ਤਾਜਾ ਖ਼ਬਰਾਂ


ਭਾਰੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  5 minutes ago
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ )- ਇਸ ਖੇਤਰ 'ਚ ਸਵੇਰ ਤੋਂ ਸ਼ੁਰੂ ਹੋਏ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਕਿਉਂਕਿ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੈ ਤੇ ਇਸ ਬਾਰਸ਼ ਨਾਲ ਕਈ ਥਾਈਂ ਝੋਨੇ ਦੀ ਫ਼ਸਲ ਡਿੱਗਣ ਦਾ ਸਮਾਚਾਰ ਹੈ, ਨਰਮੇ ਦੀ ...
ਫਰੀਦਕੋਟ ਜ਼ਿਲ੍ਹੇ ਦੀਆਂ ਕੁੱਲ 10 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਕਾਂਗਰਸ ਦਾ ਕਬਜ਼ਾ
. . .  23 minutes ago
ਕੋਟਕਪੁਰਾ, 23 ਸਤੰਬਰ (ਮੋਹਰ ਗਿੱਲ)- ਦੇਰ ਰਾਤ ਤੱਕ ਪ੍ਰਾਪਤ ਹੋਏ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਫਰੀਦਕੋਟ ਜ਼ਿਲ੍ਹੇ ਅਧੀਨ ਆਉਂਦੀਆਂ ਸਾਰੀਆਂ 10 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਫਰੀਦਕੋਟ ਬਲਾਕ 'ਚ 4, ਕੋਟਕਪੁਰਾ ਤੇ ਜੈਤੋ 'ਚ 3-3 ਜ਼ਿਲ੍ਹਾ...
ਏਸ਼ੀਆ ਕੱਪ : ਭਾਰਤ ਪਾਕਿਸਤਾਨ ਵਿਚਾਲੇ ਅੱਜ ਇਕ ਵਾਰ ਹੋਵੇਗੀ ਟੱਕਰ
. . .  about 1 hour ago
ਦੁਬਈ, 23 ਸਤੰਬਰ - ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇਕ ਵਾਰ ਫਿਰ ਏਸ਼ੀਆ ਕੱਪ 2018 'ਚ ਅੱਜ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਸੁਪਰ-4 ਦੇ ਆਪਣੇ ਦੂਸਰੇ ਮੈਚ 'ਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਭਿੜਣਗੀਆਂ। ਇਹ ਦੋਵੇਂ ਟੀਮਾਂ ਬੁੱਧਵਾਰ ਨੂੰ ਇਕ ਮੈਚ ਖੇਡ ਚੁੱਕੀਆਂ ਹਨ, ਜਿਸ...
ਸੰਯੁਕਤ ਰਾਸ਼ਟਰ ਦੇ ਇਜਲਾਸ 'ਚ ਹਿੱਸਾ ਲੈਣ ਲਈ ਸੁਸ਼ਮਾ ਸਵਰਾਜ ਅਮਰੀਕਾ ਪੁੱਜੀ
. . .  about 1 hour ago
ਨਿਊਯਾਰਕ, 23 ਸਤੰਬਰ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਦੇ 73ਵੇਂ ਇਜਲਾਸ 'ਚ ਭਾਗ ਲੈਣ ਲਈ ਨਿਊਯਾਰਕ ਪਹੁੰਚ ਗਏ। ਇਜਲਾਸ 'ਚ ਹਿੱਸਾ ਲੈਣ ਮਗਰੋਂ ਉਹ ਕਈ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਦੁਪੱਖੀ ਤੇ ਬਹੁਪੱਖੀ ਮੀਟਿੰਗਾਂ...
ਹਿਮਾਚਲ 'ਚ ਬਰਫ਼ਬਾਰੀ ਤੇ ਮੀਂਹ
. . .  about 1 hour ago
ਸ਼ਿਮਲਾ, 23 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਪਾਸ ਸਮੇਤ ਕਈ ਇਲਾਕਿਆਂ ਵਿਚ ਬਰਫ਼ਬਾਰੀ ਤੇ ਭਾਰੀ ਮੀਂਹ ਪੈ ਰਿਹਾ ਹੈ। ਉੱਥੇ ਹੀ, ਪੰਜਾਬ ਸਮੇਤ ਉਤਰ ਭਾਰਤ ਦੇ ਕਈ ਹਿੱਸਿਆਂ ਵਿਚ ਲੰਘੇ ਦਿਨ ਤੋਂ ਹੀ ਮੀਂਹ ਪੈ ਰਿਹਾ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ...
ਮੋਬਾਈਲ ਚੋਰੀ ਦੇ ਦੋਸ਼ 'ਚ ਨਾਬਾਲਗ 'ਤੇ ਢਾਹਿਆ ਗਿਆ ਜੁਲਮ
. . .  about 2 hours ago
ਪਟਨਾ, 23 ਸਤੰਬਰ - ਬਿਹਾਰ ਦੇ ਫੁਲਵਾਰੀ ਸ਼ਰੀਫ ਦੇ ਇਸ਼ੋਪੁਰ ਅਧਪਾ ਕਾਲੋਨੀ 'ਚ ਭੀੜ ਨੇ ਇਕ ਨਾਬਾਲਗ ਨੂੰ ਮੋਬਾਈਲ ਚੋਰੀ ਦੇ ਦੋਸ਼ 'ਚ ਤਿੰਨ ਘੰਟਿਆਂ ਤੱਕ ਦਰਖਤ ਨਾਲ ਬੰਨ੍ਹ ਕੇ ਰੱਖਿਆ ਤੇ ਜੰਮ ਕੇ ਕੁੱਟਮਾਰ ਕੀਤੀ। ਇੱਥੋਂ ਤੱਕ ਭੀੜ ਨੇ ਨਾਬਾਲਗ ਦੇ ਸਰੀਰ 'ਤੇ ਖੰਡ ਪਾ ਦਿੱਤੀ ਤੇ ਕੀੜੀਆਂ ਕੋਲੋਂ ਕਟਵਾਇਆ...
ਅੱਜ ਦਾ ਵਿਚਾਰ
. . .  about 2 hours ago
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਦੁਲਦੀ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ 2949 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਟੌਹੜਾ ਜ਼ੋਨ ਤੋਂ ਕਾਂਗਰਸ ਦੇ ਤੇਜਪਾਲ ਸਿੰਘ 4841 ਵੋਟਾਂ ਨਾਲ ਜੇਤੂ
. . .  1 day ago
ਹੋਰ ਖ਼ਬਰਾਂ..

ਸਾਡੀ ਸਿਹਤ

ਬਹੁਤ ਲਾਭਕਾਰੀ ਹੈ ਸੇਬ ਅਤੇ ਅਨਾਨਾਸ

ਅਨਾਨਾਸ ਵਿਚ ਵਿਟਾਮਿਨ 'ਏ' ਥੋੜ੍ਹੀ ਅਤੇ 'ਸੀ' ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ। ਕੱਚਾ ਅਨਾਨਾਸ ਰੁਚੀਕਰ, ਕਫ ਪਿੱਤਕਾਰਕ, ਪਚਣ ਵਿਚ ਭਾਰੀ, ਦਿਲ ਲਈ ਹਿਤਕਾਰੀ ਅਤੇ ਸ਼੍ਰਮਨਾਸ਼ਕ ਹੁੰਦਾ ਹੈ। ਪੱਕਾ ਅਨਾਨਾਸ ਖੱਟਾ-ਮਿੱਠਾ, ਇਸ ਦੇ ਰਸ ਦੀ ਵਰਤੋਂ ਨਾਲ ਅੰਤੜੀਆਂ ਦੀ ਸ਼ੋਜ, ਨਿਰਬਲਤਾ, ਸਬਜ਼, ਅਜੀਰਨ, ਸਰੀਰ ਦੀ ਥਕਾਵਟ, ਸੁੱਕੀ ਖੰਘ, ਦਿਲ ਦੀ ਦੁਰਬਲਤਾ ਅਤੇ ਪਿੱਤਜਵਰ ਆਦਿ ਰੋਗਾਂ ਵਿਚ ਲਾਭ ਹੁੰਦਾ ਹੈ।
ਅਨਾਨਾਸ ਨੂੰ ਖਾਣ ਨਾਲ ਪਿੱਤ ਠੀਕ ਹੋ ਜਾਂਦੀ ਹੈ। ਇਸ ਦੇ ਟੁਕੜਿਆਂ 'ਤੇ ਖੰਡ ਅਤੇ ਕਾਲੀ ਮਿਰਚ ਦਾ ਚੂਰਨ ਛਿੜਕ ਕੇ ਖਾਣ ਨਾਲ ਜ਼ਿਆਦਾ ਲਾਭ ਮਿਲਦਾ ਹੈ। ਪੱਕੇ ਅਨਾਨਾਸ ਦੇ ਛੋਟੇ-ਛੋਟੇ ਟੁਕੜੇ ਕਰਕੇ ਇਨ੍ਹਾਂ 'ਤੇ ਪੀਪਰ ਦਾ ਚੂਰਨ ਪਾ ਕੇ ਖਾਣ ਨਾਲ ਬਹੁਮੂਤਰ ਦਾ ਰੋਗ ਠੀਕ ਹੋ ਜਾਂਦਾ ਹੈ। ਪੇਟ ਵਿਚ ਕ੍ਰਿਮ ਹੋਣ 'ਤੇ ਸੱਤ ਦਿਨਾਂ ਤੱਕ ਅਨਾਨਾਸ ਖਾਣ ਨਾਲ ਕ੍ਰਿਮ ਖ਼ਤਮ ਹੋ ਜਾਂਦੀ ਹੈ। ਪੱਕੇ ਅਨਾਨਾਸ ਦਾ ਰਸ ਕੱਢ ਲਓ। ਇਸ ਰਸ ਨਾਲੋਂ ਦੁੱਗਣੀ ਖੰਡ ਲੈ ਕੇ ਚਾਸ਼ਣੀ ਬਣਾ ਕੇ ਇਸ ਵਿਚ ਰਸ ਨੂੰ ਪਾ ਕੇ ਸ਼ਰਬਤ ਬਣਾ ਲਓ। ਇਹ ਸ਼ਰਬਤ ਗਰਮੀ (ਪਿੱਤ) ਦਾ ਸ਼ਮਨ ਕਰਦਾ ਹੈ, ਦਿਲ ਨੂੰ ਬਲ ਦਿੰਦਾ ਹੈ। ਇਸ ਦੇ ਉਪਰਲੀ ਛਿੱਲ ਅਤੇ ਵਿਚਕਾਰਲਾ ਸਖ਼ਤ ਹਿੱਸਾ ਕੱਢ ਲਓ ਅਤੇ ਇਸ ਦੇ ਫਲ ਦੇ ਛੋਟੇ-ਛੋਟੇ ਟੁਕੜੇ ਕਰੋ ਅਤੇ ਪਾਣੀ ਵਿਚ ਇਕ ਦਿਨ ਲਈ ਰੱਖ ਦਿਓ। ਦੂਜੇ ਦਿਨ ਇਨ੍ਹਾਂ ਨੂੰ ਚੂਨੇ ਦੇ ਪਾਣੀ ਵਿਚੋਂ ਕੱਢ ਕੇ ਸੁਕਾ ਦਿਓ।
ਸੇਬ
ਸੇਬ ਵਿਚ ਵਿਟਾਮਿਨ 'ਏ', 'ਬੀ' ਅਤੇ 'ਸੀ' ਪਾਇਆ ਜਾਂਦਾ ਹੈ। ਸਰੀਰ ਨੂੰ ਪੋਸਣ ਕਰਨ ਵਾਲਾ ਅਤੇ ਦਿਲ ਅਤੇ ਦਿਮਾਗ ਨੂੰ ਸ਼ਕਤੀ ਦੇਣ ਵਾਲਾ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਦੂਰ ਹੁੰਦੀ ਹੈ, ਭੁੱਖ ਵਧਦੀ ਹੈ, ਬਲ-ਵੀਰਜ, ਖੂਨ ਅਤੇ ਲੰਬੀ ਬਿਮਾਰੀ ਵਿਚ ਤਾਕਤ ਵਿਚ ਕਮੀ ਨਹੀਂ ਆਉਣ ਦਿੰਦਾ।
ਇਹ ਲਿਵਰ ਅਤੇ ਗੁਰਦੇ ਦੇ ਰੋਗੀ ਨੂੰ ਵਿਸ਼ੇਸ਼ ਲਾਭ ਦੇਣ ਵਾਲਾ ਹੁੰਦਾ ਹੈ। ਮਿੱਠਾ ਸੇਬ ਹੀ ਉਪਯੁਕਤ ਗੁਣ ਨੂੰ ਦੇਣ ਵਾਲਾ ਹੁੰਦਾ ਹੈ। ਸੇਬ ਦੇ ਛੋਟੇ ਟੁਕੜੇ ਕਰਕੇ ਕੱਚ ਦੇ ਭਾਂਡੇ ਵਿਚ ਪਾ ਕੇ ਰਾਤ ਨੂੰ ਖੁੱਲ੍ਹੀ ਜਗ੍ਹਾ ਤਰੇਲ ਪੈਣ ਲਈ ਰੱਖ ਦਿਓ। ਇਕ ਮਹੀਨੇ ਤੱਕ ਹਰ ਰੋਜ਼ ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਬਲ ਆਉਂਦਾ ਹੈ।
ਇਕ ਮਿੱਠੇ ਸੇਬ ਵਿਚ 50 ਗ੍ਰਾਮ ਲੌਂਗ ਲਗਾ ਕੇ ਰੱਖ ਦਿਓ। 10 ਦਿਨਾਂ ਬਾਅਦ ਸੇਬ ਵਿਚੋਂ ਲੌਂਗ ਕੱਢ ਕੇ ਕਟੋਰੀ ਵਿਚ ਰੱਖ ਦਿਓ ਅਤੇ ਇਸ ਵਿਚੋਂ ਹਰ ਰੋਜ਼ 3 ਲੌਂਗ ਕੱਢ ਕੇ ਚਾਹ ਦੇ ਨਾਲ ਖਾਣ ਨਾਲ ਪੇਟ ਦੀ ਗੈਸ ਦੂਰ ਹੁੰਦੀ ਹੈ। ਜ਼ਿਆਦਾ ਪਿਆਸ ਲੱਗਣ ਵਾਲਿਆਂ ਲਈ ਸੇਬ ਦਾ ਰਸ 30 ਗ੍ਰਾਮ ਲੈ ਕੇ ਇਸ ਵਿਚ 60 ਗ੍ਰਮ ਪਾਣੀ ਮਿਲਾ ਕੇ ਨਿਯਮਤ ਰੂਪ ਨਾਲ ਕੁਝ ਦਿਨਾਂ ਤੱਕ ਪੀਣ ਨਾਲ ਪਿਆਸ ਦਾ ਰੋਗ ਵੀ ਦੂਰ ਹੁੰਦਾ ਹੈ।
ਭੋਜਨ ਕਰਨ ਤੋਂ 10 ਮਿੰਟ ਪਹਿਲਾਂ ਇਕ ਮਿੱਠਾ ਸੇਬ ਬਿਨਾਂ ਛਿੱਲੇ 20 ਦਿਨਾਂ ਤੱਕ ਸੇਵਨ ਕਰਨ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ। ਸੇਬ ਨੂੰ ਛਿੱਲ ਕੇ ਨਹੀਂ ਖਾਣਾ ਚਾਹੀਦਾ, ਇਸ ਦੀ ਛਿੱਲ ਵਿਚ ਵਿਟਾਮਿਨ 'ਸੀ' ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਸੇਬ ਖਾਣ ਨਾਲ ਤੁਹਾਡੇ ਕੋਲੋਂ ਡਾਕਟਰ ਦੂਰ ਰਹਿੰਦੇ ਹਨ।
***


ਖ਼ਬਰ ਸ਼ੇਅਰ ਕਰੋ

ਯੋਗ ਦੀ ਸਾਹ ਕਿਰਿਆ ਅਪਣਾਓ

ਮਨੁੱਖ ਨੂੰ ਭੌਤਿਕ ਸਰੀਰ, ਇੱਛਾਸ਼ਕਤੀ ਅਤੇ ਮਨ ਨੂੰ ਕਾਬੂ ਵਿਚ ਲੈ ਲੈਣਾ ਜੀਵਨ ਦੇ ਆਦਰਸ਼ ਲਈ ਬਹੁਤ ਜ਼ਰੂਰੀ ਹੈ। ਇਸੇ ਕਾਰਨ ਪਤੰਜਲੀ ਨੇ ਕੁਝ ਅਜਿਹੇ ਅਭਿਆਸਾਂ 'ਤੇ ਰੌਸ਼ਨੀ ਪਾਈ ਹੈ, ਜਿਸ ਨਾਲ ਸਰੀਰਕ ਚੰਚਲਤਾ ਅਤੇ ਵਿਕਲਤਾ ਦੂਰ ਕੀਤੀ ਜਾ ਸਕੇ। ਇਸ ਕਿਰਿਆ ਨਾਲ ਸਾਨੂੰ ਬਹੁਤ ਪ੍ਰਭਾਵਸ਼ਾਲੀ ਅਧਿਆਤਮਕ ਸ਼ਕਤੀ ਮਿਲਦੀ ਹੈ ਅਤੇ ਇਸ ਨਾਲ ਉਮਰ ਵੀ ਵਧਦੀ ਹੈ।
ਸੰਸਾਰਿਕ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਇਕਮਾਤਰ ਉਪਾਅ ਅਥਵਾ ਯੁਕਤੀ ਯੋਗ ਹੀ ਹੈ। ਇਸ ਲਈ ਪਰਮਾਤਮਾ ਵਿਚ ਲੀਨ ਹੋਣ ਦਾ ਯੋਗ ਹੀ ਸਾਧਨ ਹੈ। ਧਰਮ ਅਤੇ ਦਰਸ਼ਨ ਦੇ ਗਿਆਨ ਲਈ ਮਨੁੱਖ ਨੂੰ ਚਿੱਤ ਅਤੇ ਅੰਦਰੂਨੀ ਸਵਰੂਪ ਨੂੰ ਕਾਬੂ ਕਰਨਾ ਹੁੰਦਾ ਹੈ। ਦਿਲ ਦੀ ਸ਼ੁੱਧਤਾ ਅਤੇ ਮਨ ਦੀ ਸ਼ਾਂਤੀ ਗਹਿਨ ਚਿੰਤਨ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਲਈ ਗੂੜ੍ਹ ਅਧਿਐਨ ਲਈ ਅਤੇ ਕੁਦਰਤ ਦੇ ਰਹੱਸਾਂ ਨੂੰ ਸੁਲਝਾਉਣ ਲਈ ਵੀ ਯੋਗ ਸਾਧਨਾ ਦੀ ਲੋੜ ਪੈਂਦੀ ਹੈ। ਯੋਗ ਨਾਲ ਜੀਵਨ ਦੇ ਉਦੇਸ਼ਾਂ ਦੀ ਪੂਰਤੀ ਹੁੰਦੀ ਹੈ। ਸਾਰੇ ਭਾਰਤੀ ਦਰਸ਼ਨਾਂ ਨੇ ਯੋਗ ਦੇ ਮਹੱਤਵ ਨੂੰ ਸਵੀਕਾਰ ਕੀਤਾ ਹੈ।
ਯੋਗ ਉਹ ਵਿਧੀ ਹੈ ਜੋ ਸਾਨੂੰ ਤੰਦਰੁਸਤ ਜੀਵਨ ਜਿਊਣ ਦੀ ਕਲਾ ਸਿਖਾਉਂਦੀ ਹੈ ਅਤੇ ਰੋਗਾਂ ਤੋਂ ਸਾਨੂੰ ਬਚਾਉਂਦੀ ਹੈ। ਇਹ ਇਕ ਆਤਮਿਕ ਚੇਤਨਾ ਹੈ, ਜੋ ਸਾਨੂੰ ਤੰਦਰੁਸਤ ਜੀਵਨ ਜਿਊਣ ਦਾ ਸੰਦੇਸ਼ ਦਿੰਦੀ ਹੈ।
ਸਾਹਾਂ 'ਤੇ ਆਧਾਰਿਤ ਧਿਆਨ ਯੋਗ ਜਾਦੂਈ ਅਸਰ ਕਰਦੇ ਹਨ। ਯੋਗ ਇਕ ਵਿਧੀ ਹੈ ਜੋ ਸਾਹ ਨਾਲ ਜੁੜੀ ਹੈ। ਸਾਹ ਦਾ ਪਹਿਲਾ ਸਰੋਤ ਨਾਭੀ ਨਾਲ ਹੈ। ਵਿਅਕਤੀ ਜਿੰਨਾ ਤਣਾਅਗ੍ਰਸਤ ਹੋਵੇਗਾ, ਸਾਹ ਦਾ ਬਿੰਦੂ ਓਨਾ ਹੀ ਦੂਰ ਹਟਦਾ ਜਾਂਦਾ ਹੈ। ਜਿੰਨੇ ਉੱਪਰੋਂ ਦੀ ਤੁਸੀਂ ਸਾਹ ਲੈਂਦੇ ਹੋ, ਓਨੇ ਹੀ ਤਣਾਅ ਨਾਲ ਭਰੇ ਹੋਣਗੇ ਅਤੇ ਜਿੰਨੇ ਹੇਠੋਂ ਸਾਹ ਲੈਂਦੇ ਹੋ, ਓਨੇ ਹੀ ਤੁਸੀਂ ਆਮ ਵਾਂਗ ਰਹੋਗੇ। ਸਾਹ ਨਾਭੀ ਨਾਲ ਚੱਲਣਾ ਚਾਹੀਦਾ ਹੈ। ਨਾਭੀ ਨਾਲ ਜਿਸ ਦਾ ਸਾਹ ਚੱਲ ਰਿਹਾ ਹੈ, ਉਹ ਪੂਰਨ ਤੰਦਰੁਸਤ ਹੈ।
ਜੇ ਤੁਸੀਂ ਤਣਾਅਮੁਕਤ ਹੋ ਤਾਂ ਸਾਹ ਅਨਿਵਾਰਯ ਰੂਪ ਨਾਲ ਨਾਭੀ ਕੇਂਦਰ 'ਤੇ ਪਹੁੰਚ ਜਾਵੇਗੀ। ਸਾਹ ਨੂੰ ਫੇਫੜਿਆਂ ਨਾਲ ਲੈਣਾ ਬੰਦ ਕਰਕੇ ਨਾਭੀ ਨਾਲ ਲੈਣਾ ਸ਼ੁਰੂ ਕਰੋ ਭਾਵ ਜਦੋਂ ਤੁਸੀਂ ਸਾਹ ਲਓ ਤਾਂ ਪੇਟ ਉੱਪਰ ਉੱਠੇ ਅਤੇ ਸਾਹ ਕੱਢੋ ਤਾਂ ਪੇਟ ਹੇਠਾਂ ਡਿਗੇ ਅਤੇ ਸੀਨਾ ਸ਼ਾਂਤ ਰਹੇ। 21 ਦਿਨ ਇਹ ਪ੍ਰਯੋਗ ਕਰੋ ਅਤੇ ਤੁਸੀਂ ਦੰਗ ਰਹਿ ਜਾਓਗੇ। ਤੁਸੀਂ ਮਹਿਸੂਸ ਕਰੋਗੇ ਕਿ ਸਾਹ ਦੇ ਨਾਭੀ ਨਾਲ ਚੱਲਣ ਨਾਲ ਕ੍ਰੋਧ, ਈਰਖਾ ਅਤੇ ਤਣਾਅ ਸਮਾਪਤ ਹੋ ਰਿਹਾ ਹੈ। ਤੁਹਾਡਾ ਸਰੀਰ ਹਲਕਾ, ਸੰਤੁਲਤ ਅਤੇ ਤੰਦਰੁਸਤ ਹੋਣ ਲੱਗੇਗਾ।
ਇਸ ਤਰ੍ਹਾਂ ਸਾਹ ਨੂੰ ਹੌਲੀ-ਹੌਲੀ ਨਾਭੀ 'ਤੇ ਲਾਓ, ਭਾਵ ਸੀਨੇ ਨਾਲ ਸਾਹ ਬਿਲਕੁਲ ਨਾ ਲਓ। ਸਾਹ ਜਦੋਂ ਬਾਹਰ ਜਾਵੇ ਤਾਂ ਜਿੰਨੇ ਜ਼ੋਰ ਨਾਲ ਸਾਹ ਨੂੰ ਬਾਹਰ ਕੱਢ ਸਕੋ, ਕੱਢੋ ਅਤੇ ਅੰਦਰ ਸਾਹ ਨੂੰ ਆਪਣੇ-ਆਪ ਆਉਣ ਦਿਓ ਭਾਵ ਸਾਹ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਅਤੇ ਲੈਣਾ ਭੁੱਲ ਜਾਓ। ਜਦੋਂ ਸਾਹ ਬਾਹਰ ਜਾਵੇ ਤਾਂ ਸਮਝੋ ਕਿ ਮੈਂ ਬਾਹਰ ਚਲਾ ਗਿਆ ਅਤੇ ਜਦੋਂ ਸਾਹ ਅੰਦਰ ਜਾਵੇ ਤਾਂ ਸਮਝੋ ਕਿ ਮੈਂ ਅੰਦਰ ਆ ਗਿਆ। ਇਸ ਤਰ੍ਹਾਂ ਤੁਸੀਂ ਮਹਿਸੂਸ ਕਰੋਗੇ ਕਿ ਯੋਗ ਦੀ ਇਸ ਸਾਹ ਕਿਰਿਆ ਨਾਲ ਤੁਹਾਡਾ ਜੀਵਨ ਅਤੇ ਸ਼ਖ਼ਸੀਅਤ ਹੀ ਬਦਲ ਗਈ ਹੈ।
**

ਖਜੂਰ ਖਾਓ ਅਤੇ ਤੰਦਰੁਸਤ ਰਹੋ

ਮਿੱਠੀ-ਮਿੱਠੀ ਗੁੱਦੇਦਾਰ ਖਜੂਰ ਸਰਦੀਆਂ ਵਿਚ ਖਾਣ ਦਾ ਆਪਣਾ ਹੀ ਅਨੰਦ ਹੁੰਦਾ ਹੈ। ਮੱਧ ਪੂਰਬ ਦੇ ਲੋਕਾਂ ਦੇ ਭੋਜਨ ਦਾ ਵਿਸ਼ੇਸ਼ ਹਿੱਸਾ ਹੁੰਦਾ ਹੈ ਖਜੂਰ। ਖਜੂਰ ਸਰੀਰ ਨੂੰ ਇੰਸਟੈਂਟ ਅਨਰਜੀ ਦਿੰਦਾ ਹੈ। ਖਜੂਰ ਵਿਚ ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਖਜੂਰ ਨੂੰ ਖਾਣੇ ਤੋਂ ਬਾਅਦ ਸਵੀਟ ਡਿਸ਼ ਦੇ ਰੂਪ ਵਿਚ ਵੀ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਹੋਰ ਤਰੀਕਿਆਂ ਨਾਲ ਵੀ ਖਾਧਾ ਜਾ ਸਕਦਾ ਹੈ।
* ਖਜੂਰ ਛੇਤੀ ਪਚਦੀ ਹੈ, ਇਸ ਲਈ ਊਰਜਾ ਵੀ ਤੁਰੰਤ ਦਿੰਦੀ ਹੈ।
* ਦੁੱਧ ਵਿਚ ਖਜੂਰ ਨੂੰ ਉਬਾਲ ਕੇ ਬੱਚਿਆਂ ਨੂੰ ਦੇਣ ਨਾਲ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ, ਕਿਉਂਕਿ ਇਸ ਵਿਚ ਕਈ ਪੋਸ਼ਕ ਤੱਤ ਹੁੰਦੇ ਹਨ।
* ਖਜੂਰ ਵਿਚ ਆਇਰਨ ਭਰਪੂਰ ਮਾਤਰਾ ਵਿਚ ਹੋਣ ਕਾਰਨ ਇਸ ਨੂੰ ਅਨੀਮੀਆ ਰੋਗੀ ਖਾ ਸਕਦੇ ਹਨ। ਨਿਯਮਤ ਸੇਵਨ ਨਾਲ ਲਾਭ ਮਿਲਦਾ ਹੈ।
* ਪੋਟਾਸ਼ੀਅਮ ਦੀ ਕਾਫੀ ਮਾਤਰਾ ਹੋਣ ਕਾਰਨ ਇਸ ਨੂੰ ਡਾਇਰੀਆ ਰੋਗੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ, ਜਿਸ ਨਾਲ ਡਾਇਰੀਆ ਕਾਬੂ ਵਿਚ ਰਹਿੰਦਾ ਹੈ।
* ਖਜੂਰ ਵਿਚ ਸ਼ੂਗਰ, ਫੈਟ ਅਤੇ ਪ੍ਰੋਟੀਨ ਹੋਣ ਦੇ ਕਾਰਨ ਪਤਲੇ ਲੋਕਾਂ ਨੂੰ ਲਾਭ ਮਿਲਦਾ ਹੈ। ਭਾਰ ਵਧਾਉਣ ਵਿਚ ਸਹਾਇਤਾ ਹੁੰਦੀ ਹੈ।

-ਸੁਨੀਤਾ ਗਾਬਾ

ਜਦੋਂ ਮੂੰਹ ਵਿਚ ਹੋ ਜਾਣ ਛਾਲੇ

ਫੰਗਲ ਇਨਫੈਕਸ਼ਨ ਨਾਲ ਹੋਣ ਵਾਲੇ ਛਾਲੇ ਕੈਂਡਿਡਾ ਅਲਬੀਨਕਨ ਨਾਮੀ ਫੰਗਲ ਨਾਲ ਹੁੰਦੇ ਹਨ। ਇਸ ਨੂੰ ਥ੍ਰਸ਼ ਕਹਿੰਦੇ ਹਨ। ਇਹ ਅਕਸਰ ਛੋਟੇ ਬੱਚਿਆਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਠੀਕ ਤਰ੍ਹਾਂ ਦੁੱਧ ਦੀ ਬੋਤਲ ਧੋਤੀ ਨਾ ਹੋਣਾ, ਬੱਚਿਆਂ ਦੀ ਪਾਚਣ ਸ਼ਕਤੀ ਕਮਜ਼ੋਰ ਹੋਣਾ, ਵਿਟਾਮਿਨ ਅਤੇ ਪੋਸ਼ਕ ਤੱਤਾਂ ਦੀ ਕਮੀ ਹੋਣਾ ਅਤੇ ਹਨੇਰੇ, ਸਿੱਲ੍ਹ ਭਰੇ ਕਮਰੇ ਵਿਚ ਰਹਿਣਾ ਜਿਥੇ ਲੋੜੀਂਦੀ ਮਾਤਰਾ ਵਿਚ ਧੁੱਪ ਅਤੇ ਰੌਸ਼ਨੀ ਨਾ ਪਹੁੰਚਦੀ ਹੋਵੇ ਆਦਿ ਇਸ ਦੇ ਕਾਰਨ ਹੁੰਦੇ ਹਨ।
ਵਾਇਰਸ ਜਨਿਤ ਮੁਖਪਾਕ ਇਸ ਤਰ੍ਹਾਂ ਦੇ ਫਿਲਟ੍ਰੈਬਲ ਵਾਇਰਸ ਦੁਆਰਾ ਹੁੰਦਾ ਹੈ। ਇਹ ਵਾਇਰਸ ਅੰਤੜੀਆਂ ਦੇ ਰੋਗ, ਲੰਬੇ ਸਮੇਂ ਤੱਕ ਅਜੀਰਣ ਤੋਂ ਪੀੜਤ ਰਹਿਣ, ਪਾਚਣ ਸਬੰਧੀ ਅਨਿਯਮਤਤਾਵਾਂ ਅਤੇ ਦੂਜਿਆਂ ਦੇ ਨਾਲ ਇਕ ਹੀ ਥਾਲੀ ਵਿਚ ਖਾਣ ਆਦਿ ਨਾਲ ਪਨਪ ਸਕਦਾ ਹੈ। ਵਾਇਰਸ ਜਨਿਤ ਮੁਖਪਾਕ ਵਿਚ ਬੁੱਲ੍ਹ, ਗੱਲ੍ਹ ਜਾਂ ਜੀਭ 'ਤੇ ਵੇਦਨਾ ਯੁਕਤ ਛਾਲੇ ਹੋ ਜਾਂਦੇ ਹਨ ਅਤੇ ਫਿਰ ਖਾਣ-ਪੀਣ ਵਿਚ ਮੁਸ਼ਕਿਲ ਹੁੰਦੀ ਹੈ ਅਤੇ ਲਾਰ ਜ਼ਿਆਦਾ ਮਾਤਰਾ ਵਿਚ ਨਿਕਲਦੀ ਹੈ।
ਛਾਲੇ ਹੋਣ ਦਾ ਸਹੀ-ਸਹੀ ਕਾਰਨ ਜਾਣੇ ਬਿਨਾਂ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ ਹੈ। ਬਿਨਾਂ ਸਹੀ ਕਾਰਨ ਜਾਣੇ, ਅੰਧਾਧੁੰਦ ਐਂਟੀਬਾਇਓਟਿਕ ਦੀ ਵਰਤੋਂ ਨਾਲ ਫਾਇਦੇ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ। ਇਸ ਨਾਲ ਫੰਗਲ ਇਨਫੈਕਸ਼ਨ ਵਧਣ ਦਾ ਜੋਖਮ ਵੀ ਰਹਿੰਦਾ ਹੈ। ਵੈਸੇ ਵੀ ਜ਼ਿਆਦਾ ਐਂਟੀਬਾਇਓਟਿਕ ਅੰਤੜੀਆਂ ਵਿਚ ਪਾਏ ਜਾਣ ਵਾਲੇ ਸੁਭਾਵਿਕ ਅਤੇ ਲਾਭਦਾਇਕ ਬੈਕਟੀਰੀਆ ਨੂੰ ਨਸ਼ਟ ਕਰ ਦਿੰਦੇ ਹਨ। ਇਸ ਦੀ ਜ਼ਿਆਦਾ ਵਰਤੋਂ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਘਟਦੀ ਹੈ। ਛਾਲਿਆਂ ਦਾ ਇਲਾਜ ਨਾ ਕਰਕੇ ਜੇ ਉਨ੍ਹਾਂ ਦੇ ਹੋਣ ਵਾਲੇ ਕਾਰਨ ਦਾ ਇਲਾਜ ਕੀਤਾ ਜਾਵੇ ਤਾਂ ਰੋਗੀ ਨੂੰ ਛੇਤੀ ਰਾਹਤ ਮਿਲਦੀ ਹੈ। ਵੈਸੇ ਵੀ ਜਦੋਂ ਤੱਕ ਸਥਿਤੀ ਗੰਭੀਰ ਨਾ ਹੋਵੇ, ਸਾਨੂੰ ਦਵਾਈਆਂ ਦੇ ਮੁਕਾਬਲੇ ਨੈਸਰਗਿਕ ਇਲਾਜ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ।
ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਮੂੰਹ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰੋ। ਕਦੇ-ਕਦੇ ਏਨਾ ਕਰ ਲੈਣ ਨਾਲ ਹੀ ਸਾਨੂੰ ਛਾਲਿਆਂ ਤੋਂ ਰਾਹਤ ਮਿਲ ਜਾਂਦੀ ਹੈ। ਮੂੰਹ ਦੀ ਸਾਫ਼-ਸਫ਼ਾਈ ਰੱਖਣ ਨਾਲ ਉਥੇ ਬੈਕਟੀਰੀਆ, ਫੰਗਸ ਅਤੇ ਵਾਇਰਸ ਨਹੀਂ ਪਨਪਦੇ, ਜਿਸ ਨਾਲ ਉਨ੍ਹਾਂ ਤੋਂ ਹੋਣ ਵਾਲੇ ਛਾਲਿਆਂ ਤੋਂ ਛੁਟਕਾਰਾ ਮਿਲਦਾ ਹੈ। ਹਰ ਮੁੱਖ ਭੋਜਨ ਤੋਂ ਬਾਅਦ ਠੀਕ ਤਰ੍ਹਾਂ ਦੰਦਾਂ ਦੀ ਸਫ਼ਾਈ ਅਤੇ ਕੁਰਲੀ ਕਰਨ ਨਾਲ ਵੀ ਮੂੰਹ ਸਾਫ਼-ਸੁਥਰਾ ਰਹਿੰਦਾ ਹੈ। ਇਸ ਨਾਲ ਮੂੰਹ ਦੀ ਬਦਬੂ ਅਤੇ ਸਾਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
ਕਬਜ਼ ਬਣੇ ਰਹਿਣਾ ਮੂੰਹ ਦੇ ਛਾਲਿਆਂ ਦਾ ਇਕ ਚਿਰਪਰਿਚਿਤ ਜਿਹਾ ਕਾਰਨ ਹੈ। ਲਗਾਤਾਰ ਕਬਜ਼ ਬਣੇ ਰਹਿਣਾ ਸਾਡੀ ਖਰਾਬ ਪਾਚਣ ਸ਼ਕਤੀ ਦੀ ਨਿਸ਼ਾਨੀ ਹੈ। ਇਸ ਨਾਲ ਪੇਟ ਵਿਚ ਗੈਸ ਬਣ ਸਕਦੀ ਹੈ ਅਤੇ ਖੱਟੇ ਡਕਾਰ ਆਉਂਦੇ ਹਨ। ਐਸੀਡਿਟੀ ਦੀ ਸ਼ਿਕਾਇਤ ਬਣੀ ਰਹਿੰਦੀ ਹੈ, ਜਿਸ ਨਾਲ ਪੇਟ ਦੇ ਉੱਪਰਲੇ ਹਿੱਸੇ ਤੋਂ ਲੈ ਕੇ ਗਲੇ ਤੱਕ ਜਲਣ ਹੋ ਸਕਦੀ ਹੈ। ਜ਼ਿਆਦਾ ਦਿਨਾਂ ਤੱਕ ਅਜਿਹਾ ਬਣੇ ਰਹਿਣ ਨਾਲ ਮੂੰਹ ਵਿਚ ਛਾਲੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਜਿਸ ਦਾ ਸਹੀ ਇਲਾਜ ਕਬਜ਼ ਦਾ ਇਲਾਜ ਹੀ ਹੈ।
ਛਾਲਿਆਂ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਦੀ ਰੋਕਥਾਮ ਕਰਨਾ ਚੰਗਾ ਬਦਲ ਹੈ। ਛਾਲੇ ਨਾ ਹੋਣ, ਇਸ ਵਾਸਤੇ ਹਮੇਸ਼ਾ ਤਾਜ਼ਾ ਅਤੇ ਘੱਟ ਮਿਰਚ-ਮਸਾਲੇ ਵਾਲਾ ਭੋਜਨ ਕਰੋ। ਹਰੀਆਂ ਅਤੇ ਪੱਤੇਦਾਰ ਸਬਜ਼ੀਆਂ, ਸਲਾਦ, ਫਲ ਆਦਿ ਆਪਣੇ ਭੋਜਨ ਵਿਚ ਜ਼ਰੂਰ ਸ਼ਾਮਿਲ ਕਰੋ। ਚੋਕਰ ਵਾਲੇ ਆਟੇ ਦੀਆਂ ਰੋਟੀਆਂ ਅਤੇ ਪੁੰਗਰੇ ਅਨਾਜ ਖਾਓ। ਇਸ ਸਭ ਕੁਝ ਨਾਲ ਮੂੰਹ ਦੇ ਛਾਲਿਆਂ ਦੇ ਨਾਲ-ਨਾਲ ਕਬਜ਼ ਵੀ ਦੂਰ ਹੋਵੇਗੀ, ਜੋ ਕਿ ਛਾਲਿਆਂ ਦਾ ਇਕ ਮੁੱਖ ਕਾਰਨ ਹੈ।
ਸਵੇਰੇ ਉੱਠ ਕੇ ਢੰਗ ਨਾਲ ਮੂੰਹ ਅਤੇ ਦੰਦ ਸਾਫ ਕਰਕੇ ਇਕ-ਦੋ ਗਿਲਾਸ ਪਾਣੀ ਪੀਓ ਅਤੇ ਕੁਝ ਦੇਰ ਤੱਕ ਖੁੱਲ੍ਹੀ ਛੱਤ 'ਤੇ ਟਹਿਲੋ। ਇਸ ਨਾਲ ਵੀ ਕਬਜ਼ ਦੂਰ ਹੋਵੇਗੀ। ਸਵੇਰ ਦੀ ਚਾਹ ਦੀ ਜਗ੍ਹਾ ਇਕ ਗਿਲਾਸ ਪਾਣੀ ਵਿਚ ਅੱਧਾ ਨਿੰਬੂ ਨਿਚੋੜ ਕੇ ਪੀਓ। ਨਿੰਬੂ ਵਿਟਾਮਿਨ 'ਸੀ' ਨਾਲ ਭਰਪੂਰ ਹੁੰਦਾ ਹੈ ਅਤੇ ਛਾਲਿਆਂ ਤੋਂ ਰਾਹਤ ਦਿੰਦਾ ਹੈ। ਸਵੇਰੇ ਖਾਲੀ ਪੇਟ ਥੋੜ੍ਹੀ ਕਸਰਤ ਕਰ ਲੈਣੀ ਸੋਨੇ 'ਤੇ ਸੁਹਾਗੇ ਵਾਂਗ ਹੁੰਦੀ ਹੈ। ਇਸ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਸਰੀਰ ਵਿਚ ਚੁਸਤੀ-ਫੁਰਤੀ ਰਹਿੰਦੀ ਹੈ।


-ਨਰੇਂਦਰ ਦੇਵਾਂਗਨ

ਤੰਦਰੁਸਤੀ ਅਤੇ ਸੁੰਦਰਤਾ ਵਧਾਉਂਦਾ ਹੈ ਤਿਲ

ਤਿਲ ਰਸ ਵਿਚ ਤਿੱਖੇ, ਕੜਵੇ, ਮਧੁਰ ਅਤੇ ਕਸੈਲੇ ਹੁੰਦੇ ਹਨ। 6 ਰਸਾਂ ਵਿਚੋਂ 4 ਰਸ ਤਿਲ ਵਿਚ ਹਨ। ਤਿਲ ਵਿਪਾਕ ਵਿਚ ਤਿੱਖੇ, ਸਵਾਦੀ, ਚਿਕਣੇ, ਗਰਮ, ਕਫ-ਪਿੱਤ ਕਾਰਕ, ਬਲਦਾਇਕ, ਕੇਸਾਂ ਲਈ ਹਿਤਕਾਰੀ, ਸਪਰਸ਼ ਵਿਚ ਸ਼ੀਤਲ, ਚਮੜੀ ਲਈ ਲਾਭਦਾਇਕ, ਸਤਨਾਂ ਵਿਚ ਦੁੱਧ ਵਧਾਉਣ ਵਾਲੇ, ਜ਼ਖ਼ਮ ਭਰਨ ਵਾਲੇ, ਬੁੱਧੀਪ੍ਰਦ, ਦੰਦਾਂ ਲਈ ਹਿਤਕਾਰੀ, ਮੂਤਰ ਘੱਟ ਕਰਨ ਵਾਲੇ, ਗ੍ਰਾਹੀ, ਵਾਤਨਾਸ਼ਕ ਅਤੇ ਅਗਨੀ ਨੂੰ ਪ੍ਰਦੀਪਤ ਕਰਨ ਵਾਲੇ ਹਨ। ਕਾਲਾ ਤਿਲ ਸਰਬਸ੍ਰੇਸ਼ਠ ਹੁੰਦਾ ਹੈ। ਦਵਾਈ ਬਣਾਉਣ ਵਿਚ ਕਾਲੇ ਤਿਲ ਦੀ ਵਰਤੋਂ ਕਰਨੀ ਉੱਤਮ ਹੁੰਦੀ ਹੈ।
ਦਵਾਈ ਵਜੋਂ ਵਰਤੋਂ
ਬਵਾਸੀਰ : ਦੋ ਚਮਚ ਕਾਲੇ ਤਿਲ ਪਾਣੀ ਦੇ ਨਾਲ ਪੀਸ ਕੇ ਥੋੜ੍ਹੇ ਮੱਖਣ ਵਿਚ ਮਿਲਾ ਕੇ ਹਰ ਰੋਜ਼ ਸਵੇਰੇ ਚੱਟਣ ਨਾਲ ਬਵਾਸੀਰ ਤੋਂ ਆਰਾਮ ਮਿਲਦਾ ਹੈ।
ਬਹੁਮੂਤਰ : ਗੁੜ ਦੇ ਨਾਲ ਬਣਾਏ ਤਿਲ ਦੇ ਲੱਡੂ ਜਾਂ ਗੱਚਕ ਪੱਟੀ ਦਾ ਸੇਵਨ ਬਹੁਮੂਤਰ ਰੋਗ ਵਿਚ ਲਾਭਦਾਇਕ ਹੈ। ਇਹ ਮੂਤਰ ਨੂੰ ਘੱਟ ਕਰਦਾ ਹੈ।
ਚਮੜੀ ਦੀ ਖੁਸ਼ਕੀ : ਤਿਲ ਪੀਸ ਕੇ ਬਣਾਇਆ ਗਿਆ ਉਬਟਨ ਸਰੀਰ 'ਤੇ ਲਗਾ ਕੇ ਮਲਣ ਨਾਲ ਜਿਥੇ ਚਮੜੀ ਦੀ ਮੈਲ ਉਤਰਦੀ ਹੈ, ਉਥੇ ਚਮੜੀ ਦੀ ਖੁਸ਼ਕੀ ਖ਼ਤਮ ਹੋ ਕੇ ਉਸ ਵਿਚ ਕੋਮਲਤਾ ਆਉਂਦੀ ਹੈ ਅਤੇ ਸੀਤ ਦੇ ਪ੍ਰਕੋਪ ਤੋਂ ਵੀ ਰੱਖਿਆ ਹੁੰਦੀ ਹੈ।
ਕਬਜ਼ : ਹਰ ਰੋਜ਼ ਥੋੜ੍ਹੇ ਤਿਲ ਖੂਬ ਚਬਾ-ਚਬਾ ਕੇ ਖਾਣ ਨਾਲ ਇਸ ਦੇ ਰੇਸ਼ੇ, ਛਿਲਕੇ ਅਤੇ ਤੰਤੂ ਅੰਤੜੀਆਂ ਦੀ ਸਫ਼ਾਈ ਕਰਕੇ ਕਬਜ਼ ਹਟਾਉਂਦੇ ਹਨ ਅਤੇ ਸਰੀਰ ਨੂੰ ਪੁਸ਼ਟ ਅਤੇ ਤੰਦਰੁਸਤ ਬਣਾਉਂਦੇ ਹਨ।
ਆਧਾਸੀਸੀ : ਤਿਲ ਅਤੇ ਬਾਇਬਿਡਿੰਗ ਦੁੱਧ ਵਿਚ ਪੀਸ ਕੇ ਸਿਰ 'ਤੇ ਲੇਪ ਕਰਨ ਨਾਲ ਆਧਾਸੀਸੀ ਵਿਚ ਆਰਾਮ ਮਿਲਦਾ ਹੈ।
ਕਿੱਲ-ਮੁਹਾਸੇ : ਤਿਲ ਦੀ ਪੁਰਾਣੀ ਖਲੀ ਗਊ ਮੂਤਰ ਵਿਚ ਪੀਸ ਕੇ ਕਿੱਲ-ਮੁਹਾਸਿਆਂ 'ਤੇ ਲੇਪ ਕਰਨ ਨਾਲ ਲਾਭ ਹੁੰਦਾ ਹੈ।
ਕੰਨ ਦਰਦ : ਤਿਲ ਦੇ ਤੇਲ ਵਿਚ ਲਸਣ ਦੀ ਕਲੀ ਪਾ ਕੇ ਗਰਮ ਕਰਕੇ, ਉਸ ਦੀਆਂ ਬੂੰਦਾਂ ਕੰਨ ਵਿਚ ਪਾਉਣ ਨਾਲ ਕੰਨ ਦਰਦ ਅਤੇ ਕੰਨ ਦਾ ਸ਼ੂਲ ਮਿਟਦਾ ਹੈ।
ਮਜ਼ਬੂਤ ਦੰਦ : ਤਿਲ ਦੀ ਇਕ ਚਮਚ ਮਾਤਰਾ ਖੂਬ ਚਬਾ-ਚਬਾ ਕੇ ਖਾਣ ਨਾਲ ਦੰਦ ਮਜ਼ਬੂਤ ਅਤੇ ਸੁੰਦਰ ਹੁੰਦੇ ਹਨ, ਕਬਜ਼ ਦਾ ਨਾਸ ਹੁੰਦਾ ਹੈ, ਵਾਲਾਂ ਅਤੇ ਅੱਖਾਂ ਨੂੰ ਲਾਭ ਹੁੰਦਾ ਹੈ, ਸਰੀਰ ਦੀ ਚਮੜੀ ਉੱਜਲ ਹੁੰਦੀ ਹੈ।
ਮਾਲਿਸ਼ ਦੇ ਲਾਭ : ਤਿਲ ਦੇ ਤੇਲ ਦੀ ਪੂਰੇ ਸਰੀਰ 'ਤੇ ਮਾਲਿਸ਼ ਕਰਨ ਨਾਲ ਜਿਥੇ ਸਰੀਰ ਦੀ ਚਮੜੀ ਚਿਕਣੀ ਅਤੇ ਹੱਡੀਆਂ ਦੇ ਜੋੜ ਲੋਚਦਾਰ ਹੁੰਦੇ ਹਨ, ਉਥੇ ਸਰੀਰ ਵਿਚ ਕੁਪਿਤ ਵਾਤ ਅਤੇ ਪਿੱਤ ਦਾ ਵੀ ਨਾਸ ਹੁੰਦਾ ਹੈ।
ਧਿਆਨ ਰਹੇ : ਤਿਲ ਅਤੇ ਗੁੜ ਇਕੱਠੇ ਲੈਣ ਨਾਲ ਕਫ ਅਤੇ ਪਿੱਤ ਕਰਦੇ ਹਨ ਅਤੇ ਮਲ ਵਧਾਉਂਦੇ ਹਨ, ਇਸ ਲਈ ਚਮੜੀ ਰੋਗ, ਜੁਕਾਮ, ਨੇਤਰ ਰੋਗ, ਸ਼ੂਗਰ, ਖੂਨ ਵਿਕਾਰ ਆਦਿ ਦੇ ਰੋਗੀ ਇਸ ਦਾ ਸੇਵਨ ਨਾ ਕਰਨ।


-ਉਮੇਸ਼ ਕੁਮਾਰ ਸਾਹੂ

ਪੇਟ ਦੀਆਂ ਬਿਮਾਰੀਆਂ

ਕਲੇਜੇ 'ਚ ਸਾੜ-ਅੰਤੜੀ ਸੋਜ

ਹਾਰਟ ਬਰਨ ਕੀ ਹੈ? ਕਿਉਂ ਹੁੰਦਾ ਹੈ? ਇਸ ਅਤੇ ਹਾਰਟ ਅਟੈਕ ਵਿਚ ਕੀ ਫਰਕ ਹੈ? ਅਲਸਰ ਕੀ ਹੁੰਦਾ ਹੈ? ਅੱਜ ਦੇ ਮਾਹੌਲ 'ਚ ਕੋਈ ਵੀ ਵਿਅਕਤੀ ਥੋੜ੍ਹੀ ਜਿਹੀ ਮਿਹਨਤ ਕਰਕੇ ਬਹੁਤ ਜ਼ਿਆਦਾ ਤਰੱਕੀ ਚਾਹੁੰਦਾ ਹੈ। ਇਹ ਦੌੜ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ। ਇਹ ਮੁਕਾਬਲੇਬਾਜ਼ੀ ਭਰੇ ਦੌਰ 'ਚ ਜ਼ਿਆਦਾਤਰ ਲੋਕ ਤਣਾਅ ਅਤੇ ਚਿੰਤਾ ਦੇ ਸ਼ਿਕਾਰ ਰਹਿੰਦੇ ਹਨ। ਬੇਵਕਤ ਅਤੇ ਛੇਤੀ-ਛੇਤੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸੀਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਦੀ ਤਕਲੀਫ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਕਈ ਵਾਰ ਮਰੀਜ਼ ਪੇਟ ਗੈਸ ਜਾਂ ਛਾਤੀ ਦੇ ਦਰਦ 'ਚੋਂ ਐਸੀਡਿਟੀ ਦਾ ਫਰਕ ਸਪੱਸ਼ਟ ਨਹੀਂ ਕਰ ਸਕਦਾ। ਕਈ ਵਾਰ ਦਰਦ ਛਾਤੀ ਵਿਚ ਖੱਬੇ ਪਾਸਿਓਂ ਸ਼ੁਰੂ ਹੋ ਕੇ ਗਰਦਨ ਵੱਲ ਜਾਂਦਾ ਹੈ ਅਤੇ ਅਜਿਹਾ ਲਗਦਾ ਹੈ ਜਿਵੇਂ ਹਾਰਟ ਅਟੈਕ ਹੋਵੇ। ਇਹ ਤਕਲੀਫ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਇਸ ਤਕਲੀਫ ਨਾਲ ਮਰੀਜ਼ ਨੂੰ ਪਸੀਨਾ ਆ ਜਾਂਦਾ ਹੈ ਅਤੇ ਦਰਦ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਸ ਨੂੰ ਹਾਰਟ ਅਟੈਕ ਨਹੀਂ ਸਮਝਣਾ ਚਾਹੀਦਾ।
ਕਲੇਜੇ 'ਚ ਸਾੜ ਪੈਣਾ 'ਹਾਰਟ ਬਰਨ' : ਇਸ ਵਿਚ ਮਿਹਦੇ ਦੇ ਉੱਪਰ ਅਤੇ ਖਾਣ ਵਾਲੀ ਫੂਡ ਪਾਈਪ ਦੇ ਹੇਠਾਂ ਸਾਡੀ ਛਾਤੀ ਵਿਚਕਾਰ ਹੱਡੀ ਸਟਰਨਮ ਦੇ ਹੇਠਾਂ ਤੇਜ਼ ਸੜਨ ਵਾਲੀ ਦਰਦ ਹੁੰਦੀ ਹੈ, ਜਿਸ ਨੂੰ ਹਾਰਟ ਬਰਨ ਜਾਂ ਬਰਨਿੰਗ ਸੈਂਸ਼ਨ ਕਿਹਾ ਜਾਂਦਾ ਹੈ।
ਅਲਾਮਤਾਂ : ਜਦੋਂ ਅਸੀਂ ਕੋਈ ਮੋਟੀ ਚੀਜ਼ ਨਿਗਲਦੇ ਹਾਂ ਜਾਂ ਗਰਮ-ਗਰਮ ਚਾਹ ਪੀਂਦੇ ਹਾਂ ਜਾਂ ਸ਼ਰਾਬ ਪੀਣ ਨਾਲ 'ਸਟਰਨਮ' ਦੇ ਥੱਲੇ ਬਹੁਤ ਤੇਜ਼ ਸਾੜ ਪੈਂਦਾ ਹੈ, ਇਸ ਕਾਰਨ ਕਈ ਵਾਰ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ। ਜੋ ਕੁਝ ਖਾਧਾ-ਪੀਤਾ ਹੁੰਦਾ ਹੈ, ਉਹ ਬਾਹਰ ਨੂੰ ਆਉਂਦਾ ਹੈ। ਛਾਤੀ ਭਾਰੀ-ਭਾਰੀ ਲਗਦੀ ਹੈ। ਮੂੰਹ ਵਿਚ ਹਰ ਵੇਲੇ ਪਾਣੀ ਭਰਿਆ ਰਹਿੰਦਾ ਹੈ। ਹੌਲੀ-ਹੌਲੀ ਮਰੀਜ਼ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਸੜਨ ਦੀ ਤਕਲੀਫ ਖਾਸ ਕਰਕੇ ਭਾਰੀ ਭੋਜਨ ਕਰਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ ਲੇਟਣ ਨਾਲ ਇਹ ਤਕਲੀਫ ਕਾਫੀ ਵਧ ਜਾਂਦੀ ਹੈ। ਕਈ ਵਾਰੀ ਇਹ ਦਰਦ ਕਲੇਜੇ ਤੋਂ ਸ਼ੁਰੂ ਹੋ ਕੇ ਛਾਤੀ ਦੇ ਖੱਬੇ ਪਾਸੇ ਗਰਦਨ ਵੱਲ ਜਾਂਦਾ ਹੈ ਤਾਂ ਇਸ ਤਰ੍ਹਾਂ ਲਗਦਾ ਹੈ ਕਿ 'ਹਾਰਟ ਅਟੈਕ' ਹੈ, ਜਦਕਿ ਇਹ ਸਿਰਫ ਹਾਰਟ ਬਰਨ ਹੁੰਦਾ ਹੈ। ਕਈ ਵਾਰੀ ਇਸ ਦਰਦ ਨਾਲ ਮੂੰਹ ਵਿਚੋਂ ਖੂਨ ਆਉਂਦਾ ਹੈ ਤੇ ਟੱਟੀ ਵਿਚ ਖੂਨ ਆਉਂਦਾ ਹੈ।
ਕਾਰਨ : ਹਾਰਟ ਬਰਨ ਦੇ ਦੋ ਮੁੱਖ ਕਾਰਨ ਹਨ-ਖਾਣ ਵਾਲੀ ਨਲੀ ਦੀ ਸੋਜਿਸ਼, ਪੇਟ ਦਾ ਸ਼ੁਰੂ ਦਾ ਹਿੱਸਾ ਕਦੇ-ਕਦੇ ਖਿਸਕ ਤੇ ਫੂਡ ਪਾਈਪ ਵਿਚ ਚਲਾ ਜਾਂਦਾ ਹੈ ਤੇ ਇਸ ਤਕਲੀਫ ਦਾ ਕਾਰਨ ਬਣਦਾ ਹੈ।
ਇਲਾਜ : ਮਰੀਜ਼ ਦੀਆਂ ਅਲਾਮਤਾਂ ਚੰਗੀ ਤਰ੍ਹਾਂ ਸੁਣ ਕੇ, ਮਰੀਜ਼ ਨੂੰ ਦਵਾਈ ਪਿਲਾ ਕੇ, ਐਕਸਰੇ ਕਰਕੇ ਇਸ ਤਕਲੀਫ ਦਾ ਇਲਾਜ ਹੋ ਜਾਂਦਾ ਹੈ। ਇਸ ਬਿਮਾਰੀ ਕਾਰਨ ਘਬਰਾਉਣ ਦੀ ਲੋੜ ਨਹੀਂ ਤੇ ਨਾ ਹੀ ਇਸ ਨੂੰ ਹਾਰਟ ਅਟੈਕ ਸਮਝਣਾ ਚਾਹੀਦਾ ਹੈ। ਪੇਟ ਦੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਸਮੇਂ ਸਿਰ ਇਲਾਜ ਜ਼ਰੂਰੀ ਹੈ।
ਅੰਤੜੀ ਦੀ ਸੋਜ : ਸਾਡੇ ਪੇਟ ਵਿਚ ਜਦੋਂ ਅੰਤੜੀ ਦੀ ਸੋਜ ਹੋ ਜਾਂਦੀ ਹੈ ਤਾਂ ਇਸ ਨਾਲ ਪੇਟ ਫੁੱਲਿਆ-ਫੁੱਲਿਆ ਤੇ ਵੱਡਾ-ਵੱਡਾ ਨਜ਼ਰ ਆਉਂਦਾ ਹੈ। ਹੱਥ ਨਾਲ ਦਬਾਉਣ 'ਤੇ ਪੇਟ ਵਿਚ ਹਲਕੀ-ਹਲਕੀ ਦਰਦ ਹੁੰਦੀ ਹੈ। ਇਸ ਤਕਲੀਫ ਵਿਚ ਮਰੀਜ਼ ਦੀ ਭੁੱਖ ਘਟ ਜਾਂਦੀ ਹੈ। ਪਖਾਨਾ ਵਾਰ-ਵਾਰ ਆਉਂਦਾ ਹੈ ਤੇ ਪੇਟ ਸਾਫ ਨਹੀਂ ਹੁੰਦਾ। ਜਦੋਂ ਵੀ ਮਰੀਜ਼ ਕੁਝ ਖਾ ਲੈਂਦਾ ਹੈ ਤਾਂ ਪੇਟ ਇਕਦਮ ਭਾਰਾ ਹੋ ਜਾਂਦਾ ਹੈ। ਜਾਂ ਤਾਂ ਉਸੇ ਵੇਲੇ ਪਖਾਨਾ ਆ ਜਾਂਦਾ ਹੈ, ਨਹੀਂ ਤਾਂ ਹਰ ਵੇਲੇ ਪੇਟ ਵਿਚ ਹਲਕੀ-ਹਲਕੀ ਦਰਦ ਮਹਿਸੂਸ ਹੁੰਦੀ ਹੈ। ਕੁਝ ਖਾਣ ਨੂੰ ਦਿਲ ਨਹੀਂ ਕਰਦਾ, ਜ਼ਬਾਨ ਹਰ ਵੇਲੇ ਖਰਾਬ ਰਹਿੰਦੀ ਹੈ ਤੇ ਜੀਭ 'ਤੇ ਹਰ ਵੇਲੇ ਕੁਝ ਜੰਮਿਆ ਰਹਿੰਦਾ ਹੈ। ਜ਼ਿਆਦਾ ਤਕਲੀਫ ਵਿਚ ਮਨ ਖਰਾਬ ਹੁੰਦਾ ਹੈ। ਘਬਰਾਹਟ ਹੋਣ ਕਰਕੇ ਉਲਟੀ ਵੀ ਆ ਜਾਂਦੀ ਹੈ।


-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਔਰਤਾਂ ਵੀ ਜਾਣਨ ਦਿਲ ਦੇ ਰੋਗਾਂ ਬਾਰੇ

ਆਧੁਨਿਕ ਜੀਵਨ ਸ਼ੈਲੀ, ਭੱਜ-ਦੌੜ ਦੀ ਜ਼ਿੰਦਗੀ, ਤਣਾਅਪੂਰਨ ਵਾਤਾਵਰਨ ਇਹ ਸਭ ਇਨਸਾਨ ਨੂੰ ਕਈ ਬਿਮਾਰੀਆਂ ਵੱਲ ਲਿਜਾ ਰਿਹਾ ਹੈ ਜਿਵੇਂ ਉੱਚ ਖੂਨ ਦਬਾਅ, ਕੋਲੈਸਟ੍ਰੋਲ ਦਾ ਵਧਣਾ, ਸ਼ੂਗਰ, ਮੋਟਾਪਾ ਅਤੇ ਦਿਲ ਦਾ ਦੌਰਾ ਆਦਿ। ਸਭ ਕੁਝ ਜਾਣਦੇ ਹੋਏ ਵੀ ਅਸੀਂ ਅਣਜਾਣ ਬਣ ਕੇ ਉਸ ਚੂਹੇ-ਬਿੱਲੀ ਵਾਲੀ ਦੌੜ ਨੂੰ ਨਹੀਂ ਛੱਡਣਾ ਚਾਹੁੰਦੇ, ਚਾਹੇ ਨਤੀਜਾ ਜੋ ਮਰਜ਼ੀ ਹੋਵੇ। ਆਪਣੇ ਲਈ ਦੋ ਪਲ ਨਹੀਂ ਹਨ ਸਕੂਨ ਨਾਲ ਜਿਊਣ ਲਈ।
ਔਰਤਾਂ ਵਿਚ ਦਿਲ ਦੇ ਰੋਗ ਹੋਣ ਦੇ ਕਈ ਕਾਰਨ ਹੁੰਦੇ ਹਨ। ਉਨ੍ਹਾਂ ਵਿਚੋਂ ਮੁੱਖ ਕਾਰਨ ਹਨ-
ਉੱਚ ਖੂਨ ਦਬਾਅ : ਲਗਾਤਾਰ ਉੱਚ ਖੂਨ ਦਬਾਅ ਰਹਿਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫੀ ਵਧ ਜਾਂਦਾ ਹੈ। ਉਨ੍ਹਾਂ ਔਰਤਾਂ ਨੂੰ ਉੱਚ ਖੂਨ ਦਬਾਅ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਔਰਤਾਂ ਦਾ ਭਾਰ ਜ਼ਿਆਦਾ ਹੋਵੇ, ਗਰਭ ਅਵਸਥਾ ਵਿਚ, ਕੁਝ ਗਰਭ ਨਿਰੋਧਕ ਗੋਲੀਆਂ ਦੇ ਸੇਵਨ ਨਾਲ, ਰਜੋਨਿਵਿਰਤੀ ਦੇ ਸਮੇਂ ਜਾਂ ਖਾਨਦਾਨੀ।
ਖੂਨ ਵਿਚ ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ : ਖੂਨ ਵਿਚ ਜ਼ਿਆਦਾ ਮਾਤਰਾ ਵਿਚ ਕੋਲੈਸਟ੍ਰੋਲ ਹੋਣ ਨਾਲ ਖੂਨ ਧਮਨੀਆਂ ਸਖ਼ਤ ਹੋ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਖੂਨ ਦੀ ਪੂਰਤੀ ਵਿਚ ਰੁਕਾਵਟ ਪੈਂਦੀ ਹੈ। ਅਧਿਐਨ ਕਰਤਾਵਾਂ ਦੇ ਅਨੁਸਾਰ 55 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਵਿਚ ਕੋਲੈਸਟ੍ਰੋਲ ਵਧਣ ਦੀ ਮਾਤਰਾ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ। ਜ਼ਿਆਦਾ ਕੋਲੈਸਟ੍ਰੋਲ ਹੋਣ ਨਾਲ ਦਿਲ ਦੇ ਰੋਗ ਦਾ ਖ਼ਤਰਾ ਵਧ ਜਾਂਦਾ ਹੈ।
ਸਰੀਰਕ ਮਿਹਨਤ ਦੀ ਕਮੀ : ਆਪਣੇ ਦਿਲ ਨੂੰ ਦਰੁਸਤ ਰੱਖਣ ਲਈ ਜ਼ਰੂਰੀ ਹੈ ਸਰੀਰਕ ਤੌਰ 'ਤੇ ਸਰਗਰਮ ਰਹਿਣਾ। ਜੋ ਔਰਤਾਂ ਆਰਾਮ ਦੀ ਜ਼ਿੰਦਗੀ ਜਿਊਣ ਲਗਦੀਆਂ ਹਨ, ਉਨ੍ਹਾਂ ਵਿਚ ਦਿਲ ਦੇ ਰੋਗ ਉਨ੍ਹਾਂ ਔਰਤਾਂ ਦੀ ਤੁਲਨਾ ਵਿਚ ਜ਼ਿਆਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਸਰੀਰਕ ਮਿਹਨਤ ਜ਼ਿਆਦਾ ਕਰਦੀਆਂ ਹਨ। ਜੋ ਔਰਤਾਂ ਸਰੀਰਕ ਮਿਹਨਤ ਨਹੀਂ ਕਰਦੀਆਂ, ਉਨ੍ਹਾਂ ਵਿਚ ਉੱਚ ਖੂਨ ਦਬਾਅ, ਸ਼ੂਗਰ, ਮੋਟਾਪਾ ਅਤੇ ਦਿਲ ਦੇ ਰੋਗ ਦਾ ਖਤਰਾ ਜ਼ਿਆਦਾ ਰਹਿੰਦਾ ਹੈ।
ਤਣਾਅ : ਜਦੋਂ ਤੋਂ ਔਰਤਾਂ ਨੇ ਘਰ ਦੇ ਨਾਲ-ਨਾਲ ਬਾਹਰ ਦੇ ਕੰਮਕਾਰ ਨੂੰ ਸੰਭਾਲਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਔਰਤਾਂ 'ਤੇ ਤਣਾਅ ਅਤੇ ਦਬਾਅ ਵਧਿਆ ਹੈ। ਅਧਿਐਨ ਕਰਤਾਵਾਂ ਅਨੁਸਾਰ ਕੰਮਕਾਜੀ ਔਰਤਾਂ ਤਣਾਅ ਅਤੇ ਦਬਾਅ ਜ਼ਿਆਦਾ ਝੱਲਦੀਆਂ ਹਨ, ਘਰੇਲੂ ਔਰਤਾਂ ਦੇ ਮੁਕਾਬਲੇ। ਉਨ੍ਹਾਂ ਨੂੰ ਦਿਲ ਦੇ ਦੌਰੇ ਦੇ ਖ਼ਤਰੇ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਉਸੇ ਸਮੇਂ ਵਿਚ ਦੋ ਮੋਰਚੇ ਇਕੱਠੇ ਸੰਭਾਲਣੇ ਪੈਂਦੇ ਹਨ ਅਤੇ ਉਹ ਦੋਵੇਂ ਮੋਰਚਿਆਂ 'ਤੇ ਸੰਪੂਰਨ ਰਹਿਣਾ ਚਾਹੁੰਦੀਆਂ ਹਨ।
ਸ਼ੂਗਰ : ਸ਼ੂਗਰ ਤੋਂ ਪੀੜਤ ਲੋਕਾਂ ਵਿਚ ਦਿਲ ਦੇ ਰੋਗਾਂ ਦੀ ਸੰਭਾਵਨਾ ਚਾਰ ਗੁਣਾ ਜ਼ਿਆਦਾ ਹੁੰਦੀ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਸ਼ੂਗਰ ਦਾ ਸ਼ਿਕਾਰ ਵੀ ਜ਼ਿਆਦਾ ਹੁੰਦੀਆਂ ਹਨ। ਸ਼ੂਗਰ ਵਿਚ ਦਿਲ ਦੇ ਦੌਰੇ ਦਾ ਅੰਦਾਜ਼ਾ ਹੀ ਨਹੀਂ ਹੁੰਦਾ। ਉਨ੍ਹਾਂ ਨੂੰ ਸਾਈਲੈਂਟ ਹਾਰਟ ਅਟੈਕ ਹੁੰਦਾ ਹੈ ਅਤੇ ਬਚਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
ਦਿਲ ਦੇ ਚਾਰ ਵਾਲਵ ਹੁੰਦੇ ਹਨ। ਜਦੋਂ ਉਨ੍ਹਾਂ ਵਿਚ ਵਿਕਾਰ ਹੁੰਦਾ ਹੈ ਤਾਂ ਉਸ ਨੂੰ ਵਾਲਵੁਲਰ ਦਿਲ ਦਾ ਰੋਗ ਕਹਿੰਦੇ ਹਨ। ਇਸ ਵਿਚ ਵਾਲਵ ਸੰਕੁਚਿਤ ਹੋ ਜਾਂਦੇ ਹਨ ਜਾਂ ਇਨ੍ਹਾਂ ਵਿਚ ਰਿਸਾਵ ਵੀ ਹੋ ਸਕਦਾ ਹੈ। ਅਜਿਹੇ ਕੇਸ ਵਿਚ ਰੋਗੀ ਦਾ ਵਾਲਵ ਜਾਂ ਤਾਂ ਬਦਲ ਦਿੰਦੇ ਹਨ ਜਾਂ ਵਾਲਵ ਦੀ ਮੁਰੰਮਤ ਕੀਤੀ ਜਾਂਦੀ ਹੈ।
ਦਿਲ ਦੇ ਦੌਰੇ ਦੇ ਲੱਛਣ ਮਰਦਾਂ ਅਤੇ ਔਰਤਾਂ ਵਿਚ ਕੁਝ ਵੱਖਰੇ ਹੁੰਦੇ ਹਨ ਪਰ ਬਹੁਤੇ ਲੱਛਣ ਇਕੋ ਜਿਹੇ ਹੁੰਦੇ ਹਨ, ਜਿਵੇਂ-* ਸੀਨੇ ਵਿਚ ਤੇਜ਼ ਦਰਦ ਜਾਂ ਦਬਾਅ ਦਾ ਹੋਣਾ, * ਸਾਹ ਫੁੱਲਣਾ, * ਪਸੀਨਾ ਆਉਣਾ, * ਸੀਨੇ ਵਿਚ ਜਕੜਨ, * ਮੋਢੇ, ਧੌਣ ਜਾਂ ਬਾਹਾਂ ਤੱਕ ਦਰਦ ਫੈਲ ਜਾਂਦਾ ਹੈ, * ਸੀਨੇ ਵਿਚ ਜਲਣ ਜਾਂ ਅਪਚ ਦੀ ਸ਼ਿਕਾਇਤ, ਉਲਟੀ ਆਉਣ ਦੀ ਸ਼ਿਕਾਇਤ ਹੋ ਸਕਦੀ ਹੈ, * ਅਚਾਨਕ ਉਨੀਂਦਾਪਨ ਜਾਂ ਕੁਝ ਸਮੇਂ ਲਈ ਬੇਹੋਸ਼ ਹੋਣਾ, * ਬਿਨਾਂ ਕਾਰਨ ਕਮਜ਼ੋਰੀ ਅਤੇ ਥਕਾਨ ਹੋਣੀ।

ਸਿਹਤ ਖ਼ਬਰਨਾਮਾ

ਅਲਜਾਈਮਰਸ ਤੋਂ ਬਚਾਉਂਦੀ ਹੈ ਕੌਫੀ

ਚਾਹ ਤੋਂ ਬਾਅਦ ਕੌਫੀ ਦੂਜਾ ਲੋਕਾਂ ਦੀ ਪਸੰਦ ਦਾ ਪੀਣ ਵਾਲਾ ਪਦਾਰਥ ਹੈ। ਚਾਹ ਦੀ ਤਰ੍ਹਾਂ ਇਹ ਵੀ ਹਰ ਰੁੱਤ ਵਿਚ ਮਿਲ ਜਾਂਦੀ ਹੈ। ਇਸ ਨੂੰ ਬਣਾਉਣ ਅਤੇ ਪੀਣ ਦੇ ਵੀ ਕਈ ਤਰੀਕੇ ਹਨ। ਕੌਫੀ ਵਿਚ ਚਾਹ ਦੀ ਤੁਲਨਾ ਵਿਚ ਦੁੱਗਣਾ ਨਸ਼ਾ ਅਤੇ ਊਰਜਾ ਹੈ। ਚਾਹ ਅਤੇ ਕੌਫੀ ਦੋਵਾਂ ਦੇ ਆਪਣੇ-ਆਪਣੇ ਨਫੇ ਅਤੇ ਨੁਕਸਾਨ ਹਨ। ਸੇਵਨ ਕਰਤਾ ਅਤੇ ਖੋਜ ਕਰਤਾ ਸਭ ਦਾ ਆਪਣਾ-ਆਪਣਾ ਪ੍ਰਥਕ ਨਜ਼ਰੀਆ ਹੈ। ਕੌਫੀ 'ਤੇ ਫਿਨਲੈਂਡ ਵਿਚ ਹਾਲ ਹੀ ਵਿਚ ਇਕ ਖੋਜ ਹੋਈ ਹੈ, ਜਿਸ ਵਿਚ ਇਸ ਨੂੰ ਸਮ੍ਰਿਤੀ ਹਟਾਸ ਅਤੇ ਅਲਜਾਈਮਰਸ ਦੀ ਬਿਮਾਰੀ ਵਿਚ ਦਵਾਈ ਦੀ ਤਰ੍ਹਾਂ ਸਹਾਇਕ ਦੱਸਿਆ ਗਿਆ ਹੈ। ਕੌਫੀ ਅਲਜਾਈਮਰਸ ਅਤੇ ਯਾਦਾਸ਼ਤ ਵਿਚ ਕਮੀ ਦੀਆਂ ਸਮੱਸਿਆਵਾਂ ਤੋਂ ਬਚਾਉਂਦੀ ਹੈ। ਨਿਯਮਤ ਕੌਫੀ ਪੀਣ ਵਾਲਿਆਂ ਨੂੰ ਇਨ੍ਹਾਂ ਦੋ ਬਿਮਾਰੀਆਂ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ।
ਟੀ.ਵੀ., ਕੰਪਿਊਟਰ ਨਾਲ ਹੋ ਰਹੇ ਹਨ ਬੱਚੇ ਬਿਮਾਰ

ਬੱਚੇ ਮਨੋਰੰਜਨ ਦੇ ਆਧੁਨਿਕ ਸਾਧਨਾਂ ਟੀ. ਵੀ. ਅਤੇ ਕੰਪਿਊਟਰ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਇਨ੍ਹਾਂ ਵਿਚ ਬਹੁਤ ਜ਼ਿਆਦਾ ਰੁਚੀ ਦੇ ਕਾਰਨ ਬੱਚੇ ਕਈ-ਕਈ ਘੰਟੇ ਇਕ ਜਗ੍ਹਾ ਬੈਠੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਬਾਹਰੀ ਖੇਡ ਗਤੀਵਿਧੀਆਂ ਵਿਚ ਕਮੀ ਆ ਗਈ ਹੈ। ਇਸ ਤੋਂ ਇਲਾਵਾ ਟੀ. ਵੀ. ਦੇਖਦੇ ਸਮੇਂ ਜਾਂ ਕੰਪਿਊਟਰ 'ਤੇ ਗੇਮ ਖੇਡਦੇ ਸਮੇਂ ਖਾਧਾ ਵੀ ਜ਼ਿਆਦਾ ਜਾਂਦਾ ਹੈ ਅਤੇ ਊਰਜਾ ਵੀ ਖਰਚ ਨਹੀਂ ਹੁੰਦੀ, ਜਿਸ ਨਾਲ ਪਾਚਣ ਸਬੰਧੀ ਵਿਕਾਰ ਪੈਦਾ ਹੁੰਦੇ ਹਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਮੋਟਾਪਾ, ਸ਼ੂਗਰ, ਬੀ. ਪੀ., ਹਾਇਪਰਟੈਂਸ਼ਨ ਸਰੀਰ ਦੇ ਅੰਦਰ ਦਾਖ਼ਲ ਹੋ ਜਾਂਦੀਆਂ ਹਨ ਅਤੇ ਛੋਟੀ ਉਮਰ ਵਿਚ ਹੀ ਤੁਸੀਂ ਰੋਗੀ ਬਣ ਜਾਂਦੇ ਹੋ। ਇਸ ਕਰਕੇ ਇਨ੍ਹਾਂ ਤੋਂ ਬਚਣ ਲਈ ਟੀ. ਵੀ. ਦੇਖਣ ਅਤੇ ਕੰਪਿਊਟਰ 'ਤੇ ਕੰਮ ਕਰਨ ਦਾ ਸਮਾਂ ਨਿਸਚਿਤ ਕਰ ਲਓ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX