ਤਾਜਾ ਖ਼ਬਰਾਂ


ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਕੌਮੀ ਮਾਰਗ ਦਾ 25 ਨੂੰ ਨਿਤਿਨ ਗਡਕਰੀ ਰੱਖਣਗੇ ਨੀਂਹ ਪੱਥਰ
. . .  1 day ago
ਨੂਰਪੁਰ ਬੇਦੀ, 22 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਕੇਂਦਰ ਮੰਤਰੀ ਸ੍ਰੀ ਨਿਤਿਨ ਗਡਕਰੀ 25 ਫਰਵਰੀ ਨੂੰ ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਹਾਈਵੇ ਮਾਰਗ ਦਾ ਨੀਂਹ ਪੱਥਰ ਸ੍ਰੀ ਅਨੰਦਪੁਰ ਸਾਹਿਬ ਵਿਖੇ ...
ਅਸਮ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ, 7 ਔਰਤਾਂ ਵੀ ਸ਼ਾਮਲ
. . .  1 day ago
ਗੁਹਾਟੀ, 22 ਫਰਵਰੀ - ਅਸਮ ਦੇ ਗੋਲਾਘਾਟ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵਧੇਰੇ ਬਿਮਾਰ ਪੈ ਗਏ ਹਨ। ਮ੍ਰਿਤਕਾਂ ਵਿਚ 7 ਔਰਤਾਂ ਵੀ ਸ਼ਾਮਲ ਹਨ। ਮਾਮਲੇ ਦੀ...
ਚੌਕਸੀ ਵਿਭਾਗ ਦੀ ਟੀਮ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਕਾਬੂ
. . .  1 day ago
ਕੋਟਕਪੂਰਾ, 22 ਫ਼ਰਵਰੀ (ਮੋਹਰ ਸਿੰਘ ਗਿੱਲ) - ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਚੌਕਸੀ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਅਚਾਨਕ ਮਾਰੇ ਛਾਪੇ ਦੌਰਾਨ ਇਕ ਏ.ਐਸ.ਆਈ ਨੂੰ 8 ਹਜ਼ਾਰ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਸੂਚਨਾ...
ਵਿਸ਼ਵ ਕੱਪ 'ਚ ਮੁਕਾਬਲੇ ਤੋਂ ਹਟਣ ਦੀ ਬਜਾਏ ਪਾਕਿਸਤਾਨ ਨੂੰ ਹਰਾਉਣਾ ਬਿਹਤਰ - ਸਚਿਨ ਤੇਂਦੁਲਕਰ
. . .  1 day ago
ਨਵੀਂ ਦਿੱਲੀ, 22 ਫਰਵਰੀ - ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਮੈਚ ਨਾਲ ਖੇਡ ਕੇ ਦੋ ਅੰਕ ਗੁਆਉਣਾ ਠੀਕ ਨਹੀਂ ਲੱਗ ਰਿਹਾ। ਕਿਉਂਕਿ ਇਸ ਨਾਲ ਵਿਸ਼ਵ ਕੱਪ 'ਚ ਵਿਰੋਧੀ ਟੀਮ ਨੂੰ ਹੀ ਫ਼ਾਇਦਾ ਹੋਵੇਗਾ। ਤੇਂਦੁਲਕਰ...
ਸਾਡਾ ਦੇਸ਼ ਜੰਗ ਨਹੀਂ ਚਾਹੁੰਦਾ, ਜੇ ਹੋਈ ਤਾਂ ਭਾਰਤ ਨੂੰ ਹੋਵੇਗੀ ਹੈਰਾਨਗੀ - ਪਾਕਿਸਤਾਨ
. . .  1 day ago
ਇਸਲਾਮਾਬਾਦ, 22 ਫਰਵਰੀ - ਪਾਕਿਸਤਾਨੀ ਫੌਜ ਨੇ ਪੁਲਵਾਮਾ ਹਮਲੇ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ। ਪਾਕਿਸਤਾਨ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਜੰਮੂ...
ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  1 day ago
ਮਾਹਿਲਪੁਰ 22 ਫਰਵਰੀ (ਦੀਪਕ ਅਗਨੀਹੋਤਰੀ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਜਿਲਾ ਸਿਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਅਜਿਹੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਅਧਿਆਪਕਾਂ ਨੇ ਪੜ੍ਹੋ...
ਸੋਪੋਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 22 ਫਰਵਰੀ - ਜੰਮੂ ਕਸ਼ਮੀਰ ਮੁੱਠਭੇੜ 'ਚ ਪੁਲਿਸ ਮੁਤਾਬਿਕ ਦੋ ਅੱਤਵਾਦੀ ਢੇਰ ਹੋ ਗਏ ਹਨ। ਗੋਲਾ ਬਰੂਦ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਪਹਿਚਾਣ ਤੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਤਹਿਤ ਬੱਚਿਆ ਦਾ ਟੈਸਟ ਲੈਣ ਆਈ ਟੀਮ ਦਾ ਅਧਿਆਪਕਾਂ ਵੱਲੋਂ ਬਾਈਕਾਟ
. . .  1 day ago
ਧਮਾਕਾਖ਼ੇਜ਼ ਸਮਗਰੀ ਰੱਖਣ ਦੇ ਮਾਮਲੇ 'ਚੋਂ ਭਾਈ ਜਗਤਾਰ ਸਿੰਘ ਤਾਰਾ ਬਰੀ
. . .  1 day ago
ਬਠਿੰਡਾ, 22 ਫਰਵਰੀ (ਸੁਖਵਿੰਦਰ ਸਿੰਘ ਸੁੱਖਾ) - ਧਮਾਕਾਖ਼ੇਜ਼ ਸਮਗਰੀ ਰੱਖਣ, ਗੈਰ ਕਾਨੂੰਨੀ ਕਾਰਵਾਈਆਂ ਕਰਨ ਅਤੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਵਿਚ ਅੱਜ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੇ. ਐਸ. ਬਾਜਵਾ ਦੀ ਅਦਾਲਤ ਨੇ ਭਾਈ ਜਗਤਾਰ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਦੀ ਟੈਸਟਿੰਗ ਖ਼ਿਲਾਫ਼ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕੀਤਾ
. . .  1 day ago
ਖਮਾਣੋਂ 22 ਫਰਵਰੀ (ਮਨਮੋਹਨ ਸਿੰਘ ਕਲੇਰ)- ਪੰਜਾਬ ਭਰ 'ਚ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੜ੍ਹੋ ਪੰਜਾਬ ,ਪੜਾਓ ਪੰਜਾਬ ਦੀ ਪਹਿਲੀ ਤੋ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਸਬੰਧਿਤ ਸਕੂਲਾਂ 'ਚ ਚੱਲ ਰਹੀ ਟੈਸਟਿੰਗ ਦੇ ਅੱਜ ਬਾਈਕਾਟ ਦੇ ਸੱਦੇ 'ਤੇ ਜਿੱਥੇ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਤੇ ਸਿੱਖਿਆ ਪ੍ਰਬੰਧ

ਮਹਾਰਾਜਾ ਰਣਜੀਤ ਸਿੰਘ ਇਕ ਅਜ਼ੀਮ ਸ਼ਖ਼ਸੀਅਤ ਸੀ, ਜਿਸ ਦੀ ਝਲਕ ਦਰਬਾਰ ਅਤੇ ਜੰਗ ਦੇ ਮੈਦਾਨ ਦੋਵਾਂ ਵਿਚ ਦੇਖਣ ਨੂੰ ਮਿਲਦੀ ਹੈ। ਉਹ ਸੰਸਾਰ ਪੱਧਰ ਦੇ ਕੁਸ਼ਲ ਸ਼ਾਸਕਾਂ ਵਿਚ ਗਿਣਿਆ ਜਾਂਦਾ ਹੈ, ਜਿਸ ਦਾ ਰਾਜ-ਵਿਸਥਾਰ ਵੱਡੇ ਦਾਇਰੇ ਵਿਚ ਫੈਲਿਆ ਹੋਇਆ ਸੀ। ਸਿੱਖਿਆ ਪੱਖੋਂ ਭਾਵੇਂ ਉਹ ਅਨਪੜ੍ਹ ਸੀ, ਪਰ ਸਿਆਣਪ ਉਹਦੇ ਵਿਚ ਉੱਚ ਪੱਧਰ ਦੀ ਸੀ, ਉਹ ਆਪਣੇ ਰਾਜ ਦਰਬਾਰੀਆਂ ਤੇ ਸਕੱਤਰਾਂ ਦੀਆਂ ਲਿਖਤਾਂ ਉੱਤੇ ਬਰੀਕੀ ਨਾਲ ਨੁਕਤਾਚੀਨੀ ਕਰਦਾ ਸੀ ਤੇ ਦੂਜਿਆਂ ਦੀ ਕਾਬਲੀਅਤ ਦਾ ਸਤਿਕਾਰ ਵੀ ਕਰਦਾ ਸੀ। ਸਿੱਖਿਆ ਦਾ ਵਿਸਥਾਰ ਕਰਨ ਲਈ ਉਸ ਨੇ ਪਿਸ਼ਾਵਰ ਵਿਖੇ ਮੁਸਲਮਾਨ ਸੰਤ ਦੀ ਲਾਇਬ੍ਰੇਰੀ ਨੂੰ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ ਸਨ। ਉਸ ਸਮੇਂ ਸਿੱਖਿਆ ਪ੍ਰਬੰਧ ਬਹੁਤਾ ਵਿਕਸਤ ਨਹੀਂ ਸੀ ਹੋਇਆ, ਮਦਰੱਸਿਆਂ ਤੇ ਗੁਰਦੁਆਰਿਆਂ ਨੂੰ ਹੀ ਵਿੱਦਿਆ ਦੇ ਕੇਂਦਰ ਮੰਨਿਆ ਜਾਂਦਾ ਸੀ। ਇਸ ਰਸਮੀ ਸਿੱਖਿਆ ਦਾ ਸਤਿਕਾਰ ਸਧਾਰਨ ਲੋਕਾਂ ਵਿਚ ਕਾਫੀ ਰਿਹਾ ਹੈ। ਪਰ ਬਾਅਦ ਵਿਚ ਇਸ ਸਿੱਖਿਆ ਲਈ ਸਕੂਲਾਂ ਦੀ ਵਿਵਸਥਾ ਕੀਤੀ ਗਈ, ਹਰ ਮਸਜਿਦ, ਮੰਦਰ ਅਤੇ ਗੁਰਦੁਆਰੇ ਦੇ ਨਾਲ ਇਕ ਸਕੂਲ ਦਾ ਨਿਰਮਾਣ ਕੀਤਾ ਜਾਣ ਲੱਗਾ। ਇੱਥੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਸੀ। ਉਸ ਸਮੇਂ ਦੇ ਸਿੱਖਿਆ ਸਥਾਨਾਂ ਵਿਚ ਬੱਚਿਆਂ ਦੀ ਰਿਹਾਇਸ਼ ਪ੍ਰਬੰਧ ਦਾ ਵੀ ਵੇਰਵਾ ਮਿਲਦਾ ਹੈ।
ਉਸ ਸਮੇਂ ਰਾਜ ਦੀ ਭਾਸ਼ਾ ਫ਼ਾਰਸੀ ਸੀ, ਜੋ ਲੰਮੇ ਸਮੇਂ ਤੋਂ ਚਲੀ ਆ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਸਮੇਂ ਵੀ ਇਹ ਭਾਸ਼ਾ ਸਰਕਾਰੀ ਰਹੀ ਅਤੇ ਇਸ ਦੀ ਵਰਤੋਂ ਸਮਾਜ ਵਿਚ ਨਿੱਜੀ ਪੱਧਰ ਉੱਤੇ ਵੀ ਕੀਤੀ ਜਾਂਦੀ ਸੀ। ਸਰਕਾਰੀ ਆਦੇਸ਼ ਵੀ ਫ਼ਾਰਸੀ ਭਾਸ਼ਾ ਵਿਚ ਹੀ ਦਿੱਤੇ ਜਾਂਦੇ ਸਨ। ਗੁਰਮੁਖੀ ਸਕੂਲ ਹੋਰ ਸਕੂਲਾਂ ਦੀ ਤਰ੍ਹਾਂ ਗੁਰਦੁਆਰਿਆਂ ਵਿਚ ਹੀ ਮਿਲਦੇ ਸਨ। ਸਕੂਲ ਵਿਚ ਪਹਿਲਾਂ ਗੁਰਮੁਖੀ ਸਿੱਖਿਆ ਸੰਬੰਧੀ 'ਜਪੁਜੀ ਸਾਹਿਬ' ਦਾ ਪਾਠ ਪੜ੍ਹਾਇਆ ਜਾਂਦਾ ਸੀ। ਗੁਰਮੁਖੀ ਸਕੂਲਾਂ ਵਿਚ ਗੁਰਮੁਖੀ ਅੱਖਰਾਂ ਨਾਲ ਰਚਿਤ ਗ੍ਰੰਥ ਵੀ ਪੜ੍ਹਾਏ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਚ ਬਹੁਤ ਸਾਰੇ ਸਕੂਲ ਗੁਰਮੁਖੀ ਭਾਸ਼ਾ ਵਿਚ ਸਿੱਖਿਆ ਪ੍ਰਦਾਨ ਕਰਾ ਰਹੇ ਸਨ। ਅ੍ਰੰਮਿਤਸਰ ਇਨ੍ਹਾਂ ਭਾਸ਼ਾਈ ਕੇਂਦਰਾਂ ਵਿਚੋਂ ਮੁੱਖ ਸੀ। ਇਸ ਤੋਂ ਇਲਾਵਾ ਕਈ ਸਕੂਲ ਜਿਵੇਂ ਭਾਈ ਖੜਕ ਸਿੰਘ ਧੂਪੀਏ ਦਾ ਸਕੂਲ, ਭਾਈ ਰਾਮ ਸਿੰਘ ਦਾ ਸਕੂਲ, ਭਾਈ ਜੂਨ ਸਿੰਘ ਦਾ ਸਕੂਲ ਆਦਿ। ਇਹ ਸਕੂਲ ਸਾਰੇ ਰਾਜ ਵਿਚ ਪ੍ਰਸਿੱਧ ਸਨ, ਕਿਉਂਕਿ ਇਹ ਗੁਰਮੁਖੀ ਸਿੱਖਿਆ ਦੇ ਕੇਂਦਰ ਸਨ, ਪਰ ਬਹੁਤ ਸਾਰੇ ਵਿਦਵਾਨ ਪੰਜਾਬੀ ਦੀ ਮਾੜੀ ਹਾਲਤ ਦੇ ਬਣੇ ਹੋਏ ਮਾਹੌਲ ਦਾ ਉਲਾਂਭਾ ਅੱਜ ਵੀ ਰਣਜੀਤ ਸਿੰਘ ਨੂੰ ਦਿੰਦੇ ਹਨ। ਉਸ ਸਮੇਂ ਭਾਸ਼ਾ ਦੀ ਮਹੱਤਤਾ ਦੇ ਉਹ ਸੰਕਲਪ ਵਿਕਸਤ ਨਹੀਂ ਸਨ, ਜੋ ਅੱਜ ਵਰਤਮਾਨ ਸਮੇਂ ਹਨ। ਫਿਰ ਵੀ ਰਣਜੀਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਉੱਚਾ ਚੁੱਕਣ ਵਿਚ ਕਾਫੀ ਯਤਨ ਕੀਤੇ।
ਮਹਾਰਾਜਾ ਰਣਜੀਤ ਸਿੰਘ ਨੇ ਜਦੋਂ 1799 ਈ: ਵਿਚ ਗੁਜਰਾਂਵਾਲਾ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਇਆ ਤਾਂ ਉਨ੍ਹਾਂ ਨੇ ਆਪਣੇ ਫੈਸਲਿਆਂ ਵਿਚ ਸ਼ੁਰੂ ਦੇ ਹੀ ਸਾਲਾਂ ਵਿਚ ਹਰ ਕਿਸੇ ਲਈ ਸਿੱਖਿਆ ਲਾਜ਼ਮੀ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ ਗੁਰਮੁਖੀ ਪੜ੍ਹਨਾ ਤੇ ਸਿੱਖਣਾ ਸਿੱਖਾਂ ਲਈ ਪਵਿੱਤਰ ਕਾਰਜ ਸੀ, ਸਿੱਖਾਂ ਦੇ ਆਪਸੀ ਚਿੱਠੀ-ਪੱਤਰ ਵੀ ਗੁਰਮੁਖੀ ਭਾਸ਼ਾ ਵਿਚ ਹੀ ਲਿਖੇ ਜਾਂਦੇ ਸਨ। ਇਸ ਤੋਂ ਇਲਾਵਾ ਹੋਰ ਵੀ ਕਈ ਪਾਠਸ਼ਾਲਾਵਾਂ ਸਨ, ਜਿਨ੍ਹਾਂ ਨੂੰ 'ਮਹਾਜਨੀ ਸਕੂਲ' ਕਿਹਾ ਜਾਂਦਾ ਸੀ। ਇਨ੍ਹਾਂ ਸਕੂਲਾਂ ਵਿਚ ਮਹਾਜਨ, ਵੈਸ਼, ਖੱਤਰੀ ਤੇ ਵਪਾਰਕ ਵਰਗਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਸਨ। ਮਹਾਜਨੀ ਸਕੂਲਾਂ ਦੇ ਅਧਿਆਪਕਾਂ ਨੂੰ 'ਪਾਂਧਾ' ਕਿਹਾ ਜਾਂਦਾ ਸੀ। ਇਥੇ ਵਿਦਿਆਰਥੀਆਂ ਨੂੰ ਮੌਖਿਕ, ਲਿਖਤੀ ਅਤੇ ਗਣਿਤ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇਨ੍ਹਾਂ ਸਕੂਲਾਂ ਵਿਚ ਲੰਡੇ, ਠਾਕਰੀ, ਸਰਾਫ਼ੀ ਆਦਿ ਲਿੱਪੀਆਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾਂ 'ਨਾਗਰੀ' ਵੀ ਪੜ੍ਹਾਈ ਜਾਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਸਿੱਖ ਸੰਸਥਾਵਾਂ ਵਿਚ ਗ੍ਰਾਂਟ ਵੀ ਦਿੰਦੇ ਸਨ। ਇਸ ਦੇ ਨਾਲ ਹੀ ਉਹ ਹੋਰਨਾਂ ਭਾਸ਼ਾਵਾਂ ਜਿਵੇਂ ਅਰਬੀ ਤੇ ਪਰਸ਼ੀਅਨ ਨੂੰ ਉਤਸ਼ਾਹਿਤ ਵੀ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ 'ਕਾਇਦੇ' ਵੀ ਜਾਰੀ ਕੀਤੇ, ਜਿਸ ਨੂੰ ਪੜ੍ਹ ਕੇ ਗੁਰਮੁਖੀ ਤੇ ਫ਼ਾਰਸੀ ਨੂੰ ਸਿੱਖਿਆ ਜਾ ਸਕਦਾ ਸੀ ਅਤੇ ਇਸ ਵਿਚ ਗਣਿਤ ਦਾ ਮੁੱਢਲਾ ਗਿਆਨ ਵੀ ਦਿੱਤਾ ਗਿਆ ਸੀ ਤਾਂ ਕਿ ਹਰ ਕੋਈ ਹਿਸਾਬ-ਕਿਤਾਬ ਦਾ ਕੰਮ ਵੀ ਆਪਣੇ-ਆਪ ਕਰ ਸਕੇ। ਮਹਾਰਾਜਾ ਨੇ ਇਹ ਕਾਇਦੇ ਪਿੰਡ ਵਿਚ ਤਹਿਸੀਲਦਾਰਾਂ ਰਾਹੀਂ ਭੇਜੇ ਅਤੇ ਉਨ੍ਹਾਂ ਨੂੰ ਹਰ ਪਿੰਡ ਵਿਚ ਇਹ ਕਾਇਦੇ ਵੰਡਣ ਦੇ ਹੁਕਮ ਦਿੱਤੇ। ਪਿੰਡ ਦੀਆਂ ਔਰਤਾਂ ਲਈ ਇਹ ਕਾਇਦਾ ਪੜ੍ਹਨਾ ਜ਼ਰੂਰੀ ਸੀ। ਉਸ ਸਮੇਂ ਔਰਤਾਂ ਦੀ ਸਿੱਖਿਆ ਦੀ ਲਿਟਰੇਸੀ ਦਰ 100 ਫੀਸਦੀ ਸੀ। ਇਸ ਤਰ੍ਹਾਂ ਉਸ ਸਮੇਂ ਹਰੇਕ ਔਰਤ ਗੁਰਮੁਖੀ ਲਿਖ ਤੇ ਪੜ੍ਹ ਸਕਦੀ ਸੀ। ਰਣਜੀਤ ਸਿੰਘ ਦੇ ਸਮੇਂ ਲੜਕੀਆਂ ਦੇ 12 ਤੇ 14 ਸਕੂਲ ਲੜਕਿਆਂ ਲਈ ਮੌਜੂਦ ਸਨ। ਉਸ ਸਮੇਂ ਰਣਜੀਤ ਸਿੰਘ ਨੇ ਇਹ ਹੁਕਮ ਵੀ ਜਾਰੀ ਕੀਤਾ ਕਿ ਮਹੀਨੇ ਵਿਚ ਇਹ ਕਾਇਦਾ ਆਪ ਸਿੱਖਣ ਤੋਂ ਬਾਅਦ ਹਰ ਕਿਸੇ ਨੇ ਇਸ ਤਰ੍ਹਾਂ ਦੇ 5 ਕਾਇਦੇ ਤਿਆਰ ਕਰਕੇ ਪੰਜ ਲੋਕਾਂ ਨੂੰ ਹੋਰ ਪੜ੍ਹਾਉਣਾ ਹੈ ਅਤੇ ਚਿੱਠੀ ਰਾਹੀਂ ਮਹਾਰਾਜਾ ਦੇ ਦਰਬਾਰ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੈ। ਇਸ ਤਰ੍ਹਾਂ ਕੁਝ ਸਾਲਾਂ ਵਿਚ ਹੀ ਪੰਜਾਬ ਦੇ ਬਹੁਤ ਸਾਰੇ ਲੋਕ ਚਿੱਠੀ ਪੜ੍ਹਨ-ਲਿਖਣ ਅਤੇ ਹਿਸਾਬ-ਕਿਤਾਬ ਕਰਨ ਦੇ ਕਾਬਲ ਹੋ ਗਏ।
ਅੰਗਰੇਜ਼ ਪ੍ਰੋ: ਲਿਟਨਰ ਦਾ ਕਹਿਣਾ ਹੈ ਕਿ, 'ਜਦੋਂ 1849 ਵਿਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਆਇਆ ਤਾਂ ਪੰਜਾਬ ਵਿਚ ਸਿੱਖਿਆ ਪ੍ਰਬੰਧ ਕਮਾਲ ਦਾ ਸੀ।' ਇਸ ਤੋਂ ਇਲਾਵਾ ਲਾਹੌਰ ਵਿਚ ਕਲਾ, ਦਸਤਕਾਰੀ ਤੇ ਹੁਨਰ ਲਈ ਵਿਸ਼ੇਸ਼ ਅਦਾਰੇ ਕਾਇਮ ਕੀਤੇ ਗਏ ਸਨ, ਜਿੱਥੇ ਸਿੱਖਿਆ ਪ੍ਰਾਪਤ ਕਰ ਕੇ ਪੰਜਾਬ ਦੇ ਲੋਕ ਆਪਣੇ ਕਾਰੋਬਾਰ ਸਥਾਪਿਤ ਕਰਦੇ ਸਨ। ਇਸ ਦੇ ਨਾਲ ਅੰਗਰੇਜ਼ਾਂ ਨੇ ਪੰਜਾਬੀ ਨੂੰ ਜੜ੍ਹ ਤੋਂ ਪੁੱਟਣ ਲਈ ਅਤੇ ਇਸ ਨੂੰ ਹੂੰਝਣ ਲਈ ਯਤਨ ਕਰਨੇ ਆਰੰਭ ਕਰ ਦਿੱਤੇ। ਉਹ ਇਸ ਦੀ ਥਾਂ ਅੰਗਰੇਜ਼ੀ ਦਾ ਬੂਟਾ ਲਾਉਣ ਲਈ ਜ਼ੋਰਾਂ-ਸ਼ੋਰਾਂ 'ਤੇ ਕੰਮ ਕਰਨ ਲੱਗੇ। ਸਰ ਡੋਨਲਡ ਨੇ ਪੰਜਾਬ ਦਾ ਗਵਰਨਰ ਬਣਨ ਮਗਰੋਂ ਇਹ ਹੁਕਮ ਜਾਰੀ ਕੀਤੇ ਕਿ ਪੰਜਾਬ ਦੇ ਪੜ੍ਹੇ-ਲਿਖੇ ਲੋਕਾਂ ਨੂੰ ਅੰਗਰੇਜ਼ੀ ਸਿਖਾਈ ਜਾਵੇ। ਪੰਜਾਬੀ ਨੂੰ ਖਤਮ ਕਰਨ ਲਈ ਉਸ ਸਮੇਂ ਅੰਗਰੇਜ਼ਾਂ ਨੇ ਬਹੁਤ ਸਾਰੇ ਮਿਸ਼ਨਰੀ ਸਕੂਲਾਂ ਅਤੇ ਛਾਪੇਖਾਨਿਆਂ ਦਾ ਗਠਨ ਵੀ ਕੀਤਾ, ਜਿੱਥੇ ਲੱਖਾਂ ਰੁਪਏ ਖਰਚ ਕੇ ਅੰਗਰੇਜ਼ੀ ਦੀਆਂ ਕਿਤਾਬਾਂ ਛਾਪੀਆਂ ਅਤੇ ਵੰਡੀਆਂ ਗਈਆਂ ਤੇ ਅੰਗਰੇਜ਼ਾਂ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਜਿਹੜਾ ਬੰਦਾ ਅੰਗਰੇਜ਼ ਸਰਕਾਰ ਕੋਲ ਹਥਿਆਰ ਜਮ੍ਹਾਂ ਕਰਵਾਏਗਾ, ਉਸ ਨੂੰ ਦੋ ਆਨੇ ਤੇ ਜਿਹੜਾ ਕਾਇਦਾ ਜਮ੍ਹਾਂ ਕਰਵਾਏਗਾ, ਉਸ ਨੂੰ ਇਸ ਤੋਂ ਤਿੰਨ ਗੁਣਾਂ ਰਕਮ ਭੇਟ ਕੀਤੀ ਜਾਵੇਗੀ, ਯਾਨੀ ਕਿ ਛੇ ਆਨੇ ਦਿੱਤੇ ਜਾਣਗੇ, ਜਿਹੜੀ ਉਸ ਜ਼ਮਾਨੇ ਵਿਚ ਚੰਗੀ ਰਕਮ ਹੁੰਦੀ ਸੀ। ਇਸ ਤਰ੍ਹਾਂ ਰਣਜੀਤ ਸਿੰਘ ਦੇ ਪੰਜਾਬੀ ਕਾਇਦੇ ਅੰਗਰੇਜ਼ਾਂ ਵਲੋਂ ਜ਼ਬਤ ਕਰ ਲਏ ਗਏ ਅਤੇ ਉਨ੍ਹਾਂ 'ਤੇ ਪਾਬੰਦੀ ਲਗਾ ਕੇ ਫੂਕਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤਰ੍ਹਾਂ ਅੰਗਰੇਜ਼ਾਂ ਵਲੋਂ ਪੰਜਾਬੀ ਕਾਇਦੇ 'ਤੇ ਧਾਵਾ ਬੋਲਿਆ ਗਿਆ।
ਰਣਜੀਤ ਸਿੰਘ ਦੇ ਸਮੇਂ ਪੰਜਾਬੀ ਨੂੰ ਰਾਜ ਪ੍ਰਬੰਧ ਅਤੇ ਸਿੱਖਿਆ ਦੇ ਮਾਧਿਆਮ ਵਜੋਂ ਸਥਾਨ ਨਾ ਮਿਲਣ ਤੇ ਇਸ ਨੂੰ ਸੱਟ ਮਾਰਨ ਦੇ ਕੋਈ ਸੋਚੇ-ਸਮਝੇ ਯਤਨ ਨਹੀਂ ਸਨ। ਇਸ ਕਰਕੇ ਇਸ ਦੀਆਂ ਜੜ੍ਹਾਂ ਨੂੰ ਨੁਕਸਾਨ ਨਹੀਂ ਸੀ ਪੁੱਜਿਆ। ਰਾਜ ਸਿੰਘਾਸਨ ਤੋਂ ਬਿਨਾਂ ਵੀ ਪੰਜਾਬੀ ਭਾਸ਼ਾ ਲੋਕਾਂ ਦੇ ਮਨ ਦੇ ਸਿੰਘਾਸਨ ਉੱਤੇ ਬਿਰਾਜਮਾਨ ਰਹੀ। ਉਸ ਸਮੇਂ ਭਾਸ਼ਾ ਦੀ ਮਹੱਤਤਾ ਦੇ ਉਹ ਸੰਕਲਪ ਨਹੀਂ ਸਨ, ਜੋ ਅੱਜ ਸਾਡੇ ਸਮਾਜ ਤੇ ਰਾਜ ਵਿਚ ਹਨ। ਉਸ ਸਮੇਂ ਤਾਂ ਸਿੱਖਿਆ ਰਾਜ ਦੇ ਸਰੋਕਾਰਾਂ ਵਿਚ ਵੀ ਸ਼ਾਮਲ ਨਹੀਂ ਸੀ ਪਰ ਰਣਜੀਤ ਸਿੰਘ ਨੇ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਸਾਰੇ ਲੋਕਾਂ ਨੂੰ ਸਿੱਖਿਆ ਦੇਣੀ ਜ਼ਰੂਰੀ ਸਮਝੀ। ਆਪ ਵਿੱਦਿਆ ਪ੍ਰਾਪਤ ਨਾ ਕਰ ਸਕਣ ਦੀ ਘਾਟ ਨੂੰ ਉਸ ਨੇ ਭਲੀਭਾਂਤ ਮਹਿਸੂਸ ਕੀਤਾ। ਉਹ ਸਮਝਦਾ ਸੀ ਕਿ ਸਫਲ ਰਾਜ ਪ੍ਰਬੰਧ ਲਈ ਵਿੱਦਿਆ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸ ਲਈ ਉਸ ਨੇ ਵਿੱਦਿਅਕ ਸੰਸਥਾਵਾਂ ਨੂੰ ਖੁੱਲ੍ਹ ਕੇ ਦਾਨ ਦਿੱਤਾ ਤੇ ਉਨ੍ਹਾਂ ਦੇ ਨਾਂਅ ਜਗੀਰਾਂ ਲਗਵਾਈਆਂ। ਇਸ ਤਰ੍ਹਾਂ ਰਣਜੀਤ ਸਿੰਘ ਦੇ ਸਮੇਂ ਸਿੱਖਿਆ ਨੂੰ ਉੱਚਾ ਚੁੱਕਣ ਲਈ ਪੂਰੇ ਯਤਨ ਕੀਤੇ ਜਾਂਦੇ ਰਹੇ। ਉਸ ਸਮੇਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਦੇ 87 ਫੀਸਦੀ ਲੋਕ ਪੜ੍ਹੇ-ਲਿਖੇ ਸਨ ਅਤੇ ਕੁੱਲ ਪੰਜਾਬ ਵਿਚ 78 ਫੀਸਦੀ ਲੋਕ ਪੜ੍ਹੇ-ਲਿਖੇ ਸਨ, ਜਿਸ ਵਿਚ ਔਰਤਾਂ ਦੀ ਫੀਸਦੀ ਮਰਦਾਂ ਨਾਲੋਂ ਵਧੇਰੇ ਸੀ। ਇਸ ਤਰ੍ਹਾਂ ਉਸ ਸਮੇਂ ਸਿੱਖ ਰਾਜ ਗਿਆਨਵਾਨ ਸੀ।
ਇਸ ਤਰ੍ਹਾਂ ਉਸ ਸਮੇਂ ਦੇ ਸਿੱਖਿਆ ਪ੍ਰਬੰਧ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਉਦੋਂ ਸਿੱਖਿਆ ਦਾ ਪ੍ਰਬੰਧ ਨਾ ਕੇਵਲ ਵਧੀਆ ਹੀ ਸੀ, ਬਲਕਿ ਕਮਾਲ ਦਾ ਸੀ। ਸੋ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਮਹਾਨ ਕਾਬਲ ਰਾਜਿਆਂ ਵਿਚੋਂ ਸੀ, ਜਿਸ ਨੂੰ ਸੰਸਾਰ ਦੀ ਰੂਪ-ਰੇਖਾ ਬਦਲਣ ਲਈ ਕੇਵਲ ਮੌਕਾ ਚਾਹੀਦਾ ਹੁੰਦਾ ਸੀ। ਉਹ ਆਪਣੇ ਰਾਜ ਦੇ ਨਿੱਤ ਦੇ ਕੰਮਾਂ ਨੂੰ ਚੰਗੀ ਜੁਗਤ ਨਾਲ ਕਰਦਾ ਸੀ। ਉਹ ਵਿੱਦਿਆ ਅਤੇ ਵਿਦਵਾਨਾਂ ਦਾ ਬੜਾ ਕਦਰਦਾਨ ਸੀ। ਰਣਜੀਤ ਸਿੰਘ ਉਨ੍ਹਾਂ ਵਿਚੋਂ ਸੀ, ਜਿਨ੍ਹਾਂ ਨੂੰ ਕੁਦਰਤ ਵਿਸ਼ੇਸ਼ਤਾ ਤੇ ਵਡਿਆਈ ਦੀ ਪ੍ਰਾਪਤੀ ਲਈ ਪੈਦਾ ਕਰਦੀ ਹੈ।


-ਮ: ਨੰ: 3082, ਫੇਜ਼-2, ਅਰਬਨ ਅਸਟੇਟ, ਦੁਗਰੀ।
ਮੋਬਾ: 98886-90280


ਖ਼ਬਰ ਸ਼ੇਅਰ ਕਰੋ

ਦੱਖਣ ਵਿਚ ਚੌਲਾਂ ਦੇ ਕਟੋਰੇ ਵਜੋਂ ਮਸ਼ਹੂਰ-ਤੰਜਾਵੁਰ

ਦੱਖਣ ਯਾਤਰਾ ਦੌਰਾਨ ਜ਼ਿੰਦਗੀ ਦੀ ਇਕ ਰਾਤ ਤੇ ਅੱਧਾ ਦਿਨ ਤਾਮਿਲਨਾਡੂ ਦੇ ਸ਼ਹਿਰ ਤੰਜਾਵੁਰ ਵਿਚ ਗੁਜ਼ਾਰਨ ਦਾ ਮੌਕਾ ਮਿਲਿਆ, ਜਿਸ ਦੀਆਂ ਅਭੁੱਲ ਯਾਦਾਂ ਨੂੰ ਯਾਦ ਕਰਦੇ ਹੀ ਮਨ ਅੱਜ ਵੀ ਖਿੜ ਉੱਠਦਾ ਹੈ। ਤੰਜਾਵੂਰ, ਜੋ ਕਿ ਪਹਿਲੇ ਤੰਜੋਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ, ਤਾਮਿਲਨਾਡੂ ਦਾ ਦੱਖਣ-ਪੱਛਮੀ ਜ਼ਿਲ੍ਹਾ ਹੈ, ਜੋ ਚੇਨਈ ਤੋਂ ਲਗਪਗ 300 ਕਿਲੋਮੀਟਰ ਦੂਰ ਹੈ। ਕਾਵੇਰੀ ਡੈਲਟਾ ਦੀ ਉਪਜਾਊ ਮਿੱਟੀ 'ਤੇ ਸਥਿਤ ਹੋਣ ਕਾਰਨ ਇੱਥੇ ਚੌਲਾਂ ਦੀ ਫ਼ਸਲ ਬਹੁਤ ਜ਼ਿਆਦਾ ਹੁੰਦੀ ਹੈ। ਜ਼ਿਆਦਾ ਫ਼ਸਲ ਹੋਣ ਕਾਰਨ ਹੀ ਇਸ ਸਥਾਨ ਨੂੰ ਤਾਮਿਲਨਾਡੂ ਦਾ ਚੌਲਾਂ ਦਾ ਕਟੋਰਾ ਕਹਿੰਦੇ ਹਨ। ਤੰਜਾਵੁਰ ਇਕ ਤਮਿਲ ਸ਼ਬਦ ਤੰਨਜੇਉਰ ਤੋਂ ਬਣਿਆ ਹੈ, ਜੋ ਤਿੰਨ ਤਮਿਲ ਸ਼ਬਦ-ਤੰਨ (ਠੰਢਾ), ਜੇ (ਖੇਤ) ਅਤੇ ਉਰ (ਸ਼ਹਿਰ) ਦੇ ਮੇਲ ਤੋਂ ਬਣਿਆ ਹੈ। ਤੰਨਜੇਉਰ ਭਾਵ ਠੰਢੇ ਖੇਤਾਂ ਨਾਲ ਘਿਰਿਆ ਸ਼ਹਿਰ। ਇਕ ਹੋਰ ਹਿੰਦੂ ਮਿਥ ਦੇ ਅਨੁਸਾਰ ਤੰਜੋਰ ਦਾ ਨਾਂਅ ਇਕ ਤੰਜਨ ਨਾਂਅ ਦੇ ਅਸੁਰ ਤੋਂ ਪਿਆ ਹੈ, ਜੋ ਵਿਸ਼ਨੂ ਦੇ ਰੂਪ ਨੀਲਮੇਘਾ ਪੇਰੁਮੱਲ ਦੇ ਹੱਥੋਂ ਮਾਰਿਆ ਗਿਆ ਸੀ।
ਹਵਾਈ ਮਾਰਗ ਰਾਹੀਂ ਜਾਣ ਲਈ ਤੰਜਾਵੁਰ ਦੇ ਨੇੜੇ ਦਾ ਹਵਾਈ ਅੱਡਾ ਤਿਰੁਚਿਰਾਪੱਲੀ (ਤ੍ਰਿਚੀ) ਹੈ, ਜੋ ਇਥੋਂ 65 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ ਚੇਨਈ ਦੇ ਰਸਤੇ ਵੀ ਇੱਥੇ ਪੁੱਜਿਆ ਜਾ ਸਕਦਾ ਹੈ। ਰੇਲਵੇ ਮਾਰਗ ਰਾਹੀਂ ਵੀ ਇਹ ਸਥਾਨ ਚੇਨਈ ਅਤੇ ਤ੍ਰਿਚੀ ਤੋਂ ਸਿੱਧੀ ਰੇਲ ਸੇਵਾ ਨਾਲ ਜੁੜਿਆ ਹੋਇਆ ਹੈ। ਸੜਕ ਮਾਰਗ ਰਾਹੀਂ ਇਹ ਤਾਮਿਲਨਾਡੂ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।
ਤੰਜਾਵੁਰ ਦੇ ਸ਼ੁਰੂ ਦਾ ਇਤਿਹਾਸ ਜ਼ਿਆਦਾ ਉਪਲਬਧ ਨਹੀਂ ਪਰ 850 ਈ: ਤੋਂ ਬਾਅਦ ਇਸ 'ਤੇ ਚੋਲਾ ਵੰਸ਼ ਦਾ ਰਾਜ ਰਿਹਾ, ਜੋ 400 ਸਾਲ ਤੱਕ ਰਿਹਾ। ਉਨ੍ਹਾਂ ਦੇ ਰਾਜ ਦੀ ਰਾਜਧਾਨੀ ਹੋਣ ਕਾਰਨ ਅਤੇ 1010 ਈਸਵੀ ਵਿਚ ਰਾਜਾਰਾਜ-1 ਚੋਲ ਵਲੋਂ ਇੱਥੇ 216 ਫੁੱਟ ਉੱਚੇ ਬ੍ਰਹਿਦੀਸ਼ਵਰ ਮੰਦਰ ਦਾ ਨਿਰਮਾਣ ਕਰਵਾਉਣ ਕਾਰਨ ਇਹ ਸਥਾਨ ਕਾਫੀ ਮਸ਼ਹੂਰ ਹੋਇਆ। ਚੋਲਾ ਸਮਰਾਜ ਦੇ ਪਤਨ ਤੋਂ ਬਾਅਦ ਤੰਜਾਵੁਰ 'ਤੇ ਪਾਂਡਿਆ, ਦਿੱਲੀ ਸਲਤਨੱਤ, ਵਿਜੇਨਗਰ ਅਤੇ ਮਰਾਠਾ ਸ਼ਾਸਕਾਂ ਦਾ ਰਾਜ ਰਿਹਾ। 1855 ਵਿਚ ਆਖਰੀ ਮਰਾਠਾ ਰਾਜਾ ਸ਼ਿਵਾ ਜੀ ਦੀ ਮੌਤ ਕਾਰਨ ਅਤੇ ਉਨ੍ਹਾਂ ਦਾ ਕੋਈ ਵਾਰਿਸ ਨਾ ਹੋਣ ਕਾਰਨ ਤੰਜਾਵੁਰ ਅੰਗਰੇਜ਼ੀ ਸਮਰਾਜ ਅਧੀਨ ਆ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਤੰਜਾਵੁਰ ਜ਼ਿਲ੍ਹਾ ਹੈੱਡਕੁਆਟਰ ਹੈ।
ਤੰਜਾਵੁਰ ਵਿਚ ਬਰਸਾਤ ਦਾ ਮੌਸਮ ਸਭ ਤੋਂ ਲੰਬਾ ਹੈ, ਕਿਉਂਕਿ ਇਸ ਖੇਤਰ ਤੇ ਦੇਸ਼ ਵਿਚ ਵਗਣ ਵਾਲੀਆਂ ਮੌਨਸੂਨ ਹਵਾਵਾਂ ਨਾਲ ਵਰਖਾ ਹੁੰਦੀ ਹੈ, ਦੱਖਣ-ਪੱਛਮ ਮੌਨਸੂਨ ਨਾਲ ਜੂਨ ਤੋਂ ਸਤੰਬਰ ਤੱਕ ਅਤੇ ਉੱਤਰੀ-ਪੂਰਬੀ ਮੌਨਸੂਨ ਨਾਲ ਅਕਤੂਬਰ ਤੋਂ ਜਨਵਰੀ ਤੱਕ ਵਰਖਾ ਹੁੰਦੀ ਹੈ। ਲੰਬੀ ਬਰਸਾਤ ਹੋਣ ਕਾਰਨ ਹੀ ਇਥੇ ਚੌਲਾਂ ਦੀ ਫ਼ਸਲ ਜ਼ਿਆਦਾ ਹੁੰਦੀ ਹੈ। ਜਨਵਰੀ ਤੋਂ ਮਾਰਚ ਤੱਕ ਦਾ ਸਮਾਂ ਇਸ ਖੇਤਰ ਵਿਚ ਘੁੰਮਣ ਲਈ ਵਧੀਆ ਮੰਨਿਆ ਗਿਆ ਹੈ। ਮਾਰਚ ਤੋਂ ਬਾਅਦ ਥੋੜ੍ਹੀ ਗਰਮੀ ਵਧ ਜਾਂਦੀ ਹੈ। ਵੈਸੇ ਤਾਂ ਸਾਰਾ ਤੰਜਾਵੁਰ ਘੁੰਮਣ ਲਈ ਬਹੁਤ ਵਧੀਆ ਸ਼ਹਿਰ ਹੈ ਪਰ ਬ੍ਰਹਿਦੀਸ਼ਵਰ ਮੰਦਰ, ਤੰਜਾਵੁਰ ਮਰਾਠਾ ਪੈਲਸ, ਸਿਵਗੰਗਾ ਪਾਰਕ, ਰਾਇਲ ਪੈਲਸ ਮਿਊਜ਼ੀਅਮ ਇੱਥੋਂ ਦੇ ਮੁੱਖ ਆਕਰਸ਼ਣ ਕੇਂਦਰ ਹਨ।
ਬ੍ਰਹਿਦੀਸ਼ਵਰ ਮੰਦਰ-ਇਹ ਮੰਦਰ ਸ਼ਹਿਰ ਦਾ ਮੁੱਖ ਹਿੰਦੂ ਮੰਦਰ ਹੈ, ਜਿਸ ਦਾ ਨਿਰਮਾਣ 1003-1010 ਈਸਵੀ ਵਿਚਕਾਰ ਚੋਲ ਸ਼ਾਸਕ ਰਾਜਾਰਾਜ-1 ਚੋਲ ਨੇ ਕਰਵਾਇਆ। ਉਨ੍ਹਾਂ ਦੇ ਨਾਂਅ ਕਾਰਨ ਇਹ ਮੰਦਰ ਰਾਜਾਰਾਜੇਸ਼ਵਰ ਮੰਦਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 216 ਫੁੱਟ ਉੱਚਾ ਇਹ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਅਤੇ ਭਾਰਤ ਦੇ ਉੱਚੇ ਮੰਦਰਾਂ ਵਿਚੋਂ ਇਕ ਹੈ। 1600 ਈਸਵੀ ਵਿਚ ਬਾਹਰੀ ਸੁਰੱਖਿਆ ਲਈ ਇਸ ਦੇ ਆਲੇ-ਦੁਆਲੇ ਦੋਹਰੀ ਚਾਰਦੀਵਾਰੀ ਬਣਵਾਈ ਗਈ ਅਤੇ ਮੰਦਰ ਪ੍ਰਵੇਸ਼ ਲਈ ਦੋ ਦੁਆਰ ਬਣਾਏ ਗਏ। ਮੰਦਰ ਦਾ ਮੁੱਖ ਦੁਆਰ ਬਹੁਤ ਉੱਚਾ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਦੱਖਣੀ ਭਾਰਤ ਦੇ ਸਾਰੇ ਮੰਦਰ ਉੱਤਰੀ ਭਾਰਤ ਦੇ ਮੰਦਰਾਂ ਤੋਂ ਅਲੱਗ ਹਨ। ਉੱਤਰ ਭਾਰਤ ਵਿਚ ਮੰਦਰ ਦੇ ਮੁੱਖ ਭਵਨ ਦੀ ਉਚਾਈ ਬਾਕੀ ਭਵਨਾਂ ਤੋਂ ਉੱਚੀ ਹੁੰਦੀ ਹੈ, ਜਦੋਂ ਕਿ ਦੱਖਣੀ ਭਾਰਤ ਦੇ ਮੰਦਰਾਂ ਵਿਚ ਮੁੱਖ ਦੁਆਰ (ਗੋਪੁਰਮ) ਦੀ ਉਚਾਈ ਬਾਕੀ ਭਵਨਾਂ ਤੋਂ ਉੱਚੀ ਹੁੰਦੀ ਹੈ। ਮੁੱਖ ਦੁਆਰ ਤੋਂ ਬਾਅਦ ਥੋੜ੍ਹਾ ਅੱਗੇ ਜਾ ਕੇ ਇਕ ਹੋਰ ਦੁਆਰ ਆਉਂਦਾ ਹੈ ਇਹ ਦੁਆਰ ਲੰਘ ਕੇ ਅੱਗੇ ਇਕ ਚਬੂਤਰਾ ਆਉਂਦਾ ਹੈ, ਜਿਸ 'ਤੇ ਨੰਦੀ ਜੀ ਦੀ ਵਿਸ਼ਾਲ ਮੂਰਤੀ ਬਿਰਾਜਮਾਨ ਹੈ। ਇਸ ਮੂਰਤੀ ਦੀ ਖਾਸ ਗੱਲ ਇਹ ਹੈ ਕਿ ਇਹ ਮੂਰਤੀ ਇਕ ਹੀ ਪੱਥਰ ਤੋਂ ਬਣਾਈ ਗਈ ਹੈ ਅਤੇ ਭਾਰਤ ਦੀ ਦੂਸਰੀ ਸਭ ਤੋਂ ਵੱਡੀ ਮੂਰਤੀ ਹੈ। ਸਥਲ ਦੇ ਸਾਹਮਣੇ ਬ੍ਰਹਿਦੀਸ਼ਵਰ ਮੰਦਰ ਹੈ। ਸਾਰਾ ਮੰਦਰ ਗ੍ਰੇਨਾਈਟ ਦੇ ਪੱਥਰ ਨਾਲ ਬਣਿਆ ਹੋਇਆ ਹੈ ਅਤੇ ਮੰਦਰ ਨਿਰਮਾਣ ਵਿਚ ਲਗਪਗ 1,30,000 ਟਨ ਗ੍ਰੇਨਾਈਟ ਦਾ ਪ੍ਰਯੋਗ ਹੋਇਆ ਹੈ, ਪੂਰੇ ਗ੍ਰੇਨਾਈਟ ਨੂੰ ਨੱਕਾਸ਼ੀ ਨਾਲ ਸਜਾਇਆ ਹੋਇਆ ਹੈ।
ਇੱਥੇ ਇਹ ਗੱਲ ਵੀ ਕਾਫੀ ਜ਼ਿਕਰਯੋਗ ਹੈ ਕਿ ਤੰਜਾਵੁਰ ਦੇ 100 ਕਿਲੋਮੀਟਰ ਅਰਧ ਵਿਆਸ ਵਿਚ ਕੋਈ ਵੀ ਗ੍ਰੇਨਾਈਟ ਦੀ ਖਾਣ ਨਹੀਂ ਹੈ, ਇਸ ਲਈ ਇੰਨੇ ਭਾਰ ਦਾ ਗ੍ਰੇਨਾਈਟ ਇੱਥੇ ਕਿਵੇਂ ਲਿਆਂਦਾ ਹੋਵੇਗਾ ਅਤੇ ਸਿਰਫ ਹਥੌੜੀ-ਛੈਣੀ ਦੀ ਮਦਦ ਨਾਲ ਕਿਵੇਂ ਨਾਯਾਬ ਨੱਕਾਸ਼ੀ ਕੀਤੀ ਹੋਵੇਗੀ, ਇਹ ਗੱਲ ਅੱਜ ਵੀ ਹੈਰਾਨੀ ਤੇ ਸੋਚਣ ਵਾਲੀ ਹੈ। ਗਰਭਗ੍ਰਹਿ ਵਿਚ ਸਥਾਪਿਤ ਮੁੱਖ ਸ਼ਿਵਲਿੰਗਮ ਕਾਫੀ ਉੱਚਾ ਹੈ। ਸ਼ਰਧਾਲੂਆਂ ਨੂੰ ਇਕ ਨਿਸ਼ਚਿਤ ਸਥਾਨ ਤੋਂ ਅੱਗੇ ਜਾਣ ਦੀ ਮਨਾਹੀ ਹੈ ਅਤੇ ਉਨ੍ਹਾਂ ਦੁਆਰਾ ਅਰਪਿਤ ਪੂਜਾ ਦਾ ਸਮਾਨ ਮੰਦਰ ਪੁਜਾਰੀ ਦੁਆਰਾ ਹੀ ਸ਼ਿਵ ਲਿੰਗਮ ਤੱਕ ਪਹੁੰਚਾਇਆ ਜਾਂਦਾ ਹੈ। ਮੰਦਰ ਦੇ ਅੰਦਰ ਫੋਟੋ ਖਿੱਚਣ ਦੀ ਸਖਤ ਮਨਾਹੀ ਹੈ। ਮੰਦਰ ਦੀਆਂ 16 ਮੰਜ਼ਿਲਾਂ ਹਨ ਅਤੇ ਹਰੇਕ ਮੰਜ਼ਿਲ ਨੂੰ ਅਲੋਕਾਰ ਮੀਨਾਕਾਰੀ ਕਰਕੇ ਦੇਵਤਿਆਂ ਮਹਾਂਭਾਰਤ-ਰਮਾਇਣ ਦੇ ਦ੍ਰਿਸ਼, ਜਾਨਵਰਾਂ ਅਤੇ ਪੰਛੀਆਂ ਦੀਆਂ ਮੂਰਤੀਆਂ ਨਾਲ ਸਜਾਇਆ ਗਿਆ ਹੈ। ਇਹ ਮੰਦਰ ਮੁੱਖ ਤੌਰ 'ਤੇ ਤਾਂ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਪਰ ਗਰਭਗ੍ਰਹਿ ਦੇ ਦੁਆਲੇ ਸੂਰਜ ਅਤੇ ਚੰਦਰ ਦੇਵਤੇ ਦੀਆਂ ਵਿਸ਼ਾਲ ਮੂਰਤੀਆਂ ਵੀ ਬਣੀਆਂ ਹੋਈਆਂ ਹਨ।
ਪ੍ਰਾਚੀਨ ਕਾਲ ਤੋਂ ਹੀ ਇਹ ਮੰਦਰ ਰਾਜਨੀਤਕ, ਸਮਾਜਿਕ, ਵਪਾਰਕ ਅਤੇ ਧਾਰਮਿਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਮੰਦਰ ਦੇ ਆਸ-ਪਾਸ ਹੀ ਮੁੱਖ ਮੰਡੀਆਂ ਲਗਦੀਆਂ ਸਨ। ਹਰੇਕ ਨਵੇਂ ਸਮਰਾਟ ਦਾ ਰਾਜ ਤਿਲਕ ਇੱਥੇ ਹੀ ਹੁੰਦਾ ਸੀ। ਮਸ਼ਹੂਰ ਸੰਗੀਤਕਾਰਾਂ ਅਤੇ ਨਰਤਕੀਆਂ ਵਲੋਂ ਇੱਥੇ ਭਰਤਨਾਟਿਅਮ ਪੇਸ਼ ਕਰਨਾ ਬਹੁਤ ਮਾਣ ਦੀ ਗੱਲ ਸਮਝੀ ਜਾਂਦੀ ਹੈ। ਮੰਦਰ ਦੇ 1000 ਸਾਲ ਪੂਰੇ ਹੋਣ 'ਤੇ ਤਾਮਿਲਨਾਡੂ ਸਰਕਾਰ ਨੇ ਵਿਸ਼ਵ ਦੇ 1000 ਚੋਟੀ ਦੇ ਭਰਤਨਾਟਿਅਮ ਕਲਾਕਾਰ ਬੁਲਾ ਕੇ ਦੋ ਦਿਨ ਉਤਸਵ ਮਨਾਇਆ ਸੀ ਅਤੇ ਭਾਰਤ ਸਰਕਾਰ ਨੇ ਮੰਦਰ ਨੂੰ ਸਮਰਪਿਤ 1000 ਰੁਪਏ ਦਾ ਇਕ ਸਿੱਕਾ, ਜਿਸ 'ਤੇ ਮੰਦਰ ਦਾ ਚਿੱਤਰ ਅੰਕਿਤ ਹੈ, ਜਾਰੀ ਕੀਤਾ ਸੀ। ਦ੍ਰਾਵਿੜ ਕਲਾ ਨਾਲ ਬਣਿਆ ਇਹ ਮੰਦਰ 1987 ਵਿਚ ਯੂਨੈਸਕੋ ਵਲੋਂ ਵਿਸ਼ਵ ਧਰੋਹਰ ਘੋਸ਼ਿਤ ਹੋ ਚੁੱਕਾ ਹੈ। ਸਮੇਂ ਦੀ ਘਾਟ ਕਰਕੇ ਮੈਂ ਤੰਜਾਵੁਰ ਦੇ ਬਾਕੀ ਸਥਾਨ ਨਹੀਂ ਵੇਖ ਸਕਿਆ, ਜਿਸ ਕਰਕੇ ਉਨ੍ਹਾਂ ਸਥਾਨਾਂ ਦੀ ਜਾਣਕਾਰੀ ਪਾਠਕਾਂ ਤੱਕ ਨਾ ਪਹੁੰਚਾ ਸਕਣ ਲਈ ਖਿਮਾਂ ਦਾ ਯਾਚਕ ਹਾਂ।
ਤੰਜਾਵੁਰ ਵਿਚ ਬਿਤਾਇਆ ਹਰ ਪਲ ਅੱਜ ਵੀ ਮੇਰੇ ਯਾਦਾਂ ਦੇ ਪਿੰਜਰੇ ਵਿਚ ਕੈਦ ਹੈ ਅਤੇ ਜਦੋਂ ਕਦੇ ਵੀ ਮੈਂ ਉਦਾਸੀ ਮਹਿਸੂਸ ਕਰਾਂ ਤਾਂ ਤੰਜਾਵੁਰ ਦੇ ਬ੍ਰਹਿਦੀਸ਼ਵਰ ਮੰਦਰ ਵਿਚ ਬਿਤਾਏ ਪਲਾਂ ਨੂੰ ਯਾਦ ਕਰਕੇ ਉਦਾਸੀ ਨੂੰ ਖੁਸ਼ੀ ਵਿਚ ਬਦਲ ਲੈਂਦਾ ਹਾਂ।


-ਮਾਡਲ ਟਾਊਨ, ਮੁਕੇਰੀਆਂ।
ਮੋਬਾ: 94647-30770

ਬਰਸੀ 'ਤੇ ਵਿਸ਼ੇਸ਼

ਮਨੁੱਖਤਾ ਦੇ ਸੱਚੇ ਸੇਵਕ-ਭਗਤ ਰਾਮਾ ਨੰਦ

ਭਗਤ ਰਾਮਾਨੰਦ ਦਾ ਜਨਮ ਪਿਤਾ ਪੂਨਿਆ ਸਦਨ ਸ਼ਰਮਾ ਅਤੇ ਮਾਤਾ ਸੁਸ਼ੀਲਾ ਦੇਵੀ ਦੇ ਘਰ ਕਾਸ਼ੀ ਵਿਚ ਹੋਇਆ। ਇਨ੍ਹਾਂ ਨੂੰ ਸਵਾਮੀ ਰਾਮਾ ਨੰਦ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਬਚਪਨ ਵਿਚ ਉਨ੍ਹਾਂ ਨੂੰ ਰਾਮਾਦੱਤ ਦੇ ਨਾਂਅ ਨਾਲ ਵੀ ਬੁਲਾਇਆ ਜਾਂਦਾ ਸੀ। ਮੱਧ ਕਾਲ ਦੌਰਾਨ ਭਾਰਤ ਵਿਚ ਚੱਲੀ ਭਗਤੀ ਲਹਿਰ ਰੂਹਾਨੀਅਤ ਦੀ ਅਮੀਰੀ ਦੇ ਨਾਲ-ਨਾਲ ਇਕ ਧਾਰਮਿਕ ਅਤੇ ਸਮਾਜਿਕ ਚੇਤਨਾ ਦੀ ਲਹਿਰ ਵੀ ਸੀ। ਇਸ ਲਹਿਰ ਦਾ ਧਾਰਮਿਕ ਖੇਤਰ ਵਿਚ ਅਹਿਮ ਯੋਗਦਾਨ ਰਿਹਾ ਹੈ। ਇਸ ਲਹਿਰ ਨਾਲ ਜੁੜੇ ਭਗਤਾਂ ਵਲੋਂ ਜਿਹੜੀ ਬਾਣੀ ਉਚਾਰਨ ਕੀਤੀ ਜਾਂਦੀ ਸੀ, ਉਸ ਵਿਚ ਧਰਮ ਦੇ ਕਰਮਕਾਂਡੀ ਰੂਪ ਨੂੰ ਰੱਦ ਕਰ ਕੇ ਸੱਚੇ ਅਚਾਰ ਅਤੇ ਸੁਚੱਜੇ ਵਿਹਾਰ ਨੂੰ ਧਰਮ ਦਾ ਬੁਨਿਆਦੀ ਤੱਤ ਮੰਨਿਆ ਗਿਆ ਹੈ। ਭਗਤ ਜੀ ਨੇ ਆਪਣੇ ਸਮੁੱਚੇ ਜੀਵਨ ਵਿਚ ਮਾਨਵ-ਏਕਤਾ, ਪਿਆਰ-ਨਿਮਰਤਾ, ਸਹਿਣਸ਼ੀਲਤਾ ਦਾ ਹੋਕਾ ਦਿੱਤਾ ਤੇ ਆਪਣੇ ਸਮੇਂ ਦੇ ਸਮਾਜ ਨੂੰ ਸੁਧਾਰਨ ਤੇ ਨਿਖਾਰਨ ਵਿਚ ਵੀ ਆਪਣਾ ਯੋਗਦਾਨ ਪਾਇਆ। ਇਨ੍ਹਾਂ ਦੈਵੀ ਗੁਣਾਂ ਸਦਕਾ ਭਗਤ ਜੀ ਨੇ ਲੋਕਾਂ ਦੀ ਭੀੜ ਅੰਦਰ ਆਪਣੀ ਵੱਖਰੀ ਪਹਿਚਾਣ ਬਣਾ ਲਈ ਸੀ।
ਭਗਤ ਰਾਮਾਨੰਦ ਅਚਾਰੀਆ 'ਰਾਮਾਨੁਜ ਜੀ' ਦੁਆਰਾ ਚਲਾਈ ਗਈ (ਸ੍ਰੀ ਸੰਪਰਦਾ) ਦੇ ਇਕ ਉੱਘੇ ਪ੍ਰਚਾਰਕ ਸਵਾਮੀ ਰਾਘਵਨੰਦ ਦੇ ਚੇਲੇ ਸਨ, ਜਿਹੜੇ ਇਸ ਸੰਪਰਦਾ ਦੇ ਤੇਰ੍ਹਵੇਂ ਮੁਖੀ ਸਨ। ਭਗਤ ਜੀ ਦਾ ਜੀਵਨ ਕਾਲ ਇਕ ਸਦੀ ਤੋਂ ਵੀ ਵਧੇਰੇ ਮੰਨਿਆ ਜਾਂਦਾ ਹੈ, ਜਿਸ ਦਾ ਵਧੇਰੇ ਹਿੱਸਾ ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿ ਕੇ ਗੁਜ਼ਾਰਿਆ। ਭਗਤ ਜੀ ਲੰਮੇ ਸਮੇਂ ਤੱਕ ਸ੍ਰੀ ਸੰਪਰਦਾ ਨਾਲ ਜੁੜੇ ਰਹੇ ਤੇ ਆਪਣੀਆਂ ਅਧਿਆਤਮਕ ਸਰਗਰਮੀਆਂ ਨੂੰ ਨੇਪਰੇ ਚਾੜ੍ਹਦੇ ਰਹੇ ਪਰ ਬਾਅਦ ਵਿਚ ਉਨ੍ਹਾਂ ਨੇ ਰਾਮਾਵਤ/ਰਾਮਾਦੱਤ ਸੰਪਰਦਾ ਦੀ ਸਥਾਪਨਾ ਕਰ ਲਈ। ਇਸ ਸੰਪਰਦਾ ਦੇ ਸਿਧਾਂਤ ਤਾਂ ਪਹਿਲਾਂ (ਸ੍ਰੀ ਸੰਪਰਦਾ) ਵਾਲੇ ਹੀ ਰਹੇ ਪਰ ਸਾਧਨਾ-ਪਧਤੀ ਵਿਚ ਕੁਝ ਉਦਾਰਤਾ ਜ਼ਰੂਰ ਹੈ। ਇਸ ਲਹਿਰ ਦੇ ਰੰਗ ਅਤੇ ਢੰਗ ਕਾਰਨ ਹੀ ਉਸ ਵਕਤ ਦੀਆਂ ਕੁਝ ਛੁਟਿਆਈਆਂ ਜਾਂਦੀਆਂ ਜਾਤਾਂ ਦੇ ਲੋਕ ਵੀ ਇਸ ਕ੍ਰਾਂਤੀਕਾਰੀ ਲਹਿਰ ਨਾਲ ਜੁੜਨ ਲੱਗੇ।
ਭਗਤ ਰਾਮਾਨੰਦ ਦੇ ਯਤਨਾਂ ਨਾਲ ਰਾਮ ਨਾਮ ਦੀ ਗੰਗਾ ਝੁੱਗੀਆਂ- ਝੌਪੜੀਆਂ ਦੇ ਲੋਕਾਂ ਤੱਕ ਵੀ ਪਹੁੰਚ ਗਈ ਅਤੇ ਉਨ੍ਹਾਂ ਨੂੰ ਵੀ ਬਣਦਾ ਮਾਣ-ਸਨਮਾਨ ਮਿਲਣ ਲੱਗਾ। ਉਸ ਵਕਤ ਦੇ ਵਰਣ-ਵੰਡ ਵਾਲੇ ਸਮਾਜ ਵਿਚ ਭਗਤ ਜੀ ਦੁਆਰਾ ਕੀਤਾ ਗਿਆ ਬਰਾਬਰਤਾ ਦਾ ਇਹ ਉਪਰਾਲਾ ਕਿਸੇ ਕ੍ਰਾਂਤੀਕਾਰੀ ਕਦਮ ਤੋਂ ਘੱਟ ਨਹੀਂ ਸੀ, ਕਿਉਂਕਿ ਉਸ ਵਕਤ ਪੂਜਾ-ਪਾਠ ਦਾ ਅਧਿਕਾਰ ਕੁਝ ਰਾਖਵੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਹੀ ਹਿੱਸੇ ਆਉਂਦਾ ਸੀ।
ਭਗਤ ਜੀ ਦੀ ਇਸ ਫਰਾਖ਼ਦਿਲੀ ਵਾਲੀ ਸੋਚ-ਸਮਝ ਤੋਂ ਪ੍ਰਭਾਵਿਤ ਹੋ ਕੇ ਵੈਰਾਗੀ ਸੰਪਰਦਾ ਵਾਲੇ ਵੀ ਉਨ੍ਹਾਂ ਨੂੰ ਆਪਣਾ ਆਚਾਰੀਆ ਮੰਨਣ ਲੱਗ ਪਏ। ਕੁਝ ਸਮਾਂ ਪਾ ਕੇ ਭਗਤ ਰਾਮਾਨੰਦ ਨੇ ਵੈਸਨਵ ਮੱਤ ਨੂੰ ਤਿਆਗ ਦਿੱਤਾ ਅਤੇ ਅਕਾਲ-ਪੁਰਖ ਦੇ ਨਿਰਗੁਣ ਸਰੂਪ ਦੇ ਉਪਾਸਕ ਬਣ ਗਏ। ਭਗਤ ਜੀ ਦੀ ਇਸ ਉਪਾਸਨਾ ਕਾਰਨ ਹੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦਾ ਬਸੰਤ ਰਾਗ ਵਿਚ ਉਚਾਰਨ ਕੀਤਾ ਹੋਇਆ ਇਹ ਸ਼ਬਦ 'ਕਤ ਜਾਈਐ ਰੇ ਘਰ ਲਾਗੋ ਰੰਗੁ ਮੇਰਾ ਚਿੱਤੁ ਨਾ ਚਲੈ ਮਨੁ ਭਇਓ ਪੰਗੁ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1195 ਉੱਪਰ ਦਰਜ ਕੀਤਾ ਹੈ। ਆਪਣੀ ਮਾਨਸਿਕ ਅਵਸਥਾ ਨੂੰ ਬਿਆਨਦੇ ਹੋਏ ਸਵਾਮੀ ਜੀ ਦੱਸਦੇ ਹਨ ਕਿ ਮੇਰਾ ਮਨ ਪਿੰਗਲਾ ਹੋ ਗਿਆ ਹੈ ਭਾਵ ਇਹ ਹੁਣ ਦਰ-ਦਰ 'ਤੇ ਨਹੀਂ ਭਟਕਦਾ, ਸਗੋਂ ਆਪਣੇ ਪਿਆਰੇ ਨੂੰ ਪੂਰਨ ਰੂਪ ਵਿਚ ਸਮਰਪਿਤ ਹੋ ਗਿਆ ਹੈ। ਭਗਤ ਰਾਮਾਨੰਦ ਨੇ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਤੇ ਕੂੜ ਤੋਂ ਮੋੜਿਆ ਹੈ। ਉਨ੍ਹਾਂ ਮੁਤਾਬਿਕ ਪੂਰੇ ਗੁਰੂ ਦੀ ਸਰਨ ਹੀ ਜਨਮਾਂ-ਜਨਮਾਤਰਾਂ ਦੇ ਬੰਧਨਾਂ ਨੂੰ ਕੱਟਣ ਦੇ ਸਮਰੱਥ ਹੁੰਦੀ ਹੈ। ਉਨ੍ਹਾਂ ਦੇ ਕਈ ਪ੍ਰਸਿੱਧ ਚੇਲੇ ਵੀ ਹੋਏ। ਆਪਣੀ ਹਯਾਤੀ ਦਾ ਲੰਮਾ ਸਮਾਂ ਗੰਗਾ ਦੇ ਕੰਢੇ (ਕਾਸ਼ੀ ਵਿਚ) ਬਤੀਤ ਕਰ ਕੇ ਭਗਤ ਰਾਮਾਨੰਦ 12 ਦਸੰਬਰ, 1467 ਈ: ਨੂੰ ਪਰਲੋਕ ਗਮਨ ਕਰ ਗਏ।


-ਭਗਤਾ ਭਾਈ ਕਾ (ਬਠਿੰਡਾ)।
ਮੋਬਾ: 98721-02614

ਸਾਲਾਨਾ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ

ਚੰਡੀਗੜ-ਰੋਪੜ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ। ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਆਏ ਸ੍ਰੀ ਭੱਠਾ ਸਾਹਿਬ ਆਏ ਸਨ। ਇਤਿਹਾਸ ਦੇ ਅਨੁਸਾਰ ਪਹਿਲੀ ਵਾਰ 1688 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਵਾਪਸ ਅਨੰਦਪੁਰ ਸਾਹਿਬ ਜਾਂਦੇ ਸਮੇਂ ਪਿੰਡ ਕੋਟਲਾ ਨਿਹੰਗ ਵਿਚ ਰੋੜਿਆਂ ਦੇ ਭੱਠੇ 'ਤੇ ਰੁਕੇ। ਗੁਰੂ ਜੀ ਨੇ ਭੱਠਾ ਮਜ਼ਦੂਰਾਂ ਨੂੰ ਕੱਝ ਸਮਾਂ ਠਹਿਰਨ ਲਈ ਜਗ੍ਹਾ ਦੇ ਬਾਰੇ ਪੁੱਛਿਆ, ਪਰ ਮਜ਼ਦੂਰਾਂ ਨੇ ਮਜ਼ਾਕੀਆ ਲਹਿਜੇ ਵਿਚ ਭੱਠੇ ਵੱਲ ਇਸ਼ਾਰਾ ਕੀਤਾ। ਗੁਰੂ ਜੀ ਨੇ ਉਨ੍ਹਾਂ ਦੀ ਨਿਯਤ ਨੂੰ ਸਮਝ ਲਿਆ ਅਤੇ ਜਿਸ ਤਰ੍ਹਾਂ ਗੁਰੂ ਜੀ ਨੇ ਨੀਲੇ ਘੋੜੇ ਦੇ ਖੁਰ (ਪੌੜ) ਗਰਮ ਦਹਿਕਦੇ ਹੋਏ ਭੱਠੇ ਵਿਚ ਲੱਗੇ ਤਾਂ ਭੱਠਾ ਇਕਦਮ ਠੰਢਾ ਹੋ ਗਿਆ। ਭੱਠਾ ਮਜ਼ਦੂਰਾਂ ਨੇ ਇਸ ਦੀ ਸੂਚਨਾ ਕੋਟਲਾ ਨਿਹੰਗ ਦੇ ਕਿਲ੍ਹੇ ਵਿਚ ਰਹਿੰਦੇ ਭੱਠੇ ਦੇ ਮਾਲਕ ਨਿਹੰਗ ਖਾਂ ਪਠਾਣ ਨੂੰ ਦਿੱਤੀ ਤੇ ਨਿਹੰਗ ਖਾਂ ਨੇ ਭੱਠੇ 'ਤੇ ਪਹੁੰਚ ਕੇ ਭੁੱਲ ਬਖਸ਼ਾਈ ਤੇ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿਚ ਜਾਣ ਦੀ ਬੇਨਤੀ ਕੀਤੀ। ਨਿਹੰਗ ਖਾਂ ਦੇ ਘਰ ਕਿਲ੍ਹੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਦਿਨ ਰਹਿ ਕੇ ਅਗਲੇ ਦਿਨ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ।
ਇਸ ਸਥਾਨ 'ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਘੋੜੇ ਨੇ ਆਪਣੇ ਖੁਰਾਂ ਨਾਲ ਭੱਠਾ ਠੰਢਾ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੂਜੀ ਵਾਰ 1694 ਈ: ਵਿਚ ਨਿਹੰਗ ਖਾਂ ਪਠਾਣ ਦੇ ਬੇਟੇ ਆਲਮ ਖਾਂ ਦੀ ਮੰਗਣੀ ਮੌਕੇ ਪਹੁੰਚੇ ਸੀ ਤੇ ਕੁਝ ਦੇਰ ਭੱਠੇ ਵਾਲੀ ਜਗ੍ਹਾ 'ਤੇ ਰੁਕੇ ਸੀ। ਤੀਜੀ ਵਾਰ 1702 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਕੁਰੂਕਸ਼ੇਤਰ ਦੀ ਵਾਪਸੀ ਸਮੇਂ ਭੱਠੇ ਦੇ ਸਥਾਨ 'ਤੇ ਆਏ ਸੀ। ਚੌਥੀ ਵਾਰ 1704 ਈ: ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੇ ਸਮੇਂ ਜਦੋਂ ਮੁਗਲ ਤੇ ਪਹਾੜੀ ਫੌਜਾਂ ਨੇ ਗੁਰੁੂ ਜੀ 'ਤੇ ਹਮਲਾ ਕਰ ਦਿੱਤਾ ਸੀ ਤਾਂ ਗੁਰੂ ਜੀ ਭੱਠਾ ਸਾਹਿਬ ਪਹੁੰਚੇ ਸੀ। ਨਿਹੰਗ ਖਾਂ ਪਠਾਣ ਤੇ ਉਸ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਮਾਣ-ਸਨਮਾਨ ਕਰਦਾ ਸੀ ਤੇ ਗੁਰੂ-ਘਰ ਦਾ ਸ਼ਰਧਾਲੂ ਸੀ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਪਹਿਲੀ ਇਮਾਰਤ 1910 ਨੂੰ ਬਾਬਾ ਜੀਵਨ ਸਿੰਘ ਬੁੱਡਾ ਭੌਰਾ ਵਾਲਿਆਂ ਨੇ ਬਣਾਉਣੀ ਸ਼ੁਰੂ ਕੀਤੀ ਸੀ, ਜਿਸ ਦੇ ਬਾਅਦ 1917 ਈ: ਨੂੰ ਬਗੈਰ ਨੀਂਹ ਪੁੱਟਿਆਂ ਭੱਠਾ ਸਾਹਿਬ ਦੀ ਇਮਾਰਤ ਬਣਾਈ ਸੀ। ਇਸ ਦੇ ਬਾਅਦ ਲੰਗਰ ਇਮਾਰਤ ਲਈ ਕਮਰੇ ਬਣਾਏ ਸੀ। ਬਾਬਾ ਜੀਵਨ ਸਿੰਘ 23 ਸਾਲ ਤੱਕ ਇਸ ਸਥਾਨ 'ਤੇ ਸੇਵਾ ਸਿਮਰਨ ਕਰਦੇ ਰਹੇ।
ਇਸ ਤੋਂ ਬਾਅਦ ਮਹੰਤੀ ਸੰਤ ਹਰਨਾਮ ਸਿੰਘ ਸੁਖਰਾਮਪੁਰ ਟੱਪਰੀਆਂ ਨੂੰ ਸੇਵਾ ਸੌਂਪੀ ਗਈ, ਜਿਨ੍ਹਾਂ ਨੇ ਚਾਰ ਮੰਜ਼ਿਲਾ ਗੁੰਬਦ ਤੇ ਕਮਰੇ, ਲੰਗਰ ਦੀ ਸੇਵਾ ਕੀਤੀ। ਫਿਰ ਸੰਨ 1985 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਸੀ। ਸੰਤ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਮਰਮਰ ਦੀ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ। ਵਰਤਮਾਨ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਇਸ ਵਾਰ 16, 17 ਤੇ 18 ਦਸੰਬਰ ਨੂੰ ਹੋਵੇਗਾ। ਦੂਰ-ਦਰਾਜ ਤੋਂ ਹਜ਼ਾਰਾਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਂਦੀਆਂ ਹਨ। ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਬਰਾੜ ਵਲੋਂ ਸੁਚਾਰੂ ਪ੍ਰਬੰਧ ਕੀਤੇ ਗਏ ਹਨ।


-ਤਹਿ: ਤੇ ਜ਼ਿਲ੍ਹਾ ਰੋਪੜ।
ਮੋਬਾ: 94648-20881

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਸੰਤ ਬਾਬਾ ਚੰਨਣ ਸਿੰਘ, ਸੰਤ ਬਾਬਾ ਧਿਆਨ ਸਿੰਘ (ਨਿਰਮਲ ਸੰਪਰਦਾਇ) ਲੋਹਟਬੱਦੀ ਵਾਲੇ

20ਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਧਰਮ ਪ੍ਰਚਾਰ ਪੱਖੋਂ ਰਾਜਧਾਨੀ ਵਜੋਂ ਜਾਣੇ ਜਾਂਦੇ ਪਿੰਡ ਲੋਹਟਬੱਦੀ ਵਿਖੇ ਨਿਰਮਲ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਨਾਲ ਸਬੰਧਤ ਸੰਤ ਬਾਬਾ ਧਿਆਨ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਧਾਰਮਿਕ ਪੱਖ ਦੇ ਨਾਲ-ਨਾਲ ਸਮਾਜਿਕ ਅਤੇ ਵਿੱਦਿਅਕ ਪੱਖੋਂ ਉਸਾਰੂ ਸੂਝ ਪ੍ਰਦਾਨ ਕਰਨ ਦਾ ਕੇਂਦਰ ਮੰਨਿਆ ਜਾ ਰਿਹਾ ਹੈ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲ ਸੰਪਰਦਾਇ ਦੇ ਸੰਤ ਬਾਬਾ ਧਿਆਨ ਸਿੰਘ (ਉਮਰ 135 ਸਾਲ 9 ਮਹੀਨੇ 22 ਦਿਨ) ਨੇ ਮੁਕਤਸਰ ਸਾਹਿਬ ਤੋਂ ਹੁੰਦੇ ਹੋਏ ਪਿੰਡ ਦੇ ਬਾਹਰ ਡੇਰੇ ਲਗਾਏ ਅਤੇ ਅੰਗਰੇਜ਼ ਸਾਮਰਾਜ ਦੌਰਾਨ ਪਿੰਡਾਂ ਅੰਦਰ ਬੱਚਿਆਂ ਨੂੰ ਗੁਰਮੁਖੀ ਵਿੱਦਿਆ ਗ੍ਰਹਿਣ ਕਰਨ ਲਈ ਵਿਦਿਆਲਾ ਦੀ ਵੱਡੀ ਘਾਟ ਨੂੰ ਮੁੱਖ ਰੱਖਦਿਆਂ ਆਪ ਨੇ ਛੋਟੀ ਜਿਹੀ ਇਮਾਰਤ ਦਾ ਨਿਰਮਾਣ ਕਰਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਸ਼ੁੱਧ ਅਧਿਐਨ/ਸੰਥਿਆ ਦੁਆਰਾ ਅਨੇਕਾਂ ਪਾਠੀ ਸਿੰਘ ਤਿਆਰ ਕੀਤੇ। ਗੁਰਦੁਆਰਾ ਸਾਹਿਬ ਦੇ ਮੌਜੂਦਾ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਅਨੁਸਾਰ ਇਥੇ ਕੌਮ ਦੇ ਸੰਤ ਬਾਬਾ ਲਾਭ ਸਿੰਘ, ਸੰਤ ਮਿੱਤ ਸਿੰਘ, ਸੰਤ ਤੇਜਾ ਸਿੰਘ, ਸੰਤ ਦੀਵਾਨ ਸਿੰਘ, ਵੈਦ ਸੰਤ ਮੋਹਰ ਸਿੰਘ ਮਹੋਲੀ ਕਲਾਂ, ਸੰਤ ਹਰਨਾਮ ਸਿੰਘ ਧਲੇਰ, ਮਹਾਨ ਦੇਸ ਭਗਤ ਹਰਨਾਮ ਸਿੰਘ ਚਮਕ ਆਦਿ ਨੇ ਗੁਰਬਾਣੀ ਸੰਥਿਆ ਗ੍ਰਹਿਣ ਕੀਤੀ।
ਆਪ ਨੇ ਇਸ ਅਸਥਾਨ 'ਤੇ ਤਿਆਗ ਦੀ ਮੂਰਤ ਬਣ ਕੇ ਸੇਵਾ ਕੀਤੀ। ਜਿੰਨੀ ਵੀ ਮਾਇਆ ਇਕੱਤਰ ਹੁੰਦੀ, ਉਸ ਨੂੰ ਆਪਣੇ ਵਾਰਸ ਸੰਤ ਬਾਬਾ ਮਾਨ ਸਿੰਘ ਰਾਹੀਂ ਸ੍ਰੀ ਮੁਕਤਸਰ ਸਾਹਿਬ ਲੰਗਰ ਦੀ ਸੇਵਾ ਲਈ ਭੇਜ ਦਿੰਦੇ ਸਨ। ਆਪ ਤੋਂ ਬਾਅਦ ਬਾਬਾ ਮਾਨ ਸਿੰਘ ਨੇ 9 ਸਾਲ ਅਸਥਾਨ ਦੀ ਸੇਵਾ ਸਿਦਕਦਿਲੀ ਨਾਲ ਨਿਭਾਈ। ਉਪਰੰਤ ਗੁਰੂ-ਘਰ ਨੂੰ ਸਮਰਪਿਤ ਸਮਦ੍ਰਿਸ਼ਟੀ, ਮਿਠਬੋਲੜੇ ਸੰਤ ਬਾਬਾ ਚੰਨਣ ਸਿੰਘ (ਜੋ ਕਿ ਅੱਖਾਂ ਦੀ ਰੌਸ਼ਨੀ ਤੋਂ ਸੂਰਮੇ ਸਨ) ਨਾਲ ਸੰਤ ਬਾਬਾ ਦਲੀਪ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਘਾਲਣਾ ਘਾਲ ਕੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਾਇਆ ਅਤੇ ਬਾਬਾ ਧਿਆਨ ਸਿੰਘ ਵਲੋਂ ਅਰੰਭੇ ਕਾਰਜਾਂ ਨੂੰ ਸਿਦਕਦਿਲੀ ਨਾਲ ਨਿਭਾਇਆ ਅਤੇ ਅਨੇਕਾਂ ਚੇਲਿਆਂ ਨੂੰ ਆਯੁਰਵੈਦਿਕ ਖਜ਼ਾਨੇ ਦੀ ਜਾਣਕਾਰੀ ਹਾਸਲ ਕਰਾਈ। ਅਖੀਰ ਆਪ 10 ਦਸੰਬਰ, 2004 ਨੂੰ ਸੱਚਖੰਡ ਪਿਆਨਾ ਕਰ ਗਏ। ਸਮੂਹ ਸੰਗਤਾਂ ਨੇ ਆਪ ਦੇ ਉੱਤਰਾਧਿਕਾਰੀ ਸੰਤ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੂੰ ਸੇਵਾ ਸੰਭਾਲੀ। ਆਪ ਆਪਣੇ ਸਤਗੁਣੀ ਮਹਾਂਪੁਰਸ਼ਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਜਿੱਥੇ ਗੁਰਬਾਣੀ ਦੇ ਪ੍ਰਚਾਰ ਨੂੰ ਸਮਰਪਿਤ ਹਨ, ਉਥੇ ਉਨ੍ਹਾਂ ਆਪਣੇ ਗੁਰੂ ਪਿਤਾ ਸੰਤ ਬਾਬਾ ਚੰਨਣ ਸਿੰਘ ਦੀ ਯਾਦ 'ਚ ਇੱਥੇ ਸੰਗੀਤ ਵਿਦਿਆਲਾ ਵੀ ਖੋਲ੍ਹੀ ਹੋਈ ਹੈ, ਜਿੱਥੇ ਵੱਡੀ ਗਿਣਤੀ ਬੱਚੇ/ਨੌਜਵਾਨ ਸੰਗੀਤ ਦੀ ਵਿੱਦਿਆ ਗ੍ਰਹਿਣ ਕਰ ਰਹੇ ਹਨ, ਜਦਕਿ ਗੁਰਬਾਣੀ ਦੀ ਸੰਥਿਆ ਨਿਰੰਤਰ ਚੱਲ ਰਹੀ ਹੈ। ਇਸ ਤੋਂ ਇਲਾਵਾ ਸੰਤ ਜਸਦੇਵ ਸਿੰਘ ਲੋਹਟਬੱਦੀ ਧਾਰਮਿਕ ਸਰਗਰਮੀਆਂ ਦੇ ਨਾਲ-ਨਾਲ ਸਮਾਜਿਕ ਕਾਰਜਾਂ 'ਚ ਵਿਸ਼ੇਸ਼ ਰੁਚੀ ਰੱਖ ਰਹੇ ਹਨ ਅਤੇ ਆਪ ਵਲੋਂ ਸਮੇਂ-ਸਮੇਂ 'ਤੇ ਸੰਤ ਬਾਬਾ ਚੰਨਣ ਸਿੰਘ ਦੀ ਯਾਦ 'ਚ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ, ਜਦਕਿ ਮੁਫ਼ਤ ਦਵਾਈਆਂ ਅੱਜ ਵੀ ਦਿੱਤੀਆਂ ਜਾ ਰਹੀਆਂ ਹਨ।
ਹਰ ਸਾਲ ਦੀ ਤਰ੍ਹਾਂ ਦੇਸ਼-ਵਿਦੇਸ਼ ਅਤੇ ਨਗਰ ਨਿਵਾਸੀ ਸੰਗਤਾਂ ਵਲੋਂ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਵਿਖੇ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਧਿਆਨ ਸਿੰਘ, ਸੰਤ ਬਾਬਾ ਬਲਵੰਤ ਸਿੰਘ ਸਿਹੌੜਾ ਸਾਹਿਬ, ਸੰਤ ਬਾਬਾ ਮਾਨ ਸਿੰਘ, ਬਾਬਾ ਦਲੀਪ ਸਿੰਘ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਸਮਰਪਿਤ ਮਿਤੀ 30 ਸਤੰਬਰ, 2017 ਤੋਂ 14 ਦਸੰਬਰ ਤੱਕ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਜਾਰੀ ਹਨ, ਜਦਕਿ ਸੰਤ ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ 13ਵੀਂ ਬਰਸੀ ਸਬੰਧੀ ਸਮਾਗਮ 13 ਦਸੰਬਰ ਤੋਂ ਸ਼ੁਰੂ ਹੋਣਗੇ, ਜਿਨ੍ਹਾਂ ਦੀ ਸਮਾਪਤੀ 15 ਦਸੰਬਰ ਨੂੰ ਦੁਪਹਿਰ 12:30 ਵਜੇ ਹੋਵੇਗੀ। ਗੁਰਿੰਦਰ ਸਿੰਘ ਮੰਡ ਰੀਡਰ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ ਅਤੇ ਮੱਘਰ ਸਿੰਘ ਸਾਬਕਾ ਸਰਪੰਚ ਸਹਿਬਾਜ਼ਪੁਰਾ ਅਨੁਸਾਰ ਅੰਤਿਮ ਪੜਾਅ 'ਚ 14 ਦਸੰਬਰ ਨੂੰ ਸਵੇਰੇ ਅੰਮ੍ਰਿਤ ਸੰਚਾਰ ਹੋਣਗੇ, ਉਪਰੰਤ 10 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸਿੱਖ ਕੌਮ ਦੇ ਸੰਤ-ਮਹਾਂਪੁਰਸ਼, ਗੁਣੀ ਗਿਆਨੀ, ਕੀਰਤਨੀਏ, ਵਿਦਵਾਨ ਸੰਗਤਾਂ ਨੂੰ ਸੰਤਾਂ ਦੇ ਭਗਤੀ ਭਰੇ ਜੀਵਨ 'ਤੇ ਚਾਨਣਾ ਪਾਉਣਗੇ। ਮਿਤੀ 15 ਦਸੰਬਰ ਨੂੰ ਸਵੇਰੇ 10 ਵਜੇ ਭੋਗਾਂ ਉਪਰੰਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕਰਨਗੇ। 15 ਦਸੰਬਰ ਨੂੰ ਹੀ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪਰੇਸ਼ਨ ਕੈਂਪ ਲੱਗੇਗਾ, ਜਿਸ 'ਚ ਮਾਹਰ ਡਾਕਟਰ ਮਰੀਜ਼ਾਂ ਦਾ ਮੁਆਇਨਾ ਕਰਨਗੇ।


-ਲੋਹਟਬੱਦੀ, ਜ਼ਿਲ੍ਹਾ ਲੁਧਿਆਣਾ।

ਗਾਰਡਨਰ ਦੀ ਕਬਰ ਹੇਠਾਂ ਦਫ਼ਨ ਹਨ ਸਿੱਖ ਇਤਿਹਾਸ ਦੇ ਕਈ ਗੁਪਤ ਸੱਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਕਲਕੱਤਾ ਰੀਵੀਊ, ਸੰਨ 1847, ਸਫ਼ਾ 249 ਦੇ ਅਨੁਸਾਰ ਜੁਲਾਈ, 1845 'ਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਹਿਜ਼ਾਦੇ ਸ: ਪਿਸ਼ੌਰਾ ਸਿੰਘ ਨੇ ਪੰਜਾਬ ਦੀ ਮਹਾਰਾਜਾਗੀ ਲਈ ਆਵਾਜ਼ ਉਠਾਈ, ਤਾਂ ਸਿੱਖ ਫ਼ੌਜ ਦੇ ਅਹੁਦੇਦਾਰ ਜੋਧਾਰਾਮ (ਬ੍ਰਾਹਮਣ) ਜੋ ਕਿ ਫਰਾਂਸੀਸੀ ਬੇੜੇ ਦਾ ਕਮਾਂਡਰ ਸੀ, ਨੇ ਇਸ ਦੀ ਹਮਾਇਤ ਕਰਦਿਆਂ ਸ਼ਹਿਜ਼ਾਦੇ ਨੂੰ ਲਾਹੌਰ ਬੁਲਾਉਣ ਵਾਲੀ ਲਿਖਤ 'ਤੇ ਦਸਤਖ਼ਤ ਕੀਤੇ। ਜਦੋਂ ਇਸ ਬਾਰੇ ਵਜ਼ੀਰ ਜਵਾਹਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਹੁਕਮ ਕੀਤਾ ਕਿ ਜੋਧਰਾਮ ਦੇ ਦਸਤਖ਼ਤ ਕਰਨ ਵਾਲੇ ਹੱਥ ਦਾ ਅੰਗੂਠਾ, ਨੱਕ ਤੇ ਕੰਨ ਵੱਢ ਦਿੱਤੇ ਜਾਣ। ਉਸ ਦਾ ਹੁਕਮ ਮੰਨਣ ਅਤੇ ਇਹ ਨੀਚ ਕਾਰਾ ਕਰਨ ਲਈ ਜਦੋਂ ਕੋਈ ਰਾਜ਼ੀ ਨਾ ਹੋਇਆ ਤਾਂ ਗਾਰਡਨਰ ਨੇ ਝੱਟ ਉਸ ਤਰ੍ਹਾਂ ਫੜ ਕੇ ਬੰਦੀ ਬਣਾ ਕੇ ਰੱਖੇ ਜੋਧਰਾਮ ਦਾ ਅੰਗੂਠਾ, ਨੱਕ ਤੇ ਕੰਨ ਵੱਢ ਦਿੱਤੇ। ਰਾਜਸੀ ਰੋਜ਼ਨਾਮਚੇ, ਜਿਲਦ 2, ਸਫ਼ਾ 29 ਅਨੁਸਾਰ, ਗਾਰਡਨਰ ਦੀ ਇਸ ਖ਼ਿਦਮਤ ਬਦਲੇ ਜਵਾਹਰ ਸਿੰਘ ਨੇ ਉਸ ਨੂੰ 500 ਰੁਪਏ ਬਖ਼ਸ਼ਿਸ਼ ਦਿੱਤੇ ਅਤੇ ਉਸ ਦੀ ਰੋਕੀ ਹੋਈ ਜਗੀਰ ਮੁੜ ਦੇ ਦਿੱਤੀ।
ਕੁਝ ਲਿਖਤਾਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਸ ਨੂੰ ਖ਼ਾਲਸਾ ਫ਼ੌਜ ਵਿਚੋਂ ਹਟਾ ਦਿੱਤਾ ਗਿਆ ਸੀ। ਮੇਜਰ ਸਮਾਇਥ 'ਰੇਨੰਗ ਫ਼ੈਮਲੀ ਆਫ਼ ਲਾਹੌਰ' ਦੀ ਭੂਮਿਕਾ ਦੇ ਸਫ਼ੇ 17-28 'ਤੇ ਲਿਖਦਾ ਹੈ ਕਿ ਗਾਰਡਨਰ ਕਈ ਵਰ੍ਹਿਆਂ ਤੱਕ ਲਾਹੌਰ ਦਰਬਾਰ ਦੀਆਂ ਜ਼ਰੂਰੀ ਖੁਫ਼ੀਆ ਖ਼ਬਰਾਂ ਅੰਗਰੇਜ਼ੀ ਸਰਕਾਰ ਨੂੰ ਭੇਜਦਾ ਰਿਹਾ। ਸੰਨ 1851 ਵਿਚ ਉਹ ਆਪਣੇ ਪੁਰਾਣੇ ਮਾਲਕ ਰਾਜਾ ਗੁਲਾਬ ਸਿੰਘ ਡੋਗਰਾ ਦੀ ਖਿਦਮਤ ਵਿਚ ਕਸ਼ਮੀਰ ਚਲਾ ਗਿਆ। ਬਾਅਦ ਵਿਚ ਕਸ਼ਮੀਰ ਦੇ ਮਹਾਰਾਜਾ ਬਣੇ ਸਰ ਰਣਧੀਰ ਸਿੰਘ ਸਮੇਂ ਰਣਬੀਰ ਰੈਜ਼ੀਮੈਂਟ ਦਾ ਕਮਾਂਡਰ ਥਾਪਿਆ ਗਿਆ ਅਤੇ 500 ਰੁਪਏ ਮਹੀਨਾ ਤਨਖ਼ਾਹ ਲੈਂਦਾ ਰਿਹਾ। ਇਸ ਦੇ ਨਾਲ ਹੀ ਉਸ ਨੂੰ ਸਿਆਲਕੋਟ ਅਤੇ ਸ੍ਰੀਨਗਰ ਦੇ ਕੁਝ ਪਿੰਡਾਂ ਦੀ ਜਗੀਰ ਵੀ ਦਿੱਤੀ ਗਈ, ਤਾਂ ਕਿ ਉਸ ਦਾ ਗੁਜ਼ਾਰਾ ਸੌਖੀ ਤਰ੍ਹਾਂ ਨਾਲ ਚਲਦਾ ਰਹੇ। 68-69 ਸਾਲ ਦੀ ਉਮਰ ਵਿਚ ਉਸ ਨੇ ਇਕ ਖ਼ੂਬਸੂਰਤ ਕਸ਼ਮੀਰਨ ਨਾਲ ਨਿਕਾਹ ਪੜ੍ਹਾ ਲਿਆ, ਜਿਸ ਨੇ ਹੈਲਨਾ ਨਾਂਅ ਦੀ ਪੁੱਤਰੀ ਨੂੰ ਜਨਮ ਦਿੱਤਾ। ਵਿਆਹ ਤੋਂ ਬਾਅਦ ਉਹ ਮਿਸਿਜ਼ ਬੁਥਾ ਬਣੀ ਅਤੇ ਉਸ ਨੇ ਇਕ ਪੁੱਤਰ ਤੇ ਪੁੱਤਰੀ ਨੂੰ ਜਨਮ ਦਿੱਤਾ।
92 ਸਾਲ ਦੀ ਉਮਰ ਵਿਚ 22 ਜਨਵਰੀ, 1877 ਨੂੰ ਸ੍ਰੀਨਗਰ ਵਿਚ ਗਾਰਡਨਰ ਦਾ ਦਿਹਾਂਤ ਹੋ ਗਿਆ। ਉਸ ਦੀ ਅੰਤਿਮ ਵਸੀਅਤ ਅਨੁਸਾਰ ਉਸ ਦੀ ਮ੍ਰਿਤਕ ਦੇਹ ਨੂੰ ਸਿਆਲਕੋਟ ਦੀ ਬ੍ਰਿਟਿਸ਼ ਮਿਲਟਰੀ ਸਿਮਿਟਰੀ ਵਿਚ ਰੋਮਨਕੈਥਲਕ ਮਰਿਆਦਾ ਨਾਲ ਦਫ਼ਨਾ ਦਿੱਤਾ ਗਿਆ। ਇਸ ਕਬਰਸਤਾਨ ਵਿਚ ਗਾਰਡਨਰ ਦੀ ਕਬਰ ਤੋਂ ਇਲਾਵਾ ਤਿੰਨ ਹੋਰ ਕਬਰਾਂ ਹਨ, ਜਿਨ੍ਹਾਂ ਵਿਚੋਂ ਇਕ ਪੱਕੀ ਬਣੀ ਹੋਈ ਹੈ, ਜਦੋਂਕਿ ਦੋ ਕੱਚੀਆਂ ਹਨ। ਗਾਰਡਨਰ ਦੀ ਕਬਰ ਦੀ ਪਹਿਚਾਣ ਉਸ ਦੀ ਕਬਰ 'ਤੇ ਲੱਗੀ ਪੱਥਰ ਦੀ ਸਿਲ 'ਤੇ ਉਸ ਦੇ ਦਿਹਾਂਤ ਦੀ ਤਰੀਕ ਤੋਂ ਹੁੰਦੀ ਹੈ, ਜਦੋਂ ਕਿ ਨਾਂਅ ਅਤੇ ਬਾਕੀ ਇਬਾਰਤ ਬਿਲਕੁਲ ਫਿੱਕੀ ਪੈ ਚੁੱਕੀ ਹੈ ਅਤੇ ਹੁਣ ਉਸ ਨੂੰ ਪੜ੍ਹਨਾ ਆਸਾਨ ਨਹੀਂ ਹੈ।


-ਅੰਮ੍ਰਿਤਸਰ। ਫੋਨ : 9356127771.

ਰਾਇ ਬੁਲਾਰ ਖ਼ਾਨ ਸਾਹਿਬ ਦੀ ਕਬਰ ਦੀ ਹੋਣੀ

ਚਾਰੇ ਜਨਮ ਸਾਖੀਆਂ ਵਿਚ ਰਾਇ ਬੁਲਾਰ ਖ਼ਾਨ ਸਾਹਿਬ ਨੂੰ ਪੂਰੇ ਸਤਿਕਾਰ ਨਾਲ ਯਾਦ ਕੀਤਾ ਗਿਆ ਹੈ ਪਰ ਇਕ ਬਹੁਤ ਵੱਡੀ ਘਟਨਾ ਸਾਖੀਕਾਰਾਂ ਨੇ ਕਿਉਂ ਨਜ਼ਰਅੰਦਾਜ਼ ਕੀਤੀ, ਪਤਾ ਨਹੀਂ। ਇਸ ਦਾ ਵੇਰਵਾ ਨਨਕਾਣਾ ਸਾਹਿਬ ਜਾ ਕੇ ਉਥੋਂ ਭੱਟੀਆਂ ਤੋਂ ਮਿਲਿਆ।
ਭੱਟੀ ਸਰਦਾਰ ਰਾਇ ਬੁਲਾਰ ਖ਼ਾਨ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਸੀ ਪਰ ਔਲਾਦੋਂ ਸੱਖਣਾ ਸੀ। ਪਿਤਾ ਨੇ ਦੇਖਿਆ ਨਾਨਕ ਨਾ ਚੱਜ ਨਾਲ ਪੜ੍ਹਦਾ ਹੈ, ਨਾ ਹੱਟੀ ਦਾ ਕਾਰੋਬਾਰ ਚੱਲਿਆ, ਚਲੋ ਫਿਰ ਇਸ ਨੂੰ ਪਸ਼ੂ ਚਾਰਨ ਲਾ ਦਿੰਨੇ ਆਂ। ਘੋੜੀ 'ਤੇ ਸਵਾਰ ਰਾਇ ਖੇਤਾਂ ਦੇ ਦੌਰੇ 'ਤੇ ਨਿਕਲਿਆ, ਦੇਖਿਆ ਮੁੱਛਫੁੱਟ ਬਾਬਾ ਸੋਟੀ ਫੜੀ ਪਸ਼ੂ ਚਾਰ ਰਿਹਾ ਹੈ। ਘੋੜੀ ਤੋਂ ਉਤਰਿਆ, ਜੋੜੇ ਉਤਾਰੇ, ਬਾਬਾ ਨਾਨਕ ਅੱਗੇ ਫਰਿਆਦ ਕਰਨ ਲੱਗਾ-ਬਾਬਾ, ਮੇਰੀ ਮੁਰਾਦ ਪੂਰੀ ਕਰ। ਹਵੇਲੀ ਵਿਚ ਦੀਵਾ ਜਗਦਾ ਰਹੇ।
ਬਾਬੇ ਨੇ ਕਿਹਾ, 'ਆਪਾਂ ਕਰਤਾਰ ਪਾਸ ਅਰਦਾਸ ਕਰਦੇ ਹਾਂ ਰਾਇ ਜੀ।' ਬਾਬਾ ਜੀ ਨੇ ਅਰਦਾਸ ਕਰਕੇ ਕਿਹਾ, 'ਰਾਇ ਜੀ, ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਹੀਂ ਕਰਨਾ।' ਸ਼ੁਕਰਾਨਾ ਕਰਦਾ ਰਾਇ ਨੰਗੇ ਪੈਰੀਂ ਪੈਦਲ ਹਵੇਲੀ ਵਾਪਸ ਆਇਆ।
ਸਾਲ ਬਾਅਦ ਰਾਇ ਘਰ ਪੁੱਤਰ ਪੈਦਾ ਹੋਇਆ। ਦਰਜਨ ਪਿੰਡਾਂ ਦੇ ਮਾਲਕ ਸਰਦਾਰ ਨੇ ਖੁਸ਼ੀ ਵਿਚ ਵੱਡੀ ਦਾਅਵਤ ਦਿੱਤੀ, ਜਿਸ ਵਿਚ ਲੋਧੀ ਨਵਾਬ ਦੌਲਤ ਖਾਨ ਵੀ ਸ਼ਾਮਿਲ ਹੋਇਆ। ਇਸ ਮੌਕੇ ਰਾਇ ਨੇ ਅਹਿਮ ਐਲਾਨ ਕੀਤਾ-'ਅੱਜ ਇਸ ਮੁਬਾਰਕ ਮੌਕੇ ਮੈਂ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਦੇ ਨਾਂਅ ਇੰਤਕਾਲ ਤਬਦੀਲ ਕਰਦਾ ਹਾਂ। ਰਾਇ 1500 ਮੁਰੱਬੇ ਜ਼ਮੀਨ ਦਾ ਮਾਲਕ ਸੀ, ਅੱਧੀ ਜ਼ਮੀਨ ਬਾਬਾ ਜੀ ਦੇ ਨਾਂਅ ਚਾੜ੍ਹ ਦਿੱਤੀ, 750 ਮੁਰੱਬੇ ਯਾਨੀ ਕਿ 18750 ਏਕੜ ਰਕਬੇ ਦੀ ਮਾਲਕੀ ਬਾਬਾ ਜੀ ਦੀ ਹੋ ਗਈ। ਅੱਜ ਇਨ੍ਹਾਂ ਪਿੰਡਾਂ ਦੇ ਪਟਵਾਰੀ ਤੋਂ ਫਰਦ ਮੰਗੋ, ਜ਼ਮੀਨ ਦਾ ਮਾਲਕ, ਕਾਬਜ਼, ਕਾਸ਼ਤਕਾਰ ਹਜ਼ਰਤ ਬਾਬਾ ਨਾਨਕ ਅਲਹਿ ਸਲਾਮ।
ਮੈਂ 1993 ਵਿਚ ਪਹਿਲੀ ਵਾਰ ਤੀਰਥ ਯਾਤਰਾ ਹਿਤ ਨਨਕਾਣਾ ਸਾਹਿਬ ਗਿਆ। ਉਥੋਂ ਇਹ ਵੇਰਵੇ ਮਿਲੇ। ਪੁੱਛ-ਪੁਛਾਅ ਕੇ ਰਾਇ ਜੀ ਦੀ ਕਬਰ ਲੱਭੀ, ਸਜਦਾ ਕਰਨਾ ਸੀ ਨਾ। ਟੁੱਟੀ-ਭੱਜੀ ਕਬਰ ਪਥਵਾੜੇ ਵਿਚ ਸੀ, ਆਲੇ-ਦੁਆਲੇ ਪਾਥੀਆਂ ਪੱਥੀਆਂ ਹੋਈਆਂ, ਗੁਹਾਰੇ ਚਿਣੇ ਹੋਏ। ਮੈਂ ਭੱਟੀ ਸਰਦਾਰਾਂ ਨੂੰ ਮਿਲ ਕੇ ਗਿਲਾ ਕੀਤਾ-'ਤੁਹਾਡੇ ਸਰਦਾਰ ਦੀ ਕਬਰ ਦਾ ਇਹ ਹਾਲ?' ਉਹ ਕਹਿੰਦੇ, 'ਅੱਧ ਦੀ ਮਾਲਕੀ ਤੁਹਾਨੂੰ ਦੇ ਗਿਐ ਰਾਇ ਸਰਦਾਰ, ਤੁਸੀਂ ਕਿਉਂ ਨ੍ਹੀਂ ਬਣਾਉਂਦੇ?'
ਮੌਕੇ 'ਤੇ ਮੌਜੂਦ ਪੁਲਿਸ ਅਤੇ ਔਕਾਫ ਬੋਰਡ ਦੇ ਅਫ਼ਸਰਾਂ ਨਾਲ ਗੱਲ ਕੀਤੀ ਕਿ ਮੈਂ ਇਸ ਥਾਂ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ, ਕੀ ਵਿਉਂਤ ਕਰਾਂ? ਉਨ੍ਹਾਂ ਨੇ ਦੱਸਿਆ, 'ਇਸਲਾਮਿਕ ਸਟੇਟ ਵਿਚ ਕਬਰ-ਪੂਜਾ ਦੀ ਮਨਾਹੀ ਹੈ, ਆਗਿਆ ਨਹੀਂ ਮਿਲਣੀ।' ਕਹਿਣਾ ਚਾਹੁੰਦਾ ਸਾਂ ਜਿੰਨੇ ਮਕਬਰੇ ਮੁਸਲਮਾਨਾਂ ਨੇ ਤਾਮੀਰ ਕਰਵਾਏ ਹਨ, ਓਨੇ ਹੋਰ ਕਿਸ ਨੇ ਕਰਵਾਏ ਹੋਣਗੇ? ਪਰ, ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁਪ॥ ਵਾਪਸ ਆ ਕੇ ਸ਼੍ਰੋਮਣੀ ਕਮੇਟੀ ਨੂੰ ਚਿੱਠੀਆਂ ਲਿਖਦਾ ਰਿਹਾ, ਉਦੋਂ ਦੇ ਸਕੱਤਰ ਸ: ਮਨਜੀਤ ਸਿੰਘ ਕਲਕੱਤਾ ਨੇ ਹੁੰਗਾਰਾ ਵੀ ਭਰਿਆ ਪਰ ਸਿੱਟਾ ਜ਼ੀਰੋ।
2010 ਵਿਚ ਕੋਈ ਯਾਤਰੂ ਨਨਕਾਣਾ ਸਾਹਿਬ ਦੀ ਜ਼ਿਆਰਤ ਕਰਕੇ ਪਰਤਿਆ ਤਾਂ ਇਸ ਕਬਰ ਦੀ ਮੰਦੀ ਹਾਲਤ ਬਾਰੇ ਅਖ਼ਬਾਰਾਂ ਵਿਚ ਗੁਸੈਲਾ ਬਿਆਨ ਦਿੱਤਾ-'ਸਿੱਖਾਂ ਕੋਲ ਪੈਸੇ ਮੁੱਕ ਗਏ ਨੇ ਜਾਂ ਵਡੇਰਿਆਂ ਦਾ ਅਦਬ ਨਹੀਂ ਰਿਹਾ?' ਮੈਂ ਉਸ ਨੂੰ ਸਾਰੀ ਗੱਲ ਦੱਸ ਕੇ ਬੇਨਤੀ ਕੀਤੀ, 'ਸਿੱਖਾਂ ਕੋਲ ਨਾ ਅਦਬ ਦੀ ਘਾਟ, ਨਾ ਪੈਸੇ ਦੀ, ਤੁਸੀਂ ਪਾਕਿਸਤਾਨ ਸਰਕਾਰ ਤੋਂ ਆਗਿਆ ਲੈ ਦਿਓ, ਮੈਂ ਸ਼ਾਨਦਾਰ ਮਕਬਰਾ ਉਸਾਰ ਕੇ ਬਾਗ ਲੁਆ ਦਿਆਂਗਾ।'
ਪ੍ਰੋਫੈਸਰਾਂ ਨੂੰ ਚਿੱਠੀਆਂ ਲਿਖਣੀਆਂ ਆਉਂਦੀਆਂ ਹੁੰਦੀਆਂ ਨੇ, ਹੋਰ ਕੀ ਕਰਨ ਜੋਗੇ ਨੇ? ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਖ਼ਤ ਲਿਖ ਕੇ ਬੇਨਤੀ ਕੀਤੀ ਕਿ ਪਾਕਿਸਤਾਨ ਸਰਕਾਰ ਤੋਂ ਇਸ ਕਬਰ ਦੀ ਸੇਵਾ-ਸੰਭਾਲ ਦੀ ਆਗਿਆ ਲੈ ਕੇ ਦਿਓ। ਡਾ: ਸਿੰਘ ਨੇ ਖ਼ਤ ਦਾ ਜਵਾਬ ਦਿੱਤਾ, 'ਸਬੰਧਤ ਮੰਤਰਾਲੇ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸ ਹੁਕਮ ਦੀ ਕਦੇ ਤਾਮੀਲ ਨਹੀਂ ਹੋਈ।'
ਕਿਤਿਓਂ ਮੇਰਾ ਨੰਬਰ ਲੱਭ ਕੇ ਕੱਲ੍ਹ ਹਾਈ ਕੋਰਟ ਦੇ ਵਕੀਲ ਗੁਰਵਿੰਦਰ ਸਿੰਘ ਸਿੱਧੂ ਨੇ ਫੋਨ ਕੀਤਾ, ਦੱਸਿਆ-'ਪ੍ਰੋਫੈਸਰ ਸਾਹਿਬ, ਦੋ ਭਲੇ ਕੰਮ ਇਕੋ ਵਾਰ ਹੋ ਗਏ ਨੇ। ਨਨਕਾਣਾ ਸਾਹਿਬ ਵਸਦੇ ਸੱਭਰਵਾਲ ਪਰਿਵਾਰ ਨੇ ਮਕਬਰੇ ਦੀ ਸੇਵਾ ਸੰਭਾਲ ਵਾਸਤੇ ਆਗਿਆ ਤਾਂ ਲਈ ਹੀ ਲਈ, ਇਕ ਕਰੋੜ ਰੁਪਏ ਦੀ ਗ੍ਰਾਂਟ ਵੀ ਪਾਕਿਸਤਾਨ ਸਰਕਾਰ ਤੋਂ ਆਪਣੇ ਰਸੂਖ ਨਾਲ ਲੈ ਲਈ ਹੈ। ਸੇਵਾ ਸ਼ੁਰੂ ਹੋ ਗਈ ਹੈ। ਇਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਮਿਊਜ਼ੀਅਮ ਵਿਚ ਰਾਇ ਬੁਲਾਰ ਖਾਨ ਸਾਹਿਬ ਦੀ ਪੇਂਟਿੰਗ ਸੁਸ਼ੋਭਿਤ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਵਾਂ ਦਾ ਹਾਰਦਿਕ ਸ਼ੁਕਰਾਨਾ। ਤਾਜ਼ਾ ਜਾਣਕਾਰੀ ਅਨੁਸਾਰ ਰਾਇ ਬੁਲਾਰ ਸਾਹਿਬ ਦੀ ਕਬਰ ਦੀ ਤਾਮੀਰ ਸਹੀ ਢੰਗ ਨਾਲ ਹੋ ਚੁੱਕੀ ਹੈ। ਮੌਲਾਨਾ ਰੂਮੀ ਦਾ ਸ਼ਿਅਰ ਹੈ-
ਜਾਏਂਗਾ ਦੂਰ ਜਦ ਆਪਣੀਆਂ ਜੜ੍ਹਾਂ ਤੋਂ
ਤਾਂ ਮਾਰੇਂਗਾ ਵਾੱਜ਼ ਆਪਣੀਆਂ ਜੜ੍ਹਾਂ ਨੂੰ॥
ਤੇਰੀ ਵਾੱਜ਼ ਨੂੰ ਹੁੰਗਾਰਾ ਕਿਤੋਂ ਮਿਲੇਗਾ ਆਖਰ
ਤਾਂ ਮਿਲੇਗਾ ਤੇਰੀਆਂ ਜੜ੍ਹਾਂ ਤੋਂ॥ ਆਮੀਨ॥


-ਮੋਬਾ: 94642-51454

ਡੇਰਾ : ਅਰਥ ਅਤੇ ਸੰਕਲਪ

ਡੇਰਾ, ਪੰਜਾਬੀ ਦਾ ਆਪਣਾ ਦੇਸੀ ਸ਼ਬਦ ਹੈ, ਜਿਸ ਦਾ ਅਰਥ ਠਹਿਰਨ ਦਾ ਅਸਥਾਨ ਤੰਬੂ ਜਾਂ ਖੇਮਾ ਹੈ (ਮਹਾਨ ਕੋਸ਼, ਪੰਨਾ 561)। ਇਕ ਹੋਰ ਕੋਸ਼ ਅਨੁਸਾਰ ਡੇਰੇ ਦਾ ਅਰਥ ਉਤਾਰਾ, ਸ਼ਿਵਰ (ਕੈਂਪ), ਟਿਕਾਅ, ਨਿਵਾਸ ਅਤੇ ਪੜਾਅ ਹੈ (ਸਮਅਰਥ ਕੋਸ਼, ਗਿਆਨੀ ਕ੍ਰਿਪਾਲ ਸਿੰਘ, ਪੰਨਾ 267)। ਸ਼ਬਦ-ਅਨੁਕ੍ਰਮਣਿਕਾ ਵਾਰਾਂ ਭਾਈ ਗੁਰਦਾਸ (ਰਤਨ ਸਿੰਘ ਜੱਗੀ, ਪੰਨਾ 301) ਵਿਚ ਡੇਰੇ ਦੇ ਅਰਥ ਠਹਿਰਨ ਦੀ ਥਾਂ, ਟਿਕਾਉ, ਪੜਾਉ, ਨਿਵਾਸ ਅਤੇ ਘਰ ਦੇ ਕੀਤੇ ਗਏ ਹਨ। ਕੁਲ ਮਿਲਾ ਕੇ ਡੇਰੇ ਦੇ ਅਰਥ ਟਿਕਾਉ, ਪੜਾਉ, ਨਿਵਾਸ ਅਤੇ ਘਰ ਦੇ ਬਣਦੇ ਹਨ।
ਡੇਰਾ ਸ਼ਬਦ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੀ ਹੋ ਰਹੀ ਸੀ, ਕਿਉਂਕਿ ਆਸਾ ਦੀ ਵਾਰ ਵਿਚ ਇਹ ਪੰਕਤੀ ਹੈ :
ਸਰਮ ਧਰਮ ਕਾ ਡੇਰਾ ਦੂਰਿ।
ਨਾਨਕ ਕੂੜੁ ਰਹਿਆ ਭਰਪੂਰਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 671)
ਗੁਰੂ ਅਰਜਨ ਦੇਵ ਜੀ ਦੀ ਇਕ ਲੰਮੇਰੀ ਬਾਣੀ ਬਾਵਨ ਅੱਖਰੀ ਹੈ, ਜਿਸ ਵਿਚ ਡੱਡਾ ਅੱਖਰ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਵਿਚ ਡੇਰਾ ਸ਼ਬਦ ਛੇ ਵਾਰ ਆਇਆ ਹੈ :
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ॥
ਉਆ ਡੇਰਾ ਜਾ ਸੰਜਮੋਂ ਗੁਰ ਕੈ ਸ਼ਬਦਿ ਪਛਾਨੁ॥
ਇਆ ਡੇਰਾ ਕਉ ਸ੍ਰਮੁ ਕਰਿ ਘਾਲੈ॥
ਜਾ ਕਾ ਤਸੂ ਨਹੀਂ ਸੰਗਿ ਚਾਲੈ॥
ਉਆ ਡੇਰਾ ਕੀ ਸੋ ਮਿਤਿ ਜਾਨੈ॥
ਜਾ ਕਉ ਦ੍ਰਿਸ਼ਟਿ ਪੂਰਨ ਭਗਵਾਨੈ॥
ਡੇਰਾ ਨਿਹਚਲੁ ਸਚੁ ਸਾਧ ਸੰਗ ਪਾਇਆ॥
ਨਾਨਕ ਤੇ ਜਨ ਨਹ ਡੋਲਾਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 256)
ਏਹੋ ਸ਼ਬਦ ਭਾਈ ਗੁਰਦਾਸ ਦੀਆਂ ਦੋ ਵਾਰਾਂ (ਦਸਵੀਂ ਅਤੇ ਸੈਂਤੀਵੀਂ) ਵਿਚ ਆਇਆ ਹੈ, ਜਿਸ ਦੇ ਅਰਥ ਵੀ ਉਪਰੋਕਤ ਵਾਲੇ ਹੀ ਹਨ :
ਨਾਇ ਲਏ ਦੁਖੁ ਡੇਰਾ ਢਹਿਆ॥
-----
ਜਿਉ ਬਹੁ ਵਰਣ ਵਣਸਪਤਿ,
ਮੂਲ ਮੰਤ੍ਰ ਫਲ ਫੁਲ ਘਨੇਰੇ॥
ਇਕ ਵਰਨੁ ਬੈਸੰਤਰੈ,
ਸਭਨਾ ਅੰਦਰ ਕਰਦਾ ਡੇਰੇ॥
ਡੇਰਾ ਸ਼ਬਦ ਦਾ ਇਕ ਹੋਰ ਸਰਲੀਕ੍ਰਿਤ ਰੂਪ 'ਦੇਹੁਰਾ' ਵੀ ਪੰਜਾਬੀ ਕਾਵਿ ਪਰੇਪਰਾ ਵਿਚ ਵਰਤਿਆ ਗਿਆ ਮਿਲਦਾ ਹੈ। ਦੇਹੁਰਾ ਸ਼ਬਦ ਦੇਹ ਤੋਂ ਬਣਿਆ ਹੈ ਅਤੇ ਜਿਥੇ ਦੇਹ ਰਹੇ, ਉਹ ਦੇਵਗ੍ਰਹਿ ਅਥਵਾ ਦੇਹੁਰਾ ਹੈ। ਜਿਸ ਦਾ ਇਕ ਹੋਰ ਅਰਥ ਹੈ-ਸਮਾਧੀ 'ਤੇ ਬਣਿਆ ਹੋਇਆ ਮੰਦਰ (ਮਹਾਨ ਕੋਸ਼, ਪੰਨਾ 649)। ਅਕਾਲ ਉਸਤਤਿ ਦੀ ਇਕ ਪੰਕਤੀ ਹੈ।
ਦੇਹੁਰਾ ਮਸੀਤ ਸੋਈ॥
ਪੂਜਾ ਅੋ ਨਿਵਾਜ ਓਈ॥
ਇਸ ਤਰ੍ਹਾਂ ਡੇਰੇ ਜਾਂ 'ਦੇਹੁਰਾ' ਸ਼ਬਦ ਧਾਰਮਿਕ ਕੰਮਾਂ ਲਈ ਮਖਸੂਸ ਇਮਾਰਤ ਦੇ ਹਨ, ਜਿਸ ਨਾਲ ਆਦਰ-ਮਾਣ ਜਾਂ ਸਤਿਕਾਰ ਜੁੜਿਆ ਹੋਇਆ ਹੈ। ਜਿਨ੍ਹਾਂ ਪਿੰਡਾਂ-ਸ਼ਹਿਰਾਂ ਦੇ ਨਾਵਾਂ ਵਿਚ ਇਹ ਸ਼ਬਦ ਸ਼ਾਮਿਲ ਹੈ, ਆਰੰਭ ਵਿਚ, ਇਹੋ ਆਦਰ ਮਾਣ ਦਾ ਭਾਵ ਇਨ੍ਹਾਂ ਨਾਲ ਜੁੜਿਆ ਹੋਇਆ ਸੀ। ਡੇਰਾ ਬਾਬਾ ਨਾਨਕ, ਡੇਰਾ ਸਾਹਿਬ ਲਾਹੌਰ, ਦੇਹੁਰਾ ਬਾਬਾ ਗੁਰਦਿੱਤਾ, ਦੇਹੁਰਾ ਬੰਦਾ ਸਿੰਘ ਬਹਾਦਰ ਅਜਿਹੇ ਹੀ ਕੁਝ ਅਸਥਾਨ ਹਨ। ਜਿਥੇ ਰਾਮ ਰਾਇ ਦੀ ਜਾਗੀਰ ਸੀ, ਉਹ ਡੇਹਰਾਦੂਨ ਅਖਵਾਇਆ ਹੈ। ਡੇਰਾ ਬੱਸੀ ਪਠਾਣਾਂ ਵੀ ਅਜਿਹਾ ਇਕ ਨਗਰ ਹੈ। ਡੇਰਾ ਸ਼ਬਦ ਵਧੇਰੇ ਕਰਕੇ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਆਦਿ ਸੂਬਿਆਂ ਵਿਚ ਵਰਤਿਆ ਅਤੇ ਸਮਝਿਆ ਜਾਂਦਾ ਹੈ, ਜਦ ਕਿ ਬਾਕੀ ਥਾਵਾਂ ਉਪਰ ਤੰਬੂ ਜਾਂ ਖੇਮਾ ਹੈ।
ਪੰਜਾਬੀ ਲੋਕਧਾਰਾ ਵਿਚ ਵੀ ਇਸ ਸ਼ਬਦ ਦੀ ਵਰਤੋਂ ਹੋਈ ਮਿਲਦੀ ਹੈ। ਅਖਾਣ ਮੁਹਾਵਰਿਆਂ ਦੀ ਗੱਲ ਕਰਨੀ ਹੋਵੇ ਤਾਂ ਡੇਰਾ ਜਮਾਉਣਾ, ਡੇਰਾ ਪਾ ਕੇ ਬੈਠਣਾ, ਡੇਰਾ ਲਾਉਣਾ, ਡੇਰਾ ਕੂਚ ਕਰ ਜਾਣਾ, ਡਾਂਗ ਤੇ ਡੇਰਾ ਅਤੇ ਡੰਡਾ ਡੇਰਾ ਆਦਿ ਮੁਹਾਵਰੇ ਮਿਲ ਜਾਂਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ॥

ਸਿਰੀਰਾਗੁ ਮਹਲਾ ੫
ਮਿਲਿ ਸਤਿਗੁਰ ਸਭੁ ਦੁਖੁ ਗਇਆ
ਹਰਿ ਸੁਖੁ ਵਸਿਆ ਮਨਿ ਆਇ॥
ਅੰਤਰਿ ਜੋਤਿ ਪ੍ਰਗਾਸਿਆ
ਏਕਸੁ ਸਿਉ ਲਿਵ ਲਾਇ॥
ਮਿਲਿ ਸਾਧੂ ਮੁਖੁ ਊਜਲਾ
ਪੂਰਬਿ ਲਿਖਿਆ ਪਾਇ॥
ਗੁਣ ਗੋਵਿੰਦ ਨਿਤ ਗਾਵਣੇ
ਨਿਰਮਲ ਸਾਚੈ ਨਾਇ॥ ੧॥
ਮੇਰੇ ਮਨ ਗੁਰ ਸਬਦੀ ਸੁਖੁ ਹੋਇ॥
ਗੁਰ ਪੂਰੇ ਕੀ ਚਾਕਰੀ
ਬਿਰਥਾ ਜਾਇ ਨ ਕੋਇ॥ ੧॥ ਰਹਾਉ॥
ਮਨ ਕੀਆ ਇਛਾ ਪੂਰੀਆ
ਪਾਇਆ ਨਾਮੁ ਨਿਧਾਨੁ॥
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ॥
ਗੁਰ ਪਰਸਾਦੀ ਮੁਖੁ ਉਜਲਾ
ਜਪਿ ਨਾਮੁ ਦਾਨੁ ਇਸਨਾਨੁ॥
ਕਾਮੁ ਕ੍ਰੋਧੁ ਲੋਭੁ ਬਿਨਸਿਆ
ਤਜਿਆ ਸਭੁ ਅਭਿਮਾਨੁ॥ ੨॥
ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ॥
ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਆਪਣਾ ਨਾਮੁ॥
ਆਵਣ ਜਾਣਾ ਰਹਿ ਗਇਆ
ਆਪਿ ਹੋਆ ਮਿਹਰਵਾਨੁ॥
ਸਚੁ ਮਹਲੁ ਘਰੁ ਪਾਇਆ
ਗੁਰ ਕਾ ਸਬਦੁ ਪਛਾਨੁ॥ ੩॥
ਭਗਤ ਜਨਾ ਕਉ ਰਾਖਦਾ
ਆਪਣੀ ਕਿਰਪਾ ਧਾਰਿ॥
ਹਲਤਿ ਪਲਤਿ ਮੁਖ ਊਜਲੇ
ਸਾਚੇ ਕੇ ਗੁਣ ਸਾਰਿ॥
ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ॥
ਪਾਰਬ੍ਰਹਮ ਸੁਖ ਸਾਗਰੋ
ਨਾਨਕ ਸਦ ਬਲਿਹਾਰ॥ ੪॥ ੧੧॥ ੮੧॥
(ਅੰਗ 46)
ਪਦ ਅਰਥ : ਅੰਤਰਿ-ਅੰਦਰ, ਮਨ ਅੰਦਰ (ਵਿਚ)। ਪ੍ਰਗਾਸਿਆ-ਪ੍ਰਕਾਸ਼ ਹੋ ਗਿਆ ਹੈ। ਏਕਸੁ-ਇਕ। ਸਿਉ-ਨਾਲ। ਊਜਲਾ-ਉਜਲਾ। ਪੂਰਬਿ ਲਿਖਿਆ-ਪਹਿਲਾਂ ਤੋਂ ਲਿਖੇ ਹੋਏ (ਪਿਛਲੇ ਕਰਮਾਂ ਦਾ ਫਲ)। ਪਾਇ-ਪਾ ਲੈਂਦਾ ਹੈ। ਗੋਵਿੰਦ-ਗੋਬਿੰਦ, ਪ੍ਰਭੂ। ਨਿਤ-ਰੋਜ਼, ਸਦਾ। ਨਾਇ-ਨਾਮ। ਸਾਚੈ ਨਾਇ-ਸਦਾ ਥਿਰ ਪ੍ਰਭੂ ਦਾ ਨਾਮ। ਚਾਕਰੀ-ਸੇਵਾ। ਬਿਰਥਾ-ਬੇਕਾਰ, ਖਾਲੀ। ਨਿਧਾਨੁ-ਖਜ਼ਾਨਾ। ਅੰਤਰਜਾਮੀ-ਦਿਲਾਂ ਦੀਆਂ ਜਾਣਨ ਵਾਲਾ। ਕਰਣੈਹਾਰੁ-ਕਰਤਾਰ, ਸਿਰਜਣਹਾਰ। ਪਛਾਨੁ-ਪਛਾਣ ਲਿਆ। ਸੰਗਿ-ਅੰਗ ਸੰਗ। ਗੁਰ ਪਰਸਾਦੀ-ਗੁਰੂ ਦੀ ਕਿਰਪਾ ਨਾਲ। ਬਿਨਸਿਆ-ਨਾਸ ਹੋ ਗਿਆ ਹੈ। ਤਜਿਆ-ਛੱਡ ਦਿੱਤਾ ਹੈ। ਅਭਿਮਾਨੁ-ਹੰਕਾਰ।
ਲਾਹਾ ਲਾਭੁ ਨਾਮੁ-ਨਾਮ ਰੂਪੀ ਲਾਭ ਦਾ ਲਾਹਾ। ਰਹਿ ਗਇਆ-ਖ਼ਤਮ ਹੋ ਗਿਆ। ਆਵਣ ਜਾਣਾ-ਜੰਮਣ ਮਰਨ ਦਾ ਗੇੜ। ਸਚੁ ਮਹਲੁ ਘਰੁ-(ਸੱਚੇ) ਪ੍ਰਭੂ ਦੇ ਘਰ ਦਾ ਟਿਕਾਣਾ। ਹਲਤਿ ਪਲਤਿ-ਲੋਕ ਪਰਲੋਕ ਵਿਚ। ਕਿਰਪਾ ਧਾਰਿ-ਕਿਰਪਾ ਕਰਕੇ। ਸਾਚੇ ਕੇ-ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ। ਗੁਣ ਸਾਰਿ-ਗੁਣ ਸੰਭਾਲਣ ਕਰਕੇ। ਗੁਣ ਸਾਰਦੇ-ਗੁਣਾਂ ਨੂੰ ਸਿਮਰਦੇ ਰਹਿੰਦੇ ਹਨ। ਰਤੇ ਰੰਗਿ-ਨਾਮ ਰੰਗ ਵਿਚ ਰੱਤੇ ਰਹਿੰਦੇ ਹਨ। ਅਪਾਰ-ਬੇਅੰਤ ਪ੍ਰਭੂ। ਸਾਗਰੋ-ਸਮੁੰਦਰ।
ਰਹਾਓ ਵਾਲੀ ਤੁਕ ਵਿਚ ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰ ਦੀ ਸੇਵਾ ਭਗਤੀ ਕਰਨ ਨਾਲ ਕੋਈ ਖਾਲੀ ਨਹੀਂ ਜਾਂਦਾ ਭਾਵ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਵਾਸਤਵ ਵਿਚ ਜਿਨ੍ਹਾਂ ਦੇ ਹਿਰਦੇ ਘਰ ਵਿਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਸ਼ਬਦ ਦੀ ਬਰਕਤ ਨਾਲ ਉਨ੍ਹਾਂ ਦਾ ਜੀਵਨ ਸੁਹਾਵਣਾ ਭਾਵ ਸੋਹਣਾ ਬਣ ਜਾਂਦਾ ਹੈ। ਉਨ੍ਹਾਂ ਦੇ ਹਿਰਦੇ ਵਿਚ ਖੁਸ਼ੀ ਦੇ ਵਾਜੇ ਵੱਜਦੇ ਰਹਿੰਦੇ ਹਨ। ਮਾਨੋ ਉਨ੍ਹਾਂ ਦਾ ਹਿਰਦਾ ਘਰ ਸਦਾ ਖੁਸ਼ੀਆਂ ਨਾਲ ਭਰਪੂਰ ਰਹਿੰਦਾ ਹੈ ਅਤੇ ਪਰਮਾਤਮਾ ਕਿਰਪਾ ਕਰਕੇ ਉਨ੍ਹਾਂ ਦੇ ਹਿਰਦੇ ਘਰ ਵਿਚ ਆ ਵਸਦਾ ਹੈ। ਰਾਗੁ ਸੂਹੀ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਗੁਰ ਕਾ ਸਬਦੁ ਵਸਿਆ ਘਟ ਅੰਤਰਿ
ਸੇ ਜਨ ਸਬਦਿ ਸੁਹਾਏ॥
ਨਾਨਕ ਤਿਨ ਘਰਿ ਸਦ ਹੀ ਸੋਹਿਲਾ
ਹਰਿ ਕਰਿ ਕਿਰਪਾ ਘਰਿ ਆਏ॥ (ਅੰਗ 770)
ਘਟ ਅੰਤਰਿ-ਹਿਰਦੇ ਘਰ ਵਿਚ। ਸੁਹਾਏ-ਸੋਹਣੇ ਜੀਵਨ ਵਾਲੇ। ਸੋਹਿਲਾ-ਖੁਸ਼ੀ ਦਾ ਗੀਤ।
ਗੁਰੂ ਦੇ ਸ਼ਬਦ ਸਦਕਾ ਉਹ ਪਰਮਾਤਮਾ ਵਿਚ ਲਿਵ ਨੂੰ ਜੋੜੀ ਰੱਖਦੇ ਹਨ ਅਤੇ ਜੀਵਨ ਵਿਚ ਮਾਇਕ ਧੰਦਿਆਂ ਤੋਂ ਨਿਰਲੇਪ ਰਹਿੰਦੇ ਹਨ-
ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ
ਹਰਿ ਕੈ ਨਾਮਿ ਲਿਵ ਲਾਏ ਰਾਮ॥
(ਅੰਗ 771)
ਸਦ-ਸਦਾ। ਮੁਕਤ-ਨਿਰਲੇਪ। ਭਏ-ਰਹਿੰਦੇ ਹਨ।
ਆਪ ਜੀ ਦੇ ਹੋਰ ਬਚਨ ਹਨ ਕਿ ਜੋ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਆਤਮਿਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਅਤੇ ਸਦਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਗੁਰੂ ਦੁਆਰਾ ਪ੍ਰਭੂ ਦੀ ਭਗਤੀ ਵਿਚ ਜਿਹੜੇ ਜੁੜੇ ਰਹਿੰਦੇ ਹਨ, ਅਜਿਹੇ ਸਾਧਕ ਦਾ ਹਿਰਦਾ ਘਰ ਸਦਾ ਖੁਸ਼ੀਆਂ ਨਾਲ ਭਰਪੂਰ ਰਹਿੰਦਾ ਹੈ-
ਗੁਰ ਸਬਦੇ ਰਾਤਾ ਸਹਜੇ ਮਾਤਾ
ਨਾਮੁ ਮਨਿ ਵਸਾਏ॥
ਨਾਨਕ ਤਿਨ ਘਰਿ ਸਦ ਹੀ ਸੋਹਿਲਾ
ਜਿ ਸਤਿਗੁਰ ਸੇਵਿ ਸਮਾਏ॥ (ਅੰਗ 771)
ਰਾਤਾ-ਰੰਗਿਆ ਜਾਂਦਾ ਹੈ। ਮਾਤਾ-ਮਸਤ ਰਹਿੰਦਾ ਹੈ, ਟਿਕਿਆ ਰਹਿੰਦਾ ਹੈ।
ਸ਼ਬਦ ਦੇ ਅੱਖਰੀਂ ਅਰਥ : ਗੁਰੂ ਦੇ ਮਿਲਾਪ ਨਾਲ ਮਨੁੱਖ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪ੍ਰਭੂ ਦੇ ਨਾਮ ਦਾ ਸੁਖ ਉਸ ਦੇ ਅੰਦਰ ਆ ਵਸਦਾ ਹੈ। ਇਕ ਪ੍ਰਭੂ ਵਿਚ ਲਿਵ ਨੂੰ ਜੋੜਨ ਨਾਲ ਅੰਤਰ ਆਤਮੇ ਪ੍ਰਭੂ ਦੀ ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਧੂ ਜਨਾਂ ਨੂੰ ਮਿਲਣ ਨਾਲ ਜਗਿਆਸੂ ਦਾ ਮੁੱਖ ਉਜਾਲਾ ਹੁੰਦਾ ਹੈ। ਮਾਨੋ ਪਿਛਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਪ੍ਰਭੂ ਦੇ ਸਦਾ ਗੁਣ ਗਾਉਣਾ ਅਜਿਹੇ ਸਾਧਕਾਂ ਦੀ ਕਾਰ ਹੈ ਅਤੇ ਇਸ ਸੱਚੇ ਨਾਮ (ਦੇ ਧਾਰਨੀ) ਕਰਕੇ ਹੀ ਉਹ ਪਵਿੱਤਰ ਹਨ।
ਹੇ ਮੇਰੇ ਮਨ, ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਆਖਰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪੂਰੇ ਗੁਰੂ ਦੀ ਸੇਵਾ ਕਰਨ ਨਾਲ ਕਦੇ ਕੋਈ (ਉਸ ਦੇ ਦਰ ਤੋਂ) ਖਾਲੀ ਨਹੀਂ ਜਾਂਦਾ।
ਸਾਧਕ ਨੂੰ ਜਦੋਂ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਤਾਂ ਉਸ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਫਿਰ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਪਰਮਾਤਮਾ ਸਦਾ ਅੰਗ-ਸੰਗ ਵਸਦਾ ਹੈ ਅਤੇ ਜਗਿਆਸੂ ਨੂੰ ਸਭ ਕੁਝ ਕਰਨ-ਕਰਾਉਣ ਵਾਲੇ ਪਰਮਾਤਮਾ ਦੀ ਸੋਝੀ ਪੈ ਜਾਂਦੀ ਹੈ। ਨਾਮ, ਦਾਨ, ਇਸ਼ਨਾਨ ਕਰਨ ਨਾਲ ਗੁਰੂ ਦੀ ਕਿਰਪਾ ਨਾਲ ਜਗਿਆਸੂ ਦਾ ਮੁੱਖ ਉਜਲਾ ਹੁੰਦਾ ਹੈ। ਇਸ ਤਰ੍ਹਾਂ ਜਦੋਂ ਪ੍ਰਾਣੀ ਕਾਮ, ਕ੍ਰੋਧ, ਲੋਭ ਜਿਹੇ ਵਿਕਾਰਾਂ ਨੂੰ ਤਿਆਗ ਦਿੰਦਾ ਹੈ ਤਾਂ ਉਸ ਦੀ ਹਉਮੈ (ਹੰਕਾਰ) ਦਾ ਵੀ ਨਾਸ ਹੋ ਜਾਂਦਾ ਹੈ।
ਇਸ ਤਰ੍ਹਾਂ ਨਾਲ ਇਕ ਨਾਮ ਰੂਪੀ ਲਾਹੇ ਦਾ ਲਾਭ ਹੋ ਜਾਂਦਾ ਹੈ ਅਤੇ ਦੂਜੇ ਪ੍ਰਾਣੀ ਦੇ ਸਾਰੇ (ਸੰਸਾਰਕ) ਕੰਮ ਪੂਰਨ ਹੋ ਜਾਂਦੇ ਹਨ ਅਰਥਾਤ ਸੰਵਰ ਜਾਂਦੇ ਹਨ। ਹੁਣ ਪ੍ਰਭੂ ਜਗਿਆਸੂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਸ 'ਤੇ ਨਾਮ ਦੀ ਬਖਸ਼ਿਸ਼ ਵੀ ਕਰ ਦਿੰਦਾ ਹੈ। ਇਸ ਤਰ੍ਹਾਂ ਜਦੋਂ ਪਰਮਾਤਮਾ ਆਪ ਸਾਧਕ 'ਤੇ ਮਿਹਰ ਦੀ ਨਜ਼ਰ ਕਰਦਾ ਹੈ ਤਾਂ ਉਸ ਦਾ ਜੰਮਣ-ਮਰਨ ਦਾ ਗੇੜ ਵੀ ਖ਼ਤਮ ਹੋ ਜਾਂਦਾ ਹੈ। ਹੁਣ ਜਿਸ ਜਗਿਆਸੂ ਨੂੰ ਗੁਰੂ ਦੇ ਸ਼ਬਦ ਦੀ ਸੋਝੀ ਪੈ ਗਈ, ਉਸ ਨੂੰ ਸੱਚੇ ਦਾ ਮਹਲ ਘਰ ਪ੍ਰਾਪਤ ਹੋ ਗਿਆ, ਉਸ ਨੂੰ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਮਿਲ ਗਿਆ।
ਪ੍ਰਭੂ ਆਪਣੀ ਕਿਰਪਾ ਕਰਕੇ ਭਗਤ ਜਨਾਂ ਦੀ ਰੱਖਿਆ ਕਰਦਾ ਹੈ। ਭਗਤ ਜਨ ਵੀ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣਾਂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਕੇ ਰੱਖਦੇ ਹਨ, ਜਿਸ ਸਦਕਾ ਉਨ੍ਹਾਂ ਦੇ ਮੁੱਖ ਲੋਕ ਪਰਲੋਕ ਵਿਚ ਉਜਲੇ ਹੁੰਦੇ ਹਨ। ਉਹ ਅੱਠੇ ਪਹਿਰ (ਸਦਾ) ਪ੍ਰਭੂ ਦੇ ਗੁਣਾਂ ਨੂੰ ਸਿਮਰਦੇ ਰਹਿੰਦੇ ਹਨ ਅਤੇ ਉਸ ਬੇਅੰਤ ਪ੍ਰਭੂ ਦੇ ਨਾਮ ਰੰਗ ਵਿਚ ਰੰਗੇ ਰਹਿੰਦੇ ਹਨ। ਪਾਰਬ੍ਰਹਮ ਪਰਮਾਤਮਾ ਉਨ੍ਹਾਂ ਨੂੰ ਸੁਖਾਂ ਦਾ ਸਾਗਰ ਜਾਪਦਾ ਹੈ, ਜਿਸ ਤੋਂ ਉਹ ਸਦਾ ਸਦਕੇ ਜਾਂਦੇ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਹਾਲਾਤ ਅਤੇ ਸਮੇਂ ਅਨੁਸਾਰ ਹੀ ਕਰਮ ਕਰੋ

ਜਿਹੜਾ ਵਿਅਕਤੀ ਸਾਰੇ ਲੋਕਾਂ ਦੀ ਅਸਾਨੀ ਲਈ ਤਲਾਅ, ਛੱਪੜ ਜਾਂ ਖੂਹ ਦਾ ਨਿਰਮਾਣ ਕਰਦਾ ਹੈ, ਰੁੱਖ ਲਗਾਉਂਦਾ ਹੈ, ਰੈਣ-ਬਸੇਰੇ ਜਾਂ ਧਰਮਸ਼ਾਲਾ ਬਣਾਉਂਦਾ ਹੈ ਅਤੇ ਲੋਕਾਂ ਨੂੰ ਜੋੜਨ ਲਈ ਪੁਲਾਂ ਦਾ ਨਿਰਮਾਣ ਕਰਦਾ ਹੈ, ਉਹ ਤਿੰਨਾਂ ਲੋਕਾਂ ਨੂੰ ਜਿੱਤ ਲੈਂਦਾ ਹੈ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਬਹੁਤੇ ਲੋਕੀਂ ਅਜਿਹੇ ਕੰਮ ਕਰਨ ਲੱਗ ਪੈਂਦੇ ਹਨ ਜੋ ਉਨ੍ਹਾਂ ਦੀ ਪਹੁੰਚ ਜਾਂ ਯੋਗਤਾ ਤੋਂ ਬਾਹਰ ਹੁੰਦੇ ਹਨ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਉਨ੍ਹਾਂ ਨੂੰ ਆਪਣੇ ਉਦੇਸ਼ ਦੀ ਪੂਰਤੀ ਲਈ ਦੂਜਿਆਂ ਨੂੰ ਧੋਖਾ ਦੇਣਾ ਪੈਂਦਾ ਹੈ। ਇਸ ਲਈ ਕਾਰਜ ਹਮੇਸ਼ਾ ਹਾਲਾਤ ਅਨੁਸਾਰ ਅਤੇ ਆਪਣੀ ਯੋਗਤਾ ਅਨੁਸਾਰ ਹੀ ਕਰਨਾ ਚਾਹੀਦਾ ਹੈ। ਸਾਰੇ ਕਾਰਜ ਸਮੇਂ ਅਨੁਸਾਰ ਹੀ ਸੰਭਵ ਹੁੰਦੇ ਹਨ। ਜੇ ਤੁਹਾਨੂੰ ਕਿਸੇ ਕਾਰਜ ਵਿਚ ਇਕ ਸਮੇਂ ਵਿਚ ਅਸਫਲਤਾ ਮਿਲਦੀ ਹੈ ਤਾਂ ਹੋ ਸਕਦਾ ਹੈ ਕਿ ਉਸੇ ਕਾਰਜ ਵਿਚ ਕਿਸੇ ਹੋਰ ਸਮੇਂ ਸਫਲਤਾ ਪ੍ਰਾਪਤ ਹੋ ਜਾਵੇ। ਪਰਿਵਾਰਕ ਮੁਖੀਆਂ ਵਿਚ ਧੀਰਜ, ਸਚਾਈ, ਮਿਠਬੋਲੜਾਪਨ, ਪਿਆਰ ਅਤੇ ਭਲਾਈ ਵਰਗੇ ਗੁਣ ਹੋਣੇ ਚਾਹੀਦੇ ਹਨ। ਉਸ ਨੂੰ ਆਪਣੇ ਗੁਣਾਂ ਦੀ ਚਰਚਾ ਨਹੀਂ ਕਰਨੀ ਚਾਹੀਦੀ। ਦੂਜਿਆਂ ਦੀ ਨਿੰਦਾ ਵੀ ਨਹੀਂ ਕਰਨੀ ਚਾਹੀਦੀ। ਜਿਹੜਾ ਵਿਅਕਤੀ ਆਪਣੇ ਹਾਲਾਤ, ਸਮੇਂ ਅਤੇ ਲੋਕ ਹਿਤ ਨੂੰ ਮੁੱਖ ਰੱਖ ਕੇ ਕਾਰਜ ਕਰਦਾ ਹੈ, ਉਹ ਹਮੇਸ਼ਾ ਸਫਲ ਹੁੰਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਬੀਕਾਨੇਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਬੀਕਾਨੇਰ ਵਿਚ ਹਿੰਦੂ, ਜੈਨ, ਸਿੱਖ ਅਤੇ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਇਸ ਇਲਾਕੇ ਵਿਚ ਊਠ, ਘੋੜੇ, ਭੇਡਾਂ, ਬੱਕਰੀਆਂ ਦੇ ਨਾਲ-ਨਾਲ ਤਿੱਤਰ, ਬਟੇਰ, ਤਿਲੋਰ ਆਦਿ ਪੰਛੀ ਵੀ ਹੁੰਦੇ ਹਨ। ਇਸ ਇਲਾਕੇ ਵਿਚ ਜਦੋਂ ਥੋੜ੍ਹਾ-ਬਹੁਤ ਮੀਂਹ ਪੈ ਜਾਂਦਾ ਹੈ ਤਾਂ ਨਰਮ ਘਾਹ ਉੱਗ ਆਉਂਦਾ ਹੈ, ਜੋ ਕਿ ਘੋੜਿਆਂ ਅਤੇ ਮੱਝਾਂ-ਗਾਵਾਂ ਦੀ ਖੁਰਾਕ ਬਣ ਜਾਂਦਾ ਹੈ। ਇਥੇ ਭੇਡਾਂ ਵੀ ਵੱਡੀ ਗਿਣਤੀ ਵਿਚ ਪਾਲੀਆਂ ਜਾਂਦੀਆਂ ਹਨ, ਜਿਸ ਕਰਕੇ ਭੇਡਾਂ ਦੀ ਉੱਨ ਤੋਂ ਬਣੇ ਹੋਏ ਕੰਬਲ, ਲੋਈਆਂ ਬਹੁਤ ਸੁੰਦਰ ਬਣਦੇ ਹਨ। ਇਸ ਤੋਂ ਇਲਾਵਾ ਬੀਕਾਨੇਰੀ ਗਲੀਚੇ ਅਤੇ ਦਰੀਆਂ ਵੀ ਬਹੁਤ ਪ੍ਰਸਿੱਧ ਹਨ। ਇਸ ਤੋਂ ਇਲਾਵਾ ਬੀਕਾਨੇਰ ਵਿਚ ਲਾਖ ਦੀਆਂ ਚੂੜੀਆਂ, ਹਾਥੀ ਦੰਦ ਦੀਆਂ ਚੂੜੀਆਂ, ਲੱਕੜ ਦੇ ਖਿਡੌਣੇ, ਪਲੰਘ ਦੇ ਪਾਵੇ, ਸੋਨੇ-ਚਾਂਦੀ ਦੇ ਗਹਿਣੇ, ਲਾਲੀ ਮਿੱਟੀ ਦੇ ਭਾਂਡੇ ਬਹੁਤ ਸੋਹਣੇ ਬਣਾਏ ਜਾਂਦੇ ਹਨ, ਜਿਨ੍ਹਾਂ ਨੂੰ ਸੈਲਾਨੀ ਇਕ ਯਾਦਗਾਰ ਦੇ ਤੌਰ 'ਤੇ ਆਪਣੇ ਨਾਲ ਲੈ ਜਾਂਦੇ ਹਨ। (ਚਲਦਾ)


-ਮੋਬਾ: 9463819174

ਸ਼ਹੀਦੀ ਜੋੜ ਮੇਲਾ ਬ੍ਰਹਮ ਗਿਆਨੀ ਭਾਈ ਮਨੀ ਸਿੰਘ

ਹਰ ਸਾਲ ਦੀ ਤਰ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਰਮ ਲਈ ਬੰਦ-ਬੰਦ ਕਟਵਾਉਣ ਵਾਲੇ ਸਿੱਖ ਪੰਥ ਦੇ ਅਨੋਖੇ ਸ਼ਹੀਦ ਬ੍ਰਹਮ ਗਿਆਨੀ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਜੋੜ ਮੇਲਾ 12, 13 ਅਤੇ 14 ਦਸੰਬਰ ਨੂੰ ਗੁਰਦੁਆਰਾ ਯਾਦਗਾਰ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਵਿਖੇ ਮਨਾਇਆ ਜਾ ਰਿਹਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੇਲਾ ਸਿੰਘ ਸੂਬੇਦਾਰ ਨੇ ਦੱਸਿਆ ਕਿ ਇਸ ਸਬੰਧੀ 12 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਦੌਰਾਨ 13 ਦਸੰਬਰ ਨੂੰ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਪਾਰਟੀਆਂ ਦੇ ਆਗੂ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨਗੇ, ਜਦ ਕਿ 14 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਦੇਸ਼ ਭਰ ਤੋਂ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਪਹੁੰਚ ਰਹੇ ਹਨ, ਜੋ ਤਿੰਨੇ ਦਿਨ ਸਜਣ ਵਾਲੇ ਕਵੀਸ਼ਰੀ ਅਤੇ ਢਾਡੀ ਦਰਬਾਰ 'ਚ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨਗੇ। -ਲੌਂਗੋਵਾਲ (ਸੰਗਰੂਰ)।

ਮੋਬਾ: 98156-43452

ਰਾਗੀ ਅਮਨਦੀਪ ਕੌਰ ਖ਼ਾਲਸਾ (ਮਜੀਠਾ ਵਾਲੇ)

ਕੁਦਰਤ ਦੀ ਬਖਸ਼ਿਸ਼ ਕੀਰਤਨ ਦੀ ਦਾਤ ਵਿਰਲਿਆਂ ਨੂੰ ਹੀ ਬਚਪਨ ਤੋਂ ਮਿਲਦੀ ਹੈ। ਅਜਿਹੀ ਹੀ ਸ਼ਖ਼ਸੀਅਤ ਹੈ ਬੀਬੀ ਅਮਨਦੀਪ ਕੌਰ ਖ਼ਾਲਸਾ, ਜਿਨ੍ਹਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਬੈਠ ਕੀਤਾ ਗੁਰਬਾਣੀ ਕੀਰਤਨ ਉਸ ਲਈ ਰੱਬੀ ਸੁਗਾਤ ਅਤੇ ਅਭੁੱਲ ਅਹਿਸਾਸ ਹੈ, ਜਿਸ ਨਾਲ ਗੁਰਬਾਣੀ ਪ੍ਰਤੀ ਉਸ ਦੇ ਸਨੇਹ ਦੀ ਸੰਗਤਾਂ ਨਾਲ ਸਾਂਝ ਪਈ ਹੈ। ਬੀਬੀ ਅਮਨਦੀਪ ਕੌਰ ਖ਼ਾਲਸਾ ਦਾ ਜਨਮ 5 ਅਪ੍ਰੈਲ, 1989 ਨੂੰ ਮਾਤਾ ਸਤਵੰਤ ਕੌਰ ਅਤੇ ਪਿਤਾ ਸ: ਬਲਦੇਵ ਸਿੰਘ ਦੇ ਘਰ ਮਜੀਠਾ (ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਹੋਇਆ। ਬਚਪਨ ਤੋਂ ਹੀ ਅਮਨਦੀਪ ਕੌਰ ਖ਼ਾਲਸਾ ਨੂੰ ਕੀਰਤਨ ਕਰਨ ਤੇ ਗੁਰਬਾਣੀ ਪੜ੍ਹਨ-ਸੁਣਨ ਦੀ ਤਾਂਘ ਰਹਿੰਦੀ ਸੀ, ਜਿਸ ਕਰਕੇ ਅੱਜ ਉਹ ਗੁਰਬਾਣੀ ਦੇ ਕੀਰਤਨ ਦੀ ਸੇਵਾ ਕਰ ਰਹੀ ਹੈ। ਬੀਬੀ ਅਮਨਦੀਪ ਕੌਰ ਖ਼ਾਲਸਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਸ੍ਰੀ ਅੰਮ੍ਰਿਤਸਰ ਸਾਹਿਬ) ਤੋਂ ਬੀ ਸੀ ਏ/ਐਮ ਸੀ ਏ ਦੀ ਪੜ੍ਹਾਈ ਕੀਤੀ। ਰਾਗੀ ਭਾਈ ਸੁਰਜੀਤ ਸਿੰਘ (ਮਜੀਠਾ ਵਾਲੇ) ਤੋਂ ਕੀਰਤਨ ਦੀਆਂ ਸਿੱਖਿਆਵਾਂ ਅਤੇ ਵੱਖ-ਵੱਖ ਰਾਗਾਂ ਦੀਆਂ ਬਰੀਕੀਆਂ ਨੂੰ ਜਾਣਿਆ। ਉਸ ਦੀ ਮਿੱਠੀ ਤੇ ਪਿਆਰੀ ਆਵਾਜ਼ ਵਿਚ ਕੀਤਾ ਗੁਰਬਾਣੀ ਦਾ ਕੀਰਤਨ ਸੰਗਤਾਂ ਦੇ ਮਨ ਨੂੰ ਸਕੂਨ ਬਖਸ਼ਦਾ ਹੈ। ਉਹ ਆਪਣੇ ਜਥੇ, ਜਿਸ ਵਿਚ ਬੀਬੀ ਸਿਮਰਜੀਤ ਕੌਰ ਖ਼ਾਲਸਾ ਅਤੇ ਤਬਲਾਵਾਦਕ ਭਾਈ ਤਲਜੀਤ ਸਿੰਘ ਨਾਲ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ, ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਦਰਬਾਰ ਸਾਹਿਬ ਦਿੱਲੀ, ਯੂ.ਪੀ., ਰਾਜਸਥਾਨ ਤੇ ਦੇਸ਼ ਦੇ ਅਨੇਕਾਂ ਵੱਡੇ ਸ਼ਹਿਰਾਂ 'ਚ ਸੁਸ਼ੋਭਿਤ ਗੁਰੂ-ਘਰਾਂ ਵਿਚ ਕੀਰਤਨ ਦੀ ਸੇਵਾ ਕਰ ਚੁੱਕੀ ਹੈ। ਸਿੱਖ ਸਿਧਾਂਤਾਂ ਵਿਚ ਪ੍ਰਪੱਕ ਰਹਿ ਕੇ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖੀ ਬਾਣੇ ਵਿਚ ਜੀਵਨ ਜਿਉਂਦੀ ਹੈ। ਵਿਹਲੇ ਸਮੇਂ ਵਿਚ ਸਿੱਖ ਇਤਿਹਾਸ ਪੜ੍ਹਨਾ, ਬੱਚਿਆਂ ਨੂੰ ਕੀਰਤਨ ਸਿਖਾਉਣਾ ਤੇ ਗੁਰਬਾਣੀ ਦੀ ਸੰਥਿਆ ਕਰਾਉਣੀ, ਕਲਾਸੀਕਲ ਗੁਰਮਤਿ ਸੰਗੀਤ ਸੁਣਨਾ, ਇਤਿਹਾਸਕ ਧਰਮ ਅਸਥਾਨਾਂ ਦੀ ਯਾਤਰਾ ਕਰਕੇ ਗੁਰੂ ਸਹਿਬਾਨਾਂ, ਸ਼ਹੀਦ ਸਿੰਘਾਂ-ਸਿੰਘਣੀਆਂ ਤੇ ਭੁਝੰਗੀਆਂ ਨੂੰ ਸਿਜਦਾ ਕਰਨਾ ਉਸ ਦੀਆਂ ਰੁਚੀਆਂ ਹਨ। ਬੀਬੀ ਅਮਨਦੀਪ ਕੌਰ ਖ਼ਾਲਸਾ ਨੂੰ ਸ਼ਹੀਦ ਭਾਈ ਅਮਰੀਕ ਸਿੰਘ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।


-ਹਰਪਾਲ ਸਿੰਘ ਪਾਲੀ,
ਪਿੰਡ ਵਜੀਦਕੇ ਖੁਰਦ (ਬਰਨਾਲਾ)। ਮੋਬਾ: 98142-74369

ਧਾਰਮਿਕ ਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਬਾਬਾ ਗਿਆਨ ਦਾਸ ਮਕਸੂਦੜਾ

ਉੱਘੇ ਸਮਾਜ ਸੇਵੀ ਬਾਬਾ ਗਿਆਨ ਦਾਸ ਮਕਸੂਦੜਾ ਵਾਲੇ 71 ਵਰ੍ਹਿਆਂ ਦੀ ਉਮਰ ਵਿਚ ਵੀ ਸਮਾਜਿਕ ਤੇ ਧਾਰਮਿਕ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਉਹ ਹਰ ਸਾਲ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਵੰਡਦੇ ਹਨ। ਖੇਡ ਮੇਲਿਆਂ, ਸਾਹਿਤ ਸਭਾਵਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਉਹ ਪੂਰਾ ਸਹਿਯੋਗ ਦਿੰਦੇ ਹਨ। 1968 ਈ: ਵਿਚ ਠਾਕਰ ਦੁਆਰਾ ਮੰਦਰ ਮਕਸੂਦੜਾ ਦੇ ਮੁਖੀ ਬਣੇ। ਉਹ ਇਕ ਉੱਘੇ ਦੇਸੀ ਹਕੀਮ ਵੀ ਹਨ ਤੇ ਮਨੁੱਖਤਾ ਦੇ ਭਲੇ ਲਈ ਆਪਣੇ ਇਸ ਹੁਨਰ ਦੀ ਵਰਤੋਂ ਕਰ ਕੇ ਦੇਸੀ ਦਵਾਈਆਂ ਨਾਲ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਜ਼ਿਆਦਾਤਰ ਗ਼ਰੀਬ ਵਰਗ ਨੂੰ ਦੇਸੀ ਚੀਜ਼ਾਂ ਆਦਿ ਵਰਤਣ ਲਈ ਪ੍ਰੇਰਦੇ ਹਨ ਅਤੇ ਲੋੜਵੰਦ ਵਿਅਕਤੀਆਂ ਦਾ ਇਲਾਜ ਮੁਫ਼ਤ 'ਚ ਵੀ ਕਰਦੇ ਹਨ। ਵੈਸ਼ਨੂੰ ਵੈਰਾਗੀ ਮਹਾਂਮੰਡਲ ਪੰਜਾਬ ਦੇ ਬਾਬਾ ਗਿਆਨ ਦਾਸ ਸਰਪ੍ਰਸਤ ਹਨ। ਖਟਦਰਸ਼ਨ ਸਾਧੂ ਸਮਾਜ ਦੇ ਪ੍ਰਧਾਨ ਸ੍ਰੀ ਕਾਹਨ ਦਾਸ, ਚੇਅਰਮੈਨ ਗੋਪਾਲ ਦਾਸ, ਸਰਪ੍ਰਸਤ ਸ੍ਰੀ ਸੱਚਦਾ ਨੰਦ ਗੁਰਮਾ ਅਤੇ ਬਾਬਾ ਗਿਆਨ ਦਾਸ ਮਕਸੂਦੜਾ ਹਨ। ਉਨ੍ਹਾਂ ਵਲੋਂ ਗੋਪਾਲ ਮੋਚਨ, ਹਰਿਦੁਆਰ, ਉਜੈਨ, ਨਾਸਿਕ ਅਤੇ ਇਲਾਹਾਬਾਦ ਸਮੇਤ ਹੋਰਨਾਂ ਸਾਧੂ ਅਖਾੜਿਆਂ ਵਿਚ ਜਾ ਕੇ ਭੰਡਾਰੇ ਵਰਤਾਏ ਜਾਂਦੇ ਹਨ। ਬਾਬਾ ਗਿਆਨ ਦਾਸ ਵਾਤਾਵਰਨ ਦੀ ਸ਼ੁੱਧਤਾ ਲਈ ਮਨੁੱਖਤਾ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਦੇ ਹਨ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਡਟਣ ਲਈ ਕਿਸੇ ਨਾ ਕਿਸੇ ਸੰਘਰਸ਼ ਦਾ ਹਿੱਸਾ ਬਣੇ ਰਹੇ ਹਨ। ਬਾਬਾ ਗਿਆਨ ਦਾਸ ਤੋਂ ਸਮਾਜ ਨੂੰ ਹੋਰ ਵੀ ਵਧੇਰੇ ਆਸਾਂ ਹਨ।


-ਪਾਲਾ ਰਾਜੇਵਾਲੀਆ
ਪਿੰਡ ਤੇ ਡਾਕ: ਰਾਜੇਵਾਲ (ਰੋਹਣੋ), ਤਹਿ: ਖੰਨਾ।
ਮੋਬਾ: 81960-02680

ਸ਼ਿਲਪਕਾਰੀ ਦਾ ਆਲੀਸ਼ਾਨ ਨਮੂਨਾ-ਸ਼ੇਰ ਸ਼ਾਹ ਸੂਰੀ ਦਾ ਮਕਬਰਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਗਰਾਂਡ ਟਰੰਕ ਰੋਡ ਦਾ ਪੂਰਬ ਵਿਚ ਚਿਟਾਗੌਂਗ (ਹੁਣ ਬੰਗਲਾਦੇਸ਼) ਅਤੇ ਪੱਛਮ ਵਿਚ ਕਾਬਲ (ਅਫਗਾਨਿਸਤਾਨ) ਤੱਕ ਵਿਸਥਾਰ ਕਰਕੇ ਦੱਖਣੀ ਅਤੇ ਮੱਧ ਏਸ਼ੀਆਈ ਮੁਲਕਾਂ ਵਿਚ ਸੜਕੀ ਸੰਪਰਕ ਵਧਾਇਆ। ਭਾਰਤੀ ਡਾਕ ਵਿਵਸਥਾ ਨੂੰ ਪੁਨਰਗਠਤ ਕੀਤਾ, ਮਾਲੀਆ ਅਤੇ ਕਰ ਪ੍ਰਣਾਲੀ ਦਾ ਪ੍ਰਬੰਧ ਸਥਾਪਤ ਕੀਤਾ, ਹਮਾਯੂੰ ਦੇ ਦੀਨਾ-ਪਨਾਹ ਸ਼ਹਿਰ ਦਾ ਨਾਂਅ ਸ਼ੇਰਗੜ੍ਹ ਅਤੇ ਇਤਿਹਾਸਕ ਪਾਟਲੀਪੁੱਤਰ ਦਾ ਨਾਂਅ ਪਟਨਾ ਰੱਖਿਆ। ਇਨ੍ਹਾਂ ਤੋਂ ਇਲਾਵਾ ਅਨੇਕਾਂ ਹੋਰ ਵਿਕਾਸ, ਸੜਕੀ ਅਤੇ ਭਵਨ-ਨਿਰਮਾਣ ਦੇ ਕਾਰਜ ਕੀਤੇ। ਇਸ ਉਪਰੰਤ ਅਕਬਰ ਵਰਗੇ ਪ੍ਰਤਾਪੀ ਮੁਗਲ ਬਾਦਸ਼ਾਹ ਨੇ ਵੀ ਸ਼ੇਰ ਸ਼ਾਹ ਸੂਰੀ ਦੇ ਵਿਕਾਸ ਮਾਡਲ ਨੂੰ ਕਾਫੀ ਹੱਦ ਤੱਕ ਅਪਣਾਇਆ।
ਸੰਨ 1486 ਵਿਚ ਜਨਮੇ ਸ਼ੇਰ ਸ਼ਾਹ ਸੂਰੀ ਦੀ ਮੌਤ ਬਰੂਦ ਫਟਣ ਕਾਰਨ 22 ਮਈ, 1545 ਨੂੰ ਹੋਈ। ਇਕ ਲੜਾਈ ਦੌਰਾਨ ਕਲਿੰਜਰ ਦੀ ਕਿਲਾਬੰਦੀ ਤੋੜਨ ਲਈ ਵਿਸਫੋਟ ਕਰਨ ਦੇ ਹੁਕਮ ਦੇਣ ਉਪਰੰਤ ਅਚਾਨਕ ਬਰੂਦ ਦੀ ਲਪੇਟ ਵਿਚ ਅਉਣ ਕਾਰਨ ਉਸ ਦੀ ਮੌਤ ਹੋਈ।
ਹਾਂ ਸੱਚ, ਸ਼ੇਰ ਸ਼ਾਹ ਸੂਰੀ ਦਾ ਅਸਲ ਨਾਂਅ ਤਾਂ ਫਰੀਦ ਖਾਨ ਸੀ। ਸ਼ੇਰ ਸ਼ਾਹ ਤਾਂ ਉਸ ਦਾ ਖਿਤਾਬ ਸੀ, ਜੋ ਉਸ ਨੂੰ ਬਿਹਾਰ ਦੇ ਰਾਜੇ ਬਹਾਰ ਖਾਨ ਲੋਹਾਨੀ ਨੇ ਦਿੱਤਾ ਸੀ। ਕਹਿੰਦੇ ਹਨ ਉਸ ਨੇ ਇਕੱਲਿਆਂ ਹੀ ਇਕ ਸ਼ੇਰ ਮਾਰ ਦਿੱਤਾ ਸੀ, ਜਿਸ ਕਾਰਨ ਲੋਹਾਨੀ ਨੇ ਉਸ ਨੂੰ 'ਸ਼ੇਰ ਖਾਨ' ਦੀ ਪਦਵੀ ਦਿੱਤੀ ਸੀ। ਉਸ ਦਾ ਇਹ ਟਾਈਟਲ ਹੀ ਉਸ ਦਾ ਨਾਂਅ ਬਣ ਗਿਆ। ਇਹ ਵੀ ਪੜ੍ਹਨ ਨੂੰ ਮਿਲਦੈ ਕਿ ਸ਼ੇਰ ਨੇ ਲੁਹਾਨੀ ਉੱਪਰ ਹਮਲਾ ਕੀਤਾ ਸੀ ਅਤੇ ਫਰੀਦ ਨੇ ਸ਼ੇਰ ਮਾਰ ਕੇ ਰਾਜੇ ਦੀ ਜਾਨ ਬਚਾਈ, ਜਿਸ ਤੋਂ ਪ੍ਰਸੰਨ ਹੋ ਕੇ ਲੁਹਾਨੀ ਨੇ ਉਸ ਨੂੰ 'ਸ਼ੇਰ ਖਾਨ' ਦਾ ਖਿਤਾਬ ਦਿੱਤਾ। (ਸਮਾਪਤ)


-ਫਗਵਾੜਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX