ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ
. . .  18 minutes ago
ਮੋਦੀ ਨੇ ਲਾਲ ਕਿਲ੍ਹੇ 'ਚ ਬਣੇ 'ਯਾਦ-ਏ-ਜਲਿਆਂ' ਮਿਊਜ਼ੀਅਮ ਦਾ ਕੀਤਾ ਦੌਰਾ
. . .  20 minutes ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲ੍ਹੇ 'ਚ ਬਣੇ 'ਯਾਦ-ਏ-ਜਲਿਆਂ' ਮਿਊਜ਼ੀਅਮ ਦਾ ਦੌਰਾ ਕੀਤਾ। ਇਹ ਮਿਊਜ਼ੀਅਮ ਜਲਿਆਂਵਾਲਾ ਬਾਗ 'ਤੇ ਬਣਾਇਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ...
ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ 'ਤੇ ਲੱਗੀ ਰੋਕ ਹਟਾਈ
. . .  37 minutes ago
ਨਵੀਂ ਦਿੱਲੀ, 23 ਜਨਵਰੀ (ਜਗਤਾਰ ਸਿੰਘ)- ਦਿੱਲੀ ਸਥਿਤ ਤੀਸ ਹਜ਼ਾਰੀ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਚੋਣਾਂ ਦਿੱਲੀ ਗੁਰਦੁਆਰਾ ਐਕਟ ਮੁਤਾਬਕ...
ਭਾਰਤ-ਨਿਊਜ਼ੀਲੈਂਡ ਮੈਚ : 9 ਓਵਰਾਂ ਤੋਂ ਬਾਅਦ ਭਾਰਤ 41/0
. . .  57 minutes ago
ਲਾਲ ਕਿਲ੍ਹੇ 'ਚ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਕੀਤਾ ਉਦਘਾਟਨ
. . .  57 minutes ago
ਨਵੀਂ ਦਿੱਲੀ, 23 ਜਨਵਰੀ- ਨੇਤਾਜੀ ਸੁਭਾਸ਼ ਚੰਦਰ ਬੋਸ ਦੀ 122ਵੀਂ ਜਯੰਤੀ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ 'ਚ ਬਣੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕਰਕੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮਿਊਜ਼ੀਅਮ 'ਚ...
ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੋਦੀ ਨੇ ਟਵਿੱਟਰ 'ਤੇ ਲਿਖਿਆ, ''ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ। ਉਹ ਇੱਕ ਅਜਿਹੇ ਯੋਧਾ...
ਭਾਰਤ ਨਿਊਜ਼ੀਲੈਂਡ ਮੈਚ : 5 ਓਵਰਾਂ ਤੋਂ ਬਾਅਦ ਭਾਰਤ 13/0
. . .  about 1 hour ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 1 hour ago
ਅੰਕਾਰਾ, 23 ਜਨਵਰੀ- ਤੁਰਕੀ ਦੇ ਤੱਟੀ ਇਲਾਕੇ 'ਚ ਅੱਜ ਤੜਕੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਯੂਰਪੀ ਭੂ-ਮੱਧ ਭੂਚਾਲ ਕੇਂਦਰ (ਈ. ਐੱਮ. ਐੱਸ. ਸੀ.) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.6 ਮਾਪੀ ਗਈ। ਈ...
ਦਰਦਨਾਕ ਹਾਦਸੇ ਵਿਚ ਧਾਗਾ ਫ਼ੈਕਟਰੀ ਦੀ ਮਹਿਲਾ ਵਰਕਰ ਦੀ ਮੌਤ ਤੇ 20 ਹੋਰ ਜ਼ਖਮੀ
. . .  about 1 hour ago
ਮਾਛੀਵਾੜਾ ਸਾਹਿਬ 23 ਜਨਵਰੀ (ਮਨੋਜ ਕੁਮਾਰ) - ਸਵੇਰੇ ਕਰੀਬ 7.30 ਵਜੇ ਮਾਛੀਵਾੜਾ ਤੋਂ ਕੁਹਾੜਾ ਜਾਂਦੀ ਸੜਕ 'ਤੇ ਵਾਪਰੇ ਹਾਦਸੇ ਵਿਚ 50 ਸਾਲਾਂ ਮਹਿਲਾ ਵਰਕਰ ਰੁਕਮਾ ਦੀ ਮੌਤ ਹੋ ਗਈ ਤੇ ਕਰੀਬ 20 ਹੋਰ ਮਹਿਲਾਂ ਵਰਕਰਜ਼ ਜ਼ਖਮੀ ਹੋ ਗਈਆਂ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭੱਟੀਆਂ ਲਾਗੇ...
ਭਾਰਤ ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦੀ ਟੀਮ 157 ਦੌੜਾਂ 'ਤੇ ਆਲ ਆਊਟ
. . .  about 1 hour ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਇਸ ਮੌਸਮ ਵਿਚ ਪਤਝੜੀ ਫ਼ਲਦਾਰ ਬੂਟਿਆਂ ਦੀ ਕਾਸ਼ਤ ਲਈ ਸਿਫਾਰਸ਼ਾਂ

ਮੌਜੂਦਾ ਮੌਸਮ ਪਤਝੜੀ ਫ਼ਲਦਾਰ ਬੂਟੇ ਲਗਾਉਣ ਲਈ ਬਹੁਤ ਹੀ ਅਨੁਕੂਲ ਹੈ। ਪਤਝੜੀ ਫ਼ਲਦਾਰ ਬੂਟੇ ਉਹ ਹੁੰਦੇ ਹਨ ਜਿਹੜੇ ਕਿ ਸਰਦੀਆਂ ਦੇ ਮੌਸਮ ਵਿਚ ਅਣ-ਸੁਖਾਵੇਂ ਹਾਲਾਤਾਂ ਨੂੰ ਸਹਿਣ ਕਰਨ ਲਈ ਆਪਣੇ ਪੱਤੇ ਝਾੜ ਕੇ ਆਰਾਮ ਦੀ ਅਵਸਥਾ ਵਿਚ ਚਲੇ ਜਾਂਦੇ ਹਨ। ਆਮ ਤੌਰ 'ਤੇ ਪਤਝੜੀ ਫ਼ਲਦਾਰ ਬੂਟੇ ਜਿਵੇਂ ਕਿ ਸੇਬ, ਨਾਸ਼ਪਾਤੀ, ਅਲੂਚਾ, ਆੜੂ, ਅਖਰੋਟ ਆਦਿ ਠੰਢੇ ਇਲਾਕਿਆਂ ਵਿਚ ਲਗਾਏ ਜਾਂਦੇ ਹਨ। ਪਰ ਆੜੂ, ਅਲੂਚਾ ਅਤੇ ਨਾਸ਼ਪਾਤੀ ਦੇ ਬੂਟਿਆਂ ਦੀਆਂ ਘੱਟ ਠੰਢ ਦੀ ਲੋੜ ਵਾਲੀਆਂ ਕਿਸਮਾਂ ਪ੍ਰਾਪਤ ਹੋਣ ਨਾਲ ਇਨ੍ਹਾਂ ਨੂੰ ਪੰਜਾਬ ਦੇ ਨੀਮ ਗਰਮ ਪੌਣ-ਪਾਣੀ ਵਿਚ ਲਗਾਉਣਾ ਸੰਭਵ ਹੋਇਆ ਹੈ। ਬਾਗ਼ ਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸ ਵਿਚ ਜਲਵਾਯੂ ਦੇ ਅਨੁਕੂਲ ਹੀ ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਲਗਾਈਆਂ ਜਾਣ। ਪਤਝੜੀ ਫ਼ਲਦਾਰ ਬੂਟੇ ਉਦੋਂ ਲਗਾਏ ਜਾਂਦੇ ਹਨ, ਜਦੋਂ ਇਹ ਸਥਿਲ ਹਾਲਤ ਵਿਚ ਹੁੰਦੇ ਹਨ। ਇਨ੍ਹਾਂ ਬੂਟਿਆਂ ਨੂੰ ਨਵਾਂ ਫੁਟਾਰਾ ਸ਼ੁਰੂ ਹੋਣ ਤੋਂ ਪਹਿਲਾਂ ਅੱਧ ਜਨਵਰੀ ਤੱਕ ਲਗਾ ਦੇਣਾ ਚਾਹੀਦਾ ਹੈ, ਜਿਵੇਂ ਕਿ ਆੜੂ ਅਤੇ ਅਲੂਚਾ ਫ਼ਲਦਾਰ ਬੂਟੇ ਆਦਿ। ਨਾਸ਼ਪਾਤੀ ਅਤੇ ਅੰਗੂਰ ਦੇ ਬੂਟੇ ਅੱਧ ਫਰਵਰੀ ਤੱਕ ਜ਼ਰੂਰ ਲਗਾ ਦੇਣੇ ਚਾਹੀਦੇ ਹਨ। ਇਸ ਲਈ ਪਤਝੜੀ ਫ਼ਲਦਾਰ ਬੂਟਿਆਂ ਨੂੰ ਲਗਾਉਣ ਲੱਗਿਆਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਵਿਉਂਤਬੰਦੀ ਕਰਨੀ ਚਾਹੀਦੀ ਹੈ।
ਫਲ਼ਦਾਰ ਬੂਟੇ ਲਗਾਉਣ ਲਈ ਜ਼ਮੀਨ ਦੀ ਚੋਣ: ਫ਼ਲਦਾਰ ਬੂਟੇ ਲਾਉਣ ਲਈ ਜ਼ਮੀਨ ਡੂੰਘੀ, ਚੰਗੇ ਪਾਣੀ ਦੇ ਨਿਕਾਸ ਵਾਲੀ, ਦਰਮਿਆਨੀ, ਭਾਰੀ ਅਤੇ ਉਪਜਾਊ ਹੋਣੀ ਚਾਹੀਦੀ ਹੈ। ਇਸ ਦੀ 2 ਮੀਟਰ ਤੱਕ ਦੀ ਡੂੰਘਾਈ ਤੱਕ ਕੋਈ ਰੋੜ ਜਾਂ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ। ਇਸ ਵਿਚ ਕੋਈ ਲੂਣਾ ਜਾਂ ਤੇਜ਼ਾਬੀਪਣ ਨਹੀਂ ਹੋਣਾ ਚਾਹੀਦਾ। ਪਾਣੀ ਦਾ ਪੱਧਰ 3 ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਅਤੇ ਇਸ ਵਿਚ ਕੋਈ ਉਤਰਾਅ-ਚੜ੍ਹਾਅ ਨਹੀਂ ਆਉਣਾ ਚਾਹੀਦਾ। ਫ਼ਲਦਾਰ ਬੂਟਿਆਂ ਵਾਲੀ ਜ਼ਮੀਨ ਦੀ ਹੇਠਲੀ ਤਹਿ 'ਤੇ ਤੱਤਾਂ ਦਾ ਦਰਜਾ ਅਤੇ ਹੋਰ ਹਾਲਤਾਂ ਵੀ ਫ਼ਲਦਾਰ ਬੂਟਿਆਂ ਦੇ ਵਾਧੇ ਲਈ ਬਹੁਤ ਜ਼ਰੂਰੀ ਹਨ। ਇਸ ਕਰਕੇ ਬਾਗ਼ ਲਗਾਉਣ ਤੋਂ ਪਹਿਲਾਂ ਜ਼ਮੀਨ ਦੀ 2 ਮੀਟਰ ਦੀ ਡੂੰਘਾਈ ਤੱਕ ਪਰਖ ਕਰਵਾ ਲੈਣੀ ਚਾਹੀਦੀ ਹੈ। ਇਸ ਕੰਮ ਲਈ ਜ਼ਮੀਨ ਦੀ ਹਰ ਤਹਿ ਵਿਚੋਂ ਲੋਹੇ ਦੀ ਬੋਕੀ ਜਾਂ ਔਗਰ ਨਾਲ ਜਾਂ ਟੋਆ ਪੁੱਟ ਕੇ 500 ਗ੍ਰਾਮ ਮਿੱਟੀ ਦਾ ਨਮੂਨਾ ਲਉ। ਜਿਵੇਂ ਕਿ ਮਿੱਟੀ ਦੀ ਉੱਪਰਲੀ 15 ਸੈਂਟੀਮੀਟਰ ਦੀ ਤਹਿ, 15 ਤੋਂ 30 ਸੈਂਟੀਮੀਟਰ ਦੀ ਤਹਿ, 30 ਤੋਂ 60 ਸੈਂਟੀਮੀਟਰ ਦੀ ਤਹਿ, 60 ਤੋਂ 90 ਸੈਂਟੀਮੀਟਰ ਦੀ ਤਹਿ, 90 ਤੋਂ 120 ਸੈਂਟੀਮੀਟਰ ਦੀ ਤਹਿ, 120 ਤੋਂ 150 ਸੈਂਟੀਮੀਟਰ ਦੀ ਤਹਿ ਅਤੇ 150 ਤੋਂ 200 ਸੈਂਟੀਮੀਟਰ ਦੀ ਤਹਿ ਵਿਚੋਂ ਨਮੂਨੇ ਲੈ ਲਵੋ। ਇਸ ਤਰ੍ਹਾਂ ਇਹ ਸੱਤ ਤਹਿਆਂ ਬਣ ਜਾਣਗੀਆਂ। ਜੇਕਰ ਕੋਈ ਸਖ਼ਤ ਜਾਂ ਪਥਰੀਲੀ ਤਹਿ ਆ ਜਾਵੇ ਤਾਂ ਉਸ ਦੀ ਮੋਟਾਈ ਤੇ ਡੂੰਘਾਈ ਦੇਖ ਲਓ ਅਤੇ ਉਸ ਦਾ ਵੱਖਰਾ ਨਮੂਨਾ ਲਓ। ਹਰ ਨਮੂਨੇ ਉੱਪਰ ਤਹਿ ਦੀ ਡੂੰਘਾਈ ਲਿਖ ਲਓ ਅਤੇ ਹਰ ਨਮੂਨੇ ਨੂੰ ਵੱਖਰੀ ਕੱਪੜੇ ਦੀ ਸਾਫ਼ ਥੈਲੀ ਵਿਚ ਬੰਨ੍ਹ ਲਵੋ ਤਾਂ ਕਿ ਇਕ ਦੂਜੇ ਨਮੂਨੇ ਦੀ ਆਪਸ ਵਿਚ ਮਿਲਾਵਟ ਨਾ ਹੋ ਸਕੇ।
ਬਾਗ਼ ਦੀ ਜ਼ਮੀਨ ਦੀ ਨਿਸ਼ਾਨਬੰਦੀ : ਬਾਗ਼ ਵਿਚ ਪਤਝੜੀ ਬੂਟੇ ਲਗਾਉਣ ਤੋਂ ਪਹਿਲਾਂ ਬਾਗ਼ ਦੀ ਨਿਸ਼ਾਨਬੰਦੀ ਕਿਸੇ ਬਾਗ਼ਬਾਨੀ ਮਾਹਿਰ ਦੀ ਮਦਦ ਨਾਲ ਕਰਵਾ ਲੈਣੀ ਚਾਹੀਦੀ ਹੈ।
ਫਲ਼ਦਾਰ ਬੂਟੇ ਲਗਾਉਣ ਦਾ ਸਮਾਂ : ਸਿਫਾਰਿਸ਼ ਕੀਤੀਆਂ ਕਿਸਮਾਂ ਦੇ ਫ਼ਲਦਾਰ ਬੂਟੇ ਜਨਵਰੀ ਤੋਂ ਫਰਵਰੀ ਮਹੀਨਿਆਂ ਵਿਚ ਲਗਾ ਦਿਉ। ਇਹ ਬੂਟੇ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ਼ ਵਿਚ ਲਗਾ ਦੇਣੇ ਚਾਹੀਦੇ ਹਨ। ਇਨ੍ਹਾਂ ਬੂਟਿਆਂ ਵਿਚ ਆੜੂ ਅਤੇ ਅਲੂਚਾ ਜਿਨ੍ਹਾਂ ਵਿਚ ਨਵੀਂ ਫੋਟ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਇਸ ਲਈ ਇਨ੍ਹਾਂ ਨੂੰ ਜਨਵਰੀ ਦੇ ਤੀਜੇ ਹਫਤੇ ਤੱਕ ਲਗਾ ਦਿਉ। ਅੰਗੂਰ, ਨਾਸ਼ਪਾਤੀ ਅਤੇ ਅਨਾਰ ਦੇ ਬੂਟਿਆਂ ਨੂੰ ਫਰਵਰੀ ਦੇ ਦੂਜੇ ਪੰਦਰਵਾੜੇ ਤੱਕ ਲਗਾ ਦਿਉ।
ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਦੀ ਚੋਣ ਅਤੇ ਖਰੀਦ : ਹਮੇਸ਼ਾ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਿਸ਼ ਕੀਤੀਆਂ ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਹੀ ਬਾਗ਼ ਵਿਚ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਫ਼ਲਾਂ ਦੀ ਚੰਗੀ ਪੈਦਾਵਾਰ ਅਤੇ ਗੁਣਵੱਤਾ ਪ੍ਰਾਪਤ ਕੀਤੀ ਜਾ ਸਕੇ। ਇਸ ਮੌਸਮ ਵਿਚ ਵੱਖ-ਵੱਖ ਪਤਝੜੀ ਫ਼ਲਦਾਰ ਬੂਟਿਆਂ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਵੱਖ-ਵੱਖ ਕਿਸਮਾਂ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਨ੍ਹਾਂ ਬੂਟਿਆਂ ਵਿਚ ਸਖ਼ਤ ਨਾਸ਼ਪਾਤੀ ਵਿਚ ਪੰਜਾਬ ਨਾਖ ਅਤੇ ਪੱਥਰਨਾਖ; ਅਰਧ-ਨਰਮ ਨਾਸ਼ਪਾਤੀ ਵਿਚ ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬੱਗੂਗੋਸ਼ਾ ; ਨਰਮ ਨਾਸ਼ਪਾਤੀ ਵਿਚ ਨਿਜੀਸਿਕੀ, ਪੰਜਾਬ ਸੋਫਟ; ਆੜੂ ਵਿਚ ਪਰਤਾਪ, ਫਲੋਰਿਡਾ ਪ੍ਰਿੰਸ, ਸ਼ਾਨੇ-ਪੰਜਾਬ, ਅਰਲੀ ਗਰੈਂਡ, ਪ੍ਰਭਾਤ, ਸ਼ਰਬਤੀ, ਪੰਜਾਬ ਨੈਕਟਰੇਨ : ਅਲੂਚਾ ਵਿਚ ਸਤਲੁਜ ਪਰਪਲ, ਕਾਲਾ ਅੰਮ੍ਰਿਤਸਰੀ; ਅੰਗੂਰ ਵਿਚ ਸੁਪੀਰੀਅਰ ਸੀਡਲੈਸ, ਪੰਜਾਬ ਪਰਪਲ, ਫਲੇਮ ਸੀਡਲੈਸ, ਬਿਊਟੀ ਸੀਡਲੈਸ, ਪਰਲਿਟ; ਅਨਾਰ ਵਿਚ ਗਨੇਸ਼ ਅਤੇ ਕੰਧਾਰੀ, ਅੰਜੀਰ ਵਿਚ ਬਰਾਊਨ ਟਰਕੀ ਕਿਸਮਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫਾਲਸਾ ਦੇ ਬੂਟੇ ਵੀ ਇਸ ਮੌਸਮ ਵਿਚ ਲਗਾਏ ਜਾਂਦੇ ਹਨ। ਇਹ ਬੂਟੇ ਵਧੀਆ ਨਸਲ ਦੇ,ਨੰਗੀਆਂ ਜੜ੍ਹਾਂ ਵਾਲੇ, ਸਿਹਤਮੰਦ, ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ, ਨਰੋਏ ਅਤੇ ਦਰਮਿਆਨੀ ਉਚਾਈ ਵਾਲੇ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਖਰੀਦ ਕਰਨ ਲੱਗੇ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਇਨ੍ਹਾਂ ਦੀ ਪਿਉਂਦ ਸਹੀ ਜੜ੍ਹ-ਮੁੱਢ ਤੇ ਕੀਤੀ ਹੋਵੇ, ਪਿਉਂਦੀ ਜੋੜ ਪੱਧਰਾ ਹੋਵੇ ਅਤੇ ਬਹੁਤ ਉੱਚਾ ਨਾ ਹੋਵੇ। ਸਿਫਾਰਿਸ਼ ਕੀਤੀਆਂ ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਕਿਸੇ ਸਰਕਾਰੀ ਮਨਜ਼ੂਰਸ਼ੁਦਾ ਨਰਸਰੀਆਂ, ਬਾਗ਼ਬਾਨੀ ਵਿਭਾਗ ਦੀਆਂ ਨਰਸਰੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਖੇਤਰੀ ਖੋਜ ਕੇਂਦਰਾਂ ਤੋਂ ਹੀ ਖਰੀਦਣੀਆਂ ਚਾਹੀਦੀਆਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ


ਖ਼ਬਰ ਸ਼ੇਅਰ ਕਰੋ

ਉੱਦਮੀ ਨੌਜਵਾਨ ਕਿਸਾਨਾਂ ਲਈ ਪ੍ਰੇਰਨਾਸ੍ਰੋਤ : ਭੁਪਿੰਦਰ ਸਿੰਘ ਬਰਗਾੜੀ

ਪੰਜਾਬ ਵਿਚ ਬਹੁਤ ਸਾਰੇ ਨੌਜਵਾਨ ਖਾਸ ਕਰਕੇ ਕਿਸਾਨੀ ਪਿਛੋਕੜ ਦੇ ਨੌਜਵਾਨ ਅਜਿਹੇ ਹਨ ਜੋ ਖੇਤੀਬਾੜੀ ਦੇ ਨਾਲ-ਨਾਲ ਕੋਈ ਨਾ ਕੋਈ ਸਹਾਇਕ ਕਿੱਤਾ ਅਪਣਾ ਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰਕੇ ਚੰਗਾ ਜੀਵਨ ਬਸਰ ਕਰ ਰਹੇ ਹਨ। ਇਸੇ ਤਰ੍ਹਾਂ ਦਾ ਹੀ ਨੌਜਵਾਨ ਕਿਸਾਨ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਰਗਾੜੀ ਦਾ ਵਸਨੀਕ ਭੁਪਿੰਦਰ ਸਿੰਘ ਹੈ ਜੋ ਕਿੱਤੇ ਵਜੋਂ ਅਧਿਆਪਕ ਹੋਣ ਦੇ ਬਾਵਜੂਦ ਬਜ਼ੁਰਗਾਂ ਤੋਂ ਵਿਰਾਸਤ ਵਿਚ ਮਿਲੇ ਗੁੜ ਬਨਾਉਣ ਦੇ ਕਿੱਤੇ ਨੂੰ ਬਹੁਤ ਹੀ ਸਫ਼ਲਤਾਪੂਰਵਕ ਅੱਗੇ ਵਧਾ ਕੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਵਜੋਂ ਵਿਚਰ ਰਿਹਾ ਹੈ। ਗੁੜ ਸਦੀਆਂ ਤੋਂ ਮਨੁੱਖ ਦੀ ਖੁਰਾਕ ਦਾ ਮਹੱਤਵਪੂਰਨ ਮੁੱਖ ਹਿੱਸਾ ਰਿਹਾ ਹੈ, ਭਾਵੇਂ ਕਿ ਪਿਛਲੀ ਸਦੀ ਦੌਰਾਨ ਰੋਜ਼ਮਰ੍ਹਾ ਦੀ ਵਰਤੋਂ ਵਿਚ ਖੰਡ ਦਾ ਬੋਲਬਾਲਾ ਹੋ ਗਿਆ ਹੈ, ਪ੍ਰੰਤੂ ਗੁੜ ਦੀ ਵਰਤੋਂ ਅਤੇ ਮੰਗ ਬਰਕਰਾਰ ਹੀ ਰਹੀ ਹੈ। ਪੰਜਾਬ ਵਿਚ ਛੇਵੇਂ ਦਹਾਕੇ ਤੱਕ ਬਲਦਾਂ ਰਾਹੀਂ ਘੁਲਾੜੀਆਂ ਨਾਲ ਗੰਨੇ ਦਾ ਰਸ ਕੱਢ ਕੇ ਗੁੜ ਬਣਦਾ ਰਿਹਾ ਹੈ। ਬਾਅਦ ਵਿਚ ਇੰਜਣ ਤੇ ਬਿਜਲੀ ਦੀਆਂ ਮੋਟਰਾਂ ਆ ਜਾਣ ਨਾਲ ਉਤਪਾਦਨ ਵਧਦਾ ਗਿਆ। ਭੁਪਿੰਦਰ ਸਿੰਘ ਨੂੰ ਗੁੜ ਉਤਪਾਦਨ ਦੇ ਖੇਤਰ ਵਿਚ ਪੈਰ ਧਰਨ ਦਾ ਸਬੱਬ ਉਦੋਂ ਬਣਿਆ, ਜਦੋਂ ਉਨ੍ਹਾਂ ਨੇ 2011 ਵਿਚ ਆਪਣੀ ਬੇਟੀ ਦਾ ਵਿਆਹ ਕਰਨ ਸਮੇਂ ਗੁੜ ਵਿਚ ਦੇਸੀ ਘਿਓ ਅਤੇ ਡਰਾਈਫਰੂਟ ਪਾ ਕੇ ਤਿਆਰ ਕੀਤੇ ਗੁੜ ਦੇ ਡੱਬੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕਾਰਡਾਂ ਦੇ ਨਾਲ ਵੰਡੇ। ਰਿਸ਼ਤੇਦਾਰਾਂ ਵਲੋਂ ਇਸ ਗੁੜ ਦੀ ਹੋਰ ਮੰਗ ਕਰਨ ਨਾਲ ਭੁਪਿੰਦਰ ਸਿੰਘ ਨੇ ਇਸ ਕੰਮ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਤੇ ਦੋ ਤਰ੍ਹਾਂ ਦਾ ਗੁੜ ਬਣਾਉਣਾ ਸ਼ੁਰੂ ਕੀਤਾ। ਬਾਜ਼ਾਰ ਵਿਚ ਮਿਲਦੇ ਕਾਸਟਿਕ ਸੋਡੇ ਅਤੇ ਰੰਗ ਵਾਲੇ ਗੁੜ ਨਾਲੋਂ, ਭੁਪਿੰੰਦਰ ਸਿੰਘ ਵਲੋਂ ਬਣਾਏ ਜਾਂਦੇ ਗੁੜ ਦੇ ਮਿਆਰੀਪਣ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ, ਕਿਉਂਕਿ ਇਨ੍ਹਾਂ ਵਲੋਂ ਪਰੰਪਰਿਕ ਤਰੀਕੇ ਨਾਲ ਭਿੰਡੀ ਦੇ ਤਣੇ ਦੀ ਲੇਸ ਨਾਲ ਗੰਨੇ ਦੇ ਜੂਸ ਨੂੰ ਸਾਫ ਕੀਤਾ ਜਾਂਦਾ ਸੀ ਅਤੇ ਕੋਈ ਕੈਮੀਕਲ ਜਾਂ ਮਸਾਲਾ ਆਦਿ ਬਿਲਕੁਲ ਵੀ ਨਹੀਂ ਵਰਤਿਆ । ਇਹੀ ਇਸ ਗੁੜ ਦੀ ਪ੍ਰਸਿੱਧੀ ਦਾ ਕਾਰਨ ਬਣਿਆ। ਹੁਣ ਜਿੱਥੇ ਵੀ ਕਿਤੇ ਚੰਗੇ ਗੁੜ ਦੀ ਗੱਲ ਹੁੰਦੀ ਹੈ ਤਾਂ ਭੁਪਿੰਦਰ ਸਿੰਘ ਬਰਗਾੜੀ ਦਾ ਨਾਂਅ ਜ਼ਰੂਰ ਲਿਆ ਜਾਂਦਾ ਹੈ।
ਭੁਪਿੰਦਰ ਸਿੰਘ ਬਰਗਾੜੀ ਵਿੱਦਿਅਕ ਯੋਗਤਾ ਪੱਖੋਂ ਐਮ.ਏ., ਈ.ਟੀ.ਟੀ., ਬੀ.ਐਡ ਹੈ ਅਤੇ ਕਿੱਤੇ ਵਜੋਂ ਅਧਿਆਪਕ ਹੈ। ਆਪਣੇ ਸਕੂਲ ਸਮੇਂ ਤੋਂ ਬਾਅਦ ਇਸ ਕਾਰਜ ਲਈ ਸਮਾਂ ਦਿੰਦਾ ਹੈ। ਪਿਛਲੇ ਸਮੇਂ ਦੌਰਾਨ ਉਨ੍ਹਾਂ ਦੇ ਗੁੜ ਦੀ ਵਧੀ ਮੰਗ ਨੇ ਉਨ੍ਹਾਂ ਨੂੰ ਗੰਨੇ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ। ਇਸ ਮਕਸਦ ਲਈ ਉਸ ਨੇ ਇਕ ਸੈਲਫ ਹੈਲਪ ਗਰੁੱਪ ਦਾ ਗਠਨ ਕੀਤਾ ਅਤੇ ਆਪਣੇ ਮੈਂਬਰ ਸਾਥੀਆਂ ਨੂੰ ਗੰਨੇ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ। ਜਿਸ ਦੇ ਚੰਗੇ ਸਿੱਟੇ ਸਾਹਮਣੇ ਆਏ ਅਤੇ ਅੱਜ ਉਸ ਦੇ ਗਰੁੱਪ ਦੇ ਸੱਤ ਕਿਸਾਨ ਤਕਰੀਬਨ ਚੌਵੀ ਏਕੜ ਵਿਚ ਉਨ੍ਹਾਂ ਦੀ ਲੋੜ ਮੁਤਾਬਕ ਗੰਨੇ ਦੀ ਕਾਸ਼ਤ ਕਰਦੇ ਹਨ। ਗੰਨੇ ਦੀ ਫ਼ਸਲ 'ਚੋਂ ਚੰਗੀ ਆਮਦਨ ਹੋਣ ਲੱਗ ਪਈ ਹੈ। ਉਹ ਖੁਦ ਵੀ ਗੁੜ ਲਈ ਉੱਤਮ ਮੰਨੀ ਜਾਂਦੀ ਸੀ.ਓ. ਜੇ. 85 ਕਿਸਮ ਦੇ ਗੰਨੇ ਦੀ ਦੋ ਏਕੜ ਵਿਚ ਕਾਸ਼ਤ ਕਰਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਰਵਾਏ ਜਾਂਦੇ ਮੁਕਾਬਲਿਆਂ ਦੌਰਾਨ ਪਿਛਲੇ ਪੰਜ ਸਾਲਾਂ ਵਿਚ ਉਹ ਗੁੜ ਅਤੇ ਸ਼ੱਕਰ ਵਿਚ ਚਾਰ ਵਾਰ ਪਹਿਲਾ ਅਤੇ ਇਕ ਵਾਰ ਦੂਜਾ ਇਨਾਮ ਜਿੱਤ ਚੁੱਕੇ ਹਨ। ਮਿਆਰੀ ਗੁੜ ਉਤਪਾਦਨ ਲਈ 2014 ਵਿਚ ਭੁਪਿੰਦਰ ਸਿੰਘ ਬਰਗਾੜੀ ਨੂੰ ਉੱਦਮੀ ਕਿਸਾਨ ਸਟੇਟ ਐਵਾਰਡ ਮਿਲ ਚੁੱਕਾ ਹੈ। ਇੰਡੀਅਨ ਇੰਸਟੀਚਿਊਟ ਆਫ ਸ਼ੂਗਰਕੇਨ ਰਿਸਰਚ ਲਖਨਊ ਵਿਖੇ ਰਾਸ਼ਟਰੀ ਗੁੜ ਸੰਮੇਲਨ ਦੌਰਾਨ ਭਾਰਤ ਭਰ ਦੇ ਗੁੜ ਉਤਪਾਦਕਾਂ ਨਾਲ ਆਪਣੇ ਉਤਪਾਦਨ ਅਤੇ ਮਾਰਕੀਟਿੰਗ ਤਜਰਬੇ ਸਾਂਝੇ ਕਰ ਚੁੱਕਾ ਹੈ।
ਭੁਪਿੰਦਰ ਸਿੰਘ ਬਰਗਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਲੋਂ ਲਗਾਏੇ ਜਾਂਦੇ ਕਿਸਾਨ ਮੇਲੇ ਦੌਰਾਨ ਸਟਾਲ ਲਾਉਂਦਾ ਹੈ, ਜਿੱਥੇ ਉਸ ਦਾ ਮਕਸਦ ਵੱਧ ਤੋਂ ਵੱਧ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਲਈ ਪ੍ਰੇਰਿਤ ਕਰਨ ਦਾ ਹੁੰਦਾ ਹੈ। ਉਸ ਨੂੰ ਉਤਪਾਦਨ ਅਤੇ ਮਾਰਕੀਟਿੰਗ ਨਾਲ ਸਬੰਧਿਤ ਅਥਾਹ ਜਾਣਕਾਰੀ ਹੈ, ਜੋ ਉਹ ਕਿਸਾਨਾਂ ਨਾਲ ਸਾਂਝੀ ਵੀ ਕਰਦਾ ਹੈ।
ਉਹ ਖੇਤੀ ਸਾਹਿਤ ਪੜ੍ਹਨ ਵਿਚ ਬਹੁਤ ਰੁਚੀ ਰੱਖਦਾ ਹੈ। ਉਨ੍ਹਾਂ ਦਾ ਵਚਾਰ ਹੈ ਕਿ ਸਿਰਫ ਸਰਕਾਰਾਂ ਨੂੰ ਕੋਸਣ ਨਾਲ ਕੁਝ ਨਹੀਂ ਬਨਣਾ, ਖੁਦ ਹੀ ਹਿੰਮਤ ਕਰਨੀ ਪੈਣੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਸਹਾਇਕ ਕਿੱਤੇ ਜਿਵੇਂ ਮਧੂ ਮੱਖੀਆਂ ਪਾਲਣਾ, ਬੈਕਯਾਰਡ ਪੋਲਟਰੀ ਫਾਰਮਿੰਗ, ਬੱਕਰੀ ਪਾਲਣ, ਡੇਅਰੀ ਫਾਰਮਿੰਗ, ਗੁੜ ਬਣਾ ਕੇ ਖੁਦ ਵੇਚਣਾ ਅਜਿਹੇ ਸਹਾਇਕ ਕਿੱਤੇ ਹਨ ਜਿਨ੍ਹਾਂ ਨੂੰ ਕਿਸਾਨ ਅਪਣਾ ਕੇ ਖੇਤੀ ਕਿੱਤੇ ਨੂੰ ਲਾਹੇਵੰਦਾ ਕਿੱਤਾ ਬਣਾ ਸਕਦਾ ਹੈ।


-ਬਲਾਕ ਖੇਤੀਬਾੜੀ ਅਫਸਰ, ਪਠਾਨਕੋਟ।

ਜਦੋਂ ਹੱਥ ਬਣੇ ਔਜ਼ਾਰ

ਮਨੁੱਖੀ ਹੱਥ ਇਕ ਐਸੀ ਚੀਜ਼ ਹੈ, ਜਿਹੜੀ ਹਰ ਔਜ਼ਾਰ ਦਾ ਮੁੱਢਲਾ ਸਰੋਤ ਹੈ। ਹੱਥ ਹਰ ਕੰਮ ਕਰ ਸਕਦਾ ਹੈ। ਅੱਜ ਦੀ ਹਰ ਮਸ਼ੀਨ, ਹੱਥ ਦੇ ਕੰਮ ਨੂੰ ਛੋਹਲ਼ਾ ਕਰਨ ਦਾ ਹੀ ਇਕ ਤਰੀਕਾ ਹੈ। ਭਾਵੇਂ ਕਿ ਸੁਪਰ ਮਸ਼ੀਨੀ ਯੁੱਗ ਆ ਗਿਆ ਹੈ, ਪਰ ਹੱਥ ਦੇ ਕੰਮ ਦੀ ਕਦਰ ਹਾਲੇ ਘਟੀ ਨਹੀਂ। ਅੱਜ ਵੀ ਹੱਥ ਦੀ ਪੱਕੀ ਰੋਟੀ ਤੋਂ ਲੈ ਕੇ, ਇੱਟਾਂ ਦੀ ਚਿਣਾਈ ਤੱਕ ਹਰ ਕੰਮ ਕਲਾਤਮਿਕ ਤੇ ਫਾਇਦੇਮੰਦ ਹੈ। ਪੁਰਾਣੇ ਸਮੇਂ ਵਿਚ ਔਰਤਾਂ ਨੂੰ ਘਰਾਂ ਦੇ ਵੀਹ ਕੰਮ ਹੁੰਦੇ ਸਨ, ਪਰ ਫਿਰ ਵੀ ਉਹ ਕਢਾਈ ਦਾ ਕੰਮ ਕਰਨ ਲਈ ਵਿਹਲ ਕੱਢ ਲੈਂਦੀਆਂ ਸਨ। ਅੱਜ ਸਾਡੀ ਮੱਧ ਵਰਗੀ ਜਮਾਤ ਵਿਹਲੀ ਤਾਂ ਰਹਿ ਲੈਂਦੀ ਹੈ, ਪਰ ਸੂਈ ਧਾਗੇ ਨੂੰ ਫੜ੍ਹਨਾ ਹੱਤਕ ਸਮਝਦੀ ਹੈ। ਦੂਸਰੇ ਪਾਸੇ ਨਿਮਨ ਵਰਗ ਨੂੰ ਕੰਮ ਦੀ ਲੋੜ ਹੈ। ਜੇਕਰ ਉਹ ਔਰਤਾਂ ਆਪਣੇ ਦਿਨ ਵਿਚ 2-4 ਘੰਟੇ ਕੱਢ ਕੇ ਕਰੋਸ਼ੀਏ ਦਾ ਕੰਮ ਕਰ ਲੈਣ ਤਾਂ ਉਸ ਸਮਾਨ ਤੋਂ 200 ਤੋਂ ਹਜ਼ਾਰ ਰੁਪਏ ਤੱਕ ਕਮਾਇਆ ਜਾ ਸਕਦਾ ਹੈ। ਚੰਗੀ ਗੱਲ ਇਹ ਹੈ ਕਿ ਕਈ ਲੋਕਾਂ ਨੇ ਭਲਾਈ ਗਰੁੱਪ ਬਣਾਏ ਹੋਏ ਹਨ, ਜੋ ਪੇਂਡੂ ਔਰਤਾਂ ਨੂੰ ਰੁਜ਼ਗਾਰ ਦਿੰਦੇ ਹਨ। ਦੇਸ਼-ਵਿਦੇਸ਼ ਵਿਚ ਹੱਥ ਦੇ ਬਣੇ ਹੋਏ ਕਾਂਟੇ, ਚੂੜੀਆਂ, ਦਸਤਾਨੇ, ਟੋਪੀਆਂ, ਬੈਗ, ਛੱਤਰੀ ਕਵਰ, ਸ਼ਾਲ ਤੇ ਪਰਸ ਆਦਿ ਲੋਕ ਬਹੁਤ ਪਸੰਦ ਕਰਦੇ ਹਨ। ਇਸ ਕੰਮ ਲਈ ਕੇਂਦਰ ਸਰਕਾਰ ਦੀਆਂ ਕਈ ਸਕੀਮਾਂ ਹਨ ਤੇ ਸਾਰਸ ਮੇਲਾ ਵੀ ਲਗਾਉਂਦੇ ਹਨ, ਜਿੱਥੇ ਇਨ੍ਹਾਂ ਕਲਾਕਾਰਾਂ ਨੂੰ ਮੁਫ਼ਤ ਸਟਾਲ ਵੀ ਦਿੱਤੇ ਜਾਂਦੇ ਹਨ। ਹੱਥ ਦੇ ਕੰਮ ਦੀ ਕਦਰ ਕਰਨ ਵਾਲੇ ਹਾਲੇ ਘੱਟ ਨਹੀਂ ਹਨ, ਬਸ ਤੁਹਾਨੂੰ ਹੀ ਥੋੜੀ ਹਿੰਮਤ ਦੀ ਲੋੜ ਹੈ।

-ਮੋਬਾ: 98159-45018

ਕਣਕ ਦਾ ਉਤਪਾਦਨ ਵਧਾਉਣ ਲਈ ਛੋਟੇ ਕਿਸਾਨਾਂ ਨੂੰ ਵੀ ਸਹੂਲਤਾਂ ਉਪਲਬਧ ਕੀਤੀਆਂ ਜਾਣ

ਅੱਜਕਲ੍ਹ ਦਾ ਠੰਢਾ ਮੌਸਮ ਕਣਕ ਲਈ ਲਾਭਦਾਇਕ ਹੋਣ ਕਾਰਨ ਅਤੇ ਬਿਜਾਈ ਤੋਂ ਬਾਅਦ ਸਮੇਂ ਸਿਰ ਬਾਰਿਸ਼ ਹੋਣ ਕਾਰਨ ਕਣਕ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੋ ਗਈ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਅਨੁਸਾਰ ਉਤਪਾਦਨ ਪਿਛਲੇ ਸਾਲ ਦੇ 165.88 ਲੱਖ ਟਨ ਤੋਂ ਵੱਧ ਹੋਵੇਗਾ, ਜੇ ਅੱਗੇ ਮਾਰਚ-ਅਪ੍ਰੈਲ 'ਚ ਵੀ ਮੌਸਮ ਅਨੁਕੂਲ ਰਿਹਾ। ਭਾਰਤ ਸਰਕਾਰ ਦੇ ਆਈ. ਸੀ. ਏ. ਆਰ.-ਕਣਕ ਅਤੇ ਜੌਂ ਦੀ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ: ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਦੇਸ਼ 'ਚ ਕਣਕ ਦਾ ਉਤਪਾਦਨ ਪਿਛਲੇ ਸਾਲ ਦੇ 98.37 ਮਿਲੀਅਨ ਟਨ ਦੇ ਮੁਕਾਬਲੇ 100 ਮਿਲੀਅਨ ਟਨ ਹੋ ਜਾਣ ਦਾ ਇਮਕਾਨ ਹੈ। ਕਣਕ ਪੈਦਾ ਕਰਨ ਵਾਲੇ ਪੰਜਾਬ, ਹਰਿਆਣਾ ਤੇ ਉੱਤਰੀ ਭਾਰਤ ਦੀਆਂ ਦੂਜੀਆਂ ਥਾਵਾਂ 'ਤੇ ਵਰਤਮਾਨ ਚਲ ਰਿਹਾ ਠੰਢਾ ਮੌਸਮ ਕਣਕ ਦੀ ਫ਼ਸਲ ਲਈ ਅਤਿ ਲਾਭਦਾਇਕ ਹੈ। ਪਿਛਲੇ ਮਹੀਨੇ ਤੱਕ ਦੇਸ਼ ਵਿਚ 28 ਮਿਲੀਅਨ ਹੈਕਟੇਅਰ ਰਕਬੇ 'ਤੇ ਕਣਕ ਦੀ ਬਿਜਾਈ ਹੋ ਚੁੱਕੀ ਸੀ, ਜੋ ਵਧ ਕੇ ਪਿਛਲੇ ਸਾਲ ਦੇ 30.4 ਮਿਲੀਅਨ ਹੈਕਟੇਅਰ ਨੂੰ ਛੂਹ ਜਾਣ ਦੀ ਸੰਭਾਵਨਾ ਹੈ। ਪੰਜਾਬ 'ਚ ਕਣਕ ਦੀ ਕਾਸ਼ਤ ਪਿਛਲੇ ਸਾਲ 34.97 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ। ਇਸ ਸਾਲ ਪਿਛਲੇ ਸਾਲ ਦੇ ਅੰਤ ਤੱਕ 34.90 ਲੱਖ ਹੈਕਟੇਅਰ ਰਕਬਾ ਬੀਜਿਆ ਜਾ ਚੁੱਕਾ ਸੀ। ਡਾਇਰੈਕਟਰ ਬੈਂਸ ਅਨੁਸਾਰ ਰਕਬਾ ਲਗਪਗ ਪਿਛਲੇ ਸਾਲ ਦੇ ਪੱਧਰ 'ਤੇ ਹੀ ਰਹਿਣ ਦੀ ਆਸ ਹੈ। ਹੁਣ ਜੋ ਦੇਰੀ ਨਾਲ ਬਿਜਾਈ ਹੋ ਰਹੀ ਹੈ ਉਸ ਲਈ ਕਿਸਾਨਾਂ ਨੂੰ ਲੇਟ ਕਾਸ਼ਤ ਕਰਨ ਵਾਲੀਆਂ ਸਫ਼ਲ ਡਬਲਿਊ. ਜੀ. 544 ਅਤੇ ਐਚ. ਡੀ. 3117 ਜਿਹੀਆਂ ਕਿਸਮਾਂ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਆਈ. ਸੀ. ਏ. ਆਰ. - ਭਾਰਤੀ ਖੇਤੀ ਖੋਜ ਸੰਸਥਾਨ ਦੇ ਕਣਕ ਦੇ ਬ੍ਰੀਡਰ ਡਾ. ਰਾਜਬੀਰ ਯਾਦਵ ਅਨੁਸਾਰ ਐਚ ਡੀ 3117 ਕਿਸਮ ਇਸ ਵੇਲੇ ਬੀਜ ਕੇ ਵੀ ਕਿਸਾਨਾਂ ਨੂੰ ਮੁਕਾਬਲਤਨ ਚੰਗਾ ਝਾੜ ਦੇ ਦੇਵੇਗੀ।
ਖਰੀਫ਼ ਦੇ ਮੌਸਮ 'ਚ ਝੋਨੇ ਦੀ ਰਿਕਾਰਡ ਫ਼ਸਲ ਵੱਢਣ ਤੋਂ ਬਾਅਦ ਕਿਸਾਨਾਂ ਨੂੰ ਕਣਕ ਦੀ ਵਧੀਆ ਉਪਜ ਮਿਲਣ ਦੀਆਂ ਆਸਾਂ ਬੰਨ੍ਹ ਜਾਣ ਨਾਲ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਭਾਵੇਂ ਛੋਟੇ ਤੇ ਸੀਮਿਤ ਕਿਸਾਨ ਕਰਜ਼ਾ ਮੁਆਫ਼ੀ ਦੇ ਜਾਲ 'ਚ ਉਲਝੇ ਹੋਏ ਹਨ। ਡਾਇਰੈਕਟਰ ਬੈਂਸ ਅਨੁਸਾਰ ਕੇਂਦਰ ਦੇਸ਼ ਦੇ ਅੰਨ ਭੰਡਾਰ 'ਚ ਪੰਜਾਬ ਵਲੋਂ ਕਣਕ ਦਾ ਸਭ ਰਾਜਾਂ ਨਾਲੋਂ ਵੱਧ ਯੋਗਦਾਨ ਪਾਉਣ ਲਈ ਆਸ ਬੰਨ੍ਹੀ ਬੈਠਾ ਹੈ। ਕੇਂਦਰ ਵਲੋਂ 128 ਕਰੋੜ ਰੁਪਏ ਦਾ ਯੋਗਦਾਨ ਆਇਆ ਹੈ ਅਤੇ ਖੇਤੀਬਾੜੀ ਵਿਭਾਗ ਨੇ ਰਾਜ ਸਰਕਾਰ ਵਲੋਂ ਪਾਏ ਜਾਣ ਵਾਲੇ ਯੋਗਦਾਨ ਨੂੰ ਸ਼ਾਮਿਲ ਕਰਕੇ 216 ਕਰੋੜ ਰੁਪਏ ਦੀ ਯੋਜਨਾ ਬਣਾ ਕੇ ਵਿੱਤ ਵਿਭਾਗ ਨੂੰ ਭੇਜੀ ਹੈ। ਇਸ ਤਰ੍ਹਾਂ ਆਰ. ਕੇ. ਵਾਈ. ਸਕੀਮ ਥੱਲੇ ਪੀਲੀ ਕੁੰਗੀ ਦੇ ਹਮਲੇ ਨੂੰ ਕਾਬੂ ਕਰਨ ਲਈ ਕਿਸਾਨਾਂ ਨੂੰ 5 ਕਰੋੜ ਰੁਪਏ ਦਵਾਈਆਂ 'ਤੇ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਸਕੀਮ ਦੀ ਵਿੱਤ ਵਿਭਾਗ ਵਲੋਂ ਪ੍ਰਵਾਨਗੀ ਦਿੱਤੇ ਜਾਣ ਉਪਰੰਤ ਕਿਸਾਨਾਂ ਨੂੰ ਜੋ ਕਣਕ ਦੀਆਂ ਐਚ ਡੀ 2967, ਐਚ ਡੀ 3086, ਡਬਲਿਊ ਐਚ 1105 ਆਦਿ ਕਿਸਮਾਂ ਦੇ ਬੀਜ 1000 ਰੁਪਏ ਦੀ ਰਿਆਇਤ ਦੇ ਕੇ ਸਬਸਿਡੀ 'ਤੇ ਦਿੱਤੇ ਗਏ ਹਨ ਉਹ ਸਬਸਿਡੀ ਦੀ ਰਕਮ ਵੀ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।
ਕਣਕ ਹਾੜੀ ਦੀ ਰਵਾਇਤੀ ਮੁੱਖ ਫ਼ਸਲ ਹੈ, ਜਿਸ ਨੂੰ ਹਰ ਛੋਟਾ, ਵੱਡਾ ਕਿਸਾਨ ਬੀਜਦਾ ਹੈ। ਵੱਡੇ ਤੇ ਖੁਸ਼ਹਾਲ ਕਿਸਾਨ ਤਾਂ ਨਵੇਂ ਬੀਜਾਂ, ਪੌਦ ਸੁਰੱਖਿਆ ਵਿਧੀਆਂ ਅਤੇ ਨਵੀਂ ਖੋਜ ਤੋਂ ਪੂਰਾ ਲਾਭ ਉਠਾ ਕੇ ਆਪਣੀ ਉਤਪਾਦਕਤਾ ਵਧਾ ਰਹੇ ਹਨ ਪਰ ਛੋਟੇ ਕਿਸਾਨ ਅਜੇ ਵੀ ਇਨ੍ਹਾਂ ਤਕਨੀਕਾਂ ਦੇ ਲਾਭ ਤੋਂ ਵਾਂਝੇ ਹਨ, ਕਿਉਂਕਿ ਇਹ ਖੇਤੀ ਪ੍ਰਸਾਰ ਸੇਵਾਵਾਂ ਪਛੜ ਜਾਣ ਕਾਰਨ ਉਨ੍ਹਾਂ ਤੱਕ ਨਹੀਂ ਪਹੁੰਚ ਰਹੀਆਂ। ਪੰਜਾਬ ਸਰਕਾਰ ਨੂੰ ਇਸ ਸ਼੍ਰੇਣੀ ਦੇ ਕਿਸਾਨਾਂ ਨੂੰ ਨਵੀਂ ਖੋਜ ਦਾ ਲਾਭ ਪਹੁੰਚਾਉਣ ਲਈ ਖੇਤੀ ਪ੍ਰਸਾਰ ਸੇਵਾ ਨੂੰ ਮੁੜ ਜੀਵਿਤ ਕਰਨਾ ਚਾਹੀਦਾ ਹੈ। ਇਸ ਲਈ ਸਰਕਾਰ ਨੂੰ ਵੀ ਉੱਤਰ ਪ੍ਰਦੇਸ਼ ਵਲੋਂ ਸ਼ੁਰੂ ਕੀਤੀ ਗਈ ਕਿਸਾਨ ਪਾਠਸ਼ਾਲਾ ਯੋਜਨਾ ਜਿਹੀ ਸਕੀਮ ਨੂੰ ਵਜੂਦ 'ਚ ਲਿਆਉਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਹੁਣ ਪਿਛਲੀ ਸ਼ਤਾਬਦੀ ਦੇ 70ਵੇਂ ਦਾ ਸਮੂਹਿਕ ਵਿਕਾਸ ਢਾਂਚਾ ਲਿਆਉਣਾ ਤਾਂ ਸੰਭਵ ਨਹੀਂ ਹੋਵੇਗਾ। ਅਜਿਹੀ ਕੋਈ ਨਵੀਂ ਸਕੀਮ ਅਮਲ ਵਿਚ ਲਿਆਂਦੀ ਜਾਏ, ਜਿਸ ਤਹਿਤ ਖੇਤੀਬਾੜੀ ਵਿਭਾਗ, ਪੀ ਏ ਯੂ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਨਿੱਜੀ ਖੇਤਰ ਦੀਆਂ ਕਿਸਾਨ ਸੰਸਥਾਵਾਂ ਇਕਜੁੱਟ ਹੋ ਕੇ ਕੰਮ ਕਰਨ ਅਤੇ ਨਵੀਂ ਖੋਜ ਨੂੰ ਅੰਦਰਲੇ ਪਿੰਡਾਂ ਤੱਕ, ਛੋਟੇ ਤੇ ਸੀਮਿਤ ਕਿਸਾਨਾਂ ਨੂੰ ਪਹੁੰਚਾ ਕੇ ਉਨ੍ਹਾਂ ਦੀ ਆਮਦਨ 'ਚ ਵਾਧਾ ਕਰਨ।
ਪੰਜਾਬ ਵਿਚ ਜੋ ਕਣਕ ਦੀ ਉਤਪਾਦਕਤਾ 51 ਕੁਇੰਟਲ ਪ੍ਰਤੀ ਹੈਕਟੇਅਰ 'ਤੇ ਪਹੁੰਚੀ ਹੈ ਉਸ ਵਿਚ ਕੀਮੀਆਈ ਖਾਦਾਂ ਦੀ ਵਰਤੋਂ ਦਾ ਵਿਸ਼ੇਸ਼ ਰੋਲ ਹੈ। ਕੇਂਦਰ ਸਰਕਾਰ ਵਲੋਂ ਯੂਰੀਏ ਦੀ ਖਪਤ ਘਟਾਉਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਯੂਰੀਏ ਦੇ ਥੈਲੇ ਦਾ ਵਜ਼ਨ ਵੀ 50 ਕਿਲੋ ਦੀ ਬਜਾਏ 45 ਕਿਲੋ ਕੀਤਾ ਜਾ ਰਿਹਾ ਹੈ। ਇਸ ਨਾਲ ਯੂਰੀਏ ਦੀ ਖਪਤ ਘਟਣ ਦੀ ਕੋਈ ਸੰਭਾਵਨਾ ਨਹੀਂ। ਕਿਤੇ ਛੋਟੇ ਕਿਸਾਨ ਵਜ਼ਨ ਸਬੰਧੀ ਭੰਬਲਭੂਸੇ 'ਚ ਪੈ ਕੇ ਖਪਤ ਵਧਾ ਨਾ ਬੈਠਣ? ਵਧੇਰੇ ਮਹੱਤਤਾ ਫਾਸਫੋਰਸ ਤੇ ਪੋਟਾਸ਼ ਦੀ ਖਪਤ ਵਧਾਉਣ 'ਤੇ ਦਿੱਤੇ ਜਾਣ ਦੀ ਲੋੜ ਹੈ ਕਿਉਂਕਿ ਨਾਈਟ੍ਰੋਜਨ (ਐਨ), ਫਾਸਫੋਰਸ (ਪੀ) ਤੇ ਪੋਟਾਸੀਅਮ (ਕੇ) ਦੀ ਵਰਤੋਂ 'ਚ ਸਤੁਲਨ ਨਹੀਂ ਰੱਖਿਆ ਜਾ ਰਿਹਾ। ਭਾਵੇਂ ਨੀਮ-ਕੋਟਿਡ ਯੂਰੀਏ ਦੀ ਵਰਤੋਂ 10 ਪ੍ਰਤੀਸ਼ਤ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀ ਹੈ ਪਰ ਕਿਸਾਨ ਇਸ ਨੂੰ ਆਮ ਯੂਰੀਏ ਦੀ ਖੁਰਾਕ ਦੇ ਬਰਾਬਰ ਹੀ ਪਾ ਰਹੇ ਹਨ। ਯੂਰੀਏ ਦਾ ਉਦਯੋਗ ਵਲੋਂ ਇਸਤੇਮਾਲ ਕਰਕੇ ਇਸ 'ਤੇ ਦਿੱਤੀ ਜਾ ਰਹੀ ਭਾਰੀ ਸਬਸਿਡੀ ਦੇ ਫ਼ਾਇਦੇ ਨੂੰ ਰੋਕਣ ਲਈ ਜੋ ਨਵੀਂ ਵਿਧੀ ਰਾਹੀਂ ਸਬਸਿਡੀ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾਂ ਕਰਾਉਣ ਦੀ ਬਣਾਈ ਗਈ ਹੈ ਉਹ ਵੀ ਛੋਟੇ ਤੇ ਸੀਮਿਤ ਕਿਸਾਨਾਂ ਲਈ ਵਿਸ਼ੇਸ਼ ਕਰਕੇ ਯੋਗ ਨਹੀਂ। ਉਨ੍ਹਾਂ ਨੂੰ ਪੂਰੀ ਕੀਮਤ ਦੇ ਕੇ ਪਹਿਲਾਂ ਇਹ ਖਾਦ ਖਰੀਦਣਾ ਅਸੰਭਵ ਹੋਵੇਗਾ। ਇਸ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਅਕਤੂਬਰ ਵਿਚ ਕਿਸਾਨਾਂ ਵਲੋਂ ਪੂਰੀ ਕੀਮਤ ਅਦਾ ਕਰਕੇ ਸਬਸਿਡੀ ਵਾਲੇ ਖਰੀਦੇ ਗਏ ਬੀਜਾਂ ਦੀ ਸਬਸਿਡੀ ਦੀ ਰਕਮ ਅਜੇ ਤੱਕ ਵੀ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾਂ ਨਹੀਂ ਹੋਈ। ਕਈ ਅਜਿਹੇ ਕਿਸਾਨ ਜਿਨ੍ਹਾਂ ਨੇ ਇਹ ਬੀਜ ਪਿਛਲੀ ਹਾੜ੍ਹੀ ਵਿਚ ਖਰੀਦੇ ਸਨ, ਸਬਸਿਡੀ ਦੀ ਰਕਮ ਦੀ ਵਸੂਲੀ ਲਈ ਅੱਜ ਵੀ ਉਹ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਦੀਆਂ ਫੇਰੀਆਂ ਪਾ ਰਹੇ ਹਨ।


ਮੋਬਾ: 98152-36307

ਘਰੇਲੂ ਲੋੜ ਦੀਆਂ ਫ਼ਸਲਾਂ ਕਿਸਾਨ ਆਪਣੇ ਖੇਤਾਂ 'ਚ ਪੈਦਾ ਕਰਨ

ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਬਾਹਰ ਆ ਕੇ ਜੋ ਵਸਤੂਆਂ ਖੇਤਾਂ ਵਿਚੋਂ ਤਿਆਰ ਹੁੰਦੀਆਂ, ਨੂੰ ਆਪਣੇ ਖੇਤ ਵਿਚ ਪੈਦਾ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ। ਇਸ ਨਾਲ ਕਿਸਾਨਾਂ ਦੀ ਹਾਲਤ ਵਿਚ ਸੁਧਾਰ ਆ ਸਕਦੀ ਹੈ। ਸਭ ਤੋਂ ਪਹਿਲਾਂ ਇਹ ਪਹਿਲ-ਕਦਮੀ ਉਨ੍ਹਾਂ ਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਅਜੋਕੇ ਸਮੇਂ ਵਿਚ ਬਹੁਤ ਸਾਰੇ ਕਿਸਾਨਾਂ ਅਜਿਹੇ ਹਨ, ਜਿਹੜੇ ਸਬਜ਼ੀਆਂ ਤੋਂ ਲੈ ਕੇ ਹੋਰ ਅਨੇਕਾਂ ਚੀਜ਼ਾਂ ਜੋ ਖੇਤਾਂ ਵਿਚ ਉਗਾਈਆਂ ਜਾਂਦੀਆਂ ਹਨ, ਉਹ ਬਜ਼ਾਰ ਵਿਚੋਂ ਮੁੱਲ ਲੈ ਕੇ ਆਉਂਦੇ ਹਨ, ਜੋ ਕਿਸਾਨਾਂ ਨੂੰ ਬਿਲਕੁਲ ਨਹੀਂ ਸੋਭਦਾ, ਕਿਉਂਕਿ ਉਹ ਆਪਣੇ ਖੇਤ ਵਿਚ ਹਰੇਕ ਤਰ੍ਹਾਂ ਦੀ ਚੀਜ਼ ਪੈਦਾ ਕਰ ਸਕਦੇ ਹਨ। ਇਕ ਨਮਕ ਨੂੰ ਛੱਡ ਕੇ ਹਰ ਵਸਤੂ ਆਪਣੇ ਖੇਤ ਵਿਚ ਪੈਦਾ ਕੀਤੀ ਜਾ ਸਕਦੀ ਹੈ। ਪ੍ਰੰਤੂ ਅਜਿਹਾ ਕਰਨ ਤੋਂ ਬਹੁਤੇ ਕਿਸਾਨ ਦੂਰ ਹਨ। ਕੰਗਾਲੀ ਦੇ ਰਾਹ ਪਈ ਕਿਰਸਾਨੀ ਨੂੰ ਬਚਾਉਣ ਲਈ ਇਹ ਤਰੀਕਾ ਸਭ ਤੋਂ ਫ਼ਾਇਦੇਮੰਦ ਰਹੇਗਾ।
ਫ਼ਸਲਾਂ ਆਪਣੇ ਹੱਥੀਂ ਤਿਆਰ ਕਰਨ ਦੇ ਕਿਸਾਨਾਂ ਨੂੰ ਬਹੁਤ ਸਾਰੇ ਲਾਭ ਹੋ ਸਕਦੇ ਹਨ। ਜੇਕਰ ਅੱਜ ਦੇ ਸਮੇਂ ਵਿਚ ਬਿਮਾਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਸੰਖਿਆ ਅਣਗਿਣਤ ਹੈ ਕਿਉਂਕਿ ਹੁਣ ਤਕਰੀਬਨ ਹਰੇਕ ਘਰ ਅੰਦਰ ਇਕ ਆਦਮੀ ਜਾਂ ਔਰਤ ਕਿਸੇ ਨਾ ਕਿਸੇ ਬਿਮਾਰੀ ਤੋਂ ਜ਼ਰੂਰ ਪੀੜਤ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਫ਼ਸਲਾਂ ਉੱਤੇ ਕੀਤੀ ਜਾਂਦੀ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ। ਇਸ ਨਾਲ ਧਰਤੀ ਅੰਦਰਲੀ ਤਾਕਤ ਨੂੰ ਕਮਜ਼ੋਰ ਕਰਕੇ ਰਸਾਇਣਕ ਖਾਦਾਂ ਦਾ ਪ੍ਰਭਾਵ ਵਧ ਜਾਂਦਾ ਹੈ। ਫ਼ਸਲਾਂ ਵਿਚ ਰਸਾਇਣਕ ਖਾਦ ਦੀ ਮਾਤਰਾ ਵਧਣ ਕਾਰਨ ਧਰਤੀ ਦੀ ਕੁਦਰਤੀ ਤਾਕਤ ਘੱਟ ਜਾਂਦੀ ਹੈ ਅਤੇ ਰਸਾਇਣਕ ਖਾਦਾਂ ਦੇ ਪ੍ਰਭਾਵ ਕਾਰਨ ਲੋਕਾਂ ਨੂੰ ਬਿਮਾਰੀਆਂ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ। ਇਸ ਤੋਂ ਇਲਾਵਾ ਕੀਟਨਾਸ਼ਕ ਦਵਾਈਆਂ ਵਾਤਾਵਰਨ ਦੀ ਸ਼ੁੱਧਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ, ਜਿਸ ਕਾਰਨ ਵਾਤਾਵਰਨ ਵਿਚ ਘੁਲੀਆਂ ਜ਼ਹਿਰਾਂ ਲੋਕਾਂ ਨੂੰ ਬਿਮਾਰ ਕਰਦੀਆਂ ਹਨ। ਜੇਕਰ ਕਿਸਾਨਾਂ ਦੁਆਰਾ ਆਪਣੇ ਲਈ ਫ਼ਸਲ ਖੇਤ ਵਿਚ ਉਗਾਈ ਜਾਵੇ ਤਾਂ ਇਸ ਨਾਲ ਬਿਮਾਰੀਆਂ ਤੋਂ ਵੀ ਮੁਕਤੀ ਮਿਲ ਜਾਵੇਗੀ, ਕਿਉਂਕਿ ਆਪਣੇ ਲਈ ਉਗਾਈ ਫ਼ਸਲ ਉੱਪਰ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਦੀ ਬਿਜਾਏ ਰੂੜੀ ਆਦਿ ਦੀ ਦੇਸੀ ਖਾਦ ਦੀ ਜ਼ਿਆਦਾ ਵਰਤੋਂ ਕੀਤੀ ਜਾਵੇਗੀ। ਜੇਕਰ ਕੋਈ ਅਜਿਹੀ ਬਿਮਾਰੀ ਜਾਂ ਸੁੰਡੀ ਆਦਿ ਦੀ ਫ਼ਸਲ 'ਤੇ ਮਾਰ ਪੈ ਜਾਵੇ ਤੇ ਫ਼ਸਲ ਨੂੰ ਨੁਕਸਾਨ ਜ਼ਿਆਦਾ ਹੋ ਰਿਹਾ ਹੋਵੇ ਤਾਂ ਫਿਰ ਲੋੜ ਅਨੁਸਾਰ ਖੇਤੀਬਾੜੀ ਵਿਭਾਗ ਦੀ ਮਦਦ ਜਾਂ ਹੋਰ ਖੇਤੀ ਮਾਹਿਰਾਂ ਦੀ ਮਦਦ ਲੈ ਕੇ ਇਸ ਦੇ ਬਚਾਅ ਲਈ ਹੱਲ ਕੀਤਾ ਜਾਣਾ ਚਾਹੀਦਾ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਬਿਨ੍ਹਾਂ ਰੇਹ-ਸਪਰੇਅ ਤੋਂ ਤਿਆਰ ਕਰਕੇ ਪਕਾਈ ਫ਼ਸਲ ਦਾ ਭਾਅ ਵੀ ਵੱਧ ਮਿਲ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਵੀ ਚੰਗਾ ਸਹਾਰਾ ਮਿਲ ਸਕਦਾ ਹੈ, ਕਿਉਂਕਿ ਬਹੁਤੇ ਲੋਕ ਅੱਜ ਦੇ ਸਮੇਂ ਵਿਚ ਫ਼ਸਲਾਂ 'ਤੇ ਅੰਨ੍ਹੇਵਾਹ ਕੀਤੀ ਜਾਂਦੀ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਬਹੁਤ ਚਿੰਤਤ ਹਨ ਅਤੇ ਇਸ ਤਰ੍ਹਾਂ ਤਿਆਰ ਕੀਤੀਆਂ ਵਸਤੂਆਂ ਨੂੰ ਲੈਣ ਤੋਂ ਉਹ ਗੁਰੇਜ਼ ਕਰਦੇ ਹਨ। ਇਹ ਲੋਕ ਅਜਿਹੇ ਲੋਕਾਂ ਤੋਂ ਕਣਕ ਜਾਂ ਹੋਰ ਕੋਈ ਫ਼ਸਲ ਲੈਣ ਨੂੰ ਪਹਿਲ ਦਿੰਦੇ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਰੇਹ-ਸਪਰੇਅ ਤੋਂ ਫ਼ਸਲ ਤਿਆਰ ਕੀਤੀ ਹੋਵੇ। ਪਰ ਅਜਿਹੇ ਲੋਕ ਬਹੁਤ ਘੱਟ ਮਿਲਦੇ ਹਨ, ਜਿਹੜੇ ਇਸ ਤਰ੍ਹਾਂ ਫ਼ਸਲ ਪਾਲਦੇ ਹਨ। ਇਸ ਲਈ ਬਿਨਾਂ ਰੇਹਾਂ-ਸਪਰੇਆਂ ਤੋਂ ਫ਼ਸਲ ਪਾਲਣ ਵੱਲ ਕਦਮ ਵਧਾਉਣੇ ਚਾਹੀਦੇ ਹਨ।
ਆਪਣੇ ਲਈ ਫ਼ਸਲਾਂ ਉਗਾਉਣ ਦਾ ਸਭ ਤੋਂ ਵੱਡਾ ਲਾਭ ਇਹ ਵੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਮਿਲਾਵਟੀ ਚੀਜ਼ਾਂ ਖਾਣ ਤੋਂ ਵੀ ਮੁਕਤੀ ਮਿਲ ਜਾਵੇਗੀ, ਕਿਉਂਕਿ ਹੁਣ ਮੁਨਾਫ਼ਾ ਜ਼ਿਆਦਾ ਕਮਾਉਣ ਦੇ ਚੱਕਰ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦਾ ਬਿਲਕੁਲ ਸ਼ੁੱਧ ਮਿਲਣਾ ਬਹੁਤ ਮੁਸ਼ਕਿਲ ਹੈ, ਜਿਸ ਕਰਕੇ ਇਹ ਮਿਲਾਵਟੀ ਚੀਜ਼ਾਂ ਖਾਣ ਨਾਲ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਜਦੋਂ ਸਭ ਆਪਣੇ-ਆਪ ਵਸਤੂਆਂ ਤਿਆਰ ਕੀਤੀਆਂ ਜਾਣਗੀਆਂ ਤਾਂ ਇਨ੍ਹਾਂ ਮਿਲਾਵਟਖੋਰਾਂ ਤੋਂ ਵੀ ਮੁਕਤੀ ਮਿਲੇਗੀ ਅਤੇ ਸਾਰਾ ਕੁਝ ਸ਼ੁੱਧ ਮਿਲੇਗਾ। ਸ਼ੁੱਧ ਵਸਤੂਆਂ ਖੁਦ ਕਾਸ਼ਤ ਕਰਕੇ ਆਪਣੇ ਤੌਰ 'ਤੇ ਵੇਚੀਆਂ ਜਾ ਸਕਦੀਆਂ ਹਨ। ਇਸ ਨਾਲ ਜਿੱਥੇ ਆਪਣੇ-ਆਪ ਨੂੰ ਫ਼ਾਇਦਾ ਹੋਵੇਗਾ, ਉਥੇ ਜੋ ਖਰੀਦ ਕਰੇਗਾ ਉਸ ਨੂੰ ਵੀ ਸ਼ੁੱਧ ਚੀਜ਼ਾਂ ਮਿਲ ਜਾਣਗੀਆਂ। ਇਸ ਲਈ ਲਗਾਤਾਰ ਮੰਦਹਾਲੀ ਦਾ ਸਾਹਮਣਾ ਕਰ ਰਹੀ ਕਿਰਸਾਨੀ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਕਰਨੇ ਪੈਣਗੇ। ਆਪਣੇ ਤੌਰ 'ਤੇ ਚੀਜ਼ਾਂ ਪੈਦਾ ਕਰਕੇ ਆਪਣੇ ਘਰ ਅਤੇ ਹੋਰ ਥਾਵਾਂ 'ਤੇ ਵੇਚ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਨਾਲ ਫ਼ਸਲੀ ਚੱਕਰ 'ਚੋਂ ਵੀ ਬਾਹਰ ਨਿਕਲਿਆ ਜਾ ਸਕਦਾ ਹੈ। ਜਿਹੜੀਆਂ ਫ਼ਸਲਾਂ ਦੇ ਭਾਅ ਸਬੰਧੀ ਸਰਕਾਰਾਂ 'ਤੇ ਟੇਕ ਰੱਖਣੀ ਪੈਂਦੀ ਹੈ ਉਸ ਤੋਂ ਵੀ ਖਹਿੜਾ ਛੁੱਟ ਜਾਵੇਗਾ। ਸਭ ਤੋਂ ਗੰਭੀਰ ਹੋ ਰਹੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਵੀ ਬਚਾਇਆ ਜਾ ਸਕਦਾ ਹੈ, ਕਿਉਂਕਿ ਜਦੋਂ ਝੋਨਾ ਆਦਿ ਬੀਜਣ ਦੀ ਲੋੜ ਨਾ ਪਈ ਤਾਂ ਫਿਰ ਧਰਤੀ ਵਿਚੋਂ ਜ਼ਿਆਦਾ ਪਾਣੀ ਕੱਢਣ ਦੀ ਜ਼ਰੂਰਤ ਨਹੀਂ ਪਵੇਗੀ। ਪੁਰਾਣੇ ਸਮਿਆਂ 'ਚ ਲੋਕ ਸਭ ਕੁਝ ਆਪਣੇ ਹੱਥੀਂ ਆਪਣੇ ਹੀ ਖੇਤ ਵਿਚ ਉਗਾ ਕੇ ਤਿਆਰ ਕਰਦੇ ਸਨ, ਜਿਸ ਕਰਕੇ ਉਦੋਂ ਲੋਕ ਤੰਦਰੁਸਤ ਰਹਿੰਦੇ ਸਨ, ਜਦਕਿ ਉਦੋਂ ਹੁਣ ਵਾਂਗ ਮਸ਼ੀਨੀਕਰਨ ਵੀ ਨਹੀਂ ਹੁੰਦਾ ਸੀ, ਫਿਰ ਵੀ ਆਪ ਲੋਕ ਮਿਹਨਤ ਕਰਕੇ ਸਭ ਚੀਜ਼ਾਂ ਤਿਆਰ ਕਰਦੇ ਸਨ। ਹੁਣ ਤਾਂ ਸਭ ਕੁਝ ਆਸਾਨੀ ਨਾਲ ਹੋ ਸਕਦਾ ਹੈ। ਇਸ ਲਈ ਸਾਨੂੰ ਉਸ ਸਮੇਂ ਦੇ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਹੈ। ਹੁਣ ਵੀ ਪਹਿਲਾਂ ਵਾਂਗ ਸਭ ਲੋਕ ਆਪਣੇ ਹੱਥੀਂ ਚੀਜ਼ਾਂ ਤਿਆਰ ਕਰਨ ਅਤੇ ਸਭ ਤੰਦਰੁਸਤੀ ਵਾਲਾ ਜੀਵਨ ਜਿਊਣ।


-ਧਨੌਲਾ 148105 (ਬਰਨਾਲਾ)

ਪੁਰਾਤਨ ਪੰਜਾਬ ਦੀ ਸ਼ਾਹੀ ਅਸਵਾਰੀ ਸੀ 'ਟਾਂਗਾ'

ਸਮਾਂ ਆਪਣੀ ਚਾਲ ਚਲਦਾ ਰਹਿੰਦਾ ਹੈ। ਜੇਕਰ ਪੁਰਾਤਨ ਪਿੰਡਾਂ ਵਾਲੇ ਪੰਜਾਬ 'ਤੇ ਝਾਤੀ ਮਾਰੀਏ, ਜਦੋਂ ਕਿ ਬਹੁਤੀ ਅਬਾਦੀ ਪਿੰਡਾਂ ਵਿਚ ਹੀ ਵਸਦੀ ਸੀ ਤੇ ਕਈ ਕਈ ਪਿੰਡਾਂ ਨੂੰ ਇਕੋ ਹੀ ਸ਼ਹਿਰ ਨੇੜੇ ਲਗਦਾ ਸੀ ਤੇ ਉਥੇ ਹੀ ਲੋਕ ਆਪਣੀਆਂ ਫ਼ਸਲਾਂ ਵੇਚ ਕੇ ਘਰਾਂ ਦਾ ਜ਼ਰੂਰੀ ਸਾਮਾਨ ਜਿਵੇਂ ਕੱਪੜਾ, ਰਸੋਈ ਅਤੇ ਖੇਤੀਬਾੜੀ ਨਾਲ ਸਬੰਧਿਤ ਚੀਜ਼ਾਂ ਉਸੇ ਸ਼ਹਿਰੋਂ ਹੀ ਸਾਰੇ ਲੋਕ ਲਿਆਉਂਦੇ ਸਨ। ਜਾਣ-ਆਉਣ ਦੇ ਸਾਧਨ ਵੀ ਸੀਮਿਤ ਸਨ, ਸਾਈਕਲ ਪ੍ਰਧਾਨ ਸਨ। ਰੇਲ ਗੱਡੀ ਰਾਹੀਂ ਸ਼ਹਿਰਾਂ ਨੂੰ ਜਾਣਾ ਜਾਂ ਜਿੱਥੇ ਕਿਤੇ ਰੇਲਵੇ ਸਟੇਸ਼ਨ ਨੇੜੇ ਨਹੀਂ ਸਨ, ਉਥੋਂ ਤੱਕ ਟਾਂਗਿਆਂ 'ਤੇ ਲੋਕਾਂ ਨੇ ਆਉਣਾ ਤੇ ਜਾਣਾ ਜਿਸ ਦਾ ਕਿਰਾਇਆ ਕੁਝ ਆਨੇ ਹੀ ਹੁੰਦੇ ਸਨ, ਜਿਵੇਂ ਚਾਰ ਆਨੇ, ਅੱਠ ਆਨੇ, ਬਾਰਾਂ ਆਨੇ। ਬਹੁਤੇ ਸਾਧਨ ਈਜਾਦ ਨਾ ਹੋਣ ਕਾਰਨ ਟਾਂਗਾ ਹੀ ਸ਼ਾਹੀ ਅਸਵਾਰੀ ਹੁੰਦਾ ਸੀ ਤੇ ਉਨ੍ਹਾਂ ਸਮਿਆਂ ਵਿਚ ਪੈਸੇ ਦਾ ਪਸਾਰ ਬਹੁਤ ਘੱਟ ਸੀ ਫਿਰ ਵੀ ਟਾਂਗਿਆਂ ਵਾਲੇ ਟਾਂਗੇ ਤੇ ਘੋੜੇ ਨੂੰ ਸ਼ਿੰਗਾਰ ਕੇ ਰੱਖਦੇ ਤੇ ਚੰਗੀ ਦਿਹਾੜੀ ਬਣਾਉਂਦੇ ਰਹੇ ਹਨ। ਸਾਡੇ ਪਿੰਡ ਦਾ ਇਕੋ ਇਕ ਟਾਂਗਾ ਸੀ ਆਤਮਾ ਸਿੰਘ ਦਾ। ਜ਼ਿਮੀਂਦਾਰ ਘਰਾਣੇ ਨਾਲ ਸਬੰਧਤ ਆਤਮਾ ਸਿੰਘ ਸੁਭਾਅ ਦਾ ਭਾਵੇਂ ਅੜਬ ਸੀ, ਪਰ ਵਧੀਆ ਘੋੜਾ ਤੇ ਟਾਂਗਾ ਰੱਖਦਾ ਸੀ ਤੇ ਦੱਦਾਹੂਰ ਤੋਂ ਡਗਰੂ ਸਟੇਸ਼ਨ ਤੱਕ ਅੱਠ ਆਨੇ, ਬਾਰਾਂ ਆਨੇ ਤੇ ਬਾਅਦ ਵਿਚ ਇਕ ਤੇ ਦੋ ਰੁਪਏ ਤੱਕ ਵੀ ਲੈਂਦਾ ਰਿਹਾ ਹੈ। ਇਸੇ ਕਰਕੇ ਟਾਂਗੇ ਵਾਲਿਆਂ ਨੂੰ ਘੋੜੇ ਦਾ ਖ਼ਰਚਾ ਕਰਕੇ ਸੌ-ਸਵਾ ਸੌ ਰੁਪਏ ਆਮ ਹੀ ਬਣ ਜਾਂਦੇ ਸਨ, ਜਿਸ ਨੂੰ ਉਹ ਵਧੀਆ ਗੁਜ਼ਾਰਾ ਸਮਝਦੇ ਸਨ। ਇਸੇ ਤਰ੍ਹਾਂ ਹੀ ਹੋਰ ਵੀ ਪਿੰਡਾਂ ਤੋਂ ਟਾਂਗੇ ਸਟੇਸ਼ਨਾਂ ਤੱਕ ਜਾਂ ਸ਼ਹਿਰਾਂ ਤੱਕ ਜਾਂਦੇ ਰਹੇ ਹਨ। ਸਮੇਂ ਦੇ ਬਦਲਾਅ ਨਾਲ ਤੇ ਅਤਿ ਆਧੁਨਿਕ ਅਜੋਕੇ ਸਮੇਂ ਵਿਚ ਅਸੀ ਕਾਰਾਂ ਵਾਲੇ ਹੋ ਗਏ ਹਾਂ ਤੇ ਇਹ ਸਾਡਾ ਵਿਰਸਾ ਸਾਥੋਂ ਬਹੁਤ ਪਿਛਾਂਹ ਰਹਿ ਗਿਆ ਹੈ। ਅੱਜਕੱਲ੍ਹ ਤਾਂ ਇਹ ਟਾਂਗੇ ਬਿਲਕੁਲ ਅਲੋਪ ਹੋ ਚੁੱਕੇ ਹਨ, ਹਾਂ ਕਿਤੇ-ਕਿਤੇ ਟਾਂਵਾਂ-ਟਾਂਵਾਂ ਕਿਸੇ ਨੇ ਭਾਵੇਂ ਸ਼ੌਂਕ ਨਾਲ ਰੱਖਿਆ ਹੋਵੇ। ਦਿੱਲੀ ਵਰਗੇ ਮਹਾਨਗਰਾਂ 'ਚ ਕਿਤੇ ਕਿਤੇ ਵੇਖਣ ਨੂੰ ਇਹ ਮਿਲ ਹੀ ਜਾਂਦੇ ਹਨ, ਜਿੱਥੇ ਲੋਕ ਇਨ੍ਹਾਂ ਨੂੰ ਰੋਕ ਕੇ ਇਨ੍ਹਾਂ ਦੇ ਮਾਲਕਾਂ ਨਾਲ ਪੁਰਾਤਨ ਸਮੇਂ ਦੀਆਂ ਗੱਲਾਂ ਬਾਤਾਂ ਪੁੱਛਦੇ ਹਨ ਤੇ ਜਾਂ ਫ਼ਿਰ ਫੋਟੋਆਂ ਖਿੱਚ ਕੇ ਫੇਸਬੁੱਕ ਜਾਂ ਵਟਸਅੱਪ 'ਤੇ ਪਾਉਂਦੇ ਰਹਿੰਦੇ ਹਨ। ਹਾਂ ਕਿਤੇ ਕਿਤੇ ਮਿਊਜ਼ਮਾਂ ਜਾਂ ਪ੍ਰਦਰਸ਼ਨੀਆਂ ਦਾ ਸ਼ਿੰਗਾਰ ਬਣੇ ਹੋਏ ਹਨ ਇਹ ਟਾਂਗੇ, ਜਿੱਥੇ ਜਾ ਕੇ ਸਾਡੀ ਅਜੋਕੀ ਪੀੜ੍ਹੀ ਬਜ਼ੁਰਗਾਂ ਨੂੰ ਆਮ ਹੀ ਪੁੱਛਦੀ ਵੇਖੀ ਜਾ ਸਕਦੀ ਹੈ।


-ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX