ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਚਿੰਤਾਜਨਕ ਹੈ ਕੈਲੰਡਰ ਸਬੰਧੀ ਸਿੱਖ ਪੰਥ ਵਿਚ ਪਈ ਦੁਬਿਧਾ

ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੇ ਪਾਏ ਜਾ ਰਹੇ ਏਨੇ ਰਾਮ-ਰੌਲੇ ਪਿੱਛੇ ਲੁਕੀ ਸਾਜਿਸ਼ ਇਕ ਗੰਭੀਰ ਮੁੱਦਾ ਹੈ। ਇਸ ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਏਨਾ ਰਾਮ-ਰੌਲਾ ਅਤੇ ਗੁੰਮਰਾਹਕੁਨ ਪ੍ਰਚਾਰ ਆਰੰਭਿਆ ਗਿਆ ਹੈ ਕਿ ਆਮ ਸਧਾਰਨ ਸਿੱਖ ਸੰਗਤਾਂ ਹੈਰਾਨ ਤੇ ਪ੍ਰੇਸ਼ਾਨ ਹੋ ਰਹੀਆਂ ਹਨ। ਕਿੰਨੀ ਸਿਤਮ-ਜ਼ਰੀਫੀ ਹੈ ਕਿ ਇਸ ਗੱਲ ਦਾ ਪ੍ਰਚਾਰ ਕਰਨ ਵਾਲੇ ਲੋਕ ਆਪਣੇ ਮਨ ਵਿਚ ਇਸ ਗੱਲ ਦਾ ਰਤਾ ਭਰ ਭੈਅ ਨਹੀਂ ਰੱਖ ਰਹੇ ਕਿ ਉਹ ਜੋ ਕੁਝ ਬੋਲ ਰਹੇ ਹਨ, ਉਹ ਸਾਹਿਬ-ਏ-ਕਮਾਲ, ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਦਬ ਸਤਿਕਾਰ ਨੂੰ ਸੱਟ ਮਾਰ ਰਹੇ ਹਨ। ਜਦ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ 25 ਦਸੰਬਰ ਨੂੰ ਨਿਸਚਿਤ ਕਰ ਦਿੱਤਾ, ਕਿਸੇ ਨੇ ਆਹ ਕਰ ਦਿੱਤਾ, ਕਿਸੇ ਨੇ ਔਹ ਕਰ ਦਿੱਤਾ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਨਹੀਂ ਮਨਾਇਆ ਜਾਣਾ ਚਾਹੀਦਾ ਆਦਿ।
ਅਜਿਹੀਆਂ ਗੱਲਾਂ ਕਰਨ ਵਾਲੇ ਕਿਵੇਂ ਭੁੱਲ ਰਹੇ ਹਨ ਕਿ ਉਹ ਦੋ ਜਹਾਨ ਦਾ ਵਾਲੀ, ਦਸਵੀਂ ਜੋਤ, ਅੰਮ੍ਰਿਤ ਦਾ ਦਾਤਾ ਆਪ ਸਤਿਗੁਰੂ ਹੈ ਅਤੇ ਸਾਹਿਬਜ਼ਾਦੇ ਉਨ੍ਹਾਂ ਦੇ ਸਪੁੱਤਰ ਹਨ ਅਤੇ ਉਨ੍ਹਾਂ ਨੇ ਇਹ ਪੁੱਤਰ ਆਪ ਪੰਥ ਤੋਂ ਵਾਰੇ ਹਨ। ਉਨ੍ਹਾਂ ਦੀ ਬਦੌਲਤ ਹੀ ਅੱਜ ਸਾਰੇ ਪੰਥ ਦੀ ਦੁਨੀਆ ਵਿਚ ਸ਼ਾਨ ਹੈ। ਭਾਵੇਂ ਕੁਝ ਕਲਾਕਾਰਾਂ ਨੇ ਹੀ ਉਨ੍ਹਾਂ ਦੀਆਂ ਤਸਵੀਰਾਂ ਬਣਾਈਆਂ ਹਨ ਪਰ ਉਨ੍ਹਾਂ ਦੀ ਉਹ ਤਸਵੀਰ/ਚਿਹਰਾ ਤੱਕ ਕੇ ਸਿੱਖਾਂ ਦਾ ਸਵੈਮਾਣ ਕਿੰਨਾ ਉੱਚਾ ਹੁੰਦਾ ਹੈ-ਇਹ ਕਹਿਣਾ ਕਥਨ ਤੋਂ ਬਾਹਰ ਹੈ। ਪਰ ਸਾਡੇ ਲੋਕ ਸ਼ਾਇਦ ਏਨੇ ਸ਼ਰਧਾਹੀਣ ਹੋ ਚੁੱਕੇ ਹਨ ਕਿ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਤੋਂ ਹੀ ਮੁਨਕਰ ਹੋ ਰਹੇ ਹਨ। ਇਨ੍ਹਾਂ ਨੂੰ ਪੁੱਛੋ ਕਿ, ਕੀ ਉਨ੍ਹਾਂ ਦੇ ਪ੍ਰਕਾਸ਼ ਦਾ ਦਿਨ ਕਿਸੇ ਵਿਅਕਤੀ ਦਾ ਨਿਯਤ ਕੀਤਾ ਹੋਇਆ ਹੈ? ਜਿਹੜੇ ਲੋਕ ਅੱਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਬਾਰੇ ਨੀਵੀਂ ਪੱਧਰ ਤੇ ਮੰਦੇ ਬੋਲ ਬੋਲ ਰਹੇ ਹਨ, ਉਹ ਦੱਸਣ ਕਿ, ਕੀ ਇਹ ਮਹੀਨੇ ਜਾਂ ਦਿਨ ਕਿਸੇ ਜਥੇਦਾਰ ਜਾਂ ਕਿਸੇ ਬੰਦੇ ਦੇ ਬਣਾਏ ਹੋਏ ਹਨ? ਸ਼ਾਇਦ ਇਨ੍ਹਾਂ ਸੱਜਣਾਂ ਨੇ ਗੁਰਬਾਣੀ ਦੇ ਫੁਰਮਾਨ ਨੂੰ ਨਹੀਂ ਪੜ੍ਹਿਆ ਹੋਣਾ, ਜਿਸ ਵਿਚ ਸਤਿਗੁਰੂ ਜੀ ਨੇ ਬਹੁਤ ਹੀ ਸਪੱਸ਼ਟ ਫੁਰਮਾਇਆ ਹੈ ਕਿ ਵਾਹਿਗੁਰੂ ਨੇ ਆਪ ਇਹ ਸ੍ਰਿਸ਼ਟੀ ਸਾਜ ਕੇ ਇਸ ਵਿਚ ਇਸ ਸ੍ਰਿਸ਼ਟੀ ਨੂੰ ਚਲਾਉਣ ਲਈ ਇਸ ਵਿਚ ਵਰ੍ਹੇ, ਮਹੀਨੇ, ਤਿੱਥਾਂ ਆਦਿ ਦਾ ਆਰੰਭ ਕਰਕੇ ਇਹ ਨਿਯਮ ਬਣਾਇਆ ਸੀ। ਗੁਰਬਾਣੀ ਦਾ ਫੁਰਮਾਨ ਹੈ ਕਿ :
ਮਾਇਆ ਮਾਈ ਤ੍ਰੈ ਗੁਣ
ਪਰਸੂਤਿ ਜਮਾਇਆ॥
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ॥
ਵਰ੍ਹੇ ਮਾਹ ਵਾਰ ਥਿਤੀ ਕਰਿ ਇਸ ਜਗ ਮਹਿ ਸੋਝੀ ਪਾਇਦਾ॥ 2॥
ਗੁਰਬਾਣੀ ਦਾ ਇਹ ਵੀ ਫੁਰਮਾਨ ਹੈ ਕਿ :
ਵਿਸੁਏ ਚਸਿਆ ਘੜੀਆ
ਪਹਰਾ ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥
ਨਾਨਕ ਕਰਤੇ ਕੇ ਕੇਤੇ ਵੇਸ॥ 2॥ 2॥
ਝੂਠਾ ਰੌਲਾ ਪਾਉਣ ਵਾਲੇ ਇਨ੍ਹਾਂ ਲੋਕਾਂ ਦੀ ਮਨਸ਼ਾ ਸਾਡੇ ਤੋਂ ਲੁਕੀ ਹੋਈ ਨਹੀਂ ਹੈ। ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਨ੍ਹਾਂ ਲੋਕਾਂ ਦੇ ਮਨਾਂ ਵਿਚ ਕੀ ਪਾਪ ਛੁਪਿਆ ਹੋਇਆ ਹੈ। ਸਾਨੂੰ ਇਸ ਗੱਲ ਦਾ ਵੀ ਭੁਲੇਖਾ ਨਹੀਂ ਕਿ ਇਹ ਲੂਤੀ ਕਿਵੇਂ ਲਾਈ ਗਈ ਹੈ। ਕਿਨ੍ਹਾਂ ਲੋਕਾਂ ਦੀ ਸੋਚ ਨੇ ਪੰਥ ਵਿਚ ਇਹ ਵੱਡੀ ਦੁਬਿਧਾ ਖੜ੍ਹੀ ਕਰਕੇ ਰੱਖ ਦਿੱਤੀ ਪਰ ਸਤਿਗੁਰੂ ਜੀ ਦਾ ਫੁਰਮਾਨ ਹੈ ਕਿ 'ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ'।
ਦਰਅਸਲ ਕੁਝ ਲੋਕ ਇਸ ਗੁਰਪੁਰਬ ਦੇ ਬਹਾਨੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਕੇ ਉਸ ਅਖੌਤੀ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਦੇ ਯਤਨਾਂ ਵਿਚ ਹਨ-ਜਿਸ ਨੇ 2003 ਵਿਚ ਪੰਥ ਨਾਲ ਇਕ ਵੱਡਾ ਧੋਖਾ ਕਰਕੇ ਨਾਨਕਸ਼ਾਹੀ ਦਾ ਨਾਂਅ ਦੇ ਕੇ ਅਤੇ ਸਿੱਖਾਂ ਦੀ ਅੱਡਰੀ ਹਸਤੀ ਦਾ ਬਹਾਨਾ ਬਣਾ ਕੇ ਕੈਲੰਡਰ ਜਾਰੀ ਕੀਤਾ ਸੀ। ਬੜੀ ਹੈਰਾਨੀ ਹੁੰਦੀ ਹੈ ਕਿ ਇਹ ਲੋਕ ਰੌਲਾ ਕਿਸ ਆਧਾਰ 'ਤੇ ਪਾ ਰਹੇ ਹਨ? ਜਦ ਕਿ 2003 ਵਿਚ ਜਾਰੀ ਹੋਇਆ ਕੈਲੰਡਰ ਨਾ ਤਾਂ ਸਾਡੀ ਗੁਰਬਾਣੀ ਦੇ ਅਨੁਸਾਰ ਹੈ ਅਤੇ ਨਾ ਹੀ ਸਾਡੇ ਇਤਿਹਾਸਕ ਹਵਾਲਿਆਂ ਵਿਚ ਦਰਜ ਤਾਰੀਖਾਂ ਦੇ ਮੁਤਾਬਿਕ ਹੈ। ਇਹ ਲੋਕ ਭੁੱਲ ਗਏ ਹਨ ਕਿ ਪੁਰੇਵਾਲ ਦੇ ਲਿਖੇ ਅੱਖਰ ਗੁਰਬਾਣੀ ਤੋਂ ਵੱਡੇ ਨਹੀਂ ਹੋ ਸਕਦੇ ਅਤੇ ਉਸ ਨੇ ਇਹ ਕੈਲੰਡਰ ਗੁਰੂ ਦੀ ਮਤ ਅਨੁਸਾਰ ਬਣਾਉਣ ਦੀ ਬਜਾਏ ਆਪਣੇ ਮਨ ਦੀ ਮਤ ਅਨੁਸਾਰ ਤਿਆਰ ਕੀਤਾ ਹੈ।
ਅੱਜ ਬਿਕਰਮੀ, ਸੰਮਤਾਂ, ਵਦੀਆਂ-ਸੁਦੀਆਂ ਉੱਤੇ ਕਿੰਤੂ ਕਰਨ ਵਾਲੇ ਇਹ ਲੋਕ ਕਿਵੇਂ ਭੁੱਲ ਗਏ ਕਿ ਗੁਰਬਾਣੀ ਦੇ ਅੰਦਰ ਜਿੱਥੇ ਸਮੇਂ ਦਾ ਜ਼ਿਕਰ ਆਇਆ ਹੈ, ਉਹ ਸਾਰਾ ਇਨ੍ਹਾਂ ਹੀ ਸੰਮਤਾਂ, ਵਦੀਆਂ-ਸੁਦੀਆਂ ਦੇ ਆਧਾਰ 'ਤੇ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਨੇ ਦੋ ਵਾਰ ਬਾਰਾਂ ਮਾਹ ਦੀ ਬਾਣੀ ਦਰਜ ਕੀਤੀ ਹੋਈ ਹੈ। ਸਾਡੇ ਇਤਿਹਾਸ ਦੇ ਵੀ ਜੋ ਹਵਾਲੇ ਮਿਲਦੇ ਹਨ, ਉਹ ਵੀ ਇਨ੍ਹਾਂ ਸੰਮਤਾਂ, ਵਦੀਆਂ-ਸੁਦੀਆਂ ਦੇ ਆਧਾਰ 'ਤੇ ਹੀ ਹਨ ਅਤੇ ਇਸੇ ਢੰਗ ਨਾਲ ਇਤਿਹਾਸ ਨੂੰ ਵਾਚਿਆ ਤੇ ਵਿਚਾਰਿਆ ਜਾਂਦਾ ਰਿਹਾ ਹੈ।
ਕਿੰਨੀ ਹੈਰਾਨੀ ਹੁੰਦੀ ਹੈ ਇਨ੍ਹਾਂ ਲੋਕਾਂ ਦੀ ਸੋਚ ਉੱਤੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਅੰਗਰੇਜ਼ੀ ਕੈਲੰਡਰ ਨੂੰ 1469 ਸਾਲ ਹੋ ਚੁੱਕੇ ਸਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਪੰਥ ਦੀ ਸਾਜਨਾ ਦੇ ਸਮੇਂ ਉਸੇ ਅੰਗਰੇਜ਼ੀ ਕੈਲੰਡਰ ਮੁਤਾਬਿਕ 1699 ਸਾਲ ਬੀਤ ਚੁੱਕੇ ਸਨ ਤਾਂ ਕੀ ਸਾਡੇ ਮਹਾਨ ਸਤਿਗੁਰੂ ਸਾਹਿਬਾਨਾਂ ਨੂੰ ਉਸ ਕੈਲੰਡਰ ਬਾਰੇ ਜਾਣਕਾਰੀ ਨਹੀਂ ਸੀ? ਬਲਕਿ ਜਿਨ੍ਹਾਂ-ਜਿਨ੍ਹਾਂ ਸਤਿਗੁਰੂ ਸਾਹਿਬਾਨਾਂ ਨੇ ਸੰਗਤਾਂ ਪ੍ਰਤੀ ਆਪਣੇ ਹੁਕਮਨਾਮੇ, ਆਦੇਸ਼ ਜਾਂ ਕੋਈ ਸੰਦੇਸ਼ ਭੇਜੇ ਉਨ੍ਹਾਂ ਉੱਤੇ ਵੀ ਇਹੀ ਤਾਰੀਖਾਂ ਵਦੀਆਂ-ਸੁਦੀਆਂ ਜਾਂ ਸੰਮਤਾਂ ਦੇ ਹਿਸਾਬ ਨਾਲ ਅੰਕਿਤ ਹਨ ਅਤੇ ਇਨ੍ਹਾਂ ਹੁਕਮਨਾਮਿਆਂ ਦੇ ਸੰਗਤਾਂ ਆਮ ਦਰਸ਼ਨ ਕਰਦੀਆਂ ਹਨ। ਮੌਜੂਦਾ ਨਾਨਕਸ਼ਾਹੀ ਕੈਲੰਡਰ ਨੂੰ ਬ੍ਰਾਹਮਣਵਾਦ ਜਾਂ ਆਰ.ਐਸ.ਐਸ. ਦਾ ਹਊਆ ਬਣਾਉਣ ਵਾਲੇ ਇਹ ਲੋਕ ਦੱਸਣ ਕਿ, ਕੀ ਆਪਣੇ ਗੁਰੂ ਸਾਹਿਬਾਨ ਦੀ ਘੋਰ ਨਿਰਾਦਰੀ ਨਹੀਂ ਕਰ ਰਹੇ ਹਨ? ਕੀ ਇਨ੍ਹਾਂ ਭੱਦਰ ਪੁਰਸ਼ਾਂ ਮੁਤਾਬਿਕ ਸਾਡੇ ਗੁਰੂ ਸਾਹਿਬਾਨ ਵੀ ਆਰ.ਐਸ.ਐਸ. ਜਾਂ ਬ੍ਰਾਹਮਣਵਾਦੀ ਸੋਚ ਦੇ ਅਧੀਨ ਸਨ? ਇੱਥੇ ਇਕ ਗੱਲ ਸਮਝਣ ਵਾਲੀ ਹੈ ਕਿ ਅਖੌਤੀ ਨਾਨਕਸ਼ਾਹੀ ਕੈਲੰਡਰ ਦਾ ਨਿਰਮਾਤਾ ਪੁਰੇਵਾਲ ਤਾਰੀਖਾਂ ਅੰਗਰੇਜ਼ੀ ਕੈਲੰਡਰ ਮੁਤਾਬਿਕ ਦੇਣੀਆਂ ਚਾਹੁੰਦਾ ਹੈ ਪਰ ਆਪਣੇ ਕੈਲੰਡਰ ਦੇ ਮਹੀਨਿਆਂ ਦੇ ਨਾਂਅ ਬਿਕਰਮੀ ਕੈਲੰਡਰ ਵਾਲੇ ਦੇਣੇ ਚਾਹੁੰਦਾ ਹੈ। ਇਸ ਮਿਲਗੋਭੇ ਨੇ ਅਤੇ ਪੁਰੇਵਾਲ ਦੀ ਆਪਣੀ ਦੁਬਿਧਾ ਨੇ ਹੀ ਸਾਰੀ ਕੌਮ ਵਿਚ ਦੁਬਿਧਾ ਖੜ੍ਹੀ ਕਰ ਦਿੱਤੀ ਹੈ।
ਇਸ ਦੁਬਿਧਾ ਕਰਕੇ ਹੀ ਇਸ ਗੱਲ ਦਾ ਭੁਲੇਖਾ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਕਦੇ ਸਾਲ ਵਿਚ ਇਕ ਵਾਰ ਆਉਂਦਾ ਹੈ, ਕਦੇ ਦੋ ਵਾਰ ਜਾਂ ਕਦੇ ਆਉਂਦਾ ਨਹੀਂ ਹੈ, ਜਦ ਕਿ ਇਹ ਗੱਲ ਕੋਰਾ ਝੂਠ ਹੈ, ਕਿਉਂਕਿ ਇਹ ਲੋਕ ਗੱਲਾਂ ਨਾਨਕਸ਼ਾਹੀ ਕੈਲੰਡਰ ਦੀਆਂ ਕਰਦੇ ਹਨ ਪਰੰਤੂ ਗੁਰਪੁਰਬ ਅੰਗਰੇਜ਼ੀ ਕੈਲੰਡਰ ਦੇ ਮੁਤਾਬਿਕ ਮਨਾਉਣੇ ਚਾਹੁੰਦੇ ਹਨ। ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗੁੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਆਉਂਦਾ ਹੈ। ਇਹ ਪ੍ਰਕਾਸ਼ ਗੁਰਪੁਰਬ ਪਿਛਲੇ ਸਾਲ ਵੀ ਮਨਾਇਆ ਗਿਆ, ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਅਤੇ ਅਗਲੇ ਸਾਲ ਵੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਆਵੇਗਾ। ਇੱਥੇ ਅਸੀਂ ਇਹ ਗੱਲ ਵੀ ਸਪੱਸ਼ਟ ਕਰਨੀ ਚਾਹੁੰਦੇ ਹਾਂ ਕਿ ਪਟਨਾ ਸਾਹਿਬ ਵਿਖੇ ਪਿਛਲੇ ਸਾਲ ਮਨਾਇਆ ਗਿਆ ਗੁਰਪੁਰਬ ਵੀ ਪੋਹ ਸੁਦੀ ਸੱਤਵੀਂ ਨੂੰ ਮਨਾਇਆ ਗਿਆ ਜੋ ਅੰਗਰੇਜ਼ੀ ਕੈਲੰਡਰ ਅਨੁਸਾਰ ਪੋਹ ਸੁਦੀ ਸੱਤਵੀਂ 5 ਜਨਵਰੀ ਨੂੰ ਆਈ ਸੀ। ਇਸ ਸਾਲ ਪੋਹ ਸੁਦੀ ਸੱਤਵੀਂ 25 ਦਸੰਬਰ ਨੂੰ ਆ ਰਹੀ ਹੈ ਅਤੇ ਇਹ ਪ੍ਰਕਾਸ਼ ਗੁਰਪੁਰਬ ਅੱਜ ਦੇ ਹੀ ਨਹੀਂ ਬਲਕਿ ਸਾਡੇ ਵੱਡੇ ਵਡੇਰੇ, ਬਾਪ, ਦਾਦੇ ਪੜਦਾਦੇ, ਪੋਹ ਸੁਦੀ ਸੱਤਵੀਂ ਨੂੰ ਹੀ ਮਨਾਉਂਦੇ ਆ ਰਹੇ ਹਨ ਅਤੇ ਅਸੀਂ ਆਪਣੀ ਹਯਾਤੀ ਵਿਚ ਵੀ 2003 ਤੋਂ ਪਹਿਲਾਂ ਇਸੇ ਹੀ ਦਿਨ ਨੂੰ ਸਿੱਖ ਸੰਗਤਾਂ ਨੂੰ ਬੜੀ ਸ਼ਾਨ ਅਤੇ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਵੇਖਿਆ ਹੈ ਅਤੇ ਕਿਸੇ ਕਿਸਮ ਦਾ ਕਦੇ ਵੀ ਰੌਲਾ ਨਹੀਂ ਸੀ ਪਿਆ। ਇਨ੍ਹਾਂ ਸੱਜਣਾਂ ਨੂੰ ਬੇਨਤੀ ਹੈ ਕਿ ਪਹਿਲਾਂ ਆਪਣੇ ਮਨ ਨਾਲ ਫ਼ੈਸਲਾ ਕਰਨ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨਾ ਚਾਹੁੰਦੇ ਹਾਂ ਜਾਂ ਨਾਨਕਸ਼ਾਹੀ ਕੈਲੰਡਰ ਦੇ ਨਾਂਅ ਥੱਲੇ ਅੰਗਰੇਜ਼ੀ ਕੈਲੰਡਰ ਨੂੰ? ਇਨ੍ਹਾਂ ਗੱਲਾਂ ਨਾਲ ਕੌਮ ਦਾ ਪਾਰ-ਉਤਾਰਾ ਕਿਵੇਂ ਹੋਵੇਗਾ? ਸਾਨੂੰ ਚੰਦਰਮਾ ਜਾਂ ਸੂਰਜੀ ਮਸਲਿਆਂ ਬਾਰੇ ਕੋਈ ਸਮਝ ਨਹੀਂ ਹੈ, ਪਰ ਅਸੀਂ ਇਕ ਸਮਝ ਹੀ ਸਮਝੀ ਹੈ ਕਿ ਮੇਰੇ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਨੂੰ ਅੱਜ 548 ਸਾਲ ਹੋ ਗਏ ਹਨ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਵੀ 319 ਸਾਲ ਹੋ ਚੱਲੇ ਹਨ ਪਰ ਕੌਮ ਦੀ ਬਦਕਿਸਮਤੀ ਵਾਲਾ ਪੁਰੇਵਾਲ ਦਾ ਕੈਲੰਡਰ ਮਹਿਜ 14 ਸਾਲ ਪਹਿਲਾਂ 2003 ਵਿਚ ਜਾਰੀ ਹੋਇਆ ਸੀ। ਪਰ ਪਿਛਲੀਆਂ ਪੰਜ-ਛੇ ਸਦੀਆਂ ਤੋਂ ਗੁਰੂ ਸਾਹਿਬਾਨਾਂ ਦੇ ਸਮੇਂ ਦੌਰਾਨ ਵੀ ਅਤੇ ਉਨ੍ਹਾਂ ਤੋਂ ਬਾਅਦ ਮਹਾਨ ਗੁਰਸਿੱਖਾਂ ਦੇ ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਨਵਾਬ ਕਪੂਰ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਜੱਸਾ ਸਿੰਘ ਰਾਮਗੜ੍ਹੀਆ, ਅਕਾਲੀ ਫੂਲਾ ਸਿੰਘ, ਜਰਨੈਲ ਹਰੀ ਸਿੰਘ ਨਲੂਆ, ਡਾ: ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ ਅਤੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਅਨੇਕਾਂ ਪੰਥ ਦੇ ਸੇਵਾਦਾਰਾਂ ਨੇ ਕਦੇ ਸੁਪਨੇ ਵਿਚ ਵੀ ਸਤਿਗੁਰਾਂ ਦੇ ਗੁਰਪੁਰਬਾਂ ਅਤੇ ਦਿਹਾੜਿਆਂ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ ਬਲਕਿ ਕੌਮ ਦੀ ਚੜ੍ਹਦੀ ਕਲਾ ਲਈ ਜੂਝਦੇ ਰਹੇ, ਪਰ ਅੱਜ ਇਕ ਕੈਨੇਡਾ ਵਿਚ ਬੈਠੇ ਇਕ ਵਿਅਕਤੀ ਨੂੰ ਕੌਮ ਦੀ ਸ਼ਾਨ ਦਾ ਫ਼ਿਕਰ ਪੈ ਗਿਆ? ਕਿ ਸ਼ਾਇਦ ਕੈਲੰਡਰ ਨਾਲ ਕੌਮ ਦੀ ਅੱਡਰੀ ਹਸਤੀ ਬਣ ਜਾਵੇਗੀ। ਜੇ ਕੈਲੰਡਰਾਂ ਨਾਲ ਹੀ ਕੌਮ ਦੀ ਅੱਡਰੀ ਹਸਤੀ ਸਥਾਪਤ ਹੋਣੀ ਸੀ ਤਾਂ ਗੁਰੂ ਸਾਹਿਬਾਨ ਨੂੰ ਏਨੀਆਂ ਕੁਰਬਾਨੀਆਂ ਕਰਨ ਦੀ ਕੀ ਲੋੜ ਸੀ। ਸਾਨੂੰ ਕਈ ਵਿਦਵਾਨਾਂ ਤੇ ਕੁਝ ਜਥੇਬੰਦੀਆਂ ਦੇ ਆਗੂਆਂ 'ਤੇ ਭਾਰੀ ਅਫ਼ਸੋਸ ਹੈ ਕਿ ਉਹ ਲੋਕ ਕਿਵੇਂ ਗੁੰਮਰਾਹ ਹੋ ਗਏ? ਕਿਸੇ ਨੂੰ ਚਿੰਤਾ ਨਹੀਂ ਹੋਈ ਕਿ ਪਿਛਲੇ 500 ਸਾਲ ਤੋਂ ਇਕ ਝੰਡੇ ਥੱਲੇ ਖੜ੍ਹੀ ਕੌਮ ਅੱਜ ਮਹਿਜ 14 ਸਾਲਾਂ ਵਿਚ ਲੀਰੋ ਲੀਰ ਹੋਣ ਦੇ ਰਾਹ ਤੋਰ ਦਿੱਤੀ ਗਈ ਹੈ। ਇਨ੍ਹਾਂ ਹੀ ਸਿਆਣਿਆਂ ਤੇ ਵਿਦਵਾਨਾਂ ਨੇ ਹੀ ਤਾਂ ਖੋਜਾਂ ਕਰਕੇ ਕੌਮ ਦੀ ਅਗਵਾਈ ਕਰਨੀ ਸੀ ਕਿ ਸਾਡੇ ਇਤਿਹਾਸ ਦੇ ਆਹ ਪ੍ਰਮਾਣ ਅੱਜ ਵੀ ਮਿਲਦੇ ਹਨ ਜਾਂ ਆਹ ਹਵਾਲੇ ਸਾਡੇੇ ਇਤਿਹਾਸ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਦੇ ਹਨ। ਪਰ ਅਫ਼ਸੋਸ ਹੈ ਕਿ ਇਹੀ ਲੋਕ ਇਕ ਵੱਡੀ ਸਾਜਿਸ਼ ਦਾ ਸ਼ਿਕਾਰ ਹੋ ਗਏ ਹਨ ਅਤੇ ਇਕ ਸਾਜਿਸ਼ ਤਹਿਤ ਕੌਮ ਦੇ ਗ੍ਰੰਥ, ਕੌਮ ਦੇ ਇਤਿਹਾਸਕ ਹਵਾਲਿਆਂ ਨੂੰ ਝੂਠੇ ਪਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਅਸੀਂ ਕੁਝ ਹਵਾਲੇ ਵੀ ਦੇਣਾ ਜ਼ਰੂਰੀ ਸਮਝਦੇ ਹਾਂ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਜਿਸ ਦਿਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਿਆਈ ਬਖਸ਼ੀ, ਉਸ ਤੋਂ ਅਗਲੇ ਦਿਨ ਤੀਜੇ ਪਾਤਸ਼ਾਹ ਜੋਤ ਜੋਤਿ ਸਮਾਏ ਸਨ ਪਰ ਪੁਰੇਵਾਲ ਦਾ ਕੈਲੰਡਰ ਸਿੱਧ ਕਰ ਰਿਹਾ ਸੀ ਕਿ ਉਸ ਦਿਨ ਹੀ ਗੁਰਗੱਦੀ ਦਿੱਤੀ ਗਈ ਅਤੇ ਉਸੇ ਦਿਨ ਹੀ ਜੋਤੀ ਜੋਤਿ ਸਮਾਏ ਸਨ ਅਤੇ ਇਨ੍ਹਾਂ ਲੋਕਾਂ ਵਲੋਂ ਹਰਿਮੰਦਰ ਸਾਹਿਬ ਜਿੱਥੋਂ ਸਾਰੇ ਸੰਸਾਰ ਨੂੰ ਅਰਦਾਸ ਦੇ ਮੌਕੇ 'ਤੇ ਇਨ੍ਹਾਂ ਪਾਵਨ ਪੁਰਬਾਂ ਦੀ ਜਾਣਕਾਰੀ ਮਿਲਦੀ ਹੈ, ਉੱਥੇ ਇਕ ਦਿਨ ਵਿਚ ਤਿੰਨ-ਤਿੰਨ ਗੁਰਪੁਰਬ ਦੀਆਂ ਅਰਦਾਸਾਂ ਪੱਕੀਆਂ ਕਰ ਦਿੱਤੀਆਂ ਗਈਆਂ।
ਅਸੀਂ ਸਮਝਦੇ ਹਾਂ ਕਿ ਸਾਡੇ ਵੱਡੇ ਵਡੇਰੇ ਸਤਾਰਵੀਂ, ਅਠਾਰਵੀਂ, ਉਨੀਵੀਂ ਸਦੀ ਵਿਚ ਇਤਿਹਾਸ ਦੇ ਇਨ੍ਹਾਂ ਹੀ ਪੰਨਿਆਂ ਨੂੰ ਪੜ੍ਹ ਕੇ ਵੱਡੇ-ਵੱਡੇ ਜੰਗ ਲੜਦੇ ਰਹੇ ਪਰ ਕਦੇ ਕਿਸੇ ਨੇ ਆਪਣੇ ਇਤਿਹਾਸ ਜਾਂ ਗੁਰਬਾਣੀ 'ਤੇ ਕਿੰਤੂ-ਪ੍ਰੰਤੂ ਨਹੀਂ ਕੀਤਾ ਸੀ ਪਰ ਅੱਜ ਦੇ ਪੜ੍ਹੇ ਲਿਖੇ ਲੋਕ ਅਤੇ ਆਪਣੇ-ਆਪ ਨੂੰ ਵਿਦਵਾਨ ਅਖਵਾਉਣ ਵਾਲੇ ਲੋਕ ਆਪਣੀ ਵਿੱਦਿਆ ਦੇ ਹੰਕਾਰ ਵਿਚ ਆਪਣੇ ਮਨ ਨੂੰ ਉੱਚਾ ਕਰਕੇ ਅਤੇ ਮਤ ਨੀਵੀਂ ਕਰਕੇ ਕੌਮ ਅੰਦਰ ਨਿੱਤ ਦਿਨ ਅਜਿਹੇ ਬਖੇੜੇ ਖੜ੍ਹੇ ਕਰ ਰਹੇ ਹਨ ਜਿਸ ਨਾਲ ਅੱਜ ਸਾਡੀ ਕੌਮ ਅੰਦਰ ਵੱਡੀ ਫੁੱਟ ਪਾਈ ਜਾ ਰਹੀ ਹੈ ਜਿਸ ਤੋਂ ਸਿੱਖ ਸੰਗਤਾਂ ਤੇ ਕੌਮ ਦੇ ਪਹਿਰੂਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਸਾਡੀ ਗੁਰਬਾਣੀ 'ਤੇ ਹਮਲੇ, ਇਤਿਹਾਸ ਵਿਚ ਖੋਟਾਂ ਅਤੇ ਸਾਡੇ ਤਖ਼ਤ ਸਾਹਿਬਾਨ ਅਤੇ ਸਾਡੀਆਂ ਪ੍ਰਮੁੱਖ ਸੰਸਥਾਵਾਂ ਸਮੇਤ ਸਾਡੇ ਸਿਧਾਂਤ ਨੂੰ ਖੋਰਾ ਲਾਉਣ ਦੇ ਭਰਪੂਰ ਯਤਨ ਹੋ ਰਹੇ ਹਨ। ਜਿਸ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥


-ਸਾਬਕਾ ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।


ਖ਼ਬਰ ਸ਼ੇਅਰ ਕਰੋ

ਸ਼੍ਰੋਮਣੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ

ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਵਿਚ ਇਸ ਵਾਰ ਪ੍ਰਧਾਨ ਸਮੇਤ ਨਵੀਂ ਬਣੀ ਸਮੁੱਚੀ ਕਾਰਜਕਾਰਨੀ ਕਮੇਟੀ ਅੱਗੇ ਧਾਰਮਿਕ ਕਾਰਜ ਖੇਤਰ ਵਿਚ ਕੰਮ ਕਰਨ ਦੀਆਂ ਸੰਭਾਵਨਾਵਾਂ ਅਤੇ ਪੰਥਕ ਚੁਣੌਤੀਆਂ ਬਰਾਬਰ ਹੀ ਦਰਕਾਰ ਰਹਿਣਗੀਆਂ। ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਧਾਰਮਿਕ ਖੇਤਰ 'ਚ ਆਪਣੀ ਕਾਬਲੀਅਤ, ਸੂਝ-ਬੂਝ, ਪੰਥ ਪ੍ਰਤੀ ਸਮਰਪਣ ਭਾਵਨਾ ਅਤੇ ਮੌਜੂਦਾ ਸਮੇਂ ਸਿੱਖ ਕੌਮ ਨੂੰ ਨਰੋਈ ਸੇਧ ਦੇਣ ਦੀ ਯੋਗਤਾ ਦਿਖਾਉਣੀ ਪਵੇਗੀ। ਭਾਵੇਂ ਕਿ ਬਚਪਨ ਤੋਂ ਹੀ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਉਂਗਲ ਫੜ ਕੇ ਧਾਰਮਿਕ ਵਿੱਦਿਆ ਦੀ ਪ੍ਰਬੀਨਤਾ ਹਾਸਲ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪੋਸਟ ਗਰੈਜੂਏਟ ਤੱਕ ਉੱਚ ਸਿੱਖਿਆ ਹਾਸਲ ਹੋਣ ਦੇ ਨਾਲ-ਨਾਲ ਇਕ ਸੁਰੀਲੇ ਕੀਰਤਨੀਏ ਵੀ ਰਹੇ ਹਨ, ਪਰ ਉਨ੍ਹਾਂ ਦਾ ਬਹੁਤਾ ਜੀਵਨ ਸਿਆਸਤ ਨਾਲ ਜੁੜਿਆ ਰਿਹਾ ਹੈ। ਚਾਰ ਵਾਰ ਵਿਧਾਇਕ ਅਤੇ ਅਕਾਲੀ ਸਰਕਾਰਾਂ ਸਮੇਂ ਜ਼ਿਲ੍ਹਾ ਯੋਜਨਾ ਬੋਰਡ, ਮਾਰਕਫੈੱਡ ਵਰਗੇ ਅਦਾਰਿਆਂ ਦੇ ਚੇਅਰਮੈਨ ਅਤੇ ਇਕ ਵਾਰ ਮੰਤਰੀ ਰਹੇ ਭਾਈ ਲੌਂਗੋਵਾਲ ਨੂੰ ਵਿਸ਼ਵ ਵਿਆਪੀ ਸਿੱਖਾਂ ਦੀ ਨੁਮਾਇੰਦਾ ਇਕ ਸਿਰਮੌਰ ਤੇ ਸਮਰੱਥ ਸਿੱਖ ਸੰਸਥਾ ਦੇ ਪ੍ਰਧਾਨ ਹੋਣ ਨਾਤੇ, ਧਰਮ ਅਤੇ ਰਾਜਨੀਤੀ ਨੂੰ ਸਮਾਨਾਂਤਾਰ ਰੱਖਦੇ ਹੋਏ ਵੀ ਦੋਵਾਂ ਨੂੰ ਇਕ-ਦੂਜੇ 'ਚ ਰਲਗੱਡ ਹੋਣ ਤੋਂ ਰੋਕਣ ਦੀ ਤਰਜੀਹੀ ਚੁਣੌਤੀ ਦਰਪੇਸ਼ ਰਹੇਗੀ।
ਵਿਸ਼ਵ ਵਿਆਪੀ ਸਿੱਖ ਕੌਮ ਅੱਗੇ ਇਸ ਵੇਲੇ ਬਹੁਤ ਸਾਰੀਆਂ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਵੀ ਹਨ, ਜਿਨ੍ਹਾਂ ਵਿਚ ਵਿਦੇਸ਼ਾਂ 'ਚ ਸਿੱਖਾਂ ਦੀ ਵੱਖਰੀ ਹੋਂਦ ਅਤੇ ਪਛਾਣ ਨੂੰ ਸਥਾਪਤ ਕਰਨਾ ਅਤੇ ਸਿੱਖ ਪੰਥ 'ਚ ਵਧ ਰਿਹਾ ਸੰਪਰਦਾਇਕ ਟਕਰਾਅ ਅਤੇ ਵਾਦ-ਵਿਵਾਦ ਚਿੰਤਾਜਨਕ ਮੁੱਦੇ ਹਨ। ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਅੱਗੇ ਸਭ ਤੋਂ ਵੱਡੀ ਚੁਣੌਤੀ ਸਮੁੱਚੇ ਸਿੱਖ ਪੰਥ ਵਿਚ ਵਿਚਾਰਧਾਰਕ ਵਖਰੇਵਿਆਂ ਨੂੰ ਲੈ ਕੇ ਪੈਦਾ ਹੋ ਰਹੇ ਸੰਪਰਦਾਇਕ ਟਕਰਾਅ ਨੂੰ ਰੋਕਣਾ ਹੋਵੇਗਾ। ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਲੈ ਕੇ ਪੰਥ 'ਚ ਪੈਦਾ ਹੋ ਰਹੇ ਟਕਰਾਅ ਨੂੰ ਦੂਰ ਕਰਨਾ, ਦਸਮ ਗ੍ਰੰਥ ਵਿਵਾਦ ਦਾ ਸਰਬਪ੍ਰਵਾਨਿਤ ਹੱਲ ਕਰਨਾ, ਸਿੱਖ ਇਤਿਹਾਸ ਵਿਚ ਕਥਿਤ ਰਲੇਵੇਂ ਨੂੰ ਲੈ ਕੇ ਪੈਦਾ ਹੋ ਰਹੀਆਂ ਦੁਬਿਧਾਵਾਂ ਨੂੰ ਦੂਰ ਕਰਨ ਲਈ ਸਰਬਪ੍ਰਵਾਨਿਤ ਸਿੱਕੇਬੰਦ ਸਿੱਖ ਇਤਿਹਾਸ ਦਾ ਖਰੜਾ ਤਿਆਰ ਕਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰਬਪ੍ਰਵਾਨਿਤ ਟੀਕਾ (ਅਰਥ) ਤਿਆਰ ਕਰਨਾ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਦੇ ਤਰਜੀਹੀ ਏਜੰਡੇ ਹੋਣੇ ਚਾਹੀਦੇ ਹਨ, ਜਦੋਂ ਕਿ ਪਿਛਲੇ ਲੰਬੇ ਸਮੇਂ ਤੋਂ ਲੋੜੀਂਦੇ ਇਨ੍ਹਾਂ ਕਾਰਜਾਂ ਵੱਲ ਸ਼੍ਰੋਮਣੀ ਕਮੇਟੀ ਦੇ ਨਿਜ਼ਾਮ ਨੇ ਬਹੁਤਾ ਧਿਆਨ ਨਹੀਂ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਪੰਥ 'ਚ ਵਿਸ਼ਵਾਸ, ਸਤਿਕਾਰ ਨੂੰ ਬਹਾਲ ਕਰਨਾ ਅਤੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਨਿਯਮ, ਕਾਰਜ ਖੇਤਰ ਅਤੇ ਸੇਵਾਮੁਕਤੀ ਦੀ ਨਿਯਮਾਂਵਲੀ ਤਿਆਰ ਕਰਨੀ ਵੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਕੀਤੇ ਗਏ ਕੁਝ ਫ਼ੈਸਲਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਆਖ ਕੇ ਕਿੰਤੂ-ਪ੍ਰੰਤੂ ਉਠਣ ਕਾਰਨ, ਤਖ਼ਤ ਸਾਹਿਬਾਨ ਦੀ ਸਿੱਖ ਕੌਮ ਅੰਦਰ ਸਰਬਉੱਚਤਾ ਨੂੰ ਭਾਰੀ ਠੇਸ ਪਹੁੰਚੀ ਹੈ। ਸਿੱਖ ਸਮਾਜ ਨੂੰ ਜਾਤ-ਪਾਤ, ਡੇਰਾਵਾਦ, ਕਰਮਕਾਂਡਾਂ, ਪਤਿਤਪੁਣਾ, ਨਸ਼ਾਖੋਰੀ ਆਦਿ ਅਲਾਮਤਾਂ ਤੋਂ ਬਚਾਅ ਕੇ ਗੁਰਮਤਿ ਨਾਲ ਜੋੜਨ ਲਈ ਸੁਚੱਜੀ ਵਿਉਂਤਬੰਦੀ ਕਰਨੀ ਵੀ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਾਰਮਿਕ ਯੋਗਤਾ ਲਈ ਪਰਖ ਹੋਵੇਗੀ।
ਪਿਛਲੇ ਲੰਬੇ ਸਮੇਂ ਤੋਂ ਸਿੱਖ ਸਮਾਜ ਦਾ ਵੱਡਾ ਹਿੱਸਾ ਗੁਰਮਤਿ ਫ਼ਲਸਫ਼ੇ ਦੀਆਂ ਉਨ੍ਹਾਂ ਉੱਚ ਕਦਰਾਂ-ਕੀਮਤਾਂ ਤੋਂ ਲਗਾਤਾਰ ਕਿਨਾਰਾ ਕਰੀ ਬੈਠਾ ਹੈ, ਜੋ ਕਿ ਮਨੁੱਖੀ ਜੀਵਨ ਦੀਆਂ ਚੁਣੌਤੀਆਂ, ਸਮੱਸਿਆਵਾਂ ਨੂੰ ਪਾਰ ਕਰਕੇ ਸਦੀਵੀ ਅਨੰਦਮਈ ਆਦਰਸ਼ਕ ਜੀਵਨ ਦਾ ਰਾਹ ਦਿਖਾਉਂਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਲਈ ਇਹ ਵੀ ਅੱਜ ਇਕ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਕਿ ਸਿੱਖ ਸਮਾਜ ਅੰਦਰ ਸਿਧਾਂਤ ਅਤੇ ਜੀਵਨ ਅਮਲ ਵਿਚ ਇਸ ਵੱਡੇ ਪਾੜੇ ਦੇ ਮੂਲ ਕਾਰਨਾਂ ਨੂੰ ਲੱਭ ਕੇ ਇਸ ਦੇ ਹੱਲ ਵੱਲ ਕਿਵੇਂ ਤੁਰਿਆ ਜਾਵੇ? ਸਮਾਜਿਕ ਜੀਵਨ ਅੰਦਰ ਦਿਖਾਵਾ, ਫ਼ਜ਼ੂਲ ਖ਼ਰਚੀ, ਦਾਜ-ਦਹੇਜ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਸਿੱਖ ਆਦਰਸ਼ ਅਤੇ ਜੀਵਨ ਅਮਲ ਦੇ ਪਾੜੇ ਨੂੰ ਦੂਰ ਕਰਨਾ ਵੀ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੇ ਸਿਦਕੀ ਯਤਨਾਂ 'ਚ ਸ਼ਾਮਿਲ ਹੋਣਾ ਚਾਹੀਦਾ ਹੈ।
ਪੰਜਾਬ ਦਾ ਵਾਤਾਵਰਨ, ਸਿਹਤ ਅਤੇ ਸਿੱਖਿਆ ਵੀ ਸ਼੍ਰੋਮਣੀ ਕਮੇਟੀ ਦੇ ਤਰਜੀਹੀ ਸਰੋਕਾਰ ਹਨ, ਕਿਉਂਕਿ ਸਿੱਖ ਫ਼ਲਸਫ਼ੇ ਵਿਚ 'ਖਾਲਕ ਅਤੇ ਖਲਕ' (ਪਰਮਾਤਮਾ ਅਤੇ ਸ੍ਰਿਸ਼ਟੀ) ਨੂੰ ਇਕ-ਦੂਜੇ ਦੇ ਪੂਰਕ ਮੰਨਿਆ ਗਿਆ ਹੈ। ਪੰਜਾਬ ਵਾਤਾਵਰਨ ਅਤੇ ਸਿਹਤ ਪੱਖੋਂ ਇਸ ਵੇਲੇ ਬੇਹੱਦ ਚਿੰਤਾਜਨਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਵਾਤਾਵਰਨ, ਜਲਵਾਯੂ ਅਤੇ ਅੰਨ-ਪਾਣੀ 'ਚ ਜ਼ਹਿਰੀਲੇ ਤੱਤਾਂ ਦੀ ਬਹੁਤਾਤ ਹੋਣ ਕਾਰਨ ਪੰਜਾਬ 'ਚ ਸਬਜ਼ੀਆਂ, ਫਲ, ਦੁੱਧ, ਪਾਣੀ ਅਤੇ ਹਵਾ ਵੀ ਜ਼ਹਿਰੀਲੀ ਹੋ ਗਈ ਹੈ। ਨਤੀਜਨ ਦਿਲ ਦੇ ਰੋਗ, ਕੈਂਸਰ, ਅਧਰੰਗ, ਅਪੰਗਤਾ, ਕੋਹੜ, ਦਮਾ, ਸ਼ੂਗਰ, ਬਲੱਡ-ਪ੍ਰੈਸ਼ਰ, ਫੇਫੜਿਆਂ ਦਾ ਖ਼ਰਾਬ ਹੋਣਾ, ਬਾਂਝਪਣ, ਨਾਮਰਦੀ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਗੰਭੀਰ ਲਾਇਲਾਜ ਰੋਗਾਂ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਘੇਰ ਲਿਆ ਹੈ। ਇਕੱਲੇ ਕੈਂਸਰ ਕਾਰਨ ਹੀ ਪੰਜਾਬ 'ਚ ਰੋਜ਼ਾਨਾ 43 ਸਿਵੇ ਇਕੋ ਵੇਲੇ ਬਲ ਰਹੇ ਹਨ। ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਪੰਜਾਬ 'ਚ ਕੈਂਸਰ ਦੇ ਮਰੀਜ਼ਾਂ ਦੀ ਦਰ 100 ਫ਼ੀਸਦੀ ਤੋਂ ਵੀ ਵੱਧ ਹੈ। ਇਸ ਵੇਲੇ ਪੰਜਾਬੀਆਂ ਦੀ ਹੋਂਦ ਖ਼ਤਰੇ ਵਿਚ ਹੈ, ਕਿਉਂਕਿ ਦੁਨੀਆ 'ਚ ਆਪਣੀ ਸੂਰਬੀਰਤਾ, ਸਰੂ ਵਰਗੇ ਉੱਚੇ-ਲੰਮੇ, ਡੀਲ-ਡੌਲ ਜੁੱਸਿਆਂ, ਮਰਦਾਨਗੀ ਤੇ ਇਖ਼ਲਾਕ ਕਰਕੇ ਲੋਹਾ ਮੰਨਵਾਉਣ ਵਾਲੇ ਪੰਜਾਬੀ ਹੁਣ ਬੱਚੇ ਜੰਮਣ ਤੋਂ ਵੀ ਆਹਰੀ ਹੁੰਦੇ ਜਾ ਰਹੇ ਹਨ।
ਸਿਹਤ ਮਾਹਰ ਚਿਤਾਵਨੀਆਂ ਦੇ ਰਹੇ ਹਨ ਕਿ ਪੰਜਾਬੀਆਂ ਦਾ ਸਪਰਮ ਕਾਉਂਟ 60 ਮਿਲੀਅਨ ਤੋਂ ਘੱਟ ਕੇ ਸਿਰਫ਼ 15 ਮਿਲੀਅਨ ਰਹਿ ਗਿਆ ਹੈ, ਜੋ ਕਿ ਆਉਣ ਵਾਲੇ ਸਮੇਂ 'ਚ ਪੰਜਾਬੀਆਂ ਦੇ ਸੰਤਾਨ ਪੈਦਾ ਕਰਨ ਦੀ ਸਮਰੱਥਾ ਅੱਗੇ ਖ਼ਤਰੇ ਦੀ ਘੰਟੀ ਹੈ। ਪੰਜ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀ 'ਚ ਹੁਣ ਜ਼ਹਿਰ ਘੁਲ ਚੁੱਕਾ ਹੈ। 75 ਫ਼ੀਸਦੀ ਪਾਣੀ ਪੀਣਯੋਗ ਨਹੀਂ ਰਿਹਾ। ਪੰਜਾਬ ਰੇਗਿਸਤਾਨ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਹ ਸਭ ਕੁਝ ਪੰਜਾਬੀਆਂ ਦੀ ਜੀਵਨ ਤਰਜ਼ ਵਿਚ ਆਏ ਭਾਰੀ ਵਿਗਾੜਾਂ ਅਤੇ ਮੁਨਾਫ਼ੇ ਲਈ ਮਾਰੂ ਤਰਜੀਹਾਂ ਅਪਨਾਉਣ ਕਾਰਨ ਹੋਇਆ ਹੈ। ਗੁਰੂ ਸਾਹਿਬਾਨ ਨੇ ਜਿਸ ਹਵਾ ਨੂੰ 'ਗੁਰੂ', ਪਾਣੀ ਨੂੰ 'ਪਿਤਾ' ਅਤੇ ਧਰਤੀ ਨੂੰ 'ਮਾਤਾ' ਦਾ ਰੁਤਬਾ ਦਿੰਦਿਆਂ ਵਾਤਾਵਰਨ ਪ੍ਰਤੀ ਮਨੁੱਖ ਨੂੰ ਏਨੀ ਉੱਚੀ ਚੇਤਨਾ ਦਿੱਤੀ ਹੋਵੇ, ਉਸ ਮਹਾਨ ਫ਼ਲਸਫ਼ੇ ਦੇ ਵਾਰਸਾਂ ਦੀ ਧਰਤੀ 'ਤੇ ਵਾਤਾਵਰਨ ਇੰਨੀ ਵੱਡੀ ਪੱਧਰ 'ਤੇ ਵਿਗੜ ਰਿਹਾ ਹੋਵੇ ਕਿ ਹਵਾ ਮਨੁੱਖ ਦੇ ਸਾਹ ਲੈਣ ਯੋਗ, ਪਾਣੀ ਪੀਣ ਯੋਗ ਅਤੇ ਧਰਤੀ ਰਹਿਣ ਯੋਗ ਨਾ ਰਹੇ, ਇਹ ਬੇਹੱਦ ਚਿੰਤਾਜਨਕ ਹੈ। ਸ਼੍ਰੋਮਣੀ ਕਮੇਟੀ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਦੀ ਸਰਗਰਮ ਤੇ ਸਿੱਟਾਮੁਖੀ ਮੁਹਿੰਮ ਚਲਾਉਣੀ ਪਵੇਗੀ। ਇਸ ਮਕਸਦ ਲਈ ਕੁਦਰਤੀ ਖੇਤੀ ਵਲ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਪਵੇਗਾ।
ਗੁਰੂ ਸਾਹਿਬਾਨ ਨੇ ਸਿਹਤ ਪ੍ਰਤੀ ਵੀ ਮਨੁੱਖ ਨੂੰ ਅਮੀਰ ਚਿੰਤਨ ਦਿੱਤਾ ਹੈ। ਲਾਹੌਰ 'ਚ ਜਦੋਂ ਕਾਲ ਪਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਖ਼ੁਦ ਮਨੁੱਖਤਾ ਦੀ ਸੇਵਾ ਲਈ ਪਹੁੰਚੇ, ਦਿੱਲੀ ਵਿਚ ਚੇਚਕ ਰੋਗ ਫੈਲਿਆ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਥੇ ਰੋਗੀਆਂ ਦੀ ਸੇਵਾ ਕਰਦਿਆਂ ਖ਼ੁਦ ਆਪਣਾ ਜੀਵਨ ਤਿਆਗ਼ ਦਿੱਤਾ। ਅੱਜ ਪੰਜਾਬ ਨੂੰ ਸਿਹਤ ਪੱਖੋਂ ਚੇਤਨਾ ਤੇ ਇਲਾਜ ਦੀ ਬੇਹੱਦ ਲੋੜ ਹੈ। ਵਾਤਾਵਰਨ ਨੂੰ ਬਚਾਉਣ, ਬਿਮਾਰੀਆਂ ਪ੍ਰਤੀ ਚੇਤਨਾ ਅਤੇ ਇਲਾਜ ਦੇ ਮਿਆਰੀ ਤੇ ਆਮ ਲੋਕਾਂ ਦੀ ਪਹੁੰਚ 'ਚ ਆਉਣ ਵਾਲੇ ਸਾਧਨਾਂ ਨੂੰ ਉਪਲਬਧ ਕਰਵਾਉਣਾ ਵੀ ਸ਼੍ਰੋਮਣੀ ਕਮੇਟੀ ਦੀ ਤਰਜੀਹ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਪੰਜਾਬ 'ਚ ਕਈ ਵੱਡੇ ਤੇ ਅਤਿ-ਆਧੁਨਿਕ ਹਸਪਤਾਲ ਹਨ, ਪਰ ਲੋੜ ਹੈ ਇਨ੍ਹਾਂ ਹਸਪਤਾਲਾਂ ਦੇ ਬੂਹੇ ਲੋੜਵੰਦ ਅਤੇ ਗ਼ਰੀਬ ਲੋਕਾਂ ਲਈ ਖੋਲ੍ਹਣ ਦੀ। ਜੇਕਰ ਡੇਰੇਦਾਰ ਸੰਸਥਾਵਾਂ ਲੋਕਾਂ ਨੂੰ ਆਪਣੇ ਪੈਰੋਕਾਰ ਬਣਾਉਣ ਲਈ ਵੱਡੀ ਪੱਧਰ 'ਤੇ ਗਰੀਬਾਂ ਨੂੰ ਆਧੁਨਿਕ ਹਸਪਤਾਲਾਂ ਵਿਚ ਸਸਤਾ ਤੇ ਮਿਆਰੀ ਇਲਾਜ ਦੇ ਸਕਦੀਆਂ ਹਨ ਤਾਂ ਲਗਪਗ ਗਿਆਰਾਂ ਅਰਬ ਤੋਂ ਵਧੇਰੇ ਸਾਲਾਨਾ ਬਜਟ ਵਾਲੀ ਸ਼੍ਰੋਮਣੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਇਸ ਤੋਂ ਬਿਹਤਰੀਨ ਕਾਰਜ ਕਿਉਂ ਨਹੀਂ ਕਰ ਸਕਦੀ?
ਪੰਜਾਬ 'ਚ ਮਿਆਰੀ ਸਿੱਖਿਆ ਦੀ ਅਣਹੋਂਦ ਕਾਰਨ ਵੱਡੀ ਗਿਣਤੀ ਵਿਚ ਬੱਚੇ ਅਤੇ ਨੌਜਵਾਨ ਪੜ੍ਹਨ ਦੇ ਬਹਾਨੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਪੰਜਾਬ ਦੇ ਪੇਂਡੂ ਖੇਤਰਾਂ 'ਚ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਚਲਿਆ ਗਿਆ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ 60 ਫ਼ੀਸਦੀ ਸਿੱਖ ਨੌਜਵਾਨ ਦਸਵੀਂ ਪੱਧਰ ਦੀ ਪੜ੍ਹਾਈ ਤੋਂ ਅੱਗੇ ਨਹੀਂ ਵਧ ਰਹੇ। ਉਚੇਰੀ ਸਿੱਖਿਆ ਵਿਚ ਸਿੱਖ ਨੌਜਵਾਨਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ। ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ 'ਚ ਸਿੱਖ ਪਨੀਰੀ ਦਾ ਪੱਧਰ ਬਹੁਤ ਨੀਵਾਂ ਹੈ। ਦੁਨੀਆ ਦੀਆਂ ਦੂਜੀਆਂ ਕੌਮਾਂ ਤੇ ਧਰਮਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ 'ਤੇ ਵੀ ਸਿੱਖਾਂ ਦੀ ਸਿੱਖਿਆ ਕਾਰਗੁਜ਼ਾਰੀ ਬਹੁਤੀ ਤਸੱਲੀਬਖ਼ਸ਼ ਨਹੀਂ ਹੈ। ਪੰਜਾਬ 'ਚ ਪੜ੍ਹੇ-ਲਿਖੇ ਨੌਜਵਾਨਾਂ ਦਾ ਕੌਮਾਂਤਰੀ ਸਿੱਖਿਆ ਸੰਸਥਾਵਾਂ 'ਚ ਦਾਖ਼ਲਾ ਨਾਮਾਤਰ ਹੈ। ਇਸ ਲਈ ਪੰਜਾਬ 'ਚ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣਾ ਅਤੇ ਪੇਂਡੂ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਵੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਸ਼੍ਰੋਮਣੀ ਕਮੇਟੀ ਲਈ ਚੁਣੌਤੀ ਤੋਂ ਘੱਟ ਨਹੀਂ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਇਸ ਵੇਲੇ ਸਵਾ ਸੌ ਦੇ ਲਗਪਗ ਸਕੂਲ, ਕਾਲਜ ਅਤੇ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਹਨ, ਪਰ ਇਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਸੁਧਾਰਵਾਦੀ ਤੇ ਵਧੇਰੇ ਇੱਛਾ-ਸ਼ਕਤੀ ਨਾਲ ਆਪਣੇ ਏਜੰਡਿਆਂ ਵੱਲ ਸੇਧਿਤ ਕਰਨ ਦੀ ਲੋੜ ਹੈ।
ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਅੱਗੇ ਇਸ ਸੰਸਥਾ ਦੀ ਪ੍ਰਭੂਸੱਤਾ, ਵੱਕਾਰ ਅਤੇ ਭਰੋਸੇਯੋਗਤਾ ਨੂੰ ਕਾਇਮ ਕਰਨਾ ਵੀ ਇਕ ਵੱਡੀ ਚੁਣੌਤੀ ਹੈ। ਸਿੱਖ ਪੰਥ ਵਿਚ ਸ਼੍ਰੋਮਣੀ ਕਮੇਟੀ ਦੇ ਗੁਆਚੇ ਵਿਸ਼ਵਾਸ ਨੂੰ ਬਹਾਲ ਕਰਨਾ ਅਤੇ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਯੋਗਤਾ ਦਿਖਾਉਣ ਦੀ ਇਕ ਅਹਿਮ ਚੁਣੌਤੀ ਹੋਵੇਗੀ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵਿਚ ਹੋਂਦ ਬਣਾ ਰਹੀ ਵਿਰੋਧੀ ਧਿਰ ਦੇ ਵਿਰੋਧ ਤੋਂ ਬਚਣਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਪਾਰਦਰਸ਼ਤਾ, ਨਿਰਪੱਖਤਾ ਅਤੇ ਧਰਮ ਪ੍ਰਚਾਰ ਨੂੰ ਸਿੱਟਾਮੁਖੀ ਲੀਹਾਂ 'ਤੇ ਤੋਰਨ ਦੀ ਯੋਗਤਾ ਵੀ ਦਿਖਾਉਣੀ ਪਵੇਗੀ। ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਗੁਰਦੁਆਰਾ ਪ੍ਰਬੰਧਾਂ ਨੂੰ ਵਧੇਰੇ ਪਾਰਦਰਸ਼ੀ ਬਣਾਉਣ, ਸਿੱਖ ਇਤਿਹਾਸ ਦੇ ਭੁੱਲੇ-ਵਿਸਰੇ ਨਾਇਕਾਂ ਦੀ ਯਾਦ 'ਚ ਦਿਹਾੜੇ ਮਨਾਉਣ ਦੀ ਆਰੰਭੀ ਪਿਰਤ, ਰਾਜਨੀਤੀ ਦੇ ਪ੍ਰਛਾਵੇਂ ਤੋਂ ਮੁਕਤ ਧਰਮ ਪ੍ਰਚਾਰ ਦੀ ਵਿੱਢੀ ਮੁਹਿੰਮ ਆਦਿ ਕਾਰਜਾਂ ਨੂੰ ਸਰਗਰਮੀ ਨਾਲ ਜਾਰੀ ਰੱਖਣ ਸਮੇਤ ਸੁਹਜ ਤੇ ਸਿਆਣਪ ਨਾਲ ਸਿਆਸੀ ਵਿਰੋਧੀ ਧੜਿਆਂ ਨੂੰ ਵੀ ਕੌਮੀ ਕਾਰਜਾਂ ਮੌਕੇ ਭਰੋਸੇ 'ਚ ਲੈ ਕੇ ਚੱਲਣ ਵਰਗੇ ਉੱਦਮ ਕਰਨੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਸਮੁੱਚੀ ਕਾਰਜਕਾਰਨੀ ਲਈ ਵੀ ਜ਼ਰੂਰੀ ਹੋਣਗੇ। ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਗੁਰਸਿੱਖੀ ਪਰਵਰਿਸ਼ 'ਚ ਜੰਮੇ-ਪਲੇ ਅਤੇ ਪੜ੍ਹੇ-ਲਿਖੇ ਆਗੂ ਹਨ, ਪਰ ਉਨ੍ਹਾਂ ਲਈ ਸ਼੍ਰੋਮਣੀ ਕਮੇਟੀ ਵਰਗੀ ਸਮਰੱਥ ਸੰਸਥਾ ਦੀ ਅਗਵਾਈ ਕਰਦਿਆਂ, ਸਫਲਤਾਵਾਂ ਹਾਸਲ ਕਰਨ ਵਾਸਤੇ ਆਪਣੀ ਪ੍ਰਬੰਧਕੀ ਕਾਬਲੀਅਤ ਅਤੇ ਪ੍ਰੋੜ੍ਹਤਾ ਦਿਖਾਉਣੀ ਬੇਹੱਦ ਜ਼ਰੂਰੀ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨਾਂ ਦੇ ਮੁਕਾਬਲੇ ਉਮਰ 'ਚ ਵੀ ਛੋਟੇ ਤੇ ਤੰਦਰੁਸਤ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੀਆਂ ਧਾਰਮਿਕ ਸਰਗਰਮੀਆਂ ਵੀ ਜ਼ਿਆਦਾ ਦਿਖਾਉਣੀਆਂ ਪੈਣਗੀਆਂ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com

ਅੱਜ ਬਰਸੀ 'ਤੇ ਵਿਸ਼ੇਸ਼

ਬਾਬਾ ਵਸਾਖਾ ਸਿੰਘ ਦਦੇਹਰ

ਬਾਬਾ ਵਸਾਖਾ ਸਿੰਘ ਦਾ ਜਨਮ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਸਰਹਾਲੀ ਕਲਾਂ ਤੋਂ 3 ਕਿਲੋਮੀਟਰ ਦੂਰ ਦੱਖਣ ਦੀ ਬਾਹੀ ਵਿਚ ਨਗਰ ਦਦੇਹਰ ਸਾਹਿਬ ਵਿਖੇ ਪਿਤਾ ਸ: ਦਿਆਲ ਸਿੰਘ ਤੇ ਮਾਤਾ ਇੰਦਰ ਕੌਰ ਦੇ ਘਰ 13 ਅਪ੍ਰੈਲ, 1877 ਈ: ਨੂੰ ਵਿਸਾਖੀ ਵਾਲੇ ਦਿਨ ਹੋਇਆ। ਇਸ ਕਰਕੇ ਆਪ ਦੇ ਤਾਇਆ ਸ: ਖੁਸ਼ਹਾਲ ਸਿੰਘ ਨੇ ਇਨ੍ਹਾਂ ਦਾ ਨਾਂਅ ਵਸਾਖਾ ਸਿੰਘ ਰੱਖਿਆ। ਆਪ ਨੇ ਮੁਢਲੀ ਪੜ੍ਹਾਈ ਪਿੰਡ ਦੇ ਗ੍ਰੰਥੀ ਈਸ਼ਰ ਦਾਸ ਤੋਂ ਪ੍ਰਾਪਤ ਕੀਤੀ।
18 ਸਾਲ ਦੀ ਉੱਠਦੀ ਜਵਾਨੀ ਵਿਚ ਫ਼ੌਜ ਵਿਚ ਭਰਤੀ ਹੋਏ ਅਤੇ ਫ਼ੌਜ ਦੌਰਾਨ ਆਪ ਨੇ ਰਾਵਲਪਿੰਡੀ ਵਿਚ ਸ: ਅਜੀਤ ਸਿੰਘ ਦੀ ਇਕ ਧੜੱਲੇਦਾਰ ਤਕਰੀਰ ਸੁਣੀ, ਜਿਸ ਤਕਰੀਰ ਤੋਂ ਬਾਬਾ ਜੀ ਕਾਫੀ ਪ੍ਰਭਾਵਿਤ ਹੋਏ ਅਤੇ ਆਪ ਨੇ ਫ਼ੌਜ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਜੂਝ ਪਏ ਅਤੇ ਵਾਪਸ ਆਪਣੇ ਨਗਰ ਦਦੇਹਰ ਆ ਕੇ ਪਿੰਡ ਦੇ ਇਕ ਸਾਥੀ ਦੀ ਮਦਦ ਨਾਲ ਆਪ ਸ਼ੰਘਾਈ ਪਹੁੰਚੇ ਅਤੇ ਉਥੇ ਪੁਲਿਸ ਵਿਚ ਨੌਕਰੀ ਕਰ ਲਈ। ਪਰ ਉਥੇ ਰਿਸ਼ਵਤ ਦਾ ਜ਼ਿਆਦਾ ਜ਼ੋਰ ਹੋਣ ਕਰਕੇ ਇਹ ਨੌਕਰੀ ਰਾਸ ਨਾ ਆਈ ਅਤੇ ਆਪ ਅਮਰੀਕਾ ਚਲੇ ਗਏ, ਜਿਥੇ ਆਪ ਦਾ ਮੇਲ ਬਾਬਾ ਜਵਾਲਾ ਸਿੰਘ ਨਾਲ ਹੋਇਆ ਅਤੇ ਆਪ ਦੋਵਾਂ ਨੇ ਮਿਲ ਕੇ ਇਕ 500 ਏਕੜ ਦਾ ਫਾਰਮ ਅਮਰੀਕਾ ਸਰਕਾਰ ਤੋਂ ਠੇਕੇ 'ਤੇ ਲੈ ਲਿਆ। ਇਹ ਫਾਰਮ ਆਲੂਆਂ ਦਾ ਬਾਦਸ਼ਾਹ ਦੇ ਨਾਂਅ 'ਤੇ ਕਾਫੀ ਮਸ਼ਹੂਰ ਹੋਇਆ ਅਤੇ ਇਥੇ ਹੀ ਆਪ ਦਾ ਮੇਲ ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਨਾਲ ਹੋਇਆ ਅਤੇ ਇਨ੍ਹਾਂ ਸਭਨਾਂ ਨੇ ਮਿਲ ਕੇ ਗ਼ਦਰ ਪਾਰਟੀ ਦੇ ਨਾਂਅ ਦੀ ਇਕ ਪਾਰਟੀ ਤਿਆਰ ਕੀਤੀ ਅਤੇ ਇਕ ਗ਼ਦਰ ਅਖ਼ਬਾਰ ਵੀ ਕੱਢਿਆ, ਜਿਸ ਵਿਚ ਹਿੰਦੁਸਤਾਨ ਦੀਆਂ ਸਮੱਸਿਆਵਾਂ ਅਤੇ ਗੁਲਾਮੀ ਤੋਂ ਛੁਟਕਾਰਾ ਪਾਉਣ ਤੋਂ ਜਾਣੂ ਕਰਵਾਇਆ ਜਾਂਦਾ ਸੀ। ਇਸ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ।
ਇਥੇ ਇਨ੍ਹਾਂ ਪੰਜਾਬੀ ਦੇਸ਼ ਭਗਤਾਂ ਦੀ ਇਕ ਨਵੇਂ ਇਮਤਿਹਾਨ ਦਾ ਦੌਰ ਸ਼ੁਰੂ ਹੋਇਆ। ਜੇਲ੍ਹ ਦੇ ਜ਼ਾਲਮ ਪ੍ਰਬੰਧ ਵਿਰੁੱਧ ਕੀਤੇ ਗਏ ਸੰਘਰਸ਼ ਵਿਚ ਨੌਜਵਾਨ ਵਸਾਖਾ ਸਿੰਘ ਨੇ ਵਧ-ਚੜ੍ਹ ਕੇ ਹਿੱਸਾ ਲਿਆ। 1920 ਵਿਚ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਕੇ ਪਿੰਡ ਦਦੇਹਰ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਬਾਬਾ ਜੀ ਦੀ ਸਾਰੀ ਘਰੇਲੂ ਜਾਇਦਾਦ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ ਅਤੇ ਆਪ ਜੀ ਨੂੰ ਪਿੰਡ ਵਿਚ ਸਖ਼ਤ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ। ਆਪ ਗੁਰਦੁਆਰਾ ਪੰਜਾ ਸਾਹਿਬ ਦੀ ਉਸਾਰੀ ਸਮੇਂ ਇਸ ਦਾ ਨੀਂਹ ਪੱਥਰ ਰੱਖਣ ਵਾਲਿਆਂ ਵਿਚੋਂ ਇਕ ਸਨ। ਇਨ੍ਹਾਂ ਸਮਿਆਂ ਵਿਚ ਅਕਾਲੀ ਲਹਿਰ ਆਜ਼ਾਦੀ ਦੀ ਦੇਸ਼ ਵਿਆਪੀ ਲਹਿਰ ਦਾ ਅਨਿੱਖੜਵਾਂ ਅੰਗ ਸੀ ਤੇ ਕੁਦਰਤੀ ਤੌਰ 'ਤੇ ਇਸ ਵਿਚ 1914-15 ਵਾਲੇ ਗ਼ਦਰੀ ਬਾਬਿਆਂ ਦਾ ਡੂੰਘਾ ਸਤਿਕਾਰ ਸੀ। ਸੰਤ ਵਸਾਖਾ ਸਿੰਘ 1934 ਵਿਚ ਅਕਾਲ ਤਖ਼ਤ ਦੇ ਜਥੇਦਾਰ ਨਿਯੁਕਤ ਕੀਤੇ ਗਏ। 1940 ਵਿਚ ਉਨ੍ਹਾਂ ਨੂੰ ਫਿਰ ਗ੍ਰਿਫ਼ਤਾਰ ਕਰ ਕੇ ਦਿਊਲੀ ਕੈਂਪ 'ਚ ਨਜ਼ਰਬੰਦ ਕਰ ਦਿੱਤਾ ਗਿਆ, ਜਿਥੇ ਗ਼ਦਰੀ ਇਨਕਲਾਬੀ ਅਤੇ ਕਮਿਊਨਿਸਟ ਆਗੂ ਕੈਦ ਸਨ। ਫਿਰ ਬਿਮਾਰੀ ਦੇ ਕਾਰਨ 1941 ਵਿਚ ਰਿਹਾਅ ਕਰ ਦਿੱਤਾ ਗਿਆ। ਫਿਰ ਆਪ ਨੂੰ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਤੋਂ ਦੇਸ਼ ਭਗਤ ਯਾਦਗਾਰ ਟਰੱਸਟ ਦਾ ਪ੍ਰਧਾਨ ਬਣਾਇਆ ਗਿਆ, ਜਿਸ ਦੀ ਸੇਵਾ ਆਖਰੀ ਸਵਾਸਾਂ ਤੱਕ ਨਿਭਾਉਂਦੇ ਰਹੇ। ਅੰਤ ਇਹ ਗ਼ਦਰੀ ਇਨਕਲਾਬੀ ਸੂਰਮਾ 5 ਦਸੰਬਰ, 1957 ਨੂੰ ਸਵੇਰੇ ਅੰਮ੍ਰਿਤ ਵੇਲੇ ਤਰਨ ਤਾਰਨ ਵਿਖੇ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਕੇ ਅਕਾਲ ਪੁਰਖ ਦੀ ਗੋਦ ਵਿਚ ਸਮਾ ਗਿਆ। ਨਗਰ ਦਦੇਹਰ ਸਾਹਿਬ ਹਰ ਸਾਲ 5 ਦਸੰਬਰ ਨੂੰ ਜਿਥੇ ਬਾਬਾ ਵਸਾਖਾ ਸਿੰਘ ਦੀ ਬਰਸੀ ਮਨਾਉਂਦਾ ਹੈ, ਉਥੇ ਭਾਰਤ ਦੇ ਮਹਾਨ ਗ਼ਦਰੀ ਬਾਬਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਅਤੇ 5 ਦਸੰਬਰ ਗ਼ਦਰੀ ਬਾਬਿਆਂ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।


-21, ਸੰਧੂ ਕਾਲੋਨੀ, ਅਨੰਦ ਨਗਰ-ਬੀ, ਪਟਿਆਲਾ।
ਮੋਬਾ: 98555-80028

ਅੱਜ ਜਨਮ ਦਿਨ 'ਤੇ ਵਿਸ਼ੇਸ਼

ਆਧੁਨਿਕ ਸਿੱਖ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ

ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ, 1872 ਨੂੰ ਇਕ ਵਿਦਵਾਨ ਘਰਾਣੇ ਵਿਚ ਪਿਤਾ ਸ: ਚਰਨ ਸਿੰਘ ਅਤੇ ਮਾਤਾ ਉੱਤਮ ਕੌਰ ਦੀ ਸੁਭਾਗੀ ਕੁੱਖ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਹੋਇਆ। ਆਪ ਆਪਣੇ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਗੁਰਸਿੱਖੀ ਤੇ ਵਿਦਵਤਾ ਦੀ ਗੁੜ੍ਹਤੀ ਆਪ ਨੂੰ ਵਿਰਸੇ ਵਿਚ ਹੀ ਮਿਲੀ। ਆਪ ਦੇ ਦਾਦਾ ਸ: ਕਾਹਨ ਸਿੰਘ ਆਪਣੇ ਸਮੇਂ ਦੇ ਸੰਸਕ੍ਰਿਤ ਦੇ ਮੰਨੇ ਹੋਏ ਵਿਦਵਾਨ ਅਤੇ ਬ੍ਰਜ ਭਾਸ਼ਾ ਵਿਚ ਬਹੁਤ ਖੂਬਸੂਰਤ ਕਵਿਤਾ ਲਿਖਦੇ ਸਨ। ਨਾਨਾ ਗਿਆਨੀ ਹਜ਼ਾਰਾ ਸਿੰਘ ਗੁਰਬਾਣੀ ਦੇ ਟੀਕਾਕਾਰ ਸਨ।
ਭਾਈ ਸਾਹਿਬ ਨੇ ਮੁਢਲੀ ਸਿੱਖਿਆ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਕੋਲ ਰਹਿ ਕੇ ਹੀ ਪ੍ਰਾਪਤ ਕੀਤੀ। ਆਪ ਨੇ ਰਵਾਇਤੀ ਅਤੇ ਆਧੁਨਿਕ ਅੰਗਰੇਜ਼ੀ ਦੋਵਾਂ ਤਰ੍ਹਾਂ ਦੀ ਵਿੱਦਿਆ ਹਾਸਲ ਕੀਤੀ। ਫਾਰਸੀ, ਉਰਦੂ ਅਤੇ ਸੰਸਕ੍ਰਿਤ ਗ੍ਰੰਥਾਂ ਦਾ ਅਧਿਐਨ ਕੀਤਾ। ਅੱਠ ਸਾਲ ਦੀ ਉਮਰ ਵਿਚ ਹੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ ਸਨ। ਮੈਟ੍ਰਿਕ ਪਾਸ ਕਰਨ ਉਪਰੰਤ ਆਪ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲੇਖਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਆਰੰਭ ਵਿਚ ਸਕੂਲਾਂ ਲਈ ਪਾਠ- ਪੁਸਤਕਾਂ ਲਿਖੀਆਂ। ਫਿਰ 1892 ਵਿਚ ਆਪਣੇ ਇਕ ਸਾਥੀ ਭਾਈ ਵਜ਼ੀਰ ਸਿੰਘ ਨਾਲ ਮਿਲ ਕੇ 'ਵਜ਼ੀਰ ਹਿੰਦ ਪ੍ਰੈੱਸ' ਸ਼ੁਰੂ ਕੀਤੀ। 1894 ਵਿਚ 'ਖਾਲਸਾ ਟਰੈਕਟ ਸੁਸਾਇਟੀ' ਬਣਾ ਕੇ ਸਿੱਖ ਸਿਧਾਂਤਾਂ, ਪੰਜਾਬੀ ਬੋਲੀ, ਗੁਰਮੁਖੀ ਲਿੱਪੀ, ਗੁਰਬਾਣੀ ਦਾ ਪ੍ਰਚਾਰ ਅਤੇ ਪੰਥਕ ਸਰਗਰਮੀਆਂ ਜ਼ੋਰ-ਸ਼ੋਰ ਨਾਲ ਚਲਾਈਆਂ। ਸਿੱਖਾਂ ਦੁਆਰਾ ਆਪਣਾ ਰਾਜ ਭਾਗ ਗੁਆਉਣ ਅਤੇ ਬ੍ਰਿਟਿਸ਼ ਹਕੂਮਤ ਦੇ ਆਗਮਨ ਨਾਲ ਸਿੱਖ ਜਨਤਾ ਡੂੰਘੀ ਨਿਰਾਸ਼ਾ ਵਿਚ ਸੀ। ਸਿੱਖ ਸਮਾਜ ਅੰਦਰ ਫਿਰ ਤੋਂ ਪਾਖੰਡਵਾਦ, ਸਮਾਜਿਕ ਤੇ ਧਾਰਮਿਕ ਕੁਰੀਤੀਆਂ ਪੈਦਾ ਹੋ ਰਹੀਆਂ ਸਨ। ਅਜਿਹੇ ਸਮੇਂ ਭਾਈ ਸਾਹਿਬ ਨੇ ਆਪਣੀ ਕਲਮ ਦੀ ਧਾਰ ਨੂੰ ਤਿੱਖਾ ਕੀਤਾ। ਜਨਤਾ ਅੰਦਰ ਜੋਸ਼ ਪੈਦਾ ਕਰਨ ਲਈ ਇਤਿਹਾਸਕ ਘਟਨਾਵਾਂ ਨੂੰ ਆਧਾਰ ਬਣਾ ਕੇ ਆਪ 1897 ਵਿਚ ਆਪਣੇ ਪਹਿਲੇ ਨਾਵਲ 'ਸੁੰਦਰੀ' ਨਾਲ ਸਾਹਿਤ ਜਗਤ ਅੰਦਰ ਪ੍ਰਵੇਸ਼ ਕਰਦੇ ਹਨ। 1899 ਵਿਚ ਦੂਜਾ ਨਾਵਲ 'ਬਿਜੇ ਸਿੰਘ' ਅਤੇ 1900 ਵਿਚ ਤੀਜਾ ਨਾਵਲ 'ਸਤਵੰਤ ਕੌਰ' ਲਿਖਿਆ। ਉਨ੍ਹਾਂ ਦੇ ਨਾਵਲਾਂ ਦਾ ਵਿਸ਼ਾ ਇਸਤਰੀ-ਪੁਰਖ ਦੇ ਉੱਚੇ ਤੇ ਜੁਝਾਰੂ ਕਿਰਦਾਰ ਨੂੰ ਪੇਸ਼ ਕਰਨਾ ਹੈ। ਭਾਈ ਸਾਹਿਬ ਨੇ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਸ਼ੁਰੂ ਕਰਵਾਉਣ ਵਿਚ ਵੀ ਸਰਗਰਮ ਹਿੱਸਾ ਪਾਇਆ, ਜਿਨ੍ਹਾਂ ਵਿਚ 'ਚੀਫ ਖ਼ਾਲਸਾ ਦੀਵਾਨ' (1902), 'ਸਿੱਖ ਐਜੂਕੇਸ਼ਨਲ ਸੁਸਾਇਟੀ' (1908), 'ਪੰਜਾਬ ਐਂਡ ਸਿੰਧ ਬੈਂਕ' (1908) ਪ੍ਰਮੁੱਖ ਹਨ।
ਭਾਈ ਵੀਰ ਸਿੰਘ ਨੇ ਨਿਰੰਤਰ ਨਿੱਕੀ ਕਵਿਤਾ, ਮਹਾਂਕਾਵਿ, ਵਾਰਤਕ, ਇਤਿਹਾਸਕ ਨਾਵਲ, ਇਤਿਹਾਸਕ ਲੇਖਾਂ, ਸੰਪਾਦਨ, ਸਟੀਕ ਤੇ ਨਾਟਕਾਂ ਆਦਿ ਦੁਆਰਾ ਪੰਜਾਬੀ ਸਾਹਿਤ ਜਗਤ ਵਿਚ ਰਚਨਾਵਾਂ ਦੀ ਝੜੀ ਹੀ ਲਾ ਦਿੱਤੀ। ਸ਼ਾਇਦ ਹੀ ਹੋਰ ਕੋਈ ਪੰਜਾਬੀ ਸਾਹਿਤਕਾਰ ਹੋਵੇ, ਜਿਸ ਨੇ ਏਨੀ ਵੰਨਗੀ ਦੀ ਅਤੇ ਏਨੀ ਵੱਡੀ ਗਿਣਤੀ ਵਿਚ ਰਚਨਾ ਕੀਤੀ ਹੋਵੇ। ਭਾਈ ਸਾਹਿਬ ਦੀਆਂ ਪ੍ਰਮੁੱਖ ਰਚਨਾਵਾਂ ਹਨ : ਰਾਣਾ ਸੂਰਤ ਸਿੰਘ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਭਰਥਰੀ ਹਰੀ ਸ਼ਤਕ (ਅਨੁਵਾਦ), ਸੁੰਦਰੀ, ਸ੍ਰੀ ਗੁਰੂ ਗ੍ਰੰਥ ਕੋਸ਼, ਟੀਕਾ ਸ੍ਰੀ ਗੁਰੂ ਗੰਥ ਸਾਹਿਬ (ਅਪੂਰਣ), ਸੰਤ ਗਾਥਾ ਆਦਿ।
ਆਪ ਦੀ ਇਸ ਵਿਦਵਤਾ ਅਤੇ ਬਹੁਪੱਖੀ ਪ੍ਰਤਿਭਾ ਨੂੰ ਦੇਖਦੇ ਹੋਏ 1949 ਈਸਵੀ ਵਿਚ ਪੰਜਾਬ ਯੂਨੀਵਰਸਿਟੀ ਵਲੋਂ 'ਡਾਕਟਰ ਆਫ ਓਰੀਐਂਟਲ ਲਰਨਿੰਗ' ਦੀ ਡਿਗਰੀ ਪ੍ਰਦਾਨ ਕੀਤੀ ਗਈ। ਆਜ਼ਾਦ ਭਾਰਤ ਦੀ ਸਥਾਪਨਾ ਪਿੱਛੋਂ ਆਪ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਨਾਮਜ਼ਾਦ ਕੀਤੇ ਗਏ। ਭਾਰਤੀ ਸਾਹਿਤ ਅਕਾਦਮੀ ਵਲੋਂ ਆਪ ਦੀ ਕਿਤਾਬ 'ਮੇਰੇ ਸਾਈਆਂ ਜੀਉ' ਨੂੰ 1955 ਵਿਚ 'ਸਾਹਿਤ ਅਕਾਦਮੀ ਐਵਾਰਡ' ਦਿੱਤਾ ਗਿਆ। 25 ਦਸੰਬਰ, 1954 ਨੂੰ ਮੁੰਬਈ ਵਿਖੇ ਹੋਈ ਵਿਸ਼ਾਲ ਸਿੱਖ ਵਿੱਦਿਅਕ ਕਾਨਫਰੰਸ ਵਿਚ 'ਅਭਿਨੰਦਨ ਗ੍ਰੰਥ' ਭੇਟ ਕੀਤਾ ਗਿਆ। ਭਾਈ ਸਾਹਿਬ ਦੀ ਸਮੁੱਚੀ ਰਚਨਾ ਦਾ ਸਨਮਾਨ ਕਰਦਿਆਂ 1956 ਵਿਚ ਭਾਰਤ ਸਰਕਾਰ ਵਲੋਂ ਆਪ ਨੂੰ 'ਪਦਮ ਭੂਸ਼ਣ' ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਸ ਸਨਮਾਨ ਦਾ ਪ੍ਰਮਾਣ ਪੱਤਰ ਆਪ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਭੇਟ ਕੀਤਾ ਗਿਆ ਸੀ। 10 ਜੂਨ, 1957 ਨੂੰ ਭਾਈ ਸਾਹਿਬ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।


-ਪਿੰਡ ਜੋਧਪੁਰ ਰੋਮਾਣਾ, ਜ਼ਿਲ੍ਹਾ ਬਠਿੰਡਾ।
ਮੋਬਾ: 75891-19192

6 ਦਸੰਬਰ ਲਈ ਬਰਸੀ 'ਤੇ ਵਿਸ਼ੇਸ਼

ਗੁਰਮਤਿ ਦੇ ਮਹਾਨ ਵਿਦਵਾਨ ਪ੍ਰਿੰ: ਭਗਤ ਸਿੰਘ ਹੀਰਾ

ਪ੍ਰਿੰ: ਭਗਤ ਸਿੰਘ ਹੀਰਾ ਗੁਰਮਤਿ ਦੇ ਉੱਚਕੋਟੀ ਦੇ ਗਿਣੇ ਜਾਣ ਵਾਲੇ ਵਿਦਵਾਨਾਂ ਵਿਚੋਂ ਇਕ ਸਨ। ਉਨ੍ਹਾਂ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਸਿੱਖ ਧਰਮ ਸਾਹਿਤ ਤੇ ਇਤਿਹਾਸ ਦੇ ਮੁਤਾਲੇ ਖੋਜ-ਭਾਲ ਅਤੇ ਵਿਆਖਿਆ-ਵਿਖਿਆਨ ਲਈ ਅਰਪਣ ਰਿਹਾ। ਸਿੱਖ ਧਰਮ ਸਾਹਿਤ ਤੇ ਇਤਿਹਾਸ ਲਈ ਕੀਤੀ ਸੇਵਾ ਦੀ ਪ੍ਰੇਰਨਾ ਮਾਨੋ ਵਿਰਸੇ ਵਿਚੋਂ ਮਿਲੀ ਹੋਈ ਸੀ। ਉਹ ਸਾਡੇ ਕੁਝ ਅਜਿਹੇ ਗਿਣਵੇਂ ਵਿਦਵਾਨਾਂ ਵਿਚੋਂ ਇਕ ਸਨ, ਜੋ ਤਕਰੀਰ ਤੇ ਤਹਿਰੀਰ ਦੋਵਾਂ ਦੇ ਧਨੀ ਸਨ, ਜਿਨ੍ਹਾਂ ਨੇ ਕੇਵਲ ਭਾਰਤ ਵਿਚ ਹੀ ਨਹੀਂ, ਸਗੋਂ ਦੱਖਣ-ਪੂਰਬ ਏਸ਼ੀਆ ਵਿਚ ਥਾਂ-ਥਾਂ 'ਤੇ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ।
ਉਨ੍ਹਾਂ ਦਾ ਜਨਮ 17 ਮਈ, 1907 ਈ: ਵਿਚ ਪਿਤਾ ਸ: ਸ਼ਰਧਾ ਸਿੰਘ ਦੇ ਘਰ ਗੁਜਰਖਾਨ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਚ ਉਦੋਂ ਹੋਇਆ ਜਦੋਂ ਸਿੱਖ ਸੰਸਾਰ ਵਿਚ ਨਵਜਾਗ੍ਰਿਤੀ ਦੀ ਲਹਿਰ ਦਿਨੋ-ਦਿਨ ਖੂਬ ਮਘ ਰਹੀ ਸੀ। ਉਨ੍ਹਾਂ ਨੇ ਮੁਢਲੀ ਵਿੱਦਿਆ ਗੁਰੂ ਨਾਨਕ ਖਾਲਸਾ ਹਾਈ ਸਕੂਲ ਗੁਜਰਖਾਨ ਤੋਂ ਅਤੇ ਉਚੇਰੀ ਵਿੱਦਿਆ ਗਾਰਡਨ ਮਿਸ਼ਨ ਕਾਲਜ ਰਾਵਲਪਿੰਡੀ ਤੋਂ ਪ੍ਰਾਪਤ ਕੀਤੀ। 1930 ਤੋਂ 1933 ਈ: ਤੱਕ ਡੀ. ਸੀ. ਦਫ਼ਤਰ ਰਾਵਲਪਿੰਡੀ ਕਲਰਕ ਦੀ ਪੋਸਟ 'ਤੇ ਨੌਕਰੀ ਕੀਤੀ। 1934 ਤੋਂ 1935 ਈ: ਤੱਕ ਮੈਨੇਜਰ ਰਾਇਲ ਆਰਮੀ ਟੈਂਮਪੋਰੈਸ ਐਸੋਸੀਏਸ਼ਨ 'ਚ ਸਿਕੰਦਰਾਬਾਦ, 1936 ਤੋਂ 1941 ਈ: ਤੱਕ ਰਾਜਾ ਬਾਜ਼ਾਰ ਰਾਵਲਪਿੰਡੀ 'ਚ ਫੋਟੋਗ੍ਰਾਫਰ ਦੀ ਦੁਕਾਨ ਕੀਤੀ। 1941 ਤੋਂ 1951 ਈ: ਤੱਕ ਆਰ.ਏ.ਐਸ.ਸੀ. ਵਿਚ ਕੰਮਬਟੈਂਟ ਕਲਰਕ ਦੀ ਸੇਵਾ ਕੀਤੀ ਅਤੇ 10 ਜੂਨ, 1951 ਈ: ਨੂੰ ਅਸਤੀਫ਼ਾ ਦੇ ਕੇ ਨੌਕਰੀ ਤੋਂ ਮੁਕਤ ਹੋ ਗਏ। 1952 ਤੋਂ 1955 ਈ: ਤੱਕ ਤਿਲਕ ਨਗਰ ਨਵੀਂ ਦਿੱਲੀ ਵਿਚ ਨਿੱਜੀ ਤੌਰ 'ਤੇ ਹਰਿੰਦਰਾ ਕਾਲਜ ਖੋਲ੍ਹਿਆ, ਜਿਸ ਵਿਚ ਐਮ.ਏ. ਅੰਗਰੇਜ਼ੀ ਤੇ ਬੀ. ਏ. ਦੀਆਂ ਕਲਾਸਾਂ ਚਲਦੀਆਂ ਰਹੀਆਂ। ਹੀਰਾ ਸਾਹਿਬ ਨੇ ਪ੍ਰਿੰਸੀਪਲ ਵਜੋਂ ਕੰਮ ਕੀਤਾ। ਕਾਲਜ ਸਫ਼ਲਤਾਪੂਰਵਕ ਚੱਲ ਰਿਹਾ ਸੀ ਪਰ 1955 ਵਿਚ ਪੰਜਾਬ ਯੂਨੀਵਰਸਿਟੀ ਦੀ ਜਿਊਰੀਡਿਕਸ਼ਨ ਦਿੱਲੀ ਵਿਚ ਖ਼ਤਮ ਹੋਣ ਕਰਕੇ ਕਾਲਜ ਬੰਦ ਕਰਨਾ ਪਿਆ।
ਪ੍ਰਿੰ: ਹੀਰਾ ਹੁਰਾਂ ਨੇ ਸੇਵਾਪੰਥੀ ਸੰਪਰਦਾਇ ਬਾਰੇ ਅੱਧੀ ਦਰਜਨ ਪੁਸਤਕਾਂ ਲਿਖੀਆਂ। ਸ੍ਰੀਮਾਨ ਮਹੰਤ ਤੀਰਥ ਸਿੰਘ 'ਸੇਵਾਪੰਥੀ' ਉਨ੍ਹਾਂ ਨੂੰ ਬਹੁਤ ਮਾਣ, ਸਤਿਕਾਰ ਦਿੰਦੇ ਸਨ। ਹੀਰਾ ਜੀ ਹਰ ਸਾਲ ਬ੍ਰਹਮ ਗਿਆਨੀ ਭਾਈ ਜਗਤਾ ਰਾਮ ਦੇ ਸਾਲਾਨਾ ਯੱਗ ਸਮਾਗਮ (2 ਮਾਘ) ਅਤੇ ਸ੍ਰੀਮਾਨ ਮਹੰਤ ਗੁਲਾਬ ਸਿੰਘ ਸੇਵਾਪੰਥੀ ਦੀ ਸਾਲਾਨਾ ਬਰਸੀ (8 ਵੈਸਾਖ) ਤੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਸਨ। ਉਹ ਅਨੇਕਾਂ ਸੰਸਥਾਵਾਂ, ਸਭਾ ਸੁਸਾਇਟੀਆਂ ਦੇ ਮੈਂਬਰ, ਕਈ ਮੈਗਜ਼ੀਨਾਂ ਦੇ ਐਡੀਟਰ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਵੀ ਰਹੇ।
ਪ੍ਰਿੰ: ਭਗਤ ਸਿੰਘ ਹੀਰਾ ਨੇ ਕਰੜੀ ਸਾਧਨਾ ਕਰ ਕੇ ਅਤੇ ਵਿਦਵਤਾ ਭਰੇ ਬਹੁਪੱਖੀ ਗਿਆਨ ਦੇ ਬਲਬੂਤੇ ਧਰਮ ਚਿੰਤਨ ਦੇ ਖੇਤਰ ਵਿਚ ਆਪਣੀ ਨਿਵੇਕਲੀ ਪਛਾਣ ਕਾਇਮ ਕਰ ਕੇ ਸਲਾਹੁਣਯੋਗ ਪ੍ਰਾਪਤੀਆਂ ਕਾਇਮ ਕੀਤੀਆਂ। ਉਨ੍ਹਾਂ ਨੂੰ ਧਰਮ ਤੇ ਸਿੱਖ ਇਤਿਹਾਸ ਦੇ ਉੱਚਤਮ ਲਿਖਾਰੀ ਵਜੋਂ 1963 ਵਿਚ ਬਿਹਾਰ ਸਿੱਖ ਪ੍ਰਤੀਨਿਧ ਬੋਰਡ ਜਮਸ਼ੇਦਪੁਰ ਵਲੋਂ, 1965 'ਚ ਮੋਟਰ ਮਰਚੈਂਟਸ ਐਸੋਸੀਏਸ਼ਨ ਮੁੰਬਈ ਵਲੋਂ, 1976 ਵਿਚ ਪੰਜਾਬੀ ਵਿੱਦਿਅਕ ਬੋਰਡ ਮਲਾਇਆ ਵਲੋਂ, 1988 ਵਿਚ ਸੰਤ ਨਿਧਾਨ ਸਿੰਘ ਯਾਦਗਾਰੀ ਪੁਰਸਕਾਰ ਕਮੇਟੀ ਬੈਂਕਾਕ ਵਲੋਂ 500 ਡਾਲਰ, 16 ਸਤੰਬਰ, 1993 ਈ: ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਸਨਮਾਨਿਤ ਕੀਤਾ ਗਿਆ।
ਗੁਰਮਤਿ ਦੇ ਮਹਾਨ ਵਿਆਖਿਆਕਾਰ, ਉੱਘੇ ਲੇਖਕ, ਅਨੇਕਾਂ ਪੁਸਤਕਾਂ ਦੇ ਰਚਣਹਾਰ ਪ੍ਰਿੰ: ਭਗਤ ਸਿੰਘ ਹੀਰਾ 92 ਸਾਲ ਦੀ ਉਮਰ ਭੋਗ ਕੇ 6 ਦਸੰਬਰ, 1999 ਈ: ਨੂੰ ਮਾਤਾ ਚੰਨਣ ਦੇਈ ਹਸਪਤਾਲ ਦਿੱਲੀ ਵਿਖੇ ਗੁਰੂ ਚਰਨਾਂ 'ਚ ਜਾ ਬਿਰਾਜੇ।


-1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ, ਰੋਡ, ਜਮਾਲਪੁਰ, ਲੁਧਿਆਣਾ।

ਗਾਰਡਨਰ ਦੀ ਕਬਰ ਹੇਠਾਂ ਦਫ਼ਨ ਹਨ ਸਿੱਖ ਇਤਿਹਾਸ ਦੇ ਕਈ ਗੁਪਤ ਸੱਚ

ਉਸ ਪਾਸ ਐਨੇ ਪੈਸੇ ਨਹੀਂ ਸਨ, ਪਰ ਇਸ ਦੇ ਬਾਵਜੂਦ ਉਹ ਉਥੋਂ ਆਜ਼ਾਦ ਹੋ ਕੇ ਬਾਜਵੜ ਪਹੁੰਚ ਗਿਆ। ਉਥੇ ਪਹੁੰਚਣ 'ਤੇ ਮੀਰ ਆਲਮ ਖ਼ਾਂ ਨੇ ਉਸ ਨੂੰ 250 ਗ਼ਾਜ਼ੀਆਂ ਦਾ ਆਗੂ ਨਿਯੁਕਤ ਕਰ ਕੇ ਬਾਲਾਕੋਟ (ਹਜ਼ਾਰਾ) ਵਿਖੇ ਸੱਯਦ ਅਹਿਮਦ ਸ਼ਾਹ ਬਰੇਲਵੀ ਦੀ ਸਹਾਇਤਾ ਲਈ ਭੇਜ ਦਿੱਤਾ, ਜੋ ਕਿ ਖ਼ਾਲਸਾ ਫ਼ੌਜ ਵਿਰੁੱਧ ਜਹਾਦੀ ਜੰਗ ਲੜ ਰਿਹਾ ਸੀ (ਇਸ ਜੰਗ ਵਿਚ 30 ਮਈ, 1831 ਨੂੰ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਹੱਥੋਂ ਸੱਯਦ ਅਹਿਮਦ ਸ਼ਾਹ ਬਰੇਲਵੀ ਆਪਣੇ ਸਾਥੀਆਂ ਸਹਿਤ ਮਾਰਿਆ ਗਿਆ ਸੀ)। ਗਾਰਡਨਰ ਬਾਲਾਕੋਟ 'ਚ ਤਾਂ ਨਹੀਂ ਪਹੁੰਚਿਆ, ਪਰ ਆਪਣੇ ਸਾਥੀਆਂ ਨਾਲ ਲੁੱਟ ਦਾ ਮਾਲ ਵੰਡਣ ਨੂੰ ਲੈ ਕੇ ਹੋਏ ਝਗੜੇ ਦੇ ਬਾਅਦ ਪਿਸ਼ਾਵਰ ਜ਼ਰੂਰ ਪਹੁੰਚ ਗਿਆ। ਉਥੇ 6 ਮਹੀਨੇ ਤੱਕ ਉਹ ਸੁਲਤਾਨ ਮੁਹੰਮਦ ਖ਼ਾਂ ਦੇ ਤੋਪਖ਼ਾਨੇ ਦੇ ਤੋਪਚੀਆਂ ਨੂੰ ਸਿਖਲਾਈ ਦਿੰਦਾ ਰਿਹਾ। ਉਥੋਂ ਉਹ ਲਾਹੌਰ ਪਹੁੰਚ ਗਿਆ।
ਲਾਹੌਰ ਪਹੁੰਚਣ ਦੇ ਜਲਦੀ ਬਾਅਦ ਮੀਆਂ ਧਿਆਨ ਸਿੰਘ ਡੋਗਰਾ ਨੇ ਉਸ ਨੂੰ ਮਹਾਰਾਜੇ ਦੀ ਫ਼ੌਜ ਵਿਚੋਂ ਆਪਣੇ ਜਗੀਰਦਾਰੀ ਤੋਪਖ਼ਾਨੇ ਵਿਚ ਭਰਤੀ ਕਰ ਲਿਆ। ਇਸ ਦੌਰਾਨ ਉਸ ਨੂੰ ਤਲਬ (ਤਨਖ਼ਾਹ) ਧਿਆਨ ਸਿੰਘ ਦੀ ਜਗੀਰ ਵਿਚੋਂ ਮਿਲਦੀ ਰਹੀ। ਗਾਰਡਨਰ ਰਾਜਾ ਧਿਆਨ ਸਿੰਘ ਅਤੇ ਉਸ ਦੇ ਪੁੱਤਰ ਹੀਰਾ ਸਿੰਘ ਡੋਗਰਾ ਦੀ ਹੱਤਿਆ ਹੋਣ ਤੱਕ ਭਾਵ ਸੰਨ 1832 ਤੋਂ ਸੰਨ 1845 ਤੱਕ ਡੋਗਰਿਆਂ ਦੀ ਨੌਕਰੀ ਵਿਚ ਰਿਹਾ ਅਤੇ ਇਸ ਦੇ ਬਾਅਦ ਉਸ ਨੂੰ ਲਾਹੌਰ ਦਰਬਾਰ ਦੀ ਫ਼ੌਜ 'ਚ 22ਵੀਂ ਘੋੜਾ ਬੈਟਰੀ ਦਾ ਕਮਾਂਡਰ ਲਾਇਆ ਗਿਆ ਅਤੇ ਇਸ ਦੇ ਬਾਅਦ ਉਸ ਨੂੰ ਤਨਖ਼ਾਹ ਸਰਕਾਰੀ ਖ਼ਜ਼ਾਨੇ ਵਿਚੋਂ ਮਿਲਦੀ ਰਹੀ।
ਲਾਹੌਰ ਦਰਬਾਰ ਲਈ ਸੇਵਾਵਾਂ ਦੇਣ ਵਾਲੇ ਵਿਦੇਸ਼ੀ ਕਾਰਿੰਦਿਆਂ ਵਿਚੋਂ ਸਿਰਫ਼ ਗਾਰਡਨਰ ਹੀ ਇਕ ਅਜਿਹਾ ਅੰਗਰੇਜ਼ ਸੀ, ਜੋ ਡੋਗਰਿਆਂ ਦੇ ਵਧੇਰੇ ਨਜ਼ਦੀਕ ਵੀ ਰਿਹਾ ਅਤੇ ਉਨ੍ਹਾਂ ਦੀਆਂ ਲਾਹੌਰ ਦਰਬਾਰ ਵਿਰੁੱਧ ਸਾਜ਼ਿਸ਼ਾਂ ਦਾ ਪੂਰਾ ਭੇਤੀ ਵੀ ਰਿਹਾ। ਇਸ ਨੇ ਨਾ ਸਿਰਫ਼ ਸ: ਚੇਤ ਸਿੰਘ ਬਾਜਵਾ, ਮਹਾਰਾਣੀ ਚੰਦ ਕੌਰ, ਮਹਾਰਾਜਾ ਸ਼ੇਰ ਸਿੰਘ ਤੇ ਉਸ ਦੇ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਦਾ ਕਤਲ ਹੁੰਦਿਆਂ ਆਪਣੀ ਅੱਖੀਂ ਵੇਖਿਆ, ਸਗੋਂ ਇਹ ਇਨ੍ਹਾਂ ਘਟਨਾਵਾਂ ਦੇ ਘਟਿਤ ਹੋਣ ਪਿੱਛੇ ਦੀਆਂ ਸਾਜ਼ਿਸ਼ਾਂ ਤੋਂ ਵੀ ਜਾਣੂ ਸੀ। ਜਦੋਂ ਸ਼ੇਰ ਸਿੰਘ ਨੇ ਮਹਾਰਾਜਾ ਬਣਨ ਤੋਂ ਪਹਿਲਾਂ ਲਾਹੌਰ ਕਿਲ੍ਹੇ 'ਤੇ 8 ਜਨਵਰੀ, 1941 ਨੂੰ ਆਪਣੀ ਫ਼ੌਜ ਸਹਿਤ ਚੜ੍ਹਾਈ ਕੀਤੀ ਤਾਂ ਮੀਆਂ ਹੀਰਾ ਸਿੰਘ ਡੋਗਰਾ ਅਤੇ ਗੁਲਾਬ ਸਿੰਘ ਡੋਗਰਾ ਦੇ ਮਾਤਹਿਤ ਤੋਪਖ਼ਾਨੇ ਦੇ ਕਮਾਂਡਰ ਵਜੋਂ ਉਸ ਨੇ ਸ਼ੇਰ ਸਿੰਘ ਦੀ ਫ਼ੌਜ ਦਾ ਡਟ ਕੇ ਮੁਕਾਬਲਾ ਵੀ ਕੀਤਾ। ਜਦੋਂ ਸ: ਅਜੀਤ ਸਿੰਘ ਸੰਧਾਵਾਲੀਆ ਨੇ 15 ਸਤੰਬਰ, 1843 ਨੂੰ ਲਾਹੌਰ ਕਿਲ੍ਹੇ ਦੇ ਅੰਦਰ ਰਾਜਾ ਧਿਆਨ ਸਿੰਘ ਡੋਗਰਾ ਦਾ ਸਿਰ ਕੱਟ ਕੇ ਕਤਲ ਕੀਤਾ ਤਾਂ ਗਾਰਡਨਰ ਦੀਆਂ ਲਿਖਤਾਂ ਮੁਤਾਬਕ ਉਹ ਇਹ ਸਭ ਵੇਖ ਰਿਹਾ ਸੀ। ਇਸ ਦੇ ਬਾਅਦ 21 ਦਸੰਬਰ, 1844 ਨੂੰ ਜਦੋਂ ਰਾਣੀ ਜਿੰਦ ਕੌਰ ਦੇ ਭਰਾ ਵਜ਼ੀਰ ਸ: ਜਵਾਹਰ ਸਿੰਘ ਔਲਖ ਦੇ ਕਹਿਣ 'ਤੇ ਖ਼ਾਲਸਾ ਫ਼ੌਜ ਨੇ ਰਾਜਾ ਹੀਰਾ ਸਿੰਘ ਦਾ ਕਤਲ ਕਰਕੇ ਉਸ ਦਾ ਤੋਪਖ਼ਾਨਾ ਤਬਾਹ ਕੀਤਾ ਤਾਂ ਉਸ ਸਮੇਂ ਗਾਰਡਨਰ ਉਸ ਤੋਪਖ਼ਾਨੇ ਦਾ ਕਰਨੈਲ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


ਅੰਮ੍ਰਿਤਸਰ। ਫੋਨ : 9356127771, 7837849764

ਫੇਰੂ ਸ਼ਹਿਰ ਦੀ ਧਰਤੀ ਤੇ ਗ਼ਦਰ ਲਹਿਰ ਦਾ ਸਾਕਾ

ਪਿੰਡ ਫਿਰੋਜ਼ਸ਼ਾਹ (ਫੇਰੂ ਸ਼ਹਿਰ) ਫਿਰੋਜ਼ਪੁਰ ਜ਼ਿਲ੍ਹੇ ਦਾ ਇਕ ਨਾਮਵਰ ਇਤਿਹਾਸਕ ਪਿੰਡ ਹੈ ਜੋ ਕਿ ਫਿਰੋਜ਼ਪੁਰ ਤੋਂ 18 ਕਿਲੋਮੀਟਰ ਦੂਰ ਮੋਗਾ ਰੋਡ 'ਤੇ ਸਥਿਤ ਹੈ, ਜਿਥੇ ਕਿ ਫੇਰੂ ਸ਼ਹਿਰ ਦੀ ਧਰਤੀ ਨੇ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਪਹਿਲੇ ਯੁੱਧ (21, 22, 23 ਦਸੰਬਰ, 1845) ਦੇ ਫੱਟ ਆਪਣੇ ਸੀਨੇ 'ਤੇ ਖਾਧੇ, ਉਥੇ ਇਸ ਧਰਤੀ ਦਾ ਸਪੂਤ ਗੁਲਾਬ ਸਿੰਘ 10 ਫਰਵਰੀ, 1846 ਨੂੰ ਅੰਗਰੇਜ਼ਾਂ ਅਤੇ ਸਿੱਖਾਂ ਦੀ ਸਭਰਾਵਾਂ ਦੀ ਜੰਗ ਵਿਚ ਸ਼ਹੀਦ ਹੋਇਆ। ਉਸ ਤੋਂ ਬਾਅਦ 27 ਨਵੰਬਰ, 1914 ਨੂੰ ਇਸ ਧਰਤੀ ਨੇ ਸ: ਕਰਤਾਰ ਸਿੰਘ ਸਰਾਭਾ ਦੇ ਗ਼ਦਰ ਲਹਿਰ ਦੇ ਸਾਥੀਆਂ ਦੀ ਸ਼ਹਾਦਤ ਨੂੰ ਦੇਖਿਆ ਤੇ ਕੁਰਲਾ ਉਠੀ। ਇਸ ਗ਼ਦਰੀ ਸਾਕੇ ਨੂੰ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ, ਪਿੰਡ ਵਾਸੀਆਂ ਅਤੇ ਇਲਾਕੇ ਵਲੋਂ ਵਿਸਾਰਿਆ ਹੋਇਆ ਹੈ ਪਰ ਡਰੇਨ ਦਾ ਟੁੱਟਿਆ ਹੋਇਆ ਪੁਲ ਜਿੱਥੇ ਇਹ ਭਾਣਾ ਵਰਤਿਆ ਸੀ, ਅੱਜ ਵੀ ਗ਼ਦਰ ਲਹਿਰ ਦੇ ਇਸ ਸਾਕੇ ਦਾ ਰੋਸ ਗਵਾਹ ਬਣ ਕੇ ਖੜ੍ਹਾ ਹੋਇਆ ਇਹ ਕਹਿੰਦਾ ਜਾਪਦਾ ਹੈ ਕਿ ਤੁਸੀਂ ਭਾਵੇਂ ਸਾਰੇ ਭੁੱਲ ਜਾਵੋ ਪਰ ਮੈਂ ਉਨ੍ਹਾਂ ਸਿਰਲੱਥ ਯੋਧਿਆਂ ਦੀ ਕੁਰਬਾਨੀ ਨੂੰ ਨਹੀਂ ਭੁੱਲਾਂਗਾ, ਮੈਨੂੰ ਉਨ੍ਹਾਂ 'ਤੇ ਮਾਣ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪਰਿਵਾਰ, ਘਰ-ਬਾਰ ਅਤੇ ਐਸ਼ੋ-ਆਰਾਮ ਤਿਆਗ ਦਿੱਤੇ।
ਫੇਰੂ ਸ਼ਹਿਰ (ਫਿਰੋਜ਼ਸ਼ਾਹ) ਦਾ ਇਹ ਸਾਕਾ ਗ਼ਦਰ ਪਾਰਟੀ ਦੇ ਉਸ ਪ੍ਰੋਗਰਾਮ ਨਾਲ ਸਬੰਧਤ ਹੈ, ਜਿਸ ਅਨੁਸਾਰ 26 ਨਵੰਬਰ, 1914 ਨੂੰ ਫਿਰੋਜ਼ਪੁਰ ਛਾਉਣੀ ਦੇ ਭਾਰਤੀ ਫੌਜੀਆਂ ਤੋਂ ਹਥਿਆਰ ਪ੍ਰਾਪਤ ਕਰਨੇ ਸਨ ਪਰ ਇਸ ਯੋਜਨਾ ਦੀ ਗੱਲ ਲੀਕ ਹੋਣ ਕਰਕੇ ਗ਼ਦਰੀ ਯੋਧਿਆਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਤੇ ਕੰਮ ਵਿਚ ਹੀ ਰਹਿ ਗਿਆ ਤੇ ਗ਼ਦਰੀ ਯੋਧਿਆਂ ਨੂੰ ਹੁਕਮ ਹੋਇਆ ਕਿ ਆਪੋ-ਆਪਣੇ ਟਿਕਾਣਿਆਂ 'ਤੇ ਚਲੇ ਜਾਣ, ਅਗਲੇ ਪ੍ਰੋਗਰਾਮ ਬਾਰੇ ਫਿਰ ਦੱਸਿਆ ਜਾਵੇਗਾ। 15 ਗ਼ਦਰੀ ਸੂਰਮੇ, ਜਿਨ੍ਹਾਂ ਵਿਚੋਂ ਜ਼ਿਆਦਾ ਮਨੀਲਾ ਵਿਚੋਂ ਅਤੇ ਕੁਝ ਸਾਨਫਰਾਂਸਿਸਕੋ ਤੋਂ ਆਏ ਸਨ।
ਜਦੋਂ ਪਿੰਡ ਮਿਸ਼ਰੀ ਵਾਲਾ ਪਹੁੰਚੇ ਤਾਂ ਉਥੇ ਪੁਲਿਸ ਨਾਕਾ ਲੱਗਾ ਹੋਇਆ ਸੀ। ਆਪਣੀ ਪੁਲਿਸ ਪਾਰਟੀ ਨਾਲ ਸਬ-ਇੰਸਪੈਕਟਰ ਅਤੇ ਇਲਾਕੇ ਦਾ ਜ਼ੈਲਦਾਰ ਜਵਾਲਾ ਸਿੰਘ, ਫਤਹਿ ਸਿੰਘ ਸਰਬਰਾਹ ਜ਼ੈਲਦਾਰ, ਗੁਲਾਮ ਕਾਦਰ ਸਫੈਦਪੋਸ਼ ਕਰੀਮ ਬਖਸ਼ ਸਫੈਦਪੋਸ਼, ਸ਼ੇਰ ਸਿੰਘ ਸਫੈਦਪੋਸ਼, ਕਾਹਨ ਸਿੰਘ ਹਿੱਸਦਾਰ ਅਤੇ ਸਰਦਾਰਾ ਸਿੰਘ ਹਿੱਸਦਾਰ ਅਤੇ ਕੁਝ ਚੌਕੀਦਾਰ ਪੁਲਿਸ ਕਪਤਾਨ ਦੇ ਸਵਾਗਤ ਲਈ ਖੜ੍ਹੇ ਸਨ, ਜੋ ਕਿ ਫਿਰੋਜ਼ਸ਼ਾਹ ਵਿਖੇ ਨਹਿਰ ਦੇ ਪੁਲ ਦੇ ਨਜ਼ਦੀਕ ਬਣੇ ਨਹਿਰੀ ਰੈਸਟ ਹਾਊਸ (ਬੰਗਲੇ) ਵਿਚ ਰਾਤ ਠਹਿਰਿਆ ਸੀ। ਟਾਂਗੇ ਆਉਂਦੇ ਦੇਖ ਕੇ ਜ਼ੈਲਦਾਰ ਜਵਾਲਾ ਸਿੰਘ ਨੇ ਥਾਣੇਦਾਰ ਨੂੰ ਕਿਹਾ ਕਿ ਬੰਦੇ ਸ਼ੱਕੀ ਲਗਦੇ ਹਨ ਤਾਂ ਥਾਣੇਦਾਰ ਨੇ ਰੁਕਣ ਲਈ ਇਸ਼ਾਰਾ ਕੀਤਾ, ਘੋੜੇ ਹੋਰ ਭੱਜ ਪਏ। ਉਨ੍ਹਾਂ ਨਾ ਟਾਂਗਿਆਂ ਦੇ ਮਗਰ ਆਪਣੇ ਘੋੜੇ ਭਜਾਏ ਅਤੇ ਫੇਰੂ ਸ਼ਹਿਰ ਦੇ ਨਜ਼ਦੀਕ ਨਹਿਰ ਦੇ ਪੁਲ 'ਤੇ ਉਨ੍ਹਾਂ ਨੂੰ ਅੱਗੇ ਹੋ ਕੇ ਰੋਕ ਲਿਆ। ਕੋਈ ਗੱਲਬਾਤ ਪੁੱਛੇ ਬਿਨਾਂ ਹੀ ਥਾਣੇਦਾਰ ਨੇ ਰਹਿਮਤ ਅਲੀ ਦੇ ਥੱਪੜ ਮਾਰਿਆ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੱਗੋਂ ਰਹਿਮਤ ਅਲੀ ਨੇ ਵੀ ਟਾਂਗੇ 'ਤੇ ਬੈਠੇ ਜਗਤ ਸਿੰਘ ਤੋਂ ਰਿਹਾ ਨਾ ਗਿਆ, ਤਾਂ ਉਸ ਨੇ ਪਿਸਤੌਲ ਕੱਢਿਆ ਅਤੇ ਬਰਾਸਤ ਅਲੀ ਦੀ ਪੁੜਪੁੜੀ ਵਿਚ ਗੋਲੀ ਮਾਰੀ ਅਤੇ ਸਦਾ ਦੀ ਨੀਂਦ ਸੁਆ ਦਿੱਤਾ।
ਜਦੋਂ ਜ਼ੈਲਦਾਰ ਜਵਾਲਾ ਸਿੰਘ ਅੱਗੇ ਵਧਿਆ ਤਾਂ ਦੂਜੀ ਗੋਲੀ ਉਸ ਦੇ ਸੀਨੇ ਵਿਚ ਮਾਰੀ। ਮੁਕਾਬਲਾ ਸ਼ੁਰੂ ਹੋਇਆ। ਗ਼ਦਰੀ ਯੋਧਿਆਂ ਕੋਲ ਚਾਰ ਪਿਸਤੌਲ ਸਨ। ਆਹਮੋ-ਸਾਹਮਣੀ ਗੋਲੀ ਚੱਲੀ। ਚੌਕੀਦਾਰ ਨੇ ਘੋੜਾ ਭਜਾਇਆ ਤੇ ਥਾਣਾ ਘੱਲ ਖੁਰਦ ਇਤਲਾਹ ਕਰ ਦਿੱਤੀ। ਗ਼ਦਰੀ ਯੋਧੇ ਨਹਿਰ ਕੰਢੇ ਸਰ ਕੰਡਿਆਂ ਵਿਚ ਲੁਕ ਕੇ ਮੁਕਾਬਲਾ ਕਰਦੇ ਰਹੇ। ਪੁਲਿਸ ਵਲੋਂ ਨਾਲ ਦੇ ਪਿੰਡਾਂ ਵਿਚ ਮੁਨਿਆਦੀ ਕਰਵਾਈ ਗਈ ਕਿ ਡਾਕੂ ਆ ਗਏ ਹਨ, ਭੱਜ ਕੇ ਪੁਲਿਸ ਦੀ ਮਦਦ ਕਰੋ। ਜਿਨ੍ਹਾਂ ਗ਼ਦਰੀਆਂ ਕੋਲ ਹਥਿਆਰ ਸਨ, ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਅਸੀਂ ਤਾਂ ਹੁਣ ਸ਼ਹੀਦ ਹੋਵਾਂਗੇ, ਤੁਸੀਂ ਲੁਕ-ਛੁਪ ਕੇ ਨਿਕਲ ਜਾਓ, ਤਾਂ ਜੋ ਗ਼ਦਰ ਲਹਿਰ ਬਹੁਤਾ ਘਾਟਾ ਨਾ ਖਾਵੇ। 6 ਗ਼ਦਰੀ ਸੂਰਮੇ ਪੁਲਿਸ ਤੋਂ ਅੱਖ ਬਚਾ ਕੇ ਭੱਜ ਕੇ ਸਰ ਕੰਡਿਆਂ ਵਿਚ ਦੀ ਹੁੰਦੇ ਹੋਏ ਪਿੰਡ ਉਗੋ ਕੇ ਵੱਲ ਨੂੰ ਭੱਜ ਗਏ ਤੇ ਅੱਗੇ ਜਾ ਕੇ ਟਰੇਨ ਚੜ੍ਹ ਗਏ। ਬਾਕੀ ਨੌਂ ਵਿਚੋਂ ਚੰਦਾ ਸਿੰਘ ਵੜੈਚ ਅਤੇ ਧਰਮ ਸਿੰਘ ਬੰਗਨੀਪੁਰਾ ਮੌਕੇ 'ਤੇ ਹੀ ਸ਼ਹੀਦ ਹੋ ਗਏ। ਪੁਲਿਸ ਨੇ ਲੋਕਾਂ ਨੂੰ ਨਾਲ ਲੈ ਕੇ ਝੱਲਾ ਅਤੇ ਸਰ ਕੰਡਿਆਂ ਨੂੰ ਅੱਗ ਲਾ ਦਿੱਤੀ, ਜਿਨ੍ਹਾਂ ਕਰਕੇ ਜਗਤ ਸਿੰਘ ਪਿੰਡ ਬਿੱਝਲ (ਲੁਧਿਆਣਾ), ਲਾਲ ਸਿੰਘ ਪਿੰਡ ਸਾਹਬਾਣਾ (ਲੁਧਿਆਣਾ), ਜੀਵਨ ਸਿੰਘ ਪਿੰਡ ਦੌਲਾ ਸਿੰਘ ਵਾਲਾ (ਪਟਿਆਲਾ ਰਿਆਸਤ), ਬਖਸ਼ੀ ਸਿੰਘ ਪਿੰਡ ਖਾਨਪੁਰ (ਲੁਧਿਆਣਾ), ਧਿਆਨ ਸਿੰਘ ਪਿੰਡ ਉਮਾਰਪੁਰ (ਸ੍ਰੀ ਅੰਮ੍ਰਿਤਸਰ), ਕਾਂਸ਼ੀ ਰਾਮ ਪਿੰਡ ਮੜੌਲੀ ਕਲਾਂ (ਅੰਬਾਲਾ) ਥਾਣਾ ਮੁਰਿੰਡਾ, ਰਹਿਮਤ ਅਲੀ ਪਿੰਡ ਬਜੀਦ ਕੇ (ਪਟਿਆਲ ਰਿਆਸਤ) ਹੁਣ ਜ਼ਿਲ੍ਹਾ ਬਰਨਾਲਾ, ਇਹ ਸਾਰੇ ਮੌਕੇ 'ਤੇ ਗ੍ਰਿਫ਼ਤਾਰ ਕਰ ਲਏ ਗਏ। ਗਾਂਧਾ ਸਿੰਘ ਕੱਚਰਭੰਨ ਬਚ ਗਏ। ਗ੍ਰਿਫ਼ਤਾਰ ਕੀਤੇ ਗਏ ਯੋਧਿਆਂ ਉਪਰ ਥਾਣਾ ਘੱਲ ਖੁਰਦ ਵਿਖੇ ਇੰਡੀਅਨ ਪੀਨਲ ਕੋਡ ਤਹਿਤ ਅੰਡਰ ਸੈਕਸ਼ਨ 149, 302 ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਇੰਟੈਰੋਗੇਟ ਕੀਤਾ ਗਿਆ ਅਤੇ ਫਿਰੋਜ਼ਪੁਰ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਇਨ੍ਹਾਂ ਦਾ 25 ਜਨਵਰੀ, 1915 ਨੂੰ ਸੈਸ਼ਨ ਕੋਰਟ ਵਿਚ ਮੁਕੱਦਮਾ ਸ਼ੁਰੂ ਹੋਇਆ ਸੀ। ਇਨ੍ਹਾਂ ਸਾਰਿਆਂ ਦੀ ਸ਼ਹਾਦਤ ਫਤਹਿ ਸਿੰਘ ਸਰਬਰਾਹ ਜ਼ੈਲਦਾਰ ਨੇ ਕੀਤੀ ਤੇ ਬਾਕੀ ਸਾਰੇ ਗਵਾਹ ਬਣੇ। ਇਕ ਹਫਤੇ ਕੇਸ ਦਾ ਨਿਪਟਾਰਾ ਕਰਕੇ 2 ਜਨਵਰੀ, 1915 ਨੂੰ ਸੈਸ਼ਨ ਜੱਜ ਬੀ.ਓ.ਰੋਏ (2.®.R®5) ਨੇ ਇਨ੍ਹਾਂ ਸੱਤਾਂ ਕੌਮੀ ਪ੍ਰਵਾਨਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਅਗਲੇ ਦਿਨ ਹੀ ਜੇਲ੍ਹ ਤਬਦੀਲ ਕਰਕੇ ਜਗਤ ਸਿੰਘ, ਲਾਲ ਸਿੰਘ ਅਤੇ ਰਹਿਮਤ ਅਲੀ ਨੂੰ 3 ਫਰਵਰੀ, 1915 ਨੂੰ ਮਿੰਟਗੁਮਰੀ ਸੈਂਟਰਲ ਜੇਲ੍ਹ ਭੇਜ ਦਿੱਤਾ। ਜੀਵਨ ਸਿੰਘ, ਬਖਸ਼ੀ ਸਿੰਘ, ਧਿਆਨ ਸਿੰਘ ਤੇ ਕਾਂਸ਼ੀ ਰਾਮ ਨੂੰ ਸਿਰਲੱਥ ਯੋਧਿਆਂ ਨੂੰ 25 ਮਾਰਚ ਅਤੇ 26 ਮਾਰਚ, 1915 ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਇਤਫਾਕ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ ਅਪੀਲ ਨਹੀਂ ਕੀਤੀ ਅਤੇ ਕਿਹਾ ਕਿ ਸਾਨੂੰ ਇਕੋ ਜੇਲ੍ਹ ਵਿਚ ਹੀ ਫਾਂਸੀ ਦਿੱਤੀ ਜਾਵੇ। ਜੱਜ ਵੀ ਇਨ੍ਹਾਂ ਦੀ ਬਹਾਦਰੀ ਤੋਂ ਹੈਰਾਨ ਸੀ।
ਲੇਖਕ ਵਲੋਂ ਇਨ੍ਹਾਂ ਦੇ ਪਰਿਵਾਰਾਂ ਨਾਲ ਰਾਬਤਾ ਰੱਖਣ ਤਹਿਤ ਜਦੋਂ ਲਾਲ ਸਿੰਘ ਦੇ ਪਿੰਡ ਸ਼ਾਹਬਾਦ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਦੇ ਭਰਾ ਪ੍ਰਤਾਪ ਸਿੰਘ ਦੇ ਪੋਤਰੇ ਕੰਵਲਜੀਤ ਸਿੰਘ ਨੇ ਆਪਣੇ ਦਾਦਾ ਲਾਲ ਸਿੰਘ ਨਾਲ ਸਬੰਧਤ ਬਹੁਤ ਸਾਰਾ ਗ਼ਦਰੀ ਸਾਹਿਤ ਇਕੱਠਾ ਕੀਤਾ ਅਤੇ ਲਾਲ ਸਿੰਘ ਦੇ ਫਾਂਸੀ ਵਾਲੇ ਕੱਪੜੇ ਵੀ ਸਾਂਭ ਕੇ ਰੱਖੇ ਹੋਏ ਸਨ। ਫਿਰੋਜ਼ਸ਼ਾਹ ਦੀ ਧਰਤੀ ਨੂੰ ਦੇਸ਼ ਦੇ ਇਨ੍ਹਾਂ ਸੂਰਬੀਰਾਂ 'ਤੇ ਮਾਣ ਹੈ। ਦਸਮੇਸ਼ ਯੂਥ ਕਲੱਬ (ਰਜਿ:) ਫਿਰੋਜ਼ਸ਼ਾਹ ਵਲੋਂ ਵੀ ਇਨ੍ਹਾਂ ਦੀ ਯਾਦ ਵਿਚ ਭਾਈ ਮੰਨਾ ਸਿੰਘ (ਗੁਰਸ਼ਰਨ ਭਾਅ ਜੀ) ਨੂੰ ਸੱਦ ਕੇ ਨਾਟਕ ਮੇਲੇ ਕਰਵਾ ਕੇ ਤਾਜ਼ਾ ਕੀਤਾ ਗਿਆ। ਹੁਣ ਦਸਮੇਸ਼ ਯੂਥ ਕਲੱਬ ਫਿਰੋਜ਼ ਸ਼ਾਹ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਵਲੋਂ ਇਲਾਕੇ ਦੇ ਬੁੱਧੀਜੀਵੀਆਂ ਨਾਲ ਵਿਚਾਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਸਬੰਧਤ ਪੁਲ 'ਤੇ ਇਨ੍ਹਾਂ ਕੌਮੀ ਪ੍ਰਵਾਨਿਆਂ ਦੀ ਯਾਦਗਾਰ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ।


-ਸਪਸ ਫਿਰੋਜ਼ਸ਼ਾਹ। ਮੋਬਾ: 97819-25629

ਪੰਜਾਬੀ ਸੂਫ਼ੀ ਪਰੰਪਰਾ ਵਿਚ 'ਵਲਾਇਤ'

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਵਲਾਇਤ ਦਾ ਸੰਕਲਪ ਈਰਾਨੀ ਸੂਫ਼ੀ ਪਰੰਪਰਾ ਦਾ ਸੰਕਲਪ ਹੈ, ਪਰ ਪੰਜਾਬ ਵਿਚ ਇਹ ਰੂਪ ਵਿਚ ਪ੍ਰਚਲਿਤ ਨਹੀਂ ਹੋ ਸਕਿਆ, ਬੇਸ਼ਕ ਸੂਫ਼ੀਵਾਦ ਦਾ ਪ੍ਰਚਾਰ-ਪਸਾਰ ਏਥੇ ਵੀ ਜਾਰੀ ਰਿਹਾ। ਇਸੇ ਲਈ ਇਸ ਦੇ ਸੰਕੇਤ ਪੰਜਾਬੀ ਕਵਿਤਾ ਵਿਚ ਮਿਲ ਜਾਂਦੇ ਹਨ। ਭਾਵੇਂ ਕਿ ਇਸ ਦਾ ਅਰਥ-ਘੇਰਾ ਸੂਫ਼ੀ ਸੰਕਲਪ ਵਾਲਾ ਨਾ ਹੋ ਕੇ ਪਰਦੇਸ ਵਾਲਾ ਹੀ ਰਿਹਾ ਹੈ। ਸਭ ਤੋਂ ਪਹਿਲਾਂ ਇਸ ਸ਼ਬਦ ਦੀ ਵਰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਈ ਮਿਲਦੀ ਹੈ, ਜਿਸ ਵਿਚ ਦੁਨੀਆ ਦੀ ਅਸਥਿਰਤਾ ਦੀ ਗੱਲ ਕਰਦਿਆਂ, ਗੁਰੂ ਰਾਮਦਾਸ ਜੀ ਵਲਾਇਤ (ਦੁਨਿਆਵੀ ਹਕੂਮਤ) ਨੂੰ ਵੀ ਨਾਸ਼ਮਾਨ ਕਹਿੰਦੇ ਹਨ :
ਦਰ ਘਰ ਮਹਲਾ ਹਸਤੀ ਘੋੜੇ
ਛੋਡਿ ਵਲਾਇਤ ਦੇਸ਼ ਗਏ।
ਗੁਰੂ ਨਾਨਕ ਕਾਲ ਵਿਚ ਹੀ ਰਚੀ ਗਈ ਇਕ ਹੋਰ ਪੁਸਤਕ ਮਸਲੇ ਸ਼ੇਖ ਫਰੀਦ ਮਿਲਦੀ ਹੈ। ਇਸ ਦੇ ਦੂਜੇ ਮਸਲੇੇ ਵਿਚ ਬਾਬਾ ਫਰੀਦ ਬਾਰੇ ਲਿਖਿਆ ਹੈ, 'ਸੇਖ ਫਰੀਦ ਜਾਤਿ ਦਾ ਹਰੜ ਜਟ ਅਹਾ। ਲੰਮੇ ਦੀ ਵਲਾਇਤ ਰਹਿੰਦਾ ਆਹਾ।' ਏਥੇ ਲੰਮੇ ਦੀ ਵਲਾਇਤ ਤੋਂ ਭਾਵ ਉਹ ਖਿੱਤਾ ਹੈ, ਜੋ ਪੇਸ਼ਾਵਰ ਅਤੇ ਅਟਕ ਦੇ ਉੱਤਰ-ਪੱਛਮੀ ਭਾਗ ਵਿਚ ਪੈਂਦਾ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿਚ ਤਾਂ ਅੰਗਰੇਜ਼ਾਂ ਜਾਂ ਬਰਤਾਨਵੀ ਲੋਕਾਂ ਨਾਲ ਪੰਜਾਬੀਆਂ ਦਾ ਸਿੱਧਾ ਵਾਹ ਪੈ ਗਿਆ ਸੀ, ਇਸ ਲਈ ਇਸ ਕਾਲ ਦੇ ਸਾਹਿਤ ਵਿਚ ਵਲਾਇਤ ਸ਼ਬਦ ਕਈ ਲਿਖਤਾਂ ਵਿਚ ਆਇਆ ਹੈ। ਕਵੀ ਸੌਂਧਾ ਦੇ 1808 ਈ: ਵਿਚ ਲਿਖੇ ਹਾਤਮਨਾਮਾ ਵਿਚ ਉਹ ਹਾਤਮ ਦੀ ਕਹਾਣੀ ਸੁਣਾਉਂਦਾ ਉਸ ਨੂੰ ਯਮਨ ਵਿਲਾਇਤ ਦਾ ਵਸਨੀਕ ਦੱਸਦਾ ਹੈ :
ਯਮਨ ਵਿਲਾਇਤ ਮੈਂ ਵਹੁ ਰਹੈ।
ਜਾਟ ਸਗਲ ਜੱਗ ਤਾ ਕੋ ਕਹੈ।
ਹਾਤਮ ਦੀ ਖੁਸ਼ਬਖਤੀ ਦੀ ਭਵਿੱਖ ਬਾਣੀ ਕਰਦਿਆਂ ਨਜੂਮੀ ਕਹਿੰਦੇ ਹਨ-
ਸਪਤ ਵਲਾਇਤ ਜੀਤੇ ਸਾਰੀ।
ਸੁਖ ਪਾਵਹਿ ਇਨ ਸੋ ਨ ਨਾਰੀ।
ਇਸੇ ਸਮੇਂ ਹੀ ਕਵੀ ਸਾਵਣਯਾਰ ਨੇ ਆਪਣੀ ਸੀਹਰਫੀ ਸਰਕਾਰ ਕੀ ਲਿਖੀ, ਜਿਸ ਵਿਚ ਉਹ ਰਣਜੀਤ ਸਿੰਘ ਦੀ ਹਕੂਮਤ ਦਾ ਭੂਗੋਲਿਕ ਵਿਸਤਾਰ ਦਿੰਦਾ ਲਿਖਦਾ ਹੈ-
ਹੇ ਹੁਕਮ ਤੇਰਾ ਰਣਜੀਤ ਸਿੰਘਾ,
ਸਾਰੇ ਮੁਲਕ ਉੱਤੇ ਪਰਵਾਨ ਹੋਇਆ।
ਧਨੀ ਘੇਪ ਵਲਾਇਤਾਂ ਬਲਖ ਤਾਈਂ,
ਕਸ਼ਮੀਰ ਸਣੇ ਕੁਰਾਸਾਨ ਹੋਇਆ।
1859 ਈ: ਵਿਚ ਮਿਹਰ ਸਿੰਘ ਗੁਜਰਾਤੀ ਦੇ ਲਿਖੇ ਕਿੱਸੇ ਪੰਜਾਬ ਰਉਸਨ ਵਿਚ ਤਾਂ ਵਲਾਇਤ ਸ਼ਬਦ ਕਈ ਥਾਈਂ ਆਇਆ ਹੈ। ਇਕ ਉਦਾਹਰਣ ਵੇਖੋ :
ਕੇਈ ਉਤਾਰ ਜਗਤ ਵਿਚ ਆਏ,
ਅਪਣਾ ਨਾਮ ਜਪਾਵੇਣ।
ਪ੍ਰਗਟ ਹੋਵਨਿ ਹਿੰਦ ਵਲਾਇਤ,
ਸਿੱਕਾ ਜਗੁ ਚਲਾਵਣ।
ਇਸ ਸ਼ਬਦ ਦੀ ਵਰਤੋਂ ਆਧੁਨਿਕ ਸਮੇਂ ਵਿਚ ਵੀ, ਥੋੜ੍ਹੇ-ਬਹੁਤੇ ਫਰਕ ਨਾਲ, ਕੇਵਲ ਇੰਗਲੈਂਡ ਲਈ ਹੁੰਦੀ ਰਹੀ ਹੈ। ਬਸਤੀਵਾਦੀ ਦੌਰ ਵਿਚ ਜਦ ਕੋਈ ਇੰਗਲੈਂਡ ਤੋਂ ਪੜ੍ਹ ਕੇ ਆਉਂਦਾ ਸੀ ਤਾਂ ਉਸ ਨੂੰ ਵਲੈਤ ਪਾਸ ਕਹਿੰਦੇ ਸਨ। ਬਨਸਪਤੀ ਘਿਉ ਨੂੰ ਵਲਾਇਤੀ ਘਿਉ, ਨਹਾਉਣ ਵਾਲੇ ਖੁਸ਼ਬੂਦਾਰ ਸਾਬਣ ਨੂੰ ਵਲੈਤੀ ਸਾਬਣ ਅਤੇ ਚਾਕਲੇਟ-ਟਾਫੀਆਂ ਆਦਿ ਨੂੰ ਵਲੈਤੀ ਮਠਿਆਈ ਕਿਹਾ ਜਾਂਦਾ ਸੀ। ਵੱਖ-ਵੱਖ ਵਿਸ਼ਿਆਂ, ਵੱਖ-ਵੱਖ ਵਸਤੂ ਸਥਿਤੀਆਂ ਅਤੇ ਹੋਰ ਕਈ ਕਾਰਨਾਂ ਕਰਕੇ ਕਈ ਪੰਜਾਬੀ ਕਿਤਾਬਾਂ ਦੇ ਨਾਵਾਂ ਵਿਚ ਵਲੈਤ ਸ਼ਬਦ ਸ਼ਾਮਲ ਹੈ। ਉਦਾਹਰਣ ਵਜੋਂ ਵਲੈਤ ਵਾਲੀ ਜਨਮਸਾਖੀ, ਮੇਰਾ ਵਲਾਇਤੀ ਸਫਰਨਾਮਾ, ਧਰਤ ਵਲੈਤੀ ਦੇਸੀ ਚੰਬਾ ਅਤੇ ਵਲੈਤੀਏ ਆਦਿ ਪੁਸਤਕਾਂ ਵੇਖੀਆਂ ਜਾ ਸਕਦੀਆਂ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਾਵਿ ਪਰੰਪਰਾ ਵਿਚ ਵਿਲਾਇਤ ਸ਼ਬਦ ਦੀ ਵਰਤੋਂ ਬੇਸ਼ੱਕ ਆਮ ਹੀ ਹੋਈ ਹੈ ਪਰ ਇਸ ਦਾ ਈਰਾਨੀ ਸੂਫ਼ੀਵਾਦ ਵਿਚਲੇ ਰੂਹਾਨੀ ਸੰਕਲਪ ਨਾਲ ਕੋਈ ਬਹੁਤਾ ਰਿਸ਼ਤਾ ਨਹੀਂ ਜੁੜਦਾ।


-ਮੋਬਾ: 98889-39808

ਸ਼ਬਦ ਵਿਚਾਰ

ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ॥

ਸਿਰੀਰਾਗੁ ਮਹਲਾ ੫
ਜਿਨਾ ਸਤਿਗੁਰ ਸਿਉ ਚਿਤੁ ਲਾਇਆ
ਸੇ ਪੂਰੇ ਪਰਧਾਨ॥
ਜਿਨ ਕਉ ਆਪਿ ਦਇਆਲੁ ਹੋਇ
ਤਿਨ ਉਪਜੈ ਮਨਿ ਗਿਆਨੁ॥
ਜਿਨ ਕਉ ਮਸਤਕਿ ਲਿਖਿਆ
ਤਿਨ ਪਾਇਆ ਹਰਿ ਨਾਮੁ॥ ੧॥
ਮਨ ਮੇਰੇ ਏਕੋ ਨਾਮੁ ਧਿਆਇ॥
ਸਰਬ ਸੁਖਾ ਸੁਖ ਊਪਜਹਿ
ਦਰਗਹ ਪੈਧਾ ਜਾਇ॥ ਰਹਾਉ॥
ਜਨਮ ਮਰਣ ਕਾ ਭਉ ਗਇਆ
ਭਾਉ ਭਗਤਿ ਗੋਪਾਲ॥
ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ॥
ਜਨਮ ਮਰਣ ਕੀ ਮਲੁ ਕਟੀਐ
ਗੁਰ ਦਰਸਨੁ ਦੇਖਿ ਨਿਹਾਲ॥ ੨॥
ਥਾਨ ਥਾਨੰਤਰਿ ਰਵਿ ਰਹਿਆ
ਪਾਰਬ੍ਰਹਮੁ ਪ੍ਰਭੁ ਸੋਇ॥
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ॥
ਤਿਸੁ ਸਰਣਾਈ ਛੁਟੀਐ
ਕੀਤਾ ਲੋੜੇ ਸੁ ਹੋਇ॥ ੩॥
ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ॥
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ॥
ਜਿਨੀ ਮੇਰਾ ਪ੍ਰਭੁ ਧਿਆਇਆ
ਨਾਨਕ ਤਿਨ ਕੁਰਬਾਨ॥ ੪॥ ੧੦॥ ੮੦॥
(ਅੰਗ 45-46)
ਪਦ ਅਰਥ : ਸਿਉ-ਨਾਲ। ਸੇ-ਉਹ। ਪੂਰੇ-ਪੂਰਨ ਤੌਰ 'ਤੇ, ਅਸਲੀ ਅਰਥਾਂ ਵਿਚ ਪੂਰੇ। ਪਰਧਾਨ-ਮੰਨੇ ਪ੍ਰਮੰਨੇ, ਸ੍ਰੇਸ਼ਟ। ਆਪੁ-(ਪ੍ਰਭੁ) ਆਪ। ਉਪਜੈ-ਪੈਦਾ ਹੁੰਦਾ ਹੈ। ਮਸਤਕਿ-ਮੱਥੇ 'ਤੇ। ਮਸਤਕਿ ਲਿਖਿਆ-ਜਿਨ੍ਹਾਂ ਦੇ ਮਸਤਕ 'ਤੇ (ਪੂਰਬ ਤੋਂ) ਲਿਖਿਆ ਹੁੰਦਾ ਹੈ। ਤਿਨ-ਉਨ੍ਹਾਂ ਦੇ।
ਏਕੋ-ਇਕ ਪ੍ਰਭੂ ਦੇ। ਨਾਮੁ ਧਿਆਇ-ਨਾਮ ਨੂੰ ਧਿਆਉਣਾ ਕਰ, ਅਰਾਧਨਾ ਕਰ। ਸਰਬ ਸੁਖਾ ਸੁਖ-ਸਾਰੇ ਸੁੱਖਾਂ ਸਿਰ ਸੁੱਖ। ਊਪਜਹਿ-ਪੈਦਾ ਹੋ ਜਾਵੇਗਾ। ਪੈਧਾ-ਇੱਜ਼ਤ ਮਾਣ। ਜਾਇ-ਜਾਂਦਾ ਹੈ। ਭਉ-ਡਰ। ਭਾਉ-ਪ੍ਰੇਮ। ਭਾਉ ਭਗਤਿ-ਪ੍ਰੇਮਾ ਭਗਤੀ। ਗੋਪਾਲ-ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਪ੍ਰਭੂ। ਨਿਰਮਲਾ-ਪਵਿੱਤਰ। ਪ੍ਰਤਿਪਾਲ-ਪਾਲਣ ਵਾਲਾ, ਰੱਖਿਆ ਕਰਨ ਵਾਲਾ। ਮਲੁ ਕਟੀਐ-ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ। ਨਿਹਾਲ-ਪ੍ਰਸੰਨ ਹੋ ਜਾਂਦੇ ਹਨ। ਥਾਨ ਥਾਨੰਤਰਿ-ਹਰ ਥਾਂ। ਰਵਿ ਰਹਿਆ-ਰਮਿਆ ਹੋਇਆ ਹੈ, ਵਿਆਪਕ ਹੈ। ਛੁਟੀਐ-ਸਾਰੇ ਵਿਕਾਰਾਂ ਤੋਂ ਛੁੱਟ ਜਾਈਦਾ ਹੈ, ਮੁਕਤ ਹੋ ਜਾਈਦਾ ਹੈ। ਕੀਤਾ ਲੋੜੇ-ਕਰਨਾ ਚਾਹੇਗਾ। ਸੁ ਹੋਇ-ਉਹੋ ਕੁਝ ਹੁੰਦਾ ਹੈ। ਤਿਨ ਕੀ-ਉਨ੍ਹਾਂ ਦੀ। ਨਿਰਮਲੀ-ਪਵਿੱਤਰ। ਕੁਰਬਾਨ-ਸਦਕੇ।
ਵਿਚਾਰ ਅਧੀਨ ਸ਼ਬਦ ਦੀ ਰਹਾਉ ਵਾਲੀ ਤੁਕ ਵਿਚ ਪੰਚਮ ਗੁਰਦੇਵ ਪਰਮਾਤਮਾ ਦੇ ਨਾਮ ਦੀ ਅਰਾਧਨਾ (ਸਿਮਰਨ) ਕਰਨ ਲਈ ਦ੍ਰਿੜ੍ਹ ਕਰਵਾ ਰਹੇ ਹਨ, ਜਿਸ ਨਾਲ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਭੂ ਦੀ ਦਰਗਾਹ ਵਿਚ ਮਾਣ-ਸਤਿਕਾਰ ਨਾਲ ਜਾਈਦਾ ਹੈ। ਆਪ ਜੀ ਦੇ ਰਾਗੁ ਰਾਮਕਲੀ ਵਿਚ ਵੀ ਪਾਵਨ ਬਚਨ ਹਨ ਕਿ ਹੇ ਮੇਰੇ ਮਨ, ਕੇਵਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ, ਸਦਾ ਉਸ ਦੇ ਗੁਣਾਂ ਨੂੰ ਗਾਇਆ ਕਰ, ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ-
ਏਕੋ ਨਾਮੁ ਧਿਆਇ ਮਨ ਮੇਰੇ॥
ਕਾਰਜੁ ਤੇਰਾ ਹੋਵੈ ਪੂਰਾ
ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ॥ (ਅੰਗ 896)
ਹੇ ਪ੍ਰਭੂ, ਸਭ ਕੁਝ ਤੂੰ ਹੀ ਕਰਨ ਕਰਾਵਨ ਵਾਲਾ ਹੈਂ। ਮੈਂ ਸਦਾ ਤੇਰੇ ਕਮਲ ਵਰਗੇ ਚਰਨਾਂ ਵਿਚ ਜੁੜਿਆ ਰਹਿੰਦਾ ਹਾਂ। ਮੈਂ ਮਨੋਂ-ਤਨੋਂ ਸਦਾ ਉਸ ਪ੍ਰਭੂ ਨੂੰ ਹੀ ਧਿਆਇਆ ਹੈ, ਜਿਸ ਸਦਕਾ (ਗੁਰੂ ਨੇ ਮੈਨੂੰ) ਅਨੰਦਮਈ ਪ੍ਰਭੂ ਦੇ ਦਰਸ਼ਨ ਕਰਵਾ ਦਿੱਤੇ ਹਨ-
ਤੁਮ ਹੀ ਕਾਰਨ ਕਰਨ॥
ਚਰਨ ਕਮਲ ਹਰਿ ਸਰਨ॥
ਮਨਿ ਤਨਿ ਹਰਿ ਓਹੀ ਧਿਆਇਆ॥
ਆਨੰਦ ਹਰਿ ਰੂਪ ਦਿਖਾਇਆ॥ (ਅੰਗ 896)
ਜਿਸ ਨੇ ਸਾਰੇ ਜੀਵ ਪੈਦਾ ਕੀਤੇ ਹਨ, ਸਾਨੂੰ ਸਦਾ ਉਸ ਇਕ ਪ੍ਰਭੂ ਦਾ ਹੀ ਓਟ ਆਸਰਾ ਹੈ। ਉਸ ਦਾ ਸਿਮਰਨ ਕਰਨ ਨਾਲ ਦੁਨਿਆਵੀ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਆਖਰ ਨੂੰ ਪਰਮਾਤਮਾ ਹੀ ਸਾਡੀ ਰੱਖਿਆ ਕਰਨ ਵਾਲਾ ਹੈ-
ਤਿਸ ਹੀ ਕੀ ਓਟ ਸਦੀਵ॥
ਜਾਕੇ ਕੀਨੇ ਹੈ ਜੀਵ॥
ਸਿਮਰਤ ਹਰਿ ਕਰਤ ਨਿਧਾਨ॥
ਰਾਖਨਹਾਰ ਨਿਦਾਨ॥ (ਅੰਗ 896)
ਸਦੀਵ-ਸਦਾ। ਜਾ ਕੇ-ਜਿਸ ਨੇ। ਕੀਨੇ-ਪੈਦਾ ਕੀਤੇ ਹਨ। ਨਿਧਾਨ-ਖਜ਼ਾਨੇ। ਨਿਦਾਨ-ਆਖਰ ਨੂੰ।
ਜਿਨ੍ਹਾਂ-ਜਿਨ੍ਹਾਂ ਨੇ ਵੀ ਦੁਨਿਆਵੀ ਧੰਦਿਆਂ ਵਿਚ ਖਚਿਤ ਹੋਣ ਦੀ ਥਾਂ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ, ਸਿਮਰਿਆ ਹੈ, ਉਨ੍ਹਾਂ ਦੀ ਜੁਗਾਂ-ਜੁਗੰਤਰਾਂ ਵਿਚ ਸੋਭਾ ਹੁੰਦੀ ਹੈ। ਪਰਮਾਤਮਾ ਉਨ੍ਹਾਂ ਨੂੰ ਹਰ ਘੜੀ ਵਿਚ ਹੱਥ ਦੇ ਕੇ ਰੱਖਦਾ ਹੈ। ਜਦੋਂ ਭਗਤ ਪ੍ਰਹਿਲਾਦ ਨੂੰ ਉਸ ਦੇ ਅਧਿਆਪਕ ਵਲੋਂ ਵਾਰ-ਵਾਰ ਸਮਝਾਉਣ 'ਤੇ ਵੀ ਪਿਤਾ ਦੀ ਪੂਜਾ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਇਕ ਪ੍ਰਭੂ ਦੇ ਨਾਮ ਨੂੰ ਜੱਪਣ ਤੋਂ ਬਿਨਾਂ ਮੈਂ ਹੋਰ ਕਿਸੇ ਦੀ ਅਰਾਧਨਾ ਨਹੀਂ ਕਰ ਸਕਦਾ ਤਾਂ ਦੁਸ਼ਟ ਪਿਤਾ ਹਰਨਾਖਸ਼ ਵਲੋਂ ਉਸ ਨੂੰ ਮਾਰਨ ਲਈ ਕਈ ਕੋਝੇ ਹੱਥਕੰਡੇ ਅਪਣਾਏ ਗਏ। ਪਹਿਲਾਂ ਉਸ ਨੂੰ ਪਹਾੜੀ ਦੀ ਚੋਟੀ ਤੋਂ ਹੇਠਾਂ ਸੁੱਟਿਆ ਗਿਆ ਪਰ ਭਗਤ ਜੀ ਦਾ ਵਾਲ ਤੱਕ ਵਿੰਗਾ ਨਾ ਹੋਇਆ। ਫਿਰ ਉਸ ਨੂੰ ਖੂਨੀ ਹਾਥੀ ਅੱਗੇ ਪਾਇਆ ਗਿਆ, ਬੰਨ੍ਹ ਕੇ ਸਮੁੰਦਰ ਵਿਚ ਸੁੱਟਿਆ ਗਿਆ, ਧਰਤੀ ਵਿਚ ਗੱਡਿਆ ਗਿਆ, ਬਲਦੀ ਅੱਗ ਦੇ ਭਾਂਬੜ ਵਿਚ ਪਾਇਆ ਗਿਆ ਪਰ ਭਗਤ ਪ੍ਰਹਿਲਾਦ ਹਰ ਵਾਰੀ ਨਵੇਂ-ਨਰੋਏ ਹੋ ਕੇ ਨਿਕਲੇ।
ਆਖਰ ਨੂੰ ਭਗਤ ਜੀ ਨੂੰ ਤੱਤੇ ਲਾਲ ਸੁਰਖ ਥੰਮ੍ਹ ਨੂੰ ਜੱਫਾ ਮਾਰਨ ਲਈ ਕਿਹਾ ਗਿਆ ਪਰ ਜਦੋਂ ਭਗਤ ਪ੍ਰਹਿਲਾਦ ਨੇ ਥੰਮ੍ਹ ਨੂੰ ਜੱਫਾ ਮਾਰਿਆ ਤਾਂ ਥੰਮ੍ਹ ਠੰਢਾ-ਠਾਰ ਹੋ ਗਿਆ। ਇਸ 'ਤੇ ਭਗਤ ਪ੍ਰਹਿਲਾਦ ਦੇ ਪਿਤਾ ਨੇ ਗੁੱਸੇ ਵਿਚ ਆ ਕੇ ਮਿਆਨ 'ਚੋਂ ਤਲਵਾਰ ਨੂੰ ਧੂਹ ਕੇ ਜਦੋਂ ਪੁੱਤਰ 'ਤੇ ਚੁੱਕੀ ਤਾਂ ਆਪਣੇ ਭਗਤ ਦੀ ਰੱਖਿਆ ਕਰਨ ਲਈ ਪਰਮਾਤਮਾ ਨੇ ਨਰਸਿੰਘ ਦਾ ਰੂਪ ਧਾਰ ਕੇ ਹਰਨਾਖਸ਼ ਨੂੰ ਮਾਰ ਮੁਕਾਇਆ। ਇਸ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੋਇਆ ਹੈ-
ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ
ਪ੍ਰਹਿਲਾਦੁ ਤਰਾਇਆ॥
(ਰਾਗੁ ਆਸਾ ਮਹਲਾ ੪, ਅੰਗ 451)
ਸ਼ਬਦ ਦੇ ਅੱਖਰੀਂ ਅਰਥ : ਜਿਨ੍ਹਾਂ ਨੇ ਸਤਿਗੁਰੂ ਵਿਚ ਮਨ ਨੂੰ ਜੋੜਿਆ ਹੈ, ਉਹ ਪੂਰੇ ਅਤੇ ਮੰਨੇ-ਪ੍ਰਮੰਨੇ ਅਰਥਾਤ ਸ੍ਰੇਸ਼ਟ ਮਨੁੱਖ ਹਨ। ਅਜਿਹੇ ਸਾਧਕਾਂ 'ਤੇ ਜਦੋਂ ਪਰਮਾਤਮਾ ਦਿਆਲ ਹੁੰਦਾ ਹੈ ਤਾਂ ਉਨ੍ਹਾਂ ਦੇ ਮਨ ਅੰਦਰ ਗਿਆਨ ਉਤਪੰਨ ਹੁੰਦਾ ਹੈ। ਵਾਸਤਵ ਵਿਚ ਜਿਨ੍ਹਾਂ ਦੇ ਮੱਥੇ 'ਤੇ ਪਹਿਲਾਂ ਤੋਂ ਹੀ ਲੇਖ ਲਿਖਿਆ ਹੁੰਦਾ ਹੈ, ਉਨ੍ਹਾਂ ਨੂੰ ਹੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਹੇ ਮੇਰੇ ਮਨ, ਇਕ ਪਰਮਾਤਮਾ ਦੇ ਨਾਮ ਦੀ ਹੀ ਅਰਾਧਨਾ ਕਰ। ਇਸ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦਰਗਾਹੇ ਇੱਜ਼ਤ-ਮਾਣ ਨਾਲ ਜਾਈਦਾ ਹੈ। ਜੋ ਪਰਮਾਤਮਾ ਦੇ ਨਾਮ ਦੀ ਹੀ ਪ੍ਰੇਮਾ ਭਗਤੀ ਕਰਦਾ ਹੈ, ਉਸ ਦਾ ਜਨਮ-ਮਰਨ ਦਾ ਡਰ ਦੂਰ ਹੋ ਜਾਂਦਾ ਹੈ। ਅਜਿਹੇ ਪ੍ਰਾਣੀ ਦਾ ਮਨ ਸਾਧ ਜਨਾਂ ਦੀ ਸੰਗਤ ਕਰਨ ਨਾਲ ਪਵਿੱਤਰ ਹੋ ਜਾਂਦਾ ਹੈ, ਜਿਸ ਦੀ ਫਿਰ ਪਰਮਾਤਮਾ ਵਿਕਾਰਾਂ ਵਲੋਂ ਆਪ ਰਾਖੀ ਕਰਦਾ ਹੈ ਭਾਵ ਵਿਕਾਰਾਂ ਨੂੰ ਉਸ ਦੇ ਨੇੜੇ ਨਹੀਂ ਆਉਣ ਦਿੰਦਾ। ਉਸ ਦੀ ਫਿਰ ਜਨਮ-ਮਰਨ ਦੀ ਮੈਲ ਕੱਟੀ ਜਾਂਦੀ ਹੈ ਅਤੇ ਗੁਰੂ ਦੇ ਦਰਸ਼ਨ ਕਰਕੇ ਉਸ ਦਾ ਅੰਦਰਲਾ ਖਿੜ ਜਾਂਦਾ ਹੈ-
ਸਭਨੀਂ ਥਾਈਂ ਪਾਰਬ੍ਰਹਮ ਪਰਮਾਤਮਾ ਹੀ ਰਮਿਆ ਹੋਇਆ ਹੈ। ਉਹੀ ਸਭਨਾਂ ਦਾ ਦਾਤਾਰ ਹੈ, ਹੋਰ ਕੋਈ ਦੂਜਾ ਨਹੀਂ। ਉਸ ਦੀ ਸ਼ਰਨੀ ਲੱਗਿਆਂ ਹੀ ਮਨੁੱਖ ਜਨਮ-ਮਰਨ ਦੇ ਗੇੜ ਤੋਂ ਬਚ ਸਕਦਾ ਹੈ। ਉਹ (ਪਰਮਾਤਮਾ) ਜੋ ਕੁਝ ਕਰਦਾ ਹੈ, ਉਹੀ ਕੁਝ ਹੁੰਦਾ ਹੈ।
ਜਿਨ੍ਹਾਂ ਦੇ ਮਨ ਅੰਦਰ ਪਾਰਬ੍ਰਹਮ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਉਹੀ ਪ੍ਰਾਣੀ ਅਸਲੀ ਅਰਥਾਂ ਵਿਚ ਪੂਰੇ ਅਤੇ ਸ੍ਰੇਸ਼ਟ ਹਨ। ਉਨ੍ਹਾਂ ਦੀ ਪਵਿੱਤਰ ਸੋਭਾ ਸਾਰੇ ਸੰਸਾਰ ਵਿਚ ਪ੍ਰਗਟ ਹੋ ਜਾਂਦੀ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਚਰਿੱਤਰ ਬਨਾਮ ਇੱਛਾ ਸ਼ਕਤੀ

ਇਸ ਸੰਸਾਰ ਵਿਚ ਆਏ ਅਜਿਹੇ ਮਹਾਂਪੁਰਖ, ਜਿਨ੍ਹਾਂ ਵਿਚ ਇੱਛਾ ਸ਼ਕਤੀ ਬਹੁਤ ਮਜ਼ਬੂਤ ਸੀ, ਉਹ ਸਾਰੇ ਹੀ ਕਰਮਯੋਗੀ ਰਹੇ ਹਨ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਅਸੀਂ ਆਪਣੇ ਆਲੇ-ਦੁਆਲੇ ਜੋ ਕੁਝ ਵੀ ਕਿਰਿਆ-ਕਲਪ ਦੇਖਦੇ ਹਾਂ, ਜੋ ਸਾਡੇ ਆਲੇ-ਦੁਆਲੇ ਗਤੀਮਾਨ ਸੰਸਾਰ ਹੈ ਅਤੇ ਜੋ ਕੁਝ ਵੀ ਮਾਨਵ-ਨਿਰਮਤ ਪਦਾਰਥਾਂ ਵਿਚ ਘਟ ਰਿਹਾ ਹੈ, ਉਹ ਸਾਰਾ ਮਨੁੱਖ ਦੀ ਇੱਛਾ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਇਹ ਇੱਛਾ ਸ਼ਕਤੀ ਮਨੁੱਖ ਦੇ ਚਰਿੱਤਰ ਨਾਲ ਪੈਦਾ ਹੁੰਦੀ ਹੈ। ਚਰਿੱਤਰ ਸਾਡੇ ਕਰਮਾਂ ਨਾਲ ਬਣਦਾ ਹੈ। ਇਸ ਲਈ ਜਿਸ ਤਰ੍ਹਾਂ ਦਾ ਕਰਮ ਹੋਵੇਗਾ, ਇੱਛਾ ਸ਼ਕਤੀ ਦਾ ਵਿਕਾਸ ਵੀ ਉਸੇ ਤਰ੍ਹਾਂ ਦਾ ਹੋਵੇਗਾ। ਯੁੱਗ-ਪਲਟਾਊ ਖੋਜਾਂ ਜਾਂ ਕਾਢਾਂ ਕਰਨ ਵਾਲੇ ਵਿਗਿਆਨੀ ਅਤੇ ਮਹਾਂਪੁਰਖ ਸਭ ਮਜ਼ਬੂਤ ਇੱਛਾ ਸ਼ਕਤੀ ਦੇ ਮਾਲਕ ਸਨ। ਪਰ ਉਨ੍ਹਾਂ ਵਿਚ ਇਹ ਇੱਛਾ ਸ਼ਕਤੀ ਨਿਰੰਤਰ ਕਰਮ ਕਰਨ ਨਾਲ ਪੈਦਾ ਹੋਈ ਸੀ। ਮਹਾਤਮਾ ਬੁੱਧ, ਈਸਾ ਮਸੀਹ ਵਿਚ ਅਜਿਹੀ ਇੱਛਾ ਸ਼ਕਤੀ ਸੀ ਕਿ ਉਨ੍ਹਾਂ ਨੇ ਲੋਕਾਂ ਦੀ ਵਿਚਾਰਧਾਰਾ ਬਦਲ ਕੇ ਰੱਖ ਦਿੱਤੀ। ਉਨ੍ਹਾਂ ਦੇ ਪਿਤਾ ਇਕ ਸਾਧਾਰਨ ਵਿਅਕਤੀ ਜਾਂ ਛੋਟੇ-ਮੋਟੇ ਰਾਜਿਆਂ ਸਮਾਨ ਸਨ। ਈਸਾ ਮਸੀਹ ਦੇ ਪਿਤਾ ਜੋਸੇਫ ਵਰਗੇ ਅਨੇਕਾਂ ਬਢਆਈ ਸੁਤਾਰ ਜਾਂ ਤਰਖਾਣ ਹੋਏ ਸਨ, ਜਿਨ੍ਹਾਂ ਮਗਰ ਸ਼ਾਇਦ ਹੀ ਕੋਈ ਲੱਗਾ ਹੋਵੇ ਪਰ ਈਸਾ ਮਸੀਹ ਨੇ ਕਰੋੜਾਂ ਲੋਕਾਂ ਨੂੰ ਆਪਣੇ ਚੇਲੇ ਬਣਾ ਲਿਆ। ਅਜਿਹੀ ਇੱਛਾ ਸ਼ਕਤੀ ਅਨੁਵੰਸ਼ਕੀ ਨਹੀਂ ਹੋ ਸਕਦੀ। ਇਹ ਤਾਂ ਮਨੁੱਖ ਦੇ ਕਰਮਾਂ ਨਾਲ ਹੀ ਪੈਦਾ ਹੁੰਦੀ ਹੈ। ਸਾਡੇ ਕਰਮ ਹੀ ਸਾਡੀ ਇੱਛਾ ਸ਼ਕਤੀ ਅਤੇ ਚਰਿੱਤਰ ਨਿਰਧਾਰਤ ਕਰਦੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਬੀਕਾਨੇਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਬੀਕਾਨੇਰ ਅਸਲ ਵਿਚ ਰੇਗਿਸਤਾਨੀ ਇਲਾਕਾ ਹੈ। ਗਰਮੀਆਂ ਵਿਚ ਇਸ ਰਿਆਸਤ ਵਿਚ ਬਹੁਤ ਗਰਮੀ ਅਤੇ ਸਰਦੀਆਂ ਵਿਚ ਬਹੁਤ ਜ਼ਿਆਦਾ ਸਰਦੀ ਪੈਂਦੀ ਹੈ। ਮਈ, ਜੂਨ ਅਤੇ ਜੁਲਾਈ ਮਹੀਨਿਆਂ ਵਿਚ ਤਾਂ ਇਸ ਰਿਆਸਤੀ ਇਲਾਕੇ ਵਿਚ ਗਰਮ ਲੂ ਚਲਦੀ ਰਹਿੰਦੀ ਹੈ, ਜਿਸ ਕਰਕੇ ਇਥੋਂ ਦੇ ਵਸਨੀਕ ਦੁਪਹਿਰ ਵੇਲੇ ਆਪਣੇ ਘਰਾਂ ਤੋਂ ਬਾਹਰ ਹੀ ਨਹੀਂ ਨਿਕਲਦੇ। ਇਥੇ ਗਰਮ ਹਵਾ ਲੂ ਏਨੀ ਤੇਜ਼ ਵਗਦੀ ਹੈ ਕਿ ਰੇਤ ਦੇ ਟਿੱਲੇ ਇਕ ਥਾਂ ਤੋਂ ਉੱਡ ਕੇ ਦੂਜੀ ਥਾਂ ਉੱਪਰ ਬਣਦੇ ਰਹਿੰਦੇ ਹਨ। ਇਸ ਰਿਆਸਤੀ ਸ਼ਹਿਰ ਦੇ ਵੱਡੀ ਗਿਣਤੀ ਲੋਕਾਂ ਨੇ ਆਪਣੇ ਘਰਾਂ ਵਿਚ ਤਹਿਖਾਨੇ ਬਣਾਏ ਹੋਏ ਹਨ ਅਤੇ ਦਿਨ ਵੇਲੇ ਗਰਮੀ ਹੋਣ ਉਪਰੰਤ ਉਹ ਤਹਿਖਾਨਿਆਂ ਵਿਚ ਚਲੇ ਜਾਂਦੇ ਹਨ। ਤਹਿਖਾਨੇ ਕੁਝ ਠੰਢੇ ਹੁੰਦੇ ਹਨ, ਜਿਸ ਕਰਕੇ ਲੋਕਾਂ ਦਾ ਭਿਅੰਕਰ ਗਰਮੀ ਤੋਂ ਬਚਾਓ ਹੋ ਜਾਂਦਾ ਹੈ। ਸਰਦੀਆਂ ਵਿਚ ਇਥੇ ਏਨੀ ਜ਼ਿਆਦਾ ਠੰਢ ਪੈਂਦੀ ਹੈ ਕਿ ਰੁੱਖ ਤੇ ਪੌਦੇ ਵੀ ਠੰਢ ਕਾਰਨ ਕੁਮਲਾਅ ਜਾਂਦੇ ਹਨ। ਇਸ ਰਿਆਸਤ ਵਿਚ ਰੇਗਿਸਤਾਨੀ ਇਲਾਕਾ ਵਧੇਰੇ ਹੋਣ ਕਰਕੇ ਅਜੇ ਵੀ ਪੁਰਾਤਨ ਖੂਹਾਂ ਤੋਂ ਕੰਮ ਲਿਆ ਜਾਂਦਾ ਹੈ ਅਤੇ ਅਨੇਕਾਂ ਥਾਵਾਂ ਉੱਪਰ ਅੱਜ ਵੀ ਖੂਹ ਮੌਜੂਦ ਹਨ। ਇਥੇ ਖੂਹ 300 ਫੁੱਟ ਜਾਂ ਇਸ ਤੋਂ ਜ਼ਿਆਦਾ ਡੂੰਘੇ ਹੁੰਦੇ ਹਨ। ਇਨ੍ਹਾਂ ਖੂਹਾਂ ਦਾ ਪਾਣੀ ਮਿੱਠਾ ਹੁੰਦਾ ਹੈ। ਬੀਕਾਨੇਰ ਵਿਚ ਮੀਂਹ ਬਹੁਤ ਘੱਟ ਪੈਂਦੇ ਹਨ, ਸਿਰਫ ਨਹਿਰੀ ਪਾਣੀ ਨਾਲ ਹੀ ਖੇਤੀ ਹੁੰਦੀ ਹੈ। ਖੇਤੀ ਵੀ ਕੋਈ ਖਾਸ ਨਹੀਂ ਹੁੰਦੀ, ਕਿਉਂਕਿ ਇਸ ਰਿਆਸਤ ਦਾ ਵੱਡਾ ਹਿੱਸਾ ਰੇਗਿਸਤਾਨ ਹੀ ਹੈ। (ਚਲਦਾ)


ਮੋਬਾ: 9463819174

ਸ਼ਿਲਪਕਾਰੀ ਦਾ ਆਲੀਸ਼ਾਨ ਨਮੂਨਾ-ਸ਼ੇਰ ਸ਼ਾਹ ਸੂਰੀ ਦਾ ਮਕਬਰਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸ਼ੇਰ ਸ਼ਾਹ ਦੇ ਪੁਰਖੇ ਅਫਗਾਨਿਸਤਾਨ ਤੋਂ ਆਏ ਸਨ। ਸ਼ੇਰ ਸ਼ਾਹ ਦੇ ਪਿਤਾ ਹਸਨ ਖਾਨ ਦੀਆਂ ਦੋ ਪਤਨੀਆਂ ਅਤੇ 8 ਬੱਚੇ ਸਨ। ਮਤਰੇਈ ਮਾਂ ਵਲੋਂ ਤੰਗ ਕੀਤੇ ਜਾਣ ਕਾਰਨ ਉਹ ਘਰੋਂ ਦੌੜ ਕੇ ਪੰਜਾਬ ਦੇ ਅਫਗਾਨ ਰਈਸ ਜਮਾਲ ਖਾਨ ਦੀ ਨੌਕਰੀ ਕਰਨ ਲਗਾ। ਮਾਂ ਨੇ ਇਥੇ ਵੀ ਪਿੱਛਾ ਨਾ ਛੱਡਿਆ ਤਾਂ ਉਹ ਬਿਹਾਰ ਦੇ ਰਾਜਾ (ਗਵਰਨਰ) ਬਹਾਰ ਖਾਨ ਲੋਹਾਨੀ ਦੀ ਸੇਵਾ ਵਿਚ ਕੰਮ ਕਰਨ ਲੱਗ ਪਿਆ। ਫਿਰ ਬਾਬਰ ਦਾ ਸੈਨਿਕ ਬਣਿਆ। ਕਿਸੇ ਨੂੰ ਵੀ ਇਹ ਚਿੱਤ-ਚੇਤੇ ਨਹੀਂ ਸੀ ਕਿ ਇਕ ਦਿਨ ਇਹੀ ਸੈਨਿਕ ਬਾਬਰ ਦੇ ਪੁੱਤਰ ਹਮਾਯੂੰ ਨੂੰ ਧੂੜ ਚਟਾਏਗਾ। ਸ਼ੇਰ ਸ਼ਾਹ ਸੈਨਿਕ ਤੋਂ ਸੈਨਾਪਤੀ, ਕਰਿੰਦੇ ਤੋਂ ਕਮਾਂਡਰ ਅਤੇ ਬਿਹਾਰ ਦਾ ਗਵਰਨਰ ਬਣਿਆ ਅਤੇ ਫਿਰ ਇਕ ਦਿਨ ਹਿੰਦੁਸਤਾਨ ਦਾ ਸ਼ਹਿਨਸ਼ਾਹ। ਉਸ ਨੇ 26 ਜੂਨ, 1539 ਨੂੰ ਮੁਗਲ ਸ਼ਹਿਨਸ਼ਾਹ ਹਮਾਯੂੰ ਨੂੰ ਚੌਸਾ ਅਤੇ ਮਈ, 1540 ਨੂੰ ਕਨੌਜ ਦੀਆਂ ਲੜਾਈਆਂ ਵਿਚ ਹਰਾ ਕੇ ਉੱਤਰ-ਪੂਰਬੀ ਭਾਰਤ ਵਿਚ ਆਪਣਾ ਰਾਜ ਸਥਾਪਤ ਕੀਤਾ ਅਤੇ ਰਾਜਧਾਨੀ ਦਿੱਲੀ ਬਣਾਈ। ਇਸ ਬਹਾਦਰ ਬਿਹਾਰੀ ਪਠਾਨ ਨੇ ਮੁਗਲ ਬਾਦਸ਼ਾਹ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਪਹਿਲਾਂ 1534 ਵਿਚ ਸੂਰਜਗੜ੍ਹ ਦੀ ਲੜਾਈ ਵਿਚ ਬੰਗਾਲ ਦੇ ਸੁਲਤਾਨ ਗਿਆਸੂਦੀਨ ਮਹਿਮੂਦ ਸ਼ਾਹ ਦੇ ਜਰਨੈਲ ਇਬਰਾਹੀਮ ਖਾਨ ਦੀ ਫ਼ੌਜ ਹਰਾ ਕੇ ਬਿਹਾਰ 'ਤੇ ਕਬਜ਼ਾ ਕੀਤਾ ਅਤੇ 1538 ਵਿਚ ਬੰਗਾਲ ਉੱਪਰ ਹਮਲਾ ਕਰਕੇ ਉਸ ਨੇ ਗਿਆਸੂਦੀਨ ਨੂੰ ਵੀ ਹਰਾਇਆ।
ਆਪਣੇ ਪੰਜ ਸਾਲ (1540-1545) ਦੇ ਰਾਜ ਦੌਰਾਨ ਸ਼ੇਰ ਸ਼ਾਹ ਸੂਰੀ ਨੇ ਕਮਾਲਾਂ ਕਰ ਵਿਖਾਈਆਂ। ਵਿਧੀਵਧ ਸ਼ਹਿਰੀ ਅਤੇ ਸੈਨਿਕ ਪ੍ਰਸ਼ਾਸਨ ਸਥਾਪਤ ਕੀਤਾ, ਪਹਿਲਾਂ ਰੁਪਿਆ ਚਲਾਇਆ, ਜੋ ਭਾਰਤ ਸਮੇਤ ਕੋਈ 8-10 ਮੁਲਕਾਂ ਦੀ ਰਾਸ਼ਟਰੀ-ਮੁਦਰਾ ਦਾ ਅਗਰਦੂਤ ਬਣਿਆ, ਤਿੰਨ ਧਾਤੂਆਂ ਦੀ ਸਿੱਕਾ-ਪ੍ਰਣਾਲੀ ਚਲਾਈ, ਜੋ ਬਾਅਦ ਵਿਚ ਮੁਗਲਾਂ ਦੀ ਪਹਿਚਾਨ ਬਣੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਫਗਵਾੜਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX