ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  39 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਖੇਡ ਜਗਤ

ਤੈਅ ਹੋਏ ਫ਼ੀਫ਼ਾ ਵਿਸ਼ਵ ਕੱਪ ਖੇਡਣ ਵਾਲੇ ਦੇਸ਼

ਤਕਰੀਬਨ ਪੌਣੇ ਤਿੰਨ ਸਾਲ ਤੱਕ ਚੱਲੇ ਲੰਮੇਰੇ ਅਤੇ ਤਫਸੀਲੀ ਕੁਆਲੀਫਾਇੰਗ ਗੇੜ ਦੇ ਬਾਅਦ ਹੁਣ ਅਗਲੇ ਸਾਲ ਰੂਸ ਵਿਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿਚ ਖੇਡਣ ਦਾ ਮਾਣ ਹਾਸਲ ਕਰਨ ਵਾਲੇ ਦੇਸ਼ਾਂ ਦੇ ਨਾਂਅ ਤੈਅ ਹੋ ਗਏ ਹਨ। ਇਸ ਵਿਸ਼ਵ ਕੱਪ ਲਈ ਹੋ ਰਹੇ ਕੁਆਲੀਫ਼ਾਇੰਗ ਮੁਕਾਬਲਿਆਂ ਦਾ ਆਖਰੀ ਦੌਰ ਲੰਘੇ ਦਿਨੀਂ ਖਤਮ ਹੋਇਆ ਹੈ। 32 ਟੀਮਾਂ ਵਾਲੇ ਵਿਸ਼ਵ ਕੱਪ ਲਈ ਰੂਸ ਨੂੰ ਮੇਜ਼ਬਾਨ ਹੋਣ ਦੇ ਨਾਤੇ ਸਿੱਧਾ ਦਾਖਲਾ ਮਿਲਿਆ ਹੈ, ਜਦਕਿ ਬਾਕੀ ਬਚੇ 31 ਸਥਾਨਾਂ ਲਈ ਕੁਆਲੀਫ਼ਾਇੰਗ ਗੇੜ ਤਹਿਤ ਦੁਨੀਆ ਦੇ ਕੁੱਲ 210 ਦੇਸ਼ਾਂ ਨੇ ਕੁੱਲ 872 ਮੈਚਾਂ ਜ਼ਰੀਏ ਖ਼ੂਬ ਜ਼ੋਰ-ਅਜ਼ਮਾਈ ਕੀਤੀ। ਇਸ ਦੌਰਾਨ ਕੁੱਲ 2,454 ਗੋਲ ਹੋਏ। ਵਿਸ਼ਵ ਕੱਪ ਲਈ ਲੱਗੀ ਇਸ ਫਸਵੀਂ ਦੌੜ ਵਿਚ ਸਭ ਤੋਂ ਪਹਿਲਾਂ ਕੁਆਲੀਫਾਈ ਕੀਤਾ ਸੀ ਬ੍ਰਾਜ਼ੀਲ ਨੇ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਦੇ ਮਹਾਂਦੀਪ ਦੱਖਣੀ ਅਮਰੀਕਾ ਵਿਚੋਂ ਅਰਜਨਟੀਨਾ, ਯੁਰੂਗੁਆਏ, ਕੋਲੰਬੀਆ ਅਤੇ ਪੇਰੂ ਫ਼ੀਫ਼ਾ ਵਿਸ਼ਵ ਕੱਪ ਤੱਕ ਪਹੁੰਚ ਗਏ ਹਨ।
ਉਧਰ ਯੂਰਪੀ ਦੇਸ਼ਾਂ ਦੀ ਦੌੜ ਵੇਖੀਏ ਤਾਂ ਮੌਜੂਦਾ ਵਿਸ਼ਵ ਕੱਪ ਜੇਤੂ ਜਰਮਨੀ, ਯੂਰਪੀਅਨ ਚੈਂਪੀਅਨ ਪੁਰਤਗਾਲ, ਸਪੇਨ, ਫਰਾਂਸ, ਇੰਗਲੈਂਡ, ਸਰਬੀਆ, ਪੋਲੈਂਡ, ਆਈਸਲੈਂਡ ਅਤੇ ਬੈਲਜ਼ੀਅਮ ਨੇ ਆਪੋ-ਆਪਣੇ ਗਰੁੱਪ ਜਿੱਤ ਕੇ ਸਿੱਧਾ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ, ਜਦਕਿ ਡੈਨਮਾਰਕ, ਸਵੀਡਨ, ਸਵਿਟਜ਼ਰਲੈਂਡ ਅਤੇ ਕ੍ਰੋਏਸ਼ੀਆ ਨੇ ਦੂਜਾ ਗੇੜ ਯਾਨੀ ਪਲੇਆਫ਼ ਖੇਡਣ ਤੋਂ ਬਾਅਦ ਵਿਸ਼ਵ ਕੱਪ ਦੀ ਟਿਕਟ ਕਟਾਈ ਹੈ। ਇਸ ਦੌਰਾਨ ਸਾਬਕਾ ਵਿਸ਼ਵ ਕੱਪ ਜੇਤੂ ਇਟਲੀ ਅਤੇ ਇਕ ਹੋਰ ਰਵਾਇਤੀ ਤਾਕਤਵਰ ਫੁੱਟਬਾਲ ਟੀਮ ਹਾਲੈਂਡ ਵਿਸ਼ਵ ਕੱਪ ਤੋਂ ਵਾਂਝੇ ਰਹਿ ਗਏ। ਇਟਲੀ ਨੂੰ ਪਲੇਆਫ਼ ਵਿਚ ਸਵੀਡਨ ਨੇ ਪਛਾੜ ਦਿੱਤਾ, ਜਦਕਿ ਹਾਲੈਂਡ ਦੀ ਟੀਮ ਆਪਣੇ ਗਰੁੱਪ ਤੋਂ ਵੀ ਅੱਗੇ ਨਹੀਂ ਸੀ ਵਧ ਸਕੀ। ਇਨ੍ਹਾਂ ਦੋਵਾਂ ਵੱਡੀਆਂ ਟੀਮਾਂ ਦੀ ਫ਼ੀਫ਼ਾ ਵਿਸ਼ਵ ਕੱਪ ਵਿਚ ਕਮੀ ਰੜਕੇਗੀ। ਇਸ ਤੋਂ ਇਲਾਵਾ ਆਇਰਲੈਂਡ, ਚੈੱਕ ਰਿਪਬਲਿਕ, ਗ੍ਰੀਸ, ਯੂਕ੍ਰੇਨ ਅਤੇ ਤੁਰਕੀ ਵਰਗੇ ਦੇਸ਼ ਵੀ ਇਸ ਵਾਰ ਵਿਸ਼ਵ ਕੱਪ ਤੋਂ ਬਾਹਰ ਰਹਿ ਗਏ ਹਨ। ਸਾਡੇ ਯਾਨੀ ਏਸ਼ੀਆਈ ਖਿੱਤੇ ਵਿਚੋਂ ਈਰਾਨ ਤੋਂ ਇਲਾਵਾ, ਦੱਖਣੀ ਕੋਰੀਆ, ਜਾਪਾਨ ਅਤੇ ਸਾਊਦੀ ਅਰਬ ਨੇ ਸ਼ੁਰੂ ਦੀ ਮਜ਼ਬੂਤ ਸਥਿਤੀ ਸਦਕਾ ਵਿਸ਼ਵ ਕੱਪ ਖੇਡਣ ਲਈ ਪਹਿਲਾਂ ਹੀ ਥਾਂ ਪੱਕੀ ਕਰ ਲਈ ਸੀ, ਜਦਕਿ ਆਸਟਰੇਲੀਆ ਨੇ ਸੀਰੀਆ ਨੂੰ ਪਲੇਆਫ਼ ਵਿਚ ਹਰਾ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ।
ਅਫਰੀਕਨ ਦੇਸ਼ ਵਿਸ਼ਵ ਕੱਪ ਦਾ ਅਹਿਮ ਹਿੱਸਾ ਹੁੰਦੇ ਹਨ ਅਤੇ ਇਸ ਮਹਾਂਦੀਪ ਤੋਂ ਟਿਊਨੀਸ਼ਿਆ, ਮੋਰਾਕੋ, ਨਾਇਜੀਰੀਆ, ਸੇਨੇਗਲ ਅਤੇ ਇਜੀਪਟ (ਮਿਸਰ) ਵਿਸ਼ਵ ਕੱਪ ਤੱਕ ਪਹੁੰਚ ਗਏ ਹਨ। ਸੇਨੇਗਲ ਨੇ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾ ਕੇ ਵਿਸ਼ਵ ਕੱਪ ਵਿਚ ਜਗ੍ਹਾ ਪੱਕੀ ਕੀਤੀ। ਸੇਨੇਗਲ ਦੇਸ਼ ਨੇ ਇਸ ਤੋਂ ਪਹਿਲਾਂ ਸਿਰਫ ਇਕ ਵਾਰ 2002 ਵਿਚ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਅਤੇ ਉਦੋਂ ਇਹ ਟੀਮ ਸਭ ਨੂੰ ਹੈਰਾਨ ਕਰਦੇ ਹੋਏ ਕਾਫੀ ਅੱਗੇ ਤੱਕ ਪਹੁੰਚ ਗਈ ਸੀ। 'ਐਟਲਸ ਲਾਇੰਸ' ਦੇ ਨਾਂਅ ਤੋਂ ਜਾਣੀ ਜਾਂਦੀ ਮੋਰਾਕੋ ਦੇਸ਼ ਦੀ ਰਾਸ਼ਟਰੀ ਟੀਮ ਨੇ ਸੰਨ 1998 ਦੇ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ ਅਤੇ ਖਾਸ ਗੱਲ ਇਹ ਵੀ ਸੀ ਕਿ ਉਸ ਨੇ 6 ਮੈਚਾਂ ਦੀ ਗਰੁੱਪ ਮੁਹਿੰਮ ਦੇ ਦੌਰਾਨ ਇਕ ਵੀ ਗੋਲ ਨਹੀਂ ਸੀ ਖਾਧਾ। 'ਕੋਨਕਾਕਾਫ਼' ਸਮੂਹ ਯਾਨੀ ਟਾਪੂ ਦੇਸ਼ਾਂ ਦੇ ਗਰੁੱਪ ਵਿਚੋਂ ਮੈਕਸੀਕੋ, ਕੋਸਟਾਰੀਕਾ ਅਤੇ ਪਨਾਮਾ ਨੇ ਸਫਲਤਾ ਹਾਸਲ ਕੀਤੀ ਹੈ। ਛੋਟੇ ਜਿਹੇ ਦੇਸ਼ ਪਨਾਮਾ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਤੱਕ ਅੱਪੜੀ ਹੈ, ਜਦਕਿ ਦੁਨੀਆ ਦੀ ਮਹਾਂਸ਼ਕਤੀ ਮੰਨੇ ਜਾਂਦੇ ਅਮਰੀਕਾ ਦੀ ਟੀਮ ਪਨਾਮਾ ਤੋਂ ਪਿੱਛੇ ਰਹਿੰਦੀ ਹੋਈ ਇਸ ਵਾਰ ਵਿਸ਼ਵ ਕੱਪ ਤੱਕ ਨਹੀਂ ਪਹੁੰਚ ਸਕੀ। ਇਸ ਤਰ੍ਹਾਂ ਵਿਸ਼ਵ ਕੱਪ ਦੇ 32 ਦੇਸ਼ਾਂ ਦਾ ਫ਼ੈਸਲਾ ਹੋ ਗਿਆ ਹੈ ਅਤੇ ਹੁਣ ਫੁੱਟਬਾਲ ਦੇ ਮਹਾਂਕੁੰਭ ਦੀਆਂ ਤਿਆਰੀਆਂ ਅਤੇ ਉਡੀਕਾਂ ਸ਼ੁਰੂ ਹੋ ਗਈਆਂ ਹਨ।


-ਪਿੰਡ ਢਿਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਖਿਡਾਰੀਆਂ ਦੀਆਂ ਜਰਸੀਆਂ ਵੀ ਹੁੰਦੀਆਂ ਨੇ ਖੇਡ ਖੇਤਰ 'ਚੋਂ ਰਿਟਾਇਰ

ਖੇਡ ਕਿੱਟ ਜਿਸ ਨੂੰ ਹਰ ਖਿਡਾਰੀ ਪਿਆਰ ਕਰਦਾ ਹੈ ਤੇ ਆਪਣੀ ਮਨਪਸੰਦ ਤੇ ਖੇਡ ਮੈਦਾਨ 'ਚ ਉਸ ਨੂੰ ਜਿੱਤ ਦਿਵਾਉਣ ਵਾਲੀ ਜਰਸੀ ਨਾਲ ਚੋਟੀ ਦੇ ਖਿਡਾਰੀ ਵੀ ਪਿਆਰ ਤੇ ਉਸ ਦਾ ਸਤਿਕਾਰ ਕਰਦੇ ਹਨ। ਜਿਸ ਤਰ੍ਹਾਂ ਨੌਕਰੀ ਤੋਂ ਬਾਅਦ ਸੇਵਾਮੁਕਤੀ ਮਿਲਦੀ ਹੈ ਤੇ ਖੇਡ ਖੇਤਰ ਵਿਚ ਕੀਤੇ ਇਕਰਾਰ ਤੋਂ ਬਾਅਦ ਖਿਡਾਰੀ ਵੀ ਸੇਵਾ ਮੁਕਤ ਹੁੰਦਾ ਹੈ ਪਰ ਖੇਡ ਖੇਤਰ ਵਿਚ ਆਮ ਲੋਕ ਘੱਟ ਜਾਣਦੇ ਹਨ ਕਿ ਇਕ ਖਿਡਾਰੀ ਦੀ ਜਰਸੀ ਨੂੰ ਵੀ ਰਿਟਾਇਰ ਕੀਤਾ ਜਾਂਦਾ ਤੇ ਉਸ ਦੀ ਯਾਦ ਹਮੇਸ਼ਾ ਉਸ ਨਾਲ ਜੁੜੀ ਹੁੰਦੀ ਹੈ ਤੇ ਲੋਕ ਉਸ ਜਰਸੀ ਦੇ ਨਾਲ ਖਿਡਾਰੀ ਦੀ ਖੇਡ ਦਾ ਮੁਲੰਕਣ ਕਰਦੇ ਹਨ। ਕ੍ਰਿਕਟ ਦੇ ਭਗਵਾਨ ਸਚਿਨ ਵੀ ਆਪਣੀ 10 ਨੰਬਰ ਦੀ ਜਰਸੀ ਨਾਲ 18 ਮਾਰਚ, 2012 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਏਸ਼ੀਆ ਕੱਪ ਦੇ ਵਨ ਡੇ ਮੈਚ ਵਿਚ ਆਖਰੀ ਵਾਰ ਖੇਡੇ ਸਨ। ਪਰ ਸਚਿਨ ਦੇ ਰਿਟਾਇਰ ਹੋਣ ਤੋਂ 5 ਸਾਲ ਬਾਅਦ ਵੀ ਕਿਸੇ ਖਿਡਾਰੀ ਨੇ 10 ਨੰਬਰ ਦੀ ਜਰਸੀ ਨਹੀਂ ਪਾਈ ਤੇ ਇਸ ਸਾਲ ਸ੍ਰੀਲੰਕਾ ਦੇ ਦੌਰੇ 'ਤੇ ਚੌਥੇ ਮੈਚ ਵਿਚ ਭਾਰਤੀ ਖਿਡਾਰੀ ਸ਼ਾਰਦੁਲ ਨੇ 10 ਨੰਬਰ ਦੀ ਜਰਸੀ ਪਾਈ, ਪਰ ਇਸ ਮੈਚ ਵਿਚ ਸ਼ਾਰਦੁਲ ਦੀ ਸੋਸ਼ਲ ਮੀਡੀਆ 'ਤੇ ਚਰਚਾ ਉਸ 10 ਨੰਬਰ ਦੀ ਜਰਸੀ ਕਰਕੇ ਰਹੀ ਤੇ ਇਸ ਨੂੰ ਖੇਡ ਪ੍ਰੇਮੀਆਂ ਨੇ ਸਚਿਨ ਦੇ ਟਰੇਡ ਮਾਰਕ ਨਾਲ ਵੇਖਿਆ ਪਰ ਇਸ ਤੋਂ ਬਾਅਦ ਸ਼ਾਰਦੁਲ ਨੇ ਸਫਾਈ ਦਿੱਤੀ ਤੇ ਕਿਹਾ ਕਿ ਉਸ ਨੇ ਆਪਣੇ ਜਨਮ ਦਿਨ ਦੀ ਤਰੀਕ ਦੇ ਨਾਲ ਇਹ ਜਰਸੀ ਪਹਿਨੀ ਤੇ ਫਿਰ ਉਸ ਨੇ ਨਿਊਜ਼ੀਲੈਂਡ ਦੇ ਖਿਲਾਫ 54 ਨੰਬਰ ਦੀ ਜਰਸੀ ਪਹਿਨੀ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਚਿਨ ਤੇਂਦੁਲਕਰ ਦੀ 10 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫ਼ੈਸਲਾ ਕੀਤਾ ਹੈ।
ਆਸਟਰੇਲੀਆ ਦੇ ਕ੍ਰਿਕਟਰ ਫਿਲ ਹਿਊਜ ਦੀ ਜਰਸੀ ਵੀ ਹੋਈ ਸੀ ਰਿਟਾਇਰ : ਆਸਟੇਰਲੀਆ ਦੇ ਨੌਜੁਆਨ ਕ੍ਰਿਕਟਰ ਫਿਲ ਹਿਊਜ ਦੀ ਮੌਤ ਸਾਲ 2014 ਵਿਚ ਨਿਊ ਸਾਊਥ ਵੇਲਜ਼ ਦੇ ਖਿਡਾਰੀ ਸੀਨ ਐਬਾਟ ਦੇ ਇਕ ਬਾਊਂਸਰ ਨਾਲ ਕ੍ਰਿਕਟ ਦੇ ਮੈਦਾਨ 'ਚ ਹੋ ਗਈ ਸੀ ਤੇ ਇਸ 'ਤੇ ਹਿਊਜ ਦੇ ਦੋਸਤ ਮਾਈਕਲ ਕਲਾਰਕ ਨੇ ਹਿਊਜ ਦੀ 64 ਨੰਬਰ ਦੀ ਜਰਸੀ ਨੂੰ ਕ੍ਰਿਕਟ ਆਸਟਰੇਲੀਆ ਦੀ ਸਹਿਮਤੀ ਨਾਲ ਰਿਟਾਇਰ ਕਰਨ ਦਾ ਫ਼ੈਸਲਾ ਕਰਕੇ ਉਸ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਸੀ।
ਮਾਰਾਡੋਨਾ ਦੀ ਜਰਸੀ ਵੀ ਹੋਈ ਰਿਟਾਇਰ : ਅਰਜਨਟੀਨਾ ਦੇ ਚੋਟੀ ਦੇ ਫੁੱਟਬਾਲ ਖਿਡਾਰੀ ਡਿਅਗੋ ਮਾਰਾਡੋਨਾ 10 ਨੰਬਰ ਦੀ ਜਰਸੀ ਪਹਿਨ ਕੇ ਹਮੇਸ਼ਾ ਮੈਦਾਨ ਵਿਚ ਡਟਦੇ ਸਨ ਤੇ ਇਸ ਵਿਚ ਉਸ ਦਾ ਉਤਸ਼ਾਹ ਵੱਖਰਾ ਹੀ ਦਿਸਦਾ ਸੀ ਤੇ ਮਾਰਾਡੋਨਾ ਨੇ 1997 ਵਿਚ ਪ੍ਰੋਫੈਸ਼ਨਲ ਫੁੱਟਬਾਲ ਨੂੰ ਅਲਵਿਦਾ ਕਿਹਾ ਸੀ ਤੇ ਇਸ ਦੇ ਚਾਰ ਸਾਲ ਬਾਅਦ 2001 ਵਿਚ ਅਰਜਨਟੀਨਾ ਫੁੱਟਬਾਲ ਐਸੋਸੀਏਸ਼ਨ ਨੇ ਮਾਰਾਡੋਨਾ ਦੇ ਸਨਮਾਨ ਵਿਚ 10 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਇਸ ਦੇ ਨਾਲ ਅਰਜਨਟੀਨਾ ਨੇ ਅੰਡਰ 21 ਸਾਲ ਦੀ ਯੂਥ ਟੀਮ ਵਿਚੋਂ ਵੀ 10 ਨੰਬਰ ਦੀ ਜਰਸੀ ਰਿਟਾਇਰ ਕਰ ਦਿੱਤੀ ਸੀ, ਕਿਉਂਕਿ ਮਾਰਾਡੋਨਾ ਨੇ ਅਰਜਨਟੀਨਾ ਵਲੋਂ 138 ਮੈਚ ਖੇਡੇ ਸਨ ਤੇ ਇਸ ਵਿਚ 61 ਗੋਲ ਦਾਗੇ ਸਨ ਪਰ ਬਾਅਦ ਵਿਚ ਮਾਰਾਡੋਨਾ ਨੇ ਖੁਦ ਅਰਜਨਟੀਨਾ ਦੇ ਵੱਡੇ ਫੁੱਟਬਾਲ ਖਿਡਾਰੀ ਲਿਊਨਲ ਮੈਸੀ ਨੂੰ 10 ਨੰਬਰ ਦੀ ਜਰਸੀ ਪਹਿਨਣ ਲਈ ਦਿੱਤੀ ਸੀ।
ਮਾਈਕਲ ਜਾਰਡਨ ਦੀ 23 ਨੰਬਰ ਦੀ ਜਰਸੀ ਵੀ ਹੋਈ ਸੀ ਰਿਟਾਇਰ : ਅਮਰੀਕਾ ਦੇ ਮਹਾਨ ਬਾਸਕਟਬਾਲ ਖਿਡਾਰੀ ਮਾਈਕਲ ਜੈਫਰੀ ਜਾਰਡਨ ਹਮੇਸ਼ਾ ਹੀ 23 ਨੰਬਰ ਦੀ ਜਰਸੀ ਪਹਿਨ ਕੇ ਮੈਦਾਨ ਵਿਚ ਉਤਰਦੇ ਸਨ ਤੇ ਇਸ ਜਰਸੀ ਨੰਬਰ ਕਰਕੇ ਬਾਸਕਟਬਾਲ ਖੇਡ ਤੇ ਮਾਈਕਲ ਦੀ ਪਛਾਣ ਜੁੜੀ ਸੀ। ਜਾਰਡਨ ਨੇ ਸਾਲ 1984 ਵਿਚ ਸ਼ਿਕਾਗੋ ਬੁਲਸ ਵਲੋਂ ਖੇਡਣਾ ਸ਼ੁਰੂ ਕੀਤਾ ਸੀ ਤੇ ਆਪਣੇ ਦਮਦਾਰ ਖੇਡ ਦੀ ਬਦੌਲਤ ਹੀ 1991, 1992, 1993 ਵਿਚ ਲਗਾਤਾਰ ਦੇਸ਼ ਨੂੰ ਵਿਸ਼ਵ ਚੈਂਪੀਅਨ ਬਣਾਇਆ। 1993 ਵਿਚ ਮਾਈਕਲ ਨੇ ਖੇਡ ਨੂੰ ਅਲਵਿਦਾ ਕਹਿ ਦਿੱਤਾ ਪਰ ਦੋ ਸਾਲ ਬਾਅਦ ਫਿਰ ਉਹ ਬੁਲਸ ਵਲੋਂ 1999 ਤੱਕ ਖੇਡੇ। ਬਚਪਨ ਵਿਚ ਜਾਰਡਨ 45 ਨੰਬਰ ਦੀ ਜਰਸੀ ਪਹਿਨਦੇ ਸਨ ਤੇ ਇਸ ਦੇ ਭਰਾ ਲੈਰੀ ਵੀ ਇਸੇ ਨੰਬਰ ਦੀ ਜਰਸੀ ਪਹਿਨਦੇ ਸਨ ਤੇ ਦੋਵਾਂ ਭਰਾਵਾਂ ਦਾ ਨੰਬਰ ਇਕ ਹੋ ਗਿਆ ਸੀ ਤੇ ਇਸ ਕਰਕੇ ਮਾਈਕਲ ਨੇ 23 ਨੰਬਰ ਦੀ ਜਰਸੀ ਪਹਿਨਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਦੇ ਦੇਸ਼ ਨੇ ਇਸ ਦੀ 23 ਨੰਬਰ ਦੀ ਜਰਸੀ ਨੂੰ ਵੀ ਰਿਟਾਇਰ ਕਰਨ ਦਾ ਫ਼ੈਸਲਾ ਕੀਤਾ ਸੀ। ਅੱਜ ਵੀ ਖੇਡ ਮੈਦਾਨ ਵਿਚ ਖਿਡਾਰੀ ਵੱਖ-ਵੱਖ ਖੇਡ ਨੰਬਰ ਵਾਲੀਆਂ ਜਰਸੀਆਂ ਪਾਉਣ ਵਿਚ ਵਿਸ਼ਵਾਸ ਰੱਖਦੇ ਹਨ ਤੇ ਇਸ ਨੂੰ ਖੇਡ ਤੇ ਟੀਮ ਲਈ ਕਿਸਮਤ ਵਾਲੀ ਮੰਨਦੇ ਹਨ ਪਰ ਇਸ ਨਾਲ ਜਿੱਤ-ਹਾਰ ਦਾ ਫ਼ੈਸਲਾ ਨਹੀਂ ਹੁੰਦਾ ਪਰ ਖਿਡਾਰੀ ਦੇ ਆਤਮ-ਵਿਸ਼ਵਾਸ ਨੂੰ ਜ਼ਰੂਰ ਬਲ ਮਿਲਦਾ ਹੈ ਤੇ ਜੋ ਬਾਅਦ ਵਿਚ ਖਿਡਾਰੀ ਦੀ ਪਰਫਾਰਮੈਂਸ 'ਤੇ ਅਸਰ ਪਾ ਕੇ ਹਾਰੀ ਹੋਈ ਬਾਜ਼ੀ ਜਿੱਤ ਵਿਚ ਪਲਟਣ ਲਈ ਕਾਮਯਾਬ ਜ਼ਰੂਰ ਹੁੰਦੀ ਹੈ।

-ਮੋਬਾ: 98729-78781

ਪੰਜਾਬ ਨੂੰ ਮੁੜ ਹਾਕੀ ਦੇ ਰੰਗ 'ਚ ਰੰਗਣ ਦੀ ਲੋੜ

ਜੇ ਅਸੀਂ ਬਹੁਤ ਹੀ ਪੁਰਾਣੇ ਹਵਾਲਿਆਂ ਨਾਲ ਗੱਲ ਨਾ ਵੀ ਕਰੀਏ ਤਾਂ 1975 ਦੇ ਨੇੜੇ-ਤੇੜੇ ਪੰਜਾਬ ਦੀ ਧਰਤੀ 'ਤੇ ਹਾਕੀ ਦਾ ਰੁਮਾਂਚ ਸਿਖਰਾਂ 'ਤੇ ਸੀ। ਘਾਹ ਦੇ ਮੈਦਾਨ 'ਤੇ ਖੇਡੀ ਜਾਣ ਵਾਲੀ ਹਾਕੀ ਲਈ ਜਿਥੇ ਖਿਡਾਰੀ ਜੀਅ-ਜਾਨ ਲਾ ਕੇ ਮਿਹਨਤ ਕਰਦੇ ਸਨ, ਦਿਲਚਸਪੀ ਦਿਖਾਉਂਦੇ ਸਨ, ਉਥੇ ਹਾਕੀ ਮੁਹੱਬਤੀ ਦਰਸ਼ਕਾਂ ਦੀ ਵੀ ਕਮੀ ਨਹੀਂ ਸੀ, ਪਿੰਡਾਂ, ਕਸਬਿਆਂ ਤੇ ਸ਼ਹਿਰਾਂ 'ਚ। ਖੂਨ-ਪਸੀਨਾ ਵਹਾਉਣ ਲਈ ਮਜਬੂਰ ਕਰਦੀ ਇਹ ਖੇਡ ਉਨ੍ਹਾਂ ਦਿਨਾਂ 'ਚ ਏਨੀ ਲੋਕਪ੍ਰਿਆ ਸੀ, ਖਾਸ ਕਰਕੇ ਪਿੰਡਾਂ 'ਚ ਸ਼ਾਇਦ ਹੀ ਕੋਈ ਪਰਿਵਾਰ ਹੋਵੇ, ਜਿਸ ਦਾ ਕੋਈ ਮੈਂਬਰ ਹਾਕੀ ਨਾ ਖੇਡਦਾ ਹੋਵੇ। ਘਰਾਂ 'ਚ ਕਿਸੇ ਨੁੱਕਰੇ ਹਾਕੀ ਸਟਿੱਕ ਤੇ ਗੇਂਦ ਪਈ ਹੁੰਦੀ ਸੀ, ਸ਼ਾਮ ਜਾਂ ਸਵੇਰੇ ਕੁਝ ਹਾਕੀ ਮੁਹੱਬਤੀ ਹੱਥ ਉਨ੍ਹਾਂ ਨੂੰ ਚੁੱਕ ਕੇ ਹਾਕੀ ਮੈਦਾਨਾਂ ਵੱਲ ਤੁਰ ਪੈਂਦੇ ਸਨ। ਸਾਰਾ ਦਿਨ ਮਨ 'ਚ ਹਾਕੀ ਖੇਡਣ ਦਾ ਚਾਅ ਜਿਹਾ ਰਹਿੰਦਾ। ਹਾਕੀ ਮੈਦਾਨਾਂ 'ਚ ਹਾਕੀ ਖੇਡਣ ਵਾਲੇ ਕੁਝ ਐਸੇ ਜੁਝਾਰੂ ਖਿਡਾਰੀ ਵੀ ਹੁੰਦੇ ਸਨ, ਜਿਨ੍ਹਾਂ ਨੇ ਬੇਸ਼ੱਕ ਕਿਸੇ ਸਕੂਲ, ਕਾਲਜ ਦਾ ਮੂੰਹ ਕਦੇ ਨਾ ਦੇਖਿਆ ਹੁੰਦਾ, ੳ ਅ ੲ ਜਾਂ ਏ ਬੀ ਸੀ ਨਾਲ ਵੀ ਉਨ੍ਹਾਂ ਦੀ ਕੋਈ ਵਾਕਫੀਅਤ ਨਾ ਹੁੰਦੀ ਪਰ ਖੇਡ ਮੈਦਾਨ 'ਚ ਹਾਕੀ ਦੀ ਲਗਦੀ ਜਮਾਤ 'ਚ ਉਹ ਸਭ ਤੋਂ ਹੁਸ਼ਿਆਰ ਮੰਨੇ ਜਾਂਦੇ ਸਨ। ਪਿੰਡ 'ਚ ਕੋਰੇ ਅਨਪੜ੍ਹ ਹੁੰਦਿਆਂ ਵੀ ਹਾਕੀ ਦੇ ਨਾਂਅ 'ਤੇ ਉਨ੍ਹਾਂ ਪੂਰੀ ਇੱਜ਼ਤ ਬਣਾਈ ਹੁੰਦੀ। ਸਕੂਲਾਂ, ਕਾਲਜਾਂ 'ਚ ਹਾਕੀ ਲਈ ਦਿਲਚਸਪੀ ਸੀ। ਇਕੱਲਾ ਪੀ. ਟੀ. ਮਾਸਟਰ ਹੀ ਦਮਦਾਰ ਟੀਮਾਂ ਤਿਆਰ ਕਰਵਾ ਦਿੰਦਾ। ਵਿੱਦਿਅਕ ਸੰਸਥਾਵਾਂ 'ਚ ਵੱਖ-ਵੱਖ ਪੱਧਰਾਂ 'ਤੇ ਹਾਕੀ ਟੂਰਨਾਮੈਂਟਾਂ ਦਾ ਵੀ ਪੂਰਾ ਜ਼ੋਰ ਸੀ।
ਅਸੀਂ ਜੇ ਆਪਣੇ ਇਲਾਕੇ ਦੀ ਹੀ ਗੱਲ ਕਰੀਏ ਤਾਂ ਢੰਡ ਕਸੇਲ, ਰਾਜਾਸਾਂਸੀ, ਈਸਾਪੁਰ, ਗੱਗੋਮਾਹਲ, ਚਮਿਆਰੀ ਵਿਛੋਆ ਆਦਿ ਪਿੰਡਾਂ ਦੇ ਹਾਕੀ ਖਿਡਾਰੀਆਂ ਦੀ, ਟੀਮਾਂ ਦੀ ਦੂਰ ਤੱਕ ਚਰਚਾ ਸੀ। ਪਿੰਡਾਂ ਦੇ ਸਰਪੰਚ ਤੇ ਮੈਂਬਰ ਪੰਚਾਇਤ ਹਾਕੀ ਲਈ ਡਾਹਢੀ ਦਿਲਚਸਪੀ ਦਿਖਾਉਂਦੇ ਸਨ। ਸਾਨੂੰ ਵਾਰ-ਵਾਰ ਇਹ ਨਹੀਂ ਸੀ ਦੁਹਾਈ ਦੇਣੀ ਪੈਂਦੀ ਕਿ ਹਾਕੀ ਸਾਡੀ 'ਕੌਮੀ ਖੇਡ' ਹੈ, ਸਾਡੀ ਖੇਡ ਵਿਰਾਸਤ ਹੈ। ਹਾਕੀ ਪ੍ਰਤੀ ਜਿਹੜਾ ਮੋਹ ਸਾਡੇ ਖੂਨ 'ਚ ਰਚਿਆ ਹੋਇਆ ਸੀ, ਹਾਕੀ ਪ੍ਰਤੀ ਜਿਹੜੀ ਮੁਹੱਬਤ ਸਾਡੀ ਰਗ-ਰਗ 'ਚ ਵਸੀ ਹੋਈ ਸੀ, ਦੇਸ਼ ਦੀ ਕੌਮੀ ਟੀਮ ਦਾ ਵੀ ਉਨ੍ਹਾਂ ਦੇ ਮਨਾਂ 'ਚ ਸਤਿਕਾਰ ਸੀ, ਸ਼ਰਧਾ ਸੀ, ਉਸ ਦੀ ਕਾਰਗੁਜ਼ਾਰੀ ਦਾ ਵੀ ਉਨ੍ਹਾਂ ਨੂੰ ਡਾਹਢਾ ਖਿਆਲ ਰਹਿੰਦਾ ਸੀ। ਉਨ੍ਹਾਂ ਦਿਨਾਂ 'ਚ ਹਾਕੀ ਮੈਚਾਂ ਦੀ ਰੇਡੀਓ ਕੁਮੈਂਟਰੀ ਸੁਣਨ ਦਾ ਵੀ ਬਹੁਤ ਜ਼ਿਆਦਾ ਰੁਝਾਨ ਸੀ। ਸ਼ਾਇਦ ਇਹ ਉਹ ਦਿਨ ਸਨ, ਜਦੋਂ ਭਾਰਤ ਦਾ ਖੇਡ ਜਗਤ ਅੱਜ ਵਾਂਗ ਬਿਮਾਰ ਨਹੀਂ ਸੀ। ਇਹ ਉਹ ਵੇਲਾ ਸੀ, ਜਦੋਂ ਪੰਜਾਬ ਦਾ ਖੇਡ ਜਗਤ ਪੂਰੀ ਤਰ੍ਹਾਂ ਸਿਹਤਮੰਦ ਸੀ। ਲੋਕ ਹਾਕੀ ਤੋਂ ਇਲਾਵਾ ਫੁੱਟਬਾਲ, ਵਾਲੀਬਾਲ, ਕਬੱਡੀ, ਅਥਲੈਟਿਕਸ ਆਦਿ 'ਚ ਵੀ ਰੱਜ ਕੇ ਦਿਲਚਸਪੀ ਦਿਖਾਉਂਦੇ ਸਨ, ਸ਼ਹਿਰਾਂ, ਕਸਬਿਆਂ ਤੇ ਪਿੰਡਾਂ 'ਚ।
ਫੇਰ ਆਇਆ ਹੌਲੀ-ਹੌਲੀ 1985 ਦੇ ਨੇੜੇ-ਤੇੜੇ ਦਾ ਸਮਾਂ। ਕ੍ਰਿਕਟ ਦਾ ਝੱਲ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਵਿਸ਼ਵ ਪੱਧਰ 'ਤੇ ਹਾਕੀ ਐਸਟਰੋਟਰਫ ਮੈਦਾਨਾਂ 'ਤੇ ਖੇਡੀ ਜਾਣ ਲੱਗੀ। ਹਾਕੀ ਐਸਟਰੋਟਰਫ ਮੈਦਾਨਾਂ 'ਤੇ ਕੀ ਆਈ, ਸਾਡੇ ਲੋਕ ਇਸ ਨੂੰ ਖੇਡਣਾ ਹੀ ਹੌਲੀ-ਹੌਲੀ ਭੁੱਲਣਾ ਸ਼ੁਰੂ ਹੋ ਗਏ। ਸਾਡਾ ਵਿਸ਼ਵਾਸ ਹੈ ਕਿ ਜਿਥੇ ਚਾਹ ਹੁੰਦੀ ਹੈ, ਉਥੇ ਕੋਈ ਨਾ ਕੋਈ ਰਾਹ ਨਿਕਲ ਹੀ ਆਉਂਦਾ ਹੈ, ਪਰ ਜਦੋਂ ਚਾਹ ਹੀ ਖ਼ਤਮ ਹੁੰਦੀ ਜਾਵੇ, ਉਦੋਂ ਰਾਹ ਵੀ ਆਪਣੇ-ਆਪ ਹੀ ਬੰਦ ਹੁੰਦੇ ਜਾਂਦੇ ਨੇ। ਇਹੋ ਹੋਇਆ ਸਾਡੀ ਕੌਮੀ ਖੇਡ ਹਾਕੀ ਨਾਲ। ਕ੍ਰਿਕਟ 'ਤੇ ਅੱਜ ਹਰ ਤਰਫੋਂ ਪੈਸੇ ਦੀ ਵਰਖਾ ਕਰ ਰਿਹਾ ਪਰ ਇਹ ਦੇਸ਼, ਵਿਸ਼ਵ ਪੱਧਰ 'ਤੇ ਹਾਕੀ ਖੇਡ ਦੇ ਬਦਲਦੇ ਪਰਿਪੇਖ 'ਚ ਹਾਕੀ ਦੀ ਲੋਕਪ੍ਰਿਅਤਾ ਨੂੰ ਬਚਾਅ ਨਾ ਸਕਿਆ। ਕੌਮੀ ਖੇਡ ਲਈ ਦੇਸ਼ ਦੇ ਸਿਆਸਤਦਾਨਾਂ ਦਾ ਇਹ ਬਹਾਨਾ ਰਿਹਾ ਕਿ ਭਾਰਤ ਏਨਾ ਅਮੀਰ ਦੇਸ਼ ਨਹੀਂ ਕਿ ਵੱਧ ਤੋਂ ਵੱਧ ਐਸਟਰੋਟਰਫ ਮੈਦਾਨ ਲਗਾ ਸਕੇ। ਵਾਹ! ਹਾਕੀ ਆਸਟ੍ਰੇਲੀਆ ਨੂੰ ਰਾਸ ਆਈ, ਹਾਲੈਂਡ ਨੂੰ ਰਾਸ ਆਈ, ਜਰਮਨੀ ਨੂੰ ਚੰਗੀ ਲੱਗੀ, ਜਿਨ੍ਹਾਂ ਦੀ ਇਹ ਕੌਮੀ ਖੇਡ ਨਹੀਂ ਸੀ। ਪਰ ਭਾਰਤ ਨੂੰ ਰਾਸ ਨਾ ਆਈ। ਭਾਰਤ ਨੂੰ ਰਾਸ ਆਇਆ ਵਿਦੇਸ਼ੀ ਖੇਡ ਕ੍ਰਿਕਟ। ਇਹ ਹੈ ਜਨਾਬ! ਸਾਡਾ ਕੌਮੀ ਚਰਿੱਤਰ।
...ਪਰ ਅਸੀਂ ਅੱਜ ਪੰਜਾਬ ਨੂੰ ਮੁਖਾਤਿਬ ਹਾਂ। 'ਲੋਕ ਦੁਨੀਆ 'ਚ ਵਸਦੇ ਬਥੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ।' ਪੰਜਾਬ ਦੇ ਖਿਡਾਰੀਆਂ ਦੀ ਬਦੌਲਤ ਅਸੀਂ 1975 ਦਾ ਵਿਸ਼ਵ ਕੱਪ ਜਿੱਤਿਆ। 2000 ਦਾ ਜੂਨੀਅਰ ਵਰਲਡ ਕੱਪ ਜਿੱਤਿਆ, ਉਲੰਪਿਕ ਜਿੱਤੀ 8 ਵਾਰ, ਏਸ਼ੀਆ ਪੱਧਰ ਦੇ ਟੂਰਨਾਮੈਂਟ ਜਿੱਤੇ। ਜੇਕਰ ਭਾਰਤ ਦੀ ਹਾਕੀ ਨੂੰ ਬਚਾਉਣਾ ਹੈ, ਜੇਕਰ ਪੰਜਾਬੀਆਂ ਦੀ ਸ਼ਾਨ ਵੱਖਰੀ ਦੇ ਕਥਨ ਨੂੰ ਗ਼ਲਤ ਸਾਬਤ ਨਹੀਂ ਹੋਣ ਦੇਣਾ ਤਾਂ ਫਿਰ ਪੂਰੇ ਪੰਜਾਬ ਨੂੰ ਅੱਜ ਕੌਮੀ ਖੇਡ ਹਾਕੀ ਦੇ ਸਤਿਕਾਰ ਲਈ ਲਾਮਬੰਦ ਹੋਣ ਦੀ ਲੋੜ ਹੈ। ਘਾਹ ਦੇ ਮੈਦਾਨਾਂ 'ਤੇ ਫਿਰ ਹਾਕੀ ਸੁਰਜੀਤ ਕਰਨ ਦੀ ਲੋੜ ਹੈ। ਪਿੰਡਾਂ ਦੇ ਸਰਪੰਚਾਂ, ਮੈਂਬਰ ਪੰਚਾਇਤ ਨੂੰ ਖਾਸ ਸਾਡੀ ਅਪੀਲ ਹੈ ਕਿ ਨੌਜਵਾਨਾਂ ਨੂੰ ਮੁਫਤ ਹਾਕੀ ਸਟਿੱਕਾਂ ਵੰਡਣ ਤੇ ਘਾਹ ਦੇ ਮੈਦਾਨ ਮੁਹੱਈਆ ਕਰਨ ਦੇ ਇੰਤਜ਼ਾਮ ਕਰਨ। ਸਰਕਾਰ ਘੱਟੋ-ਘੱਟ 25 ਪਿੰਡਾਂ ਲਈ ਇਕ ਐਸਟਰੋਟਰਫ ਮੈਦਾਨ ਦਾ ਪ੍ਰਬੰਧ ਕਰੇ। ਪਿੰਡਾਂ, ਸ਼ਹਿਰਾਂ 'ਚ ਵੱਧ ਤੋਂ ਵੱਧ ਹਾਕੀ ਕਲੱਬ ਹੋਂਦ 'ਚ ਲਿਆਂਦੇ ਜਾਣ। ਵੱਧ ਤੋਂ ਵੱਧ ਪੇਂਡੂ ਹਾਕੀ ਟੂਰਨਾਮੈਂਟ ਕਰਵਾਏ ਜਾਣ। ਪੇਂਡੂ ਸਕੂਲਾਂ 'ਚ ਹਾਕੀ ਨੂੰ ਹੁਲਾਰਾ ਮਿਲੇ। ਸਰਕਾਰ ਹਾਕੀ ਹਿਤੈਸ਼ੀ ਹੋਣ ਦਾ ਸਬੂਤ ਦਿੰਦਿਆਂ ਪਿੰਡਾਂ ਦੀ ਪੰਚਾਇਤ ਦਾ ਇਸ ਪੱਖੋਂ ਹਰ ਤਰ੍ਹਾਂ ਸਹਿਯੋਗ ਦੇਵੇ। ਹਾਕੀ ਮੁਹੱਬਤੀ ਇਸ ਕਲਮ ਨੇ ਅੱਜ ਘਾਹ ਦੇ ਮੈਦਾਨ ਹੀ ਮੰਗੇ ਨੇ, ਇਸ ਲਈ ਕਿ ਇਸ ਖੇਡ ਵਿਰਾਸਤ ਦੀ ਸ਼ਾਨ ਮੁੜ ਬਹਾਲ ਹੋ ਸਕੇ।
ਹਾਕੀ ਆਧਾਰਿਤ ਫਿਲਮ 'ਚੱਕ ਦੇ ਇੰਡੀਆ' ਦਾ ਟਾਈਟਲ ਗੀਤ ਹਾਕੀ ਦੀ ਤਰੱਕੀ ਲਈ ਹਾਕੀ ਦੇ ਵਿਕਾਸ ਲਈ 'ਹੋ ਕੋਈ ਤੋ ਚੱਲ ਜਿੱਦ ਫੜੀਏ' ਦੀ ਦੁਹਾਈ ਦਿੰਦਿਆਂ ਪੂਰੇ ਭਾਰਤ ਨੂੰ ਮੁਖਾਤਿਬ ਹੈ ਪਰ ਅਸੀਂ ਅੱਜ 'ਹਾਕੀ ਦੇ ਘਰ' ਪੰਜਾਬ ਨੂੰ ਮੁਖਾਤਿਬ ਹਾਂ। ਉਹ ਪੰਜਾਬ ਜਿਥੇ ਮਾਝੇ ਦੀ ਸ਼ਾਨ ਪਿੰਡ ਪਾਖਰਪੁਰਾ, ਬਾਬਾ ਬਕਾਲਾ, ਮਹਿਤਾ, ਬੁਤਾਲਾ, ਜੈਂਤੀਪੁਰ, ਦੁਆਬਾ ਦਾ ਮਾਣ ਸੰਸਾਰਪੁਰ, ਮਿੱਠਾਪੁਰ, ਮਲਸੀਆਂ, ਨਕੋਦਰ ਅਤੇ ਮਾਲਵੇ ਦੀ ਜਿੰਦਜਾਨ ਜਰਖੜ, ਕਿਲ੍ਹਾ ਰਾਏਪੁਰ, ਫਰੀਦਕੋਟ, ਸੰਗਰੂਰ ਅਤੇ ਪਟਿਆਲੇ ਦੇ ਕਈ ਪਿੰਡਾਂ 'ਚ ਕੁਝ ਹਾਕੀ ਹਿਤੈਸ਼ੀ ਲੋਕਾਂ ਦੀ ਬਦੌਲਤ ਹਾਕੀ ਅਜੇ ਵੀ ਖੇਡੀ ਜਾਂਦੀ ਹੈ। ਸਭ ਤੋਂ ਦੁੱਖ ਅਤੇ ਅਫਸੋਸ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡਾਂ 'ਚ ਹਾਕੀ ਦੇ ਟੁੱਟ ਚੁੱਕੇ ਦਮ 'ਤੇ ਹੈ, ਭਾਵੇਂ ਅੰਮ੍ਰਿਤਸਰ ਸ਼ਹਿਰ 'ਚ ਸਾਬਕਾ ਖਿਡਾਰੀਆਂ ਤੇ ਹਾਕੀ ਪ੍ਰੇਮੀਆਂ ਦੀ ਬਦੌਲਤ ਅਜੇ ਵੀ ਹਾਕੀ ਦਾ ਉਹ ਪੁਰਾਣੇ ਵੇਲਿਆਂ ਵਾਲਾ ਰੁਮਾਂਚ ਮੌਜੂਦ ਹੈ। ਮਾਣ ਵਾਲੀ ਗੱਲ ਇਹ ਹੈ ਕਿ ਕੁਝ ਪਿੰਡਾਂ 'ਚ ਕਿਸੇ ਸਰਕਾਰੀ ਸਹਾਇਤਾ, ਪਿੰਡ ਦੀ ਪੰਚਾਇਤ ਦੀ ਮਦਦ ਤੋਂ ਬਗੈਰ ਵੀ ਪੰਜਾਬ ਹਾਕੀ ਮੁਹੱਬਤੀ ਲੋਕਾਂ ਦੇ ਯਤਨਾਂ ਨੂੰ 'ਹਾਕੀ ਪ੍ਰੇਮ' ਹੀ ਅਗਾਂਹ ਤੋਰ ਰਿਹਾ, ਕਿਉਂਕਿ ਇਨ੍ਹਾਂ ਦੇ ਮਨਾਂ 'ਚ ਹਾਕੀ ਸੱਭਿਆਚਾਰ ਬਰਕਰਾਰ ਰੱਖਣ ਦੀ ਜ਼ਿਦ ਹੈ। ਪਰ ਕੀ ਕਦੇ ਸਾਡੇ ਖੇਡ ਮੰਤਰੀ ਇਨ੍ਹਾਂ ਪਿੰਡਾਂ ਦਾ ਦੌਰਾ ਕਰਨਗੇ? ਬਾਕੀ ਪਿੰਡਾਂ ਨੂੰ ਵੀ ਹਾਕੀ ਮੈਦਾਨਾਂ ਲਈ ਜ਼ਮੀਨਾਂ ਦੇਣਗੇ ਇਸ ਤੋਂ ਪ੍ਰਭਾਵਿਤ ਹੋ ਕੇ? ਪਰ ਕੀ ਪੰਜਾਬ ਦੇ ਬਾਕੀ ਪਿੰਡ ਇਨ੍ਹਾਂ ਹਾਕੀ ਮੁਹੱਬਤੀ ਪਿੰਡਾਂ ਤੋਂ ਕੁਝ ਸਿੱਖ ਕੇ ਹਾਕੀ ਸੱਭਿਆਚਾਰ ਨੂੰ ਸੁਰਜੀਤ ਕਰਨ ਦੀ ਜ਼ਿਦ ਫੜਨਗੇ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਖੇਡ ਜਗਤ ਦਾ ਮਾਣ : ਡਾ: ਜੀਤ ਸਿੰਘ

ਨਾਭਾ ਦੇ ਜੰਮਪਲ ਡਾ: ਜੀਤ ਸਿੰਘ ਨੇ ਐਮ.ਏ. (ਪੰਜਾਬੀ), ਐਮ.ਪੀ.ਐਡ., ਐਮ.ਲਿੱਟ., ਕੋਚਿੰਗ ਡਿਗਰੀ (ਹਾਕੀ) ਤੇ ਪੀ.ਐੱਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਆਪਣੀ ਲਿਆਕਤ ਸਦਕਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੈਨੇਟ, ਸੈਂਡੀਕੇਟ, ਅੰਡਰ ਤੇ ਪੋਸਟ ਗਰੈਜੂਏਟ ਬੋਰਡ ਆਫ ਸਟੱਡੀਜ਼ ਦੇ ਮੈਂਬਰ ਅਤੇ ਸਪੋਰਟਸ ਕਮੇਟੀ ਦੇ ਪ੍ਰਧਾਨ ਹਨ। ਇਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਵਿਚ 'ਫਿਜ਼ੀਕਲ ਐਜੂਕੇਸ਼ਨ ਕੋਚਿੰਗ ਐਂਡ ਆਫੀਸ਼ੀਏਟਿੰਗ', 'ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ', 'ਰੂਲਜ਼ ਆਫ ਹਾਕੀ', 'ਆਰਗੇਨਾਈਜ਼ੇਸ਼ਨ ਐਂਡ ਐਡਮਨਿਸਟ੍ਰੇਸ਼ਨ ਇਨ ਫਿਜੀਕਲ ਐਜੂਕੇਸ਼ਨ' ਚਾਰ ਪੁਸਤਕਾਂ ਲਿਖੀਆਂ ਹਨ, ਜਿਹੜੀਆਂ ਯੂਨੀਵਰਸਿਟੀ ਪੱਧਰ ਦੀਆਂ ਕਲਾਸਾਂ ਦੇ ਸਿਲੇਬਸ ਵਿਚ ਲੱਗੀਆਂ ਹੋਈਆਂ ਹਨ।
ਇਨ੍ਹਾਂ ਨੇ 1974-75 ਦੌਰਾਨ ਜੰਮੂ, 1975-76 ਦੌਰਾਨ ਲਖਨਊ ਵਿਖੇ ਹੋਈ ਆਲ ਇੰਡੀਆ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਦੋ ਵਾਰੀ ਜਿੱਤੀ ਤੇ 1976-77 ਦੌਰਾਨ ਪੈਪਸੂ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਜਿੱਤੀ, ਅਨੇਕਾਂ ਵਾਰ ਅਥਲੈਟਿਕਸ-ਸਵੀਮਿੰਗ ਰਾਸ਼ਟਰੀ ਪੱਧਰ 'ਤੇ ਜਿੱਤੀ। ਆਲ ਇੰਡੀਆ ਪੱਧਰੀ ਇਨ੍ਹਾਂ ਖੇਡ ਮੁਕਾਬਲਿਆਂ ਲਈ ਇਨ੍ਹਾਂ ਦੀ ਚੋਣ ਬਿਨਾਂ ਸਿਫਾਰਸ਼ ਸਿਰਫ ਹਿੱਕ ਦੇ ਜ਼ੋਰ ਨਾਲ ਪਾਸ ਕੀਤੇ ਟਰਾਇਲਾਂ ਕਾਰਨ ਹੋਈ।
ਭਾਰਤੀ ਖੇਡ ਪ੍ਰਣਾਲੀ ਨੂੰ ਵਿਸ਼ਵ ਪੱਧਰ 'ਤੇ ਵਿਕਸਤ ਕਰਨ ਲਈ ਡਾ: ਜੀਤ ਸਿੰਘ ਨੇ ਭਾਰਤ ਦੀ ਤਰਫੋਂ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਅਧੀਨ 18 ਤੋਂ 22 ਮਈ, 2000 ਨੂੰ ਕਿਊਬਿਕ (ਕੈਨੇਡਾ), 10 ਤੋਂ 12 ਮਈ, 2001 ਨੂੰ ਨੌਟਰਾਡੇਮ (ਅਮਰੀਕਾ) ਅਤੇ ਮਈ, 2002 ਵਿਚ ਮੌਂਟਰੀਅਲ (ਕੈਨੇਡਾ) ਆਦਿ ਦੇਸ਼ਾਂ ਵਿਚ ਸਰੀਰਕ ਸਿੱਖਿਆ ਵਿਸ਼ੇ ਸਬੰਧੀ ਹੋਈਆਂ ਕਾਨਫਰੰਸਾਂ ਦੀ ਪ੍ਰਤੀਨਿਧਤਾ ਕੀਤੀ। ਉਹ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਵਿਚ ਬਤੌਰ ਵਿਸ਼ਾ ਮਾਹਿਰ ਪ੍ਰੋਫੈਸਰ ਸਰੀਰਕ ਸਿੱਖਿਆ ਦੀ ਚੋਣ ਲਈ ਮੈਂਬਰ ਰਹੇ ਹਨ, ਇਨ੍ਹਾਂ ਨੂੰ 5 ਵਾਰੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਹਾਕੀ ਮਰਦ ਤੇ ਔਰਤ ਦੀਆਂ ਟੀਮਾਂ ਦੀ ਚੋਣ ਕਰਨ ਲਈ ਬਤੌਰ ਚੋਣਕਾਰ ਹੋਣ ਦਾ ਮਾਣ ਪ੍ਰਾਪਤ ਹੈ। ਇਨ੍ਹਾਂ ਵਲੋਂ ਅੰਤਰ-ਯੂਨੀਵਰਸਿਟੀ ਅਤੇ ਸੀਨੀਅਰ ਨੈਸ਼ਨਲ ਖੇਡ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਰਾਜ ਦੀ ਅਗਵਾਈ ਕੀਤੀ ਗਈ ਹੈ, ਚੰਡੀਗੜ੍ਹ ਵਿਖੇ ਨਵੰਬਰ, 2009 ਵਿਚ ਹੋਈ ਨਹਿਰੂ ਹਾਕੀ ਚੈਂਪੀਅਨਸ਼ਿਪ ਮੌਕੇ ਭਾਰਤੀ ਹਾਕੀ (ਮਰਦ) ਟੀਮ ਦੇ ਆਪ ਮੈਨੇਜਰ ਨਿਯੁਕਤ ਹੋਏ। ਦਸੰਬਰ, 2004 ਵਿਚ ਅੰਤਰ-ਯੂਨੀਵਰਸਿਟੀ ਉਲੰਪਿਕ ਕਮੇਟੀ ਵਿਚ ਆਪ ਨੇ ਬਤੌਰ ਖੇਡ ਪ੍ਰਬੰਧਕ ਅਫ਼ਸਰ ਵਜੋਂ ਕੰਮ ਕੀਤਾ।
ਸਰਕਾਰੀ ਆਰਟ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਦੀ ਸੇਵਾ ਨਿਭਾਉਣ ਵਾਲੇ ਡਾ: ਜੀਤ ਸਿੰਘ ਨੇ ਪੰਜਾਬ ਦੇ ਵੱਖ-ਵੱਖ ਖੇਡ ਵਿੰਗਾਂ ਵਿਚ ਬਤੌਰ ਹਾਕੀ ਕੋਚ ਵੀ ਖਿਡਾਰੀਆਂ ਨੂੰ ਕੋਚਿੰਗ ਦਿੱਤੀ। ਇਨ੍ਹਾਂ ਨੇ 1999 ਤੋਂ 2008 ਤੱਕ ਲਗਾਤਾਰ ਲੁਧਿਆਣਾ, ਨਵੀਂ ਦਿੱਲੀ, ਕੁਰੂਕਸ਼ੇਤਰ, ਅਲੀਗੜ੍ਹ, ਮੇਰਠ, ਰੋਹਤਕ ਵਿਖੇ ਖੇਡੇ ਗਏ ਆਲ ਇੰਡੀਆ ਅੰਤਰ ਯੂਨੀਵਰਸਿਟੀ ਹਾਕੀ (ਮਰਦ) ਟੂਰਨਾਮੈਂਟਾਂ ਵਿਚ ਬਤੌਰ ਅਬਜ਼ਰਬਰ ਵਜੋਂ ਕੰਮ ਕੀਤਾ।
ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਵਿਖੇ 25 ਸਾਲ ਬਤੌਰ ਪ੍ਰੋਫੈਸਰ ਸੇਵਾ ਨਿਭਾਉਣ ਵਾਲੇ ਡਾ: ਜੀਤ ਸਿੰਘ ਵਲੋਂ 2007 ਵਿਚ ਨੈਸ਼ਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚੁਪਕੀ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਗਿਆ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ 255 ਕਾਲਜਾਂ ਵਿਚੋਂ ਡਾ: ਜੀਤ ਸਿੰਘ ਦੀ ਰਹਿਨੁਮਾਈ ਹੇਠ ਇਨ੍ਹਾਂ ਦੇ ਮੌਜੂਦਾ ਕਾਲਜ ਚੁਪਕੀ ਵਲੋਂ 2012 ਤੋਂ 2017 ਤੱਕ ਲਗਾਤਾਰ ਮੁੰਡੇ ਤੇ ਕੁੜੀਆਂ ਦੇ ਵਰਗ ਵਿਚ ਵੱਖ-ਵੱਖ ਖੇਡ ਮੁਕਾਬਲਿਆਂ 'ਚੋਂ ਚੈਂਪੀਅਨਸ਼ਿਪ ਬਰਕਰਾਰ ਰੱਖੀ ਹੋਈ ਹੈ। ਡਾ: ਜੀਤ ਸਿੰਘ ਵਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਅਨੇਕਾਂ ਖਿਡਾਰੀ ਪੈਦਾ ਕੀਤੇ ਗਏ ਹਨ। ਇਨ੍ਹਾਂ ਦੀ ਕੋਚਿੰਗ ਸਦਕਾ ਹੀ ਸੁਨੇਹਲ ਦੀ ਤੀਰਅੰਦਾਜ਼ੀ ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਚੋਣ ਹੋਈ ਹੈ। ਵਿਸ਼ਵ ਕਬੱਡੀ ਕੱਪ ਦੇ ਜੇਤੂ ਗੁਲਜਾਰ ਸਿੰਘ ਉਰਫ ਗੁਲਜਾਰੀ ਤੇ ਰਾਮ ਬਤੇਰੀ ਸਮੇਤ ਕੌਮਾਂਤਰੀ ਪੱਧਰ 'ਤੇ ਨਿਸ਼ਾਨੇਬਾਜ਼ ਹਰਵੀਨ ਸਰਾਓ, ਬਾਸਕਟਬਾਲਰ ਹਰਜੀਤ ਕੌਰ, ਹੈਂਡਬਾਲ ਖਿਡਾਰਨ ਮਨਿੰਦਰ ਕੌਰ, ਜਿਮਨਾਸਟਿਕ ਪ੍ਰਭਜੋਤ ਬਾਜਵਾ ਤੇ ਮਿਨਾਕਸ਼ੀ, ਤਲਵਾਰਬਾਜ਼ ਕੌਮਲਪ੍ਰੀਤ ਸ਼ੁਕਲਾ ਆਦਿ ਖਿਡਾਰੀ/ਖਿਡਾਰਾਨਾਂ ਇਨ੍ਹਾਂ ਦੀ ਹੀ ਦੇਣ ਹਨ। ਇਹ ਆਪਣੇ ਪ੍ਰਬੰਧਕੀ, ਅਧਿਆਪਨ ਤੇ ਖੇਡ ਕਿੱਤੇ ਨੂੰ ਬੇਹੱਦ ਸੁਹਿਰਦਤਾ, ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ। ਸੱਚਮੁਚ ਡਾ: ਜੀਤ ਸਿੰਘ ਖੇਡ ਜਗਤ ਦਾ ਮਾਣ ਹਨ।


-(ਸਟੇਟ ਤੇ ਨੈਸ਼ਨਲ ਐਵਾਰਡੀ, ਰਿਟਾ: ਪ੍ਰਿੰਸੀਪਲ), ਮੁਹੱਲਾ ਕਰਤਾਰਪੁਰਾ (ਕਹੂਟਾ), ਨਾਭਾ, ਜ਼ਿਲ੍ਹਾ ਪਟਿਆਲਾ-147201.
ਮੋਬਾ: 95011-17772

ਨੇਤਰਹੀਣ ਕ੍ਰਿਕਟ ਖਿਡਾਰੀ ਹੈ ਮੁਰਾਰੀ ਲਾਲ ਗੁਜਰ

aਮੁਰਾਰੀ ਲਾਲ ਗੁਜਰ ਰਾਜਸਥਾਨ ਪ੍ਰਾਂਤ ਦੀ ਨੇਤਰਹੀਣ ਕ੍ਰਿਕਟ ਟੀਮ ਦਾ ਮੰਨਿਆ ਹੋਇਆ ਨੇਤਰਹੀਣ ਖਿਡਾਰੀ ਹੈ ਅਤੇ ਉਸ ਨੇ ਕ੍ਰਿਕਟ ਜਗਤ ਵਿਚ ਖੇਡਦਿਆਂ ਅਨੇਕਾਂ ਜਿੱਤਾਂ ਦਰਜ ਕਰਕੇ ਆਪਣੀ ਟੀਮ ਨੂੰ ਅੰਬਰਾਂ 'ਤੇ ਪਹੁੰਚਾਇਆ ਹੈ। ਮੁਰਾਰੀ ਲਾਲ ਗੁਜਰ ਦਾ ਜਨਮ 17 ਮਈ, 1983 ਨੂੰ ਪਿਤਾ ਪ੍ਰਭੂ ਲਾਲ ਗੁਜਰ ਦੇ ਘਰ ਮਾਤਾ ਕੈਲਾਸ਼ ਬਾਈ ਦੀ ਕੁੱਖੋਂ ਰਾਜਸਥਾਨ ਦੇ ਜ਼ਿਲ੍ਹਾ ਬੂੰਦੀ ਦੇ ਕਸਬਾ ਲਖੀਰੀ ਵਿਖੇ ਹੋਇਆ। ਮੁਰਾਰੀ ਲਾਲ ਨੇ ਜਦ ਬਚਪਨ ਦੀ ਦਹਿਲੀਜ਼ ਪਾਰ ਕੀਤੀ ਤਾਂ ਉਸ ਨੇ ਇਹ ਰੰਗਲਾ ਸੰਸਾਰ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੂਰੀ ਤਰ੍ਹਾਂ ਇਹ ਅਹਿਸਾਸ ਹੋ ਗਿਆ ਕਿ ਉਹ ਇਸ ਰੰਗਲੇ ਸੰਸਾਰ ਨੂੰ ਸੱਜੀ ਅੱਖ ਤੋਂ ਬਿਲਕੁਲ ਨਹੀਂ ਵੇਖ ਪਾਏਗਾ। ਮਾਂ-ਬਾਪ ਲਈ ਇਹ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਸੀ। ਬਥੇਰੇ ਡਾਕਟਰਾਂ ਦੇ ਕੋਲ ਲੈ ਕੇ ਗਏ ਪਰ ਆਖਰ ਡਾਕਟਰਾਂ ਨੇ ਵੀ ਇਸ ਸਦਮੇ ਨੂੰ ਸੱਚ ਵਿਚ ਬਦਲ ਦਿੱਤਾ ਅਤੇ ਮੁਰਾਰੀ ਲਾਲ ਹਮੇਸ਼ਾ ਲਈ ਇਕ ਹੀ ਅੱਖ ਨਾਲ ਵੇਖਣ ਲਈ ਮਜਬੂਰ ਹੋ ਗਿਆ। ਇਥੇ ਹੀ ਬਸ ਨਹੀਂ ਕਿ ਦੀਵਾਲੀ ਦੇ ਦਿਨਾਂ ਵਿਚ ਜਦ ਉਸ ਦੇ ਹੀ ਕਿਸੇ ਅਣਜਾਣੇ ਮਿੱਤਰ ਨੇ ਪਟਾਕਾ ਚਲਾਇਆ ਤਾਂ ਉਹ ਅਚਾਨਕ ਉਸ ਦੀ ਖੱਬੀ ਅੱਖ ਨੂੰ ਆ ਲੱਗਾ ਤਾਂ ਮੁਰਾਰੀ ਲਾਲ ਦੀ ਅੱਖ ਬੁਰੀ ਤਰ੍ਹਾਂ ਪਟਾਕੇ ਦੀ ਅੱਗ ਨਾਲ ਝੁਲਸ ਗਈ। ਜ਼ਖਮੀ ਹਾਲਤ ਵਿਚ ਮੁਰਾਰੀ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ।
ਮੁਰਾਰੀ ਲਾਲ ਠੀਕ ਤਾਂ ਹੋ ਗਿਆ ਪਰ ਰਹਿੰਦੀ-ਖੂੰਹਦੀਂ ਖੱਬੀ ਅੱਖ ਵੀ ਵੇਖਣ ਤੋਂ ਜਵਾਬ ਦੇ ਗਈ ਅਤੇ ਹੁਣ ਮੁਰਾਰੀ ਲਾਲ ਨੂੰ ਸਿਰਫ ਦੋ ਜਾਂ ਤਿੰਨ ਮੀਟਰ ਤੱਕ ਹੀ ਦਿਸਦਾ ਹੈ ਅਤੇ ਉਸ ਤੋਂ ਅਗਾਂਹ ਉਸ ਲਈ ਹਨ੍ਹੇਰਾ ਹੀ ਹਨ੍ਹੇਰਾ ਹੁੰਦਾ ਹੈ। 'ਹਸਰਤੇ ਕੁਛ ਔਰ, ਵਕਤ ਕੀ ੲਲਜਤਾ ਕੁਛ ਔਰ, ਕੌਨ ਜੀ ਸਕਾ ਹੈ, ਅਪਨੇ ਮੁਤਾਬਕ ਜ਼ਿੰਦਗੀ' ਦੀਆਂ ਸਤਰਾਂ ਵਾਂਗ ਮੁਰਾਰੀ ਲਾਲ ਦੀ ਜ਼ਿੰਦਗੀ ਵੀ ਇਕਦਮ ਬਦਲ ਕੇ ਰਹਿ ਗਈ ਤਾਂ 'ਜ਼ਿਆਦਾ ਖਵਾਇਸ਼ ਨਹੀਂ ਹੈ ਜ਼ਿੰਦਗੀ ਤੁਜਸੇ, ਬਸ ਅਗਲਾ ਕਦਮ ਪਿਛਲੇ ਸੇ ਬਿਹਤਰੀਨ ਹੋ' ਵਾਂਗ ਮੁਰਾਰੀ ਲਾਲ ਨੇ ਵੀ ਆਪਣੀ ਜ਼ਿੰਦਗੀ ਨੂੰ ਜਿਊਣ ਲਈ ਧਾਰ ਲਿਆ ਕਿ 'ਅਗਰ ਫਨਾ ਕੀ ਜਿਦ ਹੈ ਬਿਜਲੀਆਂ ਗਿਰਾਨੇ ਕੀ ਤੋ ਹਮਨੇ ਭੀ ਠਾਨੀ ਹੈ ਵਹੀਂ ਅਪਨੇ ਆਸ਼ਿਆਨਾ ਬਨਾਨੇ ਕੀ'। ਮਾਂ-ਬਾਪ ਨੇ ਮੁਢਲੀ ਵਿੱਦਿਆ ਦਿਵਾਉਣ ਲਈ ਮੁਰਾਰੀ ਲਾਲ ਨੂੰ ਨੇਤਰਹੀਣ ਸਕੂਲ ਅਜਮੇਰ ਵਿਚ ਦਾਖਲਾ ਦਿਵਾ ਦਿੱਤਾ। ਇਹ ਸਕੂਲ ਭਾਵੇਂ ਮੁਰਾਰੀ ਲਾਲ ਨੂੰ ਅੱਖਾਂ ਦੀ ਰੌਸ਼ਨੀ ਤਾਂ ਨਹੀਂ ਦੇ ਸਕਿਆ ਪਰ ਜਿਹੜੀ ਹਿੰਮਤ, ਦਲੇਰੀ ਅਤੇ ਸਾਹਸ ਦੀ ਰੌਸ਼ਨੀ ਮੁਰਾਰੀ ਨੂੰ ਮਿਲੀ, ਉਹੀ ਤਾਂ ਅੱਜ ਮੁਰਾਰੀ ਦਾ ਕਮਾਲ ਹੈ। ਨੇਤਰਹੀਣ ਸਕੂਲ ਪੜ੍ਹਦਿਆਂ ਜਿਥੇ ਮੁਰਾਰੀ ਲਾਲ ਵਿੱਦਿਆ ਪੱਖੋਂ ਆਪਣਾ-ਆਪ ਅੰਦਰੋਂ ਰੁਸ਼ਨਾਉਣ ਲੱਗਿਆ, ਉਥੇ ਉਹ ਸਕੂਲ ਦੀ ਕ੍ਰਿਕਟ ਟੀਮ ਵਿਚ ਵੀ ਖੇਡਣ ਲੱਗਿਆ ਅਤੇ ਉਹ ਛੇਤੀ ਹੀ ਇਕ ਕ੍ਰਿਕਟ ਦੇ ਚੰਗੇ ਖਿਡਾਰੀ ਵਜੋਂ ਉੱਭਰ ਕੇ ਸਾਹਮਣੇ ਆਇਆ।
ਅੱਜ ਮੁਰਾਰੀ ਲਾਲ ਰਾਜਸਥਾਨ ਦੀ ਨੇਤਰਹੀਣ ਕ੍ਰਿਕਟ ਟੀਮ ਦਾ ਮੰਨਿਆ ਹੋਇਆ ਖਿਡਾਰੀ ਹੈ। ਸੰਨ 2001 ਵਿਚ ਉਸ ਨੇ ਔਰੰਗਾਬਾਦ ਵਿਖੇ ਹੋਈ ਚਾਰ ਰਾਜਾਂ ਦੀ ਲੜੀ ਵਿਚ ਖੇਡਦਿਆਂ ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਦੇ ਨਾਲ ਹੋਏ ਮੈਚਾਂ ਵਿਚ ਆਪਣੇ ਬਿਹਤਰੀਨ ਪ੍ਰਦਰਸ਼ਨ ਦੇ ਬਲਬੂਤੇ ਜਿੱਤ ਹਾਸਲ ਕੀਤੀ ਅਤੇ ਹੁਣ ਤੱਕ ਮੁਰਾਰੀ ਲਾਲ ਦੀ ਬਦੌਲਤ ਰਾਜਸਥਾਨ ਦੀ ਟੀਮ ਤਿੰਨ ਨੈਸ਼ਨਲ ਟੂਰਨਾਮੈਂਟ ਲਗਾਤਾਰ ਜਿੱਤ ਚੁੱਕੀ ਹੈ। ਸੰਨ 2006 ਵਿਚ ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਪਾਕਿਸਤਾਨ ਖੇਡਣ ਗਈ ਤਾਂ ਮੁਰਾਰੀ ਲਾਲ ਗੁਜਰ ਦੀ ਧੂੰਆਂ-ਧਾਰ ਬੈਟਿੰਗ ਅਤੇ ਬੋਲਿੰਗ ਸਦਕਾ ਭਾਰਤ ਨੇ ਸਾਰੀ ਲੜੀ ਆਪਣੇ ਨਾਂਅ ਕੀਤੀ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਕਬੱਡੀ ਦਾ ਮਜ਼ਬੂਤ ਪਕੜ ਵਾਲਾ ਜਾਨਦਾਰ ਜਾਫੀ-ਸੰਦੀਪ ਬੱਸੀਆਂ

ਭਰਵੇਂ-ਗੁੰਦਵੇਂ ਜੁੱਸੇ ਤੇ ਸੁਮੱਧਰ ਜਿਹੇ ਕੱਦ ਵਾਲਾ ਗੱਭਰੂ ਸੰਦੀਪ ਬੱਸੀਆਂ ਅੱਜ ਦੇ ਸਮੇਂ 'ਚ ਖੇਡ ਕਬੱਡੀ ਦਾ ਜਰਵਾਣਾ ਤੇ ਮਜ਼ਬੂਤ ਪਕੜ ਵਾਲਾ ਜਾਨਦਾਰ ਜਾਫੀ ਹੈ। ਪੂਰਨ ਤੌਰ 'ਤੇ ਖੇਡ ਕਬੱਡੀ ਨੂੰ ਸਮਰਪਿਤ ਇਸ ਖਿਡਾਰੀ ਦੇ ਕਬੱਡੀ ਗਰਾਊਂਡਾਂ ਅੰਦਰ ਜੱਟ ਜਾਫੀ ਵਜੋਂ ਖੂਬ ਚਰਚੇ ਨੇ। ਸਰੀਰਕ ਤਾਕਤ ਦੇ ਨਾਲ-ਨਾਲ ਸੰਦੀਪ ਕਬੱਡੀ ਦੇ ਦਾਅ-ਪੇਚਾਂ 'ਚ ਨਿਪੁੰਨ ਹੋਣ ਦੇ ਨਾਲ ਹੀ ਤਕਨੀਕੀ ਤੇ ਦਿਮਾਗੀ ਖਿਡਾਰੀ ਐ, ਜਿਸ ਕਰਕੇ ਕਬੱਡੀ ਦੇ ਬਲਵਾਨ ਧਾਵੀਆਂ ਨੂੰ ਡੱਕ ਲਾਉਂਦਾ ਹੈ। ਮਸ਼ਹੂਰ ਸ਼ਹਿਰ ਰਾਏਕੋਟ ਦੇ ਨਾਲ ਲੱਗਦੇ ਸੰਘਣੀ ਵਸੋਂ ਦੇ ਪਿੰਡ ਬੱਸੀਆਂ 'ਚ ਮਾਤਾ ਸ੍ਰੀਮਤੀ ਮਨਜੀਤ ਕੌਰ ਦੀ ਕੁੱਖੋਂ ਪਿਤਾ ਸ: ਪ੍ਰੀਤਮ ਸਿੰਘ ਉੱਪਲ ਦੇ ਘਰ ਜਨਮੇ ਸੰਦੀਪ ਨੂੰ ਬਚਪਨ ਤੋਂ ਹੀ ਖੇਡ ਕਬੱਡੀ ਨਾਲ ਡਾਹਢਾ ਮੋਹ ਸੀ। ਸਦਾਚਾਰ ਗੁਣਾਂ ਦਾ ਮੁਜੱਸਮਾ ਸੰਦੀਪ ਬਾਲ ਉਮਰ ਤੋਂ ਹੀ ਖੇਡ ਕਬੱਡੀ 'ਚ ਜ਼ੋਰ ਅਜ਼ਮਾਈ ਕਰਦਿਆਂ ਵਜ਼ਨੀ ਕਬੱਡੀ ਦੇ ਵੱਖ-ਵੱਖ ਵਰਗਾਂ 37 ਕਿਲੋ 42, 47, 55, 65 ਤੇ 70 ਕਿਲੋ ਆਦਿ 'ਚ ਆਪਣੀ ਕੌਤਕੀ ਖੇਡ ਦਿਖਾਉਂਦਿਆਂ ਕਾਬਲ, ਜੋਸ਼ੀਲਾ ਤੇ ਤੀਖਣ ਬੁੱਧੀ ਵਾਲਾ ਹੋਣਹਾਰ ਕਬੱਡੀ ਖਿਡਾਰੀ ਸਿੱਧ ਹੋਇਆ। ਪਰਿਵਾਰ ਵਲੋਂ ਮਿਲੀ ਹੱਲਾਸ਼ੇਰੀ ਤੇ ਉਸਤਾਦ ਕੋਚ ਪਹਿਲਵਾਨ ਅਵਤਾਰ ਸਿੰਘ ਕਾਕਾ ਗੋਦਵਾਲ ਦੀ ਸਹੀ ਪ੍ਰੇਰਨਾ ਨਾਲ ਸੰਦੀਪ ਦਾ ਅੱਜ ਉੱਚਕੋਟੀ ਦੇ ਨਾਮੀ ਕਬੱਡੀ ਧੁਨੰਤਰਾਂ 'ਚ ਨਾਂਅ ਸ਼ੁਮਾਰ ਐ।
ਜ਼ਿਕਰਯੋਗ ਹੈ ਕਿ ਸੰਦੀਪ ਹਿੱਕ ਦੇ ਜ਼ੋਰ ਨਾਲ ਪੰਜਾਬ ਭਰ ਦੇ ਵੱਡੇ ਕਬੱਡੀ ਕੱਪਾਂ ਫਰਵਾਹੀ, ਧਲੇਰ, ਲਲਤੋਂ ਕਲਾਂ, ਸੰਘੇੜਾ, ਬਡਬਰ, ਖਜਰੂਲਾ, ਬਾਬਾ ਦਾਮੂ ਸ਼ਾਹ ਲੁਹਾਰਾ, ਰਾਊਵਾਲ, ਮੁਕਤਸਰ, ਤਲਵੰਡੀ ਆਦਿ ਤੋਂ ਇਲਾਵਾ ਹੋਰ ਵੱਖ-ਵੱਖ ਖੇਡ ਮੇਲਿਆਂ ਤੋਂ ਕੁੱਲ 16 ਮੋਟਰਸਾਈਕਲਾਂ ਦਾ ਜੇਤੂ ਜਰਨੈਲ ਬਣਿਆ। ਜਗਤ ਪ੍ਰਸਿੱਧ ਖੇਡ ਮੇਲੇ ਤਖਤੂਪੁਰਾ ਦੀ ਪੱਵਿਤਰ ਧਰਤੀ 'ਤੇ ਆਜ਼ਾਦ ਕਬੱਡੀ ਕਲੱਬ ਫਰੀਜਨੋ (ਘੱਲ ਕਲਾਂ) ਵਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨਿਆ ਗਿਆ ਅਤੇ ਪਿੰਡ ਗਹਿਲਾਂ (ਬਰਨਾਲਾ) ਦੇ ਵੱਡ-ਆਕਾਰੀ ਟੂਰਨਾਮੈਂਟ 'ਤੇ ਵੀ ਸੈਂਟਰ ਵੈਲੀ ਕਬੱਡੀ ਕਲੱਬ ਅਮਰੀਕਾ ਵਲੋਂ ਬੁਲਟ ਮੋਟਰਸਾਈਕਲ ਨਾਲ ਮਾਣ-ਸਨਮਾਣ ਹੋਇਆ ਤੇ ਇਕ ਮੋਟਰਸਾਈਕਲ ਆਪਣੇ ਨਗਰ ਬੱਸੀਆਂ ਦੇ ਖੇਡ ਮੇਲੇ 'ਤੇ ਮਿੱਤਰ ਪਿਆਰਿਆਂ ਵਲੋਂ ਸੰਦੀਪ ਨੂੰ ਪਿਆਰੀ ਖੇਡ ਦੇ ਚੰਗੇ ਜੌਹਰ ਦਿਖਾਉਣ ਬਦਲੇ ਪ੍ਰਾਪਤ ਹੋਇਆ। ਨੁਕਰੇ ਘੋੜੇ ਦਾ ਵੀ ਜੇਤੂ ਖਿਡਾਰੀ ਏ ਸੰਦੀਪ। ਕਬੱਡੀ ਦੇ ਬਾਦਸ਼ਾਹਤ ਧਾਵੀਆਂ ਨੂੰ ਡੱਕਣ ਵਾਲੇ ਸੰਦੀਪ ਨੇ 2011 'ਚ ਪਹਿਲੀ ਵਾਰ ਵਿਦੇਸ਼ ਦੁਬਈ ਦੀ ਧਰਤੀ 'ਤੇ ਖੇਡਦਿਆਂ ਸਮੁੱਚੇ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਕੀਤਾ, 2013 'ਚ ਇੰਗਲੈਂਡ ਦੀ ਧਰਤੀ 'ਤੇ ਇਸ ਖਿਡਾਰੀ ਨੇ ਸਿਰੜੀ ਅਤੇ ਜੁਝਾਰੂ ਖੇਡ ਸਦਕਾ ਆਲਮੀ ਰਿਕਾਰਡ ਪੈਦਾ ਕੀਤੇ।


-ਬੱਬੀ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)। ਮੋਬਾ: 98147-45867


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX