ਤਾਜਾ ਖ਼ਬਰਾਂ


15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
ਨਵੀਂ ਦਿੱਲੀ, 14 ਅਗਸਤ - 15 ਅਗਸਤ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ 15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ ਹੈ ਤੇ ਤਿਰੰਗਾ ਝੰਡਾ ਸਾਡੇ ਦੇਸ਼ ਦੀ ਸ਼ਾਨ ਦਾ ਪ੍ਰਤੀਕ ਹੈ।
ਛੱਤੀਸਗੜ੍ਹ 'ਚ ਡੇਂਗੂ ਦੀ ਬਿਮਾਰੀ ਮਹਾਂਮਾਰੀ ਘੋਸ਼ਿਤ ,ਸਰਕਾਰ ਕਰੇਗੀ ਮੁਫ਼ਤ ਇਲਾਜ
. . .  1 day ago
ਨਸ਼ੇ'ਚ ਗੁੱਟ ਕਾਰ ਚਾਲਕ ਨੇ 2 ਬੱਚਿਆਂ ਸਮੇਤ 8 ਬੁਰੀ ਤਰਾਂ ਦਰੜੇ
. . .  1 day ago
ਜਲਾਲਾਬਾਦ,14ਅਗਸਤ(ਜਤਿੰਦਰ ਪਾਲ ਸਿੰਘ ,ਕਰਨ ਚੁਚਰਾ)-ਜਲਾਲਾਬਾਦ ਦੇ ਬਾਹਮਣੀ ਵਾਲਾ ਸੜਕ ਤੇ ਨਸ਼ੇ'ਚ ਗੁੱਟ ਕਾਰ ਡਰਾਈਵਰ ਨੇ ਲਗਭਗ ਅੱਠ ਵਿਅਕਤੀ ਜਿਨ•ਾਂ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ, ਆਪਣੀ ਕਾਰ ਨਾਲ ਦਰੜ ...
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
ਨਵੀਂ ਦਿੱਲੀ, 14 ਅਗਸਤ - 15 ਅਗਸਤ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ 15 ਅਗਸਤ ਦਾ ਦਿਨ...
7 ਗੈਂਗਸਟਰਾਂ ਨੂੰ ਮਾਰ ਮੁਕਾਇਆ ਕੈਪਟਨ ਸਰਕਾਰ ਨੇ - ਕੇਵਲ ਢਿੱਲੋਂ
. . .  1 day ago
ਤਪਾ ਮੰਡੀ ,14 ਅਗਸਤ(ਵਿਜੇ ਸ਼ਰਮਾ) - ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ 'ਚ ਪੰਜਾਬ ਦੀ ਜਨਤਾ ਨੂੰ ਦਬਕੇ ਕੁੱਟਿਆ ਅਤੇ ਲੁਟਿਆ ਹੈ। ਹੁਣ ਅਕਾਲੀ ਟੈਂਟ ਲਗਾ ਕੇ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ। ਇਹ ਸ਼ਬਦ ...
ਕੈਪਟਨ ਵੱਲੋਂ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ
. . .  1 day ago
ਲੁਧਿਆਣਾ, 14 ਅਗਸਤ (ਪਰਮੇਸ਼ਰ ਸਿੰਘ)- ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ ਕੀਤੀ। ਸਨਅਤਕਾਰਾਂ ਨੇ ਸਨਅਤਾਂ ਲਈ ਦਰਪੇਸ਼ ਮੁਸ਼ਕਲਾਂ ਅਤੇ ਇਨ੍ਹਾਂ ਨੂੰ ਹੋਰ ....
ਬਲੋਚਿਸਤਾਨ 'ਚ ਹੋਏ ਗ੍ਰਨੇਡ ਹਮਲੇ 'ਚ 11 ਲੋਕ ਜ਼ਖਮੀ
. . .  1 day ago
ਪੇਸ਼ਾਵਰ, 14 ਅਗਸਤ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਗ੍ਰਨੇਡ ਹਮਲਾ ਹੋਣ ਦੀ ਖਬਰ ਮਿਲੀ ਹੈ। ਇਸ ਹਮਲੇ 'ਚ ਘੱਟੋ ਘੱਟ 11 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ....
ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  1 day ago
ਰਾਮ ਤੀਰਥ, 14 ਅਗਸਤ(ਧਰਵਿੰਦਰ ਸਿੰਘ ਔਲਖ) - ਕਰੀਬ 1 ਮਹੀਨਾ ਪਹਿਲਾਂ ਪਿੰਡ ਕੋਹਾਲੀ ਦੀ ਇੱਕ 12 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਇਕ 24 ਵਰ੍ਹਿਆਂ ਦੇ ਨੌਜਵਾਨ ਵੱਲੋਂ ਕੀਤੇ ਗਏ ਜਬਰ ਜਨਾਹ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਅੱਜ ਫੇਰ....
ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ
. . .  1 day ago
ਲੁਧਿਆਣਾ , 14 ਅਗਸਤ(ਪਰਮੇਸ਼ਰ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਪਹਿਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਉਦਘਾਟਨ ਪੀ. ਏ. ਯੂ. ਵਿਖੇ ਕੀਤਾ। ਇਨ੍ਹਾਂ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਲਈ ਤਿਆਰ...
ਅਫ਼ਗਾਨਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ
. . .  1 day ago
ਕਾਬੁਲ, 14 ਅਗਸਤ- ਅਫ਼ਗਾਨਿਸਤਾਨ ਦੇ ਜ਼ਾਬੁਲ ਸੂਬੇ 'ਚ ਕਾਬੁਲ-ਕੰਧਾਰ ਹਾਈਵੇਅ 'ਤੇ ਸੁਰੱਖਿਆ ਬਲਾਂ ਨਾਕੇ 'ਤੇ ਤਾਲਿਬਾਨ ਵਲੋਂ ਕੀਤੇ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਹੋਰ ਖ਼ਬਰਾਂ..
  •     Confirm Target Language  

ਲੋਕ ਮੰਚ

ਸਰਦੀਆਂ ਵਿਚ ਵਧ ਰਿਹਾ ਧੁੰਦ ਦਾ ਪ੍ਰਕੋਪ-ਸੁਚੇਤ ਹੋਣ ਲੋਕ

ਸਰਦੀਆਂ ਵਿਚ ਪੈਣ ਵਾਲੀ ਇਹ ਧੁੰਦ ਅਤੇ ਪ੍ਰਦੂਸ਼ਿਤ ਹਵਾ ਸਕੂਲੀ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਬੱਚਿਆਂ ਨੂੰ ਅਲੱਗ-ਅਲੱਗ ਵਾਹਨਾਂ ਰਾਹੀਂ ਸਵੇਰੇ ਜਲਦੀ-ਜਲਦੀ ਆਪਣੇ ਸਕੂਲਾਂ ਵਿਚ ਪਹੁੰਚਣਾ ਹੁੰਦਾ ਹੈ। ਸਮੇਂ ਦੀ ਘਾਟ ਕਾਰਨ ਜਲਦੀ ਦੇ ਚੱਕਰ ਵਿਚ ਇਹ ਵਾਹਨ ਤੇਜ਼ ਵੀ ਚਲਦੇ ਦੇਖੇ ਜਾਂਦੇ ਹਨ ਪਰ ਇਹ ਤੇਜ਼ੀ ਬੱਚਿਆਂ ਦੀ ਜਾਨ ਲਈ ਖਤਰਾ ਵੀ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਕਈ ਸਰਕਾਰਾਂ ਨੇ ਇਸ ਸਾਲ ਨਵੰਬਰ ਵਿਚ ਕਈ ਦਿਨਾਂ ਲਈ ਸਕੂਲ ਬੰਦ ਰੱਖੇ ਅਤੇ ਫਿਰ ਸਮੇਂ ਵਿਚ ਤਬਦੀਲੀ ਵੀ ਕੀਤੀ। ਧੁੰਦ ਕਿਉਂਕਿ ਸਵੇਰੇ-ਸਵੇਰੇ ਵੱਧ ਅਤੇ ਬਾਅਦ ਵਿਚ ਦਿਨ ਚੜ੍ਹਨ ਦੇ ਨਾਲ-ਨਾਲ ਘਟਦੀ ਜਾਂਦੀ ਹੈ, ਬੱਚਿਆਂ ਦੇ ਬਚਾਅ ਲਈ ਇਹ ਇਕ ਸਧਾਰਨ ਪ੍ਰਬੰਧ ਹੈ, ਪਰ ਇਹ ਆਖਰੀ ਅਤੇ ਮੁਕੰਮਲ ਪ੍ਰਬੰਧ ਨਹੀਂ ਹੈ। ਇਹ ਦੋ-ਚਾਰ ਦਿਨ ਦੀ ਗੱਲ ਨਹੀਂ ਹੈ। ਕਈ ਵਾਰ ਸਰਦੀਆਂ ਵਿਚ ਇਹ ਧੁੰਦ ਲੰਬੀ ਵਧ ਜਾਂਦੀ ਹੈ ਤਾਂ ਇਸ ਤਰ੍ਹਾਂ ਬੱਚਿਆਂ ਦੀ ਰੋਜ਼ਾਨਾ ਪੜ੍ਹਾਈ 'ਤੇ ਵੀ ਅਸਰ ਪੈਂਦਾ ਹੈ। ਪਰ ਬੱਚਿਆਂ ਦੇ ਜੀਵਨ ਨੂੰ ਸੁਰੱਖਿਅਤ ਰੱਖਣਾ ਅਤੇ ਸ਼ੁੱਧ ਹਵਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਪੜ੍ਹਾਈ ਲਈ ਵੀ ਬੱਚਿਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ।
ਮਨੁੱਖੀ ਜਾਨਾਂ ਅਤੇ ਖਾਸ ਕਰਕੇ ਸਵੇਰੇ-ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਧੁੰਦ ਦੇ ਪ੍ਰਕੋਪ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਪਹਿਲਾਂ ਤਾਂ ਮਨੁੱਖ ਕੋਈ ਗਲਤੀ ਨਾ ਕਰੇ, ਤਾਂ ਕਿ ਉਸ ਦੀ ਇਸ ਗਲਤੀ ਨਾਲ ਵਾਤਾਵਰਨ ਦੂਸ਼ਿਤ ਨਾ ਹੋਵੇ। ਸਰਦੀਆਂ ਵਿਚ ਪਰਾਲੀ, ਪੱਤਿਆਂ ਅਤੇ ਗੰਦੇ ਕੂੜੇ-ਕਰਕਟ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਜਿਥੋਂ ਤੱਕ ਹੋ ਸਕੇ, ਵਾਹਨਾਂ ਨੂੰ ਧੂੰਆਂ ਰਹਿਤ ਰੱਖਣ ਵਿਚ ਸਰਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਸਵੇਰ ਸਮੇਂ ਬੱਚਿਆਂ ਨੂੰ ਸਕੂਲ ਛੱਡਣ ਲਈ ਸਮੇਂ ਦਾ ਧਿਆਨ ਰੱਖ ਕਾਹਲੀ ਨੂੰ ਤਿਆਗ ਆਰਾਮ ਨਾਲ ਚੱਲਣਾ ਚਾਹੀਦਾ ਹੈ। ਸਕੂਲੀ ਬੱਚਿਆਂ ਨੂੰ ਲਿਆਉਣ, ਲਿਜਾਣ ਵਾਲੀਆਂ ਬੱਸਾਂ ਨੂੰ ਘੱਟ ਗਤੀ 'ਤੇ ਚੱਲਣ ਲਈ ਡਰਾਈਵਰਾਂ ਨੂੰ ਪ੍ਰੇਰਨਾ ਚਾਹੀਦਾ ਹੈ। ਵੱਧ ਆਵਾਜਾਈ ਸਮੇਂ ਕੋਈ ਕਾਹਲੀ ਨਹੀਂ ਕਰਨੀ ਚਾਹੀਦੀ, ਸਗੋਂ ਕਤਾਰ ਵਿਚ ਰਹਿ ਕੇ ਹੀ ਚੱਲਣ ਨਾਲ ਸਫ਼ਰ ਜਲਦੀ ਮੁੱਕਦਾ ਹੈ। ਕਿਸੇ ਵੀ ਗੱਡੀ ਦੇ ਡਰਾਈਵਰ ਨੂੰ ਉਸ ਦੀ ਗੱਡੀ ਵਲੋਂ ਛੱਡੇ ਜਾਣ ਵਾਲੇ ਧੂੰਏਂ ਅਤੇ ਉਡਾਈ ਗਈ ਮਿੱਟੀ ਤੋਂ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਤੁਹਾਡੇ ਫਾਇਦੇ ਵਿਚ ਹੀ ਸਭ ਦਾ ਫਾਇਦਾ ਹੈ। ਸਕੂਲ ਵਿਚ ਬੱਚਿਆਂ ਦਾ ਸਮਾਂ ਘੱਟ ਹੋਣ ਕਾਰਨ ਸਰਦੀਆਂ ਵਿਚ ਬੱਚਿਆਂ ਨੂੰ ਘਰ ਰਹਿੰਦੇ ਸਮੇਂ ਵੱਧ ਪੜ੍ਹਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਸਭ ਦੇ ਭਲੇ ਲਈ ਹਰ ਇਕ ਨੂੰ ਸੁਚੇਤ ਹੋਣ ਦੀ ਲੋੜ ਹੈ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾ: 98764-52223


ਖ਼ਬਰ ਸ਼ੇਅਰ ਕਰੋ

ਮਾਂ-ਬੋਲੀ ਨੂੰ ਬਚਾਉਣ ਲਈ ਮਾਨਸਿਕਤਾ ਬਦਲਣ ਦੀ ਲੋੜ

ਸ਼ਾਇਦ ਦੁਨੀਆ ਦੀ ਕਿਸੇ ਵੀ ਕੌਮ ਨੇ ਆਪਣੀ ਮਾਂ-ਬੋਲੀ ਦੀ ਏਨੀ ਬੇਪੱਤੀ ਨਹੀਂ ਕੀਤੀ ਹੋਣੀ, ਜਿੰਨੀ ਅਸਾਂ ਪੰਜਾਬੀਆਂ ਨੇ ਕੀਤੀ ਹੈ। ਸਾਡੇ ਨੌਜਵਾਨ ਆਪਣੇ ਪੰਜਾਬੀ ਹੋਣ ਦੇ ਮਾਣ ਦਾ ਪ੍ਰਗਟਾਵਾ ਵੀ ਆਪਣੇ ਵਾਹਨਾਂ 'ਤੇ ਅੰਗਰੇਜ਼ੀ ਵਿਚ 'ਪ੍ਰਾਊਡ ਟੂ ਬੀ ਪੰਜਾਬੀ' ਲਿਖ ਕੇ ਕਰਦੇ ਹਨ। ਕਿੰਨੀ ਹਾਸੋਹੀਣੀ ਗੱਲ ਹੈ ਕਿ ਬਿਹਾਰ ਅਤੇ ਯੂ.ਪੀ. ਤੋਂ ਆਏ ਹੋਏ ਕਾਮੇ ਤਾਂ ਸਾਡੇ ਨਾਲ ਗੱਲ ਕਰਦੇ ਸਮੇਂ ਆਪਣੀ ਮਾਂ-ਬੋਲੀ ਨੂੰ ਨਹੀਂ ਛੱਡਦੇ ਅਤੇ ਹਿੰਦੀ ਵਿਚ ਗੱਲ ਕਰਦੇ ਹਨ, ਪਰ ਅਸੀਂ ਆਪਣੀ ਭਾਸ਼ਾ ਵਿਚ ਜਵਾਬ ਦੇਣ ਦੀ ਥਾਂ ਹਿੰਦੀ ਵਿਚ ਜਵਾਬ ਦਿੰਦੇ ਹਾਂ।
ਮਾਂ-ਬੋਲੀ ਦਾ ਆਧਾਰ ਮਾਂ ਦੀ ਗੋਦ ਵਿਚ ਬਣਨਾ ਹੁੰਦਾ ਹੈ ਪਰ ਸਾਡੀਆਂ ਵਰਤਮਾਨ ਮਾਵਾਂ ਪਤਾ ਨਹੀਂ ਕਿਉਂ ਪੰਜਾਬੀ ਭਾਸ਼ਾ ਦੇ ਮਹੱਤਵ ਤੋਂ ਮੂੰਹ ਮੋੜਦੀਆਂ ਨਜ਼ਰ ਆਉਂਦੀਆਂ ਹਨ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਹਿੰਦੀ ਭਾਸ਼ਾ ਬੋਲਦਾ ਜ਼ਿਆਦਾ ਪਿਆਰਾ ਲਗਦਾ ਹੈ। ਬੱਚਿਆਂ ਨੂੰ ਖੜ੍ਹੇ ਹੋਣ, ਬੈਠਣ, ਕਿਤਾਬ ਚੁੱਕਣ, ਤੁਰਨ, ਦੌੜਨ ਆਦਿ ਵਰਗੇ ਨਿੱਕੇ-ਨਿੱਕੇ ਹੁਕਮ ਅੰਗਰੇਜ਼ੀ ਭਾਸ਼ਾ ਵਿਚ ਦੇਣ ਦਾ ਰਿਵਾਜ ਚੱਲ ਪਿਆ ਹੈ।
ਰਹਿੰਦੀ ਕਸਰ ਅੰਗਰੇਜ਼ੀ ਸਕੂਲਾਂ ਨੇ ਕੱਢ ਦਿੱਤੀ ਹੈ। ਅਨੇਕਾਂ ਸਕੂਲ ਅਜਿਹੇ ਹਨ ਜਿੱਥੇ ਬੱਚਿਆਂ ਨੂੰ ਅੰਗਰੇਜ਼ੀ, ਹਿੰਦੀ ਬੋਲਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ। ਅਜਿਹੇ ਸਕੂਲਾਂ ਵਿਚ ਕੁਝ ਸਾਲ ਗੁਜ਼ਾਰਨ ਵਾਲੇ ਬੱਚੇ ਜਦ ਘਰੋਂ ਬਾਹਰ ਪੰਜਾਬੀ ਵੀ ਬੋਲਦੇ ਹਨ ਤਾਂ ਉਸ ਉੱਪਰ ਅੰਗਰੇਜ਼ੀ ਦੀ ਪੁੱਠ ਚੜ੍ਹੀ ਹੁੰਦੀ ਹੈ। ਕਿਸ਼ੋਰ ਅਵਸਥਾ ਦੇ ਅਨੇਕਾਂ ਪੜ੍ਹੇ-ਲਿਖੇ ਬੱਚੇ 'ਭ' ਨੂੰ 'ਪ' ਬੋਲਦੇ ਅਕਸਰ ਹੀ ਨਜ਼ਰ ਆ ਜਾਂਦੇ ਹਨ।
ਹੋਰ ਤਾਂ ਹੋਰ, ਕਈ ਜਥੇਬੰਦੀਆਂ ਜਦੋਂ ਆਪਣੇ ਸਮਾਰੋਹਾਂ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮਹਿਮਾਨ ਜਾਂ ਵਿਸ਼ੇਸ਼ ਮਹਿਮਾਨਾਂ ਵਜੋਂ ਸੱਦਾ ਦਿੰਦੀਆਂ ਹਨ ਤਾਂ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਚਿੰਨ੍ਹ ਵੀ ਅੰਗਰੇਜ਼ੀ ਭਾਸ਼ਾ ਵਿਚ ਲਿਖੇ ਹੁੰਦੇ ਹਨ। ਜੇਕਰ ਪੰਜਾਬੀ ਦੀ ਵਰਤੋਂ ਕੀਤੀ ਵੀ ਜਾਂਦੀ ਹੈ ਤਾਂ ਉਸ ਵਿਚ ਵੀ ਕਈ ਗਲਤੀਆਂ ਹੁੰਦੀਆਂ ਹਨ।
ਪੰਜਾਬੀਆਂ ਦੇ ਮਨੋਰੰਜਨ ਲਈ ਬਣਾਈਆਂ ਜਾਣ ਵਾਲੀਆਂ ਪੰਜਾਬੀ ਫ਼ਿਲਮਾਂ ਵਿਚੋਂ ਵੀ ਪੰਜਾਬੀ ਗਾਇਬ ਹੁੰਦੀ ਜਾ ਰਹੀ ਹੈ। ਇਹ ਕਲਾਕਾਰ ਜਦੋਂ ਰੱਟਾ ਲੱਗੇ ਹੋਏ ਪੰਜਾਬੀ ਸੰਵਾਦ ਬੋਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਵਿਚ ਹਿੰਦੀ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਜੇਕਰ ਅਸੀਂ ਆਪਣੀ ਮਾਨਸਿਕਤਾ ਵਿਚ ਥੋੜ੍ਹੀ ਜਿਹੀ ਤਬਦੀਲੀ ਲੈ ਆਈਏ ਤਾਂ ਸਾਨੂੰ ਪੰਜਾਬੀ ਬਚਾਉਣ ਲਈ ਤਰਲੇ ਪਾਉਣ ਅਤੇ ਵਿਸ਼ੇਸ਼ ਕੋਸ਼ਿਸ਼ਾਂ ਦੀ ਲੋੜ ਨਹੀਂ ਪਵੇਗੀ। ਸਾਨੂੰ ਆਪਣੇ ਪੰਜਾਬੀ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ ਅਤੇ ਪੰਜਾਬੀ ਬੋਲਣ ਵਿਚ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ।

-ਮ: ਨੰ: 2440, ਜਲਾਲਾਬਾਦ ਪੱ:, ਜ਼ਿਲ੍ਹਾ ਫ਼ਾਜ਼ਿਲਕਾ।
ਮੋਬਾ: 89569-00001

ਲੰਗਰਾਂ ਦਾ ਯੋਜਨਾਬੱਧ ਪ੍ਰਬੰਧ ਕਰਨ ਦੀ ਲੋੜ

ਕੌਮ ਲਈ ਸਰਬੰਸ ਵਾਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਨ ਲਈ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਸ਼ਹੀਦੀ ਜੋੜ-ਮੇਲ ਮਨਾਇਆ ਜਾਂਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ 'ਭਾਰੇ ਦਿਨਾਂ' ਨੂੰ ਲੋਕਾਂ ਨੇ ਮੌਜ-ਮੇਲੇ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਗ਼ਲਤ ਹੀ ਨਹੀਂ, ਬਲਕਿ ਬੱਜਰ ਗੁਨਾਹ ਹੈ। ਫ਼ਤਹਿਗੜ੍ਹ ਸਾਹਿਬ ਵਿਖੇ ਸਿਆਸੀ ਕਾਨਫਰੰਸਾਂ ਮੌਕੇ ਦੂਸ਼ਣਬਾਜ਼ੀਆਂ ਅਤੇ ਤੋਹਮਤਾਂ ਲੱਗਣੀਆਂ ਅਤੇ ਥਾਂ-ਥਾਂ ਲਗਾਏ ਲੰਗਰਾਂ ਵਿਚ ਸੁਆਦੀ ਭੋਜਨਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਹਾਕਾਂ ਮਾਰ-ਮਾਰ ਲੰਗਰ ਖਾਣ ਲਈ ਬੁਲਾਉਣਾ ਆਦਿ ਵਰਗੇ ਗ਼ਲਤ ਰੁਝਾਨ ਸ਼ੁਰੂ ਹੋ ਚੁੱਕੇ ਹਨ।
ਫ਼ਤਹਿਗੜ੍ਹ ਸਾਹਿਬ ਦੇ ਜੋੜ-ਮੇਲ ਦੌਰਾਨ ਚੰਡੋਲ, ਮੋਟਰਸਾਈਕਲ-ਕਾਰਾਂ ਦੇ ਕਰਤੱਬ ਦਿਖਾਉਣੇ ਅਤੇ ਜਾਦੂਗਰਾਂ ਵਰਗੇ ਸ਼ੋਅ ਤਾਂ ਕੁਝ ਸਮਾਂ ਪਹਿਲਾਂ ਹੀ ਬੰਦ ਕਰਵਾਏ ਜਾ ਚੁੱਕੇ ਹਨ ਅਤੇ ਹੁਣ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈਆਂ ਜਾਂਦੀਆਂ ਸਿਆਸੀ ਕਾਨਫ਼ਰੰਸਾਂ ਨਾ ਕਰਨ ਦੇ ਫੈਸਲੇ ਦਾ ਵੀ ਹਰ ਪਾਸਿਓਂ ਸਵਾਗਤ ਹੋ ਰਿਹਾ ਹੈ। ਇਹ ਇਕ ਵਧੀਆ ਸ਼ੁਰੂਆਤ ਹੈ ਅਤੇ ਆਸ ਹੈ ਕਿ ਅੱਗੋਂ ਵੀ ਇਹ ਪਰੰਪਰਾ ਜਾਰੀ ਰਹੇਗੀ। ਇਸ ਦੇ ਨਾਲ ਹੀ ਥਾਂ-ਥਾਂ ਲੱਗੇ ਲੰਗਰਾਂ ਨੂੰ ਵੀ ਯੋਜਨਾਬੱਧ ਢੰਗ ਨਾਲ ਲਾਗੂ ਕਰਵਾਉਣਾ ਸਮੇਂ ਦੀ ਬਹੁਤ ਵੱਡੀ ਮੰਗ ਹੈ।
ਪਿੰਡਾਂ ਅਤੇ ਹੋਰ ਸੰਸਥਾਵਾਂ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਲਗਾਏ ਕਈ ਲੰਗਰਾਂ ਦੀ ਦੂਰੀ ਘੱਟ ਹੁੰਦੀ ਹੈ। ਇਸ ਕਾਰਨ ਸੜਕਾਂ 'ਤੇ ਲੰਬੇ-ਲੰਬੇ ਜਾਮ ਲੱਗਦੇ ਹਨ ਅਤੇ ਸੜਕੀ ਆਵਾਜਾਈ ਵਿਚ ਭਾਰੀ ਰੁਕਾਵਟ ਪੈਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਕਈ ਪਿੰਡ ਆਪਸ ਵਿਚ ਮਿਲ ਕੇ ਇਕ ਖੁੱਲ੍ਹੀ ਥਾਂ ਵਿਚ ਲੰਗਰ ਲਗਾਉਣ। ਇਸ ਨਾਲ ਸੜਕੀ ਆਵਾਜਾਈ ਵੀ ਸੁਚਾਰੂ ਹੋਵੇਗੀ ਅਤੇ ਪੈਸੇ ਦੀ ਵੀ ਬਚਤ ਹੋਵੇਗੀ। ਸਿਰਫ਼ ਵਿਖਾਵੇ ਖਾਤਰ ਅਤੇ ਲੋਕਾਂ ਨੂੰ ਰੱਸੇ ਲਾ ਕੇ ਰੋਕ-ਰੋਕ ਲੰਗਰ ਛਕਾਉਣਾ ਕਿਸੇ ਵੀ ਪਾਸਿਓਂ ਧਾਰਮਿਕ ਆਸਥਾ ਦਾ ਪ੍ਰਤੀਕ ਨਹੀਂ ਹੈ।
ਲੰਗਰ ਪਰੰਪਰਾ ਸਿੱਖ ਇਤਿਹਾਸ ਦੀ ਬਹੁਤ ਖ਼ਾਸ ਅਤੇ ਮਹੱਤਵਪੂਰਨ ਪ੍ਰਥਾ ਹੈ ਪਰ ਇਸ ਨੂੰ ਗ਼ਲਤ ਰੰਗਤ ਦੇਣ ਤੋਂ ਬਚਿਆ ਜਾਣਾ ਚਾਹੀਦਾ ਹੈ। ਜਿੱਥੇ ਹੁਣ ਸ਼ਹੀਦੀ ਜੋੜ ਮੇਲ ਮੌਕੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੀ ਸ਼ੁਰੂਆਤ ਹੋ ਰਹੀ ਹੈ, ਉੱਥੇ ਸਾਰਿਆਂ ਨੂੰ ਆਦਰ ਤੇ ਸਤਿਕਾਰ ਭਰੀ ਬੇਨਤੀ ਹੈ ਕਿ ਲੰਗਰਾਂ ਦਾ ਪ੍ਰਬੰਧ ਵੀ ਯੋਜਨਾਬੱਧ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

-ਬੈਂਕ ਕਾਲੋਨੀ, ਮਲੇਰਕੋਟਲਾ ਰੋਡ, ਖੰਨਾ-141401. ਮੋਬਾ: 93567-13000

ਘਰਾਂ 'ਚ ਨਿੱਤ ਦੇ ਕਲੇਸ਼ ਬੁਰੇ ਨੇ

ਜ਼ਿੰਦਗੀ 'ਚ ਸੁੱਖ-ਦੁੱਖ, ਔਖ-ਸੌਖ ਚਲਦੀ ਰਹਿੰਦੀ ਹੈ। ਕਦੇ ਧੁੱਪ ਤੇ ਕਦੇ ਛਾਂ। ਹਾਲਾਤ ਕਦੇ ਵੀ ਸਥਿਰ ਨਹੀਂ ਹੁੰਦੇ। ਅਸਲ ਵਿਅਕਤੀ ਉਹ ਹੈ, ਜੋ ਮੁਸ਼ਕਿਲਾਂ ਤੋਂ ਡਰਨ ਦੀ ਬਜਾਏ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰੇ। ਅਜੋਕੇ ਸਮੇਂ ਘਰਾਂ 'ਚ ਆਪਸੀ ਪਰਿਵਾਰਕ ਮੈਂਬਰਾਂ 'ਚ ਕਲੇਸ਼ ਵਧਦਾ ਜਾ ਰਿਹਾ ਹੈ। ਛੋਟੀ-ਛੋਟੀ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਕਲੇਸ਼ ਦਾ ਮੂੰਹ ਕਾਲਾ ਹੁੰਦਾ ਹੈ। ਅਜਿਹੇ ਘਰਾਂ ਚ ਬਰਕਤਾਂ ਨਹੀਂ ਰਹਿੰਦੀਆਂ। ਜਿੱਥੇ ਪਰਿਵਾਰ ਦੇ ਜੀਆਂ 'ਚ ਏਕਾ, ਇਤਫ਼ਾਕ ਨਹੀਂ, ਉਥੇ ਤਰੱਕੀ ਵੀ ਸੰਭਵ ਨਹੀਂ। ਆਮ ਤੌਰ 'ਤੇ ਘਰਾਂ 'ਚ ਸ਼ਰਾਬ, ਨਸ਼ੇ, ਗਰੀਬੀ ਅਤੇ ਬੇਰੁਜ਼ਗਾਰੀ ਆਦਿ ਕਰਕੇ ਵਧੇਰੇ ਝਗੜੇ ਹੁੰਦੇ ਹਨ। ਸਮਝਣਾ ਚਾਹੀਦਾ ਹੈ ਕਿ ਝਗੜਾ ਕਿਸੇ ਮਸਲੇ ਦਾ ਹੱਲ ਨਹੀਂ। ਅੱਜ ਲੋਕਾਂ 'ਚ ਸਹਿਣਸ਼ੀਲਤਾ, ਸਹਿਜਤਾ ਅਤੇ ਨਿਮਰਤਾ ਨਹੀਂ ਰਹੀ। ਜੇਕਰ ਕਿਸੇ ਨੇ ਕੁਝ ਕਹਿ ਵੀ ਦਿੱਤਾ ਤਾਂ ਸਹਿਣ ਦੀ ਬਜਾਏ ਤੁਰੰਤ ਉਸ ਦਾ ਮੋੜਵਾਂ ਜਵਾਬ ਠਾਹ ਸੋਟਾ ਮਾਰਦੇ ਹਨ। ਅੱਜ ਪਤੀ-ਪਤਨੀ ਦੇ ਰਿਸ਼ਤੇ 'ਚ ਵੀ ਵਿਸ਼ਵਾਸ ਘਟਦਾ ਜਾ ਰਿਹਾ ਹੈ। ਸ਼ੱਕ ਅਜਿਹੀ ਚੀਜ਼ ਹੈ ਜੋ ਵਸਦੇ ਘਰਾਂ ਨੂੰ ਪਲਾਂ 'ਚ ਤਬਾਹ ਕਰ ਦਿੰਦੀ ਹੈ।
ਕਈ ਵਾਰ ਇਕ-ਦੂਜੇ ਦੇ ਚਰਿੱਤਰ ਉੱਤੇ ਸ਼ੱਕ ਕਰਨ ਕਰਕੇ ਝਗੜਾ ਏਨਾ ਵਧ ਜਾਂਦਾ ਹੈ ਕਿ ਥਾਣੇ, ਕੋਰਟ-ਕਚਹਿਰੀ ਤੇ ਆਤਮ ਹੱਤਿਆ ਤੱਕ ਪਹੁੰਚ ਜਾਂਦਾ ਹੈ। ਜ਼ਿੰਦਗੀ ਦੀ ਗੱਡੀ ਵਿਸ਼ਵਾਸ ਦੇ ਪਹੀਆਂ 'ਤੇ ਹੀ ਚਲਦੀ ਹੈ। ਵਿਸ਼ਵਾਸ ਦਾ ਬੂਟਾ ਧਰਤੀ 'ਚ ਨਹੀਂ, ਸਗੋਂ ਦਿਲਾਂ 'ਚ ਉੱਗਦਾ ਹੈ। ਪਿੰਡਾਂ ਚ ਕਿਸਾਨਾਂ ਦੇ ਕਰਜ਼ੇ, ਜ਼ਮੀਨਾਂ ਦੀ ਵੰਡ-ਵੰਡਾਈ ਅਤੇ ਵੱਟਾਂ ਆਦਿ ਦੇ ਝਗੜੇ ਮੁੱਕਣ ਦਾ ਨਾਂਅ ਨਹੀਂ ਲੈਂਦੇ। ਕਈ ਵਿਅਕਤੀ ਕਿਸੇ ਮਸਲੇ ਨੂੰ ਮੈਂ ਅਤੇ ਵਡੱਪਣ ਦਿਖਾਉਣ ਲਈ ਅਣਖ ਤੇ ਮੁੱਛ ਦਾ ਸਵਾਲ ਬਣਾ ਲੈਂਦੇ ਹਨ, ਜਿਸ ਦਾ ਸੇਕ ਫਿਰ ਕਈ ਪੀੜ੍ਹੀਆਂ ਤੱਕ ਲੱਗਦਾ ਰਹਿੰਦਾ ਹੈ। ਕਿਸੇ ਵੀ ਝਗੜੇ ਦਾ ਮੁੱਖ ਕਾਰਨ ਚੁਗਲਖੋਰਾਂ ਵਲੋਂ ਕੀਤੀ ਚੁਗਲੀ ਤੇ ਸ਼ਰੀਕਾਂ ਵਲੋਂ ਲਾਈ ਉਂਗਲ ਹੁੰਦਾ ਹੈ। ਅਜਿਹੇ ਝਗੜੇ ਫਿਰ ਗਿੱਲੀ ਲੱਕੜ ਵਾਂਗ ਪਲ-ਪਲ ਧੁਖਦੇ ਰਹਿੰਦੇ ਹਨ ਤੇ ਕਦੀ ਮੁੱਕਣ ਦਾ ਨਾਂਅ ਨਹੀਂ ਲੈਂਦੇ। ਵਧਦੀ ਮਹਿੰਗਾਈ, ਬੇਰੁਜ਼ਗਾਰੀ, ਫਜ਼ੂਲ-ਖਰਚੀ ਤੇ ਫੈਸ਼ਨਪ੍ਰਸਤੀ ਵੀ ਘਰਾਂ 'ਚ ਤੂੰ-ਤੂੰ, ਮੈਂ-ਮੈਂ ਦਾ ਕਾਰਨ ਬਣਦੀ ਹੈ। ਕਈ ਲੋਕ ਕਹਿੰਦੇ ਹਨ ਕਿ ਜਿੱਥੇ ਦੋ ਭਾਂਡੇ ਹੋਣਗੇ, ਉਹੀ ਖੜਕਣਗੇ ਪਰ ਏਨੇ ਵੀ ਨਹੀਂ ਖੜਕਣੇ ਚਾਹੀਦੇ ਕਿ ਜਿਊਂਦੇ ਜੀਅ ਘਰ ਨਰਕ ਬਣ ਜਾਵੇ। ਦਿਲਾਂ 'ਚ ਦਰਾੜ ਤੇ ਘਰਾਂ 'ਚ ਕੰਧਾਂ ਬਣ ਜਾਣ। ਵਿਅਕਤੀ ਰੋਜ਼ ਦੀ ਕੁੜ-ਕੁੜ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ।
ਮਰਨ ਵਾਲਾ ਤਾਂ ਮਰ ਜਾਂਦਾ ਹੈ, ਪਿੱਛੋਂ ਬੱਚਿਆਂ ਤੇ ਪਰਿਵਾਰ ਦੇ ਜੀਆਂ ਦਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਝਗੜਾ ਬੇਸਮਝੀ ਤੇ ਗੁੱਸੇ ਤੋਂ ਸ਼ੁਰੂ ਹੋ ਕੇ ਪਛਤਾਵੇ 'ਤੇ ਖਤਮ ਹੋ ਜਾਂਦਾ ਹੈ। ਕਿਉਂਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈ। ਜੇਕਰ ਅਸੀਂ ਆਪਣੇ ਨੀਵੇਂ ਦੀ ਬਜਾਏ ਉੱਚੇ ਵੱਲ ਵੇਖ ਕੇ ਅਤੇ ਜ਼ਰੂਰਤਾਂ ਦੀ ਥਾਂ ਖਵਾਹਿਸ਼ਾਂ ਮੁਤਾਬਿਕ ਜ਼ਿੰਦਗੀ ਬਤੀਤ ਕਰਾਂਗੇ ਤਾਂ ਘਰਾਂ 'ਚ ਝਗੜੇ ਜ਼ਰੂਰ ਪੈਦਾ ਹੋਣਗੇ। ਬੱਚਿਆਂ ਦਾ ਮਾਪਿਆਂ ਦੇ ਆਗਿਆਕਾਰੀ ਨਾ ਹੋਣਾ ਤੇ ਬਰਾਬਰ ਜ਼ੁਬਾਨ ਲੜਾਉਣੀ ਵੀ ਤਣਾਅ ਪੈਦਾ ਕਰਦੀ ਹੈ। ਜ਼ਿੰਦਗੀ ਦੇ ਹਰ ਪਲ ਨੂੰ 'ਤੇਰਾ ਭਾਣਾ ਮੀਠਾ ਲਾਗੈ' ਦੇ ਮਹਾਂਵਾਕ ਅਨੁਸਾਰ ਬਤੀਤ ਕਰੋ। ਸਿਆਣਾ ਵਿਅਕਤੀ ਉਹ ਹੈ, ਜੋ ਝਗੜੇ ਨੂੰ ਵਧਾਉਣ ਦੀ ਬਜਾਏ ਖ਼ਤਮ ਕਰੇ ਅਤੇ ਆਪਸੀ ਪ੍ਰੇਮ ਪਿਆਰ ਤੇ ਭਾਈਚਾਰਕ ਸਾਂਝ ਨੂੰ ਤਰਜੀਹ ਦੇਵੇ।

-ਪਿੰਡ ਜਲਵੇੜ੍ਹਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।
ਮੋਬਾ: 75081-32699

ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਸਿੱਕੇ

ਅੱਜ ਦੇ ਸਮੇਂ ਹਰੇਕ ਵਿਅਕਤੀ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਆਉਣ-ਜਾਣ ਤੇ ਘਰੇਲੂ ਸਾਮਾਨ ਲੈਣ ਲਈ ਖੁੱਲ੍ਹੇ ਪੈਸੇ 1, 2, 5 ਤੇ 10 ਰੁਪਏ ਦੇ ਸਿੱਕਿਆਂ ਦੀ ਲੋੜ ਪੈਂਦੀ ਹੈ। ਪਰ ਅੱਜ ਦੇ ਸਮੇਂ ਇਹ ਸਿੱਕੇ ਗਾਹਕ ਤੇ ਦੁਕਾਨਦਾਰ ਦੋਵਾਂ ਲਈ ਪ੍ਰੇਸ਼ਾਨੀ ਦਾ ਕਰਨ ਬਣੇ ਹੋਏ ਹਨ। ਸਿੱਕਿਆਂ ਦੀ ਹਰ ਥਾਂ ਏਨੀ ਬੇਕਦਰੀ ਹੋ ਰਹੀ ਹੈ ਕਿ ਹਰ ਕੋਈ 10 ਰੁਪਏ ਦਾ ਸਿੱਕਾ ਦੇਖ ਕੇ ਮੱਥੇ ਵੱਟ ਪਾ ਲੈਂਦਾ ਹੈ। ਜਦੋਂ ਅਸੀਂ ਬੈਂਕ ਵਿਚ ਸਿੱਕੇ ਜਮ੍ਹਾਂ ਕਰਵਾਉਣ ਜਾਂਦੇ ਹਾਂ ਤਾਂ ਬੈਂਕ ਮੁਲਾਜ਼ਮ ਜਾਂ ਤਾਂ ਸਟਾਫ਼ ਦੀ ਘਾਟ ਤੇ ਸਿੱਕੇ ਗਿਣਨ ਲਈ ਸਮਾਂ ਨਾ ਹੋਣ ਦਾ ਬਹਾਨਾ ਲਾ ਕੇ ਸਾਨੂੰ ਟਾਲਮਟੋਲ ਕਰ ਜਾਂਦੇ ਹਨ ਜਾਂ ਉਹ ਕਹਿੰਦੇ ਹਨ ਕਿ ਸਾਡੇ ਕੋਲ ਤਾਂ ਪਹਿਲਾਂ ਹੀ ਸਿੱਕੇ ਹਜ਼ਾਰਾਂ ਦੀ ਗਿਣਤੀ ਵਿਚ ਪਏ ਹਨ। ਬੈਂਕ ਵਾਲੇ ਵੀ ਦੁਚਿੱਤੀ ਵਿਚ ਫਸੇ ਹੋਏ ਹਨ, ਕਿਉਂਕਿ ਉਨ੍ਹਾਂ ਕੋਲੋਂ ਵੀ ਕੋਈ ਗਾਹਕ ਸਿੱਕੇ ਲੈਣ ਨੂੰ ਤਿਆਰ ਨਹੀਂ। ਹਾਲਾਂਕਿ ਬੈਂਕਾਂ ਨੂੰ ਰਿਜ਼ਰਵ ਬੈਂਕ ਵਲੋਂ ਸਿੱਕੇ ਜਮ੍ਹਾਂ ਕਰਨ ਦੀ ਹਦਾਇਤ ਹੈ।
ਪਿਛਲੇ ਦਿਨੀਂ ਲੋਕਾਂ ਤੇ ਦੁਕਾਨਦਾਰਾਂ ਵਿਚ ਅਫ਼ਵਾਹ ਫੈਲੀ ਸੀ ਕਿ 10 ਰੁਪਏ ਦੇ ਸਿੱਕੇ ਨਕਲੀ ਹਨ ਜਾਂ ਸਰਕਾਰ ਵਲੋਂ ਬੰਦ ਕਰ ਦਿੱਤੇ ਗਏ ਹਨ। ਰਿਜ਼ਰਵ ਬੈਂਕ ਸਮੇਂ-ਸਮੇਂ 'ਤੇ ਲੋਕਾਂ ਵਿਚ ਫੈਲੀ ਇਸ ਅਫਵਾਹ ਨੂੰ ਦੂਰ ਕਰਨ ਲਈ ਦੱਸਦੀ ਰਹੀ ਹੈ ਕਿ ਨਕਲੀ ਸਿੱਕੇ ਬਣਾਉਣਾ ਘਾਟੇ ਦਾ ਸੌਦਾ ਹੁੰਦਾ ਹੈ, ਕਿਉਂਕਿ ਸਿੱਕਿਆਂ ਦੇ ਨਿਰਮਾਣ ਦੀ ਲਾਗਤ ਇਨ੍ਹਾਂ ਦੇ ਕਰੰਸੀ ਮੁੱਲ ਨਾਲੋਂ ਜ਼ਿਆਦਾ ਆਉਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੋਟੀ ਕਰੰਸੀ ਦੇ ਸਿੱਕੇ ਤੇ ਛੋਟੇ ਕਾਗਜ਼ ਦੇ ਨੋਟ ਦੀ ਵਧਦੀ ਹੋਈ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਆਦਾ ਗਿਣਤੀ ਵਿਚ ਬਣਾਏ, ਉੱਥੇ ਹਰੇਕ ਭਾਰਤ ਦੇ ਨਾਗਰਿਕ ਨੂੰ ਸਿੱਕਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਕਾਗਜ਼ ਦੇ ਨੋਟਾਂ ਉਪਰ ਵੀ ਕੁਝ ਨਹੀਂ ਲਿਖਣਾ ਚਾਹੀਦਾ। ਹਰ ਵਿਅਕਤੀ ਨੂੰ ਕਿਸੇ ਕਿਸਮ ਦੀ ਸ਼ਰਮ ਤੋਂ ਖੁੱਲ੍ਹੇ ਪੈਸੇ ਰੱਖਣਾ ਆਪਣਾ ਨਿੱਜੀ ਫਰਜ਼ ਸਮਝਣਾ ਚਾਹੀਦਾ ਹੈ, ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਹੋਰ ਲੜਾਈ-ਝਗੜੇ ਤੋਂ ਬਚਿਆ ਜਾ ਸਕੇ। ਬੈਂਕਾਂ ਨੂੰ ਸਖ਼ਤ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਕਿ ਉਹ ਗਾਹਕ ਕੋਲੋਂ ਸਿੱਕੇ ਜਮ੍ਹਾਂ ਕਰਨ ਤਾਂ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। -

sohianshamsher@gmail.com

ਟੁੱਟਦੀ ਭਾਈਚਾਰਕ ਸਾਂਝ

'ਭਾਈਚਾਰਾ' ਸ਼ਬਦ ਤੋਂ ਹੀ ਇਸ ਦਾ ਮਤਲਬ ਸਪੱਸ਼ਟ ਹੋ ਜਾਂਦਾ ਹੈ। ਸਾਡੀ ਇਸ ਦੁਨੀਆ 'ਤੇ ਭਰਾਵਾਂ ਦੀ ਸਾਂਝ ਨੂੰ ਸਭ ਤੋਂ ਸਿਰੇ ਦੀ ਸਾਂਝ ਮੰਨਿਆ ਜਾਂਦਾ ਹੈ। ਪਰ ਅੱਜ ਸਾਡੇ ਇਸ ਭਾਈਚਾਰੇ ਨੂੰ ਅਤੇ ਇਸ ਸਾਂਝ ਨੂੰ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਮਸ਼ੀਨੀ ਯੁੱਗ ਨੇ ਬਹੁਤ ਦੂਰ ਕਰ ਦਿੱਤਾ ਹੈ। ਸਾਡੇ ਵਿਚੋਂ ਮਨੁੱਖਤਾ, ਭਾਈਚਾਰਕਤਾ ਖ਼ਤਮ ਹੋ ਰਹੀ ਹੈ ਅਤੇ ਪਸ਼ੂਪੁਣਾ ਵਧ ਰਿਹਾ ਹੈ ਤੇ ਭਾਵਨਾਵਾਂ ਦਾ ਘਾਣ ਹੋ ਰਿਹਾ ਹੈ। ਪਹਿਲਾਂ ਦੇ ਸਮਿਆਂ ਵਿਚ ਪਿੰਡਾਂ ਦੇ ਭਾਈਚਾਰੇ ਦੀ ਮਿਸਾਲ ਦਿੱਤੀ ਜਾਂਦੀ ਸੀ। ਪਹਿਲਾਂ ਜਦੋਂ ਪਿੰਡਾਂ ਵਿਚ ਕੋਈ ਵੀ ਖੁਸ਼ੀ, ਗ਼ਮੀ ਦਾ ਕਾਰਜ ਹੁੰਦਾ ਸੀ ਤਾਂ ਸਭ ਦੀ ਸਾਂਝੀ ਰਾਇ ਨਾਲ ਹੁੰਦਾ ਸੀ ਪਰ ਅੱਜਕਲ੍ਹ ਤਾਂ ਲੋਕ ਇਕ-ਦੂਜੇ ਤੋਂ ਐਨੇ ਪਰਦੇ ਰੱਖਦੇ ਹਨ ਕਿ ਨਾਲ ਦੇ ਘਰ ਵਿਚ ਵਿਆਹ ਹੁੰਦਾ ਹੈ ਤੇ ਨਾਲ ਦੇ ਗੁਆਂਢ ਨੂੰ ਪਤਾ ਹੀ ਨਹੀਂ ਹੁੰਦਾ।
ਅੱਜਕਲ੍ਹ ਜੇ ਭਾਈਚਾਰਾ ਬਚਿਆ ਹੈ ਤਾਂ ਉਹ ਮੈਨੂੰ ਲਗਦਾ ਹੈ ਸਿਰਫ 'ਖੁਸ਼ਾਮਦੀ ਭਾਈਚਾਰਾ' ਹੈ। ਬਸ ਇਕ-ਦੂਜੇ ਨੂੰ ਉਪਰੋਂ-ਉਪਰੋਂ ਭਾਈਚਾਰਾ ਦਿਖਾ ਕੇ ਪਿੱਠ ਪਿੱਛੇ ਵਾਰ ਕੀਤੇ ਜਾਂਦੇ ਹਨ। ਭਾਈਚਾਰੇ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਸਹੀ/ਚੰਗੇ ਕੰਮ 'ਚ ਜਾਂ ਫਿਰ ਕਿਸੇ ਦੀ ਤਾਰੀਫ਼ ਕਰਕੇ ਹੀ ਭਾਈਚਾਰਾ ਦਿਖਾਇਆ ਜਾ ਸਕਦਾ ਹੈ। ਕਿਸੇ ਨੂੰ ਗ਼ਲਤ ਕੰਮ ਕਰਨ ਤੋਂ ਰੋਕਣਾ, ਨਸੀਹਤ ਦੇਣੀ ਜਾਂ ਆਪਣੇ ਸਕੇ-ਸੰਬੰਧੀ ਨੂੰ ਵਰਜਣਾ ਵੀ ਭਾਈਚਾਰੇ ਵਿਚ ਹੀ ਆਉਂਦਾ ਹੈ। ਪਰ ਅੱਜਕਲ੍ਹ ਭਾਈਚਾਰੇ ਦਾ ਖੁਸ਼ਾਮਦੀ ਪੱਖ ਹੀ ਜ਼ਿਆਦਾ ਭਾਰੂ ਹੈ। ਜੇਕਰ ਕੋਈ ਕਿਸੇ ਨੂੰ ਕੋਈ ਗ਼ਲਤ ਕੰਮ ਕਰਨ ਤੋਂ ਵਰਜਦਾ ਹੈ, ਤਾਂ ਫਿਰ ਸੁਣਨ ਵਾਲਾ ਇਹ ਬਿਲਕੁਲ ਵੀ ਸਹਿਣ ਨਹੀਂ ਕਰਦਾ। ਸਾਡੀ ਇਸ ਸਾਂਝ ਅਤੇ ਭਾਈਚਾਰਾ ਟੁੱਟਣ ਦੇ ਕਾਰਨ ਪੈਸਾ, ਇਕ-ਦੂਜੇ ਨੂੰ ਪਛਾੜਨ ਦੀ ਦੌੜ ਤੇ ਮਸ਼ੀਨੀਕਰਨ ਹੈ। ਹਰੇਕ ਚੀਜ਼ ਸਾਡੇ 'ਤੇ ਮਾਰੂ ਅਸਰ ਉਦੋਂ ਕਰਦੀ ਹੈ ਜਦੋਂ ਉਹ ਸਾਡੇ 'ਤੇ ਲੋੜ ਤੋਂ ਵੱਧ ਭਾਰੂ ਹੋ ਜਾਵੇ। ਜ਼ਮਾਨੇ ਦੀ ਦੌੜ ਨਾਲ ਚੱਲਣਾ ਅਤੇ ਨਵੀਨੀਕਰਨ ਅਪਣਾਉਣਾ ਗ਼ਲਤ ਨਹੀਂ ਹੈ, ਕਿਉਂਕਿ ਜੇਕਰ ਅਸੀਂ ਉਥੇ ਹੀ ਖੜ੍ਹੇ ਰਹੇ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ। ਭਾਈਚਾਰਾ, ਪਿਆਰ, ਹਮਦਰਦੀ ਆਦਿ ਇਸ ਤਰ੍ਹਾਂ ਦੇ ਸ਼ਬਦ ਜਾਂ ਰਿਸ਼ਤੇ ਹਨ, ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਜਾਂ ਸੁਣ ਕੇ ਨਹੀਂ ਸਮਝ ਸਕਦੇ, ਸਗੋਂ ਸਿਰਫ਼ ਦਿਲ ਤੋਂ ਮਹਿਸੂਸ ਕਰਕੇ ਹੀ ਸਮਝ ਸਕਦੇ ਹਾਂ। ਕਹਿੰਦੇ ਹਨ ਕਿ ਕੁਝ ਚੀਜ਼ਾਂ ਵਾਹ ਪਿਆਂ ਹੀ ਸਮਝ ਆਉਂਦੀਆਂ ਹਨ। ਚਾਹੇ ਅਸੀਂ ਇਸ ਬਾਰੇ ਜਿੰਨਾ ਮਰਜ਼ੀ ਲਿਖ ਲਈਏ ਪਰ ਭਾਈਚਾਰੇ ਨੂੰ ਓਨਾ ਚਿਰ ਮੁੜ ਜੀਵਤ ਨਹੀਂ ਕੀਤਾ ਜਾ ਸਕਦਾ, ਜਿੰਨਾ ਚਿਰ ਅਸੀਂ ਖੁਦ ਇਸ ਨੂੰ ਮਹਿਸੂਸ ਨਹੀਂ ਕਰਦੇ। ਨਹੀਂ ਤਾਂ ਸਾਡੇ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਰਹਿ ਜਾਣਾ।

-ਪੱਤਰਕਾਰੀ ਵਿਭਾਗ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ। ਮੋਬਾ: 94654-08758

ਨੌਜਵਾਨਾਂ 'ਤੇ ਵਿਦੇਸ਼ਾਂ ਦਾ ਵਧਦਾ ਪ੍ਰਭਾਵ

ਆਧੁਨਿਕ ਸਮੇਂ ਦੇ ਤੇਜ਼ੀ ਨਾਲ ਬਦਲ ਰਹੇ ਯੁੱਗ ਅੰਦਰ ਸਾਡੀ ਵਿੱਦਿਅਕ ਪ੍ਰਣਾਲੀ ਨੂੰ ਵਿਦੇਸ਼ੀ ਤਜਰਬਿਆਂ ਨੂੰ ਅਪਣਾ ਕੇ ਸਾਡੇ ਸਮਾਜ ਅਨੁਸਾਰ ਢਾਲਣ ਦੀ ਬਹੁਤ ਵੱਡੀ ਜ਼ਰੂਰਤ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਵਿੱਦਿਅਕ ਢਾਂਚੇ ਵਿਚ ਬਹੁਤ ਵੱਡਾ ਵਪਾਰੀਕਰਨ ਹੋ ਰਿਹਾ ਹੈ, ਜਿਸ ਨੂੰ ਰੋਕਣ ਦੀ ਬਹੁਤ ਲੋੜ ਹੈ। ਨਿੱਜੀ ਸੰਸਥਾਵਾਂ ਨੂੰ ਮਨਜ਼ੂਰੀ ਦੇਣ ਸਮੇਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਤੱਥਾਂ ਨੂੰ ਬੜੀ ਬਰੀਕੀ ਨਾਲ ਵੇਖਿਆ ਜਾਵੇ। ਇਨ੍ਹਾਂ ਸੰਸਥਾਵਾਂ ਵਿਚ ਵਿਦਿਆਰਥੀ ਦੇ ਹੋ ਰਹੇ ਨਿੱਜੀਕਰਨ ਨੂੰ ਜੇਕਰ ਪਕੜ ਵਿਚ ਲਿਆਂਦਾ ਜਾਵੇ ਤਾਂ ਸਿੱਖਿਆ ਦਾ ਪੱਧਰ ਜ਼ਰੂਰ ਉੱਚਾ ਉੱਠੇਗਾ ਅਤੇ ਹਰ ਵਿਦਿਆਰਥੀ ਇਸ ਤੋਂ ਫਾਇਦਾ ਲੈ ਸਕੇਗਾ। ਇੱਛਾਵਾਂ ਨੂੰ ਪੁੰਗਰਨ ਲਈ ਸਾਡੇ ਦੇਸ਼ ਵਿਚ ਮੌਕੇ ਘੱਟ ਹੀ ਮਿਲ ਰਹੇ ਹਨ, ਇਸੇ ਕਰਕੇ ਮਜਬੂਰਨ ਉਹ ਆਪਣੀ ਕਰਮ-ਭੂਮੀ ਅਤੇ ਪਰਿਵਾਰ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾਣਾ ਜ਼ਿਆਦਾ ਪਸੰਦ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣਾ ਵਰਤਮਾਨ ਧੁਆਂਖਿਆ-ਧੁਆਂਖਿਆ ਲੱਗ ਰਿਹਾ ਹੈ ਅਤੇ ਭਵਿੱਖ ਵਿਚ ਹਨੇਰਾ ਦਿਖ ਰਿਹਾ ਹੈ।
ਸਾਡੇ ਦੇਸ਼ ਵਿਚ ਤਕਨੀਕੀ ਸਿੱਖਿਆ ਦੀ ਬਹੁਤ ਵੱਡੀ ਘਾਟ ਹੈ। ਹਰ ਸਾਲ ਕਾਲਜ ਅਤੇ ਯੂਨੀਵਰਸਿਟੀਆਂ ਵਿਚੋਂ ਲੱਖਾਂ ਨੌਜਵਾਨ ਚੰਗਾ ਪੜ੍ਹ-ਲਿਖ ਕੇ ਨੌਕਰੀ ਦੀ ਆਸ ਵਿਚ ਨਿਕਲਦੇ ਹਨ, ਪਰ ਜ਼ਿਆਦਾ ਦੇ ਹੱਥ ਵਿਚ ਨਿਰਾਸ਼ਾ ਹੀ ਲੱਗਦੀ ਹੈ, ਜਿਸ ਕਰਕੇ ਬਾਅਦ ਵਿਚ ਜ਼ਿਆਦਾ ਪੜ੍ਹੇ-ਲਿਖੇ ਹੋਣ ਕਰਕੇ ਉਹ ਹੱਥ ਦੀ ਕਿਰਤ ਅਤੇ ਘਰੇਲੂ ਕਿੱਤੇ ਵੱਲ ਵੀ ਰੁਚੀ ਨਹੀਂ ਦਿਖਾਉਂਦੇ, ਕਿਉਂਕਿ ਆਧੁਨਿਕ ਨੌਜਵਾਨ ਰਾਤੋ-ਰਾਤ ਅਮੀਰ ਬਨਣ ਦੇ ਸੁਪਨੇ ਵੇਖਦਾ ਰਹਿੰਦਾ ਹੈ।
ਅੱਜ ਜੇਕਰ ਅਸੀਂ ਆਪਣੇ ਆਲੇ-ਦੁਆਲੇ ਧਿਆਨ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੰਜਾਬ ਦੇ ਨੌਜਵਾਨ ਸਭ ਤੋਂ ਜ਼ਿਆਦਾ ਵਿਦੇਸ਼ੀ ਧਰਤੀ 'ਤੇ ਪਹੁੰਚ ਚੁੱਕੇ ਹਨ। ਜਦੋਂ ਉਹ ਕਦੇ ਸਾਲਾਂ ਬਾਅਦ ਆਪਣੇ ਘਰਾਂ ਵੱਲ ਪਰਤਦੇ ਹਨ ਤਾਂ ਉਨ੍ਹਾਂ ਦਾ ਪਹਿਰਾਵਾ ਅਤੇ ਚਮਕ-ਦਮਕ ਵੇਖ ਕੇ ਕੋਈ ਵੀ ਸਧਾਰਨ ਨੌਜਵਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ ਅਤੇ ਉਸ ਅੰਦਰ ਵੀ ਵਿਦੇਸ਼ੀ ਧਰਤੀ ਵੇਖਣ ਦੀ ਇੱਛਾ ਠਾਠਾਂ ਮਾਰਨ ਲੱਗ ਜਾਂਦੀ ਹੈ। ਜਦੋਂ ਨੌਜਵਾਨਾਂ ਨੂੰ ਆਪਣੇ ਦੇਸ਼ ਅੰਦਰ ਉਚਿਤ ਰੁਜ਼ਗਾਰ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਉਨ੍ਹਾਂ ਦੇ ਮਨ ਵਿਚ ਕੇਵਲ ਵਿਦੇਸ਼ ਜਾਣ ਦਾ ਫੁਰਨਾ ਫੁਰਦਾ ਹੈ। ਉਹ ਕਿਸੇ ਵੀ ਸਹੀ ਜਾਂ ਗਲਤ ਤਰੀਕੇ ਨਾਲ ਵਿਦੇਸ਼ ਜਾਣ ਦੀ ਤਾਂਘ ਵਿਚ ਰਹਿੰਦੇ ਹਨ, ਪਰ ਜਦੋਂ ਉਹ ਸਫਲ ਨਹੀਂ ਹੁੰਦੇ ਤਾਂ ਫਿਰ ਬਹੁਤੇ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਲੱਖਾਂ ਰੁਪਏ ਉਨ੍ਹਾਂ ਕੋਲ ਫਸਾ ਬੈਠਦੇ ਹਨ। ਜੇਕਰ ਕੁਝ ਕੁ ਗਲਤ ਤਰੀਕੇ ਨਾਲ ਵਿਦੇਸ਼ਾਂ ਵਿਚ ਚਲੇ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਉੱਥੇ ਲੁਕ-ਛਿਪ ਕੇ ਕੰਮ ਕਰਨਾ ਪੈਂਦਾ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਉਹ ਸਰੀਰਕ ਤਸ਼ੱਦਦ ਝੱਲਣ ਦੇ ਨਾਲ-ਨਾਲ ਮਾਨਸਿਕ ਤਸ਼ੱਦਦ ਦੇ ਸ਼ਿਕਾਰ ਵੀ ਬਣੇ ਰਹਿੰਦੇ ਹਨ।
ਭਾਵੇਂ ਅੱਜ ਅਨੇਕਾਂ ਪੰਜਾਬੀਆਂ ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਵਿਚ ਆਪਣੇ ਪੈਰ ਜਮਾ ਲਏ ਹਨ ਅਤੇ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ ਤਾਂ ਉਸ ਦਾ ਵੱਡਾ ਕਾਰਨ ਇਹ ਹੈ ਕਿ ਵਿਦੇਸ਼ੀ ਧਰਤੀ 'ਤੇ ਕੰਮ ਕਰਨ ਵਾਲੇ ਇਨਸਾਨ ਦੀ ਕਦਰ ਕੀਤੀ ਜਾਂਦੀ ਹੈ। ਉਸ ਨੂੰ ਕੰਮ ਬਦਲੇ ਪੂਰੀ ਮਿਹਨਤ ਦਿੱਤੀ ਜਾਂਦੀ ਹੈ ਭਾਵ ਉਸ ਦੀ ਮਿਹਨਤ ਦਾ ਪੂਰਾ ਮੁੱਲ ਪਾਇਆ ਜਾਂਦਾ ਹੈ ਪਰ ਸਾਡੇ ਭਾਰਤ ਅੰਦਰ ਇਸ ਦੇ ਬਿਲਕੁਲ ਉਲਟ ਹੈ, ਕਿਉਂਕਿ ਲਗਪਗ ਸਾਰੇ ਵਿਭਾਗਾਂ ਵਿਚ ਜ਼ਿਆਦਾ ਕੰਮ ਅਤੇ ਘੱਟ ਤਨਖਾਹ 'ਤੇ ਅਨੇਕਾਂ ਨੌਜਵਾਨ ਸਖ਼ਤ ਮਿਹਨਤ ਨਾਲ ਕੰਮ ਕਰ ਰਹੇ ਹਨ। ਜੇਕਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ੀ ਹੋਣ ਤੋਂ ਜਾਂ ਕੁਰਾਹੇ ਪੈਣ ਤੋਂ ਬਚਾਉਣਾ ਹੈ ਤਾਂ ਲੋੜ ਹੈ ਅੱਜ ਇਨ੍ਹਾਂ ਨੂੰ ਵੀ ਭਾਰਤ ਅੰਦਰ ਵਿਦੇਸ਼ਾਂ ਵਰਗੀਆਂ ਸਹੂਲਤਾਂ ਦੇਣ ਦੀ।

-ਰਾਜਗੜ੍ਹ (ਸਮਾਣਾ-2)।
ਮੋਬਾ: 94175-43175

ਟੁੱਟੇ ਖੰਭੇ ਤੇ ਢਿੱਲੀਆਂ ਤਾਰਾਂ ਬਣੇ ਜਾਨ ਦਾ ਖੌਅ

ਕਈ ਵਰ੍ਹੇ ਪਹਿਲਾਂ ਜਦ ਪੰਜਾਬ ਰਾਜ ਬਿਜਲੀ ਬੋਰਡ ਨੂੰ ਤੋੜ ਕੇ ਨਿੱਜੀ ਹੱਥਾਂ ਵਿਚ ਸੌਂਪਣ ਦੀ ਕਵਾਇਦ ਸ਼ੁਰੂ ਹੋਈ ਤਾਂ ਪੰਜਾਬੀਆਂ ਨੇ ਸੋਚਿਆ ਕਿ ਚਲੋ ਸ਼ਾਇਦ ਸਾਡੇ ਰਾਜ ਅੰਦਰ ਵੀ ਬਿਜਲੀ ਦੀ ਸਪਲਾਈ ਦੇ ਦਿਨ ਫਿਰਨਗੇ। ਪਾਵਰਕਾਮ ਨੇ ਸ਼ੁਰੂਆਤੀ ਦਿਨਾਂ ਵਿਚ ਕਾਫ਼ੀ ਕੁਝ ਬਦਲਣ ਦੇ ਯਤਨ ਜ਼ਰੂਰ ਕੀਤੇ, ਪਰ ਸ਼ਾਇਦ ਇਸ ਮਹਿਕਮੇ ਅੰਦਰ ਬਹੁਤ ਕੁਝ ਵੱਡਾ ਕਰਨ ਦੀ ਲੋੜ ਮਹਿਸੂਸ ਹੋਈ, ਜਿਸ ਨੂੰ ਇਸ ਦੇ ਸਿਆਸੀ ਪੁਸ਼ਤ-ਪਨਾਹੀ ਦੇ ਚਲਦਿਆਂ ਦੂਰ ਕਰਨਾ ਅੱਜ ਦੀ ਘੜੀ ਨਾ-ਮੁਮਕਿਨ ਜਾਪਦੈ।
ਹੁਣ ਪਾਵਰਕਾਮ ਦਾ ਕੰਮ ਵੀ ਰੱਬ ਆਸਰੇ ਚੱਲ ਰਿਹੈ। ਕਰਮਚਾਰੀਆਂ ਦੀ ਘਾਟ ਦੇ ਚਲਦਿਆਂ ਬਿਜਲੀ ਸਪਲਾਈ ਵਿਚ ਪਏ ਨੁਕਸ ਨੂੰ ਦੂਰ ਕਰਨ ਵਿਚ ਕਈ-ਕਈ ਦਿਨ ਦਾ ਸਮਾਂ ਲੱਗਦੈ। ਬਹੁਤ ਜਗ੍ਹਾ 'ਤੇ ਟੁੱਟੇ ਖੰਬੇ ਤੇ ਢਿੱਲੀਆਂ ਤਾਰਾਂ ਪਾਵਰਕਾਮ ਦੀ ਨਖਿੱਧ ਸਪਲਾਈ ਦੀ ਪੋਲ ਖੋਲ੍ਹਦੇ ਨਜ਼ਰ ਆਉਂਦੇ ਨੇ। ਜਿਸ ਮਹਿਕਮੇ ਅੰਦਰ 4-4 ਪਿੰਡਾਂ ਲਈ 2 ਜਾਂ 3 ਮੁਲਾਜ਼ਮ ਹੋਣ ਤਾਂ ਉਥੋਂ ਦੇ ਵਧੀਆ ਪ੍ਰਬੰਧਾਂ ਬਾਰੇ ਸੋਚਣਾ ਮੂਰਖ਼ਤਾਈ ਹੋਵੇਗੀ। ਮੇਰੀ ਜਾਣਕਾਰੀ ਵਿਚ ਇਕ ਟਰਾਂਸਫ਼ਾਰਮਰ ਹੈ ਜੋ ਬਿਲਕੁਲ ਚੌਕ ਦੇ ਵਿਚ ਲੱਗਿਐ, ਉਸ ਨੂੰ ਲਗਪਗ 8 ਸਾਲ ਪਹਿਲਾਂ ਕਿਸੇ ਟਰੱਕ ਨੇ ਰਾਤ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਖੰਭਾ ਵਿਚਕਾਰੋਂ ਤੋੜ ਦਿੱਤਾ। ਸਦਕੇ ਜਾਈਏ ਮਹਿਕਮੇ ਦੇ ਤੇ ਇਸ ਦੇ ਕਰਮਚਾਰੀਆਂ 'ਤੇ, ਉਨ੍ਹਾਂ ਖੰਬਿਆਂ ਨੂੰ ਆਰਜ਼ੀ ਜੋੜ ਲਗਾ ਕੇ ਤੇ ਤਾਰਾਂ ਬੰਨ੍ਹ ਕੇ ਸਪਲਾਈ ਚਾਲੂ ਕਰ ਦਿੱਤੀ, ਜੋ ਵਰ੍ਹਿਆਂ ਤੋਂ ਅੱਜ ਤੱਕ ਚਾਲੂ ਹੈ। ਅਫ਼ਸਰ ਆਉਂਦੇ ਰਹੇ ਤੇ ਦੇਖ ਕੇ ਜਾਂਦੇ ਰਹੇ ਪਰ ਕਿਸੇ ਦਾ ਹੌਸਲਾ ਨਾ ਪਿਆ ਕਿ ਇਸ ਅਪਾਹਜ ਟਰਾਂਸਫਾਰਮਰ ਨੂੰ ਇਥੋਂ ਹਟਾ ਕੇ ਕਿਸੇ ਹੋਰ ਜਗ੍ਹਾ ਰੱਖ ਦਈਏ। ਸਕੂਲੀ ਬੱਚਿਆਂ ਦੀ ਬੱਸ ਨਾਲ ਹਾਦਸਾ ਵਾਪਰ ਚੁੱਕਿਐ, ਮਾਸੂਮ ਕਈ ਵਾਰ ਮੌਤ ਦੇ ਮੂੰਹੋਂ ਮੁੜੇ ਨੇ ਪਰ ਕਿਸੇ ਦੇ ਕੰਨ 'ਤੇ ਜੂੰ ਨਾ ਸਰਕੀ। ਪੰਚਾਇਤ ਸ਼ਾਮਲਾਟਾਂ ਅੰਦਰੋਂ ਵਿਰੋਧੀਆਂ ਦੀਆਂ ਰੂੜੀਆ ਚੁਕਵਾਉਣ ਅਤੇ ਆਪਣਿਆਂ ਦੀਆਂ ਨਾਲੀਆਂ ਸਾਫ਼ ਕਰਵਾਉਣ ਤੋਂ ਲੈ ਕੇ ਵਿਰੋਧੀਆਂ ਦੀਆਂ ਨੇਤਾਵਾਂ ਕੋਲ ਸ਼ਿਕਾਇਤਾਂ ਲਾਉਣ ਤੱਕ ਸੀਮਤ ਰਹੀ।
ਪਾਵਰਕਾਮ ਨੂੰ ਪੂਰੇ ਪੰਜਾਬ ਅੰਦਰ ਟੁੱਟੇ ਖੰਭੇ, ਢਿੱਲੀਆਂ ਤਾਰਾਂ ਅਤੇ ਖੁੱਲ੍ਹੇ ਮੀਟਰਾਂ ਦੇ ਬਕਸੇ ਜਿਹੜੇ ਹਰ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਨੇ, ਉਨ੍ਹਾਂ ਦੀ ਤੁਰੰਤ ਮੁਰੰਮਤ ਕਰਾਉਣ ਦੀ ਲੋੜ ਹੈ, ਤਾਂ ਕਿ ਕਿਸੇ ਪਸ਼ੂ ਜਾਂ ਮਨੁੱਖੀ ਜਾਨ 'ਤੇ ਬਣਿਆ ਖ਼ਤਰਾ ਟਲ ਸਕੇ।

-ਮਲੇਰਕੋਟਲਾ। ਮੋਬਾ: 94634-63136

'ਟੋਲ ਟੈਕਸ' ਲੋਕਾਂ 'ਤੇ ਪੈਂਦੀ ਦੋਹਰੀ ਮਾਰ

ਗੱਲ ਪੰਜਾਬ ਦੇ ਟੋਲ ਪਲਾਜ਼ਾ ਦੀ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਇਸ ਸਾਲ ਦੇ ਅਖੀਰ ਤੱਕ 30 ਦੇ ਕਰੀਬ ਹੋ ਜਾਏਗੀ, ਜਦੋਂ ਕਿ ਰਾਸ਼ਟਰੀ ਮਾਰਗ 'ਤੇ 7 ਟੋਲ ਪਲਾਜ਼ੇ ਵੱਖਰੇ ਰੂਪ ਵਿਚ ਚੱਲ ਰਹੇ ਹਨ। ਸੂਬੇ ਦੇ ਟਰਾਂਸਪੋਰਟ ਵਿਭਾਗ ਵਲੋਂ ਵਾਹਨ ਚਾਲਕਾਂ ਕੋਲੋਂ 15 ਸਾਲ ਦਾ ਸੜਕੀ ਟੈਕਸ ਭਰਵਾਇਆ ਜਾਂਦਾ ਹੈ, ਜਿਸ ਨੂੰ ਮੋਟਰ ਵਹੀਕਲ ਟੈਕਸ ਦਾ ਨਾਂਅ ਦਿੱਤਾ ਜਾਂਦਾ ਹੈ ਤੇ ਦੁਬਾਰਾ ਫਿਰ ਲੋਕਾਂ ਕੋਲੋਂ ਸੜਕ 'ਤੇ ਵਾਹਨ ਚਲਾਉਣ ਦਾ ਵੱਖਰਾ ਟੈਕਸ ਟੋਲ ਪਲਾਜ਼ਾ ਦੇ ਰੂਪ ਵਿਚ ਲਿਆ ਜਾਂਦਾ ਹੈ। ਬਠਿੰਡਾ ਤੋਂ ਚੰਡੀਗੜ੍ਹ ਤੱਕ 6 ਟੋਲ ਪਲਾਜ਼ਿਆਂ ਦਾ ਚਾਲਕਾਂ ਨੂੰ ਬੋਝ ਝੱਲਣਾ ਪਵੇਗਾ। ਸਤਲੁਜ ਦਰਿਆ ਨੇੜੇ ਚੱਲ ਰਹੇ ਟੋਲ ਪਲਾਜ਼ੇ ਨੂੰ ਰੋਜ਼ਾਨਾ 40 ਲੱਖ ਰੁਪਏ ਤੋਂ ਵੱਧ ਆਮਦਨ ਹੈ। ਟੋਲ ਪਲਾਜ਼ਾ ਦੀਆਂ ਪਰਚੀਆਂ ਦੀਆਂ ਦਰਾਂ ਵਿਚ ਹਰ ਸਾਲ ਵਾਧਾ ਕੀਤਾ ਜਾਂਦਾ ਹੈ। ਅੱਜ ਟੋਲ ਪਲਾਜ਼ੇ ਲੋਕਾਂ ਲਈ ਆਰਥਿਕ ਮੰਦੀ ਦੇ ਦੌਰ ਵਿਚ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਭਵਾਨੀਗੜ੍ਹ ਨੇੜੇ ਪਿੰਡ ਕਾਲਾਝਾੜ ਵਿਖੇ ਲੱਗੇ ਹੋਏ ਟੋਲ ਪਲਾਜ਼ਾ ਦੀ ਪਰਚੀ ਸਭ ਤੋਂ ਵੱਧ ਪ੍ਰਤੀ ਕਾਰ ਦੇ ਤਕਰੀਬਨ 180 ਰੁਪਏ ਹੈ। ਟਰਾਂਸਪੋਰਟ ਵਿਭਾਗ ਵਲੋਂ ਵਾਹਨ ਚਾਲਕਾਂ ਕੋਲੋਂ ਸੜਕ 'ਤੇ ਚੱਲਣ ਦਾ ਟੈਕਸ ਲਿਆ ਜਾਂਦਾ ਹੈ, ਜਿਸ ਵਿਚ ਮੋਟਰਸਾਈਕਲ ਦੇ ਮਾਲਕ ਕੋਲੋਂ 15 ਸਾਲ ਦਾ 3 ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਅਤੇ ਵੱਧ ਮੁੱਲ ਵਾਲੀ ਕਾਰ ਦਾ ਸੜਕ ਟੈਕਸ ਭਰਵਾਇਆ ਜਾਂਦਾ ਹੈ। ਪੰਜਾਬ ਅੰਦਰ ਟੋਲਾਂ ਦਾ ਦੌਰ 2005 ਦੇ ਕਰੀਬ ਸ਼ੁਰੂ ਹੋਇਆ ਅਤੇ ਇਸ ਸਮੇ ਦੌਰਾਨ ਬਣੇ ਟੋਲ ਨੂੰ 2020 ਤੋਂ 2025 ਤੱਕ ਚਲਾਇਆ ਜਾਣਾ ਹੈ। ਜੇਕਰ ਪੰਜਾਬ ਸਰਕਾਰ ਪਹਿਲਾਂ ਹੀ ਲੋਕਾਂ ਕੋਲੋਂ ਸੜਕੀ ਟੈਕਸ ਦੇ ਰੂਪ ਵਿਚ ਪੈਸੇ ਲੈ ਰਹੀ ਹੈ ਤਾਂ ਟੋਲ ਟੈਕਸ ਦੇ ਰੂਪ ਵਿਚ ਪਰਚੀ ਨਹੀਂ ਲੱਗਣੀ ਚਾਹੀਦੀ ਜਾਂ ਫਿਰ ਰੋਡ ਟੈਕਸ ਲੈਣਾ ਬੰਦ ਕਰਨਾ ਚਾਹੀਦਾ ਹੈ, ਤਾਂ ਕਿ ਪੰਜਾਬ ਦੇ ਲੋਕ ਦੂਹਰੇ ਕਰ ਦੀ ਮਾਰ ਤੋਂ ਬਚ ਸਕਣ।

-ਭਗਤਾ ਭਾਈ ਕਾ। ਮੋਬਾ: 98721-02614


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX