ਤਾਜਾ ਖ਼ਬਰਾਂ


ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਦੂਜਾ ਝਟਕਾ
. . .  about 1 hour ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਦ ਚੇਨਈ ਸੁਪਰ ਕਿੰਗਜ਼ 50/1
. . .  about 1 hour ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ , ਵਾਟਸਨ 7 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 206 ਦੌੜਾਂ ਦੀ ਲੋੜ
. . .  about 2 hours ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਪੰਜਵਾਂ ਝਟਕਾ
. . .  about 2 hours ago
ਆਈ ਪੀ ਐੱਲ 2018 : 17 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 164/4
. . .  about 2 hours ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਲਗਾਤਾਰ 2 ਝਟਕੇ , ਡਵੀਲੀਅਰਸ ਦੇ ਬਾਅਦ ਕੋਰੀ ਐਂਡਰਸਨ ਵੀ ਆਊਟ
. . .  about 2 hours ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਦੂਜਾ ਝਟਕਾ
. . .  about 2 hours ago
ਆਈ ਪੀ ਐੱਲ 2018 : 7 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 63/1
. . .  about 3 hours ago
ਆਈ ਪੀ ਐੱਲ 2018 : ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪਹਿਲਾ ਝਟਕਾ ,ਕਪਤਾਨ ਕੋਹਲੀ 18 ਦੌੜਾਂ ਬਣਾ ਕੇ ਆਊਟ
. . .  about 3 hours ago
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਵਿਸ਼ਵ ਦਾ ਸਭ ਤੋਂ ਵੱਡਾ ਫੁੱਲ

ਪਿਆਰੇ ਬੱਚਿਓ, ਫੁੱਲ ਸਭ ਨੂੰ ਸੋਹਣੇ ਲਗਦੇ ਹਨ। ਹਰ ਕਿਸੇ ਨੂੰ ਫੁੱਲਾਂ ਦੀ ਮਹਿਕ ਚੰਗੀ ਲਗਦੀ ਹੈ। ਫੁੱਲਾਂ ਦੀ ਮਹਿਕ ਸਾਡੇ ਵਿਹੜਿਆਂ, ਸਾਡੇ ਘਰਾਂ, ਸਾਡੀਆਂ ਕਿਆਰੀਆਂ ਨੂੰ ਮਹਿਕਾ ਦਿੰਦੀ ਹੈ। ਹਰ ਕੋਈ ਫੁੱਲਾਂ ਨਾਲ ਦੋਸਤੀ ਕਰਨਾ ਚਾਹੁੰਦਾ ਹੈ। ਇਸੇ ਕਰਕੇ ਤਾਂ ਅਸੀਂ ਆਪਣੇ ਘਰਾਂ ਵਿਚ ਸੋਹਣੇ-ਸੋਹਣੇ ਗਮਲੇ ਸਜਾ ਕੇ ਉਨ੍ਹਾਂ ਵਿਚ ਵੰਨ-ਸੁਵੰਨੇ, ਰੰਗ-ਬਿਰੰਗੇ ਫੁੱਲ ਲਗਾਉਂਦੇ ਹਾਂ। ਫੁੱਲਾਂ ਦੀਆਂ ਸੈਂਕੜੇ ਕਿਸਮਾਂ ਹਨ ਤੇ ਅੱਜ ਅਸੀਂ ਤੁਹਾਨੂੰ ਵਿਸ਼ਵ ਦੇ ਸਭ ਤੋਂ ਵੱਡੇ ਫੁੱਲ ਬਾਰੇ ਦੱਸ ਰਹੇ ਹਾਂ।
ਬੱਚਿਓ, ਵਿਸ਼ਵ ਦਾ ਸਭ ਤੋਂ ਵੱਡਾ ਫੁੱਲ ਦੱਖਣੀ ਅਫਰੀਕਾ ਦੇ ਜੰਗਲਾਂ ਵਿਚ ਪਾਇਆ ਜਾਂਦਾ ਹੈ। ਇਹ ਫੁੱਲ 'ਰੈਫ਼ਲੇਸਿਆ ਆਰਨਾਲਡੀ' ਨਾਂਅ ਦੇ ਪੌਦੇ 'ਤੇ ਲਗਦਾ ਹੈ ਅਤੇ ਇਸ ਵਿਸ਼ਾਲ ਫੁੱਲ ਦੀ ਵਜ੍ਹਾ ਨਾਲ ਹੀ ਇਹ ਪੌਦਾ ਵਿਸ਼ਵ ਭਰ ਵਿਚ ਪ੍ਰਸਿੱਧ ਹੈ। ਇਸ ਪੌਦੇ ਵਿਚ ਤਣਾਂ ਅਤੇ ਟਹਿਣੀਆਂ ਨਹੀਂ ਹੁੰਦੀਆਂ, ਬਲਕਿ ਕੇਵਲ ਇਕ ਫੁੱਲ ਹੀ ਹੁੰਦਾ ਹੈ ਜੋ ਇਕ ਪਰਜੀਵੀ ਦੀ ਤਰ੍ਹਾਂ 'ਟੇਟਾਸਿਟਗਮਾ' ਨਾਮਕ ਵੇਲ ਦੀ ਜੜ੍ਹ 'ਤੇ ਉੱਗਦਾ ਹੈ। ਇਸ ਫੁੱਲ ਦਾ ਘੇਰਾ ਔਸਤਨ ਤਿੰਨ ਫੁੱਟ ਤੱਕ ਹੁੰਦਾ ਹੈ ਅਤੇ ਫੁੱਲ ਦੀਆਂ ਲਗਪਗ ਇਕ ਇੰਚ ਮੋਟੀਆਂ ਪੰਜ ਪੰਖੜੀਆਂ ਹੀ ਫੁੱਲ ਨੂੰ ਵਿਸ਼ਾਲ ਆਕਾਰ ਦਿੰਦੀਆਂ ਹਨ। ਫੁੱਲ ਦਾ ਵਿਚਲਾ ਭਾਗ ਇਕ ਵੱਡੇ ਕਟੋਰੇ ਵਾਂਗ ਹੁੰਦਾ ਹੈ। ਇਸ ਫੁੱਲ ਦਾ ਭਾਰ ਕਰੀਬ 7 ਕਿਲੋਗ੍ਰਾਮ ਹੁੰਦਾ ਹੈ, ਜਿਸ ਵਿਚੋਂ ਸੜੇ ਮਾਸ ਵਰਗੀ ਬਦਬੂ ਆਉਂਦੀ ਹੈ ਅਤੇ ਇਸੇ ਬਦਬੂ ਦੇ ਕਾਰਨ ਇਹ ਜੰਗਲੀ ਜਾਨਵਰਾਂ ਤੋਂ ਬਚਿਆ ਰਹਿੰਦਾ ਹੈ।

-ਰਾਮ ਤੀਰਥ (ਅੰਮ੍ਰਿਤਸਰ)। ਮੋਬਾ: 98152-82283


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-9: ਹੀਮੈਨ

ਪਹਿਲਵਾਨਾਂ ਵਰਗੇ ਮੋਟੇ-ਮੋਟੇ ਪੱਟਾਂ ਅਤੇ ਡੌਲਿਆਂ ਵਾਲਾ ਹੀਮੈਨ ਬੱਚਿਆਂ ਦਾ ਪ੍ਰਸਿੱਧ ਕਾਰਟੂਨ ਪਾਤਰ ਹੈ। ਕਾਰਟੂਨ ਦੀ ਦੁਨੀਆ ਵਿਚ ਇਹ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਪਾਤਰ ਹੈ। ਇਸ ਨੂੰ ਰੌਗਰ ਸਵੀਟ ਨੇ ਸਿਰਜਿਆ ਸੀ ਅਤੇ ਮਾਟੈਲ ਨੇ ਡਿਜ਼ਾਈਨ ਕੀਤਾ ਸੀ। ਇਹ ਹੱਥ ਵਿਚ ਤਲਵਾਰ ਰੱਖਦਾ ਹੈ। ਕਈ ਵਾਰੀ ਸੀਨੇ 'ਤੇ ਕਵਚ ਪਹਿਨਿਆ ਹੁੰਦਾ ਹੈ। ਇਸ ਦੇ ਗਰਦਨ ਤੱਕ ਲਮਕਦੇ ਕੱਟੇ ਵਾਲ ਇਸ ਤਰ੍ਹਾਂ ਦਿਖਾਈ ਦਿੰਦੇ ਹਨ, ਜਿਵੇਂ ਇਸ ਨੇ ਵਿੱਗ ਪਹਿਨਿਆ ਹੋਵੇ। ਇਹ ਪਹਿਲੀ ਵਾਰੀ 1980 ਵਿਚ ਸਾਹਮਣੇ ਆਇਆ ਸੀ। ਇਹ ਆਪਣੇ ਦੋਸਤਾਂ ਦੀ ਮਦਦ ਨਾਲ ਬੁਰੀਆਂ ਆਤਮਾਵਾਂ, ਭੈੜੇ ਵਿਅਕਤੀਆਂ ਅਤੇ ਮਨੁੱਖਤਾ ਦਾ ਨੁਕਸਾਨ ਕਰਨ ਵਾਲਿਆਂ ਨਾਲ ਲੜਦਾ ਹੈ। ਉਹ ਪ੍ਰਿੰਸ ਆਦਮ ਦਾ ਦੂਜਾ ਰੂਪ ਹੈ ਜੋ ਆਪਣੇ ਅਨੋਖੇ ਕਾਰਨਾਮਿਆਂ ਕਾਰਨ ਬਾਲ ਮਨਾਂ ਵਿਚ ਵਸਿਆ ਹੋਇਆ ਹੈ। ਇਸ ਪਾਤਰ ਬਾਰੇ ਡਾਇਮੰਡ ਕਾਮਿਕਸ (ਪ੍ਰਾ:) ਲਿਮ: ਨੋਇਡਾ ਨੇ ਕਾਫੀ ਗਿਣਤੀ ਵਿਚ ਕਾਮਿਕਸ ਪ੍ਰਕਾਸ਼ਿਤ ਕੀਤੇ ਹਨ, ਜਿਨ੍ਹਾਂ ਵਿਚੋਂ 'ਕੱਚ ਦਾ ਸ਼ਹਿਰ' ਨੂੰ ਬਾਲ ਪਾਠਕਾਂ ਵਿਚ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ। ਇਹ ਕਾਰਟੂਨ ਪਾਤਰ ਪਹਿਲਾਂ ਕਾਮਿਕਸਾਂ ਵਿਚ ਹੀ ਕਾਰਨਾਮੇ ਵਿਖਾਉਂਦਾ ਰਿਹਾ ਹੈ ਪਰ ਪਿਛਲੇ ਡੇਢ-ਦੋ ਦਹਾਕਿਆਂ ਤੋਂ ਐਨੀਮੇਸ਼ਨਜ਼ ਅਤੇ ਕਾਰਟੂਨ ਚੈਨਲਾਂ ਉਪਰ ਵੀ ਇਸ ਦੇ ਜੌਹਰ ਵੇਖ ਕੇ ਬੱਚੇ ਪ੍ਰਸੰਨ ਹੁੰਦੇ ਹਨ। ਵੱਖ-ਵੱਖ ਕਲਾਕਾਰਾਂ ਨੇ ਇਸ ਨੂੰ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703

ਬਾਲ ਕਹਾਣੀ: ਗਗਨ ਤੇ ਸੋਨੂੰ

ਪਹਾੜੀਆਂ ਦੇ ਵਿਚਕਾਰ ਇਕ ਪਿੰਡ ਸੀ, ਜਿਥੇ ਲੋਕ ਥੋੜ੍ਹੀ-ਥੋੜ੍ਹੀ ਖੇਤੀ ਕਰਕੇ ਆਪਣਾ ਤੇ ਬੱਚਿਆਂ ਦਾ ਪੇਟ ਪਾਲਦੇ ਸੀ। ਔਰਤ ਤੇ ਮਰਦ ਇਕੱਠੇ ਹੀ ਖੇਤਾਂ ਵਿਚ ਕੰਮ ਕਰਦੇ ਸੀ।
ਇਕ ਦਿਨ ਪਿੰਡ ਵਿਚ ਸ਼ੇਰ ਆ ਗਿਆ ਤੇ ਖੇਡ ਰਹੇ ਬੱਚੇ ਨੂੰ ਚੁੱਕ ਕੇ ਲੈ ਗਿਆ। ਖੇਤਾਂ ਵਿਚ ਪੱਠੇ ਵੱਢਦੀ ਬੱਚੇ ਦੀ ਮਾਂ ਨੇ ਰੌਲਾ ਪਾਇਆ ਕਿ ਸ਼ੇਰ ਮੇਰੇ ਬੱਚੇ ਨੂੰ ਲੈ ਗਿਆ... ਬਚਾਓ... ਬਚਾਓ। ਖੇਤਾਂ ਵਿਚ ਕੰਮ ਕਰਦੇ ਸਾਰੇ ਬੰਦੇ ਇਕੱਠੇ ਹੋ ਗਏ ਤੇ ਉਧਰ ਨੂੰ ਭੱਜੇ ਜਿਧਰ ਸ਼ੇਰ ਗਿਆ ਸੀ ਪਰ ਸ਼ੇਰ ਬੱਚੇ ਨੂੰ ਲੈ ਕੇ ਪਹਾੜੀ ਤੋਂ ਪਾਰ ਚਲਾ ਗਿਆ ਸੀ।
ਮੂੰਹ ਨੂੰ ਖੂਨ ਲੱਗਾ ਹੋਣ ਕਰਕੇ ਸ਼ੇਰ ਨੇ ਫਿਰ ਇਕ ਰਾਤ ਪਿੰਡ ਵੱਲ ਮੂੰਹ ਕੀਤਾ। ਉਸ ਨੇ ਬਾਹਰ ਬੰਨ੍ਹੇ ਪਸ਼ੂਆਂ 'ਤੇ ਹਮਲਾ ਕਰ ਦਿੱਤਾ। ਇਕ ਮੱਝ ਤੇ ਦੋ ਕੱਟੀਆਂ ਨੂੰ ਜ਼ਖਮੀ ਕਰ ਦਿੱਤਾ ਤੇ ਇਕ ਕੱਟੀ ਨੂੰ ਚੁੱਕ ਕੇ ਲੈ ਗਿਆ। ਜਦ ਘਰ ਦੇ ਸਵੇਰੇ ਉੱਠੇ ਤੇ ਇਹ ਦੁਖਦਾਈ ਦ੍ਰਿਸ਼ ਦੇਖਿਆ ਤਾਂ ਉਹ ਬਹੁਤ ਘਬਰਾ ਗਏ। ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਕਿਹਾ, 'ਸਰਪੰਚ ਸਾਹਿਬ, ਪਹਿਲਾਂ ਜੈਲੇ ਦੇ ਮੁੰਡੇ ਨੂੰ ਸ਼ੇਰ ਲੈ ਗਿਆ ਤੇ ਹੁਣ ਮੇਰੇ ਪਸ਼ੂ ਜ਼ਖਮੀ ਕਰ ਗਿਆ ਤੇ ਇਕ ਕੱਟੀ ਨਾਲ ਲੈ ਗਿਆ। ਹੁਣ ਕੁਝ ਕਰੋ, ਜੇ ਅਜਿਹਾ ਨਾ ਕੀਤਾ ਤਾਂ ਸ਼ੇਰ ਫਿਰ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਵੇਗਾ।'
'ਤੁਸੀਂ ਹੁਣ ਚਿੰਤਾ ਨਾ ਕਰੋ। ਅੱਜ ਆਪਾਂ ਦੁਪਹਿਰੇ ਸਾਰੇ ਪਿੰਡ ਨੂੰ ਇਕੱਠਾ ਕਰਦੇ ਹਾਂ, ਫਿਰ ਇਸ ਮਸਲੇ ਬਾਰੇ ਵਿਚਾਰ ਕਰਕੇ ਇਸ ਨੂੰ ਅੱਜ ਹੀ ਹੱਲ ਕਰਾਂਗੇ।'
ਦੁਪਹਿਰੇ ਸਾਰਾ ਪਿੰਡ ਇਕੱਠਾ ਹੋ ਗਿਆ। ਸਾਰੇ ਸੋਚ ਰਹੇ ਸੀ ਕਿ ਸ਼ੇਰ ਦਾ ਕੀ ਹੱਲ ਕੀਤਾ ਜਾਵੇ। ਸ਼ੇਰ ਦਾ ਮਾਮਲਾ ਕਰਕੇ ਕੋਈ ਵੀ ਅੱਗੇ ਨਹੀਂ ਸੀ ਆਉਣਾ ਚਾਹੁੰਦਾ। ਅਖੀਰ ਜੋ ਦੋ ਬੱਚੇ ਗਗਨ ਤੇ ਸੋਨੂੰ ਇਕੱਠ ਵਿਚ ਹੀ ਖੜ੍ਹੇ ਸੀ, ਉਨ੍ਹਾਂ ਨੇ ਚੁੱਪ ਤੋੜੀ ਤੇ ਸਰਪੰਚ ਸਾਹਿਬ ਨੂੰ ਕਿਹਾ, 'ਸਰਪੰਚ ਸਾਹਿਬ, ਪਿੰਡ ਦੇ ਸਾਰੇ ਬੰਦੇ ਬਹਾਦਰ ਹਨ ਪਰ ਸ਼ੇਰ ਕਰਕੇ ਉਨ੍ਹਾਂ ਦੀ ਬਹਾਦਰੀ ਕੰਮ ਨਹੀਂ ਆ ਸਕਦੀ। ਅਸੀਂ ਕਿਤਾਬਾਂ ਵਿਚ ਪੜ੍ਹਿਆ ਹੈ ਕਿ ਏਕੇ ਵਿਚ ਬਰਕਤ ਹੈ। ਜੇ ਇਕੱਲਾ ਬੰਦਾ ਸ਼ੇਰ ਨੂੰ ਫੜਨ ਦੀ ਕੋਸ਼ਿਸ਼ ਕਰੇਗਾ ਤਾਂ ਸਿੱਧਾ ਮੌਤ ਦੇ ਮੂੰਹ ਵਿਚ ਹੀ ਜਾਵੇਗਾ। ਇਹ ਸ਼ੇਰ ਦਾ ਮਸਲਾ ਇਕੱਲਾ ਆਪਣੇ ਪਿੰਡ ਦਾ ਨਹੀਂ ਹੈ, ਅੱਜ ਆਪਣੇ ਪਿੰਡ ਆਇਆ ਹੈ, ਕੱਲ੍ਹ ਨੂੰ ਦੂਜੇ ਪਿੰਡ ਵੱਲ ਮੂੰਹ ਕਰੇਗਾ। ਆਪਾਂ ਸਾਰੇ ਨਾਲ ਵਾਲੇ ਪਿੰਡ ਇਕੱਠੇ ਹੋ ਕੇ ਸ਼ੇਰ ਦਾ ਖਾਤਮਾ ਕਰੀਏ, ਇਹੀ ਇਸ ਦਾ ਹੱਲ ਹੈ।'
ਗਗਨ ਤੇ ਸੋਨੂੰ ਦੀ ਗੱਲ ਸੁਣ ਕੇ ਸਾਰੇ ਬੜੇ ਖੁਸ਼ ਹੋਏ ਤੇ ਉਨ੍ਹਾਂ ਦੀਆਂ ਗੱਲਾਂ ਦੀ ਸ਼ਲਾਘਾ ਕੀਤੀ। ਅਗਲੇ ਦਿਨ 3-4 ਪਿੰਡ ਇਕੱਠੇ ਹੋਏ। ਹਰੇਕ ਕੋਲ ਡਾਂਗਾਂ, ਸੋਟੀਆਂ, ਟਕੂਏ ਸੀ, ਸਾਰੇ ਪਹਾੜੀ ਵੱਲ ਤੁਰ ਪਏ। ਅੱਗੇ-ਅੱਗੇ ਗਗਨ ਤੇ ਸੋਨੂੰ ਵੀ ਸੀ। ਪਹਾੜੀ 'ਤੇ ਖੜ੍ਹ ਕੇ ਚਾਰੇ ਪਾਸੇ ਨਿਗ੍ਹਾ ਮਾਰੀ। ਸ਼ੇਰ ਕਿਤੇ ਦਿਖਾਈ ਨਾ ਦਿੱਤਾ। ਫਿਰ ਆਖਰ ਉਨ੍ਹਾਂ ਨੂੰ ਇਕ ਪੱਥਰ ਪਿੱਛੇ ਸ਼ੇਰ ਦਿਖਾਈ ਦਿੱਤਾ। ਸਾਰੇ ਉਧਰ ਭੱਜੇ ਤੇ ਸ਼ੇਰ ਨੂੰ ਘੇਰਾ ਪਾ ਲਿਆ। ਸ਼ੇਰ ਨੂੰ ਹੁਣ ਆਪਣੀ ਮੌਤ ਦਿਖਾਈ ਦੇਣ ਲੱਗੀ। ਸਾਰਿਆਂ ਨੇ ਘੇਰਾ ਪਾ ਕੇ ਸ਼ੇਰ ਨੂੰ ਡਾਂਗਾਂ, ਟਕੂਏ ਨਾਲ ਮਾਰ ਦਿੱਤਾ ਤੇ ਉਸ ਦੀ ਦਹਿਸ਼ਤ ਤੋਂ ਛੁਟਕਾਰਾ ਪਾ ਲਿਆ।

-ਗੁਰਪ੍ਰੀਤ ਸਿੰਘ ਜੱਸਲ,
ਮ: ਨੰ: 102, ਵਿਜੈ ਨਗਰ, ਜਗਰਾਉਂ।
ਮੋਬਾ: 94632-48191

ਤਿੱਬਤੀਆਂ ਦਾ ਪਸ਼ੂ ਧਨ ਯਾਕ

ਤਿੱਬਤ ਦੇ ਠੰਢੇ ਤੇ ਵੀਰਾਨ ਪਠਾਰ, ਨਿਪਾਲ ਤੇ ਭਾਰਤ ਦੇ ਕੁਝ ਉੱਤਰੀ ਖੇਤਰ 'ਚ ਯਾਕ 8-10 ਹਜ਼ਾਰ ਫੁੱਟ ਦੀ ਉਚਾਈ 'ਤੇ ਪਾਇਆ ਜਾਂਦਾ ਹੈ। ਇਸ ਦਾ ਰੰਗ ਕਾਲਾ, ਭੂਰਾ, ਸਫੈਦ ਜਾਂ ਧੱਬੇਦਾਰ ਹੋ ਸਕਦਾ ਹੈ। ਇਸ ਦਾ ਸਰੀਰ ਸੰਘਣੇ, ਲੰਬੇ ਤੇ ਜ਼ਿਆਦਾ ਖੁਰਦਰੇ ਵਾਲਾਂ ਨਾਲ ਢਕਿਆ ਰਹਿੰਦਾ ਹੈ। ਸਰਦ ਰੁੱਤ 'ਚ ਇਹ ਵਾਲ ਹੋਰ ਜ਼ਿਆਦਾ ਸੰਘਣੇ ਤੇ ਲੰਬੇ ਹੋ ਜਾਂਦੇ ਹਨ, ਜਿਸ ਕਾਰਨ ਇਹ ਤਿੱਬਤ ਦੀ ਜ਼ੀਰੋ ਡਿਗਰੀ ਤੋਂ 40 ਡਿਗਰੀ ਘੱਟ ਠੰਢ ਵਿਚ ਵੀ ਆਰਾਮ ਨਾਲ ਬਾਹਰ ਰਹਿ ਸਕਦਾ ਹੈ। ਇਕ ਜਵਾਨ ਯਾਕ 6 ਫੁੱਟ ਤੱਕ ਉੱਚਾ ਹੁੰਦਾ ਹੈ ਤੇ ਇਸ ਦਾ ਭਾਰ ਇਕ ਟਨ ਤੱਕ ਹੋ ਸਕਦਾ ਹੈ। ਇਹ ਘਾਹ ਖਾਂਦਾ ਹੈ ਤੇ ਸਰਦੀ ਵਿਚ ਜੰਮੀ ਹੋਈ ਬਰਫ ਨੂੰ ਆਪਣੇ ਨੋਕੀਲੇ ਸਿੰਗਾਂ ਦੀ ਸਹਾਇਤਾ ਨਾਲ ਬਰਫ ਵਿਚੋਂ ਘਾਹ ਫਰੋਲ ਕੇ ਖਾ ਕੇ ਗੁਜ਼ਾਰਾ ਕਰਦਾ ਹੈ। ਇਹ ਤਿੱਬਤ ਨਿਵਾਸੀਆਂ ਦਾ ਮੁੱਖ ਧਨ ਹੈ। ਇਸ ਦੀ ਖੱਲ ਦੇ ਇਹ ਊਨੀ ਕੱਪੜੇ ਬਣਾਉਂਦੇ ਹਨ। ਇਸ ਦੇ ਵਾਲਾਂ ਨਾਲ ਜ਼ਨਾਨੀਆਂ ਤੰਬੂਆਂ ਲਈ ਕੱਪੜਾ ਤਿਆਰ ਕਰਦੀਆਂ ਹਨ ਤੇ ਰੱਸੀਆਂ ਵੀ ਬਣਦੀਆਂ ਹਨ, ਜੋ ਬਹੁਤ ਮਜ਼ਬੂਤ ਹੁੰਦੀਆਂ ਹਨ। ਭਾਰ ਢੋਣ ਤੋਂ ਇਲਾਵਾ ਇਸ ਤੋਂ ਦੁੱਧ ਪ੍ਰਾਪਤ ਹੁੰਦਾ, ਚਮੜਾ, ਉੱਨ ਵੀ ਮਿਲਦੀ ਹੈ। ਯਾਕ ਨੂੰ ਪੋਲੀ ਤੇ ਠੋਸ ਜ਼ਮੀਨ ਦੀ ਪਛਾਣ ਹੈ ਤੇ ਘੋੜੇ ਵਾਂਗ ਇਹ ਰਸਤਾ ਕਦੇ ਨਹੀਂ ਭੁੱਲਦਾ। ਇਸ ਲਈ ਤਿੱਬਤੀ ਲੋਕਾਂ ਨੇ ਕਿਤੇ ਜਾਣਾ ਹੋਵੇ ਤਾਂ ਯਾਕ ਨੂੰ ਅੱਗੇ ਰੱਖਦੇ ਹਨ। ਦੇਵੀ-ਦੇਵਤਿਆਂ ਦੇ ਮੰਦਿਰਾਂ ਵਿਚ ਪੂਜਾ-ਪਾਠ ਵੇਲੇ ਜੋ 'ਚੰਬਰ' ਹਿਲਾਇਆ ਜਾਂਦਾ ਹੈ, ਉਹ ਯਾਕ ਦੇ ਵਾਲਾਂ ਦਾ ਹੀ ਬਣਿਆ ਹੁੰਦਾ ਹੈ। ਉੱਤਰਾਖੰਡ ਵਿਚ ਇਸ ਨੂੰ 'ਚੰਬਰੀ ਗਾਂ' ਆਖਦੇ ਹਨ। ਸਫੈਦ ਚੰਬਰ ਨੂੰ ਉੱਤਮ ਮੰਨਿਆ ਜਾਂਦਾ ਹੈ। ਇਹ ਸਾਊ ਜਾਨਵਰ ਹੈ, ਮਨਾਲੀ ਦੇ ਹਿਡੰਬਾ ਮੰਦਿਰ ਵਿਖੇ ਬੱਚੇ ਵੀ ਇਸ ਦੀ ਸਵਾਰੀ ਕਰਕੇ ਅਨੰਦ ਮਾਣਦੇ ਹਨ। ਸੈਲਾਨੀਆਂ ਲਈ ਇਹ ਇਕ ਅਜੂਬਾ ਹੈ।

-ਅਵਿਨਾਸ਼ ਭੰਡਾਰੀ,
ਹੁਸ਼ਿਆਰਪੁਰ। ਮੋਬਾ: 98142-21564

ਬੁਝਾਰਤਾਂ

1. ਗਾਂ ਦਾ ਦੁੱਧ ਚੋਣ ਸਮੇਂ ਗਾਂ ਨੂੰ ਹਿੱਲਣ ਤੋਂ ਰੋਕਣ ਲਈ ਉਸ ਦੀਆਂ ਪਿਛਲੀਆਂ ਲੱਤਾਂ ਵਿਚ ਬੰਨ੍ਹੇ ਰੱਸੇ ਨੂੰ ਕੀ ਕਹਿੰਦੇ ਹਨ?
2. ਫਸਲਾਂ ਦੀ ਰਾਖੀ ਲਈ ਫਸਲਾਂ ਵਿਚ ਲੱਕੜ ਦੀਆਂ ਬੱਲੀਆਂ ਗੱਡ ਕੇ ਬਣਾਈ ਉੱਚੀ ਥਾਂ ਨੂੰ ਕੀ ਕਹਿੰਦੇ ਹਨ?
3. ਉਹ ਕਿਹੜਾ ਸੂਆ ਹੈ, ਜਿਸ ਵਿਚ ਇਕ ਵੀ ਬੂੰਦ ਪਾਣੀ ਦੀ ਨਹੀਂ ਹੁੰਦੀ?
4. ਭੁੰਨੇ ਹੋਏ ਜੌਆਂ ਨੂੰ ਕੀ ਕਹਿੰਦੇ ਹਨ?
5. ਬਾਂਸ ਦੀ 5-6 ਕੁ ਫੁੱਟ ਲੰਮੀ ਸੋਟੀ ਨੂੰ ਕੀ ਕਹਿੰਦੇ ਹਨ?
6. ਤੂਤ ਦੇ ਦਾਣੇਦਾਰ ਫਲ ਨੂੰ ਕੀ ਕਹਿੰਦੇ ਹਨ?
7. ਜਾਗੋ ਕੌਣ ਕੱਢਦੀਆਂ ਹੁੰਦੀਆਂ ਹਨ?
8. ਬੱਚਿਆਂ ਦੇ ਤੁਰਨਾ ਸਿੱਖਣ ਵਾਲੀ ਨਿੱਕੀ ਜਿਹੀ ਲੱਕੜ ਦੀ ਗੱਡੀ ਨੂੰ ਕੀ ਕਹਿੰਦੇ ਹਨ?
9. ਭੇਡਾਂ-ਬੱਕਰੀਆਂ ਦੇ ਇਕੱਠ ਨੂੰ ਕੀ ਕਹਿੰਦੇ ਹਨ?
10. ਹਲ ਜੋੜਨ ਸਮੇਂ ਊਠ ਦੀ ਪਿੱਠ ਉੱਪਰ ਲੱਕੜ, ਰੱਸੇ, ਰੱਸੀਆਂ ਤੇ ਨਮਾਰ ਦੇ ਬਣਾ ਕੇ ਪਾਏ ਢਾਂਚੇ ਨੂੰ ਕੀ ਕਹਿੰਦੇ ਹਨ?
ਉੱਤਰ : (1) ਨਿਆਣਾ, (2) ਮਨ੍ਹਾ, (3) ਬੋਰੀਆਂ ਸਿਉਣ ਵਾਲਾ ਸੂਆ, (4) ਘਾਟ, (5) ਡਾਂਗ, (6) ਤੂਤੀਆਂ, (7) ਨਾਨਕੀਆਂ, (8) ਗਡੀਰਾ, (9) ਇੱਜੜ, (10) ਬੀਂਡੀ।

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ। ਮੋਬਾ: 98763-22677

ਬਾਲ ਨਾਵਲ-40: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਿਧਾਰਥ ਬੀਜੀ ਦੀ ਗੱਲ ਸਮਝਦਾ ਹੋਇਆ ਕਹਿਣ ਲੱਗਾ, 'ਬੀਜੀ, ਤੁਸੀਂ ਹਰੀਸ਼ ਦਾ ਬਿਲਕੁਲ ਫਿਕਰ ਨਾ ਕਰੋ। ਇਹ ਬੜਾ ਲਾਇਕ ਬੱਚਾ ਹੈ। ਐਤਕੀਂ ਵੀ ਇਹ ਬੜੇ ਚੰਗੇ ਨੰਬਰ ਲੈ ਕੇ ਦਸਵੀਂ ਪਾਸ ਕਰੇਗਾ। ਤੁਸੀਂ ਬਸ ਜਲਦੀ-ਜਲਦੀ ਠੀਕ ਹੋਵੋ।'
ਬੀਜੀ ਨੇ ਪਤਾ ਨਹੀਂ ਸਿਧਾਰਥ ਦੀ ਕਿੰਨੀ ਕੁ ਗੱਲ ਸੁਣੀ ਪਰ ਉਨ੍ਹਾਂ ਦੇ ਚਿਹਰੇ 'ਤੇ ਹੁਣ ਤਸੱਲੀ ਦੇ ਭਾਵ ਸਨ।
ਸਿਧਾਰਥ ਨੇ ਹਰੀਸ਼ ਨੂੰ ਨਾਸ਼ਤਾ ਕਰਨ ਲਈ ਕਿਹਾ। ਬੀਜੀ ਨੂੰ ਠੀਕ ਦੇਖ ਕੇ ਅੱਜ ਹਰੀਸ਼ ਦੀ ਭੁੱਖ ਵੀ ਚਮਕ ਪਈ ਸੀ। ਸੋ, ਅੱਜ ਉਸ ਨੇ ਪੂਰਾ ਨਾਸ਼ਤਾ ਕੀਤਾ। ਨਾਸ਼ਤਾ ਕਰਵਾਉਣ ਤੋਂ ਬਾਅਦ ਸਿਧਾਰਥ ਸਕੂਲ ਚਲਾ ਗਿਆ। ਅੱਜ ਉਸ ਨੂੰ ਵੀ ਪੂਰੀ ਤਸੱਲੀ ਹੋਈ ਕਿ ਬੀਜੀ ਠੀਕ ਹੋਣੇ ਸ਼ੁਰੂ ਹੋ ਗਏ ਹਨ।
ਹਰੀਸ਼ ਅੱਜ ਬੜਾ ਖੁਸ਼ ਸੀ। ਉਸ ਨੂੰ ਆਪਣੀ ਅਤੇ ਆਪਣੇ ਵੀਰ ਜੀ ਦੀ ਮਿਹਨਤ ਸਫ਼ਲ ਹੁੰਦੀ ਦਿਖਾਈ ਦੇਣ ਲੱਗੀ। ਦੁਪਹਿਰ ਤੱਕ ਬੀਜੀ ਨੇ ਉਸ ਨਾਲ ਹੌਲੀ-ਹੌਲੀ ਕਈ ਛੋਟੀਆਂ-ਛੋਟੀਆਂ ਗੱਲਾਂ ਕੀਤੀਆਂ ਪਰ ਉਸ ਤੋਂ ਜ਼ਿਆਦਾ ਉਨ੍ਹਾਂ ਨੇ ਉਸ ਨੂੰ ਅਸੀਸਾਂ ਦਿੱਤੀਆਂ।
ਸ਼ਾਮ ਪੈਂਦਿਆਂ ਹੀ ਬੀਜੀ ਦੀ ਹਾਲਤ ਇਕਦਮ ਵਿਗੜ ਗਈ। ਉਨ੍ਹਾਂ ਦਾ ਸਾਹ ਉਖੜਨਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਆਪਣਾ ਹੱਥ ਆਪਣੀ ਛਾਤੀ ਦੇ ਖੱਬੇ ਪਾਸੇ ਰੱਖਿਆ। ਸ਼ਾਇਦ ਉਹ ਉਸ ਪਾਸੇ ਦਰਦ ਮਹਿਸੂਸ ਕਰ ਰਹੇ ਸਨ। ਡਾਕਟਰਾਂ ਅਤੇ ਨਰਸਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹਰੀਸ਼ ਵੀ ਇਕਦਮ ਘਬਰਾ ਗਿਆ। ਉਸ ਦੀ ਸਾਰੇ ਦਿਨ ਦੀ ਖੁਸ਼ੀ ਨਿਰਾਸ਼ਾ ਵਿਚ ਬਦਲ ਗਈ। ਉਸ ਨੇ ਨਰਸਾਂ ਨੂੰ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਨਰਸਾਂ ਨੇ ਕੁਝ ਹੱਥ-ਪੱਲਾ ਨਾ ਫੜਾਇਆ ਅਤੇ ਉਸ ਦੇ ਹੱਥ ਵਿਚ ਕੁਝ ਦਵਾਈਆਂ ਦੀ ਲਿਸਟ ਫੜਾਉਂਦਿਆਂ ਕਿਹਾ, 'ਇਹ ਦਵਾਈਆਂ ਜਲਦੀ ਲੈ ਆਓ।'
ਹਰੀਸ਼ ਨੇ ਨਰਸ ਦੇ ਹੱਥ 'ਚੋਂ ਪਰਚੀ ਫੜੀ ਅਤੇ ਤੇਜ਼-ਤੇਜ਼ ਤੁਰਦਾ ਉਹ ਦਵਾਈਆਂ ਵਾਲੀ ਦੁਕਾਨ 'ਤੇ ਪਹੁੰਚਿਆ। ਉਸ ਨੇ ਪਰਚੀ ਦੁਕਾਨਦਾਰ ਦੇ ਹੱਥ ਵਿਚ ਦਿੰਦਿਆਂ ਕਿਹਾ, 'ਇਹ ਦਵਾਈਆਂ ਜਲਦੀ ਦੇ ਦਿਓ।'
ਦੁਕਾਨਦਾਰ ਨੇ ਪਰਚੀ ਦੇਖੀ ਅਤੇ ਫਿਰ ਇਕ ਕਾਪੀ ਖੋਲ੍ਹਦਿਆਂ ਕਿਹਾ, 'ਕਾਕਾ, ਇਹ ਦਵਾਈਆਂ ਕਾਫੀ ਮਹਿੰਗੀਆਂ ਹਨ ਅਤੇ ਤੁਹਾਡੇ ਪੈਸੇ ਮੇਰੇ ਕੋਲ ਕਾਫੀ ਥੋੜ੍ਹੇ ਹਨ। ਸੋ, ਪੈਸੇ ਹੋਰ ਜਮ੍ਹਾਂ ਕਰਵਾਓ।'
ਹਰੀਸ਼ ਨੇ ਆਪਣੀ ਜੇਬ ਵਿਚੋਂ ਕੁਝ ਪੈਸੇ ਕੱਢੇ, ਜਿਹੜੇ ਸਿਧਾਰਥ ਵੇਲੇ-ਕੁਵੇਲੇ ਵਾਸਤੇ ਬਦੋਬਦੀ ਉਸ ਦੀ ਜੇਬ ਵਿਚ ਪਾ ਗਿਆ ਸੀ। ਹਰੀਸ਼ ਨੇ ਉਹ ਪੈਸੇ ਦੁਕਾਨਦਾਰ ਨੂੰ ਦਿੰਦਿਆਂ ਕਿਹਾ, 'ਐਹ ਲਓ, ਤੁਸੀਂ ਐਹ ਸਾਰੇ ਪੈਸੇ ਜਮ੍ਹਾਂ ਕਰ ਲਓ ਅਤੇ ਮੈਨੂੰ ਛੇਤੀ ਦਵਾਈਆਂ ਦੇ ਦਿਓ।'
ਦੁਕਾਨਦਾਰ ਨੇ ਪੈਸੇ ਗਿਣਦਿਆਂ ਕਿਹਾ, 'ਐਹ ਤੇ ਕਾਕਾ ਸਾਰਾ ਪੰਜ ਸੌ ਰੁਪਿਆ ਹੈ। ਮੈਂ ਤੈਨੂੰ ਪਹਿਲਾਂ ਵੀ ਕਿਹਾ ਹੈ ਕਿ ਇਹ ਦਵਾਈਆਂ ਕਾਫੀ ਮਹਿੰਗੀਆਂ ਹਨ। ਐਹ ਘੱਟੋ-ਘੱਟ ਚਾਰ ਹਜ਼ਾਰ ਰੁਪਏ ਦੀਆਂ ਬਣਦੀਆਂ ਹਨ।'
'ਤੁਸੀਂ ਮੈਨੂੰ ਦਵਾਈਆਂ ਦੇ ਦਿਓ, ਮੇਰੇ ਵੀਰ ਜੀ ਥੋੜ੍ਹੀ ਦੇਰ ਤੱਕ ਆ ਕੇ ਤੁਹਾਨੂੰ ਪੈਸੇ ਦੇ ਦੇਣਗੇ', ਹਰੀਸ਼ ਨੇ ਤਰਲਾ ਮਾਰਿਆ।
ਦੁਕਾਨਦਾਰ ਆਮ ਤੌਰ 'ਤੇ ਇਸ ਤਰ੍ਹਾਂ ਦਵਾਈ ਨਹੀਂ ਦਿੰਦੇ ਪਰ ਉਸ ਨੂੰ ਸ਼ਾਇਦ ਹਰੀਸ਼ ਉੱਪਰ ਤਰਸ ਆ ਗਿਆ ਜਾਂ ਉਸ ਨੇ ਜਿਸ ਤਰ੍ਹਾਂ ਤਰਲਾ ਕੀਤਾ ਸੀ, ਉਸ ਨੇ ਦੁਕਾਨਦਾਰ ਦਾ ਦਿਲ ਪਿਘਲਾ ਦਿੱਤਾ। ਦੁਕਾਨਦਾਰ ਨੇ ਸਾਰੀਆਂ ਦਵਾਈਆਂ ਖਾਨਿਆਂ ਵਿਚੋਂ ਕੱਢ ਕੇ ਲਿਫ਼ਾਫ਼ੇ ਵਿਚ ਪਾ ਕੇ ਹਰੀਸ਼ ਨੂੰ ਫੜਾ ਦਿੱਤੀਆਂ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ-ਕਵਿਤਾ: ਠੰਢ

ਮੰਨੋ ਬੱਚਿਓ ਮੇਰਾ ਕਹਿਣਾ,
ਠੰਢ ਤੋਂ ਜੇ ਬਚ ਕੇ ਰਹਿਣਾ।
ਆਉਂਦੀ ਅਤੇ ਜਾਂਦੀ ਠੰਢ,
ਬੜਾ ਕਰਦੀ ਬੱਚਿਓ ਤੰਗ।
ਲਾਪ੍ਰਵਾਹੀ ਜੋ ਨੇ ਕਰਦੇ,
ਓਹੀ ਬੱਚੇ ਦੁੱਖ ਨੇ ਭਰਦੇ।
ਟੀਕਾ ਜਦੋਂ ਲਵਾਉਂਦੇ ਨੇ,
ਚੀਕ ਚਿਹਾੜਾ ਪਾਉਂਦੇ ਨੇ।
ਖਾਣੀ ਪੈਂਦੀ ਕੌੜੀ ਦਵਾਈ,
ਪਛੜ ਜਾਂਦੀ ਫਿਰ ਪੜ੍ਹਾਈ।
ਸਕੂਲੇ ਜਦੋਂ ਸਵੇਰੇ ਆਓ,
ਤਨ 'ਤੇ ਪੂਰੇ ਕੱਪੜੇ ਪਾਓ।
ਘਰੋਂ ਜਦੋਂ ਵੀ ਬਾਹਰ ਜਾਓ,
ਪੈਰਾਂ ਦੇ ਵਿਚ ਬੂਟ ਪਾਓ।
ਸਵੈਟਰ ਅਤੇ ਕੋਟੀ ਪਾਓ,
ਘਟੇ ਠੰਢ ਤਾਂ ਹੌਲੀ ਘਟਾਓ।
'ਤਲਵੰਡੀ' ਦਾ ਮੰਨੋ ਕਹਿਣਾ,
ਬੱਚਿਓ ਜੇ ਅਰੋਗ ਹੈ ਰਹਿਣਾ।

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁਲਾਂਪੁਰ ਦਾਖ਼ਾ (ਲੁਧਿਆਣਾ)। ਮੋਬਾ: 94635-42896

ਬਾਲ ਸਾਹਿਤ

ਵਿਰਸੇ ਦੇ ਵਾਰਸਾਂ ਲਈ
ਲੇਖਕ : ਲੈਫ਼. ਕਰਨਲ ਬਾਬੂ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 60 ਰੁਪਏ, ਸਫੇ : 48
ਸੰਪਰਕ : 94172-14943

ਬਾਲ ਸਾਹਿਤ ਦੀ ਰਚਨਾ ਕਰਨਾ ਬੜਾ ਹੀ ਕਠਿਨ ਕਾਰਜ ਹੈ। ਜਿਨ੍ਹਾਂ ਲੇਖਕਾਂ ਅੰਦਰ ਅਜੇ ਵੀ ਬਚਪਨ ਜਿਉਂਦਾ-ਜਾਗਦਾ ਹੈ, ਉਹ ਹੀ ਬਾਲ ਸਾਹਿਤ ਲਿਖਦੇ ਹਨ। ਬਾਲਾਂ ਦੇ ਮਾਨਸਿਕ ਪੱਧਰ ਅਨੁਸਾਰ ਸਰਲ ਸ਼ਬਦਾਂ ਦੀ ਚੋਣ ਕਰ ਕੇ ਗੀਤ-ਕਵਿਤਾਵਾਂ ਲਿਖਣਾ ਬੜੀ ਹੀ ਮਿਹਨਤ ਅਤੇ ਸਿਰੜ ਦਾ ਕੰਮ ਹੈ। ਪੰਜਾਬੀ ਬਾਲ ਸਾਹਿਤ ਲਈ ਇਹ ਸ਼ੁੱਭ ਸ਼ਗਨ ਹੈ ਕਿ ਕਾਫੀ ਲੇਖਕ ਹੁਣ ਬਾਲ ਸਾਹਿਤ ਲਿਖ ਰਹੇ ਹਨ। ਪੁਸਤਕ 'ਵਿਰਸੇ ਦੇ ਵਾਰਸਾਂ ਲਈ' ਵਿਚ 23 ਕਵਿਤਾਵਾਂ ਵਿਚ ਬਾਲ ਨਾਲ ਸਬੰਧਤ ਵਿਸ਼ਿਆਂ ਨੂੰ ਕਵਿਤਾਵਾਂ ਰਾਹੀਂ ਬੜੇ ਹੀ ਸੋਹਣੇ ਢੰਗ ਨਾਲ ਲੇਖਕ ਨੇ ਬਿਆਨ ਕੀਤਾ ਹੈ-
ਘਰ ਸਵਰਗ ਦੀ ਠੰਢੀ ਛਾਂ।
ਜਿਥੇ ਰਹਿੰਦੀ ਪਿਆਰੀ ਮਾਂ। (ਘਰ)

                 -0-

ਕਲਾਸ ਵਿਚ ਅਧਿਆਪਕ ਆਇਆ।
ਸਭ ਨੇ ਉੱਠ ਕੇ ਮਾਣ ਵਧਾਇਆ। (ਅਧਿਆਪਕ)

                 -0-

ਮੇਰਾ ਭਾਰਤ ਦੇਸ਼ ਮਹਾਨ।
ਇਹ ਸਾਡੀ ਸਭ ਦੀ ਜਿੰਦ-ਜਾਨ। (ਮੇਰਾ ਦੇਸ਼)
ਲੇਖਕ ਨੇ ਬਾਲਾਂ ਨੂੰ ਆਗਿਆਕਾਰੀ, ਦੇਸ਼ ਭਗਤ, ਵੱਡਿਆਂ ਦਾ ਸਤਿਕਾਰ ਕਰਨਾ, ਚੰਗੀਆਂ ਆਦਤਾਂ ਅਪਣਾਉਣਾ ਆਦਿ ਗੁਣਾਂ ਨੂੰ ਕਵਿਤਾਵਾਂ ਰਾਹੀਂ ਬੜੇ ਹੀ ਖੂਬਸੂਰਤ ਢੰਗ ਨਾਲ ਦੱਸਿਆ ਹੈ। ਉਸ ਨੂੰ ਆਸ ਹੈ ਕਿ ਵਿਰਸੇ ਦੇ ਵਾਰਸ ਦੇਸ਼ ਦਾ ਨਾਂਅ ਚਮਕਾਉਣਗੇ। ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ। ਪੰਜਾਬੀ ਬਾਲ ਸਾਹਿਤ ਵਿਚ ਪੁਸਤਕ 'ਵਿਰਸੇ ਦੇ ਵਾਰਸਾਂ ਲਈ' ਦਾ ਸਵਾਗਤ ਹੈ।

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਤੋਤਲੇ ਬੋਲ

ਤੋਤਲੇ ਬੋਲ ਪਿਆਰੇ ਪਿਆਰੇ।
ਜੱਗ ਸਾਰੇ ਤੇ ਨਿਆਰੇ ਨਿਆਰੇ।
ਅੱਖੀਆਂ ਦੇ ਇਹ ਤਾਰੇ ਤਾਰੇ।
ਬੱਚੇ ਲਾਡਲੇ ਨੇ ਸਾਰੇ ਸਾਰੇ।
ਮਾਪਿਆਂ ਦੇ ਨੇ ਦੁਲਾਰੇ ਦੁਲਾਰੇ।
ਚਾਵਾਂ ਦੇ ਨੇ ਹੁਲਾਰੇ ਹੁਲਾਰੇ।
ਜ਼ਿੰਦਗੀ ਦੇ ਨੇ ਸਹਾਰੇ ਸਹਾਰੇ।
ਤੋਤਲੇ ਬੋਲ ਪਿਆਰੇ ਪਿਆਰੇ।

-ਸੁਰਿੰਦਰ ਕੌਰ ਰੋਮੀ,
ਫਿਲੌਰ। ਮੋਬਾ: 89689-60986

ਬਾਲ ਗੀਤ: ਮੇਰਾ ਸਕੂਲ

ਮੇਰਾ ਸਕੂਲ ਹੈ ਸਭ ਤੋਂ ਸੋਹਣਾ।
ਇਹੋ ਜਿਹਾ ਨਹੀਂ ਕਿਤੇ ਵੀ ਹੋਣਾ।
ਮੇਰਾ ਸਕੂਲ ਹੈ ਸਭ ਤੋਂ ਸੋਹਣਾ।
ਸਾਰਾ ਹੀ ਫਰਨੀਚਰ ਵਧੀਆ,
ਮੇਰੇ ਸਕੂਲ ਦੇ ਟੀਚਰ ਵਧੀਆ।
ਸਭ ਨੇ ਪਿਆਰ ਨਾਲ ਪੜ੍ਹਾਉਣਾ,
ਮੇਰਾ ਸਕੂਲ ਹੈ ਸਭ ਤੋਂ ਸੋਹਣਾ।
ਵਰਦੀ ਸਾਡੀ ਰੰਗ-ਬਰੰਗੀ,
ਪੜ੍ਹਾਈ ਵੀ ਹੈ ਸਭ ਤੋਂ ਚੰਗੀ।
ਸਭ ਨੇ ਸਕੂਲ ਸਮੇਂ ਸਿਰ ਆਉਣਾ,
ਮੇਰਾ ਸਕੂਲ ਹੈ ਸਭ ਤੋਂ ਸੋਹਣਾ।
ਹਰ ਇਕ ਖੇਡ ਮੈਦਾਨ ਵਿਚ ਹੈ,
ਖੇਡਣ ਦੀ ਹਰ ਵਿਚ ਖਿੱਚ ਹੈ।
ਟੀਚਰਾਂ ਸਾਨੂੰ ਖੂਬ ਖਿਡਾਉਣਾ,
ਮੇਰਾ ਸਕੂਲ ਹੈ ਸਭ ਤੋਂ ਸੋਹਣਾ।
ਸਾਫ਼-ਸਫ਼ਾਈ ਬਹੁਤ ਹੈ ਰਹਿੰਦੀ,
ਜਿਥੇ ਵੀ ਸਾਡੀ ਨਿਗ੍ਹਾ ਹੈ ਪੈਂਦੀ।
ਮਾਲੀਆਂ ਫੁੱਲ-ਬੂਟਿਆਂ ਨੂੰ ਸਜਾਉਣਾ,
ਮੇਰਾ ਸਕੂਲ ਹੈ ਸਭ ਤੋਂ ਸੋਹਣਾ।
ਸਕੂਲ ਜਾਣ ਲਈ ਵਧੀਆ ਬੱਸਾਂ,
'ਸੁਰਜੀਤ ਸੰਧੂ' ਸਰ ਸੱਚ ਮੈਂ ਦੱਸਾਂ।
ਹੱਸ-ਹੱਸ ਜਾਣਾ ਕਦੇ ਨਾ ਰੋਣਾ,
ਮੇਰਾ ਸਕੂਲ ਹੈ ਸਭ ਤੋਂ ਸੋਹਣਾ।

-ਸੁਰਜੀਤ ਸੰਧੂ ਅਜੀਤਵਾਲ,
ਆਸਟ੍ਰੇਲੀਆ।

ਕੀ ਤੁਸੀਂ ਜਾਣਦੇ ਹੋ?

* ਦਰਿਆਈ ਘੋੜਾ ਅਜਿਹਾ ਜਾਨਵਰ ਹੈ, ਜਿਸ ਨੂੰ ਗੁਲਾਬੀ ਰੰਗ ਦਾ ਪਸੀਨਾ ਆਉਂਦਾ ਹੈ।
* ਜਿਰਾਫ ਅਜਿਹਾ ਜਾਨਵਰ ਹੈ ਜੋ ਬੋਲਦਾ ਨਹੀਂ ।
* ਚੀਤਾ ਅਜਿਹਾ ਜਾਨਵਰ ਹੈ ਜੋ ਹਨੇਰੇ ਵਿਚ ਵੀ ਦੇਖ ਲੈਂਦਾ ਹੈ।
* ਭਾਲੂ ਅਜਿਹਾ ਜਾਨਵਰ ਹੈ ਜੋ ਜਨਮ ਤੋਂ ਬਾਅਦ ਦੋ ਮਹੀਨੇ ਤੱਕ ਸੌਂਦਾ ਹੈ ਅਤੇ ਬੱਚਿਆਂ ਵਾਂਗ ਰੋਂਦਾ ਹੈ।
* ਵਿਸ਼ਵ ਦਾ ਸਭ ਤੋਂ ਮਹਿੰਗਾ ਪਸ਼ੂ ਰੇਸ ਦਾ ਘੋੜਾ ਹੈ।
* ਸੰਸਾਰ ਦਾ ਸਭ ਤੋਂ ਜ਼ਿਆਦਾ ਪਸ਼ੂ ਭਾਰਤ ਵਿਚ ਪਾਇਆ ਜਾਂਦਾ ਹੈ।
* ਬੁਲਬੁਲ ਪੰਛੀ ਦੀ ਆਵਾਜ਼ ਸਭ ਤੋਂ ਜ਼ਿਆਦਾ ਮਿੱਠੀ ਹੁੰਦੀ ਹੈ।
* ਸੰਸਾਰ ਦਾ ਸਭ ਤੋਂ ਸੁਸਤ ਜਾਨਵਰ ਸਲਾਥ ਹੈ, ਜੋ ਦੱਖਣੀ ਅਮਰੀਕਾ ਵਿਚ ਪਾਇਆ ਜਾਂਦਾ ਹੈ।
* ਚੀਨ ਦੇਸ਼ ਦੇ ਲੋਕ ਸੱਪ ਖਾਂਦੇ ਹਨ।
* ਸੰਸਾਰ ਦਾ ਸਭ ਤੋਂ ਖ਼ਤਰਨਾਕ ਪੰਛੀ ਕੈਸੋਬਰੀ ਬਰਲਡ ਹੈ, ਜੋ ਆਸਟਰੇਲੀਆ ਵਿਚ ਪਾਇਆ ਜਾਂਦਾ ਹੈ।

-ਗੋਬਿੰਦ ਸੁਖੀਜਾ,
ਢਿਲਵਾਂ (ਕਪੂਰਥਲਾ)।
ਮੋਬਾ: 98786-05929






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX