ਤਾਜਾ ਖ਼ਬਰਾਂ


ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  4 minutes ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  59 minutes ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 1 hour ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 2 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਣਜੀਤ ਸਿੰਘ ਢਿੱਲੋਂ) - ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ ਹੈ। ਇਸੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  about 3 hours ago
ਨਵੀਂ ਦਿੱਲੀ, 23 ਮਾਰਚ- ਮੇਜਰ ਸੁਰਿੰਦਰ ਪੂਨੀਆ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਸੀਨੀਅਰ ਭਾਜਪਾ ਨੇਤਾਵਾਂ ਜੇ. ਪੀ. ਨੱਡਾ ਅਤੇ ਰਾਮਲਾਲ ਦੀ ਮੌਜੂਦਗੀ 'ਚ...
ਹੋਰ ਖ਼ਬਰਾਂ..

ਖੇਡ ਜਗਤ

ਚੌਥੀ ਵਾਰ ਫਾਰਮੂਲਾ ਵੰਨ ਵਿਸ਼ਵ ਚੈਂਪੀਅਨ ਬਣੇ

ਲੂਈਸ ਹੈਮਿਲਟਨ ਨੇ ਕਾਇਮ ਕੀਤੀ ਬਾਦਸ਼ਾਹਤ

ਰਫਤਾਰ ਦੀ ਖੇਡ ਫਾਰਮੂਲਾ ਵੰਨ ਦਾ ਸਾਲ 2017 ਦਾ ਸੀਜ਼ਨ ਉਹ ਗੱਲ ਪੱਕੀ ਕਰ ਗਿਆ ਹੈ, ਜਿਸ ਦਾ ਅੰਦਾਜ਼ਾ ਪਿਛਲੇ ਕਈ ਸਾਲਾਂ ਤੋਂ ਲਗਦਾ ਆ ਰਿਹਾ ਸੀ। ਕਾਰ ਰੇਸਿੰਗ ਦੀ ਇਸ ਨਿਵੇਕਲੀ ਖੇਡ ਵਿਚ ਲੂਈਸ ਹੈਮਿਲਟਨ ਨੇ ਆਪਣਾ ਜ਼ਬਰਦਸਤ ਰਿਕਾਰਡ ਬਰਕਰਾਰ ਰੱਖਦੇ ਹੋਏ ਚੌਥੀ ਵਾਰ ਵਿਸ਼ਵ ਖਿਤਾਬ ਜਿੱਤ ਲਿਆ ਹੈ ਅਤੇ ਰਫ਼ਤਾਰ ਦੀ ਖੇਡ ਦੇ ਵਿਸ਼ਵ ਚੈਂਪੀਅਨ ਬਾਦਸ਼ਾਹ ਅਤੇ ਆਪਣੇ ਸਮੇਂ ਦੇ ਸਭ ਤੋਂ ਬਿਹਤਰੀਨ ਕਾਰ ਰੇਸਿੰਗ ਡਰਾਈਵਰ ਵਜੋਂ ਆਪਣਾ ਨਾਂਅ ਪੱਕਾ ਕਰ ਦਿੱਤਾ ਹੈ। ਬ੍ਰਿਟੇਨ ਦੇ ਲੂਈਸ ਹੈਮਿਲਟਨ ਇਸ ਸੀਜ਼ਨ ਦੀਆਂ ਦੋ ਰੇਸ ਰਹਿੰਦਿਆਂ ਚੌਥੀ ਵਾਰ ਫਾਰਮੂਲਾ ਵੰਨ ਵਿਸ਼ਵ ਚੈਂਪੀਅਨ ਬਣ ਗਏ ਹਨ। ਸਾਲ 2008 ਵਿਚ ਬ੍ਰਿਟੇਨ ਦੇਸ਼ ਦੀ ਆਪਣੀ ਘਰੇਲੂ ਟੀਮ 'ਮੈਕਲਾਰੇਨ' ਦੇ ਨਾਲ ਆਪਣਾ ਪਹਿਲਾ ਖਿਤਾਬ ਜਿੱਤਣ ਵਾਲੇ 32 ਸਾਲਾ ਹੈਮਿਲਟਨ ਨੇ ਹੁਣ ਤੱਕ 207 ਰੇਸਾਂ ਵਿਚ 62 ਜਿੱਤਾਂ ਹਾਸਲ ਕੀਤੀਆਂ ਹਨ, ਜੋ ਕਿ ਆਪਣੇ-ਆਪ ਵਿਚ ਇਕ ਹੋਰ ਕਾਮਯਾਬੀ ਹੈ। ਇਸੇ ਦੌਰਾਨ ਹੈਮਿਲਟਨ ਨੇ ਇਕ ਸੀਜ਼ਨ ਵਿਚ 11 ਜਿੱਤਾਂ ਦੇ ਨਾਲ ਹੀ ਮਾਈਕਲ ਸ਼ੂਮਾਕਰ ਅਤੇ ਸਬੈਸਟਿਅਨ ਵੈੱਟਲ ਦੀ ਬਰਾਬਰੀ ਪਹਿਲਾਂ ਹੀ ਕੀਤੀ ਹੋਈ ਹੈ। ਲੂਈਸ ਹੈਮਿਲਟਨ ਦੀ ਖਿਤਾਬੀ ਜਿੱਤ ਦੀ ਇਕ ਖਾਸ ਗੱਲ ਇਹ ਵੀ ਸੀ ਕਿ ਹੈਮਿਲਟਨ ਨੇ ਸਾਰਾ ਸੀਜ਼ਨ ਅਗੇਤ ਬਣਾਈ ਰੱਖੀ ਅਤੇ ਕਦੇ ਵੀ ਅਜਿਹਾ ਨਹੀਂ ਲੱਗਿਆ ਕਿ ਕੋਈ ਹੋਰ ਡਰਾਈਵਰ ਅੰਕ ਸੂਚੀ ਵਿਚ ਉਸ ਨੂੰ ਪਿੱਛੇ ਕਰ ਸਕੇਗਾ।
ਲੂਈਸ ਹੈਮਿਲਟਨ ਨੂੰ ਫਾਰਮੂਲਾ ਵੰਨ ਦਾ ਵਿਸ਼ਵ ਖਿਤਾਬ ਜਿਤਾਉਣ ਵਾਲੇ ਇਸ ਸੀਜ਼ਨ ਦੀ ਖਾਸ ਗੱਲ ਇਹ ਵੀ ਸੀ ਕਿ ਇਸ ਰੇਸ ਦੌਰਾਨ ਸਿਰਫ ਸਾਬਕਾ ਵਿਸ਼ਵ ਖਿਤਾਬ ਜੇਤੂ ਜਰਮਨੀ ਦੇ ਸਬੈਸਟੀਅਨ ਵੈਟਲ ਨੇ ਹੀ ਤਕੜੀ ਟੱਕਰ ਦਿੱਤੀ, ਪਰ ਅੰਤ ਨੂੰ ਉਹ ਹੈਮਿਲਟਨ ਤੋਂ ਪਛੜ ਗਏ। ਫਾਰਮੂਲਾ ਵੰਨ ਇਕ ਅਜਿਹੀ ਖੇਡ ਹੈ, ਜਿਸ ਵਿਚ ਇਕ ਡਰਾਈਵਰ ਜਦੋਂ ਰੇਸ ਲਈ ਜਾਂਦਾ ਹੈ ਤਾਂ ਉਸ ਉੱਤੇ ਬਹੁਤ ਦਬਾਅ ਹੁੰਦਾ ਹੈ, ਪਰ ਹੈਮਿਲਟਨ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ ਸਾਰਾ ਸੀਜ਼ਨ ਆਪਣੇ ਟੀਚੇ ਉੱਤੇ ਧਿਆਨ ਟਿਕਾਈ ਰੱਖਿਆ। ਹੈਮਿਲਟਨ ਨੇ ਇਕ ਰਾਕੇਟ ਵਾਂਗ ਸ਼ੁਰੂਆਤ ਕੀਤੀ, ਜੋ ਸ਼ਾਇਦ ਉਸ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਸ਼ੁਰੂਆਤ ਸੀ। ਉਸ ਦੀ ਟੀਮ 'ਮਰਸੀਡੀਜ਼' ਦੀ ਵੀ ਤਾਰੀਫ਼ ਕਰਨੀ ਬਣਦੀ ਹੈ, ਜਿਸ ਨੇ ਇਕ ਸ਼ਾਨਦਾਰ ਕਾਰ ਤਿਆਰ ਕੀਤੀ, ਜਿਸ ਰਾਹੀਂ ਉਸ ਦੇ ਦੋਵੇਂ ਡਰਾਈਵਰ ਹੈਮਿਲਟਨ ਅਤੇ ਬੋਟਾਸ ਉੱਪਰਲੇ ਸਥਾਨਾਂ ਉੱਤੇ ਆਉਂਦੇ ਰਹੇ। ਖਿਤਾਬੀ ਅੰਕ ਸੂਚੀ ਵਿਚ ਲੂਈਸ ਹੈਮਿਲਟਨ ਤੋਂ ਬਾਅਦ ਸਬੈਸਟੀਅਨ ਵੈਟਲ ਦੂਜੇ ਨੰਬਰ ਉੱਤੇ ਆਏ ਹਨ। ਇਸ ਦੌਰਾਨ ਫਾਰਮੂਲਾ ਵੰਨ ਵਿਚ ਭਾਰਤ ਦੇਸ਼ ਦਾ ਪ੍ਰਦਰਸ਼ਨ ਇਸ ਵਾਰ ਅੰਕਾਂ ਦੇ ਹਿਸਾਬ ਨਾਲ ਕੁਝ ਸੁਧਾਰ ਲੈ ਕੇ ਆਇਆ। ਇਸ ਖੇਡ ਵਿਚਲੀ ਇਕਲੌਤੀ ਭਾਰਤੀ ਟੀਮ ਸਹਾਰਾ ਫੋਰਸ ਇੰਡੀਆ 'ਕੰਸਟਰਕਟਰਸ' ਭਾਵ ਕਾਰ ਬਣਾਉਣ ਵਾਲੀਆਂ ਕੰਪਨੀਆਂ ਦੀ ਚੈਂਪੀਅਨਸ਼ਿਪ ਵਿਚ ਚੌਥੇ ਸਥਾਨ ਉੱਤੇ ਰਹੀ। ਪਿਛਲੇ ਸਾਲ ਵੀ ਫੋਰਸ ਇੰਡੀਆ ਟੀਮ ਚੌਥੇ ਸਥਾਨ ਉੱਤੇ ਰਹੀ ਸੀ ਪਰ ਉਦੋਂ ਉਸ ਨੇ ਐਤਕੀਂ ਵਾਰ ਨਾਲੋਂ ਘੱਟ ਅੰਕ ਹਾਸਲ ਕੀਤੇ ਸਨ। ਰਿਕਾਰਡ ਭਾਵੇਂ ਜਿੰਨੇ ਮਰਜ਼ੀ ਬਣੇ ਹੋਣ ਪਰ ਕੁੱਲ ਮਿਲਾ ਕੇ ਇਹ ਸੀਜ਼ਨ ਲੂਈਸ ਹੈਮਿਲਟਨ ਦੇ ਨਾਂਅ ਹੀ ਕਿਹਾ ਜਾਵੇਗਾ, ਜਿਨ੍ਹਾਂ ਸ਼ਾਨਦਾਰ ਖਿਤਾਬੀ ਜਿੱਤ ਰਾਹੀਂ ਰਫਤਾਰ ਦੀ ਖੇਡ ਫ਼ਾਰਮੂਲਾ ਵੰਨ ਦੇ ਬਾਦਸ਼ਾਹ ਵਜੋਂ ਆਪਣਾ ਮੁਕਾਮ ਪੱਕਾ ਕਰ ਦਿੱਤਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਪਹਿਲੀ ਮੈਰਾਥਨ ਤੋਂ ਅਜੋਕੀ ਮੈਰਾਥਨ ਤੱਕ

ਪਹਿਲੀਆਂ ਉਲੰਪਿਕ ਖੇਡਾਂ ਤੋਂ ਹੁਣ ਤੱਕ ਲੱਖਾਂ-ਕਰੋੜਾਂ ਦੌੜਾਕ ਵੱਖ-ਵੱਖ ਦੌੜ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਹਨ। ਉਨ੍ਹਾਂ ਦੌੜ ਮੁਕਾਬਲਿਆਂ 'ਚੋਂ ਕੇਵਲ ਮੈਰਾਥਨ ਦੌੜ ਦੀ ਗੱਲ ਕਰਦੇ ਹਾਂ। 490 ਪੂ: ਈ: ਵਿਚ ਪਰਸ਼ੀਆ ਨੇ ਏਥਨਜ਼ 'ਤੇ ਹਮਲਾ ਕਰਨ ਲਈ ਆਪਣੀ ਫੌਜ ਯੂਨਾਨ ਦੇ ਸਰਹੱਦੀ ਪਿੰਡ ਮੈਰਾਥਨ ਵਿਚ ਉਤਾਰੀ। ਮੈਰਾਥਨ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ 25 ਕੁ ਮੀਲ ਦੂਰ ਹੈ। ਉਦੋਂ ਮੈਰਾਥਨ ਛੋਟਾ ਜਿਹਾ ਪਿੰਡ ਸੀ, ਜੋ ਹੁਣ ਸ਼ਹਿਰ ਹੈ, ਜਿਸ ਦੀ ਅਜੋਕੀ ਆਬਾਦੀ ਦਸ ਹਜ਼ਾਰ ਦੇ ਆਸ-ਪਾਸ ਹੈ। ਯੂਨਾਨ ਦੇ ਜਰਨੈਲ ਨੇ ਆਪਣੇ ਉਲੰਪਿਕ ਦੌੜਾਕ ਫਿਡੀਪੀਡੀਸ ਨੂੰ ਸਪਾਰਟਾ ਤੋਂ ਮਦਦ ਲੈਣ ਲਈ ਦੌੜਾਇਆ। ਉਹ ਦੌੜਦਾ, ਦਰਿਆ ਤੈਰਦਾ ਤੇ ਪਹਾੜੀਆਂ ਦੀਆਂ ਚੋਟੀਆਂ ਚੜ੍ਹਦਾ ਸਪਾਰਟਾ ਅੱਪੜਿਆ। ਮਦਦ ਲਈ ਸੁਨੇਹਾ ਦੇ ਕੇ ਵਾਪਸ ਏਥਨਜ਼ ਆਇਆ। ਬਿਨਾਂ ਆਰਾਮ ਕੀਤੇ ਉਸ ਨੂੰ ਫੌਜ ਨਾਲ ਮੈਰਾਥਨ ਵੱਲ ਕੂਚ ਕਰਨਾ ਪਿਆ। ਮੈਰਾਥਨ ਦੇ ਮੈਦਾਨ ਵਿਚ ਜੰਮ ਕੇ ਲੜਾਈ ਹੋਈ, ਜਿਸ ਵਿਚ ਯੂਨਾਨੀ ਜਿੱਤ ਗਏ।
ਜਰਨੈਲ ਨੇ ਜਿੱਤ ਦਾ ਸਮਾਚਾਰ ਤੁਰੰਤ ਏਥਨਜ਼ ਪੁਚਾਉਣ ਲਈ ਥੱਕੇ-ਟੁੱਟੇ ਫਿਡੀਪੀਡੀਸ ਨੂੰ ਮੁੜ ਏਥਨਜ਼ ਵੱਲ ਦੌੜਾਇਆ। ਦੌੜਦਿਆਂ ਉਹਦੇ ਪੈਰਾਂ 'ਚੋਂ ਖੂਨ ਸਿਮ ਆਇਆ, ਜਿਸ ਨਾਲ ਲਹੂ ਦੇ ਨਿਸ਼ਾਨ ਪਹਾੜੀ ਪੱਥਰਾਂ 'ਤੇ ਲੱਗਦੇ ਗਏ। ਉਹ ਹੰਭਿਆ-ਹੁੱਟਿਆ ਵੀ ਦੌੜਦਾ ਰਿਹਾ। ਏਥਨਜ਼ ਵਾਸੀਆਂ ਨੂੰ ਦੂਰੋਂ ਆਪਣੇ ਮਹਾਨ ਦੌੜਾਕ ਦਾ ਝਾਉਲਾ ਪਿਆ, ਤਾਂ ਉਹ ਘਰਾਂ ਦੀਆਂ ਛੱਤਾਂ ਤੋਂ ਉੱਤਰ ਕੇ ਲੜਾਈ ਦਾ ਸਮਾਚਾਰ ਸੁਣਨ ਲਈ ਅੱਗੇ ਵਧੇ। ਹੰਭੇ, ਹਫ਼ੇ ਤੇ ਲਹੂ-ਲੁਹਾਣ ਪੈਰਾਂ ਵਾਲੇ ਸਿਰੜੀ ਦੌੜਾਕ ਨੇ ਸਾਰੀ ਸੱਤਿਆ 'ਕੱਠੀ ਕਰ ਕੇ ਸਿਰਫ਼ ਇਹੋ ਕਿਹਾ, 'ਖ਼ੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!' ਏਨਾ ਕਹਿੰਦਿਆਂ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ।
ਪੁਰਾਤਨ ਉਲੰਪਿਕ ਖੇਡਾਂ ਦਾ ਭੋਗ ਸਦੀਆਂ ਪਹਿਲਾਂ ਪੈ ਚੁੱਕਾ ਸੀ। 1896 ਵਿਚ ਮਾਡਰਨ ਉਲੰਪਿਕ ਖੇਡਾਂ ਏਥਨਜ਼ ਤੋਂ ਹੀ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਖੇਡਾਂ 'ਚ ਫਿਡੀਪੀਡੀਸ ਦੀ ਯਾਦ ਵਿਚ 25 ਕੁ ਮੀਲ ਲੰਮੀ ਦੌੜ ਸ਼ਾਮਿਲ ਕੀਤੀ ਗਈ, ਜਿਸ ਦਾ ਨਾਂਅ ਮੈਰਾਥਨ ਦੌੜ ਰੱਖਿਆ ਗਿਆ। ਯੂਨਾਨੀਆਂ ਦੀ ਬੜੀ ਰੀਝ ਸੀ ਕਿ ਉਨ੍ਹਾਂ ਦੇ ਵਤਨੀ ਦੀ ਯਾਦ ਵਿਚ ਰੱਖੀ ਦੌੜ ਕੋਈ ਯੂਨਾਨੀ ਦੌੜਾਕ ਹੀ ਜਿੱਤੇ। ਏਥਨਜ਼ ਦੇ ਇਕ ਰਈਸ ਨੇ ਐਲਾਨ ਕੀਤਾ, 'ਜੇ ਕੋਈ ਯੂਨਾਨੀ ਇਹ ਦੌੜ ਜਿੱਤ ਜਾਵੇ ਤਾਂ ਉਹ ਦਸ ਲੱਖ ਯੂਨਾਨੀ ਸਿੱਕਿਆਂ ਦੇ ਇਨਾਮ ਨਾਲ ਉਸ ਦੌੜਾਕ ਨੂੰ ਆਪਣੀ ਧੀ ਦਾ ਡੋਲਾ ਵੀ ਦੇ ਦੇਵੇਗਾ।'
ਦੌੜ ਸ਼ੁਰੂ ਹੋਈ ਤਾਂ ਯੂਨਾਨੀ ਦੌੜਾਕ ਸਪਰਿਡਨ ਲੂਈਸ ਪਿੱਛੇ ਰਹਿ ਗਿਆ ਪਰ ਉਸ ਨੇ ਦਿਲ ਨਾ ਛੱਡਿਆ। ਜਦੋਂ ਤਿੰਨ ਕੁ ਮੀਲ ਦੀ ਦੂਰੀ ਰਹਿ ਗਈ ਤਾਂ ਉਹ ਸਭ ਤੋਂ ਮੂਹਰੇ ਹੋ ਗਿਆ। ਯੂਨਾਨੀ ਦਰਸ਼ਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਹ ਸਟੇਡੀਅਮ ਵਿਚ ਸਭ ਤੋਂ ਪਹਿਲਾਂ ਦਾਖਲ ਹੋਇਆ ਤਾਂ ਦਰਸ਼ਕ ਉਤਸ਼ਾਹ 'ਚ ਉੱਠ ਖੜ੍ਹੇ ਹੋਏ। ਬਾਦਸ਼ਾਹ ਦੇ ਦੋਵੇਂ ਸ਼ਹਿਜ਼ਾਦੇ ਜਾਰਜ ਤੇ ਨਿਕੋਲਸ ਖ਼ੁਸ਼ੀ ਵਿਚ ਯੂਨਾਨੀ ਦੌੜਾਕ ਨੂੰ ਹੱਲਾਸ਼ੇਰੀ ਦਿੰਦੇ ਉਹਦੇ ਨਾਲ ਦੌੜਨ ਲੱਗੇ। ਸਪਰਿਡਨ ਲੂਈਸ ਮੈਰਾਥਨ ਦੌੜ ਦਾ ਪਹਿਲਾ ਉਲੰਪਿਕ ਚੈਂਪੀਅਨ ਬਣ ਗਿਆ। ਖ਼ੁਸ਼ ਹੋਏ ਯੂਨਾਨ ਦੇ ਬਾਦਸ਼ਾਹ ਨੇ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ, 'ਮੰਗ ਜੋ ਕੁਛ ਮੰਗਣਾ।'
ਲੂਈਸ ਬੋਲਿਆ, 'ਮੇਰੇ ਕੋਲ ਘੋੜਾ ਹੈ ਪਰ ਘੋੜਾ-ਗੱਡੀ ਨਹੀਂ।'
ਉਹ ਡਾਕੀਆ ਸੀ, ਜਿਸ ਦਾ ਘੋੜਾ-ਗੱਡੀ ਨਾਲ ਕੰਮ ਹੋਰ ਵੀ ਸੌਖਾ ਹੋ ਸਕਦਾ ਸੀ। ਉਸ ਨੇ ਰਾਜੇ ਤੋਂ ਘੋੜਾ-ਗੱਡੀ ਲੈ ਲਈ ਪਰ ਰਈਸ ਦੀ ਧੀ ਦਾ ਡੋਲਾ ਨਾ ਲਿਆ, ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।
1896 ਤੋਂ 1924 ਦੀਆਂ ਉਲੰਪਿਕ ਖੇਡਾਂ ਤੱਕ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਨਹੀਂ ਸੀ। ਇਹ 24 ਤੋਂ 27 ਮੀਲ ਦਰਮਿਆਨ ਰਹੀ। 1924 ਵਿਚ ਪੈਰਿਸ ਦੀਆਂ ਉਲੰਪਿਕ ਖੇਡਾਂ ਤੋਂ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਰੱਖਣੀ ਤੈਅ ਹੋਈ ਭਾਵ 26 ਮੀਲ 385 ਗਜ਼। 1908 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ਦੀ ਮੈਰਾਥਨ 26 ਮੀਲ 385 ਗਜ਼ ਦੀ ਸੀ। ਉਦੋਂ ਸ਼ਾਹੀ ਨਿਵਾਸ ਵਿੰਡਸਰ ਕਾਸਲ ਤੋਂ ਦੌੜ ਸ਼ੁਰੂ ਹੋਈ ਸੀ ਤੇ ਵਾੲ੍ਹੀਟ ਸਟੇਡੀਅਮ ਵਿਚ ਰਾਇਲ ਬੌਕਸ ਮੂਹਰੇ ਮੁੱਕੀ ਸੀ। ਫਾਸਲਾ ਮਿਣਿਆ ਤਾਂ 26 ਮੀਲ 385 ਗਜ਼ ਨਿਕਲਿਆ ਸੀ। ਉਦੋਂ ਬਰਤਾਨੀਆ ਦਾ ਤਪ ਤੇਜ਼ ਸੀ ਤੇ ਇਹੋ ਫਾਸਲਾ ਮੈਰਾਥਨ ਦੌੜ ਲਈ ਮਿਆਰੀ ਬਣਾ ਦਿੱਤਾ ਗਿਆ।
1904 ਵਿਚ ਸੇਂਟ ਲੂਈ ਦੀਆਂ ਉਲੰਪਿਕ ਖੇਡਾਂ ਸਮੇਂ ਲੱਗੀ ਮੈਰਾਥਨ ਦੌੜ ਬੜੀ ਦਿਲਚਸਪ ਰਹੀ। ਕਿਊਬਾ ਦੇ ਇਕ ਡਾਕੀਏ ਫੇਲਿਕਸ ਕਰਨਾਜਲ ਨੇ ਆਪਣੇ ਦੋਸਤਾਂ ਕੋਲ ਸ਼ੇਖ਼ੀ ਮਾਰ ਦਿੱਤੀ ਕਿ ਉਹ ਉਲੰਪਿਕ ਦੀ ਮੈਰਾਥਨ ਦੌੜ ਜਿੱਤ ਸਕਦੈ। ਪਰ ਸੀਗਾ ਉਹ ਜੋਕਰਾਂ ਵਰਗਾ। ਸ਼ੇਖ਼ੀ ਦੇ ਮਾਰੇ ਉਹਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਏਧਰ-ਓਧਰ ਦੌੜਨ ਲੱਗਾ। ਖੇਡਾਂ ਨੇੜੇ ਆਈਆਂ ਤਾਂ ਉਹਦੇ ਕੋਲ ਸੇਂਟ ਲੂਈ ਜਾਣ ਜੋਗਾ ਕਿਰਾਇਆ ਵੀ ਨਹੀਂ ਸੀ। ਉਹ ਹਵਾਨਾ ਦੇ ਚੌਕਾਂ ਵਿਚ ਦੌੜ ਕੇ ਮਜਮੇ ਲਾਉਣ ਲੱਗਾ। ਕਿਰਾਏ ਜੋਗੇ ਪੈਸੇ 'ਕੱਠੇ ਹੋਏ ਤਾਂ ਉਹ ਸੇਂਟ ਲੂਈ ਨੂੰ ਰਵਾਨਾ ਹੋ ਗਿਆ ਪਰ ਰਾਹ ਵਿਚ ਹੀ ਜੂਆ ਖੇਡਦਿਆਂ ਪੈਸੇ ਹਾਰ ਬੈਠਾ।
ਖੈਰ, ਜੁਗਾੜ ਕਰਦੇ-ਕਰਾਉਂਦੇ ਜਦੋਂ ਉਹ ਸੇਂਟ ਲੂਈ ਅੱਪੜਿਆ ਤਾਂ ਮੈਰਾਥਨ ਦੌੜ ਸ਼ੁਰੂ ਹੋਣ ਵਾਲੀ ਸੀ। ਉਹ ਚੋਲੇ ਵਰਗਾ ਕੁੜਤਾ ਤੇ ਢਿੱਲੀ ਜਿਹੀ ਪਤਲੂਣ ਪਾਈ ਦੌੜ ਲਈ ਲਾਈ ਲਕੀਰ ਉੱਤੇ ਜਾ ਖੜ੍ਹਾ ਹੋਇਆ। ਮੁਕਾਬਲੇ 'ਚ ਦੁਨੀਆ ਦੇ ਮੰਨੇ-ਪ੍ਰਮੰਨੇ ਦੌੜਾਕ ਖੜ੍ਹੇ ਸਨ। ਡਾਕੀਏ ਦਾ ਹੁਲੀਆ ਵੇਖ ਕੇ ਦਰਸ਼ਕਾਂ ਦਾ ਹਾਸਾ ਨਹੀਂ ਸੀ ਰੁਕ ਰਿਹਾ।
ਅਮਰੀਕਾ ਦੇ ਅਥਲੀਟ ਸ਼ੈਰੀਡਨ ਨੇ ਕਿਤੋਂ ਕੈਂਚੀ ਲਿਆਂਦੀ ਤੇ ਲਕੀਰ ਉੱਤੇ ਖੜੋਤੇ ਫੇਲਿਕਸ ਦੇ ਕੁੜਤੇ ਨੂੰ ਆਸਿਓਂ-ਪਾਸਿਓਂ ਕੱਟ ਕੇ ਕੰਮ-ਚਲਾਊ ਬੁਨੈਣ ਬਣਾ ਦਿੱਤੀ। ਪਤਲੂਣ ਵੀ ਗੋਡਿਆਂ ਉੱਤੋਂ ਕੱਟ ਦਿੱਤੀ ਤੇ ਉਹ ਨਿੱਕਰ ਬਣ ਗਈ। ਹੁਣ ਉਹ ਆਰਾਮ ਨਾਲ ਦੌੜ ਸਕਦਾ ਸੀ। ਦੌੜਦਿਆਂ ਉਹ ਰਾਹ ਵਿਚ ਸੇਬ ਤੇ ਆੜੂ ਤੋੜ ਕੇ ਖਾਂਦਾ ਗਿਆ ਤੇ ਦਰਸ਼ਕਾਂ ਨਾਲ ਹਾਸਾ-ਮਖੌਲ ਕਰਦਾ ਗਿਆ। ਦੌੜ ਮੁੱਕੀ ਤਾਂ ਉਹ 37 ਦੌੜਾਕਾਂ ਵਿਚੋਂ ਚੌਥੇ ਥਾਂ ਆਇਆ। ਜੇ ਕਿਧਰੇ ਉਹ ਪਹਿਲਾਂ ਹੀ ਮੈਰਾਥਨ ਦੌੜਦਾ ਹੁੰਦਾ ਤਾਂ ਸੰਭਵ ਸੀ ਉਲੰਪਿਕ ਚੈਂਪੀਅਨ ਬਣ ਜਾਂਦਾ ਤੇ ਸ਼ੇਖ਼ੀ ਮਾਰਨੀ ਸੱਚੀ ਸਿੱਧ ਹੋ ਜਾਂਦੀ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਵਿਸ਼ਵ ਕਬੱਡੀ ਕੱਪਾਂ 'ਚ ਖਿਡਾਰੀਆਂ ਨਾਲੋਂ ਵੀ ਪਿਆਰਾ ਨਾਂਅ ਹੈ 'ਰਾਜਾ ਖੇਲਾ'

ਗਹਿਣੇ ਭਾਵੇਂ ਹੋਣ ਤਾਂ ਸੋਨੇ ਦੇ, ਪਰ ਬਣਾਉਣ ਵਾਲੇ ਸੁਨਿਆਰ ਨੂੰ ਵੀ ਚੇਤੇ ਰੱਖਿਆ ਜਾਂਦਾ ਹੈ। ਲੁਧਿਆਣੇ ਦਾ ਵਿਸ਼ਵ ਕਬੱਡੀ ਕੱਪ ਹੋਵੇ, ਟੋਰਾਂਟੋ ਦਾ, ਕੈਲੇਫੋਰਨੀਆ ਦਾ, ਸ਼ਿਕਾਗੋ ਦਾ ਹੋਵੇ ਤੇ ਚਾਹੇ ਵੈਨਕੂਵਰ ਦਾ, ਇੰਗਲੈਂਡ ਦਾ ਹੋਵੇ, ਚਾਹੇ ਜਰਮਨੀ ਦਾ, ਪਾਕਿਸਤਾਨ 'ਚ ਹੋਵੇ ਤੇ ਚਾਹੇ ਪੰਜਾਬੀਆਂ ਦੀ ਗਹਿਗਚ ਆਬਾਦੀ ਵਾਲੇ ਸ਼ਹਿਰ ਨਿਊਯਾਰਕ 'ਚ। ਖਿਡਾਰੀਆਂ ਨਾਲੋਂ ਵੀ ਜਿਸ ਮੁੰਡੇ ਦਾ ਨਾਂਅ ਕੁਮੈਂਟੇਟਰ ਵੱਧ ਲੈਂਦੇ ਹੋਣ, ਉਹ ਮੁੰਡਾ ਰਾਜਾ ਖੇਲਾ ਹੈ।
ਜਲੰਧਰ ਜ਼ਿਲ੍ਹੇ ਦੇ ਨਵਾਂ ਪਿੰਡ ਦਾ ਜੰਮਪਲ ਰਾਜਾ ਖੇਲਾ, ਜਿਸ ਦਾ ਪੂਰਾ ਨਾਂਅ ਸੁਖਰਾਜ ਸਿੰਘ ਖੇਲਾ ਹੈ, ਫਗਵਾੜੇ ਦੇ ਰਾਮਗੜ੍ਹੀਆ ਕਾਲਜ ਵਿਚ ਭੰਗੜਾ ਪਾਉਂਦਾ ਰਿਹਾ, ਯੂਨੀਵਰਸਿਟੀ ਪੱਧਰ 'ਤੇ ਕਬੱਡੀ ਖੇਡਦਾ ਰਿਹਾ, ਗਾਇਕਾਂ ਨਾਲ ਬੈਠਣੀ-ਉੱਠਣੀ ਨੇ ਨੰਬਰਦਾਰ ਬਲਵੰਤ ਸਿੰਘ ਖੇਲਾ ਦੇ ਪੁੱਤਰ ਨੂੰ ਸ਼ਾਇਰ ਬਣਾ ਦਿੱਤਾ। ਕੇ. ਐੱਸ. ਮੱਖਣ ਨੇ 'ਭੰਗੜੇ 'ਚ ਯਾਰ ਨੱਚਦੇ', 'ਸੋਹਣੇ ਮੁੱਖੜੇ ਗੁਲਾਬੀ ਹੋਈ ਜਾਂਦੇ ਨੇ', ਪਹਿਲਿਆਂ 'ਚ ਰਾਜੇ ਖੇਲੇ ਦੇ ਇਹ ਗੀਤ ਗਾ ਕੇ ਉਸ ਨੂੰ ਗੀਤਕਾਰੀ ਦੇ ਖੇਤਰ ਵਿਚ ਪ੍ਰਵੇਸ਼ ਦੁਆਇਆ ਸੀ ਤੇ ਬਾਅਦ ਵਿਚ ਉਹ ਇਕ ਤਰ੍ਹਾਂ ਨਾਲ ਕਬੱਡੀ ਨੂੰ ਸਮਰਪਿਤ ਸੰਪੂਰਨ ਸ਼ਾਇਰ ਹੋ ਨਿਬੜਿਆ। ਪਾਕਿਸਤਾਨ 'ਚ ਜਿੰਨੇ ਕਬੱਡੀ ਕੱਪ ਹੁੰਦੇ ਨੇ, ਉੱਥੇ ਕੁਮੈਂਟੇਟਰ ਲਹਿੰਦੇ ਪੰਜਾਬ ਦੇ ਨਹੀਂ, ਚੜ੍ਹਦੇ ਪੰਜਾਬ ਦੇ ਸ਼ਾਇਰ ਰਾਜੇ ਖੇਲੇ ਦੇ ਸ਼ਿਅਰਾਂ ਦੀ ਝੜੀ ਲਾਉਂਦੇ ਨੇ। ਇਹੀ ਕਾਰਨ ਹੈ ਕਿ ਇਨ੍ਹਾਂ ਖੇਡ ਮੇਲਿਆਂ 'ਚੋਂ ਰਾਜੇ ਖੇਲੇ ਦਾ ਨਾਂਅ ਸੁਣ ਕੇ ਅਕਰਮ ਰਾਹੀ ਉਹਦਾ ਮੁਰੀਦ ਬਣਿਆ ਤੇ ਉਸ ਨੇ ਰਾਜੇ ਖੇਲੇ ਦੇ ਗੀਤਾਂ ਨੂੰ ਗਾਇਆ ਤੇ ਪਹਿਲੀ ਵਾਰ ਹੋਵੇਗਾ ਕਿ ਜਦੋਂ ਅਕਰਮ ਰਾਹੀ ਰਾਜੇ ਖੇਲੇ ਦਾ ਗੀਤ 'ਕਬੱਡੀ ਏ ਪੰਜਾਬੀਆਂ ਦੀ ਸਾਂਝ ਮਿੱਤਰੋ' ਦੋਵਾਂ ਪੰਜਾਬਾਂ ਦੀ ਗਲਵਕੜੀ ਪੁਆਏਗਾ।
ਰਾਜਾ ਖੇਲਾ ਮਾਣ ਨਾਲ ਕਹੇਗਾ ਕਿ ਹਰ ਦੂਏ-ਚੌਥੇ ਕਬੱਡੀ ਕੁਮੈਂਟੇਟਰ ਉਸ ਨੂੰ ਫੋਨ ਕਰਕੇ ਪੁੱਛਦੇ ਹਨ ਕਿ ਕੋਈ ਨਵਾਂ ਸ਼ਿਅਰ ਸੁਣਾ ਤੇ ਹਰ ਕੋਈ ਇਕ-ਦੂਜੇ ਤੋਂ ਮੂਹਰੇ ਹੁੰਦਾ ਹੈ ਕਿ ਰਾਜਾ ਪਹਿਲਾਂ ਸਾਨੂੰ ਸ਼ਿਅਰ ਦੇਵੇ। ਉਂਜ ਦੇਬੀ ਮਖਸੂਸਪੁਰੀ ਨੂੰ ਉਹ ਆਪਣਾ ਉਸਤਾਦ ਮੰਨਦਾ ਹੈ, ਪਰ ਸਾਰੇ ਸ਼ਿਅਰ ਲੋਕ ਮੁਹਾਵਰਿਆਂ ਵਰਗੇ ਹਨ। ਜਿਵੇਂ :
ਬਾਬਾ ਪੋਤਾ ਬੈਠ ਕੇ ਸਲਾਹਾਂ ਕਰਦੇ
ਦੇਖਣਾ ਕਬੱਡੀ ਕੱਪ ਲੁਧਿਹਾਣੇ ਦਾ।
ਜਾਂ
ਖਤਰਿਆਂ ਨਾਲ ਜੋ ਖੇਡਣ ਦਾ ਸ਼ੌਂਕ ਰੱਖਣ
ਸੂਰਮੇ ਜੰਮਦੇ ਪੰਜਾਬ ਦੇ ਵਿਚ ਲੋਕੋ।
ਰਾਜੇ ਖੇਲੇ ਜੋ ਮਰਦ ਦਲੇਰ ਹੁੰਦੇ
ਉਹੀ ਮਿੱਧਦੇ ਮੈਚਾਂ ਦੀ ਹਿੱਕ ਲੋਕੋ।
ਅਸਲ ਵਿਚ ਜਿੰਨੀ ਦੁਨੀਆ ਭਰ ਦੇ ਲੋਕਾਂ ਵਿਚ ਮਾਂ ਖੇਡ ਕਬੱਡੀ ਪਿਆਰੀ ਹੈ, ਓਨਾ ਹੀ ਇਹ ਪਿਆਰਾ ਨਾਂਅ ਕੁਮੈਂਟੇਟਰਾਂ ਨੇ ਰਾਜੇ ਖੇਲੇ ਦਾ ਬਣਾ ਦਿੱਤਾ ਹੈ। ਅੱਜਕਲ੍ਹ ਉਹ ਸਰੀ (ਕੈਨੇਡਾ) ਰਹਿ ਰਿਹਾ ਹੈ। ਉਸ ਦਾ ਪੁੱਤਰ ਜੋਬਨ ਖੇਲਾ ਨਿੱਕੀ ਉਮਰੇ ਮਾਰਸ਼ਲ ਆਰਟ ਵਿਚ ਬਲੈਕ ਬੈਲਟ ਜੇਤੂ ਹੈ। ਰਾਜੇ ਦਾ ਭਰਾ ਬਲਜੀਤ ਭਰਾ ਦੇ ਹਰ ਕੰਮ 'ਚ ਬਰਾਬਰ ਦੀ ਧਿਰ ਬਣਿਆ ਹੁੰਦਾ ਹੈ। ਕਮਾਲ ਦੀ ਗੱਲ ਦੇਖੋ ਕਿ ਕਬੱਡੀ ਖੇਡ ਹੀ ਹੈ, ਗਾਇਕ ਤਾਂ ਸ਼ਾਇਰਾਂ ਮਗਰ ਭੱਜਦੇ ਦੇਖੇ ਨੇ, ਪਰ ਅੱਜਕਲ੍ਹ ਕਬੱਡੀ ਦੇ ਕੁਮੈਂਟੇਟਰ ਵੀ ਰਾਜੇ ਖੇਲੇ ਵਰਗੇ ਸ਼ਾਇਰਾਂ ਦੇ ਪਿੱਛੇ-ਪਿੱਛੇ ਤੁਰੇ ਆ ਰਹੇ ਹਨ। ਭਰ ਜੋਬਨ ਰਾਜੇ ਤੋਂ ਮਾਂ ਖੇਡ ਕਬੱਡੀ ਨੂੰ ਸ਼ਾਇਰੀ 'ਚ ਬੰਨ੍ਹ ਕੇ ਪੇਸ਼ ਕਰਨ ਦੀਆਂ ਬੜੀਆਂ ਉਮੀਦਾਂ ਹਨ।


E-mail : ashokbhaura@gmail.com

ਵੈਟਰਨ ਖਿਡਾਰੀਆਂ ਦੇ ਅਹਿਮ ਤਜਰਬੇ

ਨਵੇਂ ਖਿਡਾਰੀਆਂ ਲਈ ਜ਼ਰੂਰੀ

ਸਬ-ਜੂਨੀਅਰ ਪੱਧਰ ਤੋਂ ਲੈ ਕੇ ਜੂਨੀਅਰ ਪੱਧਰ ਤੱਕ ਅਤੇ ਫਿਰ ਸੀਨੀਅਰ ਪੱਧਰ ਤੱਕ ਹਰ ਖਿਡਾਰੀ ਜਾਂ ਖਿਡਾਰਨ ਖੇਡ ਸੰਸਾਰ 'ਚ ਕੁਝ ਮਾਣਮੱਤਾ ਕਰਕੇ ਦਿਖਾਉਣ ਲਈ ਸਖ਼ਤ ਮਿਹਨਤ ਕਰਦਾ ਹੈ, ਜੁਝਾਰੂ ਇਰਾਦੇ ਨਾਲ, ਕਠਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਦਾ ਹੈ, ਉਦਾਸੀ ਤੇ ਮਾਯੂਸੀ ਦੇ ਆਲਮ 'ਚ ਅੱਖਾਂ 'ਚ ਸਜਾਏ ਹੁਸੀਨ ਸੁਪਨੇ ਪੂਰੇ ਕਰਨ ਲਈ, ਹਰ ਤਰ੍ਹਾਂ ਦੀ ਥਕਾਵਟ ਅਤੇ ਬੇਹਾਪਣ ਦੂਰ ਕਰਨ ਲਈ ਉਹ ਨਿਰੰਤਰ ਗਤੀਸ਼ੀਲ ਰਹਿੰਦਾ ਹੈ। ਪੂਰੇ ਖੇਡ ਕੈਰੀਅਰ ਦੌਰਾਨ ਇਨ੍ਹਾਂ ਜੁਝਾਰੂ ਪਲਾਂ, ਇਸ ਜ਼ਿੰਦਗੀ ਦੀ ਜੱਦੋ-ਜਹਿਦ 'ਚ ਇਕ ਅਜੀਬ ਤਰ੍ਹਾਂ ਦਾ ਮਜ਼ਾ ਅਤੇ ਸੁਆਦ ਹੈ, ਭਾਵੇਂ ਇਹ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਤਕਲੀਫਾਂ ਨਾਲ ਲਬਰੇਜ਼ ਹੁੰਦਾ ਹੈ। ਹਰ ਪੜਾਅ 'ਤੇ ਟੂਰਨਾਮੈਂਟ ਖੇਡਣ ਲਈ ਚੋਣ ਦਾ ਸਹਿਮ ਅਤੇ ਡਰ ਉਸ ਦਾ ਨਿਰੰਤਰ ਪਿੱਛਾ ਕਰਦਾ ਹੈ। ਖੇਡ ਕੈਰੀਅਰ ਦੌਰਾਨ ਜੂਝ ਰਹੇ ਖਿਡਾਰੀ ਜਾਂ ਖਿਡਾਰਨ ਦੀ ਸਭ ਤੋਂ ਵੱਡੀ ਮਨਸ਼ਾ ਇਹੀ ਹੁੰਦੀ ਹੈ ਕਿ ਉਹ ਹਰ ਟੂਰਨਾਮੈਂਟ ਖੇਡੇ ਅਤੇ ਉਸ ਦਾ ਪ੍ਰਦਰਸ਼ਨ ਵੀ ਪ੍ਰਭਾਵਸ਼ਾਲੀ ਰਹੇ। ਪਰ ਸੱਟ ਦਾ ਡਰ, ਪਰਿਵਾਰਕ ਮਾਹੌਲ 'ਚ ਸੁੱਖ-ਸ਼ਾਂਤੀ ਬਣੇ ਰਹਿਣ ਦੀ ਸੋਚ, ਬਿਮਾਰ ਹੋ ਜਾਣ ਦੀ, ਫਿਟਨੈੱਸ ਦੀ ਚਿੰਤਾ ਵੀ ਉਸ ਨੂੰ ਲੱਗੀ ਹੀ ਰਹਿੰਦੀ ਹੈ ਅਤੇ ਕਈ ਹੋਰ ਮੁਸ਼ਕਿਲਾਂ ਦੀ ਵੀ, ਪਰ ਸਾਡੀ ਜਾਚੇ ਖਿਡਾਰੀ ਦੀ ਜ਼ਿੰਦਗੀ ਦੇ ਇਹ ਸਾਰੇ ਪਲ ਵੀ ਡਾਢੇ ਯਾਦਗਾਰ ਹੀ ਬਣ ਜਾਂਦੇ ਹਨ, ਜਦੋਂ ਉਹ ਖੇਡ ਤੋਂ ਸੰਨਿਆਸ ਲੈ ਲੈਂਦਾ ਹੈ। ਭਾਵੇਂ ਉਹ ਆਪਣੀ ਖੇਡ 'ਚ ਉਦੋਂ ਦੇਸ਼ ਵਲੋਂ ਉਸ ਪੱਧਰ 'ਤੇ ਖੇਡ ਨਹੀਂ ਸਕਦਾ, ਨਵੇਂ ਕੀਰਤੀਮਾਨ ਸਥਾਪਤ ਨਹੀਂ ਕਰ ਸਕਦਾ, ਹਾਂ ਕੋਚ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਸਕਦਾ ਹੈ। ਆਪਣੇ ਖੇਡ ਕੈਰੀਅਰ ਦੌਰਾਨ ਸਿੱਖੇ ਸਾਰੇ ਅਨੁਭਵ, ਸਾਰੇ ਤਜਰਬੇ ਆਪਣੇ ਚੇਲਿਆਂ ਨਾਲ ਸਾਂਝੇ ਕਰ ਸਕਦਾ ਹੈ। ਖੇਡ ਸੰਨਿਆਸ ਤੋਂ ਬਾਅਦ ਆਪਣੇ ਖੇਡ ਕੈਰੀਅਰ ਦੀਆਂ ਤਮਾਮ ਯਾਦਾਂ ਨੂੰ ਯਾਦ ਕਰਦਿਆਂ ਖਿਡਾਰੀ ਉਤਸ਼ਾਹਿਤ, ਰੁਮਾਂਚਿਤ ਅਤੇ ਅਕਸਰ ਭਾਵੁਕ ਵੀ ਹੋ ਜਾਂਦਾ ਹੈ। ਕਦੇ-ਕਦੇ ਉਸ ਦਾ ਮਨ ਕਰਦਾ ਹੈ ਕਿ ਉਹ ਆਪਣੇ ਤਜਰਬੇ ਸਾਂਝੇ ਵੀ ਕਰੇ।
ਇਸ ਲੇਖ ਨੂੰ ਲਿਖਣ ਦਾ ਸਾਡਾ ਮਕਸਦ ਇਹ ਹੈ ਕਿ ਪੁੰਗਰਦੇ ਖਿਡਾਰੀਆਂ ਨੂੰ ਜਦ ਵੀ ਮੌਕਾ ਮਿਲੇ, ਵੈਟਰਨ ਖਿਡਾਰੀਆਂ ਦੇ ਖੇਡ-ਕੈਰੀਅਰ ਦੌਰਾਨ ਦੇ ਦਿਲਚਸਪ ਤਜਰਬੇ ਸੁਣਨੇ ਚਾਹੀਦੇ ਹਨ। ਉਨ੍ਹਾਂ ਨੂੰ ਵੈਟਰਨ ਖਿਡਾਰੀਆਂ ਦੇ ਲਗਾਤਾਰ ਸੰਪਰਕ 'ਚ ਰਹਿਣਾ ਚਾਹੀਦਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਨੌਨਿਹਾਲ ਖਿਡਾਰੀਆਂ-ਖਿਡਾਰਨਾਂ ਨੂੰ ਆਪਣੇ ਖੇਡ ਦੇ ਕਿਸੇ ਵੈਟਰਨ ਖਿਡਾਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ। ਉਨ੍ਹਾਂ ਦੀ ਗੱਲਬਾਤ ਨੂੰ ਰਿਕਾਰਡ ਕਰਨਾ ਚਾਹੀਦਾ ਹੈ।
ਦੂਜੇ ਪਾਸੇ ਸਾਨੂੰ ਅਫਸੋਸ ਵੀ ਹੈ ਕਿ ਖੇਡ ਕਲੱਬ, ਖੇਡ ਅਕੈਡਮੀਆਂ ਅਤੇ ਟੂਰਨਾਮੈਂਟ ਪ੍ਰਬੰਧਕ ਵੈਟਰਨ ਖਿਡਾਰੀਆਂ ਨੂੰ ਸਿਰਫ ਸਨਮਾਨਿਤ ਕਰਨ ਲਈ ਹੀ ਸੱਦਾ ਦਿੰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਰੋਜ਼ਾਨਾ ਅਭਿਆਸ ਦੇ ਦੌਰਾਨ ਜਾਂ ਕੈਂਪਾਂ ਦੌਰਾਨ ਦਿੱਗਜ਼ ਵੈਟਰਨ ਖਿਡਾਰੀਆਂ ਨੂੰ ਬੁਲਾਇਆ ਜਾਵੇ ਅਤੇ ਉਨ੍ਹਾਂ ਨੂੰ ਨੌਨਿਹਾਲ ਖਿਡਾਰੀਆਂ ਨਾਲ ਸੰਪਰਕ ਕਰਨ ਦਾ ਮੌਕਾ ਦਿੱਤਾ ਜਾਵੇ।
ਅਸੀਂ ਮਹਿਸੂਸ ਕਰਦੇ ਹਾਂ ਕਿ ਖੇਡ ਜਗਤ 'ਚ ਮਹਾਨਤਾ ਦੀ ਸਿਖਰ 'ਤੇ ਪਹੁੰਚਣ ਲਈ ਖਿਡਾਰੀਆਂ ਨੂੰ ਆਪੋ-ਆਪਣੀ ਖੇਡ ਦੇ ਅਤੀਤ ਅਤੇ ਪਿਛੋਕੜ ਨੂੰ ਜਾਣਨਾ ਜ਼ਰੂਰੀ ਹੈ। ਵੈਟਰਨ ਖਿਡਾਰੀ ਇਸ ਪੱਖ ਤੋਂ ਸਭ ਤੋਂ ਵੱਡੇ ਰਾਹ ਦਸੇਰੇ ਸਾਬਤ ਹੋ ਸਕਦੇ ਹਨ। ਸਾਡੇ ਵੈਟਰਨ ਖਿਡਾਰੀਆਂ ਨੂੰ ਵੀ ਇਸ ਪੱਖੋਂ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਖੇਡ ਨੂੰ ਨੌਜਵਾਨ ਨਸਲ ਨੇ ਹੀ ਅੱਗੇ ਬੁਲੰਦੀ 'ਤੇ ਪਹੁੰਚਾਉਣਾ ਹੈ, ਜਿਸ ਖੇਡ ਨੇ ਉਨ੍ਹਾਂ ਨੂੰ ਸ਼ੋਹਰਤ, ਪੈਸਾ ਅਤੇ ਪ੍ਰਸਿੱਧੀ ਬਖਸ਼ੀ ਹੈ। ਇਹ ਠੀਕ ਹੈ ਕਿ ਕੋਈ ਵੀ ਖਿਡਾਰੀ ਕਿਸੇ ਵੀ ਖੇਡ ਤੋਂ ਵੱਡਾ ਨਹੀਂ ਹੁੰਦਾ ਪਰ ਕੁਝ ਵੱਡੇ ਖਿਡਾਰੀ ਉਸ ਖੇਡ ਨੂੰ ਆਪਣੇ ਕੀਮਤੀ ਤਜਰਬਿਆਂ ਦੀ ਸਾਂਝ ਨਾਲ ਹੋਰ ਅੱਗੇ ਵਧਾ ਸਕਦੇ ਹਨ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਖੇਡ ਦੁਨੀਆ 'ਚ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲਾ ਕੁੱਕੂ ਗੜ੍ਹਸ਼ੰਕਰੀਆ

ਖੇਡਾਂ ਦੀ ਦੁਨੀਆ 'ਚ ਇਕ ਹੋਰ ਚਮਕਿਆ ਸਿਤਾਰਾ, ਜਿਸ ਨੂੰ ਕੁੱਕੂ ਗੜ੍ਹਸ਼ੰਕਰੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ ਦਸਵੀਂ 'ਚ ਪੜ੍ਹਦਿਆਂ ਖੇਡਾਂ 'ਚ ਹੱਥ ਅਜ਼ਮਾਉਣ ਲਈ 1979 'ਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਗੜ੍ਹਸ਼ੰਕਰ 'ਚ ਰਹਿੰਦੇ ਪਰਿਵਾਰ ਦੇ ਮੁਖੀ ਸਾਧੂ ਰਾਮ ਪਿਤਾ ਤੇ ਭਰਾ ਯੋਗਰਾਜ ਨੇ ਬਲਵਿੰਦਰ ਕੁੱਕੂ ਨੂੰ ਖੇਡਾਂ ਵੱਲ ਵਧਣ ਲਈ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ।
ਆਰਮ ਰੈਸਲਿੰਗ ਦੇ ਖਿਡਾਰੀ ਬਲਵਿੰਦਰ ਸਿੰਘ ਕੁੱਕੂ ਨੇ 1983 'ਚ ਪੰਜਾਬ ਯੂਨੀਵਰਸਿਟੀ ਵਲੋਂ ਬਾਡੀ ਬਿਲਡਰ ਮੁਕਾਬਲੇ 'ਚ ਵੀ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਯੂਨੀਵਰਸਿਟੀ ਦੇ ਮਾਣ 'ਚ ਵੀ ਵਾਧਾ ਕੀਤਾ। 1984 'ਚ ਬਲਵਿੰਦਰ ਕੁੱਕੂ ਮਿਸਟਰ ਪੰਜਾਬ ਦਾ ਖਿਤਾਬ ਪੰਜਾਬ ਯੂਨੀਵਰਸਿਟੀ ਤੋਂ ਹਾਸਲ ਕਰ ਚੁੱਕਾ ਹੈ।
ਕਬੱਡੀ ਤੋਂ ਸ਼ੁਰੂ ਕਰਕੇ ਆਰਮ ਰੈਸਲਿੰਗ ਤੱਕ ਲੰਬਾ ਸਫ਼ਰ ਤੈਅ ਕਰਕੇ ਪਿਛਲੇ ਦਿਨੀਂ ਕਜ਼ਾਕਿਸਤਾਨ (ਰਸ਼ੀਆ) 'ਚ ਏਸ਼ੀਆ ਆਰਮ ਰੈਸਲਿੰਗ ਦੇ ਓਪਨ ਵਰਗ ਦੇ ਦੋ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਉਣ 'ਚ ਕੁੱਕੂ ਗੜ੍ਹਸ਼ੰਕਰੀਆ ਕਾਮਯਾਬ ਰਿਹਾ ਹੈ। ਕੁੱਕੂ ਤੁਰਕੀ 'ਚ ਨਵੰਬਰ, 2018 'ਚ ਹੋਣ ਵਾਲੇ ਮੁਕਾਬਲੇ 'ਚ ਭਾਰਤ ਦੀ ਝੋਲੀ 'ਚ ਸੋਨ ਤਗਮਾ ਪਾਉਣ ਲਈ ਤਿਆਰੀ ਕਰ ਰਿਹਾ ਹੈ।
ਬਲਵਿੰਦਰ ਸਿੰਘ ਕੁੱਕੂ ਦਾ ਕਹਿਣਾ ਹੈ ਕਿ ਖੇਡਾਂ ਦੇ ਖੇਤਰ 'ਚ ਬਹੁਤ ਹੀ ਅਨਮੋਲ ਹੀਰੇ (ਖਿਡਾਰੀ) ਹਨ, ਜਿਹੜੇ ਆਰਥਿਕ ਤੰਗੀਆਂ ਕਰਕੇ ਭਾਰਤ ਦਾ ਖੇਡਾਂ 'ਚ ਮਾਣ ਨਹੀਂ ਵਧਾ ਸਕੇ। ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਖਿਡਾਰੀਆਂ ਦੀ ਮਾਲੀ ਸਹਾਇਤਾ ਕਰੇ ਤਾਂ ਜੋ ਉਹ ਵੀ ਵਿਦੇਸ਼ਾਂ ਦੀ ਧਰਤੀ 'ਤੇ ਖੇਡਾਂ ਦੇ ਜੌਹਰ ਦਿਖਾ ਕੇ ਭਾਰਤ ਦਾ ਨਾਂਅ ਰੌਸ਼ਨ ਕਰ ਸਕਣ।


-ਸੁਮੇਸ਼ ਬਾਲੀ,
ਗੜ੍ਹਸ਼ੰਕਰ। ਮੋਬਾ: 98785-36351

ਬੁਲੰਦ ਹੌਸਲੇ ਹੋਣ ਤਾਂ ਕੀ ਨਹੀਂ ਹੋ ਸਕਦਾ : ਖਿਡਾਰੀ ਸੀਤਲ ਸਿੰਘ ਔਜਲਾ

'ਹਾਸ਼ਮ ਫ਼ਤਹਿ ਨਸੀਬ ਤਿਨ੍ਹਾਂ ਜਿਨ੍ਹਾਂ ਹਿੰਮਤ ਯਾਰ ਬਣਾਈ' ਦੀਆਂ ਸਤਰਾਂ ਖਿਡਾਰੀ ਸੀਤਲ ਸਿੰਘ ਔਜਲਾ 'ਤੇ ਬਿਲਕੁਲ ਢੁਕਦੀਆਂ ਨਜ਼ਰ ਆਉਂਦੀਆਂ ਹਨ, ਕਿਉਂਕਿ ਸੀਤਲ ਦੇ ਪਹਾੜ ਜਿੱਡੇ ਜ਼ੇਰੇ ਅਤੇ ਦ੍ਰਿੜ੍ਹ ਇਰਾਦੇ ਨੇ ਵੱਡੀਆਂ-ਵੱਡੀਆਂ ਮੱਲਾਂ ਮਾਰ ਕੇ ਇਹ ਸਿੱਧ ਕਰ ਕੇ ਵਿਖਾ ਦਿੱਤਾ ਕਿ ਸਰੀਰਕ ਅਪੰਗਤਾ ਇਨਸਾਨ ਨੂੰ ਸੁਪਨੇ ਸਕਾਰਨ ਤੋਂ ਰੋਕ ਨਹੀਂ ਸਕਦੀ, ਬਸ਼ਰਤ ਇਹ ਕਿ ਉਸ ਦੀ ਸੋਚ ਵੀ ਬਰਾਬਰ ਦੀ ਮਜ਼ਬੂਤ ਤੇ ਓਨੀ ਹੀ ਸ਼ਿੱਦਤ ਭਰੀ ਹੋਵੇ। ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਬਾਰਦੌਲੀ ਕਹੇ ਜਾਣ ਵਾਲੇ ਪ੍ਰਸਿੱਧ ਪਿੰਡ ਬਿਲਗਾ ਦੀ ਚੜ੍ਹਦੀ ਗੁਠੇ ਡੇਢ ਕੁ ਮੀਲ ਦੀ ਵਿੱਥ 'ਤੇ ਘੁੱਗ ਵਸਦੇ ਪਿੰਡ ਔਜਲਾ ਵਿਖੇ ਖਿਡਾਰੀ ਸੀਤਲ ਸਿੰਘ ਨੇ 26 ਫਰਵਰੀ, 1973 ਨੂੰ ਪਿਤਾ ਹੰਸ ਰਾਜ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਜਨਮ ਲਿਆ। ਬਚਪਨ ਤੋਂ ਹੀ ਤੇਜ਼-ਤਰਾਰ ਸੀਤਲ ਸਿੰਘ ਜਦੋਂ ਚੌਧਰੀ ਸੰਤਾ ਸਿੰਘ ਸੀ: ਸੈ: ਸਕੂਲ ਬਿਲਗਾ ਵਿਚ 10ਵੀਂ ਕਲਾਸ ਵਿਚ ਪੜ੍ਹਦਾ ਸੀ ਤਾਂ ਇਕ ਦਿਨ ਫੁੱਟਬਾਲ ਦੇ ਮੈਚ ਦੌਰਾਨ ਸੱਜੀ ਲੱਤ ਦੀ ਹੱਡੀ ਟੁੱਟ ਗਈ। ਬੇਵਸੀ ਏਨੀ ਵਧ ਗਈ ਕਿ ਜਾਨ ਬਚਾਉਣ ਲਈ ਲੱਤ ਗੁਆ ਕੇ ਰੱਬ ਦਾ ਭਾਣਾ ਮੰਨਣ ਤੋਂ ਸਿਵਾਏ ਹੋਰ ਕੋਈ ਚਾਰਾ ਨਾ ਰਿਹਾ।
ਸਰੀਰਕ ਚੁਣੌਤੀ ਨੂੰ ਖਿੜੇ ਮੱਥੇ ਕਬੂਲਦਿਆਂ ਸੀਤਲ ਨੇ ਇਕ ਲੱਤ ਹੋਣ ਦੇ ਬਾਵਜੂਦ ਵੀ ਕੁਸ਼ਤੀ ਦੇ ਅਖਾੜੇ ਵਿਚ ਉਤਰਨ ਦਾ ਪੱਕਾ ਮਨ ਬਣਾ ਲਿਆ ਅਤੇ ਬਿਲਗੇ ਵਾਲੇ ਉਸਤਾਦ ਮਾਣੇ ਪਹਿਲਵਾਨ ਦੇ ਜਾ ਚਰਨੀਂ ਹੱਥ ਲਾਇਆ, ਜਿੱਥੇ ਸੀਤਲ ਨੇ ਕਈ ਵਰ੍ਹੇ ਮਿਹਨਤ ਕਰ ਕੇ ਪੰਜਾਬ ਦੇ ਨਾਮੀ ਪਹਿਲਵਾਨਾਂ ਵਿਚ ਆਪਣਾ ਲੋਹਾ ਮੰਨਵਾਇਆ। ਜਨੂੰਨ ਦੀ ਹੱਦ ਤੱਕ ਸਿਰੜੀ ਸੀਤਲ ਸਿੰਘ ਨੇ ਗੁਰੂ ਨਾਨਕ ਕਾਲਜ ਫਗਵਾੜਾ ਵਿਚ ਪੜ੍ਹਦਿਆਂ ਯੂਨੀਵਰਸਿਟੀ, ਅੰਤਰ ਯੂਨੀਵਰਸਿਟੀ, ਜ਼ੋਨ, ਜ਼ਿਲ੍ਹਾ ਤੇ ਸਟੇਟ ਪੱਧਰ ਦੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਕੀਤੀ ਜਿੱਤ ਨੇ ਸੀਤਲ ਸਿੰਘ ਦੀ ਬੱਲੇ-ਬੱਲੇ ਕਰਵਾ ਦਿੱਤੀ। ਸੰਨ 1994 ਵਿਚ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਵੀ ਸੀਤਲ ਦੇ ਹੱਥ ਹੀ ਝੰਡੀ ਰਹੀ। ਇਸ ਕਰਾਮਾਤੀ ਪਹਿਲਵਾਨ ਨੇ ਪੰਜਾਬ ਦੀਆਂ ਛਿੰਝਾਂ ਵਿਚ ਸੈਂਕੜੇ ਵਾਰ ਕੁਸ਼ਤੀਆਂ ਜਿੱਤੀਆਂ ਅਤੇ 1996 ਵਿਚ ਜਲੰਧਰ ਦੇ ਹੰਸ ਰਾਜ ਸਟੇਡੀਅਮ ਵਿਚ ਕੁਸ਼ਤੀ ਦੀ ਪੂਰੀ ਲੜੀ ਜਿੱਤ ਕੇ ਜਨਰਲ ਵਰਗ ਵਿਚ ਹਿੰਦ ਕੇਸਰੀ ਦਾ ਖਿਤਾਬ ਵੀ ਆਪਣੇ ਨਾਂਅ ਕਰ ਕੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਸੀਤਲ ਸਿੰਘ ਆਪਣੀ ਸੰਘਰਸ਼ਮਈ ਜ਼ਿੰਦਗੀ ਵਿਚ ਅਨੇਕਾਂ ਵਾਰ ਸਰੀਰਕ ਤੌਰ 'ਤੇ ਹਾਦਸਿਆਂ ਦਾ ਸ਼ਿਕਾਰ ਹੋਇਆ ਪਰ ਇਨ੍ਹਾਂ ਹਾਦਸਿਆਂ ਵਿਚ ਉਹ ਹੋਰ ਵੀ ਪ੍ਰਪੱਕ ਹੋ ਕੇ ਨਿਕਲਿਆ। ਅਗਸਤ, 2017 ਨੂੰ ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਕਰਵਾਏ ਗਏ ਪੈਰਾ ਸਪੋਰਟਸ ਕਲੱਬ ਪਿੰਡ ਉਪਲ ਭੂਪਾ ਵਿਚ ਹੀ ਸ਼ਾਟਪੁੱਟ, ਡਿਸਕਸ ਥਰੋ ਵਿਚ ਸੋਨ ਤਗਮਾ ਜਿੱਤ ਕੇ ਖੇਡ ਪ੍ਰੇਮੀਆਂ ਦੇ ਹੋਰ ਵੀ ਮਨ ਮੋਹ ਲਏ।
ਸੀਤਲ ਇਕ ਲੱਤ ਹੋਣ ਦੇ ਬਾਵਜੂਦ ਵੀ ਇਕ ਹਰਫ਼ਨਮੌਲਾ ਖਿਡਾਰੀ ਹੀ ਨਹੀਂ, ਸਗੋਂ ਸੀਤਲ ਆਪਣੇ-ਆਪ ਵਿਚ ਨਿਆਸਰਿਆਂ ਨੂੰ ਆਸਰਾ ਦੇਣ ਵਾਲੀ ਉਹ ਚਲਦੀ-ਫਿਰਦੀ ਸੰਸਥਾ ਹੈ, ਜਿਸ ਨੂੰ ਕਿ ਅੱਜ ਤੱਕ ਸਰਕਾਰੇ ਦਰਬਾਰੇ ਕੋਈ ਵੀ ਸਰਕਾਰੀ ਸਹਾਇਤਾ ਪ੍ਰਾਪਤ ਨਹੀਂ ਹੋਈ। ਸੀਤਲ ਸਿੰਘ ਆਪਣੇ ਮਿੱਤਰਾਂ ਵਰਗੇ ਸੁਰਿੰਦਰ ਮੱਲਣ, ਸ਼ਸ਼ੀ ਭੂਸ਼ਣ, ਪ੍ਰਿੰ: ਕੁਲਰਾਜ ਕੌਰ ਰੰਧਾਵਾ, ਐਥਲੀਟ ਪਰਮਿੰਦਰ ਸਿਘ ਗੋਹਾਵਰ ਤੇ ਖੇਡ ਪ੍ਰਮੋਟਰ ਸੋਮਨਾਥ ਤਿਤਰੀਆ ਦਾ ਹਮੇਸ਼ਾ ਰਿਣੀ ਹੈ, ਜਿਨ੍ਹਾਂ ਨੇ ਗਾਹੇ-ਬਗਾਹੇ ਉਸ ਨੂੰ ਪ੍ਰੇਰਨਾ ਦੇਣ ਦੇ ਨਾਲ-ਨਾਲ ਮਾਨਸਿਕ ਬਲ ਵੀ ਬਖਸ਼ਿਆ। ਸਰੀਰਕ ਰੂਪ ਵਿਚ ਅਪਾਹਜ ਜ਼ਿੰਦਗੀ ਦੀਆਂ ਦਰਪੇਸ਼ ਮੁਸ਼ਕਿਲਾਂ ਨਾਲ ਦੋ-ਦੋ ਹੱਥ ਕਰ ਕੇ ਜਿੱਤ ਤੱਕ ਅੜੇ ਰਹਿਣ ਦੇ ਸੁਦਾਈ ਸੀਤਲ ਦੀ ਕਾਬਲੀਅਤ ਦੀ ਹੀ ਨਿਸ਼ਾਨੀ ਹੈ। ਇਮਾਰਤਸਾਜ਼ੀ ਨਾਲ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲਾ ਸੀਤਲ ਸਿੰਘ ਬਿਨਾਂ ਸ਼ੱਕ ਆਉਣ ਵਾਲੀ ਪੈਰਾ-ਉਲੰਪਿਕ ਦਾ ਅਰਜਨ ਸਾਬਤ ਹੋਵੇਗਾ ਅਤੇ ਉਹ ਯਕੀਨਨ ਉਲੰਪੀਅਨ ਬਣ ਕੇ ਦੇਸ਼ ਦਾ ਮਾਣ ਬਣੇਗਾ। ਅੰਗਹੀਣਤਾ ਨੂੰ ਸ਼ਰਾਪ ਨਾ ਸਮਝ, ਸਗੋਂ ਉਸ ਨੂੰ ਵਰਦਾਨ ਵਿਚ ਬਦਲਣ ਵਾਲੇ ਇਸ ਖਿਡਾਰੀ ਨੂੰ ਮੇਰਾ ਕੋਟਿਨ-ਕੋਟ ਪ੍ਰਣਾਮ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਚਮਕਦਾਰ ਕੈਰੀਅਰ ਦਾ ਦੁਖਦ ਅੰਤ

ਮਹਾਨ ਗੋਲਕੀਪਰ ਬੁਫੋਨ ਦੀ ਫੁੱਟਬਾਲ ਨੂੰ ਅਲਵਿਦਾ

ਅਗਲੇ ਸਾਲ 2018 'ਚ ਰੂਸ 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਜਾਂ ਹੋਰ ਕਿਸੇ ਵੀ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਜਦੋਂ ਫੁੱਟਬਾਲ ਦੀ ਬਾਦਸ਼ਾਹਤ ਲਈ ਖਿਡਾਰੀਆਂ ਦਾ ਵੱਡਾ ਮੇਲਾ ਜੁੜੇਗਾ ਤਾਂ ਇਤਾਲਵੀ ਫੁੱਟਬਾਲ ਦੇ ਸੁਪਰ ਸਟਾਰ ਅਤੇ ਖੇਡਾਂ ਦੀ ਦੁਨੀਆ 'ਚ ਸੁਨਹਿਰੀ ਸੁਰਖੀਆਂ ਲਿਖਣ ਵਾਲਾ ਦੁਨੀਆ ਦੇ ਸਰਬੋਤਮ ਗੋਲਕੀਪਰਾਂ ਵਿਚੋਂ ਇਕ ਬੁਫੋਨ ਜਿਆਲੁਇਗੀ ਆਪਣੇ ਜਲਵੇ ਬਿਖੇਰਦੇ ਨਜ਼ਰ ਨਹੀਂ ਆਉਣਗੇ। ਬੁਫੋਨ ਦੀ ਅਲਵਿਦਾ ਨਾਲ ਹੀ ਫੁੱਟਬਾਲ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। 28 ਜਨਵਰੀ, 1978 ਨੂੰ ਜਨਮੇ 6 ਫੁੱਟ 3 ਇੰਚ ਲੰਬੇ 39 ਵਰ੍ਹਿਆਂ ਦੇ ਬੁਫੋਨ ਵਲੋਂ ਆਪਣੇ ਦੇਸ਼ ਲਈ 175ਵਾਂ ਮੈਚ ਖੇਡਦਿਆਂ ਲਈ ਵਿਦਾਈ ਉਸ ਦੇ ਚਮਤਕਾਰੀ ਕੈਰੀਅਰ ਦੇ ਦੁਖਦ ਅੰਤ ਦੀ ਦਾਸਤਾਨ ਬਣ ਗਈ। ਅੱਖਾਂ ਵਿਚੋਂ ਹੰਝੂਆਂ ਦੇ ਸਲਾਬ ਵਿਚਾਲੇ ਬੁਫੋਨ ਨੇ ਕਿਹਾ, 'ਮੈਂ ਇਤਾਲਵੀ ਫੁੱਟਬਾਲ ਪ੍ਰੇਮੀਆਂ ਤੋਂ ਮੁਆਫ਼ੀ ਮੰਗਦਾ ਹਾਂ, ਮੈਨੂੰ ਇਸ ਤਰ੍ਹਾਂ ਨਾਲ ਵਿਦਾਈ ਲੈਣ ਦਾ ਦੁੱਖ ਹੈ।' ਦਰਅਸਲ ਵਿਸ਼ਵ ਕੱਪ ਕੁਆਲੀਫਾਈ ਗੇੜ ਦੇ ਮੈਚ ਵਿਚ ਇਟਲੀ ਦੇ ਸਵੀਡਨ ਨਾਲ ਡਰਾਅ ਰਹਿਣ ਦੇ ਨਾਲ ਹੀ 60 ਸਾਲ 'ਚ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਨਾ ਕਰ ਸਕਣਾ ਵਾਕਿਆ ਹੀ ਰਾਸ਼ਟਰੀ ਖੇਡ ਲਈ ਬੇਹੱਦ ਉਦਾਸੀ ਭਰੇ ਪਲ ਹਨ। ਇਹ ਤੀਜਾ ਮੌਕਾ ਹੈ ਜਦੋਂ ਇਟਲੀ ਦੀ ਟੀਮ ਵਿਸ਼ਵ ਕੱਪ 'ਚ ਹਿੱਸਾ ਨਹੀਂ ਲਵੇਗੀ, ਇਸ ਤੋਂ ਪਹਿਲਾਂ 1930 'ਚ ਪਹਿਲੇ ਟੂਰਨਾਮੈਂਟ 'ਚ ਨਹੀਂ ਖੇਡੀ ਸੀ ਤੇ ਫਿਰ 1958 'ਚ ਸਵੀਡਨ 'ਚ ਹੋਏ ਟੂਰਨਾਮੈਂਟ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ।
ਬੁਫੋਨ ਨੇ ਆਪਣੇ ਕਲੱਬ ਕੈਰੀਅਰ ਦੀ ਸ਼ੁਰੂਆਤ 1995 'ਚ ਪਾਰਮਾ ਕਲੱਬ ਤੋਂ ਕੀਤੀ। ਉਸ ਤੋਂ ਬਾਅਦ ਪੇਸ਼ੇਵਰ ਖਿਡਾਰੀ ਦੇ ਤੌਰ 'ਤੇ ਬਤੌਰ ਗੋਲਕੀਪਰ ਜੁਵੱਟਸ ਕਲੱਬ ਅਤੇ 2017 ਤੱਕ ਰਾਸ਼ਟਰੀ ਟੀਮ ਦੀ ਕਪਤਾਨੀ ਕੀਤੀ। ਫੁੱਟਬਾਲ ਪੰਡਿਤ ਉਸ ਦੀ ਗਿਣਤੀ ਦੁਨੀਆ ਦੇ ਮਹਾਨ ਗੋਲਕੀਪਰਾਂ ਵਿਚ ਕਰਦੇ ਹਨ ਤੇ ਉਸ ਦੀ 'ਸ਼ੂਟ ਸਟਾਪਿੰਗ' ਕਾਬਲੀਅਤ ਦੀ ਕਹਾਣੀ ਹਰ ਜ਼ਬਾਨ 'ਤੇ ਰਹਿੰਦੀ ਸੀ। ਬੁਫੋਨ ਨੇ ਜੂਨੀਅਰ ਪੱਧਰ 'ਤੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 1994-95 ਇਟਲੀ ਦੀ ਅੰਡਰ-16 ਟੀਮ ਵਜੋਂ ਕੀਤੀ ਅਤੇ 1997 ਤੱਕ ਇਟਲੀ ਦੀ ਅੰਡਰ-23 ਟੀਮ ਦਾ ਮੈਂਬਰ। ਜੁਵੱਟਸ ਕਲੱਬ ਵਲੋਂ ਸੀਰੀਜ਼ ਏ ਲੀਗ 'ਚ ਖੇਡਦਿਆਂ ਬੁਫੋਨ ਨੇ 2011 ਤੋਂ 2017 ਤੱਕ ਰਿਕਾਰਡ ਛੇ ਵਾਰ ਲੀਗ ਖਿਤਾਬ ਟੀਮ ਦੀ ਝੋਲੀ ਪਾਏ। ਇਟਲੀ ਵਲੋਂ ਖੇਡਦਿਆਂ 79 ਵਾਰ ਕਪਤਾਨੀ ਕਰਨ ਦਾ ਰਿਕਾਰਡ ਬੁਫੋਨ ਦੇ ਕੈਰੀਅਰ ਦਾ ਸ਼ਾਨਾਮੱਤਾ ਇਤਿਹਾਸ ਹੈ। ਪ੍ਰਾਪਤੀਆਂ ਦੀ ਅਗਲੀ ਲੜੀ 'ਚ ਬਤੌਰ ਗੋਲਕੀਪਰ ਖੇਡਦਿਆਂ ਇਟਲੀ ਨੇ 2006 'ਚ ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਉਹ 5 ਵਿਸ਼ਵ ਕੱਪ (1998, 2002, 2006, 2010, 2014) ਖੇਡਣ ਵਾਲਾ ਇਟਲੀ ਦਾ ਪਹਿਲਾ ਗੋਲਕੀਪਰ ਹੈ। ਬੁਫੋਨ ਨੇ ਇਟਲੀ ਟੀਮ ਵਲੋਂ ਖੇਡਦਿਆਂ 4 ਯੂਰਪੀਅਨ ਚੈਂਪੀਅਨ 'ਚ ਸ਼ਿਰਕਤ ਕੀਤੀ। 1996 'ਚ ਉਹ ਉਲੰਪਿਕ ਟੀਮ ਦਾ ਮੈਂਬਰ ਬਣਿਆ। ਉਸ ਨੇ ਦੋ ਫੀਫਾ ਕਨਫੈਡਰੇਸ਼ਨ ਕੱਪ ਖੇਡੇ ਤੇ 2013 'ਚ ਕਾਂਸੀ ਤਗਮਾ ਜਿੱਤਿਆ।
ਮਹਾਨ ਪੇਲੇ ਵਲੋਂ 100 ਖਿਡਾਰੀਆਂ ਦੀ ਚੋਣ 'ਚ ਬੁਫੋਨ ਦਾ ਨਾਂਅ ਅੰਕਤ ਕੀਤਾ ਗਿਆ। ਸੰਨ 2006 'ਚ ਬੁਫੋਨ ਫੀਫਾ ਬੇਲੋਨ ਡਿਉਰ ਖਿਤਾਬ 'ਚ ਰਨਰ-ਅੱਪ ਰਿਹਾ। ਇਟਲੀ ਲਈ ਦੀਵਾਰ ਬਣ ਕੇ ਗੋਲਾਂ ਵਿਚਕਾਰ ਖੜ੍ਹਾ ਹੋਣ ਵਾਲਾ ਬੁਫੋਨ ਚਾਰ ਵਾਰ ਦੁਨੀਆ ਦਾ ਬੈਸਟ ਗੋਲਕੀਪਰ ਐਲਾਨਿਆ ਗਿਆ, ਜਦਕਿ ਇਕੇਰ ਕੈਸੀਲੈਸ 5 ਵਾਰ ਇਸ ਖਿਤਾਬ ਲਈ ਚੁਣਿਆ ਗਿਆ। ਬੁਫੋਨ ਦੇ ਕੈਪ ਵਿਚ ਇਕ ਨਗੀਨਾ ਉਸ ਵੇਲੇ ਹੋਰ ਜੁੜ ਗਿਆ, ਜਦੋਂ ਉਸ ਨੂੰ '21ਵੀਂ ਸਦੀ ਦਾ ਮਹਾਨ ਗੋਲਕੀਪਰ' ਦੇ ਖਿਤਾਬ ਨਾਲ ਨਿਵਾਜਿਆ ਗਿਆ ਤੇ ਪਿਛਲੇ ਕਰੀਬ 25 ਸਾਲ ਤੋਂ ਉਹ ਦੁਨੀਆ ਦੇ ਚਰਚਿਤ ਖਿਡਾਰੀਆਂ 'ਚੋਂ ਇਕ ਰਿਹਾ ਹੈ। ਖਿਡਾਰੀਆਂ ਦੇ ਪਰਿਵਾਰ 'ਚ ਜਨਮੇ ਬੁਫੋਨ ਦੇ ਪਿਤਾ ਐਡਰਆਨੋ ਵੇਟ ਲਿਫਟਰ ਸਨ, ਮਾਤਾ ਮਾਰੀਆ ਸੁਟੈਲਾ ਡਿਸਕਸ ਥਰੋਅਰ ਸੀ, ਉਸ ਦੀਆਂ ਦੋ ਭੈਣਾਂ ਵੈਰੋਨੀਕਾ ਅਤੇ ਗੁਆਡੀਲੀਨਾ ਇਟਲੀ ਟੀਮ ਦੀਆਂ ਵਾਲੀਬਾਲ ਖਿਡਾਰਨਾਂ ਸਨ। ਖੈਰ, ਕੁੱਲ ਮਿਲਾ ਕੇ ਬੁਫੋਨ ਦਾ ਕੈਰੀਅਰ ਬੇਹੱਦ ਚਮਤਕਾਰ ਰਿਹਾ ਹੈ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX