ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਪਹੁੰਚੇ
. . .  2 minutes ago
ਨਵੀਂ ਦਿੱਲੀ, 18 ਦਸੰਬਰ- ਗੁਜਰਾਤ ਤੇ ਹਿਮਾਚਲ ਵਿਧਾਨ ਸਭਾ ਚੋਣ ਜਿੱਤਣ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਸਥਿਤ ਪਾਰਟੀ ਹੈੱਡਕੁਆਟਰ ਪਹੁੰਚੇ ਹਨ। ਇੱਥੇ ਪਹੁੰਚਣ 'ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ...
ਭਾਜਪਾ ਸੰਸਦੀ ਕਮੇਟੀ ਦੀ ਮੀਟਿੰਗ 'ਚ ਹਿੱਸਾ ਲੈਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਿੱਲੀ ਦੇ ਪਾਰਟੀ ਦਫ਼ਤਰ ਪਹੁੰਚੇ
. . .  7 minutes ago
ਪੰਜਾਬੀ ਨੌਜਵਾਨ ਜੇਸਨ ਸੰਘਾ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਕਪਤਾਨ ਬਣਿਆ
. . .  11 minutes ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ) -ਬਠਿੰਡਾ ਇਲਾਕੇ ਦੇ ਕੁਲਦੀਪ ਸਿੰਘ ਸੰਘਾ ਦਾ ਹੋਣਹਾਰ ਬੇਟਾ ਤੇ ਹਰਫ਼ਨ-ਮੌਲਾ ਕ੍ਰਿਕਟ ਖਿਡਾਰੀ ਜਸਕੀਰਤ ਸਿੰਘ ਉਰਫ਼ ਜੇਸਨ ਸੰਘਾ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਕਪਤਾਨ ਬਣ ਗਿਆ ਹੈ। ਆਸਟ੍ਰੇਲੀਆ...
ਗੁਜਰਾਤ 'ਚ 99 ਸੀਟਾਂ ਨਾਲ ਭਾਜਪਾ ਨੂੰ ਬਹੁਮਤ
. . .  22 minutes ago
ਅਹਿਮਦਾਬਾਦ, 18 ਦਸੰਬਰ- ਗੁਜਰਾਤ 'ਚ ਭਾਜਪਾ ਨੂੰ 99 ਸੀਟਾਂ ਨਾਲ ਬਹੁਮਤ ਪ੍ਰਾਪਤ ਹੋ ਗਿਆ ਹੈ। ਭਾਵੇਂ ਚੋਣ ਸਰਵੇਖਣਾਂ ਅਨੁਸਾਰ ਭਾਜਪਾ ਦੀ ਜਿੱਤ ਨਹੀਂ ਹੋਈ ਪਰ ਫਿਰ ਵੀ ਪਾਰਟੀ ਸੂਬੇ 'ਚ ਸਰਕਾਰ ਬਣਾਉਣ...
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਨੂੰ ਦਿੱਤੀ ਜਿੱਤ ਦੀ ਵਧਾਈ
. . .  36 minutes ago
ਵਿਜੇ ਮਾਲੀਆ ਨੂੰ ਵਾਪਸ ਲਿਆਉਣ ਲਈ ਕੀਤੀ ਜਾ ਰਹੀ ਹੈ ਹਰ ਕੋਸ਼ਿਸ਼- ਈ.ਡੀ.
. . .  58 minutes ago
ਨਵੀਂ ਦਿੱਲੀ, 18 ਦਸੰਬਰ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ ਕਿ ਵਿਜੇ ਮਾਲੀਆ ਨੂੰ ਵਾਪਸ ਭਾਰਤ ਲਿਆਉਣ ਲਈ ਹਰ ਢੁਕਵੀਂ ਕੋਸ਼ਿਸ਼ ਕੀਤੀ...
ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਨਤਾ ਸਿਰ ਬੰਨਿਆਂ ਜਿੱਤ ਦਾ ਸਿਹਰਾ
. . .  about 1 hour ago
ਅਹਿਮਦਾਬਾਦ, 18 ਦਸੰਬਰ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਿੱਤ ਦਾ ਸਿਹਰਾ ਸੂਬੇ ਦੀ ਜਨਤਾ ਦੇ ਸਿਰ ਬੰਨਿਆਂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ 'ਚ ਲੋਕਾਂ...
ਛਗਨ ਭੁਜਬਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਨਵੀਂ ਦਿੱਲੀ, 18 ਦਸੰਬਰ- ਸਪੈਸ਼ਲ ਪੀ.ਐਮ.ਐਲ.ਏ. ਕੋਰਟ ਨੇ ਐਨ.ਸੀ.ਪੀ.ਨੇਤਾ ਛਗਨ ਭੁਜਬਲ ਦੀ ਜ਼ਮਾਨਤ ਅਰਜ਼ੀ ਖ਼ਾਰਜ...
ਹਿਮਾਚਲ : ਮੁੱਖ ਮੰਤਰੀ ਦੇ ਦਾਅਵੇਦਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰੇ
. . .  about 1 hour ago
ਰਾਹੁਲ ਨੇ ਲੋਕਾਂ ਦੇ ਫ਼ਤਵੇ ਦਾ ਕੀਤਾ ਸਵਾਗਤ
. . .  about 1 hour ago
ਹੋਰ ਖ਼ਬਰਾਂ..
  •     Confirm Target Language  

ਫ਼ਿਲਮ ਅੰਕ

ਇਲੀਆਨਾ ਡਿਕਰੂਜ਼

ਬਚ ਗਈ, ਬਚ ਗਈ

ਇਲੀਆਨਾ ਡਿਕਰੂਜ਼ ਕਦੇ-ਕਦੇ ਬਹੁਤ ਚਿੜ ਜਾਂਦੀ ਹੈ, ਗੁੱਸਾ ਆ ਜਾਏਗਾ, ਮੀਡੀਆ ਦਾ ਤਾਂ ਕੰਮ ਹੈ ਪਰ ਫੋਟੋਗ੍ਰਾਫਰ ਤੱਕ ਇਲੀਆਨਾ ਦੇ ਪਿੱਛੇ ਘੁੰਮਣਾ ਉਸ ਨੂੰ ਬਿਲਕੁਲ ਹੀ ਨਹੀਂ ਪਸੰਦ ਹੈ। ਅਸਲ 'ਚ ਸਿਤਾਰਿਆਂ ਦੀ ਵੀ ਜ਼ਿੰਦਗੀ ਹੈ, ਕੋਈ ਸੀਮਾ ਰੇਖਾ ਇਥੇ ਨਹੀਂ ਹੈ। ਇਥੇ ਮੀਡੀਆ ਆਕਰਸ਼ਣ ਲਈ ਪਾਏ ਪਹਿਰਾਵੇ ਦਾ ਵੀ ਅਰਥ ਹੋਰ ਕੱਢ ਲੈਂਦਾ ਹੈ। ਇਕ ਸਮਾਂ ਇਲੀ 'ਤੇ ਆਇਆ ਕਿ ਉਹ ਇੰਡਸਟਰੀ ਛੱਡਣ ਨੂੰ ਕਾਹਲੀ ਪਈ ਸੀ। ਰਾਜ ਕੁਮਾਰ ਗੁਪਤਾ ਦੀ ਨਵੀਂ ਫ਼ਿਲਮ ਇਲੀ ਨੇ ਅਜੈ ਦੇਵਗਨ ਨਾਲ ਹੁਣ ਕਰਨੀ ਹੈ। 'ਬਾਦਸ਼ਾਹੋ' ਵਾਲੀ ਇਹ ਹੀਰੋਇਨ ਹੁਣ ਟਵਿੱਟਰ ਦੀ ਵਰਤੋਂ ਘੱਟ ਕਰ ਰਹੀ ਹੈ। ਇਕ-ਦੋ ਟਵੀਟ ਉਸ ਖਿਲਾਫ਼ ਸਨ ਜਿਸ ਕਾਰਨ ਉਹ ਖਫ਼ਾ ਹੋਈ ਸੀ। ਅੱਜਕਲ੍ਹ ਮਾਨਸਿਕ ਤੌਰ 'ਤੇ ਉਹ ਸਿਹਤਮੰਦ ਨਹੀਂ ਹੈ। ਆਪਣੇ ਇਕ ਦੋਸਤ ਦੀ ਸਲਾਹ ਨਾਲ ਉਹ ਰੋਜ਼ ਇਕ ਮਨੋਵਿਗਿਆਨਕ ਡਾਕਟਰ ਕੋਲ ਜਾ ਰਹੀ ਹੈ। ਰਸਾਇਣਿਕ ਅਸੰਤੁਲਨ ਦੇ ਕਾਰਨ 'ਮਾਨਸਿਕ ਰੋਗ' ਦੀ ਬਿਮਾਰੀ ਨੇ ਇਲੀ ਨੂੰ ਦਬੋਚਿਆ ਹੈ। ਨਜ਼ਦੀਕੀ ਲੋਕਾਂ ਨੂੰ ਦੁੱਖ ਦੱਸਣ ਨਾਲ ਇਹ ਬਿਮਾਰੀ ਘਟਦੀ ਹੈ। ਇਲੀ ਨੇ ਕਿਹਾ ਹੈ ਕਿ ਇਕ ਸਮੇਂ ਤਾਂ ਆਪਣੀ ਰੂਪ-ਸੱਜਾ, ਇਸ ਤੋਂ ਬਿਨਾਂ ਜਿਸਮ ਸਭ ਸ਼ੀਸ਼ੇ 'ਚ ਦੇਖ ਕੇ ਉਹ ਇਸ ਕਦਰ ਨਿਰਾਸ਼ ਹੋ ਗਈ ਕਿ ਉਸ ਨੇ ਆਤਮ-ਹੱਤਿਆ ਕਰਨ ਦੀ ਸੋਚ ਵੀ ਦਿਲ 'ਚ ਪਾਲ ਲਈ। ਫਿਰ ਉਹ ਸੰਭਲ ਗਈ। ਲੋਕ ਕਹਿਣਗੇ ਕਿ ਫਲਾਣੀ ਹੀਰੋਇਨ ਬਹੁਤ ਸੋਹਣੀ ਹੈ ਪਰ ਸੋਹਣੇ ਦਿਸਣ ਲਈ ਤਿੰਨ ਘੰਟੇ ਲਗਾਤਾਰ ਕੋਸ਼ਿਸ਼ ਕਰਨੀ ਪੈਂਦੀ ਹੈ। ਹੁਣ ਆਪਣੀ ਮਾਨਸਿਕ ਬਿਮਾਰੀ ਤੋਂ ਉਹ ਕਾਫ਼ੀ ਹੱਦ ਤੱਕ ਠੀਕ ਹੈ। ਖੁਸ਼ ਰਹਿਣਾ ਉਸ ਨੇ ਸਿਖ ਲਿਆ ਹੈ। 'ਵਰਲਡ ਫੈੱਡਰੇਸ਼ਨ ਫਾਰ ਮੈਂਟਲ ਹੈਲਥ' ਸੰਸਥਾ ਦਾ ਸ਼ੁਕਰੀਆ ਜਿਸ ਨੇ ਇਲੀਆਨਾ ਡਿਕਰੂਜ਼ ਨੂੰ ਘੋਰ ਮਾਨਸਿਕ ਬਿਮਾਰੀ ਤੋਂ ਨਿਜਾਤ ਦਿਵਾਈ ਹੈ। ਇਲੀ ਹੁਣ ਸਭ ਨੂੰ ਦੱਸ ਰਹੀ ਹੈ ਕਿ ਮਾਨਸਿਕ ਰੋਗ ਬਿਮਾਰੀ ਹੈ ਪਰ ਇਹ ਲਾਇਲਾਜ ਨਹੀਂ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਹੈ।


-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਡਿਆਨਾ ਪੇਂਟੀ

ਅੰਬਰਾਂ 'ਚ ਲਾਵਾਂ ਉਡਾਰੀ

ਲਓ ਜੀ! ਇਥੇ ਹਰ ਕੋਈ ਮੋਟਾਪੇ ਤੋਂ ਦੁਖੀ ਹੈ ਪਰ ਡਿਆਨਾ ਪੇਂਟੀ ਪਤਲੀ ਹੋਣ ਤੋਂ ਦੁਖੀ ਹੈ। ਕਹਿੰਦੀ ਹੈ ਕਿ ਇਕ ਸਮੇਂ ਤਾਂ ਉਹ ਸੁੱਕ ਕੇ ਕਾਨਾ ਹੀ ਹੋ ਗਈ ਸੀ। ਸੁੱਕੀ ਲੱਕੜੀ ਵਰਗਾ ਸਰੀਰ ਦੇਖ ਕੇ ਉਹ ਬਹੁਤ ਪ੍ਰੇਸ਼ਾਨ ਹੋਈ ਸੀ ਤੇ ਅਰਦਾਸਾਂ ਕਰਨ ਲੱਗੀ ਕਿ ਉਸ 'ਤੇ ਵੀ ਮਾਸ ਆ ਜਾਏ। 'ਹੈਪੀ ਭਾਗ ਜਾਏਗੀ' ਵਾਲੀ ਡਿਆਨਾ ਪੇਂਟੀ ਨੇ ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਆਪਣੇ ਮਹਿਮਾਨ ਦੋਸਤਾਂ ਦੇ ਘਰ ਉਥੇ ਰਹਿੰਦੇ ਭਾਰਤੀ ਪੱਤਰਕਾਰਾਂ ਦੇ ਇਕ ਵਫ਼ਦ ਸਾਹਮਣੇ ਗ਼ੈਰ-ਰਸਮੀ ਗੱਲਾਂ ਦੌਰਾਨ ਇਹ ਇੰਕਸ਼ਾਫ਼ ਕੀਤਾ ਕਿ ਮੋਟੇ ਹੋਣ ਲਈ ਉਹ ਦਿਹਾੜੀ 'ਚ ਦਰਜਨ ਕੇਲੇ ਖਾਣ ਲੱਗ ਪਈ ਸੀ। ਹੁਣ ਡਿਆਨਾ ਲਈ ਉਸ ਦੀ 'ਲੁੱਕ' , 'ਰੂਪ ਜਾਂ ਦਿੱਖ' ਹੀ ਉਸ ਦੀ 'ਯੂ.ਐਸ.ਪੀ.' ਹੈ। 'ਲਖਨਊ ਸੈਂਟਰਲ' ਤੋਂ ਬਾਅਦ ਡਿਆਨਾ ਨੇ ਜਿਸ ਫ਼ਿਲਮ ਲਈ ਖ਼ੁਦ ਬਿਆਨ ਦਿੱਤਾ ਹੈ ਕਿ 'ਪ੍ਰਮਾਣੂ : ਦਾ ਸਟੋਰੀ ਆਫ਼ ਪੋਖਰਨ'। 'ਕਾਕਟੇਲ' ਵਾਲੀ ਡਿਆਨਾ ਦਿਨ-ਰਾਤ ਇਕ ਕਰ ਰਹੀ ਹੈ। ਫਿਰਦੌਸ ਤੇ ਸੰਯੁਕਤਾ ਚਾਵਲਾ ਜਿਨ੍ਹਾਂ ਨੇ ਜਾਨ ਅਬਰਾਹਮ-ਡਿਆਨਾ ਵਾਲੀ 'ਪ੍ਰਮਾਣੂ : ਦਾ ਸਟੋਰੀ ਆਫ ਪੋਖਰਨ' ਲਿਖੀ ਹੈ, ਦਾ ਮੰਨਣਾ ਹੈ ਕਿ ਇਸ ਫ਼ਿਲਮ ਨਾਲ ਲੋਕਾਂ ਨੂੰ ਇਕ ਵੱਖਰੀ ਡਿਆਨਾ ਦੇਖਣ ਨੂੰ ਮਿਲੇਗੀ। ਇਹ ਫ਼ਿਲਮ 8 ਦਸੰਬਰ ਨੂੰ ਆ ਰਹੀ ਹੈ। ਪਿਛਲੇ ਦਿਨੀਂ ਉਸ ਨੇ ਆਪਣਾ ਜਨਮ ਦਿਨ ਵੀ ਆਸਟ੍ਰੇਲੀਆ 'ਚ ਹੀ ਮਨਾਇਆ ਸੀ। ਨਾਲ ਹੀ ਉਸ ਨੇ ਆਪਣੇ ਇਸ ਜਾ ਰਹੇ ਸਾਲ ਦਾ ਵਿਸ਼ਲੇਸ਼ਣ ਕੀਤਾ ਹੈ ਕਿ 'ਹੈਪੀ ਭਾਗ ਜਾਏਗੀ-2' ਵੀ ਉਸ ਨੂੰ ਮਿਲੀ ਹੈ। ਡਿਆਨਾ 'ਪ੍ਰਮਾਣੂ : ਦਾ ਸਟੋਰੀ ਆਫ ਪੋਖਰਨ' 'ਚ ਆਰਮੀ ਅਫ਼ਸਰ ਬਣੀ ਹੈ ਤੇ ਡਿਆਨਾ ਪੇਂਟੀ ਨੇ ਹੁਣ ਤਮੰਨਾ ਜ਼ਾਹਿਰ ਕੀਤੀ ਹੈ ਕਿ ਕਲਪਨਾ ਚਾਵਲਾ 'ਤੇ ਬਾਇਓਪਿਕ ਬਣਨੀ ਚਾਹੀਦੀ ਹੈ। ਕਿੱਕ ਬਾਕਸਿੰਗ ਸਿਖ ਰਹੀ ਡਿਆਨਾ ਨੂੰ ਪਤਾ ਹੈ ਕਿ ਪ੍ਰਿਅੰਕਾ ਚੋਪੜਾ ਵੀ ਕਲਪਨਾ ਚਾਵਲਾ ਬਣਨਾ ਚਾਹੁੰਦੀ ਹੈ।

ਡੇਜ਼ੀ ਸ਼ਾਹ : ਮੁਮਤਾਜ਼

ਡੇਜ਼ੀ ਸ਼ਾਹ ਲਈ 2017 ਵੀ ਫਿੱਕਾ ਪੈਂਦਾ ਸਾਲ ਬਣ ਚੁੱਕਾ ਹੈ। 'ਰਾਮ ਰਤਨ' ਨੇ ਡੇਜ਼ੀ ਸ਼ਾਹ ਨੂੰ ਫਿਰ ਸੁਰਖੀਆਂ 'ਚ ਆਉਣ ਦੇ ਕਾਬਲ ਬਣਾਇਆ ਹੈ। ਡੇਜ਼ੀ ਸ਼ਾਹ ਨੇ ਇਸ ਦੌਰਾਨ ਤਮੰਨਾ ਜ਼ਾਹਿਰ ਕੀਤੀ ਹੈ ਕਿ ਬਾਇਓਪਿਕ ਫ਼ਿਲਮਾਂ ਦੇ ਇਸ ਦੌਰ 'ਚ ਉਹ ਆਪਣੇ ਸਮੇਂ ਦੀ ਲੋਕਪ੍ਰਿਆ ਹੀਰੋਇਨ ਮੁਮਤਾਜ਼ 'ਤੇ ਬਣਨ ਵਾਲੀ ਫ਼ਿਲਮ 'ਚ ਮੁਮਤਾਜ਼ ਬਣੇ ਤਾਂ ਫਿਰ ਦੇਖਣਾ ਡੇਜ਼ੀ ਸ਼ਾਹ ਦੇ ਕਮਾਲ, ਉਸ ਦਾ ਅਭਿਨੈ। ਡੇਜ਼ੀ ਦੀ ਮੰਨ ਲਈਏ ਤਾਂ ਉਸ ਦੀ ਜ਼ਿੰਦਗੀ ਮੁਮਤਾਜ਼ ਦੀ ਜ਼ਿੰਦਗੀ ਨਾਲ ਕਾਫ਼ੀ ਮੇਲ ਖਾਂਦੀ ਹੈ। ਮੁਮਤਾਜ਼ ਵੀ ਡਾਂਸਰ ਤੋਂ ਹੀਰੋਇਨ ਬਣੀ ਤੇ ਡੇਜ਼ੀ ਨਾਲ ਵੀ ਅਜਿਹਾ ਹੀ ਹੋਇਆ ਹੈ। ਸੱਲੂ ਮੀਆਂ ਦੀ ਫ਼ਿਲਮ 'ਤੇਰੇ ਨਾਮ' 'ਚ ਡੇਜ਼ੀ ਸ਼ਾਹ 'ਬੈਕ ਗਰਾਊਂਡ ਡਾਂਸਰ' ਸੀ। ਤਾਮਿਲ ਤੇ ਕੰਨੜ ਫ਼ਿਲਮਾਂ ਵੀ ਉਸ ਦੇ ਖਾਤੇ 'ਚ ਦਰਜ ਹਨ। 'ਹੇਟ ਸਟੋਰੀ-3' ਨਾਲ ਉਸ ਨੂੰ ਦਿਲ ਤੋਂ ਨਫ਼ਰਤ ਸੀ। ਇਸ ਤਰ੍ਹਾਂ ਨਵਾਂ ਸਾਲ ਫਿਰ ਡੇਜ਼ੀ ਸ਼ਾਹ ਲਈ ਬਹੁਤ ਕੁੱਝ ਨਵਾਂ ਲੈ ਕੇ ਚੜ੍ਹੇਗਾ। ਕਦੇ ਉਹ ਇਸ ਤੋਂ ਹੀ ਖੁਸ਼ ਸੀ ਕਿ ਕਾਸ਼ ਕਿਸੇ ਗਾਣੇ 'ਚ ਇਕ ਵਾਰ ਉਸ ਦਾ ਚਿਹਰਾ ਦਿਸ ਜਾਏ। ਗਣੇਸ਼ ਅਚਾਰੀਆ ਦੀ ਬਦੌਲਤ ਡੇਜ਼ੀ ਸ਼ਾਹ ਅੱਜ ਹੀਰੋਇਨ ਹੈ। 18 ਘੰਟੇ ਭੁੱਖੀ ਰਹਿ ਕੇ ਵੀ ਡੇਜ਼ੀ ਨੇ ਕੰਮ ਕੀਤਾ ਹੈ। ਜ਼ੇਬ ਖਰਚ ਲਈ ਉਹ 'ਕਰਾਊਡ ਡਾਂਸਰ' ਬਣੀ ਜਦ ਕਿ ਉਸ ਦਾ ਮਕਸਦ ਕਦੇ ਏਅਰ ਹੋਸਟੈੱਸ ਬਣਨ ਦਾ ਸੀ। ਡਾਕਟਰ ਦਾ ਪੁੱਤਰ ਡਾਕਟਰ ਤਾਂ ਐਕਟਰ ਦਾ ਪੁੱਤਰ ਐਕਟਰ ਬਣਨ 'ਤੇ ਇਤਰਾਜ਼ ਕਿਉਂ? ਸਪੱਸ਼ਟਵਾਦੀ ਡੇਜ਼ੀ ਸ਼ਾਹ ਨੇ ਇਹ ਵੀ ਇੰਕਸ਼ਾਫ਼ ਕੀਤਾ ਹੈ ਕਿ ਉਹ ਭੰਗੜਾ ਸਿੱਖਣਾ ਚਾਹੁੰਦੀ ਹੈ। 'ਰਾਮ ਰਤਨ' ਨਾਲ ਫਿਰ ਚਰਚਿਤ ਹੋਈ ਡੇਜ਼ੀ ਸ਼ਾਹ ਮੁਮਤਾਜ਼ ਕਦ ਬਣੇਗੀ, ਪਤਾ ਨਹੀਂ, ਪਰ ਸਲਮਾਨ ਖ਼ਾਨ ਦੀ 'ਰੇਸ-3' ਜ਼ਰੂਰ ਉਸ ਨੂੰ ਫਾਇਦਾ ਦੇਵੇਗੀ ਤੇ ਐਤਕੀਂ ਉਹ ਸਟਾਰ ਨਾਇਕਾ ਬਣੇਗੀ।

25 ਨਵੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏਂ ...

ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏਂ... ਗੀਤ ਜਦ 1943 'ਚ ਗਾਇਕਾ ਸੁਰਿੰਦਰ ਕੌਰ ਨੇ ਆਪਣੀ ਮਨਮੋਹਕ ਆਵਾਜ਼ 'ਚ ਗਾਇਆ ਸੀ ਤਾਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਗੀਤ ਦਹਾਕਿਆਂ ਤੱਕ ਆਪਣੀ ਤਾਜ਼ਗੀ ਸਮੇਟੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰੇਗਾ। 25 ਨਵੰਬਰ 1929 ਨੂੰ ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਪਿਤਾ ਲਾਲਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਪੈਦਾ ਹੋਈ ਸੁਰਿੰਦਰ ਕੌਰ ਨੂੰ ਬਚਪਨ ਤੋਂ ਹੀ ਸੰਗੀਤ ਦੀ ਚੇਟਕ ਲੱਗ ਗਈ ਸੀ। ਇਹ ਚੇਟਕ ਹੀ ਉਸ ਨੂੰ ਸੰਗੀਤ ਖੇਤਰ 'ਚ ਅੱਗੇ ਲੈ ਆਈ ਤੇ ਉਹ ਇਕ ਮਹਾਨ ਲੋਕ ਗਾਇਕਾ ਬਣ ਕੇ ਉੱਭਰੀ। ਅੱਜ ਦੇ ਸੰਗੀਤ ਅਤੇ ਸੁਰਿੰਦਰ ਕੌਰ ਦੇ ਸਮੇਂ ਦੇ ਸੰਗੀਤ ਦੇ ਦੌਰ 'ਚ ਫਰਕ ਬਾਰੇ ਜਦੋਂ ਇਕ ਵਾਰ ਸੁਰਿੰਦਰ ਕੌਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਸਿਰਫ ਇਹੀ ਕਿਹਾ ਸੀ ਕਿ ਜਦੋਂ ਅਸੀਂ ਗਾਉਂਦੇ ਹੁੰਦੇ ਸੀ ਤਾਂ ਅਸੀਂ ਬੈਠ ਕੇ ਗਾਉਂਦੇ ਹੁੰਦੇ ਸੀ 'ਤੇ ਲੋਕ ਨੱਚਦੇ ਹੁੰਦੇ ਸੀ ਪਰ ਅੱਜ ਦੇ ਗੀਤਾਂ ਨੂੰ ਜਦ ਇਕ ਗਾਇਕ ਗਾਉਂਦਾ ਹੈ ਤਾਂ ਗਾਇਕ ਨੱਚਦਾ ਹੈ ਜਦ ਕਿ ਸਰੋਤੇ ਬੈਠੇ ਰਹਿੰਦੇ ਹਨ। ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਤੋਂ ਹੀ ਪਤਾ ਲਗਦਾ ਹੈ ਕਿ ਪੁਰਾਣੇ ਸਮੇੇਂ 'ਚ ਸੰਗੀਤ ਅਤੇ ਗਾਇਕ ਦੀ ਆਵਾਜ਼ 'ਚ ਜਾਨ 'ਤੇ ਮਿਠਾਸ ਹੁੰਦੀ ਸੀ ਜੋ ਕਿ ਅੱਜ ਦੇ ਦੌਰ 'ਚ ਖ਼ਤਮ ਹੁੰਦੀ ਮਹਿਸੂਸ ਹੋ ਰਹੀ ਹੈ। ਸੁਰਿੰਦਰ ਕੌਰ ਦੇ ਦੌਰ ਦੇ ਸਮੇਂ ਇਕ ਲੜਕੀ ਲਈ ਗਾਇਕੀ ਦੇ ਖੇਤਰ 'ਚ ਜਗ੍ਹਾ ਬਣਾਉਣਾ ਕਾਫ਼ੀ ਔਖਾ ਸੀ ਪਰ ਜਿਵੇਂ ਹੀ ਇਸ ਗਾਇਕਾ ਨੇ ਸੰਗੀਤ ਖੇਤਰ 'ਚ ਨਾਮਣਾ ਖੱਟਿਆ ਤਾਂ ਦੂਸਰੀਆਂ ਗਾਇਕਾਵਾਂ ਦਾ ਵੀ ਸੰਗੀਤਕ ਖੇਤਰ 'ਚ ਆਉਣ ਦਾ ਹੌਸਲਾ ਵਧਿਆ। ਸੁਰਿੰਦਰ ਕੌਰ ਇਕ ਅਜਿਹੀ ਗਾਇਕਾ ਸੀ ਜਿਸ ਨੇ ਗ਼ੈਰ-ਸੰਗੀਤਕ ਘਰਾਣੇ ਨਾਲ ਸਬੰਧਿਤ ਹੁੰਦਿਆਂ ਹੋਇਆਂ ਵੀ ਇਸ ਮਿੱਥ ਨੂੰ ਤੋੜਿਆ ਕਿ ਇਕ ਸੰਗੀਤਕ ਘਰਾਣੇ ਨਾਲ ਸਬੰਧਿਤ ਵਿਅਕਤੀ ਹੀ ਸੰਗੀਤਕ ਖੇਤਰ 'ਚ ਚੰਗਾ ਨਾਂਅ ਕਮਾ ਸਕਦਾ ਹੈ। ਸੁਰਿੰਦਰ ਕੌਰ ਨੂੰ 'ਪੰਜਾਬ ਦੀ ਕੋਇਲ' ਵੀ ਕਿਹਾ ਗਿਆ ਕਿਉਂਕਿ ਉਸ ਨੇ ਆਪਣੀ ਸ਼ੀਰੀਂ ਆਵਾਜ਼ 'ਚ ਬੁੱਲੇ ਸ਼ਾਹ, ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਬਟਾਲਵੀ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਗਾ ਕੇ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਇਕ ਖ਼ਾਸ ਜਗ੍ਹਾ ਬਣਾਈ ਸੀ। ਚਾਹੇ ਇਹ ਗਾਇਕਾ ਲਹਿੰਦੇ ਪੰਜਾਬ 'ਚ ਪੈਦਾ ਹੋਈ ਸੀ ਪਰ ਦੇਸ਼ ਦੀ ਵੰਡ ਤੋਂ ਬਾਅਦ ਸੁਰਿੰਦਰ ਕੌਰ ਦਾ ਪਰਿਵਾਰ ਭਾਰਤ 'ਚ ਆ ਗਿਆ ਸੀ। ਜਦ ਸੁਰਿੰਦਰ ਕੌਰ ਇਕ ਪ੍ਰਸਿੱੱਧ ਗਾਇਕਾ ਬਣ ਚੁੱਕੀ ਸੀ ਤਾਂ ਉਹ ਪਾਕਿਸਤਾਨ ਦੇ ਲਹਿੰਦੇ ਪੰਜਾਬ ਵੱਲ ਗਈ ਸੀ ਅਤੇ ਉਸ ਨੇ ਆਪਣਾ ਪੁਰਾਣਾ ਘਰ ਵੀ ਦੇਖਿਆ ਸੀ । ਤਦ ਪਾਕਿਸਤਾਨੀ ਅਖ਼ਬਾਰਾਂ ਨੇ ਲਿਖਿਆ ਸੀ ਕਿ ਸੁਰਿੰਦਰ ਕੌਰ ਆਪਣੇ ਪੇਕੇ ਘਰ ਆਈ ਹੈ। ਸੁਰਿੰਦਰ ਕੌਰ ਪ੍ਰਤੀ ਪਾਕਿਸਤਾਨ ਦੇ ਇਸ ਪਿਆਰ ਤੋਂ ਪਤਾ ਲਗਦਾ ਹੈ ਕਿ ਸੁਰਿੰਦਰ ਕੌਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਇਕ ਸਿਰਮੌਰ ਗਾਇਕਾ ਸੀ। ਇਸ ਗਾਇਕਾ 'ਤੇ ਦੂਰਦਰਸ਼ਨ ਵਲੋਂ ਵੀ ਇਕ ਡਾਕੂਮੈਂਟਰੀ ਬਣਾ ਕੇ ਦੂਰਦਰਸ਼ਨ 'ਤੇ ਦਿਖਾਈ ਗਈ ਸੀ ਤੇ ਇਸ ਡਾਕੂਮੈਂਟਰੀ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ। ਸੁਰਿੰਦਰ ਕੌਰ ਦੇ ਗਾਏ ਗੀਤਾਂ 'ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀਂ..', 'ਸਾਡੇ ਤਾਂ ਵਿਹੜੇ...', 'ਗੋਰੀ ਦੀਆਂ ਝਾਂਜਰਾਂ ...', 'ਇਨ੍ਹਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ...', 'ਨੀਂ ਇਕ ਮੇਰੀ ਅੱਖ ਕਾਸ਼ਨੀ...', 'ਵੇ ਇਕ ਵਾਰੀ ਆਜਾ ਹਾਣੀਆਂ...', 'ਲੱਠੇ ਦੀ ਚਾਦਰ...' ਆਦਿ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਹਮੇਸ਼ਾ ਜ਼ਿੰਦਾ ਰਹਿਣਗੇ। 14 ਜੂਨ 2006 ਨੂੰ ਸੁਰਿੰਦਰ ਕੌਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ। ਸੁਿਰੰਦਰ ਕੌਰ ਦਾ ਇਹ ਸੰਗੀਤਕ ਪ੍ਰਭਾਵ ਹੀ ਆਖਿਆ ਜਾਵੇਗਾ ਕਿ ਉਸ ਦੀ ਅਗਲੀ ਪੀੜ੍ਹੀ ਜਿਵੇਂ ਕਿ ਉਸ ਦੀ ਬੇਟੀ ਡੋਲੀ ਗੁਲੇਰੀਆ, ਡੋਲੀ ਗੁਲੇਰੀਆ ਦੀ ਬੇਟੀ ਸੁਨੈਨਾ ਅਤੇ ਸੁਨੈਨਾ ਦੀ ਬੇਟੀ ਰੀਆ ਨੇ ਸੰਗੀਤਕ ਖੇਤਰ 'ਚ ਨਵੀਆਂ ਪੈੜਾਂ ਛੱਡੀਆਂ ਹਨ।


-ਸਿਮਰਨ, ਜਗਰਾਉਂ

ਸਨਾ ਸ਼ੇਖ਼

ਮੇਕਅੱਪ ਬਿਨ ਨਹੀਂ ਸਰਦਾ

'ਚਾਚੀ 420' ਨਾਲ ਬੀ-ਟਾਊਨ 'ਚ ਆਉਣ ਵਾਲੀ ਫਾਤਿਮਾ ਸਨਾ ਸ਼ੇਖ਼ ਦੱਸਣਾ ਚਾਹੁੰਦੀ ਹੈ ਕਿ ਪਹਿਰਾਵੇ ਨੂੰ ਲੈ ਕੇ ਔਰਤ ਜਾਂ ਲੜਕੀ ਦੇ ਚਰਿੱਤਰ ਦਾ ਵਿਸ਼ਲੇਸ਼ਣ ਕਰਨਾ ਜਾਇਜ਼ ਨਹੀਂ ਹੈ। ਯਾਦ ਹੈ ਨਾ ਕਿ ਜਦ ਇਸ ਹੀ ਸਨਾ ਨੇ ਬਿਕਨੀ ਫੋਟੋ ਸੈਸ਼ਨ ਕਰਵਾਇਆ ਸੀ ਤਦ ਲੋਕ ਭੜਕ ਪਏ ਸਨ। ਫਾਤਿਮਾ ਅਭਿਨੈ ਤੋਂ ਪਹਿਲਾਂ ਫੋਟੋਗ੍ਰਾਫ਼ੀ 'ਚ ਮਸਰੂਫ਼ ਰਹਿੰਦੀ ਸੀ। ਤੇਲੰਗਾਨਾ ਦੀ ਇਹ ਅਭਿਨੇਤਰੀ 'ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ', 'ਲੇਡੀਜ਼ ਸਪੈਸ਼ਲ' ਟੀ.ਵੀ. ਸ਼ੋਅਜ਼ ਕਰਨ ਵਾਲੀ 'ਦੰਗਲ' ਵਾਲੀ ਸਨਾ ਸ਼ੇਖ਼ ਨੇ ਚਾਹੇ 'ਬਿੱਟੂ ਬੌਸ', 'ਆਕਾਸ਼ਵਾਣੀ' ਫ਼ਿਲਮਾਂ ਵੀ ਕੀਤੀਆਂ ਹਨ ਪਰ ਗੱਲ 'ਦੰਗਲ' ਤੋਂ ਬਾਅਦ ਹੀ ਬਣੀ ਹੈ। ਹਾਲਾਂਕਿ 1997 'ਚ ਉਸ ਨੇ 'ਇਸ਼ਕ' ਨਾਂਅ ਦੀ ਫ਼ਿਲਮ ਵੀ ਕੀਤੀ ਸੀ। 'ਠੱਗਜ਼ ਆਫ਼ ਹਿੰਦੁਸਤਾਨ' ਕਰ ਰਹੀ ਫਾਤਿਮਾ ਸਨਾ ਸ਼ੇਖ਼ ਆਪਣੇ ਘਰ-ਪਰਿਵਾਰ ਸਬੰਧੀ ਆ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦੀ। ਇਹੋ ਜਿਹੀਆਂ ਗੱਲਾਂ ਬਾਲੀਵੁੱਡ ਅਭਿਨੇਤਰੀ ਲਈ ਆਮ ਹਨ ਪਰ ਫਾਤਿਮਾ ਸਨਾ ਸ਼ੇਖ਼ ਲਈ ਖਾਸ ਗੱਲ ਇਹ ਹੈ ਕਿ ਆਮਿਰ ਖ਼ਾਨ ਦਾ ਉਤਸ਼ਾਹ ਉਸ ਦੇ ਨਾਲ ਹੈ। ਬਿੱਗ ਬੀ ਉਸ ਦੀ ਪ੍ਰਸੰਸਾ ਕਰਦੇ ਹਨ ਤੇ ਸੋਸ਼ਲ ਮੀਡੀਆ 'ਚ ਉਸ ਦਾ ਪ੍ਰਸੰਸਕ ਵਰਗ ਵੱਡੀ ਗਿਣਤੀ 'ਚ ਉਸ ਦਾ ਹਮਾਇਤੀ ਹੈ। ਇਸ ਦੇ ਸਿਰ 'ਤੇ ਸਨਾ ਸ਼ੇਖ਼ ਨੂੰ ਆਪਣਾ ਭਵਿੱਖ ਹੋਰ ਸੰਵਰਦਾ ਨਜ਼ਰ ਆ ਰਿਹਾ ਹੈ।

'ਸੈਰਾਟ' ਦੀ ਰੀਮੇਕ ਵਿਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ

ਮਰਾਠੀ ਫ਼ਿਲਮ 'ਸੈਰਾਟ' ਨੇ ਆਪਣੀ ਕਮਾਈ ਦੀ ਬਦੌਲਤ ਮਰਾਠੀ ਫ਼ਿਲਮਾਂ ਦੇ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ। ਇਹ ਪਹਿਲੀ ਮਰਾਠੀ ਫ਼ਿਲਮ ਹੈ ਜਿਸ ਨੇ ਸੌ ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ। ਹੁਣ ਕਰਨ ਜੌਹਰ ਇਸ ਨੂੰ ਹਿੰਦੀ ਵਿਚ ਬਣਾ ਰਹੇ ਹਨ ਅਤੇ ਇਸ ਦਾ ਟਾਈਟਲ 'ਧੜਕ' ਰੱਖਿਆ ਗਿਆ ਹੈ। ਇਹ ਫ਼ਿਲਮ ਸ਼ਸ਼ਾਂਕ ਖੇਤਾਨ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ। ਉਹ ਪਹਿਲਾਂ 'ਹੰਪਟੀ ਸ਼ਰਮਾ ਕੀ ਦੁਲਹਨੀਆ' ਤੇ 'ਬਦਰੀਨਾਥ ਕੀ ਦੁਲਹਨੀਆ' ਨਿਰਦੇਸ਼ਿਤ ਕਰ ਚੁੱਕੇ ਹਨ। 'ਧੜਕ' ਰਾਹੀਂ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਿਚ ਜਾਹਨਵੀ ਦੇ ਨਾਇਕ ਹੋਣਗੇ ਇਸ਼ਾਨ ਖੱਟਰ। ਇਹ ਅਭਿਨੇਤਾ ਰਾਜੇਸ਼ ਖੱਟਰ ਤੇ ਅਭਿਨੇਤਰੀ ਨੀਲਿਮਾ ਅਜ਼ੀਮ ਦੇ ਬੇਟੇ ਹਨ ਅਤੇ ਸ਼ਾਹਿਦ ਕਪੂਰ ਦੇ ਸੌਤੇਲੇ ਭਰਾ ਹਨ। ਕਰਨ ਜੌਹਰ ਅਨੁਸਾਰ ਇਹ ਫ਼ਿਲਮ 'ਸੈਰਾਟ' ਦੀ ਹੂਬਹੂ ਨਕਲ ਨਹੀਂ ਹੋਵੇਗੀ ਪਰ ਉਸ ਦੀ ਮੂਲ ਕਹਾਣੀ 'ਤੇ ਨਵਾਂ ਢਾਂਚਾ ਤਿਆਰ ਕੀਤਾ ਜਾਵੇਗਾ। ਅਗਲੇ ਮਹੀਨੇ ਦਸੰਬਰ ਵਿਚ ਇਸ ਦੀ ਸ਼ੂਟਿੰਗ ਰਾਜਸਥਾਨ ਵਿਚ ਸ਼ੂਟ ਕਰ ਦਿੱਤੀ ਜਾਵੇਗੀ ਅਤੇ ਇਸ ਨੂੰ ਛੇ ਜੁਲਾਈ 2018 ਵਾਲੇ ਦਿਨ ਪ੍ਰਦਰਸ਼ਿਤ ਕਰਨ ਦੀ ਯੋਜਨਾ ਹੈ।

ਕਾਰਪੋਰੇਟ ਸੱਭਿਆਚਾਰ ਵਿਚ ਰੰਗੀ ਪਰਿਣੀਤੀ ਚੋਪੜਾ

ਇਕ ਸਮਾਂ ਉਹ ਵੀ ਸੀ ਜਦੋਂ ਪਰਿਣੀਤੀ ਚੋਪੜਾ ਦਾ ਕਾਰਪੋਰੇਟ ਜਗਤ ਨਾਲ ਨੇੜਲਾ ਸਬੰਧ ਰਿਹਾ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਉਹ ਇੰਗਲੈਂਡ ਵਿਚ ਫਾਈਨਾਂਸ ਦੀ ਪੜ੍ਹਾਈ ਕਰ ਰਹੀ ਸੀ ਅਤੇ ਬੈਂਕਿੰਗ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨਾਲ ਉਸ ਦਾ ਉੱਠਣਾ-ਬੈਠਣਾ ਸੀ। ਬਾਅਦ ਵਿਚ ਅਭਿਨੇਤਰੀ ਬਣ ਕੇ ਉਹ ਕਾਰਪੋਰੇਟ ਜਗਤ ਤੋਂ ਦੂਰ ਹੁੰਦੀ ਗਈ। ਹੁਣ ਨਿਰਦੇਸ਼ਕ ਦਿਬਾਕਰ ਬੈਨਰਜੀ ਦੀ ਫ਼ਿਲਮ 'ਸੰਦੀਪ ਔਰ ਪਿੰਕੀ ਫਰਾਰ' ਵਿਚ ਉਹ ਕਾਰਪੋਰੇਟ ਸੱਭਿਆਚਾਰ ਵਿਚ ਰੰਗੀ ਨਜ਼ਰ ਆਵੇਗੀ।
ਇਸ ਫ਼ਿਲਮ ਵਿਚ ਉਹ ਦਿੱਲੀ ਵਾਸੀ ਇਕ ਇਸ ਤਰ੍ਹਾਂ ਦੀ ਕਾਰੋਬਾਰੀ ਔਰਤ ਬਣੀ ਹੈ ਜੋ ਬਹੁਤ ਉੱਚੀਆਂ ਉਡਾਨਾਂ ਰੱਖਦੀ ਹੈ ਅਤੇ ਉਸ ਨੇ ਆਪਣੀ ਜ਼ਿੰਦਗੀ ਦੇ ਕੁਝ ਟੀਚੇ ਤੈਅ ਕੀਤੇ ਹੋਏ ਹਨ। ਆਪਣੇ ਵੱਲੋਂ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰਨਾ ਹੀ ਉਸ ਦੀ ਜ਼ਿੰਦਗੀ ਦਾ ਇਕ ਮਾਤਰ ਮਕਸਦ ਰਿਹਾ ਹੈ। ਇਸ ਭੂਮਿਕਾ ਨੂੰ ਉਹ ਕਾਫੀ ਚੁਣੌਤੀਪੂਰਨ ਮੰਨਦੀ ਹੈ। ਇਸ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਇੰਗਲੈਂਡ ਵਿਚ ਸੀ ਉਦੋਂ ਇਸ ਤਰ੍ਹਾਂ ਦੀਆਂ ਕਈ ਔਰਤਾਂ ਨੂੰ ਮਿਲੀ ਸੀ। ਉਨ੍ਹਾਂ ਨੂੰ ਮਿਲ ਕੇ ਜਾਣਿਆ ਕਿ ਕਿਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਸਮਰਪਿਤ ਹੋ ਕੇ ਆਪਣੇ ਕਾਰੋਬਾਰ ਨੂੰ ਵਧਾਇਆ ਜਾ ਸਕਦਾ ਹੈ। ਮੈਂ ਇਸ ਤਰ੍ਹਾਂ ਦੀਆਂ ਔਰਤਾਂ ਤੋਂ ਪ੍ਰਭਾਵਿਤ ਵੀ ਸੀ। ਹੁਣ ਜਦੋਂ ਇਹ ਭੂਮਿਕਾ ਮਿਲੀ ਤਾਂ ਇਥੇ ਮੈਨੂੰ ਉਹ ਸਭ ਕੁਝ ਕਰਨ ਦਾ ਮੌਕਾ ਮਿਲਿਆ ਜੋ ਕਾਰਪੋਰੇਟ ਦੇ ਖੇਤਰ ਵਿਚ ਔਰਤਾਂ ਕਰਦੀਆਂ ਹਨ। ਉਨ੍ਹਾਂ ਦੇ ਕੱਪੜਿਆਂ ਵਿਚ ਵੀ ਵੱਖਰਾ ਜਿਹਾ ਰੋਹਬ ਹੁੰਦਾ ਹੈ ਅਤੇ ਇਥੇ ਮੈਨੂੰ ਉਸ ਤਰ੍ਹਾਂ ਦੇ ਕੱਪੜੇ ਪਾਉਣ ਨੂੰ ਮਿਲੇ ਹਨ। ਕਿਉਂਕਿ ਕਾਰਪੋਰੇਟ ਖੇਤਰ ਨਾਲ ਮੇਰਾ ਪੁਰਾਣਾ ਸਬੰਧ ਰਿਹਾ ਹੈ। ਸੋ, ਮੈਨੂੰ ਲਗਦਾ ਹੈ ਕਿ ਇਸ ਭੂਮਿਕਾ ਵਿਚ ਕੁਝ ਤਾਂ ਆਪਣਾਪਨ ਹੈ। ਇਸ ਦੀ ਸ਼ੂਟਿੰਗ ਵਿਚ ਮੈਂ ਅਕਸਰ ਪੁਰਾਣੀਆਂ ਯਾਦਾਂ ਵਿਚ ਗਵਾਚ ਜਾਇਆ ਕਰਦੀ ਹਾਂ। ਹੁਣ ਮੈਂ ਵੱਡੇ ਪਰਦੇ 'ਤੇ ਕਾਰਪੋਰੇਟ ਜਗਤ ਦੀ ਇਹ ਜ਼ਿੰਦਗੀ ਇਸ ਫ਼ਿਲਮ ਵਿਚ ਜੀਅ ਕੇ ਖੁਸ਼ ਹਾਂ, ਜਦੋਂ ਕਿ ਮੈਂ ਇਸ ਤਰ੍ਹਾਂ ਜ਼ਿੰਦਗੀ ਬਾਰੇ ਸੋਚਿਆ ਕਰਦੀ ਸੀ।' ਪਰਿਣੀਤੀ ਨੂੰ ਚਮਕਾਉਂਦੀ ਇਸ ਫ਼ਿਲਮ ਵਿਚ ਅਰਜਨ ਕਪੂਰ ਉਸ ਦੇ ਨਾਲ ਹੈ ਅਤੇ ਇਹ ਅਗਲੇ ਸਾਲ ਅਗਸਤ ਵਿਚ ਪ੍ਰਦਰਸ਼ਿਤ ਹੋਵੇਗੀ।


-ਮੁੰਬਈ ਪ੍ਰਤੀਨਿਧ

ਨਵੀਂ ਸ਼ੁਰੂਆਤ ਹੁਣ ਹੋਈ ਹੈ ਪ੍ਰਿਆ ਬੈਨਰਜੀ

ਸੱਠ ਦੇ ਦਹਾਕੇ ਵਿਚ ਆਈ ਫ਼ਿਲਮ 'ਭੀਗੀ ਰਾਤ' ਦੇ ਇਕ ਹਿੱਟ ਗੀਤ ਦੇ ਮੁੱਖੜੇ ਦੇ ਨਾਂਅ 'ਤੇ ਬਣਨ ਵਾਲੀ ਫ਼ਿਲਮ 'ਦਿਲ ਜੋ ਨਾ ਕਹਿ ਸਕਾ' ਵਿਚ ਹਿਮਾਂਸ਼ ਕੋਹਲੀ ਤੇ ਪ੍ਰਿਆ ਬੈਨਰਜੀ ਨੂੰ ਚਮਕਾਇਆ ਗਿਆ ਹੈ। ਨਵੇਂ ਨਿਰਦੇਸ਼ਕ ਨਰੇਸ਼ ਲਾਲਵਾਨੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨਾਲ ਪ੍ਰਿਆ ਬੈਨਰਜੀ ਆਪਣੀ ਨਵੀਂ ਸ਼ੁਰੂਆਤ ਕਰ ਰਹੇ ਹਨ।
ਇਸ 'ਤੇ ਵਿਸ਼ੇਸ਼ ਰੌਸ਼ਨੀ ਪਾਉਂਦੇ ਹੋਏ ਉਹ ਕਹਿੰਦੇ ਹਨ, 'ਮੈਂ ਦੱਖਣ ਵਿਚ ਚਾਰ ਫ਼ਿਲਮਾਂ ਕੀਤੀਆਂ ਹਨ। ਤਿੰਨ ਤੇਲਗੂ ਤੇ ਇਕ ਤਾਮਿਲ। ਮੈਂ ਹਿੰਦੀ ਫ਼ਿਲਮਾਂ ਵਿਚ ਆਉਣਾ ਚਾਹੁੰਦੀ ਸੀ। ਸੋ, ਜਦੋਂ ਨਿਰਦੇਸ਼ਕ ਸੰਜੈ ਗੁਪਤਾ ਨੇ 'ਜਜ਼ਬਾ' ਦੀ ਪੇਸ਼ਕਸ਼ ਕੀਤੀ ਤਾਂ ਮੈਂ ਉਹ ਫ਼ਿਲਮ ਸਵੀਕਾਰ ਲਈ। ਉਸ ਵਿਚ ਮੈਂ ਸ਼ਬਾਨਾ ਆਜ਼ਮੀ ਦੀ ਬੇਟੀ ਬਣੀ ਸੀ। ਸ਼ਬਾਨਾ ਦੇ ਨਾਲ ਉਸ ਵਿਚ ਐਸ਼ਵਰਿਆ ਰਾਏ, ਇਰਫ਼ਾਨ ਖਾਨ ਵਰਗੇ ਵੱਡੇ ਸਟਾਰ ਸਨ। ਫ਼ਿਲਮ ਵਿਚ ਮੇਰੀ ਭੂਮਿਕਾ ਵੀ ਛੋਟੀ ਸੀ। ਸੋ, ਮੈਂ ਲੋਕਾਂ ਦਾ ਧਿਆਨ ਜ਼ਿਆਦਾ ਨਹੀਂ ਖਿੱਚ ਸਕੀ। ਉਹ ਐਸ਼ਵਰਿਆ ਰਾਏ ਦੀ ਵਾਪਸੀ ਵਾਲੀ ਫ਼ਿਲਮ ਸੀ। ਸੋ, ਪੂਰਾ ਫੋਕਸ ਉਸ 'ਤੇ ਹੋਣਾ ਸੁਭਾਵਿਕ ਹੀ ਸੀ। ਹੁਣ 'ਦਿਲ ਜੋ ਨਾ...' ਵਿਚ ਮੈਂ ਮੁੱਖ ਭੂਮਿਕਾ ਵਿਚ ਆਈ ਹਾਂ। ਪੂਰੀ ਫ਼ਿਲਮ ਹੀਰੋ-ਹੀਰੋਇਨ ਦੇ ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿਚ ਕੰਮ ਕਰਨ ਤੋਂ ਬਾਅਦ ਲੱਗਿਆ ਕਿ ਸਹੀ ਸ਼ੁਰੂਆਤ ਹੁਣ ਹੋਈ ਹੈ। ਇਸ ਫ਼ਿਲਮ ਜ਼ਰੀਏ ਮੈਂ ਲੋਕਾਂ ਦੀਆਂ ਨਜ਼ਰਾਂ ਵਿਚ ਆਵਾਂਗੀ। ਸੋ, ਮੈਨੂੰ ਲਗਦਾ ਹੈ ਕਿ ਬਾਲੀਵੁੱਡ ਵਿਚ ਮੇਰਾ ਸਫਰ ਇਸ ਫ਼ਿਲਮ ਨਾਲ ਸ਼ੁਰੂ ਹੋ ਰਿਹਾ ਹੈ।'
ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਇਹ ਬੰਗਾਲੀ ਬਾਲਾ ਕਹਿੰਦੀ ਹੈ, 'ਇਸ ਵਿਚ ਜਯਾ ਅਤੇ ਸੀਆ ਦੇ ਪਿਆਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਦੋਵੇਂ ਸ਼ਿਮਲਾ ਵਿਚ ਰਹਿੰਦੇ ਹੁੰਦੇ ਹਨ ਅਤੇ ਬਚਪਨ ਤੋਂ ਇਕ-ਦੂਜੇ 'ਚ ਆਕਰਸ਼ਣ ਮਹਿਸੂਸ ਕਰਦੇ ਹੁੰਦੇ ਹਨ। ਦੋਵਾਂ ਦੇ ਪਿਤਾ ਵਕੀਲ ਹਨ ਅਤੇ ਉਹ ਦੋਵੇਂ ਵੀ ਦੋਸਤ ਹਨ। ਜਯਾ ਅਤੇ ਸੀਆ ਦੋਵੇਂ ਬਹੁਤ ਉੱਚੀਆਂ ਉਮੀਦਾਂ ਵਾਲੇ ਵੀ ਹਨ। ਆਪਣਾ-ਆਪਣਾ ਕੈਰੀਅਰ ਬਣਾਉਣ ਲਈ ਦੋਵੇਂ ਆਪਣੀ-ਆਪਣੀ ਰਾਹ 'ਤੇ ਅੱਗੇ ਵਧ ਜਾਂਦੇ ਹਨ। ਆਪਣੀਆਂ ਉੱਚੀਆਂ ਉਡਾਨਾਂ ਨੂੰ ਪੂਰਾ ਕਰਨ ਦੀ ਇੱਛਾ ਵਿਚ ਦੋਵੇਂ ਇਕ ਦੂਜੇ ਨੂੰ ਦਿਲ ਦੀ ਗੱਲ ਨਹੀਂ ਕਹਿ ਪਾਉਂਦੇ। ਆਖਰ ਕਿਹੜੇ ਸੰਯੋਗਾਂ ਨਾਲ ਆਪਣੇ ਦਿਲ ਦੀ ਗੱਲ ਉਨ੍ਹਾਂ ਦੇ ਬੁੱਲ੍ਹਾਂ 'ਤੇ ਆ ਜਾਂਦੀ ਹੈ, ਇਹ ਇਸ ਦੀ ਕਹਾਣੀ ਹੈ। ਸੀਆ ਦੇ ਕਿਰਦਾਰ ਰਾਹੀਂ ਇਥੇ ਮੈਨੂੰ ਛੋਟੇ ਸ਼ਹਿਰ ਦੀ ਸਧਾਰਨ ਕੁੜੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ ਅਤੇ ਇਸ ਵਿਚ ਕਈ ਸ਼ੇਡਸ ਵੀ ਹਨ। ਕੋਲਕਾਤਾ ਵਿਚ ਜਨਮੀ ਪ੍ਰੀਆ ਦਾ ਪਾਲਣ-ਪੋਸ਼ਣ ਕੈਨੇਡਾ ਵਿਚ ਹੋਇਆ ਹੈ ਅਤੇ ਫਿਰ ਉਹ ਫ਼ਿਲਮਾਂ ਵਿਚ ਨਾਂਅ ਕਮਾਉਣ ਦੇ ਇਰਾਦੇ ਨਾਲ ਭਾਰਤ ਆ ਗਈ। ਇਥੇ ਉਸ ਨੇ ਅਨੁਪਮ ਖੇਰ ਦੇ ਐਕਟਿੰਗ ਸਕੂਲ ਵਿਚ ਅਭਿਨੈ ਸਿੱਖਿਆ, ਨਾਲ ਹੀ ਆਪਣੇ ਉਚਾਰਨ ਸੁਧਾਰਨ ਲਈ ਵੀ ਬਹੁਤ ਮਿਹਨਤ ਕੀਤੀ।


-ਪੰਨੂੰ

ਅਜੇ 'ਟਾਈਗਰ ਜ਼ਿੰਦਾ ਹੈ'

ਸਲਮਾਨ ਖਾਨ ਨੂੰ ਲੈ ਕੇ ਸੁਪਰ ਹਿੱਟ ਫ਼ਿਲਮ 'ਸੁਲਤਾਨ' ਦੇਣ ਵਾਲੇ ਨਿਰਦੇਸ਼ਕ ਅਲੀ ਅੱਬਾਸ ਜਫ਼ਰ ਹੁਣ ਸਲਮਾਨ ਦੇ ਨਾਲ 'ਟਾਈਗਰ ਜ਼ਿੰਦਾ ਹੈ' ਲੈ ਕੇ ਆ ਰਿਹਾ ਹੈ। ਇਹ 'ਏਕ ਥਾ ਟਾਈਗਰ' ਦਾ ਵਿਸਥਾਰ ਹੈ ਅਤੇ ਇਥੇ ਵੀ ਸਲਮਾਨ ਵਲੋਂ ਭਾਰਤੀ ਖੁਫੀਆ ਏਜੰਟ ਦੀ ਭੂਮਿਕਾ ਨਿਭਾਈ ਗਈ ਹੈ।
ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਆਈ. ਐਸ. ਆਈ. ਐਸ. ਵਲੋਂ ਤਿਰਕਿਟ ਵਿਚ 46 ਭਾਰਤੀ ਨਰਸਾਂ ਨੂੰ ਬੰਧਕ ਬਣਾ ਲਿਆ ਗਿਆ ਸੀ ਅਤੇ ਬਾਅਦ ਵਿਚ ਇਨ੍ਹਾਂ ਨਰਸਾਂ ਨੂੰ ਛੁਡਾ ਲਿਆ ਗਿਆ ਸੀ। ਇਸ ਘਟਨਾ ਨੂੰ ਫ਼ਿਲਮੀ ਜਾਮਾ ਪਵਾ ਕੇ ਇਥੇ ਪੇਸ਼ ਕੀਤਾ ਗਿਆ ਹੈ। ਇਹ ਮਸਾਲਾ ਫ਼ਿਲਮ ਹੈ। ਸੋ, ਇਥੇ ਰੋਮਾਂਸ ਤੇ ਐਕਸ਼ਨ ਦੇ ਨਾਲ-ਨਾਲ ਦੇਸ਼ ਪ੍ਰੇਮ ਦਾ ਤੜਕਾ ਲਗਾ ਕੇ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ।
ਅੱਤਵਾਦੀ ਸੰਗਠਨ ਆਈ. ਐਸ. ਸੀ. ਵਲੋਂ 25 ਭਾਰਤੀ ਨਰਸਾਂ ਨੂੰ ਬੰਧਕ ਬਣਾ ਲਿਆ ਜਾਂਦਾ ਹੈ। ਭਾਰਤ ਸਰਕਾਰ ਵਲੋਂ ਇਨ੍ਹਾਂ ਨੂੰ ਛੁਡਾਉਣ ਦੀ ਜ਼ਿੰਮੇਵਾਰੀ ਖੁਫੀਆ ਏਜੰਟ ਟਾਈਗਰ ਨੂੰ ਸੌਂਪੀ ਜਾਂਦੀ ਹੈ। ਉਹ ਆਪਣੇ ਮਿਸ਼ਨ 'ਤੇ ਨਿਕਲ ਪੈਂਦਾ ਹੈ ਅਤੇ ਇਸ ਕੰਮ ਵਿਚ ਉਸ ਨੂੰ ਪਾਕਿਸਤਾਨੀ ਖੁਫੀਆ ਏਜੰਟ ਜ਼ੋਇਆ (ਕੈਟਰੀਨਾ ਕੈਫ) ਦਾ ਸਾਥ ਮਿਲਦਾ ਹੈ। ਕਿਸ ਤਰ੍ਹਾਂ ਟਾਈਗਰ ਬੰਧਕ ਨਰਸਾਂ ਨੂੰ ਛੁਡਾਉਂਦਾ ਹੈ ਅਤੇ ਆਈ. ਐਸ. ਸੀ. ਦੇ ਸਰਗਨਾ ਅੱਬੂ ਉੱਸਮਾਨ (ਸੱਜਾਦ ਡੇਲਫਰੂਜ਼) ਨਾਲ ਟਕਰਾਉਂਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ। ਇਥੇ ਫ਼ਿਲਮ ਦੀ ਕਹਾਣੀ ਦੀ ਪਿੱਠਭੂਮੀ ਇਰਾਕ ਦੀ ਹੈ ਪਰ ਕਿਉਂਕਿ ਇਹ ਦੇਸ਼ ਯੁੱਧ ਦਾ ਅਖਾੜਾ ਬਣਿਆ ਹੋਇਆ ਹੈ ਅਤੇ ਉਥੇ ਸ਼ੂਟਿੰਗ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਇਸ ਦੀ ਜ਼ਿਆਦਾਤਰ ਸ਼ੂਟਿੰਗ ਆਬੂਧਾਬੀ ਵਿਚ ਕੀਤੀ ਗਈ ਹੈ।

-ਮੁੰਬਈ ਪ੍ਰਤੀਨਿਧ

ਗੁੱਗੂ ਗਿੱਲ-ਯੋਗਰਾਜ ਸਿੰਘ ਫ਼ਿਲਮ 'ਦੁੱਲਾ ਵੈਲੀ' 'ਚ ਮੁੜ ਇਕੱਠੇ

'ਬਦਲਾ ਜੱਟੀ ਦਾ', 'ਜੱਟ ਤੇ ਜ਼ਮੀਨ', 'ਅਣਖ ਜੱਟਾਂ ਦੀ' ਫ਼ਿਲਮਾਂ ਨਾਲ ਚਰਚਾ ਵਿਚ ਆਈ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੀ ਜੋੜੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਵਿਚ ਇਕ ਖ਼ਾਸ ਪਹਿਚਾਣ ਬਣਾਈ ਹੋਈ ਹੈ। ਜ਼ਮੀਨਾਂ ਦੀ ਵੰਡ, ਆਪਸੀ ਸ਼ਰੀਕੇਬਾਜ਼ੀ ਦੇ ਵਿਸ਼ਿਆਂ 'ਤੇ ਆਧਾਰਿਤ ਇਨ੍ਹਾਂ ਫ਼ਿਲਮਾਂ ਵਿਚਲੀ ਮਾਰਧਾੜ ਅਤੇ ਡਾਇਲਾਗ ਅੰਦਾਜ਼ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਪਰ ਕਿਸੇ ਕਾਰਨ ਇਸ ਜੋੜੀ ਦੇ ਅਲੱਗ-ਅਲੱਗ ਫ਼ਿਲਮਾਂ ਕਰਨਾ ਦਰਸ਼ਕਾਂ ਨੂੰ ਚੰਗਾ ਨਾ ਲੱਗਿਆ। ਕਈ ਸਾਲਾਂ ਬਾਅਦ ਹੁਣ ਨਿਰਦੇਸ਼ਕ ਦੇਵੀ ਸ਼ਰਮਾ ਇਕ ਵਾਰ ਫਿਰ ਇਸ ਐਕਸ਼ਨ ਜੋੜੀ ਨੂੰ ਫ਼ਿਲਮ 'ਦੁੱਲਾ ਵੈਲੀ' ਰਾਹੀਂ ਪਹਿਲਾਂ ਵਾਲੇ ਅੰਦਾਜ਼ 'ਚ ਲੈ ਕੇ ਆ ਰਿਹਾ ਹੈ। ਖੁਸ਼ਬੂ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਮਲਕੀਤ ਬੁੱਟਰ ਤੇ ਸੰਦੀਪ ਪ੍ਰਸਾਦ ਹਨ। ਫ਼ਿਲਮ ਦੀ ਕਹਾਣੀ ਨਸ਼ਿਆਂ ਦੀ ਦਲਦਲ ਵਿਚ ਧੱਸਦੇ ਜਾ ਰਹੇ ਪੰਜਾਬ ਅਤੇ ਜ਼ਮੀਨਾਂ ਦੀ ਵੰਡ ਅਤੇ ਫਿੱਕੇ ਪਏ ਖ਼ੂਨ ਦੇ ਰਿਸ਼ਤਿਆਂ ਬਾਤ ਪਾਉਂਦੀ ਪੰਜਾਬ ਦੀ ਕਹਾਣੀ ਦਾ ਮੁਲਾਂਕਣ ਕਰਦੀ ਹੈ। ਚਾਲੀ ਸਾਲ ਪਹਿਲਾਂ ਤਹਿਸ-ਨਹਿਸ ਹੋਏ ਇਕ ਐਸੇ ਹੀ ਪਰਿਵਾਰ ਦੇ ਮੁਖੀ ਦਲੀਪ ਸਿੰਘ ਉਰਫ਼ ਦੁੱਲਾ ਵੈਲੀ ਦੇ ਆਲੇ-ਦੁਆਲੇ ਘੁੰਮਦੀ ਇਸ ਫ਼ਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਬਠਿੰਡਾ ਅਤੇ ਸਰਦੂਲਗੜ੍ਹ ਇਲਾਕੇ ਵਿਚ ਕੀਤੀ ਗਈ ਹੈ
ਗੁੱਗੂ ਗਿੱਲ ਤੇ ਯੋਗਰਾਜ ਦੀ ਜੋੜੀ ਤੋਂ ਇਲਾਵਾ ਗਾਇਕ-ਅਦਾਕਾਰ ਸਰਬਜੀਤ ਚੀਮਾ ਦਾ ਬੇਟਾ ਗੁਰਵਰ ਚੀਮਾ ਇਸ ਫ਼ਿਲਮ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਹੈ। ਬਤੌਰ ਹੀਰੋ ਇਹ ਗੁਰਵਰ ਦੀ ਪਹਿਲੀ ਫ਼ਿਲਮ ਹੈ ਜਿਸ ਵਿਚ ਉਸ ਦੀ ਹੀਰੋਇਨ ਅਕਾਂਕਸ਼ਾ ਸਿੰਘ ਹੈ। ਇਸ ਤੋਂ ਇਲਾਵਾ ਦਰਜਨਾਂ ਪੰਜਾਬੀ ਫ਼ਿਲਮਾਂ ਕਰ ਚੁੱਕੇ ਸਰਬਜੀਤ ਚੀਮਾ ਨੂੰ ਦਰਸ਼ਕ ਇਸ ਵਾਰ ਨਵੇਂ ਰੂਪ ਵਿਚ ਵੇਖਣਗੇ।
ਫ਼ਿਲਮ 'ਦੁੱਲਾ ਵੈਲੀ' ਵਿਚ ਗੁੱਗੂ ਗਿੱਲ, ਯੋਗਰਾਜ ਸਿੰਘ, ਮੁਹੰਮਦ ਸਦੀਕ, ਗੁਰਵਰ ਚੀਮਾ, ਸਰਬਜੀਤ ਚੀਮਾ, ਅਕਾਂਕਸ਼ਾ, ਨੀਤ ਕੌਰ, ਅਵਤਾਰ ਗਿੱਲ, ਗੁਗਨੀ ਗਿੱਲ, ਨੀਟੂ ਪੰਧੇਰ, ਚਰਨਜੀਤ ਸੰਧੂ, ਹੈਰੀ ਸਚਦੇਵਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਖੁਸ਼ਬੂ ਸ਼ਰਮਾ ਨੇ ਲਿਖੀ ਹੈ ਅਤੇ ਡਾਇਲਾਗ ਮਲਕੀਤ ਬੁੱਟਰ ਨੇ ਲਿਖੇ ਹਨ। ਫ਼ਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਸੁਮਿਤ ਮਾਣਕ ਹਨ। ਫ਼ਿਲਮ ਦਾ ਸੰਗੀਤ ਮਿਊਜ਼ਿਕ ਫੀਵਰ 'ਚ ਮਨਜੀਤ ਉੱਪਲ ਕੈਨੇਡਾ ਵਲੋਂ ਤਿਆਰ ਕਰਵਾਇਆ ਗਿਆ ਹੈ।


-ਸੁਰਜੀਤ ਜੱਸਲ

ਮੇਰੇ ਸ਼ੌਕ ਹਨ ਖਾਣਾ ਤੇ ਗਾਣਾ-ਸ਼ੈਫ ਹਰਪਾਲ

ਕੁਕਰੀ ਸ਼ੋਅ ਦੇਖਣਾ ਪਸੰਦ ਕਰਨ ਵਾਲੇ ਦਰਸ਼ਕ ਮਾਸਟਰ ਸ਼ੈਫ ਹਰਪਾਲ ਸਿੰਘ ਦੇ ਨਾਂਅ ਤੋਂ ਜਾਣੂ ਹੋਣਗੇ ਹੀ। ਹਰਪਾਲ ਸਿੰਘ ਅਨੁਸਾਰ ਉਹ ਅਚਾਨਕ ਹੀ ਰਸੋਈ ਕਲਾ ਨਾਲ ਜੁੜ ਗਏ। ਉਸ ਦਾ ਪਾਲਣ-ਪੋਸ਼ਣ ਖੜਗਪੁਰ ਵਿਚ ਹੋਇਆ ਹੈ ਅਤੇ ਇਹ ਸ਼ਹਿਰ ਆਈ. ਆਈ. ਟੀ. ਤੇ ਰੇਲਵੇ ਵਰਕਸ਼ਾਪ ਲਈ ਜਾਣਿਆ ਜਾਂਦਾ ਹੈ। ਘਰ ਵਾਲਿਆਂ ਦੀ ਇੱਛਾ ਵੀ ਸੀ ਕਿ ਹਰਪਾਲ ਇਨ੍ਹਾਂ ਵਿਚੋਂ ਕਿਸੇ ਇਕ ਵਿਚ ਆਪਣਾ ਕੈਰੀਅਰ ਬਣਾਏ ਪਰ ਉਸ ਨੂੰ ਇਸ ਤਰ੍ਹਾਂ ਦੀ ਕੋਈ ਨੌਕਰੀ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ ਅਤੇ ਘਰ ਵਾਲਿਆਂ ਦੀ ਜ਼ਿੱਦ ਕਰਕੇ ਆਪਣੀ ਜਾਣ ਛੁਡਵਾਉਣ ਲਈ ਹੋਟਲ ਵਿਚ ਨੌਕਰੀ ਲੈ ਲਈ। ਇਥੋਂ ਉਸ ਦਾ ਰਸੋਈ ਕਲਾ ਨਾਲ ਨਵਾਂ ਰਿਸ਼ਤਾ ਬਣਿਆ ਅਤੇ ਇਸ ਰਿਸ਼ਤੇ ਨੇ ਅੱਜ ਉਸ ਨੂੰ ਸੈਲੀਬ੍ਰਿਟੀ ਸ਼ੈਫ ਬਣਾ ਦਿੱਤਾ ਹੈ।
ਹਰਪਾਲ ਸਿੰਘ ਅਨੁਸਾਰ ਹੁਣ ਉਹ ਆਪਣੀ ਜ਼ਿੰਦਗੀ ਵਿਚ ਹਰ ਉਹ ਕੰਮ ਕਰਨਾ ਚਾਹੁੰਦਾ ਹੈ, ਜੋ ਕਰਨ ਨੂੰ ਉਸ ਦਾ ਦਿਲ ਚਾਹੁੰਦਾ ਰਿਹਾ ਹੈ। ਇਸੇ ਵਜ੍ਹਾ ਕਰਕੇ ਜਦੋਂ ਅਭਿਨੈ ਕਰਨ ਦਾ ਮਨ ਹੋਇਆ ਤਾਂ ਫ਼ਿਲਮ 'ਬੈਂਕ ਚੋਰ' ਵਿਚ ਕੰਮ ਕਰ ਲਿਆ। ਹੁਣ ਉਸ ਦੀ ਇੱਛਾ ਗਾਇਕ ਬਣਨ ਦੀ ਹੈ ਅਤੇ ਉਸ ਅਨੁਸਾਰ ਹੁਣ ਉਹ ਆਪਣੇ ਦੋ ਸੋਲੋ ਗੀਤ ਲਿਆਉਣ ਵਿਚ ਲੱਗ ਗਿਆ ਹੈ। ਰਸੋਈ ਤੋਂ ਜਦੋਂ ਕਦੀ ਫੁਰਸਤ ਮਿਲਦੀ ਹੈ ਤਾਂ ਉਹ ਰਿਆਜ਼ ਵਿਚ ਲੱਗ ਜਾਂਦਾ ਹੈ। ਉਹ ਪੂਰੀ ਤਿਆਰੀ ਤੋਂ ਬਾਅਦ ਹੀ ਆਪਣੇ ਦੋਵੇਂ ਗੀਤ ਰਿਕਾਰਡ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੱਚਾ-ਪੱਕਾ ਖਾਣਾ ਕੋਈ ਸਵਾਦ ਨਹੀਂ ਦਿੰਦਾ ਹੈ, ਉਸੇ ਤਰ੍ਹਾਂ ਕੱਚੇ ਰਿਆਜ਼ ਨਾਲ ਸਜਿਆ ਗੀਤ ਵੀ ਸੁਣਨ ਵਾਲਿਆਂ ਨੂੰ ਕੋਈ ਮਜ਼ਾ ਨਹੀਂ ਦਿੰਦਾ ਹੈ। ਇਸੇ ਵਜ੍ਹਾ ਕਰਕੇ ਪੂਰੀ ਤਰ੍ਹਾਂ ਨਾਲ ਰਿਆਜ਼ ਕਰਨ ਤੋਂ ਬਾਅਦ ਹੀ ਉਹ ਆਪਣੇ ਗੀਤ ਜਨਤਾ ਸਾਹਮਣੇ ਲਿਆਉਣਗੇ।
ਸੰਗੀਤ ਪ੍ਰਤੀ ਸ਼ੌਕ ਨੂੰ ਲੈ ਕੇ ਉਹ ਕਹਿੰਦੇ ਹਨ, 'ਮੈਂ ਸਰਦਾਰ ਹਾਂ। ਹੋਰ ਪੰਜਾਬੀਆਂ ਦੀ ਤਰ੍ਹਾਂ ਮੇਰੇ ਵੀ ਦੋ ਸ਼ੌਕ ਹਨ। ਖਾਣਾ ਤੇ ਗਾਣਾ। ਖਾਣ ਦੇ ਮਾਮਲੇ ਵਿਚ ਤਾਂ ਬਹੁਤ ਨਾਂਅ ਕਮਾ ਲਿਆ, ਹੁਣ ਗਾਣੇ ਦੇ ਮਾਮਲੇ ਵਿਚ ਨਾਂਅ ਕਮਾਉਣ ਦੀ ਇੱਛਾ ਹੈ।'

-ਮੁੰਬਈ ਪ੍ਰਤੀਨਿਧ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX