ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਵੇਟ ਲਿਫਟਿੰਗ ਦੀ ਸੁਨਹਿਰੀ ਇਬਾਰਤ

ਮੀਰਾਬਾਈ ਚਾਨੂ

ਆਦਿਕਾਲ ਤੋਂ ਭਾਰਤ ਵੀਰਾਂਗਨਾਓਂ ਦਾ ਦੇਸ਼ ਰਿਹਾ ਹੈ ਤੇ ਰਹੇਗਾ ਵੀ। ਭਾਰਤ 'ਚ ਹੁਣ ਨਾਰੀ ਸ਼ਕਤੀ ਨੂੰ ਅੱਬਲਾ ਨਹੀਂ ਕਹਿ ਸਕਦੇ, ਵਜ੍ਹਾ ਬੇਟੀਆਂ ਹਰ ਖੇਤਰ 'ਚ ਅਜਿਹਾ ਕ੍ਰਿਸ਼ਮਾ ਕਰ ਰਹੀਆਂ ਹਨ, ਜਿਨ੍ਹਾਂ ਨੂੰ ਅੱਜ ਦੁਨੀਆ ਸਲਾਮ ਕਰਦੀ ਹੈ। ਹਾਲਾਂਕਿ ਸਮੇਂ-ਸਮੇਂ ਸਿਰ ਭਾਰਤੀ ਖਿਡਾਰਨਾਂ ਪੀ. ਟੀ. ਊਸ਼ਾ, ਅੰਜੂ ਬੀ, ਜਾਰਜ, ਸਾਨੀਆ ਮਿਰਜਾ, ਮੈਰੀਕਾਮ, ਸਾਨਿਆ ਨੇਹਵਾਲ, ਪੀ. ਵੀ. ਸਿੰਧੂ, ਸਾਖਸ਼ੀ ਮਲਿਕ ਅਤੇ ਦੀਪਾ ਕਰਮਾਕਰ ਆਦਿ ਨੇ ਵੱਖ-ਵੱਖ ਖੇਡਾਂ 'ਚ ਵੱਡੀਆਂ ਪ੍ਰਾਪਤੀਆਂ ਨਾਲ ਭਾਰਤੀ ਤਿਰੰਗੇ ਨੂੰ ਬੁਲੰਦੀ 'ਤੇ ਪਹੁੰਚਾਇਆ ਹੈ ਪਰ ਕਾਫੀ ਲੰਬੇ ਅਰਸੇ ਬਾਅਦ ਭਾਰਤੀ ਵੇਟ ਲਿਫਟਿੰਗ ਇਕ ਵਾਰ ਫਿਰ ਸੁਨਹਿਰੀ ਸੁਰਖੀਆਂ ਵਿਚ ਹੈ। ਦੋ ਦਹਾਕਿਆਂ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ ਬਾਅਦ ਮਨੀਪੁਰ ਦੀ ਲਾਡਲੀ ਸਾਈਖੋਮ ਮੀਰਾਬਾਈ ਚਾਨੂ ਨੇ ਸੋਨ ਤਗਮਿਆਂ ਦਾ ਸੋਕਾ ਖ਼ਤਮ ਕਰਦਿਆਂ ਵਿਸ਼ਵ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਮੀਰਾਬਾਈ ਚਾਨੂ ਨੇ 22 ਸਾਲ ਬਾਅਦ ਜਿਥੇ ਸੁਨਹਿਰੀ ਤਗਮਾ ਭਾਰਤ ਦੀ ਝੋਲੀ ਪਾਇਆ, ਉਥੇ ਉਸ ਨੇ ਰੀਓ ਉਲੰਪਿਕ 2016 ਦੀਆਂ ਕੁਸੈਲੀਆਂ ਯਾਦਾਂ ਨੂੰ ਵੀ ਸਦਾ-ਸਦਾ ਲਈ ਦਫਨ ਕਰ ਦਿੱਤਾ, ਜਿਥੇ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ ਰਿਹਾ। ਭਾਰਤੀ ਰੇਲਵੇ 'ਚ ਤਾਇਨਾਤ ਚਾਨੂ ਨੇ 48 ਕਿੱਲੋ ਭਾਰ ਵਰਗ 'ਚ ਕੁੱਲ 194 ਕਿਲੋਗ੍ਰਾਮ ਭਾਰ ਚੁੱਕ ਕੇ ਜਿਥੇ ਸੁਨਹਿਰੀ ਤਗਮਾ ਆਪਣੀ ਹਿੱਕ 'ਤੇ ਸਜਾਇਆ, ਉਥੇ ਨਵਾਂ ਕੌਮੀ ਰਿਕਾਰਡ ਵੀ ਕਾਇਮ ਕੀਤਾ। ਚਾਨੂ ਨੇ ਸਨੈਚ 'ਚ 85 ਕਿੱਲੋਗ੍ਰਾਮ ਅਤੇ ਕਲੀਨ ਤੇ ਜਰਕ 'ਚ 109 ਕਿੱਲੋਗ੍ਰਾਮ ਭਾਰ ਚੁੱਕਿਆ।
ਸੋਨ ਤਗਮਾ ਜਿੱਤਣ ਤੋਂ ਬਾਅਦ ਖੁਸ਼ੀ 'ਚ ਭਾਵੁਕ ਹੋਈ ਮੀਰਾਬਾਈ ਚਾਨੂ ਦੇ ਪੌਡੀਅਮ 'ਤੇ ਖੜ੍ਹੇ ਹੋ ਕੇ ਤਿੰਰਗਾ ਦੇਖ ਕੇ ਹੰਝੂ ਵਹਿ ਤੁਰੇ। ਇਹ ਸ਼ਾਇਦ ਉਨ੍ਹਾਂ ਪਲਾਂ ਦਾ ਅਹਿਸਾਸ ਹੋਵੇਗਾ, ਜਦੋਂ ਘਰ ਤੋਂ ਦੂਰ, ਵਕਤ ਦੇ ਥਪੇੜੇ, ਸਖ਼ਤ ਮਿਹਨਤ, ਉਤਰਾਅ-ਚੜ੍ਹਾਅ ਭਰੇ ਹਾਲਾਤ ਤੇ ਫਿਰ ਸਾਲਾਂਬੱਧੀ ਮਿਹਨਤ ਦਾ ਖਿੜਿਆ ਸੂਹਾ ਗੁਲਾਬ ਜਦੋਂ ਸੁਨਹਿਰੀ ਸੁਪਨਿਆਂ ਦੀ ਹਕੀਕਤ ਬਣ ਕੇ ਇਕ ਮਾਣਮੱਤੀ ਪ੍ਰਾਪਤੀ ਦਾ ਸਿਰਨਾਵਾਂ ਹੋ ਕੇ ਇਤਿਹਾਸ ਬਣ ਜਾਵੇ ਤਾਂ ਖੁਸ਼ੀ 'ਚ ਹੰਝੂਆਂ ਦਾ ਛਲਕਣਾ ਸੁਭਾਵਿਕ ਹੈ। ਇਸ ਗੌਰਵਮਈ ਸਫਲਤਾ ਤੋਂ ਬਾਅਦ ਚਾਨੂ ਕਰੱਨਮ ਮਲੇਸ਼ਵਰੀ ਤੋਂ ਬਾਅਦ ਅਜਿਹੀ ਦੂਜੀ ਮਹਿਲਾ ਖਿਡਾਰੀ ਬਣ ਗਈ ਹੈ, ਜਿਸ ਨੇ ਭਾਰ ਤੋਲਣ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ ਹੈ। ਸੰਨ 2000 ਸਿਡਨੀ ਉਲੰਪਿਕ 'ਚ ਕਾਂਸੀ ਤਗਮਾ ਜਿੱਤਣ ਵਾਲੀ ਕਰੱਨਮ ਮਲੇਸ਼ਵਰੀ ਨੇ 1994 'ਚ ਇਸਤੰਬੋਲ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ ਤੇ 1995 'ਚ ਗੁਆਗਜੂ 'ਚ ਹੋਈ ਚੈਂਪੀਅਨਸ਼ਿਪ 'ਚ ਸੋਨ ਤਗਮੇ ਜਿੱਤੇ ਸਨ। ਮੀਰਾਬਾਈ ਚਾਨੂ ਨੂੰ ਹੁਣ ਇਸ ਖੇਡ 'ਚ ਕਰੱਨਮ ਮਲੇਸ਼ਵਰੀ ਦੀ ਵਾਰਸ ਵਜੋਂ ਦੇਖਿਆ ਜਾਣ ਲੱਗਾ ਹੈ।
ਇੰਫਾਲ 'ਚ ਜਨਮੀ 23 ਵਰ੍ਹਿਆਂ ਦੀ ਚਾਨੂ ਨੇ ਵੇਟ ਲਿਫਟਿੰਗ ਦੀ ਸ਼ੁਰੂਆਤ 2007 'ਚ ਲੈਪਕ ਸਪੋਰਟਸ ਕੰਪਲੈਕਸ (ਇੰਫਾਲ) ਤੋਂ ਕੀਤੀ। ਕੰਜੂਰਾਨੀ ਦੇਵੀ (ਭਾਰ ਤੋਲਕ) ਨੂੰ ਆਪਣਾ ਆਦਰਸ਼ ਮੰਨਣ ਵਾਲੀ ਚਾਨੂ ਦੀਆਂ ਪ੍ਰਾਪਤੀਆਂ ਦੀ ਲੜੀ 'ਚ ਸੰਨ 2016 'ਚ ਦੱਖਣੀ ਏਸ਼ੀਆਈ ਖੇਡਾਂ 'ਚ ਉਸ ਨੇ ਸੋਨ ਤਗਮਾ ਜਿੱਤਿਆ। ਸੰਨ 2014 'ਚ ਗਲਾਸਗੋ 'ਚ ਹੋਈਆਂ ਰਾਸ਼ਟਰ ਮੰਡਲ ਖੇਡਾਂ 'ਚ 48 ਕਿਲੋਗ੍ਰਾਮ ਭਾਰ ਵਰਗ 'ਚ ਚਾਨੂ ਨੇ ਚਾਂਦੀ ਦੇ ਤਗਮੇ 'ਤੇ ਕਬਜ਼ਾ ਕੀਤਾ। ਸੰਨ 2011 'ਚ ਇੰਟਰਨੈਸ਼ਨਲ ਯੂਥ ਚੈਂਪੀਅਨਸ਼ਿਪ 'ਚ ਉਸ ਨੇ ਸੋਨ ਤਗਮਾ ਆਪਣੇ ਨਾਂਅ ਕੀਤਾ। ਉਸ ਨੇ ਸੰਨ 2013 'ਚ ਗੁਹਾਟੀ 'ਚ ਹੋਈ ਜੂਨੀਅਰ ਰਾਸ਼ਟਰੀ ਭਾਰ ਤੋਲਣ ਚੈਂਪੀਅਨਸ਼ਿਪ 'ਚ ਉਸ ਨੇ ਬੈਸਟ ਵੇਟ ਲਿਫਟਰ ਦਾ ਖਿਤਾਬ ਜਿੱਤਿਆ।
ਖੈਰ, ਮੱਧਵਰਗੀ ਪਰਿਵਾਰ 'ਚ ਜਨਮੀ ਚਾਨੂ ਨੇ ਸੰਘਰਸ਼ ਭਰਿਆ ਕਾਫੀ ਲੰਮਾ ਸਫਰ ਤੈਅ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। 22 ਸਾਲ ਬਾਅਦ ਚਾਨੂ ਦੇ ਸੋਨ ਤਗਮਾ ਜਿੱਤਣ 'ਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਸਮੇਤ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਮੈਰੀਕਾਮ, ਅਰਜਨ ਐਵਾਰਡੀ ਭਾਰ ਤੋਲਕ ਤਾਰਾ ਸਿੰਘ ਅਤੇ ਉਲੰਪਿਕ ਤਗਮਾ ਜੇਤੂ ਮੁੱਕੇਬਾਜ਼ ਵਜਿੰਦਰ ਸਿੰਘ ਨੇ ਮੁਬਾਰਕਬਾਦ ਦਿੱਤੀ ਹੈ। ਸਿਰੜੀ ਅਤੇ ਦ੍ਰਿੜ੍ਹ ਵਿਸ਼ਵਾਸ ਵਾਲੀ ਸੁਨਹਿਰੀ ਵੇਟ ਲਿਫਟਰ ਚਾਨੂ ਦਾ ਅਗਲਾ ਨਿਸ਼ਾਨਾ ਆਸਟ੍ਰੇਲੀਆ ਰਾਸ਼ਟਰ ਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਤੇ ਫਿਰ ਟੋਕੀਓ ਉਲੰਪਿਕ 'ਚ ਤਗਮਾ ਜਿੱਤਣਾ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204


ਖ਼ਬਰ ਸ਼ੇਅਰ ਕਰੋ

ਖੇਡ ਪ੍ਰਬੰਧ 'ਚ ਸੁਧਾਰ ਲਈ ਖਿਡਾਰੀ ਵੀ ਆਪਣੇ ਫ਼ਰਜ਼ ਪਛਾਨਣ

ਜਦੋਂ ਅਸੀਂ ਖੇਡ ਸਿਸਟਮ 'ਚ ਆ ਰਹੇ ਨਿਘਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੋਸ਼ੀ ਠਹਿਰਾਉਂਦੇ ਹਾਂ ਉਨ੍ਹਾਂ ਅਹੁਦੇਦਾਰਾਂ ਨੂੰ, ਉਨ੍ਹਾਂ ਚੌਧਰੀਆਂ ਨੂੰ, ਜੋ ਇਹ ਢਾਂਚਾ ਚਲਾ ਰਹੇ ਹਨ। ਕਿਸੇ ਵਿੱਦਿਅਕ ਸੰਸਥਾ ਦੇ ਮੁਖੀ ਅਤੇ ਖੇਡ ਵਿਭਾਗ ਦੇ ਅਧਿਆਪਕਾਂ ਤੋਂ ਲੈ ਕੇ ਭਾਰਤ ਦੀਆਂ ਖੇਡ ਫੈਡਰੇਸ਼ਨਾਂ ਤੱਕ। ਪਰ ਜੇ ਇਹ ਸਭ ਸੱਚ ਮੰਨਿਆ ਵੀ ਜਾਵੇ ਤਾਂ ਇਹ ਪੂਰੇ ਦੇ ਪੂਰੇ ਖੇਡ ਸਿਸਟਮ ਨੂੰ ਵਿਗਾੜਨ ਦਾ ਇਕੋ ਹੀ ਕਾਰਨ ਨਹੀਂ। ਇਨ੍ਹਾਂ ਕਾਰਨਾਂ ਨਾਲ ਬਹੁਤ ਸਾਰੇ ਪੱਖ ਹੋਰ ਵੀ ਜੁੜੇ ਹੋਏ ਹਨ। ਇਕ ਅਹਿਮ ਕਾਰਨ, ਇਕ ਮਹੱਤਵਪੂਰਨ ਸਬੱਬ ਸਾਡੀ ਜਾਚੇ ਖਿਡਾਰੀਆਂ ਦੀ ਸ਼ਖ਼ਸੀਅਤ ਦਾ ਪਤਨ, ਉਨ੍ਹਾਂ ਦੇ ਆਚਰਣ ਦੀ ਗਿਰਾਵਟ ਵੀ ਹੈ। ਸਾਡੇ ਆਸ-ਪਾਸ ਵਿਚਰ ਰਹੇ ਖਿਡਾਰੀ ਸੰਜੀਦਾ ਨਹੀਂ, ਆਪਣੀ ਖੇਡ ਪ੍ਰਤੀ ਉਹ ਗੰਭੀਰਤਾ ਨਹੀਂ ਰੱਖਦੇ, ਜਿਸ ਦੀ ਖੇਡ ਸਿਸਟਮ ਮੰਗ ਕਰਦਾ ਹੈ। ਰਾਜਨੀਤੀ ਦੀ ਖੇਡ ਇਹ ਖਿਡਾਰੀ ਵੀ ਖੇਡਦੇ ਹਨ। ਆਪਣੇ ਇਖਲਾਕੀ ਫਰਜ਼ਾਂ ਪ੍ਰਤੀ ਉਹ ਅਵੇਸਲੇ ਹਨ।
ਕਈ ਵਾਰ ਉਹ ਆਪਣੇ ਖੇਡ ਕੈਰੀਅਰ ਨੂੰ ਖੇਡ ਮੈਦਾਨ 'ਚ ਮਾਰ-ਕੁੱਟ ਕਰ ਕੇ, ਕੋਚਾਂ ਦੀ ਬੇਇੱਜ਼ਤੀ ਕਰ ਕੇ, ਨਸ਼ਿਆਂ ਦੀ ਵਰਤੋਂ ਕਰ ਕੇ ਦਾਅ 'ਤੇ ਲਾ ਦਿੰਦੇ ਹਨ। ਕਿਸੇ ਸਕੂਲ ਦੀ, ਕਿਸੇ ਕਾਲਜ ਦੀ ਟੀਮ ਤੋਂ ਲੈ ਕੇ ਦੇਸ਼ ਦੀ ਕੌਮੀ ਟੀਮ ਤੱਕ ਜੋ ਖਿਡਾਰੀ ਜਾਂ ਖਿਡਾਰਨਾਂ ਵਿਚਰ ਰਹੀਆਂ ਹਨ, ਉਨ੍ਹਾਂ ਵਿਚ ਬਹੁਤਿਆਂ ਨੇ ਆਪਣੀ ਸ਼ਖ਼ਸੀਅਤ ਦੀ ਬਹੁਪੱਖੀ ਉਸਾਰੀ ਦਾ ਕਦੇ ਧਿਆਨ ਨਹੀਂ ਦਿੱਤਾ। ਸਮਾਜ ਵਿਚ ਵਿਚਰਦੇ ਉਹ ਅਵਾਮ ਨੂੰ ਬਹੁਤੇ ਆਕਰਸ਼ਕ, ਸੂਝਵਾਨ ਨਹੀਂ ਲਗਦੇ। ਉਹ ਕਦੇ ਆਪਣੇ ਵਿੱਦਿਅਕ ਕੈਰੀਅਰ ਵੱਲ ਵੀ ਬਹੁਤ ਧਿਆਨ ਨਹੀਂ ਦਿੰਦੇ। ਉਹ ਪੁੰਗਰਦੇ ਨੌਨਿਹਾਲ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਨਹੀਂ ਬਣਦੇ। ਆਪਣੇ ਮਾਂ-ਬਾਪ ਲਈ ਵੀ ਉਹ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਕਰਦੇ ਹਨ। ਪੜ੍ਹਾਈ ਤੋਂ ਉਨ੍ਹਾਂ ਨੂੰ ਨਫ਼ਰਤ ਹੈ, ਕੰਨੀ ਕਤਰਾਉਂਦੇ ਹਨ ਪਰ ਅਸੀਂ ਦੇਖਿਆ ਕਿ ਉਹ ਕਈ ਵਾਰ ਖੇਡ ਮੈਦਾਨ ਤੋਂ ਵੀ ਭੱਜਣ ਲਗਦੇ ਹਨ। ਉਹ ਕੋਚਾਂ ਸਾਹਮਣੇ ਝੂਠ ਬੋਲਦੇ ਹਨ। ਸੰਸਥਾ ਨੂੰ ਬਲੈਕਮੇਲ ਤੱਕ ਵੀ ਕਰਨ ਤੋਂ ਹਿਚਕਿਚਾਉਂਦੇ ਨਹੀਂ।
ਅਸੀਂ ਬਹੁਤ ਸਾਰੀਆਂ ਖਿਡਾਰਨਾਂ-ਖਿਡਾਰੀਆਂ ਨੂੰ ਆਪਣੇ ਸਕੂਲ-ਕਾਲਜ ਲਈ ਕਈ ਮੁਸ਼ਕਿਲਾਂ ਪੈਦਾ ਕਰਦਿਆਂ ਦੇਖਿਆ ਹੈ। ਅਨੁਸ਼ਾਸਨ ਭੰਗ ਕਰਨਾ ਉਨ੍ਹਾਂ ਦੇ ਮੁੱਖ ਸ਼ੌਕਾਂ 'ਚ ਸ਼ਾਮਿਲ ਹੈ। ਵਿੱਦਿਅਕ ਸੰਸਥਾ ਵਲੋਂ ਮਿਲੇ ਡਾਈਟ ਦੇ ਪੈਸੇ, ਖੇਡ ਵਿੰਗਾਂ ਤਹਿਤ ਮਿਲੀ ਰਕਮ ਉਹ ਨਸ਼ਿਆਂ ਦੀ ਵਰਤੋਂ 'ਚ, ਐਸ਼ਪ੍ਰਸਤੀ ਅਤੇ ਘੁੰਮਣ-ਫਿਰਨ 'ਚ ਖਰਚ ਕਰਨ 'ਚ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ। ਸਕੂਲਾਂ-ਕਾਲਜਾਂ ਵਲੋਂ ਖੇਡਣ ਵਾਲੇ ਪੇਸ਼ਾਵਰ ਖਿਡਾਰੀਆਂ ਦਾ ਹਾਲ ਇਹ ਹੈ ਕਿ ਉਹ ਕਦੇ ਘੱਟ-ਵੱਧ ਹੀ ਉਸ ਵਿੱਦਿਅਕ ਸੰਸਥਾ 'ਚ ਪ੍ਰਵੇਸ਼ ਕਰਦੇ ਹਨ, ਜਿਨ੍ਹਾਂ 'ਚ ਖੇਡਾਂ ਦੇ ਆਧਾਰ 'ਤੇ ਉਨ੍ਹਾਂ ਨੇ ਦਾਖਲਾ ਲਿਆ ਹੁੰਦਾ ਹੈ। ਹਾਲਾਂਕਿ ਉਸ ਸਕੂਲ-ਕਾਲਜ 'ਚ ਵਿਚਰ ਕੇ ਆਪਣੀ ਸ਼ਖ਼ਸੀਅਤ ਦੀ ਬਹੁਪੱਖੀ ਉਸਾਰੀ ਉਹ ਕਰ ਸਕਦੇ ਹਨ। ਉਹ ਵੀ ਕੀ ਕਰਨ, ਉਨ੍ਹਾਂ ਨੇ ਆਪਣੇ ਸੀਨੀਅਰ ਖਿਡਾਰੀਆਂ ਨੂੰ ਵੀ ਇੰਜ ਹੀ ਵਿਚਰਦਿਆਂ ਤੱਕਿਆ ਹੈ। ਖੇਡ ਪ੍ਰਤੀ ਗੰਭੀਰ ਅਤੇ ਪੜ੍ਹਾਈ 'ਚ ਰੁਚੀ ਲੈਣ ਵਾਲਾ ਉਨ੍ਹਾਂ ਦਾ ਸਾਥੀ ਖਿਡਾਰੀ ਉਨ੍ਹਾਂ ਲਈ ਮਖੌਲ ਦਾ ਪਾਤਰ ਬਣਦਾ ਹੈ। ਖੇਡਾਂ ਦੇ ਖੇਤਰ 'ਚ ਬੁਲੰਦੀਆਂ ਛੂਹਣ ਦਾ ਉਨ੍ਹਾਂ ਦਾ ਕੋਈ ਨਿਸ਼ਾਨਾ ਨਹੀਂ, ਖੇਡਾਂ ਦੇ ਆਧਾਰ 'ਤੇ ਮੁਫਤ ਪੜ੍ਹਾਈ ਹੋ ਜਾਵੇ, ਬੀ. ਏ., ਐਮ.ਏ. ਹੋ ਜਾਵੇ, ਕੋਈ ਮਾੜੀ-ਮੋਟੀ ਨੌਕਰੀ ਮਿਲ ਜਾਵੇ, ਸ਼ਾਇਦ ਇਸ ਤੋਂ ਅੱਗੇ ਸਾਡੇ ਆਸ-ਪਾਸ ਵਿਚਰ ਰਿਹਾ ਖਿਡਾਰੀ ਜਾਂ ਖਿਡਾਰਨ ਸੋਚਦੀ ਹੀ ਨਹੀਂ। ਸਕੂਲਾਂ-ਕਾਲਜਾਂ 'ਚ ਖੇਡਾਂ ਦੇ ਆਧਾਰ 'ਤੇ ਦਾਖਲਾ ਲੈਣ ਵਾਲੇ ਕਈ ਖਿਡਾਰੀ-ਖਿਡਾਰਨਾਂ ਤਾਂ ਟੂਰਨਾਮੈਂਟ ਤੋਂ ਪਹਿਲਾਂ ਇਥੋਂ ਤੱਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਧੇਲਾ ਖਰਚ ਨਾ ਹੋਵੇ। ਉਨ੍ਹਾਂ ਦੀ ਹੋਂਦ ਨਾਲ ਉਨ੍ਹਾਂ ਦੀ ਟੀਮ ਨਾਲ ਵਿੱਦਿਅਕ ਸੰਸਥਾ 'ਤੇ ਕਿੰਨਾ ਬੋਝ ਆਰਥਿਕ ਪੱਖੋਂ ਪੈ ਰਿਹਾ ਹੈ, ਇਸ ਬਾਰੇ ਉਹ ਬੇਖਬਰ ਹੁੰਦੇ ਹਨ। ਪਰ ਆਖਰ ਹਜ਼ਾਰਾਂ ਰੁਪਏ ਖਰਚ ਕਰ ਰਹੀ ਸੰਸਥਾ ਨੂੰ ਉਨ੍ਹਾਂ ਤੋਂ ਵਧੀਆ ਨਤੀਜਿਆਂ ਦੀ ਵੀ ਤਾਂ ਆਸ ਹੁੰਦੀ ਹੈ। ਪਰ ਉਸ ਦੀ ਆਸ 'ਤੇ ਪੂਰਿਆਂ ਉਤਰਨ ਲਈ ਖਿਡਾਰੀਆਂ-ਖਿਡਾਰਨਾਂ 'ਚ ਉਹ ਗੰਭੀਰਤਾ ਨਹੀਂ ਹੁੰਦੀ ਹੈ। ਇਹੀ ਕਾਰਨ ਹੈ ਕਿ ਕਈ ਵਾਰ ਸੰਸਥਾ ਦੇ ਮੁਖੀਆਂ ਅਤੇ ਖੇਡ ਵਿਭਾਗ ਦੇ ਅਧਿਆਪਕਾਂ ਅਤੇ ਕੋਚਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ।
ਸਾਨੂੰ ਆਪਣਾ ਖੇਡ ਸਿਸਟਮ ਵਧੀਆ ਕਰਨ ਲਈ, ਦੋਸ਼ਾਂ ਤੋਂ ਮੁਕਤ ਕਰਨ ਲਈ ਖਿਡਾਰੀਆਂ-ਖਿਡਾਰਨਾਂ ਦੇ ਸਹਿਯੋਗ ਅਤੇ ਆਪਣੀ ਖੇਡ ਪ੍ਰਤੀ ਉਨ੍ਹਾਂ ਦੀ ਦਿਲੀ ਸ਼ਰਧਾ, ਸੰਜੀਦਗੀ ਦੀ ਜ਼ਰੂਰਤ ਵੀ ਹੈ। ਖਿਡਾਰੀ ਵਰਗ ਆਪਣੇ ਹੱਕਾਂ ਪ੍ਰਤੀ ਤਾਂ ਸੁਚੇਤ ਹੋਣ ਪਰ ਨਾਲ-ਨਾਲ ਉਨ੍ਹਾਂ ਨੂੰ ਆਪਣੇ ਫਰਜ਼ਾਂ ਤੋਂ ਕੁਤਾਹੀ ਨਹੀਂ ਵਰਤਣੀ ਚਾਹੀਦੀ। ਖਿਡਾਰੀ ਵਰਗ ਦਾ ਮਾਣ-ਸਨਮਾਨ ਉਨ੍ਹਾਂ ਦੇ ਆਪਣੇ ਹੱਥ ਹੈ, ਜਿਸ ਦਾ ਸਬੰਧ ਮਹਿਜ਼ ਉਸ ਖੇਡ 'ਚ ਮਾਅਰਕੇ ਮਾਰਨ ਨਾਲ ਹੀ ਨਹੀਂ, ਸਗੋਂ ਆਪਣੇ ਆਚਰਣ ਦੀ ਬੁਲੰਦੀ, ਸ਼ਖ਼ਸੀਅਤ ਦੀ ਬਹੁਪੱਖੀ ਉਸਾਰੀ ਨਾਲ ਵੀ ਹੈ। ਇਸ ਪੱਖੋਂ ਖਿਡਾਰੀਆਂ ਨੂੰ ਵਿੱਦਿਆ ਦੇ ਸਹਾਰੇ ਦੀ ਲੋੜ ਹੈ। ਸਮਾਜਿਕ ਸੂਝ-ਬੂਝ ਦੀ ਜ਼ਰੂਰਤ ਹੈ। ਇਖਲਾਕੀ ਕਦਰਾਂ-ਕੀਮਤਾਂ ਦੀ ਲੋੜ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

18ਵਾਂ ਵਿਸ਼ਵ ਖਿਤਾਬ ਜਿੱਤਦਿਆਂ

ਖਿਤਾਬਾਂ ਦਾ ਰਿਕਾਰਡ ਬਣਾ ਰਿਹੈ ਪੰਕਜ ਅਡਵਾਨੀ

ਪੰਕਜ ਅਡਵਾਨੀ ਲਈ ਹਰ ਸਾਲ ਇਕ ਵਿਸ਼ਵ ਖਿਤਾਬ ਜਿੱਤਣਾ ਹੁਣ ਇਕ ਨੇਮ ਬਣ ਗਿਆ ਲੱਗਦਾ ਹੈ, ਜਿਸ ਨੂੰ ਇਹ ਖਿਡਾਰੀ ਪੂਰੀ ਸ਼ਿੱਦਤ ਨਾਲ ਨਿਭਾ ਰਿਹਾ ਹੈ ਅਤੇ ਹਰ ਸਾਲ ਇਕ ਵਿਸ਼ਵ ਕੱਪ ਖਿਤਾਬ ਜਿੱਤਦੇ ਹੋਏ ਦੇਸ਼ ਦਾ ਮਾਣ ਵੀ ਆਲਮੀ ਪੱਧਰ ਉੱਤੇ ਵਧਾ ਰਿਹਾ ਹੈ। ਇਸ ਸਾਲ ਯਾਨੀ ਸਾਲ 2017 ਵਿਚ ਵੀ ਪੰਕਜ ਅਡਵਾਨੀ ਨੇ ਇਸੇ ਲੜੀ ਨੂੰ ਜਾਰੀ ਰੱਖਿਆ ਹੈ ਅਤੇ ਇਕ ਵਾਰ ਫਿਰ ਵਿਸ਼ਵ ਖਿਤਾਬ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਪੰਕਜ ਅਡਵਾਨੀ ਨੇ ਲੰਘੇ ਦਿਨੀਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਹਾ (ਕਤਰ) ਵਿਖੇ ਹੋਈ ਆਈ.ਬੀ.ਐਸ.ਐਫ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਇਰਾਨ ਦੇ ਆਮਿਰ ਸਰਖੋਸ਼ ਨੂੰ ਹਰਾ ਕੇ ਇਕ ਹੋਰ ਵਿਸ਼ਵ ਖਿਤਾਬ ਆਪਣੇ ਨਾਂਅ ਕੀਤਾ। ਦੋਹਾ ਦੇ ਅਲ ਅਰਬੀ ਸਪੋਰਟਸ ਕਲੱਬ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਅਡਵਾਨੀ ਨੇ 8-2 ਨਾਲ ਜਿੱਤ ਦਰਜ ਕਰ ਕੇ ਆਪਣਾ 18ਵਾਂ ਵਿਸ਼ਵ ਖਿਤਾਬ ਜਿੱਤਿਆ। ਖਿਤਾਬੀ ਮੁਕਾਬਲੇ ਦੀ ਘੋਖ ਕੀਤਿਆਂ ਇਹ ਗੱਲ ਪਤਾ ਲੱਗਦੀ ਹੈ ਕਿ ਪਿਛਲੇ ਸਾਲਾਂ ਵਾਂਗ ਇਹ ਜਿੱਤ ਵੀ ਅਡਵਾਨੀ ਲਈ ਏਨੀ ਆਸਾਨ ਨਹੀਂ ਸੀ, ਕਿਉਂਕਿ ਫਾਈਨਲ ਵਿਚ ਈਰਾਨ ਦੇ ਸਰਖੋਸ਼ ਨੇ ਅਡਵਾਨੀ ਨੂੰ ਤਕੜੀ ਟੱਕਰ ਦਿੱਤੀ ਅਤੇ ਉਸ ਨੇ ਪਹਿਲਾ ਫਰੇਮ ਜਿੱਤ ਕੇ 1-0 ਨਾਲ ਲੀਡ ਲੈ ਲਈ ਸੀ ਪਰ ਇਸ ਤੋਂ ਬਾਅਦ ਅਡਵਾਨੀ ਨੇ ਲਗਾਤਾਰ ਚਾਰ ਫਰੇਮ ਜਿੱਤ ਕੇ 4-1 ਨਾਲ ਲੀਡ ਲਈ। ਛੇਵੇਂ ਫਰੇਮ ਨੂੰ ਸਰਖੋਸ਼ ਨੇ 134 ਦੇ ਸਕੋਰ ਨਾਲ ਆਪਣੇ ਨਾਂਅ ਕੀਤਾ ਪਰ ਅਡਵਾਨੀ ਉਪਰ ਇਸ ਗੱਲ ਦਾ ਵੀ ਕੋਈ ਪ੍ਰਭਾਵ ਨਹੀਂ ਸੀ ਪਿਆ ਅਤੇ ਉਸ ਨੇ ਅਗਲੇ ਚਾਰ ਫਰੇਮ ਜਿੱਤ ਕੇ ਇਕ ਹੋਰ ਸੋਨੇ ਦਾ ਤਗਮਾ ਹਾਸਲ ਕੀਤਾ। ਅਡਵਾਨੀ ਨੇ ਇਹੀ ਲੈਅ ਜਾਰੀ ਰੱਖਦੇ ਹੋਏ ਇਹ ਮੁਕਾਬਲਾ ਜਿੱਤਿਆ। ਇਸ ਤੋਂ ਪਹਿਲਾਂ ਅਡਵਾਨੀ ਨੇ ਫਸਵੇਂ ਸੈਮੀਫਾਈਨਲ ਵਿਚ ਆਸਟਰੀਆ ਦੇ ਨੌਜਵਾਨ ਖਿਡਾਰੀ ਐਫ. ਨੂਬਲ ਨੂੰ 7-4 ਨਾਲ ਹਰਾਇਆ ਸੀ। ਆਸਟਰੀਆ ਦਾ ਖਿਡਾਰੀ 11 ਵਿਚੋਂ ਚਾਰ ਫਰੇਮ ਜਿੱਤਣ ਵਿਚ ਸਫਲ ਰਿਹਾ ਸੀ ਪਰ ਅਡਵਾਨੀ ਨੇ ਉਥੇ ਵੀ ਇਸੇ ਤਰ੍ਹਾਂ ਦਬਾਅ ਨਾ ਕਬੂਲਦੇ ਹੋਏ ਫਰੇਮ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ।
ਪੰਕਜ ਅਡਵਾਨੀ ਨੇ 2005 ਵਿਚ ਆਪਣਾ ਪਹਿਲਾ ਵਿਸ਼ਵ ਬਿਲਿਅਰਡਜ਼ ਖ਼ਿਤਾਬ ਜਿੱਤਿਆ ਸੀ। ਇਸੇ ਸਾਲ ਉਸ ਨੇ ਆਈ.ਬੀ.ਐਸ.ਐਫ. ਵਿਸ਼ਵ ਬਿਲਿਅਰਡਜ਼ ਚੈਂਪੀਅਨਸ਼ਿਪ ਵਿਚ ਸਮੇਂ ਅਤੇ ਅੰਕ ਦੇ ਵਰਗਾਂ ਦੇ ਦੋਵੇਂ ਖ਼ਿਤਾਬ ਜਿੱਤੇ ਸਨ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਸੀ । ਇਹੀ ਬਸ ਨਹੀਂ, ਉਸ ਨੇ ਇਹੀ ਵਿਲੱਖਣ ਕਾਰਨਾਮਾ ਸਾਲ 2008 ਵਿਚ ਵੀ ਦੁਹਰਾਇਆ ਸੀ। ਇਹ ਵੀ ਖਾਸ ਜ਼ਿਕਰ ਕਰਨ ਵਾਲੀ ਗੱਲ ਹੈ ਕਿ ਇਸ ਖੇਡ ਦੇ ਦੋ ਹਿੱਸੇ ਹੁੰਦੇ ਹਨ-ਪਹਿਲਾ ਬਿਲੀਅਰਡਜ਼ ਅਤੇ ਦੂਜਾ ਸਨੂਕਰ। ਬਹੁਤ ਥੋੜ੍ਹੇ ਖਿਡਾਰੀ ਹਨ, ਜੋ ਦੋਵੇਂ ਹਿੱਸਿਆਂ ਨੂੰ ਹੱਥ ਪਾਉਂਦੇ ਹਨ। ਅਡਵਾਨੀ ਨੇ ਸ਼ੁਰੂ ਤੋਂ ਹੀ ਕੌਮਾਂਤਰੀ ਪੱਧਰ ਉੱਤੇ ਬਿਲਿਅਰਡਜ਼ ਅਤੇ ਸਨੂਕਰ, ਦੋਵੇਂ ਖੇਡਣ ਦਾ ਮੁਸ਼ਕਿਲ ਫੈਸਲਾ ਕੀਤਾ ਸੀ ਅਤੇ ਦੋਵਾਂ ਵਰਗਾਂ ਵਿਚ ਉਹ ਬਿਹਤਰੀਨ ਫਾਰਮ ਬਰਕਰਾਰ ਰੱਖਣ ਵਿਚ ਸਫਲ ਰਿਹਾ ਸੀ। ਇਸ ਦੇਸ਼ ਅੰਦਰ ਅਕਸਰ ਇਹ ਸਮੱਸਿਆ ਰਹੀ ਹੈ ਕਿ ਕ੍ਰਿਕਟ ਤੋਂ ਛੁੱਟ ਬਾਕੀ ਖੇਡਾਂ ਦੇ ਖਿਡਾਰੀਆਂ ਨੂੰ, ਚਾਹੇ ਉਹ ਜਿੰਨਾ ਮਰਜ਼ੀ ਵਧੀਆ ਪ੍ਰਦਰਸ਼ਨ ਕਰੀ ਜਾਣ, ਉਹ ਮਾਣ-ਸਨਮਾਨ ਨਹੀਂ ਮਿਲਦਾ, ਜਿਸ ਦੇ ਉਹ ਹੱਕਦਾਰ ਹੁੰਦੇ ਹਨ ਪਰ ਭਾਰਤ ਦੇ ਪੰਕਜ ਅਡਵਾਨੀ ਨੇ ਪਹਿਲਾਂ ਵੀ ਇਸ ਪ੍ਰਥਾ ਨੂੰ ਤੋੜਿਆ ਹੈ ਅਤੇ ਹੁਣ ਵੀ ਇਸ ਪਾਸੇ ਇਕ ਨਵਾਂ ਮਾਅਰਕਾ ਮਾਰਿਆ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ,
ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਪਹਿਲਵਾਨ ਸੁਸ਼ੀਲ ਦੇ ਵਾਕਓਵਰ ਚੈਂਪੀਅਨ ਬਣਨ ਨਾਲ ਭਾਰਤੀ ਕੁਸ਼ਤੀ ਸਵਾਲਾਂ ਦੇ ਘੇੇਰੇ 'ਚ ਆਈ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਾਰਜਕਾਲ ਵਿਚ ਭਾਰਤ ਨੂੰ ਕੁਸ਼ਤੀ ਦੇ ਕਈ ਉਲੰਪਿਕ ਤਗਮੇ ਮਿਲੇ ਹਨ ਤੇ 2020 ਦੀ ਟੋਕੀਓ ਉਲੰਪਿਕ ਵਿਚੋਂ ਹੋਰ ਵੀ ਤਗਮੇ ਮਿਲਣ ਦੀ ਆਸ ਬੱਝੀ ਹੈ ਤੇ ਭਾਰਤੀ ਕੁਸ਼ਤੀ ਨੂੰ ਗੁਰਬਤ ਤੋਂ ਬਾਹਰ ਕੱਢਣ ਦਾ ਸਿਹਰਾ ਵੀ ਪ੍ਰਧਾਨ ਨੂੰ ਜਾਂਦਾ ਹੈ। ਕਿਸੇ ਵੇਲੇ ਭਾਰਤੀ ਕੁਸ਼ਤੀ ਫੈਡਰੇਸ਼ਨ ਕੋਲ ਆਪਣੇ ਆਫਿਸ ਦਾ ਕਿਰਾਇਆ ਦੇਣ ਲਈ ਪੈਸਾ ਨਹੀਂ ਸੀ ਹੁੰਦਾ। ਇਸ ਵੇਲੇ ਜੋ ਵੀ ਰਾਜ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਆਯੋਜਨ ਕਰਦਾ ਹੈ, ਉਸ ਨੂੰ ਫੈਡਰੇਸ਼ਨ 10 ਲੱਖ ਰੁਪਏ ਦਿੰਦਾ ਹੈ ਤੇ ਤਗਮਾ ਜਿੱਤਣ ਵਾਲੇ ਪਹਿਲਵਾਨ ਨੂੰ 10 ਹਜ਼ਾਰ, ਚਾਂਦੀ ਵਾਲੇ ਨੂੰ 7 ਤੇ ਕਾਂਸੀ ਤਗਮਾ ਜੇਤੂ ਪਹਿਲਵਾਨ ਨੂੰ 5 ਹਜ਼ਾਰ ਰੁਪਏ ਵੀ ਦਿੰਦਾ ਹੈ।
ਬੇਸ਼ੱਕ ਕੁਸ਼ਤੀ ਵਿਚ ਭਾਰਤ ਨੂੰ ਉਲੰਪਿਕ 'ਚੋਂ ਤਗਮੇ ਵੀ ਮਿਲੇ ਹਨ ਪਰ ਫਿਰ ਵੀ ਉਸ ਨੂੰ ਸਪਾਂਸਰ ਅਜੇ ਤੱਕ ਨਹੀਂ ਮਿਲ ਰਹੇ। ਪਰ ਫਿਰ ਵੀ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਸੁਪਨਾ ਆਪਣੀ ਕੁਸ਼ਤੀ ਅਕੈਡਮੀ ਬਣਾਉਣ ਦਾ ਹੈ, ਜਿਸ ਤਰੀਕੇ ਨਾਲ ਇਰਾਕ, ਈਰਾਨ, ਅਮਰੀਕਾ, ਇੰਗਲੈਂਡ ਤੇ ਰੂਸ ਦੀਆਂ ਆਪਣੀਆਂ ਕੁਸ਼ਤੀ ਅਕੈਡਮੀਆਂ ਹਨ।
ਬੇਸ਼ੱਕ ਸੁਸ਼ੀਲ ਨੇ ਦੋਵਾਂ ਪਹਿਲਵਾਨਾਂ ਨੂੰ ਚਿੱਤ ਕੀਤਾ ਪਰ ਪਹਿਲੇ ਵਾਲਾ ਦਮਖਮ ਸੁਸ਼ੀਲ ਨਹੀਂ ਵਿਖਾ ਸਕੇ ਤੇ ਜਦੋਂ ਇਸ ਤੋਂ ਬਾਅਦ ਕੁਆਰਟਰਫਾਈਨਲ ਵਿਚ ਪੁੱਜੇ ਪਹਿਲਵਾਨ ਪ੍ਰਵੀਨ ਨੇ ਸੁਸ਼ੀਲ ਨੂੰ ਵਾਕਓਵਰ ਦੇ ਦਿੱਤਾ। ਫਿਰ ਸੈਮੀਫਾਈਨਲ ਵਿਚ ਸੁਸ਼ੀਲ ਨੂੰ ਇਕ ਹੋਰ ਵਾਕਓਵਰ ਮਿਲ ਗਿਆ ਤੇ ਇਸ ਵਿਚ ਉਸ ਦਾ ਮੁਕਾਬਲਾ ਸਚਿਨ ਦਹੀਆ ਦੇ ਨਾਲ ਸੀ ਤੇ ਉਹ ਵੀ ਰਿੰਗ ਵਿਚ ਨਹੀਂ ਉਤਰੇ ਤੇ ਹੱਦ ਤਾਂ ਉਸ ਵੇਲੇ ਹੋਈ ਜਦੋਂ ਫਾਈਨਲ ਵਿਚ ਪਹਿਲਵਾਨ ਪ੍ਰਵੀਨ ਰਾਣਾ ਨੇ ਲਗਾਤਾਰ ਤੀਸਰੀ ਵਾਰ ਉਸ ਨੂੰ ਵਾਕਓਵਰ ਦੇ ਦਿੱਤਾ। ਇਸ ਤਰ੍ਹਾਂ ਨਾਲ ਭਾਰਤ ਦੇ ਦੋ ਉਲੰਪਿਕ ਖੇਡਾਂ ਵਿਚ ਕੁਸ਼ਤੀ ਦਾ ਝੰਡਾ ਬੁਲੰਦ ਕਰਨ ਵਾਲੇ ਪਹਿਲਵਾਨ ਸੁਸ਼ੀਲ ਬਗੈਰ ਕੁਸ਼ਤੀ ਲੜੇ ਰਾਸ਼ਟਰੀ ਚੈਂਪੀਅਨ ਬਣ ਗਏ ਤੇ ਇਹ ਜਿੱਤ ਕੁਸ਼ਤੀ ਨੂੰ ਕੀ ਸਿੱਖਿਆ ਦੇ ਕੇ ਜਾਂਦੀ ਹੈ। ਸੁਸ਼ੀਲ ਨਾਲ ਕੁਸ਼ਤੀ ਲੜਨ ਵਾਲੇ ਪਹਿਲਵਾਨਾਂ ਦੀ ਖੇਡ ਤੋਂ ਲਗਦਾ ਹੈ ਕਿ ਇਸ ਭਾਰ ਵਰਗ ਵਿਚ ਭਾਰਤੀ ਕੁਸ਼ਤੀ ਜਿੱਥੇ ਤੱਕ ਵਿਸ਼ਵ ਵਿਚ ਅੱਗੇ ਜਾ ਚੁੱਕੀ ਸੀ ਤੇ ਹੁਣ ਉਹ ਬਹੁਤ ਹੀ ਪਿੱਛੇ ਆ ਚੁੱਕੀ ਹੈ ਤੇ ਇਸ ਦੀ ਮਿਸਾਲ ਰੀਉ ਉਲੰਪਿਕ ਤੋਂ ਮਿਲਣੀ ਸ਼ੁਰੂ ਹੋ ਗਈ ਸੀ, ਜਦੋਂ ਸੁਸ਼ੀਲ ਨੇ ਇਸ ਵਰਗ ਵਿਚ ਲੜਨ ਵਾਲੇ ਪਹਿਲਵਾਨ ਨਰਸਿੰਘ ਯਾਦਵ ਨਾਲ ਡੋਪਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਜਿਸ ਦਾ ਸਾਇਆ ਨਰਸਿੰਘ ਦੇ ਜੀਵਨ 'ਤੇ ਪਿਆ ਤੇ ਉਸ ਨੂੰ ਰੀਉ ਉਲੰਪਿਕ ਤੋਂ ਬਾਹਰ ਹੋਣਾ ਪਿਆ।
ਬੇਸ਼ੱਕ ਸੁਸ਼ੀਲ ਇਕ ਨਾਮੀ ਪਹਿਲਵਾਨ ਹੈ ਪਰ ਜਿਸ ਤਰ੍ਹਾਂ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਹੀ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਨਹੀਂ ਕਰ ਸਕਿਆ, ਇਸ ਨਾਲ ਭਾਰਤੀ ਕੁਸ਼ਤੀ ਫੈਡਰੇਸ਼ਨ 'ਤੇ ਸਵਾਲ ਤਾਂ ਉੱਠਣੇ ਲਾਜ਼ਮੀ ਸੀ ਤੇ ਉਲੰਪਿਕ ਜਾਂ ਰਾਸ਼ਟਰ ਮੰਡਲ ਖੇਡਾਂ ਵਿਚ ਅਮਰੀਕਾ, ਈਰਾਨ, ਰੂਸ ਦੇ ਪਹਿਲਵਾਨ ਨੂੰ ਇਕ ਵੀ ਵਾਕਓਵਰ ਮਿਲਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੀ ਇਸ ਦੇ ਨਾਲ ਸਾਡੇ ਦੇਸ਼ ਵਿਚ ਕੁਸ਼ਤੀ ਦੀ ਤਰੱਕੀ ਹੋਈ ਹੈ ਜਾਂ ਸਾਡੀ ਭਾਰਤੀ ਕੁਸ਼ਤੀ ਮੁੜ ਤੋਂ ਢਲਾਨ ਦੇ ਵੱਲ ਜਾ ਰਹੀ ਹੈ? ਇਸ ਦੇ ਲਈ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਨੂੰ ਸੋਚਣ ਦੀ ਲੋੜ ਹੈ। ਇਸ ਲਈ ਯੋਗ ਉਪਰਾਲੇ ਕਰਨ ਦੀ ਜ਼ਰੂਰਤ ਹੈ, ਤਾਂ ਜੋ ਸਾਡੇ ਦੇਸ਼ ਦੇ ਪਹਿਲਵਾਨ ਬੇਖੌਫ ਉਲੰਪਿਕ ਵਿਚੋਂ ਤਗਮੇ ਜਿੱਤ ਕੇ ਲਿਆਉਣ, ਨਾ ਕਿ ਸਾਜਿਸ਼ ਦਾ ਸ਼ਿਕਾਰ ਬਣਨ।


-ਮੋਬਾ: 98729-78781

ਪਹਿਲਵਾਨ ਰਫ਼ੀ ਮੁਹੰਮਦ ਉਰਫ਼ ਸੁੱਖਾ

ਇਕ ਲੱਤ ਤੋਂ ਅਪਾਹਜ ਹੈ ਪਰ ਭਲਵਾਨੀ ਦੇ ਖੇਤਰ ਵਿਚ ਰਫ਼ੀ ਮੁਹੰਮਦ ਉਰਫ ਸੁੱਖਾ ਪਹਿਲਵਾਨ ਪੰਜਾਬ ਦੇ ਛਿੰਝ ਮੇਲਿਆਂ ਦੀ ਸ਼ਾਨ ਮੰਨਿਆ ਜਾਂਦਾ ਹੈ। ਸੁੱਖੇ ਪਹਿਲਵਾਨ ਦਾ ਜਨਮ ਪਿਤਾ ਅਰਸ਼ਾਦ ਮੁਹੰਮਦ ਦੇ ਘਰ ਮਾਤਾ ਸਹਿਫਾ ਦੀ ਕੁੱਖੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਉੱਪਲ ਭੂਪਾ ਵਿਖੇ ਇਕ ਗਰੀਬ ਪਰਿਵਾਰ ਵਿਚ 15 ਸਤੰਬਰ, 1974 ਨੂੰ ਹੋਇਆ। ਰਫ਼ੀ ਮੁਹੰਮਦ ਉਰਫ ਸੁੱਖਾ ਅਜੇ 6 ਕੁ ਸਾਲਾਂ ਦਾ ਸੀ ਅਤੇ ਮੁਢਲੀ ਸਿੱਖਿਆ ਲਈ ਅਜੇ ਫੱਟੀ-ਬਸਤਾ ਹੀ ਫੜਿਆ ਸੀ ਕਿ ਉਹ ਪੋਲੀਓ ਦੀ ਬਿਮਾਰੀ ਦਾ ਐਸਾ ਸ਼ਿਕਾਰ ਹੋਇਆ ਕਿ ਉਸ ਦੀ ਸੱਜੀ ਲੱਤ ਸਦਾ ਲਈ ਕਮਜ਼ੋਰ ਹੋ ਗਈ ਅਤੇ ਨਾਲ ਹੀ ਸਾਰੀ ਉਮਰ ਇਕ ਲੱਤੋਂ ਲੰਗੜਾਅ ਕੇ ਤੁਰਨ ਲਈ ਮਜਬੂਰ ਸੀ। ਇਕ ਦਿਨ ਨਾਲ ਦੇ ਪਿੰਡ ਛਿੰਝ ਵਿਚ ਇਕ ਅੰਗਹੀਣ ਭਲਵਾਨ ਸੀਤਲ ਸਿੰਘ ਔਜਲੇ ਨੂੰ ਘੁਲਦੇ ਵੇਖਿਆ ਤਾਂ ਛਾਈ ਨਿਰਾਸ਼ਾ 'ਚੋਂ ਇਕ ਵੱਡੀ ਆਸ ਨੇ ਜਨਮ ਲਿਆ ਅਤੇ ਸੁੱਖੇ ਨੇ ਵੀ ਹੁਣ ਅਪਾਹਜ ਹੁੰਦਿਆਂ ਵੀ ਭਲਵਾਨੀ ਕਰਨ ਦਾ ਆਪਣਾ ਮਨ ਪੱਕਾ ਕਰ ਲਿਆ। ਉਸੇ ਅੰਗਹੀਣ ਭਲਵਾਨ ਸੀਤਲ ਸਿੰਘ ਔਜਲੇ ਨੇ ਸੁੱਖਾ ਦੀ ਬਾਂਹ ਫੜ ਲਈ ਤੇ ਦੋਵਾਂ ਸਾਥੀਆਂ ਨੇ ਭਲਵਾਨੀ ਦੇ ਹੋਰ ਦਾਅ-ਪੇਚ ਸਿੱਖਣ ਲਈ ਪਿੰਡ ਬਿਲਗੇ ਦੇ ਮਸ਼ਹੂਰ ਉਸਤਾਦ ਸਰਬਜੀਤ ਸਿੰਘ ਮਾਹਨਾ ਦੇ ਜਾ ਚਰਨੀਂ ਹੱਥ ਲਾਇਆ। ਸੰਨ 1997 ਵਿਚ ਰਾਸ਼ਟਰੀ ਪੱਧਰ ਦੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਜਨਰਲ ਵਰਗ ਜਾਣੀ ਤੰਦਰੁਸਤ ਭਲਵਾਨਾਂ ਨਾਲ ਘੁਲਦਿਆਂ ਆਪਣੀ ਤਾਕਤ ਦਾ ਐਸਾ ਲੋਹਾ ਮੰਨਵਾਇਆ ਕਿ ਸੁੱਖੇ ਨੇ ਸ਼ੇਰ-ਏ-ਪੰਜਾਬ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਉਸ ਨੇ ਜੰਮੂ-ਕਸ਼ਮੀਰ, ਹਿਮਾਚਲ, ਯੂ.ਪੀ., ਮਹਾਰਾਸ਼ਟਰ ਅਤੇ ਰਾਜਸਥਾਨ ਵਰਗੀਆਂ ਸਟੇਟਾਂ ਵਿਚ ਘੁਲਦਿਆਂ ਅਨੇਕਾਂ ਛਿੰਝਾਂ ਜਿੱਤ ਕੇ ਪੂਰੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਅਤੇ ਛੇਤੀ ਹੀ ਉਸ ਨੇ ਜੰਮੂ-ਕਸ਼ਮੀਰ ਦੇ ਕੁਸ਼ਤੀ ਦੰਗਲ ਵਿਚ ਘੁਲਦਿਆਂ ਜੰਮੂ ਕੇਸਰੀ ਦਾ ਖਿਤਾਬ ਵੀ ਜਿੱਤ ਕੇ ਝੰਡਾ ਬਰਦਾਰ ਬਣਿਆ।
ਇਥੇ ਹੀ ਬੱਸ ਨਹੀਂ, ਭਲਵਾਨੀ ਦੇ ਨਾਲ-ਨਾਲ ਸੁੱਖਾ ਹੁਣ ਜਲੰਧਰ ਜ਼ਿਲ੍ਹੇ ਦੇ ਪਿੰਡ ਚੱਲ ਗੋਹਾਵਰ ਵਿਖੇ ਪ੍ਰਸਿੱਧ ਅਥਲੈਟਿਕ ਕੋਚ ਪਰਵਿੰਦਰ ਸਿੰਘ ਵਲੋਂ ਚਲਾਈ ਜਾ ਰਹੀ ਪੈਰਾ-ਅੰਗਹੀਣ ਖਿਡਾਰੀਆਂ ਦੀ ਅਕੈਡਮੀ ਵਿਚ ਅਥਲੈਟਿਕ ਦੀਆਂ ਹੋਰ ਵੀ ਖੇਡਾਂ ਦੀ ਤਿਆਰੀ ਕਰ ਰਿਹਾ ਹੈ ਅਤੇ ਗੋਲਾ ਸੁੱਟਣ ਅਤੇ ਡਿਸਕਸ ਥ੍ਰੋ ਦੀਆਂ ਬਰੀਕੀਆਂ ਅੰਤਰਰਾਸ਼ਟਰੀ ਕੋਚ ਮਹਿੰਦਰ ਸਿੰਘ ਢਿੱਲੋਂ ਕੋਲੋਂ ਸਿੱਖ ਰਿਹਾ ਹੈ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਰਾਜ ਦੀਆਂ ਹੋਈਆਂ ਅਥਲੈਟਿਕ ਪੈਰਾ ਖੇਡਾਂ ਵਿਚ ਉਸ ਨੇ ਭਾਗ ਲੈ ਕੇ 6 ਸੋਨ ਤਗਮੇ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਫਿਰ ਤੋਂ ਲੋਹਾ ਮੰਨਵਾਇਆ। ਆਪਣੀ ਜੀਵਨ ਸਾਥਣ ਸਲਮਾ ਅਤੇ ਦੋ ਬੇਟਿਆਂ ਦਾ ਬਾਪ ਸੁੱਖਾ ਭਲਵਾਨ ਅੱਜਕਲ੍ਹ ਆਪਣੇ ਹੀ ਪਿੰਡ ਉੱਪਲ ਭੂਪਾ ਵਿਖੇ ਜਿੱਥੇ ਕੁਸ਼ਤੀ ਦਾ ਅਖਾੜਾ ਬਣਾ ਹੋਰ ਨੌਜਵਾਨਾਂ ਨੂੰ ਭਲਵਾਨੀ ਲਈ ਤਰਾਸ਼ ਰਿਹਾ ਹੈ, ਉਥੇ ਉਹ ਆਪ ਵੀ ਆਉਣ ਵਾਲੀਆਂ ਏਸ਼ੀਅਨ ਅਤੇ ਪੈਰਾ ਉਲੰਪਿਕ ਖੇਡਾਂ ਦੀ ਤਿਆਰੀ ਕਰ ਰਿਹਾ ਹੈ ਅਤੇ ਉਸ ਦਾ ਸੁਪਨਾ ਹੈ ਕਿ ਉਹ ਇਕ ਦਿਨ ਭਾਰਤ ਦੀ ਪ੍ਰਤੀਨਿਧਤਾ ਕਰਦਾ ਹੋਇਆ ਤਿਰੰਗਾ ਝੰਡਾ ਜ਼ਰੂਰ ਲਹਿਰਾਏਗਾ।


-ਪਿੰਡ ਬੁੱਕਣ ਵਾਲਾ, ਤਹਿਸੀਲ ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਪਹਿਲੀ ਮੈਰਾਥਨ ਤੋਂ ਅਜੋਕੀ ਮੈਰਾਥਨ ਤੱਕ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਟੋਰਾਂਟੋ ਦੀ 28ਵੀਂ ਵਾਟਰਫਰੰਟ ਮੈਰਾਥਨ ਵਿਚ 25000 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ, ਜਿਨ੍ਹਾਂ ਕੋਲੋਂ 35 ਲੱਖ ਡਾਲਰ ਤੋਂ ਵੱਧ ਚੈਰਿਟੀ ਫੰਡ 'ਕੱਠਾ ਹੋਇਆ। ਟੋਰਾਂਟੋ ਦੇ ਯੂਨੀਵਰਸਿਟੀ ਐਵੀਨਿਊ ਤੋਂ ਦੌੜ ਸ਼ੁਰੂ ਹੋ ਕੇ ਲੇਕ ਸ਼ੋਰ ਵੱਲ ਦੀ ਲਗਦੀ ਹੋਈ ਸਿਟੀ ਹਾਲ ਕੋਲ ਮੁੱਕਣੀ ਸੀ। ਅਸੀਂ 8 ਵਜੇ ਦੌੜ ਸ਼ੁਰੂ ਹੋਣ ਵਾਲੀ ਜਗ੍ਹਾ ਪਹੁੰਚ ਗਏ ਸਾਂ। ਉਸ ਵੇਲੇ ਚੋਟੀ ਦੇ ਦੌੜਾਕ ਜੁੱਸੇ ਗਰਮਾਉਂਦੇ ਹੋਏ ਜੋਗਿੰਗ ਕਰਦੇ ਤੇ ਛਾਲਾਂ ਮਾਰਦੇ ਗੇਂਦਾਂ ਵਾਂਗ ਬੁੜ੍ਹਕ ਰਹੇ ਸਨ। ਉਨ੍ਹਾਂ ਦੇ ਚਿਹਰਿਆਂ 'ਤੇ ਖੇੜਾ ਸੀ।
ਦੌੜਨ ਵਾਲਿਆਂ ਤੋਂ ਬਿਨਾਂ ਦਰਸ਼ਕ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਰੰਗ-ਬਰੰਗੀਆਂ ਸ਼ਕਲਾਂ-ਸੂਰਤਾਂ ਦਾ ਅਜਬ ਨਜ਼ਾਰਾ ਸੀ। 8:45 ਉਤੇ ਪੰਜ ਕੁ ਹਜ਼ਾਰ ਦੌੜਾਕਾਂ ਦਾ ਪਹਿਲਾ ਪੂਰ ਦੌੜਾਇਆ ਗਿਆ। ਅਸੀਂ ਸਟਾਰਟਿੰਗ ਲਾਈਨ ਦੇ ਲਾਗੇ ਖੜ੍ਹੇ ਸਾਂ। ਇੰਜ ਲੱਗਾ ਜਿਵੇਂ ਦੌੜਨ ਵਾਲਿਆਂ ਦੇ ਹੜ੍ਹ ਦਾ ਬੰਨ੍ਹ ਟੁੱਟ ਗਿਆ ਹੋਵੇ ਤੇ ਦੌੜਾਕਾਂ ਦਾ ਦਰਿਆ ਵਹਿ ਤੁਰਿਆ ਹੋਵੇ। ਫਿਰ 5-5 ਮਿੰਟਾਂ ਬਾਅਦ ਹੋਰ ਪੂਰ ਛੱਡੇ ਗਏ। 25 ਹਜ਼ਾਰ ਦੌੜਾਕ ਸੜਕਾਂ ੳੁੱਤੇ ਦੌੜਨ ਲੱਗੇ। ਹਰ ਦੌੜਾਕ ਦੀ ਛਾਤੀ ਉੱਤੇ ਉਹਦਾ ਚੈਸਟ ਨੰਬਰ ਬਕਸੂਏ ਲਾ ਕੇ ਚੰਬੇੜਿਆ ਹੋਇਆ ਸੀ। ਉਹਦੇ ਅੰਦਰਲੇ ਪਾਸੇ ਇਲੈਕਟ੍ਰੋਨਿਕ ਜੰਤਰ ਚਿੱਪ ਸਮੇਤ ਲੱਗਾ ਹੋਇਆ ਸੀ ਜਿਸ ਵਿਚ ਦੌੜਾਕ ਦਾ ਸਾਰਾ ਵੇਰਵਾ ਦਰਜ ਸੀ। ਦੌੜਦਿਆਂ ਉਸ ਜੰਤਰ ਨੇ ਦੌੜਾਕ ਦੇ ਕਦਮਾਂ, ਫਾਸਲੇ, ਸਮੇਂ ਤੇ ਨਬਜ਼ ਨੂੰ ਰਿਕਾਰਡ ਕਰਦੇ ਜਾਣਾ ਸੀ। ਜਿਹੜੇ ਮੈਰਾਥਨ ਵਿਚ ਦੌੜੇ, ਉਹ ਜਦੋਂ ਮਰਜ਼ੀ ਆਪਣੀ ਦੌੜ ਦਾ ਰਿਕਾਰਡ ਇਸ ਵਿਚੋਂ ਪੜ੍ਹ ਸਕਦੇ ਹਨ। ਦੌੜ ਪੂਰੀ ਕਰਨ ਵਾਲੇ ਦੌੜਾਕਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਦੌੜ ਮਾਰਗ ਦੇ ਹਰ ਦੋ ਕਿਲੋਮੀਟਰ ਦੇ ਫਾਸਲੇ ਉੱਤੇ ਖਾਣ-ਪੀਣ ਦਾ ਸਾਮਾਨ ਰੱਖਿਆ ਹੋਇਆ ਸੀ। ਹਜ਼ਾਰਾਂ ਵਲੰਟੀਅਰ ਨਿਸ਼ਕਾਮ ਸੇਵਾ 'ਚ ਲੱਗੇ ਹੋਏ ਸਨ। ਹਜ਼ਾਰਾਂ ਦੌੜਾਕਾਂ ਨੂੰ 'ਕੱਠੇ ਦੌੜਦਿਆਂ ਵੇਖਣ ਦਾ ਅਜਬ ਨਜ਼ਾਰਾ ਸੀ। ਵਿਚ-ਵਿਚ ਕੇਸਰੀ ਪੱਗਾਂ/ਪਟਕਿਆਂ ਵਾਲੇ ਵੀ ਦਿਸ ਰਹੇ ਸਨ, ਜਿਵੇਂ ਕਹਿ ਰਹੇ ਹੋਣ, 'ਅਸੀਂ ਵੀ ਏਥੇ ਰਹਿੰਦੇ ਹਾਂ!' ਵੱਖ-ਵੱਖ ਨਸਲਾਂ, ਰੰਗਾਂ, ਧਰਮਾਂ, ਜਾਤੀਆਂ, ਦੇਸ਼ਾਂ, ਉਮਰਾਂ, ਵਿਚਾਰਾਂ, ਲਿੰਗ ਭਿੰਨ-ਭੇਦਾਂ ਤੇ ਊਚ-ਨੀਚ ਦਾ ਫਰਕ ਮਿਟਾ ਕੇ ਜਨ ਸਮੂਹ ਦਾ 'ਕੱਠਿਆਂ ਦਾ ਦੌੜਨਾ ਇਕ ਵੱਡੇ ਪਰਿਵਾਰ ਵਾਂਗ ਲੱਗਾ! ਪਿੱਛੋਂ ਪਤਾ ਲੱਗਾ ਕਿ 74 ਮੁਲਕਾਂ, ਅਮਰੀਕਾ ਦੇ ਸਾਰੇ ਰਾਜਾਂ ਅਤੇ ਕੈਨੇਡਾ ਦੇ ਸਾਰੇ ਸ਼ਹਿਰਾਂ ਤੋਂ ਦੌੜਾਕ ਢੁੱਕੇ ਸਨ।
ਕੁਝ ਦੌੜਾਕ ਮਸਨੂਈ ਲੱਤਾਂ, ਡੰਗੋਰੀਆਂ ਤੇ ਵ੍ਹੀਲ ਚੇਅਰਾਂ ਨਾਲ ਦੌੜ ਰਹੇ ਸਨ। ਦੋ ਬੀਬੀਆਂ ਆਪਣੇ ਬੁੱਢੇ ਬਾਪ ਨੂੰ ਸਹਾਰਾ ਦਿੰਦੀਆਂ ਦੌੜ ਪੂਰੀ ਕਰਵਾ ਰਹੀਆਂ ਸਨ। ਦਰਸ਼ਕ ਆਪੋ-ਆਪਣੇ ਪਿਆਰਿਆਂ ਲਈ ਕੂਕ-ਕੂਕ ਕੇ ਹੱਲਾਸ਼ੇਰੀ ਦੇ ਰਹੇ ਸਨ। ਦੌੜ ਪੂਰੀ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਮਹਿਬੂਬ ਸ਼ਾਬਾਸ਼ੇ ਦੇ ਚੁੰਮਣ ਦੇ ਰਹੇ/ਰਹੀਆਂ ਸਨ। ਬੱਚੇ ਬਾਪੂਆਂ ਦੀਆਂ ਲੱਤਾਂ ਨੂੰ ਚਿੰਬੜ ਰਹੇ ਸਨ, ਜਿਨ੍ਹਾਂ ਨੂੰ ਕੰਧਾੜੀਂ ਚੁੱਕਿਆ ਜਾ ਰਿਹਾ ਸੀ। ਯਾਦਗਾਰੀ ਫੋਟੋ ਲੱਥ ਰਹੇ ਸਨ। ਮੈਰਾਥਨ ਪੂਰੀ ਕਰਦਿਆਂ ਦੇ ਸਿਰੜ ਨੂੰ ਸਲਾਮ ਕਿਹਾ ਜਾ ਰਿਹਾ ਸੀ!
ਮੈਂ ਮੈਰਾਥਨ ਦਾ ਮੇਲਾ ਵੇਖਦਿਆਂ 10 ਕਿਲੋਮੀਟਰ ਤੋਂ ਵੱਧ ਭੱਜ-ਨੱਸ ਕਰ ਚੁੱਕਾ ਸਾਂ। ਰੂਹ ਵੇਖ-ਵੇਖ ਨਹੀਂ ਸੀ ਰੱਜ ਰਹੀ। ਏਨੀ ਸੋਹਣੀ ਜੁਆਨੀ! ਏਨਾ ਫਿੱਟ ਬੁਢਾਪਾ! ਜਦੋਂ ਮੈਰਾਥਨ ਦੌੜ ਦੇ ਜੇਤੂ ਕੀਨੀਆ ਦੇ ਦੌੜਾਕ ਫਿਲਮੋਨੇ ਰੋਨੋ ਨੂੰ ਸਨਮਾਨਿਤ ਕਰਨ ਲਈ ਸਟੇਜ 'ਤੇ ਬੁਲਾਇਆ ਤਾਂ ਉਸ ਨੇ ਪੰਛੀਆਂ ਦੇ ਪਰਾਂ ਵਾਂਗ ਬਾਹਾਂ ਫੈਲਾਅ ਕੇ ਗੇੜਾ ਦਿੱਤਾ। ਜਦੋਂ ਉਹ ਸਟੇਜ ਤੋਂ ਉੱਤਰਿਆ ਤਾਂ ਮੈਂ ਉਸ ਨੂੰ ਵਧਾਈ ਦੇਣ ਗਿਆ। ਮੇਰੀ ਪੱਗ-ਦਾੜ੍ਹੀ ਤੋਂ ਉਸ ਨੇ ਮੈਨੂੰ ਫੌਜਾ ਸਿੰਘ ਸਮਝ ਲਿਆ। ਅਸੀਂ ਇਕ-ਦੂਜੇ ਨੂੰ ਜੱਫੀ ਪਾਈ ਤਾਂ ਉਹ ਮੇਰੀ ਕੱਛ ਵਿਚ ਆ ਗਿਆ। ਉਹਦਾ ਕੱਦ ਮਸੀਂ 5 ਫੁੱਟ 2 ਇੰਚ ਹੋਵੇਗਾ। ਹੈਰਾਨ ਸਾਂ ਕਿ 40 ਕੁ ਕਿਲੋਗ੍ਰਾਮ ਵਜ਼ਨ ਦਾ ਰੋਨੋ, ਜਿਸ ਦਾ ਰੰਗ ਕਾਲਾ, ਦੰਦ ਚਿੱਟੇ, ਨਾਸਾਂ ਚੌੜੀਆਂ, ਸਿਰ ਗੰਜਾ ਤੇ ਕੰਨ ਨਿੱਕੇ ਹਨ, ਛੋਟੇ-ਛੋਟੇ ਕਦਮਾਂ ਨਾਲ 42.195 ਕਿਲੋਮੀਟਰ 2 ਘੰਟੇ 6 ਮਿੰਟ 51.7 ਸੈਕੰਡ ਵਿਚ ਕਿਵੇਂ ਦੌੜ ਗਿਆ! ਕੈਨੇਡਾ ਦੀ ਧਰਤੀ 'ਤੇ ਅਜੇ ਤੱਕ ਏਦੂੰ ਘੱਟ ਸਮੇਂ ਵਿਚ ਕੋਈ ਦੌੜਾਕ ਮੈਰਾਥਨ ਨਹੀਂ ਦੌੜਿਆ। ਰੋਨੋ ਨੂੰ 65,000 ਡਾਲਰ ਫਸਟ ਆਉਣ ਦਾ ਸਿਰਵਾਰਨਾ ਤੇ 50,000 ਡਾਲਰ ਨਵਾਂ ਰਿਕਾਰਡ ਰੱਖਣ ਦਾ ਇਨਾਮ ਮਿਲਿਆ।
ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਐਂਡ ਸਪੋਰਟਸ ਕਲੱਬ ਵਾਲਿਆਂ ਨੂੰ ਵਧਾਈਆਂ, ਜਿਨ੍ਹਾਂ ਨੇ ਮੈਰਾਥਨ ਦੌੜ ਵਿਚ ਭਾਗ ਲੈ ਕੇ ਪੰਜਾਬੀ ਭਾਈਚਾਰੇ ਦੀ ਰੱਖ ਵਿਖਾਈ। ਉਸ ਵਿਚ ਭਾਈਚਾਰੇ ਦੀਆਂ ਦੋ ਪਤਨੀਆਂ ਵੀ ਆਪਣੇ ਪਤੀਆਂ ਨਾਲ ਦੌੜੀਆਂ। ਅਗਲੀਆਂ ਗਰਮੀਆਂ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਲੋਂ ਟੋਰਾਂਟੋ ਦੇ ਗੁਰੂ-ਘਰਾਂ ਤੋਂ ਗੁਰੂ-ਘਰਾਂ ਤੱਕ ਮੈਰਾਥਨ ਦੌੜ ਅਤੇ ਵਾਕ ਹੋਵੇਗੀ। ਉਸ ਵਿਚ ਭਾਗ ਲੈਣ ਲਈ ਹੁਣੇ ਤੋਂ ਤਿਆਰ ਹੋ ਜਾਣਾ ਚਾਹੀਦੈ। ਮੈਰਾਥਨ ਦੌੜਾਂ ਦਾ ਮਹੱਤਵ ਨਗਰ ਕੀਰਤਨਾਂ ਵਾਂਗ ਹੀ ਸਮਝਣਾ ਚਾਹੀਦੈ ਅਤੇ ਸਿਹਤ ਲਈ ਦਸਵੰਧ ਉਵੇਂ ਹੀ ਦੇਣਾ ਚਾਹੀਦੈ ਜਿਵੇਂ ਧਾਰਮਿਕ ਕਾਰਜਾਂ ਲਈ ਦਿੱਤਾ ਜਾ ਰਿਹੈ। ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਮੱਲ ਅਖਾੜੇ, ਗੁਰੂ ਹਰਿਗੋਬਿੰਦ ਸਾਹਿਬ ਨੇ ਕਸਰਤਾਂ ਤੇ ਦੰਗਲ ਅਤੇ ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਦੀਆਂ ਮਾਰਸ਼ਲ ਖੇਡਾਂ ਦੇ ਲੜ ਲਾਇਆ ਸੀ, ਤਾਂ ਕਿ ਸਿੱਖਾਂ ਦੇ ਜੁੱਸੇ ਤਕੜੇ ਤੇ ਫਿੱਟ ਰਹਿਣ।
ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਵਿਚ ਖੇਡ ਤੇ ਸਿਹਤ ਸੱਭਿਆਚਾਰ ਸਿਰਜ ਲੈਣ ਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਲੋਂ ਮੋੜਿਆ ਜਾ ਸਕਦੈ। ਪੰਜਾਬ ਵਿਚ ਗੁਰੂ-ਘਰਾਂ ਤੋਂ ਮੰਦਰਾਂ ਅਤੇ ਮੰਦਰਾਂ ਤੋਂ ਗੁਰੂ ਘਰਾਂ ਤੱਕ ਮੈਰਾਥਨ ਦੌੜਾਂ ਤੇ ਤੋਰਾਂ ਜਿਥੇ ਜੁੱਸੇ ਫਿੱਟ ਰੱਖਣ ਵਿਚ ਯੋਗਦਾਨ ਪਾ ਸਕਦੀਆਂ ਹਨ, ਉਥੇ ਧਾਰਮਿਕ ਸਦਭਾਵਨਾ ਵੀ ਵਧਾ ਸਕਦੀਆਂ ਹਨ। (ਸਮਾਪਤ)

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX