ਆਪਣੀ ਜ਼ਿੰਦਗੀ ਵਿਚ ਕਦੇ ਨਾ ਕਦੇ ਜ਼ਰੂਰ ਪਛਤਾਉਂਦਾ ਹੈ।'
  ਪਤੀ-'ਹਾਂ, ਠੀਕ ਕਹਿੰਦੀ ਹੋ। ਵਿਆਹ ਤੋਂ ਪਹਿਲਾਂ ਮੈਂ ਤੁਹਾਡਾ ਦਿਲ ਚੋਰੀ ਕੀਤਾ ਸੀ, ਹੁਣ ਮੈਂ ਪਛਤਾ ਰਿਹਾ ਹਾਂ।'
* ਪ੍ਰੇਮਿਕਾ-'ਕੱਲ੍ਹ ਮੈਂ ਚਿੜੀਆਘਰ ਗਈ ਸੀ।'
  ਪ੍ਰੇਮੀ-'ਮੈਂ ਵੀ ਤਾਂ ਉਥੇ ਸੀ।'
  ਪ੍ਰੇਮਿਕਾ-'ਅੱਛਾ! ਕਿਹੜੇ ਪਿੰਜਰੇ ਵਿਚ?'
* ਦੋ ਔਰਤਾਂ ਗੱਲਾਂ ਕਰ ਰਹੀਆਂ ਸਨ। ਪਹਿਲੀ ਨੇ ਦੂਜੀ ਨੂੰ ਕਿਹਾ, 'ਮੇਰਾ ਦਿਓਰ ਤੀਸਰੀ ਮੰਜ਼ਿਲ ਤੋਂ ਡਿਗ ਪਿਆ ਪਰ ਵਾਲ-ਵਾਲ ਬਚ ਗਿਆ।'
  ਉਸ ਸਮੇਂ ਸੈਰ ਨੂੰ ਨਿਕਲੀ ਪ੍ਰਵਾਸੀ ਲੜਕੀ ਇਹ ਸੁਣ ਕੇ ਰੁਕੀ ਅਤੇ ਬੋਲੀ, 'ਓਹ, ਉਸ ਦੇ ਸਿਰਫ ਵਾਲ-ਵਾਲ ਹੀ ਬਚੇ ਹਨ, ਉਹ ਆਪ ਨਹੀਂ ਬਚੇ?'

-ਗੋਬਿੰਦ ਸੁਖੀਜਾ,
ਢਿੱਲਵਾਂ (ਕਪੂਰਥਲਾ)। ਮੋਬਾ: 98786-05929

ਬਾਲ ਕਵਿਤਾ ਘੁੱਗੀ

ਨਿੰਮ ਸਾਡੀ 'ਤੇ ਰਹਿੰਦੀ ਘੁੱਗੀ,
ਕਿਸੇ ਨੂੰ ਕੁਝ ਨਾ ਕਹਿੰਦੀ ਘੁੱਗੀ।
ਨਿੰਮ ਥੱਲੇ ਅਸੀਂ ਦਾਣੇ ਪਾਉਂਦੇ,
ਦਾਣਾ-ਦਾਣਾ ਚੁਗ ਲੈਂਦੀ ਘੁੱਗੀ।
ਕੂੰਡੇ ਵਿਚ ਅਸੀਂ ਪਾਣੀ ਪਾਉਂਦੇ,
ਲੋੜ ਮੁਤਾਬਿਕ ਪੀ ਲੈਂਦੀ ਘੁੱਗੀ।
ਅੱਖਾਂ ਬੰਦ ਕਰ ਰਾਗ ਅਲਾਪੇ,
ਰੱਬ ਦਾ ਨਾਂਅ ਜਿਵੇਂ ਲੈਂਦੀ ਘੁੱਗੀ।
ਕਦੇ ਵਿਹੜੇ ਵਿਚ ਕਦੇ ਬਨੇਰੇ,
ਟਿਕ ਕੇ ਜਵਾਂ ਨਾ ਬਹਿੰਦੀ ਘੁੱਗੀ।
ਸਾਡਾ ਕੋਈ ਨੁਕਸਾਨ ਨਾ ਕਰਦੀ,
ਤਾਹੀਓਂ ਤਾਂ ਮੋਹ ਲੈਂਦੀ ਘੁੱਗੀ।
ਨਿੰਮ ਸਾਡੀ 'ਤੇ ਰਹਿੰਦੀ ਘੁੱਗੀ,
ਕਿਸੇ ਨੂੰ ਕੁਝ ਨਾ ਕਹਿੰਦੀ ਘੁੱਗੀ।

-ਕੁਲਦੀਪ ਭਾਗ ਸਿੰਘ ਵਾਲਾ,
ਡਾਕ: ਜੰਡ ਸਾਹਿਬ, ਜ਼ਿਲ੍ਹਾ ਫਰੀਦਕੋਟ।
ਮੋਬਾ: 94638-56223


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX