ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਬਲਵਿੰਦਰ 'ਬਾਲਮ' ਦੀਆਂ ਚਾਰ ਗ਼ਜ਼ਲਾਂ

ਜ਼ਿੰਦਗੀ ਨੂੰ ਨੇੜਿਉਂ ਪਹਿਚਾਣ ਕੇ,
ਕੀਤੀਆਂ ਮੈਂ ਗ਼ਲਤੀਆਂ ਕੁਝ ਜਾਣ ਕੇ।
ਤਾਰਿਆਂ ਦੇ ਨਾਲ ਝੋਲੀ ਭਰ ਲਈ,
ਸੋਚ ਦੇ ਅੰਬਰ ਨੂੰ ਸਾਰਾ ਛਾਣ ਕੇ।
ਵਿਹੜਿਆਂ ਵਿਚ ਰੌਸ਼ਨੀ ਹੀ ਰੌਸ਼ਨੀ,
ਬਹਿ ਗਏ ਯਾਦਾਂ ਦੇ ਸੂਰਜ ਆਣ ਕੇ।
'ਬਾਲਮਾ' ਹਰ ਵਾਰ ਉਹ ਰੁਸ ਜਾਂਵਦਾ,
ਸੌਂ ਗਏ ਆਪਾਂ ਵੀ ਚਾਦਰ ਤਾਣ ਕੇ।
.................................................

ਕੰਡੇ ਸਾਰੇ ਮੰਗਾਂਗੇ ਗੁਲਾਬ ਮੰਗਣਾ,
ਤੈਥੋਂ ਪਾਈ-ਪਾਈ ਦਾ ਹਿਸਾਬ ਮੰਗਣਾ।
ਦਿਲ ਚੰਦਰੇ ਨੇ ਇਹਨਾਂ ਅੱਖੀਆਂ ਦੇ ਕੋਲੋਂ,
ਰਾਤੀਂ ਜਿਹੜਾ ਆਇਆ ਸੀ ਉਹ ਖ਼ਾਬ ਮੰਗਣਾ।
ਤੇਜ਼ ਹਵਾਏ ਦੱਸੀਂ ਕੌਣ ਕੌਣ ਉਥੇ,
ਮਾਲੀਆਂ ਨੇ ਤੈਥੋਂ ਵੀ ਹਿਸਾਬ ਮੰਗਣਾ।
ਅਜ ਵੀ ਹੈ ਚੇਤੇ ਤੇਰਾ ਪਿਆਰ ਸਜਰਾ,
ਝੂਠੀ-ਮੂਠੀ ਮੇਰੇ ਤੋਂ ਕਿਤਾਬ ਮੰਗਣਾ।
................................................

ਛੱਡ ਦੇਵੋ ਤਕਰਾਰ ਕਿ ਜੀਵਨ ਛੋਟਾ ਹੈ,
ਵੰਡੀ ਜਾਓ ਪਿਆਰ ਕਿ ਜੀਵਨ ਛੋਟਾ ਹੈ।
ਨਿੱਜ-ਸਵਾਰਥ ਕਰਕੇ ਰਿਸ਼ਤੇ ਵੱਢੀਂ ਨਾ,
ਮਿਆਨ 'ਚ ਰਖ ਤਲਵਾਰ ਕਿ ਜੀਵਨ ਛੋਟਾ ਹੈ।
ਹਉਮੇ ਦੀ ਪੰਡ ਸਿਰ 'ਤੇ ਚੁੱਕੀ ਫਿਰਦਾ ਏਂ,
ਜਲਦੀ ਕਰ, ਉਤਾਰ ਕਿ ਜੀਵਨ ਛੋਟਾ ਹੈ।
ਤੇਰੇ ਵੱਡ-ਵਡੇਰੇ ਸਾਰੇ ਤੁਰ ਗਏ ਨੇ,
ਤੂੰ ਵੀ ਅਧ-ਵਿਚਕਾਰ ਕਿ ਜੀਵਨ ਛੋਟਾ ਹੈ।
ਧਰਤੀ ਇਕ ਸਰਾਂਅ ਹੈ ਮਾਲਿਕ ਕੋਈ ਨਈਂ,
ਸਭ ਕਿਰਾਏਦਾਰ ਕਿ ਜੀਵਨ ਛੋਟਾ ਹੈ।
ਆ ਜਾ, ਰੁਸ ਕੇ ਨਾ ਜਾ 'ਬਾਲਮ' ਕਹਿੰਦਾ ਹੈ,
ਤੇਰੇ ਨਾਲ ਤਿਉਹਾਰ ਕਿ ਜੀਵਨ ਛੋਟਾ ਹੈ।
.................................................

ਜਾ ਵੇ ਅੰਬਰ ਸਾਰਾ ਤੈਨੂੰ ਦੇ ਦਿੱਤਾ।
ਕੱਲਾ-ਕੱਲਾ ਤਾਰਾ ਤੈਨੂੰ ਦੇ ਦਿੱਤਾ।
ਆਪਾਂ ਸਾਰੀ ਜਾਨ ਤਲੀ 'ਤੇ ਰੱਖ ਦਿੱਤੀ,
ਖ਼ੁਦ ਨੂੰ ਡੋਬ ਸਹਾਰਾ ਤੈਨੂੰ ਦੇ ਦਿੱਤਾ।
ਫਿਰ ਵੀ ਸਾਡੇ ਨਾਲ ਬੁਰਾਈ ਕਰਦਾ ਏ,
ਬੇੜੀ, ਨਹਿਰ, ਕਿਨਾਰਾ ਤੈਨੂੰ ਦੇ ਦਿੱਤਾ।
ਇਸ ਤੋਂ ਵਧ ਕੇ ਹੋਰ ਭਲਾ ਕੀ ਕਰਦੇ ਦੱਸ,
'ਬਾਲਮ' ਪਿਆਰਾ-ਪਿਆਰਾ ਤੈਨੂੰ ਦੇ ਦਿੱਤਾ।


-ਮੋਬਾਈਲ : 98156-25409.


ਖ਼ਬਰ ਸ਼ੇਅਰ ਕਰੋ

ਬੇਬੇ ਦੀ ਬੇਵਸੀ

ਮੈਂ ਬੇਬੇ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਵੇਖਿਆ ਸੀ। ਜਦ ਉਸ ਨੇ ਕਿਹਾ, 'ਪੁੱਤ, ਹੁਣ ਮੈਂ ਬੇਵੱਸ ਹੋ ਗਈ। ਮੈਨੂੰ ਪਿਸ਼ਾਬ ਕਰਨ ਜਾਣ ਲਈ ਵੀ ਕਿਸੇ ਨੂੰ ਬੁਲਾਉਣਾ ਪੈਂਦਾ ਹੈ' ਤਾਂ ਮੇਰਾ ਦਿਲ ਬੈਠ ਗਿਆ। ਮੈਂ ਉਸ ਦਾ ਹੌਸਲਾ ਵਧਾਉਣ ਲਈ ਕਿਹਾ, 'ਬੇਬੇ ਫਿਕਰ ਨਾ ਕਰ ਮੈਂ ਅਗਲੇ ਮਹੀਨੇ ਰਿਟਾਇਰ ਹੋ ਜਾਣਾ, ਫੇਰ ਤੇਰੇ ਕੋਲ ਪਿੰਡ ਆ ਜੂੰ।' ਮੇਰੀ ਗੱਲ ਸੁਣ ਕੇ ਵੀ ਬੇਬੇ ਚੁੱਪ ਰਹੀ।
ਮੈਂ 31 ਅਗਸਤ, 1994 ਨੂੰ ਸੇਵਾਮੁਕਤ ਹੋਣਾ ਸੀ। ਬੇਬੇ 7 ਅਗਸਤ ਨੂੰ ਹੀ ਪੂਰੀ ਹੋ ਗਈ। ਮੈਨੂੰ ਲੱਗਿਆ ਬੇਬੇ ਨਹੀਂ ਚਾਹੁੰਦੀ ਸੀ ਕਿ ਮੈਂ ਆਪਣੀ ਪਤਨੀ ਨੂੰ ਇਕੱਲੀ ਸ਼ਹਿਰ ਛੱਡ ਕੇ ਪਿੰਡ ਆਵਾਂ। ਉਸ ਨੇ ਕਦੇ ਵੀ ਮੇਰੇ ਪਰਿਵਾਰਕ ਜੀਵਨ ਵਿਚ ਦਖਲ ਨਹੀਂ ਸੀ ਦਿੱਤਾ। ਉਹ ਨਹੀਂ ਚਾਹੁੰਦੀ ਸੀ ਕਿ ਉਸ ਕਰਕੇ ਇਸ ਵਿਚ ਕੋਈ ਤਣਾਓ ਪੈਦਾ ਹੋਵੇ।
ਬੇਬੇ ਦੱਸਦੀ ਸੀ ਕਿ ਉਸ ਦਾ ਜਨਮ ਕਾਹਟੇ ਯਾਨੀ ਬਿਕਰਮੀ ਸੰਮਤ 1961 (ਈਸਵੀ 1904) ਦਾ ਸੀ। ਘਰੇਲੂ ਬਹੀ ਮੁਤਾਬਿਕ ਮੇਰੇ ਮਾਪਿਆਂ ਦਾ ਵਿਆਹ 7 ਹਾੜ੍ਹ 1973 (ਜੂਨ 1916) ਨੂੰ ਹੋਇਆ। ਮੁਕਲਾਵਾ ਪੰਜ ਸਾਲ ਪਿੱਛੋਂ 1921 ਵਿਚ ਲਿਆਂਦਾ ਗਿਆ। ਬੇਬੇ ਪੰਜ ਪੁੱਤਾਂ ਦੀ ਮਾਂ ਸੀ। ਕਿਹਾ ਜਾਂਦਾ ਹੈ ਕਿ ਇਕ ਪੁੱਤ ਦੀ ਮਾਂ ਰਾਣੀ, ਦੋ ਦੀ ਪਟਰਾਣੀ, ਫੇਰ ਪੰਜਾਂ ਦੀ ਤਾਂ ਪੰਜ ਰਤਨੀ ਹੋਈ। ਬੇਬੇ ਨੇ ਕਦੇ ਕਿਹਾ ਤਾਂ ਨਹੀਂ ਸੀ ਪਰ ਮੈਨੂੰ ਲਗਦਾ ਸੀ ਕਿ ਬੁਢਾਪੇ ਵਿਚ ਉਸ ਨੂੰ ਧੀ ਦੀ ਘਾਟ ਮਹਿਸੂਸ ਹੁੰਦੀ ਸੀ, ਸ਼ਾਇਦ ਇਸ ਕਰਕੇ ਜਿਵੇਂ ਧੀਆਂ ਮਾਵਾਂ ਦਾ ਦੁੱਖ ਦਰਦ ਵੰਡਾਉਂਦੀਆਂ ਹਨ ਪੁੱਤ ਨਹੀਂ ਵੰਡਾ ਸਕਦੇ।
ਬੇਬੇ ਮਿੱਠ ਬੋਲੜੀ ਅਤੇ ਮਿਲਵਰਤਨ ਵਾਲੀ ਸੀ। ਮੇਰੇ ਬਾਪੂ ਦੀਆਂ ਛੇ ਭੈਣਾਂ ਸਨ ਪਰ ਭਰਾ ਕੋਈ ਨਹੀਂ ਸੀ। ਬੇਬੇ ਨੇ ਸਾਰੀਆਂ ਨਨਾਣਾਂ ਨਾਲ ਸਾਰੀ ਉਮਰ ਬਣਾ ਕੇ ਰੱਖੀ। ਪੰਜਾਂ ਦੇ ਤਾਂ ਵਿਆਹ ਉਸ ਦੇ ਆਪਣੇ ਵਿਆਹ ਤੋਂ ਪਿੱਛੋਂ ਹੋਏ ਪਰ ਹਰ ਇਕ ਦੇ ਬੱਚਿਆਂ ਦੇ ਵਿਆਹਾਂ 'ਤੇ ਨਾਨਕਾ ਛੱਕ ਦੀ ਰਸਮ ਨਿਭਾਉਂਦੀ ਰਹੀ।
ਮੇਰੀ ਇਕ ਭੂਆ ਆਪਣੇ ਮੁੰਡਿਆਂ ਨਾਲ ਅਮਰੀਕਾ ਜਾ ਵਸੀ। ਇਕ ਵਾਰੀ ਉਸ ਨੇ ਆਪਣੇ ਪੋਤੇ ਦੇ ਹੱਥ ਬੇਬੇ ਲਈ ਇਹ ਕਹਿ ਕੇ ਕੱਪੜੇ ਭੇਜੇ ਕਿ ਪੰਜਾਬ ਵਿਚ ਮੇਰੀ ਤਾਂ ਇਕ ਹੀ ਭਰਜਾਈ ਹੈ ਜੋ ਮੈਨੂੰ ਹਮੇਸ਼ਾ ਯਾਦ ਆਉਂਦੀ ਹੈ। ਬੇਬੇ ਭੂਆ ਦਾ ਸੁਨੇਹਾ ਸੁਣ ਕੇ ਅਤੇ ਤੋਹਫ਼ਾ ਲੈ ਕੇ ਬੇਹੱਦ ਖੁਸ਼ ਹੋਈ। ਮੇਰਾ ਮਨ ਵੀ ਨਣਾਨ-ਭਰਜਾਈ ਦਾ ਪ੍ਰਸਪਰ ਪਿਆਰ ਦੇਖ ਕੇ ਬੜਾ ਪ੍ਰਸੰਨ ਹੋਇਆ।
ਮੈਂ ਬੇਬੇ ਨੂੰ ਕਦੇ ਵੀ ਆਂਢ-ਗੁਆਂਢ ਵਿਚ ਮਿਹਣੋ-ਮਿਹਣੀ ਹੁੰਦਿਆਂ ਜਾਂ ਲੜਦੇ ਨਹੀਂ ਦੇਖਿਆ ਸੀ। ਕਿਉਂਕਿ ਉਸ ਦੀ ਕੋਈ ਦਰਾਣੀ-ਜੇਠਾਣੀ ਨਹੀਂ ਸੀ, ਇਸ ਕਰਕੇ ਸਾਡੇ ਘਰ ਵਿਚ ਆਮ ਘਰਾਂ ਵਾਲੇ ਸ਼ਰੀਕਾਂ ਦੇ ਲੜਾਈ-ਝਗੜੇ ਵੀ ਨਹੀਂ ਸਨ।
ਮੈਂ ਬੇਬੇ ਨੂੰ ਹਮੇਸ਼ਾ ਕੰਮ ਕਰਦੀ ਨੂੰ ਹੀ ਦੇਖਿਆ। ਬਾਪੂ ਦੀ ਦੋ ਹਲ ਦੀ ਖੇਤੀ ਸੀ। ਦੋ ਸੀਰੀ ਹੁੰਦੇ ਸਨ। ਪਸ਼ੂ ਡੰਗਰ ਬਥੇਰੇ ਹੁੰਦੇ। ਬੇਬੇ ਨੇ ਸੰਨ੍ਹੀਆਂ ਕਰਨੀਆਂ, ਧਾਰਾਂ ਕੱਢਣੀਆਂ, ਦੁੱਧ ਰਿੜਕਣਾ ਅਤੇ ਚੁੱਲ੍ਹੇ ਚੌਂਕੇ ਦਾ ਵੀ ਸਾਰਾ ਕੰਮ ਕਰਨਾ। ਬਾਵਜੂਦ ਐਨੇ ਕੰਮਕਾਰ ਦੇ ਉਸ ਨੇ ਆਪਣੇ ਪੁੱਤਾਂ ਦਾ ਵੀ ਪੂਰਾ ਖਿਆਲ ਰੱਖਣਾ। ਮੈਨੂੰ ਯਾਦ ਹੈ ਮੈਨੂੰ ਨਿੱਕੇ ਹੁੰਦੇ ਨੂੰ ਬੇਬੇ ਨੇ ਹਰ ਰੋਜ਼ ਨਵ੍ਹਾਉਣਾ, ਅੱਖਾਂ ਵਿਚ ਸੁਰਮਾ ਪਾਉਣਾ ਅਤੇ ਮੱਥੇ 'ਤੇ ਕਾਲਾ ਟਿੱਕਾ ਲਾ ਦੇਣਾ ਤਾਂ ਕਿ ਕੋਈ ਨਜ਼ਰ ਨਾ ਲਾ ਦੇਵੇ। ਉਹ ਆਪ ਵੀ ਬਹੁਤ ਸਫਾਈ ਪਸੰਦ ਸੀ। ਸਾਡੇ ਵੀ ਸਾਫ਼-ਸੁਥਰੇ ਕੱਪੜੇ ਪਾਉਂਦੀ ਅਤੇ ਆਪ ਵੀ ਕੰਮਕਾਰ ਤੋਂ ਵਿਹਲੀ ਹੋ ਕੇ ਨਹਾ-ਧੋ ਕੇ ਧੋਤੇ ਹੋਏ ਲੀੜੇ ਪਾ ਕੇ ਰੱਖਦੀ।
ਮੇਰੀ ਵੱਡੀ ਭਰਜਾਈ ਦੇ ਉਪਰੋਂ ਥਲੀ ਦੇ ਚਾਰ ਬੱਚੇ ਹੋ ਗਏ। ਉਹ ਆਪਣੇ ਬੱਚਿਆਂ ਦੀ ਸਫਾਈ ਵੱਲ ਕੋਈ ਖਾਸ ਧਿਆਨ ਨਾ ਦਿੰਦੀ। ਇਕ ਵਾਰੀ ਜਦ ਮੈਂ ਪਿੰਡ ਗਿਆ ਤਾਂ ਦੇਖਿਆ ਨਿਆਣਿਆਂ ਦੇ ਨੱਕ ਹੀ ਵਗੀ ਜਾਣ ਤੇ ਮੈਲੇ ਲੀੜੇ ਪਾਈ ਫਿਰਨ। ਬੇਬੇ ਮੈਨੂੰ ਹੌਲੀ ਦੇ ਕੇ, ਤਾਂ ਕਿ ਭਾਬੀ ਨਾ ਸੁਣ ਲਵੇ, ਕਹਿੰਦੀ, 'ਪੁੱਤ ਇਹਤੋ ਤਾਂ ਨਿਆਣਿਆਂ ਦੀਆਂ ਨਲੀਆਂ ਹੀ ਨਹੀਂ ਪੂੰਝ ਹੁੰਦੀਆਂ, ਮੈਂ ਤੁਹਾਨੂੰ ਕਿਵੇਂ ਸੁਦਾਗਰ ਦੇ ਘੋੜਿਆਂ ਵਾਂਗ ਸਜਾ ਕੇ ਰੱਖਦੀ ਸੀ। ਇਹਨੂੰ ਮੇਰੇ ਨਾਲੋਂ ਵੱਧ ਕੰਮ ਤਾਂ ਨਹੀਂ।'
ਬੇਬੇ ਕਦੇ ਕਿਸੇ ਨੂੰ ਚੁਭਵੀਂ ਗੱਲ ਨਹੀਂ ਕਹਿੰਦੀ ਸੀ। ਜਿਹੋ ਜਿਹਾ ਮੌਕਾ ਹੋਣਾ ਜਿਹੋ ਜਿਹਾ ਬੰਦਾ ਹੋਣਾ ਉਹ ਉਸ ਨਾਲ ਉਸ ਤਰ੍ਹਾਂ ਦੀ ਹੀ ਗੱਲ ਕਰਦੀ, ਜਿਸ ਨੂੰ ਸੁਣ ਕੇ ਉਸ ਬੰਦੇ ਦਾ ਚਿੱਤ ਖੁਸ਼ ਹੋਵੇ। ਮੇਰੀ ਵੱਡੀ ਧੀ ਨਵਚਾਂਦ 1984 ਵਿਚ ਬੇਬੇ ਨੂੰ ਆਪਣੇ ਕੋਲ ਫਿਰੋਜ਼ਪੁਰ ਛਾਉਣੀ ਲੈ ਗਈ। ਮੇਰਾ ਜੁਆਈ ਉਸ ਵੇਲੇ ਉਥੇ ਮੇਜਰ ਸੀ। ਉਸ ਦੇ ਸੀ.ਓ. ਦੀ ਪਤਨੀ ਨੂੰ ਬੇਬੇ ਨੇ ਇਕ ਦੋ ਵਾਰੀ ਸਾਗ ਅਤੇ ਮੱਕੀ ਦੀਆਂ ਰੋਟੀਆਂ ਭਿਜਵਾ ਦਿੱਤੀਆਂ। ਇਸ 'ਤੇ ਉਹ ਖੁਸ਼ ਹੋਈ ਅਤੇ ਕਈ ਵਾਰ ਬੇਬੇ ਨੂੰ ਮਿਲਣ ਆ ਜਾਇਆ ਕਰੇ। ਬੇਬੇ ਨੇ ਉਸ ਨਾਲ ਬਿਨਾਂ ਝਿਜਕ ਅਨਪੜ੍ਹ ਹੁੰਦਿਆਂ ਪੜ੍ਹਿਆਂ ਲਿਖਿਆ ਨਾਲੋਂ ਵਧੀਆ ਗੱਲਾਂ ਕਰਨੀਆਂ। ਬੇਬੇ ਨੂੰ ਮਾਣ ਸੀ ਕਿ ਉਸ ਦਾ ਚਾਚਾ ਸੂਬੇਦਾਰ ਸੀ ਅਤੇ ਚਾਚੇ ਦਾ ਪੁੱਤ ਮੇਜਰ ਅਤੇ ਚਾਚੇ ਦਾ ਪੋਤਾ ਬ੍ਰਿਗੇਡੀਅਰ। ਇਸ ਕਰਕੇ ਉਸ ਨੂੰ ਸੂਝ ਸੀ ਕਿ ਅਫਸਰਾਂ ਦੀਆਂ ਪਤਨੀਆਂ ਨਾਲ ਕਿਵੇਂ ਗੱਲ ਕਰੀਦੀ ਹੈ। ਬੇਬੇ ਦੀਆਂ ਮਿੱਠੀਆਂ ਗੱਲਾਂ ਨੇ ਮੇਰੇ ਜਵਾਈ ਨੂੰ ਉਸ ਸਾਲ ਉਸ ਦੇ ਸੀ.ਓ. ਤੋਂ ਐਕਸੇਲੈਂਟ ਸੀ.ਆਰ. ਦਿਵਾ ਦਿੱਤੀ।
ਬੇਬੇ ਦਾ ਚਹੇਤਾ ਤਾਂ ਉਸ ਦਾ ਪਲੇਠਾ ਪੁੱਤ ਸੀ ਜੋ ਭਰ ਜਵਾਨੀ ਵਿਚ ਹੀ ਰੱਬ ਨੂੰ ਪਿਆਰਾ ਹੋ ਗਿਆ। ਬੇਬੇ ਉਸ ਨੂੰ ਯਾਦ ਕਰਕੇ ਵਿਆਹਾਂ ਵੇਲੇ ਵੀ ਕੀਰਨੇ ਪਾਉਣ ਲੱਗ ਜਾਂਦੀ। ਕਿਉਂਕਿ ਮੈਂ ਛੋਟਾ ਹੁੰਦਾ ਹੀ ਰਿਸ਼ਤੇਦਾਰੀਆਂ ਵਿਚ ਰਹਿ ਕੇ ਪੜ੍ਹਦਾ ਰਿਹਾ। ਮੇਰਾ ਵੀ ਉਹ ਖਾਸ ਖਿਆਲ ਰੱਖਦੀ ਸੀ। ਗਰਮੀਆਂ ਵਿਚ ਮੈਨੂੰ ਪੰਜੀਰੀ, ਸਰਦੀਆਂ ਵਿਚ ਘਿਓ ਅਤੇ ਖੋਆ ਭੇਜਦੀ। ਜਦ ਮੈਂ ਨੌਕਰੀ ਵੀ ਕਰਨ ਲੱਗ ਗਿਆ ਉਸ ਨੂੰ ਪਤਾ ਸੀ ਕਿ ਮੈਂ ਠੰਢ ਬਹੁਤ ਮੰਨਦਾ ਹਾਂ ਤਾਂ ਮੈਨੂੰ ਹਮੇਸ਼ਾ ਜ਼ਿਆਦਾ ਰੂੰ ਪੁਆ ਕੇ ਖੱਦਰ ਦੀ ਰਜ਼ਾਈ ਭੇਜਦੀ। ਮੈਨੂੰ ਕਣਕ ਦਾ ਦਲੀਆ ਚੰਗਾ ਲਗਦਾ ਹੈ, ਮੈਨੂੰ ਕਣਕ ਭੁੰਨਵਾ ਕੇ ਚੱਕੀ 'ਤੇ ਆਪ ਦਲੀਆ ਖੀਰ ਭੇਜਦੀ। ਮੇਰੇ ਕੋਲ ਆਉਣਾ ਜਾਂ ਮੈਂ ਪਿੰਡ ਜਾਣਾ ਤਾਂ ਮੇਰੀ ਥਾਲੀ 'ਚੋਂ ਠੰਢੀ ਰੋਟੀ ਚੁੱਕ ਕੇ ਲੈ ਜਾਣੀ ਤੇ ਗਰਮ ਲਿਆ ਕੇ ਦੇਣੀ। ਮੈਂ ਤਿੰਨ ਫੁਲਕੇ ਖਾਂਦਾ ਸੀ, ਉਸ ਨੇ ਕਹਿਣਾ ਪੁੱਤ ਤਿੰਨ ਚੰਗੇ ਨਹੀਂ ਹੁੰਦੇ ਚੌਥੀ 'ਚੋਂ ਭਾਵੇਂ ਇਕ ਬੁਰਕੀ ਤੋੜ ਲੈ। ਮੈਂ ਪਿੰਡੋਂ ਚਲਣਾ ਤਾਂ ਉਸ ਨੇ ਮੈਨੂੰ ਦਲਾਨ ਵਿਚ ਰੋਕ ਦੇਣਾ ਅਤੇ ਬੀਹੀ ਵਿਚ ਜਾ ਕੇ ਦੇਖਣਾ ਕਿ ਕੋਈ ਖਾਲੀ ਟੋਕਰਾ ਤਾਂ ਨਹੀਂ ਚੁੱਕੀ ਆਉਂਦੀ। ਫਿਰ ਮੈਨੂੰ ਹਰੀ ਝੰਡੀ ਦੇਣੀ ਕਿ ਮੈਂ ਜਾਵਾਂ। ਘਰੋਂ ਹਮੇਸ਼ਾ ਦਹੀਂ ਖੁਆ ਕੇ ਤੋਰਨਾ ਕਿ ਇਹ ਚੰਗਾ ਸ਼ਗਨ ਹੁੰਦਾ ਹੈ।
ਬੇਬੇ ਦੇ ਪੰਜਾਹ ਵਰ੍ਹੇ ਦੀ ਉਮਰ ਵਿਚ ਹੀ ਸਾਰੇ ਦੰਦ ਝੜ ਗਏ। 80 ਸਾਲ ਦੀ ਉਮਰ ਵਿਚ ਅੱਖਾਂ ਦੀ ਲੋਅ ਚਲੀ ਗਈ। ਮੈਂ ਡਾਕਟਰ ਨੂੰ ਦਿਖਾਇਆ। ਉਹ ਕਹਿੰਦੇ ਕਿਉਂਕਿ ਔਪਟਿਕ ਨਰਵ ਖਰਾਬ ਹੋ ਗਈ ਹੈ, ਇਸ ਕਰਕੇ ਸਰਜਰੀ ਨਹੀਂ ਹੋ ਸਕਦੀ। ਬੇਬੇ ਨੇ ਰੱਬ ਦਾ ਭਾਣਾ ਮੰਨਣ ਵਿਚ ਹੀ ਭਲਾ ਸਮਝਿਆ। ਹੋਰ ਕੰਮ ਤਾਂ ਛੱਡਣੇ ਪਏ ਪਰ ਚਰਖਾ ਅੰਨ੍ਹੀ ਹੋਈ ਵੀ ਚਲਾਉਂਦੀ ਰਹੀ। ਉਹ ਵੇਹਲੀ ਬੈਠ ਹੀ ਨਹੀਂ ਸੀ ਸਕਦੀ। ਕੰਮ ਹੀ ਉਸ ਦਾ ਧਰਮ ਸੀ।
ਉਸ ਨੂੰ ਇਸ ਜਹਾਨ ਤੋਂ ਗਈ ਨੂੰ 23 ਸਾਲ ਹੋ ਗਏ ਹਨ ਪਰ ਮੈਨੂੰ ਉਸ ਦੀ ਅਕਸਰ ਯਾਦ ਆਉਂਦੀ ਹੈ। ਪਿਛਲੇ ਹਫ਼ਤੇ ਮੈਂ ਪਿੰਡ ਗਿਆ ਤਾਂ ਘਰ ਦਾ ਜਿੰਦਾ ਖੋਲ੍ਹ ਕੇ ਕੁਝ ਵਕਤ ਇਕੱਲਾ ਬੈਠਾ ਬੇਬੇ ਨੂੰ ਯਾਦ ਕਰਦਾ ਰਿਹਾ। ਕੋਈ ਵੇਲਾ ਸੀ ਸਾਡੇ ਘਰ ਬੀਹੀ ਵਾਲੇ ਬੂਹੇ ਦੇ ਬਾਹਰਲੇ ਪਾਸੇ ਕੁੰਡਾ ਹੀ ਨਹੀਂ ਸੀ ਹੁੰਦਾ ਕਿਉਂਕਿ ਵਸਦੇ ਘਰ ਤਾਂ ਕਦੇ ਸੁੰਨੇ ਨਹੀਂ ਹੁੰਦੇ। ਮੈਂ ਘਰ ਦੇ ਸਾਮਾਨ 'ਤੇ ਨਿਗ੍ਹਾ ਮਾਰੀ। ਬੇਬੇ ਦਾ ਸੰਦੂਕ, ਪਿੱਤਲ ਤੇ ਕਾਂਸੀ ਦੇ ਭਾਂਡੇ, ਜਿਨ੍ਹਾਂ ਨੂੰ ਉਹ ਲਿਸ਼ਕਾ ਕੇ ਰੱਖਦੀ ਹੁੰਦੀ ਸੀ, ਕਿਤੇ ਨਾ ਦਿਸੇ। ਚਰਖਾ ਵੀ ਕਿਧਰੇ ਚਲਿਆ ਗਿਆ।
ਸ਼ੁਕਰ ਹੈ ਉਸ ਦੀ ਨਿਸ਼ਾਨੀ ਚੱਕੀ ਸਟੋਰ ਵਿਚ ਪਈ ਸੀ। ਉਸ ਨੂੰ ਵੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਬੇਬੇ ਬਿਨਾਂ ਕੌਣ ਆਪ ਪੀਹ ਕੇ ਪਿਆਰ ਨਾਲ ਦਲੀਆ ਖੁਆਵੇ?

-161 ਐਫ., ਸ਼ਹੀਦ ਭਗਤ ਸਿੰਘ ਨਗਰ,
ਪੱਖੋਵਾਲ ਰੋਡ, ਲੁਧਿਆਣਾ-141013.,
ਮੋਬਾਈਲ : 94170-06625.

ਨਹਿਲੇ 'ਤੇ ਦਹਿਲਾ-ਭੱਈਆ ਨਮਸਤੇ

ਮੇਰੇ ਇਕ ਸ਼ਾਇਰ ਦੋਸਤ ਰਮੇਸ਼ ਚਤੁਰਵੇਦੀ ਲਖਨਊ ਸ਼ਹਿਰ ਵਿਚ ਚੱਲਣ ਵਾਲੀ ਸਰਕਾਰੀ ਬੱਸ ਦੇ ਕੰਡਕਟਰ ਸਨ | ਉਨ੍ਹਾਂ ਦੀ ਬੱਸ ਅਲੱਗ-ਅਲੱਗ ਮੁਹੱਲਿਆਂ ਤੋਂ ਸਵਾਰੀਆਂ ਲੈ ਕੇ ਯੂਨੀਵਰਸਿਟੀ ਵੱਲ ਨੂੰ ਜਾਂਦੀ ਸੀ | ਇਸ ਬੱਸ 'ਤੇ ਬਹੁਤੀਆਂ ਸਵਾਰੀਆਂ ਯੂਨੀਵਰਸਿਟੀ ਵਿਚ ਪੜ੍ਹਨ ਜਾਣ ਵਾਲੀਆਂ ਕੁੜੀਆਂ ਹੁੰਦੀਆਂ ਸਨ | ਆਪਣੇ ਘਰਾਂ ਵਿਚੋਂ ਨਿਕਲ ਕੇ ਗਲੀਆਂ ਵਿਚੋਂ ਤੁਰਦੀਆਂ ਕੁੜੀਆਂ ਲਈ ਬੱਸ ਦਾ ਨਿਕਲ ਜਾਣਾ ਬੜਾ ਮਹਿੰਗਾ ਹੁੰਦਾ ਸੀ | ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਰਮੇਸ਼ ਚਤੁਰਵੇਦੀ ਸੀਟੀ ਮਾਰ ਕੇ ਬੱਸ ਰੋਕ ਲੈਂਦਾ ਤਾਂ ਕਿ ਕੋਈ ਕੁੜੀ ਯੂਨੀਵਰਸਿਟੀ ਜਾਣ ਤੋਂ ਵਾਂਝੀ ਨਾ ਰਹਿ ਜਾਏ | ਕੁੜੀਆਂ ਵੀ ਕੰਡਕਟਰ ਦਾ ਸਨਮਾਨ ਕਰਦੀਆਂ ਸਨ ਅਤੇ ਬੱਸ ਵਿਚ ਬੈਠਦੀਆਂ ਹੀ ਉੱਚੀ ਆਵਾਜ਼ 'ਚ ਆਖਦੀਆਂ 'ਭੱਈਆ ਨਮਸਤੇ |'
ਪ੍ਰਤਿਭਾ ਨਾਂਅ ਦੀ ਇਕ ਕੁੜੀ ਦਾ ਘਰ ਬੜਾ ਔਖਾ ਜਿਹਾ ਸੀ | ਉਸ ਦੀ ਗਲੀ ਨਾਲ ਦੋ ਹੋਰ ਗਲੀਆਂ ਲਗਦੀਆਂ ਸਨ | ਫਿਰ ਵੀ ਚਤੁਰਵੇਦੀ ਉਹਨੂੰ ਹਰ ਸੂਰਤ ਬੱਸ 'ਤੇ ਬਿਠਾ ਲੈਂਦਾ ਸੀ | ਪ੍ਰਤਿਭਾ ਇਸ ਗੱਲੋਂ ਬੜੀ ਖੁਸ਼ ਸੀ ਕਿ ਕੰਡਕਟਰ ਉਹਦਾ ਏਨਾ ਖਿਆਲ ਰੱਖਦਾ ਹੈ | ਉਹ ਉਸ ਨੂੰ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਆਖਦੀ, 'ਭੱਈਆ ਨਮਸਤੇ', ਇਸ ਤਰ੍ਹਾਂ ਤਿੰਨ-ਚਾਰ ਸਾਲ ਬੀਤ ਗਏ | ਪ੍ਰਤਿਭਾ ਨੇ ਐਮ.ਏ. ਕਰ ਲਈ ਸੀ | ਹੁਣ ਉਹ ਬੱਸ ਦੀ ਉਡੀਕ ਨਹੀਂ ਸੀ ਕਰਦੀ |
ਦੂਜੇ ਪਾਸੇ ਰਮੇਸ਼ ਦਾ ਵਿਆਹ ਹੋ ਗਿਆ | ਉਸ ਵੇਲੇ ਮੰੁਡੇ ਕੁੜੀ ਨੂੰ ਇਕ-ਦੂਜੇ ਨੂੰ ਵੇਖਣ ਦਾ ਰਿਵਾਜ ਹੀ ਨਹੀਂ ਸੀ | ਸਗੋਂ ਵਿਆਹ ਤੋਂ ਬਾਅਦ ਸੁਹਾਗ ਰਾਤ ਵੇਲੇ ਹੀ ਮੰੁਡਾ ਆਪਣੀ ਪਤਨੀ ਦਾ ਮੁੱਖ ਵੇਖਦਾ ਸੀ | ਰਮੇਸ਼ ਦੀ ਪਤਨੀ ਨੂੰ ਸੁਹਾਗ ਸੇਜ 'ਤੇ ਬਿਠਾ ਦਿੱਤਾ ਗਿਆ ਸੀ | ਰਮੇਸ਼ ਮੰੂਹ ਵਖਾਈ ਦਾ ਸ਼ਗਨ ਲੈ ਕੇ ਆਪਣੀ ਵਹੁਟੀ ਦੇ ਕੋਲ ਬੈਠ ਗਿਆ ਤੇ ਸ਼ਗਨ ਦੇ ਕੇ ਉਹਦਾ ਘੰੁਡ ਚੁੱਕਿਆ ਤਾਂ ਦੋਵੇਂ ਇਕ-ਦੂਜੇ ਵੱਲ ਵੇਖ ਕੇ ਹੈਰਾਨ ਹੋ ਗਏ | ਬਹੁਤ ਜਜ਼ਬਾਤੀ ਹੋਈ ਪ੍ਰਤਿਭਾ ਨੇ ਦੋਵੇਂ ਹੱਥ ਜੋੜ ਕੇ ਕਿਹਾ, 'ਭੱਈਆ ਨਮਸਤੇ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) | ਮੋਬਾ : 94170-91668.

ਮਜ਼੍ਹਬ ਨਹੀਂ ਸਿਖਾਤਾ, ਆਪਸ ਮੇਂ ਬੈਰ ਰਖਨਾ

ਰੱਬ, ਉਹ ਜਿਸ ਨੇ ਮਨੁੱਖ ਨੂੰ ਪੈਦਾ ਕੀਤਾ ਹੈ, ਜੇਕਰ ਬਾਇਆਲੋਜੀਕਲ ਅਸਲੀ ਕਾਰਨ ਲਾਂਭੇ ਕਰ ਦਈਏ ਤਾਂ ਇਹੋ ਮਾਨਤਾ ਹੈ ਕਿ ਰੱਬ ਨੇ ਹੀ ਸਭ ਨੂੰ ਇਸ ਧਰਤੀ 'ਤੇ 'ਜਨਮ' ਲੈਣ ਦਾ ਆਹਰ ਕੀਤਾ ਹੈ |
ਰੱਬ ਤੋਂ ਮਗਰੋਂ ਆਸਥਾ ਦੀ ਪਕੇਰੀ ਮਾਨਤਾ ਹੈ-ਧਰਮ | ਜਿਸ ਨੇ ਵੀ, ਜਨਮ ਲਿਆ ਹੈ, ਉਸ ਨੂੰ ਧਰਮ ਦੀ ਪ੍ਰਾਪਤੀ ਹੁੰਦੀ ਹੀ ਹੈ, ਜਿਸ ਪਰਿਵਾਰ 'ਚ ਉਹ ਜਨਮ ਲੈਂਦਾ ਹੈ, ਜਿਸ ਧਰਮ ਦੀ ਪਾਲਣਾ ਉਹ ਪਰਿਵਾਰ ਕਰ ਰਿਹਾ ਹੈ ਉਹੀਓ ਧਰਮ ਉਹਦਾ ਹੋ ਜਾਂਦਾ ਹੈ | ਜਿਵੇਂ ਕਿਸੇ ਕ੍ਰਾਂਟੈ੍ਰਕਟ ਨੂੰ ਪਕੇਰਿਆਂ ਕਰਨ ਹਿਤ, ਉਸ 'ਤੇ ਗਵਾਹੀਆਂ ਦਸਤਖ਼ਤਾਂ ਸਮੇਤ ਦਰਜ ਹੁੰਦੀਆਂ ਹਨ, ਨਾਲ ਹੀ ਪੱਕੀਆਂ ਮੁਹਰਾਂ ਵੀ ਲਾਈਆਂ ਜਾਂਦੀਆਂ ਹਨ | ਜਿਸ ਦਿਨ ਬੱਚੇ ਨੂੰ ਧਰਮ 'ਚ ਦਾਖਲਾ ਮਿਲਦਾ ਹੈ, ਉਸ ਦਿਨ ਕੁਝ ਰਸਮਾਂ ਦੀ ਅਦਾਇਗੀ ਤੋਂ ਛੁੱਟ ਲੋਕਾਂ ਦਾ ਇਕੱਠ ਵੀ ਹੁੰਦਾ ਹੈ |
ਮਰਹੂਮ ਸਾਹਿਰ ਲੁਧਿਆਣਵੀ ਨੇ ਕਿੰਨੀ ਪਤੇ ਦੀ ਲੁਹਾਰ ਵਾਲੀ ਸੱਟ ਮਾਰੀ ਹੈ... ਜੋ ਮਨੁੱਖ ਦਾ ਦਿਮਾਗ ਖੋਲ੍ਹ ਦਏ...
ਤੂੰ ਹਿੰਦੂ ਬਨੇਗਾ,
ਨਾ ਮੁਸਲਮਾਨ ਬਨੇਗਾ
ਇਨਸਾਨ ਕੀ ਔਲਾਦ ਹੈ,
ਇਨਸਾਨ ਬਨੇਗਾ |
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਫੁਰਮਾਇਆ ਹੈ, 'ਨਾ ਕੋ ਹਿੰਦੂ, ਨਾ ਮੁਸਲਮਾਨ |'
ਪਰ ਧਰਮ ਪੱਕੇ ਗੂੜ੍ਹੇ ਰੰਗ ਵਾਂਗ ਹਾਵੀ ਰਿਹਾ, ਧਰਮ ਨੇ 'ਕੌਮਾਂ' ਬਣਾ ਦਿੱਤੀਆਂ | ਅੰਗਰੇਜ਼ੀ 'ਚ 'ਨੇਸ਼ਨ' ਕਹਿੰਦੇ ਹਨ ਅਤੇ ਹਿੰਦੀ-ਉਰਦੂ-ਪੰਜਾਬੀ 'ਚ 'ਕੌਮ', ਇਸਾਈ ਕੌਮ, ਹਿੰਦੂ ਕੌਮ, ਮੁਸਲਮਾਨ ਕੌਮ, ਪਾਰਸੀ ਕੌਮ... ਧਰਤੀ ਇਕ ਸੀ, ਦੇਸ਼ਾਂ 'ਚ ਵੰਡੀ ਗਈ ਹੈ, ਮਨੁੱਖ ਇਕ ਸੀ, ਮਜ਼੍ਹਬਾਂ 'ਚ ਤੇ ਕੌਮਾਂ 'ਚ ਵੰਡਿਆ ਗਿਆ ਹੈ | ਇਸ ਸਭ ਦੇ ਬਾਵਜੂਦ ਵੀ ਸਭ ਧਰਮਾਂ ਦਾ ਮੁੱਖ ਬਿੰਦੂ ਇਕੋ ਹੀ ਹੈ...'ਇਨਸਾਨੀਅਤ |'
'ਧਰਮ' ਮੇਰੀ ਰਾਏ 'ਚ,ਉਦੋਂ ਤੱਕ ਅੱਛਾ ਹੈ, ਜਦ ਤੱਕ ਇਹ ਘਰ ਦੀ ਚਾਰਦੀਵਾਰੀ ਤੱਕ ਸੀਮਤ ਰਹੇ | ਕਿਉਂਕਿ ਜਦ ਵੀ ਕੋਈ ਚਿੰਤਾ, ਮੁਸੀਬਤ ਆਣ ਪੈਂਦੀ ਹੈ ਤਾਂ ਧਰਮ ਹੀ ਧਰਵਾਸ ਦਾ ਸਾਧਨ ਬਣਦਾ ਹੈ | ਹਰ ਕੋਈ ਚੁੱਪਚਾਪ ਆਪਣੇ ਧਰਮ ਦੇ ਮੁਖੀ ਦੇਵਤੇ ਜਾਂ ਪੀਰ ਦੀ ਰਹਿਮਤ ਮੰਗਦਾ ਹੈ | ਪਰ ਇਹੋ ਧਰਮ ਜਦ ਘਰੋਂ ਬਾਹਰ, ਬਾਜ਼ਾਰਾਂ, ਸੜਕਾਂ 'ਤੇ ਆ ਜਾਏ ਤਾਂ ਸ਼ਾਇਦ ਕੁਦਰਤ ਨੇ ਇਸ ਤੋਂ ਮਾਰੂ ਜ਼ਹਿਰ ਹੋਰ ਈਜਾਦ ਨਹੀਂ ਕੀਤਾ | ਧਰਮ ਦੇ ਨਾਂਅ 'ਤੇ ਮੁੱਢ ਕਦੀਮ ਤੋਂ ਰੱਬ ਦੇ ਮਨੁੱਖ ਮਰਦੇ, ਮਾਰੇ ਗਏ ਹਨ, ਅੱਜ ਵੀ ਇਹੋ ਕੁਕਰਮ ਜਾਰੀ ਹੈ |
ਇਕ ਧਰਮ, ਦੂਜੇ ਧਰਮ ਤੇ ਉਹਦੇ ਅਨੁਆਈਆਂ ਪ੍ਰਤੀ ਸੰਕੀਰਣ, ਦਵੇਸ਼ ਤੇ ਨਫ਼ਰਤ ਪੈਦਾ ਕਰਦਾ ਹੈ | ਇਹ ਸਾੜਾ ਇਕ-ਦੂਜੇ ਦਾ ਘਾਣ ਕਰਨ ਦੀ ਪ੍ਰਵਿਰਤੀ ਦਾ ਮੰਬਾ ਹੈ |
ਮਜ਼੍ਹਬ ਨਹੀਂ ਸਿਖਾਤਾ
ਆਪਸ ਮੇਂ ਬੈਰ ਰਖਨਾ |
ਹਾਸਾ ਆਉਂਦੈ, ਹੋਰ ਦੱਸੋ ਕਿਸ ਨੇ ਆਪਸ 'ਚ ਵੈਰ ਕਰਨ ਦੀ ਸਿੱਖਿਆ ਦਿੱਤੀ ਹੈ ਇਸ ਲੋਕਾਈ 'ਚ? ਹਰੇਕ ਧਰਮ ਦਾ ਅਨੁਆਈ ਆਪਣੇ ਧਰਮ ਨੂੰ ਸਭ ਤੋਂ ਸ੍ਰੇਸ਼ਟ ਧਰਮ ਮੰਨਦਾ ਹੈ, ਦੂਜੇ ਹਰ ਧਰਮ ਨੂੰ ਨਿਗੂਣਾ | ਆਪਣੇ ਧਰਮ 'ਤੇ ਮਾਣ ਹੈ ਸਭ ਨੂੰ |
ਸਭਨਾਂ ਧਰਮਾਂ ਦੇ ਬਾਨੀ ਸੰਸਾਰ 'ਚ ਲੋਕਾਈ ਦਾ ਭਲਾ ਕਰਨ ਆਏ ਸਨ 'ਆਖਿਆ ਸੀ, ਆਪਸ 'ਚ ਨਾ ਲੜੋ |'
ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਦੀ ਬਤੌਰ ਵੱਖਰੇ ਮੁਲਕ ਦੀ ਮੰਗ ਕੀਤੀ ਸੀ, ਸਿਰਫ਼ ਤੇ ਸਿਰਫ਼ ਧਰਮ ਦੇ ਆਧਾਰ 'ਤੇ... ਆਪ ਜਿਨਾਹ ਨੇ ਇਕ ਪਾਰਸੀ ਕੁੜੀ ਨਾਲ ਵਿਆਹ ਕੀਤਾ ਸੀ | ਉਨ੍ਹਾਂ ਘਰ ਧੀ ਜੰਮੀ, ਧੀ ਜਵਾਨ ਹੋਈ ਤਾਂ ਉਸ ਨੇ ਆਪਣਾ ਜੀਵਨ ਸਾਥੀ ਇਕ ਪਾਰਸੀ ਮੰੁਡੇ ਨੂੰ ਚੁਣਿਆ | ...ਤਾਂ ਜਿਨਾਹ ਨੂੰ ਬੁਰਾ ਲੱਗਾ | ਉਹਨੇ ਆਪਣੀ ਧੀ ਨੂੰ ਖਿਝ ਕੇ ਪੁੱਛਿਆ, 'ਇਥੇ ਤੇਰੀ ਉਮਰ ਦੇ ਹਜ਼ਾਰਾਂ ਮੁਸਲਮਾਨ ਮੰੁਡੇ ਨੇ, ਤੂੰ ਉਨ੍ਹਾਂ 'ਚੋਂ ਕਿਸੇ ਨੂੰ ਨਹੀਂ ਚੁਣ ਸਕਦੀ ਸੀ?' ਤਾਂ ਧੀ ਨੇ ਮੰੂਹਫਟ ਜਵਾਬ ਦਿੱਤਾ, 'ਜਦ ਆਪ ਦੀ ਵਾਰੀ ਸੀ ਤਾਂ ਵੀ ਹਜ਼ਾਰਾਂ ਮੁਸਲਮਾਨ ਜਵਾਨ ਕੁੜੀਆਂ ਸਨ, ਉਦੋਂ ਤੁਸਾਂ ਪਾਰਸੀ ਕੁੜੀ ਕਿਉਂ ਚੁਣੀ?' ਜਿਨਾਹ ਲਾਜਵਾਬ ਸੀ | ਉਹਦੀ ਧੀ ਦਾ ਪਿਛਲੇ ਦਿਨੀਂ ਹੀ ਇੰਗਲੈਂਡ 'ਚ ਇੰਤਕਾਲ ਹੋਇਆ ਹੈ | ਉਹ ਗੋਦਰੇਜ ਕੰਪਨੀ ਮੰੁਬਈ ਦੇ ਮਾਲਿਕ ਦੀ ਮਾਂ ਸੀ |
ਮਹਾਤਮਾ ਗਾਂਧੀ ਦੀ ਬਹੁ-ਚਰਚਿਤ ਪਰੇਅਰ ਹੁੰਦੀ ਸੀ:
ਈਸ਼ਵਰ ਅੱਲਾਹ ਤੇਰੋ ਨਾਮ
ਸਬਕੋ ਸਨਮਤੀ ਦੇ ਭਗਵਾਨ |
ਪਰ ਜਦ ਮਹਾਤਮਾ ਗਾਂਧੀ ਦਾ ਆਪਣਾ ਇਕ ਪੁੱਤਰ ਧਰਮ ਪਰਿਵਰਤਨ ਕਰਕੇ ਮੁਸਲਮਾਨ ਹੋ ਗਿਆ ਤਾਂ 'ਸਭ ਕੋ ਸਨਮਤੀ' ਦੇਣ ਦੀ ਸਿਫਾਰਸ਼ ਕਰਨ ਵਾਲਾ ਇਹ ਬਰਦਾਸ਼ਤ ਨਾ ਕਰ ਸਕਿਆ | ਕੇਰਲਾ ਦੀ ਹਿੰਦੂ ਕੁੜੀ ਦੇ ਮੁਸਲਮਾਨ ਨਾਲ ਵਿਆਹ ਕਰਕੇ ਧਰਮ ਪਰਿਵਰਤਨ ਕਰਨ ਵਾਲਾ 'ਹਾਦੀਆ' ਦਾ ਕਿੱਸਾ ਗਰਮ ਹੈ | ਉਹਦਾ ਪਿਤਾ ਬਰਦਾਸ਼ਤ ਨਹੀਂ ਕਰ ਸਕਿਆ, ਮਾਮਲਾ ਸੁਪਰੀਮ ਕੋਰਟ ਤੱਕ ਪੁੱਜਿਆ ਹੈ | ਮਾਮਲਾ ਇਹੋ ਹੈ, 'ਮੇਰਾ ਧਰਮ-ਧਰਮ ਹੈ, ਤੇਰਾ ਧਰਮ ਮਨਜ਼ੂਰ ਨਹੀਂ |'
ਅੱਜਕਲ੍ਹ ਇਸੇ ਸੰਦਰਭ 'ਚ ਜਿਹੜਾ ਮਾਮਲਾ ਭਖਿਆ ਹੈ, ਉਹ ਹੈ ਕਾਂਗਰਸ ਦੇ ਅਜੋਕੇ ਪ੍ਰਧਾਨ ਬਣੇ ਰਾਹੁਲ ਗਾਂਧੀ ਦੇ 'ਧਰਮ' ਦਾ | ਧਰਮ ਨਾਲ ਗੁਜਰਾਤ 'ਚ ਅਸੰਬਲੀ ਚੋਣਾਂ ਹੋ ਕੇ ਹਟੀਆਂ ਹਨ, ਅਚਾਨਕ ਰਾਹੁਲ ਗਾਂਧੀ 'ਚ ਹਿੰਦੂ ਭਗਤੀ ਭਾਵ ਸਾਗਰ 'ਚ ਮੁਤਵਾਤਰ ਉਠਦੀਆਂ ਛੱਲਾਂ ਵਾਂਗ ਉਠਿਆ ਹੈ ਕਿ ਉਹ ਗੁਜਰਾਤ 'ਚ ਜਿਥੇ-ਜਿਥੇ ਵੀ ਗਏ ਹਨ, ਉਥੇ ਦੇ ਪ੍ਰਸਿੱਧ ਮੰਦਰ ਪੂਰੀ ਨਿਸ਼ਠਾ ਨਾਲ ਪੰ੍ਰਪਰਾਗਤ ਪੂਜਾ ਵੀ ਕੀਤੀ ਹੈ |
'ਸੋਮਨਾਥ' ਉਹ ਮੰਦਰ ਹੈ,ਜਿਸ ਨੂੰ ਗਜ਼ਨੀ ਆਦਿ ਧਾੜਵੀਆਂ ਨੇ ਕਈ ਵਾਰ ਲੁੱਟਿਆ ਸੀ | ਇਸ ਮੰਦਰ 'ਚ ਗ਼ੈਰ-ਹਿੰਦੂਆਂ ਦੇ ਦਾਖਲੇ ਲਈ ਜ਼ਰੂਰੀ ਹੈ ਕਿ ਉਹ ਇਕ ਖਾਸ ਰਜਿਸਟਰ 'ਚ ਆਪਣਾ ਨਾਂਅ ਦਰਜ ਕਰਨ | ਜਦ ਰਾਹੁਲ ਗਾਂਧੀ ਆਪਣੇ ਸਾਥੀਆਂ ਨਾਲ ਸੋਮਨਾਥ ਮੰਦਰ 'ਚ ਦਰਸ਼ਨਾਂ ਹਿਤ ਪੁਜੇ ਤਾਂ ਇਨ੍ਹਾਂ ਦੀ ਪਾਰਟੀ ਦੇ ਜਥੇਬੰਦਕ ਨੇ ਇਨ੍ਹਾਂ ਦਾ ਨਾਂਅ ਤੇ ਅਹਿਮਦ ਪਟੇਲ ਦਾ ਨਾਂਅ ਗ਼ੈਰ-ਹਿੰਦੂਆਂ ਵਾਲੇ ਰਜਿਸਟਰ 'ਚ ਦਰਜ ਕਰ ਦਿੱਤਾ | ਰੌਲਾ ਤਾਂ ਪੈਣਾ ਸੀ, ਸਿਆਪਾ ਪੈ ਗਿਆ |
ਅਫ਼ਸੋਸ, ਨਾ ਕਾਂਗਰਸ ਨੇ ਆਖਿਆ, ਨਾ ਰਾਹੁਲ ਗਾਂਧੀ ਨੇ ਆਪ ਆਖਿਆ, ਨਾ ਉਨ੍ਹਾਂ ਦੀ ਮੰਮੀ ਨੇ ਆਖਿਆ, ਨਾ ਭੈਣ ਤੇ ਜੀਜੇ ਨੇ ਆਖਿਆ |
'ਰਾਹੁਲ ਜੀ ਨਾ ਹਿੰਦੂ, ਨਾ ਮੁਸਲਮਾਨ ਸਗੋਂ ਇਨਸਾਨ ਹਨ |'
ਮੰਦਰਾਂ 'ਚ ਸਿਰਫ ਵੋਟਾਂ ਲੈਣ ਖਾਤਰ ਹੀ ਲੋਕੀਂ ਨਹੀਂ ਜਾਂਦੇ... ਹਿੰਦੀ ਫ਼ਿਲਮਾਂ 'ਚ ਵੇਖੋ ਨਾ...
ਮੈਂ ਤੁਮ ਸੇ ਮਿਲਨੇ ਆਈ,
ਮੰਦਰ ਜਾਨੇ ਕੇ ਬਹਾਨੇ |
ਫ਼ਿਲਮ 'ਸੰਨਿਆਸੀ' ਵਿਚ ਤਾਂ ਹੇਮਾ ਮਾਲਿਨੀ ਨੇ ਸੰਨਿਆਸੀ ਦਾ ਰੋਲ ਕਰ ਰਹੇ ਮਨੋਜ ਕੁਮਾਰ (ਭਾਰਤ) ਨੂੰ ਕਿਵੇਂ ਮੰਦਰ 'ਚ ਚੱਲਣ ਲਈ ਪ੍ਰੇਰਿਆ ਸੀ:
ਚਲ ਸੰਨਿਆਸੀ... ਮੰਦਰ ਮੇਂ
ਮੇਰੀ ਚੂੜੀਆਂ, ਤੇਰਾ ਚਿਮਟਾ
ਮਿਲ ਕਰ ਸਾਜ਼ ਬਜਾਏਾਗੇ |
ਇਨਸਾਨੀਅਤ ਕਿਥੇ ਗਈ? ਇਨਸਾਨ ਕਿਥੇ ਗਿਆ???
ਕੋਈ ਹਿੰਦੂ ਬਨੇਗਾ, ਕੋਈ ਮੁਸਲਮਾਨ ਬਣੇਗਾ | ਸਹੁੰ ਸਭ ਧਰਮਾਂ ਦੀ ਸ਼ਾਇਦ ਹੀ ਕੋਈ ਇਨਸਾਨ ਬਣੇਗਾ |

ਵਿਸ਼ਵਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਸ਼ਿਅਰ:
ਐਵੇਂ ਨਾ ਕਰੀਂ ਕਿਸੇ 'ਤੇ ਐਤਬਾਰ ਬਹੁਤਾ,
ਇਸ ਦੁਨੀਆ ਦੇ ਲੋਕ ਬੇਈਮਾਨ ਬੜੇ ਨੇ |
ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ,
ਜ਼ਿੰਦਗੀ ਵਿਚ ਤੂਫ਼ਾਨ ਬੜੇ ਨੇ |
• ਵਿਸ਼ਵਾਸ, ਪਿਆਰ ਅਤੇ ਸਹਿਣਸ਼ੀਲਤਾ ਦੇ ਗੁਣ ਜਦੋਂ ਦੋਸਤੀ (ਮਿੱਤਰਤਾ) ਰੂਪੀ ਬੂਟੇ ਵਿਚੋਂ ਨਿਕਲ ਜਾਂਦੇ ਹਨ ਤਾਂ ਇਹ ਕੁਮਲਾ ਜਾਂਦਾ ਹੈ |
• ਝੂਠ ਨੂੰ ਇਹੀ ਸਜ਼ਾ ਹੁੰਦੀ ਹੈ ਕਿ ਜੇ ਉਹ ਆਪਣੀ ਆਦਤ ਬਦਲ ਕੇ ਸੱਚ ਬੋਲਣ ਲੱਗ ਵੀ ਜਾਵੇ, ਉਸ ਉੱਤੇ ਕੋਈ ਇਤਬਾਰ ਨਹੀਂ ਕਰਦਾ |
• ਨਸੀਬ ਦੇ ਭਰੋਸੇ 'ਤੇ ਬੈਠ ਕੇ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ, ਇਹ ਤਾਂ ਨਿਰਾ ਛਲਾਵਾ ਹੈ |
• ਜੇਕਰ ਤੁਹਾਨੂੰ ਸਹਿਯੋਗ ਵਿਚ ਵਿਸ਼ਵਾਸ ਨਹੀਂ ਹੈ ਤਾਂ ਇਉਂ ਕਰੋ ਕਿ ਗੱਡੇ ਦਾ ਇਕ ਪਹੀਆ ਲਾਹ ਦਿਓ | ਫਿਰ ਦੇਖੋ ਦੂਜੇ ਦੇ ਸਹਿਯੋਗ ਦੀ ਜ਼ਰੂਰਤ ਹੈ ਜਾਂ ਨਹੀਂ |
• ਦਿਲ ਅਤੇ ਵਿਸ਼ਵਾਸ ਕਿਸੇ ਵੀ ਹਾਲਤ ਵਿਚ ਕਦੀ ਵੀ ਨਹੀਂ ਤੋੜਨਾ ਚਾਹੀਦਾ | ਬੇਸ਼ੱਕ ਟੁੱਟਣ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਪਰ ਪੀੜ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ |
• ਸਰਕਾਰੀ ਨੌਕਰੀ ਵਿਸ਼ਵਾਸ ਦੀ ਨੌਕਰੀ ਹੈ | ਜਿਹੜਾ ਬੰਦਾ ਚੰਗੀ ਭਾਵਨਾ ਨਾਲ ਕੰਮ ਨਹੀਂ ਕਰਦਾ, ਉਹ ਵਿਸ਼ਵਾਸਘਾਤ ਕਰਦਾ ਹੈ |
• ਦੁਨੀਆ ਦੇ ਹਰ ਸ਼ਖ਼ਸ ਨੂੰ ਪਿਆਰ ਤਾਂ ਕੀਤਾ ਜਾ ਸਕਦਾ ਹੈ ਪਰ ਹਰ ਕਿਸੇ 'ਤੇ ਇਤਬਾਰ ਨਹੀਂ ਕੀਤਾ ਜਾ ਸਕਦਾ |
• ਜੇਕਰ ਤੁਸੀਂ ਇਕ ਵਾਰ ਕਿਸੇ ਦਾ ਭਰੋਸਾ ਗਵਾ ਦਿਓਗੇ ਤਾਂ ਦੁਬਾਰਾ ਉਹੀ ਵਿਸ਼ਵਾਸ ਪਹਿਲਾਂ ਦੀ ਤਰ੍ਹਾਂ ਪ੍ਰਾਪਤ ਕਰ ਸਕੋਗੇ, ਇਹ ਅਸੰਭਵ ਹੈ |
• ਸਿਆਣੇ ਕਹਿੰਦੇ ਹਨ ਕਿ ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਬਣਿਆ, ਉਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ | ਜ਼ਿਆਦਾਤਰ ਲੋਕ ਉਸ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ |
• ਸਾਫ਼-ਸੁਥਰੇ ਵਿਹਾਰ ਦੇ ਆਧਾਰ ਉੱਪਰ ਹੀ ਸ਼ਰਧਾ ਅਤੇ ਵਿਸ਼ਵਾਸ ਟਿਕਦੇ ਹਨ |
• ਗਿਆਨ ਵਿਸ਼ਵਾਸ ਦਾ ਆਧਾਰ ਹੈ | ਗਿਆਨਵਾਨ ਹੋਣ ਉਪਰੰਤ ਹੀ ਵਿਅਕਤੀ ਨਿਰਣੇ ਲੈਂਦਾ ਹੈ ਕਿ ਕੀ ਵਿਸ਼ਵਾਸ ਕਰਨਯੋਗ ਹੈ ਅਤੇ ਕੀ ਨਹੀਂ |
• -ਉਸ ਸਮੇਂ ਭਰੋਸਾ ਅਤੇ ਵਿਸ਼ਵਾਸ ਹੁੰਦੇ ਪੱਕੇ ਸੀ,
—ਜਦੋਂ ਮਕਾਨ ਹੁੰਦੇ ਕੱਚੇ ਤੇ ਲੋਕ ਹੁੰਦੇ ਸੱਚੇ ਸੀ |
• ਮਨੁੱਖ ਆਪਣੇ ਵਿਸ਼ਵਾਸ ਤੋਂ ਹੀ ਬਣਦਾ ਹੈ ਜਿਸ ਤਰ੍ਹਾਂ ਉਹ ਵਿਸ਼ਵਾਸ ਕਰਦਾ ਹੈ, ਵੈਸਾ ਹੀ ਬਣਦਾ ਜਾਂਦਾ ਹੈ |
• ਜਿਹੜਾ ਛੋਟੇ ਮਸਲਿਆਂ ਵਿਚ ਸੱਚ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਉਸ 'ਤੇ ਵੱਡੇ ਮਸਲਿਆਂ ਵਿਚ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ |
• ਸਵਰਗ ਵਿਚ ਉਹ ਹੀ ਵਿਸ਼ਵਾਸ ਰੱਖਦੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ |
• ਸਹੀ ਢੰਗ ਨਾਲ ਕੀਤਾ ਗਿਆ ਇਨਸਾਫ਼ ਮਨਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਬੇਹੱਦ ਜ਼ਰੂਰੀ ਹੁੰਦਾ ਹੈ |
• ਜੇ ਤੁਸੀਂ ਕਿਸੇ ਨੂੰ ਧੋਖਾ ਦੇਣ ਵਿਚ ਸਫ਼ਲ ਹੋ ਜਾਂਦੇ ਹੋ ਤਾਂ ਇਹ ਨਾ ਸੋਚੋ ਕਿ ਉਹ ਕਿੰਨਾ ਬੇਵਕੂਫ਼ ਸੀ ਬਲਕਿ ਇਹ ਸੋਚੋ ਕਿ ਉਸ ਨੇ ਤੁਹਾਡੇ 'ਤੇ ਕਿੰਨਾ ਵਿਸ਼ਵਾਸ ਕੀਤਾ |
• ਜਿੱਤਣ ਦਾ ਯਤਨ ਕਰਨਾ ਚਾਹੀਦਾ ਹੈ | ਪਰ ਲਾਲਚ ਨਹੀਂ | ਆਪਣੇ-ਆਪ 'ਤੇ ਵਿਸ਼ਵਾਸ ਰੱਖੋ ਪਰ ਹੰਕਾਰ ਨਹੀਂ | ਸਮੇਂ 'ਤੇ ਨਜ਼ਰ ਰੱਖੋ ਪਰ ਇੰਤਜ਼ਾਰ ਨਹੀਂ |
• ਵਿਸ਼ਵਾਸ ਅਤੇ ਪ੍ਰੇਮ ਵਿਚ ਇਕ ਸਮਾਨਤਾ ਹੈ | ਦੋਵਾਂ ਵਿਚੋਂ ਕਿਸੇ ਨੂੰ ਵੀ ਜ਼ਬਰਦਸਤੀ ਪੈਦਾ ਨਹੀਂ ਕੀਤਾ ਜਾ ਸਕਦਾ |
• ਬੇਅਸੂਲਾ ਵਿਅਕਤੀ, ਭਰੋਸੇਯੋਗ ਨਹੀਂ ਹੁੰਦਾ |
• ਵਿਸ਼ਵਾਸ ਕਰਨ ਵਾਲੇ ਤੋਂ ਜ਼ਿਆਦਾ ਬੇਵਕੂਫ਼ ਵਿਸ਼ਵਾਸ ਤੋੜਨ ਵਾਲਾ ਹੁੰਦਾ ਹੈ | ਕਿਉਂਕਿ ਉਹ ਸਿਰਫ਼ ਇਕ ਛੋਟੇ ਜਿਹੇ ਸੁਆਰਥ ਲਈ ਇਕ ਪਿਆਰੇ ਇਨਸਾਨ ਨੂੰ ਖੋਹ ਦਿੰਦਾ ਹੈ |
• ਜਿਹੜਾ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਉਸ 'ਤੇ ਭਰੋਸਾ ਨਾ ਕਰੋ |
• ਅੱਖਾਂ ਨੂੰ ਕਈ ਚੀਜ਼ਾਂ ਚੰਗੀਆਂ ਲਗਦੀਆਂ ਹਨ ਪਰ ਸਾਨੂੰ ਉਨ੍ਹਾਂ 'ਤੇ ਹੀ ਜ਼ਿਆਦਾ ਭਰੋਸਾ ਕਰਨਾ ਚਾਹੀਦਾ ਹੈ ਜਿਹੜੀਆਂ ਦਿਲ ਨੂੰ ਛੂਹ ਲੈਣ |
• ਵੱਧ ਬੋਲਾਂ ਵਾਲੇ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਅਤੇ ਉਸ ਤੋਂ ਕੰਨੀ ਕਤਰਾਉਂਦੇ ਹਨ |
• ਚੁਕੰਨਾ ਰਹਿਣਾ, ਕਿਸੇ 'ਤੇ ਵਿਸ਼ਵਾਸ ਨਾ ਕਰਨਾ, ਸਮੇਂ-ਸਮੇਂ 'ਤੇ ਸੰਗ੍ਰਹਿ ਕਰਨਾ ਕਾਂ ਤੋਂ ਸਿੱਖੋ |
• ਜੇ ਵਿਸ਼ਵਾਸ ਨਹੀਂ ਕਿ ਸਾਡੇ ਬਿਨਾਂ ਵੀ ਸੰਸਾਰ ਚਲਦਾ ਰਹੇਗਾ ਤਾਂ ਅਖ਼ਬਾਰ ਵਿਚੋਂ ਬਰਸੀਆਂ ਵਾਲੇ ਇਸ਼ਤਿਹਾਰ ਪੜ੍ਹ ਕੇ ਵੇਖ ਲਓ |
• ਜਿਸ ਬੰਦੇ ਦਾ ਉਠ ਗਿਆ, ਜੀਵਨ 'ਚੋਂ ਵਿਸ਼ਵਾਸ,
ਫਿਰਦਾ ਹੈ ਉਹ ਭਾਲਦਾ, ਨਹਿਰਾਂ ਜਾਂ ਸਲਫਾਸ |
• ਉਨ੍ਹਾਂ ਦਾ ਭਰੋਸਾ ਨਾ ਕਰੋ ਜਿਨ੍ਹਾਂ ਦਾ ਖਿਆਲ ਵਕਤ ਦੇ ਨਾਲ ਬਦਲ ਜਾਏ | ਭਰੋਸਾ ਉਨ੍ਹਾਂ ਦਾ ਕਰੋ ਜਿਨ੍ਹਾਂ ਦਾ ਖਿਆਲ ਉਸ ਵੇਲੇ ਵੀ ਉਸੇ ਤਰ੍ਹਾਂ ਦਾ ਹੀ ਰਹੇ, ਜਦੋਂ ਤੁਹਾਡਾ ਵਕਤ ਬਦਲ ਜਾਏ |
• ਜੋ ਸਭ 'ਤੇ ਇਤਬਾਰ ਕਰਦਾ ਹੈ, ਉਹ ਭਲਾ ਆਦਮੀ ਹੈ | ਜੋ ਸਭ 'ਤੇ ਬੇਇਤਬਾਰੀ ਕਰਦਾ ਹੈ, ਉਹ ਖੁਦ ਬੇਇਤਬਾਰਾ ਤੇ ਸ਼ੈਤਾਨ ਹੈ |
• ਔਰਤ ਵਿਚ ਵਿਸ਼ਵਾਸ ਦੀ ਭਾਵਨਾ ਜ਼ਿਆਦਾ ਹੁੰਦੀ ਹੈ |
• ਅੱਜਕਲ੍ਹ ਵਿਵਹਾਰ ਅਤੇ ਦੋਸਤੀ ਦੋ ਹਜ਼ਾਰ ਦੇ ਨੋਟ ਵਰਗੀ ਹੋ ਗਈ ਹੈ, ਡਰ ਲਗਦਾ ਹੈ ਕਿ ਕਿਤੇ ਨਕਲੀ ਨਾ ਹੋਵੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਪ੍ਰਯੋਗਸ਼ੀਲ ਕਵੀ ਅਜਾਇਬ ਕਮਲ

ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਮਾਤਾ ਰਾਇ ਕੌਰ ਤੇ ਪਿਤਾ ਜੰਗ ਸਿੰਘ ਦੇ ਜ਼ਿਮੀਂਦਾਰ ਪਰਿਵਾਰ ਵਿਚ ਪਿੰਡ ਡਾਂਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ | ਉਨ੍ਹਾਂ ਮੁਢਲੀ ਸਿੱਖਿਆ ਖ਼ਾਲਸਾ ਹਾਈ ਸਕੂਲ ਬੱਡੋਂ ਤੋਂ ਪਾਸ ਕਰਨ ਉਪੰਰਤ ਉੱਚ ਵਿਦਿਆ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਤੇ ਖਾਲਸਾ ਕਾਲਜ ਅੰਮਿ੍ਤਸਰ ਤੋਂ ਪ੍ਰਾਪਤ ਕੀਤੀ | ਪੜ੍ਹਾਈ ਮੁਕੰਮਲ ਕਰਨ ਉਪੰਰਤ ਉਨ੍ਹਾਂ ਬੱਡੋਂ ਵਿਖੇ ਜੇ.ਬੀ.ਟੀ. ਕਲਾਸਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ |
ਕਾਵਿ ਰਚਨਾ ਦਾ ਸ਼ੌਕ ਉਨ੍ਹਾਂ ਨੂੰ ਸਕੂਲ ਪੜ੍ਹਨ ਵੇਲੇ ਤੋਂ ਹੀ ਸੀ ਪਰ ਅਸਲ ਆਰੰਭ 1954 ਵਿਚ ਕਾਲਜ ਪੜ੍ਹਦਿਆਂ ਕੀਤਾ | ਉਨ੍ਹਾਂ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਮਾਸਕ ਪੱਤਰਾਂ ਵਿਚ ਛਪਣ ਲੱਗੀਆਂ | ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿਚ 1960 ਦੁਆਲੇ ਅਜਾਇਬ ਕਮਲ ਨੇ ਆਪਣੇ ਪ੍ਰਯੋਗਸ਼ੀਲ ਸਮਕਾਲੀਆਂ ਨਾਲ ਮਿਲ ਕੇ ਪ੍ਰਯੋਗਸ਼ੀਲ ਲਹਿਰ ਦਾ ਆਰੰਭ ਤੇ ਸੰਚਾਲਨ ਕੀਤਾ | ਕਮਲ ਨੇ ਪ੍ਰਯੋਗਸ਼ੀਲ ਕਵਿਤਾਵਾਂ ਦੀਆਂ ਦੋ ਪੁਸਤਕਾਂ ਇਸੇ ਲਹਿਰ ਵੇਲੇ ਲਿਖੀਆਂ ਤੇ ਛਾਪੀਆਂ, ਜਿਨ੍ਹਾਂ ਨੇ ਪ੍ਰਯੋਗਸ਼ੀਲ ਕਵਿਤਾ ਨੂੰ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਸਥਾਪਤ ਕਰਨ ਲਈ ਅਹਿਮ ਭੂਮਿਕਾ ਨਿਭਾਈ | 1960 ਤੱਕ ਪੁੱਜਦਿਆਂ ਪੰਜਾਬੀ/ਭਾਰਤੀ ਜੀਵਨ ਵਿਚ ਸਮਾਜਿਕ, ਆਰਥਿਕ ਰਾਜਨੀਤਕ ਤੇ ਸੱਭਿਆਚਾਰਕ ਪਰਿਵਰਤਨ ਆਉਣੇ ਸ਼ੁਰੂ ਹੋ ਗਏ ਸਨ | ਮਸ਼ੀਨੀ ਯੁੱਗ ਨੇ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ | ਬਦਲੇ ਹੋਏ ਹਾਲਾਤ ਨੂੰ ਨਵੇਂ ਰਾਹ ਉਲੀਕਣ 'ਤੇ ਨਵੇਂ ਸ਼ਿਲਪ ਵਿਧਾਨਾਂ ਰਾਹੀਂ ਪ੍ਰਗਟਾਉਣ ਤੇ ਨਿਰੰਤਰ ਵਿਕਾਸ ਦੇ ਰਾਹ ਖੋਲ੍ਹਣਾ ਪ੍ਰਯੋਗਸ਼ੀਲ ਲਹਿਰ ਦਾ ਮੰਤਵ ਸੀ | ਅਜਾਇਬ ਕਮਲ ਨੇ ਪ੍ਰਯੋਗਸ਼ੀਲ ਕਵਿਤਾ ਬਾਰੇ ਪ੍ਰਚਾਰ, ਵਿਸਥਾਰਤ ਗੋਸ਼ਟੀਆਂ ਲਈ ਪਰਚੇ ਲਿਖੇ ਤੇ ਇਸ ਦੇ ਸੰਕਲਪ ਨੂੰ ਸਪੱਸ਼ਟ ਕਰਨ ਲਈ ਮੋਢੀਆਂ ਵਾਲੀ ਭੂਮਿਕਾ ਨਿਭਾਈ | ਉਨ੍ਹਾਂ ਪ੍ਰਚਲਿਤ ਲੀਹ ਤੋਂ ਹਟ ਕੇ ਕਵਿਤਾਵਾਂ ਤੇ ਕਾਵਿ ਨਾਟਕ ਲਿਖ ਕੇ ਪੰਜਾਬੀ ਸਾਹਿਤ ਨੂੰ ਨਵੀਂ ਧਰਾਤਲ ਅਤੇ ਨਵੇਂ ਅਰਥ ਬੋਧ ਤੇ ਨਵੇਂ ਕਲਾ ਵਿਧਾਨਾਂ ਤੋਂ ਜਾਣੂ ਕਰਵਾਇਆ | ਮਸ਼ੀਨੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਵਿਕਸਤ ਹੋ ਰਹੇ ਮਨੁੱਖ ਨੂੰ ਆਪਣੀਆਂ ਕਵਿਤਾਵਾਂ ਤੋਂ ਕਾਵਿ-ਨਾਟਕਾਂ 'ਚ ਪੇਸ਼ ਕੀਤਾ | ਪੰਜਾਬੀ ਕਵਿਤਾ ਤੇ ਕਾਵਿ-ਨਾਟਕਾਂ ਨੂੰ ਵਿਸ਼ਵ ਪੱਧਰ 'ਤੇ ਰਚੇ ਜਾ ਰਹੇ ਸਾਹਿਤ ਦੇ ਮੁਕਾਬਲੇ 'ਚ ਖੜ੍ਹੇ ਕੀਤਾ |
ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਹੁਰਾਂ ਦਾ ਇਕ ਲੇਖ 2 ਅਪ੍ਰੈਲ, 1980 ਦੇ ਅੰਗਰੇਜ਼ੀ ਟਿ੍ਬਿਊਨ 'ਹੂ ਇਜ਼ ਐਫਰੇਡ ਆਫ ਮੌਾਡਰਨਿਸਟ' ਦੇ ਸਿਰਲੇਖ ਹੇਠ ਛਪਿਆ | ਉਸ ਲੇਖ ਵਿਚ ਕਰਤਾਰ ਸਿੰਘ ਦੁੱਗਲ ਹੁਰਾਂ ਲਿਖਿਆ ਕਿ ਅਜਾਇਬ ਕਮਲ ਪੰਜਾਬ ਦੀ ਮਿੱਟੀ ਨਾਲ ਸਬੰਧ ਰੱਖਦਾ ਹੈ, ਪਰ ਕਵਿਤਾ ਵਿਚ ਵਿਸ਼ਵ ਭਰ ਦੇ ਮਨੁੱਖ ਦੀ ਗੱਲ ਕਰਦਾ ਹੈ | ਭਾਵੇਂ ਉਹ ਆਧੁਨਿਕ ਕਵੀ ਹੈ ਤਾਂ ਵੀ ਉਹ ਪੰ੍ਰਪਰਾਵਾਦੀ ਕਵਿਤਾ ਦਾ ਵੀ ਵਾਕਿਫ਼ ਹੈ ਤੇ ਗ਼ਜ਼ਲ ਲਿਖਣ ਵਿਚ ਵੀ ਉਹਨੂੰ ਆਪਣੇ ਸਮਕਾਲੀਆਂ ਵਾਂਗ ਮੁਹਾਰਤ ਹਾਸਲ ਹੈ |
ਕਮਲ ਹੁਰੀਂ ਪੰਜਾਬੀ ਦੇ ਉਂਗਲਾਂ 'ਤੇ ਗਿਣੇ ਜਾਣ ਵਾਲੇ ਉਨ੍ਹਾਂ ਸ਼ਾਇਰਾਂ ਵਿਚੋਂ ਹਨ, ਜਿਨ੍ਹਾਂ ਨੇ ਆਧੁਨਿਕ ਚਿੰਤਨ/ਬੋਧ ਨੂੰ ਆਧੁਨਿਕ ਮੁਹਾਵਰੇ ਵਿਚ ਬੜੀ ਸਫ਼ਲਤਾ ਨਾਲ ਪ੍ਰਗਟਾਇਆ | ਪੰਜਾਬ ਦੇ ਭਾਸ਼ਾ ਵਿਭਾਗ ਵਲੋਂ 27 ਮਾਰਚ, 1983 ਨੂੰ ਪੰਜਾਬ ਦੇ ਉਸ ਸਮੇਂ ਦੇ ਗਵਰਨਰ (ਰਾਜਪਾਲ) ਦੀ ਪ੍ਰਧਾਨਗੀ ਹੇਠ ਰਾਜ ਭਵਨ ਵਿਚ ਕਰਵਾਏ ਗਏ ਸਮਾਗਮ ਵਿਚ ਕਮਲ ਜੀ ਨੂੰ ਸ਼੍ਰੋਮਣੀ ਸਾਹਿਤ ਪੁਰਸਕਾਰ ਦਿੱਤਾ ਗਿਆ | ਇਸ ਸਮਾਗਮ ਦਾ ਉਦਘਾਟਨ ਉਸ ਸਮੇਂ ਦੇ ਮੁੱਖ ਮੰਤਰੀ ਸ: ਦਰਬਾਰਾ ਸਿੰਘ ਹੁਰਾਂ ਕੀਤਾ ਸੀ |
ਕਮਲ ਨੇ 40 ਸਾਲ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਪੜ੍ਹਾਇਆ ਪਰ ਮਾਂ-ਬੋਲੀ ਤੋਂ ਮੰੂਹ ਨਹੀਂ ਮੋੜਿਆ | ਨਿਰੰਤਰ ਪੰਜਾਬੀ 'ਚ ਲਿਖਦੇ ਰਹੇ ਤੇ 50 ਤੋਂ ਉੱਪਰ ਪੁਸਤਕਾਂ ਦੀ ਰਚਨਾ ਕੀਤੀ | ਉਨ੍ਹਾਂ ਨੇ ਪੰਜਾਬ ਵਿਚ ਵੀ ਪੜ੍ਹਾਇਆ ਤੇ ਵਿਦੇਸ਼ ਵਿਚ ਵੀ ਪੜ੍ਹਾਇਆ | ਵਿਦੇਸ਼ 'ਚ ਪੜ੍ਹਾਉਣ ਦੇ ਬਾਵਜੂਦ ਭਾਰਤੀ ਨਾਗਰਿਕਤਾ ਨਹੀਂ ਛੱਡੀ | 1999 'ਚ ਰਿਟਾਇਰ ਹੋ ਕੇ ਪਿੰਡ ਰਹਿਣ ਲੱਗ ਪਏ ਤੇ 2010 ਤੱਕ ਨਾਵਲ, ਗ਼ਜ਼ਲਾਂ ਤੇ ਕਵਿਤਾਵਾਂ ਦੀ ਰਚਨਾ ਕਰਨ ਦੇ ਨਾਲ-ਨਾਲ ਸਾਹਿਤਕ ਸਮਾਗਮਾਂ ਵਿਚ ਵੀ ਹਿੱਸਾ ਲੈਂਦੇ ਰਹੇ | ਆਪਣੇ ਨਾਵਲਾਂ 'ਚ ਕਮਲ ਨੇ ਸੱਭਿਆਚਾਰਕ ਤਣਾਅ ਕਾਰਨ ਪੈਦਾ ਹੋਏ ਦਵੰਧ ਨੂੰ ਵਿਸ਼ਾ ਬਣਾਉਣ ਦਾ ਯਤਨ ਕੀਤਾ ਹੈ | ਨਾਵਲਾਂ ਵਿਚ ਨਾਟ ਯੁਗਤਾਂ ਦੀ ਵਰਤੋਂ ਕੀਤੀ ਗਈ | ਉਨ੍ਹਾਂ ਦੇ ਦੋ ਮਹਾਂ-ਕਾਵਾਂ ਵਿਚ ਗਲੋਬਲ ਮਨੁੱਖ ਦੇ ਜੀਵਨ ਸੰਕਟਾਂ ਵਿਚ ਨਿਘਾਰ ਤੇ ਮਾਨਵੀ ਸੋਚਾਂ 'ਚ ਆਏ ਪਰਿਵਰਤਨ ਦੇ ਜ਼ਿਕਰ ਦੇ ਨਾਲ-ਨਾਲ ਇਤਿਹਾਸ, ਮਿਥਿਹਾਸ, ਧਰਮ, ਅਰਥ, ਨੀਤੀ, ਸੱਭਿਆਚਾਰ ਦਾ ਵੀ ਜ਼ਿਕਰ ਹੈ |
ਇਹ ਮਹਾਂ-ਕਾਵਿ ਵੀ ਪੰ੍ਰਪਰਾਵਾਦੀ ਲੀਹ ਤੋਂ ਹਟ ਕੇ ਅਸਲੋਂ ਨਵੀਂ ਸ਼ਿਲਪਸ਼ੈਲੀ ਤੇ ਸੁਤੰਤਰ ਚੇਤਨਾ ਦੇ ਆਧਾਰ 'ਤੇ ਸਿਰਜੇ ਗਏ ਹਨ | ਇਨ੍ਹਾਂ ਮਹਾਂ-ਕਾਵਾਂ ਦਾ ਕੇਂਦਰੀ ਧੁਰਾ ਵੀ ਤੇ ਮਹਾਂ ਪਾਤਰ ਵੀ ਬਹੁ-ਮੰੂਹਾਂ ਆਧੁਨਿਕ ਮਨੁੱਖ ਹੀ ਹੈ |
ਗ਼ਜ਼ਲ ਲੇਖਨ ਲਈ ਉਨ੍ਹਾਂ ਕਿਸੇ ਇਕ ਵਿਸ਼ੇ ਨੂੰ ਹੀ ਮਾਧਿਅਮ ਨਹੀਂ ਬਣਾਇਆ ਸਗੋਂ ਨਵੀਂ ਕਵਿਤਾ ਵਾਂਗ ਮਨੁੱਖਾ ਜੀਵਨ ਨਾਲ ਸਬੰਧਿਤ ਸਰਵ-ਪੱਖੀ ਵਿਸ਼ਿਆਂ ਦਾ ਮਾਧਿਅਮ ਬਣਾਇਆ ਹੈ |
ਕਮਲ ਦੀ ਗ਼ਜ਼ਲ ਦੇ ਕੁਝ ਮਤਲੇ,
'ਸਾਡਾ ਕੁਝ ਨਾ ਰਿਸ਼ਤਾ ਘਸਿਆਂ ਹੋਇਆਂ ਰਾਹਵਾਂ ਨਾਲ,
ਅਸੀਂ ਤਾਂ ਜੁੜ ਚੁੱਕੇ ਹਾਂ ਨਵਿਆਂ ਰਾਹਵਾਂ ਤੇ ਪੜਾਵਾਂ ਨਾਲ |
ਸ਼ੀਸ਼ੇ ਵਾਂਗਰ ਦਿਲ ਮੇਰਾ ਚੂਰਾ ਚੂਰਾ ਹੋ ਜਾਂਦਾ
ਖਰ੍ਹਵੇਂ ਬੋਲ ਲੋਕ ਜਦ ਬੋਲਣ ਆਪਣੀਆਂ ਹੀ ਮਾਵਾਂ ਨਾਲ |'
(ਸ਼ੀਸ਼ਿਆਂ ਦੇ ਸ਼ਹਿਰ ਵਿਚੋਂ 1982)
ਕਮਲ ਹੁਰਾਂ ਦਾ 298 ਸਫ਼ਿਆਂ ਦਾ ਕਵਿਤਾ ਸੰਗ੍ਰਹਿ 'ਬ੍ਰਹਿਮੰਡ ਦੇ ਆਰ-ਪਾਰ' 2017 ਵਿਚ ਛਪਿਆ ਹੈ | ਇਨ੍ਹਾਂ ਕਵਿਤਾਵਾਂ 'ਤੇ ਟਿੱਪਣੀ ਕਰਦਿਆਂ ਡਾ: ਅਮਰਜੀਤ ਕੌਾਕੇ ਨੇ ਲਿਖਿਆ ਕਿ 'ਅਜਾਇਬ ਕਮਲ ਦੀਆਂ ਇਹ ਕਵਿਤਾਵਾਂ ਗਲੋਬਲੀ ਵਰਤਾਰਿਆਂ (ਵਿਸ਼ਵੀਕਰਨ, ਪੂੰਜੀਵਾਦ ਤੇ ਗਲੋਬਲਾਈਜੇਸ਼ਨ) ਦੇ ਪ੍ਰਸੰਗ ਵਿਚ ਆਮ ਮਨੁੱਖ ਦੀ ਦਸ਼ਾ ਤੇ ਦਿਸ਼ਾ ਬਿਆਨ ਕਰਦੀਆਂ ਹਨ | ਉਸ ਦੀਆਂ ਕਵਿਤਾਵਾਂ ਆਧੁਨਿਕ ਤੇ ਮਨੋਭਾਵਾਂ ਨੂੰ ਤੇਜ਼ੀ ਨਾਲ ਪਕੜਨ ਦਾ ਸਿਰਜਣਾਤਮਕ ਯਤਨ ਹੈ |

-ਹਰਗੁਰਜੋਧ ਸਿੰਘ
ਮੋਬਾਈਲ : 98725-09890.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX