ਤਾਜਾ ਖ਼ਬਰਾਂ


ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  26 minutes ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  about 1 hour ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  about 2 hours ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  about 3 hours ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  about 3 hours ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ
. . .  about 4 hours ago
ਨਵੀ ਦਿੱਲੀ, 23 ਫਰਵਰੀ(ਜਗਤਾਰ ਸਿੰਘ)- ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1 ਮਾਰਚ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ....
ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
. . .  about 4 hours ago
ਚੰਡੀਗੜ੍ਹ, 23 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦੇਣ ਭਰੋਸਾ ਦਿਵਾਇਆ ....
ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਲੜੇਗਾ ਲੋਕ ਸਭਾ ਦੀ ਚੋਣ - ਮਾਨ
. . .  about 4 hours ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਉਹ ਵੇਲਾ ਯਾਦ ਕਰ

ਸੰਨ 1960 ਦੇ ਕਰੀਬ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਵਿਚ ਇਕ ਪੰਜਾਬੀ ਗੀਤ ਗੂੰਜਦਾ ਹੁੰਦਾ ਸੀ, ਜਿਸ ਦੇ ਬੋਲ ਹਨ-'ਉਹ ਵੇਲਾ ਯਾਦ ਕਰ।' ਫਿਲਮ ਵਿਚ ਤਾਂ ਸ਼ਾਇਦ ਉਹ ਵੇਲਾ ਫਿਲਮ ਦੀ ਨਾਇਕਾ ਨੇ ਆਪਣੇ ਪ੍ਰੇਮੀ ਨੂੰ ਯਾਦ ਕਰਵਾਇਆ ਸੀ ਪਰ ਅਸੀਂ ਪੰਜਾਬ ਦੇ ਕਿਸਾਨਾਂ, ਵਿਸ਼ੇਸ਼ ਕਰਕੇ ਕਿਸਾਨ ਬੀਬੀਆਂ ਨੂੰ ਉਹ ਵੇਲਾ ਇਸ ਲੇਖ ਵਿਚ ਯਾਦ ਕਰਵਾਂਗੇ।
ਖੇਤੀ ਦੇ ਖੇਤਰ ਵਿਚ ਮੈਨੂੰ ਯਾਦ ਆ ਰਿਹਾ ਹੈ, 1950 ਦੇ ਦਹਾਕੇ ਦਾ ਸਮਾਂ, ਉਦੋਂ ਪੰਜਾਬ ਦੇ ਕਿਸਾਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਬਹੁਤ ਹੀ ਸੁਖਾਵੇਂ ਤੇ ਸਹਿਜ ਢੰਗ ਨਾਲ ਚੱਲ ਰਹੀ ਸੀ, ਵਿਖਾਵਿਆਂ ਲਈ ਪੈਸਾ ਕਰਨ ਲਈ ਕੋਈ ਦੌੜ ਨਹੀਂ ਸੀ ਲੱਗੀ ਹੋਈ, ਮਨਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਦਵੰਧ, ਖਿਚਾਅ ਤੇ ਈਰਖਾ ਨਹੀਂ ਸੀ ਹੁੰਦੀ, ਇਉਂ ਮਨ ਮਜ਼ਬੂਤ ਤੇ ਸਥਿਰ ਹੋਣ ਕਰਕੇ ਪੇਂਡੂ ਲੋਕ ਲੰਮੀ ਤੇ ਸੁਖਾਵੀਂ ਉਮਰ ਭੋਗਦੇ ਸਨ, ਤਣਾਅ ਮੁਕਤ ਮਨ ਤੇ ਸਖ਼ਤ ਮਿਹਨਤ ਕਰਨ ਕਰਕੇ ਬਲੱਡ ਪ੍ਰੈਸ਼ਰ, ਸ਼ੂਗਰ ਦੇ ਤੇ ਦਿਲ ਦੇ ਰੋਗ ਉਨ੍ਹਾਂ ਦੇ ਨੇੜੇ ਨਹੀਂ ਸਨ ਢੁੱਕਦੇ। ਉਸ ਸਮੇਂ ਦੇ ਕਿਸਾਨਾਂ ਵਲੋਂ ਖੁਦਕਸ਼ੀ ਕਰਨਾ ਤਾਂ ਦੂਰ ਦੀ ਗੱਲ, ਕਿਸੇ ਵੀ ਕਿਸਾਨ ਦੇ ਮਨ ਵਿਚ ਖੁਦਕਸ਼ੀ ਦੀ ਸੋਚ ਤੱਕ ਨਹੀਂ ਸੀ ਪਨਪਦੀ।
ਚੰਗਾ ਹੋਵੇ ਜੇ ਮੈਂ ਗੱਲ ਆਪਣੇ ਤੋਂ ਸ਼ੁਰੂ ਕਰਾਂ, ਅੱਜ ਦੇ ਕਿਸਾਨ ਜਾਂ ਤਾਂ ਆਪਣੀ ਮਸ਼ੀਨਰੀ ਵਰਤਦੇ ਜਾਂ ਕਿਰਾਏ 'ਤੇ ਕਟਾਈਆਂ ਕਰਕੇ ਔਹ ਜਾਂਦੇ ਹਨ ਤੇ ਕਾਮਿਆਂ ਨੂੰ ਸਪਰੇਅ ਵਾਲੇ ਪੰਪ ਚੁਕਾ ਕੇ ਵਿਹਲੇ ਹੋ ਜਾਂਦੇ ਹਨ, ਮੈਂ ਕਿਉਂਕਿ ਛੋਟੇ ਕਿਸਾਨਾਂ ਵਿਚੋਂ ਸੀ, ਮੈਨੂੰ ਵੀ ਉਦੋਂ ਭਾਦੋਂ ਦੇ ਦਿਨ ਵਿਚ ਮੱਕੀ ਗੁੱਡਣ ਲਈ 10-10, 15-15 ਮਜ਼ਦੂਰ ਲਾਉਣੇ ਪੈਂਦੇ ਸਨ, ਤੜਕੇ ਪਸ਼ੂਆਂ ਨੂੰ ਪੱਠੇ ਪਾ ਕੇ ਮਜ਼ਦੂਰਾਂ ਨਾਲ ਗੁਡਾਈ ਕਰਨ ਬਹਿ ਜਾਣਾ, ਤਾਂ ਕਿ ਉਨ੍ਹਾਂ ਦੀ ਗੋਡੀ ਦੀ ਰਫ਼ਤਾਰ ਤੇ ਗੁਡਾਈ ਦੀ ਕੁਆਲਟੀ ਮੇਰੇ ਵਰਗੀ ਹੋਵੇ। ਮੇਰੀ ਪਤਨੀ ਨੇ 10-15 ਬੰਦਿਆਂ ਦੀਆਂ ਸ਼ਾਹ ਵੇਲੇ ਦੀਆਂ ਰੋਟੀਆਂ ਪਕਾ ਕੇ ਟੋਕਰੇ 'ਚ ਰੱਖਣੀਆਂ ਤੇ ਵਿਚ ਬਰਤਨ ਤੇ ਚਾਟੀ ਲੱਸੀ ਦੀ ਰੱਖ ਕੇ ਖੇਤਾਂ ਵਿਚ ਆ ਜਾਣਾ ਤੇ ਘਰ ਤੁਰਨ ਤੋਂ ਪਹਿਲਾਂ ਦੁਪਹਿਰ ਦੇ ਖਾਣੇ ਲਈ ਭੜੋਲੀ ਵਿਚ ਦਾਲ ਧਰ ਆਉਣੀ।
ਦੁਪਹਿਰ ਦੀ ਰੋਟੀ ਮਜ਼ਦੂਰਾਂ ਨੇ ਘਰਾਂ ਨੂੰ ਲੈ ਕੇ ਚਲੇ ਜਾਣਾ ਤੇ ਮੈ ਮੱਕੀ ਦੀ ਸੁੱਕੀ ਕੜਬ ਦੇ 20-20 ਬੰਦ (ਪੂਲੇ) ਤੇ ਸਰੀਏ ਵਰਗਾ ਬਾਜਰਾ ਤੇ ਚਰ੍ਹੀ ਹੱਥੀਂ ਮਸ਼ੀਨ ਨਾਲ ਕੁਤਰ ਕੇ ਪਸ਼ੂਆਂ ਨੂੰ ਪਾਉਣੀ ਤੇ ਦੂਜੇ ਵੇਲੇ ਫੇਰ ਗੁਡਾਈ ਲਈ ਕਾਮਿਆਂ ਤੋਂ ਪਹਿਲਾਂ ਹੀ ਖੇਤਾਂ ਵਿਚ ਪਹੁੰਚ ਜਾਣਾ। ਮੇਰੀ ਜੀਵਨ ਸਾਥਣ ਨੇ ਮਜ਼ਦੂਰਾਂ ਲਈ ਰਾਤ ਦਾ ਖਾਣਾ ਬਣਾਉਣ ਲਈ ਜੁਟ ਜਾਣਾ। ਅੱਜ ਤਾਂ ਕਿਸਾਨ ਕੋਲ ਟਿਊਬਵੈੱਲ ਦਾ ਬਟਨ ਦੱਬਣ ਦਾ ਸਮਾਂ ਤੇ ਹਿੰਮਤ ਨਹੀਂ ਹੈ, ਆਟੋਮੈਟਿਕ ਮੋਟਰਾਂ ਚਲਾ ਦਿੰਦੇ ਹਨ ਤੇ ਪਾਣੀ ਦਾ ਦੁਰਉਪਯੋਗ ਹੁੰਦਾ ਰਹਿੰਦਾ ਹੈ।
ਮੇਰੀ ਪਤਨੀ ਨੇ ਲੌਢੇ ਵੇਲੇ ਲਵੇਰੀ ਲਈ ਪੇੜੇ (ਵੰਡ) ਦਾ ਬੱਠਲ ਸਿਰ 'ਤੇ ਰੱਖ ਕੇ ਆਉਣਾ ਤਾਂ ਗਾਵਾਂ, ਮੱਝਾਂ ਨੇ ਰੰਭਣ ਲੱਗ ਜਾਣਾ। ਉਸ ਨੇ ਗਾਵਾਂ-ਮੱਝਾਂ ਦੇ ਸਰੀਰ 'ਤੇ ਹੱਥ ਫੇਰ ਕੇ ਉਨ੍ਹਾਂ ਨੂੰ ਪਲੋਸਣਾ ਤੇ ਪਿਆਰ ਦੇਣਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਆਪਣੀਆਂ ਧੀਆਂ ਨੂੰ ਪਿਆਰ ਦਿੰਦਾ ਹੈ।
ਘਰ ਵਿਚ ਦੇਸੀ ਘਿਓ ਦੀਆਂ ਚਾਟੀਆਂ ਭਰੀਆਂ ਰਹਿਣੀਆਂ। ਰਾਤ ਨੂੰ ਛੰਨੇ ਭਰ-ਭਰ ਕੇ ਸਾਰੇ ਪਰਿਵਾਰ ਨੇ ਦੁੱਧ ਪੀਣਾ ਤੇ ਤੜਕੇ ਉੱਠ ਕੇ ਦੁੱਧ ਰਿੜਕਣਾ ਤਾਂ ਦਰਿੜ੍ਹਕੇ (ਅੱਧ-ਰਿੜਕੇ) ਦੇ ਇਕ-ਦੋ ਗਿਲਾਸ ਜ਼ਰੂਰ ਪੀਣੇ।
ਦੁੱਧ ਵੇਚਣ ਨੂੰ ਉਦੋਂ ਪੁੱਤ ਵੇਚਣ ਦੇ ਬਰਾਬਰ ਸਮਝਿਆ ਜਾਂਦਾ ਸੀ, ਅੱਜ ਤਾਂ ਜਿਸ ਦੇ ਘਰ ਦੁੱਧ ਹੈ, ਉਸ ਦੇ ਘਰ ਦੀਆਂ ਸੁਆਣੀਆਂ ਲਈ ਸਭ ਤੋਂ ਨਹਿਸ਼ ਦਿਨ ਉਹ ਹੁੰਦਾ ਹੈ, ਜਿਸ ਦਿਨ ਦੁੱਧ ਲਿਜਾਣ ਵਾਲੀ ਗੱਡੀ ਲੰਘ ਜਾਵੇ ਤੇ ਦੁੱਧ ਦੀ ਕੈਨੀ ਘਰ ਨੂੰ ਮੁੜ ਆਵੇ। ਹੱਥੀਂ ਦੁੱਧ ਰਿੜਕਣ ਦਾ ਕੰਮ ਜਿਸ ਨਾਲ ਬਾਹਾਂ ਨੂੰ ਮਜ਼ਬੂਤੀ ਮਿਲਦੀ ਸੀ, ਅੱਜ ਸੁਫ਼ਨਿਆਂ ਵਿਚ ਰਹਿ ਗਿਆ ਹੈ। ਦੋ ਦਿਨ ਬਿਜਲੀ ਨਾ ਆਵੇ ਤਾਂ ਮਧਾਣੀ ਖੂੰਜੇ ਵਿਚ ਤੇ ਦਹੀਂ ਪਤੀਲੇ ਵਿਚ ਪਿਆ ਰਹਿੰਦਾ ਹੈ।
ਅੱਜ ਤਾਂ ਲਵੇਰੇ ਵੀ ਕਾਮਿਆਂ ਦੇ ਹਵਾਲੇ ਹਨ, ਉਹ ਹੀ ਦੁੱਧ ਚੋਂਦੇ ਹਨ ਤਾਂ ਲਵੇਰੀ ਦੇ ਕਿਸੇ ਸੁੱਜੇ ਥਣ ਜਾਂ ਥਣ 'ਚ ਬਣੀ ਹੋਈ ਦੁੱਧ ਦੀ ਫੁੱਟੀ ਬਾਰੇ ਕੋਈ ਪਤਾ ਨਹੀਂ ਹੁੰਦਾ। ਇਸੇ ਕਰਕੇ ਅੱਜ ਪੰਜਾਬ ਅੰਦਰ 1600 ਕਰੋੜ ਤੇ ਭਾਰਤ ਵਿਚ 70,000 ਕਰੋੜ ਦਾ ਲਵੇਰੀਆਂ ਦਾ ਨੁਕਸਾਨ ਕੇਵਲ ਲੇਵੇ ਤੇ ਥਣਾਂ ਦੀਆਂ ਬਿਮਾਰੀ ਨਾਲ ਹੋ ਰਿਹਾ ਹੈ। ਅੱਜ ਪੰਜਾਬ ਦੇ ਕਿਸਾਨਾਂ ਅੰਦਰ ਅੱਗੇ ਵਧ-ਵਧ ਕੇ ਖੇਤੀ ਲਈ ਕਰਜ਼ੇ ਲੈਣ ਦੀ ਦੌੜ ਲੱਗੀ ਹੋਈ ਹੈ। ਮੈਨੂੰ ਯਾਦ ਆ ਰਿਹਾ ਹੈ ਸੰਨ 1962 ਦਾ ਸਮਾਂ, ਉਦੋਂ ਅਸੀਂ ਆਪਣੇ ਖੇਤਾਂ ਵਿਚ ਟਿਊਬਵੈੱਲ ਲਾਉਣ ਲਈ ਪੰਜਾਬ ਸਰਕਾਰ ਤੋਂ 4 ਹਜ਼ਾਰ ਰੁਪਏ ਕਰਜ਼ਾ ਲਿਆ ਤੇ ਜਿਸ ਦਿਨ ਕਰਜ਼ਾ ਲਿਆ, ਉਸ ਦਿਨ ਘਰ ਵਿਚ ਚੁੱਲ੍ਹਾ ਨਹੀਂ ਸੀ ਭਖਿਆ ਤੇ ਕਰਜ਼ਾ ਲੈਣ ਵੀ ਲੁਕ ਛਿਪ ਕੇ ਗਏ। ਘਰ ਵਿਚ ਜਿਵੇਂ ਨਮੋਸ਼ੀ ਤੇ ਮਾਯੂਸੀ ਵਾਲਾ ਮਾਹੌਲ ਬਣਿਆ ਰਿਹਾ। ਇਹ ਕਰਜ਼ਾ ਭਾਵੇਂ ਦਸਾਂ ਕਿਸ਼ਤਾਂ 'ਚ ਪੰਜਾਂ ਸਾਲਾਂ ਤੱਕ ਮੋੜਨਾ ਸੀ ਪਰ ਮਨ 'ਤੇ ਬੋਝ ਵਧ ਜਾਣ ਕਰਕੇ ਕੁਝ ਪੈਸੇ ਇਕ ਮਿੱਤਰ ਤੋਂ ਲੈ ਕੇ ਤੇ ਸੰਯਮ ਤੇ ਵਿਉਂਤਬੰਦੀ ਕਰਕੇ ਦੂਜੀ ਕਿਸ਼ਤ ਤਾਰਨ ਵੇਲੇ ਹੀ ਸਾਰੇ ਪੈਸੇ ਮੋੜ ਕੇ ਖੁਸ਼ੀ ਤੇ ਤਸੱਲੀ ਮਿਲੀ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੈਂਬਰ ਪੀ.ਏ.ਯੂ. ਐਗਰੀਕਲਚਰ ਰਿਸਰਚ ਕੌਂਸਲ ਤੇ ਸਾਬਕਾ ਪੀ.ਏ.ਯੂ. ਫਾਰਮਰ ਫੈਲੋ। ਮੋਬਾ: 94632-33991


ਖ਼ਬਰ ਸ਼ੇਅਰ ਕਰੋ

ਕੈਰੀਜ਼ੋ

ਕਿੰਨੂ ਲਈ ਨਵਾਂ ਜੜ੍ਹ-ਮੁੱਢ

ਫ਼ਲਾਂ ਦੀ ਪੈਦਾਵਾਰ ਵਧਾਉਣ ਲਈ, ਸਿਹਤਮੰਦ ਅਤੇ ਮਿਆਰੀ ਪੌਦ ਦੀ ਅਣਹੋਂਦ ਇਕ ਵੱਡੀ ਸਮੱਸਿਆ ਹੈ। ਨਿੰਬੂ ਜਾਤੀ ਫ਼ਲ ਉਦਯੋਗ ਦੀ ਸਫ਼ਲਤਾ ਅਤੇ ਅਸਫ਼ਲਤਾ ਵਿਚ ਜੜ੍ਹ-ਮੁੱਢਾਂ ਦੀ ਅਹਿਮ ਭੂਮਿਕਾ ਹੈ। ਨਿੰਬੂ ਜਾਤੀ ਦੇ ਬੂਟੇ ਦੇ ਮਰਨ ਦੇ ਕਾਰਨਾਂ ਵਿਚੋਂ ਜੜ੍ਹ-ਮੁੱਢ ਇਕ ਵਿਸ਼ੇਸ਼ ਕਾਰਨ ਹੈ। ਬੂਟੇ ਨੂੰ ਮਿੱਟੀ ਵਿਚ ਸਹਾਰਾ ਦੇਣ ਤੋਂ ਇਲਾਵਾ, ਜੜ੍ਹ-ਮੁੱਢ ਬੂਟੇ ਲਈ ਮਿੱਟੀ ਵਿਚ ਪਾਣੀ ਅਤੇ ਤੱਤਾਂ ਦਾ ਸੰਚਾਲਨ ਕਰਦਾ ਹੈ ਅਤੇ ਬੂਟੇ ਦੀ ਛੱਤਰੀ ਦੇ ਵਿਕਾਸ ਅਤੇ ਭੋਜਨ ਬਣਾਉਣ ਦੀ ਸਮਰੱਥਾ ਨੂੰ ਵੀ ਨਿਰਧਾਰਿਤ ਕਰਦਾ ਹੈ। ਲੱਗਪਗ ਵੀਹ ਤੋਂ ਵੱਧ ਵੱਖ-ਵੱਖ ਵਿਸ਼ੇਸ਼ ਗੁਣ ਜੜ੍ਹ-ਮੁੱਢ ਕਰਕੇ ਹੀ ਪ੍ਰਭਾਵਿਤ ਹੁੰਦੇ ਹਨ ਜਿਨ੍ਹਾਂ ਵਿਚ ਪੱਤਿਆਂ ਵਿਚ ਤੱਤਾਂ ਦੀ ਮਾਤਰਾ, ਬੂਟਿਆਂ ਦਾ ਭਰਵਾਂ ਵਾਧਾ, ਜੜ੍ਹਾਂ ਦੀ ਡੂੰਘਾਈ, ਠੰਢ ਤੋਂ ਬਚਾਅ, ਮਾੜੀਆਂ ਮਿੱਟੀਆਂ ਦੇ ਪ੍ਰਭਾਵ, ਬਿਮਾਰੀਆਂ ਤੋਂ ਸਹਿਣਸ਼ਕਤੀ ਅਤੇ ਫ਼ਲਾਂ ਦੀ ਗੁਣਵੱਤਾ, ਆਦਿ। ਇਸ ਤੋਂ ਇਲਾਵਾ ਮੁੱਖ ਅੰਦਰੂਨੀ ਕਾਰਨ ਜਿਵੇਂ ਕਿ ਜੂਸ ਦੀ ਮਾਤਰਾ, ਗੁੱਦੇ ਅਤੇ ਫ਼ਲਾਂ ਦਾ ਬਾਹਰੀ ਰੰਗ, ਕੁੱਲ ਘੁਲਣਸ਼ੀਲ ਪਦਾਰਥ, ਤੇਜ਼ਾਬੀ ਮਾਦਾ ਅਤੇ ਗਰੈਨੂਲੇਸ਼ਨ ਵੀ ਜੜ੍ਹ ਮੁੱਢ ਦੁਆਰਾ ਪ੍ਰਭਾਵਿਤ ਹੁੰਦੇ ਹਨ। ਖਾਸ ਕਰਕੇ ਸੰਤਰੇ ਜੋ ਕਿ ਤਾਜ਼ੇ ਫ਼ਲ ਦੇ ਤੌਰ 'ਤੇ ਵਰਤੇ ਜਾਂਦੇ ਹਨ, ਵਿਚ ਆਮ ਤੌਰ ਤੇ ਜੂਸ ਦੀ ਗੁਣਵੱਤਾ ਉੱਚ ਪੈਮਾਨੇ ਦੀ ਚਾਹੀਦੀ ਹੈ ਅਤੇ ਇਸ ਅਵਸਥਾ ਵਿਚ ਫ਼ਲਾਂ ਦੀ ਸ਼ਕਲ, ਆਕਾਰ, ਰੰਗ ਅਤੇ ਛਿੱਲੜ ਦੀ ਮੋਟਾਈ ਤੇ ਦਿੱਖ ਵੀ ਮੰਡੀਕਰਨ ਲਈ ਨਾਜ਼ੁਕ ਪੈਮਾਨੇ ਹਨ । ਬੂਟਿਆਂ ਲਈ ਸਹੀ ਜੜ੍ਹ-ਮੁੱਢ ਦੀ ਚੋਣ ਕਰਨਾ ਬਾਗਬਾਨ ਲਈ ਬਹੁਤ ਹੀ ਮਹੱਤਵਪੂਰਨ ਫ਼ੈਸਲਾ ਹੁੰਦਾ ਹੈ ਕਿਉਂਕਿ ਬੂਟੇ ਅਤੇ ਜੜ੍ਹ ਮੁੱਢ ਦਾ ਸੁਮੇਲ ਅਖ਼ੀਰ ਤੱਕ ਨਿਭਣਾ ਹੁੰਦਾ ਹੈ। ਜੜ੍ਹ-ਮੁੱਢ ਦੀ ਚੋਣ ਕਰਨ ਸਮੇਂ ਕਿਸੇ ਸਥਾਨ 'ਤੇ ਬਾਗ਼ ਲਗਾਉਣ ਤੋਂ ਪਹਿਲਾਂ ਬਾਗ਼ਬਾਨ ਨੂੰ ਉਹ ਸਾਰੇ ਪੱਖ ਵਿਚਾਰਨੇ ਚਾਹੀਦੇ ਹਨ ਜਿਹੜੇ ਜੜ੍ਹ-ਮੁੱਢ ਦੀ ਕਿਰਿਆ ਨੂੰ ਪ੍ਰਭਾਵਿਤ ਕਰਦੇ ਹੋਣ ।
ਪੰਜਾਬ ਵਿਚ ਇਸ ਸਮੇਂ ਜੱਟੀ-ਖੱਟੀ ਜੜ੍ਹ-ਮੁੱਢ ਹੀ ਕਿੰਨੂ ਦੇ ਪੌਦੇ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਪਰ ਇਸ ਜੜ੍ਹ-ਮੁੱਢ ਉੱਪਰ ਪਿਉਂਦ ਕੀਤੇ ਕਿੰਨੂ ਦੇ ਬੂਟਿਆਂ ਦੀ ਫ਼ਲਾਂ ਦੀ ਗੁਣਵੱਤਾ ਘੱਟ ਹੈ ਅਤੇ ਇਹ ਜੜ੍ਹ-ਮੁੱਢ ਫਾਈਟੋਫਥੌਰਾ ਗੂੰਦੀਆਂ ਰੋਗ ਅਤੇ ਜੜ੍ਹਾਂ ਦੇ ਗਾਲੇ ਨੂੰ ਰੋਕਣ ਵਿਚ ਅਸਮਰੱਥ ਹੁੰਦਾ ਹੈ। ਇਸੇ ਮੁੱਦੇ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਜੜ੍ਹ-ਮੁੱਢ ਬਾਹਰਲੇ ਦੇਸ਼ਾਂ ਤੋਂ ਮੰਗਵਾ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਪਰਖੇ ਗਏ ਹਨ ।
ਕੈਰੀਜ਼ੋ ਜੜ੍ਹ-ਮੁੱਢ ਇੱਕ ਦੋਗਲੀ ਕਿਸਮ ਹੈ ਜੋ ਕਿ ਵਾਸ਼ਿਗਟ-ਨੇਵਲ ਮਾਲਟਾ ਅਤੇ ਟਰਾਈਫੋਲੀਏਟ ਦਾ ਸੁਮੇਲ ਹੈ ਜੋ ਕਿ ਰਿਵਰਸਾਈਡ, ਕੈਲੀਫੋਰਨੀਆ, ਅਮਰੀਕਾ ਵਿਚ ਵਿਕਸਤ ਕੀਤਾ ਗਿਆ। ਕੈਰੀਜ਼ੋ ਦੇ ਫ਼ਲਾਂ ਵਿਚ ਬਹੁਤ ਬੀਜ ਹੁੰਦੇ ਹਨ ਅਤੇ ਬੀਜ਼ ਵੀ ਕਾਫ਼ੀ ਮੋਟੇ ਹੁੰਦੇ ਹਨ। ਕੈਰੀਜ਼ੋ ਬੀਜ ਤੋਂ ਪੈਦਾ ਪੌਦ ਇਕਸਾਰ ਹੁੰਦੀ ਹੈ ਅਤੇ ਲਗਭਗ 98 ਫੀਸਦੀ ਪੌਦੇ ਨੂਸੈਲਰ (ਮਾਦਾ ਕਿਸਮ) ਹੀ ਹੁੰਦੇ ਹਨ। ਇਸ ਜੜ੍ਹ-ਮੁੱਢ ਤੇ ਅੱਖਾਂ ਸਹਿਜੇ ਹੀ ਚੱਲ ਪੈਂਦੀਆਂ ਹਨ ਅਤੇ ਨਰਸਰੀ ਵਿਚ ਪੌਦ ਆਸਾਨੀ ਨਾਲ ਤਿਆਰ ਹੋ ਜਾਂਦੀ ਹੈ। ਕੈਰੀਜ਼ੋ ਤੇ ਪਿਉਂਦ ਕੀਤੇ ਕਿੰਨੂ ਦੇ ਬੂਟਿਆਂ ਦਾ ਕੱਦ-ਕਾਠ, ਜੱਟੀ-ਖੱਟੀ ਤੇ ਪਿਉਂਦ ਕੀਤੇ ਬੂਟਿਆਂ ਵਾਂਗ ਹੀ ਹੁੰਦਾ ਹੈ। ਕੈਰੀਜ਼ੋ ਉੱਪਰ ਕਿੰਨੂ ਦੇ ਫ਼ਲ ਵੱਡੇ ਆਕਾਰ ਦਾ ਹੁੰਦੇ ਹਨ ਅਤੇ ਫ਼ਲਾਂ ਵਿਚ ਵਧੇਰੇ ਮਿਠਾਸ ਤੇ ਛਿੱਲੜ ਵਧੇਰੇ ਮੁਲਾਇਮ ਹੁੰਦੀ ਹੈ। ਫ਼ਲਾਂ ਦੀ ਪੈਦਾਵਾਰ ਦੋਵੇਂ ਜੜ੍ਹ-ਮੁੱਢਾਂ (ਜੱਟੀ-ਖੱਟੀ ਅਤੇ ਕੈਰੀਜ਼ੋ) ਉੱਪਰ ਇਕਸਾਰ ਹੀ ਮਾਪੀ ਗਈ ਹੈ।
ਪੰਜਾਬ ਵਿਚ ਫਾਈਟੋਫਥੋਰਾ ਗੂੰਦੀਆਂ ਰੋਗ ਅਤੇ ਜੜ੍ਹਾਂ ਦਾ ਗਾਲ਼ਾ ਕਿੰਨੂ ਦੇ ਬਾਗਾਂ ਦੇ ਮਰਨ ਦਾ ਮੁੱਖ ਕਾਰਨ ਹਨ। ਕੈਰੀਜ਼ੋ ਜੜ੍ਹ-ਮੁੱਢ ਇਨ੍ਹਾਂ ਬਿਮਾਰੀਆਂ ਨੂੰ ਸਹਿਣ ਕਰਨ ਵਿਚ ਜੱਟੀ-ਖੱਟੀ ਜੜ੍ਹ ਮੁੱਢ ਨਾਲੋਂ ਵਧੇਰੇ ਸਮਰੱਥ ਹੈ। ਇਹ ਜੜ੍ਹ-ਮੁੱਢ ਮੈਰਾ, ਰੇਤਲੀ ਮੈਰਾ ਅਤੇ ਰੇਤਲੀਆਂ ਜ਼ਮੀਨਾਂ ਲਈ ਵਧੇਰੇ ਢੁਕਵਾਂ ਹੈ। ਪਰ ਇਹ ਜੜ੍ਹ-ਮੁੱਢ ਉਨ੍ਹਾਂ ਜ਼ਮੀਨਾਂ ਲਈ ਢੁੱਕਵਾਂ ਨਹੀਂ ਜਿਨ੍ਹਾਂ ਦੀ ਪੀ.ਐੱਚ. 8.0 ਤੋਂ ਵਧੇਰੇ ਹੁੰਦੀ ਹੈ । ਇਸ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕੈਰੀਜ਼ੋ ਜੜ੍ਹ-ਮੁੱਢ ਦੀ ਸਿਫ਼ਾਰਸ਼ ਕੇਵਲ ਪੰਜਾਬ ਦੇ ਨੀਮ-ਪਹਾੜੀ ਅਤੇ ਕੇਂਦਰੀ ਇਲਾਕਿਆਂ ਲਈ ਹੀ ਕੀਤੀ ਗਈ ਹੈ ਜਿਥੇ ਜ਼ਮੀਨਾਂ ਵਿਚ ਪੀ.ਐੱਚ. ਪੈਮਾਨਾ 8.0 ਤੋਂ ਘੱਟ ਹੋਵੇ ।


-ਮੋਬਾਈਲ :
8360187692

ਰੰਗ-ਬਿਰੰਗੇ ਠੱਗ

ਪਿਛਲੇ ਅੰਕ ਵਿਚ ਕੇਲੇ ਦੀ ਕਾਸ਼ਤ ਵਿਚ ਕਿਸਾਨਾਂ ਨੂੰ ਪਏ ਘਾਟੇ ਦੀ ਗੱਲ ਕੀਤੀ ਗਈ ਸੀ। ਬਹੁਤ ਹੋਰ ਕਿਸਾਨਾਂ ਨੇ ਇਸ ਦੇ ਬਾਰੇ ਗੱਲ ਕੀਤੀ ਤੇ ਅੱਜ ਹੋ ਰਹੇ ਨਵੇਂ-ਨਵੇਂ ਠੱਗੀ ਤਰੀਕਿਆਂ ਬਾਰੇ ਦੱਸਿਆ। ਪੰਜਾਬ ਦਾ ਕਿਸਾਨ ਚਾਹੁੰਦਾ ਹੈ ਕਿ ਕੁਝ ਨਵਾਂ ਕੀਤਾ ਜਾਵੇ, ਤਾਂ ਜੋ ਆਮਦਨ ਵੱਧ ਸਕੇ। ਇਸ ਲਈ ਉਹ ਨਵੇਂ ਤਜਰਬੇ ਕਰਨ ਲਈ ਤਿਆਰ ਰਹਿੰਦਾ ਹੈ। ਉਹ ਖੁੱਲ੍ਹੇ ਦਿਲ ਨਾਲ ਪੈਸੇ ਵੀ ਖਰਚ ਦਿੰਦਾ ਹੈ ਤੇ ਸਭ ਤੋਂ ਵੱਡੀ ਗੱਲ ਕੋਟ ਪੈਂਟ ਪਾਈ ਲੋਕਾਂ ਨੂੰ ਸਿਆਣੇ ਸਮਝ, ਉਨ੍ਹਾਂ 'ਤੇ ਯਕੀਨ ਵੀ ਕਰ ਲੈਂਦਾ ਹੈ। ਬਸ ਇਹੋ ਗੁਣ ਹੀ ਉਸ ਦੇ ਲੁੱਟੇ ਜਾਣ ਦਾ ਕਾਰਨ ਬਣਦੇ ਹਨ। ਕਦੇ ਕੁਝ ਤੇ ਕਦੇ ਕੁਝ ਲੋਕ ਸਕੀਮਾਂ ਬਣਾ ਕੇ ਲੁੱਟਦੇ ਹਨ, ਕੇਲਿਆਂ ਵਾਂਗ ਅੱਜਕਲ੍ਹ, ਸਾਗਵਾਨ ਤੇ ਚੰਦਨ ਦੇ ਰੁੱਖ ਵੇਚਣ ਵਾਲੇ ਪਿੰਡੋ-ਪਿੰਡ ਤੁਰੇ ਫਿਰਦੇ ਹਨ, ਸਾਗਵਾਨ 50 ਤੋਂ 100 ਸਾਲ ਵਿਚ ਹੁੰਦਾ ਹੈ, ਇਹ ਲੋਕ 10 ਸਾਲ ਹੀ ਕਹੀ ਜਾਂਦੇ ਹਨ। ਇਸੇ ਤਰ੍ਹਾਂ ਚੰਦਨ ਦੇ ਰੁੱਖ ਬਾਰੇ ਵੀ ਝੂਠ ਬੋਲਦੇ ਹਨ। ਇਹ ਦੋਵੇ ਰੁੱਖ ਪੰਜਾਬ ਵਿਚ ਪੂਰੀ ਤਰਾਂ ਵੱਧ ਨਹੀਂ ਸਕਦੇ, ਕਿਉਂਕਿ ਇੱਥੇ ਦੀ ਧਰਤੀ ਤੇ ਪੌਣ ਪਾਣੀ ਅਨੁਕੂਲ ਨਹੀਂ ਹੈ। ਇਹ ਰੰਗ-ਬਿਰੰਗੇ ਠੱਗ ਗਿਣਤੀਆਂ ਜਿਹੀਆਂ ਦੱਸੀ ਜਾਣਗੇ। ਨਾ ਇਹ ਠੇਕੇ 'ਤੇ ਜ਼ਮੀਨ ਲੈਂਦੇ ਹਨ ਨਾ ਅਗਾਓਂ ਖਰੀਦ ਕਰਦੇ ਹਨ। ਬਾਅਦ ਵਿਚ ਸਫੈਦੇ ਵਾਂਗ ਲੱਕੜ 3 ਰੁਪਏ ਕਿਲੋ ਵੀ ਨਹੀਂ ਵਿਕਦੀ। ਯਾਦ ਰਹੇ ਕਿ ਇਸੇ ਤਰ੍ਹਾਂ ਕਿਸਾਨਾਂ ਨੂੰ ਕਈ ਠੱਗ, 'ਈਮੂ' ਜਾਨਵਰ ਵੇਚ ਗਏ ਸਨ। ਇਨ੍ਹਾਂ ਦਾ ਕੰਮ ਹੈ, ਆਪਣੇ ਪੈਸੇ ਲਏ ਤੇ ਫੇਰ ਛੂੰ ਮੰਤਰ ਹੋ ਜਾਣਾ। ਹੈਰਾਨ ਹਾਂ ਕਿ ਸਾਡੇ ਖੇਤੀ ਨਾਲ ਸਬੰਧਤ ਮਹਿਕਮੇ ਤੇ ਅਦਾਰੇ ਕਿਸਾਨਾਂ ਨੂੰ ਕਿਉਂ ਨਹੀਂ ਸੁਚੇਤ ਕਰਦੇ। ਖ਼ੈਰ, ਕੁਝ ਵੀ ਹੋਵੇ, ਹੁਣ ਕਿਸਾਨਾਂ ਨੂੰ ਆਪ ਹੀ ਸੁਚੇਤ ਰਹਿਣਾ ਪਵੇਗਾ ਤੇ ਆਪਣੇ ਸਾਥੀਆਂ ਨੂੰ ਵੀ ਦੱਸਣਾ ਹੋਵੇਗਾ।

ਫ਼ਸਲੀ ਵਿਭਿੰਨਤਾ ਲਈ ਯੋਗ ਯੋਜਨਾਬੰਦੀ ਕੀਤੀ ਜਾਏ

ਕਣਕ ਦੀ ਬਿਜਾਈ ਹੁਣ ਆਖ਼ਰੀ ਪੜਾਅ 'ਚ ਹੈ। ਪੰਜਾਬ ਖੇਤੀਬਾੜੀ ਵਿਭਾਗ ਅਨੁਸਾਰ ਤਕਰੀਬਨ 96-97 ਪ੍ਰਤੀਸ਼ਤ ਰਕਬੇ ਤੇ ਬਿਜਾਈ ਮੁਕੰਮਲ ਹੋ ਚੁੱਕੀ ਹੈ। ਹੁਣ ਜੋ ਰਕਬਾ ਰਹਿੰਦਾ ਹੈ ਉਹ ਜਾਂ ਤਾਂ ਕਪਾਹ ਪੱਟੀ 'ਚ ਹੈ ਜਾਂ ਫੇਰ ਆਲੂਆਂ ਤੇ ਗੰਨੇ ਵਾਲੇ ਖੇਤ ਬੀਜਣੇ ਬਾਕੀ ਹਨ। ਖੇਤੀਬਾੜੀ ਵਿਭਾਗ ਦੇ ਅਨੁਮਾਨਾਂ ਦੇ ਆਧਾਰ 'ਤੇ ਲਗਭਗ ਸਾਰੇ ਦਾ ਸਾਰਾ ਰਕਬਾ 25 ਦਸੰਬਰ ਤੋਂ ਪਹਿਲਾਂ ਪਹਿਲਾਂ ਬੀਜਿਆ ਜਾਵੇਗਾ। ਜਦੋਂ ਕਿ ਆਮ ਕਿਸਾਨਾਂ ਵਲੋਂ ਬੀਜਣ ਵਾਲੀ ਐਚ.ਡੀ. 2967 ਕਿਸਮ ਬੀਜਣ ਦਾ ਸਮਾਂ ਨਵੰਬਰ 'ਚ ਖ਼ਤਮ ਹੋ ਚੁੱਕਿਆ, ਕਿਸਾਨਾਂ ਨੇ ਐਚ.ਡੀ. 3086, ਉੱਨਤ ਪੀ ਬੀ ਡਬਲਿਊ 343, ਪੀ. ਬੀ. ਡਬਲਿਊ 550, ਉੱਨਤ ਪੀ. ਬੀ. ਡਬਲਿਊ 550 ਤੇ ਐਚ. ਡੀ. 3059 ਜਿਹੀਆਂ ਕਿਸਮਾਂ ਦੀ ਸੇਂਜੂ ਜ਼ਮੀਨਾਂ 'ਤੇ ਕਾਸ਼ਤ ਕੀਤੀ। ਭਾਰਤ ਸਰਕਾਰ ਦੇ ਸੰਸਥਾਨ ਆਈ. ਸੀ. ਏ. ਆਰ. -ਆਈ. ਆਈ. ਡਬਲਿਊ. ਬੀ. ਆਰ. ਵਲੋਂ ਵਿਕਸਿਤ ਪਿਛੇਤੀ ਬਿਜਾਈ ਲਈ ਨਵੀਂ ਕਿਸਮ ਡੀ ਬੀ ਡਬਲਿਊ 173 ਦਾ ਬੀਜ ਤਾਂ ਕਿਸਾਨਾਂ ਨੂੰ ਉਪਲਬੱਧ ਹੀ ਨਹੀਂ ਹੋਇਆ। ਜਿਨ੍ਹਾਂ ਕਿਸਾਨਾਂ ਨੇ ਹੁਣ ਬਿਜਾਈ 28 ਦਸੰਬਰ ਤੋਂ ਪਹਿਲਾਂ-ਪਹਿਲਾਂ ਕਰਨੀ ਹੈ ਉਨ੍ਹਾਂ ਨੂੰ ਆਈ. ਸੀ. ਏ. ਆਰ.-ਭਾਰਤੀ ਖੇਤੀ ਖੋਜ ਸੰਸਥਾਨ ਦੇ ਬਰੀਡਰ ਡਾ: ਰਾਜਬੀਰ ਯਾਦਵ ਐਚ ਡੀ 3117 ਕਿਸਮ ਬੀਜਣ ਦੀ ਸਲਾਹ ਦਿੰਦੇ ਹਨ। ਜਿਨ੍ਹਾਂ ਕਿਸਾਨਾਂ ਨੇ ਇਸ ਤੋਂ ਵੀ ਬਾਅਦ ਜਨਵਰੀ ਦੇ ਸ਼ੁਰੂ ਤੱਕ ਬਿਜਾਈ ਕਰਨੀ ਹੈ ਉਨ੍ਹਾਂ ਦੇ ਲਈ ਕੇਵਲ ਡਬਲਿਊ ਆਰ 544 ਕਿਸਮ ਹੈ। ਇਸ ਕਿਸਮ ਨੂੰ ਬੀਜ ਕੇ ਉਤਪਾਦਕਾਂ ਨੂੰ ਪੀਲੀ ਕੁੰਗੀ 'ਤੇ ਕਾਬੂ ਦੇ ਯਤਨ ਕਰਨੇ ਪੈਣਗੇ। ਪੰਜਾਬ ਸਰਕਾਰ ਨੇ ਇਸ ਵਾਰ ਕਣਕ ਦੀ ਕਾਸ਼ਤ ਥੱਲੇ ਰਕਬਾ ਘਟਾ ਕੇ 34 ਕੁ ਲੱਖ ਹੈਕਟੇਅਰ 'ਤੇ ਲਿਆਉਣ ਦਾ ਟੀਚਾ ਰੱਖਿਆ ਹੈ। ਪਿਛਲੇ ਸਾਲ 34.70 ਲੱਖ ਹੈਕਟੇਅਰ 'ਤੇ ਕਣਕ ਦੀ ਬਿਜਾਈ ਹੋਈ ਸੀ।
ਪੰਜਾਬ ਸਰਕਾਰ ਵਲੋਂ ਬਣਾਈ ਗਈ ਫ਼ਸਲੀ ਵਿਭਿੰਨਤਾ ਯੋਜਨਾ ਸਾਉਣੀ 'ਚ ਝੋਨੇ ਦੀ ਕਾਸ਼ਤ ਥੱਲਿਓਂ 12 ਲੱਖ ਹੈਕਟੇਅਰ ਰਕਬਾ ਘਟਾਉਣ ਲਈ ਯੋਜਨਾਬੱਧ ਹੈ। ਝੋਨੇ ਦੀ ਕਾਸ਼ਤ ਘਟਾਉਣ ਦੀ ਲੋੜ ਤਾਂ ਹੈ ਹੀ ਕਿਉਂਕਿ ਇਸ ਨਾਲ ਜ਼ਮੀਨ ਥੱਲੇ ਪਾਣੀ ਦੀ ਸਤਹਿ ਦੇ ਗਿਰ ਜਾਣ ਅਤੇ ਪ੍ਰਦੂਸ਼ਣ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋਈਆਂ ਹਨ। ਰਾਜ ਦੇ ਕਈ ਜ਼ਿਲ੍ਹਿਆਂ ਵਿਚ ਕੋਈ ਹੋਰ ਟਿਊਬਵੈੱਲ ਲੱਗਣ ਦੀ ਗੁੰਜਾਇਸ਼ ਨਹੀਂ ਰਹੀ। ਪਰੰਤੂ ਕਣਕ ਨੂੰ ਤਾਂ ਦੂਜੀਆਂ ਹਾੜ੍ਹੀ 'ਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਪਾਣੀ ਦੀ ਕੋਈ ਬਹੁਤੀ ਲੋੜ ਨਹੀਂ। ਕੇਂਦਰ ਕਣਕ ਭੰਡਾਰ 'ਚ ਯੋਗਦਾਨ ਪਾਉਣ ਲਈ ਵੀ ਪੰਜਾਬ ਮੋਹਰੀ ਸੂਬਾ ਰਿਹਾ ਹੈ। ਭਾਵੇਂ ਹੁਣ ਇਹ ਦਰਜਾ ਲੈਣ ਲਈ ਮੱਧ ਪ੍ਰਦੇਸ਼ ਜਿਹੇ ਰਾਜ ਅੱਗੇ ਆ ਰਹੇ ਹਨ। ਮੱਧ ਪ੍ਰਦੇਸ਼ 'ਚ ਪੈਦਾ ਕੀਤੀ ਜਾ ਰਹੀ ਕਣਕ ਦੀ ਗੁਣਵੱਤਾ ਵੀ ਵਧੇਰੇ ਹੈ। ਅੰਨ ਸੁਰੱਖਿਆ ਥੱਲੇ ਹਰ ਇੱਕ ਵਿਅਕਤੀ ਨੂੰ ਅੰਨ ਮੁਹੱਈਆ ਕਰਨ ਦੀ ਨੀਤੀ ਵਜੂਦ 'ਚ ਲਿਆਉਣ ਨਾਲ ਦੇਸ਼ 'ਚ ਕਣਕ ਦੀ ਲੋੜ ਵੀ ਵੱਧ ਜਾਣੀ ਹੈ। ਖੇਤੀਬਾੜੀ ਵਿਭਾਗ ਵਲੋਂ ਫ਼ਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਕਣਕ ਦੀ ਥਾਂ ਐਗਰੋ-ਫੋਰੈਸਟਰੀ (ਜੰਗਲਾਤ) ਅਤੇ ਦਾਲਾਂ, ਤੇਲ ਬੀਜਾਂ ਆਦਿ ਜਿਹੀਆਂ ਫ਼ਸਲਾਂ ਥੱਲੇ ਰਕਬਾ ਵਧਾੳਣ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਹਲਕੀਆਂ ਜ਼ਮੀਨਾਂ ਤੋਂ ਇਲਾਵਾ ਦੂਜੀਆਂ ਭਾਰੀ ਉਪਜਾਊ ਜ਼ਮੀਨਾਂ 'ਤੇ ਕੀ ਇਨ੍ਹਾਂ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਣਕ ਦੇ ਮੁਕਾਬਲੇ ਲਾਹੇਵੰਦ ਹੋਵੇਗੀ? ਵਿਸ਼ੇਸ਼ ਕਰਕੇ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਇਨ੍ਹਾਂ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਕੋਈ ਬਹੁਤਾ ਤਜਰਬਾ ਵੀ ਨਾ ਹੋਵੇ ਅਤੇ ਲੇਬਰ ਬੜੀ ਮਹਿੰਗੀ ਅਤੇ ਘੱਟ ਉਪਲੱਬਧ ਹੋਵੇ। ਕੇਂਦਰ ਵਲੋਂ ਅੰਨ ਸੁਰੱਖਿਆ ਪ੍ਰੋਗਰਾਮ ਥੱਲੇ ਦਿੱਤੀ ਸਬਸਿਡੀ ਦੀ ਰਕਮ ਵਰਤ ਕੇ ਕਣਕ ਦੇ ਬੀਜ ਸਬਸਿਡੀ 'ਤੇ ਦਿੱਤੇ ਜਾਣਾ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਕਣਕ ਉਤਪਾਦਨ ਵਧਾਉਣ ਦੀ ਲੋੜ ਹੈ। ਭਾਵੇਂ ਪੰਜਾਬ 'ਚ ਹੁਣ ਇਸ ਸਕੀਮ ਥੱਲੇ ਕਣਕ ਦੇ ਬੀਜਾਂ 'ਤੇ ਸਬਸਿਡੀ ਦੇਣ ਦੀ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ, ਕਿਉਂਕਿ ਜਿਨ੍ਹਾਂ ਕਿਸਮਾਂ ਦੇ ਬੀਜ ਸਬਸਿਡੀ 'ਤੇ ਦਿੱਤੇ ਜਾ ਰਹੇ ਹਨ ਉਹ ਤਾਂ ਲਗਪਗ ਸਬਸਿਡੀ 'ਤੇ ਦਿੱਤੇ ਜਾ ਰਹੇ ਭਾਅ 'ਤੇ ਖੁੱਲ੍ਹੀ ਮੰਡੀ 'ਚ ਉਪਲਬੱਧ ਹੋ ਜਾਂਦੇ ਹਨ। ਫੇਰ ਇਹ ਕਿਸਮਾਂ ਹੁਣ ਆਮ ਕਿਸਾਨਾਂ ਨੇ ਅਪਣਾ ਲਈਆਂ ਹਨ।
ਸਬਸਿਡੀ 'ਤੇ ਦਿੱਤੇ ਜਾਣ ਵਾਲੇ ਕਣਕ ਦੇ ਬੀਜ ਦੀ ਇਸ ਸਾਲ ਯੋਗ ਵੰਡ ਵੀ ਨਹੀਂ ਹੋਈ। ਕਿਸਾਨਾਂ ਦੇ ਖ਼ਾਤਿਆਂ ਵਿਚ ਸਬਸਿਡੀ ਦੀ ਰਕਮ ਜਮ੍ਹਾਂ ਕਰਾਉਣ ਦੀ ਨੀਤੀ ਅਪਨਾਉਣ ਨਾਲ ਕਈ ਛੋਟੇ ਕਿਸਾਨ ਖੱਜਲ-ਖੁਆਰ ਹੁੰਦੇ ਫਿਰਦੇ ਹਨ। ਸਹੀ ਯੋਜਨਾਬੰਦੀ ਨਾ ਹੋਣ ਕਾਰਨ ਕਈ ਥਾਵਾਂ 'ਤੇ ਇਹ ਬੀਜ ਖਾਣ ਲਈ ਕਣਕ ਦੇ ਤੌਰ 'ਤੇ ਵਰਤਿਆ ਗਿਆ। ਕਿਸਾਨਾਂ ਦਰਮਿਆਨ ਇਹ ਵੀ ਚਰਚਾ ਹੈ ਕਿ ਬੀਜਾਂ 'ਤੇ ਇਹ ਸਬਸਿਡੀ ਛੋਟੇ ਕਿਸਾਨਾਂ ਜਾਂ ਉਤਪਾਦਨ ਵਧਾਉਣ ਦੇ ਮੰਤਵ ਨਾਲ ਨਹੀਂ, ਸਗੋਂ ਸਰਕਾਰੀ ਸੰਸਥਾਵਾਂ ਦੇ ਬੀਜ ਦੀ ਵਿਕਰੀ ਕਰਵਾਉਣ ਲਈ ਸਹਾਇਤਾ ਵਜੋਂ ਦਿੱਤੀ ਜਾ ਰਹੀ ਹੈ। ਲੋੜ ਹੈ ਭਵਿੱਖ 'ਚ ਇਸ ਸਕੀਮ ਨੂੰ ਕਿਸਾਨ-ਹਿੱਤ ਤੇ ਨਿਪੁੰਨ ਬਣਾਉਣ ਦੀ। ਅੰਨ ਸੁਰੱਖਿਆ ਪ੍ਰੋਗਰਾਮ ਥੱਲੇ ਕੇਂਦਰ ਤੋਂ ਦਿੱਤੀ ਜਾ ਰਹੀ ਇਹ ਰਕਮ ਕਿਉਂ ਨਾ ਖੇਤੀ ਖੋਜ ਮਜ਼ਬੂਤ ਕਰਨ 'ਤੇ ਖਰਚ ਕੀਤੀ ਜਾਏ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇ। ਕਿਸਾਨਾਂ ਦੀ ਮੁੱਖ ਮੰਗ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨ ਦੀ ਹੈ।
ਪੰਜਾਬ ਵਿਚ ਝੋਨਾ-ਬਾਸਮਤੀ ਕਣਕ ਦਾ ਫ਼ਸਲੀ ਚੱਕਰ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਨੇੜੇ ਭਵਿੱਖ 'ਚ ਇਸ ਫ਼ਸਲੀ ਚੱਕਰ ਥੱਲੇ ਰਕਬਾ ਘਟਣ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਝੋਨੇ ਦੀ ਕਾਸਤ ਥੱਲੇ ਰਕਬਾ ਘਟਾਉਣ ਦੀ ਲੋੜ ਜ਼ਰੂਰ ਹੈ। ਪਰ ਇਹ ਆਏ ਸਾਲ ਵੱਧ ਰਿਹਾ ਹੈ। ਝੋਨੇ ਦੀ ਕਾਸ਼ਤ 30 ਲੱਖ ਹੈਕਟੇਅਰ ਰਕਬੇ ਤੋਂ ਟੱਪ ਚੁੱਕੀ ਹੈ। ਟਿਊਬਵੈੱਲਾਂ ਲਈ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੀ ਸਹਾਇਤਾ, ਨਵੀਆਂ ਲਾਹੇਵੰਦ ਕਿਸਮਾਂ ਦਾ ਵਿਕਾਸ ਝੋਨੇ ਦੀ ਕਾਸ਼ਤ ਪ੍ਰਤੀ ਕਿਸਾਨਾਂ ਦੀ ਰੁਚੀ ਨੂੰ ਹੋਰ ਮਜ਼ਬੂਤ ਕਰਦੇ ਹਨ। ਫਿਰ ਝੋਨੇ ਦੀ ਉਤਪਾਦਕਤਾ ਵੀ ਵੱਧ ਰਹੀ ਹੈ। ਇਸ ਸਾਲ ਪੰਜਾਬ ਨੇ ਕੇਂਦਰ ਵਲੋਂ ਜਨਤਕ ਪ੍ਰਣਾਲੀ ਲਈ ਭਾਰਤ ਦੇ ਸਾਰੇ ਰਾਜਾਂ ਤੋਂ ਖਰੀਦੇ ਜਾਣ ਵਾਲੀ ਝੋਨੇ ਦੀ ਮਾਤਰਾ ਵਿਚ 51 ਪ੍ਰਤੀਸ਼ਤ ਤੱਕ ਯੋਗਦਾਨ ਪਾਇਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਇਸ ਦੇ ਮੰਡੀਕਰਨ ਲਈ ਕੀਤੇ ਗਏ ਸਫ਼ਲ ਉਪਰਾਲੇ ਕਿਸਾਨਾਂ ਨੂੰ ਹੋਰ ਵੀ ਝੋਨੇ ਦੀ ਕਾਸ਼ਤ ਲਈ ਉਤਸ਼ਾਹਿਤ ਕਰਨਗੇ। ਝੋਨੇ ਦੀ ਰਹਿੰਦ-ਖੂੰਹਦ ਤੇ ਪਰਾਲੀ ਦੇ ਸਾੜਨ ਤੋਂ ਜੋ ਪ੍ਰਦੂਸ਼ਣ ਦੀ ਸਮੱਸਿਆ ਹੈ ਪੰਜਾਬ ਸਰਕਾਰ ਨੇ ਉਸ ਲਈ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਵਿਸ਼ਵਾਜੀਤ ਖੰਨਾ ਅਨੁਸਾਰ 7100 ਕਰੋੜ ਰੁਪਏ ਦੀ ਮੰਗ ਕੀਤੀ ਹੈ, ਜਿਸ ਨਾਲ ਕਿਸਾਨਾਂ ਨੂੰ ਯੋਗ ਮਸ਼ੀਨਰੀ, ਬੋਨਸ ਅਤੇ ਫਾਲਤੂ ਕੀਤੇ ਜਾਣ ਵਾਲੇ ਖ਼ਰਚ ਦੀ ਤਲਾਫ਼ੀ ਕੀਤੀ ਜਾਵੇਗੀ। ਕਿਸਾਨਾਂ ਨੇ ਕਣਕ ਅਤੇ ਝੋਨੇ ਦੀ ਥਾਂ ਕਈ ਹੋਰ ਫ਼ਸਲਾਂ ਦੀ ਕਾਸ਼ਤ ਦੀ ਅਜਮਾਇਸ਼ ਕਰਕੇ ਨੁਕਸਾਨ ਵੀ ਉਠਾਇਆ ਹੈ। ਦੋ ਦਹਾਕੇ ਤੋਂ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੇ ਉਪਰਾਲੇ ਸਰਕਾਰ ਵਲੋਂ ਕੀਤੇ ਜਾ ਰਹੇ ਹਨ ਪਰ ਕੋਈ ਸਫ਼ਲਤਾ ਪ੍ਰਾਪਤ ਨਹੀਂ ਹੋਈ। ਕਿਸਾਨਾਂ ਨੂੰ ਜਿਸ ਫ਼ਸਲੀ ਚੱਕਰ ਤੋਂ ਵਧੇਰੇ ਆਮਦਨ ਉਪਲਬੱਧ ਹੈ ਉਹੀ ਕਰਾਪਿੰਗ ਪੈਟਰਨ ਉਨ੍ਹਾਂ ਵਲੋਂ ਅਪਣਾਇਆ ਜਾਵੇਗਾ। ਫ਼ਸਲੀ ਵਿਭਿੰਨਤਾ ਲਈ ਕਾਗਜ਼ੀ ਘੋੜੇ ਦੜਾਉਣ ਦੀ ਬਜਾਏ ਸਰਕਾਰ ਵਲੋਂ ਅਮਲੀ ਯੋਜਨਾ ਬਣਾ ਕੇ ਕਿਸਾਨਾਂ ਤੋਂ ਅਪਨਾਉਣ ਦੀ ਲੋੜ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਹੋਣਾ ਚਾਹੀਦਾ ਹੈ। ਪੰਜਾਬ ਖੇਤੀ ਯੂਨੀਵਰਸਿਟੀ ਦੇ ਨਾਮਵਰ ਚੌਲਾਂ ਦੇ ਸੀਨੀਅਰ ਬ੍ਰੀਡਰ ਡਾ: ਗੁਰਜੀਤ ਸਿੰਘ ਮਾਂਗਟ ਨੂੰ ਪਦ-ਉੱਨਤ ਕਰਕੇ ਜੈਨੈਟਿਕਸ ਅਤੇ ਪਲਾਂਟ ਬ੍ਰੀਡਿੰਗ ਵਿਭਾਗ ਦਾ ਮੁਖੀ ਨਿਯਤ ਕਰਨਾ ਝੋਨੇ-ਕਣਕ ਦੇ ਫ਼ਸਲੀ ਚੱਕਰ ਦੀ ਮਜ਼ਬੂਤੀ ਅਤੇ ਇਸ ਦੇ ਭਵਿੱਖ 'ਚ ਵੀ ਲਾਹੇਵੰਦ ਰਹਿਣ ਦੀ ਸੰਭਾਵਨਾ ਦਰਸਾਉਂਦਾ ਹੈ।


-ਮੋਬਾ: 98152-36307

ਹਾੜ੍ਹੀ ਦੇ ਪਿਆਜ਼ ਦੀ ਸਫ਼ਲ ਕਾਸ਼ਤ ਲਈ ਨੁਕਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਨਦੀਨਾਂ ਦੀ ਰੋਕਥਾਮ : ਪਿਆਜ਼ ਦੀਆਂ ਜੜ੍ਹਾਂ ਉਪਲਰੀ ਤਹਿ ਵਿਚ ਹੋਣ ਕਰਕੇ ਅਤੇ ਬੂਟੇ ਸੰਘਣੇ ਹੋਣ ਕਰਕੇ ਸ਼ੁਰੂ ਵਿਚ ਹੀ ਨਦੀਨ ਕੰਟਰੋਲ ਕਰਨਾ ਪੈਂਦਾ ਹੈ। ਜਦੋਂ ਬੂਟੇ ਵਧ ਜਾਣ ਤਾਂ ਗੋਡੀ ਕਰਨੀ ਔਖੀ ਹੋ ਜਾਂਦੀ ਹੈ। ਆਮ ਤੌਰ 'ਤੇ, ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈ. ਸੀ. 750 ਮਿਲੀਲਿਟਰ 200 ਲਿਟਰ ਪਾਣੀ ਵਿਚ ਘੋਲ ਕੇ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕੋ। ਜੇ ਲੋੜ ਪਵੇ ਤਾਂ ਪੌਦੇ ਲਗਾਉਣ ਤੋਂ 45 ਦਿਨ ਬਾਅਦ ਇਕ ਗੋਡੀ ਕਰੋ। ਇਸ ਤੋਂ ਇਲਾਵਾ ਗੋਲ 23.5 ਈ. ਸੀ. (ਆਕਸੀਫ਼ਲੋਰਫੈਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।
ਸਿੰਚਾਈ : ਆਮ ਤੌਰ 'ਤੇ ਪਿਆਜ਼ ਦੀ ਪਾਣੀ ਦੀ ਜ਼ਰੂਰਤ, ਫ਼ਸਲ ਦੇ ਵਾਧੇ, ਮਿੱਟੀ ਦੀ ਕਿਸਮ ਅਤੇ ਮੌਸਮ 'ਤੇ ਨਿਰਭਰ ਕਰਦੀ ਹੈ। ਪਨੀਰੀ ਲਾਉਣ ਤੋਂ ਫੌਰਨ ਬਾਅਦ ਜੜ੍ਹਾਂ ਦੀ ਜ਼ਮੀਨ ਨਾਲ ਪਕੜ ਬਣਾਉਣ ਲਈ ਪਾਣੀ ਦਿਓ। ਇਸ ਤੋਂ ਬਾਅਦ ਮੌਸਮ ਅਨੁਸਾਰ 7-10 ਦਿਨ ਦੇ ਵਕਫ਼ੇ 'ਤੇ ਪਾਣੀ ਲਾਉਂਦੇ ਰਹੋ। ਪਿਆਜ਼ ਨੂੰ 10-15 ਪਾਣੀਆਂ ਦੀ ਲੋੜ ਹੂੰਦੀ ਹੈ। ਜੇਕਰ ਗੰਢੇ ਬਣਨ ਵੇਲੇ ਸੋਕਾ ਲੱਗ ਜਾਵੇ ਤਾਂ ਝਾੜ ਘੱਟ ਜਾਂਦਾ ਹੈ। ਪੁਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਓ ਤਾਂ ਕਿ ਪਿਆਜ਼ ਲੰਮੇ ਸਮੇਂ ਲਈ ਭੰਡਾਰ ਕੀਤਾ ਜਾ ਸਕੇ।
ਪੁਟਾਈ: ਪੰਜਾਬ ਵਿਚ ਮਈ ਮਹੀਨੇ ਪਿਆਜ਼ ਦੀ ਫ਼ਸਲ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜਦੋਂ 50 ਫ਼ੀਸਦੀ ਬੂਟਿਆਂ ਦੀਆਂ ਭੂਕਾਂ ਸੁੱਕ ਕੇ ਡਿੱਗ ਪੈਣ ਤਾਂ ਪਿਆਜ਼ ਦੀ ਪੁਟਾਈ ਕਰੋ। ਪਿਆਜ਼ ਦੀ ਪੁਟਾਈ ਵੇਲੇ ਮੌਸਮ ਖੁਸ਼ਕ ਹੋਣਾ ਜ਼ਰੂਰੀ ਹੈ।
ਪਿਆਜ਼ ਪਕਾਉਣਾ ਅਤੇ ਭੰਡਾਰ ਕਰਨਾ : ਪੁਟਾਈ ਉਪਰੰਤ, 10-15 ਦਿਨ ਤੱਕ ਛਾਂ ਵਿਚ ਪਤਲੀਆਂ ਤਹਿਆਂ ਵਿਚ ਖਿਲਾਰ ਕੇ ਪਿਆਜ਼ ਨੂੰ ਪੱਕਣ ਦਿਓ। ਇਸ ਦੌਰਾਨ ਭੂਕਾਂ ਅਤੇ ਪਿਆਜ਼ ਦੀ ਉਪਰਲੀ ਛਿੱਲੜ ਚੰਗੀ ਤਰ੍ਹਾਂ ਸੁੱਕ ਜਾਂਦੀ ਹੈ। ਫਿਰ 1-2 ਸੈਂਟੀਮੀਟਰ ਭੂਕਾਂ ਰੱਖ ਕੇ ਕੱਟ ਦਿਓ। ਪਤਲੀ ਧੌਣ ਵਾਲੇ ਪਿਆਜ਼ ਨੂੰ ਭੰਡਾਰ ਦੌਰਾਨ ਬਿਮਾਰੀ ਘੱਟ ਲਗਦੀ ਹੈ। ਸੁੱਕੇ ਪਿਆਜ਼ ਭੰਡਾਰ ਵਿਚ ਘੱਟ ਗਲਦੇ ਹਨ ਅਤੇ ਰੰਗ ਵੀ ਬਣਿਆ ਰਹਿੰਦਾ ਹੈ। ਸੁਕਾਉਣ ਉਪਰੰਤ ਪਿਆਜ਼ ਦੀ ਸਫ਼ਾਈ ਅਤੇ ਦਰਜਾਬੰਦੀ ਕਰਕੇ ਮੰਡੀਕਰਨ ਕਰੋ ਜਾਂ ਭੰਡਾਰ ਵੀ ਕਰ ਸਕਦੇ ਹੋ।
ਬਿਮਾਰੀਆਂ
ਪੀਲੇ ਧੱਬੇ : ਬੀਜ ਦੀ ਫ਼ਸਲ ਦੀਆਂ ਡੰਡੀਆਂ ਉੱਪਰ ਗੋਲ ਤੋਂ ਅੰਡਾਕਾਰ ਧੱਬੇ ਪੈ ਜਾਂਦੇ ਹਨ, ਜਿਨ੍ਹਾਂ ਉੱਪਰ ਜਾਮਨੀ ਉੱਲੀ ਪੈਦਾ ਹੋ ਜਾਂਦੀ ਹੈ, ਜਿਹੜੀ ਕਿ ਬਾਅਦ ਵਿਚ ਭੂਰੀ ਦਿਸਣ ਲੱਗ ਪੈਂਦੀ ਹੈ । ਬਿਮਾਰੀ ਵਾਲੀਆਂ ਡੰਡੀਆਂ ਟੁੱਟ ਜਾਂਦੀਆਂ ਹਨ ਅਤੇ ਫ਼ਸਲ ਝੁਲਸੀ ਲੱਗਦੀ ਹੈ। ਇਸ ਦੀ ਰੋਕਥਾਮ ਲਈ ਬੀਜ ਨੂੰ ਬਿਜਾਈ ਤੋਂ ਪਹਿਲਾਂ 3 ਗ੍ਰਾਮ ਥੀਰਮ ਜਾਂ ਕੈਪਟਾਨ ਦਵਾਈ ਇਕ ਕਿਲੋ ਬੀਜ ਨਾਲ ਸੋਧ ਕਰ ਲਵੋ । ਫ਼ਸਲ ਉੱਪਰ ਪ੍ਰਤੀ ਏਕੜ 600 ਗ੍ਰਾਮ ਇੰਡੋਫਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਜਾਂ ਅਲਸੀ ਦਾ ਤੇਲ 200 ਲਿਟਰ ਪਾਣੀ ਵਿਚ ਘੋਲ ਕੇ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ 'ਤੇ ਛਿੜਕੋ । ਇਸ ਤੋਂ ਪਿੱਛੋਂ 10 ਦਿਨ ਦੇ ਵਕਫ਼ੇ 'ਤੇ ਤਿੰਨ ਛਿੜਕਾਅ ਹੋਰ ਕਰੋ।
ਜਾਮਨੀ ਦਾਗ਼ ਪੈਣਾ : ਪੱਤਿਆਂ ਅਤੇ ਫੁੱਲਾਂ ਵਾਲੀ ਨਾੜ ਉੱਪਰ ਜਾਮਨੀ ਰੰਗ ਦੇ ਦਾਗ਼ ਪੈ ਜਾਂਦੇ ਹਨ । ਇਸ ਦਾ ਅਸਰ ਗੰਢਿਆਂ ਅਤੇ ਬੀਜਾਂ ਉੱਪਰ ਵੀ ਪੈਂਦਾ ਹੈ। ਇਸ ਦੇ ਇਲਾਜ ਲਈ ਪੀਲੇ ਧੱਬੇ ਦੀ ਰੋਕਥਾਮ ਵਾਲੀਆਂ ਜ਼ਹਿਰਾਂ ਹੀ ਵਰਤੋ।
ਕੀੜੇ : ਥਰਿੱਪ (ਜੂੰ) : ਪਿਆਜ਼ ਦਾ ਇਹ ਪੀਲੇ ਰੰਗ ਦਾ ਛੋਟਾ ਜਿਹਾ ਕੀੜਾ ਫ਼ਰਵਰੀ ਤੋਂ ਮਈ ਦੇ ਦੌਰਾਨ ਭੂਕਾਂ ਦਾ ਰਸ ਚੂਸ ਕੇ ਚਿੱਟੇ ਦਾਗ਼ ਪੈਦਾ ਕਰਦਾ ਹੈ ਅਤੇ ਫੁੱਲ ਪੈਣ ਸਮੇਂ ਭਾਰੀ ਨੁਕਸਾਨ ਕਰਦਾ ਹੈ । ਇਹ ਕੀੜਾ ਨਜ਼ਰ ਆਉਣ 'ਤੇ 250 ਮਿਲੀਲਿਟਰ ਮੈਲਾਥੀਆਨ 50 ਈ. ਸੀ. 80 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਪਿਆਜ਼ ਦੀ ਸੁੰਡੀ : ਇਸ ਦਾ ਹਮਲਾ ਕੁਝ ਖੇਤਾਂ ਵਿਚ ਜਨਵਰੀ-ਫ਼ਰਵਰੀ ਮਹੀਨਿਆਂ ਵਿਚ ਬਹੁਤ ਹੁੰਦਾ ਹੈ । ਹਮਲੇ ਵਾਲੇ ਬੂਟਿਆਂ ਦੀਆਂ ਭੂਕਾਂ ਕੋਨਿਆਂ ਤੋਂ ਹੇਠਾਂ ਵੱਲ ਨੂੰ ਭੂਰੀਆਂ ਹੋ ਕੇ ਮੁਰਝਾ ਜਾਂਦੀਆਂ ਹਨ । ਪਿਆਜ਼ ਅਤੇ ਭੂਕਾਂ ਜ਼ਮੀਨ ਵਾਲੇ ਪਾਸੇ ਤੋਂ ਢਿੱਲੇ ਪੈ ਜਾਂਦੇ ਹਨ ਅਤੇ ਗਲ ਜਾਂਦੇ ਹਨ । ਇਨ੍ਹਾਂ ਗਲੇ ਹੋਏ ਪਿਆਜ਼ਾਂ ਵਿਚ ਅੱਧਾ ਸੈਂਟੀਮੀਟਰ ਲੰਮੀਆਂ ਸੁੰਡੀਆਂ ਹੁੰਦੀਆਂ ਹਨ, ਜਿਹੜੀਆਂ ਕਿ ਇਕ ਸਿਰੇ ਵਲੋਂ ਤਿੱਖੀਆਂ ਹੁੰਦੀਆਂ ਹਨ। ਇਨ੍ਹਾਂ ਦੀ ਰੋਕਥਾਮ ਲਈ 4 ਕਿਲੋਗ੍ਰਾਮ ਸੇਵਿਨ 4 ਜੀ (ਕਾਰਬਰਿਲ) ਜਾਂ 4 ਕਿਲੋਗ੍ਰਾਮ ਥੀਮਟ 10 ਜੀ (ਫੋਰੇਟ) ਪ੍ਰਤੀ ਏਕੜ ਪਾ ਕੇ ਮਗਰੋਂ ਹਲਕੀ ਜਿਹੀ ਸਿੰਚਾਈ ਕਰ ਦਿਓ? (ਸਮਾਪਤ)


-ਮੋਬਾਈਲ : 99151-35797
ਸਬਜ਼ੀ ਵਿਭਾਗ।

ਹੁਣ ਨਹੀਂ ਪੈਂਦੀ ਪਿੰਡਾਂ 'ਚ ਬਾਜ਼ੀਗਰਾਂ ਦੀ ਬਾਜ਼ੀ

ਅਜੋਕੀ ਤਕਨਾਲੋਜੀ ਤੇ ਪੱਛਮੀ ਸੱਭਿਅਤਾ ਨੇ ਸਾਡੇ ਸਮਾਜ 'ਤੇ ਅਜਿਹਾ ਪ੍ਰਭਾਵ ਪਾਇਆ ਹੈ ਕਿ ਅਸੀਂ ਆਪਣੇ ਵਿਰਸੇ, ਸੱਭਿਆਚਾਰ ਤੇ ਪੇਂਡੂ ਖੇਡਾਂ ਨਾਲੋਂ ਟੁੱਟ ਗਏ ਹਾਂ। ਇਸ ਪ੍ਰਭਾਵ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਾਡੇ ਰਹਿਣ ਸਹਿਣ, ਬੋਲਣ, ਪਹਿਰਾਵੇ ਅਤੇ ਮਨੋਰੰਜਨ ਦੇ ਤਰੀਕੇ ਬਦਲ ਗਏ ਹਨ 'ਤੇ ਅਸੀਂ ਆਪਣੇ ਹੀ ਦੇਸ਼ ਪੰਜਾਬ ਅੰਦਰ ਆਪਣੇ-ਆਪ ਨੂੰ ਬੇਗਾਨਾ ਮਹਿਸੂਸ ਕਰਨ ਲੱਗੇ ਹਾਂ। ਪਿੰਡਾਂ 'ਚ ਖੇਡੀਆਂ ਜਾਣ ਵਾਲੀਆਂ ਮਿਲਵਰਤਨ ਦੀਆਂ ਖੇਡਾਂ ਜਿਵੇਂ ਕਿ ਬਾਂਦਰ ਕਿੱਲ੍ਹਾ, ਖੋ-ਖੋ, ਬਾਰ੍ਹਾਂ-ਬੀਟੀ, ਪਿੱਠੂ, ਲੁਕਣ ਮੀਟੀ ਆਦਿ ਅਲੋਪ ਹੋ ਗਈਆਂ ਹਨ। ਅੱਜ ਦਾ ਬੱਚਾ ਸੁਰਤ ਸੰਭਾਲਦਿਆਂ ਹੀ ਮੋਬਾਈਲ ਫੋਨ ਦੇ ਮੈਦਾਨ 'ਚ ਪੈਰ ਰੱਖ ਰਿਹਾ ਹੈ, ਜਿਸ ਕਰਕੇ ਇਹ ਖੇਡਾਂ ਲਗਪਗ ਖ਼ਤਮ ਹੀ ਹੋ ਗਈਆਂ ਹਨ। ਇਨ੍ਹਾਂ ਖੇਡਾਂ 'ਚੋਂ ਇਕ ਸੀ 'ਬਾਜ਼ੀਗਰਾਂ ਦੀ ਬਾਜ਼ੀ', ਜੋ ਹਰ ਪਿੰਡ 'ਚ ਆਏ 10-15 ਦਿਨਾਂ ਬਾਅਦ ਪੈਂਦੀ ਰਹਿਣੀ ਤੇ ਲੋਕਾਂ ਦਾ ਇਸ ਨੂੰ ਵੇਖਣ ਦਾ ਉਤਸ਼ਾਹ ਆਏ ਦਿਨ ਵਧਦਾ ਰਹਿਣਾ। ਪੁਰਾਣੇ ਵੇਲਿਆਂ 'ਚ ਜਦੋਂ ਕਿਸੇ ਪਿੰਡ ਬਾਜ਼ੀ ਪੈਣੀ ਤਾਂ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ 'ਚ ਪਹੁੰਚਦੇ। ਇਸ ਅਖਾੜੇ 'ਚ ਬਾਜ਼ੀਗਰ ਟੀਮ ਦੇ ਮੈਂਬਰ ਲੋਕਾਂ ਨੂੰ ਆਪਣੀ ਗਰਦਨ ਨਾਲ ਲੋਹੇ ਦਾ ਸਰ੍ਹੀਆ ਮੋੜਣਾ, ਅੱਗ ਦੇ ਗੋਲ ਕੁੰਡਲ 'ਚੋਂ ਲੰਘਣ, ਮੰਜਿਆਂ-ਫੱਟਿਆਂ ਤੋਂ ਛਾਲਾਂ ਲਗਾਉਣੀਆਂ, ਲੋਹੇ ਦੇ ਗੋਲ ਕੜ੍ਹੇ 'ਚੋਂ ਲੰਘਣਾ ਆਦਿ ਕਰਕੇ ਵਿਖਾਉਂਦੇ, ਜਿਸ ਦਾ ਲੋਕ ਬੜੇ ਚਾਅ ਨਾਲ ਆਨੰਦ ਮਾਣਦੇ। ਪਿੰਡ ਅੰਦਰ 2-3 ਦਿਨ ਲਗਾਤਾਰ ਪੈਣ ਵਾਲੀ ਬਾਜ਼ੀ ਟੀਮ ਦਾ ਲੋਕ ਬੇਹੱਦ ਮਾਣ ਸਤਿਕਾਰ ਕਰਦੇ ਸਨ। ਪਿੰਡ ਦੇ ਲੋਕ ਟੀਮ ਦੇ ਮੈਂਬਰਾਂ ਦੇ ਖ਼ਾਣ ਪੀਣ 'ਤੇ ਹੋਰ ਸੁੱਖ-ਸਹੂਲਤਾਂ ਦਾ ਵੀ ਫਿਕਰ ਰੱਖਦੇ ਸਨ। ਜ਼ੋਖਮ ਭਰੀ ਇਹ ਖੇਡ ਜਿਥੇ ਲੋਕਾਂ ਦਾ ਮਨੋਰੰਜਨ ਕਰਦੀ ਸੀ, ਉੱਥੇ ਹੀ ਇਹ ਖੇਡ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਊਣ ਤੇ ਨਸ਼ਿਆਂ ਤੋਂ ਪ੍ਰਹੇਜ਼ ਕਰਨ ਵਰਗੇ ਸੁਨੇਹੇ ਵੀ ਦੇ ਜਾਂਦੀ ਸੀ। ਬਾਜ਼ੀ ਦੇ ਆਖ਼ਰੀ ਦਿਨ ਲੋਕ ਬਾਜ਼ੀਗਰਾਂ ਦੀ ਟੀਮ ਨੂੰ ਯੋਗ ਇਨਾਮ, ਸ਼ਰਧਾ ਅਨੁਸਾਰ ਪੈਸੇ, ਦਾਲਾਂ, ਕਣਕ ਵਗੈਰਾ ਵੀ ਦਿੰਦੇ ਸਨ ਤੇ ਕਈ ਵਾਰ ਤਾਂ ਬਾਜ਼ੀਗਰਾਂ ਦੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਂਦਾ ਸੀ। ਅਜੋਕੀ ਪੀੜ੍ਹੀ ਆਧੁਨਿਕ ਤਕਨੀਕ 'ਚ ਐਨੀ ਮਗਨ ਹੋ ਗਈ ਹੈ ਕਿ ਉਸ ਨੂੰ ਇਨ੍ਹਾਂ ਰਿਵਾਇਤੀ ਖੇਡਾਂ ਦਾ ਭੋਰਾ ਭਰ ਵੀ ਪਤਾ ਨਹੀਂ। ਲੋਕਾਂ ਅੰਦਰ ਅਜਿਹੀਆਂ ਭਾਈਚਾਰਕ ਖੇਡਾਂ ਖੇਡਣ ਜਾਂ ਵੇਖਣ ਦੇ ਘਟਦੇ ਰੁਝਾਨ ਦਾ ਸਿੱਧਾ ਅਸਰ ਲੋਕਾਂ ਦੀ ਮਾਨਸਿਕਤਾ 'ਤੇ ਪੈ ਰਿਹਾ ਹੈ। ਲੋਕਾਂ ਅੰਦਰ ਅੱਜ ਸਹਿਣਸ਼ੀਲਤਾ 'ਤੇ ਮਿਲਵਰਤਨ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ। ਟੋਲੀਆਂ ਬਣਾ ਕੇ ਅਜਿਹੀਆਂ ਵਿਰਾਸਤੀ ਖੇਡਾਂ 'ਚ ਪੁੱਜਣ ਵਾਲੇ ਨੌਜਵਾਨ ਅੱਜ ਹਥਿਆਰਾਂ ਦੀ ਆੜ ਹੇਠਾਂ ਇਕ ਦੂਜੇ ਤੋਂ ਦੂਰੀਆਂ ਵਧਾ ਰਹੇ ਹਨ ਤੇ ਨਫ਼ਰਤ ਦੀ ਭਾਵਨਾ 'ਚ ਦਿਨੋ-ਦਿਨ ਧਸਦੇ ਜਾਂਦੇ ਹਨ। ਮਿਲਵਰਤਨ ਦੀਆਂ ਖੇਡਾਂ ਪ੍ਰਤੀ ਲੋਕਾਂ 'ਚ ਘਟਿਆ ਸ਼ੌਕ ਜਿਥੇ ਮਨੁੱਖ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਰਿਹਾ ਹੈ, ਉਥੇ ਹੀ ਬਾਜ਼ੀਗਰਾਂ ਨੂੰ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਬਦਲਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪਿੰਡਾਂ ਅੰਦਰ ਅਜਿਹੀਆਂ ਰਿਵਾਇਤੀ ਖੇਡਾਂ ਕਰਵਾਈਏ ਤਾਂ ਜੋ ਪੰਜਾਬ ਦੇ ਲੋਕ ਪੁਰਾਣਾ ਪੰਜਾਬ ਮੁੜ ਵੇਖ ਸਕਣ।


- ਪਿੰਡ: ਭੰਗਚੜੀ, ਜ਼ਿਲ੍ਹਾ-ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 95015-08202


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX