ਤਾਜਾ ਖ਼ਬਰਾਂ


ਭਾਰੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  6 minutes ago
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ )- ਇਸ ਖੇਤਰ 'ਚ ਸਵੇਰ ਤੋਂ ਸ਼ੁਰੂ ਹੋਏ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਕਿਉਂਕਿ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੈ ਤੇ ਇਸ ਬਾਰਸ਼ ਨਾਲ ਕਈ ਥਾਈਂ ਝੋਨੇ ਦੀ ਫ਼ਸਲ ਡਿੱਗਣ ਦਾ ਸਮਾਚਾਰ ਹੈ, ਨਰਮੇ ਦੀ ...
ਫਰੀਦਕੋਟ ਜ਼ਿਲ੍ਹੇ ਦੀਆਂ ਕੁੱਲ 10 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਕਾਂਗਰਸ ਦਾ ਕਬਜ਼ਾ
. . .  24 minutes ago
ਕੋਟਕਪੁਰਾ, 23 ਸਤੰਬਰ (ਮੋਹਰ ਗਿੱਲ)- ਦੇਰ ਰਾਤ ਤੱਕ ਪ੍ਰਾਪਤ ਹੋਏ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਫਰੀਦਕੋਟ ਜ਼ਿਲ੍ਹੇ ਅਧੀਨ ਆਉਂਦੀਆਂ ਸਾਰੀਆਂ 10 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਫਰੀਦਕੋਟ ਬਲਾਕ 'ਚ 4, ਕੋਟਕਪੁਰਾ ਤੇ ਜੈਤੋ 'ਚ 3-3 ਜ਼ਿਲ੍ਹਾ...
ਏਸ਼ੀਆ ਕੱਪ : ਭਾਰਤ ਪਾਕਿਸਤਾਨ ਵਿਚਾਲੇ ਅੱਜ ਇਕ ਵਾਰ ਹੋਵੇਗੀ ਟੱਕਰ
. . .  about 1 hour ago
ਦੁਬਈ, 23 ਸਤੰਬਰ - ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇਕ ਵਾਰ ਫਿਰ ਏਸ਼ੀਆ ਕੱਪ 2018 'ਚ ਅੱਜ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਸੁਪਰ-4 ਦੇ ਆਪਣੇ ਦੂਸਰੇ ਮੈਚ 'ਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਭਿੜਣਗੀਆਂ। ਇਹ ਦੋਵੇਂ ਟੀਮਾਂ ਬੁੱਧਵਾਰ ਨੂੰ ਇਕ ਮੈਚ ਖੇਡ ਚੁੱਕੀਆਂ ਹਨ, ਜਿਸ...
ਸੰਯੁਕਤ ਰਾਸ਼ਟਰ ਦੇ ਇਜਲਾਸ 'ਚ ਹਿੱਸਾ ਲੈਣ ਲਈ ਸੁਸ਼ਮਾ ਸਵਰਾਜ ਅਮਰੀਕਾ ਪੁੱਜੀ
. . .  about 1 hour ago
ਨਿਊਯਾਰਕ, 23 ਸਤੰਬਰ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਦੇ 73ਵੇਂ ਇਜਲਾਸ 'ਚ ਭਾਗ ਲੈਣ ਲਈ ਨਿਊਯਾਰਕ ਪਹੁੰਚ ਗਏ। ਇਜਲਾਸ 'ਚ ਹਿੱਸਾ ਲੈਣ ਮਗਰੋਂ ਉਹ ਕਈ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਦੁਪੱਖੀ ਤੇ ਬਹੁਪੱਖੀ ਮੀਟਿੰਗਾਂ...
ਹਿਮਾਚਲ 'ਚ ਬਰਫ਼ਬਾਰੀ ਤੇ ਮੀਂਹ
. . .  about 1 hour ago
ਸ਼ਿਮਲਾ, 23 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਪਾਸ ਸਮੇਤ ਕਈ ਇਲਾਕਿਆਂ ਵਿਚ ਬਰਫ਼ਬਾਰੀ ਤੇ ਭਾਰੀ ਮੀਂਹ ਪੈ ਰਿਹਾ ਹੈ। ਉੱਥੇ ਹੀ, ਪੰਜਾਬ ਸਮੇਤ ਉਤਰ ਭਾਰਤ ਦੇ ਕਈ ਹਿੱਸਿਆਂ ਵਿਚ ਲੰਘੇ ਦਿਨ ਤੋਂ ਹੀ ਮੀਂਹ ਪੈ ਰਿਹਾ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ...
ਮੋਬਾਈਲ ਚੋਰੀ ਦੇ ਦੋਸ਼ 'ਚ ਨਾਬਾਲਗ 'ਤੇ ਢਾਹਿਆ ਗਿਆ ਜੁਲਮ
. . .  about 2 hours ago
ਪਟਨਾ, 23 ਸਤੰਬਰ - ਬਿਹਾਰ ਦੇ ਫੁਲਵਾਰੀ ਸ਼ਰੀਫ ਦੇ ਇਸ਼ੋਪੁਰ ਅਧਪਾ ਕਾਲੋਨੀ 'ਚ ਭੀੜ ਨੇ ਇਕ ਨਾਬਾਲਗ ਨੂੰ ਮੋਬਾਈਲ ਚੋਰੀ ਦੇ ਦੋਸ਼ 'ਚ ਤਿੰਨ ਘੰਟਿਆਂ ਤੱਕ ਦਰਖਤ ਨਾਲ ਬੰਨ੍ਹ ਕੇ ਰੱਖਿਆ ਤੇ ਜੰਮ ਕੇ ਕੁੱਟਮਾਰ ਕੀਤੀ। ਇੱਥੋਂ ਤੱਕ ਭੀੜ ਨੇ ਨਾਬਾਲਗ ਦੇ ਸਰੀਰ 'ਤੇ ਖੰਡ ਪਾ ਦਿੱਤੀ ਤੇ ਕੀੜੀਆਂ ਕੋਲੋਂ ਕਟਵਾਇਆ...
ਅੱਜ ਦਾ ਵਿਚਾਰ
. . .  about 2 hours ago
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਦੁਲਦੀ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ 2949 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਟੌਹੜਾ ਜ਼ੋਨ ਤੋਂ ਕਾਂਗਰਸ ਦੇ ਤੇਜਪਾਲ ਸਿੰਘ 4841 ਵੋਟਾਂ ਨਾਲ ਜੇਤੂ
. . .  1 day ago
ਹੋਰ ਖ਼ਬਰਾਂ..

ਦਿਲਚਸਪੀਆਂ

ਫੋੜੂ ਰਾਮ ਦੀ ਦਰਿਆਦਿਲੀ

ਉਸ ਦੇ ਪਿੰਡੇ 'ਤੇ ਕੋਈ ਫੋੜਾ ਨਹੀਂ ਫਿਰ ਵੀ ਉਸ ਦਾ ਨਾਂਅ ਫੋੜੂ ਰਾਮ ਜਗਤ ਮਸ਼ਹੂਰ ਹੈ | ਉਹ ਆਪਣੇ ਏਰੀਏ ਵਿਚ ਬੇਹੱਦ ਹੀ ਕਿਰਸੀ ਸੁਭਾਅ ਦਾ ਸਮਝਿਆ ਜਾਂਦਾ ਹੈ | ਉਹ ਅਜਿਹਾ ਵਿਅਕਤੀ ਹੈ ਜਿਹੜਾ ਮਿਆਦ ਪੁੱਗਣ ਤੋਂ ਬਾਅਦ ਵੀ ਕਰੋਸੀਨ ਤੇ ਐਨਾਸੀਨ ਦੀਆਂ ਗੋਲੀਆਂ ਸੰਭਾਲ ਕੇ ਰੱਖਦਾ ਹੈ | ਉਸ ਦਾ ਪਰਿਵਾਰਕ ਪਿਛੋਕੜ ਡਾਕਟਰੀ ਨਾਲ ਸਬੰਧਤ ਲਗਦਾ ਹੈ ਕਿਉਂਕਿ ਉਸ ਦੇ ਵੱਡੇ-ਵਡੇਰੇ ਸਰਕਾਰੀ ਡਾਕਟਰਾਂ ਨੂੰ ਹੱਥ ਨਾਲ ਚੱਲਣ ਵਾਲੇ ਪੱਖੇ ਨਾਲ ਹਵਾ ਕਰਦੇ ਹੁੰਦੇ ਸੀ | ਸ਼ਾਇਦ ਇਸ ਲਈ ਉਹ ਬੇਜ਼ਬਾਨ ਕੱਦੂ ਤੇ ਤੋਰੀਆਂ ਦੀ ਸਬਜ਼ੀ ਨੂੰ ਵੀ ਟੀਕੇ ਲਗਾਉਂਦਾ ਹੋਇਆ ਕਈ ਵਾਰੀ ਰੰਗੇ ਹੱਥ ਫੜਿਆ ਗਿਆ ਹੈ | ਉਸ ਨੂੰ ਡੇਂਗੂ ਦੇ ਇਲਾਜ ਲਈ ਬੱਕਰੀਆਂ ਦਾ ਦੁੱਧ ਲਿਆਉਂਦੇ ਅੱਖੀਂ ਵੇਖਿਆ ਹੈ | ਪਰ ਤੜਕਸਾਰ ਫੋੜੂ ਰਾਮ ਦਾਨਵੀਰ ਕਰਨ ਵਰਗਾ ਜਾਪਦਾ ਹੈ ਕਿਉਂਕਿ ਉਹ ਗਾਂਵਾਂ ਨੂੰ ਸੂੜਾ ਪਾਉਣ ਤੇ ਕਾਲੀ ਕੁੱਤੀ ਨੂੰ ਰੋਟੀ ਪਾਉਣ ਦਾ ਦਾਨ ਵੀ ਕਰਦਾ ਹੈ | ਭਾਵੇਂ ਅਸੀਂ ਇਸ ਦਾਨ ਪਿੱਛੇ ਉਸ ਦੀ ਦਾਨ ਦੀ ਮੰਸ਼ਾ ਨਹੀਂ ਜਾਣਦੇ ਹਾਂ | ਪਰ ਅਸੀਂ ਫੋੜੂ ਰਾਮ ਦੀ ਦਰਿਆਦਿਲੀ ਵੇਖ ਕੇ ਸਭ ਹੈਰਾਨ ਹਾਂ |

-ਡਾ: ਅਨਿਲ ਕੁਮਾਰ ਬੱਗਾ, ਕੁਮਾਰ ਹੋਮਿਓ ਕਲੀਨਿਕ, ਪ੍ਰੇਮ ਨਗਰ, ਕੋਟਕਪੂਰਾ | ਮੋਬਾਈਲ : 97788-84393.


ਖ਼ਬਰ ਸ਼ੇਅਰ ਕਰੋ

ਭੁਲੇਖਾ

ਕਿੱਤੇ ਵਜੋਂ ਮੈਂ ਅਧਿਆਪਕ ਹਾਂ | ਪਰ ਇਕ ਰਮਤੇ ਸੰਨਿਆਸੀ ਵਲੋਂ ਦਿੱਤੇ ਦੇਸੀ ਦਵਾਈਆਂ ਦੇ ਨੁਖਸਿਆਂ ਸਦਕਾ ਹਕੀਮੀ ਦੀ ਸੇਵਾ ਨਿਭਾਅ ਰਿਹਾ ਹਾਂ | ਬੇਸ਼ੱਕ ਹੁਣ ਮੈਂ ਨੌਕਰੀ ਤੋਂ ਸੇਵਾਮੁਕਤ ਹੋ ਗਿਆ ਹਾਂ ਤੇ ਪੱਕੇ ਤੌਰ 'ਤੇ ਹਕੀਮੀ ਨੂੰ ਕਿੱਤੇ ਵਾਂਗ ਵੀ ਅਪਨਾ ਲਿਆ ਹੈ | ਪਰ ਅੱਜ ਦੇ ਡਾਕਟਰਾਂ ਵਾਂਗ ਮੈਂ ਇਸ ਕਿੱਤੇ ਨੂੰ ਕਦੇ ਵੀ ਕਮਾਈ ਦੇ ਸਾਧਨ ਵਜੋਂ ਨਹੀਂ ਲਿਆ | ਸਗੋਂ ਲੋਕਾਂ ਦੇ ਇਕ ਸਮਾਜ ਸੇਵਕ ਵਜੋਂ ਸੇਵਾ ਨਿਭਾਅ ਰਿਹਾ ਹਾਂ, ਕਿਉਂਕਿ ਗੁਜ਼ਾਰੇ ਜੋਗੀ ਮੈਨੂੰ ਪੈਨਸ਼ਨ ਮਿਲ ਜਾਂਦੀ ਹੈ | ਇਸ ਕਰਕੇ ਮਰੀਜ਼ਾਂ ਤੋਂ ਮੈਂ ਸਿਰਫ਼ ਜੜ੍ਹੀਆਂ-ਬੂਟੀਆਂ ਨਾਲ ਬਣਾਈ ਦਵਾਈ ਦੀ ਲਾਗਤ ਕੀਮਤ ਹੀ ਲੈਂਦਾ ਹਾਂ ਤੇ ਅਤਿ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈ ਵੀ ਦਿੰਦਾ ਹਾਂ | ਇਸ ਨਾਲ ਮੈਨੂੰ ਖ਼ੁਸ਼ੀ ਤੇ ਆਤਮਿਕ ਸ਼ਾਂਤੀ ਵੀ ਮਿਲਦੀ ਹੈ |
ਮੈਂ ਆਪਣੀ ਦੁਕਾਨ 'ਚ ਲਾਏ ਕਾਲੇ ਸ਼ੀਸ਼ਿਆਂ 'ਚੋਂ ਬਾਹਰੋਂ ਆਉਂਦੇ ਮਰੀਜ਼ਾਂ ਨੂੰ ਵੇਖਦਾ ਹਾਂ ਤੇ ਉਨ੍ਹਾਂ ਦੇ ਪਹਿਰਾਵੇ, ਪੈਰੀਂ ਪਾਈ ਜੁੱਤੀ ਤੇ ਆਉਣ ਵਾਸਤੇ ਵਰਤੇ ਸਾਧਨ ਰਿਕਸ਼ਾ, ਸਾਈਕਲ, ਥ੍ਰੀਵੀਲ੍ਹਰ, ਮੋਟਰਸਾਈਕਲ ਤੇ ਕਾਰ ਵੇਖ ਕੇ ਹੀ ਦਵਾਈ ਦੇ ਪੈਸੇ ਲੈਂਦਾ ਹਾਂ | ਅੱਜ ਸਵੇਰੇ ਅਜੇ ਮੈਂ ਦੁਕਾਨ ਖੋਲ੍ਹੀ ਹੀ ਸੀ ਕਿ ਜਦ ਇਸ ਪਹਿਲੇ ਮਰੀਜ਼ ਨੂੰ ਵੇਖਿਆ ਤਾਂ ਉਸ ਦੇ ਪੁਰਾਣੇ ਫਟੇ ਕੱਪੜੇ, ਪੈਰੀਂ ਟੁੱਟੀ ਚੱਪਲ ਤੇ ਉਹ ਸਾਹ ਵਰੋਲਦਿਆਂ ਬੜੀ ਮੁਸ਼ਕਿਲ ਪੈਦਲ ਚੱਲ ਕੇ ਆਇਆ | ਮੈਂ ਸੋਚ ਰਿਹਾ ਸਾਂ ਕਿ ਇਸ ਪਾਸੋਂ ਦਵਾਈ ਦੇ ਪੈਸੇ ਨਹੀਂ ਲੈਣੇ | ਪਰ ਦਵਾਈ ਦੇਣ ਤੋਂ ਬਾਅਦ ਜਦ ਉਸ ਨੇ ਪੁੱਛਿਆ, 'ਹਕੀਮ ਜੀ ਕਿੰਨੇ ਪੈਸੇ?' ਤਾਂ ਅਤਿ ਮਹਿੰਗੀਆਂ ਜੜ੍ਹੀਆਂ-ਬੂਟੀਆਂ ਤੇ ਮਿਹਨਤ ਨਾਲ ਬਣਾਈ ਦਵਾਈ ਕਾਰਨ ਉਸ ਨੂੰ ਮਜਬੂਰੀ ਵਸ ਨਾ ਚਾਹੁੰਦਿਆਂ ਹੋਇਆਂ ਜਦ 20 ਰੁਪਏ ਕਹੇ ਤਾਂ ਉਸ ਨੇ ਫਟੀ ਕਮੀਜ਼ ਦੇ ਥੱਲੇ ਪਾਈ ਪਥੂਹੀ ਦੀ ਜੇਬ 'ਚੋਂ ਦੋ-ਦੋ ਹਜ਼ਾਰ ਦੇ ਨਵੇਂ ਨੋਟ ਦੀ ਥਹੀ 'ਚੋਂ ਇਕ ਨੋਟ ਕੱਢ ਕੇ ਦਿੰਦਿਆਂ ਕਿਹਾ, 'ਲਓ ਹਕੀਮ ਜੀ ਕੱਟ ਲਵੋ...' ਅੱਜ ਪਹਿਲੀ ਵਾਰ ਮਰੀਜ਼ ਨੂੰ ਪਛਾਨਣ 'ਚ ਮੈਂ ਭੁਲੇਖਾ ਖਾਧਾ ਸੀ ਤੇ ਇਸ ਦਾ ਮੈਨੂੰ ਦਿਲੀ ਅਫ਼ਸੋਸ ਵੀ ਹੈ |

-ਪਿੰਡ ਤੇ ਡਾਕ: ਤਰਸਿੱਕਾ, ਜ਼ਿਲ੍ਹਾ ਅੰਮਿ੍ਤਸਰ |
ਮੋਬਾਈਲ :99141-60554.

ਕਹਾਣੀ ਰੱਬ

'ਕੁੜੇ ਬਹੂ, ਸੁਨੇਹਾ ਸੁਣ ਲੈ... ਮੈਂ ਤਾਂ ਕੱਲ੍ਹ ਵੀ ਭੁੱਲ ਗਈ... ਅੱਜ ਫਿਰ ਕਰਮੀ ਆਈ ਸੀ... ਕੱਲ੍ਹ ਵੀ ਤਾਂ ਆਈ ਸੀ... ਕਹਿੰਦੀ ਬੀਬੀ ਜੀ ਨੂੰ ਮਿਲਣਾ ਏ... ਬਹੁਤ ਜ਼ਰੂਰੀ ਕੰਮ ਏ... ਮੈਨੂੰ ਤਾਂ ਦੱਸਿਆ ਨੀਂ..।' ਕਾਰ 'ਚੋਂ ਪੈਰ ਲਾਹੁੰਦੀ ਨੂੰ ਹੀ ਬੇਬੇ ਜੀ ਨੇ ਬਿਨਾਂ ਦੇਰ ਲਾਏ ਸਭ ਕੁਝ ਇਕੋ ਸਾਹੇ ਕਹਿ ਦਿੱਤਾ। ਮੈਂ ਤਾਂ ਮਾਮੇ ਦੇ ਪੋਤੇ ਦੇ ਵਿਆਹ ਵਿਚ ਰੁੱਝੀ ਹੋਣ ਕਰਕੇ ਦੇਰ ਰਾਤ ਨੂੰ ਘਰ ਮੁੜਦੀ ਸੀ।
ਬੇਬੇ ਜੀ ਤੋਂ ਸੁਨੇਹਾ ਸੁਣ ਕੇ ਮੈਂ ਕੁਝ ਪ੍ਰੇਸ਼ਾਨ ਹੋ ਗਈ। '...ਪਤਾ ਨਹੀਂ ਕੀ ਗੱਲ ਹੋਊ? ਕਰਮੀ ਤਾਂ ਇੰਜ ਕਦੇ ਗੇੜੇ ਨਹੀਂ ਮਾਰਦੀ... ਸੁੱਖ ਹੋਵੇ ਸਹੀ...?' ਭਾਵੇਂ ਸਾਡਾ ਤੇ ਕਰਮੀ ਦਾ ਆਰਥਿਕ ਪੱਖੋਂ ਕੋਈ ਮੇਲ ਨਹੀਂ ਸੀ ਪਰ ਸਮਾਜਿਕ ਮੇਲ ਵਿਚ ਕਰਮੀ ਮੇਰੇ ਕਾਫ਼ੀ ਕਰੀਬ ਸੀ।
ਜਦੋਂ ਕਰਮੀ ਵਿਆਹ ਕੇ ਪਿੰਡ ਆਈ ਤਾਂ ਸਾਰੇ ਪਾਸੇ ਉਸ ਦੇ ਰੰਗ ਰੂਪ ਦੀ ਚਰਚਾ ਹੋਈ। ਗਰੀਬ ਮਾਪਿਆਂ ਦੀ ਕਰਮਜੀਤ ਸੋਹਣੀ ਹੋਣ ਕਰਕੇ ਉੱਚੇ ਖਾਨਦਾਨ ਵਿਚ ਵਿਆਹੀ ਗਈ। ਮਾਪੇ ਤਾਂ ਭਾਵੇਂ ਖੁਸ਼ ਸਨ ਪਰ ਕਰਮੀ ਦੀਆਂ ਖੁਸ਼ੀਆਂ ਦਾ ਸੰਸਾਰ ਉਸ ਦੀ ਬੁੱਕਲ ਤੋਂ ਬਾਹਰ ਸੀ। ਪਤੀ ਅੱਵਲ ਦਰਜੇ ਦਾ ਨਸ਼ਈ ਸੀ। ਸਾਰੀ ਜਾਇਦਾਦ ਕੁਝ ਹੀ ਸਾਲਾਂ ਵਿਚ ਨਸ਼ੇ 'ਚ ਵਿਕ ਗਈ। ਸੱਸ-ਸਹੁਰਾ ਵੀ ਪੁੱਤ ਦੇ ਹੱਥੋਂ ਦੁਖੀ ਹੋ ਕੇ ਜਹਾਨੋਂ ਕੂਚ ਕਰ ਗਏ। ਕਰਮੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਬਥੇਰਾ ਜ਼ੋਰ ਲਾਇਆ ਕਿ, 'ਅਜੇ ਤੇਰੀ ਉਮਰ ਈ ਕਿਹੜੀ ਏ... ਜੁਆਕ ਵੀ ਤੇਰਾ ਨਿਆਣਾ ਏ... ਸਾਰੀ ਉਮਰ ਇਸ ਨਸ਼ਈ ਨਾਲ ਕਿਵੇਂ ਕੱਟੇਂਗੀ... ਜੁਆਕ ਕਿਵੇਂ ਪਾਲੇਂਗੀ... ਕਿਤੇ ਹੋਰ ਤੋਰ ਦਿੰਨੇ ਆਂ...।' ਪਰ ਕਰਮੀ ਪੁੱਤ ਦੀਪੂ ਦੇ ਮੋਹ 'ਚ ਗੜੁੱਚ ਸਭ ਦੀਆਂ ਦਲੀਲਾਂ ਨੂੰ ਪਰ੍ਹੇ ਸੁੱਟ ਦਿੰਦੀ ਅਖੇ... 'ਜੇ ਮੇਰੇ ਕਰਮਾਂ 'ਚ ਸੁੱਖ ਹੁੰਦਾ ਤਾਂ ਪਹਿਲੇ ਵਿਆਹ ਤੋਂ ਹੀ ਹੁੰਦਾ... ਹੁਣ ਕੀ ਗਾਰੰਟੀ ਕਿ ਮੈਂ ਦੂਜੇ ਥਾਂ ਵੀ ਸੁਖੀ ਹੋਊਂ... ਨਾਲੇ ਇਸ ਜੁਆਕ ਦਾ ਕੀ ਕਸੂਰ...?' ਮਾਂ-ਪਿਓ ਦਾ ਪਿਆਰ ਤੇ ਹੀ ਮਾਂ ਦਾ ਨਿੱਘ... ਦੀਪੇ ਦਾ ਸਰਾਪ ਤਾਂ ਮੈਥੋਂ ਲਿਆ ਨੀ ਜਾਣਾ... ਤੁਸੀਂ ਸਾਰੇ ਜਾਓ... ਮੈਂ ਆਵਦੀਆਂ ਬਣੀਆਂ ਆਪੇ ਕੱਟੂੰ...।'
ਕਰਮੀ ਨੇ ਮੁਸ਼ਕਿਲਾਂ ਭਰੀ ਜ਼ਿੰਦਗੀ ਨੂੰ ਸਿਰੜ ਨਾਲ ਜਿਊਣ ਦਾ ਫੈਸਲਾ ਕਰ ਲਿਆ। ਹੱਥਾਂ ਦੀ ਸਚਿਆਰੀ ਹੋਣ ਕਰਕੇ ਕੱਪੜੇ-ਲੱਤੇ ਵਧੀਆ ਸਿਉਂ ਲੈਂਦੀ ਸੀ। ਮੈਂ ਵੀ ਕਰਮੀ ਕੋਲ ਕੱਪੜੇ ਸਿਲਾਉਣ ਜਾਂਦੀ ਤਾਂ ਵਿਚਾਰੀ ਟੁੱਟੀ ਜਿਹੀ ਮਸ਼ੀਨ ਨੂੰ ਤੇਲ ਵਗੈਰਾ ਲਾ ਕੇ ਡੰਗ ਟਪਾ ਲੈਂਦੀ। ਹੌਲੀ-ਹੌਲੀ ਸਿਲਾਈ ਦਾ ਕੰਮ ਵਧਦਾ ਗਿਆ। ਬੱਚਤ ਕਰਕੇ ਸਿਲਾਈ ਮਸ਼ੀਨ ਦੇ ਪੈਰ ਲਏ, ਫਿਰ ਮੋਟਰ ਲਗਵਾਈ, ਦੀਪੇ ਨੂੰ ਸਕੂਲ ਪੜ੍ਹਨ ਪਾ ਦਿੱਤਾ। ਜੁਆਕ ਤੇ ਘਰ ਦੇ ਹਰੇਕ ਖਰਚ ਦੀ ਜ਼ਿੰਮੇਵਾਰੀ ਆਪ ਚੁੱਕ ਲਈ। ਸਾਰਾ ਦਿਨ ਸਿਰੜ ਨਾਲ ਕੰਮ ਕਰਦੀ। ਅੱਖਾਂ ਦੇ ਘੇਰੇ ਕਾਲੇ ਪੈ ਗਏ। ਰੰਗ-ਰੂਪ ਦਿਨਾਂ ਵਿਚ ਹੀ ਢਲ ਗਿਆ। ਨਾਲੇ ਮੁੰਡੇ ਦੀ ਪੜ੍ਹਾਈ ਦਾ ਖਰਚਾ ਪੂਰਾ ਕਰਦੀ ਨਾਲੇ ਟੱਬਰ ਦਾ ਢਿੱਡ ਤੋਰਦੀ, ਪਤੀ ਤਾਂ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਂਦਾ ਸੀ।
ਸਵੇਰ ਹੁੰਦੇ ਸਾਰ ਹੀ ਮੈਂ ਕਰਮੀ ਦੇ ਘਰ ਵੱਲ ਤੁਰ ਪਈ। ਦੂਰੋਂ ਹੀ ਆਉਂਦੀ ਨੂੰ ਦੇਖ ਕੇ ਕਰਮੀ ਨੇ ਮੰਜਾ ਡਾਹ ਦਿੱਤਾ ਤੇ ਨਾਲ ਹੀ ਬਿਨਾਂ ਰੁਕੇ ਕਹਿਣ ਲੱਗੀ, 'ਭੈਣ ਜੀ... ਮਾਫ ਕਰਨਾ... ਦੋ ਦਿਨਾਂ ਤੋਂ ਤੁਹਾਡੇ ਘਰ ਗੇੜੇ ਮਾਰ ਰਹੀ ਆਂ... ਵੇਖਿਓ ਕਿਤੇ ਜਵਾਬ ਨਾ ਦਿਓ... ਤੁਹਾਡੇ 'ਤੇ ਮੈਨੂੰ ਭੈਣਾਂ ਵਰਗਾ ਮਾਣ ਏ... ਤੁਹਾਡੇ ਕੋਲੋਂ ਤਾਂ ਮੇਰੀ ਜ਼ਿੰਦਗੀ ਦੀ ਕਹਾਣੀ ਲੁਕੀ ਨਹੀਂ... ਹੁਣ ਤਾਂ ਦੀਪੇ 'ਤੇ ਆਸਾਂ ਨੇ... ਦਸਵੀਂ ਤਾਂ ਵਧੀਆ ਨੰਬਰ ਲੈ ਕੇ ਕਰ ਗਿਆ... ਦੋ-ਚਾਰ ਜਮਾਤਾਂ ਹੋਰ ਪੜ੍ਹ ਲਵੇ ਤਾਂ ਰੋਜ਼ੀ-ਰੋਟੀ ਜੋਗਾ ਹੋਜੂ ਵਿਚਾਰਾ... ਜੇ ਤੁਸੀਂ ਥੋੜ੍ਹੀ ਮਦਦ ਕਰ ਦਿੰਦੇ ਤਾਂ ਦੀਪੇ ਨੂੰ ਸ਼ਹਿਰ ਅੱਗੇ ਪੜ੍ਹਨ ਲਾ ਦਿੰਦੀ... ਥੋੜ੍ਹੇ-ਥੋੜ੍ਹੇ ਕਰਕੇ ਸਿਲਾਈ ਦੇ ਕੰਮ 'ਚੋਂ ਕਟਾ ਦੇਵਾਂਗੀ... ਤੁਹਾਡੀ ਬੜੀ ਮਿਹਰਬਾਨੀ ਹੋਵੇਗੀ... ਦੀਪੇ ਦਾ ਬਾਪੂ ਤਾਂ ਨਸ਼ਾ ਖਾ ਗਏ... ਹੁਣ ਤੁਸੀਂ ਮੇਰੇ ਪੁੱਤ ਦਾ ਬੇੜਾ ਪਾਰ ਲਾਓ...ਗਰੀਬੜੀ ਨੂੰ ਨਾਂਹ ਨਾ ਕਰਿਓ...।'
ਭਰੀਆਂ ਅੱਖਾਂ ਤੇ ਭਰੇ ਗਲੇ ਨਾਲ ਮੈਂ ਹਾਂ ਕਰ ਦਿੱਤੀ। ਤੁਰੀ ਜਾਂਦੀ ਦੇ ਮੇਰੇ ਕੰਨਾਂ ਵਿਚ ਕਰਮੀ ਦੇ ਬੋਲ ਪਏ ਕਿ, '...ਰੱਬਾ! ਮੇਰੀ ਤਪੱਸਿਆ ਦਾ ਫਲ ਮੇਰੇ ਲਾਲ ਨੂੰ ਜ਼ਰੂਰ ਦਈਂ...', ਕਰਮੀ ਦੀ ਤਪੱਸਿਆ ਦਾ ਫਲ ਦਾ ਤਾਂ ਮੈਨੂੰ ਪਤਾ ਨਹੀਂ ਪਰ ਉਸ ਦੀ ਮਮਤਾ, ਲਗਨ, ਸਿਦਕ ਤੇ ਸਿਰੜ ਵਿਚੋਂ ਮੈਨੂੰ ਰੱਬ ਜ਼ਰੂਰ ਦਿਸ ਰਿਹਾ ਸੀ।

-ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ, ਜ਼ਿਲ੍ਹਾ ਫਰੀਦਕੋਟ।
ਮੋਬਾਈਲ : 95011-08280.

ਤਕੜੇ ਦਾ ਸੱਤੀਂ ਵੀਹੀਂ ਸੌ

'ਸਾਸਰੀ ਕਾਲ ਬਾਊ ਜੀ', ਕਰਮੇ ਨੇ ਆਪਣੇੇ ਦੁਕਾਨ ਮਾਲਕ ਨੂੰ ਸਤਿਕਾਰ 'ਚ ਕਿਹਾ | ਸੇਠ ਦੇ ਮੱਥੇ 'ਤੇ ਤਿਉੜੀ ਸੀ, ਉਸ ਨੇ ਸਿਰ ਤਾਂ ਹਾਂ 'ਚ ਹਿਲਾਇਆ ਪਰ ਮੂੰਹੋਂ ਜਵਾਬ ਦੇਣ ਦੀ ਬਜਾਏ ਬੋਲਿਆ, 'ਕਰਮਿਆ, ਸਵੇਰੇ ਟਾਇਮ ਨਾਲ ਦੁਕਾਨ ਖੋਲ੍ਹ ਲਿਆ ਕਰ, ਇਹ ਕੋਈ ਟਾਇਮ ਏ ਦੁਕਾਨ ਖੋਲ੍ਹਣ ਦਾ?' ਦੁਕਾਨ ਅੰਦਰ ਪੈਰ ਧਰਦਾ ਸੇਠ ਰੌਸ਼ਨ ਲਾਲ ਆਪਣੇ ਨੌਕਰ 'ਤੇ ਰੋਅਬ ਝਾੜਦਾ ਬੋਲਿਆ | 'ਕੀ ਦੱਸਾਂ ਬਾਊ ਜੀ, ਜਾਣ ਲੱਗਿਆਂ ਦੇਰ ਹੋ ਜਾਂਦੀ ਐ, ਘਰ ਵੜਦਿਆਂ ਨੂੰ ਮੇਰੀ ਕੁੜੀ ਵੀ ਸੁੱਤੀ ਪਈ ਹੁੰਦੀ ਆ, ਕੀ ਦੱਸਾਂ ਓਹਦੇ ਬੋਲ ਸੁਣਨ ਲਈ ਸਵੇਰੇ ਵਕਤ ਲੱਗ ਜਾਂਦੈ |' ਦੁਕਾਨ ਦੀ ਸਫ਼ਾਈ ਕਰਦਾ ਬਿਜਲਈ ਕੰਡੇ 'ਤੇ ਕੱਪੜਾ ਮਾਰਦਾ ਕਰਮਾ ਆਪਣੇ ਮਾਲਕ ਨੂੰ ਦਿਲ ਦੀ ਰਮਝ ਦੱਸਦਾ ਨੀਵੀਂ ਪਾਉਂਦਾ ਬੋਲਿਆ | ਏਨੇ 'ਚ ਸੇਠ ਦੁਕਾਨ ਦੇ ਇਕ ਖੰੂਜੇ ਛੋਟੇ ਜਿਹੇ ਲੱਕੜੀ ਦੇ ਬਣਾਏ ਮੰਦਰ ਕੋਲ ਧੂਫ ਲਗਾ ਕੇ ਆਪਣੇ ਕਾਰੋਬਾਰ ਲਈ ਸੁੱਖ ਮੰਗਣ ਲਈ ਸ਼ਰਧਾ 'ਚ ਹੱਥ ਜੋੜ ਚੁੱਕਾ ਸੀ | ਦੁਕਾਨ ਦੀ ਸਫ਼ਾਈ 'ਚ ਜੁਟੇ ਕਰਮੇ ਨੇ ਸੇਠ ਵੱਲ ਉੱਕਾ ਹੀ ਧਿਆਨ ਨਾ ਦਿੱਤਾ, ਆਪਣੀ ਲਾਡਲੀ ਧੀ ਦੇ ਖਿਆਲ 'ਚ ਮੁੜ ਬੋਲਿਆ, 'ਕੀ ਦੱਸਾਂ ਸੇਠ ਜੀ, ਹੁਣ ਤਾਂ ਮੈਂ ਥੋੜ੍ਹਾ ਹੋਰ ਦੇਰੀ ਨਾਲ ਆਇਆ ਕਰੂੰਗਾ | ਕੱਲ੍ਹ ਗੱਲਾਂ ਕਰਦੇ ਸੀ ਸਾਡੇ ਪਿੰਡ ਢੋਡਿਆਂ ਦਾ ਪ੍ਰਾਇਮਰੀ ਸਕੂਲ ਬੰਦ ਹੋ ਜਾਣਾ ਤੇ ਏਸ ਸਕੂਲ ਦੇ ਜੁਆਕਾਂ ਨੂੰ ਹੁਣ ਖਟੜੇ ਦੇ ਸਕੂਲ 'ਚ ਪੜ੍ਹਨ ਜਾਇਆ ਕਰਨਗੇ | ਏਸ ਲਈ ਕੁੜੀ ਨੂੰ ਸਕੂਲ ਛੱਡ ਕੇ ਆਉਣਾ ਪਿਆ ਕਰੂ |'
ਕਰਮੇ ਦੀ ਗੱਲ ਸੇਠ ਨੂੰ ਬਰਦਾਸ਼ਤ ਨਾ ਹੋਈ, ਉਹ ਗੁੱਸੇ 'ਚ ਬੋਲਿਆ,'ਤੂੰ ਕੁੜੀ ਨੂੰ ਈ ਸਕੂਲ ਛੱਡ ਆਇਆ ਕਰੀਂ, ਸਾਨੂੰ ਜਵਾਬ ਦੇ ਜਾੲੀਂ, ਕਿਸੇ ਹੋਰ ਨੂੰ ਰੱਖ ਲਵਾਂਗੇ... | ਲੱਗਣ ਵੇਲੇ ਕਿਵੇਂ ਧੰਨ ਸਿਓਾ ਸਰਦਾਰ ਦੀਆਂ ਸਿਫਾਰਸ਼ਾਂ ਲਿਆਉਂਦਾ ਸੀ..., ਤੇਰੇ ਵਰਗੇ ਕਈ ਗੇੜੇ ਕੱਢਦੇ ਨੇ ਇੱਥੇ ਕੰਮ 'ਤੇ ਲੱਗਣ ਨੂੰ ... |'
ਸੇਠ ਦੇ ਰੁੱਖੇ ਜਵਾਬ ਨੂੰ ਸੁਣ ਕਰਮੇ ਨੂੰ ਭਵਿੱਖ ਧੁੰਦਲਾ ਵਿਖਾਈ ਦੇਣ ਲੱਗਾ, ਜੇ ਸੇਠ ਨੇ ਕੰਮ ਤੋਂ ਹਟਾ ਦਿੱਤਾ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੂ? ਕੁੜੀ ਕਿਵੇਂ ਪੜ੍ਹੇਗੀ? ਇਨ੍ਹਾਂ ਸੋਚਾਂ 'ਚ ਡੁੱਬੇ ਕਰਮੇ ਦੇ ਮਨ 'ਚੋਂ ਉਹ ਪਲ ਸਾਹਮਣੇ ਆਏ, ਜਦੋਂ ਉਹ ਬਾਪੂ ਧੰਨ ਸਿਉਂ ਨੂੰ ਸੇਠ ਦੀ ਦੁਕਾਨ 'ਤੇ ਸਿਫਾਰਸ਼ ਪਾਉਣ ਲਈ ਲਿਆਇਆ ਸੀ | ਸਰਦਾਰ ਨੇ ਦੱਸਿਆ ਸੀ ਕਿ ਕਰਮਾ ਘਰੋਂ ਗ਼ਰੀਬ ਐ, ਘਰ 'ਚ ਬੁੱਢੇ ਮਾਪਿਆਂ ਦੇ ਨਾਲ-ਨਾਲ ਸੁੱਖ ਨਾਲ ਘਰ 'ਚ ਇਕ 'ਧੀ' ਵੀ ਸਕੂਲ ਪੜ੍ਹਨ ਵਾਲੀ ਹੈ | ਉਸ ਵੇਲੇ ਸੇਠ ਨੇ ਕਿਹਾ ਸੀ, 'ਧੀਆਂ-ਧਿਆਣੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਸਰਦਾਰ ਸਾਬ੍ਹ, ਧੀਆਂ ਤਾਂ ਕਰਮਾਂ ਵਾਲੀਆਂ ਹੁੰਦੀਆਂ ਨੇ, ਆਪਣੇ ਕਰਮ ਨਾਲ ਹੀ ਲਿਖਾ ਕੇ ਲਿਆਉਂਦੀਆਂ ਨੇ | ਕਦੇ ਉਹ ਸੋਚਦਾ ਗੌਰਮੈਂਟ ਆਲਿਆਂ ਨੇ ਕੀ ਸੋਚ ਲਿਆ, 'ਬਈ 20 ਜੁਆਕਾਂ... ਸਕੂਲ ਬੰਦ ਅਖੇ ਸਰਕਾਰ ਦੇ ਖਜ਼ਾਨੇ 'ਤੇ ਬੋਝ ਪੈਂਦਾ, ਪਰ ਜਿਹੜੇ ਲੀਡਰ ਵੀਹ-ਵੀਹ ਬੰਦੇ ਪੁਲਿਸ ਦੇ ਅਤੇ ਸਰਕਾਰੀ ਮਹਿਕਮਿਆਂ ਦੇ ਲਈ ਤੁਰੇ ਫਿਰਦੇ ਐ ਕੀ ਉਨ੍ਹਾਂ ਦਾ ਬੋਝ ਖਜ਼ਾਨੇ 'ਤੇ ਨਹੀਂ ਪੈਂਦਾ? ਕਰਮਾ ਕਦੇ ਧੀ ਦੀ ਪੜ੍ਹਾਈ ਅਤੇ ਘਰ ਦੀ ਗ਼ਰੀਬੀ-ਗੁਜ਼ਾਰੇ ਵੱਲ ਸੋਚਦਾ, ਕਦੇ ਸੇਠ ਦੇ ਗੁੱਸੇ ਅਤੇ ਰੋਹਬਦਾਰ ਬੋਲਾਂ ਵੱਲ ਸੋਚਦਾ... ਅੰਦਰੋ-ਅੰਦਰੀ ਕਹਿ ਰਿਹਾ ਸੀ ਸੱਚ ਸਿਆਣੇ ਕਹਿ ਗਏ 'ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦੈ |'

-ਪਿੰਡ ਤੇ ਡਾਕ: ਘਵੱਦੀ, ਜ਼ਿਲ੍ਹਾ ਲੁਧਿਆਣਾ-141206.
ਮੋਬਾਈਲ : 9417870492.

ਟੇਢੀ ਗੱਲ

ਵਾਤਾਵਰਨ ਪ੍ਰਤੀ ਗੰਭੀਰਤਾ ਲੈਂਦਿਆਂ ਪਿੰਡ ਦੇ ਕੁਝ ਉੱਦਮੀ ਨੌਜਵਾਨਾਂ ਨੇ ਛੱਪੜ ਵਿਚਲੀ ਕੁਝ ਖਾਲੀ ਪਈ ਥਾਂ 'ਤੇ ਬੂਟੇ ਲਗਾਏ | ਪਿੰਡਾਂ ਦੇ ਲੋਕਾਂ ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ | ਛੱਪੜ ਦੇ ਨਾਲ ਲੱਗਦੀ ਭੜੀ 'ਤੇ ਠਾਹਟੀਏ ਸ਼ਾਹਾਂ ਦਾ ਵੱਡਾ ਸਾਰਾ ਗੇਟ ਸੀ | ਕੁਨਬਾਪਰਵਰੀ ਵਿਚ ਗ੍ਰੇਸੇ ਸ਼ਾਹ ਨੇ ਭੜੀ 'ਤੇ ਲਾਗੇ ਬੂਟਿਆਂ ਪ੍ਰਤੀ ਵਿਰੋਧਤਾ ਕੀਤੀ | ਅਗਲੀ ਸਵੇਰ ਜਦੋਂ ਨੌਜਵਾਨ ਪਾਣੀ ਪਾਉਣ ਲਈ ਆਏ ਤਾਂ ਉਨ੍ਹਾਂ ਨੂੰ ਬੁਰਾ ਭਲਾ ਕਹਿੰਦਿਆਂ ਬੂਟੇ ਪੁੱਟ ਕੇ ਸੁੱਟ ਦਿੱਤੇ ਅਤੇ 'ਟੇਢੀ ਜਿਹੀ ਗੱਲ ਕਰਦਿਆਂ ਕਿਹਾ, ਸਾਡੀ ਕੰਬਾਈਨ ਇਥੋਂ ਦੀ ਕਿਵੇਂ ਮੁੜੇਗੀ ਜਵਾਨੋਂ ਜਦ ਬੂਟੇ ਵੱਡੇ ਹੋ ਗਏ | ਇੰਨੇ ਵਿਚ ਹੀ ਇਕ ਸਫੈਦ ਰੰਗ ਦੀ ਬਲੈਰੋ ਗੱਡੀ ਵਿਚੋਂ ਚਾਰ ਪੰਜ 'ਯੰਗ ਏਜ਼' ਮੁਲਾਜ਼ਮ ਉਤਰੇ | ਆਉਂਦਿਆਂ ਹੀ ਦੋ ਕੰਬਾਈਨ ਵੱਲ ਹੋ ਤੁਰੇ, ਦੋ ਤਿੰਨ ਉਥੇ ਹਾਲੇ ਸ਼ਾਹ ਨਾਲ ਕੁਝ ਜ਼ਰੂਰੀ ਗੱਲ ਕਰਨ ਉਪਰੰਤ ਕੁਝ ਕਾਗਜ਼ਾਂ ਉਪਰੰਤ ਅੰਗੂਠਾ ਲਵਾਉਣ ਲੱਗ ਗਏ, ਕਿਉਂਕਿ ਕੰਬਾਈਨ ਦੀਆਂ ਦੋ ਕਿਸ਼ਤਾਂ ਖੰੁਝ ਗਈਆਂ ਸਨ | ਸ਼ਾਹ ਦਾ ਅੜ੍ਹਬ ਰਵੱਈਆ ਕੁਝ ਢਿੱਲਾ ਹੋ ਗਿਆ ਸੀ | ਹੁਣ ਉਹ ਕਦੇ ਬੈਂਕ ਮੁਲਾਜ਼ਮਾਂ ਵੱਲ ਦੇਖਦਾ, ਕਦੇ ਕੰਬਾਈਨ ਵੱਲ ਅਤੇ ਕਦੇ ਪੁੱਟ ਕੇ ਸੁੱਟੇ ਬੂਟਿਆਂ ਵਲ ਦੇਖਦਾ ਅਹਿੱਲ ਖੜ੍ਹਾ ਸੀ |

-ਜਸਬੀਰ ਸਿੰਘ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ | ਮੋਬਾ : 98156-88236.

ਅੰਨਦਾਤਾ

ਬੱਦਲਵਾਈ ਦੇਖ ਕੇ ਮੈਂ ਇਕਦਮ ਉੱਠ ਖੜੋਤਾ, ਮੈਨੂੰ ਘਬਰਾਹਟ ਜਿਹੀ ਹੋਣ ਲੱਗੀ | ਮੈਂ ਪਰਮਾਤਮਾ ਅੱਗੇ ਬੇਨਤੀ ਕੀਤੀ, 'ਹੇ ਪਰਮਾਤਮਾ! ਐਤਕੀਂ ਨਾ ਇਹ ਮਾਰ ਪਾ ਦੲੀਂ | ਬੜੀਆਂ ਆਸਾਂ ਨੇ ਇਸ ਫ਼ਸਲ ਤੋਂ | ਰੋਜ਼ ਐਨੀਆਂ ਮਹਿੰਗੀਆਂ ਸਪਰੇਆਂ, ਦਾਰੂਆਂ ਛਿੜਕੀ ਦੀਆਂ, ਦੇਖੀਂ ਵਾਹਿਗੁਰੂ ਕਿਤੇ ਫ਼ਸਲ ਈ ਨਾ ਰੋੜ ਦੲੀਂ |' ਮੈਨੂੰ ਇੰਜ ਖੜ੍ਹਾ ਦੇਖ ਕੇ ਮੇਰੀ ਪਤਨੀ ਆਉਂਦੀ ਹੈ ਤੇ ਕਹਿੰਦੀ ਹੈ ਕਿ 'ਤੁਸੀਂ ਤਾਂ ਐਵੇਂ ਹਰ ਵੇਲੇ ਹੱਥ ਅੱਡੀ ਖੜ੍ਹੇ ਰਹਿੰਦੇ ਹੋ |' 'ਨਹੀਂ ਬਸੰਤ, ਪਰਮਾਤਮਾ ਮੇਰੀ ਜ਼ਰੂਰ ਸਣੂਗਾ, ਉਹਨੂੰ ਪਤਾ ਏ ਕਿ ਇਸੇ ਫ਼ਸਲ 'ਚੋਂ ਦਾਣਾ-ਦਾਣਾ ਸਾਰਿਆਂ ਦੇ ਮੰੂਹ ਵਿਚ ਪੈਂਦਾ ਏ | ਉਹ ਸਾਰਿਆਂ ਦੀ ਰੋਟੀ ਨੀਂ ਖੋਹ ਸਕਦਾ |' 'ਤੁਸੀਂ ਸਾਰਿਆਂ ਦਾ ਸੋਚਣ ਲੱਗ ਜਾਂਦੇ ਓ | ਇਹੀ ਤਾਂ ਫ਼ਰਕ ਐ ਤੁਹਾਡੇ ਕਿਸਾਨਾਂ 'ਚ ਤੇ ਸਰਕਾਰੀ ਨੌਕਰਾਂ 'ਚ | ਫਿਰ ਵੀ ਦੇਖੋ ਰੱਬ ਦੇ ਰੰਗ', 'ਬਸੰਤ ਆਏ ਨਾਂ ਬੋਲਿਆ ਕਰ |', 'ਕਿਉਂ ਨਾ ਕਹਾਂ? ਸੱਚ ਤਾਂ ਹੈ ਸਭ | ਜਦ ਫ਼ਸਲ ਦੀ ਬਿਜਾਈ ਸ਼ੁਰੂ ਹੁੰਦੀ ਐ, ਤਦ ਤੋਂ ਆਪਾਂ ਸੋਚਣ ਲੱਗ ਜਾਂਦੇ ਆਂ ਕਿ ਆਹ ਲਵਾਂਗੇ, ਕੁੜੀ-ਮੰੁਡੇ ਦਾ ਵਿਆਹ ਕਰਾਂਗੇ ਤੇ ਜੇ ਕਿਤੇ ਫ਼ਸਲ ਦਾ ਝਾੜ ਨਾ ਚੰਗਾ ਨਿਕਲੇ ਤਾਂ ਸਾਰੇ ਸੁਪਨੇ ਧਰੇ-ਧਰਾਏ ਰਹਿ ਜਾਂਦੇ ਆ |'
ਇੰਨੇ ਨੂੰ ਮੇਰੀ ਧੀ ਹਰਦੀਪ ਸਕੂਲੋਂ ਆ ਜਾਂਦੀ ਏ | ਹਰਦੀਪ ਹੁਣ 12ਵੀਂ ਜਮਾਤ 'ਚ ਆ | ਉਸ ਦੀ ਇੱਛਾ ਹੈ ਕਿ ਉਹ ਇਕ ਵੱਡੀ ਡਾਕਟਰਨੀ ਬਣੇ ਤੇ ਗ਼ਰੀਬਾਂ ਦਾ ਇਲਾਜ ਮੁਫ਼ਤ ਕਰੇ | ਪਰ... ਬਣਾਵਾਂ ਕਿਵੇਂ? ਪੈਸੇ ਕਿਥੋਂ ਲਿਆਵਾਂ? ਇੰਨੇ ਨੂੰ ਨਛੱਤਰ ਆ ਜਾਂਦਾ ਹੈ ਤੇ ਅਸੀਂ ਬਾਹਰ ਖੇਤਾਂ ਵੱਲ ਨੂੰ ਚਲੇ ਗਏ | 'ਕੀ ਗੱਲ ਬੜਾ ਚੁੱਪ ਜਿਹਾ ਏਾ ਅੱਜ ਤੂੰ?' 'ਹੋਰ ਕੀ ਕਰਾਂ ਨਛੱਤਰਾ? ਵਿਆਜੂ ਰਕਮ ਲਈ ਸੀ, ਉਹ ਦੇਣੇ ਆ ਅਜੇ, ਵਿਆਜ ਮੂਲ ਨਾਲੋਂ ਵੀ ਅੱਗੇ ਜਾਂਦਾ | ਧੀ ਦੀ ਪੜ੍ਹਾਈ ਕਰਾਉਣੀ ਆ |' 'ਓ ਤੂੰ ਐਵੇਂ ਢੇਰੀ ਨਾ ਢਾਹ | ਮਾਲਕ ਆਪੇ ਠੀਕ ਕਰ ਦੂ ਸਭ |' ਨਛੱਤਰ ਤਾਂ ਮੈਨੂੰ ਧਰਵਾਸ ਦੇ ਕੇ ਚਲਾ ਜਾਂਦਾ ਹੈ | ਪਰ ਮੇਰਾ ਮਨ ਨਹੀਂ ਸੀ ਮੰਨ ਰਿਹਾ | ਅਗਲੇ ਪਲ ਹੀ ਲਹਿ-ਲਹਾਉਂਦੀਆਂ ਫ਼ਸਲਾਂ ਦੇਖ ਕੇ ਮੇਰਾ ਮਨ ਝੂਮ ਉੱਠਦਾ ਹੈ ਕਿ ਸੱਚੀਂ ਐਤਕੀਂ ਸਭ ਕਰਜ਼ਾ ਲਹਿ ਜਾਊਗਾ | ਫਿਰ ਅਚਾਨਕ ਮੇਰੀ ਨਿਗ੍ਹਾ ਬੱਦਲਾਂ 'ਤੇ ਜਾਂਦੀ ਆ | ਬੱਦਲ ਤਾਂ ਹੋਰ ਵੀ ਘਣੇ ਹੋ ਗਏ ਸਨ, ਬਸ ਜਿਵੇਂ ਮੀਂਹ ਵਰ੍ਹਾਉਣ ਦੀ ਤਿਆਰੀ 'ਚ ਹੋਣ | ਜਲਦੀ ਹੀ ਗੜ-ਗੜ ਹੋਣ ਲੱਗੀ | ਗੜ੍ਹੇ, ਮੀਂਹ ਬਹੁਤ ਤੇਜ਼ੀ ਨਾਲ ਵਰ੍ਹ ਰਹੇ ਸਨ ਤੇ ਹਨੇਰੀ... | ਹਨੇਰੀ ਨੇ ਤਾਂ ਫ਼ਸਲਾਂ ਨੂੰ ਲੱਕੋਂ ਤੋੜ ਕੇ ਧਰਤੀ ਨਾਲ ਛੁਹਾ ਦਿੱਤਾ ਸੀ | ਮੈਂ ਛੇਤੀ ਨਾਲ ਖੇਤ ਦੀ ਕੋਠੀ ਵਿਚ ਵੜ ਗਿਆ ਤੇ ਉਥੇ ਖੜ੍ਹ ਕੇ ਚੁਫੇਰੇ ਦੇਖਣ ਲੱਗਾ | ਹੁਣ ਉਹ ਲੱਕੋਂ ਉੱਚੀਆਂ ਫ਼ਸਲਾਂ ਧਰਤੀ ਨੂੰ ਮੱਥਾ ਟੇਕਦੀਆਂ ਪ੍ਰਤੀਤ ਹੋ ਰਹੀਆਂ ਸਨ | ਸਾਰੀਆਂ ਹੀ ਆਸਾਂ ਟੁੱਟ ਗਈਆਂ ਸਨ |
ਮੀਂਹ ਦੇ ਖ਼ਤਮ ਹੋਣ 'ਤੇ ਮੈਂ ਘਰ ਵੱਲ ਨੂੰ ਤੁਰ ਪਿਆ | ਹੁਣ ਮੈਨੂੰ ਸਭ, ਸਾਰੀ ਦੁਨੀਆ, ਪਰਮਾਤਮਾ ਵੀ ਬੁਰਾ-ਬੁਰਾ ਲੱਗ ਰਿਹਾ ਸੀ | ਇਹ ਸੋਚਦੇ-ਸੋਚਦੇ ਮੇਰੀ ਨਿਗ੍ਹਾ ਇਕ ਦਰੱਖਤ 'ਤੇ ਪਈ, ਜਿਸ 'ਤੇ ਇਕ ਰੱਸਾ ਲਮਕ ਰਿਹਾ ਸੀ | ਇਥੇ ਕਈ ਦਿਨ ਪਹਿਲਾਂ ਇਕ ਕਰਜ਼ੇ ਤੋਂ ਤੰਗ ਆਏ ਕਿਸਾਨ ਨੇ ਫਾਹਾ ਲਿਆ ਸੀ ਤੇ ਫਿਰ ਉਸ ਦਾ ਕਰਜ਼ਾ ਮੁਆਫ਼ ਕਰ ਦਿੱਤਾ ਗਿਆ | ਇਹ ਸਭ ਦੇਖ ਕੇ ਮੈਨੂੰ 'ਜੈ ਜਵਾਨ, ਜੈ ਕਿਸਾਨ' ਸ਼ਬਦਾਂ ਤੋਂ ਬੜੀ ਘਿਣ ਆਉਂਦੀ ਆ | ਪਹਿਲਾਂ ਸ਼ਬਦ ਕਿਸਾਨ ਦੀ ਤਾਰੀਫ਼ ਕਰਦੇ ਸਨ, ਪਰ ਲਗਦਾ ਅੱਜ ਇਹ ਉਸੇ ਕਿਸਾਨ ਦੀ ਮੌਤ ਨੂੰ ਬਿਆਨ ਕਰਦੇ ਨੇ |
'ਮੈਂ ਜਿਊਾਦੇ-ਜੀਅ ਤਾਂ ਹੁਣ ਕੁਝ ਨਹੀਂ ਕਰ ਸਕਦਾ ਕਰਜ਼ਾ ਤਾਂ ਮੁਆਫ਼ ਹੋਵੇਗਾ ਹੀ, ਇਹ ਸਭ ਸੋਚਦਿਆਂ ਪਤਾ ਨਹੀਂ ਕਿਵੇਂ ਮੇਰੇ ਪੈਰ ਆਪ-ਮੁਹਾਰੇ ਹੋ ਕੇ ਮੈਨੂੰ ਉਸ ਦਰੱਖਤ ਤੱਕ ਲੈ ਗਏ, ਜਿਥੇ ਸ਼ਾਇਦ ਹੁਣ ਉਹ ਰੱਸੀ ਮੇਰੀ ਹੀ ਉਡੀਕ ਕਰ ਰਹੀ ਸੀ |

-ਮੋਬਾਈਲ : 90566-44063.

ਚਿਰ ਸਥਾਈ ਯਾਦ

ਉਸਤਾਦਾਂ ਦੇ ਉਸਤਾਦ ਤੂੰਬੀ ਦੇ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਬਰਸੀ ਪੀਰ ਕਟੋਰੇ ਸ਼ਾਹ ਜਵਾਹਰ ਨਗਰ ਲੁਧਿਆਣਾ ਵਿਖੇ ਮਨਾਈ ਜਾਣੀ ਸੀ। ਕਿਸੇ ਸਮੇਂ ਬਜ਼ੁਰਗਾਂ ਨਾਲ ਚੋਖਾ ਪਿਆਰ ਰਹਿਣ ਕਰਕੇ ਇਨ੍ਹਾਂ ਦੇ ਲਾਡਲੇ ਪੁੱਤਰ ਜਸਦੇਵ ਯਮਲਾ ਤੇ ਸਰਬਜੀਤ ਚਿਮਟੇ ਵਾਲੀ ਨੇ ਮੈਨੂੰ ਵੀ ਸੱਦਾ ਦਿੱਤਾ। ਜਲੰਧਰੋਂ ਤੁਰਨ ਲੱਗਿਆਂ ਸੋਚਿਆ ਕਿ ਮਾਣਕ ਨੂੰ ਮਿਲਕੇ ਚੱਲਾਂਗੇ। ਸੈਕਟਰੀ ਬਿੱਲੇ ਨੂੰ ਫੋਨ ਕੀਤਾ, ਮਾਣਕ ਬਾਰੇ ਪਤਾ ਲੱਗਾ ਕਿ ਉਹ ਦਫਤਰ ਹੀ ਆ ਰਹੇ ਹਨ। ਘੰਟੇ ਕੁ ਬਾਅਦ ਮੈਂ ਵੀ ਲੁਧਿਆਣਾ ਪਹੁੰਚ ਗਿਆ। ਮਾਣਕ ਹੁਰੀਂ ਵੀ ਦਫਤਰ ਆ ਚੁੱਕੇ ਸਨ। ਕਾਫੀ ਦੇਰ ਗੱਲਾਂਬਾਤਾਂ ਹੁੰਦੀਆਂ ਰਹੀਆਂ। ਪਤਾ ਲੱਗਾ ਮਾਣਕ ਨੇ ਵੀ ਬਰਸੀ ਸਮਾਗਮ 'ਤੇ ਜਾਣਾ ਸੀ। ਉਨ੍ਹਾਂ ਕਿਹਾ ਆਪਾਂ ਪੈਦਲ ਹੀ ਚਲਦੇ ਹਾਂ। ਮੈਂ ਨਾਲ ਤੁਰ ਪਿਆ। ਅਸੀਂ ਪੈਦਲ ਹੀ ਜਵਾਹਰ ਨਗਰ ਬਰਸੀ ਸਮਾਗਮ ਦੇ ਸਥਾਨ ਵੱਲ ਨੂੰ ਚੱਲ ਪਏ। ਮੈਂ ਇਕ ਗੱਲ ਦੇਖ ਕੇ ਹੈਰਾਨ ਸੀ ਕਿ ਜਿਥੋਂ ਕੁਲਦੀਪ ਮਾਣਕ ਲੰਘ ਰਹੇ ਸੀ, ਲੋਕ ਘਰਾਂ 'ਚੋਂ ਨਿਕਲ-ਨਿਕਲ ਸਤਿਕਾਰ ਵਜੋਂ ਮਾਣਕ ਦੇ ਪੈਰ ਛੂਹ ਰਹੇ ਸਨ। ਇਹ ਦ੍ਰਿਸ਼ ਦੇਖ ਕੇ ਮਨ ਖੁਸ਼ ਵੀ ਹੋਇਆ ਤੇ ਹੈਰਾਨ ਵੀ। ਸੋਚਿਆ ਕਿ ਜੇ ਸਾਫ਼-ਸੁਥਰੀ ਗਾਇਕੀ ਦੀ ਸਮਾਜ 'ਚ ਏਨੀ ਕਦਰ ਹੁੰਦੀ ਹੈ ਤਾਂ ਅੱਜ ਦੇ ਗਾਇਕ ਹਲਕੀ-ਫੁਲਕੀ ਗਾਇਕੀ ਕਿਉਂ ਗਾਈ ਜਾ ਰਹੇ ਹਨ। ਸਲਾਮ ਹੈ ਇਹੋ ਜਿਹੇ ਦਰਵੇਸ਼ ਫਨਕਾਰਾਂ ਨੂੰ, ਜਿਨ੍ਹਾਂ ਨੇ ਗਾਇਕੀ 'ਚ ਤਾਂ ਉੱਚਾ-ਸੁੱਚਾ ਸਥਾਨ ਹਾਸਲ ਕੀਤਾ ਹੀ ਤੇ ਲੋਕ ਮਨਾਂ 'ਚ ਥਾਂ ਬਣਾਈ।

-ਡੀ.ਆਰ. ਬੰਦਨਾ
511, ਖਹਿਰਾ ਇਨਕਲੇਵ, ਜਲੰਧਰ-144007.

ਮਿੰਨੀ ਕਹਾਣੀ ਸਮਾਂ, ਸਾਧਨ ਅਤੇ ਸਥਾਨ

ਦੀਪਕ ਸਿੰਘ ਸਰਕਾਰੀ ਮਹਿਕਮੇ ਵਿਚ ਨੌਕਰੀ ਕਰ ਰਿਹਾ ਸੀ | ਨੌਕਰੀ ਦੌਰਾਨ ਜਦੋਂ ਵੀ ਉਸ ਦੀ ਬਦਲੀ ਹੁੰਦੀ ਜਾਂ ਪੰਜਾਬ ਤੋਂ ਬਾਹਰ ਸਿਖਲਾਈ 'ਤੇ ਜਾਣਾ ਹੁੰਦਾ ਤਾਂ ਉਸ ਨੇ ਕਦੇ ਵੀ ਰੁਕਵਾਉਣ ਦੀ ਕੋਸ਼ਿਸ਼ ਨਹੀਂ ਕੀਤੀ | ਉਸ ਦਾ ਮੰਨਣਾ ਸੀ ਕਿ ਨਵੇਂ-ਨਵੇਂ ਸਥਾਨਾਂ 'ਤੇ ਜਾ ਕੇ ਉਸ ਦੇ ਨਵੇਂ-ਨਵੇਂ ਦੋਸਤ ਬਣਨਗੇ ਅਤੇ ਉਸ ਜਗ੍ਹਾ ਦੇ ਵਾਤਾਵਰਨ ਅਤੇ ਰਸਮੋ-ਰਿਵਾਜ ਬਾਰੇ ਜਾਣ ਕੇ ਉਸ ਦੀ ਜਾਣਕਾਰੀ ਵਿਚ ਕਾਫ਼ੀ ਵਾਧਾ ਹੋਵੇਗਾ |
ਸੇਵਾਮੁਕਤੀ ਤੋਂ ਬਾਅਦ ਉਸ ਦਾ ਬਾਹਰ ਘੰੁਮਣਾ ਫਿਰਨਾ ਬਿਲਕੁਲ ਹੀ ਘਟ ਗਿਆ ਸੀ | ਜ਼ਿਆਦਾ ਕਰਕੇ ਉਹ ਘਰ ਹੀ ਰਹਿੰਦਾ ਸੀ | ਇਕ ਦਿਨ ਮੈਂ ਉਸ ਨੂੰ ਮਿਲਣ ਚਲਾ ਗਿਆ | ਮੈਂ ਉਸ ਨੂੰ ਯਾਦ ਕਰਵਾਇਆ ਕਿ ਦੀਪਕ, ਨੌਕਰੀ ਵੇਲੇ ਤੈਨੂੰ ਬਾਹਰ ਘੰੁਮਣ ਫਿਰਨ ਦਾ ਬਹੁਤ ਸ਼ੌਕ ਸੀ ਪਰ ਹੁਣ ਤੂੰ ਆਪਣੇ-ਆਪ ਨੂੰ ਘਰ ਵਿਚ ਹੀ ਕੈਦ ਕਰ ਲਿਆ? ਇਸ 'ਤੇ ਉਹ ਕਹਿਣ ਲੱਗਾ ਕਿ ਇਕ ਵਾਰ ਉਹ ਰਿਸ਼ਤੇਦਾਰੀ ਵਿਚ ਭੋਗ 'ਤੇ ਚਲਾ ਗਿਆ | ਭਾਈ ਸਾਹਿਬ ਕਹਿ ਰਹੇ ਸਨ ਕਿ ਮਨੁੱਖ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਤਿੰਨ ਸੱਸੇ ਭਾਵ ਸਮਾਂ, ਸਾਧਨ ਅਤੇ ਸਥਾਨ ਇਕੱਠੇ ਹੋ ਜਾਣ | ਸਮਾਂ, ਸਾਧਨ ਤਾਂ ਰੱਬ ਤੈਅ ਕਰਦਾ ਹੈ ਪਰ ਸਥਾਨ 'ਤੇ ਆਦਮੀ ਖੁਦ ਚੱਲ ਕੇ ਜਾਂਦਾਹੈ | ਬਸ ਉਦੋਂ ਤੋਂ ਮੈਨੂੰ ਵਹਿਮ ਹੋ ਗਿਆ ਕਿ ਜੇਕਰ ਮੈਂ ਘਰੋਂ ਬਾਹਰ ਨਿਕਲਿਆ ਤਾਂ ਉਹ ਕਿਤੇ ਮੇਰਾ ਸਥਾਨ ਹੀ ਨਾ ਹੋਵੇ, ਇਸ ਲਈ ਮੈਂ ਘਰੋਂ ਬਾਹਰ ਹੀ ਨਹੀਂ ਜਾਂਦਾ | ਇਸ ਸਪੱਸ਼ਟੀਕਰਨ 'ਤੇ ਮੈਂ ਕੋਈ ਟਿੱਪਣੀ ਨਾ ਕਰ ਸਕਿਆ |

-ਲਖਵੀਰ ਸਿੰਘ ਭੱਟੀ
8/29, ਨਿਊ ਕੰੁਦਨਪੁਰੀ, ਲੁਧਿਆਣਾ |

ਸੱਚ ਦੇ ਨੇੜੇ-ਤੇੜੇ ਸਫਲ ਕਮਾਈ

ਮੈਂ ਬੀ.ਏ. ਕਰਨ ਤੋਂ ਬਾਅਦ ਫ਼ੌਜ ਵਿਚ ਅਧਿਆਪਕ ਦੇ ਤੌਰ 'ਤੇ ਭਰਤੀ ਹੋ ਗਿਆ | ਟ੍ਰੇਨਿੰਗ ਦੌਰਾਨ ਮੈਨੂੰ ਚੰਗਾ ਬੋਲਣ ਕਾਰਨ ਕਈ ਵਾਰ ਕਈ ਪ੍ਰੋਗਰਾਮਾਂ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ | ਇਕ ਵਾਰ ਇਕ ਰੰਗਾਰੰਗ ਪ੍ਰੋਗਰਾਮ ਚਲ ਰਿਹਾ ਸੀ | ਗੀਤ-ਸੰਗੀਤ ਦੇ ਪ੍ਰੋਗਰਾਮ ਨਾਲ ਇਕ ਵਿਅਕਤੀ ਦੇ ਭਾਸ਼ਣ ਨੂੰ ਸ਼ਾਮਿਲ ਕੀਤਾ ਗਿਆ ਸੀ | ਉਹ ਨੌਜਵਾਨ ਖੜ੍ਹਾ ਹੋਇਆ ਤੇ ਬੋਲਣਾ ਸ਼ੁਰੂ ਕੀਤਾ, 'ਮੈਂ ਕੋਈ ਗੀਤ ਨਹੀਂ ਸੁਣਾ ਰਿਹਾ, ਮੈਂ ਤਾਂ ਇਕ ਹੱਡਬੀਤੀ ਸਣਾ ਰਿਹਾ ਹਾਂ, ਜੋ ਮੇਰੇ ਅਧਿਆਪਕ ਨੂੰ ਸਮਰਪਿਤ ਹੈ | ਮੈਂ ਪਹਿਲੀ ਟ੍ਰੇਨਿੰਗ ਤੋਂ ਬਾਅਦ ਜਦ ਸਮਾਨ ਚੁੱਕ ਗੱਡੀ ਤੋਂ ਉੱਤਰ ਕੇ ਪਿੰਡ ਦੀ ਗੁੱਠ 'ਤੇ ਪਹੁੰਚਿਆ ਤਾਂ ਮੇਰੀ ਤਾਕਤ ਫੇਲ੍ਹ ਹੋ ਗਈ | ਮੇਰੀਆਂ ਲੱਤਾਂ ਨੇ ਜਵਾਬ ਦੇ ਦਿੱਤਾ | ਫ਼ੌਜ ਵਿਚ ਕੀਤੀ ਸਖਤ ਟ੍ਰੇਨਿੰਗ ਵੇਲੇ ਵੀ ਕਦੀ ਮੇਰਾ ਅਜਿਹਾ ਹਾਲ ਨਹੀਂ ਸੀ ਹੋਇਆ | ਮੈਂ ਅੱਗੇ ਕਦਮ ਪੁੱਟਣ ਦੀ ਕੋਸ਼ਿਸ਼ ਕਰਾਂ, ਪਰ ਪੈਰ ਅੱਗੇ ਨਾ ਵਧੇ | ਮੈਂ ਇਕ ਪਲ ਲਈ ਰੁਕ ਗਿਆ | ਇਧਰ-ਉਧਰ ਝਾਤੀ ਮਾਰੀ | ਸੱਜੇ ਪਾਸੇ ਮੇਰੇ ਪਿੰਡ ਦਾ ਉਹ ਸਕੂਲ ਦਿਖਾਈ ਦਿੱਤਾ, ਜਿਥੋਂ ਮੈਂ ਪੰਜਵੀਂ ਪਾਸ ਕੀਤੀ ਸੀ | ਸੋਚਿਆ ਸਕੂਲ ਦੇ ਨਲਕੇ ਤੋਂ ਪਾਣੀ ਪੀ ਲਵਾਂ | ਜਦ ਉਧਰ ਨੂੰ ਮੁੜਿਆ ਤਾਂ ਮੇਰੀਆਂ ਲੱਤਾਂ ਵਿਚ ਦੁਬਾਰਾ ਤਾਕਤ ਆ ਗਈ | ਤੇਜ਼ੀ ਨਾਲ ਮੈਂ ਸਕੂਲ ਦੇ ਅੰਦਰ ਵੜ ਗਿਆ | ਸਾਹਮਣੇ ਇਕ ਐਨਕਾਂ ਵਾਲੇ ਮੈਡਮ ਬੈਠੇ ਸਨ | ਉਹ ਮੈਨੂੰ ਵੇਖ ਖੜ੍ਹੇ ਹੋ ਕੇ ਮੇਰੇ ਵੱਲ ਆਉਣ ਲੱਗੇ | ਮੈਂ ਅੱਗੇ ਵਧਦਾ ਗਿਆ | ਮੇਰੇ ਮਨ ਵਿਚ ਪੁਰਾਣੇ ਦਿਨਾਂ ਦੀ ਯਾਦ ਆ ਗਈ | ਮੈਂ ਪਛਾਣ ਗਿਆ, ਇਹ ਉਹੀ ਮੈਡਮ ਹਨ, ਜਿਨ੍ਹਾਂ ਕੋਲ ਮੈਂ ਪੜ੍ਹਦਾ ਰਿਹਾ ਸੀ | ਬਸ ਫਿਰ ਕੀ ਸੀ? ਮੈਡਮ ਜੀ ਬੋਲੇ, 'ਬੇਟਾ ਕੁਲਦੀਪ' ਤੇ ਫਿਰ ਉਨ੍ਹਾਂ ਮੈਨੂੰ ਗਲਵਕੜੀ ਵਿਚ ਲੈ ਲਿਆ | ਸੱਚ ਜਾਣੋ ਤਾਂ ਮੈਡਮ ਦੀ ਉਸ ਗਲਵਕੜੀ ਦਾ ਨਿੱਘ ਮਾਂ ਦੇ ਪਿਆਰ ਨਾਲੋਂ ਵੀ ਕਈ ਗੁਣਾ ਜ਼ਿਆਦਾ ਸੀ | ਦੋਵਾਂ ਦੀਆਂ ਅੱਖਾਂ ਵਿਚੋਂ ਹੰਝੂਆਂ ਨੇ ਹੱਥਾਂ ਨੂੰ ਗੜੁੱਚ ਕਰ ਦਿੱਤਾ | ਮੈਡਮ ਨੇ ਕੁਰਸੀ ਲਿਆ ਮੈਨੂੰ ਕੋਲ ਬਿਠਾ ਲਿਆ | ਗੱਲਬਾਤ ਸ਼ੁਰੂ ਹੋਈ ਤੇ ਭਾਵੁਕਤਾ ਬਣੀ ਰਹੀ | ਮੈਂ ਵੀ ਮੈਡਮ ਦੇ ਕੀਤੇ ਅਹਿਸਾਨਾਂ ਨੂੰ ਯਾਦ ਕਰਕੇ ਰੋਂਦਾ ਰਿਹਾ | ਆਖਿਰ ਉਨ੍ਹਾਂ ਇਕ ਬੱਚੇ ਨੂੰ ਆਵਾਜ਼ ਮਾਰੀ, ਬੇਟਾ ਜਾਹ ਅੰਦਰੋਂ ਰੁਮਾਲ ਲਿਆ | ਬੱਚਾ ਗਿਆ ਤੇ ਮੁੜ ਆਇਆ, 'ਮੈਡਮ ਜੀ ਉਥੇ ਤਾਂ ਕਈ ਰੁਮਾਲ ਹਨ |' ਜਾ ਉਹ ਰੁਮਾਲ ਲੈ ਕੇ ਆ ਜਿਸ ਉਪਰ 'ਕੁਲਦੀਪ' ਲਿਖਿਆ ਹੈ | ਬੱਚਾ ਰੁਮਾਲ ਲੈ ਆਇਆ, ਮੈਡਮ ਨੇ ਰੁਮਾਲ ਵਿਖਾਉਂਦੇ ਹੋਏ ਕਿਹਾ, 'ਵੇਖ ਕੁਲਦੀਪ ਇਹ ਉਹ ਰੁਮਾਲ ਏ ਜਿਸ ਨਾਲ ਮੈਂ ਤੇਰਾ ਨੱਕ ਪੂੰਝਦੀ ਸੀ | ਤੂੰ ਬੜਾ ਹੁਸ਼ਿਆਰ ਸੀ, ਪਰ ਤੇਰਾ ਹਮੇਸ਼ਾ ਨੱਕ ਵਗਦਾ ਰਹਿੰਦਾ ਸੀ | ਮੈਂ ਉਦੋਂ ਹੀ ਤੇਰੀਆਂ ਅੱਖਾਂ ਦੀ ਚਮਕ ਵੇਖ ਕੇ ਸਮਝ ਗਈ ਸੀ ਕਿ ਤੂੰ ਇਕ ਦਿਨ ਜ਼ਰੂਰ ਕੋਈ ਅਫਸਰ ਬਣੇਂਗਾ | ਤੂੰ ਅੱਜ ਅਫਸਰ ਬਣ ਮੇਰਾ ਸੁਪਨਾ ਪੂਰਾ ਕਰ ਦਿੱਤਾ ਹੈ | ਅੱਜ ਮੇਰੀ ਕਮਾਈ ਸਫ਼ਲ ਹੋ ਗਈ ਹੈ |' ਮੈਂ ਉਸ ਦੀਆਂ ਦੁਆਵਾਂ ਸੁਣਦਾ ਹੋਇਆ ਘਰ ਮੁੜ ਆਇਆ | 'ਧੰਨਵਾਦ' ਮੇਰੇ ਇਹ ਵਿਚਾਰ ਸੁਣ ਸਭ ਗਮਗੀਨ ਹੋ ਗਏ, ਸਭ ਦੇ ਰੁਮਾਲ ਅੱਖਾਂ ਪੂੰਝ ਰਹੇ ਸਨ | ਉਸ ਪਲ ਕੋਈ ਤਾੜੀ ਨਹੀਂ ਸੀ ਵੱਜੀ | ਇਕ ਮਿੰਟ ਦੀ ਚੁੱਪ ਤੋਂ ਬਾਅਦ 2 ਮਿੰਟ ਲਈ ਲਗਾਤਾਰ ਤਾੜੀਆਂ ਵੱਜਦੀਆਂ ਰਹੀਆਂ |

-ਸੁਖਵਿੰਦਰ ਸਿੰਘ ਅੱਕੂਮਸਤੇ ਕੇ
ਮੋਬਾਈਲ : 99143-80202.

ਚਾਹ ਦਾ ਕੱਪ ਤੇ ਗੱਪ-ਸ਼ੱਪ

ਪਿਛਲੇ ਕੁਝ ਸਮੇਂ ਤੋਂ ਅਖ਼ਬਾਰਾਂ ਵਿਚ, ਰੇਡੀਓ, ਟੀ. ਵੀ. ਤੇ ਸਾਰੇ ਸੋਸ਼ਲ ਮੀਡੀਆ 'ਤੇ ਹਰਿਆਣੇ ਦੇ ਇਕ ਬਾਬੇ ਉਸ ਦੇ ਭਗਤਾਂ ਤੇ ਇਕ ਮੂੰਹ ਬੋਲੀ ਧੀ, ਛਾਏ ਹੋਏ ਸਨ। ਘਰ-ਘਰ ਵਿਚ ਉਨ੍ਹਾਂ ਬਾਰੇ ਗੱਲਾਂ ਚੱਲ ਰਹੀਆਂ ਸਨ, ਹਾਲੇ ਵੀ ਮੁੱਕੀਆਂ ਨਹੀਂ ਤੇ ਫਿਰ ਸਾਡੀ ਚਾਹ ਦੇ ਕੱਪ 'ਤੇ ਗੱਪ-ਸ਼ੱਪ, ਉਸ ਤੋਂ ਬਿਨਾਂ ਕਿਵੇਂ ਪੂਰੀ ਹੋ ਸਕਦੀ ਸੀ। ਅਸੀਂ ਡੇਰਿਆਂ 'ਤੇ ਨਹੀਂ ਜਾਂਦੀਆਂ ਪਰ ਅਸੀਂ ਵੀ ਇਨ੍ਹਾਂ ਬਾਰੇ ਸੋਚਣ 'ਤੇ ਚਰਚਾ ਕਰਨ 'ਤੇ ਮਜਬੂਰ ਹੋ ਗਈਆਂ ।
ਜਸਵੀਰ ਬੋਲੀ, 'ਹਾਏ ਹਾਏ ਕੀ ਸਮਾਂ ਆ ਗਿਆ ਹੈ , ਬਾਬਿਆਂ ਤੇ ਬਦਮਾਸ਼ਾਂ ਵਿਚ ਕੋਈ ਫਰਕ ਹੀ ਨਹੀਂ ਰਿਹਾ। ਮੈਂ ਸਿੱਖ ਹਾਂ ਤੇ ਆਪਣੇ ਦਸੇ ਗੁਰੂ ਸਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਨੂੰ ਮੰਨਦੀ ਹਾਂ। ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਉਦਾਸੀਆਂ ਪੈਦਲ ਕੀਤੀਆਂ ਤੇ ਨਾਲ ਹੀ ਨਾਲ ਉਨ੍ਹਾਂ ਨੇ ਹਰ ਥਾਂ 'ਤੇ ਲੋਕਾਂ ਨੂੰ ਪਿਆਰ, ਹਮਦਰਦੀ, ਸਦਭਾਵਨਾ ਤੇ ਈਸ਼ਵਰ ਦੀ ਭਗਤੀ ਤੇ ਸੱਰਬਤ ਦੇ ਭਲੇ ਦਾ ਸੰਦੇਸ਼ ਦਿੱਤਾ। ਹਾਂ ਜਦੋਂ ਕਦੀ ਭਾਈ ਲਾਲੋ ਵਰਗਾ ਸਿੱਖ ਆਪਣੇ ਘਰ ਬੁਲਾ ਵੀ ਲੈਂਦਾ ਤਾਂ ਉਸ ਦੀ ਰੁੱਖੀ-ਸੁੱਖੀ ਰੋਟੀ ਖਾਣ ਵੀ ਚਲੇ ਗਏ। ਪਰ ਸੋਚ ਉੱਚੀ ਤੇ ਸਾਦੀ ਸੀ ਤੇ ਰਹਿਣ-ਸਹਿਣ ਵੀ ਸਾਦਾ ਸੀ।
'ਚਲੋ ਗੁਰੂ ਸਾਹਿਬਾਨ ਦੀ ਗੱਲ ਤਾਂ ਠੀਕ ਹੈ ਪਰ ਮਹਾਤਮਾ ਬੁੱਧ ਵੀ ਅੱਧੀ ਰਾਤੀਂ ਆਪਣਾ ਮਹਿਲ ਤਿਆਗ ਕੇ ਜੰਗਲਾਂ ਵਿਚ ਚਲੇ ਗਏ ਤੇ ਭਗਵਾਨ ਮਹਾਵੀਰ ਨੇ ਘੋਰ ਤਪੱਸਿਆ ਜੰਗਲਾਂ ਵਿਚ ਹੀ ਕੀਤੀ', ਰਤਨਾ ਨੇ ਕਿਹਾ ।
'ਬਈ ਵੇਖੋ ਅੱਜ ਦੇ ਬਾਬਿਆਂ ਦਾ ਮੁਕਾਬਲਾ ਗੁਰੂ ਸਹਿਬਾਨ, ਮਹਾਤਮਾ ਬੁੱਧ ਜਾਂ ਭਗਵਾਨ ਮਹਾਵੀਰ ਨਾਲ ਕਰਨਾ ਠੀਕ ਨਹੀਂ। ਉਨ੍ਹਾਂ ਦੀ ਗੱਲ ਹੀ ਵੱਖਰੀ ਸੀ। ਉਹ ਰੁਹਾਨੀ ਸ਼ਖ਼ਸੀਅਤਾਂ ਸਨ ਤੇ ਨਵੇਂ ਧਰਮਾਂ ਦੇ ਬਾਨੀ। ਅੱਜਕਲ੍ਹ ਦੇ ਬਾਬਿਆਂ ਦਾ ਰਹਿਣ-ਸਹਿਣ ਬਾਦਸ਼ਾਹਾਂ ਤੋਂ ਘੱਟ ਨਹੀਂ। 'ਯਾਤਰਾ' ਕਰਨ ਲਈ ਕਰੋੜਾਂ ਰੁਪਏ ਦੀਆਂ ਕਾਰਾਂ ਤੇ ਰਹਿਣ ਲਈ ਏਅਰ ਕੰਡੀਸ਼ਨਡ ਮਹਿਲਾਂ ਜਿਹੇ ਘਰ ਤੇ ਪਹਿਨਣ ਲਈ ਰੰਗ-ਬਿਰੰਗੀਆਂ ਡਿਜ਼ਾਈਨਰ ਪੋਸ਼ਾਂਕਾਂ! ਸੋਚ ਬਾਰੇ -ਬੱਸ ਪੁੱਛੋ ਨਾ'।
'ਦੇਖ ਬਈ ਸਾਰਿਆਂ ਬਾਬਿਆਂ ਨੂੰ ਇਕੋ ਰੱਸੀ ਨਾਲ ਬੰਨ੍ਹਣਾ ਠੀਕ ਨਹੀਂ। ਇਨ੍ਹਾਂ ਵਿਚੋਂ ਕਈ ਈਸ਼ਵਰ ਦੇ ਸੱਚੇ ਭਗਤ ਤੇ ਮਾਨਵਤਾ ਦੇ ਹਮਦਰਦ ਤੇ ਵਿਦਵਾਨ ਵੀ ਹੋ ਸਕਦੇ ਹਨ', ਕੁਲਵੀਰ ਬੋਲੀ।
'ਇਹ ਬਹਿਸ ਛੱਡੋ। ਕੋਈ ਮਾੜਾ ਤੇ ਕੋਈ ਚੰਗਾ। ਪਰ ਇਨ੍ਹਾਂ ਵਿਚ ਲੋਕਾਂ ਦੀ ਆਸਥਾ ਤਾਂ ਵੇਖੋ। ਲੱਖਾਂ ਲੋਕ ਇਨ੍ਹਾਂ ਨੂੰ ਆਪਣਾ ਰੱਬ ਮੰਨਦੇ ਹਨ ਤੇ ਪੂਜਦੇ ਹਨ। ਕਿਓਂ? ਜਵਾਬ ਸਾਫ ਹੈ-ਡਰ ਤੇ ਅਨਪੜ੍ਹਤਾ। ਗੁਰਬਤ ਦਾ ਡਰ, ਬਿਮਾਰੀ ਦਾ ਡਰ, ਅਸਫਲਤਾ ਦਾ ਡਰ, ਮੌਤ ਦਾ ਡਰ। ਹਰ ਇਕ ਦਾ ਆਪਣਾ ਕੋਈ ਨਾ ਕੋਈ ਡਰ ਦਿਲ ਤੇ ਦਿਮਾਗ ਵਿਚ ਛਿਪਿਆ ਹੈ। ਲੋਕੀਂ ਬਾਬਿਆਂ ਕੋਲ ਜਾ ਕੇ ਆਪਣੇ ਦੁੱਖੜੇ ਰੋਂਦੇ ਹਨ, ਆਪਣੇ ਗੁੱਝੇ ਡਰ ਦਾ ਇਜ਼ਹਾਰ ਕਰਦੇ ਹਨ, ਆਪਣੀਆਂ ਤਕਲੀਫ਼ਾਂ ਦੱਸਦੇ ਹਨ। ਬਾਬਾ ਜੀ ਇਕ ਮਨੋਵਿਗਿਆਨਕ ਦੀ ਤਰ੍ਹਾਂ ਇਹ ਸਭ ਸੁਣਦੇ ਹਨ ਤੇ ਲੋਕਾਂ ਨੂੰ ਇਕ ਉਮੀਦ ਦੀ ਕਿਰਨ ਦਿਖਾਉਂਦੇ ਹਨ। ਬੱਸ ਇਹ ਕੀ ਘੱਟ ਹੈ, ਆਸਥਾ ਪੈਦਾ ਕਰਨ ਲਈ? ਹੁਣੇ-ਹੁਣੇ ਕੀਤੇ ਸਰਵੇ ਦੇ ਅਨੁਸਾਰ ਭਾਰਤ ਵਿਚ ਅਣਗਿਣਤ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ ਤੇ ਇਨ੍ਹਾਂ ਵਿਚੋਂ ਬਹੁਤੇ ਤਾਂ ਇਸ ਬਿਮਾਰੀ ਤੋਂ ਜਾਣੂ ਹੀ ਨਹੀਂ। ਇਸ ਬਿਮਾਰੀ ਦਾ ਇਲਾਜ ਕਰਨ ਲਈ ਵੀ ਡਾਕਟਰ ਬਹੁਤ ਹੀ ਘੱਟ ਹਨ। ਜਿਹੜੇ ਡਾਕਟਰ ਹਨ ਵੀ, ਉਹ ਮੋਟੀਆਂ-ਮੋਟੀਆਂ ਫੀਸਾਂ ਲੈ ਕੇ ਵੀ ਮਰੀਜ਼ਾਂ ਨੂੰ ਵਕਤ ਨਹੀਂ ਦਿੰਦੇ। ਸੋ, ਬਾਬਿਆਂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾਂਦੀ ਹੈ', ਮੈਂ ਆਪਣਾ ਨਜ਼ਰੀਆ ਦੱਸਿਆ।
'ਚਲੋ ਇਹ ਤਾਂ ਹੋਈ ਅਨਪੜ੍ਹ ਤੇ ਆਮ ਗ਼ਰੀਬ ਲੋਕਾਂ ਦੀ ਗੱਲ। ਪਰ ਅਮੀਰ ਆਦਮੀ , ਵੱਡੇ-ਵੱਡੇ ਅਫਸਰ ਤੇ ਰਾਜਨੇਤਾ ਵੀ ਤਾਂ ਬਾਬਿਆਂ ਕੋਲ ਜਾਂਦੇ ਹਨ', ਜਸਵੀਰ ਨੇ ਸਵਾਲ ਕੀਤਾ।
'ਉਨ੍ਹਾਂ ਵਿਚ ਸ਼ਰਧਾ ਘੱਟ ਤੇ ਸਵਾਰਥ ਜ਼ਿਆਦਾ ਹੁੰਦਾ ਹੈ। ਬਾਬਾ ਜੀ ਦੇ ਠਿਕਾਣੇ 'ਤੇ ਮਾੜੇ ਤੇ ਗ਼ੈਰ-ਕਾਨੂੰਨੀ ਧੰਦੇ ਕਰਨ ਵਾਲੇ ਕਾਲੇ-ਬਜ਼ਾਰੀਆਂ, ਅਫ਼ਸਰਾਂ ਤੇ ਰਾਜਨੇਤਾਵਾਂ ਦਾ ਸੰਗਮ ਹੁੰਦਾ ਹੈ। ਬਾਬਾ ਜੀ ਇਕ ਵਿਚੋਲੇ ਦਾ ਕੰਮ ਕਰਦੇ ਹਨ। ਬਾਬਾ ਜੀ ਦੀ ਸਹਾਇਤਾ ਨਾਲ ਇਹ ਵਪਾਰੀ ਅਫ਼ਸਰਾਂ ਤੇ ਰਾਜਨੀਤਕਾਂ ਤੋਂ ਆਪਣੇ ਕੰਮ ਕਢਵਾਉਂਦੇ ਤੇ ਰਿਸ਼ਵਤਖੋਰੀ ਦੇ ਕਾਲੇ ਧਨ ਦਾ ਲੈਣ-ਦੇਣ ਕਰਦੇ ਹਨ। ਅਫ਼ਸਰ ਆਪਣੀਆਂ ਮਨ ਚਾਹੀਆਂ ਤੇ ਪੈਸਾ ਕਮਾਉਣ ਵਾਲੀਆਂ ਅਸਾਮੀਆਂ 'ਤੇ ਬਦਲੀਆਂ ਤੇ ਤਰੱਕੀਆਂ ਕਰਵਾਉਂਦੇ ਹਨ, ਤੇ ਰਾਜਨੀਤਕ ਚੋਣ ਜਿੱਤਣ ਲਈ ਬਾਬਾ ਜੀ ਦੇ ਲੱਖਾਂ ਸ਼ਰਧਾਲੂਆਂ ਦੀਆਂ ਵੋਟਾਂ ਹਾਸਲ ਕਰਦੇ ਹਨ। ਬਾਬਾ ਜੀ ਦੀ ਬੱਲੇ-ਬੱਲੇ ਹੁੰਦੀ ਹੈ ਜਦ ਸ਼ਰਧਾਲੂ ਆਸ਼ਰਮ ਦੇ ਸਾਹਮਣੇ ਰਾਜਨੇਤਾ ਤੇ ਅਫਸਰਾਂ ਦੀਆਂ ਕਾਰਾਂ ਦੀਆਂ ਲਾਈਨਾਂ ਤੇ ਇਨ੍ਹਾਂ ਨੂੰ ਬਾਬਾ ਜੀ ਦੇ ਅੱਗੇ ਝੁੱਕਦੇ ਤੇ ਮੱਥਾ ਟੇਕਦੇ ਵੇਖਦੇ ਹਨ। ਬੱਸ ਸਾਰਾ ਚੱਕਰ ਸਵਾਰਥ ਦਾ ਹੀ ਹੈ'।
'ਬਈ ਜੋ ਮਰਜ਼ੀ ਕਹੋ, ਬਾਬੇ ਤਾਂ ਸਾਰੇ ਭਾਰਤ ਵਿਚ ਫੈਲੇ ਹੋਏ ਹਨ। ਕਿਥੇ ਕੀ ਹੋ ਰਿਹਾ ਹੈ, ਕਿਸੇ ਨੂੰ ਪੂਰਾ ਪਤਾ ਨਹੀ', ਸਾਰੀਆਂ ਆਪਣੀ-ਆਪਣੀ ਭੜਾਸ ਕੱਢ ਰਹੀਆਂ ਸਨ।
ਰੀਟਾ ਨੇ ਟੋਕਿਆ, 'ਬਈ ਅਖ਼ਬਾਰੀ ਗੱਲਾਂ ਨਾ ਦੋਹਰਾਈ ਚਲੋ। ਲੋਕਾਂ ਨੂੰ ਵਹਿਮਾਂ-ਭਰਮਾਂ ਤੇ ਬਾਬਿਆਂ ਤੋਂ ਬਚਾਉਣ ਲਈ ਕੋਈ ਤਰਕੀਬ ਤਾਂ ਦੱਸੋ'।
'ਤਰਕੀਬਾਂ ਤਾਂ ਕਈ ਹਨ ਪਰ ਉਨ੍ਹਾਂ 'ਤੇ ਅਮਲ ਕਿਸ ਤਰ੍ਹਾਂ ਹੋਵੇ। ਸਭ ਤੋਂ ਪਹਿਲਾਂ ਤਾਂ ਅਗਿਆਨਤਾ ਤੇ ਅਨਪੜ੍ਹਤਾ ਖਤਮ ਹੋਣੀ ਚਾਹੀਦੀ ਹੈ। ਇਹ ਤਾਂ ਲੋਕਾਂ ਦੀ ਸੋਚ ਤੇ ਸਰਕਾਰ ਨੇ ਹੀ ਕਰਨੀ ਹੈ। ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਡਰ, ਵਹਿਮਾਂ ਤੇ ਅਗਿਆਨਤਾ ਦੂਰ ਕਰਨ ਲਈ ਸਭ ਲਈ ਖਾਸ ਕਰਕੇ ਬੱਚਿਆਂ ਲਈ, ਪੜ੍ਹਾਈ ਬਹੁਤ ਜ਼ਰੂਰੀ ਹੈ ਤੇ ਸਰਕਾਰ ਨੂੰ ਪੜ੍ਹਾਈ ਲਈ ਤੇ ਅੱਛੀ ਸਿਹਤ ਲਈ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਨੀਆਂ ਚਾਹੀਦੀਆਂ ਹਨ। ਸਿਰਫ ਖਾਨਾਪੂਰਤੀ ਨਹੀਂ ਕਰਨੀ ਚਾਹੀਦੀ। ਬਾਕੀ ਜਿਥੇ ਸਵਾਰਥੀ ਵਪਾਰੀਆਂ, ਸਰਕਾਰੀ ਅਫਸਰਾਂ ਤੇ ਰਾਜਨੇਤਾ ਦੇ ਮਿਲਣ ਦਾ ਸਵਾਲ ਹੈ, ਉਹ ਸਿਰਫ ਬਾਬਿਆਂ ਦੇ ਟਿਕਾਣਿਆਂ 'ਤੇ ਹੀ ਨਹੀਂ, ਹੁੰਦੇ-ਇਹ ਪੰਜ ਤਾਰਾ ਹੋਟਲਾਂ, ਕਲੱਬਾਂ ਤੇ ਗੋਲਫ ਕੋਰਸਾਂ 'ਤੇ ਵੀ ਹੁੰਦੇ ਹਨ। ਸੋ, ਇਸ ਮਿਲਣ ਨੂੰ ਖਤਮ ਕਰਨਾ ਏਨਾ ਆਸਾਨ ਨਹੀ'।
ਸੋ, ਹਾਲਾਤ ਤੋਂ ਹਾਰ ਜਿਹੀ ਮੰਨ ਕੇ ਅਸੀਂ ਆਪਣੇ-ਆਪਣੇ ਘਰਾਂ ਵਲ ਤੁਰ ਪਈਆਂ।

-ਮੋਬਾਈਲ : 95015-31277.

ਕਾਵਿ-ਵਿਅੰਗ

ਕਸ਼ਮਕਸ਼
* ਨਵਰਾਹੀ ਘੁਗਿਆਣਵੀ *
ਦੇਸ਼ ਕੌਮ ਦੀ ਜਿਨ੍ਹਾਂ ਅਗਵਾਈ ਕਰਨੀ,
ਬੜਾ ਦੁੱਖ ਹੈ, ਆਪ ਗੰੁਮਰਾਹ ਹੋ ਗਏ |
ਰਾਜਨੀਤੀ ਦੀ ਕਸ਼ਮਕਸ਼ ਅੰਦਰ,
ਬਿਨਾਂ ਵਜ੍ਹਾ ਹੀ ਲੋਕ ਤਬਾਹ ਹੋ ਗਏ |
ਓਸ ਬੇੜੀ ਦਾ ਲੱਗਣਾ ਪਾਰ ਮੁਸ਼ਕਿਲ,
ਅਣਤਾਰੂਏ ਜੀਹਦੇ ਮਲਾਹ ਹੋ ਗਏ |
ਹੋਈਆਂ ਸੱਧਰਾਂ ਫ਼ੌਤ, ਜ਼ਿਬਾਹ ਜਜ਼ਬੇ,
ਸੁੱਚੇ ਵਲਵਲੇ ਮਚ ਸੁਆਹ ਹੋ ਗਏ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਕੌਮਾਂਤਰੀ ਮੰਚ
* ਹਰਦੀਪ ਢਿੱਲੋਂ *
ਚਰਚਾ ਚੱਲ ਪਈ ਕੌਮਾਂਤਰੀ ਮੰਚ ਉੱਤੇ,
ਚਲਦਾ ਸੋਨੇ ਦਾ ਕਿੱਦਾਂ ਵਪਾਰ ਅੱਜਕਲ੍ਹ |
ਆਖੇ ਮਿਰਕਣੀ ਅਸਾਂ ਦੇ ਦੇਸ਼ ਅੰਦਰ,
ਗਿਰਵੀ ਸੋਨੇ ਦੇ ਵੱਡੇ ਭੰਡਾਰ ਅੱਜਕਲ੍ਹ |
ਦੂਜੀ ਦਿੱਤੀ ਦਲੀਲ ਬਰਤਾਨਵੀ ਨੇ,
ਲੰਡਨ ਸੋਨੇ ਦਾ ਵੱਡਾ ਬਾਜ਼ਾਰ ਅੱਜਕਲ੍ਹ |
ਹਿੱਕ ਥਾਪੜ ਕੇ ਆਖਿਆ ਭਾਰਤੀ ਨੇ,
ਸਾਡੇ ਕੋਲ ਵਧੇਰੇ ਘੜਿਆਰ ਅੱਜਕਲ੍ਹ |

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX