ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  42 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸਾਗਰ 'ਚ ਤਰਦੇ ਤੇ ਅਸਮਾਨੀਂ ਉੱਡਦੇ ਸ਼ਹਿਰਾਂ ਵੱਲ ਵਧ ਰਹੀ ਹੈ ਦੁਨੀਆ

ਇਨਸਾਨ ਆਪਣੇ ਜੀਵਨ ਨੂੰ ਵਿਗਿਆਨ ਅਤੇ ਤਕਨੀਕ ਰਾਹੀਂ ਜਿੱਥੇ ਬੇਹੱਦ ਸੁਖਾਲਾ ਅਤੇ ਮਾਣਨਯੋਗ ਬਣਾ ਰਿਹਾ ਹੈ ਉੱਥੇ ਹੀ ਖੁਦ ਦੇ ਦਿਮਾਗ ਦੀਆਂ ਡੂੰਘੀਆਂ ਤਹਿਆਂ ਵਿਚ ਵੱਸਦੀ ਸਨਕ ਅਤੇ ਉਸ ਤੋਂ ਪੈਦਾ ਹੋਏ ਅਜੀਬੋ ਗਰੀਬ ਸ਼ੌਕਾਂ ਦੀ ਪੂਰਤੀ ਕਰਨ ਲਈ ਅਜੀਬ ਅਤੇ ਹੈਰਾਨਕੁੰਨ ਪ੍ਰਯੋਗ ਕਰਨ ਵਿਚ ਵੀ ਰੁੱਝਾ ਹੋਇਆ ਹੈ। ਐਸੇ ਪ੍ਰਯੋਗਾਂ ਦੇ ਚੱਲਦਿਆਂ ਇਸ ਯੁੱਗ ਵਿਚ ਵਸ ਰਹੀ ਦੁਨੀਆ ਨੇੜ-ਭਵਿੱਖ ਵਿਚ ਹੀ ਸ਼ਹਿਰੀਕਰਨ ਅਤੇ ਇਮਾਰਤਸਾਜ਼ੀ ਦੇ ਦਿਲਚਸਪ ਅਤੇ ਆਧੁਨਿਕ ਰੂਪ ਦੇ ਰੂਬਰੂ ਹੋਣ ਜਾ ਰਹੀ ਹੈ। ਦੁਨੀਆ ਦੇ ਤਰੱਕੀਸ਼ੁਦਾ ਮੁਲਕ ਖਾਸ ਕਰ ਪੱਛਮੀ ਦੇਸ਼ ਜ਼ਮੀਨਦੋਜ਼ ਸ਼ਹਿਰਾਂ, ਬਾਜ਼ਾਰਾਂ, ਹੋਟਲਾਂ, ਸੜਕਾਂ ਅਤੇ ਟਰਾਂਸਪੋਰਟ ਪ੍ਰਬੰਧ ਦਾ ਨਿਰਮਾਣ ਤਾਂ ਪਹਿਲਾਂ ਹੀ ਕਰ ਚੁੱਕੇ ਹਨ। ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਨੇ ਸਮੁੰਦਰ ਵਿਚ ਬਨਾਉਟੀ ਟਾਪੂ ਬਣਾਉਣ ਦੇ ਪ੍ਰਯੋਗ ਵੀ ਸਫਲਤਾ ਨਾਲ ਕਰ ਲਏ ਹਨ। ਇਸ ਤੋਂ ਅਗਲਾ ਕਦਮ ਸਾਗਰ ਵਿਚ ਨਿਰੰਤਰ ਤਰਦੇ ਅਤੇ ਸਮੇਂ-ਸਮੇਂ ਆਪਣੀ ਸਥਿਤੀ ਨੂੰ ਬਦਲ ਸਕਣ ਵਾਲੇ ਸ਼ਹਿਰਾਂ ਅਤੇ ਅੰਬਰ ਵਿਚ ਨਿਰੰਤਰ ਉੱਡਦੀਆਂ ਇਮਾਰਤਾਂ ਦੇ ਰੂਪ ਵਿਚ ਸਾਹਮਣੇ ਆਉਣ ਜਾ ਰਿਹਾ ਹੈ।
ਬਿਜ਼ਨਸ ਇਨਸਾਈਡਰ ਵਿਚ ਛਪੀ ਇਕ ਰਿਪੋਰਟ ਮੁਤਾਬਿਕ ਨਿਊਯਾਰਕ ਸਥਿਤ ਆਧੁਨਿਕ ਇਮਾਰਤਸਾਜ਼ੀ ਲਈ ਜਾਣੀ ਜਾਂਦੀ ਮਸ਼ਹੂਰ ਡਿਜ਼ਾਈਨ ਕੰਪਨੀ 'ਕਲਾਊਡਸ ਆਰਕੀਟੈਕਚਰ ਆਫਿਸ' ਵਲੋਂ ਇਕ ਐਸੀ ਟਾਵਰਨੁਮਾਂ ਇਮਾਰਤ ਤਿਆਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਦੀਆਂ ਨੀਹਾਂ ਧਰਤੀ ਵਿਚ ਨਹੀਂ ਹੋਣਗੀਆਂ ਬਲਕਿ ਇਹ ਨਿਰੰਤਰ ਹਵਾ ਵਿਚ ਉੱਡਦੀ ਰਹੇਗੀ। ਇਹ ਸੋਚ ਕੇ ਦਿਮਾਗ ਦਾ ਚਕਰਾ ਜਾਣਾ ਸੁਭਾਵਿਕ ਹੈ ਕਿ ਏਨੇ ਵੱਡੇ ਟਾਵਰ ਦਾ ਲਗਾਤਾਰ ਹਵਾ ਵਿਚ ਉੱਡਣਾਂ ਸੰਭਵ ਕਿਵੇਂ ਹੋਵੇਗਾ? ਦਰਅਸਲ ਇਹ ਇਮਾਰਤ ਧਰਤੀ ਤੋਂ ਕਰੀਬ ਤੀਹ ਹਜ਼ਾਰ ਮੀਲ ਉੱਚੇ ਖਲਾਅ ਵਿਚ ਤਰ ਰਹੇ ਇਕ ਉਪਗ੍ਰਹਿ ਨਾਲ ਇਕ ਬਹੁਤ ਮਜ਼ਬੂਤ ਅਤੇ ਹਜ਼ਾਰਾਂ ਮੀਲਾਂ ਲੰਬੀ ਕੇਬਲ ਨਾਲ ਟੰਗੀ ਹੋਵੇਗੀ। ਧਰਤੀ ਤੋਂ ਕਈ ਮੀਲ ਉੱਚੀ ਉੱਡਦੀ ਇਹ ਇਮਾਰਤ ਹੁਣ ਤੱਕ ਦਾ ਤਾਮੀਰ ਹੋਇਆ ਸਭ ਤੋਂ ਲੰਮਾਂ ਟਾਵਰ ਹੋਵੇਗਾ। ਕਿਉਂਕਿ ਇਹ ਇਮਾਰਤ ਧਰਤੀ ਤੋਂ ਉੱਪਰ ਉੱਡੇਗੀ, ਸੋ, ਇਸ ਨੂੰ ਧਰਤੀ ਦੇ ਉੱਤਰੀ ਅਤੇ ਦੱਖਣੀ ਗੋਲਾਅਰਧ ਹਵਾਈ ਰਸਤੇ 'ਤੇ ਨਿਰੰਤਰ ਗਤੀਸ਼ੀਲ ਰੱਖਿਆ ਜਾਵੇਗਾ। ਅਸਮਾਨ ਵਿਚ ਤਰਦੀ ਇਹ ਇਮਾਰਤ ਰੋਜ਼ ਹਜ਼ਾਰਾਂ ਮੀਲਾਂ ਦਾ ਸਫਰ ਕਰੇਗੀ। ਇਸ ਦੇ ਅੰਦਰ ਵਸਦੇ ਲੋਕ ਹਰ ਪਲ ਨਵੇਂ ਅਤੇ ਬਦਲਦੇ ਜਾ ਰਹੇ ਭੂ-ਦ੍ਰਿਸ਼ਾਂ ਨੂੰ ਮਾਣਨਗੇ। ਇਸ ਨੂੰ ਸੌਰ-ਊਰਜਾ ਨਾਲ ਹੀ ਚਲਾਇਆ ਜਾਵੇਗਾ। ਸੋ, ਇਸ ਦੀ ਸਾਰੀ ਕਾਰਜ ਪ੍ਰਣਾਲੀ ਪੂਰੀ ਤਰਾਂ ਪ੍ਰਦੂਸ਼ਣ ਮੁਕਤ ਹੋਵੇਗੀ। ਆਰਕੀਟੈਕਚਰ ਆਫਿਸ ਵਲੋਂ ਇਸ ਇਮਾਰਤ ਨੂੰ ਦੁਬਈ ਵਿਚ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਕਿਉਂਕਿ ਦੁਬਈ ਵਿਚ ਪਹਿਲਾਂ ਤੋਂ ਹੀ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦਾ ਨਿਰਮਾਣ ਕਰਨ ਲਈ ਢੁੱਕਵਾਂ ਪ੍ਰਬੰਧ ਮੌਜੂਦ ਹੈ। ਦੂਸਰਾ ਕਾਰਨ ਇਹ ਵੀ ਹੈ ਕਿ ਦੁਬਈ ਵਿਚ ਏਨੇਂ ਉੱਚੇ ਅਤੇ ਆਧੁਨਿਕ ਟਾਵਰ ਦਾ ਨਿਰਮਾਣ ਕਰਨਾ ਅਮਰੀਕਾ ਦੀ ਨਿਸਬਤ ਚਾਰ ਗੁਣਾਂ ਸਸਤਾ ਹੈ। ਵੈਸੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਇਮਾਰਤ ਦੁਨੀਆ ਦੇ ਕਿਸ ਹਿੱਸੇ ਵਿਚ ਤਿਆਰ ਹੋਣੀ ਚਾਹੀਦੀ ਹੈ ਕਿਉਂਕਿ ਇਸ ਨੂੰ ਕਿਸੇ ਸਥਾਨ ਤੋਂ ਵੀ ਉਪਗ੍ਰਹਿ ਨਾਲ ਜੋੜ ਕੇ ਹਵਾ ਵਿਚ ਚੁੱਕ ਲਿਆ ਜਾਵੇਗਾ ਅਤੇ ਇਹ ਆਪਣੀ ਅੰਤਹੀਣ ਉਡਾਣ 'ਤੇ ਰਵਾਨਾ ਹੋ ਜਾਵੇਗੀ।
ਇਹ ਇਮਾਰਤ ਆਪਣੇ ਆਪ ਵਿਚ ਇਕ ਅਜੂਬਾ ਹੋਵੇਗੀ। ਵੱਖ-ਵੱਖ ਭਾਗਾਂ ਵਿਚ ਵੰਡੇ ਇਸ ਵਿਸ਼ਾਲ ਟਾਵਰ ਵਿਚ ਜ਼ਿੰਦਗੀ ਲਈ ਲੋੜੀਂਦੀਆਂ ਸਭ ਸੁੱਖ ਸਹੂਲਤਾਂ ਮੌਜੂਦ ਹੋਣਗੀਆਂ। ਇਹ ਇਕ ਕਿਸਮ ਦੀ ਆਤਮਨਿਰਭਰ ਇਕਾਈ ਦੇ ਰੂਪ ਵਿਚ ਹੋਵੇਗਾ ਜਿਸ ਅੰਦਰ ਸ਼ਾਪਿੰਗ ਮਾਲਜ਼, ਰੇਸਤਰਾਂ, ਦਫਤਰ, ਘਰ, ਕਲੱਬ, ਸਵਿਮਿੰਗ ਪੂਲ, ਖੇਡ-ਘਰ ਇੱਥੋਂ ਤੱਕ ਕੇ ਧਾਰਮਿਕ ਸਥਾਨ ਵੀ ਮੌਜੂਦ ਹੋਣਗੇ। ਕਿਉਂਕਿ ਇਹ ਇਮਾਰਤ ਹਮੇਸ਼ਾ ਹਵਾ ਵਿਚ ਹੀ ਰਹੇਗੀ, ਸੋ ਇਸ ਵਿਚ ਖਾਸ ਤੌਰ 'ਤੇ ਤਿਆਰ ਉਪ-ਉਡਾਣਾਂ ਰਾਹੀਂ ਹੀ ਦਾਖਲ ਹੋਇਆ ਜਾ ਸਕੇਗਾ ਅਤੇ ਮੁੜ ਧਰਤੀ 'ਤੇ ਉਤਰਨ ਲਈ ਖਾਸ ਪੈਰਾਸ਼ੂਟ ਦਾ ਇਸਤੇਮਾਲ ਕੀਤਾ ਜਾਵੇਗਾ। ਇਮਾਰਤ ਦੇ ਵਸਨੀਕਾਂ ਲਈ ਪਾਣੀ ਦੀ ਪੂਰਤੀ ਕਰਨ ਲਈ ਨਮੀਂ ਭਰਪੂਰ ਬੱਦਲਾਂ ਤੋਂ ਪਾਣੀ ਸੋਖਣ ਦੀ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਇਮਾਰਤ ਦੀ ਕੁੱਲ ਉਚਾਈ ਜਾਂ ਕਹਿ ਲਉ ਲੰਬਾਈ ਬਾਰੇ ਅਜੇ ਸਟੀਕ ਫੈਸਲਾ ਨਹੀਂ ਲਿਆ ਗਿਆ ਪਰ ਇਕ ਅੰਦਾਜ਼ੇ ਮੁਤਾਬਿਕ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ, ਜਿਸ ਦੀ ਉਚਾਈ 868 ਮੀਟਰ ਹੈ, ਤੋਂ ਵੀ ਕਈ ਗੁਣਾ ਉੱਚੀ ਹੋਵੇਗੀ।
ਭਾਵੇਂ ਕਿ ਮੌਜੂਦਾ ਸਮੇਂ ਵਿਚ ਇਸ ਸਾਰੀ ਵਿਉਂਤਬੰਦੀ ਨੂੰ ਵਿਗਿਆਨ ਦੀ ਇਕ ਸਨਕ ਅਤੇ ਗੈਰ-ਸੰਭਾਵਿਤ ਪ੍ਰੋਜੈਕਟ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ ਪਰ ਨਾਸਾ ਨੇ ਇਸ ਮਿਸ਼ਨ ਵਿਚ ਵਰਤੇ ਜਾਣ ਵਾਲੇ ਉਪਗ੍ਰਹਿ ਦੀ ਸਥਿਤੀ ਅਤੇ ਵਿਉਂਤ ਤੈਅ ਕਰਨ ਲਈ 2021 ਤੱਕ ਦੀ ਸਮਾਂ ਹੱਦ ਨਿਸਚਿਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਲਾਉਡਸ ਆਰਕੀਟੈਕਚਰ ਆਫਿਸ ਨੇ ਆਪਣੀ ਨਿੱਜੀ ਵੈਬਸਾਈਟ ਉੱਤੇ ਇਕ ਖਾਸ ਕਾਲਮ ਬਣਾ ਕੇ ਇਸ ਸਾਰੇ ਪ੍ਰੋਜੈਕਟ ਬਾਰੇ ਐਨੀਮੇਸ਼ਨ ਵੀਡੀਉ ਰਾਹੀਂ ਕਾਫੀ ਬਰੀਕ ਜਾਣਕਾਰੀ ਮੁਹੱਈਆ ਕਰਵਾਈ ਹੈ, ਜੋ ਕਿ ਵੇਖਣ ਅਤੇ ਜਾਣਨਯੋਗ ਹੈ। ਆਫਿਸ ਵਲੋਂ ਤਾਂ ਇਸ ਟਾਵਰ ਦਾ ਨਾਂਅ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦਾ ਨਾਂਅ 'ਐਨਾਲੇਮਾਂ' ਰੱਖਿਆ ਗਿਆ ਹੈ। ਇਹ ਸ਼ਬਦ ਖਗੋਲ ਵਿਚ ਘੁੰਮਦੇ ਗ੍ਰਹਿ-ਨਛੱਤਰਾਂ ਦੀ ਚਾਲ ਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ।
ਇਸ ਵਿਸ਼ਾਲ ਪ੍ਰੋਜੈਕਟ ਨਾਲ ਕਈ ਕਿਸਮ ਦੀਆਂ ਹੋਰ ਉਲਝਣਾਂ ਵੀ ਹਨ। ਜਿਵੇਂ ਕਿ ਇਸ ਦੇ ਹਵਾਈ ਰਸਤੇ ਵਿਚ ਆਉਣ ਵਾਲੇ ਸਭ ਦੇਸ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਇਸ ਨੂੰ ਉਡਾਣ 'ਤੇ ਰਵਾਨਾ ਨਹੀਂ ਕੀਤਾ ਜਾ ਸਕੇਗਾ, ਵਗੈਰਾ। ਸੋ, ਇਸ ਅਜੂਬੇ ਦੇ ਸੁਪਨੇ ਨੂੰ ਪੂਰੀ ਤਰਾਂ ਸਾਕਾਰ ਹੋਇਆ ਵੇਖਣ ਲਈ ਅਜੇ ਲੰਮੀਂ ਉਡੀਕ ਕਰਨੀਂ ਪਵੇਗੀ ਅਤੇ ਇਹ ਪ੍ਰੋਜੈਕਟ ਬਹੁਤ ਸਾਰੇ ਤਕਨੀਕੀ ਪੜਾਵਾਂ ਅਤੇ ਅਧਿਕਾਰਤ ਮਨਜ਼ੂਰੀਆਂ ਦੀ ਲੰਮੀਂ ਸੂਚੀ ਵਿਚੀਂ ਗੁਜ਼ਰਦਾ ਹੋਇਆ ਪ੍ਰਵਾਨ ਚੜ੍ਹੇਗਾ।
ਅੰਬਰੀਂ ਉੱਡਦੀ ਇਮਾਰਤ ਦੀ ਚਰਚਾ ਤੋਂ ਬਾਅਦ ਸਾਗਰ ਦੇ ਸੀਨੇ 'ਤੇ ਨਿਰੰਤਰ ਤੈਰ ਰਹੇ ਦੁਨੀਆ ਦੇ ਸਭ ਤੋਂ ਪਹਿਲੇ ਸ਼ਹਿਰ ਦੇ ਨਿਰਮਾਣ ਦੀ ਯੋਜਨਾ ਬਾਰੇ ਜਾਣਨਾ ਵੀ ਘੱਟ ਦਿਲਚਸਪ ਨਹੀਂ ਹੈ। ਇਸ ਸ਼ਹਿਰ ਨੂੰ ਸਮੁੰਦਰ ਵਿਚ ਨਿਰਮਾਣ ਕਰਨ ਲਈ ਜਾਣੀ ਜਾਂਦੀ ਮਸ਼ਹੂਰ ਅਮਰੀਕਨ ਕੰਪਨੀ 'ਸੀਅ ਸਟੀਡਿੰਗ' ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਕੰਪਨੀ ਦੇ ਮੁਖੀ ਮਿ. ਜੋਏ ਕੁਇਰਕ ਵਲੋਂ 2020 ਤੱਕ ਇਸ ਸ਼ਹਿਰ ਨੂੰ ਤਿਆਰ ਕਰਨ ਦੀ ਸਮਾਂ ਹੱਦ ਨਿਸਚਿਤ ਕਰਨ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ ਅਤੇ ਨਿਊਯਾਰਕ ਟਾਈਮਜ਼ 'ਚ ਛਪੀ ਇਕ ਇੰਟਰਵਿਊ ਰਾਹੀਂ ਇਸ ਪੋਜੈਕਟ ਦੇ ਵੇਰਵਿਆਂ ਨੂੰ ਵੀ ਬਿਆਨ ਕੀਤਾ ਗਿਆ ਹੈ। ਇਹ ਸ਼ਹਿਰ ਪੈਸੇਫਿਕ ਸਾਗਰ ਅੰਦਰ ਫਰੈਂਚ ਪੋਲੈਂਸੀਆ ਦੇ ਤਾਹਿਤੀ ਨਾਂਅ ਦੇ ਸਮੁੰਦਰੀ ਟਾਪੂ ਦੇ ਨੇੜੇ ਤੈਰੇਗਾ। ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਫਰੈਂਚ ਪੋਲੈਂਸੀਆ ਸਰਕਾਰ ਅਤੇ ਸੀਅ ਸਟੀਡਿੰਗ ਦਰਮਿਆਨ ਮਨਜ਼ੂਰੀ ਅਤੇ ਸਮਝੌਤਾ ਹੋ ਚੁੱਕਾ ਹੈ।
ਸ਼ਹਿਰ ਦਾ ਨਿਰਮਾਣ ਕਰਨ ਲਈ ਸਭ ਤੋਂ ਪਹਿਲਾਂ ਸਮੁੰਦਰ ਵਿਚ ਤਰ ਰਹੇ ਗਿਆਰਾਂ ਵੱਖ-ਵੱਖ ਪਲੇਟਫਾਰਮ ਬਣਾਏ ਜਾਣਗੇ ਜਿਨ੍ਹਾਂ ਦੀ ਲੰਬਾਈ ਅਤੇ ਚੌੜਾਈ 50 ਮੀਟਰ ਹੋਵੇਗੀ। ਇਨ੍ਹਾਂ ਵਿਚੋਂ ਕੁਝ ਆਇਤਾਕਾਰ ਅਤੇ ਕੁਝ 5 ਨੁਕਾਤੀ ਆਕਾਰ ਦੇ ਹੋਣਗੇ। ਇਨ੍ਹਾਂ ਦੀ ਉੱਪਰਲੀ ਸਤਹ ਮਜ਼ਬੂਤ ਕੰਕਰੀਟ ਦੀ ਬਣਾਈ ਜਾਵੇਗੀ ਜਿਸ ਉੱਤੇ ਤਿੰਨ ਮੰਜ਼ਿਲਾ ਅਪਾਰਟਮੈਂਟ, ਹੋਟਲ, ਹਸਪਤਾਲ, ਸ਼ਾਪਿੰਗ ਮਾਲ ਅਤੇ ਦਫਤਰਾਂ ਦਾ ਨਿਰਮਾਣ ਕੀਤਾ ਜਾ ਸਕੇਗਾ। ਸ਼ਹਿਰ ਦੀ ਦਿਲਚਸਪ ਖੂਬੀ ਇਹ ਹੋਵੇਗੀ ਕਿ ਸਾਗਰ 'ਤੇ ਨਿਰੰਤਰ ਤਰ ਰਹੇ ਪਲੇਟਫਾਰਮਾਂ ਦੀ ਸਥਿਤੀ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਅਨੁਸਾਰ ਕਦੇ ਵੀ ਅੱਗੇ ਪਿੱਛੇ ਕਰ ਲੈਣਾ ਜਾਂ ਬਦਲ ਲੈਣਾ ਮੁਨਾਸਿਬ ਹੋਵੇਗਾ। ਮਿਸਾਲ ਦੇ ਤੌਰ 'ਤੇ ਜੇਕਰ ਸ਼ਾਪਿੰਗ ਮਾਲ ਹਸਪਤਾਲ ਦੇ ਨੇੜੇ ਹੈ ਤਾਂ ਹਫਤੇ ਦੇ ਆਖਰੀ ਦਿਨਾਂ ਵਿਚ ਸ਼ਾਪਿੰਗ ਮਾਲ ਦੀ ਗਹਿਮਾ-ਗਹਿਮੀ ਅਤੇ ਰੌਲੇ ਰੱਪੇ ਤੋਂ ਬਚਣ ਲਈ ਹਸਪਤਾਲ ਨੂੰ ਸ਼ਹਿਰ ਦੇ ਕਿਸੇ ਹੋਰ ਕੋਨੇ ਵੱਲ ਭੇਜ ਦੇਣਾ ਸੰਭਵ ਹੋਵੇਗਾ। ਹਰ ਪਲੇਟਫਾਰਮ ਦੇ ਨਿਰਮਾਣ ਵਿਚ 15 ਮਿਲੀਅਨ ਅਮਰੀਕੀ ਡਾਲਰ ਦਾ ਖਰਚਾ ਆਵੇਗਾ। ਵੇਸੇ ਸੀਅ ਸਟੀਡਿੰਗ ਦਾ ਕਹਿਣਾ ਹੈ ਕਿ ਇਹ ਕੋਈ ਮਹਿੰਗਾ ਸੌਦਾ ਨਹੀਂ ਹੈ ਕਿਉਂਕਿ ਲੰਦਨ ਜਾਂ ਨਿਊਯਾਰਕ ਸ਼ਹਿਰਾਂ ਵਿਚ ਵੀ ਜੇਕਰ ਪੰਜਾਹ ਮੀਟਰ ਦਾ ਆਇਤਾਕਾਰ ਪਲਾਟ ਖਰੀਦਣਾ ਹੋਵੇ ਤਾਂ ਏਨਾ ਕੁ ਖਰਚਾ ਆ ਹੀ ਜਾਂਦਾ ਹੈ। ਸ਼ਹਿਰ ਬਿਜਲੀ ਊਰਜਾ ਦੇ ਉਤਪਾਦਨ ਦੇ ਮਾਮਲੇ ਵਿਚ ਵੀ ਪੂਰੀ ਤਰਾਂ ਆਤਮਨਿਰਭਰ ਹੋਵੇਗਾ।
ਸ਼ੁਰੂਆਤੀ ਦੌਰ ਵਿਚ ਇਸ ਸ਼ਹਿਰ ਅੰਦਰ ਤਿੰਨ ਸੌ ਲੋਕਾਂ ਨੂੰ ਵਸਾਉਣ ਦੀ ਯੋਜਨਾ ਹੈ ਪਰ ਸੀਅ ਸਟੀਡਿੰਗ ਦਾ ਦਾਅਵਾ ਹੈ ਕਿ ਇਸ ਸ਼ਹਿਰ ਦੀ ਉਸਾਰੀ ਅਤੇ ਵਾਧਾ ਨਿਰੰਤਰ ਜਾਰੀ ਰਹੇਗਾ ਅਤੇ 2050 ਤੱਕ ਇਸ ਦੀ ਆਬਾਦੀ ਦਸ ਲੱਖ ਤੋਂ ਵੀ ਜ਼ਿਆਦਾ ਹੋਵੇਗੀ। ਇਸ ਦੇ ਨਾਲ ਹੀ ਅਜਿਹੇ ਦਰਜਨਾਂ ਹੋਰ ਸ਼ਹਿਰਾਂ ਦਾ ਨਿਰਮਾਣ ਕੀਤਾ ਜਾਵੇਗਾ। ਕੰਪਨੀਂ ਵਲੋਂ ਪਿਛਲੇ ਪੰਜ ਸਾਲ ਤੋਂ ਲਗਾਤਾਰ ਇਸ ਦਿਸ਼ਾ ਵਿਚ ਖੋਜ ਅਤੇ ਪ੍ਰਯੋਗ ਕੀਤੇ ਜਾ ਰਹੇ ਸਨ। ਕੰਪਨੀ ਦਾ ਦਾਅਵਾ ਹੈ ਕਿ ਇਸ ਸ਼ਹਿਰ ਅੰਦਰ ਵੱਸਣ ਲਈ ਹਜ਼ਾਰਾਂ ਲੋਕਾਂ ਵਲੋਂ ਵੈਬਸਾਈਟ ਰਾਹੀਂ ਅਰਜ਼ੀਆਂ ਭੇਜੀਆਂ ਜਾ ਰਹੀਆਂ ਹਨ।
ਮਿ: ਜੋਏ ਕੁਇਰਕ ਦਾ ਕਹਿਣਾ ਹੈ ਕਿ ਸਾਗਰ ਉੱਤੇ ਤਰਦੇ ਸ਼ਹਿਰਾਂ ਦੇ ਰੂਪ ਨਾਲ ਅਸੀਂ ਭਵਿੱਖ ਅੰਦਰ ਦੁਨੀਆ ਨੂੰ ਇਕ ਨਵਾਂ ਜੀਵਨ ਢੰਗ ਦੇਣ ਜਾ ਰਹੇ ਹਾਂ ਜਿਸ ਨਾਲ ਰਾਜਨੀਤੀ ਅਤੇ ਸਮਾਜ ਦੀਆਂ ਸਥਾਪਿਤ ਕਦਰਾਂ ਕੀਮਤਾਂ ਵਿਚ ਬਦਲਾਅ ਅਤੇ ਨਵੀਨਤਾ ਆਏਗੀ। ਇਹ ਸ਼ਹਿਰ ਸੁਤੰਤਰ ਸਰਕਾਰਾਂ ਦੇ ਅਧੀਨ ਚੱਲਣਗੇ ਅਤੇ ਸ਼ਹਿਰੀ ਲੋਕਤੰਤਰੀ ਢੰਗ ਨਾਲ ਆਪਣੀ ਸਰਕਾਰ ਚੁਣ ਸਕਣਗੇ। ਮੰਨ ਲਉ ਕਿ ਸ਼ਹਿਰ ਦੀ ਇਕ ਕਾਲੋਨੀ ਜਾਂ ਭਾਈਚਾਰਾ ਸ਼ਹਿਰ ਦੀ ਸਰਕਾਰ ਦੀ ਕਿਸੇ ਨੀਤੀ ਨਾਲ ਸਹਿਮਤ ਨਹੀਂ ਹੈ ਜਾਂ ਉਨ੍ਹਾਂ ਦੀ ਕੋਈ ਜਾਇਜ਼ ਮੰਗ ਨਹੀਂ ਮੰਨੀ ਜਾ ਰਹੀ ਤਾਂ ਉਨ੍ਹਾਂ ਕੋਲ ਆਪਣੀ ਕਾਲੋਨੀ ਨੂੰ ਸ਼ਹਿਰ ਤੋਂ ਵੱਖ ਕਰਕੇ ਕਿਸੇ ਦੂਸਰੇ ਸ਼ਹਿਰ ਨਾਲ ਜੋੜ ਸਕਣ ਦਾ ਬਦਲ ਮੌਜੂਦ ਰਹੇਗਾ ਜੋ ਕਿ ਜ਼ਮੀਨ 'ਤੇ ਵੱਸਦੇ ਸ਼ਹਿਰੀਆਂ ਕੋਲ ਕਦੇ ਵੀ ਨਹੀਂ ਹੁੰਦਾ। ਸੋ, ਇਸ ਤਰ੍ਹਾਂ ਦਾ ਰਾਜਨੀਤਕ ਪ੍ਰਬੰਧ ਮਨੁੱਖੀ ਹੱਕਾਂ ਅਤੇ ਆਜ਼ਾਦੀ ਲਈ ਨਵੀਆਂ ਸੰਭਾਵਨਾਵਾਂ ਦੀ ਤਾਮੀਰ ਕਰੇਗਾ।
ਫਰੈਂਚ ਪੋਲੈਂਸੀਆ ਸਰਕਾਰ ਇਸ ਪ੍ਰੋਜੈਕਟ ਨੂੰ ਨਿੱਜੀ ਦਿਲਚਸਪੀ ਨਾਲ ਤਾਮੀਰ ਕਰਵਾ ਰਹੀ ਹੈ ਜਿਸ ਦਾ ਇਕ ਖਾਸ ਕਾਰਨ ਆਲਮੀ ਤਪਸ਼ ਕਾਰਨ ਵਧ ਰਹੇ ਸਮੁੰਦਰੀ ਪਾਣੀ ਦੇ ਪੱਧਰ ਦੇ ਖ਼ਤਰੇ ਤੋਂ ਬਚਣਾ ਵੀ ਹੈ। ਫਰੈਂਚ ਪੋਲੈਂਸੀਆ ਪੈਸੇਫਿਕ ਸਾਗਰ ਅੰਦਰ 118 ਛੋਟੇ ਛੋਟੇ ਟਾਪੂਆਂ ਦਾ ਸਮੂਹ ਹੈ ਅਤੇ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਪ੍ਰਤੀ ਚਿੰਤਤ ਹੈ। ਬਿਨਾਂ ਸ਼ੱਕ ਸਾਗਰ 'ਤੇ ਤੈਰਦੇ ਸ਼ਹਿਰ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਦੇ ਖ਼ਤਰੇ ਦਾ ਬਹੁਤ ਹੀ ਸੁਯੋਗ ਹੱਲ ਬਣ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਵਿਉਂਤਬੰਦੀ ਸਫਲ ਹੋ ਗਈ ਤਾਂ ਸਾਰੀ ਦੁਨੀਆ ਦੇ ਦੇਸ਼ ਇਸ ਖੇਤਰ ਵਿਚ ਭਾਰੀ ਨਿਵੇਸ਼ ਕਰਨਗੇ ਕਿਉਂਕਿ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਦਾ ਖ਼ਤਰਾ ਸਾਰੇ ਵਿਸ਼ਵ ਦੇ ਸਿਰ 'ਤੇ ਮੰਡਰਾ ਰਿਹਾ ਹੈ।
ਸੋ, ਜ਼ਾਹਰ ਹੈ ਕਿ ਅਸੀਂ ਮਨੁੱਖੀ ਸੱਭਿਅਤਾ ਦੇ ਜੀਵਨ ਢੰਗ ਦੇ ਤਕਨੀਕੀ ਅਤੇ ਵਿਗਿਆਨਕ ਬਦਲਾਅ ਦੇ ਕੰਢੇ ਖੜ੍ਹੇ ਹਾਂ। ਸਮਾਂ ਹੀ ਦੱਸੇਗਾ ਕਿ ਮਨੁੱਖ ਦੁਆਰਾ ਵਿਗਿਆਨ ਰਾਹੀਂ ਸਿਰਜੇ ਜਾ ਰਹੇ ਖ਼ੁਦ ਦੇ ਭਵਿੱਖ ਅੰਦਰ ਕੀ-ਕੀ ਕ੍ਰਿਸ਼ਮੇ ਲੁਕੇ ਪਏ ਹਨ। ਮਹਿਸੂਸ ਹੁੰਦਾ ਹੈ ਕਿ ਅੱਜ ਤੱਕ ਧਰਤੀ ਦਾ ਪੁੱਤਰ ਅਖਵਾਉਂਦਾ ਇਨਸਾਨ ਹੁਣ ਅੰਬਰ ਦਾ ਬੇਟਾ ਜਾਂ ਸਾਗਰ ਦੀ ਔਲਾਦ ਵਰਗੇ ਲਕਬਾਂ ਨਾਲ ਵੀ ਜਾਣਿਆ ਜਾਇਆ ਕਰੇਗਾ।

-ਵਾਰਸਾ, ਪੋਲੈਂਡ।
ਫੋਨ : 0048-516732105
yadsatkoha@yahoo.com


ਖ਼ਬਰ ਸ਼ੇਅਰ ਕਰੋ

...ਕਿਤੇ ਜੀਵਨ ਦੀ ਬਾਜ਼ੀ ਨਾ ਹਾਰ ਜਾਣਾ

ਅੱਜਕਲ੍ਹ ਅਖ਼ਬਾਰ ਵਿਚ ਹਰ ਰੋਜ਼ ਇਹ ਖ਼ਬਰ ਜ਼ਰੂਰ ਹੁੰਦੀ ਹੈ, 'ਦੋ ਹੋਰ ਕਿਸਾਨਾਂ ਨੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕੀਤੀ... ਮੁਆਵਜ਼ਾ ਦੇਣ ਦੇ ਸਰਕਾਰੀ ਵਾਅਦੇ ਕੋਹਾਂ ਦੂਰ।' ਕੀ ਖ਼ੁਦਕੁਸ਼ੀ ਸੱਚਮੁੱਚ ਹੀ ਕਰਜ਼ੇ ਦੇ ਬੋਝ ਕਰਕੇ ਕੀਤੀ ਗਈ ਜਾਂ ਸਰਕਾਰੀ ਮੁਆਵਜ਼ੇ ਲਈ? ਇਹ ਸਵਾਲ ਮੇਰੇ ਤੋਂ ਹੱਲ ਨਹੀਂ ਹੋਇਆ। ਜਿਹੜੇ ਇਹ ਕਿਸਾਨ ਆਤਮ-ਹੱਤਿਆਵਾਂ ਕਰ ਰਹੇ ਹਨ। ਇਨ੍ਹਾਂ 'ਚੋਂ ਬਹੁਤਿਆਂ ਦੀ ਉਮਰ ਚਾਲੀ ਵਰ੍ਹਿਆਂ ਤੋਂ ਘੱਟ ਵੀ ਹੁੰਦੀ ਹੈ। ਮੈਂ ਸੋਚਦੀ ਹਾਂ ਕਿ ਜਦੋਂ ਹੱਥ ਪੈਰ ਪੂਰੀ ਤਰ੍ਹਾਂ ਸਲਾਮਤ ਹੁੰਦਿਆਂ ਕੋਈ ਨੌਜਵਾਨ ਖ਼ੁਦਕੁਸ਼ੀ ਦੇ ਰਾਹ ਪੈ ਜਾਵੇ ਤਾਂ ਇਸ 'ਚ ਕਸੂਰ ਹਾਲਾਤ ਦਾ ਜਾਂ ਹਾਲਾਤ ਨਾਲ ਨਾ ਲੜ ਸਕਣ ਦੀ ਸਮਰੱਥਾ ਦਾ, ਉਸ ਕਾਇਰਤਾ ਦਾ ਜੋ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਮੁਆਵਜ਼ੇ ਨੂੰ ਹੀ ਆਪਣੀ ਜ਼ਿੰਦਗੀ ਦਾ ਇਕੋ-ਇਕ ਉਦੇਸ਼ ਮਿਥੀ ਬੈਠੀ ਹੈ। ਸਭ ਤੋਂ ਅਹਿਮ ਸਵਾਲ ਤਾਂ ਇਹ ਹੈ ਕਿ ਚੰਗੇ ਭਲੇ ਕਿਸਾਨ ਹੀ ਖ਼ੁਦਕੁਸ਼ੀਆਂ ਕਿਉਂ ਕਰਦੇ ਨੇ? ਕੋਈ ਰਿਕਸ਼ੇ ਵਾਲਾ, ਕੋਈ ਰੇਹੜੀ, ਫੇਰੀ ਵਾਲਾ, ਕੋਈ ਰੱਦੀ ਵੇਚਣ ਵਾਲਾ, ਕੋਈ ਰੂੜੀਆਂ ਤੋਂ ਪੌਲੀਥੀਨ ਦੇ ਲਿਫ਼ਾਫ਼ੇ, ਪਲਾਸਟਿਕ ਦੀਆਂ ਬੋਤਲਾਂ ਚੁਗਣ ਵਾਲਾ, ਕੋਈ ਮਜ਼ਦੂਰ, ਕੋਈ ਕੋਹੜੀ, ਕੋਈ ਅਪਾਹਜ ਮਿਹਨਤਕਸ਼ ਖ਼ੁਦਕੁਸ਼ੀ ਕਿਉਂ ਨਹੀਂ ਕਰਦਾ? ਇਸ ਲਈ ਕਿ ਉਨ੍ਹਾਂ ਵਾਸਤੇ ਜ਼ਿੰਦਗੀ ਇਕ ਨਿਰੰਤਰ ਸੰਗਰਾਮ ਹੈ। ਕਿਸੇ ਸ਼ਾਇਰ ਦਾ ਇਹ ਕਥਨ ਸਚਾਈ ਦੇ ਕਿੰਨਾ ਨੇੜੇ ਹੈ:
'ਵੋ ਸ਼ੋਅਲਾ ਨਹੀਂ ਜੋ ਬੁਝ ਜਾਏ,
ਆਂਧੀ ਕੇ ਏਕ ਹੀ ਝੌਂਕੇ ਸੇ।
ਬੁਝਨੇ ਕਾ ਸਲੀਕਾ ਆਸਾਂ ਹੈ,
ਜਲਨੇ ਕਾ ਕਰੀਨਾ ਮੁਸ਼ਕਿਲ ਹੈ।
ਵੋਹ ਸ਼ਖ਼ਸ ਹੀ ਕਯਾ ਜੋ ਡਰ ਜਾਏ,
ਹਾਲਾਤ ਕੇ ਖ਼ੂਨੀ ਮੰਜ਼ਰ ਸੇ।
ਉਸ ਹਾਲ ਮੇਂ ਜੀਨਾ ਲਾਜ਼ਿਮ ਹੈ,
ਜਿਸ ਹਾਲ ਮੇਂ ਜੀਨਾ ਮੁਸ਼ਕਿਲ ਹੈ।
ਬਜ਼ੁਰਗ ਕਿਹਾ ਕਰਦੇ ਸਨ 'ਖੇਤੀ ਖ਼ਸਮਾਂ ਸੇਤੀ' ਇਸ ਸਚਾਈ 'ਤੇ ਜਿਨ੍ਹਾਂ ਅਮਲ ਕੀਤਾ, ਉਨ੍ਹਾਂ ਲਈ ਹਰ ਚੁਣੌਤੀ ਸੁਲਝ ਗਈ, ਮਾੜੇ ਤੋਂ ਮਾੜੇ ਹਾਲਾਤ ਵੀ ਖ਼ੁਸ਼ਹਾਲੀ ਦੀ ਰਾਹ 'ਤੇ ਉਨ੍ਹਾਂ ਦਾ ਰਸਤਾ ਰੋਕ ਨਾ ਸਕੇ। ਪਰ ਨਵੀਂ ਦੁਨੀਆ ਦੀ ਚਕਾਚੌਂਧ ਨੇ ਅਜਿਹਾ ਮਾਹੌਲ ਸਿਰਜ ਦਿੱਤਾ ਕਿਸੇ 'ਚਾਦਰ ਵੇਖ ਕੇ ਪੈਰ ਪਸਾਰਨ' ਦੇ ਮੁਹਾਵਰੇ ਨੂੰ ਵੀ ਲੋਕ ਮੂੰਹ ਚਿੜਾਉਣ ਲੱਗੇ। ਕਿਸਾਨਾਂ ਨੇ ਇਸ ਅਮਲ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਖ਼ੁਦ ਕੰਮ ਕਰਨ ਦੀ ਫ਼ਿਤਰਤ ਬਦਲ ਗਈ। ਭਈਆਂ ਤੋਂ ਸਾਰਾ ਕੰਮ ਕਰਵਾਉਣਾ ਸਰਦਾਰੀ ਦਾ ਸਬੂਤ ਬਣ ਗਿਆ। ਕਾਕਿਆਂ ਦੇ ਐਸ਼ਪ੍ਰਸਤ ਮਿਜਾਜ਼ ਨੇ ਮਹਿੰਗੇ ਬ੍ਰੈਂਡਿਡ ਕੱਪੜਿਆਂ, ਮੋਬਾਈਲਾਂ, ਕਾਰਾਂ, ਮੋਟਰਸਾਈਕਲਾਂ ਨੂੰ ਹੀ ਅਮੀਰੀ ਦੇ ਅਗਾਂਹਵਧੂ ਹੋਣ ਦੀ ਨਿਸ਼ਾਨੀ ਸਮਝ ਕੇ ਕਰਜ਼ਿਆਂ ਦੇ ਸੱਪ ਮਾਂ-ਬਾਪ ਦੇ ਗਲੀਂ ਪਾ ਦਿੱਤੇ ਜੋ ਵਕਤ ਦੇ ਬੀਤਣ ਨਾਲ ਸਰਾਲਾਂ 'ਚ ਬਦਲ ਗਏ। ਭਈਏ ਸਰਦਾਰ ਬਣ ਗਏ ਤੇ ਸਰਦਾਰ ਕੰਗਾਲ ਹੋ ਗਏ। ਬਹੁਤੇ ਕਾਕੇ ਨਾ ਕਦੇ ਪੜ੍ਹੇ ਤੇ ਨਾ ਹੀ ਕਦੇ ਖੇਤ ਵੜੇ। ਅੱਜ ਤੋਂ ਕਈ ਦਹਾਕੇ ਪਿਛਾਂਹ ਝਾਤ ਮਾਰੀਏ ਤਾਂ ਉਦੋਂ ਕਿਸਾਨ ਖ਼ੁਦਕੁਸ਼ੀਆਂ ਦਾ ਇਹ ਵਰਤਾਰਾ ਕਿਧਰੇ ਨਹੀਂ ਸੀ। ਕਾਰਨ ਇਹ ਸੀ ਕਿ ਉਦੋਂ ਕਿਸਾਨ ਦਾ ਸਾਰਾ ਟੱਬਰ ਈ ਮਿੱਟੀ ਨਾਲ ਮਿੱਟੀ ਹੁੰਦਾ ਸੀ, ਪੜ੍ਹਨ ਵਾਲੇ ਬੱਚੇ ਵੀ ਖੇਤੀ ਦੇ ਬਹੁਭਾਂਤੀ ਕੰਮਕਾਰ 'ਚ ਮਾਂ-ਬਾਪ ਨਾਲ ਬਰਾਬਰ ਹੱਥ ਵਟਾਉਂਦੇ ਸਨ। ਕੁੜੀਆਂ ਚੁੱਲ੍ਹੇ ਚੌਂਕੇ ਸਾਂਭਦੀਆਂ, ਚਰਖੇ ਕੱਤਦੀਆਂ, ਦਰੀਆਂ, ਚਾਦਰਾਂ, ਖੇਸ, ਬਾਗ ਫੁਲਕਾਰੀਆਂ ਕੱਢਦੀਆਂ ਪਰ ਕਿਤਾਬਾਂ ਵੀ ਨਾ ਵਿਸਾਰਦੀਆਂ।
ਇਹ ਨਹੀਂ ਕਿ ਉਦੋਂ ਕਿਸਾਨ ਕਰਜ਼ਾ ਨਹੀਂ ਸਨ ਲੈਂਦੇ, ਲੈਂਦੇ ਸਨ ਪਰ ਓਨਾਂ ਕੁ ਹੀ ਜਿੰਨਾ ਕੁ ਮੋੜਨ ਦੀ ਉਨ੍ਹਾਂ 'ਚ ਸਮਰੱਥਾ ਹੁੰਦੀ। ਉਹ ਚਾਦਰ ਵੇਖ ਕੇ ਹੀ ਪੈਰ ਪਸਾਰਦੇ ਸਨ। ਅਜੋਕੀਆਂ ਕੈਮੀਕਲ ਖਾਦਾਂ ਜ਼ਹਿਰੀਲੇ ਕੀਟਨਾਸ਼ਕਾਂ ਦਾ ਏਨਾ ਰੁਝਾਨ ਨਹੀਂ ਸੀ, ਇਨ੍ਹਾਂ ਦੀ ਵਰਤੋਂ ਬਹੁਤ ਹੀ ਘੱਟ ਸੀ। ਜ਼ਿਆਦਾਤਰ ਰੂੜੀ ਦੀ ਖਾਦ ਹੀ ਵਰਤੀ ਜਾਂਦੀ ਸੀ। ਕੋਈ ਪਰਾਲੀ ਨਹੀਂ ਸੀ ਸਾੜਦਾ। ਜ਼ਹਿਰੀਲੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਘਾਤਕ ਬਿਮਾਰੀਆਂ ਦੀ ਸੌਗਾਤ ਪਰੋਸ ਦਿੱਤੀ ਹੈ। ਪਰਾਲੀ ਨਾਲ ਧਰਤੀ ਮਾਂ ਦੀ ਹਿੱਕੜੀ 'ਤੇ ਲਾਂਬੂ ਲਾ-ਲਾ ਆਪ ਹੀ ਅਸੀਂ ਜਰਖੇਜ਼ ਮਿੱਟੀ ਨੂੰ ਮੁਰਦਾ ਬਣਾ ਦਿੱਤਾ ਹੈ। ਕਿਸਾਨਾਂ ਦੇ ਮਿੱਤਰ ਕੀੜੇ ਇਨ੍ਹਾਂ ਅੱਗਾਂ 'ਚ ਸਵਾਹ ਹੋ ਜਾਂਦੇ ਨੇ, ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ ਤੇ ਧਰਤੀ ਦੀ ਉਪਜਾਊ ਸ਼ਕਤੀ ਨਿਘਰ ਜਾਂਦੀ ਹੈ। ਜਦ ਆਪਣੀ ਮੌਤ ਦੇ ਸਾਰੇ ਸਾਮਾਨ ਤਾਂ ਅਸੀਂ ਖੁਦ ਹੀ ਤਿਆਰ ਕਰਦੇ ਹਾਂ ਤਾਂ ਫਿਰ ਖ਼ੁਦਕੁਸ਼ੀਆਂ ਦਾ ਦੋਸ਼ੀ ਹੋਰ ਕੋਈ ਕਿਸ ਤਰ੍ਹਾਂ ਹੋ ਸਕਦਾ ਹੈ।
ਸਾਡੇ ਦੇਸ਼ ਵਿਚ ਕੰਮ ਦੀ ਕੋਈ ਕਮੀ ਨਹੀਂ, ਕੰਮ ਕਰਨ ਵਾਲਿਆਂ ਦੀ ਕਮੀ ਹੈ। ਬਾਹਰਲੇ ਮੁਲਕਾਂ 'ਚ ਜਾਣ ਲਈ ਅਸੀਂ ਆਪਣੇ ਖੇਤ ਵੇਚ ਰਹੇ ਹਾਂ। ਬਾਹਰਲੇ ਮੁਲਕਾਂ ਵਿਚ ਸਾਨੂੰ ਹਰ ਤਰ੍ਹਾਂ ਦੀ ਜ਼ਿਲਤ ਮਨਜ਼ੂਰ ਹੈ, ਹਰ ਘਟੀਆ ਤੋਂ ਘਟੀਆ ਕੰਮ ਨੂੰ ਅਸੀਂ ਚਾਈਂ-ਚਾਈਂ ਕਰਨ ਲਈ ਤਿਆਰ ਹਾਂ ਪਰ ਆਪਣੇ ਦੇਸ਼ ਵਿਚ ਅਣਖ ਅਤੇ ਸਵੈਮਾਣ ਨਾਲ ਜਿਊਂਣੀ ਜਾਣ ਵਾਲੀ ਜ਼ਿੰਦਗੀ ਸਾਨੂੰ ਪ੍ਰਵਾਨ ਨਹੀਂ। ਆਪਣੇ ਦੇਸ਼ ਵਿਚ ਕੰਮ ਦੀ ਨਹੀਂ ਕਾਮਿਆਂ ਦੀ ਕਮੀ ਹੈ। ਜਦੋਂ ਪਲੰਬਰ ਚਾਹੀਦਾ ਹੋਵੇ, ਇਲੈਕਟ੍ਰੀਸ਼ੀਅਨ ਚਾਹੀਦਾ ਹੋਵੇ, ਕੋਈ ਤਕਨੀਸ਼ੀਅਨ ਚਾਹੀਦਾ ਹੋਵੇ ਤਾਂ ਦਸ ਵਾਰ ਫੋਨ ਕਰਨ 'ਤੇ ਵੀ ਕੋਈ ਔਖਾ ਹੀ ਬਹੁੜਦਾ ਹੈ ਤੇ ਅਸੀਂ ਤਦ ਵੀ ਸ਼ੁਕਰ ਮਨਾਉਂਦੇ ਹਾਂ ਕਿ 'ਦੇਰ ਆਇਦ ਦਰੁੱਸਤ ਆਇਦ', ਕੰਮ ਪੂਰਾ ਹੋਣ 'ਤੇ ਮੂੰਹ ਮੰਗੇ ਪੈਸੇ ਦਈਦੇ ਨੇ। ਜਦ ਇਨ੍ਹਾਂ ਕਿੱਤਾ ਪ੍ਰਥੀਨ ਕਾਮਿਆਂ ਤੋਂ ਵਾਰ-ਵਾਰ ਕਹਿਣ 'ਤੇ ਵੀ ਨਾ ਆਉਣ ਦਾ ਕਾਰਨ ਪੁੱਛੀਏ ਤਾਂ ਜਵਾਬ ਮਿਲਦੈ, 'ਕੀ ਕਰੀਏ ਆਂਟੀ ਬਸ ਟਾਈਮ ਈ ਨੀ ਮਿਲਿਆ, ਅਜੇ ਮੈਂ ਲਾਲ ਕੋਠੀ ਵਾਲਿਆਂ ਦਾ ਕੰਮ ਵਿਚੇ ਛੱਡ ਕੇ ਆਇਆਂ।' ਕੰਮ ਦੇ ਦੌਰਾਨ ਵੀ ਇਨ੍ਹਾਂ ਕਾਮਿਆਂ ਦੇ ਫੋਨ ਲਗਾਤਾਰ ਖੜਕਦੇ ਰਹਿੰਦੇ ਨੇ, ਤੇ ਇਹ ਘੜੇ ਘੜਾਏ ਜਵਾਬ ਦਿੰਦੇ ਰਹਿੰਦੇ ਨੇ, 'ਜੀ ਦਸ ਮਿੰਟ 'ਚ ਆਇਆ, ਜੀ ਸ਼ਾਮ ਨੂੰ ਪੱਕਾ, ਜੀ ਬਸ ਅੱਧਾ ਘੰਟਾ ਹੋਰ ਲੱਗੇਗਾ ਵਗੈਰਾ-ਵਗੈਰਾ।' ਬਾਹਰਲੇ ਮੁਲਕਾਂ 'ਚ ਜਾ ਕੇ ਟਾਇਲਟਾਂ ਸਾਫ਼ ਕਰ ਸਕਦੇ ਆਂ, ਝਾੜੂ-ਪੋਚਾ ਮਾਰ ਸਕਦੇ ਆਂ, ਗੋਰਿਆਂ ਦੀ ਨਖਿੱਧ ਤੋਂ ਨਖਿੱਧ ਚਾਕਰੀ ਕਰ ਸਕਦੇ ਹਾਂ, ਪਰ ਆਪਣੇ ਮੁਲਕ 'ਚ ਜਿਥੇ ਕੰਮ ਦੀ ਕੋਈ ਘਾਟ ਹੀ ਨਹੀਂ, ਉਥੇ ਹੱਥ-ਪੈਰ ਹਿਲਾਉਣ ਤੋਂ ਵੱਧ ਸਾਨੂੰ ਖ਼ੁਦਕੁਸ਼ੀ ਕਰਨਾ ਚੰਗਾ ਲਗਦਾ ਹੈ।
ਜਲੰਧਰ ਨੇੜਲੇ ਇਕ ਪਿੰਡ ਦੀ ਅਗਾਂਹਵਧੂ ਕਿਸਾਨ ਔਰਤ ਨੇ ਆਪਣੇ ਪੈਰ ਵਿਚ ਨੁਕਸ ਹੋਣ ਦੇ ਬਾਵਜੂਦ ਖੇਤੀ ਖੇਤਰ ਵਿਚ ਹੈਰਾਨਕੁਨ ਪ੍ਰਾਪਤੀਆਂ ਕੀਤੀਆਂ। ਆਲ ਇੰਡੀਆ ਰੇਡੀਓ ਤੋਂ ਔਰਤਾਂ ਨਾਲ ਸਬੰਧਿਤ ਇਕ ਪ੍ਰੋਗਰਾਮ ਵਿਚ ਜਦ ਉਸ ਦੀ ਆਸਧਾਰਨ ਕਿਸਾਨੀ ਸ਼ਖ਼ਸੀਅਤ ਦੇ ਭੇਤ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਕੋਲ ਸਿਰਫ਼ ਪੌਣਾ ਏਕੜ ਜ਼ਮੀਨ ਹੈ, ਜਿਸ ਵਿਚ ਉਹ, ਉਸ ਦਾ ਪਤੀ ਅਤੇ ਇਕ ਸਹਿਯੋਗੀ ਖੇਤ ਮਜ਼ਦੂਰ ਨਾਲ ਖੇਤੀ ਕਰਦੇ ਹਨ। ਇਸ ਥੋੜ੍ਹੇ ਜਿਹੇ ਰਕਬੇ ਵਿਚ ਡੇਅਰੀ, ਮੱਖੀ ਪਾਲਣ, ਖੁੰਬਾਂ ਉਗਾਉਣ ਤੋਂ ਇਲਾਵਾ ਉਹ ਗੁਜ਼ਾਰੇ ਜੋਗੀ ਕਣਕ, ਝੋਨਾ ਤੇ ਸਬਜ਼ੀਆਂ ਦੀ ਪੈਦਾਵਾਰ ਵੀ ਕਰਦੇ ਹਨ। ਸਫ਼ਲ ਕਿਸਾਨਾਂ ਵਿਚ ਇਸ ਔਰਤ ਦਾ ਨਾਂਅ ਆਉਂਦਾ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਸ ਨੂੰ ਕਈ ਵਾਰ ਸਨਮਾਨਿਤ ਕੀਤਾ ਹੈ। ਹੁਣ ਤੁਸੀਂ ਦੱਸੋ ਕਿ ਜੇ ਏਨੀ ਥੋੜ੍ਹੀ ਜ਼ਮੀਨ ਕਿਸੇ ਨੂੰ ਸਫ਼ਲ ਕਿਸਾਨ ਬਣਾ ਸਕਦੀ ਹੈ ਤਾਂ ਦੋ-ਦੋ, ਚਾਰ-ਚਾਰ ਕਿੱਲਿਆਂ ਵਾਲੇ ਕਿਸਾਨ ਕਿਉਂ ਖੁਦਕੁਸ਼ੀਆਂ ਕਰ ਰਹੇ ਨੇ। ਭਰ ਜਵਾਨੀ 'ਚ ਕੋਈ ਸ਼ਾਦੀਸ਼ੁਦਾ ਕਿਸਾਨ ਆਤਮ-ਹੱਤਿਆ ਕਰਕੇ ਆਪਣੇ ਮਾਂ-ਬਾਪ, ਬੀਵੀ ਬੱਚਿਆਂ ਨੂੰ ਕਿਸ ਦੇ ਸਹਾਰੇ ਛੱਡ ਜਾਂਦੈ? ਸੌ ਫ਼ੀਸਦੀ ਸਰਕਾਰੀ ਮੁਆਵਜ਼ੇ ਦੇ? ਸਰਕਾਰਾਂ ਤਦ ਹੀ ਸਾਡੇ ਲਈ ਕੁਝ ਕਰਨਗੀਆਂ ਜੇ ਅਸੀਂ ਆਪਣੇ ਲਈ ਕੁਝ ਕਰਾਂਗੇ।
ਅਕਸਰ ਕਈ ਲੋਕਾਂ ਨੂੰ ਮੈਂ ਇਹ ਕਹਿੰਦੇ ਸੁਣਿਆ ਹੈ, ਮੈਂ ਇਸ ਲਈ ਨਹੀਂ ਪੜ੍ਹ ਸਕੀ ਜਾਂ ਪੜ੍ਹ ਸਕਿਆ ਕਿਉਂਕਿ ਮੇਰੇ ਹਾਲਾਤ ਠੀਕ ਨਹੀਂ ਸਨ। ਇਹ ਸਿਰਫ਼ ਬਹਾਨੇਬਾਜ਼ੀ ਹੈ, ਆਪਣੀ ਕਮਜ਼ੋਰੀ ਅਤੇ ਆਲਸੀ ਫ਼ਿਤਰਤ ਉੱਪਰ ਪਰਦਾ ਪਾਉਣ ਦਾ ਇਕ ਤਰੀਕਾ। ਜੇ ਰੇਲਵੇ ਦੇ ਇਕ ਕੁਲੀ ਦਾ ਬੇਟਾ ਆਈ.ਆਈ.ਟੀ. ਦੇ ਇਮਤਿਹਾਨ 'ਚ ਪਹਿਲਾ ਸਥਾਨ ਹਾਸਲ ਕਰ ਸਕਦਾ ਹੈ ਤਾਂ ਹੋਰ ਕਿਉਂ ਨਹੀਂ ਕਰ ਸਕਦੇ। ਉਸ ਦੇ ਹਾਲਾਤ ਕੋਈ ਬਹੁਤੇ ਖੁਸ਼ਗਵਾਰ ਤਾਂ ਨਹੀਂ ਸਨ। ਉਸ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਛੋਟਾ ਜਿਹਾ ਘਰ ਸਟੇਸ਼ਨ ਦੇ ਐਨ ਕਰੀਬ ਹੋਣ ਕਾਰਨ ਸਾਰਾ ਦਿਨ ਗੱਡੀਆਂ ਦੀ ਆਵਾਜਾਈ ਰਹਿੰਦੀ ਤੇ ਬਹੁਤ ਸ਼ੋਰ-ਸ਼ਰਾਬਾ ਹੁੰਦਾ, ਜਿਸ ਕਰਕੇ ਉਹ ਕੇਵਲ ਰਾਤ ਨੂੰ ਹੀ ਪੜ੍ਹ ਸਕਦਾ ਕਿਉਂਕਿ ਉਦੋਂ ਗੱਡੀਆਂ ਦੀ ਆਮਦ ਤੇ ਰਫ਼ਤਾਰ ਵੀ ਘਟ ਜਾਂਦੀ ਤੇ ਬਹੁਤਾ ਸ਼ੋਰ ਵੀ ਨਾ ਹੁੰਦਾ। ਜੇ ਇਕ ਰਿਕਸ਼ਾ ਚਾਲਕ ਦੀ ਬੇਟੀ ਪੀ.ਐਮ.ਟੀ. 'ਚੋਂ ਪਹਿਲਾ ਸਥਾਨ ਲੈ ਸਕਦੀ ਹੈ ਤਾਂ ਹੋਰ ਕਿਉਂ ਨਹੀਂ। ਅਜਿਹੀਆਂ ਬੇਸ਼ੁਮਾਰ ਉਦਾਹਰਨਾਂ ਹਨ, ਜਦੋਂ ਸੰਗੀਨ ਹਾਲਾਤ 'ਚ ਵੀ ਤੰਗੀਆਂ-ਤੁਰਛੀਆਂ, ਬੇਬਸੀਆਂ, ਲਾਚਾਰੀਆਂ ਨਾਲ ਲੜਦਿਆਂ ਵੀ ਲੋਕਾਂ ਨੇ ਹਾਲਾਤ ਬਦਲੇ ਨੇ, ਵਿਲੱਖਣ ਪ੍ਰਾਪਤੀਆਂ ਕੀਤੀਆਂ ਨੇ ਪਰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਹਾਰ ਕੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਸੰਘਣੇ ਹਨੇਰਿਆਂ 'ਚ ਆਪਣੀ ਮਿਹਨਤ ਮੁਸ਼ੱਕਤ ਨਾਲ ਦੀਪ ਜਗਾਏ ਨੇ।
ਇਕ ਦਿਨ ਜਦ ਸਵੇਰੇ ਮੈਂ ਤੇ ਮੇਰੇ ਪਤੀ ਲਾਅਨ 'ਚ ਬੈਠੇ ਚਾਹ ਦਾ ਆਨੰਦ ਮਾਣ ਰਹੇ ਸਾਂ ਤਾਂ ਅਸੀਂ ਵੇਖਿਆ ਕਿ ਜੋ ਲੜਕਾ ਅਖ਼ਬਾਰ ਦੇਣ ਆਇਆ ਹੈ, ਉਸ ਨੇ ਕਿਸੇ ਸਕੂਲ ਦੀ ਵਰਦੀ ਪਾਈ ਹੋਈ ਹੈ। ਸਿਰ 'ਤੇ ਸੋਹਣਾ ਪਟਕਾ ਬੰਨ੍ਹਿਆ ਹੋਇਆ ਹੈ। ਉਸ ਨੂੰ ਨਿਹਾਰ ਕੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਇਹ ਤਾਂ ਕੋਈ ਪੜ੍ਹਨ ਵਾਲਾ ਬੱਚਾ ਹੈ ਜੋ ਕਿਸੇ ਮਜਬੂਰੀ ਵਸ ਅਖ਼ਬਾਰ ਵੰਡਣ ਲੱਗ ਪਿਐ। ਉਹ ਜਦੋਂ ਵੀ ਸਾਡੇ ਘਰ ਅਖ਼ਬਾਰ ਦੇਣ ਆਉਂਦਾ, ਉਸ ਦੀ ਸਕੂਲ ਯੂਨੀਫਾਰਮ ਵੇਖ ਕੇ ਸਾਡੇ ਅੰਦਰ ਉਸ ਦੇ ਹਾਲਾਤ ਜਾਨਣ ਦੀ ਉਤਸੁਕਤਾ ਵਧ ਜਾਂਦੀ ਤੇ ਇਕ ਦਿਨ ਅਸੀਂ ਉਸ ਨੂੰ ਰੋਕ ਕੇ ਅੰਦਰ ਹੀ ਬੁਲਾ ਲਿਆ। ਸਾਡੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਆਟੋ ਰਿਕਸ਼ਾ ਚਾਲਕ ਨੇ ਪਰ ਸ਼ਰਾਬ ਦੀ ਲਤ ਕਾਰਨ ਘਰ ਵੱਲ ਧਿਆਨ ਨਹੀਂ ਦਿੰਦੇ। ਮਾਂ ਲੋਕਾਂ ਦੇ ਘਰਾਂ 'ਚ ਬਰਤਨ ਸਾਫ਼ ਕਰਦੀ ਹੈ ਤੇ ਉਹ ਆਪਣੀ ਪੜ੍ਹਾਈ ਦਾ ਖਰਚ ਅਖ਼ਬਾਰਾਂ ਸਪਲਾਈ ਕਰਕੇ ਕੱਢਦਾ ਹੈ। ਉਹ ਸਵੇਰੇ ਚਾਰ ਵਜੇ ਉੱਠ ਕੇ ਪਹਿਲਾਂ ਅਖ਼ਬਾਰ ਲਿਆਉਂਦਾ ਹੈ ਫਿਰ ਸੱਤ ਵਜੇ ਤੱਕ ਸਾਰੀਆਂ ਵੰਡ ਕੇ ਸਕੂਲ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ 9ਵੀਂ ਜਮਾਤ ਦਾ ਵਿਦਿਆਰਥੀ ਹੈ, ਦਾਖਲਾ ਭਰ ਦਿੱਤਾ ਹੈ, ਸੈਕੰਡ ਹੈਂਡ ਕਿਤਾਬਾਂ ਵੀ ਖਰੀਦ ਲਈਆਂ ਹਨ। ਅਸੀਂ ਉਸ ਮਿਹਨਤੀ ਸਿਰੜੀ ਹੋਣਹਾਰ ਬੱਚੇ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਇਸ ਵਾਅਦੇ ਨਾਲ ਕਿ ਉਸ ਨੂੰ ਜਦ ਵੀ ਫੀਸ ਲਈ, ਕਿਤਾਬਾਂ ਲਈ, ਯੂਨੀਫਾਰਮ ਲਈ ਸਾਡੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ, ਅਸੀਂ ਹਾਜ਼ਰ ਹਾਂ, ਉਹ ਉਸ ਦਿਨ ਖ਼ੁਸ਼ੀ-ਖ਼ੁਸ਼ੀ ਚਲਾ ਗਿਆ। ਪਰ ਉਸ ਨਾਲ ਪਿਆਰ ਦਾ ਉਹ ਰਿਸ਼ਤਾ ਹੋਰ ਪਕੇਰਾ ਹੋ ਕੇ ਅੱਜ ਤੱਕ ਕਾਇਮ ਹੈ। ਉਹ ਨਿਰੰਤਰ ਲਗਨ ਨਾਲ ਪੜ੍ਹ ਰਿਹਾ ਹੈ। ਜਿਹੜੇ ਮੁਖਾਲਿਫ਼ ਹਵਾਵਾਂ ਵਿਚ ਵੀ ਚਰਾਗ ਬਾਲਣ ਦਾ ਜ਼ੇਰਾ ਰੱਖਦੇ ਨੇ, ਉਨ੍ਹਾਂ ਦਾ ਵੀ ਕੋਈ ਅੰਤ ਨਹੀਂ।
ਇਕ ਰਿਕਸ਼ਾ ਚਾਲਕ ਦੀ ਇਕ ਬਾਂਹ ਨਹੀਂ ਸੀ, ਪਰ ਉਹ ਬੜੇ ਹੌਸਲੇ ਨਾਲ ਭਾਰੀ ਸਾਮਾਨ ਲੈ ਕੇ ਸਾਡੇ ਘਰ ਆਇਆ। ਉਸ ਦੀ ਹਿੰਮਤ ਵੇਖ ਕੇ ਉਸ ਨੂੰ ਸਜਦਾ ਕਰਨ ਨੂੰ ਦਿਲ ਕੀਤਾ। ਅਸੀਂ ਉਸ ਨੂੰ ਉਸ ਵਲੋਂ ਮੰਗੇ ਮਿਹਨਤਾਨੇ ਤੋਂ ਵੱਧ ਪੈਸੇ ਦੇ ਕੇ ਉਸ ਦਾ ਭਰੇ ਮਨ ਨਾਲ ਸ਼ੁਕਰਾਨਾ ਕੀਤਾ। ਅਪਾਹਜ ਹੋ ਕੇ ਉਹ ਜ਼ਿੰਦਗੀ ਨਾਲ ਜੂਝ ਰਿਹਾ ਹੈ ਪਰ ਕਰਜ਼ੇ ਦੀ ਪੰਡ ਆਪਣੇ ਸਿਰ ਚਾੜ ਕੇ ਉਸ ਨੇ ਖ਼ੁਦਕੁਸ਼ੀ ਕਿਉਂ ਨਹੀਂ ਕੀਤੀ। ਅਪਾਹਜ ਹੋ ਕੇ ਵੀ ਉਹ ਜੀਵਨ ਦੀ ਬਾਜ਼ੀ ਹਰਿਆ ਨਹੀਂ, ਉਸ ਦੇ ਚਿਹਰੇ ਦਾ ਨੂਰ ਉਸ ਦੇ ਆਤਮ-ਵਿਸ਼ਵਾਸ ਤੇ ਬੁਲੰਦ ਹੌਸਲੇ ਦਾ ਜ਼ਾਮਨ ਸੀ।
'ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ,
ਮੁਰਦਾ ਦਿਲ ਕਯਾ ਖ਼ਾਕ ਜੀਆ ਕਰਤੇ ਹੈਂ।'

-1104, ਅਰਬਨ ਅਸਟੇਟ, ਫੇਜ਼-1, ਜਲੰਧਰ।
ਮੋਬਾਈਲ : 98147-49409.

ਯੂ-ਟਿਊਬ ਦੇ ਸਹਾਰੇ ਸਟਾਰ ਬਣਦੇ ਨਵੇਂ ਗਾਇਕ

ਪਿਛਲੇ ਦੋ ਕੁ ਦਹਾਕਿਆਂ ਦੌਰਾਨ ਕੰਪਿਊਟਰ ਅਤੇ ਇੰਟਰਨੈੱਟ ਕਾਰਨ ਪੰਜਾਬੀ ਗਾਇਕੀ ਅਤੇ ਪੰਜਾਬੀ ਸੰਗੀਤ ਉਦਯੋਗ 'ਚ ਅਨੇਕਾਂ ਹੈਰਾਨੀਜਨਕ ਬਦਲਾਅ ਆਏ ਹਨ। ਇਸ ਨਾਲ ਜਿੱਥੇ ਕਈ ਨਾਮੀ ਸੰਗੀਤਕ ਕੰਪਨੀਆਂ ਬੰਦ ਹੋ ਚੁੱਕੀਆਂ ਹਨ, ਉੱਥੇ ਕਈ ਸਥਾਪਿਤ ਗਾਇਕ ਜਾਂ ਤਾਂ ਆਪਣੇ ਘਰਾਂ 'ਚ ਬੈਠ ਚੁੱਕੇ ਹਨ ਅਤੇ ਜਾਂ ਉਨ੍ਹਾਂ ਗਾਇਕੀ ਦੇ ਨਾਲ-ਨਾਲ ਕਈ ਹੋਰ ਕੰਮਕਾਜ ਸ਼ੁਰੂ ਕਰ ਲਏ ਹੋਏ ਹਨ। ਇਹ ਗਾਇਕ ਪਹਿਲੇ ਵਾਂਗ ਕੰਪਨੀਆਂ ਕੋਲ ਜਾ ਕੇ ਆਪਣੇ ਗੀਤ ਰਿਕਾਰਡ ਹੀ ਨਹੀਂ ਕਰਵਾ ਰਹੇ। ਇੱਥੋਂ ਤੱਕ ਕਿ ਕੈਸੇਟਾਂ ਅਤੇ ਸੀਡੀਜ਼ ਦੇ ਡੀਲਰਾਂ ਨੇ ਵੀ ਮੋਬਾਈਲ ਜਾਂ ਰੈਡੀਮੇਡ ਕੱਪੜੇ ਆਦਿ ਦੇ ਕੰਮ ਸ਼ੁਰੂ ਕਰ ਲਏ ਹੋਏ ਹਨ। ਹੁਣ ਉਹ ਯੁੱਗ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ ਜਦੋਂ ਕਿਸੇ ਸੰਗੀਤਕ ਕੰਪਨੀ ਵੱਲੋਂ ਨਵੇਂ ਗਾਇਕਾਂ ਦਾ ਰਿਕਾਰਡਿੰਗ ਲਈ ਟੈੱਸਟ ਲਿਆ ਜਾਂਦਾ ਸੀ, ਉਸ ਨੂੰ ਅਖਾੜੇ ਵਿਚ ਸੁਣਿਆ ਜਾਂਦਾ ਸੀ, ਫਿਰ ਜਦੋਂ ਕਿਸੇ ਗਾਇਕ ਦੀ ਕਿਸੇ ਸੰਗੀਤਕ ਕੰਪਨੀ ਵੱਲੋਂ ਰਿਕਾਰਡਿੰਗ ਲਈ ਚੋਣ ਕਰ ਲਈ ਜਾਂਦੀ ਸੀ ਤਾਂ ਉਸ ਨੂੰ ਬਕਾਇਦਾ ਤੌਰ 'ਤੇ ਇਕ ਚਿੱਠੀ ਦਿੱਤੀ ਜਾਂਦੀ ਸੀ। ਇਹ ਚਿੱਠੀ ਸਬੰਧਤ ਗਾਇਕ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾਂਦੀ ਸੀ। ਗਾਇਕ ਅਖਾੜਿਆਂ 'ਚ ਇਹ ਚਿੱਠੀ ਦਿਖਾ ਕੇ ਸਰੋਤਿਆਂ ਕੋਲੋਂ ਤਾੜੀਆਂ ਮਰਵਾਇਆ ਕਰਦੇ ਸਨ। ਫਿਰ ਕੋਈ ਗੀਤ ਜਾਂ ਕੈਸੇਟ ਹਿੱਟ ਹੋਣ 'ਤੇ ਸੰਗੀਤਕ ਕੰਪਨੀਆਂ ਵੱਲੋਂ ਗਾਇਕਾਂ ਦੇ ਨਾਲ-ਨਾਲ ਗੀਤਕਾਰਾਂ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਸੀ। ਪਰ ਅੱਜ ਦੇ ਦੌਰ 'ਚ ਜ਼ਿਆਦਾ ਗਿਣਤੀ ਅਜਿਹੇ ਗਾਇਕਾਂ ਦੀ ਹੈ ਜਿਹੜੇ ਬਿਨਾਂ ਕਿਸੇ ਸੰਗੀਤਕ ਤਾਲੀਮ ਦੇ ਅਤੇ ਬਿਨਾਂ ਕਿਸੇ ਪਰਖ ਦੇ ਆਪਣੇ ਪੱਲਿਉਂ ਲੱਖਾਂ ਰੁਪਏ ਖ਼ਰਚ ਕੇ ਆਪਣੇ-ਆਪ ਨੂੰ ਸਿਰਫ਼ ਯੂ-ਟਿਊਬ ਦੇ ਦੇਖਣ ਵਾਲਿਆਂ ਸਹਾਰੇ 'ਸਟਾਰ' ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਇੱਥੋਂ ਤੱਕ ਕਿ ਅਜਿਹੇ ਕਥਿਤ ਗਾਇਕਾਂ ਵੱਲੋਂ ਆਪਣੇ-ਆਪ ਨੂੰ ਕੰਪਨੀਆਂ ਅਤੇ ਪ੍ਰੋਡਿਊਸਰਾਂ ਦੀ ਨਜ਼ਰ 'ਚ ਲਿਆਉਣ ਲਈ ਮੁੱਲ ਦੇ ਦਰਸ਼ਕ ਖ਼ਰੀਦਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਕਈ ਤਾਂ ਆਪਣੇ ਰਿਕਾਰਡ ਕੀਤੇ ਹੋਏ ਗੀਤ ਦੀ ਵੀਡੀਓ ਲਈ ਫੇਕ (ਜਾਅਲੀ) ਦਰਸ਼ਕ ਵੀ ਲੈ ਰਹੇ ਹਨ। ਇਨ੍ਹਾਂ ਵਿਚੋਂ ਕਈਆਂ ਦੇ ਬਾਰੇ ਤਾਂ ਕੁਝ ਲੋਕ ਖ਼ੁਲਾਸੇ ਵੀ ਕਰ ਚੁੱਕੇ ਹਨ, ਪਰ ਫਿਰ ਵੀ ਇਹ ਰੁਝਾਨ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਅਜਿਹੇ ਗਾਇਕ ਫੇਸਬੁੱਕ ਦੇ ਨਾਲ-ਨਾਲ ਹੋਰ ਸੋਸ਼ਲ ਮੀਡੀਆ 'ਤੇ ਆਪਣੇ ਦਰਸ਼ਕਾਂ ਦੀ ਗਿਣਤੀ ਲੱਖਾਂ-ਕਰੋੜਾਂ ਵਿਚ ਹੋਣ ਦਾ ਦਾਅਵਾ ਕਰਕੇ ਆਪਣੀ ਪਿੱਠ ਆਪ ਹੀ ਥਪਥਪਾਉਣ ਦਾ ਯਤਨ ਕਰਦੇ ਹਨ। ਜਦੋਂ ਕਿ ਬਹੁ ਗਿਣਤੀ ਸਰੋਤਿਆਂ ਨੂੰ ਇਨ੍ਹਾਂ ਗਾਇਕਾਂ, ਇਨ੍ਹਾਂ ਦੇ ਦਰਸ਼ਕਾਂ ਅਤੇ ਇਨ੍ਹਾਂ ਦੇ ਗੀਤਾਂ ਬਾਰੇ ਕੋਈ ਪਤਾ ਵੀ ਨਹੀਂ ਹੁੰਦਾ। ਅਜਿਹੇ ਚਲਾਕ ਕਿਸਮ ਦੇ ਗਾਇਕਾਂ ਦੇ ਦਰਸ਼ਕਾਂ ਦੇਖ ਕੇ ਕਈ ਪ੍ਰੋਡਿਊਸਰ ਇਨ੍ਹਾਂ 'ਤੇ ਪੈਸੇ ਖ਼ਰਚ ਕੇ ਵੱਡੇ ਘਾਟੇ ਵੀ ਝੱਲ ਚੁੱਕੇ ਹਨ। ਯੂ-ਟਿਊਬ ਉੱਪਰ ਅਜਿਹੇ ਗਾਇਕਾਂ ਦੇ ਗੀਤਾਂ ਦੀ ਭਰਮਾਰ ਹੈ ਜੋ 5 ਤੋਂ 10 ਮਿਲੀਅਨ ਦਰਸ਼ਕਾਂ ਵਾਲੇ ਹਨ, ਪਰ ਇਨ੍ਹਾਂ ਦੇ ਗੀਤ ਮਿਆਰੀ ਪੱਖ ਤੋਂ ਕੋਹਾਂ ਦੂਰ ਅਤੇ ਸਰੋਤਿਆਂ ਦੀ ਪਛਾਣ ਤੋਂ ਪਰ੍ਹੇ ਹਨ। ਇੱਥੋਂ ਤੱਕ ਕਿ ਇਨ੍ਹਾਂ ਦੇ ਗੀਤਾਂ ਦੇ ਹੇਠ ਹਜ਼ਾਰਾਂ ਕੁਮੈਂਟਾਂ ਵਿਚੋਂ ਬਹੁਤੇ ਕੁਮੈਂਟ ਪਤਾ ਨਹੀਂ ਕਿਹੜੀ ਭਾਸ਼ਾ ਵਿਚ ਲਿਖੇ ਹੋਏ ਹਨ, ਜਿਨ੍ਹਾਂ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਜਿਸ ਆਦਮੀ ਨੇ ਗੀਤ 'ਤੇ ਕੁਮੈਂਟ ਕੀਤਾ ਹੈ ਉਸ ਨੂੰ ਤਾਂ ਪੰਜਾਬੀ ਦੀ ਕੋਈ ਸਮਝ ਹੀ ਨਹੀਂ ਹੈ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਆਦਮੀ ਨੂੰ ਪੰਜਾਬੀ ਭਾਸ਼ਾ ਦੀ ਕੋਈ ਸਮਝ ਹੀ ਨਹੀਂ ਉਹ ਪੰਜਾਬੀ ਗੀਤ ਦੇ ਹੇਠ ਕੁਮੈਂਟ ਕਿਵੇਂ ਕਰ ਸਕਦਾ ਹੈ। ਇਸ ਬਾਰੇ ਘੋਖ ਕਰਨ 'ਤੇ ਪਤਾ ਲੱਗਾ ਕਿ ਅਜਿਹੇ ਗਾਇਕ ਆਪਣੇ ਗੀਤ ਦੀ ਵੀਡੀਓ ਨੂੰ ਟੈਕਨੀਕਲ ਦਾਅ-ਪੇਚਾਂ ਦੇ ਸਹਾਰੇ ਯੂ-ਟਿਊਬ 'ਤੇ ਪ੍ਰਚਲਿਤ ਸਾਬਤ ਕਰ ਦਿੰਦੇ ਹਨ। ਕਈ ਵੱਖ-ਵੱਖ ਐਪਜ਼ ਦੇ ਰਾਹੀਂ ਆਪਣੇ ਗੀਤ ਦੇ ਲਿੰਕ ਨੂੰ ਸ਼ੇਅਰ ਕਰਦੇ ਹਨ। ਪਰ ਜਦੋਂ ਅਜਿਹੇ ਕਿਸਮ ਦੇ ਫ਼ਰਜ਼ੀ ਦਰਸ਼ਕਾਂ ਵਾਲੇ ਗਾਇਕਾਂ ਨੂੰ ਕਿਸੇ ਸਟੇਜ 'ਤੇ ਲਾਈਵ ਗਾਉਣਾ ਪੈਂਦਾ ਹੈ ਤਾਂ ਅਸਲੀਅਤ ਆਪਣੇ ਆਪ ਹੀ ਲੋਕਾਂ ਨੂੰ ਪਤਾ ਲੱਗ ਜਾਂਦੀ ਹੈ। ਜਿਵੇਂ ਕਿਸੇ ਪਹਿਲਵਾਨ ਦੇ ਜ਼ੋਰ ਤੇ ਸਮਝ ਦਾ ਪਤਾ ਅਖਾੜੇ ਵਿਚ ਲਗਦਾ ਹੈ, ਓਵੇਂ ਹੀ ਅਸਲੀ ਗਾਇਕ ਦੀ ਪਰਖ ਵੀ ਅਖਾੜੇ ਵਿਚ ਹੀ ਹੁੰਦੀ ਹੈ। ਪਰ ਆਧੁਨਿਕ ਸਮੇਂ ਦੌਰਾਨ ਬਹੁ ਗਿਣਤੀ ਨਵੇਂ ਗਾਇਕ ਕਿਸੇ ਗੁਰੂ ਕੋਲ ਜਾਂ ਅਖਾੜੇ 'ਚ ਜਾਣ ਤੋਂ ਪਹਿਲਾਂ ਹੀ ਯੂ-ਟਿਊਬ ਦੇ ਦਰਸ਼ਕਾਂ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਤੇ ਇਸ ਦੇ ਲਈ ਉਹ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਇਹੋ ਕਾਰਨ ਹੈ ਕਿ ਪੰਜਾਬੀ ਗਾਇਕੀ 'ਚ ਅਸਿੱਖਿਅਤ ਅਤੇ ਫੁਕਰੇ ਕਿਸਮ ਦੇ ਗਾਇਕਾਂ ਦੀ ਗਿਣਤੀ ਵਧ ਰਹੀ ਹੈ ਅਤੇ ਨਾਲ ਹੀ ਪੰਜਾਬੀ ਗਾਇਕੀ ਦੇ ਮਿਆਰ ਨੂੰ ਵੀ ਵੱਡੀ ਢਾਹ ਲੱਗ ਰਹੀ ਹੈ।
ਪਹਿਲੇ ਸਮਿਆਂ ਦੌਰਾਨ ਪੰਜਾਬੀ ਸੰਗੀਤ ਦੇ ਖੇਤਰ 'ਚ ਗੀਤਕਾਰ ਦਾ ਵੱਡਾ ਮਾਣ-ਸਤਿਕਾਰ ਹੁੰਦਾ ਸੀ। ਸੰਗੀਤਕ ਕੰਪਨੀਆਂ ਵੱਲੋਂ ਗੀਤਕਾਰਾਂ ਦੇ ਗੀਤਾਂ ਦਾ ਪੂਰਾ ਮੁੱਲ ਪਾਇਆ ਜਾਂਦਾ ਸੀ। ਇਸ ਕਾਰਨ ਪੁਰਾਣੇ ਸਮਿਆਂ ਦੌਰਾਨ ਵਧੀਆ ਲਿਖਣ ਵਾਲੇ ਗੀਤਕਾਰਾਂ ਨੂੰ ਕੰਪਨੀਆਂ ਅਤੇ ਗਾਇਕਾਂ ਵੱਲੋਂ ਬਹੁਤੀ ਵਾਰ ਤਾਂ ਪੱਕੇ ਤੌਰ 'ਤੇ ਹੀ ਆਪਣੇ ਨਾਲ ਜੋੜ ਲਿਆ ਜਾਂਦਾ ਸੀ। ਉਸੇ ਯੁੱਗ 'ਚ ਬਾਬੂ ਸਿੰਘ ਮਾਨ, ਦੇਵ ਥਰੀਕੇ ਵਾਲਾ, ਸਾਜਨ ਰਾਏਕੋਟੀ, ਚੰਨ ਗੁਰਾਇਆ ਵਾਲਾ, ਪ੍ਰੀਤ ਮਹਿੰਦਰ ਤਿਵਾੜੀ, ਪ੍ਰਗਟ ਸਿੰਘ ਆਦਿ ਗੀਤਕਾਰਾਂ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ।

-ਵਰਸੋਲਾ (ਗੁਰਦਾਸਪੁਰ).
ਮੋਬਾਈਲ : 8437925062.

ਵਿਸ਼ਵ ਦਾ ਸਭ ਤੋਂ ਕੀਮਤੀ ਰਾਜ ਤਖ਼ਤ: ਤਖ਼ਤ-ਏ-ਤਾਊਸ

ਤਖ਼ਤ-ਏ-ਤਾਊਸ ਜਾਂ ਮਿਊਰ ਸਿੰਘਾਸਣ ਮੁਗ਼ਲ ਕਾਰੀਗਰੀ ਦਾ ਇਕ ਅਜਿਹਾ ਨਮੂਨਾ ਸੀ ਜਿਸ ਦੀ ਮਿਸਾਲ ਦੁਨੀਆ ਵਿਚ ਹੋਰ ਕਿਤੇ ਨਹੀਂ ਮਿਲਦੀ। ਤਖ਼ਤ ਦਾ ਫਾਰਸੀ ਵਿਚ ਅਰਥ ਹੈ ਸਿੰਘਾਸਣ ਅਤੇ ਤਾਊਸ ਦਾ ਅਰਥ ਹੈ ਮੋਰ। ਇਸ ਵਿਚ ਮੋਰਾਂ ਦੀਆਂ ਅਨੇਕਾਂ ਅਕ੍ਰਿਤੀਆਂ ਬਣੀਆਂ ਹੋਣ ਕਾਰਨ ਇਸ ਦਾ ਇਹ ਨਾਂਅ ਪਿਆ। ਇਸ ਦਾ ਨਿਰਮਾਣ 17ਵੀਂ ਸਦੀ ਦੇ ਸ਼ੁਰੂ ਵਿਚ 5ਵੇਂ ਮੁਗ਼ਲ ਸ਼ਹਿਨਸ਼ਾਹ ਸ਼ਾਹਜਹਾਂ ਨੇ ਬਹੁਤ ਰੀਝ ਨਾਲ ਕਰਵਾ ਕੇ ਇਸ ਨੂੰ ਲਾਲ ਕਿਲ੍ਹਾ ਦਿੱਲੀ ਦੇ ਦੀਵਾਨ-ਏ-ਖ਼ਾਸ ਵਿਚ ਰਖਵਾਇਆ ਸੀ।
ਸ਼ਾਹਜਹਾਂ ਨੂੰ ਭਾਰਤ ਦਾ ਇੰਜੀਨੀਅਰ ਬਾਦਸ਼ਾਹ ਕਿਹਾ ਜਾਂਦਾ ਹੈ ਤੇ ਉਸ ਦੇ ਰਾਜ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ। ਭਾਰਤ ਦੀਆਂ ਅਨੇਕਾਂ ਮਹਾਨ ਇਮਾਰਤਾਂ ਜਿਵੇਂ ਆਗਰੇ ਦਾ ਕਿਲ੍ਹਾ, ਸ਼ਾਲੀਮਾਰ ਬਾਗ਼, ਬਾਦਸ਼ਾਹੀ ਮਸਜਿਦ, ਤਾਜ ਮਹੱਲ ਅਤੇ ਲਾਲ ਕਿਲ੍ਹੇ ਆਦਿ ਦਾ ਨਿਰਮਾਣ ਉਸੇ ਨੇ ਕਰਵਾਇਆ ਸੀ। ਤਖ਼ਤ-ਏ-ਤਾਊਸ ਤੋਂ ਪਹਿਲਾਂ ਮੁਗ਼ਲਾਂ ਦਾ ਸ਼ਾਹੀ ਤਖ਼ਤ ਇਕ ਆਮ ਜਿਹਾ ਆਇਤਾਕਾਰ, 6 ਫੁੱਟ ਲੰਬੀ, 4 ਫੁੱਟ ਚੌੜੀ ਅਤੇ 9 ਇੰਚ ਮੋਟੀ ਕਾਲੇ ਬਸਾਲਟ ਪੱਥਰ ਦੀ ਸਿਲ ਹੀ ਸੀ। (ਇਹ ਸਿਲ 1783 ਈ. ਵਿਚ ਦਿੱਲੀ 'ਤੇ ਸਿੱਖਾਂ ਦੇ ਕਬਜ਼ੇ ਸਮੇਂ ਸ: ਜੱਸਾ ਸਿੰਘ ਰਾਮਗੜੀਆ ਉਖਾੜ ਕੇ ਪੰਜਾਬ ਲੈ ਆਇਆ ਸੀ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਬੁੰਗਾ ਰਾਮਗੜ੍ਹੀਆ ਵਿਚ ਸਥਾਪਿਤ ਕਰ ਦਿੱਤੀ ਸੀ) ਸ਼ਾਹਜਹਾਂ ਚਾਹੁੰਦਾ ਸੀ ਕਿ ਉਸ ਦਾ ਦਰਬਾਰ ਧਰਤੀ ਉੱਪਰ ਸਵਰਗ ਦਾ ਨਮੂਨਾ ਹੋਵੇ ਤੇ ਉਸ ਦਾ ਤਖ਼ਤ, ਤਖ਼ਤ-ਏ-ਸੁਲੇਮਾਨ (ਸੋਲੋਮਨ ਬਾਦਸ਼ਾਹ ਦਾ ਤਖ਼ਤ) ਵਾਂਗ ਸੋਨੇ ਅਤੇ ਹੀਰੇ-ਪੰਨਿਆਂ ਨਾਲ ਸੱਜੀ ਇਨਸਾਫ਼ ਦੀ ਕੁਰਸੀ ਹੋਵੇ। ਸੋਲੋਮਨ ਇਕ ਮਿਥਿਹਾਸਕ ਬਾਦਸ਼ਾਹ ਹੈ ਜਿਸ ਨੂੰ ਅਰਬ ਦੇਸ਼ਾਂ ਵਿਚ ਨਿਆਂ ਅਤੇ ਸੱਚਾਈ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਸ਼ਾਹਜਹਾਨ ਵੇਲੇ ਭਾਰਤ ਦੁਨੀਆ ਦਾ ਇਕ ਅਮੀਰ ਤਰੀਨ ਦੇਸ਼ ਸੀ। ਪਰ ਤਖ਼ਤ-ਏ-ਤਾਊਸ ਉਸ ਅਮੀਰੀ ਦੇ ਹਿਸਾਬ ਨਾਲ ਵੀ ਬਹੁਤ ਮਹਿੰਗਾ ਗਿਣਿਆ ਗਿਆ ਸੀ।
ਸ਼ਾਹਜਹਾਂ ਦੇ ਰਾਜ ਕਾਲ ਸਮੇਂ ਭਾਰਤ 'ਤੇ ਵਿਦੇਸ਼ੀ ਹਮਲੇ ਦਾ ਖਤਰਾ ਖਤਮ ਹੋ ਚੁੱਕਾ ਸੀ। ਅਫਗਾਨਿਸਤਾਨ ਤੋਂ ਲੈ ਕੇ ਦੱਖਣ ਤੱਕ ਫੈਲ ਚੁੱਕਾ ਮੁਗ਼ਲ ਰਾਜ ਐਨਾ ਮਜ਼ਬੂਤ ਸੀ ਕਿ ਗੁਆਂਢੀ ਰਾਜ ਉਸ ਤੋਂ ਭੈਅ ਖਾਂਦੇ ਸਨ। ਗੋਲਕੁੰਡਾ ਅਤੇ ਕੋਲੂਰ ਦੀਆਂ ਖਾਣਾਂ ਤੋਂ ਆਉਣ ਵਾਲੇ ਹੀਰਿਆਂ ਅਤੇ ਬੇਲਾਰਾ, ਕਾਬਲੀਘਾਟੀ, ਵਾਈਨਾਦ ਖਾਣਾਂ ਤੋਂ ਆਉਣ ਵਾਲੇ ਸੋਨੇ ਤੋਂ ਇਲਾਵਾ ਜਿੱਤੇ ਹੋਏ ਰਾਜਿਆਂ ਦੇ ਖਜ਼ਾਨਿਆਂ ਤੋਂ ਪ੍ਰਾਪਤ ਹੋਏ ਸੋਨੇ, ਚਾਂਦੀ ਅਤੇ ਰਤਨਾਂ ਨਾਲ ਮੁਗ਼ਲ ਖਜ਼ਾਨਾ ਲਬਾਲੱਬ ਭਰਿਆ ਪਿਆ ਸੀ। ਇਸ ਕਾਰਨ ਸ਼ਾਹਜਹਾਂ ਦੇ ਮਨ ਵਿਚ ਵਿਚਾਰ ਆਇਆ ਕਿ ਇਸ ਸੋਨੇ ਅਤੇ ਅਣਮੋਲ ਰਤਨਾਂ ਦਾ ਪ੍ਰਯੋਗ ਕਰ ਕੇ ਅਜਿਹਾ ਤਖ਼ਤ ਤਿਆਰ ਕੀਤਾ ਜਾਵੇ ਜੋ ਇਸ ਸੰਸਾਰ ਵਿਚ ਕਿਸੇ ਹੋਰ ਬਾਦਸ਼ਾਹ ਕੋਲ ਨਾ ਹੋਵੇ। ਉਸ ਨੇ ਸ਼ਾਹੀ ਸੁਨਿਆਰਿਆਂ ਦੇ ਇੰਚਾਰਜ ਸਈਅਦ ਗਿਲਾਨੀ ਨੂੰ ਬੁਲਾ ਕੇ ਆਪਣੇ ਮਨ ਦੀ ਗੱਲ ਸਮਝਾਈ। ਸਈਅਦ ਗਿਲਾਨੀ ਨੇ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਕ ਨਕਸ਼ਾ ਬਾਦਸ਼ਾਹ ਨੂੰ ਪੇਸ਼ ਕੀਤਾ ਜੋ ਮਨਜ਼ੂਰ ਕਰ ਲਿਆ ਗਿਆ। ਬਾਦਸ਼ਾਹ ਨੇ 2500 ਕਿੱਲੋ ਸੋਨਾ ਅਤੇ 100 ਕਿੱਲੋ ਰਤਨ ਉਸ ਨੂੰ ਸੌਂਪ ਦਿੱਤੇ। ਦੇਸ਼ ਦੇ ਸਭ ਤੋਂ ਮਾਹਿਰ ਕਾਰੀਗਰਾਂ ਨੂੰ ਇਸ ਕੰਮ 'ਤੇ ਲਗਾ ਦਿੱਤਾ ਗਿਆ। ਇਸ ਨੂੰ ਤਿਆਰ ਕਰਨ ਵਿਚ ਸੱਤ ਸਾਲ ਦੀ ਮਿਹਨਤ ਲੱਗੀ ਤੇ ਇਸ 'ਤੇ ਤਾਜ ਮਹੱਲ ਨਾਲੋਂ ਦੋ ਗੁਣਾ ਵੱਧ (ਸਾਢੇ ਛੇ ਕਰੋੜ ਰੁਪਏ, ਅੱਜ ਦੇ ਹਿਸਾਬ ਨਾਲ ਕਰੀਬ 10 ਅਰਬ ਰੁਪਏ) ਖਰਚਾ ਆਇਆ।
ਸ਼ਾਹਜਹਾਂ ਨੇ ਇਸ ਦਾ ਕੋਈ ਨਾਮਕਰਣ ਨਹੀਂ ਕੀਤਾ ਸੀ। ਹੀਰੇ ਮੋਤੀਆਂ ਵਿਚ ਮੜ੍ਹੇ ਹੋਣ ਕਾਰਨ ਇਸ ਨੂੰ ਤਖ਼ਤੇ ਮੂਰਾਸਾ (ਜੜਾਊ ਤਖ਼ਤ) ਕਿਹਾ ਜਾਂਦਾ ਸੀ। ਇਸ ਦਾ ਉਦਘਾਟਨ 22 ਮਾਰਚ 1635 ਈ. ਨੂੰ ਸ਼ਾਹਜਹਾਨ ਦੀ ਸਤਵੀਂ ਤਖ਼ਤ ਨਸ਼ੀਨੀ ਵਰ੍ਹੇਗੰਢ ਵਾਲੇ ਦਿਨ ਇਕ ਸ਼ਾਨਦਾਰ ਸਮਾਰੋਹ ਵਿਚ ਕੀਤਾ ਗਿਆ। ਇਸ ਮੁਬਾਰਕ ਦਿਨ ਦੀ ਚੋਣ ਜੋਤਿਸ਼ੀਆਂ ਨੇ ਕਈ ਗਿਣਤੀਆਂ ਮਿਣਤੀਆਂ ਕਰ ਕੇ ਕੀਤੀ ਸੀ ਕਿਉਂਕਿ ਇਸ ਦਿਨ ਕਈ ਸਾਲਾਂ ਬਾਅਦ ਈਦ-ਉਲ-ਫਿਤਰ ਅਤੇ ਨੌਰੋਜ਼ (ਈਰਾਨੀ ਬਸੰਤ ਦਾ ਤਿਉਹਾਰ) ਇਕੱਠੇ ਆਏ ਸਨ। ਇਸ ਸਮਾਰੋਹ ਵਿਚ ਤਖ਼ਤ ਬਣਾਉਣ ਵਾਲੇ ਉਸਤਾਦ ਕਾਰੀਗਰ ਸਈਅਦ ਗਿਲਾਨੀ ਨੂੰ ਖ਼ਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ। ਉਸ ਨੂੰ ਰੇਸ਼ਮੀ ਵਸਤਰ, ਜੜਾਊ ਤਲਵਾਰ, ਉਸ ਦੇ ਵਜ਼ਨ ਦੇ ਬਰਾਬਰ ਸੋਨਾ ਅਤੇ ਬਿਦਾਬਲ ਖ਼ਾਨ (ਜਿਸ ਦਾ ਕੋਈ ਸਾਨੀ ਨਾ ਹੋਵੇ) ਦਾ ਖਿਤਾਬ ਅਤਾ ਫਰਮਾਇਆ ਗਿਆ।
ਬਾਦਸ਼ਾਹ ਨੇ ਆਪਣੇ ਸਭ ਤੋਂ ਮਨਪਸੰਦ ਸ਼ਾਇਰ ਮੁਹੰਮਦ ਕੁਦਸੀ ਨੂੰ 20 ਲਾਈਨਾਂ ਦੀ ਇਕ ਨਜ਼ਮ ਲਿਖਣ ਦਾ ਹੁਕਮ ਦਿੱਤਾ ਜੋ ਤਖ਼ਤ ਉੱਪਰ ਪੰਨਿਆਂ ਅਤੇ ਹਰੇ ਰੋਗਨ ਨਾਲ ਉਕੇਰੀ ਗਈ। ਇਸ ਕਵਿਤਾ ਵਿਚ ਉਸ ਨੇ ਸ਼ਾਹਜਹਾਂ ਦੀ ਇਨਸਾਫ ਪਸੰਦਗੀ, ਤਖ਼ਤ-ਏ-ਤਾਊਸ ਦੀ ਖੂਬਸੂਰਤੀ ਅਤੇ ਇਸ ਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਦੀ ਕਲਾ ਦੀ ਤਾਰੀਫ਼ ਵਿਚ ਕਸੀਦੇ ਲਿਖੇ। ਸ਼ਾਹਜਹਾਂ ਤੋਂ ਬਾਅਦ ਔਰੰਗਜ਼ੇਬ ਇਸ ਤਖ਼ਤ 'ਤੇ ਬੈਠਾ। ਉਸ ਦੀ ਮੌਤ ਤੋਂ ਬਾਅਦ ਹੌਲੀ-ਹੌਲੀ ਮੁਗ਼ਲਾਂ ਦਾ ਪਤਨ ਸ਼ੁਰੂ ਹੋ ਗਿਆ। ਅਖੀਰ 13 ਫਰਵਰੀ 1739 ਈ. ਨੂੰ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਮੁਗ਼ਲ ਸਮਰਾਟ ਮੁਹੰਮਦ ਸ਼ਾਹ ਰੰਗੀਲੇ ਨੂੰ ਕਰਨਾਲ ਦੀ ਜੰਗ ਵਿਚ ਲੱਕ ਤੋੜਵੀਂ ਹਾਰ ਦੇ ਕੇ ਦਿੱਲੀ ਵਿਚ ਪ੍ਰਵੇਸ਼ ਕੀਤਾ। ਲੁੱਟ ਦੇ ਮਾਲ ਵਜੋਂ ਨਾਦਰ ਸ਼ਾਹ ਦੇ ਹੱਥ ਤਖ਼ਤ-ਏ-ਤਾਊਸ ਅਤੇ ਕੋਹਿਨੂਰ ਹੀਰੇ ਸਮੇਤ ਮੁਗ਼ਲਾਂ ਦੀਆਂ ਨੌਂ ਪੀੜ੍ਹੀਆਂ ਦਾ ਜੋੜਿਆ ਹੋਇਆ ਅਜੋਕੀ ਕੀਮਤ ਅਨੁਸਾਰ ਕਰੀਬ 125 ਅਰਬ ਰੁਪਏ ਦਾ ਖਜ਼ਾਨਾ ਲੱਗਾ। ਇਸ ਲੁੱਟ ਨੇ ਈਰਾਨ ਦੀ ਗ਼ਰੀਬੀ ਚੁੱਕ ਦਿੱਤੀ। ਉਸ ਨੂੰ ਐਨਾ ਅਮੀਰ ਕਰ ਦਿੱਤਾ ਕਿ ਨਾਦਰ ਸ਼ਾਹ ਨੇ ਪਰਜਾ ਦੇ ਹਰ ਪ੍ਰਕਾਰ ਦੇ ਟੈਕਸ ਤਿੰਨ ਸਾਲ ਲਈ ਮੁਆਫ ਕਰ ਦਿੱਤੇ। ਨਾਦਰ ਸ਼ਾਹ ਨੇ ਇਹ ਤਖ਼ਤ ਭਾਰਤ ਜਿੱਤ ਦੀ ਨਿਸ਼ਾਨੀ ਵਜੋਂ ਦਰਬਾਰ ਵਿਚ ਰੱਖ ਕੇ ਸ਼ਾਨ ਨਾਲ ਇਸ 'ਤੇ ਬੈਠਣਾ ਸ਼ੁਰੂ ਕਰ ਦਿੱਤਾ। ਪਰ ਉਸ ਨੂੰ ਇਹ ਸੁੱਖ ਜ਼ਿਆਦਾ ਦਿਨ ਨਸੀਬ ਨਾ ਹੋਇਆ। ਨਿੱਤ ਦੇ ਯੁੱਧਾਂ ਤੋਂ ਅੱਕੀ ਉਸ ਦੀ ਫ਼ੌਜ ਨੇ 19 ਜੂਨ 1747 ਈ: ਨੂੰ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸ਼ੁਰੂ ਹੋਈ ਅਫਰਾ-ਤਫਰੀ ਅਤੇ ਲੁੱਟ-ਮਾਰ ਵਿਚ ਇਹ ਤਖ਼ਤ ਵੀ ਹੋਰ ਸਾਮਾਨ ਸਮੇਤ ਗ਼ਾਇਬ ਹੋ ਗਿਆ। ਕਹਿੰਦੇ ਹਨ ਕਿ ਬਾਗ਼ੀਆਂ ਨੇ ਇਸ ਦੇ ਟੋਟੇ ਕਰ ਕੇ ਆਪਸ ਵਿਚ ਵੰਡ ਲਿਆ। ਇਸ ਦਾ ਹਿੱਸਾ ਰਹੇ ਕਈ ਹੀਰੇ ਅੱਜ ਵੀ ਮੌਜੂਦ ਹਨ ਤੇ ਸਮੇਂ-ਸਮੇਂ 'ਤੇ ਸੋਥਬੀ ਅਤੇ ਕ੍ਰਿਸਟੀ ਵਰਗੇ ਪ੍ਰਸਿੱਧ ਨਿਲਾਮ ਘਰਾਂ ਵਿਚ ਨਿਲਾਮ ਹੁੰਦੇ ਰਹਿੰਦੇ ਹਨ।
ਤਖ਼ਤ-ਏ-ਤਾਊਸ ਦੀ ਬਣਤਰ ਬਾਰੇ ਉਸ ਸਮੇਂ ਦੇ ਇਤਿਹਾਸਕਾਰਾਂ ਅਬਦੁਲ ਹਮੀਦ ਲਾਹੌਰੀ, ਇਨਾਇਤ ਖਾਨ, ਫਰਾਂਸੀਸੀ ਯਾਤਰੀਆਂ ਫਰਾਂਸਿਸ ਬਰਨੀਅਰ ਅਤੇ ਜੀਨ ਬੈਪਟਿਸਟ ਟੈਵਨੀਅਰ ਨੇ ਬਹੁਤ ਬਾਰੀਕੀ ਨਾਲ ਵਰਨਣ ਕੀਤਾ ਹੈ। ਦੋਵਾਂ ਫਰਾਂਸੀਸੀਆਂ ਨੇ ਇਹ ਤਖ਼ਤ ਆਪਣੀ ਅੱਖੀਂ ਵੇਖਿਆ ਸੀ। ਉਨ੍ਹਾਂ ਅਨੁਸਾਰ ਆਇਤਾਕਾਰ ਅਕਾਰ ਦੇ ਇਸ ਤਖ਼ਤ ਦੀ ਲੰਬਾਈ ਸਾਢੇ ਛੇ ਫੁੱਟ, ਚੌੜਾਈ ਸਾਢੇ ਚਾਰ ਫੁੱਟ ਅਤੇ ਉੱਚਾਈ 15 ਫੁੱਟ (ਛੱਤਰ ਤੱਕ) ਸੀ। ਇਸ ਦਾ ਢਾਂਚਾ ਠੋਸ ਸੋਨੇ ਦੀਆਂ ਦੋ ਫੁੱਟ ਲੰਬੀਆਂ ਛੇ ਲੱਤਾਂ 'ਤੇ ਟਿਕਿਆ ਹੋਇਆ ਸੀ। ਤਖ਼ਤ ਦੇ ਉੱਪਰ ਛਤਰ ਲਗਾਉਣ ਲਈ ਸੋਨੇ ਦੇ 12 ਸਤੰਭ ਸਨ। ਹਰੇਕ ਸਤੰਭ ਦੇ ਸਿਖਰ 'ਤੇ ਹੀਰੇ ਮੋਤੀਆਂ ਨਾਲ ਜੜੇ ਸੋਨੇ ਦੇ ਦੋ ਛੋਟੇ ਮੋਰ (ਕੁੱਲ 24) ਅਤੇ ਛਤਰ ਦੀ ਛੱਤ 'ਤੇ ਇਕ ਵੱਡਾ ਮੋਰ ਬਣਿਆ ਹੋਇਆ ਸੀ ਜਿਸ ਦੀ ਛਾਤੀ 'ਤੇ 60 ਕੈਰਟ ਦਾ ਉਹ ਹੀਰਾ ਲਟਕਦਾ ਸੀ ਜੋ ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਸਾਫਵੀ ਨੇ ਜਹਾਂਗੀਰ ਨੂੰ ਭੇਟ ਕੀਤਾ ਸੀ। ਤਖ਼ਤ ਉੱਪਰ ਪਹੁੰਚਣ ਲਈ ਸੋਨੇ ਦੀਆਂ ਚਾਰ ਪੌੜੀਆਂ ਬਣੀਆਂ ਹੋਈਆਂ ਸਨ। ਛਤਰੀ ਦੀ ਸਾਹਮਣੇ ਵਾਲੀ ਬਾਹੀ ਨਾਲ 186 ਕੈਰਟ ਦਾ ਕੋਹਿਨੂਰ ਹੀਰਾ, 95 ਕੈਰਟ ਦਾ ਅਕਬਰ ਸ਼ਾਹ ਹੀਰਾ, 88.77 ਕੈਰਟ ਦਾ ਸ਼ਾਹ ਹੀਰਾ, 83 ਕੈਰਟ ਦਾ ਜਹਾਂਗੀਰ ਹੀਰਾ ਅਤੇ 352.50 ਕੈਰਟ ਦਾ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਲਾਲ (ਰੂਬੀ-ਜੈੱਮਸਟੋਨ) ਲਟਕਾਏ ਗਏ ਸਨ ਜੋ ਇਸ ਤਖ਼ਤ 'ਤੇ ਬੈਠੇ ਹੋਏ ਬਾਦਸ਼ਾਹ ਦੀਆਂ ਅੱਖਾਂ ਨੂੰ ਸਕੂਨ ਪ੍ਰਦਾਨ ਕਰਦੇ ਸਨ। ਇਸ ਤਖ਼ਤ ਦੇ ਹਰ ਹਿੱਸੇ ਉੱਪਰ ਐਨੇ ਜ਼ਿਆਦਾ ਹੀਰੇ, ਮੋਤੀ, ਮਾਣਕ, ਪੁਖਰਾਜ, ਪੰਨੇ, ਨੀਲਮ ਅਤੇ ਲਾਲ ਆਦਿ ਜੜੇ ਗਏ ਸਨ ਕਿ ਸੋਨਾ ਕਿਤੇ ਕਿਤੇ ਹੀ ਨਜ਼ਰ ਆਉਂਦਾ ਸੀ।
ਇਹ ਤਖ਼ਤ ਭਾਰਤੀ-ਮੁਗ਼ਲ ਕੋਮਲ ਕਲਾ ਦਾ ਬਿਹਤਰੀਨ ਨਮੂਨਾ ਸੀ। ਦੀਵਾਨ-ਏ-ਖ਼ਾਸ ਵਿਚ ਇਸ ਤਖ਼ਤ ਉੱਪਰ ਬੈਠ ਕੇ ਸ਼ਾਹਜਹਾਨ ਆਪਣੇ ਖ਼ਾਸ ਸਲਾਹਕਾਰਾਂ ਨਾਲ ਹਕੂਮਤ ਸਬੰਧੀ ਗੰਭੀਰ ਮੁੱਦੇ ਵਿਚਾਰਦਾ ਸੀ। ਬਹੁਤ ਹੀ ਘੱਟ ਲੋਕਾਂ ਨੂੰ ਇਸ ਨੂੰ ਵੇਖਣ ਜਾਂ ਛੂਹਣ ਦੀ ਆਗਿਆ ਸੀ। ਇਸੇ ਕਾਰਨ ਇਸ ਦੀ ਕੋਈ ਵੀ ਅੱਖੀਂ ਵੇਖੀ ਭਰੋਸੇਯੋਗ ਪੇਂਟਿੰਗ ਆਦਿ ਬਣੀ ਹੋਈ ਨਹੀਂ ਮਿਲਦੀ। ਇਸ ਦੀਆਂ ਜੋ ਵੀ ਤਸਵੀਰਾਂ ਮਿਲਦੀਆਂ ਹਨ, ਉਹ ਸਾਰੀਆਂ ਕਾਲਪਨਿਕ ਹਨ ਅਤੇ ਅੰਦਾਜ਼ੇ ਨਾਲ ਬਣਾਈਆਂ ਗਈਆਂ ਹਨ। ਸ਼ਾਹਜਹਾਂ ਨੂੰ ਇਸ 'ਤੇ 23 ਸਾਲ ਤੱਕ ਬੈਠਣਾ ਨਸੀਬ ਹੋਇਆ। 31 ਜੁਲਾਈ, 1658 ਈ: ਨੂੰ ਔਰੰਗਜ਼ੇਬ ਉਸ ਨੂੰ ਤਖ਼ਤ ਤੋਂ ਉਤਾਰ ਕੇ ਖੁਦ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਜਿਸ ਸੰਗਮਰਮਰ ਦੇ ਚਬੂਤਰੇ 'ਤੇ ਇਹ ਟਿਕਾਇਆ ਗਿਆ ਸੀ, ਉਹ ਅੱਜ ਵੀ ਲਾਲ ਕਿਲ੍ਹਾ ਦਿੱਲੀ ਦੇ ਦੀਵਾਨ-ਏ-ਖ਼ਾਸ ਵਿਚ ਮੌਜੂਦ ਹੈ। ਮਗਰਲੇ ਮੁਗ਼ਲ ਬਾਦਸ਼ਾਹਾਂ ਨੇ ਇਕ ਨਕਲੀ ਤਖ਼ਤ-ਏ-ਤਾਊਸ ਤਿਆਰ ਕਰਵਾਇਆ ਸੀ ਜੋ 1857 ਦੀ ਕ੍ਰਾਂਤੀ ਤੱਕ ਦੀਵਾਨ-ਏ-ਖ਼ਾਸ ਦੀ ਸ਼ੋਭਾ ਬਣਿਆ ਰਿਹਾ। ਪਰ ਜੇਤੂ ਬ੍ਰਿਟਿਸ਼ ਫ਼ੌਜ ਵਲੋਂ ਕੀਤੀ ਗਈ ਲੁੱਟ-ਖਸੁੱਟ ਵਿਚ ਉਹ ਵੀ ਗ਼ਾਇਬ ਹੋ ਗਿਆ।

-ਪੰਡੋਰੀ ਸਿੱਧਵਾਂ। ਮੋਬਾਈਲ : 98151-24449.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-135

ਯਥਾਰਥਵਾਦੀ ਸਿਨੇਮਾ ਦਾ ਪੈਰੋਕਾਰ ਬਿਮਲ ਰਾਏ

(ਲੜੀ ਜੋੜਨ ਲਈ ਪਿਛਲੇ ਐਤਵਾਰ ਦੇ ਅੰਕ ਦੇਖੋ)
ਇੰਜ ਲਗਦਾ ਹੈ ਕਿ ਬਿਮਲ ਰਾਏ ਸਾਹਿਤ ਅਤੇ ਸਿਨੇਮਾ ਨੂੰ ਵੀ ਜੋੜਨਾ ਚਾਹੁੰਦਾ ਸੀ। ਇਸ ਲਈ ਉਸ ਨੇ ਸ਼ਰਤ ਚੰਦਰ ਨੂੰ ਖਾਸ ਤੌਰ 'ਤੇ ਪਹਿਲ ਦਿੱਤੀ। ਸਿਰਫ਼ 'ਦੇਵਦਾਸ' ਹੀ ਨਹੀਂ ਬਲਕਿ 'ਪ੍ਰਣੀਤਾ' ਅਤੇ 'ਬਿਰਾਜ ਬਹੂ' ਵਰਗਿਆਂ ਨਾਵਲਾਂ 'ਤੇ ਸਫ਼ਲ ਫ਼ਿਲਮਾਂ ਬਣਾ ਕੇ ਬਿਮਲ ਰਾਏ ਨੇ ਸਿੱਧ ਕੀਤਾ ਕਿ ਜੇਕਰ ਨਿਰਦੇਸ਼ਕ 'ਚ ਪ੍ਰਤਿਭਾ ਹੈ ਤਾਂ ਉਹ ਗਤੀਹੀਣ ਸ਼ਬਦਾਂ ਜਾਂ ਪੁਸਤਕਾਂ ਨੂੰ ਵੀ ਗਤੀ ਜਾਂ ਜੀਵਨ ਪ੍ਰਦਾਨ ਕਰ ਸਕਦਾ ਹੈ।
ਇਸ ਦ੍ਰਿਸ਼ਟੀਕੋਣ ਤੋਂ 'ਕਾਬੁਲੀਵਾਲਾ' ਵੀ ਉਸ ਦੀ ਯਾਦਗਾਰੀ ਫ਼ਿਲਮ ਹੈ। ਭਾਵੇਂ ਇਸ ਨੂੰ ਹੇਮੰਤ ਗੁਪਤਾ ਨੇ ਨਿਰਦੇਸ਼ਤ ਕੀਤਾ ਸੀ, ਪਰ ਬਿਮਲ ਰਾਏ ਦਾ ਇਸ ਫ਼ਿਲਮ 'ਤੇ ਇਕ ਅਮਿਟ ਪ੍ਰਭਾਵ ਸੀ। ਟੈਗੋਰ ਦੀ ਕਹਾਣੀ 'ਤੇ ਆਧਾਰਿਤ ਇਸ ਫ਼ਿਲਮ 'ਚ ਇਹ ਦੱਸਿਆ ਗਿਆ ਸੀ ਕਿ ਇਕ ਬਾਪ ਦਾ ਦਿਲ ਸਦਾ ਹੀ ਆਪਣੀ ਔਲਾਦ ਲਈ ਧੜਕਦਾ ਹੈ। ਬਲਰਾਜ ਸਾਹਨੀ ਨੇ ਇਸ ਦੀ ਪ੍ਰਮੁੱਖ ਭੂਮਿਕਾ 'ਚ ਕਮਾਲ ਦੀ ਸੰਵਦੇਨਸ਼ੀਲਤਾ ਦਿਖਾਈ ਸੀ।
ਪਰ ਇਹ ਮਹਾਨ ਨਿਰਮਾਤਾ-ਨਿਰਦੇਸ਼ਕ ਨੂੰ ਸਿਰਫ਼ ਪ੍ਰਚਾਰਕ ਕਹਿਣਾ ਜਾਂ ਸਮਾਜ ਸੁਧਾਰਕ ਕਹਿਣਾ ਵੀ ਤਾਂ ਗ਼ਲਤ ਹੀ ਹੈ। ਲੋੜ ਪੈਣ 'ਤੇ ਮਨੋਰੰਜਨ ਲਈ ਵੀ ਉਸਨੇ 'ਯਹੂਦੀ' ਅਤੇ 'ਪ੍ਰੇਮ ਪੱਤਰ' ਵਰਗੀਆਂ ਫ਼ਿਲਮਾਂ ਬਣਾਈਆਂ ਸਨ। ਇਹ ਸਾਫ਼ ਅਤੇ ਸਵਸਥ ਮਨੋਰੰਜਨ ਪ੍ਰਦਾਨ ਕਰਨ ਵਾਲੀਆਂ ਫ਼ਿਲਮਾਂ ਸਨ।
ਪਰ ਵਧੀਆ ਮਨੋਰੰਜਕ ਫ਼ਿਲਮਾਂ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ? ਇਸ ਦੀ ਮਿਸਾਲ ਉਸ ਨੇ 'ਮਧੂਮਤੀ' ਦੇ ਰਾਹੀਂ ਦਿੱਤੀ ਸੀ। ਬਿਮਲ ਰਾਏ ਦੀ ਬੇਟੀ ਰਿੰਕੀ ਭੱਟਾਚਾਰੀਆ ਨੇ 'ਬਿਮਲ ਰਾਏਜ਼ ਮਧੂਮਤੀ' (2ਜਠ਼; ਞਰਖ਼ਤ $਼ਦੀਚਠ਼ਵਜ) ਨਾਂਅ ਦੀ ਇਕ ਪੁਸਤਕ ਲਿਖੀ ਹੈ ਜਿਸ 'ਚ ਉਸ ਨੇ ਇਸ ਸਫ਼ਲ ਫ਼ਿਲਮ ਦੇ ਨਿਰਮਾਣ ਦੀ ਕਹਾਣੀ ਉਲੀਕੀ ਹੈ। ਰਿੰਕੀ ਅਨੁਸਾਰ 'ਮਧੂਮਤੀ' ਦੀ ਕਹਾਣੀ ਜਦੋਂ ਲੇਖਕ ਰਿਤਵਿਕ ਘਟਿਕ ਨੇ ਬਿਮਲ ਰਾਏ ਨੂੰ ਸੁਣਾਈ ਤਾਂ ਨੇਬੰਦ ਘੋਸ਼ ਵਰਗਾ ਕਾਮਯਾਬ ਪਟਕਥਾ ਲੇਖਕ ਵੀ ਇਸ ਕਹਾਣੀ ਨੂੰ ਸਮਝ ਨਹੀਂ ਸਕਿਆ ਸੀ। ਇਹ ਕਹਾਣੀ ਚਾਰ ਜਨਮਾਂ ਨਾਲ ਸਬੰਧਤ ਸੀ। ਪਰ ਜਦੋਂ ਬਿਮਲ ਰਾਏ ਨੇ ਚਾਰ ਦੀ ਥਾਂ ਤਿੰਨ ਜਨਮ ਤੱਕ ਸੀਮਤ ਰੱਖਣ ਦਾ ਫ਼ੈਸਲਾ ਕੀਤਾ ਤਾਂ ਸਾਰੇ ਰਜ਼ਾਮੰਦ ਹੋ ਗਏ ਸਨ। ਇਸ ਫ਼ਿਲਮ 'ਚ ਦਲੀਪ ਕੁਮਾਰ, ਵਿਜੈਂਤੀਮਾਲਾ ਅਤੇ ਪ੍ਰਾਣ ਦੀਆਂ ਯਾਦਗਾਰੀ ਭੂਮਿਕਾਵਾਂ ਸਨ। 'ਮਧੂਮਤੀ' ਦਾ ਸੰਗੀਤ ਸਲਿਲ ਚੌਧਰੀ ਨੇ ਤਿਆਰ ਕੀਤਾ ਸੀ। ਇਸ ਦੇ ਲਗਪਗ ਸਾਰੇ ਹੀ ਗੀਤ 'ਦਿਲ ਤੜਪ ਤੜਪ ਕੇ', 'ਟੂਟੇ ਹੂਏ ਖ਼ਾਬੋ ਨੇ', 'ਆ ਜਾ ਰੇ ਪ੍ਰਦੇਸੀ', 'ਸੁਹਾਨਾ ਸਫ਼ਰ ਔਰ ਮੌਸਮ ਹਸੀਂ' ਬੜੇ ਹੀ ਲੋਕਪ੍ਰਿਆ ਹੋਏ ਸਨ। ਇਹ ਗੀਤ ਅੱਜ ਵੀ ਸੁਰੀਲੇ ਸੰਗੀਤ ਦੀ ਮਿਸਾਲ ਬਣੇ ਹੋਏ ਹਨ। 'ਮਧੂਮਤੀ' ਇਕ ਬਹੁਤ ਹੀ ਕਾਮਯਾਬ ਫ਼ਿਲਮ ਸਿੱਧ ਹੋਈ ਸੀ। ਇਸ ਨੇ 9 ਫ਼ਿਲਮ ਫੇਅਰ ਐਵਾਰਡ ਵੀ ਜਿੱਤੇ ਸਨ ਜੋ ਕਿ ਉਸ ਸਮੇਂ ਇਕ ਰਿਕਾਰਡ ਸੀ।
ਭਾਵੇਂ ਬਿਮਲ ਰਾਏ ਨੇ ਆਪਣੀ ਕਲਾ ਰਾਹੀਂ ਇਹ ਸਿੱਧ ਕਰ ਦਿੱਤਾ ਸੀ ਕਿ ਸ਼ੁੱਧ ਮਨੋਰੰਜਨ ਵੀ ਭਾਰਤੀ ਸੱਭਿਆਚਾਰਕ ਕੀਮਤਾਂ ਦੇ ਨਾਲ ਜੋੜਿਆ ਜਾ ਸਕਦਾ ਹੈ ਪਰ ਫਿਰ ਵੀ ਉਸ ਦਾ ਵਧੇਰੇ ਧਿਆਨ ਸਮਾਜਿਕ ਮਸਲਿਆਂ ਨਾਲ ਹੀ ਜੁੜਿਆ ਰਿਹਾ ਸੀ। ਇਸ ਦ੍ਰਿਸ਼ਟੀਕੋਣ ਤੋਂ ਉਸ ਨੇ 'ਸੁਜਾਤਾ', 'ਪਰਖ' ਅਤੇ 'ਬੰਦਨੀ' ਵਰਗੀਆਂ ਗੰਭੀਰ ਚਿੰਤਨ ਕਰਨ ਵਾਲੀਆਂ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ।
ਸਿਰਫ਼ ਫ਼ਿਲਮ ਨਿਰਮਾਣ ਹੀ ਨਹੀਂ ਬਲਕਿ ਹਿੰਦੀ ਸਿਨੇਮਾ ਲਈ ਬਿਮਲ ਰਾਏ ਨੇ ਧਰਮਿੰਦਰ ਵਰਗੇ ਸਟਾਰ ਨੂੰ 'ਬੰਦਨੀ' ਰਾਹੀਂ ਸਹੀ ਪਰਿਪੇਖ 'ਚ ਦਰਸ਼ਕਾਂ ਸਾਹਮਣੇ ਲਿਆਂਦਾ ਅਤੇ ਰਿਸ਼ੀਕੇਸ਼ ਮੁਖਰਜੀ ਅਤੇ ਗੁਲਜ਼ਾਰ ਵਰਗੀਆਂ ਪ੍ਰਤਿਭਾਵਾਂ ਨੂੰ ਆਪਣੇ ਅਧੀਨ ਪ੍ਰਫੁਲਤ ਹੋਣ ਦਾ ਅਵਸਰ ਦਿੱਤਾ।
ਲਿਹਾਜ਼ਾ, ਇਸ ਮਹਾਨ ਯੋਗਦਾਨ ਦੇ ਆਧਾਰ 'ਤੇ ਹੀ ਬਿਮਲ ਰਾਏ ਨੂੰ 11 ਫ਼ਿਲਮ ਫੇਅਰ ਐਵਾਰਡ ਅਤੇ 2 ਵਾਰ ਨੈਸ਼ਨਲ ਐਵਾਰਡ ਮਿਲੇ ਸਨ। ਕਾਨਜ਼ ਫ਼ਿਲਮ ਉਤਸਵ 'ਚ ਉਸ ਨੂੰ ਜਿਊਰੀ ਦਾ ਮੈਂਬਰ ਵੀ ਬਣਾਇਆ ਗਿਆ ਸੀ।
ਕਹਿੰਦੇ ਹਨ, ਰੱਬ ਜਿਨ੍ਹਾਂ ਨੂੰ ਪਿਆਰ ਕਰਦਾ ਹੈ, ਉਨ੍ਹਾਂ ਨੂੰ ਛੇਤੀ ਹੀ ਕੋਲ ਬੁਲਾ ਲੈਂਦਾ ਹੈ। ਬਿਮਲ ਰਾਏ ਵੀ ਕੈਂਸਰ ਨਾਲ ਸੰਘਰਸ਼ ਕਰਦਾ ਹੋਇਆ 8 ਜਨਵਰੀ, 1965 ਵਿਚ 55 ਸਾਲ ਦੀ ਉਮਰ 'ਚ ਸੰਸਾਰ 'ਚੋਂ ਵਿਦਾ ਹੋ ਗਿਆ। ਅੱਜ ਉਸ ਦੇ ਸਟੂਡੀਓ ਦੀ ਹਾਲਤ ਉਸ ਅਵਸਥਾ ਤੋਂ ਵੀ ਬਦਤਰ ਹੈ, ਜਿਸ ਨੂੰ ਧਰਮਿੰਦਰ ਨੇ 'ਗੁੱਡੀ' ਵਿਚ ਬਿਆਨਿਆ ਸੀ। ਅੱਜ ਉਥੇ ਬਿਲਡਰਜ਼ ਦਾ ਝੰਡਾ ਲਹਿਰਾ ਰਿਹਾ ਹੈ। ਹਾਂ, ਜਦੋਂ ਕੋਈ ਬਿਮਲ ਰਾਏ ਦਾ ਪ੍ਰਸੰਸਕ ਉਥੋਂ ਲੰਘਦਾ ਹੈ ਤਾਂ ਇਕ ਹੂਕ ਜਿਹੀ ਉਸ ਦੇ ਅੰਦਰੋਂ ਜ਼ਰੂਰ ਨਿਕਲਦੀ ਹੈ:
ਓ ਜਾਨੇ ਵਾਲੇ, ਹੋ ਸਕੇ ਤੋ ਲੌਟ ਕੇ ਆਨਾ
(ਬੰਦਨੀ)
ਸਹਿਯੋਗ

The Art & Science of Cinema : Huda Anwar
Bimal Roy : Rinki Roy Bhattacharya
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਤਰੀਕ ਤੇ ਸਾਲ ਯਾਦ ਨਹੀਂ ਪਰ ਪੰਜਾਬੀ ਕਾਨਫ਼ਰੰਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੋਈ ਸੀ। ਇਸ ਕਾਨਫਰੰਸ ਵਿਚ ਪੰਜਾਬ ਦੇ ਸਾਹਿਤਕਾਰਾਂ ਤੋਂ ਬਿਨਾਂ ਦਿੱਲੀ, ਮੁੰਬਈ ਦੇ ਸਾਹਿਤਕਾਰ ਵੀ ਆਏ ਸਨ। ਕਹਾਣੀਕਾਰ ਮੋਹਨ ਭੰਡਾਰੀ, ਸ਼ਿਵ ਕੁਮਾਰ ਬਟਾਲਵੀ ਦਾ ਯਾਰ ਸੀ। ਭੰਡਾਰੀ ਜੀ ਬੋਲੇ 'ਬਾਜਵਾ, ਕਦੀ ਮਾੜਿਆਂ ਦੀ ਵੀ ਤਸਵੀਰ ਖਿੱਚ ਦਿਆ ਕਰ, ਹਮੇਸ਼ਾ ਡਾਕਟਰਾਂ ਤੇ ਪ੍ਰੋਫੈਸਰਾਂ ਦੀਆਂ ਹੀ ਫੋਟੋ ਖਿੱਚੀ ਜਾਂਦਾ ਏਂ। ਅਸੀਂ ਵੀ ਤੈਨੂੰ ਦੋ ਘੁੱਟ ਪਿਲਾ ਦਿਆਂਗੇ।' ਕੋਲ ਹੀ ਬਲਦੇਵ ਸਿੰਘ ਸੜਕਨਾਮਾ ਤੇ ਸੁਖਜੀਤ ਨਾਮਧਾਰੀ ਖੜ੍ਹੇ ਸਨ। ਉਹ ਆਖਣ ਲੱਗੇ, 'ਵੇਖਦੇ ਹਾਂ ਭੰਡਾਰੀ, ਕੀ ਬਾਜਵਾ ਤੇਰੇ ਆਖੇ ਲੱਗ ਜਾਂਦਾ ਹੈ, ਕਿਉਂਕਿ ਬਾਜਵਾ ਫੋਟੋ ਖਿੱਚਣ ਦੇ ਮਾਮਲੇ ਵਿਚ ਆਪਣੀ ਮਰਜ਼ੀ ਦਾ ਮਾਲਕ ਏ।' ਮੈਂ ਆਖਿਆ, 'ਮਾਲਕ ਤਾਂ ਮੈਂ ਕਿਸੇ ਦਾ ਵੀ ਨਹੀਂ। ਤੁਹਾਡੇ 'ਤੇ ਤਰਸ ਆ ਗਿਆ ਏ। ਸਾਰੇ ਇਕੱਠੇ ਹੋ ਜਾਵੋ, ਤੁਹਾਡੀ ਤਸਵੀਰ ਖਿੱਚ ਦਿੰਦਾ ਹਾਂ, ਤੁਸੀਂ ਵੀ ਯਾਦ ਕਰੋਗੇ ਬਾਜਵੇ ਨੂੰ।' ਸਾਰੇ ਇਕ ਲਾਈਨ ਵਿਚ ਖੜ੍ਹੇ ਹੋ ਗਏ ਤੇ ਤਸਵੀਰ ਖਿੱਚ ਦਿੱਤੀ ਗਈ। ਸਭ ਨੇ ਆਖਿਆ, 'ਸਾਡੀ ਤਸਵੀਰ ਹੁਣ ਭੇਜ ਵੀ ਦੇਵੀਂ।' ਅੱਗੋਂ ਮੈਂ ਆਖਿਆ, 'ਤਸਵੀਰ ਅਖ਼ਬਾਰ ਵਿਚ ਛਪੀ ਵੇਖ ਲੈਣਾ, ਤੁਸਾਂ ਕਿਹੜੇ ਮੈਨੂੰ ਪੈਸੇ ਦਿੱਤੇ ਹਨ, ਜਿਹੜਾ ਮੈਂ ਤੁਹਾਨੂੰ ਤਸਵੀਰਾਂ ਭੇਜਾਂ।'

ਆਓ! ਪਾਣੀ ਤੋਂ ਕੁਝ ਸਿੱਖੀਏ

ਪਾਣੀ ਦਾ ਸੁਭਾਅ ਹੈ ਹੇਠਾਂ ਵੱਲ ਜਾਣਾ। ਇਸ ਨੂੰ ਉੱਪਰ ਲਿਜਾਣ ਲਈ ਮੋਟਰ ਆਦਿ ਦੀ ਜ਼ਰੂਰਤ ਪੈਂਦੀ ਹੈ। ਇਸ ਪ੍ਰਕਾਰ ਸਾਡੇ ਮਨ ਦੀ ਪ੍ਰਵਿਤੀ ਵੀ ਹੇਠਾਂ ਵੱਲ ਜਾਣ ਦੀ ਹੈ। ਜੇਕਰ ਤੁਸੀਂ ਇਕੱਲੇ ਬੈਠੇ ਹੋ ਤਾਂ ਤੁਹਾਡੇ ਮਨ ਅੰਦਰ ਸ਼ਾਇਦ ਹੀ ਕੁਝ ਚੰਗਾ ਕੰਮ ਕਰਨ ਦਾ ਖਿਆਲ ਆਵੇ। ਜ਼ਿਆਦਾਤਰ ਸਾਡੇ ਮਨ ਵਿਚ ਬੁਰੇ ਖਿਆਲ ਹੀ ਆਉਣਗੇ, ਜਿਸ ਨਾਲ ਸਮੇਂ ਦਾ ਹੀ ਦੁਰਉਪਯੋਗ ਹੋਵੇਗਾ । ਜੇਕਰ ਤੁਹਾਡੇ ਮਨ ਨੂੰ ਚੰਗੇ ਪਾਸੇ ਵੱਲ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਮਿਹਨਤ ਕਰਨੀ ਪਵੇਗੀ।
ਪਾਣੀ ਆਪਣਾ ਰਸਤਾ ਖੁਦ ਬਣਾਉਂਦਾ ਹੈ। ਜੇਕਰ ਤੁਸੀਂ ਪਾਣੀ ਨੂੰ ਰੋੜ੍ਹ ਦਿਓ ਤਾਂ ਜਿਧਰ ਇਸ ਨੂੰ ਰਸਤਾ ਦਿਖੇ ਆਪਣੇ-ਆਪ ਹੀ ਵਗ ਤੁਰਦਾ ਹੈ। ਸਾਨੂੰ ਵੀ ਪਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਅਸੀਂ ਵੀ ਜੀਵਨ ਵਿਚ ਆਪਣਾ ਰਸਤਾ ਖ਼ੁਦ ਤੈਅ ਕਰੀਏ ਅਤੇ ਦੂਜਿਆਂ ਦੇ ਮੁਥਾਜ ਨਾ ਰਹੀਏ ।
ਨਦੀ ਦਾ ਪਾਣੀ ਦੋ ਕਿਨਾਰਿਆਂ ਦੀ ਮਰਿਯਾਦਾ ਵਿਚ ਰਹਿ ਕੇ ਚਲਦਾ ਹੈ ਅਤੇ ਮੰਜ਼ਿਲ ਨੂੰ ਪ੍ਰਾਪਤ ਕਰ ਜਾਂਦਾ ਹੈ। ਪਰ ਜੇਕਰ ਉਹੀ ਪਾਣੀ ਕਿਨਾਰਿਆਂ ਨੂੰ ਤੋੜਦਾ ਹੈ ਤਾਂ ਨੁਕਸਾਨਦੇਹ ਸਾਬਿਤ ਹੁੰਦਾ ਹੈ। ਜੇਕਰ ਜ਼ਿੰਦਗੀ ਨੂੰ ਵੀ ਮਿਹਨਤ ਅਤੇ ਅਨੁਸ਼ਾਸ਼ਨ ਰੂਪੀ ਦੋ ਕਿਨਾਰਿਆਂ ਵਿਚ ਚਲਾਇਆ ਜਾਵੇ ਤਾਂ ਸਫਲਤਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਮਿਹਨਤ ਅਤੇ ਅਨੁਸ਼ਾਸ਼ਨ ਤੋਂ ਬਿਨਾਂ ਜੀਵਨ ਦੁਖਾਂ ਦਾ ਘਰ ਬਣ ਜਾਂਦਾ ਹੈ ।
ਪਾਣੀ ਦੀ ਤਾਸੀਰ ਹੈ ਕਿ ਇਸ ਵਿਚ ਜਿਸ ਤਰ੍ਹਾਂ ਦਾ ਰੰਗ ਪਾਇਆ ਜਾਵੇ ਉਸੇ ਤਰ੍ਹਾਂ ਦਾ ਦਿਖਾਈ ਦੇਣ ਲਗਦਾ ਹੈ। ਇਹੀ ਲੱਛਣ ਮਨੁੱਖ ਦਾ ਹੈ। ਇਨਸਾਨ ਵੀ ਜਿਸ ਤਰ੍ਹਾਂ ਦੀ ਸੰਗਤ ਕਰਦਾ ਹੈ, ਉਸ ਤਰ੍ਹਾਂ ਦੇ ਉਸ ਵਿਚ ਗੁਣ ਆ ਜਾਂਦੇ ਹਨ।
ਵਗਦਾ ਪਾਣੀ ਜੇਕਰ ਖੜ੍ਹ ਜਾਵੇ ਤਾਂ ਉਸ ਵਿਚ ਮੱਖੀ, ਮੱਛਰ ਆਦਿ ਪੈਦਾ ਹੋ ਜਾਂਦੇ ਹਨ। ਇਸ ਤਰ੍ਹਾਂ ਚੰਗਾ ਭਲਾ ਇਨਸਾਨ ਵੀ ਜੇਕਰ ਆਪਣੇ ਕਾਰ ਵਿਹਾਰ ਛੱਡ ਕੇ ਵਿਹਲਾ ਰਹਿਣ ਦੀ ਆਦਤ ਪਾ ਲਵੇ ਤਾਂ ਉਹ ਵੀ ਆਲਸ, ਅਨੁਸ਼ਾਸ਼ਨਹੀਨਤਾ, ਮਾਨਸਿਕ ਅਤੇ ਸਰੀਰਕ ਰੋਗਾਂ ਦਾ ਸ਼ਕਾਰ ਹੋ ਜਾਂਦਾ ਹੈ। ਇਸ ਤਰ੍ਹਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿਚ ਕੰਮ ਕਰਨ ਦੀ ਭਾਵਨਾ ਨੂੰ ਬਰਕਰਾਰ ਰੱਖੀਏ ।
ਪਾਣੀ ਦੇ ਅੱਗੇ ਕਿੰਨਾ ਵੀ ਤੰਗ ਰਸਤਾ ਕਿਉਂ ਨਾ ਹੋਵੇ ਉਸ ਨੂੰ ਪਾਰ ਕਰ ਹੀ ਜਾਂਦਾ ਹੈ । ਸਾਨੂੰ ਵੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਪਾਣੀ ਦਾ ਸੁਭਾਅ ਹੈ ਸ਼ੀਤਲਤਾ ਪ੍ਰਦਾਨ ਕਰਨਾ। ਪਾਣੀ ਕਈ ਰਾਹਗੀਰਾਂ ਦੀ ਪਿਆਸ ਬੁਝਾਉਂਦਾ ਹੈ। ਇਥੋਂ ਤੱਕ ਕਿ ਕਈ ਵਾਰੀ ਮੁਰਦੇ ਵਿਚ ਵੀ ਸਾਹ ਪਾਉਣ ਦੀ ਹੈਸੀਅਤ ਰੱਖਦਾ ਹੈ। ਸਾਡੇ ਵਿਚਾਰਾਂ ਵਿਚ ਐਨੀ ਸਮਰੱਥਾ ਹੋਣੀ ਚਾਹੀਦੀ ਹੈ ਜਿਸ ਨਾਲ ਆਪਸੀ ਪ੍ਰੇਮ ਪਿਆਰ ਵਿਚ ਵਾਧਾ ਹੋਵੇ।

-ਮੋਬਾਈਲ : 96466-19350, 70876-68423.
ranjitmoga03@gmail.com

ਖ਼ੁਸ਼ੀ ਦਾ ਸਰੋਤ

ਆਦਿ ਯੁੱਗ ਤੋਂ ਮਨੁੱਖ ਖ਼ੁਸ਼ੀ ਤੇ ਸ਼ਾਂਤੀ ਦੀ ਤਲਾਸ਼ ਵਿਚ ਹੈ। ਪ੍ਰੰਤੂ ਕਿਸੇ ਵਿਰਲੇ ਨੂੰ ਨਸੀਬ ਹੁੰਦੀ ਹੈ, ਦਿਲ ਦੀ ਖ਼ੁਸ਼ੀ। ਕਿਸੇ ਨੂੰ ਗਿਆਨ ਦੀ ਤਲਾਸ਼ ਹੈ ਤੇ ਕਿਸੇ ਨੂੰ ਦੌਲਤ ਦੀ, ਕਿਸੇ ਨੂੰ ਸ਼ੋਹਰਤ ਦੀ ਤਲਾਸ਼ ਹੈ ਤੇ ਕਿਸੇ ਨੂੰ ਰੁਤਬੇ ਦੀ। ਇਨ੍ਹਾਂ ਪ੍ਰਾਪਤੀਆਂ ਵਿਚੋਂ ਮਨੁੱਖ ਖੁਸ਼ੀ ਲੱਭਦਾ ਹੈ ਪ੍ਰੰਤੂ ਇਸ ਚੂਹਾ ਦੌੜ ਨਾਲ ਖੁਸ਼ੀ ਦੀ ਥਾਂ ਉਸ ਦੇ ਪੱਲੇ ਅਸ਼ਾਂਤੀ, ਬੇਚੈਨੀ, ਨਿਰਾਸ਼ਤਾ ਤੇ ਉਦਾਸੀ ਹੀ ਪੈਂਦੀ ਹੈ। ਕੁਝ ਵਿਅਕਤੀ ਖ਼ੁਸ਼ੀ ਨੂੰ ਪੈਸੇ ਨਾਲ ਜੋੜ ਦਿੰਦੇ ਹਨ ਕਿ ਜਦੋਂ ਇਕ ਲੱਖ ਰੁਪਿਆ ਇਕੱਠਾ ਹੋ ਗਿਆ ਉਦੋਂ ਖੁਸ਼ ਹੋਣਗੇ। ਮਤਲਬ ਇਹ ਕਿ ਉਨ੍ਹਾਂ ਆਪਣੀ ਖ਼ੁਸ਼ੀ ਸੀਮਾਬੱਧ ਕਰ ਦਿੱਤੀ, ਪੋਸਟਪੋਨ ਕਰ ਦਿੱਤੀ। ਦੂਜੀ ਗੱਲ ਵਿਚਾਰਯੋਗ ਹੈ ਕਿ ਲੱਖ ਜਾਂ ਲੱਖਾਂ ਵਾਲੇ ਕਿਹੜੇ ਖੁਸ਼ ਤੇ ਖੁਸ਼ਹਾਲ ਨੇ। ਖੁਸ਼ ਤਾਂ ਹਰ ਹਾਲ ਤੇ ਹਰ ਸਮੇਂ ਹੋਣਾ ਹੈ। ਇਸ ਨੂੰ ਹਰਗਿਜ਼ ਟਾਲਣਾ ਨਹੀਂ, ਸੱਦਾ ਦਿੰਦੇ ਰਹਿਣਾ ਹੈ। ਦੌਲਤ ਤਾਂ ਲੂਣ ਦੇ ਪਾਣੀ ਵਾਂਗ ਹੈ। ਜਿਉਂ-ਜਿਉਂ ਪੀਂਦੇ ਜਾਵਾਂਗੇ, ਤਿਉਂ-ਤਿਉਂ ਪਿਆਸ ਵਧਦੀ ਜਾਵੇਗੀ। ਪਦਾਰਥਵਾਦ ਅਤੇ ਅਗਿਆਨਤਾ ਦੇ ਆਲਮ 'ਚ ਭਟਕਣ ਵਾਲੇ ਅਸਲੀ ਆਨੰਦ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਦੂਜੇ ਬੰਨ੍ਹੇ, ਕਿਸ ਨੂੰ ਕਿਸ ਕੰਮ 'ਚੋਂ ਖੁਸ਼ੀ ਪ੍ਰਾਪਤੀ ਹੁੰਦੀ ਹੈ, ਖੁਸ਼ੀ ਦੇ ਪੈਮਾਨੇ ਤੇ ਦ੍ਰਿਸ਼ਟੀਕੋਣ ਵੀ ਵੱਖੋ-ਵੱਖਰੇ ਹਨ, ਜਿਸ ਕੰਮ ਵਿਚ ਇਕ ਨੂੰ ਖੁਸ਼ੀ ਮਿਲਦੀ ਹੈ, ਦੂਜੇ ਨੂੰ ਗਮੀ ਦਾ ਅਹਿਸਾਸ ਹੁੰਦਾ ਹੈ। ਇਕ ਦਾ ਭੋਜਨ ਦੂਜੇ ਲਈ ਜ਼ਹਿਰ ਸਾਬਤ ਹੋ ਸਕਦੈ। ਮੁੱਦੇ ਦੀ ਗੱਲ ਤਾਂ ਇਹ ਹੈ ਕਿ ਖੁਸ਼ੀ ਦੀ ਪ੍ਰਾਪਤੀ ਖਾਤਰ ਕਿਹੜਾ ਢੰਗ ਤਰੀਕਾ ਅਪਣਾਇਆ ਜਾਵੇ? ਇਸ ਦਾ ਸਰੋਤ ਕੀ ਹੈ? ਜਵਾਬ ਬੜਾ ਸਰਲ ਤੇ ਸਪੱਸ਼ਟ ਹੈ। ਇਹ ਬਾਜ਼ਾਰ ਵਿਚ ਵਿਕਦੀ ਨਹੀਂ, ਪੈਸੇ ਨਾਲ ਖਰੀਦ ਨਹੀਂ ਹੁੰਦੀ। ਜੰਗਲ ਬੇਲਿਆਂ ਤੇ ਪਰਬਤਾਂ ਦੀਆਂ ਕੰਦਰਾਂ ਵਿਚ ਜਾ ਕੇ ਨਹੀਂ ਮਿਲਦੀ। ਇਹ ਤਾਂ ਅੰਦਰ ਦਾ ਮਾਮਲਾ ਹੈ, ਅੰਦਰ ਦੀ ਯਾਤਰਾ ਹੈ। ਇਹ ਕੁਦਰਤ ਦਾ ਅਟੱਲ ਨਿਯਮ ਹੈ ਕਿ ਜੋ ਕੁਝ ਦੇਵਾਂਗੇ, ਉਹੋ ਕੁਝ ਪ੍ਰਾਪਤ ਕਰਾਂਗੇ। ਇਹ ਤਾਂ ਆਦਾਨ-ਪ੍ਰਦਾਨ ਹੈ। ਸੋ, ਖੁਸ਼ੀ ਜਿੰਨੀ ਵੰਡਾਂਗੇ, ਓਨੀ ਮੁੜ ਵੰਡਣ ਵਾਲੇ ਕੋਲ ਪਰਤੇਗੀ। 'ਗ਼ਰੀਬੋ ਕੀ ਸੁਨੋ, ਵੋਹ ਤੁਮਹਾਰੀ ਸੁਨੇਗਾ...' ਸੌ ਫ਼ੀਸਦੀ ਸਹੀ ਹੈ। ਗੁਰੂ ਨਾਨਕ ਦੇਵ ਜੀ, ਗੌਤਮ ਬੁੱਧ ਤੇ ਸੁਕਰਾਤ ਵਰਗੀਆਂ ਰੂਹਾਨੀ ਰੂਹਾਂ ਨੇ ਸੱਚ ਦੀ ਤਲਾਸ਼ ਕੀਤੀ ਅਤੇ ਮਾਨਸਿਕ ਪ੍ਰਸੰਨਤਾ ਦੀ ਪ੍ਰਾਪਤੀ ਦੇ ਮੰਤਰ ਦੱਸੇ। ਦਰਅਸਲ, ਖ਼ੁਸ਼ੀ, ਸ਼ਾਂਤੀ, ਸਮਾਂ, ਸਿਹਤ ਵਰਗੀਆਂ ਦਾਤਾਂ ਬੇਸ਼ਕੀਮਤੀ ਹਨ। ਜਿੰਨੀ ਦੇਰ ਅਸੀਂ ਅਗਿਆਨਤਾ, ਹਊਮੈ, ਵਿਸ਼ੇ ਵਿਕਾਰਾਂ ਤੇ ਮੋਹ-ਮਾਇਆ ਦੇ ਚੱਕਰਾਂ ਤੋਂ ਮੁਕਤ ਨਹੀਂ ਹੋ ਜਾਂਦੇ, ਓਨੀ ਦੇਰ ਖੁਸ਼ੀ ਤੇ ਮਾਨਸਿਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਜਿੰਨੀ ਦੇਰ ਇੱਲ੍ਹ, ਆਪਣੀ ਚੁੰਝ ਵਿਚ ਮੱਛੀ ਨੂੰ ਚੁੱਕੀ ਫਿਰਦੀ ਹੈ, ਕਾਂ ਉਸ ਦੇ ਚੁਫੇਰੇ ਕਾਂ-ਕਾਂ ਕਰਦੇ ਚੱਕਰ ਕੱਟਦੇ ਰਹਿੰਦੇ ਹਨ ਪ੍ਰੰਤੂ ਉਹ ਜਿਉਂ ਹੀ ਮੱਛੀ ਨੂੰ ਛੱਡ ਦਿੰਦੀ ਹੈ, ਉਹ ਮੁਕਤ ਹੋ ਜਾਂਦੀ ਹੈ, ਕਾਂ ਉਸ ਨੂੰ ਬੇਚੈਨ ਨਹੀਂ ਕਰਦੇ, ਉਹ ਖੁਸ਼ੀ ਦੇ ਆਕਾਸ਼ ਵਿਚ ਉਡਾਰੀ ਲਗਾ ਸਕਦੀ ਹੈ। ਆਓ, ਖੁਸ਼ੀ ਅਤੇ ਮਾਨਸਿਕ ਸਕੂਨ ਲਈ ਕੁਦਰਤ ਦੀ ਸੰਗਤ ਕਰੀਏ ਤੇ ਉਸ ਦੇ ਦੋਸਤ ਬਣ ਜਾਈਏ।

-ਮੋਬਾਈਲ : 94171-76877.

ਮਿੰਨੀ ਕਹਾਣੀ- ਬੱਚੇ ਬਿਮਾਰ ਰਹਿੰਦੇ ਨੇ ਅਕਸਰ

ਦਫ਼ਤਰ ਵਿਚ ਨਵਾਂ ਆਇਆ ਅਫਸਰ ਰਾਜੇਸ਼ ਕੁਮਾਰ ਅੱਜ ਫੇਰ ਲੇਟ ਹੋ ਗਿਆ ਸੀ। ਹਮੇਸ਼ਾ ਵਾਂਗ ਸੇਵਾਦਾਰ ਰਤਨ ਚੰਦ ਨੇ ਸਾਹਬ ਨੂੰ ਠੰਢੇ ਪਾਣੀ ਦਾ ਗਿਲਾਸ ਪੇਸ਼ ਕੀਤਾ।
'ਰਤਨ ਚੰਦ... ਮੈਂ ਤਾਂ ਬੜਾ ਪ੍ਰੇਸ਼ਾਨ ਆਂ ਬਈ... ਇਕ ਤਾਂ ਐਡੀ ਦੂਰੋਂ ਡਿਊਟੀ 'ਤੇ ਪਹੁੰਚਦਾਂ... ਉਤੋਂ ਬੱਚੇ ਮੇਰੇ ਅਕਸਰ ਬਿਮਾਰ ਈ ਰਹਿੰਦੇ ਨੇ... ਸਮਝ ਨੀ ਆਉਂਦੀ ਕੀ ਕਰਾਂ...?'
'ਸਾਹਬ ਜੀ! ਪਾਣੀ ਪੀਓ... ਗਰਮੀ 'ਚ ਆਏ ਓ... ਲਭਦੇ ਆਂ ਇਸ ਸਮੱਸਿਆ ਦਾ ਵੀ ਕੋਈ ਹੱਲ...।' ਦੁਪਹਿਰ ਸਮੇਂ ਸਾਹਬ ਦੀ ਰੋਟੀ ਗਰਮ ਕਰਦਿਆਂ ਰਤਨ ਚੰਦ ਬੋਲਿਆ, 'ਲੱਭ ਗਿਆ ਸਾਹਬ ਜੀ ਤੁਹਾਡੀ ਪ੍ਰੇਸ਼ਾਨੀ ਦਾ ਕਾਰਨ।'
'ਅੱਛਾ, ਦੱਸ ਕੀ ਕਾਰਨ ਲੱਭਾ?'
'ਸਾਹਬ ਜੀ... ਗੁੱਸਾ ਨਾ ਕਰਨਾ... ਛੋਟਾ ਮੂੰਹ ਵੱਡੀ ਗੱਲ... ਗੱਲ ਮੈਂ ਕਰਨ ਲੱਗਾਂ ਸਿੱਧੀ... ਦਫਤਰ ਦਾ ਟੈਂਮ ਹੋ ਗਿਆ ਆ 9 ਵਜੇ ਦਾ ਤੇ ਤੁਸੀਂ ਦਫਤਰ ਡੇਢ ਜਾਂ ਦੋ ਘੰਟੇ ਲੇਟ ਆਉਂਦੇ ਓ... ਇਕ ਦਿਨ ਇਕ ਗਰੀਬ ਰਿਕਸ਼ੇ ਵਾਲਾ ਸਵੇਰੇ 9 ਵਜੇ ਦਫਤਰ ਆਇਆ ਸੀ। ਉਸ ਨੇ ਆਪਣੇ ਸਰਕਾਰੀ ਸਕੂਲ ਵਿਚ ਪੜ੍ਹਦੇ ਬੱਚੇ ਦੇ ਵਜ਼ੀਫੇ ਦੇ ਫਾਰਮ 'ਤੇ ਦਸਤਖਤ ਕਰਾਉਣੇ ਸਨ... ਪਰ 'ਸਾਡੇ' ਸਾਹਬ ਆਏ 11 ਵਜੇ... ਬੱਸ 10 ਮਿੰਟ ਬੈਠੇ... ਇਕ ਦੋ ਫਾਈਲਾਂ 'ਤੇ ਸੈਨ ਕੀਤੇ... ਤੇ ਉਠ ਪਏ... ਅਖੇ ਡੀ.ਸੀ. ਸਾਹਬ ਦੀ ਮੀਟਿੰਗ ਵਿਚ ਜਾਣਾ... ਹੁਣ ਤੁਸੀਂ ਦੱਸੋ ਪਈ ਉਹ ਗਰੀਬ ਰਿਕਸ਼ੇਵਾਲਾ 'ਉਸ ਅਫਸਰ' ਨੂੰ ਦੁਆਵਾਂ ਦੇਊ... ਜਾਂ ਬਦਦੁਆਵਾਂ... ਬਸ ਸਾਹਬ ਜੀ ਉਹ ਬਦਦੁਆਵਾਂ ਹੀ ਬੱਚਿਆਂ ਨੂੰ ਲੱਗਦੀਆਂ ਨੇ... ਤੇ ਬੱਚੇ ਬਿਮਾਰ ਰਹਿੰਦੇ ਨੇ ਅਕਸਰ' ਰਤਨ ਚੰਦ ਆਪਣੀ ਗੱਲ ਆਖ ਕੇ ਚੁੱਪ ਕਰ ਗਿਆ।
...ਤੇ ਉਸ ਦਿਨ ਤੋਂ ਬਾਅਦ ਅਫਸਰ ਰਾਜੇਸ਼ ਕੁਮਾਰ ਨੇ ਸਮੇਂ ਸਿਰ ਦਫ਼ਤਰ ਆਉਣਾ ਸ਼ੁਰੂ ਕਰ ਦਿੱਤਾ।

-ਸੁਰਿੰਦਰ ਸਿੰਘ 'ਨੇਕੀ'
ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾਈਲ : 98552-35424.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX