ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 1 ਵਜੇ ਹੋਵੇਗਾ ਸ਼ੁਰੂ, 43ਵੇਂ ਪ੍ਰਧਾਨ ਦੀ ਹੋਵੇਗੀ ਚੋਣ
. . .  1 minute ago
ਅੰਮ੍ਰਿਤਸਰ, 13 ਨਵੰਬਰ (ਜਸਵੰਤ ਸਿੰਘ ਜੱਸ)- ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ...
ਅਧਿਆਪਕ ਅੱਜ ਭੱਠਲ ਤੇ ਸੁਲਤਾਨਾ ਦੀਆਂ ਕੋਠੀਆਂ ਦਾ ਕਰਨਗੇ ਘਿਰਾਓ
. . .  11 minutes ago
ਸੰਗਰੂਰ, 13 ਨਵੰਬਰ (ਧੀਰਜ ਪਸ਼ੋਰੀਆ) - ਤਨਖਾਹਾਂ 'ਚ ਕੀਤੀਆਂ ਕਟੌਤੀਆਂ ਖਿਲਾਫ ਅੱਜ ਅਧਿਆਪਕ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਲਹਿਰਾਗਾਗਾ ਵਿਖੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਬੀਬੀ ਰਜਿੰਦਰ ਕੌਰ ਭੱਠਲ ਤੇ ਮਲੇਰਕੋਟਲਾ ਵਿਖੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ...
ਸੁਪਰਹੀਰੋ ਕਿਰਦਾਰਾਂ ਨੂੰ ਗੜ੍ਹਣ ਵਾਲੇ ਸਟੇਨ ਲੀ ਦਾ ਹੋਇਆ ਦਿਹਾਂਤ
. . .  31 minutes ago
ਨਵੀਂ ਦਿੱਲੀ, 13 ਨਵੰਬਰ - ਮਾਰਵਲ ਕਾਮਿਕਸ ਦੇ 95 ਸਾਲਾਂ ਸਾਬਕਾ ਪ੍ਰਮੁੱਖ ਅਤੇ ਸਪਾਈਡਰ ਮੈਨ ਤੇ ਹਲਕ ਵਰਗੇ ਕਾਮਿਕ ਬੁੱਕ ਸੁਪਰਹੀਰੋ ਕਿਰਦਾਰਾਂ ਨੂੰ ਬਣਾਉਣ ਵਾਲੇ ਸਟੇਨ ਲੀ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਾਲਾਂ ਤੋਂ ਕਈ ਬੀਮਾਰੀਆਂ ਨਾਲ ਜੂਝ...
ਛੱਤੀਸਗੜ੍ਹ ਤੋਂ ਦੋ ਸ਼ੱਕੀ ਨਕਸਲੀ ਗ੍ਰਿਫ਼ਤਾਰ
. . .  58 minutes ago
ਰਾਏਪੁਰ, 13 ਨਵੰਬਰ - ਬੀਤੇ ਕੱਲ੍ਹ ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਦੋ ਨਕਸਲੀ ਢੇਰ ਹੋ ਗਏ ਸਨ। ਘਟਨਾ ਸਥਾਨ 'ਤੇ ਚੱਲ ਰਹੀ ਜਾਂਚ ਦੌਰਾਨ ਦੋ ਸ਼ੱਕੀ ਨਕਸਲੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਥਿਆਰ ਤੇ ਗੋਲਾਬਰੂਦ...
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਗਿਰਾਵਟ
. . .  about 1 hour ago
ਨਵੀਂ ਦਿੱਲੀ, 13 ਨਵੰਬਰ - ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਮਾਮੂਲੀ ਕਟੌਤੀ ਦੇਖਣ ਨੂੰ ਮਿਲੀ। ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 13 ਪੈਸੇ ਦੀ ਗਿਰਾਵਟ ਆਉਣ ਨਾਲ ਪੈਟਰੋਲ 77.43 ਰੁਪਏ ਪ੍ਰਤੀ ਲੀਟਰ ਹੋ ਗਿਆ। ਉੱਥੇ ਹੀ, ਡੀਜ਼ਲ ਦੀ ਕੀਮਤ...
ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਜ਼ਖਮੀ
. . .  about 1 hour ago
ਸਿਧਵਾਂ ਬੇਟ, 13 ਨਵੰਬਰ (ਜਸਵੰਤ ਸਿੰਘ ਸਲੇਮਪੁਰੀ) - ਅੱਜ ਸਵੇਰੇ ਸਾਢੇ ਸੱਤ ਵਜੇ ਸਿਧਵਾਂ ਬੇਟ ਤੋਂ ਲੁਧਿਆਣਾ ਲਈ ਰਵਾਨਾ ਹੋਈ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਪਿੰਡ ਆਲੀਵਾਲ ਦੇ ਨੇੜੇ ਪਲਟ ਗਈ। ਜਿਸ ਕਾਰਨ ਕਈ ਸਵਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮੌਕੇ...
ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਭਾਜਪਾ ਦੇ ਦਿੱਗਜ ਨੇਤਾ ਤੇ ਕੇਂਦਰੀ ਮੰਤਰੀ ਅਨੰਤ ਕੁਮਾਰ (59) ਦਾ ਅੰਤਿਮ ਸਸਕਾਰ ਅੱਜ ਬੈਂਗਲੁਰੂ 'ਚ ਕੀਤਾ ਜਾਵੇਗਾ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਮ ਨੂੰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੋਮਵਾਰ ਤੜਕੇ ਬੈਂਗਲੁਰੂ ਦੇ ਇਕ ਨਿੱਜੀ ਹਸਪਤਾਲ...
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ
. . .  about 2 hours ago
ਅੰਮ੍ਰਿਤਸਰ, 13 ਨਵੰਬਰ - ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਚੋਣ ਇਜਲਾਸ ਹੋਵੇਗਾ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਅੱਜ ਦੁਪਹਿਰ ਚੋਣ ਲਈ ਜਨਰਲ ਇਜਲਾਸ ਹੋਵੇਗਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੇ ਸਾਰੇ ਹੱਕ ਸ਼੍ਰੋਮਣੀ ਅਕਾਲੀ...
ਅੱਜ ਦਾ ਵਿਚਾਰ
. . .  about 3 hours ago
ਚੋਰਾਂ ਸੰਨ੍ਹ ਲਗਾ ਕੇ ਕੋਆਪਰੇਟਿਵ ਬੈਂਕ ਚੋਂ 4 ਲੱਖ 24 ਹਜ਼ਾਰ ਦੀ ਰਕਮ ਉਡਾਈ
. . .  1 day ago
ਭਿੰਡੀ ਸੈਦਾਂ, 12 ਨਵੰਬਰ ( ਪਿ੍ਤਪਾਲ ਸਿੰਘ ਸੂਫ਼ੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਊਰ ਵਿਖੇ ਚੋਰਾਂ ਨੇ ਕੋਆਪੇ੍ਟਿਵ ਬੈਂਕ ਦੀ ਇਮਾਰਤ ਦੀ ਖਿੜਕੀ ਵਾਲੀ ਗਰਿੱਲ ਤੋੜ ਕੇ ਬੈਂਕ ਅੰਦਰੋਂ ਆਰੀ ਦੇ ਬਲੇਡ ਨਾਲ ਲੌਕਰ ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਮਿੱਠੂ ਰਾਮ ਦੀ ਪਾਰਟੀ

ਬੱਚਿਓ, ਮਿੱਠੂ ਰਾਮ ਨਾਂਅ ਦੇ ਇਕ ਵਿਅਕਤੀ ਦੀ ਸ਼ਾਦੀ ਹੋਈ ਨੂੰ ਤਾਂ ਭਾਵੇਂ 15 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਸੀ। ਪ੍ਰੰਤੂ ਕੁਦਰਤ ਵਲੋਂ ਅਜੇ ਤੱਕ ਉਸ ਦੇ ਘਰ ਕੋਈ ਸੰਤਾਨ ਦੀ ਬਖਸ਼ਿਸ਼ ਨਹੀਂ ਸੀ ਹੋਈ। ਉਹ ਦੋਵੇਂ ਪਤੀ-ਪਤਨੀ ਇਸ ਗੱਲੋਂ ਬੜੇ ਚਿੰਤਤ ਤੇ ਉਦਾਸ ਮਨ ਨਾਲ ਜ਼ਿੰਦਗੀ ਜਿਉ ਰਹੇ ਸਨ। ਮਿੱਠੂ ਨੇ ਦੁੱਧ ਵਾਸਤੇ ਆਪਣੇ ਘਰ ਇਕ ਡੱਬੀ ਬੱਕਰੀ ਅਤੇ ਇਕ ਕਾਲੀ ਕੁੱਕੜੀ ਤੇ ਇਕ ਪਾਲਤੂ ਭੀਸ਼ੀ ਕੁੱਤੀ ਵੀ ਰੱਖੀ ਹੋਈ ਸੀ। ਜੋ ਆਪਸ ਵਿਚ ਪੱਕੀਆਂ ਸਹੇਲੀਆਂ ਬਣ ਚੁੱਕੀਆਂ ਸਨ। ਜਿਨ੍ਹਾਂ ਨੂੰ ਮਿੱਠੂ ਤੇ ਉਸ ਦੀ ਪਤਨੀ ਆਪਣੇ ਪੁੱਤਾਂ-ਧੀਆਂ ਵਾਂਗ ਪਿਆਰ ਕਰਿਆ ਕਰਦੇ ਸਨ। ਆਖਰ ਕੁਦਰਤ ਦੀ ਬਖਸ਼ਿਸ਼ ਹੋਈ ਕਿ ਮਿੱਠੂ ਦੇ ਘਰ ਪੁੱਤਰ ਨੇ ਜਨਮ ਲਿਆ। ਮਿੱਠੂ ਦੇ ਘਰ ਖੁਸ਼ੀਆਂ ਦੀ ਮਹਿਕ ਬਿਖਰ ਗਈ ਸੀ ਅਤੇ ਮਿੱਠੂ ਦੀ ਬੱਕਰੀ, ਕੁੱਕੜੀ ਤੇ ਕੁੱਤੀ ਦੇ ਮਨ ਵਿਚ ਵੀ ਬਹੁਤ ਚਾਅ ਪੈਦਾ ਹੋ ਗਿਆ ਸੀ ਤੇ ਉਹ ਖੁਸ਼ੀਆਂ 'ਚ ਨੱਚਦੀਆਂ ਫਿਰਦੀਆਂ ਸਨ।
ਹੁਣ ਪੁੱਤਰ ਪੈਦਾ ਹੋਣ ਦੀ ਖੁਸ਼ੀ 'ਚ ਮਿੱਠੂ ਨੇ ਆਪਣੇ ਘਰ ਵੱਡੀ ਪਾਰਟੀ ਰੱਖੀ ਹੋਈ ਸੀ। ਇਸ ਬਾਰੇ ਜਿਉਂ ਹੀ ਬੱਕਰੀ ਅਤੇ ਕੁੱਕੜੀ ਨੂੰ ਪਤਾ ਚੱਲਿਆ ਕਿ ਪਾਰਟੀ ਵਾਲੇ ਦਿਨ ਉਨ੍ਹਾਂ ਦੇ ਪੁੱਤਰਾਂ (ਮੇਮਣਿਆਂ) ਅਤੇ ਚੂਚਿਆਂ ਨੂੰ ਝਟਕਾ ਦਿੱਤਾ ਜਾਵੇਗਾ। ਇਨ੍ਹਾਂ ਗੱਲਾਂ ਨੂੰ ਲੈ ਕੇ ਬੱਕਰੀ ਅਤੇ ਕੁੱਕੜੀ ਗਮ ਦੇ ਮਾਹੌਲ 'ਚ ਡੁੱਬ ਗਈਆਂ। ਪਰ ਨਾਲੋ-ਨਾਲ ਹੀ ਕੁੱਕੜੀ ਨੇ ਬੱਕਰੀ ਨੂੰ ਇਕ ਸੁਝਾਅ ਦਿੰਦਿਆਂ ਕਿਹਾ... ਕਿ ਭੈਣੇ-ਭੈਣੇ ਮੈਨੂੰ ਇਕ ਸਕੀਮ ਸੁੱਝੀ ਐ, ਕੁੱਕੜੀ ਦੀ ਸਕੀਮ ਸੁਣ ਕੇ ਬੱਕਰੀ ਅਤੇ ਭੀਸ਼ੀ ਕੁੱਤੀ ਖਿੜਖਿੜਾ ਗਈਆਂ ਸਨ।
ਮਿੱਠੂ ਦੀ ਪਾਰਟੀ 'ਚ ਦੋ ਦਿਨ ਬਾਕੀ ਰਹਿੰਦੇ ਸਨ ਕਿ ਇਕ ਦਿਨ ਉਸ ਦੇ ਘਰ ਵਿਚ ਸਵੇਰੇ-ਸਵੇਰੇ ਅੰਧ-ਵਿਸ਼ਵਾਸ਼ੀ ਮਾਹੌਲ ਪੈਦਾ ਹੋ ਗਿਆ। ਕਿਉਂਕਿ ਉਸ ਦੇ ਨਵ-ਜੰਮੇ ਲੜਕੇ ਦੇ ਸਾਰੇ ਸਰੀਰ ਤੇ ਨੋਚੀ ਹੋਈ ਚਮੜੀ ਦੇ ਜ਼ਖ਼ਮ ਦਿਖ ਰਹੇ ਸਨ। ਲੜਕਾ ਬੁਰੀ ਤਰ੍ਹਾਂ ਚੀਕ ਵੀ ਰਿਹਾ ਸੀ। ਉਪਰੰਤ ਮੁੰਡੇ ਨੂੰ ਸ਼ਹਿਰ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਜ਼ਖ਼ਮੀ ਮੁੰਡੇ ਦੀ ਹਾਲਤ ਠੀਕ ਨਾ ਹੋਣ ਕਾਰਨ ਮਿੱਠੂ ਨੇ ਰੱਖੀ ਹੋਈ ਪਾਰਟੀ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਸੀ।
ਉਪਰੰਤ ਠੀਕ ਹੋਣ ਤੇ ਮੁੰਡੇ ਨੂੰ ਘਰ ਲਿਆਂਦਾ ਗਿਆ ਸੀ। ਭੀਸ਼ੀ ਕੁੱਤੀ ਦੇ ਬੱਕਰੀ ਤੇ ਮੁਰਗੀ ਦੀ ਸਕੀਮ ਵਾਲੀ ਗੱਲ ਹਜ਼ਮ ਨਾ ਹੋਈ ਤੇ ਆਖਰ ਭੀਸ਼ੀ ਕੁੱਤੀ ਨੇ ਚੁਗਲਖੋਰ ਬਣ ਆਪਣੇ ਮਾਲਕ ਮਿੱਠੂ ਕੋਲ ਸਾਰੀ ਗੱਲ ਦਾ ਭਾਂਡਾ ਭੰਨ ਦਿੱਤਾ। ਇਸ ਗੱਲ ਨੂੰ ਲੈ ਕੇ ਜਿਉਂ ਹੀ ਮਿੱਠੂ ਨੇ ਨਰਾਜ਼ਗੀ ਭਰੇ ਮਨ ਨਾਲ ਬੱਕਰੀ ਅਤੇ ਕੁੱਕੜੀ ਤੋਂ ਇਸ ਦੀ ਅਸਲੀਅਤ ਨੂੰ ਜਾਨਣਾ ਚਾਹਿਆ, ਤਾਂ ਅੱਗੋਂ ਉਨ੍ਹਾਂ ਦੋਵਾਂ ਨੇ ਸੱਚ ਦੀ ਹਾਮੀ ਭਰਦਿਆਂ ਕਿਹਾ... ਕਿ ਐ ਮਾਲਕ ਜਦੋਂ ਤੇਰੇ ਘਰ ਕੋਈ ਸੰਤਾਨ ਨਹੀਂ ਸੀ। ਤਾਂ ਅਸੀਂ ਤਿੰਨੋਂ ਸਹੇਲੀਆਂ ਵੀ ਤੁਹਾਡੇ ਮਨ ਦੀ ਇੱਛਾ ਪੂਰਤੀ ਲਈ ਪ੍ਰਮਾਤਮਾ ਅੱਗੇ ਦਿਨ-ਰਾਤ ਅਰਦਾਸ ਕਰਿਆ ਕਰਦੀਆਂ ਸਨ। ਤੇ ਨਾਲੇ ਸਮੇਂ-ਸਮੇਂ ਤੇ ਦੁੱਧ-ਅੰਡੇ ਦੇ ਕੇ ਸਹਾਇਕ ਧੰਦੇ ਵਜੋਂ ਸਾਥ ਵੀ ਦੇ ਰਹੀਆਂ ਹਾਂ... ਪ੍ਰੰਤੂ ਹੁਣ ਜਿਉਂ ਹੀ ਤੇਰੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਤਾਂ ਤੂੰ ਹੈਵਾਨ ਬਣਨ ਦਾ ਰੂਪ ਧਾਰਨ ਕਰ ਲਿਆ ਹੈ। ਪੁੱਤਰ ਜਨਮ ਦੀ ਪਾਰਟੀ 'ਚ ਤੂੰ ਸਾਨੂੰ ਤੇ ਸਾਡੇ ਪੁੱਤਰਾਂ ਨੂੰ ਖਤਮ ਕਰਨ ਵੱਲ ਤੁਲ ਗਿਐਂ ਹੈਂ। ਹੁਣ ਸਾਨੂੰ ਇਹ ਵੀ ਪਤਾ ਹੈ। ਕਿ ਤੈਨੂੰ ਇਹ ਗੱਲ ਸਾਡੀ ਗਦਾਰ ਹੋਈ ਪੱਕੀ ਸਹੇਲੀ ਭੀਸ਼ੀ ਕੁੱਤੀ ਨੇ ਦੱਸੀ ਐ, ਸਾਡੇ ਗੁਰੂਆਂ-ਪੀਰਾਂ ਨੇ ਵੀ ਸੱਚ ਹੀ ਲਿਖਿਆ ਐ ਕਿ 'ਕੁੱਤਾ ਰਾਜ ਬਹਾਲੀਐ ਫਿਰਿ ਚਕੀ ਚਾਟੈ'' ਐ ਮਾਲਕ ਅਸੀਂ ਤੈਨੂੰ ਫੇਰ ਹੱਥ ਜੋੜ ਕੇ ਅਪੀਲ ਕਰਦੀਆਂ ਹਾਂ ਕਿ ਸਾਡੀ ਬਣਾਈ ਸਕੀਮ ਮੁਤਾਬਕ ਕਾਲੀ ਕੁੱਕੜੀ ਨੇ ਤੇਰੇ ਇਕਲੇ ਪਏ ਪੁੱਤਰ ਉੱਪਰ ਮੂੰਹ ਹਨੇਰੇ ਹੀ ਆਪਣੀ ਚੁੰਝ ਨਾਲ ਮੱਠਾ-ਮੱਠਾ ਜਿਹਾ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਸੀ। ਪ੍ਰੰਤੂ ਡੂੰਘੇ ਜ਼ਖਮ ਨਹੀਂ ਸਨ ਕੀਤੇ। ਜਿਸ ਕਾਰਨ ਪਾਰਟੀ ਦਾ ਸਮਾਂ ਟੱਪ ਗਿਆ ਹੈ। ਤੂੰ ਕਿਸੇ ਅੰਧ-ਵਿਸ਼ਵਾਸੀ ਦਾ ਵੀ ਸ਼ਿਕਾਰ ਨਾ ਹੋ। ਬੱਕਰੀ ਤੇ ਕਾਲੀ ਕੁੱਕੜੀ ਦੀ ਗੱਲ ਨੇ ਮਿੱਠੂ ਦੇ ਧੁਰ-ਅੰਦਰ ਤੱਕ ਜ਼ਬਰਦਸਤ ਹਲੂਣਾ ਮਾਰ ਦਿੱਤਾ ਸੀ। ਮਿੱਠੂ ਨੇ ਦੋਵਾਂ ਜਣੀਆਂ ਨੂੰ ਮੁਆਫ ਕਰ ਦਿੱਤਾ ਅਤੇ ਆਪਣੇ ਪੁੱਤਰ ਦੇ ਜਨਮ ਦਿਨ ਦੀ ਪਾਰਟੀ ਮਾਸਾਹਾਰੀ ਦੀ ਬਜਾਏ ਸ਼ਾਕਾਹਾਰੀ ਪਾਰਟੀ ਕਰਨ ਵੱਲ ਮਨ ਬਣਾ ਲਿਆ ਸੀ।

-ਡਾ: ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-12: ਮਾਈ ਫਰੈਂਡ ਗਣੇਸ਼ਾ

ਰਾਜੀਵ ਐਸ. ਰੂਈਆ ਵਲੋਂ ਨਿਰਦੇਸ਼ਤ ਬਾਲੀਵੁੱਡ ਬਾਲ ਫ਼ਿਲਮ 'ਮਾਈ ਫਰੈਂਡ ਗਣੇਸ਼ਾ' ਵਿਚਲਾ ਅੱਠ ਸਾਲਾ ਨਾਇਕ ਆਸ਼ੂ (ਮਾਸਟਰ ਅਲੀ) ਹੈ ਜੋ ਮਾਪਿਆਂ ਵਲੋਂ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਘਰ ਦੀ ਨੌਕਰਾਣੀ ਗੰਗੂਬਾਈ (ਉਪਾਸਨਾ ਸਿੰਘ) ਦੇ ਮਾਧਿਅਮ ਦੁਆਰਾ ਆਸ਼ੂ ਗਣੇਸ਼ ਜੀ ਨਾਲ ਦੋਸਤੀ ਕਰਦਾ ਹੈ। ਗਣੇਸ਼ ਜੀ ਦਾ ਆਪਣੇ ਵਾਹਨ ਮੂਸ਼ਕਰਾਜ (ਚੂਹੇ) ਸਮੇਤ ਉਸ ਦੇ ਘਰ ਆਉਣਾ, ਉਸ ਨਾਲ ਹੱਸਣਾ-ਖੇਡਣਾ, ਅੰਗਰੇਜ਼ੀ ਬੋਲਣਾ ਆਸ਼ੂ ਨੂੰ ਚੰਗਾ ਲਗਦਾ ਹੈ। ਐਨੀਮੇਸ਼ਨ ਦੇ ਰੂਪ ਵਿਚ ਵਿਚਰਦਾ ਪਾਤਰ ਗਣੇਸ਼ਾ ਆਸ਼ੂ ਨਾਲ ਖਾਰ ਖਾਣ ਵਾਲੇ ਮੁੰਡਿਆਂ ਅਤੇ ਉਨ੍ਹਾਂ ਦੇ ਸਕੂਲ ਦੀ ਬੱਸ ਅਗਵਾ ਕਰਨ ਵਾਲੇ ਅਪਰਾਧੀਆਂ ਨੂੰ ਉਨ੍ਹਾਂ ਦੀ ਗ਼ਲਤੀ ਦਾ ਅਹਿਸਾਸ ਕਰਵਾ ਕੇ ਚੰਗੇ ਕਾਰਜ ਕਰਨ ਦੀ ਪ੍ਰੇਰਨਾ ਦਿੰਦਾ ਹੈ। ਗਣੇਸ਼ਾ ਆਪਣੇ ਚਮਤਕਾਰ ਦਿਖਾਉਂਦਾ ਹੋਇਆ ਮੂਸ਼ਕਰਾਜ ਨਾਲ ਅਸਮਾਨ ਵਿਚ ਉੱਡਦਾ ਹੈ ਅਤੇ ਪਾਣੀ ਉੱਪਰ ਨੱਚਦਾ ਟੱਪਦਾ ਹੈ। ਇਹ ਸਭ ਕੁਝ ਆਸ਼ੂ ਨੂੰ ਬਹੁਤ ਚੰਗਾ ਲੱਗਦਾ ਹੈ। ਜਦੋਂ ਆਸ਼ੂ ਦੀ ਦੋਸਤ ਤਾਨੀਆ ਬਹੁਤ ਬਿਮਾਰ ਹੋ ਜਾਂਦੀ ਹੈ ਤਾਂ ਇਸ ਸੰਕਟ ਦੀ ਘੜੀ ਵਿਚ ਵੀ ਗਣੇਸ਼ਾ ਆਸ਼ੂ ਨੂੰ ਹੌਸਲਾ ਦਿੰਦਾ ਹੈ। ਇਹ ਐਨੀਮੇਸ਼ਨ ਤਿੰਨ ਭਾਗਾਂ ਵਿਚ ਬਣੀ ਹੋਈ ਹੈ। ਗਣੇਸ਼ਾ ਆਪਣੀ ਸੂਝ-ਬੂਝ, ਫੁਰਤੀਲੇਪਨ ਅਤੇ ਚਮਤਕਾਰਾਂ ਨਾਲ ਐਨੀਮੇਸ਼ਨ ਵਿਚ ਦਿਲਚਸਪੀ ਪੈਦਾ ਕਰਦਾ ਹੈ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾਈਲ : 98144-23703.
dsaasht@yahoo.co.in

ਕਿਉਂ ਉਗਾਇਆ ਜਾਂਦਾ ਹੈ ਕ੍ਰਿਸਮਸ ਰੁੱਖ

ਸਾਰੀ ਦੁਨੀਆ 'ਚ ਦਸੰਬਰ ਮਹੀਨੇ ਦੇ ਆਖਰੀ ਹਫ਼ਤੇ ਵਿਚ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਕ੍ਰਿਸਮਸ ਦੇ ਰੁੱਖ ਦੀ ਖ਼ਾਸ ਮਹੱਤਤਾ ਹੁੰਦੀ ਹੈ। ਪਿਆਰੇ ਬੱਚਿਓ, ਆਓ ਅੱਜ ਤੁਹਾਨੂੰ ਕ੍ਰਿਸਮਸ ਰੁੱਖ ਦੇ ਉਗਾਉਣ ਸਬੰਧੀ ਜਾਣਕਾਰੀ ਦੇਈਏ। ਕ੍ਰਿਸਮਸ ਰੁੱਖ ਇਕ ਸਦਾਬਹਾਰ ਪੌਦਾ ਹੈ, ਆਮ ਤੌਰ 'ਤੇ ਕ੍ਰਿਸਮਸ ਦੇ ਮੌਕੇ 'ਤੇ ਡਲਗਸ ਫਰ ਜਾਂ ਬਾਲਸਮ ਦੇ ਪੌਦੇ 'ਤੇ ਰੌਸ਼ਨੀ ਅਤੇ ਸਜਾਵਟ ਦਾ ਸਾਮਾਨ ਲਗਾ ਦਿੱਤਾ ਜਾਂਦਾ ਹੈ। ਇਸ ਪ੍ਰਥਾ ਦਾ ਆਰੰਭ ਪ੍ਰਾਚੀਨ ਕਾਲ ਦੇ ਮਿਸਰ ਵਾਸੀਆਂ, ਚੀਨੀਆਂ ਜਾਂ ਹੈਬਰਿਊ ਲੋਕਾਂ ਨੇ ਕੀਤਾ ਮੰਨਿਆ ਜਾਂਦਾ ਹੈ। ਇਹ ਲੋਕ ਇਸ ਸਦਾਬਹਾਰ ਰੁੱਖ ਦੀਆਂ ਮਾਲਾ ਅਤੇ ਫੁੱਲਾਂ ਦੇ ਹਾਰਾਂ ਨੂੰ ਜੀਵਨ ਦੀ ਨਿਰੰਤਰਤਾ ਦੀ ਪ੍ਰਤੀਕ ਮੰਨਦੇ ਹਨ। ਦੇਵ ਪੂਜਕ ਯੂਰਪ ਵਾਸੀਆਂ ਵਿਚ ਇਸਾਈ ਧਰਮ ਦੇ ਸ਼ੁਰੂ ਹੋਣ ਤੱਕ ਰੁੱਖਾਂ ਦੀ ਪੂਜਾ ਕਾਫ਼ੀ ਪ੍ਰਚਲਿਤ ਸੀ। ਇਸੇ ਕਾਲ ਵਿਚ ਘਰਾਂ ਨੂੰ ਨਵੇਂ ਸਾਲ ਦੇ ਦਿਨ ਲੋਕ ਇਨ੍ਹਾਂ ਸਦਾਬਹਾਰ ਰੁੱਖਾਂ ਨਾਲ ਸਜਾਉਂਦੇ ਸਨ। ਇਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਰੁੱਖਾਂ ਨੂੰ ਘਰਾਂ ਵਿਚ ਸਜਾਉਣ ਨਾਲ ਭੂਤ-ਪ੍ਰੇਤ ਅਤੇ ਬੁਰਾਈਆਂ ਦੂਰ ਰਹਿੰਦੀਆਂ ਹਨ। ਇਨ੍ਹਾਂ ਰੁੱਖਾਂ ਨੂੰ ਪੰਛੀਆਂ ਦੇ ਉਪਯੋਗ ਲਈ ਵੀ ਲਗਾਇਆ ਜਾਂਦਾ ਹੈ।
ਆਧੁਨਿਕ ਕ੍ਰਿਸਮਸ ਰੁੱਖ ਦੀ ਸ਼ੁਰੂਆਤ ਪੱਛਮੀ ਜਰਮਨੀ ਵਿਚ ਹੋਈ। ਇਸ ਦੇ ਆਰੰਭ ਦੀ ਇਕ ਕਹਾਣੀ ਹੈ। ਮੱਧ ਯੁੱਗ ਦੇ ਲੋਕਪ੍ਰਿਯ ਨਾਟਕ ਵਿਚ ਈਡਨ ਗਾਰਡਨ ਨੂੰ ਮੰਚਿਤ ਕਰਨ ਦੇ ਲਈ ਇਕ ਫਰ ਦੇ ਰੁੱਖ ਦੀ ਵਰਤੋਂ ਕੀਤੀ ਗਈ, ਜਿਸ ਉੱਪਰ ਸੇਬ ਲਟਕਾਏ ਗਏ। ਉਸ ਤਰ੍ਹਾਂ ਜਿਵੇਂ 'ਸਵਰਗ ਰੁੱਖ' (ਪੈਰਾਡਾਈਜ਼ ਟ੍ਰੀ) ਦਾ ਵਰਣਨ ਮਿਲਦਾ ਹੈ। ਜਰਮਨੀ ਦੇ ਲੋਕਾਂ ਨੇ 24 ਦਸੰਬਰ (ਜੋ ਕਿ ਆਦਮ ਅਤੇ ਈਦ ਦੀ ਦਾਅਵਤਦੇ ਉਤਸਵ ਦਾ ਦਿਨ ਮੰਨਿਆ ਜਾਂਦਾ ਹੈ) ਨੂੰ ਫਰ ਦਾ ਰੁੱਖ ਆਪਣੇ ਵਿਹੜੇ ਵਿਚ ਲਗਾਉਣਾ ਸ਼ੁਰੂ ਕਰ ਦਿੱਤਾ। ਸੁੰਦਰਤਾ ਵਧਾਉਣ ਦੇ ਲਈ ਇਸ ਉੱਪਰ ਲੋਕੀਂ ਪੰਨੇ ਆਦਿ ਵੀ ਲਟਕਾਉਂਦੇ ਸਨ। ਇਹ ਲੋਕੀਂ ਲੱਕੜੀ ਤੋਂ ਬਣੀ ਤਿਕੋਨੇ ਅਕਾਰ ਦੀ ਕ੍ਰਿਸਮਸ ਪਿਰਾਮਿਡ ਬਣਾਉਂਦੇ ਸਨ, ਜਿਸ ਵਿਚ ਕ੍ਰਿਸਮਸ ਦੀਆਂ ਮੂਰਤੀਆਂ, ਮੋਮਬੱਤੀਆਂ ਅਤੇ ਇਕ ਸਿਤਾਰਾ ਰੱਖਣ ਦੇ ਲਈ ਫੱਟੇ ਲੱਗੇ ਹੁੰਦੇ ਸਨ। 16ਵੀਂ ਸਦੀ ਤੱਕ ਕ੍ਰਿਸਮਸ ਪਿਰਾਮਿਡ ਅਤੇ ਕ੍ਰਿਸਮਸ ਰੁੱਖ ਅਲੋਪ ਹੋ ਗਏ ਅਤੇ ਆਧੁਨਿਕ ਕ੍ਰਿਸਮਸ ਰੁੱਖ ਦਾ ਪ੍ਰਚਲਣ ਹੋ ਗਿਆ। ਇਹ ਰਿਵਾਜ਼ ਅਠਾਰਵੀਂ ਸਦੀ ਵਿਚ ਜਰਮਨੀ ਦੇ ਲੂਥਰ ਅਨੁਆਈਆਂ ਵਿਚ ਬਹੁਤ ਪ੍ਰਚਲਿਤ ਹੋਇਆ। 19ਵੀਂ ਸਦੀ ਦੇ ਅੱਧ ਵਿਚ ਮਹਾਰਾਣੀ ਵਿਕਟੋਰੀਆ ਦੇ ਪਤੀ ਜਰਮਨ ਪ੍ਰਿੰਸ ਅਲਬਰਟ ਨੇ ਇੰਗਲੈਂਡ ਵਿਚ ਵੀ ਇਸ ਦਾ ਪ੍ਰਚਾਰ ਕੀਤਾ। ਪ੍ਰਿੰਸ ਅਲਬਰਟ ਨੇ ਸੰਨ 1841 ਵਿਚ ਵਿੰਡਸਰ ਕੈਸਲ ਵਿਚ ਪਹਿਲਾ ਕ੍ਰਿਸਮਸ ਰੁੱਖ ਲਗਾਇਆ ਸੀ। ਅਮਰੀਕਾ, ਆਸਟ੍ਰੇਲੀਆ, ਸਵਿਟਜ਼ਰਲੈਂਡ, ਪੋਲੈਂਡ, ਹਾਲੈਂਡ ਰਾਹੀਂ ਕ੍ਰਿਸਮਸ ਚੀਨ ਤੇ ਜਾਪਾਨ ਤੱਕ ਜਾ ਪਹੁੰਚਿਆ। ਅੱਜਕਲ੍ਹ ਕ੍ਰਿਸਮਸ ਰੁੱਖ ਨੂੰ ਸਜਾਉਣ ਲਈ ਵੰਨ-ਸੁਵੰਨੇ ਬਲਬਾਂ ਦੇ ਡਿਜ਼ਾਈਨ ਬਣਾ ਕੇ ਬਿਜਲੀ ਨਾਲ ਵੀ ਸਜਾਇਆ ਜਾਂਦਾ ਹੈ।

-ਮਹਾਂਬੀਰ ਸਿੰਘ ਗਿੱਲ
ਚੇਤਨਪੁਰਾ, ਅੰਮ੍ਰਿਤਸਰ।
ਮੋਬਾਈਲ : 98144-16722.

ਬੁਝਾਰਤਾਂ

1. ਧਰਤੀ ਦਾ ਬਣਿਆ ਭਗਵਾਨ, ਉਹਦੇ ਪਿੱਛੇ ਪਿਆ ਜਹਾਨ।
2. ਸਿੱਖਿਆ ਬਾਂਦਰ ਨੂੰ ਦੇ ਕੇ, ਘਰ ਆਪਣਾ ਉਜਾੜਨ ਵਾਲੀ,
ਰੁੱਖਾਂ 'ਚ ਲਟਕਾਂ ਆਪਣਾ ਘਰ, ਫੁਰਰ ਫੁਰਰ ਉੱਡਦੀ ਰਹਿਣ ਵਾਲੀ।
3. ਕਾਰਤਿਕੇ ਦਾ ਵਾਹਨ ਅਖਵਾਏ, ਰਾਸ਼ਟਰੀ ਪੰਛੀ ਦਾ ਸਨਮਾਨ ਪਾਵੇ,
ਬੱਦਲ ਬੁਲਾਉਣ ਦਾ ਇਸ ਨੂੰ ਵਰਦਾਨ, ਨਾਂਅ ਦੱਸੋ ਉਸ ਦਾ ਪਹਿਚਾਣ।
4. ਅੱਗੇ-ਅੱਗੇ ਭੱਜਿਆ ਜਾਵੇ, ਹਿੰਮਤੀਆਂ ਨੂੰ ਨਾਲ ਰਲਾਵੇ।
5. ਸਾਹੂਕਾਰਾਂ ਲਈ ਵਰਦਾਨ, ਜਿਮੀਂਦਾਰਾਂ ਲਈ ਨੁਕਸਾਨ।
6. ਬੁੱਝੋ ਲੋਕੋ ਇਕ ਪਹੇਲੀ, ਜਦੋਂ ਮੈਂ ਕੱਟਦੀ ਤਾਂ ਬਣ ਜਾਵਾਂ ਨਵੀਂ ਨਵੇਲੀ।
7. ਦਾਨ ਦੇਈਏ ਅੱਗੇ ਆਵੇ, ਮੰਗੀਏ ਤਾਂ ਪਿੱਛੇ ਹਟ ਜਾਵੇ।
8. ਬਾਰਾਂ ਮਹੀਨੇ ਵਿਕਦਾ ਰਹਿੰਦਾ, ਹਰ ਇਕ ਸ਼ਬਜੀ ਦੇ ਵਿਚ ਪੈਂਦਾ।
9. ਸਿਦਕੀ ਨਾ ਉਸ ਬਾਰੇ ਸੋਚਣ, ਕਾਇਰ ਹਮੇਸ਼ਾ ਉਸ ਨੂੰ ਕੋਸਣ।
10. ਵਫਾਦਾਰੀ ਵਿਚ ਉਸ ਤੋਂ ਪਿੱਛੇ ਸਾਰੇ,
ਫਿਰ ਵੀ ਦੁਨੀਆ ਉਸ ਨੂੰ ਦੁਰਕਾਰੇ।
ਉੱਤਰ઺(1) ਪੈਸਾ, (2) ਬਿਜੜਾ, (3) ਮੋਰ, (4) ਸਮਾਂ, (5) ਵਿਆਜ, (6) ਪੈਨਸਿਲ, (7) ਕੜਾ, (8) ਆਲੂ, (9) ਕਿਸਮਤ, (10) ਕੁੱਤਾ।

-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾ:98763-22677

ਬਾਲ ਨਾਵਲ-43: ਖੱਟੀਆਂ-ਮਿੱਠੀਆਂ ਗੋਲੀਆਂ

ਜਦੋਂ ਰਿਕਸ਼ਾ ਤੁਰਨ ਲੱਗਾ ਤਾਂ ਬੰਦ ਘਰ ਵੱਲ ਦੇਖ ਕੇ ਹਰੀਸ਼ ਦਾ ਮਨ ਫਿਰ ਭਰ ਆਇਆ। ਰਿਕਸ਼ਾ ਤੁਰਿਆ ਤਾਂ ਉਸ ਨੇ ਆਪਣੇ-ਆਪ 'ਤੇ ਕੰਟਰੋਲ ਕਰ ਲਿਆ।
ਰਿਕਸ਼ਾ ਤੋਰ ਕੇ ਸਿਧਾਰਥ ਨੇ ਆਪਣਾ ਸਕੂਟਰ ਸਟਾਰਟ ਕੀਤਾ ਅਤੇ ਚਲਦੇ ਰਿਕਸ਼ੇ 'ਤੇ ਸਿਧਾਰਥ ਨੇ ਹਰੀਸ਼ ਨੂੰ ਕਿਹਾ, 'ਮੈਂ ਘਰ ਪਹੁੰਚ ਰਿਹਾ ਹਾਂ, ਤੂੰ ਮਗਰੇ ਹੀ ਆ ਜਾ।'
ਸਿਧਾਰਥ ਦੇ ਘਰ ਪਹੁੰਚਣ ਤੋਂ ਵੀਹ-ਪੰਝੀ ਮਿੰਟ ਬਾਅਦ ਹਰੀਸ਼ ਪਹੁੰਚ ਗਿਆ। ਸਿਧਾਰਥ ਨੇ ਉਸ ਦਾ ਟਰੰਕ ਅਤੇ ਬਿਸਤਰੇ ਵਾਲੀ ਗੰਢ ਸਟੋਰ ਵਿਚ ਟਿਕਾ ਦਿੱਤੀ। ਕਿਤਾਬਾਂ ਉਸ ਨੇ ਸਟੱਡੀ ਰੂਮ ਵਿਚ ਰੱਖ ਦਿੱਤੀਆਂ। ਹਰੀਸ਼ ਜਦੋਂ ਦਾ ਵੀਰ ਜੀ ਦੇ ਘਰ ਆਇਆ ਹੈ, ਸਿਧਾਰਥ ਨੇ ਉਸ ਦਾ ਬਿਸਤਰਾ ਸਟੱਡੀ ਰੂਮ ਵਿਚ ਪਏ ਦੀਵਾਨ ਉੱਪਰ ਹੀ ਕਰ ਦਿੱਤਾ ਸੀ। ਹੁਣ ਵੀ ਉਸ ਦਾ ਪੱਕਾ ਟਿਕਾਣਾ ਸਟੱਡੀ ਰੂਮ ਵਿਚ ਹੀ ਕਰ ਦਿੱਤਾ, ਤਾਂ ਜੋ ਉਹ ਆਪਣੇ ਵੱਖਰੇ ਕਮਰੇ ਵਿਚ ਚੰਗੀ ਤਰ੍ਹਾਂ ਪੜ੍ਹਾਈ ਕਰ ਸਕੇ।
ਹਰੀਸ਼ ਨੇ ਆਪਣੀਆਂ ਬਹੁਤੀਆਂ ਕਿਤਾਬਾਂ, ਕਾਪੀਆਂ ਅਲਮਾਰੀ ਵਿਚ ਸਾਂਭ ਦਿੱਤੀਆਂ ਅਤੇ ਜਿਹੜੀਆਂ ਉਸ ਨੇ ਪੜ੍ਹਨੀਆਂ ਸਨ, ਉਹ ਮੇਜ਼ ਉੱਪਰ ਰੱਖ ਲਈਆਂ। ਐਨੀ ਦੇਰ ਵਿਚ ਸਿਧਾਰਥ ਵੀ ਉਸ ਕੋਲ ਆ ਗਿਆ। ਸਿਧਾਰਥ ਨੇ ਉਸ ਨੂੰ ਬੜੇ ਅਪਣੱਤ ਨਾਲ ਕਹਿਣਾ ਸ਼ੁਰੂ ਕੀਤਾ, 'ਵੇਖ ਬੇਟਾ, ਇਹ ਤੇਰਾ ਆਪਣਾ ਘਰ ਹੈ। ਤੈਨੂੰ ਕਿਸੇ ਕਿਸਮ ਦੀ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਕੱਲ੍ਹ ਤੋਂ ਤੂੰ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਹੈ। ਜੋ ਹੋਣਾ ਸੀ, ਉਹ ਹੋ ਗਿਆ। ਹੁਣ ਤੂੰ ਸਵੇਰ ਤੋਂ ਬਾਕਾਇਦਾ ਸਕੂਲ ਵੀ ਜਾਣੈ ਅਤੇ ਪਿਛਲੇ ਦਿਨਾਂ ਵਿਚ ਜਿਹੜਾ ਪੜ੍ਹਾਈ ਦਾ ਨੁਕਸਾਨ ਹੋਇਐ, ਉਹ ਵੀ ਪੂਰਾ ਕਰਨੈ। ਤੂੰ ਹੁਣ ਕਿਸੇ ਹੋਰ ਪਾਸੇ ਧਿਆਨ ਨਹੀਂ ਦੇਣਾ। ਦਸਵੀਂ ਕਲਾਸ ਹਰ ਬੱਚੇ ਦੀ ਜ਼ਿੰਦਗੀ ਬੜੀ ਅਹਿਮ ਕਲਾਸ ਹੁੰਦੀ ਹੈ। ਇਸ ਦਾ ਪ੍ਰਭਾਵ ਸਾਰੀ ਉਮਰ ਤੱਕ ਰਹਿੰਦਾ ਹੈ। ਤੁਸੀਂ ਭਾਵੇਂ ਪੀ-ਐਚ.ਡੀ. ਕਰ ਲਵੋ ਪਰ ਜਦੋਂ ਵੀ ਤੁਹਾਨੂੰ ਕਿਸੇ ਇੰਟਰਵਿਊ 'ਤੇ ਜਾਣਾ ਪਵੇ, ਉਹ ਦਸਵੀਂ ਦੇ ਨੰਬਰ ਜ਼ਰੂਰ ਦੇਖਦੇ ਹਨ। ਇਸ ਤੋਂ ਇਲਾਵਾ ਤੁਹਾਡੀ ਜ਼ਿੰਦਗੀ ਦੇ ਕੈਰੀਅਰ ਦਾ ਇਹ ਇਕ ਬੜਾ ਹੀ ਮਹੱਤਵਪੂਰਨ ਮੋੜ ਹੈ। ਪਹਿਲਾਂ ਦਸਵੀਂ ਅਤੇ ਉਸ ਤੋਂ ਬਾਅਦ ਪਲੱਸ ਟੂ ਤੱਕ ਤੂੰ ਪੂਰੀ ਜਾਨ ਮਾਰਨੀ ਹੈ। ਵੈਸੇ ਤਾਂ ਸਾਰੀ ਜ਼ਿੰਦਗੀ ਹੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਪਰ ਪਲੱਸ ਟੂ ਨੇ ਤੁਹਾਡੇ ਕੈਰੀਅਰ ਦਾ ਨਿਰਣਾ ਕਰਨਾ ਹੁੰਦਾ ਹੈ ਕਿ ਤੁਸੀਂ ਕਿਹੜੇ ਪ੍ਰੋਫੈਸ਼ਨਲ ਕਾਲਜ ਵਿਚ ਜਾਣੈ।
'ਮੈਨੂੰ ਪਤਾ ਹੈ ਕਿ ਮਾਂ ਦੀ ਯਾਦ ਸਾਰੀ ਉਮਰ ਕੋਈ ਨਹੀਂ ਭੁਲਾ ਸਕਦਾ। ਮਾਂ ਵਰਗਾ ਘਣਛਾਵਾਂ ਬੂਟਾ ਹੋਰ ਕੋਈ ਨਹੀਂ ਹੋ ਸਕਦਾ, ਜਿਸ ਦੀ ਸੰਘਣੀ ਛਾਂ ਵਿਚ ਤੁਹਾਨੂੰ ਸੁੱਖ, ਆਰਾਮ ਅਤੇ ਅਸੀਸਾਂ ਹੀ ਮਿਲਦੀਆਂ ਹਨ। ਪਰ ਇਸ ਦੇ ਬਾਵਜੂਦ ਮੈਂ ਤੈਨੂੰ ਕਹਾਂਗਾ ਕਿ ਤੈਨੂੰ ਕੁਝ ਦੇਰ ਲਈ ਸਾਰਾ ਕੁਝ ਭੁਲਾ ਕੇ ਸਿਰਫ ਪੜ੍ਹਾਈ ਵੱਲ ਮਨ ਇਕਾਗਰ ਕਰਨਾ ਚਾਹੀਦੈ। ਉਮੀਦ ਹੈ ਤੂੰ ਮੇਰਾ ਆਖਾ ਮੰਨੇਗਾ ਅਤੇ ਸਵੇਰ ਤੋਂ ਹੀ ਆਪਣੀ ਪੜ੍ਹਾਈ ਬਾਕਾਇਦਾ ਸ਼ੁਰੂ ਕਰ ਦੇਵੇਂਗਾ। ਕੋਈ ਵੀ ਮੁਸ਼ਕਿਲ ਆਵੇ ਤਾਂ ਮੈਨੂੰ ਦੱਸਣੀ ਐ। ਮੈਂ ਹਮੇਸ਼ਾ ਤਨ, ਮਨ ਅਤੇ ਧਨ ਨਾਲ ਤੇਰੀ ਮਦਦ ਕਰਾਂਗਾ। ਮੈਂ ਹਮੇਸ਼ਾ ਤੇਰੇ ਨਾਲ ਹਾਂ।' (ਚਲਦਾ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਕੁਝ ਜਾਣਕਾਰੀ

* ਰਾਕ ਗਾਰਡਨ ਦੇ ਨਿਰਮਾਤਾ ਕੌਨ ਸਨ?
ਂਸ੍ਰੀ ਨੇਕ ਚੰਦ
* ਮਲਾਲਾ ਯੂਸਫਜਈ ਕਿਸ ਦੇਸ਼ ਦੀ ਜੰਮਪਲ ਹੈ?
ਂਪਾਕਿਸਤਾਨ
* ਭਾਰਤ ਦਾ 29ਵਾਂ ਰਾਜ ਕਿਹੜਾ ਹੈ? ਂਤੇਲੰਗਾਨਾ
* ਇਸਲਾਮ ਧਰਮ ਦੇ ਬਾਨੀ ਕੌਣ ਸਨ? ਂਹਜ਼ਰਤ ਮੁਹੰਮਦ
* ਭਾਰਤ ਵਿਚ ਜਨਗਣਨਾ ਕਿੰਨੇ ਸਾਲਾਂ ਬਾਅਦ ਹੁੰਦੀ ਹੈ? ਂ10 ਸਾਲਾਂ ਬਾਅਦ।
* ਇਤਿਹਾਸ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ।
ਂਹੈਰੋਡੋਟਸ ਨੂੰ
* ਅੰਮ੍ਰਿਤਾ ਪ੍ਰੀਤਮ ਦੀ ਕਿਹੜੀ ਰਚਨਾ ਭਾਰਤ ਤੇ ਪਾਕਿਸਤਾਨ ਵਿਚ ਮਸ਼ਹੂਰ ਹੋਈ? ਂਅੱਜ ਆਖਾਂ ਵਾਰਿਸ ਸ਼ਾਹ ਨੂੰ (ਕਵਿਤਾ)
* ਪੰਜਾਬੀ ਦੀ ਟਕਸਾਲੀ ਬੋਲੀ ਕਿਹੜੀ ਹੈ? ਂਮਾਝੀ
* ਆਰੀਆ ਭੱਟ ਕੌਣ ਸੀ?
ਂਇਕ ਮਹਾਨ ਗਣਿਤਕਾਰ
* ਪੰਜਾਬੀਆਂ ਦੀ ਮਾਂ ਖੇਡ ਕਿਹੜੀ ਹੈ? ਂਕਬੱਡੀ
* ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਬਣੀ ਸੀ? ਂਸ੍ਰੀਮਤੀ ਪ੍ਰਤਿਭਾ ਪਾਟਿਲ


-ਪਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਡਾਲੀ ਗੁਰੂ (ਅੰਮ੍ਰਿਤਸਰ)।

ਬਾਲ ਸਾਹਿਤ

ਨੱਚ ਟੱਪ ਬਾਲੜੀਏ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਮੁੱਲ : 70 ਰੁਪਏ, ਸਫੇ : 88
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਸੰਪਰਕ : 98764-52223

ਪੁਸਤਕ ਦੇ ਨਾਂਅ ਤੋਂ ਜਾਪਦਾ ਹੈ ਕਿ ਪੁਸਤਕ ਵਿਚ ਸਿਰਫ਼ ਬਾਲੜੀਆਂ ਲਈ ਹੀ ਕਵਿਤਾਵਾਂ ਹੋਣਗੀਆਂ, ਪਰ 'ਨੱਚ ਟੱਪ ਬਾਲੜੀਏ' ਪੁਸਤਕ ਵਿਚ ਲੇਖਕ ਨੇ ਬਾਲਾਂ ਲਈ ਰੰਗ-ਬਰੰਗਾ ਗੁਲਦਸਤਾ ਕਵਿਤਾਵਾਂ ਰਾਹੀਂ ਪੇਸ਼ ਕੀਤਾ ਹੈ। ਕਵਿਤਾ ਦੇ ਅਖੀਰ ਵਿਚ ਕੋਈ ਨਾ ਕੋਈ ਸਿੱਖਿਆ ਵੀ ਜ਼ਰੂਰ ਦਿੱਤੀ ਹੈ। ਕਵਿਤਾਵਾਂ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਕੇ, ਮਾਲਾਵਾਂ ਬਣਾ ਕੇ, ਬਾਲਾਂ ਦੇ ਮਨਾਂ ਵਿਚ ਪਾਈਆਂ ਹਨ।
'ਬਹੁਤ ਸਹੇਲੀਆਂ ਮੇਰੀਆਂ ਭਾਵੇਂ,
ਪਰ ਪੱਕੀ ਸਹੇਲੀ ਕਿਤਾਬ ਕੁੜੇ।
ਕਿੰਨੀਆਂ ਪੜ੍ਹੀਆਂ, ਕਿੰਨੀਆਂ ਬਾਕੀ,
ਰੱਖਿਆ ਨਹੀਂ ਹਿਸਾਬ ਕੁੜੇ।'
(ਪੱਕੀ ਸਹੇਲੀ)
'ਤੋਪਾਂ ਛੱਡ ਅੰਗਰੇਜ਼ ਸੀ ਭੱਜੇ,
ਗਾਂਧੀ ਜਦੋਂ ਚਲਾਇਆ ਚਰਖਾ।
ਸੂਟ ਅੰਗਰੇਜ਼ੀ ਪਾਉਣੇ ਭੁੱਲੇ,
ਐਸਾ ਸੂਤ ਬਣਾਇਆ ਚਰਖਾ।'
(ਚਰਖਾ)
'ਇਹ ਚੰਨ, ਤਾਰੇ ਸਿਤਾਰੇ,
ਉੱਡਦੇ ਜੁਗਨੂੰ ਜੋ ਸਾਰੇ।
ਰੇਤ ਟਿੱਬੇ ਜੋ ਨਦੀਆਂ ਖਿਲਾਰੇ,
ਉੱਚੇ ਪਰਬਤ ਉੱਤੇ ਧਰਤੀ ਉਭਾਰੇ।'
(ਕੁਦਰਤ ਦੇ ਰੰਗ)
ਇਹ ਪੁਸਤਕ ਦਾ ਦੂਜਾ ਐਡੀਸ਼ਨ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਬਾਲ ਪਾਠਕਾਂ ਨੇ ਇਸ ਨੂੰ ਖ਼ੂਬ ਪਸੰਦ ਕੀਤਾ ਹੈ। ਪੁਸਤਕ ਵਿਚ ਬਾਲਾਂ ਲਈ ਹਰ ਰੰਗ ਪੇਸ਼ ਕੀਤਾ ਗਿਆ ਹੈ। ਕਵਿਤਾਵਾਂ ਨਾਲ ਢੁਕਵੇਂ ਚਿੱਤਰ ਕਵਿਤਾਵਾਂ ਨੂੰ ਹੋਰ ਖ਼ੂਬਸੂਰਤ ਬਣਾਉਂਦੇ ਹਨ। ਪ੍ਰਿੰ: ਬਹਾਦਰ ਸਿੰਘ ਗੋਸਲ ਦਾ ਯਤਨ ਸ਼ਲਾਘਾ ਭਰਪੂਰ ਹੈ। ਪੁਸਤਕ ਸਾਂਭਣ ਤੇ ਪੜ੍ਹਨ ਯੋਗ ਹੈ। ਪੰਜਾਬੀ ਬਾਲ ਸਾਹਿਤ ਵਿਚ ਪੁਸਤਕ 'ਨੱਚ ਟੱਪ ਬਾਲੜੀਏ' ਦਾ ਸਵਾਗਤ ਹੈ।

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਅਨਮੋਲ ਬਚਨ

* ਰਿਸ਼ਤੇ ਦੂਰ ਰਹਿਣ ਨਾਲ ਟੁੱਟਦੇ ਨਹੀਂ ਤੇ ਕੋਲ ਰਹਿਣ 'ਤੇ ਜੁੜਦੇ ਨਹੀਂ ਪਰ ਅਹਿਸਾਸ ਅਜਿਹਾ ਹੈ ਕਿ ਆਪਣਿਆਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ।
* ਸੱਚਾ ਦੋਸਤ ਉਹ ਹੈ ਜੋ ਤੁਹਾਡੀਆਂ ਸਿਰਫ ਚੰਗਿਆਈਆਂ ਹੀ ਨਾ ਦੱਸੇ, ਸਗੋਂ ਖਾਮੀਆਂ ਤੋਂ ਵੀ ਜਾਣੂ ਕਰਾਵੇ।
* ਵਿਅਕਤੀ ਨੂੰ ਆਪਣੇ ਵਿਚੋਂ ਕਮੀਆਂ ਲੱਭਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਕਮੀਆਂ ਲੱਭਣ ਲਈ ਲੋਕ ਹੀ ਕਾਫੀ ਹਨ।
* ਜਦੋਂ ਦੋ ਦੋਸਤਾਂ ਵਿਚ ਇਕ-ਦੂਜੇ ਨਾਲੋਂ ਚੰਗਾ ਕਹਾਉਣ ਦੀ ਜੰਗ ਛਿੜ ਜਾਵੇ, ਉਹ ਦੋਸਤੀ ਜ਼ਿਆਦਾ ਚਿਰ ਨਹੀਂ ਟਿਕਦੀ।
* ਆਪਣੇ-ਆਪ ਨੂੰ ਅਜਿਹਾ ਬਣਾ ਕੇ ਰੱਖੋ, ਜੇਕਰ ਕੋਈ ਤੁਹਾਡੀ ਬੁਰਾਈ ਕਰੇ ਤਾਂ ਸਾਹਮਣੇ ਵਾਲੇ ਨੂੰ ਯਕੀਨ ਨਾ ਆਵੇ।

-ਕੁਲਦੀਪ ਕੌਰ ਛਾਜਲੀ,
ਪਿੰਡ ਤੇ ਡਾਕ: ਛਾਜਲੀ, ਜ਼ਿਲ੍ਹਾ ਸੰਗਰੂਰ।

ਕਵਿਤਾ: ਸਾਡੇ ਅਧਿਆਪਕ

ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ,
ਸਾਡੇ ਲਈ ਨੇ ਗਿਆਨ ਦਾ ਸੋਮਾ, ਸਾਡੇ ਚਾਨਣ ਮੁਨਾਰੇ।
ਗਿਆਨ ਦੇ ਗੱਫੇ ਵੰਡਦੇ ਸਾਨੂੰ,
ਨਿੱਤ ਸਕੂਲੇ ਆ ਕੇ।
ਅਸੀਂ ਵੀ ਆਦਰ ਕਰਦੇ ਪੂਰਾ,
ਮਿਲੀਏ ਸਿਰ ਝੁਕਾ ਕੇ।
ਸਾਨੂੰ ਇਹ ਮਾਪਿਆਂ ਤੋਂ ਵੀ ਵਧ ਕੇ,
ਜਾਈਏ ਵਾਰੇ-ਵਾਰੇ।
ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ।
ਆਗਿਆ ਦਾ ਪਾਲਣ ਹਾਂ ਕਰਦੇ
ਪੜ੍ਹੀਏ ਮਨ-ਚਿੱਤ ਲਾ ਕੇ।
ਚੰਗੇ ਬੱਚੇ ਅਸੀਂ ਕਹਾਉਣਾ,
ਇਨ੍ਹਾਂ ਦਾ ਨਾਂਅ ਰੁਸ਼ਨਾ ਕੇ।
ਗੁਰੂ ਦੀ ਸਿੱਖਿਆ 'ਤੇ ਅਮਲ ਜੋ ਕਰਦਾ,
ਉਹ ਜ਼ਿੰਦਗੀ 'ਚ ਕਦੇ ਨਾ ਹਾਰੇ,
ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ।
ਫੁੱਲਾਂ ਵਾਂਗੂੰ ਰੱਖਦੇ ਸਾਨੂੰ,
ਝਿੜਕਾਂ ਕਦੇ ਨਾ ਪਾਉਂਦੇ।
ਸਮੇਂ ਦੇ ਪਾਬੰਦ ਰਹਿਣ ਦੀ,
ਸਾਨੂੰ ਜਾਚ ਸਿਖਾਉਂਦੇ।
ਪੜ੍ਹ-ਲਿਖ ਚੰਗੇ ਇਨਸਾਨ ਹੈ ਬਣਨਾ,
ਹੋਣੇ ਵਾਰੇ-ਨਿਆਰੇ।
ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ।

-ਗੁਰਪ੍ਰੀਤ ਕੌਰ ਚਹਿਲ,
ਪੰਜਾਬੀ ਅਧਿਆਪਕਾ, ਸ: ਸੈ: ਸਕੂਲ, ਚਹਿਲਾਂਵਾਲੀ (ਮਾਨਸਾ)। ਮੋਬਾ: 90565-26703

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX