ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  32 minutes ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  about 2 hours ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  about 2 hours ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  about 2 hours ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  about 2 hours ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  about 3 hours ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  about 4 hours ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  about 4 hours ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  about 4 hours ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਹੋਰ ਖ਼ਬਰਾਂ..

ਨਾਰੀ ਸੰਸਾਰ

ਸਰਦੀਆਂ ਵਿਚ ਦੁਲਹਨਾਂ ਦਾ ਸ਼ਿੰਗਾਰ

ਸਰਦ ਰੁੱਤ ਨੂੰ ਵਿਆਹਾਂ ਦਾ ਪਸੰਦੀਦਾ ਮੌਸਮ ਮੰਨਿਆ ਜਾਂਦਾ ਹੈ। ਇਸ ਮੌਸਮ ਵਿਚ ਵਿਆਹਾਂ ਦੀ ਭਰਮਾਰ ਰਹਿੰਦੀ ਹੈ। ਵਿਆਹਾਂ ਨਾਲ ਜੁੜੇ ਪ੍ਰਬੰਧਨ ਲਈ ਵੀ ਇਸ ਮੌਸਮ ਨੂੰ ਅਨੁਕੂਲ ਮੰਨਿਆ ਜਾਂਦਾ ਹੈ ਪਰ ਇਸ ਮੌਸਮ ਵਿਚ ਤਾਪਮਾਨ ਵਿਚ ਕਮੀ, ਹਵਾ ਪ੍ਰਦੂਸ਼ਣ, ਧੁੰਦ, ਕੋਹਰਾ, ਹਵਾ ਵਿਚ ਖੁਸ਼ਕੀ ਆਦਿ ਕਾਰਨ ਮੁਸ਼ਕਿਲ ਆਉਂਦੀ ਹੈ। ਵਿਆਹ ਵਾਲੇ ਦਿਨ ਜਦੋਂ ਦੁਲਹਨ ਸਭ ਤੋਂ ਸੁੰਦਰ ਦਿਸਣਾ ਚਾਹੁੰਦੀ ਹੈ ਪਰ ਮੌਸਮ ਦੀ ਮਾਰ ਕਾਰਨ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਆਹ ਤੋਂ ਕੁਝ ਹਫ਼ਤੇ ਪਹਿਲਾਂ ਜੇ ਸੁੰਦਰਤਾ ਪ੍ਰਸਾਧਨਾਂ ਦਾ ਸਹਾਰਾ ਲਿਆ ਜਾਵੇ ਤਾਂ ਸੁੰਦਰਤਾ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨਾਲ ਅਸਾਨੀ ਨਾਲ ਨਿਪਟਿਆ ਜਾ ਸਕਦਾ ਹੈ ਅਤੇ ਦੁਲਹਨ ਨੂੰ ਇਸ ਖਾਸ ਦਿਨ ਲਈ ਸਭ ਤੋਂ ਆਕਰਸ਼ਕ, ਰੋਮਾਂਟਿਕ ਅਤੇ ਸੁੰਦਰ ਸੰਵਾਰਿਆ ਜਾ ਸਕਦਾ ਹੈ। ਵਿਆਹ ਵਾਲੇ ਦਿਨ ਦੁਲਹਨ ਦਾ ਸੁੰਦਰ ਦਿਸਣਾ ਸਿਰਫ ਮੇਕਅਪ ਜਾਂ ਪੁਸ਼ਾਕ ਨਾਲ ਹੀ ਜੁੜਿਆ ਨਹੀਂ ਹੁੰਦਾ, ਸਗੋਂ ਇਸ ਵਿਚ ਕਾਫੀ ਹਫ਼ਤਿਆਂ ਦੀ ਸਖ਼ਤ ਮਿਹਨਤ ਸ਼ਾਮਿਲ ਹੁੰਦੀ ਹੈ। ਜੇ ਵਿਆਹ ਤੋਂ ਕੁਝ ਹਫ਼ਤੇ ਪਹਿਲਾਂ ਚਮੜੀ ਦੇ ਪ੍ਰਤੀ ਸਾਵਧਾਨੀ ਵਰਤੀ ਜਾਵੇ ਤਾਂ ਇਹ ਵਿਆਹ ਵਾਲੇ ਦਿਨ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਸਰਦੀਆਂ ਵਿਚ ਤੇਲੀ ਚਮੜੀ ਵੀ ਖੁਸ਼ਕ ਪੈ ਜਾਂਦੀ ਹੈ ਜਦੋਂ ਕਿ ਖੁਸ਼ਕ ਚਮੜੀ ਨੂੰ ਕ੍ਰੀਮ ਅਤੇ ਤੇਲ ਦੀ ਮਦਦ ਨਾਲ ਮਾਇਸਚਰਾਈਜ਼ ਅਤੇ ਪੋਸ਼ਕ ਬਣਾਉਣਾ ਪੈਂਦਾ ਹੈ।
ਆਪਣੀ ਰੋਜ਼ਾਨਾ ਫੇਸ਼ੀਅਲ ਕੇਅਰ ਰੁਟੀਨ ਦੇ ਅੰਤਰਗਤ ਆਪਣੀ ਚਮੜੀ ਨੂੰ ਦਿਨ ਵਿਚ ਦੋ ਵਾਰ ਸਾਫ਼ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਜੰਮੀ ਮੈਲ ਨੂੰ ਸਾਫ਼ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਰ ਰੋਜ਼ ਚਮੜੀ ਨੂੰ ਸਾਫ਼ ਕਰੋ ਅਤੇ ਕਾਫੀ ਸਾਫ਼ ਪਾਣੀ ਨਾਲ ਧੋਵੋ। ਇਸ ਵਾਸਤੇ ਤੁਸੀਂ ਕੋਸੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਆਮ ਅਤੇ ਖੁਸ਼ਕ ਦੋਵੇਂ ਤਰ੍ਹਾਂ ਦੀ ਚਮੜੀ ਲਈ ਕਲੀਂਜ਼ਿੰਗ ਕ੍ਰੀਮ ਜਾਂ ਜੈੱਲ ਦੀ ਵਰਤੋਂ ਕਰੋ। ਬਦਲਵੇਂ ਰੂਪ ਵਿਚ ਤੁਸੀਂ ਅੱਧਾ ਕੱਪ ਠੰਢੇ ਪਾਣੀ ਵਿਚ ਤਿਲ, ਸੂਰਜਮੁਖੀ ਅਤੇ ਜੈਤੂਨ ਦੇ ਬਨਸਪਤੀ ਤੇਲ ਦੀਆਂ ਪੰਜ ਬੂੰਦਾਂ ਮਿਲਾ ਕੇ ਇਸ ਨੂੰ ਬੋਤਲ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਰੂੰ ਦੇ ਫਹੇਂ ਦੀ ਮਦਦ ਨਾਲ ਇਸ ਮਿਸ਼ਰਣ ਨਾਲ ਚਮੜੀ ਨੂੰ ਸਾਫ਼ ਕਰੋ। ਬਾਕੀ ਬਚੇ ਮਿਸ਼ਰਣ ਨੂੰ ਫਰਿੱਜ ਵਿਚ ਰੱਖ ਲਓ। ਜੇ ਤੁਹਾਡੀ ਚਮੜੀ ਤੇਲੀ ਹੈ ਤਾਂ ਕਲੀਂਜ਼ਿੰਗ ਲੋਸ਼ਨ ਜਾਂ ਫੇਸਵਾਸ਼ ਦੀ ਵਰਤੋਂ ਕਰੋ। ਤੇਲੀ ਚਮੜੀ ਦੇ ਗਹਿਰੇ ਛਿਦਰਾਂ ਨੂੰ ਸਾਫ਼ ਕਰਨ ਦੀ ਲੋੜ ਹੁੰਦੀ ਹੈ। ਚੌਲਾਂ ਦੇ ਪਾਊਡਰ ਨੂੰ ਦਹੀਂ ਵਿਚ ਮਿਲਾ ਕੇ ਹਫ਼ਤੇ ਵਿਚ ਇਕ ਜਾਂ ਦੋ ਵਾਰ ਲਗਾਓ ਅਤੇ ਚਮੜੀ ਦੇ ਦੋਵੇਂ ਪਾਸੇ ਹੌਲੀ-ਹੌਲੀ ਮਲ ਕੇ ਪਾਣੀ ਨਾਲ ਧੋ ਦਿਓ। ਸਰਦੀਆਂ ਵਿਚ ਤੇਲੀ ਚਮੜੀ ਵਿਚ ਮੱਥੇ 'ਤੇ ਕਾਲੇ ਧੱਬੇ ਪੈ ਸਕਦੇ ਹਨ।
ਸਰਦੀਆਂ ਵਿਚ ਤੇਲੀ ਚਮੜੀ ਵੀ ਖੁਸ਼ਕ ਹੋ ਜਾਂਦੀ ਹੈ ਪਰ ਜਦੋਂ ਇਸ ਵਿਚ ਕ੍ਰੀਮ ਲਗਾਈ ਜਾਂਦੀ ਹੈ ਤਾਂ ਇਸ ਨਾਲ ਚਿਹਰੇ 'ਤੇ ਮੁਹਾਸੇ ਆ ਜਾਂਦੇ ਹਨ। ਇਸ ਸਮੱਸਿਆ ਦੇ ਹੱਲ ਲਈ ਇਕ ਚਮਚ ਸ਼ੁੱਧ ਗਲਿਸਰੀਨ ਨੂੰ 100 ਮਿਲੀਲਿਟਰ ਗੁਲਾਬ ਜਲ ਵਿਚ ਮਿਲਾ ਕੇ ਬੋਤਲ ਨੂੰ ਫਰਿੱਜ ਵਿਚ ਰੱਖ ਦਿਓ। ਇਸ ਲੋਸ਼ਨ ਨੂੰ ਰੋਜ਼ਾਨਾ ਚਮੜੀ ਦੇ ਰੁੱਖੇਪਨ ਨੂੰ ਦੂਰ ਕਰਨ ਲਈ ਵਰਤੋ।
ਆਮ ਤੋਂ ਖੁਸ਼ਕ ਚਮੜੀ ਨੂੰ ਰੋਜ਼ਾਨਾ ਰਾਤ ਨੂੰ ਨਾਰਿਸ਼ਿੰਗ ਕ੍ਰੀਮ ਨਾਲ ਪੋਸ਼ਣ ਕੀਤਾ ਜਾ ਸਕਦਾ ਹੈ। ਚਮੜੀ ਨੂੰ ਸਾਫ਼ ਕਰਨ ਤੋਂ ਬਾਅਦ ਕ੍ਰੀਮ ਨੂੰ ਪੂਰੇ ਚਿਹਰੇ 'ਤੇ ਹਲਕੀ-ਹਲਕੀ ਮਾਲਿਸ਼ ਕਰਦੇ ਹੋਏ ਲਗਾ ਕੇ 2 ਮਿੰਟ ਬਾਅਦ ਗਿੱਲੇ ਰੂੰ ਦੇ ਫਹੇਂ ਨਾਲ ਹਟਾ ਲਓ। ਚਿਹਰੇ ਲਈ, ਮਾਸਕ ਦਾ ਘਰ ਵਿਚ ਮਿਸ਼ਰਣ ਬਣਾ ਕੇ ਇਸ ਨੂੰ ਹਫਤੇ ਵਿਚ ਦੋ-ਤਿੰਨ ਵਾਰ ਲਗਾਓ। ਆਮ ਤੋਂ ਖੁਸ਼ਕ ਚਮੜੀ ਲਈ ਦੋ ਚਮਚ ਚੋਕਰ ਵਿਚ ਇਕ ਚਮਚ ਬਾਦਾਮ, ਦਹੀਂ ਸ਼ੁੱਧ ਅਤੇ ਗੁਲਾਬ ਜਲ ਮਿਲਾਓ।
ਤੇਲੀ ਅਤੇ ਮਿਸ਼ਰਤ ਚਮੜੀ ਲਈ ਤਿੰਨ ਚਮਚ ਜਈ ਵਿਚ ਦਹੀਂ, ਸ਼ਹਿਦ ਅਤੇ ਗੁਲਾਬ ਜਲ ਮਿਲਾਓ। ਇਸ ਸਭ ਦਾ ਪੇਸਟ ਬਣਾ ਕੇ ਬੁੱਲ੍ਹਾਂ ਅਤੇ ਅੱਖਾਂ ਨੂੰ ਧੋ ਕੇ ਬਾਕੀ ਚਿਹਰੇ 'ਤੇ ਲਗਾ ਲਓ ਅਤੇ 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਦਿਓ। ਚਿਹਰੇ 'ਤੇ ਫੇਸ ਮਾਸਕ ਲਗਾਉਣ ਤੋਂ ਬਾਅਦ ਦੋ ਕਾਟਨਵੂਲ ਪੈਡ ਨੂੰ ਗੁਲਾਬ ਜਲ ਵਿਚ ਭਿਉਂ ਦਿਓ ਅਤੇ ਇਨ੍ਹਾਂ ਨੂੰ ਆਈ ਪੈਡ ਵਾਂਗ ਵਰਤੋ। ਇਨ੍ਹਾਂ ਨੂੰ ਅੱਖਾਂ 'ਤੇ ਰੱਖ ਕੇ ਲੰਮੇ ਪੈ ਕੇ ਆਰਾਮ ਕਰੋ। ਇਸ ਨਾਲ ਸਰੀਰ ਨੂੰ ਕਾਫੀ ਤਾਜ਼ਗੀ ਅਤੇ ਆਰਾਮ ਮਿਲਦਾ ਹੈ। ਗੁਲਾਬ ਜਲ ਦਾ ਕਾਫੀ ਆਰਾਮਦਾਇਕ ਅਤੇ ਸ਼ਾਂਤੀਵਰਧਕ ਪ੍ਰਭਾਵ ਪੈਂਦਾ ਹੈ, ਜਿਸ ਨਾਲ ਥਕਾਨ ਦੂਰ ਹੁੰਦੀ ਹੈ ਅਤੇ ਅੱਖਾਂ ਵਿਚ ਚਮਕ ਆ ਜਾਂਦੀ ਹੈ।
ਹਰ ਰੋਜ਼ ਬਦਾਮ ਤੇਲ ਦੀ ਵਰਤੋਂ ਕਰਨ ਅਤੇ ਇਸ ਦੀ ਹਲਕੇ-ਹਲਕੇ ਮਾਲਿਸ਼ ਕਰਨ ਨਾਲ ਅੱਖਾਂ ਦੇ ਆਲੇ-ਦੁਆਲੇ ਚਮੜੀ ਨੂੰ ਨਿਖਾਰਨ ਵਿਚ ਕਾਫੀ ਮਦਦ ਮਿਲਦੀ ਹੈ। ਬੁੱਲ੍ਹਾਂ ਦੀ ਚਮੜੀ ਵੀ ਕਾਫੀ ਪਤਲੀ ਹੁੰਦੀ ਹੈ ਅਤੇ ਇਸ ਵਿਚ ਤੇਲੀ ਗ੍ਰੰਥੀਆਂ ਦੀ ਕਮੀ ਹੁੰਦੀ ਹੈ। ਸਰਦੀਆਂ ਵਿਚ ਬੁੱਲ੍ਹ ਅਸਾਨੀ ਨਾਲ ਖੁਸ਼ਕ ਹੁੰਦੇ ਅਤੇ ਫਟ ਜਾਂਦੇ ਹਨ। ਬੁੱਲ੍ਹਾਂ 'ਤੇ ਹਰ ਰੋਜ਼ ਧੋਣ ਤੋਂ ਬਾਅਦ ਬਦਾਮ ਤੇਲ ਜਾਂ ਬਦਾਮ ਕ੍ਰੀਮ ਲਗਾ ਕੇ ਪੂਰੀ ਤਰ੍ਹਾਂ ਲੱਗੀ ਰਹਿਣ ਦਿਓ। ਦਿਨ ਵਿਚ ਚਮੜੀ ਵਿਚ ਨਮੀ ਦੀ ਕਮੀ ਨਾ ਹੋਣ ਦਿਓ। ਘਰੋਂ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਦੀ ਚਿਹਰੇ 'ਤੇ ਵਰਤੋਂ ਕਰੋ। ਜ਼ਿਆਦਾਤਰ ਸਨਸਕ੍ਰੀਨ ਕ੍ਰੀਮਾਂ ਵਿਚ ਮਾਇਸਚਰਾਈਜ਼ ਮੌਜੂਦ ਹੁੰਦੇ ਹਨ। ਮਾਇਸਚਰਾਈਜ਼ ਕ੍ਰੀਮ ਅਤੇ ਤਰਲ ਰੂਪ ਵਿਚ ਉਪਲਬਧ ਹੁੰਦੇ ਹਨ। ਜੇਕਰ ਤੁਹਾਡੀ ਚਮੜੀ ਵਿਚ ਬਹੁਤ ਜ਼ਿਆਦਾ ਖੁਸ਼ਕੀ ਹੈ ਤਾਂ ਕ੍ਰੀਮ ਦੀ ਵਰਤੋਂ ਕਰੋ।
ਵਿਆਹ ਤੋਂ ਪਹਿਲਾਂ ਸਾਰੀਆਂ ਦੁਲਹਨਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਤਣਾਅ ਦੇ ਦੌਰ ਵਿਚੋਂ ਗੁਜ਼ਰਦੀਆਂ ਹਨ, ਜਿਸ ਦਾ ਪ੍ਰਭਾਵ ਉਨ੍ਹਾਂ ਦੇ ਚਿਹਰੇ 'ਤੇ ਝਲਕਦਾ ਹੈ। ਇਸ ਤਰ੍ਹਾਂ ਦੇ ਮਾਨਸਿਕ ਤਣਾਅ ਤੋਂ ਮੁਕਤੀ ਲਈ ਆਰਾਮ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਸਰੀਰਕ ਕਸਰਤ ਨਾਲ ਮਾਨਸਿਕ ਤਣਾਅ ਤੋਂ ਵੀ ਮੁਕਤੀ ਮਿਲਦੀ ਹੈ। ਵਿਆਹ ਤੋਂ ਕੁਝ ਮਹੀਨੇ ਪਹਿਲਾਂ ਨਿਯਮਤ ਰੂਪ ਨਾਲ ਕਸਰਤ ਕਰੋ ਅਤੇ ਸਵੇਰ ਦੀ ਸੈਰ ਲਈ ਨਿਕਲੋ। ਅਸਲ ਵਿਚ ਸਵੇਰ ਦੀ ਸੈਰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਕਾਫੀ ਲਾਭਦਾਇਕ ਸਾਬਤ ਹੁੰਦੀ ਹੈ। ਸਰੀਰ ਅਤੇ ਮਨ ਦੀ ਸ਼ਾਂਤੀ ਲਈ ਲੰਬੇ ਸਾਹ ਅਤੇ ਧਿਆਨ ਕਾਫੀ ਲਾਭਦਾਇਕ ਸਾਬਤ ਹੁੰਦੇ ਹਨ।
**


ਖ਼ਬਰ ਸ਼ੇਅਰ ਕਰੋ

ਮਾਖਿਓਂ ਮਿੱਠੇ ਬੋਲਾਂ ਦਾ ਜਾਦੂ

ਬੋਲ-ਚਾਲ ਦਾ ਤਰੀਕਾ ਤੇ ਸਲੀਕਾ ਹੀ ਇਕ ਅਜਿਹਾ ਜਾਦੂ ਹੈ, ਜਿਹੜਾ ਪੱਥਰ ਦਿਲਾਂ ਨੂੰ ਵੀ ਢਾਲ ਕੇ ਮੋਮ ਬਣਾ ਸਕਣ ਦੀ ਸਮਰੱਥਾ ਰੱਖਦਾ ਹੈ। ਇਸ ਸਲੀਕੇ ਵਿਚਲੀ ਮਿਠਾਸ ਹੀ ਸਾਨੂੰ ਪਰਿਵਾਰ ਅਤੇ ਸਮਾਜ ਵਿਚ ਪਿਆਰ ਅਤੇ ਅਥਾਹ ਸਤਿਕਾਰ ਦਿਵਾਉਣ ਦੀ ਸ਼ਕਤੀਸ਼ਾਲੀ ਤਾਕਤ ਰੱਖਦੀ ਹੈ, ਸਾਨੂੰ ਲੋਕਾਂ ਵਿਚ ਹਰਮਨ-ਪਿਆਰਤਾ ਦਿਵਾਉਂਦੀ ਹੈ। ਸਾਡੇ ਮਨਾਂ ਅਤੇ ਦਿਲਾਂ ਨੂੰ ਸਕੂਨ ਬਖਸ਼ਦੀ ਹੈ, ਦੂਜਿਆਂ ਵਲੋਂ ਮਿਲੇ ਪਿਆਰ-ਸਤਿਕਾਰ ਕਰਕੇ ਹੀ ਸਾਨੂੰ ਦੂਜਿਆਂ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣਾਉਂਦੀ ਹੈ। ਇਹ ਗੱਲ ਸੋਲ੍ਹਾਂ ਆਨੇ ਸੱਚ ਤੋਂ ਵੀ ਰਤੀ ਕੁ ਭਰ ਵੱਧ ਹੀ ਹੋਵੇਗੀ ਕਿ ਸਾਡਾ ਅੱਜ ਦੇ ਸਮਾਜ ਦਾ ਬਹੁਤਾ ਹਿੱਸਾ ਗਲੀ-ਸੜੀ ਸੋਚ ਦਾ ਸ਼ਿਕਾਰ, ਸੁਆਰਥੀ ਅਤੇ ਪੈਸੇ ਦਾ ਪੁੱਤ ਹੈ, ਠੱਗਾਂ, ਬੇਈਮਾਨਾਂ ਤੇ ਮਿੱਤਰ-ਮਾਰਾਂ ਨਾਲੋਂ ਇਮਾਨਦਾਰਾਂ, ਵਫਾਦਾਰਾਂ, ਮਿੱਤਰਾਂ ਤੇ ਨਰਮ ਦਿਲ ਬੰਦਿਆਂ ਦੀ ਗਿਣਤੀ ਕਿਤੇ ਘੱਟ ਹੈ। ਸੋ, ਸਮਾਜ ਦੇ ਇਸ ਕਿਸਮ ਦੇ ਵਰਤਾਰੇ ਵਿਚ ਵਿਚਰਦਿਆਂ ਸਾਡਾ ਬਹੁਤ ਸਾਰੇ ਅਜਿਹੇ ਅੜਬ, ਅੜੀਅਲ ਤੇ ਘਟੀਆ ਕਿਸਮ ਦੇ ਵਿਅਕਤੀਆਂ ਨਾਲ ਵੀ ਵਾਹ ਪੈਂਦਾ ਰਹਿੰਦਾ ਹੈ, ਜਿਹੜੇ ਕਿ ਸਾਡੀ ਨਿਮਰ ਤੇ ਮਿਠਾਸ ਭਰੀ ਬੋਲੀ ਨੂੰ ਹੌਲੀ-ਹੌਲੀ ਸਮਝਦੇ ਹਨ, ਪਰ ਫਿਰ ਵੀ ਕਈ ਅਜਿਹੇ ਵਿਅਕਤੀ ਹੁੰਦੇ ਹਨ, ਜਿਹੜੇ ਸਿਰਫ ਤੇ ਸਿਰਫ ਕੌੜਾ ਬੋਲਣ ਵਾਲੀ ਬੋਲੀ ਜਾਂ ਦਬਕੇ ਨਾਲ ਹੀ ਠੀਕ ਰਹਿੰਦੇ ਹਨ, ਉਥੇ ਉਹੋ ਜਿਹੇ ਵਿਅਕਤੀ ਨਾਲ ਉਸੇ ਤਰ੍ਹਾਂ ਹੀ ਪੇਸ਼ ਆਉਣਾ ਚਾਹੀਦਾ ਹੈ, ਜਿਹੜਾ ਕਿ ਜ਼ਰੂਰੀ ਵੀ ਹੋ ਜਾਂਦਾ ਹੈ ਤੇ ਸਾਡੀ ਮਜਬੂਰੀ ਵੀ ਬਣ ਜਾਂਦਾ ਹੈ। ਪਰ ਮੋਟੇ ਤੌਰ 'ਤੇ ਪਲੜਾ ਮਿਠਾਸ ਭਰੇ ਬੁੱਲ੍ਹਾਂ 'ਚੋਂ ਕਿਰਦੇ ਸ਼ਬਦਾਂ ਦਾ ਹੀ ਹਮੇਸ਼ਾ ਭਾਰੀ ਰਹਿੰਦਾ ਹੈ। ਖ਼ੈਰ ਨਿਮਰਤਾ, ਸਹਿਣਸ਼ੀਲਤਾ, ਮਿੱਠੀ ਬੋਲ-ਬਾਣੀ ਹੀ ਮਨੁੱਖੀ ਸ਼ਖ਼ਸੀਅਤ ਦੇ ਅਜਿਹੇ ਜ਼ਰੂਰੀ ਤੱਤ ਹਨ, ਜਿਹੜੇ ਕਿ ਦੂਜਿਆਂ ਨੂੰ ਮੋਹ ਲੈਣ, ਆਕਰਸ਼ਤ ਕਰਨ, ਸਮਾਜ ਵਿਚ ਵੱਖਰੀ ਤੇ ਨਿਵੇਕਲੀ ਪਛਾਣ ਬਣਾਉਣ ਦੀ ਕਾਬਲੀਅਤ ਰੱਖਦੇ ਹਨ। ਮਾਖਿਓਂ ਮਿੱਠੀ ਬੋਲੀ ਹੀ ਖੂਬਸੂਰਤੀ ਤੇ ਮੁਹੱਬਤ ਦਾ ਮੁਜੱਸਮਾ ਬਣਦੀ ਹੈ, ਖੰਡ ਮਿਸ਼ਰੀ ਜਿਹੇ ਬੋਲ ਹੀ ਸਾਡੀ ਸ਼ਖ਼ਸੀਅਤ ਦਾ ਦਰਪਣ ਬਣਦੇ ਹਨ, ਸਾਨੂੰ ਸਮਾਜ ਵਿਚ ਪਿਆਰ-ਸਤਿਕਾਰ ਬਖਸ਼ਦੇ ਹਨ ਅਤੇ ਲੋਕਾਂ ਦੇ ਹਰ ਵਰਗ ਵਲੋਂ ਸਾਨੂੰ ਇੱਜ਼ਤ ਤੇ ਸਨਮਾਨ ਦਿਵਾਉਣ ਵਿਚ ਮੋਹਰੀ ਰੋਲ ਅਦਾ ਕਰਦੇ ਹਨ। ਸਾਡੀ ਮਿੱਠੀ ਬੋਲੀ ਜਾਂ ਗੱਲਬਾਤ ਦਾ ਸਲੀਕਾ ਵੀ ਦੂਜਿਆਂ ਨੂੰ ਕਾਇਲ ਤੱਕ ਕਰ ਲੈਣ ਦੀ ਸਮਰੱਥਾ ਰੱਖਦਾ ਹੈ, ਜਿਹੜਾ ਕਿ ਸਾਡੇ ਸਮੁੱਚੇ ਵਿਅਕਤੀਤਵ ਨੂੰ ਉੱਚਤਾ ਤੇ ਸੁੱਚਤਾ ਵੱਲ ਲਿਜਾਣ ਦਾ ਰਾਹ ਖੋਲ੍ਹਦਾ ਹੈ। ਸੋ, ਲੋੜ ਹੈ ਜਿੰਨਾ ਕੁ ਵੀ ਵੱਧ ਤੋਂ ਵੱਧ ਸੰਭਵ ਹੋ ਸਕੇ, ਬਨਾਉਟੀ ਕਿਸਮ ਦੀ ਅਦਾਕਾਰੀ ਨੂੰ ਛੱਡ ਕੇ ਸੱਚੀ-ਸੁੱਚੀ, ਨਿਮਰਤਾ ਭਰੀ ਮਿੱਠਬੋਲੀ ਨੂੰ ਅਪਣਾਉਣ ਦੀ, ਤਾਂ ਕਿ ਸਾਡੀ ਜੀਵਨਸ਼ੈਲੀ ਦੂਜਿਆਂ ਲਈ ਵੀ ਪ੍ਰੇਰਨਾ ਸਰੋਤ ਬਣ ਸਕੇ। ਮੇਰੀ ਕਲਮ ਤਾਂ ਇਹੀ ਲਿਖਦੀ ਹੈ, ਬਾਕੀ ਤੁਹਾਡੀ ਮਰਜ਼ੀ ਤੇ ਤੁਸੀਂ ਖੁਦ ਮਾਲਕ ਹੋ, ਜਿਵੇਂ ਮਰਜ਼ੀ ਕਰੋ ਪਰ ਮੈਂ ਤਾਂ ਫਿਰ ਇਹੀ ਲਿਖਾਂਗਾ ਕਿ ਬੁਰਾ ਮੱਤ ਬਣੋ, ਬੁਰਾ ਮੱਤ ਸੋਚੋ, ਬੁਰਾ ਮੱਤ ਕਹੋ, ਬੁਰੀ ਹੈ ਬੁਰਾਈ ਮੇਰੇ ਦੋਸਤੋ।


-ਸੁਖਮਿੰਦਰ ਸਿੰਘ ਸ਼ਹਿਣਾ,
ਸ: ਸੀ: ਸੈ: ਸਕੂਲ (ਲੜਕੇ), ਧਨੌਲਾ (ਬਰਨਾਲਾ)। ਮੋਬਾ: 94780-67250

ਜਾਣੋ ਮਿੱਠੀ ਖੰਡ ਦੇ ਹੋਰ ਵੀ ਲਾਭ

ਖੰਡ ਦਾ ਕੰਮ ਖਾਧ ਪਦਾਰਥਾਂ ਨੂੰ ਮਿੱਠਾ ਕਰਨਾ ਤਾਂ ਹੈ ਹੀ, ਇਸ ਵਿਚ ਹੋਰ ਵੀ ਕਈ ਗੁਣ ਹਨ, ਜਿਨ੍ਹਾਂ ਨੂੰ ਸ਼ਾਇਦ ਅਸੀਂ ਪੂਰੀ ਤਰ੍ਹਾਂ ਨਹੀਂ ਜਾਣਦੇ। ਜੇ ਸਾਨੂੰ ਪੂਰੀ ਜਾਣਕਾਰੀ ਹੋਵੇ ਤਾਂ ਅਸੀਂ ਇਸ ਦੇ ਸਵਾਦ ਤੋਂ ਇਲਾਵਾ ਹੋਰ ਵੀ ਲਾਭ ਉਠਾ ਸਕਦੇ ਹਾਂ।
* ਕਸਟਰਡ ਬਣਾਉਣ ਤੋਂ ਬਾਅਦ ਅਸੀਂ ਉਸ ਨੂੰ ਕੁਝ ਸਮੇਂ ਲਈ ਠੰਢਾ ਹੋਣ ਲਈ ਰੱਖਦੇ ਹਾਂ। ਜੇਕਰ ਉਸ ਦੇ ਉੱਪਰ ਕੁਝ ਦਾਣੇ ਖੰਡ ਦੇ ਬੁਰਕ ਦੇਈਏ ਤਾਂ ਕਸਟਰਡ 'ਤੇ ਮਲਾਈ ਨਹੀਂ ਆਵੇਗੀ।
* ਸਫਰ ਲਈ ਜੇ ਪੂੜੀ-ਪਰਾਉਂਠੇ ਬਣਾ ਰਹੇ ਹੋ ਤਾਂ ਆਟਾ ਗੁੰਨ੍ਹਦੇ ਸਮੇਂ ਉਸ ਵਿਚ ਨਮਕ, ਅਜਵਾਇਣ ਦੇ ਨਾਲ ਕੁਝ ਖੰਡ ਵੀ ਪਾਓ। ਪਰਾਉਂਠੇ-ਪੂੜੀ ਜ਼ਿਆਦਾ ਸਵਾਦੀ ਲੱਗਣਗੇ।
* ਪੇਟ ਦੀ ਜਲਣ ਘੱਟ ਕਰਨ ਲਈ ਸੌਂਫ ਵਿਚ ਥੋੜ੍ਹੀ ਜਿਹੀ ਖੰਡ ਪਾ ਕੇ ਪੀਸ ਲਓ। ਫਿਰ ਇਕ-ਦੋ ਚਮਚ ਇਸ ਮਿਸ਼ਰਣ ਨੂੰ ਫੱਕ ਲਓ। ਲਾਭ ਮਿਲੇਗਾ।
* ਕਾਲੇ ਗੋਡਿਆਂ ਅਤੇ ਕੂਹਣੀਆਂ ਨੂੰ ਸਾਫ਼ ਕਰਨ ਲਈ ਨਿੰਬੂ ਦੇ ਛਿਲਕੇ 'ਤੇ ਖੰਡ ਪਾ ਕੇ ਉਸ ਨਾਲ ਰਗੜੋ। ਕੁਝ ਦਿਨ ਤੱਕ ਲਗਾਤਾਰ ਵਰਤੋਂ ਕਰਨ ਨਾਲ ਕਾਲਾਪਨ ਸਾਫ਼ ਹੋ ਜਾਵੇਗਾ।
* ਪਿਆਜ਼ ਭੁੰਨਦੇ ਸਮੇਂ ਉਸ ਵਿਚ ਥੋੜ੍ਹੀ ਜਿਹੀ ਖੰਡ ਪਾਉਣ ਨਾਲ ਪਿਆਜ਼ ਛੇਤੀ ਲਾਲ ਹੁੰਦਾ ਹੈ।
* ਹਰੀ ਮਿਰਚ ਦਾ ਤਿੱਖਾਪਣ ਘੱਟ ਕਰਨ ਲਈ ਮਿਰਚਾਂ ਨੂੰ ਇਕ ਮਿੰਟ ਲਈ ਖੰਡ ਮਿਲੇ ਗਰਮ ਪਾਣੀ ਵਿਚ ਰੱਖੋ। ਉਸ ਤੋਂ ਬਾਅਦ ਚਾਹੋ ਤਾਂ ਮਸਾਲਾ ਭਰ ਕੇ ਮਿਰਚ ਦੀ ਸਬਜ਼ੀ ਬਣਾਓ, ਚਾਹੋ ਤਾਂ ਮਸਾਲਾ ਭਰ ਕੇ ਪਕੌੜੇ ਬਣਾਓ। ਮਿਰਚ ਦਾ ਤਿੱਖਾਪਣ ਨਹੀਂ ਰਹੇਗਾ।
* ਪੁਲਾਵ ਦਾ ਰੰਗ ਕੁਝ ਭੂਰਾ ਬਣਾਉਣਾ ਚਾਹੁੰਦੇ ਹੋ ਤਾਂ ਘਿਓ ਵਿਚ ਜੀਰਾ, ਲੌਂਗ, ਇਲਾਇਚੀ, ਤੇਜਪੱਤਾ, ਦਾਲਚੀਨੀ ਨੂੰ ਚਟਕਾਓ, ਫਿਰ ਉਸ ਵਿਚ ਇਕ ਚਮਚ ਖੰਡ ਪਾ ਦਿਓ, ਫਿਰ ਸਬਜ਼ੀਆਂ ਪਾ ਕੇ ਚੌਲ ਪਾਓ। ਇਸ ਨਾਲ ਪੁਲਾਵ ਦਾ ਰੰਗ ਸੁੰਦਰ ਲੱਗੇਗਾ।
* ਇਲਾਇਚੀ ਪੀਸਦੇ ਸਮੇਂ ਉਸ ਵਿਚ ਥੋੜ੍ਹੀ ਖੰਡ ਪਾ ਕੇ ਪੀਸੋ। ਇਲਾਇਚੀ ਛੇਤੀ ਪਿਸੇਗੀ ਅਤੇ ਚਾਹੋ ਤਾਂ ਉਸ ਨੂੰ ਖਾਣਾ ਖਾਣ ਤੋਂ ਬਾਅਦ ਮੂੰਹ ਵਿਚ ਰੱਖ ਕੇ ਚੂਸਣ ਨਾਲ ਮੂੰਹ ਦੀ ਬਦਬੂ ਵੀ ਖ਼ਤਮ ਹੋ ਜਾਵੇਗੀ। * ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਅੱਧੀ ਕਟੋਰੀ ਨਾਰੀਅਲ ਦੇ ਤੇਲ ਵਿਚ ਅੱਧਾ ਚਮਚ ਖੰਡ ਪਾ ਕੇ ਮਿਕਸ ਕਰ ਲਓ। ਫਿਰ ਉਸ ਮਿਸ਼ਰਣ ਨੂੰ ਸਾਰੇ ਸਰੀਰ 'ਤੇ ਮਲੋ ਅਤੇ ਸਕਰਬ ਕਰੋ। ਇਸ ਤੋਂ ਬਾਅਦ ਨਹਾਓ। ਨਹਾਉਂਦੇ ਸਮੇਂ ਸਾਬਣ ਜਾਂ ਬਾਡੀ ਵਾਸ਼ ਦੀ ਵਰਤੋਂ ਨਾ ਕਰੋ।
* ਸਰੀਰ ਵਿਚ ਕਮਜ਼ੋਰੀ ਮਹਿਸੂਸ ਹੋਣ 'ਤੇ ਘਰ ਵਿਚ ਕੁਝ ਵੀ ਨਾ ਹੋਵੇ ਤਾਂ ਇਕ ਗਿਲਾਸ ਪਾਣੀ ਵਿਚ ਇਕ ਚਮਚ ਖੰਡ ਪਾਓ ਅਤੇ ਘੁੱਟ-ਘੁੱਟ ਕਰਕੇ ਪੀਓ। ਆਰਾਮ ਮਿਲੇਗਾ।
* ਲਸਣ ਦੇ ਤਿੱਖੇਪਣ ਨੂੰ ਘੱਟ ਕਰਨ ਲਈ ਲਸਣ ਭੁੰਨਦੇ ਸਮੇਂ ਥੋੜ੍ਹੇ ਜਿਹੇ ਖੰਡ ਦੇ ਦਾਣੇ ਪਾਓ।

-ਨੀਤੂ ਗੁਪਤਾ

ਬੱਚਿਆਂ ਨੂੰ ਖੁਦ ਕੰਮ ਕਰਨ ਦੀ ਆਦਤ ਪਾ ਕੇ ਬਚਪਨ ਤੋਂ ਹੀ ਬਣਾਓ ਆਤਮ-ਨਿਰਭਰ

ਆਧੁਨਿਕ ਸਮੇਂ ਦੌਰਾਨ ਜ਼ਿੰਦਗੀ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਮਾਪਿਆਂ ਕੋਲ ਸਮੇਂ ਦੀ ਵੱਡੀ ਘਾਟ ਹੈ ਅਤੇ ਬੱਚਿਆਂ ਉੱਪਰ ਪੜ੍ਹਾਈ ਦਾ ਬੋਝ ਹੈ। ਇਸ ਦੇ ਚਲਦਿਆਂ ਤਕਰੀਬਨ ਸਾਰੇ ਹੀ ਘਰਾਂ ਅੰਦਰ ਸਵੇਰ ਦੇ ਸਮੇਂ ਵੱਡੀ ਭੱਜ-ਨੱਠ ਵਾਲਾ ਮਾਹੌਲ ਹੁੰਦਾ ਹੈ ਅਤੇ ਅਕਸਰ ਪ੍ਰੇਸ਼ਾਨੀ ਵੀ ਹੁੰਦੀ ਹੈ, ਜਿਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਬੱਚਿਆਂ ਦੇ ਸਕੂਲ ਜਾਣ ਅਤੇ ਮਾਪਿਆਂ ਦੇ ਦਫਤਰ ਜਾਣ ਦਾ ਸਮਾਂ ਹੋ ਰਿਹਾ ਹੁੰਦਾ ਹੈ ਪਰ ਤਿਆਰੀ ਅਧੂਰੀ ਹੁੰਦੀ ਹੈ। ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਬੱਚੇ ਰੋਜ਼ਾਨਾ ਸਕੂਲ ਤੋਂ ਘਰ ਆਉਂਦੇ ਹਨ ਤਾਂ ਉਹ ਆਪਣਾ ਸਕੂਲ ਬੈਗ, ਪਾਣੀ ਵਾਲੀ ਬੋਤਲ, ਟਿਫਨ, ਵਰਦੀ ਅਤੇ ਬੂਟ-ਜੁਰਾਬਾਂ ਆਦਿ ਨੂੰ ਸਹੀ ਥਾਂ 'ਤੇ ਨਹੀਂ ਰੱਖਦੇ। ਇਥੋਂ ਤੱਕ ਕਿ ਜੇਕਰ ਵਰਦੀ ਸਾਫ਼ ਨਾ ਹੋਵੇ ਤਾਂ ਉਸ ਨੂੰ ਵੀ ਨਿਸਚਿਤ ਜਗ੍ਹਾ 'ਤੇ ਨਹੀਂ ਰੱਖਦੇ। ਪਰ ਮਾਪੇ ਬੱਚਿਆਂ ਨੂੰ ਸਿਰਫ ਬੱਚੇ ਹੀ ਸਮਝਦੇ ਹੋਏ ਇਹ ਸਭ ਕੁਝ ਸਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਫਿਰ ਚਾਹੇ ਬੱਚੇ ਦੀ ਉਮਰ 12-15 ਸਾਲ ਦੀ ਕਿਉਂ ਨਾ ਹੋਵੇ। ਅਜਿਹੀ ਹਾਲਤ ਵਿਚ ਘਰ ਦਾ ਮਾਹੌਲ ਉਥਲ-ਪੁਥਲ ਵਾਲਾ ਬਣ ਜਾਂਦਾ ਹੈ। ਇਸ ਕਾਰਨ ਅਜੀਬ ਕਿਸਮ ਦੀ ਘੁਟਣ ਵੀ ਮਹਿਸੂਸ ਹੁੰਦੀ ਹੈ। ਮਨ ਵਿਚ ਖਿਝ ਪੈਦਾ ਹੁੰਦੀ ਹੈ। ਅਜਿਹੀ ਹਾਲਤ ਵਿਚ ਜੇਕਰ ਬਾਹਰੋਂ ਕੋਈ ਮਹਿਮਾਨ ਆ ਜਾਵੇ ਤਾਂ ਉਹ ਵੀ ਇਹ ਦੇਖ ਕੇ ਚੰਗਾ ਮਹਿਸੂਸ ਨਹੀਂ ਕਰਦਾ, ਜਿਸ ਕਾਰਨ ਤੁਹਾਡੀ ਛਵੀ ਵੀ ਖਰਾਬ ਹੋ ਸਕਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਮਾਪੇ ਬੱਚਿਆਂ ਨੂੰ ਖੁਦ ਹੀ ਛੋਟੇ-ਛੋਟੇ ਕੰਮ ਕਰਨ ਦੀ ਆਦਤ ਪਾਉਣ। ਇਸ ਨਾਲ ਜਿਥੇ ਘਰ ਦੀ ਸੁੰਦਰਤਾ ਬਰਕਰਾਰ ਰਹੇਗੀ, ਉਥੇ ਬੱਚੇ ਹੌਲੀ-ਹੌਲੀ ਇਸ ਚੰਗੀ ਆਦਤ ਨੂੰ ਅਪਣਾ ਲੈਣਗੇ।
ਮਾਵਾਂ ਬੱਚਿਆਂ ਨੂੰ ਖਾਣੇ ਵਾਲੇ ਬਰਤਨ ਉਠਾਉਣ, ਬੈੱਡ ਦੀ ਚਾਦਰ ਠੀਕ ਕਰਨ, ਸੋਫੇ ਤੇ ਟੇਬਲ ਦਾ ਕੱਪੜਾ ਠੀਕ ਕਰਨ, ਜੇਕਰ ਕੋਈ ਮਹਿਮਾਨ ਆਇਆ ਹੋਵੇ ਤਾਂ ਰਸੋਈ ਤੋਂ ਟੇਬਲ ਤੱਕ ਖਾਣਾ ਪਰੋਸਣ, ਪਾਣੀ ਦੀ ਚਲਦੀ ਟੂਟੀ ਬੰਦ ਕਰਨ, ਇਧਰ-ਉਧਰ ਖਿਲਰੇ ਕਾਗਜ਼, ਲਿਫਾਫੇ, ਪੁਰਾਣੀਆਂ ਅਖ਼ਬਾਰਾਂ, ਮੈਗਜ਼ੀਨ ਇਕੱਠੇ ਕਰਕੇ ਨਿਸਚਿਤ ਥਾਂ 'ਤੇ ਰੱਖਣ, ਪੌਦਿਆਂ ਤੇ ਫੁੱਲਾਂ ਨੂੰ ਪਾਣੀ ਲਗਾਉਣ ਵਿਚ ਮਦਦ, ਬਿਨਾਂ ਵਜ੍ਹਾ ਘਰ ਦਾ ਖੁੱਲ੍ਹਾ ਦਰਵਾਜ਼ਾ ਤੇ ਖਿੜਕੀਆਂ ਬੰਦ ਕਰਨ ਆਦਿ ਕੰਮ ਕਹਿ ਸਕਦੀਆਂ ਹਨ। ਇਸ ਲਈ ਬੱਚਿਆਂ ਨੂੰ ਝਿੜਕਣ ਦੀ ਲੋੜ ਨਹੀਂ, ਸਗੋਂ ਉਨ੍ਹਾਂ ਦੀ ਪ੍ਰਸੰਸਾ ਦੇ ਦੋ ਸ਼ਬਦ ਬੋਲ ਕੇ ਜਾਂ ਲਾਡ-ਪਿਆਰ ਨਾਲ ਉਨ੍ਹਾਂ ਨੂੰ ਇਹ ਚੰਗੀ ਆਦਤ ਪਾਈ ਜਾ ਸਕਦੀ ਹੈ। ਇਸ ਤਰ੍ਹਾਂ ਬੱਚੇ ਇਹ ਛੋਟੇ-ਛੋਟੇ ਕੰਮ ਕਰਨ ਦੀ ਆਦਤ ਨੂੰ ਅਪਣਾ ਕੇ ਆਤਮ-ਨਿਰਭਰ ਬਣ ਜਾਣਗੇ, ਜੋ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਲਈ ਵੀ ਭਵਿੱਖ 'ਚ ਲਾਭਦਾਇਕ ਸਿੱਧ ਹੋਵੇਗੀ।


-ਵਰਿੰਦਰ ਸਹੋਤਾ,
ਵਰਸੋਲਾ (ਗੁਰਦਾਸਪੁਰ)। ਮੋਬਾ: 84379-25062

ਵੈਸਟਰਨ ਹੋਵੇ ਜਾਂ ਈਸਟਰਨ, ਹਰ ਪੁਸ਼ਾਕ ਵਿਚ ਚਾਰ ਚੰਦ ਲਗਾਏ ਸਟੋਲ

ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਔਰਤਾਂ ਅਤੇ ਲੜਕੀਆਂ ਦੀ ਅਲਮਾਰੀ ਵਿਚ ਸਟੋਲ ਦਾ ਦਾਖਲਾ ਹੋ ਜਾਂਦਾ ਹੈ। ਅੱਜਕਲ੍ਹ ਸਟੋਲ ਹਰ ਲੜਕੀ ਦੀ ਅਲਮਾਰੀ ਦਾ ਜ਼ਰੂਰੀ ਹਿੱਸਾ ਬਣ ਚੁੱਕਾ ਹੈ। ਕਿਉਂਕਿ ਇਹ ਸੂਟ, ਸਾੜ੍ਹੀ, ਕੁੜਤੀ ਜਾਂ ਵੈਸਟਰਨ ਕਿਸੇ ਵੀ ਪੁਸ਼ਾਕ ਦੇ ਨਾਲ ਖੂਬਸੂਰਤ ਲਗਦਾ ਹੈ। ਇਹੀ ਵਜ੍ਹਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਸਾਧਾਰਨ ਜਿਹਾ ਦਿਸਣ ਵਾਲਾ ਇਹ ਸਟੋਲ ਭਾਰੀ-ਭਰਕਮ ਸ਼ਾਲ ਦੀ ਜਗ੍ਹਾ ਬਹੁਤ ਮਜ਼ਬੂਤੀ ਨਾਲ ਲੈਂਦਾ ਜਾ ਰਿਹਾ ਹੈ।
ਅੱਜਕਲ੍ਹ ਸਟੋਲ ਕਈ ਰੰਗਾਂ, ਡਿਜ਼ਾਈਨਾਂ ਅਤੇ ਵੰਨ-ਸੁਵੰਨਤਾ ਵਿਚ ਮਿਲਦੇ ਹਨ। ਇਨ੍ਹਾਂ ਦੀ ਕੀਮਤ, ਇਨ੍ਹਾਂ ਦੀ ਕਿਸਮ ਅਤੇ ਮੈਟੀਰੀਅਲ 'ਤੇ ਨਿਰਭਰ ਕਰਦੀ ਹੈ। ਇਹੀ ਵਜ੍ਹਾ ਹੈ ਕਿ ਇਹ 100 ਰੁਪਏ ਤੋਂ ਸ਼ੁਰੂ ਹੋ ਕੇ ਬੜੇ ਆਰਾਮ ਨਾਲ 2500-3000 ਰੁਪਏ ਤੱਕ ਚਲੇ ਜਾਂਦੇ ਹਨ। ਊਨੀ, ਸਿਲਕ, ਸ਼ਿਫੋਨ ਆਦਿ ਦੇ ਇਹ ਸਟੋਲ ਕਈ ਰੰਗਾਂ ਵਿਚ ਮਿਲਦੇ ਹਨ। ਅੱਜਕਲ੍ਹ ਪਾਰਟੀ ਵਿਚ ਜਾਣ ਲਈ ਸਟੋਨ, ਕਲਾਤਮਕ, ਹੱਥ ਨਾਲ ਬੁਣੇ, ਸੀਕਵੇਂਸ ਬਰਕ ਆਦਿ ਦੇ ਸਟੋਲ ਖੂਬ ਮਿਲਦੇ ਹਨ। ਜੇਕਰ ਦਫ਼ਤਰ ਪਹਿਨ ਕੇ ਜਾਣਾ ਹੋਵੇ ਤਾਂ ਇਸ ਗੱਲ 'ਤੇ ਧਿਆਨ ਦਿਓ ਕਿ ਤੁਹਾਡਾ ਦਫ਼ਤਰ ਕਿਹੋ ਜਿਹਾ ਹੈ? ਬਹੁਤ ਫਾਰਮਲ ਦਫਤਰ ਵਿਚ ਸਟੋਲ ਜਾਂ ਸਕਾਰਫ ਘੱਟ ਪਹਿਨੇ ਜਾਂਦੇ ਹਨ ਪਰ ਕੈਜੂਅਲ ਡ੍ਰੈਸਿੰਗ ਦੀ ਆਗਿਆ ਹੋਵੇ ਤਾਂ ਸਟੋਲ ਨੂੰ ਕਈ ਤਰ੍ਹਾਂ ਨਾਲ ਲਿਆ ਜਾ ਸਕਦਾ ਹੈ। ਇਸ ਨੂੰ ਗਲੇ ਵਿਚ ਲਪੇਟ ਕੇ, ਗੰਢ ਬੰਨ੍ਹ ਕੇ ਜਾਂ ਵੈਸੇ ਹੀ ਮੋਢੇ 'ਤੇ ਲਟਕਾਇਆ ਜਾ ਸਕਦਾ ਹੈ।
ਦਫਤਰ ਵਿਚ ਇਸ ਨੂੰ ਜੇ ਫਾਰਮਲ ਦੇ ਨਾਲ ਪਹਿਨਣਾ ਹੀ ਹੋਵੇ ਤਾਂ ਇਹ ਸਮਝ ਲਓ ਕਿ ਇਹ ਅਣਸੀਤਾ ਇਕ ਅਜਿਹਾ ਪਹਿਰਾਵਾ ਹੈ ਜਿਸ ਨੂੰ ਸੁੰਦਰ ਅਤੇ ਕਲਾਤਮਕ ਤਰੀਕੇ ਨਾਲ ਪਹਿਨ ਕੇ ਸੁੰਦਰ ਦਿਸਿਆ ਜਾ ਸਕਦਾ ਹੈ। ਹਾਂ, ਦਫ਼ਤਰ ਵਿਚ ਇਸ ਨੂੰ ਫਾਰਮਲ ਦੇ ਨਾਲ ਜ਼ਿਆਦਾ ਵੰਨਗੀ ਨਾਲ ਨਹੀਂ ਪਹਿਨਿਆ ਜਾ ਸਕਦਾ। ਫਾਰਮਲ ਦੇ ਨਾਲ ਜੇ ਤੁਸੀਂ ਗੰਢ ਲਗਾ ਕੇ ਬੰਨ੍ਹਣਾ ਚਾਹੋ ਤਾਂ ਗੰਢ ਚੰਗੀ ਤਰ੍ਹਾਂ ਕਰੀਨੇ ਨਾਲ ਲਗਾਓ। ਫਾਰਮਲ ਵਿਅਰ ਦੇ ਨਾਲ ਸਿੰਪਲ ਨਾਟ ਲਗਾਓ। ਸੁੰਦਰ ਦਿੱਖ ਲਈ ਸਿਰਫ ਇਕ ਹੀ ਨਾਟ ਲਗਾਓ। ਦਫ਼ਤਰ ਵਿਚ ਇਸ ਨੂੰ ਯੂਰਪੀਅਨ ਤਰੀਕੇ ਨਾਲ ਹੇਠਾਂ ਲੂਪ ਬਣਾ ਕੇ ਵੀ ਪਹਿਨਿਆ ਜਾ ਸਕਦਾ ਹੈ। ਇਹ ਲੂਪ ਗਲੇ ਦੇ ਵਿਚਕਾਰਲੇ ਹਿੱਸੇ ਵਿਚ ਬਣਦਾ ਹੈ। ਸਟਾਲ ਨੂੰ ਪਹਿਲਾਂ ਆਪਣੀ ਧੌਣ ਦੇ ਆਲੇ-ਦੁਆਲੇ ਲਪੇਟੋ ਅਤੇ ਇਸ ਦਾ ਇਕ ਕਿਨਾਰਾ ਇਕ ਮੋਢੇ 'ਤੇ ਅਤੇ ਦੂਜਾ, ਦੂਜੇ ਪਾਸਿਓਂ ਲੂਪ ਨੂੰ ਨਾਟ ਲਗਾ ਕੇ ਜਿੰਨਾ ਚਾਹੋ, ਓਨਾ ਕੱਸ ਲਓ। ਸਹੀ ਫਾਰਮਲ ਦਿੱਖ ਲਈ ਫੋਲਡ ਨੂੰ ਸਾਫ਼-ਸੁਥਰਾ ਰੱਖੋ। ਸਟੋਲ ਨੂੰ ਸਾਦੇ ਢੰਗ ਨਾਲ ਗਲੇ ਵਿਚ ਲਪੇਟ ਕੇ ਵੀ ਪਹਿਨਿਆ ਜਾ ਸਕਦਾ ਹੈ। ਇਸ ਨੂੰ ਮੋਢੇ 'ਤੇ ਸ਼ਾਲ ਦੀ ਤਰ੍ਹਾਂ ਲਿਆ ਜਾ ਸਕਦਾ ਹੈ ਜਾਂ ਆਪਣੀ ਧੌਣ ਦੇ ਆਲੇ-ਦੁਆਲੇ ਲਪੇਟ ਕੇ ਇਸ ਤਰ੍ਹਾਂ ਪਹਿਨੋ ਕਿ ਇਸ ਦੇ ਦੋਵੇਂ ਸਿਰੇ ਅਗਲੇ ਪਾਸੇ ਆ ਜਾਣ। ਇਸ ਨੂੰ ਇਕ ਹੋਰ ਤਰੀਕੇ ਨਾਲ ਵੀ ਪਹਿਨਿਆ ਜਾ ਸਕਦਾ ਹੈ। ਇਕ ਪਾਸਿਓਂ ਮੋਢੇ 'ਤੇ ਲਓ ਅਤੇ ਦੂਜੇ ਪਾਸੇ ਦੇ ਸਿਰੇ ਨੂੰ ਵੈਸੇ ਹੀ ਛੱਡ ਦਿਓ। ਜੇ ਸ਼ਾਮ ਦੇ ਸਮੇਂ ਇਸ ਨੂੰ ਕਿਸੇ ਖਾਸ ਮੌਕੇ 'ਤੇ ਕਿਸੇ ਵੀ ਆਊਟਫਿਟ ਦੇ ਨਾਲ ਪਹਿਨਣਾ ਹੋਵੇ ਤਾਂ ਸਿਲਕ ਜਾਂ ਵੂਲ ਦੇ ਫੈਬ੍ਰਿਕ ਨਾਲ ਬਣੇ ਸਟੋਲ ਦੀ ਚੋਣ ਕਰੋ, ਇਹ ਸਭ ਤੋਂ ਵਧੀਆ ਫਾਰਮਲ ਦਿੱਖ ਦਿੰਦੇ ਹਨ।
ਆਪਣੇ ਮੋਢਿਆਂ ਦੇ ਦੋਵੇਂ ਪਾਸੇ ਇਸ ਨੂੰ ਲਪੇਟੋ ਅਤੇ ਕੂਹਣੀਆਂ ਤੱਕ ਲਿਆ ਕੇ ਇਸ ਨੂੰ ਬਾਹਾਂ ਵਿਚ ਲਪੇਟੋ। ਇਸ ਨਾਲ ਇਹ ਦਿਲਕਸ਼ ਲਗਦਾ ਹੈ। ਇਹ ਕਿਸੇ ਵੀ ਮੌਕੇ 'ਤੇ ਕਿਸੇ ਵੀ ਪੁਸ਼ਾਕ ਦੇ ਨਾਲ ਪਹਿਨਿਆ ਜਾ ਸਕਦਾ ਹੈ। ਇਹ ਆਫ-ਸ਼ੋਲਡਰ ਅਤੇ ਸਲੀਵਲੈੱਸ ਪੁਸ਼ਾਕ ਦੇ ਨਾਲ ਵੀ ਚੰਗਾ ਲਗਦਾ ਹੈ। ਸਾੜ੍ਹੀ ਦੇ ਨਾਲ ਜਦੋਂ ਇਸ ਨੂੰ ਪਹਿਨਿਆ ਜਾਂਦਾ ਹੈ ਤਾਂ ਸਾੜ੍ਹੀ ਦੇ ਇਕ ਪਾਸੇ ਸਾੜ੍ਹੀ ਦਾ ਪੱਲੂ ਹੁੰਦਾ ਹੈ ਤੇ ਦੂਜੇ ਪਾਸਿਓਂ ਦੇਖਣ 'ਤੇ ਇਹ ਸਾੜ੍ਹੀ ਨੂੰ ਅਲੱਗ ਢੰਗ ਨਾਲ ਕੰਪਲੀਮੈਂਟ ਕਰਦਾ ਹੈ। ਇਹ ਤੁਹਾਡੀ ਪੁਸ਼ਾਕ ਨੂੰ ਸੰਪੂਰਨ ਦਿੱਖ ਦਿੰਦਾ ਹੈ। ਬਸ, ਇਸ ਗੱਲ ਦਾ ਧਿਆਨ ਰੱਖੋ ਕਿ ਮੌਕੇ ਅਤੇ ਸਮੇਂ ਦੇ ਅਨੁਕੂਲ ਇਸ ਦੇ ਰੰਗ ਅਤੇ ਫੈਬ੍ਰਿਕ ਦੀ ਚੋਣ ਕਰੋ, ਦਿਨ ਦੇ ਸਮੇਂ ਸੂਟ ਕਰਨ ਵਾਲੇ ਰੰਗ ਦੇ ਸਟੋਲ ਦੀ ਚੋਣ ਕਰੋ।


-ਪ੍ਰਤਿਮਾ ਅਰੋੜਾ

ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਤੁਸੀਂ ਵੀ ਸਿੱਖ ਸਕਦੇ ਹੋ ਬਾਗਬਾਨੀ

ਜਦੋਂ ਵੀ ਬਾਗਬਾਨੀ ਦੀ ਗੱਲ ਕਰੀਏ, ਜ਼ਿਆਦਾਤਰ ਦਾ ਸਿੱਧਾ-ਸਪੱਸ਼ਟ ਜਿਹਾ ਜਵਾਬ ਹੁੰਦਾ ਹੈ ਕਿ ਮੈਨੂੰ ਬਾਗਬਾਨੀ ਨਹੀਂ ਆਉਂਦੀ। ਦੁਨੀਆ ਵਿਚ ਬਚਪਨ ਤੋਂ ਹੀ ਸਭ ਨੂੰ ਸਭ ਚੀਜ਼ਾਂ ਨਹੀਂ ਆਉਂਦੀਆਂ ਪਰ ਦੁਨੀਆ ਵਿਚ ਕੋਈ ਅਜਿਹੀ ਚੀਜ਼ ਨਹੀਂ ਹੈ, ਜਿਸ ਨੂੰ ਸਿੱਖਿਆ ਨਾ ਜਾ ਸਕਦਾ ਹੋਵੇ। ਬਾਗਬਾਨੀ ਸਿੱਖਣਾ ਤਾਂ ਕਿਸੇ ਵੀ ਦੂਜੀ ਚੀਜ਼ ਨਾਲੋਂ ਜ਼ਿਆਦਾ ਆਸਾਨ ਹੈ। ਕਿਉਂਕਿ ਇਸ ਨੂੰ ਸਿੱਖਣ ਦੇ ਅਨੇਕਾਂ ਆਸਾਨ ਜ਼ਰੀਏ ਹਰ ਜਗ੍ਹਾ ਮੌਜੂਦ ਹਨ। ਜਿਵੇਂ ਕਿਤਾਬਾਂ ਵਿਚੋਂ ਪੜ੍ਹ ਕੇ, ਵੱਡੇ-ਬਜ਼ੁਰਗਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਤੋਂ ਜਾਣਕਾਰੀ ਹਾਸਲ ਕਰਕੇ ਅਤੇ ਮਾਲੀ ਤੋਂ ਸਿਖਲਾਈ ਲੈ ਕੇ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਕਿਹੜੀ ਮਿੱਟੀ ਉਪਜਾਊ ਹੁੰਦੀ ਹੈ। ਇਕ ਵਾਰ ਕੁਝ ਮਹੀਨਿਆਂ ਤੱਕ ਇਸ ਦੁਨੀਆ ਨਾਲ ਜੁੜੇ ਰਹੋ ਤਾਂ ਆਪਣੇ ਅਨੁਭਵ ਨਾਲ ਹੀ ਇਹ ਸਭ ਜਾਣ ਲਓਗੇ।
ਇਕ ਵਾਰ ਜਦੋਂ ਇਹ ਪਛਾਣ ਕਰਨੀ ਸਿੱਖ ਜਾਓਗੇ ਕਿ ਕਿਹੜੀ ਮਿੱਟੀ ਉਪਜਾਊ ਹੈ ਅਤੇ ਕਿਹੜੀ ਨਹੀਂ ਤਾਂ ਫਿਰ ਪੌਦੇ ਲਗਾਉਂਦੇ ਸਮੇਂ ਮਿੱਟੀ ਦੀ ਉਪਜ ਦਾ ਧਿਆਨ ਰੱਖ ਪਾਓਗੇ। ਜਿਵੇਂ ਦੂਜੀਆਂ ਚੀਜ਼ਾਂ ਲਗਾਤਾਰ ਵਰਤੋਂ ਨਾਲ ਕਮਜ਼ੋਰ ਹੋ ਜਾਂਦੀਆਂ ਹਨ ਜਾਂ ਬੇਅਸਰ ਹੋ ਜਾਂਦੀਆਂ ਹਨ, ਇਸੇ ਤਰ੍ਹਾਂ ਦਾ ਅਸਰ ਮਿੱਟੀ 'ਤੇ ਵੀ ਹੁੰਦਾ ਹੈ। ਇਹ ਗੱਲ ਵੀ ਆਪਣੇ-ਆਪ ਇਕ ਸਮੇਂ ਬਾਅਦ ਸਮਝ ਵਿਚ ਆ ਜਾਵੇਗੀ। ਜਿਸ ਤਰ੍ਹਾਂ ਕੋਈ ਸੱਟ ਲੱਗਣ 'ਤੇ ਜਦੋਂ ਤੱਕ ਜ਼ਖਮ ਭਰ ਨਾ ਜਾਵੇ, ਉਦੋਂ ਤੱਕ ਤੁਰਨ-ਫਿਰਨ ਨਾਲ ਨੁਕਸਾਨ ਹੁੰਦਾ ਹੈ, ਉਸੇ ਤਰ੍ਹਾਂ ਪੌਦਾ ਲਗਾਉਣ ਤੋਂ ਬਾਅਦ ਜਦੋਂ ਤੱਕ ਉਹ ਹਰਾ ਨਾ ਹੋਣ ਲੱਗੇ, ਉਦੋਂ ਤੱਕ ਉਸ ਨੂੰ ਹਿੱਲਣ ਨਾ ਦਿਓ। ਕਿਉਂਕਿ ਇਸ ਨਾਜ਼ੁਕ ਸਥਿਤੀ ਵਿਚ ਜੇਕਰ ਪੌਦਾ ਇਕ ਵਾਰ ਵੀ ਹਿੱਲਿਆ ਤਾਂ ਉਹ ਲੱਗੇਗਾ ਨਹੀਂ। ਇਸ ਲਈ ਸੁਚੇਤ ਰਹੋ ਕਿ ਜਿਸ ਜਗ੍ਹਾ ਨਵਾਂ ਪੌਦਾ ਲਗਾਇਆ ਹੋਵੇ, ਉਥੇ ਬੱਚਿਆਂ ਨੂੰ ਗੇਂਦ ਆਦਿ ਨਾਲ ਨਾ ਖੇਡਣ ਦਿਓ। ਇਸੇ ਤਰ੍ਹਾਂ ਕਲਮ ਵਾਲੇ ਪੌਦੇ ਲਗਾਉਂਦੇ ਸਮੇਂ ਕਲਮ ਨੂੰ ਤਿਲਛਾ ਕੱਟ ਕੇ ਲਗਾਓ। ਪੌਦੇ ਨੂੰ ਲਗਾਉਣ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖੋ ਕਿ ਦੋ-ਤਿੰਨ ਦਿਨ ਉਨ੍ਹਾਂ 'ਤੇ ਤੇਜ਼ ਧੁੱਪ ਨਾ ਪਵੇ। ਪੌਦੇ ਲਗਾਉਣ ਤੋਂ ਬਾਅਦ ਉਨ੍ਹਾਂ 'ਤੇ ਪਾਣੀ ਧਾਰ ਨਾਲ ਨਾ ਪਾਓ, ਸਗੋਂ ਹੌਲੀ-ਹੌਲੀ ਵਹਾਉਂਦੇ ਹੋਏ ਦਿਓ। ਸਮੇਂ-ਸਮੇਂ 'ਤੇ ਕੀਟਨਾਸ਼ਕ ਅਤੇ ਦੂਜੀਆਂ ਦਵਾਈਆਂ ਦਾ ਛਿੜਕਾਅ ਕਰੋ। ਕਵਾਲਿਟੀ ਦੀ ਚੋਣ ਕਰੋ, ਇਸ ਲਈ ਜਦੋਂ ਵੀ ਪੌਦੇ ਖਰੀਦੋ, ਚੰਗੀ ਨਰਸਰੀ ਤੋਂ ਹੀ ਖ਼ਰੀਦੋ।


-ਅਨੁ ਆਰ.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX