ਤਾਜਾ ਖ਼ਬਰਾਂ


ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  11 minutes ago
ਸੁਲਤਾਨਪੁਰ ਲੋਧੀ, 21 ਜਨਵਰੀ (ਥਿੰਦ, ਹੈਪੀ)- ਅੱਜ ਸਵੇਰੇ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਰ ਵਾਧਾ ਹੋ ਗਿਆ ਹੈ। ਹਾਲਾਂਕਿ ਇਹ ਮੀਂਹ ਕਣਕ ਦੀ ਫ਼ਸਲ ਲਈ ਕਾਫ਼ੀ ਲਾਹੇਵੰਦ ਮੰਨਿਆ ਜਾ ਰਿਹਾ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਆਉਣ...
ਇਜ਼ਰਾਈਲ ਨੇ ਸੀਰੀਆ 'ਚ ਈਰਾਨੀ ਟਿਕਾਣਿਆਂ 'ਤੇ ਕੀਤੇ ਹਮਲੇ
. . .  56 minutes ago
ਯਰੂਸ਼ਲਮ, 21 ਜਨਵਰੀ- ਇਜ਼ਰਾਈਲੀ ਫੌਜੀਆਂ ਨੇ ਅੱਜ ਤੜਕੇ ਸੀਰੀਆ 'ਚ ਈਰਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਇਜ਼ਰਾਈਲ ਦੀ ਰੱਖਿਆ ਫੌਜ (ਆਈ. ਡੀ. ਐੱਫ.) ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲੀ ਫੌਜੀਆਂ ਦੀ...
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਜਾਣ ਵਾਲੀਆਂ ਕਈ ਟਰੇਨਾਂ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟਤਾ ਕਾਰਨ ਅੱਜ ਰਾਜਧਾਨੀ ਦਿੱਲੀ ਨੂੰ ਜਾਣ ਵਾਲੀਆਂ 11 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਟੇਰਨ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ...
ਮਾਲੀ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਹੋਏ ਹਮਲੇ 'ਚ 10 ਦੀ ਮੌਤ, 25 ਜ਼ਖ਼ਮੀ
. . .  about 1 hour ago
ਬਮਾਕੂ, 21 ਜਨਵਰੀ- ਅਫ਼ਰੀਕਾ ਦੇ ਅੱਠਵੇਂ ਸਭ ਤੋਂ ਵੱਡੇ ਦੇਸ਼ ਮਾਲੀ ਦੇ ਉੱਤਰੀ ਇਲਾਕੇ 'ਚ ਲੰਘੇ ਦਿਨ ਅੱਤਵਾਦੀਆਂ ਵਲੋਂ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਵੱਡਾ ਹਮਲਾ ਕੀਤਾ ਗਿਆ। ਅਲਜੀਰੀਆ ਦੀ ਸਰਹੱਦ ਦੇ ਕੋਲ ਹੋਏ ਇਸ ਹਮਲੇ 'ਚ ਅਫ਼ਰੀਕੀ ਦੇਸ਼ ਚਾਡ...
ਅੱਜ ਦਾ ਵਿਚਾਰ
. . .  1 minute ago
ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  1 day ago
ਅਜਨਾਲਾ, 20 ਜਨਵਰੀ ( ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 6 'ਚ ਸਤਪਾਲ ਸਿੰਘ ਭੱਠੇ ਵਾਲਿਆਂ ਦੇ ਘਰੋਂ ਚੋਰਾਂ ਨੇ 15 ਤੋਲੇ ਸੋਨੇ ਦੇ ਗਹਿਣੇ, 25 ਹਜਾਰ...
ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਬਖੂਹਾ

ਦੀਵਾਲੀ ਦੇ ਦਿਨ ਦੀ ਪਹੁ ਫੁਟ ਰਹੀ ਸੀ। ਕੁਲਵਿੰਦਰ ਨੇ ਸਾਈਕਲ ਦੇ ਹੈਂਡਲ ਵਿਚ ਦਾਤੀ ਟੰਗੀ ਤੇ ਖੇਤ ਵੱਲ ਨੂੰ ਤੁਰ ਪਿਆ। ਖੇਤਾਂ ਵੱਲ ਤਾਂ ਅੱਜ ਅਜੀਬ ਹੀ ਰੌਣਕ ਲੱਗੀ ਪਈ ਸੀ। ਇੰਜ ਲਗਦਾ ਸੀ ਜਿਵੇਂ ਸਾਰਾ ਪਿੰਡ ਹੀ ਖੇਤਾਂ ਵੱਲ ਆ ਜਾ ਰਿਹਾ ਹੋਵੇ। ਖੇਤਾਂ ਵੱਲ ਜਾਂਦੀਆਂ ਔਰਤਾਂ ਦੇ ਹੱਥਾਂ ਵਿਚ ਸੁਹਾਵਣੀ ਜਿਹੀ ਸੁਗੰਧ ਵਾਲਾ ਧੂੰਆਂ ਛੱਡਦੀਆਂ ਅਧ-ਜਲੀਆਂ ਪਾਥੀਆਂ, ਹੱਥੀਂ ਤਿਆਰ ਕੀਤੇ ਰੁਮਾਲਾਂ ਨਾਲ ਢੱਕੇ ਥਾਲ, ਡੋਲਣਾ, ਝੋਲਾ ਆਦਿਕ ਸੀ। ਖੇਤਾਂ ਵਲੋਂ ਮੁੜ ਕੇ ਆਉਂਦੀਆਂ ਔਰਤਾਂ ਥਾਲ ਜਾਂ ਡੋਲਣਿਆਂ ਵਿਚੋਂ ਆਉਂਦੇ ਜਾਂਦੇ ਜਾਣ-ਪਛਾਣ ਵਾਲੇ ਨੂੰ ਦੇਗ ਵਰਤਾਉਂਦੀਆਂ ਤੁਰੀਆਂ ਆ ਰਹੀਆਂ ਸਨ।
ਕੁਲਵਿੰਦਰ ਸਭ ਵਲ ਵੇਖਦਾ ਮਨ ਹੀ ਮਨ ਕੁਝ ਸੋਚਦਾ ਤੁਰਿਆ ਜਾ ਰਿਹਾ ਸੀ। ਸਾਹਮਣਿਓਂ ਪਹੀ 'ਤੇ ਤੁਰੇ ਆ ਰਹੇ ਗੁਰਸਾਹਿਬ ਸਿੰਘ ਦੇ ਹੱਥ ਵਿਚ ਖੁਰਪਾ ਵੇਖ ਕੇ ਕੁਲਵਿੰਦਰ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਗੁਰਸਾਹਿਬ ਸਿੰਘ ਵੀ ਮਿੱਟੀ ਕੱਢ ਕੇ ਆ ਰਿਹਾ ਏ। ਨੇੜੇ ਹੁੰਦਿਆਂ ਕੁਲਵਿੰਦਰ ਬੋਲਿਆ, 'ਸਤਿ ਸ੍ਰੀ ਅਕਾਲ ਤਾਇਆ ਜੀ।'
'ਓ ਸਤਿ ਸ੍ਰੀ ਅਕਾਲ ਪੁੱਤਰਾ, ਕੀ ਹਾਲ-ਚਾਲ ਐ... ਚੱਲ ਪਿਆ ਪੱਠਿਆਂ ਨੂੰ?'
'ਹਾਲ-ਚਾਲ ਤਾਂ ਠੀਕ ਆ ਤਾਇਆ, ਪਰ ਇਕ ਗੱਲ ਦੀ ਸਮਝ ਨਹੀਂ ਆਈ, ਮੈਂ ਤਾਂ ਸਮਝਦਾ ਸੀ ਬਈ ਆਹ ਅਨਪੜ੍ਹ ਲੋਕ ਹੀ ਮੜ੍ਹੀਆਂ-ਮਸਾਣਾਂ ਨੂੰ ਪੂਜਦੇ ਐ, ਪਰ ਆਹ ਤਾਂ ਉਲਟੀ ਗੰਗਾ ਵਗਣ ਵਾਲੀ ਗੱਲ ਐ ਬਈ ਤੁਹਾਡਾ ਪੜ੍ਹ-ਲਿਖ ਕੇ ਵੀ ਮੜ੍ਹੀਆਂ-ਮਸਾਣਾਂ 'ਚ ਵਿਸ਼ਵਾਸ ਐ।'
'ਓ ਨਾ ਪੁੱਤਰਾ ਨਾ, ਮੇਰਾ ਵਿਸ਼ਵਾਸ ਮੜ੍ਹੀਆਂ 'ਚ?...ਉੱਕਾ ਹੀ ਨਹੀਂ ਪੁੱਤਰ ਜੀ।'
'ਹਾ... ਹਾ...ਹਾ... ਸਦਕੇ ਜਾਵਾਂ ਤਾਇਆ ਜੀ... ਅਖੇ ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਆਹ ਰੰਬਾ ਤਾਂ ਮੂੰਹੋਂ ਬੋਲਦਾ ਪਿਆ ਬਈ ਤੁਸੀਂ ਵੀ ਮਿੱਟੀ ਕੱਢ ਕੇ ਆਏ ਹੋ... ਤੇ ਆਹ ਸਾਫ਼ ਹੀ ਮੁੱਕਰ ਗਏ ਬਿੰਦ 'ਚ ਦੀ।'
'ਲੈ ਦੱਸ ਪੁੱਤਰਾ, ਮੁੱਕਰਿਆ ਮੈਂ ਕਦੋਂ ਆਂ, ਮੈਂ ਤਾਂ ਆਪ ਕਹਿ ਰਿਹਾ ਮੈਂ ਮਿੱਟੀ ਕੱਢ ਕੇ ਆਇਆਂ।'
'ਕਮਾਲ ਪਏ ਕਰਦੇ ਓ ਤਾਇਆ ਜੀ, ਨਾਲੇ ਕਹਿੰਦੇ ਹੋ ਮੇਰਾ ਵਿਸ਼ਵਾਸ ਕੋਈ ਨਹੀਂ ਏਹਨਾਂ ਕਰਮ ਕਾਂਡਾਂ ਵਿਚ, ਨਾਲੇ ਮੰਨੀ ਜਾਂਦੇ ਹੋ ਕਿ ਬਈ ਮਿੱਟੀ ਕੱਢ ਕੇ ਆ ਰਹੇ ਓ।'
'ਓ ਦਰਅਸਲ ਪੁੱਤਰਾ ਗੱਲ ਏਹ ਆ... ਵਿਸ਼ਵਾਸ-ਵਿਸ਼ਵੂਸ਼ ਤਾਂ ਆਪਣਾ ਭੋਰਾ ਵੀ ਨਹੀਂ ਏਹਨਾਂ ਕੰਮਾਂ 'ਚ। ਬਸ ਇਕੋ ਹੀ ਗੱਲ ਮੈਨੂੰ ਏਥੇ ਲੈ ਆਉਂਦੀ ਏ, ਉਹ ਇਹ ਬਈ ਹੁਣ ਤੂੰ ਵੇਖਲਾ ਸਾਨੂੰ ਘੱਟੋ-ਘੱਟ 35-40 ਸਾਲ ਹੋ ਗਏ ਅੱਡ ਹੋਇਆਂ ਨੂੰ। ਓਸ ਵੇਲੇ ਘਰ-ਖੇਤ ਦੀ 'ਕੱਲੀ-'ਕੱਲ੍ਹੀ ਚੀਜ਼ ਦੀ ਵੰਡੀ ਪੈ ਗਈ ਸੀ ਪੁੱਤਰਾ। ਦੁੱਖ ਤਾਂ ਬੜਾ ਹੋਇਆ ਸੀ ਪਰ ਤੀਵੀਆਂ ਅੱਗੇ ਕਰ ਵੀ ਕੀ ਸਕਦੇ ਸੀ। ਓਸ ਵੇਲੇ ਤੋਂ ਨਾ ਕੋਈ ਕਿਸੇ ਨਾਲ ਬੋਲਦਾ ਤੇ ਨਾ ਕੁਝ ਹੋਰ ਲੈਣ-ਦੇਣ ਕਰਦਾ। ਪਰ ਆਹ ਬਖੂਹਾ... ਇਹ ਤਾਂ ਸਾਡੇ ਪਿਉਆਂ ਤੇ ਦਾਦਿਆਂ ਵੇਲੇ ਦਾ ਸਾਂਝਾ ਹੀ ਤੁਰਿਆ ਆਉਂਦਾ, ਨਾ ਉਨ੍ਹਾਂ ਤੋਂ ਵੰਡਿਆ ਗਿਆ ਨਾ ਸਾਡੇ ਤੋਂ। ਬਸ ਏਸ ਬਖੂਹੇ ਨੂੰ ਵੇਖ ਕੇ ਦਿਲ ਖ਼ੁਸ਼ ਹੋ ਜਾਂਦਾ ਬਈ ਹਾਲੇ ਵੀ ਸਾਡੀ ਇਕ ਚੀਜ਼ ਤਾਂ ਸਾਂਝੀ ਐ। ਬਾਕੀ ਜਦੋਂ ਮਿੱਟੀ ਕੱਢਣ ਵੇਲੇ ਸਾਰੇ ਘਰ ਇਕੱਠੇ ਹੋਇਆਂ ਵੇਖਦਾਂ ਤਾਂ ਦਿਲ ਨੂੰ ਬੜਾ ਧਰਵਾਸ ਜਿਹਾ ਮਿਲਦਾ, ਮਾੜਾ-ਮੋਟਾ ਇਕ-ਦੂਜੇ ਨਾਲ ਬੋਲ ਵੀ ਪਈਦਾ ਤਾਂ ਪਈਆਂ ਵੰਡੀਆਂ ਵੀ ਉਨ੍ਹਾਂ ਪਲਾਂ 'ਚ ਭੁੱਲ ਗਈਆਂ ਮਹਿਸੂਸ ਹੁੰਦੀਆਂ। ਬਸ ਏਸੇ ਕਰਕੇ ਹੀ ਏਸ ਬਖੂਹੇ ਦੀਆਂ ਦਸ ਕੁ ਇੱਟਾਂ, ਸਾਡੀਆਂ ਅੱਡੋ-ਅੱਡ ਪਾਈਆਂ ਕੋਠੀਆਂ ਦੀਆਂ ਹਜ਼ਾਰਾਂ ਇੱਟਾਂ ਨਾਲੋਂ ਵੱਧ ਪਿਆਰੀਆਂ ਲਗਦੀਆਂ, ਜੋ ਸਾਨੂੰ 'ਕੱਠੇ ਤਾਂ ਕਰੀ ਰੱਖਦੀਆਂ। ਹੁਣ ਤੂੰ ਹੀ ਦੱਸ 'ਕੱਠੇ ਹੋਣ ਲਈ ਏਦੂੰ ਸਸਤਾ ਸੌਦਾ ਕਿਹੜਾ ਹੋਊ।'
ਇਹ ਸੁਣ ਕੇ ਕੁਲਵਿੰਦਰ ਨੇ ਸਾਈਕਲ ਦਾ ਪੈਡਲ ਮਾਰਿਆ ਤੇ ਅਗਾਂਹ ਵੱਲ ਚੱਲ ਪਿਆ।

-ਪਿੰਡ ਤੇ ਡਾਕ: ਰੋਡੇ, ਜ਼ਿਲ੍ਹਾ ਮੋਗਾ।
ਮੋਬਾਈਲ: 98889-79308.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ: ਲੈਣੇ ਦੇ ਦੇਣੇ

ਸ਼ਹਿਰ 'ਚ ਇਕ ਮੰਨੀ-ਪ੍ਰਮੰਨੀ ਹਸਤੀ ਨੇ ਆਉਣਾ ਸੀ। ਸੜਕ ਘੱਟ ਚੌੜੀ ਹੋਣ ਕਰਕੇ ਪੁਲਿਸ ਨੇ ਟ੍ਰੈਫਿਕ ਇਕ ਤਰਫ਼ਾ ਕਰ ਰੱਖਿਆ ਸੀ। ਮੈਂ ਆਪਣੀ ਗੱਡੀ ਵਿਚ ਜਾ ਰਿਹਾ ਸੀ। ਅੱਗੋਂ ਇਕ ਜੀਪ 'ਚ ਡੀ.ਐਸ.ਪੀ. ਆਪਣੇ ਪੰਜ-ਛੇ ਸਿਪਾਹੀਆਂ ਸਮੇਤ ਆ ਰਿਹਾ ਸੀ। ਮੈਂ ਆਪਣੀ ਕਾਰ ਰੋਕ ਲਈ। ਉਨ੍ਹਾਂ ਮੈਨੂੰ ਆਪਣੀ ਕਾਰ ਪਿੱਛੇ ਹਟਾਉਣ ਲਈ ਕਿਹਾ।
'ਸਰ, ਆਈ.ਐਮ.ਔਨ ਦੀ ਰਾਈਟ ਸਾਈਡ।'
ਮੇਰੇ ਇਹ ਅੰਗਰੇਜ਼ੀ ਦੇ ਚਾਰ ਅੱਖਰ ਬੋਲਦੇ ਸਾਰ ਡੀ.ਐਸ.ਪੀ. ਅੱਗ ਬਬੂਲਾ ਹੋ ਗਿਆ ਤੇ ਕਹਿਣ ਲੱਗਾ, 'ਤੂੰ ਸਾਨੂੰ ਕਾਨੂੰਨ ਸਿਖਾ ਰਿਹਾ ਏਂ।'
ਬਸ ਫੇਰ ਕੀ ਸੀ, ਉਸ ਨੇ ਆਪਣੇ ਸਿਪਾਹੀਆਂ ਨੂੰ ਨਾਲ ਦੀ ਨਾਲ ਹੁਕਮ ਦੇ ਦਿੱਤਾ ਕਿ ਜ਼ਰਾ ਇਸ ਬਾਬੂ ਨੂੰ ਅੰਗਰੇਜ਼ੀ ਬੋਲਣੀ ਚੰਗੀ ਤਰ੍ਹਾਂ ਸਿਖਾ ਦਿਓ।
ਸਿਪਾਹੀਆਂ ਨੇ ਸ਼ਰਾਬ ਪੀਤੀ ਹੋਈ ਸੀ। ਨਸ਼ੇ 'ਚ ਲੋਟ-ਪੋਟ ਉਨ੍ਹਾਂ ਮੈਨੂੰ ਬੁਰੀ ਤਰ੍ਹਾਂ ਖਿੱਚ ਕੇ ਬਾਹਰ ਕੱਢ ਲਿਆ। ਬਾਕੀ ਸਿਪਾਹੀ ਵੀ ਮੇਰੇ 'ਤੇ ਟੁੱਟ ਕੇ ਪਏ ਤੇ ਲੱਤਾਂ-ਬਾਹਾਂ ਤੇ ਕੁਝ ਦੇਰ ਆਪਣਾ ਅਭਿਆਸ ਕਰਦੇ ਰਹੇ। ਇਹ ਤਾਂ ਮੇਰੀ ਖੁਸ਼ਕਿਸਮਤੀ ਸੀ ਕਿ ਮੌਕੇ 'ਤੇ ਉਥੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਮੇਰੀ ਤੁਰੰਤ ਸਹਾਇਤਾ ਕਰ ਦਿੱਤੀ। ਵਰਨਾ ਪਤਾ ਨ੍ਹੀਂ ਕੀ ਹੋ ਜਾਂਦਾ।
ਪਰ ਸ਼ਰਾਬ ਪੀਣ ਦੇ ਦੋਸ਼ 'ਚ ਡੀ.ਐਸ.ਪੀ. ਨੇ ਮੈਨੂੰ ਥਾਣੇ ਅੰਦਰ ਬੰਦ ਕਰਨ ਦਾ ਹੁਕਮ ਦੇ ਦਿੱਤਾ। ਮੈਂ ਸਾਰੀ ਰਾਤ ਇਸੇ ਤਰ੍ਹਾਂ ਸੀਖਾਂ ਪਿੱਛੇ ਬਿਤਾ ਦਿੱਤੀ।
ਜਦ ਸਵੇਰ ਹੋਈ, ਡੀ.ਐਸ.ਪੀ. ਸਾਹਿਬ ਦੀ ਅੱਖ ਖੁੱਲ੍ਹੀ। ਉਸ ਨੂੰ ਪਤਾ ਚੱਲਿਆ ਕਿ ਮੈਂ ਇਕ ਵਿਧਾਇਕ ਦਾ ਸਪੁੱਤਰ ਹਾਂ, ਉਸ ਦੇ ਤੋਤੇ ਉੱਡ ਗਏ ਤੇ ਲੈਣੇ ਦੇ ਦੇਣੇ ਪੈ ਗਏ।

-ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025.
ਮੋਬਾਈਲ : 94175-30266.

ਹਿੰਦੀ ਵਿਅੰਗ: ਬਨਾਰਸ ਦੇ ਘਾਟ 'ਤੇ

ਇਕ ਸੱਜਣ ਬਨਾਰਸ ਪਹੁੰਚੇ। ਸਟੇਸ਼ਨ 'ਤੇ ਉੱਤਰੇ ਹੀ ਸਨ ਕਿ ਇਕ ਲੜਕਾ ਦੌੜਦਾ ਆਇਆ, 'ਮਾਮਾ ਜੀ, ਮਾਮਾ ਜੀ', ਲੜਕੇ ਨੇ ਪੈਰ ਛੂਹੇ।
ਉਨ੍ਹਾਂ ਪਛਾਣਿਆ ਨਹੀਂ, ਪੁੱਛਿਆ, 'ਤੂੰ ਕੌਣ?'
'ਮੈਂ ਮੁੰਨਾ' ਤੁਸੀਂ ਪਛਾਣਦੇ ਨਹੀਂ ਮੈਨੂੰ।
'ਮੁੰਨਾ?' ਉਹ ਸੋਚਣ ਲੱਗੇ।
'ਹਾਂ ਮੁੰਨਾ, ਭੁੱਲ ਗਏ ਤੁਸੀਂ ਮਾਮਾ ਜੀ! ਖ਼ੈਰ ਕੋਈ ਗੱਲ ਨਹੀਂ। ਏਨੇ ਸਾਲ ਭੀ ਤਾਂ ਹੋ ਗਏ।'
'ਤੂੰ ਇਥੇ ਕਿਸ ਤਰ੍ਹਾਂ?'
'ਮੈਂ ਅੱਜਕਲ੍ਹ ਇਥੇ ਹਾਂ।'
'ਅੱਛਾ',
'ਹਾਂ'
ਮਾਮਾ ਜੀ ਆਪਣੇ ਭਾਣਜੇ ਨਾਲ ਬਨਾਰਸ ਘੁੰਮਣ ਲੱਗੇ। ਚਲੋ ਕੋਈ ਸਾਕ ਤਾਂ ਮਿਲਿਆ। ਕਦੀ ਇਸ ਮੰਦਰ, ਕਦੀ ਉਸ ਮੰਦਰ। ਫਿਰ ਪਹੁੰਚੇ ਗੰਗਾਘਾਟ। ਸੋਚਿਆ, 'ਨਹਾ ਲਿਆ ਜਾਵੇ।'
'ਮੁੰਨਾ! ਨਹਾ ਲਵਾਂ?'
'ਜ਼ਰੂਰ ਨਹਾਓ। ਮਾਮਾ ਜੀ, ਬਨਾਰਸ ਆਏ ਹੋ, ਨਹਾਉਗੇ ਨਹੀਂ, ਇਹ ਕਿਵੇਂ ਹੋ ਸਕਦਾ ਹੈ।'
'ਹਰ ਹਰ ਗੰਗੇ, ਮਾਮਾ ਜੀ ਨੇ ਡੁਬਕੀ ਲਗਾਈ।'
ਬਾਹਰ ਨਿਕਲੇ। ਕੱਪੜੇ ਤੇ ਸਾਮਾਨ ਗਾਇਬ।
ਲੜਕਾ, ਮੁੰਨਾ ਵੀ ਗਾਇਬ।
'ਮੁੰਨਾ, ਏ ਮੁੰਨਾ।'
ਪਰ ਮੁੰਨਾ ਉੱਥੇ ਹੋਵੇ ਤਾਂ ਮਿਲੇ। ਉਹ ਤੌਲੀਆ ਲਪੇਟੀ ਖੜੋਤੇ ਹਨ।
'ਕਿਉਂ ਭਾਈ ਸਾਹਿਬ। ਤੁਸੀਂ ਮੁੰਨਾ ਨੂੰ ਵੇਖਿਆ ਹੈ?'
'ਕੌਣ ਮੁੰਨਾ?'
ਉਹੋ ਜਿਸ ਦਾ ਮੈਂ ਮਾਮਾ ਹਾਂ।
ਮੈਂ ਸਮਝਿਆ ਨਹੀਂ।
'ਉਹੋ! ਮੈਂ ਜਿਸ ਦਾ ਮਾਮਾ ਹਾਂ ਉਹ ਮੁੰਨਾ', ਉਹ ਤੌਲੀਆ ਲਪੇਟੀ ਇਧਰ-ਉਧਰ ਦੌੜਦੇ ਰਹੇ। ਮੁੰਨਾ ਨਹੀਂ, ਮਿਲਿਆ।
ਭਾਰਤੀ ਨਾਗਰਿਕ ਤੇ ਭਾਰਤੀ ਵੋਟਰ ਦੇ ਨਾਤੇ ਸਾਡੀ ਇਹੋ ਸਥਿਤੀ ਹੈ ਮਿੱਤਰੋ। ਚੋਣਾਂ ਦੇ ਮੌਸਮ 'ਚ ਕੋਈ ਆਉਂਦਾ ਹੈ ਅਤੇ ਸਾਡੇ ਪੈਰੀਂ ਆ ਡਿਗਦਾ ਹੈ।
'ਮੈਨੂੰ ਨਹੀਂ ਪਛਾਣਿਆ? ਮੈਂ ਚੋਣ ਉਮੀਦਵਾਰ। ਹੋਣ ਵਾਲਾ ਐਮ.ਐਲ.ਏ., ਮੰਤਰੀ। ਤੁਸੀਂ ਲੋਕਤੰਤਰ ਦੀ ਗੰਗਾ ਵਿਚ ਡੁਬਕੀ ਲਗਾਉਂਦੇ ਹੋ। ਬਾਹਰ ਨਿਕਲਣ 'ਤੇ ਤੁਸੀਂ ਵੇਖਦੇ ਹੋ ਕਿ ਉਹ ਸ਼ਖ਼ਸ ਜਿਹੜਾ ਕੱਲ੍ਹ ਤੁਹਾਡੇ ਪੈਰ ਛੂਹ ਰਿਹਾ ਸੀ, ਤੁਹਾਡਾ ਵੋਟ ਲੈ ਕੇ ਗਾਇਬ ਹੋ ਗਿਆ। ਵੋਟਾਂ ਦੀ ਪੇਟੀ ਲੈ ਕੇ ਦੌੜ ਗਿਆ। ਸਮੱਸਿਆਵਾਂ ਦੇ ਘਾਟ 'ਤੇ ਅਸੀਂ ਤੌਲੀਆ ਲਪੇਟੀ ਖੜੋਤੇ ਹਾਂ। ਸਭ ਨੂੰ ਪੁੱਛ ਰਹੇ ਹਾਂ। ਕਿਉਂ ਸਾਹਿਬ! ਉਹ ਕਿਧਰੇ ਤੁਹਾਨੂੰ ਦਿਸਿਆ? ਉਹੋ ਜਿਸ ਦੇ ਅਸੀਂ ਵੋਟਰ ਹਾਂ। ਉਹੋ ਜਿਸ ਦੇ ਅਸੀਂ ਮਾਮੇ ਹਾਂ। ਪੰਜ ਸਾਲ ਇਸੇ ਤਰ੍ਹਾਂ ਤੌਲੀਆ ਲਪੇਟੀ, ਘਾਟ 'ਤੇ ਖੜੋਤਿਆਂ ਬੀਤ ਜਾਂਦੇ ਹਨ।

ਅਨੁ: ਮੁਖ਼ਤਾਰ ਗਿੱਲ
ਪ੍ਰੀਤ ਨਗਰ, ਚੌਗਾਵਾਂ-143109 (ਅੰਮ੍ਰਿਤਸਰ) ਫੋਨ : 98140-82217.

ਦੋ ਲਘੂ ਕਥਾਵਾਂ

ਉਡੀਕ
ਵੱਡੇ ਮੁੰਡੇ ਦੇ ਘਰ ਲੜਕੇ ਨੇ ਜਨਮ ਲਿਆ ਸੀ। ਸਾਰਾ ਪਰਿਵਾਰ, ਆਲਾ-ਦੁਆਲਾ ਤੇ ਰਿਸ਼ਤੇਦਾਰ, ਨਵੇਂ ਆਏ ਪਰਿਵਾਰਕ ਮੈਂਬਰ ਦੀ ਆਮਦ 'ਤੇ ਬੇਹੱਦ ਖੁਸ਼ ਸਨ। ਮੁੰਡੇ ਦੇ ਦਾਦੇ ਨੇ, ਮੋਤੀ ਚੂਰ ਲੱਡੂਆਂ ਦੇ ਡੱਬੇ, ਸਭ ਦੇ ਘਰੀਂ ਪਹੁੰਚਾਏ ਸਨ।
ਇਸ ਖੁਸ਼ੀ ਵਿਚ ਸ਼ਾਮਿਲ ਹੋਣ ਲਈ ਢੋਲਕੀਆਂ ਵਜਾਉਂਦੇ, ਗਿੱਧੇ ਪਾਉਂਦੇ ਤੇ ਗੀਤ ਗਾਉਂਦੇ ਹੀਜੜੇ ਵੀ ਘਰ ਆ ਪੁੱਜੇ ਸਨ। ਹੀਜੜਿਆਂ ਦੇ ਮੁਖੀ ਨੇ ਜੋ ਮੰਗਿਆ, ਦਾਦਾ ਜੀ ਨੇ ਉਹੀਓ ਕੁਝ ਖੁਸ਼ੀ-ਖੁਸ਼ੀ ਉਨ੍ਹਾਂ ਦੀ ਝੋਲੀ ਪਾਇਆ। ਹੀਜੜੇ ਬੜੇ ਪ੍ਰਸੰਨ ਸਨ।
ਜਾਂਦੇ-ਜਾਂਦੇ ਹੀਜੜਿਆਂ ਦੇ ਮੁਖੀ ਨੇ ਕਿਹਾ, 'ਸਰਦਾਰਾ, ਤੂੰ ਸਾਡਾ ਬੜਾ ਮਾਣ ਕੀਤੈ, ਰੱਬ ਤੇਰੀਆਂ ਮੁਰਾਦਾਂ ਏਸੇ ਤਰ੍ਹਾਂ ਪੂਰੀਆਂ ਕਰਦਾ ਰਹੇ... ਪਰ ਇਕ ਗੱਲ ਤੇਰੇ ਨਾਲ ਜ਼ਰੂਰ ਸਾਂਝੀ ਕਰਨੀ ਹੈ... ਤੂੰ ਬੜਾ ਸਰਦਾਰ ਤੇ ਸਾਊ ਇਨਸਾਨ ਲਗਦੈਂ, ਮੁੰਡਿਆਂ ਦੇ ਜਨਮੇ 'ਤੇ ਅਸੀਂ ਖੁਦ ਵੀ ਆਉਂਦੇ ਹਾਂ ਤੇ ਸਾਨੂੰ ਬੁਲਾਇਆ ਵੀ ਜਾਂਦਾ ਹੈ, ਪਰ ਮਜ਼ਾ ਤਾਂ ਹੈ ਜੇ ਤੂੰ ਕੁੜੀ ਦੇ ਜਨਮ 'ਤੇ ਵੀ ਬੁਲਾਵੇਂ...।'
'ਪੱਕਾ ਬੁਲਾਵਾਂਗਾ' ਨਵਜਾਤ ਦੇ ਦਾਦੇ ਨੇ ਉੱਚੀ ਆਵਾਜ਼ ਵਿਚ ਕਿਹਾ।
ਅਗਲੇ ਹੀ ਸਾਲ, ਛੋਟੇ ਮੁੰਡੇ ਦੇ ਘਰ ਲੜਕੀ ਨੇ ਵੀ ਜਨਮ ਲੈ ਲਿਆ ਸੀ। ਦਾਦੇ ਨੇ ਕੁੜੀ ਦੇ ਜਨਮ 'ਤੇ ਮੁੰਡੇ ਦੇ ਜਨਮ ਵਾਂਗ ਹੀ ਸਭ ਦੇ ਘਰ ਮੋਤੀ ਚੂਰ ਦੇ ਲੱਡੂਆਂ ਦੇ ਡੱਬੇ ਪਹੁੰਚਾਏ ਸਨ। ਉਨ੍ਹਾਂ ਹੀਜੜਿਆਂ ਨੂੰ ਵੀ ਆਉਣ ਲਈ ਸੁਨੇਹਾ ਭੇਜ ਦਿੱਤਾ ਸੀ।
ਹੁਣ ਸਭ ਨੂੰ ਹੀਜੜਿਆਂ ਦੇ ਆਉਣ ਦੀ ਉਡੀਕ ਸੀ।

ਮਲੀਣ ਆਤਮਾ
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ, ਰਾਗੀ ਸਿੰਘਾਂ ਨੇ ਕੀਰਤਨ ਕਰਨਾ ਸੀ। ਕੀਰਤਨ ਉਪਰੰਤ ਇਲਾਕੇ ਦੇ ਐਮ.ਪੀ. ਨੇ ਸਰੋਤਿਆਂ ਦੇ ਰੂ-ਬਰੂ ਹੋਣਾ ਸੀ। ਅਜਿਹੇ ਸ਼ੁਭ ਅਵਸਰ ਸਮੇਂ, ਇਲਾਕਾ ਨਿਵਾਸੀਆਂ, ਪਤਵੰਤੇ ਤੇ ਘਰ ਵਾਲਿਆਂ ਦੇ ਸਨੇਹੀਆਂ ਦਾ ਚਾਅ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਸਾਰੇ ਹੀ ਐਮ.ਪੀ. ਸਾਹਿਬ ਨੂੰ ਸੁਣਨ ਲਈ ਬੇਤਾਬ ਸਨ।
ਜਦੋਂ ਐਮ.ਪੀ. ਸਾਹਿਬ ਮਾਇਕ ਦੇ ਅੱਗੇ ਖਲੋਤੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਗੁਰੂ ਦੀ ਫਤਹਿ ਨਾਲ ਸਰੋਤਿਆਂ ਦੀ ਸਾਂਝ ਪੁਆਈ ਤੇ ਫਿਰ ਹੌਲੀ-ਹੌਲੀ ਆਪਣੇ ਮਨ ਦੀ ਗੱਲ ਵੀ ਕਰਨੀ ਸ਼ੁਰੂ ਕੀਤੀ। ਉਹ ਕਹਿ ਰਹੇ ਸਨ, 'ਤੁਸੀਂ ਸੋਚਦੇ ਹੋਵੋਗੇ ਕਿ ਮੈਂ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਹਾਂ ਤੇ ਤੁਹਾਡੇ ਵਲੋਂ ਭੇਜਿਆ ਉਥੇ ਇਕ ਨੁਮਾਇੰਦਾ ਹਾਂ... ਪਰ ਮੇਰੀ ਆਤਮਾ ਜਨਤਾ ਨਾਲ ਲਾਰੇ ਲਾ ਲਾ ਕੇ ਮਲੀਣ ਹੋ ਚੁੱਕੀ ਹੈ... ਇਹ ਗੱਲ ਤੁਹਾਡੇ ਨਾਲ ਆਪਣੇ ਮਨ ਦੀ ਸੱਚੀ ਕਹਿ ਰਿਹਾ ਹਾਂ... ਲਾਰਿਆਂ ਤੋਂ ਬਿਨਾਂ ਮੇਰਾ ਸਰਦਾ ਨਹੀਂ... ਲਾਰੇ ਝੂਠ ਹੀ ਹੁੰਦੇ ਹਨ... ਜਦੋਂ ਮੈਂ ਇਹ ਗੱਲ ਸੋਚਦਾਂ ਹਾਂ ਤਾਂ ਉਦਾਸ ਹੋ ਜਾਂਦਾ ਹਾਂ...।' ਐਮ.ਪੀ. ਸਾਹਿਬ ਦੇ ਬੋਲਾਂ ਵਿਚ ਉਦਾਸੀ, ਤਰਲਾ ਤੇ ਸਾਫ਼ਗੋਈ ਸਾਫ਼ ਝਲਕ ਰਹੀ ਸੀ।

-ਮੋਬਾਈਲ : 95927-27087.

ਹੈਪੀ ਨਿਊ ਯੀਅਰ

ਸਾਲ ਦੀ ਵੀ ਉਮਰ ਹੁੰਦੀ ਹੈ, ਮਿਥੀ ਹੋਈ। ਇਕ ਸਾਲ, 12 ਮਹੀਨੇ, ਪਹਿਲੀ ਜਨਵਰੀ ਨੂੰ ਇਸ ਦਾ ਜਨਮ ਹੁੰਦਾ ਹੈ, ਹਰ ਸਾਲ ਤੇ ਦਸੰਬਰ ਦੇ ਆਖਰੀ ਦਿਨ ਰਾਤੀਂ 12 ਵਜੇ ਇਸ ਦਾ ਅੰਤ ਹੋ ਜਾਂਦਾ ਹੈ।
ਕਿੰਨੀ ਤੀਬਰਤਾ ਨਾਲ ਲੋਕੀਂ ਇਹਦੀ ਮ੍ਰਿਤੂ ਦੀ ਉਡੀਕ ਕਰਦੇ ਹਨ ਜਿਉਂ ਹੀ, ਘੜੀ 'ਤੇ, ਚਾਲੂ ਸਾਲ ਦੇ ਅੰਤਲੇ ਪਲ ਦੇ 12 ਵੱਜਦੇ ਹਨ, ਚਰਚਾਂ, ਮੰਦਿਰਾਂ, ਦੀਆਂ ਘੰਟੀਆਂ ਵੱਜ ਉਠਦੀਆਂ ਹਨ, ਦੁਨੀਆ ਭਰ 'ਚ ਲੋਕਾਂ ਦੀਆਂ ਵਾਛਾਂ ਖਿੜ ਜਾਂਦੀਆਂ ਹਨ-ਮਰ ਮੁੱਕ ਗਏ ਸਾਲ ਦੀ ਖ਼ੁਸ਼ੀ 'ਚ, ਚੰਗਾ ਹੋਇਆ ਮਰ ਮੁੱਕ ਗਿਆ, ਇਸ ਭਾਵਨਾ ਨਾਲ ਇਕ-ਦੂਜੇ ਨੂੰ ਵਧਾਈਆਂ ਦੇਣ ਲਗਦੇ ਹਨ, ਗਲੇ ਮਿਲਦੇ ਹਨ, ਇਕ ਸਾਲ ਮੋਇਆ, ਦੂਜਾ ਚੜ੍ਹਿਆ ਵੀ ਤਾਂ ਹੈ, ਮੋਏ ਮਰੇ ਦੀ ਖ਼ੁਸ਼ੀ ਵਿਚ ਵੀ ਤੇ ਨਵੇਂ ਚੜ੍ਹੇ ਦੀ ਖ਼ੁਸ਼ੀ ਵਿਚ ਵੀ, ਚਹਿਕ-ਚਹਿਕ ਕੇ ਇਕ-ਦੂਜੇ ਨੂੰ ਵਧਾਈਆਂ ਦਿੰਦੇ ਹਨ, ਨਵੇਂ ਸਾਲ ਦੀ ਸ਼ੁਭ ਕਾਮਨਾ 'ਚ ਹੱਥ ਮਿਲਾ-ਮਿਲਾ, ਗਲੇ ਮਿਲ ਉਚਰਦੇ ਹਨ, 'ਹੈਪੀ ਨਿਊ ਯੀਅਰ-ਹੈਪੀ ਨਿਊ ਯੀਅਰ।'
ਸਭ ਤੋਂ ਪਹਿਲਾਂ, ਨਵਾਂ ਸਾਲ ਚੜ੍ਹਦਾ ਹੈ, ਨਿਊਜ਼ੀਲੈਂਡ 'ਚ ਨਵੇਂ ਸਾਲ ਨੂੰ ਜੀ ਆਇਆਂ, ਖ਼ੁਸ਼ਆਮਦੀਦ, ਵੈਲਕਮ ਕਰਦੀ ਨਿਊਜ਼ੀਲੈਂਡ ਦੀ ਰਾਜਧਾਨੀ 'ਚ ਕਮਾਲ ਦੀ ਆਤਿਸ਼ਬਾਜ਼ੀ ਸ਼ੁਰੂ ਹੋ ਜਾਂਦੀ ਹੈ, ਫਿਰ ਆਸਟ੍ਰੇਲੀਆ ਦੀ ਰਾਜਧਾਨੀ ਸਿਡਨੀ 'ਚ ਵੀ ਆਤਿਸ਼ਬਾਜ਼ੀ ਨਾਲ ਪੂਰਾ ਅਸਮਾਨ ਰੰਗਾਰੰਗ ਠਾਹ-ਠਾਹ ਨਾਲ ਰੰਗੀਨ ਹੋ ਜਾਂਦਾ ਹੈ। ਸਾਡੇ ਦੇਸ਼ ਵਿਚ ਵੀ ਖੂਬ ਪਟਾਕੇ ਵੱਜਦੇ ਹਨ, ਲੋਕੀਂ ਖੁਸ਼ੀ-ਖੁਸ਼ੀ ਇਕ-ਦੂਜੇ ਨੂੰ 'ਹੈਪੀ ਨਿਊ ਯੀਅਰ' ਵਿਸ਼ (ਨਮਸਤੇ) ਕਰਦੇ ਹਨ। 'ਨਵਾਂ ਸਾਲ ਮੁਬਾਰਕ'।
'ਨਵੇਂ ਸਾਲ ਦੀਆਂ ਸ਼ੁੱਭ-ਕਾਮਨਾਵਾਂ' ਆਪਣੀ ਮਾਤ-ਬੋਲੀ 'ਚ ਘੱਟ ਹੀ ਉਚਰਦੇ ਹਨ, ਦਿਹਾਤੀਪਨ ਲਗਦਾ ਹੈ ਨਾ, 'ਹੈਪੀ ਨਿਊ ਯੀਅਰ' ਬੋਲਣਾ ਵੀ ਸੌਖਾ ਨਾਲੇ ਲਗਦਾ ਹੈ, ਬੋਲਣ ਵਾਲਾ ਕਿੰਨਾ ਐਟੀਕੇਟਸ ਵਾਲਾ ਹੈ, ਪੜ੍ਹਿਆ-ਲਿਖਿਆ।
ਹਰ ਸਾਲ ਮਰਦਾ ਹੈ, ਮਰਦਿਆਂ ਹੀ ਨਵਾਂ ਸਾਲ ਜਨਮ ਲੈਂਦਾ ਹੈ, ਉਹਦੇ ਜਨਮ-ਮਰਨ 'ਚ ਕੋਈ ਫਰਕ ਨਹੀਂ ਪੈਂਦਾ, ਇਕ ਕੁਦਰਤੀ ਪ੍ਰਕਿਰਿਆ ਹੈ, ਪਰ ਸਾਡੀ ਜੀਵਨ ਸ਼ੈਲੀ ਹਰ ਸਾਲ ਬਦਲਦੀ ਹੀ ਰਹਿੰਦੀ ਹੈ, ਨਿਰੰਤਰ ਬਦਲਾਓ ਚਲਦਾ ਹੀ ਰਹਿੰਦਾ ਹੈ। ਕਿੱਥੇ ਪਹਿਲਾਂ ਅਸੀਂ ਆਪਣੀ-ਆਪਣੀ ਮਾਤ-ਭਾਸ਼ਾ 'ਚ ਬੋਲਣ ਦੀ ਥਾਂ ਅੰਗਰੇਜ਼ੀ 'ਚ ਬੋਲਣ 'ਚ ਮਾਣ ਮਹਿਸੂਸ ਕਰਦਿਆਂ ਅੰਗਰੇਜ਼ੀ ਨੂੰ ਤਰਜੀਹ ਦਿੱਤੀ, ਸਾਲ-ਦਰ-ਸਾਲ ਅਸੀਂ ਉਨ੍ਹਾਂ ਦੇ ਕੱਪੜੇ ਵੀ ਅਪਣਾ ਲਏ, ਸਲਵਾਰਾਂ ਦੀ ਥਾਂ ਪੈਂਟਾਂ ਆ ਗਈਆਂ, ਕੁੜੀਆਂ-ਮੁੰਡੇ ਸਭੇ, ਪੈਂਟਾਂ ਵਾਲੇ ਹੋ ਗਏ, ਪੈਰੀਂ ਪਾਉਣ ਵਾਲੇ ਬੂਟਾਂ, ਚੱਪਲਾਂ, ਸੈਂਡਲਾਂ ਦੇ ਫੈਸ਼ਨ ਵੀ ਬਦਲ ਗਏ, ਹੇਅਰ ਕਟਿੰਗ ਵੇਖੋ ਨੌਜਵਾਨਾਂ ਦੀ ਪੱਛਮੀ ਦੇਸ਼ਾਂ ਦੀ ਹੂ-ਬਹੂ ਨਕਲ।
ਕੋਈ ਨਾ... ਬਦਲਾਓ ਸਮੇਂ ਦੀ ਮੰਗ ਹੈ।
ਸਮਾਂ ਹੈ ਕੀ?
ਪਹਿਰ, ਘੜੀਆਂ, ਪਲ ਮਿੰਟ, ਸਕਿੰਟ, ਘੰਟੇ ਦਿਨ-ਰਾਤ। ਮਹੀਨੇ, ਸਾਲ ਤੇ ਸਦੀਆਂ। ਇਹ ਸਭੇ ਸੂਰਜ ਦੀ ਦੇਣ ਹਨ। ਪਰ ਸੂਰਜ? ਇਹ ਬੰਦਿਆਂ ਵਾਂਗ ਡੁੱਬ ਕੇ ਮਰ-ਮੁੱਕ ਨਹੀਂ ਜਾਂਦਾ। ਮਨੁੱਖਾਂ 'ਚ ਅਜੀਬ ਜਿਹਾ ਵਿਸ਼ਵਾਸ ਹੈ ਕਿ ਰੋਜ਼-ਏ-ਹਸ਼ਰ ਨੂੰ ਇਕ ਦਿਨ ਉਨ੍ਹਾਂ ਦੇ ਕਬਰਾਂ 'ਚ ਦੱਬੇ ਮੁਰਦੇ ਫਿਰ ਜਾਗ ਉਠਣਗੇ ਜਾਂ ਉਹ ਪੁਨਰ-ਜਨਮ ਲੈਣਗੇ, ਪਰ ਸੂਰਜ ਬਹੁਤ ਹੁਸੀਨ ਭਰਮ ਹੈ, ਲੋਕਾਈ ਲਈ ਇਹ ਸਮੇਂ ਦਾ ਸਿਰਜਣਹਾਰ ਹੈ, ਪਰ ਇਹ ਕਦੇ ਵੀ ਡੁੱਬਕੇ ਵੀ ਮਰਦਾ ਨਹੀਂ। ਇਕ ਥਾਈਂ ਡੁਬਦਾ ਹੈ, ਦੂਜੀ ਥਾਈਂ ਉਸੇ ਵੇਲੇ ਚੜ੍ਹਦਾ ਹੈ। ਜਦ ਤੋਂ ਇਸ ਸ੍ਰਿਸ਼ਠੀ ਦਾ ਜਨਮ ਹੋਇਆ ਹੈ, ਰੋਜ਼ੇ-ਹਸ਼ਰ ਤਾਈਂ ਇਹਦਾ ਚਲਣ ਇਹੀਓ ਰਹੇਗਾ, ਇਕ ਥਾਈਂ ਡੁੱਬਣਾ, ਦੂਜੇ ਥਾਈਂ ਚੜ੍ਹਨਾ ਇਕ ਥਾਈਂ ਰਾਤ ਕਰਨਾ, ਦੂਜੀ ਥਾਈਂ ਦਿਨ ਕਰਨਾ।
ਇਕ ਕਵੀ ਦਰਬਾਰ 'ਚ ਇਕ ਕਵੀ ਆਪਣੀ ਕਵਿਤਾ ਪੇਸ਼ ਕਰਨ ਲਈ ਸਟੇਜ 'ਤੇ, ਮਾਈਕ ਦੇ ਸਾਹਮਣੇ ਆਇਆ, ਗਰਜ਼ਦਾਰ ਆਵਾਜ਼ 'ਚ ਸ਼ੁਰੂਆਤ ਕੀਤੀ:
ਅਰਜ਼ ਕੀਤੈ,
ਸੱਤਰ, ਇਕੱਤਰ, ਬਹੱਤਰ... ਫਿਰ ਰੁਕ ਗਿਐ... ਰਤਾ ਰੁਕ ਕੇ ਫਿਰ ਗਰਜ਼ਿਆ.... ਹਜ਼ੂਰ ਅਰਜ ਕੀਤੈ...।
ਸੱਤਰ, ਇਕੱਤਰ, ਬਹੱਤਰ, ਤਿਹੱਤਰ... ਫਿਰ ਰੁਕ ਗਿਆ।
ਸਰੋਤਿਆਂ ਨੂੰ ਲੱਗਿਐ, ਕੋਈ ਕਮਾਲ ਦੀ ਕਵਿਤਾ ਅਰਜ਼ ਕਰੇਗਾ। ਇਕ ਵਾਰ ਫਿਰ ਜਦ ਉਹਨੇ ਉਹੀਓ ਸੱਤਰ, ਇਕੱਤਰ, ਬਹੱਤਰ... ਵਾਲੀ ਲਾਈਨ ਦੁਹਰਾਈ ਤਾਂ ਉਨ੍ਹਾਂ ਰੌਲਾ ਪਾ ਕੇ ਕਿਹਾ, 'ਓੲ ਅੱਗੋਂ ਵੀ ਪੜ੍ਹ, ਕੀ ਏ?'
ਉਹਨੇ ਅੱਗੋਂ ਬੜੀ ਤੇਜ਼ੀ ਨਾਲ ਪੜ੍ਹਿਆ, 'ਅੱਗੋਂ ਅਰਜ਼ ਕੀਤੈ ਏ ਜੀ,
ਚੁਹੱਤਰ, ਪੰਝਤਰ, ਛਿਹੱਤਰ, ਸਤੱਤਰ...।'
ਸਰੋਤੇ ਹੱਸੇ ਤਾਂ ਬਹੁਤ ਪਰ ਨਾਲ ਹੀ ਆਵਾਜ਼ਾਂ ਦਿੱਤੀਆਂ, 'ਬਹਿ ਜਾਹ, ਬਹਿ ਜਾਹ' ਕਰਾ ਦਿੱਤੀ।
ਹੈਪੀ ਨਿਊ ਯੀਅਰ ਵੀ ਹੈ ਕੀ?
2017 ਗਿਆ, 2018 ਆ ਗਿਆ, ਇਕ ਸਾਲ ਮਗਰੋਂ 2019 ਹੋ ਜਾਏਗਾ, ਫਿਰ 2020, ਇਸ ਤੋਂ ਵਧੀਆ ਕਵਿਤਾ ਹੋਰ ਕੀ ਹੋ ਸਕਦੀ ਏ ਜੀ?
ਗਹੁ ਕਰੋ, ਹਰ ਸਾਲ, ਚਲੰਤ ਸਾਲ ਜਦ ਸਾਥੋਂ ਵਿਦਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਕੋਈ ਨਾ ਕੋਈ ਡਾਢੀਆਂ ਦੁਖਦਾਈ ਘਟਨਾਵਾਂ ਵਾਪਰ ਜਾਂਦੀਆਂ ਹਨ।
ਤਾਜ਼ੀ ਘਟਨਾ ਮੁੰਬਈ ਦੀ ਹੈ, ਜਿਥੇ 2017 ਦੀ ਵਿਦਾਇਗੀ ਤੋਂ ਇਕ ਦਿਨ ਪਹਿਲਾਂ ਦੀ ਰਾਤ ਨੂੰ ਕਮਲਾ ਮਿੱਲ ਦੇ ਅਹਾਤੇ 'ਚ ਨਾਲੋ-ਨਾਲ ਬਣੇ ਦੋ ਰੂਫ-ਟਾਪ ਰੈਸਟੋਰੈਂਟਾਂ 'ਚ ਅਚਾਨਕ ਅੱਗ ਭੜਕੀ ਤੇ ਇਸ ਅੱਗ 'ਚ ਕੇਲ ਕਰਦੇ, ਖਾ-ਪੀ ਕੇ ਖੁਸ਼ੀਆਂ ਮਨਾ ਰਹੇ, 14 ਲੋਕਾਂ ਦੀ ਅਣਿਆਈ ਮੌਤ ਹੋ ਗਈ, ਇਸ 'ਚ 12 ਜਵਾਨ ਕੁੜੀਆਂ ਸਨ। ਉਨ੍ਹਾਂ 'ਚੋਂ ਇਕ ਦਾ ਤਾਂ 'ਹੈਪੀ ਬਰਥ ਡੇ' ਪਾਰਟੀ ਸੀ। ਇਹ ਦੋਵੇਂ ਰੈਸਟੋਰੈਂਟ, ਗ਼ੈਰ-ਕਾਨੂੰਨੀ ਸਨ, ਹੋਰ ਵੀ ਬਹੁਤ ਸਾਰੇ ਏਦਾਂ ਹੀ ਹਨ। ਵਿਆਪਕ ਭ੍ਰਿਸ਼ਟਾਚਾਰ ਦੀ ਜੀਵੰਤ ਮਿਸਾਲ। ਨਾ ਭ੍ਰਿਸ਼ਟਾਚਾਰੀ ਮਾਲਕ ਸੜੇ, ਨਾ ਭ੍ਰਿਸ਼ਟਾਚਾਰ ਸੜਿਆ। ਸ਼ਿਕਾਰ ਹੋਏ ਤਾਂ ਬੇਗੁਨਾਹ...।
* ਰਾਜਸਥਾਨ 'ਚ ਇਕ ਬੱਸ ਨਦੀ 'ਚ ਡਿੱਗ ਪਈ, 30 ਤੋਂ ਵੱਧ ਯਾਤਰੀ ਥਾਂ 'ਤੇ ਡੁੱਬ ਮਰੇ।
* ਪੰਜਾਬ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਪੈਰਿਸ ਗਏ ਕਈ ਮੁੰਡੇ, ਕਿਸੇ ਨਹਿਰ ਜਾਂ ਦਰਿਆ 'ਚ ਡੁੱਬ ਮੋਏ, ਪਤਾ ਨਹੀਂ ਕੋਈ ਖ਼ਬਰ ਨਹੀਂ ਹੈ।
* ਸਰਹੱਦ 'ਤੇ ਆਤਮਘਾਤੀ ਦਹਿਸ਼ਤਗਰਦਾਂ ਦੀ ਧਾੜ ਕਾਰਨ 5 ਫ਼ੌਜੀ ਜਵਾਨ ਸ਼ਹੀਦ ਹੋ ਗਏ।
* ਕਈ ਕੁੜੀਆਂ ਦੇ ਸਮੂਹਕ ਜਾਂ ਇਕਾਂਗੀ ਰੇਪ ਹੋਏ। ਪਰ....
ਸਭ ਭੁੱਲ ਗਏ ਲੋਕੀਂ, ਨਵੇਂ ਸਾਲ ਦੇ ਆਗਮਾਨ 'ਚ, 'ਹੈਪੀ ਨਿਊ ਯੀਅਰ' ਦੀਆਂ ਇਕ-ਦੂਜੇ ਨੂੰ ਵਧਾਈਆਂ ਦੇਣ ਲੱਗੇ।
ਜ਼ਿੰਦਗੀ ਦਾ ਸਾਰ ਹੈ ਕੀ? ਇਕ ਬੀਤ ਗਿਆ ਕੱਲ੍ਹ, ਅੱਜ, ਆਉਣ ਵਾਲਾ ਕੱਲ੍ਹ। ਬੀਤ ਗਿਆ ਕੱਲ੍ਹ ਬੀਤ ਗਿਆ, ਅੱਜ ਜੀਵੰਤ ਹੈ, ਆਉਣ ਵਾਲਾ ਕੱਲ੍ਹ? ਕੀ ਪਤਾ, ਕਿਸ ਨੂੰ ਭਰੋਸਾ? ਕੱਲ੍ਹ ਆਏ ਨਾ ਆਏ।
* ਕੱਲ੍ਹ ਕਿਸ ਨੇ ਵੇਖਿਆ ਹੈ,
* ਕੱਲ੍ਹ ਆਏ ਨਾ ਆਏ।
* ਜੋ ਹੈ ਸੁ ਅੱਜ ਹੈ। ਕੱਲ੍ਹ ਨਾਮ ਕਾਲ ਦਾ।' 

ਕਿਸਮਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਜਿਹੜਾ ਬੰਦਾ ਇਹ ਸੋਚਦਾ ਹੈ ਕਿ ਕਿਸਮਤ ਵਿਚ ਜੋ ਲਿਖਿਆ ਹੈ, ਉਹ ਹੀ ਹੋਵੇਗਾ, ਉਹ ਜਲਦੀ ਖ਼ਤਮ ਹੋ ਜਾਂਦਾ ਹੈ।
* ਕਿਸਮਤ ਦੇ ਭਰੋਸੇ ਰਹੇ ਤਾਂ ਨਿਰਾਸ਼ ਹੋਣਾ ਤੈਅ ਹੈ।
* ਸਿਆਣਿਆਂ ਦਾ ਕਹਿਣਾ ਹੈ ਕਿ ਕਿਸਮਤ ਕਿਸੇ ਕਿਸੇ ਲਈ ਤੇ ਮੌਤ ਹਰ ਇਕ ਲਈ।
* ਸਮਾਂ ਅਤੇ ਸਮਝ ਇਕੱਠੇ ਕਿਸੇ ਕਿਸਮਤ ਵਾਲੇ ਨੂੰ ਹੀ ਮਿਲਦੇ ਹਨ, ਕਿਉਂਕਿ ਜਦੋਂ ਸਮਾਂ ਮਿਲਦਾ ਹੈ ਤਾਂ ਸਮਝ ਨਹੀਂ ਆਉਂਦੀ ਤੇ ਜਦੋਂ ਸਮਝ ਆਉਂਦੀ ਹੈ ਤਾਂ ਸਮਾਂ ਹੱਥੋਂ ਨਿਕਲ ਚੁੱਕਾ ਹੁੰਦਾ ਹੈ।
* ਬੱਚੇ ਦੀ ਤਕਦੀਰ ਦੀ ਪਹਿਲੀ ਲਕੀਰ ਅਧਿਆਪਕ ਖਿੱਚਦਾ ਹੈ।
* ਕਿਸਮਤ ਉਨ੍ਹਾਂ ਦਾ ਸਾਥ ਦਿੰਦੀ ਹੈ ਜੋ ਹਰ ਸੰਕਟ ਦਾ ਸਾਹਮਣਾ ਕਰਕੇ ਵੀ ਆਪਣੇ ਟੀਚੇ ਪ੍ਰਤੀ ਦ੍ਰਿੜ੍ਹ ਰਹਿੰਦੇ ਹਨ।
* ਸਵੇਰ ਵੇਲੇ ਉੱਠਣ ਵਾਲੇ ਦੇ ਮੱਥੇ 'ਤੇ ਨਸੀਬ ਦਾ ਤਿਲਕ ਕੁਦਰਤ ਕਰਦੀ ਹੈ।
* ਪ੍ਰਸੰਸਾ ਕਿਸਮਤ ਨਾਲ ਮਿਲਦੀ ਹੈ ਪਰ ਇਮਾਨਦਾਰ ਤੁਸੀਂ ਖੁਦ ਬਣ ਸਕਦੇ ਹੋ।
* ਕਹਿੰਦੇ ਹਨ ਕਿ ਕਿਸਮਤ ਤੋਂ ਜ਼ਿਆਦਾ ਅਤੇ ਸਮੇਂ ਤੋਂ ਪਹਿਲਾਂ ਨਾ ਕਿਸੇ ਨੂੰ ਕੁਝ ਮਿਲਿਆ ਹੈ ਅਤੇ ਨਾ ਹੀ ਮਿਲੇਗਾ। ਇਸ ਲਈ ਰੱਬ ਜਿੰਨਾ ਦੇਵੇ ਉਸ ਵਿਚ ਹੀ ਸੰਤੋਖ ਕਰੋ।
* ਕਿਸਮਤ ਦੇ ਭਰੋਸੇ ਬੈਠੇ ਰਹਿਣ ਵਾਲਿਆਂ ਦੇ ਕੰਮ ਸਿਰੇ ਨਹੀਂ ਲਗਦੇ।
* ਖੁਦ ਦੀ ਤੁਲਨਾ ਜ਼ਿਆਦਾ ਕਿਸਮਤ ਵਾਲੇ ਲੋਕਾਂ ਨਾਲ ਕਰਨ ਦੀ ਬਜਾਏ, ਸਾਨੂੰ ਆਪਣੇ ਨਾਲ ਦੇ ਜ਼ਿਆਦਾਤਰ ਲੋਕਾਂ ਨਾਲ ਕਰਨੀ ਚਾਹੀਦੀ ਹੈ, ਤਾਂ ਹੀ ਸਾਨੂੰ ਲੱਗੇਗਾ ਕਿ ਅਸੀਂ ਕਿੰਨੇ ਕਿਸਮਤ ਵਾਲੇ ਹਾਂ।
* ਜ਼ਿਆਦਾਤਰ ਅਮੀਰ ਲੋਕ ਮੰਨਦੇ ਹਨ ਕਿ ਬੁਰੀਆਂ ਆਦਤਾਂ ਨਾਲ ਕਿਸਮਤ ਖਰਾਬ ਹੁੰਦੀ ਹੈ।
* ਕਿਸਮਤ ਨੂੰ ਕਦੇ ਨਾ ਕੋਸੋ, ਆਪਣਾ ਕੰਮ ਇਮਾਨਦਾਰੀ ਨਾਲ ਕਰੋ।
* ਵਿਅਕਤੀ ਹਰ ਕਿਸੇ ਭਾਵ ਮਾਂ-ਪਿਓ, ਭੈਣ-ਭਰਾ, ਚਾਚੇ-ਤਾਏ ਆਦਿ ਹੋਰ ਰਿਸ਼ਤੇਦਾਰਾਂ ਨਾਲ ਤਾਂ ਲੜ ਸਕਦਾ ਹੈ ਪਰ ਆਪਣੀ ਤਕਦੀਰ ਨਾਲ ਨਹੀਂ ਲੜ ਸਕਦਾ।
* ਕਿਸਮਤ ਨੂੰ ਮੰਨਣ ਵਾਲਾ ਮਨੁੱਖ ਨਿਕੰਮਾ ਹੋ ਜਾਂਦਾ ਹੈ। ਲਾਟਰੀਆਂ ਪਾਉਣ ਵਾਲੇ ਬੰਦੇ ਕੰਮ ਤੋਂ ਜੀਅ ਚੁਰਾਉਣ ਲੱਗ ਪੈਂਦੇ ਹਨ।
* ਕਿਸਮਤ ਨੂੰ ਮੰਨਣ ਵਾਲਾ ਸੰਘਰਸ਼ਹੀਣ ਆਦਮੀ ਜੇ ਖੁਦਕੁਸ਼ੀ ਨਾ ਵੀ ਕਰੇ ਤਾਂ ਫਿਰ ਵੀ ਉਹ ਜਿਊਂਦਾ ਹੀ ਮਰਿਆਂ ਦੇ ਬਰਾਬਰ ਹੁੰਦਾ ਹੈ।
* ਕਿਸਮਤ 'ਤੇ ਆਸਰਾ ਰੱਖਣ ਵਾਲੇ ਹੀ ਸਮੇਂ ਦੀ ਉਡੀਕ ਕਰਦੇ ਹਨ।
* ਚੰਗੀ ਕਿਸਮਤ ਰੱਬ ਬਣਾਉਂਦਾ ਹੈ, ਇਹ ਆਲਸੀਆਂ ਦਾ ਨਾਅਰਾ ਹੈ, ਮਿਹਨਤ ਕਰਨ ਵਾਲਿਆਂ ਦਾ ਨਹੀਂ।
* ਕਿਸਮਤ 'ਤੇ ਉਹ ਹੀ ਭਰੋਸਾ ਕਰਦਾ ਹੈ, ਜਿਸ ਵਿਚ ਹਿੰਮਤ ਨਹੀਂ ਹੁੰਦੀ। ਕਿਸਮਤ ਦੇ ਭਰੋਸੇ ਬੈਠੇ ਰਹਿਣਾ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰਨ ਵਰਗਾ ਹੈ।
* ਕਿਸੇ 'ਤੇ ਨਿਰਭਰ ਰਹਿਣ ਵਾਲਾ ਅਤੇ ਕਿਸਮਤ ਦੇ ਸਹਾਰੇ ਜਿਊਣ ਵਾਲਾ ਵਿਅਕਤੀ ਕਦੇ ਵੀ ਮਹਾਨ ਨਹੀਂ ਬਣ ਸਕਦਾ।
* ਕਿਸਮਤ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਕਰਮ ਕਰਨਾ ਹਰੇਕ ਦਾ ਪਰਮ ਕਰਤਵ ਹੈ, ਭਾਵ ਕਿਸਮਤ ਨਹੀਂ ਕਰਮ ਜ਼ਰੂਰੀ ਹੈ।
* ਕਿਸਮਤ ਵਿਚ ਵਿਸ਼ਵਾਸ ਕਰਨ ਵਾਲਿਆਂ ਨੂੰ ਸਿਰਫ਼ ਓਨਾ ਹੀ ਮਿਲਦਾ ਹੈ, ਜਿੰਨਾ ਹਿੰਮਤ ਕਰਨ ਵਾਲੇ ਛੱਡ ਜਾਂਦੇ ਹਨ।
* ਜਿਹੜੇ ਹਮੇਸ਼ਾ ਕਿਸਮਤ ਦੇ ਸਹਾਰੇ ਰਹਿੰਦੇ ਹਨ, ਉਨ੍ਹਾਂ ਨੂੰ ਕਿਸਮਤ ਸਤਾਉਂਦੀ ਹੈ ਤੇ ਜਿਹੜੇ ਉੱਠ ਕੇ ਟੱਕਰ ਲੈਂਦੇ ਹਨ, ਉਨ੍ਹਾਂ ਨੂੰ ਰਾਹ ਦਿਖਾਉਂਦੀ ਹੈ।
* ਅਸਫ਼ਲ ਬੰਦੇ ਕਹਿੰਦੇ ਹਨ ਕਿ ਸਫ਼ਲਤਾ ਕਿਸਮਤ ਨਾਲ ਮਿਲਦੀ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਕਹਾਣੀ: ਨੈੱਟ ਤੇ ਜ਼ਮੀਨ

ਮੋੜ ਵਾਲੇ ਚੌਂਕੜੇ 'ਤੇ ਬੈਠਿਆਂ ਮਹਿੰਦਰ ਨੇ ਸ਼ਿੰਦੇ ਨੂੰ ਤੁਰੇ ਆਉਂਦੇ ਦੇਖ ਕੇ ਕਿਹਾ 'ਆ ਸ਼ਿੰਦਿਆ ਕੀ ਹਾਲ ਆ! ਤੇਰਾ ਹੋਰ ਸਭ ਠੀਕ ਆ।' ਤਾਂ ਸ਼ਿੰਦੇ ਨੇ ਜਵਾਬ ਦਿੱਤਾ 'ਹਾਂ ਬੱਸ ਠੀਕ ਹੀ ਆ।' 'ਕਿਉਂ ਕੀ ਹੋਇਆ ਕਿਵੇਂ ਚੁੱਪ-ਚਾਪ ਜਿਹੈਂ?' ਮਹਿੰਦਰ ਨੇ ਫਿਰ ਸ਼ਿੰਦੇ ਨੂੰ ਸਵਾਲ ਕੀਤਾ। ਸ਼ਿੰਦੇ ਨੇ ਕਿਹਾ, 'ਕੀ ਦੱਸਾਂ ਯਾਰ ਕੱਲ੍ਹ ਆਪਣੀ ਕੁੜੀ ਲਈ ਇਕ ਆਪਣਾ ਰਿਸ਼ਤੇਦਾਰ ਰਿਸ਼ਤੇ ਦੀ ਦੱਸ ਪਾਉਂਦਾ ਸੀ।' ਮਹਿੰਦਰ ਕਹਿੰਦਾ 'ਅੱਛਿਆ ਫਿਰ ਨਾਰਾਜ਼ ਹੋਣ ਵਾਲੀ ਕੀ ਗੱਲ ਆ ਸਗੋਂ ਖੁਸ਼ੀ ਦੀ ਗੱਲ ਆ।' ਫਿਰ ਸ਼ਿੰਦਾ ਕਹਿੰਦਾ 'ਖੁਸ਼ੀ ਦੀ ਗੱਲ ਕਿੱਥੇ, ਜਿਸ ਨੇ ਰਿਸ਼ਤੇ ਦੀ ਦੱਸ ਪਾਈ ਸੀ ਉਸ ਨੇ ਮੈਨੂੰ ਕਿਹਾ ਸੀ ਕਿ ਮੁੰਡੇ ਨੂੰ 5 ਕਿੱਲੇ ਜ਼ਮੀਨ ਆਉਂਦੀ ਆ! ਵਧੀਆ ਕਾਰੋਬਾਰ ਆ। ਮੈਂ ਆਪਣੇ ਸ਼ਹਿਰ ਦੇ ਇਕ ਜਾਣ-ਪਹਿਚਾਣ ਵਾਲੇ ਬੰਦੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਤੂੰ ਮੈਨੂੰ ਉਸ ਮੁੰਡੇ ਦਾ, ਉਸ ਦੇ ਪਿਤਾ ਨਿੱਕੀ ਤੇ ਦਾਦੇ ਦਾ ਨਾਂਅ ਪਤਾ ਕਰ ਕੇ ਦੱਸ ਮੈਂ ਤੈਨੂੰ ਸਭ ਪਤਾ ਕਰਕੇ ਸਾਰੀ ਜ਼ਮੀਨ-ਜਾਇਦਾਦ ਚੈੱਕ ਕਰ ਦੂੰ ਨੈੱਟ 'ਤੇ। ਤਾਂ ਮੈਂ ਉਸ ਦੇ ਕਹਿਣ 'ਤੇ ਨਾਂਅ ਪਤਾ ਕਰ ਕੇ ਉਸ ਨੂੰ ਦੱਸ ਦਿੱਤੇ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਲ ਤਾਂ ਸਿਰਫ਼ 3 ਕਿੱਲੇ ਜ਼ਮੀਨ ਸੀ ਤੇ 5 ਲੱਖ ਦਾ ਬੈਂਕ ਕਰਜ਼ਾ ਸੀ ਤਾਂ ਮੇਰੇ ਤਾਂ ਹੋਸ਼ ਉੱਡ ਗਏ। ਜਦਕਿ ਦੱਸ ਪਾਉਣ ਵਾਲਾ ਵੀ ਸਾਡਾ ਰਿਸ਼ਤੇਦਾਰ ਹੀ ਸੀ।' ਮਹਿੰਦਰ ਵੀ ਇਹ ਗੱਲ ਸੁਣ ਕੇ ਚੁੱਪ ਜਿਹਾ ਹੋ ਗਿਆ। ਸ਼ਿੰਦਾ ਅੱਗੇ ਕਹਿੰਦਾ, 'ਸ਼ੁਕਰ ਕਰੀਏ ਅੱਜ ਤਾਂ ਨਵੇਂ ਹਿਸਾਬ-ਕਿਤਾਬ ਨਾਲ ਜ਼ਮੀਨ ਨੈੱਟ 'ਤੇ ਪਤਾ ਲੱਗਣ ਲੱਗ ਗਈ ਨਹੀਂ ਤਾਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਜਣੇ ਵਿਚੋਲਿਆਂ ਦੇ ਝੂਠ ਦੀ ਭੇਟ ਚੜ੍ਹਦੇ। ਇਹ ਕਹਿ ਕੇ ਸ਼ਿੰਦਾ ਆਪਣੇ ਘਰ ਵੱਲ ਤੁਰ ਗਿਆ।

-ਸੁਖਰਾਜ ਸਿੰਘ ਚਹਿਲ
ਧਨੌਲਾ 148105 (ਬਰਨਾਲਾ)
ਮੋਬਾਈਲ : 97810-48055.

ਕਾਵਿ-ਮਹਿਫ਼ਲ

* ਰਾਜਿੰਦਰ ਪਰਦੇਸੀ *
ਥਾਂ-ਥਾਂ ਹੀ ਮੁਹੱਬਤ ਦੇ ਮੈਂ ਮਹਿਲ ਉਸਾਰਾਂਗਾ,
ਦੁਨੀਆ ਨੂੰ ਮੁਹੱਬਤ ਸੰਗ ਰਹਿਣਾ ਮੈਂ ਸਿਖਾਵਾਂਗਾ।

ਮੁੱਦਤ ਤੋਂ ਉਨੀਂਦੇ ਨੇ ਇਹ ਪ੍ਰੀਤ ਨਗਰ ਅਪਣੇ,
ਬੇਂਖ਼ਾਬ ਜ਼ਮਾਨੇ ਦੇ ਸੁਪਨੇ ਮੈਂ ਸਜਾਵਾਂਗਾ।

ਦਿਲਦਾਰ ਜੋ ਹੁੰਦੇ ਨੇ, ਦਿਲਰਾਜ਼ ਵੀ ਹੁੰਦੇ ਨੇ,
ਇਹ ਫ਼ਰਜ਼ ਸਦਾ ਅਪਣੇ ਦਿਲਦਾਰ ਨਿਭਾਵਾਂਗਾ।

ਸੰਗੀਤ ਹੀ ਗੂੰਜੇਗਾ ਇਸ ਪਿਆਰ ਦੀ ਵਾਦੀ ਵਿਚ,
ਕੰਨ ਲਾ ਕੇ ਰਹੀਂ ਸੁਣਦੀ ਮੈਂ ਗੀਤ ਸੁਣਾਵਾਂਗਾ।

ਦਰਿਆ ਵੀ ਜੇ ਆ ਜਾਵੇ ਕਦੀ ਵਿਚ ਵਿਚਾਲੇ ਤਾਂ,
ਇਕ ਵਾਰ ਬੁਲਾ ਵੇਖੀਂ ਝੱਟ ਪਾਰ ਆ ਜਾਵਾਂਗਾ।

ਹਰ ਪਲ ਹੀ ਮੁਹੱਬਤ ਦਾ ਤੂੰ ਤੇਲ ਰਹੀਂ ਪਾਉਂਦੀ,
ਮੈਂ ਪਿਆਰ ਭਰੇ ਦੀਵੇ ਤਲੀਆਂ 'ਤੇ ਜਗਾਵਾਂਗਾ।

ਇਸ ਦਿਲ ਦੀ ਹਵੇਲੀ ਨੂੰ ਨਚ-ਨਚ ਕੇ ਕਰਾਂ ਕਮਲੀ,
ਇਕ ਵਾਰ ਹੀ 'ਪਰਦੇਸੀ' ਕਹਿ ਘਰ ਨੂੰ ਮੈਂ ਆਵਾਂਗਾ।


-35-ਬੀ/168, ਦਸਮੇਸ਼ ਨਗਰ, ਡਾਕ: ਦਕੋਹਾ, ਜਲੰਧਰ।
ਮੋਬਾਈਲ : 93576-41552.
rajinder.pardesi7@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX