ਤਾਜਾ ਖ਼ਬਰਾਂ


'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  13 minutes ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  17 minutes ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  28 minutes ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  43 minutes ago
ਚੰਡੀਗੜ੍ਹ, 25 ਅਪ੍ਰੈਲ- ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ 'ਚ ਰੋਡ ਸ਼ੋਅ ਕੀਤਾ ਸੀ। ਇਸ ਮੌਕੇ ਕਿਰਨ ਖੇਰ ਦੇ ਨਾਲ ਉਨ੍ਹਾਂ ਦੇ ਪਤੀ ਅਨੂਪਮ ਖੇਰ ਅਤੇ ਹੋਰ ....
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਾਈਕਲ 'ਤੇ ਆਏ ਮਾਸਟਰ ਬਲਦੇਵ ਸਿੰਘ
. . .  54 minutes ago
ਫ਼ਰੀਦਕੋਟ, 25 ਅਪ੍ਰੈਲ- ਫ਼ਰੀਦਕੋਟ ਲੋਕ ਸਭਾ ਹਲਕੇ ਦੇ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਯੂਥ ਦੇ ਪ੍ਰਧਾਨ ਸਮਕਦੀਪ ਵੀ ਹਾਜ਼ਰ ਸਨ। ਜਾਣਕਾਰੀ ਲਈ ਦੱਸ ਦੇਈਏ ਕਿ .....
ਡਾ.ਧਰਮਵੀਰ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 25 ਅਪ੍ਰੈਲ (ਅਮਨ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕਮ ਚੋਣ ਅਫ਼ਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਭਾਰੀ ....
ਸਟੈਟਿਕ ਸਰਵੀਲਾਂਸ ਟੀਮ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ
. . .  about 1 hour ago
ਨਾਭਾ 25 ਅਪ੍ਰੈਲ (ਕਰਮਜੀਤ ਸਿੰਘ ) - ਚੋਣ ਕਮਿਸ਼ਨ ਪੰਜਾਬ ਦੀਆਂ ਹਿਦਾਇਤਾਂ ਤੇ ਅਮਲ ਕਰਦਿਆਂ ਕਮਿਸ਼ਨ ਵਲੋਂ ਸ਼ੈਲੇੰਦ੍ਰ ਸ਼ਰਮਾ ਦੀ ਅਗਵਾਈ ਵਿੱਚ ਤੈਨਾਤ ਸਟੈਟਿਕ ਸਰਵੀਲਾਂਸ ਟੀਮ ਵਲੋਂ ਸਥਾਨਕ ਬੱਸ ਅੱਡਾ ਘਨੁੜਕੀ ਵਿੱਖੇ ਨਾਕਾਬੰਦੀ ਕਰ ਗੱਡੀਆਂ ਦੀ ਚੈਕਿੰਗ ....
ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਕਾਂਗਰਸ ਦੇ ਅਜੈ ਰਾਏ ਲੜਨਗੇ ਚੋਣ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ- ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਲਈ ਵਾਰਾਨਸੀ ਅਤੇ ਗੋਰਖਪੁਰ ਲੋਕ ਸਭਾ ਸੀਟ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵਾਰਾਨਸੀ ਤੋਂ ਅਜੈ ਰਾਏ ਅਤੇ ਗੋਰਖਪੁਰ ਤੋਂ ਮਧੂਸੁਦਨ ਤਿਵਾਰੀ ਨੂੰ ਟਿਕਟ ਦਿੱਤੀ....
'ਆਪ' ਉਮੀਦਵਾਰ ਨੀਨਾ ਮਿੱਤਲ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 25 ਅਪ੍ਰੈਲ (ਅਮਨ)- ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕਮ ਚੋਣ ਅਫ਼ਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ.....
ਆੜ੍ਹਤੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਧਰਨਾ
. . .  about 1 hour ago
ਟਾਂਡਾ ਉੜਮੁੜ, 25 ਅਪ੍ਰੈਲ (ਭਗਵਾਨ ਸਿੰਘ ਸੈਣੀ)- ਟਾਂਡਾ ਉੜਮੁੜ ਅਤੇ ਆਸ ਪਾਸ ਦੀਆਂ ਮੰਡੀਆਂ ਦੇ ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਕਣਕ ਦੀ ਖ਼ਰੀਦ ਨਾ ਕਰਨ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ 'ਚ ਦਾਣਾ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ

ਮੌਤ ਹੈ ਇਕ ਬਹਾਨਾ
* ਡਾ: ਗੁਰਚਰਨ ਸਿੰਘ ਔਲਖ *

ਮੌਤ ਤਾਂ ਹੈ ਇਕ ਬਹਾਨਾ।
ਤੀਰ ਤੇਰਾ, ਮੈਂ ਨਿਸ਼ਾਨਾ!
ਰਹਿਮਤਾਂ ਨੂੰ ਕੀ ਕਰਾਂ ਮੈਂ?
ਤੋੜ ਦਿੱਤਾ ਆਸ਼ਿਆਨਾ!
ਚੂਚਕਾ ਤੂੰ ਪਾਪ ਕੀਤਾ,
ਤੋੜਿਆ ਦਿਲ ਕਹਿਰਵਾਨਾ!
ਹੀਰ ਰੋਵੇ, ਚਾਕ ਰੋਵੇ,
ਪ੍ਰੇਮ ਨੂੰ, ਕੈਸਾ ਹੈ ਤਾਅਨਾ?
ਰਾਜ ਜਿਸਦਾ ਚਾਰ ਕੂਟੀਂ,
ਕਿਉਂ ਭੁਲਾ ਦੇਵੇ ਜ਼ਮਾਨਾ?
ਨਾਮ ਨਾਨਕ ਮਹਿਕ ਵਰਗਾ,
ਨਾਲ ਨਾਨਕ ਰੱਖ ਯਰਾਨਾ!
ਰਾਮ ਰਾਵਣ ਤੁਰ ਗਏ ਸਭ,
ਇਹ ਦੁਨੀਆ ਕੈਦ-ਖਾਨਾ।

ਦਰਦ ਉਸ ਦਾ ਜਾਣਿਆ ਹੈ ਆਦਮੀ ਨੂੰ ਸਮਝਿਆ।
ਧੰਨ ਹੈ ਉਹ ਸ਼ਖ਼ਸ ਜਿਸ ਨੇ ਜ਼ਿੰਦਗੀ ਨੂੰ ਸਮਝਿਆ।
'ਨ੍ਹੇਰਿਆਂ ਵਿਚ ਉਮਰ ਸਾਰੀ ਖ਼ੁਦ ਗੁਜ਼ਾਰੀ ਓਸ ਨੇ,
ਦੂਰ ਆਪਣੇ-ਆਪ ਤੋਂ ਹੈ ਰੌਸ਼ਨੀ ਨੂੰ ਸਮਝਿਆ।
ਲੋਕ ਨੇ ਕੁਝ ਆਪਣਾ ਹੀ ਦਰਦ ਵੱਡਾ ਸਮਝਦੇ,
ਨਾ ਕਦੇ ਵੀ ਦੂਸਰੇ ਦੀ ਬੇਵਸੀ ਨੂੰ ਸਮਝਿਆ।
ਰੰਗ ਗੂੜੇ ਦੇਖ ਕੇ ਹੈ ਸੋਚ ਉਸ ਦੀ ਉਲਝਦੀ,
ਜ਼ਿੰਦਗੀ ਵਿਚ ਸੱਚ ਤੇ ਨਾ ਸਾਦਗੀ ਨੂੰ ਸਮਝਿਆ।
ਸਿਰਜ ਕੇ ਸੰਸਾਰ ਆਪਣਾ ਦੀਨ-ਦੁਨੀਆ ਭੁੱਲਿਆ,
ਓਸ ਨੇ ਫਿਰ ਆਦਮੀ ਨਾ ਆਦਮੀ ਨੂੰ ਸਮਝਿਆ।
ਮੀਟ ਅੱਖਾਂ ਰਿਹਾ ਤੁਰਦਾ ਪਰ ਕਿਤੇ ਨਾ ਪਹੁੰਚਿਆ,
ਕਦੇ ਅੰਦਰ ਝਾਕਿਆ ਨਾ ਬੰਦਗੀ ਨੂੰ ਸਮਝਿਆ।

-ਗਲੀ ਵਿਕਾਸ ਪਬਲਿਕ ਸਕੂਲ, ਮਲੋਟ-152107 (ਪੰਜਾਬ)।
ਮੋਬਾਈਲ : 93177=61414.

* ਕੁਲਵੰਤ ਔਜਲਾ *
ਭਟਕ ਲਿਆ ਬਹੁਤ ਅਤੇ ਤੁਰ ਲਿਆ ਬਥੇਰਾ,
ਸਾਥੋਂ ਹੋਇਆ ਨਾ ਉਗਾ ਕੋਈ ਧੜਕਦਾ ਸਵੇਰਾ।
ਅਸੀਂ ਸਕੇ ਨਾ ਉਸਾਰ ਕੋਈ ਮਰਮਰੀ ਬਨੇਰਾ,
ਸਾਡਾ ਅੱਖਰਾਂ ਦੇ ਆਲ੍ਹਣੇ 'ਚ ਬਾਤਨ-ਬਸੇਰਾ।
ਸਾਡੇ ਚਾਨਣਾਂ ਨੂੰ ਜੀਰ ਜੀਰ ਪੀ ਗਿਆ ਹਨੇਰਾ,
ਬੀਜ ਹੌਂਸਲੇ ਬਚਾਇਆ ਮਸੀਂ ਜੀਊਣ ਜੋਗਾ ਜੇਰਾ।
ਸਾਡੀ ਕਲਪਨਾ ਦਾ ਅੰਬਰੀਂ ਉਡਾਣ ਜਿੱਡਾ ਘੇਰਾ,
ਅਸੀਂ ਲਹੂ ਨਾਲ ਲਿਖਿਆ ਹੈ ਮਾਨਵੀ ਓਪੇਰਾ।
ਸਾਡੀ ਤੰਦ ਵੀ ਹੈ ਕੱਚੀ, ਸਾਡਾ ਤਨ ਵੀ ਕਚੇਰਾ,
ਉਂਜ ਆਖਦੇ ਨੇ ਲੋਕ ਸਾਨੂੰ ਅੱਖਰ-ਪਕੇਰਾ।
ਹੁੰਦਾ ਸਰਲ ਤੇ ਸੁਖੈਨ ਕਹਿਣਾ ਮੇਰਾ ਮੇਰਾ ਮੇਰਾ,
ਪੰਧ ਕਾਵਿਕ ਉਦਾਸੀਆਂ ਦਾ ਬਹੁਤ ਹੀ ਔਖੇਰਾ।
ਨਾ ਮੈਂ ਵੱਡਾ ਮਹਿਲਧਾਰੀ, ਨਾ ਮੈਂ ਕਸਬੀ ਲੁਟੇਰਾ,
ਮੇਰਾ ਕਾਵਿਕ ਕਾਲੋਨੀ ਵਿਚ, ਅੱਖਰਾਂ ਦਾ ਡੇਰਾ।
ਉਹ ਹੋਰ ਕੋਈ ਹੋਣਾ ਜਿਹੜਾ ਅਰਸ਼ ਤੋਂ ਉਚੇਰਾ,
ਮੈਂ ਹਾਂ ਕਾਮਾ 'ਕੁਲਵੰਤ' ਸੂਹੇ ਅੱਖਰਾਂ ਦਾ ਕੇਰਾ।

-ਫੋਨ : 01822-235343., 502446.


ਤੂੰ ਮੇਰੇ ਜਿਸਮ ਦੀ ਮਿੱਟੀ 'ਚ ਕਿਉਂ ਦੀਵਾ ਜਗਾਉਣਾ ਸੀ।
ਜੇ ਰੂਹ ਨੂੰ ਬਿਨ ਮਿਲੇ ਹੀ, ਕੋਲ ਜਾ ਕੇ ਪਰਤ ਆਉਣਾ ਸੀ।
ਕਦੇ ਆਵਾਜ਼ ਨੂੰ ਜੇ ਸਾਜ਼-ਸੰਗ ਹੀ ਸੁਰ ਨਹੀਂ ਕਰਨਾ,
ਤੂੰ ਮੇਰੀ ਤਾਰ ਨੂੰ ਕਿਉਂ ਵਜਦ ਵਿਚ ਆ ਕੇ ਹਿਲਾਉਣਾ ਸੀ।
ਅਸੀਂ ਤਾਂ ਹੀਰ ਖਾਤਰ, ਜੋਗੀਆਂ ਦੇ ਦਰ ਤੇ ਜਾ ਪਹੁੰਚੇ,
ਮੁਹੱਬਤ ਮਾਰਿਆਂ ਨੇ ਜੋਗ ਦੱਸੋ, ਕੀਹ ਕਮਾਉਣਾ ਸੀ।
ਤੁਸੀਂ ਇਸ ਬਾਂਸ-ਪੋਰੀ ਦੇ ਰਸੀਲੇ ਲੇਖ ਤਾਂ ਵੇਖੋ,
ਕਿ ਜਿਸ ਨੇ ਛੇਕ ਲੈ ਕੇ ਬੰਸਰੀ, ਵੰਝਲੀ ਕਹਾਉਣਾ ਸੀ।
ਹਵਾ ਵਿਚ ਜ਼ਹਿਰ ਸੀ ਤੇ ਕਹਿਰ ਸੀ ਧਰਤੀ ਤੇ ਹਰ ਪਾਸੇ,
ਤੁਸੀਂ ਦੱਸੋ ਮੈਂ ਐਸੇ ਵਕਤ ਕਿਹੜਾ ਗੀਤ ਗਾਉਣਾ ਸੀ।
ਜਦੋਂ ਪੰਚਾਲ-ਪੁੱਤਰੀ ਹੋ ਗਈ ਨਿਰਵਸਤਰੀ ਬੋਲੀ,
ਮੈਂ ਤੇਰੇ ਵਿਚ ਸੁੱਤੇ ਆਦਮੀ ਨੂੰ ਹੀ ਜਗਾਉਣਾ ਸੀ।
ਜਿਵੇਂ ਖ਼ੁਸ਼ਬੂ, ਗੁਲਾਬੀ ਰੰਗ, ਫੁੱਲ ਤੇ ਭਾਰ ਨਹੀਂ ਬਣਦੇ,
ਮੈਂ ਬਿਲਕੁਲ ਇਸ ਤਰ੍ਹਾਂ ਹੀ ਤੇਰਿਆਂ ਸਾਹਾਂ 'ਚ ਆਉਣਾ ਸੀ।
                          -0-

 

* ਕੁਲਬੀਰ ਸਿੰਘ ਕੰਵਲ *
ਨਿੱਕੇ ਹੁੰਦਿਆਂ ਆਲ੍ਹਣੇ ਢਾਏ ਬੜੇ,
ਖ਼ੁਦ ਬਣਾਇਆ ਘਰ ਤਾਂ ਪਛਤਾਏ ਬੜੇ।
ਜਾਣਦਾਂ ਸਾਂ ਇਹ ਪਤਾ ਫ਼ਰਜ਼ੀ ਤੇਰਾ,
ਦਿਲ ਦੇ ਆਖੇ ਖ਼ਤ ਲਿਖੇ ਪਾਏ ਬੜੇ।
ਤੱਕ ਦੀ ਏ ਰਾਹ ਵਿਚਾਰੀ ਇਕ ਚਿੜੀ,
'ਕੱਲਿਆਂ ਕੀ ਜੀਣ ਦੁੱਖ ਹਾਇ ਬੜੇ।
ਇਕ ਕਣੀ ਨਾ ਨੀਰ ਦੀ ਹੋਈ ਨਸੀਬ,
ਕਾਲੇ ਬੱਦਲ ਅੰਬਰੀਂ ਛਾਏ ਬੜੇ।
ਭੁੱਲ ਗਿਆ ਮੈਂ ਓਸ ਪਲ ਅਪਣੀ ਪਿਆਸ,
ਦੇਖਿਆ ਜਾ ਰੁੱਖ ਤਿਰਹਾਏ ਬੜੇ।
ਅੱਲ੍ਹੜਾਂ ਦੀ ਹੇਕ ਨਾ ਬਣਿਆ ਕੋਈ,
ਗੀਤ ਮੈਂ ਤਾਂ ਫ਼ਿਕਰ ਦੇ ਗਾਏ ਬੜੇ।

-ਪਿੰਡ ਤੇ ਡਾਕ: ਚੱਕ ਮੁਗਲਾਣੀ, ਨਕੋਦਰ, ਜ਼ਿਲ੍ਹਾ ਜਲੰਧਰ
ਮੋਬਾਈਲ : 98151-43028.


ਖ਼ਬਰ ਸ਼ੇਅਰ ਕਰੋ

ਦੋ ਕਿਸ਼ਤਾਂ 'ਚ ਛਪਣ ਵਾਲੀ ਕਹਾਣੀ ਕੁੜੱਤਣ

'ਕਰਨੈਲ ਕੁਰੇ ਅੱਜ ਭਲਾਂ ਕਿੰਨੀ ਤਰੀਕ ਆ?'
ਬਸੰਤੇ ਨੇ ਘਰਵਾਲੀ ਦੇ ਨੇੜੇ ਹੋ ਕੇ ਪੁੱਛਿਆ ਤਾਂ ਕਰਨੈਲੋ ਮੈਲੀ ਜਿਹੀ ਚੁੰਨੀ ਨਾਲ ਹਵਾ ਝੱਲਦੀ ਹੋਈ ਆਖਦੀ ਹੈ, 'ਜੈ ਖਣੇ ਦੀਆਂ ਇੱਥੇ ਤਾਂ ਤਰੀਕਾਂ ਪਈ ਜਾਂਦੀਆਂ ਨੇ, ਤੈਂ ਕਿਹੜਾ ਤਨਖਾਹ ਕਢਵਾਉਣੀ ਏ ਬਈ ਤਰੀਕਾਂ ਪੁੱਛਦਾ ਏਾ, ਬੋਲੀ ਜਾਂਦਾ ਬੈਠਾ |'
ਬਸੰਤਾ ਘਬਰਾ ਕੇ ਜਿਹੇ ਬੋਲਦਾ ਤਾਂ ਕਰਨੈਲੋ ਅੱਗੋਂ ਫ਼ੇਰ ਜਵਾਬ ਦਿੰਦੀ ਹੈ, 'ਤੂੰ ਸਾਰੀ ਦ੍ਹਾੜੀ ਪਾਰਾ ਚੜ੍ਹਾਈ ਰੱਖਿਆ ਕਰ, ਜੇ ਪਿਆਰ ਨਾਲ ਗੱਲ ਕਰੋ ਤਾਂ ਵੀ ਵੱਢ ਖਾਣ ਨੂੰ ਪੈਂਦਾ |' ਬਸੰਤਾ ਮੂੰਹ ਘੁਮਾ ਕੇ ਬੁੜ-ਬੁੜ ਜਿਹੀ ਕਰਨ ਲੱਗਦਾ ਹੈ ਤਾਂ ਕਰਨੈਲੋ ਹੌਲੀ ਜਿਹੀ ਹੋ ਕੇ ਮਨਾਉਣ ਜਿਹੇ ਮੂਡ ਵਿਚ ਆਖਦੀ ਹੈ, 'ਮੈਂ ਕਿੰਨੀ ਵਾਰ ਕਿਹਾ ਬਈ ਮੈਨੂੰ ਨੀਂ ਯਾਦ ਰਹਿੰਦੀਆਂ ਆਹ ਤਰੀਕਾਂ, ..ਹੁਣ ਐਾ ਬਤੋਰੀ ਆਂਗੂੰ ਮੂੰਹ ਲਮਕਾਇਆ..? ਹਾਂ ਦੱਸ ਕਾਹਤੋਂ ਪੁੱਛਦਾ ਸੀ ਤਰੀਕ ?...ਪਰ ਮੈਨੂੰ ਨੀਂ ਪਤਾ ਕਿੰਨੀ ਆਂ |' ਬਸੰਤਾ ਪਰਨੇ ਦਾ ਲੜ ਲਪੇਟਦਾ ਹੋਇਆ ਗੁੱਸੇ ਜਿਹੇ 'ਚ ਹੀ ਬੋਲਦਾ, 'ਅੱਜ ਪੱਚੀ ਤਰੀਕ ਆ |' ਐਨਾ ਆਖ ਉਹ ਫ਼ਿਰ ਉਂਝ ਹੀ ਫ਼ੇਰ ਮੂੰਹ ਜਿਹਾ ਬਣਾ ਕੇ ਬੈਠ ਜਾਂਦਾ ਤਾਂ ਕਰਨੈਲੋ ਫ਼ੇਰ ਤਾਅ ਜਿਹੇ 'ਚ ਆ ਕੇ ਖਿਝ ਕੇ ਜਿਹੇ ਬੋਲਦੀ ਹੈ, 'ਜੇ ਪੱਚੀ ਆ ਤਾਂ ਮੈਂ ਕੀ ਫ਼ੁਕਣੀ ਆਂ |'
ਸੁਣ ਕੇ ਬਸੰਤੇ ਦਾ ਹਾਸਾ ਨਿਕਲ ਜਾਂਦਾ | ਉਹ ਮੂੰਹ ਉਸ ਵੱਲ ਘੁਮਾਉਂਦਾ ਹੋਇਆ ਆਖਦਾ ਹੈ 'ਭਲੀਏ ਮਾਣਸੇ ਅੱਜ ਸ਼ੋਖੀ ਹੁਰੀਆਂ ਨੇ ਆਉਣਾ, ਉਹਦਾ ਜਨਮ ਦਿਨ ਏ ਅੱਜ |'
'ਹਾਏ! ਮੈਂ ਮਰਜਾਂ, ਮੇਰੇ ਤਾਂ ਯਾਦ ਈ ਨੀ ਸੀ, ਤੈਂ ਨਾਲੇ ਪਰਸੋਂ ਯਾਦ ਕਰਵਾਇਆ ਸੀ ਮੈਨੂੰ, ਜੈ ਖਣਾ ਡਮਾਕ ਈ ਫ਼ਿਰਿਆ ਪਿਆ ਗਰਮੀ 'ਚ, ਇਕ ਆਹ ਇਨ੍ਹਾਂ ਕਰੰਟ ਆਲਿਆਂ ਨੂੰ ਪਤਾ ਨੀ ਕੀ ਗੋਲੀ ਵੱਜਦੀ ਆ ?....ਜਿਉਂ-ਜਿਉਂ ਗਰਮੀ ਵਧੂ ਇਨ੍ਹਾਂ ਨੂੰ ....ਕੀ ਕਰੂਗਾ ਵਿਚਾਰਾ..ਉਹਨੇ ਤਾਂ ਗਰਮੀ 'ਚ ਜੀਅ ਨੀ ਲਾਉਣਾ, ਪਟਿਆਲੇ ਤਾਂ ਏਸੀਆਂ 'ਚ ਰਹਿੰਦੇ ਆ |' ਉਹ ਉੱਠਣ ਲੱਗੀ ਆਖਦੀ ਹੈ, 'ਚੱਲ ਨੀ ਜ਼ਿੰਦੜੀਏ ਕੋਈ ਕੰਮ ਧੰਦਾ ਕਰੀਏ....ਨਾ ਤੈਨੂੰ ਕਿਵੇਂ ਪਤਾ ਲੱਗਿਆ ਸੀ |' ਉਹ ਮੁੜ੍ਹਕੋ-ਮੁੜ੍ਹਕੀ ਹੋਏ ਮੂੰਹ ਨੂੰ ਪੂੰਝਦੀ ਹੋਈ ਉੱਠਦੀ ਹੈ ਤਾਂ ਬਸੰਤਾ ਆਖਦਾ ਹੈ, 'ਬਖਤੌਰੇ ਕਾ ਸੀਤਾ ਦੱਸ ਕੇ ਗਿਆ ਸੀ, ਉਹ ਉੱਥੇ ਚਪੜਾਸੀ ਆ ਜਿਹੜੀ ਬੈਂਕ 'ਚ ਆਪਣਾ ਦੀਪ ਮਨੇਜ਼ਰ ਲੱਗਿਆ ਹੋਇਆ |'
'ਆਹੋ ਉਹਨੇ ਮੈਨੂੰ ਵੀ ਕਈ ਵਾਰੀ ਸੁੱਖ-ਸ਼ਾਂਦਾ ਦੱਸੀ ਆ |' ਕਰਨੈਲੋ ਝਾੜੂ ਮਾਰਦੀ ਆਖਦੀ ਹੈ ਤੇ ਬਸੰਤਾ ਉੱਠਣ ਲੱਗਦਾ ਹੋਇਆ, 'ਮੈਂ ਦੋ ਕੁ ਬਾਜ਼ੀਆਂ ਹੀ ਲਾ ਲਾਵਾਂ ਨਾਲੇ ਘੂਕੇ ਮਾਹਟਰ ਹੁਰੀਂਆ ਤੋਂ ਖਬਰਾਂ ਈ ਸੁਣ ਲਵਾਂਗੇ 'ਖਬਾਰ ਦੀਆਂ, ਲਟੈਰਮੈਂਟ ਤੋਂ ਬਾਅਦ ਹੁਣ ਉਹ ਵੀ ਖਬਰਾਂ ਸੁਣਾਉਣ ਜੋਗਾ ਤੇ ਜਵਾਕਾਂ ਨੂੰ ਸਾਂਭਣ ਜੋਗਾ ਈ ਰਹਿ ਗਿਆ...ਚੱਲ ਜਵਾਕਾਂ ਨੂੰ ਤਾਂ ਢਿੱਡ ਨਾਲ ਲਾਉਂਦਾ...ਇੱਥੇ ਤਾਂ... |' ਉਹ ਹੌਾਕਾ ਜਿਹਾ ਲੈ ਕੇ ਉੱਠਦਾ ਹੋਇਆ ਕਰਨੈਲੋ ਨੂੰ ਆਖਦਾ ਹੈ ਤਾਂ ਉਹ ਚਾਰੇ ਪੈਰ ਚੁੱਕ ਕੇ ਪੈਂਦੀ ਹੈ, 'ਤੇਰੀ ਤਾਂ ਮੱਤ ਮਾਰ ਛੱਡੀ ਏ ਇਨ੍ਹਾਂ ਬਾਜ਼ੀਆਂ ਨੇ, ਸਾਰੀ ਦ੍ਹਾੜੀ ਲੱਤਾਂ ਕੱਠੀਆਂ ਕਰਕੇ ਬੈਠਾ ਰਹਿਨਾਂ, ਗੋਡੇ ਜੁੜੇ ਪਏ ਆ |'
'ਹੋਰ ਮੈਂ ਕੀ ਕਰਾਂ ? ਤੇਰੀਆਂ ਈ ਗਾਲਾਂ ਸੁਣੀ ਜਾਵਾਂ ਸਾਰੀ ਦ੍ਹਾੜੀ, ਜੇ ਘਰੇ ਰਹਾਂ ਤਾਂ ਸਾਲੇ ਫ਼ੱਤੂ ਹੁਰੀਂ ਝੱਟ ਕਹਿ ਦੇਣਗੇ ਬਈ ਕਰਨੈਲੋ ਤਾਂ ਬਸੰਤੇ ਨੂੰ ਗੋਡੇ ਨਾਲ ਲਾਈ ਰੱਖਦੀ ਆ...ਹਾ!.....ਹਾ!!......ਹਾ!!!'
'ਸਾਰੀ ਦ੍ਹਾੜੀ ਮਗਜ਼ ਨਾ ਮਾਰੀ ਜਾਇਆ ਕਰ, ਆਹ ਲੈ ਤਿੰਨ ਸੌ ਤੇ ਸ਼ਹਿਰੋਂ ਜਾ ਕੇ ਸਾਮਾਨ ਲੈ ਆ |' ਕਰਨੈਲੋ ਲਾਲ ਜਿਹੀ ਗਠੜੀ ਵਿਚੋਂ ਪੈਸੇ ਕੱਢ ਕੇ ਦਿੰਦੀ ਹੈ ਤੇ ਬਸੰਤਾ ਵਰਾਂਡੇ 'ਚੋਂ ਸਾਈਕਲ ਚੁੱਕ ਕੇ ਸ਼ਹਿਰ ਨੂੰ ਚਲਿਆ ਜਾਂਦਾ ਹੈ |
ਕਰਨੈਲੋ ਦਾ ਹੁਣ ਧਰਤੀ 'ਤੇ ਪੈਰ ਨਹੀਂ ਸੀ ਲੱਗ ਰਿਹਾ, ਸਗੋਂ ਭੱਜੀ ਫ਼ਿਰਦੀ ਸੀ | ਘਰ ਦੀਆਂ ਸਫ਼ਾਈਆਂ ਕਰਦੀ, ਸੁੰਵਰਦੀ-ਸੰਵਾਰਦੀ ਹਵਾ 'ਚ ਉੱਡੀ ਫ਼ਿਰਦੀ ਸੀ | ਉਹ ਕਾਨਿ੍ਹਆਂ ਦੀ ਛੱਤ 'ਚੋਂ ਆਲ੍ਹਣੇ ਲਾਹੁੰਦੀ ਆਖਦੀ ਹੈ, 'ਲਓ ਨੀ ਚਿੜੀਓ ! ਅੱਜ ਤਾਂ ਥੋਡਾ ਘਰ ਵੀ ਉਜਾੜਨਾ ਪੈਣਾ, ਮੇਰੇ ਸ਼ੋਖੀ ਨੇ ਜੋ ਆਉਣਾ, ਉਹ ਕੀ ਆਖੂ ਬਈ ਬੇਬੇ ਨੇ ਆਲ੍ਹਣੇ ਪਾ ਰੱਖੇ ਨੇ |' ਉਸ ਨੇ ਆਲ੍ਹਣੇ ਨੂੰ ਲਾਹ ਦਿੱਤਾ ਜੋ ਉਸ ਨੇ ਕਈ ਮਹੀਨਿਆਂ ਤੋਂ ਨਹੀਂ ਸੀ ਉਤਾਰਿਆ ਸਗੋਂ ਹਰ ਵਾਰ ਆਖ ਦਿੰਦੀ ਸੀ, 'ਕਾਹਨੂੰ ਵਿਚਾਰੀਆਂ ਦਾ ਘਰ ਉਜਾੜਨਾ |'
ਉਹ ਭਾਂਡੇ ਮਾਂਜਣ ਬੈਠ ਜਾਂਦੀ ਹੈ | ਆਪਣੇ ਪੁੱਤ ਨੂੰ ਯਾਦ ਕਰਦੀ ਹੋਈ ਆਖਦੀ ਹੈ, 'ਕੀ ਹੋਇਆ ਜੇ ਮੇਰਾ ਪੁੱਤ ਮੈਥੋਂ ਦੂਰ ਚਲਿਆ ਗਿਆ...ਪਰ ਪੁੱਤ ਤਾਂ ਮੇਰਾ ਹੀ ਰਹੂ, ਖ਼ੂਨ ਤਾਂ ਮੇਰਾ ਹੀ ਆ | ਐਨਾ ਪੜ੍ਹ-ਲਿਖ ਕੇ ਪਿੰਡਾਂ 'ਚ ਵੀ ਕੀ ਕਰਦਾ, ਸ਼ੁਕਰ ਆ ਮੇਰਾ ਪੁੱਤ ਪੜ੍ਹ ਗਿਆ, ਨਹੀਂ ਤਾਂ ਖੁਰਲੀਆਂ ਸਾਫ਼ ਕਰਨੀਆਂ ਕਿਹੜੈ ਸੁਖਾਲੀਆਂ ਨੇ | ਘੁੱਦੂ ਹੁਰੀਂ ਨਾਲ ਹੀ ਪੜ੍ਹਦੇ ਸੀ ਉਹਦੇ , ਹੱਡ ਰਗੜਾਉਂਦੇ ਨੇ ਵਿਚਾਰੇ | ਉਦੋਂ ਤਾਂ ਲੋਕਾਂ ਨੂੰ ਪਤਾ ਈ ਨੀ ਸੀ ਬਈ ਪੜ੍ਹਾਈ ਕੀ ਹੁੰਦੀ ਆ | ਇਹ ਤਾਂ ਮੇਰੇ ਪੁੱਤ ਤੇ ਵੀ ਈਰਖਾ ਕਰਦੇ ਕਹਿੰਦੇ ਹੁੰਦੇ ਸੀ, ਬਈ ਦੀਪ ਨੇ ਕਿਹੜਾ ਅਫ਼ਸਰ ਬਣ ਜਾਣਾ, ਘਾਹੀਆਂ ਨੇ ਘਾਹ ਹੀ ਖੋਤਣੇ ਆਂ, ਹੁਣ ਨੀ ਦੋਂ ਸਾਲਾਂ ਨੂੰ ਲੱਗ ਜੂ..., ਨਾਲੇ ਦੇਖ ਲਾਂਅ ਗੇ ਅਫ਼ਸਰ ਲੱਗਦੇ ਨੂੰ |'
ਲੋਕਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਕਰਨੈਲੋ ਕੁੜ੍ਹਦੀ ਰਹਿੰਦੀ ਸੀ, ਪਰ ਬਸੰਤਾ ਹਮੇਸ਼ਾ ਉਸ ਨੂੰ ਸਮਝਾਉਂਦਾ ਹੋਇਆ ਆਖਦਾ ਹੁੰਦਾ ਸੀ, 'ਕਮਲੀਏ ! ਤੂੰ ਕਾਹਨੂੰ ਆਵਦਾ ਡਮਾਕ ਖਰਾਬ ਕਰਦੀ ਆਂ, ਲੋਕ ਜੇ ਭੌਾਕਦੇ ਨੇ ਤਾਂ ਭੌਾਕੀ ਜਾਣ ਦੇ ਜਦ ਆਪਣੇ ਨਿਆਣੇ ਠੀਕ ਆ ਤਾਂ ਆਪਾਂ ਲੋਕਾਂ ਤੋਂ ਕੀ ਲੈਣਾ ਭਲਾ |'
ਦੀਪ ਤੇ ਸੁਖਦੇਵ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ | ਕਦੇ ਦੁਖੀ ਨਾ ਕਰਦੇ ਸਗੋਂ ਹੌਸਲਾ ਦਿੰਦੇ ਹੋਏ ਆਖਦੇ, 'ਬਾਪੂ ਜੀ ! ਤੁਸੀਂ ਫ਼ਿਕਰ ਨਾ ਕਰਿਆ ਕਰੋ | ਇਕ ਦਿਨ ਅਜਿਹਾ ਵੀ ਆਊ ਜਦੋਂ ਇਹ ਸਾਰੇ ਤੁਹਾਡੇ ਪੁੱਤਰਾਂ ਦੀਆਂ ਤਾਰੀਫ਼ਾਂ ਵੀ ਕਰਿਆ ਕਰਨਗੇ, ਸਾਨੂੰ ਪਤੈ ਤੁਸੀਂ ਬਹੁਤ ਸੰਤਾਪ ਭੋਗਿਆ ਮਜ਼ਦੂਰੀ ਵੱਸ ਪੈ ਕੇ, ਬਹੁਤ ਹੰਢਾਅ ਲਿਆ ਦੁੱਖ, ਅਸੀਂ ਤਾਂ ਚਾਹੁੰਨੇ ਆਂ ਬਈ ਸਭ ਦੀ ਗ਼ਰੀਬੀ ਕੱਟੀ ਜਾਵੇ. ਕੋਈ ਨਾ ਉਹ ਵਕਤ ਵੀ ਆਊ ਜਦੋਂ ਗ਼ਰੀਬਾਂ ਦੀਆਂ ਇੱਜ਼ਤਾਂ ਕੱਖਾਂ ਦੀਆਂ ਪੰਡਾਂ ਬਦਲੇ ਨਹੀਂ ਵਿਕਿਆ ਕਰਨਗੀਆਂ |' ਕਰਨੈਲੋ ਆਪਣੇ ਪੁੱਤਰਾਂ ਨੂੰ ਗਲ ਨਾਲ ਲਾਉਂਦੀ ਹੋਈ ਆਖਦੀ, 'ਰੱਬ ਤੁਹਾਡੇ ਵਰਗੇ ਸ਼ੇਰ ਪੁੱਤ ਸਭ ਨੂੰ ਦੇਵੇ | ਮੈਂ ਤਾਂ ਥੋਨੂੰ ਭੋਲੇ ਸਮਝਦੀ ਸੀ ਤੁਸੀਂ ਤਾਂ ਬਹੁਤ ਸਮਝਦਾਰ ਹੋ |'
ਬਸੰਤਾ ਤੇ ਕਰਨੈਲੋ ਆਪਣਾ ਕਣ-ਕਣ ਪੁੱਤਰਾਂ ਤੋਂ ਨਿਛਾਵਰ ਕਰਦੇ ਸਨ | ਉਹ ਆਪਣੇ ਆਸਾਂ ਦੇ ਮਹਿਲਾਂ ਦੀਆਂ ਥੰਮ੍ਹੀਆਂ ਨੂੰ ਮਿਹਨਤ ਨਾਲ ਉਸਾਰਦੇ ਗਏ ਪਰ ਸਮੇਂ ਨੇ ਸਾਥ ਨਾ ਦਿੱਤਾ ਤੇ ਉਨ੍ਹਾਂ ਦੀਆਂ ਆਸਾਂ ਦੇ ਮਹਿਲ ਉਸਰਨ ਤੋਂ ਪਹਿਲਾਂ ਹੀ ਖੇਰੂੰ-ਖੇਰੂੰ ਹੋ ਗਏ | ਉਨ੍ਹਾਂ ਦੇ ਵੱਡੇ ਪੁੱਤਰ ਸੁਖਦੇਵ ਨੂੰ ਪੁਲਿਸ ਵਾਲਿਆਂ ਨੇ ਮੁਕਾਬਲਾ ਬਣਾ ਕੇ ਸਦਾ ਲਈ ਖ਼ਤਮ ਕਰ ਦਿੱਤਾ ਸੀ | ਸਮਾਂ ਬੀਤਦਾ ਗਿਆ ਜ਼ਖ਼ਮਾਂ ਦੇ ਦਰਦ ਨੂੰ ਦਬਾ ਕੇ ਉਹ ਦੀਪ ਦੇ ਸਿਰ 'ਤੇ ਹੀ ਆਸਾਂ ਵਾਲੇ ਮਹਿਲ ਉਸਾਰਨ ਲੱਗ ਗਏ ਸਨ | ਮਹਿਲ ਸ਼ਿਖਰਾਂ 'ਤੇ ਸੀ | ਦੀਪ ਬੈਂਕ ਵਿਚ ਮੈਨੇਜਰ ਲੱਗ ਗਿਆ ਸੀ | ਕਰਨੈਲੋ ਨੇ ਜ਼ਿੰਮੇਵਾਰੀਆਂ ਤੋਂ ਸੁਰਖ਼ਰੂ ਹੋਣ ਲਈ ਉਸ ਦਾ ਵਿਆਹ ਕਰ ਦਿੱਤਾ ਸੀ | ਕੁੜੀ ਵੀ ਇਨਕਮ ਟੈਕਸ ਅਫ਼ਸਰ ਸੀ | ਪਰਿਵਾਰ ਬਹਤ ਖ਼ੁਸ਼ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਝੁਨੇਰ ਰੋਡ, ਨੇੜੇ ਸਰਕਾਰੀ ਡਿਸਪੈਂਸਰੀ
ਪਿੰਡ ਤੇ ਡਾਕ:-ਸੰਦੌੜ, ਤਹਿਸੀਲ: ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ (ਪੰਜਾਬ)
ਮੋਬਾਈਲ : 98881-17389.

ਸਾਹਿਤਕ ਸਰਗਰਮੀਆਂ

ਨਵਰਾਹੀ ਘੁਗਿਆਣਵੀ ਅਤੇ ਸਾਧੂ ਰਾਮ ਲੰਗੇਆਣਾ ਦਾ ਸਨਮਾਨ
ਪਿਆਰਾ ਸਿੰਘ ਦਾਤਾ ਮੈਮੋਰੀਅਲ ਐਵਾਰਡ ਕਮੇਟੀ ਦਿੱਲੀ ਦੇ ਪ੍ਰਬੰਧਕਾਂ ਰਾਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਵੱਲੋਂ ਪੰਜਾਬੀ ਹਾਸ-ਵਿਅੰਗ ਅਕਾਦਮੀ ਪੰਜਾਬ ਦੇ ਸਹਿਯੋਗ ਨਾਲ ਬਾਹਰਵਾਂ ਪਿਆਰਾ ਸਿੰਘ ਦਾਤਾ ਯਾਦਗਾਰੀ ਪੁਰਸਕਾਰ ਸਨਮਾਨ ਸਮਾਰੋਹ ਐਸ.ਡੀ. ਪਬਲਿਕ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ.ਐਲ.ਗਰਗ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ 'ਚ ਪਿ੍ੰਸੀਪਲ ਸੁਰੇਸ਼ ਬਾਂਸਲ, ਬਲਦੇਵ ਸਿੰਘ ਸੜਕਨਾਮਾ, ਗੁਰਬਚਨ ਸਿੰਘ ਚਿੰਤਕ, ਬਲਦੇਵ ਸਿੰਘ ਆਜ਼ਾਦ, ਪਰਮਜੀਤ ਸਿੰਘ ਦਿੱਲੀ, ਮਨਪ੍ਰੀਤ ਸਿੰਘ ਦਿੱਲੀ, ਪ੍ਰਧਾਨ ਕੇ.ਐਲ.ਗਰਗ, ਨਵਰਾਹੀ ਘੁਗਿਆਣਵੀ ਅਤੇ ਡਾ: ਸਾਧੂ ਰਾਮ ਲੰਗੇਆਣਾ ਸੁਸ਼ੋਭਿਤ ਸਨ | ਸਮਾਗਮ ਦੀ ਸ਼ੁਰੂਆਤ ਹਰਪ੍ਰੀਤ ਸਿੰਘ ਮੋਗਾ ਅਤੇ ਬਹਾਦਰ ਡਾਲਵੀ ਦੀਆਂ ਗ਼ਜ਼ਲਾਂ ਨਾਲ ਹੋਈ | ਉਪਰੰਤ ਅਕਾਦਮੀ ਦੇ ਪ੍ਰਧਾਨ ਕੇ.ਐਲ. ਗਰਗ ਅਤੇ ਸਕੱਤਰ ਬਲਦੇਵ ਸਿੰਘ ਅਜ਼ਾਦ ਨੇ ਸਭ ਨੂੰ ਜੀ ਆਇਆਂ ਆਖਦਿਆਂ ਪਿਆਰਾ ਸਿੰਘ ਦਾਤਾ ਦੇ ਸਾਹਿਤਕ ਸਫਰ ਅਤੇ ਅਕਾਦਮੀ ਦੀਆਂ ਪਿਛਲੀਆਂ ਸਰਗਰਮੀਆਂ ਬਾਰੇ ਵਿਸਥਾਰਪੂਰਵਕ ਰੌਸ਼ਨੀ ਪਾਈ | ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਉੱਘੇ ਵਿਅੰਗ ਸ਼ਾਇਰ ਪਿ੍ੰਸੀਪਲ ਫ਼ੌਜਾ ਸਿੰਘ ਉਰਫ ਨਵਰਾਹੀ ਘੁਗਿਆਣਵੀ ਅਤੇ ਪ੍ਰਸਿੱਧ ਵਿਅੰਗਕਾਰ ਡਾ: ਸਾਧੂ ਰਾਮ ਲੰਗੇਆਣਾ ਦਾ ਪਿਆਰਾ ਸਿੰਘ ਦਾਤਾ ਯਾਦਗਾਰੀ ਪੁਰਸਕਾਰ ਨਾਲ ਗਿਆਰਾਂ ਹਜ਼ਾਰ ਨਕਦ ਰਾਸ਼ੀ, ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਦੇ ਨਾਲ ਹੀ ਸਨਮਾਨਿਤ ਸ਼ਖ਼ਸੀਅਤਾਂ ਨਵਰਾਹੀ ਘੁਗਿਆਣਵੀ ਦੇ ਸਾਹਿਤਕ ਸਫਰ ਬਾਰੇ ਇਕਬਾਲ ਘਾਰੂ ਫਰੀਦਕੋਟ ਅਤੇ ਸਾਧੂ ਰਾਮ ਲੰਗੇਆਣਾ ਦੇ ਸਾਹਿਤਕ ਸਫਰ ਬਾਰੇ ਜਸਵੀਰ ਭਲੂਰੀਆ ਵੱਲੋਂ ਚਾਨਣਾ ਪਾਇਆ ਗਿਆ | ਉਪਰੰਤ ਵੱਖ-ਵੱਖ ਲੇਖਕਾਂ ਦੀਆਂ ਨਵੀਆਂ ਕਿਤਾਬਾਂ ਦੀ ਘੁੰਡ ਚੁਕਾਈ ਵੀ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ | ਉਪਰੰਤ ਕਵੀ ਦਰਬਾਰ ਉੱਘੇ ਗ਼ਜ਼ਲਗ਼ੋ ਕਿ੍ਸ਼ਨ ਭਨੋਟ ਦੀ ਖ਼ੂਬਸੂਰਤ ਗ਼ਜ਼ਲ ਨਾਲ ਸ਼ੁਰੂ ਹੋਇਆ, ਜਿਸ ਵਿਚ ਸਰਵਨ ਸਿੰਘ ਪਤੰਗ, ਰਾਜਵਿੰਦਰ ਰੌਾਤਾ, ਮੰਗਤ ਕੁਲਜਿੰਦ, ਜਸਵੀਰ ਸ਼ਰਮਾ ਦੱਦਾਹੂਰ, ਗੁਰਮੇਜ ਗੇਜਾ ਲੰਗੇਆਣਾ, ਮਲਕੀਤ ਲੰਗੇਆਣਾ, ਅਰਸ਼ਦੀਪ ਲੰਗੇਆਣਾ, ਦਿਲਬਾਗ ਬੁੱਕਣਵਾਲਾ, ਸੁਖਦਰਸ਼ਨ ਗਰਗ, ਗੁਰਸ਼ਰਨਜੀਤ ਮਠਾੜੂ ਗੁਰਦਾਸਪਰ, ਬਲਵੰਤ ਚਰਾਗ, ਨਰਿੰਦਰ ਜੋਗ, ਗੁਰਮੀਤ ਕੜਿਆਲਵੀ, ਅਮਰ ਸੂਫ਼ੀ, ਚਮਕੌਰ ਸਿੰਘ ਬਾਘੇਵਾਲੀਆ, ਬਲਰਾਜ ਸਿੰਘ ਮੋਗਾ, ਦਵਿੰਦਰ ਸਿੰਘ ਗਿੱਲ, ਐਮ.ਕੇ. ਰਾਹੀ, ਸੋਨੀ ਮੋਗਾ, ਜਸਬੀਰ ਕਲਸੀ ਧਰਮਕੋਟ, ਗੁਰਮੇਲ ਸਿੰਘ, ਵਿਵੇਕ ਕੋਟ ਈਸੇ ਖਾਂ, ਕਰਮ ਸਿੰਘ ਕਰਮ, ਬਲਵਿੰਦਰ ਸਿੰਘ ਕੈਂਥ, ਅਵਤਾਰ ਸਿੰਘ ਕਲੇਰ, ਕੁਲਵਿੰਦਰ ਵਿਰਕ ਕੋਟਕਪੂਰਾ, ਕੰਵਲਜੀਤ ਭੋਲਾ ਲੰਡੇ, ਅਜੀਤ ਕੁਮਾਰ ਬਾਘਾ ਪੁਰਾਣਾ, ਮਾਸਟਰ ਬਿੱਕਰ ਸਿੰਘ ਭਲੂਰ, ਜਸਵੀਰ ਭਲੂਰੀਆ, ਜੰਗੀਰ ਖੋਖਰ, ਗਿਆਨੀ ਗੁਰਦੇਵ ਸਿੰਘ, ਹਰਪ੍ਰੀਤ ਮੋਗਾ, ਬਹਾਦਰ ਡਾਲਵੀ, ਕਿ੍ਸ਼ਨ ਭਨੋਟ, ਅਵਤਾਰ ਕਮਾਲ, ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਪ੍ਰਧਾਨ ਅਮਰਜੀਤ ਸਿੰਘ ਲੰਗੇਆਣਾ, ਸੂਬੇਦਾਰ ਵਿਜੈ ਕੁਮਾਰ ਰਿਸ਼ੀ, ਨੀਲਮ ਰਾਣੀ ਨੇ ਭਾਗ ਲਿਆ | ਅਖੀਰ ਵਿਚ ਬਲਦੇਵ ਸਿੰਘ ਸੜਕਨਾਮਾ ਅਤੇ ਕੇ.ਐਲ.ਗਰਗ ਵੱਲੋਂ ਪਹੁੰਚੇ ਹੋਏ ਸਭ ਲੇਖਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ ਗਈ |

-ਬਲਦੇਵ ਸਿੰਘ ਆਜ਼ਾਦ
ਮੁਕਤਸਰ, ਸਕੱਤਰ ਹਾਸ-ਵਿਅੰਗ ਅਕਾਦਮੀ ਪੰਜਾਬ

ਵਿਸ਼ਵਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕਿਸੇ ਵਿਅਕਤੀ ਨੂੰ ਭਰੋਸੇਯੋਗ ਬਣਾਉਣ ਦਾ ਇਕ ਹੀ ਢੰਗ ਹੈ ਕਿ ਤੁਸੀਂ ਉਸ 'ਤੇ ਵਿਸ਼ਵਾਸ ਕਰੋ |
• ਔਰਤ ਵਿਸ਼ਵਾਸ ਦੀ ਉਹ ਮੂਰਤੀ ਹੈ ਜਿਹੜੀ ਤਿੰਨ ਪੱਪਿਆਂ ਭਾਵ ਪਿਤਾ, ਪਤੀ ਤੇ ਪੁੱਤਰ ਦੇ ਨਾਲ ਰਹਿੰਦੀ ਹੋਈ ਤੇ ਹੋਰਨਾਂ ਰਿਸ਼ਤਿਆਂ ਨਾਲ ਰਹਿੰਦੀ ਹੋਈ ਵਿਸ਼ਵਾਸ ਜਿੱਤਦੀ ਹੈ ਤੇ ਜ਼ਿੰਦਗੀ ਦੇ ਔਖੇ ਰਾਹਾਂ ਨੂੰ ਸਰ ਕਰਦੀ ਹੈ |
• ਬਾਲਣ ਵਾਸਤੇ ਪੁਰਾਣੀ ਲੱਕੜ, ਵਿਸ਼ਵਾਸ ਕਰਨ ਲਈ ਪੁਰਾਣੇ ਦੋਸਤ ਅਤੇ ਪੜ੍ਹਨ ਲਈ ਪੁਰਾਣੇ ਲੇਖਕ ਹੀ ਚੰਗੇ ਹੁੰਦੇ ਹਨ |
• ਸ਼ਿਅਰ :
ਪੈਸਾ ਪੈਸਾ ਕਰਦੇ ਲੋਕੀਂ,
ਪੈਸੇ ਪਿੱਛੇ ਮਰਦੇ ਲੋਕੀਂ,
ਸੜਦੇ ਭੁਜਦੇ ਰਹਿਣ ਹਮੇਸ਼ਾ,
ਕਿਸੇ ਦੀ ਖੁਸ਼ੀ ਨਾ ਜਰਦੇ ਲੋਕੀਂ,
ਹਦੋਂ ਵੱਧ ਝੂਠੇ ਤੇ ਫਰੇਬੀ,
ਕਤਲ ਵਿਸ਼ਵਾਸ ਦਾ ਕਰਦੇ ਲੋਕੀਂ |
• ਟਾਹਣੀ 'ਤੇ ਬੈਠਾ ਪਰਿੰਦਾ ਕਦੀ ਨਹੀਂ ਡਰਦਾ ਕਿਉਂਕਿ ਉਸ ਨੂੰ ਆਪਣੇ ਖੰਭਾਂ 'ਤੇ ਵਿਸ਼ਵਾਸ ਹੁੰਦਾ ਹੈ |
• ਰਿਸ਼ਤੇ ਅਤੇ ਵਿਸ਼ਵਾਸ ਸਾਡੇ ਵਿਕਾਸ ਦੀ ਬੁਨਿਆਦ ਨੂੰ ਮਜ਼ਬੂਤ ਬਣਾਉਂਦੇ ਹਨ |
• ਭਰੋਸਾ ਖ਼ੁਦ 'ਤੇ ਰੱਖੋ ਤਾਂ ਤਾਕਤ ਬਣ ਜਾਂਦਾ ਹੈ ਅਤੇ ਦੂਜਿਆਂ 'ਤੇ ਰੱਖੋ ਤਾਂ ਕਮਜ਼ੋਰੀ |
• ਤਜਰਬਾ ਰਾਹ ਦਰਸਾਉਂਦਾ ਹੈ ਅਤੇ ਭਰੋਸੇ ਵਿਚੋਂ ਪਹਿਲਕਦਮੀ ਕਰਨ ਦਾ ਹੌਸਲਾ ਮਿਲਦਾ ਹੈ |
• ਪੰਜ ਚੀਜ਼ਾਂ ਦੁਬਾਰਾ ਨਹੀਂ ਮਿਲਦੀਆਂ, ਜਿਵੇਂ ਸੱੁਟਿਆ ਹੋਇਆ ਪੱਥਰ, ਬੋਲਿਆ ਹੋਇਆ ਸ਼ਬਦ, ਗੁਆਚਿਆ ਹੋਇਆ ਮੌਕਾ, ਬੀਤਿਆ ਹੋਇਆ ਸਮਾਂ ਤੇ ਗਵਾਚਾ ਹੋਇਆ ਵਿਸ਼ਵਾਸ |
• ਜਿਸ ਦਾ ਧਨ ਗੁਆਚ ਜਾਵੇ, ਉਸ ਨੂੰ ਨੁਕਸਾਨ ਹੁੰਦਾ ਹੈ | ਜਿਸ ਦਾ ਮਿੱਤਰ ਗੁਆਚ ਜਾਵੇ ਉਸ ਨੂੰ ਹੋਰ ਨੁਕਸਾਨ ਹੁੰਦਾ ਹੈ | ਜਿਸਦਾ ਵਿਸ਼ਵਾਸ ਗਵਾਚ ਜਾਵੇ ਸਮਝ ਲਓ, ਉਸ ਦਾ ਸਭ ਕੁਝ ਚਲਾ ਗਿਆ |
• ਤੁਸੀਂ ਜਿਸ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋ, ਅਕਸਰ ਉਹ ਹੀ ਤੁਹਾਡੀਆਂ ਅੱਖਾਂ ਖੋਲ੍ਹ ਜਾਂਦਾ ਹੈ |
• ਜਿਸ ਨੂੰ ਖੁਦ 'ਤੇ ਭਰੋਸਾ ਨਹੀਂ, ਉਸ ਦਾ ਭਗਵਾਨ 'ਤੇ ਵੀ ਭਰੋਸਾ ਨਹੀਂ |
• ਜ਼ਿੰਦਗੀ ਵਿਚ ਵਿਸ਼ਵਾਸ, ਵਾਅਦਾ ਅਤੇ ਸਬੰਧਾਂ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਟੁੱਟਣ ਲੱਗਿਆਂ ਸ਼ੋਰ ਨਹੀਂ ਕਰਦੀਆਂ, ਸਿਰਫ਼ ਚੁੱਪ ਹੀ ਪਸਾਰਦੀਆਂ ਹਨ |
• ਹਥਿਆਰਾਂ ਉੱਪਰ ਵਿਸ਼ਵਾਸ ਕਰਨਾ ਬਹੁਤ ਵੱਡਾ ਰੋਗ ਹੈ | ਇਸ ਨੇ ਸੰਸਾਰ ਨੂੰ ਬਹੁਤ ਦੁੱਖ ਦਿੱਤਾ ਹੈ ਤੇ ਲੋਕਾਂ ਨੂੰ ਭੈਭੀਤ ਕੀਤਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਸਚਾਈ ਕੀ ਹੈ?

ਸਵੇਰੇ-ਸਵੇਰੇ ਦੁੱਧ ਦੇਣ ਵਾਲਾ ਭਈਆ ਆਇਆ | ਰਤਾ ਪ੍ਰੇਸ਼ਾਨ ਸੀ, ਉਸ ਦੇ ਚਿਹਰੇ 'ਤੇ ਸਵਾਲੀਆ ਨਿਸ਼ਾਨ ਸਨ | ਭਾਂਡੇ ਵਿਚ ਦੁੱਧ ਉਹਨੇ ਬਾਅਦ 'ਚ ਪਾਇਆ, ਪਹਿਲਾਂ ਪੁੱਛਿਆ, 'ਸਰਦਾਰ ਸਾਹਿਬ, ਆਪ ਫ਼ਿਲਮੋਂ ਮੇਂ ਹੈਾ... ਯੇਹ ਕੈਸੀ ਫ਼ਿਲਮ ਬਨਾਈ ਹੈ ਆਪ ਨੇ 'ਮਾਇਆਵਤੀ' ਕੀ, ਸਭ ਤਰਫ਼ ਲੋਗ ਪ੍ਰਦਰਸ਼ਨ ਕਰ ਰਹੇ ਹੈਾ |'
ਹਾਸਾ ਤਾਂ ਬਦੋਬਦੀ ਆਉਣਾ ਹੀ ਸੀ, ਆਖਿਆ, 'ਭਈਆ ਜੀ, ਫ਼ਿਲਮ 'ਮਾਇਆਵਤੀ' ਨਹੀਂ 'ਪਦਮਾਵਤੀ' ਬਣਾਈ ਹੈ |'
'ਪਦਮਾਵਤੀ? ਮਾਇਆਵਤੀ ਕੀ ਰਿਸ਼ਤੇਦਾਰ ਹੈ ਕਯਾ?'
'ਅਰੇ ਭਈਆ ਜੀ, ਵੋਹ ਚਿਤੌੜਗੜ੍ਹ ਕੇ ਰਾਜਾ ਕੀ ਮਹਾਰਾਨੀ ਥੀ... ਪਤਾ ਨਹੀਂ ਅਸਲ ਮੇਂ ਸੱਚ ਕਿਆ ਹੈ? ਜੋ ਮਾਨਤੇ ਹੈਾ ਕਿ ਵੋਹ ਇਤਨੀ ਖ਼ੂਬਸੂਰਤ ਥੀ ਕਿ ਜਿਸ ਕਾ ਜਵਾਬ ਨਹੀਂ ਥਾ |' ਉਸ ਪਰ ਜਿਸ ਕੀ ਨਜ਼ਰ ਪੜ ਜਾਤੀ ਉਸ ਕੇ ਚਿਹਰੇ ਸੇ ਹਟਤੀ ਨਹੀਂ ਥੀ, ਕਹਿਤੇ ਹੈਂ ਉਸ ਕੋ ਦਿੱਲੀ ਕਾ ਸੁਲਤਾਨ ਅਲਾਉਦੀਨ ਖਿਲਜੀ ਪ੍ਰਾਪਤ ਕਰਨਾ ਚਾਹਤਾ ਥਾ... |'
'ਉਹੋ ਤੋ ਯੇ ਬਾਤ ਹੈ? ਬੁਰੀ ਨਜ਼ਰ ਵਾਲੇ ਤੇਰਾ ਮੰੂਹ ਕਾਲਾ... ਮਿਲ ਗਈ ਉਸੇ ਪਦਮਾਵਤੀ?'
'ਕਹਾਂ ਮਿਲੀ, ਉਸੇ ਤੋ ਸ਼ਕਲ ਭੀ ਸ਼ੀਸ਼ੇ ਮੇਂ ਦਿਖੀ... ਰਾਨੀ ਨੇ ਅਪਨੀ ਆਬਰੂ ਪਰ ਆਂਚ ਨਹੀਂ ਆਨੇ ਦੀ... 16 ਹਜ਼ਾਰ ਰਾਨੀਓਾ ਕੇ ਸਾਥ ਜੌਹਰ ਕਰ ਲੀਆ, ਮਤਲਬ... ਅਪਨੇ ਆਪ ਕੋ ਆਗ ਮੇਂ ਜਲਾ ਡਾਲਾ |'
'ਓ... ਹੋ... ਵੋਹ ਤੋ ਮਹਾਨ ਔਰਤ ਥੀ... ਅਬ ਮੈਂ ਸਮਝ ਗਇਆ ਕਿ ਲੋਗ ਕਿਉਂ ਫ਼ਿਲਮ ਵਾਲੋਂ ਕੋ 'ਮੁਰਦਾਬਾਦ' ਕਹਿ ਰਹੇ ਹੈਾ... ਲੀਜੀਏ ਦੂਧ ਲੀਜੀਏ |
ਤੇ ਉਹ ਪਤੀਲੇ 'ਚ ਦੁੱਧ ਪਾ ਕੇ ਪੂਰੀ ਸੰਤੁਸ਼ਟੀ ਨਾਲ ਸਿਰ ਹਿਲਾਉਂਦਾ ਚਲਾ ਗਿਆ |
ਚਿਤੌੜ ਦੇ ਰਾਜਾ ਰਤਨ ਸਿੰਘ ਦੀ ਰਾਣੀ ਸੀ, 'ਇਤਿਹਾਸਕ' ਅਪਾਰ ਸੰੁਦਰੀ ਪਦਮਾਵਤੀ | ਕਿਸੇ ਚਾਪਲੂਸ ਨੇ ਹੀ ਜਾ ਕੇ ਖਿਲਜੀ ਨੂੰ ਭੜਕਾ ਦਿੱਤਾ ਸੀ, ਇਹ ਆਖ ਕੇ ਕਿ ਇਹੋ ਜਿਹੀ ਪਰਮ ਸੰੁਦਰੀ ਤਾਂ ਅਲਾਉਦੀਨ ਖਿਲਜੀ ਦੀ ਖ਼ਵਾਬਗਾਹ ਦੀ ਰੌਣਕ ਹੋਣੀ ਚਾਹੀਦੀ ਹੈ |
ਰਾਜਪੂਤ ਜੋ ਮੰਨਦੇ ਹਨ, ਉਸੇ ਤੱਥ ਨੂੰ ਅਸੀਂ ਮੰਨਾਂਗੇ... ਕਿ ਉਹ ਸੱਚਮੁੱਚ ਇਤਿਹਾਸਕ ਸੱਚ ਹੈ ਕਿ ਉਹਦੀ ਹੋਂਦ ਸੱਚ ਹੈ...ਉਸੇ ਨੂੰ ਹਾਸਲ ਕਰਨ ਲਈ ਅਲਾਉਦੀਨ ਖਿਲਜੀ ਨੇ ਚਿਤੌੜਗੜ੍ਹ 'ਤੇ ਹਮਲਾ ਕਰ ਦਿੱਤਾ |
ਬੇਸ਼ੱਕ ਰਾਜਾ ਰਤਨ ਸਿੰਘ ਉਹਦਾ ਮੁਕਾਬਲਾ ਨਾ ਕਰ ਸਕਿਆ, ਪਰ ਰਾਣੀ 'ਪਦਮਾਵਤੀ' ਨੂੰ ਹਾਸਲ ਕਰਨ ਦੀ ਖਿਲਜੀ ਦੀ ਲਾਲਸਾ ਪੂਰੀ ਨਾ ਹੋ ਸਕੀ |
ਇਸ ਅਸੀਮ ਬਹਾਦੁਰ ਰਾਣੀ 'ਪਦਮਾਵਤੀ' ਦਾ ਨਾਂਅ ਤੇ ਉਹਦੀ ਕਹਾਣੀ ਹੁਣੇ ਹੀ ਮਸ਼ਹੂਰ ਹੋਈ ਹੈ, ਕਿਉਂਕਿ ਬਾਲੀਵੁੱਡ ਮੰੁਬਈ ਦੇ ਇਕ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਨੇ ਇਸੇ ਮਹਾਰਾਣੀ 'ਪਦਮਾਵਤੀ' ਤੇ ਅਲਾਉਦੀਨ ਖਿਲਜੀ ਦੀ ਗਾਥਾ 'ਤੇ ਇਕ ਫ਼ਿਲਮ 'ਪਦਮਾਵਤੀ' ਫ਼ਿਲਮਾਈ ਹੈ | ਉਸ ਨੂੰ ਲੱਗਾ ਸੀ ਕਿ 'ਪਦਮਾਵਤੀ' ਦੀ ਇਸ ਗਾਥਾ 'ਤੇ ਫ਼ਿਲਮ ਬਣਾ ਕੇ ਉਸ ਨੂੰ ਭਾਰਤ ਸਰਕਾਰ ਵਲੋਂ ਪੇਸ਼ ਕੀਤੇ ਜਾਂਦੇ 'ਪਦਮ' ਪੁਰਸਕਾਰਾਂ 'ਚੋਂ ਸਭ ਤੋਂ ਉੱਤਮ ਪੁਰਸਕਾਰ 'ਪਦਮ ਵਿਭੂਸ਼ਣ' ਮਿਲ ਜਾਏਗਾ ਪਰ ਉਲਟਾ ਪੈ ਗਿਐ | ਕੀ ਰਾਜਸਥਾਨ, ਕੀ ਗੁਜਰਾਤ, ਮੰੁਬਈ ਵਿਚ ਵੀ 'ਭੰਸਾਲੀ ਮੁਰਦਾਬਾਦ' ਤੇ 'ਪਦਮਾਵਤੀ ਜ਼ਿੰਦਾਬਾਦ' ਦੇ ਨਾਅਰੇ ਗੰੂਜ ਰਹੇ ਹਨ ਤੇ ਕਰਣੀ ਸੈਨਾ, ਮੇਵਾੜ ਦੇ ਰਾਜ ਘਰਾਣੇ ਵਲੋਂ ਖੁੱਲ੍ਹਾ ਚੈਲਿੰਜ ਦਿੱਤਾ ਗਿਆ ਹੈ ਕਿ ਉਹ ਇਹ ਫ਼ਿਲਮ ਰਿਲੀਜ਼ ਨਹੀਂ ਹੋਣ ਦੇਣਗੇ, ਜਦ ਤਾੲੀਂ ਰਿਲੀਜ਼ ਤੋਂ ਪਹਿਲਾਂ ਉਹ ਉਨ੍ਹਾਂ ਨੂੰ ਫ਼ਿਲਮ ਨਹੀਂ ਵਿਖਾ ਦਿੰਦਾ | ਭੰਸਾਲੀ ਨੇ ਲੱਖ ਵਿਸ਼ਵਾਸ ਦਿਵਾਏ ਕਿ ਉਸ ਦੀ ਫ਼ਿਲਮ 'ਪਦਮਾਵਤੀ' 'ਚ 'ਖਿਲਜੀ' ਤੇ 'ਪਦਮਾਵਤੀ' ਦਾ ਕੋਈ ਅਜਿਹਾ ਸੀਨ ਨਹੀਂ ਹੈ, ਜਿਹੜਾ ਰਾਜਪੂਤਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਂਦਾ ਹੋਵੇ, ਉਹਨੇ ਇਸ 'ਦੋਸ਼' ਤੋਂ ਵੀ ਇਨਕਾਰ ਕੀਤਾ ਹੈ ਕਿ ਫ਼ਿਲਮ ਵਿਚ ਕਥਿਤ ਡਰੀਮ ਸੀਨ (ਸੁਪਨੇ ਦਾ ਸੀਨ) ਵੀ ਨਹੀਂ ਹੈ, ਜਿਸ 'ਚ ਖਿਲਜੀ ਰਾਣੀ ਪਦਮਾਵਤੀ ਨਾਲ ਪਿਆਰ ਕਰ ਰਿਹਾ ਹੈ 'ਪਰ ਮੈਂ ਨਾ ਮਾਨੂ ਰੇ, ਪਹਿਲੇ ਫ਼ਿਲਮ ਵਿਖਾ, ਫਿਰ ਹੋਰ ਗੱਲ ਕਰਾਂਗੇ |'
ਭੰਸਾਲੀ ਨੇ 'ਪਦਮਾਵਤੀ' 'ਚ ਪਦਮਾਵਤੀ ਦਾ ਸ਼ਾਨਦਾਰ 'ਘੂਮਰ' ਡਾਂਸ ਵੀ ਫ਼ਿਲਮਾਇਆ ਹੈ | ਤਰਜ਼ ਵੀ ਕਮਾਲ ਦੀ ਹੈ, ਪੇਸ਼ਕਾਰੀ ਵੀ ਕਮਾਲ ਦੀ ਹੈ, ਪਦਮਾਵਤੀ ਦੇ ਰੋਲ 'ਚ ਹੀਰੋਇਨ ਦੀਪਿਕਾ ਪਾਦੂਕੋਨ ਦੀ ਐਕਟਿੰਗ ਵੀ ਕਮਾਲ ਦੀ ਹੈ, ਮੈਂ ਤਾਂ ਵੇਖ ਕੇ ਗ਼ਦਗਦ ਹੋ ਗਿਆਂ, ਪਰ ਉਸ 'ਤੇ ਵੀ ਇਤਰਾਜ਼ ਖੜ੍ਹਾ ਕਰ ਦਿੱਤਾ ਹੈ, ਰਾਜ ਘਰਾਣੇ ਵਾਲਿਆਂ ਵਲੋਂ ਵੀ ਤੇ ਕਰਣੀ ਸੈਨਾ, ਬਜਰੰਗ ਦਲ ਆਦਿ ਤਨਜ਼ੀਮਾਂ ਵਲੋਂ ਵੀ ਕਿ 'ਘੂਮਰ' ਨਿ੍ਤ ਕੋਈ ਵੀ ਰਾਣੀ ਆਪ ਨਹੀਂ ਨੱਚਦੀ ਸੀ, ਸਿਰਫ਼ ਦੂਜੀਆਂ ਨ੍ਰਤਕੀਆਂ ਉਹਦੇ ਸਾਹਮਣੇ ਨੱਚਦੀਆਂ ਸਨ |
ਮਰਯਾਦਾ! ਮਰਯਾਦਾ!! ਮਰਯਾਦਾ!!!
ਹਿਸਾਬ ਲਾਓ, ਜੇਕਰ ਇਹ ਰਾਣੀ 'ਘੂਮਰ' ਹੀ 'ਰਾਜਪੂਤੀ ਮਰਯਾਦਾ' ਦੀ ਉਲੰਘਣਾ ਕਰਦਾ ਹੈ ਤਾਂ ਪੂਰੀ ਫ਼ਿਲਮ ਵੇਖ ਕੇ ਕੀ-ਕੀ ਨੁਕਸ ਨਿਕਲਣਗੇ!
ਇਸ ਫ਼ਿਲਮ ਵਿਚ ਰਾਜਪੂਤਾਂ ਦੀ ਆਨ-ਬਾਨ-ਸ਼ਾਨ ਤੇ ਬਹਾਦਰੀ ਦਾ ਬਖਾਨ ਕਰਦਿਆਂ ਇਹ ਡਾਇਲਾਗ ਪਦਮਾਵਤੀ ਦੇ ਪਤੀ ਰਾਜਾ ਰਤਨ ਸਿੰਘ ਦੇ ਮੰੂਹੋਂ ਅਖਵਾਇਆ ਗਿਆ ਹੈ, 'ਰਾਜਪੂਤਾਂ ਦਾ ਜੰਗ 'ਚ ਸਿਰ ਵੀ ਵੱਢਿਆ ਜਾਏ ਤਾਂ ਵੀ ਉਨ੍ਹਾਂ ਦਾ ਧੜ ਹੀ ਲੜਦਾ ਰਹਿੰਦਾ ਹੈ |'
ਸੁਪਰੀਮ ਕੋਰਟ 'ਚ ਵੀ ਫ਼ਿਲਮ 'ਪਦਮਾਵਤੀ' ਦੀ ਰਿਲੀਜ਼ 'ਤੇ ਰੋਕ ਲਾਉਣ ਲਈ ਇਕ ਅਰਜ਼ੀ ਦਾਖ਼ਲ ਕੀਤੀ ਗਈ ਸੀ | ਸੁਪਰੀਮ ਕੋਰਟ ਨੇ ਇਹ ਦਲੀਲ ਦੇ ਕੇ ਇਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਕਿ ਅਜੇ ਤਾਂ ਫ਼ਿਲਮ ਸੈਂਸਰ ਬੋਰਡ 'ਚ ਵੀ ਪੇਸ਼ ਨਹੀਂ ਕੀਤੀ ਗਈ |
ਕਿੰਨੀ ਅਜੀਬ ਦਲੀਲ ਦੇ ਰਹੇ ਹਨ ਲੋਕੀਂ ਕਿ ਜਦ ਜਿਸ ਫ਼ਿਲਮ ਨੂੰ ਵੀ ਸੈਂਸਰ ਬੋਰਡ ਪਾਸ ਕਰ ਦਿੰਦਾ ਹੈ, ਉਸ ਦੀ ਰਿਲੀਜ਼ ਨੂੰ ਕੋਈ ਨਹੀਂ ਰੋਕ ਸਕਦਾ | ਅਸਲ 'ਚ ਕਥਿਤ ਸੈਂਸਰ ਬੋਰਡ ਮੂਲਤਨ ਸਿਰਫ਼ ਫ਼ਿਲਮਾਂ ਨੂੰ ਕਿਹੜਾ ਸਰਟੀਫਿਕੇਟ ਦੇਣਾ ਹੈ, ਏ ਸਰਟੀਫਿਕੇਟ, ਯੂ ਏ ਸਰਟੀਫਿਕੇਟ ਜਾਂ ਯੂ ਸਰਟੀਫਿਕੇਟ, ਇਸੇ ਦਾ ਫ਼ੈਸਲਾ ਕਰਨ ਦਾ ਅਧਿਕਾਰੀ ਹੈ | ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਸਰਟੀਫਿਕੇਟ ਮਿਲ ਵੀ ਜਾਏ ਤਾਂ ਵੀ ਇਸ ਬਾਰੇ ਕੋਈ ਵੀ ਅਜਿਹੀ ਹਾਲਤ ਹੋ ਜਾਏ, ਜਿਸ ਨਾਲ ਅਮਨ-ਕਾਨੂੰਨ ਦੀ ਹਾਲਤ ਵਿਗੜਨ ਦੀ ਸੰਭਾਵਨਾ ਹੋ ਜਾਏ ਤਾਂ ਕੋਈ ਵੀ ਰਾਜ ਸਰਕਾਰ ਇਸ ਦੀ ਰਿਲੀਜ਼ 'ਤੇ ਰੋਕ ਲਾ ਸਕਦੀ ਹੈ |
ਮੇਰੀ ਆਪਣੀ ਪੰਜਾਬੀ ਫ਼ਿਲਮ ਸੀ 'ਸਾਲ ਸੋਲ੍ਹਵਾਂ ਚੜਿ੍ਹਆ', ਇਸ ਨੂੰ ਸੈਂਸਰ ਬੋਰਡ ਨੇ ਬਿਨਾਂ ਕਿਸੇ ਕੱਟ ਦੇ ਪਾਸ ਕਰਕੇ ਯੂ ਸਰਟੀਫਿਕੇਟ ਦਿੱਤਾ ਸੀ, ਇਸ ਵਿਚ ਇਕ ਗਾਣਾ ਸੀ, 'ਤੂੰ ਮੇਰਾ ਜਜਮਾਨ ਤੇ ਮੈਂ ਤੇਰੀ...' ਜਿਹੜਾ ਕਿ ਜਲੰਧਰ 'ਚ ਸਾਡੇ ਗੁਆਂਢੀ ਹਿੰਦੂ, ਮੀਆਂ-ਬੀਵੀ ਗਾਇਆ ਕਰਦੇ ਸਨ | ਇਸ ਗਾਣੇ 'ਤੇ ਜਲੰਧਰ ਦੀ ਇਕ ਸਭਾ ਨੇ ਕਲੇਸ਼ ਖੜ੍ਹਾ ਕਰ ਦਿੱਤਾ, ਫ਼ਿਲਮ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ | ਅਸਾਂ ਝੱਟ ਉਹਦੇ ਬੋਲ ਇਉਂ ਬਦਲ ਕੇ ਰਿਕਾਰਡ ਕਰ ਲਏ, 'ਤੂੰ ਮੇਰਾ ਮਹਿਮਾਨ ਤੇ ਮੈਂ ਤੇਰੀ ਕਾਮਨੀ' ਫਿਰ ਵੀ ਹਰ ਜ਼ਿਲ੍ਹੇ ਦੇ ਡੀ.ਸੀ. ਸਾਹਿਬ ਨੂੰ ਰਿਲੀਜ਼ ਤੋਂ ਪਹਿਲਾਂ ਫ਼ਿਲਮ ਵਿਖਾਉਣੀ ਪਈ ਤਾਂ ਜਾ ਕੇ ਮਸਾਂ ਇਹ ਕਲੇਸ਼ ਖ਼ਤਮ ਹੋਇਆ |
ਦੋ-ਤਿੰਨ ਸਾਲ ਪਹਿਲਾਂ ਇਕ ਹੋਰ ਪੰਜਾਬੀ ਫ਼ਿਲਮ 'ਨਾਨਕ ਸ਼ਾਹ ਫ਼ਕੀਰ', ਜਿਸ ਨੂੰ ਸੈਂਸਰ ਬੋਰਡ ਵਲੋਂ ਯੂ ਸਰਟੀਫਿਕੇਟ ਦਿੱਤਾ ਗਿਆ ਸੀ, ਉਸ ਵਿਰੁੱਧ ਪੰਜਾਬ 'ਚ ਕੁਝ ਸਿੱਖ ਸੰਸਥਾਵਾਂ ਵਲੋਂ ਵਿਰੋਧ ਭਰੀ ਮੁਹਿੰਮ ਸ਼ੁਰੂ ਹੋ ਗਈ | ਅਮਨ-ਕਾਨੂੰਨ ਦੀ ਸਥਿਤੀ ਸੀ, ਸਰਕਾਰ ਨੂੰ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਾਉਣੀ ਪਈ, ਅੱਜ ਤਾੲੀਂ ਇਹ ਫ਼ਿਲਮ ਪੰਜਾਬ ਤੇ ਚੰਡੀਗੜ੍ਹ 'ਚ ਰਿਲੀਜ਼ ਨਹੀਂ ਹੋ ਸਕੀ | ਸਵ: ਦਾਰਾ ਸਿੰਘ ਦੀ ਪੰਜਾਬੀ ਫ਼ਿਲਮ 'ਸਵਾ ਲਾਖ ਸੇ ਏਕ ਲੜਾਊਾ' ਗਿਆਨੀ ਭਜਨ ਸਿੰਘ ਦੇ ਨਾਵਲ 'ਤੇ ਆਧਾਰਿਤ ਸੀ | ਉਹ ਸੈਂਸਰ ਸਰਟੀਫਿਕੇਟ ਮਿਲਣ ਦੇ ਬਾਵਜੂਦ ਕਈ ਸਾਲ ਰਿਲੀਜ਼ ਨਹੀਂ ਸੀ ਹੋ ਸਕੀ | ਹਿੰਦੀ ਫ਼ਿਲਮਾਂ 'ਕਿੱਸਾ ਕੁਰਸੀ ਕਾ', 'ਆਂਧੀ' ਦਾ ਵੀ ਇਹੋ ਹਸ਼ਰ ਹੋਇਆ | ਹਾਲ 'ਚ ਹੀ ਇਕ ਤਾਮਿਲ ਫ਼ਿਲਮ ਦੇ ਕੁਝ ਡਾਇਲਾਗ 'ਤੇ ਭਾਜਪਾ ਵਲੋਂ ਇਤਰਾਜ਼ ਕੀਤਾ ਗਿਆ, ਮਜਬੂਰਨ ਪ੍ਰੋਡਿਊਸਰਾਂ ਨੂੰ ਇਸ ਫ਼ਿਲਮ ਦੇ ਉਹ ਡਾਇਲਾਗ ਬੰਦ ਕਰਨੇ ਪਏ | ਕਈ ਆਖਦੇ ਹਨ ਕਿ ਪਦਮਾਵਤੀ ਦੇ ਡਾਇਰੈਕਟਰ ਨੇ ਮੁਫ਼ਤ ਪਬਲੀਸਿਟੀ ਲੈਣ ਲਈ ਜਾਣ-ਬੁੱਝ ਕੇ ਇਹ ਸਭ ਕਰਵਾਇਆ ਹੈ, ਪਰ ਇਹ ਪੁੱਠਾ ਪੈ ਗਿਆ ਹੈ, ਪਬਲਿਕ ਦੇ ਭੜਕੇ ਰੋਸ ਅੱਗੇ ਕੋਈ ਵੀ ਦਲੀਲ ਬੇਕਾਰ ਹੁੰਦੀ ਹੈ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX