•     Confirm Target Language  

ਸਾਡੀ ਸਿਹਤ

ਸਰਦ ਰੁੱਤ ਵਿਚ ਸਿਹਤ ਦੀ ਸੰਭਾਲ ਕਿਵੇਂ ਹੋਵੇ?

ਸਾਡਾ ਦੇਸ਼ ਊਸ਼ਣ ਜਲਵਾਯੂ ਵਾਲਾ ਦੇਸ਼ ਹੈ ਅਤੇ ਸਰਦੀ ਦਾ ਸਮਾਂ ਅਲਪਕਾਲੀਨ ਹੀ ਰਹਿੰਦਾ ਹੈ। ਸਰਦ ਰੁੱਤ ਕੁਦਰਤੀ ਰੂਪ ਨਾਲ ਸਿਹਤ ਰੱਖਿਅਕ ਅਤੇ ਸਰੀਰ ਨੂੰ ਬਲ ਪੁਸ਼ਟੀ ਪ੍ਰਦਾਨ ਕਰਨ ਵਾਲੀ ਹੁੰਦੀ ਹੈ। ਇਸ ਰੁੱਤ ਵਿਚ ਰਹਿਣ-ਸਹਿਣ, ਖਾਣ-ਪੀਣ ਵਿਚ ਲਾਪ੍ਰਵਾਹੀ ਅਤੇ ਭੁੱਲ-ਚੁੱਕ ਕਦੇ ਨਹੀਂ ਕਰਨੀ ਚਾਹੀਦੀ।
ਸਾਡਾ ਸਰੀਰ ਪੰਜ ਤੱਤਾਂ ਨਾਲ ਬਣਿਆ ਹੈ-ਅੱਗ, ਪਾਣੀ, ਹਵਾ, ਧਰਤੀ, ਆਕਾਸ਼। ਇਨ੍ਹਾਂ ਤੱਤਾਂ ਦੇ ਸਹਿਯੋਗ ਨਾਲ ਹੀ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਹਨ। ਅੱਗ ਸਾਡੇ ਸਰੀਰ ਨੂੰ ਜੀਵਤ ਅਤੇ ਊਰਜਾਵਾਨ ਰੱਖਦੀ ਹੈ ਅਤੇ ਖਾਧੇ ਹੋਏ ਪਦਾਰਥ ਨੂੰ ਪਚਾਉਂਦੀ ਹੈ। ਸਰਦ ਰੁੱਤ ਵਿਚ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਮਨੁੱਖ ਨੇ ਕੁਦਰਤ ਦੇ ਨਾਲ ਇਥੋਂ ਤੱਕ ਛੇੜਛਾੜ ਅਤੇ ਮਨਮਾਨੀ ਕੀਤੀ ਹੈ ਕਿ ਕੁਦਰਤ ਦੀ ਵਿਵਸਥਾ ਵੀ ਅਸਤ-ਵਿਅਸਤ ਹੋ ਗਈ ਹੈ ਭਾਵ ਮੌਸਮ ਵੀ ਬੇਈਮਾਨ ਹੋ ਗਿਆ ਹੈ। ਸਰਦ ਰੁੱਤ ਵਿਚ ਪਾਚਣ ਸ਼ਕਤੀ ਵਧਦੀ ਹੈ। ਪਾਚਣ ਸ਼ਕਤੀ ਵਧਣ ਦਾ ਇਕ ਮੁੱਖ ਕਾਰਨ ਵੀ ਹੈ। ਇਸ ਰੁੱਤ ਵਿਚ ਰਾਤ ਲੰਬੀ ਅਤੇ ਦਿਨ ਛੋਟਾ ਹੁੰਦਾ ਹੈ ਭਾਵ ਰਾਤ ਲੰਬੀ ਹੋਣ ਕਾਰਨ ਸੌਣ ਲਈ ਸਮਾਂ ਜ਼ਿਆਦਾ ਮਿਲਦਾ ਹੈ। ਇਸ ਨਾਲ ਖਾਧਾ-ਪੀਤਾ ਹਜ਼ਮ ਹੋ ਜਾਂਦਾ ਹੈ। ਸਵੇਰੇ ਪੇਟ ਵੀ ਸਹੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਭੁੱਖ ਖੁੱਲ੍ਹ ਕੇ ਲੱਗੇਗੀ ਤਾਂ ਭੋਜਨ ਵੀ ਲੋੜੀਂਦੀ ਮਾਤਰਾ ਵਿਚ ਖਾਧਾ ਜਾਵੇਗਾ ਅਤੇ ਹਜ਼ਮ ਵੀ ਹੋਵੇਗਾ, ਜਿਸ ਨਾਲ ਸਰੀਰ ਵੀ ਪੁਸ਼ਟ ਅਤੇ ਬਲਵਾਨ ਹੋਵੇਗਾ। ਇਹੀ ਸਰਦ ਰੁੱਤ ਦਾ ਸਰੀਰ ਅਤੇ ਤੰਦਰੁਸਤੀ 'ਤੇ ਪੈਣ ਵਾਲਾ ਵਧੀਆ ਪ੍ਰਭਾਵ ਹੈ।
ਅਜਿਹੀ ਸਥਿਤੀ ਵਿਚ ਜੋ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਨ ਗੱਲ ਖ਼ਿਆਲ ਵਿਚ ਰੱਖਣ ਵਾਲੀ ਹੈ, ਉਹ ਇਹ ਹੈ ਕਿ ਅਜਿਹੀ ਸਿਹਤਵਰਧਕ ਅਤੇ ਬਲਪੁਸ਼ਟ ਪ੍ਰਦਾਨ ਕਰਨ ਵਾਲੀ ਰੁੱਤ ਵਿਚ ਪੌਸ਼ਟਿਕ ਆਹਾਰ ਜ਼ਰੂਰ ਲਿਆ ਜਾਵੇ ਅਤੇ ਦੋਵੇਂ ਵੇਲੇ ਸਵੇਰੇ-ਸ਼ਾਮ ਨਿਸਚਿਤ ਸਮੇਂ 'ਤੇ ਹੀ ਲਿਆ ਜਾਵੇ ਤਾਂ ਕਿ ਸਰੀਰ ਨੂੰ ਭੁੱਖ ਨਾ ਸਹਿਣੀ ਪਵੇ, ਕਿਉਂਕਿ ਸਰਦ ਰੁੱਤ ਵਿਚ ਪੇਟ ਅਗਨੀ ਵਧੀ ਹੋਈ ਹੁੰਦੀ ਹੈ ਜਿਸ ਨੂੰ ਸ਼ਾਂਤ ਕਰਨ ਲਈ ਠੀਕ ਸਮੇਂ 'ਤੇ ਭੋਜਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਭੋਜਨ ਵਿਚ ਭਾਰੀ, ਪੌਸ਼ਟਿਕ ਅਤੇ ਤਰਾਵਟ ਵਾਲੇ ਪਦਾਰਥ ਭਰਪੂਰ ਮਾਤਰਾ ਵਿਚ ਲੈਣੇ ਜ਼ਰੂਰੀ ਹੁੰਦੇ ਹਨ, ਜੋ ਵਧੀ ਹੋਈ ਪੇਟ ਅਗਨੀ ਦਾ ਮੁਕਾਬਲਾ ਕਰਕੇ ਉਸ ਨੂੰ ਸ਼ਾਂਤ ਕਰ ਸਕਣ, ਨਹੀਂ ਤਾਂ ਮਾਮੂਲੀ ਅਤੇ ਹਲਕੇ ਪਦਾਰਥਾਂ ਨੂੰ ਭਸਮ ਕਰਕੇ ਪੇਟ ਅਗਨੀ ਸਰੀਰ ਦੀਆਂ ਧਾਤੂਆਂ ਨੂੰ ਜਲਾਉਣ ਲੱਗੇਗੀ।
* ਸਰਦ ਰੁੱਤ ਵਿਚ ਜਦੋਂ ਚੰਗੀ ਠੰਢ ਪੈਣ ਲੱਗੇ, ਉਦੋਂ ਸਾਨੂੰ ਆਪਣੇ ਭੋਜਨ ਵਿਚ ਪੌਸ਼ਟਿਕ, ਚਿਕਨਾਈ ਵਾਲੇ ਮਧੁਰ, ਲਵਣ, ਰਸਯੁਕਤ, ਮਾਸਵਰਧਕ, ਖੂਨ ਵਧਾਉਣ ਵਾਲੇ, ਬਲਵਰਧਕ ਪਦਾਰਥਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਜਿਵੇਂ ਦੁੱਧ, ਘਿਓ, ਮੱਖਣ, ਉੜਦ ਦੀ ਦਾਲ, ਰਬੜੀ ਮਲਾਈ, ਦੁੱਧ ਚੌਲ, ਦੁੱਧ ਕੇਲਾ ਜਾਂ ਦੁੱਧ ਮਖਾਣੇ ਦੀ ਖੀਰ, ਹਰੀ ਸ਼ਾਕ ਸਬਜ਼ੀ, ਸੁੰਢ, ਅੰਜੀਰ, ਖਜੂਰ, ਲਸਣ, ਕਾਲੇ ਤਿਲ, ਗਾਜਰ ਔਲਾ, ਸ਼ਹਿਦ, ਪੁਰਾਣਾ ਗੁੜ ਅਤੇ ਮੌਸਮੀ ਫਲ ਆਦਿ।
* ਲਸਣ ਦੀਆਂ 2 ਤੋਂ 4 ਕਲੀਆਂ ਛਿੱਲ ਕੇ ਦੁੱਧ ਵਿਚ ਉਬਾਲ ਕੇ ਇਨ੍ਹਾਂ ਨੂੰ ਦੁੱਧ ਦੇ ਨਾਲ ਜਾਂ ਠੰਢੇ ਪਾਣੀ ਦੇ ਨਾਲ ਕੈਪਸੂਲ ਦੀ ਤਰ੍ਹਾਂ ਨਿਗਲ ਲਓ। ਚਾਹੋ ਤਾਂ ਘਿਓ ਵਿਚ ਤਲ ਕੇ ਖਾ ਲਓ। ਲਸਣ ਵਾਤ ਪ੍ਰਕੋਪ ਦਾ ਸ਼ਮਨ ਕਰਦਾ ਹੈ। ਦਿਲ ਨੂੰ ਬਲ ਦਿੰਦਾ ਹੈ।
* ਤਾਜ਼ੇ ਦੁੱਧ ਵਿਚ 1-2 ਚਮਚ ਸ਼ਹਿਦ ਘੋਲ ਕੇ ਸੌਣ ਸਮੇਂ ਵੀ ਪੀ ਸਕਦੇ ਹੋ। ਦੁੱਧ ਅਤੇ ਸ਼ਹਿਦ ਸਰੀਰ ਨੂੰ ਪੁਸ਼ਟ ਅਤੇ ਸੁਡੌਲ ਬਣਾਉਂਦੇ ਹਨ।
* ਸਰਤ ਰੁੱਤ ਵਿਚ ਰਹਿਣ-ਸਹਿਣ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਖਾਧਾ-ਪੀਤਾ ਵੀ ਤਾਂ ਹੀ ਹਜ਼ਮ ਹੋਵੇਗਾ, ਜੇ ਰਹਿਣ-ਸਹਿਣ, ਰੋਜ਼ਮਰਾ ਅਤੇ ਚੰਗਾ ਆਚਰਣ ਹੋਵੇਗਾ। ਕੁਦਰਤ ਦਾ ਸਹਿਯੋਗ ਦਿੱਤਾ ਜਾਵੇ ਭਾਵ ਕੁਦਰਤੀ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਕੁਦਰਤ ਵੀ ਸਹਿਯੋਗ ਦਿੰਦੀ ਹੈ।
* ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਖਾਨਾ ਜਾ ਕੇ, 2-3 ਕਿਲੋਮੀਟਰ ਤੱਕ ਸੈਰ ਕਰੋ ਜਾਂ ਯੋਗ ਆਸਣ ਕਰੋ, ਕਸਰਤ ਕਰੋ, ਉਬਟਨ ਜਾਂ ਤੇਲ ਮਾਲਿਸ਼ ਕਰਕੇ ਨਹਾਉਣਾ ਚਾਹੀਦਾ ਹੈ।
* ਦੇਰ ਰਾਤ ਤੱਕ ਜਾਗਣਾ, ਸਵੇਰੇ ਦੇਰ ਤੱਕ ਸੁੱਤੇ ਰਹਿਣਾ, ਆਲਸੀ ਰੋਜ਼ਮਰਾ, ਦਿਨ ਵਿਚ ਸੌਣਾ ਆਦਿ ਕੰਮ ਇਸ ਰੁੱਤ ਵਿਚ ਨਾ ਕਰੋ।
* ਇਸ ਰੁੱਤ ਵਿਚ ਰੁੱਖੇ-ਸੁੱਕੇ, ਹਲਕੇ, ਜ਼ਿਆਦਾ ਠੰਢੇ, ਬੇਹੇ ਅਤੇ ਖੱਟੇ ਪਦਾਰਥਾਂ ਦਾ ਸੇਵਨ ਨਾ ਕਰੋ।


ਖ਼ਬਰ ਸ਼ੇਅਰ ਕਰੋ

ਪ੍ਰਦੂਸ਼ਣ ਦਾ ਘਰ ਹੈ ਰਸੋਈਘਰ

ਰਸੋਈ ਵਿਚ ਖਾਣਾ ਬਣਾਉਣ ਲਈ ਜਲਾਏ ਜਾਣ ਵਾਲੇ ਚੁੱਲ੍ਹੇ ਵਿਚੋਂ ਨਿਕਲਣ ਵਾਲਾ ਧੂੰਆਂ, ਤੇਲ, ਘਿਓ ਅਤੇ ਸਬਜ਼ੀਆਂ ਦੇ ਭੁੰਨਣ ਦੀ ਗੰਧ ਗ੍ਰਹਿਣੀ ਦੇ ਸਰੀਰ ਵਿਚ ਪਹੁੰਚ ਕੇ ਕਈ ਤਰ੍ਹਾਂ ਦੇ ਵਿਕਾਰ ਪੈਦਾ ਕਰ ਦਿੰਦੀ ਹੈ। ਭਾਰਤੀ ਘਰਾਂ ਵਿਚ ਖਾਣਾ ਪਕਾਉਣ ਲਈ ਈਂਧਣ ਦੇ ਰੂਪ ਵਿਚ ਲੱਕੜੀ ਵਰਤੀ ਜਾਂਦੀ ਹੈ। ਇਨ੍ਹਾਂ ਵਿਚੋਂ ਨਿਕਲਣ ਵਾਲੇ ਧੂੰਏਂ ਵਿਚ ਕਾਰਬਨ ਮੋਨੋਆਕਸਾਈਡ ਕਾਫ਼ੀ ਮਾਤਰਾ ਵਿਚ ਰਹਿੰਦੀ ਹੈ, ਜੋ ਨੱਕ ਅਤੇ ਮੂੰਹ ਦੁਆਰਾ ਸਰੀਰ ਵਿਚ ਪਹੁੰਚਦੀ ਰਹਿੰਦੀ ਹੈ। ਸਰੀਰ ਵਿਚ ਲਗਾਤਾਰ ਕਾਰਬਨ ਮੋਨੋਆਕਸਾਈਡ ਪਹੁੰਚਣ ਨਾਲ ਸਿਰਦਰਦ, ਮਾਸਪੇਸ਼ੀਆਂ ਵਿਚ ਕਮਜ਼ੋਰੀ, ਸਾਹ ਲੈਣ ਵਿਚ ਪ੍ਰੇਸ਼ਾਨੀ, ਸੁਸਤੀ, ਉਨੀਂਦਰਾ, ਭੁੱਖ ਨਾ ਲੱਗਣਾ, ਮਿਚਲੀ ਆਦਿ ਲੱਛਣ ਦਿਖਾਈ ਦੇਣ ਲਗਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕਾਰਬਨ ਮੋਨੋਆਕਸਾਈਡ ਸਰੀਰ ਵਿਚ ਪਹੁੰਚ ਕੇ ਖ਼ੂਨ ਵਿਚ ਮੌਜੂਦ ਹੀਮੋਗਲੋਬਿਨ ਦੇ ਨਾਲ ਮਿਲ ਕੇ ਕਾਰਬੋਕਸੀ ਹੀਮੋਗਲੋਬਿਨ ਦਾ ਨਿਰਮਾਣ ਕਰਦੀ ਹੈ ਜੋ ਸਰੀਰ ਲਈ ਕਾਫ਼ੀ ਹਾਨੀਕਾਰਕ ਹੈ। ਕਾਰਬੋਕਸੀ ਹੀਮੋਗਲੋਬਿਨ ਸਰੀਰ ਦੇ ਅੰਗਾਂ ਤੱਕ ਆਕਸੀਜਨ ਪਹੁੰਚਾਉਣ ਦੇ ਕੰਮ ਵਿਚ ਰੁਕਾਵਟ ਪਾਉਂਦਾ ਹੈ। ਸਰੀਰ ਵਿਚ ਕਾਰਬੋਕਸੀ ਹੀਮੋਗਲੋਬਿਨ ਦੀ ਮਾਤਰਾ ਲਗਾਤਾਰ ਵਧਦੇ ਰਹਿਣ ਨਾਲ ਮਾਨਸਿਕ ਪ੍ਰੇਸ਼ਾਨੀ, ਸਾਹ ਨਲੀ ਵਿਚ ਤਕਲੀਫ਼, ਉਨੀਂਦਰਾ ਅਤੇ ਕਮਜ਼ੋਰੀ ਦੀ ਸ਼ਿਕਾਇਤ ਪੈਦਾ ਹੋ ਜਾਂਦੀ ਹੈ। ਸਰੀਰ ਵਿਚ ਕਾਰਬੋਕਸੀ ਹੀਮੋਗਲੋਬਿਨ ਦੀ ਮਾਤਰਾ 60 ਫ਼ੀਸਦੀ ਤੋਂ ਵਧ ਜਾਣ ਨਾਲ ਦਿਲ ਦਾ ਦੌਰਾ ਤੱਕ ਪੈ ਸਕਦਾ ਹੈ। ਔਰਤਾਂ ਦੇ ਸਰੀਰ ਵਿਚ ਮਰਦਾਂ ਦੇ ਮੁਕਾਬਲੇ ਹੀਮੋਗਲੋਬਿਨ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰ ਵਿਚ ਕਾਰਬਨ ਮੋਨੋਆਕਸਾਈਡ ਪਹੁੰਚਦੀ ਰਹਿੰਦੀ ਹੈ ਤਾਂ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਇਸ ਦੇ ਕਾਰਨ ਗਰਭ ਵਿਚ ਪਲ ਰਹੇ ਬੱਚੇ ਦੀ ਮੌਤ ਤੱਕ ਦੀ ਸੰਭਾਵਨਾ ਰਹਿੰਦੀ ਹੈ।
ਰਸੋਈ ਵਿਚ ਵਰਤਿਆ ਜਾਣ ਵਾਲਾ ਐਲ.ਪੀ.ਜੀ. ਸਟੋਵ ਵੀ ਘੱਟ ਖ਼ਤਰਨਾਕ ਨਹੀਂ ਹੈ। ਗੈਸ ਸਟੋਵ ਚਾਲੂ ਕਰਦੇ ਸਮੇਂ ਕਦੇ-ਕਦੇ ਸਟੋਵ ਛੇਤੀ ਚਾਲੂ ਨਹੀਂ ਹੁੰਦਾ। ਅਜਿਹੇ ਵਿਚ ਅੱਧਜਲੀ ਗੈਸ ਸਾਹ ਰਾਹੀਂ ਸਰੀਰ ਵਿਚ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਸਟੋਵ ਵਿਚੋਂ ਨਿਕਲਣ ਵਾਲੀ ਨਾਈਟ੍ਰੋਜਨ, ਸਲਫ਼ਿਊਰਿਕ ਆਕਸਾਈਡ, ਫਾਰਮਲਡੀਹਾਈਡ ਆਦਿ ਜ਼ਹਿਰੀਲੀਆਂ ਗੈਸਾਂ ਸਰੀਰ ਵਿਚ ਪਹੁੰਚ ਕੇ ਬ੍ਰਾਂਕੋਨਿਮੋਨੀਆ, ਲੈਰਿੰਜਾਈਟਿਸ, ਖੰਘ, ਅੱਖਾਂ ਵਿਚ ਜਲਣ, ਧੁੰਦਲਾਪਨ, ਖੁਜਲੀ ਆਦਿ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਲਫ਼ਿਊਰਿਕ ਆਕਸਾਈਡ ਨਾਲ ਨੱਕ ਦੇ ਵਾਲ ਵੀ ਝੜ ਜਾਂਦੇ ਹਨ।
ਜੇ ਤੁਸੀਂ ਰਸੋਈ ਵਿਚ ਟੈਲੀਵਿਜ਼ਨ, ਰੇਡੀਓ, ਟੇਪ ਰਿਕਾਰਡਰ, ਮਿਕਸੀ, ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ ਆਦਿ ਲਗਾ ਰੱਖਿਆ ਹੈ ਤਾਂ ਇਸ ਦੀ ਤੇਜ਼ ਆਵਾਜ਼ ਵੀ ਸਰੀਰ ਲਈ ਖ਼ਤਰਨਾਕ ਹੈ। ਮਾਹਿਰਾਂ ਅਨੁਸਾਰ 50 ਤੋਂ 60 ਡੈਸੀਬਲ ਤੋਂ ਜ਼ਿਆਦਾ ਆਵਾਜ਼ ਹਰ ਕਿਸੇ ਲਈ ਖ਼ਤਰਨਾਕ ਹੁੰਦੀ ਹੈ। ਰਸੋਈ ਵਿਚ ਜ਼ਿਆਦਾ ਸ਼ੋਰ ਹੋਣ ਨਾਲ ਕੰਨ ਵਿਚ ਆਵਾਜ਼ ਗੂੰਜਣਾ, ਕਮਜ਼ੋਰੀ, ਉਨੀਂਦਰਾ, ਦਿਲ ਦੀ ਧੜਕਣ ਦਾ ਵਧ ਜਾਣਾ, ਸਿਰਦਰਦ, ਅੱਖਾਂ ਦੀ ਤਕਲੀਫ਼, ਖੰਘ, ਚਮੜੀ ਰੋਗ, ਗੁਰਦੇ ਦੀ ਪ੍ਰੇਸ਼ਾਨੀ ਆਦਿ ਪੈਦਾ ਹੋ ਜਾਂਦੀ ਹੈ। ਰਸੋਈ ਵਿਚ ਸੜ ਰਿਹਾ ਕਚਰਾ ਵੀ ਘੱਟ ਖ਼ਤਰਨਾਕ ਨਹੀਂ ਹੁੰਦਾ। ਇਸ ਕਚਰੇ ਨਾਲ ਨਿਕਲਣ ਵਾਲੀ ਗੈਸ ਕਾਫ਼ੀ ਖ਼ਤਰਨਾਕ ਹੁੰਦੀ ਹੈ। ਇਸ ਲਈ ਘਰ ਵਿਚ ਕਚਰਾ ਸੜਨ ਨਾ ਦਿਓ।
ਖੋਜ ਕਰਤਾਵਾਂ ਦੇ ਅਨੁਸਾਰ ਰਸੋਈ ਦੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਉਸ ਵਿਚ ਰੋਸ਼ਨਦਾਨ ਅਤੇ ਐਗਜ਼ਾਸਟ ਫੈਨ ਲਗਾਓ ਤਾਂ ਕਿ ਅੰਦਰ ਦੀ ਹਵਾ ਬਾਹਰ ਅਤੇ ਬਾਹਰ ਦੀ ਹਵਾ ਅੰਦਰ ਆ ਸਕੇ। ਰਸੋਈ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖੋ। ਰਸੋਈ ਵਿਚ ਕਚਰਾ ਨਾ ਜੰਮਣ ਦਿਓ ਅਤੇ ਨਾ ਹੀ ਸੜਨ ਦਿਓ। ਰਸੋਈ ਦੀ ਸਫ਼ਾਈ ਕਰਦੇ ਸਮੇਂ ਨੱਕ-ਮੂੰਹ 'ਤੇ ਕੱਪੜਾ ਬੰਨ੍ਹੋ ਤਾਂ ਕਿ ਸਫ਼ਾਈ ਕਰਦੇ ਸਮੇਂ ਉੱਡਣ ਵਾਲੀ ਧੂੜ ਦੇ ਕਣ ਸਰੀਰ ਵਿਚ ਨਾ ਪਹੁੰਚ ਸਕਣ। ਰਸੋਈ ਵਿਚ ਰੱਖੇ ਟੀ. ਵੀ., ਟੇਪ ਰਿਕਾਰਡਰ, ਰੇਡੀਓ ਤੇਜ਼ ਆਵਾਜ਼ ਵਿਚ ਨਾ ਸੁਣੋ। ਜਦੋਂ ਵੀ ਮਕਾਨ ਬਣਵਾਓ, ਰਸੋਈਘਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਲੋੜੀਂਦੀ ਵਿਵਸਥਾ ਕਰੋ।

ਮੋਟਾਪਾ ਪੀੜਤਾਂ ਲਈ ਬੈਰਿਐਟ੍ਰਿਕ ਸਰਜਰੀ ਹੈ ਵਰਦਾਨ

ਮੋਟਾਪਾ ਅਤੇ ਮੋਟਾਪੇ ਨਾਲ ਸਬੰਧਤ ਬਿਮਾਰੀਆਂ ਮੌਤ ਦੇ ਕਾਰਨਾਂ ਵਿਚੋਂ ਕੈਂਸਰ ਤੋਂ ਬਾਅਦ ਦੂਜਾ ਸਥਾਨ ਰੱਖਦੀਆਂ ਹਨ। ਮੋਟਾਪਾ ਜਿਥੇ ਤੁਹਾਡੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੰਦਾ ਹੈ, ਉਥੇ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ, ਜਿਨ੍ਹਾਂ ਵਿਚੋਂ ਟਾਈਪ-2 ਸ਼ੂਗਰ, ਕੋਲੈਸਟ੍ਰੋਲ, ਘੁਰਾੜੇ, ਖੂਨ ਦਾ ਦਬਾਅ, ਸਲੀਪ ਐਪਨਿਆ, ਬਾਂਝਪਨ ਆਦਿ ਕੁਝ ਚਿੰਤਾਜਨਕ ਵਿਸ਼ੇ ਹਨ।
ਨਿੱਤ ਨਵੇਂ ਉਪਰਾਲੇ ਜਿਵੇਂ ਕਿ ਯੋਗਾ, ਕਸਰਤ, ਖੁਰਾਕ ਦੀ ਤਬਦੀਲੀ, ਜੀਵਨ ਸ਼ੈਲੀ ਵਿਚ ਬਦਲਾਅ ਆਦਿ ਤਰੀਕੇ ਅਸੀਂ ਪ੍ਰਿੰਟ, ਇਲੈਕਟ੍ਰੋਨਿਕ, ਸੋਸ਼ਲ ਮੀਡੀਆ ਅਤੇ ਵਿਸ਼ੇਸ਼ ਸਲਾਹਕਾਰਾਂ ਕੋਲੋਂ ਪ੍ਰਾਪਤ ਕਰਦੇ ਹਾਂ, ਜੋ ਕਿ ਲਾਭਦਾਇਕ ਹਨ ਪਰ ਬਤੌਰ ਬੈਰਿਐਟ੍ਰਿਕ (ਵੇਟ-ਲੌਸ) ਸਰਜਨ ਦੇ ਪੱਖ ਤੋਂ ਮੈਂ ਦੇਖਦਾ ਹਾਂ ਕਿ ਭਾਰ ਘਟਾਉਣ ਵਿਚ ਕਾਮਯਾਬੀ ਖੁਰਾਕ ਕੰਟਰੋਲ, ਕਸਰਤ ਨਾਲ ਕੇਵਲ ਕੁਝ ਫੀਸਦੀ ਲੋਕਾਂ ਵਿਚ ਹੀ ਸਫਲ ਹੁੰਦੀ ਹੈ।
ਬਹੁਤ ਸਾਰੇ ਲੋਕ ਜਦੋਂ ਖੁਰਾਕ ਕੰਟਰੋਲ ਅਤੇ ਕਸਰਤ ਛੱਡ ਦਿੰਦੇ ਹਨ ਤਾਂ ਘਟਿਆ ਹੋਇਆ ਭਾਰ ਫਿਰ ਵਧ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਕਈ ਵਾਰ ਆਪਣੀ ਉਮਰ, ਆਪਣੇ ਜੋੜਾਂ ਦੇ ਦਰਦ, ਸਾਹ, ਦਮਾ ਜਾਂ ਦਿਲ ਦੀ ਤਕਲੀਫ ਕਰਕੇ ਜ਼ਿਆਦਾ ਕਸਰਤ ਨਹੀਂ ਕਰ ਪਾਉਂਦੇ ਅਤੇ ਭਾਰ ਘਟਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਕਈ ਵਾਰ ਵਾਧੂ ਭਾਰ ਏਨਾ ਕੁ ਜ਼ਿਆਦਾ ਹੁੰਦਾ ਹੈ ਕਿ ਵਰਜਿਸ਼ ਅਤੇ ਖੁਰਾਕ ਕੰਟਰੋਲ ਨਾਲ ਨਹੀਂ ਘਟ ਸਕਦਾ।
ਮੋਟਾਪਾ ਪੀੜਤਾਂ ਲਈ ਬੈਰਿਐਟ੍ਰਿਕ ਸਰਜਰੀ ਵਰਦਾਨ ਹੈ। ਮੋਟਾਪੇ ਦੀ ਗਿਣਤੀ ਵਿਚ ਵਾਧੇ ਤੋਂ ਬਾਅਦ ਭਾਰਤ ਵਿਚ ਪਿਛਲੇ 13-14 ਸਾਲਾਂ ਤੋਂ ਬੈਰਿਐਟ੍ਰਿਕ ਸਰਜਰੀ ਕੀਤੀ ਜਾ ਰਹੀ ਹੈ। ਬੈਰਿਐਟ੍ਰਿਕ ਸਰਜਰੀ ਨਾਲ ਕੋਈ ਇਨਸਾਨ 20 ਕਿਲੋ, 100 ਕਿਲੋ ਜਾਂ ਇਸ ਤੋਂ ਜ਼ਿਆਦਾ ਵਾਧੂ ਭਾਰ ਵੀ ਘਟਾ ਸਕਦਾ ਹੈ ਅਤੇ ਹੋਰ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਜਿਵੇਂ ਟਾਈਪ-2 ਸ਼ੂਗਰ, ਕੋਲੈਸਟ੍ਰੋਲ, ਘੁਰਾੜੇ, ਖੂਨ ਦਾ ਦਬਾਅ, ਸਲੀਪ ਐਪਨਿਆ, ਬਾਂਝਪਨ ਤੋਂ ਵੀ ਨਿਜਾਤ ਪਾ ਲੈਂਦਾ ਹੈ।
ਮੋਟਾਪੇ ਤੋਂ ਪੀੜਤ ਇਕ ਮਰੀਜ਼ ਸੰਦੀਪ ਸੀ, ਜੋ ਕਿ ਜ਼ਿਆਦਾ ਭਾਰ ਹੋਣ ਕਾਰਨ ਅਸਾਨੀ ਨਾਲ ਕੰਮ ਨਹੀਂ ਕਰ ਸਕਦਾ ਸੀ। ਉਹ ਥੋੜ੍ਹਾ ਚੱਲਣ 'ਤੇ ਸਾਹੋ-ਸਾਹੀ ਹੋ ਜਾਂਦਾ ਸੀ, 35 ਸਾਲ ਵਿਚ ਉਸ ਦਾ 250 ਕਿਲੋ ਭਾਰ ਸੀ। ਬਿਮਾਰੀ ਤੋਂ ਕਾਫੀ ਪ੍ਰੇਸ਼ਾਨ ਰਹਿਣ ਤੋਂ ਬਾਅਦ ਸੰਦੀਪ ਨੇ ਇਸ ਹਸਪਤਾਲ ਤੋਂ ਬੈਰਿਐਟ੍ਰਿਕ ਸਰਜਰੀ ਕਰਵਾਈ। ਸਰਜਰੀ ਤੋਂ ਬਾਅਦ ਹੁਣ ਉਹ ਰੋਜ਼ਮਰਾ ਦੇ ਸਾਰੇ ਕੰਮ ਆਮ ਵਾਂਗ ਕਰ ਲੈਂਦਾ ਹੈ ਅਤੇ ਆਪਣੇ ਜੀਵਨ ਨੂੰ ਸੁਖਾਲਾ ਮਹਿਸੂਸ ਕਰ ਰਿਹਾ ਹੈ।


-ਡਾਇਰੈਕਟਰ, ਜੰਮੂ ਹਸਪਤਾਲ, ਜਲੰਧਰ।
www.jammuhospital.com

ਖਾਮੋਸ਼ ਕਾਤਲ ਹੁੰਦਾ ਹੈ ਉੱਚ ਖੂਨ ਦਬਾਅ

ਉੱਚ ਖੂਨ ਦਬਾਅ ਅੱਜ ਦੀ ਸਦੀ ਦਾ ਸਭ ਤੋਂ ਪ੍ਰਮੁੱਖ ਰੋਗ ਹੈ। ਇਸ ਬਿਮਾਰੀ ਦੀ ਇਕ ਇਹ ਖਾਸੀਅਤ ਹੈ ਕਿ ਇਹ ਵਧਣ 'ਤੇ ਆਪਣੇ ਆਉਣ ਦੀ ਆਹਟ ਤੱਕ ਨਹੀਂ ਦਿੰਦੀ। ਸ਼ੁਰੂ ਵਿਚ ਅਕਸਰ ਇਸ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਕੁਝ ਲੋਕ ਸਿਰਦਰਦ, ਚੱਕਰ, ਧੜਕਣ, ਥਕਾਨ ਅਤੇ ਖਿੰਨਤਾ ਦੀ ਸ਼ਿਕਾਇਤ ਕਰਦੇ ਹਨ ਪਰ ਇਹ ਪ੍ਰੇਸ਼ਾਨੀਆਂ ਏਨੀਆਂ ਆਮ ਹਨ ਕਿ ਇਨ੍ਹਾਂ ਨੂੰ ਖੂਨ ਦੇ ਦਬਾਅ ਨਾਲ ਸਿੱਧਾ ਜੋੜਨਾ ਮੁਨਾਸਿਬ ਨਹੀਂ ਹੁੰਦਾ।
ਬਹੁਤੇ ਲੋਕਾਂ ਵਿਚ ਖੂਨ ਦਾ ਦਬਾਅ ਵਧਣ ਦੀ ਸ਼ਿਕਾਇਤ ਅਚਾਨਕ ਹੀ ਹੁੰਦੀ ਹੈ। ਬਿਮਾਰ ਹੋਣ 'ਤੇ ਡਾਕਟਰ ਦੇ ਕੋਲ ਸਲਾਹ ਲਈ ਜਾਣ 'ਤੇ ਜਾਂ ਸਾਲਾਨਾ ਸਿਹਤ ਜਾਂਚ ਦੇ ਸਮੇਂ ਪਤਾ ਲਗਦਾ ਹੈ ਕਿ ਖੂਨ ਦਾ ਦਬਾਅ ਵਧਿਆ ਹੋਇਆ ਹੈ। ਕੁਝ ਲੋਕਾਂ ਨੂੰ ਇਸ ਦਾ ਪਤਾ ਉਦੋਂ ਲਗਦਾ ਹੈ ਜਦੋਂ ਬਿਮਾਰੀ ਉਗਰ ਹੋ ਚੁੱਕੀ ਹੁੰਦੀ ਹੈ। ਖੂਨ ਦਾ ਦਬਾਅ ਵਧਿਆ ਰਹਿਣ ਨਾਲ ਉਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਜਟਿਲਤਾਵਾਂ ਪੈਦਾ ਹੋ ਜਾਂਦੀਆਂ ਹਨ।
ਖੂਨ ਦਾ ਦਬਾਅ ਵਧਣ ਨਾਲ ਕਈ ਰੋਗੀਆਂ ਦੀ ਨਕਸੀਰ ਫੁੱਟ ਜਾਂਦੀ ਹੈ, ਕਈਆਂ ਦਾ ਸਾਹ ਫੁੱਲਣ ਲਗਦਾ ਹੈ, ਕਈਆਂ ਦੀ ਨਿਗ੍ਹਾ ਧੁੰਦਲੀ ਹੋ ਜਾਂਦੀ ਹੈ, ਕਈਆਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਕਈਆਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਕਈਆਂ ਨੂੰ ਅਧਰੰਗ ਤੱਕ ਹੋ ਜਾਂਦਾ ਹੈ, ਫਿਰ ਜਾ ਕੇ ਪਤਾ ਲਗਦਾ ਹੈ ਕਿ ਸਰੀਰ ਉੱਚ ਖੂਨ ਦਬਾਅ ਦੇ ਘੇਰੇ ਵਿਚ ਹੈ। ਇਸ ਲਈ ਇਸ ਰੋਗ ਨੂੰ ਚੁੱਪ ਕਾਤਲ ਦਾ ਦਰਜਾ ਰੋਗ ਮਾਹਿਰਾਂ ਦੁਆਰਾ ਦਿੱਤਾ ਗਿਆ ਹੈ।
ਖੂਨ ਦਾ ਦਬਾਅ ਵਧਣ ਦਾ ਸਭ ਤੋਂ ਵੱਡਾ ਖਮਿਆਜ਼ਾ ਦਿਲ ਨੂੰ ਭੁਗਤਣਾ ਪੈਂਦਾ ਹੈ। ਖੂਨ ਦਾ ਦਬਾਅ ਵਧਣ 'ਤੇ ਧਮਨੀਆਂ ਵਿਚ ਖੂਨ ਪੰਪ ਕਰਨ ਲਈ ਦਿਲ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਭਾਰ ਚੁੱਕਣ ਨਾਲ ਭੁਜਾਵਾਂ ਦੀਆਂ ਪੇਸ਼ੀਆਂ ਬਲਿਸ਼ਠ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਵਧੀਆਂ ਹੋਈਆਂ ਧਮਨੀਆਂ ਵਿਚ ਖੂਨ ਪੰਪ ਕਰਦੇ-ਕਰਦੇ ਦਿਲ ਦੀਆਂ ਪੇਸ਼ੀਆਂ ਵਿਚ ਵੀ ਅਤੀ ਵਾਧਾ ਪੈਦਾ ਹੋ ਜਾਂਦਾ ਹੈ ਪਰ ਬਲਿਸ਼ਠ ਹੋਣ ਨਾਲ ਜਿਥੇ ਭੁਜਾਵਾਂ ਦੀ ਤਾਕਤ ਵਧਦੀ ਹੈ, ਇਸ ਦੇ ਠੀਕ ਉਲਟ ਦਿਲ ਦੀਆਂ ਪੇਸ਼ੀਆਂ ਦੇ ਵਧਣ ਨਾਲ ਦਿਲ 'ਤੇ ਬੁਰਾ ਅਸਰ ਪੈਂਦਾ ਹੈ।
ਉਸ ਦੀ ਗੁਲੂਕੋਜ਼ ਅਤੇ ਆਕਸੀਜਨ ਦੀ ਮੰਗ ਵਧ ਜਾਂਦੀ ਹੈ ਪਰ ਕੋਰੋਨਰੀ ਧਮਨੀਆਂ ਉਹ ਮੰਗ ਪੂਰੀ ਨਹੀਂ ਕਰ ਸਕਦੀਆਂ, ਜਿਸ ਨਾਲ ਉੱਚ ਖੂਨ ਦਬਾਅ ਹੋਣ 'ਤੇ ਇੰਜ਼ਾਈਨਾ ਅਤੇ ਦਿਲ ਦਾ ਦੌਰਾ ਹੋਣ ਦਾ ਜੋਖਮ ਵਧ ਜਾਂਦਾ ਹੈ। ਕੁਝ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਦਿਲ ਥੱਕਣ ਲਗਦਾ ਹੈ ਅਤੇ ਉਸ ਦੀ ਖੂਨ ਪੰਪ ਕਰਨ ਦੀ ਸਮਰੱਥਾ ਘਟਣ ਲਗਦੀ ਹੈ। ਨਤੀਜੇ ਵਜੋਂ ਥੋੜ੍ਹੀ ਜਿਹੀ ਵੀ ਸਰੀਰਕ ਮਿਹਨਤ ਕਰਨ 'ਤੇ ਸਾਹ ਫੁੱਲਣ ਲਗਦੀ ਹੈ, ਦਿਲ ਫੇਲ੍ਹ ਹੋ ਸਕਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਮਾਤਰਾ ਵਧਣ ਨਾਲ ਜਾਨ ਤੱਕ ਜਾ ਸਕਦੀ ਹੈ।
ਬਹੁਤ ਜ਼ਿਆਦਾ ਦਾਬ ਦੇ ਕਾਰਨ ਧਮਨੀਆਂ ਦਾ ਲਚੀਲਾਪਨ ਖਤਮ ਹੋਣ ਲੱਗ ਜਾਂਦਾ ਹੈ ਅਤੇ ਉਹ ਪੱਥਰ ਵਾਂਗ ਸਖਤ ਹੋ ਜਾਂਦੀਆਂ ਹਨ। ਖੂਨ ਨੂੰ ਵਧਣ ਵਿਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਧਮਨੀਆਂ ਦੇ ਅੰਦਰ ਚਰਬੀ ਜੰਮਣ ਦੀ ਪ੍ਰਕਿਰਿਆ ਵੀ ਤੇਜ਼ ਹੋ ਜਾਂਦੀ ਹੈ। ਖੂਨ ਦਾ ਦਬਾਅ ਵਧਣ ਨਾਲ ਦਿਮਾਗ ਦੀਆਂ ਧਮਨੀਆਂ ਵਿਚ ਵੀ ਤਬਦੀਲੀ ਆਉਣ ਲਗਦੀ ਹੈ। ਉਨ੍ਹਾਂ ਵਿਚ ਛੋਟੇ-ਛੋਟੇ ਫਫੋਲੇ (ਇਨਿਊਰਿਜ਼ਮ) ਉੱਠ ਸਕਦੇ ਹਨ। ਪਲੇਟਲੇਟ ਕਣਾਂ ਦਾ ਥੱਕਾ ਬਣਨ ਅਤੇ ਕਿਸੇ ਦਿਮਾਗੀ ਧਮਨੀ ਵਿਚ ਫਸਣ ਨਾਲ ਦਿਮਾਗ ਦੇ ਕਿਸੇ ਹਿੱਸੇ ਦੀ ਖੂਨ ਦੀ ਪੂਰਤੀ ਅਚਾਨਕ ਕੱਟ ਸਕਦੀ ਹੈ।
ਕਦੇ-ਕਦੇ ਅਚਾਨਕ ਦਿਮਾਗ ਦੇ ਕਿਸੇ ਹਿੱਸੇ ਦੀ ਖੂਨ ਪੂਰਤੀ ਕੁਝ ਦੇਰ ਲਈ ਟੁੱਟ ਜਾਂਦੀ ਹੈ। ਇਸ ਨਾਲ ਕੁਝ ਮਿੰਟਾਂ ਲਈ ਦਿਸਣਾ ਬੰਦ ਹੋ ਜਾਂਦਾ ਹੈ, ਆਵਾਜ਼ ਨਹੀਂ ਨਿਕਲਦੀ, ਸਰੀਰ ਦਾ ਕੋਈ ਅੰਗ ਕੰਮ ਨਹੀਂ ਕਰਦਾ, ਬੇਹੋਸ਼ੀ ਆ ਜਾਂਦੀ ਹੈ ਅਤੇ ਅਧਰੰਗ ਵੀ ਹੋ ਸਕਦਾ ਹੈ। ਰੇਟਿਨਾ ਦੀ ਲਘੂ ਖੂਨ ਵਾਹਿਕਾਵਾਂ ਵੀ ਖੂਨ ਦੇ ਦਬਾਅ ਦੇ ਵਧੇ ਰਹਿਣ ਤੋਂ ਬਚ ਨਹੀਂ ਸਕਦੀਆਂ। ਸਮੇਂ ਦੇ ਨਾਲ ਉਨ੍ਹਾਂ ਵਿਚ ਅਨੇਕ ਮਾੜੇ ਬਦਲਾਅ ਆ ਜਾਂਦੇ ਹਨ। ਨਿਗ੍ਹਾ ਸਿਮਟ ਸਕਦੀ ਹੈ, ਧੁੰਦਲੀ ਹੋ ਸਕਦੀ ਹੈ, ਕਦੇ-ਕਦੇ ਦਿਸਣਾ ਵੀ ਬੰਦ ਹੋ ਜਾਂਦਾ ਹੈ।
ਖੂਨ ਦਾ ਦਬਾਅ ਵਧਣ ਨਾਲ ਗੁਰਦਿਆਂ 'ਤੇ ਵੀ ਬੁਰਾ ਅਸਰ ਪੈਂਦਾ ਹੈ। ਗੁਰਦਿਆਂ ਦੀ ਖੂਨ ਛਾਨਣ ਦੀ ਸ਼ਕਤੀ ਅਰਥਾਤ ਉਸ ਦੀਆਂ ਇਕਾਈਆਂ (ਗਲਾਮਿਊਰਲਾਈ), ਉਨ੍ਹਾਂ ਵੱਲ ਖੂਨ ਲਿਆਉਣ ਅਤੇ ਉਨ੍ਹਾਂ ਨਾਲ ਸਾਫ਼ ਹੋਇਆ ਖੂਨ ਲਿਜਾਣ ਵਾਲੀਆਂ ਧਮਨੀਆਂ 'ਤੇ ਗੰਭੀਰ ਅਸਰ ਪੈਂਦਾ ਹੈ। ਖੂਨ ਦੇ ਦਬਾਅ 'ਤੇ ਜੇ ਕਾਬੂ ਨਾ ਰੱਖਿਆ ਜਾਵੇ ਤਾਂ ਕੁਝ ਸਾਲ ਬਾਅਦ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਉੱਚ ਖੂਨ ਦਬਾਅ ਦੇ ਨਾਲ ਸ਼ੂਗਰ ਵੀ ਹੁੰਦੀ ਹੈ, ਉਨ੍ਹਾਂ ਵਿਚ ਗੁਰਦੇ ਦੇ ਠੱਪ ਹੋਣ ਦੀ ਦਰ ਚਾਰ ਗੁਣਾ ਜ਼ਿਆਦਾ ਵਧ ਜਾਂਦੀ ਹੈ।


-ਆਨੰਦ ਕੁਮਾਰ ਅਨੰਤ

ਸ਼ੂਗਰ ਅਤੇ ਕੋਲੈਸਟ੍ਰੋਲ ਵਿਚ ਲਾਭ ਪਹੁੰਚਾਉਂਦੀ ਹੈ ਮੇਥੀ

ਮੇਥੀ ਦੇ ਪੱਤਿਆਂ ਨੂੰ ਭਾਜੀ ਦੀ ਸ਼੍ਰੇਣੀ ਵਿਚ ਅਤੇ ਦਾਣਿਆਂ ਨੂੰ ਮਸਾਲੇ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਦਾ ਕਿਸੇ ਵੀ ਰੂਪ ਵਿਚ ਸੇਵਨ ਲਾਭ ਪਹੁੰਚਾਉਂਦਾ ਹੈ। ਇਹ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਹਾਲਤ ਵਿਚ ਲਾਭ ਪਹੁੰਚਾਉਂਦਾ ਹੈ। ਅਜਿਹੇ ਰੋਗੀ ਇਸ ਨੂੰ ਪਾਣੀ ਵਿਚ ਭਿਉਂ ਕੇ ਜਾਂ ਸਵੇਰੇ ਖਾਲੀ ਪੇਟ ਫੱਕਾ ਮਾਰ ਕੇ ਖਾਂਦੇ ਹਨ। ਇਹ ਸਬਜ਼ੀਆਂ ਵਿਚ ਸ਼ੌਕ ਲਗਾਉਣ 'ਤੇ ਖਾਣੇ ਦੀ ਗੈਸ ਬਣਨ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ। ਇਸ ਦਾ ਪਰਾਉਂਠਾ ਪੋਸ਼ਟਿਕ ਹੁੰਦਾ ਹੈ। ਇਹ ਉਪਾਪਚਯ ਨੂੰ ਕਾਬੂ ਰੱਖਦਾ ਹੈ। ਕਬਜ਼ ਦੂਰ ਕਰਦਾ ਹੈ। ਮੂਤਰ ਸੰਸਥਾਨ ਨੂੰ ਸਬਲ ਰੱਖਦਾ ਹੈ। ਇਹ ਖੂਨ ਸ਼ੋਧਕ ਹੈ। ਇਹ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
ਇਹ ਸੁੰਦਰਤਾ ਪ੍ਰਸਾਧਨਾਂ ਵਿਚ ਵੀ ਕੰਮ ਆਉਂਦਾ ਹੈ। ਇਸ ਦਾ ਪਾਊਡਰ ਨਾਰੀਅਲ ਤੇਲ ਵਿਚ ਪਾ ਕੇ ਵਾਲਾਂ ਵਿਚ ਲਗਾਇਆ ਜਾਂਦਾ ਹੈ। ਇਸ ਨਾਲ ਵਾਲ ਝੜਨ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਹ ਝੁਰੜੀਆਂ, ਕਿੱਲ-ਮੁਹਾਸੇ, ਚਮੜੀ ਦਾ ਸੁੱਕਾਪਨ ਦੂਰ ਕਰਦਾ ਹੈ। ਇਹ ਜੋੜਾਂ ਵਿਚ ਦਰਦ ਨੂੰ ਮਿਟਾਉਂਦਾ ਹੈ। ਇਹ ਪੇਟ ਦਰਦ ਦੂਰ ਕਰਦਾ ਹੈ। ਪ੍ਰਸੂਤਾ ਦੇ ਸਤਨ ਵਿਚ ਦੁੱਧ ਵਧਾਉਂਦਾ ਹੈ।

ਹਮੇਸ਼ਾ ਤੰਦਰੁਸਤ ਬਣੇ ਰਹਿਣ ਦੇ ਨੁਸਖੇ

ਭੱਜ-ਦੌੜ ਵਾਲੀ ਜ਼ਿੰਦਗੀ ਨੇ ਵਿਅਕਤੀ ਦੀ ਸਿਹਤ ਨੂੰ ਵੱਧ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਪਰ ਇਸ ਜ਼ਿੰਦਗੀ ਨੂੰ ਜਿਊਂਦੇ ਹੋਏ ਵੀ ਅਸੀਂ ਆਪਣੀ ਸਿਹਤ ਨੂੰ ਸਹੀ ਬਣਾਈ ਰੱਖਣ ਦੀ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ। 'ਸਿਹਤ ਹੀ ਧਨ ਹੈ' ਨੂੰ ਮੰਨਣੇ ਵਾਲੇ ਵਿਅਕਤੀ ਜ਼ਰੂਰ ਹੇਠ ਲਿਖੇ ਪ੍ਰਯੋਗਾਂ ਅਨੁਸਾਰ ਆਪਣੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਦੀ ਕੋਸ਼ਿਸ਼ ਕਰਨਗੇ। ਪੇਸ਼ ਹਨ ਕੁਝ ਰਾਮਬਾਣ ਨੁਸਖੇ-
* ਅੱਜਕਲ੍ਹ ਕਬਜ਼ ਹੋਣਾ ਆਮ ਸ਼ਿਕਾਇਤ ਹੈ। ਇਸੇ ਕਾਰਨ ਅੱਜ ਕਬਜ਼ ਨੂੰ ਮਹਾਰੋਗ ਮੰਨਿਆ ਗਿਆ ਹੈ। ਕਬਜ਼ ਹੀ ਅਨੇਕ ਰੋਗਾਂ ਦੀ ਜੜ੍ਹ ਹੈ। ਇਸ ਲਈ ਕਬਜ਼ ਹੁੰਦੇ ਹੀ ਸਭ ਤੋਂ ਪਹਿਲਾਂ ਉਸ ਨੂੰ ਦੂਰ ਕਰਨ ਦੇ ਭਰਸਕ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇਸ ਵਾਸਤੇ ਰਾਤ ਨੂੰ ਇਕ ਚਮਚ ਹਰੜ ਦਾ ਚੂਰਨ ਜਾਂ ਈਸਬਗੋਲ ਦੀ ਫੱਕੀ ਜਾਂ ਔਲੇ ਦਾ ਚੂਰਨ ਸ਼ਹਿਦ ਦੇ ਨਾਲ ਰੋਜ਼ਾਨਾ ਸੇਵਨ ਕਰੋ।
* ਰਾਤ ਨੂੰ ਇਕ ਤਾਂਬੇ ਦੇ ਭਾਂਡੇ ਵਿਚ ਪਾਣੀ ਭਰ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਬਾਸੀ ਮੂੰਹ ਪੀਣ ਨਾਲ ਪੇਟ ਚੰਗਾ ਰਹਿੰਦਾ ਹੈ। ਉੱਚ ਖੂਨ ਦਬਾਅ ਦੇ ਰੋਗੀਆਂ ਲਈ ਇਹ ਬਹੁਤ ਲਾਭਦਾਇਕ ਨੁਸਖਾ ਹੈ।
* ਸਵੇਰੇ ਉੱਠ ਕੇ ਮੰਜਨ ਕਰਨ ਤੋਂ ਬਾਅਦ ਅੱਧੇ ਨਿੰਬੂ ਦਾ ਰਸ ਕੋਸੇ ਪਾਣੀ ਵਿਚ ਪਾ ਕੇ ਪੀਂਦੇ ਰਹਿਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਚਾਹ ਦੀ ਆਦਤ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
* ਗਰਮੀ ਦੇ ਦਿਨਾਂ ਵਿਚ ਕਿਤੇ ਬਾਹਰੋਂ ਆਉਣ ਤੋਂ ਬਾਅਦ ਇਕ ਗਿਲਾਸ ਠੰਢੇ ਪਾਣੀ ਵਿਚ ਇਕ ਨਿੰਬੂ ਦਾ ਰਸ ਪਾ ਕੇ ਹਲਕਾ ਜਿਹਾ ਨਮਕ ਅਤੇ ਸ਼ੱਕਰ ਪਾ ਕੇ ਪੀਣ ਨਾਲ ਰਾਹਤ ਮਿਲਦੀ ਹੈ। ਘਰ ਤੋਂ ਬਾਹਰ ਨਿਕਲਦੇ ਸਮੇਂ ਇਸ ਨੂੰ ਪੀਣ ਨਾਲ ਲੂ ਲੱਗਣ ਦੀ ਸੰਭਾਵਨਾ ਨਹੀਂ ਰਹਿੰਦੀ ਹੈ।
* ਖਾਣਾ ਖਾਣ ਤੋਂ ਬਾਅਦ ਲੱਸੀ ਵਿਚ ਕਾਲਾ ਲੂਣ, ਜ਼ੀਰਾ, ਸੁੰਢ ਅਤੇ ਹਲਕੀ ਜਿਹੀ ਹਿੰਗ ਪਾ ਕੇ ਪੀਣ ਨਾਲ ਪਾਚਣ ਕਿਰਿਆ ਚੁਸਤ ਬਣੀ ਰਹਿੰਦੀ ਹੈ। ਲੱਸੀ ਵਿਚ ਸਿਰਫ ਅਜ਼ਵਾਇਣ ਦਾ ਚੂਰਨ ਪਾ ਕੇ ਖਾਣਾ ਖਾਣ ਤੋਂ ਬਾਅਦ ਪੀਣ ਨਾਲ ਬਵਾਸੀਰ ਵਿਚ ਲਾਭ ਹੁੰਦਾ ਹੈ।
* ਹਰ ਰੋਜ਼ ਸ਼ਾਮ ਨੂੰ ਭੋਜਨ ਤੋਂ ਬਾਅਦ ਜਾਂ ਰਾਤ ਨੂੰ ਸੌਣ ਲੱਗੇ ਔਲੇ ਦਾ ਚੂਰਨ ਸ਼ਹਿਦ ਜਾਂ ਪਾਣੀ ਦੇ ਨਾਲ ਲੈਂਦੇ ਰਹਿਣ ਨਾਲ ਕਬਜ਼ ਦੀ ਸ਼ਿਕਾਇਤ ਨਹੀਂ ਰਹਿੰਦੀ ਅਤੇ ਕਮਜ਼ੋਰੀ ਵੀ ਦੂਰ ਹੁੰਦੀ ਹੈ।
* ਭੋਜਨ ਤੋਂ ਬਾਅਦ ਅੱਧੀ ਕੱਚੀ ਅਤੇ ਅੱਧੀ ਭੁੰਨੀ ਹੋਈ ਸੌਂਫ ਚਬਾਉਣ ਨਾਲ ਪੁਰਾਣੀ ਪੇਚਿਸ਼ ਵਿਚ ਲਾਭ ਹੁੰਦਾ ਹੈ।
* ਹਰੀਆਂ ਸਬਜ਼ੀਆਂ ਦਾ ਜ਼ਿਆਦਾ ਪ੍ਰਯੋਗ ਕਰਨ ਨਾਲ ਅੰਦਰੂਨੀ ਸ਼ਕਤੀ ਦਾ ਵਿਕਾਸ ਹੁੰਦਾ ਹੈ ਅਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ।
* ਸਰਦੀ, ਖੰਘ ਅਤੇ ਜ਼ੁਕਾਮ ਤੋਂ ਬਚਣ ਲਈ ਤੁਲਸੀ ਦੇ ਪੱਤੇ, ਕਾਲੀ ਮਿਰਚ ਅਤੇ ਅਦਰਕ ਵਾਲੀ ਚਾਹ ਪੀਣੀ ਚਾਹੀਦੀ ਹੈ।
* ਪਾਨ ਮਸਾਲੇ ਦੀ ਵਰਤੋਂ ਨਾਲ ਮੂੰਹ ਦਾ ਕੈਂਸਰ ਵੀ ਹੋ ਸਕਦਾ ਹੈ। ਇਸ ਆਦਤ ਨੂੰ ਛੁਡਾਉਣ ਲਈ ਲੌਂਗ, ਇਲਾਇਚੀ, ਸੌਂਫ, ਛੁਹਾਰਾਯੁਕਤ ਮਸਾਲਾ ਬਣਾ ਕੇ ਵਰਤੋਂ ਕਰੋ।
* ਤੁਲਸੀ ਦੇ ਪੱਤਿਆਂ ਦੇ ਰਸ ਵਿਚ ਕਪੂਰ ਮਿਲਾ ਕੇ ਹਲਕਾ ਗਰਮ ਕਰਕੇ ਕੰਨ ਵਿਚ ਪਾਉਣ ਨਾਲ ਕੰਨ ਦਾ ਦਰਦ ਦੂਰ ਹੋ ਜਾਂਦਾ ਹੈ।
* ਗੁਲਾਬ ਦੇ ਅਰਕ ਵਿਚ ਗੁਲਾਬ ਦੇ ਪੱਤੇ ਅਤੇ ਧਨੀਆ ਪੀਸ ਕੇ ਰੋਜ਼ਾਨਾ ਇਕ ਚਮਚ ਸੇਵਨ ਕਰਨ ਨਾਲ ਦਿਲ ਦਾ ਦੌਰਾ ਨਹੀਂ ਪੈਂਦਾ।
* ਪ੍ਰੌੜ੍ਹ ਅਵਸਥਾ ਤੋਂ ਹੀ ਹਰ ਰੋਜ਼ ਹਰੜ ਲੈਂਦੇ ਰਹਿਣ ਅਤੇ ਔਲੇ ਦਾ ਸੇਵਨ ਕਰਦੇ ਰਹਿਣ ਨਾਲ ਬੁਢਾਪਾ ਨਹੀਂ ਸਤਾਉਂਦਾ।
* ਰੋਜ਼ਾਨਾ ਇਕ ਵਾਰ ਸ਼ੁੱਧ ਘਿਓ ਦੀਆਂ ਬੂੰਦਾਂ ਨੱਕ ਰਾਹੀਂ ਖਿੱਚਣ ਜਾਂ ਟਪਕਾਉਣ ਨਾਲ ਦਿਲ ਨੂੰ ਤਾਕਤ ਮਿਲਦੀ ਹੈ ਅਤੇ ਫੇਫੜਿਆਂ ਦੀ ਕਾਰਜਕੁਸ਼ਲਤਾ ਠੀਕ ਰਹਿੰਦੀ ਹੈ ਅਤੇ ਦਿਮਾਗ ਤਰੋਤਾਜ਼ਾ ਬਣਿਆ ਰਹਿੰਦਾ ਹੈ।

ਸਿਹਤ ਖ਼ਬਰਨਾਮਾ

ਤੁਸੀਂ ਵੀ ਪਾ ਸਕਦੇ ਹੋ ਤੇਜ਼ ਦਿਮਾਗ

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਤੁਸੀਂ ਆਪਣੇ ਦਿਮਾਗ ਦੀ ਕਾਰਜ ਸਮਰੱਥਾ ਨੂੰ ਤੇਜ਼ ਕਰ ਸਕਦੇ ਹੋ। ਵੈਸੇ ਤਾਂ ਇਹੀ ਮੰਨਿਆ ਜਾਂਦਾ ਹੈ ਕਿ ਹਰ ਵਿਅਕਤੀ ਜਨਮ ਤੋਂ ਹੀ ਤੇਜ਼ ਦਿਮਾਗ ਜਾਂ ਘੱਟ ਦਿਮਾਗ ਦਾ ਹੁੰਦਾ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਦਿਮਾਗ ਨੂੰ ਤੇਜ਼ ਕਰ ਸਕਦੇ ਹਾਂ, ਕੁਝ ਉਪਾਅ ਅਪਣਾ ਕੇ। ਅਸੀਂ ਜਾਣਦੇ ਹਾਂ ਕਿ ਦਿਮਾਗ ਦਾ ਭਾਰ ਸਾਡੇ ਸਰੀਰ ਦੇ ਭਾਰ ਦਾ 2 ਫੀਸਦੀ ਨਾਲੋਂ ਵੀ ਘੱਟ ਹੁੰਦਾ ਹੈ ਪਰ ਦਿਮਾਗ ਨੂੰ ਆਕਸੀਜਨ ਅਤੇ ਗਲੂਕੋਜ਼ ਦੀ ਲੋੜ ਜ਼ਿਆਦਾ ਹੁੰਦੀ ਹੈ। ਦਿਮਾਗ ਦੀ ਕਾਰਜ ਸਮਰੱਥਾ ਦੇ ਵਾਧੇ ਲਈ ਸਭ ਤੋਂ ਜ਼ਰੂਰੀ ਹੈ ਵਿਟਾਮਿਨ ਅਤੇ ਖਣਿਜ। ਤੰਦਰੁਸਤ ਦਿਮਾਗ ਵਿਚ ਐਂਟੀ-ਆਕਸੀਡੈਂਟ ਵਰਗੇ ਫੈਟੀ ਐਸਿਡ ਅਤੇ ਅਮੀਨੋ ਐਸਿਡ ਦਾ ਪੱਧਰ ਜ਼ਿਆਦਾ ਪਾਇਆ ਗਿਆ ਹੈ। ਚਰਬੀ ਵਾਲੇ ਭੋਜਨ ਦਾ ਸੇਵਨ ਘੱਟ ਕਰੋ, ਕਿਉਂਕਿ ਇਹ ਦਿਮਾਗ ਖੂਨ ਵਹਿਣੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਿਮਾਗ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਮੁਕਤ ਰੈਡੀਕਲ ਅਤੇ ਐਂਟੀਆਕਸੀਡੈਂਟ ਇਨ੍ਹਾਂ ਮੁਕਤ ਰੈਡੀਕਲਸ ਨੂੰ ਨਸ਼ਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਇਨ੍ਹਾਂ ਤੋਂ ਸੁਰੱਖਿਆ ਲਈ ਫਲਾਂ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ ਅਤੇ ਵਿਟਾਮਿਨ ਯੁਕਤ ਭੋਜਨ ਦਾ ਸੇਵਨ ਕਰੋ।
ਜ਼ੁਕਾਮ ਤੋਂ ਬਚਾਉਂਦਾ ਹੈ ਟਮਾਟਰ ਦਾ ਸੂਪ

ਟਮਾਟਰ ਸਬਜ਼ੀ ਦੀ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ ਪਰ ਇਹ ਰਸੀਲਾ ਫਲ ਹਲਕਾ ਖੱਟਾ-ਮਿੱਠਾ ਹੁੰਦਾ ਹੈ। ਇਸ ਵਿਚ ਵਿਟਾਮਿਨ 'ਸੀ' ਹੈ। ਇਹ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ। ਚਿਹਰੇ 'ਤੇ ਲਾਲੀ ਲਿਆਉਂਦਾ ਹੈ। ਇਹ ਗਲੇ ਦੇ ਹੇਠਾਂ ਜਾ ਕੇ ਖਾਰ ਵਿਚ ਬਦਲ ਜਾਂਦਾ ਹੈ। ਇਹ ਸਬਜ਼ੀ, ਚਟਣੀ, ਸਲਾਦ, ਜੂਸ, ਸੂਪ, ਸ਼ਰਬਤ, ਸਭ ਬਣਾ ਕੇ ਵਰਤਿਆ ਜਾਂਦਾ ਹੈ। ਇਹ ਪ੍ਰੋਸੈਸਡ ਬੋਤਲਬੰਦ ਰੂਪ ਵਿਚ ਵੀ ਮਿਲਦਾ ਹੈ ਪਰ ਹਾਈਬ੍ਰਿਡ ਦੇ ਚਲਦੇ ਇਹ ਮੌਸਮੀ ਨਾ ਰਹਿ ਕੇ ਸਦਾਬਹਾਰ ਹੋ ਗਿਆ ਹੈ। ਇਹ ਸਵਾਦੀ ਅਤੇ ਪਾਚਕ ਹੁੰਦਾ ਹੈ ਅਤੇ ਔਸ਼ਧੀ ਗੁਣ ਧਰਮ ਦਾ ਹੈ। ਜੀਅ ਮਿਚਲਾਉਣ, ਡਕਾਰ ਆਉਣ, ਪੇਟ ਫੁੱਲਣ, ਮੂੰਹ ਦੇ ਛਾਲੇ ਅਤੇ ਮਸੂੜਿਆਂ ਵਿਚ ਦਰਦ ਦੀ ਸਥਿਤੀ ਵਿਚ ਟਮਾਟਰ, ਅਦਰਕ, ਕਾਲੀ ਮਿਰਚ ਅਤੇ ਕਾਲੇ ਲੂਣ ਨਾਲ ਬਣਿਆ ਸੂਪ ਦਵਾਈ ਦਾ ਕੰਮ ਕਰਦਾ ਹੈ। ਇਸ ਦੇ ਗਰਮ-ਗਰਮ ਸੂਪ ਨਾਲ ਸਰਦੀ, ਜ਼ੁਕਾਮ ਦੂਰ ਹੋ ਜਾਂਦਾ ਹੈ। ਇਹ ਚੁਸਤੀ ਲਿਆਉਂਦਾ ਹੈ, ਅਤਿਸਾਰ, ਮੋਟਾਪਾ ਅਤੇ ਖੂਨ ਦੀ ਕਮੀ ਦੂਰ ਕਰਦਾ ਹੈ। ਸ਼ੂਗਰ ਦੀ ਸਥਿਤੀ ਵਿਚ ਇਹ ਦਵਾਈ ਹੈ।






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX