ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਲੋਕ ਮੰਚ

ਵਿਦਿਆਰਥੀਆਂ ਨੂੰ ਫ਼ਿਲਮੀ ਜਿਲਦਾਂ ਰਾਹੀਂ ਪਰੋਸੀ

ਵਿਦਿਆਰਥੀਆਂ ਲਈ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ 'ਤੇ 'ਆਦਰਸ਼' ਦੀ ਥਾਂ 'ਅਨੈਤਿਕਤਾ' ਪਰੋਸੀ ਜਾ ਰਹੀ ਹੈ। 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਦਾ ਨਾਅਰਾ ਤਾਂ ਭਾਵੇਂ ਸਕੂਲਾਂ ਦੇ ਮੁੱਖ ਗੇਟਾਂ 'ਤੇ ਲਿਖਿਆ ਮਿਲਦਾ ਹੈ ਪਰ ਇਨ੍ਹਾਂ ਵਿਚ ਪੜ੍ਹਦੇ ਬੱਚਿਆਂ ਦੇ ਬਸਤਿਆਂ ਵਿਚ ਜੋ ਕਾਪੀਆਂ ਹੁੰਦੀਆਂ ਹਨ, ਉਨ੍ਹਾਂ ਦੀਆਂ ਜਿਲਦਾਂ 'ਤੇ ਫ਼ਿਲਮੀ ਅਦਾਕਾਰਾਂ, ਗਾਇਕਾਂ, ਮਾਡਲਾਂ, ਖਿਡਾਰੀਆਂ, ਫ਼ਿਲਮਾਂ ਆਦਿ ਦੀਆਂ ਫੋਟੋ ਛਪੀਆਂ ਹੁੰਦੀਆਂ ਹਨ, ਜੋ ਵਿਦਿਆਰਥੀਆਂ ਦਾ ਮਨ ਪੜ੍ਹਾਈ 'ਚ ਇਕਾਗਰ ਨਹੀਂ ਹੋਣ ਦਿੰਦੀਆਂ। ਕਾਪੀਆਂ ਦੀਆਂ ਜਿਲਦਾਂ 'ਤੇ ਗੀਤਾਂ ਦੇ ਮੁਖੜੇ ਅਤੇ ਸਿਰਲੇਖ ਵੀ ਲਿਖੇ ਹੁੰਦੇ ਹਨ। ਇਨ੍ਹਾਂ ਕਾਪੀਆਂ ਨੂੰ ਆਕਰਸ਼ਕ ਬਣਾਉਣ ਲਈ ਵੱਧ ਤੋਂ ਵੱਧ ਰੰਗ-ਬਿਰੰਗਾ ਅਤੇ ਭੜਕੀਲਾ ਕੀਤਾ ਜਾਂਦਾ ਹੈ। ਇਨ੍ਹਾਂ ਕਾਪੀਆਂ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਪਹਿਚਾਨਣਾ ਔਖਾ ਹੋ ਜਾਂਦਾ ਹੈ ਕਿ ਇਹ ਸਕੂਲੀ ਪਾਠਕ੍ਰਮ ਦੀਆਂ ਕਾਪੀਆਂ ਹਨ ਜਾਂ ਕਿਸੇ ਫ਼ਿਲਮ ਅਤੇ ਗੀਤਾਂ ਵਾਲੀ ਸੀ.ਡੀ. ਦਾ ਕਵਰ ਪੇਜ਼ ਹੈ। ਮਨੋਵਿਸ਼ਲੇਸ਼ਕਾਂ ਅਨੁਸਾਰ ਸਕੂਲੀ ਕਾਪੀਆਂ ਦਾ ਇਹ 'ਰੂਪ' ਨਾ ਸਿਰਫ ਬਾਲ ਮਨਾਂ ਦੀ 'ਮਨੋਦਿਸ਼ਾ' ਅਤੇ 'ਮਨੋਦਸ਼ਾ' ਨੂੰ ਹੀ ਵਿਗਾੜਦਾ ਹੈ, ਸਗੋਂ ਸਕੂਲਾਂ ਅਤੇ ਘਰਾਂ ਵਿਚ ਪੜ੍ਹਾਈ ਦੇ ਮਾਹੌਲ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਕੂਲੀ ਕਾਪੀਆਂ ਦਾ ਮੌਜੂਦਾ ਰੂਪ ਵਿੱਦਿਅਕ ਮਾਹੌਲ ਦੇ ਅਨੁਕੂਲ ਨਹੀਂ ਹੈ। ਸਕੂਲੀ ਕਾਪੀ 'ਤੇ ਬਣੇ ਗਾਣੇ ਦੇ ਦ੍ਰਿਸ਼ ਦੇਖ ਕੇ ਬੱਚੇ ਆਪਮੁਹਾਰੇ ਉਹੀ ਗਾਣਾ ਗੁਣਗੁਣਾਉਣ ਲੱਗ ਪੈਂਦੇ ਹਨ ਜਾਂ ਫਿਰ ਦਿਮਾਗ ਵਿਚ ਉਸੇ ਗਾਣੇ, ਅਦਾਕਾਰ, ਗਾਇਕ ਆਦਿ ਦੇ ਫ਼ਿਲਮਾਂਕਣ ਬਾਰੇ ਸੋਚਣ ਲੱਗ ਪੈਂਦੇ ਹਨ। ਕਾਪੀਆਂ ਦੇ ਨਿਰਮਾਤਾਵਾਂ ਅਤੇ ਗਾਇਕਾਂ, ਅਦਾਕਾਰਾਂ ਵਲੋਂ ਕੀਤੇ ਵਪਾਰਕ ਸਮਝੌਤੇ ਤਹਿਤ ਹੀ ਕਾਪੀਆਂ ਦੀਆਂ ਅਜਿਹੀਆਂ ਜਿਲਦਾਂ ਤਿਆਰ ਕੀਤੀਆਂ ਜਾਂਦੀਆਂ ਹਨ, ਤਾਂ ਜੋ ਗਾਇਕਾਂ, ਅਦਾਕਾਰਾਂ ਤੇ ਖਿਡਾਰੀਆਂ ਦੀ ਮਸ਼ਹੂਰੀ ਘਰ-ਘਰ ਅਤੇ ਬੱਚੇ-ਬੱਚੇ ਤੱਕ ਹੋ ਜਾਵੇ। ਇਹ ਬੜੀ ਤ੍ਰਾਸਦੀ ਹੈ ਕਿ ਪੰਜਾਬ ਦੇ ਮਹਾਨ ਨਾਇਕਾਂ, ਸੂਰਬੀਰਾਂ, ਯੋਧਿਆਂ, ਦੇਸ਼ਭਗਤਾਂ, ਜਰਨਲ ਨਾਲਿਜ ਦੀਆਂ ਗੱਲਾਂ ਆਦਿ ਨੂੰ ਵਿਸਾਰ ਕੇ ਊਲ-ਜਲੂਲ ਗਾਉਣ ਵਾਲਿਆਂ ਨੂੰ ਵਿਦਿਆਰਥੀਆਂ ਦੇ ਬਸਤਿਆਂ ਅਤੇ ਪੜ੍ਹਨ ਸਮੱਗਰੀ ਵਿਚ ਸ਼ਾਮਲ ਕੀਤਾ ਜਾਂਦਾ ਹੈ, ਜਿਸ 'ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਤਰ੍ਹਾਂ ਦੀਆਂ ਘਟੀਆ ਜਿਲਦਾਂ ਵਾਲੀਆਂ ਕਾਪੀਆਂ ਨਹੀਂ ਖਰੀਦਣੀਆਂ ਚਾਹੀਦੀਆਂ ਤੇ ਨਾ ਹੀ ਅਖਬਾਰਾਂ ਦੇ ਫ਼ਿਲਮੀ ਪੇਜ ਵਾਲੀਆਂ ਜਿਲਦਾਂ ਕਾਪੀਆਂ-ਕਿਤਾਬਾਂ ਆਦਿ 'ਤੇ ਚੜ੍ਹਾਉਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਇਸ ਤਰ੍ਹਾਂ ਦੇ ਕਵਰ ਤਿਆਰ ਕਰਨ ਵਾਲੀਆਂ ਕੰਪਨੀਆਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ, ਤਾਂ ਜੋ ਵਿਦਿਆਰਥੀ 'ਅਨੈਤਿਕਤਾ' ਦੀ ਥਾਂ 'ਤੇ 'ਆਦਰਸ਼' ਵੱਲ ਵਧ ਸਕਣ ਤੇ ਉਨ੍ਹਾਂ ਦੀ ਪੜ੍ਹਾਈ ਤੋਂ ਇਕਾਗਰਤਾ ਭੰਗ ਨਾ ਹੋਵੇ ਅਤੇ ਉਹ ਮਨ ਲਗਾ ਕੇ ਪੜ੍ਹਾਈ ਕਰਦੇ ਹੋਏ ਸਫਲਤਾ ਦੀਆਂ ਪੌੜੀਆਂ ਚੜ੍ਹ ਸਕਣ।

-ਕੰਪਿਊਟਰ ਅਧਿਆਪਕ, ਸ: ਸੀ: ਸੈ: ਸਕੂਲ,
ਰੋੜੀਕਪੂਰਾ (ਫਰੀਦਕੋਟ)। ਜਾ ਰਹੀ ਅਨੈਤਿਕਤਾ


ਖ਼ਬਰ ਸ਼ੇਅਰ ਕਰੋ

ਸਫ਼ਲਤਾ ਅਤੇ ਅਸਫ਼ਲਤਾ ਲਈ ਸਾਡੀ ਸੋਚ ਜ਼ਿੰਮੇਵਾਰ

ਤੁਹਾਡਾ ਮਨ ਹੀ ਤੁਹਾਡੇ ਅੰਦਰ ਸਵਰਗ ਜਾਂ ਨਰਕ ਬਣਦਾ ਹੈ। ਇਹ ਸਭ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਦਿਮਾਗ ਦੀ ਵਰਤੋਂ ਕਿਵੇਂ ਕਰਦੇ ਹੋ। ਤੁਹਾਨੂੰ ਅੰਦਰ ਤਰਸ ਦੀ ਜਗ੍ਹਾ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਤੁਸੀਂ ਜ਼ਿਆਦਾ ਵਧੀਆ ਢੰਗ ਨਾਲ ਜੀਅ ਸਕਦੇ ਹੋ। ਸਾਡੇ ਜੀਵਨ ਦਾ ਉਦੇਸ਼ ਸਿਰਫ਼ ਦਿਨ ਕੱਟਣਾ ਨਹੀਂ, ਸਗੋਂ ਆਤਮਸ਼ਾਂਤੀ ਦੀ ਭਾਲ ਹੈ। ਜਦੋਂ ਜੀਵਨ ਵਿਚ ਸੰਤੁਸ਼ਟੀ ਹੋਵੇਗੀ ਤਾਂ ਅਸਫਲਤਾਵਾਂ ਤੋਂ ਦੁੱਖ ਨਹੀਂ ਹੋਵੇਗਾ। ਜਦੋਂ ਤੁਸੀਂ ਦੂਜਿਆਂ ਨਾਲ ਤੁਲਨਾ ਕਰਦੇ ਹੋ ਤਾਂ ਤੁਹਾਨੂੰ ਆਪਣਾ ਕੱਦ ਹਮੇਸ਼ਾ ਛੋਟਾ ਹੀ ਨਜ਼ਰ ਆਉਂਦਾ ਹੈ, ਕਿਉਂਕਿ ਕੋਈ ਨਾ ਕੋਈ ਅਜਿਹਾ ਵਿਅਕਤੀ ਮਿਲ ਜਾਂਦਾ ਹੈ, ਜੋ ਤੁਹਾਡੇ ਨਾਲੋਂ ਦੌੜ ਵਿਚ ਅੱਗੇ ਖੜ੍ਹਾ ਹੁੰਦਾ ਹੈ। ਖੇਡ ਦੀ ਦੁਨੀਆ ਵਿਚ ਵੀ ਜੋ ਰਿਕਾਰਡ ਬਣੇ ਹਨ, ਉਹ ਇਕ ਨਾ ਇਕ ਦਿਨ ਟੁੱਟਣਗੇ ਹੀ। ਇਸ ਲਈ ਤੁਲਨਾ ਅਜਿਹੀ ਚੀਜ਼ ਹੈ, ਜੋ ਤੁਹਾਨੂੰ ਅਸਫਲਤਾ ਦੇ ਰਸਤੇ 'ਤੇ ਲੈ ਜਾਂਦੀ ਹੈ ਪਰ ਤਰੱਕੀ ਵੱਲ ਵਧਣ ਦਾ ਰਸਤਾ ਵੀ ਇਹੋ ਹੈ। ਜਦੋਂ ਸਾਡੇ ਮਨ ਵਿਚ ਸੋਚ ਰਹਿੰਦੀ ਹੈ ਕਿ ਅਸੀਂ ਅਸਫਲ ਹੋ ਗਏ ਹਾਂ ਤਾਂ ਸਮਝੋ ਕਿ ਤੁਸੀਂ ਅਸਫਲ ਹੋਏ, ਨਹੀਂ ਤਾਂ ਤੁਸੀਂ ਜਿਥੇ ਵੀ ਹੋ, ਉਹੋ ਤੁਹਾਡੀ ਸਫਲਤਾ ਹੈ।
ਅਸਲ ਵਿਚ ਮਨ ਬੰਧਨ ਜਾਂ ਆਜ਼ਾਦੀ ਨੂੰ ਜਨਮ ਨਹੀਂ ਦਿੰਦਾ, ਸਗੋਂ ਉਹ ਤਾਂ ਇਕ ਭਾਂਡਾ ਹੈ, ਜਿਸ ਵਿਚ ਤੁਸੀਂ ਜੋ ਵੀ ਪਾਓਗੇ, ਉਹ ਉਸੇ ਤਰ੍ਹਾਂ ਉਸ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਦਾਹਰਨ ਵਜੋਂ ਇਕ ਚਾਕੂ ਦੀ ਤੁਸੀਂ ਗ਼ਲਤ ਢੰਗ ਨਾਲ ਵਰਤੋਂ ਕਰਦੇ ਹੋ ਤਾਂ ਉਹ ਖ਼ਤਰਨਾਕ ਹੈ ਅਤੇ ਜੇ ਸਿਆਣਪ ਨਾਲ ਵਰਤੋਂ ਕਰਦੇ ਹੋ ਤਾਂ ਉਹ ਉਪਯੋਗੀ ਹੈ। ਜੇ ਤੁਹਾਡਾ ਸਾਹਮਣਾ ਗੁੱਸੇ ਨਾਲ ਹੁੰਦਾ ਹੈ ਤਾਂ ਤੁਸੀਂ ਵੀ ਗੁੱਸੇ ਵਿਚ ਆ ਜਾਂਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਅਜੇ ਤੁਹਾਨੂੰ ਆਪਣੇ ਮਨ ਨੂੰ ਸੇਧ ਦੇਣ ਦੀ ਬਹੁਤ ਲੋੜ ਹੈ। ਕਿਸੇ ਵੀ ਚੁਣੌਤੀ ਦੇ ਸਾਹਮਣੇ ਪੇਸ਼ ਆਉਣ ਦਾ ਤਰੀਕਾ ਹੀ ਤਾਂ ਤਜਰਬਾ ਹੈ। ਕਿਸੇ ਵੀ ਸਥਿਤੀ ਦਾ ਮੁਕਾਬਲਾ ਤੁਸੀਂ ਆਪਣੇ ਵਿਚਾਰਾਂ ਨਾਲ ਕਰਦੇ ਹੋ ਅਤੇ ਇਸ 'ਤੇ ਪਹਿਲਾਂ ਦੀਆਂ ਘਟਨਾਵਾਂ ਦਾ ਬੜਾ ਅਸਰ ਹੁੰਦਾ ਹੈ। ਜੇ ਤੁਸੀਂ ਮਨ ਨੂੰ ਵੀ ਇਸੇ ਤਰ੍ਹਾਂ ਗ਼ਲਤ ਦਿਸ਼ਾ ਵੱਲ ਲਾਉਂਦੇ ਹੋ ਤਾਂ ਦੁੱਖ ਹੀ ਪੈਦਾ ਹੋਵੇਗਾ ਪਰ ਜੇ ਤੁਸੀਂ ਮਨ ਨੂੰ ਸਹੀ ਦਿਸ਼ਾ ਵੱਲ ਲਿਜਾਂਦੇ ਹੋ ਤਾਂ ਤੁਹਾਡਾ ਜੀਵਨ ਬਿਹਤਰ ਹੋਵੇਗਾ। ਇਸ ਲਈ ਜਦੋਂ ਤੁਸੀਂ ਪੁਰਾਣੀਆਂ ਘਟਨਾਵਾਂ ਦੇ ਆਧਾਰ 'ਤੇ ਹੀ ਭਵਿੱਖ ਵਿਚ ਵੀ ਵਤੀਰਾ ਕਰਦੇ ਹੋ ਤਾਂ ਤੁਸੀਂ ਕੁਝ ਵੀ ਨਵਾਂ ਨਹੀਂ ਸਿੱਖਦੇ।

-ਬੀ.ਏ. (ਭਾਗ-1), ਪੱਤਰਕਾਰੀ ਵਿਭਾਗ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।

ਪਿੰਡਾਂ ਵਿਚ ਵਧ ਰਹੀ ਧੜੇਬਾਜ਼ੀ ਬਣੀ ਚਿੰਤਾ ਦਾ ਵਿਸ਼ਾ

ਵੋਟ ਪਾਉਣਾ ਹਰ ਇਕ ਮਨੁੱਖ ਦਾ ਅਧਿਕਾਰ ਹੈ। ਹਰ ਪੰਜ ਸਾਲ ਬਾਅਦ ਭਾਵੇਂ ਉਹ ਸਰਪੰਚੀ ਦੀਆਂ ਵੋਟਾਂ ਹੋਣ ਆਦਿ ਵਿਚ ਇਨ੍ਹਾਂ ਵੋਟਾਂ ਕਰਕੇ ਪਿੰਡਾਂ ਵਿਚ ਦਿਨ-ਬ-ਦਿਨ ਵਧਦੀ ਜਾ ਰਹੀ ਧੜੇਬਾਜ਼ੀ ਪਿੰਡਾਂ ਦੀ ਤਰੱਕੀ ਵਿਚ ਰੁਕਾਵਟ ਬਣ ਚੁੱਕੀ ਹੈ, ਜੋ ਕਿ ਪਿੰਡਾਂ ਦੇ ਭਵਿੱਖ ਲਈ ਇਕ ਚਿੰਤਾ ਦਾ ਵਿਸ਼ਾ ਹੈ। ਵਰਤਮਾਨ ਸਮੇਂ ਪੰਜਾਬ ਦੇ ਜ਼ਿਆਦਾਤਰ ਅਜਿਹੇ ਪਿੰਡ ਹਨ, ਜਿਨ੍ਹਾਂ ਵਿਚ ਹਰ ਇਕ ਪਾਰਟੀ ਦੇ ਦੋ-ਤਿੰਨ ਗਰੁੱਪ ਬਣੇ ਹੋਏ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਇਸ ਗੱਲ ਦਾ ਸਬੂਤ ਸਾਨੂੰ ਅਖਬਾਰਾਂ ਵਿਚ ਛਪੀਆਂ ਖਬਰਾਂ ਤੋਂ ਮਿਲ ਜਾਵੇਗਾ, ਕਿਉਂਕਿ ਕਈ ਪਿੰਡਾਂ ਵਿਚ ਵੋਟਾਂ ਵਾਲੇ ਦਿਨ ਵਰਤਮਾਨ ਸਮੇਂ ਪੰਜਾਬੀ ਗੀਤਾਂ ਵਿਚ ਚੱਲਦੀਆਂ ਕਿਰਪਾਨਾਂ, ਡੰਡੇ, ਬੰਦੂਕਾਂ, ਗੋਲੀਆਂ ਆਦਿ ਤੋਂ ਇਲਾਵਾਂ ਇੱਟਾਂ, ਰੋੜੇ, ਪੱਥਰ ਆਦਿ ਚੱਲਦੇ ਹਨ। ਇਸ ਧੜੇਬਾਜ਼ੀ ਕਰਕੇ ਕਈ ਹੱਸਦੇ-ਵਸਦੇ ਪਰਿਵਾਰਾਂ ਦੇ ਜੀਅ ਇਸ ਸੰਸਾਰ ਤੋਂ ਸਦਾ ਲਈ ਚਲੇ ਗਏ। ਪਰ ਫਿਰ ਵੀ ਲੋਕਾਂ ਵਿਚ ਧੜੇਬਾਜ਼ੀ ਦਿਨ-ਬਦਿਨ ਵਧਦੀ ਜਾ ਰਹੀ ਹੈ। ਪਿੰਡਾਂ ਵਿਚ ਧੜੇਬਾਜ਼ੀ ਵਧਣ ਨਾਲ ਲੋਕਾਂ ਵਿਚ ਭਾਈਚਾਰਕ ਸਾਂਝ ਟੁੱਟਦੀ ਨਜ਼ਰ ਆ ਰਹੀ ਹੈ। ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਇਹ ਧੜੇਬਾਜ਼ੀਆਂ ਖਤਮ ਕਰਨੀਆਂ ਅਤਿ ਜ਼ਰੂਰੀ ਹਨ। ਇਨ੍ਹਾਂ ਕਰਕੇ ਪਿੰਡ ਦਾ ਪੁਰਾਤਨ ਢਾਂਚਾ ਦਿਨ-ਬ-ਦਿਨ ਵਿਗੜਦਾ ਹੀ ਜਾ ਰਿਹਾ ਹੈ। ਇਨ੍ਹਾਂ ਧੜੇਬਾਜ਼ੀਆਂ ਕਰਕੇ ਹੀ ਪਿੰਡਾਂ ਵਿਚ ਧਾਰਮਿਕ ਸਥਾਨ ਦਿਨ-ਬਦਿਨ ਵਧਦੇ ਜਾ ਰਹੇ ਹਨ। ਅਸੀਂ ਅੱਜ ਤੱਕ ਕਿਸੇ ਸਿਆਸੀ ਲੀਡਰ ਦੇ ਮੂੰਹੋਂ ਇਹ ਨਹੀਂ ਸੁਣਿਆ ਹੋਵੇਗਾ ਕਿ ਤੁਸੀਂ ਪਿੰਡ ਵਿਚ ਧੜੇਬਾਜ਼ੀ ਨੂੰ ਤਿਆਗ ਦਿਓ, ਸਗੋਂ ਇਹ ਲੀਡਰ ਜਦੋਂ ਪਿੰਡਾਂ ਵਿਚ ਆਉਂਦੇ ਹਨ ਤਾਂ ਇਸ ਗੱਲ 'ਤੇ ਲੜਾਈ ਹੁੰਦੀ ਹੈ ਕਿ ਲੀਡਰ ਪਹਿਲਾਂ ਸਾਡੇ ਕੀਤੇ ਭਾਰੀ ਇਕੱਠ ਵਿਚ ਸ਼ਾਮਿਲ ਹੋਵੇ। ਹਾਲਾਂਕਿ ਉਸ ਇਕੱਠ ਵਿਚ ਇਕ ਪਾਰਟੀ ਦੇ ਵਰਕਰ ਨਹੀਂ ਹੁੰਦੇ, ਪਿੰਡ ਵਿਚ ਸਾਰੀਆਂ ਪਾਰਟੀਆਂ ਦੇ ਵਰਕਰ ਮੌਜੂਦ ਹੁੰਦੇ ਹਨ। ਕਈ ਵਿਚਾਰੇ ਚਿੱਟੇ ਕੁੜਤੇ ਪਾ ਕੇ ਇਨ੍ਹਾਂ ਚਿੱਟ ਕੱਪੜਿਆਂ ਨਾਲ ਫੋਟੋਆਂ ਖਿਚਵਾ ਕੇ ਆਪਣੇ-ਆਪ ਨੂੰ ਲੀਡਰ ਹੋਣ ਦਾ ਭਰਮ ਪਾਲ ਬੈਠਦੇ ਹਨ। ਅੰਤ ਵਿਚ ਪੰਜਾਬ ਦੇ ਵਿਧਾਇਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਬਣਦੀ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਦਿਨ-ਬਦਿਨ ਵਧਦੀ ਜਾ ਰਹੀ ਧੜੇਬਾਜ਼ੀ ਜੋ ਇਕ ਭਿਆਨਕ ਤੇ ਨਾਮੁਰਾਦ ਬਿਮਾਰੀ ਵਾਂਗ ਆਪਣੀਆਂ ਜੜ੍ਹਾਂ ਫੈਲਾਅ ਰਹੀ ਹੈ, ਇਸ ਭਿਆਨਕ ਸਮੱਸਿਆ ਨੂੰ ਨੱਥ ਪਾ ਕੇ ਆਪਣਾ ਸਮਾਜ ਪ੍ਰਤੀ ਨੈਤਿਕ ਬਣਦਾ ਫਰਜ਼ ਨਿਭਾਉਣ, ਤਾਂ ਹੀ ਪੰਜਾਬ ਦੇ ਵਿਗੜ ਰਹੇ ਸਮਾਜਿਕ ਢਾਂਚੇ ਤੇ ਭਾਈਚਾਰਕ ਸਾਂਝ ਨੂੰ ਖਤਮ ਹੋਣ ਤੋਂ ਰੋਕਿਆ ਜਾ ਸਕਦਾ ਹੈ।

-ਖੋਜਾਰਥੀ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 98722-24128

ਸਰਕਾਰੀ ਭਲਾਈ ਸਕੀਮਾਂ ਦਾ ਫੇਲ੍ਹ ਹੋਣਾ ਭਵਿੱਖ ਲਈ ਵੱਡਾ ਖ਼ਤਰਾ

ਹਰ ਵਾਰ ਰਾਜ ਸਰਕਾਰਾਂ ਵਲੋਂ ਚੋਣਾਂ ਸਮੇਂ ਸਿੱਖਿਆ, ਸਿਹਤ ਅਤੇ ਭਲਾਈ ਸਕੀਮਾਂ ਐਲਾਨੀਆਂ ਤਾਂ ਜਾਂਦੀਆ ਰਹੀਆਂ ਪਰ ਬਹੁਤੀਆਂ ਚੋਣ ਜੁਮਲੇ ਹੀ ਬਣ ਕੇ ਰਹਿ ਗਈਆਂ, ਅਸਲ ਤੌਰ 'ਤੇ ਅਮਲੀ ਜਾਮੇ ਵਿਚ ਨਹੀਂ ਉੱਤਰ ਸਕੀਆਂ। ਜੋ ਕੁਝ ਉੱਤਰੀਆਂ ਉਨ੍ਹਾਂ ਵਿਚੋਂ ਬਹੁਤੀਆਂ ਅਸਫਲਤਾ ਨੂੰ ਪ੍ਰਾਪਤ ਹੋ ਗਈਆਂ। ਪੰਜਾਬ ਵਿਚ ਵੀ ਭਵਿੱਖ ਦੀ ਨੀਂਹ ਸਮਝੀ ਜਾਂਦੀ ਪ੍ਰਾਇਮਰੀ ਪੱਧਰ ਦੀ ਸਿੱਖਿਆ ਦਾ ਢਾਂਚਾ ਮੌਜੂਦਾ ਸਮੇਂ ਵਿਚ ਕਾਫ਼ੀ ਡਾਵਾਂਡੋਲ ਹਾਲਤ ਵਿਚ ਚੱਲ ਰਿਹਾ ਹੈ, ਕਿਉਂਕਿ ਬਹੁਤੇ ਸਕੂਲ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣ ਦੀ ਆਸ ਦੀ ਜਦੋ-ਜਹਿਦ ਵਿਚ ਸਮਾਂ ਲੰਘਾਅ ਰਹੇ ਹਨ। ਜੇਕਰ ਅਜਿਹੀਆਂ ਸਾਰੀਆਂ ਹੀ ਸਰਕਾਰੀ ਸੰਸਥਾਵਾਂ ਦੇ ਬੰਦ ਹੋਣ ਦੇ ਕਾਰਨਾਂ ਬਾਰੇ ਘੋਖ ਕੀਤੀ ਜਾਵੇ ਤਾਂ ਇਹ ਕਹਿਣਾ ਕਾਫ਼ੀ ਹੱਦ ਤੱਕ ਸਹੀ ਹੋਵੇਗਾ ਕਿ ਅਜਿਹੇ ਸਕੂਲਾਂ ਜਾਂ ਸੰਸਥਾਵਾਂ ਦੀ ਸਮਾਂ ਰਹਿੰਦੇ ਮੁਸ਼ਕਿਲਾਂ ਨੂੰ ਗੰਭੀਰਤਾ ਅਤੇ ਇਮਾਨਦਾਰੀ ਨਾਲ ਹੱਲ ਕਰਨ ਲਈ ਕਦਮ ਨਹੀਂ ਚੁੱਕੇ ਗਏ, ਪਿਛਲੇ ਦਹਾਕਿਆਂ ਵਿਚ ਬਹੁਤ ਸੰਸਥਾਵਾਂ ਅਜਿਹੀਆਂ ਸਨ, ਜਿਨ੍ਹਾਂ ਨੂੰ ਤਾਲੇ ਲੱਗ ਚੁੱਕੇ ਹਨ। ਸੂਬਾ ਸਰਕਾਰ ਨੇ 20 ਵਿਦਿਆਰਥੀਆਂ ਦੀ ਗਿਣਤੀ ਤੋਂ ਘੱਟ ਵਾਲੇ ਵੱਖ-ਵੱਖ ਜ਼ਿਲ੍ਹਿਆਂ ਦੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਕੇ ਨੇੜਲੇ ਪ੍ਰਾਇਮਰੀ ਸਕੂਲਾਂ ਵਿਚ ਰਲੇਵਾਂ ਕਰਨ ਦਾ ਫ਼ੈਸਲਾ ਲਿਆ ਹੈ, ਜਿਹੜਾ ਕਿ ਕਾਫ਼ੀ ਤੂਲ ਫੜਦਾ ਜਾ ਰਿਹਾ ਹੈ, ਕਿਉਂਕਿ ਇਕ ਪਾਸੇ ਸਰਕਾਰਾਂ ਸਰਕਾਰੀ ਸਕੂਲਾਂ-ਕਾਲਜਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਤਰੀਕੇ ਭਾਲ ਰਹੀਆਂ ਹਨ ਅਤੇ ਦੂਜੇ ਪਾਸੇ ਇਨ੍ਹਾਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਨੂੰ ਕ੍ਰਮਵਾਰ ਯਕੀਨੀ ਤੌਰ 'ਤੇ ਹੱਲ ਕਰਨ ਲਈ ਠੋਸ ਨੀਤੀਆਂ ਦਾ ਗਠਨ ਨਹੀਂ ਕਰ ਰਹੇ। ਮਿਡ-ਡੇ-ਮੀਲ, ਵਜ਼ੀਫ਼ਾ, ਮੁਫਤ ਵਰਦੀ, ਕਿਤਾਬਾਂ, ਸਾਈਕਲਾਂ, ਮੁਫ਼ਤ ਸਕੂਟਰੀਆਂ ਜਿਹੇ ਲਾਲਚ ਵੀ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਸਥਾਈ ਤੌਰ 'ਤੇ ਰੱਖਣ ਵਿਚ ਅਸਫਲ ਹੋ ਰਹੇ ਹਨ, ਕਿਉਂਕਿ ਹੁਣ ਕਾਫ਼ੀ ਹੱਦ ਤੱਕ ਜਨਤਾ ਇਨ੍ਹਾਂ ਸਕੀਮਾਂ ਤੋਂ ਜ਼ਿਆਦਾ ਮਹੱਤਵ ਪੜ੍ਹਾਈ ਅਤੇ ਹੋਰ ਮੂਲ ਲੋੜਾਂ ਨੂੰ ਦੇ ਰਹੀ ਹੈ। ਪ੍ਰਾਇਮਰੀ ਦੇ ਨਾਲ-ਨਾਲ ਉੱਚ ਸਿੱਖਿਆ ਦੇ ਮਿਆਰ ਦਾ ਡਿਗਣਾ ਵੀ ਪੰਜਾਬ ਦੇ ਭਵਿੱਖ ਲਈ ਖ਼ਤਰਾ ਬਣਦਾ ਜਾ ਰਿਹਾ ਹੈ, ਕਿਉਂਕਿ ਨਿੱਜੀ ਕਾਲਜਾਂ ਦੀਆਂ ਮੋਟੀਆਂ ਫ਼ੀਸਾਂ ਅਤੇ ਸਰਕਾਰੀ ਕਾਲਜਾਂ ਦੀ ਕਮੀ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਰਸਤੇ ਦਿਖਾਉਣ ਵਿਚ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਹੈ। ਅੱਜ ਤਕਰੀਬਨ ਹਰ ਉੱਚ ਸਿੱਖਿਆ ਪ੍ਰਾਪਤ ਬੇਰੁਜ਼ਗਾਰ ਪੰਜਾਬ ਵਿਚ ਬੇਰੁਜ਼ਗਾਰੀ ਦੀ ਮਾਰ ਕਾਰਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੇ ਤਰੀਕੇ ਅਪਣਾ ਰਿਹਾ ਹੈ। ਹਾਲਾਤ ਇਥੋਂ ਤੱਕ ਆ ਗਏ ਹਨ ਕਿ ਨੌਜਵਾਨ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਟੀਚਾ ਤਿਆਗ ਕੇ ਆਈਲਟਸ ਕਰਨ ਨੂੰ ਆਪਣਾ ਮੰਤਵ ਬਣਾ ਰਹੇ ਹਨ। ਗੱਲ ਇਥੇ ਨਹੀਂ ਮੁੱਕਦੀ, ਉਦੋਂ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਜਦੋਂ ਬੀ.ਪੀ.ਐਲ., ਪੈਨਸ਼ਨਾਂ, ਸ਼ਗਨ ਸਕੀਮਾਂ, ਫੂਡ ਸਪਲਾਈ, ਵਿਦਿਆਰਥੀ ਭਲਾਈ ਅਤੇ ਹੋਰ ਅਜਿਹੀਆਂ ਗ਼ਰੀਬਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਦਾ ਗ਼ਰੀਬ ਲਾਭ ਉਡੀਕਦੇ ਹੀ ਰਹਿ ਜਾਂਦੇ ਹਨ ਅਤੇ ਰੱਜੇ-ਪੁੱਜੇ ਵਿਅਕਤੀ ਇਨ੍ਹਾਂ ਸਕੀਮਾਂ ਦਾ ਲਾਭ ਸ਼ਰ੍ਹੇਆਮ ਲੈ ਜਾਂਦੇ ਹਨ। ਜੇਕਰ ਅੱਜ ਅਜਿਹੀਆਂ ਸਰਕਾਰੀ ਭਲਾਈ ਸਕੀਮਾਂ ਦੀ ਗੰਭੀਰਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਬਹੁਤੀਆਂ ਸਕੀਮਾਂ ਅਸਲ ਹੱਕਦਾਰਾਂ ਤੋਂ ਪਹਿਲਾਂ ਹੀ ਹੋਰਾਂ ਦੀ ਝੋਲੀ ਪਈਆਂ ਨਜ਼ਰ ਆਉਣਗੀਆਂ। ਭਵਿੱਖ ਵਿਚ ਸਰਕਾਰ ਸਾਰੀਆਂ ਹੀ ਸਰਕਾਰੀ ਸੰਸਥਾਵਾਂ ਅਤੇ ਸਕੀਮਾਂ ਨੂੰ ਕ੍ਰਮਵਾਰ ਅਤੇ ਬਕਾਇਦਾ ਸਹੀ ਢੰਗ ਨਾਲ ਚਲਾਉਣ ਲਈ ਵਚਨਬੱਧ ਬਣੇ, ਤਾਂ ਹੀ ਸ਼ਾਇਦ ਪੰਜਾਬ ਦੀ ਨੌਜਵਾਨੀ, ਸਿਹਤ ਅਤੇ ਸਿੱਖਿਆ ਦੇ ਸਰਬਪੱਖੀ ਵਿਕਾਸ ਦੀ ਉਮੀਦ ਕਹੀ ਜਾ ਸਕਦੀ ਹੈ।

-ਪਟਿਆਲਾ। ਮੋਬਾ: 99149-57073

ਡਾਕਟਰ ਅਤੇ ਅਧਿਆਪਕ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਸਮਝਣ

ਸਮਾਜ ਵਿਚ ਲੋਕ ਡਾਕਟਰ ਨੂੰ ਰੱਬ ਅਤੇ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਸਮਝਦੇ ਹਨ। ਅੱਜ ਦੇ ਆਧੁਨਿਕ ਯੁੱਗ ਵਿਚ ਅਸੀਂ ਸ਼ਾਇਦ ਦੋਵਾਂ ਕਿੱਤਿਆਂ ਦੀ ਮੂਲ ਭਾਵਨਾ ਨੂੰ ਭੁੱਲ ਚੁੱਕੇ ਹਾਂ।
ਅੱਜ ਸਾਡੇ ਦੇਸ਼ ਵਿਚ ਸੱਚਮੁੱਚ ਡਾਕਟਰੀ ਪੇਸ਼ਾ ਪੈਸੇ ਕਮਾਉਣ ਦਾ ਸਾਧਨ ਬਣਦਾ ਜਾ ਰਿਹਾ ਹੈ। ਡਾਕਟਰ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਉਸ ਦਾ ਰਿਸ਼ਤਾ ਮਰੀਜ਼ ਨਾਲ ਦੂਜੇ ਰੱਬ ਵਰਗਾ ਨਹੀਂ ਰਿਹਾ। ਉਹ ਮਰੀਜ਼ ਨੂੰ ਗਾਹਕ ਸਮਝ ਕੇ ਵਸੂਲੀ ਕਰਦਾ ਹੈ। ਉਹ ਆਪਣੇ ਪਵਿੱਤਰ ਪੇਸ਼ੇ ਨਾਲ ਇਨਸਾਫ ਨਾ ਕਰਕੇ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਉਹ ਦਵਾਈਆਂ ਦੀਆਂ ਕੰਪਨੀਆਂ ਤੋਂ ਕਮਿਸ਼ਨ ਲੈਂਦਾ ਹੈ। ਮਰੀਜ਼ ਦੇ ਬੇਫਜ਼ੂਲ ਕੀਮਤੀ ਟੈਸਟ ਕਰਵਾ ਕੇ ਵੀ ਕਮਿਸ਼ਨ ਪ੍ਰਾਪਤ ਕਰਨਾ ਉਸ ਦੀ ਮਾਨਸਿਕਤਾ ਬਣਦਾ ਜਾ ਰਿਹਾ ਹੈ। ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਦੌਰਾਨ 100 ਤੋਂ 200 ਰੁਪਏ ਤੱਕ ਆਮ ਫੀਸ ਵਸੂਲ ਕਰਦੇ ਦੇਖੇ ਜਾ ਸਕਦੇ ਹਨ। ਇਸ ਧੰਦੇ ਦੀ ਚਾਂਦੀ ਕਾਰਨ ਹੀ ਸਮਾਜ ਵਿਚ ਮਾਪਿਆਂ ਵੱਲੋਂ ਆਪਣੇ ਬੱਚੇ ਨੂੰ ਡਾਕਟਰ ਬਣਾਉਣ ਦੀ ਹੋੜ ਦਿਨੋ-ਦਿਨ ਵਧ ਰਹੀ ਹੈ। ਬਹੁਤ ਘੱਟ ਮਾਪੇ ਇਹ ਸੋਚਦੇ ਹੋਣਗੇ ਕਿ ਉਨ੍ਹਾਂ ਦਾ ਬੇਟਾ ਡਾਕਟਰ ਬਣ ਕੇ ਲੋੜਵੰਦ ਅਤੇ ਗਰੀਬ ਲੋਕਾਂ ਦਾ ਇਲਾਜ ਮੁਫਤ ਵਿਚ ਕਰੇ। ਅੱਜ ਦੇਸ਼ ਦੀ ਆਜ਼ਾਦੀ ਦੇ 69 ਸਾਲ ਬਾਅਦ ਵੀ ਗਰੀਬ ਤੇ ਲਾਚਾਰ ਦੇਸ਼ ਦੇ ਨਾਗਰਿਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਨਾ ਦੇ ਸਕਣਾ ਸਾਡੀ ਉਸਾਰੂ ਦੇਸ਼ ਭਗਤੀ ਦਾ ਕਤਲ ਹੀ ਹੈ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਲੋਕਾਂ ਦੀਆਂ ਵੋਟਾਂ ਨਾਲ ਚੁਣੀਆਂ ਸਰਕਾਰਾਂ ਇਸ ਪਵਿੱਤਰ ਪੇਸ਼ੇ ਨੂੰ ਦਾਗਦਾਰ ਹੋਣ ਤੋਂ ਬਚਾਉਣ, ਤਾਂ ਜੋ ਦੇਸ਼ ਦੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਪ੍ਰਾਚੀਨ ਗ੍ਰੰਥਾਂ ਦੀ ਗੁਰੂਕੁੱਲ ਵਿਵਸਥਾ ਨੂੰ ਭੁਲਾਇਆ ਨਹੀਂ ਜਾ ਸਕਦਾ। ਅਧਿਆਪਕ ਇਕ ਪਵਿੱਤਰ ਪੇਸ਼ਾ ਹੈ ਤੇ ਅੱਜ ਦੇ ਸਮੇਂ ਵਿਚ ਅਧਿਆਪਕ ਹੋਣਾ ਮਾਣ ਦੀ ਗੱਲ ਹੈ ਜੋ ਦੇਸ਼ ਦਾ ਚਰਿੱਤਰ ਨਿਰਮਾਣ ਕਰਦਾ ਹੈ, ਪਰ ਆਧੁਨਿਕ ਦੌਰ ਵਿਚ 'ਐਸ਼ ਲਈ ਮਾਸਟਰੀ' ਸ਼ਬਦ ਨੇ ਅਧਿਆਪਨ ਵਰਗੇ ਪਵਿੱਤਰ ਕਾਰਜ ਨੂੰ ਦਾਗਦਾਰ ਕਰ ਦਿੱਤਾ ਹੈ, ਜਿਸ ਕਾਰਨ ਅਧਿਆਪਕ ਦਾ ਸਤਿਕਾਰ ਦਿਨੋ-ਦਿਨ ਘਟ ਰਿਹਾ ਹੈ। ਆਪਣੀ ਡਿਊਟੀ ਦੌਰਾਨ ਉਹ ਵਿਦਿਆਰਥੀਆਂ ਨੂੰ ਪੂਰਾ ਸਮਾਂ ਨਾ ਦੇ ਕੇ ਆਪਣੀ ਬਹੁਤ ਵੱਡੀ ਸਮਾਜਿਕ ਜ਼ਿੰਮੇਵਾਰੀ ਤੋਂ ਮੂੰਹ ਮੋੜ ਰਿਹਾ ਹੈ। ਸਕੂਲਾਂ ਵਿਚ ਪੜ੍ਹਦੇ ਗਰੀਬ ਬੱਚਿਆਂ ਦੀ ਯੋਗ ਅਗਵਾਈ ਨਾ ਕਰਕੇ ਅਧਿਆਪਕ ਸਮਾਜ ਨਾਲੋਂ ਟੁੱਟ ਰਿਹਾ ਹੈ। ਅੱਜ ਸਮੇਂ ਦੀ ਲੋੜ ਹੈ ਕਿ ਅਧਿਆਪਕ ਆਪਣੇ ਕਿਰਦਾਰ ਨੂੰ ਪਹਿਚਾਣੇ ਅਤੇ ਤਨ, ਮਨ ਅਤੇ ਧਨ ਨਾਲ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਰੀਬ ਵਿਦਿਆਰਥੀਆਂ ਦੀ ਸੇਵਾ ਕਰੇ। ਉਸ ਨੂੰ ਆਪਣਾ ਕਿਰਦਾਰ ਕਦੇ ਨਹੀਂ ਭੁੱਲਣਾ ਚਾਹੀਦਾ। ਉਸ ਨੂੰ ਆਪਣੀ ਜ਼ਿੰਮੇਵਾਰੀ ਕਦੇ ਨਹੀਂ ਭੁੱਲਣੀ ਚਾਹੀਦੀ ਅਤੇ ਉਸ ਨੂੰ ਇਹ ਕਹਾਵਤ ਸਦਾ ਸੱਚ ਕਰਕੇ ਦਿਖਾਉਣੀ ਚਾਹੀਦੀ ਹੈ ਕਿ ਉਹ ਸਮਾਜ ਦਾ ਨਿਰਮਾਤਾ ਹੈ।

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
ਮੋਬਾ: 98175-87207

ਵਿਆਹਾਂ 'ਚ ਪੈਸੇ ਸੁੱਟਣ ਦਾ ਵਧਦਾ ਰੁਝਾਨ

ਅੱਜ ਸਾਡੇ ਦੇਸ਼ 'ਚ ਲੱਖਾਂ ਹੀ ਅਜਿਹੇ ਵਿਅਕਤੀ ਹਨ ਜੋ ਰਾਤ ਨੂੰ ਰੋਟੀ ਖਾਧੇ ਬਿਨਾਂ ਹੀ ਫੁੱਟਪਾਥਾਂ 'ਤੇ ਸੌਂ ਕੇ ਗੁਜ਼ਾਰਾ ਕਰਦੇ ਹਨ। ਅੱਜ ਵਿਅਕਤੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਦੇ ਪੁੜਾਂ 'ਚ ਪਿਸ ਰਿਹਾ ਹੈ। ਪਰ ਫਿਰ ਵੀ ਜਦੋਂ 'ਮੈਂ' ਅਤੇ 'ਫੋਕੀ ਵਡਿਆਈ' ਦੀ ਗੱਲ ਆਉਂਦੀ ਹੈ ਤਾਂ ਅਸੀਂ ਪੈਸੇ ਦੀ ਪ੍ਰਵਾਹ ਨਹੀਂ ਕਰਦੇ। ਜਦੋਂ ਅਸੀਂ ਕਿਸੇ ਵਿਆਹ 'ਚ ਜਾਂਦੇ ਹਾਂ ਤਾਂ ਬਹੁਤ ਹੀ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ, ਜੋ ਕਿ ਸੋਚਣ ਨੂੰ ਮਜਬੂਰ ਕਰ ਦਿੰਦਾ ਹੈ। ਪੱਤਝੜ 'ਚ ਝੜੇ ਪੱਤਿਆਂ ਵਾਂਗ ਨੋਟਾਂ ਦੀ ਤਹਿ ਬਰਾਤੀਆਂ ਦੇ ਬੂਟਾਂ ਥੱਲੇ ਲੱਗ ਜਾਂਦੀ ਹੈ। ਕਲਾਕਾਰਾਂ ਤੇ ਆਰਕੈਸਟਰਾਂ ਦੇ ਰੱਖੇ ਮੁੰਡੇ ਉਨ੍ਹਾਂ ਪੈਸਿਆਂ ਨੂੰ ਇਕ ਇਕ ਕਰਕੇ ਇਕੱਠੇ ਕਰਦੇ ਹਨ। ਜਿੱਥੇ ਅਸੀਂ ਮਾਇਆ ਨੂੰ ਲਕਸ਼ਮੀ ਮਾਤਾ ਦੇ ਰੂਪ 'ਚ ਪੂਜਦੇ ਹਾਂ, ਉੱਥੇ ਹੀ ਹਰ ਦੀਵਾਲੀ ਨੂੰ ਪਾਠ-ਪੂਜਾ ਕਰਕੇ ਸਾਰੀ ਰਾਤ ਦਰਵਾਜ਼ੇ ਖੁੱਲ੍ਹੇ ਰੱਖਦੇ ਹਾਂ ਕਿ ਲਕਸ਼ਮੀ ਮਾਤਾ ਸਾਡੇ ਖਜ਼ਾਨੇ ਸਦਾ ਹੀ ਭਰੇ ਰੱਖੀਂ। ਬਿਨਾਂ ਵਿਆਹ ਤੋਂ ਜੇਕਰ ਕੋਈ ਨੋਟ ਥੱਲੇ ਡਿੱਗ ਜਾਵੇ ਤਾਂ ਤੁਰੰਤ ਚੁੱਕ ਕੇ ਮੱਥੇ ਨੂੰ ਲਾ ਕੇ ਸਤਿਕਾਰ ਕਰਦੇ ਹਾਂ। ਪਰ ਦੂਜੇ ਪਾਸੇ ਉਹੀ ਮਾਇਆ, ਜਿਸ ਨੂੰ ਪੂਜਦੇ ਹਾਂ, ਵਿਆਹਾਂ 'ਚ ਵਡੱਪਣ ਦਿਖਾਉਣ ਲਈ ਪੈਰਾਂ 'ਚ ਰੋਲ ਦਿੰਦੇ ਹਾਂ। ਇਸ ਮੌਕੇ ਅਸੀਂ ਆਪਣੀ ਸ਼ਰਧਾ, ਸਤਿਕਾਰ ਅਤੇ ਸੰਸਕਾਰ ਸਭ ਕੁਝ ਭੁੱਲ ਜਾਂਦੇ ਹਾਂ। ਕਈ ਵਿਅਕਤੀਆਂ ਨੂੰ ਲਗਦਾ ਹੈ ਕਿ ਅਸੀਂ ਵੱਧ ਪੈਸੇ ਸੁੱਟਾਂਗੇ ਤਾਂ ਵਿਆਹ ਵਾਲੇ ਪਰਿਵਾਰ ਨੂੰ ਲੱਗੇਗਾ ਕਿ ਇਸ ਤੋਂ ਵਧੇਰੇ ਖੁਸ਼ੀ ਕਿਸੇ ਹੋਰ ਨੂੰ ਨਹੀਂ ਹੋਈ। ਜੇਕਰ ਅਸੀਂ ਪੈਸੇ ਦੀ ਅਮੀਰੀ ਨਾਲੋਂ ਦਿਲ ਦੀ ਅਮੀਰੀ ਨੂੰ ਅਪਣਾ ਲਈਏ ਤਾਂ ਜ਼ਿਆਦਾ ਚੰਗਾ ਹੋਵੇਗਾ। ਕਈ ਵਿਆਹਾਂ 'ਚ ਤਾਂ ਪੈਸੇ ਤਾਸ਼ ਦੇ ਪੱਤਿਆਂ ਵਾਂਗ ਖਿੰਡਾਏ ਜਾਂਦੇ ਹਨ। ਮੇਲ ਵਾਲੇ ਦਿਨ ਰਾਤ ਨੂੰ ਜਾਗੋ ਤੇ ਵਿਆਹ ਵਾਲੇ ਦਿਨ ਰਿਬਨ ਕਟਾਈ ਤੇ ਫਿਰ ਜਦੋਂ ਮੁੰਡੇ-ਕੁੜੀ ਨੂੰ ਸ਼ਗਨ ਦੀ ਸਟੇਜ ਤੱਕ ਲੈ ਕੇ ਜਾਂਦੇ ਹਨ, ਫਿਰ ਕਲਾਕਾਰ ਦੀ ਸਟੇਜ 'ਤੇ ਅਤੇ ਫਿਰ ਡੋਲੀ ਤੁਰਨ ਵੇਲੇ ਵੀ ਕਈ ਲੋਕ ਅੰਨ੍ਹੇਵਾਹ ਪੈਸੇ ਸੁੱਟਦੇ ਹਨ। ਵਿਆਹ 'ਚ ਸ਼ਰਾਬ ਅਤੇ ਪੈਸੇ ਸੁੱਟਣ ਦਾ ਆਪਸ 'ਚ ਗੂੜ੍ਹਾ ਰਿਸ਼ਤਾ ਹੈ। ਜਿੱਥੇ ਅੱਜ ਮਹਿੰਗਾਈ ਅਤੇ ਕਰਜ਼ੇ ਨੇ ਲੋਕਾਂ ਦੀਆਂ ਚੀਕਾਂ ਕਢਾਈਆਂ ਪਈਆਂ ਹਨ, ਫਿਰ ਵੀ ਪਤਾ ਨਹੀਂ ਕਿਉਂ ਅਸੀਂ ਦੋ ਪੈੱਗ ਲਾ ਕੇ 'ਹਮ ਰਾਜੇ' ਬਣ ਜਾਂਦੇ ਹਾਂ? ਫਿਰ ਸਟੇਜ 'ਤੇ ਪੈਸੇ ਦੇ ਕੇ ਨਾਂਅ ਬੁਲਵਾਉਣ ਵਾਲਿਆਂ ਦੀ ਕਤਾਰ ਹੋਰ ਵੀ ਲੰਬੀ ਹੁੰਦੀ ਜਾਂਦੀ ਹੈ। ਅੱਜ ਪੈਸਿਆਂ ਸੰਗ ਤੁਲੇ ਰਿਸ਼ਤੇ ਕਾਗਜ਼ੀ ਫੁੱਲਾਂ 'ਚੋਂ ਮਹਿਕਾਂ ਲੱਭਣ ਦੇ ਸਮਾਨ ਹਨ। ਸਮਝ ਨਹੀਂ ਆਉਂਦੀ ਕਿ ਅੱਜ ਸਮਾਜ ਕਿਧਰ ਨੂੰ ਜਾ ਰਿਹਾ ਹੈ? ਜਿੱਥੇ ਸਮਾਜ 'ਚ ਅੱਜ ਦਾਜ ਪ੍ਰਥਾ ਤੇ ਭਰੂਣ-ਹੱਤਿਆ ਵਰਗੀਆਂ ਕੁਰੀਤੀਆਂ ਪ੍ਰਚਲਤ ਹਨ, ਉੱਥੇ ਹੀ ਵਿਆਹਾਂ 'ਚ ਹੁੰਦੀ ਪੈਸੇ ਦੀ ਬੇਕਦਰੀ ਵੀ ਸਮਾਜਿਕ ਕੁਰੀਤੀ ਤੋਂ ਘੱਟ ਨਹੀਂ। ਅੱਜ ਸਮਾਜ 'ਚ ਅਨੇਕਾਂ ਹੀ ਅਜਿਹੇ ਲੋਕ ਹਨ, ਜੋ ਕਿ ਪੈਸਾ ਨਾ ਹੋਣ ਕਰਕੇ ਆਪਣਾ ਇਲਾਜ ਨਹੀਂ ਕਰਾ ਸਕਦੇ, ਧੀ ਨਹੀਂ ਵਿਆਹ ਸਕਦੇ, ਮਕਾਨ ਨਹੀਂ ਪਾ ਸਕਦੇ ਤੇ ਬੱਚੇ ਨਹੀਂ ਪੜ੍ਹਾ ਸਕਦੇ ਆਦਿ। ਚੰਗਾ ਹੋਵੇਗਾ ਜੇਕਰ ਅਸੀਂ ਵਿਆਹਾਂ 'ਚ ਨਾਜਾਇਜ਼ ਪੈਸਾ ਫੂਕਣ ਨਾਲੋਂ ਅਜਿਹੇ ਲੋੜਵੰਦਾਂ ਦੀ ਮਦਦ ਕਰਕੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਬਣੀਏ।

-ਪਿੰਡ ਜਲਵੇੜ੍ਹਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ। ਮੋਬਾ: 75081-32699

ਨੌਜਵਾਨਾਂ ਦਾ ਹੋ ਰਿਹਾ ਆਰਥਿਕ ਸ਼ੋਸ਼ਣ

ਮੌਜੂਦਾ ਹਾਲਾਤ 'ਚ ਬੇਰੁਜ਼ਗਾਰੀ ਨੇ ਇਸ ਕਦਰ ਪੈਰ ਪਸਾਰੇ ਹਨ ਕਿ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਲੱਖਾਂ ਰੁਪਏ ਖਰਚ ਕੇ ਪੜ੍ਹਾਈ ਕਰਨ ਮਗਰੋਂ ਜਾਂ ਤਾਂ ਘਰ ਬੈਠ ਜਾਂਦੇ ਹਨ ਅਤੇ ਜਾਂ ਫਿਰ ਘੱਟ ਤਨਖਾਹਾਂ 'ਤੇ ਆਪਣੀ ਵਿੱਦਿਅਕ ਯੋਗਤਾ ਅਤੇ ਹਾਲਾਤ ਨਾਲ ਸਮਝੌਤਾ ਕਰਨ ਯੋਗ ਸਮਝਦੇ ਹੋਏ ਕਿਸੇ ਨਾ ਕਿਸੇ ਨਿੱਜੀ ਅਦਾਰੇ 'ਚ ਨੌਕਰੀ ਕਰ ਲੈਂਦੇ ਹਨ। ਇਨ੍ਹਾਂ ਅਦਾਰਿਆਂ ਜਿਵੇਂ ਸਕੂਲਾਂ, ਏਜੰਸੀਆਂ, ਕਾਲਜਾਂ, ਦੁਕਾਨਾਂ, ਸ਼ੋਅਰੂਮ, ਵੱਡੇ ਦਫਤਰਾਂ ਸਮੇਤ ਕਈ ਸਰਕਾਰੀ ਦਫਤਰਾਂ ਵਿਚ ਪੜ੍ਹੇ-ਲਿਖੇ ਯੋਗ ਨੌਜਵਾਨ ਮੁੰਡੇ-ਕੁੜੀਆਂ ਨੂੰ ਭਾਵੇਂ ਕਿ ਮੈਰਿਟ ਦੇ ਆਧਾਰ 'ਤੇ ਰੱਖਿਆ ਜਾਂਦਾ ਹੈ, ਪਰ ਜਦੋਂ ਤਨਖਾਹ ਦੀ ਵਾਰੀ ਆਉਂਦੀ ਹੈ ਤਾਂ ਇਨ੍ਹਾਂ ਨੌਜਵਾਨਾਂ ਨੂੰ ਇਕ ਵਾਰ ਤਾਂ ਆਪਣੀ ਕੀਤੀ ਪੜ੍ਹਾਈ 'ਤੇ ਗੁੱਸਾ ਤੇ ਸ਼ਰਮ ਮਹਿਸੂਸ ਹੁੰਦੀ ਹੈ। ਪੰਜਾਬ ਦਾ ਸ਼ਾਇਦ ਹੀ ਕੋਈ ਸ਼ਹਿਰ ਜਾਂ ਪਿੰਡ ਹੋਵੇਗਾ ਜਿੱਥੇ ਕੋਈ ਨਿੱਜੀ ਸੰਸਥਾ ਨਾ ਹੋਵੇ। ਕਈ ਕਸਬਿਆਂ ਜਾਂ ਸ਼ਹਿਰਾਂ ਵਿਚ ਤਾਂ ਇਨ੍ਹਾਂ ਨਿੱਜੀ ਵਿੱਦਿਅਕ ਅਦਾਰਿਆਂ ਦੀ ਗਿਣਤੀ ਦਰਜਨਾਂ 'ਚ ਹੈ। ਬੇਸ਼ੱਕ ਇਹ ਨੌਜਵਾਨ ਅਧਿਆਪਕ ਆਪਣੀ ਸਰਬਉੱਚ ਯੋਗਤਾ ਨੂੰ ਅਪਣਾਉਂਦੇ ਹੋਏ ਬਿਹਤਰ ਤੋਂ ਬਿਹਤਰ ਨਤੀਜਾ ਵੀ ਦਿੰਦੇ ਹਨ, ਪਰ ਇਹ ਅਦਾਰੇ ਉਨ੍ਹਾਂ ਦੀਆਂ ਉਜਰਤਾਂ ਵਿਚ ਵਾਧਾ ਕਰਨ ਦੀ ਬਜਾਏ ਆਪਣੇ ਬੈਂਕ ਖਾਤਿਆਂ 'ਚ ਆਮਦਨ ਦੇ ਮਗਰ ਸਿਫਰਾਂ 'ਚ ਵਾਧਾ ਜ਼ਰੂਰ ਕਰਦੇ ਨਜ਼ਰ ਆਉਂਦੇ ਹਨ ਅਤੇ ਇਨ੍ਹਾਂ ਸੰਸਥਾਵਾਂ 'ਚ ਰੱਖੇ ਜਾਂਦੇ ਪੜ੍ਹੇ-ਲਿਖੇ ਅਧਿਆਪਕ ਮੁੰਡੇ-ਕੁੜੀਆਂ ਦੀ ਤਨਖਾਹ ਉਨ੍ਹਾਂ ਦੀ ਵਿੱਦਿਅਕ ਯੋਗਤਾ ਦੇ ਮੁਕਾਬਲੇ ਨਾ ਦੇ ਬਰਾਬਰ ਹੁੰਦੀ ਹੈ। ਇਸ ਤੋਂ ਇਲਾਵਾ ਕਈ ਸਰਕਾਰੀ ਅਦਾਰਿਆਂ ਵਿਚ ਬੇਰੁਜ਼ਗਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਕੱਚੇ ਤੌਰ 'ਤੇ ਰੱਖਣ ਦੇ ਰੂਪ 'ਚ ਬੇਹੱਦ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇਹ ਨੌਜਵਾਨ ਕੱਚਿਓਂ ਪੱਕੇ ਹੋਣ ਦੀ ਇਕ ਆਸ ਨੂੰ ਲੈ ਕੇ ਤਨਦੇਹੀ ਨਾਲ ਕੰਮ ਕਰਦੇ ਹਨ, ਪਰ ਇਨ੍ਹਾਂ ਨੌਜਵਾਨਾਂ ਨੂੰ ਸਰਕਾਰਾਂ ਦੀਆਂ ਡਾਂਗਾਂ ਤੋਂ ਸਿਵਾਏ ਕੁਝ ਨਹੀਂ ਮਿਲਦਾ। ਚੰਗੇ ਘਰਾਂ ਦੇ ਬੱਚੇ ਪੜ੍ਹਾਈ ਤੋਂ ਮਗਰੋਂ ਵਿਦੇਸ਼ਾਂ 'ਚ ਜਾ ਕੇ ਸਥਾਪਿਤ ਹੋਣ ਵੱਲ ਨੂੰ ਤੁਰ ਪੈਂਦੇ ਹਨ, ਪਰ ਜਿਹੜੇ ਗਰੀਬ ਪਰਿਵਾਰ ਆਪਣੀ ਹੈਸੀਅਤ ਤੋਂ ਵਧ ਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ, ਉਹ ਇਨ੍ਹਾਂ ਪ੍ਰਾਈਵੇਟ ਅਦਾਰਿਆਂ ਦੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਸਰਕਾਰਾਂ ਨੂੰ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਕਦਮ ਚੁੱਕਣੇ ਚਾਹੀਦੇ ਹਨ।

-ਕੈਨੇਡਾ। ਫੋਨ : 001-204-891-0031

ਰਾਜਸੀ ਲੋਕਾਂ ਦੀ ਬਿਆਨਬਾਜ਼ੀ ਹੀ ਅੱਜ ਦੀਆਂ ਖ਼ਬਰਾਂ ਹਨ

ਅੱਜ ਸਾਡੀਆਂ ਖ਼ਬਰਾਂ ਵਿਚ ਹਰ ਪਾਸੇ ਰਾਜਸੀ ਲੋਕ ਛਾਏ ਹੋਏ ਹਨ ਅਤੇ ਜੇਕਰ ਕੋਈ ਆਦਮੀ ਰਾਜਸੀ ਖੇਤਰ ਵਿਚ ਆਪਣਾ ਨਾਂਅ ਚਮਕਾਉਣਾ ਚਾਹੁੰਦਾ ਹੈ। ਅੱਜ ਸਾਡਾ ਮੀਡੀਆ ਜੇਕਰ ਸੇਵਾ ਕਰ ਰਿਹਾ ਹੈ ਜਾਂ ਚੱਲ ਰਿਹਾ ਹੈ ਤਾਂ ਉਸ ਲਈ ਇਹ ਰਾਜਸੀ ਲੋਕ ਜ਼ਿੰਮੇਵਾਰ ਹਨ ਅਤੇ ਜੇਕਰ ਅੱਜ ਰਾਜਸੀ ਲੋਕਾਂ ਦੀ ਏਨੀ ਭੀੜ ਇਕੱਠੀ ਹੋ ਗਈ ਹੈ ਤਾਂ ਇਹ ਵੀ ਮੀਡੀਆ ਦੀ ਮਿਹਰਬਾਨੀ ਹੈ। ਰਾਜਸੀ ਲੋਕਾਂ ਕੋਲ ਬਹੁਤੀਆਂ ਗੱਲਾਂ ਨਹੀਂ ਹਨ। ਲੋਕਾਂ ਦੀਆਂ ਸਮੱਸਿਆਵਾਂ ਹੀ ਏਨੀਆਂ ਹਨ ਕਿ ਇਨ੍ਹਾਂ ਉੱਤੇ ਹੀ ਆਪਣਾ ਧਿਆਨ ਰੱਖ ਕੇ ਰਾਜਸੀ ਆਦਮੀ ਸਾਰਾ ਜੀਵਨ ਬਤੀਤ ਕਰ ਸਕਦਾ ਹੈ। ਕਦੇ ਕਿਸੇ ਸਮੱਸਿਆ ਉੱਤੇ ਗੱਲ ਕੀਤੀ ਜਾ ਸਕਦੀ ਹੈ। ਕਦੇ ਕਿਸੇ ਸਮੱਸਿਆ ਦਾ ਹੱਲ ਕਰਨ ਦੀ ਗੱਲ ਕੀਤੀ ਜਾ ਸਕਦੀ ਹੈ ਅਤੇ ਕਦੇ ਲੋਕਾਂ ਦਾ ਸਹਿਯੋਗ ਮੰਗਿਆ ਜਾ ਸਕਦਾ ਹੈ। ਇਸ ਮੁਲਕ ਵਿਚ ਹਾਲੇ ਤੱਕ ਸਮੱਸਿਆਵਾਂ ਉੱਤੇ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ ਅਤੇ ਹਾਲੇ ਤੱਕ ਉਹ ਸਮਾਂ ਆਇਆ ਹੀ ਨਹੀਂ ਹੈ, ਜਦ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਗੱਲ ਕਰਨੀ ਹੈ। ਇਸ ਮੁਲਕ ਵਿਚ ਲੋਕਾਂ ਦੀ ਕੋਈ ਵੀ ਸਮੱਸਿਆ ਹੱਲ ਕਰਨ ਦਾ ਸਿਲਸਿਲਾ ਹਾਲਾਂ ਸ਼ੁਰੂ ਹੀ ਨਹੀਂ ਕੀਤਾ ਗਿਆ ਅਤੇ ਜੇਕਰ ਇਹੀ ਰਾਜਸੀ ਲੋਕਾਂ ਦੇ ਟੋਲੇ ਹਾਜ਼ਰ ਰਹਿੰਦੇ ਹਨ ਤਾਂ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਨੂੰ ਆਪ ਹੀ ਹੱਲ ਕਰਨੀਆ ਪੈਣਗੀਆਂ ਅਤੇ ਸਮੇਂ ਦੀਆਂ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦੇਣਾ।ਜੇਕਰ ਵਿੱਦਿਆ ਦੀ ਗੱਲ ਹੈ ਤਾਂ ਆਪਣੇ ਬੱਚਿਆਂ ਨੂੰ ਵਿੱਦਿਆ ਦੇਣੀ ਵੀ ਸਾਡਾ ਆਪਣਾ ਫਰਜ਼ ਹੈ। ਅਸੀਂ ਜੇਕਰ ਆਪਣੇ ਬੱਚਿਆਂ ਨੂੰ ਸਿਖਲਾਈ ਦੇਣੀ ਹੈ ਤਾਂ ਉਸ ਦਾ ਪ੍ਰਬੰਧ ਵੀ ਅਸੀਂ ਆਪ ਕਰਨਾ ਹੈ। ਅਸੀਂ ਜੇਕਰ ਆਪਣੇ ਬੱਚਿਆਂ ਲਈ ਰੁਜ਼ਗਾਰ ਲੱਭਣਾ ਹੈ ਤਾਂ ਉਸ ਦਾ ਪ੍ਰਬੰਧ ਵੀ ਅਸੀਂ ਆਪ ਹੀ ਕਰਨਾ ਹੈ। ਅਸੀਂ ਜੇਕਰ ਘਰ ਦੀ ਆਮਦਨ ਵਾਜਬ ਕਰਨੀ ਚਾਹੁੰਦੇ ਹਾਂ ਤਾਂ ਉਸ ਦਾ ਪ੍ਰਬੰਧ ਵੀ ਆਪ ਹੀ ਕਰਨਾ ਹੈ। ਵਕਤ ਦੀਆਂ ਸਰਕਾਰਾਂ ਨੇ ਅੱਜ ਸੱਤ ਦਹਾਕਿਆਂ ਦੇ ਸਮੇਂ ਵਿਚ ਹਾਲੇ ਤੱਕ ਇਹ ਵੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਘੱਟੋ-ਘੱਟ ਹਰ ਘਰ ਵਿਚ ਪ੍ਰਤੀ ਜੀਅ ਕਿੰਨੇ ਪੈਸੇ ਆਮਦਨ ਵਜੋਂ ਆਉਣੇ ਚਾਹੀਦੇ ਹਨ, ਜਿਸ ਨਾਲ ਅੱਜ ਦੇ ਸਮਿਆਂ ਵਿਚ ਘਰ ਚਲਾਇਆ ਜਾ ਸਕਦਾ ਹੈ। ਪਰਜਾਤੰਤਰ ਅੰਦਰ ਸਭ ਤੋਂ ਪਹਿਲਾਂ ਇਹੀ ਦੇਖਣਾ ਹੁੰਦਾ ਹੈ ਕਿ ਮੁਲਕ ਵਿਚ ਬਣਦਾ ਸਰਮਾਇਆ ਕੁਝ ਲੋਕ ਹੀ ਤਾਂ ਹੜੱਪ ਨਹੀਂ ਕਰ ਰਹੇ ਅਤੇ ਜੇਕਰ ਅੱਜ ਦੀਆਂ ਸਰਕਾਰਾਂ ਇਹ ਕੰਮ ਨਹੀਂ ਕਰ ਰਹੀਆਂ ਤਾਂ ਉਹ ਪਰਜਾਤੰਤਰ ਅਖਵਾ ਹੀ ਨਹੀਂ ਸਕਦੀਆਂ। ਜਿਹੜਾ ਢਾਂਚਾ ਗੁਲਾਮੀ ਦੇ ਦਿਨਾਂ ਵਿਚ ਚੱਲ ਰਿਹਾ ਸੀ, ਉਹ ਬਦਲਣ ਲਈ ਹੀ ਤਾਂ ਇਹ ਪਰਜਾਤੰਤਰ ਸਥਾਪਿਤ ਕੀਤਾ ਗਿਆ ਸੀ ਅਤੇ ਜੇਕਰ ਅੱਜ ਵੀ ਉਹੀ ਢਾਂਚਾ ਰਹਿਣਾ ਹੈ ਤਾਂ ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਬਸ ਨਾਂਅ ਦੇ ਹੀ ਰਹਿ ਜਾਣੇ ਹਨ। ਅੱਜ ਸਾਡੀਆਂ ਸਮੱਸਿਆਵਾਂ ਬਹੁਤ ਹੀ ਗੁੰਝਲਦਾਰ ਹੋ ਗਈਆਂ ਹਨ ਅਤੇ ਜਿਹੜਾ ਸਰਮਾਇਆ ਅਸੀਂ ਪੈਦਾ ਕੀਤਾ ਹੈ, ਉਹ ਵੀ ਗੁੰਮ ਕਰ ਦਿੱਤਾ ਗਿਆ ਹੈ ਜਾਂ ਕਾਲਾ ਧਨ ਬਣਾ ਕੇ ਬਾਹਰਲੇ ਮੁਲਕਾਂ ਵਿਚ ਭੇਜ ਦਿੱਤਾ ਗਿਆ ਹੈ ਅਤੇ ਇਹ ਉਸ ਤਰ੍ਹਾਂ ਦੀ ਹੀ ਕਾਰਵਾਈ ਹੈ ਜਿਵੇਂ ਕਦੀ ਬਾਹਰੋਂ ਮੁਸਲਮਾਨੀ ਦੇਸ਼ਾਂ ਵਲੋਂ ਹਮਲੇ ਹੋਇਆ ਕਰਦੇ ਸਨ ਅਤੇ ਲੋਕ ਸਾਡਾ ਸਰਮਾਇਆ ਲੁੱਟ ਲਿਜਾਇਆ ਕਰਦੇ ਸਨ ਜਾਂ ਮੁਗਲ ਐਸ਼ ਕਰਨ ਉੱਤੇ ਖਰਚ ਕਰ ਦਿੰਦੇ ਸਨ ਜਾਂ ਫਿਰ ਅੰਗਰੇਜ਼ ਸਾਮਰਾਜੀਏ ਆਪਣੇ ਦੇਸ਼ ਨੂੰ ਅਮੀਰ ਬਣਾ ਲੈਂਦੇ ਸਨ। ਇਹ ਸਿਲਸਿਲਾ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਜੇਕਰ ਇਹੀ ਹਾਲਾਤ ਬਣੇ ਰਹਿੰਦੇ ਹਨ ਤਾਂ ਅਸੀਂ ਆਪਣੇ-ਆਪ ਨੂੰ ਆਜ਼ਾਦ ਅਤੇ ਪਰਜਾਤੰਤਰ ਦੇਸ਼ ਅਖਵਾਉਣ ਦੇ ਅਧਿਕਾਰੀ ਨਹੀਂ ਹਾਂ।

-101-ਸੀ, ਵਿਕਾਸ ਕਾਲੋਨੀ, ਪਟਿਆਲਾ-147001

 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX