ਤਾਜਾ ਖ਼ਬਰਾਂ


ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਰਾਜਾਸਾਂਸੀ, 16 ਨਵੰਬਰ (ਹੇਰ) - ਅੱਜ ਇੰਡੀਗੋ ਰਾਹੀ ਦੁਬਈ ਤੋਂ ਆਏ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ ਦੇ ਨੋਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਬਰਾਮਦ....
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਰਾਏਪੁਰ, 16 ਨਵੰਬਰ- ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗੜਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ....
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਸੰਵਿਧਾਨ ਦੀ ਧਾਰਾ 370 ਦੀ ਵੈਧਤਾ ਵਾਲੀ ਪਟੀਸ਼ਨ 'ਤੇ ਅਪ੍ਰੈਲ 'ਚ ਸੁਣਵਾਈ ਕੀਤੀ ਜਾਵੇਗੀ....
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਨਵੀਂ ਦਿੱਲੀ, 16 ਨਵੰਬਰ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ 'ਚ ਸੀ.ਬੀ.ਆਈ ਦੇ ਆਂਧਰਾ ਪ੍ਰਦੇਸ਼ 'ਚ ਨਾ ਆਉਣ ਦੇਣ ਸਬੰਧੀ ਦਿੱਤੇ ਬਿਆਨ 'ਤੇ ਸੀ.ਬੀ.ਆਈ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਗੁਆਨਾ, 16 ਨਵੰਬਰ - ਵੈਸਟ ਇੰਡੀਜ਼ 'ਚ ਚੱਲ ਰਹੇ ਟੀ-20 ਮਹਿਲਾ ਵਿਸ਼ਵ ਕੱਪ ਦੌਰਾਨ ਗਰੁੱਪ ਬੀ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ 17 ਨਵੰਬਰ ਨੂੰ ਹੋਵੇਗਾ। ਭਾਰਤ...
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਮੁੰਬਈ, 16 ਨਵੰਬਰ- ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ 'ਚ ਰਾਜ ਮਹਿਲਾ ਆਯੋਗ ਵੱਲੋਂ ਨਾਨਾ ਪਾਟੇਕਰ ਨੂੰ ਜਾਰੀ ਕੀਤੇ ਨੋਟਿਸ 'ਤੇ ਪਾਟੇਕਰ ਦੇ ਵਕੀਲ ਅਨੀਕੇਤ ਨਿਕਮ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਸਾਰੇ ਦੋਸ਼ ਝੂਠੇ ਹਨ ਅਤੇ ਸਚਾਈ ...
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 16 ਨਵੰਬਰ (ਜੱਸ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਤਮਸਤਕ ਹੋਣ ਉਪਰੰਤ ਅਰੁਣਾ ਚੌਧਰੀ...
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਤਿਰੂਵਨੰਤਪੁਰਮ, 16 ਨਵੰਬਰ- ਕੇਰਲ ਦਾ ਸਬਰੀਮਾਲਾ ਮੰਦਰ ਦੋ ਮਹੀਨਿਆਂ ਦੇ ਲਈ ਇੱਕ ਵਾਰ ਫਿਰ ਖੋਲ੍ਹਿਆ ਗਿਆ....
ਹੋਰ ਖ਼ਬਰਾਂ..

ਬਾਲ ਸੰਸਾਰ

ਵਿਦਿਆ ਵਿਚਾਰੀ ਤਾਂ ਪਰਉਪਕਾਰੀ

ਪਿਆਰੇ ਬੱਚਿਓ! ਅੱਜ ਦਾ ਜ਼ਮਾਨਾ ਤੇਜ਼ੀ ਤੇ ਤਰੱਕੀ ਦਾ ਹੈ। ਅਸੀਂ ਸਾਰੇ ਰੋਜ਼ ਸਕੂਲ ਪੜ੍ਹਨ ਲਈ ਜਾਂਦੇ ਹਾਂ। ਕੁਝ ਬੱਚੇ ਉਹ ਹਨ, ਜੋ ਚਾਈਂ-ਚਾਈਂ ਕਰ ਸਕੂਲ ਜਾਂਦੇ ਹਨ। ਕੁਝ ਅਜਿਹੇ ਹਨ, ਜੋ ਸਕੂਲ ਜਾਣ ਤੋਂ ਡਰਦੇ ਹਨ ਤੇ ਜੇ ਜਾਂਦੇ ਵੀ ਹਨ ਤਾਂ ਪੜ੍ਹਾਈ ਵਿਚ ਪਿੱਛੇ ਰਹਿੰਦੇ ਹਨ। ਬੇਸ਼ੱਕ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਸਕੂਲ ਸਮੇਂ ਤੋਂ ਬਾਅਦ ਕਿਸੇ ਟਿਊਟਰ ਕੋਲ ਭੇਜਦੇ ਹਨ ਪਰ ਫਿਰ ਵੀ ਉਹ ਆਪਣੇ ਜਮਾਤ ਦੇ ਸਹਿਪਾਠੀਆਂ ਨਾਲ ਨਹੀਂ ਰਲਦੇ। ਇਸ ਤਰ੍ਹਾਂ ਉਨ੍ਹਾਂ ਦੇ ਮਾਪੇ ਤੇ ਅਧਿਆਪਕ ਵੀ ਪ੍ਰੇਸ਼ਾਨ ਹੁੰਦੇ ਹਨ ਕਿ ਅਜਿਹੇ ਬੱਚਿਆਂ ਨਾਲ ਕਿੱਦਾਂ ਵਿਚਰਿਆ ਜਾਵੇ?
ਪਿਆਰੇ ਬੱਚਿਓ! ਸਕੂਲ ਬੱਚਿਆਂ ਦਾ ਕਾਰਖਾਨਾ ਹੈ, ਜਿੱਥੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਿਆ, ਸਜਾਇਆ ਤੇ ਨਹਾਰਿਆ ਜਾਂਦਾ ਹੈ ਤੇ ਅਧਿਆਪਕ ਵੀ ਉਨ੍ਹਾਂ ਬੱਚਿਆਂ ਦਾ ਮਕੈਨਿਕ ਹੈ, ਜੋ ਸਮੇਂ-ਸਮੇਂ ਬੱਚਿਆਂ ਨੂੰ ਸੁਚੱਜੀ ਅਗਵਾਈ ਦੇ ਕੇ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਦਾ ਹੈ। ਉਹ ਅਧਿਆਪਕ ਮਹਾਨ ਹੁੰਦੇ ਹਨ, ਜਿਨ੍ਹਾਂ ਦੇ ਬੱਚੇ ਉਸ ਤੋਂ ਵੀ ਅੱਗੇ ਲੰਘ ਕੇ ਦੁਨੀਆ ਦਾ ਰਾਹ ਸੰਵਾਰਦੇ ਹਨ। ਬੇਸ਼ੱਕ ਆਉਣ ਵਾਲਾ ਸਮਾਂ ਤਾਂ ਕਿਸੇ ਨੇ ਨਹੀਂ ਦੇਖਿਆ, ਪਰ ਅਸੀਂ ਉਸ ਦੀ ਰੂਪ-ਰੇਖਾ ਤਾਂ ਉਲੀਕ ਸਕਦੇ ਹਾਂ। ਪੜ੍ਹਾਈ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ। ਜਿਹੜਾ ਬੱਚਾ ਪੜ੍ਹਨ ਤੋਂ ਡਰਨ ਲੱਗ ਜਾਵੇ, ਉਹ ਜ਼ਿੰਦਗੀ ਵਿਚ ਕਾਮਯਾਬ ਨਹੀਂ ਹੋ ਸਕਦਾ। ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਨਿੱਕੇ ਬਾਲਾਂ ਲਈ ਵੀ ਕੁਝ ਸਮਾਂ ਜ਼ਰੂਰ ਕੱਢਣ। ਕੇਵਲ ਆਪਣੇ ਬਿਜ਼ਨਸ ਜਾਂ ਕਮਾਈ 'ਤੇ ਹੀ ਧਿਆਨ ਨਾ ਦਿੱਤਾ ਜਾਵੇ। ਸਾਡੇ ਬੱਚੇ ਸਾਡਾ ਤੇ ਸਾਡੇ ਦੇਸ਼ ਦਾ ਆਉਣ ਵਾਲਾ ਕੱਲ੍ਹ ਹੈ। ਜੇ ਇਹ ਕਮਜ਼ੋਰ ਰਹਿਣਗੇ ਤਾਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਅਗਲੀਆਂ ਜਾਂ ਵੱਡੀਆਂ ਜਮਾਤਾਂ ਵਿਚ ਕੀ ਕਰਨਗੇ?
ਪੜ੍ਹਾਈ ਅਜਿਹਾ ਗਹਿਣਾ ਹੈ ਜਿਸ ਨੂੰ ਕੋਈ ਵੀ ਚੁਰਾ ਨਹੀਂ ਸਕਦਾ। ਵਿੱਦਿਆ ਨੂੰ ਜਿੰਨਾ ਵਿਚਾਰਿਆ ਜਾਵੇਗਾ, ਉਹ ਓਨੀ ਛੇਤੀ ਹੀ ਸਾਡੇ ਵਿਚ ਪ੍ਰਵੇਸ਼ ਕਰ ਜਾਵੇਗੀ। ਕੁਝ ਵੀ ਯਾਦ ਕਰਨ ਤੋਂ ਬਾਅਦ ਉਸ ਨੂੰ ਵਾਰ-ਵਾਰ ਲਿਖਿਆ ਜਾਵੇ। ਅਜਿਹਾ ਕਰਨ ਨਾਲ ਅਸੀਂ ਪੜ੍ਹਾਈ ਵਿਚ ਪ੍ਰਪੱਕ ਹੋ ਜਾਵਾਂਗੇ। ਮਾਪਿਆਂ ਦਾ ਸਤਿਕਾਰ, ਅਧਿਆਪਕਾਂ ਤੇ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਆਉਣਾ ਜ਼ਿੰਦਗੀ ਦੀ ਮੂਲ ਤੇ ਪਹਿਲੀ ਪੌੜੀ ਹੈ। ਮਨ ਮਾਰ ਕੇ ਹੀ ਵਿੱਦਿਆਂ ਦੀ ਪੌੜੀ ਚੜ੍ਹੀ ਜਾਂਦੀ ਹੈ। ਜੇ ਅਜਿਹਾ ਹੋ ਜਾਵੇ ਤਾਂ ਉਹ ਦਿਨ ਵੀ ਦੂਰ ਨਹੀਂ ਹੁੰਦਾ, ਜਦੋਂ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਹਾਂ। ਸੋ ਆਓ! ਵਿਦਿਆਰਥੀ ਜੀਵਨ ਦੀ ਮਹੱਤਤਾ ਨੂੰ ਦੇਖਦੇ ਹੋਏ ਜੀਅ-ਜਾਨ ਲਾ ਕੇ ਪੜ੍ਹੀਏ। ਰੋਜ਼ ਸਕੂਲ ਬਿਨਾਂ ਕਿਸੇ ਡਰ ਤੋਂ ਹੰਸੂ-ਹੰਸੂ ਕਰਦੇ ਜਾਈਏ।

-ਖੰਨਾ। ਮੋਬਾ: 94630-57786


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-8- ਸਾਬੂ

ਜੁਪੀਟਰ ਗ੍ਰਹਿ ਤੋਂ ਆਇਆ ਹੋਇਆ ਏਲੀਅਨ ਹੈ ਸਾਬੂ। ਪੰਦਰਾਂ ਫੁੱਟ ਕੱਦ ਵਾਲਾ ਇਹ ਪਾਤਰ ਇਕ ਚੰਗੇ ਖ਼ਾਸੇ ਭਲਵਾਨ ਵਰਗਾ ਲੱਗਦਾ ਹੈ। ਇਹ ਜੋਗੀਆਂ ਵਾਂਗ ਕੰਨਾਂ ਵਿਚ ਵੱਡੀਆਂ-ਵੱਡੀਆਂ ਵਾਲੀਆਂ ਪਹਿਨ ਕੇ ਰੱਖਦਾ ਹੈ। ਸਿਰੋਂ ਗੰਜਾ ਸਾਬੂ ਚਾਚਾ ਚੌਧਰੀ ਦਾ ਖ਼ਾਸ ਸਹਾਇਕ ਹੈ, ਜੋ ਸੰਕਟ ਵਿਚ ਚਾਚਾ ਚੌਧਰੀ ਦੀ ਮਦਦ ਕਰਦਾ ਹੈ। ਬਿਨਾਂ ਕਮੀਜ਼ ਤੋਂ ਰਹਿਣ ਵਾਲਾ ਇਹ ਪਾਤਰ ਨੀਲੀ ਪੈਂਟ ਤੇ ਬੈਲਟ ਲਗਾ ਕੇ ਰੱਖਦਾ ਹੈ। ਇਹ ਸਮਾਜ ਵਿਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਕਾਇਮ ਕਰਨ ਦੀ ਇੱਛਾ ਰੱਖਣ ਵਾਲਾ ਹੈ। ਕਦੇ ਰਾਕਾ ਅਤੇ ਕਦੇ ਗੱਬਰ ਸਿੰਘ ਨਾਲ ਇਸ ਦੇ ਦੋ-ਦੋ ਹੱਥ ਹੁੰਦੇ ਹੀ ਰਹਿੰਦੇ ਹਨ ਅਤੇ ਲੁਟੇਰਿਆਂ, ਚੋਰਾਂ-ਡਾਕੂਆਂ ਨੂੰ ਸਬਕ ਸਿਖਾਉਂਦਾ ਹੈ। ਹਾਈਵੇਅ ਦੇ ਲੁਟੇਰਿਆਂ ਨਾਲ ਮੁਕਾਬਲਿਆਂ ਵਿਚ ਇਹ ਜਿੱਤਦਾ ਹੈ। ਉਨ੍ਹਾਂ ਵਲੋਂ ਲੁੱਟੇ ਹੋਏ ਧਨ ਨੂੰ ਚੈਰਿਟੀ ਵਿਚ ਲਗਾਉਣ ਵਿਚ ਮਦਦ ਕਰਦਾ ਹੈ। ਕਦੇ-ਕਦੇ ਇਸ ਨਾਲ ਬਿੱਲੂ ਅਤੇ ਪਿੰਕੀ ਵੀ ਆ ਜਾਂਦੇ ਹਨ ਅਤੇ ਫਿਰ ਚਾਚਾ ਚੌਧਰੀ ਨਾਲ ਆਪਸ ਵਿਚ ਮਿਲ ਕੇ ਉਨ੍ਹਾਂ ਮੁਸ਼ਕਿਲਾਂ ਅਤੇ ਸੰਕਟਾਂ ਨੂੰ ਸਰ ਕਰ ਲੈਂਦੇ ਹਨ, ਜਿਹੜੇ ਇਕੱਲੇ ਵਿਅਕਤੀ ਲਈ ਸੰਭਵ ਨਹੀਂ ਹੁੰਦੇ। ਕਈ ਵਾਰੀ ਇਹ ਬਿੰਨੀ ਚਾਚੀ (ਚਾਚਾ ਚੌਧਰੀ ਦੀ ਪਤਨੀ) ਨੂੰ ਵੀ ਅਗਵਾਕਾਰਾਂ ਕੋਲੋਂ ਛੁਡਵਾ ਕੇ ਆਪਣੀ ਬਹਾਦਰੀ ਦਿਖਾਉਂਦਾ ਹੈ। ਉਹ ਕਦੇ ਪੁਲਾੜ, ਕਦੇ ਅਮਰੀਕਾ ਜਾਂ ਪਤਾਲ ਵਿਚ ਵੀ ਜਾ ਪੁੱਜਦਾ ਹੈ। ਬੱਚਿਆਂ ਦੀਆਂ ਕਾਪੀਆਂ ਅਤੇ ਪੁਸਤਕਾਂ ਉੱਪਰ ਚੜ੍ਹਾਈਆਂ ਜਿਲਦਾਂ ਉੱਪਰ ਸਾਬੂ ਵੱਖ-ਵੱਖ ਐਕਸ਼ਨਾਂ ਦੇ ਅੰਦਾਜ਼ ਵਿਚ ਆਮ ਮਿਲ ਜਾਂਦਾ ਹੈ। ਕਈ ਵਾਰੀ ਚਾਚਾ ਚੌਧਰੀ ਨੂੰ ਆਪਣੇ ਮੋਢਿਆਂ ਉੱਪਰ ਬਿਠਾ ਕੇ ਸੈਰ ਵੀ ਕਰਵਾਉਂਦਾ ਹੈ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾ: 98144-23703

ਬਾਲ ਕਹਾਣੀ- ਮੰਜ਼ਿਲ

ਇਕ ਵਾਰ ਦੀ ਗੱਲ ਹੈ ਕਿ ਜੰਗਲ ਵਿਚ ਭੁਚਾਲ ਆ ਗਿਆ। ਬਹੁਤ ਸਾਰੇ ਦਰੱਖਤ ਤੇ ਪੌਦੇ ਟੁੱਟ ਕੇ ਜ਼ਮੀਨ 'ਤੇ ਡਿੱਗ ਪਏ। ਜੰਗਲ ਦੇ ਇਕ ਸਿਰੇ ਤੋਂ ਵੱਡੀ ਸਾਰੀ ਚਟਾਨ ਟੁੱਟ ਕੇ ਜ਼ਮੀਨ 'ਤੇ ਡਿਗ ਪਈ। ਚਟਾਨ 'ਚੋਂ ਦੋ ਵੱਡੇ-ਵੱਡੇ ਪੱਥਰ ਦੇ ਟੁਕੜੇ ਰੁੜ੍ਹਦੇ ਹੋਏ ਹੇਠਾਂ ਵੱਲ ਨਦੀ ਦੇ ਕਿਨਾਰੇ ਆ ਲੱਗੇ। ਜ਼ੋਰਦਾਰ ਆਵਾਜ਼ ਨਾਲ ਚਲ ਰਹੇ ਪਾਣੀ ਨੂੰ ਦੇਖ ਕੇ ਇਕ ਪੱਥਰ ਨੇ ਦੂਜੇ ਨੂੰ ਕਿਹਾ, 'ਭਰਾ ਜੀ, ਸਿਆਣੇ ਕਹਿੰਦੇ ਨੇ ਚੱਲਣਾ ਹੀ ਜ਼ਿੰਦਗੀ ਹੈ, ਜੇ ਤੇਰਾ ਦਿਲ ਕਰਦਾ ਹੈ ਤਾਂ ਦੁਨੀਆ ਹੀ ਘੁੰਮ ਆਈਏ। ਪਾਣੀ ਦੇ ਨਾਲ ਘੁੰਮ-ਘੁੰਮ ਕਈ ਦੇਸ਼ਾਂ ਦੀ ਸੈਰ ਵੀ ਕਰ ਲਵਾਂਗੇ ਤੇ ਨਾਲੇ ਮਨ ਨੂੰ ਖੁਸ਼ੀ ਮਿਲ ਜਾਵੇਗੀ। ਉਂਜ ਕਈ ਸਾਲਾਂ ਤੋਂ ਇਸ ਪਹਾੜ 'ਤੇ ਇਕੋ ਜਗ੍ਹਾ ਰਹਿਣ ਕਰਕੇ ਆਪਣਾ ਜੀਵਨ ਵੀ ਬੇਸੁਆਦਾ ਜਿਹਾ ਹੋਇਆ ਪਿਆ ਹੈ।' ਇਹ ਸੁਣ ਕੇ ਦੂਜਾ ਪੱਥਰ ਬੋਲਿਆ, 'ਓ ਭਰਾ ਛੱਡ ਪਰ੍ਹਾਂ, ਆਪਾਂ ਇਸ ਸ਼ਾਂਤ ਵਾਤਾਵਰਨ 'ਚ ਰਹਿ ਰਹੇ ਹਾਂ, ਬਾਹਰਲਾ ਸੰਸਾਰ ਤੇ ਬਾਹਰ ਦੀ ਦੁਨੀਆ ਪ੍ਰਦੂਸ਼ਣ ਨਾਲ ਭਰ ਚੁੱਕੀ ਹੈ। ਦੁਨੀਆ ਵਿਚ ਭੱਜ-ਦੌੜ ਜ਼ਿਆਦਾ ਹੈ, ਲੋਕ ਆਪੋ-ਆਪਣੇ ਕੰਮਾਂ 'ਚ ਮਸਤ ਹਨ। ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਕਿਸੇ ਕੋਲ ਕਿਸੇ ਨਾਲ ਗੱਲ ਕਰਨ ਲਈ ਜਾਂ ਉਸ ਦਾ ਦੁੱਖ ਸੁਣਨ ਲਈ ਭੋਰਾ ਵੀ ਸਮਾਂ ਨਹੀਂ, ਕੀ ਕਰਾਂਗੇ ਇਥੋਂ ਦੂਰ ਜਾ ਕੇ?'
ਪਹਿਲੇ ਪੱਥਰ ਨੇ ਉਛਾਲੇ ਮਾਰਦੀ ਨਦੀ ਨੂੰ ਬੇਨਤੀ ਕੀਤੀ, 'ਭੈਣ ਜੀ, ਮੇਰਾ ਮਨ ਤੁਹਾਡੇ ਪਾਣੀ ਦੇ ਵਹਿਣ 'ਚ ਚੱਲ ਕੇ ਨਾਲ ਘੁੰਮਣ ਨੂੰ ਕਰਦਾ ਹੈ। ਤੁਹਾਡੀ ਮਿਹਰਬਾਨੀ ਹੋਵੇਗੀ, ਜੇ ਮੈਨੂੰ ਵੀ ਨਾਲ ਲੈ ਚੱਲੋ।'
'ਹਾਂ, ਹਾਂ, ਕਿਉਂ ਨਹੀਂ ਭਰਾ, ਮੈਨੂੰ ਨਾਲ ਲਿਜਾਣ 'ਚ ਕੋਈ ਇਤਰਾਜ਼ ਨਹੀਂ ਪਰ ਮੇਰੇ ਤੇਜ਼ ਵਹਾਅ ਦੇ ਥਪੇੜਿਆਂ ਦੀ ਮਾਰ ਸਹਿਣ ਦੀ ਸ਼ਕਤੀ ਹੈ ਤੇਰੇ ਵਿਚ? ਜੇਕਰ ਇਹੋ ਜਿਹੀਆਂ ਦੁੱਖ-ਤਕਲੀਫਾਂ ਝੱਲ ਸਕਦਾ ਹੈ ਤਾਂ ਚੱਲ ਪੈ ਨਾਲ', ਨਦੀ ਬੋਲੀ।
'ਕੁਝ ਪਾਉਣ ਲਈ ਤੇ ਪਵਿੱਤਰ ਜਗ੍ਹਾ ਦੀ ਯਾਤਰਾ ਕਰਨ ਲਈ ਥੋੜ੍ਹੇ-ਬਹੁਤ ਦਰਦ ਵੀ ਸਹਿਣੇ ਪੈਣ ਤਾਂ ਮੇਰੀ ਖੁਸ਼ਕਿਸਮਤੀ ਹੋਵੇਗੀ', ਕਹਿ ਕੇ ਉਸ ਜਗਿਆਸੂ ਤੇ ਉਤਸ਼ਾਹੀ ਪੱਥਰ ਨੇ ਨਦੀ 'ਚ ਛਾਲ ਮਾਰ ਦਿੱਤੀ। ਕਿਨਾਰੇ 'ਤੇ ਬੈਠਾ ਦੂਜਾ ਆਲਸੀ ਪੱਥਰ ਦੂਰ ਤੱਕ ਪਹਿਲੇ ਪੱਥਰ ਦੇ ਪਾਗਲਪਨ ਨੂੰ ਦੇਖਦਾ ਰਿਹਾ, ਕਿਉਂਕਿ ਇਸ ਪੱਥਰ ਨੂੰ ਜੀਵਨ ਵਿਚ ਖਤਰਾ ਮੁੱਲ ਲੈਣਾ ਬਹੁਤ ਵੱਡੀ ਮੂਰਖਤਾ ਦੇ ਬਰਾਬਰ ਸੀ। ਉਹ ਮਨ ਹੀ ਮਨ ਪੱਥਰ ਨੂੰ ਦੇਖ ਕੇ ਹੱਸਦਾ ਰਿਹਾ।
ਸ਼ੂਕਦੀ ਹੋਈ ਨਦੀ ਢਲਾਣ ਵਾਲੀਆਂ ਥਾਵਾਂ 'ਤੇ ਜਾ ਕੇ ਉਸ ਪੱਥਰ ਨੂੰ ਕਹਿੰਦੀ, 'ਭਰਾ ਥੱਕ ਗਿਆ ਹੋਵੇਂਗਾ, ਆਰਾਮ ਕਰ ਲੈ।' ਪਰ ਉਸ ਦਾ ਜਵਾਬ ਹੁੰਦਾ, 'ਨਹੀਂ ਭੈਣ, ਉਹ ਜੀਵਨ ਹੀ ਕੀ, ਜਿਸ ਵਿਚ ਖ਼ਤਰਾ ਹੀ ਕੋਈ ਨਾ ਹੋਵੇ? ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਮੇਰੇ ਲਈ ਆਰਾਮ ਕਰਨਾ ਹਰਾਮ ਹੈ।'
ਨਦੀ ਉਸ ਪੱਥਰ ਦੀਆਂ ਉਤਸ਼ਾਹਤ ਗੱਲਾਂ ਸੁਣ ਕੇ ਬਹੁਤ ਖੁਸ਼ ਹੁੰਦੀ। ਹੁਣ ਪੱਥਰ ਤੇਜ਼ ਪਾਣੀ ਦੇ ਥਪੇੜੇ ਖਾਣ ਦਾ ਆਦੀ ਹੋ ਗਿਆ ਸੀ। ਉਸ ਨੂੰ ਬਹੁਤ ਚੰਗਾ ਲਗਦਾ ਸੀ। ਲਹਿਰਾਂ ਦੇ ਥਪੇੜੇ ਖਾ-ਖਾ ਕੇ ਉਸ ਦੇ ਕਿਨਾਰੇ ਟੁੱਟ ਗਏ। ਉਸ ਨੂੰ ਲਗਦਾ ਕਿ ਜੋ ਉਸ ਦਾ ਹਿੱਸਾ ਟੁੱਟਦਾ ਜਾ ਰਿਹਾ ਹੈ, ਉਹ ਹੰਕਾਰੀ ਤੇ ਅਗਿਆਨੀ ਸੀ, ਇਸੇ ਵਜ੍ਹਾ ਕਰਕੇ ਹੀ ਟੁੱਟਿਆ। ਜੋ ਆਕਾਰ ਉਸ ਦਾ ਬਣਦਾ ਜਾ ਰਿਹਾ ਹੈ, ਉਹ ਬਹੁਤ ਸੋਹਣਾ ਸੀ ਤੇ ਉਸ ਵਿਚ ਹੀ ਉਸ ਦੀ ਸ਼ਾਨ ਸੀ। ਨਦੀ ਦੇ ਸਮੁੰਦਰ ਤੱਕ ਮਿਲਣ ਤੱਕ ਉਹ ਬਹੁਤ ਹੀ ਖੂਬਸੂਰਤ ਤਰਾਸ਼ਿਆ ਹੋਇਆ ਪੱਥਰ ਬਣ ਗਿਆ। ਇਸ ਤਰ੍ਹਾਂ ਦਾ ਕਿ ਮੰਨੋ ਇਕ ਹੀਰਾ ਹੋਵੇ। ਇਸ ਦੇ ਨਾਲ ਉਹ ਨਦੀ ਸਮੁੰਦਰ ਵਿਚ ਸਮਾ ਗਈ।
ਸੰਜੋਗ ਵੱਸ ਇਹ ਹੀਰੇ ਵਰਗਾ ਪੱਥਰ ਇਕ ਕਲਾਕਾਰ ਦੇ ਹੱਥ ਲੱਗ ਗਿਆ। ਉਸ ਨੇ ਇਸ ਪੱਥਰ ਨਾਲ ਭਗਵਾਨ ਸ਼ਿਵ ਦੀ ਸੁੰਦਰ ਮੂਰਤੀ ਬਣਾ ਲਈ। ਇਸ ਮੂਰਤੀ ਨੂੰ ਕਿਸੇ ਧਨਾਢ ਸੇਠ ਨੇ ਖਰੀਦ ਲਿਆ ਤੇ ਉਸ ਨੇ ਇਸ ਮੂਰਤੀ ਨੂੰ ਇਕ ਮੰਦਿਰ 'ਚ ਸੁਸ਼ੋਭਿਤ ਕਰ ਦਿੱਤਾ, ਜਿਥੇ ਉਸ ਦੀ ਪੂਜਾ ਹੋਣ ਲੱਗ ਗਈ। ਮੰਦਿਰ ਦੀਆਂ ਪੌੜੀਆਂ ਲਈ ਤੱਟ ਤੋਂ ਪੱਥਰ ਮੰਗਵਾਏ ਗਏ। ਇਨ੍ਹਾਂ ਪੱਥਰਾਂ 'ਚ ਇਸ ਉੱਦਮੀ ਹੀਰੇ ਵਰਗੇ ਪੱਥਰ ਦਾ ਆਲਸੀ ਭਰਾ ਵੀ ਸੀ। ਇਸ ਨੂੰ ਮੰਦਿਰ ਤੱਕ ਜਾਣ ਵਾਲੀਆਂ ਪੌੜੀਆਂ 'ਚ ਸੁਸ਼ੋਭਿਤ ਕਰ ਦਿੱਤਾ ਗਿਆ। ਮੂਰਤੀ ਵਾਲੇ ਪੱਥਰ ਨੇ ਆਪਣੇ ਇਸ ਆਲਸੀ ਭਰਾ ਨੂੰ ਪਛਾਣ ਲਿਆ। ਆਲਸੀ ਪੱਥਰ ਖੁਸ਼ ਹੋ ਕੇ ਮੂਰਤੀ ਵਾਲੇ ਪੱਥਰ ਨੂੰ ਬੋਲਿਆ, 'ਭਰਾ ਜੀ, ਜ਼ਿੰਦਗੀ ਵਿਚ ਸਹੀ ਦਿਸ਼ਾ ਵਿਚ ਜੋ ਲੱਖ ਮੁਸੀਬਤਾਂ ਝੱਲ ਕੇ ਸੰਘਰਸ਼ ਕਰਦਾ ਹੋਇਆ ਅੱਗੇ ਵਧੇਗਾ, ਉਸ ਨੂੰ ਹੀ ਅਜਿਹੀ ਮੰਜ਼ਿਲ ਮਿਲੇਗੀ। ਸੋ, ਤੂੰ ਸੰਘਰਸ਼ ਕਰਨ ਦੇ ਬਾਅਦ ਇਹ ਜਗ੍ਹਾ ਪ੍ਰਾਪਤ ਕੀਤੀ ਹੈ। ਮੈਂ ਆਪਣੀ ਆਲਸ ਕਰਕੇ ਜਿਸ ਜਗ੍ਹਾ ਦਾ ਹੱਕਦਾਰ ਸੀ, ਉਥੇ ਹੀ ਆ ਗਿਆ। ਸੋ ਬੱਚਿਓ, ਸੰਘਰਸ਼ ਕਰੀ ਜਾਓ। ਸਫਲਤਾ ਇਕ ਦਿਨ ਤੁਹਾਡੇ ਪੈਰ ਚੁੰਮੇਗੀ।

-ਡੀ. ਆਰ. ਬੰਦਨਾ,
511-ਖਹਿਰਾ ਇਨਕਲੇਵ, ਜਲੰਧਰ, ਮੋਬਾ: 94173-89003.

ਬੁਝਾਰਤਾਂ

1. ਇਕ ਭਾਈ ਦੀਆਂ ਕਈ ਵਹੁਟੀਆਂ।
2. ਦਸਾਂ ਬੰਦਿਆਂ ਦੇ ਸਿਰ ਕੱਟੇ, ਨਾ ਰੋਏ ਨਾ ਖੂਨ ਨਿਕਲਿਆ।
3. ਢਿੱਡ ਮੇਰਾ ਪਾਟਿਆ ਤੂੰ ਕਿਉਂ ਰੋਈ।
4. ਥਾਲ ਭਰਿਆ ਰੁਪਿਆਂ ਦਾ, ਨਾ ਗਿਣੇ ਜਾਣ ਨਾ ਮਿਣੇ ਜਾਣ।
5. ਹਰ ਘਰ ਵਿਚ ਪਾਇਆ ਜਾਂਦਾ, ਸਵੇਰੇ-ਸ਼ਾਮ ਤਪਾਇਆ ਜਾਂਦਾ।
6. ਜਿੰਨੀ ਨਿੱਕੀ ਓਨੀ ਤਿੱਖੀ।
7. ਦੁੱਧ ਦਾ ਪੋਤਾ, ਦਹੀਂ ਦਾ ਬੱਚਾ, ਲੋਕ ਉਸ ਨੂੰ ਖਾਂਦੇ ਕੱਚਾ।
ਉੱਤਰ : (1) ਰੇਲ ਗੱਡੀ ਦਾ ਇੰਜਣ ਅਤੇ ਡੱਬੇ, (2) ਨਹੁੰ, (3) ਪਿਆਜ਼, (4) ਆਕਾਸ਼ ਅਤੇ ਤਾਰੇ, (5) ਤਵਾ, (6) ਸੂਈ, (7) ਮੱਖਣ।

-ਅਵਤਾਰ ਸਿੰਘ ਕਰੀਰ,
ਮੋਗਾ। ਮੋਬਾ: 94170-05183

ਅਨਮੋਲ ਵਚਨ

* ਅਣਜਾਣ ਹੋਣਾ ਏਨੀ ਸ਼ਰਮ ਦੀ ਗੱਲ ਨਹੀਂ, ਜਿੰਨਾ ਸਿੱਖਣ ਲਈ ਤਿਆਰ ਨਾ ਹੋਣਾ।
* ਦਿਲ ਵੱਡਾ ਹੋਵੇ ਤਾਂ ਦੋਸਤ ਬਣਦੇ ਹਨ ਪਰ ਅਕਲ ਵੱਡੀ ਹੋਵੇ ਤਾਂ ਦੁਸ਼ਮਣ।
* ਕਾਮਯਾਬ ਹੋਣ ਲਈ ਇਕੱਲੇ ਹੀ ਅੱਗੇ ਵਧਣਾ ਪੈਂਦਾ ਹੈ, ਲੋਕ ਤਾਂ ਉਦੋਂ ਪਿੱਛੇ ਆਉਂਦੇ ਹਨ, ਜਦੋਂ ਮਨੁੱਖ ਕਾਮਯਾਬ ਹੋਣ ਲਗਦਾ ਹੈ।
* ਔਖੇ ਸਮੇਂ ਵਿਚ ਸਮਝਦਾਰ ਆਦਮੀ ਰਾਹ ਲੱਭਦਾ ਹੈ ਅਤੇ ਡਰਪੋਕ ਬਹਾਨਾ।
* ਜ਼ਿੰਦਗੀ ਵਿਚ ਕੁਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਨਾ ਭੁੱਲਣਾ, ਕਿਉਂਕਿ ਜਿਥੇ ਸੂਈ ਦਾ ਕੰਮ ਹੋਵੇ, ਉਥੇ ਤਲਵਾਰ ਕੰਮ ਨਹੀਂ ਆਉਂਦੀ।

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ)।
ਮੋਬਾ: 95018-10181.

ਬਾਲ ਗੀਤ- ਸਮਾਂ

ਬੱਚਿਓ ਸਮਾਂ ਨਹੀਂ ਕਦੇ ਕਿਸੇ ਲਈ ਰੁਕਦਾ,
ਸਮੇਂ ਨਾਲ ਹੀ ਚੰਗਾ ਲਗਦਾ ਸਭ ਢੁਕਦਾ।
ਸਮਾਂ ਹੈ ਸਾਰਿਆਂ ਲਈ ਚਲਦਾ,
ਪਰ ਸਮੇਂ ਨਾਲ ਕੋਈ-ਕੋਈ ਚਲਦਾ।
ਜਿਹੜਾ ਫਿਰ ਸਮੇਂ ਨਾਲ ਨਹੀਂ ਚਲਦਾ,
ਉਸ ਨੂੰ ਫਿਰ ਚੰਗਾ ਫਲ ਨਹੀਂਓਂ ਮਿਲਦਾ।
ਇਸ ਲਈ ਬੱਚਿਓ ਸਮੇਂ ਨਾਲ ਚੱਲਣਾ ਸਿੱਖੋ,
ਤੇ ਆਪਣੀਆਂ ਵੱਖ-ਵੱਖ ਰਾਵਾਂ ਨੂੰ ਜਿੱਤੋ।

-ਸੰਦੀਪ ਕੌਰ,
ਸਟਾਰ ਪਬਲਿਕ ਸਕੂਲ, ਮੁਕੇਰੀਆਂ।

ਬਾਲ ਸਾਹਿਤ

ਗਣਿਤ ਪਟਾਰੀ
ਲੇਖਿਕਾ : ਸੁਖਵਿੰਦਰ ਕੌਰ ਸਿੱਧੂ
ਮੁੱਲ : 50 ਰੁਪਏ, ਸਫੇ : 64
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ।
ਸੰਪਰਕ : 94654-34177

ਬਾਲ ਸਾਹਿਤਕਾਰ ਵੀ ਨਵੇਂ-ਨਵੇਂ ਤਜਰਬੇ ਕਰਦੇ ਹਨ। ਪੁਸਤਕ 'ਗਣਿਤ ਪਟਾਰੀ' ਪੜ੍ਹ ਕੇ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ। ਮੇਰੀ ਜਾਣਕਾਰੀ ਅਨੁਸਾਰ ਪੰਜਾਬੀ ਬਾਲ ਸਾਹਿਤ ਵਿਚ ਇਹ ਪਹਿਲੀ ਪੁਸਤਕ ਹੈ, ਜਿਸ ਵਿਚ ਗਣਿਤ ਵਰਗੇ ਕਠਿਨ ਵਿਸ਼ੇ ਨੂੰ ਬੜੇ ਹੀ ਸਰਲ ਤਰੀਕੇ ਨਾਲ ਕਵਿਤਾਵਾਂ ਰਾਹੀਂ ਸਮਝਾਇਆ ਗਿਆ ਹੈ। ਬਾਲਾਂ ਦੇ ਮਾਨਸਿਕ ਪੱਧਰ ਅਨੁਸਾਰ ਸ਼ਬਦਾਂ ਦੀ ਚੋਣ ਕੀਤੀ ਗਈ ਹੈ। ਜ਼ਰਾ ਨਮੂਨਾ ਦੇਖੋ-
ਆਜੋ ਬੱਚਿਓ ਗਣਿਤ ਸਿਖਾਵਾਂ,
ਖੇਡ-ਖੇਡ ਵਿਚ ਗੁਰ ਸਮਝਾਵਾਂ।
ਜੀਵਨ ਦਾ ਆਧਾਰ ਗਣਿਤ ਹੈ।
ਕੰਮ ਆਉਂਦਾ ਹਰ ਵਾਰ ਗਣਿਤ ਹੈ। (ਗਣਿਤ)
ਂ0ਂ
ਜੀਵਨ ਵਾਲਾ ਪਾਠ ਪੜ੍ਹਾਵਾਂ,
ਲਾਭ-ਹਾਨੀ 'ਚ ਫਰਕ ਸਮਝਾਵਾਂ।
ਵੇਚ ਖ਼ਰੀਦੋਂ ਵੱਡਾ ਆਵੇ।
ਬੰਦਾ ਭਾਈ ਲਾਭ ਕਮਾਵੇ। (ਲਾਭ ਤੇ ਹਾਨੀ) ਂ0ਂ
ਟਵਿੰਕਲ ਟਵਿੰਕਲ ਲਿਟਲ ਸਟਾਰ,
ਚੱਕਰ ਦਾ ਘੇਰਾ ਦੋ ਪਾਈ ਆਰ।...
ਲੰਘ ਜਾਂਦੀ ਜੋ ਆਰੋਂ ਪਾਰ,
ਛੇਦਕ ਰੇਖਾ ਕਹਿੰਦੇ ਯਾਰ। (ਚੱਕਰ)
ਕਵਿਤਾਵਾਂ ਬਾਲਾਂ ਦਾ ਮਨੋਰੰਜਨ ਵੀ ਕਰਦੀਆਂ ਹਨ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਵੀ। ਪੁਸਤਕ ਦੇ ਅਖੀਰਲੇ ਪੰਨਿਆਂ ਉੱਤੇ ਗਣਿਤਕ ਬੁਝਾਰਤਾਂ ਹਨ। ਬੜੀਆਂ ਹੀ ਸਰਲ ਤੇ ਦਿਲਚਸਪ। ਪੂਰੀ ਪੁਸਤਕ ਵਿਦਿਆਰਥੀਆਂ ਲਈ ਅਨਮੋਲ ਖਜ਼ਾਨਾ ਹੈ। ਮੈਂ ਲੇਖਿਕਾ ਸੁਖਵਿੰਦਰ ਕੌਰ ਸਿੱਧੂ ਨੂੰ ਇਹ ਪੁਸਤਕ ਲਿਖਣ ਲਈ ਵਧਾਈ ਦਿੰਦਾ ਹਾਂ। ਪੰਜਾਬੀ ਬਾਲ ਸਾਹਿਤ ਵਿਚ ਇਹ ਇਕ ਨਿਵੇਕਲਾ ਤੇ ਸਫ਼ਲ ਤਜਰਬਾ ਹੈ। ਹਰ ਬਾਲ ਪਾਠਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਇਸ ਤਰ੍ਹਾਂ ਦੀਆਂ ਪੁਸਤਕਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ।

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਬਾਲ ਕਵਿਤਾ ਚੰਗੀ ਆਦਤ

ਆਓ ਬੱਚਿਓ, ਇਹ ਆਦਤ ਪਾਈਏ,
ਜਦ ਵੀ ਕੁਰਕਰੇ, ਚਿਪਸਾਂ ਖਾਈਏ।
ਇਧਰ-ਉਧਰ ਖਾਲੀ ਪੈਕਟ ਸੁੱਟ ਕੇ,
ਨਾਲੀਆਂ ਵਿਚ ਨਾ ਡੱਕੇ ਲਾਈਏ।
ਇੰਜ ਰੁਕ ਜਾਂਦਾ ਚਲਦਾ ਪਾਣੀ,
ਪਾਣੀ 'ਤੇ ਪਲਦੀ ਮੱਛਰਾਂ ਦੀ ਢਾਣੀ।
ਮੱਛਰ ਬਿਮਾਰੀਆਂ ਅਨੇਕ ਫਲਾਉਂਦੇ,
ਸਾਨੂੰ ਡਾਕਟਰਾਂ ਕੋਲ ਪਹੁੰਚਾਉਂਦੇ।
ਡਾਕਟਰ ਤਿੱਖੀ ਸੂਈ ਲਾਵੇ,
ਬੱਚਿਓ ਤੁਹਾਨੂੰ ਖੂਬ ਰਵਾਵੇ।
ਫਿਰ ਮਾਪੇ ਡਾਢੇ ਹੋਣ ਪ੍ਰੇਸ਼ਾਨ,
ਬੱਚਿਆਂ ਵਿਚ ਮਾਪਿਆਂ ਦੀ ਜਾਨ।
ਤੰਦਰੁਸਤੀ ਹੈ ਜ਼ਿੰਦਗੀ ਦਾ ਗਹਿਣਾ,
ਤੰਦਰੁਸਤ ਹੈ ਜੇਕਰ ਰਹਿਣਾ।
ਗੰਦਗੀ ਕੋਲ ਨਾ ਕਦੇ ਵੀ ਬਹਿਣਾ,
ਸਾਫ਼-ਸੁਥਰੇ ਬਸ ਬਣ ਕੇ ਰਹਿਣਾ।
ਸਫ਼ਾਈ ਦਾ ਰੱਖਣਾ ਖਾਸ ਖਿਆਲ,
ਰਹੋਗੇ ਫੁੱਲਾਂ ਵਾਂਗ ਖੁਸ਼ਹਾਲ।
ਹੱਥ ਧੋ ਕੇ ਸਦਾ ਖਾਈਏ ਖਾਣਾ,
'ਮਨਪ੍ਰੀਤ' ਆਂਟੀ ਨਈਂ ਵਾਰ-ਵਾਰ ਸਮਝਾਣਾ।

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 81461-87521

ਬਾਲ ਨਾਵਲ-39- ਖੱਟੀਆਂ-ਮਿੱਠੀਆਂ ਗੋਲੀਆਂ

ਸਿਧਾਰਥ, ਡਾਕਟਰ ਦੀ ਗੱਲ ਸੁਣ ਕੇ ਫਿਕਰਮੰਦ ਹੋ ਗਿਆ। ਉਹ ਵਾਰਡ ਵਿਚ ਗਿਆ ਤਾਂ ਹਰੀਸ਼ ਨੇ ਪੁੱਛਿਆ, 'ਡਾਕਟਰ ਜੀ ਨੇ ਕੀ ਕਿਹਾ ਹੈ?'
'ਉਹ ਕਹਿੰਦੇ ਹਨ ਕਿ ਤੁਸੀਂ ਵੇਲੇ ਸਿਰ ਉਨ੍ਹਾਂ ਨੂੰ ਹਸਪਤਾਲ ਲੈ ਆਉਂਦੈ। ਹੁਣ ਫਿਕਰ ਵਾਲੀ ਕੋਈ ਗੱਲ ਨਹੀਂ', ਸਿਧਾਰਥ ਨੇ ਉਸ ਨੂੰ ਹੌਸਲਾ ਦੇਣ ਲਈ ਥੋੜ੍ਹਾ ਝੂਠ ਬੋਲਿਆ।
ਸਿਧਾਰਥ ਦੀ ਗੱਲ ਸੁਣ ਕੇ ਹਰੀਸ਼ ਨੂੰ ਕੁਝ ਚੈਨ ਆਇਆ।
ਚਾਰ ਦਿਨ ਬੀਜੀ ਦੀ ਤਬੀਅਤ ਵਿਚ ਕਾਫੀ ਉਤਰਾਅ-ਚੜ੍ਹਾਅ ਆਉਂਦਾ ਰਿਹਾ। ਕਦੇ ਤਾਂ ਲਗਦਾ ਕਿ ਉਹ ਹੁਣ ਕਾਫੀ ਠੀਕ ਹਨ ਪਰ ਅਗਲੇ ਪਲ ਹੀ ਉਨ੍ਹਾਂ ਦੀ ਤਬੀਅਤ ਫਿਰ ਖਰਾਬ ਹੋ ਜਾਂਦੀ। ਹਰੀਸ਼ ਨੂੰ ਤਾਂ ਨਾ ਦਿਨੇ ਚੈਨ ਸੀ ਅਤੇ ਨਾ ਰਾਤੀਂ। ਚਾਰ ਦਿਨਾਂ ਵਿਚ ਹੀ ਉਸ ਦਾ ਚਿਹਰਾ ਹੋਰ ਦਾ ਹੋਰ ਹੋ ਗਿਆ। ਉਸ ਦਾ ਜੇ ਥੋੜ੍ਹਾ ਬਚਾਅ ਸੀ ਤਾਂ ਉਹ ਸਿਧਾਰਥ ਕਰਕੇ ਹੀ ਸੀ।
ਸਿਧਾਰਥ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਹਸਪਤਾਲ ਹੋ ਕੇ ਜਾਂਦਾ। ਉਹ ਹਰੀਸ਼ ਵਾਸਤੇ ਟਿਫਨ ਲੈ ਆਉਂਦਾ। ਉਸ ਵਿਚ ਉਸ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਹੁੰਦਾ ਪਰ ਹਰੀਸ਼ ਦਾ ਕੁਝ ਵੀ ਖਾਣ ਨੂੰ ਜੀਅ ਨਹੀਂ ਸੀ ਕਰਦਾ। ਸਿਧਾਰਥ ਆਪਣੇ ਸਾਹਮਣੇ ਖੜ੍ਹਾ ਮੋਟਾ ਨਾਸ਼ਤਾ ਕਰਵਾਉਂਦਾ ਪਰ ਬਾਅਦ ਵਿਚ ਹਰੀਸ਼ ਨੂੰ ਆਪਣੀ ਹੋਸ਼ ਨਾ ਰਹਿੰਦੀ। ਉਸ ਤੋਂ ਬਾਅਦ ਸਿਧਾਰਥ ਸਕੂਲ ਚਲਾ ਜਾਂਦਾ। ਛੁੱਟੀ ਹੁੰਦਿਆਂ ਹੀ ਉਹ ਪਹਿਲਾਂ ਹਸਪਤਾਲ ਆਉਂਦਾ ਅਤੇ ਕੁਝ ਦੇਰ ਹਰੀਸ਼ ਕੋਲ ਬੈਠਦਾ। ਕੋਈ ਦਵਾਈ ਲਿਆਉਣ ਵਾਲੀ ਹੁੰਦੀ ਤਾਂ ਲਿਆ ਦਿੰਦਾ। ਵੈਸੇ ਉਸ ਨੇ ਦਵਾਈਆਂ ਵਾਲੇ ਨੂੰ ਕੁਝ ਅਡਵਾਂਸ ਪੈਸੇ ਦੇ ਰੱਖੇ ਸਨ, ਤਾਂ ਜੋ ਮਗਰੋਂ ਜੇ ਕਿਸੇ ਦਵਾਈ ਦੀ ਲੋੜ ਪਵੇ ਤਾਂ ਹਰੀਸ਼ ਬਿਨਾਂ ਪੈਸੇ ਦਿੱਤਿਆਂ ਉਸ ਕੋਲੋਂ ਦਵਾਈ ਲੈ ਆਵੇ। ਰਾਤੀਂ ਉਹ ਮੇਘਾ ਨੂੰ ਨਾਲ ਲੈ ਕੇ ਚੱਕਰ ਮਾਰ ਜਾਂਦਾ ਅਤੇ ਰਾਤ ਦੀ ਰੋਟੀ ਵੀ ਲੈ ਆਉਂਦਾ।
ਪੰਜਵੇਂ ਦਿਨ ਸਵੇਰੇ ਬੀਜੀ ਕਾਫੀ ਠੀਕ ਲੱਗ ਰਹੇ ਸਨ। ਉਨ੍ਹਾਂ ਨੇ ਹਰੀਸ਼ ਦਾ ਹੱਥ ਆਪਣੇ ਕਮਜ਼ੋਰ ਹੱਥਾਂ ਵਿਚ ਫੜ ਕੇ ਬੜਾ ਪਿਆਰ ਕੀਤਾ। ਹੌਲੀ-ਹੌਲੀ ਆਪਣਾ ਹੱਥ ਉਸ ਦੇ ਸਿਰ ਤੱਕ ਲਿਜਾ ਕੇ ਉਸ ਦੇ ਸਿਰ 'ਤੇ ਪਿਆਰ ਦਿੱਤਾ। ਉਨ੍ਹਾਂ ਦੀ ਗੱਲ ਪੂਰੀ ਸਮਝ ਨਹੀਂ ਸੀ ਲੱਗ ਰਹੀ ਪਰ ਉਹ ਹਰੀਸ਼ ਦੇ ਸਿਰ 'ਤੇ ਹੱਥ ਫੇਰਦੇ ਹੋਏ ਉਸ ਨੂੰ ਅਸੀਸਾਂ ਦੇ ਰਹੇ ਸਨ। ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ਵਿਚ ਵੀ ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਫਿਕਰ ਹੋ ਰਿਹਾ ਸੀ। ਉਹ ਸਮਝ ਰਹੇ ਸਨ ਕਿ ਹਰੀਸ਼ ਦੀ ਪੜ੍ਹਾਈ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹੈ।
ਸਕੂਲ ਜਾਣ ਤੋਂ ਪਹਿਲਾਂ ਜਦੋਂ ਸਿਧਾਰਥ, ਹਰੀਸ਼ ਜੋਗਾ ਨਾਸ਼ਤਾ ਅਤੇ ਦੁਪਹਿਰ ਦੀ ਰੋਟੀ ਲੈ ਕੇ ਆਇਆ ਤਾਂ ਉਹ ਵੀ ਬੀਜੀ ਨੂੰ ਦੇਖ ਕੇ ਖੁਸ਼ ਹੋ ਗਿਆ। ਬੀਜੀ, ਸਿਧਾਰਥ ਨੂੰ ਪਛਾਨਣ ਦੀ ਕੋਸ਼ਿਸ਼ ਕਰ ਰਹੇ ਸਨ। ਹਰੀਸ਼ ਨੇ ਬੀਜੀ ਨੂੰ ਕਿਹਾ, 'ਇਹ ਮੇਰੇ ਵੀਰ ਜੀ ਹਨ, ਜੋ ਮੈਨੂੰ ਪੜ੍ਹਾਉਂਦੇ ਹਨ।' ਮਾਤਾ ਜੀ ਨੇ ਆਪਣੇ ਕਮਜ਼ੋਰ ਹੱਥਾਂ ਨਾਲ ਸਿਧਾਰਥ ਦੀ ਪਿੱਠ 'ਤੇ ਪਿਆਰ ਦਿੱਤਾ ਅਤੇ ਹੌਲੀ-ਹੌਲੀ ਮੂੰਹ ਵਿਚ ਅਸੀਸਾਂ ਦਿੱਤੀਆਂ। ਫਿਰ ਮਾਤਾ ਜੀ ਦੇ ਮਨ ਵਿਚ ਪਤਾ ਨਹੀਂ ਕੀ ਖਿਆਲ ਆਇਆ, ਉਨ੍ਹਾਂ ਨੇ ਹਰੀਸ਼ ਦਾ ਹੱਥ ਫੜ ਕੇ ਸਿਧਾਰਥ ਦੇ ਹੱਥ ਵਿਚ ਦੇ ਦਿੱਤਾ ਅਤੇ ਆਪਣੀਆਂ ਕਮਜ਼ੋਰ ਅੱਖਾਂ ਵਿਚ ਇਕ ਉਮੀਦ, ਇਕ ਆਸ ਦੀ ਕਿਰਨ ਭਰ ਕੇ ਸਿਧਾਰਥ ਵੱਲ ਦੇਖਣ ਲੱਗ ਪਏ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ- ਫੇਰ ਆ ਗਈ ਸਰਦੀ

ਲਓ ਫੇਰ ਆ ਗਈ ਸਰਦੀ
ਲਓ ਫੇਰ ਆ ਗਈ ਸਰਦੀ
ਕੱਢ ਲਏ ਮਾਂ ਨੇ ਕੋਟ ਸਵੈਟਰ
ਤੇ ਸਿਆਲਾਂ ਦੀ ਵਰਦੀ
ਧੁੰਦਾਂ ਛਾਈਆਂ, ਕੋਰਾ ਪੈਂਦਾ
ਹੱਡਾਂ-ਪੈਰਾਂ ਵਿਚ ਵੜ ਬਹਿੰਦਾ
ਚੁੱਕੀ ਫਿਰਦੀ ਜਲਕਣ ਬੱਦਲੀ
ਨਾ ਰੁਕਦੀ ਨਾ ਵਰ੍ਹਦੀ......
ਆਵਣ ਸੀਤ ਹਵਾ ਦੇ ਬੁੱਲੇ
ਜਦ ਕੋਈ ਬੂਹਾ-ਬਾਰੀ ਖੁੱਲ੍ਹੇ
ਲੁਕਣਮੀਚੀ ਧੁੱਪ ਖੇਡਦੀ
ਮਨਆਈਆਂ ਜੇਹੀਆਂ ਕਰਦੀ......
ਦਿਨ ਛੋਟੇ ਹੋਏ ਵੱਡੀਆਂ ਰਾਤਾਂ
ਦਾਦੀ ਵੀ ਨਾ ਪਾਉਂਦੀ ਬਾਤਾਂ
ਸਾਡੇ ਨਾਲ ਬਹਿ ਟੀ. ਵੀ. ਦੇਖੇ
ਨਾਲ ਹੁੰਗਾਰੇ ਭਰਦੀ......
ਖੇਤੀਂ ਰੰਗ ਸਰ੍ਹੋਂ ਦਾ ਖਿੜਿਆ
ਹੈ ਕੋਈ ਰਾਗ ਇਲਾਹੀ ਛਿੜਿਆ
ਫੁੱਲ ਖਿੜਨਗੇ ਤਿੱਤਲੀ ਹੁਣ ਤਾਂ
ਸਜਦੀ ਹੋਊ ਸੰਵਰਦੀ......
ਜਿਥੋਂ ਮਿਲਦਾ ਹੈ ਨਿੱਘ ਭਾਲੋ
ਧੂਣੀ ਲਾਓ, ਅੰਗੀਠੀ ਬਾਲੋ
ਸੂਰਜ ਆਪੇ ਕਿਰਨਾਂ ਦੇ ਦਊ
ਜੇ ਹੋਊ ਸਾਡਾ ਹਮਦਰਦੀ......

-ਹਰੀ ਜਾਞੂਅ,
398, ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX