ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਹਾੜ੍ਹੀ ਦੇ ਪਿਆਜ਼ ਦੀ ਸਫ਼ਲ ਕਾਸ਼ਤ ਲਈ ਨੁਕਤੇ

ਪਿਆਜ਼ ਨੂੰ ਸਬਜ਼ੀ ਅਤੇ ਮਸਾਲੇ ਵਾਲੀ ਫ਼ਸਲ ਦੇ ਤੌਰ 'ਤੇ ਕਾਸ਼ਤ ਕੀਤਾ ਜਾਂਦਾ ਹੈ। ਭਾਰਤ ਦੁਨੀਆ ਵਿਚ ਇਸ ਫ਼ਸਲ ਦਾ ਦੂਜਾ ਵੱਡਾ ਉਤਪਾਦਕ ਹੈ, ਜਿਥੇ ਇਸ ਫ਼ਸਲ ਦਾ ਕੁੱਲ ਦੁਨੀਆ ਦੀ 16 ਫ਼ੀਸਦੀ ਜ਼ਮੀਨ ਉੱਪਰ 10 ਫ਼ੀਸਦੀ ਉਤਪਾਦਨ ਹੁੰਦਾ ਹੈ। ਪਿਆਜ਼ ਨੂੰ ਇਸ ਦੀ ਕੁੜੱਤਣ, ਸੁਆਦ ਅਤੇ ਖੁਰਾਕੀ ਤੱਤਾਂ ਕਰਕੇ ਜਾਣਿਆਂ ਜਾਂਦਾ ਹੈ । ਹਾੜ੍ਹੀ ਦੀ ਰੁੱਤ ਵਿਚ ਇਸ ਫ਼ਸਲ ਦੀ ਸਫ਼ਲ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਤਰੀਕਿਆਂ ਦੀ ਵਰਤੋਂ ਕਰੋ।
ਮੌਸਮ: ਪਿਆਜ਼ ਠੰਢੇ ਮੌਸਮ ਦੀ ਫ਼ਸਲ ਹੈ। ਇਸ ਨੂੰ ਦਰਮਿਆਨੇ ਮੌਸਮ ਵਿਚ ਪੈਦਾ ਕੀਤਾ ਜਾ ਸਕਦਾ ਹੈ, ਜਦਕਿ ਅੱਤ ਦੀ ਗਰਮੀ, ਕੜਾਕੇ ਦੀ ਠੰਢ ਅਤੇ ਜ਼ਿਆਦਾ ਬਾਰਿਸ਼ ਇਸ ਦੀ ਕਾਸ਼ਤ ਦੇ ਲਈ ਠੀਕ ਨਹੀਂ। ਇਸ ਦਾ ਪਤਰਾਲ ਵਧਣ ਲਈ 13-21 ਡਿਗਰੀ ਸੈਲਸੀਅਸ ਅਤੇ ਗੰਢੇ ਦੇ ਵਾਧੇ ਲਈ 15.5 -25 ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੂੰਦੀ ਹੈ। ਲੰਮੇ ਸਮੇਂ ਲਈ ਜ਼ਿਆਦਾ ਠੰਢ ਪੈਣ ਨਾਲ ਪਿਆਜ਼ ਜ਼ਿਆਦਾ ਨਿੱਸਰਦਾ ਹੈ ਅਤੇ ਜ਼ਿਆਦਾ ਗਰਮੀ ਕਾਰਨ ਗੰਢੇ ਦਾ ਆਕਾਰ ਛੋਟਾ ਰਹਿ ਜਾਂਦਾ ਹੈ ।
ਜ਼ਮੀਨ: ਪਿਆਜ਼ ਦੀ ਸਫ਼ਲ ਖੇਤੀ ਲਈ ਜ਼ਮੀਨ ਜ਼ਿਆਦਾ ਮੱਲ੍ਹੜ ਵਾਲੀ, ਨਿਕਾਸੀ ਅਤੇ ਬੀਮਾਰੀ ਅਤੇ ਨਦੀਨਾਂ ਤੋਂ ਰਹਿਤ ਹੋਣੀ ਚਾਹੀਦੀ ਹੈ। ਖਾਰੀਆਂ ਅਤੇ ਨੀਵੀਆਂ ਜ਼ਮੀਨਾਂ ਪਿਆਜ਼ ਦੀ ਖੇਤੀ ਦੇ ਯੋਗ ਨਹੀਂ ਹੁੰਦੀਆਂ। ਬੂਟੇ ਅਤੇ ਪਿਆਜ਼ ਦੇ ਵਧੀਆ ਵਿਕਾਸ ਅਤੇ ਵਾਧੇ ਲਈ 5.8 ਤੋਂ 6.5 ਪੀ. ਐੱਚ. ਵਾਲੀ ਜ਼ਮੀਨ ਠੀਕ ਰਹਿੰਦੀ ਹੈ।
ਉੱਨਤ ਕਿਸਮਾਂ
ਪੀ. ਆਰ. ਓ.-6 (2003) : ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ ਰੰਗ ਦੇ, ਗੰਢੇ ਗੂੜ੍ਹੇ ਲਾਲ, ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ ਅਤੇ ਪਤਲੀ ਗਰਦਨ ਵਾਲੇ ਹੁੰਦੇ ਹਨ। ਇਸ ਕਿਸਮ ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿੱਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 175 ਕੁਇੰਟਲ ਪ੍ਰਤੀ ਏਕੜ ਹੈ ।
ਪੰਜਾਬ ਵ੍ਹਾਈਟ (1997) : ਇਸ ਦੇ ਪਿਆਜ਼ ਦਰਮਿਆਨੇ ਆਕਾਰ ਦੇ ਗੋਲ, ਚਿੱਟੇ ਅਤੇ ਪਤਲੀ ਗਰਦਨ ਵਾਲੇ ਹੁੰਦੇ ਹਨ। ਇਸ ਦੇ ਰਸ ਵਿਚ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ ਵਧੇਰੇ (15 ਫ਼ੀਸਦੀ) ਹੋਣ ਕਰਕੇ ਇਹ ਕਿਸਮ ਗੰਢਿਆਂ ਨੂੰ ਸੁਕਾ ਕੇ ਪਾਊਡਰ ਬਣਾਉਣ ਲਈ ਢੁਕਵੀਂ ਹੈ। ਇਸ ਦੀ ਔਸਤ ਪੈਦਾਵਾਰ 135 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
ਪੰਜਾਬ ਨਰੋਆ (1995) : ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਗੂੜ੍ਹੇ ਹਰੇ ਰੰਗ ਦੇ, ਗੰਢੇ ਲਾਲ, ਗੋਲ, ਦਰਮਿਆਨੇ ਮੋਟੇ ਅਤੇ ਪਤਲੀ ਧੌਣ ਵਾਲੇੇ ਹੁੰਦੇ ਹਨ । ਇਹ ਕਿਸਮ 145 ਦਿਨਾਂ ਵਿਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦੇ ਗੰਢੇ ਅਤੇ ਬੀਜ ਵਾਲੀ ਫ਼ਸਲ ਨੂੰ ਜਾਮਨੀ ਦਾਗ਼ ਪੈਣ ਦਾ ਰੋਗ ਬਹੁਤ ਘੱਟ ਲੱਗਦਾ ਹੈ। ਥਰਿੱਪ ਅਤੇ ਪਿਆਜ਼ ਦੀ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
ਬਿਜਾਈ ਤੇ ਪਨੀਰੀ ਲਾਉਣ ਦਾ ਸਮਾਂ : ਪਿਆਜ਼ ਦਾ ਝਾੜ ਅਤੇ ਮਿਆਰ ਬਿਜਾਈ 'ਤੇ ਨਿਰਭਰ ਕਰਦਾ ਹੈ। ਪਨੀਰੀ ਦੀ ਬਿਜਾਈ ਅੱਧ ਦਸੰਬਰ ਤੋਂ ਅੱਧ ਜਨਵਰੀ ਤੱਕ ਪੁੱਟ ਕੇ ਖੇਤ ਵਿਚ ਲਾ ਦਿਓ। ਵਧੇਰੇ ਝਾੜ ਲੈਣ ਲਈ ਲ਼ਗਭਗ 10-15 ਸੈਂਟੀਮੀਟਰ ਤੱਕ ਦੀ ਸਿਹਤਮੰਦ ਪਨੀਰੀ ਖੇਤ ਵਿਚ ਲਾਓ।
ਬੀਜ ਦੀ ਮਾਤਰਾ ਅਤੇ ਪਨੀਰੀ ਲਾਉਣਾ : ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਕਾਫ਼ੀੋ ਹੁੰਦਾ ਹੈ। ਇਕ ਏਕੜ ਦੀ ਪਨੀਰੀ ਬੀਜਣ ਲਈ 8 ਮਰਲੇ (200 ਵਰਗ ਮੀਟਰ) ਵਿਚ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ। ਪਨੀਰੀ ਲਈ ਥਾਂ ਤਿਆਰ ਕਰਨ ਤੋਂ 10 ਦਿਨ ਪਹਿਲਾਂ ਪ੍ਰਤੀ ਮਰਲੇ ਦੇ ਹਿਸਾਬ 125 ਕਿਲੋ ਗੋਹੇ ਦੀ ਗਲੀਸੜੀ ਰੂੜੀ ਮਿਲਾਓ ਅਤੇ ਪਾਣੀ ਲਾ ਦਿਉ ਤਾਂ ਕਿ ਬਿਜਾਈ ਤੋਂ ਪਹਿਲਾਂ ਸਾਰੇ ਨਦੀਨ ਉਗ ਪੈਣ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਥੀਰਮ ਦਵਾਈ ਲਗਾ ਲਓ। ਪਟਰੀਆਂ ਬਣਾਉਣ ਉਪਰੰਤ, ਬੀਜ ਨੂੰ 1-3 ਸੈਂਟੀਮੀਟਰ ਡੂੰਘਾ, 5 ਸੈਂਟੀਮੀਟਰ ਵਿੱਥ 'ਤੇ ਕਤਾਰਾਂ ਵਿਚ ਵਿਰਲਾ ਕਰਕੇ ਬੀਜੋ। ਬਿਜਾਈ ਉਪਰੰਤ, ਬੀਜੀਆਂ ਕਤਾਰਾਂ ਨੂੰ ਸੁਆਹ ਜਾਂ ਖਾਦ ਨਾਲ ਢੱਕ ਕੇ ਫ਼ੁਹਾਰੇ ਨਾਲ ਪਾਣੀ ਦਿਓ।
ਫ਼ਾਸਲਾ : ਚੰਗਾ ਝਾੜ ਲੈਣ ਲਈ ਪਨੀਰੀ ਪੁੱਟਣ ਤੋਂ ਫੌਰਨ ਬਾਅਦ ਵੱਤਰ ਖੇਤ ਵਿਚ 15 ਸੈਂਟੀਮੀਟਰ ਕਤਾਰਾਂ ਵਿਚ 7.5 ਸੈਂਟੀਮੀਟਰ ਦਾ ਬੂਟੇ ਤੋਂ ਬੂਟੇ ਵਿਚਕਾਰ ਫ਼ਾਸਲਾ ਰੱਖ ਕੇ ਲਗਾ ਦਿਓ।
ਖਾਦਾਂ : ਇਕ ਏਕੜ ਪਿਆਜ਼ ਦੀ ਫ਼ਸਲ ਲਈ 20 ਟਨ ਗਲੀ-ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫ਼ੋਰਸ (125 ਕਿਲੋ ਸੁਪਰ ਫ਼ਾਸਫ਼ੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਦੀ ਲੋੜ ਪੈਂਦੀ ਹੈ। ਸਾਰੀ ਰੂੜੀ ਦੀ ਖਾਦ, ਸਾਰੀ ਸੁਪਰ ਫ਼ਾਸਫ਼ੇਟ, ਪੋਟਾਸ਼ ਅਤੇ ਅੱਧੀ ਯੂਰੀਆ, ਪੌਦੇ ਲਾਉਣ ਤੋਂ ਪਹਿਲਾਂ ਪਾਓ। ਅੱਧੀ ਬਚਦੀ ਯੂਰੀਆ ਇਕ ਤੋਂ ਡੇਢ ਮਹੀਨੇ ਬਾਅਦ ਛਿੱਟਾ ਦੇ ਕੇ ਪਾ ਦਿਓ। (ਚਲਦਾ)


ਮੋਬਾਈਲ : 99151-35797


ਖ਼ਬਰ ਸ਼ੇਅਰ ਕਰੋ

ਵਿਰਸਾ :

ਪੂਰੀ ਚੜ੍ਹਤ ਸੀ ਪੰਜਾਬ ਵਿਚ ਟਿੰਡਾਂ ਵਾਲਿਆਂ ਖੂਹਾਂ ਦੀ

ਸਾਡਾ ਵਿਰਸਾ ਸਾਡਾ ਅਨਿੱਖੜਵਾਂ ਅੰਗ ਹੈ, ਬੇਸ਼ੱਕ ਅਜੋਕੀ ਪੀੜ੍ਹੀ ਸਾਡੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਪਰ ਜੋ ਪੱਕੀ ਉਮਰ ਵਾਲੇ ਭਾਵ 70-75 ਸਾਲ ਦੀ ਉਮਰ ਵਾਲੇ ਵੀਰ ਹਨ, ਉਨ੍ਹਾਂ ਨੇ ਇਹ ਸਭ ਕੁਝ ਆਪਣੇ ਅੱਖੀਂ ਵੇਖਿਆ ਹੀ ਨਹੀਂ ਸਗੋਂ ਆਪਣੇ ਹੱਡੀਂ ਹੰਢਾਇਆ ਹੈ। ਪੁਰਾਤਨ ਪੰਜਾਬ ਤੇ ਜੇਕਰ ਝਾਤ ਮਾਰੀ ਜਾਵੇ ਤਾਂ ਬਿਜਲਈ ਮੋਟਰਾਂ ਬਹੁਤ ਘੱਟ ਸਨ, ਬੇਸ਼ੱਕ ਹੁਣ 21ਵੀਂ ਸਦੀ ਵਿਚ ਅਗਾਂਹਵਧੂ ਸਾਧਨਾਂ ਤੇ ਉੱਨਤ ਖੇਤੀ ਦਾ ਪੂਰਾ ਬੋਲਬਾਲਾ ਹੈ। ਹੱਦੋਂ ਵੱਧ ਮਸ਼ੀਨਰੀ ਤੇ ਅਤਿਅੰਤ ਅਗਾਂਹਵਧੂ ਜ਼ਮਾਨੇ ਵਿਚ ਅਜੋਕਾ ਮਨੁੱਖ ਖੁਦ ਮਸ਼ੀਨ ਬਣਿਆ ਹੋਇਆ ਹੈ ਪਰ ਪੁਰਾਣੇ ਬਰਾਨੀ ਖੇਤਾਂ ਨੂੰ ਛੱਡ ਕੇ ਪਾਣੀ ਲੱਗਣ ਵਾਲੀ ਜ਼ਮੀਨ ਤੇ ਟਿੰਡਾਂ ਵਾਲੇ ਖੂਹ ਤੇ ਨਹਿਰੀ ਪਾਣੀ ਨਾਲ ਪੈਲੀ ਨੂੰ ਸਿੰਜਿਆ ਜਾਂਦਾ ਸੀ 'ਤੇ ਇਹ ਪੁਰਾਤਨ ਖੂਹ ਪਿੰਡਾਂ ਦੀਆਂ ਫ਼ਿਰਨੀਆਂ ਤੋਂ ਬਾਹਰਵਾਰ ਬਣੇ ਸਨ ਕਿਉਂਕਿ ਪਿੰਡਾਂ ਦੀ ਫ਼ਿਰਨੀ ਤੋਂ ਅੰਦਰਲੇ ਨਲਕਿਆਂ ਵਾਲੇ ਪਾਣੀ ਖ਼ਾਰੇ ਸਨ। ਇਨ੍ਹਾਂ ਖੂਹਾਂ ਤੋਂ ਹੀ ਸਵਾਣੀਆਂ ਘਰਾਂ ਵਿਚ ਪੀਣ ਲਈ ਪਾਣੀ ਘੜਿਆਂ ਨਾਲ ਲਿਜਾਇਆ ਕਰਦੀਆਂ ਸਨ 'ਤੇ ਖੂਹਾਂ 'ਤੇ ਹਰ ਸਮੇਂ ਰੌਣਕ ਲੱਗੀ ਰਹਿੰਦੀ ਸੀ। ਵਾਰੀ ਨਾਲ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਸੀ। ਬਲਦ ਜੋੜ ਕੇ ਮਗਰ ਗਾਂਧੀ ਉੱਪਰ ਸਾਡੇ ਬਜ਼ੁਰਗ ਪੂਰੀ ਗੱਦੀ ਬਣਾ ਕੇ ਦੌੜਾ ਜਾਂ ਖੇਸ ਰੱਖ ਕੇ ਕਿਸੇ ਛੋਟੇ ਬੱਚੇ ਨੂੰ ਬਿਠਾ ਦਿੰਦੇ ਸਨ, ਉਹ ਨਾਲੇ ਤਾਂ ਬੱਲਦ ਹੱਕੀ ਜਾਂਦਾ ਸੀ ਤੇ ਨਾਲ ਝੂਟੇ ਲਈ ਜਾਂਦਾ ਹੈ। ਇਹ ਸਭ ਗੱਲਾਂ ਦਾਸ ਨੇ ਵੀ ਆਪ ਹੰਢਾਈਆਂ ਹੋਈਆਂ ਹਨ। ਖ਼ੂਹਾਂ ਦੇ ਪਾਣੀ ਬਹੁਤ ਮਿੱਠੇ ਹੁੰਦੇ ਸਨ। ਬੇਸ਼ੱਕ ਖੇਤੀ ਕਰਨ ਲਈ ਉਹ ਪਾਣੀ ਕਾਫ਼ੀ ਨਹੀਂ ਸੀ ਪਰ ਹੋਰ ਸਾਧਨ ਉਨ੍ਹਾਂ ਸਮਿਆਂ ਵਿਚ ਈਜ਼ਾਦ ਨਹੀਂ ਸਨ ਹੋਏ ਤੇ ਖ਼ੂਹਾਂ ਨਾਲ ਹੀ ਰੌਣੀ ਕਰਨੀ, ਖ਼ੇਤ ਵਾਹ ਕੇ ਬੀਜ ਦੇਣੇ ਤੇ ਫਿਰ ਉਗੀ ਹੋਈ ਫ਼ਸਲ ਨੂੰ ਵੀ ਪਾਣੀ ਦੇਣਾ ਦਾ ਸਿਰਫ਼ ਖੂਹ ਹੀ ਜ਼ਰੀਆ ਸਨ। ਬੇਸ਼ੱਕ ਜ਼ਿਆਦਾ ਸਮਾਂ ਲਗਦਾ ਸੀ ਪਰ ਫਿਰ ਵੀ ਹਰ ਇਨਸਾਨ ਕੋਲ ਇਨ੍ਹਾਂ ਕੰਮਾਂ ਲਈ ਸਮਾਂ ਵੀ ਸੀ ਤੇ ਸਬਰ ਵੀ। ਪਰ ਅਜੋਕੇ ਮਨੁੱਖ ਵਿਚੋਂ ਇਹ ਸਭ ਕੁਝ ਖ਼ਤਮ ਹੋ ਚੁੱਕਿਆ ਹੈ ਤੇ ਅੰਤਾਂ ਦੀ ਤਰੱਕੀ ਨੇ ਇਹ ਸਾਡਾ ਵਿਰਸਾ 'ਪੁਰਾਤਨ ਟਿੰਡਾਂ ਵਾਲੇ ਖ਼ੂਹ' ਸਾਡੇ ਕੋਲੋਂ ਵਿਸਾਰ ਦਿੱਤਾ ਹੈ। ਹੁਣ ਸਿਰਫ਼ ਨਮੂਨੇ ਹੀ ਅਜਾਇਬ ਘਰਾਂ ਵਿਚ ਅਜੋਕੀ ਪੀੜ੍ਹੀ ਵੇਖ ਸਕਦੀ ਹੈ ਤੇ ਜਾਂ ਫ਼ਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਛੇਹਰਟਾ ਸਾਹਿਬ ਗੁਰਦੁਆਰਾ ਵਿਖੇ (ਛੇ-ਹਰਟ) ਜਿਉਂ ਦੇ ਤਿਉਂ ਦਰਸ਼ਨਾਂ ਲਈ ਵਿਰਾਸਤੀ ਸਾਂਭ ਕੇ ਰੱਖੇ ਹੋਏ ਹਨ। ਜਿਸ ਤੋਂ ਸਾਡੇ ਗੁਰੂ ਸਾਹਿਬਾਨਾਂ ਨੇ ਖੇਤਾਂ ਨੂੰ ਇਸ ਖ਼ੂਹ ਰਾਹੀਂ ਜ਼ਮੀਨ ਨੂੰ ਸਿੰਜ ਕੇ ਲੁਕਾਈ ਨੂੰ ਹੱਥੀਂ ਕਿਰਤ ਕਰਨ ਦਾ ਸੰਦੇਸ਼ ਵੀ ਦਿੱਤਾ ਸੀ। ਬਾਕੀ ਸਾਡੇ ਪੰਜਾਬ ਵਿਚੋਂ ਟਿੰਡਾਂ ਵਾਲੇ ਖ਼ੂਹ ਲੁਪਤ ਹੋ ਚੁੱਕੇ ਹਨ। ਸਾਡੇ ਪੁਰਾਤਨ ਬਜ਼ੁਰਗਾਂ ਨੂੰ ਅਜੋਕੀ ਪੀੜ੍ਹੀ ਨੂੰ ਸਾਡੇ ਇਸ ਲੁਪਤ ਹੋ ਚੁੱਕੇ ਵਿਰਸੇ ਦੀ ਬਾਬਤ ਦੱਸਣਾ ਬਣਦਾ ਹੈ।


-ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ। ਮੋਬਾਈਲ : 94176-22046

ਘਾਟੇ ਦਾ ਸੌਦਾ

ਪੰਜਾਬ ਵਿਚ ਫ਼ਸਲੀ ਚੱਕਰ ਦੇ ਗੇੜ ਵਿਚੋਂ ਕੱਢਣ ਲਈ, ਕੇਲੇ ਦੀ ਕਾਸ਼ਤ ਨੂੰ ਬਹੁਤ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਗਿਆ ਸੀ। ਬੜੇ ਕਿਸਾਨਾਂ ਨੇ ਇਸ 14 ਤੋਂ 16 ਮਹੀਨੇ ਦੀ ਫ਼ਸਲ ਨੂੰ ਥਾਂ ਦਿੱਤੀ। ਪਰ ਆਖਰ ਖੇਤ ਖਾਲੀ ਹੀ ਕਰਨੇ ਪਏ ਤੇ ਘਾਟਾ ਸਹਾਰਨਾ ਪਿਆ, ਕੇਲੇ ਦੀ ਬਜ਼ਾਰ ਵਿਚ ਮੰਗ ਹੋਣ ਦੇ ਬਾਵਜੂਦ। ਕੇਲਾ ਮੂਲ ਰੂਪ ਵਿਚ ਪੰਜਾਬ ਦੀ ਫ਼ਸਲ ਨਹੀਂ ਹੈ। ਇਸ ਦੀਆਂ 100 ਤੋਂ ਉੱਤੇ ਕਿਸਮਾਂ ਹਨ। ਇਹ ਲਾਵਾ ਮਿੱਟੀ ਵਾਲੀ ਧਰਤੀ ਪਸੰਦ ਕਰਦਾ ਹੈ। ਜਿਸ ਵਿਚ ਪਾਣੀ ਖੜ੍ਹਾ ਨਾ ਹੋਵੇ। ਇਸ ਦੀ ਸਹੀ ਉਪਜ ਲਈ 12 ਤੋਂ 28 ਡਿਗਰੀ ਤਾਪਮਾਨ ਚਾਹੀਦਾ ਹੈ। ਜੇ ਤਾਪਮਾਨ 38 ਡਿਗਰੀ ਹੋ ਜਾਵੇ ਤਾਂ ਫ਼ਸਲ ਦਾ ਝਾੜ ਤੀਜਾ ਹਿੱਸਾ ਰਹਿ ਜਾਂਦਾ ਹੈ। ਹੁਣ ਆਪ ਸੋਚੋ ਇਥੇ ਤਾਂ ਤਾਪਮਾਨ 45 ਡਿਗਰੀ ਤੱਕ ਵੀ ਚਲੇ ਜਾਂਦਾ ਹੈ ਤੇ ਮਿੱਟੀ ਵੀ ਇਸ ਦੇ ਅਨੁਕੂਲ ਨਹੀਂ, ਘਾਟਾ ਤਾਂ ਪੈਣਾ ਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਬਦਲਵੀਆਂ ਫ਼ਸਲਾਂ ਦੀ ਲੋੜ ਹੈ, ਪਰ ਫ਼ਸਲ ਦੀ ਜਾਣਕਾਰੀ ਹੋਣ ਦੇ ਬਾਵਜੂਦ ਪੰਜਾਬੀ ਕਿਸਾਨਾਂ ਦਾ ਕਿਸੇ ਮਹਿਕਮੇ ਨੇ ਆਪਣੇ ਨੰਬਰ ਬਣਾਉਣ ਖਾਤਰ ਨੁਕਸਾਨ ਕਰ ਦਿੱਤਾ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਮਹਿਕਮੇ ਉੱਤੇ ਰੱਬ ਵਰਗਾ ਯਕੀਨ ਨਾ ਕਰਨ। ਹਰ ਫ਼ਸਲ ਬਾਰੇ ਕਿਤਾਬਾਂ ਤੇ ਨੈੱਟ 'ਤੇ ਜਾਣਕਾਰੀ ਸੌਖੀ ਹੀ ਮਿਲ ਜਾਂਦੀ ਹੈ। ਜੇਕਰ ਤਜਰਬਾ ਕਰਨਾ ਹੀ ਹੈ ਤਾਂ ਉਸ ਇਲਾਕੇ ਵਿਚ ਵੀ ਜ਼ਰੂਰ ਜਾ ਕੇ ਪਤਾ ਕਰ ਆਉਣ, ਜਿੱਥੇ ਉਸ ਫ਼ਸਲ ਦੀ ਕਾਸ਼ਤ ਹੁੰਦੀ ਹੈ। ਕਈਆਂ ਨੂੰ ਯਾਦ ਹੋਵੇਗਾ, ਇਹੋ ਜਿਹੇ ਧੋਖੇ ਹੋਰ ਫ਼ਸਲਾਂ ਨਾਲ ਵੀ ਕੀਤੇ ਗਏ ਸਨ, ਜਿਵੇਂ ਮੂਸਲੀ, ਸਟੀਵੀਆ, ਕਾਲੀ ਗਾਜਰ ਆਦਿ। ਬਦਲਵੀਂ ਫ਼ਸਲ ਲਈ ਕੋਸ਼ਿਸ਼ ਜ਼ਰੂਰ ਕਰੋ, ਪਰ ਅੱਖਾਂ ਖੋਲ੍ਹ ਕੇ।


ਮੋਬਾ: 98159-45018

ਕਣਕ ਦੇ ਵਧੇਰੇ ਝਾੜ ਲਈ ਗੁੱਲੀ ਡੰਡਾ ਦੀ ਰੋਕਥਾਮ ਜ਼ਰੂਰੀ

ਕਣਕ ਦੀ ਕਾਸ਼ਤ ਹਰ ਸਾਲ ਪੰਜਾਬ 'ਚ ਹਾੜ੍ਹੀ ਦੀ ਮੁੱਖ ਫ਼ਸਲ ਹੋਣ ਵਜੋਂ 35-36 ਲੱਖ ਹੈਕਟੇਅਰ ਦੇ ਆਲੇ-ਦੁਆਲੇ ਰਕਬੇ 'ਤੇ ਕੀਤੀ ਜਾਂਦੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਕਾਸ਼ਤ ਅਧੀਨ ਰਕਬਾ 9 ਪ੍ਰਤੀਸ਼ਤ ਤੋਂ ਵੀ ਵੱਧ ਘੱਟ ਗਿਆ। ਕਣਕ ਦੀ ਬਿਜਾਈ ਅਜੇ ਜਾਰੀ ਹੈ। ਭਾਵੇਂ ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਲਈ ਸਰਕਾਰ ਦੀ ਨੀਤੀ ਸਪੱਸ਼ਟ ਨਾ ਹੋਣ ਕਾਰਨ ਇਸ ਸਾਲ ਬਿਜਾਈ ਪਛੜ ਗਈ। ਆਲੂਆਂ, ਮਟਰਾਂ ਤੇ ਗੰਨੇ ਤੋਂ ਖਾਲੀ ਕੀਤੇ ਗਏ ਰਕਬੇ 'ਤੇ ਕਾਸ਼ਤ ਕੀਤੀ ਜਾਣੀ ਹੈ ਅਤੇ ਜਿਸ ਰਕਬੇ 'ਤੇ ਗਿਲ੍ਹ ਜ਼ਿਆਦਾ ਹੋਣ ਕਾਰਨ ਸਮੇਂ ਸਿਰ ਬਿਜਾਈ ਨਹੀਂ ਹੋ ਸਕੀ ਉਹ ਰਕਬਾ ਵੀ ਅਜੇ ਬੀਜਿਆ ਜਾ ਰਿਹਾ ਹੈ। ਕਿਸਾਨ ਪਿਛੇਤੀ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਕਿਸਮਾਂ ਦੇ ਬੀਜ ਲੱਭਦੇ ਫਿਰਦੇ ਹਨ, ਤਾਂ ਜੋ ਦਸੰਬਰ 'ਚ ਬੀਜੀ ਕਣਕ ਦਾ ਝਾੜ ਬਹੁਤਾ ਨਾ ਘਟੇ। ਛੋਟੇ ਤੇ ਕੰਢੀ ਦੇ ਕਿਸਾਨਾਂ ਨੂੰ ਕੋਈ ਕਣਕ ਦਾ ਬਦਲ ਵੀ ਨਹੀਂ ਲੱਭ ਰਿਹਾ ਭਾਵੇਂ ਕੁਝ ਕਿਸਾਨ ਜੌਂ, ਮਸਰ, ਛੋਲੇ ਤੇ ਅਲਸੀ ਆਦਿ ਜਿਹੀਆ ਫ਼ਸਲਾਂ ਵੀ ਲਾਉਂਦੇ ਵੇਖੇ ਗਏ ਹਨ ਪਰ ਐਵੇਂ ਨਾਂ ਮਾਤਰ ਰਕਬੇ 'ਤੇ। ਅਸਲ ਕਣਕ ਦੀ ਕਾਸ਼ਤ ਥੱਲੇ ਰਕਬੇ ਦਾ ਪਤਾ ਤਾਂ 20 ਦਸੰਬਰ ਤੋਂ ਬਾਅਦ ਹੀ ਲੱਗ ਸਕੇਗਾ। ਹਾਲ ਦੀ ਘੜੀ ਮੰਡੀ ਵਿਚ ਪਿਛੇਤੀ ਬਿਜਾਈ ਲਈ ਕਣਕ ਦੀਆਂ ਕਿਸਮਾਂ ਦੇ ਬੀਜ ਦੀ ਸਖ਼ਤ ਘਾਟ ਹੋ ਗਈ ਹੈ। ਅਗਾਂਹਵਧੂ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਹਰ ਦਿਨ ਬਦਲਵੇਂ ਸੁਝਾਵਾਂ ਨੇ ਭੰਬਲਭੂਸੇ 'ਚ ਪਾ ਕੇ ਸਗੋਂ ਨੁਕਸਾਨ ਪਹੁੰਚਾਇਆ ਹੈ। ਜਿੱਥੇ ਇਸ ਸਾਲ ਦੂਜੇ ਰਾਜਾਂ 'ਚ ਕਣਕ ਦੀ ਕਾਸ਼ਤ ਲਈ ਮੌਸਮ ਅਨੁਕੂਲ ਰਿਹਾ ਹੈ, ਉਥੇ ਪੰਜਾਬ 'ਚ ਝੋਨੇ ਦੀ ਰਹਿੰਦ-ਖੂੰਹਦ ਦੇ ਨਿਬੇੜੇ ਸਬੰਧੀ ਸਮੇਂ ਸਿਰ ਸਪੱਸ਼ਟ ਫ਼ੈਸਲਾ ਨਾ ਲਏ ਜਾਣ ਵਜੋਂ ਕਿਸਾਨਾਂ ਨੂੰ ਖੇਤਾਂ ਦੀ ਰੌਣੀ ਕਰਨੀ ਪਈ ਅਤੇ ਗਿਲ੍ਹ ਜ਼ਿਆਦਾ ਹੋਣ ਨਾਲ ਇਸ ਸਾਲ ਖੇਤਾਂ 'ਚ ਗੁੱਲੀ ਡੰਡੇ ਦੀ ਵੀ ਬਹੁਤਾਤ ਹੈ। ਖੇਤਾਂ 'ਚ ਗੁੱਲੀ ਡੰਡਾ ਵੇਖਦੇ ਹੋਏ ਬਹੁਤੇ ਕਿਸਾਨ ਨਦੀਨ ਨਾਸ਼ਕਾਂ ਦੀ ਵਰਤੋਂ ਪਹਿਲੀ ਸਿੰਜਾਈ ਤੋਂ ਪਹਿਲਾਂ ਹੀ ਕਰ ਰਹੇ ਹਨ।
ਸਬਜ਼ ਇਨਕਲਾਬ ਤੋਂ ਬਾਅਦ ਝੋਨਾ - ਕਣਕ ਦਾ ਫ਼ਸਲੀ ਚੱਕਰ ਵਧਣ ਨਾਲ ਗੁੱਲੀ ਡੰਡੇ ਦੀ ਸਮੱਸਿਆ ਆਰੰਭ ਹੋਈ ਅਤੇ ਸ਼ੁਰੂ-ਸ਼ੁਰੂ ਵਿਚ ਇਸ ਦੀ ਰੋਕਥਾਮ ਲਈ ਦਵਾਈਆਂ ਵਰਤਣੀਆਂ ਸ਼ੁਰੂ ਹੋਈਆਂ, ਜੋ ਸਸਤੀਆਂ ਹੋਣ ਦੇ ਬਾਵਜੂਦ ਗੁੱਲੀ ਡੰਡੇ ਦੀ ਚੰਗੀ ਰੋਕਥਾਮ ਕਰਦੀਆਂ ਸਨ। ਫੇਰ ਸੰਨ 1992 ਤੋਂ ਇਨ੍ਹਾਂ ਦਵਾਈਆਂ ਦੀ ਸਮਰੱਥਾ ਘਟਦੀ ਗਈ, ਜਿਸ ਉਪਰੰਤ ਸੰਨ 1998-1999 'ਚ ਕਈ ਹੋਰ ਨਦੀਨ ਨਾਸ਼ਕ ਸਿਫ਼ਾਰਿਸ਼ ਕੀਤੇ ਗਏ, ਜਿਨ੍ਹਾਂ ਨੇ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਕਰਕੇ ਕਣਕ ਦੇ ਝਾੜ 'ਚ ਚੋਖਾ ਵਾਧਾ ਕੀਤਾ। ਕੁਝ ਸਮੇਂ ਬਾਅਦ ਇਨ੍ਹਾਂ 'ਚੋਂ ਕਈਆਂ ਦੇ ਮਾੜੇ ਨਤੀਜਿਆਂ ਦੀਆਂ ਸ਼ਿਕਾਇਤਾਂ ਉਪਰੰਤ ਇਹ ਨਦੀਨ ਨਾਸ਼ਕ ਖੇਤਾਂ ਵਿਚੋਂ ਗ਼ਾਇਬ ਹੋ ਗਿਆ। ਫੇਰ ਹੋਰ ਵੱਖ-ਵੱਖ ਗਰੁੱਪਾਂ ਦੇ ਨਦੀਨ ਨਾਸ਼ਕ ਵਰਤੇ ਜਾਣ ਲੱਗੇ। ਜਿਨ੍ਹਾਂ ਖੇਤਾਂ ਵਿਚ ਇਹ ਨਦੀਨ ਨਾਸ਼ਕ ਲੰਬੇ ਸਮੇਂ ਤੋਂ ਵਰਤੇ ਜਾ ਰਹੇ ਹਨ, ਹੁਣ ਇਨ੍ਹਾਂ ਦੀ ਮਾੜੀ ਸਮਰੱਥਾ ਸਬੰਧੀ ਵੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਨਦੀਨ ਨਾਸ਼ਕ ਪਟਿਆਲਾ, ਫਤਹਿਗੜ੍ਹ ਸਾਹਿਬ, ਗੁਰਦਾਸਪੁਰ ਅਤੇ ਮੋਗਾ ਜਿਹੇ ਜ਼ਿਲ੍ਹਿਆਂ ਦੀਆਂ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਪ੍ਰਭਾਵਸ਼ਾਲੀ ਨਹੀਂ ਰਹੇ, ਜਿਸ ਲਈ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਅਤੇ ਕਣਕ ਦੀ ਪੈਦਾਵਾਰ ਨੂੰ ਸਥਿਰ ਰੱਖਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣੇ ਲੋੜੀਂਦੇ ਹਨ। ਜਿੱਥੇ ਵਰਤਮਾਨ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਾ ਮਰਦਾ ਹੋਵੇ ਉੱਥੇ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਨਦੀਨਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਕੁਝ ਨਦੀਨ ਨਾਸ਼ਕਾਂ ਨੂੰ ਖੇਤੀ ਵਿਗਿਆਨੀਆਂ ਦੀ ਸਲਾਹ ਤੋਂ ਬਿਨਾਂ ਪੀ. ਬੀ. ਡਬਲਿਊ. 550 ਤੇ ਉਨਤ ਪੀ. ਬੀ. ਡਬਲਿਊ. 550 ਕਿਸਮਾਂ ਦੇ ਖੇਤਾਂ 'ਚ ਅਤੇ ਹਲਕੀਆਂ ਜ਼ਮੀਨਾਂ ਵਿਚ ਨਹੀਂ ਵਰਤਣਾ ਚਾਹੀਦਾ। ਹਰ ਨਦੀਨ ਨਾਸ਼ਕ ਨੂੰ ਪੂਰੇ ਗਿਆਨ ਨਾਲ ਵਿਗਿਆਨਕ ਢੰਗ ਨਾਲ ਵਰਤਣਾ ਚਾਹੀਦਾ ਹੈ। ਬਹੁਤ ਸਾਰੇ ਕਿਸਾਨ ਸ਼ੁਰੂ ਵਿਚ ਹੀ ਕਣਕ ਦੀ ਬਿਜਾਈ ਕਰਕੇ ਕੁਝ ਨਦੀਨ ਨਾਸ਼ਕ ਵਰਤ ਕੇ ਗੁੱਲੀ ਡੰਡੇ ਦੀ ਰੋਕਥਾਮ ਕਰ ਲੈਂਦੇ ਹਨ। ਗੁੱਲੀ ਡੰਡਾ ਕਈ ਥਾਵਾਂ 'ਤੇ 60 ਪ੍ਰਤੀਸ਼ਤ ਤੱਕ ਉਤਪਾਦਕਤਾ ਘਟਾਉਣ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਕਿਸਾਨ ਹਰ ਕੀਮਤ 'ਤੇ ਇਸ ਦੀ ਰੋਕਥਾਮ ਲਈ ਉਪਰਾਲਾ ਕਰਦੇ ਹਨ। ਕਿਉਂਕਿ ਉਹ ਇਸ ਨਦੀਨ ਨੂੰ ਹੱਥੀਂ ਕੱਢਣ 'ਚ ਅਸਮਰੱਥ ਹਨ। ਇਸ ਲਈ ਨਦੀਨ ਨਾਸ਼ਕ ਦੀ ਵਰਤੋਂ ਕਰਨ ਲਈ ਮਜਬੂਰ ਹਨ। ਕਈ ਕਿਸਾਨਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ਉਹ ਸਹੀ ਨਦੀਨ ਨਾਸ਼ਕ, ਸਹੀ ਸਮੇਂ 'ਤੇ ਅਤੇ ਸਿਫ਼ਾਰਿਸ਼ ਕੀਤੀ ਮਾਤਰਾ 'ਚ ਨਾ ਵਰਤਣ ਕਾਰਨ ਦੋ-ਦੋ ਵਾਰ ਵੱਖੋ-ਵੱਖ ਦਵਾਈਆਂ ਦਾ ਛਿੜਕਾਅ ਕਰਕੇ ਫ਼ਜ਼ੂਲ ਖਰਚਾ ਵੀ ਕਰ ਰਹੇ ਹਨ। ਉਨ੍ਹਾਂ ਨੂੰ ਖੇਤੀ ਮਾਹਿਰਾਂ ਦੀ ਅਗਵਾਈ ਲੈਣੀ ਚਾਹੀਦੀ ਹੈ ਅਤੇ ਆਦਰਸ਼ ਫ਼ਾਰਮ ਸੇਵਾ ਨਾਲ ਰਾਬਤਾ ਜੋੜਨਾ ਚਾਹੀਦਾ ਹੈ। ਗੁੱਲੀ ਡੰਡਾ ਖੇਤ ਵਿਚੋਂ ਜ਼ਰੂਰੀ ਤੱਤ ਅਤੇ ਨਮੀ ਖਿੱਚ ਲੈਂਦਾ ਹੈ। ਸਿੱਟੇ ਵਜੋਂ ਫ਼ਸਲ ਕਮਜ਼ੋਰ ਪੈ ਜਾਂਦੀ ਹੈ।
ਕਈ ਥਾਵਾਂ 'ਤੇ ਲਘੂ ਤੱਤਾਂ ਦੀ ਘਾਟ ਕਾਰਨ ਵੀ ਉਤਪਾਦਕਤਾ ਪ੍ਰਭਾਵਿਤ ਹੁੰਦੀ ਹੈ। ਰੇਤਲੀਆਂ, ਬੇਟ ਇਲਾਕੇ ਦੀਆਂ, ਖਾਰੀਆਂ, ਸੋਡੇ ਵਾਲੇ ਪਾਣੀਆਂ ਨਾਲ ਸਿੰਜੀਆਂ ਜ਼ਮੀਨਾਂ ਵਿਚ ਜ਼ਿੰਕ ਦੀ ਘਾਟ ਆ ਜਾਂਦੀ ਹੈ, ਜਿਸ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਪੀਲੇ ਪੈ ਜਾਂਦੇ ਹਨ। ਜਿੰਕ ਦੀ ਘਾਟ ਜਿੰਕ ਸਲਫ਼ੇਟ ਦਾ 0.5 ਫੀਸਦੀ ਘੋਲ ਦਾ ਛਿੜਕਾਅ ਕਰਕੇ ਪੂਰੀ ਕੀਤੀ ਜਾ ਸਕਦੀ ਹੈ। ਅਜਿਹੇ ਦੋ-ਤਿੰਨ ਛਿੜਕਾਅ ਕਰਨੇ ਪੈਣਗੇ। ਫ਼ਸਲ ਨੂੰ ਪਹਿਲਾ ਪਾਣੀ ਲੱਗਣ ਤੋਂ ਤੁਰੰਤ ਬਾਅਦ ਮੈਗਨੀਜ਼ ਦੀ ਘਾਟ ਆ ਜਾਂਦੀ ਹੈ, ਜਿਸ ਨਾਲ ਹਲਕੇ ਪੀਲੇ ਸਲੇਟੀ ਤੋਂ ਗੁਲਾਬੀ ਵੱਖ-ਵੱਖ ਆਕਾਰ ਦੇ ਧੱਬੇ ਪੱਤਿਆਂ 'ਤੇ ਆ ਜਾਂਦੇ ਹਨ। ਇਹ ਧੱਬੇ ਇਕੱਠੇ ਹੋ ਕੇ ਇਕ ਲੰਬੀ ਧਾਰੀ ਜਾਂ ਗੋਲ ਆਕਾਰ ਧਾਰਣ ਕਰ ਲੈਂਦੇ ਹਨ। ਅਜਿਹੀ ਹਾਲਤ ਵਿਚ 0.5 ਫ਼ੀਸਦੀ ਮੈਗਨੀਜ਼ ਸਲਫ਼ੇਟ (30 ਪ੍ਰਤੀਸ਼ਤ ਮੈਗਨੀਜ਼) ਦੇ ਘੋਲ ਦਾ ਛਿੜਕਾਅ ਚੰਗੀ ਧੁੱਪ ਵਾਲੇ ਦਿਨ ਕਰ ਦੇਣਾ ਚਾਹੀਦਾ ਹੈ। ਅਜਿਹੇ ਤਿੰਨ ਹੋਰ ਛਿੜਕਾਅ ਹਫ਼ਤੇ-ਹਫ਼ਤੇ ਦੇ ਵਕਫ਼ੇ 'ਤੇ ਕਰਨੇ ਦਰਕਾਰ ਹਨ।
ਕਿਸਾਨਾਂ ਨੂੰ ਹੁਣ ਸਮੇਂ ਸਿਰ ਬੀਜੀ ਕਣਕ ਨੂੰ ਪਹਿਲਾ ਪਾਣੀ ਦੇ ਦੇਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਨੂੰ ਚਾਰ ਹਫ਼ਤੇ ਦੀ ਬਜਾਏ ਤਿੰਨ ਹਫ਼ਤੇ ਬਾਅਦ ਹੀ ਪਾਣੀ ਦੇਣਾ ਚਾਹੀਦਾ ਹੈ। ਪਹਿਲੇ ਪਾਣੀ ਨਾਲ 55 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਿਸ਼ ਹੈ। ਜੇ ਗੰਧਕ ਦੀ ਘਾਟ ਆ ਜਾਵੇ ਤਾਂ ਇਕ ਕੁਇੰਟਲ ਜਿਪਸਮ ਪ੍ਰਤੀ ਏਕੜ ਧੂੜੋ ਅਤੇ ਹਲਕਾ ਪਾਣੀ ਦੇ ਦਿਓ। ਜੇਕਰ ਮਿੱਟੀ ਵਿਚ ਗਿਲ੍ਹ ਹੋਵੇ ਤਾਂ ਜਿਪਸਮ ਗੋਡੀ ਦੇ ਕੇ ਰਲਾਓ। ਨੀਮ-ਪਹਾੜੀ ਇਲਾਕਿਆਂ ਵਿਚ ਪੀਲੀ ਕੁੰਗੀ ਦਾ ਹਮਲਾ ਹੋਣ ਦੀ ਸੰਭਾਵਨਾ ਹੈ। ਅਜਿਹੀ ਹਾਲਤ ਵਿਚ ਤਾਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕਿਸੇ ਦਵਾਈ ਦਾ ਸਪਰੇਅ ਕਰੋ। ਪਿਛੇਤੀ ਬੀਜੀ ਕਣਕ ਨੂੰ ਨਾਈਟ੍ਰੋਜਨ ਦੀ ਦੂਜੀ ਖੁਰਾਕ ਪਹਿਲੇ ਪਾਣੀ ਨਾਲ ਹੀ ਦੇ ਦੇਣੀ ਚਾਹੀਦੀ ਹੈ।


-ਮੋਬਾ: 98152-36307

ਵਿਰਸੇ ਦੀਆਂ ਬਾਤਾਂ

ਪਹੁ ਫੁਟਾਲੇ ਨਾਲ ਹਰ ਕੋਈ ਕੰਮਾਂ ਨੂੰ ਤੁਰ ਪੈਂਦਾ...

'ਧਰਤੀ ਬਲਦ ਦੇ ਸਿੰਗਾਂ 'ਤੇ ਖੜ੍ਹੀ ਹੈ। ਜਦੋਂ ਬਲਦ ਸਿੰਗ ਬਦਲਦਾ, ਉਦੋਂ ਭੁਚਾਲ ਆ ਜਾਂਦਾ।' ਨਿੱਕੇ ਹੁੰਦਿਆਂ ਵਾਰ-ਵਾਰ ਸੁਣਦੇ ਸਾਂ। ਵੱਡੇ ਹੋਏ ਤਾਂ ਪਤਾ ਲੱਗਾ, ਇਹ ਸਭ ਮਨਘੜਤ ਗੱਲਾਂ ਹਨ। ਸਿਰੇ ਦਾ ਅੰਧਵਿਸ਼ਵਾਸ। ਸਚਾਈ ਰੱਤੀ ਭਰ ਨਹੀਂ। ਵਿਗਿਆਨ ਨੇ ਸਭ ਕੁਝ ਸਾਫ਼ ਕਰ ਦਿੱਤਾ ਕਿ ਭੁਚਾਲ ਕਿਉਂ ਆਉਂਦੇ ਹਨ ਤੇ ਧਰਤੀ ਹੇਠਲੀਆਂ ਪਲੇਟਾਂ ਕਿਵੇਂ ਖਿਸਕਦੀਆਂ ਹਨ। ਅੱਜ ਇਹ ਤਸਵੀਰ ਦੇਖ ਕੇ ਇਉਂ ਲੱਗਾ, ਜਿਵੇਂ ਇਸ ਬਲਦ ਨੇ ਸਿੰਗਾਂ 'ਤੇ ਸੂਰਜ ਚੁੱਕ ਲਿਆ ਹੋਵੇ। ਕੈਮਰਾਮੈਨ ਦੀ ਅੱਖ ਦਾ ਕਮਾਲ ਹੈ ਇਹ। ਸਹੀ ਕਿਹਾ ਜਾਂਦੈ ਕਿ ਕੈਮਰੇ ਨਾਲੋਂ ਅੱਖ ਦਾ ਕਮਾਲ ਵੱਧ ਹੁੰਦਾ। ਤਸਵੀਰ ਦੇਖ ਮਨ ਵਿਚ ਕਿੰਨਾ ਕੁਝ ਉਮੜ ਆਇਆ। ਕਿਸਾਨ ਤੇ ਬਲਦ ਦੀ ਸਾਂਝ। ਉਹ ਵੀ ਵੇਲਾ ਸੀ, ਜਦੋਂ ਬਲਦ ਕਿਸਾਨ ਲਈ ਪੁੱਤਾਂ ਬਰਾਬਰ ਹੁੰਦੇ ਸਨ। ਕਿੰਨਾ ਖਿਆਲ ਰੱਖਿਆ ਜਾਂਦਾ ਸੀ ਇਨ੍ਹਾਂ ਦਾ। ਗਊ ਦੇ ਜਾਏ। ਪਹੁ ਫੁੱਟਣ ਤੋਂ ਪਹਿਲਾਂ ਕਿਸਾਨ ਬਲਦ ਲੈ ਕੇ ਘਰੋਂ ਨਿਕਲ ਪੈਂਦੇ ਤੇ ਦਿਨ ਛਿਪਣ 'ਤੇ ਮੁੜਦੇ ਸਨ। ਤਿੱਖੜ ਦੁਪਹਿਰੇ ਘੰਟਾ ਘੜੀ ਖੇਤ ਵਿਚ ਹੀ ਦਰੱਖਤ ਥੱਲੇ ਅਰਾਮ ਕਰ ਲੈਂਦੇ। ਕਿਸਾਨ ਚਾਹ-ਦੁੱਧ ਬਣਾ ਲੈਂਦੇ ਤੇ ਬਲਦ ਅਰਾਮ ਕਰ ਲੈਂਦੇ ਜਾਂ ਪੱਠੇ ਖਾਂਦੇ।
ਹਲ ਵਾਹੁਣ, ਸੁਹਾਗਾ ਫੇਰਨ ਦਾ ਕੰਮ ਮੁੜ ਸ਼ੁਰੂ ਹੋ ਜਾਂਦਾ। ਬਿਜਾਈ ਹੁੰਦੀ ਤੇ ਸਾਰਾ ਦਿਨ ਕਿਸਾਨ ਤੇ ਬਲਦ ਖੇਤ 'ਚ ਕੰਮ ਕਰਕੇ ਸੂਰਜ ਛਿਪਣ ਮੌਕੇ ਘਰ ਮੁੜਦੇ। ਬਲਦਾਂ ਨੂੰ ਚੰਗੇ ਪੱਠੇ ਪਾਏ ਜਾਂਦੇ। ਗੁੜ ਚਾਰਿਆ ਜਾਂਦਾ। ਖਲ, ਵੜੇਵੇਂ ਖੁਆਏ ਜਾਂਦੇ ਤਾਂ ਜੁ ਉਹ ਅਗਲੇ ਦਿਨ ਵੀ ਕੰਮ ਕਰਨ ਲਈ ਤਿਆਰ ਰਹਿਣ। ਕਿਸਾਨ ਰੋਟੀ-ਪਾਣੀ ਛਕ ਕੇ ਗੁੜ ਦੀ ਡਲੀ ਖਾ ਕੇ ਸੌਂਦੇ।
ਕੇਹਾ ਵੇਲਾ ਸੀ ਉਹ। ਜਦੋਂ ਕੁੱਕੜ ਦੀ ਬਾਂਗ ਲੋਕਾਂ ਨੂੰ ਉਠਾ ਦਿੰਦੀ ਸੀ ਤੇ ਚਿੜੀਆਂ ਦੇ ਚੀਂ-ਚੀਂ ਕਰਨ ਤੱਕ ਖੇਤਾਂ ਵਿਚ ਕੰਮ ਸ਼ੁਰੂ ਹੋ ਜਾਂਦਾ ਸੀ। ਇਹ ਦ੍ਰਿਸ਼ ਹੁਣ ਬੀਤੇ ਦੀ ਬਾਤ ਹਨ। ਇਹਦੇ ਪਿੱਛੇ ਅੱਡੋ-ਅੱਡ ਕਾਰਨ ਹਨ। ਪਸ਼ੂ ਧਨ ਸੰਭਾਲਣਾ ਮਹਿੰਗਾ ਹੋ ਗਿਆ। ਖੇਤੀਬਾੜੀ ਦਾ ਮਸ਼ੀਨੀਕਰਨ ਹੋ ਗਿਆ। ਪੂਰੇ ਦਿਨ ਵਿਚ ਹੋਣ ਵਾਲਾ ਕੰਮ ਕੁੱਝ ਘੰਟਿਆਂ ਜਾਂ ਮਿੰਟਾਂ ਵਿਚ ਨਿਬੇੜਨ ਦੀ ਕਾਹਲ ਹੈ। ਬਲਦ ਛੱਡੋ, ਹੁਣ ਤਾਂ ਘਰਾਂ ਵਿਚ ਗਾਵਾਂ, ਮੱਝਾਂ ਵੀ ਘਟ ਰਹੀਆਂ ਹਨ। ਜਿਹੜੇ ਘਰਾਂ ਵਿਚ ਦੁੱਧ, ਘਿਓ ਮੁੱਕਦਾ ਨਹੀਂ ਸੀ, ਉਨ੍ਹਾਂ ਘਰਾਂ ਵਿਚ ਦੋਧੀ ਦੁੱਧ ਪਹੁੰਚਾ ਰਹੇ ਹਨ ਜਾਂ ਪੈਕੇਟ ਵਾਲਾ ਦੁੱਧ ਵਰਤਿਆ ਜਾ ਰਿਹਾ।
ਇਕਹਿਰੇ ਪਰਿਵਾਰ, ਸੁੰਗੜੀਆਂ ਜ਼ਮੀਨਾਂ, ਵਧੇ ਖਰਚੇ, ਘਟੀ ਆਮਦਨ ਤੇ ਮਿਹਨਤ ਦੀ ਘਾਟ, ਸਾਰੇ ਕਾਰਨ ਆਪੋ-ਆਪਣੀ ਥਾਂ ਜ਼ਿੰਮੇਵਾਰ ਹਨ। ਕੋਈ ਕਿਸੇ ਇਕ ਕਾਰਨ ਨੂੰ ਵੱਧ ਦੋਸ਼ੀ ਮੰਨਦਾ, ਕੋਈ ਦੂਜੇ ਨੂੰ। ਪਰ ਕਿਤੇ ਨਾ ਕਿਤੇ ਸਭ ਨੇ ਜ਼ਿੰਮੇਵਾਰੀ ਨਿਭਾਈ ਹੈ ਕਿ ਅਸੀਂ ਪੁਰਾਣੇ ਵੇਲੇ ਨਾਲੋਂ ਦੂਰ ਹੋਏ ਹਾਂ। ਭਾਵੇਂ ਹੁਣ ਪਹਿਲਾਂ ਨਾਲੋਂ ਜ਼ਿੰਦਗੀ ਸੁੱਖਾਂ ਲੱਦੀ ਹੈ, ਪਰ ਅੱਜ ਜਿੰਨੀਆਂ ਖੁਦਕੁਸ਼ੀਆਂ ਪਹਿਲਾਂ ਨਹੀਂ ਸੀ ਹੁੰਦੀਆਂ। ਹੁਣ ਕੰਮ ਸੌਖਾ ਹੈ, ਜ਼ਿੰਦਗੀ ਔਖੀ। ਪਹਿਲਾਂ ਕੰਮ ਔਖੇ ਸਨ, ਜ਼ਿੰਦਗੀ ਅੱਜ ਨਾਲੋਂ ਸੌਖੀ ਸੀ। ਇਹ ਸਭ ਕੀਤਾ ਵੀ ਤਾਂ ਅਸੀਂ ਹੀ ਹੈ, ਕਿਸੇ ਹੋਰ ਨੇ ਨਹੀਂ।


37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਪੰਜਾਬ ਵਿਚ ਕਿੰਨੂ ਦੇ ਬਗੀਚਿਆਂ ਦਾ ਸਿਰਜਕ ਡਾ: ਜਗਦੀਸ਼ ਚੰਦਰ ਬਖਸ਼ੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਰਕਾਰ ਨੇ ਉਨ੍ਹਾਂ ਨੂੰ ਪੀ. ਐਚ. ਡੀ. ਦੀ ਪੜ੍ਹਾਈ ਕਰਨ ਲਈ 1963 ਵਿਖੇ ਕੈਲੇਫ਼ੋਰਨੀਆਂ ਯੂਨੀਵਰਸਿਟੀ (ਰਿਵਰਸਾਈਡ) ਭੇਜ ਦਿੱਤਾ। ਜਿਥੋਂ ਇਹ ਜੁਲਾਈ 1966 ਵਿੱਚ ਵਧੀਆ ਅੰਕਾਂ ਵਿਚ ਡਿਗਰੀ ਲੈ ਕੇ ਵਾਪਸ ਆਏ। ਇਥੇ ਇਹ ਦੱਸਣਾ ਉਚਿੱਤ ਹੋਵੇਗਾ ਕਿ ਆਪ ਬਾਗ਼ਬਾਨਾਂ ਵਿਚ ਪਿਆਰੇ ਸਨ ਕਿ ਇਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਦੇ ਪਰਿਵਾਰ ਦੀ ਦੇਖ-ਭਾਲ ਦੀ ਸਾਰੀ ਜ਼ਿੰਮੇਵਾਰੀ ਇਨ੍ਹਾਂ ਕਿਸਾਨਾਂ ਨੇ ਆਪਣੇ ਸਿਰ ਲੈ ਲਈ । ਅਮਰੀਕਾ ਤੋਂ ਵਾਪਸੀ 'ਤੇ ਇਨ੍ਹਾਂ ਨੂੰ ਹਿਸਾਰ ਸਹਿਯੋਗੀ ਪ੍ਰੋਫੈਸਰ ਬਣਾ ਕੇ ਭੇਜ ਦਿੱਤਾ ਗਿਆ। ਅਬੋਹਰ ਦੇ ਬਾਗ਼ਬਾਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਮਿਲੇ। ਵਾਈਸ ਚਾਂਸਲਰ ਨੇ ਇਨ੍ਹਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਮੁੱਖ ਕੈਂਪਸ ਉਤੇ ਰਹਿ ਕੇ ਹੋਰ ਵੀ ਵਧੀਆ ਕੰਮ ਕਰ ਸਕਦੇ ਹੋ। ਪਰ ਕਿਸਾਨਾਂ ਦੇ ਜ਼ੋਰ ਦੇਣ ਉਤੇ ਇਨ੍ਹਾਂ ਨੂੰ ਅਬੋਹਰ ਖੋਜ ਕੇਂਦਰ ਦਾ ਵਾਧੂ ਚਾਰਜ ਵੀ ਦੇ ਦਿੱਤਾ ਗਿਆ। ਅਬੋਹਰ ਵਿਚ ਲੱਗੇ ਬਗੀਚਿਆਂ ਨੂੰ ਵੇਖ ਉਦੋਂ ਦੇ ਮੁਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਨੇ ਇਨ੍ਹਾਂ ਨੂੰ ਆਖਿਆ ਸੀ, 'ਤੂੰ ਤਾਂ ਬਈ ਪੰਜਾਬ ਨੂੰ ਸਚਮੁਚ ਕੈਲ਼ੇਫੋਰਨੀਆ ਬਣਾ ਦਿੱਤਾ ਹੈ।'
ਸਾਲ 1966 ਵਿਚ ਪੰਜਾਬ ਦੀ ਵੰਡ ਹੋ ਗਈ, ਹਰਿਆਣਾ ਵੱਖਰਾ ਸੂਬਾ ਬਣ ਗਿਆ ਤੇ 1969 ਵਿਚ ਹਿਸਾਰ ਨੂੰ ਹਰਿਆਣੇ ਦੀ ਵੱਖਰੀ ਖੇਤੀ ਯੂਨੀਵਰਸਿਟੀ ਬਣਾ ਦਿੱਤਾ ਗਿਆ। ਪੰਜਾਬੀ ਸਟਾਫ਼ ਨੂੰ ਲੁਧਿਆਣੇ ਆਉਣਾ ਪਿਆ। ਡਾ: ਬਖਸ਼ੀ ਵੀ ਲੁਧਿਆਣੇ ਆ ਗਏ ਤੇ ਇਨ੍ਹਾਂ ਨੂੰ ਜਾਇੰਟ ਡਾਇਰੈਕਟਰ ਖੋਜ ਨਿਯੁਕਤ ਕੀਤਾ ਗਿਆ। ਹੁਣ ਇਨ੍ਹਾਂ ਦੀ ਜ਼ਿੰਮੇਵਾਰੀ ਖੋਜ ਕਰਨ ਦੀ ਥਾਂ ਯੂਨੀਵਰਸਿਟੀ ਦੀ ਖੋਜ ਦੀ ਅਗਵਾਈ ਕਰਨਾ ਸੀ। ਡਾ: ਬਖਸ਼ੀ ਮੁੱਢ ਤੋਂ ਹੀ ਮਿਹਨਤੀ ਸਨ। ਨਵੀਂ ਜ਼ਿੰਮੇਵਾਰੀ ਉਨ੍ਹਾਂ ਲਈ ਇਕ ਚੁਣੌਤੀ ਸੀ। ਉਨ੍ਹਾਂ ਹਰੇ ਇਨਕਲਾਬ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਦੀਆਂ ਪ੍ਰਾਪਤੀਆਂ ਦੇ ਅਧਾਰ ਉਤੇ ਹੀ ਆਪ ਜੀ ਨੂੰ ਯੂਨੀਵਰਸਿਟੀ ਦਾ ਡਾਇਰੈਕਟਰ ਖੋਜ ਫਰਵਰੀ 1974 ਵਿਚ ਬਣਾ ਦਿੱਤਾ ਗਿਆ। ਉਨ੍ਹਾਂ ਨੇ ਖੋਜ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ। ਫ਼ਸਲਾਂ ਦੀਆਂ ਵਧ ਝਾੜ ਦੇਣ ਵਾਲੀਆਂ ਕਈ ਪ੍ਰਸਿਧ ਕਿਸਮਾਂ ਇਨ੍ਹਾਂ ਦੇ ਸਮੇਂ ਵਿਕਸਤ ਹੋਈਆਂ। ਯੂਨੀਵਰਸਿਟੀ ਨਿਯਮਾਂ ਅਨੁਸਾਰ ਡਾਇਰੈਕਟਰ ਖੋਜ ਦੀ ਅਸਾਮੀ ਉਤੇ ਚਾਰ ਸਾਲ ਕੰਮ ਕਰਨ ਪਿਛੋਂ ਬਤੌਰ ਡਾਇਰੈਕਟਰ ਪਸਾਰ ਸਿੱਖਿਆ ਕੰਮ ਕਰਨਾ ਪੈਂਦਾ ਸੀ। ਆਪਣੀ ਚਾਰ ਸਾਲ ਦੀ ਵਾਰੀ ਪੂਰੀ ਕਰਨ ਪਿੱਛੋਂ ਆਪ ਨੂੰ ਡਾਇਰੈਕਟਰ ਪਸਾਰ ਸਿੱਖਿਆ ਦੀ ਜ਼ਿੰਮੇਵਾਰੀ ਸੰਭਾਲੀ ਗਈ। ਇਸ ਡਾਇਰੈਕਟੋਰੇਟ ਦਾ ਕੰਮ ਯੂਨੀਵਰਸਿਟੀ ਦੀ ਖੋਜ ਨੂੰ ਕਿਸਾਨਾਂ ਤਕ ਪਹੁੰਚਾਣਾ ਅਤੇ ਸਿਖਲਾਈ ਦੇਣਾ ਸੀ। ਇਨ੍ਹਾਂ ਨੇ ਸਿਖਲਾਈ ਪ੍ਰੋਗਰਾਮਾਂ ਨੂੰ ਨਵੀਂ ਸੇਧ ਪ੍ਰਦਾਨ ਕੀਤੀ। ਡਾ: ਬਖਸ਼ੀ ਆਪ ਮਿਹਨਤੀ ਹਨ ਤੇ ਉਹ ਅੱਗੇ ਵਧ ਕੇ ਹਰੇਕ ਕੰਮ ਪਹਿਲਾਂ ਆਪ ਕਰਦੇ ਹਨ। ਇਸੇ ਕਰਕੇ ਕੋਈ ਹੋਰ ਉਨ੍ਹਾਂ ਨੂੰ ਨਾਂਹ ਹੀ ਨਹੀਂ ਕਰ ਸਕਦਾ ਸੀ। ਉਨ੍ਹਾਂ ਸਰਕਾਰੀ ਵਿਭਾਗਾਂ ਨਾਲ ਸਬੰਧ ਮਜ਼ਬੂਤ ਕੀਤੇ ਤਾਂ ਜੋ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਵਿਕਾਸ ਨੂੰ ਹੋਰ ਅੱਗੇ ਲਿਜਾਇਆ ਜਾ ਸਕੇ। ਉਸ ਸਮੇਂ ਪੰਜਾਬ ਵਿਚ ਖੇਤੀ ਵਿਕਾਸ ਦੀ ਦਰ ਸਾਰੇ ਸੂਬਿਆਂ ਤੋਂ ਕਿੱਤੇ ਵੱਧ ਹੋ ਗਈ ਸੀ। ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਕੀਰਤੀ ਸਾਰੇ ਦੇਸ਼ ਵਿਚ ਫ਼ੈਲ ਚੁੱਕੀ ਸੀ। ਬਿਹਾਰ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਰਜਿੰਦਰਾ ਖੇਤੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾਇਆ। ਡਾ: ਬਖਸ਼ੀ ਨੇ ਉਸ ਯੂਨੀਵਰਸਿਟੀ ਨੂੰ ਮੁੜ ਪੱਕੇ ਪੈਰਾਂ 'ਤੇ ਖੜ੍ਹਾ ਕੀਤਾ ਤੇ ਉਸ ਦੀ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿਚ ਗਿਣਤੀ ਹੋਣ ਲੱਗ ਪਈ। ਉਹ ਭਾਰਤ ਸਰਕਾਰ ਦੀਆਂ ਕਈ ਕਮੇਟੀਆਂ ਦੇ ਮੈਂਬਰ ਅਤੇ ਸਲਾਹਕਾਰ ਵੀ ਰਹੇ ਹਨ। ਜੀਵਨ ਦੇ ਨੌਂ ਦਹਾਕੇ ਪੂਰੇ ਕਰਨ ਪਿੱਛੋਂ ਵੀ ਉਹ ਪੰਜਾਬ ਦੀ ਕਿਰਸਾਨੀ ਅਤੇ ਕਿਸਾਨਾਂ ਬਾਰੇ ਹੀ ਸੋਚਦੇ ਰਹਿੰਦੇ ਹਨ। ਧਰਤੀ ਹੇਠ ਘੱਟ ਰਹੇ ਪਾਣੀ ਦਾ ਉਨ੍ਹਾਂ ਨੂੰ ਫ਼ਿਕਰ ਹੈ। ਉਹ ਸਮਝਦੇ ਹਨ ਕਿ ਛੋਟੇ ਕਿਸਾਨ ਖੇਤੀ ਨਾਲ ਹੋਰ ਧੰਦੇ ਵੀ ਸ਼ੁਰੂ ਕਰਨ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਸਰਕਾਰ ਨੂੰ ਛੋਟੇ ਕਿਸਾਨਾਂ ਲਈ ਪਿੰਡਾਂ ਵਿਚ ਹੀ ਰੁਜ਼ਗਾਰ ਦੇ ਵਸੀਲੇ ਵਿਕਸਤ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਖੇਤੀ ਵਿਕਾਸ ਸਦਕਾ ਹੀ ਪਿੰਡਾਂ ਵਿਚ ਲੋਕਾਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ। ਇਸ ਕਰਕੇ ਖੇਤੀ ਵਿਕਾਸ ਨੂੰ ਭੰਡਣ ਦੀ ਥਾਂ ਖੇਤੀ ਵਿਗਿਆਨੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ? (ਸਮਾਪਤ)


-ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ
ਮੋਬਾਈਲ : 94170-87328

ਕੁਦਰਤੀ ਸੋਮੇ

* ਲੈਕ: ਜਸਪਾਲ ਸਿੰਘ ਨਾਗਰਾ *
ਕੁਦਰਤ ਨੇ ਜੋ ਸੋਮੇ ਬਖ਼ਸ਼ੇ,
ਰਲ-ਮਿਲ ਕਰੋ ਸੰਭਾਲ।
ਦੁਰਵਰਤੋਂ ਜੇ ਰੋਕੀ ਨਾ ਗਈ,
ਹੋ ਜਾਂਗੇ ਕੰਗਾਲ।
ਰੁੱਖ ਕੱਟਣ ਤੋਂ ਕਰ ਲਓ ਤੋਬਾ,
ਜੇ ਸੌਖਾ ਸਾਹ ਲੈਣਾ,
ਨਹੀਂ ਤਾਂ ਪ੍ਰਦੂਸ਼ਣ ਦੇਵੇਗਾ,
ਅੰਦਰੋਂ ਸਭ ਕੁਝ ਗਾਲ਼।
ਕੀਟਾਂ ਅਤੇ ਨਦੀਨਾਂ ਨੂੰ ਜੋ,
ਮਾਰਦੀਆਂ ਨੇ ਜ਼ਹਿਰਾਂ,
ਧਰਤੀ ਨੂੰ ਪ੍ਰਦੂਸ਼ਿਤ ਕਰਦੀਆਂ,
ਮਿਲ ਪਾਣੀ ਦੇ ਨਾਲ।
ਫ਼ਸਲਾਂ ਦੀ ਜਦ ਰਹਿੰਦ-ਖੂੰਹਦ ਨੂੰ,
ਲੋਕੀਂ ਅੱਗਾਂ ਲਾਉਂਦੇ,
ਧਰਤੀ ਮਾਂ ਦੀ ਕੋਮਲ ਹਿੱਕ ਨੂੰ,
ਹਾਲੋਂ ਕਰਨ ਬੇਹਾਲ।
ਨਿੱਜੀ ਲਾਭਾਂ ਖਾਤਰ ਦੁਨੀਆ,
ਮੌਤ ਦੇ ਮੂੰਹ ਨਾ ਝੋਕੋ,
ਸਭ ਕੁਝ 'ਨਾਗਰਾ' ਐਥੇ ਰਹਿਣਾ,
ਜਾਣਾ ਨ੍ਹੀਂ ਕੁਝ ਨਾਲ।


-ਸ. ਸ. ਸ. ਸ. ਉਸਮਾਨਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98782-21721.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX