ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰੇਲ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ
. . .  14 minutes ago
ਅੰਮ੍ਰਿਤਸਰ ਪ੍ਰਸ਼ਾਸਨ ਦਾ ਹੈਲਪ ਲਾਈਨ ਨੰਬਰ : 0183- 2421050
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਰੇਲਵੇ ਦੇ ਹੈਲਪ ਲਾਈਨ ਨੰਬਰ-0183-22223171 , 0183-2564485
. . .  1 day ago
ਸ਼ੋਕ ਵਜੋਂ ਕੱਲ੍ਹ ਨੂੰ ਸਮੂਹਿਕ ਅਦਾਰੇ ਬੰਦ
. . .  1 day ago
ਚੰਡੀਗੜ੍ਹ ,19 ਅਕਤੂਬਰ - ਅੰਮ੍ਰਿਤਸਰ ਵਿਖੇ ਹੋਏ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਕ ਰੋਜ਼ਾ ਸ਼ੋਕ ਦਾ...
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਛੁੱਟੀ ਦਾ ਐਲਾਨ
. . .  1 day ago
ਮੇਰੇ ਨਿਕਲਣ ਦੇ ਬਾਅਦ 15 ਮਿੰਟ ਬਾਅਦ ਹੋਇਆ ਟਰੇਨ ਹਾਦਸਾ - ਨਵਜੋਤ ਕੌਰ ਸਿੱਧੂ ਨੇ ਦਿੱਤੀ ਸਫ਼ਾਈ
. . .  1 day ago
ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  1 day ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  1 day ago
ਨਵੀਂ ਦਿੱਲੀ, 19 ਅਕਤੂਬਰ - ਦੇਸ਼ ਭਰ ਵਿਚ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਸ੍ਰੀਰਾਮ ਚੰਦਰ ਜੀ ਦੇ ਜੀਵਨ ਕਾਲ...
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  1 day ago
ਇਸਲਾਮਾਬਾਦ, 19 ਅਕਤੂਬਰ - ਪੰਜਾਬ ਸਿਵਲ ਸਕੱਤਰੇਤ ਨੇ ਪੰਜਾਬ(ਪਾਕਿਸਤਾਨ) ਦੇ ਲਾਹੌਰ ਸੂਬੇ 'ਚ ਇਹ ਹੁਕਮ ਜਾਰੀ ਕੀਤਾ ਹੈ ਕਿ ਮਹਿਲਾਵਾਂ ਨੂੰ ਬਿਨਾਂ ਦੁਪੱਟੇ ਦੇ ਸਰਕਾਰੀ ਇਮਾਰਤਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਫ਼ਰਮਾਨ ਪੰਜਾਬ ਦੇ ਪ੍ਰਾਇਮਰੀ ਅਤੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਿੰਨੀ ਇਤਿਹਾਸਕ ਤੇ ਕਿੰਨੀ ਮਿਥਿਹਾਸਕ ਹੈ ਰਾਣੀ ਪਦਮਿਨੀ ਦੀ ਕਹਾਣੀ

ਮਸ਼ਹੂਰ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਆ ਰਹੀ ਨਵੀਂ ਫ਼ਿਲਮ 'ਪਦਮਾਵਤੀ' ਬਾਰੇ ਮੌਜੂਦਾ ਵਿਵਾਦ ਦੇ ਬਹੁਤ ਸਾਰੇ ਪੱਖ ਹਨ¢ ਰਾਜਪੂਤਾਂ ਦੀ ਇਕ ਜਥੇਬੰਦੀ 'ਕਰਣੀ ਸੈਨਾ' ਵਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ¢ ਭਾਵੇਂ ਕਿ ਅਜੇ ਤੱਕ ਕਿਸੇ ਨੇ ਵੀ ਉਹ ਫ਼ਿਲਮ ਨਹੀਂ ਵੇਖੀ ਪਰ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਿਲਮਸਾਜ਼ ਦੀਆਂ ਕੁਝ ਗੱਲਾਂ ਤੋਂ ਸ਼ੱਕ ਹੋਇਆ ਹੈ ਕਿ ਜ਼ਰੂਰ ਹੀ ਇਸ ਵਿਚ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ¢ ਚਿਤੌੜ ਦੀ ਰਾਣੀ ਪਦਮਿਨੀ (ਪਦਮਾਵਤੀ) ਜਿਸ ਨੇ ਦਿੱਲੀ ਸਲਤਨਤ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਦੀ ਗ਼ੁਲਾਮ ਬਣਨ ਦੀ ਥਾਂ ਮੌਤ ਨੂੰ ਗਲੇ ਲਗਾ ਲਿਆ ਸੀ, ਦਾ ਕਿਰਦਾਰ ਇਸ ਫ਼ਿਲਮ ਵਿਚ ਦੀਪਿਕਾ ਪਾਦੂਕੋਨ ਵਲੋਂ ਨਿਭਾਇਆ ਗਿਆ ਹੈ¢ ਫ਼ਿਲਮ ਵਿਚ ਰਾਣੀ ਪਦਮਿਨੀ ਨੂੰ ਘੂਮਰ ਡਾਂਸ ਕਰਦੇ ਵੀ ਵਿਖਾਇਆ ਗਿਆ ਹੈ ਅਤੇ ਡਾਂਸ ਦੌਰਾਨ ਪਹਿਨੀ ਗਈ ਪੁਸ਼ਾਕ ਬਾਰੇ ਵੀ ਵਿਰੋਧੀਆਂ ਦੇ ਇਤਰਾਜ਼ ਹਨ¢ ਉਨ੍ਹਾਂ ਨੂੰ ਇਹ ਵੀ ਸ਼ੱਕ ਹੈ ਕਿ ਅਲਾਉਦੀਨ ਅਤੇ ਪਦਮਿਨੀ ਵਿਚਕਾਰ ਕੋਈ ਸੁਪਨੇ ਦਾ ਦਿ੍ਸ਼ ਵੀ ਫ਼ਿਲਮਾਇਆ ਹੋ ਸਕਦਾ ਹੈ, ਕਿਉਂਕਿ ਅਕਸਰ ਫ਼ਿਲਮਸਾਜ਼ ਇਹ ਤਕਨੀਕ ਵਰਤ ਲੈਂਦੇ ਹਨ¢ ਪਰ ਨਿਰਦੇਸ਼ਕ ਦਾ ਕਹਿਣਾ ਹੈ ਕਿ ਫ਼ਿਲਮ ਵਿਚ ਰਾਜਪੂਤ ਆਨ ਅਤੇ ਸ਼ਾਨ ਨੂੰ ਪੂਰੇ ਜਾਹੋ-ਜਲਾਲ ਨਾਲ ਵਿਖਾਇਆ ਗਿਆ ਹੈ ਅਤੇ ਫ਼ਿਲਮ ਵੇਖਣ ਤੋਂ ਬਿਨਾਂ ਹੀ ਸ਼ੱਕ ਦੇ ਆਧਾਰ ਉੱਤੇ ਵਿਰੋਧ ਕਰਨਾ ਬਿਲਕੁਲ ਗ਼ੈਰ-ਜਮਹੂਰੀ ਤਰੀਕਾ ਹੈ¢
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਰਾਣੀ ਪਦਮਿਨੀ ਕੋਈ ਇਤਿਹਾਸਕ ਪਾਤਰ ਹੈ ਜਾਂ ਨਹੀਂ, ਇਸ ਬਾਰੇ ਵੀ ਵੱਖ-ਵੱਖ ਇਤਿਹਾਸਕਾਰ ਇਕਮਤ ਨਹੀਂ ਹਨ ਤੇ ਉਨ੍ਹਾਂ ਦੇ ਆਪੋ-ਆਪਣੇ ਵਿਚਾਰ ਹਨ¢ ਇਤਿਹਾਸ ਮੁਤਾਬਕ ਚਿਤੌੜਗੜ੍ਹ ਉੱਤੇ ਅਲਾਊਦੀਨ ਖਿਲਜੀ ਨੇ 1303 ਈਸਵੀ ਵਿਚ ਕਬਜ਼ਾ ਕੀਤਾ ਸੀ ¢ ਖਿਲਜੀ ਦੇ ਸਮਕਾਲੀ ਇਤਿਹਾਸਕਾਰਾਂ ਅਮੀਰ ਖੁਸਰੋ ਅਤੇ ਜ਼ਿਆਉਦੀਨ ਬਰਨੀ ਨੇ ਕਿਤੇ ਵੀ ਪਦਮਿਨੀ ਨਾਂਅ ਦੀ ਕਿਸੇ ਰਾਣੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ¢ ਇਸੇ ਕਾਰਨ ਆਧੁਨਿਕ ਇਤਿਹਾਸਕਾਰ ਵੀ ਇਸ ਲੜਾਈ ਦਾ ਬਿਆਨ ਕਰਨ ਵੇਲੇ ਰਾਜੇ ਰਤਨ ਸਿੰਘ (ਰਤਨ ਰਾਵਲ) ਦੀ ਪਤਨੀ ਪਦਮਿਨੀ ਦੀ ਹੋਂਦ ਸੰਬੰਧੀ ਤੱਥਾਂ ਦੀ ਘਾਟ ਮਹਿਸੂਸ ਕਰਦੇ ਹਨ¢ ਉਹ ਰਾਣੀ ਪਦਮਿਨੀ ਨੂੰ ਕਾਲਪਨਿਕ ਪਾਤਰ ਅਤੇ ਉਸ ਦੀ ਕਹਾਣੀ ਨੂੰ ਮਹਿਜ਼ ਇਕ ਦੰਦ-ਕਥਾ ਹੀ ਮੰਨਦੇ ਹਨ¢ ਮਲਿਕ ਮੁਹੰਮਦ ਜਾਇਸੀ ਇਕ ਸੂਫ਼ੀ ਫ਼ਕੀਰ ਹੋਇਆ ਹੈ ਜਿਸ ਨੇ ਅਵਧੀ ਭਾਸ਼ਾ ਵਿਚ 'ਪਦਮਾਵਤ' ਨਾਂਅ ਦੀ ਇਕ ਮਸਨਵੀ (ਕਿੱਸਾ) ਦੀ ਰਚਨਾ ਕੀਤੀ ਸੀ¢ ਇਸ ਵਿਚ ਉਸ ਨੇ ਪਦਮਾਵਤੀ (ਪਦਮਿਨੀ) ਨੂੰ ਚਿਤੌੜ ਦੀ ਰਾਣੀ ਵਜੋਂ ਪੇਸ਼ ਕੀਤਾ ਸੀ¢ ਖ਼ਾਸ ਗੱਲ ਇਹ ਹੈ ਕਿ ਮਲਿਕ ਮੁਹੰਮਦ ਜਾਇਸੀ ਸ਼ੇਰ ਸ਼ਾਹ ਸੂਰੀ ਦਾ ਸਮਕਾਲੀ ਸੀ ਅਰਥਾਤ ਉਹ ਅਲਾਉਦੀਨ ਖਿਲਜੀ ਤੋਂ ਦੋ ਸਦੀਆਂ ਬਾਅਦ ਹੋਇਆ¢ ਉਸ ਦੀ ਰਚਨਾ 'ਪਦਮਾਵਤ' ਤੋਂ ਪਹਿਲਾਂ ਕਦੇ ਵੀ ਚਿਤੌੜ ਦੀ ਪਦਮਿਨੀ ਜਾਂ ਪਦਮਾਵਤੀ ਨਾਂਅ ਦੀ ਕਿਸੇ ਰਾਣੀ ਅਤੇ ਅਲਾਉਦੀਨ ਖਿਲਜੀ ਦੀ ਇਸ ਕਹਾਣੀ ਬਾਰੇ ਨਾ ਤਾਂ ਕੁਝ ਸੁਣਿਆ ਗਿਆ ਸੀ ਅਤੇ ਨਾ ਹੀ ਲਿਖਿਆ ਗਿਆ ਸੀ¢ ਇਕ ਚੌਹਾਨ ਰਾਜਪੂਤ ਰਾਜੇ ਹਮੀਰਾ ਦਾ ਜ਼ਿਕਰ ਜ਼ਰੂਰ ਸੁਣਨ ਨੂੰ ਮਿਲਦਾ ਹੈ ਜਿਸ ਨੇ ਖਿਲਜੀ ਦਾ ਡਟ ਕੇ ਮੁਕਾਬਲਾ ਕੀਤਾ ਸੀ¢ ਖਿਲਜੀ ਉਸ ਤੋਂ ਉਸ ਦੀ ਧੀ ਦਾ ਡੋਲਾ ਮੰਗਦਾ ਸੀ ਪਰ ਉਸ ਨੇ ਠੋਕ ਕੇ ਜਵਾਬ ਦੇ ਦਿੱਤਾ¢ ਫਿਰ ਜਦੋਂ ਉਸ ਦੀ ਫ਼ੌਜ ਖਿਲਜੀ ਤੋਂ ਹਾਰ ਗਈ ਤਾਂ ਉਸ ਦੀ ਧੀ ਅਤੇ ਹੋਰ ਔਰਤਾਂ ਨੇ ਜ਼ਲਾਲਤ ਤੋਂ ਬਚਣ ਲਈ ਜੌਹਰ ਦੀ ਰਸਮ ਨਿਭਾਈ ਅਤੇ ਸਾਰੀਆਂ ਨੇ ਆਪਣੇ ਆਪ ਨੂੰ ਅਗਨ-ਭੇਟ ਕਰ ਦਿੱਤਾ ਸੀ¢ ਹੋ ਸਕਦਾ ਹੈ ਜਾਇਸੀ ਨੇ ਇਸ ਲੋਕ ਕਥਾ ਤੋਂ ਪ੍ਰਭਾਵਿਤ ਹੋ ਕੇ ਇਸ ਵਿਚ ਕੁਝ ਫੇਰ-ਬਦਲ ਕਰ ਕੇ 'ਪਦਮਾਵਤ' ਦੀ ਘਾੜਤ ਘੜ ਲਈ ਹੋਵੇ¢ ਅਕਬਰ ਦੇ ਦਰਬਾਰੀ ਲੇਖਕ ਅਬੁਲ ਫਜ਼ਲ ਨੇ ਵੀ ਇਕ ਥਾਂ ਪਦਮਿਨੀ ਦਾ ਜ਼ਿਕਰ ਤਾਂ ਕੀਤਾ ਹੈ ਪਰ ਉਸ ਨੇ ਵੀ ਆਪਣੇ ਜ਼ਿਕਰ ਦਾ ਆਧਾਰ ਜਾਇਸੀ ਦੀ ਰਚਨਾ 'ਪਦਮਾਵਤ' ਨੂੰ ਹੀ ਬਣਾਇਆ ਹੈ¢
'ਪਦਮਾਵਤ' ਵਿਚਲੀ ਕਹਾਣੀ ਅਨੁਸਾਰ ਚਿਤੌੜਗੜ੍ਹ ਦੇ ਰਾਜੇ ਰਤਨ ਸਿੰਘ ਨੂੰ ਸੰਗਲਾਦੀਪ (ਸ੍ਰੀਲੰਕਾ) ਦੇ ਰਾਜੇ ਗੰਧਰਵ ਸੇਨ ਦੀ ਧੀ ਪਦਮਾਵਤੀ ਦੇ ਹੁਸਨ ਬਾਰੇ ਇਕ ਬੋਲਣ ਵਾਲੇ ਤੋਤੇ ਰਾਹੀਂ ਭਿਣਕ ਪਈ¢ ਉਹ ਚਿਤੌੜ ਤੋਂ 'ਸੱਤ ਸਮੁੰਦਰ' ਪਾਰ ਕਰਕੇ ਸੰਗਲਾਦੀਪ ਪਹੁੰਚਿਆ ਅਤੇ ਕਿਸੇ ਢੰਗ ਨਾਲ ਰਾਜੇ ਨੂੰ ਪ੍ਰਭਾਵਤ ਕਰਕੇ ਪਦਮਾਵਤੀ ਨੂੰ ਵਿਆਹ ਲਿਆਇਆ¢ ਰਾਜੇ ਦੇ ਇਕ ਬ੍ਰਾਹਮਣ ਦਰਬਾਰੀ ਰਾਘਵ ਚੇਤਨ ਨਾਲ ਰਾਜੇ ਦੀ ਕਿਸੇ ਗੱਲੋਂ ਅਣਬਣ ਹੋ ਗਈ ਜਿਸ ਨੇ ਗੁੱਸਾ ਖਾ ਕੇ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਨੂੰ ਰਾਜੇ ਖਿਲਾਫ਼ ਜਾ ਭੜਕਾਇਆ¢ ਨਾਲ ਹੀ ਉਸ ਨੇ ਰਾਣੀ ਪਦਮਾਵਤੀ ਦੇ ਹੁਸਨ ਦੀ ਤਾਰੀਫ਼ ਕੁਝ ਵੱਧ ਹੀ ਮਸਾਲਾ ਲਗਾ ਕੇ ਕਰ ਦਿੱਤੀ ਜਿਸ ਕਰਕੇ ਖਿਲਜੀ ਪਦਮਾਵਤੀ ਨੂੰ ਵੇਖਣ ਲਈ ਬੇਤਾਬ ਹੋ ਉਠਿਆ ਅਤੇ ਚਿਤੌੜ ਉੱਤੇ ਹਮਲਾ ਕਰ ਦਿੱਤਾ¢ ਰਤਨ ਸਿੰਘ ਨੇ ਆਪਣੀ ਹਾਰ ਹੁੰਦੀ ਵੇਖ ਕੇ ਖਿਲਜੀ ਨਾਲ ਸਮਝੌਤਾ ਕਰ ਲਿਆ ਅਤੇ ਚਿਤੌੜ ਦੇ ਮਹਿਲ ਵਿਚ ਦੋਵਾਂ ਦੀ ਇਕ ਸਾਂਝੀ ਬੈਠਕ ਹੋਈ¢ ਜਦੋਂ ਖਿਲਜੀ ਮਹਿਲ 'ਚੋਂ ਵਾਪਸ ਮੁੜਨ ਲੱਗਿਆ ਤਾਂ ਉਸਦੀ ਨਜ਼ਰ ਪਦਮਾਵਤੀ ਉੱਤੇ ਪੈ ਗਈ¢ ਉਸ ਨੇ ਮਹਿਲ ਤੋਂ ਬਾਹਰ ਛੱਡਣ ਆਏ ਰਤਨ ਸਿੰਘ ਨੂੰ ਧੋਖੇ ਨਾਲ ਕੈਦ ਕਰ ਲਿਆ¢ ਰਤਨ ਸਿੰਘ ਨੂੰ ਕੈਦ ਕਰਕੇ ਉਸ ਨੇ ਰਾਣੀ ਪਦਮਾਵਤੀ ਦੀ ਮੰਗ ਰੱਖ ਦਿੱਤੀ¢ ਰਾਜਪੂਤ ਯੋਧਿਆਂ ਗੋਰਾ ਅਤੇ ਬਾਦਲ ਨੇ ਖਿਲਜੀ ਨੂੰ ਭਰਮਾਉਣ ਲਈ ਉਹ ਮੰਗ ਮੰਨ ਲਈ ਅਤੇ ਬਹੁਤ ਸਾਰੀਆਂ ਪਾਲਕੀਆਂ ਖਿਲਜੀ ਦੇ ਕੈਂਪ ਵਿਚ ਭੇਜ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਵਿਚੋਂ ਇਕ ਪਾਲਕੀ ਵਿਚ ਪਦਮਾਵਤੀ ਹੈ¢ ਪਰ ਅਸਲ ਵਿਚ ਬਹੁਤੀਆਂ ਪਾਲਕੀਆਂ ਵਿਚ ਰਾਜਪੂਤ ਲੜਾਕੂ ਸਨ ਜਿਨ੍ਹਾਂ ਨੇ ਖਿਲਜੀ ਦੇ ਕੈਂਪ ਵਿਚ ਭਾਜੜ ਮਚਾ ਦਿੱਤੀ ਅਤੇ ਰਤਨ ਸਿੰਘ ਨੂੰ ਛੁਡਾ ਕੇ ਲੈ ਗਏ¢ ਰਤਨ ਸਿੰਘ ਦੀ ਗੈਰ-ਹਾਜ਼ਰੀ ਵਿਚ ਪਿੱਛੋਂ ਕਿਸੇ ਗੁਆਂਢੀ ਰਾਜੇ ਦੇਵਪਾਲ ਨੇ ਪਦਮਾਵਤੀ ਅੱਗੇ ਵਿਆਹ ਦੀ ਮੰਗ ਰੱਖ ਦਿੱਤੀ¢ ਵਾਪਸ ਆ ਕੇ ਰਤਨ ਸਿੰਘ ਉਸ ਰਾਜੇ ਨਾਲ ਖਹਿਬੜ ਪਿਆ ਅਤੇ ਲੜਾਈ ਵਿਚ ਦੋਵੇਂ ਰਾਜੇ ਇਕੱਠੇ ਹੀ ਮਾਰੇ ਗਏ¢ ਇਸ ਦੇ ਨਤੀਜੇ ਵਜੋਂ ਰਤਨ ਸਿੰਘ ਦੀਆਂ ਦੋਵੇਂ ਰਾਣੀਆਂ ਨਾਗਮਤੀ ਅਤੇ ਪਦਮਾਵਤੀ ਸਤੀ ਹੋ ਗਈਆਂ¢ ਜਦੋਂ ਤੱਕ ਖਿਲਜੀ ਆਪਣੀਆਂ ਫ਼ੌਜਾਂ ਲੈ ਕੇ ਹਮਲਾ ਕਰਨ ਲਈ ਪਹੁੰਚਿਆ ਤਾਂ ਸਭ ਕੁਝ ਖ਼ਤਮ ਹੋ ਚੁੱਕਾ ਸੀ¢
ਜਾਇਸੀ ਨੇ ਖੁਦ ਹੀ ਆਪਣੀ ਰਚਨਾ ਦੇ ਅਖੀਰ ਵਿਚ ਮੰਨਿਆ ਹੈ ਕਿ ਪਦਮਾਵਤ ਉਸ ਦੀ ਕਲਪਨਾ ਦੀ ਕਹਾਣੀ ਹੈ¢ ਪਰ ਜੇਕਰ ਜਾਇਸੀ ਨੇ ਨਾ ਵੀ ਮੰਨਿਆ ਹੁੰਦਾ ਤਾਂ ਫੇਰ ਵੀ ਸਾਡੇ ਕੋਲ ਹੋਰ ਕਈ ਪ੍ਰਮਾਣ ਮੌਜੂਦ ਹਨ ਜਿਹੜੇ ਇਸ ਕਹਾਣੀ ਦੇ ਕਾਲਪਨਿਕ ਹੋਣ ਵੱਲ ਇਸ਼ਾਰਾ ਕਰਦੇ ਹਨ¢ ਇਸ ਵਿਚ ਬਹੁਤ ਸਾਰੀਆਂ ਅਜਿਹੀਆਂ ਕਮੀਆਂ ਹਨ ਜਿਹੜੀਆਂ ਇਸ ਨੂੰ ਇਕ ਇਤਿਹਾਸਕ ਕਹਾਣੀ ਦੇ ਰੂਪ ਵਿਚ ਖਾਰਜ ਕਰਦੀਆਂ ਹਨ¢ ਇਹ ਰਚਨਾ 1540 ਈਸਵੀ ਅਰਥਾਤ ਖਿਲਜੀ ਦੀ ਚਿਤੌੜ ਮੁਹਿੰਮ ਤੋਂ 237 ਸਾਲ ਬਾਅਦ ਪੂਰੀ ਹੋਈ | ਇਸ ਲਈ ਇਹ ਕਿਸੇ ਦੰਦ-ਕਥਾ ਉੱਤੇ ਆਧਾਰਿਤ ਵੀ ਹੋ ਸਕਦੀ ਹੈ¢ ਸ੍ਰੀਲੰਕਾ ਦੇ ਇਤਿਹਾਸ ਵਿਚ ਅਲਾਉਦੀਨ ਖਿਲਜੀ ਦਾ ਸਮਕਾਲੀ ਗੰਧਰਵ ਸੇਨ ਨਾਂਅ ਦਾ ਕੋਈ ਰਾਜਾ ਹੋਇਆ ਹੀ ਨਹੀਂ ਅਤੇ ਨਾ ਹੀ ਚਿਤੌੜਗੜ੍ਹ (ਰਾਜਸਥਾਨ)  ਤੋਂ ਸ੍ਰੀਲੰਕਾ ਤੱਕ ਕੋਈ ਸੱਤ ਸਮੁੰਦਰ ਆਉਂਦੇ ਹਨ¢ ਰਾਜਾ ਰਤਨ ਸਿੰਘ ਚਿਤੌੜ ਦਾ ਰਾਜਾ 1301 ਈਸਵੀ ਵਿਚ ਬਣਿਆ ਮੰਨਿਆ ਜਾਂਦਾ ਹੈ ਅਤੇ 1303 ਈਸਵੀ ਵਿਚ ਖਿਲਜੀ ਨੇ ਉੱਥੇ ਹਮਲਾ ਕਰ ਦਿੱਤਾ¢ ਪਰ 'ਪਦਮਾਵਤ' ਦੀ ਕਹਾਣੀ ਇਹ ਕਹਿੰਦੀ ਹੈ ਕਿ ਰਤਨ ਸਿੰਘ  ਅਤੇ ਪਦਮਿਨੀ ਨੇ ਰਾਜਾ-ਰਾਣੀ ਦੇ ਰੂਪ ਵਿਚ 8 ਸਾਲ ਬਿਤਾਏ¢ ਇੰਜ ਹੀ ਪਾਲਕੀਆਂ ਵਿਚ ਆਪਣੇ ਲੜਾਕੂ ਸਿਪਾਹੀ ਭੇਜਣ ਵਾਲੀ ਕਹਾਣੀ ਵੀ ਰੋਹਤਾਸ ਦੇ ਕਿਲ੍ਹੇ ਵਾਲੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਲਿਖੀ ਗਈ ਲਗਦੀ ਹੈ¢ ਰੋਹਤਾਸ ਦੇ ਕਿਲ੍ਹੇ ਵਾਲੀ ਘਟਨਾ 1539 ਈਸਵੀ ਵਿਚ ਵਾਪਰੀ ਸੀ ਜਿਸ ਵਿਚ ਸ਼ੇਰਸ਼ਾਹ ਸੂਰੀ ਨੇ ਰੋਹਤਾਸ ਦੇ ਹਿੰਦੂ ਰਾਜੇ ਨੂੰ ਧੋਖੇ ਨਾਲ ਆਪਣੇ ਜਾਲ ਵਿਚ ਫਸਾਇਆ ਸੀ¢ ਜਦੋਂ ਸ਼ੇਰ ਸ਼ਾਹ ਸੂਰੀ ਹਮਾਯੂੰ ਨਾਲ ਜੰਗ ਲੜ ਰਿਹਾ ਸੀ ਤਾਂ ਉਸ ਨੂੰ ਕਿਤੇ ਆਰਜ਼ੀ ਠਾਹਰ ਬਣਾਉਣ ਲਈ ਇਕ ਕਿਲ੍ਹੇ ਦੀ ਲੋੜ ਸੀ¢ ਉਸ ਨੇ ਚਲਾਕੀ ਨਾਲ ਰੋਹਤਾਸ ਦੇ ਸ਼ਾਸਕ ਨੂੰ ਮਨਾ ਲਿਆ ਕਿ ਉਸ ਦੀ ਫ਼ੌਜ ਦੀਆਂ ਔਰਤਾਂ, ਬੱਚਿਆਂ ਅਤੇ ਖਜ਼ਾਨੇ ਦੀ ਸੰਭਾਲ ਲਈ ਉਸ ਨੂੰ ਕੁਝ ਦੇਰ ਲਈ ਕਿਲ੍ਹੇ ਵਿਚ ਸ਼ਰਨ ਚਾਹੀਦੀ ਹੈ ਤਾਂ ਜੋ ਉਹ ਬੇਫ਼ਿਕਰ ਹੋ ਕੇ ਦੂਰ ਬੰਗਾਲ ਵਿਚ ਹਮਾਯੂੰ ਨਾਲ ਲੜ ਸਕੇ¢ ਰੋਹਤਾਸ ਦਾ ਹਾਕਮ ਲਾਲਚ ਅਤੇ ਵਿਸ਼ਵਾਸ ਵਿਚ ਆ ਗਿਆ¢ ਸੂਰੀ ਨੇ ਆਪਣੀਆਂ ਔਰਤਾਂ ਅਤੇ ਬੱਚਿਆਂ ਨੂੰ ਪਾਲਕੀਆਂ ਵਿਚ ਬਿਠਾ ਕੇ ਕਿਲ੍ਹੇ ਅੰਦਰ ਪਹੁੰਚਾਉਣਾ ਸ਼ੁਰੂ ਕਰ ਦਿੱਤਾ¢ ਪਰ ਪਹਿਲੀਆਂ ਕੁਝ ਪਾਲਕੀਆਂ ਵਿਚ ਹੀ ਔਰਤਾਂ ਅਤੇ ਬੱਚੇ ਸਨ ਅਤੇ ਉਸ ਤੋਂ ਬਾਅਦ ਬੰਦ ਪਾਲਕੀਆਂ ਦੀ ਆੜ ਵਿਚ ਆਪਣੇ ਅਫ਼ਗਾਨ ਲੜਾਕੂ ਕਿਲ੍ਹੇ ਅੰਦਰ ਦਾਖ਼ਲ ਕਰ ਦਿੱਤੇ ਜਿਨ੍ਹਾਂ ਨੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਅਤੇ ਹਿੰਦੂ ਸ਼ਾਸਕ ਨੂੰ ਕਿਲ੍ਹਾ ਛੱਡ ਕੇ ਦੌੜਨ ਲਈ ਮਜਬੂਰ ਕਰ ਦਿੱਤਾ¢ ਬਿਲਕੁਲ ਇਸੇ ਤਰ੍ਹਾਂ ਦੀ ਹੀ ਪਾਲਕੀਆਂ ਦੀ ਕਹਾਣੀ ਜਾਇਸੀ ਨੇ 'ਪਦਮਾਵਤ' ਵਿਚ ਪੇਸ਼ ਕੀਤੀ ਹੈ¢
ਇੰਜ, ਰਾਣੀ ਪਦਮਿਨੀ ਦੀ ਕਹਾਣੀ ਦੀ ਇਤਿਹਾਸਕ ਪ੍ਰਮਾਣਿਕਤਾ ਅਜੇ ਤੱਕ ਇਕ ਬਹਿਸ ਦਾ ਵਿਸ਼ਾ ਹੈ¢ ਉਹ ਖ਼ੁਦ ਹੀ ਇਕ ਕਾਲਪਨਿਕ ਕਹਾਣੀ (ਮਸਨਵੀ) ਦੀ ਪਾਤਰ ਹੈ¢ ਪਰ ਇਹ ਵੀ ਸੱਚ ਹੈ ਕਿ ਭਾਰਤ ਵਿਚ ਬਹੁਤ ਸਾਰੀਆਂ ਕਹਾਣੀਆਂ ਮਿਥਿਹਾਸ ਅਤੇ ਇਤਿਹਾਸ ਦੀਆਂ ਗੁੰਝਲਾਂ ਵਿਚ ਫਸੀਆਂ ਹੋਈਆਂ ਮਿਲਦੀਆਂ ਹਨ¢ ਸਾਨੂੰ ਇਹ ਵੀ ਵੇਖਣ ਦੀ ਲੋੜ ਹੈ ਕਿ ਜੇਕਰ ਉਨ੍ਹਾਂ ਕਹਾਣੀਆਂ ਦੇ ਪਾਤਰ ਸਾਡੀ ਮਾਣਯੋਗ ਵਿਰਾਸਤ ਦਾ ਹਿੱਸਾ ਹਨ ਤਾਂ ਸਾਨੂੰ ਉਨ੍ਹਾਂ ਦੇ ਅਕਸ ਉੱਤੇ ਚੋਟ ਪਹੁੰਚਾਉਣ ਤੋਂ ਵੀ ਬਚਣ ਦੀ ਲੋੜ ਹੈ¢ ਭਾਵੇਂ ਕਿ ਅੱਜ ਸਾਡਾ ਸਮਾਜ ਜੌਹਰ ਵਰਗੀ ਪ੍ਰਥਾ ਨੂੰ ਨਕਾਰ ਚੁੱਕਾ ਹੈ ਪਰ ਉਹ ਵੀ ਇਕ ਸਮਾਂ ਸੀ ਜਦੋਂ ਸਾਡੀਆਂ ਔਰਤਾਂ ਸਵੈਮਾਣ ਦੀ ਬਹਾਲੀ ਲਈ ਜੌਹਰ ਦੀ ਪ੍ਰਥਾ ਨਾਲ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੀਆਂ ਸਨ¢ ਇਹ ਸਾਡੀ ਵਿਰਾਸਤ ਹੈ ਅਤੇ ਅਸੀਂ ਇਸ ਨੂੰ ਬਦਲ ਨਹੀਂ ਸਕਦੇ¢ ਉਮੀਦ ਕਰਨੀ ਚਾਹੀਦੀ ਹੈ ਕਿ ਫ਼ਿਲਮਸਾਜ਼ ਨੇ ਆਪਣੀ ਫ਼ਿਲਮ ਵਿਚ ਇਸ ਗੱਲ ਦਾ ਧਿਆਨ ਜ਼ਰੂਰ ਹੀ ਰੱਖਿਆ ਹੋਏਗਾ¢ ਇਸ ਲਈ ਕਿਸੇ ਆਉਣ ਵਾਲੀ ਫ਼ਿਲਮ ਬਾਰੇ ਆਪਣੇ ਵੱਲੋਂ ਹੀ ਕਿਆਫ਼ੇ ਲਗਾ ਕੇ ਬਿਨਾਂ ਸੋਚੇ ਸਮਝੇ ਉਸ ਦਾ ਵਿਰੋਧ ਕਰਨਾ ਵੀ ਇਕ ਹਠੀ ਮਾਨਸਿਕਤਾ ਹੀ ਹੈ¢ ਅਜਿਹੀ ਪਿਛਾਂਹ-ਖਿੱਚੂ ਮਾਨਸਿਕਤਾ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਢਾਹ ਲਗਾਉਂਦੀ ਹੈ¢ 

-ਫੋਨ : +91 94171 93193.


ਖ਼ਬਰ ਸ਼ੇਅਰ ਕਰੋ

ਇਕ ਪੱਖ ਇਹ ਵੀ

1300 ਈਸਵੀ ਤੋਂ ਪਹਿਲਾਂ ਮੰਗੋਲਾਂ ਨੇ ਉਤਰ-ਪੱਛਮ ਵਲੋਂ ਸਰਹੱਦ ਨੂੰ ਪਾਰ ਕਰਕੇ ਹਿੰਦੁਸਤਾਨ ਉੱਤੇ ਕਈ ਹਮਲੇ ਕੀਤੇ | ਇਨ੍ਹਾਂ ਹਮਲਿਆਂ ਵਿਚ ਮੰਗੋਲ ਫ਼ੌਜਾਂ ਹਾਰਦੀਆਂ ਰਹੀਆਂ ਅਤੇ ਉਸ ਦੇ ਬਹੁਤ ਸਾਰੇ ਸਿਪਾਹੀ ਗਿ੍ਫ਼ਤਾਰ ਕਰਕੇ ਦਿੱਲੀ ਭੇਜੇ ਜਾਂਦੇ ਰਹੇ ਜਿੱਥੇ ਜਾਨ ਬਚਾਉਣ ਦੇ ਲਾਲਚ ਵਿਚ ਇਨ੍ਹਾਂ ਮੰਗੋਲ ਫ਼ੌਜੀਆਂ ਵਿੱਚੋਂ ਬਹੁਤ ਸਾਰਿਆਂ ਨੇ ਇਸਲਾਮ ਕਬੂਲ ਕਰ ਲਿਆ ਅਤੇ ਹਿੰਦੁਸਤਾਨੀ ਫ਼ੌਜ ਵਿਚ ਭਰਤੀ ਹੋ ਗਏ | ਪਰ ਉਹ ਦਿਲਾਂ ਵਿੱਚੋਂ ਿਖ਼ਲਜੀ ਰਾਜ ਪ੍ਰਤੀ ਈਰਖਾ ਨੂੰ ਖ਼ਤਮ ਨਾ ਕਰ ਸਕੇ ਅਤੇ ਜਦੋਂ ਵੀ ਮੌਕਾ ਮਿਲਿਆ ਫ਼ੌਜ ਵਿੱਚੋਂ ਭੱਜ ਕੇ ਗਵਾਂਢੀ ਰਾਜਾਂ ਦੀਆਂ ਫ਼ੌਜਾਂ ਵਿਚ ਭਰਤੀ ਹੁੰਦੇ ਰਹੇ | ਹੌਲੀ ਹੌਲੀ ਇਹ ਸਾਰੇ ਚਿਤੌੜ ਦੇ ਰਾਣੇ ਕੋਲ ਇਕੱਠੇ ਹੋ ਗਏ ਅਤੇੇ ਚਿਤੌੜ ਦੇ ਰਾਣੇ ਨੇ ਇਨ੍ਹਾਂ ਲੜਾਕੂ ਮੰਗੋਲਾਂ ਦੀ ਸਹਾਇਤਾ ਨਾਲ ਤਕੜੀ ਫ਼ੌਜ ਤਿਆਰ ਕਰ ਲਈ | ਜਦੋਂ ਸੁਲਤਾਨ ਅਲਾਉੱਦੀਨ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਸ ਨੇ ਚਿਤੌੜ ਦੇ ਰਾਣੇ ਨੂੰ ਇਨ੍ਹਾਂ ਮੰਗੋਲ ਫ਼ੌਜੀਆਂ ਨੂੰ ਵਾਪਸ ਕਰਨ ਲਈ ਦੂਤ ਭੇਜਿਆ ਪਰ ਰਾਣੇ ਨੇ ਇਨ੍ਹਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ | ਸਿੱਟੇ ਵਜੋਂ ਸੁਲਤਾਨ ਅਲਾਉਦੀਨ ਨੂੰ ਚਿਤੌੜ ਉੱਤੇ ਹਮਲਾ ਕਰਨ ਦਾ ਬਹਾਨਾ ਮਿਲ ਗਿਆ |
ਰਣਥੰਬੌਰ ਨੂੰ ਜਿੱਤਣ ਤੋਂ ਬਾਅਦ 1301 ਈਸਵੀ ਵਿਚ ਸੁਲਤਾਨ ਅਲਾਉੱਦੀਨ ਿਖ਼ਲਜੀ ਨੇ ਰਾਜਪੂਤਾਨੇ ਦੀ ਇਸ ਮੁੱਖ ਰਿਆਸਤ ਮੇਵਾੜ ਦੀ ਰਾਜਧਾਨੀ ਚਿਤੌੜ 'ਤੇ ਚੜ੍ਹਾਈ ਕਰ ਦਿੱਤੀ | ਉਸ ਸਮੇਂ ਚਿਤੌੜ ਦੇ ਕਿਲ੍ਹੇ ਨੂੰ ਉਸ ਦੀਆਂ ਵਿਸ਼ੇਸ਼ ਖ਼ੂਬੀਆਂ ਕਰਕੇ ਅਜਿੱਤ ਸਮਝਿਆ ਜਾਂਦਾ ਸੀ | ਉਸ ਦੀਆਂ ਦੀਵਾਰਾਂ ਬਹੁਤ ਉੱਚੀਆਂ ਸਨ ਅਤੇ ਜੰਗਲੀ ਦਰਖ਼ਤਾਂ ਨਾਲ ਭਰੇ ਪਹਾੜਾਂ ਨੇ ਉਸ ਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ ਸੀ | ਉਸ ਸਮੇਂ ਚਿਤੌੜ ਦਾ ਹੁਕਮਰਾਨ ਸਿਸੋਦੀਆ ਰਾਜਪੂਤ ਰਾਣਾ ਰਤਨ ਸਿੰਘ ਬਹਾਦਰ ਹਿੰਦੁਸਤਾਨ ਦੇ ਰਾਜਿਆਂ ਵਿੱਚ ਸਭ ਤੋਂ ਮਸ਼ਹੂਰ ਰਾਜਾ ਸੀ | ਇਹ ਸਾਰੀਆਂ ਖ਼ੂਬੀਆਂ ਵੀ ਕਿਲ੍ਹੇ ਨੂੰ ਅਲਾਉਦੀਨ ਖਿਲਜੀ ਤੋਂ ਨਾ ਬਚਾ ਸਕੀਆਂ | ਸੁਲਤਾਨ ਨੇ ਉੱਥੇ ਪਹੁੰਚ ਕੇ ਬਿਨਾਂ ਦੇਰੀ ਕੀਤਿਆਂ ਕਿਲ੍ਹੇ ਦੀ ਘੇਰਾਬੰਦੀ ਕਰ ਲਈ | ਰਾਜਪੂਤ ਫ਼ੌਜ ਬਹਾਦਰੀ ਨਾਲ ਲੜੀ ਪਰ ਅੰਤ ਨੂੰ ਹਾਰ ਗਈ | ਕਿਲ੍ਹੇ ਦੀਆਂ ਰਾਜਪੂਤ ਔਰਤਾਂ ਨੇ ਰਾਜਪੂਤੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਰਾਣੀ ਪਦਮਾਵਤੀ ਸਮੇਤ ਅਲਾਉੱਦੀਨ ਦੀ ਫ਼ੌਜ ਦੇ ਹੱਥ ਆਉਣ ਤੋਂ ਪਹਿਲਾਂ ਹੀ ਜੌਹਰ ਦੀ ਰਸਮ ਮੁਤਾਬਿਕ ਆਪਣੇ ਆਪ ਨੂੰ ਅਗਨ ਭੇਦ ਕਰ ਲਿਆ | ਸੁਲਤਾਨ ਨੇ ਕਿਲ੍ਹੇ 'ਤੇ ਕਬਜ਼ਾ ਕਰਨ ਤੋਂ ਬਾਅਦ ਆਪਣੇ ਪੁੱਤਰ ਅਤੇ ਉਤਰ ਅਧਿਕਾਰੀ ਿਖ਼ਜ਼ਰ ਖ਼ਾਂ ਨੂੰ ਚਿਤੌੜ ਦਾ ਹਾਕਮ ਨਿਯੁਕਤ ਕੀਤਾ | ਉਸ ਨੇ ਸ਼ਹਿਰ ਦਾ ਨਾਂਅ ਵੀ ਿਖ਼ਜ਼ਰਾਬਾਦ ਰੱਖ ਦਿੱਤਾ ਪਰ ਇਹ ਨਾਂਅ ਚੱਲ ਨਾ ਸਕਿਆ | ਬਾਅਦ ਵਿਚ ਅਲਾਉੱਦੀਨ ਨੇ ਰਾਣਾ ਰਤਨ ਸਿੰਘ ਦੇ ਭਾਣਜੇ ਅਤੇ ਆਪਣੇ ਵਫ਼ਾਦਾਰ ਰਾਣਾ ਰਤਨ ਸੇਨ ਨੂੰ ਵਫ਼ਾਦਾਰੀ ਦੀ ਸ਼ਰਤ ਉੱਤੇ ਚਿਤੌੜ ਦਾ ਹਾਕਮ ਨਿਯੁਕਤ ਕਰ ਦਿੱਤਾ |
ਉੱਪਰ ਦਰਜ ਕੀਤੀ ਇਤਿਹਾਸਕ ਸੱਚਾਈ ਦੇ ਉਲਟ ਸੁਲਤਾਨ ਅਲਾਉੱਦੀਨ ਿਖ਼ਲਜੀ ਦੇ ਚਿਤੌੜ ਉੱਤੇ ਹਮਲੇ ਬਾਰੇ ਇਤਿਹਾਸਕਾਰਾਂ ਨੇ ਕਈ ਮਨਘੜਤ ਕਹਾਣੀਆਂ ਪੈਦਾ ਕਰ ਲਈਆਂ | ਕੁਝ ਇਤਿਹਾਸਕਾਰ ਲਿਖਦੇ ਹਨ ਕਿ ਸੁਲਤਾਨ ਅਲਾਉੱਦੀਨ ਿਖ਼ਲਜੀ ਨੇ ਚਿਤੌੜ ਉੱਤੇ ਹਮਲਾ ਉੱਥੋਂ ਦੀ ਖ਼ੂਬਸੂਰਤ ਰਾਜਪੂਤ ਰਾਣੀ ਪਦਮਾਵਤੀ ਨੂੰ ਪ੍ਰਾਪਤ ਕਰਨ ਲਈ ਕੀਤਾ ਸੀ, ਕਿਉਂ ਜੋ ਉਹ ਆਪਣੇ ਜਾਸੂਸਾਂ ਅਤੇ ਚਾਪਲੂਸਾਂ ਰਾਹੀਂ ਉਸ ਦੇ ਹੁਸਨ ਦੀਆਂ ਕਹਾਣੀਆਂ ਸੁਣਦਾ ਰਹਿੰਦਾ ਸੀ | ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਸਰਾਸਰ ਬੇਬੁਨਿਆਦ, ਮਨਘੜਤ ਅਤੇ ਸੱਚਾਈ ਤੋਂ ਕੋਹਾਂ ਦੂਰ ਹੈ | ਅਲਾਉੱਦੀਨ ਦੇ ਸਮਕਾਲੀ ਇਤਿਹਾਸਕਾਰਾਂ ਨੇ ਕਿਤੇ ਵੀ ਇਸ ਘਟਨਾ ਦਾ ਜ਼ਿਕਰ ਨਹੀਂ ਕੀਤਾ | 'ਤਾਰੀਖ਼-ਏ-ਹਿੰਦ' ਦਾ ਲੇਖਕ ਲਿਖਦਾ ਹੈ;
'ਇਸ ਅਖੌਤੀ ਕਹਾਣੀ ਦੀ ਹਕੀਕਤ ਇਹ ਹੈ ਕਿ ਅਲਾਉੱਦੀਨ ਤੋਂ ਬਾਅਦ ਸ਼ੇਰ ਸ਼ਾਹ ਸੂਰੀ ਦੇ ਸਮੇਂ ਮਲਿਕ ਮੁਹੰਮਦ ਜਾਇਸੀ ਨੇ ਹਿੰਦੀ ਵਿਚ 'ਪਦਮਾਵਤੀ' ਨਾਂਅ ਦੀ ਇਕ ਮਸਨਵੀ (ਲੰਬੀ ਕਵਿਤਾ) ਲਿਖੀ ਸੀ ਜਿਸ ਵਿਚ ਉਸ ਨੇ ਮਹਾਰਾਣੀ ਪਦਮਾਵਤੀ ਅਤੇ ਅਲਾਉੱਦੀਨ ਬਾਰੇ ਝੂਠੀ ਕਹਾਣੀ ਬਿਆਨ ਕੀਤੀ ਸੀ | ਭਾਵੇਂ ਉਸ ਨੇ ਮਸਨਵੀ ਦੇ ਆਖ਼ਰ ਵਿਚ ਲਿਖ ਵੀ ਦਿੱਤਾ ਸੀ ਕਿ ਇਹ ਮਸਨਵੀ ਇਕ ਿਖ਼ਆਲੀ ਕਹਾਣੀ 'ਤੇ ਆਧਾਰਿਤ ਹੈ ਹਕੀਕਤ 'ਤੇ ਨਹੀਂ | ਇਸ ਤੋਂ ਬਾਅਦ ਉਰਦੂ ਦੇ ਮਸ਼ਹੂਰ ਲੇਖਕ ਮੌਲਵੀ ਮੁਹੰਮਦ ਹੁਸੈਨ ਆਜ਼ਾਦ ਨੇ ਦੋ ਕਦਮ ਹੋਰ ਅੱਗੇ ਵਧਦਿਆਂ ਇਸ ਕਹਾਣੀ ਨੂੰ ਇਤਿਹਾਸ ਵਿਚ ਦਰਜ ਕਰ ਦਿੱਤਾ | '
ਬਾਅਦ ਵਿਚ ਆਉਣ ਵਾਲੇ ਅੰਗਰੇਜ਼ ਵਿਦਵਾਨਾਂ ਨੇ ਜਿਨ੍ਹਾਂ ਦਾ ਕੰਮ ਹਿੰਦੁਸਤਾਨੀ ਕੌਮਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਲੜਾ ਕੇ ਅੰਗਰੇਜ਼ ਰਾਜ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਸੀ, ਹਿੰਦੁਸਤਾਨ ਦੇ ਮੁਸਲਮਾਨ ਬਾਦਸ਼ਾਹਾਂ ਨੂੰ ਦੁਨੀਆ ਵਿਚ ਬਦਨਾਮ ਕਰਨ ਲਈ ਅਜਿਹੀਆਂ ਮਨਘੜਤ ਕਹਾਣੀਆਂ ਨੂੰ ਇਤਿਹਾਸ ਵਿਚ ਵਧਾ-ਚੜ੍ਹਾ ਕੇ ਪੇਸ਼ ਕੀਤਾ | ਇਸ ਤੋਂ ਵੀ ਵੱਧ ਸਿਤਮਜ਼ਰੀਫ਼ੀ ਇਹ ਹੋਈ ਕਿ ਹਿੰਦੁਸਤਾਨੀ ਇਤਿਹਾਸਕਾਰਾਂ ਨੇ ਹਿੰਦੁਸਤਾਨੀ ਜ਼ਬਾਨਾਂ ਵਿਚ ਲਿਖੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਪੜ੍ਹਨ ਦੀ ਥਾਂ ਅੰਗਰੇਜ਼ੀ ਵਿਚ ਲਿਖੀਆਂ ਕਿਤਾਬਾਂ ਪੜ੍ਹਨ ਨੂੰ ਪਹਿਲ ਦਿੱਤੀ ਅਤੇ ਅੰਗਰੇਜ਼ਾਂ ਦੇ ਲਿਖੇ ਝੂਠੇ ਹਵਾਲਿਆਂ ਨੂੰ ਲਿਖ ਕੇ ਹਿੰਦੁਸਤਾਨੀ ਇਤਿਹਾਸ ਦੀ ਸ਼ਕਲ ਵਿਗਾੜ ਦਿੱਤੀ |

-ਮੋਬਾਈਲ : 98555-51359.

ਕਿਹ ਬਿਧਿ ਸਜਾ ਪ੍ਰਥਮ ਸੰਸਾਰਾ

ਇਹ ਧਰਤੀ, ਇਹ ਆਕਾਸ਼, ਤਾਰਿਆਂ ਦੇ ਮੰਡਲ, ਉਨ੍ਹਾਂ ਵਿਚ ਵਿਦਮਾਨ ਪਦਾਰਥ ਦੇ ਭਿੰਨ-ਭਿੰਨ ਰੂਪ ਅਤੇ ਇਹ ਸਮਸਤ ਬ੍ਰਹਿਮੰਡ | ਕੀ ਇਹ ਸਦਾ ਤੋਂ ਹੀ ਇੰਜ ਹਨ ਜਾਂ ਕਿ ਕਦੀ ਜਨਮੇ ਸਨ? ਇਸ ਪ੍ਰਸ਼ਨ ਦਾ ਉੱਤਰ ਏਨਾ ਸਰਲ ਨਹੀਂ ਹੈ | ਨਾ ਹੀ ਇਹ ਪਦਾਰਥਕ ਵਿਸ਼ਵ ਸਦਾ ਤੋਂ ਇੰਜ ਸੀ ਤੇ ਨਾ ਹੀ ਇਹ ਕਦੀ ਨਿਰਾਕਾਰ 'ਚੋਂ ਉਪਜਿਆ ਸੀ | ਇਸ ਵਿਸ਼ਵ ਦੇ ਹੋਂਦ ਵਿਚ ਆਉਣ ਸਬੰਧੀ ਕੋਈ ਸਪਸ਼ਟ ਧਾਰਨਾ ਅਜੇ ਮਨੁੱਖ ਦੀ ਬੁੱਧੀ ਵਿਚ ਸਮਾ ਨਹੀਂ ਸਕੀ | ਪਰ ਅਜੋਕੀ ਵਿਗਿਆਨਕ ਸੋਚਣੀ ਦੇ ਆਧਾਰ 'ਤੇ ਵਿਗਿਆਨੀ ਇਸ ਸਮੱਸਿਆ ਦਾ ਪੁਲਾੜ ਅਤੇ ਸਮੇਂ ਵਿਚ ਡੁੰਘਾਈ ਤੱਕ ਪਹੁੰਚਕੇ ਵਿਸ਼ਲੇਸ਼ਣ ਕਰਨ ਦੇ ਸਮਰੱਥ ਜ਼ਰੂਰ ਹੋ ਗਏ ਹਨ | ਧਾਰਮਿਕ ਵਿਚਾਰਾਂ ਵਿਚ ਕਿਸੇ ਤਾਰਕਿਕ ਵਿਸਥਾਰ ਦੇ ਬਿਨਾਂ (ਮਿੱਥ ਮੁਤਾਬਿਕ) ਹੀ ਸਿ੍ਸ਼ਟੀ ਨੂੰ ਸਿਰਜਿਆ ਮੰਨਿਆ ਜਾਂਦਾ ਰਿਹਾ ਹੈ | ਜਿਵੇਂ ਅਫਰੀਕਾ ਦੇ ਬੋਸ਼ੋਂਗੋ ਲੋਕ ਮੰਨਦੇ ਹਨ ਕਿ ਆਰੰਭ ਵਿਚ ਸਭ ਪਾਸੇ ਹਨੇਰਾ ਸੀ ਤੇ ਪਾਣੀ ਹੀ ਪਾਣੀ ਸੀ-ਨਾਲ ਹੈ ਸੀ ਉਨ੍ਹਾਂ ਦਾ 'ਰੱਬ ਬੰਬਾ' | ਇਕ ਦਿਨ ਉਸਦੇ ਢਿੱਡ ਵਿਚ ਬਹੁਤ ਪੀੜ ਹੋਈ ਤਾਂ ਉਸ ਨੇ ਉਲਟੀ ਕਰ ਦਿੱਤੀ | ਉਸ ਦੇ ਢਿੱਡ ਵਿਚੋਂ ਸੂਰਜ ਨਿਕਲਿਆ ਜਿਸ ਨੇ ਬਹੁਤ ਸਾਰਾ ਪਾਣੀ ਸੋਖ ਲਿਆ ਤੇ ਇੰਜ ਸੁੱਕੀ ਧਰਤੀ ਪ੍ਰਗਟ ਹੋ ਗਈ | ਫਿਰ ਵੀ ਉਸ ਦੀ ਪੀੜ ਖਤਮ ਨਾ ਹੋਈ ਤਾਂ ਉਸ ਨੇ ਹੋਰ ਉਲਟੀ ਕੀਤੀ ਜਿਸ ਨਾਲ ਉਸ ਨੇ ਚੰਨ ਤੇ ਤਾਰੇ ਉਗਲ ਦਿੱਤੇ | ਉਸ ਨੇ ਫਿਰ ਉਗਲੇ ਕਈ ਜਾਨਵਰ, ਮਗਰਮੱਛ, ਕੱਛੂ ਤੇ ਅੰਤ ਵਿਚ ਮਨੁੱਖ ਦੀ ਵਾਰੀ ਵੀ ਆ ਗਈ | ਇਸੇ ਤਰ੍ਹਾਂ 'ਬਿਸ਼ਪ ਉਸ਼ਰ' ਨੇ ਜੈਨੇਸਿਜ਼ ਦੀ ਪੁਸਤਕ ਵਿਚ ਜ਼ਿਕਰ ਕੀਤਾ ਹੈ ਕਿ ਸਿ੍ਸ਼ਟੀ ਦੀ ਸਿਰਜਣਾ 4004 ਵਰ੍ਹੇ ਈਸਾ ਪੂਰਵ, 27 ਅਕਤੂਬਰ ਨੂੰ ਸਵੇਰੇ 9 ਵਜੇ ਹੋਈ ਸੀ | ਇਵੇਂ ਹੀ ਵੱਖ ਵੱਖ ਧਰਮਾਂ ਦੇ ਮੰਨਣ ਵਾਲਿਆਂ ਨੇ ਵੱਖ ਵੱਖ ਮਿੱਥ ਬਣਾਏ ਹੋਏ ਹਨ, ਜਿਵੇਂ ਕਿ ਹਿੰਦੂ ਮੱਤ ਦੀ ਇਕ ਮਾਨਤਾ ਅਨੁਸਾਰ ਵਿਸ਼ਵ ਦੇ ਰਚੇਤੇ ਬ੍ਰਹਮਾ ਦਾ ਇਕ ਦਿਨ 4.3 ਅਰਬ ਸਾਲ ਲੰਬਾ ਹੁੰਦਾ ਹੈ ਜਦੋਂ ਉਹ ਵਿਸ਼ਵ ਦੀ ਰਚਨਾ ਕਰਦਾ ਤੇ ਉਸ ਨੂੰ ਚਲਾਉਂਦਾ ਹੈ | ਫਿਰ ਏਨੀ ਹੀ ਲੰਬੀ ਰਾਤ ਦੌਰਾਨ ਉਹ ਵਿਸ਼ਰਾਮ ਕਰਦਾ ਹੈ | ਫਿਰ ਪਰਲੋ ਆਉਂਦੀ ਹੈ ਤੇ ਇਹ ਕਿਰਿਆ ਬ੍ਰਹਮਾ ਦੇ ਸੌ ਸਾਲ (ਭਾਵ ਧਰਤੀ ਦੇ 311ਖਰਬ, 40 ਅਰਬ ਸਾਲ) ਤੱਕ ਚਲਦੀ ਹੈ | ਏਨੀ ਹੀ ਬ੍ਰਹਮਾ ਦੀ ਜਾਂ ਵਿਸ਼ਵ ਦੀ ਉਮਰ ਹੈ | ਇਹ ਮੰਨਿਆ ਜਾਂਦਾ ਹੈ ਕਿ ਹੁਣ ਅਸੀਂ ਬ੍ਰਹਮਾ ਦੇ 41ਵੇਂ ਸਾਲ ਵਿਚੀਂ ਗੁਜ਼ਰ ਰਹੇ ਹਾਂ (156 ਖਰਬ ਸਾਲ ਲੰਘ ਗਏ ਹਨ) | ਬ੍ਰਹਮਾਂ ਦੇ ਅੰਤ ਤੋਂ ਬਾਅਦ 100 ਬ੍ਰਹਮਾ ਸਾਲ ਹੋਰ ਗੁਜ਼ਰਣਗੇ ਤੇ ਨਵਾਂ ਬ੍ਰਹਮਾ ਜਨਮ ਲਵੇਗਾ ਤੇ ਇਹ ਪ੍ਰਕਿਰਿਆ ਸਦਾ ਚੱਲਦੀ ਰਹੇਗੀ | ਮਿਥਹਾਸ ਵਿਚ ਤਾਂ ਬਹੁਤ ਕੁਝ ਹੈ, ਪਰ ਬਿਨਾਂ ਕਿਸੇ ਕਿਸਮ ਦੇ ਪ੍ਰੇਖਣਾਂ ਜਾਂ ਤਰਕ ਦੇ | ਪਰੰਤੂ, ਸੂਝਵਾਨ ਸੋਚ ਇਹੋ ਚਾਹੁੰਦੀ ਹੈ ਕਿ ਤਰਕ ਕਰਕੇ ਹੀ ਇਸ ਸਮੱਸਿਆ ਦਾ ਹੱਲ ਢੂੰਡਿਆ ਜਾਵੇ | ਜਗਿਆਸੂ ਆਪੋ-ਆਪਣੀ ਬੁੱਧੀ ਅਨੁਸਾਰ ਚਿਰਕਾਲ ਤੋਂ ਹੀ, 'ਕਿਵੇਂ' ਅਤੇ 'ਕਿਓਾ' ਦਾ ਹੱਲ ਢੂੰਡਦੇ ਆਏ ਹਨ, ਜਿਵੇਂ ਕਿ ਇਕ ਇਤਿਹਾਸਕ ਵਿਅਕਤੀ ਖਲੀਫ਼ਾ-ਅਰ-ਹਰਨ ਦਾ ਇਕ ਦਾਰਸ਼ਨਿਕ ਨਾਲ ਹੋਇਆ ਵਾਰਤਾਲਾਪ ਵੀ ਇਸੇ ਗੱਲ ਦਾ ਪ੍ਰਤੀਕ ਹੈ;
ਖਲੀਫਾ: ਮੈਂ ਸੁਣਿਆ ਹੈ ਕਿ ਧਰਤੀ ਬਿਲਕੁਲ ਪੱਧਰੀ ਨਹੀਂ, ਪਰ ਮੈਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਹੋ ਰਿਹਾ |
ਦਾਰਸ਼ਨਿਕ: ਓ ਵਫ਼ਾਦਾਰਾਂ ਦੇ ਹਾਕਮ, ਭਾਵੇਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਪਰ ਧਰਤੀ ਪੱਧਰੀ ਨਹੀਂ ਹੈ | ਧਰਤੀ ਇਕ ਵਿਸ਼ਾਲ ਸੁਸਤ ਕੱਛੂ ਦੀ ਪਿੱਠ ਹੈ |
ਖਲੀਫਾ: ਪਰ ਇਹ ਕੱਛੂ ਕਿਸ ਉੱਪਰ ਟਿਕਿਆ ਹੋਇਆ ਹੈ? ਕੀ ਇਹ ਖੜਾ ਹੈ ਜਾਂ ਕਿ ਤੈਰ ਰਿਹਾ ਹੈ?
ਦਾਰਸ਼ਨਿਕ: ਓ ਵਫ਼ਾਦਾਰਾਂ ਦੇ ਹਾਕਮ, ਇਹ ਬੜੀ ਭੇਦ ਵਾਲੀ ਗੱਲ ਹੈ, ਇਹ ਕੱਛੂ ਇਕ ਅਨੰਤ ਸਮੁੰਦਰ ਵਿਚ ਤੈਰ ਰਿਹਾ ਹੈ |
ਖਲੀਫਾ: ਤਾਂ ਫਿਰ ਸਮੁੰਦਰ ਕਿੱਥੇ ਹੈ?
ਦਾਰਸ਼ਨਿਕ: ਓ ਵਫ਼ਾਦਾਰਾਂ ਦੇ ਹਾਕਮ, ਇਸ ਗੱਲ ਦਾ ਉੱਤਰ ਕੇਵਲ ਮੈਂ ਹੀ ਜਾਣਦਾ ਹਾਂ ਕਿ ਸਮੁੰਦਰ ਇਕ ਵੱਡੇ ਗੋਲੇ ਦੇ ਅੰਦਰ ਬੰਦ ਹੈ ਤੇ ਉਸ ਗੋਲੇ ਨੂੰ ਸੁਨਹਿਰੀ ਦੰਦਾਂ ਵਾਲੇ ਚਿੱਟੇ ਹਾਥੀ ਨੇ ਚੁੱਕਿਆ ਹੋਇਆ ਹੈ | ਪਰ ਉਹ ਹਾਥੀ ਅੱਗੋਂ ਕਿਸ ਚੀਜ਼ 'ਤੇ ਖੜ੍ਹਾ ਹੈ? ਇਸ ਦਾ ਉੱਤਰ ਮੈਂ ਤਾਂ ਕੀ, ਇਸ ਸੰਸਾਰ ਵਿਚ ਕੋਈ ਵੀ ਨਹੀਂ ਜਾਣਦਾ |
ਅਜਿਹਾ ਕਈ ਕੁਝ ਸੁਣ ਕੇ ਗੁਰੂ ਸਾਹਿਬ ਨੇ ਫੁਰਮਾਇਆ ਸੀ;
'ਆਪੁ ਆਪੁਨੀ ਬੁਧਿ ਹੈ ਜੇਤੀ
ਬਰਨਤ ਭਿੰਨ ਭਿੰਨ ਤੁਹਿ ਤੇਤੀ
ਤੁਮਰਾ ਲਖਾ ਨਾ ਜਾਇ ਪਸਾਰਾ
ਕਿਹ ਬਿਧਿ ਸਜਾ ਪ੍ਰਥਮ ਸੰਸਾਰਾ'
(ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਦਾਰਸ਼ਨਿਕ ਜਾਂ ਵਿਗਿਆਨੀ, ਜਦੋਂ ਵੀ ਨਿਰਪੱਖ ਆਰੰਭ ਬਾਰੇ ਸੋਚਣ ਲਗਦੇ ਹਨ ਤਾਂ ਓਦੋਂ ਵੀ ਸਥਿਤੀ ਕੁਝ ਅਜਿਹੀ ਹੀ ਹੋ ਜਾਂਦੀ ਹੈ | ਉਹ ਵੀ ਇਹ ਗੱਲ ਦੱਸਣੋਂ ਅਸਮਰੱਥ ਹੋ ਜਾਂਦੇ ਹਨ ਕਿ ਚਿੱਟਾ ਹਾਥੀ ਕਿਸ ਚੀਜ਼ 'ਤੇ ਖੜ੍ਹਾ ਹੈ, ਪਰ ਵਿਗਿਆਨਕ ਸੋਚ ਤਾਂ ਇਹੋ ਮੰਗ ਕਰਦੀ ਹੈ ਕਿ ਇਸ ਸਮੱਸਿਆ ਦਾ ਹੱਲ ਦਿ੍ਸ਼ਟ ਪਦਾਰਥਕ ਵਿਸ਼ਵ ਚੋਂ ਹੀ ਢੂੰਡਿਆ ਜਾਵੇ | ਵਿਗਿਆਨੀਆਂ ਨੇ ਬ੍ਰਹਿਮੰਡ ਦੇ ਰੂਪ ਅਤੇ ਇਸ ਅੰਦਰ ਵਾਪਰ ਰਹੀਆਂ ਘਟਨਾਵਾਂ ਨੂੰ ਜਾਂਚ ਕੇ ਇਸ ਦੇ ਹੋਂਦ ਵਿਚ ਆਉਣ ਸਬੰਧੀ ਕਈ ਮਾਡਲ ਬਣਾਏ ਹਨ | ਨਿੱਤ ਹੋ ਰਹੇ ਨਵੇਂ ਪ੍ਰੇਖਣ ਜਿਸ ਮਾਡਲ ਦੇ ਹੱਕ ਵਿਚ ਜਾਂਦੇ ਹਨ ਜਾਂ ਮਾਡਲ ਨੂੰ ਸੋਧਕੇ ਜੋ ਨਵਾਂ ਮਾਡਲ ਬਣਾਉਂਦੇ ਹਨ, ਸੁਭਾਵਿਕ ਤੌਰ 'ਤੇ ਉਹੀ ਮਾਡਲ ਜ਼ਿਆਦਾ ਸਹੀ ਹੋਵੇਗਾ |
ਯੂਨਾਨੀ ਦਾਰਸ਼ਨਿਕ ਅਰਸਤੂ ਦਾ ਵਿਚਾਰ ਸੀ ਕਿ ਬ੍ਰਹਿਮੰਡ ਸਦਾ ਤੋਂ ਇੰਜ ਹੀ ਵਿਦਮਾਨ ਹੈ | ਜੋ ਤਬਦੀਲੀ ਅਸੀਂ ਦੇਖਦੇ ਹਾਂ ਉਹ ਕੁਦਰਤੀ ਕਰੋਪੀਆਂ ਕਰਕੇ ਹੈ, ਜਿਵੇਂ ਕਿ ਹੜ੍ਹ, ਭੁਚਾਲ ਆਦਿ ਤੋਂ ਹੁੰਦੀਆਂ ਹਨ ਅਤੇ ਜਿਸ ਕਾਰਨ ਸੱਭਿਅਤਾਵਾਂ ਨੂੰ ਮੁੜ ਸਥਾਪਿਤ ਹੋਣਾ ਪੈਂਦਾ ਹੈ | ਸਦੀਵੀ ਵਿਸ਼ਵ ਦਾ ਸੰਕਲਪ ਕਿਸੇ ਅਜਿਹੇ ਵਿਚਾਰ ਨੂੰ ਰੋਕਣਾ ਸੀ ਜਿਸ ਨਾਲ ਕਿਸੇ 'ਆਰੰਭ-ਕਰਤਾ' ਦੀ ਹੋਂਦ ਤੋਂ ਬਚਿਆ ਜਾ ਸਕੇ | ਇਸ ਤੋਂ ਉਲਟ ਦੂਜੇ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਇਸ ਵਿਸ਼ਵ ਦਾ ਆਰੰਭ ਹੋਇਆ ਸੀ, ਇਸ ਤੱਥ ਨੂੰ ਉਹ ਰੱਬ ਦੀ ਹੋਂਦ ਨਾਲ ਇੰਜ ਜੋੜਦੇ ਹਨ ਕਿ ਇਕ ਪ੍ਰਥਮ 'ਆਰੰਭ-ਕਰਤਾ' ਹੈ ਸੀ ਜੋ ਬ੍ਰਹਿਮੰਡ ਦਾ ਮੁੱਖ ਚਾਲਕ ਹੈ | ਲੋਕ ਪੁੱਛਦੇ ਸਨ ਕਿ ਜੇ ਬ੍ਰਹਿਮੰਡ ਇਕ ਸਮੇਂ ਰੱਬ ਦੁਆਰਾ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਤੋਂ ਪਹਿਲਾਂ ਰੱਬ ਕੀ ਕਰਦਾ ਰਿਹਾ ਸੀ? ਕੀ ਉਹ ਉਨ੍ਹਾਂ ਲੋਕਾਂ ਵਾਸਤੇ ਦੋਜ਼ਖ ਤਿਆਰ ਕਰ ਰਿਹਾ ਸੀ ਜੋ ਅਜਿਹੇ ਸਵਾਲ ਪੁੱਛਦੇ ਹਨ?--- ਬ੍ਰਹਿਮੰਡ ਕਦੀ ਸ਼ੁਰੂ ਹੋਇਆ ਸੀ ਕਿ ਨਹੀਂ, ਇਸ ਤੱਥ ਨੇ ਜਰਮਨ ਦਾਰਸ਼ਨਿਕ 'ਇਮਾਨਿਉਲ ਕਾਂਤ' ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ |
ਜੇ ਬ੍ਰਹਿਮੰਡ ਕਦੀ ਆਰੰਭਿਆ ਸੀ ਤਾਂ ਬ੍ਰਹਿਮੰਡ ਨੇ ਇਸ ਤੋਂ ਪਹਿਲਾਂ ਬੀਤੇ ਅਨੰਤ ਕਾਲ ਤੱਕ ਸ਼ੁਰੂ ਹੋਣ ਲਈ ਸਬਰ ਕਿਵੇਂ ਕੀਤਾ? ਅਤੇ ਦੂਜੇ ਪਾਸੇ ਜੇ ਇਹ ਸਦਾ ਤੋਂ ਹੀ ਇੰਜ ਹੈ ਤਾਂ ਇਸ ਨੂੰ ਵਰਤਮਾਨ ਸਥਿਤੀ ਤੱਕ ਪੁੱਜਣ ਲਈ (ਭਾਵ ਕਿ ਆਧੁਨਿਕ ਮਨੁੱਖ ਤੱਕ ਪੁੱਜਣ ਲਈ) ਏਨਾ ਸਮਾਂ ਕਿਓਾ ਲੱਗ ਗਿਆ? ਇਨ੍ਹਾਂ ਦੋਵਾਂ, ਵਾਦ ਤੇ ਵਿਵਾਦ ਦੌਰਾਨ, ਕਾਂਤ ਦੇ (ਅਤੇ ਆਮ ਲੋਕਾਂ ਦੇ ਵੀ) ਵਿਚਾਰ ਇਹ ਬਣੇ ਰਹੇ ਕਿ ਸਮਾਂ ਨਿਰਪੇਖ (ਐਬਸੋਲਿਊਟ) ਹੈ | ਭਾਵ ਇਹ ਕਿ ਸਮਾਂ ਅਨੰਤ ਭੂਤਕਾਲ ਤੋਂ ਅਨੰਤ ਭਵਿਖਤ ਤੱਕ ਇਕਸਾਰ ਚੱਲਦਾ ਰਹੇਗਾ, ਇਸ ਗੱਲ ਦੀ ਨਾ ਪਰਵਾਹ ਕਰਦੇ ਹੋਏ ਕਿ ਪਿਛੋਕੜ ਵਿਚ ਬ੍ਰਹਿਮੰਡ ਹੈ ਜਾਂ ਨਹੀਂ ਹੈ (ਆਮ ਲੋਕਾਂ ਦੀ ਧਾਰਨਾ ਇਹੋ ਹੁੰਦੀ ਹੈ) | ਪਰ, ਸੰਨ 1915 ਵਿਚ ਐਲਬਰਟ ਆਈਨਸਟਾਈਨ ਦੇ ਇਨਕਲਾਬੀ 'ਜਨਰਲ ਰੈਲੇਟਿਵਿਟੀ 'ਸਿਧਾਂਤ ਨੇ ਸੋਚਣੀ ਵਿਚ ਇਕ ਨਵਾਂ ਮੋੜ ਲੈ ਆਂਦਾ | ਉਸ ਅਨੁਸਾਰ ਸਮਾਂ ਤੇ ਪੁਲਾੜ ਨਿਰਪੇਖ ਨਹੀਂ ਸਗੋਂ ਵੇਗਵਾਨ ਹਨ ਜੋ ਕਿ ਸਿ੍ਸ਼ਟੀ ਵਿਚ ਮੌਜੂਦ ਪਦਾਰਥ ਅਤੇ ਊਰਜਾ 'ਤੇ ਨਿਰਭਰ ਕਰਦੇ ਹਨ | ਉਨ੍ਹਾਂ ਦੀ ਵਿਆਖਿਆ ਬ੍ਰਹਿਮੰਡ ਦੇ ਵਿਚ ਹੀ ਹੁੰਦੀ ਹੈ, ਉਸ ਤੋਂ ਬਾਹਰ ਨਹੀਂ | ਆਰੰਭ ਤੋਂ ਪਹਿਲਾਂ ਕੀ ਸੀ? ਇਹ ਤਾਂ ਅਜਿਹਾ ਪ੍ਰਸ਼ਨ ਪੁੱਛਣ ਦੇ ਤੁਲ ਹੈ ਕਿ 'ਦੱਖਣੀ ਧਰੁਵ ਦੇ ਦੱਖਣ ਵਿਚ ਕੀ ਹੈ'? ਇਸ ਤਰ੍ਹਾਂ ਆਰੰਭ ਕਾਲ ਤੋਂ ਪਹਿਲਾਂ ਸਮੇਂ ਦੀ ਹੋਂਦ ਬਾਰੇ ਪੁੱਛਣਾ ਅਰਥਹੀਣ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-444/1, ਅਰਬਨ ਅਸਟੇਟ, ਪਟਿਆਲਾ |
-ਮੋਬਾਈਲ : 98143-48697.

ਗੱਲ ਸਮਾਂ, ਸਿਹਤ ਤੇ ਸਮਾਰਟ ਫੋਨ ਦੀ

ਅੱਜ ਦੇ ਤੇਜ਼ ਰਫ਼ਤਾਰ ਸਮੇਂ ਨੂੰ ਤਕਨਾਲੋਜੀ ਨੇ ਇਸ ਦੀ ਚਾਲ ਹੋਰ ਵੀ ਤੇਜ਼ ਕਰ ਦਿੱਤੀ ਹੈ ਜਿਸ ਨਾਲ ਭਾਵੇਂ ਜ਼ਿੰਦਗੀ ਵਿਚ ਕੰਮ ਕਰਨ ਦੇ ਤਰੀਕੇ ਮੁੱਢੋਂ ਹੀ ਬਦਲ ਚੁੱਕੇ ਹਨ, ਪਰ ਮਨੁੱਖ ਆਪਣੀ ਨਿੱਜੀ ਜ਼ਿੰਦਗੀ ਦੇ ਜ਼ਰੂਰੀ ਫ਼ਲਸਫ਼ੇ ਤੋਂ ਕੋਹਾਂ ਦੂਰ ਜਾ ਰਿਹਾ ਹੈ ਜਿਸ ਕਾਰਨ ਅੱਜ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਖੇਡ ਮੈਦਾਨਾਂ ਤੱਕ ਚੁੱਪ ਪਸਰ ਚੁੱਕੀ ਹੈ | ਇਸ ਦੀ ਮਾਰ ਤੋਂ ਕਿਸੇ ਵੀ ਵਰਗ ਦੇ ਲੋਕ ਨਹੀਂ ਬਚ ਸਕੇ, ਸਗੋਂ ਬਚੇ ਹੋਏ ਵੀ ਦੇਖੋ-ਦੇਖੀ ਇਸ ਦੇ ਭਰਮ-ਜਾਲ ਵਿਚ ਫਸ ਗਏ | ਕਿਉਂਕਿ ਹਰ ਛੋਟੀ-ਵੱਡੀ ਕੰਪਨੀ ਨੇ ਆਪਣੇ ਸਮਾਰਟ ਫੋਨ ਲੋਕਾਂ ਦੀ ਵਿੱਤ ਮੁਤਾਬਿਕ ਉਨ੍ਹਾਂ ਦੇ ਹੱਥਾਂ ਵਿਚ ਪਹੁੰਚਾ ਦਿੱਤੇ, ਪਰ ਅਮਰੀਕਾ ਦੀ ਇਕ ਕੰਪਨੀ ਵਲੋਂ ਸਮਾਰਟ ਫੋਨ ਦੀ ਚੜ੍ਹਤ ਪਿਛੇ ਵੱਡੀ ਮਿਹਨਤ ਲਗਾਈ ਹੈ | 2004 ਵਿਚ ਸਟੀਵ ਜਾਬਸ ਨੇ ਪ੍ਰੋਜੈਕਟ ਪਰਪਲ ਦੇ ਨਾਂਅ 'ਤੇ ਇਸ ਦੇ ਪਹਿਲੇ ਫੋਨ ਦੀ ਖੋਜ ਲਈ 1000 ਸਾਫਟਵੇਅਰ ਇੰਜੀਨੀਅਰਾਂ ਦੀ ਫ਼ੌਜ ਦੇ ਨਾਲ 150 ਮਿਲੀਅਨ ਅਮਰੀਕੀ ਡਾਲਰਾਂ ਦੀ ਵੱਡੀ ਕੀਮਤ ਅਤੇ 30 ਮਹੀਨਿਆਂ ਦੀ ਸਖ਼ਤ ਮਿਹਨਤ ਕਰ ਕੇ ਅਖੀਰ 29 ਜੂਨ, 2007 ਨੂੰ 4 ਤੇ 8 ਜੀ.ਬੀ. ਦੇ ਆਈਫੋਨ 499 ਤੇ 599 ਅਮਰੀਕੀ ਡਾਲਰ ਦੀ ਕੀਮਤ 'ਤੇ ਆਮ ਲੋਕਾਂ ਨੂੰ ਅਮਰੀਕਾ ਦੇ ਲੋਕਲ ਸਮੇਂ ਸ਼ਾਮ 6 ਵਜੇ ਤੋਂ ਵੇਚਣੇ ਸ਼ੁਰੂ ਕਰ ਦਿੱਤੇ ਸਨ | ਪਹਿਲੀ ਜਨਰੇਸ਼ਨ ਦੇ ਆਈਫੋਨ ਨੇ 2008 ਦੇ ਪਹਿਲੇ 3-4 ਮਹੀਨਿਆਂ ਦੇ ਅੰਤ ਤੱਕ 6.1 ਮਿਲੀਅਨ ਇਕਾਈਆਂ ਵੇਚ ਦਿੱਤੀਆਂ ਸਨ | ਇਸ ਤਰ੍ਹਾਂ ਇਕੱਲੇ ਐਪਲ ਨੇ ਸਮਾਰਟ ਫੋਨ ਦੀ ਮਾਰਕੀਟ 'ਤੇ 50 ਫ਼ੀਸਦੀ ਕਬਜ਼ਾ ਕਰ ਲਿਆ | 2007 ਤੋਂ 2016 ਤੱਕ ਆਪਣੀ ਕਾਮਯਾਬੀ ਦੇ ਝੰਡੇ ਬੁਲੰਦ ਰਖਦਿਆਂ ਹੋਇਆਂ 25 ਸਤੰਬਰ, 2015 ਨੂੰ 6 ਐਸ ਅਤੇ 6 ਐਸ ਪਲੱਸ, 60,000 ਦੀ ਭਾਰੀ ਕੀਮਤ ਵਾਲਾ ਅਤੇ 31 ਅਪ੍ਰੈਲ, 2016 ਨੂੰ ਐਸ.ਈ. 22,000 ਕੀਮਤ ਵਾਲੇ ਦਰਮਿਆਨੇ ਆਈ ਫੋਨ ਨਾਲ ਅੱਜ ਵੀ 43.6 ਫ਼ੀਸਦੀ ਕਬਜ਼ਾ ਬਰਕਰਾਰ ਹੈ | ਜਿਸ ਵਿਚ ਕੋਰੀਆ ਦੀ ਕੰਪਨੀ ਨੂੰ ਸਿਰਫ਼ 27.6 ਫ਼ੀਸਦੀ, ਇਕ ਹੋਰ ਨੂੰ 9.4 ਫ਼ੀਸਦੀ ਦੀ ਮਾਰਕੀਟ ਨਾਲ ਸਬਰ ਕਰਨਾ ਪਿਆ | ਭਾਰਤ ਵਿਚ ਸਾਲ ਦੇ ਅੰਤ ਤੱਕ 204.1 ਮਿਲੀਅਨ ਸਮਾਰਟ ਫੋਨ ਵਰਤਣ ਵਾਲੇ ਲੋਕ ਹੋ ਜਾਣਗੇ, ਜਦੋਂਕਿ ਪੂਰੀ ਦੁਨੀਆ ਵਿਚ ਇਸ ਦੀ ਗਿਣਤੀ 2 ਬਿਲੀਅਨ ਨੂੰ ਪਾਰ ਕਰ ਜਾਵੇਗੀ | ਮੌਜੂਦਾ ਸਮੇਂ ਵਿਚ ਐਪਲ, ਇਕੱਲੀ ਕੰਪਨੀ ਅਮਰੀਕਾ ਦੇ ਕੁੱਲ ਘਰੇਲੂ ਉਤਪਾਦ (74P) ਵਿਚ 1.25 ਫ਼ੀਸਦੀ ਹਿੱਸਾ ਪਾਉਂਦੀ ਹੈ |
ਸਮਾਰਟ ਫੋਨ ਇਕ ਚੰਗੇ ਉਪਯੋਗੀ ਵਾਸਤੇ ਗੁਣਾਂ ਦੀ ਵੱਡੀ ਖਾਣ ਹੈ ਜਿਸ ਨਾਲ ਉਹ ਲੈਪਟਾਪ ਜਾਂ ਕੰਪਿਊਟਰ ਤੋਂ ਬਿਨਾਂ ਆਪਣੇ ਦਫ਼ਤਰ ਦੇ ਹਰ ਕੰਮ ਵਿਚ ਵਰਤ ਸਕਦਾ ਹੈ | ਫੋਨ ਦੇ ਨਾਲ ਪੂਰੀ ਦੁਨੀਆ ਨਾਲ ਜੁੜ ਕੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨੀਆਂ ਸੰਭਵ ਹਨ ਅਤੇ ਘਰ ਜਾਂ ਦਫਤਰ ਬੈਠਿਆਂ ਬਿਨਾਂ ਸਮਾਂ ਨਸ਼ਟ ਕੀਤੇ ਵੱਖ-ਵੱਖ ਸੋਸ਼ਲ ਸਾਈਟਸ ਤੋਂ ਖਰੀਦਦਾਰੀ, ਫ਼ਿਲਮਾਂ, ਬੱਸਾਂ ਅਤੇ ਟਰੇਨਾਂ ਦੀ ਟਿਕਟ ਸਕਿੰਟਾਂ ਵਿਚ ਪ੍ਰਾਪਤ ਕਰ ਸਕਦੇ ਹਾਂ | ਵਿਦੇਸ਼ਾਂ ਵਿਚ ਬੈਠੇ ਰਿਸ਼ਤੇਦਾਰਾਂ ਨਾਲ ਮੁਫਤੋ-ਮੁਫ਼ਤ ਗੱਲਾਂ ਦੇ ਨਾਲੋ-ਨਾਲ ਮਿੰਟਾਂ-ਸਕਿੰਟਾਂ ਵਿਚ ਕਾਗਜ਼ ਪੱਤਰ ਭੇਜਣ ਦੀ ਸੁਵਿਧਾ ਵੀ ਉਪਲਬੱਧ ਹੈ | ਕਿੰਨੇ ਹੀ ਪੰਜਾਬੀ ਗਾਇਕਾਂ ਨੇ ਬਿਨਾਂ ਪੈਸੇ ਖਰਚ ਕੀਤੇ ਯੂ-ਟਿਊਬ 'ਤੇ ਆਪਣੇ ਗਾਣੇ ਪਾਏ ਤੇ ਰਾਤੋ-ਰਾਤ ਸਟਾਰ ਬਣ ਗਏ | ਇਸ ਬਹੁ-ਉਪਯੋਗ ਦੇ ਹੰੁਦਿਆਂ ਵੀ ਇਸ ਦੇ ਦੁਰਉਪਯੋਗਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਜਿਸ ਕਾਰਨ ਜ਼ਿੰਦਗੀ ਦੇ ਅਣਭੁੱਲ ਤੇ ਅਨਮੋਲ ਪਲਾਂ ਤੋਂ ਬੱਚੇ ਤੇ ਨੌਜਵਾਨ ਵਾਂਝੇ ਰਹਿ ਰਹੇ ਹਨ, ਕਿਉਂਕਿ ਅਜਿਹਾ ਕੋਈ ਹੀ ਘਰ ਹੋਵੇਗਾ, ਜਿਥੇ ਬੱਚਿਆਂ ਦੇ ਗੇਮ ਖੇਡਣ ਲਈ ਅਲੱਗ ਤੋਂ ਟੈਬ ਜਾਂ ਫੋਨ ਉਪਲਬੱਧ ਨਾ ਹੋਵੇ | ਜਿਥੇ ਫੋਨ ਦੀਆਂ ਖ਼ਤਰਨਾਕ ਰੇਡੀਓ ਐਕਟਿਵ ਤਰੰਗਾਂ ਦੇ ਨਾਲ ਉਨ੍ਹਾਂ ਦੇ ਕੋਮਲ ਬਚਪਨ ਨੂੰ ਨੁਕਸਾਨ ਹੁੰਦਾ ਹੈ, ਉਥੇ ਹੀ ਉਨ੍ਹਾਂ ਦੇ ਸਰੀਰਕ ਵਾਧੇ 'ਤੇ ਵੀ ਅਸਰ ਪੈਂਦਾ ਹੈ, ਬਾਹਰ ਖੇਡਣ ਦੀ ਬਜਾਏ ਉਹ ਘਰ ਬੈਠੇ ਰਹਿਣ ਕਰਕੇ ਸਮਾਜਿਕ ਦੁਨੀਆ ਦੇ ਮੇਲ-ਜੋਲ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਬਚਪਨ ਦੀਆਂ ਖੇਡਾਂ ਜਿਵੇਂ ਲੁਕਣ-ਮੀਚੀ, ਗੁੱਲੀ-ਡੰਡਾ, ਖੱਡਾ, ਬੰਟੇ ਜਾਂ ਰੋੜੇ ਖੇਡਣਾ, ਪੀਂਘ ਝੂਠਣ ਆਦਿ ਅਲੋਪ ਹੋ ਰਹੀਆਂ ਹਨ |
ਨੌਜਵਾਨ ਪੀੜ੍ਹੀ ਇਸ ਦੀ ਸਭ ਤੋਂ ਵੱਧ ਮਾਰ ਹੇਠ ਹੈ | ਇਹ ਫੇਸਬੁੱਕ, ਵਟਸਐਪ ਜਾਂ ਦੂਸਰੀਆਂ ਸਾਈਟਸ ਦੇ ਕਾਰਨ ਬਿਨਾਂ ਕੰਮ ਤੋਂ ਕੀਮਤੀ ਸਮਾਂ ਦਿਨ-ਰਾਤ ਘੰਟਿਆਂਬੱਧੀ ਜ਼ਾਇਆ ਕਰਦੇ ਹਨ ਜਿਸ ਨਾਲ ਉਹ ਉਨੀਂਦਰੇ, ਦਿਮਾਗੀ ਪ੍ਰੇਸ਼ਾਨੀ ਜਾਂ ਥਕਾਵਟ ਦੇ ਕਾਰਨ ਨਵੀਆਂ ਬਿਮਾਰੀਆਂ ਸਹੇੜਦੇ ਹਨ ਅਤੇ ਸਰੀਰਕ ਕਸਰਤ ਨਾ ਹੋਣ ਕਰਕੇ ਅਜਿਹੀਆਂ ਬਿਮਾਰੀਆਂ ਹੋਰ ਵੀ ਘਾਤਕ ਹੋ ਜਾਂਦੀਆਂ ਹਨ | ਆਪਣੇ ਵਪਾਰਕ ਵਾਧੇ ਦੇ ਲਈ ਮੋਬਾਈਲ ਕੰਪਨੀਆਂ ਵੱਲੋਂ ਰਾਤ ਨੂੰ ਮੁਫ਼ਤ ਗੱਲਾਂ ਕਰਨ ਦੇ ਲਾਲਚ ਕਾਰਨ ਨੌਜਵਾਨ ਪਾੜਿ੍ਹਆਂ ਦਾ ਰਾਤ ਨੂੰ ਪੜ੍ਹਨ ਦਾ ਸਮਾਂ ਵੀ ਨਸ਼ਟ ਹੋ ਰਿਹਾ ਹੈ | ਸੈਲਫੀਆਂ ਦੀ ਮਾਨਸਿਕ ਬਿਮਾਰੀ ਕਾਰਨ ਅੱਜ ਇਹ ਫੋਨ ਹੋਰ ਵੀ ਘਾਤਕ ਹੋ ਗਏ ਹਨ | ਕੁਝ ਰਾਜਾਂ ਨੇ ਫੋਟੋਆਂ ਖਿੱਚਣ ਦੇ ਖ਼ਤਰਨਾਕ ਸਥਾਨਾਂ 'ਤੇ ਕਾਨੂੰਨੀ ਪਾਬੰਦੀ ਲਗਾ ਦਿੱਤੀ ਹੈ | ਡਾਕਟਰੀ ਖੋਜ ਦੇ ਅਨੁਸਾਰ ਜ਼ਿਆਦਾ ਵਰਤੋਂ ਦੇ ਕਾਰਨ ਮੋਬਾਈਲ ਫੋਨ ਦੀਆਂ ਰੇਡੀਓ ਐਕਟਿਵ ਤਰੰਗਾਂ ਦੇ ਨਾਲ ਦਿਮਾਗੀ ਟਿਊਮਰ, ਹਾਈਬਲੱਡ ਪ੍ਰੈਸ਼ਰ, ਕੰਨਾਂ ਤੋਂ ਘਟ ਸੁਣਨਾ, ਵਰਗੀਆਂ ਹੋਰ ਅਨੇਕਾਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ | ਗਰਭਵਤੀ ਔਰਤਾਂ ਲਈ ਮੋਬਾਈਲ ਫੋਨ ਦੀ ਵਰਤੋਂ ਬੱਚੇ ਲਈ ਸਿੱਧੇ ਤੌਰ 'ਤੇ ਘਾਤਕ ਹੈ ਜਿਸ ਕਾਰਨ ਬੰਗਲਾਦੇਸ਼ ਸਰਕਾਰ ਨੇ ਅਧਿਕਾਰਕ ਤੌਰ 'ਤੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਫੋਨ ਵਰਤਣ ਦੀ ਪਾਬੰਦੀ ਘੋਸ਼ਿਤ ਕੀਤੀ ਹੈ | ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ 2013 ਵਿਚ ਇੰਟਰਨੈੱਟ ਦੀ ਵਰਤੋਂ 189.6 ਮਿਲੀਅਨ ਸੀ ਜੋ ਕਿ 2017 ਦੇ ਅੰਤ ਤੱਕ 503 ਮਿਲੀਅਨ ਹੋ ਸਕਦੀ ਹੈ | ਅਗਸਤ 2015 ਫੇਸਬੁੱਕ ਦੇ ਸਰਵੈ ਮੁਤਾਬਿਕ ਇਸ ਦੀ ਵਰਤੋਂ ਕਰਨ ਵਾਲੇ ਉਮਰ ਵਰਗ ਆਧਾਰ 'ਤੇ 13 ਤੇ 19 ਸਾਲ ਤੱਕ 26 ਫ਼ੀਸਦੀ, 30 ਤੋਂ 39 ਤੱਕ 16 ਫ਼ੀਸਦੀ, 40 ਤੋਂ 49 ਤੱਕ 5.2 ਫ਼ੀਸਦੀ ਜਦਕਿ 20 ਤੋਂ 29 ਸਾਲ ਤੱਕ ਦੇ ਨੌਜਵਾਨ ਸਭ ਤੋਂ ਵੱਧ 51 ਫ਼ੀਸਦੀ ਵਰਤੋਂ ਕਰਦੇ ਹਨ | ਇਸੇ ਤਰ੍ਹਾਂ ਵਟਸਐਪ ਕੰਪਨੀ ਵਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਜਨਵਰੀ 2015 ਤੱਕ 700 ਮਿਲੀਅਨ ਲੋਕ ਵਟਸਐਪ ਦੀ ਵਰਤੋਂ ਕਰਦੇ ਸਨ ਅਤੇ ਇਕ ਦਿਨ ਵਿਚ 30 ਬਿਲੀਅਨ ਸੁਨੇਹਿਆਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ |
ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (91M19) ਅਤੇ ਇੰਡੀਅਨ ਮਾਰਕੀਟ ਰਿਸਰਚ ਬਿਊਰੋ (9MR2) ਇੰਟਰਨੈਸ਼ਨਲ ਦੇ ਸਰਵੇ ਅਨੁਸਾਰ ਇੰਟਰਨੈੱਟ ਆਫ਼ ਇੰਡੀਆ 2015 ਦੀ ਰਿਪੋਰਟ ਵਿਚ ਦਸੰਬਰ 2015 ਤੱਕ 402 ਮਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਸਨ ਜੋ ਕਿ ਚੀਨ ਦੇ 600 ਮਿਲੀਅਨ ਲੋਕਾਂ ਤੋਂ ਬਾਅਦ ਦੂਜੇ ਨੰਬਰ 'ਤੇ ਹੈ | ਇਸੇ ਤਰ੍ਹਾਂ 91M19 ਜੂਨ, 2016 ਦੀ ਮੋਬਾਈਲ ਇੰਟਰਨੈੱਟ ਰਿਪੋਰਟ ਮੁਤਾਬਿਕ ਭਾਰਤ ਵਿਚ ਸ਼ਹਿਰੀ ਖੇਤਰ ਦੇ 262 ਮਿਲੀਅਨ ਅਤੇ ਪੇਂਡੂ ਖੇਤਰ ਦੇ 109 ਮਿਲੀਅਨ ਲੋਕ ਮੋਬਾਈਲ ਇੰਟਰਨੈੱਟ ਵਰਤ ਰਹੇ ਹਨ | ਭਾਵੇਂ ਇਨ੍ਹਾਂ ਅੰਕੜਿਆਂ ਨੂੰ ਪੜ੍ਹ ਕੇ ਸਾਨੂੰ ਖੁਸ਼ੀ ਵੀ ਹੁੰਦੀ ਹੈ ਕਿ ਇਕ ਵਿਕਾਸਸ਼ੀਲ ਦੇਸ਼ ਦੇ ਲੋਕ ਇੰਨੀ ਵੱਡੀ ਗਿਣਤੀ ਵਿਚ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਵਰਤੋਂਕਾਰਾਂ ਵਿਚੋਂ ਮਨਪ੍ਰਚਾਵੇ ਵਜੋਂ ਵਰਤ ਰਹੇ ਲੋਕਾਂ ਨੂੰ ਘਟਾ ਦਿੱਤਾ ਜਾਵੇ ਤਾਂ ਸੁਚੱਜੀ ਵਰਤੋਂ ਦੇ ਲੋਕਾਂ ਦੀ ਗਿਣਤੀ ਬਹੁਤ ਘੱਟ ਗਿਣਤੀ ਵਿਚ ਰਹਿ ਜਾਵੇਗੀ |
ਇਹ ਲੋਕ ਜਿਥੇ ਆਪਣਾ ਸਮਾਂ ਬਰਬਾਦ ਕਰਦੇ ਹਨ, ਉਥੇ ਹੀ ਆਪਣੀ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਤੋਂ ਵੀ ਅਣਜਾਣ ਹਨ | ਨਵੀਂ ਤਕਨਾਲੋਜੀ ਦੀ ਵਰਤੋਂ ਸਾਨੂੰ ਅਗਾਂਹਵਧੂ ਲੋਕਾਂ ਵਿਚ ਜ਼ਰੂਰ ਸ਼ੁਮਾਰ ਕਰ ਦਿੰਦੀ ਹੈ | ਬਸ਼ਰਤੇ ਇਸ ਨਾਲ ਅਸੀਂ ਸਮਾਰਟ ਮੋਬਾਈਲ ਉਪਯੋਗੀ ਨਹੀਂ ਬਣ ਜਾਂਦੇ, ਕਿਉਂਕਿ ਸਾਇੰਸ ਦੀ ਹਰ ਖੋਜ ਵਿਚ ਉਸ ਦੀਆਂ ਲਾਭ ਅਤੇ ਹਾਨੀਆਂ ਨਾਲੋ-ਨਾਲ ਚਲਦੀਆਂ ਹਨ ਪਰ ਅਜਿਹਾ ਨਹੀਂ ਕਿ ਬਹੁਤਾਤ ਲਾਭ ਦੇ ਮਿਲਦਿਆਂ ਅਸੀਂ ਉਸ ਦੀਆਂ ਹਾਨੀਆਂ ਨੂੰ ਅਖੋਂ ਪਰੋਖੇ ਹੀ ਕਰ ਜਾਈਏ | ਸੋ, ਸਾਨੂੰ ਸਮਾਂ, ਸਿਹਤ ਦਾ ਧਿਆਨ ਰੱਖਦੇ ਹੋਏ ਸਮਾਰਟ ਫੋਨ ਨੂੰ ਸਮਾਰਟ ਵਰਤੋਂਕਾਰ ਬਣ ਕੇ ਵਰਤਣਾ ਚਾਹੀਦਾ ਹੈ |

-ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ, (ਪੰਜਾਬ)
ਮੋਬਾਈਲ : 99880-03419.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-133

ਮਾਨਵਵਾਦੀ ਸਿਨੇਮਾ ਦਾ ਪੈਰੋਕਾਰ ਵੀ. ਸ਼ਾਂਤਾਰਾਮ

ਮੁੰਬਈ ਦੇ ਸੈਂਟਰਲ ਰੇਲਵੇ ਸਟੇਸ਼ਨ ਦੇ ਬਿਲਕੁਲ ਹੀ ਨਾਲ ਲਗਦੀ ਪਰੇਲ ਦੀ ਇਕ ਸੜਕ 'ਤੇ ਵੀ. ਸ਼ਾਂਤਾਰਾਮ ਦਾ ਰਾਜ ਕਮਲ ਸਟੂਡੀਓ ਸਥਿਤ ਹੈ। ਇਹ ਸਟੂਡੀਓ ਫ਼ਿਲਮ ਨਿਰਮਾਣ ਨਾਲ ਸਬੰਧਿਤ ਹਰੇਕ ਤਰ੍ਹਾਂ ਦੀਆਂ ਸਹੂਲਤਾਂ (ਡਬਿੰਗ, ਰਿਕਾਰਡਿੰਗ, ਪ੍ਰੋਸੈਸਿੰਗ, ਲੈਬਾਰਟਰੀ, ਸਟੀਰੀਓਫੋਨਿਕ ਸਾਊਂਡ ਆਦਿ) ਪ੍ਰਦਾਨ ਕਰਦਾ ਹੈ। 'ਸ਼ੋਅਲੇ' ਵਰਗੀ ਸੁਪਰਹਿੱਟ ਫ਼ਿਲਮ ਦਾ ਸਾਊਂਡ ਟਰੈਕ ਇਨ੍ਹਾਂ ਸਹੂਲਤਾਂ ਦੇ ਸਹਿਯੋਗ ਨਾਲ ਹੀ ਤਿਆਰ ਕੀਤਾ ਗਿਆ ਸੀ।
ਇਸ ਚਰਚਿਤ ਨਿਰਮਾਣ ਕੇਂਦਰ ਨੂੰ ਬਣਾਉਣ ਵਾਲੇ ਸ਼ਾਂਤਾਰਾਮ ਰਾਜਾਰਾਮ ਵਨਕੁਦਰੇ ਦੀ ਜੀਵਨ ਗਾਥਾ ਵੀ ਉਸ ਦੀਆਂ ਫ਼ਿਲਮਾਂ ਦੀ ਤਰ੍ਹਾਂ ਹੀ ਦਿਲਚਸਪੀ ਅਤੇ ਗੰਭੀਰਤਾ ਦਾ ਮਿਸ਼ਰਣ ਪ੍ਰਦਾਨ ਕਰਦੀ ਹੈ। ਉਸ ਦਾ ਜਨਮ 18 ਨਵੰਬਰ, 1901 ਨੂੰ ਕੋਲਹਾਪੁਰ 'ਚ ਜੈਨ ਮਰਾਠੀ ਪਿਤਾ ਅਤੇ ਹਿੰਦੂ ਮਾਤਾ ਦੇ ਘਰ 'ਚ ਹੋਇਆ ਸੀ। ਵੀ. ਸ਼ਾਂਤਾਰਾਮ ਦਾ ਝੁਕਾਅ ਸ਼ੁਰੂ ਤੋਂ ਹੀ ਸਿਨੇਮਾ ਵੱਲ ਸੀ। ਇਸ ਲਈ ਉਸ ਨੇ ਕੋਲਹਾਪੁਰ 'ਚ ਸਥਿਤ ਬਾਊ ਰਾਓ ਪੇਂਟਰ ਦੀ ਮਹਾਰਾਸ਼ਟਰ ਫਿਲਮ ਕੰਪਨੀ 'ਚ ਨੌਕਰੀ ਕਰ ਲਈ ਸੀ। ਕਈ ਤਰ੍ਹਾਂ ਦੇ ਫੁਟਕਲ ਕੰਮ ਕਰਨ ਤੋਂ ਬਾਅਦ ਉਸ ਨੂੰ ਬਤੌਰ ਅਭਿਨੇਤਾ 'ਸੁਰੇਖਾ ਹਰਨ' ਨਾਮਕ ਇਕ ਧਾਰਮਿਕ ਫ਼ਿਲਮ 'ਚ ਕੰਮ ਕਰਨ ਦਾ ਅਵਸਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਅਨੇਕਾਂ ਹੀ ਧਾਰਮਿਕ ਰੰਗਤ ਵਾਲੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ।
ਕਿਉਂਕਿ ਧਾਰਮਿਕ ਫ਼ਿਲਮਾਂ ਬਣਾਉਣ ਦਾ ਹੀ ਉਸ ਵੇਲੇ ਦੌਰ ਸੀ, ਇਸ ਲਈ ਸ਼ਾਂਤਾਰਾਮ ਨੂੰ ਵੀ ਇਹ ਪ੍ਰੰਪਰਾ ਮਜਬੂਰੀਵਸ ਨਿਭਾਉਣੀ ਪਈ ਸੀ। ਪਰ ਉਸ ਦੇ ਯੋਗਦਾਨ ਦਾ ਜੇਕਰ ਸਹੀ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਮੂਕ ਮੂਵੀਜ਼ ਦੇ ਜਨਕ ਦਾਦਾ ਸਾਹਿਬ ਫਾਲਕੇ ਅਤੇ ਟਾਕੀਜ਼ ਨੂੰ ਹੋਂਦ 'ਚ ਲਿਆਉਣ ਵਾਲੇ ਆਰਦੇਸ਼ੀਰ ਇਰਾਨੀ ਤੋਂ ਬਾਅਦ ਸ਼ਾਂਤਾਰਾਮ ਦਾ ਹੀ ਨੰਬਰ ਆਉਂਦਾ ਹੈ। ਉਸ ਨੇ ਸਿਨੇਮਾ ਨੂੰ ਜਨਤਾ ਦੇ ਉਦੇਸ਼-ਪੂਰਨ ਮੰਤਵ ਲਈ ਵਰਤਿਆ। ਆਪਣੀ ਇਸ ਸੋਚ ਨੂੰ ਅਮਲੀਜਾਮਾ ਪਹਿਨਾਉਣ ਲਈ ਉਸ ਨੇ ਚਾਰ ਸਾਥੀਆਂ (ਕੁਲਕਰਨੀ, ਦਾਮਲੇ, ਫੱਤੇਲਾਲ, ਘਾਏਕਰ) ਨਾਲ ਮਿਲ ਕੇ ਪ੍ਰਭਾਤ ਫ਼ਿਲਮ ਕੰਪਨੀ ਦੀ ਪੂਨਾ 'ਚ ਸਥਾਪਨਾ ਕੀਤੀ। ਸਮਾਜਿਕ ਅਤੇ ਸੁਧਾਰਵਾਦੀ ਫ਼ਿਲਮਾਂ ਬਣਾਉਣ ਦੀ ਪਹਿਲ ਇਸੇ ਕੰਪਨੀ ਨੇ ਹੀ ਕੀਤੀ ਸੀ।
ਪ੍ਰਭਾਤ ਕੰਪਨੀ ਦੇ ਇਸ ਸਮਾਜ ਹਿਤ ਅਤੇ ਦੇਸ਼-ਹਿਤ ਜਾਨੂੰਨ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਸਕਦਾ ਹੈ ਕਿ ਇਸ ਨੇ ਧਾਰਮਿਕ ਫ਼ਿਲਮਾਂ 'ਚ ਵੀ ਰਾਸ਼ਟਰੀ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸਿਨੇਮਾ ਨੂੰ ਉਸ ਵੇਲੇ ਦੇ ਰਾਜਨੀਤਕ, ਆਰਥਿਕ ਹਾਲਾਤ ਦਾ ਪ੍ਰਤੀਨਿਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਗੱਲ ਬਿਲਕੁਲ ਸਹੀ ਹੈ ਕਿ ਇਸ ਕੰਪਨੀ ਨੇ ਬਹੁਤ ਸਾਰੀਆਂ ਫ਼ਿਲਮਾਂ ਮਰਾਠੀ ਭਾਸ਼ਾ 'ਚ ਬਣਾਈਆਂ ਸਨ। ਪਰ ਹਿੰਦੀ ਸਿਨੇਮਾ ਲਈ ਵੀ ਇਸ ਨੇ 'ਦੁਨੀਆ ਨਾ ਮਾਨੇ' (1937), 'ਆਦਮੀ' (1939) ਅਤੇ 'ਪੜੋਸੀ' (1941) ਵਰਗੀਆਂ ਦੇਸ਼ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ। ਇਨ੍ਹਾਂ ਫ਼ਿਲਮਾਂ ਦੇ ਆਧਾਰ 'ਤੇ ਹੀ ਹਿੰਦੀ ਸਿਨੇਮਾ ਦੇਸ਼ ਦੀਆਂ ਜੜ੍ਹਾਂ ਨਾਲ ਜੁੜਿਆ ਸੀ।
ਇਨ੍ਹਾਂ 'ਚੋਂ 'ਪੜੋਸੀ' ਫ਼ਿਲਮ ਦਾ ਵਧੇਰੇ ਜ਼ਿਕਰ ਇਸ ਕਰਕੇ ਆਉਂਦਾ ਹੈ ਕਿਉਂਕਿ ਇਸ 'ਚ ਹਿੰਦੂ-ਮੁਸਲਿਮ ਏਕਤਾ ਨੂੰ ਪ੍ਰਚਾਰਿਤ ਕੀਤਾ ਗਿਆ ਸੀ। ਇਸ 'ਚ ਦੋ ਨਾਇਕ ਸਨ, ਪਰ ਖ਼ੂਬਸੂਰਤ ਗੱਲ ਇਹ ਸੀ ਮੁਸਲਿਮ ਕਿਰਦਾਰ ਨੂੰ ਇਕ ਹਿੰਦੂ ਨੇ ਅਤੇ ਹਿੰਦੂ ਪਾਤਰ ਨੂੰ ਇਕ ਮੁਸਲਿਮ ਨੇ ਰਜਤਪਟ 'ਤੇ ਪੇਸ਼ ਕੀਤਾ ਸੀ।
ਪ੍ਰਭਾਤ 'ਚ ਸ਼ਾਂਤਾਰਾਮ ਦੀ 'ਪੜੋਸੀ' ਅੰਤਿਮ ਫ਼ਿਲਮ ਸੀ। ਦਰਅਸਲ 1940 ਵਿਚ 'ਸੰਤ ਗਿਆਨੇਸ਼ਵਰ' ਦੇ ਨਿਰਮਾਣ ਸਮੇਂ ਉਸ ਦਾ ਆਪਣੇ ਭਾਈਵਾਲਾਂ ਨਾਲ ਝਗੜਾ ਹੋ ਗਿਆ ਸੀ। ਦਾਮਲੇ ਅਤੇ ਫੱਤੇ ਲਾਲ ਉਸ ਤੋਂ ਅਲੱਗ ਹੋ ਗਏ ਸਨ। ਫਿਰ ਜਦੋਂ ਦਾਮਲੇ ਦੀ ਮੌਤ ਹੋ ਗਈ ਤਾਂ ਸਾਰੇ ਹੀ ਭਾਈਵਾਲ ਅਲੱਗ ਹੋ ਗਏ ਸਨ। ਗਾਣੇ ਬਣਾਉਣ ਵਾਲੀ ਇਕ ਕੰਪਨੀ ਏ.ਵੀ.ਐਮ. ਨੇ ਪ੍ਰਭਾਤ ਨੂੰ ਖਰੀਦ ਲਿਆ ਅਤੇ ਅੱਗੋਂ ਕਿਸੇ ਹੋਰ ਅਦਾਰੇ ਨੂੰ ਵੇਚ ਦਿੱਤਾ ਸੀ। 1959 ਵਿਚ ਭਾਰਤ ਸਰਕਾਰ ਨੇ ਇਸੇ ਹੀ ਸਥਾਨ 'ਤੇ ਐਫ.ਟੀ.ਆਈ.ਆਈ. (ਫ਼ਿਲਮ ਟ੍ਰੇਨਿੰਗ ਇੰਸਟੀਟਿਊਟ ਆਫ਼ ਇੰਡੀਆ) ਦੀ ਸਥਾਪਨਾ ਕੀਤੀ ਸੀ। ਫ਼ਿਲਮ ਨਿਰਮਾਣ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ਨੂੰ ਸਰਕਾਰੀ ਪੱਧਰ 'ਤੇ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਸੰਸਥਾ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਵਧੀਆ ਕਲਾਕਾਰ ਅਤੇ ਤਕਨੀਸ਼ੀਅਨ ਦਿੱਤੇ ਹਨ।
ਪ੍ਰਭਾਤ ਤੋਂ ਅਲੱਗ ਹੋ ਕੇ ਵੀ. ਸ਼ਾਂਤਾਰਾਮ ਬੰਬਈ ਆ ਗਏ, ਇਥੇ ਉਨ੍ਹਾਂ ਨੇ ਰਾਜ ਕਮਲ ਕਲਾ ਮੰਦਿਰ ਦੀ ਸਥਾਪਨਾ ਕੀਤੀ। ਸ਼ਾਂਤਾਰਾਮ ਨੇ ਸਦਾ ਹੀ ਕੋਈ ਨਾ ਕੋਈ ਸੰਦੇਸ਼ ਆਪਣੀਆਂ ਕਿਰਤਾਂ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਖੁਦ ਵੀ ਕਈ ਫ਼ਿਲਮਾਂ 'ਚ ਕੰਮ ਕੀਤਾ ਅਤੇ ਆਪਣੀਆਂ ਪਤਨੀਆਂ (ਸੰਧਿਆ, ਜੈ ਸ਼੍ਰੀ) ਤੋਂ ਇਲਾਵਾ ਆਪਣੀ ਬੇਟੀ (ਰਾਜਸ਼੍ਰੀ) ਨੂੰ ਵੀ ਫ਼ਿਲਮਾਂ 'ਚ ਕੰਮ ਕਰਨ ਦੀ ਪ੍ਰੇਰਨਾ ਦਿੱਤੀ।
ਰਾਜਕਮਲ ਦੇ ਬੈਨਰ ਅਧੀਨ ਬਣਨ ਵਾਲੀ ਪਹਿਲੀ ਫ਼ਿਲਮ 'ਸ਼ਕੁੰਤਲਾ' (1949) ਸੀ। ਹਾਲਾਂਕਿ ਇਹ ਇਕ ਮਿਥਿਹਾਸਕ ਫ਼ਿਲਮ ਸੀ, ਪਰ ਇਸ ਦੇ ਮਾਧਿਅਮ ਰਾਹੀਂ ਸ਼ਾਂਤਾਰਾਮ ਨੇ ਦੇਸ਼ ਦੀ ਨਾਰੀ ਨਾਲ ਹੋ ਰਹੇ ਵੱਖ-ਵੱਖ ਤਰ੍ਹਾਂ ਦੇ ਸ਼ੋਸ਼ਣ ਸਬੰਧੀ ਗੰਭੀਰ ਨੁਕਤੇ ਉਠਾਏ ਸਨ। ਬਾਅਦ 'ਚ ਇਸੇ ਹੀ ਵਿਸ਼ੇ ਨੂੰ ਲੈ ਕੇ ਉਸ ਨੇ 'ਇਸਤਰੀ' (1961) ਫ਼ਿਲਮ ਬਣਾਈ ਸੀ। ਇਸ ਦਾ ਨਾਇਕ ਉਹ ਖੁਦ ਸੀ ਜਦੋਂ ਕਿ ਨਾਇਕਾ ਉਸ ਦੀ ਪਤਨੀ ਹੀ ਸੀ।
ਸ਼ਾਂਤਾਰਾਮ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਸਿਰਫ਼ ਪ੍ਰਚਾਰਕ ਹੀ ਨਹੀਂ ਸੀ ਬਲਕਿ ਉਸ ਨੂੰ ਸਿਨੇਮਾ ਦੀਆਂ ਸਾਰੀਆਂ ਹੀ ਵਿਧੀਆਂ (ਕਲਾਵਾਂ) ਦਾ ਸੰਪੂਰਨ ਗਿਆਨ ਸੀ। ਇਸ ਕਰਕੇ ਉਸ ਦੀਆਂ ਫ਼ਿਲਮਾਂ ਦਾ ਤਕਨੀਕੀ ਅਤੇ ਸਿਰਜਣਾਤਮਿਕ ਪੱਖ ਬਹੁਤ ਹੀ ਸ਼ਕਤੀਸ਼ਾਲੀ ਹੋਇਆ ਕਰਦਾ ਸੀ। ਇਸ ਸਬੰਧੀ ਉਸ ਦੀ 1955 ਵਿਚ ਆਈ ਫ਼ਿਲਮ 'ਝਨਕ ਝਨਕ ਬਾਜੇ ਪਾਇਲ' ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ। ਇਸ ਫ਼ਿਲਮ 'ਚ ਨ੍ਰਿਤ ਦੀ ਸਿਰਜਣਾ ਸਬੰਧੀ ਕੀਤੀ ਜਾਣ ਵਾਲੀ ਤਪੱਸਿਆ ਦਾ ਬਿਰਤਾਂਤ ਉਸ ਨੇ ਵਿਸ਼ੇ ਪੱਖ ਵਜੋਂ ਲਿਆ ਸੀ। ਫ਼ਿਲਮ ਦਾ ਨਾਇਕ ਪ੍ਰਸਿੱਧ ਨ੍ਰਿਤਕ ਗੋਪੀ ਕਿਸ਼ਨ ਸੀ। (ਚਲਦਾ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਕ ਵਾਰ ਸ: ਨਾਨਕ ਸਿੰਘ ਨਾਵਲਿਸਟ ਦਾ ਜਨਮ ਦਿਨ ਕੇਂਦਰੀ ਲਿਖਾਰੀ ਸਭਾ, ਜਲੰਧਰ ਨੇ ਜਲੰਧਰ ਵਿਖੇ ਮਨਾਇਆ ਸੀ।
ਉਸ ਪ੍ਰੋਗਰਾਮ ਵਿਚ ਬਾਕੀ ਦੇ ਸਾਹਿਤਕਾਰਾਂ ਤੋਂ ਇਲਾਵਾ ਬਲਰਾਜ ਸਾਹਨੀ ਸਾਹਿਤਕਾਰ ਤੇ ਫ਼ਿਲਮੀ ਆਰਟਿਸਟ ਵੀ ਵਿਸ਼ੇਸ਼ ਤੌਰ 'ਤੇ ਆਏ ਸੀ ਕਿਉਂਕਿ ਬਲਰਾਜ ਸਾਹਨੀ ਸ: ਨਾਨਕ ਸਿੰਘ ਦਾ ਵੀ ਸਨੇਹੀ ਸੀ। ਉਸ ਵਕਤ ਸ: ਜਸਵੰਤ ਸਿੰਘ ਕੰਵਲ ਨੇ ਮੈਨੂੰ ਆਖਿਆ, 'ਬਾਜਵੇ ਸਾਡੀ ਸਾਹਨੀ ਸਾਹਬ ਨਾਲ ਤਸਵੀਰ ਖਿੱਚ ਦੇਹ।' ਕਿਉਂਕਿ ਪ੍ਰਿੰਸੀਪਲ ਸੁਜਾਨ ਸਿੰਘ ਦੀ ਕੰਵਲ ਨਾਲ ਨੇੜਤਾ ਸੀ, ਉਹ ਢੁੱਡੀਕੇ ਪੜ੍ਹਾਉਂਦਾ ਸੀ।
ਇਸ ਕਰਕੇ ਇਨ੍ਹਾਂ ਤਿੰਨਾਂ ਨੇ ਇਕੱਠਿਆਂ ਤਸਵੀਰ ਖਿਚਵਾਈ ਸੀ। ਇਹ ਤਸਵੀਰ ਮੇਰੇ ਕੋਲ ਹੀ ਪਈ ਰਹੀ ਕਿਤੇ ਵੀ ਨਾ ਛਪ ਸਕੀ ਤੇ ਹੁਣ ਭੁੱਲੀਆਂ ਵਿਸਰੀਆਂ ਯਾਦਾਂ ਦੀ ਗਵਾਹੀ ਭਰ ਰਹੀ ਏ।

ਮੋਬਾਈਲ : 98767-41231

ਸ਼ੁਕਰਾਨਾ ਕਰਦੇ ਫ਼ਕੀਰ...

ਦਹਾਕਾ ਪਹਿਲੋਂ ਦੀ ਗੱਲ ਹੈ। ਸਵੇਰ ਸਾਰ ਮੈ ਆਪਣੇ ਵਿਭਾਗ ਗੁਰੂ ਗੋਬਿੰਦ ਸਿੰਘ ਭਵਨ ਜਾ ਰਿਹਾ ਸਾਂ, ਦੇਖਿਆ ਅਫਜ਼ਲ ਅਹਿਸਨ ਰੰਧਾਵਾ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਫਤਰ ਅੱਗੇ ਲਾਅਨ ਵਿਚ ਟਹਿਲ ਰਹੇ ਸਨ। ਪਹਿਲੋਂ ਦੇਖੇ ਸਨ ਕਦੀ, ਸੋ ਪਛਾਣ ਲਏ... ਸਵਾ ਛੇ ਫੁੱਟ ਲੰਮਾਂ ਕੱਦ, ਸੋਹਣੀ ਸਿਹਤ.. ਸੋਹਣੀ ਸ਼ਕਲ ਸੂਰਤ। ਜਾ ਕੇ ਸਲਾਮ ਅਰਜ਼ ਕੀਤੀ, ਕਿਹਾ, 'ਰੰਧਾਵਾ ਸਾਹਿਬ ਮੈਂ ਤੁਹਾਡਾ ਪਾਠਕ ਹਾਂ, ਅਹਿ ਮੇਰਾ ਡਿਪਾਰਟਮੈਂਟ ਹੈ ਸਾਹਮਣੇ, ਮੇਰੇ ਕੁਲੀਗ ਅਤੇ ਵਿਦਿਆਰਥੀ ਤੁਹਾਨੂੰ ਮਿਲ ਕੇ ਫਖਰ ਕਰਨਗੇ ਆਪਣੇ-ਆਪ ਉੱਪਰ। ਚਾਹ ਪਾਣੀ ਪੀਆਂਗੇ, ਤੁਹਾਡੀਆਂ ਗੱਲਾਂ ਸੁਣਾਂਗੇ। ਮਸਰੂਫ ਤਾਂ ਨਹੀਂ?'
ਉਨ੍ਹਾਂ ਕਿਹਾ, 'ਪੂਰਾ ਵਿਹਲਾ ਹਾਂ। ਹੁਕਮ ਸਿਰ ਮੱਥੇ, ਚਲੋ ਚੱਲੀਏ।'
ਚਾਲੀ ਕੁ ਜਣੇ ਵੱਡੇ ਛੋਟੇ ਉਨ੍ਹਾਂ ਦੁਆਲੇ ਬੈਠ ਗਏ, ਇਕ-ਦੂਜੇ ਦਾ ਤੁਆਰਫ ਕਰਵਾਇਆ। ਮੈਂ ਅਰਜ਼ ਕੀਤੀ-ਕੋਈ ਵਾਕਿਆ ਹੁੰਦਾ ਹੈ ਜਿਹੜਾ ਯਾਦ ਰਹਿੰਦੈ ਤੇ ਸੁਣਾਉਣ ਨੂੰ ਦਿਲ ਕਰਦੈ, ਸੁਣਾਓ। ਕਹਿੰਦੇ, 'ਬਾਕੀ ਮਜ਼ਮੂਨ ਤਾਂ ਅਸੀਂ ਸਕੂਲੇ ਪੜ੍ਹ ਲੈਂਦੇ, ਜਿਨ੍ਹਾਂ ਨੇ ਅਰਬੀ ਫਾਰਸੀ ਸਿੱਖਣੀ ਹੁੰਦੀ ਉਹ ਸ਼ਾਮੀਂ ਮਸਜਿਦ ਵਿਚ ਮੌਲਵੀ ਜੀ ਕੋਲ ਪੁੱਜਦੇ। ਮੌਲਵੀ ਜੀ ਛੜੇ ਸਨ, ਅੰਨ ਪਾਣੀ ਆਪੇ ਤਿਆਰ ਕਰਕੇ ਛਕਦੇ। ਕਦੀ ਢਿੱਲੇ ਮੱਠੇ ਹੁੰਦੇ, ਸਾਡੇ ਵਿਚੋਂ ਕੋਈ ਜਣਾ ਇਹ ਜ਼ਿੰਮੇਵਾਰੀ ਆਪਣੇ ਘਰੋਂ ਖਾਣਾ ਲਿਆ ਕੇ, ਖੁਆ ਕੇ ਨਿਭਾ ਜਾਂਦਾ।'
ਇਕ ਸ਼ਾਮ ਪੜ੍ਹਨ ਗਏ, ਮੌਲਵੀ ਜੀ ਨੂੰ ਬੁਖਾਰ ਚੜ੍ਹਿਆ ਹੋਇਆ ਸੀ। ਮੈਂ ਸਾਥੀਆਂ ਨੂੰ ਕਿਹਾ, 'ਅੱਜ ਦਾ ਖਾਣਾ ਮੇਰੇ ਘਰੋਂ।' ਮਾਂ ਨੇ ਦਾਲ ਰੋਟੀ ਬਣਾ ਦਿੱਤੀ, ਜੱਗ ਵਿਚ ਦੁੱਧ ਲੈ ਕੇ ਅੱਬਾ ਨਾਲ ਮਸਜਿਦ ਵੱਲ ਚੱਲ ਪਿਆ। ਖਾਣਾ ਖੁਆਇਆ, ਦੁੱਧ ਪਿਲਾਇਆ। ਅੱਬੂ ਬੋਲੇ, 'ਸਖਤ ਜ਼ਿੰਦਗੀ ਹੈ ਮੌਲਵੀ ਜੀ ਤੁਹਾਡੀ।' ਮੌਲਵੀ ਜੀ ਨੇ ਕਿਹਾ, 'ਹਾਂ, ਸੋ ਤਾ ਹੈ।' ਅੱਬਾ ਨੇ ਪੁੱਛਿਆ, 'ਕਦੀ ਰੱਬ ਅੱਗੇ ਗਿਲਾ ਸ਼ਿਕਵਾ ਨਹੀਂ ਕੀਤਾ ਇਸ ਗੱਲ ਦਾ?' ਮੌਲਵੀ ਜੀ ਬੋਲੇ, 'ਗਿਲਾ ਸ਼ਿਕਵਾ ਕਰਨ ਦਾ ਹੱਕ ਉਸ ਨੂੰ ਹੁੰਦੈ ਭਰਾ ਜਿਸ ਨੇ ਕਦੀ ਸ਼ੁਕਰਾਨਾ ਕੀਤਾ ਹੋਏ। ਸ਼ੁਕਰਾਨਾ ਕਰਨਾ ਹੈ ਇਕ ਉਮਰ, ਸ਼ੁਕਰਾਨਾ ਮਨਜ਼ੂਰ ਹੋ ਗਿਆ ਫਿਰ ਗਿਲੇ ਸ਼ਿਕਵੇ ਵੀ ਕਰ ਲਵਾਂਗੇ ਮਾਲਕ ਸਾਹਵੇਂ।
ੲ ਗੁਲਿਸਤਾਂ ਵਿਚ ਸ਼ੇਖ ਸਾਅਦੀ ਦਾ ਕਥਨ-ਖ਼ਬਰ ਮਿਲੀ ਕਿ ਬੰਦਗੀ ਕਰਦੇ ਮੇਰੇ ਫਕੀਰ ਮਿੱਤਰ ਉੱਪਰ ਚੀਤੇ ਨੇ ਹਮਲਾ ਕਰ ਦਿੱਤਾ, ਜ਼ਖਮੀ ਹਨ। ਖ਼ਬਰਸਾਰ ਵਾਸਤੇ ਉਸ ਦੀ ਝੌਂਪੜੀ ਗਿਆ ਤਾਂ ਦੇਖਿਆ ਉਹ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ। ਹੈਰਾਨ ਹੋ ਕੇ ਮੈਂ ਪੁੱਛਿਆ, 'ਏਨੀ ਮੁਸੀਬਤ ਵਿਚ ਫਸੇ ਹੋ ਹਜ਼ੂਰ ਸ਼ੁਕਰਾਨਾ ਕਿਸ ਗੱਲ ਦਾ?' ਮੁਸਕਰਾਏ ਕਿਹਾ, 'ਮੁਸੀਬਤਾਂ ਵਿਚ ਫਸਿਆ ਹਾਂ ਗ਼ੁਨਾਹਾਂ ਵਿਚ ਤਾਂ ਨਹੀਂ। ਮੁਸੀਬਤ ਆਉਂਦੀ ਹੈ ਫਿਰ ਚਲੀ ਵੀ ਜਾਂਦੀ ਹੈ। ਗੁਨਾਹ ਤਾਂ ਅਗਲੇ ਜਹਾਨ ਤੱਕ ਨਾਲ ਜਾਂਦੇ ਹਨ।'
ੲ ਰਾਬਿੰਦਰਨਾਥ ਟੈਗੋਰ ਦੇ ਬੋਲ
ਤੂੰ ਜ਼ਖਮ ਦਿੱਤੇ ਪਿਤਾ,
ਮੈਂ ਤੇਰਾ ਸ਼ੁਕਰਾਨਾ ਕੀਤਾ।
ਜ਼ਖਮ ਰਾਜ਼ੀ ਹੋਏ,
ਮੈਂ ਤੇਰਾ ਸ਼ੁਕਰਾਨਾ ਕੀਤਾ।
ਤੇਰੇ ਅੱਗੇ ਬੇਨਤੀ ਹੈ ਮੇਰੀ ਇਕ।
ਰਾਜ਼ੀ ਹੋਏ ਜ਼ਖਮਾਂ ਦੇ ਨਿਸ਼ਾਨ ਤਾਂ,
ਦੇਖ ਲਏਂਗਾ ਇਕ ਵਾਰ?

-ਹਰਪਾਲ ਸਿੰਘ ਪੰਨੂ
ਮੋਬਾਈਲ : 94642-51454.

ਐਡਮਿੰਟਨ (ਕੈਨੇਡਾ) ਦਾ ਇਕ ਮਿਊਂਸਪਲ ਪਾਰਕ

ਮਹੀਨਾ ਕੁ ਹੋਇਆ, ਕੈਨੇਡਾ ਦੇਸ਼ 2 ਮਹੀਨੇ ਭਰਮਣ ਕੀਤਾ। ਮੌਸਮ ਖ਼ੁਸ਼ਗਵਾਰ ਸੀ, ਖ਼ੂਬ ਹਰਿਆਵਲ ਅਤੇ ਦਿਲਕਸ਼ ਨਜ਼ਾਰੇ ਵੇਖਣ ਨੂੰ ਮਿਲੇ।
ਅੱਜ ਤੁਹਾਨੂੰ ਇਸ ਦੇ ਐਡਮਿੰਟਨ ਸ਼ਹਿਰ ਦੇ ਲੂਈਸ ਮੈਕਕਿਨੀ ਪਾਰਕ (:ਰਚਤਕ $ਫ. ਾਂਜਅਅਕਖ ૿਼ਗਾ) ਦੀ ਗੇੜੀ ਲਗਵਾਉਂਦਾ ਹਾਂ। ਇਹ ਮਿਊਂਸਪਲ ਪਾਰਕ ਸੈਸਕੈਚਵਾਨ (ਛ਼ਤਾ਼ਵਫੀਕਮ਼ਅ) ਦਰਿਆ ਦੇ ਕਿਨਾਰੇ 1998 'ਚ ਵਿਉਂਤਬੰਦੀ ਕਰ ਕੇ ਬਣਾਇਆ ਗਿਆ। ਜਿਸ ਔਰਤ ਦੇ ਨਾਂਅ 'ਤੇ ਇਹ ਪਾਰਕ ਬਣਾਇਆ ਗਿਆ, ਉਸ ਦਾ ਜਨਮ ਅਤੇ ਮੁਢਲਾ ਜੀਵਨ ਪੇਂਡੂ ਮਾਹੌਲ 'ਚ ਬੀਤਿਆ। ਔਰਤਾਂ ਦੇ ਹੱਕ 'ਚ ਖੂਬ ਆਵਾਜ਼ ਬੁਲੰਦ ਕੀਤੀ, ਆਲਮੀ ਅੰਗਰੇਜ਼ ਹਕੂਮਤ ਦੌਰਾਨ ਉਹ ਪਹਿਲੀ ਮਹਿਲਾ ਸੀ, ਜਿਸ ਨੇ ਪਾਰਲੀਮੈਂਟ ਦੀ ਸੀਟ 1929 'ਚ ਜਿੱਤੀ। ਇਸ ਪਾਰਕ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਧਰਤੀ ਦੇ 13 ਹੈਕਟੇਅਰ ਟੁਕੜੇ 'ਤੇ ਇਹ ਪਾਰਕ ਬਣਾਇਆ ਗਿਆ, ਉਥੇ ਕੂੜਾ ਡੰਪ ਕੀਤਾ ਜਾਂਦਾ ਸੀ।
ਕਤਾਰ 'ਚ ਲਾਈਟਾਂ ਲਗਾ ਕੇ ਪੁਲ ਦੇ ਦੁਆਲੇ ਰੁੱਖ ਜੋ ਪਹਿਲਾਂ ਹਰੇ-ਭਰੇ ਸਨ, ਦੋ ਮਹੀਨੇ ਬਾਅਦ ਆਉਣ ਲੱਗਿਆਂ ਵੇਖੇ ਤਾਂ ਉਨ੍ਹਾਂ ਦਾ ਰੰਗ ਤਾਂਬੇ ਰੰਗਾ ਹੋ ਗਿਆ ਸੀ। ਬਾਅਦ 'ਚ ਬਰਫ਼ਬਾਰੀ 'ਚ ਕਈ ਰੁੱਖ 'ਨਿਰ-ਵਸਤਰ' ਭਾਵ ਪੱਤਾ ਰਹਿਤ ਹੋ ਜਾਂਦੇ ਹਨ ਅਤੇ ਮੌਸਮ-ਏ-ਬਹਾਰ 'ਚ ਫੇਰ ਹਰੇ-ਭਰੇ ਹੋ ਜਾਂਦੇ ਹਨ। ਵਾਹ ਤੇਰੀ ਕੁਦਰਤ ਰੱਬਾ।

ਈਮੇਲ : dosanjhsps@yahoo.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX