ਤਾਜਾ ਖ਼ਬਰਾਂ


ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  2 minutes ago
ਲਖਨਊ, 16 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਖਨਊ ਪਹੁੰਚੇ ਹਨ। ਮੋਦੀ ਅੱਜ ਰਾਏਬਰੇਲੀ ਅਤੇ ਪ੍ਰਯਾਗਰਾਜ 'ਚ ਹੋਣ ਵਾਲੇ ਕਈ ਸਮਾਗਮਾਂ 'ਚ ਸ਼ਾਮਲ ਹੋਣਗੇ.....
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 252/7
. . .  33 minutes ago
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ ਮੌਕੇ ਜਵਾਨਾਂ ਨੂੰ ਕੀਤਾ ਯਾਦ
. . .  29 minutes ago
ਨਵੀਂ ਦਿੱਲੀ, 16 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਜੇ ਦਿਵਸ ਮੌਕੇ 1971 ਦੀ ਭਾਰਤ-ਪਾਕਿਸਤਾਨ ਜੰਗ 'ਚ ਭਾਰਤੀ ਫੌਜ ਦੇ ਜਵਾਨਾਂ ਦੇ ਅਦੁੱਤੀ ਸਾਹਸ ਅਤੇ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਟਵੀਟ ਕਰਕੇ...
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਮਾਰੇ ਗਏ ਅੱਠ ਅੱਤਵਾਦੀ
. . .  about 1 hour ago
ਵਾਸ਼ਿੰਗਟਨ, 16 ਦਸੰਬਰ- ਅਮਰੀਕੀ ਫੌਜ ਨੇ ਸੋਮਾਲੀਆ 'ਚ ਹਵਾਈ ਹਮਲੇ ਕਰਕੇ ਅੱਤਵਾਦੀ ਸੰਗਠਨ ਅਲ-ਸ਼ਬਾਬ ਦੇ ਅੱਠ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅਮਰੀਕੀ ਫੌਜ ਦੀ ਅਫ਼ਰੀਕੀ ਕਮਾਨ ਨੇ ਬੀਤੇ ਦਿਨ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ...
ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਗੜ੍ਹ ਰਾਏਬਰੇਲੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਆਪਣੇ ਇਸ ਦੌਰੇ ਦੌਰਾਨ 1100 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਨੂੰ ਰਾਸ਼ਟਰ ਸਮਰਪਿਤ...
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਵਿਰਾਟ ਕੋਹਲੀ ਨੇ ਲਾਇਆ ਟੈਸਟ ਕ੍ਰਿਕਟ ਕੈਰੀਅਰ ਦਾ 25ਵਾਂ ਸੈਂਕੜਾ
. . .  about 1 hour ago
ਅੱਜ ਦਾ ਵਿਚਾਰ
. . .  about 2 hours ago
ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਪਿਛਲੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਸਡਨ ਡੈੱਥ ਰਾਹੀਂ ਹਰਾ ਕੇ, ਹਾਲੈਂਡ ਦੀ ਟੀਮ ਨੇ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਥਾਂ ਬਣਾ ਲਈ ...
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  1 day ago
ਨਵੀਂ ਦਿੱਲੀ, 15 ਦਸੰਬਰ - ਰਾਫੇਲ ਸੌਦੇ ਨੂੰ ਲੈ ਕੇ ਮਚੇ ਘਮਸਾਣ ਵਿਚਕਾਰ ਮੋਦੀ ਸਰਕਾਰ ਨੇ ਆਪਣੇ ਬਚਾਅ 'ਚ ਸਫ਼ਾਈ ਪੇਸ਼ ਕੀਤੀ ਹੈ। ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਗਈ ਹੈ। ਜਿਸ ਵਿਚ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਕੋਰਟ ਨੂੰ ਗੁਮਰਾਹ ਨਹੀਂ...
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  1 day ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ 'ਲੋਹਗੜ੍ਹ'

'ਲੋਹਗੜ੍ਹ' (ਮੁਖ਼ਲਿਸਗੜ੍ਹ) ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਿਤ ਕੀਤੇ ਪਹਿਲੇ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਸੀ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ 'ਚ ਸ਼ਹਿਰ ਸਢੌਰੇ ਤੋਂ ਲਗਪਗ 20 ਕਿਲੋਮੀਟਰ ਦੀ ਵਿੱਥ 'ਤੇ ਸਥਿਤ ਲੋਹਗੜ੍ਹ ਸਬੰਧੀ ਇਤਿਹਾਸਕਾਰ ਡਾ: ਗੰਡਾ ਸਿੰਘ ਆਪਣੀ ਖੋਜ ਵਿਚ ਲਿਖਦੇ ਹਨ, 'ਮੁਖ਼ਲਿਸ-ਗੜ੍ਹ' ਦਾ ਕਿਲ੍ਹਾ ਬਾਦਸ਼ਾਹ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖ਼ਲਿਸ ਖ਼ਾਨ ਨੇ ਬਣਵਾਇਆ ਸੀ ਅਤੇ ਬਾਦਸ਼ਾਹ ਕਦੇ-ਕਦੇ ਇੱਥੇ ਗਰਮੀਆਂ ਕੱਟਣ ਆ ਜਾਂਦਾ ਸੀ। ਇਹ ਸਢੌਰੇ ਅਤੇ ਨਾਹਨ ਦੇ ਵਿਚਕਾਰ ਆਮੂਵਾਲ ਪਿੰਡ ਦੀ ਹੱਦ ਵਿਚ ਹਿਮਾਲਾ ਪਰਬਤ ਦੀਆਂ ਸਿੱਧੀਆਂ ਚੜ੍ਹਾਈਆਂ ਵਿਚ ਇਕ ਉੱਚੀ ਠੇਰੀ ਉੱਤੇ ਖੜ੍ਹਾ ਸੀ ਅਤੇ ਇਥੇ ਜਾਣ ਲਈ ਖੜਬੜ ਟਿੱਲਿਆਂ ਅਤੇ ਖੱਡਾਂ ਵਿਚੋਂ ਦੀ ਲੰਘਣਾ ਪੈਂਦਾ ਸੀ। ਇਸ ਦੇ ਦੋਵੀਂ ਪਾਸੀਂ ਪਾਮੂ ਅਤੇ ਡਸਕੇ ਵਾਲੀਆਂ ਦੋ ਖੱਡਾਂ ਸਨ, ਜੋ ਅਸਲ ਵਿਚ ਤਾਂ ਭਾਵੇਂ ਇਕ ਨਦੀ ਹੀ ਸੀ ਪਰ ਕਿਲ੍ਹੇ ਦੀ ਪਹਾੜੀ ਨੂੰ ਕਲਾਵੇ ਵਿਚ ਲੈਣ ਲਈ ਪਾਟੀ ਹੋਈ ਸੀ।
'ਲੋਹਗੜ੍ਹ' ਤੋਂ 20 ਕਿਲੋਮੀਟਰ ਦੂਰੀ 'ਤੇ ਸਥਿਤ ਸਢੌਰਾ ਪੁਰਾਤਨ ਤੇ ਵੱਡਾ ਸ਼ਹਿਰ ਸੀ। ਇਥੋਂ ਦਾ ਹਾਕਮ ਉਸਮਾਨ ਖ਼ਾਨ ਬਹੁਤ ਜ਼ਾਲਮ ਅਤੇ ਤੁਅੱਸਬੀ ਸੀ। ਉਸਮਾਨ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਤੇ ਸਮਰਪਿਤ ਸਿੱਖ, ਪੀਰ ਬੁੱਧੂ ਸ਼ਾਹ ਅਤੇ ਉਸ ਦੇ ਪਰਿਵਾਰ 'ਤੇ ਅਸਹਿ ਤੇ ਅਕਹਿ ਜ਼ੁਲਮ ਢਾਹੇ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਉਸਮਾਨ ਖ਼ਾਨ ਦੇ ਜ਼ੁਲਮਾਂ ਤੋਂ ਇਲਾਕੇ ਦੇ ਲੋਕ ਬਹੁਤ ਦੁਖੀ ਸਨ, ਕਿਉਂਕਿ ਉਹ ਗ਼ੈਰ-ਮੁਸਲਮਾਨਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਉਸਮਾਨ ਖ਼ਾਨ ਦੇ ਜ਼ੁਲਮਾਂ ਅਤੇ ਇੰਤਹਾ ਦੀ ਵਿਥਿਆ ਲੋਕਾਂ ਤੋਂ ਸੁਣੀ ਤਾਂ ਉਨ੍ਹਾਂ ਨੇ ਕਪੂਰੀ ਦੀ ਜਿੱਤ ਤੋਂ ਬਾਅਦ ਸਢੌਰੇ ਵੱਲ ਕੂਚ ਕੀਤਾ। ਸਿੰਘਾਂ ਦੀ ਫ਼ੌਜ ਨੇ ਬੜੀ ਬਹਾਦਰੀ ਨਾਲ ਕਿਲ੍ਹੇ ਨੂੰ ਫ਼ਤਹਿ ਕੀਤਾ ਅਤੇ ਇਸ ਨੂੰ ਧਰਤੀ ਵਿਚ ਮਿਲਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਲ੍ਹੇ ਦੇ ਸਾਹਮਣੇ ਮੈਦਾਨ ਵਿਚ ਆਪਣੇ ਹੱਥਾਂ ਨਾਲ ਲੱਕੜ ਦੇ ਨਿਸ਼ਾਨ ਸਾਹਿਬ ਦੀ ਸਥਾਪਤੀ ਕੀਤੀ, ਜੋ ਅੱਜ ਵੀ ਕਿਲ੍ਹੇ ਦੀ ਖੱਬੀ ਬਾਹੀ ਵੱਲ ਸਥਿਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਲੱਕੜ ਦਾ ਇਹ ਨਿਸ਼ਾਨ ਸਾਹਿਬ 'ਲੋਹਗੜ੍ਹ' ਤੋਂ ਆਪਣੇ ਮੋਢੇ ਉਪਰ ਚੁੱਕ ਕੇ ਲਿਆਏ ਸਨ।
ਚੰਡੀਗੜ੍ਹ ਤੋਂ ਵਾਇਆ ਨਾਰਾਇਣਗੜ੍ਹ ਜਾਈਏ ਤਾਂ ਸਢੌਰੇ ਤੋਂ ਅਗਲਾ ਸ਼ਹਿਰ ਬਿਲਾਸਪੁਰ ਹੈ ਅਤੇ ਬਿਲਾਸਪੁਰ ਤੋਂ ਅੱਗੇ ਛੋਟਾ ਜਿਹਾ ਕਸਬਾ ਰਣਜੀਤਪੁਰਾ। 'ਲੋਹਗੜ੍ਹ' ਨੂੰ ਜਾਣ ਲਈ ਬੱਸ ਦਾ ਸਫਰ ਇੱਥੇ ਆ ਕੇ ਖ਼ਤਮ ਹੋ ਜਾਂਦਾ ਹੈ। ਇਸ ਤੋਂ ਅੱਗੇ 6 ਕਿਲੋਮੀਟਰ ਦਾ ਸਫਰ ਹੈ ਪਰ ਅੱਗੇ ਕੋਈ ਬੱਸ ਜਾਂ ਹੋਰ ਜਨਤਕ ਵਾਹਨ ਨਹੀਂ ਜਾਂਦਾ। ਰਣਜੀਤਪੁਰਾ ਤੋਂ ਅਗਲਾ ਪਿੰਡ ਭਗਵਾਨਪੁਰ ਹੈ। ਕੱਚੀ ਸੜਕ ਇੱਥੇ ਆ ਕੇ ਖ਼ਤਮ ਹੋ ਜਾਂਦੀ ਹੈ। ਭਗਵਾਨਪੁਰ ਇਕ ਚੋਅ ਦੇ ਕੰਢੇ 'ਤੇ ਸਥਿਤ ਹੈ। ਇਸ ਤੋਂ ਅੱਗੇ ਪਹਾੜ, ਜੰਗਲ ਅਤੇ ਨਦੀ ਦਾ ਰਾਹ ਸ਼ੁਰੂ ਹੋ ਜਾਂਦਾ ਹੈ। ਨਦੀ 'ਤੇ ਕੋਈ ਪੁਲ ਨਹੀਂ ਹੈ ਅਤੇ ਇਹ ਲਗਪਗ 3-4 ਕਿਲੋਮੀਟਰ ਦਾ ਰਸਤਾ ਬਹੁਤ ਅਸਹਿਜ, ਔਕੜਾਂ ਭਰਿਆ ਅਤੇ ਬੇਤਰਤੀਬਾ ਹੈ। ਇਸ ਰਸਤੇ ਰਾਹੀਂ ਲੰਘਦਿਆਂ ਉਸ ਕਾਲ ਦੇ ਬਿੰਬ ਮਨ ਵਿਚ ਉਕਰਨ ਲਗਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸ ਦ੍ਰਿਸ਼ਟੀ ਨਾਲ ਮੁਖ਼ਲਿਸ-ਗੜ੍ਹ ਨੂੰ ਖ਼ਾਲਸਾ ਰਾਜ ਦੀ ਰਾਜਧਾਨੀ ਬਣਾਉਣ ਲਈ ਚੁਣਿਆ ਸੀ। ਨਦੀ ਜੋ ਕਿ, ਲੋਹਗੜ੍ਹ ਵਲੋਂ ਹੀ ਆਉਂਦੀ ਹੈ, ਨੂੰ ਪਾਰ ਕਰਕੇ ਅੱਗੇ ਉੱਚੀ ਸਾਰੀ ਪਹਾੜੀ ਉੱਪਰ ਮੈਦਾਨ ਆਉਂਦਾ ਹੈ, ਜਿਸ ਵਿਚ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਜਿਸ ਪਹਾੜੀ 'ਤੇ 'ਲੋਹਗੜ੍ਹ' ਦਾ ਕਿਲ੍ਹਾ ਸੀ, ਉਸ ਦੀ ਜੜ੍ਹ ਵਿਚ ਹੁਣ ਛੋਟਾ ਜਿਹਾ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਚਲਾਇਆ ਜਾ ਰਿਹਾ ਹੈ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖ਼ਲਿਸਗੜ੍ਹ ਕਿਲ੍ਹੇ ਨੂੰ ਫ਼ਤਹਿ ਕੀਤਾ ਤਾਂ ਇਸ ਦਾ ਨਾਂਅ ਕਿਲ੍ਹਾ ਲੋਹਗੜ੍ਹ ਰੱਖ ਦਿੱਤਾ। ਉਨ੍ਹਾਂ ਨੇ ਪਹਿਲਾਂ ਸਰਹੰਦ ਨੂੰ ਖ਼ਾਲਸਾ ਰਾਜ ਦੀ ਰਾਜਧਾਨੀ ਬਣਾਉਣ ਦੀ ਵਿਚਾਰ ਕੀਤੀ ਪਰ ਇਹ ਕੌਮੀ ਸ਼ਾਹ ਰਾਹ 'ਤੇ ਹੋਣ ਕਾਰਨ ਸੁਰੱਖਿਆ ਦ੍ਰਿਸ਼ਟੀ ਪੱਖੋਂ ਬਾਦਸ਼ਾਹੀ ਫ਼ੌਜਾਂ ਦੀ ਮਾਰ ਹੇਠ ਸੀ। ਇਸ ਲਈ ਭੂਗੋਲਿਕ ਤੌਰ 'ਤੇ ਸੁਰੱਖਿਆ ਦ੍ਰਿਸ਼ਟੀ ਪੱਖੋਂ ਖ਼ਾਲਸਾ ਰਾਜ ਦੀ ਰਾਜਧਾਨੀ ਲਈ ਮੁਖ਼ਲਿਸਗੜ੍ਹ ਦੇ ਕਿਲ੍ਹੇ ਨੂੰ ਚੁਣਿਆ, ਜੋ ਉਸ ਵੇਲੇ ਖ਼ਸਤਾ ਹਾਲਤ ਵਿਚ ਸੀ। ਬਾਬਾ ਬੰਦਾ ਸਿੰਘ ਨੇ ਇਸ ਕਿਲ੍ਹੇ ਦੀ ਮੁਰੰਮਤ ਕਰਵਾਈ ਅਤੇ ਇਸ ਦਾ ਨਾਂਅ 'ਲੋਹਗੜ੍ਹ' ਰੱਖਿਆ। ਸ਼ਬਦੀ ਅਰਥਾਂ ਮੁਤਾਬਕ 'ਲੋਹਗੜ੍ਹ' ਦਾ ਭਾਵ ਲੋਹੇ ਦੇ ਮਜ਼ਬੂਤ ਅਤੇ ਬੇਜੋੜ ਕਿਲ੍ਹੇ ਤੋਂ ਹੈ। ਸਿੱਖ ਪਰੰਪਰਾ ਵਿਚ 'ਲੋਹ' ਜਾਂ 'ਸਰਬਲੋਹ' ਨੂੰ ਅਕਾਲ ਪੁਰਖ ਅਤੇ ਅਟੁੱਟ ਜਾਂ ਮਜ਼ਬੂਤ ਕਿਲ੍ਹੇਬੰਦੀ ਵਜੋਂ ਵੀ ਵਰਤਿਆ ਗਿਆ ਹੈ। ਸ਼ਾਇਦ ਇਸੇ ਉੱਚੇ ਤੇ ਬੁਲੰਦ ਮਨੋਬਲ ਨੂੰ ਸਥਾਪਿਤ ਕਰਨ ਲਈ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਦਾ ਨਾਂਅ 'ਲੋਹਗੜ੍ਹ' ਰੱਖਿਆ। ਡਾ: ਰਤਨ ਸਿੰਘ ਜੱਗੀ ਅਨੁਸਾਰ ਸੰਨ 1710 ਈਸਵੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ 'ਮੁਖ਼ਲਿਸਗੜ੍ਹ' ਨੂੰ ਆਪਣਾ ਨਿਵਾਸ ਬਣਾਉਣ ਵੇਲੇ ਉਸ ਦਾ ਨਾਂਅ 'ਲੋਹਗੜ੍ਹ' ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਮੁਹਿੰਮਾਂ ਦੌਰਾਨ ਬਾਦਸ਼ਾਹ ਬਹਾਦਰ ਸ਼ਾਹ ਨੂੰ ਖ਼ਤ ਰਾਹੀਂ ਭੇਜੀਆਂ ਜਾਣ ਵਾਲੀਆਂ ਖ਼ਬਰਾਂ 'ਅਖ਼ਬਾਰ-ਏ-ਦਰਬਾਰ-ਏ-ਮੁਅਲਾ' ਅਨੁਸਾਰ 14 ਨਵੰਬਰ, 1710 ਨੂੰ ਭਗਵਤੀ ਦਾਸ ਹਰਕਾਰੇ ਨੇ ਬਾਦਸ਼ਾਹ ਕੋਲ ਜਿਹੜੀ ਖ਼ਬਰ ਭੇਜੀ, ਉਸ ਵਿਚ ਇਸ ਸਥਾਨ ਸਬੰਧੀ ਲਿਖਿਆ ਸੀ ਕਿ ਬਾਗ਼ੀ ਗੁਰੂ (ਬੰਦਾ ਸਿੰਘ) ਦਾਬੜ ਵਿਖੇ ਮੌਜੂਦ ਹੈ ਅਤੇ ਸਿੱਖਾਂ ਨੇ ਇਸ ਅਸਥਾਨ ਦੇ ਨੇੜੇ ਇਕ ਡੂੰਘੀ ਖਾਈ ਪੁੱਟ ਲਈ ਹੈ। ਉਹ ਲੜਨ ਦੀ ਇੱਛਾ ਰੱਖਦੇ ਹਨ। ਇਸੇ ਤਰ੍ਹਾਂ 21 ਨਵੰਬਰ, 1710 ਨੂੰ ਹਰਕਾਰੇ ਨੇ ਬਾਦਸ਼ਾਹ ਨੂੰ ਦੱਸਿਆ ਕਿ ਬਾਗ਼ੀ ਗੁਰੂ (ਬੰਦਾ ਸਿੰਘ) ਦੇ ਤਿੰਨ ਹਜ਼ਾਰ ਘੋੜ ਸਵਾਰ ਸਢੌਰੇ ਤੋਂ ਦੋ ਕੋਹ ਦੀ ਦੂਰੀ 'ਤੇ ਦੂਜੇ ਪਾਸੇ ਇਕ ਤਲਾਅ ਦੇ ਕੰਢੇ 'ਤੇ ਡੇਰਾ ਲਾਈ ਬੈਠੇ ਹਨ।
'ਤਵਾਰੀਖ਼ ਗੁਰੂ ਖ਼ਾਲਸਾ' ਵਿਚ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਇਸ ਲੋਹਗੜ੍ਹ ਦੇ ਚੁਫ਼ੇਰੇ ਦੀ ਸ਼ਿਕਾਰਗਾਹ ਦਸ-ਦਸ ਪੰਦਰਾਂ-ਪੰਦਰਾਂ ਕੋਹ ਪਹਾੜੀਆਂ ਝਾੜੀਆਂ ਬਹੁਤ ਸਨ, ਸਢੌਰੇ ਵਲੋਂ ਪੰਜ-ਛੇ ਕੋਹ ਪਹਾੜ ਵੰਨੀ ਇਕ ਉੱਚੇ ਟਿੱਬੇ ਪਰ ਪੰਮੂ ਪਿੰਡ ਦੇ ਪਾਸ ਕਿਲ੍ਹਾ ਲੋਹਗੜ੍ਹ ਹੈ, ਜੋ ਸ਼ਾਹਜਹਾਂ ਦੇ ਸਮੇਂ ਮੁਖ਼ਲਸ ਖ਼ਾਂ ਸੂਬੇਦਾਰ ਸਰਹੰਦ ਨੇ ਬਣਵਾਇਆ ਸੀ, ਓਸਦੇ ਦੋਵੀਂ ਪਾਸੀਂ ਦੋ ਖੱਡਾਂ ਪਹਾੜੀ ਪਾਣੀ ਦੀਆਂ ਵਗਦੀਆਂ ਰਹਿੰਦੀਆਂ ਹਨ, ਕਿਲ੍ਹੇ ਦੇ ਆਸ-ਪਾਸ ਉੁੱਚੇ ਪਹਾੜ ਬਹੁਤੇ ਸਨ। ਭਾਵੇਂ ਹੁਣ ਤਾਂ ਓਸ ਕਿਲ੍ਹੇ ਨੂੰ ਲੋਕਾਂ ਨੇ ਖੋਲਾ ਜੇਹਾ ਵੀ ਨਹੀਂ ਛੱਡਿਆ ਸਭ ਮਲਬਾ ਲੈ ਗਏ ਹਨ।
ਖ਼ਾਲਸਾ ਰਾਜ ਦੀ ਰਾਜਧਾਨੀ 'ਲੋਹਗੜ੍ਹ' ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਖ਼ਜ਼ਾਨਾ, ਮਾਲ-ਅਸਬਾਬ, ਜੰਗੀ ਸਾਮਾਨ ਅਤੇ ਜਿੱਤੇ ਹੋਏ ਇਲਾਕਿਆਂ ਤੋਂ ਉਗਰਾਹੇ ਮਾਮਲੇ ਜਮ੍ਹਾਂ ਕੀਤੇ ਸਨ। ਰਾਜ ਦੀ ਸਦੀਵੀ ਹੋਂਦ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ 'ਲੋਹਗੜ੍ਹ' ਤੋਂ ਹੀ ਸਿੱਕਾ ਚਾਲੂ ਕੀਤਾ ਤੇ ਰਾਜ ਦੀ ਮੋਹਰ ਬਣਾਈ, ਪਰ ਇਹ ਮੋਹਰ ਉਸ ਨੇ ਆਪਣੇ ਨਾਂਅ ਦੀ ਨਹੀਂ, ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਚਲਾਏ ਸਿੱਕੇ ਦੇ ਫ਼ਾਰਸੀ ਸ਼ਬਦ ਸਨ :
'ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ।
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।'
ਭਾਵ ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫ਼ਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮੋਹਰਾਂ 'ਤੇ ਲਿਖੇ ਇਹ ਸ਼ਬਦ ਸਨ :
'ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ।
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।'
ਭਾਵ ਦੇਗ਼, ਤੇਗ਼, ਜਿੱਤ, ਸੇਵ ਨਿਰਾਲਮ ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।
ਉਧਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਪਤਾ ਲੱਗਾ ਤਾਂ ਉਸ ਨੇ ਬਹੁਤ ਸਾਰੀ ਫ਼ੌਜ ਇਕੱਠੀ ਕਰਕੇ ਪੰਜਾਬ ਵੱਲ ਕੂਚ ਕੀਤਾ। ਉਸ ਦੇ 16 ਹਜ਼ਾਰ ਘੋੜ ਸਵਾਰ ਅਤੇ ਪੈਦਲ ਫ਼ੌਜੀਆਂ ਨੇ ਕਈ ਮਹੀਨੇ 'ਲੋਹਗੜ੍ਹ' ਦੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ, ਪਰ ਕਿਲ੍ਹੇ 'ਤੇ ਕਬਜ਼ਾ ਨਾ ਹੋ ਸਕਿਆ। ਡਾ: ਰਤਨ ਸਿੰਘ ਜੱਗੀ ਅਨੁਸਾਰ, 'ਲੰਬੀ ਘੇਰਾਬੰਦੀ ਤੋਂ ਤੰਗ ਆ ਕੇ 10 ਦਸੰਬਰ, 1710 ਈਸਵੀ ਨੂੰ ਬੰਦਾ ਬਹਾਦਰ ਕਿਲ੍ਹੇ ਵਿਚੋਂ ਪਹਾੜ ਵੱਲ ਨਿਕਲਣ ਵਿਚ ਸਫਲ ਹੋ ਗਿਆ।' ਮੁਗ਼ਲ ਫ਼ੌਜ ਨੇ ਮਗਰੋਂ ਕਿਲ੍ਹੇ ਨੂੰ ਪੂਰੀ ਤਰ੍ਹਾਂ ਨੇਸਤੋ-ਨਾਬੂਦ ਕਰ ਦਿੱਤਾ, ਕਿਉਂਕਿ ਮੁਗ਼ਲਾਂ ਦਾ ਵਿਸ਼ਵਾਸ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੋਂ ਲੁੱਟਿਆ ਖਜ਼ਾਨਾ ਲੋਹਗੜ੍ਹ ਦੇ ਕਿਲ੍ਹੇ ਵਿਚ ਲੁਕਾਇਆ ਹੋਇਆ ਹੈ। ਜੰਗਲ ਨੂੰ ਅੱਗ ਲਾ ਦਿੱਤੀ ਗਈ। ਇਤਿਹਾਸ ਦੇ ਪੱਤਰੇ ਸੜ ਕੇ ਸੁਆਹ ਹੋ ਗਏ।
ਭਾਵੇਂ ਕਿ ਅੱਜ 'ਲੋਹਗੜ੍ਹ' ਦੇ ਕਿਲ੍ਹੇ ਦੀ ਹੋਂਦ ਮੌਜੂਦ ਨਹੀਂ ਹੈ ਪਰ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਦੇ ਕੁਝ ਕੁ ਨਿਸ਼ਾਨ ਅੱਜ ਵੀ ਇੱਥੇ ਮਿਲਦੇ ਹਨ, ਜਿਨ੍ਹਾਂ ਵਿਚ ਲੰਬਾ-ਚੌੜਾ ਚੁੱਲ੍ਹਾ ਨੁਮਾ ਸਥਾਨ ਹੈ। ਮੁਕਾਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਸਿੰਘ ਲੰਗਰ ਪਕਾਉਂਦੇ ਸਨ। ਇੱਥੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਮੁਕਾਮੀ ਲੋਕ ਦੱਸਦੇ ਹਨ ਕਿ ਅੱਜ ਵੀ ਕਦੇ-ਕਦਾਈਂ ਖੁਦਾਈ ਕਰਨ ਵਾਲਿਆਂ ਜਾਂ ਭੇਡਾਂ-ਬੱਕਰੀਆਂ ਚਾਰਨ ਵਾਲਿਆਂ ਨੂੰ ਖ਼ਾਲਸਾ ਰਾਜ ਦੇ ਸਿੱਕੇ ਮਿਲ ਜਾਂਦੇ ਹਨ।
ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਸਾਲ 2002-03 ਦੌਰਾਨ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਮਤਾ ਪਾਸ ਕੀਤਾ ਸੀ, ਜਿਸ ਨੂੰ ਅਮਲ ਵਿਚ ਲਿਆਉਂਦਿਆਂ ਬੀਤੀ 21 ਨਵੰਬਰ ਨੂੰ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਹੀ ਸ਼੍ਰੋਮਣੀ ਕਮੇਟੀ ਨੇ ਲੋਹਗੜ੍ਹ ਦੇ ਸਥਾਨ 'ਤੇ ਮੁੱਲ ਖਰੀਦੀ ਹੋਈ 10 ਏਕੜ ਜ਼ਮੀਨ ਵਿਚ ਪੁਰਾਤਨ ਦਿੱਖ ਵਿਚ ਕਿਲ੍ਹਾ ਲੋਹਗੜ੍ਹ ਅਤੇ ਇਸ ਦੇ ਅੰਦਰੂਨੀ ਹਿੱਸੇ ਵਿਚ ਸੁੰਦਰ ਦਰਬਾਰ ਸਾਹਿਬ ਦੀ ਉਸਾਰੀ ਲਈ ਨੀਂਹ-ਪੱਥਰ ਰੱਖ ਕੇ ਇਸ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਵਰੋਸਾਏ ਬਾਬਾ ਬਚਨ ਸਿੰਘ-ਬਾਬਾ ਸੁੱਖਾ ਸਿੰਘ ਕਰਨਾਲ ਨੂੰ ਸੌਂਪੀ ਹੈ। ਨਿਰਸੰਦੇਹ ਕਿਲ੍ਹਾ ਲੋਹਗੜ੍ਹ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਹੋਣ ਕਾਰਨ ਸਿੱਖ ਇਤਿਹਾਸ ਦੀ ਅਨਮੋਲ ਵਿਰਾਸਤ ਹੈ ਅਤੇ ਇਸ ਦੀ ਸ਼ਾਨ ਨੂੰ ਮੁੜ ਉਭਾਰਨ ਲਈ ਯਤਨ ਇਕ ਇਤਿਹਾਸਕ ਕਾਰਜ ਵੀ ਹੈ। ਇਸ ਦੇ ਨਾਲ ਇਹ ਅਸਥਾਨ ਮੁਗ਼ਲ ਕਾਲ ਦੌਰਾਨ ਸਿੱਖਾਂ ਦੀ ਯੁੱਧਨੀਤਕ ਰਣਨੀਤੀ ਤੇ ਸੁਰੱਖਿਆ ਦ੍ਰਿਸ਼ਟੀ ਪੱਖੋਂ ਦੂਰਅੰਦੇਸ਼ੀ ਨੂੰ ਸਮਝਣ ਲਈ ਵੀ ਖੋਜ ਦਾ ਵਿਸ਼ਾ ਹੈ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98780-70008 e-mail : ts1984buttar@yahoo.com


ਖ਼ਬਰ ਸ਼ੇਅਰ ਕਰੋ

ਭਾਰਤ ਦੀ ਪਹਿਲੀ ਔਰਤ ਸੂਫ਼ੀ ਸੰਤ ਹਜ਼ਰਤ ਬੀਬੀ ਕਮਾਲ ਦਾ ਮਕਬਰਾ

ਹਜ਼ਰਤ ਬੀਬੀ ਰਾਬੀਆ ਇਰਾਕ ਦੀ ਇਸਲਾਮਿਕ ਦਰਵੇਸ਼ ਹੋਈ ਹੈ ਅਤੇ ਮੀਰਾ ਬਾਈ ਹਿੰਦੂਮੱਤ ਦੀ ਸੰਤ। ਪਹਿਲੀ, ਅੱਠਵੀਂ ਸਦੀ ਵਿਚ ਅਤੇ ਦੂਸਰੀ 16ਵੀਂ ਸਦੀ ਦੇ ਆਰੰਭ ਵਿਚ।
ਪਰ ਭਾਰਤ ਦੀ ਪਹਿਲੀ ਔਰਤ ਸੂਫ਼ੀ ਸੰਤ ਬਾਰ੍ਹਵੀਂ ਸਦੀ ਵਿਚ ਹਜ਼ਰਤ ਬੀਬੀ ਕਮਾਲ ਹੋਈ ਹੈ, ਜਿਸ ਦਾ ਮਕਬਰਾ ਜ਼ਿਲ੍ਹਾ ਜਹਾਨਾਬਾਦ, ਬਿਹਾਰ ਵਿਚ ਕਾਕੋ ਨਾਮ ਦੇ ਅਸਥਾਨ 'ਤੇ ਸਥਿਤ ਹੈ, ਜੋ ਜਹਾਨਾਬਾਦ ਤੋਂ 8 ਕਿਲੋਮੀਟਰ ਦੀ ਦੂਰੀ ਉਪਰ ਹੈ। ਇਸ ਨੂੰ 'ਹਜ਼ਰਤ ਬੀਬੀ ਕਮਾਲ ਕਾ ਮਕਬਰਾ' ਕਿਹਾ ਜਾਂਦਾ ਹੈ।
ਜਹਾਨਾਬਾਦ ਰੇਲ ਰਾਹੀਂ ਪਟਨਾ ਤੋਂ 45 ਅਤੇ ਸੜਕ ਰਾਹੀਂ 56 ਕਿਲੋਮੀਟਰ ਦੀ ਦੂਰੀ ਉੱਪਰ ਦਰਧਾ ਅਤੇ ਯਮੁਨਾ ਨਦੀਆਂ ਦੇ ਸੰਗਮ ਕੋਲ ਵਸਿਆ ਸ਼ਹਿਰ ਹੈ। ਹਜ਼ਰਤ ਬੀਬੀ ਕਮਾਲ ਦਾ ਮਕਬਰਾ, ਜਿਸ ਨੂੰ 'ਕਾਕੋ ਦਰਗਾਹ' ਵੀ ਕਹਿੰਦੇ ਹਨ, ਭਾਈਚਾਰਕ ਸਾਂਝ, ਸਦਭਾਵਨਾ, ਸ਼ਾਂਤੀ, ਸਹਿਣਸ਼ੀਲਤਾ ਅਤੇ ਆਪਸੀ ਮੁਹੱਬਤ ਦਾ ਪ੍ਰਤੀਕ ਹੈ। ਇਸ ਜਗ੍ਹਾ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ। ਸ਼ੁੱਕਰਵਾਰ ਵਾਲੇ ਦਿਨ ਇਥੇ ਹਿੰਦੂ-ਮੁਸਲਮਾਨ ਅਕੀਦਤਮੰਦਾਂ ਦਾ ਤਾਂਤਾ ਲੱਗਾ ਰਹਿੰਦਾ ਹੈ।
ਹਜ਼ਰਤ ਬੀਬੀ ਕਮਾਲ ਨੂੰ 'ਬੀਬੀ ਪਾਕ ਦਾਮਨ' ਅਤੇ 'ਬੀਬੀ ਅੰਮਾਂ' ਵੀ ਕਿਹਾ ਜਾਂਦੈ। ਆਪ ਹਜ਼ਰਤ ਮਖਦੂਮ ਸਾਹਿਬ, ਬਿਹਾਰ ਸ਼ਰੀਫ ਦੇ ਮਾਸੀ ਜੀ ਸਨ। ਪਿਛਲੇ ਸਾਲ 7 ਸਤੰਬਰ ਨੂੰ ਇਸ ਥਾਂ ਸੂਫ਼ੀ ਉਤਸਵ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੇਸ਼-ਵਿਦੇਸ਼ ਤੋਂ ਅਕੀਦਤਮੰਦਾਂ ਨੇ ਸ਼ਿਰਕਤ ਕੀਤੀ।
ਬੀਬੀ ਕਮਾਲ 1174 ਈਸਵੀ ਵਿਚ ਪੀਰ ਜਗਜੋਤ ਅਤੇ ਮਾਤਾ ਮਲਿਕਾ ਜਹਾਂ ਦੇ ਘਰ ਮੱਧ ਏਸ਼ੀਆ ਵਿਚ ਕੰਸਗਰ ਨਾਂਅ ਦੀ ਜਗ੍ਹਾ ਵਿਚ ਜਨਮੀ। ਕਈ ਲਿਖਤਾਂ ਵਿਚ ਇਸ ਥਾਂ ਦਾ ਨਾਂਅ ਕਾਸ਼ਨਗਰ, ਜੋ ਤੁਰਕਿਮਸਤਾਨ ਵਿਚ ਸੀ, ਵੀ ਲਿਖਿਆ ਹੈ। ਜਨਮ ਤਿਥੀ ਵੀ ਵੱਖਰੀ ਲਿਖੀ ਮਿਲਦੀ ਹੈ।
ਸੱਚ ਦੀ ਭਾਲ ਵਿਚ ਪੀਰ ਜਗਜੋਤ ਆਪਣੀ ਪਤਨੀ ਅਤੇ ਚਾਰ ਪੁੱਤਰੀਆਂ ਸਮੇਤ ਲਾਹੌਰ ਰਾਹੀਂ ਭਾਰਤ ਦੇ ਬਖਤਿਆਰਪੁਰ ਲਾਗਲੇ ਜੇਠਾਲੀ ਪਿੰਡ ਵਿਚ ਗੰਗਾ ਕਿਨਾਰੇ ਵਸ ਗਿਆ। ਬੀਬੀ ਕਮਾਲ, ਜੋ ਪੀਰ ਦੀ ਸੰਤਾਨ ਵਿਚ ਤੀਸਰੇ ਸਥਾਨ 'ਤੇ ਸੀ, ਨੂੰ ਆਪਣੇ ਪਿਤਾ ਕੋਲੋਂ ਹੀ ਅਧਿਆਤਮਕ ਚਿਣਗ ਲੱਗ ਗਈ। ਆਪ ਦਾ ਵਿਆਹ ਮਨੇਰ ਸ਼ਰੀਫ ਦੇ ਹਜ਼ਰਤ ਸੁਲੇਮਾਨ ਲੰਗਰ ਜ਼ਮੀਂ ਨਾਲ ਹੋਇਆ। ਆਪ ਦੇ ਇਕ ਪੁੱਤਰ ਅਤੇ ਇਕ ਪੁੱਤਰੀ ਔਲਾਦ ਸਨ। ਗ੍ਰਹਿਸਥ ਵਿਚ ਵੀ ਆਪ ਭਗਤੀ, ਸਾਧਨਾ, ਪ੍ਰਾਰਥਨਾ ਵਿਚ ਖੁੱਭੇ ਰਹਿੰਦੇ ਸਨ।
ਰਾਜਾ ਕੋਕਾ ਦੇ ਸੱਦੇ ਉਪਰ ਬੀਬੀ ਕਮਾਲ ਆਪਣੀ ਧੀ ਦੌਲਤੀ ਬੀਬੀ ਨਾਲ ਕੋਕਾ ਆਈ। ਕਹਿੰਦੇ ਹਨ ਰਾਜੇ ਨੇ ਦਾਅਵਤੀ ਭੋਜਨ ਵਿਚ ਕੁਝ ਵਰਜਿਤ ਵਸਤਾਂ ਰਲਾ ਦਿੱਤੀਆਂ, ਤਾਂ ਕਿ ਬੀਬੀ ਕਮਾਲ ਦੀ ਰੂਹਾਨੀ ਆਭਾ ਉੱਪਰ ਆਂਚ ਆ ਜਾਏ। ਪਰ ਰਾਜੇ ਕੋਕਾ ਨੂੰ ਰਾਹੇ-ਰਾਸਤ ਉਪਰ ਲਿਆਉਣ ਅਤੇ ਪਰਜਾ ਨੂੰ ਉਸ ਦੀਆਂ ਜ਼ਿਆਦਤੀਆਂ ਤੋਂ ਮੁਕਤ ਕਰਨ ਦੇ ਮਕਸਦ ਨਾਲ ਬੀਬੀ ਕਮਾਲ ਨੇ ਕਾਕੋ ਦੇ ਅਸਥਾਨ ਉੱਪਰ ਹੀ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਲਿਖਤਾਂ ਵਿਚ ਇਹ ਕਿਹਾ ਗਿਆ ਹੈ ਕਿ ਕਾਕੋ ਨਾਂਅ ਰਾਜਾ ਕੋਕਾ ਕਾਰਨ ਪਿਆ ਹੈ ਪਰ ਇਕ ਮਨੌਤ ਇਹ ਵੀ ਹੈ ਕਿ ਇਸ ਥਾਂ ਭਗਵਾਨ ਰਾਮ ਦੀ ਮਤੇਈ ਮਾਂ ਮਾਤਾ ਕੇਕੱਈ ਨੇ ਕੁਝ ਦੇਰ ਵਾਸ ਕੀਤਾ ਸੀ, ਜਿਸ ਕਾਰਨ ਇਹ ਨਾਂਅ ਪਿਆ। ਕਿਸੇ ਵੇਲੇ ਇਸ ਦਾ ਨਾਂਅ 'ਬੀਬੀਪੁਰ' ਵੀ ਰਿਹਾ।
ਦਰਗਾਹ ਵਿਚ ਇਕ ਕਾਲਾ ਪੱਥਰ ਹੈ, ਜਿਸ ਨੂੰ 'ਲੋਹੇ ਕੁਰਾਨੀ' ਕਿਹਾ ਜਾਂਦਾ ਹੈ। ਇਹ ਬੜਾ ਮੁਕੱਦਸ ਮੰਨਿਆ ਜਾਂਦੈ। ਉਰਸ, ਜਲਸਾ, ਮਹਿਫ਼ਲ ਵੇਲੇ ਵਿਸ਼ੇਸ਼ ਪਕਵਾਨ ਦੇ ਤੌਰ 'ਤੇ ਗੁੜ ਦੀ ਖੀਰ 'ਢਕਨੀ' (ਮਿੱਟੀ ਦਾ ਬਰਤਨ) ਵਿਚ ਪਾ ਕੇ ਅਕੀਦਤਮੰਦਾਂ ਨੂੰ ਛਕਾਈ ਜਾਂਦੀ ਹੈ। ਸੂਫ਼ੀ ਉਤਸਵ ਮੌਕੇ ਸੂਫ਼ੀ ਸੰਗੀਤ ਦੀ ਛਹਿਬਰ ਲਗਦੀ ਹੈ। ਬਿਹਾਰ ਤੋਂ ਇਲਾਵਾ ਝਾਰਖੰਡ, ਉੱਤਰ ਪ੍ਰਦੇਸ਼, ਬੰਗਾਲ, ਮਹਾਰਾਸ਼ਟਰ ਤੇ ਨਿਪਾਲ ਸਮੇਤ ਹੋਰ ਅਨੇਕਾਂ ਥਾਵਾਂ ਤੋਂ ਲੋਕ ਇਸ ਉਤਸਵ ਵਿਚ ਹਿੱਸਾ ਲੈਂਦੇ ਹਨ।
ਬਿਹਾਰ ਸੈਰ ਸਪਾਟਾ ਵਿਭਾਗ ਅਤੇ ਪ੍ਰਸ਼ਾਸਨ ਵੀ ਉਤਸਵ ਦੇ ਪ੍ਰਬੰਧ ਵਿਚ ਸ਼ਾਮਿਲ ਹੁੰਦੇ ਹਨ। ਟੂਰਿਜ਼ਮ ਵਿਭਾਗ ਵਲੋਂ ਵੱਖ-ਵੱਖ ਧਰਮਾਂ ਦੇ ਟੂਰਿਸਟ ਸਰਕਟ ਬਣਾਏ ਗਏ ਹਨ। ਇਨ੍ਹਾਂ ਵਿਚ ਹਿੰਦੂ, ਸਿੱਖ, ਜੈਨ, ਬੁੱਧ ਧਰਮਾਂ ਨਾਲ ਸਬੰਧਤ ਸਰਕਟਾਂ ਤੋਂ ਇਲਾਵਾ ਸੂਫ਼ੀ ਸਰਕਟ ਦੀ ਸਚਿੱਤਰ ਲਿਖਤ ਸਮੱਗਰੀ ਮੁਹੱਈਆ ਕੀਤੀ ਗਈ ਹੈ। ਦਰਗਾਹ ਦਾ ਜ਼ਿਕਰ ਆਈਨੇ-ਅਕਬਰੀ ਵਿਚ ਵੀ ਮਿਲਦਾ ਹੈ। ਬਾਦਸ਼ਾਹ ਸ਼ੇਰ ਸ਼ਾਹ ਸੂਰੀ, ਜਹਾਂ ਆਰਾ ਅਤੇ ਫਿਰੋਜ਼ਸ਼ਾਹ ਤੁਗਲਕ ਇਸ ਅਸਥਾਨ ਉਪਰ ਚਾਦਰਪੋਸ਼ੀ ਕਰਨ ਵਾਲਿਆਂ ਵਿਚ ਸ਼ਾਮਿਲ ਹਨ। ਪਹਿਲਾਂ ਇਹ ਦਰਗਾਹ ਕੱਚੀ ਹੁੰਦੀ ਸੀ ਪਰ ਤੁਗਲਕ ਨੇ ਇਸ ਨੂੰ ਪੱਕਿਆਂ ਕਰਵਾਇਆ। ਬੀਬੀ ਕਮਾਲ ਨੇ ਸਿਰਫ ਜਹਾਨਾਬਾਦ ਵਿਚ ਹੀ ਨਹੀਂ, ਸਗੋਂ ਪੂਰੇ ਜਗਤ ਵਿਚ ਸੂਫ਼ੀਅਤ ਦੀ ਰੌਸ਼ਨੀ ਜਗਮਗਾਈ!


-ਫਗਵਾੜਾ। gandamjs@gmail.com

ਪੰਥ ਦੇ ਗਾਥਾਮਈ ਸੂਰਮੇ, ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ

ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਅਤੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਸਿੱਖ ਪੰਥ ਵਿਚ ਸੂਰਮਗਤੀ ਦਾ ਪ੍ਰਤੀਕ ਮੰਨੇ ਜਾਂਦੇ ਹਨ। ਪਾਪੀ ਮੱਸੇ ਰੰਘੜ ਦਾ ਸਿਰ ਵੱਢ ਕੇ ਉਹ ਹਮੇਸ਼ਾ ਲਈ ਪੰਥ ਵਿਚ ਅਮਰ ਹੋ ਗਏ। ਭਾਈ ਸੁੱਖਾ ਸਿੰਘ ਦੀ ਜਨਮ ਤਾਰੀਖ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿਖੇ ਉਸ ਦੇ ਖਾਨਦਾਨ ਦੇ ਬੰਦਿਆਂ ਮੁਤਾਬਕ ਉਸ ਦਾ ਜਨਮ ਲਗਪਗ 1707-08 ਈ: ਦਾ ਹੈ। ਕਲਸੀ ਗੋਤਰ ਦੇ ਤਰਖਾਣ ਸਿੰਘ ਭਾਈ ਸੁੱਖਾ ਸਿੰਘ ਦੇ ਪਿਤਾ ਦਾ ਨਾਂਅ ਲੱਧਾ ਜੀ, ਮਾਤਾ ਦਾ ਨਾਂਅ ਹਰ ਕੌਰ ਤੇ ਇਕ ਵੱਡਾ ਭਰਾ ਲੱਖਾ ਸਿੰਘ ਸੀ। ਪਿੰਡ ਵਾਲਿਆਂ ਮੁਤਾਬਕ ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ ਪਰ ਲੱਖਾ ਸਿੰਘ ਸ਼ਾਦੀਸ਼ੁਦਾ ਸੀ। ਉਸ ਦੇ ਵਾਰਸ ਹੁਣ ਵੀ ਮਾੜੀ ਕੰਬੋਕੀ ਵੱਸਦੇ ਹਨ। ਲੱਖਾ ਸਿੰਘ ਵੀ ਦਲ ਖਾਲਸਾ ਵਿਚ ਸ਼ਾਮਿਲ ਸੀ ਤੇ ਜੰਗਾਂ ਯੁੱਧਾਂ ਵਿਚ ਹੀ ਸ਼ਹੀਦ ਹੋਇਆ ਸੀ। ਮਾੜੀ ਕੰਬੋਕੀ ਪਹਿਲਾਂ ਜ਼ਿਲ੍ਹਾ ਲਾਹੌਰ, ਤਹਿਸੀਲ ਕਸੂਰ ਤੇ ਹੁਣ ਜ਼ਿਲ੍ਹਾ ਤਰਨ ਤਾਰਨ ਥਾਣਾ ਭਿੱਖੀਵਿੰਡ ਵਿਚ ਪੈਂਦਾ ਹੈ। ਅਤਿ ਦੇ ਦਲੇਰ ਭਾਈ ਸੁੱਖਾ ਸਿੰਘ ਦਾ ਬਚਪਨ ਤੋਂ ਹੀ ਝੁਕਾਅ ਸਿੱਖੀ ਵੱਲ ਸੀ।
ਉਸ ਵੇਲੇ ਹਾਲਾਤ ਇਹ ਸਨ ਕਿ ਜੇ ਕਿਸੇ ਔਰਤ ਨੂੰ ਪੁੱਤਰਾਂ ਬਾਰੇ ਪੁੱਛਿਆ ਜਾਂਦਾ ਤਾਂ ਉਹ ਦੱਸਦੀ ਕਿ ਪੁੱਤਰ ਤਾਂ ਚਾਰ ਸਨ ਪਰ ਦੋ ਨੇ ਅੰਮ੍ਰਿਤ ਛਕ ਲਿਆ ਹੈ। ਸਿੰਘ ਸਜਣ ਦਾ ਮਤਲਬ ਸਰਕਾਰੀ ਫੌਜਾਂ ਹੱਥੋਂ ਨਿਸ਼ਚਿਤ ਮੌਤ ਸਮਝੀ ਜਾਂਦੀ ਸੀ। 14-15 ਸਾਲ ਦੀ ਉਮਰ ਵਿਚ ਉਸ ਨੇ ਆਪਣੇ ਮਾਪਿਆਂ ਨੂੰ ਦੱਸੇ ਬਗੈਰ ਅੰਮ੍ਰਿਤ ਛਕ ਲਿਆ। ਮੁਖਬਰੀ ਮਿਲਣ 'ਤੇ ਸ਼ਾਹੀ ਫੌਜ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚ ਗਈ। ਉਸ ਵੇਲੇ ਘਰ ਨਾ ਹੋਣ ਕਾਰਨ ਉਹ ਬਚ ਗਿਆ। ਘਰ ਵਾਲੇ ਡਰ ਗਏ। ਉਨ੍ਹਾਂ ਨੇ ਭੰਗ ਪਿਆ ਕੇ ਬੇਹੋਸ਼ ਪਏ ਸੁੱਖਾ ਸਿੰਘ ਦੇ ਕੇਸ ਕਤਲ ਕਰ ਦਿੱਤੇ। ਜਦੋਂ ਸੁੱਖਾ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਦੁਖੀ ਹੋ ਕੇ ਮਰਨ ਲਈ ਖੂਹ ਵਿਚ ਛਾਲ ਮਾਰ ਦਿੱਤੀ ਪਰ ਪਾਣੀ ਘੱਟ ਹੋਣ ਕਾਰਨ ਉਹ ਬਚ ਗਿਆ। ਭਾਣਾ ਰੱਬ ਦਾ, ਕੋਈ ਰਾਹ ਜਾਂਦਾ ਸਿੰਘ ਰੌਲਾ-ਗੌਲਾ ਸੁਣ ਕੇ ਖੂਹ 'ਤੇ ਆ ਗਿਆ। ਉਸ ਨੇ ਸੁੱਖਾ ਸਿੰਘ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਮਰਨ ਦੀ ਬਜਾਏ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ। ਇਸ ਗੱਲ ਦਾ ਸੁੱਖਾ ਸਿੰਘ ਦੇ ਦਿਲ 'ਤੇ ਬਹੁਤ ਗਹਿਰਾ ਅਸਰ ਹੋਇਆ। ਕੁਝ ਦਿਨਾਂ ਬਾਅਦ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਭਜਾ ਕੇ ਸ: ਸ਼ਾਮ ਸਿੰਘ ਦੇ ਜਥੇ ਵਿਚ ਜਾ ਰਲਿਆ।
ਦਿੱਲੀ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਦੀ ਵਾਪਸ ਜਾਂਦੀ ਫੌਜ ਨੂੰ 1739 ਈ: ਵਿਚ ਸਿੱਖਾਂ ਨੇ ਬੜੀ ਤਸੱਲੀ ਨਾਲ ਲੁੱਟਿਆ। ਜ਼ਕਰੀਆ ਖਾਨ ਕੋਲੋਂ ਸਿੱਖਾਂ ਦੀ ਬਹਾਦਰੀ ਬਾਰੇ ਸੁਣ ਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਲੋਕ ਕਿਸੇ ਦਿਨ ਪੰਜਾਬ 'ਤੇ ਰਾਜ ਕਰਨਗੇ। ਉਸ ਦੇ ਵਾਪਸ ਜਾਣ ਤੋਂ ਬਾਅਦ ਜ਼ਕਰੀਆ ਖਾਨ ਨੇ ਸਿੱਖਾਂ 'ਤੇ ਸਖਤੀ ਬਹੁਤ ਵਧਾ ਦਿੱਤੀ। ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰਨ ਲਈ ਕਾਜ਼ੀ ਅਬਦੁਲ ਰਹਿਮਾਨ ਨੂੰ 2000 ਫੌਜੀ ਦੇ ਕੇ ਭੇਜ ਦਿੱਤਾ। ਉਸ ਨੇ ਕਬਜ਼ਾ ਕਰਕੇ ਸਖ਼ਤ ਪਹਿਰਾ ਲਗਾ ਦਿੱਤਾ ਤੇ ਫੜ੍ਹ ਮਾਰੀ ਕਿ ਮੇਰੇ ਹੁੰਦੇ ਕੋਈ ਸਿੱਖ ਇਸ਼ਨਾਨ ਨਹੀਂ ਕਰ ਸਕਦਾ। ਜਦੋਂ ਇਹ ਖ਼ਬਰ ਦਲ ਖਾਲਸਾ ਤੱਕ ਪਹੁੰਚੀ ਤਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਨੀ ਸਿੰਘ ਦਾ ਭਤੀਜਾ ਥਰਾਜ ਸਿੰਘ 50 ਸਿੰਘਾਂ ਦੇ ਜਥੇ ਸਮੇਤ ਇਸ਼ਨਾਨ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਨੇ ਬਾਕੀ ਸਿੰਘ ਗਿਲਵਾਲੀ ਦਰਵਾਜ਼ੇ ਅੱਗੇ ਖੜ੍ਹੇ ਕੀਤੇ ਤੇ ਆਪ ਇਸ਼ਨਾਨ ਕਰਕੇ ਜੈਕਾਰੇ ਗਜਾ ਕੇ ਸਾਥੀਆਂ ਨਾਲ ਆ ਮਿਲੇ। ਕਾਜ਼ੀ ਤੇ ਉਸ ਦੇ ਪੁੱਤਰ ਨੇ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ। ਘਾਤ ਲਗਾ ਕੇ ਬੈਠੇ ਸਿੱਖਾਂ ਹੱਥੋਂ ਉਹ ਦੋਵੇਂ ਅਨੇਕਾਂ ਸਾਥੀਆਂ ਸਮੇਤ ਮਾਰੇ ਗਏ। (ਭੰਗੂ, ਪੰਥ ਪ੍ਰਕਾਸ਼ ਪੰਨਾ 519)
ਯਾਹੀਆ ਖਾਨ ਦੇ ਅਹਿਦ ਵੇਲੇ ਵੀ ਲਖਪਤ ਰਾਏ ਦੀ ਨਿਗਰਾਨੀ ਹੇਠ ਦਰਬਾਰ ਸਾਹਿਬ 'ਤੇ ਸਖਤ ਪਹਿਰਾ ਲਗਾਇਆ ਗਿਆ ਸੀ। ਸਰੋਵਰ ਦੀਆਂ ਚਾਰਾਂ ਬਾਹੀਆਂ 'ਤੇ ਮੁਨਾਰੇ ਬਣਾ ਕੇ ਨਿਸ਼ਾਨਚੀ ਬਿਠਾਏ ਗਏ। ਜੋ ਵੀ ਇਸ਼ਨਾਨ ਕਰਨ ਆਉਂਦਾ, ਗੋਲੀ ਮਾਰ ਦਿੱਤੀ ਜਾਂਦੀ। ਉਸ ਵੇਲੇ ਵੀ ਭਾਈ ਸੁੱਖਾ ਸਿੰਘ ਕੌਮ ਵਿਚ ਉਤਸ਼ਾਹ ਭਰਨ ਲਈ ਚਿੱਟੇ ਦਿਨ ਇਸ਼ਨਾਨ ਕਰਕੇ ਪਗੜੀ ਲਾਹ ਕੇ ਕੇਸ ਦਿਖਾ ਕੇ ਗਿਆ ਸੀ ਕਿ ਵਾਕਈ ਸਿੱਖ ਨੇ ਇਸ਼ਨਾਨ ਕੀਤਾ ਹੈ। ਅਹਿਮਦ ਸ਼ਾਹ ਅਬਦਾਲੀ ਪਹਿਲੇ ਹਮਲੇ ਸਮੇਂ ਸੰਨ 1747 ਈ: ਵਿਚ ਸਰਹਿੰਦ ਨੂੰ ਜਾਂਦਾ ਕੁਝ ਫੌਜ ਲਾਹੌਰ ਦੀ ਰਾਖੀ ਲਈ ਛੱਡ ਗਿਆ। ਉਸ ਫੌਜ ਦੀ ਇਕ ਟੁਕੜੀ ਦੀ ਸੁੱਖਾ ਸਿੰਘ ਵਾਲੇ ਜਥੇ ਨਾਲ ਝੜਪ ਹੋ ਗਈ। ਅਫਗਾਨਾਂ ਨੇ ਇਕੱਲੇ ਨੂੰ ਇਕੱਲੇ ਨਾਲ ਲੜਨ ਲਈ ਵੰਗਾਰਿਆ। ਸਿੱਖਾਂ ਵੱਲੋਂ ਸੁੱਖਾ ਸਿੰਘ ਮੈਦਾਨ ਵਿਚ ਨਿੱਤਰਿਆ। ਉਸ ਨੇ ਹੱਥੋ-ਹੱਥ ਲੜਾਈ ਵਿਚ ਇਕ ਰਾਖਸ਼ ਜਿੱਡੇ ਪਠਾਣ ਨੂੰ ਮਾਰ ਸੁੱਟਿਆ। ਸਾਰੇ ਸਰਦਾਰਾਂ ਨੇ ਖੁਸ਼ ਹੋ ਕੇ ਉਸ ਨੂੰ ਘੋੜੇ ਭੇਟ ਕੀਤੇ। ਉਸ ਨੇ ਸ: ਸ਼ਾਮ ਸਿੰਘ ਦਾ ਘੋੜਾ ਰੱਖ ਕੇ ਬਾਕੀ ਵਾਪਸ ਕਰ ਦਿੱਤੇ। (ਰਤਨ ਸਿੰਘ ਭੰਗੂ ਪੰਨਾ 232 ਤੋਂ 240)।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਡੋਰੀ ਸਿੱਧਵਾਂ। ਮੋਬਾ: 98151-24449

ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ

ਗੁਰਦੁਆਰਾ ਛੱਲਾ ਸਾਹਿਬ ਮੋਹੀ

ਇਤਿਹਾਸਕ ਪਿੰਡ ਮੋਹੀ ਦੀ ਧਰਤੀ ਉਸ ਸਮੇਂ ਪਵਿੱਤਰ ਹੋਈ ਸੀ, ਜਦੋਂ ਦਸਮੇਸ਼ ਪਿਤਾ, ਸਰਬੰਸਦਾਨੀ, ਸਾਹਿਬ-ਏ-ਕਮਾਲ ਦਸਵੇਂ ਪਾਤਸ਼ਾਹ ਸਾਹਿਬ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ 31 ਦਸੰਬਰ 1704 ਈ: ਨੂੰ ਆਪਣੇ ਮੁਬਾਰਕ ਚਰਨ ਪਾਏ ਸਨ। ਉਸ ਸਮੇਂ ਉਨ੍ਹਾਂ ਦੇ ਨਾਲ ਪੰਜ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਇਕ ਸਿੱਖ ਭਾਈ ਮਾਨ ਸਿੰਘ ਵੀ ਸਨ। ਉਸ ਸਮੇਂ ਜਿੱਥੇ ਗੁਰੂ ਜੀ ਨੇ ਆਸਣ ਲਾਇਆ ਸੀ, ਪਿੰਡ ਦੇ ਬਾਹਰਵਾਰ ਉਥੇ ਸੰਘਣੇ ਦਰੱਖਤਾਂ ਦੀ ਝਿੜੀ ਸੀ ਅਤੇ ਨਾਲ ਹੀ ਪਾਣੀ ਵਾਲੀ ਛੱਪੜੀ ਸੀ। ਗੁਰੂ ਜੀ ਨੇ ਇਕਾਂਤ ਥਾਂ ਜਾਣ ਕੇ ਇੱਥੇ ਪੂਰੀ ਰਾਤ ਵਿਸ਼ਰਾਮ ਕੀਤਾ। ਜਦੋਂ ਪਿੰਡ ਵਾਸੀਆਂ ਨੂੰ ਗੁਰੂ ਜੀ ਦੇ ਠਹਿਰਨ ਦਾ ਪਤਾ ਲੱਗਾ, ਉਹ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੇ ਅਤੇ ਬੜੀ ਸ਼ਰਧਾ ਭਾਵਨਾ ਨਾਲ ਜਲ ਪਾਣੀ ਦੀ ਸੇਵਾ ਕੀਤੀ ਅਤੇ ਨਾਲ ਹੀ ਹੋਰ ਸੇਵਾ ਲਈ ਅਰਜ਼ ਕੀਤੀ, ਤਾਂ ਗੁਰੂ ਸਾਹਿਬ ਦੀ ਉਂਗਲ ਵਿਚ ਇਕ ਛੱਲਾ ਪਾਇਆ ਹੋਇਆ ਸੀ, ਜਿਸ ਦੀ ਸਹਾਇਤਾ ਨਾਲ ਉਹ ਜੰਗ ਦੌਰਾਨ ਤੀਰ ਚਲਾਉਂਦੇ ਸਨ। ਬਹੁਤ ਜਿਆਦਾ ਠੰਢ ਹੋਣ ਕਾਰਨ ਉਸ ਉਂਗਲੀ ਨੂੰ ਸੋਜ ਆ ਚੁੱਕੀ ਸੀ, ਜਿਸ ਕਰਕੇ ਛੱਲਾ ਉਂਗਲ ਵਿਚ ਖੁੱਭ ਚੁੱਕਾ ਸੀ, ਜਿਸ ਕਰਕੇ ਗੁਰੂ ਜੀ ਨੇ ਕਿਸੇ ਮਿਸਤਰੀ ਨੂੰ ਬੁਲਾ ਕੇ ਛੱਲਾ ਕਟਵਾਉਣ ਲਈ ਕਿਹਾ।
ਇਸ ਸਮੇਂ ਪਿੰਡ ਮੋਹੀ ਦੇ ਲੁਹਾਰ ਭਾਈ ਜਵਾਲਾ ਜੀ ਨੇ ਆ ਕੇ ਬੜੇ ਪਿਆਰ ਨਾਲ ਬਿਨਾਂ ਕਿਸੇ ਤਕਲੀਫ ਦੇ ਰੇਤੀ ਨਾਲ ਛੱਲਾ ਕੱਟ ਦਿੱਤਾ। ਗੁਰੂ ਜੀ ਭਾਈ ਜਵਾਲਾ ਜੀ 'ਤੇ ਬੜੇ ਪ੍ਰਸੰਨ ਹੋਏ। ਉਸ ਦੇ ਪਰਿਵਾਰ ਨੂੰ ਪੀੜ੍ਹੀ-ਦਰ-ਪੀੜ੍ਹੀ ਵਧਣ-ਫੁੱਲਣ ਦਾ ਵਰ ਦਿੱਤਾ, ਨਾਲ ਹੀ ਕੱਟਿਆ ਹੋਇਆ ਛੱਲਾ ਭਾਈ ਜਵਾਲਾ ਜੀ ਨੂੰ ਨਿਸ਼ਾਨੀ ਵਜੋਂ ਦੇ ਦਿੱਤਾ, ਜੋ ਅੱਜਕਲ੍ਹ ਉਨ੍ਹਾਂ ਦੀ ਅੰਸ-ਵੰਸ ਭਾਈ ਮੇਹਰ ਸਿੰਘ ਕੋਲ ਪਿੰਡ ਭੰਮੀਪੁਰਾ (ਨੇੜੇ ਜਗਰਾਉਂ) ਪਿਆ ਹੈ। ਭਾਸ਼ਾ ਵਿਭਾਗ ਵੱਲੋਂ ਲਿਖੀ ਕਿਤਾਬ 'ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ' ਦੇ ਪੰਨਾ ਨੰਬਰ 49 ਮੁਤਾਬਕ ਪਿੰਡ ਮੋਹੀ ਦਾ ਨਾਂਅ ਆਉਂਦਾ ਹੈ। ਇਸ ਤਰ੍ਹਾਂ ਪਿੰਡ ਮੋਹੀ ਨੂੰ ਗੁਰੂ ਸਹਿਬ ਵੱਲੋਂ 'ਚੜ੍ਹੀ ਆਊ ਲੱਥੀ ਜਾਊ' ਦਾ ਪਵਿੱਤਰ ਵਰ ਵੀ ਪ੍ਰਾਪਤ ਹੋਇਆ ਹੈ। ਪਹਿਲਾਂ ਗੁਰੂ-ਘਰ ਦੀ ਇਮਾਰਤ ਬਹੁਤ ਹੀ ਛੋਟੀ ਸੀ, ਫਿਰ 1935 ਵਿਚ ਗੁਰੂ-ਘਰ ਦੀ ਇਮਾਰਤ ਦੁਬਾਰਾ ਬਣਨੀ ਆਰੰਭ ਹੋਈ ਅਤੇ 1936 ਵਿਚ ਪੂਰੀ ਬਣ ਕੇ ਤਿਆਰ ਹੋ ਗਈ, ਜਿਸ ਦੀ ਕਾਰ ਸੇਵਾ ਸੰਤ ਬਾਬਾ ਨਿਰੰਜਣ ਸਿੰਘ ਮੋਹੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਇਸੇ ਤਰ੍ਹਾਂ ਸੰਤ ਬਾਬਾ ਨਿਰੰਜਣ ਸਿੰਘ ਤੋਂ ਬਾਅਦ ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਨਿਹਾਲ ਸਿੰਘ ਕਮਾਲਪੁਰਾ ਮੋਹੀ ਵਾਲਿਆਂ ਨੇ ਕੀਤੀ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਹੁਤ ਹੀ ਸੁੰਦਰ ਇਮਾਰਤ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ। ਇਸ ਗੁਰੂ-ਘਰ ਲਈ ਮਾਤਾ ਬਿਸ਼ਨ ਕੌਰ ਨੇ 4 ਕਿੱਲੇ ਜ਼ਮੀਨ ਭੇਟਾ ਕੀਤੀ ਸੀ, ਜੋ ਕਿ ਭਾਈ ਜਵਾਲਾ ਜੀ ਦੇ ਪਰਿਵਾਰ ਨਾਲ ਸਬੰਧਤ ਸੀ। ਇਸ ਅਸਥਾਨ 'ਤੇ ਹਰ ਸਾਲ ਗੁਰੂ ਸਾਹਿਬ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ 31 ਦਸੰਬਰ ਵਾਲੇ ਦਿਨ ਜਿਥੇ ਨਗਰ ਕੀਰਤਨ ਸਜਾਏ ਜਾਂਦੇ ਹਨ, ਉਥੇ 1 ਜਨਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਸਮਾਗਮਾਂ ਦੇ ਭੋਗ ਪਾਏ ਜਾਂਦੇ ਹਨ।


ਮੋਬਾ: 99145-63300

ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਰਾਜੋ ਪਿੰਡੀ ਦੀ ਸਿੱਖ ਛਾਉਣੀ

ਪਾਕਿਸਤਾਨ ਦੇ ਸ਼ਹਿਰ ਜਿਹਲਮ ਵਿਚ ਕਿਲ੍ਹਾ ਰੋਹਤਾਸ ਤੋਂ ਚੜ੍ਹਦੇ ਵੱਲ ਨਾਲਾ ਘਾਣ ਪਾਰ ਕਰਦਿਆਂ ਹੀ ਸਿਰਫ਼ 2-3 ਫਰਲਾਂਗ (500-600 ਗਜ਼) ਦੀ ਦੂਰੀ 'ਤੇ ਪੁਰਾਣੀ ਜਰਨੈਲੀ ਸੜਕ ਦੇ ਐਨ ਉਪਰ ਪਿੰਡ ਰਾਜੋ ਪਿੰਡੀ ਵਿਚ ਇਕ ਕਿਲ੍ਹੇਨੁਮਾ ਮੁਗਲਸ਼ਾਹੀ ਆਲੀਸ਼ਾਨ ਸਰਾਂ ਮੌਜੂਦ ਹੈ। ਇਸ ਸਰਾਂ ਦੇ ਅਸਲ ਨਾਂਅ ਬਾਰੇ ਜਾਂ ਇਸ ਦੇ ਇਤਿਹਾਸ ਸਬੰਧੀ ਕਿਸੇ ਵੀ ਦਸਤਾਵੇਜ਼ ਜਾਂ ਇਤਿਹਾਸ ਦੀ ਪੁਸਤਕ ਵਿਚ ਕੋਈ ਜਾਣਕਾਰੀ ਪੜ੍ਹਨ ਨੂੰ ਨਹੀਂ ਮਿਲਦੀ। ਸ਼ਾਇਦ ਇਹੋ ਕਾਰਨ ਹੈ ਕਿ ਇਹ ਸਰਾਂ ਅੱਜ ਵੀ ਆਪਣੇ ਅਸਲ ਨਾਂਅ ਦੀ ਬਜਾਏ ਪਿੰਡ ਦੇ ਨਾਂਅ ਨਾਲ 'ਸਰਾਂ ਰਾਜੋ ਪਿੰਡੀ' ਕਰਕੇ ਜਾਣੀ ਜਾਂਦੀ ਹੈ। ਇਸ ਸਮਾਰਕ ਸਬੰਧੀ ਥੋੜ੍ਹੀ-ਬਹੁਤ ਜਾਣਕਾਰੀ ਰੱਖਣ ਵਾਲੇ ਪਾਕਿਸਤਾਨੀ ਵਿਦਵਾਨਾਂ ਦਾ ਦਾਅਵਾ ਹੈ ਕਿ ਸਿੱਖ ਰਾਜ ਸਮੇਂ ਲਾਹੌਰ ਦਰਬਾਰ ਦੇ ਅਧੀਨ ਇਸ ਵਿਚ ਫ਼ੌਜੀ ਛਾਉਣੀ ਤਾਇਨਾਤ ਕੀਤੀ ਗਈ ਹੋਣ ਕਰਕੇ ਇਸ ਨੂੰ 'ਸਿੱਖਾਂ ਦੀ ਛਾਉਣੀ' ਅਤੇ 'ਗੜ੍ਹ ਮਹਿਲ' ਨਾਵਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ।
ਪਿੰਡ ਰਾਜੋ ਪਿੰਡੀ ਮੌਜੂਦਾ ਸਮੇਂ ਦੀਨਾ ਤੋਂ ਰੋਹਤਾਸ ਨੂੰ ਜਾਂਦੀ ਜਰਨੈਲੀ ਸੜਕ 'ਤੇ ਰੋਹਤਾਸ ਤੋਂ ਸਿਰਫ਼ 5 ਕਿਲੋਮੀਟਰ ਦੀ ਦੂਰੀ 'ਤੇ ਆਬਾਦ ਹੈ, ਜਦੋਂ ਕਿ ਲਾਹੌਰ ਤੋਂ ਰੋਹਤਾਸ ਕਰੀਬ 182 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਪਿੰਡ ਦੇ ਨਾਲ ਹੀ ਪਿੰਡ ਚੱਠਾ, ਨਿਰਖੀਆਂ ਅਤੇ ਕਾਜ਼ੀ ਹੁਸੈਨ ਆਬਾਦ ਹਨ। ਇਨ੍ਹਾਂ ਪਿੰਡਾਂ ਵਿਚ ਹਿੰਦੂ-ਸਿੱਖਾਂ ਦੀ ਆਬਾਦੀ ਤਾਂ ਬਿਲਕੁਲ ਵੀ ਨਹੀਂ ਹੈ, ਪਰ 4-5 ਹਿੰਦੂ-ਸਿੱਖ ਸਮਾਧਾਂ ਅਤੇ ਐਨੀ ਹੀ ਗਿਣਤੀ ਵਿਚ ਮੰਦਰਾਂ ਦੇ ਖੰਡਰ ਜ਼ਰੂਰ ਮੌਜੂਦ ਹਨ।
ਸੰਨ 1765 ਵਿਚ ਭੰਗੀ ਮਿਸਲ ਦੇ ਸ: ਗੁਜਰ ਸਿੰਘ ਭੰਗੀ ਅਤੇ ਸ਼ੁਕਰਚੱਕੀਆ ਮਿਸਲ ਦੇ ਸ: ਚੜ੍ਹਤ ਸਿੰਘ (ਸ਼ੇਰੇ-ਪੰਜਾਬ ਮਹਾਰਾਜਾ ਸਿੰਘ ਦਾ ਦਾਦਾ) ਨੇ ਰਲ ਕੇ ਇਸ ਦੇ ਆਸ-ਪਾਸ ਦਾ ਸਾਰਾ ਇਲਾਕਾ ਫ਼ਤਹਿ ਕੀਤਾ। ਬਾਅਦ ਵਿਚ ਸ: ਗੁਜਰ ਸਿੰਘ ਭੰਗੀ ਨੇ ਰਾਜਨੀਤਕ ਸੋਚ-ਵਿਚਾਰ ਕਰ ਕੇ ਜਿਹਲਮ ਪਾਰ ਦੇ ਸਾਰੇ ਇਲਾਕਿਆਂ 'ਤੇ ਸ: ਚੜ੍ਹਤ ਸਿੰਘ ਦਾ ਅਧਿਕਾਰ ਸਵੀਕਾਰ ਕਰ ਲਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ 'ਤੇ ਆਪਣਾ ਅਧਿਕਾਰ ਕਾਇਮ ਕੀਤਾ ਤਾਂ ਉਸ ਦੇ ਬਾਅਦ ਇਸ ਸਰਾਂ ਵਿਚ ਫ਼ੌਜ ਦੀ ਛਾਉਣੀ ਅਤੇ ਥਾਣਾ ਕਾਇਮ ਕੀਤਾ ਗਿਆ।
ਮੁਨਸ਼ੀ ਸੋਹਣ ਲਾਲ 'ਉਮਦਾਤੁੱਤਵਾਰੀਖ਼' ਦਫ਼ਤਰ ਸੋਇਮ, ਹਿੱਸਾ ਚੁਹਾਰਮ, ਸਫ਼ਾ 397 'ਤੇ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ 6 ਮਈ, 1837 ਨੂੰ ਰੋਹਤਾਸ ਦੇ ਮੁਕਾਮ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੇ ਪਿਆਰੇ ਤੇ ਸੂਰਬੀਰ ਜਰਨੈਲ ਸ: ਹਰੀ ਸਿੰਘ ਨਲੂਆ 30 ਅਪ੍ਰੈਲ ਨੂੰ ਹੀ ਸ਼ਹੀਦ ਹੋ ਚੁੱਕੇ ਹਨ।
ਕਰੀਬ ਛੇ ਮੁਰੱਬੇ ਵਿਚ ਬਣੀ ਇਹ ਸਰਾਂ ਸ਼ੇਰ ਸ਼ਾਹ ਸੂਰੀ ਦੇ ਸਮੇਂ ਬਣਾਈ ਗਈ ਦੱਸੀ ਜਾਂਦੀ ਹੈ। ਇਸ ਦੀਆਂ ਬਾਹਰੀ ਦੀਵਾਰਾਂ 30 ਫੁੱਟ ਉੱਚੀਆਂ ਤੇ ਸਾਢੇ ਚਾਰ ਫੁੱਟ ਚੌੜੀਆਂ ਹਨ। ਇਸ ਦਾ ਪ੍ਰਮੁੱਖ ਪ੍ਰਵੇਸ਼ ਦੁਆਰ 18 ਫੁੱਟ ਉੱਚਾ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 9356127771, 7837849764

ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸਿੱਖ ਧਰਮ ਦੀ ਉਤਪਤੀ ਹੋਈ। ਧਰਮਾਂ ਦੇ ਇਤਿਹਾਸ ਵਿਚ ਇਹ ਸਭ ਤੋਂ ਛੋਟੀ ਉਮਰ ਦਾ, ਨਿਵੇਕਲੀ ਅਤੇ ਨਿਰਾਲੀ ਕਿਸਮ ਦਾ ਧਰਮ ਹੈ। ਇਸ ਨਿਵੇਕਲੇ ਅਤੇ ਨਿਰਾਲੇ ਧਰਮ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਕਈ ਅਹਿਮ ਸਿਧਾਂਤਾਂ ਉੱਪਰ ਕਾਇਮ ਕੀਤੀ, ਜਿਨ੍ਹਾਂ ਵਿਚੋਂ ਤਿੰਨ ਸਿਧਾਂਤਾਂ ਨੂੰ ਸਿੱਖ ਧਰਮ ਦੇ ਸੁਨਹਿਰੀ ਸਿਧਾਂਤ ਮੰਨਿਆ ਗਿਆ ਹੈ। ਇਹ ਹਨ : ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਨ੍ਹਾਂ ਤਿੰਨਾਂ ਸਿਧਾਂਤਾਂ ਦਾ ਤਰਤੀਬ ਵਿਚ ਹੋਣਾ ਵੀ ਅਰਥਹੀਣ ਨਹੀਂ। ਸੰਸਾਰ ਵਿਚ ਰਹਿੰਦਿਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਲਈ ਕਿਰਤੀ ਹੋਣਾ ਬਹੁਤ ਜ਼ਰੂਰੀ ਹੈ। ਕਿਰਤੀ ਇਨਸਾਨ ਹੀ ਨਾਮ ਜਪ ਸਕਦਾ ਹੈ, ਕਿਉਂਕਿ ਇਹ ਵਿਹਲੜ ਮਨੁੱਖ ਦੇ ਵੱਸ ਦੀ ਗੱਲ ਨਹੀਂ ਅਤੇ ਨਾਮ ਜਪਣ ਵਾਲਾ ਇਨਸਾਨ ਹੀ ਵੰਡ ਕੇ ਛਕ ਸਕਦਾ ਹੈ, ਕਿਉਂਕਿ ਨਾਮ ਜਪਣ ਨਾਲ ਸਾਰੀ ਮਨੁੱਖਤਾ ਵਿਚ ਪਰਮਾਤਮਾ ਨਜ਼ਰੀਂ ਆਉਣ ਲੱਗ ਪੈਂਦਾ ਹੈ। ਫਿਰ ਸਾਰੀ ਮਨੁੱਖਤਾ ਇਕ ਪਰਿਵਾਰ ਵਾਂਗ ਹੀ ਜਾਪਦੀ ਹੈ। ਸੋ, ਇਸ ਅਵਸਥਾ ਵਿਚ ਇਨਸਾਨ ਵੰਡ ਛਕਣ ਦੇ ਸਿਧਾਂਤ 'ਤੇ ਪਹਿਰਾ ਦਿੰਦਾ ਹੈ। ਵੰਡ ਛਕਣ ਤੋਂ ਭਾਵ ਕੇਵਲ ਭੋਜਨ ਦੇ ਵੰਡ ਛਕਣ ਤੋਂ ਹੀ ਨਹੀਂ ਹੈ। ਇਹ ਸਿਧਾਂਤ ਸਾਨੂੰ ਮਨੁੱਖਤਾ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਸੰਕੇਤ ਦਿੰਦਾ ਹੈ। ਇਸ ਸਿਧਾਂਤ ਨੂੰ ਸਦੀਵਤਾ ਅਤੇ ਨਿਰੰਤਰਤਾ ਪ੍ਰਦਾਨ ਕਰਨ ਲਈ ਗੁਰੂ ਸਾਹਿਬਾਨ ਨੇ 'ਦਸਵੰਧ' ਪ੍ਰਥਾ ਦੀ ਸ਼ੁਰੂਆਤ ਕੀਤੀ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਦਸਵੰਧ ਸ਼ਬਦ ਦੀ ਵਿਉਂਤਪਤੀ 'ਦਸਮਾਂਸ' ਤੋਂ ਹੋਈ ਹੈ, ਜਿਸ ਦਾ ਭਾਵ ਹੈ ਦਸਵਾਂ ਜਾਂ ਦਸਵਾਂ ਭਾਗ। 'ਦਸਵੰਧ ਇਕ ਅਜਿਹੀ ਮਰਿਆਦਾ ਹੈ, ਜੋ ਸੰਸਾਰ ਵਿਚ ਮਨੁੱਖਤਾ ਦੇ ਚਾਰ ਵੈਰੀਆਂ ਗ਼ਰੀਬੀ, ਬੇਕਾਰੀ, ਬਿਮਾਰੀ ਤੇ ਅਨਪੜ੍ਹਤਾ ਨੂੰ ਜੜ੍ਹ ਤੋਂ ਉਖੇੜ ਕੇ ਜਗਤ ਵਿਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ।' ਉਂਝ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵੀ ਇਸ ਨਾਲ ਰਲਦਾ-ਮਿਲਦਾ ਅਰਥ ਰੱਖਣ ਵਾਲਾ ਸ਼ਬਦ 'ਦਾਨ' ਭਾਰਤੀ ਸੰਸਕ੍ਰਿਤੀ ਅੰਦਰ ਸਦੀਆਂ ਤੋਂ ਪ੍ਰਚਲਿਤ ਸੀ। ਦਾਨ ਤੋਂ ਭਾਵ ਉਹ ਵਸਤੂ ਜੋ ਅਮੀਰ ਵਲੋਂ ਗ਼ਰੀਬ ਵਿਅਕਤੀ ਨੂੰ ਦਿੱਤੀ ਜਾਵੇ। ਦਾਨ ਦੀ ਇਹ ਪ੍ਰਣਾਲੀ ਦੇਣ ਅਤੇ ਲੈਣ ਵਾਲਿਆਂ ਦੋਵਾਂ ਧਿਰਾਂ ਲਈ ਮਾਨਸਿਕ ਗਿਰਾਵਟ ਦਾ ਕਾਰਨ ਬਣਦੀ ਹੈ। ਕਿਉਂਕਿ ਇਸ ਨਾਲ ਦਾਨੀ ਧਿਰ ਹੰਕਾਰੀ ਅਤੇ ਦਾਨ ਲੈਣ ਵਾਲੀ ਧਿਰ ਅੰਦਰ ਹੀਣ ਭਾਵਨਾ ਪੈਦਾ ਹੁੰਦੀ ਹੈ। ਧਨਵਾਨ ਆਪਣੇ-ਆਪ ਨੂੰ ਦਾਤਾ ਅਤੇ ਦਾਨ ਲੈਣ ਵਾਲਾ ਗ਼ਰੀਬ ਅਤੇ ਭਿਖਾਰੀ ਬਣਿਆ ਮਹਿਸੂਸ ਕਰਦਾ ਹੈ।
ਗੁਰਮਤਿ ਨੇ ਕੇਵਲ ਇਕ ਪਰਮਾਤਮਾ ਨੂੰ ਹੀ ਦਾਤਾ ਮੰਨਿਆ ਹੈ ਅਤੇ ਬਾਕੀ ਸਾਰਾ ਜਗਤ ਉਸ ਅੱਗੇ ਭਿਖਾਰੀ ਹੈ। ਇਸ ਲਈ ਗੁਰਮਤਿ ਦਾ ਦ੍ਰਿਸ਼ਟੀਕੋਣ ਦਾਨ ਦੇ ਮਸਲੇ 'ਤੇ ਅਲੱਗ ਹੈ। ਗੁਰਮਤਿ ਵਿਚ ਦਾਨ ਦੀ ਥਾਂ ਦਸਵੰਧ ਸ਼ਬਦ ਨੂੰ ਪ੍ਰਵਾਨ ਕੀਤਾ ਗਿਆ ਹੈ, ਕਿਉਂਕਿ ਇਹ ਸ਼ਬਦ ਸਨਮਾਨ ਤੇ ਸਤਿਕਾਰ ਪ੍ਰਦਾਨ ਕਰਦਾ ਹੈ। ਸਿੱਖ ਦਸਵੰਧ, ਗੁਰੂ-ਪ੍ਰਥਾਏ ਕੱਢਦਾ ਹੈ। ਦਸਵੰਧ ਨਾਲ ਜਦੋਂ ਵੀ ਕਿਸੇ ਲੋੜਵੰਦ ਜਾਂ ਗ਼ਰੀਬ ਦੀ ਮਦਦ ਕੀਤੀ ਜਾਂਦੀ ਹੈ ਤਾਂ ਉਹ ਮਦਦ ਗੁਰੂ ਵਲੋਂ ਹੁੰਦੀ ਹੈ, ਨਾ ਕਿ ਸਿੱਖ ਵਲੋਂ। ਇਸ ਕਰਕੇ ਨਾ ਹੀ ਦੇਣ ਵਾਲੇ ਵਿਚ ਹੰਕਾਰ ਆਉਂਦਾ ਹੈ ਤੇ ਨਾ ਹੀ ਲੈਣ ਵਾਲੇ ਦੇ ਸਵੈ-ਮਾਣ ਨੂੰ ਸੱਟ ਵੱਜਦੀ ਹੈ।
'ਦਸਵੰਧ' ਸ਼ਬਦ ਦੀ ਆਪਣੀ ਇਹ ਖੂਬਸੂਰਤੀ ਹੈ ਕਿ ਜੇ ਗ਼ਰੀਬ ਵਿਅਕਤੀ ਮਹੀਨੇ ਦੇ ਇਕ ਹਜ਼ਾਰ ਰੁਪਏ ਕਮਾਉਂਦਾ ਹੈ ਤਾਂ ਉਸ ਦਾ 100 ਰੁਪਈਆ ਵੀ ਦਸਵੰਧ ਹੈ ਅਤੇ ਜੇਕਰ ਕੋਈ ਅਮੀਰ ਵਿਅਕਤੀ ਇਕ ਲੱਖ ਰੁਪਏ ਮਹੀਨਾ ਕਮਾਉਂਦਾ ਹੈ ਤਾਂ ਉਸ ਦਾ 10 ਹਜ਼ਾਰ ਵੀ ਦਸਵੰਧ ਹੀ ਕਹਿਲਾਏਗਾ। ਗੁਰੂ ਦੀ ਨਜ਼ਰ ਵਿਚ ਗ਼ਰੀਬ ਦਾ 100 ਤੇ ਅਮੀਰ ਦਾ 10 ਹਜ਼ਾਰ ਇਕ ਬਰਾਬਰ ਹੈ। ਇਸ ਲਈ ਕੋਈ ਅਮੀਰ ਜਾਂ ਗ਼ਰੀਬ ਕਿੰਨੇ ਰੁਪਏ ਦਸਵੰਧ ਦੇ ਰੂਪ ਵਿਚ ਕੱਢ ਰਿਹਾ ਹੈ, ਇਹ ਮਾਇਨੇ ਨਹੀਂ ਰੱਖਦਾ, ਮਾਇਨੇ ਕੇਵਲ ਦਸਵੰਧ ਕੱਢਣਾ ਰੱਖਦਾ ਹੈ।
ਸਿੱਖ ਧਰਮ ਵਿਚ ਮਨੁੱਖਤਾ ਦੇ ਭਲੇ ਹਿੱਤ ਅਤੇ ਸਾਂਝੇ ਕਾਰਜਾਂ ਵਾਸਤੇ ਸਰਦਾ-ਬਣਦਾ ਹਿੱਸਾ ਪਾਉਣ ਦੀ ਰੀਤ ਗੁਰੂ ਨਾਨਕ ਸਾਹਿਬ ਹੋਂਦ ਵਿਚ ਲੈ ਕੇ ਆਏ। ਉਸ ਸਮੇਂ ਵਿਚ ਜਿੱਥੇ ਲੁੱਟ-ਖੋਹ ਕਰਕੇ ਗੁਜ਼ਾਰਾ ਕਰਨ ਦੀ ਆਦਤ ਬਣ ਗਈ ਹੋਵੇ, ਉੱਥੇ ਕਿਰਤ ਦਾ ਪਾਠ ਪੜ੍ਹਾਉਣਾ ਅਤੇ ਫਿਰ ਕਿਰਤ-ਕਮਾਈ ਵਿਚੋਂ ਧਰਮ-ਅਰਥ ਅਤੇ ਮਨੁੱਖਤਾ ਦੇ ਭਲੇ ਹਿੱਤ ਹਿੱਸਾ ਕੱਢਣ ਲਈ ਪ੍ਰੇਰਨਾ, ਅਲੂਣੀ ਸਿਲ ਚੱਟਣ ਦੇ ਬਰਾਬਰ ਸੀ। ਗੁਰੂ ਜੀ ਨੇ ਕੇਵਲ ਉਪਦੇਸ਼ ਹੀ ਨਹੀਂ ਦਿੱਤਾ, ਸਗੋਂ ਖ਼ੁਦ 20 ਰੁਪਏ ਦਾ ਭੁੱਖੇ ਲੋੜਵੰਦ ਸਾਧੂਆਂ ਨੂੰ ਭੋਜਨ ਛਕਾ ਕੇ ਇਸ ਦੀ ਆਰੰਭਤਾ ਕੀਤੀ। ਕਰਤਾਰਪੁਰ ਸਾਹਿਬ ਰਹਿੰਦਿਆਂ ਖੁਦ ਖੇਤੀ ਕਰਕੇ ਪੈਦਾ ਕੀਤੇ ਅੰਨ-ਦਾਣੇ ਨੂੰ ਗੁਰੂ ਜੀ ਨੇ ਸਾਂਝੇ ਰੂਪ ਵਿਚ ਵਰਤਿਆ ਅਤੇ ਉਸੇ ਅਨਾਜ ਵਿਚੋਂ ਹੀ ਆਈ ਹੋਈ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ। ਕਰਤਾਰਪੁਰ ਦੇ ਲੋਕਾਂ ਨੇ ਇਹ ਪਹਿਲਾ ਧਾਰਮਿਕ ਗੁਰੂ ਦੇਖਿਆ ਸੀ, ਜੋ ਲੋਕਾਂ ਕੋਲੋਂ ਮੰਗਣ ਦੀ ਬਜਾਏ ਆਪਣੇ ਕੋਲੋਂ ਵੰਡ ਰਿਹਾ ਸੀ। ਨਹੀਂ ਤਾਂ ਪਹਿਲਾਂ, ਲੋਕਾਂ ਕੋਲੋਂ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਧਾਰਮਿਕ ਆਗੂ ਤਾਂ ਬਥੇਰੇ ਦੇਖੇ ਸਨ। ਇਸ ਤੋਂ ਪ੍ਰਭਾਵਿਤ ਹੋ ਕੇ ਸੰਗਤਾਂ ਨੇ ਵੀ ਲੰਗਰ ਵਿਚ ਸਰਦਾ-ਬਣਦਾ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਪ੍ਰਥਾ ਨਿਰੰਤਰ ਚਲਦੀ ਰਹੀ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਮਹਿਸੂਸ ਕਰਦਿਆਂ ਦਸਵੰਧ ਦਾ ਪੱਕਾ ਨਿਯਮ ਬਣਾ ਦਿੱਤਾ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੱਕ ਬਹੁਤ ਪ੍ਰਫੁੱਲਤ ਹੋ ਗਿਆ। ਦਸਵੰਧ ਸਦਕਾ ਹੀ ਗੁਰੂ ਸਾਹਿਬਾਨ ਨੇ ਕਿਲ੍ਹੇ ਬਣਵਾਏ, ਕਈ ਨਵੇਂ ਨਗਰ ਵਸਾਏ, ਜ਼ੁਲਮ ਦਾ ਨਾਸ਼ ਕਰਨ ਹਿੱਤ ਫੌਜਾਂ ਰੱਖੀਆਂ, ਪਾਣੀ ਦੀ ਸਹੂਲਤ ਲਈ ਖੂਹ ਲਗਵਾਏ, ਸਰੋਵਰ ਖੁਦਵਾਏ, ਭੁੱਖਿਆਂ ਅਤੇ ਲੋੜਵੰਦਾਂ ਲਈ ਹਰ ਵਕਤ ਲੰਗਰ ਚਲਾਏ, ਗ਼ਰੀਬਾਂ ਲਈ ਮੁਫ਼ਤ ਦਵਾਖਾਨੇ ਖੋਲ੍ਹੇ, ਲੋੜਵੰਦ ਪਰਿਵਾਰਾਂ ਦੀ ਬਿਨਾਂ ਵਿਤਕਰੇ ਸਹਾਇਤਾ ਕੀਤੀ, ਧਰਮਸ਼ਾਲਾਵਾਂ ਨੂੰ ਵਿੱਦਿਆ ਦੇ ਕੇਂਦਰ ਬਣਾਇਆ, ਤਾਂ ਜੋ ਜੀਵਨ ਦੇ ਹਰ ਪਹਿਲੂ ਦੀ ਸੁਚੱਜੀ ਜੀਵਨ-ਜਾਚ ਮਿਲਦੀ ਰਹੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਰਿਸਰਚ ਸਕਾਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 8283838323 js.mukerian@gmail.com

ਸ੍ਰੇਸ਼ਟ ਗੋਸ਼ਟਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਦੂਜੀ ਤਰ੍ਹਾਂ ਦੀਆਂ ਗੋਸ਼ਟਾਂ ਅਥਵਾ ਉਹ ਸਾਖੀਆਂ ਹਨ, ਜਿਨ੍ਹਾਂ ਵਿਚ ਬਾਬਾ ਫ਼ਰੀਦ ਦਾ ਦਰਵੇਸ਼ੀ ਨਾਲੋਂ ਸੰਸਾਰੀ ਰੂਪ ਵਧੇਰੇ ਉੱਘੜ ਕੇ ਸਾਹਮਣੇ ਆਉਂਦਾ ਹੈ। ਇਕ ਸਮੇਂ ਬਾਬਾ ਜੀ ਅਜੋਧਨ ਠਹਿਰੇ ਹੋਏ ਸਨ, ਜਿੱਥੋਂ ਦਾ ਲੇਖਾ-ਅਧਿਕਾਰੀ ਉਨ੍ਹਾਂ ਦੇ ਪੁੱਤਰਾਂ ਨੂੰ ਤੰਗ ਕਰਦਾ ਹੁੰਦਾ ਸੀ। ਉਨ੍ਹਾਂ ਕਈ ਵਾਰ ਉਸ ਦੀ ਸ਼ਿਕਾਇਤ ਕੀਤੀ ਪਰ ਬਾਬਾ ਜੀ ਨੇ ਗਹੁ ਨਾ ਕੀਤਾ। ਇਕ ਮੌਕੇ ਪੁੱਤਰਾਂ ਨੇ ਆਪਣੇ ਤਾਅਨੇ ਭਰੀ ਸੁਰ ਵਿਚ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਫ਼ਕੀਰੀ ਅਜ਼ਮਤ ਦਾ ਉਨ੍ਹਾਂ ਨੂੰ ਕੀ ਲਾਭ, ਜੇ ਲੋਕਾਂ ਨੇ ਤੰਗ ਹੀ ਕਰਨਾ ਹੈ। ਜਦੋਂ ਉਹ ਜ਼ਿਆਦਾ ਖਿਝ ਗਏ ਤਾਂ ਬਾਬਾ ਜੀ ਨੇ ਆਪਣੀ ਸੋਟੀ ਚੁੱਕ ਕੇ ਹਵਾ ਵਿਚ ਇਸ ਤਰ੍ਹਾਂ ਲਹਿਰਾਈ ਜਿਵੇਂ ਕਿਸੇ ਦੀ ਕੁਟਾਈ ਹੋ ਰਹੀ ਹੋਵੇ। ਉਧਰ ਉਸ ਲੇਖਾ-ਅਧਿਕਾਰੀ ਦੇ ਢਿੱਡ ਵਿਚ ਐਸਾ ਸੂਲ ਉੱਠਿਆ ਕਿ ਉਸ ਨੂੰ ਜਾਨ ਤੋਂ ਹੱਥ ਧੋਣੇ ਪਏ।
ਫ਼ਰੀਦ ਬਿੰਬ ਦਾ ਤੀਜਾ ਰੂਪ ਉਸ ਦੇ ਪਹਿਲੇ ਨਾਲ ਮਿਲਦਾ-ਜੁਲਦਾ ਹੈ। ਫ਼ਰੀਦ ਦੀ ਅੰਤਰਆਮਤਾ ਅਸਲ ਵਿਚ ਉਸ ਦੀ ਸਾਧਨਾ, ਬੰਦਗੀ ਅਤੇ ਜੁਹਦ ਦਾ ਸਿੱਟਾ ਹੀ ਤਾਂ ਸੀ। ਕੁਝ ਗੋਸ਼ਟਾਂ ਵਿਚ ਫ਼ਰੀਦ ਦਾ ਦਰਵੇਸ਼ੀ ਅਤੇ ਸਾਲਕ ਦਾ ਰੂਪ ਉਘੜ ਕੇ ਸਾਹਮਣੇ ਆਉਂਦਾ ਹੈ। ਦਿੱਲੀ ਵਰਗੇ ਭੀੜ-ਭਾੜ ਵਾਲੇ ਸ਼ਹਿਰ ਵਿਚ ਬਾਬਾ ਜੀ ਦੀ ਬੰਦਗੀ ਵਿਚ ਵਿਘਨ ਪੈਂਦਾ ਸੀ, ਜਿਸ ਤੋਂ ਉਕਤਾਅ ਕੇ ਉਹ ਕੁਝ ਚਿਰ ਲਈ ਹਾਂਸੀ ਆ ਟਿਕੇ ਪਰ ਇਥੇ ਵੀ ਸ਼ਰਧਾਲੂਆਂ ਦੀ ਭੀੜ ਜੁੜਨ ਲੱਗੀ। ਇਥੋਂ ਹਿਜਰਤ ਕਰਕੇ ਬਾਬਾ ਫ਼ਰੀਦ ਅਜੋਧਨ ਚਲੇ ਗਏ। ਇਥੇ ਦੇ ਲੋਕ ਦਰਵੇਸ਼ਾਂ ਦੀ ਕਦਰ ਨਹੀਂ ਸਨ ਕਰਦੇ, ਇਸ ਕਰਕੇ ਬਾਬਾ ਜੀ ਨੂੰ ਇਹ ਥਾਂ ਬਹੁਤ ਪਸੰਦ ਆਈ। ਸ਼ਹਿਰ ਤੋਂ ਬਾਹਰ ਇਕ ਸੰਘਣੇ ਕਰੀਰ ਦੇ ਰੁੱਖ ਹੇਠਾਂ ਉਹ ਸਿਮਰਨ ਵਿਚ ਜੁੜੇ ਰਹਿੰਦੇ। ਕਦੀ-ਕਦੀ ਮਸੀਤੇ ਵੀ ਚਲੇ ਜਾਂਦੇ, ਭੁੱਖ-ਨੰਗ ਤੋਂ ਅਸਲੋਂ ਅਭਿੱਜ ਰਹਿੰਦੇ। ਇਕ ਗੋਸ਼ਟ ਵਿਚ ਬਾਬਾ ਫ਼ਰੀਦ ਦੇ ਖੁਆਜਾ ਬਖ਼ਤਿਆਰ ਕਾਕੀ ਕੋਲੋਂ ਬੈਅਤ ਹਾਸਲ ਕਰਨ ਦੀ ਵੀ ਚਰਚਾ ਹੈ। ਪ੍ਰਤੀਤ ਹੁੰਦਾ ਹੈ ਕਿ ਜਦ ਬਾਬਾ ਫਰੀਦ ਸੰਸਾਰੀ ਆਦਮੀ ਸੀ ਤਾਂ ਉਹ ਬੜਾ ਪੇਟੂ ਸੀ ਪਰ ਮਗਰੋਂ ਕੁਝ ਅਜਿਹਾ ਪਲਟਿਆ ਕਿ ਕਰੀਰ ਦੇ ਫੁੱਲ, ਪੀਲੂ ਅਤੇ ਡੇਲੇ ਉਸ ਦਾ ਅਹਾਰ ਬਣ ਗਏ।
ਕਹਿਣ ਨੂੰ ਤਾਂ ਸ੍ਰੇਸ਼ਟ ਗੋਸ਼ਟਾਂ ਇਕ ਫਾਰਸੀ ਪੁਸਤਕ 'ਖੈਰੁਲ ਮਜਾਲਿਸ' ਦਾ ਤਰਜਮਾ ਹੈ, ਪਰ ਇਸ ਵਿਚਲੀ ਸੂਚਨਾ ਚਿਸ਼ਤੀਆਂ ਦੇ ਸੂਫ਼ੀ ਸਿਲਸਿਲੇ ਨੂੰ ਸਮਝਣ ਲਈ ਬੜੀ ਲਾਹੇਵੰਦ ਹੈ। ਅਨੁਵਾਦ ਤਾਂ ਕੇਵਲ ਗਿਆਰਾਂ ਘਟਨਾਵਾਂ ਜਾਂ ਸਾਖੀਆਂ ਦਾ ਹੈ, ਜੋ 40 ਸਫਿਆਂ (25-64) ਵਿਚ ਫੈਲਿਆ ਹੋਇਆ ਹੈ, ਜਦ ਕਿ ਇਸ ਵਿਚ ਆਏ ਹਵਾਲਿਆਂ ਨੂੰ ਸਮਝਾਉਣ ਲਈ ਅਨੁਵਾਦਕ ਨੇ 20 ਸਫੇ ਖਰਚ ਕੀਤੇ ਹਨ। ਸਹਾਇਕ ਪੁਸਤਕ ਸੂਚੀ ਅਤੇ ਨਾਮ-ਸੂਚੀ (ਇੰਡੈਕਸ) ਨੇ ਪੁਸਤਕ ਨੂੰ ਹੋਰ ਵੀ ਉਪਯੋਗੀ ਬਣਾ ਦਿੱਤਾ ਹੈ। ਖੈਰੁਲ ਮਜਾਲਿਸ ਵਰਗੀਆਂ ਜੇਕਰ ਪੂਰੀਆਂ ਦੀਆਂ ਪੂਰੀਆਂ ਪੁਸਤਕਾਂ ਨੂੰ ਅਨੁਵਾਦਿਆ ਜਾਵੇ ਤਾਂ ਇਹ ਨਾ ਕੇਵਲ ਪੰਜਾਬੀ ਸੂਫ਼ੀ ਸਾਹਿਤ ਦੇ ਵਿਦਿਆਰਥੀਆਂ, ਸਗੋਂ ਸਮਾਜ ਸ਼ਾਸਤਰੀਆਂ, ਧਰਮ ਸ਼ਾਸਤਰੀਆਂ ਅਤੇ ਇਤਿਹਾਸਕਾਰਾਂ ਵਾਸਤੇ ਵੀ ਲਾਹੇਵੰਦ ਸਾਬਤ ਹੋਣਗੀਆਂ। ਸ੍ਰੇਸ਼ਟ ਗੋਸ਼ਟਾਂ ਪੁਸਤਕ ਪਹਿਲੀ ਵਾਰ ਅਕਤੂਬਰ, 1974 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਛਾਪੀ ਗਈ ਸੀ ਪਰ ਅੱਜ ਇਸ ਦੀ ਉਪਲਬਧਤਾ ਬਾਰੇ ਕੋਈ ਇਲਮ ਨਹੀਂ।


-ਮੋਬਾ: 98889-39808

ਸ਼ਬਦ ਵਿਚਾਰ

ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ॥

ਸਿਰੀਰਾਗੁ ਮਹਲਾ ੫
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ
ਰਖਿਆ ਸਹਜਿ ਸਵਾਰਿ॥
ਸਰਬ ਕਲਾ ਕਰਿ ਥਾਪਿਆ
ਅੰਤਰਿ ਜੋਤਿ ਅਪਾਰ॥
ਸਦਾ ਸਦਾ ਪ੍ਰਭੁ ਸਿਮਰੀਐ
ਅੰਤਰਿ ਰਖੁ ਉਰਧਾਰਿ॥ ੧॥
ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ॥
ਪ੍ਰਭ ਸਰਣਾਈ ਸਦਾ ਰਹੁ
ਦੂਖੁ ਨ ਵਿਆਪੈ ਕੋਇ॥ ੧॥ ਰਹਾਉ॥
ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ॥
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ॥
ਜਿਨਿ ਕੀਤਾ ਤਿਸਹਿ ਨ ਜਾਣਈ
ਮਨਮੁਖ ਪਸੁ ਨਾਪਾਕ॥ ੨॥
ਅੰਤਰਿ ਬਾਹਰਿ ਰਵਿ ਰਹਿਆ
ਤਿਸ ਨੋ ਜਾਣੈ ਦੂਰਿ॥
ਤ੍ਰਿਸਨਾ ਲਾਗੀ ਰਚਿ ਰਹਿਆ
ਅੰਤਰਿ ਹਉਮੈ ਕੂਰਿ॥
ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ॥ ੩॥
ਰਾਖਿ ਲੇਹੁ ਪ੍ਰਭੁ ਕਰਣਹਾਰ
ਜੀਅ ਜੰਤ ਕਰਿ ਦਇਆ॥
ਬਿਨੁ ਪ੍ਰਭ ਕੋਇ ਨ ਰਖਨਹਾਰੁ
ਮਹਾ ਬਿਕਟ ਜਮ ਭਇਆ॥
ਨਾਨਕ ਨਾਮੁ ਨ ਵੀਸਰਉ
ਕਰਿ ਅਪੁਨੀ ਹਰਿ ਮਇਆ॥ ੪॥ ੧੪॥ ੮੪॥
(ਅੰਗ 47)
ਪਦ ਅਰਥ : ਸਹਜਿ-ਸਹਜ ਨਾਲ। ਸਵਾਰਿ-ਸੰਵਾਰ ਕੇ। ਸਰਬ-ਸਾਰੀਆਂ। ਕਲਾ-ਸ਼ਕਤੀਆਂ, ਤਾਕਤਾਂ, ਥਾਪਿਆ-ਸਿਰਜਣਾ ਕੀਤੀ ਹੈ, ਪੈਦਾ ਕੀਤੀ ਹੈ। ਅਪਾਰ-ਬੇਅੰਤ। ਉਰਧਾਰਿ-ਹਿਰਦੇ ਵਿਚ ਧਾਰਨ ਕਰਕੇ। ਅਵਰੁ-ਹੋਰ। ਨ ਵਿਆਪੈ-ਨਹੀਂ ਵਿਆਪਦਾ। ਮਾਣਕਾ-ਮੋਤੀ। ਰੁਪਾ-ਚਾਂਦੀ। ਖਾਕੁ-ਮਿੱਟੀ ਹੋ ਜਾਣ ਵਾਲੇ, ਨਾਸਵੰਤ। ਕੂੜੇ-ਝੂਠੇ, ਸਾਥ ਛੱਡ ਜਾਣ ਵਾਲੇ। ਬੰਧਪਾ-ਸੰਬੰਧੀ। ਜਿਨਿ ਕੀਤਾ-ਜਿਸ (ਪਰਮਾਤਮਾ) ਨੇ ਪੈਦਾ ਕੀਤਾ ਹੈ। ਤਿਸਹਿ-ਉਸ ਨੂੰ। ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਪਸੁ-ਪਸ਼ੂ ਬਿਰਤੀ ਵਾਲਾ। ਨਾਪਾਕ-ਅਪਵਿੱਤਰ, ਬੁਰੇ ਜੀਵਨ ਵਾਲਾ।
ਅੰਤਰਿ ਬਾਹਰਿ-ਅੰਦਰ ਬਾਹਰ ਭਾਵ ਹਰ ਥਾਂ। ਰਵਿ ਰਹਿਆ-ਮੌਜੂਦ ਹੈ। ਤਿਸ ਨੋ-ਉਸ ਨੂੰ। ਰਚਿ ਰਹਿਆ-ਗਲਤਾਨ ਹੋ ਰਿਹਾ ਹੈ। ਅੰਤਰਿ-ਅੰਦਰ। ਕੂਰਿ-ਕੁੜੀ। ਵਿਹੂਣਿਆ-ਸੱਖਣੇ। ਵੰਞਹਿ-ਚਲੇ ਜਾਂਦੇ ਹਨ। ਪੂਰ-ਪੂਰਾਂ ਦੇ ਪੂਰ, ਬੇਅੰਤ।
ਰਾਖਿ ਲੇਹੁ-ਰੱਖ ਲਓ, ਬਚਾਅ ਲਓ। ਕਰਣਹਾਰ-ਸਭ ਕੁਝ ਕਰਨ ਵਾਲਾ। ਰਖਨਹਾਰੁ-ਰੱਖਿਆ ਕਰਨ ਵਾਲਾ। ਮਹਾ ਬਿਕਟ-ਬੜਾ ਔਖਾ, ਬੜਾ ਭਿਆਨਕ। ਭਇਆ-ਡਰ। ਜਮ ਭਇਆ-ਜਮ ਦਾ ਡਰ। ਨ ਵੀਸਰਉ-ਮੈਂ ਵਿਸਰਾਂ ਨਾ। ਮਇਆ-ਮਿਹਰ।
'ਰਹਾਉ' ਵਾਲੀਆਂ ਤੁਕਾਂ ਵਿਚ ਸ਼ਬਦਾਂ ਦਾ ਸਮੁੱਚਾ ਭਾਵ ਅੰਕਤ ਹੁੰਦਾ ਹੈ। ਵਿਚਾਰ ਅਧੀਨ ਸ਼ਬਦ ਦੀਆਂ 'ਰਹਾਉ' ਵਾਲੀਆਂ ਤੁਕਾਂ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ ਕਿ ਪਰਮਾਤਮਾ ਤੋਂ ਬਿਨਾਂ ਸਾਡਾ ਹੋਰ ਕੋਈ ਸਹਾਰਾ ਨਹੀਂ। ਸੋਨਾ, ਚਾਂਦੀ, ਹੀਰੇ ਲਾਲ ਅਤੇ ਮਾਤਾ-ਪਿਤਾ, ਪੁੱਤਰ, ਹੋਰ ਸਕੇ ਸੰਬੰਧੀ ਅੰਤ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ। ਇਸ ਲਈ ਸਦਾ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਜਿਸ ਨਾਲ ਫਿਰ ਪ੍ਰਾਣੀ ਨੂੰ ਕਿਸੇ ਪ੍ਰਕਾਰ ਦੇ ਦੁੱਖ ਨਹੀਂ ਵਿਆਪਦੇ।
ਪਰਮਾਤਮਾ ਦੀ ਬੇਅੰਤਤਾ ਦਾ ਕੋਈ ਅੰਤ ਨਹੀਂ ਪਾ ਸਕਦਾ, ਜੋ ਦੀਨਾਂ (ਨਿਖਸਮਿਆਂ) ਦਾ ਮਾਲਕ (ਖਸਮ) ਹੈ ਅਤੇ ਸਭ ਦੀ ਪਾਲਣਾ ਕਰਨ ਵਾਲਾ ਹੈ, ਜਿਸ ਦਾ ਨਾਮ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਜਦੋਂ ਪ੍ਰਾਣੀ ਦੀ ਹੋਰ ਕੋਈ ਰੱਖਿਆ ਨਹੀਂ ਕਰਦਾ ਤਾਂ ਉਸ ਦਾ ਪ੍ਰਭੂ ਆਸਰਾ ਬਣਦਾ ਹੈ। ਗੁਰੂ ਜੀ ਦੇ ਰਾਗੁ ਸਾਰਗ ਵਿਚ ਪਾਵਨ ਬਚਨ ਹਨ-
ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ
ਭਗਤਿ ਵਛਲੁ ਹਰਿ ਨਾਉ॥
ਜਾ ਕਉ ਕੋਇ ਨ ਰਾਖੈ ਪ੍ਰਾਣੀ
ਤਿਸੁ ਤੂ ਦੇਇ ਅਸਰਾਉ॥
(ਰਾਗੁ ਸਾਰਗ ਮਹਲਾ ੫, ਅੰਗ 1202)
ਅਨਾਥਾ-ਦੀਨਾਂ ਦਾ, ਨਿਆਸਰਿਆਂ ਦਾ। ਨਾਥੁ-ਮਾਲਕ (ਖਸਮ)। ਪ੍ਰਤਿਪਾਲਕ-ਪਾਲਣਾ ਕਰਨ ਵਾਲਾ। ਭਗਤਿ ਵਛਲੁ-ਭਗਤੀ ਨੂੰ ਪਿਆਰ ਕਰਨ ਵਾਲਾ। ਅਸਰਾਉ-ਆਸਰਾ।
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਪ੍ਰਭੂ, ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਦਿੰਦਾ, ਤੂੰ ਉਨ੍ਹਾਂ ਨੂੰ ਸਹਾਰਾ ਦਿੰਦਾ ਹੈਂ। ਜਿਨ੍ਹਾਂ ਦੀ ਹਾਲਤ ਚੰਗੀ ਨਹੀਂ ਹੁੰਦੀ, ਤੂੰ ਉਨ੍ਹਾਂ ਦੀ ਹਾਲਤ ਨੂੰ ਚੰਗੀ ਬਣਾ ਦਿੰਦਾ ਹੈਂ। ਜਿਨ੍ਹਾਂ ਨੂੰ ਕਿਧਰੇ ਟਿਕਾਣਾ ਅਥਵਾ ਆਸਰਾ ਨਹੀਂ ਮਿਲਦਾ, ਤੂੰ ਉਨ੍ਹਾਂ ਦਾ ਟਿਕਾਣਾ ਬਣਦਾ ਹੈਂ। ਮੈਂ ਦਸਾਂ ਦਿਸ਼ਾਵਾਂ ਵਿਚ ਜਿਸ ਪਾਸੇ ਵੀ ਜਾਂਦਾ ਹਾਂ, ਹਰ ਥਾਂ ਤੂੰ (ਪ੍ਰਭੂ) ਮੇਰੇ ਅੰਗ-ਸੰਗ ਹੁੰਦਾ ਹੈਂ ਅਤੇ ਮੈਂ ਤੇਰੀ ਸਿਫਤ-ਸਾਲਾਹ ਦੀ ਕਾਰ ਕਮਾਉਂਦਾ ਹਾਂ-
ਨਿਧਰਿਆ ਧਰ ਨਿਗਤਿਆ ਗਤਿ
ਨਿਥਾਵਿਆ ਤੂ ਥਾਉ॥
ਦਹਦਿਸ ਜਾਂਉ ਤਹਾਂ ਤੂ ਸੰਗੇ
ਤੇਰੀ ਕੀਰਤਿ ਕਰਮ ਕਮਾਉ॥ (ਅੰਗ 1202)
ਦਹਦਿਸ-ਦਸ ਦਿਸ਼ਾਵਾਂ। ਕੀਰਤਿ-ਸਿਫਤ ਸਾਲਾਹ। ਕਮਾਉ-ਕਮਾਉਂਦਾ ਹਾਂ। ਸੰਗੇ-ਅੰਗ ਸੰਗ।
ਇਸ ਲਈ ਪ੍ਰਭੂ ਅੱਗੇ ਸਦਾ ਇਹੋ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਸਭ ਕੁਝ ਤੇਰੇ ਵੱਸ ਵਿਚ ਹੈ। ਸਾਡੀ ਕੀ ਪਾਇਆਂ ਹੈ ਕਿ ਤੇਰੇ ਬਿਨਾਂ ਕੁਝ ਕਰ ਸਕੀਏ। ਹੇ ਪ੍ਰਭੂ, ਜਿਵੇਂ ਤੈਨੂੰ ਚੰਗਾ ਲਗਦਾ ਹੈ, ਸਾਨੂੰ ਬਖਸ਼ ਲੈ-
ਮੇਰੇ ਹਰਿ ਜੀਉ ਸਭੁ ਕਉ ਤੇਰੈ ਵਸਿ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ
ਜਿਉ ਭਾਵੈ ਤਿਵੈ ਬਖਸਿ॥
(ਰਾਗੁ ਸੂਹੀ ਮਹਲਾ ੪, ਅੰਗ 736)
ਸ਼ਬਦ ਦੇ ਅੱਖਰੀਂ ਅਰਥ : ਜਿਸ ਪ੍ਰਭੂ ਦੇ ਮਨ, ਸਰੀਰ ਅਤੇ ਧਨ ਦਿੱਤੇ ਹਨ ਅਤੇ ਸਹਿਜ ਪੂਰਬਕ ਇਸ ਤਨ ਨੂੰ ਸੰਵਾਰ ਕੇ ਰੱਖਿਆ ਹੈ, ਇਸ ਅੰਦਰ ਸਾਰੀਆਂ ਸ਼ਕਤੀਆਂ ਨੂੰ ਟਿਚਕਾ ਕੇ ਇਸ ਅੰਦਰ ਆਪਣੀ ਬੇਅੰਤ (ਅਪਾਰ) ਜੋਤਿ ਟਿਕਾ ਦਿੱਤੀ ਹੈ, ਅਜਿਹੇ ਪ੍ਰਭੂ ਦਾ ਸਦਾ-ਸਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਭਾਈ, ਅਜਿਹੇ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ।
ਹੇ ਮੇਰੇ ਮਨ, ਪ੍ਰਭੂ ਤੋਂ ਬਿਨਾਂ ਸਾਡਾ ਹੋਰ ਕੋਈ (ਸਹਾਰਾ) ਨਹੀਂ ਹੈ। ਇਸ ਲਈ ਸਦਾ ਪ੍ਰਭੂ ਦੀ ਸਰਨੀ ਪਿਆ ਰਹਿ, (ਤੈਨੂੰ) ਕਦੀ ਕੋਈ ਦੁੱਖ ਨਹੀਂ ਵਿਆਪੇਗਾ। ਰਤਨ, ਕੀਮਤੀ ਪਦਾਰਥ, ਮੋਤੀ, ਸੋਨਾ, ਚਾਂਦੀ ਸਭ ਨਾਸਵੰਤ ਹਨ (ਨਾਲ ਜਾਣ ਵਾਲੇ ਨਹੀਂ)। ਇਸੇ ਤਰ੍ਹਾਂ ਮਾਤਾ-ਪਿਤਾ, ਪੁੱਤਰ ਅਤੇ ਹੋਰ ਸਭ ਸਾਕ ਸਬੰਧੀ ਕੋਈ ਵੀ ਸਦਾ ਥਿਰ ਰਹਿਣ ਵਾਲਾ ਨਹੀਂ। ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਪਸ਼ੂ ਬੁੱਧੀ ਵਾਲੇ ਮਨਮੁਖ ਗੰਵਾਰ, ਜਿਸ ਪਰਮਾਤਮਾ ਨੇ ਤੇਰੇ ਲਈ ਸਭ ਕੁਝ ਕੀਤਾ ਹੈ, ਤੂੰ ਉਸ ਦਾ ਕੀਤਾ ਨਹੀਂ ਜਾਣਦਾ।
ਹੇ ਮਨ, ਜੋ ਤੇਰੇ ਅੰਦਰ ਅਤੇ ਬਾਹਰ ਹਰ ਥਾਂ ਵਸਦਾ ਹੈ, ਤੂੰ ਉਸ ਪਰਮਾਤਮਾ ਨੂੰ ਦੂਰ ਸਮਝੀ ਬੈਠਾ ਹੈਂ। ਮਾਇਆ ਦੀ ਤ੍ਰਿਸ਼ਨਾ ਵਿਚ ਗਲਤਾਨ ਹੋਇਆ ਮਨੁੱਖ ਕੂੜੀ ਹਉਮੈ ਵਿਚ ਗਲਤਾਨ ਰਹਿੰਦਾ ਹੈ। ਇਸ ਪ੍ਰਕਾਰ ਭਗਤੀ ਅਤੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ (ਬੇਅੰਤ) ਮਨੁੱਖ ਆਉਂਦੇ ਅਤੇ ਜਾਂਦੇ ਰਹਿੰਦੇ ਹਨ ਅਰਥਾਤ ਮਰਦੇ ਅਤੇ ਜੰਮਦੇ ਰਹਿੰਦੇ ਹਨ (ਚੌਰਾਸੀ ਦੇ ਚੱਕਰ ਵਿਚ ਪਏ ਰਹਿੰਦੇ ਹਨ)।
ਹੇ ਸਭ ਦੀ ਰਚਨਾ ਕਰਨ ਵਾਲੇ ਪ੍ਰਭੂ, ਮਿਹਰ ਕਰਕੇ ਸਭ ਜੀਵ-ਜੰਤ ਦੀ ਰੱਖਿਆ ਕਰੋ। ਜਮ ਦਾ ਡਰ ਜੋ ਬੜਾ ਭਿਆਨਕ ਹੈ, ਉਸ ਤੋਂ ਤੇਰੇ ਤੋਂ ਬਿਨਾਂ ਹੋਰ ਕੋਈ ਬਚਾਉਣ ਵਾਲਾ ਨਹੀਂ।
ਇਸ ਲਈ ਹੇ ਪ੍ਰਭੂ, ਆਪਣੀ ਮਿਹਰ ਕਰ ਕਿ ਮੈਂ ਤੇਰਾ ਨਾਮ ਕਦੇ ਨਾ ਭੁੱਲਾਂ।


217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਲਗਾਵ-ਰਹਿਤ ਕੀਤਾ ਕਾਰਜ ਨਾ ਹੀ ਨਿੰਦਣਯੋਗ ਅਤੇ ਨਾ ਹੀ ਅਪਵਿੱਤਰ ਹੁੰਦਾ ਹੈ

ਕੇਵਲ ਮਨੁੱਖ ਦੇ ਕਾਰਜ ਦਾ ਰੂਪ ਦੇਖ ਕੇ ਉਸ ਦੇ ਊਚ ਜਾਂ ਨੀਚ ਹੋਣ ਦਾ ਸਿੱਟਾ ਨਹੀਂ ਕੱਢਿਆ ਜਾ ਸਕਦਾ। ਦੇਖਣਾ ਤਾਂ ਇਹ ਪਵੇਗਾ ਕਿ ਵਿਅਕਤੀ ਆਪਣੇ ਕਰਤੱਵ ਦਾ ਪਾਲਣ ਕਿਸ ਢੰਗ ਨਾਲ ਕਰਦਾ ਹੈ। ਕਾਰਜ ਕਰਨ ਦੀ ਉਸ ਦੀ ਸ਼ਕਤੀ ਅਤੇ ਢੰਗ ਨਾਲ ਹੀ ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਕਿਸੇ ਵੀ ਕਾਰਜ ਨੂੰ ਨਫ਼ਰਤ ਨਾਲ ਨਹੀਂ ਦੇਖਣਾ ਚਾਹੀਦਾ। ਨਾ ਤਾਂ ਕੋਈ ਕਾਰਜ ਨਿੰਦਣਯੋਗ ਹੈ ਅਤੇ ਨਾ ਹੀ ਅਪਵਿੱਤਰ। ਵੇਦਾਂਤ-ਦਰਸ਼ਨ ਦਾ ਹਵਾਲਾ ਦਿੰਦੇ ਹੋਏ ਸਵਾਮੀ ਵਿਵੇਕਾਨੰਦ ਲਿਖਦੇ ਹਨ ਕਿ 'ਮਹਾਂਭਾਰਤ ਵਿਚ 'ਵਿਆਧ-ਗੀਤਾ' ਦੇ ਨਾਂਅ ਨਾਲ ਪ੍ਰਸਿੱਧ ਕਈ ਉਪਦੇਸ਼ ਹਨ। ਉਹ ਇਸ ਸਬੰਧੀ ਇਕ ਸੰਨਿਆਸੀ ਦੀ ਉਦਾਹਰਨ ਦਿੰਦੇ ਹਨ ਜੋ ਰੁੱਖ ਥੱਲੇ ਬੈਠਾ ਭਗਤੀ ਕਰਦਾ ਹੈ ਤਾਂ ਰੁੱਖ 'ਤੇ ਬੈਠਾ ਕਾਂ ਅਤੇ ਬਗਲਾ ਲੜਦੇ ਹਨ, ਜਿਸ ਨਾਲ ਕੁਝ ਸੁੱਕੀਆਂ ਟਹਿਣੀਆਂ ਸੰਨਿਆਸੀ 'ਤੇ ਡਿਗ ਪੈਂਦੀਆਂ ਹਨ। ਸੰਨਿਆਸੀ ਗੁੱਸੇ ਵਿਚ ਆ ਕੇ ਉਨ੍ਹਾਂ ਨੂੰ ਸਰਾਪ ਦਿੰਦਾ ਹੈ, ਜਿਸ ਨਾਲ ਕਾਂ ਅਤੇ ਬਗਲਾ ਸੰਨਿਆਸੀ ਦੀਆਂ ਅੱਖਾਂ ਵਿਚੋਂ ਨਿਕਲਦੀ ਅੱਗ ਨਾਲ ਭਸਮ ਹੋ ਜਾਂਦੇ ਹਨ। ਇਸ ਨਾਲ ਉਸ ਨੂੰ ਆਪਣੀ ਭਗਤੀ ਦੀ ਤਾਕਤ ਦਾ ਘੁਮੰਡ ਹੋ ਜਾਂਦਾ ਹੈ ਪਰ ਜਦ ਉਹ ਸੰਨਿਆਸੀ ਪਿੰਡ ਵਿਚ ਜਾ ਕੇ ਭਿਖ ਮੰਗਦਾ ਹੈ ਤਾਂ ਅੰਦਰੋਂ ਇਕ ਘਰੇਲੂ ਔਰਤ ਉਸ ਨੂੰ ਇੰਤਜ਼ਾਰ ਕਰਨ ਲਈ ਕਹਿੰਦੀ ਹੈ। ਸੰਨਿਆਸੀ ਸੋਚਦਾ ਹੈ ਕਿ ਇਸ ਔਰਤ ਨੂੰ ਮੇਰੀ ਸ਼ਕਤੀ ਦਾ ਪਤਾ ਨਹੀਂ। ਪਰ ਅੰਦਰੋਂ ਆਵਾਜ਼ ਆਉਂਦੀ ਹੈ, 'ਪੁੱਤਰ, ਆਪਣੇ-ਆਪ ਨੂੰ ਏਨਾ ਮਹਾਨ ਨਾ ਸਮਝ। ਇਥੇ ਨਾ ਤਾਂ ਕਾਂ ਹੈ, ਨਾ ਬਗਲਾ।' ਸੰਨਿਆਸੀ ਜਦ ਉਸ ਨੂੰ ਪੁੱਛਦਾ ਹੈ ਕਿ, 'ਤੁਹਾਨੂੰ ਇਹ ਕਿਵੇਂ ਪਤਾ ਲੱਗਾ?' ਤਾਂ ਔਰਤ ਕਹਿੰਦੀ ਹੈ ਕਿ 'ਨਾ ਤਾਂ ਮੈਂ ਤੇਰਾ ਯੋਗ ਜਾਣਦੀ ਹਾਂ, ਨਾ ਹੀ ਤੇਰੀ ਭਗਤੀ। ਮੈਂ ਇਕ ਘਰੇਲੂ ਔਰਤ ਹਾਂ ਤੇ ਆਪਣੇ ਪਰਿਵਾਰਕ ਕਰਤੱਵ ਠੀਕ ਤਰ੍ਹਾਂ ਕਰਦੀ ਹਾਂ।' ਉਹ ਔਰਤ ਉਸ ਸੰਨਿਆਸੀ ਨੂੰ ਹੋਰ ਜਾਣਕਾਰੀ ਲਈ ਇਕ ਝਟਕਈ (ਵਿਆਧ) ਕੋਲ ਭੇਜ ਦਿੰਦੀ ਹੈ, ਜੋ ਆਪਣੇ ਝਟਕਈ ਦੇ ਕੰਮ ਤੋਂ ਨਿਵਰਤ ਹੋ ਕੇ ਮਾਤਾ-ਪਿਤਾ ਦੀ ਦੇਖਭਾਲ ਕਰਦਾ ਹੈ। ਸੰਨਿਆਸੀ ਇਹ ਸਮਝ ਜਾਂਦਾ ਹੈ ਕਿ ਕੋਈ ਵੀ ਕਾਰਜ ਅਪਵਿੱਤਰ ਨਹੀਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਪ੍ਰਾਚੀਨ ਸ੍ਰੀਰਾਮ ਗੋਪਾਲ ਮੰਦਿਰ ਡਮਟਾਲ (ਹਿ: ਪ੍ਰ:)

ਪ੍ਰਸਿੱਧ-ਪ੍ਰਾਚੀਨ ਇਤਿਹਾਸਕ ਸ੍ਰੀਰਾਮ ਗੋਪਾਲ ਮੰਦਿਰ ਪਠਾਨਕੋਟ ਤੋਂ ਲਗਪਗ 7 ਕਿਲੋਮੀਟਰ ਦੀ ਦੂਰੀ 'ਤੇ ਚੱਕੀ ਖੱਡ ਦੇ ਖੱਬੇ ਕਿਨਾਰੇ ਸਥਿਤ ਡਮਟਾਲ ਨਗਰ ਵਿਚ ਹੈ।
ਡਮਟਾਲ ਨਗਰ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਦੇ ਨਾਲ ਅੱਗੇ-ਪਿੱਛੇ ਅੱਖ-ਮਚੋਲੀ ਖੇਡਦਾ ਹੈ। ਪਠਾਨਕੋਟ ਅਤੇ ਡਮਟਾਲ ਦਾ ਇਲਾਕਾ ਆਹਮੋ-ਸਾਹਮਣੇ ਸੜਕਾਂ-ਮੁਹੱਲਿਆਂ ਵਿਚ ਵੰਡਿਆ ਹੋਇਆ ਹੈ। ਇਕ ਹੀ ਸੜਕ ਦੋਵਾਂ ਇਲਾਕਿਆਂ ਵਿਚ ਘੁੰਮਦੀ ਹੈ। ਪਠਾਨਕੋਟ ਦੇ ਲੋਕਾਂ ਦੀ ਜ਼ਮੀਨ-ਜਾਇਦਾਦ ਹਿਮਾਚਲ ਵਿਚ ਅਤੇ ਹਿਮਾਚਲ ਦੇ ਲੋਕਾਂ ਦੀ ਜ਼ਮੀਨ ਪੰਜਾਬ ਵਿਚ ਹੈ। ਵਕਫ਼ ਬੋਰਡ ਦੀ ਭੂਮੀ ਜ਼ਿਆਦਾ ਹੈ, ਜੋ ਲੋਕਾਂ ਨੇ ਕਿਰਾਏ 'ਤੇ ਲੈ ਰੱਖੀ ਹੈ। ਪੰਜਾਬ ਦੇ ਲੋਕੀਂ ਇਸ ਮੰਦਿਰ ਨੂੰ ਦੇਖਣ ਲਈ ਜ਼ਿਆਦਾ ਆਉਂਦੇ ਹਨ।
ਇਹ ਮੰਦਿਰ ਜ਼ਿਲ੍ਹਾ ਕਾਂਗੜਾ ਅਤੇ ਤਹਿਸੀਲ ਇੰਦੋਰਾ ਵਿਚ ਪੈਂਦਾ ਹੈ। ਸ੍ਰੀਰਾਮ ਗੋਪਾਲ ਮੰਦਿਰ ਡਮਟਾਲ-ਕੰਡਵਾਲ ਮਾਰਗ ਉੱਤੇ ਸੜਕ ਤੋਂ ਲਗਪਗ 200 ਮੀਟਰ ਦੀ ਦੂਰੀ ਉੱਪਰ ਇਕ ਪਹਾੜੀ 'ਤੇ ਸੁਸ਼ੋਭਿਤ ਹੈ। ਕਿਸੇ ਸਮੇਂ ਇਥੇ ਇਕ ਬਹੁਤ ਵੱਡਾ ਕਿਲ੍ਹਾ ਸੀ। ਇਹ ਸਥਾਨ ਸਮੁੰਦਰ ਤਲ ਤੋਂ ਲਗਪਗ 1500 ਫੁੱਟ ਦੀ ਉਚਾਈ ਉੱਪਰ ਹੈ। ਮੰਦਿਰ ਦੇ ਚਾਰੇ ਪਾਸੇ ਪ੍ਰਾਚੀਨ ਰੁੱਖਾਂ ਦਾ ਅਸ਼ੀਰਵਾਦ ਹੈ। ਮੰਦਿਰ ਦੇ ਸੱਜੇ ਕਿਨਾਰੇ ਦੁਰਗਾ ਮਾਤਾ ਦਾ ਮੰਦਿਰ ਹੈ। ਇਸ ਦੇ ਨਾਲ ਹੀ ਮੁੱਖ ਡਿਉਢੀ, ਗੋਪਾਲ ਡਿਉਢੀ, ਅਧਿਆਤਮਿਕ ਡਿਉਢੀ, ਪ੍ਰਾਚੀਨ ਵਟ-ਰੁੱਖ ਅਤੇ ਖੱਬੇ ਪਾਸੇ ਗੱਦੀ ਮੰਦਿਰ, ਉੱਪਰ ਗੁਰੂ ਨਿਵਾਸ, ਭੰਡਾਰ, ਸੰਤ-ਮਹਾਂਪੁਰਸ਼ਾਂ ਦੀਆਂ ਗੁੰਬਦਕਾਰ ਸਮਾਧੀਆਂ ਸੁਸ਼ੋਭਿਤ ਹਨ। ਪ੍ਰਾਚੀਨ ਕੰਧਾਂ, ਛੱਤਾਂ ਉੱਪਰ ਕਮਾਲ ਦੀ ਚਿੱਤਰਕਾਰੀ ਹੈ।
ਪਠਾਨਕੋਟ ਦੇ ਪ੍ਰਸਿੱਧ ਲੇਖਕ ਭਰਾ ਹਰਬੰਸ ਸਿੰਘ ਤੇ ਮਨਮੋਹਣ ਧਕਾਲਵੀ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਮੰਦਿਰ ਦੇ ਨਜ਼ਦੀਕ ਹੈ। ਮੰਦਿਰ ਦੇ ਪ੍ਰਵੇਸ਼ ਦੁਆਰ ਦੇ ਸਾਹਮਮੇ ਮਹਾਂਵੀਰ ਦੀ ਵਿਸ਼ਾਲ ਮੂਰਤੀ, ਪਿੱਛੇ ਗਊਸ਼ਾਲਾ, ਨਾਲ ਹੀ ਪਿੰਡੀਨੁਮਾ ਸ਼ਿਵਲਿੰਗ ਹੈ। ਇਕ ਪ੍ਰਾਚੀਨ ਧਰਮਸ਼ਾਲਾ, ਸ਼ਿਵਲਿੰਗ ਦੇ ਨਾਲ ਧਰਮਤਾਲ ਹੈ। ਡਮਟਾਲ ਇਸ ਤੋਂ ਹੀ ਨਾਂਅ ਪਿਆ। ਇਸ ਮੰਦਿਰ ਨੂੰ ਪਹਿਲਾਂ ਧਰਮਤਾਲ ਕਹਿੰਦੇ ਸੀ। ਇਹ ਲਗਪਗ 17ਵੀਂ ਸਦੀ ਵਿਚ ਬਣਿਆ। ਇਕ ਪ੍ਰਾਚੀਨ ਗੁਫ਼ਾ ਵੀ ਹੈ, ਜਿਸ ਦਾ ਸਬੰਧ ਪੰਡੋਰੀ ਧਾਮ ਗੁਰਦਾਸਪੁਰ ਨਾਲ ਹੈ। ਇਸ ਮੰਦਿਰ ਵਿਚ ਸਭ ਦਿਨ-ਤਿਉਹਾਰ ਮਨਾਏ ਜਾਂਦੇ ਹਨ।


-ਮੋਬਾ: 98156-25409

ਧਾਰਮਿਕ ਸਾਹਿਤ

ਜਿਥੇ ਬਾਬਾ ਪੈਰੁ ਧਰਿ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਪੰਨੇ : 111, ਮੁੱਲ : 180 ਰੁਪਏ
ਸੰਪਰਕ : 0161-2461194


ਇਸ ਪੁਸਤਕ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਪਾਵਨ ਗੁਰਧਾਮਾਂ ਦੀ ਯਾਤਰਾ ਦੇ ਵੇਰਵੇ ਹਨ। ਵੰਡ ਦੇ ਦੁਖਾਂਤ ਨੇ ਸਿੱਖ ਪੰਥ ਨੂੰ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਨਾਲੋਂ ਵਿਛੋੜ ਦਿੱਤਾ, ਜਿਸ ਦੀ ਚੀਸ ਹਾਲੇ ਵੀ ਉਨ੍ਹਾਂ ਦੇ ਹਿਰਦਿਆਂ ਵਿਚ ਹੈ। ਦੋਵੇਂ ਵੇਲੇ ਦੀ ਅਰਦਾਸ ਵਿਚ ਅੱਜ ਵੀ ਖਾਲਸਾ ਇਨ੍ਹਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਅਤੇ ਸੇਵਾ ਸੰਭਾਲ ਦੀ ਯਾਚਨਾ ਕਰਦਾ ਹੈ। ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਲਗਪਗ ਡੇਢ ਸੌ ਗੁਰਦੁਆਰੇ ਪਾਕਿਸਤਾਨ ਵਿਚ ਹਨ। ਆਪਣੇ ਮਹਾਨ ਵਿਰਸੇ ਅਤੇ ਗੁਰੂ ਸਾਹਿਬਾਨ ਦੀ ਪਾਵਨ ਛੂਹ ਨਾਲ ਸੁਗੰਧਿਤ ਅਸਥਾਨਾਂ ਦੇ ਦਰਸ਼ਨਾਂ ਲਈ ਵੀਜ਼ਾ ਲੈਣਾ ਪੈਂਦਾ ਹੈ। ਇਸ ਯਾਤਰਾ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ, ਜਿਸ ਕੋਲ ਜਥੇ ਭੇਜਣ ਦਾ 60 ਫੀਸਦੀ ਕੋਟਾ ਹੈ। ਬਾਕੀ ਦਾ 40 ਫੀਸਦੀ ਕੋਟਾ ਪੰਜਾਬ ਅਤੇ ਹਰਿਆਣਾ ਤੋਂ ਬਾਹਰਲੇ ਸਿੱਖਾਂ ਲਈ ਹੈ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ ਆਦਿ ਕੋਲ ਹੈ। ਹਰ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਮੇਂ, ਵਿਸਾਖੀ ਸਮੇਂ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮੇਂ ਭਾਰਤ ਤੋਂ ਸਿੱਖ ਯਾਤਰੀ ਪਾਕਿਸਤਾਨ ਵਿਖੇ ਜਾ ਕੇ ਗੁਰਦੁਆਰਿਆਂ ਗੁਰਧਾਮਾਂ ਨੂੰ ਨਤਮਸਤਕ ਹੁੰਦੇ ਹਨ।
ਬਹੁਤ ਸਾਰੇ ਗੁਰਦੁਆਰੇ 1947 ਤੋਂ ਬੰਦ ਪਏ ਹਨ ਅਤੇ ਖੰਡਰਾਤ ਬਣ ਰਹੇ ਹਨ। ਆਪਣੇ ਮਹਾਨ ਵਿਰਸੇ ਨੂੰ ਅਲੋਪ ਹੁੰਦੇ ਦੇਖਣਾ ਬਹੁਤ ਹੀ ਦੁਖਦਾਈ ਹੈ। ਬੰਗਲਾਦੇਸ਼ ਵਿਖੇ ਵੀ ਬਹੁਤ ਸਾਰੇ ਧਾਰਮਿਕ ਅਸਥਾਨ ਅਲੋਪ ਹੋ ਚੁੱਕੇ ਹਨ। ਗੁਰਦੁਆਰਿਆਂ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸਕ ਖੂਹ ਪੂਰ ਦਿੱਤਾ ਗਿਆ ਹੈ। ਬੰਗਲਾਦੇਸ਼ ਵਿਚ ਨੌਂ ਗੁਰਦੁਆਰੇ ਸਨ, ਜੋ ਹੁਣ ਕੇਵਲ ਪੰਜ ਰਹਿ ਗਏ ਹਨ। ਕਈ ਥਾਵਾਂ 'ਤੇ ਨਿਸ਼ਾਨ ਸਾਹਿਬ ਨਹੀਂ ਲੱਗੇ ਹੋਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਚਿੱਤਰ ਅਤੇ ਖੜਾਵਾਂ ਦਾ ਇਕ ਅੰਗੂਠਾ ਗਾਇਬ ਹੋ ਚੁੱਕਾ ਹੈ। ਇਹ ਸਭ ਕੁਝ ਦੇਖ ਕੇ ਗੁਰੂ ਪਿਆਰਿਆਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਸਰਕਾਰਾਂ ਦਾ ਫਰਜ਼ ਹੈ ਕਿ ਉਹ ਇਸ ਪਾਸੇ ਧਿਆਨ ਦੇਣ। ਉਂਜ ਪਾਕਿਸਤਾਨ ਦੇ ਲੋਕ ਬਹੁਤ ਹੀ ਮਿਲਣਸਾਰ, ਮਹਿਮਾਨ ਨਿਵਾਜ਼ ਅਤੇ ਸਤਿਕਾਰ ਕਰਨ ਵਾਲੇ ਹਨ। ਇਕ ਪੱਤਰਕਾਰ ਹੋਣ ਦੇ ਨਾਤੇ ਲੇਖਕ ਨੇ ਬਹੁਤ ਪ੍ਰਭਾਵਸ਼ਾਲੀ ਲੇਖਣੀ ਪੇਸ਼ ਕੀਤੀ ਹੈ। ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ।
***


ਪੰਜਾਬ ਦੇ ਇਹ ਪਿੰਡ ਸੁਣੀਂਦੇ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 116, ਮੁੱਲ : 200 ਰੁਪਏ
ਸੰਪਰਕ : 98764-52223


ਲੇਖਕ ਨੇ ਪੰਜਾਬ ਦੇ ਚੋਣਵੇਂ 23 ਪਿੰਡਾਂ ਦਾ ਜ਼ਿਕਰ ਇਸ ਪੁਸਤਕ ਵਿਚ ਕੀਤਾ ਹੈ। ਇਨ੍ਹਾਂ ਵਿਚੋਂ ਬਹੁਤੇ ਪਿੰਡਾਂ ਨੇ ਗੁਰੂ ਸਾਹਿਬਾਨ ਦੀ ਚਰਨ ਛੋਹ ਮਾਣੀ ਹੈ ਅਤੇ ਉਨ੍ਹਾਂ ਦੀ ਪਾਵਨ ਯਾਦ ਵਜੋਂ ਇਥੇ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ। ਸੂਝਵਾਨ ਲੇਖਕ ਨੇ ਤਸਵੀਰਾਂ ਸਹਿਤ ਇਨ੍ਹਾਂ ਪਿੰਡਾਂ ਦੀ ਜਾਣਕਾਰੀ ਸਰਲ ਅਤੇ ਦਿਲਚਸਪ ਢੰਗ ਨਾਲ ਮੁਹੱਈਆ ਕਰਵਾਈ ਹੈ। ਅਧਿਆਤਮਕਤਾ, ਸੂਰਬੀਰਤਾ ਅਤੇ ਸਿੱਖਿਆ ਦਾ ਸੁਮੇਲ ਪਿੰਡ ਗੋਸਲਾਂ, ਬਾਬਾ ਬੰਦਾ ਸਿੰਘ ਬਹਾਦਰ ਦੇ ਸਫ਼ਰ ਦਾ ਪਹਿਲਾ ਪੜਾਅ ਪਿੰਡ ਸਿਹਰੀ ਖਾਂਡਾ, ਮੀਰਖਾਨ ਦੇ ਨਾਂਅ 'ਤੇ ਵਸਿਆ ਪਿੰਡ ਖਾਨਪੁਰ, ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦੀ ਗਵਾਹੀ ਭਰਦਾ ਪਿੰਡ ਮਾਨੂੰਪੁਰ, ਬਾਬਾ ਸਾਈਂ ਦੇ ਨਾਂਅ 'ਤੇ ਵਸਿਆ ਪਿੰਡ ਸਾਇਆਂ ਕਲਾਂ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੂਹ ਪ੍ਰਾਪਤ ਪਿੰਡ ਪਮੋਰ, ਸਦੀਆਂ ਪੁਰਾਣੇ ਤੀਰਥ ਸਥਾਨ ਕੋਲ ਵਸਿਆ ਪਿੰਡ ਲੱਲੀਆਂ, ਸਿੱਖਿਆ ਦਾ ਹੱਬ ਬਣਿਆ ਵਿਲੱਖਣ ਪਿੰਡ ਬੇਨੜਾ, ਇਤਿਹਾਸਕ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਘੁੰਗਰਾਲੀ, ਚੜੀ, ਕੁਰਾਲੀ, ਰਕਬਾ, ਪੁਆਧ ਦਾ ਸਭ ਤੋਂ ਵੱਡਾ ਇਤਿਹਾਸਕ ਪਿੰਡ ਘੜੂੰਆਂ, ਸ਼ਹਿਰੀਕਰਨ ਦੀ ਗ੍ਰਸਤ ਵਿਚ ਪੰਜਾਬ ਦਾ ਆਖਰੀ ਪਿੰਡ ਬਡ ਮਾਜਰਾ, ਉਜਾੜੇ ਦੀ ਮਾਰ ਤੋਂ ਮਸਾਂ ਬਚਿਆ ਇਤਿਹਾਸਕ ਪਿੰਡ ਬਡਹੇੜੀ, ਪ੍ਰਸਿੱਧ ਪੰਜਾਬੀ ਸਾਹਿਤਕਾਰਾਂ ਦੇ ਜੁੜਵੇਂ ਪਿੰਡ ਮਾਨੂੰਪੁਰ-ਗੋਸਲਾਂ, ਪੁਆਧ ਦਾ ਬਚਿੱਤਰ ਸ਼ਰਧਾ ਸਥਲ ਵਾਲਾ ਪਿੰਡ ਸੋਤਲ ਬਾਬਾ, ਸਿੱਖ ਇਤਿਹਾਸ ਦੀ ਵਿਲੱਖਣ ਮਹੱਤਤਾ ਵਾਲਾ ਪਿੰਡ ਨਾਭਾ, ਨਿਸ਼ਾਨਾਂ ਵਾਲੀ ਮਿਸਲ ਦੇ ਜਗੀਰਦਾਰਾਂ ਦਾ ਪਿੰਡ ਲੱਧੜਾ, ਪਿੰਡ ਅਧਰੇੜਾ ਜਿਥੇ ਕੇਵਲ ਇਕ ਹੀ ਵਿਹੜਾ, ਇਤਿਹਾਸਕ ਪਿੰਡ ਅਗਮਪੁਰ, ਬਾਬਾ ਜੋਗੀ ਰਾਮ ਚਾਹਲ ਪੀਰ ਦੇ ਨਾਂਅ 'ਤੇ ਵਸਿਆ ਪਿੰਡ ਚਹਿਲਾਂ, ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਦੀ ਚਰਨ ਛੂਹ ਪ੍ਰਾਪਤ ਪਿੰਡ ਅੱਲਾਪੁਰ, ਛੇਵੇਂ ਪਾਤਸ਼ਾਹ ਜੀ ਦੀ ਚਰਨ ਛੂਹ ਨਾਲ ਨਿਵਾਜਿਆ ਪਿੰਡ ਗੋਬਿੰਦਪੁਰ ਅਤੇ ਪਿੰਡ ਘੁਡਾਣੀ ਕਲਾਂ ਅਤੇ ਨੌਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਭਗੜਾਣਾ। ਪੁਸਤਕ ਵਿਚਲੀ ਸਮੁੱਚੀ ਜਾਣਕਾਰੀ ਪਾਠਕਾਂ ਲਈ ਬਹੁਤ ਲਾਭਕਾਰੀ ਹੈ। ਪਿੰਡ ਗੋਬਿੰਦਪੁਰ (ਬੰਗਾ) ਵਿਖੇ ਛੇਵੇਂ ਪਾਤਸ਼ਾਹ ਜੀ ਦੀ ਅਸੀਸ ਸਦਕਾ ਸਰੀਰਕ ਦਰਦਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਪੁਸਤਕ ਦਾ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਬੀਕਾਨੇਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਤਿਹਾਸ ਦੇ ਵਰਕੇ ਫਰੋਲਦਿਆਂ ਪਤਾ ਚਲਦਾ ਹੈ ਕਿ ਜੂਨਾਗੜ੍ਹ ਕਿਲ੍ਹੇ ਉੱਪਰ ਬਹੁਤ ਵਾਰ ਦੁਸ਼ਮਣਾਂ ਨੇ ਹਮਲਾ ਕੀਤਾ ਸੀ ਪਰ ਕੋਈ ਵੀ ਦੁਸ਼ਮਣ ਇਸ ਕਿਲ੍ਹੇ ਉੱਪਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ। ਮੁਗ਼ਲ ਬਾਦਸ਼ਾਹ ਬਾਬਰ ਦੇ ਦੂਜੇ ਪੁੱਤਰ ਕਾਮਰਾਨ ਮਿਰਜ਼ਾ ਨੇ ਜ਼ਰੂਰ 1534 ਵਿਚ ਇਸ ਕਿਲ੍ਹੇ ਉੱਪਰ ਜਿੱਤ ਪ੍ਰਾਪਤ ਕਰਕੇ ਆਪਣਾ ਕਬਜ਼ਾ ਕਰ ਲਿਆ ਸੀ ਪਰ 24 ਘੰਟੇ ਬਾਅਦ ਹੀ ਉਸ ਨੂੰ ਇਸ ਕਿਲ੍ਹੇ ਤੋਂ ਆਪਣਾ ਕਬਜ਼ਾ ਹਟਾਉਣਾ ਪੈ ਗਿਆ ਸੀ।
ਡੇਢ ਕਿਲੋਮੀਟਰ ਰਕਬੇ ਵਿਚ ਬਣੇ ਇਸ ਕਿਲ੍ਹੇ ਵਿਚ ਹੀ ਮਹਿਲ, ਮੰਦਿਰ ਅਤੇ ਰੰਗਮੰਚ ਬਣੇ ਹੋਏ ਹਨ। ਇਹ ਸਾਰੀਆਂ ਇਮਾਰਤਾਂ ਉਸ ਸਮੇਂ ਦੀ ਮਿਸ਼ਰਤ ਵਸਤੂ ਕਲਾ ਨੂੰ ਦਰਸਾਉਂਦੀਆਂ ਹਨ। ਜੂਨਾਗੜ੍ਹ ਕਿਲ੍ਹੇ ਦੀ ਨੀਂਹ 30 ਜਨਵਰੀ, 1589 ਨੂੰ ਰੱਖੀ ਗਈ ਸੀ ਅਤੇ ਇਸ ਕਿਲ੍ਹੇ ਨੂੰ ਬਣਾਉਣ ਵਿਚ ਪੂਰੇ 8 ਸਾਲ ਲੱਗ ਗਏ ਸਨ। ਜੂਨਾਗੜ੍ਹ ਕਿਲ੍ਹੇ ਦਾ ਕਾਫੀ ਹਿੱਸਾ ਆਗਰੇ ਦੇ ਕਿਲ੍ਹੇ ਨਾਲ ਰਲਦਾ-ਮਿਲਦਾ ਹੈ। ਇਸ ਕਿਲ੍ਹੇ ਦੇ ਚਾਰੇ ਪਾਸੇ 9 ਮੀਟਰ ਚੌੜੀ ਅਤੇ 8 ਮੀਟਰ ਡੂੰਘੀ ਖਾਈ ਹੈ। ਕਿਲ੍ਹੇ ਉੱਪਰ 37 ਬੁਰਜ ਬਣੇ ਹੋਏ ਹਨ, ਜੋ ਕਿ 40 ਫੁੱਟ ਉੱਚੇ ਹਨ, ਇਨ੍ਹਾਂ ਬੁਰਜਾਂ ਉੱਪਰ ਪਹਿਲਾਂ ਤੋਪਾਂ ਰੱਖੀਆਂ ਜਾਂਦੀਆਂ ਸਨ। ਕਿਲ੍ਹੇ ਉੱਪਰ ਲਾਲ ਪੱਥਰਾਂ ਨੂੰ ਤਰਾਸ਼ ਕੇ ਬਣਾਏ ਗਏ ਕਿੰਗਰੇ ਬਹੁਤ ਹੀ ਸੁੰਦਰ ਲੱਗਦੇ ਹਨ ਅਤੇ ਦੇਖਣ ਵਾਲੇ ਹਰ ਵਿਅਕਤੀ ਦਾ ਮਨ ਮੋਹ ਲੈਂਦੇ ਹਨ। ਜੂਨਾਗੜ੍ਹ ਕਿਲ੍ਹੇ ਦੇ ਪੂਰਬੀ ਦਰਵਾਜ਼ੇ ਨੂੰ ਕਰਣਪੋਲ ਅਤੇ ਪੱਛਮੀ ਦਰਵਾਜ਼ੇ ਨੂੰ ਚਾਂਦਪੋਲ ਕਹਿੰਦੇ ਹਨ। ਮੁੱਖ ਦੁਆਰ ਸੂਰਜਪੋਲ ਦੇ ਇਲਾਵਾ ਦੌਲਤ ਪੋਲ, ਫਤਿਹਪੋਲ, ਤਰਨਪੋਲ, ਧਰੁਵਪੋਲ ਦਰਵਾਜ਼ੇ ਹਨ। ਕਿਲ੍ਹੇ ਦੇ ਪ੍ਰਵੇਸ਼ ਦੁਆਰ ਦੀ ਚੌੜੀ ਗਲੀ ਪਾਰ ਕਰਨ ਦੇ ਬਾਅਦ ਹੀ ਦੋਵੇਂ ਪਾਸੇ ਕਾਲੇ ਪੱਥਰਾਂ ਦੀਆਂ ਹਾਥੀਆਂ ਦੀਆਂ ਮੂਰਤੀਆਂ ਵੀ ਬਣੀਆਂ ਹੋਈਆਂ ਹਨ, ਜਿਨ੍ਹਾਂ ਉੱਪਰ ਬੈਠੇ ਮਹਾਵਤ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ। ਸੂਰਜ ਪੋਲ ਨੂੰ ਜੈਸਲਮੇਰ ਦੇ ਪੀਲੇ ਪੱਥਰਾਂ ਨਾਲ ਬਣਾਇਆ ਗਿਆ ਹੈ। ਦੌਲਤਪੋਲ ਵਿਚ ਮੇਹਰਾਨ ਅਤੇ ਗਲਿਆਰੇ ਦੀ ਬਨਾਵਟ ਸਭ ਦਾ ਮਨ ਮੋਹ ਲੈਂਦੀ ਹੈ। ਕਿਲ੍ਹੇ ਦੇ ਅੰਦਰ ਵੱਖ-ਵੱਖ ਇਮਾਰਤਾਂ, ਖੂਹ ਅਤੇ ਬਹੁਤ ਸਾਰੇ ਮਹਿਲ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਮੇਂ ਬੀਕਾਨੇਰ ਰਿਆਸਤ ਦੇ ਵੱਖ-ਵੱਖ ਰਾਜਿਆਂ ਨੇ ਬਣਾਇਆ ਸੀ। ਸੁਰਜਪੋਲ ਦੇ ਨੇੜੇ ਹੀ ਇਕ ਕਾਫੀ ਵੱਡਾ ਮੈਦਾਨ ਹੈ। ਇਸ ਦੇ ਨੇੜੇ ਹੀ ਜ਼ਨਾਨੀ ਡਿਉਢੀ ਅਤੇ ਪੰਜ ਮੰਜ਼ਿਲਾ ਮਹਿਲ ਹਨ। ਜ਼ਨਾਨੀ ਡਿਉਢੀ ਦੇ ਨਾਲ ਹੀ ਸੰਗਮਰਮਰ ਦਾ ਬਣਿਆ ਤਾਲਾਬ ਹੈ। ਪਹਿਲੀ ਮੰਜ਼ਿਲ ਉੱਪਰ ਸਿਲਹਖਾਨਾ, ਖਾਣਾ ਖਾਣ ਦਾ ਕਮਰਾ, ਹੁਜੂਰਪੋੜੀ, ਬਾਰਹਦਰਿਆ, ਗੁਲਾਬਨਿਵਾਸ, ਸ਼ਿਵ ਨਿਵਾਸ, ਕੀਲਖਾਨਾ ਅਤੇ ਗੋਦਾਮ ਦੇ ਨਾਲ ਹੀ ਬਹੁਤ ਉੱਚਾ ਘੰਟਾ-ਘਰ ਹੈ। ਇਹ ਘੰਟਾ-ਘਰ ਪੰਜ ਮੰਜ਼ਿਲਾਂ ਮਹਿਲਾਂ ਤੋਂ ਵੀ ਕਾਫੀ ਉੱਚਾ ਹੈ। ਇਸ ਤੋਂ ਇਲਾਵਾ ਜੂਨਾਗੜ੍ਹ ਕਿਲ੍ਹੇ ਵਿਚ ਸਥਿਤ ਸ਼ੀਸ਼ ਮਹਿਲ ਵੀ ਆਪਣੀ ਕਹਾਣੀ ਆਪਣੀ ਸੁੰਦਰਤਾ ਰਾਹੀਂ ਆਪ ਹੀ ਬਿਆਨ ਕਰਦਾ ਹੈ। (ਚਲਦਾ)


ਮੋਬਾ: 9463819174





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX