ਤਾਜਾ ਖ਼ਬਰਾਂ


ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  about 2 hours ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  about 2 hours ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 3 hours ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  about 3 hours ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  about 3 hours ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  about 3 hours ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  about 4 hours ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਨਕਸਲੀਆਂ ਨਾਲ ਮੁੱਠਭੇੜ 'ਚ ਐੱਸ.ਟੀ.ਐੱਫ ਦੇ 2 ਜਵਾਨ ਜ਼ਖਮੀ
. . .  about 4 hours ago
ਰਾਏਪੁਰ, 21 ਫਰਵਰੀ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨਾਲ ਮੁੱਠਭੇੜ 'ਚ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਦੇ 2 ਜਵਾਨ ਜ਼ਖਮੀ ਹੋ...
ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 220 ਥਾਵਾਂ 'ਤੇ ਸਿੱਖਿਆ ਸਕੱਤਰ ਦੇ ਪੁਤਲੇ ਜਲਾਏ ਜਾਣ ਦਾ ਫ਼ੈਸਲਾ
. . .  about 4 hours ago
ਸੰਗਰੂਰ, 21 ਫਰਵਰੀ (ਧੀਰਜ ਪਸ਼ੋਰੀਆ)- ਅਧਿਆਪਕ ਸੰਘਰਸ਼ ਕਮੇਟੀ ਨੇ ਪੂਰੀਆਂ ਤਨਖ਼ਾਹਾਂ 'ਤੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕੋਝੇ ਹੱਥ ਕੰਡੇ ਵਰਤ ਕੇ ਅਧਿਆਪਕ ਵਰਗ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਲੂ ਦੇ ਮੁੱਖ ਕੀੜਿਆਂ ਅਤੇ ਬਿਮਾਰੀਆਂ ਦੀ ਸਰਬਪੱਖੀ ਰੋਕਥਾਮ

ਆਲੂ ਦੀ ਬਿਜਾਈ ਲਗਪਗ 125 ਦੇਸ਼ਾਂ ਵਿਚ ਕੀਤੀ ਜਾਂਦੀ ਅਤੇ ਰੋਜ਼ਾਨਾਂ ਹੀ ਇਕ ਅਰਬ ਤੋਂ ਵੱਧ ਲੋਕ ਆਲੂ ਦੀ ਖਪਤ ਕਰਦੇ ਹਨ। ਵਿਕਾਸਸ਼ੀਲ ਦੇਸ਼ਾਂ ਦੇ ਅਣਗਿਣਤ ਲੋਕ ਆਪਣੇ ਭੋਜਨ ਲਈ ਆਲੂ 'ਤੇ ਹੀ ਨਿਰਭਰ ਕਰਦੇ ਹਨ। ਆਲੂ ਦੀ ਫ਼ਸਲ ਦਾ ਕਣਕ, ਝੋਨਾ, ਮੱਕੀ ਅਤੇ ਜੌਂ ਤੋਂ ਬਾਅਦ ਸੰਸਾਰ ਭਰ ਵਿਚ ਪੰਜਵਾਂ ਸਥਾਨ ਹੈ। ਜ਼ਿਆਦਾਤਰ ਆਲੂ ਦੀ ਖੇਤੀ ਠੰਢੀਆਂ ਰਾਤਾਂ ਅਤੇ ਚੋਖੀ ਧੁੱਪ ਵਾਲੇ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਸੇਂਜੂ ਅਤੇ ਚੰਗੇ ਜਲ ਨਿਕਾਸ ਵਾਲੀ ਪੋਲੀ ਮੈਰਾ, ਭੁਰਭਰੀ ਕੱਲਰ ਰਹਿਤ ਮੈਰਾ ਜ਼ਮੀਨ ਆਲੂ ਦੀ ਖੇਤੀ ਵਾਸਤੇ ਜ਼ਿਆਦਾ ਢੁੱਕਵੀਂ ਹੈ। ਆਲੂ ਪੰਜਾਬ ਵਿਚ ਸਬਜ਼ੀਆਂ ਦੀ ਇਕ ਮੁੱਖ ਫ਼ਸਲ ਹੈ, ਜਿਸ 'ਤੇ ਕਈ ਪ੍ਰਕਾਰ ਦੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ। ਇਨ੍ਹਾਂ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਇਸ ਫ਼ਸਲ ਦੇ ਉਤਪਾਦਨ ਨੂੰ ਸੀਮਿਤ ਕਰਨ ਦਾ ਮੁੱਖ ਕਾਰਣ ਹੈ। ਇਕ ਪੁਰਾਣੀ ਕਹਾਵਤ ਹੈ ਕਿ 'ਆਲੂ ਦੇ ਡੋਬੇ ਨੂੰ ਆਲੂ ਹੀ ਤਾਰਦਾ ਹੈ।' ਇਸ ਕਰਕੇ ਇਨ੍ਹਾਂ ਕੀੜੇ ਅਤੇ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਆਲੂ ਉਤਪਾਦਕਾਂ ਨੂੰ ਬਚਾਉਣ ਲਈ ਅਸੀਂ ਇਸ ਲੇਖ ਵਿਚ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਾਂ।
ੳ) ਮੁੱਖ ਕੀੜੇ : ਚੋਰ ਸੁੰਡੀ (ਕਟ ਵਰਮ) : ਇਸ ਕੀੜੇ ਦੀ ਤਿਤਲੀ ਦਰਮਿਆਨੇ ਅਕਾਰ ਦੀ (22-26 ਮਿਲੀਮੀਟਰ) ਦੀ ਹੁੰਦੀ ਹੈ ਅਤੇ ਤਿਤਲੀ ਦੇ ਖੰਭ ਕਰੀਮ ਰੰਗ ਦੇ ਹੁੰਦੇ ਹਨ। ਇਸ ਕਾਲੇ ਰੰਗ ਦੀ ਸੁੰਡੀ ਦੀ ਲੰਬਾਈ ਲਗਪਗ 40-48 ਮਿਲੀਮੀਟਰ ਹੁੰਦੀ ਹੈ। ਸੁੰਡੀਆਂ ਹਮੇਸ਼ਾ ਹੀ ਰਾਤ ਦੇ ਸਮੇਂ ਬੂਟਿਆਂ ਅਤੇ ਬਣ ਰਹੇ ਆਲੂਆਂ ਦਾ ਨੁਕਸਾਨ ਕਰਦੀਆਂ ਹਨ। ਹਮਲੇ ਦੇ ਸ਼ੁਰੂ ਵਿਚ ਇਹ ਸੁੰਡੀਆਂ ਪੌਦੇ ਦੇ ਤਣੇ ਨੂੰ ਜ਼ਮੀਨ ਦੇ ਪੱਧਰ ਤੋਂ ਕੱਟ ਦਿੰਦੀਆਂ ਹਨ ਅਤੇ ਬਾਅਦ ਵਿਚ ਪੌਦੇ ਦੇ ਸਾਰੇ ਹਿੱਸਿਆਂ ਨੂੰ ਖਾ ਜਾਂਦੀਆਂ ਹਨ। ਬਿਜਾਈ ਤੋਂ 20-25 ਦਿਨਾਂ ਬਾਅਦ ਬਣੇ ਹੋਏ ਆਲੂਆਂ ਵਿਚ ਸੁੰਡੀਆਂ ਮੋਰੀਆਂ ਕਰਕੇ ਆਲੂ ਨੂੰ ਨਸ਼ਟ ਕਰ ਦਿੰਦੀਆਂ ਹਨ।
ਸਰਬਪੱਖੀ ਰੋਕਥਾਮ : ਇਕ ਲਿਟਰ ਕਲੋਰਪਾਈਰੀਫਾਸ 20 ਈ. ਸੀ. ਪ੍ਰਤੀ ਏਕੜ 400 ਲਿਟਰ ਪਾਣੀ ਮਿਲਾ ਕੇ ਪੌਦਿਆਂ ਦੇ ਆਲੇ-ਦੁਆਲੇ ਵੱਟਾਂ ਉਤੇ ਛਿੜਕਾਅ ਕਰੋ।
ਤੇਲਾ/ਚੇਪਾ: ਇਹ ਛੋਟੇ ਪੀਲੇ ਨਰਮ-ਸਰੀਰ ਵਾਲੇ ਪਿਲਪਲੇ ਕੀੜੇ ਹੁੰਦੇ ਹਨ ਅਤੇ ਇਨ੍ਹਾਂ ਦੇ ਬਾਲਗ ਲਗਪਗ 1.0 ਮਿਲੀਮੀਟਰ ਲੰਬੇ ਹੁੰਦੇ ਹਨ। ਇਨ੍ਹਾਂ ਦੇ ਪੇਟ ਦੇ ਉਪਰਲੇ ਪਾਸੇ ਦੋ ਕੰਢੇ ਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕੌਰਨੀਕਲ ਕਿਹਾ ਜਾਂਦਾ ਹੈ। ਇਹ ਕੀੜੇ ਪੌਦੇ ਦੇ ਵੱਖ-ਵੱਖ ਹਿੱਸਿਆਂ ਵਿਚੋਂ ਰਸ ਚੂਸਦੇ ਹਨ, ਜਿਸ ਕਾਰਨ ਪੱਤੇ ਪੀਲੇ ਹੋ ਕੇ ਝੜਨ ਲੱਗ ਪੈਂਦੇ ਹਨ ਅਤੇ ਪੌਦੇ ਦਾ ਵਾਧਾ ਰੁਕ ਜਾਂਦਾ ਹੈ। ਗੰਭੀਰ ਹਮਲੇ ਦੀ ਸੂਰਤ ਵਿਚ ਸਾਰਾ ਪੌਦਾ ਹੀ ਝੁਲਸਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੀੜੇ (ਤੇਲਾ ਅਤੇ ਚੇਪਾ) ਵਿਸ਼ਾਣੂ ਰੋਗ (ਮੌਜੇਕ ਅਤੇ ਆਲੂ ਦਾ ਗੁੱਛ-ਮੁੱਛਾ ਰੋਗ) ਵੀ ਫੈਲਾਉਂਦੇ ਹਨ ਅਤੇ ਬੀਜ ਦੀ ਕੁਆਲਿਟੀ ਵੀ ਘਟਾਉਂਦੇ ਹਨ। ਇਨ੍ਹਾਂ ਦੇ ਸਰੀਰ ਦਾ ਮਲ-ਮੂਤਰ ਪੱਤਿਆਂ ਉੱਪਰ ਚਿਪਕ ਜਾਂਦਾ ਹੈ, ਜਿਸ ਕਰਕੇ ਪੱਤਿਆਂ ਉੱਪਰ ਬਾਅਦ ਵਿਚ ਕਾਲੇ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ ਅਤੇ ਪੌਦੇ ਨੂੰ ਧੁੱਪ ਤੋਂ ਮਿਲਣ ਵਾਲੀ ਖੁਰਾਕ ਪ੍ਰਭਾਵਿਤ ਹੋ ਜਾਂਦੀ ਹੈ। ਸਿੱਟੇ ਵੱਜੋਂ ਫ਼ਸਲ ਦਾ ਝਾੜ ਘੱਟ ਜਾਂਦਾ ਹੈ।
ਸਰਬਪੱਖੀ ਰੋਕਥਾਮ : ਜਿਉਂ ਹੀ ਫ਼ਸਲ ਉੱਪਰ ਇਹ ਕੀੜੇ ਨਜ਼ਰ ਆਉਣ ਤਾਂ ਇਨ੍ਹਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਫ਼ਸਲ 'ਤੇ 10 ਦਿਨ ਦੇ ਫਰਕ ਨਾਲ 300 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੌਏਟ) ਜਾਂ ਮੈਟਾਸਿਸਟਾਕਸ 25 ਈ ਸੀ (ਆਕਸੀਡੈਮੇਟੋਨ ਮੀਥਾਈਲ) ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਬੀਜ ਲਈ ਬੀਜੀ ਫ਼ਸਲ ਉੱਪਰ 5 ਕਿਲੋ ਥਿਮਟ 10 ਜੀ (ਫੋਰੇਟ) ਪ੍ਰਤੀ ਏਕੜ ਫ਼ਸਲ ਨੂੰ ਮਿੱਟੀ ਚਾੜਨ ਸਮੇਂ ਪਾ ਦਿਓ। ਇਸ ਪਿੱਛੋਂ ਕਿਸੇ ਕੀੜੇਮਾਰ ਦਵਾਈ ਦੇ ਛਿੜਕਾਅ ਦੀ ਲੋੜ ਨਹੀਂ ਰਹੇਗੀ।
ਮੈਟਾਸਿਸਟਾਕਸ ਜਾਂ ਰੋਗਰ ਨੂੰ ਆਲੂ ਪੁੱਟਣ ਦੇ 3 ਹਫ਼ਤੇ ਦੇ ਅੰਦਰ ਸਪਰੇਅ ਨਾ ਕਰੋ। ਖਾਣ ਵਾਲੀ ਫ਼ਸਲ ਉਤੇ ਥਿਮਟ ਦੀ ਵਰਤੋਂ ਨਾ ਕਰੋ।
ਅ) ਬਿਮਾਰੀਆਂ : ਪਿਛੇਤਾ ਝੁਲਸ ਰੋਗ: ਪਿਛੇਤੇ ਝੁਲਸ ਰੋਗ ਦਾ ਹੱਲਾ ਆਲਅੂਾਂ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਜੇਕਰ ਇਸ ਦਾ ਹਮਲਾ ਆਲੂ ਬਣਨ ਤੋਂ ਪਹਿਲਾਂ ਹੋ ਜਾਵੇ ਤਾਂ ਸਾਡੇ ਆਲੂ ਉਤਪਾਦਕਾਂ ਦਾ 80 ਤੋਂ 90 ਪ੍ਰਤੀਸ਼ਤ ਤੱਕ ਝਾੜ ਦਾ ਨੁਕਸਾਨ ਹੋ ਜਾਂਦਾ ਹੈ। ਇਹ ਬਿਮਾਰੀ ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਅਤੇ ਰੋਪੜ ਦੇ ਜ਼ਿਲ੍ਹਿਆਂ ਵਿਚ ਜ਼ਿਆਦਾ ਨੁਕਸਾਨ ਕਰਦੀ ਹੈ। ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੋਗਾ ਅਤੇ ਸੰਗਰੂਰ ਆਦਿ ਜ਼ਿਲ੍ਹਿਆਂ ਵਿਚ ਇਸ ਬਿਮਾਰੀ ਦਾ ਹਮਲਾ ਦਰਮਿਆਨਾ ਜਾਂ ਘੱਟ ਹੁੰਦਾ ਹੈ। (ਚਲਦਾ)


-ਹਰਪਾਲ ਸਿੰਘ ਰੰਧਾਵਾ
ਖੇਤੀ ਖੋਜ ਕੇਂਦਰ, ਗੁਰਦਾਸਪੁਰ
ਮੋਬਾਈਲ : 88720-03010


ਖ਼ਬਰ ਸ਼ੇਅਰ ਕਰੋ

ਖੇਤੀ ਸਹਾਇਕ ਫ਼ਸਲਾਂ ਦਾ ਹੋਵੇ ਉਚਿਤ ਮੰਡੀਕਰਨ

ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਮੁੱਖ ਫ਼ਸਲਾਂ ਦੇ ਨਾਲ-ਨਾਲ ਸਹਾਇਕ ਫ਼ਸਲਾਂ, ਸਬਜ਼ੀਆਂ ਦੀ ਕਾਸ਼ਤ, ਬਾਗ਼ਬਾਨੀ ਅਤੇ ਹੋਰ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਖੇਤੀ ਸਹਾਇਕ ਧੰਦੇ ਕਿਸਾਨ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਚੰਗੀ ਗੱਲ ਹੈ ਕਿ ਕਿਸਾਨ ਨੂੰ ਨਿਰ੍ਹਾ-ਪੁਰਾ ਆਪਣੀ ਛਿਮਾਹੀ ਫ਼ਸਲ 'ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਨਾਲ-ਨਾਲ ਕੁਝ ਕੁ ਸਹਾਇਕ ਧੰਦੇ ਜ਼ਰੂਰ ਅਪਣਾਉਣੇ ਚਾਹੀਦੇ ਹਨ। ਇਹ ਕਿੱਤੇ ਜਿੱਥੇ ਉਸ ਦੀਆਂ ਨਿੱਜੀ ਲੋੜਾਂ ਨੂੰ ਪੂਰਾ ਕਰਦੇ ਹਨ, ਉਥੇ ਉਸ ਨੂੰ ਆਰਥਿਕ ਪੱਖੋਂ ਵੀ ਕੁਝ ਨਾ ਕੁਝ ਹਲੂਣਾ ਜ਼ਰੂਰ ਦਿੰਦੇ ਹਨ। ਇਸ ਨਾਲ ਉਸ ਦਾ ਰੁਝੇਵਾਂ ਬਣਿਆ ਰਹਿੰਦਾ ਹੈ ਅਤੇ ਰੁੱਝੇ ਹੋਣ 'ਚ ਕੋਈ ਵੀ ਬੁਰਾਈ ਨਹੀ ਹੁੰਦੀ। ਸਿਆਣੇ ਕਹਿੰਦੇ ਹਨ ਕਿ ਸਾਰਥਿਕ ਰੁੱਝੇ ਹੋਣ ਨਾਲ ਪੈਸੇ ਆਉਂਦੇ ਹਨ, ਸਮਾਂ ਸਹੀ ਲੰਘਦਾ ਹੈ ਅਤੇ ਕੰਮ ਕਰਕੇ ਬੰਦੇ ਨੂੰ ਮਾਨਸਿਕ ਤੌਰ 'ਤੇ ਵੀ ਤਸੱਲੀ ਅਤੇ ਖ਼ੁਸ਼ੀ ਮਹਿਸੂਸ ਹੁੰਦੀ ਹੈ। ਦੂਜੇ ਪਾਸੇ ਅੱਤ ਦੀ ਮਹਿੰਗਾਈ ਦੇ ਜ਼ਮਾਨੇ 'ਚ ਅਜੋਕਾ ਸਮਾਂ ਇਹ ਵੀ ਮੰਗ ਕਰਦਾ ਹੈ ਕਿ ਹਰ ਧੰਦੇ 'ਤੇ ਖ਼ਰਚਾ ਆਉਂਦਾ ਹੈ, ਮਿਹਨਤ ਹੁੰਦੀ ਹੈ, ਐਨਰਜੀ ਲੱਗਦੀ ਹੈ। ਕੰਮ ਕਰਨ ਵਾਲੇ ਨੂੰ ਉਸ ਦੀ ਲਾਗਤ ਖ਼ਰਚੇ ਦੇ ਹਿਸਾਬ ਨਾਲ ਮੁਨਾਫ਼ਾ ਜ਼ਰੂਰ ਹੋਣਾ ਚਾਹੀਦਾ ਹੈ। ਪਰ ਸਾਡੇ ਦੇਸ਼ ਦਾ ਇਹ ਦੁਖ਼ਾਂਤਕ ਪਹਿਲੂ ਹੈ ਕਿ ਇੱਥੇ ਮੁੂਲ ਕਾਸ਼ਤਕਾਰ ਨੂੰ ਓਨਾ ਮੁਨਾਫ਼ਾ ਹਾਸਲ ਨਹੀਂ ਹੁੰਦਾ, ਜਿੰਨਾਂ ਕਿ ਉਸ ਦੇ ਦੁਆਰਾ ਤਿਆਰ ਕੀਤੀ ਗਈ ਕਾਸ਼ਤ ਨੂੰ ਅੱਗੇ ਸੇਲ ਕਰਨ ਵਾਲੇ ਹਾਸਲ ਕਰ ਜਾਂਦੇ ਹਨ। ਫ਼ਰਜ਼ੀ ਤੌਰ 'ਤੇ ਖੇਤੀ ਸਹਾਇਕ ਧੰਦਾ ਹੈ-ਪਸ਼ੂ ਪਾਲਣਾ। ਪਸ਼ੂ ਮਹਿੰਗੇ ਹਨ। ਉਨ੍ਹਾਂ ਦੀ ਮਾਮੂਲੀ ਬਿਮਾਰੀ 'ਤੇ ਵੀ ਕਾਫ਼ੀ ਜ਼ਿਆਦਾ ਪੈਸੇ ਖ਼ਰਚ ਹੋ ਜਾਂਦੇ ਹਨ। ਉਨ੍ਹਾਂ ਨੂੰ ਪਾਲਣਾ, ਸਾਂਭ-ਸੰਭਾਲ ਕਰਨਾ ਔਖਾ ਕੰਮ ਹੈ, ਕਿਉਂ ਜੋ ਅੱਜਕਲ੍ਹ ਹਰੇਕ ਚੀਜ਼ ਮੁੱਲ ਦੀ ਬਣ ਗਈ ਹੈ। ਦੁਧਾਰੂ ਪਸ਼ੁੁੁੁੁੁੁੁੁੁੁੁੁੁੁੁੁੁੁੂਆਂ ਤੋਂ ਦੁੱਧ ਹਾਸਲ ਕਰਨ ਲਈ ਖ਼ੁਰਾਕ 'ਤੇ ਕਾਫ਼ੀ ਜ਼ਿਆਦਾ ਖ਼ਰਚਾ ਆ ਜਾਂਦਾ ਹੈ। ਉਸ ਦੇ ਮੁਕਾਬਲੇ ਦੁੱਧ ਵੇਚਣ ਵਾਲੇ ਨੂੰ ਉਹ ਭਾਅ ਨਹੀਂ ਮਿਲਦਾ, ਜਿਸ ਦਾ ਕਿ ਉਹ ਹੱਕਦਾਰ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਸੂਬੇ ਦੇ ਬਹੁਤੇ ਕਿਸਾਨਾਂ ਨੇ ਪਸ਼ੂ ਪਾਲਣੇ ਘਟਾ ਦਿੱਤੇ ਹਨ ਜਾਂ ਉੱਕਾ ਹੀ ਛੱਡ ਦਿੱਤੇ ਹਨ ਅਤੇ ਉਹ ਖ਼ੁਦ ਦੁੱਧ ਮੁੱਲ ਲੈਣ ਵਾਲਿਆਂ ਦੀ ਕਤਾਰ 'ਚ ਸ਼ਾਮਿਲ ਹੁੰਦੇ ਜਾ ਰਹੇ ਹਨ। ਇਵੇਂ ਹੀ ਸਬਜ਼ੀਆਂ ਦੀ ਕਾਸ਼ਤ ਦੀ ਗੱਲ ਕਰਦੇ ਹਾਂ। ਜੇਕਰ ਸਬਜ਼ੀਆਂ ਦੀ ਕਾਸ਼ਤ ਥੋੜ੍ਹੇ ਲੋਕ ਕਰਦੇ ਹਨ ਤਾਂ ਇਹ ਲਾਹੇਵੰਦ ਧੰਦਾ ਬਣ ਜਾਂਦਾ ਹੈ, ਪਰ ਜਦੋਂ ਬਹੁਤੇ ਲੋਕ ਕਰਦੇ ਹਨ ਤਾਂ ਇਹ ਘਾਟੇਵੰਦ ਸੌਦਾ ਬਣ ਜਾਂਦਾ ਹੈ। ਸਿਆਲਾਂ ਦੇ ਦਿਨਾਂ 'ਚ ਗੋਭੀ, ਮੂਲੀਆਂ ਅਤੇ ਹੋਰਾਂ ਚੀਜ਼ਾਂ ਦੀ ਕਾਸ਼ਤ ਕਰਨ ਵਾਲੇ ਰੁਲਣ ਲੱਗ ਜਾਂਦੇ ਹਨ। ਪਿੱਛੇ ਜਿਹੇ ਲਾਲ ਟਮਾਟਰ ਵੇਚਣ ਵਾਲਿਆਂ ਨੂੰ ਭਾਅ 'ਚ ਗਿਰਾਵਟ ਆ ਜਾਣ ਕਾਰਨ ਕਾਫ਼ੀ ਮੰਦੇ ਦਾ ਸ਼ਿਕਾਰ ਹੋਣਾ ਪਿਆ। ਆਲੂਆਂ ਦੇ ਕਾਸ਼ਤਕਾਰਾਂ ਨੂੰ ਅਕਸਰ ਹੀ ਪੂਰਾ ਭਾਅ ਨਹੀਂ ਮਿਲਦਾ ਅਤੇ ਇਸ ਦੇ ਕਾਸ਼ਤਕਾਰਾਂ ਨੂੰ ਮਜ਼ਬੂਰਨ ਸੜਕਾਂ 'ਤੇ ਨਿਕਲਣਾ ਪੈਂਦਾ ਹੈ। ਮੁੱਕਦੀ ਗੱਲ ਤਾਂ ਇਹ ਹੈ ਕਿ ਮੰਡੀ 'ਚ ਫ਼ਿਕਸ ਪ੍ਰਾਈਸ (ਬੱਝਵੀਂ ਕੀਮਤ) ਦੀ ਘਾਟ ਕਾਰਨ ਸਹਾਇਕ ਕਿੱਤਿਆਂ ਨੂੰ ਅਪਣਾਉਣ ਵਾਲਿਆਂ 'ਤੇ ਭਾਅ ਸਬੰਧੀ ਸਦਾ ਹੀ ਅਨਿਸ਼ਚਤਾ ਬਣੀ ਰਹਿੰਦੀ ਹੈ। ਖੇਤੀ ਸਹਾਇਕ ਕਿੱਤਿਆਂ ਦਾ ਉਚਿਤ ਮੰਡੀਕਰਨ ਅਤੇ ਭਾਅ ਹੋਣਾ ਲਾਜ਼ਮੀ ਹੈ।


-ਪਿੰਡ : ਸਿਰਸੜੀ, ਡਾਕ : ਔਲਖ, ਜ਼ਿਲ੍ਹਾ ਫ਼ਰੀਦਕੋਟ-151207.
ਸੰਪਰਕ : 98156-59110.

ਹੋਂਦ ਬਾਕੀ ਹੈ

ਸਾਡੀਆਂ ਬਹੁਤ ਸਾਰੀਆਂ ਪੁਰਾਤਨ ਵਸਤੂਆਂ ਆਪਣੀ ਉਮਰ ਪੁਗਾਅ ਚੁੱਕੀਆਂ ਹਨ। ਹਰ ਵਸਤੂ ਦੀ ਜਦ ਤੱਕ ਲੋੜ ਬਣੀ ਰਹੇਗੀ, ਉਹ ਵਧਦੀ-ਫੁੱਲਦੀ ਰਹੇਗੀ ਜਾਂ ਬਚੀ ਰਹੇਗੀ। ਬਦਲਦੇ ਸਮੇਂ ਨੇ ਬਹੁਤ ਸਾਰੀਆਂ ਚੀਜ਼ਾਂ, ਜਿਨ੍ਹਾਂ ਨੂੰ ਅਸੀਂ ਸੱਭਿਆਚਾਰਕ ਚਿੰਨ੍ਹਾਂ ਦੇ ਤੌਰ 'ਤੇ ਜਾਣਦੇ ਹਾਂ, ਅੱਜ ਆਮ ਵਰਤੋਂ ਵਿਚ ਨਹੀਂ ਰਹੀਆਂ ਹਨ, ਇਸੇ ਲਈ ਉਹ ਹੌਲੀ-ਹੌਲੀ ਅਲੋਪ ਹੋ ਗਈਆਂ ਹਨ ਜਾਂ ਹੋ ਰਹੀਆਂ ਹਨ। ਪਰ ਸਮੇਂ ਤੇ ਤਕਨਾਲੋਜੀ ਦੀ ਮਾਰ ਝੱਲ ਕੇ ਵੀ ਸਾਡੇ ਕੋਲ ਇੰਨੂ ਉਰਫ ਬਿੰਨੂ ਬਚਿਆ ਹੋਇਆ ਹੈ। ਇਹ ਪੰਜ ਤੋਂ ਸਤ ਇੰਚ ਦੇ ਆਕਾਰ ਦਾ ਰਿੰਗ ਸਾਰੀ ਦੁਨੀਆ ਵਿਚ ਵਰਤਿਆ ਜਾਂਦਾ ਹੈ। ਕੰਮਕਾਜੀ ਔਰਤਾਂ ਤੇ ਮਜ਼ਦੂਰਾਂ ਲਈ ਸਿਰ 'ਤੇ ਟੋਕਰੀ, ਤਸਲਾ ਜਾਂ ਘੜਾ ਟਿਕਾਉਣਾ ਬਹੁਤ ਆਸਾਨ ਕਰ ਦਿੰਦਾ ਹੈ। ਸ਼ੌਕੀਨ ਔਰਤਾਂ ਇਸ ਨੂੰ ਸ਼ਿੰਗਾਰ ਕੇ ਬਣਾਉਂਦੀਆਂ ਸਨ/ਹਨ। ਆਮ ਤੌਰ 'ਤੇ ਇਸ ਦੇ ਅੰਦਰ ਕਾਹੀ ਦਾ ਗੋਲਾ ਭਰਿਆ ਜਾਂਦਾ ਹੈ ਤੇ ਉੱਤੇ ਲੀਰਾਂ ਕੱਸ ਕਿ ਲਪੇਟੀਆਂ ਜਾਂਦੀਆਂ ਹਨ। ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਹੁਣ ਇਸ ਨੂੰ ਬਣਾਉਣ ਦੇ ਮੁਕਾਬਲੇ ਲਈ, ਵਿਸ਼ਵ ਵਿਦਿਆਲਿਆਂ ਤੇ ਕਾਲਜਾਂ ਵਿਚ ਵੀ ਸ਼ਾਮਿਲ ਕਰ ਲਿਆ ਗਿਆ ਹੈ। ਇਹ ਇਸ ਨਿਮਾਣੀ ਜਿਹੀ, ਭਾਰ ਸਹਿਣ ਵਾਲੀ ਵਸਤੂ ਦੀ ਹੋਂਦ ਕਾਇਮ ਰੱਖਣ ਵੱਲ ਇਕ ਸਾਰਥਿਕ ਕਦਮ ਹੈ।


-ਮੋਬਾ: 98159-45018

ਸਰਕਾਰ ਦੀ ਉਸਾਰੂ ਨੀਤੀ ਨਾ ਹੋਣ ਕਾਰਨ ਕਣਕ ਦੀ ਬਿਜਾਈ ਪਛੜੀ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਪੰਜਾਬ 'ਚ ਇਸ ਸਾਲ ਝੋਨੇ ਦੀ ਰਿਕਾਰਡ ਪੈਦਾਵਾਰ ਹੋਣ ਕਾਰਨ ਮੰਡੀਆਂ ਵਿਚ ਵਿਕਣ ਲਈ ਆਈ ਪੈਦਾਵਾਰ ਦੇ ਆਧਾਰ 'ਤੇ ਉਤਪਾਦਨ ਦਾ ਅਨੁਮਾਨ 188 ਲੱਖ ਟਨ ਦਾ ਹੈ ਜੋ ਰਿਕਾਰਡ ਹੀ ਹੋਵੇਗਾ। ਕਿਸਾਨਾਂ ਵਲੋਂ ਦਿੱਤੀਆਂ ਜਾ ਰਹੀਆਂ ਰਿਪੋਰਟਾਂ ਵੀ ਰਿਕਾਰਡ ਉਤਪਾਦਕਤਾ 'ਤੇ ਉਤਪਾਦਨ ਦੀ ਹਾਮੀ ਭਰਦੀਆਂ ਹਨ। ਉਂਜ ਝੋਨੇ ਦੀ ਰਹਿੰਦ-ਖੁੰਹਦ ਅਤੇ ਪਰਾਲੀ ਨੂੰ ਸਮੇਟਣ ਦਾ ਮਸਲਾ ਉਨ੍ਹਾਂ ਦੇ ਸਿਰ 'ਤੇ ਚੜ੍ਹਿਆ ਰਿਹਾ। ਦਿੱਲੀ ਦਾ ਵਾਤਾਵਰਨ ਧੂੰਆਂ ਤੇ ਧੁੰਦ ਨਾਲ ਗੰਭੀਰ ਰੂਪ 'ਚ ਪ੍ਰਦੂਸ਼ਿਤ ਹੋਣ ਕਾਰਨ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਦਿੱਤੇ ਗਏ ਆਦੇਸ਼ਾਂ ਦੇ ਆਧਾਰ 'ਤੇ ਸ਼ੁਰੂ-ਸ਼ੁਰੂ 'ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਪਦੂਸ਼ਣ ਕੰਟਰੋਲ ਬੋਰਡ ਵਲੋਂ ਕਿਸਾਨਾਂ 'ਤੇ ਸਖ਼ਤੀ ਕੀਤੀ ਗਈ ਭਾਵੇਂ ਕਿ ਇਸ ਦਾ ਕੋਈ ਸਥਾਈ ਹੱਲ ਨਹੀਂ ਦੱਸਿਆ ਗਿਆ। ਦਿੱਲੀ ਦੇ ਪ੍ਰਦੂਸ਼ਣ ਦੀ ਸਮੱਸਿਆ ਇਕੱਲੇ ਪੰਜਾਬ 'ਚ ਝੋਨੇ ਦੀ ਰਹਿੰਦ-ਖੁੰਹਦ ਜੋ 21 ਮਿਲੀਅਨ ਟਨ ਦੇ ਕਰੀਬ ਹੁੰਦੀ ਹੈ, ਕਾਰਨ ਹੀ ਨਹੀਂ ਸੀ। ਦਿੱਲੀ ਦੇ ਇਸ ਪ੍ਰਦੂਸ਼ਨ ਲਈ ਉੱਤਰ ਪੱਛਮ ਦੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਰਾਜ ਵੀ ਜ਼ਿੰਮੇਵਾਰ ਸਨ ਜਿਨ੍ਹਾਂ ਵਿਚ 13 ਮਿਲੀਅਨ ਟਨ ਦੇ ਕਰੀਬ ਝੋਨੇ ਦੀ ਰਹਿੰਦ-ਖੁੰਹਦ ਹੁੰਦੀ ਹੈ ਅਤੇ ਉਸ ਵਿਚੋਂ ਬਹੁਤੀ ਮਾਤਰਾ ਨੂੰ ਅੱਗ ਲਾਈ ਜਾਂਦੀ ਹੈ। ਇਸ ਤੋਂ ਇਲਾਵਾ ਖਾੜੀ ਦੇ ਇਰਾਕ, ਕੁਵੈਤ ਤੇ ਸਾਊਦੀ ਅਰਬ ਦੇ ਮੁਲਕਾਂ 'ਚ ਆਏ ਤੂਫ਼ਾਨ ਵੀ ਧੁਆਂਖੀ ਧੁੰਦ ਦਾ ਕਾਰਨ ਬਣੇ। ਦਿੱਲੀ ਤੇ ਐਨ ਸੀ ਆਰ ਇਨ੍ਹਾਂ ਸਾਰੇ ਰਾਜਾਂ ਦੀ ਧੁਆਂਖੀ ਧੁੰਦ ਤੋਂ ਪ੍ਰਭਾਵਿਤ ਹੁੰਦੇ ਹਨ। ਐਗਰੀਕਲਚਰ ਸਾਇੰਿਸਜ਼ ਦੀ ਨੈਸ਼ਨਲ ਅਕੈਡਮੀ ਵੱਲੋਂ ਮਾਹਿਰਾਂ ਦੀਆਂ ਮੀਟਿੰਗਾਂ ਕਰਕੇ ਕੁਝ ਸੁਝਾਅ ਦਿੱਤੇ ਗਏ ਅਤੇ ਭਾਰਤ ਸਰਕਾਰ ਦੀਆਂ ਭੌਇੰ ਦੀ ਸਿਹਤ 'ਚ ਸੁਧਾਰ ਲਿਆਉਣ, ਸਿੰਜਾਈ ਦੀ ਤੁਪਕਾ ਵਿਧੀ ਨਾਲ ਵਧੇਰੇ ਫ਼ਸਲ ਲੈਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਮੌਸਮ ਦੇ ਜੋਖ਼ਮ ਘੱਟ ਕਰਨ ਸਬੰਧੀ ਚੱਲ ਰਹੀਆਂ ਸਕੀਮਾਂ ਨਾਲ ਵੀ ਇਸ ਅਕੈਡਮੀ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਪੂਰਾ ਕੀਤਾ ਗਿਆ। ਇਨ੍ਹਾਂ ਸੁਝਾਵਾਂ ਵਿਚ ਕੰਬਾਈਨਾਂ ਦੇ ਐਸ ਐਮ ਐਸ (ਸਟਰਾਅ ਮੈਨੇਜਮੈਂਟ ਸਿਸਟਮ) ਲਾਉਣਾ, ਟਰਬੋ ਹੈਪੀ ਸੀਡਰਾਂ ਦੀ ਵਰਤੋਂ ਅਤੇ ਪਿੰਡਾਂ 'ਚ ਸਥਾਪਿਤ ਕੀਤੇ ਗਏ ਕਿਸਾਨ ਸੇਵਾ ਕੇਂਦਰਾਂ ਰਾਹੀਂ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਰੋਟਾਵੇਟਰ, ਤੇ ਹੈਪੀ ਸੀਡਰ ਉਪਲਬਧ ਕਰਨ, ਆਦਿ ਦੇ ਸੁਝਾਅ ਦਿੱਤੇ ਗਏ। ਪੰਜਾਬ ਵਿਚ ਇਨ੍ਹਾਂ ਸਾਰੇ ਸੁਝਾਵਾਂ ਨੂੰ ਅਮਲੀ ਰੂਪ 'ਚ ਲਿਆਉਣ ਦੇ ਉਪਰਾਲੇ ਕੀਤੇ ਗਏ ਪਰ ਇਨ੍ਹਾਂ ਵਿਚੋਂ ਕਿਸੇ ਵਿਧੀ ਨੂੰ ਵੀ ਅੱਗ ਲਾਉਣ ਦੀ ਪ੍ਰਥਾ ਬੰਦ ਕਰਨ ਵਿਚ ਸਫ਼ਲਤਾ ਨਹੀਂ ਮਿਲੀ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇ ਕੇਂਦਰ ਕਿਸਾਨਾਂ ਨੂੰ ਮਾਲੀ ਸਹਾਇਤਾ ਦੇਣ ਲਈ ਰਾਜ ਸਰਕਾਰ ਨੂੰ ਸਰਮਾਇਆ ਮੁਹੱਈਆ ਕਰ ਦਿੰਦਾ ਤਾਂ ਸ਼ਾਇਦ ਇਸ ਸਮੱਸਿਆ 'ਤੇ ਕਾਬੂ ਪਾ ਲਿਆ ਜਾਂਦਾ। ਇਕੱਲੇ ਪੰਜਾਬ ਦੀ 1500 ਕਰੋੜ ਰੁਪਏ ਦੀ ਮੰਗ ਸੀ। ਪੰਜਾਬ ਸਰਕਾਰ ਕੋਲ ਤਾਂ ਇਹ ਰਕਮ ਖ਼ਰਚ ਕਰਨ ਦੀ ਗੁੰਜਾਇਸ਼ ਹੀ ਨਹੀਂ ਸੀ ਪਰ ਕੇਂਦਰ ਸਰਕਾਰ ਨੇ ਇਹ ਕਹਿ ਕੇ ਕਿ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ ਨੂੰ ਤਿਲਾਂਜਲੀ ਦੇਣ ਲਈ ਕੇਂਦਰ ਕੋਲ ਕੋਈ ਸਕੀਮ ਨਹੀਂ ਜਿਸ ਵਿਚੋਂ ਇਮਦਾਦ ਦਿੱਤੀ ਜਾ ਸਕੇ, ਹੱਥ ਖੜ੍ਹੇ ਕਰ ਦਿੱਤੇ। ਜਦੋਂ ਗਰੀਨ ਟ੍ਰਿਬਿਊਨਲ ਕੋਲ ਪੰਜਾਬ ਦੇ ਕਿਸਾਨ ਆਗੂਆਂ ਤੇ ਕਿਸਾਨ ਸੰਸਥਾਵਾਂ ਨੇ ਆਪਣੀਆਂ ਮੁਸ਼ਕਿਲਾਂ ਰੱਖੀਆਂ ਤਾਂ ਟ੍ਰਿਬਿਊਨਲ ਵੀ ਆਪਣੇ ਆਦੇਸ਼ਾਂ ਦੀ ਪਾਲਣਾ ਕਰਾਉਣ ਸਬੰਧੀ ਢਿੱਲਾ ਪੈ ਗਿਆ। ਕਿਸਾਨ ਇਸ ਭੰਬਲਭੂਸੇ 'ਚ ਫ਼ਸੇ ਰਹੇ। ਉਹ ਵੱਖੋ ਵੱਖ ਵਿਧੀਆਂ ਨੂੰ ਵਰਤਣ ਦਾ ਉਪਰਾਲਾ ਵੀ ਕਰਦੇ ਰਹੇ। ਸਫ਼ਲਤਾ ਫੇਰ ਵੀ ਪ੍ਰਾਪਤ ਨਾ ਹੋਈ। ਮੌਸਮ ਦੀ ਕ੍ਰੋਪੀ ਨੇ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ 'ਚ ਪੂਰੀ ਰੁਕਾਵਟ ਪਾਈ। ਕਈ ਥਾਂਵਾਂ 'ਤੇ ਬਾਇਓ ਗੈਸ ਪਲਾਂਟਾਂ ਨੇ ਪਰਾਲੀ ਦੀਆਂ ਗੱਠਾਂ ਲੈਣ ਸਬੰਧੀ ਉਨ੍ਹਾਂ ਦਾ ਸ਼ੋਸ਼ਣ ਕੀਤਾ ਅਤੇ ਉਹ 1000 ਤੋਂ 1200 ਰੁਪਏ ਏਕੜ ਤੱਕ ਪਲਾਂਟਾਂ ਨੂੰ ਦੇਣ ਲਈ ਵੀ ਮਜਬੂਰ ਹੋ ਗਏ। ਕਿਸਾਨਾਂ ਨੇ ਹਾਰ ਕੇ ਰਹਿੰਦ-ਖੁੰਹਦ ਤੇ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਐਨ ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਨਸ਼ਮੰਦੀ ਦਿਖਾਉਂਦਿਆਂ ਸਰਕਾਰੀ ਅਦਾਰਿਆਂ ਨੂੰ ਇਸ ਮਸਲੇ 'ਚ ਢਿੱਲ ਕਰਨ ਦੇ ਆਦੇਸ਼ ਦਿੱਤੇ। ਬਦਲਵੀਆਂ ਵਿਧੀਆਂ ਲਈ ਲੇਬਰ ਦੀ ਵੀ ਲੋੜ ਪੈਂਦੀ ਸੀ। ਜੇ ਕਿਸਾਨ ਫ਼ਾਲਤੂ ਖ਼ਰਚਾ ਕਰਨ ਲਈ ਵੀ ਤਿਆਰ ਹੋ ਜਾਣ ਤਾਂ ਖੇਤ ਮਜ਼ਦੂਰ ਉਪਲਬਧ ਨਹੀਂ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਉਪਰਾਲਾ ਕਰ ਰਹੇ ਹਨ ਕਿ ਕਿਸਾਨ ਕਣਕ ਦੀਆਂ ਯੋਗ ਕਿਸਮਾਂ ਦੀ ਚੋਣ ਕਰ ਕੇ ਸਮੇਂ ਸਿਰ ਬਿਜਾਈ ਕਰ ਲੈਣ ਤੇ ਉਤਪਾਦਕਤਾ ਨਾ ਘਟਣ ਦੇਣ। ਉਨ੍ਹਾਂ ਨੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਪੱਬਾਂ ਭਾਰ ਕੀਤਾ ਹੋਇਆ ਹੈ। ਕਿਸਾਨਾਂ 'ਚ ਸਹਿਮ ਦੌੜ ਰਿਹਾ ਹੈ ਕਿ ਕਣਕ ਦੀ ਬਿਜਾਈ ਹੁਣ ਪਿਛੇਤੀ ਕਰਨ ਨਾਲ ਪ੍ਰਤੀ ਹੈਕਟੇਅਰ ਝਾੜ ਘਟੇਗਾ, ਜਿਸ ਨਾਲ ਉਨ੍ਹਾਂ ਦਾ ਮੁਨਾਫ਼ਾ ਪ੍ਰਭਾਵਿਤ ਹੋਵੇਗਾ। ਪ੍ਰੰਤੂ ਆਈ ਸੀ ਏ ਆਰ - ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਡਾ. ਕੇ ਵੀ ਪ੍ਰਭੂ ਅਤੇ ਭਾਰਤ ਸਰਕਾਰ ਦੀ ਆਈ ਸੀ ਏ ਆਰ - ਇੰਸਟੀਚਿਊਟ ਆਫ਼ ਵ੍ਹੀਟ ਰਿਸਰਚ ਦੇ ਡਾਇਰੈਕਟਰ ਡਾ. ਜੀ ਪੀ ਸਿੰਘ ਅਨੁਸਾਰ ਕਣਕ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਹਨ ਜਿਨ੍ਹਾਂ ਦੀ ਆਦਰਸ਼ਕ ਬਿਜਾਈ ਹੀ 15 ਨਵੰਬਰ ਤੋਂ 25-30 ਨਵੰਬਰ ਤੱਕ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਡਰ ਹਟਾ ਕੇ ਪੂਰੇ ਜੋਸ਼ ਨਾਲ ਸਮੇਂ 'ਤੇ ਕਣਕ ਦੀ ਯੋਗ ਕਿਸਮ ਦੀ ਚੋਣ ਕਰ ਕੇ ਬਿਜਾਈ ਕਰ ਦੇਣੀ ਚਾਹੀਦੀ ਹੈ। ਝੋਨਾ-ਕਣਕ ਦੇ ਫ਼ਸਲੀ ਚੱਕਰ 'ਚ ਗੁੱਲੀ ਡੰਡਾ ਇਕ ਅਜਿਹਾ ਨਦੀਨ ਹੈ ਜੋ ਉਤਪਾਦਕਤਾ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ। ਕਿਸਾਨਾਂ ਨੂੰ ਇਸ ਨਦੀਨ 'ਤੇ ਕਾਬੂ ਪਾਉਣ ਲਈ ਸਮੇਂ ਸਿਰ ਕਾਰਵਾਈ ਕਰ ਲੈਣੀ ਚਾਹੀਦੀ ਹੈ।


ਮੋਬਾ: 98152-36307

ਖੁੰਬਾਂ ਦੀ ਖੇਤੀ ਜਾਂ ਪਰਾਲੀ ਦੀ ਯੋਗ ਵਰਤੋਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਟਨ ਖੁੰਬ : ਇਹ ਖੁੰਬ ਸਾਨੂੰ ਆਮ ਤੌਰ 'ਤੇ ਹਰੇਕ ਮੌਸਮ ਵਿਚ ਬਾਜ਼ਾਰਾਂ ਵਿਚ ਆਮ ਦੇਖਣ ਨੂੰ ਮਿਲਦੀ ਹੈ। ਇਹ ਖੁੰਬ ਦਿੱਖ ਪੱਖੌਂ ਸੱਭ ਤੋਂ ਸੋਹਣੀ ਹੁੰਦੀ ਹੈ, ਨਾਲੇ ਗੋਰੀ ਚਿੱਟੀ ਵੀ। ਅਸੀਂ ਅੰਗਰੇਜ਼ਾਂ ਦੇ ਮਾਨਸਿਕ ਪੱਖੋਂ ਅੱਜ ਵੀ ਗੁਲਾਮ ਹਾਂ। ਖ਼ੈਰ ਉਗਾਉਣ ਦੀ ਗੱਲ ਚੱਲ ਰਹੀ ਸੀ। ਬਟਨ ਖੁੰਬ ਨੂੰ ਉਗਾਉਣ ਲਈ ਸਭ ਤੋਂ ਪਹਿਲਾਂ ਕੰਪੋਸਟ ਤਿਆਰ ਕਰਨੀ ਪੈਂਦੀ ਹੈ। ਇਸ ਦੀ ਕੰਪੋਸਟ 28 ਤੋਂ 30 ਦਿਨਾਂ ਵਿਚ ਤਿਆਰ ਕੀਤੀ ਜਾ ਸਕਦੀ ਹੈ। ਮੌਸਮ ਦੇ ਮਿਜ਼ਾਜ਼ ਨੂੰ ਦੇਖਦੇ ਹੋਏ ਇਸ ਨੂੰ ਬੀਜਣ ਦੀ ਤਿਆਰੀ ਕਰਨੀ ਚਾਹੀਦੀ ਹੈ। ਕੰਪੋਸਟ ਬਣਨ ਤੋਂ ਬਾਅਦ ਜਦੋਂ ਬੀਜਣ ਲੱਗਦੇ ਹਾਂ ਉਸ ਸਮੇਂ ਮੌਸਮ ਗਰਮ ਨਹੀਂ ਹੋਣਾ ਚਾਹੀਦਾ। ਤਾਪਮਾਨ 18 ਤੋਂ 25 ਡਿਗਰੀ ਤਾਪਮਾਨ ਵਧੀਆ ਮੰਨਿਆ ਜਾਂਦਾ ਹੈ। ਕੰਪੋਸਟ ਤਿਆਰ ਕਰਨ ਲਈ ਸਭ ਤੋਂ ਪਹਿਲਾਂ 3 ਕੁਇੰਟਲ ਤੂੜੀ (ਜਾਂ 4 ਹਿਸੇ ਤੂੜੀ 1ਹਿੱਸਾ ਪਰਾਲੀ) ਨੂੰ ਪੱਕੇ ਫਰਸ਼ ਤੇ ਗਿੱਲਾ ਕਰੋ। ਉੱਪਰ ਸ਼ੈੱਡ ਹੋਣਾ ਜਰੂਰੀ ਹੈ। ਏਸ ਤੂੜੀ ਨੂੰ 24 ਤੋਂ 48 ਘੰਟੇ ਤੱਕ ਪੂਰਾ ਗਿੱਲਾ ਰੱਖੋ। ਏਸ ਵਿਚ ਨਮੀਂ ਦੀ ਮਾਤਰਾ 70ਤੋਂ 75% ਹੋਣੀ ਚਾਹੀਦੀ ਹੈ। ਨਮੀਂ ਦੀ ਮਾਤਰਾ ਚੈੱਕ ਕਰਨ ਲਈ ਜਦੋਂ ਗਿੱਲੀ ਤੂੜੀ ਨੂੰ ਮੁੱਠੀ ਵਿਚ ਲੈ ਕੇ ਘੁੱਟੋਗੇ ਤਾਂ ਪਾਣੀ ਦੀਆਂ ਬੂੰਦਾਂ ਉਂਗਲੀਆਂ ਦੇ ਜੋੜਾਂ ਵਿਚੋਂ ਟਪਕਣਗੀਆਂ। ਇਸ ਤਿਆਰ ਤੂੜੀ ਵਿਚ 1 ਕਿੱਲੋ ਡੀ.ਏ.ਵੀ, 6.5 ਕਿੱਲੋ ਯੂਰੀਆ, 3 ਕਿੱਲੋ ਸੁਪਰਫਾਸਫੇਟ, 15 ਕਿੱਲੋ ਚੋਕਰ (ਛਾਣ ਬੂਰਾ ) ਰਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਪਾਣੀ ਦਾ ਹਮੇਸ਼ਾ ਧਿਆਨ ਰੱਖੋ ਕਿ ਨਮੀਂ 70 ਫ਼ੀਸਦੀ ਤੋਂ ਘੱਟ 75 ਫ਼ੀਸਦੀ ਤੋਂ ਵੱਧ ਨਾ ਹੋਵੇ। ਇਸ ਢੇਰੀ ਨੂੰ 4 ਦਿਨ ਤੱਕ ਢੇਰ ਲਗਾ ਕੇ ਰੱਖੋ। ਚੌਥੇ ਦਿਨ 5 ਕਿੱਲੋ ਗੁੜ ਦਾ ਸੀਰਾ ਚੰਗੀ ਤਰ੍ਹਾਂ ਮਿਕਸ ਕਰੋ। ਢੇਰ ਲਗਾ ਦੇਵੋ। ਅੱਠਵੇਂ ਦਿਨ ਖਾਲੀ ਰਲਾ ਲਵੋ ਤੇ ਢੇਰ ਲਗਾਓ। 12ਵੇਂ ਦਿਨ 30 ਕਿੱਲੋ ਜਿਪਸਮ ਪਾਉ, ਮਿਕਸ ਕਰੋ ਤੇ ਢੇਰ ਲਗਾ ਦੇਵੋ। 16ਵੇਂ ਦਿਨ ਕੁਝ ਨਹੀਂ ਪਾਉਣਾ ਤੂੜੀ ਨੂੰ ਫਰੋਲ ਕੇ ਦੂਸਰੀ ਜਗਹ ਢੇਰੀ ਲਗਾਓ। 20ਵੇਂ ਦਿਨ 150ਮਿਲੀ ਲੀਟਰ ਫਿਊਰਡਮ ਮਿਲਾਓ। 24 ਵੇਂ ਦਿਨ ਤੂੜੀ ਨੂੰ ਚੰਗੀ ਤਰ੍ਹਾਂ ਫਰੋਲ ਕੇ ਦੁਬਾਰਾ ਢੇਰ ਲਗਾਉ ਕੁਝ ਨਹੀਂ ਪਾਉਣਾ। 28ਵੇਂ ਦਿਨ 60 ਮਿਲੀ. ਗਾਮਾ ਰਲਾ ਲਵੋ ਅਤੇ ਤੁਹਾਡਾ ਸਟੈਗ ਜਾਂ ਤੂੜੀ ਖੁੰਬ ਬੀਜਣ ਵਾਸਤੇ ਤਿਆਰ ਹੈ। ਕੰਪੋਸਟ ਦਾ ਰੰਗ ਭੂਰੇ ਰੰਗ ਦਾ ਹੋ ਜਾਵੇਗਾ। ਧਿਆਨ ਦੇਣਯੋਗ ਗੱਲ ਹੈ ਕਿ ਕੰਪੋਸਟ ਵਿਚੋਂ ਅਮੋਨੀਆ ਦਾ ਮੁਸਕ ਨਾ ਆਉਂਦਾ ਹੋਵੇ। ਇਸ ਢੇਰ ਦੀ ਪੀ.ਐਚ.ਵੈਲਯੂ 7 ਤੋਂ 8 ਹੋਵੇ ਅਤੇ ਨਮੀਂ 65 ਤੋਂ 75 ਫੀਸਦੀ ਤੱਕ ਹੋਵੇ।
ਬਿਜਾਈ : ਮੌਸਮ ਨੂੰ ਦੇਖਦੇ ਹੋਏ ਬਿਜਾਈ ਕਰੋ। 20 ਕਿਲੋ ਦੀਆਂ ਢੇਰੀਆਂ ਲਗਾਓ। 20 ਕਿੱਲੋ ਦੀ ਢੇਰੀ ਵਿਚ 250-300 ਗ੍ਰਾਮ ਬੀਜ ਲਵੋ। 10 ਗ੍ਰਾਮ ਬੀਜ ਨੂੰ ਰੱਖ ਕੇ ਬਾਕੀ ਦੇ ਬੀਜ ਨੂੰ 20 ਕਿੱਲੋ ਕੰਪੋਸਟ ਵਿਚ ਸੰਨੀ ਦੀ ਤਰ੍ਹਾਂ ਰਲਾ ਦੇਵੋ। 5-5 ਕਿੱਲੋ ਦੇ ਚਾਰ ਲਿਫਾਫੇ ਚੰਗੀ ਤਰ੍ਹਾਂ ਤੁੰਨ-ਤੁੰਨ ਕੇ ਭਰ ਲਵੋ। ਇਨ੍ਹਾਂ ਲਿਫਾਫਿਆਂ ਦੇ ਉਪਰ ਬਚਾਏ ਹੋਏ ਬੀਜ ਦੇ ਕੁਝ ਦਾਣੇ ਖਿਲਾਰ ਦੇਵੋ, ਤੇ ਲਫਾਫਾ ਬੰਦ ਕਰ ਦੇਵੋ। ਇਨ੍ਹਾਂ ਲਿਫਾਫਿਆਂ ਨੂੰ ਅਲੱਗ ਕਮਰੇ ਵਿਚ ਰੱਖ ਲਵੋ। ਹੁਣ ਲਿਫਾਫਿਆਂ ਨੂੰ ਛੇੜਨਾ ਨਹੀਂ। 15 ਕੁ ਦਿਨਾਂ ਵਿਚ ਚਿੱਟਾ-ਚਿੱਟਾ ਰੇਸ਼ਾ ਦਿਖਾਈ ਦੇਵੇਗਾ। ਹੁਣ ਇਨ੍ਹਾਂ ਲਿਫਾਫਿਆਂ ਦੇ ਉਪਰ ਕੇਸਿੰਗ ਤਿਆਰ ਕਰਕੇ ਪਾਉਣੀ ਹੈ। ਕੇਸਿੰਗ ਤਿਆਰ ਕਰਨ ਲਈ 4 ਹਿੱਸੇ ਰੂੜੀ 1 ਹਿੱਸਾ ਖੇਤ ਦੀ ਰੇਤਲੀ ਮਿੱਟੀ। ਇਸ ਮਿਕਚਰ ਵਿਚ 4 ਫ਼ੀਸਦੀ ਫਾਰਮੈਲਡੀਹਾਈਟ ਪਾ ਕੇ ਰਲਾ ਲੈਣਾ ਹੈ। ਏਸ ਕੇਸਿੰਗ ਨੂੰ ਕੰਪੋਸਟ ਵਾਲੇ ਲਫਾਫਿਆਂ ਦੇ ਉਪਰੋ ਖੋਲ੍ਹ ਕੇ ਤਕਰੀਬਨ 1.5 ਇੰਚ ਤੱਕ ਪਾ ਦੇਣਾ ਹੈ। ਹਰ ਰੋਜ਼ ਨਾਲੀ ਵਾਲੇ ਸਪਰੇਅ ਪੰਪ ਨਾਲ ਛਿੜਕਾਅ ਕਰਨਾ ਹੈ ਤਾਂ ਜੋ ਨਮੀਂ ਬਣੀ ਰਹੇ। 12 ਤੋਂ 15 ਦਿਨਾਂ ਤੱਕ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਖੁੰਬਾਂ ਨੂੰ ਬਿਨਾਂ ਧੋਤੇ ਪੈਕ ਕਰਕੇ ਵੇਚੋ ਜਾਂ ਇਨ੍ਹਾਂ ਦੇ ਪਕਵਾਨ (ਆਚਾਰ ਵਗੈਰਾ) ਬਣਾ ਕੇ ਵੇਚੋ।
ਢੀਂਗਰੀ : ਇਹ ਖੁੰਬ ਵੀ ਸਰਦੀਆਂ ਵਿਚ ਹੀ ਉਗਾਈ ਜਾਂਦੀ ਹੈ। ਇਸ ਵਿਚ ਖੁਰਾਕੀ ਤੱਤ ਬਟਨ ਵਾਲੇ ਹੀ ਹੁੰਦੇ ਹਨ ਪਰ ਦਿੱਖ ਪੱਖੋਂ ਸੋਹਣੀ ਨਹੀਂ ਲੱਗਦੀ। ਇਹ ਅੰਗਰੇਜ਼ਣ ਨਹੀਂ । ਇਹ ਉਗਾਉਣੀ ਬਹੁਤ ਆਸਾਨ ਹੈ। ਇਸ ਨੂੰ ਉਗਾਉਣ ਲਈ ਕਿਸੇ ਵੀ ਕੈਮੀਕਲ ਦੀ ਵਰਤੋਂ ਨਹੀਂ ਹੁੰਦੀ। ਤੂੜੀ ਨੂੰ ਚੰਗੀ ਤਰ੍ਹਾਂ ਗਿੱਲੀ ਕਰੋ। ਜਦੋਂ ਤੂੜੀ ਵਿਚ ਨਮੀੰ ਦੀ ਮਾਤਰਾ 65 ਤੋਂ 75 ਫ਼ੀਸਦੀ ਹੋ ਜਾਵੇ ਤਾਂ ਬਿਜਾਈ ਕਰ ਸਕਦੇ ਹੋ। ਏਸ ਲਈ ਤੂੜੀ ਦੋ ਦਿਨ ਵਿਚ ਹੀ ਤਿਆਰ ਹੋ ਜਾਂਦੀ ਹੈ। ਬਿਜਾਈ ਲਈ 5-5 ਕਿਲੋ ਦੀਆਂ ਢੇਰੀਆਂ ਲਗਾਓ। 5 ਕਿੱਲੋ ਦੀ ਢੇਰੀ ਵਿਚ 250 ਗ੍ਰਾਮ ਬੀਜ ਰਲਾਓ। ਯਾਦ ਰੱਖੋ 10 ਗ੍ਰਾਮ ਬੀਜ ਵੱਖ ਰੱਖ ਲਵੋ। 2.5 ਕਿੱਲੋ ਦੇ ਲਿਫਾਫੇ ਵਿਚ ਬੀਜ ਰਲੀ ਤੂੜੀ ਨੂੰ ਚੰਗੀ ਤਰ੍ਹਾਂ ਤੁੰਨ-ਤੁੰਨ ਕੇ ਭਰੋ। ਉੱਪਰ ਬਚੇ ਹੋਏ ਥੋੜ੍ਹੇ ਜਿਹੇ ਬੀਜ ਉਪਰਲੇ ਪਾਸੇ ਖਿਲਾਰ ਕੇ ਲਿਫਾਫੇ ਨੂੰ ਰੱਸੀ ਨਾਲ ਕੱਸ ਕੇ ਬੰਨ੍ਹ ਦੇਵੋ ਅਤੇ ਥੱਲੇ ਦੋਵੇਂ ਸਾਈਡਾਂ ਤੋਂ ਥੋੜ੍ਹਾ ਕੱਟ ਲਗਾ ਦੇਵੋ। ਇਸ ਪੈਕਟ ਨੂੰ ਕਮਰੇ ਵਿਚ ਸੈਲਫਾ 'ਤੇ ਰੱਖ ਦੇਵੋ। 20 ਤੋਂ 22 ਦਿਨਾਂ ਤੱਕ ਲਿਫਾਫੇ ਵਿਚ ਚਿੱਟੇ ਰੰਗ ਦਾ ਰੇਸ਼ਾ ਫੈਲ ਜਾਵੇਗਾ। ਜਦੋਂ ਰੇਸ਼ਾ ਫੈਲ ਜਾਵੇ ਤਾਂ ਲਿਫਾਫੇ ਨੂੰ ਪਾੜ ਕੇ ਅਲੱਗ ਕਰੋ ਅਤੇ ਤੂੜੀ ਦਾ ਸਟੈਗ ਲੱਗਿਆ ਰਹਿ ਜਾਵੇਗਾ। ਇਸ ਨੂੰ ਹਰ ਰੋਜ਼ ਹਲਕੀ ਫੁਹਾਰ ਨਾਲ ਪਾਣੀ ਦਾ ਛਿੱਟਾ ਦੇਵੋ। ਥੋੜੇ ਦਿਨਾਂ ਬਾਅਦ ਖੂੰਬਾਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਅਰਾਮ ਨਾਲ ਤੋੜ ਕੇ ਬਿਨਾਂ ਧੋਤੇ ਪੈਕ ਕਰਕੇ ਵੇਚ ਸਕਦੇ ਹੋ।
ਸਿਟਾਕੀ ਖੁੰਬ : ਇਹ ਮੈਡੀਕਲ ਖੁੰਬ ਹੈ। ਇਹ ਕਾਫੀ ਮਹਿੰਗੀ ਵੀ ਹੁੰਦੀ ਹੈ ਅਤੇ ਆਮ ਘਰਾਂ ਵਿਚ ਸੌਖੇ ਤਰੀਕੇ ਨਹੀਂ ਉਗਾਈ ਜਾ ਸਕਦੀ। ਜਦੋਂ ਆਸਾਨੀ ਨਾਲ ਹੋਣੀ ਹੀ ਨਹੀਂ ਫਿਰ ਮਗਜ਼ ਕਾਹਨੂੰ ਮਾਰਨਾ। ਇਹ ਵਾਲਾਂ ਪੀਰੀਅਡ ਸੌਂ ਕੇ ਹੀ ਗੁਜ਼ਾਰਿਆ। (ਸਮਾਪਤ)


-ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
ਮੋਬਾਈਲ: 9872099100

ਪਰਾਲੀ ਨੂੰ ਨਾ ਅੱਗ ਲਾਓ

ਪਰਾਲੀ ਨੂੰ ਨਾ ਅੱਗ ਲਾਓ, ਹਵਾ-ਪਾਣੀ-ਧਰਤੀ ਬਚਾਓ,
ਮਿੱਤਰ ਜੀਵ ਮਰ ਜਾਣਗੇ, ਧਰਤੀ ਬੰਜਰ ਕਰ ਜਾਣਗੇ।
ਬਿਨਾਂ ਲੋੜ ਸਪਰੇਆਂ ਕਰਕੇ, ਖਰਚ ਕਿਉਂ ਵਧਾਉਂਦੇ ਹੋ,
ਆਉਣ ਵਾਲੀਆਂ ਫ਼ਸਲਾਂ ਲਈ ਪਹਿਲਾਂ ਹੀ ਜ਼ਹਿਰਾਂ ਪਾਉਂਦੇ ਹੋ।
ਪਰਾਲੀ ਦਾ ਚਾਰਾ ਬਣਾ ਕੇ, ਤੂੜੀ ਦਾ ਬਦਲ ਬਣਾਈਏ,
ਅਨਮੋਲ ਜਿੰਦਾਂ ਨੂੰ ਮਰਨੋਂ ਬਚਾਅ ਲਈਏ।
ਗੁਜ਼ਰਾਂ ਦੀ ਮਦਦ ਨਾਲ ਖੇਤ ਸਾਫ਼ ਕਰਾ ਲਈਏ,
ਬਿਮਾਰੀਆਂ ਤੋਂ ਬਚਣ ਲਈ ਮਿੱਤਰ ਜੀਵ ਬਚਾਅ ਲਈਏ।
ਵੱਡੇ-ਵੱਡੇ ਟੋਏ ਪੁੱਟ ਕੇ, ਇਸ ਦੀ ਖਾਦ ਬਣਾ ਲਈਏ,
ਖੇਤਾਂ ਵਿਚ ਵਰਤੋਂ ਕਰਕੇ, ਆਮਦਨ ਵਧਾ ਲਈਏ।
ਠੰਢ ਦੇ ਦਿਨਾਂ ਵਿਚ ਪਸ਼ੂਆਂ ਹੇਠਾਂ ਵਿਛਾ ਸਕਦੇ ਹਾਂ,
ਵਰਤੋਂ ਇਸ ਦੀ ਕਰਕੇ ਬਿਮਾਰੀਆਂ ਦੂਰ ਭਜਾ ਸਕਦੇ ਹਾਂ।


-ਅਜੀਤ ਕੁਮਾਰ ਲੈਕਚਰਾਰ
ਪਿੰਡ ਤੇ ਡਾਕ: ਬਾਘਾ ਪੁਰਾਣਾ, ਵਾਰਡ ਨੰ: 7, ਸੁਸਾਇਟੀ ਗਲੀ, ਜ਼ਿਲ੍ਹਾ ਮੋਗਾ-142038.
ਮੋਬਾਈਲ : 98888-40537.

ਵਿਰਸੇ ਦੀਆਂ ਬਾਤਾਂ

ਠੰਢ ਹਾਲ ਕਰੂਗੀ ਮੰਦੇ, ਪਾ ਲਓ ਰਜਾਈਆਂ ਨੂੰ ਨਗੰਦੇ

ਠੰਢ ਹੌਲੀ-ਹੌਲੀ ਵਧਣੀ ਸ਼ੁਰੂ ਹੋ ਗਈ ਹੈ। ਚਾਦਰ, ਕੰਬਲ ਵਿਚ ਹੁਣ ਨਿੱਘ ਨਹੀਂ ਆਉਂਦਾ। ਰਜਾਈਆਂ ਨੂੰ ਪੇਟੀਆਂ ਤੇ ਬੈੱਡ ਦੇ ਬਕਸਿਆਂ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਬਾਜ਼ਾਰ ਵਿਚਲੀਆਂ ਦੁਕਾਨਾਂ ਦੇ ਬਾਹਰ ਰਜਾਈਆਂ ਦੇ ਢੇਰ ਲੱਗੇ ਮਿਲਦੇ ਹਨ। ਸੋਹਣੇ, ਮੋਟੇ ਕੰਬਲਾਂ ਦੀ ਵਿਕਰੀ ਵੀ ਸ਼ੁਰੂ ਹੋ ਚੁੱਕੀ ਹੈ। ਬਾਜ਼ਾਰ ਵਿਚ ਕਮਾਲ ਦੀਆਂ ਰਜਾਈਆਂ ਹਨ। ਜੈਪੁਰੀ ਰਜਾਈਆਂ, ਜਿਹੜੀਆਂ ਭਾਰ ਵਿਚ ਏਨੀਆ ਹੌਲੀਆਂ ਕਿ ਪੁੱਛੋ ਨਾ। ਨਿੱਘੀਆਂ ਬੇਹੱਦ। ਪਰ ਜਦੋਂ ਇਨ੍ਹਾਂ ਨੂੰ ਖਰੀਦਦੇ ਹਾਂ ਤਾਂ ਜੇਬ ਵਿਚਲਾ ਨਿੱਘ ਵੀ ਗਾਇਬ ਹੁੰਦਾ ਹੈ।
ਸ਼ਹਿਰਾਂ, ਪਿੰਡਾਂ ਵਿਚਲੇ ਘੱਟ ਵੱਧ ਪੇਂਜੇ ਚੱਲਦੇ ਦਿਸਦੇ ਹਨ। ਹਾਲਾਂਕਿ ਪਹਿਲਾਂ ਵਾਂਗ ਰਜਾਈਆਂ, ਗਦੇਲਿਆਂ 'ਚੋਂ ਲੋਗੜ ਕੱਢ ਕੇ ਉਨ੍ਹਾਂ ਨੂੰ ਦੁਬਾਰਾ ਪੇਂਜੇ 'ਤੇ ਲਿਜਾ ਕੇ ਰੂੰ ਭਰ ਕੇ ਰਜਾਈਆਂ, ਗਦੇਲਿਆਂ ਨੂੰ ਨਵਾਂ ਬਣਾਉਣ ਦਾ ਰੁਝਾਨ ਘਟਿਆ ਹੈ, ਪਰ ਫਿਰ ਵੀ ਕਿਤੇ-ਕਿਤੇ ਇਹ ਝਲਕਾਰਾ ਮਿਲ ਜਾਂਦਾ ਹੈ। ਉਹ ਦੌਰ ਤਾਂ ਮੁੱਕਣ ਵਰਗਾ ਹੋ ਗਿਆ, ਜਦੋਂ ਘਰ ਦੀ ਕਪਾਹ 'ਚੋਂ ਮਸ਼ੀਨ ਰਾਹੀਂ ਪਹਿਲਾਂ ਵੜੇਵੇਂ ਅੱਡ ਹੁੰਦੇ ਸਨ ਤੇ ਫੇਰ ਰੂੰ ਨਾਲ ਰਜਾਈਆਂ ਭਰੀਆਂ ਜਾਂਦੀਆਂ। ਰਜਾਈ ਜਿੰਨੀ ਭਾਰੀ ਹੁੰਦੀ, ਓਨੀ ਜਾਨਦਾਰ ਮੰਨੀ ਜਾਂਦੀ, ਓਨੀ ਨਿੱਘੀ। ਓਨੀਆਂ ਭਾਰੀਆਂ ਰਜਾਈਆਂ ਚੁੱਕਣ ਜੋਗੀਆਂ ਹੁੁਣ ਬਾਹਾਂ ਵੀ ਨਹੀਂ।
ਇਸ ਤਸਵੀਰ ਨੂੰ ਦੇਖ ਕੇ ਮਨ ਪ੍ਰਸੰਨ ਹੋ ਗਿਆ। ਇੱਕ ਮਾਤਾ ਰਜਾਈਆਂ 'ਤੇ ਨਗੰਦੇ ਪਾ ਰਹੀ ਹੈ। ਹੋ ਸਕਦਾ ਕਿਸੇ ਨੇ ਨਗੰਦਾ ਸ਼ਬਦ ਵੀ ਪਹਿਲੀ ਵਾਰ ਸੁਣਿਆ ਹੋਵੇ। ਜਦੋਂ ਰਜਾਈਆਂ 'ਚ ਹੱਥੀਂ ਰੂੰ ਭਰ ਕੇ ਸੂਏ ਨਾਲ ਹੱਥੀਂ ਤੋਪੇ ਭਰੇ ਜਾਂਦੇ ਹਨ ਤਾਂ ਇਹ ਨਗੰਦੇ ਹੁੰਦੇ ਹਨ। ਨਗੰਦੇ ਜਿੰਨੇ ਸਿੱਧੇ ਤੇ ਸਫ਼ਾਈਦਾਰ ਹੁੰਦੇ, ਔਰਤ ਦੀ ਮੁਹਾਰਤ ਓਨੀ ਸਮਝੀ ਜਾਂਦੀ। ਨਵੇਂ ਪੂਰ ਦੀਆਂ ਕੁੜੀਆਂ ਵਿਚੋਂ ਵੱਡੀ ਗਿਣਤੀ ਨੇ ਨਗੰਦੇ ਨਹੀਂ ਪਾਏ ਹੋਣੇ, ਪੱਕੀ ਗੱਲ ਹੈ। ਕਿਉਂਕਿ ਹੁਣ ਠੰਢ ਰੋਕਣ ਲਈ ਬਹੁਤ ਸਾਰੇ ਸਾਧਨ ਆ ਗਏ ਹਨ। ਹੁਣ ਪੇਟੀਆਂ ਵਿਚ ਰਜਾਈਆਂ ਸਾਂਭ ਕੇ ਰੱਖਣ ਦਾ ਵਕਤ ਜਾ ਰਿਹਾ ਤੇ ਨਿੱਘੀਆਂ, ਮਹਿੰਗੀਆਂ ਰਜਾਈਆਂ ਦਾ ਵਕਤ ਬਹੁੜ ਚੁੱਕਾ।
ਮੈਨੂੰ ਯਾਦ ਹੈ ਮੇਰੇ ਨਾਨਕੇ ਗੁਆਂਢ ਵਿਚ ਕੁਝ ਕੁੜੀਆਂ ਮੇਰੀਆਂ ਮਾਸੀਆਂ ਕੋਲੋਂ ਨਗੰਦੇ ਪਾਉਣੇ ਸਿੱਖਣ ਆਉਂਦੀਆਂ ਸਨ। ਚੰਗੀ-ਭਲੀ ਸਿੱਧੀ ਲਾਈਨ ਲਿਜਾਂਦੀਆਂ ਉਹ ਝੋਲ ਮਰਾ ਦਿੰਦੀਆਂ ਤੇ ਮੁੜ ਉਨ੍ਹਾਂ ਨੂੰ ਨਗੰਦੇ ਉਧੇੜਨੇ ਪੈਂਦੇ। ਵਾਰ-ਵਾਰ ਅਭਿਆਸ ਨਾਲ ਉਹ ਸਿੱਖ ਜਾਂਦੀਆਂ ਤੇ ਮਾਸੀਆਂ ਦਾ ਧੰਨਵਾਦ ਕਰਦੀਆਂ। ਇਹ ਵੇਲਾ ਬੀਤ ਚੁੱਕਾ ਹੈ। ਪੀੜ੍ਹੀਆਂ ਦਾ ਫ਼ਾਸਲਾ ਬੜਾ ਕੁਝ ਬਿਆਨ ਕਰਦਾ ਹੈ। ਹੱਥੀਂ ਕੰਮ ਕਰਨ ਦਾ ਜਜ਼ਬਾ ਘਟ ਰਿਹਾ ਤੇ ਲੋੜਾਂ ਬਦਲ ਰਹੀਆਂ। ਹੁਣ ਕਿਸੇ ਨੂੰ ਕਹੋ ਕਿ ਨਗੰਦੇ ਪਾਏ ਕਦੇ, ਫੱਟ ਜਵਾਬ ਮਿਲੇਗਾ, ਜਦੋਂ ਸਰਦਾ ਤਾਂ ਨਗੰਦਿਆਂ ਤੋਂ ਕੀ ਕਰਾਉਣਾ ਜਾਂ ਪਹਿਲਾਂ ਦੱਸਣਾ ਪਵੇਗਾ ਕਿ ਇਹ ਹੁੰਦੇ ਕੀ ਹਨ ਤੇ ਇਨ੍ਹਾਂ ਦੀ ਲੋੜ ਕਿਉਂ ਪੈਂਦੀ ਹੈ।
ਸਮਾਂ ਬਲਵਾਨ ਹੈ ਤੇ ਇਸ ਦੀ ਬਲਵਾਨਤਾ ਬਦਲਣ ਵਿਚ ਹੀ ਹੈ। ਸਮਾਂ ਉਹ ਨਹੀਂ ਤਾਂ ਅਸੀਂ ਉਹ ਕਿਵੇਂ ਰਹਿ ਸਕਦੇ ਹਾਂ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX