ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂੰ

ਕਰੇ 'ਮਨਮਰਜ਼ੀਆਂ'

ਤਾਪਸੀ ਨੇ ਹੁਣੇ ਜਿਹੇ 'ਮਨਮਰਜ਼ੀਆਂ' ਤੋਂ ਪਹਿਲਾਂ ਸ਼ਾਦ ਅਲੀ ਦੀ ਫ਼ਿਲਮ 'ਸਿੰਘ ਸੂਰਮੇ' ਕੀਤੀ ਹੈ ਤੇ ਇਸ 'ਚ ਉਸ ਨਾਲ ਦਿਲਜੀਤ ਦੁਸਾਂਝ ਤੇ ਵਨੀਤ ਅਟਵਾਲ ਵੀ ਹਨ। ਤਾਪਸੀ ਦਾ ਝੁਕਾਅ ਅੱਜਕਲ੍ਹ ਵਰੁਣ ਧਵਨ ਵੱਲ ਹੈ। ਤਾਪਸੀ ਸਮਾਜਿਕ ਮੁੱਦਿਆਂ 'ਤੇ ਵੀ ਅਕਸਰ ਬੋਲਦੀ ਰਹਿੰਦੀ ਹੈ। 'ਲਕਸ ਗੋਲਡਨ ਰੋਜ਼ ਐਵਾਰਡ' ਵੀ ਹੁਣੇ ਜਿਹੇ ਤਾਪਸੀ ਨੂੰ ਮਿਲਿਆ ਹੈ। ਤਾਪਸੀ ਕਹਿ ਰਹੀ ਹੈ ਕਿ ਉਹ ਇਕ ਉਤਪਾਦ ਨਾਲ ਮਿਲ ਕੇ ਹੱਡੀਆਂ ਦੀ ਮਜ਼ਬੂਤੀ ਵਾਸਤੇ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੀ ਹੈ। 'ਮਨਮਰਜ਼ੀਆਂ', 'ਸਿੰਘ ਸੂਰਮੇ' ਇਹ ਫ਼ਿਲਮਾਂ ਤਾਪਸੀ ਨੂੰ ਨਵੇਂ ਸਾਲ 'ਚ ਹੋਰ ਅਗਾਂਹ ਵਧਣ ਲਈ ਯੋਗਦਾਨ ਦੇਣਗੀਆਂ। 'ਸਿੰਘ ਸੂਰਮੇ' ਦਾ ਨਾਂਅ 'ਸਿੰਘ ਸੂਰਮੇ' ਤੇ ਸ਼ਾਇਦ ਤਾਪਸੀ ਅਨੁਸਾਰ ਹੁਣ 'ਸੂਰਮਾ' ਹੋਏਗਾ। ਫ਼ਿਲਮ ਦਾ ਟੀਜ਼ਰ ਪੋਸਟਰ ਆ ਗਿਆ ਹੈ। ਹਾਕੀ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ਇਹ ਫ਼ਿਲਮ ਵੀ ਤਾਪਸੀ ਲਈ ਖਾਸ ਹੈ। ਇਸ ਨਾਲ ਉਸ ਦੀਆਂ 'ਮਨਮਰਜ਼ੀਆਂ' ਹੋਰ ਵਧਣਗੀਆਂ।


ਖ਼ਬਰ ਸ਼ੇਅਰ ਕਰੋ

ਕੰਗਨਾ ਰਣੌਤ

ਚੁੱਪ ਹੀ ਭਲੀ

'ਮਣੀਕਰਨਿਕਾ : ਦਾ ਕਵੀਨ' ਫ਼ਿਲਮ ਦੀ ਸ਼ੂਟਿੰਗ ਪਹਾੜਨ ਪਰੀ ਕੰਗਨਾ ਰਣੌਤ ਨੂੰ ਤਾਂ ਘੱਟੋ-ਘੱਟ ਮਹਿੰਗੀ ਪਈ ਹੈ। ਇਸ ਫ਼ਿਲਮ 'ਚ ਕੰਗਨਾ 'ਰਾਣੀ ਲਕਸ਼ਮੀ ਬਾਈ' ਦੀ ਭੂਮਿਕਾ ਨਿਭਾਅ ਰਹੀ ਹੈ। ਜੋਧਪੁਰ ਦੇ ਮੇਹਰਾਨਗੜ੍ਹ ਕਿਲ੍ਹੇ 'ਚ ਇਕ ਐਕਸ਼ਨ ਦ੍ਰਿਸ਼ ਦਿੰਦੇ ਸਮੇਂ ਉਸ ਦੇ ਸੱਟ ਲੱਗ ਗਈ ਤੇ ਫਿਰ ਡਾਕਟਰ ਪੁਲਕਿਤ ਗੋਇਲ ਦੇ ਹਸਪਤਾਲ ਜਾ ਕੇ ਉਸ ਦੀ ਸੱਟ ਦਾ ਇਲਾਜ ਹੋਇਆ ਤੇ ਹੁਣ ਉਹ ਬਿਲਕੁਲ ਠੀਕ ਹੈ। ਬੜਬੋਲੇਪਨ ਲਈ ਮਸ਼ਹੂਰ ਕੰਗਨਾ ਹੁਣ ਇਹ ਗੱਲ ਮੰਨ ਗਈ ਹੈ ਕਿ ਇਸ ਫ਼ਿਲਮੀ ਸੰਸਾਰ ਵਿਚ ਅੜੀਅਲ ਵਤੀਰਾ ਨੁਕਸਾਨਦੇਹ ਹੈ। ਨਵੇਂ ਸਾਲ 'ਚ ਕੰਗਨਾ ਦੀ ਇਹ 'ਰਾਣੀ ਲਕਸ਼ਮੀ ਬਾਈ' ਫ਼ਿਲਮ ਆਉਣੀ ਹੈ। ਇਸ ਫ਼ਿਲਮ 'ਚ ਉਸ ਦੇ ਨਾਲ ਦੀਪਿਕਾ ਪਾਦੂਕੋਨ ਦਾ ਸਾਬਕਾ ਪ੍ਰੇਮੀ ਨਿਹਾਰ ਪੰਡਿਆ ਹੀਰੋ ਹੈ। ਕੰਗਨਾ ਇਸ ਫ਼ਿਲਮ ਲਈ ਬਹੁਤ ਮਿਹਨਤ ਕਰ ਰਹੀ ਹੈ। ਵਿਚਾਰੀ ਕੰਗਨਾ ਲਈ ਇਹ ਸਾਲ ਤਾਂ ਵੈਸੇ ਹੀ ਮੁਸੀਬਤਾਂ ਭਰਿਆ ਰਿਹਾ। ਮੁਸੀਬਤਾਂ ਮਾਰੀ ਕੰਗਨਾ ਨੇ ਇਸ ਕਰਕੇ ਹੀ 'ਪਦਮਾਵਤੀ' 'ਤੇ ਪਈ ਮੁਸੀਬਤ 'ਚ ਆਪਣੇ-ਆਪ ਨੂੰ ਵੱਖ ਰੱਖਣ ਦਾ ਫ਼ੈਸਲਾ ਕੀਤਾ ਹੈ। ਸ਼ਬਾਨਾ ਆਜ਼ਮੀ ਨੇ 'ਪਦਮਾਵਤੀ' ਲਈ 'ਦੀਪਿਕਾ ਬਚਾਓ' ਲਹਿਰ ਆਰੰਭੀ ਹੈ ਪਰ ਕੰਗਨਾ ਨੇ ਸ਼ਬਾਨਾ ਦੇ ਅਪੀਲ ਪੱਤਰ 'ਤੇ ਆਪਣੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਹ ਸਾਫ਼ ਕਹਿ ਰਹੀ ਹੈ ਕਿ ਰਿਤਿਕ ਰੌਸ਼ਨ, ਅਦਿਤਯ ਪੰਚੋਲੀ ਦੇ ਕਰਨ ਜੌਹਰ ਨਾਲ ਪੰਗੇ ਸਮੇਂ ਉਸ ਦਾ ਸਾਥ ਕਿਸੇ ਨੇ ਵੀ ਨਹੀਂ ਦਿੱਤਾ। ਉਸ ਨੂੰ ਪਤਾ ਹੈ ਕਿ ਲੱਖ ਤਮਾਸ਼ੇ ਦੇ ਬਾਅਦ ਵੀ ਉਸ ਦੀਆਂ ਫ਼ਿਲਮਾਂ ਠੀਕ ਨਹੀਂ ਜਾ ਰਹੀਆਂ। ਹੁਣ ਉਸ ਨੇ 'ਮਣੀਕਰਨਿਕਾ : ਦਾ ਕਵੀਨ' 'ਤੇ ਜ਼ੋਰ ਦੇਣਾ ਹੈ। ਬਾਲੀਵੁੱਡ 'ਚ ਦੋਗਲੇ ਲੋਕ ਉਸ ਅਨੁਸਾਰ ਬਹੁਤ ਹਨ। ਇਸ ਸਭ ਤੋਂ ਹੁਣ ਉਹ ਪਰ੍ਹਾਂ ਹੀ ਰਹਿਣਾ ਚਾਹੁੰਦੀ ਹੈ। ਨਵੇਂ ਸਾਲ 'ਚ ਕੀ ਕਰਨਾ ਹੈ? ਕੀ ਰਣਨੀਤੀ ਹੈ? ਤਾਂ ਜਵਾਬ ਇਹੀ ਹੈ ਕਿ ਕੰਗਨਾ ਚੁੱਪ ਰਹਿ ਕੇ ਸਿਰਫ਼ ਤੇ ਸਿਰਫ਼ ਆਪਣੀ ਫ਼ਿਲਮ 'ਮਣੀਕਰਨਿਕਾ : ਦਾ ਕਵੀਨ' 'ਤੇ ਸਾਰਾ ਜ਼ੋਰ ਲਾਏਗੀ। ਸਿਰਫ਼ ਔਰਤਾਂ ਦੇ ਵਿਸ਼ੇ 'ਤੇ ਹੀ ਉਹ ਬੋਲੇਗੀ ਤੇ ਖਾਹਮਖਾਹ ਦੇ ਵਿਵਾਦਾਂ ਤੋਂ ਪਰੇ ਰਹੇਗੀ। 2017 'ਚ ਹੋਏ ਨੁਕਸਾਨ ਦੀ ਭਰਪਾਈ ਨਵੇਂ ਸਾਲ ਹੋ ਜਾਏ, ਇਹੀ ਕੋਸ਼ਿਸ਼ ਕੰਗਨਾ ਦੀ ਰਹੇਗੀ।

ਅਰਜਨ ਕਪੂਰ

ਕਾਮਯਾਬੀ ਦੀ ਉਡੀਕ

'ਹਾਫ਼ ਗਰਲਫਰੈਂਡ' ਤੋਂ ਬਾਅਦ 'ਮੁਬਾਰਕਾਂ' ਪਰ ਕਾਮਯਾਬੀ ਦੀਆਂ ਮੁਬਾਰਕਾਂ ਲੈਣ ਨੂੰ ਤਰਸ ਰਹੇ ਅਭਿਨੇਤਾ ਅਰਜਨ ਕਪੂਰ ਨੂੰ ਹੁਣ ਆਪਣੀ ਨਵੀਂ ਫ਼ਿਲਮ 'ਸੰਦੀਪ ਔਰ ਪਿੰਕੀ ਫਰਾਰ' ਤੋਂ ਨਵੀਆਂ ਆਸਾਂ ਹਨ। ਇਸ ਫ਼ਿਲਮ 'ਚ 32 ਸਾਲ ਦਾ ਹੋ ਚੁੱਕਾ ਅਰਜਨ ਕਪੂਰ ਹਰਿਆਣਵੀ ਪੁਲਿਸ ਅਫ਼ਸਰ ਦੀ ਭੂਮਿਕਾ 'ਚ ਨਜ਼ਰ ਆਏਗਾ। ਅਰਜਨ ਨੇ ਆਪਣੇ ਕਿਰਦਾਰ ਵਿਚ ਜਾਨ ਪਾਉਣ ਲਈ ਬਾਕਾਇਦਾ ਪੁਲਿਸ ਅਕੈਡਮੀ ਜਾ ਕੇ ਪੁਲਿਸ ਵਾਲਿਆਂ ਦਾ ਰਹਿਣ-ਸਹਿਣ ਦੇਖਿਆ। ਅਰਜਨ ਚਾਹੁੰਦਾ ਹੈ ਕਿ ਉਹ ਆਪਣੇ ਕਿਰਦਾਰ 'ਚ ਜਾਨ ਪਾਏ ਤੇ ਘੱਟੋ-ਘੱਟ ਨਵੇਂ ਸਾਲ 'ਚ ਉਹ ਸਥਾਨ ਹਾਸਿਲ ਕਰੇ, ਜਿਸ ਤੋਂ ਉਹ ਅਜੇ ਤੱਕ ਵਾਂਝਾ ਹੈ। 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ ਲਈ ਪਿਛਲੇ ਹਫ਼ਤੇ ਅਰਜਨ ਨੇ ਪਿਥੌਹਾਗੜ੍ਹ ਸ਼ਹਿਰ ਦੇ ਝੂਲਾਘਾਟ ਨੂੰ ਪਹਿਲਾਂ ਦੇਖਿਆ। ਫਿਰ ਚਾਰਟਰਡ ਜਹਾਜ਼ 'ਤੇ ਉਹ ਨੈਨੀ ਸੈਨੀ ਹਵਾਈ ਅੱਡੇ 'ਤੇ ਪਹੁੰਚਿਆ। ਯਸ਼ਰਾਜ ਬੈਨਰ ਦੀ ਇਸ ਫ਼ਿਲਮ 'ਚ ਅਰਜਨ ਦੇ ਨਾਲ ਪਰਣੀਤੀ ਚੋਪੜਾ ਹੈ। ਅਰਜਨ ਨੇ ਸਿਮਲਗੈਰ ਬਾਜ਼ਾਰ, ਮੇਘਨਾ ਕੰਪਲੈਕਸ ਤੇ ਕਾਲੀ ਨਦੀ ਵਿਖੇ ਇਸ ਫ਼ਿਲਮ ਲਈ ਦ੍ਰਿਸ਼ ਦਿੱਤੇ। ਅਰਜਨ ਨੇ ਇਸ ਜਾ ਰਹੇ ਸਾਲ ਦਾ ਲੇਖਾ-ਜੋਖਾ ਕੀਤਾ ਤੇ ਮਹਿਸੂਸ ਕੀਤਾ ਕਿ ਅਜੇ ਉਹ ਪੂਰਾ ਕਾਮਯਾਬ ਹੀਰੋ ਨਹੀਂ ਹੈ ਤੇ 'ਸੰਦੀਪ ਔਰ ਪਿੰਕੀ ਫਰਾਰ' ਦੀ ਕਾਯਮਾਬੀ ਇਸ ਪਾਸੇ ਉਸ ਨੂੰ ਲਿਜਾ ਸਕਦੀ ਹੈ।

ਜੈਕਲਿਨ

ਭਾਗਾਂਵਾਲੀ ਨਾਇਕਾ

ਜੈਕਲਿਨ ਫਰਨਾਂਡਿਜ਼ ਦੀ ਨਵੀਂ ਫ਼ਿਲਮ 'ਡਰਾਈਵ' ਸੈੱਟ 'ਤੇ ਹੈ। ਇਸ 'ਚ ਉਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਹੈ। ਪਹਿਲੀ ਵਾਰ ਜੈਕੀ ਉਸ ਦੇਸ਼ 'ਚ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜੋ ਤੇਲ ਦਾ ਘਰ ਹੈ। ਜੈਕੀ 'ਡਰਾਈਵ' ਦੀ ਸ਼ੂਟਿੰਗ ਇਜ਼ਰਾਈਲ ਦੇ ਸ਼ਹਿਰ ਤੇਲਅਵੀਵ 'ਚ ਕਰ ਰਹੀ ਹੈ। 'ਦੋਸਤਾਨਾ' ਵਾਲੇ ਤਰੁਨ ਮਨਸੁਖਾਨੀ ਨਾਲ ਜੈਕੀ 'ਡਰਾਈਵ' ਕਰ ਰਹੀ ਹੈ। ਜੈਕੀ ਅਨੁਸਾਰ ਇਹ ਫ਼ਿਲਮ ਕਾਰ ਦੌੜ 'ਤੇ ਆਧਾਰਿਤ ਹੈ। 'ਰੇਸ-3' ਵੀ ਇਸ ਸਮੇਂ ਜੈਕਲਿਨ ਕਰ ਰਹੀ ਹੈ। ਹਾਂ, ਉਸ ਨੇ ਨਵੀਂ ਗੱਲ ਇਹ ਦੱਸੀ ਹੈ ਕਿ ਇਹ ਅਫ਼ਵਾਹ ਹੈ ਕਿ ਉਹ 'ਰੇਸ-3' 'ਚ ਪੁਲਿਸ ਅਫ਼ਸਰ ਬਣ ਰਹੀ ਹੈ। ਜੈਕੀ ਬਹੁਤ ਖੁਸ਼ ਹੈ ਕਿ 'ਰੇਸ-3' 'ਚ ਬਹੁਤ ਜ਼ਿਆਦਾ ਮਾਰਧਾੜ ਹੈ। 'ਜੁੜਵਾਂ-2' ਦੀ ਕਾਮਯਾਬੀ 'ਤੇ ਫਿਰ ਸਲਮਾਨ ਨਾਲ 'ਰੇਸ-3' ਨਵਾਂ ਸਾਲ ਜੈਕੀ ਲਈ ਭਾਗਾਂ ਭਰਿਆ ਹੋਏਗਾ। ਕਰਨ ਜੌਹਰ ਦੀ ਤੁਰਨ ਮਨਸੁਖਾਨੀ ਦੁਆਰਾ ਡਾਇਰੈਕਟ ਕੀਤੀ ਜਾ ਰਹੀ 'ਡਰਾਈਵ' 2 ਮਾਰਚ, 2018 ਨੂੰ ਆਏਗੀ। ਨਵੀਂ ਗੱਲ ਇਹ ਹੈ ਕਿ ਅਨੁਸ਼ਕਾ ਸ਼ਰਮਾ ਦੇ ਵਿਆਹ ਦਾ ਚਾਅ ਜੈਕੀ ਨੂੰ ਬਹੁਤ ਜ਼ਿਆਦਾ ਹੈ। ਹਾਂ ਨਾਲ ਹੀ ਕਹਿ ਰਹੀ ਹੈ ਕਿ ਹਾਲੇ ਉਸ ਨੂੰ ਵਿਆਹ ਦਾ ਕਾਰਡ ਨਹੀਂ ਮਿਲਿਆ। ਇਸ ਲਈ ਕੁਝ ਜ਼ਿਆਦਾ ਕਿਹਾ ਤਾਂ ਅਨੁਸ਼ਕਾ ਉਸ ਦੀ ਜਾਨ ਕੱਢ ਲਏਗੀ। ਜੈਕੀ ਕਿੰਨੀ ਖੁਸ਼ਨਸੀਬ ਹੈ ਕਿ ਸਲਮਾਨ ਖ਼ਾਨ ਦੀਆਂ ਮਿਹਰਬਾਨੀਆਂ ਉਸ 'ਤੇ ਜਾਰੀ ਹਨ। ਰਮੇਸ਼ ਤੌਰਾਨੀ-ਰੇਮੋ ਡਿਸੂਜ਼ਾ ਦੀ ਫ਼ਿਲਮ 'ਚ ਹੀਰੋਇਨ ਦਾ ਕੰਮ ਨਾ ਦੇ ਬਰਾਬਰ ਹੁੰਦਾ ਹੈ ਪਰ ਹੀਰੋ ਖੁਦ ਸਲਮਾਨ ਸਿਫਾਰਸ਼ ਕਰੇ ਤਾਂ ਦੋਵੇਂ ਚੁੱਪ। ਸੱਲੂ ਜੀ ਦੀ ਹਾਂ 'ਚ ਹਾਂ ਮਿਲਾ ਦਿੱਤੀ ਗਈ ਹੈ। ਲਿਹਾਜ਼ਾ 'ਡਰਾਈਵ' ਕਰ ਰਹੀ 'ਜੁੜਵਾਂ-2' ਵਾਲੀ ਜੈਕਲਿਨ ਫਰਨਾਂਡਿਜ਼ ਦਾ ਦਮਦਾਰ ਕਿਰਦਾਰ 'ਰੇਸ-3' 'ਚ ਬਣ ਰਿਹਾ ਹੈ। ਜੈਕਲਿਨ ਲਈ ਨਵੇਂ ਸਾਲ ਦੀ ਈਦ-ਦੀਵਾਲੀ ਸਲਮਾਨ ਦੀ ਬਦੌਲਤ ਸ਼ੁੱਭ ਹੋਏਗੀ, ਭਵਿੱਖਬਾਣੀ ਹੈ। ਬਾਕੀ ਚੜ੍ਹਦੇ ਸਾਲ ਉਹ 'ਡਰਾਈਵ' ਨਾਲ ਤਾਂ ਹਾਜ਼ਰ ਹੋ ਹੀ ਰਹੀ ਹੈ।


-ਸੁਖਜੀਤ ਕੌਰ

ਦਿਵਿਆ ਖੋਸਲਾ ਕੁਮਾਰ ਬਣੀ 'ਬੁਲਬੁਲ'

ਇੰਟਰਨੈੱਟ 'ਤੇ ਆਧੁਨਿਕ ਮੋਬਾਈਲ ਫੋਨ ਦੇ ਆਉਣ ਤੋਂ ਬਾਅਦ ਬਾਲੀਵੁੱਡ ਵਿਚ ਲਘੂ ਫ਼ਿਲਮਾਂ ਦੇ ਨਿਰਮਾਣ ਦਾ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ। ਆਮ ਤੌਰ 'ਤੇ ਇਹ ਫ਼ਿਲਮਾਂ ਵੀਹ-ਤੀਹ ਮਿੰਟ ਦੀਆਂ ਹੁੰਦੀਆਂ ਹਨ। 'ਬੁਲਬੁਲ' ਦਾ ਸਮਾਂ 21 ਮਿੰਟ ਦਾ ਹੈ। ਮੁੱਖ ਤੌਰ 'ਤੇ ਸ਼ਿਮਲਾ ਵਿਚ ਫ਼ਿਲਮਾਈ ਗਈ ਇਸ ਲਘੂ ਫ਼ਿਲਮ ਵਿਚ ਦਿਵਿਆ ਖੋਸਲਾ ਕੁਮਾਰ ਵਲੋਂ ਬੁਲਬੁਲ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਆਸ਼ਿਸ਼ ਪਾਂਡਾ, ਜੋ ਕਿ 'ਯਾਰੀਆਂ' ਤੇ 'ਸਨਮ ਰੇ' ਵਿਚ ਦਿਵਿਆ ਖੋਸਲਾ ਨਾਲ ਸਹਾਇਕ ਨਿਰਦੇਸ਼ਕ ਸਨ।
ਇਹ ਲਘੂ ਫ਼ਿਲਮ ਸਵਰਗੀ ਨਿਰਦੇਸ਼ਕ ਕੁੰਦਨ ਸ਼ਾਹ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਸੰਵਾਦ ਘੱਟ ਹਨ ਅਤੇ ਅਭਿਨੈ ਦੇ ਸਹਾਰੇ ਕਹਾਣੀ ਨੂੰ ਅੱਗੇ ਵਧਾਇਆ ਗਿਆ ਹੈ। ਇਸ ਤਰ੍ਹਾਂ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਦਿਵਿਆ ਖੋਸਲਾ ਲਈ ਇਸ ਵਿਚ ਕੰਮ ਕਰਨਾ ਬਹੁਤ ਚੁਣੌਤੀਪੂਰਨ ਰਿਹਾ ਸੀ।
ਇਸ ਚੁਣੌਤੀ ਬਾਰੇ ਉਹ ਕਹਿੰਦੀ ਹੈ, 'ਇਸ ਫ਼ਿਲਮ ਰਾਹੀਂ ਤਕਰੀਬਨ 12 ਸਾਲ ਬਾਅਦ ਅਭਿਨੈ ਵਿਚ ਮੇਰੀ ਵਾਪਸੀ ਹੋਈ ਹੈ। 'ਅਬ ਤੁਮਾਹਰੇ ਹਵਾਲੇ ਵਤਨ ਸਾਥੀਓ' ਵਿਚ ਕੰਮ ਕਰਨ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਅਤੇ ਮੈਂ ਘਰ-ਗ੍ਰਹਿਸਥੀ ਵਿਚ ਰੁਝ ਗਈ। ਫਿਰ ਕੁਝ ਵੀਡੀਓ ਐਲਬਮਾਂ ਵਿਚ ਕੰਮ ਕੀਤਾ ਅਤੇ ਦੋ ਫ਼ਿਲਮਾਂ ਨਿਰਦੇਸ਼ਿਤ ਕੀਤੀਆਂ। ਜਦੋਂ ਮੈਂ 'ਯਾਰੀਆਂ' ਨਿਰਦੇਸ਼ਿਤ ਕਰਨ ਜਾ ਰਹੀ ਸੀ ਉਦੋਂ ਇਸ ਦੇ ਕਲਾਕਾਰਾਂ ਨੂੰ ਲੈ ਕੇ ਵਰਕਸ਼ਾਪ ਆਯੋਜਿਤ ਕੀਤੀ ਸੀ ਅਤੇ ਇਸ ਵਰਕਸ਼ਾਪ ਦੀ ਬਦੌਲਤ ਮੈਨੂੰ ਵੀ ਅਭਿਨੈ ਦੀਆਂ ਬਾਰੀਕੀਆਂ ਬਾਰੇ ਨਵੀਂ ਜਾਣਕਾਰੀ ਮਿਲੀ ਅਤੇ ਇਸ ਦਾ ਫਾਇਦਾ ਹੁਣ ਬੁਲਬੁਲ ਦੇ ਕਿਰਦਾਰ ਨੂੰ ਨਿਭਾਉਣ ਵਿਚ ਮਿਲਿਆ।' ਹੁਣ ਦਿਵਿਆ ਖੋਸਲਾ ਦੇ ਰੂਪ ਵਿਚ ਭਾਵੁਕ ਅਭਿਨੇਤਰੀ ਦੀ ਅਭਿਨੈ ਵਿਚ ਵਾਪਸੀ ਹੋਈ ਹੈ। ਲਘੂ ਫ਼ਿਲਮ ਤੋਂ ਹੀ ਸਹੀ, ਪਰ ਉਨ੍ਹਾਂ ਦੀ ਵਾਪਸੀ ਦਾ ਸਵਾਗਤ ਹੈ।

ਦੋ ਸਾਲ ਦੀ ਬੱਚੀ ਵਲੋਂ ਨਿਭਾਈ 'ਪੀਹੂ' ਦੀ ਭੂਮਿਕਾ

ਟੀ.ਵੀ. ਪੱਤਰਕਾਰਿਤਾ ਤੋਂ ਫ਼ਿਲਮ ਨਿਰਦੇਸ਼ਨ ਵਿਚ ਆਏ ਵਿਨੋਦ ਕਾਪੜੀ ਨੇ ਆਪਣੀ ਪਹਿਲੀ ਫ਼ਿਲਮ 'ਮਿਸ ਟਨਕਪੁਰ ਹਾਜ਼ਿਰ ਹੋ' ਵਿਚ ਇਕ ਮੱਝ ਨੂੰ ਨਿਰਦੇਸ਼ਿਤ ਕੀਤਾ ਸੀ। ਹੁਣ ਆਪਣੀ ਦੂਜੀ ਫ਼ਿਲਮ 'ਪੀਹੂ' ਵਿਚ ਉਨ੍ਹਾਂ ਨੇ ਦੋ ਸਾਲ ਦੀ ਬੱਚੀ ਨੂੰ ਨਿਰਦੇਸ਼ਿਤ ਕੀਤਾ ਹੈ। ਖੂਬੀ ਦੀ ਗੱਲ ਇਹ ਹੈ ਕਿ 90 ਮਿੰਟ ਦੇ ਸਮੇਂ ਵਾਲੀ ਇਸ ਪੂਰੀ ਫ਼ਿਲਮ ਵਿਚ ਪੀਹੂ ਹੀ ਇਕ ਮਾਤਰ ਕਲਾਕਾਰ ਹੈ। ਇਸ ਫ਼ਿਲਮ ਦੀ ਇਹ ਖ਼ਾਸ ਗੱਲ ਦੇਖ ਕੇ ਸਾਲ 1964 ਵਿਚ ਆਈ ਫ਼ਿਲਮ 'ਯਾਦੇਂ' ਦੀਆਂ ਯਾਦਾਂ ਤਾਜ਼ਾ ਹੋ ਜਾਣਾ ਸੁਭਾਵਿਕ ਹੀ ਹੈ। ਉਸ ਫ਼ਿਲਮ ਦੇ ਇਕਲੌਤੇ ਕਲਾਕਾਰ ਸੁਨੀਲ ਦੱਤ ਸਨ ਅਤੇ ਪੂਰੀ ਫ਼ਿਲਮ ਉਨ੍ਹਾਂ 'ਤੇ ਫ਼ਿਲਮਾਈ ਗਈ ਸੀ। ਉਦੋਂ ਇਸ ਫ਼ਿਲਮ ਦੇ ਟਾਈਟਲ ਵਿਚ 'ਵਰਲਡ'ਜ਼ ਫਰਸਟ ਵਨ ਐਕਟਰ ਮੂਵੀ' ਦਾ ਦਾਅਵਾ ਪੇਸ਼ ਕੀਤਾ ਗਿਆ ਸੀ। 'ਪੀਹੂ' ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਮੂਲ ਘਟਨਾ ਵਿਚ ਮੁੰਡਾ ਸੀ ਅਤੇ ਉਸ ਦੀ ਉਮਰ ਪੰਜ ਸਾਲ ਸੀ। ਇਥੇ ਪੰਜ ਸਾਲ ਦੇ ਮੁੰਡੇ ਦੀ ਬਜਾਏ ਦੋ ਸਾਲ ਦੀ ਕੁੜੀ ਦਿਖਾਉਣ ਬਾਰੇ ਵਿਨੋਦ ਕਾਪੜੀ ਕਹਿੰਦੇ ਹਨ, 'ਅੱਜਕਲ੍ਹ ਦੇ ਪੰਜ ਸਾਲ ਦੇ ਬੱਚੇ ਸਮਝਦਾਰ ਹੋ ਗਏ ਹੁੰਦੇ ਹਨ। ਪਰ ਮੁੰਡਿਆਂ ਦੀ ਬਜਾਏ ਕੁੜੀਆਂ ਪ੍ਰਤੀ ਜਲਦੀ ਸੰਵੇਦਨਾਵਾਂ ਪ੍ਰਗਟ ਹੁੰਦੀਆਂ ਹਨ। ਇਹ ਦੇਖ ਕੇ ਫ਼ਿਲਮ ਲਈ ਦੋ ਸਾਲ ਦੀ ਕੁੜੀ ਦੇ ਆਲੇ-ਦੁਆਲੇ ਕਹਾਣੀ ਬੁਣੀ ਗਈ ਹੈ। ਫ਼ਿਲਮ ਵਿਚ ਇਕ ਇਸ ਤਰ੍ਹਾਂ ਦੀ ਬੱਚੀ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਸ ਦੇ ਮਾਤਾ-ਪਿਤਾ ਦੋਵੇਂ ਨੌਕਰੀਪੇਸ਼ਾ ਹਨ। ਉਹ ਜਦੋਂ ਘਰ ਤੋਂ ਬਾਹਰ ਜਾਂਦੇ ਹਨ ਤਾਂ ਘਰ ਵਿਚ ਇਕੱਲੀ ਰਹਿ ਰਹੀ ਬੱਚੀ ਖ਼ੁਦ ਨੂੰ ਫਰਿੱਜ ਵਿਚ ਬੰਦ ਕਰ ਲੈਂਦੀ ਹੈ। ਫਿਰ ਕੀ ਹੁੰਦਾ ਹੈ, ਇਹ ਇਸ ਦੀ ਕਹਾਣੀ ਹੈ। ਵਰਣਨਯੋਗ ਗੱਲ ਇਹ ਹੈ ਕਿ ਵਿਨੋਦ ਜਦੋਂ ਇਸ ਫ਼ਿਲਮ ਦੇ ਨਿਰਮਾਣ ਦੀ ਯੋਜਨਾ ਬਣਾ ਰਹੇ ਸਨ, ਉਦੋਂ ਉਸ ਦੇ ਦਿਮਾਗ ਵਿਚ ਫ਼ਿਲਮ ਬਾਰੇ ਕੋਈ ਟਾਈਟਲ ਨਹੀਂ ਸੀ। ਇਕ ਪਾਰਟੀ ਵਿਚ ਜਦੋਂ ਉਹ ਇਕ ਛੋਟੀ ਬੱਚੀ ਨੂੰ ਮਿਲੇ ਅਤੇ ਉਸ ਨੂੰ ਫ਼ਿਲਮ ਲਈ ਕਾਸਟ ਕਰ ਲਿਆ ਗਿਆ ਤਾਂ ਉਦੋਂ ਪਤਾ ਲੱਗਿਆ ਕਿ ਇਸ ਬੱਚੀ ਦਾ ਨਾਂਅ ਮਾਇਰਾ ਵਿਸ਼ਵਕਰਮਾ ਹੈ ਅਤੇ ਉਸ ਦੇ ਘਰ ਦਾ ਨਾਂਅ ਪੀਹੂ ਹੈ। ਉਨ੍ਹਾਂ ਨੂੰ ਇਹ ਨਾਂਅ ਏਨਾ ਵਧੀਆ ਲੱਗਿਆ ਕਿ ਫ਼ਿਲਮ ਦਾ ਨਾਂਅ ਹੀ 'ਪੀਹੂ' ਰੱਖ ਦਿੱਤਾ। ਉਹ ਖ਼ੁਦ ਮੰਨਦੇ ਹਨ ਕਿ ਦੋ ਸਾਲ ਦੀ ਬੱਚੀ ਦੇ ਨਾਲ ਸ਼ੂਟਿੰਗ ਕਰਦੇ ਸਮੇਂ ਬਹੁਤ ਹੌਸਲੇ ਤੋਂ ਕੰਮ ਲੈਣਾ ਪੈਂਦਾ ਸੀ ਅਤੇ ਕਈ ਵਾਰ ਜਦੋਂ ਉਸ ਦਾ ਮੂਡ ਖਰਾਬ ਹੋ ਜਾਂਦਾ ਤਾਂ ਉਦੋਂ ਉਸ ਨੂੰ ਕੇਕ, ਚਾਕਲੇਟ ਜਾਂ ਗੁੱਡੀਆਂ ਦਾ ਲਾਲਚ ਦੇ ਕੇ ਕੰਮ ਕਢਵਾਇਆ ਗਿਆ ਸੀ।


-ਮੁੰਬਈ ਪ੍ਰਤੀਨਿਧ

ਅਨੁਸ਼ਕਾ ਸ਼ਰਮਾ ਵਧਾਈਆਂ

ਹਿੰਦੀ ਫ਼ਿਲਮਾਂ ਦੀ ਹਰਮਨ-ਪਿਆਰੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਹੁਣ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਧਰਮਪਤਨੀ ਬਣ ਗਈ ਹੈ। ਇਟਲੀ ਦਾ ਸ਼ਹਿਰ ਟਸਕਨੀ ਉਥੋਂ ਦਾ 'ਬੋਰਗੋ ਫਿਨੋਸਿਟੋ ਰਿਜ਼ਾਰਟ' ਜਿਥੇ ਮਈ, 2017 'ਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਛੁੱਟੀਆਂ ਮਨਾਈਆਂ ਸਨ, ਵਿਖੇ ਅਨੁਸ਼ਕਾ ਦੇ ਵਿਆਹ ਦੀਆਂ ਰਸਮਾਂ ਹੋਈਆਂ। ਇਹ ਗੱਲਾਂ ਅਨੁਸ਼ਕਾ ਦੇ ਟਵਿੱਟਰ ਅਕਾਊਂਟ 'ਤੇ ਤਸਵੀਰਾਂ ਸਮੇਤ ਆਈਆਂ ਹਨ। ਹੁਣ 21 ਦਸੰਬਰ ਨੂੰ ਦਿੱਲੀ 'ਚ ਵੱਡੀ ਪਾਰਟੀ ਤੇ 26 ਨੂੰ ਮੁੰਬਈ 'ਚ ਅਨੁਸ਼ਕਾ ਦਾ ਪਰਿਵਾਰ, ਕਰੀਬੀ ਤੇ ਫ਼ਿਲਮ ਇੰਡਸਟਰੀ ਇਕੱਠੀ ਹੋਏਗੀ ਤੇ ਨਵ-ਵਿਆਹੀ ਅਨੂ ਨੂੰ ਸ਼ਗਨ ਪੈਣਗੇ। ਇਸ ਤੋਂ ਬਾਅਦ ਨਵਾਂ ਸਾਲ ਅਨੂੁ-ਵਿਰਾਟ ਕੋਹਲੀ ਨਾਲ ਦੱਖਣੀ ਅਫਰੀਕਾ-ਭਾਰਤ ਕ੍ਰਿਕਟ ਲੜੀ ਖੇਡਣ ਜਾ ਰਿਹਾ ਹੈ। ਜੀ ਹਾਂ ਅਨੂ ਨੂੰ ਵੀ ਇਟਲੀ 'ਚ ਹੋਏ ਵਿਆਹ ਦੇ ਵਧਾਈ ਸੁਨੇਹੇ ਮਿਲਣੇ ਸ਼ੁਰੂ ਹੋ ਗਏ ਹਨ। ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਤੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਵਧਾਈ ਭੇਜੀ ਹੈ। ਬਈ ਅਨੂ ਨੇ ਸ਼ਾਦੀ 'ਚ ਭੰਗੜਾ ਦੇਖ ਕੇ ਆਪ ਨੱਚਣ ਦਾ ਵੀ ਮਨ ਬਣਾਇਆ ਸੀ ਤੇ ਉਸ ਨੇ ਗਿੱਧਾ ਵੀ ਪਾਇਆ। ਹੁਣ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਅਨੁਸ਼ਕਾ ਨੂੰ ਸ਼ਗਨ ਦੇ ਲਿਫ਼ਾਫ਼ੇ ਭੇਟ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਕਪਤਾਨ ਦੀ ਡੋਰ ਹੁਣ ਅਨੂ ਹੱਥ ਹੀ ਤਾਂ ਹੈ। ਟਵਿੱਟਰ ਵਧਾਈਆਂ ਨਾਲ ਭਰ ਰਹੀ ਹੈ। ਅਨੂ ਦੇ ਪਿਤਾ ਅਜੈ ਸ਼ਰਮਾ ਤੇ ਮਾਂ ਆਸ਼ਿਮਾ ਨੇ ਧੀ ਅਨੂ ਦੇ ਨਵੇਂ ਵਿਆਹੁਤਾ ਜੀਵਨ ਲਈ ਆਪਣੀ ਤਰਫ਼ੋਂ ਸਫ਼ਲਤਾ ਹਿਤ ਰਹਿਣ ਲਈ ਕੋਈ ਕਸਰ ਨਹੀਂ ਛੱਡੀ। ਭਰਾ ਕਰਨੇਸ਼ ਸ਼ਰਮਾ ਨੇ ਭੈਣ ਅਨੂ ਨੂੰ ਸਦਾ ਸੁਖੀ ਰਹੋ ਦਾ ਅਸ਼ੀਰਵਾਦ ਦਿੱਤਾ ਹੈ।

ਹੁਣ ਸਾਜਨ ਚਲੇ ਸਸੁਰਾਲ-2

ਹੁਣ ਜਦੋਂ 'ਜੁੜਵਾਂ-2' ਹਿੱਟ ਰਹੀ ਤਾਂ ਫ਼ਿਲਮ ਵਾਲੇ ਇਹ ਖੰਗਾਲਣ ਵਿਚ ਲੱਗ ਗਏ ਹਨ ਕਿ ਕਿਹੜੀਆਂ ਪੁਰਾਣੀਆਂ ਹਿੱਟ ਫ਼ਿਲਮਾਂ ਨੂੰ ਬਣਾਇਆ ਜਾ ਸਕਦਾ ਹੈ। ਇਸੇ ਲੜੀ ਵਿਚ ਹੁਣ ਨਿਰਮਾਤਾ ਮੰਸੂਰ ਅਹਿਮਦ ਸਿਦੀਕੀ ਨੇ 'ਸਾਜਨ ਚਲੇ ਸਸੁਰਾਲ-2' ਬਣਾਉਣ ਦਾ ਐਲਾਨ ਕੀਤਾ ਹੈ।
ਲਗਪਗ 21 ਸਾਲ ਪਹਿਲਾਂ ਗੋਵਿੰਦਾ, ਤੱਬੂ, ਕ੍ਰਿਸ਼ਮਾ ਕਪੂਰ ਅਤੇ ਸਤੀਸ਼ ਕੌਸ਼ਿਕ ਨੂੰ ਚਮਕਾਉਂਦੀ 'ਸਾਜਨ ਚਲੇ ਸਸੁਰਾਲ' ਪ੍ਰਦਰਸ਼ਿਤ ਹੋਈ ਸੀ ਅਤੇ ਇਹ ਡੇਵਿਡ ਧਵਨ ਵਲੋਂ ਨਿਰਦੇਸ਼ਿਤ ਕੀਤੀ ਗਈ ਸੀ। ਇਸ ਦਾ ਨਿਰਮਾਣ ਮੰਸੂਰ ਅਹਿਮਦ ਸਿਦੀਕੀ ਵਲੋਂ ਕੀਤਾ ਗਿਆ ਸੀ। ਆਪਣੇ ਬੈਨਰ ਅਨਸ ਫ਼ਿਲਮਜ਼ ਮਾਨਸ 'ਰੰਗ', 'ਤਾਕਤ', 'ਬਧਾਈ ਹੋ ਬਧਾਈ' ਤੇ 'ਦਿਲ ਨੇ ਫਿਰ ਯਾਦ ਕੀਆ' ਦਾ ਨਿਰਮਾਣ ਵੀ ਉਨ੍ਹਾਂ ਨੇ ਕੀਤਾ ਸੀ ਅਤੇ ਫਿਰ ਲੰਬੇ ਸਮੇਂ ਲਈ ਫ਼ਿਲਮ ਨਿਰਮਾਣ ਤੋਂ ਦੂਰੀ ਬਣਾ ਲਈ ਸੀ।
ਹੁਣ 'ਸਾਜਨ ਚਲੇ ਸਸੁਰਾਲ-2' ਰਾਹੀਂ ਉਹ ਫ਼ਿਲਮ ਨਿਰਮਾਣ ਵਿਚ ਦੁਬਾਰਾ ਸਰਗਰਮ ਹੋਏ ਹਨ ਅਤੇ ਇਸ ਨਵੀਂ ਫ਼ਿਲਮ ਦੇ ਲੇਖਕ-ਨਿਰਦੇਸ਼ਕ ਹਨ ਐਨ. ਐਨ. ਸਿਦੀਕੀ, ਪੁਰਾਣੀ 'ਸਾਜਨ...' ਵਿਚ ਜਿਥੇ ਦੋ ਹੀਰੋਇਨਾਂ ਸਨ, ਉਥੇ ਇਸ ਨਵੀਂ ਫ਼ਿਲਮ ਵਿਚ ਤਿੰਨ ਹੀਰੋਇਨਾਂ ਹੋਣਗੀਆਂ। ਇਨ੍ਹਾਂ ਵਿਚੋਂ ਇਕ ਹੀਰੋਇਨ ਦੇ ਤੌਰ 'ਤੇ ਦੀਪਾਲੀ ਸਈਅਦ ਨੂੰ ਚੁਣ ਲਿਆ ਗਿਆ ਹੈ। ਕਈ ਮਰਾਠੀ ਤੇ ਭੋਜਪੁਰੀ ਫ਼ਿਲਮਾਂ ਕਰ ਚੁੱਕੀ ਦੀਪਾਲੀ ਦੇ ਨਾਂਅ ਕਈ ਪੰਜਾਬੀ ਵੀਡੀਓ ਐਲਬਮ ਵੀ ਹਨ। ਦੱਖਣ ਵਿਚ ਅੱਠ ਫ਼ਿਲਮਾਂ ਕਰਨ ਵਾਲੀ ਸੋਨਲ ਮਾਂਟੇਰੀਓ ਨੂੰ ਵੀ ਇਸ ਵਿਚ ਚਮਕਾਇਆ ਜਾ ਰਿਹਾ ਹੈ।
ਹੈਦਰਾਬਾਦੀ ਫ਼ਿਲਮਾਂ ਦੇ ਨਾਮੀ ਕਾਮੇਡੀਅਨ ਅਦਨਾਨ ਸਾਜਿਦ ਉਰਫ ਗੁੱਲੂ ਦਾਹਾ ਇਸ ਨਵੀਂ ਫ਼ਿਲਮ ਵਿਚ ਮੁੱਤੂ ਦੀ ਭੂਮਿਕਾ ਨਿਭਾਉਣਗੇ। ਉਸ ਪੁਰਾਣੀ ਫ਼ਿਲਮ ਵਿਚ ਇਹ ਭੂਮਿਕਾ ਸਤੀਸ਼ ਕੌਸ਼ਿਕ ਵਲੋਂ ਨਿਭਾਈ ਗਈ ਸੀ। ਨਿਰਮਾਤਾ ਅਨੁਸਾਰ ਹੀਰੋ ਦੀ ਭੂਮਿਕਾ ਲਈ ਬਾਲੀਵੁੱਡ ਦੇ ਕੁਝ ਵੱਡੇ ਹੀਰੋਆਂ ਦੇ ਨਾਂਅ 'ਤੇ ਸੋਚ-ਵਿਚਾਰ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹੀਰੋ ਦੇ ਨਾਂਅ ਦਾ ਵੀ ਐਲਾਨ ਕੀਤਾ ਜਾਵੇਗਾ। ਐਨ. ਐਨ. ਸਿਦੀਕੀ ਅਨੁਸਾਰ ਇਸ ਨਵੀਂ ਫ਼ਿਲਮ ਦੀ ਕਹਾਣੀ ਪੁਰਾਣੀ ਫ਼ਿਲਮ ਤੋਂ ਬਿਲਕੁਲ ਵੱਖਰੀ ਹੈ ਅਤੇ ਇਸ ਨੂੰ ਅੱਜ ਦੇ ਦਰਸ਼ਕਾਂ ਅਨੁਸਾਰ ਬਣਾਇਆ ਜਾਵੇਗਾ। ਇਸ ਦੀ ਸ਼ੂਟਿੰਗ ਅਗਲੇ ਸਾਲ ਮਾਰਚ ਵਿਚ ਸ਼ੁਰੂ ਹੋਵੇਗੀ ਅਤੇ ਵਿਦੇਸ਼ ਵਿਚ ਵੀ ਇਹ ਸ਼ੂਟ ਕੀਤੀ ਜਾਵੇਗੀ। ਦੀਪਾਲੀ ਸਈਅਦ ਨੇ ਭੋਜਪੁਰੀ ਵਿਚ 'ਸਾਜਨ ਚਲੇ ਸਸੁਰਾਲ' ਵਿਚ ਅਭਿਨੈ ਕੀਤਾ ਸੀ ਅਤੇ ਹੁਣ ਹਿੰਦੀ ਵਿਚ ਵੀ ਇਸੇ ਨਾਂਅ ਵਾਲੀ ਫ਼ਿਲਮ ਵਿਚ ਉਸ ਨੂੰ ਮੌਕਾ ਮਿਲਿਆ ਹੈ। ਦੀਪਾਲੀ ਦਾ ਦਾਅਵਾ ਹੈ ਕਿ ਪੁਰਾਣੀ ਫ਼ਿਲਮ ਦੀ ਤਰਜ਼ 'ਤੇ ਇਹ ਫ਼ਿਲਮ ਵੀ ਕਾਮੇਡੀ ਨਾਲ ਭਰੀ ਹੋਵੇਗੀ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।
ਦੀਪਾਲੀ ਦੀ ਗੱਲ ਜੇਕਰ ਸੱਚ ਸਾਬਤ ਹੁੰਦੀ ਹੈ ਤਾਂ ਇਹ ਕਹਿਣਾ ਹੋਵੇਗਾ ਕਿ ਜਿਸ ਤਰ੍ਹਾਂ 'ਜੁੜਵਾ' ਤੋਂ ਬਾਅਦ 'ਜੁੜਵਾ-2' ਨੇ ਸਫ਼ਲਤਾ ਦਾ ਇਤਿਹਾਸ ਦੁਹਰਾਇਆ, ਉਸੇ ਤਰਜ਼ 'ਤੇ 'ਸਾਜਨ ਚਲੇ ਸਸੁਰਾਲ-2' ਵੀ ਆਪਣੇ ਪਹਿਲੇ ਵਰਸ਼ਨ ਦੀ ਸਫ਼ਲਤਾ ਦਾ ਇਤਿਹਾਸ ਦੁਹਰਾਉਣ ਵਿਚ ਕਾਮਯਾਬ ਹੋਵੇਗੀ।


-ਮੁੰਬਈ ਪ੍ਰਤੀਨਿਧ

ਨਵੇਂ ਕਲਾਕਾਰਾਂ ਵਾਲੀ ਹੈ ਮਾਈ ਫ੍ਰੈਂਡ'ਜ਼ ਦੁਲਹਨੀਆ

ਯਸ਼ ਰਾਜ ਬੈਨਰ ਵਲੋਂ 'ਮੇਰੇ ਬ੍ਰਦਰ ਕੀ ਦੁਲਹਨ' ਦਾ ਨਿਰਮਾਣ ਕੀਤਾ ਗਿਆ ਸੀ ਅਤੇ ਇਸ ਵਿਚ ਕੈਟਰੀਨਾ ਕੈਫ, ਅਲੀ ਜ਼ਫਰ ਤੇ ਇਮਰਾਨ ਖਾਨ ਵਰਗੇ ਨਾਮੀ ਸਿਤਾਰਿਆਂ ਨੂੰ ਚਮਕਾਇਆ ਗਿਆ ਸੀ। ਹੁਣ ਹਰਿਆਣਵੀ ਫ਼ਿਲਮਾਂ ਦੇ ਨਿਰਮਾਤਾ ਓ. ਪੀ. ਰਾਏ ਵਲੋਂ 'ਮਾਈ ਫ੍ਰੈਂਡ'ਜ਼ ਦੁਲਹਨੀਆ' ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਵਿਚ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ।
'ਕੱਟੋ', 'ਲਾਟ ਸਾਹਬ' ਆਦਿ ਹਰਿਆਣਵੀ ਫ਼ਿਲਮਾਂ ਬਣਾ ਚੁੱਕੇ ਓ. ਪੀ. ਰਾਏ ਆਪਣੀ ਫ਼ਿਲਮ ਵਿਚ ਨਵੇਂ ਕਲਾਕਾਰਾਂ ਨੂੰ ਲਿਆਉਣ ਬਾਰੇ ਕਹਿੰਦੇ ਹਨ ਕਿ ਇਸ ਦੀ ਕਹਾਣੀ ਕਾਲਜ ਜ਼ਿੰਦਗੀ 'ਤੇ ਰੋਮਾਂਸ 'ਤੇ ਆਧਾਰਿਤ ਹੈ। ਇਸ ਨਜ਼ਰੀਏ ਨਾਲ ਨਵੇਂ ਕਲਾਕਾਰਾਂ ਨੂੰ ਲੈਣਾ ਸਹੀ ਲੱਗਿਆ।
ਆਰੀਅਨ (ਮੁਦਾਸਿਰ ਜ਼ਫਰ) ਤੇ ਮਾਹਿਰਾ (ਸ਼ਾਇਨਾ ਬਾਵੇਜਾ) ਇਕ ਹੀ ਕਾਲਜ ਵਿਚ ਪੜ੍ਹਦੇ ਹਨ ਅਤੇ ਦੋਵੇਂ ਇਕ ਦੂਜੇ ਨੂੰ ਚਾਹੁੰਦੇ ਹਨ। ਉੱਚ ਅਭਿਆਸ ਤੇ ਕੈਰੀਅਰ ਸੰਵਾਰਨ ਵਿਚ ਦੋਵੇਂ ਇਸ ਹੱਦ ਤੱਕ ਰੁੱਝ ਜਾਂਦੇ ਹਨ ਕਿ ਦੋਵਾਂ ਵਿਚਾਲੇ ਦੂਰੀਆਂ ਵਧਣ ਲਗਦੀਆਂ ਹਨ ਅਤੇ ਮਾਹਿਰਾ ਆਰੀਅਨ ਨਾਲ ਸੰਪਰਕ ਕਰਨਾ ਵੀ ਬੰਦ ਕਰ ਦਿੰਦੀ ਹੈ। ਮਾਹਿਰਾ ਦੀ ਬੇਰੁਖੀ ਦੇਖ ਕੇ ਆਰੀਅਨ ਦਾ ਦਿਲ ਟੁੱਟ ਜਾਂਦਾ ਹੈ। ਉਹ ਉਦਾਸੀਨ ਜ਼ਿੰਦਗੀ ਜੀਣ ਲੱਗਦਾ ਹੈ। ਦੋ ਸਾਲ ਬਾਅਦ ਉਸ ਨੂੰ ਕਾਲਜ ਦੇ ਦੋਸਤ ਸੱਜਾਦ (ਸੌਰਵ ਰਾਏ) ਦਾ ਫੋਨ ਆਉਂਦਾ ਹੈ। ਉਹ ਆਰੀਅਨ ਨੂੰ ਆਪਣੇ ਵਿਆਹ ਵਿਚ ਆਉਣ ਦਾ ਸੱਦਾ ਦਿੰਦਾ ਹੈ। ਨਾਲ ਹੀ ਇਹ ਵੀ ਕਹਿੰਦਾ ਹੈ ਕਿ ਇਸ ਵਿਆਹ ਵਿਚ ਸਾਰੇ ਪੁਰਾਣੇ ਦੋਸਤ ਹਾਜ਼ਰ ਹੋ ਰਹੇ ਹਨ। ਇਹ ਵਿਆਹ ਕਸ਼ਮੀਰ ਵਿਚ ਕਰਵਾਇਆ ਜਾਣਾ ਹੁੰਦਾ ਹੈ ਅਤੇ ਆਰੀਅਨ ਉਥੇ ਪੁਹੰਚ ਜਾਂਦਾ ਹੈ। ਜਦੋਂ ਆਰੀਅਨ ਸੱਜਾਦ ਨੂੰ ਇਹ ਕਹਿੰਦਾ ਹੈ ਕਿ ਉਹ ਉਸ ਦੀ ਹੋਣ ਵਾਲੀ ਪਤਨੀ ਦੀ ਤਸਵੀਰ ਦੇਖਣਾ ਚਾਹੁੰਦਾ ਹੈ, ਉਦੋਂ ਸੱਜਾਦ ਉਸ ਨੂੰ ਜੋ ਤਸਵੀਰ ਦਿਖਾਉਂਦਾ ਹੈ, ਉਸ ਨੂੰ ਦੇਖ ਕੇ ਆਰੀਅਨ ਨੂੰ ਵੱਡਾ ਧੱਕਾ ਲਗਦਾ ਹੈ। ਉਹ ਤਸਵੀਰ ਮਾਹਿਰਾ ਦੀ ਹੁੰਦੀ ਹੈ। ਆਪਣੀ ਪ੍ਰੇਮਿਕਾ ਨੂੰ ਆਪਣੇ ਦੋਸਤ ਦੀ ਦੁਲਹਨ ਦੇ ਰੂਪ ਵਿਚ ਦੇਖ ਆਰੀਅਨ ਨਾਲ ਕੀ ਕੁਝ ਵਾਪਰ ਜਾਂਦਾ ਹੈ, ਇਹ ਅੱਗੇ ਦੀ ਕਹਾਣੀ ਹੈ।
ਮੁੱਖ ਰੂਪ ਵਿਚ ਕਸ਼ਮੀਰ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਦੀ ਕੁਝ ਸ਼ੂਟਿੰਗ ਦਿੱਲੀ ਤੇ ਮੁੰਬਈ ਵਿਚ ਵੀ ਹੋਈ ਹੈ।


-ਮੁੰਬਈ ਪ੍ਰਤੀਨਿਧ

ਵੱਖਰੇ ਵਿਸ਼ੇ ਵਾਲਾ ਲੜੀਵਾਰ 'ਮੇਰੀ ਹਾਨੀਕਾਰਕ ਬੀਵੀ'

ਹੁਣ ਤੱਕ 'ਬੀਵੀ ਹੋ ਤੋ ਐਸੀ', 'ਬੀਵੀ ਨੰ: 1' ਆਦਿ ਫ਼ਿਲਮਾਂ ਬਣੀਆਂ ਜਿਨ੍ਹਾਂ ਵਿਚ ਬੀਵੀ ਦੀਆਂ ਤਰੀਫ਼ਾਂ ਦੇ ਪੁੱਲ ਬੰਨ੍ਹੇ ਗਏ ਸਨ। ਛੋਟੇ ਪਰਦੇ 'ਤੇ ਵੀ ਪਤਨੀ ਦੀ ਮਹਿਮਾ ਦਾ ਗੁਣਗਾਨ ਕਰਦੇ ਲੜੀਵਾਰ ਹੀ ਜ਼ਿਆਦਾ ਬਣੇ ਹਨ। ਹੁਣ ਇਕ ਟੀ.ਵੀ. ਚੈਨਲ ਵਲੋਂ 'ਮੇਰੀ ਹਾਨੀਕਾਰਕ ਬੀਵੀ' ਲੜੀਵਾਰ ਲਿਆਂਦਾ ਗਿਆ ਹੈ ਅਤੇ ਇਸ ਦਾ ਨਿਰਮਾਣ ਆਮਿਰ ਜਾਫ਼ਰ ਵਲੋਂ ਕੀਤਾ ਗਿਆ ਹੈ ਜੋ ਪਹਿਲਾਂ 'ਬਹੂ ਹਮਾਰੀ ਰਜਨੀਕਾਂਤ', 'ਦੇਵਾਂਸ਼ੀ', 'ਤ੍ਰਿਦੇਵੀਆਂ' ਲੜੀਵਾਰਾਂ ਦਾ ਨਿਰਮਾਣ ਕਰ ਚੁੱਕੇ ਹਨ। ਬੀਵੀ ਨੂੰ ਹਾਨੀਕਾਰਕ ਰੂਪ ਵਿਚ ਪੇਸ਼ ਕਰਦੇ ਇਸ ਲੜੀਵਾਰ ਵਿਚ ਕਰਨ ਸੂਚਕ ਤੇ ਜੀਆ ਸ਼ੰਕਰ ਵਲੋਂ ਪਤੀ-ਪਤਨੀ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਇਨ੍ਹਾਂ ਦੇ ਨਾਲ ਇਸ ਵਿਚ ਨਾਸਿਰ ਖਾਨ, ਰਾਜੂ ਸ਼੍ਰੇਸ਼ਠਾ, ਰਵੀ ਗੋਸਾਈਂ, ਸੁਚੇਤਾ ਖੰਨਾ, ਅੰਜਲੀ ਮੁਖੀ ਨੇ ਵੀ ਅਭਿਨੈ ਕੀਤਾ ਹੈ।
ਲੜੀਵਾਰ ਵਿਚ ਕਰਨ ਸੂਚਕ ਵਲੋਂ ਅਖਿਲੇਸ਼ ਪਾਂਡੇ ਦੀ ਭੂਮਿਕਾ ਨਿਭਾਈ ਗਈ ਹੈ ਜੋ ਬਨਾਰਸ ਵਿਚ ਰਹਿ ਰਿਹਾ ਹੁੰਦਾ ਹੈ ਅਤੇ ਹਨੂਮਾਨ ਦਾ ਭਗਤ ਹੈ। ਉਹ ਕੁੜੀਆਂ ਨਾਲ ਗੱਲ ਕਰਨ ਵਿਚ ਵੀ ਸ਼ਰਮਾਉਂਦਾ ਹੈ। ਇਸ ਤਰ੍ਹਾਂ ਦੇ ਨੌਜਵਾਨ ਦੀ ਜ਼ਿੰਦਗੀ ਵਿਚ ਜਦੋਂ ਇਕ ਔਰਤ ਡਾਕਟਰ ਆ ਜਾਂਦੀ ਹੈ ਅਤੇ ਫਿਰ ਉਸ ਦੀ ਜ਼ਿੰਦਗੀ ਵਿਚ ਕੀ ਉੱਥਲ-ਪੁਥਲ ਪੈ ਜਾਂਦੀ ਹੈ, ਇਹ ਇਸ ਦੀ ਕਹਾਣੀ ਹੈ। ਇਹ ਕਹਾਣੀ ਭਾਵੇਂ ਹੀ ਬਨਾਰਸ ਤੋਂ ਸ਼ੁਰੂ ਹੁੰਦੀ ਹੈ ਪਰ ਇਸ ਦਾ ਅਗਲਾ ਪੜਾਅ ਮੁੰਬਈ ਹੁੰਦਾ ਹੈ ਕਿਉਂਕਿ ਅਖਿਲੇਸ਼ ਦੇ ਪਿਤਾ (ਨਾਸਿਰ ਖਾਨ) ਮੁੰਬਈ ਵਿਚ ਨੌਕਰੀ ਕਰਦੇ ਹੁੰਦੇ ਹਨ। ਅਖਿਲੇਸ਼ ਜਦੋਂ ਆਪਣੀ ਮਾਂ (ਸੁਚੇਤਾ ਖੰਨਾ) ਨਾਲ ਮੁੰਬਈ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਪਿਤਾ ਨੇ ਇਥੇ ਇਕ ਹੋਰ ਵਿਆਹ ਕਰਾਇਆ ਹੁੰਦਾ ਹੈ। ਇਸ ਤਰ੍ਹਾਂ ਦੋ ਪਤਨੀਆਂ ਦੀ ਵਜ੍ਹਾ ਕਰਕੇ ਪਿਤਾ ਦੀ ਜ਼ਿੰਦਗੀ ਦਾ ਚੈਨ ਵੀ ਹਰਾਮ ਹੋ ਜਾਂਦਾ ਹੈ।
ਇਸ ਲੜੀਵਾਰ ਬਾਰੇ ਨਿਰਮਾਤਾ ਆਮਿਰ ਜਾਫਰ ਕਹਿੰਦੇ ਹਨ, 'ਅਸੀਂ ਕਦੋਂ ਤੱਕ ਸੱਸ-ਨੂੰਹ ਵਰਗੇ ਲੜੀਵਾਰ ਬਣਾਉਂਦੇ ਰਹਾਂਗੇ। ਹੁਣ ਜਦੋਂ 'ਵਿੱਕੀ ਡੋਨਰ' ਤੇ 'ਸ਼ੁਭ ਮੰਗਲ ਸਾਵਧਾਨ' ਵਰਗੀਆਂ ਫ਼ਿਲਮਾਂ ਦੀ ਬਦੌਲਤ ਸਾਡਾ ਸਿਨੇਮਾ ਬਦਲ ਰਿਹਾ ਹੈ ਤਾਂ ਭਲਾ ਸਾਡਾ ਟੈਲਵਿਜ਼ਨ ਕਿਉਂ ਪਿੱਛੇ ਰਹੇ। ਇਸੇ ਸੋਚ ਦੇ ਚਲਦਿਆਂ ਅਸੀਂ ਇਥੇ ਕੁਝ ਵੱਖਰੇ ਵਿਸ਼ੇ ਪੇਸ਼ ਕੀਤੇ ਹਨ। ਇਸ ਵਿਚ ਕਾਮੇਡੀ ਤਾਂ ਹੈ ਹੀ, ਨਾਲ ਹੀ ਸਮਾਜਿਕ ਸੰਦੇਸ਼ ਵੀ ਹੈ। ਲੜੀਵਾਰ ਵਿਚ ਉਹ ਵਿਸ਼ਾ ਚੁੱਕਿਆ ਗਿਆ ਹੈ ਜਿਸ ਬਾਰੇ ਸਾਡਾ ਕਥਿਤ ਸੱਭਿਅਕ ਸਮਾਜ ਗੱਲ ਕਰਨ ਤੋਂ ਕਤਰਾਉਂਦਾ ਹੈ।'


-ਮੁੰਬਈ ਪ੍ਰਤੀਨਿਧ

ਸੰਗੀਤਕ ਵੀਡੀਓ ਨਿਰਦੇਸ਼ਨ ਤੋਂ ਫ਼ਿਲਮਾਂ ਵੱਲ ਵਧ ਰਿਹੈ ਸ਼ੱਗੀ ਬੌਸ

ਸ਼ਹਿਰ ਬਟਾਲਾ ਨੂੰ ਫ਼ਨਕਾਰਾਂ ਤੇ ਸਾਹਿਤਕਾਰਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ ਤੇ ਇੱਥੋਂ ਦੀ ਜਰਖ਼ੇਜ਼ ਮਿੱਟੀ ਦਾ ਜੰਮਪਲ ਇਕ ਹੋਰ ਫ਼ਨਕਾਰ ਅੱਜ ਪੰਜਾਬੀ ਗੀਤ-ਸੰਗੀਤ ਪ੍ਰੇਮੀਆਂ ਦੇ ਰੂਬਰੂ ਹੈ। ਇਸ ਬਹੁਪੱਖੀ ਫ਼ਨਕਾਰ ਦਾ ਨਾਂਅ ਹੈ ਸ਼ੱਗੀ ਬੌਸ। ਅਨੇਕਾਂ ਨਾਮਵਰ ਗਾਇਕਾਂ ਲਈ ਵੀਡੀਓ ਨਿਰਦੇਸ਼ਨ ਦੇ ਚੁੱਕਾ ਇਹ ਫ਼ਨਕਾਰ ਗੀਤਕਾਰ ਵੀ ਹੈ, ਗਾਇਕ ਵੀ ਹੈ ਅਦਾਕਾਰ ਵੀ ਹੈ ਤੇ ਅਦਾਕਾਰੀ ਸਿਖਾਉਣ ਵਾਲਾ ਉਸਤਾਦ ਵੀ। ਸੰਨ 1982 ਵਿਚ ਬਟਾਲਾ ਵਿਖੇ ਜਨਮਿਆ ਤੇ ਅੱਜਕਲ੍ਹ ਚੰਡੀਗੜ੍ਹ ਵਿਚ ਰਹਿ ਰਿਹਾ ਸ਼ੱਗੀ ਬੌਸ ਬਚਪਨ ਤੋਂ ਹੀ ਗਾਇਕੀ ਤੇ ਅਦਾਕਾਰੀ ਦਾ ਸ਼ੌਕ ਰੱਖਦਾ ਸੀ ਤੇ ਉਸ ਦਾ ਚਿੱਤ ਪੜ੍ਹਾਈ ਵਿਚ ਘੱਟ ਤੇ ਗੀਤ-ਸੰਗੀਤ ਵਿਚ ਵੱਧ ਰਾਜ਼ੀ ਰਹਿੰਦਾ ਸੀ। ਸਕੂਲ ਤੇ ਕਾਲਜ ਦੀ ਪੜ੍ਹਾਈ ਦੌਰਾਨ ਅਤੇ ਪੜ੍ਹਾਈ ਪੂਰੀ ਕਰਨ ਪਿੱਛੋਂ ਵੀ ਉਸਨੇ ਥੀਏਟਰ ਕੀਤਾ ਤੇ ਗਾਇਕੀ ਵੀ ਜਾਰੀ ਰੱਖੀ। ਜ਼ੀ.ਟੀ.ਵੀ.ਦੇ ਮਸ਼ਹੂਰ ਸੰਗੀਤਕ ਸ਼ੋਅ 'ਸਾ ਰੇ ਗਾ ਮਾ ਪਾ' ਦਾ ਗਾਇਕ ਹਰਨੂਰ ਸਿੰਘ ਸ਼ੱਗੀ ਬੌਸ ਦੀ ਖੋਜ ਹੈ ਤੇ ਹਰਨੂਰ ਦੇ ਚਰਚਿਤ ਗੀਤ 'ਬੂਟਾ' ਨੂੰ ਨਾ ਕੇਵਲ ਸ਼ੱਗੀ ਬੌਸ ਨੇ ਨਿਰਦੇਸ਼ਿਤ ਹੀ ਕੀਤਾ ਹੈ, ਸਗੋਂ ਇਸ ਗੀਤ ਦੇ ਬੋਲ ਵੀ ਉਸ ਦੀ ਕਲਮ ਨੇ ਹੀ ਰਚੇ ਹਨ। ਇਸ ਤੋਂ ਇਲਾਵਾ ਉਹ 'ਜਾਨਵੀਰ, ਹਰਨੂਰ, ਸੁੱਚਾ-ਜ਼ੈਲਾ, ਯੋਗੀ ਸਿੰਘ, ਰਾਜ ਕਾਲੀ ਭੋਲੇਨਾਥ' ਆਦਿ ਜਿਹੇ ਉੱਭਰਦੇ ਗਾਇਕਾਂ ਦਾ ਪੇਸ਼ਕਾਰ ਬਣ ਕੇ ਉਨ੍ਹਾਂ ਦਾ ਕੈਰੀਅਰ ਸੰਵਾਰਨ ਵਿਚ ਮਸਰੂਫ਼ ਹੈ। ਸ਼ੱਗੀ ਬੌਸ ਵੱਲੋਂ ਨਿਰਦੇਸ਼ਿਤ ਕੀਤੇ ਤੇ ਦਰਸ਼ਕਾਂ ਵੱਲੋਂ ਪਸੰਦ ਕੀਤੇ ਗਏ ਅਨੇਕਾਂ ਹਿਟ ਗੀਤਾਂ ਦੀ ਜੇ ਗੱਲ ਕਰੀਏ ਤਾ 'ਮਿੱਤਰਾਂ ਦੀ ਚੜ੍ਹਦੀ ਕਲਾ' ( ਸਿੱਪੀ ਗਿੱਲ), 'ਇਲਾਕਾ ਸ਼ੇਰਾਂ ਦਾ' (ਕੇ.ਐਸ. ਮੱਖਣ), 'ਚੋਰੀ-ਚੋਰੀ' (ਰੌਸ਼ਨ ਪ੍ਰਿੰਸ), 'ਇਕ ਸੋਹਣੀ ਜਿਹੀ ਮੁਟਿਆਰ ਦੀਵਾਨਾ ਕਰ ਗਈ' ( ਨਿਰਮਲ ਸਿੱਧੂ), 'ਸ਼ੇਰ ਪੰਜਾਬੀ' (ਜੀ.ਦੀਪ.), 'ਜਾਨ ਕੱਢ ਲਈ ਅੱਖਾਂ 'ਚ ਅੱਖਾਂ ਪਾ ਕੇ' (ਸੁੱਚਾ-ਜ਼ੈਲਾ) ਆਦਿ ਦੇ ਨਾਂਅ ਪ੍ਰਮੁੱਖ ਤੌਰ 'ਤੇ ਜ਼ਿਕਰਯੋਗ ਹਨ। ਇਸ ਤੋਂ ਇਲਾਵਾ ਕੇ.ਐਸ.ਮੱਖਣ ਦੇ ਗੀਤ 'ਦਿਨ ਬਦਲਣ ਵਾਲੇ ਨੇ' ਦੇ ਬੋਲਾਂ ਦਾ ਰਚੇਤਾ ਵੀ ਸ਼ੱਗੀ ਬੌਸ ਹੀ ਹੈ। ਪੰਜਾਬੀ ਦੇ ਉੱਘੇ ਹਾਸਰਸ ਕਲਾਕਾਰ ਭੋਟੂ ਸ਼ਾਹ ਦੀ ਕਾਮੇਡੀ ਐਲਬਮ 'ਪੰਜਾਬੀ ਬੌਰਨ ਚੱਲੇ ਫ਼ੌਰਨ' ਅਤੇ ਨਾਮਵਰ ਗੀਤਕਾਰ ਤੇ ਗਾਇਕ ਦਵਿੰਦਰ ਖੰਨੇਵਾਲਾ ਦਾ ਸੰਗੀਤਕ ਵੀਡੀਓ ਨਿਰਦੇਸ਼ਿਤ ਕਰਨ ਵਾਲਾ ਸ਼ੱਗੀ ਬੌਸ ਅੱਜਕਲ੍ਹ ਇਕ ਪੰਜਾਬੀ ਫ਼ਿਲਮ ਦੀ ਕਹਾਣੀ, ਪਟਕਥਾ ਤੇ ਨਿਰਦੇਸ਼ਨ ਦੀ ਤਿਆਰੀ ਖਿੱਚ ਰਿਹਾ ਹੈ।


-ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।

ਬਾਲੀਵੁੱਡ 'ਚ ਕਦਰ ਹੈ ਪ੍ਰਤਿਭਾ ਦੀ - ਅਮਰੀਕ ਰੰਧਾਵਾ

ਸਭ ਕੁਝ ਹੀ ਅਭਿਨੈ ਨੂੰ ਸਮਰਪਿਤ ਕਰਨ ਵਾਲੇ ਅਭਿਨੇਤਾ, ਕਾਮੇਡੀਅਨ ਅਮਰੀਕ ਰੰਧਾਵਾ ਦਾ ਨਿੱਕੇ ਪਰਦੇ 'ਤੇ ਪੂਰਾ ਨਾਂਅ ਹੈ। ਸਰਕਾਰੀ ਵਿਗਿਆਪਨਾਂ ਤੋਂ ਲੈ ਕੇ ਦੂਰਦਰਸ਼ਨ ਜਲੰਧਰ ਦੇ ਕਈ ਲੜੀਵਾਰ ਕਰ ਚੁੱਕੇ ਇਸ ਕਲਾਕਾਰ ਨੂੰ ਦੇਖ ਕੇ ਲੋਕ 'ਭਈਆ' ਵੀ ਕਹਿੰਦੇ ਹਨ ਤੇ ਹੁਣ ਤਾਂ ਉਹ ਪੰਜਾਬੀ ਫ਼ਿਲਮਾਂ ਹੀ ਨਹੀਂ ਬਲਕਿ ਹਿੰਦੀ ਫ਼ਿਲਮਾਂ 'ਚ ਵੀ ਆਪਣਾ ਵਜੂਦ ਬਣਾ ਰਿਹਾ ਹੈ। 'ਖਾਧਾ ਪੀਤਾ ਬਰਬਾਦ ਕੀਤਾ', 'ਨਸੀਹਤ', 'ਚੰਦਰੀ ਨੇ ਪੱਟ ਸੁੱਟਿਆ', 'ਬਦਲਾ', 'ਵਗਦੀ ਸੀ ਰਾਵੀ' ਲੜੀਵਾਰਾਂ ਨੇ ਜਿਥੇ ਅਮਰੀਕ ਰੰਧਾਵਾ ਲਈ ਫ਼ਿਲਮੀ ਪਲੇਟਫਾਰਮ ਸਥਾਪਤ ਕੀਤਾ, ਉਥੇ 'ਪਿੰਕੀ ਮੋਗੇਵਾਲੀ', 'ਪਗੜੀ : ਸਿੰਘ ਦਾ ਤਾਜ', 'ਮੇਰੇ ਯਾਰ ਕਮੀਨੇ', 'ਏਕਨੂਰ', 'ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ' ਫ਼ਿਲਮਾਂ 'ਚ ਕੀਤੇ ਕਿਰਦਾਰਾਂ ਨੇ ਉਸ ਨੂੰ ਪਾਲੀਵੁੱਡ 'ਚ ਅਗਾਂਹ ਵਧਣ ਦੇ ਮੌਕੇ ਦਿੱਤੇ। ਇਸ ਸਮੇਂ ਪਾਲੀਵੁੱੱਡ 'ਚ ਅਮਰੀਕ ਰੰਧਾਵਾ ਦਾ ਕੈਰੀਅਰ ਬੁਲੰਦੀ ਵੱਲ ਹੈ ਤੇ 'ਯਾਰਾਂ ਦੇ ਯਾਰ', 'ਕਿਰਦਾਰ-ਏ-ਸਰਦਾਰ', 'ਦਿੱਲੀ ਤੋਂ ਲਾਹੌਰ', 'ਚਮਕੀਲਾ : ਦੀ ਲੀਜ਼ੈਂਡ', 'ਇਸ਼ਕ ਮੁਹੱਬਤਾਂ', 'ਇੰਗਲੈਂਡ ਦੇ ਨਜ਼ਾਰੇ' ਤੋਂ ਇਲਾਵਾ ਸਤਨਾਮ ਟਾਟਲਾ ਦੀ 'ਚੈਲਿੰਜ' ਫ਼ਿਲਮਾਂ ਉਸ ਨੂੰ ਲੋਕਪ੍ਰਿਯਾ ਕਲਾਕਾਰ ਵਜੋਂ ਸਥਾਪਤ ਹੋਣ 'ਚ ਸਹਾਈ ਹੋਣ ਵਾਲੀਆਂ ਹਨ। ਕੰਮ ਤੋਂ ਹੀ ਕੰਮ ਨਿਕਲਦਾ ਹੈ ਤੇ ਇਸੇ ਤਰ੍ਹਾਂ 150 ਦੇ ਕਰੀਬ ਲਘੂ ਫ਼ਿਲਮਾਂ ਵੀ ਕਰ ਚੁੱਕੇ ਅਮਰੀਕ ਰੰਧਾਵਾ ਨੂੰ ਹਿੰਦੀ ਫ਼ਿਲਮਾਂ 'ਚ ਵੀ ਰਸੂਖ ਵਾਲੇ ਕਿਰਦਾਰ ਮਿਲ ਰਹੇ ਹਨ। 'ਕਿਆ ਫਰਕ ਪੜਤਾ ਹੈ', 'ਹੀਰ ਰਾਂਝਾ', ਕਪਿਲ ਸ਼ਰਮਾ ਦੀ 'ਫਿਰੰਗੀ', 'ਰਿਵੈਂਜ', 'ਯੂਥ ਫਿਊਚਰ', 'ਕਾਟੇਜ ਨੰਬਰ 1303' ਆ ਰਹੀਆਂ ਬਾਲੀਵੁੱਡ ਫ਼ਿਲਮਾਂ ਉਸ ਨੂੰ ਸਫ਼ਲ ਕਮੇਡੀਅਨ ਤੇ ਅਦਾਕਾਰ ਵਜੋਂ ਪਛਾਣ ਦੇਣਗੀਆਂ।
ਉਸ ਦਾ ਕਹਿਣਾ ਹੈ ਕਿ ਬਾਲੀਵੁੱਡ ਪ੍ਰਤਿਭਾ ਦਾ ਕਦਰਦਾਨ ਹੈ ਤੇ ਲਘੂ ਫ਼ਿਲਮਾਂ ਤੋਂ ਇਲਾਵਾ ਉਸ ਦੀਆਂ ਪਾਲੀਵੁੱਡ ਫ਼ਿਲਮਾਂ ਦੇਖ ਕੇ ਉਸ ਨੂੰ ਹਿੰਦੀ ਫ਼ਿਲਮਾਂ ਮਿਲੀਆਂ ਹਨ। ਇਸ ਸਾਲ ਦੇ ਅੰਤ ਤੱਕ ਅਮਰੀਕ ਰੰਧਾਵਾ ਨੂੰ ਪੂਰੀ ਉਮੀਦ ਜਿਹੀ ਬੱਝੀ ਹੋਈ ਹੈ ਕਿ ਪਾਲੀਵੁੱਡ ਦੇ ਵੱਡੇ ਬੈਨਰਜ਼ ਤੇ ਬਾਲੀਵੁੱਡ ਦੇ ਨਾਮਵਰ ਸਿਤਾਰਿਆਂ ਨਾਲ ਉਸ ਨੂੰ ਆਪਣੀ ਕਲਾਕਾਰੀ ਦਿਖਾਉਣ ਦੇ ਮੌਕੇ ਮਿਲਣਗੇ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX