ਤਾਜਾ ਖ਼ਬਰਾਂ


ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  about 1 hour ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  about 1 hour ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 2 hours ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  about 3 hours ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਹੋਰ ਖ਼ਬਰਾਂ..

ਖੇਡ ਜਗਤ

ਕੌਮੀ ਹਾਕੀ ਤੋਂ ਪ੍ਰਭਾਵਸ਼ਾਲੀ ਨਤੀਜੇ ਮਿਲਣ ਦੀ ਆਸ ਬੱਝੀ

ਅਸੀਂ ਹੁਣ ਕਹਿ ਸਕਦੇ ਹਾਂ ਕਿ ਵਿਸ਼ਵ ਕੱਪ ਹਾਕੀ 2018 ਲਈ ਘਰੇਲੂ ਮੈਦਾਨ ਭੁਵਨੇਸ਼ਵਰ ਵਿਖੇ ਉਸ਼ਨਿਆ ਅਤੇ ਯੂਰਪੀਨ ਮਹਾਂਦੀਪ ਦੀਆਂ ਟੀਮਾਂ ਦੇ ਰੂਬਰੂ ਸਖਤ ਚੁਣੌਤੀ ਬਣ ਸਕਦੀ ਹੈ। ਇਸ ਗੱਲ ਦੀ ਗਵਾਹੀ ਦਿੱਤੀ ਹੈ 2017 ਦੇ ਹਾਕੀ ਵਰਲਡ ਲੀਗ ਫਾਈਨਲ ਦੇ ਮੈਚਾਂ ਨੇ। ਭਾਵੇਂ ਕੁਝ ਤਰੁੱਟੀਆਂ ਦੇਖੀਆਂ ਗਈਆਂ ਹਨ ਪਰ ਭਵਿੱਖ ਵਿਚ ਇਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
2017 ਦੇ ਇਸ ਹਾਕੀ ਵਰਲਡ ਲੀਗ ਫਾਈਨਲਜ਼ ਦੇ ਮੈਚਾਂ ਦਾ ਜੋ ਭਾਰਤੀ ਟੀਮ ਨੇ ਆਸਟ੍ਰੇਲੀਆ, ਇੰਗਲੈਂਡ, ਬੈਲਜ਼ੀਅਮ, ਅਰਜਨਟੀਨਾ ਵਿਰੁੱਧ ਖੇਡੇ, ਗਹੁ ਨਾਲ ਜੇ ਅਧਿਐਨ ਕਰੀਏ ਤਾਂ ਪਤਾ ਲਗਦਾ ਹੈ ਕਿ ਪੈਨਲਟੀ ਕਾਰਨਰ ਵਿਭਾਗ ਸਾਡੀ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਫੀਲਡ ਗੋਲਾਂ ਦੀ ਕਮੀ 'ਚ ਪੈਨਲਟੀ ਕਾਰਨਰ ਰਾਹੀਂ ਗੋਲ ਅੰਤਲੇ ਛਿਣਾਂ 'ਚ ਵੀ ਮੈਚ ਦਾ ਪਾਸਾ ਪਲਟ ਕੇ ਰੱਖ ਦਿੰਦਾ ਹੈ। ਇਸੇ ਵਿਭਾਗ 'ਚ ਸਾਡੇ ਡਰੈਗ ਫਲਿਕਰਾਂ ਨੂੰ ਕਾਫੀ ਮਿਹਨਤ ਦੀ ਲੋੜ ਹੈ। ਹਾਕੀ ਇੰਡੀਆ ਇਸ ਪੱਖੋਂ ਹਰ ਟੂਰਨਾਮੈਂਟ 'ਚ ਨਵੇਂ-ਨਵੇਂ ਤਜਰਬੇ ਤਾਂ ਕਰ ਰਹੀ ਹੈ। ਬਦਲਵੇਂ ਖਿਡਾਰੀ ਵੀ ਪਰਖ ਰਹੀ ਹੈ ਪਰ ਨਤੀਜੇ ਅਜੇ ਵੀ ਪ੍ਰਭਾਵਸ਼ਾਲੀ ਨਹੀਂ ਮਿਲ ਰਹੇ। ਇਸ ਪੱਖੋਂ ਵਧੇਰੇ ਗੰਭੀਰ ਹੋਣ ਦੀ ਲੋੜ ਹੈ।
ਪਿਛਲੇ ਪੰਦਰਾਂ ਸਾਲਾਂ ਦੀ ਵਿਸ਼ਵ ਹਾਕੀ ਦਾ ਜੇ ਰਿਕਾਰਡ ਦੇਖੀਏ ਤਾਂ ਪਤਾ ਲਗਦਾ ਹੈ ਕਿ ਅਰਜਨਟੀਨਾ ਅਤੇ ਬੈਲਜ਼ੀਅਮ, ਪੈਨ-ਅਮਰੀਕਨ ਅਤੇ ਯੂਰਪੀਨ ਮਹਾਂਦੀਪ ਦੀਆਂ ਦੋ ਅਜਿਹੀਆਂ ਟੀਮਾਂ ਹਨ, ਜਿਨ੍ਹਾਂ ਨੇ ਵਿਸ਼ਵ ਪੱਧਰੀ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਨਾਲ ਹਾਕੀ ਸੰਸਾਰ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਦੋਵੇਂ ਦੇਸ਼ਾਂ ਦੀ ਹਾਕੀ ਭਾਰਤੀ ਹਾਕੀ ਲਈ ਪ੍ਰੇਰਨਾ ਸਰੋਤ ਬਣਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਜਰਮਨੀ ਹੀ ਛਾਏ ਰਹੇ। 2017 ਦੇ ਇਸ ਐਡੀਸ਼ਨ 'ਚ ਆਸਟ੍ਰੇਲੀਆ ਨੂੰ ਪਹਿਲਾ, ਅਰਜਨਟੀਨਾ ਨੂੰ ਦੂਜਾ, ਭਾਰਤ ਨੂੰ ਤੀਜਾ, ਜਰਮਨੀ ਨੂੰ ਚੌਥਾ, ਬੈਲਜ਼ੀਅਮ ਨੂੰ ਪੰਜਵਾਂ, ਸਪੇਨ ਨੂੰ ਛੇਵਾਂ, ਨੀਦਰਲੈਂਡ ਨੂੰ ਸੱਤਵਾਂ ਅਤੇ ਇੰਗਲੈਂਡ ਨੂੰ ਅੱਠਵਾਂ ਸਥਾਨ ਮਿਲਿਆ। ਦੁਨੀਆ ਦੀਆਂ ਧੜੱਲੇਦਾਰ ਟੀਮਾਂ ਜੋ ਵਿਸ਼ਵ ਕੱਪ-2018 ਲਈ ਤਿਆਰੀਆਂ ਕਰ ਰਹੀਆਂ ਹਨ, ਇਸ ਟੂਰਨਾਮੈਂਟ 'ਚ ਉਨ੍ਹਾਂ ਦਾ ਜੋ ਪ੍ਰਦਰਸ਼ਨ ਰਿਹਾ ਹੈ, ਉਸ ਪੱਖੋਂ ਸਾਨੂੰ ਭਾਰਤੀ ਟੀਮ ਦੀ ਪ੍ਰਾਪਤੀ ਮਾਣਮੱਤੀ ਲਗਦੀ ਹੈ। ਇਸ ਅਹਿਮ ਟੂਰਨਾਮੈਂਟ 'ਚ ਭਾਵੇਂ ਭਾਰਤੀ ਟੀਮ ਨੇ ਜ਼ਿਆਦਾ ਜਿੱਤਾਂ ਹਾਸਲ ਨਹੀਂ ਕੀਤੀਆਂ ਪਰ ਫੈਸਲਾਕੁੰਨ ਮੈਚਾਂ 'ਚ ਉਸ ਦੇ ਪ੍ਰਦਰਸ਼ਨ ਨੇ ਖੇਡ ਪ੍ਰੇਮੀਆਂ ਦਾ ਦਿਲ ਜਿੱਤਿਆ ਹੈ।
ਸਨਸਨੀਖੇਜ਼ ਮੈਚਾਂ 'ਚ ਭਾਰਤੀ ਟੀਮ ਦਾ ਫਤਹਿਯਾਬ ਬਣਨਾ ਉਸ ਦੀ ਮਾਨਸਿਕ ਕਰੜਾਈ ਅਤੇ ਮਨੋਵਿਗਿਆਨਕ ਕਮਜ਼ੋਰੀਆਂ ਤੋਂ ਨਜਾਤ ਹਾਸਲ ਕਰਨ ਦੀ ਗਵਾਹੀ ਵੀ ਭਰਦਾ ਹੈ। ਖਾਸ ਕਰਕੇ ਬੈਲਜ਼ੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚਣਾ। ਕੁਝ ਚਿਰ ਪਹਿਲਾਂ ਭਾਰਤੀ ਟੀਮ ਨੇ ਢਾਕਾ (ਬੰਗਲਾਦੇਸ਼) ਵਿਖੇ ਏਸ਼ੀਆ ਕੱਪ ਜਿੱਤਿਆ, ਜਿਸ ਨੇ ਚੰਗੀਆਂ ਸੰਭਾਵਨਾਵਾਂ ਪੈਦਾ ਕੀਤੀਆਂ। ਗੌਰਤਲਬ ਹੈ ਕਿ ਕੋਚ ਰੋਏਲੈਟ ਓਲਟਮੈਜ ਤੋਂ ਬਾਅਦ ਨਵਨਿਯੁਕਤ ਕੋਚ ਸ਼ੋਅਰਡ ਮਰਿਨੇ ਦਾ ਭਾਰਤੀ ਟੀਮ ਨਾਲ ਜੁੜਨਾ ਲਾਹੇਵੰਦ ਸਾਬਤ ਹੋ ਰਿਹਾ ਹੈ। ਵਿਸ਼ਵ ਕੱਪ ਹਾਕੀ 2018 ਤੱਕ ਕੋਚ ਪੂਰੀ ਤਰ੍ਹਾਂ ਵੱਖ-ਵੱਖ ਖਿਡਾਰੀਆਂ ਨੂੰ ਸਮਝ ਲਵੇਗਾ। ਅਸੀਂ ਆਸ ਕਰਦੇ ਹਾਂ ਕਿ ਕੋਚਾਂ ਅਤੇ ਖਿਡਾਰੀਆਂ ਦਾ ਇਹ ਤਾਲਮੇਲ ਭਵਿੱਖ 'ਚ ਹਰ ਵਿਭਾਗ 'ਚ ਵਧੀਆ ਨਤੀਜੇ ਪੈਦਾ ਕਰੇਗਾ। ਕਾਂਸੀ ਨੂੰ ਚਾਂਦੀ 'ਚ ਅਤੇ ਚਾਂਦੀ ਨੂੰ ਸੋਨੇ ਵਿਚ ਬਦਲਣ ਵਾਸਤੇ ਜਿਥੇ ਮਿਹਨਤ ਦੀ ਲੋੜ ਹੈ, ਨਾਲ ਹੀ ਵਕਤ ਵੀ ਲੱਗੇਗਾ।
ਜਿਵੇਂ ਸਾਡੇ ਸਟਰਾਈਕਰਾਂ ਨੂੰ ਆਪਣੇ ਹਮਲਿਆਂ 'ਚ ਹੋਰ ਤਿੱਖਾਪਣ ਲਿਆਉਣ ਦੀ ਲੋੜ ਹੈ, ਕਾਊਂਟਰ ਅਟੈਕ ਲਈ ਰਣਨੀਤੀ 'ਚ ਸੁਧਾਰ ਕਰਨ ਦੀ ਲੋੜ ਹੈ। ਨਾਜ਼ੁਕ ਪਲਾਂ 'ਚ ਹਰੇ, ਪੀਲੇ ਕਾਰਡ ਨੂੰ ਲੈਣ ਤੋਂ ਗੁਰੇਜ਼ ਕਰਨ ਲਈ, ਮੈਦਾਨੀ ਪਲਾਂ ਅੰਦਰ ਵਧੇਰੇ ਚੌਕੰਨਾ ਹੋ ਕੇ ਖੇਡਣ ਦੀ ਲੋੜ ਹੈ। ਸਾਡੀ ਟੀਮ ਦਾ ਗੋਲਕੀਪਿੰਗ ਵਿਭਾਗ ਭਰੋਸੇਯੋਗ ਕੰਮ ਕਰ ਰਿਹਾ ਹੈ। ਰੱਖਿਆਤਮਕ ਪੰਕਤੀ 'ਚ ਵੱਖਰੇ-ਵੱਖਰੇ ਖਿਡਾਰੀਆਂ ਨੂੰ ਪਰਖਿਆ ਜਾ ਰਿਹਾ ਹੈ, ਜਿਸ ਦੇ ਵਿਸ਼ਵ ਕੱਪ ਹਾਕੀ 2018 ਤੱਕ ਪ੍ਰਭਾਵਸ਼ਾਲੀ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਭਾਰਤੀ ਹਾਕੀ ਟੀਮ ਨੇ ਹਾਕੀ ਵਰਲਡ ਲੀਗ ਫਾਈਨਲਜ਼ 'ਚ ਆਪਣੇ ਪ੍ਰਦਰਸ਼ਨ ਨਾਲ ਜੋ ਆਸ ਪੈਦਾ ਕੀਤੀ ਹੈ, ਉਸ ਦੇ ਨਾਲ-ਨਾਲ ਦੇਸ਼ ਵਾਸੀਆਂ ਅਤੇ ਮੀਡੀਏ ਨੂੰ ਵੀ ਕੌਮੀ ਖੇਡ ਨੂੰ ਉਭਾਰਨ ਲਈ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ। ਜੇ ਜਿੱਤਾਂ ਨਾਲ ਹੀ ਕਿਸੇ ਖੇਡ ਦੀ ਅਵਾਮ 'ਚ ਰੁਚੀ ਵਧਦੀ ਹੈ ਤਾਂ ਉਸ ਪੱਖੋਂ ਸਾਡੀ ਕੌਮੀ ਟੀਮ ਨੂੰ ਹੁਣ ਅਵਾਮ ਦੀ, ਮੀਡੀਏ ਦੀ ਵੀ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ, 2018 ਦੇ ਵਿਸ਼ਵ ਕੱਪ ਲਈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410


ਖ਼ਬਰ ਸ਼ੇਅਰ ਕਰੋ

2017 ਦੀ ਕਬੱਡੀ ਦੇ ਅੰਗ-ਸੰਗ

ਹਿੰਦੁਸਤਾਨ ਵਿਚ ਕਬੱਡੀ ਦੀ ਖੇਡ 'ਤੇ ਛਾਇਆ ਰਿਹਾ ਕਾਲਾ ਪ੍ਰਛਾਵਾਂ

ਨਵੰਬਰ, 2016 ਵਿਚ ਹੋਈ ਨੋਟਬੰਦੀ ਨੇ ਪੰਜਾਬ ਦੀ ਧਰਤੀ 'ਤੇ ਹੋਣ ਵਾਲੇ ਕਬੱਡੀ ਸੀਜ਼ਨ 2017 ਦਾ ਹੁਸਨ ਹੀ ਖੋਹ ਲਿਆ। ਨਕਦੋ-ਨਕਦੀ ਦੀ ਖੇਡ ਕਬੱਡੀ ਦੇ ਹੋਣ ਵਾਲੇ ਟੂਰਨਾਮੈਂਟਾਂ ਨੂੰ ਕਰਾਉਣ ਦੇ ਚਾਹਵਾਨ ਇਸ ਸਾਲ ਪੈਸੇ ਦੀ ਕਮੀ ਕਾਰਨ ਮਾਯੂਸ ਦਿਖਾਈ ਦਿੱਤੇ। ਮਾਲਵਾ ਤੇ ਮਾਝੇ ਵਿਚ ਇਸ ਸਾਲ ਦੇ ਸ਼ੁਰੂ ਵਿਚ ਨਾਮਾਤਰ ਖੇਡ ਮੇਲੇ ਹੀ ਹੋਏ। ਪਰ ਪ੍ਰਵਾਸੀਆਂ ਦੀ ਧਰਤੀ ਦੁਆਬੇ ਦੇ ਕਈ ਟੂਰਨਾਮੈਂਟ ਲੱਖਾਂ ਦੀਆਂ ਰੇਡਾਂ ਤੇ ਜੱਫਿਆਂ ਦੀ ਹਲਚਲ ਪੈਦਾ ਕਰ ਗਏ। ਪੈਸੇ ਦੀ ਖੜੋਤ ਤੇ ਕਬੱਡੀ ਵਿਚ ਘਟ ਰਹੇ ਅਨੁਸ਼ਾਸਨ ਕਾਰਨ ਇਸ ਸਾਲ ਕਬੱਡੀ ਕਰਾਉਣ ਵਾਲੇ ਪ੍ਰਬੰਧਕ ਆਪਣੇ ਖਿੱਤੇ ਦੀ ਖੇਡ ਤੋਂ ਬੇਮੁੱਖ ਜਾਪੇ। ਵਿਧਾਨ ਸਭਾ ਚੋਣਾਂ 'ਚ ਰੁੱਝੇ ਵਧੇਰੇ ਪੰਜਾਬੀਆਂ ਨੇ ਜਿੱਥੇ ਇਸ ਸੀਜ਼ਨ 'ਚ ਕਬੱਡੀ ਨੂੰ ਵਧੇਰੇ ਤਰਜੀਹ ਨਹੀਂ ਦਿੱਤੀ, ਉੱਥੇ ਵਧੇਰੇ ਟੂਰਨਾਮੈਂਟ 3 ਜਾਂ 2 ਦਿਨ ਹੋਣ ਦੀ ਬਜਾਏ ਇਕ ਦਿਨ 'ਚ ਹੀ ਸਮੇਟੇ ਗਏ। ਇਸ ਸਾਰੇ ਵਰਤਾਰੇ ਨੂੰ ਲੈ ਕੇ ਗੱਲ ਕਰਦੇ ਹਾਂ ਲੰਘ ਗਏ ਵਰ੍ਹੇ 2017 ਦੀ ਕਬੱਡੀ ਬਾਰੇ।
ਨੋਟਬੰਦੀ ਦਾ ਮਾੜਾ ਪ੍ਰਭਾਵ
2016 ਦੇ ਅਖੀਰ 'ਚ ਹੋਈ ਨੋਟਬੰਦੀ ਨੇ ਚੜ੍ਹਦੇ ਸਾਲ ਹੀ ਜਿੱਥੇ ਪੂਰੇ ਦੇਸ਼ ਦੀ ਆਰਥਿਕ ਹਾਲਤ ਤਰਸਯੋਗ ਜਿਹੀ ਬਣਾ ਦਿੱਤੀ, ਉੱਥੇ ਨਕਦੋ-ਨਕਦੀ ਦੇ ਕਾਰੋਬਾਰ ਵਾਲੀ ਕਬੱਡੀ ਨੂੰ ਨੋਟਬੰਦੀ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਜਨਵਰੀ ਮਹੀਨੇ ਵਿਚ ਮਾਲਵਾ ਖੇਤਰ 'ਚ ਗਿਣਤੀ ਦੇ ਹੀ ਖੇਡ ਮੇਲੇ ਹੋਏ, ਜਿਨ੍ਹਾਂ ਦੇ ਪ੍ਰਬੰਧਕਾਂ ਨੂੰ ਵੀ ਖਰਚ ਪੱਖੋਂ ਹੱਥ ਘੁੱਟ ਕੇ ਕੰਮ ਕਰਨਾ ਪਿਆ। ਵਧੇਰੇ ਟੂਰਨਾਮੈਂਟਾਂ ਦੇ ਪ੍ਰਬੰਧਕ ਖਿਡਾਰੀਆਂ ਨੂੰ ਨਕਦ ਰਾਸ਼ੀ ਦੀ ਥਾਂ ਚੈੱਕ ਦਿੰਦੇ ਨਜ਼ਰ ਆਏ। ਜਨਵਰੀ ਵਿਚ ਜਿਥੇ ਸੈਂਕੜਿਆਂ ਦੀ ਗਿਣਤੀ 'ਚ ਟੂਰਨਾਮੈਂਟ ਹੁੰਦੇ ਹਨ, ਉੱਥੇ ਇਸ ਸਾਲ ਕਿਤੇ-ਕਿਤੇ ਟਾਵੇਂ-ਟਾਵੇਂ ਟੂਰਨਾਮੈਂਟ ਹੀ ਹੋ ਸਕੇ, ਜਿਨ੍ਹਾਂ ਦਾ ਬਜਟ ਪਹਿਲਾਂ ਨਾਲੋਂ ਹੌਲਾ ਹੋਇਆ ਜਾਪਿਆ।
ਨੈਸ਼ਨਲ ਸਟਾਈਲ ਕਬੱਡੀ
ਪ੍ਰੋ-ਕਬੱਡੀ ਲੀਗ ਵਿਚ ਰਣ ਸਿੰਘ ਰਣੀਆ ਤੇ ਮਨਿੰਦਰ ਸਿੰਘ ਮਨੀ ਨੇ ਜਿੱਥੇ ਬੰਗਾਲ ਵਾਰੀਅਰਜ਼ ਟੀਮ ਲਈ ਤਕੜਾ ਪ੍ਰਦਰਸ਼ਨ ਕੀਤਾ, ਉੱਥੇ ਈਰਾਨ ਵਿਖੇ ਹੋਈ ਚੈਂਪੀਅਨਸ਼ਿਪ ਵਿਚ ਵੀ ਪੰਜਾਬੀ ਖਿਡਾਰੀ ਮਨਿੰਦਰ ਮਨੀ ਤੇ ਵਰਲਡ ਕੱਪ ਦੀ ਬੈਸਟ ਸਟੋਪਰ ਰਣਦੀਪ ਕੌਰ ਤੇ ਮਨਪ੍ਰੀਤ ਬੁਢਲਾਡਾ ਪੰਜਾਬੀ ਮੂਲ ਦੇ ਖਿਡਾਰੀ ਦੇਸ਼ ਦਾ ਝੰਡਾ ਬਰਦਾਰ ਬਣੇ।
ਕਬੱਡੀ ਵਿਚ ਵੱਡੇ ਮਾਣ-ਸਨਮਾਨ
ਇਸ ਸਾਲ ਕਬੱਡੀ ਵਿਚ ਖੇਡ ਪ੍ਰਮੋਟਰ ਮਹਿੰਦਰ ਮੌੜ ਯੂ.ਕੇ., ਜਸ ਸੋਹਲ ਕੈਨੇਡਾ ਤੇ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਖੁਸ਼ੀ ਦੁੱਗਾਂ, ਮੱਖਣ ਮੱਖੀ ਕਲਾਂ, ਸਪਿੰਦਰ ਮਨਾਣਾ, ਪੰਮਾ ਸੋਹਾਣਾ, ਜੋਧਾ ਸੁਰਖਪੁਰ, ਸੰਦੀਪ ਗੁਰਦਾਸਪੁਰ, ਘੁੱਦਾ ਕਾਲਾ ਸੰਘਾ, ਬਾਗੀ ਪਰਮਜੀਤਪੁਰ ਤੇ ਸੇਵਕ ਸਰਾਵਾਂ ਆਦਿ ਤੋਂ ਇਲਾਵਾ ਕੁਮੈਂਟੇਟਰ ਬਸੰਤ ਬਾਜਾਖਾਨਾ ਦਾ ਮਹਿੰਗੀਆਂ ਕਾਰਾਂ ਨਾਲ ਮਾਣ-ਸਨਮਾਨ ਤੇ ਜੀਵਨ ਮਾਣੂਕੇ ਨੇ ਸਾਢੇ ਪੰਜ ਲੱਖ, ਬਾਗੀ ਪਰਮਜੀਤਪੁਰ ਨੇ ਸਾਢੇ ਤਿੰਨ ਲੱਖ ਦੀਆਂ ਰੇਡਾਂ ਪਾਈਆਂ। ਸੁੱਖਾ ਭੰਡਾਲ, ਖੁਸ਼ੀ ਦੁੱਗਾ, ਸੋਹਣ ਰੁੜਕੀ, ਮੰਗੀ ਬੱਗਾ ਪਿੰਡ ਨੇ ਮਹਿੰਗੇ ਜੱਫੇ ਲਗਾਉਣ ਦਾ ਰਿਕਾਰਡ ਬਣਾਇਆ।
ਚੋਣਾਂ 'ਚ ਕੁੱਦਿਆ ਕਬੱਡੀ ਖਿਡਾਰੀ
ਪਹਿਲੀ ਵਾਰ ਵਿਸ਼ਵ ਕੱਪ ਦਾ ਜੇਤੂ ਖਿਡਾਰੀ ਗੁਲਜ਼ਾਰ ਸਿੰਘ ਮੂਣਕ ਇਸ ਵਾਰ ਪੰਜਾਬ ਦੀ ਸਰਗਰਮ ਸਿਆਸਤ ਦਾ ਹਿੱਸਾ ਬਣਿਆ, ਜਿਸ ਨੇ ਦਿੜ੍ਹਬਾ ਤੋਂ ਅਕਾਲੀ-ਭਾਜਪਾ ਵਲੋਂ ਚੋਣ ਲੜੀ। ਖੇਡ ਲੇਖਕ ਡਾ: ਸੁਖਦਰਸ਼ਨ ਸਿੰਘ ਚਹਿਲ ਨੇ ਵਿਸ਼ਵ ਕੱਪ ਬਾਰੇ ਕਿਤਾਬਾਂ ਲਿਖਣ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਆਪਣੀ ਨੌਵੀਂ ਪੁਸਤਕ 'ਵਾਹ ਕਬੱਡੀ' ਪਾਠਕਾਂ ਦੇ ਰੂਬਰੂ ਕੀਤੀ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਮੰਦਰਾਂ ਨੇ 'ਚੱਕ ਦੇ ਕਬੱਡੀ' ਟਾਈਟਲ ਹੇਠ ਕਬੱਡੀ ਬਾਰੇ ਰੰਗਦਾਰ ਪੁਸਤਕ ਲੜੀ ਵੀ ਸ਼ੁਰੂ ਕੀਤੀ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਕਬੱਡੀ ਕੁਮੈਂਟੇਟਰ। ਮੋਬਾ: 98724-59691

ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਹੈ ਸਮਸ ਆਲਮ ਦਾ ਨਾਂਅ

ਲਿਮਕਾ ਬੁੱਕ ਆਫ ਰਿਕਾਰਡ ਵਿਚ ਨਾਂਅ ਦਰਜ ਹੋਣ ਦਾ ਮਾਣ ਹਾਸਲ ਹੈ ਅੰਗਹੀਣ ਵੀਲ੍ਹਚੇਅਰ 'ਤੇ ਚੱਲਣ ਵਾਲੇ ਖਿਡਾਰੀ ਸਮਸ ਆਲਮ ਨੂੰ, ਜਿਸ ਨੇ ਅਪਾਹਜ ਹੁੰਦਿਆਂ ਹੋਇਆਂ ਵੀ ਦੇਸ਼ ਲਈ ਖੇਡਦਿਆਂ ਖੇਡ ਜਗਤ ਵਿਚ ਉਹ ਮਾਣ ਹਾਸਲ ਕੀਤਾ ਹੈ, ਜਿਹੜਾ ਕਿਸੇ ਹਾਰੇ-ਸਾਰੇ ਦੇ ਵੱਸ ਦਾ ਕੰਮ ਨਹੀਂ। ਸਮਸ ਆਲਮ ਦਾ ਜਨਮ 17 ਜੁਲਾਈ, 1986 ਨੂੰ ਬਿਹਾਰ ਪ੍ਰਾਂਤ ਦੇ ਜ਼ਿਲ੍ਹਾ ਮਧੁਬਨੀ ਦੇ ਇਕ ਛੋਟੇ ਜਿਹੇ ਪਿੰਡ ਰਾਤਾਊਸ ਵਿਖੇ ਪਿਤਾ ਮੁਹੰਮਦ ਨਸੀਰ ਦੇ ਘਰ ਮਾਤਾ ਛਾਕੀਆ ਖਾਤੂਨ ਦੀ ਕੁੱਖੋਂ ਹੋਇਆ। ਸਮਸ ਆਲਮ ਨੇ ਬਚਪਨ ਵਿਚ ਪੈਰ ਪਾਇਆ ਤਾਂ ਮੁਢਲੀ ਵਿੱਦਿਆ ਦੇ ਨਾਲ-ਨਾਲ ਉਸ ਨੂੰ ਤੈਰਨ ਦਾ ਸ਼ੌਕ ਜਾਗਿਆ ਅਤੇ ਉਹ ਆਪਣੇ ਘਰ ਦੇ ਕੋਲ ਹੀ ਬਣੇ ਇਕ ਛੋਟੇ ਜਿਹੇ ਤਾਲਾਬ 'ਤੇ ਚਲਾ ਜਾਂਦਾ, ਜਿੱਥੇ ਉਹ ਤੈਰਨ ਲਗਦਾ ਤੇ ਜਦ ਪਿੰਡ ਦੇ ਲੋਕ ਅਤੇ ਸਮਸ ਆਲਮ ਦੇ ਸੰਗੀ-ਸਾਥੀ ਉਸ ਨੂੰ ਤੈਰਦਾ ਵੇਖਦੇ ਤਾਂ ਉਸ ਨੂੰ ਹੌਸਲਾ ਦਿੰਦੇ ਅਤੇ ਉਸ ਨੇ ਕਦੇ ਜ਼ਿੰਦਗੀ ਵਿਚ ਸੋਚਿਆ ਨਹੀਂ ਸੀ ਕਿ ਪਿੰਡ ਦੇ ਉਸ ਛੋਟੇ ਜਿਹੇ ਤਾਲਾਬ ਵਿਚ ਤੈਰਨ ਵਾਲਾ ਸਮਸ ਆਲਮ ਇਕ ਦਿਨ ਅੰਤਰਰਾਸ਼ਟਰੀ ਪੱਧਰ ਦਾ ਤੈਰਾਕ ਸਾਬਤ ਹੋਵੇਗਾ ਅਤੇ ਸਮਸ ਆਲਮ ਦੇ ਉਸੇ ਪਿੰਡ ਵਿਚ ਉਹ ਛੋਟਾ ਜਿਹਾ ਤਾਲਾਬ ਅੱਜ ਵੀ ਮੌਜੂਦ ਹੈ ਅਤੇ ਸਮਸ ਆਲਮ ਜਦ ਵੀ ਆਪਣੇ ਪਿੰਡ ਵਿਚ ਜਾਂਦਾ ਹੈ ਤਾਂ ਉਸ ਤਾਲਾਬ ਨੂੰ ਜ਼ਰੂਰ ਸਿਜਦਾ ਕਰਦਾ ਹੈ।
ਵਕਤ ਇਨਸਾਨ ਨੂੰ ਕਦੇ-ਕਦੇ ਕੀ ਤੋਂ ਕੀ ਬਣਾ ਦਿੰਦਾ ਹੈ ਅਤੇ ਸਮਸ ਆਲਮ ਨਾਲ ਵੀ ਵਕਤ ਨੇ ਕੁਝ ਅਜਿਹਾ ਹੀ ਕੀਤਾ ਕਿ ਉਸ ਦੀ ਜ਼ਿੰਦਗੀ ਦੇ ਮਾਅਨੇ ਹੀ ਬਦਲ ਕੇ ਰਹਿ ਗਏ। ਸਮਸ ਆਲਮ ਦੀ ਮੁਢਲੀ ਵਿੱਦਿਆ ਪਿੰਡ ਦੇ ਹੀ ਇਕ ਮਦਰੱਸੇ ਵਿਚ ਹੋਈ ਅਤੇ ਉਸ ਤੋਂ ਬਾਅਦ ਆਪਣੇ ਇੰਜੀਨੀਅਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਮੁੰਬਈ ਵੱਲ ਰੁਖ਼ ਕਰ ਲਿਆ, ਜਿੱਥੇ ਉਸ ਦਾ ਭਰਾ ਪਹਿਲਾਂ ਹੀ ਰਹਿ ਰਿਹਾ ਸੀ। ਮੁੰਬਈ ਦੇ ਬਾਂਦਰਾ ਵਿਖੇ ਰਿਵਲ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਅਤੇ ਕਰਾਟੇ ਖੇਡਣ ਲਈ ਮਨ ਬਣਿਆ ਅਤੇ ਇਹ ਸਮਸ ਆਲਮ ਦੀ ਖੇਡ ਪ੍ਰਤੀ ਭਾਵਨਾ ਅਤੇ ਆਤਮ-ਵਿਸ਼ਵਾਸ ਸੀ ਕਿ ਉਹ ਕਰਾਟੇ ਦੀ ਖੇਡ ਦਾ ਬਲੈਕ ਬੈਲਟ ਹੈ। ਸਮਸ ਆਲਮ ਨੇ ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਅਨੇਕਾਂ ਜਿੱਤਾਂ ਦਰਜ ਕਰਕੇ ਆਪਣੇ ਸੂਬੇ ਬਿਹਾਰ ਦਾ ਨਾਂਅ ਰੌਸ਼ਨ ਕੀਤਾ, ਇਸੇ ਕਰਕੇ ਤਾਂ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਉਸ ਨੂੰ ਖੇਲ ਰਤਨ ਨਾਲ ਸਨਮਾਨ ਚੁੱਕੇ ਹਨ। ਸਾਲ 2006 ਵਿਚ ਸਮਸ ਆਲਮ ਭਾਰਤ ਵਲੋਂ ਕਰਾਟੇ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਕਾਠਮੰਡੂ ਗਿਆ ਅਤੇ ਸਾਲ 2008 ਵਿਚ ਉਸ ਨੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਵੀ ਲਿਆ ਅਤੇ ਹੁਣ ਤੱਕ ਸਮਸ ਆਲਮ 50 ਦੇ ਕਰੀਬ ਤਗਮੇ ਜਿੱਤ ਕੇ ਆਪਣੇ ਨਾਂਅ ਕਰ ਚੁੱਕਾ ਹੈ।
ਸਾਲ 2010 ਵਿਚ ਸਮਸ ਆਲਮ ਦੀ ਰੀੜ੍ਹ ਦੀ ਹੱਡੀ ਵਿਚ ਦਰਦ ਉੱਠਿਆ ਅਤੇ ਉਹ ਇਕ ਡਾਕਟਰ ਕੋਲ ਗਿਆ, ਜਿੱਥੇ ਡਾਕਟਰ ਨੇ ਕਿਹਾ ਕਿ ਉਸ ਦੀ ਰੀੜ੍ਹ ਦੀ ਹੱਡੀ ਵਿਚ ਇਕ ਗੰਢ ਹੈ ਅਤੇ ਆਪ੍ਰੇਸ਼ਨ ਕਰਕੇ ਉਸ ਨੂੰ ਕੱਢ ਦਿੱਤਾ ਜਾਵੇਗਾ। ਸਮਸ ਆਲਮ ਦਾ ਆਪ੍ਰੇਸ਼ਨ ਹੋਇਆ ਪਰ ਉਸ ਨੂੰ ਕੋਈ ਫਰਕ ਨਾ ਪਿਆ। ਡਾਕਟਰ ਉਸ ਨੂੰ ਭਰੋਸਾ ਦਿੰਦਾ ਰਿਹਾ ਪਰ ਡਾਕਟਰ ਦਾ ਦਿੱਤਾ ਭਰੋਸਾ ਵੀ ਸਮਸ ਆਲਮ ਨੂੰ ਠੀਕ ਨਾ ਕਰ ਸਕਿਆ। ਸਮਸ ਆਲਮ ਦੀ ਦੁਬਾਰਾ ਜਾਂਚ ਹੋਈ ਤਾਂ ਪਤਾ ਲੱਗਾ ਕਿ ਆਪ੍ਰੇਸ਼ਨ ਠੀਕ ਢੰਗ ਨਾਲ ਨਾ ਹੋਇਆ ਅਤੇ ਰੀੜ੍ਹ ਦੀ ਹੱਡੀ ਵਿਚ ਗੰਢ ਜਿਉਂ ਦੀ ਤਿਉਂ ਮੌਜੂਦ ਸੀ। ਉਸ ਦਿਨ ਤੋਂ ਲੈ ਕੇ ਸਮਸ ਆਲਮ ਚੱਲ ਨਹੀਂ ਸਕਿਆ ਅਤੇ ਹੁਣ ਉਸ ਨੂੰ ਪੱਕਾ ਅਹਿਸਾਸ ਹੋਣ ਲੱਗਾ ਕਿ ਸ਼ਾਇਦ ਹੁਣ ਉਹ ਕਦੇ ਵੀ ਜ਼ਿੰਦਗੀ ਭਰ ਆਪਣੇ ਪੈਰਾਂ 'ਤੇ ਚੱਲ-ਫਿਰ ਨਹੀਂ ਸਕੇਗਾ। ਇਹ ਗੱਲ ਸਮਸ ਆਲਮ ਲਈ ਬਰਦਾਸ਼ਤ ਕਰਨੀ ਬੜੀ ਔਖੀ ਸੀ ਅਤੇ ਉਹ ਡੂੰਘੇ ਸਦਮੇ ਵਿਚ ਚਲਾ ਗਿਆ ਅਤੇ ਉਸ ਦੇ ਸੋਚੇ ਅਰਮਾਨ ਅਤੇ ਸੰਜੋਏ ਸੁਪਨੇ ਤਿੜਕਦੇ ਨਜ਼ਰ ਆਏ ਅਤੇ ਸਮਸ ਆਲਮ ਦੇ ਖੋਹੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਰੀ-ਹੈਬਲੀਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਮੁਲਾਕਾਤ ਖੁਦ ਅਪਾਹਜ ਅਤੇ ਤੈਰਾਕੀ ਦਾ ਗੁਰੂ ਰਾਜਾਰਾਮ ਨਾਲ ਹੋਈ, ਜਿਸ ਨੇ ਸਮਸ ਆਲਮ ਵਿਚ ਮੁੜ ਤੋਂ ਅਜਿਹਾ ਵਿਸ਼ਵਾਸ ਜਗਾਇਆ ਕਿ ਸਮਸ ਆਲਮ ਨੇ ਹੁਣ ਆਪਣੇ ਖੋਹੇ ਹੋਏ ਵਿਸ਼ਵਾਸ ਨੂੰ ਫਿਰ ਖੜ੍ਹਾ ਕਰ ਲਿਆ ਅਤੇ ਹੁਣ ਉਹ ਤੈਰਾਕੀ ਦੇ ਗੁਰ ਸਿੱਖਣ ਲੱਗਿਆ।
ਸਮਸ ਆਲਮ ਨੇ ਛੇਤੀ ਹੀ ਇਕ ਪੈਰਾ ਜਾਣੀ ਅਪਾਹਜ ਖਿਡਾਰੀ ਵਜੋਂ ਆਪਣੀ ਪਹਿਚਾਣ ਬਣਾ ਲਈ ਅਤੇ ਅੱਜ ਸਮਸ ਆਲਮ ਅੰਤਰਰਾਸ਼ਟਰੀ ਪੈਰਾ ਸਵਿਮਿੰਗ ਵਿਚ ਸੋਨ ਤਗਮਾ ਜੇਤੂ ਹੈ ਅਤੇ ਸਮੁੰਦਰ ਵਿਚ ਸਭ ਤੋਂ ਲੰਮੀ ਤੈਰਾਕੀ ਕਰਨ ਦਾ ਰਿਕਾਰਡ ਵੀ ਸਮਸ ਆਲਮ ਦੇ ਨਾਂਅ ਹੀ ਬੋਲਦਾ ਹੈ। ਇਸੇ ਕਰਕੇ ਤਾਂ ਉਸ ਨੂੰ 'ਲਿਮਕਾ ਬੁੱਕ ਆਫ ਰਿਕਾਰਡ' ਵਿਚ ਸ਼ਾਮਿਲ ਹੋਣ ਦਾ ਮਾਣ ਹਾਸਲ ਹੈ। ਜੇਕਰ ਸਮਸ ਆਲਮ ਦੇ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਸਾਲ 2013 ਵਿਚ ਉਸ ਨੂੰ ਜਿਗਰ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 2016 ਵਿਚ ਬਿਹਾਰ ਵਿਖੇ ਡਿਸਏਬਲ ਸਪੋਰਟਸ ਅਕੈਡਮੀ ਵਲੋਂ ਕਰਨ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 2016 ਵਿਚ ਹੀ ਬਿਹਾਰ ਸਰਕਾਰ ਨੇ ਖੇਲ ਸਨਮਾਨ ਨਾਲ ਸਨਮਾਨਿਆ। ਸਾਲ 2017 ਵਿਚ ਨੀਨਾ ਫਾਊਂਡੇਸ਼ਨ ਮੁੰਬਈ ਵਲੋਂ ਵਿਲ ਸਟਾਰ ਐਵਾਰਡ ਦੇ ਨਾਲ ਸਨਮਾਨਿਤ ਹੋਇਆ। ਸਮਸ ਆਲਮ ਖੇਡ ਦੇ ਖੇਤਰ ਵਿਚ ਹੀ ਇਕ ਨਾਂਅ ਨਹੀਂ ਹੈ, ਉਹ ਇਕ ਚੰਗਾ ਸਪੋਕਸਮੈਨ ਵੀ ਹੈ ਅਤੇ ਉਹ ਅਕਸਰ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਉਤਸ਼ਾਹਿਤ ਕਰਦਾ ਹੈ। ਸਮਸ ਆਲਮ ਦਾ ਹੁਣ ਅਗਲਾ ਨਿਸ਼ਾਨਾ 2018 ਵਿਚ ਇੰਡੋਨੇਸ਼ੀਆ ਵਿਖੇ ਹੋਣ ਜਾ ਰਹੀਆਂ ਪੈਰਾ ਏਸ਼ੀਅਨ ਖੇਡਾਂ ਅਤੇ 2020 ਵਿਚ ਟੋਕੀਓ ਵਿਖੇ ਹੋਣ ਵਾਲੀ ਪੈਰਾ ਉਲੰਪਿਕ ਵਿਚ ਭਾਗ ਲੈ ਕੇ ਦੇਸ਼ ਲਈ ਰਿਕਾਰਡ ਬਣਾਉਣ ਦਾ ਹੈ। ਸਮਸ ਆਲਮ ਦਾ ਹੌਸਲਾ ਇਸੇ ਤਰ੍ਹਾਂ ਹੀ ਬਣਿਆ ਰਹੇ, ਜਿਵੇਂ ਖਿਆਬ ਭਲੇ ਟੂਟਤੇ ਰਹੇ ਮਗਰ ਹੌਸਲੇ ਫਿਰ ਬੀ ਜ਼ਿੰਦਾ ਹੋ, ਹੌਸਲਾ ਅਪਨਾ ਐਸਾ ਰਖੋ ਜਹਾਂ ਮੁਸ਼ਕਲੇ ਬੀ ਸਰਮਿੰਦਾ ਹੋ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਬੈਡਮਿੰਟਨ ਮਹਾਂ ਸੰਗਰਾਮ ਦੁਬਈ ਦਾ ਲੇਖਾ-ਜੋਖਾ

ਜੁਝਾਰੂ ਖੇਡ ਦੇ ਬਾਵਜੂਦ ਸਿੰਧੂ ਨਵੇਂ ਸਾਲ ਦਾ ਤੋਹਫ਼ਾ ਨਾ ਦੇ ਸਕੀ

ਖੇਡ ਪ੍ਰੇਮੀਆਂ ਨੇ ਇਕ ਬਹੁਤ ਹੀ ਸੰਘਰਸ਼ਮਈ ਬੈਡਮਿੰਟਨ ਖੇਡ ਦੇ ਮੁਕਾਬਲੇ ਤੇ ਖਾਸ ਤੌਰ 'ਤੇ ਫਾਈਨਲ ਦੁਬਈ ਸੁਪਰ ਸੀਰੀਜ਼ ਦਾ ਫਾਈਨਲ ਮੈਚ ਦੇਖਣ ਨੂੰ ਮਿਲਿਆ। ਖੇਡ ਮਾਹਿਰਾਂ ਦਾ ਇਸ ਮੈਚ ਬਾਰੇ ਇਹ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਕਿ ਇਹ ਮੈਚ ਕਿਸੇ ਪਾਸੇ ਵੱਲ ਜਾ ਸਕਦਾ ਸੀ। ਇਸ ਮੈਚ ਨੇ ਸਾਇਨਾ ਨੇਹਵਾਲ ਦੇ ਉਸ ਮੈਚ ਦੀ ਯਾਦ ਕਰਵਾ ਦਿੱਤੀ, ਜਦੋਂ ਭਾਰਤ ਇਸ ਟੂਰਨਾਮੈਂਟ ਵਿਚ ਅਖੀਰ ਤੱਕ ਪਹੁੰਚਿਆ ਸੀ ਪਰ ਸਾਇਨਾ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ ਸੀ।
ਇਸ ਵਾਰ ਇਸ ਮੈਚ ਦਾ ਸਿਹਰਾ ਜਾਪਾਨ ਦੀ ਯਾਮਾਗੁਚੀ ਦੇ ਸਿਰ 'ਤੇ ਬੱਝਾ, ਜਿਸ ਨੂੰ ਸਿੰਧੂ ਨੇ ਕੁਝ ਦਿਨ ਪਹਿਲਾਂ ਇਸ ਟੂਰਨਾਮੈਂਟ ਵਿਚ ਇਕਪਾਸੜ ਮੈਚ ਵਿਚ ਹਾਰ ਦਿੱਤੀ ਸੀ ਤੇ ਇਹ ਉਮੀਦ ਜਗਾ ਦਿੱਤੀ ਸੀ ਕਿ ਇਸ ਵਾਰੀ ਵੀ ਇਤਿਹਾਸ ਦੁਹਰਾਇਆ ਜਾਵੇਗਾ ਤੇ ਸਿੰਧੂ ਪਹਿਲਾ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਪਾ ਦੇਵੇਗੀ, ਜਿਸ ਨਾਲ ਧਨ ਰਾਸ਼ੀ ਵੀ ਜੁੜੀ ਹੋਈ ਹੈ।
ਪਹਿਲਾਂ ਵੀ ਦੋਵੇਂ ਖਿਡਾਰਨਾਂ ਵਿਚ ਜੋ ਮੁਕਾਬਲੇ ਹੋਏ, ਉਸ ਵਿਚ ਸਿੰਧੂ ਨੇ ਪੰਜ ਵਾਰ ਮੈਚ ਆਪਣੇ ਨਾਂਅ ਕੀਤੇ ਤੇ ਯਾਮਾਗੁਚੀ ਨੇ ਕੇਵਲ ਦੋ ਵਾਰੀ। ਜਦੋਂ ਇਸ ਟੂਰਨਾਮੈਂਟ ਵਿਚ ਹੀ ਸਿੰਧੂ ਨੇ ਸੈਮੀਫਾਈਨਲ ਵਿਚ ਚੀਨ ਦੀ 8 ਨੰਬਰ ਦੀ ਖਿਡਾਰਨ ਨੂੰ ਸਿੱਧੇ ਸੈੱਟਾਂ 21-15, 21-18 ਵਿਚ ਜਿੱਤੀ ਤਾਂ ਇਹ ਆਸ ਹੋਰ ਵੀ ਮਜ਼ਬੂਤ ਹੋ ਗਈ ਕਿ ਇਸ ਵਾਰ ਸਿੰਧੂ ਭਾਰਤ ਨੂੰ ਨਵੇਂ ਸਾਲ ਦਾ ਇਕ ਤੋਹਫ਼ਾ ਦੇਵੇਗੀ।
ਪਰ ਫਿਰ ਵੀ ਨਤੀਜਾ ਨਿਰਾਸ਼ਾਜਨਕ ਨਹੀਂ ਕਿਹਾ ਜਾ ਸਕਦਾ ਤੇ ਖੇਡ ਮੰਤਰੀ ਹਰਸ਼ਵਰਧਨ ਸਿੰਘ ਰਠੌੜ ਨੇ ਸਿੰਧੂ ਨੂੰ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੰਦੇ ਹੋਏ ਉਸ ਦੀ ਭਰਪੂਰ ਪ੍ਰਸੰਸਾ ਕੀਤੀ ਹੈ ਤੇ ਸਿੰਧੂ ਨੂੰ ਲੜਕੀਆਂ ਲਈ ਪ੍ਰੇਰਨਾ ਦਾ ਇਕ ਸਰੋਤ ਦੱਸਿਆ ਹੈ।
ਪਰ ਇਸ ਮੈਚ ਵਿਚ ਜਾਪਾਨ ਦੀ ਖਿਡਾਰਨ ਯਾਮਾਗੁਚੀ ਦੀ ਤਾਰੀਫ ਕਰਨੀ ਬਣਦੀ ਹੈ, ਜਿਸ ਨੇ ਕਈ ਵਾਰੀ ਮੈਚ ਵਿਚ ਪਛੜਨ ਦੇ ਬਾਵਜੂਦ ਤੀਜੀ ਗੇਮ ਵਿਚ ਆਖਰ ਵਿਚ ਜਦੋਂ ਅੰਕ ਬਰਾਬਰੀ 'ਤੇ 19-19 'ਤੇ ਹੋ ਗਿਆ, ਉਸ ਸਮੇਂ ਯਾਮਾਗੁਚੀ ਨੇ ਖੇਡ ਵਿਚ ਅਜਿਹਾ ਉਲਟਫੇਰ ਕੀਤਾ ਤੇ ਟੂਰਨਾਮੈਂਟ ਆਪਣੇ ਨਾਂਅ ਕਰ ਲਿਆ।
ਖੇਡ ਪ੍ਰੇਮੀ ਇਸ ਦਾ ਕਾਰਨ ਸਿੰਧੂ ਦੇ ਸਟੈਮਨਾ ਵਿਚ ਘਾਟ ਨੂੰ ਵੀ ਦੱਸ ਰਹੇ ਹਨ। ਜਦੋਂ ਲੰਮੀਆਂ ਰੈਲੀਆਂ ਹੋਈਆਂ ਤਾਂ ਇਹ ਗੱਲ ਸਿੰਧੂ ਦੀ ਸਰੀਰਕ ਭਾਸ਼ਾ ਤੋਂ ਸਪੱਸ਼ਟ ਹੋ ਰਹੀ ਸੀ। ਇਹ ਮੈਚ ਇਸ ਤਰ੍ਹਾਂ ਯਾਮਾਗੁਚੀ ਨੇ 21-15, 12-21, 19-21 ਨਾਲ ਜਿੱਤਿਆ, ਪਰ ਇਸ ਮੈਚ ਦਾ ਜੇ ਸਿਲਸਿਲੇਵਾਰ ਵਿਸ਼ਲੇਸ਼ਣ ਕਰੀਏ ਤਾਂ ਇਸ ਮੈਚ ਬਾਰੇ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਯਾਮਾਗੁਚੀ ਦੀ ਖੇਡ ਇਸ ਪ੍ਰਕਾਰ ਦੀ ਸੀ ਕਿ ਜਿਸ ਨਾਲ ਸਿੰਧੂ ਨੂੰ ਬੈਡਮਿੰਟਨ ਦੇ ਮੈਦਾਨ 'ਤੇ ਦੁੜਾ-ਦੁੜਾ ਕੇ ਥਕਾ ਦਿੱਤਾ ਜਾਵੇ ਤੇ ਤੀਸਰੀ ਗੇਮ ਲਈ ਉਸ ਦੀ ਸਰੀਰਕ ਸਮਰੱਥਾ ਇੰਨੀ ਘਟ ਜਾਵੇ ਕਿ ਜਿਸ ਨਾਲ ਯਾਮਾਗੁਚੀ ਆਸਾਨੀ ਨਾਲ ਮੈਚ ਜਿੱਤ ਜਾਵੇ ਤੇ ਅਜਿਹਾ ਹੀ ਹੋਇਆ।
ਕੁੱਲ ਮਿਲਾ ਕੇ ਇਹ ਫਾਈਨਲ ਮੈਚ ਯਾਦਗਾਰੀ ਸਾਬਤ ਹੋਇਆ। ਇਸ ਨਾਲ ਭਾਰਤ ਦੀ ਇੱਜ਼ਤ ਬਰਕਰਾਰ ਰਹੀ। ਭਾਰਤ ਵਲੋਂ ਇਸ ਦੁਬਈ ਸੀਰੀਜ਼ ਦੀ ਭਾਗਦਾਰੀ ਪੀ.ਵੀ. ਸਿੰਧੂ ਨੇ ਤੇ ਕੰਦਬਰੀ ਸ੍ਰੀ ਕਾਂਤ ਨੇ ਹੀ ਕੀਤੀ ਪਰ ਸ੍ਰੀ ਕਾਂਤ ਸਾਰੇ 3 ਮੈਚ ਹਾਰ ਗਿਆ। ਮਾਹਿਰਾਂ ਅਨੁਸਾਰ ਅਜੇ ਵੀ ਉਹ ਮਾਸਪੇਸ਼ੀਆਂ ਦੇ ਖਿਚਾਓ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਇਆ। ਸਾਲ ਦੇ ਅਖੀਰ ਵਿਚ ਹੋਏ ਇਸ ਟੂਰਨਾਮੈਂਟ ਵਿਚ ਇਹ ਸੰਦੇਸ਼ ਲੁਕਿਆ ਹੋਇਆ ਹੈ ਕਿ ਦੇਸ਼ ਨੂੰ ਹੁਣ ਹੋਰ ਪੀ.ਵੀ. ਸਿੰਧੂ ਤੇ ਸਾਇਨਾ ਵਰਗੇ ਖਿਡਰੀਆਂ ਦੀ ਲੋੜ ਹੈ, ਤਾਂ ਜੋ ਜਿਹੜਾ ਡਬਲਜ਼ ਦਾ ਖੇਤਰ ਸੁੰਨਾ ਪਿਆ ਹੈ, ਉਸ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਸਕੇ।


-274-ਏ.ਐਕਸ., ਮਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਕੌਰ ਸਿੰਘ ਮੁੱਕੇਬਾਜ਼ ਵਰਗੇ ਧੁਰੰਤਰ ਖਿਡਾਰੀਆਂ ਪ੍ਰਤੀ ਸਰਕਾਰੀ ਬੇਰੁਖ਼ੀ ਕਿਉਂ?

ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖੁਰਦ ਨਿਵਾਸੀ ਤੇ ਮੁੱਕੇਬਾਜ਼ੀ ਵਰਗੀ ਸਖ਼ਤ ਖੇਡ ਦੇ ਖਿਡਾਰੀ... ਦਰਅਸਲ ਮਹਾਨ ਖਿਡਾਰੀ ਸ: ਕੌਰ ਸਿੰਘ ਦੀ ਦਰਦ ਕਹਾਣੀ ਵੱਖ-ਵੱਖ ਸੰਚਾਰ ਮਾਧਿਆਮਾਂ 'ਚ ਆਉਣ ਤੋਂ ਕੁਝ ਕੁ ਦਿਨਾਂ ਬਾਅਦ ਇਹ ਖ਼ਬਰ ਵੀ ਆ ਗਈ ਕਿ 'ਮੁੁੱਕੇਬਾਜ਼ ਕੌਰ ਸਿੰਘ ਦੀ ਮਦਦ ਲਈ ਮੁੱਖ ਮੰਤਰੀ ਵਲੋਂ ਦੋ ਲੱਖ ਰੁਪਏ ਜਾਰੀ।' ਇਹ ਦਰਦ ਕਹਾਣੀ ਸਿਰਫ ਇਕੱਲੇ ਕੌਰ ਸਿੰਘ ਦੇ ਦਰਦ ਦੀ ਕਹਾਣੀ ਨਹੀਂ, ਸਗੋਂ ਸਰਕਾਰਾਂ ਵਲੋਂ ਬੇਰੁਖ਼ੀ ਦਾ ਸ਼ਿਕਾਰ ਹੋਏ ਸਾਡੇ ਮਹਾਨ ਭਾਰਤ ਦੇ ਅਨੇਕਾਂ ਹੋਰਨਾਂ ਮਹਾਨ ਖਿਡਾਰੀਆਂ ਦੇ ਦਰਦ ਦੀ ਕਹਾਣੀ ਵੀ ਹੈ, ਜਿਸ ਨੂੰ ਸਮੁੱਚੇ ਭਾਰਤ ਦੇਸ਼ ਦਾ ਅਤੇ ਖੇਡ ਜਗਤ ਦਾ ਦਰਦ ਸਮਝਿਆ ਜਾਣਾ ਚਾਹੀਦਾ ਹੈ। ਖੇਡਾਂ ਦੇ ਖੇਤਰ ਦੇ ਅਜਿਹੇ ਹੀਰੇ ਖਿਡਾਰੀ ਬਿਮਾਰੀ ਸਮੇਂ ਆਪਣਾ ਇਲਾਜ ਕਰਾਉਣ ਤੋਂ ਵੀ ਅਸਮਰੱਥ ਹਨ। ਬੇਹੱਦ ਅਫਸੋਸ! ਅਜਿਹੇ ਬੇਸ਼ਕੀਮਤੀ ਹੀਰਿਆਂ ਨੂੰ ਤਾਂ ਸਰਕਾਰ ਵਲੋਂ ਸਭ ਤਰ੍ਹਾਂ ਦੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਦੇਣੀਆਂ ਚਾਹੀਦੀਆਂ ਹਨ। ਕਿਉਂਕਿ ਅਜਿਹੇ ਹੀਰੇ ਦੇਸ਼, ਕੌਮ ਅਤੇ ਸਮਾਜ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਵਲੋਂ ਪਾਏ ਗਏ ਪੂਰਨਿਆਂ ਦੇ ਪਦਚਿੰਨ੍ਹਾਂ 'ਤੇ ਚੱਲ ਕੇ ਹੀ ਆਉਣ ਵਾਲੀਆਂ ਪੀੜ੍ਹੀਆਂ ਦੇ ਖਿਡਾਰੀਆਂ ਨੇ ਕੁਝ ਸਿੱਖਣਾ ਅਤੇ ਕਰਨਾ ਹੁੰਦਾ ਹੈ। ਕੌਰ ਸਿੰਘ ਦਿਲ ਦੀ ਬਿਮਾਰੀ, ਨਾੜਾਂ ਨਾਲ ਸਬੰਧਤ ਬਿਮਾਰੀ ਅਤੇ ਲੱਤਾਂ ਦੇ ਦਰਦ ਦੀ ਬਿਮਾਰੀ ਨਾਲ ਪੀੜਤ ਹੈ। ਪਿਛਲੇ ਦਿਨੀਂ ਉਹ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ 22 ਦਿਨ ਲਾ ਕੇ ਆਪਣੇ ਘਰ ਪਰਤ ਆਇਆ ਸੀ। ਦਰਅਸਲ ਸੱਚ ਤਾਂ ਇਹ ਹੈ ਕਿ ਸਰਕਾਰ ਵਲੋਂ ਖੇਡ ਸੱਭਿਆਚਾਰ ਵਿਕਸਤ ਕਰਨ ਲਈ ਸਭ ਤੋਂ ਪਹਿਲਾਂ ਸ਼ਾਨਦਾਰ ਪ੍ਰਾਪਤੀਆਂ ਵਾਲੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਬਣਦਾ ਮਾਣ-ਸਨਮਾਨ ਅਤੇ ਨੌਕਰੀਆਂ ਆਦਿ ਦਿੱਤੀਆਂ ਜਾਣ। ਭਾਵ ਕਿਸੇ ਨੂੰ ਵੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਲਈ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਤਾਂ ਜੋ ਉਹ ਪੂਰੀ ਤਨਦੇਹੀ ਨਾਲ ਖੇਡ ਸਕਣ ਭਾਵ ਖਿਡਾਰੀਆਂ ਦਾ ਖੇਡਾਂ ਪ੍ਰਤੀ ਸਮਰਪਣ ਅਤੇ ਮਨੋਬਲ ਬਣਿਆ ਰਹੇ। ਸੱਚ ਤਾਂ ਇਹ ਕਿ ਅਜਿਹਾ ਸਭ ਕੁਝ ਕੌਰ ਸਿੰਘ ਵਰਗੇ ਹੀਰੇ ਖਿਡਾਰੀਆਂ ਦੀ ਬਦੌਲਤ ਹੀ ਸੰਭਵ ਹੋ ਸਕਦਾ ਹੈ। ਅਜੋਕੇ ਯੁੱਗ, ਸਮੇਂ ਅਤੇ ਸਮਾਜ ਦੀ ਅਗਵਾਈ ਕਰਨ ਵਾਲੀਆਂ ਸਰਕਾਰਾਂ ਵਲੋਂ ਅਜਿਹੇ ਹੀਰੇ ਖਿਡਾਰੀਆਂ ਵੱਲ ਬੇਰੁਖ਼ੀ ਅਖ਼ਤਿਆਰ ਕਰਨੀ ਭਾਰੀ ਪੈ ਸਕਦੀ ਹੈ। ਇਸ ਕੌੜੇ ਸੱਚ ਨੂੰ ਵੀ ਵਿਚਾਰਨਾ ਬਣਦਾ ਹੈ।


-ਪਿੰਡ ਚੁੁੱਘੇ ਖੁਰਦ, ਡਾਕ: ਬਹਿਮਣ ਦੀਵਾਨਾ, ਜ਼ਿਲ੍ਹਾ ਬਠਿੰਡਾ। ਮੋਬਾ: 75894-27462

ਕ੍ਰਿਕਟ ਪ੍ਰੇਮੀਆਂ ਦੇ ਚੇਤੇ ਵਿਚੋਂ ਕਦੇ ਨਹੀਂ ਵਿਸਰੇਗਾ ਭਾਰਤੀ ਟੀਮ ਦੁਆਰਾ ਸਾਲ 2017 ਦੌਰਾਨ ਕੀਤਾ ਪ੍ਰਦਰਸ਼ਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪਹਿਲਾ ਮੈਚ ਪਾਕਿਸਤਾਨ ਨਾਲ ਹੋਇਆ, ਜੋ 124 ਦੌੜਾਂ ਨਾਲ ਜਿੱਤਿਆ। ਦੂਸਰਾ ਮੈਚ ਸ੍ਰੀਲੰਕਾ ਨਾਲ ਹੋਇਆ, ਜਿਸ ਨੂੰ 7 ਵਿਕਟਾਂ ਨਾਲ ਭਾਰਤੀ ਟੀਮ ਨੇ ਮੈਚ ਜਿੱਤਿਆ। ਤੀਸਰਾ ਸਾਊਥ ਅਫ਼ਰੀਕਾ ਨਾਲ, ਜੋ 8 ਵਿਕਟਾਂ ਨਾਲ ਜਿੱਤਿਆ। ਚੌਥਾ ਸੈਮੀਫ਼ਾਈਨਲ ਬੰਗਲਾਦੇਸ਼ ਨਾਲ ਹੋਇਆ, ਜੋ ਭਾਰਤੀ ਟੀਮ ਨੇ 9 ਵਿਕਟਾਂ ਨਾਲ ਜਿੱਤਿਆ। ਆਖ਼ਰੀ ਫ਼ਾਈਨਲ ਮੈਚ ਪਾਕਿਸਤਾਨ ਨਾਲ ਹੋਇਆ, ਜਿਸ ਵਿਚ 180 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਭਾਰਤੀ ਟੀਮ ਵੈਸਟ ਇੰਡੀਜ਼ ਦੇ ਦੌਰੇ 'ਤੇ ਗਈ, ਜਿੱਥੇ ਪੰਜ ਇਕ ਦਿਨਾ ਮੈਚਾਂ ਦੀ ਲੜੀ ਹੋਈ। ਇੱਥੇ ਵੀ ਭਾਰਤੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ। ਪੰਜ ਮੈਚਾਂ ਦੀ ਲੜੀ ਵਿਚ ਇਕ ਮੈਚ ਤਾਂ ਬਿਨਾਂ ਨਤੀਜੇ ਤੋਂ ਰਹਿ ਗਿਆ। ਬਾਕੀ ਬਚੇ 4 ਮੈਚਾਂ ਵਿਚੋਂ 1 ਵੈਸਟ ਇੰਡੀਜ਼ ਤੇ 3 ਮੈਚ ਭਾਰਤੀ ਟੀਮ ਨੇ ਜਿੱਤੇ, ਵੈਸਟ ਇੰਡੀਜ਼ ਨੂੰ ਉਨ੍ਹਾਂ ਦੀ ਧਰਤੀ 'ਤੇ ਹਰਾ ਕੇ ਲੜੀ ਜਿੱਤ ਲਈ। ਬੇਸ਼ੱਕ ਇਕ ਹੋਏ ਟੀ-20 ਮੈਚ ਭਾਰਤੀ ਟੀਮ ਵੈਸਟ ਇੰਡੀਜ਼ ਹੱਥੋਂ ਹਾਰ ਗਈ ਪਰ ਫਿਰ ਵੀ ਆਪਣੇ ਹੌਸਲੇ ਬੁਲੰਦ ਰੱਖੇ।
ਅਗਸਤ-ਸਤੰਬਰ ਦੌਰਾਨ ਭਾਰਤੀ ਟੀਮ ਸ੍ਰੀਲੰਕਾ ਦੇ ਦੌਰੇ 'ਤੇ ਗਈ। ਇਹ ਦੌਰਾ ਤਾਂ ਭਾਰਤੀ ਟੀਮ ਲਈ ਇਕ ਯਾਦਗਾਰੀ ਤੇ ਸਰਬੋਤਮ ਦੌਰਾ ਹੋ ਨਿਬੜਿਆ, ਜੋ ਕਿ ਇਤਿਹਾਸ ਵਿਚ ਸੁਨਹਿਰੀ ਕਲਮਾਂ ਨਾਲ ਲਿਖਿਆ ਜਾਣ ਵਾਲਾ ਦੌਰਾ ਹੈ, ਕਿਉਂਕਿ ਇਥੇ ਹੋਏ ਟੈਸਟ ਮੈਚਾਂ ਅਤੇ ਇਕ ਦਿਨਾ ਮੈਚਾਂ ਦੀਆਂ ਲੜੀਆਂ ਕਲੀਨ ਸਵੀਪ ਕਰਕੇ ਜਿੱਤੀਆਂ। ਤਿੰਨ ਟੈਸਟ ਮੈਚਾਂ ਦੀ ਲੜੀ ਭਾਰਤੀ ਟੀਮ ਨੇ 3-0 ਨਾਲ ਜਿੱਤ ਲਈ। ਇਸ ਉਪਰੰਤ ਪਹਿਲਾ ਮੈਚ 304, ਦੂਜਾ ਇਕ ਪਾਰੀ ਤੇ 53 ਦੌੜਾਂ ਅਤੇ ਆਖ਼ਰੀ ਮੈਚ ਇਕ ਪਾਰੀ ਅਤੇ 171 ਦੌੜਾਂ ਨਾਲ ਜਿੱਤਿਆ। ਇਸ ਤੋਂ ਬਾਅਦ 5 ਇਕ ਦਿਨਾ ਮੈਚਾਂ ਦੀ ਲੜੀ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਸ਼ਲਾਘਾਯੋਗ ਰਿਹਾ। ਇਕ ਵੀ ਮੈਚ ਬਿਨਾਂ ਹਾਰੇ ਜਿੱਥੇ 5-0 ਨਾਲ ਲੜੀ ਜਿੱਤ ਕੇ ਭਾਰਤੀ ਟੀਮ ਨੇ ਨਵਾਂ ਰਿਕਾਰਡ ਬਣਾਇਆ, ਉਥੇ ਇਹ 2017 ਵਿਚਲੀ ਸਭ ਤੋਂ ਵੱਡੀ ਜਿੱਤ ਬਣ ਗਈ।
ਅਕਤੂਬਰ-ਨਵੰਬਰ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਦਾ ਦੌਰਾ ਕੀਤਾ। ਇਸ ਦੌਰਾਨ ਵਨ ਡੇਅ ਮੈਚਾਂ ਦੀ ਲੜੀ ਵਿਚ 3 ਮੈਚ ਖੇਡੇ ਗਏ, ਜਿਸ ਵਿਚ ਭਾਰਤ ਨੇ 2 ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ 1 ਮੈਚ ਜਿੱਤਿਆ। ਇਹ ਸੀਰੀਜ਼ ਵੀ ਭਾਰਤੀ ਟੀਮ ਨੇ ਆਪਣੇ ਖ਼ਾਤੇ ਵਿਚ ਪਾ ਲਈ। ਇਸ ਤੋਂ ਬਾਅਦ ਤਿੰਨ ਟੀ-20 ਮੈਚਾਂ ਦੀ ਲੜੀ ਹੋਈ, ਜਿਸ ਵਿਚ ਵੀ ਭਾਰਤੀ ਟੀਮ ਨੇ 2-1 ਨਾਲ ਲੜੀ ਆਪਣੇ ਨਾਂਅ ਕਰ ਲਈ। ਉਪਰੋਕਤ ਸਾਰੇ ਮੈਚਾਂ ਤੋਂ ਬਾਅਦ ਗੱਲ ਆ ਗਈ 2017 ਦੇ ਆਖ਼ਰੀ ਮਹੀਨਿਆਂ 'ਤੇ ਭਾਵ ਨਵੰਬਰ-ਦਸੰਬਰ 'ਤੇ। ਇਸ ਸਮੇਂ ਸ੍ਰੀਲੰਕਾ ਦੀ ਟੀਮ ਭਾਰਤ ਦੇ ਦੌਰੇ 'ਤੇ ਆਈ। ਸਭ ਨੂੰ ਇਹੀ ਸੀ ਕਿ ਸਾਲ ਦੀ ਸ਼ੁਰੂਆਤ ਜਿੱਤ ਨਾਲ ਹੋਈ ਸੀ, ਹੁਣ ਕਿਤੇ ਸਾਲ ਦਾ ਅੰਤ ਹਾਰ ਨਾਲ ਨਾ ਹੋ ਜਾਵੇ। ਪਰ ਇੱਥੇ ਵੀ ਭਾਰਤੀ ਟੀਮ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਵਿਖਾਈ। ਇੰਡੀਆ ਟੀਮ ਸਾਰੇ ਭਾਰਤ ਵਾਸੀਆਂ ਦੀਆਂ ਉਮੀਦਾਂ 'ਤੇ ਖਰੀ ਉਤਰੀ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ 2 ਮੈਚ ਡਰਾਅ ਰਹੇ ਅਤੇ ਇਕ ਭਾਰਤੀ ਟੀਮ ਨੇ ਜਿੱਤ ਕੇ ਸਾਲ ਦੀ ਆਖ਼ਰੀ ਟੈਸਟ ਲੜੀ ਵੀ ਆਪਣੇ ਨਾਂਅ ਕਰ ਲਈ। ਇਸ ਉਪਰੰਤ ਇਕ ਦਿਨਾ ਮੈਚਾਂ ਦੀ ਲੜੀ ਵਿਚ 1 ਮੈਚ ਹਾਰ ਕੇ, 2 ਮੈਚ ਜਿੱਤ ਕੇ ਸਾਲ ਦੀ ਆਖ਼ਰੀ ਇਕ ਦਿਨਾ ਲੜੀ ਜਿੱਤ ਕੇ ਭਾਰਤ ਦਾ ਨਾਂਅ ਦੁਨੀਆ ਦੇ ਕੋਨੇ-ਕੋਨੇ ਵਿਚ ਚਮਕਾ ਦਿੱਤਾ। ਇਸ ਲੜੀ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ ਭਾਰਤ ਦਾ ਪ੍ਰਸਿੱਧ ਬੱਲੇਬਾਜ਼ ਰੋਹਿਤ ਸ਼ਰਮਾ, ਜਿਸ ਨੇ ਦੂਸਰੇ ਵਨ ਡੇਅ ਵਿਚ 153 ਗੇਂਦਾਂ ਖੇਡ ਕੇ 208 ਦੌੜਾਂ ਬਣਾ ਕੇ ਦੋਹਰਾ ਸੈਂਕੜਾ ਆਪਣੇ ਰਿਕਾਰਡ ਵਿਚ ਜੋੜਿਆ। ਇਸ ਦੇ ਨਾਲ ਹੀ ਸਾਲ ਦੀ ਆਖ਼ਰੀ 3 ਟੀ-20 ਮੈਚਾਂ ਦੀ ਲੜੀ ਖੇਡੀ ਗਈ। ਇਹ ਵੀ ਭਾਰਤੀ ਟੀਮ ਨੇ ਆਪਣੇ ਨਾਂਅ ਕਰ ਲਈ ਹੈ।
ਇਹ ਲੜੀ ਜਿੱਤਣ ਤੋਂ ਬਾਅਦ 14 ਲੜੀਆਂ ਇਕ ਸਾਲ ਵਿਚ ਜਿੱਤਣ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ। ਇਸ ਲੜੀ ਦੇ ਦੂਸਰੇ ਮੈਚ ਵਿਚ ਵੀ ਰੋਹਿਤ ਸ਼ਰਮਾ ਨੇ ਧੂੰਆਂਧਾਰ ਬੱਲੇਬਾਜ਼ੀ ਕਰਦਿਆਂ 43 ਗੇਂਦਾਂ 'ਤੇ 118 ਦੌੜਾਂ ਬਣਾ ਕੇ ਨਵਾਂ ਇਤਿਹਾਸ ਸਿਰਜਿਆ। ਜੇਕਰ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਕੁੱਲ 2818 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ ਟੈਸਟ ਮੈਚਾਂ ਵਿਚ 1059, ਇਕ ਦਿਨਾ ਮੈਚਾਂ 'ਚ 1460 ਦੌੜਾਂ ਅਤੇ ਟੀ-20 ਵਿਚ 299 ਦੌੜਾਂ ਬਣਾਈਆਂ। ਰੋਹਿਤ ਸ਼ਰਮਾ, ਜਿਸ ਨੇ 21 ਇਕ ਦਿਨਾ ਮੈਚ ਖੇਡ ਕੇ 1293 ਦੌੜਾਂ ਅਤੇ ਸਿਖਰ ਧਵਨ ਨੇ 960 ਦੌੜਾਂ ਬਣਾਈਆਂ। ਜੇਕਰ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਜਜਵਿੰਦਰ ਚਹਿਲ ਨੇ ਟੀ-20 ਮੈਚਾਂ ਵਿਚ ਸਭ ਤੋਂ ਵੱਧ 19 ਵਿਕਟਾਂ 2017 ਦੌਰਾਨ ਲਈਆਂ। ਇਸ ਤੋਂ ਇਲਾਵਾ ਬਾਕੀ ਵੀ ਸਾਰੇ ਗੇਂਦਬਾਜ਼ਾਂ ਦੀ ਗੇਂਦਾਬਾਜ਼ੀ ਵਧੀਆ ਰਹੀ ਹੈ। ਉਪਰੋਕਤ ਦਰਸਾਈਆਂ ਜਿੱਤਾਂ ਦਾ ਸਿਹਰਾ ਹਰ ਉਸ ਭਾਰਤੀ ਖਿਡਾਰੀ ਨੂੰ ਜਾਂਦਾ ਹੈ, ਜੋ ਟੀਮ ਨਾਲ ਮੈਦਾਨ ਵਿਚ ਖੇਡਿਆ ਹੈ, ਕਿਉਂਕਿ ਜਿੱਤ ਲਈ ਇਕ ਵਿਅਕਤੀ ਨਹੀਂ, ਬਲਕਿ ਸਾਰੀ ਟੀਮ ਦਾ ਸਹਿਯੋਗ ਹੁੰਦਾ ਹੈ। ਜੇਕਰ ਕਿਹਾ ਜਾਵੇ ਕਿ ਕ੍ਰਿਕਟ ਪ੍ਰੇਮੀਆਂ ਦੇ ਚੇਤੇ ਵਿਚੋਂ ਕਦੇ ਨਹੀਂ ਵਿਸਰੇਗਾ ਭਾਰਤੀ ਟੀਮ ਦੁਆਰਾ ਸਾਲ 2017 ਦੌਰਾਨ ਕੀਤਾ ਪ੍ਰਦਰਸ਼ਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਸ ਸਾਲ ਵਿਚ ਕੋਈ ਲੜੀ ਨਹੀਂ ਹਾਰੀ, ਸਾਰੀਆਂ ਹੀ ਜਿੱਤੀਆਂ ਹਨ। ਹੁਣ ਭਵਿੱਖ ਅੰਦਰ ਵੀ ਇਹੀ ਉਮੀਦ ਹੈ ਕਿ ਜਿਵੇਂ 2017 ਦੌਰਾਨ ਭਾਰਤੀ ਟੀਮ ਨੇ ਪ੍ਰਦਰਸ਼ਨ ਕੀਤਾ ਹੈ, ਉਸੇ ਤਰ੍ਹਾਂ 2018 ਵਿਚ ਵੀ ਪ੍ਰਦਰਸ਼ਨ ਜਾਰੀ ਰਹੇਗਾ। (ਸਮਾਪਤ)


-ਸੁਖਰਾਜ ਚਹਿਲ ਧਨੌਲਾ
ਮੋਬਾ: 78892-93014

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX