ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਚਾਰ ਗ਼ਜ਼ਲਾਂ

ਸ਼ਬਦ ਕੋਸ਼ 'ਚੋਂ ਖਾਰਜ ਕਰ ਦਿਉ, ਜਿਥੇ ਲਿਖਿਐ ਸ਼ਬਦ ਅਸੰਭਵ।
ਸੰਭਵ, ਸੰਭਵ, ਸੰਭਵ ਕਰ ਦਿਉ, ਜਿਥੇ ਲਿਖਿਐ ਸ਼ਬਦ ਅਸੰਭਵ।
ਜਿਸ ਤੋਂ ਡਰ ਕੇ ਸੋਤਰ ਸੁੱਕਦੇ, ਜੀਭ ਤਾਲੂਏ ਜੁੜਦੀ ਸਾਡੀ,
ਨੇਰ੍ਹ ਕੋਠੜੀ ਦੀਵੇ ਧਰ ਦਿਉ, ਜਿਥੇ ਲਿਖਿਐ ਸ਼ਬਦ ਅਸੰਭਵ।
ਜਿਉਂ ਜੰਮੇ ਹਾਂ ਏਹੀ ਸੁਣਦੇ, ਹਿੰਮਤ ਨੂੰ ਹੀ ਮੰਜ਼ਿਲ ਮਿਲਦੀ,
ਹੁਣ ਇਸ ਗੱਲ ਨੂੰ ਸੱਚੀ ਕਰ ਦਿਉ, ਜਿਥੇ ਲਿਖਿਐ ਸ਼ਬਦ ਅਸੰਭਵ।
ਅੰਬਰ ਵਿਚ ਉਡਾਰੀ ਭਰਦੇ, ਕਰਨ ਕਲੋਲ ਪਰਿੰਦੇ ਵੇਖੋ,
ਤਿਲ ਤਿਲ ਕਰਕੇ ਰੋਜ਼ ਮਰ ਦਿਓ, ਜਿਥੇ ਲਿਖਿਆ ਸ਼ਬਦ ਅਸੰਭਵ।
ਘੁੰਮਣਘੇਰੀ ਵਿਚੋਂ ਨਿਕਲੋ, ਮੇਰੀ, ਮੈਂ ਮੈਂ, ਮੇਰੀ ਵਿਚੋਂ,
ਦਿਲ ਦੀ ਤਖ਼ਤੀ ਸਾਡਾ ਲਿਖ ਦਿਉ, ਜਿਥੇ ਲਿਖਿਐ ਸ਼ਬਦ ਅਸੰਭਵ।
ਦੋ ਭੈਣਾਂ ਨੇ ਸਬਕ ਪੜ੍ਹਾਇਆ, ਸਮਝ ਕਿਉਂ ਨਾ ਆਵੇ ਸਾਨੂੰ,
ਚੰਦਰਮਾ ਤੇ ਪੈਰ ਧਰ ਦਿਉ, ਜਿਥੇ ਲਿਖਿਆ ਸ਼ਬਦ ਅਸੰਭਵ।
ਧਰਤੀ ਮਾਂ ਕਿਉਂ ਕੱਲ੍ਹੀ ਕੱਤਰੀ, ਤਾਣੋ ਸਿਰ ਤੇ ਸਾਵੀਂ ਛੱਤਰੀ,
ਹਰਿਆਲੀ, ਹਰਿਆਲੀ ਭਰ ਦਿਉ, ਜਿਥੇ ਲਿਖਿਆ ਸ਼ਬਦ ਅਸੰਭਵ।


ਕਿਥੇ ਬੰਦ ਹਾਂ, ਗੁਪਤ ਗੁਫ਼ਾਵਾਂ ਲੱਭਦੀਆਂ ਨਹੀਂ।
ਸਾਨੂੰ ਸਾਡੀਆਂ ਧੁੱਪਾਂ ਛਾਵਾਂ ਲੱਭਦੀਆਂ ਨਹੀਂ।
ਪਰੀਆਂ ਨੂੰ ਹੁਣ ਪੈਸਾ ਨਾਚ ਨਚਾਉਂਦਾ ਹੈ,
ਸਾਨੂੰ ਤਾਹੀਉਂ ਪਰੀ ਕਥਾਵਾਂ ਲੱਭਦੀਆਂ ਨਹੀਂ।
ਉੱਚੀ ਥਾਂ ਤੂੰ ਬੈਠਾ ਰਹਿੰਦੈਂ ਇਸ ਕਰਕੇ,
ਤੈਨੂੰ ਸਾਡੀਆਂ ਨੀਵੀਆਂ ਥਾਵਾਂ ਲੱਭਦੀਆਂ ਨਹੀਂ।
ਕੂੜ ਸੁਨੇਹੇ ਲਿਆ ਲਿਆ ਦੇਵੇਂ ਹਾਕਮ ਦੇ,
ਤਾਹੀਉਂ ਤੈਨੂੰ ਚੂਰੀਆਂ ਕਾਵਾਂ ਲੱਭਦੀਆਂ ਨਹੀਂ।
ਅੱਖਾਂ ਅੱਗੇ ਚਰਬੀ ਆ ਗਈ ਪੁੱਤਰਾਂ ਦੇ,
ਮੈਲੀ ਚੁੰਨੀ ਵਾਲੀਆਂ ਮਾਵਾਂ ਲੱਭਦੀਆਂ ਨਹੀਂ।
ਉੱਡਦੇ ਫਿਰਦੇ, ਆਹ ਮੇਰੇ ਨਾਲ ਕੀਹ ਹੋਇਆ,
ਪੈਰੀਂ ਚੜ੍ਹੀਆਂ ਹੁਣ ਉਹ ਰਾਹਵਾਂ ਲੱਭਦੀਆਂ ਨਹੀਂ।


ਰੌਣਕ-ਮੇਲੇ, ਜਗਤ ਝਮੇਲੇ ਅੰਦਰ ਹੁਣ,
ਆਪਣੀਆਂ ਹੀ ਦੋਵੇਂ ਬਾਹਵਾਂ ਲੱਭਦੀਆਂ ਨਹੀਂ।
ਦੂਰ ਦੋਮੇਲ ਤੇ ਧਰਤੀ ਸੂਰਜ ਮਿਲਦੇ ਜਦ,
ਐਸੀਆਂ ਥਾਵਾਂ ਵੇਖਣ ਜਾਵਾਂ ਲੱਭਦੀਆਂ ਨਹੀਂ।
ਨਟਖਟ ਉਮਰ ਜਵਾਨੀ ਚੜ੍ਹਦੀ ਕਿੱਧਰ ਗਈ,
ਤਰਸ ਗਿਆਂ, ਉਹ ਸ਼ੋਖ ਅਦਾਵਾਂ ਲੱਭਦੀਆਂ ਨਹੀਂ।
ਕਿੰਨੀ ਵਾਰੀ ਕੁੱਟ-ਕੁੱਟ ਚੂਰੀਆਂ, ਪੁੱਤ ਨੂੰ ਦਿੱਤੀਆਂ ਮਾਵਾਂ ਨੇ,
ਲਹਿਰਾਂ ਦੀ ਗਿਣਤੀ ਨੂੰ ਚੇਤੇ ਕਦ ਰੱਖਿਆ ਦਰਿਆਵਾਂ ਨੇ।
ਕੌਣ ਮੁਸਾਫ਼ਿਰ ਕਿੰਨਾ ਕੁ ਚਿਰ ਬੈਠਾ, ਅੱਗੇ ਚਲਾ ਗਿਆ,
ਲੇਖਾ ਪੱਤਾ ਰੱਖਿਆ ਹੈ ਕਦ, ਰਾਹ ਵਿਚ ਉੱਗੀਆਂ ਛਾਵਾਂ ਨੇ।
ਤਪਣ ਬਨੇਰੇ ਪੱਕੇ ਘਰ ਦੇ, ਸੜਦੇ ਭੁੱਜਦੇ ਸ਼ਹਿਰਾਂ ਵਿਚ,
ਆਏ ਗਏ ਦੀ ਖ਼ਬਰ ਸੁਣਾਉਣੀ, ਕਿਥੇ ਬਹਿ ਕੇ ਕਾਵਾਂ ਨੇ।
ਨਾਲ ਸਮੇਂ ਦੇ ਅੱਖਾਂ ਬਦਲੇਂ, ਤੇ ਫਿਰ ਆਖੇਂ ਮਿਲਦਾ ਰਹੁ,
ਹੁਣ ਤਾਂ ਮਨ ਤੋਂ ਮਨ ਵਿਚਕਾਰੇ, ਬਹੁਤ ਕੁਸੈਲੀਆਂ ਰਾਹਵਾਂ ਨੇ।
ਆਹ ਕਮਜ਼ੋਰੀ ਦੀ ਥਾਂ ਆਪਾਂ ਸ਼ਕਤੀ ਵੀ ਬਣ ਸਕਦੇ ਸੀ,
ਜੇ ਨਾ ਸਬਕ ਭੁਲਾਉਂਦੇ ਵੀਰਾ, ਦਿੱਤੜਾ ਸੀ ਜੋ ਮਾਵਾਂ ਨੇ।
ਤੂੰ ਕੁਰਸੀ ਦਾ ਪੁੱਤਰ ਬਣ ਕੇ, ਠੰਢੇ ਭਵਨੀਂ ਬੈਠ ਗਿਆ,
ਸਾਡੀਆਂ ਹਾਲੇ ਪਿਲਖਣ ਥੱਲੇ, ਉਹੀ ਪੁਰਾਣੀਆਂ ਥਾਵਾਂ ਨੇ।
ਬਣ ਗਈ ਨਗਨ ਸਿਆਸਤ, ਹੀਰਾ ਮੰਡੀ ਸ਼ਹਿਰ ਲਾਹੌਰ ਦੇ ਵਾਂਗ,
ਦੱਸ ਵਿਕਾਊ ਕੀਹ ਨਾ ਏਥੇ, ਓਹਲਾ ਰੱਖਿਐ ਨਾਵਾਂ ਨੇ।
ਇਕ ਵਾਰੀ ਤੂੰ ਨਾਲ ਮੁਹੱਬਤ, ਮੈਨੂੰ ਮਾਰ ਆਵਾਜ਼ ਕਦੇ,
ਬਹੁਤ ਉਡੀਕਿਆ ਤੈਨੂੰ ਮੇਰੇ ਕੰਜ ਕੁਆਰੇ ਚਾਵਾਂ ਨੇ।
ਲੋਕ ਰਾਜ ਦੇ ਨਾਟਕ ਅੰਦਰ, ਅਦਾਕਾਰ ਨੇ ਕੀਹ ਕਰਨਾ,
ਗੁਪਤ ਫ਼ੈਸਲਾ ਦੇਣਾ ਹੁੰਦੈ, ਹਰ ਵਾਰੀ ਹੀ ਸ਼ਾਹਵਾਂ ਨੇ।


ਰਾਤੀਂ ਬਹਿ ਕੇ ਖ਼ਤ ਲਿਖਿਆ ਕਰ, ਉੱਠ ਸਵੇਰੇ ਪੜ੍ਹਿਆ ਕਰ!
'ਵਾਅ ਦੇ ਘੋੜੇ ਚੜ੍ਹ ਕੇ ਐਵੇਂ, ਬੱਚਿਆਂ ਵਾਂਗ ਨਾ ਲੜਿਆ ਕਰ!
ਅੱਭੜਵਾਹੇ ਉੱਠ ਬਹਿੰਦਾ ਏਂ, ਨਾ ਤੁਰਿਆ ਕਰ ਸੁਪਨੇ ਵਿਚ,
ਟੀਸੀ ਤੇ ਅਪੜਨ ਲਈ ਵੀਰਾ, ਪੌੜੀ-ਪੌੜੀ ਚੜਿਆ ਕਰ!
ਨਿੱਕੀਆਂ ਨਿੱਕੀਆਂ ਜੰਗਾਂ ਦੇ ਵਿਚ ਉਲਝ ਗਿਐਂ ਬਿਨ ਮਤਲਬ ਤੋਂ,
ਆਦਰਸ਼ਾਂ ਦੀ ਖਾਤਰ ਤੈਨੂੰ ਅੜਨਾ ਪਏ ਤਾਂ ਅੜਿਆ ਕਰ!
ਨਰਮ ਕਰੂੰਬਲ ਵੇਖ ਬਿਰਖ ਦੀ ਨੱਚਦੀ ਕਿੱਸਰਾਂ ਚਾਵਾਂ ਨਾਲ,
ਆਪਣੀ ਅੱਗ ਵਿਚ ਚੌਵੀ ਘੰਟੇ, ਐਵੇਂ ਨਾ ਤੂੰ ਸੜਿਆ ਕਰ!
ਕਾਲੀ ਰਾਤ ਹਨ੍ਹੇਰੇ ਅੰਦਰ, ਲੁਕਣ ਮਚਾਈਆਂ ਖੇਡਣ ਜੋ,
ਜਗਦੇ ਬੁਝਦੇ ਲੀਕਾਂ ਵਾਹੁੰਦੇ, ਜੁਗਨੂੰ ਨਾ ਤੂੰ ਫੜਿਆ ਕਰ!
ਤੇਜ਼ ਤੂਫ਼ਾਨ ਕਹਿਰ ਦਾ ਆਵੇ, ਆ ਕੇ ਅੱਗੇ ਲੰਘ ਜਾਵੇ,
ਨੇਰ੍ਹ ਗੁਫ਼ਾ ਵਿਚ ਅੰਦਰ ਵੜ ਕੇ, ਐਵੇਂ ਨਾ ਤੂੰ ਦੜਿਆ ਕਰ!
ਤੂੰ ਤਾਂ ਯਾਰਾ, ਘਾੜਨ ਹਾਰਾ, ਸੋਨ ਸੁਨਹਿਰੀ ਭਲਕਾਂ ਦਾ,
ਮੋਤੀ ਆਸ ਉਮੀਦਾਂ ਵਾਲੇ, ਵਕਤ ਦੀ ਮੁੰਦਰੀ ਜੜਿਆ ਕਰ।

-ਮੋਬਾਈਲ : 98726-31199


ਖ਼ਬਰ ਸ਼ੇਅਰ ਕਰੋ

ਕਹਾਣੀ ਚਾਂਦੀ ਦੇ ਗਲਾਸ

'ਬਰਤਨ ਜਾਂਦੇ ਜਾਂਦੇ ਵੀ ਖੜਕ ਰਹੇ ਸਨ।'
'ਇਹ ਬਰਤਨਾਂ ਦਾ ਸੁਭਾਅ ਹੈ। ਇਕੱਠੇ ਹੋਣਗੇ ਤਾਂ ਖੜਕਣਗੇ।'
'ਓਦਾਂ ਖ਼ਾਮੋਸ਼ੀ ਸੀ ਪਰ ਬਰਤਨ ਖੜਕਦੇ ਸਭ ਨੇ ਸੁਣੇ'
ਬਰਤਨ ਜ਼ਿਆਦਾ ਸਟੀਲ ਦੇ ਸਨ, ਕੱਚ ਦੇ, ਚੀਨੀ ਦੇ ਤੇ ਹੋਰ ਮਾਡਰਨ। ਵਿਚ ਚਾਂਦੀ ਦੇ ਗਲਾਸ, ਜੱਗ ਚਮਚੇ ਪਰ ਉਹ ਬਕਸਾ ਕਿਤੇ ਅਲੱਗ ਵਿਛੜ ਗਿਆ ਸੀ। ਉਹ ਚੁੱਪ ਸਨ।
ਅਸਲ ਵਿਚ ਵਿਆਹ ਦਾ ਦਾਜ ਕੁੜੀ ਵਾਲਿਆਂ ਦੇ ਘਰ ਵਾਪਸ ਜਾ ਰਿਹ ਸੀ। ਦਾਜ ਵਿਚ ਬਰਤਨ ਸਨ।
'ਕੁੜੀ ਵਾਲਿਆਂ ਦੇ ਘਰ?'
'ਹਾਂ ਜੀ ਕੁੜੀ ਵਾਲਿਆਂ ਦੇ ਘਰ।'
'ਪਰ ਉਹ ਕਿਉਂ?'
'ਬਸ ਕੁੜੀ ਕਹਿੰਦੀ ਮੇਰੇ ਨਾਲ ਧੋਖਾ ਹੋਇਆ ਨਹੀਂ ਰਹਿਣਾ... ਪਹਿਲਾਂ ਤਾਂ ਕੁੜੀ ਅੜ ਗਈ ਆਖੇ ਇਨ੍ਹਾਂ ਨੂੰ ਅੰਦਰ ਕਰਾਉਣਾ ਪਰ ਆਹ ਤਾਂ ਮਹਿਲਾ ਥਾਣੇ ਵਾਲੀਆਂ ਬੀਬੀਆਂ ਦੀ ਮਿਹਰਬਾਨੀ ਹੋ ਗਈ। ਖਰਚਾ ਤਾਂ ਹੋ ਗਿਆ ਮੁੰਡੇ ਵਾਲਿਆਂ ਦਾ ਪਰ ਬਚਾਅ ਹੋ ਗਿਆ। ਮੁੰਡੇ ਵਾਲਿਆਂ ਨੇ ਸਮਝਾਇਆ ਬਚੋ ਜੇ ਬਚ ਸਕਦੇ ਹੋ।'
'ਪਰ ਹੋਇਆ ਕੀ?'
'ਹੋਣਾ ਕੀ ਸੀ ਹੋਇਆ ਪਹਿਲਾਂ ਰੁੱਸ ਰਸੱਈਆ।
'ਫਿਰ?'
'ਫਿਰ ਭੇੜ ਭੜੱਈਆ।'
'ਫਰ ਠਾਹ-ਠਾਹ ਠਹੀਆ...।'
'ਫਿਰ।'
'ਫਿਰ ਕੀ ਫਿਰ ਛੱਡ ਛਡੱਈਆ' ਠਾਹ-ਠਾਹ ਠਹੀਆ, ਠਾਹ-ਠਾਹ ਠਹੀਆ' ਉਹ ਸਾਰੇ ਹੱਸਣ ਲੱਗੇ। ਹਾਸੇ ਦੀ ਆਵਾਜ਼ ਅੰਦਰ ਬੈਠੋ ਐਸ.ਐਚ.ਓ. ਦੇ ਕੰਨੀਂ ਪੈ ਗਈ। ਉਹ ਉਠ ਕੇ ਬਾਹਰ ਆਏ। ਫਿਰ ਸਨਾਟਾ ਛਾ ਗਿਆ... ਠਾਹ ਠਾਹ ਠਹੀਆ, ਠਾਅ... ਠਾਅ... ਠਾਅ।
ਸਾਮਾਨ ਦੀ ਲਿਸਟ ਬਣ ਗਈ? ਐਸ.ਐਚ.ਓ. ਸਾਹਿਬ ਬੋਲੇ।
ਜੀ ਬਣ ਗਈ ਜਨਾਬ
ਫਿਰ ਕਰੋ ਸਾਮਾਨ ਕੁੜੀ ਵਾਲਿਆਂ ਦੇ ਹਵਾਲੇ ਦਸਤਖਤ ਕਰਾ ਲਓ ਨਾਲੇ ਹਾਅ ਜਿਹੜਾ ਮੂਵੀ ਵਾਲਾ ਲਈ ਫਿਰਦੇ ਸੀ ਸਨੈਪ ਕਰਵਾ ਦੇਣਾ। ਪਾਰਟੀਆਂ ਦੋਵੇਂ ਕਾਨੂੰਨੀ ਹਨ।
'ਬਿਹਤਰ ਜਨਾਬ।' ਹੈੱਡ ਕਾਂਸਟੇਬਲ ਬੋਲਿਆ।
'ਸੋਨੇ ਦੀਆਂ ਆਈਟਮਾਂ ਪੂਰੀਆਂ...?'
'ਹਾਂ ਸਰ... ਪਰ ਆਹ ਕੁੜੀ ਵਾਲਿਆਂ ਦੀ ਲੇਡੀ ਵਾਰ-ਵਾਰ ਚਾਂਦੀ ਦੇ ਗਲਾਸਾਂ ਦੀ ਰਟ ਲਾਈ ਫਿਰਦੀ ਹੈ। ਜਾਨ ਖਾ ਲਈ ਏਹਨੇ...।
'ਬੁਲਾ ਏਹਨੂੰ ਜ਼ਰਾ ਏਧਰ' ਐਸ.ਐਚ.ਓ. ਸਾਹਿਬ ਬੋਲੇ।
ਇਸ਼ਾਰਾ ਕੀਤਾ ਉਹ ਲੇਡੀ ਐਸ.ਐਚ.ਓ. ਵੱਲ ਆਈ। ਦੋਵੇਂ ਵਾਪਸ ਦਫ਼ਤਰ ਦੇ ਕਮਰੇ ਅੰਦਰ ਆਏ, ਹੌਲਦਾਰ ਤੇ ਇਕ ਦੋ ਹੋਰ ਬੰਦੇ ਵੀ ਸਨ।
'ਹਾਂ ਬੀਬੀ ਦੱਸ। ਸਾਮਾਨ ਪੂਰਾ ਹੋ ਗਿਆ। ਪੂਰਾ ਹੋ ਗਿਆ ਤਾਂ ਲਿਆਓ ਚੁੱਕੋ ਟੈਂਪੂ ਜਾਓ।'
'ਜੀ ਸਾਮਾਨ ਤਾਂ ਪੂਰਾ ਹੋ ਗਿਆ, ਵਿਚ ਚਾਂਦੀ ਦੇ ਗਲਾਸ ਨਹੀਂ।
'ਤੁਹਾਡੇ ਕੋਲ ਚਾਂਦੀ ਦੇ ਗਲਾਸਾਂ ਦੀ ਰਸੀਦ ਹੈ, ਕਿਥੋਂ ਖਰੀਦੇ ਸੀ ਗਲਾਸ। ਸੁਨਿਆਰੇ ਦੀ ਦੁਕਾਨ ਦਾ ਪਤਾ ਦੱਸੋ, ਇਹ ਚਾਂਦੀ ਟੈਸਟ ਕਰਾਉਣ ਲਈ ਲੈਬਾਰਟਰੀ ਵਿਚ ਭੇਜਣੀ ਪੈਣੀ ਹੈ। ਚਾਂਦੀ ਹੈ ਵੀ ਕਿ...? ਐਸ.ਐਚ.ਓ. ਨੇ ਦਬਕਾ ਜਿਹਾ ਮਾਰਿਆ।
ਹੁਣ ਯਾਦ ਨਹੀਂ ਕਿਥੋਂ ਖਰੀਦੇ ਸੀ, ਸ਼ਾਇਦ ਕੋਈ ਦੇ ਗਿਆ ਸੀ ਵਿਆਹ 'ਚ।
ਜਿਹੜਾ ਦੇ ਗਿਆ ਸੀ, ਉਸ ਨੇ ਵੀ ਤਾਂ ਕਿਤੇ ਤੋਂ ਖਰੀਦੇ ਹੋਣਗੇ ਇਹ ਵੀ ਪਤਾ ਲਗਾਉਣਾ ਪੈਣੇ ਕਿ ਜੀ.ਐਸ.ਟੀ. ਵੀ ਉਸ ਉਤੇ ਪੇਅ ਕੀਤੀ ਹੈ ਕਿ ਨਹੀਂ, ਖਰੀਦਣ ਵਾਲੇ ਦਾ ਨਾਂਅ ਪਤਾ ਦੱਸੋ ਤੇ ਵੇਚਣ ਵਾਲੇ ਦਾ ਵੀ। ਕਿੰਨੇ ਛੇ ਗਲਾਸ, ਛੇ ਪਲੇਟਾਂ, ਛੇ ਚਮਚੇ ਤੇ ਇਕ ਜੱਗ ਚਾਂਦੀ ਦਾ... ਐਸ.ਐਚ.ਓ. ਸਾਹਿਬ ਨੇ ਲਿਸਟ ਪੜ੍ਹੀ। ਉਸ ਹੁਕਮ ਦਿੱਤੈ। ਮੰਗਵਾ ਲੈ ਲਿਸਟ ਵਾਲੀ ਰਸੀਦ ਲੈਬਾਰਟਰੀ ਦੀ ਰਿਪੋਰਟ ਨਹੀਂ ਤਾਂ ਦਸਤਖ਼ਤ ਕਰਵਾ ਸਾਮਾਨ ਪ੍ਰਾਪਤ ਕੀਤਾ, ਫਿਰ ਅਗਲੀ ਪਾਰਟੀ ਬੁਲਾ।
'ਲਿਆ ਬੀਬੀ ਰਸੀਦ ਆਹ ਲੈ ਕਰ ਦਸਤਖ਼ਤ ਸਾਮਾਨ ਪ੍ਰਾਪਤ ਕੀਤਾ', ਹੌਲਦਾਰ ਬੋਲਿਆ। ਉਹ ਐਸ.ਐਚ.ਓ. ਦੇ ਦਫਤਰ ਵਿਚੋਂ ਬਾਹਰ ਆ ਗਏ। 'ਜੀ.ਐਸ.ਟੀ. ਏਥੇ ਵੀ ਆ ਵੜੀ', ਕੋਈ ਬੁੜਬੁੜਾਇਆ। 'ਸਮਾਰਟ' ਲੇਡੀ ਢਿੱਲੀ ਪੈ ਗਈ ਉਸ ਦੇ ਬਾਕੀ ਸਾਥੀ ਵੀ ਢਿੱਲੇ ਪੈ ਗਏ। ਫਿਰ ਕਿਸੇ ਨੇ ਸਾਮਾਨ ਦੀ ਲਿਸਟ 'ਤੇ ਦਸਤਖਤ ਕੀਤੇ। ਵਿਛਿਆ ਹੋਇਆ ਦਾਜ ਇਕੱਠਾ ਹੋਣ ਲੱਗਾ। ਜਾਂਦੇ-ਜਾਂਦੇ ਬਰਤਨ ਫਿਰ ਖੜਕਣ ਲੱਗੇ। ਭਾਂਡੇ ਖੜਕਣ ਦੀ ਆਵਾਜ਼ ਦਬਾਈ ਜਾਣ ਦੀ ਕੋਸ਼ਿਸ਼ ਹੋ ਰਹੀ ਸੀ ਪਰ ਖੜਕਦੇ ਭਾਂਡਿਆਂ ਦੀ ਆਵਾਜ਼ 'ਕੰਨ ਪਾੜ' ਰਹੀ ਸੀ।
'ਲਿਆਓ ਟੈਂਪੂ ਲਿਆਓ ਨੇੜੇ', ਟੈਂਪੂ ਆ ਗਿਆ, ਹੱਥੋ-ਹੱਥੀ ਖਿਲਰਿਆ ਹੋਇਆ ਸਾਮਾਨ ਟੈਂਪੂ ਵਿਚ ਰੱਖ ਦਿੱਤਾ ਗਿਆ। ਟੈਂਪੂ ਵਾਲਾ ਬਚਦਾ ਬਚਾਉਂਦਾ ਮਹਿਲਾ ਥਾਣੇ ਦੇ ਗੇਟ ਤੋਂ ਬਾਹਰ ਨਿਕਲਿਆ। ਉਸ ਨੂੰ ਡਰ ਸੀ ਕਿ ਕਿਤੇ ਪੁਲਿਸ ਵਾਲੇ ਉਸ ਦੀ ਗੱਡੀ ਦੇ ਕਾਗਜ਼ ਨਾ ਪੁੱਛ ਲੈਣ।
ਦਾਜ ਦਾ ਸਾਮਾਨ ਟੈਂਪੂ ਵਿਚ ਰੱਖ ਹੋ ਗਿਆ। ਟੈਂਪੂ ਸਟਾਰਟ ਹੋਇਆ। ਘੁਰ-ਘੁਰ ਦੀ ਆਵਾਜ਼ ਆਈ, ਕੁੜੀ ਵਾਲਿਆਂ ਦੀ ਬਰਾਤ ਵਾਪਸ ਮੁੜੀ, 'ਰੁਕੋ-ਰੁਕੋ' 'ਓਏ ਆ ਜਾਓ ਯਾਰ ਬਾਹਰ ਗੇਟ 'ਤੇ ਰੁਕਦੇ ਆਂ ਏਥੋਂ ਤੁਰੋ ਇਕ ਵਾਰ ਨਹੀਂ ਤਾਂ ਅਗਲਿਆਂ ਫਿਰ ਜੀ.ਐਸ.ਟੀ. ਦਾ ਚੱਕਰ ਪਾ ਦੇਣਾ।' ਏਦਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ।
'ਟੈਂਪੂ ਤੁਰ ਗਿਆ। ਵਿਆਹ 'ਚ ਦਿੱਤਾ ਦਾਜ ਕੁੜੀ ਵਾਲੇ ਵਾਪਸ ਲੈ ਗਏ, ਉਹ ਖੁਸ਼ ਸਨ ਜਿਵੇਂ ਕੋਈ ਜੰਗ ਫਤਹਿ ਕੀਤੀ ਹੋਵੇ। ਮੁੰਡੇ ਵਾਲੇ ਉਦਾਸ ਸਨ ਜਿਵੇਂ ਡੋਲੀ ਤੋਰੀ ਹੋਵੇ। ਮੁੰਡੇ ਵਾਲਿਆਂ ਨਾਲ ਆਈ ਪੰਚਾਇਤ ਵਿਚੋਂ 75-80 ਸਾਲ ਦੇ ਬੁੱਢੇ ਨੇ ਚੁੱਪ ਤੋੜੀ 'ਲੈ ਬਈ ਦੇਖੋ ਸਾਡੇ ਵੇਲੇ ਕੁੜੀ ਵਾਲੇ ਖੱਟ ਵਛਾਉਂਦੇ ਸੀ, ਬੁੜੀਆਂ ਗਾਉਣਾ...' ਖੱਟ ਵਛਾਉਂਦੇ ਜੀ, ਨੀਵੀਆਂ ਪਾਉਂਦੇ ਜੀ ਇਨ੍ਹਾਂ ਧੀਆਂ ਦੇ ਮਾਪੇ, ਕੀ ਉਲਟਾ ਜ਼ਮਾਨਾ ਆ ਗਿਆ, ਗਾਉਣ ਬਦਲ ਗਏ ਅਖੇ 'ਖੱਟ ਵਛਾਉਂਦੇ ਜੀ ਨੀਵੀਆਂ ਪਾਉਂਦੇ ਜੀ ਇਨ੍ਹਾਂ ਨੂੰਹਾਂ ਦੇ ਸਹੁਰੇ' ਕਿਸੇ ਨੇ ਕੁਝ ਨਾ ਕਿਹਾ।
ਗੇਟ ਤੋਂ ਕੁੜੀ ਵਾਲੇ ਤੁਰੇ ਤਾਂ ਪਿੱਛੋਂ ਮੁੰਡੇ ਵਾਲਿਆਂ ਨੇ ਹਿਸਾਬ-ਕਿਤਾਬ ਕੀਤਾ ਉਹ ਵੀ ਚਲੇ ਗਏ।
'ਘੰਟੀ ਵੱਜੀ...', ਐਸ.ਐਚ.ਓ. ਨੇ ਘੰਟੀ ਮਾਰੀ।
ਹੌਲਦਾਰ ਅੰਦਰ ਗਿਆ, 'ਜਨਾਬ।'
'ਉਹ ਜਨਾਬ ਚਾਂਦੀ ਦੇ ਗਲਾਸ ਜ਼ਰਾ ਮੈਨੂੰ ਵੀ ਦਿਖਾ ਦਿਓ', ਪਲ ਨਾ ਲੱਗਾ ਹੌਲਦਾਰ ਨੇ ਬਕਸਾ ਚੁੱਕਿਆ, ਖੋਲ੍ਹਿਆ ਹਰਾ-ਪੀਲਾ ਪੈਂਕਿੰਗ ਦਾ ਕਾਗਜ਼ ਅਲੱਗ ਕੀਤਾ, ਇਕ ਜੱਗ, ਛੇ ਗਲਾਸ, ਛੇ ਪਲੇਟਾਂ, ਛੇ ਚਮਚ, ਛੇ ਕਟੋਰੀਆਂ... ਵਾਹ ਖਰੀ ਚਾਂਦੀ, ਚਮਕਾਂ ਮਾਰਦੀ ਸੀ, ਦਫਤਰ ਵਿਚ ਦਿਨੇ ਜਗਦੀਆਂ ਦੁਧੀਆ ਲਾਈਟਾਂ ਨੇ ਚਾਂਦੀ ਦੀ ਚਮਕ ਤੇਜ਼ ਕਰ ਦਿੱਤੀ ਸੀ। 'ਵਾਹ ਚਾਂਦੀ ਦੇ ਗਲਾਸ ਮੈਂ ਤਾਂ ਪਹਿਲੀ ਵਾਰ ਦੇਖੇ ਜਨਾਬ', ਹੌਲਦਾਰ ਬੋਲਿਆ।
'ਲੈ ਫਿਰ ਦੇਖ ਲੈ ਜੀਅ ਭਰ ਕੇ, ਦੇਖ ਲੈ', ਜਨਾਬ ਬੋਲੇ।
'ਕੀ ਕਰਨਾ ਜਨਾਬ ਏਹਨਾਂ ਦਾ...'
'ਹੁਣੇ ਕਰਨੇਂ ਬਾਕੀਆਂ ਨੂੰ ਵੀ ਬੁਲਾ', ਬਾਕੀ ਵੀ ਆ ਗਏ।
'ਕਿੰਨੇ ਹੋ ਤੁਸੀਂ...?'
'ਸਭ ਨੇ ਇਕ ਦੂਜੇ ਵੱਲ ਦੇਖਿਆ 'ਪੰਜ... ਪੰਜ... ਪੰਜ...।' ਦੋ ਤਿੰਨ ਜਣੇ ਬੋਲੇ।
'ਚਲੋ ਪੰਜੇ ਜਣੇ ਇਕ ਗਲਾਸ, ਇਕ ਪਲੇਟ, ਇਕ ਚਮਚ, ਇਕ ਕੌਲੀ ਇਕ-ਇਕ ਕਰਕੇ ਚੁੱਕੋ।' ਜਨਾਬ ਦਾ ਹੁਕਮ ਸੀ। ਮਨਾਂ ਕਿਵੇਂ ਕਰਦੇ। ਏਵੇਂ ਹੀ ਹੋਇਆ।
'ਬਾਕੀ ਕੀ ਬਚਿਆ, 'ਇਕ ਜੱਗ, ਇਕ ਗਲਾਸ, ਇਕ ਪਲੇਟ, ਕੌਲੀ, ਚਮਚ, ਮੇਰੇ ਕੋਲ ਹੋਏ ਪੰਜ ਭਾਂਡੇ ਤੇ ਤੁਹਾਡੇ ਕੋਲ ਹੋਏ ਚਾਰ-ਚਾਰ। ਜਾਣੀ ਚਾਂਦੀ ਦੇ ਚਾਰ ਭਾਂਡੇ ਚਲੋ ਫਿਰ ਖੜਕਾਓ, ਦੌੜੋ। ਆਹ ਮੇਰੇ ਵਾਲੇ ਵੀ ਪੈਕ ਕਰ ਦਿਓ ਜਾ ਕੇ ਬੀਵੀ ਨੂੰ ਖੁਸ਼ ਕਰਾਂ, ਨਹੀਂ ਤਾਂ ਉਹ ਪੁੱਛੇਗੀ, ਜਿਥੇ ਵਿਆਹ 'ਤੇ ਗਏ ਸੀ, ਉਥੋਂ ਕੀ ਮਿਲਿਆ। ਨਾਲੇ ਲੋਕੀਂ ਆਪ ਹੀ ਤਾਂ ਕਹਿੰਦੇ ਨੇ ਵਿਆਹਾਂ ਦੀ ਟੁੱਟ-ਭੱਜ ਵਿਚੋਂ 'ਚਾਂਦੀ ਪੁਲਿਸ ਦੀ।'

-ਚੈਂਬਰ ਨੰ: 232, ਨਿਊ ਕੋਰਟ, ਜਲੰਧਰ।
ਮੋਬਾਈਲ : 98884-05888.

ਮਿੰਨੀ ਕਹਾਣੀਆਂ

ਇਹ ਵੀ ਗਿਫ਼ਟ ਐ
ਦਫਤਰੀ ਕਲਰਕ ਬਲਵੀਰ ਸਿੰਘ ਇਕ ਪਲਾਸਟਿਕ ਦੇ ਡੱਬੇ ਦੇ ਮਠਿਆਈ ਪਾ ਕੇ ਦੀਵਾਲੀ 'ਗਿਫ਼ਟ' ਵਜੋਂ ਭੇਟਾ ਕਰਨ ਲਈ ਆਪਣੇ ਇਮਾਨਦਾਰ ਅਫ਼ਸਰ ਦੇ ਘਰ ਗਿਆ। ਪਹਿਲਾਂ ਤਾਂ ਇਮਾਨਦਾਰ ਅਫ਼ਸਰ ਹੈਰਾਨ ਕਿ ਮੇਰੇ ਘਰ 'ਗਿਫ਼ਟ' ਦੇਣ ਦੀ ਕਿਸੇ 'ਚ ਹਿੰਮਤ ਕਿਵੇਂ ਆਈ, ਪ੍ਰੰਤੂ ਇਹ ਸੋਚ ਕੇ ਕਿ ਇਨਸਾਨ/ਕਲਰਕ 'ਚ ਵੀ ਰੱਬ ਵਸਦਾ ਹੈ, ਇਸ ਦਾ ਦਿਲ ਨਾ ਤੋੜਿਆ ਜਾਵੇ, ਉਸ ਨੇ ਕਲਰਕ ਨੂੰ ਪਾਣੀ ਦਾ ਗਿਲਾਸ ਪਿਲਾਇਆ ਤੇ ਪਲਾਸਟਿਕ ਦੇ ਡੱਬੇ 'ਚੋਂ ਦਫਤਰੀ ਕਲਰਕ ਬਲਬੀਰ ਸਿੰਘ ਦੇ ਸਾਹਮਣੇ ਹੀ ਮਠਿਆਈ ਕੱਢ ਕੇ ਆਪਣੇ ਘਰ ਬਾਜ਼ਾਰੋਂ ਲਿਆਂਦੀ ਮਠਿਆਈ ਤੇ ਹੋਰ ਨਵੀਂ/ਬਦਲਵੀਂ ਮਠਿਆਈ ਪਾ ਕੇ ਡੱਬਾ ਕਲਰਕ ਬਲਬੀਰ ਸਿੰਘ ਦੇ ਹੱਥ ਫੜਾਉਂਦਿਆਂ ਕਿਹਾ, ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ/ਬੱਚਿਆਂ ਲਈ। ਹੈਰਾਨ ਹੁੰਦੇ ਕਲਰਕ ਬਲਬੀਰ ਸਿੰਘ ਨੇ ਪੁੱਛਿਆ, 'ਸਰ, ਇਹ ਕੀ? ਇਮਾਨਦਾਰ ਅਫ਼ਸਰ ਨੇ ਝੱਟ ਕਿਹਾ, 'ਇਹ ਵੀ ਗਿਫ਼ਟ' ਹੀ ਐ।

-ਗੁਰਤੇਜ ਸਿੰਘ ਔਲਖ
23560, ਨੇੜੇ ਗੁਰਦੁਆਰਾ ਸਾਹਿਬ, ਹਰਬੰਸ ਨਗਰ, ਬਠਿੰਡਾ (ਪੰਜਾਬ)। ਮੋਬਾ : 94639-37100.

ਅਸੀਸ
ਇਕ ਦਿਨ ਬਸੰਤ ਕੌਰ ਡੂੰਘੀਆਂ ਸੋਚਾਂ ਵਿਚ ਡੁੱਬੀ ਹੋਈ ਵਰਾਂਡੇ ਵਿਚ ਮੰਜੇ ਉੱਪਰ ਬੈਠੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸ ਨੇ ਕੋਈ ਦੁੱਖਾਂ ਦਾ ਸਾਗਰ ਆਪਣੇ ਅੰਦਰ ਹੀ ਸਮੋਅ ਲਿਆ ਹੋਵੇ। ਉਸ ਦਾ ਚਿਹਰਾ ਉਦਾਸ ਅਤੇ ਅੱਖੀਆਂ ਹੰਝੂਆਂ ਨਾਲ ਨਮ ਹੋਈਆਂ ਪਈਆਂ ਸਨ। ਕੋਲ ਖੜ੍ਹੀ ਉਸ ਦੀ ਮੂੰਹ ਬੋਲੀ ਭੈਣ ਗੁਰਨਾਮ ਕੌਰ ਦੇ ਪੁੱਛਣ 'ਤੇ ਉਹ ਕਹਿਣ ਲੱਗੀ, 'ਮੈਨੂੰ ਕੀ ਦੁੱਖ ਹੋਣੇ ਭੈਣੇ, ਇਹ ਤਾਂ ਕਦੇ-ਕਦੇ ਖੁਸ਼ੀ ਦੇ ਹੰਝੂ ਆ ਜਾਂਦੇ ਐ, ਸੁੱਖ ਨਾਲ ਮੇਰੇ ਦੋਵੇਂ ਮੁੰਡੇ ਵੱਡੇ ਅਫਸਰ ਲੱਗੇ ਹੋਏ ਐ, ਨੂੰਹਾਂ ਵੀ ਸੁਭਾਅ ਦੀਆਂ ਬਾਹਲੀਆਂ ਹੀ ਚੰਗੀਆਂ ਮਿਲੀਆਂ ਨੇ, ਮੈਂ ਰੱਬ ਤੋਂ ਭਲਾ ਹੋਰ ਕੀ ਭਾਲਦੀ ਆਂ।'
'ਉਹ ਤਾਂ ਸਭ ਠੀਕ ਐ, ਪਰ ਤੇਰੀ ਕੋਈ ਸੁੱਖ-ਸਾਂਦ ਵੀ ਪੁੱਛਦੈ ਕਿ ਨਹੀਂ?' ਗੁਰਨਾਮੋ ਨੇ ਦੁਬਾਰਾ ਪੁੱਛਿਆ।
ਬਸੰਤ ਕੌਰ ਚੁੰਨੀ ਨਾਲ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, 'ਪੂਰਾ ਖਿਆਲ ਰੱਖਦੇ ਐ ਭੈਣੇ, ਮੇਰਾ ਢਿੱਡ ਤਾਂ ਚਾਰੋਂ ਪੈਹਰ ਅਸੀਸਾਂ ਦਿੰਦਾ ਨੀ ਥੱਕਦਾ, ਤਿਹਾਰ ਵੇਲੇ ਇਕ-ਦੂਜੇ ਦੇ ਮੂਹਰੋਂ ਦੀ ਹੋ ਕੇ ਚੀਜ਼ ਵਸਤ ਦੇਣ ਆਉਂਦੇ ਐ, ਵੱਡਾ ਮੁੰਡਾ ਤਾਂ ਪੰਜ-ਸੱਤ ਮਿੰਟ ਬੈਠ ਕੇ ਵੀ ਜਾਂਦਾ ਮੇਰੇ ਕੋਲ, ਜਦੋਂ ਵੀ ਫੀਸ ਭਰਨ ਆਉਂਦੇ ਆਪਣੇ ਐਹ ਬਿਰਧ ਆਸ਼ਰਮ ਦੀ।'

-ਮਾ: ਸੁਖਵਿੰਦਰ ਦਾਨਗੜ੍ਹ
ਸਪੁੱਤਰ ਕਰਮ ਸਿੰਘ, ਪਿੰਡ ਤੇ ਡਾਕ: ਦਾਨਗੜ੍ਹ, ਤਹਿ: ਤੇ ਜ਼ਿਲ੍ਹਾ ਬਰਨਾਲਾ-148105.
ਮੋਬਾਈਲ : 94171-80205.

ਸ਼ਾਇਦ ਮੇਰੀ ਸ਼ਾਦੀ ਕਾ ਖ਼ਯਾਲ ਆਇਆ ਹੈ...

'ਵਾਹ ਓਏ ਨਕਸ਼ਾ ਬਣਾਉਣ ਵਾਲਿਆ,
ਊਨਾ ਕਿਸੇ ਪਾਸੇ ਤੇ ਪੂਨਾ ਕਿਸੇ ਪਾਸੇ।
ਯਾਰਾ ਤੂੰ ਵੀ ਚਾਹ ਪਿਆਈ ਕੈਸੀ,
ਬਰਫ਼ੀ ਕਿਸੇ ਪਾਸੇ ਤੇ ਡੂਨਾ ਕਿਸੇ ਪਾਸੇ।'
ਚਾਹ ਦੀ ਚਾਹ ਹੈ, ਹਰ ਕਿਸੇ ਨੂੰ ਚਾਹ ਹੈ, ਚਾਹ 'ਤੇ ਚਰਚਾ, ਚਾਹ 'ਤੇ ਖਰਚਾ, ਚਾਹ 'ਤੇ ਜੀ ਆਇਆਂ ਨੂੰ, ਚਾਹ ਖ਼ੁਸ਼ ਰੱਖੇ ਆਇਆਂ ਤੇ ਗਇਆਂ ਨੂੰ, ਚਾਹ ਚਾਅ ਚੜ੍ਹਾਉਂਦੀ ਹੈ, ਚਾਹ ਥਕਾਨ ਮਿਟਾਉਂਦੀ ਹੈ, ਚਾਹ ਮੇਲ ਵਧਾਉਂਦੀ ਹੈ, ਚਾਹ ਨਿੱਘ ਪਹੁੰਚਾਉਂਦੀ ਹੈ, ਚਾਹ ਬੁੜ੍ਹਕੀ ਜਾਂਦੀ ਹੈ ਤੇ ਚਾਹ ਸੁੜਕੀ ਜਾਂਦੀ ਹੈ। ਚਾਹ ਦਾ ਕੀ ਕਹਿਣਾ, ਚਾਹ ਘਰ ਘਰ ਦਾ ਗਹਿਣਾ।
ਚਾਹ ਇਕ ਲਤ ਹੈ,
ਦੋ ਲਤਾਂ ਵਾਲਿਆਂ ਦੀ ਪਤ ਹੈ,
ਛੁਟਦੀ ਨਹੀਂ ਜੇ ਮੂੰਹ ਤੋਂ,
ਜਿਨ੍ਹਾਂ ਨੂੰ ਲੱਗ ਜਾਏ।
ਚਾਹ ਦੀ ਚਾਹ, ਹਰ ਸਮੇਂ ਚਾਹ ਦੀ ਥਾਂ ਹਰ ਥਾਂ, ਚਾਹ ਤੋਂ ਮੈਂ ਵਾਰੀ ਜਾਂ, ਚਾਹ ਤੋਂ ਮੈਂ ਸਦਕੇ ਜਾਂ।
ਪੰਜਾਬੀ ਦੇ ਪ੍ਰਸਿੱਧ ਗੀਤਕਾਰ ਸਵਰਗੀ ਨਕਸ਼ ਲਾਇਲਪੁਰੀ ਜੀ ਨੂੰ ਜਦ ਵੀ ਪੁਛੋ, ਜਿੰਨੀ ਵਾਰ ਵੀ ਪੁਛੋ, ਨਕਸ਼ ਸਾਹਿਬ ਚਾਹ ਪੀਓਗੇ? ਉਹ ਹੱਸ ਕੇ ਕਹਿੰਦੇ, 'ਚਾਹ ਕਿਹੜਾ ਚਿਥਣੀ ਪੈਂਦੀ ਏ, ਪੀ ਲਾਂਗੇ।'
ਇਕ ਬਜ਼ੁਰਗ ਬਾਬਾ ਜੀ ਸੀ ਜਲੰਧਰ 'ਚ, ਸਰਦੀਆਂ ਦੇ ਦਿਨਾਂ 'ਚ ਸਵੇਰੇ-ਸਵੇਰੇ ਸਿਰ 'ਤੇ ਉਲਟਾ ਸਿੱਧਾ ਸਾਫ਼ਾ ਲਪੇਟੀ ਤੇ ਤਨ ਨੂੰ ਲੋਈ ਨਾਲ ਢੱਕੀ, ਚੌੜੇ ਮੂੰਹ ਵਾਲੇ ਕਟੋਰੇ 'ਚ ਗਰਮਾ-ਗਰਮ ਚਾਹ ਦਾ ਘੁੱਟ ਇਕ ਖਾਸ ਲੈਅ ਨਾਲ ਲੰਮਾਂ ਸੁੜਕਦੇ, ਪੰਜਾਬੀ ਦੀ ਮੋਟੀ ਗਾਲ੍ਹ ਕੱਢ ਕੇ ਕਹਿੰਦੇ, '...ਓਏ ਬੁਰਾ ਹੋਏ ਥੋਡਾ ਜਿਨ੍ਹਾਂ ਚਾਹ ਬਣਾਈ... ਲਗਦੈ ਮਰੇ ਹੋਏ ਸਾਂ, ਘੁੱਟ ਅੰਦਰ ਗਿਆ ਤਾਂ ਹੋਸ਼ ਆਈ।'
ਚਾਹ ਗਰਮਾ-ਗਰਮ... ਮੇਰੇ ਇਕ ਮਿੱਤਰ ਦੇਸ਼ ਗੌਤਮ ਹਨ, ਫਿਲਮ ਡਾਇਰੈਕਟਰ, ਉਹ ਤਾਂ ਉੱਬਲਦੀ ਹੋਈ ਚਾਹ ਗਿਲਾਸ 'ਚ ਪਾ ਕੇ, ਫਟਾਫਟ ਪੀ ਜਾਂਦੇ ਹਨ। ਚਾਹ ਕੇਤਲੀ 'ਚੋਂ ਗਿਲਾਸ 'ਚ ਆਈ, ਅੰਦਰ ਗਈ ਭਾਈ। ਅਸੀਂ ਤਾਂ ਹੈਰਾਨ ਰਹਿ ਜਾਂਦੇ ਹਾਂ। ਲੋਕੀਂ ਆਖਦੇ ਹਨ, ਚਾਹ ਅੰਦਰ ਸਾੜ ਦਿੰਦੀ ਹੈ। ਪਰ ਇਹ ਵੀ ਤਾਂ ਪ੍ਰਸਿੱਧ ਹੈ 'ਗਰਮ ਚਾਹ ਗਰਮੀਆਂ 'ਚ ਠੰਢਕ ਪ੍ਰਦਾਨ ਕਰਦੀ ਹੈ।'
ਚਾਹ ਦੀ ਚਾਹ ਸਭ ਨੂੰ ਹੈ, ਪਰ ਸਭਨਾਂ ਤੋਂ ਨਿਰਾਲਾ ਬਾਬਾ ਰਾਮਦੇਵ ਹੈ, ਜਿਸ ਨੂੰ ਚਾਹ ਨਾਲ ਚਿੜ੍ਹ ਹੈ। ਇਕ ਮਤ ਦਿੰਦਾ ਹੈ...
ਇਸ ਚਾਹ ਕੀ ਹਮਕੋ ਚਾਹ ਨਹੀਂ,
ਇਸ ਚਾਹ ਕੋ ਚਾਹ ਮੇਂ ਡਾਲ ਦੋ।
ਹੋਰ ਸੌਖਿਆਂ ਕਹੀਏ ਤਾਂ:
ਸਾਨੂੰ ਤਾਂ ਚਾਹ ਦੀ ਲੋੜ ਕੋਈ ਨਾ,
ਲੋੜ ਕੋਈ ਨਾ, ਪਰਵਾਹ ਕੋਈ ਨਾ,
ਪਰਵਾਹ ਕੋਈ ਨਾ ਮਨ ਚਾਹ ਕੋਈ ਨਾ,
ਚਾਹ ਨੂੰ ਖੂਹ-ਨਾਲੀ 'ਚ ਡੋਲ੍ਹ ਦੇ।
ਪਰ ਬਾਬੇ ਨੂੰ ਕੋਈ ਪੁੱਛੇ, 'ਪ੍ਰਧਾਨ ਮੰਤਰੀ ਮੋਦੀ ਤਾਂ ਚਾਹ ਵੇਚ-ਵੇਚ, ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਚਾਹ ਵੇਚ ਕੇ ਕੋਈ ਗ਼ਲਤ ਕੰਮ ਕੀਤਾ ਹੈ ਭਲਾ?'
ਅੱਜ ਭਾਰਤ 'ਚ ਬੇਰੁਜ਼ਗਾਰੀ ਇਕ ਵੱਡਾ ਮਸਲਾ ਹੈ, 'ਚਾਹ' ਦਾ ਉਦਘਾਟਨ ਅੰਗਰੇਜ਼ਾਂ ਨੇ ਕੀਤਾ, ਅੱਜ ਕਰੋੜਾਂ ਲੋਕ ਚਾਹ ਵੇਚਣ ਦੇ ਕਾਰੇ ਲੱਗੇ ਹੋਏ ਹਨ, ਉਹ ਚਾਹ ਵੇਚ-ਵੇਚ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ। ਫ਼ਰਜ਼ ਕਰੋ, 'ਚਾਹ' ਦੀ ਲੋਕਾਂ ਨੂੰ ਚਾਹ ਨਾ ਹੁੰਦੀ, ਥਾਂ-ਥਾਂ ਲੋਕੀਂ 'ਚਾਹ' ਨਾ ਵੇਚ ਰਹੇ ਹੁੰਦੇ ਤਾਂ ਅੱਜ ਭਾਰਤ 'ਚ ਕਿੰਨੇ ਗੁਣਾਂ ਹੋਰ ਬੇਕਾਰ, ਬੇਰੁਜ਼ਗਾਰ ਹੁੰਦੇ।
ਜਿਥੇ ਵੇਖੋ ਚਾਹ ਦੇ ਸਟਾਲ, ਸੜਕਾਂ ਕੰਢੇ, ਛੋਟੀ ਜਿਹੀ ਥਾਂ ਹੀ ਤਾਂ ਚਾਹੀਦੀ ਹੈ। ਭਾਂਡਿਆਂ 'ਚ ਇਕ ਕੇਤਲੀ, ਇਕ ਪਤੀਲਾ, ਦਰਜਨ ਕੁ ਗਿਲਾਸ, ਇਕ ਸਟੋਵ ਜਾਂ ਗੈਸ ਦਾ ਸਿਲੰਡਰ, ਫਿਰ ਪਾਣੀ ਮੁਫ਼ਤ ਦਾ, ਦੁੱਧ ਤੇ ਖੰਡ। ਇਨ੍ਹਾਂ ਸਟਾਲਾਂ 'ਤੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਨਾਲੇ ਲੋਕੀਂ ਚਾਹ ਪੀਂਦੇ ਨੇ, ਨਾਲੇ ਪਾਲੇਟਿਕਸ ਦੀ ਚਰਚਾ ਕਰੀ ਜਾਂਦੇ ਹਨ। ਇਕ ਚਾਹ ਬਣਾਉਣ ਵਾਲਾ ਹੀ ਕੰਮੀਂ-ਕਾਰੀਂ ਨਹੀਂ ਰੁਝਿਆ ਹੁੰਦਾ, ਉਹਨੇ ਅੱਗੋਂ ਚਾਹ ਸਰਵ ਕਰਨ ਵਾਲੇ ਮੁੰਡੂ ਵੀ ਰੱਖੇ ਹੁੰਦੇ ਹਨ। ਉਹ ਦੁਕਾਨਾਂ 'ਚ ਜਾ-ਜਾ, ਆਰਡਰ 'ਤੇ ਚਾਹ ਸਪਲਾਈ ਕਰੀ ਜਾਂਦੇ ਹਨ।
ਪਹਿਲਾਂ ਆਖਿਆ ਜਾਂਦਾ ਸੀ, ਜਿਨ੍ਹੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ, ਹੁਣ ਆਲਮ ਇਹ ਹੈ ਕਿ ਜਿਨ੍ਹੇ ਚਾਹ ਨਹੀਂ ਪੀਤੀ, ਉਹ ਜੰਮਿਆ ਹੀ ਨਹੀਂ। ਜਿਹੜਾ ਜੰਮਿਐ, ਉਹਨੇ ਚਾਹ ਪੀਤੀ ਹੀ ਪੀਤੀ... ਬੱਚਿਆਂ ਨੂੰ ਵੇਖ ਲਓ, ਦੁੱਧ ਪੀਣ ਤੋਂ ਭੱਜਦੇ ਹਨ, ਤੇ ਜੇ ਮਾਂ ਚਾਹ ਨਾਲ ਬਿਸਕੁਟ ਦੇ ਦਏ ਤਾਂ ਖ਼ੁਸ਼ੀ-ਖ਼ੁਸ਼ੀ ਡੁਬੋ-ਡੁਬੋ ਕੇ ਖਾਂਦੇ ਹਨ।
ਬੱਚਿਆਂ ਨੂੰ ਛੱਡੋ, ਵੱਡੇ ਵੀ, ਵਡੇਰੇ ਵੀ ਚਾਹ 'ਚ ਡੁਬੋ ਡੁਬੋ ਕੇ ਬਿਸਕੁਟ ਖਾਣ ਦੇ ਸ਼ੌਕੀਨ ਹਨ।
ਪਹਿਲਾ ਪਾਣੀ ਜੀਓ ਹੈ
ਕਿਸੇ ਦੇ ਵੀ ਘਰ ਚਲੇ ਜਾਓ... ਆਓ ਭਗਤ, ਤੁਰੰਤ ਪਾਣੀ ਨਾਲ ਕੀਤੀ ਜਾਂਦੀ ਹੈ... ਫਿਰ ਚਾਹ ਨਾਲ। ਚਾਹ ਥਕਾਵਟ ਲਾਹੁੰਦੀ ਹੈ, ਚਾਹ ਤ੍ਰਾਵਟ ਦਿੰਦੀ ਹੈ, ਚਾਹ ਦੋਸਤ ਬਣਾਉਂਦੀ ਹੈ, ਦੋਸਤੀ ਵਧਾਉਂਦੀ ਹੈ ਪਰ ਕਲੇਸ਼ ਵੀ ਪੈਦਾ ਕਰਦੀ ਹੈ।
ਸੱਸਾਂ ਮੁਆਫ਼ ਕਰਨ ਜੀ, ਨਵੀਂ-ਨਵੀਂ ਵਿਆਹੀ ਨੂੰਹ ਸਹੁਰੇ ਘਰ ਆਉਂਦੀ ਹੈ, ਸਭ ਤੋਂ ਪਹਿਲਾਂ ਉਹਦੀ ਪਰਖ ਚਾਹ ਬਣਾਉਣ ਤੋਂ ਹੁੰਦੀ ਹੈ।
'ਵਾਹ ਵਾਹ ਤੇ ਸ਼ਾਬਾਸ਼ੀ ਵੀ ਨੂੰਹ ਨੂੰ ਚਾਹ ਬਣਾਉਣ 'ਤੇ ਹੀ ਮਿਲਦੀ ਹੈ, ਜਦ ਕੀ ਸੱਸ, ਕੀ ਸਹੁਰਾ, ਕੀ ਦੇਵਰ , ਕੀ ਨਨਾਣਾਂ ਸਭ ਉਛਲ ਪੈਂਦੀਆਂ ਨੇ, ਭਾਬੀ ਦੀਆਂ ਉਂਗਲਾਂ 'ਚ ਹੀ ਮਿਠਾਸ ਏ, ਵਾਹ-ਵਾਹ ਕਯਾ ਵਧੀਆ ਚਾਹ ਬਣਾਈ ਏ।'
ਚਾਹ ਦੀ ਤਾਰੀਫ਼ ਹੈ...
ਤੁਮ੍ਹੀਂ ਨੇ ਦਰਦ ਦੀਆ ਹੈ,
ਤੁਮ੍ਹੀਂ ਦਵਾ ਦੇਨਾ।
ਚਾਹ, ਸੜਕ ਕੰਢੇ ਸਟਾਲਾਂ 'ਤੇ ਬਣੀ ਸਸਤੀ ਹੁੰਦੀ ਹੈ ਪਰ ਵੱਡੇ ਹੋਟਲਾਂ ਤੇ ਰੈਸਟੋਰੈਂਟਾਂ 'ਚ ਚੰਗੀ ਮਹਿੰਗੀ ਤੇ ਪੰਜ ਸਟਾਰ ਹੋਟਲਾਂ 'ਚ ਬਹੁਤ ਮਹਿੰਗੀ। ਦੁਨੀਆ ਭਰ 'ਚ, ਹਰ ਦੇਸ਼ 'ਚ ਪੁਲਿਟੀਕਲ ਪਾਰਟੀਆਂ ਨੇ... ਭਾਰਤ 'ਚ ਸਭ ਤੋਂ ਵੱਡੀ ਪਾਰਟੀ? ਬੀ.ਜੇ.ਪੀ. ਸਭ ਤੋਂ ਪੁਰਾਣੀ ਪਾਰਟੀ ਹੈ ਕਾਂਗਰਸ... ਗੁਮ ਹੋ ਰਹੀ ਪਾਰਟੀ? ਕਮਿਊਨਿਸਟ ਪਾਰਟੀ... ਮਾਇਆਵਤੀ ਦੀ ਪਾਰਟੀ... ਮਮਤਾ ਦੀ ਪਾਰਟੀ... ਅਹਿ ਪਾਰਟੀ... ਅਹੁ ਪਾਰਟੀ, ਅਜੇ ਵੀ ਸਭ ਤੋਂ ਵੱਡੀ ਪਾਰਟੀ? 'ਟੀ-ਪਾਰਟੀ।'
ਕਿਸੇ ਅਫ਼ਸਰ ਦੀ ਬਦਲੀ ਹੋਈ ਹੋਵੇ, ਵਿਦਾਇਗੀ ਹਿਤ ਟੀ-ਪਾਰਟੀ, ਕਿਸੇ ਦੀ ਪ੍ਰੋਮੋਸ਼ਨ ਹੋਈ ਹੋਵੇ ਟੀ ਪਾਰਟੀ, ਕੋਈ ਜਸ਼ਨ ਹੋਵੇ, ਟੀ ਪਾਰਟੀ, ਟੀ ਪਾਰਟੀ ਦੀ ਸ਼ੋਭਾ ਕਦੇ ਨਹੀਂ ਘਟੀ, ਇਹ ਵਧਦੀ ਜਾਂਦੀ ਹੈ, ਵਧਦੀ ਜਾਂਦੀ ਹੈ। ਟੀ ਪਾਰਟੀ ਦਾ ਪ੍ਰਬੰਧ ਕਰਨ ਵਾਲਿਆਂ ਦੀ ਪਸੰਦ ਇਕੋ ਜਿਹੀ ਹੁੰਦੀ ਹੈ, 'ਨਾਲ ਮਸੋਸੇ ਰੱਖ ਲਓ ਜੀ, ਵੈੱਜ ਤੇ ਨਾਨਵੈਂਜ ਸੈਂਡਵਿਚਾਂ, ਪੋਟੈਟੋ ਚਿਪਸ ਤੇ ਦੋ-ਦੋ ਟੁਕੜੇ ਬਰਫ਼ੀ ਦੇ', ਸਕੂਲਾਂ-ਕਾਲਜਾਂ ਦੀਆਂ ਕੈਨਟੀਨਾਂ ਵਿਚ ਵੀ ਸਭ ਤੋਂ ਮਸ਼ਹੂਰ, ਸਭ ਦੀ ਪਸੰਦ... ਚਾਹ ਸਮੋਸੇ, ਚਾਹ ਪਕੌੜੇ, ਛੋਲੇ ਭਟੂਰੇ ਤੇ ਚਾਹ। ਅਖੇ, ਚਾਹ ਪੀਣ ਨਾਲ ਤਲੀਆਂ ਚੀਜ਼ਾਂ ਦਾ ਵਾਧੂ ਤੇਲ ਆਰਾਮ ਨਾਲ ਥੱਲੇ ਚਲਾ ਜਾਂਦਾ ਹੈ।
ਅਫ਼ਸੋਸ, ਸਾਡੇ ਦੇਸ਼ 'ਚ ਚਾਹ ਵੇਚਣ ਵਾਲਾ ਬੇਸ਼ੱਕ ਇਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਹੈ, ਕਿੰਨਾ ਤ੍ਰਿਸਕਾਰ ਤੇ ਨੀਚਤਾ, ਘਟੀਆ ਵਿਅੰਗ ਕੱਸਿਆ ਹੈ ਕਾਂਗਰਸ ਨੇ ਇਹ ਆਖ ਕੇ 'ਜਾ, ਤੂੰ ਚਾਹ ਵੇਚ।'
ਸਾਰੇ ਚਾਹ ਵੇਚਣ ਵਾਲੇ ਨਾਰਾਜ਼ ਕਰ ਲਏ ਨੇ ਇਸ ਸਭ ਤੋਂ ਪੁਰਾਣੀ ਪਾਰਟੀ ਨੇ...
ਹੁਣ ਵੀ ਭਾਜਪਾ ਨੇ ਗੁਜਰਾਤ 'ਚ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' 'ਤੇ ਜਿਹੜੀ ਚਰਚਾ ਕੀਤੀ ਹੈ, ਉਹ 'ਚਾਏ ਪੇ ਚਰਚਾ' ਸੀ।

ਵਿਸ਼ਵਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਜੇ ਤੁਹਾਡੀ ਕਲਪਨਾ ਸੇਧ ਵਿਚ ਨਾ ਹੋਵੇ ਤਾਂ ਤੁਸੀਂ ਆਪਣੀ ਨਜ਼ਰ ਉੱਪਰ ਵੀ ਭਰੋਸਾ ਨਹੀਂ ਕਰ ਸਕਦੇ।
* ਜੋ ਬਾਹਰ ਤੋਂ ਸੁੰਦਰ ਹੈ, ਉਹ ਅੰਦਰੋਂ ਵੀ ਸੁੰਦਰ ਹੈ, ਐਸਾ ਵਿਸ਼ਵਾਸ ਨਾ ਕਰੋ।
* ਜੋ ਕੰਮ ਤੁਸੀਂ ਆਪਣੀ ਤਾਕਤ ਦੇ ਭਰੋਸੇ ਨਾਲ ਕਰਦੇ ਹੋ, ਉਹ ਹੀ ਕੰਮ ਸਭ ਤੋਂ ਸਫ਼ਲ ਮੰਨਿਆ ਜਾਂਦਾ ਹੈ। ਕਿਸੇ ਦੂਸਰੇ ਦੇ ਭਰੋਸੇ ਕੀਤਾ ਜਾਣ ਵਾਲਾ ਕੰਮ ਬਹੁਤ ਹੀ ਘੱਟ ਸਿਰੇ ਚੜ੍ਹਦਾ ਹੈ।
* ਸ਼ਿਅਰ:
  ਸਵੇਰ ਹੁੰਦੀ ਤਾਰੇ ਬਦਲ ਜਾਂਦੇ ਨੇ,
  ਰਾਤ ਦੇ ਨਾਲ ਨਜ਼ਾਰੇ ਬਦਲ ਜਾਂਦੇ ਨੇ।
  ਛੱਡ ਦਿਲਾ ਹਰ ਇਕ 'ਤੇ ਇਤਬਾਰ ਕਰਨਾ,
  ਵਖਤ ਦੇ ਨਾਲ ਸਾਰੇ ਬਦਲ ਜਾਂਦੇ ਨੇ।
* ਵਿਸ਼ਵਾਸ ਨੂੰ ਹਮੇਸ਼ਾ ਤਰਕ ਨਾਲ ਤੋਲਣਾ ਚਾਹੀਦਾ ਹੈ। ਜਦੋਂ ਵਿਸ਼ਵਾਸ ਅੰਨ੍ਹਾ ਹੁੰਦਾ ਹੈ ਤਾਂ ਮਰ ਜਾਂਦਾ ਹੈ।
* ਬੇਵਿਸ਼ਵਾਸੀ ਵਾਲੇ ਬੰਦੇ ਨੂੰ ਭੇਦ ਦੱਸਣਾ, ਦਾਣਿਆਂ ਨਾਲ ਭਰੇ ਉਸ ਥੈਲੇ ਵਾਂਗ ਹੁੰਦਾ ਹੈ ਜਿਸ ਦੇ ਹੇਠਾਂ ਮੋਰੀ ਹੋਈ ਹੁੰਦੀ ਹੈ।
* ਸੱਸ-ਨੂੰਹ ਦਾ ਰਿਸ਼ਤਾ ਘਰੇਲੂ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸ ਰਿਸ਼ਤੇ ਵਿਚ ਵਿਸ਼ਵਾਸ ਬਣਿਆ ਰਹਿਣਾ, ਘਰੇਲੂ ਸ਼ਾਂਤੀ ਲਈ ਜ਼ਰੂਰੀ ਹੈ।
* ਜਿਹੜਾ ਪੁਰਸ਼ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ, ਉਹ ਧੋਖੇਬਾਜ਼ ਹੈ। ਜਿਸ ਵਿਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ, ਉਹ ਲਾਈਲਗ ਹੁੰਦਾ ਹੈ। ਪੜਤਾਲ ਤੋਂ ਬਿਨਾਂ ਵਿਸ਼ਵਾਸ ਕਰਨ ਵਾਲਾ ਵਿਅਕਤੀ ਮੂਰਖ ਹੁੰਦਾ ਹੈ।
* ਜਿਸ ਮਨੁੱਖ ਵਿਚ ਵਿਸ਼ਵਾਸ ਨਹੀਂ ਹੈ, ਉਹ ਸ਼ਕਤੀਮਾਨ ਹੋ ਕੇ ਵੀ ਕਾਇਰ ਹੈ ਅਤੇ ਵਿਦਵਾਨ ਹੋ ਕੇ ਵੀ ਮੂਰਖ ਹੈ।
* ਜਿਹੜਾ ਵਿਅਕਤੀ ਪ੍ਰਸੰਸਾ (ਸਿਫਤਾਂ) ਦੇ ਪੁਲ ਬੰਨ੍ਹ ਦੇਵੇ, ਉਹ ਵਿਅਕਤੀ ਵਿਸ਼ਵਾਸ ਦੇ ਕਾਬਲ ਨਹੀਂ ਹੁੰਦਾ।
* ਇਨਸਾਨ ਦੀ ਪਹਿਚਾਣ ਚਿਹਰਿਆਂ ਤੋਂ ਨਾ ਕਰੋ ਕਿਉਂਕਿ ਚਿਹਰੇ ਹੀ ਧੋਖਾ ਦਿੰਦੇ ਹਨ।
* ਬੇਭਰੋਸਗੀ ਸਬੰਧਾਂ ਨੂੰ ਸਿਉਂਕ ਦੀ ਤਰ੍ਹਾਂ ਖੋਖਲਾ ਕਰ ਦਿੰਦੀ ਹੈ।
* ਬੇਭਰੋਸਗੀ ਰਿਸ਼ਤਿਆਂ 'ਚ ਕੁੜੱਤਣ ਪੈਦਾ ਕਰਦੀ ਹੈ ਤੇ ਦੂਰੀਆਂ ਵਧਾਉਂਦੀ ਹੈ। ਇਸੇ ਕਾਰਨ ਪਰਿਵਾਰ ਟੁੱਟ ਰਹੇ ਹਨ। ਸ਼ੱਕ, ਭਰਮ ਅਤੇ ਬੇਭਰੋਸਗੀ ਦਾ ਕੋਈ ਅੰਤ ਨਹੀਂ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਲਘੂ ਕਹਾਣੀ- ਸੋਹਲ-ਛਿੰਦੇ ਫੁੱਲ

ਪਬਲਿਕ ਪਾਰਕ ਵਿਚ ਅੱਜ ਫਿਰ ਉਹ ਫੁੱਲ ਤੋੜ ਰਿਹਾ ਸੀ। ਮੈਂ ਅਤੇ ਮੇਰੀ ਛੇ ਸਾਲ ਦੀ ਬੇਟੀ ਉਸ ਦੀ ਇਹ ਘਟੀਆ ਹਰਕਤ ਬਸ ਦੇਖ ਰਹੇ ਸਾਂ। ਕੁਝ ਦਿਨ ਪਹਿਲਾਂ ਵੀ ਜਦੋਂ ਮੈਂ ਇਸ ਨੂੰ ਫੁੱਲ ਤੋੜਦਿਆਂ ਦੇਖਿਆ ਸੀ ਤੇ ਅਜਿਹਾ ਨਾ ਕਰਨ ਲਈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ। ਮੈਂ ਇਹ ਸੋਚ ਕੇ ਕਿ ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੇ ਫੁੱਲ ਖਿੜਾਉਣੇ ਤਾਂ ਕੀ ਫੁੱਲ ਉਗਾਉਣ ਬਾਰੇ ਵੀ ਕਦੇ ਨਹੀਂ ਸੋਚਿਆ ਹੋਣਾ। ਕਦੇ ਨਹੀਂ ਸੋਚਿਆ ਹੋਣਾ, ਚੁੱਪ ਕਰਕੇ ਪਰਤ ਆਇਆ ਸੀ। ਸੋਹਲ-ਛਿੰਦੇ ਫੁੱਲਾਂ ਨੂੰ ਤੋੜਦਿਆਂ ਅੱਜ ਉਹ ਮੇਰੇ ਵੱਲ ਇਉਂ ਘੂਰ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ 'ਰੋਕ ਕੇ ਦਿਖਾ ਮੈਨੂੰ' ਝਗੜੇ ਤੋਂ ਬਚਣ ਲਈ ਮੈਂ ਆਪਣੇ ਰੋਹ ਨੂੰ ਅੰਦਰ ਹੀ ਦਬਾ ਲਿਆ।
'ਗੁਡੀਆ ਨੂੰ ਦੇ ਇਕ ਫੁੱਲ ਬਈ... ਲੈਣਾ ਬੇਟੇ...?' ਉਸ ਦੇ ਨਾਲ ਦਾ ਵਿਅਕਤੀ ਬੋਲਿਆ।
'ਨਹੀਂ ਅੰਕਲ, ਫੁੱਲਾਂ ਨੂੰ ਤੋੜਿਆ ਥੋੜ੍ਹਾ ਕਰਦੇ ਨੇ', ਮੇਰੀ ਬੇਟੀ ਨੇ ਕਿਹਾ ਕਿ ਉਹ ਅਵਾਕ ਹੋ ਕੇ ਤੁਰ ਗਏ। ਮੈਂ ਬੇਟੀ ਨੂੰ ਚੁੱਕ ਕੇ ਉਸ ਦਾ ਮੱਥਾ ਚੁੰਮ ਲਿਆ।

-ਪਿੰਡ ਖਾਂਗ, ਡਾਕ: ਗੁਲਾਹੜ, ਤਹਿ: ਪਾਤੜਾਂ, ਜ਼ਿਲ੍ਹਾ ਪਟਿਆਲਾ-ਮੋਬਾਈਲ : 95014-75500.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX