ਤਾਜਾ ਖ਼ਬਰਾਂ


ਇਸਲਾਮਾਬਾਦ ਹਾਈਕੋਰਟ ਦਾ ਹੁਕਮ- ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ
. . .  14 minutes ago
ਇਸਲਾਮਾਬਾਦ, 26 ਮਾਰਚ- ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਨਾਲ ਹੀ ਅਦਾਲਤ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਦੋਹਾਂ ਕੁੜੀਆਂ...
ਕਾਰ ਦੇ ਦਰਖ਼ਤ ਨਾਲ ਟਰਕਾਉਣ ਕਾਰਨ ਚਾਰ ਲੋਕਾਂ ਦੀ ਮੌਤ
. . .  33 minutes ago
ਹੈਦਰਾਬਾਦ, 26 ਮਾਰਚ- ਤੇਲੰਗਾਨਾ ਦੇ ਜਗਤੀਅਲ ਜ਼ਿਲ੍ਹੇ 'ਚ ਇੱਕ ਕਾਰ ਦੇ ਸੜਕ ਕਿਨਾਰੇ ਲੱਗੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਇਹ ਹਾਦਸਾ ਜ਼ਿਲ੍ਹੇ ਦੇ ਧਰਮਾਰਾਮ ਪਿੰਡ ਦੇ ਨਜ਼ਦੀਕ...
ਭਾਜਪਾ ਨੇ ਮੁਰਲੀ ਮਨੋਹਰ ਜੋਸ਼ੀ ਨੂੰ ਟਿਕਟ ਦੇਣ ਤੋਂ ਕੀਤਾ ਇਨਕਾਰ
. . .  1 minute ago
ਲਖਨਊ, 26 ਮਾਰਚ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ 2019 ਦੀਆਂ ਲੋਕ ਸਭਾ ਚੋਣਾਂ ਕਿਤਿਓਂ ਵੀ ਨਹੀਂ ਲੜਨਗੇ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਲੋਕਾਂ ਨੂੰ...
ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ
. . .  about 1 hour ago
ਸ਼ਹਿਣਾ, 26 ਮਾਰਚ (ਸੁਰੇਸ਼ ਗੋਗੀ)- ਬਰਨਾਲਾ ਦੇ ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਵਿਖੇ ਖੇਤਾਂ 'ਚ ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 19 ਸਾਲਾ ਕੁਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਰੂਪ 'ਚ ਹੋਈ ਹੈ...
ਝੌਂਪੜੀ 'ਚ ਲੱਗੀ ਅੱਗ, ਜਿੰਦਾ ਝੁਲਸਣ ਕਾਰਨ ਦੋ ਬੱਚਿਆਂ ਦੀ ਮੌਤ
. . .  about 1 hour ago
ਲਖਨਊ, 26 ਮਾਰਚ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਮਝਨਪੁਰ ਇਲਾਕੇ 'ਚ ਅੱਜ ਸਵੇਰੇ ਇੱਟਾਂ ਦੇ ਇੱਕ ਭੱਠੇ 'ਤੇ ਬਣੀ ਝੌਂਪੜੀ 'ਚ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਝੁਲਸ ਗਏ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ...
ਇਜ਼ਰਾਈਲ ਨੇ ਗਾਜਾ 'ਚ ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
. . .  about 1 hour ago
ਗਾਜਾ, 26 ਮਾਰਚ- ਇਜ਼ਰਾਈਲ ਨੇ ਮੱਧ ਇਜ਼ਰਾਈਲ 'ਚ ਰਾਕੇਟ ਨਾਲ ਇੱਕ ਘਰ ਨੂੰ ਨਸ਼ਟ ਕਰਨ ਦੇ ਜਵਾਬ 'ਚ ਗਾਜਾ ਪੱਟੀ 'ਚ ਹਮਾਸ (ਇੱਕ ਫ਼ਲਸਤੀਨੀ ਸੁੰਨੀ-ਇਸਲਾਮਵਾਦੀ ਕੱਟੜਪੰਥੀ ਸੰਗਠਨ) ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਇਜ਼ਰਾਈਲ ਰੱਖਿਆ ਬਲ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  about 2 hours ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 3 hours ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 3 hours ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਮੇਰੇ ਤੋਂ ਪੁੱਛੇ ਬਗੈਰ ਭਾਜਪਾ ਨੇ ਮੇਰੀ ਸੀਟ ਬਦਲੀ - ਗਿਰੀਰਾਜ ਸਿੰਘ
. . .  about 3 hours ago
ਨਵੀਂ ਦਿੱਲੀ, 26 ਮਾਰਚ - ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੂੰ ਭਾਜਪਾ ਨੇ ਇਸ ਵਾਰ ਬੈਗੁਸਰਾਏ (ਬਿਹਾਰ) ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਰੰਤੂ ਗਿਰੀਰਾਜ ਸਿੰਘ ਬੈਗੁਸਰਾਏ ਤੋਂ ਨਹੀਂ ਬਲਕਿ ਨਵਾਦਾ (ਬਿਹਾਰ) ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਗਿਰੀਰਾਜ ਸਿੰਘ ਪਹਿਲਾ...
ਹੋਰ ਖ਼ਬਰਾਂ..

ਲੋਕ ਮੰਚ

ਦਿਨੋਂ-ਦਿਨ ਪੈਰ ਪਸਾਰਦਾ ਭ੍ਰਿਸ਼ਟਾਚਾਰ

ਸਰਕਾਰਾਂ ਅਤੇ ਘਪਲੇ ਨਾਲੋ-ਨਾਲ ਚੱਲਦੇ ਹਨ। ਘੋਟਾਲਿਆਂ ਦੇ ਦੌਰ 'ਚ ਕਦੇ ਚਾਰਾ ਘੋਟਾਲਾ, ਆਦਰਸ਼ ਸੁਸਾਇਟੀ ਘੁਟਾਲਾ, 2-ਜੀ ਸਪੈਕਟ੍ਰਮ, ਕਾਮਨ ਵੈਲਥ ਖੇਡਾਂ, ਸੁਰੱਖਿਆ ਸਾਜ਼ੋ-ਸਾਮਾਨ ਘੁਟਾਲਾ ਆਦਿ ਬਹੁਤ ਸਾਰੇ ਘਪਲੇ ਸਮੇਂ-ਸਮੇ' 'ਤੇ ਹੋਏ ਹਨ ਅਤੇ ਸ਼ਾਇਦ ਇਹ ਆਖਰੀ ਵੀ ਨਹੀਂ ਹਨ। ਇਸ ਤੋਂ ਇਲਾਵਾ ਮਨਰੇਗਾ ਵਿਚ ਵੀ ਧਾਂਦਲੀਆਂ ਸਾਹਮਣੇ ਆਈਆਂ ਹਨ। ਚੋਣਾਂ ਸਮੇਂ ਹਰ ਰਾਜਨੀਤਕ ਪਾਰਟੀ ਕਾਲੇ ਧਨ ਦਾ ਮੁੱਦਾ ਉਠਾਉਂਦੀ ਹੈ ਤੇ ਸਿਆਸੀ ਰੋਟੀਆਂ ਵੀ ਸੇਕਦੀ ਹੈ। ਸੱਤਾ 'ਚ ਆਉਣ 'ਤੇ ਗਿਣਤੀ ਦੇ ਦਿਨਾਂ ਵਿਚ ਵਿਦੇਸ਼ੀ ਬੈਂਕਾਂ 'ਚ ਜਮ੍ਹਾਂ ਕਾਲੇ ਧਨ ਨੂੰ ਦੇਸ਼ ਵਾਪਸ ਲਿਆਉਣ ਦੇ ਵਾਅਦੇ ਅਤੇ ਦਾਅਵੇ ਕਰਦੀ ਹੈ। ਇਸ ਦੀ ਪ੍ਰਤੱਖ ਮਿਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਜਿਨ੍ਹਾਂ ਨੇ 100 ਦਿਨਾਂ ਵਿਚ ਕਾਲਾ ਧਨ ਦੇਸ਼ ਵਾਪਸ ਲਿਆਉਣ ਦੀ ਸ਼ੇਖੀ ਮਾਰੀ ਸੀ। ਦੇਸ਼ ਦੇ ਰਾਜਨੀਤੀਵਾਨਾਂ ਦੀ ਕਾਲੇ ਧਨ ਦੀ ਵਾਪਸੀ ਬਾਰੇ ਮਾਨਸਿਕਤਾ ਅਜੇ ਵੀ ਨੀਵੀਂ ਹੈ। ਇਸ ਸਬੰਧੀ ਸਾਲ 2011 ਵਿਚ ਸਵਿਸ ਰਾਜਦੂਤ ਨੇ ਜਨਤਕ ਤੌਰ 'ਤੇ ਦੱਸਿਆ ਸੀ ਕਿ ਭਾਰਤ ਸਰਕਾਰ ਨੇ ਕਦੇ ਵੀ ਉਨ੍ਹਾਂ ਨੂੰ ਕਾਲਾ ਧਨ ਚੋਰਾਂ ਬਾਰੇ ਦੱਸਣ ਲਈ ਕੋਈ ਬੇਨਤੀ ਨਹੀਂ ਕੀਤੀ। ਪਨਾਮਾ ਪੇਪਰ ਦਾ ਰਾਜ਼ ਜੱਗ ਜ਼ਾਹਰ ਹੋਣ ਕਾਰਨ ਸੰਸਾਰ 'ਚ ਤਹਿਲਕਾ ਮਚ ਗਿਆ ਸੀ। ਇਸ ਵਿਚ ਦੇਸ਼ ਦੇ 2000 ਲੋਕਾਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ, ਜਿਨ੍ਹਾਂ ਨੇ ਦੇਸ਼ ਦੀ ਸੰਪਤੀ ਨੂੰ ਵਿਦੇਸ਼ ਕਾਲੀ ਕਰਕੇ ਭੇਜਿਆ ਸੀ। ਕੁਝ ਸਮਾਂ ਪਹਿਲਾਂ ਇਕ ਮੈਗਜ਼ੀਨ ਨੇ ਜਦ ਕਾਲਾ ਧਨ ਚੋਰਾਂ ਦੇ ਨਾਂਅ ਜਨਤਕ ਕੀਤੇ ਸਨ ਤਾਂ ਦੇਸ਼ ਦੇ ਬਹੁਤੇ ਨੇਤਾਵਾਂ ਦੇ ਨਾਂਅ ਸਨ ਅਤੇ ਕਈ ਤਾਂ ਆਜ਼ਾਦ ਭਾਰਤ ਦੇ ਪਹਿਲੇ ਪਲੇਠੇ ਮੰਤਰੀਆਂ ਦੀਆਂ ਕੁਰਸੀਆਂ 'ਤੇ ਕਾਬਜ਼ ਰਹੇ ਸਨ। ਪ੍ਰੋ: ਆਰ. ਵੈਦਿਆਨਾਥਨ ਨੇ ਆਪਣੇ ਇਕ ਲੇਖ 'ਚ ਜ਼ਿਕਰ ਕੀਤਾ ਸੀ ਕਿ ਭਾਰਤ ਦੇ 1500 ਬਿਲੀਅਨ ਡਾਲਰ ਕਾਲੇ ਧਨ ਦੇ ਰੂਪ ਵਿਚ ਵਿਦੇਸ਼ੀ ਬੈਂਕਾਂ 'ਚ ਜਮ੍ਹਾਂ ਹਨ। ਜੇਕਰ ਇਸ ਸਰਮਾਏ ਦੀ ਦੇਸ਼ ਵਾਪਸੀ ਹੁੰਦੀ ਹੈ ਤਾਂ ਕੌਮੀ ਕਰਜ਼ਾ ਖ਼ਤਮ ਹੋ ਜਾਵੇਗਾ। ਅਗਲੇ 30 ਸਾਲਾਂ ਤੱਕ ਕੌਮੀ ਕਰ ਮੁਕਤ ਬਜਟ ਬਣ ਸਕਦਾ ਹੈ। ਦੇਸ਼ ਦੇ 35 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ ਅਤੇ 21 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਸਾਡੇ ਲੋਕਾਂ ਦੀ ਬਦਕਿਸਮਤੀ ਇਹ ਹੈ ਕਿ ਪਹਿਲਾਂ ਸਾਨੂੰ ਵਿਦੇਸ਼ੀਆਂ ਨੇ ਲੁੱਟਿਆ ਅਤੇ ਹੁਣ ਆਪਣਿਆਂ ਨੇ, ਜੋ ਬਾਦਸਤੂਰ ਜਾਰੀ ਹੈ। ਉਨ੍ਹਾਂ ਲੁਟੇਰਿਆਂ ਦੀ ਲੁੱਟ ਤਾਂ ਸਾਨੂੰ ਦਿਖਾਈ ਦਿੰਦੀ ਹੈ ਪਰ ਅਜੋਕੇ ਚੋਰਾਂ ਪ੍ਰਤੀ ਅਵੇਸਲਾਪਣ ਕਿਉਂ? ਭ੍ਰਿਸ਼ਟਾਚਾਰ ਦੇ ਖ਼ਾਤਮੇ ਅਤੇ ਕਾਲੇ ਧਨ ਨੂੰ ਵਾਪਸ ਦੇਸ਼ ਲਿਆਉਣ ਲਈ ਲੋਕਾਂ ਦੀ ਲਾਮਬੰਦੀ ਲਾਜ਼ਮੀ ਹੈ। ਇਸ ਨੂੰ ਸਮਾਜਿਕ ਕ੍ਰਾਂਤੀ ਬਣਾਉਣਾ ਪਵੇਗਾ। ਸਭ ਤੋਂ ਵੱਡੀ ਗੱਲ, ਸਾਨੂੰ ਜ਼ਮੀਰ ਜਗਾਉਣ ਦੀ ਲੋੜ ਹੈ, ਨਾ ਹੀ ਅਸੀਂ ਲੁਟਾਉਣਾ ਹੈ ਤੇ ਨਾ ਹੀ ਕਿਸੇ ਨੂੰ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਲੁੱਟਣ ਦੇਣੀ ਹੈ। ਇਸ ਲੜਾਈ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਸਭ ਨੂੰ ਇਕਜੁੱਟ ਹੋਣ ਦੀ ਅਹਿਮ ਲੋੜ ਹੈ।

-ਪਿੰਡ ਤੇ ਡਾਕ: ਚੱਕ ਬਖਤੂ, ਤਹਿ: ਤੇ ਜ਼ਿਲ੍ਹਾ ਬਠਿੰਡਾ-151101.
ਮੋਬਾ: 94641-72783

 


ਖ਼ਬਰ ਸ਼ੇਅਰ ਕਰੋ

ਨਵੇਂ ਜ਼ਮਾਨੇ ਦੀਆਂ ਨਵੀਆਂ ਖੇਡਾਂ ਦੇ ਆਦੀ ਹੋ ਰਹੇ ਬੱਚੇ

ਪਹਿਲੇ ਸਮਿਆਂ ਦੌਰਾਨ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਬੱਚੇ ਖੇਡਿਆ ਕਰਦੇ ਸਨ। ਖੇਡਾਂ ਵੀ ਬੜੀਆਂ ਸਾਧਾਰਨ, ਪਰ ਸਰੀਰ ਨੂੰ ਚੁਸਤ-ਦਰੁਸਤ ਬਣਾਉਣ ਵਾਲੀਆਂ ਹੁੰਦੀਆਂ ਸਨ। ਫਿਰ ਸਮਾਂ ਬਦਲਿਆ ਤਾਂ ਤਕਨੀਕੀ ਯੁੱਗ ਵਿਚ ਬੱਚਿਆਂ ਦਾ ਰੁਝਾਨ ਟੈਲੀਵਿਜ਼ਨ ਕਾਰਟੂਨਾਂ ਅਤੇ ਕੰਪਿਊਟਰ ਗੇਮਾਂ ਵੱਲ ਲੱਗ ਗਿਆ। ਇਸੇ ਦੌਰਾਨ ਮੋਬਾਈਲ ਫੋਨਾਂ 'ਤੇ ਆਈਆਂ ਗੇਮਾਂ ਨੇ ਵੀ ਬੱਚਿਆਂ ਨੂੰ ਆਪਣੇ ਵੱਲ ਵੱਡੀ ਪੱਧਰ 'ਤੇ ਆਕਰਸ਼ਿਤ ਕੀਤਾ ਹੋਇਆ ਹੈ। ਪਰ ਹੁਣ ਕੁਝ ਮਹੀਨਿਆਂ ਤੋਂ ਇਨ੍ਹਾਂ ਦੇ ਨਾਲ-ਨਾਲ ਬੱਚਿਆਂ ਦਾ ਧਿਆਨ 'ਸਪਿੱਨਰ' ਵੱਲ ਲੱਗਾ ਹੈ। ਸਪਿੱਨਰ ਬੱਚਿਆਂ ਲਈ ਇਕ ਛੋਟਾ ਜਿਹਾ ਖਿਡੌਣਾ ਹੀ ਹੈ, ਜਿਹੜਾ ਹੱਥ ਦੀ ਉਂਗਲੀ ਅਤੇ ਅੰਗੂਠੇ 'ਤੇ ਗੋਲ-ਗੋਲ ਘੁੰਮਦਾ ਹੋਇਆ ਆਕਰਸ਼ਣ ਪੈਦਾ ਕਰਦਾ ਹੈ। ਸਪਿੱਨਰ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਇਸ ਦਾ ਫ਼ਾਇਦਾ ਉਠਾਉਂਦੇ ਹੋਏ ਨੀਲੇ, ਪੀਲੇ, ਕਾਲੇ ਆਦਿ ਰੰਗਾਂ ਅਤੇ ਵੱਖ-ਵੱਖ ਡਿਜ਼ਾਈਨਾਂ ਵਾਲੇ ਸਪਿੱਨਰ ਬਾਜ਼ਾਰ ਵਿਚ ਉਤਾਰ ਦਿੱਤੇ ਹਨ, ਜਿਨ੍ਹਾਂ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। ਇਸ ਸਬੰਧੀ ਘੋਖ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਅਸਲ ਵਿਚ ਸਪਿੱਨਰ ਬਹੁਤ ਜਲਦੀ ਗੁੱਸੇ ਵਿਚ ਆ ਜਾਣ ਵਾਲੇ ਲੋਕਾਂ ਜਾਂ ਦਿਮਾਗੀ ਤੌਰ 'ਤੇ ਗਰਮ ਲੋਕਾਂ ਲਈ ਬਣਾਇਆ ਗਿਆ ਸੀ, ਜਿਸ ਦੇ ਨਾਲ ਉਨ੍ਹਾਂ ਨੂੰ ਕੁਝ ਸਮਾਂ ਅਭਿਆਸ ਕਰਵਾਇਆ ਜਾਂਦਾ ਸੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜਦੋਂ ਸਪਿੱਨਰ ਉਂਗਲਾਂ 'ਤੇ ਘੁੰਮਦਾ ਹੈ ਤਾਂ ਇਹ 'ਧਿਆਨ' ਨੂੰ ਖਿੱਚਦਾ ਹੈ। ਆਦਮੀ ਸਾਰਾ ਕੁਝ ਭੁੱਲ ਕੇ ਆਪਣਾ ਧਿਆਨ ਇਸ 'ਤੇ ਕੇਂਦਰਿਤ ਕਰ ਲੈਂਦਾ ਹੈ। ਇਸ ਨਾਲ ਮਾਨਸਿਕ ਬੇਚੈਨੀ ਤੋਂ ਰਾਹਤ ਮਿਲਦੀ ਹੈ। ਇਸ ਨੂੰ 'ਪਲੇਅ ਥਰੈਪੀ' ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਸਪਿੱਨਰ ਨਾਲ ਅੰਗੂਠੇ, ਉਂਗਲਾਂ ਅਤੇ ਪੰਜਿਆਂ ਨੂੰ ਲਾਭ ਪਹੁੰਚਾਉਣ ਵਾਲੀ ਕਸਰਤ ਹੁੰਦੀ ਹੈ। ਹੁਣ ਹਾਲਾਤ ਇਹ ਹਨ ਕਿ ਸਪਿੱਨਰ ਦੀ ਖੇਡ ਨੇ ਵੱਡੀ ਪੱਧਰ 'ਤੇ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਦਾ ਆਕਾਰ ਛੋਟਾ ਹੋਣਾ ਅਤੇ ਬੱਚੇ ਇਸ ਨੂੰ ਆਪਣੀਆਂ ਜੇਬਾਂ ਵਿਚ ਪਾ ਕੇ ਹੀ ਹਰ ਵੇਲੇ ਆਪਣੇ ਨਾਲ ਰੱਖਦੇ ਹਨ ਅਤੇ ਜਦੋਂ ਵੀ ਉਨ੍ਹਾਂ ਦਾ ਮਨ ਕਰਦਾ ਹੈ, ਉਹ ਇਸ ਨਾਲ ਖੇਡਣਾ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਕਾਰਟੂਨਾਂ, ਕੰਪਿਊਟਰ ਗੇਮਾਂ ਤੇ ਮੋਬਾਈਲਾਂ ਤੋਂ ਬਾਅਦ ਹੁਣ ਬੱਚੇ ਤੇਜ਼ੀ ਨਾਲ ਸਪਿੱਨਰ ਨਾਲ ਖੇਡਣ ਦੇ ਆਦੀ ਹੋ ਰਹੇ ਹਨ ਅਤੇ ਇਹ ਮਾਪਿਆਂ ਲਈ ਵੱਡੀ ਪ੍ਰੇਸ਼ਾਨੀ ਬਣ ਰਿਹਾ ਹੈ।

-ਵਰਸੋਲਾ (ਗੁਰਦਾਸਪੁਰ)।
ਮੋਬਾ: 84379-25062

ਸਿਹਤ ਤੇ ਵਾਤਾਵਰਨ ਦੀ ਤੰਦਰੁਸਤੀ ਲਈ ਅਹਿਮ ਸਾਈਕਲ ਦੀ ਸਵਾਰੀ

 ਮੌਜੂਦਾ ਸਮੇਂ ਦੌਰਾਨ ਬਿਮਾਰੀਆਂ ਨੇ ਇਸ ਕਦਰ ਕਹਿਰ ਢਾਹਿਆ ਹੈ ਕਿ ਲਗਭਗ 90 ਫੀਸਦੀ ਮਨੁੱਖੀ ਸਰੀਰ ਇਨ੍ਹਾਂ ਬਿਮਾਰੀਆਂ ਦੇ ਸਿਕੰਜੇ 'ਚ ਆ ਗਏ ਹਨ। ਇਹ ਬਿਮਾਰੀਆਂ ਬਗੈਰ ਕਿਸੇ ਉਮਰ ਦਾ ਲਿਹਾਜ ਕੀਤਿਆਂ ਹਰ ਇਕ ਮਨੁੱਖ ਨੂੰ ਮੰਜੇ ਨਾਲ ਪੱਕੇ ਤੌਰ 'ਤੇ ਜੁੜਨ ਲਈ ਮਜਬੂਰ ਕਰ ਰਹੀਆਂ ਹਨ, ਪਰ ਫਿਰ ਵੀ ਕੁਝ ਕੁ ਵਿਅਕਤੀਆਂ ਨੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਿਸ਼ੇਸ਼ ਤਰ੍ਹਾਂ ਦੀ ਤਵੱਜੋ ਦਿੱਤੀ ਹੈ, ਜਿਸ ਵਿਚ ਉਨ੍ਹਾਂ ਵੱਲੋਂ ਖਾਣ-ਪੀਣ ਸਬੰਧੀ ਧਿਆਨ ਰੱਖਣਾ, ਸੈਰ ਕਰਨਾ, ਕੰਮ ਦੇ ਬੋਝ ਨੂੰ ਮਾਨਸਿਕਤਾ 'ਤੇ ਭਾਰੂ ਨਾ ਪੈਣ ਦੇਣਾ ਆਦਿ ਹੋਰ ਅਨੇਕਾਂ ਮਾਨਸਿਕ ਪ੍ਰੇਸ਼ਾਨੀਆਂ ਨੂੰ ਕਾਬੂ ਕਰਕੇ ਸਰੀਰ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਅਜਿਹੇ ਬਿਮਾਰੀਆਂ ਵਾਲੇ ਮਾਹੌਲ ਅੰਦਰ ਸਾਈਕਲ ਮਨੁੱਖੀ ਸਰੀਰ ਲਈ ਇਕ ਤੋਹਫ਼ਾ ਸਿੱਧ ਹੋ ਰਿਹਾ ਹੈ। ਸਾਈਕਲ ਜਿੱਥੇ ਬਗੈਰ ਕੋਈ ਪ੍ਰਦੂਸ਼ਣ ਕੀਤੇ ਮੌਜੂਦਾ ਪ੍ਰਦੂਸ਼ਿਤ ਵਾਤਾਵਰਨ ਨੂੰ ਸੁਧਾਰਨ ਵਿਚ ਸਹਾਈ ਹੋ ਰਿਹਾ ਹੈ, ਉਥੇ ਇਹ ਮਨੁੱਖੀ ਸਰੀਰ ਨੂੰ ਵੀ ਅਨੇਕਾਂ ਬਿਮਾਰੀਆਂ ਤੋਂ ਮੁਕਤ ਕਰਨ ਦਾ ਕਾਰਜ ਕਰਦਾ ਹੈ।
ਕਿਸੇ ਸਮੇਂ 'ਚ ਅਮੀਰ ਪਰਿਵਾਰਾਂ ਦਾ ਪ੍ਰਮੁੱਖ ਸਾਧਨ ਰਹਿ ਚੁੱਕਾ ਇਹ ਸਾਈਕਲ ਸ਼ਾਇਦ ਅੱਜ ਦੇ ਸਮੇਂ ਅੰਦਰ ਬਿਮਾਰੀਆਂ ਦੇ ਡਰ ਨੇ ਉਨ੍ਹਾਂ ਅਮੀਰ ਪਰਿਵਾਰਾਂ ਲਈ ਸਾਈਕਲ ਨੂੰ ਲਾਜ਼ਮੀ ਕਰ ਦਿੱਤਾ ਹੈ। ਵਧਦੀ ਆਬਾਦੀ ਦੇ ਨਾਲ ਸੁੱਖ ਸਹੂਲਤਾਂ 'ਚ ਹੋਏ ਬੇਅਥਾਹ ਵਾਧੇ ਨੇ ਮਨੁੱਖੀ ਸਰੀਰ ਨੂੰ ਸਮਾਜਿਕ ਵਾਤਵਰਨ 'ਚ ਨਾ ਰਹਿਣ ਯੋਗ ਹਾਲਾਤ ਪੈਦਾ ਕਰ ਦਿੱਤੇ ਹਨ, ਪਰ ਸਾਈਕਲ ਇਕ ਅਜਿਹਾ ਸਾਥੀ ਰਿਹਾ ਹੈ, ਜਿਸ ਦੀ ਵਰਤੋਂ ਸਮੇਂ ਤੇ ਹਾਲਾਤ ਦੇ ਬਦਲੇ ਰੰਗਾਂ ਵਿਚ ਵੀ ਉਸੇ ਤਰ੍ਹਾਂ ਜਾਰੀ ਹੈ, ਭਾਵੇਂ ਉਹ ਸ਼ੌਂਕੀਆ ਤੌਰ 'ਤੇ ਹੋਵੇ ਤੇ ਭਾਵੇਂ ਮਜਬੂਰੀ ਦੇ ਤੌਰ 'ਤੇ ਹੋਵੇ। ਇਸ ਤੋਂ ਇਲਾਵਾ ਭਾਵੇਂ ਉਹ ਅਮੀਰ ਵਰਗ ਹੋਵੇ ਜਾਂ ਗਰੀਬ ਵਰਗ ਹੋਵੇ।
ਇਸ ਕਰਕੇ ਬੇਸ਼ੱਕ ਮਸ਼ੀਨੀਕਰਨ ਦੇ ਇਸ ਯੁੱਗ ਅੰਦਰ ਸਮੇਂ ਨੇ ਆਪਣੇ ਰੰਗ ਵਿਖਾਉਂਦਿਆਂ ਸਾਈਕਲ ਦੀ ਗੁਣਵੱਤਾ ਘਟਾ ਦਿੱਤੀ ਸੀ, ਪਰ ਤੰਦਰੁਸਤ ਸਿਹਤ ਦੀ ਪ੍ਰਾਪਤੀ ਲਈ ਮਨੁੱਖ ਨੇ ਇਸ ਦੀ ਕਦਰ ਪਛਾਣਦਿਆਂ ਅੱਜ ਵੀ ਪਹਿਲਾਂ ਵਾਂਗ ਸਾਈਕਲ ਨੂੰ ਅਹਿਮੀਅਤ ਦੇਣ 'ਤੇ ਜ਼ੋਰ ਦੇ ਦਿੱਤਾ ਹੈ।

(ਕੈਨੇਡਾ)। ਫੋਨ : 001-204-8910031

ਖੁਸ਼ਹਾਲੀ ਨਾਲ ਹੀ ਬਰਾਬਰਤਾ ਆ ਸਕੇਗੀ

ਅਸੀਂ ਜੇਕਰ ਇਹ ਆਖੀਏ ਕਿ ਆਦਮੀ ਵਿਚੋਂ ਇਹ ਲਾਲਚ ਵਾਲੀ ਗੱਲ ਅਤੇ ਸਵਾਰਥੀ ਹੋਣ ਵਾਲੀ ਗੱਲ ਖ਼ਤਮ ਕਰ ਦਿੱਤੀ ਜਾਵੇ ਤਾਂ ਇਹ ਵੀ ਅਨਹੋਣੀ ਜਿਹੀ ਗੱਲ ਹੈ। ਅਸੀਂ ਜੇਕਰ ਇਹ ਆਖੀਏ ਕਿ ਇਹ ਹੋਰ ਪੈਸਾ ਇਕੱਠਾ ਕਰਨ ਵਾਲੀ ਗੱਲ ਆਦਮੀ ਵਿਚੋਂ ਖ਼ਤਮ ਕਰ ਦਿੱਤੀ ਜਾਵੇ ਤਾਂ ਇਹ ਗੱਲ ਵੀ ਅਨਹੋਣੀ ਹੈ। ਇਹ ਲਾਲਚ ਕਹੋ ਜਾਂ ਆਪਣਾ ਕੁਝ ਕਰ ਦਿਖਾਉਣ ਦੀ ਭਾਵਨਾ ਕਹੋ, ਇਹੀ ਹਨ ਤਰੱਕੀ ਦੇ ਆਧਾਰ ਅਤੇ ਇਹ ਆਦਮੀ ਆਪਣੀਆਂ ਹੀ ਜ਼ਰੂਰਤਾਂ ਪੂਰੀਆਂ ਕਰਨ ਲਈ ਹੰਭਲੇ ਮਾਰਦਾ ਰਿਹਾ ਹੈ ਅਤੇ ਅੱਜ ਤੱਕ ਦੀਆਂ ਸਾਰੀਆਂ ਖੋਜਾਂ, ਆਵਸ਼ਕਾਰ ਅਤੇ ਕਾਢਾਂ ਆਦਮੀ ਦੇ ਸਵਾਰਥ ਵਿਚੋਂ ਹੀ ਪੈਦਾ ਹੋਈਆਂ ਹਨ ਅਤੇ ਅੱਜ ਦੁਨੀਆ ਭਰ ਦੇ ਲੋਕਾਂ ਲਈ ਇਹ ਖੋਜਾਂ, ਇਹ ਕਾਢਾਂ ਅਤੇ ਇਹ ਆਵਸ਼ਕਾਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਨ। ਮੁਲਕ ਦਾ ਸਰਮਾਇਆ ਜਦ ਵੀ ਬਣਦਾ ਹੈ ਤਾਂ ਉਸ ਵਿਚ ਅਮੀਰਾਂ, ਉਦਯੋਗਪਤੀਆਂ, ਵਪਾਰੀਆਂ ਅਤੇ ਕਾਮਿਆਂ ਦਾ ਬਰਾਬਰ ਦਾ ਹੱਥ ਹੁੰਦਾ ਹੈ ਅਤੇ ਇਸ ਲਈ ਜਿਹੜਾ ਮੁਨਾਫਾ ਹੁੰਦਾ ਹੈ, ਉਸ ਦੀ ਵੰਡ ਦਾ ਸਵਾਲ ਹੈ ਅਤੇ ਇਹੀ ਸਵਾਲ ਅੱਜ ਤੱਕ ਹੱਲ ਨਹੀਂ ਕੀਤਾ ਜਾ ਸਕਿਆ ਅਤੇ ਇਸ ਸਵਾਲ ਨੂੰ ਹੱਲ ਕਰਨ ਲਈ ਅਸੀਂ ਕਈ ਕ੍ਰਾਂਤੀਆਂ ਵੀ ਕਰ ਦੇਖੀਆਂ ਹਨ, ਪਰ ਹਰ ਵਾਰੀਂ ਅਸੀਂ ਫੇਲ੍ਹ ਹੋਏ ਹਾਂ। ਇਸ ਲਈ ਬਰਾਬਰਤਾ ਲਿਆਉਣ ਵਾਲੀਆਂ ਸਾਰੀਆਂ ਗੱਲਾਂ ਅਤੇ ਤਕਰੀਬਾਂ ਸਾਡੇ ਕੰਮ ਨਹੀਂ ਆਈਆਂ ਹਨ। ਅਸਲ ਵਿਚ ਬਰਾਬਰਤਾ ਦਾ ਸਹੀ ਅਰਥ ਇਹੀ ਹੈ ਕਿ ਆਦਮੀ ਨੂੰ ਆਦਮੀ ਵਾਲਾ ਜੀਵਨ ਜਿਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਅਸੀਂ ਦੇਖ ਰਹੇ ਹਾਂ ਕਿ ਵਕਤ ਦੀਆਂ ਸਰਕਾਰਾਂ ਵੀ ਵਿਚ-ਵਿਚਾਲੇ ਦਾ ਰਸਤਾ ਹੀ ਅਪਣਾ ਰਹੀਆਂ ਹਨ ਅਤੇ ਇਹ ਸਬਸਿਡੀਆਂ, ਇਹ ਵਜ਼ੀਫੇ, ਇਹ ਬੱਚਿਆਂ ਨੂੰ ਮੁਫ਼ਤ ਕਿਤਾਬਾਂ, ਕਾਪੀਆਂ, ਇਹ ਦੁਪਹਿਰ ਦਾ ਮੁਫ਼ਤ ਖਾਣਾ, ਇਹ ਸਸਤਾ ਅਨਾਜ, ਇਹ ਸਸਤਾ ਕੱਪੜਾ, ਕਦੀ-ਕਦੀ ਕਰਜ਼ਾ ਮਾਫੀਆ ਆਦਿ ਦੇ ਕੇ ਲੋਕਾਂ ਦਾ ਮਨ ਬਹਿਲਾਇਆ ਜਾ ਸਕਦਾ ਹੈ ਤਾਂ ਇਸ ਤਰ੍ਹਾਂ ਹੀ ਚਲਾਈ ਜਾਓ, ਇਸ ਤਰ੍ਹਾਂ ਹੀ ਸਭ ਕੁਝ ਚਲਾਉਂਦਿਆਂ ਅੱਜ ਅਸੀਂ ਮੁਲਕ ਦੇ ਸੱਤ ਦਹਾਕੇ ਖਰਾਬ ਕਰ ਬੈਠੇ ਹਾਂ। ਹਰ ਕਿਸੇ ਪਾਸ ਵਾਜਬ ਵਿੱਦਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਅਤੇ ਵਾਜਬ ਆਮਦਨ ਬਣਾ ਦਈਏ ਤਾਂ ਇਹ ਆਦਮੀ ਇਹ ਆਖ ਸਕਦਾ ਹੈ ਕਿ ਉਹ ਖੁਸ਼ਹਾਲ ਆਦਮੀ ਬਣ ਗਿਆ ਹੈ।
ਇਹ ਆਜ਼ਾਦੀਆਂ, ਇਹ ਪਰਜਾਤੰਤਰ ਬਸ ਨਾਂਅ ਹੀ ਹਨ, ਜਿਹੜੇ ਸਰਕਾਰਾਂ ਨੇ ਰੱਖ ਲਏ ਹਨ ਅਤੇ ਆਮ ਆਦਮੀ ਦਾ ਉੱਲੂ ਬਣਾਇਆ ਜਾ ਰਿਹਾ ਹੈ। ਸਾਡੇ ਮੁਲਕ ਵਿਚ ਜਿਹੜੀ ਸਰਕਾਰ ਅੰਗਰੇਜ਼ ਸਾਮਰਾਜੀਏ ਬਣਾ ਗਏ ਸਨ, ਉਹੀ ਅੱਜ ਵੀ ਚਲਦੀ ਆ ਰਹੀ ਹੈ ਅਤੇ ਆਮ ਲੋਕਾਂ ਨੂੰ ਹਾਲਾਂ ਵੀ ਇਹ ਪਤਾ ਨਹੀਂ ਲੱਗਾ ਹੈ ਕਿ ਆਜ਼ਾਦੀ ਅਤੇ ਪਰਜਾਤੰਤਰ ਆਖਦੇ ਕਿਸ ਨੂੰ ਹਨ। ਇਸ ਲਈ ਜੇਕਰ ਇਹੀ ਸਿਲਸਿਲਾ ਚਲਦਾ ਰਹਿੰਦਾ ਹੈ ਤਾਂ ਅਸੀਂ ਕਦੇ ਵੀ ਖੁਸ਼ਹਾਲ ਨਹੀਂ ਹੋ ਸਕਾਂਗੇ, ਬਲਕਿ ਸਾਡੇ ਮੁਲਕ ਵਿਚ ਗਰੀਬਾਂ ਦੀ ਗਿਣਤੀ ਵਧਦੀ ਰਹੇਗੀ।

-101-ਸੀ, ਵਿਕਾਸ ਕਾਲੋਨੀ, ਪਟਿਆਲਾ-147001

ਦਾਜ ਪ੍ਰਥਾ ਇਕ ਕਲੰਕ ਹੈ

ਅੱਜ ਅਸੀਂ 21ਵੀਂ ਸਦੀ ਵਿਚ ਵਿਚਰ ਰਹੇ ਹਾਂ ਅਤੇ ਆਪਣੇ-ਆਪ ਨੂੰ ਆਜ਼ਾਦ ਭਾਰਤ ਦੇ ਵਾਸੀ ਸਮਝਦੇ ਹਾਂ ਪਰ ਸਾਡੀ ਸੋਚ ਅਜੇ ਵੀ ਬਾਬੇ ਨਾਨਕ ਤੋਂ ਪਹਿਲਾਂ ਵਾਲੇ ਸਮਾਜ ਦੀ ਹੈ। ਅਸੀਂ ਅੱਜ ਵੀ ਦਾਜ ਪ੍ਰਥਾ ਅਤੇ ਭਰੂਣ ਹੱਤਿਆ ਵਾਲੇ ਸਮਾਜ ਵਿਚੋਂ ਲੰਘ ਰਹੇ ਹਾਂ।
ਪਿਛਲੇ ਮਹੀਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਵਿਆਹਾਂ ਦੇ ਕਾਰਡ ਜਾਂ ਡੱਬੇ ਨਹੀਂ ਵੰਡੇ ਜਾਣਗੇ ਅਤੇ ਵਿਆਹ ਵੀ ਸਾਦੇ ਢੰਗ ਨਾਲ ਕੀਤੇ ਜਾਣਗੇ ਭਾਵ ਕਿ ਫਜ਼ੂਲ ਖਰਚੀ ਨਹੀਂ ਕੀਤੀ ਜਾਵੇਗੀ। ਪਰ ਹਾਲਾਤ ਇਸ ਤਰ੍ਹਾਂ ਲੱਗ ਰਹੇ ਹਨ ਕਿ ਇਹ ਫ਼ੈਸਲੇ ਨੂੰ ਸਿਰਫ ਕਾਗਜ਼ਾਂ ਵਿਚ ਹੀ ਰਹਿਣ ਦਿੱਤਾ ਜਾਵੇਗਾ। ਕਿਉਂਕਿ ਲੋਕ ਕਾਰਡ ਵੀ ਵੰਡ ਰਹੇ ਹਨ, ਡੱਬੇ ਵੀ ਵੰਡੇ ਜਾ ਰਹੇ ਹਨ। ਵਿਆਹ ਵੀ ਮੈਰਿਜ ਪੈਲੇਸਾਂ ਵਿਚ ਖੁੱਲ੍ਹੇ ਖਰਚੇ ਕਰਕੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਕੀਤੇ ਗਏ ਵਿਆਹਾਂ ਨੂੰ ਕਿਸ ਹੱਦ ਤੱਕ ਜਾਇਜ਼ ਸਮਝਿਆ ਜਾ ਸਕਦਾ ਹੈ? ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਲੋਕ ਧੀਆਂ ਜੰਮਣ ਤੋਂ ਡਰਦੇ ਰਹਿਣਗੇ ਅਤੇ ਭਰੂਣ ਹੱਤਿਆ ਦਾ ਕਲੰਕ ਸਾਡੇ ਮੱਥੇ 'ਤੇ ਹਮੇਸ਼ਾ ਹੀ ਲੱਗਿਆ ਰਹੇਗਾ।
ਦਾਜ ਲੈਣ ਅਤੇ ਦੇਣ ਦੀ ਪ੍ਰਥਾ ਬੰਦ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਧੀਆਂ ਨੂੰ ਉੱਚ ਵਿੱਦਿਆ ਦਾ ਦਾਨ ਦਿੱਤਾ ਜਾਵੇ। ਵਿੱਦਿਆ ਹੀ ਸਭ ਤੋਂ ਵੱਡਾ ਦਾਜ ਹੈ। ਅੱਜਕਲ੍ਹ ਤਾਂ ਵੈਸੇ ਹੀ ਪੜ੍ਹਾਈਆਂ ਏਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਜਦੋਂ ਤੱਕ ਬੱਚਿਆਂ ਦੇ ਵਿਆਹ ਕਰਨ ਦਾ ਸਮਾਂ ਆਉਂਦਾ ਹੈ, ਮਾਂ-ਬਾਪ ਕੋਲ ਏਨੀ ਪੂੰਜੀ ਨਹੀਂ ਬਚਦੀ ਕਿ ਉਹ ਆਪਣੇ ਬੱਚਿਆਂ ਦੇ ਵਿਆਹ 'ਤੇ ਫਜ਼ੂਲ ਖਰਚੀ ਕਰ ਸਕਣ। ਜੇਕਰ ਇਕ ਬੇਟੀ ਪੜ੍ਹੇਗੀ ਤਾਂ ਉਸ ਦਾ ਸਾਰਾ ਪਰਿਵਾਰ ਪੜ੍ਹ ਗਿਆ ਸਮਝਿਆ ਜਾਂਦਾ ਹੈ। ਇਸ ਲਈ ਦਾਜ ਲੈਣ ਜਾਂ ਦੇਣ ਨਾਲੋਂ ਬੇਟੀਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ।
ਸਮਾਜ ਵਿਚ ਬਦਲਾਅ ਲਿਆਉਣ ਲਈ ਸਾਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ। ਜੇਕਰ ਸਰਕਾਰਾਂ ਕੋਈ ਚੰਗੇ ਫ਼ੈਸਲੇ ਲੈਂਦੀਆਂ ਹਨ ਤਾਂ ਉਨ੍ਹਾਂ 'ਤੇ ਅਮਲ ਕਰਨਾ ਚਾਹੀਦਾ ਹੈ। ਵਿਆਹਾਂ 'ਤੇ ਫਜ਼ੂਲ ਖ਼ਰਚੀ ਕਰਕੇ ਪੈਸਾ ਬਰਬਾਦ ਨਹੀਂ ਕਰਨਾ ਚਾਹੀਦਾ, ਸਗੋਂ ਉਸ ਪੈਸੇ ਨੂੰ ਸਹੀ ਤਰੀਕੇ ਨਾਲ ਹੋਰ ਕੰਮਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕੁਰੀਤੀਆਂ ਨੂੰ ਸਮਾਜ ਵਿਚੋਂ ਖ਼ਤਮ ਕਰਨ ਲਈ ਸਖ਼ਤ ਕਦਮ ਉਠਾਏ ਜਾਣ। ਜਿੰਨੀ ਸਜ਼ਾ ਦਾਜ ਲੈਣ ਵਾਲੇ ਨੂੰ ਮਿਲਦੀ ਹੈ, ਓਨੀ ਸਜ਼ਾ ਦਾਜ ਦੇਣ ਵਾਲੇ ਨੂੰ ਵੀ ਹੋਣੀ ਚਾਹੀਦੀ ਹੈ, ਅਜਿਹਾ ਕਰਨ ਨਾਲ ਹੀ ਸਮਾਜ ਵਿਚੋਂ ਇਸ ਕੁਰੀਤੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਜੇਕਰ ਅਜਿਹਾ ਹੋ ਜਾਵੇ ਤਾਂ ਲੋਕ ਭਰੂਣ ਹੱਤਿਆ ਵੀ ਨਹੀਂ ਕਰਨਗੇ। ਕਿਉਂਕਿ ਅਸੀਂ ਜਿੰਨੇ ਮਰਜ਼ੀ ਆਪਣੇ-ਆਪ ਨੂੰ ਸੱਭਿਅਕ ਸਮਝਦੇ ਹੋਈਏ, ਧੀ ਜੰਮਣ 'ਤੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿਚ ਇਕ ਆਹ ਜ਼ਰੂਰ ਹੁੰਦੀ ਹੈ। ਜੇਕਰ ਮਾਂ-ਬਾਪ ਦੇ ਮਨ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਵੇਗੀ ਤਾਂ ਕੋਈ ਨਾ ਕੋਈ ਬੱਚੀ ਦਾ ਮੂੰਹ ਦੇਖਣ ਵਾਲਾ ਹੀ ਅਜਿਹੀ ਗੱਲ ਜ਼ਰੂਰ ਕਰਕੇ ਜਾਂਦਾ ਹੈ ਕਿ ਜੇ ਮੁੰਡਾ ਹੋ ਜਾਂਦਾ ਤਾਂ ਚੰਗਾ ਹੁੰਦਾ।
ਆਓ, ਅਸੀਂ ਸਾਰੇ ਰਲ ਕੇ ਅਜਿਹੀਆਂ ਕੁਰੀਤੀਆਂ ਨੂੰ ਖ਼ਤਮ ਕਰ ਦਈਏ, ਤਾਂ ਜੋ ਸਾਡੀਆਂ ਬੇਟੀਆਂ ਖੁੱਲ੍ਹ ਕੇ ਸਮਾਜ ਵਿਚ ਵਿਚਰ ਸਕਣ।

ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਓਵਰਲੋਡ ਵਾਹਨ

ਅੱਜਕਲ੍ਹ ਜਿੱਥੇ ਧੁੰਦ ਅਤੇ ਧੂੰਏਂ ਕਾਰਨ ਲੋਕ ਆਪਣੀਆਂ ਬੇਸ਼ਕੀਮਤੀ ਜਾਨਾਂ ਖੋ ਰਹੇ ਹਨ, ਉੱਥੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਓਵਰਲੋਡ ਵਾਹਨ ਚਾਲਕਾਂ ਦੀ ਸ਼ਹਿਰ ਅੰਦਰ ਹੋਈ ਭਰਮਾਰ ਆਮ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਭਾਰੀ ਵਾਹਨ ਚਾਲਕਾਂ ਦੇ ਲੰਘਣ ਲਈ ਕੋਈ ਤੈਅ ਸਮਾਂ ਨਾ ਹੋਣ ਕਾਰਨ ਸ਼ਹਿਰ ਅੰਦਰ ਵਾਹਨਾਂ ਦੀ ਲੰਮੀ ਕਤਾਰ ਲੱਗ ਜਾਣ ਨਾਲ ਜਾਮ ਲੱਗ ਜਾਂਦੇ ਹਨ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਜਦੋਂ ਓਵਰਲੋਡ ਟਰੱਕ ਸ਼ਹਿਰ, ਕਸਬੇ 'ਚੋਂ ਲੰਘਦਾ ਹੈ ਤਾਂ ਰੋਡ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਕਿਉਂਕਿ ਟਰੱਕ-ਟਰਾਲਾ ਇੰਨੀ ਉੱਪਰ ਤੱਕ ਭਰਿਆ ਹੋਇਆ ਹੁੰਦਾ ਹੈ ਕਿ ਉਸ ਉੱਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਵੀ ਉਸ ਨਾਲ ਸੰਪਰਕ 'ਚ ਆ ਕੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਤੇ ਤੁਕਬੰਦੀਆਂ 'ਤੇ ਹਾਸਾ-ਠੱਠਾ ਕਰਦੀਆਂ ਸਾਫ਼ ਨਜ਼ਰ ਆ ਸਕਦੀਆਂ ਸਨ।
ਬਿਨਾਂ ਰੋਕ-ਟੋਕ ਸੜਕਾਂ 'ਤੇ ਦੌੜ ਰਹੇ ਓਵਰਲੋਡ ਵਾਹਨ ਜਿੱਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉੱਥੇ ਨਾਲ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕਾਇਦੇ-ਕਾਨੂੰਨ ਨੂੰ ਛਿੱਕੇ 'ਤੇ ਟੰਗਦਿਆਂ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਵੀ ਕਰ ਰਹੇ ਹਨ, ਜਿਸ ਕਾਰਨ ਓਵਰਲੋਡ ਵਾਹਨ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਰ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਇਨ੍ਹਾਂ ਓਵਰਲੋਡ ਵਾਹਨਾਂ ਨੂੰ ਰੋਕ ਨਹੀਂ ਪਾ ਰਹੀ, ਜਿਸ ਕਰ ਕੇ ਸ਼ਹਿਰੀ ਇਲਾਕਿਆਂ ਅੰਦਰ ਇਹ ਵਾਹਨ ਸ਼ਰੇਆਮ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਸੜਕਾਂ ਤੋਂ ਲੰਘ ਰਹੇ ਹਨ। ਕੁਝ ਸਿੱਕਿਆਂ ਦੀ ਖ਼ਾਤਰ ਲੋੜ ਨਾਲੋਂ ਵੱਧ ਸਾਮਾਨ ਵਾਹਨ 'ਤੇ ਲੱਦ ਕੇ ਇਹ ਲੋਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਕਿਉਂਕਿ ਭੀੜ-ਭੜੱਕੇ ਵਾਲੇ ਸ਼ਹਿਰੀ ਇਲਾਕਿਆਂ 'ਚੋਂ ਲੰਘਣ ਵਾਲੇ ਇਹ ਵਾਹਨ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਪੁਲਿਸ ਨੂੰ ਇਨ੍ਹਾਂ ਓਵਰਲੋਡ ਵਾਹਨਾਂ ਦੇ ਚਲਾਨ ਕੱਟ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ 'ਚ ਓਵਰਲੋਡ ਵਾਹਨਾਂ ਕਾਰਨ ਹਾਦਸੇ ਨਾ ਵਾਪਰ ਸਕਣ, ਜਦਕਿ ਪੁਲਸ ਸਕੂਟਰਾਂ, ਮੋਟਰਸਾਈਕਲਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।

-ਬਿਸ਼ਨਗੜ੍ਹ (ਬਈਏਵਾਲ), ਸੰਗਰੂਰ। ਮੋਬਾ: 99140-62205

ਆਧੁਨਿਕ ਸਮੇਂ ਵਿਚ ਸਰਕਾਰ ਨੂੰ ਦਰਪੇਸ਼ ਚੁਣੌਤੀਆਂ

ਅੱਜ ਦੇ ਸਮੇਂ ਵਿਚ ਹਰੇਕ ਰਾਜਨੀਤਕ ਪਾਰਟੀ ਆਪਣੇ ਭਵਿੱਖ ਨੂੰ ਜਥੇਬੰਦਕ ਤਰੀਕੇ ਨਾਲ ਚਲਾਉਣ ਲਈ ਨੌਜਵਾਨਾਂ ਉੱਪਰ ਵਿਸ਼ੇਸ਼ ਨਜ਼ਰ ਰੱਖ ਰਹੀ ਹੈ। ਤੁਸੀਂ ਅੱਜ ਅਖ਼ਬਾਰਾਂ ਤੇ ਟੀ.ਵੀ. ਦੇ ਮਾਧਿਅਮ ਨਾਲ ਦੇਖ ਸਕਦੇ ਹੋ ਕਿ ਜਲਸਿਆਂ ਅਤੇ ਰੈਲੀਆਂ ਵਿਚ ਕਿੰਨੀ ਗਿਣਤੀ ਵਿਚ ਨੌਜਵਾਨ ਵਰਗ ਦੀ ਸ਼ਮੂਲੀਅਤ ਹੈ। ਅੱਜ ਦੀ ਰਾਜਨੀਤੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਸੰਗਠਨਾਂ ਤੋਂ ਸ਼ੁਰੂ ਹੋ ਰਹੀ ਹੈ। ਪਰ ਇਸ ਸਾਰੀ ਸਥਿਤੀ ਵਿਚ ਅਸੀਂ ਸਮਾਜਿਕ ਤਾਣੇ-ਬਾਣੇ ਦੀ ਗੱਲ ਕਰੀਏ ਤਾਂ ਲੋਕਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਇੱਛਾਵਾਂ ਹਨ, ਜੋ ਕਿ ਸ਼ਾਇਦ ਕਿਸੇ ਵੀ ਸਰਕਾਰ ਦੇ ਵੱਸ ਵਿਚ ਨਹੀਂ ਹਨ। ਨੌਜਵਾਨ ਵਰਗ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਅੱਜ ਦਾ ਨੌਜਵਾਨ ਪੜ੍ਹ-ਲਿਖ ਕੇ ਬੇਰੁਜ਼ਗਾਰ ਹੈ। ਨੌਜਵਾਨ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ, ਇਸ ਲਈ ਬਹੁਤ ਜ਼ਿਆਦਾ ਵਰਗ ਵਿਦੇਸ਼ਾਂ ਵਿਚ ਜਾ ਕੇ ਆਪਣੇ ਸੁਪਨੇ ਸਿਰਜਣ ਦੀ ਗੱਲ ਕਰ ਰਿਹਾ ਹੈ। ਪੰਜਾਬ ਦੀ ਭੂਗੋਲਿਕ ਅਵਸਥਾ ਅਜਿਹੀ ਹੈ ਕਿ ਇਥੇ ਕਾਫੀ ਵਸੋਂ ਆਪਣਾ ਗੁਜ਼ਾਰਾ ਖੇਤੀ ਅਧਾਰਤ ਕਿੱਤਿਆਂ ਤੋਂ ਕਰਦੀ ਹੈ। ਪਰ ਵਧ ਰਹੀ ਮਹਿੰਗਾਈ ਖੇਤੀ ਨੂੰ ਵੀ ਲਾਹੇਵੰਦ ਕਿੱਤਾ ਨਾ ਸਮਝਣ ਵਿਚ ਦੇਰੀ ਨਹੀਂ ਕਰ ਰਹੀ। ਪਰ ਨਿੱਤ ਵਧਦੇ ਖੇਤੀ ਖਰਚਿਆਂ ਨੇ ਕਿਸਾਨਾਂ ਨੂੰ ਸੋਚਣ ਲਈ ਅਤੇ ਖੇਤੀਬਾੜੀ ਦਾ ਕਿੱਤਾ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਖਾਦ, ਸਪਰੇਅ ਅਤੇ ਡੀਜ਼ਲ ਦੇ ਨਿੱਤ ਵਧਦੇ ਰੇਟ ਨੇ ਕਿਸਾਨੀ ਨੂੰ ਘਾਟੇ ਵਾਲਾ ਧੰਦਾ ਬਣਾ ਦਿੱਤਾ ਹੈ। ਸਰਕਾਰ ਦੀ ਅਜਿਹੀ ਕਿਹੜੀ ਮਜਬੂਰੀ ਹੈ ਕਿ ਉਹ ਦੇਸ਼ ਦੇ ਇਕ ਬਹੁਤ ਵੱਡੇ ਵਰਗ ਨੂੰ ਬਚਾਉਣ ਲਈ ਕੋਈ ਹੱਲ ਨਹੀਂ ਕੱਢ ਰਹੀ?
ਸਵਾਮੀਨਾਥਨ ਕਮੇਟੀ ਦੀ ਰਿਪੋਰਟ ਹਰੇਕ ਚੋਣਾਂ ਵਿਚ ਅਹਿਮ ਕਿਸਾਨੀ ਮੁੱਦਾ ਬਣਿਆ ਪਰ ਸੱਤਾ 'ਤੇ ਕਾਬਜ਼ ਕਿਸੇ ਵੀ ਸਰਕਾਰ ਨੇ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਬਹੁਤ ਸਾਰੇ ਕਿਸਾਨ ਪ੍ਰਤੀਨਿਧ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਕੀ ਪ੍ਰਦੂਸ਼ਣ ਦੇ ਲਈ ਸਿਰਫ ਕਿਸਾਨ ਦੀ ਫਸਲ ਨੂੰ ਜ਼ਿੰਮੇਵਾਰ ਬਣਾ ਕੇ, ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੇਣਾ ਹੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ? ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਫੈਕਟਰੀਆਂ ਦੇ ਧੂੰਏਂ ਅਤੇ ਰਹਿੰਦ-ਖੂੰਹਦ 'ਤੇ ਵੀ ਰੋਕ ਲਗਾਏ, ਜੋ ਸਭ ਤੋਂ ਵੱਧ ਵਾਤਾਵਰਨ ਨੂੰ ਪ੍ਰਭਾਵਿਤ ਕਰ ਰਹੀ ਹੈ।
ਪੰਜਾਬ ਦੇ ਵਿਚ ਸਭ ਤੋਂ ਵੱਡੀ ਸਮੱਸਿਆ ਨਸ਼ਿਆਂ ਦੀ ਵਧ ਰਹੀ ਵਰਤੋਂ ਦੇ ਰੂਪ ਵਿਚ ਵੀ ਦੇਖੀ ਜਾ ਸਕਦੀ ਹੈ। ਆਧੁਨਿਕ ਵਿਅਕਤੀ ਆਪਣੀ ਮਾਨਸਿਕਤਾ ਨੂੰ ਵਿਅਸਤ ਰੱਖਣ ਲਈ ਨਸ਼ਿਆਂ ਦਾ ਸਹਾਰਾ ਲੈ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਪੰਜਾਬ ਦੀ ਭਲਾਈ ਲਈ ਕਾਰਜ ਕਰੇ। ਪੰਜਾਬ ਚਾਹੁੰਦਾ ਹੈ ਕਿ ਉਸ ਦੇ ਵਸਨੀਕ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਲੋੜ ਹੈ ਕਿ ਆਧੁਨਿਕ ਸਥਿਤੀ ਵਿਚ ਪੰਜਾਬ ਦੀ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਦੇ ਹੋਏ ਪੰਜਾਬ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਸਮਝਦੇ ਹੋਏ, ਸਮੇਂ ਦੀ ਹੱਦ ਵਿਚ ਰਹਿ ਕੇ ਲੋਕਾਂ ਨੂੰ ਰਾਹਤ ਦੇਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਸਰਕਾਰ ਲੋਕ ਹਿੱਤਾਂ ਲਈ ਜਲਦੀ ਨਾਲ ਕੰਮ ਕਰ ਰਹੀ ਹੈ।

-ਸਰਬਜੀਤ ਸਿੰਘ (ਡਾ:)
ਅਸਿਸਟੈਂਟ ਪ੍ਰੋਫੈਸਰ, ਖਾਲਸਾ ਕਾਲਜ, ਪਟਿਆਲਾ। ਮੋਬਾ: 94176-26925

ਵਿਕਾਸ ਵਿਚ ਵੱਡੀ ਰੁਕਾਵਟ ਪੇਂਡੂ ਧੜੇਬੰਦੀਆਂ

ਆਮ ਹੀ ਦੇਖਣ ਵਿਚ ਆਉਂਦਾ ਹੈ ਕਿ ਹਰ ਪਿੰਡ ਅੱਜ ਧੜਿਆਂ ਵਿਚ ਵੰਡਿਆ ਹੋਇਆ ਹੈ। ਚੋਣਾਂ ਦੇ ਦਿਨਾਂ ਵਿਚ ਤਾਂ ਇਹ ਧੜੇਬੰਦੀ ਹੋਰ ਵੀ ਸਰਗਰਮ ਹੋ ਜਾਂਦੀ ਹੈ, ਜਿਸ ਤਰ੍ਹਾਂ ਕੇਂਦਰ ਰਾਜਾਂ ਵਿਚ ਵੱਖ-ਵੱਖ ਪਾਰਟੀਆਂ ਬਣੀਆਂ ਹੋਈਆਂ ਹਨ, ਉਸ ਦੇ ਪ੍ਰਭਾਵ ਅਧੀਨ ਹੀ ਪਿੰਡਾਂ ਵਿਚ ਵੀ ਲੋਕ ਪਾਰਟੀਆਂ ਦੇ ਆਧਾਰ 'ਤੇ ਧੜਿਆਂ ਵਿਚ ਵੰਡੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਪਿੰਡਾਂ ਦੀ ਸਾਂਝੀਵਾਲਤਾ ਦਾ ਅੰਤ ਹੋ ਜਾਂਦਾ ਹੈ।
ਜਿਥੇ ਅੱਗੇ ਜ਼ਿਆਦਾਤਰ ਸਰਪੰਚਾਂ, ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਜਾਂਦੀ ਸੀ ਪਰ ਹੁਣ ਧੜੇਬੰਦੀਆਂ ਕਾਰਨ ਇਹ ਸੰਭਵ ਹੀ ਨਹੀਂ ਹੈ। ਹਰ ਧੜਾ ਆਪਣੀ ਸੱਤਾ ਚਾਹੁੰਦਾ ਹੈ ਤੇ ਉਸ ਦੇ ਲਈ ਹਰ ਸਹੀ-ਗ਼ਲਤ ਰਸਤਾ ਅਪਣਾਇਆ ਜਾਂਦਾ ਹੈ। ਇਸ ਨਾਲ ਹੁਣ ਪੰਚਾਇਤੀ ਚੋਣਾਂ ਵੀ ਦਿਨੋ-ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਫਿਰ ਜੇਕਰ ਪਿੰਡ ਦੀ ਪੰਚਾਇਤ ਉਸ ਪਾਰਟੀ ਨਾਲ ਸਬੰਧਿਤ ਨਾ ਹੋਵੇ ਜਿਸ ਦੀ ਰਾਜ ਵਿਚ ਸੱਤਾ ਚੱਲਦੀ ਹੈ ਤਾਂ ਸਰਪੰਚ ਨੂੰ ਗਰਾਂਟ ਲੈਣ ਵਿਚ ਭਾਰੀ ਸਮੱਸਿਆ ਆਉਂਦੀ ਹੈ ਅਤੇ ਜੇਕਰ ਗਰਾਂਟਾਂ ਮਿਲਦੀਆਂ ਵੀ ਹਨ ਤਾਂ ਧੜੇਬੰਦੀਆਂ ਕਾਰਨ ਪਿੰਡਾਂ ਦੇ ਵਿਕਾਸ ਲਈ ਸਹੀ ਢੰਗ ਨਾਲ ਵਰਤੀਆਂ ਨਹੀਂ ਜਾ ਰਹੀਆਂ। ਜੇਕਰ ਇਕ ਧੜਾ ਕੋਈ ਵਿਕਾਸ ਕਾਰਜ ਸ਼੍ਰੁਰੂ ਕਰਦਾ ਹੈ ਤਾਂ ਦੂਸਰਾ ਧੜਾ ਉਸ ਦਾ ਵਿਰੋਧ ਕਰਦਾ ਹੈ। ਪਿੰਡਾਂ ਵਿਚਲੇ ਝਗੜੇ ਪਹਿਲਾਂ ਪੰਚਾਇਤਾਂ ਵਿਚ ਹੀ ਸੁਲਝਾ ਲਏ ਜਾਂਦੇ ਸਨ ਪਰ ਹੁਣ ਇਹ ਧੜੇਬੰਦੀਆਂ ਕਾਰਨ ਥਾਣੇ ਜਾਂ ਕਚਹਿਰੀਆਂ ਤੋਂ ਨੇੜੇ ਨਹੀਂ ਸੁਲਝਦੇ ਕਿਉਂਕਿ ਪੰਚਾਇਤਾਂ ਹੁਣ ਸੁਲਾਹ ਕਰਾਉਣ ਦੀ ਬਜਾਏ ਝਗੜੇ ਨੂੰ ਹੋਰ ਵਧਾਉਣ ਦਾ ਕੰਮ ਕਰਦੀਆਂ ਹਨ। ਹਰ ਧੜਾ ਦੂਸਰੇ ਧੜੇ ਦੀ ਪਿੱਠ ਲਗਾਉਣ 'ਤੇ ਹੀ ਲੱਗਾ ਰਹਿੰਦਾ ਹੈ। ਇਸ ਦੇ ਲਈ ਉਹ ਆਮ ਜਨਤਾ ਦਾ ਹੀ ਸ਼ੋਸ਼ਣ ਕਰਦੇ ਹਨ। ਪਿੰਡਾਂ ਦੀਆਂ ਪੰਚਾਇਤਾਂ ਪੇਂਡੂ ਵਿਕਾਸ ਬਾਰੇ ਸੋਚਣ ਦੀ ਬਜਾਏ ਇਨ੍ਹਾਂ ਧੜੇਬੰਦੀਆਂ ਵਿਚ ਹੀ ਉਲਝ ਕੇ ਰਹਿ ਗਈਆਂ ਹਨ। ਇਹ ਧੜੇਬੰਦੀਆਂ ਹੀ ਆਪਣੇ ਫਾਇਦੇ ਲਈ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਘਸੀਟ ਰਹੀਆਂ ਹਨ, ਜਿਸ ਕਾਰਨ ਸਾਡਾ ਸਮਾਜ ਖੋਖਲਾ ਹੁੰਦਾ ਜਾ ਰਿਹਾ ਹੈ।
ਅੱਜ ਲੋੜ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਧੜੇਬੰਦੀਆਂ ਬਣਾਉਣ ਦੀ ਜਗ੍ਹਾ ਇਕ ਜੁੱਟ ਹੋ ਕੇ ਪਿੰਡਾਂ ਦੇ ਵਿਕਾਸ ਵਿਚ ਮਦਦ ਕਰਨ। ਪਿੰਡਾਂ ਦੀ ਸਫ਼ਾਈ, ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਬੱਚਿਆਂ ਦੀ ਸਿੱਖਿਆ, ਸਾਫ਼-ਪਾਣੀ ਦੀਆਂ ਸਹੂਲਤਾਂ ਆਦਿ ਵੱਲ ਧਿਆਨ ਦੇ ਕੇ ਪਿੰਡਾਂ ਨੂੰ ਸੁੰਦਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ਤਾਂ ਕਿ ਇਹ ਕਹਾਵਤ ਸੱਚ ਹੋ ਜਾਵੇ ਕਿ 'ਪਿੰਡਾਂ ਵਿਚ ਰੱਬ ਵੱਸਦਾ।'

-ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ, ਮੋਬਾ : 99150-33176.

ਆਸਮਾਨ 'ਚ ਫੈਲੀ ਧੁਆਂਖੀ ਧੁੰਦ ਬਨਾਮ ਅਸੀਂ

ਇਹ ਸਾਰਾ ਕੁਝ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਕਿਹੋ ਜਿਹੇ ਹਾਲਾਤ ਵਿਚ ਜੀਅ ਰਹੇ ਹਾਂ? ਕੀ ਅਜਿਹਾ ਵਾਤਾਵਰਨ ਮਨੁੱਖ ਜਾਤੀ ਦੇ ਰਹਿਣ ਯੋਗ ਹੈ? ਕੀ ਅਸੀਂ ਆਪ ਖੁਦ ਲਈ ਮੌਤ ਨਹੀਂ ਸਹੇੜ ਰਹੇ? ਕੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਮਾਰੀਆਂ ਪਰੋਸ ਕੇ ਨਹੀਂ ਰੱਖ ਰਹੇ? ਜੇਕਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ 'ਹਾਂ' ਵਿਚ ਹਨ, ਤਾਂ ਫਿਰ ਇਹ ਕਹਿ ਕੇ ਕਿਉਂ ਸੁਰਖਰੂ ਹੋ ਰਹੇ ਹਾਂ ਕਿ ਅਜਿਹੇ ਮੌਸਮ ਲਈ ਪਰਾਲੀ ਨੂੰ ਅੱਗ ਲਾਉਣ ਕਰਕੇ ਕਿਸਾਨ ਜ਼ਿੰਮੇਵਾਰ ਹਨ। ਕਿਸੇ ਇਕ ਧਿਰ ਉੱਤੇ ਜ਼ਿੰਮੇਵਾਰੀ ਪਾ ਕੇ ਅਸੀਂ ਬਾਇੱਜ਼ਤ ਬਰੀ ਨਹੀਂ ਹੋ ਜਾਂਦੇ ਹਾਂ। ਅਜਿਹੇ ਮੌਸਮ ਲਈ ਕਿਸਾਨ ਵੀ ਜ਼ਿੰਮੇਵਾਰ ਹਨ, ਇਨ੍ਹਾਂ ਦੇ ਨਾਲ ਸਾਨੂੰ ਫੈਕਟਰੀਆਂ ਦਾ ਜ਼ਹਿਰੀਲਾ ਧੂੰਆਂ, ਭੱਠਿਆਂ ਦਾ ਧੂੰਆਂ, ਗੱਡੀਆਂ ਦਾ ਧੂੰਆਂ ਆਦਿ ਕਾਰਕਾਂ ਵੱਲ ਵੀ ਦੇਖਣਾ ਚਾਹੀਦਾ ਹੈ, ਜੋ ਸਾਰਾ ਸਾਲ ਵਾਤਾਵਰਨ ਵਿਚ ਆਪਣੀ ਜ਼ਹਿਰ ਘੋਲਦੇ ਹਨ। ਜੇਕਰ ਇਸ ਦੀ ਵੱਧ ਜ਼ਿੰਮੇਵਾਰੀ ਬਣਦੀ ਹੈ, ਉਹ ਹੈ ਮੌਜੂਦਾ ਸਮੇਂ ਦੀਆਂ ਸਰਕਾਰਾਂ ਦੀ, ਜੋ ਆਪਣੇ ਵੋਟ ਬੈਂਕ ਨੂੰ ਬਚਾਉਣ ਖ਼ਾਤਰ, ਆਮ ਲੋਕਾਂ ਦੀ ਸਿਹਤ ਨੂੰ ਅੱਖੋਂ-ਪਰੋਖੇ ਕਰਕੇ ਚੰਦ ਲੋਕਾਂ ਨੂੰ ਵਾਤਾਵਰਨ ਨਾਲ ਖਿਲਵਾੜ ਕਰਨ ਦੀ ਇਜ਼ਾਜਤ ਦਿੰਦੀਆਂ ਹਨ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਸ ਵਰ੍ਹੇ ਰਾਜ ਸਰਕਾਰਾਂ ਨੂੰ ਸਖ਼ਤ ਚਿਤਾਵਨੀਆਂ ਵੀ ਦਿੱਤੀਆਂ ਸਨ, ਪਰ ਸਾਰਾ ਕੁਝ ਹਵਾ ਵਿਚ ਹੀ ਰਹਿ ਗਿਆ। ਰਾਜ ਸਰਕਾਰਾਂ ਨੇ ਆਪਣੇ ਵੋਟ ਬੈਂਕ ਨੂੰ ਬਚਾਉਣ ਦੀ ਆੜ ਵਿਚ ਕਿਸੇ ਦੀ ਵੀ ਪ੍ਰਵਾਹ ਨਹੀਂ ਕੀਤੀ। ਆਮ ਲੋਕਾਂ ਨੇ ਪ੍ਰਦੂਸ਼ਣ ਫੈਲਾਉਣ ਲਈ ਸ਼ਰੇਆਮ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਇੱਥੇ ਅਸੀਂ ਸਾਰਾ ਕੁਝ ਦੂਸਰੇ ਸਿਰ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂ। ਕੋਈ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਜਵਾਬਦੇਹ ਨਹੀਂ ਹੈ। ਸਾਡੇ ਹੁਕਮਰਾਨਾਂ ਦੀ ਤਾਂ ਇੰਤਹਾ ਹੋਈ ਪਈ ਹੈ, ਆਮ ਲੋਕ ਉਨ੍ਹਾਂ ਨੂੰ ਇਸ ਲਈ ਚੁਣਦੇ ਹਨ ਕਿ ਉਹ ਉਨ੍ਹਾਂ ਦੇ ਬਣਦੇ ਹੱਕਾਂ ਲਈ ਆਵਾਜ਼ ਉਠਾਉੁਣਗੇ। ਪਰ ਉਹ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ 'ਤੇ ਵੀ ਸਿਆਸਤ ਕਰੀ ਜਾ ਰਹੇ ਹਨ, ਜੋ ਸਭ ਲਈ ਬੇਹੱਦ ਖ਼ਤਰਨਾਕ ਹੈ। ਇਹ ਸਿਆਸੀ ਲੋਕ ਇਕ-ਦੂਸਰੇ ਉੱਤੇ ਚਿੱਕੜ ਸੁੱਟਣ ਤੋਂ ਸਿਵਾਏ ਕੁਝ ਨਹੀਂ ਕਰਦੇ। ਇਸ ਪ੍ਰਦੂਸ਼ਿਤ ਵਾਤਾਵਰਨ ਨਾਲ ਨਿਪਟਣ ਲਈ ਉਚੇਚੇ ਕਦਮ ਪੁੱਟਣੇ ਚਾਹੀਦੇ ਸਨ, ਪਰ ਕੀਤਾ ਕੁੁਝ ਨਹੀਂ, ਸਿਵਾਏ ਫੋਕੀ ਬਿਆਨਬਾਜ਼ੀ ਦੇ।
ਜੇਕਰ ਅਸੀਂ ਆਪਣੇ ਚੌਗਿਰਦੇ ਨੂੰ ਸਾਂਭਣ ਲਈ ਅਜੇ ਵੀ ਕੋਈ ਸਖ਼ਤ ਕਦਮ ਨਾ ਚੁੱਕੇ ਤਾਂ ਆਉਂਦੇ ਸਾਲਾਂ ਵਿਚ ਸਾਡੇ ਇੱਥੇ ਅਜਿਹਾ ਵਾਤਾਵਰਨ ਸਿਰਜਿਆ ਜਾਵੇਗਾ, ਜਿਸ ਵਿਚ ਸਾਨੂੰ ਆਕਸੀਜਨ ਵੀ ਸਿਲੰਡਰਾਂ ਰਾਹੀਂ ਲੈਣੀ ਪਵੇਗੀ ਅਤੇ ਸਾਡੇ ਆਉਣ ਵਾਲੇ ਬੱਚੇ ਅਨੇਕਾਂ ਬਿਮਾਰੀਆਂ ਨਾਲ ਪੀੜਤ ਜੰਮਣਗੇ। ਇਸ ਪ੍ਰਤੀ ਹੁਕਮਰਾਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਵੋਟ ਬੈਂਕ ਬਚਾਉਣ ਦੀ ਖ਼ਾਤਰ ਅਤੇ ਦੂਸਰਿਆਂ ਉਤੇ ਦੋਸ਼ ਮੜ੍ਹਨ ਦੀ ਬਜਾਏ ਵਾਤਾਵਰਨ ਨੂੰ ਬਚਾਉਣ ਲਈ ਸਾਂਝੇ ਤੌਰ 'ਤੇ ਠੋਸ ਕਦਮ ਪੁੱਟਣ। ਸਾਨੂੰ ਆਮ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ ਅਤੇ ਆਪਣੀ ਅੰਦਰਲੀ ਜ਼ਮੀਰ ਜਗਾਉਣੀ ਪਵੇਗੀ, ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਸਿਹਤਮੰਦ ਅਤੇ ਤੰਦਰੁਸਤ ਪੈਦਾ ਹੋਣਗੀਆਂ।

-ਕੋਟਲਾ ਸਮਸ਼ਪੁਰ (ਸਮਰਾਲਾ),
ਜ਼ਿਲ੍ਹਾ ਲੁਧਿਆਣਾ। ਮੋਬਾ: 98558-82722


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX