ਤਾਜਾ ਖ਼ਬਰਾਂ


ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  10 minutes ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਬਬੀਰ ਅੱਤਵਾਦੀ ਫ਼ੰਡਾਂ ਨਾਲ ਸਬੰਧਿਤ 2007 ਦੇ ਮਨੀ ਲਾਂਡਰਿੰਗ ਮਾਮਲੇ ....
ਜੰਮੂ-ਕਸ਼ਮੀਰ ਤੋਂ ਤੇਲੰਗਾਨਾ ਜਾ ਰਿਹਾ ਸੀ.ਆਰ.ਪੀ.ਐਫ ਦਾ ਜਵਾਨ ਲਾਪਤਾ, ਜਾਂਚ ਜਾਰੀ
. . .  19 minutes ago
ਨਵੀਂ ਦਿੱਲੀ, 23 ਫਰਵਰੀ- ਜੰਮੂ ਕਸ਼ਮੀਰ ਤੋਂ ਤਬਾਦਲੇ ਕੀਤੇ ਜਾਣ ਤੋਂ ਬਾਅਦ ਆਪਣੀ ਡਿਊਟੀ ਕਰਨ ਤੇਲੰਗਾਨਾ ਜਾ ਰਹੇ ਸੀ.ਆਰ.ਪੀ.ਐਫ. ਦੇ ਇਕ ਜਵਾਨ ਦੇ ਲਾਪਤਾ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਜਵਾਨ .....
ਜੰਮੂ ਕਸ਼ਮੀਰ 'ਚ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
. . .  37 minutes ago
ਸ੍ਰੀਨਗਰ, 23 ਫਰਵਰੀ- ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਨੌਸ਼ਹਿਰਾ ਅਤੇ ਸੁੰਦਰ ਬਨੀ ਖੇਤਰਾਂ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਨੂੰ....
ਅਸਮ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 66
. . .  44 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 66 ਹੋ ਗਈ....
ਅੱਜ ਰਾਜਸਥਾਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦਾ ਦੌਰਾ ਕਰਨਗੇ। ਇੱਥੇ ਉਹ ਟੋਂਕ ਜ਼ਿਲ੍ਹੇ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦੇ ਰਾਜਸਥਾਨ 'ਚ ਅੱਜ ਦੁਪਹਿਰ ਤੱਕ ਪਹੁੰਚਣ...
ਤਾਮਿਲਨਾਡੂ : ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਕਾਰ ਹਾਦਸੇ 'ਚ ਮੌਤ
. . .  about 1 hour ago
ਚੇਨਈ, 23 ਫਰਵਰੀ- ਤਾਮਿਲਨਾਡੂ 'ਚ ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰੇ ਵਿਲੁੱਪੁਰਮ ਜ਼ਿਲ੍ਹੇ ਦੇ ਤਿੰਦਿਵਨਮ ਦੇ ਨਜ਼ਦੀਕ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ...
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  about 2 hours ago
ਵਾਸ਼ਿੰਗਟਨ, 23 ਫਰਵਰੀ- ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ 'ਤੇ ਅਮਰੀਕਾ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ...
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  about 2 hours ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ 'ਚ ਵੱਖਵਾਦੀਆਂ 'ਤੇ ਕਾਰਵਾਈ ਦੇ ਸੰਕੇਤਾਂ ਵਿਚਾਲੇ ਬੀਤੀ ਦੇਰ ਰਾਤ 'ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ' (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 'ਚ ਧਾਰਾ 35-ਏ 'ਤੇ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  about 2 hours ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਜ਼ਿਲ੍ਹੇ ਦੇ ਬਲਾਕ ਸੁਨਾਮ-1 ਦੀ ਪੂਰੀ ਟੀਮ, ਜਿਸ 'ਚ ਇੱਕ ਬਲਾਕ ਮਾਸਟਰ ਟਰੇਨਰ ਅਤੇ ਤਿੰਨ ਕਲਸਟਰ ਮਾਸਟਰ ਟਰੇਨਰ ਹਨ, ਨੇ...
ਅੱਜ ਦਾ ਵਿਚਾਰ
. . .  about 3 hours ago
ਹੋਰ ਖ਼ਬਰਾਂ..

ਫ਼ਿਲਮ ਅੰਕ

ਦੁਸ਼ਮਣ ਘੱਟ, ਦੋਸਤ ਜ਼ਿਆਦਾ

ਅਥੀਆ ਸ਼ੈਟੀ

ਇਥੇ ਕੋਈ ਦੁਸ਼ਮਣ ਨਹੀਂ, ਦੇਖੋ ਅਥੀਆ ਸ਼ੈਟੀ ਨੇ ਸੂਰਜ ਪੰਚੋਲੀ ਨਾਲ 'ਕੱਟੀ' ਕਰ ਲਈ ਸੀ ਪਰ ਸਬੱਬ ਨਾਲ ਇਸ ਹੀ ਸੂਰਜ ਨੂੰ ਮੁੜ ਬੁਲਾਉਣਾ ਪਵੇਗਾ। ਸਾਜਿਦ ਨਾਡਿਆਡਵਾਲਾ ਨੇ ਆਪਣੀ ਨਵੀਂ ਫ਼ਿਲਮ 'ਚ ਸੂਰਜ ਦੇ ਨਾਲ ਅਥੀਆ ਸ਼ੈਟੀ ਨੂੰ ਲਿਆ ਹੈ। ਸਿਰਫ਼ 26 ਸਾਲ ਦੀ ਅਥੀਆ ਨੇ ਹੁਣੇ ਜਿਹੇ ਹੀ ਸ਼ਰਧਾ ਕਪੂਰ ਨਾਲ ਦੋਸਤੀ ਪਾਈ ਹੈ ਜਾਂ ਫਿਰ ਵਰੁਣ ਧਵਨ ਨੂੰ ਉਹ ਆਪਣਾ ਖਾਸ ਮਿੱਤਰ ਮੰਨਦੀ ਹੈ। ਨਿਖਿਲ ਅਡਵਾਨੀ ਨੇ ਅਥੀਆ ਨੂੰ ਆਪਣੀ ਨਵੀਂ ਫ਼ਿਲਮ 'ਚ ਮਿੱਤਰ ਵਰੁਣ ਦੇ ਕਹਿਣ 'ਤੇ ਹੀ ਲਿਆ ਹੈ। ਅਥੀਆ ਦੀ ਮਾਂ ਮਾਨਾ ਸ਼ੈਟੀ ਅਕਸਰ ਅਥੀਆ ਦੇ ਪਹਿਰਾਵੇ ਦੀ ਦੇਖ-ਰੇਖ ਕਰਦੀ ਹੈ। ਮਾਨਾ ਦੇ ਕਹਿਣ 'ਤੇ ਅਥੀਆ ਨੇ ਆਪਣੇ ਕੰਮਕਾਰ ਦਾ ਜ਼ਿੰਮਾ ਆਪਣੇ ਨਿੱਕੇ ਵੀਰ ਨੂੰ ਸੌਂਪਿਆ ਹੈ। ਨਿਊਯਾਰਕ ਫ਼ਿਲਮ ਸੰਸਥਾ ਦੇ ਸਾਲਾਨਾ ਸਮਾਰੋਹ 'ਚ ਅਥੀਆ ਨੇ ਦੱਸਿਆ ਕਿ ਜਿਥੇ ਸਿੱਖਿਆ ਲਈ ਜਾਵੇ, ਉਸ ਸੰਸਥਾ ਲਈ ਤਨ, ਮਨ, ਧਨ ਕੁਰਬਾਨ ਕਰਨਾ ਸਿੱਖੋ। 'ਹੀਰੋ' ਗਰਲ ਅਥੀਆ ਨੇ ਹਰ ਵਾਰ ਹੀ ਆਪਣਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਹੈ। ਅਥੀਆ ਸ਼ੈਟੀ ਨੇ ਸਾਫ਼ ਕਿਹਾ ਹੈ ਕਿ ਪਿਛਲੇ ਸਾਲ ਉਸ ਨੂੰ ਦੁੱਖ ਹੀ ਮਿਲੇ, ਉਹ ਘਰ ਵਿਹਲੀ ਰਹੀ ਹੈ। ਇਸ ਤੋਂ ਉਸ ਨੇ ਬਹੁਤ ਕੁਝ ਹਾਸਲ ਕੀਤਾ ਹੈ। ਇਕ ਤਾਂ ਇਹ ਕਿ ਦੁਸ਼ਮਣ ਘੱਟ ਤੇ ਦੋਸਤ ਜ਼ਿਆਦਾ ਬਣਾਓ। ਨਵੇਂ ਸਾਲ 'ਚ ਉਹ ਆਪਣੇ ਘਰ ਵਾਲਿਆਂ ਦੀ ਸਲਾਹ ਨਾਲ ਹੀ ਪੈਰ ਪੁੱਟੇਗੀ। ਅਥੀਆ ਨੇ ਆਪਣੀ ਸਾਰੀ ਜ਼ਿੰਮੇਵਾਰੀ ਆਪਣੀ ਅੰਮੀ ਮਾਨਾ ਸ਼ੈਟੀ ਦੇ ਸਿਰ ਪਾ ਦਿੱਤੀ ਹੈ। ਅਥੀਆ ਦੇ ਨਾਲ ਭਰਾ ਅਹਾਨ ਸ਼ੈਟੀ ਹੈ। ਹੁਣ ਅਥੀਆ ਸੂਰਜ ਪੰਚੋਲੀ ਹੋਵੇ ਜਾਂ ਵਰੁਣ ਧਵਨ ਸਭ ਦਾ ਸਾਥ ਲੈ ਕੇ ਨਵੇਂ ਸਾਲ 'ਚ ਨਵਾਂ ਕੁਝ ਕਰੇਗੀ, ਜਿੰਨਾ ਨੁਕਸਾਨ ਪਿਛਲੇ ਸਾਲ ਉਸ ਦੇ ਫ਼ਿਲਮੀ ਕੈਰੀਅਰ ਦਾ ਹੋਇਆ ਹੈ, ਹੁਣ ਉਹ ਪੂਰਾ ਕਰੇਗੀ।
ਅਥੀਆ ਦੀ ਮਾਂ ਮਾਨਾ ਸ਼ੈਟੀ ਅਕਸਰ ਅਥੀਆ ਦੇ ਪਹਿਰਾਵੇ ਦੀ ਦੇਖ-ਰੇਖ ਕਰਦੀ ਹੈ। ਮਾਨਾ ਦੇ ਕਹਿਣ 'ਤੇ ਅਥੀਆ ਨੇ ਆਪਣੇ ਕੰਮਕਾਰ ਦਾ ਜ਼ਿੰਮਾ ਆਪਣੇ ਨਿੱਕੇ ਵੀਰ ਨੂੰ ਸੌਂਪਿਆ ਹੈ। ਨਿਊਯਾਰਕ ਫ਼ਿਲਮ ਸੰਸਥਾ ਦੇ ਸਾਲਾਨਾ ਸਮਾਰੋਹ 'ਚ ਅਥੀਆ ਨੇ ਦੱਸਿਆ ਕਿ ਜਿਥੇ ਸਿੱਖਿਆ ਲਈ ਜਾਵੇ, ਉਸ ਸੰਸਥਾ ਲਈ ਤਨ, ਮਨ, ਧਨ ਕੁਰਬਾਨ ਕਰਨਾ ਸਿੱਖੋ। 'ਹੀਰੋ' ਗਰਲ ਅਥੀਆ ਨੇ ਹਰ ਵਾਰ ਹੀ ਆਪਣਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਹੈ।


ਖ਼ਬਰ ਸ਼ੇਅਰ ਕਰੋ

ਸੋਨਾਕਸ਼ੀ ਸਿਨਹਾ

ਹੋ ਜਾਊਗੀ ਬੱਲੇ-ਬੱਲੇ

ਕੰਮ ਵੇਲੇ ਇਹ ਬਹਾਨਾ ਕਿ ਇਥੇ ਮੈਂ ਸੁਰੱਖਿਅਤ ਨਹੀਂ, ਚੰਗੀ ਗੱਲ ਨਹੀਂ ਤੇ ਇਹ ਗੱਲ ਹੁਣ ਸੋਨਾਕਸ਼ੀ ਸਿਨਹਾ ਕਹਿਣ ਲੱਗ ਪਈ ਹੈ। 'ਦਬੰਗ' ਦੀ ਕਾਮਯਾਬੀ ਤੋਂ ਬਾਅਦ 'ਰਾਊਡੀ ਰਾਠੌਰ', 'ਲੁਟੇਰਾ' ਹਿਟ ਪਰ 'ਅਕੀਰਾ', 'ਨੂਰ' ਨਾਲ ਕਾਮਯਾਬੀ ਦਾ ਨੂਰ ਘਟਣ ਤੋਂ ਬਾਅਦ ਸੋਨਾ ਕਾਫ਼ੀ ਬਦਲ ਗਈ ਹੈ। ਸੋਨਾ ਨੂੰ ਬਿਲਕੁਲ ਡਰ ਨਹੀਂ ਲਗਦਾ। ਸ਼ਤਰੂ ਪਰਿਵਾਰ ਦਾ ਹੀਰਾ ਹੈ ਸੋਨਾ। ਇਸ ਸਮੇਂ ਉਹ 'ਹੈਪੀ ਭਾਗ ਜਾਏਗੀ ਰਿਟਰਨ', 'ਗੋਲਮਾਲ ਇਨ ਨਿਊਯਾਰਕ' ਫ਼ਿਲਮਾਂ ਕਰ ਰਹੀ ਹੈ। ਇਸ ਸਾਲ ਉਸ ਦੀ 'ਦਬੰਗ-3' ਵੀ ਸ਼ੁਰੂ ਹੋ ਰਹੀ ਹੈ। ਕਾਸਟਿਊਮ ਡਿਜ਼ਾਈਨ ਤੋਂ ਅਭਿਨੇਤਰੀ ਬਣਨਾ ਸੋਨਾ ਲਈ ਵਧੀਆ ਸੁਪਨਾ ਹੀ ਕਿਹਾ ਜਾਏਗਾ। ਕਦੇ 90 ਕਿੱਲੋ ਭਾਰ ਸੀ ਉਸ ਦਾ ਤੇ ਹੁਣ ਪੱਚੀਆਂ ਫੁੱਲਾਂ ਜਿੰਨਾ ਭਾਰ ਹੈ ਪੂਨਮ ਦੀ ਇਸ ਹੋਣਹਾਰ ਬੇਟੀ ਦਾ। ਭਲਾ ਹੋਵੇ ਸਲਮਾਨ ਖ਼ਾਨ ਦਾ ਜਿਸ ਦਾ ਕਿਹਾ ਮੰਨ ਕੇ ਉਸ ਨੇ ਆਪਣਾ ਭਾਰ 40 ਕਿੱਲੋ ਘਟਾ ਲਿਆ। ਅੱਜਕਲ੍ਹ 'ਵੈਬ ਸੀਰੀਜ਼' ਦਾ ਦੌਰ ਹੈ ਤੇ ਸੋਨਾ ਵੀ ਚੰਗੀ ਜਿਹੀ 'ਵੈਬ ਸੀਰੀਜ਼' ਮਿਲਣ ਤੇ ਜ਼ਰੂਰ ਕਰੇਗੀ। ਹਾਂ ਸੈੱਟ 'ਤੇ ਡਾਇਰੈਕਟਰ ਸਭ ਤੋਂ ਔਖੀ ਘੜੀ ਕੱਢਦਾ ਹੈ ਤੇ ਸੋਨਾ 'ਚ ਐਨਾ ਮਾਦਾ ਨਹੀਂ ਕਿ ਉਹ ਅਜਿਹੀ ਘੜੀ ਕੱਢ ਲਵੇ। ਇਸ ਲਈ 'ਹੈਪੀ ਭਾਗ ਜਾਏਗੀ ਰਿਟਰਨ' ਵਾਲੀ ਸੋਨਾ ਕਦੇ ਵੀ ਡਾਇਰੈਕਟਰ ਨਹੀਂ ਬਣੇਗੀ। ਹਾਂ ਨਿਰਮਾਤਰੀ ਉਹ ਜ਼ਰੂਰ ਬਣ ਸਕਦੀ ਹੈ। ਸੋਨਾ ਦੀ ਇਹ ਖੂਬੀ ਹੈ ਕਿ ਉਹ ਦੂਸਰਿਆਂ ਨੂੰ ਆਪਣਾ ਮੁਰੀਦ ਬਣਾ ਲੈਂਦੀ ਹੈ। 'ਦੇਸੀ ਜੱਟ' ਫ਼ਿਲਮ ਦੀ ਘੁੰਡ ਚੁਕਾਈ 'ਚ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ, ਡੀ.ਐਸ. ਖੂੰਡੀ ਨੂੰ ਪ੍ਰਭਾਵਿਤ ਕੀਤਾ ਆਪਣੀ ਇਸ ਕਲਾ ਨਾਲ ਤੇ ਸੋਨਾ ਨੇ ਉਥੇ ਸਾਰਿਆਂ ਨੂੰ ਆਪਣੀ ਟੈਬ ਖੋਲ੍ਹ ਕੇ ਆਪਣੇ ਵਲੋਂ ਬਣਾਏ ਰੇਖਾ ਚਿੱਤਰ ਵੀ ਦਿਖਾਏ। ਸੋਨਾਕਸ਼ੀ ਸਿਨਹਾ ਦੀ 'ਗੋਲਮਾਲ ਇਨ ਨਿਊਯਾਰਕ', 'ਦਬੰਗ-3', 'ਹੈਪੀ ਭਾਗ ਜਾਏਗੀ ਰਿਟਰਨ' ਇਹ ਤਿੰਨੇ ਫ਼ਿਲਮਾਂ 2018 'ਚ ਉਸ ਨੂੰ ਸਟਾਰ ਹੀਰੋਇਨ ਬਣਾ ਸਕਦੀਆਂ ਹਨ। ਸੋਨਾਕਸ਼ੀ ਸਿਨਹਾ ਲਈ ਜਿੰਨਾ ਮਾੜਾ 2017 ਰਿਹਾ, ਓਨਾ ਹੀ ਚੰਗਾ 2018 ਰਹੇਗਾ ਇਹ ਸੰਭਾਵਨਾ ਹੈ।

ਵਿਦਿਆ ਬਾਲਨ

ਜ਼ਿੰਦਾਦਿਲ ਢੀਠ!

'ਤੁਮਹਾਰੀ ਸੁੱਲੂ' ਹਿੱਟ ਰਹੀ ਤੇ ਇਸ ਦੇ ਹਿੱਟ ਹੋਣ 'ਤੇ ਇਸ ਫ਼ਿਲਮ ਦੇ ਗਾਣੇ 'ਬਨ ਜਾ ਤੂੰ ਮੇਰੀ ਰਾਨੀ' ਦਾ ਅਹਿਮ ਯੋਗਦਾਨ ਸੀ। ਵਿਦਿਆ ਬਾਲਨ ਦੀ ਇਸ ਹਿੱਟ ਫ਼ਿਲਮ ਦਾ ਇਹ ਗੀਤ ਗੁਰੂ ਰੰਧਾਵਾ ਨੇ ਗਾਇਆ ਸੀ। ਵਿਦਿਆ ਨੇ ਗੁਰੂ ਰੰਧਾਵਾ ਨਾਲ ਅੱਜ ਵੀ ਸੰਪਰਕ ਰੱਖਿਆ ਹੋਇਆ ਹੈ ਤੇ ਇਸ ਦਾ ਅੰਦਾਜ਼ਾ ਤਦ ਲੱਗਿਆ ਜਦ ਵਿਦਿਆ ਬਾਲਨ ਨੇ ਖਾਸ ਤੌਰ 'ਤੇ ਗੁਰੂ ਰੰਧਾਵਾ ਦੇ ਨਵੇਂ ਗੀਤ 'ਲਾਹੌਰ' ਲਈ ਆਪਣੇ ਸ਼ੁੱਭ ਵਿਚਾਰ ਦਿੱਤੇ। 'ਤੁਮਹਾਰੀ ਸੁੱਲੂ' ਦੀ ਕਾਮਯਾਬੀ ਨੇ ਐਹ ਧਾਰਨਾ ਵੀ ਗ਼ਲਤ ਸਾਬਤ ਕੀਤੀ ਕਿ ਵਿਆਹੁਤਾ ਹੀਰੋਇਨ ਕਾਮਯਾਬ ਫ਼ਿਲਮ ਨਹੀਂ ਦੇ ਸਕਦੀ। ਸਨਮਾਨਾਂ ਦੀ ਉਹ ਹਮੇਸ਼ਾ ਕਦਰ ਕਰਦੀ ਹੈ ਤੇ ਕਰਦੀ ਰਹੇਗੀ। ਇਹ ਸਹੀ ਹੈ ਕਿ ਜਿੱਤਣ ਦਾ ਆਨੰਦ ਆਉਂਦਾ ਹੈ। ਵਿਦਿਆ ਨੂੰ ਅਭਿਨੈ ਦਾ ਬਿਜਲੀ ਘਰ ਕਿਹਾ ਜਾਂਦਾ ਹੈ। ਵਿਦਿਆ ਆਪਣੇ ਪਤੀ ਸਿਧਾਰਥ ਰਾਏ ਕਪੂਰ ਦੇ ਨਿਰਮਾਣ ਦੇ ਕੰਮ 'ਚ ਕਦੇ ਵੀ ਦਖਲਅੰਦਾਜ਼ੀ ਨਹੀਂ ਕਰਦੀ। 40ਵੇਂ ਸਾਲ ਨੂੰ ਅੱਪੜ ਚੁੱਕੀ ਵਿਦਿਆ ਬਾਲਨ ਹੁਣ ਸਾੜ੍ਹੀ ਦੀ ਥਾਂ ਕੁੜਤਾ-ਪਜਾਮਾ ਪਹਿਨਣ ਨੂੰ ਆਪਣਾ ਪਸੰਦੀਦਾ ਪਹਿਰਾਵਾ ਬਣਾ ਰਹੀ ਹੈ। ਵਿਦਿਆ ਖੁੱਲ੍ਹੇਪਨ ਦੀ ਹਮੇਸ਼ਾ ਹਮਾਇਤ ਕਰਦੀ ਰਹੀ ਹੈ। ਵਿਦਿਆ ਤਾਂ ਗੱਲਾਂ ਵੀ ਮੂੰਹ 'ਤੇ ਕਰ ਦਿੰਦੀ ਹੈ। ਜਿਵੇਂ ਉਸ ਨੇ ਕਿਹਾ ਕਿ ਉਸ ਜਿਹੀ ਢੀਠ ਔਰਤ ਕੌਣ ਹੋਊ? ਉਹ ਤਾਂ ਬੇਹੱਦ ਬੇਸ਼ਰਮ ਹੀਰੋਇਨ ਹੈ? ਬੇਝਿਜਕ, ਨਿਡਰ, ਬੇਬਾਕ, ਬਿੰਦਾਸ ਤੇ ਜ਼ਿੰਦਾਦਿਲ। ਇਸੇ ਨੂੰ ਉਹ 'ਬੇਸ਼ਰਮੀ' ਆਖਦੀ ਹੈ। ਕਹਿਣ ਦਾ ਅਰਥ ਇਹ ਲੈ ਲਵੋ ਕਿ ਪਲਕਕੜ ਅਈਅਰ ਪਰਿਵਾਰ 'ਚ ਜਨਮ ਲੈਣ ਵਾਲੀ ਵਿਦਿਆ ਬਾਲਨ 'ਦਾ ਡਰਟੀ ਪਿਕਚਰ' ਹੋਵੇ ਜਾਂ 'ਤੁਮਹਾਰੀ ਸੁੱਲੂ' ਦੋ-ਤਿੰਨ ਫੇਲ੍ਹ ਫ਼ਿਲਮਾਂ ਤੋਂ ਬਾਅਦ ਇਕ ਹਿੱਟ ਫ਼ਿਲਮ ਜ਼ਰੂਰ ਦੇ ਕੇ ਆਪਣੇ ਕੈਰੀਅਰ ਦਾ ਸੰਤੁਲਨ ਵਿਗੜਨ ਨਹੀਂ ਦਿੰਦੀ। ਬੇਝਿਜਕ ਉਹ ਗੁਰੂ ਰੰਧਾਵਾ ਨਾਲ ਗੱਲਾਂ ਕਰਦੀ ਹੈ। ਬੇਬਾਕੀ ਨਾਲ ਪਤੀ ਨੂੰ ਮਸ਼ਵਰੇ ਦਿੰਦੀ ਹੈ। ਸਿਧਾਰਥ ਰਾਏ ਕਪੂਰ ਦੀ ਇਹ ਹੋਣਹਾਰ ਪਤਨੀ ਵਿਦਿਆ ਬਾਲਨ ਇਸ ਲਈ ਹੀ ਬੀ-ਟਾਊਨ ਦੀ ਰਾਣੀ ਬਣੀ ਹੋਈ ਹੈ।

ਸ਼ਰਮਨ ਜੋਸ਼ੀ : ਪੈ ਗਿਆ ਸਿੱਧੇ ਰਾਹ

ਆਪਣੇ ਸਮੇਂ ਦੇ ਕਾਮਯਾਬ ਅਭਿਨੇਤਾ ਪ੍ਰੇਮ ਚੋਪੜਾ ਦੇ ਜਵਾਈ ਸ਼ਰਮਨ ਜੋਸ਼ੀ ਨਾਲ ਵਕਤ ਨੇ ਕਈ ਖੇਡਾਂ ਖੇਡੀਆਂ ਹਨ। ਤਕੜੇ ਘਰ ਦਾ ਜਵਾਈ ਹੋਣ ਦਾ ਮਾਣ ਤਾਂ ਮਿਲਿਆ ਪਰ ਵਕਤ ਦੀ ਚੱਕੀ ਨੇ ਅਲਾਮਤਾਂ ਦਾ ਆਟਾ ਸ਼ਰਮਨ ਲਈ ਪੀਹਣਾ ਸ਼ੁਰੂ ਕੀਤਾ। ਨੌਕਰਾਣੀ ਨਾਲ ਮਾੜੀ ਕਰਤੂਤ ਦੇ ਚੱਕਰ ਨੇ ਤਾਂ ਸ਼ਰਮਨ ਜੋਸ਼ੀ ਦੀ ਬੜੀ ਖੇਹ ਉਡਾਈ। ਚਲੋ ਦੁਨੀਆਦਾਰੀ ਹੈ, ਕੁਝ ਦਾਗ਼ ਧੋ ਹੋ ਗਏ, ਰੋਟੀ-ਰੋਜ਼ੀ ਲਈ ਸ਼ਰਮਨ ਆਪਣੇ ਖੇਤਰ 'ਚ ਸਰਗਰਮ ਹੋਇਆ। ਹੁਣ ਸ਼ਰਮਨ ਦੀ ਤਮੰਨਾ ਹੈ ਕਿ 1976 ਦੀ ਹਿੱਟ 'ਦੋ ਅਨਜਾਨੇ' ਫ਼ਿਲਮ ਦੇ ਰੀਮੇਕ 'ਚ ਉਹ ਕੰਮ ਕਰੇ। 'ਸੁਪਰ ਨਾਨੀ', 'ਹੇਟ ਸਟੋਰੀ-3', 'ਵਜ੍ਹਾ ਤੁਮ ਹੋ' ਜਿਹੀਆਂ ਫ਼ਿਲਮਾਂ ਕਰ ਚੁੱਕੇ ਸ਼ਰਮਨ ਜੋਸ਼ੀ ਨੂੰ ਕੋਈ ਦੁੱਖ ਨਹੀਂ ਕਿ '102 ਨਾਟ ਆਊਟ' ਉਸ ਨੇ ਕਿਉਂ ਠੁਕਰਾਈ? ਆਖਰ ਕਿਰਦਾਰ ਵੀ ਹੋਵੇ, ਐਂਵੇਂ ਖਾਨਾਪੂਰਤੀ, ਗਿਣਤੀ ਵਧਾਉਣੀ ਇਹ ਕੰਮ ਉਹ ਨਹੀਂ ਕਰ ਸਕਦਾ। 'ਕਾਸ਼ੀ ਇਨ ਸਰਚ ਆਫ਼ ਗੰਗਾ', ਇਸ ਨਵੀਂ ਫ਼ਿਲਮ ਲਈ ਵਾਰਾਣਸੀ ਪਹੁੰਚੇ ਸ਼ਰਮਨ ਨਾਲ ਗੋਵਿੰਦ ਨਾਮਦੇਵ ਵੀ ਇਸ ਫ਼ਿਲਮ 'ਚ ਹੈ। ਸ਼ਰਮਨ ਇਸ ਫ਼ਿਲਮ 'ਚ ਗਾਈਡ ਬਣਿਆ ਹੈ। ਸ਼ਰਮਨ ਇਸ ਤੋਂ ਪਹਿਲਾਂ ਪੂਰੇ ਪਰਿਵਾਰ ਨਾਲ ਬੈਂਕਾਕ ਘੁੰਮ ਕੇ ਆਇਆ ਹੈ। ਉਸ ਦੀ ਸੱਸ ਓਮਾ ਚੋਪੜਾ ਅਨੁਸਾਰ ਸ਼ਰਮਨ ਜਿਹਾ ਜਵਾਈ ਹਰੇਕ ਨੂੰ ਮਿਲੇ, ਲੋਕ ਤਾਂ ਐਵੇਂ ਸ਼ਰੀਫ਼ ਬੰਦੇ ਨੂੰ ਬਦਨਾਮ ਕਰਦੇ ਹਨ। ਓਮਾ ਜੀ ਦੇ ਨਾਲ-ਨਾਲ ਬੈਂਕਾਕ ਘੁੰਮੇ ਸਹੁਰਾ ਜੀ ਪ੍ਰੇਮ ਚੋਪੜਾ ਵੀ ਸ਼ਰਮਨ ਜੋਸ਼ੀ ਨੂੰ 2018 ਦਾ ਸਟਾਰ ਹੀਰੋ ਕਹਿੰਦੇ ਸੁਣੇ ਗਏ। 'ਕਾਸ਼ੀ ਇਨ ਸਰਚ ਆਫ਼ ਗੰਗਾ' 'ਤੇ ਸਾਰਾ ਧਿਆਨ ਇਸ ਸਮੇਂ ਦੇ ਰਹੇ ਸ਼ਰਮਨ ਜੋਸ਼ੀ ਨੇ ਅਪਨਾ ਪੰਜਾਬ ਇੰਟਰਟੇਨਮੈਂਟ ਦੀ ਲਾਚਿੰਗ ਤੇ ਤਮਾਮ ਯੂਨਿਟ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਆਪਣੇ ਦਿਲ ਦੀ ਗੱਲ ਦੱਸੀ ਕਿ '102 ਨਾਟ ਆਊਟ' ਦੀ ਕਸਰ 'ਕਾਸ਼ੀ ਇਨ ਸਰਚ ਆਫ਼ ਗੰਗਾ' ਕੱਢ ਦੇਵੇਗੀ। 'ਦੋ ਅਨਜਾਨੇ' ਦਾ ਰੀਮੇਕ ਜਿਸ ਦਿਨ ਬਣ ਗਿਆ ਸਮਝੋ ਸ਼ਰਮਨ ਜੋਸ਼ੀ ਰਾਤੋ-ਰਾਤ ਸਟਾਰ ਨਾਇਕ ਬਣ ਜਾਵੇਗਾ।


-ਸੁਖਜੀਤ ਕੌਰ

ਬੇਟੀ ਆਲੀਆ ਦਾ ਇੰਤਜ਼ਾਰ ਕਰ ਰਹੇ ਹਨ ਮਹੇਸ਼ ਭੱਟ

ਸੰਤਾਨ ਜਦੋਂ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਵੇ ਤਾਂ ਮਾਂ-ਬਾਪ ਨੂੰ ਖ਼ੁਸ਼ੀ ਹੁੰਦੀ ਹੈ। ਇਸ ਤਰ੍ਹਾਂ ਦੀ ਖ਼ੁਸ਼ੀ ਪਿਤਾ ਮਹੇਸ਼ ਭੱਟ ਨੂੰ ਉਦੋਂ ਹੋਈ ਸੀ ਜਦੋਂ ਬੇਟੀ ਆਲੀਆ ਭੱਟ ਦੀ ਪਹਿਲੀ ਹੀ ਫ਼ਿਲਮ 'ਸਟੂਡੈਂਟ ਆਫ਼ ਦ ਯਿਅਰ' ਹਿੱਟ ਹੋ ਗਈ ਸੀ ਅਤੇ ਦੇਖਦੇ ਹੀ ਦੇਖਦੇ ਉਹ ਸਟਾਰ ਬਣ ਗਈ ਸੀ। ਬੇਟੀ ਦੀ ਇਹੀ ਸਫ਼ਲਤਾ ਹੁਣ ਪਿਤਾ ਲਈ ਚਿੰਤਾ ਦਾ ਕਾਰਨ ਬਣ ਗਈ ਹੈ।
ਹੋਇਆ ਇੰਝ ਕਿ ਮਹੇਸ਼ ਭੱਟ ਨੇ ਨਿਰਮਾਤਾ ਦੇ ਤੌਰ 'ਤੇ ਆਪਣੀ ਹੀ ਫ਼ਿਲਮ 'ਸੜਕ' ਦਾ ਵਿਸਥਾਰ ਬਣਾਉਣ ਦੀ ਯੋਜਨਾ ਬਣਾਈ ਅਤੇ ਇਸ ਲਈ ਆਲੀਆ ਭੱਟ ਦੇ ਨਾਲ ਸਿਧਾਰਥ ਮਲਹੋਤਰਾ ਨੂੰ ਫਾਈਨਲ ਕਰ ਲਿਆ। ਮਹੇਸ਼ ਭੱਟ ਨੂੰ ਲਗਦਾ ਸੀ ਕਿ ਹੀਰੋਇਨ ਤਾਂ ਘਰ ਦੀ ਹੀ ਹੈ। ਸੋ, ਉਹ ਜਲਦੀ ਹੀ ਇਹ ਫ਼ਿਲਮ ਸ਼ੁਰੂ ਕਰ ਦੇਣਗੇ। ਪਰ ਇਥੇ ਆਲੀਆ ਦੇ ਰੁਝੇਵੇਂ ਉਨ੍ਹਾਂ ਦੇ ਰਸਤੇ ਵਿਚ ਆ ਗਏ।
ਇਨ੍ਹੀਂ ਦਿਨੀਂ ਆਲੀਆ ਫ਼ਿਲਮ 'ਬ੍ਰਹਮਅਸਤਰ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ ਅਤੇ ਇਸ ਦੀ ਸ਼ੂਟਿੰਗ ਇਜ਼ਰਾਈਲ ਵਿਚ ਕੀਤੀ ਜਾ ਰਹੀ ਹੈ। ਉਥੋਂ ਵਾਪਸ ਆ ਕੇ ਆਲੀਆ ਫ਼ਿਲਮ 'ਰਾਜ਼ੀ' ਦੇ ਪ੍ਰਮੋਸ਼ਨ ਵਿਚ ਰੁੱਝ ਜਾਵੇਗੀ ਅਤੇ ਫਿਰ ਨਿਰਦੇਸ਼ਿਕਾ ਜ਼ੋਇਆ ਅਖ਼ਤਰ ਉਸ ਨੂੰ ਲੈ ਕੇ 'ਗਲੀ ਬੁਆਏ' ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ। ਇਸ ਤਰ੍ਹਾਂ 'ਸੜਕ-2' ਨੂੰ ਸ਼ੁਰੂ ਕਰਨ ਲਈ ਮਹੇਸ਼ ਭੱਟ ਨੂੰ ਚੰਗਾ ਇੰਤਜ਼ਾਰ ਕਰਨਾ ਪਵੇਗਾ।
ਜਿਥੋਂ ਤਕ 'ਸੜਕ-2' ਦੀ ਕਹਾਣੀ ਦਾ ਸਵਾਲ ਹੈ ਤਾਂ ਇਸ ਦੀ ਕਹਾਣੀ ਉਥੋਂ ਸ਼ੁਰੂ ਹੋਵੇਗੀ ਜਿਥੇ ਅਸਲੀ ਦੀ ਕਹਾਣੀ ਖ਼ਤਮ ਹੋਈ ਸੀ। ਇਥੇ ਇਹ ਦਿਖਾਇਆ ਜਾਵੇਗਾ ਕਿ 'ਸੜਕ' ਦੇ ਕਿਰਦਾਰ ਰਵੀ (ਸੰਜੈ ਦੱਤ) ਅਤੇ ਪੂਜਾ (ਪੂਜਾ ਭੱਟ) ਦੇ ਨਾਲ ਕੀ ਕੁਝ ਵਾਪਰ ਜਾਂਦਾ ਹੈ ਅਤੇ ਫਿਰ ਇਥੋਂ ਹੀ ਕਹਾਣੀ ਨੂੰ ਅੱਗੇ ਵਧਾਇਆ ਜਾਵੇਗਾ।
ਮਹੇਸ਼ ਭੱਟ 'ਸੜਕ-2' ਨੂੰ ਜਲਦੀ ਬਣਾਉਣਾ ਚਾਹੁੰਦੇ ਹਨ ਪਰ ਆਲੀਆ ਭੱਟ ਦੇ ਰੁਝੇਵੇਂ ਹੀ ਇਸ 'ਸੜਕ' ਦੇ ਅੱਗੇ ਸਪੀਡ ਬ੍ਰੇਕਰ ਸਾਬਤ ਹੋ ਰਹੇ ਹਨ।


-ਇੰਦਰਮੋਹਨ ਪੰਨੂੰ

ਰਿਚਾ ਚੱਢਾ

ਪਾਰੋ ਨੂੰ ਫਿਕਰ ਲੋਕਾਂ ਦੀ

ਪਿਆਰ ਦੀ ਮੂਰਤ ਹੈ ਰਿਚਾ ਚੱਢਾ। ਆਪਣੀ ਇਹ 'ਭੋਲੀ ਪੰਜਾਬਣ' ਤੇ ਪ੍ਰੇਮੀਆਂ ਦੇ ਖਾਸ ਦਿਨ 2018 ਦਾ 'ਵੈਲੇਨਟਾਈਨ ਡੇ' ਰਿਚਾ ਚੱਢਾ ਦੇ ਨਾਂਅ ਹੋਏਗਾ ਕਿਉਂਕਿ ਸੁਧੀਰ ਮਿਸ਼ਰਾ ਦੀ ਫ਼ਿਲਮ 'ਦਾਸਦੇਵ' ਇਸ ਹਫ਼ਤੇ ਹੀ ਰਿਲੀਜ਼ ਹੋਏਗੀ। ਇਸ ਲੋਹੜੀ 'ਤੇ ਰਿਚਾ ਸਭ ਨੂੰ ਦੱਸੇਗੀ ਕਿ 16 ਫਰਵਰੀ ਵਾਲੇ ਦਿਨ 'ਪਾਰੋ' ਬਣ ਕੇ ਉਹ 'ਦੇਵਦਾਸ' ਦੇ ਅਗਲੇ ਹਿੱਸੇ ਫ਼ਿਲਮ 'ਦਾਸਦੇਵ' 'ਚ ਆ ਰਹੀ ਹੈ। ਤਿਆਰ ਰਹੋ ਇਸ 'ਤੇ ਆਪਣੇ ਪ੍ਰਤੀਕਰਮ ਦੇਣ ਲਈ। ਰਾਹੁਲ ਭੱਟ, ਅਦਿਤੀ ਰਾਓ ਹੈਦਰੀ ਵੀ ਇਸ ਫ਼ਿਲਮ 'ਚ ਰਿਚਾ ਦੇ ਨਾਲ ਹਨ। ਸ਼ਰਤ ਚੰਦਰ ਦੇ ਨਾਵਲ 'ਤੇ ਬਣੀ 'ਦਾਸਦੇਵ' ਸਬੰਧੀ ਰਿਚਾ ਉਤਸ਼ਾਹਿਤ ਹੈ। ਰਿਚਾ ਭੋਲੀ ਪੰਜਾਬਣ ਹੈ ਤੇ ਉਹ ਹਰ ਗੱਲ ਖਰੀ ਕਰਦੀ ਹੈ, ਚਾਹੇ ਬਾਅਦ 'ਚ ਉਸ ਗੱਲ 'ਤੇ ਬਖੇੜੇ ਹੀ ਪੈਦਾ ਹੋ ਜਾਣ। ਰਿਚਾ ਚੱਢਾ 'ਆਧਾਰ ਕਾਰਡ' ਕਰਕੇ ਸਰਕਾਰ ਨਾਲ ਨਾਰਾਜ਼ ਹੈ। ਫੋਨ ਨਾਲ ਆਧਾਰ ਲਿੰਕ ਕਰਨ ਲਈ ਮਜਬੂਰ ਕਰਨਾ ਕਿਧਰ ਦਾ ਜਿਊਣ ਦਾ ਅਧਿਕਾਰ ਹੈ। ਰਿਚਾ ਸਿੱਧਾ ਕਹਿ ਰਹੀ ਹੈ ਕਿ ਵਿਚਾਰੇ ਕਾਰਗਿਲ ਦੇ ਸ਼ਹੀਦ ਦੀ ਘਰਵਾਲੀ 'ਆਧਾਰ ਕਾਰਡ' ਨਾ ਹੋਣ ਕਾਰਨ ਦੁਨੀਆ ਤੋਂ ਤੁਰ ਗਈ। ਢੱਠੇ ਖੂਹ 'ਚ ਜਾਣ ਇਹੋ ਜਿਹੇ 'ਆਧਾਰ ਕਾਰਡ', ਤੇ ਰਿਚਾ ਨੇ ਸਰਕਾਰ ਨੂੰ ਘੇਰਨ ਦੇ ਨਾਲ-ਨਾਲ ਕਈ ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਸੰਪਰਕ ਕਰਕੇ ਦਰਸਾਇਆ ਹੈ ਕਿ 'ਭੋਲੀ ਪੰਜਾਬਣ' ਸਮਾਜ ਲਈ ਵੀ ਸਰਗਰਮ ਹੈ। ਪਾਰੋ ਇਕੱਲੇ 'ਦੇਵਦਾਸ' ਜਾਂ 'ਦਾਸਦੇਵ' ਹੀ ਨਹੀਂ ਬਣਾਉਂਦੀ ਬਲਕਿ ਸਮਾਜ ਦੇ ਜ਼ਰੂਰੀ ਮੁੱਦਿਆਂ 'ਤੇ ਵੀ ਸਰਕਾਰ ਨੂੰ ਉਸ ਦੇ ਫ਼ਰਜ਼ਾਂ ਦਾ ਅਹਿਸਾਸ ਕਰਵਾਉਂਦੀ ਹੈ। ਰਿਚਾ ਨੇ ਔਰਤ ਸ਼ੋਸ਼ਣ ਦੇ ਮਾਮਲੇ 'ਤੇ ਕਿਹਾ ਹੈ ਕਿ ਜੇ ਉਹ ਬੋਲ ਪਈ ਤਾਂ ਇਸ ਇੰਡਸਟਰੀ ਦੇ ਸਟਾਰ ਹੀਰੋ ਸ਼ਰਾਫ਼ਤ ਦੇ ਚੋਲੇ 'ਚੋਂ ਬਾਹਰ ਆ ਜਾਣਗੇ। ਇਸ ਲਈ ਚੁੱਪ ਹੀ ਭਲੀ।

ਰਾਣੀ ਦੀ ਹਿਚਕੀ

ਸਾਲ 2014 ਵਿਚ ਆਦਿਤਿਆ ਚੋਪੜਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਰਾਣੀ ਮੁਖਰਜੀ ਨੇ ਵਿਆਹੁਤਾ ਜ਼ਿੰਦਗੀ ਦੇ ਰੁਝੇਵਿਆਂ ਦੇ ਚਲਦਿਆਂ ਅਭਿਨੈ ਤੋਂ ਦੂਰੀ ਬਣਾ ਲਈ ਸੀ। ਹੁਣ ਨਿਰਦੇਸ਼ਕ ਸਿਧਾਰਥ ਮਲਹੋਤਰਾ ਦੀ 'ਹਿਚਕੀ' ਰਾਹੀਂ ਉਹ ਅਭਿਨੈ ਵਿਚ ਆਪਣੀ ਵਾਪਸੀ ਕਰ ਰਹੀ ਹੈ। ਅੰਗਰੇਜ਼ੀ ਫ਼ਿਲਮ 'ਫਰੰਟ ਆਫ਼ ਦ ਕਲਾਸ' ਤੋਂ ਪ੍ਰੇਰਿਤ ਇਸ ਫ਼ਿਲਮ ਵਿਚ ਇਸ ਤਰ੍ਹਾਂ ਦੀ ਅਧਿਆਪਕਾ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਹਿਚਕੀ ਤੋਂ ਪੀੜਤ ਹੈ।
ਨਇਨਾ ਮਾਥੁਰ (ਰਾਣੀ ਮੁਖਰਜੀ) ਦਾ ਸੁਪਨਾ ਹੈ ਕਿ ਉਹ ਸਕੂਲ ਅਧਿਆਪਕਾ ਬਣ ਕੇ ਭਵਿੱਖ ਸੰਵਾਰੇ। ਪਰ ਨਇਨਾ ਲਈ ਮੁਸ਼ਕਿਲ ਇਹ ਹੈ ਕਿ ਉਹ ਹਿਚਕੀ ਤੋਂ ਪੀੜਤ ਹੈ ਅਤੇ ਉਹ ਹਿਚਕੀ ਵੀ ਅਜੀਬ ਢੰਗ ਨਾਲ ਲੈਂਦੀ ਹੈ। ਇਸ ਵਜ੍ਹਾ ਕਰਕੇ ਉਹ ਕਈ ਵਾਰ ਮਜ਼ਾਕ ਦਾ ਨਿਸ਼ਾਨਾ ਵੀ ਬਣੀ ਹੈ। ਉਹ ਅਧਿਆਪਕਾ ਦੀ ਨੌਕਰੀ ਲਈ ਇਕ ਨਾਮੀ ਸਕੂਲ ਵਿਚ ਬੇਨਤੀ ਪੱਤਰ ਦਿੰਦੀ ਹੈ ਪਰ ਹਿਚਕੀ ਦੀ ਵਜ੍ਹਾ ਕਰਕੇ ਉਸ ਨੂੰ ਨੌਕਰੀ ਦੇ ਲਾਇਕ ਨਹੀਂ ਮੰਨਿਆ ਜਾਂਦਾ। ਰਾਈਟ ਟੂ ਐਜੂਕੇਸ਼ਨ ਸਕੀਮ ਤਹਿਤ ਉਸ ਸਕੂਲ ਵਿਚ 14 ਗ਼ਰੀਬ ਬੱਚਿਆਂ ਨੂੰ ਦਾਖਲਾ ਦਿੱਤਾ ਗਿਆ ਹੁੰਦਾ ਹੈ। ਨਇਨਾ ਨੂੰ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਬੱਚਿਆਂ ਨਾਲ ਸਾਹਮਣਾ ਹੋਣ ਤੋਂ ਬਾਅਦ ਨਇਨਾ ਨੂੰ ਅਨੁਭਵ ਹੁੰਦਾ ਹੈ ਕਿ ਉਨ੍ਹਾਂ ਬੱਚਿਆਂ ਵਿਚ ਅਨੁਸ਼ਾਸਨ ਨਾਂਅ ਦੀ ਕੋਈ ਚੀਜ਼ ਨਹੀਂ ਹੈ ਅਤੇ ਉਹ ਬੱਚੇ ਵੀ ਨਇਨਾ ਤੇ ਉਸ ਦੀ ਹਿਚਕੀ ਦਾ ਮਜ਼ਾਕ ਉਡਾਉਂਦੇ ਹਨ। ਪਰ ਨਇਨਾ ਹਿੰਮਤ ਨਹੀਂ ਹਾਰਦੀ ਹੈ ਅਤੇ ਉਹ ਕਿਸ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਦੇ ਨਾਲ ਜੋੜਨ ਵਿਚ ਕਾਮਯਾਬ ਹੁੰਦੀ ਹੈ, ਇਹ ਇਸ ਦੀ ਕਹਾਣੀ ਹੈ।
ਇਹ ਪੂਰੀ ਫ਼ਿਲਮ ਰਾਣੀ ਮੁਖਰਜੀ ਦੇ ਮੋਢਿਆਂ 'ਤੇ ਹੈ ਅਤੇ ਇਹੀ ਵਜ੍ਹਾ ਹੈ ਕਿ ਇਥੇ ਰਾਣੀ ਦੇ ਨਾਲ ਕੋਈ ਵੱਡਾ ਸਟਾਰ ਨਹੀਂ ਹੈ। ਰਾਣੀ ਦੀ ਪਿਛਲੀ ਫ਼ਿਲਮ 'ਮਰਦਾਨੀ' ਵਿਚ ਵੀ ਫ਼ਿਲਮ ਦਾ ਦਾਰੋਮਦਾਰ ਉਸੇ 'ਤੇ ਸੀ। ਇਥੇ ਰਾਣੀ ਵਲੋਂ ਜੋ ਭੂਮਿਕਾ ਨਿਭਾਈ ਗਈ ਹੈ, ਉਸ ਤਰ੍ਹਾਂ ਦੀ ਪਹਿਲਾਂ ਕਿਸੇ ਕਮਰਸ਼ੀਅਲ ਫ਼ਿਲਮ ਵਿਚ ਕਿਸੇ ਹੀਰੋਇਨ ਵਲੋਂ ਨਹੀਂ ਨਿਭਾਈ ਗਈ। ਇਸ ਨੂੰ ਦੇਖ ਕੇ ਕਹਿਣਾ ਹੋਵੇਗਾ ਕਿ ਇਹ ਚੁਣੌਤੀਪੂਰਨ ਭੂਮਿਕਾ ਰਾਹੀਂ ਉਹ ਆਪਣੀ ਵਾਪਸੀ ਕਰ ਰਹੀ ਹੈ। ਰਾਣੀ ਦੇ ਨਾਲ ਇਸ ਵਿਚ ਹਰਸ਼ ਮਾਇਰ, ਸੁਪ੍ਰੀਆ ਪਿਲਗਾਓਂਕਰ, ਸ਼ਿਵ ਸੁਬ੍ਰਮਣੀਅਮ, ਨੀਰਜ ਕਬੀ, ਆਸਿਫ਼ ਬਸਰਾ ਅਤੇ ਇਵਾਨ ਰੋਡ੍ਰਿਗਸ ਨੇ ਅਭਿਨੈ ਕੀਤਾ ਹੈ।

'ਜੀਨੀਅਸ' ਇਸ਼ਿਤਾ ਚੌਹਾਨ

ਪਹਿਲਾਂ ਦਿਵਿਆ ਖੋਸਲਾ ਤੇ ਉਰਵਸ਼ੀ ਰੌਤੇਲਾ ਨੂੰ ਫ਼ਿਲਮਾਂ ਵਿਚ ਮੌਕਾ ਦੇਣ ਵਾਲੇ ਨਿਰਦੇਸ਼ਕ ਅਨਿਲ ਸ਼ਰਮਾ ਹੁਣ ਆਪਣੀ ਅਗਾਮੀ ਫ਼ਿਲਮ 'ਜੀਨੀਅਸ' ਵਿਚ ਇਕ ਹੋਰ ਹੀਰੋਇਨ ਨੂੰ ਮੌਕਾ ਦੇ ਰਹੇ ਹਨ ਅਤੇ ਇਹ ਹੈ ਇਸ਼ਿਤਾ ਚੌਹਾਨ। 'ਜੀਨੀਅਸ' ਰਾਹੀਂ ਅਨਿਲ ਸ਼ਰਮਾ ਆਪਣੇ ਬੇਟੇ ਉਤਕਰਸ਼ ਨੂੰ ਲਾਂਚ ਕਰ ਰਹੇ ਹਨ। ਉਹ ਬੇਟੇ ਦੇ ਸਾਹਮਣੇ ਨਵੀਂ ਹੀਰੋਇਨ ਚਾਹੁੰਦੇ ਸਨ। ਸੋ, ਕਈ ਸੌ ਨਵੇਂ ਚਿਹਰੇ ਦੇਖਣ ਤੋਂ ਬਾਅਦ ਉਨ੍ਹਾਂ ਨੇ ਇਸ਼ਿਤਾ ਨੂੰ ਫਾਈਨਲ ਕਰ ਲਿਆ। ਵਰਣਨਯੋਗ ਗੱਲ ਇਹ ਹੈ ਕਿ ਜਿਥੇ ਉਤਕਰਸ਼ ਨੇ ਬਾਲ ਕਲਾਕਾਰ ਦੇ ਤੌਰ 'ਤੇ 'ਗ਼ਦਰ' ਵਿਚ ਕੰਮ ਕੀਤਾ ਸੀ, ਉਥੇ ਇਸ਼ਿਤਾ ਨੇ ਬਾਲ ਕਲਾਕਾਰ ਦੇ ਰੂਪ ਵਿਚ 'ਆਪ ਕੇ ਸੁਰੂਰ' ਵਿਚ ਕੰਮ ਕੀਤਾ ਸੀ। ਭਾਵ 'ਜੀਨੀਅਸ' ਦੇ ਦੋ ਬਾਲ ਕਲਾਕਾਰਾਂ ਨੂੰ ਨਾਇਕ-ਨਾਇਕਾ ਦੇ ਤੌਰ 'ਤੇ ਚਮਕਾਇਆ ਜਾ ਰਿਹਾ ਹੈ। ਖ਼ੁਦ ਨੂੰ ਮਿਲੇ ਇਸ ਮੌਕੇ ਤੋਂ ਇਸ਼ਿਤਾ ਕਾਫੀ ਖੁਸ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਜਿਸ ਮੌਕੇ ਦੀ ਭਾਲ ਵਿਚ ਸੀ, ਉਹ ਉਸ ਨੂੰ ਮਿਲ ਗਿਆ ਹੈ। ਉਮੀਦ ਹੈ ਕਿ 'ਗ਼ਦਰ' ਦੇ ਨਿਰਦੇਸ਼ਕ ਵਲੋਂ ਪੇਸ਼ ਕੀਤੀ ਜਾ ਰਹੀ ਇਹ ਜੋੜੀ ਟਿਕਟ ਖਿੜਕੀ 'ਤੇ ਗ਼ਦਰ ਮਚਾ ਦੇਣ ਵਿਚ ਕਾਮਯਾਬ ਹੋਵੇਗੀ।


-ਪੰਨੂੰ

ਨਵੀਂ ਫ਼ਿਲਮ 'ਜਾਨੇ ਕਿਉਂ ਦੇ ਯਾਰੋਂ'

ਆਪਣੇ ਗਾਡ ਫਾਦਰ ਦੇਵ ਆਨੰਦ ਦੇ ਪੈਰ ਚਿੰਨ੍ਹਾਂ 'ਤੇ ਚਲਦੇ ਹੋਏ ਅਦਾਕਾਰ ਤੋਂ ਨਿਰਦੇਸ਼ਕ ਬਣ ਗਏ ਹਨ ਅਤੇ ਉਨ੍ਹਾਂ ਵਲੋਂ ਨਿਰਦੇਸ਼ਿਤ ਕੀਤੀ ਗਈ ਫ਼ਿਲਮ ਦਾ ਨਾਂਅ ਹੈ 'ਜਾਨੇ ਕਿਉਂ ਦੇ ਯਾਰੋਂ'।
ਫ਼ਿਲਮ ਵਿਚ ਦੋ ਇਸ ਤਰ੍ਹਾਂ ਦੇ ਦੋਸਤਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜੋ ਸੰਗੀਤ ਦੀ ਦੁਨੀਆ ਵਿਚ ਨਾਂਅ ਕਮਾਉਣ ਦੀ ਇੱਛਾ ਪਾਲੀ ਬੈਠੇ ਹੁੰਦੇ ਹਨ। ਸੰਘਰਸ਼ ਦੇ ਦੌਰ ਦੌਰਾਨ ਦੋਵੇਂ ਇਕ ਫ਼ਿਲਮੀ ਪਾਰਟੀ ਵਿਚ ਜਾਂਦੇ ਹਨ ਤਾਂ ਕਿ ਜਾਣ-ਪਛਾਣ ਵਧੇ ਅਤੇ ਕੁਝ ਕੰਮ ਮਿਲ ਜਾਵੇ। ਉਹ ਪਾਰਟੀ ਤੋਂ ਵਾਪਸ ਆ ਰਹੇ ਹੁੰਦੇ ਹਨ ਕਿ ਪੁਲਿਸ ਚੈਕਿੰਗ ਦੌਰਾਨ ਪੁਲਿਸ ਦੇ ਹੱਥੇ ਚੜ੍ਹ ਜਾਂਦੇ ਹਨ ਅਤੇ ਪੁਲਿਸ ਉਨ੍ਹਾਂ ਨੂੰ ਸ਼ਰਾਬ ਪੀ ਕੇ ਮੋਟਰ ਸਾਈਕਲ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲੈਂਦੀ ਹੈ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਬਾਅਦ ਵਿਚ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਕਾਨੂੰਨ ਦੀ ਵਰਤੋਂ ਕਰਕੇ ਨਿਰਦੋਸ਼ ਲੋਕਾਂ ਤੋਂ ਪੈਸੇ ਮੰਗਣ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਹ ਇਸ ਭ੍ਰਿਸ਼ਟ ਤੰਤਰ ਖਿਲਾਫ਼ ਲੜਨ ਦਾ ਕਦਮ ਚੁੱਕਦੇ ਹਨ ਅਤੇ ਇਹ ਲੜਾਈ ਉਨ੍ਹਾਂ ਨੂੰ ਕਿੱਥੇ ਲੈ ਜਾਂਦੀ ਹੈ, ਇਹ ਇਸ ਦੀ ਕਹਾਣੀ ਹੈ।

ਸੁਸ਼ਾਂਤ ਸਿੰਘ ਹੁਣ ਡਾਕੂ ਦੀ ਭੂਮਿਕਾ ਵਿਚ

'ਉੜਤਾ ਪੰਜਾਬ' ਵਾਲੇ ਨਿਰਦੇਸ਼ਕ ਅਭਿਸ਼ੇਕ ਚੌਬੇ ਨੇ ਹੁਣ ਡਾਕੂ 'ਤੇ ਆਧਾਰਿਤ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਸੁਸ਼ਾਂਤ ਸਿੰਘ ਰਾਜਪੂਤ ਇਸ ਵਿਚ ਡਾਕੂ ਦੀ ਭੂਮਿਕਾ ਨਿਭਾਉਣਗੇ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਚੰਬਲ ਦੀ ਘਾਟੀ ਵਿਚ ਕੀਤੀ ਜਾਵੇਗੀ ਅਤੇ ਇਸ ਦੇ ਸੰਵਾਦਾਂ ਵਿਚ ਬੁੰਦੇਲਖੰਡ ਵਾਲਾ ਟੱਚ ਰੱਖਿਆ ਜਾਵੇਗਾ।
ਇਸ ਭੂਮਿਕਾ ਲਈ ਸੁਸ਼ਾਂਤ ਵਲੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲਾ ਕੰਮ ਤਾਂ ਉਨ੍ਹਾਂ ਨੇ ਕਸਰਤ ਕਰਨੀ ਛੱਡ ਦਿੱਤੀ ਹੈ। ਫ਼ਿਲਮ ਦੀ ਕਹਾਣੀ 1970 ਦੇ ਸਮੇਂ ਦੀ ਹੈ ਅਤੇ ਉਦੋਂ ਸਿਕਸ ਪੈਕਸ ਐਬਸ ਦਾ ਰਿਵਾਜ਼ ਨਹੀਂ ਸੀ। ਇਸ ਵਜ੍ਹਾ ਕਰਕੇ ਸੁਸ਼ਾਂਤ ਨੇ ਆਪਣੇ ਮਸਲਾਂ ਤੋਂ ਨਿਜਾਤ ਪਾਉਣ ਦਾ ਨਿਰਣਾ ਲਿਆ ਹੈ।
ਫ਼ਿਲਮ ਵਿਚ ਭੂਮੀ ਪੇਡਣੇਕਰ ਵੀ ਹੈ ਅਤੇ ਉਹ ਵੀ ਡਾਕੂ ਦੀ ਭੂਮਿਕਾ ਵਿਚ ਹੈ। ਇਨ੍ਹਾਂ ਨਾਲ ਇਸ ਵਿਚ ਮਨੋਜ ਵਾਜਪਈ ਵੀ ਹੈ। ਅਗਾਮੀ 21 ਜਨਵਰੀ ਨੂੰ ਸੁਸ਼ਾਂਤ ਦਾ ਜਨਮ ਦਿਨ ਹੈ ਅਤੇ ਉਹ ਇਸ ਗੱਲ ਨੂੰ ਲੈ ਕੇ ਰੋਮਾਂਚਿਤ ਹੈ ਕਿ ਸ਼ਹਿਰੀ ਸ਼ੋਰ-ਸ਼ਰਾਬੇ ਤੋਂ ਦੂਰ ਚੰਬਲ ਦੀ ਘਾਟੀ ਵਿਚ ਉਹ ਆਪਣਾ ਜਨਮ ਦਿਨ ਮਨਾਉਣਗੇ।

ਚੌਵੀ ਸਾਲ ਬਾਅਦ ਦੀਪਿਕਾ ਦੀ ਵਾਪਸੀ

ਅੱਜ ਜਿਥੇ ਦੀਪਿਕਾ ਪਾਦੂਕੋਨ ਦੇ ਨਾਂਅ ਦੇ ਡੰਕੇ ਚਾਰੇ ਪਾਸੇ ਵੱਜ ਰਹੇ ਹਨ, ਉਥੇ ਤਕਰੀਬਨ ਤੀਹ ਸਾਲ ਪਹਿਲਾਂ ਇਕ ਹੋਰ ਦੀਪਿਕਾ ਦੇ ਨਾਂਅ ਦੇ ਡੰਕੇ ਵੱਜਿਆ ਕਰਦੇ ਸਨ। ਲੋਕਾਂ ਵਿਚ ਇਸ ਦੀਪਿਕਾ ਪ੍ਰਤੀ ਇਸ ਤਰ੍ਹਾਂ ਦੀ ਦੀਵਾਨਗੀ ਸੀ ਕਿ ਉਹ ਜਿਥੇ ਕਿਤੇ ਜਾਂਦੀ, ਲੋਕ ਉਸ ਦੇ ਪੈਰ ਛੂਹਣ ਲੱਗ ਜਾਂਦੇ ਸਨ। ਇਹ ਸੀ ਦੀਪਿਕਾ ਚੀਖਲੀਆ ਜੋ ਰਾਮਾਨੰਦ ਸਾਗਰ ਦੇ ਲੜੀਵਾਰ 'ਰਾਮਾਇਣ' ਵਿਚ ਸੀਤਾ ਬਣੀ ਸੀ। ਹਾਲਾਂਕਿ ਆਪਣੇ ਦੌਰ ਵਿਚ ਦੀਪਿਕਾ ਨੇ 'ਸੁਨ ਮੇਰੀ ਲੈਲਾ', 'ਪੱਥਰ', 'ਰਾਤ ਕੇ ਅੰਧੇਰੇ ਮੇਂ', 'ਚੀਖ', 'ਰੁਪਏ ਦਸ ਕਰੋੜ', 'ਦੂਰੀ' ਆਦਿ ਫ਼ਿਲਮਾਂ ਕੀਤੀਆਂ ਸਨ ਪਰ ਅੱਜ ਵੀ ਉਹ ਸੀਤਾ ਦੇ ਤੌਰ 'ਤੇ ਹੀ ਜਾਣੀ ਜਾਂਦੀ ਹੈ। ਉਦੋਂ ਦੀਪਿਕਾ ਆਪਣੀ ਲੋਕਪ੍ਰਿਅਤਾ ਦੇ ਦਮ 'ਤੇ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਲੋਕ ਸਭਾ ਵਿਚ ਵੀ ਪਹੁੰਚੀ ਸੀ।
ਵੱਡੇ ਪਰਦੇ 'ਤੇ ਆਖਰੀ ਵਾਰ ਫ਼ਿਲਮ 'ਖੁਦਾਈ' ਵਿਚ ਦਿਸੀ ਦੀਪਿਕਾ ਹੁਣ ਚੌਵੀ ਸਾਲ ਬਾਅਦ ਫ਼ਿਲਮਾਂ ਵਿਚ ਆਪਣੀ ਵਾਪਸੀ ਕਰ ਰਹੀ ਹੈ। ਨਿਰਦੇਸ਼ਕ ਮਨੋਜ ਗਿਰੀ ਦੀ ਫ਼ਿਲਮ 'ਗ਼ਾਲਿਬ' ਵਿਚ ਦੀਪਿਕਾ ਵਲੋਂ ਤਬੱਸੁਮ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਇਹ ਫ਼ਿਲਮ ਅਫ਼ਜ਼ਲ ਗੁਰੂ ਦੇ ਬੇਟੇ ਗ਼ਾਲਿਬ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਅਤੇ ਉਹ ਗ਼ਾਲਿਬ ਦੀ ਮਾਂ ਦੀ ਭੂਮਿਕਾ ਵਿਚ ਹੈ।
ਆਪਣੀ ਵਾਪਸੀ ਵਾਲੀ ਇਸ ਫ਼ਿਲਮ ਵਿਚ ਭੂਮਿਕਾ ਬਾਰੇ ਦੀਪਿਕਾ ਕਹਿੰਦੀ ਹੈ, 'ਇਹ ਫ਼ਿਲਮ ਮਾਂ-ਬੇਟੇ ਦੇ ਰਿਸ਼ਤੇ 'ਤੇ ਆਧਾਰਿਤ ਹੈ। ਇਕ ਅੱਤਵਾਦੀ ਨੂੰ ਫ਼ਾਂਸੀ 'ਤੇ ਚੜ੍ਹਾ ਦੇਣ ਤੋਂ ਬਾਅਦ ਉਸ ਦੀ ਪਤਨੀ ਤੇ ਬੇਟੇ 'ਤੇ ਕੀ ਬੀਤਦੀ ਹੈ, ਇਹ ਇਸ ਦੀ ਕਹਾਣੀ ਹੈ। ਪਿਛਲੇ ਕੁਝ ਸਮੇਂ ਤੋਂ ਮੈਨੂੰ ਕਈ ਭੂਮਿਕਾਵਾਂ ਦੀਆਂ ਪੇਸ਼ਕਸ਼ਾਂ ਹੋ ਰਹੀਆਂ ਸਨ ਪਰ ਮੈਂ ਅਰਥਪੂਰਨ ਭੂਮਿਕਾ ਦੇ ਇੰਤਜ਼ਾਰ ਵਿਚ ਸੀ ਅਤੇ ਜਦੋਂ ਇਹ ਭੂਮਿਕਾ ਮੈਨੂੰ ਮਿਲੀ ਤਾਂ ਉਦੋਂ ਲੱਗਿਆ ਕਿ ਜਿਵੇਂ ਮੈਨੂੰ ਇਸ ਦਾ ਹੀ ਇੰਤਜ਼ਾਰ ਸੀ।'
ਦੀਪਿਕਾ ਨੇ ਆਪਣੀ ਪਹਿਲੀ ਪਾਰੀ ਵਿਚ ਛੋਟੇ ਪਰਦੇ 'ਤੇ ਤਾਂ ਬਹੁਤ ਸਫ਼ਲਤਾ ਬਟੋਰੀ ਸੀ ਹੁਣ ਦੇਖੋ, ਇਸ ਦੂਜੀ ਪਾਰੀ ਵਿਚ ਉਹ ਵੱਡੇ ਪਰਦੇ 'ਤੇ ਕੀ ਕ੍ਰਿਸ਼ਮਾ ਦਿਖਾ ਪਾਉਂਦੀ ਹੈ।


-ਮੁੰਬਈ ਪ੍ਰਤੀਨਿਧ

ਮੁਹੰਮਦ ਰਫ਼ੀ: ਫ਼ਿਲਮੀ ਗਾਇਕੀ ਦਾ ਫ਼ਰਿਸ਼ਤਾ

(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
ਰਫ਼ੀ ਨੂੰ ਇਹ ਰੱਬੀ ਬਖਸ਼ਿਸ਼ ਹਾਸਿਲ ਸੀ ਕਿ ਉਹ ਹਰ ਤਰ੍ਹਾਂ ਦੇ ਗੀਤ, ਗਜ਼ਲ, ਕੱਵਾਲੀ ਤੇ ਰਾਗ ਆਦਿ ਗਾ ਸਕਦਾ ਸੀ। ਰਫ਼ੀ ਦੀ ਆਵਾਜ਼ ਦਾ ਜਾਦੂ ਹਰ ਸਰੋਤੇ ਦੇ ਸਿਰ ਚੜ੍ਹ ਬੋਲਿਆ ਅਤੇ ਉਨ੍ਹਾਂ ਦਾ ਗਾਣਾ ਸੁਣ ਕੇ ਰੂਹ ਨਸ਼ਿਆ ਜਾਂਦੀ ਸੀ । ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਫ਼ਿਲਮੀ ਕੈਰੀਅਰ ਦੌਰਾਨ ਹਿੰਦੀ, ਉਰਦੂ, ਪੰਜਾਬੀ ਤੋਂ ਇਲਾਵਾ ਭਾਰਤ ਅਤੇ ਵਿਸ਼ਵ ਦੀਆਂ ਕਈ ਹੋਰਨਾਂ ਭਾਸ਼ਾਵਾਂ (ਕੋਂਕਨੀ, ਭੋਜਪੁਰੀ, ਉੜੀਆ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਾਘੀ, ਮੈਥਿਲੀ, ਅਸਾਮੀ, ਅੰਗਰੇਜ਼ੀ, ਫ਼ਾਰਸੀ, ਸਪੈਨਿਸ਼ ਅਤੇ ਡੱਚ ਆਦਿ) ਵਿਚ ਕਰੀਬਨ 26000 ਗੀਤ, ਕੱਵਾਲੀ, ਗ਼ਜ਼ਲ, ਭਜਨ ਆਦਿ ਗਾਏ ਹਨ। ਸਨ 2010 ਵਿਚ ਆਊਟ ਲੁੱਕ ਮੈਗਜ਼ੀਨ ਨੇ ਸੰਗੀਤ ਦਾ ਇਕ ਖੁੱਲ੍ਹਾ ਮੁਕਾਬਲਾ ਕਰਵਾਇਆ ਜਿਸ ਵਿਚ ਰਫ਼ੀ ਦੁਆਰਾ ਫ਼ਿਲਮ ਚਿੱਤਰਲੇਖਾ ਲਈ ਗਾਇਆ ਗੀਤ 'ਮਨ ਰੇ ਤੂੰ ਕਾਹੇ ਨਾ ਧੀਰ ਧਰੇ...' ਅੱਵਲ ਆਇਆ ਸੀ। 'ਸਟਾਰ ਡਸਟ' ਮੈਗਜ਼ੀਨ ਨੇ ਰਫ਼ੀ ਨੂੰ ਸਦੀ ਦਾ ਸਰਵੋਤਮ ਗਾਇਕ ਹੋਣ ਦਾ ਮਾਣ ਬਖਸ਼ਿਆ। ਭਾਰਤ ਸਰਕਾਰ ਨੇ ਰਫ਼ੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਨਾਗਰਿਕ ਐਵਾਰਡ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਸੀ। ਇਸ ਤੋਂ ਇਲਾਵਾ ਰਫ਼ੀ ਨੇ ਪੰਜ ਵਾਰੀ ਫ਼ਿਲਮ-ਫੇਅਰ ਟ੍ਰਾਫੀਆਂ/ ਐਵਾਰਡ ਵੀ ਜਿਤੇ ਸਨ।
ਉਹ ਕਦੇ ਸਨਮਾਨਾਂ ਦੀ ਦੌੜ ਵਿਚ ਨਹੀਂ ਪਏ ਸਗੋਂ ਉਨ੍ਹਾਂ ਸਾਦਗੀ ਨੂੰ ਆਪਣੇ ਜੀਵਨ ਵਿਚ ਅਪਣਾਈ ਰੱਖਿਆ। ਮੁਹੰਮਦ ਰਫ਼ੀ ਨੂੰ ਆਪਣੇ ਪਿੰਡ ਦੀ ਮਿੱਟੀ, ਮਾਂ-ਬੋਲੀ ਪੰਜਾਬੀ ਅਤੇ ਪੰਜਾਬ ਵਾਸੀਆਂ ਨਾਲ ਬੇਹੱਦ ਪਿਆਰ ਸੀ। ਮੁਹੰਮਦ ਰਫ਼ੀ ਨੇ ਇਨਸਾਨੀਅਤ ਅਤੇ ਰਹਿਮਦਿਲੀ ਨੂੰ ਕਦੇ ਨਹੀਂ ਛੱਡਿਆ। ਗ਼ਰੀਬਾਂ ਅਤੇ ਲੋੜਵੰਦਾਂ ਪ੍ਰਤੀ ਉਹ ਹਮੇਸ਼ਾ ਮਦਦਗਾਰ ਰਿਹਾ। ਇਥੋਂ ਤੱਕ ਕਿ ਕਈ ਨਵੇਂ ਤੇ ਛੋਟੇ ਸੰਗੀਤਕਾਰਾਂ ਵਾਸਤੇ ਮੁਫ਼ਤ ਵਿਚ ਗੀਤ ਗਾਏ। ਰਫ਼ੀ ਸਾਹਿਬ ਨਾ ਤਾਂ ਕਦੇ ਕਿਸੇ ਫ਼ਿਲਮੀ ਪਾਰਟੀ 'ਚ ਜਾਂਦੇ ਸਨ ਤੇ ਨਾ ਹੀ ਉਨ੍ਹਾਂ ਨੇ ਕਦੇ ਸ਼ਰਾਬ ਜਾਂ ਸਿਗਰਟ ਪੀਤੀ ਸੀ। ਉਹ ਤਾਂ ਘਰ ਤੋਂ ਰਿਕਾਰਡਿੰਗ ਰੂਮ ਤੇ ਵਾਪਸ ਘਰ ਦੇ ਰੂਟੀਨ ਦੀ ਪਾਲਣਾ ਕਰਦੇ ਸਨ। ਰੋਜ਼ਾਨਾ ਸਵੇਰੇ ਚਾਰ ਵਜੇ ਉਠ ਕੇ ਰਿਆਜ਼ ਕਰਨਾ ਕਦੇ ਨਹੀਂ ਭੁੱਲਦੇ ਸੀ। ਉਨ੍ਹਾਂ ਦੇ ਪੁੱਤਰ ਸ਼ਾਹਿਦ ਰਫ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਬੈਡਮਿੰਟਨ, ਕੈਰਮ ਖੇਡਣਾ ਅਤੇ ਪਤੰਗ ਉਡਾਉਣਾ ਬੇਹੱਦ ਪਸੰਦ ਸੀ। ਰਫ਼ੀ ਸਾਹਿਬ ਬਾਰੇ ਬਹੁਤ ਵਿਚਾਰ-ਚਰਚਾ ਕਰਨ ਨਾਲੋਂ ਸਿਰਫ ਏਨਾ ਹੀ ਕਹਿਣਾ ਬਹੁਤ ਹੈ ਕਿ ਉਹ ਗਾਇਕੀ ਦੇ ਇਕ ਚਮਕਦੇ ਸੂਰਜ ਸਨ।
ਰਫ਼ੀ ਨੇ 30 ਜੁਲਾਈ 1980 ਨੂੰ ਆਪਣਾ ਆਖ਼ਰੀ ਗੀਤ 'ਤੂ ਕਹੀਂ ਆਸ-ਪਾਸ ਹੈ ਦੋਸਤ, ਦਿਲ ਫਿਰ ਭੀ ਉਦਾਸ ਹੈ ਦੋਸਤ..' ਫ਼ਿਲਮ 'ਆਸ-ਪਾਸ' ਲਈ ਰਿਕਾਰਡ ਕੀਤਾ ਸੀ। ਦੂਜੇ ਹੀ ਦਿਹਾੜੇ 31 ਜੁਲਾਈ 1980 ਨੂੰ ਮੁਹੰਮਦ ਰਫ਼ੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਵਰ੍ਹਦੇ ਪਾਣੀ ਦੇ ਮੌਸਮ ਵਿਚ ਰਫ਼ੀ ਸਾਹਿਬ ਦੀ ਅੰਤਿਮ ਯਾਤਰਾ 'ਚ ਅੰਤਾਂ ਦੀ ਭੀੜ ਇਕੱਠੀ ਹੋਈ ਸੀ। ਅੱਜ ਵੀ ਰਫ਼ੀ ਦੀ ਆਵਾਜ਼ ਕਰੋੜਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਨ ਬਣੀ ਹੋਈ ਹੈ। ਮੁਹੰਮਦ ਰਫ਼ੀ ਨੇ ਆਪਣੀ ਪ੍ਰਤਿਭਾ ਅਤੇ ਫ਼ਨ ਦੇ ਦਮ 'ਤੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਜਿਸ ਦੀ ਬਦੌਲਤ ਉਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। (ਸਮਾਪਤ)


-ਭੀਮ ਰਾਜ ਗਰਗ
ਫਲੈਟ ਨੰ: 157, ਸੇਕਟਰ-45ਏ, ਚੰਡੀਗੜ੍ਹ-160047
ਈਮੇਲ: gbraj1950@gmail.com

ਪੰਜਾਬੀ ਗਾਇਕੀ ਵਿਚ ਉੱਭਰਦਾ ਨਾਂਅ-ਗਾਇਕ ਸਾਹਿਬ ਮੱਲ

ਅੱਜ ਦੇ ਜ਼ਮਾਨੇ ਵਿਚ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਮਿਹਨਤ ਤੇ ਸੰਘਰਸ਼ ਦੇ ਬਲਬੂਤੇ ਗਾਇਕੀ ਦੇ ਖੇਤਰ ਵਿਚ ਆਪਣਾ ਨਾਂਅ ਬਣਾ ਰਹੇ ਹਨ। ਅਜਿਹਾ ਹੀ ਇਕ ਨਾਂਅ ਹੈ ਗਾਇਕ ਸਾਹਿਬ ਮੱਲ ਦਾ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਾਉਕੇ ਦੇ ਜਰਨੈਲ ਸਿੰਘ ਤੇ ਮਾਤਾ ਸਵਰਨ ਕੌਰ ਦਾ ਲਾਡਲਾ ਫਰਜ਼ੰਦ ਸਾਹਿਬ ਮੱਲ ਪੰਜਾਬੀ ਗਾਇਕੀ ਵਿਚ ਨਿਵੇਕਲਾ ਸਥਾਨ ਬਣਾਉਣਾ ਚਾਹੁੰਦਾ ਹੈ। ਉਸ ਨੇ ਉਸਤਾਦ ਪ੍ਰੋਫੈਸਰ ਗੁਰਰਾਜ ਸਿੰਘ ਗਿੱਲ ਦੇ ਥਾਪੜੇ ਸਦਕਾ ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਸ਼ਬਦ ਗਾਇਨ, ਗੀਤ ਤੇ ਨਿਰੋਲ ਪੰਜਾਬੀ ਵਾਰ ਗਾਇਨ ਵਿਚ ਕਈ ਇਨਾਮ ਜਿੱਤੇ ਹਨ। ਆਰਮੀ ਸਕੂਲ ਫ਼ਿਰੋਜ਼ਪੁਰ ਵਿਖੇ ਗਣਿਤ ਅਧਿਆਪਕ ਵਜੋਂ ਸੇਵਾ ਦੌਰਾਨ ਉਸ ਦਾ ਮੇਲ ਸੰਗੀਤ ਅਧਿਆਪਕ ਤੇ ਗਾਇਕ ਤਰਸੇਮ ਅਰਮਾਨ ਤੇ ਸੁਖ ਸਾਰੰਗ ਨਾਲ ਹੋਇਆ। ਉਸ ਨੇ ਸਰੋਤਿਆਂ ਨੂੰ ਪਹਿਲੀ ਐਲਬਮ 'ਹਾਂ ਕਰਦੇ' ਦਿੱਤੀ ਜਿਸ ਨਾਲ ਉਹ ਦੇਸ਼ਾਂ-ਵਿਦੇਸ਼ਾਂ ਵਿਚ ਕਾਫੀ ਮਕਬੂਲ ਹੋਇਆ। ਉਸ ਦਾ ਗੀਤ 'ਬਾਬਾ ਬਖਤੌਰਾ' ਤੇ ਸੁਦੇਸ਼ ਕੁਮਾਰੀ ਨਾਲ ਦੋਗਾਣਾ 'ਫੈਬਲਸ ਜੱਟ' ਕਾਫ਼ੀ ਮਕਬੂਲ ਹੋਏ। ਆਪਣੇ ਛੋਟੇ ਜਿਹੇ ਸਫਰ ਦੌਰਾਨ ਉਸ ਨੂੰ ਬਾਲੀਵੁੱਡ ਗਾਇਕਾ ਸਵ: ਮਨਪ੍ਰੀਤ ਅਖ਼ਤਰ ਨਾਲ 'ਪ੍ਰਦੇਸ ਤੋਂ ਪੰਜਾਬ' ਗਾਉਣ ਦਾ ਸਬੱਬ ਮਿਲਿਆ। ਅੱਜਕਲ੍ਹ ਉਹ ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਬਤੌਰ ਅਧਿਆਪਕ ਸੇਵਾਵਾਂ ਦੇ ਰਿਹਾ ਹੈ। ਉਹ ਜਲਦੀ ਹੀ ਗੀਤਕਾਰ ਨਿਰਮਲ ਦਿਉਲ, ਪ੍ਰੀਤ ਭਾਗੀਕੇ ਤੇ ਗਾਮਾ ਸਿੱਧੂ ਦੇ ਗੀਤਾਂ ਦੁਆਰਾ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰੀ ਲਗਵਾ ਰਿਹਾ ਹੈ ਤੇ ਉਕਤ ਗੀਤਾਂ ਦੀ ਵੀਡੀਓਗ੍ਰਾਫੀ ਪੰਜਾਬ ਤੇ ਕੈਨੇਡਾ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਹੈ।


-ਪ੍ਰਤੀਨਿਧੀ 'ਅਜੀਤ' ਹੀਰੋਂ ਖੁਰਦ (ਮਾਨਸਾ)
chahalheron@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX