ਤਾਜਾ ਖ਼ਬਰਾਂ


ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਪਟਿਆਲਾ ,19 ਮਾਰਚ{ਆਤਿਸ਼ ਗੁਪਤਾ }- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ-ਹਰਿਆਣਾ ਬਾਰਡਰ ਤੋਂ ਨਾਕੇ ਬੰਦੀ ਦੌਰਾਨ ਇਕ ਕਾਰ ਚੋਂ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ...
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਨਵੀਂ ਦਿੱਲੀ, 19 ਮਾਰਚ- ਲੋਕ ਸਭਾ ਦੇ ਮੱਦੇਨਜ਼ਰ ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਨੇ ਵੀ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ ਨੇ ਅਸਮ, ਪੱਛਮੀ ਬੰਗਾਲ ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਖਨੌਰੀ, 19 ਮਾਰਚ (ਬਲਵਿੰਦਰ ਸਿੰਘ ਥਿੰਦ )- ਸੰਗਰੂਰ ਦਿੱਲੀ ਮੁੱਖ ਮਾਰਗ 'ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ .....
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  1 day ago
ਨਵੀਂ ਦਿੱਲੀ, 19 ਮਾਰਚ- ਈ.ਡੀ. ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਮੁੱਖ ਸਈਦ ਸਲਾਹੁਦੀਨ ਦੀਆਂ ਵੱਖ-ਵੱਖ ਸਥਾਨਾਂ 'ਤੇ 13 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈ.ਡੀ. ਵੱਲੋਂ ਇਹ ਕਾਰਵਾਈ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ....
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 19 ਮਾਰਚ- ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 19 ਮਾਰਚ (ਫੱਤੇਵਾਲੀਆ/ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ(34) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ । 2 ਏਕੜ ਜ਼ਮੀਨ ਦੇ ਮਾਲਕ ਮ੍ਰਿਤਕ ਸਿਰ 3 ਲੱਖ ਤੋਂ ਵਧੇਰੇ ਕਰਜ਼ਾ ਦੱਸਿਆ .....
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਇਸ ਸਾਲ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  1 day ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦੇ ਅਸਤੀਫ਼ਾ ਦੇਣ ਉਪਰੰਤ ਗੁਰਸੇਵ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਆਗੂ ਐੱਸ.ਓ.ਆਈ. ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਸਥਾਨਕ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖ ਪੰਥ ਦੀ ਵਰਤਮਾਨ ਦਸ਼ਾ ਵਿਚੋਂ ਭਵਿੱਖ ਦੀ ਤਲਾਸ਼

ਕਿਸੇ ਵੀ ਸੱਭਿਆਚਾਰ ਨਾਲ ਸਬੰਧਤ ਲੋਕਾਂ ਦੀ ਹਰ ਦੌਰ ਵਿਚ ਵਿਕਸਿਤ ਹੋਈ ਦਸ਼ਾ ਦਾ ਸਬੰਧ ਉਨ੍ਹਾਂ ਦੀ ਹੋਂਦ ਅਤੇ ਹੋਣ ਦੇ ਅਰਥਾਂ ਵਿਚੋਂ ਨਿਕਲੇ ਮਕਸਦਾਂ ਅਥਵਾ ਮੰਜ਼ਿਲਾਂ ਨਾਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਜਿੰਨੀ ਉਨ੍ਹਾਂ ਦੀ ਮੰਜ਼ਿਲ ਅਤੇ ਇਸ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਸਾਧਨ-ਰੂਪੀ ਯਤਨ ਸਪੱਸ਼ਟ ਹੋਣਗੇ, ਓਨੀ ਹੀ ਉਨ੍ਹਾਂ ਦੀ ਦਸ਼ਾ ਸ਼ਕਤੀਸ਼ਾਲੀ ਅਤੇ ਸਾਕਾਰਾਤਮਕ ਹੋਵੇਗੀ। ਸਮੇਂ-ਸਮੇਂ ਨੀਯਤ ਕੀਤੀਆਂ ਜਾਂਦੀਆਂ ਮੰਜ਼ਿਲਾਂ ਉਨ੍ਹਾਂ ਨੂੰ ਹਮੇਸ਼ਾ ਉਤਸ਼ਾਹੀ ਅਤੇ ਜਜ਼ਬੇ ਭਰਪੂਰ ਬਣਾਈ ਰੱਖਦੀਆਂ ਹਨ। ਇਸ ਨਾਲ ਉਨ੍ਹਾਂ ਦੀ ਦਿਸ਼ਾ ਵੀ ਸਪੱਸ਼ਟ ਅਤੇ ਭਵਿੱਖਮੁਖੀ ਬਣੀ ਰਹਿੰਦੀ ਹੈ। 1708-1716, 1734-1799, 1870-1920, 1920-1947 ਅਤੇ 1950-1970 ਦੇ ਇਨ੍ਹਾਂ ਲੰਮੇ 262 ਸਾਲਾਂ ਦਾ ਇਤਿਹਾਸ ਇਸ ਪ੍ਰਥਾਇ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਇਨ੍ਹਾਂ ਸਾਲਾਂ ਵਿਚ ਕੁਝ ਵਕਫ਼ੇ ਦੇ ਬਾਵਜੂਦ ਸਿੱਖ ਪੰਥ ਦੀ ਦਸ਼ਾ ਸ਼ਕਤੀਸ਼ਾਲੀ ਰਹੀ ਹੈ ਅਤੇ ਉਸੇ ਅਨੁਸਾਰ ਇਸ ਵਿਚੋਂ ਭਵਿੱਖ ਦੀ ਸਪੱਸ਼ਟ ਦਿਸ਼ਾ ਮਿਲਦੀ ਰਹੀ ਹੈ। ਸਿੱਖ ਪੰਥ ਦੀਆਂ ਪ੍ਰਾਪਤੀਆਂ ਦੀ ਇਹ ਲੰਮੀ ਗਾਥਾ ਸਿੱਖ ਵਿਰਾਸਤ ਦਾ ਗੌਰਵਮਈ ਇਤਿਹਾਸ ਹੈ।
ਸ਼ਕਤੀਸ਼ਾਲੀ ਸੰਸਥਾਵਾਂ ਕਿਸੇ ਵੀ ਸੱਭਿਆਚਾਰ ਦੀ ਸ਼ਕਤੀ ਬਣਾਈ ਰੱਖਣ ਵਿਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਜਿੰਨੀਆਂ ਸੰਸਥਾਵਾਂ ਸ਼ਕਤੀਸ਼ਾਲੀ ਹੋਣਗੀਆਂ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਸਬੰਧਤ ਆਗੂਆਂ ਵਲੋਂ ਠੀਕ ਪ੍ਰਸੰਗ ਵਿਚ ਸਫ਼ਲ ਨਤੀਜੇ ਲਿਆਉਣ ਲਈ ਵਰਤਿਆ ਜਾਂਦਾ ਹੈ, ਓਨੀ ਹੀ ਉਨ੍ਹਾਂ ਲੋਕਾਂ ਦੀ ਦਸ਼ਾ ਉਸਾਰੂ ਅਤੇ ਪ੍ਰਸੰਗਿਕ ਬਣੀ ਰਹਿੰਦੀ ਹੈ। 1708-1970 ਤੱਕ ਦੇ ਵੱਖ-ਵੱਖ ਸਮਾਂ ਪੜਾਵਾਂ ਉੱਤੇ ਸਿੱਖ ਪੰਥ ਦੇ ਆਗੂਆਂ ਨੇ ਅਨੇਕਾਂ ਉਤਰਾਵਾਂ-ਚੜ੍ਹਾਵਾਂ ਦਾ ਸਾਹਮਣਾ ਕਰਦਿਆਂ ਹੋਇਆਂ ਆਪਣੀ ਸਮਝ ਅਨੁਸਾਰ ਮਕਸਦ ਨੀਯਤ ਕਰਨ ਅਤੇ ਪ੍ਰਾਪਤੀਆਂ ਦਾ ਵੱਡਾ ਗ੍ਰਾਫ਼ ਸਿਰਜਿਆ ਹੈ। ਸਿੱਖ ਪੰਥ ਦੀ ਵਰਤਮਾਨ ਦਸ਼ਾ ਵਿਚੋਂ ਜਦੋਂ ਅਸੀਂ ਭਵਿੱਖ ਦੀ ਨਵੀਂ ਦਿਸ਼ਾ ਦੀ ਤਲਾਸ਼ ਕਰਨੀ ਹੈ ਤਾਂ ਸਾਨੂੰ ਸਿੱਖ ਪੰਥ ਦੀਆਂ ਸੰਸਥਾਵਾਂ ਦੀ ਵਰਤਮਾਨ ਸਥਿਤੀ ਬਾਰੇ ਸਪੱਸ਼ਟ ਹੋ ਕੇ ਸਮਦ੍ਰਿਸ਼ਟ ਦ੍ਰਿਸ਼ਟੀਕੋਣ ਅਪਣਾਉਣਾ ਹੋਏਗਾ। ਜਦੋਂ ਕੌਮਾਂ ਅਤੇ ਸੱਭਿਆਚਾਰਾਂ ਦੀ ਸ਼ਕਤੀਸ਼ਾਲੀ ਵਿਰਾਸਤ ਮੌਜੂਦ ਹੋਵੇ ਅਤੇ ਉਹ ਹਰ ਪਲ ਉਤਪਤੀ ਅਤੇ ਵਿਕਾਸ ਦੇ ਦੌਰ ਵਿਚੋਂ ਲੰਘ ਰਹੀਆਂ ਹੋਣ, ਉਦੋਂ ਸਮਦ੍ਰਿਸ਼ਟ ਦ੍ਰਿਸ਼ਟੀਕੋਣ ਅਪਣਾਉਣਾ ਦਿਸ਼ਾ ਦੀ ਸਪੱਸ਼ਟਤਾ ਲਈ ਜ਼ਰੂਰੀ ਹੁੰਦਾ ਹੈ।
1970 ਵਿਚ ਜਦੋਂ ਪੰਜਾਬ ਉੱਤੇ ਅਕਾਲੀ ਅਤੇ ਕੁਝ ਸੱਤਾਧਾਰੀ ਪਰਿਵਾਰ ਸਿੱਖਾਂ ਦੇ ਸ਼ਾਸਕ ਵਰਗ ਵਜੋਂ ਸੱਤਾ ਸੰਸਥਾਵਾਂ ਨੂੰ ਨਵੇਂ ਰੂਪ ਵਿਚ ਸੰਗਠਿਤ ਕਰਨ ਲਈ ਭਾਰਤੀ ਸਿਸਟਮ ਦੀਆਂ ਸੀਮਾਵਾਂ ਅੰਦਰ ਇਸ ਸਿਸਟਮ ਦਾ ਹਿੱਸਾ ਬਣੇ ਤਾਂ ਉਦੋਂ ਸਿੱਖ ਹਲਕਿਆਂ ਵਿਚ ਇਕ ਵੱਡਾ ਪ੍ਰਸ਼ਨ ਸਾਹਮਣੇ ਆਇਆ ਸੀ, ਜੋ ਅਜੇ ਵੀ ਉਸੇ ਤਰ੍ਹਾਂ ਖੜ੍ਹਾ ਹੈ ਕਿ ਕੀ ਇਹ ਸੱਤਾ, ਸੱਤਾ ਲਈ ਸੀ ਜਾਂ ਇਸ ਸੱਤਾ ਨੂੰ ਸਿੱਖ ਪੰਥ ਅਤੇ ਸਿੱਖ ਫ਼ਿਲਾਸਫੀ ਦੇ ਸਮੁੱਚੇ ਉਦੇਸ਼ਾਂ ਦੀ ਪ੍ਰਾਪਤੀ ਲਈ ਇਕ ਸਾਧਨ ਵਜੋਂ ਵਰਤਿਆ ਜਾਣਾ ਸੀ? ਜਦੋਂ ਸੱਤਾ, ਸੱਤਾ ਲਈ ਹੀ ਹੰਢਾਈ ਜਾਵੇ ਤਾਂ ਉਨ੍ਹਾਂ ਲੋਕਾਂ ਦੀ ਦਸ਼ਾ ਇਕ ਵਿਸ਼ੇਸ਼ ਤਰ੍ਹਾਂ ਦੇ 'ਮਾਨਸਿਕ ਡੱਬੇ' ਵਾਂਗ ਸੀਮਤ ਹੋ ਜਾਂਦੀ ਹੈ। ਪਰ ਜਦੋਂ ਸੱਤਾ ਨੂੰ ਮਹਾਨ ਉਦੇਸ਼ਾਂ ਦੀ ਪ੍ਰਾਪਤੀ ਲਈ ਇਕ ਸ਼ਕਤੀਸ਼ਾਲੀ ਸਾਧਨ ਬਣਾ ਲਿਆ ਜਾਵੇ ਤਾਂ ਅਸਮਾਨ ਵੀ ਛੋਟਾ ਪੈ ਜਾਂਦਾ ਹੈ। 1967 ਤੋਂ 2017 ਤੱਕ ਪੰਜਾਬ ਉੱਤੇ 25 ਸਾਲ ਤੋਂ ਵਧੇਰੇ ਰਾਜ ਕਰਨ ਤੋਂ ਬਾਅਦ ਵੀ, ਜਿਸ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 19 ਸਾਲ ਦਾ ਸ਼ਾਸਨ ਵੀ ਸ਼ਾਮਿਲ ਹੈ, ਜੇਕਰ ਅੱਜ ਅਸੀਂ ਸਿੱਖ ਪੰਥ ਦੀ ਵਰਤਮਾਨ ਦਸ਼ਾ ਵਿਚੋਂ ਨਵੀਂ ਦਿਸ਼ਾ ਤਲਾਸ਼ ਕਰ ਰਹੇ ਹਾਂ ਤਾਂ ਜਵਾਬ ਸਪੱਸ਼ਟ ਹੈ ਕਿ ਇਹ ਰਾਜ ਸੱਤਾ, ਕੇਵਲ ਸੱਤਾ ਲਈ ਹੰਢਾਈ ਗਈ ਹੈ, ਨਾ ਕਿ ਸਿੱਖ ਪੰਥ ਦੇ ਮਹਾਨ ਉਦੇਸ਼ਾਂ ਦੀ ਪ੍ਰਾਪਤੀ ਅਤੇ ਸਮੁੱਚੇ ਮਕਸਦਾਂ ਲਈ ਸਿੱਖ ਪੰਥ ਦੀ ਮਾਨਸਿਕਤਾ ਨੂੰ ਸ਼ਕਤੀਸ਼ਾਲੀ ਕਰਕੇ ਰੱਖ ਸਕੀ ਹੈ।
ਸਮੇਂ ਨਾਲ ਸਿੱਖ ਪੰਥ ਦੇ ਉਤਪਤੀ ਦੇ ਵੱਡੇ ਪ੍ਰਾਕਰਮ ਹੇਠ ਅੱਜ ਸਿੱਖ ਸ਼ਕਤੀ ਨੂੰ ਦਿਸ਼ਾ ਦੇਣ ਵਾਲੇ ਤਿੰਨ ਮੁੱਖ ਕੇਂਦਰ ਹਨ, ਜਿਨ੍ਹਾਂ ਹੱਥ ਹਰ ਤਰ੍ਹਾਂ ਦੀ ਪਹਿਲਕਦਮੀ ਕਰਨ ਦੇ ਵਧੇਰੇ ਅਧਿਕਾਰ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਅਤੇ ਸੰਸਥਾ ਅਤੇ ਇਸ ਦਾ ਵਿਸ਼ਵ ਪ੍ਰਭਾਵ ਸਿੱਖ ਮਾਨਸਿਕਤਾ ਵਿਚ ਹਰ ਪਲ ਵਸੇ ਰਹਿੰਦੇ ਸਿੱਖ ਪੰਥ ਦਾ ਸਿਰਮੌਰ ਸ਼ਕਤੀ ਕੇਂਦਰ ਹੈ। 1920-25 ਤੋਂ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਣ ਲਈ ਕਾਨੂੰਨੀ ਮਾਨਤਾ ਨਾਲ ਲੈਸ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ 100 ਸਾਲਾ ਸ਼ਤਾਬਦੀ ਮਨਾਉਣ ਦੇ ਨੇੜੇ ਪਹੁੰਚੀ ਦੂਸਰਾ ਸ਼ਕਤੀ ਕੇਂਦਰ ਹੈ। ਲਗਪਗ ਇਸੇ ਹੀ ਸਮੇਂ ਸਿੱਖ ਰਾਜਨੀਤੀ ਅਤੇ ਰਾਜਨੀਤਕ ਉਦੇਸ਼ਾਂ ਦੀ ਪ੍ਰਾਪਤੀ ਲਈ ਇਨ੍ਹਾਂ ਨੂੰ ਪੰਥ ਦੀ ਅਗਵਾਈ ਕਰਨ ਲਈ ਮਿਲੇ ਅਧਿਕਾਰ ਨੂੰ 100 ਸਾਲ ਹੋ ਰਹੇ ਹਨ। ਇਸ ਦੌਰਾਨ ਅਕਾਲੀ ਦਲ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਕਈ ਬਦਲ ਸਾਹਮਣੇ ਆਏ ਪਰ ਉਹ ਇਕ ਜਾਂ ਦੂਜੇ ਕਾਰਨਾਂ ਕਰਕੇ ਸਫ਼ਲ ਨਹੀਂ ਹੋ ਸਕੇ। ਅਕਾਲੀ ਰਾਜਨੀਤੀ ਅੰਦਰ ਜਾਂ ਬਾਹਰ ਸ਼ਕਤੀਸ਼ਾਲੀ ਵਿਰੋਧੀ ਧਿਰ ਦੇ ਨਾ ਹੋਣ ਕਾਰਨ ਅਤੇ ਕਈ ਹੋਰ ਕਾਰਨਾਂ ਕਰਕੇ ਅਕਾਲੀ ਰਾਜਨੀਤੀ ਨਾ ਤਾਂ ਸਿੱਖ ਰਾਜਨੀਤੀ ਦੇ ਬੱਝਵੇਂ ਪ੍ਰਤੀਨਿਧ ਵਜੋਂ ਵਿਕਸਿਤ ਹੋ ਸਕੀ ਅਤੇ ਨਾ ਹੀ ਪੰਥ ਲਈ ਨਵੀਂ ਸੁਚੇਤ, ਪ੍ਰਤਿਭਾਵਾਨ ਅਤੇ ਸਮੇਂ ਦੀਆਂ ਲੋੜਾਂ ਦੇ ਅਨੁਕੂਲ ਭਵਿੱਖ-ਦ੍ਰਿਸ਼ਟੀ ਵਾਲੀ ਨਵੀਂ ਲੀਡਰਸ਼ਿਪ ਹੀ ਪੈਦਾ ਹੋ ਸਕੀ। ਪੰਜਾਬ ਗੁਰਦੁਆਰਾ ਐਕਟ ਰਾਹੀਂ ਪੰਜਾਬ ਵਿਚ ਸਥਿਤ ਤਿੰਨ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਯੋਗਤਾਵਾਨ ਨਿਯੁਕਤੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੇ ਅਧਿਕਾਰਾਂ ਦਾ ਬਦਲਵਾਂ ਪੰਥ ਪ੍ਰਵਾਨਿਤ ਬਦਲ ਵੀ ਸਾਹਮਣੇ ਨਹੀਂ ਆ ਸਕਿਆ। ਨਤੀਜਾ, ਇਹ ਸ਼ਕਤੀਸ਼ਾਲੀ ਤਿੰਨ ਸੰਸਥਾਵਾਂ ਇਕ ਜਾਂ ਦੂਜੇ ਕਾਰਨ ਪਰਿਪੂਰਨਤਾ ਅਤੇ ਖੜ੍ਹੋਤ ਦਾ ਸ਼ਿਕਾਰ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਨੇ ਸਿੱਖ ਪੰਥ ਨੂੰ ਭਵਿੱਖਮੁਖੀ ਦਿਸ਼ਾ ਦੇਣ ਸਬੰਧੀ ਇਕ ਰਹੱਸਮਈ ਚੁੱਪ ਧਾਰਨ ਕੀਤੀ ਹੋਈ ਹੈ। ਅਜਿਹੇ ਹਾਲਾਤ ਵਿਚ ਅਸੀਂ ਸਿੱਖ ਪੰਥ ਦੀ ਵਰਤਮਾਨ ਦਸ਼ਾ ਵਿਚੋਂ ਭਵਿੱਖ ਦੀ ਨਵੀਂ ਦਿਸ਼ਾ ਤਲਾਸ਼ਣ ਲਈ ਸੰਖੇਪ ਵਿਚ ਆਪਣੇ ਕੁਝ ਸੁਝਾਅ ਦੇ ਰਹੇ ਹਾਂ।
ਜਿਨ੍ਹਾਂ ਕਾਰਨਾਂ ਕਰਕੇ ਸਮੁੱਚੀਆਂ ਸਿੱਖ ਸੰਸਥਾਵਾਂ, ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਰਾਜਨੀਤੀ ਦੇ ਹੋਰ ਰਾਜਨੀਤਿਕ ਮੰਚ ਪੰਥ ਨੂੰ ਬਣਦੀ ਦਿਸ਼ਾ ਨਹੀਂ ਦੇ ਸਕੇ, ਉਨ੍ਹਾਂ ਕਾਰਨਾਂ ਨੂੰ ਖ਼ਤਮ ਕਰਨ ਲਈ ਪੰਥ ਦੇ ਸੁਹਿਰਦ, ਨਿਰਪੱਖ ਅਤੇ ਪ੍ਰਤਿਭਾਵਾਨ ਭਾਰਤ ਅਤੇ ਭਾਰਤ ਤੋਂ ਬਾਹਰ ਬੈਠੇ ਸਿੱਖ ਆਪਸੀ ਤਾਲਮੇਲ ਨਾਲ ਵਿਸ਼ਾਲ ਪੰਥਕ ਨਿਸ਼ਾਨਿਆਂ ਆਧਾਰਿਤ ਇਕ ਨੀਤੀ ਦਸਤਾਵੇਜ਼ ਤਿਆਰ ਕਰਨ ਲਈ ਪਹਿਲਕਦਮੀ ਕਰਨ ਅਤੇ ਇਸ ਨੂੰ ਲਾਗੂ ਕਰਨ ਲਈ ਸਾਰੀਆਂ ਸਬੰਧਤ ਧਿਰਾਂ ਨੂੰ ਵਿਸ਼ਵਾਸ ਵਿਚ ਲੈਣ।
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ ਪੰਥ ਦੀ ਸਮੁੱਚੀ ਵਿਚਾਰਧਾਰਕ ਅਤੇ ਵਿਹਾਰਕ ਅਗਵਾਈ ਕਰਨ ਦੇ ਅਧਿਕਾਰ ਨੂੰ ਮਿਲਿਆਂ 310 ਸਾਲ ਦਾ ਸਮਾਂ ਬੀਤ ਗਿਆ ਹੈ। ਇਸ ਦੌਰਾਨ ਇਤਿਹਾਸ ਦੇ ਪੁਲਾਂ ਹੇਠਾਂ ਬਹੁਤ ਕੁਝ ਵਹਿ ਚੁੱਕਾ ਹੈ। ਸਮੇਂ-ਸਮੇਂ ਪੰਥ ਵਿਚ ਪੈਦਾ ਹੋਏ ਖਾਲਸਾਈ ਗੁੱਟਾਂ ਦੀ ਅਗਵਾਈ ਦੇ ਕਈ ਮਾਡਲ ਸਾਹਮਣੇ ਆਏ ਹਨ। ਪਰ ਪੰਥ ਦੀ ਸਮੁੱਚੀ ਅਗਵਾਈ ਦਾ ਕੋਈ ਪ੍ਰਤੀਨਿਧ ਸਰੂਪ ਸਾਹਮਣੇ ਨਹੀਂ ਆ ਸਕਿਆ। ਗੁਰੂ ਚੇਤਨਾ ਅਤੇ ਸੁਪਨਿਆਂ ਨੂੰ ਸਮਰਪਿਤ ਸਿੱਖ ਮਿਸਲਾਂ ਨੇ ਸਰਬੱਤ ਖ਼ਾਲਸਾ ਰੂਪ ਵਿਚ ਇਕ ਮਾਡਲ ਸਾਹਮਣੇ ਲਿਆਂਦਾ ਸੀ, ਪਰ ਉਹ ਵੀ ਇਤਿਹਾਸ ਦੀ ਗਰਦਿਸ਼ ਵਿਚ ਕਿਤੇ ਗੁਆਚ ਗਿਆ ਹੈ। ਨਵੇਂ ਹਾਲਾਤ ਅਤੇ ਸਥਿਤੀਆਂ ਵਿਚ ਉਹੋ ਜਿਹਾ ਸਰਬੱਤ ਖ਼ਾਲਸਾ ਭਾਵੇਂ ਨਾ ਵੀ ਗਠਿਤ ਕੀਤਾ ਜਾ ਸਕੇ, ਪਰ ਪੰਥ ਦੀ ਸਮੁੱਚੀ ਅਗਵਾਈ ਦਾ ਕੋਈ ਪ੍ਰਤੀਨਿਧ ਮਾਡਲ ਤਾਂ ਸਾਹਮਣੇ ਆਉਣਾ ਹੀ ਚਾਹੀਦਾ ਹੈ।
ਜਿਨ੍ਹਾਂ ਵਿਚਾਰਧਾਰਾਵਾਂ ਅਤੇ ਸਮਾਜਿਕ ਪ੍ਰਬੰਧਾਂ ਨੇ ਪਿਛਲੀਆਂ 4-5 ਸਦੀਆਂ ਵਿਚ ਮਨੁੱਖ ਦੀ ਹੋਣੀ ਨੂੰ ਦਿਸ਼ਾ ਦਿੱਤੀ ਹੈ ਜਾਂ ਦੇ ਰਹੀਆਂ ਹਨ, ਉਹ ਇਕ ਜਾਂ ਦੂਜੇ ਕਾਰਨ ਅਸਪੱਸ਼ਟਤਾ ਅਤੇ 'ਥਕਾਵਟ' ਦੇ ਘੇਰੇ ਵਿਚ ਆ ਚੁੱਕੇ ਹਨ। ਸਿੱਖ ਫ਼ਿਲਾਸਫ਼ੀ ਨਾ ਕੇਵਲ ਸਿੱਖ ਪੰਥ, ਸਗੋਂ ਵਿਸ਼ਵ ਨੂੰ ਜੀਵਨ ਦੇ ਸਾਰੇ ਖੇਤਰਾਂ ਵਿਚ ਸਮੁੱਚੀ ਅਗਵਾਈ ਦੇਣ ਦੇ ਸਮਰੱਥ ਹੈ। ਸਿੱਖ ਚਿੰਤਕ ਸੱਤਾ ਪ੍ਰਬੰਧ ਸਮੇਤ ਵਿੱਦਿਅਕ, ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਰੂਹਾਨੀ ਕਦਰਾਂ-ਕੀਮਤਾਂ ਆਧਾਰਿਤ ਇਕ ਅਜਿਹਾ ਸਮਾਜਿਕ ਮਾਡਲ ਤਿਆਰ ਕਰਨ ਜੋ ਪ੍ਰਚੱਲਿਤ ਸਮਾਜਿਕ ਪ੍ਰਬੰਧਾਂ, ਸਰਮਾਏਦਾਰੀ, ਪੂੰਜੀਵਾਦ, ਸਮਾਜਵਾਦ, ਸਾਮਵਾਦ ਅਤੇ ਇਥੋਂ ਤੱਕ ਕਿ ਇਸਲਾਮਿਕ ਸ਼ਰੀਅਤ ਦੇ ਵੀ ਬਦਲ ਬਣ ਸਕਣ। ਯਕੀਨਨ ਇਹ ਉਹ ਦਿਸ਼ਾ ਹੈ ਜੋ ਸਮੇਂ ਨਾਲ ਸਿੱਖ ਪੰਥ ਦੀ ਦਸ਼ਾ ਨੂੰ ਨਵੀਆਂ ਉਸਾਰੂ ਬੁਲੰਦੀਆਂ ਵੱਲ ਲੈ ਜਾਵੇਗੀ ਅਤੇ ਗੁਰੂ ਸੁਪਨਿਆਂ ਨੂੰ ਸਾਕਾਰ ਕਰ ਸਕੇਗੀ।
ਇਕ ਸਿੱਖ ਦੇ ਜੀਵਨ ਵਿਚ ਗੁਰਦੁਆਰਾ ਸੰਸਥਾ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਦੇ ਮਕਸਦਾਂ ਦੀ ਪ੍ਰਾਪਤੀ ਪ੍ਰਥਾਇ ਬਹੁਪਰਤੀ ਸੁਧਾਰ ਲਿਆਂਦੇ ਜਾਣ। ਗੁਰਦੁਆਰਾ ਪ੍ਰਬੰਧ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਅਤੇ ਵਿਸ਼ਵ ਦੀਆਂ ਹੋਰ ਪ੍ਰਤੀਨਿਧ ਕਮੇਟੀਆਂ ਵਿਚ ਉਦੇਸ਼ਾਤਮਕ ਸੁਧਾਰ, ਚੋਣ ਸੁਧਾਰ, ਵਿੱਦਿਅਕ ਸੁਧਾਰ, ਧਾਰਮਿਕ ਸੁਧਾਰ, ਆਰਥਿਕ ਸੁਧਾਰ, ਸਿਹਤ ਸੇਵਾਵਾਂ ਸਬੰਧੀ ਸੁਧਾਰ, ਸੱਭਿਆਚਾਰਕ ਸੁਧਾਰ, ਪ੍ਰਬੰਧਕੀ ਸੁਧਾਰ, ਪ੍ਰਸ਼ਾਸਕੀ ਸੁਧਾਰ, ਗੁਰਮਤਿ ਸਿੱਖਿਆ ਸੁਧਾਰ, ਪ੍ਰਚਾਰਕਾਂ ਦੀ ਬੌਧਿਕ ਉੱਤਮਤਾ ਨੂੰ ਨਿਸਚਿਤ ਕਰਨ ਲਈ ਤਿਆਰ ਨਵੀਆਂ ਵਿਸ਼ਵ ਲੋੜਾਂ ਅਤੇ ਮਿਆਰਾਂ ਅਨੁਕੂਲ ਨਵੇਂ ਪ੍ਰਚਾਰਕਾਂ ਦੀ ਤਿਆਰੀ, ਪ੍ਰਚਾਰਕਾਂ ਦੇ ਵਿਸ਼ਾ-ਵਸਤੂ ਅਤੇ ਪ੍ਰਚਾਰ ਵਿਧੀਆਂ ਦੇ ਨਵੇਂ ਮਿਆਰ ਮਿੱਥੇ ਜਾਣ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਯੋਗਤਾ, ਨਿਯੁਕਤੀ, ਅਧਿਕਾਰ ਖੇਤਰ, ਕਾਰਜ ਖੇਤਰ ਅਤੇ ਧਰਮ ਪ੍ਰਚਾਰ-ਪ੍ਰਸਾਰ ਸਬੰਧੀ ਜ਼ਿੰਮੇਵਾਰੀਆਂ ਅਤੇ ਵਿਸ਼ਵ ਭੂਮਿਕਾ ਆਦਿ ਪ੍ਰਥਾਇ ਸਰਵ-ਪ੍ਰਵਾਨਿਤ ਚੋਣ ਲਈ ਯਤਨ ਕੀਤੇ ਜਾਣ। ਸਮੇਂ ਨਾਲ ਸਿੱਖ ਪੰਥ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਦਿ ਮੰਚਾਂ ਦੀ ਪੁਰਾਣੀ ਲੀਡਰਸ਼ਿਪ ਆਪਣੀ ਭੂਮਿਕਾ ਨਿਭਾਅ ਕੇ ਇਕ ਜਾਂ ਦੂਜੇ ਕਾਰਨ ਮੰਚ ਤੋਂ ਲਾਂਭੇ ਹੋ ਜਾਂਦੀ ਹੈ। ਅੱਜ ਸਿੱਖ ਪੰਥ ਵਿਚ ਆਗੂ ਤਾਂ ਬਹੁਤ ਹਨ ਪਰ ਸਰਬ-ਪ੍ਰਵਾਨਿਤ ਆਗੂ ਅਤੇ ਆਗੂ ਸਮੂਹਾਂ ਦਾ ਕਾਲ ਪੈ ਗਿਆ ਹੈ। ਇਸੇ ਕਾਰਨ ਹੀ ਪੰਥ ਵਿਚਾਰਾਂ ਦੇ ਕਾਲ ਦੀ ਤ੍ਰਾਸਦੀ ਵੀ ਹੰਢਾਅ ਰਿਹਾ ਹੈ।
ਪੰਜਾਬ ਵਿਚ ਸਿੱਖ ਪੰਥ ਦੀਆਂ ਜੜ੍ਹਾਂ ਮਜ਼ਬੂਤ ਅਤੇ ਸਿੰਚਿਤ ਰਹਿਣੀਆਂ ਜ਼ਰੂਰੀ ਹਨ। ਵਰਤਮਾਨ ਦੇ ਆਗੂ ਚਿਹਰੇ ਅਜਿਹੀ ਭੂਮਿਕਾ ਨਿਭਾਉਂਦੇ ਨਜ਼ਰ ਨਹੀਂ ਆਉਂਦੇ। ਸਿੱਖ ਪੰਥ ਆਪਣੀ ਲੀਡਰਸ਼ਿਪ ਦੇ ਮਸਲੇ ਨੂੰ ਜਿੰਨੀ ਛੇਤੀ ਸੰਬੋਧਿਤ ਹੋਵੇਗਾ, ਓਨੀ ਹੀ ਸਪੱਸ਼ਟਤਾ ਨਾਲ ਸਿੱਖ ਪੰਥ ਦੀ ਨਵੀਂ ਦਿਸ਼ਾ ਅੱਗੇ ਛਾਇਆ ਧੁੰਦਲਕਾ ਛੱਟ ਜਾਵੇਗਾ। ਇਕ ਵਾਰ ਸਿੱਖ ਲੀਡਰਸ਼ਿਪ ਦਾ ਮਸਲਾ ਹੱਲ ਹੋ ਜਾਏ ਤਾਂ ਦਿਸ਼ਾ ਦੇਣ ਵਾਲੇ ਬਾਕੀ ਸਾਰੇ ਯਤਨ ਅਤੇ ਮੁੱਦੇ ਸੁਤੇਸਿੱਧ ਹੀ ਸਪੱਸ਼ਟ ਹੁੰਦੇ ਜਾਣਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਨਾ ਕੇਵਲ ਸਿੱਖ ਪੰਥ, ਸਗੋਂ ਵਿਸ਼ਵ ਮਨੁੱਖ ਦੀ ਆਸ ਹਨ। ਮਾਨਵ ਜਾਤੀ ਦੀ ਸਿਰਜਣਾ ਅਤੇ ਸੰਭਾਲ ਕਰਨ ਵਾਲੇ ਅਕਾਲ ਪੁਰਖ਼ ਦਾ ਇਹ ਸਰਗੁਣ ਤਖ਼ਤ, ਇਸ ਆਸ ਦੇ ਕਿਵੇਂ ਨਵੇਂ ਦਿਸਹੱਦੇ ਸਿਰਜੇਗਾ, ਇਹ ਆਸ ਤਾਂ ਬਣੀ ਰਹਿਣੀ ਚਾਹੀਦੀ ਹੈ।


-ਮੁਖੀ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98725-91713


ਖ਼ਬਰ ਸ਼ੇਅਰ ਕਰੋ

ਦੋ ਨਦੀਆਂ ਦਾ ਜਨਮ ਸਥਾਨ-ਅਮਰਕੰਟਕ

ਜਦੋਂ ਐਨ.ਸੀ.ਸੀ. ਦੇ ਇਕ ਟਰੈਕਿੰਗ ਕੈਂਪ ਲਈ ਮੈਨੂੰ ਕੈਡਿਟਾਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਇਕ ਸ਼ਹਿਰ ਅਮਰਕੰਟਕ ਜਾਣ ਦਾ ਮੌਕਾ ਮਿਲਿਆ ਤਾਂ ਹਿੰਦੂ ਧਰਮ ਦੇ ਤੀਰਥ ਸਥਾਨਾਂ ਵਿਚੋਂ ਇਕ ਪਵਿੱਤਰ ਅਤੇ ਪ੍ਰਕਿਰਤਕ ਸੁੰਦਰਤਾ ਨਾਲ ਭਰਪੂਰ ਸਥਾਨ ਨੂੰ ਵੇਖਣ ਦਾ ਮੌਕਾ ਮਿਲਿਆ। ਜ਼ਿੰਦਗੀ ਦੇ ਅੱਠ ਦਿਨ ਇੱਥੇ ਗੁਜ਼ਾਰਨ ਕਰਕੇ ਇਸ ਸਥਾਨ ਨਾਲ ਜੁੜੀਆਂ ਨਾ ਭੁੱਲਣਯੋਗ ਯਾਦਾਂ ਨੂੰ ਯਾਦ ਕਰਕੇ ਮਨ ਅੱਜ ਵੀ ਰੁਮਾਂਚਿਤ ਹੋ ਉਠਦਾ ਹੈ। ਇਸ ਸਥਾਨ 'ਤੇ ਹਵਾਈ ਮਾਰਗ ਰਾਹੀਂ ਜਾਣ ਲਈ ਸਭ ਤੋਂ ਨੇੜੇ ਦਾ ਹਵਾਈ ਅੱਡਾ ਜੱਬਲਪੁਰ ਹੈ, ਜੋ ਕਿ ਇੱਥੋਂ 250 ਕਿਲੋਮੀਟਰ ਦੂਰ ਹੈ। ਰੇਲ ਮਾਰਗ ਰਾਹੀਂ ਜਾਣ ਲਈ ਸਭ ਤੋਂ ਨੇੜੇ ਦਾ ਰੇਲਵੇ ਸਟੇਸ਼ਨ ਪੈਂਡਰਾ ਰੋਡ ਹੈ, ਜੋ ਇਥੋਂ 35 ਕਿਲੋਮੀਟਰ ਦੂਰ ਹੈ। ਸੜਕ ਮਾਰਗ ਰਾਹੀਂ ਪੈਂਡਰਾ ਰੋਡ, ਬਿਲਾਸਪੁਰ ਅਤੇ ਸ਼ਹਡੋਲ ਤੋਂ ਵੀ ਇੱਥੇ ਜਾਇਆ ਜਾ ਸਕਦਾ ਹੈ।
ਮੈਕਾਲ ਦੀਆਂ ਪਹਾੜੀਆਂ 'ਤੇ ਸਥਿਤ ਅਮਰਕੰਟਕ ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਵਿਚ ਹਿੰਦੂ ਧਰਮ ਨਾਲ ਸਬੰਧਤ ਤੀਰਥ ਸਥਾਨ ਹੈ। ਇਸ ਸਥਾਨ 'ਤੇ ਮੱਧ ਭਾਰਤ ਦੀਆਂ ਦੋ ਪਹਾੜੀ ਸ਼ਖਾਵਾਂ ਵਿੰਧਿਆ ਅਤੇ ਸੱਤਪੁੜਾ ਦਾ ਮੇਲ ਵੀ ਹੰਦਾ ਹੈ। ਟੀਕ ਅਤੇ ਮਹੂਆ ਦੇ ਸੰਘਣੇ ਰੁੱਖਾਂ ਨਾਲ ਘਿਰਿਆ ਇਹ ਖੇਤਰ ਜਿੱਥੇ ਆਪਣੀ ਕੁਦਰਤੀ ਸੁੰਦਰਤਾ ਕਾਰਨ ਲੋਕਾਂ ਲਈ ਖਿੱਚ ਦਾ ਕੇਂਦਰ ਹੈ, ਉਥੇ ਹੀ ਇਹ ਨਰਮਦਾ ਅਤੇ ਸੋਨ ਨਦੀ ਦੇ ਉਤਪਤੀ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ। ਇਕੋ ਸਥਾਨ ਤੋਂ ਪ੍ਰਗਟ ਹੋ ਕੇ ਦੋਵੇਂ ਨਦੀਆਂ ਉਲਟ ਦਿਸ਼ਾਵਾਂ (ਨਰਮਦਾ ਨਦੀ ਪੱਛਮ ਦਿਸ਼ਾ ਵਿਚ ਅਤੇ ਸੋਨ ਨਦੀ ਪੂਰਬ ਦਿਸ਼ਾ ਵਿਚ) ਵਿਚ ਵਗਦੀਆਂ ਹਨ। ਉਲਟ ਦਿਸ਼ਾਵਾਂ ਵਿਚ ਵਗਣ ਬਾਰੇ ਇਕ ਕਥਾ ਪ੍ਰਚਲਿਤ ਹੈ ਕਿ ਨਰਮਦਾ ਜੋ ਰੇਵਾ ਦੇ ਨਾਂਅ ਨਾਲ ਵੀ ਜਾਣੀ ਜਾਂਦੀ ਹੈ, ਰਾਜਾ ਮੈਖਲ ਦੀ ਪੁੱਤਰੀ ਸੀ। ਰਾਜਾ ਨੇ ਐਲਾਨ ਕੀਤਾ ਸੀ ਕਿ ਜੋ ਰਾਜਕੁਮਾਰ ਉਸ ਦੀ ਪੁੱਤਰੀ ਲਈ ਗੁਲਬਕਾਵਲੀ ਦੇ ਫੁੱਲ ਲੈ ਕੇ ਆਵੇਗਾ, ਉਸ ਨਾਲ ਨਰਮਦਾ ਦਾ ਵਿਆਹ ਹੋਵੇਗਾ। ਸੋਨਭਦਰ ਇਹ ਫੁੱਲ ਲੈ ਆਇਆ ਅਤੇ ਉਨ੍ਹਾਂ ਦਾ ਵਿਆਹ ਨਿਸਚਿਤ ਹੋ ਗਿਆ।
ਦੋਵਾਂ ਦੇ ਵਿਆਹ ਵਿਚ ਕੁਝ ਸਮਾਂ ਬਾਕੀ ਸੀ। ਨਰਮਦਾ ਕਦੇ ਸੋਨਭਦਰ ਨੂੰ ਮਿਲੀ ਨਹੀਂ ਸੀ, ਇਸ ਲਈ ਉਸ ਨੇ ਆਪਣੀ ਦਾਸੀ ਜੁਹਿਲਾ ਹੱਥ ਸੋਨਭਦਰ ਨੂੰ ਮਿਲਣ ਲਈ ਸੁਨੇਹਾ ਭੇਜਿਆ। ਜੁਹਿਲਾ ਨੇ ਨਰਮਦਾ ਤੋਂ ਰਾਜਕੁਮਾਰੀ ਦੇ ਕੱਪੜੇ ਅਤੇ ਗਹਿਣੇ ਮੰਗੇ ਅਤੇ ਉਨ੍ਹਾਂ ਨੂੰ ਪਹਿਨ ਕੇ ਸੋਨਭਦਰ ਨੂੰ ਮਿਲਣ ਚਲੀ ਗਈ। ਸੋਨਭਦਰ ਨੇ ਜੁਹਿਲਾ ਨੂੰ ਹੀ ਨਰਮਦਾ ਸਮਝ ਲਿਆ ਅਤੇ ਪਿਆਰ ਦਾ ਇਜ਼ਹਾਰ ਕੀਤਾ। ਜੁਹਿਲਾ ਦੀ ਨੀਅਤ ਵੀ ਬਦਲ ਗਈ ਅਤੇ ਉਹ ਸੋਨਭਦਰ ਦੇ ਪਿਆਰ ਨੂੰ ਠੁਕਰਾ ਨਾ ਸਕੀ। ਕਾਫੀ ਸਮਾਂ ਜਦੋਂ ਜੁਹਿਲਾ ਵਾਪਸ ਨਾ ਆਈ ਤਾਂ ਨਰਮਦਾ ਖੁਦ ਸੋਨਭਦਰ ਨੂੰ ਮਿਲਣ ਚੱਲ ਪਈ। ਉਥੇ ਜੁਹਿਲਾ ਅਤੇ ਸੋਨਭਦਰ ਨੂੰ ਇਕੱਠੇ ਵੇਖ ਕੇ ਨਰਮਦਾ ਨਰਾਜ਼ ਹੋ ਗਈ ਅਤੇ ਸਾਰੀ ਉਮਰ ਕੁਆਰੀ ਰਹਿਣ ਦੀ ਕਸਮ ਖਾ ਕੇ ਉਲਟ ਦਿਸ਼ਾ ਵਿਚ ਵਾਪਸ ਤੁਰ ਪਈ। ਉਸ ਦਿਨ ਤੋਂ ਬਾਅਦ ਹੀ ਨਰਮਦਾ ਸੋਨ ਨਦੀ ਦੇ ਉਲਟ ਵਗਦੀ ਹੈ। ਇੱਥੇ ਵਰਨਣਯੋਗ ਹੈ ਕਿ ਨਰਮਦਾ ਹੀ ਇਕ ਇਕੱਲੀ ਨਦੀ ਹੈ ਜੋ ਪੂਰਬ ਤੋਂ ਪੱਛਮ ਵੱਲ ਵਗਦੀ ਹੈ। ਭਾਰਤ ਦੀਆਂ ਸਾਰੀਆਂ ਪ੍ਰਮੁੱਖ ਨਦੀਆਂ ਬੰਗਾਲ ਦੀ ਖਾੜੀ ਵਿਚ ਮਿਲਦੀਆਂ ਹਨ ਜਦੋਂ ਕਿ ਨਰਮਦਾ ਅਰਬ ਸਾਗਰ ਵਿਚ ਮਿਲਦੀ ਹੈ।
ਆਮ ਵਸੋਂ ਤੋਂ ਦੂਰ ਅਤੇ ਸ਼ਾਂਤ ਵਾਤਾਵਰਨ ਹੋਣ ਕਾਰਨ ਇਹ ਸਥਾਨ ਕਈ ਮਹਾਨ ਸੰਤਾਂ ਦਾ ਤਪ ਸਥਾਨ ਵੀ ਰਿਹਾ ਹੈ। ਪੁਰਾਣੀ ਮਾਨਤਾ ਅਨੁਸਾਰ ਇਹ ਸਥਾਨ ਕਪਿਲ ਮੁਨੀ, ਵੇਦ ਵਿਆਸ ਅਤੇ ਮਹਾਨ ਸੰਤ ਕਬੀਰ ਜੀ ਦਾ ਵੀ ਤਪ ਸਥਾਨ ਰਿਹਾ ਹੈ। ਕਬੀਰ ਜੀ ਨੇ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਇਸ ਸਥਾਨ 'ਤੇ ਗੁਜ਼ਾਰਿਆ ਹੈ। ਇਸ ਸਥਾਨ ਨੂੰ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੁਹ ਵੀ ਪ੍ਰਾਪਤ ਹੈ। ਕਹਿੰਦੇ ਹਨ ਕਿ ਗੁਰੂ ਸਾਹਿਬ ਜੱਬਲਪੁਰ ਤੋਂ ਵਾਪਸੀ ਸਮੇਂ ਕੁਝ ਸਮਾਂ ਇਸ ਸਥਾਨ 'ਤੇ ਰੁਕੇ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਇਸ ਸਥਾਨ 'ਤੇ ਇਕ ਖੂਬਸੂਰਤ ਗੁਰਦੁਆਰਾ ਵੀ ਬਣਿਆ ਹੋਇਆ ਹੈ, ਜੋ ਗੁਰੂ ਨਾਨਕ ਧਾਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਅਮਰਕੰਟਕ ਬਹੁਤ ਸਾਰੇ ਆਯੁਰਵੈਦਿਕ ਪੌਦਿਆਂ ਲਈ ਵੀ ਜਾਣਿਆ ਜਾਂਦਾ ਹੈ ਅਤੇ ਇੱਥੇ ਬਕਾਇਦਾ ਇਕ ਹਰਬਲ ਪਾਰਕ ਵੀ ਬਣਿਆ ਹੈ, ਜਿਥੇ ਕਈ ਤਰ੍ਹਾਂ ਦੇ ਆਯੁਰਵੈਦਿਕ ਪੌਦੇ ਰੱਖੇ ਹੋਏ ਹਨ ਅਤੇ ਉਨ੍ਹਾਂ ਦਾ ਕਿਸ ਬਿਮਾਰੀ ਵਿਚ ਪ੍ਰਯੋਗ ਹੁੰਦਾ ਹੈ, ਇਸ ਬਾਰੇ ਪੂਰੀ ਜਾਣਕਾਰੀ ਦੇਣ ਲਈ ਬੋਰਡ ਵੀ ਲਗਾਏ ਹੋਏ ਹਨ। ਹਿਮਾਲਿਆ ਦੀਆਂ ਨਦੀਆਂ ਨੂੰ ਵੇਖਣ ਅਤੇ ਜਾਨਣ ਦੀ ਉਤਸੁਕਤਾ ਰੱਖਣ ਵਾਲਿਆਂ ਲਈ ਅਮਰਕੰਟਕ ਤੋਂ ਨਰਮਦਾ ਅਤੇ ਸੋਨ ਨਦੀ ਦੀ ਉਤਪਤੀ ਚਮਤਕਾਰ ਤੋਂ ਘੱਟ ਨਹੀਂ ਹੈ, ਹਿਮਾਲਿਆ ਦੀਆਂ ਨਦੀਆਂ ਜਿੱਥੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਬਣਦੀਆਂ ਹਨ, ਉੱਥੇ ਨਰਮਦਾ ਅਤੇ ਸੋਨ ਸਮੁੰਦਰ ਤੋਂ 1065 ਮੀਟਰ ਉੱਚੇ ਪਠਾਰ ਵਿਚੋਂ ਨਿਕਲਦੀਆਂ ਹਨ। ਵੈਸੇ ਤਾਂ ਸਾਰਾ ਅਮਰਕੰਟਕ ਹੀ ਬਹੁਤ ਸੁੰਦਰ ਹੈ ਪਰ ਨਰਮਦਾ ਕੁੰਡ, ਪਾਤਾਲੇਸ਼ਵਰ ਮੰਦਰ, ਮਾਈ ਕੀ ਬਗੀਆ, ਸੋਨਮੁੰਡਾ, ਕਬੀਰ ਚਬੂਤਰਾ, ਕਪਿਲ ਧਾਰਾ ਇਥੋਂ ਦੇ ਮੁੱਖ ਆਕਰਸ਼ਣ ਕੇਂਦਰ ਹਨ।
ਨਰਮਦਾ ਕੁੰਡ : ਜਿਸ ਸਥਾਨ ਤੋਂ ਨਰਮਦਾ ਨਦੀ ਨਿਕਲਦੀ ਹੈ, ਇਸ ਸਥਾਨ ਨੂੰ ਨਰਮਦਾ ਕੁੰਡ ਕਹਿੰਦੇ ਹਨ। ਇਸ ਸਥਾਨ ਦੇ ਆਲੇ-ਦੁਆਲੇ ਕਈ ਮੰਦਰ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਨਰਮਦਾ ਮੰਦਰ, ਸ਼ਿਵ ਮੰਦਰ, ਗੋਰਖਨਾਥ ਮੰਦਰ, ਦੁਰਗਾ ਮੰਦਰ ਵਿਸ਼ੇਸ਼ ਹਨ। ਇਸ ਸਥਾਨ ਤੋਂ ਬਾਅਦ ਨਰਮਦਾ ਇਕ ਛੋਟੇ ਜਿਹੇ ਨਾਲੇ ਦੇ ਰੂਪ ਵਿਚ ਵਗਦੀ ਵਿਖਾਈ ਦਿੰਦੀ ਹੈ। ਸ਼ਿਵ ਮੰਦਰ ਤੋਂ ਬਾਹਰ ਇਕ ਹਾਥੀ ਦੀ ਮੂਰਤੀ ਬਣੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਦੇ ਮੰਦਰ ਆਉਣ ਦਾ ਪੁੰਨ ਤਾਂ ਹੀ ਪ੍ਰਾਪਤ ਹੁੰਦਾ ਹੈ, ਜੇਕਰ ਸ਼ਰਧਾਲੂ ਹਾਥੀ ਦੀ ਮੂਰਤੀ ਹੇਠੋਂ ਰੇਂਗ ਕੇ ਮੰਦਰ ਅੰਦਰ ਜਾਵੇ। ਇਹ ਵੀ ਕਿਹਾ ਜਾਂਦਾ ਹੈ ਕਿ ਪਾਪੀ ਲੋਕ ਇਸ ਹਾਥੀ ਦੀ ਮੂਰਤੀ ਦੇ ਹੇਠੋਂ ਨਹੀਂ ਨਿਕਲ ਸਕਦੇ, ਇਸ ਡਰ ਕਾਰਨ ਕਈ ਸ਼ਰਧਾਲੂ ਤਾਂ ਸ਼ਿਵ ਮੰਦਰ ਦੇ ਬਾਹਰੋਂ ਹੀ ਮੱਥਾ ਟੇਕ ਰਹੇ ਸਨ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮਾਡਲ ਟਾਊਨ, ਮੁਕੇਰੀਆਂ। ਮੋਬਾ: 94647-30770

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਬੀਕਾਨੇਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਜੂਨਾਗੜ੍ਹ ਕਿਲ੍ਹਾ ਧਾਰ ਰੇਗਿਸਤਾਨ ਦੇ ਲਾਲ ਬਲੂਆ ਪੱਥਰਾਂ ਨਾਲ ਬਣਿਆ ਹੋਇਆ ਹੈ। ਕਿਲ੍ਹੇ ਦੇ ਅੰਦਰ ਸੰਗਮਰਮਰ ਦਾ ਕੰਮ ਵੀ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੈ। ਇਸ ਤੋਂ ਇਲਾਵਾ ਜੂਨਾਗੜ੍ਹ ਕਿਲ੍ਹੇ ਵਿਚ ਬਹੁਤ ਵੱਡੀ ਲਾਇਬ੍ਰੇਰੀ ਵੀ ਹੈ, ਜਿਥੇ ਕਿ ਸੰਸਕ੍ਰਿਤ ਅਤੇ ਫਾਰਸੀ ਦੀਆਂ ਕਈ ਦੁਰਲੱਭ ਪਾਂਡੂਲਿੱਪੀਆ ਮਿਲ ਜਾਣਗੀਆਂ। ਇਸ ਲਾਇਬ੍ਰੇਰੀ ਨੂੰ 1961 ਵਿਚ ਬਣਾਇਆ ਗਿਆ ਸੀ ਅਤੇ ਇਸ ਦਾ ਨਿਰਮਾਣ ਮਹਾਰਾਜਾ ਡਾਕਟਰ ਕਰਨੀ ਸਿੰਘ ਨੇ ਕੀਤਾ ਸੀ। ਇਸ ਲਾਇਬ੍ਰੇਰੀ ਵਿਚ ਸ਼ਾਹੀ ਪੋਸ਼ਾਕਾਂ, ਕੀਮਤੀ ਖਰੜਿਆਂ ਤੋਂ ਇਲਾਵਾ ਸ਼ਾਹੀ ਗਹਿਣੇ, ਸ਼ਾਹੀ ਫਰਮਾਨ, ਗੈਲਰੀ ਤੇ ਰੀਤੀ ਰਿਵਾਜ ਦੀ ਜਾਣਕਾਰੀ ਤੋਂ ਇਲਾਵਾ ਇਤਿਹਾਸਕ ਪੇਂਟਿੰਗਾਂ ਵੀ ਰੱਖੀਆਂ ਹੋਈਆਂ ਹਨ।
ਇਸ ਕਿਲ੍ਹੇ ਵਿਚ ਬਣੇ ਬਾਦਲ ਮਹਿਲ, ਗੰਗਾ ਮਹਿਲ, ਫੁੱਲ ਮਹਿਲ, ਅਨੂਪ ਮਹਿਲ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਜੂਨਾਗੜ੍ਹ ਕਿਲ੍ਹੇ ਵਿਚ ਬਾਦਲ ਮਹਿਲ ਬਹੁਤ ਹੀ ਉਚਾਈ ਉੱਪਰ ਬਣਿਆ ਹੋਇਆ ਹੈ, ਇਸੇ ਕਾਰਨ ਹੀ ਇਸ ਨੂੰ ਬਾਦਲ ਮਹਿਲ ਕਿਹਾ ਜਾਂਦਾ ਹੈ। ਬਾਦਲ ਮਹਿਲ ਵਿਚ ਤਾਜ਼ੀ ਹਵਾ ਦੇ ਬੁੱਲੇ ਸਭ ਦਾ ਮਨ ਮੋਹ ਲੈਂਦੇ ਹਨ ਅਤੇ ਸੈਲਾਨੀਆਂ ਦੀ ਥਕਾਵਟ ਦੂਰ ਕਰ ਦਿੰਦੇ ਹਨ। ਇਸ ਮਹਿਲ ਵਿਚ ਆ ਕੇ ਇਸੇ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਕਿਸੇ ਆਸਮਾਨ ਦੇ ਕਿਸੇ ਬੱਦਲ ਉੱਪਰ ਹੀ ਅਸੀਂ ਆ ਗਏ ਹੋਈਏ। ਇਸ ਮਹਿਲ ਦੀਆਂ ਕੰਧਾਂ ਉੱਪਰ ਬਣਾਏ ਗਏ ਅਸਮਾਨੀ ਰੰਗ ਅਤੇ ਚਿੱਟੇ ਰੰਗ ਦੇ ਬੱਦਲ ਬਰਸਾਤ ਦਾ ਭੁਲੇਖਾ ਪਾਉਂਦੇ ਹਨ। ਇਸ ਮਹਿਲ ਦੀਆਂ ਦੀਵਾਰਾਂ ਉੱਪਰ ਬਣੇ ਇਹ ਅਸਮਾਨੀ ਅਤੇ ਚਿੱਟੇ ਰੰਗ ਦੇ ਬੱਦਲ ਬਹੁਤ ਸੋਹਣੇ ਲੱਗਦੇ ਹਨ। ਇਸ ਤੋਂ ਇਲਾਵਾ ਇਸ ਮਹਿਲ ਦੀਆਂ ਦੀਵਾਰਾਂ ਉੱਪਰ ਬਹੁਤ ਸਾਰੇ ਸ਼ੀਸ਼ੇ ਲੱਗੇ ਹੋਏ ਹਨ। ਇਸ ਮਹਿਲ ਵਿਚ ਇਕ ਵਿਸ਼ਾਲ ਚਿੱਤਰ ਵੀ ਲੱਗਿਆ ਹੋਇਆ ਹੈ, ਜਿਸ ਵਿਚ ਸ਼ੇਖਾਵਟੀ ਦੇ ਜ਼ਿਮੀਂਦਾਰ ਬੀਕਾਨੇਰ ਦੇ ਰਾਜੇ ਦਾ ਸਨਮਾਨ ਕਰ ਰਹੇ ਹਨ। ਇਸ ਬਾਦਲ ਮਹਿਲ ਵਿਚ ਬੀਕਾਨੇਰ ਰਿਆਸਤ ਦੇ ਰਾਜੇ ਆਪਣੀਆਂ ਰਾਣੀਆਂ ਨਾਲ ਆਪਣਾ ਸਮਾਂ ਬਤੀਤ ਕਰਦੇ ਸਨ ਅਤੇ ਰਾਜੇ ਆਪਣੀਆਂ ਰਾਣੀਆਂ ਨਾਲ ਇਸ ਮਹਿਲ ਵਿਚ ਚੋਹਲ-ਮੋਹਲ ਵੀ ਕਰਿਆ ਕਰਦੇ ਸਨ।
ਜੂਨਾਗੜ੍ਹ ਕਿਲ੍ਹੇ ਵਿਚ ਬਣਿਆ ਫੁੱਲ ਮਹਿਲ ਬਹੁਤ ਹੀ ਸੁੰਦਰ ਹੈ। ਇਸ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਮਹਿਲ ਵਿਚ ਹਰ ਪਾਸੇ ਫੁੱਲ-ਪੱਤੇ ਹੀ ਬਣੇ ਹੋਣਗੇ। ਇਸ ਮਹਿਲ ਦੀਆਂ ਕੰਧਾਂ ਉੱਪਰ ਬਹੁਤ ਸੋਹਣੇ-ਸੋਹਣੇ ਫੁੱਲਾਂ ਦੇ ਡਿਜ਼ਾਈਨ ਬਣੇ ਹੋਏ ਹਨ। ਇਸ ਮਹਿਲ ਵਿਚ ਬਣਾਇਆ ਗਿਆ ਝੂਲਾ ਅੱਜ ਵੀ ਆਪਣੀ ਸ਼ੋਭਾ ਬਿਖੇਰ ਰਿਹਾ ਹੈ। ਇਸ ਝੂਲੇ ਨੂੰ ਟੰਗਣ ਲਈ ਬਹੁਤ ਹੀ ਸ਼ਾਨਦਾਰ ਕੁੰਡੀ ਬਣਾਈ ਗਈ ਹੈ।
ਇਸ ਤੋਂ ਇਲਾਵਾ ਇਸ ਕਿਲ੍ਹੇ ਵਿਚ ਬਹੁਤ ਹੀ ਦੁਰਲੱਭ ਚਿੱਤਰ, ਗਹਿਣੇ, ਹਥਿਆਰ, ਪਹਿਲੇ ਵਿਸ਼ਵ ਯੁੱਧ ਦੇ ਹਥਿਆਰ ਵੀ ਪਏ ਹਨ। ਇਹ ਕਿਲ੍ਹਾ ਅਸਲ ਵਿਚ ਤੁਰਕੀ ਸ਼ੈਲੀ ਵਿਚ ਬਣਿਆ ਹੋਇਆ ਹੈ। ਇਸ ਕਿਲ੍ਹੇ ਦੀਆਂ ਦੀਵਾਰਾਂ ਅੰਦਰ ਦੇ ਵੱਲ ਕੁਝ ਝੁਕੀਆਂ ਹੋਈਆਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 9463819174

ਦੁਨੀਆ ਦੀਆਂ ਮਾਵਾਂ ਲਈ ਚਾਨਣ ਮੁਨਾਰਾ

ਮਾਤਾ ਗੁਜਰੀ ਜੀ

ਸਿੱਖ ਇਤਿਹਾਸ ਵਿਚ ਪੋਹ ਮਹੀਨੇ ਸਾਹਿਬ-ਏ-ਕਮਾਲਿ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਮਹਾਨ ਸ਼ਹੀਦੀ ਸਾਕਾ ਵਾਪਰਿਆ ਸੀ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਲਾਸਾਨੀ ਕੁਰਬਾਨੀ ਅਤੇ ਸਿੱਖੀ ਸਿਦਕ ਦੇ ਪਿਛਲੇ ਪ੍ਰੇਰਨਾ ਸਰੋਤ ਤੇ ਮਹਾਨ ਸਿਦਕੀ ਮਾਂ, ਮਾਤਾ ਗੁਜਰੀ ਜੀ ਦੀ ਸ਼ਖ਼ਸੀਅਤ ਨਾਲ ਇਤਿਹਾਸਕਾਰਾਂ ਨੇ ਅਜੇ ਤੱਕ ਪੂਰਾ ਇਨਸਾਫ਼ ਨਹੀਂ ਕੀਤਾ। ਸਾਹਿਬਜ਼ਾਦਿਆਂ ਦੀ ਪਰਵਰਿਸ਼ ਵਿਚ ਮਾਤਾ ਗੁਜਰੀ ਜੀ ਦਾ ਬਹੁਤ ਵੱਡਾ ਯੋਗਦਾਨ ਸੀ ਅਤੇ ਇਹ ਮਾਤਾ ਜੀ ਦੀ ਤਾਲੀਮ ਦਾ ਹੀ ਨਤੀਜਾ ਸੀ ਕਿ ਸਾਹਿਬਜ਼ਾਦੇ ਏਨੇ ਮਹਾਨ ਨਿਕਲੇ ਸਨ।
ਮਾਤਾ ਗੁਜਰੀ ਜੀ, ਦੁਨੀਆ ਦੇ ਇਤਿਹਾਸ 'ਚ ਪਹਿਲੀ ਅਜਿਹੀ ਮਹਾਨ ਔਰਤ ਸੀ, ਜੋ ਆਪ ਸ਼ਹੀਦ, ਜਿਨ੍ਹਾਂ ਦਾ ਪਤੀ ਸ਼ਹੀਦ (ਸ੍ਰੀ ਗੁਰੂ ਤੇਗ਼ ਬਹਾਦਰ ਜੀ), ਪੁੱਤਰ ਸ਼ਹੀਦ (ਸ੍ਰੀ ਗੁਰੂ ਗੋਬਿੰਦ ਸਿੰਘ ਜੀ), ਪੋਤਰੇ ਸ਼ਹੀਦ (ਚਾਰ ਸਾਹਿਬਜ਼ਾਦੇ), ਭਰਾ ਸ਼ਹੀਦ (ਕਿਰਪਾਲ ਚੰਦ ਜੀ) ਅਤੇ ਨਨੋਤਰੇ (ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਪੰਜ ਪੁੱਤਰ : ਸੰਘੋਸ਼ਾਹ ਜੀ, ਗੁਲਾਬ ਚੰਦ ਜੀ, ਜੀਤ ਮੱਲ ਜੀ, ਗੰਗਾ ਰਾਮ ਜੀ ਅਤੇ ਮੋਹਰੀ ਚੰਦ ਜੀ) ਵੀ ਸ਼ਹੀਦ ਹੋਏ।
ਮਾਤਾ ਗੁਜਰੀ ਜੀ ਦਾ ਜਨਮ ਸੰਨ 1619 ਵਿਚ (ਬਹੁਤ ਸਾਰੇ ਇਤਿਹਾਸਕਾਰਾਂ ਦੇ ਜਨਮ ਤਰੀਕ ਬਾਰੇ ਵੱਖ-ਵੱਖ ਮਤ ਵੀ ਹਨ) ਮਾਤਾ ਬਿਸ਼ਨ ਕੌਰ ਦੀ ਕੁੱਖੋਂ (ਗੁਰੂ-ਘਰ ਦੇ ਅਨਿੰਨ ਸੇਵਕ) ਪਿਤਾ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਘਰ, ਕਰਤਾਰਪੁਰ (ਜਲੰਧਰ) ਵਿਚ ਹੋਇਆ। ਜਦੋਂ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਵੱਡੇ ਸਪੁੱਤਰ ਸ੍ਰੀ ਸੂਰਜ ਮੱਲ ਦਾ ਅਨੰਦ ਕਾਰਜ ਕਰਨ ਲਈ ਬਰਾਤ ਲੈ ਕੇ ਕਰਤਾਰਪੁਰ ਪਹੁੰਚੇ, ਬੀਬੀ ਬਿਸ਼ਨ ਕੌਰ ਨੇ ਬਰਾਤ ਵਿਚ ਆਏ ਤੇਗ਼ ਬਹਾਦਰ ਜੀ ਦੇ ਸੁੰਦਰ ਮੁਖੜੇ ਦੇ ਦਰਸ਼ਨ ਕੀਤੇ ਤਾਂ ਆਪਮੁਹਾਰੇ ਉਨ੍ਹਾਂ ਦੇ ਮਨ ਵਿਚ ਆਪਣੀ ਪੁੱਤਰੀ ਗੁਜਰੀ ਵਾਸਤੇ ਇਹ ਵਰ ਬਹੁਤ ਜਚਿਆ। ਉਨ੍ਹਾਂ ਨੇ ਉਸੇ ਵਕਤ ਹੀ ਆਪਣੇ ਪਤੀ ਭਾਈ ਲਾਲ ਚੰਦ ਨਾਲ ਗੱਲ ਕੀਤੀ ਤਾਂ ਭਾਈ ਲਾਲ ਚੰਦ ਨੇ ਭਾਈ ਗੁਰਦਾਸ ਜੀ, ਜੋ ਉਸ ਵੇਲੇ ਬਹੁਤ ਬਿਰਧ ਅਵਸਥਾ 'ਚ ਸਨ, ਨੂੰ ਵਿਚ ਪਾ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਬੇਨਤੀ ਕੀਤੀ, ਜੋ ਗੁਰੂ ਜੀ ਨੇ ਤਤਕਾਲ ਮਨਜ਼ੂਰ ਕਰ ਲਈ। ਸੰਨ 1632 ਵਿਚ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦਾ ਅਨੰਦ ਕਾਰਜ ਹੋ ਗਿਆ। ਅਨੰਦ ਕਾਰਜ ਉਪਰੰਤ ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਨੇ ਆਪਣਾ ਮਾਪਿਆਂ ਵਾਲਾ ਫਰਜ਼ ਨਿਭਾਉਂਦਿਆਂ ਆਪਣੀ ਧੀ ਨੂੰ ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਹੀ ਸਿੱਖਿਆ ਦਿੱਤੀ-
ਪਤਿ ਸਮ ਈਸ ਪਛਾਨ ਕੈ ਤੈ ਪੁਤਰੀ ਕਰ ਸੇਵਾ।
ਪਤਿ ਪਰਮੇਸਰ ਜਾਨੀਏ, ਔਰ ਤੁਛ ਲਖ ਟੇਵਾ।'
(ਸ੍ਰੀ ਗੁਰੂ) ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ। ਹਰ ਕੋਈ ਕਹਿ ਰਿਹਾ ਸੀ ਕਿ ਵਿਧਾਤਾ ਨੇ ਇਹ ਜੋੜੀ ਆਪ ਸੁੰਦਰਤਾ 'ਚ ਡੁਬੋ ਘੜੀ ਹੈ-
ਕਹਿ ਤੇਗ਼ ਬਹਾਦਰ ਜੋਰੀ। ਬਿਧ ਰਚੀ ਰੁਚਿਰ ਰੁਚਿ ਬੋਰੀ।'
ਮਾਤਾ ਗੁਜਰੀ ਜੀ ਗੁਰਮਤਿ ਦੇ ਸਭ ਗੁਣਾਂ ਵਿਚ ਪ੍ਰਬੀਨ ਸਨ ਅਤੇ ਉਨ੍ਹਾਂ ਨੇ ਆਪਣੇ ਰਸਿਕ ਬੈਰਾਗੀ ਪਤੀ-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਅਥਾਹ ਸੇਵਾ ਕੀਤੀ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤਾਂ ਛੋਟੀ ਉਮਰ ਤੋਂ ਹੀ ਗੁਰਮਤਿ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਮਾਤਾ ਗੁਜਰੀ ਜੀ ਨੇ ਅਥਾਹ ਸਬਰ ਅਤੇ ਸੰਤੋਖ ਨਾਲ ਗੁਰੂ ਜੀ ਦੀ ਸੇਵਾ ਕੀਤੀ। ਬਾਬੇ ਬਕਾਲੇ ਰਹਿੰਦਿਆਂ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਜਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਹੁਕਮ ਵਿਚ (ਸ੍ਰੀ ਗੁਰੂ) ਤੇਗ਼ ਬਹਾਦਰ ਜੀ ਬਿਹਾਰ, ਉੱਤਰ ਪ੍ਰਦੇਸ਼, ਆਸਾਮ, ਬੰਗਾਲ ਆਦਿ ਸੂਬਿਆਂ 'ਚ ਗੁਰਮਤਿ ਪ੍ਰਚਾਰ ਲਈ ਜਾਂਦੇ ਸਨ ਤਾਂ ਮਾਤਾ ਜੀ ਅਕਸਰ ਨਾਲ ਹੀ ਹੁੰਦੇ ਪਰ ਕਦੇ ਪਿੱਛੇ ਇਕੱਲੇ ਵੀ ਰਹਿਣਾ ਪੈਂਦਾ ਤਾਂ ਪਤੀ ਪਰਮੇਸ਼ਰ ਦੀ ਆਗਿਆ ਵਲੋਂ ਕਦੇ ਉਜ਼ਰ ਨਹੀਂ ਕੀਤਾ।
ਗੁਰਤਾਗੱਦੀ ਮਿਲਣ ਤੋਂ ਉਪਰੰਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਪੰਜਾਬ ਤੋਂ ਬਾਹਰ ਜਾ ਕੇ ਵੱਖ-ਵੱਖ ਸੂਬਿਆਂ ਵਿਚ ਗੁਰਮਤਿ ਦਾ ਅਥਾਹ ਪ੍ਰਚਾਰ ਕੀਤਾ। ਮਾਤਾ ਗੁਜਰੀ ਜੀ ਪਿੱਛੇ ਰਹਿ ਕੇ ਗੁਰੂ-ਘਰ ਦਾ ਸਾਰਾ ਇੰਤਜ਼ਾਮ ਖੁਦ ਹੀ ਕਰਦੇ ਸਨ। ਜਦੋਂ ਬਾਲ ਗੋਬਿੰਦ ਰਾਏ ਜੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦਾ ਪ੍ਰਕਾਸ਼ ਹੋਇਆ ਤਾਂ ਮਾਤਾ ਗੁਜਰੀ ਜੀ ਪਟਨਾ ਵਿਖੇ ਠਹਿਰੇ ਹੋਏ ਸਨ, ਜਦਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਬੰਗਾਲ ਦੇ ਦੌਰੇ 'ਤੇ ਸਨ। ਗੁਰੂ ਜੀ ਵਾਪਸ ਆ ਕੇ ਥੋੜ੍ਹਾ ਸਮਾਂ ਪਟਨਾ ਵਿਖੇ ਰਹੇ ਅਤੇ ਫਿਰ ਪੰਜਾਬ ਚਲੇ ਗਏ ਪਰ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਪਟਨਾ ਵਿਖੇ ਹੀ ਰਹੇ। ਉਸ ਵਕਤ ਮਾਤਾ ਜੀ ਇਕੱਲੇ ਹੀ ਬਾਲ ਗੋਬਿੰਦ ਰਾਏ ਦਾ ਪਾਲਣ-ਪੋਸ਼ਣ ਅਤੇ ਇਲਾਕੇ ਦੀਆਂ ਸੰਗਤਾਂ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਕੁਝ ਸਾਲ ਇਕੱਲੇ ਰਹਿ ਕੇ ਸੰਗਤਾਂ ਦੀ ਮਹਾਨ ਅਗਵਾਈ ਕੀਤੀ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਨੁੱਖਤਾ ਦੇ ਰਹਿਬਰ, ਮਹਾਨ ਦਾਨੀ, ਕਵੀ, ਫਕੀਰ, ਜੁਝਾਰੂ ਅਤੇ ਸੰਤ ਨੂੰ ਜਨਮ ਦੇਣ ਵਾਲੀ ਮਾਂ ਦੀ ਸ਼ਖ਼ਸੀਅਤ ਦਾ ਪੂਰਨ ਮੁਲਾਂਕਣ ਕਰਨਾ ਦੁਨਿਆਵੀ ਸ਼ਬਦਾਂ ਤੋਂ ਬਾਹਰੀ ਗੱਲ ਹੈ। ਮਾਤਾ ਗੁਜਰੀ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਉਸਾਰੀ ਵਿਚ ਕਿੰਨੀ ਮਹਾਨ ਭੂਮਿਕਾ ਨਿਭਾਈ, ਇਸ ਦਾ ਜ਼ਿਕਰ ਗੁਰੂ ਸਾਹਿਬ ਖ਼ੁਦ ਕਰਦੇ ਹਨ-
'ਤਾਤ ਮਾਤ ਮੁਰ ਅਲਖ ਅਰਾਧਾ॥
ਬਹੂ ਬਿਧਿ ਜੋਗ ਸਾਧਨਾ ਸਾਧਾ॥ ੩॥'
'ਕੀਨੀ ਅਨਿਕ ਭਾਂਤਿ ਤਨ ਰੱਛਾ॥ ਦੀਨੀ ਭਾਂਤਿ ਭਾਂਤਿ ਕੀ ਸਿੱਛਾ॥'
ਜਿਸ ਤਰੀਕੇ ਨਾਲ ਮਾਤਾ ਜੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਭਗਤੀ ਕਰਨ ਵਿਚ ਸਾਥ ਦਿੱਤਾ ਅਤੇ ਜਿਸ ਸਬਰ, ਸੰਤੋਖ ਨਾਲ ਉਹ ਸੰਸਾਰਕ ਪੱਖੋਂ ਗੁੰਮਨਾਮ ਜ਼ਿੰਦਗੀ ਜਿਉਂਦੇ ਰਹੇ, ਉਸ ਤੋਂ ਸਿੱਧ ਹੈ ਕਿ ਮਾਤਾ ਜੀ ਮਹਾਨ ਅਵਸਥਾ ਦੇ ਮਾਲਕ ਸਨ। ਮਗਰੋਂ ਅਨੰਦਪੁਰ ਸਾਹਿਬ ਵਿਚ ਰਹਿੰਦਿਆਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਆਪਣੇ ਬਾਲਕ ਸਾਹਿਬਜ਼ਾਦੇ ਬਾਲ ਗੋਬਿੰਦ ਰਾਏ ਨੂੰ ਮਾਤਾ ਜੀ ਦੇ ਸਪੁਰਦ ਕਰਕੇ ਬੜੇ ਨਿਸਚਿੰਤ ਹੋ ਕੇ ਦਿੱਲੀ ਵਿਖੇ ਧਰਮ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਲਈ ਰਵਾਨਾ ਹੋਏ ਸਨ। ਉਨ੍ਹਾਂ ਨੂੰ ਪੂਰਨ ਭਰੋਸਾ ਸੀ ਕਿ ਉਨ੍ਹਾਂ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਬਾਖੂਬੀ ਸਾਰਾ ਇੰਤਜ਼ਾਮ ਕਰ ਲੈਣਾ ਹੈ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਹੌਸਲਾ ਤੇ ਦ੍ਰਿੜ੍ਹਤਾ ਮਾਤਾ ਗੁਜਰੀ ਜੀ ਨੇ ਦਰਸਾਈ, ਉਸ ਦੀ ਮਿਸਾਲ ਵੀ ਦੁਨੀਆ 'ਤੇ ਹੋਰ ਕਿਧਰੇ ਨਹੀਂ ਮਿਲਦੀ। ਦਿੱਲੀ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਕੱਟਿਆ ਹੋਇਆ ਪਾਵਨ ਸੀਸ ਲੈ ਕੇ ਭਾਈ ਜੈਤਾ ਜੀ ਬਿਬਾਨਗੜ੍ਹ (ਕੀਰਤਪੁਰ ਸਾਹਿਬ) ਪੁੱਜੇ ਤੇ ਅਨੰਦਪੁਰ ਸਾਹਿਬ ਖ਼ਬਰ ਭੇਜੀ ਤਾਂ ਮਾਤਾ ਗੁਜਰੀ ਜੀ ਨੇ ਉਥੇ ਪਹੁੰਚ ਕੇ ਗੁਰੂ ਪਤੀ ਦੇ ਸ਼ਹੀਦ ਸੀਸ ਦੇ ਦਰਸ਼ਨ ਕੀਤੇ ਅਤੇ ਸਿਰ ਝੁਕਾਅ ਕੇ ਬੇਨਤੀ ਕੀਤੀ, 'ਤੁਹਾਡੀ ਨਿਭ ਆਈ। ਇਹ ਹੀ ਬਖਸ਼ਿਸ਼ ਕਰਨੀ ਕਿ ਮੇਰੀ ਵੀ ਨਿਭ ਜਾਏ।' ਸੱਚਮੁੱਚ ਮਾਤਾ ਗੁਜਰੀ ਜੀ ਵੀ ਐਸੇ ਨਿਭਾਅ ਕੇ ਗਏ ਕਿ ਦੁਨੀਆ ਦੀਆਂ ਮਾਵਾਂ ਲਈ ਚਾਨਣ-ਮੁਨਾਰਾ ਬਣ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾਗੱਦੀ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਬਹੁਤ ਉਥਲ-ਪੁਥਲ ਹੋਈ ਪਰ ਇਸ ਸਾਰੇ ਸਮੇਂ ਵਿਚ ਮਾਤਾ ਜੀ ਸੁਮੇਰ ਪਰਬਤ ਵਾਂਗ ਅਡੋਲ ਰਹੇ। ਜਦੋਂ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਉਹ ਸਿਰਸਾ ਨਦੀ 'ਤੇ ਛੋਟੇ ਸਾਹਿਬਜ਼ਾਦਿਆਂ ਸਹਿਤ ਬਾਕੀ ਗੁਰੂ ਪਰਿਵਾਰ ਨਾਲੋਂ ਵਿਛੜ ਗਏ ਤਾਂ ਵੀ ਉਨ੍ਹਾਂ ਨੇ ਬਹੁਤ ਹੀ ਯੋਗ ਅਗਵਾਈ ਸਾਹਿਬਜ਼ਾਦਿਆਂ ਨੂੰ ਦਿੱਤੀ। ਉਹ ਖੁਦ ਵੀ ਅਡੋਲ ਰਹੇ ਅਤੇ ਉਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਵਾਰ-ਵਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਯਾਦ ਕਰਵਾਈ ਅਤੇ ਆਪਣੇ ਪੁਰਖਿਆਂ ਵਾਂਗ ਸਿੱਖੀ ਸਿਦਕ ਨਿਭਾਉਣ ਲਈ ਅਤੇ ਸ਼ਹੀਦੀ ਦੇਣ ਲਈ ਪ੍ਰੇਰਿਆ। ਉਨ੍ਹਾਂ ਦੀ ਪ੍ਰੇਰਨਾ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੇ ਅਜਿਹਾ ਲਾਸਾਨੀ ਇਤਿਹਾਸ ਸਿਰਜਿਆ ਕਿ ਇਸ ਦੀ ਮਿਸਾਲ ਭੂਤ, ਭਵਿੱਖ ਅਤੇ ਭਵਾਨ ਵਿਚ ਨਹੀਂ ਮਿਲਦੀ।
ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਮਾਤਾ ਜੀ ਨੂੰ ਵੀ ਅਕਾਲ ਪੁਰਖ ਵਲੋਂ ਸੱਚਖੰਡ ਪਿਆਨਾ ਕਰਨ ਦਾ ਹੁਕਮ ਆ ਗਿਆ। ਮਾਤਾ ਜੀ ਵਾਹਿਗੁਰੂ ਨਾਮ ਦੇ ਰੰਗਾਂ ਵਿਚ ਰੱਤੇ ਹੋਏ, ਸਮਾਧੀ ਲੀਨ ਹੋਏ ਹੀ ਸੱਚਖੰਡ ਪਿਆਨਾ ਕਰ ਗਏ। ਕੁਝ ਅਨਜਾਣ ਇਤਿਹਾਸਕਾਰਾਂ ਨੇ ਲਿਖ ਦਿੱਤਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਸਦਮਾ ਨਾ ਸਹਾਰ ਸਕੇ ਅਤੇ ਉਨ੍ਹਾਂ ਨੇ ਆਪਣੀ ਜੀਵਨ ਲੀਲ੍ਹਾ ਖੁਦ ਸਮਾਪਤ ਕਰ ਲਈ। ਅਜਿਹੀਆਂ ਮਨੋ-ਕਲਪਿਤ ਗੱਲਾਂ ਲਿਖਣ ਵਾਲੇ ਇਤਿਹਾਸਕਾਰਾਂ ਲਈ ਸਵਾਲ ਹੈ ਕਿ ਜੇਕਰ ਮਾਤਾ ਗੁਜਰੀ ਜੀ ਏਨੇ ਕਮਜ਼ੋਰ ਦਿਲ ਹੁੰਦੇ ਤਾਂ ਆਪਣੇ ਪਤੀ ਦੀ ਸ਼ਹਾਦਤ ਵੇਲੇ ਉਨ੍ਹਾਂ ਨੇ ਅਜਿਹਾ ਕਦਮ ਕਿਉਂ ਨਾ ਚੁੱਕਿਆ? ਮਾਤਾ ਗੁਜਰੀ ਜੀ ਜੇਕਰ ਮਮਤਾ ਵਿਚ ਏਨੇ ਲੀਨ ਹੁੰਦੇ ਤਾਂ ਉਹ ਸੂਬਾ ਸਰਹੰਦ ਦੀ ਕਚਹਿਰੀ ਵਿਚ ਭੇਜਣ ਤੋਂ ਪਹਿਲਾਂ ਆਪਣੇ ਪੋਤਰਿਆਂ (ਛੋਟੇ ਸਾਹਿਬਜ਼ਾਦਿਆਂ) ਨੂੰ ਵਾਰ-ਵਾਰ ਸਿੱਖੀ ਸਿਦਕ ਵਿਚ ਦ੍ਰਿੜ੍ਹ ਰਹਿਣ ਅਤੇ ਦਾਦੇ-ਪੜਦਾਦਿਆਂ ਦੇ ਦਰਸਾਏ ਸ਼ਹਾਦਤ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਹੀ ਕਿਉਂ ਦਿੰਦੇ? ਲਿਹਾਜ਼ਾ ਮਾਤਾ ਗੁਜਰੀ ਜੀ ਦੀ ਸ਼ਹੀਦੀ ਬਾਰੇ ਅਜਿਹੀਆਂ ਗੱਲਾਂ ਲਿਖਣ ਵਾਲੇ ਇਤਿਹਾਸਕਾਰ ਅਕਾਲ ਪੁਰਖ ਦਾ ਭਾਣਾ ਮੰਨਣ ਵਾਲੀ, ਸਿਦਕ ਤੇ ਧਰਮ ਦੀ ਮੂਰਤ ਮਹਾਨ ਮਾਤਾ ਗੁਜਰੀ ਦੀ ਸ਼ਖ਼ਸੀਅਤ ਦਾ ਨਿਰਾਦਰ ਕਰਦੇ ਹਨ। ਜਿਥੋਂ ਤੱਕ ਮਾਤਾ ਗੁਜਰੀ ਜੀ ਦੇ ਸ਼ਹੀਦ ਹੋਣ ਦੇ ਕਾਰਨ ਦਾ ਸਵਾਲ ਹੈ, ਠੰਢੇ ਬੁਰਜ ਵਿਚ ਕੈਦ ਰਹਿਣ ਕਾਰਨ ਠੰਢ ਅਤੇ ਭੁੱਖਣ-ਭਾਣੇ ਰਹਿਣ ਕਰਕੇ ਜਾਂ ਨਿਰਦਈ ਮੁਗ਼ਲਾਂ ਦੁਆਰਾ ਤਸ਼ੱਦਦ ਕਰਕੇ ਜਾਂ ਬੁਰਜ ਤੋਂ ਹੇਠਾਂ ਸੁੱਟਣ ਕਾਰਨ ਮਾਤਾ ਜੀ ਦੀ ਸ਼ਹੀਦੀ ਹੋਈ ਹੋ ਸਕਦੀ ਹੈ। ਕਵੀ ਦੂਨਾ ਸਿੰਘ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੁਆਰਾ ਸਿੱਖੀ ਸਿਦਕ ਨੂੰ ਦ੍ਰਿੜ੍ਹਤਾ ਨਾਲ ਨਿਭਾਉਂਦਿਆਂ ਸ਼ਹੀਦੀ ਦੇਣ ਦੀ ਗਵਾਹੀ ਇਉਂ ਭਰਦੇ ਹਨ-
'ਸੋ ਨਾ ਮੰਨੇ ਤਿਨ ਸੀਸ ਦਯੋ,
ਜਿਮ ਤੇਗ਼ ਬਹਾਦਰ ਬਾਤ ਚਲਾਨੀ।
ਮਾਤ ਚਲੀ ਕਰ ਜੋਹਰ ਆਪਹਿ,
ਹਾਇ ਸੁ ਹਾਇ ਕਹੈ ਜਗ ਬਾਨੀ॥ ੧੪॥'
ਮਾਤਾ ਗੁਜਰੀ ਜੀ ਦਾ ਸਮੁੱਚਾ ਜੀਵਨ ਸਿੱਖ ਇਸਤਰੀਆਂ ਲਈ ਜਾਨਣ ਮੁਨਾਰਾ ਹੈ ਅਤੇ ਮਾਤਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਅਜੋਕੀਆਂ ਸਿੱਖ ਬੀਬੀਆਂ ਨੂੰ ਆਪਣੇ ਬੱਚਿਆਂ ਦੀ ਸਿੱਖੀ ਮੁਤਾਬਕ ਪਰਵਰਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਸਿੱਖੀ ਦਾ ਮੁਸਤੱਕਬਿਲ (ਭਵਿੱਖ) ਬੁਲੰਦ-ਓ-ਰੌਸ਼ਨ ਹੋ ਸਕੇ।


-ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਮੋਬਾ: 98725-71071

ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਰਾਜੋ ਪਿੰਡੀ ਦੀ ਸਿੱਖ ਛਾਉਣੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਸ ਸਰਾਂ ਦੇ ਬਾਹਰੀ ਮੱਥੇ ਦੀ ਨੁਹਾਰ ਹੂ-ਬ-ਹੂ ਜ਼ਿਲ੍ਹਾ ਤਰਨ ਤਾਰਨ ਵਿਚਲੀ ਸਰਾਂ ਅਮਾਨਤ ਖ਼ਾਂ ਨਾਲ ਮਿਲਦੀ ਹੈ। ਇਸ ਦਾ ਬੁਰਜ ਕਾਫੀ ਵਿਸ਼ਾਲ ਹੈ ਅਤੇ ਇਸ ਵਿਚ ਕਈ ਕੋਠੜੀਆਂ ਬਣੀਆਂ ਹੋਈਆਂ ਹਨ। ਇਸ ਦੇ ਪਿਛਲੇ ਦਰਵਾਜ਼ੇ ਵੱਲ ਇਕ ਸਮਾਧ ਅਤੇ ਇਕ ਛੋਟਾ ਜਿਹਾ ਮੰਦਰ ਮੌਜੂਦ ਹੈ। ਸਮਾਧ ਨੂੰ ਪਾਸ ਦੇ ਘਰ ਵਾਲਿਆਂ ਵਲੋਂ ਪਸ਼ੂਆਂ ਦਾ ਚਾਰਾ ਰੱਖਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਜਦੋਂ ਕਿ ਸਮਾਧ ਵਿਚ ਕੋਈ 14-15 ਸਾਲ ਪਹਿਲਾਂ ਕਿਸੇ ਨੇ ਕਬਰ ਬਣਾ ਕੇ ਪੀਰਾਂ ਦਾ ਫਰਜ਼ੀ ਦਰਬਾਰ ਕਾਇਮ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਕਬਰ ਹੇਠਾਂ ਕੋਈ ਵੀ ਦਫ਼ਨ ਨਹੀਂ ਹੈ, ਪਰ ਇਸ ਅਖੌਤੀ ਪੀਰ ਦੀ ਕਬਰ ਬਣਨ ਦੇ ਬਾਅਦ ਹੁਣ ਕੁਝ ਵਰ੍ਹਿਆਂ ਤੋਂ ਇਸ ਦੇ ਆਸ-ਪਾਸ ਪੱਕੀਆਂ ਕਬਰਾਂ ਉਸਾਰਨ ਦੀ ਰੀਤ ਜ਼ਰੂਰ ਸ਼ੁਰੂ ਹੋ ਗਈ ਹੈ, ਜਿਸ ਦੇ ਚਲਦਿਆਂ ਸਰਾਂ ਦਾ ਇਹ ਹਿੱਸਾ ਇਕ ਛੋਟੇ ਜਿਹੇ ਕਬਰਸਤਾਨ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ।
ਸਮਾਧਾਂ ਤੋਂ 20-22 ਕਦਮ ਅੱਗੇ ਇਕ ਪੁਰਾਣੀ ਮਸਜਿਦ ਮੌਜੂਦ ਹੈ, ਜੋ ਸਰਾਂ ਦੇ ਨਿਰਮਾਣ ਸਮੇਂ ਉਸਾਰੀ ਗਈ ਸੀ। ਇਸ ਦੀਆਂ ਬਾਹਰੀ ਦੀਵਾਰਾਂ 'ਤੇ ਰੰਗਦਾਰ ਚਮਕੀਲੀਆਂ ਟਾਇਲਾਂ ਨਾਲ ਕੀਤੀ ਸਜਾਵਟ ਮਨ ਨੂੰ ਮੋਹ ਲੈਣ ਵਾਲੀ ਹੈ ਅਤੇ ਅੱਜ ਵੀ ਚੰਗੀ ਹਾਲਤ ਵਿਚ ਕਾਇਮ ਹੈ। ਇਕ ਹੋਰ ਛੋਟੀ ਜਿਹੀ ਮਸਜਿਦ ਕੁਝ ਵਰ੍ਹੇ ਪਹਿਲਾਂ ਹੀ ਸਰਾਂ ਦੇ ਅੱਧ-ਵਿਚਕਾਰ ਉਸਾਰੀ ਗਈ ਹੈ। ਸਰਾਂ ਵਿਚ ਰਹਿਣ ਵਾਲੇ ਕੁਝ ਬਜ਼ੁਰਗਾਂ ਦਾ ਕਹਿਣਾ ਹੈ ਕਿ ਨਵੀਂ ਮਸਜਿਦ ਦੀ ਥਾਂ 'ਤੇ ਸੰਨ 1965-70 ਤੱਕ ਇਕ ਮੰਦਰ ਜਾਂ ਗੁਰਦੁਆਰਾ ਹੁੰਦਾ ਸੀ।
ਇਸ ਵਿਸ਼ਾਲ ਸਰਾਂ ਵਿਚ ਤਿੰਨ ਪੁਰਾਤਨ ਖੂਹ ਅੱਜ ਵੀ ਮੌਜੂਦ ਹਨ, ਜਦੋਂ ਕਿ ਇਕ ਖੂਹ ਪੂਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਖੂਹ ਪੁਰਾਣੀ ਮਸਜਿਦ ਦੇ ਪਾਸ ਹੈ, ਇਕ ਚੜ੍ਹਦੇ ਦਰਵਾਜ਼ੇ ਵੱਲ ਅਤੇ ਇਕ ਲਹਿੰਦੇ ਦਰਵਾਜ਼ੇ ਦੇ ਪਾਸ ਹੈ। ਘੋੜੇ, ਊਠ ਅਤੇ ਹਾਥੀ ਬਣਨ ਵਾਲਾ ਇਕ ਤਬੇਲਾ ਚੜ੍ਹਦੇ ਦਰਵਾਜ਼ੇ ਦੇ ਨਾਲ ਹੈ ਅਤੇ ਇਕ ਪਿਛਲੇ ਦਰਵਾਜ਼ੇ ਦੇ ਅੰਦਰ। ਮੌਜੂਦਾ ਸਮੇਂ ਇਨ੍ਹਾਂ ਤਬੇਲਿਆਂ ਵਿਚ ਤਿੰਨ ਦਰਜਨ ਤੋਂ ਜ਼ਿਆਦਾ ਪਰਿਵਾਰ ਰਹਿ ਰਹੇ ਹਨ।
ਕਾਰਵਾਂ-ਸਰਾਂ ਰਾਜੋ ਪਿੰਡੀ ਬਨਾਮ ਸਿੱਖਾਂ ਦੀ ਛਾਉਣੀ ਬਨਾਮ ਗੜ੍ਹ ਮਹਿਲ ਦੇ ਲਹਿੰਦੇ ਦਰਵਾਜ਼ੇ ਵੱਲ ਬਣੀਆਂ ਕਾਲ-ਕੋਠੜੀਆਂ ਸਰਾਂ ਦੇ ਨਿਰਮਾਣ ਸਮੇਂ ਬਣਾਈਆਂ ਗਈਆਂ ਸਨ, ਜਦੋਂ ਕਿ ਇਨ੍ਹਾਂ ਕੋਠੜੀਆਂ ਨੂੰ ਜੇਲ੍ਹ ਦਾ ਰੂਪ ਸਿੱਖ ਰਾਜ ਸਮੇਂ ਦਿੱਤਾ ਗਿਆ। ਅੱਜ ਉਪਰੋਕਤ ਸਰਾਂ ਵਿਚ ਸਿੱਖ ਰਾਜ ਵੇਲੇ ਦੀ ਇਹੋ ਇਕ ਨਿਸ਼ਾਨੀ ਬਚੀ ਰਹਿ ਗਈ ਹੈ, ਪਰ ਇਹ ਅਜੇ ਹੋਰ ਕਿੰਨੇ ਮਹੀਨਿਆਂ ਜਾਂ ਵਰ੍ਹਿਆਂ ਦੀ ਪ੍ਰਾਹੁਣੀ ਹੈ, ਇਸ ਬਾਰੇ ਕੁਝ ਵੀ ਦਾਅਵੇ ਨਾਲ ਨਹੀਂ ਲਿਖਿਆ ਜਾ ਸਕਦਾ।


-ਅੰਮ੍ਰਿਤਸਰ। ਮੋਬਾ: 9356127771, 7837849764

ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਗੁਰੂ ਸਾਹਿਬਾਨ ਬਹੁਤ ਦੂਰਅੰਦੇਸ਼ੀ ਸਨ। ਉਨ੍ਹਾਂ ਨੇਦਸਵੰਧ ਕੱਢਣ ਦਾ ਸਖ਼ਤ ਹੁਕਮ ਇਸ ਲਈ ਕੀਤਾ, ਤਾਂ ਜੋ ਹਰ ਸਿੱਖ ਇਕ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਸਕੇ। ਆਰੰਭ ਤੋਂ ਹੀ ਦਸਵੰਧ ਦੀ ਪ੍ਰਥਾ ਨੇ ਸਿੱਖ ਨੂੰ ਮਨੁੱਖਤਾ ਪ੍ਰਤੀ ਜ਼ਿੰਮੇਵਾਰ ਬਣਾਇਆ। ਪੰਥ ਦੀ ਚੜ੍ਹਦੀ ਕਲਾ ਅਤੇ ਮਨੁੱਖਤਾ ਦੇ ਭਲੇ ਲਈ ਦਸਵੰਧ ਕੱਢਣਾ ਹਰ ਸਿੱਖ ਲਈ ਇਕ ਲਾਜ਼ਮੀ ਰਹਿਤ ਹੈ। ਸਿੱਖ ਨੇ ਆਪਣੀ ਕਮਾਈ ਦੇ ਨੌਂ ਹਿੱਸਿਆਂ ਨਾਲ ਪਰਿਵਾਰ ਦੀ ਪਾਲਣਾ ਅਤੇ ਹੋਰਨਾਂ ਲੋੜਾਂ ਦੀ ਪੂਰਤੀ ਕਰਨੀ ਹੈ ਪਰ ਕਮਾਈ ਦਾ ਦਸਵਾਂ ਹਿੱਸਾ, ਦਸਵੰਧ ਦੇ ਰੂਪ ਵਿਚ ਗੁਰੂ ਦਾ ਹਿੱਸਾ ਜਾਣ ਕੇ ਰੱਖਣਾ ਹੈ। ਸਿੱਖ ਲਈ ਦਸਵੰਧ ਨਾ ਕੱਢਣਾ, ਗੁਰੂ ਦੀ ਗੋਲਕ ਵਿਚੋਂ ਪੈਸੇ ਕੱਢਣ ਦੇ ਬਰਾਬਰ ਹੈ, ਕਿਉਂਕਿ ਇਹ ਹਿੱਸਾ ਗੁਰੂ ਦਾ ਹੈ ਅਤੇ ਜਿਨ੍ਹਾਂ ਨੇ ਇਸ ਨੂੰ ਗੁਰੂ ਦਾ ਹੁਕਮ ਜਾਣ ਕੇ ਸਿਰਮੱਥੇ ਪ੍ਰਵਾਨ ਕੀਤਾ, ਉਨ੍ਹਾਂ ਦੀਆਂ ਝੋਲੀਆਂ ਵੀ ਗੁਰੂ ਨੇ ਭਰੀਆਂ ਅਤੇ ਕਿਸੇ ਕਿਸਮ ਦੀ ਤੋਟ ਵੀ ਨਹੀਂ ਆਉਣ ਦਿੱਤੀ।
ਦਸਵੰਧ, ਸਿੱਖ ਜਾਂ ਤਾਂ ਵਿਅਕਤੀਗਤ ਤੌਰ 'ਤੇ ਗੁਰੂ ਦੀ ਸਿੱਖਿਆ, 'ਅਕਲੀ ਪੜ ਕੈ ਬੂਝੀਐ ਅਕਲੀ ਕੀਚੈ ਦਾਨ॥' ਅਨੁਸਾਰ ਜਿੱਥੇ ਠੀਕ ਸਮਝੇ, ਵਰਤੋਂ ਕਰਦਾ ਹੈ ਜਾਂ ਸਮਾਜ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਦਿੰਦਾ ਹੈ ਤੇ ਜਾਂ ਫਿਰ ਗੁਰਦੁਆਰਾ ਸਾਹਿਬ ਦੀ ਗੋਲਕ ਵਿਚ ਪਾਉਂਦਾ ਹੈ। ਤਿੰਨੇ ਪੜਾਵਾਂ ਵਿਚ ਦਸਵੰਧ ਦੀ ਵਰਤੋਂ ਕਰਨ ਵਾਲੇ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਦਸਵੰਧ ਦੇ ਰੂਪ ਵਿਚ ਪਹੁੰਚੀ ਰਕਮ ਗੁਰੂ ਦੀ ਹੈ ਤੇ ਇਸ ਦੀ ਗਲਤ ਵਰਤੋਂ ਸਾਨੂੰ ਗੁਰੂ ਦਾ ਦੇਣਦਾਰ ਬਣਾ ਸਕਦੀ ਹੈ। ਦਸਵੰਧ ਦੀ ਸਹੀ ਵਰਤੋਂ ਕਰਨ ਦਾ ਸੰਕੇਤ ਦਿੰਦਿਆਂ ਗੁਰੂ ਜੀ ਨੇ ਫ਼ਰਮਾਇਆ ਸੀ 'ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ' ਭਾਵ ਜਿੱਥੇ ਵੀ ਕੋਈ ਲੋੜਵੰਦ ਮਿਲੇ, ਬਿਨਾਂ ਕਿਸੇ ਵਿਤਕਰੇ ਦੇ ਉਸ ਦੀ ਸਹਾਇਤਾ ਕਰੋ। ਇਸ ਤਰ੍ਹਾਂ ਕੀਤਿਆਂ ਸਮਝਣਾ ਤੁਹਾਡਾ ਦਸਵੰਧ ਮੇਰੇ ਤੱਕ ਪਹੁੰਚ ਗਿਆ ਹੈ। ਇਸ ਪਵਿੱਤਰ ਭਾਵਨਾ ਨਾਲ ਦਸਵੰਧ ਦੀ ਨਾਜਾਇਜ਼ ਵਰਤੋਂ ਗੁਰੂ ਸਾਹਿਬਾਨ ਨੇ ਕਦੇ ਨਹੀਂ ਹੋਣ ਦਿੱਤੀ ਤੇ ਨਾ ਹੀ ਬਰਦਾਸ਼ਤ ਕੀਤੀ।
ਅੱਜ ਦੇਖਣ ਦੀ ਜ਼ਰੂਰਤ ਹੈ ਕਿ ਕੀ ਹਰ ਸਿੱਖ ਗੁਰੂ ਦੇ ਹੁਕਮ ਦੀ ਪਾਲਣਾ ਕਰਦਿਆਂ ਦਸਵੰਧ ਕੱਢ ਰਿਹਾ ਹੈ? ਜੇ ਹਾਂ ਤਾਂ ਕੀ ਇਸ ਦੀ ਯੋਗ ਵਰਤੋਂ ਹੋ ਰਹੀ ਹੈ? ਕੀ ਅਸੀਂ ਗੁਰੂ ਸਾਹਿਬਾਨ ਵਲੋਂ ਦਿੱਤੇ ਇਸ ਅਹਿਮ ਸਿਧਾਂਤ ਦੇ ਸਹੀ ਮੰਤਵ ਨੂੰ ਪੂਰਾ ਕਰ ਰਹੇ ਹਾਂ? ਜਦ ਇਨ੍ਹਾਂ ਗੱਲਾਂ ਉੱਪਰ ਝਾਤ ਮਾਰਾਂਗੇ ਤਾਂ ਸਾਨੂੰ ਬਹੁਤ ਕਮੀਆਂ ਨਜ਼ਰ ਆਉਣਗੀਆਂ ਤੇ ਅਸੀਂ ਇਸ ਬਾਰੇ ਸੋਚਣ 'ਤੇ ਵੀ ਮਜਬੂਰ ਹੋਵਾਂਗੇ। ਅੱਜ ਸਾਡੀ ਕੌਮ ਦਾ ਵੱਧ ਤੋਂ ਵੱਧ ਦਸਵੰਧ ਧੜਾਧੜ ਗੁਰਦੁਆਰੇ ਉਸਾਰਨ, ਰੀਸੋ-ਰੀਸ ਗੁਰਦੁਆਰਿਆਂ ਦੇ ਸੁੰਦਰੀਕਰਨ, ਗੁਰਦੁਆਰਿਆਂ ਦੇ ਗੁੰਬਦਾਂ 'ਤੇ ਸੋਨਾ ਜਾਂ ਗੁਰੂ-ਘਰਾਂ ਦੀਆਂ ਚੰਗੀਆਂ-ਭਲੀਆਂ ਇਮਾਰਤਾਂ ਨੂੰ ਢਹਿ-ਢੇਰੀ ਕਰਕੇ ਦੁਬਾਰਾ ਉਸਾਰਨ 'ਤੇ ਲੱਗ ਰਿਹਾ ਹੈ। ਇਕ ਪਿੰਡ ਵਿਚ ਚਾਰ-ਚਾਰ ਗੁਰਦੁਆਰੇ ਕੀ ਸੰਗਤ ਦੇ ਦਸਵੰਧ ਦੀ ਦੁਰਵਰਤੋਂ ਨਹੀਂ? ਗੁਰੂ ਦੇ ਨਾਂਅ 'ਤੇ ਸੰਗਤਾਂ ਕੋਲੋਂ ਅਤੇ ਵਿਦੇਸ਼ ਗਏ ਨੌਜੁਆਨਾਂ ਕੋਲੋਂ ਦਸਵੰਧ ਦੀ ਭਾਰੀ ਰਕਮ ਇਕੱਠੀ ਕਰਕੇ ਸਾਡੀ ਕੌਮ ਨੇ ਅੱਜ ਤੱਕ ਗੁਰਦੁਆਰੇ ਹੀ ਤਾਂ ਉਸਾਰੇ ਹਨ। ਅੱਜ ਪੰਜਾਬ ਵਿਚ ਪਿੰਡਾਂ ਨਾਲੋਂ ਕਿਤੇ ਜ਼ਿਆਦਾ ਗਿਣਤੀ ਗੁਰਦੁਆਰਿਆਂ ਦੀ ਹੈ।
ਗੁਰੂ-ਘਰ ਬਣਾਉਣੇ ਕੋਈ ਮਾੜੀ ਗੱਲ ਨਹੀਂ, ਸੁੰਦਰੀਕਰਨ ਕਰਨਾ ਕੋਈ ਗਲਤ ਨਹੀਂ ਪਰ ਆਪਸੀ ਧੜੇਬਾਜ਼ੀ, ਆਪਸੀ ਫੁੱਟ ਜਾਂ ਜਾਤ-ਪਾਤ 'ਤੇ ਆਧਾਰਿਤ ਬਿਨਾਂ ਲੋੜ ਤੋਂ ਵੱਖ ਗੁਰਦੁਆਰੇ ਬਣਾ ਲੈਣਾ ਕਿਥੋਂ ਦੀ ਸਿਆਣਪ ਹੈ? ਬੇਲੋੜੇ ਸੁੰਦਰੀਕਰਨ 'ਤੇ ਲੱਖਾਂ ਰੁਪਏ ਖਰਚ ਦੇਣੇ ਕਿਥੋਂ ਤੱਕ ਜਾਇਜ਼ ਹੈ? ਗੁੰਬਦਾਂ 'ਤੇ ਸੋਨਾ ਚਿਪਕਾਈ ਜਾਣਾ ਕੀ ਸੰਗਤਾਂ ਦੇ ਦਸਵੰਧ ਦੀ ਦੁਰਵਰਤੋਂ ਨਹੀਂ?
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਰਿਸਰਚ ਸਕਾਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 8283838323
js.mukerian@gmail.com

ਸ਼ੇਖ ਫ਼ਰੀਦੁੱਦੀਨ ਮਸਊਦ ਸ਼ੱਕਰਗੰਜ

ਸ਼ੇਖ ਫ਼ਰੀਦੁੱਦੀਨ ਮਸਊਦ ਸ਼ੱਕਰਗੰਜ ਪੰਜਾਬੀ ਸਾਹਿਤ ਦੇ ਪਿਤਾਮਾ ਅਤੇ ਇਕ ਪਹੁੰਚੇ ਹੋਏ ਸੂਫ਼ੀ ਦਰਵੇਸ਼ ਵਜੋਂ ਜਾਣਿਆ ਪਛਾਣਿਆ ਨਾਂਅ ਹੈ। ਅਕਾਦਮਿਕ ਜਗਤ ਵਿਚ ਬਾਬਾ ਜੀ ਦੀ ਚਰਚਾ ਭਾਵੇਂ ਤਕਰੀਬਨ ਸੌ ਸਾਲ ਪੁਰਾਣੀ ਹੈ ਪਰ ਇਨ੍ਹਾਂ ਵੱਲ ਵਧੇਰੇ ਧਿਆਨ ਉਦੋਂ ਦਿੱਤਾ ਜਾਣ ਲੱਗਾ ਜਦੋਂ ਪੰਜਾਬੀ ਵਿਚ ਐਮ.ਏ. ਦੀ ਪੜ੍ਹਾਈ ਸ਼ੁਰੂ ਹੋਈ। ਇਸ ਤੋਂ ਪਹਿਲਾਂ ਮੌਲਾ ਬਖਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਬਨਾਰਸੀ ਦਾਸ ਜੈਨ ਅਤੇ ਮੋਹਨ ਸਿੰਘ ਦੀਵਾਨਾ ਦੀਆਂ ਲਿਖਤਾਂ ਵਿਚ ਬਾਬਾ ਫ਼ਰੀਦ ਦੀ ਚਰਚਾ ਹੈ ਪਰ ਇਹ ਵਧੇਰੇ ਕਿਵ-ਦੰਤੀਆਂ ਜਾਂ ਗੋਣ ਪੁਸਤਕਾਂ ਦੇ ਹਵਾਲੇ ਨਾਲ ਹੀ ਸੀ। ਐਮ.ਏ. ਦੀ ਪੜ੍ਹਾਈ ਲਈ ਬਰ ਮੇਚੇੇ ਜਾਣ ਲਈ ਅਧਿਆਪਕਾਂ ਵਿਚ ਮੂਲ ਸਰੋਤਾਂ ਦੀ ਭਾਲ ਬਾਰੇ ਚੇਤਨਾ ਜਾਗੀ ਅਤੇ ਉਹ ਇਸ ਪਾਸੇ ਰੁਚਿਤ ਹੋਏ। ਬਾਬਾ ਫ਼ਰੀਦ ਬਾਰੇ ਮੂਲ ਸਰੋਤ ਫਾਰਸੀ ਵਿਚ ਹੀ ਹੋਣ ਦੀ ਵਧੇਰੇ ਸੰਭਾਵਨਾ ਸੀ, ਇਸ ਲਈ ਜਦ ਫਾਰਸੀ ਵਾਲੇ ਪਾਸੇ ਧਿਆਨ ਗਿਆ ਤਾਂ ਪ੍ਰੋ: ਪ੍ਰੀਤਮ ਸਿੰਘ ਨੂੰ ਇਕ, ਦੋ ਨਹੀਂ, ਇਕੱਠੀਆਂ ਤਿੰਨ ਪੁਸਤਕਾਂ, ਫਵਾਇਦੁਲ-ਫ਼ਵਾਦ, ਖੈਰੁਲ ਮਜਾਲਿਸ ਅਤੇ ਸਿਅਰੁਲ-ਅੋਲੀਆ ਮਿਲ ਗਈਆਂ।
ਇਨ੍ਹਾਂ ਤਿੰਨਾਂ ਕਿਤਾਬਾਂ ਦੀ ਇਹ ਸਾਂਝੀ ਵਿਸ਼ੇਸ਼ਤਾ ਸੀ ਕਿ ਇਹ ਤਿੰਨੇ ਮਿਤੀਬੱਧ ਸਨ ਅਤੇ ਬਾਬਾ ਫ਼ਰੀਦ ਜੀ ਦੇ ਦਿਹਾਂਤ ਤੋਂ ਥੋੜ੍ਹਾ ਪਿੱਛੋਂ ਲਿਖੀਆਂ ਹੋਣ ਕਰਕੇ ਨਿਕਟ ਸਮਕਾਲੀ ਲਿਖਤਾਂ ਦੇ ਵਰਗ ਵਿਚੋਂ, ਵਧੇਰੇ ਪ੍ਰਮਾਣਿਕ ਅਤੇ ਭਰੋਸੇਯੋਗ ਸਨ। ਇਸ ਤੱਥ ਵੱਲ ਇਸ਼ਾਰਾ ਕਰਦਿਆਂ ਪ੍ਰੋ: ਪ੍ਰੀਤਮ ਸਿੰਘ ਨੇ ਲਿਖਿਆ ਹੈ, '1950 ਵਿਚ ਜਦੋਂ ਮੈਂ ਪੰਜਾਬੀ ਐਮ.ਏ. ਦੀ ਕਲਾਸ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਮੇਰਾ ਵਾਹ ਬਾਬਾ ਫ਼ਰੀਦ ਨਾਲ ਪੈਣਾ ਕੁਦਰਤੀ ਸੀ। ਉਸ ਵੇਲੇ ਇਨ੍ਹਾਂ ਉਰਦੂ, ਫਾਰਸੀ ਤੇ ਪੰਜਾਬੀ ਦੀਆਂ ਕਿਤਾਬਾਂ ਵਿਚ ਬਾਬਾ ਫ਼ਰੀਦ ਬਾਰੇ ਕੁਝ ਨਾ ਕੁਝ ਲਿਖਿਆ ਮਿਲਦਾ ਸੀ, ਪਰ ਉਸ ਵਿਚ ਬਹੁਤੀਆਂ ਵਿਚ ਮੰਨਣਯੋਗ ਸਮੱਗਰੀ ਬੜੀ ਘੱਟ ਤੇ ਚਮਤਕਾਰੀ ਘਟਨਾਵਾਂ ਵਾਲੀ ਵੱਧ ਹੁੰਦੀ। ਮੇਰੀ ਖੁਸ਼ਕਿਸਮਤੀ ਸਮਝੋ ਕਿ ਮੈਨੂੰ ਥੋੜ੍ਹੀ ਜਿਹੀ ਪੁਣ-ਛਾਣ ਨਾਲ ਹੀ (ਉਪਰ ਸੰਕੇਤਿਤ) ਮੂਲ ਫ਼ਾਰਸੀ ਦੀਆਂ ਮਿਲ ਗਈਆਂ। ਬਾਬਾ ਜੀ ਦੀ ਸ਼ਖ਼ਸੀਅਤ ਤੇ ਉਨ੍ਹਾਂ ਦੀ ਰਹਿਤ-ਬਹਿਤ ਦੀ ਸ਼ਾਬਦਿਕ ਉਸਾਰੀ ਜਿਸ ਅਪਣੱਤ ਤੇ ਸਿਦਕ ਨਾਲ ਇਨ੍ਹਾਂ ਵਿਚ ਕੀਤੀ ਮਿਲਦੀ ਹੈ, ਉਸ ਦਾ ਮੁਕਾਬਲਾ ਹੋਰ ਕਿਤਾਬਾਂ ਨਹੀਂ ਕਰ ਸਕਦੀਆਂ।' (ਪੰਨਾ 1)
ਅੱਜ ਦੀ ਚਰਚਾ ਲਈ ਅਸੀਂ ਇਨ੍ਹਾਂ ਦਿਨਾਂ ਵਿਚ ਸਭ ਤੋਂ ਪਹਿਲਾਂ ਲਿਖੀ ਗਈ ਕਿਤਾਬ ਫ਼ਵਾਇਦਲ-ਫਵਾਦ ਚੁਣੀ ਹੈ, ਜੋ 1308 ਈ: ਵਿਚ ਦਿੱਲੀ ਨਿਵਾਸੀ ਅਮੀਰ ਹਸਨ ਦੁਆਰਾ ਲਿਖੀ ਗਈ। ਇਹ ਫ਼ਾਰਸੀ ਦਾ ਮੰਨਿਆ ਹੋਇਆ ਸ਼ਾਇਰ ਸੀ ਅਤੇ ਸਰਕਾਰੀ ਨੌਕਰੀ ਕਰਦਾ ਸੀ। ਇਨ੍ਹਾਂ ਸਭਨਾਂ ਨਾਲੋਂ ਮਹੱਤਵਪੂਰਨ ਤੱਥ ਇਹ ਹੈ ਕਿ ਇਹ ਹਜ਼ਰਤ ਨਿਜ਼ਾਮੁੱਦੀਨ ਔਲੀਆ ਦਾ ਮੁਰੀਦ ਸੀ। ਮੱਧਕਾਲ ਵਿਚ ਪ੍ਰਚਾਰ ਦੀ ਵਧੇਰੇ ਪ੍ਰਚਲਿਤ ਵਿਧੀ ਸੁਣਨਾ ਅਤੇ ਸੁਣਾਉਣਾ ਸੀ। ਹੁੰਦਾ ਇਹ ਸੀ ਕਿ ਮੁਰਸ਼ਦ ਜਾਂ ਪੀਰ ਆਪਣੇ ਤੋਂ ਪਹਿਲਾਂ ਹੋ ਗੁਜ਼ਰੇ ਬਜ਼ੁਰਗਾਂ ਦੀ ਅਜ਼ਮਤ ਅਤੇ ਵਡਿਆਈ ਦੀਆਂ ਕਥਾਵਾਂ ਆਪਣੇ ਮੁਰੀਦਾਂ ਨੂੰ ਸੁਣਾਇਆ ਕਰਦੇ ਸਨ। ਕਈ ਪ੍ਰਬੁੱਧ ਸਰੋਤੇ ਉਨ੍ਹਾਂ ਨੂੰ ਵਾਪਸ ਘਰ ਆ ਕੇ, ਲਿਖ ਲਿਆ ਕਰਦੇ ਸਨ। ਕਈਆਂ ਹਾਲਤਾਂ ਵਿਚ ਉਹ ਅਗਲੇ ਦਿਨ, ਜੇ ਲੋੜ ਹੁੰਦੀ ਸੀ, ਤਾਂ ਪੀਰ ਕੋਲੋਂ ਉਸ ਲਿਖਤ ਦੀ ਸੁਧਾਈ ਵੀ ਕਰਵਾ ਲਿਆ ਕਰਦੇ ਸਨ। ਅਮੀਰ ਹਸਨ ਦੀ ਫਵਾਇਦੁਲ-ਫਵਾਦ ਦੀ ਰਚਨਾ ਵਿਧੀ ਵੀ ਇਹੋ ਹੈ ਅਤੇ ਉਸ ਨੇ ਇਸ ਦੀ ਸੋਧ ਵੀ ਨਿਜ਼ਾਮੁਦੀਨ ਔਲੀਆ ਕੋਲੋਂ ਕਰਵਾਉਣ ਦੀ ਸ਼ਾਹਦੀ ਵੀ ਭਰੀ ਹੈ। (ਚਲਦਾ)


-ਮੋਬਾ: 98889-39808

ਸ਼ਬਦ ਵਿਚਾਰ

ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ॥

ਸਿਰੀਰਾਗੁ ਮਹਲਾ ੫
ਮੇਰਾ ਤਨੁ ਅਰੁ ਧਨੁ ਮੇਰਾ
ਰਾਜ ਰੂਪ ਮੈ ਦੇਸੁ॥
ਸੁਤ ਦਾਰਾ ਬਨਿਤਾ ਅਨੇਕ
ਬਹੁਤੁ ਰੰਗ ਅਰੁ ਵੇਸ॥
ਹਰਿ ਨਾਮੁ ਰਿਦੈ ਨ ਵਸਈ
ਕਾਰਜਿ ਕਿਤੈ ਨ ਲੇਖਿ॥ ੧॥
ਮੇਰੇ ਮਨ ਹਰਿ ਹਰਿ ਨਾਮੁ ਧਿਆਇ॥
ਕਰਿ ਸੰਗਤਿ ਨਿਤ ਸਾਧ ਕੀ
ਗੁਰ ਚਰਣੀ ਚਿਤੁ ਲਾਇ॥ ੧॥ ਰਹਾਉ॥
ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ॥
ਕਾਰਜ ਸਭਿ ਸਵਾਰੀਅਹਿ
ਗੁਰ ਕੀ ਚਰਣੀ ਲਾਗੁ॥
ਹਉਮੈ ਰੋਗੁ ਭ੍ਰਮੁ ਕਟੀਐ
ਨਾ ਆਵੈ ਨਾ ਜਾਗੁ॥ ੨॥
ਕਰਿ ਸੰਗਤਿ ਤੂੰ ਸਾਧ ਕੀ
ਅਠਸਠਿ ਤੀਰਥ ਨਾਉ॥
ਜੀਉ ਪ੍ਰਾਣ ਮਨੁ ਤਨੁ ਹਰੇ
ਸਾਚਾ ਏਹੁ ਸੁਆਉ॥
ਐਥੈ ਮਿਲਹਿ ਵਡਾਈਆ
ਦਰਗਹਿ ਪਾਵਹਿ ਥਾਉ॥ ੩॥
ਕਰੇ ਕਰਾਏ ਆਪਿ ਪ੍ਰਭੁ
ਸਭੁ ਕਿਛੁ ਤਿਸ ਹੀ ਹਾਥਿ॥
ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ॥
ਨਾਨਕ ਪ੍ਰਭੁ ਸਰਣਾਗਤੀ
ਸਰਬ ਘਟਾ ਕੇ ਨਾਥ॥ ੪॥ ੧੫॥ ੮੫॥
(ਅੰਗ 47-48)
ਪਦ ਅਰਥ : ਤਨੁ-ਸਰੀਰ। ਧਨੁ-ਧਨ ਦੌਲਤ। ਰਾਜ-ਰਾਜ (ਮੇਰਾ ਹੈ)। ਰੂਪ-(ਬੜੇ) ਰੂਪ ਵਾਲਾ ਅਥਵਾ ਸੁੰਦਰ ਹਾਂ। ਦੇਸੁ-ਦੇਸ ਮੇਰਾ ਹੈ। ਸੁਤ-ਪੁਤਰ। ਦਾਰਾ-ਇਸਤਰੀ, ਪਤਨੀ। ਬਨਿਤਾ ਅਨੇਕ-ਅਨੇਕਾਂ ਇਸਤਰੀਆਂ। ਬਹੁਤੁ ਰੰਗ-ਬੜੇ ਰੰਗ ਤਮਾਸ਼ੇ, ਬੜੀਆਂ ਮੌਜਾਂ। ਅਰੁ-ਅਤੇ। ਵੇਸ-ਭਾਂਤ ਭਾਂਤ ਦੇ ਲਿਬਾਸ (ਪਹਿਰਾਵੇ) ਰਿਦੈ-ਹਿਰਦੇ ਵਿਚ। ਨ ਵਸਈ-ਨਹੀਂ ਵਸਿਆ। ਹਰਿ ਨਾਮੁ-ਪਰਮਾਤਮਾ ਦਾ ਨਾਮ। ਕਾਰਜਿ-ਕੰਮ। ਕਿਤੈ ਨ ਲੇਖਿ-ਕਿਸੈ ਲੇਖੇ ਵਿਚ ਨਹੀਂ। ਹਰਿ ਹਰਿ ਨਾਮੁ ਧਿਆਇ-ਸਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਨਿਤ-ਹਰ ਰੋਜ਼, ਸਦਾ।
ਨਿਧਾਨੁ-ਖਜ਼ਾਨਾ। ਮਸਤਕਿ-ਮੱਥੇ 'ਤੇ। ਕਾਰਜ ਸਭਿ ਸਵਾਰੀਅਹਿ-ਸਾਰੇ ਕੰਮ ਸੰਵਾਰ ਲਈਦੇ ਹਨ। ਭ੍ਰਮੁ ਕਟੀਐ-ਭਟਕਣਾ ਦੂਰ ਹੋ ਜਾਂਦੀ ਹੈ। ਨਾ ਆਵੈ ਨਾ ਜਾਗੁ-ਨਾ ਆਉਂਦਾ ਹੈ, ਨਾ ਜਾਂਦਾ ਹੈ, ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।
ਅਠਸਠਿ-ਅਠਾਹਠ (68)। ਤੀਰਥ ਨਾਉ-ਤੀਰਥਾਂ ਦਾ ਇਸ਼ਨਾਨ। ਜੀਉ-ਜਿੰਦ। ਸੁਆਉ-ਮਨੋਰਥ। ਐਥੈ-ਇਥੇ ਜਗਤ ਵਿਚ। ਪਾਵਹਿ ਥਾਉ-(ਆਦਰ ਮਾਣ ਵਾਲਾ) ਸਥਾਨ ਪ੍ਰਾਪਤ ਹੁੰਦਾ ਹੈ। ਕਰੇ ਕਰਾਏ ਆਪਿ-ਆਪ ਕਰਨ ਕਰਾਵਨ ਵਾਲਾ ਹੈ। ਤਿਸੁ ਹੀ-ਉਸ ਦੇ ਹੀ। ਮਾਰਿ ਆਪੇ ਜੀਵਾਲਦਾ-ਆਪੇ ਮਾਰਨ ਵਾਲਾ ਤੇ ਫਿਰ ਆਪੇ ਹੀ ਜ਼ਿੰਦਾ ਕਰਨ ਵਾਲਾ ਹੈ। ਅੰਤਰਿ ਬਾਹਰਿ ਸਾਥਿ-ਅੰਦਰ ਬਾਹਰ (ਸਦਾ ਮਨੁੱਖ ਦੇ) ਨਾਲ ਰਹਿੰਦਾ ਹੈ। ਸਰਬ ਘਟਾ ਕੇ-ਸਾਰੇ ਜੀਵਾਂ ਦੇ। ਨਾਥ-ਮਾਲਕ ਪ੍ਰਭੂ। ਸਰਣਾਗਤੀ-ਸ਼ਰਨ ਆਇਆ ਹਾਂ।
ਮਨਮੁਖ ਪ੍ਰਾਣੀ ਜੋ ਆਪਣੇ ਮਨ, ਸਰੀਰ ਅਤੇ ਧਨ-ਦੌਲਤ ਨੂੰ ਆਪਣੇ ਸਮਝਦਾ ਹੈ, ਉਸ ਨੂੰ ਪਰਮਾਤਮਾ ਦੇ ਦਰ-ਘਰ ਦੀ ਸੋਝੀ ਨਹੀਂ ਪੈਂਦੀ ਅਤੇ ਜੀਵਨ ਪੰਧ ਵਿਚ ਉਹ ਅੰਨ੍ਹਿਆਂ ਵਾਂਗ ਅੱਖਾਂ ਮੀਟ ਕੇ ਤੁਰਿਆ ਰਹਿੰਦਾ ਹੈ। ਫਲਸਰੂਪ ਉਸ ਨੂੰ ਪਰਮਾਤਮਾ ਦਾ ਦਰ-ਘਰ ਕਦੇ ਦਿਖਾਈ ਨਹੀਂ ਦਿੰਦਾ। ਗੁਰਵਾਕ ਹੈ-
ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ
ਦਰ ਕੀ ਖਬਰਿ ਨ ਪਾਈ॥
ਅਖੀ ਮੀਟਿ ਚਲਿਆ ਅੰਧਿਆਰਾ
ਘਰੁ ਦਰੁ ਦਿਸੈ ਨ ਭਾਈ॥
(ਰਾਗੁ ਸੋਰਠਿ ਮਹਲਾ ੧, ਅੰਗ 596)
ਇਸ ਪ੍ਰਕਾਰ ਜੋ ਰੂਪ, ਰੰਗ ਰਲੀਆਂ (ਮੌਜਾਂ), ਵਿਕਾਰਾਂ ਆਦਿ ਨੂੰ ਭੋਗਦਾ ਹੈ, ਇਹ ਸਭ ਆਤਮਿਕ ਜੀਵਨ ਵਿਚ ਰੁਕਾਵਟਾਂ ਪੈਦਾ ਕਰਦੇ ਹਨ। ਵਾਸਤਵ ਵਿਚ ਪਰਮਾਤਮਾ ਦਾ ਨਾਮ ਸਾਰੇ ਸੁਖਾਂ ਦਾ, ਸਾਰੀਆਂ ਖੁਸ਼ੀਆਂ ਦਾ ਖਜ਼ਾਨਾ ਹੈ। ਇਹ ਨਾਮ ਹੀ ਆਤਮਿਕ ਅਡੋਲਤਾ ਅਤੇ ਸੁਖਾਂ ਦਾ ਸਾਰ ਹੈ। ਰਾਗੁ ਮਾਰੂ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਰੂਪ ਰੰਗ ਖੁਸ਼ੀਆ ਮਨ ਭੋਗਣ
ਤੇ ਤੇ ਛਿਦ੍ਰ ਵਿਕਾਰਾ॥
ਹਰਿ ਕਾ ਨਾਮੁ ਨਿਧਾਨੁ ਕਲਿਆਣਾ
ਸੂਖ ਸਹਜੁ ਇਹੁ ਸਾਰਾ॥ (ਅੰਗ 1003)
ਛਿਦ੍ਰ-ਛੇਕ, ਰੁਕਾਵਟ। ਨਿਧਾਨੁ-ਖਜ਼ਾਨਾ। ਕਲਿਆਣਾ-ਸੁਖਾਂ ਦਾ। ਸਹਜੁ-ਆਤਮਿਕ ਅਡੋਲਤਾ। ਸਾਰਾ-ਸਾਰ।
ਬੱਦਲ ਦੀ ਛਾਂ ਵਾਂਗ, ਮਾਇਆ ਦਾ ਰੰਗ ਬੜੀ ਛੇਤੀ ਫਿੱਕਾ ਪੈ ਜਾਂਦਾ ਹੈ ਪਰ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਨਾਮ ਦੀ ਸਿਫਤ ਸਾਲਾਹ ਕੀਤੀ ਹੈ, ਉਹ ਗੂੜ੍ਹੇ ਪ੍ਰੇਮ ਰੰਗ ਵਿਚ ਰੰਗੇ ਜਾਣ ਸਦਕਾ ਲਾਲ ਹੋ ਗਏ ਭਾਵ ਉਨ੍ਹਾਂ 'ਤੇ ਪ੍ਰੇਮ ਦਾ ਰੰਗ ਫਿਰ ਕਦੇ ਫਿੱਕਾ ਨਹੀਂ ਪੈਂਦਾ-
ਮਾਇਆ ਰੰਗ ਬਿਰੰਗ ਖਿਨੈ ਮਹਿ
ਜਿਉ ਬਾਦਰ ਕੀ ਛਾਇਆ॥
ਸੇ ਲਾਲ ਭਏ ਗੂੜੇ ਰੰਗਿ ਰਾਤੇ
ਜਿਨ ਗੁਰ ਮਿਲਿ ਹਰਿ ਗਾਇਆ॥
(ਅੰਗ 1003)
ਬਾਦਰ-ਬੱਦਲ। ਬਿਰੰਗ-ਫਿੱਕਾ। ਖਿਨੈ ਮਹਿ-ਪਲਾਂ ਵਿਚ, ਛੇਤੀ ਹੀ। ਰਾਤੇ-ਰੰਗੇ ਜਾਣ ਕਰਕੇ।
ਇਸ ਪ੍ਰਕਾਰ ਜੋ ਪ੍ਰਭੂ ਦੇ ਨਾਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਫਿਰ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦੇ। ਰਾਗੁ ਸੂਹੀ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਰੰਗਿ ਰਤੇ ਅਪੁਨੇ ਸੁਆਮੀ ਸੇਤੀ
ਮਰੈ ਨ ਆਵੈ ਜਾਈ ਰਾਮ॥ (ਅੰਗ 780)
ਰਤੇ-ਰੰਗੇ ਰਹਿੰਦੇ ਹਨ। ਸੁਆਮੀ-ਮਾਲਕ ਪ੍ਰਭੂ। ਸੇਤੀ-ਨਾਲ, ਵਿਚ।
ਸ਼ਬਦ ਦੇ ਅੱਖਰੀਂ ਅਰਥ : ਜੇਕਰ ਮਨੁੱਖ ਇਹ ਸਮਝਦਾ ਹੈ ਕਿ ਇਹ ਸਰੀਰ ਮੇਰਾ ਹੈ, ਇਹ ਧਨ ਦੌਲਤ ਮੇਰੀ ਹੈ, ਇਹ ਰਾਜ ਮੇਰਾ ਹੈ, ਮੈਂ ਬੜੇ ਰੂਪ ਵਾਲਾ ਹਾਂ ਅਤੇ ਇਹ ਦੇਸ ਮੇਰਾ ਹੈ, ਮੇਰੇ ਪੁੱਤਰ, ਪਤਨੀ ਅਤੇ ਅਨੇਕਾਂ ਇਸਤਰੀਆਂ ਹਨ, ਮੇਰੇ ਪਾਸ ਪਹਿਨਣ ਨੂੰ ਬੜੇ ਪਹਿਰਾਵੇ ਅਤੇ ਬੜੀਆਂ ਰੰਗਰਲੀਆਂ ਮਾਣਦਾ ਹਾਂ ਪਰ ਮਨ ਵਿਚ ਜੇਕਰ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਤਾਂ ਇਹ ਸਭ ਕੁਝ ਕਿਸੇ ਲੇਖੇ ਵਿਚ ਨਹੀਂ, ਕਿਸੇ ਕੰਮ ਨਹੀਂ ਆਉਣੇ।
ਇਸ ਲਈ ਹੇ ਮੇਰੇ ਮਨ, ਸਦਾ ਪ੍ਰਭੂ ਦੇ ਨਾਮ ਦਾ ਸਿਮਰਨ ਕਰ। ਹਰ ਰੋਜ਼ ਸਾਧੂ ਜਨਾਂ ਅਰਥਾਤ ਗੁਰੂ ਦੀ ਸੰਗਤ ਕਰ ਅਤੇ ਗੁਰੂ ਚਰਨਾਂ ਵਿਚ ਚਿੱਤ ਨੂੰ ਜੋੜੀ ਰੱਖ। ਹੇ ਭਾਈ, ਪ੍ਰਭੂ ਦੇ ਨਾਮ ਖਜ਼ਾਨੇ ਨੂੰ ਸਿਮਰਨਾ ਚਾਹੀਦਾ ਹੈ ਪਰ ਸਿਮਰਦਾ ਉਹੀ ਹੈ ਜਿਸ ਦੇ ਮੱਥੇ 'ਤੇ ਚੰਗੇ ਭਾਗ ਜਾਗ ਪਏ ਹੋਣ। ਗੁਰੂ ਦੀ ਚਰਨੀਂ ਲੱਗਣ ਨਾਲ ਮਨੁੱਖ ਦੇ ਸਾਰੇ ਕੰਮ ਸੰਵਰ ਜਾਂਦੇ ਹਨ। ਮਨ ਅੰਦਰਲੀ ਹਉਮੈ ਰੋਗ ਅਤੇ ਭਟਕਣਾ ਦੂਰ ਹੋ ਜਾਂਦੇ ਹਨ ਅਤੇ ਜਗਿਆਸੂ ਜੰਮਣ-ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਾਧੂ (ਗੁਰੂ) ਦੀ ਸੰਗਤ ਕਰੋ। ਬਸ ਇਹੋ ਹੈ ਅਠਾਹਟ ਤੀਰਥਾਂ ਦਾ ਇਸ਼ਨਾਨ। ਇਸ ਨਾਲ ਮਨੁੱਖੀ ਜਿੰਦ, ਪ੍ਰਾਣ, ਮਨ ਅਤੇ ਸਰੀਰ ਹਰੇ-ਭਰੇ ਰਹਿੰਦੇ ਹਨ ਭਾਵ ਮਨੁੱਖ ਆਤਮਿਕ ਤੌਰ 'ਤੇ ਰੋਗਾਂ ਤੋਂ ਰਹਿਤ ਰਹਿੰਦਾ ਹੈ ਜੋ ਮਨੁੱਖੀ ਜੀਵਨ ਦਾ ਅਸਲ ਮਨੋਰਥ ਹੈ। ਇੰਜ ਮਨੁੱਖ ਦੀ ਜਗਤ ਵਿਚ ਵਾਹ-ਵਾਹ ਹੁੰਦੀ ਹੈ ਅਤੇ ਦਰਗਾਹ 'ਤੇ ਥਾਂ ਮਿਲ ਜਾਂਦੀ ਹੈ ਭਾਵ ਦਰਗਾਹੇ ਆਦਰ-ਸਤਿਕਾਰ ਹੁੰਦਾ ਹੈ।
ਵਾਸਤਵ ਵਿਚ ਸਭ ਕੁਝ ਪਰਮਾਤਮਾ ਦੇ ਹੱਥ ਵਿਚ ਹੈ। ਉਹੀ ਸਭ ਕੁਝ ਕਰਨ ਕਰਾਵਨ ਵਾਲਾ ਹੈ। ਆਪ ਹੀ ਹੈ। ਆਪ ਹੀ ਜੀਵਾਂ ਨੂੰ ਮਾਰਨ ਵਾਲਾ ਹੈ ਅਤੇ ਆਪ ਹੀ ਫਿਰ ਆਤਮਿਕ ਜੀਵਨ ਦੇਣ ਵਾਲਾ ਹੈ। (ਬੇਅੰਤ ਪ੍ਰਭੂ) ਅੰਦਰ-ਬਾਹਰ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈ। ਹੇ ਸਭ ਜੀਵਾਂ ਦੇ ਮਾਲਕ ਪ੍ਰਭੂ, ਮੈਂ (ਪੰਚਮ ਗੁਰਦੇਵ) ਤੇਰੀ ਸਰਨ ਆਇਆ ਹਾਂ (ਮੈਨੂੰ ਨਾਮ ਦੀ ਦਾਤ ਦਿਓ)।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਭਾਵਨਾਪੂਰਨ ਕਰਮ ਸਥਾਈ ਹੁੰਦੇ ਹਨ

ਸਾਡੇ ਦੁਆਰਾ ਕੀਤੇ ਗਏ ਕਰਮ ਅਤੇ ਕਰਮ ਕਰਨ ਦੇ ਢੰਗ ਸਾਡੀ ਕਰਮ ਪ੍ਰਤੀ ਭਾਵਨਾ ਨੂੰ ਦਰਸਾਉਂਦੇ ਹਨ। ਅਸੀਂ ਜ਼ਿੰਦਗੀ ਵਿਚ ਅਕਸਰ ਦੇਖਦੇ ਹਾਂ ਕਿ ਕਈ ਵਾਰ ਦੋ ਵਿਅਕਤੀ ਵੱਖੋ-ਵੱਖਰੇ ਢੰਗਾਂ ਨਾਲ ਕਰਦੇ ਹਨ, ਕਿਉਂਕਿ ਹਰ ਕੋਈ ਆਪਣੀ ਭਾਵਨਾ ਅਨੁਸਾਰ ਕਰਮ ਕਰਦਾ ਹੈ। ਸਵਾਮੀ ਵਿਵੇਕਾਨੰਦ 'ਕਰਮਯੋਗ' ਵਿਚ ਲਿਖਦੇ ਹਨ ਕਿ ਸਾਡੀ ਭਾਵਨਾ ਸਾਡੇ ਕਰਮ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਸ ਤੋਂ ਪ੍ਰੇਰਿਤ ਹੋ ਕੇ ਹੀ ਕਰਮ ਕਰਦੇ ਹਾਂ। ਭਾਵਨਾ ਜਿੰਨੀ ਸ਼ੁੱਧ, ਸਰਲ ਅਤੇ ਪਵਿੱਤਰ ਹੋਵੇਗੀ, ਉਹ ਸਾਡੇ ਕਰਮ ਨੂੰ ਓਨਾ ਹੀ ਵੱਧ ਸਮੇਂ ਤੱਕ ਜਾਂ ਸਥਾਈ ਤੌਰ 'ਤੇ ਪ੍ਰਭਾਵਿਤ ਕਰੇਗੀ। ਭਾਵਨਾ ਰਹਿਤ ਕਰਮ ਕੇਵਲ ਕਿਰਿਆ ਬਣਦਾ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਜੇ ਕਰਮ ਦੇ ਪਿੱਛੇ ਨਿੱਜੀ ਸੁਆਰਥ ਦੀ ਭਾਵਨਾ ਹੋਵੇ ਤਾਂ ਵੀ ਉਹ ਕਰਮ ਜਾਂ ਕਾਰਜ ਅਸਥਾਈ ਹੋ ਕੇ ਰਹਿ ਜਾਂਦਾ ਹੈ। ਜੇ ਭਾਵਨਾਵਾਂ ਤੋਂ ਭਰਪੂਰ ਵਿਅਕਤੀ ਸੰਵੇਦਨਸ਼ੀਲ ਹੁੰਦਾ ਹੈ ਤਾਂ ਦੂਜੇ ਪਾਸੇ ਭਾਵਨਾ ਰਹਿਤ ਵਿਅਕਤੀ ਪੱਥਰ ਸਮਾਨ ਹੁੰਦਾ ਹੈ। ਸਾਡੀਆਂ ਭਾਵਨਾਵਾਂ ਹੀ ਕਰਮ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦੀਆਂ ਹਨ। ਸਾਡੀ ਸ਼ੁੱਧ ਭਾਵਨਾ ਸਾਡੇ ਕੋਲੋਂ ਕਲਿਆਣਕਾਰੀ ਕਰਮ ਕਰਾਉਂਦੀ ਹੈ। ਭਾਵਨਾਵਾਂ ਹੀ ਵਿਅਕਤੀ ਦੇ ਸੁਭਾਅ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਉਹ ਉਸ ਸੁਭਾਅ ਅਨੁਸਾਰ ਕਰਮ ਕਰਦਾ ਅਤੇ ਵਿਚਰਦਾ ਹੈ। ਜੇ ਤੁਸੀਂ ਆਪਣੇ ਕਰਮ ਸੁਧਾਰਨਾ ਚਾਹੁੰਦੇ ਹੋ ਤਾਂ ਨੀਚ ਭਾਵਨਾਵਾਂ ਦਾ ਤਿਆਗ ਕਰੋ। ਆਪਣੇ ਅੰਦਰ ਪਰਉਪਕਾਰ ਜਾਂ ਜਨ ਕਲਿਆਣ ਦੀ ਭਾਵਨਾ ਪੈਦਾ ਕਰੋ। ਤੁਹਾਡੇ ਕਰਮ ਆਪਣੇ-ਆਪ ਪਵਿੱਤਰ ਹੋ ਜਾਣਗੇ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਪ੍ਰਸਿੱਧ-ਪ੍ਰਾਚੀਨ ਇਤਿਹਾਸਕ ਸ਼ੰਕਰਾਚਾਰੀਆ ਮੰਦਰ ਕਸ਼ਮੀਰ

ਸ਼ੰਕਰਾਚਾਰੀਆ ਮੰਦਰ ਕਸ਼ਮੀਰ (ਸ੍ਰੀਨਗਰ) ਭਾਰਤ ਦਾ ਹੀ ਨਹੀਂ, ਬਲਕਿ ਵਿਸ਼ਵ ਪ੍ਰਸਿੱਧ ਮੰਦਰ ਹੈ। ਇਹ ਮੰਦਰ ਸ੍ਰੀਨਗਰ ਤੋਂ 4 ਕਿਲੋਮੀਟਰ ਦੂਰ ਇਕ ਉੱਚੀ ਪਹਾੜੀ ਦੀ ਟੀਸੀ ਉੱਪਰ ਦਰਸ਼ਨੀਏ ਸਥਾਨ ਹੈ। ਡਲ ਝੀਲ ਤੋਂ ਇਹ ਮੰਦਰ ਪਹਾੜ ਦੀ ਟੀਸੀ ਉੱਪਰ ਸ਼ੋਭਨੀਏ ਨਜ਼ਰ ਆਉਂਦਾ ਹੈ। ਇਹ ਮੰਦਰ ਦਾ ਕੇਵਲ ਉਪਰਲਾ ਭਾਗ ਸ੍ਰੀਨਗਰ ਦੇ ਹਰ ਇਕ ਭਾਗ 'ਤੇ ਦੇਖਿਆ ਜਾ ਸਕਦਾ ਹੈ ਅਤੇ ਇਸ ਦੀ ਉਚਾਈ ਲਗਪਗ ਇਕ ਹਜ਼ਾਰ ਫੁੱਟ ਦੇ ਕਰੀਬ ਹੈ। ਇਸ ਮੰਦਰ ਦੀ ਪਹਾੜੀ ਉੱਪਰ ਖੜ੍ਹੇ ਹੋ ਕੇ ਤੁਸੀਂ ਸਾਰੇ ਸ਼ਹਿਰ ਦਾ ਦ੍ਰਿਸ਼ ਅਤੇ ਸੁੰਦਰਤਾ ਦਾ ਜਲਵਾ ਦੇਖ ਸਕਦੇ ਹੋ। ਇਥੇ ਪਹੁੰਚਣ ਲਈ ਦੋ ਰਸਤੇ ਹਨ-ਇਕ ਜੋ ਦੁਰਗਾਨਾਗ ਯੂ.ਐਨ.ਓ. ਦਫ਼ਤਰ ਤੋਂ ਜਾਂਦਾ ਹੈ ਅਤੇ ਦੂਜਾ ਸਾਢੇ ਤਿੰਨ ਕਿਲੋਮੀਟਰ ਦੀ ਚੜ੍ਹਾਈ ਹੈ। ਇਸ ਰਸਤੇ ਤੋਂ ਜਾ ਕੇ ਤੁਹਾਨੂੰ ਇਕ ਵਿਸ਼ੇਸ਼ ਅਨੰਦ ਮਿਲੇਗਾ ਅਤੇ ਸੈਰ ਦਾ ਮਜ਼ਾ ਵੀ ਆਵੇਗਾ। ਇਸ ਰਸਤੇ ਤੋਂ ਤੁਹਾਨੂੰ ਡਲ ਝੀਲ, ਚਾਰ ਮੀਨਾਰ, ਮੁਗਲ ਬਾਗਾਂ ਦੇ ਅਦਭੁੱਤ ਰੁਮਾਂਚਕ ਦ੍ਰਿਸ਼ ਵੀ ਦੇਖਣ ਨੂੰ ਮਿਲਣਗੇ।
ਗੋਪਾਦਰੀ ਜਾਂ ਗੁਪਕਾਰ ਟਿੱਲੇ ਦਾ ਸ਼ੰਕਰਾਚਾਰੀਆ ਜਾਂ ਤਖ਼ਤੇ-ਸੂਲੇ-ਮਾਨ ਵੀ ਕਹਿੰਦੇ ਹਨ। ਸਮੁੰਦਰ ਤਲ ਤੋਂ 6240 ਫੁੱਟ ਉੱਚੀ ਇਹ ਪਹਾੜੀ ਸ੍ਰੀਨਗਰ ਦੇ ਉੱਤਰ-ਪੂਰਬ ਵਿਚ ਸ਼ੁਭਨੀਏ ਹੈ। ਇਸ ਦੇ ਨਾਲ ਹੀ ਜਬਰਵਾਨ ਪਹਾੜੀਆਂ, ਥੱਲੇ ਡੱਲ ਝੀਲ, ਉੱਤਰ ਵਿਚ ਜੇਠਨਾਗ ਅਤੇ ਦੱਖਣ ਵਿਚ ਜਿਹਲਮ ਨਦੀ ਹੈ। ਇਹ ਮੰਦਰ ਡੋਰਿਕ ਨਿਰਮਾਣ ਪੱਦਤੀ ਦੇ ਆਧਾਰ ਉੱਪਰ ਪੱਥਰਾਂ ਦਾ ਬਣਿਆ ਹੋਇਆ ਹੈ। ਇਸ ਦੇ ਸਬੰਧ ਵਿਚ ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਇਸ ਦੀ ਨੀਂਹ ਈ: 200 ਪੂਰਵ ਅਸ਼ੋਕ ਦੇ ਸਪੁੱਤਰ ਮਹਾਰਾਜਾ ਜੰਤੂਕ ਨੇ ਰੱਖੀ ਸੀ। ਇਸ ਦੀ ਮੁਰੰਮਤ ਸਮੇਂ ਦੇ ਸਮੇਂ ਇਥੋਂ ਦੇ ਕਈ ਰਾਜਿਆਂ ਨੇ ਕਰਵਾਈ। ਵਰਤਮਾਨ ਮੰਦਰ ਸਿੱਖ ਰਾਜ ਕਾਲ ਦੇ ਰਾਜਪਾਲ ਸ਼ੇਖ ਮੁਹੀਉਦੀਨ ਦੀ ਦੇਣ ਹੈ। ਉਨ੍ਹਾਂ ਨੇ ਹੀ ਇਥੇ ਸ਼ਿਵਲਿੰਗ ਸਥਾਪਤ ਕੀਤਾ ਅਤੇ ਇਸ ਮੰਦਰ ਨੂੰ ਸ਼ੰਕਰਾਚਾਰੀਆ ਮੰਦਰ ਅਖਵਾਉਣ ਲੱਗਾ। ਇਸ ਨਵੇਂ ਮੰਦਰ ਦੇ ਨਿਰਮਾਣ ਦਾ ਆਦੇਸ਼ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ। ਉਨ੍ਹਾਂ ਦੇ ਰਾਜਕਾਲ ਵਿਚ ਹਿੰਦੂ-ਸਿੱਖ ਅਤੇ ਮੁਸਲਮਾਨਾਂ ਵਿਚ ਕੋਈ ਭੇਦ ਨਹੀਂ ਹੁੰਦਾ ਸੀ। ਲੋਕਾਂ ਦਾ ਆਪਸ ਵਿਚ ਬਹੁਤ ਮੇਲ-ਜੋਲ ਸੀ। ਸਭ ਧਰਮਾਂ ਦਾ ਇਕ ਸਮਾਨ ਆਦਰ ਹੁੰਦਾ ਸੀ।
ਇਸ ਸਬੰਧ ਵਿਚ ਵੀ ਮੱਤ ਹੈ ਕਿ ਸੰਨ 820 ਈ: ਵਿਚ ਚੌਥੇ ਸ਼ੰਕਰਾਚਾਰੀਆ ਨੇ ਕਸ਼ਮੀਰ ਆ ਕੇ ਇਸ ਪਹਾੜੀ ਉੱਪਰ ਤਪੱਸਿਆ ਕੀਤੀ ਸੀ। ਦੁਰਗਾਨਾਗ ਵਲੋਂ ਮਹਾਰਾਜਾ ਗੁਲਾਬ ਸਿੰਘ ਨੇ ਸੰਨ 1925 ਈ: ਵਿਚ ਇਸ ਮੰਦਰ ਤੱਕ ਪਹੁੰਚਣ ਲਈ ਪੱਥਰਾਂ ਦੀਆਂ 41 ਪੌੜੀਆਂ ਬਣਵਾਈਆਂ ਸਨ। ਦੂਜੀ ਸੜਕ ਨਹਿਰੂ ਪਾਰਕ ਵਲੋਂ ਜਾਂਦੀ ਹੈ ਅਤੇ 5 ਕਿਲੋਮੀਟਰ ਲੰਬੀ ਹੈ। ਤੁਸੀਂ ਬੱਸ ਅਤੇ ਟੈਕਸੀ ਰਾਹੀਂ ਵੀ ਮੰਦਰ ਤੱਕ ਜਾ ਸਕਦੇ ਹੋ। ਸੰਨ 1974 ਵਿਚ ਇਥੇ ਟੈਲੀਵਿਜ਼ਨ ਟਾਵਰ ਲੱਗ ਗਿਆ ਅਤੇ ਬਹੁਤ ਸਾਰੇ ਸੈਨਿਕ ਕੈਂਪ ਲੱਗ ਗਏ ਹਨ। ਇਥੋਂ ਦੇ ਦਰਸ਼ਨ ਕਰਨ ਲਈ ਤੁਸੀਂ ਸ਼ਾਮ 6 ਵਜੇ ਤੋਂ ਪਹਿਲਾਂ-ਪਹਿਲਾਂ ਹੀ ਜਾ ਸਕਦੇ ਹੋ। ਰਾਤ ਨੂੰ ਉੱਪਰ ਨਹੀਂ ਜਾਣ ਦਿੱਤਾ ਜਾਂਦਾ। ਇਸ ਸਥਾਨ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।


-ਬਲਵਿੰਦਰ ਬਾਲਮ ਗੁਰਦਾਸਪੁਰ,
ਉਂਕਾਰ ਨਗਰ, ਗੁਰਦਾਸਪੁਰ।
ਮੋਬਾ: 98156-25409

ਬਾਬਾ ਤਾਰਾ ਸਿੰਘ ਦੀ ਸੋਚ ਨੂੰ ਜ਼ਿੰਦਾ ਰੱਖਦਿਆਂ...

ਬਾਲਿਗ ਹੋਈ 21ਵੀਂ ਸਦੀ ਦੇ 18ਵੇਂ ਵਰ੍ਹੇ 'ਚ ਪੈਰ ਧਰਦੇ ਸਮੇਂ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਦੀ ਸੋਚ ਨੂੰ ਜ਼ਿੰਦਾ ਰੱਖਦਿਆਂ ਕੋਟਾ ਦੀ ਧਰਤੀ 'ਤੇ ਅਮੀਰ ਸਿੱਖ ਸੱਭਿਆਚਾਰ ਤੇ ਵਿਰਾਸਤ ਦੀ ਸਾਂਭ-ਸੰਭਾਲ ਹਿਤ ਹੋਏ ਸਫ਼ਲ ਆਯੋਜਨਾਂ ਨੂੰ ਤੱਕਿਆ ਗਿਆ। ਹਜ਼ਾਰਾਂ ਦੀ ਵੱਡੀ ਤਦਾਦ 'ਚ ਝਲਕੀ ਸ਼ਰਧਾ ਮਹਾਂਪੁਰਖਾਂ ਦੀ ਬੇਅੰਤ ਹਰਮਨ ਪਿਆਰਤਾ ਦੇ ਰੂਪ 'ਚ ਪ੍ਰਤੀਤ ਹੋਈ ਦਿਸੀ।
ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਅਕੀਦਤ ਦੇ ਫੁੱਲ ਅਰਪਿਤ ਕਰਦਾ ਅਲੌਕਿਕ ਨਜ਼ਾਰਾ ਗੁਰਦੁਆਰਾ ਅਗੰਮਗੜ੍ਹ ਸਾਹਿਬ ਬੜਗਾਂਵ (ਕੋਟਾ) ਦੇ ਪਿੜ ਅੰਦਰ ਦੇਖਣ ਨੂੰ ਮਿਲਿਆ, ਜਿਥੇ ਦੋ ਜਥੇਦਾਰਾਂ ਬਾਬਾ ਲੱਖਾ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਗਿ: ਭਗਵਾਨ ਸਿੰਘ ਦੀ ਸੁਚੱਜੀ ਸਟੇਜ ਸੰਚਾਲਨਾ ਵਿਚ ਭਾਈ ਸੁਲੱਖਣ ਸਿੰਘ ਸਭਰਾਅ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਬਲਦੇਵ ਸਿੰਘ ਲੁਧਿਆਣਾ ਕਥਾਵਾਚਕ ਤੇ ਗਿ: ਪੂਰਨ ਸਿੰਘ ਅਰਸ਼ੀ ਢਾਡੀ ਜਥੇ ਦੀਆਂ ਭਰੀਆਂ ਹਾਜ਼ਰੀਆਂ ਤੋਂ ਉਪਜੇ ਗੁਰਮਤਿ ਗਿਆਨ ਦੀਆਂ ਤਰੰਗਾਂ ਨਾਲ ਰੋਸ਼ਨ ਹੋਇਆ ਤਿੰਨ-ਦਿਨਾ ਗੁਰਮਤਿ ਕੀਰਤਨ ਸਮਾਗਮ ਅਖੀਰ 'ਗੁਰੂ' ਪ੍ਰਤੀ ਇਕ ਸਿੱਖ ਦੀ ਨਿਸ਼ਠਾ ਨੂੰ ਬਲਵਾਨ ਬਣਾਉਂਦਾ ਪ੍ਰਵਾਨ ਚੜ੍ਹਿਆ। ਇਸ ਸਮੇਂ ਗੁਰਮਤਿ ਪੁਸਤਕ ਭੰਡਾਰ ਦੇ ਲੱਗੇ ਸਟਾਲਾਂ 'ਤੇ ਜਮ੍ਹਾਂ ਸੰਗਤ-ਹਜ਼ੂਮ ਵਿਚ ਪ੍ਰਚਾਰਕ ਗਿ: ਗੁਰਨਾਮ ਸਿੰਘ ਅੰਬਾਲਵੀ, ਸਰਪ੍ਰਸਤ 4 ਐਸ. ਖਾਲਸਾ ਸੰਗਠਨ ਦੀ ਤਰਫੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ 'ਰਾਸ਼ਟਰੀ ਬਾਲ ਸ਼ਹੀਦੀ ਦਿਵਸ' ਵਜੋਂ ਐਲਾਨ ਕਰਵਾਉਣ ਦੀ ਵਿੱਢੀ ਮੁਹਿੰਮ ਤਹਿਤ ਉਨ੍ਹਾਂ ਦੀ ਰਾਏ ਇਕੱਠਾ ਕਰਦੇ ਨਜ਼ਰੀਂ ਆਏ। ਸਨਦ ਰਹੇ, ਇਸ ਸੰਦਰਭ 'ਚ 4 ਐਸ ਖ਼ਾਲਸਾ ਸੰਗਠਨ ਵਲੋਂ ਜ਼ਿਲ੍ਹਾ ਕੁਲੈਕਟਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮੰਗ-ਪੱਤਰ ਵੀ ਸੌਂਪੇ ਗਏ। ਸਜੇ ਦੀਵਾਨ 'ਚ ਗੁਰੂ ਨਾਨਕ ਪਬਲਿਕ ਸਕੂਲ ਦੇ ਬੱਚਿਆਂ ਦਾ ਸ਼ਬਦ-ਗਾਇਨ ਵੀ ਕਾਬਲੇ ਗੌਰ ਰਿਹਾ। ਇਸ ਤੋਂ ਪਹਿਲਾਂ ਬੂੰਦੀ ਜ਼ਿਲ੍ਹੇ ਦੀ ਪੁਰਾਤਨ ਨਗਰੀ ਕੇਸ਼ਵ ਰਾਓ ਪਾਟਨ ਤੋਂ ਬੜਗਾਂਵ (ਕੋਟਾ) ਤੱਕ ਵਿਸ਼ੇਸ਼ ਪੁਲਿਸ ਪ੍ਰਬੰਧਾਂ ਥੱਲੇ ਨਿਕਲਿਆ ਖਾਲਸਾਈ ਜਾਹੋ-ਜਲਾਲ ਭਰਿਆ ਵਿਸ਼ਾਲ ਨਗਰ ਕੀਰਤਨ ਵੀ ਇਲਾਕਾਈ ਤਮਾਸ਼ਬੀਨਾਂ ਸਹਿਤ ਸੰਗਤਾਂ ਲਈ ਅਚੰਭਿਤ ਤੇ ਅਦਭੁਤ ਪੰਥਕ ਦ੍ਰਿਸ਼ ਰਿਹਾ। ਸਵਾਗਤ ਕਰਤਾਵਾਂ 'ਚ ਐਮ. ਪੀ. ਓਮ ਬਿਰਲਾ ਵੀ ਪਹੁੰਚੇ।
ਪੰਥ ਦੀ ਵਡਮੁੱਲੀ ਸੇਵਾ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਜੀ ਦੀ ਬਰਸੀ ਮੌਕੇ ਵੀ ਗੁਰਬਾਣੀ ਦੇ ਇਲਾਹੀ-ਰਸ ਦੀ ਵਹੀ ਧਾਰਾ 'ਚ ਜਿਥੇ ਡਾਕਟਰੀ ਅਮਲਾ ਬੜੀ ਸਮਰਪਿਤ ਭਾਵਨਾ ਨਾਲ ਮਨੁੱਖੀ ਸਿਹਤ ਸੇਵਾਵਾਂ ਦੇਣ 'ਚ ਜੁਟਿਆ ਨਜ਼ਰੀਂ ਆਇਆ, ਉਥੇ ਮਸਤ-ਅੱਥਰੀ ਜਵਾਨੀ ਨੂੰ ਵੀ ਖੇਡ-ਕੁੱਦ ਵਿਚ ਆਪਣੇ ਪੱਟਾਂ 'ਤੇ ਥਾਪੀਆਂ ਮਾਰਦੇ ਇਕ-ਦੂਜੇ ਉੱਪਰ ਭਾਰੂ ਹੁੰਦਿਆਂ ਤੱਕਿਆ ਗਿਆ। ਡਾ: ਰਵੀ ਭਾਰਗਵ, ਡਾ: ਅਰਵਿੰਦ ਗੁਪਤਾ ਤੇ ਡਾ: ਨਵੀਨ ਗੋਇਲ ਦੇ ਲੱਗੇ ਮੁਫਤ ਡਾਕਟਰੀ ਕੈਂਪ ਵਿਚ ਵੱਡੀ ਗਿਣਤੀ 'ਚ ਲੋੜਵੰਦਾਂ ਦੁਆਰਾ ਭਰਵਾਂ ਲਾਹਾ ਖੱਟਿਆ ਗਿਆ ਤੇ ਸ਼ਰਧਾਲੂ ਦਾਨੀਆਂ ਵਲੋਂ ਆਪਣੇ ਖੂਨ ਦੇ ਕਰੀਬ ਸੌ ਯੂਨਿਟ ਕੋਟਾ ਬਲੱਡ ਬੈਂਕ ਨੂੰ ਅਰਪਿਤ ਕੀਤੇ ਗਏ। ਖੇਡ ਮੈਦਾਨ 'ਚ ਪੰਜਾਬ ਦੀਆਂ ਦੋ ਟੀਮਾਂ ਦੇ ਜੋਸ਼ੋ-ਖਰੋਸ਼ ਭਰੇ ਫਾਈਨਲ ਮੈਚ ਦੌਰਾਨ ਚੋਹਲਾ ਸਾਹਿਬ ਨੇ ਮਾਲਵੇ ਦੇ ਗੁਰੂ ਅਰਜਨ ਦੇਵ ਖਾਲਸਾ ਕਲੱਬ ਆਲਮ ਵਾਲਾ ਨੂੰ ਪੁਆਇੰਟਾਂ ਦੇ ਥੋੜ੍ਹੇ ਫਰਕ ਨਾਲ ਹਰਾਉਂਦਿਆਂ ਆਪਣੀ ਸ੍ਰੇਸ਼ਠਤਾ ਦਾ ਅਹਿਸਾਸ ਕਰਵਾਇਆ। ਇਸੇ ਦੌਰਾਨ ਮੁਕਤਸਰ ਸਾਹਿਬ ਤੋਂ ਪਹੁੰਚੇ ਸਿੱਖ ਗੱਭਰੂ ਯੋਧਾ ਸਿੰਘ ਨੇ ਆਪਣੇ ਪੱਟਾਂ ਉੱਪਰੋਂ ਟਰੈਕਟਰ ਲੰਘਵਾ ਕੇ ਵਾਕਿਆਈ 'ਯੋਧਿਆਂ' ਵਾਲੀ ਗੱਲ ਕਰ ਵਿਖਾਈ। ਉਪਰੰਤ ਬਾਬਾ ਲੱਖਾ ਸਿੰਘ ਵਲੋਂ ਹੋਰ ਧਾਰਮਿਕ ਹਸਤੀਆਂ ਦੀ ਮੌਜੂਦਗੀ 'ਚ ਖਿਡਾਰੀਆਂ ਨੂੰ ਥਾਪੜੇ ਦੇ ਕੇ ਮਾਣ-ਸਨਮਾਨ ਦਿੱਤੇ ਗਏ।


-ਸੁਪਰ ਮਕੈਨੀਕਲ ਵਰਕਸ, 64-ਨਿਊ ਮੋਟਰ ਮਾਰਕੀਟ, ਕੋਟਾ (ਰਾਜਸਥਾਨ)-324007. ਮੋਬਾ: 98291-05396

ਧਾਰਮਿਕ ਸਾਹਿਤ

ਭਗਤ ਬਾਣੀ ਚਿੰਤਨ

ਸੰਪਾਦਕ : ਡਾ: ਬਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 199, ਮੁੱਲ : 250 ਰੁਪਏ
ਸੰਪਰਕ : 98551-08977

ਸਰਬ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਰਮੇਸ਼ਰ ਨਾਲ ਅਭੇਦ 15 ਭਗਤਾਂ ਦੀ ਬਾਣੀ ਦਰਜ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਮਿਸਾਲ ਕਾਇਮ ਕੀਤੀ। ਇਹ ਭਗਤ ਸਾਹਿਬਾਨ ਵੱਖੋ-ਵੱਖਰੇ ਖੇਤਰਾਂ, ਧਰਮਾਂ, ਜਾਤਾਂ ਵਿਚੋਂ ਹੋ ਕੇ ਵੀ ਆਤਮਕ ਪੱਧਰ 'ਤੇ ਇਕ ਸਨ। ਇਨ੍ਹਾਂ ਦੇ ਹਿਰਦੇ ਵਿਚਲੀ ਮਾਸੂਮੀਅਤ, ਰੂਹਾਨੀਅਤ ਅਤੇ ਇਨਸਾਨੀਅਤ ਇਕੋ ਜਿਹੀ ਸੀ ਅਤੇ ਗੁਰਮਤਿ ਦੇ ਅਨੁਕੂਲ ਸੀ। ਸ਼੍ਰੋਮਣੀ ਭਗਤ ਵਜੋਂ ਸਤਿਕਾਰੇ ਜਾਂਦੇ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਹੈ। ਭਗਤ ਸੂਰਦਾਸ ਜੀ ਦੀ ਸਿਰਫ ਇਕ ਤੁਕ ਹੀ ਦਰਜ ਹੈ। ਬਾਕੀ ਭਗਤਾਂ ਵਿਚੋਂ ਭਗਤ ਨਾਮਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਰਾਮਾਨੰਦ ਜੀ, ਭਗਤ ਸਧਨਾ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ, ਭਗਤ ਭੀਖਨ ਜੀ, ਭਗਤ ਜੈਦੇਵ ਜੀ, ਸ਼ੇਖ ਫਰੀਦ ਜੀ, ਭਗਤ ਧੰਨਾ ਜੀ, ਭਗਤ ਰਵਿਦਾਸ ਜੀ, ਭਗਤ ਬੇਣੀ ਜੀ ਅਤੇ ਭਗਤ ਤ੍ਰਿਲੋਚਨ ਜੀ ਦੇ ਨਾਮ ਸਿਤਾਰਿਆਂ ਵਾਂਗ ਚਮਕ ਰਹੇ ਹਨ। ਸੰਪਾਦਕ ਨੇ ਬਹੁਤ ਸੂਝਬੂਝ ਨਾਲ ਭਗਤ ਸਾਹਿਬਾਨ ਦੇ ਇਲਾਹੀ ਅਨੁਭਵਾਂ ਉੱਤੇ ਆਧਾਰਿਤ ਬਾਣੀ ਦੀ ਸਮੀਖਿਆ ਕਰਕੇ ਕਈ ਵਿਦਵਾਨਾਂ ਦੇ ਲੇਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ।
ਡਾ: ਬਲਜੀਤ ਸਿੰਘ ਦੁਆਰਾ ਭਗਤ ਬਾਣੀ ਚਿੰਤਨ, ਡਾ: ਹਰਮਿੰਦਰ ਸਿੰਘ ਦੁਆਰਾ ਭਗਤੀ ਕਾਵਿ ਦੀ ਵਿਚਾਰਧਾਰਾ, ਡਾ: ਲਖਵਿੰਦਰ ਕੌਰ ਦੁਆਰਾ ਭਗਤ ਬਾਣੀ ਵਿਚਲੇ ਜੀਵਨ ਮੁੱਲ, ਡਾ: ਅਸ਼ਵਨੀ ਸ਼ਰਮਾ ਦੁਆਰਾ ਭਗਤ ਬਾਣੀ ਦਾ ਉਦੇਸ਼, ਡਾ: ਰੇਨੂੰ ਬਾਲਾ ਦੁਆਰਾ ਭਗਤ ਬਾਣੀ ਵਿਚ ਦਰਜ ਮਾਨਵੀ ਸਰੋਕਾਰ, ਡਾ: ਮਿਨਾਕਸ਼ੀ ਦੁਆਰਾ ਭਗਤ ਬਾਣੀ ਦਾ ਵਿਚਾਰਧਾਰਾਈ ਪਰਿਪੇਖ, ਡਾ: ਅਮਰਦੀਪ ਕੌਰ ਦੁਆਰਾ ਭਗਤ ਬਾਣੀ ਵਿਚ ਮਾਨਵ ਪ੍ਰਕਿਰਤੀ ਦੀ ਵਿਗਿਆਨਕ ਵਿਆਖਿਆ, ਮਲਕੀਤ ਜੌੜਾ ਦੁਆਰਾ ਭਗਤ ਬਾਣੀ ਦੇ ਮੂਲ ਪਹਿਲੂ, ਪ੍ਰੀਤਇੰਦਰ ਸਿੰਘ ਦੁਆਰਾ ਭਗਤ ਬਾਣੀ ਵਿਚ ਪ੍ਰਤਿਰੋਧ, ਰੁਪਿੰਦਰ ਕੌਰ ਦੁਆਰਾ ਭਗਤ ਕਬੀਰ ਜੀ ਦੀ ਸ਼ਖ਼ਸੀਅਤ, ਰਾਜਵੀਰ ਕੌਰ ਦੁਆਰਾ ਭਗਤ ਕਬੀਰ ਬਾਣੀ ਦੇ ਕੇਂਦਰੀ ਸਰੋਕਾਰ, ਡਾ: ਕਮਲਜੀਤ ਕੌਰ ਦੁਆਰਾ ਕਬੀਰ ਬਾਣੀ ਵਿਚ ਨੈਤਿਕਤਾ, ਸੁਖਵਿੰਦਰ ਸਿੰਘ ਦੁਆਰਾ ਸਮਕਾਲੀ ਰਾਜ ਪ੍ਰਬੰਧ ਵਿਚ ਕਬੀਰ ਬਾਣੀ ਦੀ ਪ੍ਰਸੰਗਿਕਤਾ, ਡਾ: ਜਤਿੰਦਰਦੀਪ ਕੌਰ ਦੁਆਰਾ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਮਾਨਵੀ ਚੇਤਨਾ, ਡਾ: ਕਿਰਨਜੀਤ ਕੌਰ ਦੁਆਰਾ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਵਿਦਰੋਹੀ ਸੁਰ, ਪਰਵਿੰਦਰ ਕੌਰ ਦੁਆਰਾ ਭਗਤ ਨਾਮਦੇਵ ਬਾਣੀ ਵਿਚ ਜਾਤੀਗਤ ਬਰਾਬਰੀ, ਦੇਵਿੰਦਰਜੀਤ ਕੌਰ ਵਲੋਂ ਭਗਤ ਰਵਿਦਾਸ ਬਾਣੀ, ਡਾ: ਜਤਿੰਦਰ ਸਿੰਘ ਵਲੋਂ ਭਗਤ ਰਵਿਦਾਸ ਬਾਣੀ ਦਾ ਸਮਾਜਿਕ ਦ੍ਰਿਸ਼ਟੀਕੋਣ, ਗੁਰਜੋਧ ਕੌਰ ਵਲੋਂ ਭਗਤ ਰਵਿਦਾਸ ਜੀ ਅਤੇ ਤਤਕਾਲੀ ਪ੍ਰਸਥਿਤੀਆਂ, ਬਲਵਿੰਦਰ ਸਿੰਘ ਵਲੋਂ ਭਗਤ ਰਵਿਦਾਸ ਬਾਣੀ ਵਿਚ ਪ੍ਰਤਿਰੋਧੀ ਪ੍ਰਵਚਨ, ਸਰਬਜੀਤ ਕੌਰ ਵਲੋਂ ਭਗਤ ਰਵਿਦਾਸ ਬਾਣੀ ਵਿਚ ਭਗਤੀ ਅਤੇ ਸੁਖਵਿੰਦਰ ਕੌਰ ਵਲੋਂ ਬ੍ਰਹਮ ਦਾ ਸੰਕਲਪ, ਡਾ: ਭੀਮਇੰਦਰ ਸਿੰਘ ਵਲੋਂ ਭਗਤ ਜੈਦੇਵ ਦਾ ਜੀਵਨ ਤੇ ਬਾਣੀ ਰਚਨਾ ਅਤੇ ਪੁਨੀਤ ਵਲੋਂ ਫਰੀਦ ਬਾਣੀ ਦਾ ਵਿਚਾਰਧਾਰਕ ਪਰਿਪੇਖ ਸ਼ਾਮਿਲ ਕਰਕੇ ਸੰਪਾਦਕ ਨੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਜਗਿਆਸੂਆਂ ਲਈ ਵਡਮੁੱਲੀ ਸਮੱਗਰੀ ਪੇਸ਼ ਕੀਤੀ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ 'ਲੋਹਗੜ੍ਹ'

'ਲੋਹਗੜ੍ਹ' (ਮੁਖ਼ਲਿਸਗੜ੍ਹ) ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਿਤ ਕੀਤੇ ਪਹਿਲੇ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਸੀ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ 'ਚ ਸ਼ਹਿਰ ਸਢੌਰੇ ਤੋਂ ਲਗਪਗ 20 ਕਿਲੋਮੀਟਰ ਦੀ ਵਿੱਥ 'ਤੇ ਸਥਿਤ ਲੋਹਗੜ੍ਹ ਸਬੰਧੀ ਇਤਿਹਾਸਕਾਰ ਡਾ: ਗੰਡਾ ਸਿੰਘ ਆਪਣੀ ਖੋਜ ਵਿਚ ਲਿਖਦੇ ਹਨ, 'ਮੁਖ਼ਲਿਸ-ਗੜ੍ਹ' ਦਾ ਕਿਲ੍ਹਾ ਬਾਦਸ਼ਾਹ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖ਼ਲਿਸ ਖ਼ਾਨ ਨੇ ਬਣਵਾਇਆ ਸੀ ਅਤੇ ਬਾਦਸ਼ਾਹ ਕਦੇ-ਕਦੇ ਇੱਥੇ ਗਰਮੀਆਂ ਕੱਟਣ ਆ ਜਾਂਦਾ ਸੀ। ਇਹ ਸਢੌਰੇ ਅਤੇ ਨਾਹਨ ਦੇ ਵਿਚਕਾਰ ਆਮੂਵਾਲ ਪਿੰਡ ਦੀ ਹੱਦ ਵਿਚ ਹਿਮਾਲਾ ਪਰਬਤ ਦੀਆਂ ਸਿੱਧੀਆਂ ਚੜ੍ਹਾਈਆਂ ਵਿਚ ਇਕ ਉੱਚੀ ਠੇਰੀ ਉੱਤੇ ਖੜ੍ਹਾ ਸੀ ਅਤੇ ਇਥੇ ਜਾਣ ਲਈ ਖੜਬੜ ਟਿੱਲਿਆਂ ਅਤੇ ਖੱਡਾਂ ਵਿਚੋਂ ਦੀ ਲੰਘਣਾ ਪੈਂਦਾ ਸੀ। ਇਸ ਦੇ ਦੋਵੀਂ ਪਾਸੀਂ ਪਾਮੂ ਅਤੇ ਡਸਕੇ ਵਾਲੀਆਂ ਦੋ ਖੱਡਾਂ ਸਨ, ਜੋ ਅਸਲ ਵਿਚ ਤਾਂ ਭਾਵੇਂ ਇਕ ਨਦੀ ਹੀ ਸੀ ਪਰ ਕਿਲ੍ਹੇ ਦੀ ਪਹਾੜੀ ਨੂੰ ਕਲਾਵੇ ਵਿਚ ਲੈਣ ਲਈ ਪਾਟੀ ਹੋਈ ਸੀ।
'ਲੋਹਗੜ੍ਹ' ਤੋਂ 20 ਕਿਲੋਮੀਟਰ ਦੂਰੀ 'ਤੇ ਸਥਿਤ ਸਢੌਰਾ ਪੁਰਾਤਨ ਤੇ ਵੱਡਾ ਸ਼ਹਿਰ ਸੀ। ਇਥੋਂ ਦਾ ਹਾਕਮ ਉਸਮਾਨ ਖ਼ਾਨ ਬਹੁਤ ਜ਼ਾਲਮ ਅਤੇ ਤੁਅੱਸਬੀ ਸੀ। ਉਸਮਾਨ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਤੇ ਸਮਰਪਿਤ ਸਿੱਖ, ਪੀਰ ਬੁੱਧੂ ਸ਼ਾਹ ਅਤੇ ਉਸ ਦੇ ਪਰਿਵਾਰ 'ਤੇ ਅਸਹਿ ਤੇ ਅਕਹਿ ਜ਼ੁਲਮ ਢਾਹੇ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਉਸਮਾਨ ਖ਼ਾਨ ਦੇ ਜ਼ੁਲਮਾਂ ਤੋਂ ਇਲਾਕੇ ਦੇ ਲੋਕ ਬਹੁਤ ਦੁਖੀ ਸਨ, ਕਿਉਂਕਿ ਉਹ ਗ਼ੈਰ-ਮੁਸਲਮਾਨਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਉਸਮਾਨ ਖ਼ਾਨ ਦੇ ਜ਼ੁਲਮਾਂ ਅਤੇ ਇੰਤਹਾ ਦੀ ਵਿਥਿਆ ਲੋਕਾਂ ਤੋਂ ਸੁਣੀ ਤਾਂ ਉਨ੍ਹਾਂ ਨੇ ਕਪੂਰੀ ਦੀ ਜਿੱਤ ਤੋਂ ਬਾਅਦ ਸਢੌਰੇ ਵੱਲ ਕੂਚ ਕੀਤਾ। ਸਿੰਘਾਂ ਦੀ ਫ਼ੌਜ ਨੇ ਬੜੀ ਬਹਾਦਰੀ ਨਾਲ ਕਿਲ੍ਹੇ ਨੂੰ ਫ਼ਤਹਿ ਕੀਤਾ ਅਤੇ ਇਸ ਨੂੰ ਧਰਤੀ ਵਿਚ ਮਿਲਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਲ੍ਹੇ ਦੇ ਸਾਹਮਣੇ ਮੈਦਾਨ ਵਿਚ ਆਪਣੇ ਹੱਥਾਂ ਨਾਲ ਲੱਕੜ ਦੇ ਨਿਸ਼ਾਨ ਸਾਹਿਬ ਦੀ ਸਥਾਪਤੀ ਕੀਤੀ, ਜੋ ਅੱਜ ਵੀ ਕਿਲ੍ਹੇ ਦੀ ਖੱਬੀ ਬਾਹੀ ਵੱਲ ਸਥਿਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਲੱਕੜ ਦਾ ਇਹ ਨਿਸ਼ਾਨ ਸਾਹਿਬ 'ਲੋਹਗੜ੍ਹ' ਤੋਂ ਆਪਣੇ ਮੋਢੇ ਉਪਰ ਚੁੱਕ ਕੇ ਲਿਆਏ ਸਨ।
ਚੰਡੀਗੜ੍ਹ ਤੋਂ ਵਾਇਆ ਨਾਰਾਇਣਗੜ੍ਹ ਜਾਈਏ ਤਾਂ ਸਢੌਰੇ ਤੋਂ ਅਗਲਾ ਸ਼ਹਿਰ ਬਿਲਾਸਪੁਰ ਹੈ ਅਤੇ ਬਿਲਾਸਪੁਰ ਤੋਂ ਅੱਗੇ ਛੋਟਾ ਜਿਹਾ ਕਸਬਾ ਰਣਜੀਤਪੁਰਾ। 'ਲੋਹਗੜ੍ਹ' ਨੂੰ ਜਾਣ ਲਈ ਬੱਸ ਦਾ ਸਫਰ ਇੱਥੇ ਆ ਕੇ ਖ਼ਤਮ ਹੋ ਜਾਂਦਾ ਹੈ। ਇਸ ਤੋਂ ਅੱਗੇ 6 ਕਿਲੋਮੀਟਰ ਦਾ ਸਫਰ ਹੈ ਪਰ ਅੱਗੇ ਕੋਈ ਬੱਸ ਜਾਂ ਹੋਰ ਜਨਤਕ ਵਾਹਨ ਨਹੀਂ ਜਾਂਦਾ। ਰਣਜੀਤਪੁਰਾ ਤੋਂ ਅਗਲਾ ਪਿੰਡ ਭਗਵਾਨਪੁਰ ਹੈ। ਕੱਚੀ ਸੜਕ ਇੱਥੇ ਆ ਕੇ ਖ਼ਤਮ ਹੋ ਜਾਂਦੀ ਹੈ। ਭਗਵਾਨਪੁਰ ਇਕ ਚੋਅ ਦੇ ਕੰਢੇ 'ਤੇ ਸਥਿਤ ਹੈ। ਇਸ ਤੋਂ ਅੱਗੇ ਪਹਾੜ, ਜੰਗਲ ਅਤੇ ਨਦੀ ਦਾ ਰਾਹ ਸ਼ੁਰੂ ਹੋ ਜਾਂਦਾ ਹੈ। ਨਦੀ 'ਤੇ ਕੋਈ ਪੁਲ ਨਹੀਂ ਹੈ ਅਤੇ ਇਹ ਲਗਪਗ 3-4 ਕਿਲੋਮੀਟਰ ਦਾ ਰਸਤਾ ਬਹੁਤ ਅਸਹਿਜ, ਔਕੜਾਂ ਭਰਿਆ ਅਤੇ ਬੇਤਰਤੀਬਾ ਹੈ। ਇਸ ਰਸਤੇ ਰਾਹੀਂ ਲੰਘਦਿਆਂ ਉਸ ਕਾਲ ਦੇ ਬਿੰਬ ਮਨ ਵਿਚ ਉਕਰਨ ਲਗਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸ ਦ੍ਰਿਸ਼ਟੀ ਨਾਲ ਮੁਖ਼ਲਿਸ-ਗੜ੍ਹ ਨੂੰ ਖ਼ਾਲਸਾ ਰਾਜ ਦੀ ਰਾਜਧਾਨੀ ਬਣਾਉਣ ਲਈ ਚੁਣਿਆ ਸੀ। ਨਦੀ ਜੋ ਕਿ, ਲੋਹਗੜ੍ਹ ਵਲੋਂ ਹੀ ਆਉਂਦੀ ਹੈ, ਨੂੰ ਪਾਰ ਕਰਕੇ ਅੱਗੇ ਉੱਚੀ ਸਾਰੀ ਪਹਾੜੀ ਉੱਪਰ ਮੈਦਾਨ ਆਉਂਦਾ ਹੈ, ਜਿਸ ਵਿਚ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਜਿਸ ਪਹਾੜੀ 'ਤੇ 'ਲੋਹਗੜ੍ਹ' ਦਾ ਕਿਲ੍ਹਾ ਸੀ, ਉਸ ਦੀ ਜੜ੍ਹ ਵਿਚ ਹੁਣ ਛੋਟਾ ਜਿਹਾ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਚਲਾਇਆ ਜਾ ਰਿਹਾ ਹੈ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖ਼ਲਿਸਗੜ੍ਹ ਕਿਲ੍ਹੇ ਨੂੰ ਫ਼ਤਹਿ ਕੀਤਾ ਤਾਂ ਇਸ ਦਾ ਨਾਂਅ ਕਿਲ੍ਹਾ ਲੋਹਗੜ੍ਹ ਰੱਖ ਦਿੱਤਾ। ਉਨ੍ਹਾਂ ਨੇ ਪਹਿਲਾਂ ਸਰਹੰਦ ਨੂੰ ਖ਼ਾਲਸਾ ਰਾਜ ਦੀ ਰਾਜਧਾਨੀ ਬਣਾਉਣ ਦੀ ਵਿਚਾਰ ਕੀਤੀ ਪਰ ਇਹ ਕੌਮੀ ਸ਼ਾਹ ਰਾਹ 'ਤੇ ਹੋਣ ਕਾਰਨ ਸੁਰੱਖਿਆ ਦ੍ਰਿਸ਼ਟੀ ਪੱਖੋਂ ਬਾਦਸ਼ਾਹੀ ਫ਼ੌਜਾਂ ਦੀ ਮਾਰ ਹੇਠ ਸੀ। ਇਸ ਲਈ ਭੂਗੋਲਿਕ ਤੌਰ 'ਤੇ ਸੁਰੱਖਿਆ ਦ੍ਰਿਸ਼ਟੀ ਪੱਖੋਂ ਖ਼ਾਲਸਾ ਰਾਜ ਦੀ ਰਾਜਧਾਨੀ ਲਈ ਮੁਖ਼ਲਿਸਗੜ੍ਹ ਦੇ ਕਿਲ੍ਹੇ ਨੂੰ ਚੁਣਿਆ, ਜੋ ਉਸ ਵੇਲੇ ਖ਼ਸਤਾ ਹਾਲਤ ਵਿਚ ਸੀ। ਬਾਬਾ ਬੰਦਾ ਸਿੰਘ ਨੇ ਇਸ ਕਿਲ੍ਹੇ ਦੀ ਮੁਰੰਮਤ ਕਰਵਾਈ ਅਤੇ ਇਸ ਦਾ ਨਾਂਅ 'ਲੋਹਗੜ੍ਹ' ਰੱਖਿਆ। ਸ਼ਬਦੀ ਅਰਥਾਂ ਮੁਤਾਬਕ 'ਲੋਹਗੜ੍ਹ' ਦਾ ਭਾਵ ਲੋਹੇ ਦੇ ਮਜ਼ਬੂਤ ਅਤੇ ਬੇਜੋੜ ਕਿਲ੍ਹੇ ਤੋਂ ਹੈ। ਸਿੱਖ ਪਰੰਪਰਾ ਵਿਚ 'ਲੋਹ' ਜਾਂ 'ਸਰਬਲੋਹ' ਨੂੰ ਅਕਾਲ ਪੁਰਖ ਅਤੇ ਅਟੁੱਟ ਜਾਂ ਮਜ਼ਬੂਤ ਕਿਲ੍ਹੇਬੰਦੀ ਵਜੋਂ ਵੀ ਵਰਤਿਆ ਗਿਆ ਹੈ। ਸ਼ਾਇਦ ਇਸੇ ਉੱਚੇ ਤੇ ਬੁਲੰਦ ਮਨੋਬਲ ਨੂੰ ਸਥਾਪਿਤ ਕਰਨ ਲਈ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਦਾ ਨਾਂਅ 'ਲੋਹਗੜ੍ਹ' ਰੱਖਿਆ। ਡਾ: ਰਤਨ ਸਿੰਘ ਜੱਗੀ ਅਨੁਸਾਰ ਸੰਨ 1710 ਈਸਵੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ 'ਮੁਖ਼ਲਿਸਗੜ੍ਹ' ਨੂੰ ਆਪਣਾ ਨਿਵਾਸ ਬਣਾਉਣ ਵੇਲੇ ਉਸ ਦਾ ਨਾਂਅ 'ਲੋਹਗੜ੍ਹ' ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਮੁਹਿੰਮਾਂ ਦੌਰਾਨ ਬਾਦਸ਼ਾਹ ਬਹਾਦਰ ਸ਼ਾਹ ਨੂੰ ਖ਼ਤ ਰਾਹੀਂ ਭੇਜੀਆਂ ਜਾਣ ਵਾਲੀਆਂ ਖ਼ਬਰਾਂ 'ਅਖ਼ਬਾਰ-ਏ-ਦਰਬਾਰ-ਏ-ਮੁਅਲਾ' ਅਨੁਸਾਰ 14 ਨਵੰਬਰ, 1710 ਨੂੰ ਭਗਵਤੀ ਦਾਸ ਹਰਕਾਰੇ ਨੇ ਬਾਦਸ਼ਾਹ ਕੋਲ ਜਿਹੜੀ ਖ਼ਬਰ ਭੇਜੀ, ਉਸ ਵਿਚ ਇਸ ਸਥਾਨ ਸਬੰਧੀ ਲਿਖਿਆ ਸੀ ਕਿ ਬਾਗ਼ੀ ਗੁਰੂ (ਬੰਦਾ ਸਿੰਘ) ਦਾਬੜ ਵਿਖੇ ਮੌਜੂਦ ਹੈ ਅਤੇ ਸਿੱਖਾਂ ਨੇ ਇਸ ਅਸਥਾਨ ਦੇ ਨੇੜੇ ਇਕ ਡੂੰਘੀ ਖਾਈ ਪੁੱਟ ਲਈ ਹੈ। ਉਹ ਲੜਨ ਦੀ ਇੱਛਾ ਰੱਖਦੇ ਹਨ। ਇਸੇ ਤਰ੍ਹਾਂ 21 ਨਵੰਬਰ, 1710 ਨੂੰ ਹਰਕਾਰੇ ਨੇ ਬਾਦਸ਼ਾਹ ਨੂੰ ਦੱਸਿਆ ਕਿ ਬਾਗ਼ੀ ਗੁਰੂ (ਬੰਦਾ ਸਿੰਘ) ਦੇ ਤਿੰਨ ਹਜ਼ਾਰ ਘੋੜ ਸਵਾਰ ਸਢੌਰੇ ਤੋਂ ਦੋ ਕੋਹ ਦੀ ਦੂਰੀ 'ਤੇ ਦੂਜੇ ਪਾਸੇ ਇਕ ਤਲਾਅ ਦੇ ਕੰਢੇ 'ਤੇ ਡੇਰਾ ਲਾਈ ਬੈਠੇ ਹਨ।
'ਤਵਾਰੀਖ਼ ਗੁਰੂ ਖ਼ਾਲਸਾ' ਵਿਚ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਇਸ ਲੋਹਗੜ੍ਹ ਦੇ ਚੁਫ਼ੇਰੇ ਦੀ ਸ਼ਿਕਾਰਗਾਹ ਦਸ-ਦਸ ਪੰਦਰਾਂ-ਪੰਦਰਾਂ ਕੋਹ ਪਹਾੜੀਆਂ ਝਾੜੀਆਂ ਬਹੁਤ ਸਨ, ਸਢੌਰੇ ਵਲੋਂ ਪੰਜ-ਛੇ ਕੋਹ ਪਹਾੜ ਵੰਨੀ ਇਕ ਉੱਚੇ ਟਿੱਬੇ ਪਰ ਪੰਮੂ ਪਿੰਡ ਦੇ ਪਾਸ ਕਿਲ੍ਹਾ ਲੋਹਗੜ੍ਹ ਹੈ, ਜੋ ਸ਼ਾਹਜਹਾਂ ਦੇ ਸਮੇਂ ਮੁਖ਼ਲਸ ਖ਼ਾਂ ਸੂਬੇਦਾਰ ਸਰਹੰਦ ਨੇ ਬਣਵਾਇਆ ਸੀ, ਓਸਦੇ ਦੋਵੀਂ ਪਾਸੀਂ ਦੋ ਖੱਡਾਂ ਪਹਾੜੀ ਪਾਣੀ ਦੀਆਂ ਵਗਦੀਆਂ ਰਹਿੰਦੀਆਂ ਹਨ, ਕਿਲ੍ਹੇ ਦੇ ਆਸ-ਪਾਸ ਉੁੱਚੇ ਪਹਾੜ ਬਹੁਤੇ ਸਨ। ਭਾਵੇਂ ਹੁਣ ਤਾਂ ਓਸ ਕਿਲ੍ਹੇ ਨੂੰ ਲੋਕਾਂ ਨੇ ਖੋਲਾ ਜੇਹਾ ਵੀ ਨਹੀਂ ਛੱਡਿਆ ਸਭ ਮਲਬਾ ਲੈ ਗਏ ਹਨ।
ਖ਼ਾਲਸਾ ਰਾਜ ਦੀ ਰਾਜਧਾਨੀ 'ਲੋਹਗੜ੍ਹ' ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਖ਼ਜ਼ਾਨਾ, ਮਾਲ-ਅਸਬਾਬ, ਜੰਗੀ ਸਾਮਾਨ ਅਤੇ ਜਿੱਤੇ ਹੋਏ ਇਲਾਕਿਆਂ ਤੋਂ ਉਗਰਾਹੇ ਮਾਮਲੇ ਜਮ੍ਹਾਂ ਕੀਤੇ ਸਨ। ਰਾਜ ਦੀ ਸਦੀਵੀ ਹੋਂਦ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ 'ਲੋਹਗੜ੍ਹ' ਤੋਂ ਹੀ ਸਿੱਕਾ ਚਾਲੂ ਕੀਤਾ ਤੇ ਰਾਜ ਦੀ ਮੋਹਰ ਬਣਾਈ, ਪਰ ਇਹ ਮੋਹਰ ਉਸ ਨੇ ਆਪਣੇ ਨਾਂਅ ਦੀ ਨਹੀਂ, ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਚਲਾਏ ਸਿੱਕੇ ਦੇ ਫ਼ਾਰਸੀ ਸ਼ਬਦ ਸਨ :
'ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ।
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।'
ਭਾਵ ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫ਼ਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮੋਹਰਾਂ 'ਤੇ ਲਿਖੇ ਇਹ ਸ਼ਬਦ ਸਨ :
'ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ।
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।'
ਭਾਵ ਦੇਗ਼, ਤੇਗ਼, ਜਿੱਤ, ਸੇਵ ਨਿਰਾਲਮ ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।
ਉਧਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਪਤਾ ਲੱਗਾ ਤਾਂ ਉਸ ਨੇ ਬਹੁਤ ਸਾਰੀ ਫ਼ੌਜ ਇਕੱਠੀ ਕਰਕੇ ਪੰਜਾਬ ਵੱਲ ਕੂਚ ਕੀਤਾ। ਉਸ ਦੇ 16 ਹਜ਼ਾਰ ਘੋੜ ਸਵਾਰ ਅਤੇ ਪੈਦਲ ਫ਼ੌਜੀਆਂ ਨੇ ਕਈ ਮਹੀਨੇ 'ਲੋਹਗੜ੍ਹ' ਦੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ, ਪਰ ਕਿਲ੍ਹੇ 'ਤੇ ਕਬਜ਼ਾ ਨਾ ਹੋ ਸਕਿਆ। ਡਾ: ਰਤਨ ਸਿੰਘ ਜੱਗੀ ਅਨੁਸਾਰ, 'ਲੰਬੀ ਘੇਰਾਬੰਦੀ ਤੋਂ ਤੰਗ ਆ ਕੇ 10 ਦਸੰਬਰ, 1710 ਈਸਵੀ ਨੂੰ ਬੰਦਾ ਬਹਾਦਰ ਕਿਲ੍ਹੇ ਵਿਚੋਂ ਪਹਾੜ ਵੱਲ ਨਿਕਲਣ ਵਿਚ ਸਫਲ ਹੋ ਗਿਆ।' ਮੁਗ਼ਲ ਫ਼ੌਜ ਨੇ ਮਗਰੋਂ ਕਿਲ੍ਹੇ ਨੂੰ ਪੂਰੀ ਤਰ੍ਹਾਂ ਨੇਸਤੋ-ਨਾਬੂਦ ਕਰ ਦਿੱਤਾ, ਕਿਉਂਕਿ ਮੁਗ਼ਲਾਂ ਦਾ ਵਿਸ਼ਵਾਸ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੋਂ ਲੁੱਟਿਆ ਖਜ਼ਾਨਾ ਲੋਹਗੜ੍ਹ ਦੇ ਕਿਲ੍ਹੇ ਵਿਚ ਲੁਕਾਇਆ ਹੋਇਆ ਹੈ। ਜੰਗਲ ਨੂੰ ਅੱਗ ਲਾ ਦਿੱਤੀ ਗਈ। ਇਤਿਹਾਸ ਦੇ ਪੱਤਰੇ ਸੜ ਕੇ ਸੁਆਹ ਹੋ ਗਏ।
ਭਾਵੇਂ ਕਿ ਅੱਜ 'ਲੋਹਗੜ੍ਹ' ਦੇ ਕਿਲ੍ਹੇ ਦੀ ਹੋਂਦ ਮੌਜੂਦ ਨਹੀਂ ਹੈ ਪਰ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਦੇ ਕੁਝ ਕੁ ਨਿਸ਼ਾਨ ਅੱਜ ਵੀ ਇੱਥੇ ਮਿਲਦੇ ਹਨ, ਜਿਨ੍ਹਾਂ ਵਿਚ ਲੰਬਾ-ਚੌੜਾ ਚੁੱਲ੍ਹਾ ਨੁਮਾ ਸਥਾਨ ਹੈ। ਮੁਕਾਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਸਿੰਘ ਲੰਗਰ ਪਕਾਉਂਦੇ ਸਨ। ਇੱਥੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਮੁਕਾਮੀ ਲੋਕ ਦੱਸਦੇ ਹਨ ਕਿ ਅੱਜ ਵੀ ਕਦੇ-ਕਦਾਈਂ ਖੁਦਾਈ ਕਰਨ ਵਾਲਿਆਂ ਜਾਂ ਭੇਡਾਂ-ਬੱਕਰੀਆਂ ਚਾਰਨ ਵਾਲਿਆਂ ਨੂੰ ਖ਼ਾਲਸਾ ਰਾਜ ਦੇ ਸਿੱਕੇ ਮਿਲ ਜਾਂਦੇ ਹਨ।
ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਸਾਲ 2002-03 ਦੌਰਾਨ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਮਤਾ ਪਾਸ ਕੀਤਾ ਸੀ, ਜਿਸ ਨੂੰ ਅਮਲ ਵਿਚ ਲਿਆਉਂਦਿਆਂ ਬੀਤੀ 21 ਨਵੰਬਰ ਨੂੰ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਹੀ ਸ਼੍ਰੋਮਣੀ ਕਮੇਟੀ ਨੇ ਲੋਹਗੜ੍ਹ ਦੇ ਸਥਾਨ 'ਤੇ ਮੁੱਲ ਖਰੀਦੀ ਹੋਈ 10 ਏਕੜ ਜ਼ਮੀਨ ਵਿਚ ਪੁਰਾਤਨ ਦਿੱਖ ਵਿਚ ਕਿਲ੍ਹਾ ਲੋਹਗੜ੍ਹ ਅਤੇ ਇਸ ਦੇ ਅੰਦਰੂਨੀ ਹਿੱਸੇ ਵਿਚ ਸੁੰਦਰ ਦਰਬਾਰ ਸਾਹਿਬ ਦੀ ਉਸਾਰੀ ਲਈ ਨੀਂਹ-ਪੱਥਰ ਰੱਖ ਕੇ ਇਸ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਵਰੋਸਾਏ ਬਾਬਾ ਬਚਨ ਸਿੰਘ-ਬਾਬਾ ਸੁੱਖਾ ਸਿੰਘ ਕਰਨਾਲ ਨੂੰ ਸੌਂਪੀ ਹੈ। ਨਿਰਸੰਦੇਹ ਕਿਲ੍ਹਾ ਲੋਹਗੜ੍ਹ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਹੋਣ ਕਾਰਨ ਸਿੱਖ ਇਤਿਹਾਸ ਦੀ ਅਨਮੋਲ ਵਿਰਾਸਤ ਹੈ ਅਤੇ ਇਸ ਦੀ ਸ਼ਾਨ ਨੂੰ ਮੁੜ ਉਭਾਰਨ ਲਈ ਯਤਨ ਇਕ ਇਤਿਹਾਸਕ ਕਾਰਜ ਵੀ ਹੈ। ਇਸ ਦੇ ਨਾਲ ਇਹ ਅਸਥਾਨ ਮੁਗ਼ਲ ਕਾਲ ਦੌਰਾਨ ਸਿੱਖਾਂ ਦੀ ਯੁੱਧਨੀਤਕ ਰਣਨੀਤੀ ਤੇ ਸੁਰੱਖਿਆ ਦ੍ਰਿਸ਼ਟੀ ਪੱਖੋਂ ਦੂਰਅੰਦੇਸ਼ੀ ਨੂੰ ਸਮਝਣ ਲਈ ਵੀ ਖੋਜ ਦਾ ਵਿਸ਼ਾ ਹੈ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98780-70008 e-mail : ts1984buttar@yahoo.com

ਭਾਰਤ ਦੀ ਪਹਿਲੀ ਔਰਤ ਸੂਫ਼ੀ ਸੰਤ ਹਜ਼ਰਤ ਬੀਬੀ ਕਮਾਲ ਦਾ ਮਕਬਰਾ

ਹਜ਼ਰਤ ਬੀਬੀ ਰਾਬੀਆ ਇਰਾਕ ਦੀ ਇਸਲਾਮਿਕ ਦਰਵੇਸ਼ ਹੋਈ ਹੈ ਅਤੇ ਮੀਰਾ ਬਾਈ ਹਿੰਦੂਮੱਤ ਦੀ ਸੰਤ। ਪਹਿਲੀ, ਅੱਠਵੀਂ ਸਦੀ ਵਿਚ ਅਤੇ ਦੂਸਰੀ 16ਵੀਂ ਸਦੀ ਦੇ ਆਰੰਭ ਵਿਚ।
ਪਰ ਭਾਰਤ ਦੀ ਪਹਿਲੀ ਔਰਤ ਸੂਫ਼ੀ ਸੰਤ ਬਾਰ੍ਹਵੀਂ ਸਦੀ ਵਿਚ ਹਜ਼ਰਤ ਬੀਬੀ ਕਮਾਲ ਹੋਈ ਹੈ, ਜਿਸ ਦਾ ਮਕਬਰਾ ਜ਼ਿਲ੍ਹਾ ਜਹਾਨਾਬਾਦ, ਬਿਹਾਰ ਵਿਚ ਕਾਕੋ ਨਾਮ ਦੇ ਅਸਥਾਨ 'ਤੇ ਸਥਿਤ ਹੈ, ਜੋ ਜਹਾਨਾਬਾਦ ਤੋਂ 8 ਕਿਲੋਮੀਟਰ ਦੀ ਦੂਰੀ ਉਪਰ ਹੈ। ਇਸ ਨੂੰ 'ਹਜ਼ਰਤ ਬੀਬੀ ਕਮਾਲ ਕਾ ਮਕਬਰਾ' ਕਿਹਾ ਜਾਂਦਾ ਹੈ।
ਜਹਾਨਾਬਾਦ ਰੇਲ ਰਾਹੀਂ ਪਟਨਾ ਤੋਂ 45 ਅਤੇ ਸੜਕ ਰਾਹੀਂ 56 ਕਿਲੋਮੀਟਰ ਦੀ ਦੂਰੀ ਉੱਪਰ ਦਰਧਾ ਅਤੇ ਯਮੁਨਾ ਨਦੀਆਂ ਦੇ ਸੰਗਮ ਕੋਲ ਵਸਿਆ ਸ਼ਹਿਰ ਹੈ। ਹਜ਼ਰਤ ਬੀਬੀ ਕਮਾਲ ਦਾ ਮਕਬਰਾ, ਜਿਸ ਨੂੰ 'ਕਾਕੋ ਦਰਗਾਹ' ਵੀ ਕਹਿੰਦੇ ਹਨ, ਭਾਈਚਾਰਕ ਸਾਂਝ, ਸਦਭਾਵਨਾ, ਸ਼ਾਂਤੀ, ਸਹਿਣਸ਼ੀਲਤਾ ਅਤੇ ਆਪਸੀ ਮੁਹੱਬਤ ਦਾ ਪ੍ਰਤੀਕ ਹੈ। ਇਸ ਜਗ੍ਹਾ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ। ਸ਼ੁੱਕਰਵਾਰ ਵਾਲੇ ਦਿਨ ਇਥੇ ਹਿੰਦੂ-ਮੁਸਲਮਾਨ ਅਕੀਦਤਮੰਦਾਂ ਦਾ ਤਾਂਤਾ ਲੱਗਾ ਰਹਿੰਦਾ ਹੈ।
ਹਜ਼ਰਤ ਬੀਬੀ ਕਮਾਲ ਨੂੰ 'ਬੀਬੀ ਪਾਕ ਦਾਮਨ' ਅਤੇ 'ਬੀਬੀ ਅੰਮਾਂ' ਵੀ ਕਿਹਾ ਜਾਂਦੈ। ਆਪ ਹਜ਼ਰਤ ਮਖਦੂਮ ਸਾਹਿਬ, ਬਿਹਾਰ ਸ਼ਰੀਫ ਦੇ ਮਾਸੀ ਜੀ ਸਨ। ਪਿਛਲੇ ਸਾਲ 7 ਸਤੰਬਰ ਨੂੰ ਇਸ ਥਾਂ ਸੂਫ਼ੀ ਉਤਸਵ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੇਸ਼-ਵਿਦੇਸ਼ ਤੋਂ ਅਕੀਦਤਮੰਦਾਂ ਨੇ ਸ਼ਿਰਕਤ ਕੀਤੀ।
ਬੀਬੀ ਕਮਾਲ 1174 ਈਸਵੀ ਵਿਚ ਪੀਰ ਜਗਜੋਤ ਅਤੇ ਮਾਤਾ ਮਲਿਕਾ ਜਹਾਂ ਦੇ ਘਰ ਮੱਧ ਏਸ਼ੀਆ ਵਿਚ ਕੰਸਗਰ ਨਾਂਅ ਦੀ ਜਗ੍ਹਾ ਵਿਚ ਜਨਮੀ। ਕਈ ਲਿਖਤਾਂ ਵਿਚ ਇਸ ਥਾਂ ਦਾ ਨਾਂਅ ਕਾਸ਼ਨਗਰ, ਜੋ ਤੁਰਕਿਮਸਤਾਨ ਵਿਚ ਸੀ, ਵੀ ਲਿਖਿਆ ਹੈ। ਜਨਮ ਤਿਥੀ ਵੀ ਵੱਖਰੀ ਲਿਖੀ ਮਿਲਦੀ ਹੈ।
ਸੱਚ ਦੀ ਭਾਲ ਵਿਚ ਪੀਰ ਜਗਜੋਤ ਆਪਣੀ ਪਤਨੀ ਅਤੇ ਚਾਰ ਪੁੱਤਰੀਆਂ ਸਮੇਤ ਲਾਹੌਰ ਰਾਹੀਂ ਭਾਰਤ ਦੇ ਬਖਤਿਆਰਪੁਰ ਲਾਗਲੇ ਜੇਠਾਲੀ ਪਿੰਡ ਵਿਚ ਗੰਗਾ ਕਿਨਾਰੇ ਵਸ ਗਿਆ। ਬੀਬੀ ਕਮਾਲ, ਜੋ ਪੀਰ ਦੀ ਸੰਤਾਨ ਵਿਚ ਤੀਸਰੇ ਸਥਾਨ 'ਤੇ ਸੀ, ਨੂੰ ਆਪਣੇ ਪਿਤਾ ਕੋਲੋਂ ਹੀ ਅਧਿਆਤਮਕ ਚਿਣਗ ਲੱਗ ਗਈ। ਆਪ ਦਾ ਵਿਆਹ ਮਨੇਰ ਸ਼ਰੀਫ ਦੇ ਹਜ਼ਰਤ ਸੁਲੇਮਾਨ ਲੰਗਰ ਜ਼ਮੀਂ ਨਾਲ ਹੋਇਆ। ਆਪ ਦੇ ਇਕ ਪੁੱਤਰ ਅਤੇ ਇਕ ਪੁੱਤਰੀ ਔਲਾਦ ਸਨ। ਗ੍ਰਹਿਸਥ ਵਿਚ ਵੀ ਆਪ ਭਗਤੀ, ਸਾਧਨਾ, ਪ੍ਰਾਰਥਨਾ ਵਿਚ ਖੁੱਭੇ ਰਹਿੰਦੇ ਸਨ।
ਰਾਜਾ ਕੋਕਾ ਦੇ ਸੱਦੇ ਉਪਰ ਬੀਬੀ ਕਮਾਲ ਆਪਣੀ ਧੀ ਦੌਲਤੀ ਬੀਬੀ ਨਾਲ ਕੋਕਾ ਆਈ। ਕਹਿੰਦੇ ਹਨ ਰਾਜੇ ਨੇ ਦਾਅਵਤੀ ਭੋਜਨ ਵਿਚ ਕੁਝ ਵਰਜਿਤ ਵਸਤਾਂ ਰਲਾ ਦਿੱਤੀਆਂ, ਤਾਂ ਕਿ ਬੀਬੀ ਕਮਾਲ ਦੀ ਰੂਹਾਨੀ ਆਭਾ ਉੱਪਰ ਆਂਚ ਆ ਜਾਏ। ਪਰ ਰਾਜੇ ਕੋਕਾ ਨੂੰ ਰਾਹੇ-ਰਾਸਤ ਉਪਰ ਲਿਆਉਣ ਅਤੇ ਪਰਜਾ ਨੂੰ ਉਸ ਦੀਆਂ ਜ਼ਿਆਦਤੀਆਂ ਤੋਂ ਮੁਕਤ ਕਰਨ ਦੇ ਮਕਸਦ ਨਾਲ ਬੀਬੀ ਕਮਾਲ ਨੇ ਕਾਕੋ ਦੇ ਅਸਥਾਨ ਉੱਪਰ ਹੀ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਲਿਖਤਾਂ ਵਿਚ ਇਹ ਕਿਹਾ ਗਿਆ ਹੈ ਕਿ ਕਾਕੋ ਨਾਂਅ ਰਾਜਾ ਕੋਕਾ ਕਾਰਨ ਪਿਆ ਹੈ ਪਰ ਇਕ ਮਨੌਤ ਇਹ ਵੀ ਹੈ ਕਿ ਇਸ ਥਾਂ ਭਗਵਾਨ ਰਾਮ ਦੀ ਮਤੇਈ ਮਾਂ ਮਾਤਾ ਕੇਕੱਈ ਨੇ ਕੁਝ ਦੇਰ ਵਾਸ ਕੀਤਾ ਸੀ, ਜਿਸ ਕਾਰਨ ਇਹ ਨਾਂਅ ਪਿਆ। ਕਿਸੇ ਵੇਲੇ ਇਸ ਦਾ ਨਾਂਅ 'ਬੀਬੀਪੁਰ' ਵੀ ਰਿਹਾ।
ਦਰਗਾਹ ਵਿਚ ਇਕ ਕਾਲਾ ਪੱਥਰ ਹੈ, ਜਿਸ ਨੂੰ 'ਲੋਹੇ ਕੁਰਾਨੀ' ਕਿਹਾ ਜਾਂਦਾ ਹੈ। ਇਹ ਬੜਾ ਮੁਕੱਦਸ ਮੰਨਿਆ ਜਾਂਦੈ। ਉਰਸ, ਜਲਸਾ, ਮਹਿਫ਼ਲ ਵੇਲੇ ਵਿਸ਼ੇਸ਼ ਪਕਵਾਨ ਦੇ ਤੌਰ 'ਤੇ ਗੁੜ ਦੀ ਖੀਰ 'ਢਕਨੀ' (ਮਿੱਟੀ ਦਾ ਬਰਤਨ) ਵਿਚ ਪਾ ਕੇ ਅਕੀਦਤਮੰਦਾਂ ਨੂੰ ਛਕਾਈ ਜਾਂਦੀ ਹੈ। ਸੂਫ਼ੀ ਉਤਸਵ ਮੌਕੇ ਸੂਫ਼ੀ ਸੰਗੀਤ ਦੀ ਛਹਿਬਰ ਲਗਦੀ ਹੈ। ਬਿਹਾਰ ਤੋਂ ਇਲਾਵਾ ਝਾਰਖੰਡ, ਉੱਤਰ ਪ੍ਰਦੇਸ਼, ਬੰਗਾਲ, ਮਹਾਰਾਸ਼ਟਰ ਤੇ ਨਿਪਾਲ ਸਮੇਤ ਹੋਰ ਅਨੇਕਾਂ ਥਾਵਾਂ ਤੋਂ ਲੋਕ ਇਸ ਉਤਸਵ ਵਿਚ ਹਿੱਸਾ ਲੈਂਦੇ ਹਨ।
ਬਿਹਾਰ ਸੈਰ ਸਪਾਟਾ ਵਿਭਾਗ ਅਤੇ ਪ੍ਰਸ਼ਾਸਨ ਵੀ ਉਤਸਵ ਦੇ ਪ੍ਰਬੰਧ ਵਿਚ ਸ਼ਾਮਿਲ ਹੁੰਦੇ ਹਨ। ਟੂਰਿਜ਼ਮ ਵਿਭਾਗ ਵਲੋਂ ਵੱਖ-ਵੱਖ ਧਰਮਾਂ ਦੇ ਟੂਰਿਸਟ ਸਰਕਟ ਬਣਾਏ ਗਏ ਹਨ। ਇਨ੍ਹਾਂ ਵਿਚ ਹਿੰਦੂ, ਸਿੱਖ, ਜੈਨ, ਬੁੱਧ ਧਰਮਾਂ ਨਾਲ ਸਬੰਧਤ ਸਰਕਟਾਂ ਤੋਂ ਇਲਾਵਾ ਸੂਫ਼ੀ ਸਰਕਟ ਦੀ ਸਚਿੱਤਰ ਲਿਖਤ ਸਮੱਗਰੀ ਮੁਹੱਈਆ ਕੀਤੀ ਗਈ ਹੈ। ਦਰਗਾਹ ਦਾ ਜ਼ਿਕਰ ਆਈਨੇ-ਅਕਬਰੀ ਵਿਚ ਵੀ ਮਿਲਦਾ ਹੈ। ਬਾਦਸ਼ਾਹ ਸ਼ੇਰ ਸ਼ਾਹ ਸੂਰੀ, ਜਹਾਂ ਆਰਾ ਅਤੇ ਫਿਰੋਜ਼ਸ਼ਾਹ ਤੁਗਲਕ ਇਸ ਅਸਥਾਨ ਉਪਰ ਚਾਦਰਪੋਸ਼ੀ ਕਰਨ ਵਾਲਿਆਂ ਵਿਚ ਸ਼ਾਮਿਲ ਹਨ। ਪਹਿਲਾਂ ਇਹ ਦਰਗਾਹ ਕੱਚੀ ਹੁੰਦੀ ਸੀ ਪਰ ਤੁਗਲਕ ਨੇ ਇਸ ਨੂੰ ਪੱਕਿਆਂ ਕਰਵਾਇਆ। ਬੀਬੀ ਕਮਾਲ ਨੇ ਸਿਰਫ ਜਹਾਨਾਬਾਦ ਵਿਚ ਹੀ ਨਹੀਂ, ਸਗੋਂ ਪੂਰੇ ਜਗਤ ਵਿਚ ਸੂਫ਼ੀਅਤ ਦੀ ਰੌਸ਼ਨੀ ਜਗਮਗਾਈ!


-ਫਗਵਾੜਾ। gandamjs@gmail.com

ਪੰਥ ਦੇ ਗਾਥਾਮਈ ਸੂਰਮੇ, ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ

ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਅਤੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਸਿੱਖ ਪੰਥ ਵਿਚ ਸੂਰਮਗਤੀ ਦਾ ਪ੍ਰਤੀਕ ਮੰਨੇ ਜਾਂਦੇ ਹਨ। ਪਾਪੀ ਮੱਸੇ ਰੰਘੜ ਦਾ ਸਿਰ ਵੱਢ ਕੇ ਉਹ ਹਮੇਸ਼ਾ ਲਈ ਪੰਥ ਵਿਚ ਅਮਰ ਹੋ ਗਏ। ਭਾਈ ਸੁੱਖਾ ਸਿੰਘ ਦੀ ਜਨਮ ਤਾਰੀਖ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿਖੇ ਉਸ ਦੇ ਖਾਨਦਾਨ ਦੇ ਬੰਦਿਆਂ ਮੁਤਾਬਕ ਉਸ ਦਾ ਜਨਮ ਲਗਪਗ 1707-08 ਈ: ਦਾ ਹੈ। ਕਲਸੀ ਗੋਤਰ ਦੇ ਤਰਖਾਣ ਸਿੰਘ ਭਾਈ ਸੁੱਖਾ ਸਿੰਘ ਦੇ ਪਿਤਾ ਦਾ ਨਾਂਅ ਲੱਧਾ ਜੀ, ਮਾਤਾ ਦਾ ਨਾਂਅ ਹਰ ਕੌਰ ਤੇ ਇਕ ਵੱਡਾ ਭਰਾ ਲੱਖਾ ਸਿੰਘ ਸੀ। ਪਿੰਡ ਵਾਲਿਆਂ ਮੁਤਾਬਕ ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ ਪਰ ਲੱਖਾ ਸਿੰਘ ਸ਼ਾਦੀਸ਼ੁਦਾ ਸੀ। ਉਸ ਦੇ ਵਾਰਸ ਹੁਣ ਵੀ ਮਾੜੀ ਕੰਬੋਕੀ ਵੱਸਦੇ ਹਨ। ਲੱਖਾ ਸਿੰਘ ਵੀ ਦਲ ਖਾਲਸਾ ਵਿਚ ਸ਼ਾਮਿਲ ਸੀ ਤੇ ਜੰਗਾਂ ਯੁੱਧਾਂ ਵਿਚ ਹੀ ਸ਼ਹੀਦ ਹੋਇਆ ਸੀ। ਮਾੜੀ ਕੰਬੋਕੀ ਪਹਿਲਾਂ ਜ਼ਿਲ੍ਹਾ ਲਾਹੌਰ, ਤਹਿਸੀਲ ਕਸੂਰ ਤੇ ਹੁਣ ਜ਼ਿਲ੍ਹਾ ਤਰਨ ਤਾਰਨ ਥਾਣਾ ਭਿੱਖੀਵਿੰਡ ਵਿਚ ਪੈਂਦਾ ਹੈ। ਅਤਿ ਦੇ ਦਲੇਰ ਭਾਈ ਸੁੱਖਾ ਸਿੰਘ ਦਾ ਬਚਪਨ ਤੋਂ ਹੀ ਝੁਕਾਅ ਸਿੱਖੀ ਵੱਲ ਸੀ।
ਉਸ ਵੇਲੇ ਹਾਲਾਤ ਇਹ ਸਨ ਕਿ ਜੇ ਕਿਸੇ ਔਰਤ ਨੂੰ ਪੁੱਤਰਾਂ ਬਾਰੇ ਪੁੱਛਿਆ ਜਾਂਦਾ ਤਾਂ ਉਹ ਦੱਸਦੀ ਕਿ ਪੁੱਤਰ ਤਾਂ ਚਾਰ ਸਨ ਪਰ ਦੋ ਨੇ ਅੰਮ੍ਰਿਤ ਛਕ ਲਿਆ ਹੈ। ਸਿੰਘ ਸਜਣ ਦਾ ਮਤਲਬ ਸਰਕਾਰੀ ਫੌਜਾਂ ਹੱਥੋਂ ਨਿਸ਼ਚਿਤ ਮੌਤ ਸਮਝੀ ਜਾਂਦੀ ਸੀ। 14-15 ਸਾਲ ਦੀ ਉਮਰ ਵਿਚ ਉਸ ਨੇ ਆਪਣੇ ਮਾਪਿਆਂ ਨੂੰ ਦੱਸੇ ਬਗੈਰ ਅੰਮ੍ਰਿਤ ਛਕ ਲਿਆ। ਮੁਖਬਰੀ ਮਿਲਣ 'ਤੇ ਸ਼ਾਹੀ ਫੌਜ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚ ਗਈ। ਉਸ ਵੇਲੇ ਘਰ ਨਾ ਹੋਣ ਕਾਰਨ ਉਹ ਬਚ ਗਿਆ। ਘਰ ਵਾਲੇ ਡਰ ਗਏ। ਉਨ੍ਹਾਂ ਨੇ ਭੰਗ ਪਿਆ ਕੇ ਬੇਹੋਸ਼ ਪਏ ਸੁੱਖਾ ਸਿੰਘ ਦੇ ਕੇਸ ਕਤਲ ਕਰ ਦਿੱਤੇ। ਜਦੋਂ ਸੁੱਖਾ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਦੁਖੀ ਹੋ ਕੇ ਮਰਨ ਲਈ ਖੂਹ ਵਿਚ ਛਾਲ ਮਾਰ ਦਿੱਤੀ ਪਰ ਪਾਣੀ ਘੱਟ ਹੋਣ ਕਾਰਨ ਉਹ ਬਚ ਗਿਆ। ਭਾਣਾ ਰੱਬ ਦਾ, ਕੋਈ ਰਾਹ ਜਾਂਦਾ ਸਿੰਘ ਰੌਲਾ-ਗੌਲਾ ਸੁਣ ਕੇ ਖੂਹ 'ਤੇ ਆ ਗਿਆ। ਉਸ ਨੇ ਸੁੱਖਾ ਸਿੰਘ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਮਰਨ ਦੀ ਬਜਾਏ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ। ਇਸ ਗੱਲ ਦਾ ਸੁੱਖਾ ਸਿੰਘ ਦੇ ਦਿਲ 'ਤੇ ਬਹੁਤ ਗਹਿਰਾ ਅਸਰ ਹੋਇਆ। ਕੁਝ ਦਿਨਾਂ ਬਾਅਦ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਭਜਾ ਕੇ ਸ: ਸ਼ਾਮ ਸਿੰਘ ਦੇ ਜਥੇ ਵਿਚ ਜਾ ਰਲਿਆ।
ਦਿੱਲੀ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਦੀ ਵਾਪਸ ਜਾਂਦੀ ਫੌਜ ਨੂੰ 1739 ਈ: ਵਿਚ ਸਿੱਖਾਂ ਨੇ ਬੜੀ ਤਸੱਲੀ ਨਾਲ ਲੁੱਟਿਆ। ਜ਼ਕਰੀਆ ਖਾਨ ਕੋਲੋਂ ਸਿੱਖਾਂ ਦੀ ਬਹਾਦਰੀ ਬਾਰੇ ਸੁਣ ਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਲੋਕ ਕਿਸੇ ਦਿਨ ਪੰਜਾਬ 'ਤੇ ਰਾਜ ਕਰਨਗੇ। ਉਸ ਦੇ ਵਾਪਸ ਜਾਣ ਤੋਂ ਬਾਅਦ ਜ਼ਕਰੀਆ ਖਾਨ ਨੇ ਸਿੱਖਾਂ 'ਤੇ ਸਖਤੀ ਬਹੁਤ ਵਧਾ ਦਿੱਤੀ। ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰਨ ਲਈ ਕਾਜ਼ੀ ਅਬਦੁਲ ਰਹਿਮਾਨ ਨੂੰ 2000 ਫੌਜੀ ਦੇ ਕੇ ਭੇਜ ਦਿੱਤਾ। ਉਸ ਨੇ ਕਬਜ਼ਾ ਕਰਕੇ ਸਖ਼ਤ ਪਹਿਰਾ ਲਗਾ ਦਿੱਤਾ ਤੇ ਫੜ੍ਹ ਮਾਰੀ ਕਿ ਮੇਰੇ ਹੁੰਦੇ ਕੋਈ ਸਿੱਖ ਇਸ਼ਨਾਨ ਨਹੀਂ ਕਰ ਸਕਦਾ। ਜਦੋਂ ਇਹ ਖ਼ਬਰ ਦਲ ਖਾਲਸਾ ਤੱਕ ਪਹੁੰਚੀ ਤਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਨੀ ਸਿੰਘ ਦਾ ਭਤੀਜਾ ਥਰਾਜ ਸਿੰਘ 50 ਸਿੰਘਾਂ ਦੇ ਜਥੇ ਸਮੇਤ ਇਸ਼ਨਾਨ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਨੇ ਬਾਕੀ ਸਿੰਘ ਗਿਲਵਾਲੀ ਦਰਵਾਜ਼ੇ ਅੱਗੇ ਖੜ੍ਹੇ ਕੀਤੇ ਤੇ ਆਪ ਇਸ਼ਨਾਨ ਕਰਕੇ ਜੈਕਾਰੇ ਗਜਾ ਕੇ ਸਾਥੀਆਂ ਨਾਲ ਆ ਮਿਲੇ। ਕਾਜ਼ੀ ਤੇ ਉਸ ਦੇ ਪੁੱਤਰ ਨੇ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ। ਘਾਤ ਲਗਾ ਕੇ ਬੈਠੇ ਸਿੱਖਾਂ ਹੱਥੋਂ ਉਹ ਦੋਵੇਂ ਅਨੇਕਾਂ ਸਾਥੀਆਂ ਸਮੇਤ ਮਾਰੇ ਗਏ। (ਭੰਗੂ, ਪੰਥ ਪ੍ਰਕਾਸ਼ ਪੰਨਾ 519)
ਯਾਹੀਆ ਖਾਨ ਦੇ ਅਹਿਦ ਵੇਲੇ ਵੀ ਲਖਪਤ ਰਾਏ ਦੀ ਨਿਗਰਾਨੀ ਹੇਠ ਦਰਬਾਰ ਸਾਹਿਬ 'ਤੇ ਸਖਤ ਪਹਿਰਾ ਲਗਾਇਆ ਗਿਆ ਸੀ। ਸਰੋਵਰ ਦੀਆਂ ਚਾਰਾਂ ਬਾਹੀਆਂ 'ਤੇ ਮੁਨਾਰੇ ਬਣਾ ਕੇ ਨਿਸ਼ਾਨਚੀ ਬਿਠਾਏ ਗਏ। ਜੋ ਵੀ ਇਸ਼ਨਾਨ ਕਰਨ ਆਉਂਦਾ, ਗੋਲੀ ਮਾਰ ਦਿੱਤੀ ਜਾਂਦੀ। ਉਸ ਵੇਲੇ ਵੀ ਭਾਈ ਸੁੱਖਾ ਸਿੰਘ ਕੌਮ ਵਿਚ ਉਤਸ਼ਾਹ ਭਰਨ ਲਈ ਚਿੱਟੇ ਦਿਨ ਇਸ਼ਨਾਨ ਕਰਕੇ ਪਗੜੀ ਲਾਹ ਕੇ ਕੇਸ ਦਿਖਾ ਕੇ ਗਿਆ ਸੀ ਕਿ ਵਾਕਈ ਸਿੱਖ ਨੇ ਇਸ਼ਨਾਨ ਕੀਤਾ ਹੈ। ਅਹਿਮਦ ਸ਼ਾਹ ਅਬਦਾਲੀ ਪਹਿਲੇ ਹਮਲੇ ਸਮੇਂ ਸੰਨ 1747 ਈ: ਵਿਚ ਸਰਹਿੰਦ ਨੂੰ ਜਾਂਦਾ ਕੁਝ ਫੌਜ ਲਾਹੌਰ ਦੀ ਰਾਖੀ ਲਈ ਛੱਡ ਗਿਆ। ਉਸ ਫੌਜ ਦੀ ਇਕ ਟੁਕੜੀ ਦੀ ਸੁੱਖਾ ਸਿੰਘ ਵਾਲੇ ਜਥੇ ਨਾਲ ਝੜਪ ਹੋ ਗਈ। ਅਫਗਾਨਾਂ ਨੇ ਇਕੱਲੇ ਨੂੰ ਇਕੱਲੇ ਨਾਲ ਲੜਨ ਲਈ ਵੰਗਾਰਿਆ। ਸਿੱਖਾਂ ਵੱਲੋਂ ਸੁੱਖਾ ਸਿੰਘ ਮੈਦਾਨ ਵਿਚ ਨਿੱਤਰਿਆ। ਉਸ ਨੇ ਹੱਥੋ-ਹੱਥ ਲੜਾਈ ਵਿਚ ਇਕ ਰਾਖਸ਼ ਜਿੱਡੇ ਪਠਾਣ ਨੂੰ ਮਾਰ ਸੁੱਟਿਆ। ਸਾਰੇ ਸਰਦਾਰਾਂ ਨੇ ਖੁਸ਼ ਹੋ ਕੇ ਉਸ ਨੂੰ ਘੋੜੇ ਭੇਟ ਕੀਤੇ। ਉਸ ਨੇ ਸ: ਸ਼ਾਮ ਸਿੰਘ ਦਾ ਘੋੜਾ ਰੱਖ ਕੇ ਬਾਕੀ ਵਾਪਸ ਕਰ ਦਿੱਤੇ। (ਰਤਨ ਸਿੰਘ ਭੰਗੂ ਪੰਨਾ 232 ਤੋਂ 240)।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਡੋਰੀ ਸਿੱਧਵਾਂ। ਮੋਬਾ: 98151-24449

ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ

ਗੁਰਦੁਆਰਾ ਛੱਲਾ ਸਾਹਿਬ ਮੋਹੀ

ਇਤਿਹਾਸਕ ਪਿੰਡ ਮੋਹੀ ਦੀ ਧਰਤੀ ਉਸ ਸਮੇਂ ਪਵਿੱਤਰ ਹੋਈ ਸੀ, ਜਦੋਂ ਦਸਮੇਸ਼ ਪਿਤਾ, ਸਰਬੰਸਦਾਨੀ, ਸਾਹਿਬ-ਏ-ਕਮਾਲ ਦਸਵੇਂ ਪਾਤਸ਼ਾਹ ਸਾਹਿਬ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ 31 ਦਸੰਬਰ 1704 ਈ: ਨੂੰ ਆਪਣੇ ਮੁਬਾਰਕ ਚਰਨ ਪਾਏ ਸਨ। ਉਸ ਸਮੇਂ ਉਨ੍ਹਾਂ ਦੇ ਨਾਲ ਪੰਜ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਇਕ ਸਿੱਖ ਭਾਈ ਮਾਨ ਸਿੰਘ ਵੀ ਸਨ। ਉਸ ਸਮੇਂ ਜਿੱਥੇ ਗੁਰੂ ਜੀ ਨੇ ਆਸਣ ਲਾਇਆ ਸੀ, ਪਿੰਡ ਦੇ ਬਾਹਰਵਾਰ ਉਥੇ ਸੰਘਣੇ ਦਰੱਖਤਾਂ ਦੀ ਝਿੜੀ ਸੀ ਅਤੇ ਨਾਲ ਹੀ ਪਾਣੀ ਵਾਲੀ ਛੱਪੜੀ ਸੀ। ਗੁਰੂ ਜੀ ਨੇ ਇਕਾਂਤ ਥਾਂ ਜਾਣ ਕੇ ਇੱਥੇ ਪੂਰੀ ਰਾਤ ਵਿਸ਼ਰਾਮ ਕੀਤਾ। ਜਦੋਂ ਪਿੰਡ ਵਾਸੀਆਂ ਨੂੰ ਗੁਰੂ ਜੀ ਦੇ ਠਹਿਰਨ ਦਾ ਪਤਾ ਲੱਗਾ, ਉਹ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੇ ਅਤੇ ਬੜੀ ਸ਼ਰਧਾ ਭਾਵਨਾ ਨਾਲ ਜਲ ਪਾਣੀ ਦੀ ਸੇਵਾ ਕੀਤੀ ਅਤੇ ਨਾਲ ਹੀ ਹੋਰ ਸੇਵਾ ਲਈ ਅਰਜ਼ ਕੀਤੀ, ਤਾਂ ਗੁਰੂ ਸਾਹਿਬ ਦੀ ਉਂਗਲ ਵਿਚ ਇਕ ਛੱਲਾ ਪਾਇਆ ਹੋਇਆ ਸੀ, ਜਿਸ ਦੀ ਸਹਾਇਤਾ ਨਾਲ ਉਹ ਜੰਗ ਦੌਰਾਨ ਤੀਰ ਚਲਾਉਂਦੇ ਸਨ। ਬਹੁਤ ਜਿਆਦਾ ਠੰਢ ਹੋਣ ਕਾਰਨ ਉਸ ਉਂਗਲੀ ਨੂੰ ਸੋਜ ਆ ਚੁੱਕੀ ਸੀ, ਜਿਸ ਕਰਕੇ ਛੱਲਾ ਉਂਗਲ ਵਿਚ ਖੁੱਭ ਚੁੱਕਾ ਸੀ, ਜਿਸ ਕਰਕੇ ਗੁਰੂ ਜੀ ਨੇ ਕਿਸੇ ਮਿਸਤਰੀ ਨੂੰ ਬੁਲਾ ਕੇ ਛੱਲਾ ਕਟਵਾਉਣ ਲਈ ਕਿਹਾ।
ਇਸ ਸਮੇਂ ਪਿੰਡ ਮੋਹੀ ਦੇ ਲੁਹਾਰ ਭਾਈ ਜਵਾਲਾ ਜੀ ਨੇ ਆ ਕੇ ਬੜੇ ਪਿਆਰ ਨਾਲ ਬਿਨਾਂ ਕਿਸੇ ਤਕਲੀਫ ਦੇ ਰੇਤੀ ਨਾਲ ਛੱਲਾ ਕੱਟ ਦਿੱਤਾ। ਗੁਰੂ ਜੀ ਭਾਈ ਜਵਾਲਾ ਜੀ 'ਤੇ ਬੜੇ ਪ੍ਰਸੰਨ ਹੋਏ। ਉਸ ਦੇ ਪਰਿਵਾਰ ਨੂੰ ਪੀੜ੍ਹੀ-ਦਰ-ਪੀੜ੍ਹੀ ਵਧਣ-ਫੁੱਲਣ ਦਾ ਵਰ ਦਿੱਤਾ, ਨਾਲ ਹੀ ਕੱਟਿਆ ਹੋਇਆ ਛੱਲਾ ਭਾਈ ਜਵਾਲਾ ਜੀ ਨੂੰ ਨਿਸ਼ਾਨੀ ਵਜੋਂ ਦੇ ਦਿੱਤਾ, ਜੋ ਅੱਜਕਲ੍ਹ ਉਨ੍ਹਾਂ ਦੀ ਅੰਸ-ਵੰਸ ਭਾਈ ਮੇਹਰ ਸਿੰਘ ਕੋਲ ਪਿੰਡ ਭੰਮੀਪੁਰਾ (ਨੇੜੇ ਜਗਰਾਉਂ) ਪਿਆ ਹੈ। ਭਾਸ਼ਾ ਵਿਭਾਗ ਵੱਲੋਂ ਲਿਖੀ ਕਿਤਾਬ 'ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ' ਦੇ ਪੰਨਾ ਨੰਬਰ 49 ਮੁਤਾਬਕ ਪਿੰਡ ਮੋਹੀ ਦਾ ਨਾਂਅ ਆਉਂਦਾ ਹੈ। ਇਸ ਤਰ੍ਹਾਂ ਪਿੰਡ ਮੋਹੀ ਨੂੰ ਗੁਰੂ ਸਹਿਬ ਵੱਲੋਂ 'ਚੜ੍ਹੀ ਆਊ ਲੱਥੀ ਜਾਊ' ਦਾ ਪਵਿੱਤਰ ਵਰ ਵੀ ਪ੍ਰਾਪਤ ਹੋਇਆ ਹੈ। ਪਹਿਲਾਂ ਗੁਰੂ-ਘਰ ਦੀ ਇਮਾਰਤ ਬਹੁਤ ਹੀ ਛੋਟੀ ਸੀ, ਫਿਰ 1935 ਵਿਚ ਗੁਰੂ-ਘਰ ਦੀ ਇਮਾਰਤ ਦੁਬਾਰਾ ਬਣਨੀ ਆਰੰਭ ਹੋਈ ਅਤੇ 1936 ਵਿਚ ਪੂਰੀ ਬਣ ਕੇ ਤਿਆਰ ਹੋ ਗਈ, ਜਿਸ ਦੀ ਕਾਰ ਸੇਵਾ ਸੰਤ ਬਾਬਾ ਨਿਰੰਜਣ ਸਿੰਘ ਮੋਹੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਇਸੇ ਤਰ੍ਹਾਂ ਸੰਤ ਬਾਬਾ ਨਿਰੰਜਣ ਸਿੰਘ ਤੋਂ ਬਾਅਦ ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਨਿਹਾਲ ਸਿੰਘ ਕਮਾਲਪੁਰਾ ਮੋਹੀ ਵਾਲਿਆਂ ਨੇ ਕੀਤੀ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਹੁਤ ਹੀ ਸੁੰਦਰ ਇਮਾਰਤ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ। ਇਸ ਗੁਰੂ-ਘਰ ਲਈ ਮਾਤਾ ਬਿਸ਼ਨ ਕੌਰ ਨੇ 4 ਕਿੱਲੇ ਜ਼ਮੀਨ ਭੇਟਾ ਕੀਤੀ ਸੀ, ਜੋ ਕਿ ਭਾਈ ਜਵਾਲਾ ਜੀ ਦੇ ਪਰਿਵਾਰ ਨਾਲ ਸਬੰਧਤ ਸੀ। ਇਸ ਅਸਥਾਨ 'ਤੇ ਹਰ ਸਾਲ ਗੁਰੂ ਸਾਹਿਬ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ 31 ਦਸੰਬਰ ਵਾਲੇ ਦਿਨ ਜਿਥੇ ਨਗਰ ਕੀਰਤਨ ਸਜਾਏ ਜਾਂਦੇ ਹਨ, ਉਥੇ 1 ਜਨਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਸਮਾਗਮਾਂ ਦੇ ਭੋਗ ਪਾਏ ਜਾਂਦੇ ਹਨ।


ਮੋਬਾ: 99145-63300

ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਰਾਜੋ ਪਿੰਡੀ ਦੀ ਸਿੱਖ ਛਾਉਣੀ

ਪਾਕਿਸਤਾਨ ਦੇ ਸ਼ਹਿਰ ਜਿਹਲਮ ਵਿਚ ਕਿਲ੍ਹਾ ਰੋਹਤਾਸ ਤੋਂ ਚੜ੍ਹਦੇ ਵੱਲ ਨਾਲਾ ਘਾਣ ਪਾਰ ਕਰਦਿਆਂ ਹੀ ਸਿਰਫ਼ 2-3 ਫਰਲਾਂਗ (500-600 ਗਜ਼) ਦੀ ਦੂਰੀ 'ਤੇ ਪੁਰਾਣੀ ਜਰਨੈਲੀ ਸੜਕ ਦੇ ਐਨ ਉਪਰ ਪਿੰਡ ਰਾਜੋ ਪਿੰਡੀ ਵਿਚ ਇਕ ਕਿਲ੍ਹੇਨੁਮਾ ਮੁਗਲਸ਼ਾਹੀ ਆਲੀਸ਼ਾਨ ਸਰਾਂ ਮੌਜੂਦ ਹੈ। ਇਸ ਸਰਾਂ ਦੇ ਅਸਲ ਨਾਂਅ ਬਾਰੇ ਜਾਂ ਇਸ ਦੇ ਇਤਿਹਾਸ ਸਬੰਧੀ ਕਿਸੇ ਵੀ ਦਸਤਾਵੇਜ਼ ਜਾਂ ਇਤਿਹਾਸ ਦੀ ਪੁਸਤਕ ਵਿਚ ਕੋਈ ਜਾਣਕਾਰੀ ਪੜ੍ਹਨ ਨੂੰ ਨਹੀਂ ਮਿਲਦੀ। ਸ਼ਾਇਦ ਇਹੋ ਕਾਰਨ ਹੈ ਕਿ ਇਹ ਸਰਾਂ ਅੱਜ ਵੀ ਆਪਣੇ ਅਸਲ ਨਾਂਅ ਦੀ ਬਜਾਏ ਪਿੰਡ ਦੇ ਨਾਂਅ ਨਾਲ 'ਸਰਾਂ ਰਾਜੋ ਪਿੰਡੀ' ਕਰਕੇ ਜਾਣੀ ਜਾਂਦੀ ਹੈ। ਇਸ ਸਮਾਰਕ ਸਬੰਧੀ ਥੋੜ੍ਹੀ-ਬਹੁਤ ਜਾਣਕਾਰੀ ਰੱਖਣ ਵਾਲੇ ਪਾਕਿਸਤਾਨੀ ਵਿਦਵਾਨਾਂ ਦਾ ਦਾਅਵਾ ਹੈ ਕਿ ਸਿੱਖ ਰਾਜ ਸਮੇਂ ਲਾਹੌਰ ਦਰਬਾਰ ਦੇ ਅਧੀਨ ਇਸ ਵਿਚ ਫ਼ੌਜੀ ਛਾਉਣੀ ਤਾਇਨਾਤ ਕੀਤੀ ਗਈ ਹੋਣ ਕਰਕੇ ਇਸ ਨੂੰ 'ਸਿੱਖਾਂ ਦੀ ਛਾਉਣੀ' ਅਤੇ 'ਗੜ੍ਹ ਮਹਿਲ' ਨਾਵਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ।
ਪਿੰਡ ਰਾਜੋ ਪਿੰਡੀ ਮੌਜੂਦਾ ਸਮੇਂ ਦੀਨਾ ਤੋਂ ਰੋਹਤਾਸ ਨੂੰ ਜਾਂਦੀ ਜਰਨੈਲੀ ਸੜਕ 'ਤੇ ਰੋਹਤਾਸ ਤੋਂ ਸਿਰਫ਼ 5 ਕਿਲੋਮੀਟਰ ਦੀ ਦੂਰੀ 'ਤੇ ਆਬਾਦ ਹੈ, ਜਦੋਂ ਕਿ ਲਾਹੌਰ ਤੋਂ ਰੋਹਤਾਸ ਕਰੀਬ 182 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਪਿੰਡ ਦੇ ਨਾਲ ਹੀ ਪਿੰਡ ਚੱਠਾ, ਨਿਰਖੀਆਂ ਅਤੇ ਕਾਜ਼ੀ ਹੁਸੈਨ ਆਬਾਦ ਹਨ। ਇਨ੍ਹਾਂ ਪਿੰਡਾਂ ਵਿਚ ਹਿੰਦੂ-ਸਿੱਖਾਂ ਦੀ ਆਬਾਦੀ ਤਾਂ ਬਿਲਕੁਲ ਵੀ ਨਹੀਂ ਹੈ, ਪਰ 4-5 ਹਿੰਦੂ-ਸਿੱਖ ਸਮਾਧਾਂ ਅਤੇ ਐਨੀ ਹੀ ਗਿਣਤੀ ਵਿਚ ਮੰਦਰਾਂ ਦੇ ਖੰਡਰ ਜ਼ਰੂਰ ਮੌਜੂਦ ਹਨ।
ਸੰਨ 1765 ਵਿਚ ਭੰਗੀ ਮਿਸਲ ਦੇ ਸ: ਗੁਜਰ ਸਿੰਘ ਭੰਗੀ ਅਤੇ ਸ਼ੁਕਰਚੱਕੀਆ ਮਿਸਲ ਦੇ ਸ: ਚੜ੍ਹਤ ਸਿੰਘ (ਸ਼ੇਰੇ-ਪੰਜਾਬ ਮਹਾਰਾਜਾ ਸਿੰਘ ਦਾ ਦਾਦਾ) ਨੇ ਰਲ ਕੇ ਇਸ ਦੇ ਆਸ-ਪਾਸ ਦਾ ਸਾਰਾ ਇਲਾਕਾ ਫ਼ਤਹਿ ਕੀਤਾ। ਬਾਅਦ ਵਿਚ ਸ: ਗੁਜਰ ਸਿੰਘ ਭੰਗੀ ਨੇ ਰਾਜਨੀਤਕ ਸੋਚ-ਵਿਚਾਰ ਕਰ ਕੇ ਜਿਹਲਮ ਪਾਰ ਦੇ ਸਾਰੇ ਇਲਾਕਿਆਂ 'ਤੇ ਸ: ਚੜ੍ਹਤ ਸਿੰਘ ਦਾ ਅਧਿਕਾਰ ਸਵੀਕਾਰ ਕਰ ਲਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ 'ਤੇ ਆਪਣਾ ਅਧਿਕਾਰ ਕਾਇਮ ਕੀਤਾ ਤਾਂ ਉਸ ਦੇ ਬਾਅਦ ਇਸ ਸਰਾਂ ਵਿਚ ਫ਼ੌਜ ਦੀ ਛਾਉਣੀ ਅਤੇ ਥਾਣਾ ਕਾਇਮ ਕੀਤਾ ਗਿਆ।
ਮੁਨਸ਼ੀ ਸੋਹਣ ਲਾਲ 'ਉਮਦਾਤੁੱਤਵਾਰੀਖ਼' ਦਫ਼ਤਰ ਸੋਇਮ, ਹਿੱਸਾ ਚੁਹਾਰਮ, ਸਫ਼ਾ 397 'ਤੇ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ 6 ਮਈ, 1837 ਨੂੰ ਰੋਹਤਾਸ ਦੇ ਮੁਕਾਮ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੇ ਪਿਆਰੇ ਤੇ ਸੂਰਬੀਰ ਜਰਨੈਲ ਸ: ਹਰੀ ਸਿੰਘ ਨਲੂਆ 30 ਅਪ੍ਰੈਲ ਨੂੰ ਹੀ ਸ਼ਹੀਦ ਹੋ ਚੁੱਕੇ ਹਨ।
ਕਰੀਬ ਛੇ ਮੁਰੱਬੇ ਵਿਚ ਬਣੀ ਇਹ ਸਰਾਂ ਸ਼ੇਰ ਸ਼ਾਹ ਸੂਰੀ ਦੇ ਸਮੇਂ ਬਣਾਈ ਗਈ ਦੱਸੀ ਜਾਂਦੀ ਹੈ। ਇਸ ਦੀਆਂ ਬਾਹਰੀ ਦੀਵਾਰਾਂ 30 ਫੁੱਟ ਉੱਚੀਆਂ ਤੇ ਸਾਢੇ ਚਾਰ ਫੁੱਟ ਚੌੜੀਆਂ ਹਨ। ਇਸ ਦਾ ਪ੍ਰਮੁੱਖ ਪ੍ਰਵੇਸ਼ ਦੁਆਰ 18 ਫੁੱਟ ਉੱਚਾ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 9356127771, 7837849764

ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸਿੱਖ ਧਰਮ ਦੀ ਉਤਪਤੀ ਹੋਈ। ਧਰਮਾਂ ਦੇ ਇਤਿਹਾਸ ਵਿਚ ਇਹ ਸਭ ਤੋਂ ਛੋਟੀ ਉਮਰ ਦਾ, ਨਿਵੇਕਲੀ ਅਤੇ ਨਿਰਾਲੀ ਕਿਸਮ ਦਾ ਧਰਮ ਹੈ। ਇਸ ਨਿਵੇਕਲੇ ਅਤੇ ਨਿਰਾਲੇ ਧਰਮ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਕਈ ਅਹਿਮ ਸਿਧਾਂਤਾਂ ਉੱਪਰ ਕਾਇਮ ਕੀਤੀ, ਜਿਨ੍ਹਾਂ ਵਿਚੋਂ ਤਿੰਨ ਸਿਧਾਂਤਾਂ ਨੂੰ ਸਿੱਖ ਧਰਮ ਦੇ ਸੁਨਹਿਰੀ ਸਿਧਾਂਤ ਮੰਨਿਆ ਗਿਆ ਹੈ। ਇਹ ਹਨ : ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਨ੍ਹਾਂ ਤਿੰਨਾਂ ਸਿਧਾਂਤਾਂ ਦਾ ਤਰਤੀਬ ਵਿਚ ਹੋਣਾ ਵੀ ਅਰਥਹੀਣ ਨਹੀਂ। ਸੰਸਾਰ ਵਿਚ ਰਹਿੰਦਿਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਲਈ ਕਿਰਤੀ ਹੋਣਾ ਬਹੁਤ ਜ਼ਰੂਰੀ ਹੈ। ਕਿਰਤੀ ਇਨਸਾਨ ਹੀ ਨਾਮ ਜਪ ਸਕਦਾ ਹੈ, ਕਿਉਂਕਿ ਇਹ ਵਿਹਲੜ ਮਨੁੱਖ ਦੇ ਵੱਸ ਦੀ ਗੱਲ ਨਹੀਂ ਅਤੇ ਨਾਮ ਜਪਣ ਵਾਲਾ ਇਨਸਾਨ ਹੀ ਵੰਡ ਕੇ ਛਕ ਸਕਦਾ ਹੈ, ਕਿਉਂਕਿ ਨਾਮ ਜਪਣ ਨਾਲ ਸਾਰੀ ਮਨੁੱਖਤਾ ਵਿਚ ਪਰਮਾਤਮਾ ਨਜ਼ਰੀਂ ਆਉਣ ਲੱਗ ਪੈਂਦਾ ਹੈ। ਫਿਰ ਸਾਰੀ ਮਨੁੱਖਤਾ ਇਕ ਪਰਿਵਾਰ ਵਾਂਗ ਹੀ ਜਾਪਦੀ ਹੈ। ਸੋ, ਇਸ ਅਵਸਥਾ ਵਿਚ ਇਨਸਾਨ ਵੰਡ ਛਕਣ ਦੇ ਸਿਧਾਂਤ 'ਤੇ ਪਹਿਰਾ ਦਿੰਦਾ ਹੈ। ਵੰਡ ਛਕਣ ਤੋਂ ਭਾਵ ਕੇਵਲ ਭੋਜਨ ਦੇ ਵੰਡ ਛਕਣ ਤੋਂ ਹੀ ਨਹੀਂ ਹੈ। ਇਹ ਸਿਧਾਂਤ ਸਾਨੂੰ ਮਨੁੱਖਤਾ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਸੰਕੇਤ ਦਿੰਦਾ ਹੈ। ਇਸ ਸਿਧਾਂਤ ਨੂੰ ਸਦੀਵਤਾ ਅਤੇ ਨਿਰੰਤਰਤਾ ਪ੍ਰਦਾਨ ਕਰਨ ਲਈ ਗੁਰੂ ਸਾਹਿਬਾਨ ਨੇ 'ਦਸਵੰਧ' ਪ੍ਰਥਾ ਦੀ ਸ਼ੁਰੂਆਤ ਕੀਤੀ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਦਸਵੰਧ ਸ਼ਬਦ ਦੀ ਵਿਉਂਤਪਤੀ 'ਦਸਮਾਂਸ' ਤੋਂ ਹੋਈ ਹੈ, ਜਿਸ ਦਾ ਭਾਵ ਹੈ ਦਸਵਾਂ ਜਾਂ ਦਸਵਾਂ ਭਾਗ। 'ਦਸਵੰਧ ਇਕ ਅਜਿਹੀ ਮਰਿਆਦਾ ਹੈ, ਜੋ ਸੰਸਾਰ ਵਿਚ ਮਨੁੱਖਤਾ ਦੇ ਚਾਰ ਵੈਰੀਆਂ ਗ਼ਰੀਬੀ, ਬੇਕਾਰੀ, ਬਿਮਾਰੀ ਤੇ ਅਨਪੜ੍ਹਤਾ ਨੂੰ ਜੜ੍ਹ ਤੋਂ ਉਖੇੜ ਕੇ ਜਗਤ ਵਿਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ।' ਉਂਝ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵੀ ਇਸ ਨਾਲ ਰਲਦਾ-ਮਿਲਦਾ ਅਰਥ ਰੱਖਣ ਵਾਲਾ ਸ਼ਬਦ 'ਦਾਨ' ਭਾਰਤੀ ਸੰਸਕ੍ਰਿਤੀ ਅੰਦਰ ਸਦੀਆਂ ਤੋਂ ਪ੍ਰਚਲਿਤ ਸੀ। ਦਾਨ ਤੋਂ ਭਾਵ ਉਹ ਵਸਤੂ ਜੋ ਅਮੀਰ ਵਲੋਂ ਗ਼ਰੀਬ ਵਿਅਕਤੀ ਨੂੰ ਦਿੱਤੀ ਜਾਵੇ। ਦਾਨ ਦੀ ਇਹ ਪ੍ਰਣਾਲੀ ਦੇਣ ਅਤੇ ਲੈਣ ਵਾਲਿਆਂ ਦੋਵਾਂ ਧਿਰਾਂ ਲਈ ਮਾਨਸਿਕ ਗਿਰਾਵਟ ਦਾ ਕਾਰਨ ਬਣਦੀ ਹੈ। ਕਿਉਂਕਿ ਇਸ ਨਾਲ ਦਾਨੀ ਧਿਰ ਹੰਕਾਰੀ ਅਤੇ ਦਾਨ ਲੈਣ ਵਾਲੀ ਧਿਰ ਅੰਦਰ ਹੀਣ ਭਾਵਨਾ ਪੈਦਾ ਹੁੰਦੀ ਹੈ। ਧਨਵਾਨ ਆਪਣੇ-ਆਪ ਨੂੰ ਦਾਤਾ ਅਤੇ ਦਾਨ ਲੈਣ ਵਾਲਾ ਗ਼ਰੀਬ ਅਤੇ ਭਿਖਾਰੀ ਬਣਿਆ ਮਹਿਸੂਸ ਕਰਦਾ ਹੈ।
ਗੁਰਮਤਿ ਨੇ ਕੇਵਲ ਇਕ ਪਰਮਾਤਮਾ ਨੂੰ ਹੀ ਦਾਤਾ ਮੰਨਿਆ ਹੈ ਅਤੇ ਬਾਕੀ ਸਾਰਾ ਜਗਤ ਉਸ ਅੱਗੇ ਭਿਖਾਰੀ ਹੈ। ਇਸ ਲਈ ਗੁਰਮਤਿ ਦਾ ਦ੍ਰਿਸ਼ਟੀਕੋਣ ਦਾਨ ਦੇ ਮਸਲੇ 'ਤੇ ਅਲੱਗ ਹੈ। ਗੁਰਮਤਿ ਵਿਚ ਦਾਨ ਦੀ ਥਾਂ ਦਸਵੰਧ ਸ਼ਬਦ ਨੂੰ ਪ੍ਰਵਾਨ ਕੀਤਾ ਗਿਆ ਹੈ, ਕਿਉਂਕਿ ਇਹ ਸ਼ਬਦ ਸਨਮਾਨ ਤੇ ਸਤਿਕਾਰ ਪ੍ਰਦਾਨ ਕਰਦਾ ਹੈ। ਸਿੱਖ ਦਸਵੰਧ, ਗੁਰੂ-ਪ੍ਰਥਾਏ ਕੱਢਦਾ ਹੈ। ਦਸਵੰਧ ਨਾਲ ਜਦੋਂ ਵੀ ਕਿਸੇ ਲੋੜਵੰਦ ਜਾਂ ਗ਼ਰੀਬ ਦੀ ਮਦਦ ਕੀਤੀ ਜਾਂਦੀ ਹੈ ਤਾਂ ਉਹ ਮਦਦ ਗੁਰੂ ਵਲੋਂ ਹੁੰਦੀ ਹੈ, ਨਾ ਕਿ ਸਿੱਖ ਵਲੋਂ। ਇਸ ਕਰਕੇ ਨਾ ਹੀ ਦੇਣ ਵਾਲੇ ਵਿਚ ਹੰਕਾਰ ਆਉਂਦਾ ਹੈ ਤੇ ਨਾ ਹੀ ਲੈਣ ਵਾਲੇ ਦੇ ਸਵੈ-ਮਾਣ ਨੂੰ ਸੱਟ ਵੱਜਦੀ ਹੈ।
'ਦਸਵੰਧ' ਸ਼ਬਦ ਦੀ ਆਪਣੀ ਇਹ ਖੂਬਸੂਰਤੀ ਹੈ ਕਿ ਜੇ ਗ਼ਰੀਬ ਵਿਅਕਤੀ ਮਹੀਨੇ ਦੇ ਇਕ ਹਜ਼ਾਰ ਰੁਪਏ ਕਮਾਉਂਦਾ ਹੈ ਤਾਂ ਉਸ ਦਾ 100 ਰੁਪਈਆ ਵੀ ਦਸਵੰਧ ਹੈ ਅਤੇ ਜੇਕਰ ਕੋਈ ਅਮੀਰ ਵਿਅਕਤੀ ਇਕ ਲੱਖ ਰੁਪਏ ਮਹੀਨਾ ਕਮਾਉਂਦਾ ਹੈ ਤਾਂ ਉਸ ਦਾ 10 ਹਜ਼ਾਰ ਵੀ ਦਸਵੰਧ ਹੀ ਕਹਿਲਾਏਗਾ। ਗੁਰੂ ਦੀ ਨਜ਼ਰ ਵਿਚ ਗ਼ਰੀਬ ਦਾ 100 ਤੇ ਅਮੀਰ ਦਾ 10 ਹਜ਼ਾਰ ਇਕ ਬਰਾਬਰ ਹੈ। ਇਸ ਲਈ ਕੋਈ ਅਮੀਰ ਜਾਂ ਗ਼ਰੀਬ ਕਿੰਨੇ ਰੁਪਏ ਦਸਵੰਧ ਦੇ ਰੂਪ ਵਿਚ ਕੱਢ ਰਿਹਾ ਹੈ, ਇਹ ਮਾਇਨੇ ਨਹੀਂ ਰੱਖਦਾ, ਮਾਇਨੇ ਕੇਵਲ ਦਸਵੰਧ ਕੱਢਣਾ ਰੱਖਦਾ ਹੈ।
ਸਿੱਖ ਧਰਮ ਵਿਚ ਮਨੁੱਖਤਾ ਦੇ ਭਲੇ ਹਿੱਤ ਅਤੇ ਸਾਂਝੇ ਕਾਰਜਾਂ ਵਾਸਤੇ ਸਰਦਾ-ਬਣਦਾ ਹਿੱਸਾ ਪਾਉਣ ਦੀ ਰੀਤ ਗੁਰੂ ਨਾਨਕ ਸਾਹਿਬ ਹੋਂਦ ਵਿਚ ਲੈ ਕੇ ਆਏ। ਉਸ ਸਮੇਂ ਵਿਚ ਜਿੱਥੇ ਲੁੱਟ-ਖੋਹ ਕਰਕੇ ਗੁਜ਼ਾਰਾ ਕਰਨ ਦੀ ਆਦਤ ਬਣ ਗਈ ਹੋਵੇ, ਉੱਥੇ ਕਿਰਤ ਦਾ ਪਾਠ ਪੜ੍ਹਾਉਣਾ ਅਤੇ ਫਿਰ ਕਿਰਤ-ਕਮਾਈ ਵਿਚੋਂ ਧਰਮ-ਅਰਥ ਅਤੇ ਮਨੁੱਖਤਾ ਦੇ ਭਲੇ ਹਿੱਤ ਹਿੱਸਾ ਕੱਢਣ ਲਈ ਪ੍ਰੇਰਨਾ, ਅਲੂਣੀ ਸਿਲ ਚੱਟਣ ਦੇ ਬਰਾਬਰ ਸੀ। ਗੁਰੂ ਜੀ ਨੇ ਕੇਵਲ ਉਪਦੇਸ਼ ਹੀ ਨਹੀਂ ਦਿੱਤਾ, ਸਗੋਂ ਖ਼ੁਦ 20 ਰੁਪਏ ਦਾ ਭੁੱਖੇ ਲੋੜਵੰਦ ਸਾਧੂਆਂ ਨੂੰ ਭੋਜਨ ਛਕਾ ਕੇ ਇਸ ਦੀ ਆਰੰਭਤਾ ਕੀਤੀ। ਕਰਤਾਰਪੁਰ ਸਾਹਿਬ ਰਹਿੰਦਿਆਂ ਖੁਦ ਖੇਤੀ ਕਰਕੇ ਪੈਦਾ ਕੀਤੇ ਅੰਨ-ਦਾਣੇ ਨੂੰ ਗੁਰੂ ਜੀ ਨੇ ਸਾਂਝੇ ਰੂਪ ਵਿਚ ਵਰਤਿਆ ਅਤੇ ਉਸੇ ਅਨਾਜ ਵਿਚੋਂ ਹੀ ਆਈ ਹੋਈ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ। ਕਰਤਾਰਪੁਰ ਦੇ ਲੋਕਾਂ ਨੇ ਇਹ ਪਹਿਲਾ ਧਾਰਮਿਕ ਗੁਰੂ ਦੇਖਿਆ ਸੀ, ਜੋ ਲੋਕਾਂ ਕੋਲੋਂ ਮੰਗਣ ਦੀ ਬਜਾਏ ਆਪਣੇ ਕੋਲੋਂ ਵੰਡ ਰਿਹਾ ਸੀ। ਨਹੀਂ ਤਾਂ ਪਹਿਲਾਂ, ਲੋਕਾਂ ਕੋਲੋਂ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਧਾਰਮਿਕ ਆਗੂ ਤਾਂ ਬਥੇਰੇ ਦੇਖੇ ਸਨ। ਇਸ ਤੋਂ ਪ੍ਰਭਾਵਿਤ ਹੋ ਕੇ ਸੰਗਤਾਂ ਨੇ ਵੀ ਲੰਗਰ ਵਿਚ ਸਰਦਾ-ਬਣਦਾ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਪ੍ਰਥਾ ਨਿਰੰਤਰ ਚਲਦੀ ਰਹੀ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਮਹਿਸੂਸ ਕਰਦਿਆਂ ਦਸਵੰਧ ਦਾ ਪੱਕਾ ਨਿਯਮ ਬਣਾ ਦਿੱਤਾ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੱਕ ਬਹੁਤ ਪ੍ਰਫੁੱਲਤ ਹੋ ਗਿਆ। ਦਸਵੰਧ ਸਦਕਾ ਹੀ ਗੁਰੂ ਸਾਹਿਬਾਨ ਨੇ ਕਿਲ੍ਹੇ ਬਣਵਾਏ, ਕਈ ਨਵੇਂ ਨਗਰ ਵਸਾਏ, ਜ਼ੁਲਮ ਦਾ ਨਾਸ਼ ਕਰਨ ਹਿੱਤ ਫੌਜਾਂ ਰੱਖੀਆਂ, ਪਾਣੀ ਦੀ ਸਹੂਲਤ ਲਈ ਖੂਹ ਲਗਵਾਏ, ਸਰੋਵਰ ਖੁਦਵਾਏ, ਭੁੱਖਿਆਂ ਅਤੇ ਲੋੜਵੰਦਾਂ ਲਈ ਹਰ ਵਕਤ ਲੰਗਰ ਚਲਾਏ, ਗ਼ਰੀਬਾਂ ਲਈ ਮੁਫ਼ਤ ਦਵਾਖਾਨੇ ਖੋਲ੍ਹੇ, ਲੋੜਵੰਦ ਪਰਿਵਾਰਾਂ ਦੀ ਬਿਨਾਂ ਵਿਤਕਰੇ ਸਹਾਇਤਾ ਕੀਤੀ, ਧਰਮਸ਼ਾਲਾਵਾਂ ਨੂੰ ਵਿੱਦਿਆ ਦੇ ਕੇਂਦਰ ਬਣਾਇਆ, ਤਾਂ ਜੋ ਜੀਵਨ ਦੇ ਹਰ ਪਹਿਲੂ ਦੀ ਸੁਚੱਜੀ ਜੀਵਨ-ਜਾਚ ਮਿਲਦੀ ਰਹੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਰਿਸਰਚ ਸਕਾਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 8283838323 js.mukerian@gmail.com

ਸ੍ਰੇਸ਼ਟ ਗੋਸ਼ਟਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਦੂਜੀ ਤਰ੍ਹਾਂ ਦੀਆਂ ਗੋਸ਼ਟਾਂ ਅਥਵਾ ਉਹ ਸਾਖੀਆਂ ਹਨ, ਜਿਨ੍ਹਾਂ ਵਿਚ ਬਾਬਾ ਫ਼ਰੀਦ ਦਾ ਦਰਵੇਸ਼ੀ ਨਾਲੋਂ ਸੰਸਾਰੀ ਰੂਪ ਵਧੇਰੇ ਉੱਘੜ ਕੇ ਸਾਹਮਣੇ ਆਉਂਦਾ ਹੈ। ਇਕ ਸਮੇਂ ਬਾਬਾ ਜੀ ਅਜੋਧਨ ਠਹਿਰੇ ਹੋਏ ਸਨ, ਜਿੱਥੋਂ ਦਾ ਲੇਖਾ-ਅਧਿਕਾਰੀ ਉਨ੍ਹਾਂ ਦੇ ਪੁੱਤਰਾਂ ਨੂੰ ਤੰਗ ਕਰਦਾ ਹੁੰਦਾ ਸੀ। ਉਨ੍ਹਾਂ ਕਈ ਵਾਰ ਉਸ ਦੀ ਸ਼ਿਕਾਇਤ ਕੀਤੀ ਪਰ ਬਾਬਾ ਜੀ ਨੇ ਗਹੁ ਨਾ ਕੀਤਾ। ਇਕ ਮੌਕੇ ਪੁੱਤਰਾਂ ਨੇ ਆਪਣੇ ਤਾਅਨੇ ਭਰੀ ਸੁਰ ਵਿਚ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਫ਼ਕੀਰੀ ਅਜ਼ਮਤ ਦਾ ਉਨ੍ਹਾਂ ਨੂੰ ਕੀ ਲਾਭ, ਜੇ ਲੋਕਾਂ ਨੇ ਤੰਗ ਹੀ ਕਰਨਾ ਹੈ। ਜਦੋਂ ਉਹ ਜ਼ਿਆਦਾ ਖਿਝ ਗਏ ਤਾਂ ਬਾਬਾ ਜੀ ਨੇ ਆਪਣੀ ਸੋਟੀ ਚੁੱਕ ਕੇ ਹਵਾ ਵਿਚ ਇਸ ਤਰ੍ਹਾਂ ਲਹਿਰਾਈ ਜਿਵੇਂ ਕਿਸੇ ਦੀ ਕੁਟਾਈ ਹੋ ਰਹੀ ਹੋਵੇ। ਉਧਰ ਉਸ ਲੇਖਾ-ਅਧਿਕਾਰੀ ਦੇ ਢਿੱਡ ਵਿਚ ਐਸਾ ਸੂਲ ਉੱਠਿਆ ਕਿ ਉਸ ਨੂੰ ਜਾਨ ਤੋਂ ਹੱਥ ਧੋਣੇ ਪਏ।
ਫ਼ਰੀਦ ਬਿੰਬ ਦਾ ਤੀਜਾ ਰੂਪ ਉਸ ਦੇ ਪਹਿਲੇ ਨਾਲ ਮਿਲਦਾ-ਜੁਲਦਾ ਹੈ। ਫ਼ਰੀਦ ਦੀ ਅੰਤਰਆਮਤਾ ਅਸਲ ਵਿਚ ਉਸ ਦੀ ਸਾਧਨਾ, ਬੰਦਗੀ ਅਤੇ ਜੁਹਦ ਦਾ ਸਿੱਟਾ ਹੀ ਤਾਂ ਸੀ। ਕੁਝ ਗੋਸ਼ਟਾਂ ਵਿਚ ਫ਼ਰੀਦ ਦਾ ਦਰਵੇਸ਼ੀ ਅਤੇ ਸਾਲਕ ਦਾ ਰੂਪ ਉਘੜ ਕੇ ਸਾਹਮਣੇ ਆਉਂਦਾ ਹੈ। ਦਿੱਲੀ ਵਰਗੇ ਭੀੜ-ਭਾੜ ਵਾਲੇ ਸ਼ਹਿਰ ਵਿਚ ਬਾਬਾ ਜੀ ਦੀ ਬੰਦਗੀ ਵਿਚ ਵਿਘਨ ਪੈਂਦਾ ਸੀ, ਜਿਸ ਤੋਂ ਉਕਤਾਅ ਕੇ ਉਹ ਕੁਝ ਚਿਰ ਲਈ ਹਾਂਸੀ ਆ ਟਿਕੇ ਪਰ ਇਥੇ ਵੀ ਸ਼ਰਧਾਲੂਆਂ ਦੀ ਭੀੜ ਜੁੜਨ ਲੱਗੀ। ਇਥੋਂ ਹਿਜਰਤ ਕਰਕੇ ਬਾਬਾ ਫ਼ਰੀਦ ਅਜੋਧਨ ਚਲੇ ਗਏ। ਇਥੇ ਦੇ ਲੋਕ ਦਰਵੇਸ਼ਾਂ ਦੀ ਕਦਰ ਨਹੀਂ ਸਨ ਕਰਦੇ, ਇਸ ਕਰਕੇ ਬਾਬਾ ਜੀ ਨੂੰ ਇਹ ਥਾਂ ਬਹੁਤ ਪਸੰਦ ਆਈ। ਸ਼ਹਿਰ ਤੋਂ ਬਾਹਰ ਇਕ ਸੰਘਣੇ ਕਰੀਰ ਦੇ ਰੁੱਖ ਹੇਠਾਂ ਉਹ ਸਿਮਰਨ ਵਿਚ ਜੁੜੇ ਰਹਿੰਦੇ। ਕਦੀ-ਕਦੀ ਮਸੀਤੇ ਵੀ ਚਲੇ ਜਾਂਦੇ, ਭੁੱਖ-ਨੰਗ ਤੋਂ ਅਸਲੋਂ ਅਭਿੱਜ ਰਹਿੰਦੇ। ਇਕ ਗੋਸ਼ਟ ਵਿਚ ਬਾਬਾ ਫ਼ਰੀਦ ਦੇ ਖੁਆਜਾ ਬਖ਼ਤਿਆਰ ਕਾਕੀ ਕੋਲੋਂ ਬੈਅਤ ਹਾਸਲ ਕਰਨ ਦੀ ਵੀ ਚਰਚਾ ਹੈ। ਪ੍ਰਤੀਤ ਹੁੰਦਾ ਹੈ ਕਿ ਜਦ ਬਾਬਾ ਫਰੀਦ ਸੰਸਾਰੀ ਆਦਮੀ ਸੀ ਤਾਂ ਉਹ ਬੜਾ ਪੇਟੂ ਸੀ ਪਰ ਮਗਰੋਂ ਕੁਝ ਅਜਿਹਾ ਪਲਟਿਆ ਕਿ ਕਰੀਰ ਦੇ ਫੁੱਲ, ਪੀਲੂ ਅਤੇ ਡੇਲੇ ਉਸ ਦਾ ਅਹਾਰ ਬਣ ਗਏ।
ਕਹਿਣ ਨੂੰ ਤਾਂ ਸ੍ਰੇਸ਼ਟ ਗੋਸ਼ਟਾਂ ਇਕ ਫਾਰਸੀ ਪੁਸਤਕ 'ਖੈਰੁਲ ਮਜਾਲਿਸ' ਦਾ ਤਰਜਮਾ ਹੈ, ਪਰ ਇਸ ਵਿਚਲੀ ਸੂਚਨਾ ਚਿਸ਼ਤੀਆਂ ਦੇ ਸੂਫ਼ੀ ਸਿਲਸਿਲੇ ਨੂੰ ਸਮਝਣ ਲਈ ਬੜੀ ਲਾਹੇਵੰਦ ਹੈ। ਅਨੁਵਾਦ ਤਾਂ ਕੇਵਲ ਗਿਆਰਾਂ ਘਟਨਾਵਾਂ ਜਾਂ ਸਾਖੀਆਂ ਦਾ ਹੈ, ਜੋ 40 ਸਫਿਆਂ (25-64) ਵਿਚ ਫੈਲਿਆ ਹੋਇਆ ਹੈ, ਜਦ ਕਿ ਇਸ ਵਿਚ ਆਏ ਹਵਾਲਿਆਂ ਨੂੰ ਸਮਝਾਉਣ ਲਈ ਅਨੁਵਾਦਕ ਨੇ 20 ਸਫੇ ਖਰਚ ਕੀਤੇ ਹਨ। ਸਹਾਇਕ ਪੁਸਤਕ ਸੂਚੀ ਅਤੇ ਨਾਮ-ਸੂਚੀ (ਇੰਡੈਕਸ) ਨੇ ਪੁਸਤਕ ਨੂੰ ਹੋਰ ਵੀ ਉਪਯੋਗੀ ਬਣਾ ਦਿੱਤਾ ਹੈ। ਖੈਰੁਲ ਮਜਾਲਿਸ ਵਰਗੀਆਂ ਜੇਕਰ ਪੂਰੀਆਂ ਦੀਆਂ ਪੂਰੀਆਂ ਪੁਸਤਕਾਂ ਨੂੰ ਅਨੁਵਾਦਿਆ ਜਾਵੇ ਤਾਂ ਇਹ ਨਾ ਕੇਵਲ ਪੰਜਾਬੀ ਸੂਫ਼ੀ ਸਾਹਿਤ ਦੇ ਵਿਦਿਆਰਥੀਆਂ, ਸਗੋਂ ਸਮਾਜ ਸ਼ਾਸਤਰੀਆਂ, ਧਰਮ ਸ਼ਾਸਤਰੀਆਂ ਅਤੇ ਇਤਿਹਾਸਕਾਰਾਂ ਵਾਸਤੇ ਵੀ ਲਾਹੇਵੰਦ ਸਾਬਤ ਹੋਣਗੀਆਂ। ਸ੍ਰੇਸ਼ਟ ਗੋਸ਼ਟਾਂ ਪੁਸਤਕ ਪਹਿਲੀ ਵਾਰ ਅਕਤੂਬਰ, 1974 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਛਾਪੀ ਗਈ ਸੀ ਪਰ ਅੱਜ ਇਸ ਦੀ ਉਪਲਬਧਤਾ ਬਾਰੇ ਕੋਈ ਇਲਮ ਨਹੀਂ।


-ਮੋਬਾ: 98889-39808

ਸ਼ਬਦ ਵਿਚਾਰ

ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ॥

ਸਿਰੀਰਾਗੁ ਮਹਲਾ ੫
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ
ਰਖਿਆ ਸਹਜਿ ਸਵਾਰਿ॥
ਸਰਬ ਕਲਾ ਕਰਿ ਥਾਪਿਆ
ਅੰਤਰਿ ਜੋਤਿ ਅਪਾਰ॥
ਸਦਾ ਸਦਾ ਪ੍ਰਭੁ ਸਿਮਰੀਐ
ਅੰਤਰਿ ਰਖੁ ਉਰਧਾਰਿ॥ ੧॥
ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ॥
ਪ੍ਰਭ ਸਰਣਾਈ ਸਦਾ ਰਹੁ
ਦੂਖੁ ਨ ਵਿਆਪੈ ਕੋਇ॥ ੧॥ ਰਹਾਉ॥
ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ॥
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ॥
ਜਿਨਿ ਕੀਤਾ ਤਿਸਹਿ ਨ ਜਾਣਈ
ਮਨਮੁਖ ਪਸੁ ਨਾਪਾਕ॥ ੨॥
ਅੰਤਰਿ ਬਾਹਰਿ ਰਵਿ ਰਹਿਆ
ਤਿਸ ਨੋ ਜਾਣੈ ਦੂਰਿ॥
ਤ੍ਰਿਸਨਾ ਲਾਗੀ ਰਚਿ ਰਹਿਆ
ਅੰਤਰਿ ਹਉਮੈ ਕੂਰਿ॥
ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ॥ ੩॥
ਰਾਖਿ ਲੇਹੁ ਪ੍ਰਭੁ ਕਰਣਹਾਰ
ਜੀਅ ਜੰਤ ਕਰਿ ਦਇਆ॥
ਬਿਨੁ ਪ੍ਰਭ ਕੋਇ ਨ ਰਖਨਹਾਰੁ
ਮਹਾ ਬਿਕਟ ਜਮ ਭਇਆ॥
ਨਾਨਕ ਨਾਮੁ ਨ ਵੀਸਰਉ
ਕਰਿ ਅਪੁਨੀ ਹਰਿ ਮਇਆ॥ ੪॥ ੧੪॥ ੮੪॥
(ਅੰਗ 47)
ਪਦ ਅਰਥ : ਸਹਜਿ-ਸਹਜ ਨਾਲ। ਸਵਾਰਿ-ਸੰਵਾਰ ਕੇ। ਸਰਬ-ਸਾਰੀਆਂ। ਕਲਾ-ਸ਼ਕਤੀਆਂ, ਤਾਕਤਾਂ, ਥਾਪਿਆ-ਸਿਰਜਣਾ ਕੀਤੀ ਹੈ, ਪੈਦਾ ਕੀਤੀ ਹੈ। ਅਪਾਰ-ਬੇਅੰਤ। ਉਰਧਾਰਿ-ਹਿਰਦੇ ਵਿਚ ਧਾਰਨ ਕਰਕੇ। ਅਵਰੁ-ਹੋਰ। ਨ ਵਿਆਪੈ-ਨਹੀਂ ਵਿਆਪਦਾ। ਮਾਣਕਾ-ਮੋਤੀ। ਰੁਪਾ-ਚਾਂਦੀ। ਖਾਕੁ-ਮਿੱਟੀ ਹੋ ਜਾਣ ਵਾਲੇ, ਨਾਸਵੰਤ। ਕੂੜੇ-ਝੂਠੇ, ਸਾਥ ਛੱਡ ਜਾਣ ਵਾਲੇ। ਬੰਧਪਾ-ਸੰਬੰਧੀ। ਜਿਨਿ ਕੀਤਾ-ਜਿਸ (ਪਰਮਾਤਮਾ) ਨੇ ਪੈਦਾ ਕੀਤਾ ਹੈ। ਤਿਸਹਿ-ਉਸ ਨੂੰ। ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਪਸੁ-ਪਸ਼ੂ ਬਿਰਤੀ ਵਾਲਾ। ਨਾਪਾਕ-ਅਪਵਿੱਤਰ, ਬੁਰੇ ਜੀਵਨ ਵਾਲਾ।
ਅੰਤਰਿ ਬਾਹਰਿ-ਅੰਦਰ ਬਾਹਰ ਭਾਵ ਹਰ ਥਾਂ। ਰਵਿ ਰਹਿਆ-ਮੌਜੂਦ ਹੈ। ਤਿਸ ਨੋ-ਉਸ ਨੂੰ। ਰਚਿ ਰਹਿਆ-ਗਲਤਾਨ ਹੋ ਰਿਹਾ ਹੈ। ਅੰਤਰਿ-ਅੰਦਰ। ਕੂਰਿ-ਕੁੜੀ। ਵਿਹੂਣਿਆ-ਸੱਖਣੇ। ਵੰਞਹਿ-ਚਲੇ ਜਾਂਦੇ ਹਨ। ਪੂਰ-ਪੂਰਾਂ ਦੇ ਪੂਰ, ਬੇਅੰਤ।
ਰਾਖਿ ਲੇਹੁ-ਰੱਖ ਲਓ, ਬਚਾਅ ਲਓ। ਕਰਣਹਾਰ-ਸਭ ਕੁਝ ਕਰਨ ਵਾਲਾ। ਰਖਨਹਾਰੁ-ਰੱਖਿਆ ਕਰਨ ਵਾਲਾ। ਮਹਾ ਬਿਕਟ-ਬੜਾ ਔਖਾ, ਬੜਾ ਭਿਆਨਕ। ਭਇਆ-ਡਰ। ਜਮ ਭਇਆ-ਜਮ ਦਾ ਡਰ। ਨ ਵੀਸਰਉ-ਮੈਂ ਵਿਸਰਾਂ ਨਾ। ਮਇਆ-ਮਿਹਰ।
'ਰਹਾਉ' ਵਾਲੀਆਂ ਤੁਕਾਂ ਵਿਚ ਸ਼ਬਦਾਂ ਦਾ ਸਮੁੱਚਾ ਭਾਵ ਅੰਕਤ ਹੁੰਦਾ ਹੈ। ਵਿਚਾਰ ਅਧੀਨ ਸ਼ਬਦ ਦੀਆਂ 'ਰਹਾਉ' ਵਾਲੀਆਂ ਤੁਕਾਂ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ ਕਿ ਪਰਮਾਤਮਾ ਤੋਂ ਬਿਨਾਂ ਸਾਡਾ ਹੋਰ ਕੋਈ ਸਹਾਰਾ ਨਹੀਂ। ਸੋਨਾ, ਚਾਂਦੀ, ਹੀਰੇ ਲਾਲ ਅਤੇ ਮਾਤਾ-ਪਿਤਾ, ਪੁੱਤਰ, ਹੋਰ ਸਕੇ ਸੰਬੰਧੀ ਅੰਤ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ। ਇਸ ਲਈ ਸਦਾ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਜਿਸ ਨਾਲ ਫਿਰ ਪ੍ਰਾਣੀ ਨੂੰ ਕਿਸੇ ਪ੍ਰਕਾਰ ਦੇ ਦੁੱਖ ਨਹੀਂ ਵਿਆਪਦੇ।
ਪਰਮਾਤਮਾ ਦੀ ਬੇਅੰਤਤਾ ਦਾ ਕੋਈ ਅੰਤ ਨਹੀਂ ਪਾ ਸਕਦਾ, ਜੋ ਦੀਨਾਂ (ਨਿਖਸਮਿਆਂ) ਦਾ ਮਾਲਕ (ਖਸਮ) ਹੈ ਅਤੇ ਸਭ ਦੀ ਪਾਲਣਾ ਕਰਨ ਵਾਲਾ ਹੈ, ਜਿਸ ਦਾ ਨਾਮ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਜਦੋਂ ਪ੍ਰਾਣੀ ਦੀ ਹੋਰ ਕੋਈ ਰੱਖਿਆ ਨਹੀਂ ਕਰਦਾ ਤਾਂ ਉਸ ਦਾ ਪ੍ਰਭੂ ਆਸਰਾ ਬਣਦਾ ਹੈ। ਗੁਰੂ ਜੀ ਦੇ ਰਾਗੁ ਸਾਰਗ ਵਿਚ ਪਾਵਨ ਬਚਨ ਹਨ-
ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ
ਭਗਤਿ ਵਛਲੁ ਹਰਿ ਨਾਉ॥
ਜਾ ਕਉ ਕੋਇ ਨ ਰਾਖੈ ਪ੍ਰਾਣੀ
ਤਿਸੁ ਤੂ ਦੇਇ ਅਸਰਾਉ॥
(ਰਾਗੁ ਸਾਰਗ ਮਹਲਾ ੫, ਅੰਗ 1202)
ਅਨਾਥਾ-ਦੀਨਾਂ ਦਾ, ਨਿਆਸਰਿਆਂ ਦਾ। ਨਾਥੁ-ਮਾਲਕ (ਖਸਮ)। ਪ੍ਰਤਿਪਾਲਕ-ਪਾਲਣਾ ਕਰਨ ਵਾਲਾ। ਭਗਤਿ ਵਛਲੁ-ਭਗਤੀ ਨੂੰ ਪਿਆਰ ਕਰਨ ਵਾਲਾ। ਅਸਰਾਉ-ਆਸਰਾ।
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਪ੍ਰਭੂ, ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਦਿੰਦਾ, ਤੂੰ ਉਨ੍ਹਾਂ ਨੂੰ ਸਹਾਰਾ ਦਿੰਦਾ ਹੈਂ। ਜਿਨ੍ਹਾਂ ਦੀ ਹਾਲਤ ਚੰਗੀ ਨਹੀਂ ਹੁੰਦੀ, ਤੂੰ ਉਨ੍ਹਾਂ ਦੀ ਹਾਲਤ ਨੂੰ ਚੰਗੀ ਬਣਾ ਦਿੰਦਾ ਹੈਂ। ਜਿਨ੍ਹਾਂ ਨੂੰ ਕਿਧਰੇ ਟਿਕਾਣਾ ਅਥਵਾ ਆਸਰਾ ਨਹੀਂ ਮਿਲਦਾ, ਤੂੰ ਉਨ੍ਹਾਂ ਦਾ ਟਿਕਾਣਾ ਬਣਦਾ ਹੈਂ। ਮੈਂ ਦਸਾਂ ਦਿਸ਼ਾਵਾਂ ਵਿਚ ਜਿਸ ਪਾਸੇ ਵੀ ਜਾਂਦਾ ਹਾਂ, ਹਰ ਥਾਂ ਤੂੰ (ਪ੍ਰਭੂ) ਮੇਰੇ ਅੰਗ-ਸੰਗ ਹੁੰਦਾ ਹੈਂ ਅਤੇ ਮੈਂ ਤੇਰੀ ਸਿਫਤ-ਸਾਲਾਹ ਦੀ ਕਾਰ ਕਮਾਉਂਦਾ ਹਾਂ-
ਨਿਧਰਿਆ ਧਰ ਨਿਗਤਿਆ ਗਤਿ
ਨਿਥਾਵਿਆ ਤੂ ਥਾਉ॥
ਦਹਦਿਸ ਜਾਂਉ ਤਹਾਂ ਤੂ ਸੰਗੇ
ਤੇਰੀ ਕੀਰਤਿ ਕਰਮ ਕਮਾਉ॥ (ਅੰਗ 1202)
ਦਹਦਿਸ-ਦਸ ਦਿਸ਼ਾਵਾਂ। ਕੀਰਤਿ-ਸਿਫਤ ਸਾਲਾਹ। ਕਮਾਉ-ਕਮਾਉਂਦਾ ਹਾਂ। ਸੰਗੇ-ਅੰਗ ਸੰਗ।
ਇਸ ਲਈ ਪ੍ਰਭੂ ਅੱਗੇ ਸਦਾ ਇਹੋ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਸਭ ਕੁਝ ਤੇਰੇ ਵੱਸ ਵਿਚ ਹੈ। ਸਾਡੀ ਕੀ ਪਾਇਆਂ ਹੈ ਕਿ ਤੇਰੇ ਬਿਨਾਂ ਕੁਝ ਕਰ ਸਕੀਏ। ਹੇ ਪ੍ਰਭੂ, ਜਿਵੇਂ ਤੈਨੂੰ ਚੰਗਾ ਲਗਦਾ ਹੈ, ਸਾਨੂੰ ਬਖਸ਼ ਲੈ-
ਮੇਰੇ ਹਰਿ ਜੀਉ ਸਭੁ ਕਉ ਤੇਰੈ ਵਸਿ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ
ਜਿਉ ਭਾਵੈ ਤਿਵੈ ਬਖਸਿ॥
(ਰਾਗੁ ਸੂਹੀ ਮਹਲਾ ੪, ਅੰਗ 736)
ਸ਼ਬਦ ਦੇ ਅੱਖਰੀਂ ਅਰਥ : ਜਿਸ ਪ੍ਰਭੂ ਦੇ ਮਨ, ਸਰੀਰ ਅਤੇ ਧਨ ਦਿੱਤੇ ਹਨ ਅਤੇ ਸਹਿਜ ਪੂਰਬਕ ਇਸ ਤਨ ਨੂੰ ਸੰਵਾਰ ਕੇ ਰੱਖਿਆ ਹੈ, ਇਸ ਅੰਦਰ ਸਾਰੀਆਂ ਸ਼ਕਤੀਆਂ ਨੂੰ ਟਿਚਕਾ ਕੇ ਇਸ ਅੰਦਰ ਆਪਣੀ ਬੇਅੰਤ (ਅਪਾਰ) ਜੋਤਿ ਟਿਕਾ ਦਿੱਤੀ ਹੈ, ਅਜਿਹੇ ਪ੍ਰਭੂ ਦਾ ਸਦਾ-ਸਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਭਾਈ, ਅਜਿਹੇ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ।
ਹੇ ਮੇਰੇ ਮਨ, ਪ੍ਰਭੂ ਤੋਂ ਬਿਨਾਂ ਸਾਡਾ ਹੋਰ ਕੋਈ (ਸਹਾਰਾ) ਨਹੀਂ ਹੈ। ਇਸ ਲਈ ਸਦਾ ਪ੍ਰਭੂ ਦੀ ਸਰਨੀ ਪਿਆ ਰਹਿ, (ਤੈਨੂੰ) ਕਦੀ ਕੋਈ ਦੁੱਖ ਨਹੀਂ ਵਿਆਪੇਗਾ। ਰਤਨ, ਕੀਮਤੀ ਪਦਾਰਥ, ਮੋਤੀ, ਸੋਨਾ, ਚਾਂਦੀ ਸਭ ਨਾਸਵੰਤ ਹਨ (ਨਾਲ ਜਾਣ ਵਾਲੇ ਨਹੀਂ)। ਇਸੇ ਤਰ੍ਹਾਂ ਮਾਤਾ-ਪਿਤਾ, ਪੁੱਤਰ ਅਤੇ ਹੋਰ ਸਭ ਸਾਕ ਸਬੰਧੀ ਕੋਈ ਵੀ ਸਦਾ ਥਿਰ ਰਹਿਣ ਵਾਲਾ ਨਹੀਂ। ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਪਸ਼ੂ ਬੁੱਧੀ ਵਾਲੇ ਮਨਮੁਖ ਗੰਵਾਰ, ਜਿਸ ਪਰਮਾਤਮਾ ਨੇ ਤੇਰੇ ਲਈ ਸਭ ਕੁਝ ਕੀਤਾ ਹੈ, ਤੂੰ ਉਸ ਦਾ ਕੀਤਾ ਨਹੀਂ ਜਾਣਦਾ।
ਹੇ ਮਨ, ਜੋ ਤੇਰੇ ਅੰਦਰ ਅਤੇ ਬਾਹਰ ਹਰ ਥਾਂ ਵਸਦਾ ਹੈ, ਤੂੰ ਉਸ ਪਰਮਾਤਮਾ ਨੂੰ ਦੂਰ ਸਮਝੀ ਬੈਠਾ ਹੈਂ। ਮਾਇਆ ਦੀ ਤ੍ਰਿਸ਼ਨਾ ਵਿਚ ਗਲਤਾਨ ਹੋਇਆ ਮਨੁੱਖ ਕੂੜੀ ਹਉਮੈ ਵਿਚ ਗਲਤਾਨ ਰਹਿੰਦਾ ਹੈ। ਇਸ ਪ੍ਰਕਾਰ ਭਗਤੀ ਅਤੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ (ਬੇਅੰਤ) ਮਨੁੱਖ ਆਉਂਦੇ ਅਤੇ ਜਾਂਦੇ ਰਹਿੰਦੇ ਹਨ ਅਰਥਾਤ ਮਰਦੇ ਅਤੇ ਜੰਮਦੇ ਰਹਿੰਦੇ ਹਨ (ਚੌਰਾਸੀ ਦੇ ਚੱਕਰ ਵਿਚ ਪਏ ਰਹਿੰਦੇ ਹਨ)।
ਹੇ ਸਭ ਦੀ ਰਚਨਾ ਕਰਨ ਵਾਲੇ ਪ੍ਰਭੂ, ਮਿਹਰ ਕਰਕੇ ਸਭ ਜੀਵ-ਜੰਤ ਦੀ ਰੱਖਿਆ ਕਰੋ। ਜਮ ਦਾ ਡਰ ਜੋ ਬੜਾ ਭਿਆਨਕ ਹੈ, ਉਸ ਤੋਂ ਤੇਰੇ ਤੋਂ ਬਿਨਾਂ ਹੋਰ ਕੋਈ ਬਚਾਉਣ ਵਾਲਾ ਨਹੀਂ।
ਇਸ ਲਈ ਹੇ ਪ੍ਰਭੂ, ਆਪਣੀ ਮਿਹਰ ਕਰ ਕਿ ਮੈਂ ਤੇਰਾ ਨਾਮ ਕਦੇ ਨਾ ਭੁੱਲਾਂ।


217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਲਗਾਵ-ਰਹਿਤ ਕੀਤਾ ਕਾਰਜ ਨਾ ਹੀ ਨਿੰਦਣਯੋਗ ਅਤੇ ਨਾ ਹੀ ਅਪਵਿੱਤਰ ਹੁੰਦਾ ਹੈ

ਕੇਵਲ ਮਨੁੱਖ ਦੇ ਕਾਰਜ ਦਾ ਰੂਪ ਦੇਖ ਕੇ ਉਸ ਦੇ ਊਚ ਜਾਂ ਨੀਚ ਹੋਣ ਦਾ ਸਿੱਟਾ ਨਹੀਂ ਕੱਢਿਆ ਜਾ ਸਕਦਾ। ਦੇਖਣਾ ਤਾਂ ਇਹ ਪਵੇਗਾ ਕਿ ਵਿਅਕਤੀ ਆਪਣੇ ਕਰਤੱਵ ਦਾ ਪਾਲਣ ਕਿਸ ਢੰਗ ਨਾਲ ਕਰਦਾ ਹੈ। ਕਾਰਜ ਕਰਨ ਦੀ ਉਸ ਦੀ ਸ਼ਕਤੀ ਅਤੇ ਢੰਗ ਨਾਲ ਹੀ ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਕਿਸੇ ਵੀ ਕਾਰਜ ਨੂੰ ਨਫ਼ਰਤ ਨਾਲ ਨਹੀਂ ਦੇਖਣਾ ਚਾਹੀਦਾ। ਨਾ ਤਾਂ ਕੋਈ ਕਾਰਜ ਨਿੰਦਣਯੋਗ ਹੈ ਅਤੇ ਨਾ ਹੀ ਅਪਵਿੱਤਰ। ਵੇਦਾਂਤ-ਦਰਸ਼ਨ ਦਾ ਹਵਾਲਾ ਦਿੰਦੇ ਹੋਏ ਸਵਾਮੀ ਵਿਵੇਕਾਨੰਦ ਲਿਖਦੇ ਹਨ ਕਿ 'ਮਹਾਂਭਾਰਤ ਵਿਚ 'ਵਿਆਧ-ਗੀਤਾ' ਦੇ ਨਾਂਅ ਨਾਲ ਪ੍ਰਸਿੱਧ ਕਈ ਉਪਦੇਸ਼ ਹਨ। ਉਹ ਇਸ ਸਬੰਧੀ ਇਕ ਸੰਨਿਆਸੀ ਦੀ ਉਦਾਹਰਨ ਦਿੰਦੇ ਹਨ ਜੋ ਰੁੱਖ ਥੱਲੇ ਬੈਠਾ ਭਗਤੀ ਕਰਦਾ ਹੈ ਤਾਂ ਰੁੱਖ 'ਤੇ ਬੈਠਾ ਕਾਂ ਅਤੇ ਬਗਲਾ ਲੜਦੇ ਹਨ, ਜਿਸ ਨਾਲ ਕੁਝ ਸੁੱਕੀਆਂ ਟਹਿਣੀਆਂ ਸੰਨਿਆਸੀ 'ਤੇ ਡਿਗ ਪੈਂਦੀਆਂ ਹਨ। ਸੰਨਿਆਸੀ ਗੁੱਸੇ ਵਿਚ ਆ ਕੇ ਉਨ੍ਹਾਂ ਨੂੰ ਸਰਾਪ ਦਿੰਦਾ ਹੈ, ਜਿਸ ਨਾਲ ਕਾਂ ਅਤੇ ਬਗਲਾ ਸੰਨਿਆਸੀ ਦੀਆਂ ਅੱਖਾਂ ਵਿਚੋਂ ਨਿਕਲਦੀ ਅੱਗ ਨਾਲ ਭਸਮ ਹੋ ਜਾਂਦੇ ਹਨ। ਇਸ ਨਾਲ ਉਸ ਨੂੰ ਆਪਣੀ ਭਗਤੀ ਦੀ ਤਾਕਤ ਦਾ ਘੁਮੰਡ ਹੋ ਜਾਂਦਾ ਹੈ ਪਰ ਜਦ ਉਹ ਸੰਨਿਆਸੀ ਪਿੰਡ ਵਿਚ ਜਾ ਕੇ ਭਿਖ ਮੰਗਦਾ ਹੈ ਤਾਂ ਅੰਦਰੋਂ ਇਕ ਘਰੇਲੂ ਔਰਤ ਉਸ ਨੂੰ ਇੰਤਜ਼ਾਰ ਕਰਨ ਲਈ ਕਹਿੰਦੀ ਹੈ। ਸੰਨਿਆਸੀ ਸੋਚਦਾ ਹੈ ਕਿ ਇਸ ਔਰਤ ਨੂੰ ਮੇਰੀ ਸ਼ਕਤੀ ਦਾ ਪਤਾ ਨਹੀਂ। ਪਰ ਅੰਦਰੋਂ ਆਵਾਜ਼ ਆਉਂਦੀ ਹੈ, 'ਪੁੱਤਰ, ਆਪਣੇ-ਆਪ ਨੂੰ ਏਨਾ ਮਹਾਨ ਨਾ ਸਮਝ। ਇਥੇ ਨਾ ਤਾਂ ਕਾਂ ਹੈ, ਨਾ ਬਗਲਾ।' ਸੰਨਿਆਸੀ ਜਦ ਉਸ ਨੂੰ ਪੁੱਛਦਾ ਹੈ ਕਿ, 'ਤੁਹਾਨੂੰ ਇਹ ਕਿਵੇਂ ਪਤਾ ਲੱਗਾ?' ਤਾਂ ਔਰਤ ਕਹਿੰਦੀ ਹੈ ਕਿ 'ਨਾ ਤਾਂ ਮੈਂ ਤੇਰਾ ਯੋਗ ਜਾਣਦੀ ਹਾਂ, ਨਾ ਹੀ ਤੇਰੀ ਭਗਤੀ। ਮੈਂ ਇਕ ਘਰੇਲੂ ਔਰਤ ਹਾਂ ਤੇ ਆਪਣੇ ਪਰਿਵਾਰਕ ਕਰਤੱਵ ਠੀਕ ਤਰ੍ਹਾਂ ਕਰਦੀ ਹਾਂ।' ਉਹ ਔਰਤ ਉਸ ਸੰਨਿਆਸੀ ਨੂੰ ਹੋਰ ਜਾਣਕਾਰੀ ਲਈ ਇਕ ਝਟਕਈ (ਵਿਆਧ) ਕੋਲ ਭੇਜ ਦਿੰਦੀ ਹੈ, ਜੋ ਆਪਣੇ ਝਟਕਈ ਦੇ ਕੰਮ ਤੋਂ ਨਿਵਰਤ ਹੋ ਕੇ ਮਾਤਾ-ਪਿਤਾ ਦੀ ਦੇਖਭਾਲ ਕਰਦਾ ਹੈ। ਸੰਨਿਆਸੀ ਇਹ ਸਮਝ ਜਾਂਦਾ ਹੈ ਕਿ ਕੋਈ ਵੀ ਕਾਰਜ ਅਪਵਿੱਤਰ ਨਹੀਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਪ੍ਰਾਚੀਨ ਸ੍ਰੀਰਾਮ ਗੋਪਾਲ ਮੰਦਿਰ ਡਮਟਾਲ (ਹਿ: ਪ੍ਰ:)

ਪ੍ਰਸਿੱਧ-ਪ੍ਰਾਚੀਨ ਇਤਿਹਾਸਕ ਸ੍ਰੀਰਾਮ ਗੋਪਾਲ ਮੰਦਿਰ ਪਠਾਨਕੋਟ ਤੋਂ ਲਗਪਗ 7 ਕਿਲੋਮੀਟਰ ਦੀ ਦੂਰੀ 'ਤੇ ਚੱਕੀ ਖੱਡ ਦੇ ਖੱਬੇ ਕਿਨਾਰੇ ਸਥਿਤ ਡਮਟਾਲ ਨਗਰ ਵਿਚ ਹੈ।
ਡਮਟਾਲ ਨਗਰ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਦੇ ਨਾਲ ਅੱਗੇ-ਪਿੱਛੇ ਅੱਖ-ਮਚੋਲੀ ਖੇਡਦਾ ਹੈ। ਪਠਾਨਕੋਟ ਅਤੇ ਡਮਟਾਲ ਦਾ ਇਲਾਕਾ ਆਹਮੋ-ਸਾਹਮਣੇ ਸੜਕਾਂ-ਮੁਹੱਲਿਆਂ ਵਿਚ ਵੰਡਿਆ ਹੋਇਆ ਹੈ। ਇਕ ਹੀ ਸੜਕ ਦੋਵਾਂ ਇਲਾਕਿਆਂ ਵਿਚ ਘੁੰਮਦੀ ਹੈ। ਪਠਾਨਕੋਟ ਦੇ ਲੋਕਾਂ ਦੀ ਜ਼ਮੀਨ-ਜਾਇਦਾਦ ਹਿਮਾਚਲ ਵਿਚ ਅਤੇ ਹਿਮਾਚਲ ਦੇ ਲੋਕਾਂ ਦੀ ਜ਼ਮੀਨ ਪੰਜਾਬ ਵਿਚ ਹੈ। ਵਕਫ਼ ਬੋਰਡ ਦੀ ਭੂਮੀ ਜ਼ਿਆਦਾ ਹੈ, ਜੋ ਲੋਕਾਂ ਨੇ ਕਿਰਾਏ 'ਤੇ ਲੈ ਰੱਖੀ ਹੈ। ਪੰਜਾਬ ਦੇ ਲੋਕੀਂ ਇਸ ਮੰਦਿਰ ਨੂੰ ਦੇਖਣ ਲਈ ਜ਼ਿਆਦਾ ਆਉਂਦੇ ਹਨ।
ਇਹ ਮੰਦਿਰ ਜ਼ਿਲ੍ਹਾ ਕਾਂਗੜਾ ਅਤੇ ਤਹਿਸੀਲ ਇੰਦੋਰਾ ਵਿਚ ਪੈਂਦਾ ਹੈ। ਸ੍ਰੀਰਾਮ ਗੋਪਾਲ ਮੰਦਿਰ ਡਮਟਾਲ-ਕੰਡਵਾਲ ਮਾਰਗ ਉੱਤੇ ਸੜਕ ਤੋਂ ਲਗਪਗ 200 ਮੀਟਰ ਦੀ ਦੂਰੀ ਉੱਪਰ ਇਕ ਪਹਾੜੀ 'ਤੇ ਸੁਸ਼ੋਭਿਤ ਹੈ। ਕਿਸੇ ਸਮੇਂ ਇਥੇ ਇਕ ਬਹੁਤ ਵੱਡਾ ਕਿਲ੍ਹਾ ਸੀ। ਇਹ ਸਥਾਨ ਸਮੁੰਦਰ ਤਲ ਤੋਂ ਲਗਪਗ 1500 ਫੁੱਟ ਦੀ ਉਚਾਈ ਉੱਪਰ ਹੈ। ਮੰਦਿਰ ਦੇ ਚਾਰੇ ਪਾਸੇ ਪ੍ਰਾਚੀਨ ਰੁੱਖਾਂ ਦਾ ਅਸ਼ੀਰਵਾਦ ਹੈ। ਮੰਦਿਰ ਦੇ ਸੱਜੇ ਕਿਨਾਰੇ ਦੁਰਗਾ ਮਾਤਾ ਦਾ ਮੰਦਿਰ ਹੈ। ਇਸ ਦੇ ਨਾਲ ਹੀ ਮੁੱਖ ਡਿਉਢੀ, ਗੋਪਾਲ ਡਿਉਢੀ, ਅਧਿਆਤਮਿਕ ਡਿਉਢੀ, ਪ੍ਰਾਚੀਨ ਵਟ-ਰੁੱਖ ਅਤੇ ਖੱਬੇ ਪਾਸੇ ਗੱਦੀ ਮੰਦਿਰ, ਉੱਪਰ ਗੁਰੂ ਨਿਵਾਸ, ਭੰਡਾਰ, ਸੰਤ-ਮਹਾਂਪੁਰਸ਼ਾਂ ਦੀਆਂ ਗੁੰਬਦਕਾਰ ਸਮਾਧੀਆਂ ਸੁਸ਼ੋਭਿਤ ਹਨ। ਪ੍ਰਾਚੀਨ ਕੰਧਾਂ, ਛੱਤਾਂ ਉੱਪਰ ਕਮਾਲ ਦੀ ਚਿੱਤਰਕਾਰੀ ਹੈ।
ਪਠਾਨਕੋਟ ਦੇ ਪ੍ਰਸਿੱਧ ਲੇਖਕ ਭਰਾ ਹਰਬੰਸ ਸਿੰਘ ਤੇ ਮਨਮੋਹਣ ਧਕਾਲਵੀ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਮੰਦਿਰ ਦੇ ਨਜ਼ਦੀਕ ਹੈ। ਮੰਦਿਰ ਦੇ ਪ੍ਰਵੇਸ਼ ਦੁਆਰ ਦੇ ਸਾਹਮਮੇ ਮਹਾਂਵੀਰ ਦੀ ਵਿਸ਼ਾਲ ਮੂਰਤੀ, ਪਿੱਛੇ ਗਊਸ਼ਾਲਾ, ਨਾਲ ਹੀ ਪਿੰਡੀਨੁਮਾ ਸ਼ਿਵਲਿੰਗ ਹੈ। ਇਕ ਪ੍ਰਾਚੀਨ ਧਰਮਸ਼ਾਲਾ, ਸ਼ਿਵਲਿੰਗ ਦੇ ਨਾਲ ਧਰਮਤਾਲ ਹੈ। ਡਮਟਾਲ ਇਸ ਤੋਂ ਹੀ ਨਾਂਅ ਪਿਆ। ਇਸ ਮੰਦਿਰ ਨੂੰ ਪਹਿਲਾਂ ਧਰਮਤਾਲ ਕਹਿੰਦੇ ਸੀ। ਇਹ ਲਗਪਗ 17ਵੀਂ ਸਦੀ ਵਿਚ ਬਣਿਆ। ਇਕ ਪ੍ਰਾਚੀਨ ਗੁਫ਼ਾ ਵੀ ਹੈ, ਜਿਸ ਦਾ ਸਬੰਧ ਪੰਡੋਰੀ ਧਾਮ ਗੁਰਦਾਸਪੁਰ ਨਾਲ ਹੈ। ਇਸ ਮੰਦਿਰ ਵਿਚ ਸਭ ਦਿਨ-ਤਿਉਹਾਰ ਮਨਾਏ ਜਾਂਦੇ ਹਨ।


-ਮੋਬਾ: 98156-25409

ਧਾਰਮਿਕ ਸਾਹਿਤ

ਜਿਥੇ ਬਾਬਾ ਪੈਰੁ ਧਰਿ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਪੰਨੇ : 111, ਮੁੱਲ : 180 ਰੁਪਏ
ਸੰਪਰਕ : 0161-2461194


ਇਸ ਪੁਸਤਕ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਪਾਵਨ ਗੁਰਧਾਮਾਂ ਦੀ ਯਾਤਰਾ ਦੇ ਵੇਰਵੇ ਹਨ। ਵੰਡ ਦੇ ਦੁਖਾਂਤ ਨੇ ਸਿੱਖ ਪੰਥ ਨੂੰ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਨਾਲੋਂ ਵਿਛੋੜ ਦਿੱਤਾ, ਜਿਸ ਦੀ ਚੀਸ ਹਾਲੇ ਵੀ ਉਨ੍ਹਾਂ ਦੇ ਹਿਰਦਿਆਂ ਵਿਚ ਹੈ। ਦੋਵੇਂ ਵੇਲੇ ਦੀ ਅਰਦਾਸ ਵਿਚ ਅੱਜ ਵੀ ਖਾਲਸਾ ਇਨ੍ਹਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਅਤੇ ਸੇਵਾ ਸੰਭਾਲ ਦੀ ਯਾਚਨਾ ਕਰਦਾ ਹੈ। ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਲਗਪਗ ਡੇਢ ਸੌ ਗੁਰਦੁਆਰੇ ਪਾਕਿਸਤਾਨ ਵਿਚ ਹਨ। ਆਪਣੇ ਮਹਾਨ ਵਿਰਸੇ ਅਤੇ ਗੁਰੂ ਸਾਹਿਬਾਨ ਦੀ ਪਾਵਨ ਛੂਹ ਨਾਲ ਸੁਗੰਧਿਤ ਅਸਥਾਨਾਂ ਦੇ ਦਰਸ਼ਨਾਂ ਲਈ ਵੀਜ਼ਾ ਲੈਣਾ ਪੈਂਦਾ ਹੈ। ਇਸ ਯਾਤਰਾ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ, ਜਿਸ ਕੋਲ ਜਥੇ ਭੇਜਣ ਦਾ 60 ਫੀਸਦੀ ਕੋਟਾ ਹੈ। ਬਾਕੀ ਦਾ 40 ਫੀਸਦੀ ਕੋਟਾ ਪੰਜਾਬ ਅਤੇ ਹਰਿਆਣਾ ਤੋਂ ਬਾਹਰਲੇ ਸਿੱਖਾਂ ਲਈ ਹੈ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ ਆਦਿ ਕੋਲ ਹੈ। ਹਰ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਮੇਂ, ਵਿਸਾਖੀ ਸਮੇਂ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮੇਂ ਭਾਰਤ ਤੋਂ ਸਿੱਖ ਯਾਤਰੀ ਪਾਕਿਸਤਾਨ ਵਿਖੇ ਜਾ ਕੇ ਗੁਰਦੁਆਰਿਆਂ ਗੁਰਧਾਮਾਂ ਨੂੰ ਨਤਮਸਤਕ ਹੁੰਦੇ ਹਨ।
ਬਹੁਤ ਸਾਰੇ ਗੁਰਦੁਆਰੇ 1947 ਤੋਂ ਬੰਦ ਪਏ ਹਨ ਅਤੇ ਖੰਡਰਾਤ ਬਣ ਰਹੇ ਹਨ। ਆਪਣੇ ਮਹਾਨ ਵਿਰਸੇ ਨੂੰ ਅਲੋਪ ਹੁੰਦੇ ਦੇਖਣਾ ਬਹੁਤ ਹੀ ਦੁਖਦਾਈ ਹੈ। ਬੰਗਲਾਦੇਸ਼ ਵਿਖੇ ਵੀ ਬਹੁਤ ਸਾਰੇ ਧਾਰਮਿਕ ਅਸਥਾਨ ਅਲੋਪ ਹੋ ਚੁੱਕੇ ਹਨ। ਗੁਰਦੁਆਰਿਆਂ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸਕ ਖੂਹ ਪੂਰ ਦਿੱਤਾ ਗਿਆ ਹੈ। ਬੰਗਲਾਦੇਸ਼ ਵਿਚ ਨੌਂ ਗੁਰਦੁਆਰੇ ਸਨ, ਜੋ ਹੁਣ ਕੇਵਲ ਪੰਜ ਰਹਿ ਗਏ ਹਨ। ਕਈ ਥਾਵਾਂ 'ਤੇ ਨਿਸ਼ਾਨ ਸਾਹਿਬ ਨਹੀਂ ਲੱਗੇ ਹੋਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਚਿੱਤਰ ਅਤੇ ਖੜਾਵਾਂ ਦਾ ਇਕ ਅੰਗੂਠਾ ਗਾਇਬ ਹੋ ਚੁੱਕਾ ਹੈ। ਇਹ ਸਭ ਕੁਝ ਦੇਖ ਕੇ ਗੁਰੂ ਪਿਆਰਿਆਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਸਰਕਾਰਾਂ ਦਾ ਫਰਜ਼ ਹੈ ਕਿ ਉਹ ਇਸ ਪਾਸੇ ਧਿਆਨ ਦੇਣ। ਉਂਜ ਪਾਕਿਸਤਾਨ ਦੇ ਲੋਕ ਬਹੁਤ ਹੀ ਮਿਲਣਸਾਰ, ਮਹਿਮਾਨ ਨਿਵਾਜ਼ ਅਤੇ ਸਤਿਕਾਰ ਕਰਨ ਵਾਲੇ ਹਨ। ਇਕ ਪੱਤਰਕਾਰ ਹੋਣ ਦੇ ਨਾਤੇ ਲੇਖਕ ਨੇ ਬਹੁਤ ਪ੍ਰਭਾਵਸ਼ਾਲੀ ਲੇਖਣੀ ਪੇਸ਼ ਕੀਤੀ ਹੈ। ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ।
***


ਪੰਜਾਬ ਦੇ ਇਹ ਪਿੰਡ ਸੁਣੀਂਦੇ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 116, ਮੁੱਲ : 200 ਰੁਪਏ
ਸੰਪਰਕ : 98764-52223


ਲੇਖਕ ਨੇ ਪੰਜਾਬ ਦੇ ਚੋਣਵੇਂ 23 ਪਿੰਡਾਂ ਦਾ ਜ਼ਿਕਰ ਇਸ ਪੁਸਤਕ ਵਿਚ ਕੀਤਾ ਹੈ। ਇਨ੍ਹਾਂ ਵਿਚੋਂ ਬਹੁਤੇ ਪਿੰਡਾਂ ਨੇ ਗੁਰੂ ਸਾਹਿਬਾਨ ਦੀ ਚਰਨ ਛੋਹ ਮਾਣੀ ਹੈ ਅਤੇ ਉਨ੍ਹਾਂ ਦੀ ਪਾਵਨ ਯਾਦ ਵਜੋਂ ਇਥੇ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ। ਸੂਝਵਾਨ ਲੇਖਕ ਨੇ ਤਸਵੀਰਾਂ ਸਹਿਤ ਇਨ੍ਹਾਂ ਪਿੰਡਾਂ ਦੀ ਜਾਣਕਾਰੀ ਸਰਲ ਅਤੇ ਦਿਲਚਸਪ ਢੰਗ ਨਾਲ ਮੁਹੱਈਆ ਕਰਵਾਈ ਹੈ। ਅਧਿਆਤਮਕਤਾ, ਸੂਰਬੀਰਤਾ ਅਤੇ ਸਿੱਖਿਆ ਦਾ ਸੁਮੇਲ ਪਿੰਡ ਗੋਸਲਾਂ, ਬਾਬਾ ਬੰਦਾ ਸਿੰਘ ਬਹਾਦਰ ਦੇ ਸਫ਼ਰ ਦਾ ਪਹਿਲਾ ਪੜਾਅ ਪਿੰਡ ਸਿਹਰੀ ਖਾਂਡਾ, ਮੀਰਖਾਨ ਦੇ ਨਾਂਅ 'ਤੇ ਵਸਿਆ ਪਿੰਡ ਖਾਨਪੁਰ, ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦੀ ਗਵਾਹੀ ਭਰਦਾ ਪਿੰਡ ਮਾਨੂੰਪੁਰ, ਬਾਬਾ ਸਾਈਂ ਦੇ ਨਾਂਅ 'ਤੇ ਵਸਿਆ ਪਿੰਡ ਸਾਇਆਂ ਕਲਾਂ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੂਹ ਪ੍ਰਾਪਤ ਪਿੰਡ ਪਮੋਰ, ਸਦੀਆਂ ਪੁਰਾਣੇ ਤੀਰਥ ਸਥਾਨ ਕੋਲ ਵਸਿਆ ਪਿੰਡ ਲੱਲੀਆਂ, ਸਿੱਖਿਆ ਦਾ ਹੱਬ ਬਣਿਆ ਵਿਲੱਖਣ ਪਿੰਡ ਬੇਨੜਾ, ਇਤਿਹਾਸਕ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਘੁੰਗਰਾਲੀ, ਚੜੀ, ਕੁਰਾਲੀ, ਰਕਬਾ, ਪੁਆਧ ਦਾ ਸਭ ਤੋਂ ਵੱਡਾ ਇਤਿਹਾਸਕ ਪਿੰਡ ਘੜੂੰਆਂ, ਸ਼ਹਿਰੀਕਰਨ ਦੀ ਗ੍ਰਸਤ ਵਿਚ ਪੰਜਾਬ ਦਾ ਆਖਰੀ ਪਿੰਡ ਬਡ ਮਾਜਰਾ, ਉਜਾੜੇ ਦੀ ਮਾਰ ਤੋਂ ਮਸਾਂ ਬਚਿਆ ਇਤਿਹਾਸਕ ਪਿੰਡ ਬਡਹੇੜੀ, ਪ੍ਰਸਿੱਧ ਪੰਜਾਬੀ ਸਾਹਿਤਕਾਰਾਂ ਦੇ ਜੁੜਵੇਂ ਪਿੰਡ ਮਾਨੂੰਪੁਰ-ਗੋਸਲਾਂ, ਪੁਆਧ ਦਾ ਬਚਿੱਤਰ ਸ਼ਰਧਾ ਸਥਲ ਵਾਲਾ ਪਿੰਡ ਸੋਤਲ ਬਾਬਾ, ਸਿੱਖ ਇਤਿਹਾਸ ਦੀ ਵਿਲੱਖਣ ਮਹੱਤਤਾ ਵਾਲਾ ਪਿੰਡ ਨਾਭਾ, ਨਿਸ਼ਾਨਾਂ ਵਾਲੀ ਮਿਸਲ ਦੇ ਜਗੀਰਦਾਰਾਂ ਦਾ ਪਿੰਡ ਲੱਧੜਾ, ਪਿੰਡ ਅਧਰੇੜਾ ਜਿਥੇ ਕੇਵਲ ਇਕ ਹੀ ਵਿਹੜਾ, ਇਤਿਹਾਸਕ ਪਿੰਡ ਅਗਮਪੁਰ, ਬਾਬਾ ਜੋਗੀ ਰਾਮ ਚਾਹਲ ਪੀਰ ਦੇ ਨਾਂਅ 'ਤੇ ਵਸਿਆ ਪਿੰਡ ਚਹਿਲਾਂ, ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਦੀ ਚਰਨ ਛੂਹ ਪ੍ਰਾਪਤ ਪਿੰਡ ਅੱਲਾਪੁਰ, ਛੇਵੇਂ ਪਾਤਸ਼ਾਹ ਜੀ ਦੀ ਚਰਨ ਛੂਹ ਨਾਲ ਨਿਵਾਜਿਆ ਪਿੰਡ ਗੋਬਿੰਦਪੁਰ ਅਤੇ ਪਿੰਡ ਘੁਡਾਣੀ ਕਲਾਂ ਅਤੇ ਨੌਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਭਗੜਾਣਾ। ਪੁਸਤਕ ਵਿਚਲੀ ਸਮੁੱਚੀ ਜਾਣਕਾਰੀ ਪਾਠਕਾਂ ਲਈ ਬਹੁਤ ਲਾਭਕਾਰੀ ਹੈ। ਪਿੰਡ ਗੋਬਿੰਦਪੁਰ (ਬੰਗਾ) ਵਿਖੇ ਛੇਵੇਂ ਪਾਤਸ਼ਾਹ ਜੀ ਦੀ ਅਸੀਸ ਸਦਕਾ ਸਰੀਰਕ ਦਰਦਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਪੁਸਤਕ ਦਾ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਯਾਤਰਾ ਪੁਰਾਤਨ ਰਿਆਸਤਾਂ ਦੀ

ਇਤਿਹਾਸਕ ਰਿਆਸਤ ਬੀਕਾਨੇਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਤਿਹਾਸ ਦੇ ਵਰਕੇ ਫਰੋਲਦਿਆਂ ਪਤਾ ਚਲਦਾ ਹੈ ਕਿ ਜੂਨਾਗੜ੍ਹ ਕਿਲ੍ਹੇ ਉੱਪਰ ਬਹੁਤ ਵਾਰ ਦੁਸ਼ਮਣਾਂ ਨੇ ਹਮਲਾ ਕੀਤਾ ਸੀ ਪਰ ਕੋਈ ਵੀ ਦੁਸ਼ਮਣ ਇਸ ਕਿਲ੍ਹੇ ਉੱਪਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ। ਮੁਗ਼ਲ ਬਾਦਸ਼ਾਹ ਬਾਬਰ ਦੇ ਦੂਜੇ ਪੁੱਤਰ ਕਾਮਰਾਨ ਮਿਰਜ਼ਾ ਨੇ ਜ਼ਰੂਰ 1534 ਵਿਚ ਇਸ ਕਿਲ੍ਹੇ ਉੱਪਰ ਜਿੱਤ ਪ੍ਰਾਪਤ ਕਰਕੇ ਆਪਣਾ ਕਬਜ਼ਾ ਕਰ ਲਿਆ ਸੀ ਪਰ 24 ਘੰਟੇ ਬਾਅਦ ਹੀ ਉਸ ਨੂੰ ਇਸ ਕਿਲ੍ਹੇ ਤੋਂ ਆਪਣਾ ਕਬਜ਼ਾ ਹਟਾਉਣਾ ਪੈ ਗਿਆ ਸੀ।
ਡੇਢ ਕਿਲੋਮੀਟਰ ਰਕਬੇ ਵਿਚ ਬਣੇ ਇਸ ਕਿਲ੍ਹੇ ਵਿਚ ਹੀ ਮਹਿਲ, ਮੰਦਿਰ ਅਤੇ ਰੰਗਮੰਚ ਬਣੇ ਹੋਏ ਹਨ। ਇਹ ਸਾਰੀਆਂ ਇਮਾਰਤਾਂ ਉਸ ਸਮੇਂ ਦੀ ਮਿਸ਼ਰਤ ਵਸਤੂ ਕਲਾ ਨੂੰ ਦਰਸਾਉਂਦੀਆਂ ਹਨ। ਜੂਨਾਗੜ੍ਹ ਕਿਲ੍ਹੇ ਦੀ ਨੀਂਹ 30 ਜਨਵਰੀ, 1589 ਨੂੰ ਰੱਖੀ ਗਈ ਸੀ ਅਤੇ ਇਸ ਕਿਲ੍ਹੇ ਨੂੰ ਬਣਾਉਣ ਵਿਚ ਪੂਰੇ 8 ਸਾਲ ਲੱਗ ਗਏ ਸਨ। ਜੂਨਾਗੜ੍ਹ ਕਿਲ੍ਹੇ ਦਾ ਕਾਫੀ ਹਿੱਸਾ ਆਗਰੇ ਦੇ ਕਿਲ੍ਹੇ ਨਾਲ ਰਲਦਾ-ਮਿਲਦਾ ਹੈ। ਇਸ ਕਿਲ੍ਹੇ ਦੇ ਚਾਰੇ ਪਾਸੇ 9 ਮੀਟਰ ਚੌੜੀ ਅਤੇ 8 ਮੀਟਰ ਡੂੰਘੀ ਖਾਈ ਹੈ। ਕਿਲ੍ਹੇ ਉੱਪਰ 37 ਬੁਰਜ ਬਣੇ ਹੋਏ ਹਨ, ਜੋ ਕਿ 40 ਫੁੱਟ ਉੱਚੇ ਹਨ, ਇਨ੍ਹਾਂ ਬੁਰਜਾਂ ਉੱਪਰ ਪਹਿਲਾਂ ਤੋਪਾਂ ਰੱਖੀਆਂ ਜਾਂਦੀਆਂ ਸਨ। ਕਿਲ੍ਹੇ ਉੱਪਰ ਲਾਲ ਪੱਥਰਾਂ ਨੂੰ ਤਰਾਸ਼ ਕੇ ਬਣਾਏ ਗਏ ਕਿੰਗਰੇ ਬਹੁਤ ਹੀ ਸੁੰਦਰ ਲੱਗਦੇ ਹਨ ਅਤੇ ਦੇਖਣ ਵਾਲੇ ਹਰ ਵਿਅਕਤੀ ਦਾ ਮਨ ਮੋਹ ਲੈਂਦੇ ਹਨ। ਜੂਨਾਗੜ੍ਹ ਕਿਲ੍ਹੇ ਦੇ ਪੂਰਬੀ ਦਰਵਾਜ਼ੇ ਨੂੰ ਕਰਣਪੋਲ ਅਤੇ ਪੱਛਮੀ ਦਰਵਾਜ਼ੇ ਨੂੰ ਚਾਂਦਪੋਲ ਕਹਿੰਦੇ ਹਨ। ਮੁੱਖ ਦੁਆਰ ਸੂਰਜਪੋਲ ਦੇ ਇਲਾਵਾ ਦੌਲਤ ਪੋਲ, ਫਤਿਹਪੋਲ, ਤਰਨਪੋਲ, ਧਰੁਵਪੋਲ ਦਰਵਾਜ਼ੇ ਹਨ। ਕਿਲ੍ਹੇ ਦੇ ਪ੍ਰਵੇਸ਼ ਦੁਆਰ ਦੀ ਚੌੜੀ ਗਲੀ ਪਾਰ ਕਰਨ ਦੇ ਬਾਅਦ ਹੀ ਦੋਵੇਂ ਪਾਸੇ ਕਾਲੇ ਪੱਥਰਾਂ ਦੀਆਂ ਹਾਥੀਆਂ ਦੀਆਂ ਮੂਰਤੀਆਂ ਵੀ ਬਣੀਆਂ ਹੋਈਆਂ ਹਨ, ਜਿਨ੍ਹਾਂ ਉੱਪਰ ਬੈਠੇ ਮਹਾਵਤ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ। ਸੂਰਜ ਪੋਲ ਨੂੰ ਜੈਸਲਮੇਰ ਦੇ ਪੀਲੇ ਪੱਥਰਾਂ ਨਾਲ ਬਣਾਇਆ ਗਿਆ ਹੈ। ਦੌਲਤਪੋਲ ਵਿਚ ਮੇਹਰਾਨ ਅਤੇ ਗਲਿਆਰੇ ਦੀ ਬਨਾਵਟ ਸਭ ਦਾ ਮਨ ਮੋਹ ਲੈਂਦੀ ਹੈ। ਕਿਲ੍ਹੇ ਦੇ ਅੰਦਰ ਵੱਖ-ਵੱਖ ਇਮਾਰਤਾਂ, ਖੂਹ ਅਤੇ ਬਹੁਤ ਸਾਰੇ ਮਹਿਲ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਮੇਂ ਬੀਕਾਨੇਰ ਰਿਆਸਤ ਦੇ ਵੱਖ-ਵੱਖ ਰਾਜਿਆਂ ਨੇ ਬਣਾਇਆ ਸੀ। ਸੁਰਜਪੋਲ ਦੇ ਨੇੜੇ ਹੀ ਇਕ ਕਾਫੀ ਵੱਡਾ ਮੈਦਾਨ ਹੈ। ਇਸ ਦੇ ਨੇੜੇ ਹੀ ਜ਼ਨਾਨੀ ਡਿਉਢੀ ਅਤੇ ਪੰਜ ਮੰਜ਼ਿਲਾ ਮਹਿਲ ਹਨ। ਜ਼ਨਾਨੀ ਡਿਉਢੀ ਦੇ ਨਾਲ ਹੀ ਸੰਗਮਰਮਰ ਦਾ ਬਣਿਆ ਤਾਲਾਬ ਹੈ। ਪਹਿਲੀ ਮੰਜ਼ਿਲ ਉੱਪਰ ਸਿਲਹਖਾਨਾ, ਖਾਣਾ ਖਾਣ ਦਾ ਕਮਰਾ, ਹੁਜੂਰਪੋੜੀ, ਬਾਰਹਦਰਿਆ, ਗੁਲਾਬਨਿਵਾਸ, ਸ਼ਿਵ ਨਿਵਾਸ, ਕੀਲਖਾਨਾ ਅਤੇ ਗੋਦਾਮ ਦੇ ਨਾਲ ਹੀ ਬਹੁਤ ਉੱਚਾ ਘੰਟਾ-ਘਰ ਹੈ। ਇਹ ਘੰਟਾ-ਘਰ ਪੰਜ ਮੰਜ਼ਿਲਾਂ ਮਹਿਲਾਂ ਤੋਂ ਵੀ ਕਾਫੀ ਉੱਚਾ ਹੈ। ਇਸ ਤੋਂ ਇਲਾਵਾ ਜੂਨਾਗੜ੍ਹ ਕਿਲ੍ਹੇ ਵਿਚ ਸਥਿਤ ਸ਼ੀਸ਼ ਮਹਿਲ ਵੀ ਆਪਣੀ ਕਹਾਣੀ ਆਪਣੀ ਸੁੰਦਰਤਾ ਰਾਹੀਂ ਆਪ ਹੀ ਬਿਆਨ ਕਰਦਾ ਹੈ। (ਚਲਦਾ)


ਮੋਬਾ: 9463819174


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX