ਤਾਜਾ ਖ਼ਬਰਾਂ


ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ
. . .  about 3 hours ago
ਅੰਮ੍ਰਿਤਸਰ -24 ਫਰਵਰੀ {ਅ.ਬ.} -ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਅੱਜ ਸਰਬਸੰਮਤੀ ਨਾਲ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ...
ਕੈਪਟਨ ਨੇ ਐੱਨ. ਸੀ. ਸੀ. ਟਰੇਨਿੰਗ ਜਹਾਜ਼ ਹਾਦਸੇ 'ਤੇ ਜਤਾਇਆ ਦੁੱਖ
. . .  about 4 hours ago
ਚੰਡੀਗੜ੍ਹ, 24 ਫਰਵਰੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ 'ਚ ਐੱਨ. ਸੀ. ਸੀ. ਦੇ ਇੱਕ ਟਰੇਨਿੰਗ ਜਹਾਜ਼ ਦੇ ਹਾਦਸਾਗ੍ਰਸਤ ਹੋਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ...
ਯੋਗੀ ਆਦਿਤਆਨਾਥ ਨੇ ਟਰੰਪ ਨੂੰ ਭੇਟ ਕੀਤੀ ਤਾਜ ਮਹਿਲ ਦੀ ਵਿਸ਼ਾਲ ਤਸਵੀਰ
. . .  about 4 hours ago
ਆਗਰਾ, 24੪ ਫਰਵਰੀ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਨੂੰ ਆਗਰਾ ਤੋਂ ਦਿੱਲੀ ਲਈ ਰਵਾਨਾ ਹੋਣ ਸਮੇਂ ਤਾਜ ਮਹਿਲ ਦੀ...
88.88 ਲੱਖ ਦੇ ਸੋਨੇ ਸਮੇਤ 4 ਗ੍ਰਿਫ਼ਤਾਰ
. . .  about 4 hours ago
ਚੇਨਈ, 24 ਫਰਵਰੀ - ਕਸਟਮ ਵਿਭਾਗ ਨੇ ਚੇਨਈ ਦੇ ਹਵਾਈ ਅੱਡੇ ਤੋਂ 2.059 ਕਿੱਲੋ ਸੋਨਾ ਬਰਾਮਦ ਕਰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 88.88 ਲੱਖ ਰੁਪਏ ਦੱਸੀ ਜਾ...
ਫ਼ੌਜ ਮੁਖੀ ਕੱਲ੍ਹ ਕਰਨਗੇ ਕਸ਼ਮੀਰ ਘਾਟੀ ਦਾ ਦੌਰਾ
. . .  about 4 hours ago
ਨਵੀਂ ਦਿੱਲੀ, 24 ਫਰਵਰੀ - ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੌਰਾਨ ਫ਼ੌਜ ਮੁਖੀ ਜਨਰਲ ਐਮ.ਐਮ ਨਰਵਾਣੇ ਕੱਲ੍ਹ ਕਸ਼ਮੀਰ ਘਾਟੀ ਦਾ ਦੌਰਾ ਕਰਨਗੇ। ਇਸ ਦੌਰਾਨ...
ਭਰਾ ਵੱਲੋਂ ਪਿਤਾ ਤੇ ਹੋਰਨਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  about 5 hours ago
ਤਰਨ ਤਾਰਨ, 24 ਫਰਵਰੀ (ਹਰਿੰਦਰ ਸਿੰਘ) - ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕੋਟ ਜਸਪਤ ਵਿਖੇ ਜ਼ਮੀਨੀ ਵਿਵਾਦ ਦੇ ਕਾਰਨ ਉਸ ਸਮੇਂ ਖ਼ੂਨ ਸਫ਼ੇਦ ਹੋ ਗਿਆ, ਜਦ ਭਰਾ ਨੇ ਆਪਣੇ ਪਿਤਾ, ਪੁੱਤਰਾਂ ਅਤੇ ਹੋਰਨਾਂ ਨਾਲ ਮਿਲ ਕੇ ਛੋਟੇ ਭਰਾ ਬਲਦੇਵ ਸਿੰਘ ਦਾ ਗੋਲੀਆਂ...
ਹਿੰਸਾ ਨੂੰ ਦੇਖਦੇ ਹੋਏ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
. . .  about 5 hours ago
ਨਵੀਂ ਦਿੱਲੀ, 24 ਫਰਵਰੀ - ਦਿੱਲੀ ਦੇ ਉੱਤਰ ਪੂਰਬ ਜ਼ਿਲ੍ਹੇ ਵਿਚ ਹਿੰਸਾ ਨੂੰ ਦੇਖਦੇ ਹੋਏ ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕਲਪੁਰੀ, ਜੌਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ...
ਕੈਬਨਿਟ ਮੰਤਰੀ ਸਿੰਗਲਾ ਨੇ ਲੌਂਗੋਵਾਲ ਵੈਨ ਹਾਦਸੇ ਦੇ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ
. . .  about 5 hours ago
ਲੌਂਗੋਵਾਲ, 24 ਫਰਵਰੀ (ਸ. ਸ. ਖੰਨਾ, ਵਿਨੋਦ ਸ਼ਰਮਾ)- ਬੀਤੇ ਦਿਨੀਂ ਲੌਂਗੋਵਾਲ ਵਿਖੇ ਵਾਪਰੇ ਦਰਦਨਾਕ ਵੈਨ ਹਾਦਸੇ ਵਿਚ ਮਾਰੇ ਗਏ 4 ਮਾਸੂਮ ਬੱਚਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਪ੍ਰਤੀ...
ਬਜਟ ਇਜਲਾਸ : ਰੌਲੇ-ਰੱਪੇ ਮਗਰੋਂ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ
. . .  about 5 hours ago
ਟਰੰਪ ਦੀ ਧੀ ਅਤੇ ਜਵਾਈ ਨੇ ਕੀਤੇ ਤਾਜ ਮਹਿਲ ਦੇ ਦੀਦਾਰ
. . .  about 5 hours ago
ਆਗਰਾ, 24 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਨੇ ਵੀ ਆਗਰਾ ਸਥਿਤ ਤਾਜ ਮਹਿਲ...
ਹੋਰ ਖ਼ਬਰਾਂ..

ਫ਼ਿਲਮ ਅੰਕ

ਪੂਜਾ ਹੈਗੜੇ 'ਕਦੇ ਈਦ ਕਦੇ ਦੀਵਾਲੀ'

ਸੁਪਰ ਸਟਾਰ ਸਲਮਾਨ ਖ਼ਾਨ ਨਾਲ ਪੂਜਾ ਹੈਗੜੇ ਨੂੰ ਫ਼ਿਲਮ ਮਿਲੀ ਹੈ 'ਕਭੀ ਈਦ ਕਭੀ ਦੀਵਾਲੀ' ਤੇ ਪੂਜਾ ਹੈ ਕਿ ਪੋਟਿਆਂ 'ਤੇ ਪਲ ਗਿਣਦੀ ਹੈੈ ਕਿ ਕਦ ਸਮਾਂ ਆਏ ਤੇ ਉਹ ਸੁਪਰ ਖਾਨ ਦੇ ਨਾਲ ਦ੍ਰਿਸ਼ ਦੇਵੇ। 2020 ਦੀ ਸ਼ੁਰੂਆਤ ਬਾਹਲੀ ਹੀ ਸ਼ਾਨਦਾਰ ਰਹੀ, ਮਿਸ ਹੈਗੜੇ ਦਾ ਟਵੀਟ ਆਇਆ ਹੈ। ਸਭ ਨਾਲ ਇਹ ਖ਼ਬਰ ਸਾਂਝੀ ਕਰਕੇ ਅਤਿਅੰਤ ਪ੍ਰਸੰਨ ਹੈ ਪੂਜਾ ਤੇ 'ਹਾਊਸਫੁਲ-4' ਤੋਂ ਹੀ ਸਾਜਿਦ ਨਾਡਿਆਡਵਾਲਾ ਪੂਜਾ ਤੋਂ ਪ੍ਰਭਾਵਿਤ ਹੋਇਆ ਸੀ ਤੇ ਨਤੀਜਾ ਫ਼ਿਲਮ 'ਚ ਨਿੱਕੇ ਸ਼ਹਿਰ ਦੀ ਲੜਕੀ ਦਾ ਕਿਰਦਾਰ ਪੂਜਾ ਨਿਭਾਉਣ ਜਾ ਰਹੀ ਹੈ। ਇਕ ਰੁਮਾਂਟਿਕ ਫ਼ਿਲਮ ਉਹ ਪ੍ਰਭਾਸ਼ ਨਾਲ ਕਰਨ ਵਾਲੀ ਹੈ। ਇਕ ਦੱਖਣ ਦੀ ਫ਼ਿਲਮ 'ਚ ਉਹ ਖਾਸ ਨਾਚ ਵੀ ਕਰ ਰਹੀ ਹੈ। ਜਗਪਤੀ ਬਾਬੂ ਦੀ ਫ਼ਿਲਮ ਲਈ ਪੂਜਾ ਹੈਦਰਾਬਾਦ ਜਾ ਰਹੀ ਹੈ। ਇਕ ਪਾਰਟੀ 'ਚ ਸ਼ਾਮਿਲ ਹੋਈ ਪੂਜਾ ਹੈਗੜੇ ਨੇ ਕਿਹਾ ਕਿ ਸ਼ੁਰੂਆਤ ਰਿਤਿਕ ਜਿਹੇ ਸਟਾਰ ਤੋਂ ਹੋਈ ਤੇ ਕਾਮਯਾਬੀ ਅਕਸ਼ੈ ਕੁਮਾਰ ਨਾਲ ਫਿਲਮ ਤੋਂ ਮਿਲੀ ਪਰ ਹੁਣ 'ਕਭੀ ਈਦ ਕਭੀ ਦੀਵਾਲੀ' ਸਲਮਾਨ ਨਾਲ ਕਰ ਰਹੀ ਹਾਂ ਤਾਂ 2020 'ਚ ਚੋਟੀ ਦੀਆਂ ਪੰਜ ਹੀਰੋਇਨਾਂ 'ਚ ਉਸ ਦਾ ਨਾਂਅ ਸ਼ਾਮਿਲ ਹੋਣਾ ਪੱਕੀ ਗੱਲ ਹੈ। ਇਸੇ ਹੀ ਤਰ੍ਹਾਂ ਵੱਡੇ-ਵੱਡੇ ਉਤਪਾਦ ਤੇ ਉਨ੍ਹਾਂ ਦੀ ਮਸ਼ਹੂਰੀਆਂ ਦੀ ਲਾਇਨ ਲੱਗ ਗਈ ਹੈ।


ਖ਼ਬਰ ਸ਼ੇਅਰ ਕਰੋ

ਰਕੁਲਪ੍ਰੀਤ ਸਿੰਘ ਦੱਸ ਰਹੀ ਹੈ ਸਿਹਤ ਦੇ ਰਾਜ਼

ਨਾਗਰਿਕਤਾ ਕਾਨੂੰਨ ਦੇ ਮਾਮਲੇ 'ਚ ਰਕੁਲਪ੍ਰੀਤ ਸਿੰਘ ਵੀ ਸਰਕਾਰ ਦੇ ਖਿਲਾਫ਼ ਭੜਾਸ ਕੱਢਦੀ ਰਹਿੰਦੀ ਹੈ। ਦਿੱਲੀ ਦੇ ਵਿਦਿਆਰਥੀਆਂ ਦਾ ਭਵਿੱਖ ਇਸ ਸਰਕਾਰ ਨੇ ਤਬਾਹ ਕਰ ਦਿੱਤਾ ਹੈ। ਇਹ ਗੱਲ ਕਹਿ ਕੇ ਰੋ ਹੀ ਪਈ ਰਕੁਲ। ਇਹ ਦੇਖ ਕੇ ਪਤਾ ਚਲਦਾ ਹੈ ਕਿ ਰਕੁਲ ਨੂੰ ਪਾੜ੍ਹਿਆਂ ਨਾਲ ਦਿਲੀ ਹਮਦਰਦੀ ਹੈ। ਇਧਰ ਗੱਲ ਫ਼ਿਲਮਾਂ ਦੀ ਕਰੀਏ ਤਾਂ ਜੈਕਲਿਨ ਫਰਨਾਂਡਿਜ਼ ਉਸ ਦੀ ਬਹੁਤ ਵੱਡੀ ਪ੍ਰਸੰਸਕ ਹੈ। ਰਕੁਲ ਦੇ ਨਾਲ ਉਹ 'ਅਟੈਕ' ਫ਼ਿਲਮ ਕਰ ਰਹੀ ਹੈ। ਰਕੁਲ ਦਾ ਕਿਰਦਾਰ ਤਾਂ ਜੈਕੀ ਦੇ ਕਿਰਦਾਰ ਨਾਲੋਂ ਵੀ ਸ਼ਾਨਦਾਰ ਹੈ। ਇਹ ਗੱਲ ਆਪ ਜੈਕੀ ਨੇ ਕਹਿੰਦਿਆਂ ਇਹ ਵੀ ਕਿਹਾ ਕਿ ਇਸ ਕਿਰਦਾਰ ਨਾਲ ਨਿਆਂ ਕੇਵਲ ਰਕੁਲ ਹੀ ਕਰ ਸਕਦੀ ਹੈ। ਨਵੀਂ ਨਾਇਕਾ ਜਾਹਨਵੀ ਕਪੂਰ ਵੀ ਰਕੁਲ ਨੂੰ ਆਪਣਾ ਆਦਰਸ਼ ਮੰਨ ਕੇ ਚੱਲ ਰਹੀ ਹੈ। ਨਿਖਿਲ ਅਡਵਾਨੀ ਦੀ ਨਵੀਂ ਫ਼ਿਲਮ ਰਕੁਲ ਕਰ ਰਹੀ ਹੈ ਤੇ ਇਸ 'ਚ ਉਸ ਦਾ ਹੀਰੋ ਅਰਜੁਨ ਕਪੂਰ ਹੈ। 'ਮਰਜਾਵਾਂ' ਤੋਂ ਬਾਅਦ ਖਾਲੀ ਹੱਥ ਘੁੰਮ ਰਹੀ ਰਕੁਲ ਲਈ ਫਿਰ ਉਮੀਦਾਂ ਜਾਗ ਪਈਆਂ ਹਨ। ਆਪਣੀ ਫਿਟਨੈੱਸ ਦੇ ਰਾਜ਼ ਉਹ ਲੋਕਾਂ ਨੂੰ ਦੱਸ ਰਹੀ ਹੈ। ਯੋਗਾ ਰੋਜ਼ ਕਰੋ ਤੇ ਪਾਣੀ ਤਾਂਬੇ ਦੇ ਬਰਤਨਾਂ 'ਚ ਹੀ ਪੀਓ। ਫਿਰ ਦੇਖੋ ਸਿਹਤ। 'ਸ਼ਿਮਲਾ ਮਿਰਚੀ', 'ਯਾਰੀਆਂ' ਇਹ ਫ਼ਿਲਮਾਂ ਉਸ ਲਈ ਖਾਸ ਹਨ। ਰਕੁਲਪ੍ਰੀਤ ਸਿੰਘ ਨੂੰ ਉਹ ਦਿਨ ਯਾਦ ਹਨ ਜਦ ਬਹੁਤ ਸਾਰੇ ਫ਼ਿਲਮਾਂ ਵਾਲੇ ਆਖਦੇ ਸਨ ਕਿ ਇਹ ਤਾਂ ਆਮ ਜਿਹੇ ਚਿਹਰੇ ਵਾਲੀ ਹੈ, ਇਸ ਦਾ ਕੁਝ ਨਹੀਂ ਇਥੇ ਬਣ ਸਕਦਾ। ਉਹੀ ਸਧਾਰਨ ਜਿਹਾ ਕਿਹਾ ਜਾਣ ਵਾਲਾ ਚਿਹਰਾ ਤੇ ਉਹੀ ਰਕੁਲਪ੍ਰੀਤ ਹੁਣ ਵੱਡੀਆਂ-ਵੱਡੀਆਂ ਫ਼ਿਲਮਾਂ ਕਰ ਰਹੀ ਹੈ। ਜੈਕਲਿਨ ਤੇ ਜਾਹਨਵੀ, ਹੇਮਾ ਮਾਲਿਨੀ ਤੇ ਨਿਖਿਲ ਅਡਵਾਨੀ ਤੱਕ ਨਾਲ ਕੰਮ ਕਰ ਰਹੀ ਹੈ। ਗੱਲ ਕੀ ਵਕਤ ਕਿਸੇ ਦੇ ਬਾਪ ਦਾ ਨਹੀਂ ਹੈ। ਤਾਂਬੇ ਦੇ ਬਰਤਨ ਦਾ ਪਾਣੀ ਉਸ ਨੂੰ ਘਿਓ ਵਾਂਗ ਲੱਗਿਆ ਹੈ।

ਜਾਨ ਅਬਰਾਹਮ ਕਰੇਗਾ 'ਅਟੈਕ'


ਇਕ ਤੋਂ ਬਾਅਦ ਇਕ ਕਈ ਸ਼ਾਨਦਾਰ ਫ਼ਿਲਮਾਂ ਵਿਚ ਰੁਝਿਆ ਹੋਇਆ ਹੈ ਜਾਨ ਅਬਰਾਹਮ ਦਾ ਤੇ ਜਾਨ ਦੇ ਪ੍ਰਸੰਸਕ ਜਲਦੀ ਹੀ ਆਪਣੇ ਪਿਆਰੇ ਹੀਰੋ ਨੂੰ ਤੀਹਰੇ ਕਿਰਦਾਰ ਵਿਚ ਦੇਖਣਗੇ। ਚਾਹੇ ਅਧਿਕਾਰਤ ਤੌਰ 'ਤੇ ਐਲਾਨ ਤਾਂ ਨਹੀਂ ਹੋਇਆ ਪਰ ਜਾਨ ਨੇ ਫ਼ਿਲਮ ਬੀਟ ਨਾਲ ਗੱਲਾਂ ਕਰਦਿਆਂ ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਹੈ। ਜਾਨ ਦੀ 'ਅਟੈਕ' ਦਾ ਪੋਸਟਰ ਆ ਗਿਆ ਹੈ। ਇਹ ਧਮਾਕੇਦਾਰ ਹੈ ਤੇ ਇਸ ਵਿਚ ਜਾਨ ਦੇ ਨਾਲ ਜੈਕਲਿਨ ਫਰਨਾਂਡਿਜ਼ ਹੈ। 'ਪ੍ਰਮਾਣੂ', 'ਸਤਿਆਮੇਵ ਜਯਤੇ', 'ਰਾਅ', 'ਬਾਟਲਾ ਹਾਊਸ' ਤੋਂ ਬਾਅਦ 'ਅਟੈਕ' ਜਾਨ ਦੀ ਇਕ ਹੋਰ ਦੇਸ਼ ਪਿਆਰ ਵਾਲੀ ਫ਼ਿਲਮ ਹੈ ਤੇ ਹਾਂ ਹੁਣ ਇਕ ਖਲਨਾਇਕੀ ਭੂਮਿਕਾ ਵੀ ਉਹ ਕਰ ਕੇ ਆਪਣੀ ਦਿੱਖ ਬਦਲਣ ਜਾ ਰਹੇ ਹਨ। ਮੋਹਿਤ ਸੂਰੀ ਨੇ ਅਦਿਤਯ ਰਾਏ ਕਪੂਰ ਨਾਲ ਜਾਨ ਨੂੰ ਲਿਆ ਹੈ। ਹੋ ਸਕਦਾ ਹੈ ਇਸ ਫ਼ਿਲਮ ਦਾ ਨਾਂਅ 'ਏਕ ਵਿਲੇਨ-2' ਹੋਵੇ। ਯਾਦ ਰਹੇ 'ਏਕ ਵਿਲੇਨ' 35 ਕਰੋੜ 'ਚ ਬਣ ਕੇ 149 ਕਰੋੜ ਕਮਾ ਗਈ ਸੀ। ਜਾਨ ਹਰ ਗੱਲ ਦਾ ਜਵਾਬ ਇਸ ਤਰ੍ਹਾਂ ਦਿੰਦੇ ਹਨ ਕਿ ਗੱਲ ਝੱਟ ਸਾਫ਼ ਹੋ ਜਾਂਦੀ ਹੈ ਤੇ ਇਸ 'ਚੋਂ ਕੁਝ ਸਿੱਖਣ ਦਾ ਮੌਕਾ ਵੀ ਮਿਲਦਾ ਹੈ। 47 ਸਾਲ ਦੇ ਹੋ ਚੁੱਕੇ ਮਿਸਟਰ ਅਬਰਾਹਮ ਨੇ ਰਜਤ ਸ਼ਰਮਾ ਨੂੰ ਕਿਹਾ ਕਿ ਬਿਨ ਕਿਸੇ ਫ਼ਿਲਮੀ ਬਾਪ ਦੇ ਉਸ ਨੇ ਆਪਣੇ-ਆਪ ਨੂੰ ਇਸ ਚਮਕ ਵਾਲੀ ਫ਼ਿਲਮੀ ਦੁਨੀਆ 'ਚ ਸਥਾਪਤ ਕੀਤਾ ਹੈ। ਟਾਪਰ ਐਮ.ਐਮ.ਏ. ਜਾਨ ਬਣਨਾ ਚਾਹੁੰਦੇ ਸਨ ਫੁੱਟਬਾਲਰ ਪਰ ਸਿਲਵੇਸਟਰ ਸਟੈਲੋਨ ਹਾਲੀਵੁੱਡ ਸਟਾਰ ਦਾ ਜਿਸਮ ਦੇਖ ਕੇ ਉਸ ਜਿਹਾ ਸਰੀਰ ਬਣਾ ਕੇ ਉਹ ਫ਼ਿਲਮ ਐਕਟਰ ਬਣਨ ਵੱਲ ਤੁਰ ਪਏ। 'ਏਕ ਵਿਲੇਨ-2' ਤੇ 'ਅਟੈਕ' ਕਰ ਰਹੇ ਜਾਨ ਨੂੰ ਬਿਪਾਸ਼ਾ ਬਸੂ ਨਹੀਂ ਭੁੱਲੀ। ਚਾਹੇ ਦੋਵਾਂ ਦੇ ਰਾਹ ਅਲੱਗ ਹਨ ਪਰ ਬਿਪਾਸ਼ਾ ਦੀ ਸਹਾਇਤਾ ਹੀ ਹੈ ਕਿ ਅੱਜ ਉਹ ਸੁਪਰ ਸਿਤਾਰਾ ਹੈ। ਚੰਦਰਾ ਦਿਲ ਸਭ ਭੁੱਲ ਜਾਂਦਾ ਹੈ ਪਰ ਸ਼ਾਇਦ ਜਾਨ ਭਾਈ ਪਹਿਲਾ ਪਿਆਰ ਨਹੀਂ...।

-ਸੁਖਜੀਤ ਕੌਰ

ਕੀਰਤੀ ਕੁਲਹਾਰੀ ਮਾੜੀ ਕਿਸਮਤ

ਕੀਰਤੀ ਕੁਲਹਾਰੀ ਨੂੰ ਇਰਫਾਨ ਖ਼ਾਨ ਨਾਲ ਫ਼ਿਲਮ ਕਰਨ 'ਤੇ ਵੀ ਲਾਭ ਨਹੀਂ ਹੋਇਆ ਤੇ ਹਾਰ-ਹੰਭ ਕੇ ਉਹ ਨੈਟਫਲਿਕਸ ਦੇ ਦਰਬਾਰ ਪਹੁੰਚੀ ਤੇ ਵੈੱਬ ਸੀਰੀਜ਼ ਲਈ ਕੰਮ ਕਰਨ ਲਈ ਹਾੜ੍ਹੇ ਕੱਢੇ ਤੇ ਆਖਿਰ 'ਬਾਰਡ ਆਫ ਬਲੱਡ' 'ਚ ਉਸ ਨੂੰ ਲਿਆ ਗਿਆ। 'ਇੰਦੂ ਸਰਕਾਰ' ਵਾਲੀ ਕੀਰਤੀ ਨੇ 'ਬਲੈਕਮੇਲ' ਜਿਹੀ ਵੱਡੀ ਫ਼ਿਲਮ ਵੀ ਕੀਤੀ ਪਰ ਗੱਲ ਖਾਸ ਨਹੀਂ ਬਣੀ। ਕੀਰਤੀ ਨੇ ਇਸ ਦੌਰਾਨ ਚਰਚਾ 'ਚ ਰਹਿਣ ਲਈ ਬੱਚਿਆਂ 'ਤੇ ਧਿਆਨ ਦੇਣ ਮਾਪੇ ਲਹਿਰ ਸੋਸ਼ਲ ਮੀਡੀਆ 'ਤੇ ਚਲਾ ਕੇ ਲੋਕਾਂ ਦੀ ਹਮਦਰਦੀ ਬਟੋਰਨੀ ਸ਼ੁਰੂ ਕੀਤੀ ਤਾਂ ਜੋ ਘੱਟੋ-ਘੱਟ ਉਹ ਖ਼ਬਰਾਂ 'ਚੋਂ ਗ਼ਾਇਬ ਨਾ ਹੋਵੇ। ਹਾਂ, ਹੁਣ 'ਦਾ ਗਰਲ ਆਨ ਟਰੇਨ' 'ਚ ਆਲੀਆ ਕੌਰ ਦੀ ਭੂਮਿਕਾ ਮਿਲਣ 'ਤੇ ਕਿਸਮਤ ਨੇ ਪਾਸਾ ਪਲਟਿਆ ਹੈ। ਪਰਣੀਤੀ ਚੋਪੜਾ ਵੀ ਜੱਦੋ-ਜਹਿਦ ਕਰ ਰਹੀ ਹੈ ਤੇ ਕੀਰਤੀ ਦਾ ਕੈਰੀਅਰ ਵੀ ਖਾਤਮੇ ਵੱਲ ਹੈ। ਇਸ ਲਈ ਤਿਣਕੇ ਦਾ ਸਹਾਰਾ ਵਾਲੀ ਗੱਲ ਹੈ ਤੇ ਸ਼ਾਇਦ ਕਹਾਣੀ 'ਚ ਕਾਮਯਾਬੀ ਲਫ਼ਜ਼ ਸ਼ਾਮਿਲ ਹੋ ਹੀ ਜਾਵੇ। 'ਮਿਸ਼ਨ ਮੰਗਲ' ਨੇ ਉਸ ਦਾ ਰੁਤਬਾ ਤਾਂ ਵਧਾਇਆ ਹੈ ਪਰ ਵਪਾਰਕ ਤੌਰ 'ਤੇ ਇਸ ਦਾ ਲਾਭ ਉਹ ਨਹੀਂ ਪ੍ਰਾਪਤ ਕਰ ਸਕੀ।
ਮਰਾਠੀ ਸਿਨੇਮਾ 'ਚ ਜੇ ਉਹ ਪੂਰਾ ਸਮਾਂ ਦਿੰਦੀ ਤਾਂ ਸੁਪਰ ਸਟਾਰ ਉਹ ਬਣ ਸਕਦੀ ਸੀ। ਕਹਿਣ ਨੂੰ ਤਾਂ ਉਹ ਕਹਿ ਰਹੀ ਹੈ ਕਿ ਉਹ ਸੰਤੁਸ਼ਟ ਹੈ ਪਰ ਗੱਲ ਬਿਲਕੁਲ ਇਸ ਦੇ ਉਲਟ ਹੈ। ਕੀਰਤੀ ਨੇ ਤਾਂ ਮਾਡਲਿੰਗ ਛੱਡ ਕੇ ਆਪਣਾ ਹੀ ਨੁਕਸਾਨ ਕੀਤਾ। ਤਾਜ ਮਹੱਲ ਚਾਹ ਤੋਂ ਲੈ ਕੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਬਰਾਂਡ ਅੰਬੈਸਡਰ ਬਣ ਕੇ ਉਸ ਨੇ ਇਕ ਵਾਰ ਤਾਂ ਵਿਗਿਆਪਨ ਸੰਸਾਰ 'ਤੇ ਕਬਜ਼ਾ ਕਰ ਲਿਆ ਸੀ ਤੇ ਸੈਫ਼ ਅਲੀ, ਅਜੈ ਦੇਵਗਨ ਨਾਲ ਮਸ਼ਹੂਰੀਆਂ ਕੀਤੀਆਂ ਪਰ ਕੋਈ ਯੋਜਨਾ ਨਾ ਹੋਣ ਕਾਰਨ ਕੀਰਤੀ ਬਾਲੀਵੁੱਡ ਦੇ ਚੱਕਰਾਂ 'ਚ ਖੇਤਰੀ ਫ਼ਿਲਮਾਂ, ਮਾਡਲਿੰਗ ਵਿਗਿਆਪਨ ਸਭ ਤੋਂ ਦੂਰ ਹੋ ਗਈ ਤੇ ਹੁਣ ਜੇ ਠੋਸ ਯੋਜਨਾ ਬਣਾ ਕੇ ਉਹ ਚੱਲੇ ਤਾਂ ਕਾਮਯਾਬ ਹੋ ਸਕਦੀ ਹੈ।

ਫ਼ਿਲਮ ਸੰਗੀਤ ਵਿਚ ਕਾਫ਼ੀ ਬਦਲਾਅ-ਆ ਗਿਆ ਹੈ :ਕਵਿਤਾ ਪੌਡਵਾਲ

ਮੁੰਬਈ ਦੇ ਅੰਧੇਰੀ (ਪੱਛਮੀ) ਇਲਾਕੇ ਵਿਚ ਲਿੰਕ ਰੋਡ ਨਾਲ ਲਗਦੇ ਇਕ ਰਸਤੇ 'ਤੇ ਸੰਗੀਤ ਕੰਪਨੀ ਟੀ-ਸੀਰੀਜ਼ ਦਾ ਦਫ਼ਤਰ ਹੈ। ਇਹ ਉਹੀ ਸੰਗੀਤ ਕੰਪਨੀ ਹੈ ਜਿਸ ਨੇ ਗਾਇਕਾ ਅਨੁਰਾਧਾ ਪੌਡਵਾਲ ਦੇ ਕੈਰੀਅਰ ਨੂੰ ਉਭਾਰਨ ਵਿਚ ਵੱਡਾ ਯੋਗਦਾਨ ਪਾਇਆ ਸੀ। ਟੀ-ਸੀਰੀਜ਼ ਦੇ ਦਫ਼ਤਰ ਤੋਂ ਕੁਝ ਮਿੰਟਾਂ ਦੀ ਦੂਰੀ 'ਤੇ ਨਵੀਂ ਸੰਗੀਤ ਕੰਪਨੀ ਅਪੇਕਸ਼ਾ ਮਿਊਜ਼ਿਕ ਦਾ ਦਫ਼ਤਰ ਹੈ ਅਤੇ ਹੁਣ ਇਹ ਸੰਗੀਤ ਕੰਪਨੀ ਅਨੁਰਾਧਾ ਦੀ ਬੇਟੀ ਕਵਿਤਾ ਪੌਡਵਾਲ ਦੇ ਕੈਰੀਅਰ ਨੂੰ ਨਵੀਂ ਦਿਸ਼ਾ ਦੇਣ ਲਈ ਅੱਗੇ ਆਈ ਹੈ ਅਤੇ ਕਵਿਤਾ ਦੀ ਆਵਾਜ਼ ਵਿਚ ਧਾਰਮਿਕ ਗੀਤ 'ਚਿੰਤਾਮਣੀ' ਜਾਰੀ ਕੀਤਾ ਹੈ। ਗਣਪਤੀ ਨੂੰ ਸਮਰਪਿਤ ਇਹ ਗੀਤ ਮਰਾਠੀ ਭਾਸ਼ਾ ਵਿਚ ਹੈ ਅਤੇ ਖ਼ੁਦ ਮਰਾਠੀ ਹੋਣ ਦੇ ਬਾਵਜੂਦ ਕਵਿਤਾ ਲਈ ਇਹ ਪਹਿਲਾ ਮੌਕਾ ਹੈ ਜਦੋਂ ਉਸ ਨੇ ਮਰਾਠੀ ਗੀਤ ਲਈ ਆਵਾਜ਼ ਦਿੱਤੀ ਹੈ।
ਕਵਿਤਾ ਤੋਂ ਗੀਤ ਗਵਾਉਣ ਦਾ ਸੰਯੋਗ ਕਿਵੇਂ ਬਣਿਆ ਇਸ ਬਾਰੇ ਅਪੇਕਸ਼ਾ ਦੇ ਕਰਤਾ-ਧਰਤਾ ਅਜੈ ਜਸਵਾਲ ਕਹਿੰਦੇ ਹਨ, 'ਮੇਰੀ ਸੰਗੀਤ ਕੰਪਨੀ ਲਈ ਅਨੁਰਾਧਾ ਨੇ ਤਿੰਨ ਗੀਤ ਗਾਏ ਹਨ। ਇਕ ਦਿਨ ਜਦੋਂ ਮੈਂ ਉਨ੍ਹਾਂ ਦੇ ਘਰ ਗਿਆ ਸੀ ਤਾਂ ਉਥੇ ਮੇਰੀ ਮੁਲਾਕਾਤ ਕਵਿਤਾ ਨਾਲ ਹੋਈ ਅਤੇ ਮੈਨੂੰ ਉਸ ਦੀ ਗਾਇਕੀ ਬਾਰੇ ਪਤਾ ਲੱਗਿਆ। ਮੇਰੀ ਕੰਪਨੀ ਮਰਾਠੀ ਗੀਤਾਂ ਵਿਚ ਆਪਣਾ ਥਾਂ ਹੋਰ ਮਜ਼ਬੂਤ ਕਰਨਾ ਚਾਹੁੰਦੀ ਸੀ ਅਤੇ ਇਸ ਕੰਮ ਲਈ ਕਵਿਤਾ ਦੀ ਆਵਾਜ਼ ਦਾ ਸਹਾਰਾ ਲੈਣਾ ਸਹੀ ਲੱਗਿਆ।'
ਕਵਿਤਾ ਨੇ ਅੱਲ੍ਹੜ ਉਮਰ ਵਿਚ ਹੀ ਫ਼ਿਲਮਾਂ ਲਈ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਸੀ। ਪਹਿਲਾ ਗੀਤ ਉਸ ਨੇ ਫ਼ਿਲਮ 'ਜਨੂੰਨ' ਲਈ ਗਾਇਆ ਸੀ, ਜੋ ਪੂਜਾ ਭੱਟ 'ਤੇ ਫ਼ਿਲਮਾਇਆ ਗਿਆ ਸੀ। ਗਾਇਕਾ ਦੇ ਤੌਰ 'ਤੇ ਇਕ ਜ਼ਮਾਨੇ ਤੱਕ ਰੁੱਝੇ ਰਹਿਣ ਤੋਂ ਬਾਅਦ ਕਵਿਤਾ ਸੱਤ ਸਾਲ ਲਈ ਅਮਰੀਕਾ ਚਲੀ ਗਈ ਸੀ ਅਤੇ ਵਾਪਸ ਆਉਣ 'ਤੇ ਫਿਰ ਉਹ ਗਾਇਕੀ ਵਿਚ ਰੁੱਝ ਗਈ ਹੈ।
ਸੱਤ ਸਾਲ ਤੱਕ ਹਿੰਦੀ ਫ਼ਿਲਮ ਸੰਗੀਤ ਤੋਂ ਦੂਰ ਰਹੀ ਕਵਿਤਾ ਜਦੋਂ ਵਾਪਸ ਆਈ ਤਾਂ ਉਸ ਨੇ ਸੰਗੀਤ ਦੀ ਦੁਨੀਆ ਵਿਚ ਬਹੁਤ ਬਦਲਾਅ ਪਾਇਆ। ਬਦਲਾਅ ਪ੍ਰਤੀ ਆਪਣਾ ਨਜ਼ਰੀਆ ਪੇਸ਼ ਕਰਦੇ ਹੋਏ ਉਹ ਕਹਿੰਦੀ ਹੈ, 'ਫ਼ਿਲਮ ਸੰਗੀਤ ਵਿਚ ਕਾਫ਼ੀ ਬਦਲਾਅ ਆ ਗਿਆ ਹੈ। ਪਹਿਲਾਂ ਰਿਆਲਿਟੀ ਸ਼ੋਅ ਦੀ ਵਜ੍ਹਾ ਨਾਲ ਤਾਂ ਹੁਣ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ। ਹੁਣ ਸੰਗੀਤ ਦੇ ਨਾਂਅ 'ਤੇ ਰੀਮਿਕਸ ਪੇਸ਼ ਕੀਤਾ ਜਾਣ ਲੱਗਾ ਹੈ ਅਤੇ ਇਸ ਦਾ ਇਕ ਉਦਾਹਰਨ ਰਾਨੂੰ ਮੋਂਡਲ ਹੈ। ਇਹ ਸੰਗੀਤ ਲਈ ਚੰਗੀ ਗੱਲ ਹੈ ਕਿ ਰੋਜ਼ਾਨਾ ਨਵੀਆਂ ਪ੍ਰਤਿਭਾਵਾਂ ਆ ਰਹੀਆਂ ਹਨ ਪਰ ਮੇਰਾ ਮੰਨਣਾ ਹੈ ਕਿ ਇਨ੍ਹਾਂ ਪ੍ਰਤਿਭਾਵਾਂ ਨੂੰ ਗਾਇਕੀ 'ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਰੀਮਿਕਸ 'ਤੇ। ਮੈਂ ਰੀਮਿਕਸ ਤੋਂ ਦੂਰ ਰਹਿਣਾ ਪਸੰਦ ਕਰਦੀ ਹਾਂ। ਹੁਣ ਇਸ ਮਰਾਠੀ ਗੀਤ ਤੋਂ ਬਾਅਦ ਅਪੇਕਸ਼ਾ ਸੰਗੀਤ ਵਲੋਂ ਇਕ ਧਮਾਲ ਗੀਤ ਜਲਦੀ ਲਿਆਂਦਾ ਜਾ ਰਿਹਾ ਹੈ। ਉਹ ਗੀਤ ਐਨਰਜੀ ਨਾਲ ਭਰਿਆ ਹੈ ਪਰ ਉਸ ਦੇ ਪ੍ਰਚਾਰ ਲਈ ਕਿਸੇ ਤਰ੍ਹਾਂ ਦਾ ਟੋਟਕਾ ਨਹੀਂ ਅਜ਼ਮਾਇਆ ਜਾਵੇਗਾ। ਉਸ ਤੋਂ ਬਾਅਦ ਮੈਂ ਵਿਆਹ ਗੀਤ ਵੀ ਲਿਆ ਰਹੀ ਹਾਂ। ਇਹ ਹਿੰਦੀ-ਪੰਜਾਬੀ ਮਿਕਸ ਹੋਵੇਗਾ ਅਤੇ ਇਸ ਲਈ ਹੁਣੇ ਤੋਂ ਮੈਂ ਆਪਣੇ ਪੰਜਾਬੀ ਉਚਾਰਨ 'ਤੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ।' ਇਕ ਜ਼ਮਾਨੇ ਵਿਚ ਮਾਂ ਅਨੁਰਾਧਾ ਨੇ ਪੰਜਾਬੀ ਗੀਤ 'ਮੇਰਾ ਲੌਂਗ ਗੁਆਚਾ...' ਗਾ ਕੇ ਬਹੁਤ ਹਰਮਨਪਿਆਰਤਾ ਹਾਸਲ ਕੀਤੀ ਸੀ ਤੇ ਹੁਣ ਬੇਟੀ ਦੀ ਵਾਰੀ ਹੈ।

ਯਾਮੀ ਗੌਤਮ-ਲੋਕ ਸਿਆਣੇ ਹੋ ਗਏ

ਰਾਧਿਕਾ ਭਿਰਾਨੀ ਹੈ ਯਾਮੀ ਦੀ ਖਾਸ ਪੀ.ਆਰ. ਦੋਸਤ ਤੇ ਉਸ ਨਾਲ ਗੱਲਾਂ ਕਰਦਿਆਂ ਯਾਮੀ ਕਹਿ ਰਹੀ ਸੀ ਕਿ ਅੱਜ ਕਹਾਣੀਆਂ 'ਤੇ ਵੱਖਰੇ ਮਾਪਦੰਡਾਂ ਇਨ੍ਹਾਂ ਦੀ ਖੂਬ ਭਰਮਾਰ ਹੈ ਸਾਡੀ ਫ਼ਿਲਮੀ ਇੰਡਸਟਰੀ ਵਿਚ ਤਾਂ ਹੀ 'ਬਾਲਾ', 'ਉਰੀ' ਜਿਹੀਆਂ ਫ਼ਿਲਮਾਂ ਬਣ ਕੇ ਕਾਮਯਾਬ ਰਹੀਆਂ ਹਨ। ਨਿੱਕੇ ਸ਼ਹਿਰਾਂ ਦੀਆਂ ਕਹਾਣੀਆਂ, ਉਥੋਂ ਦਾ ਜਨਜੀਵਨ ਹੁਣ ਯਾਮੀ ਅਨੁਸਾਰ ਫ਼ਿਲਮਾਂ ਦਾ ਖਾਸ ਵਿਸ਼ਾ ਹੈ। ਪਹਿਲਾਂ ਲੋਕ ਕਿਸੇ ਹੀਰੋ ਜਾਂ ਹੀਰੋਇਨ ਜਿਹੀ ਦਿਖ ਬਣਾਉਣ ਲਈ ਉਤਾਵਲੇ ਹੁੰਦੇ ਸਨ ਪਰ ਹੁਣ ਗੌਤਮ ਮੈਡਮ ਅਨੁਸਾਰ ਲੋਕ ਆਮ ਇਨਸਾਨ ਦੀ ਕਹਾਣੀ ਪਰਦੇ 'ਤੇ ਦੇਖਣ ਲਈ ਤਿਆਰ ਰਹਿੰਦੇ ਹਨ। ਯਾਮੀ ਕੋਲ ਹੁਣ 'ਗਿੰਨੀ ਵੈਡਜ਼ ਸਨੀ' ਫ਼ਿਲਮ ਹੈ, ਜਿਸ 'ਚ ਉਹ ਦਿੱਲੀ ਦੀ ਲੜਕੀ ਬਣ ਰਹੀ ਹੈ। ਯਾਮੀ ਗੌਤਮ ਖੇਤਰੀ ਫ਼ਿਲਮਾਂ 'ਚ ਵੀ ਸਫ਼ਲ ਰਹੀ ਹੈ। ਪਿਛਲੇ ਦਿਨੀਂ 1990 ਵੇਲੇ ਦੀਆਂ ਅਭਿਨੇਤਰੀਆਂ ਲਈ ਯਾਮੀ ਨੇ ਕਿਹਾ ਸੀ ਕਿ ਉਹ ਹਸਾਉਣ 'ਚ ਮਾਹਿਰ ਸਨ। 1990 ਦੇ ਗਾਣਿਆਂ 'ਤੇ ਅਭਿਨੈ ਕਰਨਾ ਯਾਮੀ ਨੂੰ ਚੰਗਾ ਲਗਦਾ ਹੈ। ਤੇ ਹਾਂ ਯਾਮੀ ਹੈ ਜੂਹੀ ਚਾਵਲਾ ਤੇ ਮਾਧੁਰੀ ਦੀਕਸ਼ਤ ਤੋਂ ਬਹੁਤ ਹੀ ਪ੍ਰਭਾਵਿਤ। ਯਾਮੀ ਨੂੰ ਹੁਣ ਪੁਲਕਿਤ ਸਮਰਾਟ 'ਚ ਕੋਈ ਦਿਲਚਸਪੀ ਨਹੀਂ ਹੈ। 'ਐਲੋਵੇਰਾ ਯੈੱਲ ਤੇ ਵਿਟਾਮਿਨ-ਈ ਦੇ ਕੈਪਸੂਲ ਯਾਮੀ ਦੀਆਂ ਘਣੀਆਂ ਜ਼ੁਲਫਾਂ ਦਾ ਰਾਜ਼ ਹਨ... ਤੇ ਹਾਂ ਦੋ ਗਿਲਾਸ ਨਾਰੀਅਲ ਪਾਣੀ ਪੀਣਾ ਤੇ ਚਿਹਰੇ 'ਤੇ ਲਾਉਣਾ ਉਹ ਨਹੀਂ ਭੁੱਲਦੀ। ਯਾਮੀ ਹੁਣ 'ਗਿੰਨੀ ਵੈਡਜ਼ ਸਨੀ' 'ਚ ਤਰੋਤਾਜ਼ਾ ਦਿਸਣ ਲਈ ਸ਼ਹਿਦ 'ਚ ਹਲਦੀ ਮਿਲਾ ਕੇ ਪੀ ਰਹੀ ਹੈ। ਬਚਪਨ 'ਚ ਆਪਣੀ ਅਧਿਆਪਕਾ ਦੇ ਨਕਲੀ ਦਸਤਖ਼ਤ ਕਰਨ ਵਾਲੀ ਗੱਲ ਯਾਦ ਕਰ ਕੇ ਉਹ ਹੱਸਦੀ ਵੀ ਹੈ ਤੇ ਪਛਤਾਉਂਦੀ ਵੀ ਹੈ ਪਰ ਫ਼ਿਲਮਾਂ ਯਾਮੀ ਗੌਤਮ ਕੋਲ ਇਸ ਸਮੇਂ ਘੱਟ ਹਨ, ਇਸ 'ਤੇ ਉਹ ਕੋਈ ਟਿੱਪਣੀ ਨਹੀਂ ਕਰਦੀ।

ਫ਼ਿਲਮੀ ਖ਼ਬਰਾਂ

ਪਾਇਲਟ ਦੀ ਭੂਮਿਕਾ ਵਿਚ ਕੰਗਨਾ
ਹਾਲੀਆ ਪ੍ਰਦਰਸ਼ਿਤ ਫ਼ਿਲਮ 'ਪੰਗਾ' ਵਿਚ ਕਬੱਡੀ ਖਿਡਾਰਨ ਦੀ ਭੂਮਿਕਾ ਨਿਭਾਉਣ ਵਾਲੀ ਕੰਗਨਾ ਰਣੌਤ ਹੁਣ ਫ਼ਿਲਮ 'ਤੇਜਸ' ਵਿਚ ਪਾਇਲਟ ਦੀ ਭੂਮਿਕਾ ਵਿਚ ਦਿਖਾਈ ਦੇਵੇਗੀ। ਇਹ ਫ਼ਿਲਮ ਭਾਰਤੀ ਹਵਾਈ ਫ਼ੌਜ 'ਤੇ ਆਧਾਰਿਤ ਹੈ ਅਤੇ ਇਸ ਫ਼ਿਲਮ ਦੀ ਬਦੌਲਤ ਕੰਗਨਾ ਦੀ ਸਿਪਾਹੀ ਦਾ ਕਿਰਦਾਰ ਨਿਭਾਉਣ ਦੀ ਪੁਰਾਣੀ ਇੱਛਾ ਵੀ ਪੂਰੀ ਹੋਈ ਹੈ। ਇਸ ਫ਼ਿਲਮ ਲਈ ਕੰਗਨਾ ਨੇ ਬਾਕਾਇਦਾ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦਾ ਨਿਰਮਾਣ ਰੌਨੀ ਸਕਰੂਵਾਲਾ ਤੇ ਨਿਰਦੇਸ਼ਨ ਸਰਵੇਸ਼ ਮੇਵਾਰਾ ਵਲੋਂ ਕੀਤਾ ਜਾ ਰਿਹਾ ਹੈ।
ਸਲਮਾਨ ਨੇ ਰੱਦ ਕੀਤਾ ਅਮਰੀਕਾ ਦਾ ਸ਼ੋਅ
ਆਗਾਮੀ 10 ਅਪ੍ਰੈਲ ਨੂੰ ਸਲਮਾਨ ਖਾਨ ਅਮਰੀਕਾ ਵਿਚ ਸਟੇਜ ਸ਼ੋਅ ਕਰਨ ਵਾਲੇ ਸਨ ਅਤੇ ਇਸ ਸਿਲਸਿਲੇ ਵਿਚ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਸਲਮਾਨ ਨੇ ਇਹ ਸ਼ੋਅ ਰੱਦ ਕਰ ਦਿੱਤਾ ਹੈ। ਇਸ ਦੀ ਅਹਿਮ ਵਜ੍ਹਾ ਇਹ ਹੈ ਕਿ ਇਸ ਸ਼ੋਅ ਨੂੰ ਰੋਹਾਨ ਸਿਦੀਕੀ ਵਲੋਂ ਆਯੋਜਿਤ ਕੀਤਾ ਜਾ ਰਿਹਾ ਸੀ ਜੋ ਕਿ ਪਾਕਿਸਤਾਨੀ ਹੈ ਅਤੇ ਉਹ ਅਮਰੀਕਾ ਵਿਚ ਰਹਿ ਕੇ ਭਾਰਤ ਵਿਰੋਧੀ ਗੁੱਟਾਂ ਦੀ ਆਰਥਿਕ ਸਹਾਇਤਾ ਕਰਦਾ ਰਹਿੰਦਾ ਹੈ। ਹੁਣ ਆਪਣੀ ਦੇਸ਼ ਭਗਤੀ ਦਾ ਸਬੂਤ ਪੇਸ਼ ਕਰਦੇ ਹੋਏ ਸਲਮਾਨ ਨੇ ਰੇਹਾਨ ਦੇ ਸ਼ੋਅ ਲਈ ਮਨ੍ਹਾਂ ਕਰ ਦਿੱਤਾ ਹੈ।

-ਮੁੰਬਈ ਪ੍ਰਤੀਨਿਧ

ਧਰਮਿੰਦਰ ਮੁੜ 'ਰੁਮਾਂਟਿਕ ਚਾਕਲੇਟ ਬੁਆਏ' ਦੀ ਦਿੱਖ 'ਚ

ਆਪਣੇ ਪੰਜਾਬ ਦਾ ਪੁੱਤਰ ਧਰਮਿੰਦਰ ਆਪਣੀ ਸਭ ਤੋਂ ਪ੍ਰਸਿੱਧ ਭੂਮਿਕਾ ਵਿਚ ਫਿਰ ਤੋਂ ਵਾਪਸ ਆ ਰਹੇ ਹਨ। ਜਲਦੀ ਹੀ ਰਿਲੀਜ਼ ਹੋਣ ਵਾਲੀ ਫ਼ਿਲਮ 'ਫੂਲਚੰਦ ਕੀ ਫੁੱਲ ਕੁਮਾਰੀ' ਵਿਚ ਇਕ ਰੁਮਾਂਟਿਕ ਚਾਕਲੇਟ ਬੁਆਏ ਦੀ ਭੂਮਿਕਾ ਵਿਚ ਹੈ। ਇਸ ਫ਼ਿਲਮ ਵਿਚ ਪਹਿਲੀ ਵਾਰ ਧਰਮਿੰਦਰ ਨੂੰ ਜ਼ਰੀਨਾ ਵਹਾਬ ਦੇ ਨਾਲ ਜੋੜਿਆ ਗਿਆ ਹੈ। 17 ਮਿੰਟ ਦੀ ਫਿਲਮ ਇਕ ਐਂਥਾਲਾਜ਼ੀ ਲੜੀ ਦਾ ਹਿੱਸਾ ਹੈ, ਜਿਸ ਵਿਚ ਚਾਰ ਇਸ ਤਰ੍ਹਾਂ ਅਜਿਹੀਆਂ ਰੁਮਾਂਟਿਕ ਫ਼ਿਲਮਾਂ ਹਨ। ਲੇਖਕ-ਨਿਰਮਾਤਾ ਨਿਰਦੇਸ਼ਕ ਸਚਿਨ ਗੁਪਤਾ ਹਨ ਅਤੇ ਇਹ ਫ਼ਿਲਮ ਚਿਲਸਾਗ ਪਿਕਟੂਰੇਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਧਰਮਿੰਦਰ-ਜ਼ਰੀਨਾ ਵਹਾਬ ਕਲਾਕਾਰਾਂ ਵਾਲੀ ਫ਼ਿਲਮ ਦੀ ਸ਼ੂਟਿੰਗ ਹਾਲ ਹੀ ਵਿਚ ਮੁੰਬਈ ਵਿਚ ਪੂਰੀ ਹੋਈ ਹੈ।
ਏਨੇ ਲੰਮੇ ਸਮੇਂ ਤੋਂ ਬਾਅਦ ਕਿਸੇ ਫ਼ਿਲਮ ਵਿਚ ਅਭਿਨੈ ਕਰਨ ਦੇ ਆਪਣੇ ਅਨੁਭਵ ਬਾਰੇ ਵਿਚ ਗੱਲ ਕਰਦੇ ਹੋਏ ਕਿੰਗ ਆਫ਼ ਰੋਮਾਂਸ ਧਰਮਿੰਦਰ ਨੇ ਕਿਹਾ, ਮੈਨੂੰ ਅਸਲ ਵਿਚ ਇਸ ਫ਼ਿਲਮ ਦੀ ਕਹਾਣੀ ਬਹੁਤ ਪਸੰਦ ਆਈ ਅਤੇ ਮੈਂ ਇਸ ਯੋਜਨਾ ਦੇ ਨਾਲ ਅੱਗੇ ਵਧਣ ਦਾ ਫ਼ੈਸਲਾ ਕੀਤਾ। ਅਭਿਨੇਤਰੀ ਜ਼ਰੀਨਾ ਵਹਾਬ ਦੇ ਨਾਲ ਪਹਿਲੀ ਵਾਰ ਕੰਮ ਕਰਨਾ ਇਕ ਬਹੁਤ ਚੰਗਾ ਅਨੁਭਵ ਰਿਹਾ। ਮੈਨੂੰ ਕੈਮਰੇ ਸਾਹਮਣੇ ਰਹਿਣਾ ਬਹੁਤ ਪਸੰਦ ਹੈ ਅਤੇ ਇਸ ਲਈ ਮੈਂ ਕਿਸੇ ਵੀ ਮੌਕੇ ਨੂੰ ਮਿਸ ਨਹੀਂ ਕਰਨਾ ਚਾਹੁੰਦਾ ਸੀ। ਖ਼ਾਸ ਕਰਕੇ ਉਦੋਂ ਜਦੋਂ ਕਹਾਣੀ ਚੰਗੀ ਹੋਵੇ। ਮੈਨੂੰ ਪੂਰੀ ਟੀਮ ਦੇ ਨਾਲ ਕੰਮ ਕਰਨਾ ਪਸੰਦ ਸੀ ਅਤੇ ਸਾਡੇ ਸੈੱਟ 'ਤੇ ਕਲਾਕਾਰਾਂ ਦਾ ਇਕ ਵੱਡਾ ਪਰਿਵਾਰ ਬਣ ਗਿਆ। ਆਪਣੇ ਵਲੋਂ ਜ਼ਰੀਨਾ ਵਹਾਬ ਨੇ ਕਿਹਾ-ਮੈਂ ਧਰਮ ਜੀ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹੀ ਸੀ। ਮੈਨੂੰ ਯਾਦ ਹੈ ਕਿ ਮੈਂ ਉਨ੍ਹਾਂ ਨੂੰ 'ਚਿਤਚੋਰ' ਦੇ ਸੈੱਟ 'ਤੇ ਪਹਿਲੀ ਵਾਰ ਮਿਲੀ ਸੀ। ਧਰਮਿੰਦਰ ਜੀ ਵਿਚ ਉਹ ਸਭ ਗੁਣ ਹਨ, ਜੋ ਤੁਸੀਂ ਇਕ ਚੰਗੇ ਸਾਥੀ-ਕਲਾਕਾਰ ਵਿਚ ਸੋਚ ਸਕਦੇ ਹੋ-ਨਿਮਰ ਤੇ ਮਿਲਣਸਾਰ ਆਦਿ। ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਗੱਲ ਸੀ, ਜਿਸ ਲਈ ਮੈਂ ਤੁਰੰਤ ਰਾਜ਼ੀ ਹੋ ਗਈ, ਕਿਉਂਕਿ ਇਹ ਇਕ ਸੁਪਰ ਪਿਆਰੀ ਕਹਾਣੀ ਹੈ, ਜੋ ਅੱਜ ਦੇ ਦੌਰ ਵਿਚ ਫਿਟ ਬੈਠਦੀ ਹੈ।

'ਤਮਾਸ਼ਾ' ਦੀ ਆਰੁਸ਼ੀ ਨੂੰ ਮਿਲਿਆ ਵੱਡਾ ਮੌਕਾ

ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ 'ਤਮਾਸ਼ਾ' ਵਿਚ ਆਰੁਸ਼ੀ ਸ਼ਰਮਾ ਵਲੋਂ ਸੰਯੁਕਤਾ ਦਾ ਕਿਰਦਾਰ ਨਿਭਾਇਆ ਗਿਆ ਸੀ। ਉਦੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਆਰੁਸ਼ੀ ਨੂੰ ਇਮਤਿਆਜ਼ ਅਲੀ ਨੇ ਫ਼ਿਲਮ ਵਿਚ ਉਸ ਸਮੇਂ ਲਿਆ ਸੀ ਜਦੋਂ ਉਹ ਆਪਣੀ ਇਸ ਫ਼ਿਲਮ ਲਈ ਲੋਕੇਸ਼ਨ ਲੱਭਣ ਲਈ ਸ਼ਿਮਲਾ ਗਏ ਹੋਏ ਸਨ। ਉਥੇ ਉਨ੍ਹਾਂ ਦੀ ਮੁਲਾਕਾਤ ਆਰੁਸ਼ੀ ਨਾਲ ਹੋਈ ਅਤੇ ਫ਼ਿਲਮ ਵਿਚ ਉਸ ਨੂੰ ਛੋਟੀ ਜਿਹੀ ਭੂਮਿਕਾ ਦੇ ਦਿੱਤੀ।
ਬਾਅਦ ਵਿਚ ਇਮਤਿਆਜ਼ ਅਲੀ ਨੇ ਜਦੋਂ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਨੂੰ ਲੈ ਕੇ 'ਲਵ ਆਜਕਲ੍ਹ' ਬਣਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਆਰੁਸ਼ੀ ਦੀ ਯਾਦ ਆਈ ਅਤੇ ਫ਼ਿਲਮ ਵਿਚ ਲੀਨਾ ਦੀ ਭੂਮਿਕਾ ਉਸ ਨੂੰ ਸੌਂਪ ਦਿੱਤੀ। ਇਹ ਮਹੱਤਵਪੂਰਨ ਭੂਮਿਕਾ ਹੈ ਅਤੇ ਕਹਿਣਾ ਨਾ ਹੋਵੇਗਾ ਕਿ ਇਸ ਫ਼ਿਲਮ ਰਾਹੀਂ ਆਰੁਸ਼ੀ ਨੂੰ ਵੱਡਾ ਮੌਕਾ ਮਿਲਿਆ ਹੈ।
ਫ਼ਿਲਮ ਵਿਚ ਲੀਨਾ ਨੂੰ ਨੱਬੇ ਦੇ ਦਹਾਕੇ ਦੀ ਦਿਖਾਇਆ ਗਿਆ ਹੈ ਅਤੇ ਇਸ ਭੂਮਿਕਾ ਲਈ ਆਰੁਸ਼ੀ ਨੇ 'ਕਿਆਮਤ ਸੇ ਕਿਆਮਤ ਤਕ', 'ਮੈਨੇ ਪਿਆਰ ਕੀਆ' ਆਦਿ ਫ਼ਿਲਮਾਂ ਵਾਰ-ਵਾਰ ਦੇਖੀਆਂ ਸਨ ਤਾਂ ਕਿ ਉਸ ਜ਼ਮਾਨੇ ਦਾ ਮਾਹੌਲ ਸਹੀ ਢੰਗ ਨਾਲ ਸਮਝ ਵਿਚ ਆ ਜਾਵੇ।
ਇਥੇ ਕਾਰਤਿਕ ਆਰੀਅਨ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਹਿਮਾਚਲ ਪ੍ਰਦੇਸ਼ ਦੀ ਇਹ ਸੁੰਦਰੀ ਕਹਿੰਦੀ ਹੈ, 'ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਕਾਰਤਿਕ ਨੇ ਵੀ। ਉਨ੍ਹਾਂ ਨਾਲ ਮੁਲਾਕਾਤ ਹੋਣ 'ਤੇ ਇੰਝ ਲੱਗਿਆ ਜਿਵੇਂ ਮੈਂ ਆਪਣੇ ਕਾਲਜ ਦੇ ਕਿਸੇ ਸਹਿਪਾਠੀ ਨੂੰ ਮਿਲ ਰਹੀ ਹਾਂ। ਸਾਡੇ ਵਿਚਾਲੇ ਪੜ੍ਹਾਈ ਸਧਾਰਨ ਹੋਣ ਦੀ ਵਜ੍ਹਾ ਨਾਲ ਅਸੀਂ ਦੋਵੇਂ ਘੁਲ-ਮਿਲ ਗਏ ਸੀ ਅਤੇ ਉਨ੍ਹਾਂ ਨਾਲ ਕੰਮ ਕਰਦੇ ਸਮੇਂ ਲੱਗਿਆ ਹੀ ਨਹੀਂ ਕਿ ਮੈਂ ਕਿਸੇ ਸਟਾਰ ਦੇ ਨਾਲ ਕੰਮ ਕਰ ਰਹੀ ਹਾਂ।'
ਹੁਣ ਆਰੁਸ਼ੀ ਅਭਿਨੈ ਵਿਚ ਆਪਣੇ ਕੈਰੀਅਰ ਨੂੰ ਲੈ ਕੇ ਗੰਭੀਰ ਹੋ ਗਈ ਹੈ ਅਤੇ ਉਹ ਇਹ ਯੋਜਨਾ ਬਣਾਉਣ ਵਿਚ ਰੁੱਝੀ ਹੋਈ ਹੈ ਕਿ 'ਲਵ ਆਜਕਲ੍ਹ' ਤੋਂ ਬਾਅਦ ਉਸ ਨੇ ਕਿਨ੍ਹਾਂ-ਕਿਨ੍ਹਾਂ ਦੇ ਨਾਲ ਕੰਮ ਕਰਨਾ ਹੈ ਅਤੇ ਇਸ ਸੂਚੀ ਵਿਚ ਰਣਵੀਰ ਸਿੰਘ, ਰਣਬੀਰ ਕਪੂਰ, ਆਲੀਆ ਭੱਟ ਅਤੇ ਆਯੂਸ਼ਮਾਨ ਖੁਰਾਣਾ ਦੇ ਨਾਂਅ ਮੁੱਖ ਹਨ।

-ਮੁੰਬਈ ਪ੍ਰਤੀਨਿਧ

ਇਕ ਕਿਰਦਾਰ ਕਰਕੇ ਪਛਾਣਿਆ ਜਾਣਾ ਨਹੀਂ ਚਾਹੁੰਦਾ-ਕਪਿਲ ਖਾਦੀਵਾਲਾ

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨਾਲ ਸਬੰਧ ਰੱਖਣ ਵਾਲੇ ਕਪਿਲ ਮੂਲ ਰੂਪ ਵਿਚ ਰਾਜਨੀਤਕ ਪਰਿਵਾਰ ਵਿਚੋਂ ਹੈ। ਉਨ੍ਹਾਂ ਦੇ ਪੜਦਾਦਾ ਕਨੱਈਆ ਲਾਲ ਸੰਸਦ ਮੈਂਬਰ ਸਨ ਅਤੇ ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਵੀ ਸਨ। ਕਪਿਲ ਦੀ ਮਾਂ ਦੀ ਇੱਛਾ ਸੀ ਕਿ ਤਿੰਨ ਬੇਟਿਆਂ ਵਿਚੋਂ ਇਹ ਸਭ ਤੋਂ ਛੋਟਾ ਬੇਟਾ ਰਾਜਨੀਤੀ ਵਿਚ ਨਾ ਜਾਵੇ। ਸੋ, ਮਾਂ ਦੀ ਇੱਛਾ ਦਾ ਮਾਣ ਰੱਖ ਕੇ ਕਪਿਲ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਅਤੇ ਮਾਡਲਿੰਗ ਵਿਚ ਕਿਸਮਤ ਅਜਮਾਉਣ ਲਈ ਸਾਲ 2005 ਵਿਚ ਉਹ ਮੁੰਬਈ ਆ ਗਿਆ। ਡੇਢ ਸੌ ਤੋਂ ਜ਼ਿਆਦਾ ਐਡ ਫ਼ਿਲਮਾਂ ਤੇ ਦਰਜਨ ਤੋਂ ਜ਼ਿਆਦਾ ਵੀਡੀਓ ਐਲਬਮ ਕਰ ਚੁੱਕੇ ਕਪਿਲ ਹੁਣ ਵੱਡੇ ਪਰਦੇ 'ਤੇ ਆਪਣਾ ਆਗਮਨ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਪੇਸ਼ ਕਰਦੀ ਫ਼ਿਲਮ ਦਾ ਨਾਂਅ ਹੈ 'ਏ ਗੇਮ ਕਾਲਡ ਰਿਲੇਸ਼ਨਸ਼ਿਪ'। ਇਹ ਫ਼ਿਲਮ 'ਭੂਤਨਾਥ' ਫੇਮ ਨਿਰਦੇਸ਼ਕ ਵਿਵੇਕ ਸ਼ਰਮਾ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ।
ਆਪਣੀ ਇਸ ਪਹਿਲੀ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਜਾਣਕਾਰੀ ਦਿੰਦੇ ਹੋਏ ਕਪਿਲ ਕਹਿੰਦੇ ਹਨ, 'ਇਸ ਵਿਚ ਮੈਂ ਫ਼ਿਲਮ ਸਟਾਰ ਬਣਿਆ ਹਾਂ ਅਤੇ ਮੇਰੇ ਕਿਰਦਾਰ ਦਾ ਨਾਂਅ ਕਬੀਰ ਹੈ। ਇਹ ਭੂਮਿਕਾ ਨਿਭਾਉਣੀ ਮੇਰੇ ਲਈ ਸੌਖੀ ਰਹੀ ਕਿਉਂਕਿ ਸਟਾਰ ਦੇ ਕਿਰਦਾਰ ਲਈ ਜ਼ਰੂਰੀ ਸਰੀਰਕ ਬਣਤਰ, ਸਟਾਈਲ ਤੇ ਪ੍ਰਭਾਵੀ ਪੇਸ਼ਕਾਰੀ ਤੋਂ ਮੈਂ ਜਾਣੂ ਹਾਂ ਕਿਉਂਕਿ ਮਾਡਲਿੰਗ ਦੌਰਾਨ ਇਸ ਤਰ੍ਹਾਂ ਦਾ ਹੀ ਸਭ ਕਰਨਾ ਹੁੰਦਾ ਹੈ। ਮੇਰੇ ਲਈ ਚੰਗੀ ਗੱਲ ਇਹ ਰਹੀ ਕਿ ਵਿਵੇਕ ਨੇ ਇਸ ਕਿਰਦਾਰ ਨੂੰ ਮੈਨੂੰ ਆਪਣੇ ਢੰਗ ਨਾਲ ਨਿਭਾਉਣ ਦੀ ਖੁੱਲ੍ਹ ਦੇ ਰੱਖੀ ਸੀ ਅਤੇ ਇਸ ਵਜ੍ਹਾ ਨਾਲ ਮੈਂ ਇਥੇ ਆਜ਼ਾਦ ਹੋ ਕੇ ਕੰਮ ਕਰ ਸਕਿਆ। ਮੈਂ ਆਪਣੇ ਕੰਮ ਤੋਂ ਬਹੁਤ ਖੁਸ਼ ਹਾਂ ਅਤੇ ਉਮੀਦ ਹੈ ਕਿ ਇਹ ਫ਼ਿਲਮ ਅੱਗੋਂ ਮੇਰੇ ਲਈ ਕਈ ਦਰਵਾਜ਼ੇ ਖੋਲ੍ਹ ਦੇਵੇਗੀ। ਹਾਲਾਂਕਿ ਕਪਿਲ ਪਿਛਲੇ 15 ਸਾਲਾਂ ਤੋਂ ਅਭਿਨੈ ਦੀ ਦੁਨੀਆ ਵਿਚ ਹਨ ਪਰ ਉਨ੍ਹਾਂ ਨੇ ਹੁਣ ਤੱਕ ਕਿਸੇ ਲੜੀਵਾਰ ਵਿਚ ਕੰਮ ਨਹੀਂ ਕੀਤਾ। ਇਸ ਬਾਰੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਉਹ ਕਹਿੰਦੇ ਹਨ, ਮੇਰੇ ਕੁਝ ਕਲਾਕਾਰ ਦੋਸਤਾਂ ਨੇ ਲੜੀਵਾਰਾਂ ਵਿਚ ਕੰਮ ਕੀਤਾ ਅਤੇ ਉਹ ਲੜੀਵਾਰ ਵਿਚ ਨਿਭਾਏ ਗਏ ਕਿਰਦਾਰ ਦੇ ਨਾਂਅ ਤੋਂ ਹੀ ਜਾਣੇ ਜਾਂਦੇ ਹਨ। ਮੈਂ ਲੰਮੇ ਡੀਲ-ਡੌਲ ਵਾਲਾ ਵਿਅਕਤੀ ਹਾਂ ਅਤੇ ਮੇਰੀ ਕਾਠੀ ਵੀ ਮਜ਼ਬੂਤ ਹੈ। ਇਸ ਤਰ੍ਹਾਂ ਮੈਨੂੰ ਭੀਮ ਜਾਂ ਹਨੂਮਾਨ ਦੀ ਭੂਮਿਕਾ ਦੀ ਪੇਸ਼ਕਸ਼ ਹੋ ਰਹੀ ਸੀ ਅਤੇ ਮੈਂ ਜਾਣਦਾ ਸੀ ਕਿ ਇਹ ਭੂਮਿਕਾ ਮੈਨੂੰ ਸੀਮਤ ਦਿੱਖ ਵਿਚ ਬੰਨ੍ਹ ਦੇਵੇਗੀ।

-ਮੁੰਬਈ ਪ੍ਰਤੀਨਿਧ

ਰੰਗਮੰਚ ਨੂੰ ਸਮਰਪਿਤ ਸ਼ਖ਼ਸੀਅਤ: ਇੰਦਰਜੀਤ ਸਿੰਘ ਸਹਾਰਨ

ਬਹੁਤੇ ਲੋਕ ਰੰਗਮੰਚ ਨੂੰ ਸ਼ੌਕੀਆ ਤੌਰ 'ਤੇ ਕਰਦੇ ਹੋਣਗੇ ਪਰ ਸ: ਇੰਦਰਜੀਤ ਸਿੰਘ ਸਹਾਰਨ ਉਨ੍ਹਾਂ ਕਲਾਕਾਰਾਂ 'ਚੋਂ ਹਨ ਜਿਨ੍ਹਾਂ ਨੇ ਜ਼ਿੰਦਗੀ 'ਚ ਹੋਰ ਕੁਝ ਨਹੀਂ ਸਿਰਫ਼ ਅਦਾਕਾਰੀ ਕੀਤੀ ਹੈ ਅਤੇ ਇਸ ਤੋਂ ਹੀ ਆਪਣਾ ਘਰ ਚਲਾਇਆ ਹੈ। 20 ਅਕਤੂਬਰ, 1948 ਨੂੰ ਤਰਨ ਤਾਰਨ ਵਿਖੇ ਜਨਮੇ ਸ: ਮਿੱਤ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਇਸ ਲਾਡਲੇ ਸਪੂਤ ਨੇ ਰੰਗਮੰਚ ਦਾ ਸਫਰ 1967 ਤੋਂ ਸ਼ੁਰੂ ਕੀਤਾ। ਸ਼ੁਰੂ-ਸ਼ੁਰੂ ਵਿਚ ਉਹ ਗਾਂਧੀ ਗਰਾਊਂਡ (ਜਿਥੇ ਅੱਜਕਲ੍ਹ ਵਿਰਸਾ ਵਿਹਾਰ ਹੈ) ਵਿਖੇ ਚਲਦੇ ਓਪਨ ਏਅਰ ਥੀਏਟਰ 'ਚ ਹੁੰਦੇ ਨਾਟਕ ਵੇਖਣ ਲਈ ਦਰਸ਼ਕ ਵਜੋਂ ਸ਼ਾਮਿਲ ਹੁੰਦੇ ਸਨ। ਇਸੇ ਸਮੇਂ ਦੌਰਾਨ ਉਨ੍ਹਾਂ ਦੀ ਦੋਸਤੀ ਸ: ਹਰਭਜਨ ਸਿੰਘ ਜੱਬਲ ਨਾਲ ਹੋ ਗਈ ਅਤੇ ਫਿਰ ਥੋੜ੍ਹੇ ਸਮੇਂ ਬਾਅਦ ਉਹ ਵੀ ਭਾਅ ਜੀ ਗੁਰਸ਼ਰਨ ਸਿੰਘ ਦੀ ਨਾਟ ਮੰਡਲੀ ਵਿਚ ਸ਼ਾਮਿਲ ਹੋ ਗਏ। 1973 ਵਿਚ ਉਨ੍ਹਾਂ ਜੱਬਲ ਸਾਹਿਬ ਨਾਲ ਰਲ ਕੇ ਲੋਕ ਰੰਗਮੰਚ ਅੰਮ੍ਰਿਤਸਰ ਦਾ ਗਠਨ ਵੀ ਕੀਤਾ ਅਤੇ ਭਾਅ ਜੀ ਦੀ ਗ਼ੈਰ-ਹਾਜ਼ਰੀ ਵਿਚ ਵੀ ਉਨ੍ਹਾਂ ਰੰਗਮੰਚ ਦੀਆਂ ਸਰਗਰਮੀਆਂ ਜਾਰੀ ਰੱਖੀਆਂ। ਹੁਣ ਤੱਕ ਉਹ ਸ: ਗੁਰਸ਼ਰਨ ਸਿੰਘ, ਸ੍ਰੀ ਕੇਵਲ ਧਾਲੀਵਾਲ, ਡਾ: ਜਗਦੀਸ਼ ਸਚਦੇਵਾ, ਗੁਰਿੰਦਰ ਮਕਨਾ ਆਦਿ ਨਿਰਦੇਸ਼ਕਾਂ ਦੀ ਨਿਰਦੇਸ਼ਨਾ ਹੇਠ 150 ਤੋਂ ਵੱਧ ਨਾਟਕਾਂ ਦੇ 10 ਹਜ਼ਾਰ ਤੋਂ ਵੱਧ ਸ਼ੋਅ ਕਰ ਚੁੱਕੇ ਹਨ। ਪੰਜਾਬ ਅਤੇ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਨਾਟਕਾਂ ਦੇ ਸ਼ੋਅ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਰੰਗਮੰਚ ਸਦਕਾ ਅਮਰੀਕਾ ਦੀ ਧਰਤੀ 'ਤੇ ਜਾਣ ਦਾ ਵੀ ਅਵਸਰ ਪ੍ਰਦਾਨ ਹੋਇਆ। ਸ਼ੁਰੂਆਤੀ ਦੌਰ ਵਿਚ ਉਨ੍ਹਾਂ ਨੂੰ 'ਜਿਨ ਸੱਚ ਪਲੇ ਹੋਇ', 'ਇਹ ਲਹੂ ਕਿਸ ਦਾ ਹੈ', 'ਪਲੇਨਿੰਗ', 'ਇਕ ਮਾਂ ਦੋ ਮੁਲਕ' ਵਰਗੇ ਅਨੇਕਾਂ ਨਾਟਕਾਂ ਵਿਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਪਿਛਲੇ ਸਮੇਂ ਵਿਚ ਪ੍ਰੋ: ਵਰਿਆਮ ਸੰਧੂ ਦੀ ਕਹਾਣੀ 'ਤੇ ਆਧਾਰਿਤ ਨਾਟਕ 'ਕੁਰਾਹੀਆ', ਡਾ: ਜਗਦੀਸ਼ ਸਚਦੇਵਾ ਦੇ ਨਾਟਕ 'ਸ਼ੂਗਰ ਫਰੀ' ਗੁਰਿੰਦਰ ਮਕਨਾ ਦੇ ਨਾਟਕ 'ਪੰਜਾਬ' ਵਿਚ ਯਾਦਗਾਰੀ ਭੂਮਿਕਾ ਨਿਭਾਈਆਂ। ਫ਼ਿਲਮ ਇੰਡਸਟਰੀ ਵਿਚ ਉਨ੍ਹਾਂ ਕਦਮ ਰੱਖੇ ਤਾਂ ਉਨ੍ਹਾਂ ਮਨ ਜੀਤੈ ਜਗ ਜੀਤ, ਯੋਧਾ, ਪਿੰਕੀ ਮੋਗੇ ਵਾਲੀ, ਤੇਰੀਆਂ ਮੁਹੱਬਤਾਂ, ਰਨਿੰਗ ਸ਼ਾਦੀ ਡਾਟ ਕੌਮ, ਆਦਿ ਫ਼ਿਲਮਾਂ ਵਿਚ ਜਾਨਦਾਰ ਅਦਾਕਾਰੀ ਕੀਤੀ ਅਤੇ ਦੂਰਦਰਸ਼ਨ 'ਤੇ ਸ: ਨਾਨਕ ਸਿੰਘ ਦੇ ਨਾਵਲ 'ਤੇ ਆਧਾਰਿਤ ਨਾਟਕ 'ਚਿੱਟਾ ਲਹੂ' ਅਤੇ ਸ: ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਤੂੜੀ ਦੀ ਪੰਡ' 'ਤੇ ਆਧਾਰਿਤ ਨਾਟਕਾਂ ਵਿਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਜਲੰਧਰ ਦੂਰਦਰਸ਼ਨ 'ਤੇ ਗੁਰੂ 'ਗੁਰੂ ਲਾਧੋ ਰੇ' ਅਤੇ ਰੰਗਮੰਚ ਦੇ ਚਰਚਿਤ ਨਾਟਕ 'ਕੁਰਾਹੀਆ' ਦੀ ਨਿਰਦੇਸ਼ਨਾ ਕਰਕੇ ਉਨ੍ਹਾਂ ਇਹ ਸਾਬਤ ਕਰ ਦਿੱਤਾ ਕਿ ਉਹ ਅਦਾਕਾਰ ਹੀ ਨਹੀਂ ਵਧੀਆ ਨਿਰਦੇਸ਼ਕ ਵੀ ਹਨ। ਆਪਣੀ ਪਤਨੀ ਦੇ ਸਹਿਯੋਗ ਨਾਲ ਲਗਪਗ 450 ਸਕੂਲਾਂ ਵਿਚ ਜਾ ਕੇ ਉਨ੍ਹਾਂ ਨਾਟਕ ਕੀਤੇ ਅਤੇ ਬੱਚਿਆਂ ਨੂੰ ਨਾਟਕ ਕਲਾ ਬਾਰੇ ਦੱਸਿਆ।

-ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ।

ਸ਼ਾਹਿਦ ਮਾਲਿਆ ਦਾ ਨਵਾਂ ਗੀਤ 'ਕਿਉਂ'

ਪੰਜਾਬ ਨਾਲ ਸਬੰਧ ਰੱਖਣ ਵਾਲੇ ਤੇ 'ਯਮਲਾ ਪਗਲਾ ਦੀਵਾਨਾ', 'ਮੇਰੇ ਬ੍ਰਦਰ ਕੀ ਦੁਲਹਨ', 'ਉੜਤਾ ਪੰਜਾਬ', 'ਡੇਢ ਇਸ਼ਕੀਆ', 'ਸਟੂਡੈਂਟਸ', 'ਮੌਸਮ', 'ਪੰਗਾ', 'ਹੈਪੀ ਫਿਰ ਭਾਗ ਜਾਏਗੀ' ਸਮੇਤ ਹੋਰ ਕਈ ਫ਼ਿਲਮਾਂ ਦੇ ਗੀਤਾਂ ਲਈ ਆਪਣੀ ਆਵਾਜ਼ ਦੇਣ ਵਾਲੇ ਸ਼ਾਹਿਦ ਮਾਲਿਆ ਹੁਣ ਸੋਲੋ ਗੀਤ 'ਕਿਉਂ' ਲੈ ਕੇ ਆਏ ਹਨ। ਗੀਤ ਦੇ ਬੋਲ ਹਨ 'ਤੁਮ ਸੇ ਹੀ ਪਿਆਰ ਕਿਉਂ...' ਅਤੇ ਇਸ ਦਾ ਵੀਡੀਓ ਮੰਜੁਲ ਖੱਟਰ ਤੇ ਰੀਤਿਕਾ ਬਦਿਯਾਨੀ 'ਤੇ ਫ਼ਿਲਮਾਂਕਿਤ ਕੀਤਾ ਗਿਆ ਹੈ।
ਆਪਣੀ ਇਸ ਨਵੀਂ ਪੇਸ਼ਕਾਰੀ ਬਾਰੇ ਸ਼ਾਹਿਦ ਕਹਿੰਦੇ ਹਨ, 'ਇਸ ਵਿਚ ਅੱਜ ਦੇ ਮਾਹੌਲ ਦੀ ਗੱਲ ਕੀਤੀ ਗਈ ਹੈ। ਅੱਜ ਜਿਸ ਹਿਸਾਬ ਨਾਲ ਧਾਰਮਿਕ ਜਨੂੰਨ ਦੁਨੀਆ ਵਿਚ ਫੈਲਿਆ ਹੋਇਆ ਹੈ, ਇਸ ਤਰ੍ਹਾਂ ਦੇ ਸਮੇਂ ਵਿਚ ਸਭ ਤੋਂ ਪਹਿਲੀ ਬਲੀ ਪਿਆਰ ਦੀ ਲਈ ਜਾਂਦੀ ਹੈ। ਜੇਕਰ ਕਿਸੇ ਨੂੰ ਵਿਧਰਮੀ ਨਾਲ ਮੁਹੱਬਤ ਹੋ ਜਾਵੇ ਤਾਂ ਸਭ ਤੋਂ ਪਹਿਲਾ ਸਵਾਲ ਇਹੀ ਪੁੱਛਿਆ ਜਾਂਦਾ ਹੈ ਕਿ ਉਹ ਵਿਧਰਮੀ ਕਿਉਂ ਹੈ? ਇਸ ਕਿਉਂ ਨੇ ਕਈ ਮੁਹੱਬਤਾਂ ਦਾ ਗਲਾ ਘੁੱਟ ਦਿੱਤਾ ਹੈ ਅਤੇ ਇਹ ਲੜੀ ਅੱਗੇ ਵੀ ਜਾਰੀ ਰਹੇਗੀ। ਇਸ ਗੀਤ 'ਤੇ ਜੋ ਵੀਡੀਓ ਬਣਾਇਆ ਗਿਆ ਹੈ, ਉਸ ਵਿਚ ਆਫੀਆ ਤੇ ਓਮ ਦੀ ਮੁਹੱਬਤ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਪੁਰਾਣੀ ਦਿੱਲੀ ਦੇ ਵੱਖ-ਵੱਖ ਥਾਵਾਂ 'ਤੇ ਸ਼ੂਟ ਕੀਤੀ ਗਈ ਇਸ ਵੀਡੀਓ ਵਿਚ ਵੀ ਦੋ ਪ੍ਰੇਮੀਆਂ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। ਹਾਂ, ਜਦੋਂ ਇਸ ਦਾ ਫ਼ਿਲਮਾਂਕਣ ਕੀਤਾ ਜਾ ਰਿਹਾ ਸੀ ਉਦੋਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਗਿਆ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਾ ਵੱਜੇ, ਨਹੀਂ ਤਾਂ ਵਿਵਾਦ ਪੈਦਾ ਹੋ ਜਾਂਦਾ ਹੈ।
ਸ਼ਾਹਿਦ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਖ਼ੁਦ ਤੋਂ ਇਹ ਸਵਾਲ 'ਕਿਉਂ' ਉਦੋਂ ਪੁੱਛਿਆ ਸੀ ਜਦੋਂ ਉਹ ਗਾਇਕ ਬਣਨ ਲਈ ਸੰਘਰਸ਼ ਕਰ ਰਹੇ ਸਨ। ਉਹ ਦਸ ਸਾਲ ਤੋਂ ਸੰਘਰਸ਼ ਕਰ ਰਹੇ ਸਨ ਪਰ ਮੌਕਾ ਨਹੀਂ ਮਿਲ ਰਿਹਾ ਸੀ। ਉਨ੍ਹਾਂ ਦੇ ਮੁਕਾਬਲੇ ਬਾਅਦ ਵਿਚ ਆਏ ਕਈ ਗਾਇਕਾਂ ਨੂੰ ਮੌਕਾ ਮਿਲ ਗਿਆ ਅਤੇ ਉਦੋਂ ਸ਼ਾਹਿਦ ਨੇ ਖ਼ੁਦ ਤੋਂ ਪੁੱਛਿਆ ਸੀ ਕਿ ਮੈਨੂੰ ਮੌਕਾ ਕਿਉਂ ਨਹੀਂ ਮਿਲ ਰਿਹਾ। ਖ਼ੈਰ, ਬਾਅਦ ਵਿਚ ਜਦੋਂ ਪੰਕਜ ਕਪੂਰ ਨੇ ਉਨ੍ਹਾਂ ਤੋਂ ਆਪਣੀ ਫ਼ਿਲਮ 'ਮੌਸਮ' ਵਿਚ ਗਵਾਇਆ ਤਾਂ ਉਨ੍ਹਾਂ ਦੀ ਕਿਸਮਤ ਚਮਕ ਉੱਠੀ ਅਤੇ ਹੁਣ ਆਲਮ ਇਹ ਹੈ ਕਿ ਨਾਮੀ ਗਾਇਕ-ਅਭਿਨੇਤਾ ਜੱਸੀ ਗਿੱਲ ਲਈ ਉਹ 'ਹੈਪੀ ਫਿਰ ਭਾਗ ਜਾਏਗੀ' ਤੇ 'ਪੰਗਾ' ਲਈ ਗਾ ਚੁੱਕੇ ਹਨ।
ਇਹੀ ਚੰਗੀ ਗੱਲ ਰਹੀ ਕਿ ਜੱਸੀ ਨੂੰ ਵੀ ਸ਼ਾਹਿਦ ਦੀ ਗਾਇਕੀ ਪਸੰਦ ਆਈ ਅਤੇ ਉਨ੍ਹਾਂ ਨੇ ਸ਼ਾਹਿਦ ਤੋਂ ਇਹ ਨਹੀਂ ਪੁੱਛਿਆ ਕਿ 'ਕਿਉਂ?'

-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX