ਤਾਜਾ ਖ਼ਬਰਾਂ


ਨਕਸਲੀਆਂ ਨਾਲ ਮੁੱਠਭੇੜ 'ਚ 1 ਜਵਾਨ ਸ਼ਹੀਦ , 5 ਜ਼ਖ਼ਮੀ
. . .  1 day ago
ਰਾਏਪੁਰ 18 ਮਾਰਚ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ 'ਚ ਸੀ ਆਰ ਪੀ ਐਫ ਦਾ ਇਕ ਜਵਾਨ ਹੋ ਸ਼ਹੀਦ ਗਿਆ ਅਤੇ 5 ਜਵਾਨ ਜ਼ਖ਼ਮੀ ਹੋਏ ਹਨ ।
ਅਫ਼ਗ਼ਾਨਿਸਤਾਨ : ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ 45 ਅੱਤਵਾਦੀ ਢੇਰ
. . .  1 day ago
ਮਾਸਕੋ, 18 ਮਾਰਚ- ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 45 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਹਨ। ਇਸ ਦੌਰਾਨ ਕਾਫੀ ਮਾਤਰਾ 'ਚ ਹਥਿਆਰ ਅਤੇ ਗੋਲਾ ...
ਦਾਂਤੇਵਾੜਾ 'ਚ ਹੋਏ ਆਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ
. . .  1 day ago
ਰਾਏਪੁਰ, 18 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ ਦੇ ਦੌਰਾਨ ਹੋਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ .....
ਕੱਲ੍ਹ ਹੋਵੇਗੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ
. . .  1 day ago
ਨਵੀਂ ਦਿੱਲੀ, 18 ਮਾਰਚ- ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ 5.30 ਵਜੇ ਦਿੱਲੀ 'ਚ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਕੱਲ੍ਹ ਹੀ ਜਾਰੀ ਹੋ.....
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਹਰ ਪਾਰੀਕਰ
. . .  1 day ago
ਪਣਜੀ, 18 ਮਾਰਚ- ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਨੋਹਰ ਪਾਰੀਕਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ .....
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫ਼ਿਕੇਸ਼ਨ ਜਾਰੀ
. . .  1 day ago
ਨਵੀਂ ਦਿੱਲੀ, 18 ਮਾਰਚ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ...
20 ਮਾਰਚ ਨੂੰ ਹੋਵੇਗੀ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 18 ਮਾਰਚ- ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਪੰਚਕੂਲਾ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਅਗਲੀ ਸੁਣਵਾਈ 20 ਮਾਰਚ ਨੂੰ.....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਨਾਭਾ, 18 ਮਾਰਚ (ਕਰਮਜੀਤ ਸਿੰਘ)- ਨਾਭਾ ਦੇ ਨੇੜੇ ਰੋਹਟੀ ਪੁਲ ਨਾਲ ਲੱਗਦੀ ਇੱਕ ਕਾਲੋਨੀ 'ਚ 20 ਸਾਲਾ ਵਿਜੇ ਕੁਮਾਰ ਨਾਮੀ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿੰਦੀਆਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕਰਨ ਤੋਂ...
ਪਟਿਆਲਾ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  1 day ago
ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਪਹੁੰਚੇ ਹਨ । ਇੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ .....
ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ
. . .  1 day ago
ਨੂਰਪੁਰ ਬੇਦੀ 18 ਮਾਰਚ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਅੱਜ ਅੱਗ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ...
ਹੋਰ ਖ਼ਬਰਾਂ..

ਖੇਡ ਜਗਤ

ਆਸਟ੍ਰੇਲੀਅਨ ਓਪਨ ਰਾਹੀਂ ਟੈਨਿਸ ਦਾ ਆਗਾਜ਼

ਹਰ ਸਾਲ ਦੇ ਪਹਿਲੇ ਮਹੀਨੇ ਜਨਵਰੀ ਦੇ ਅੱਧ ਵਿਚ ਟੈਨਿਸ ਦਾ ਸੀਜ਼ਨ ਆਸਟਰੇਲੀਆ ਤੋਂ ਸ਼ੁਰੂ ਹੁੰਦਾ ਹੈ ਅਤੇ ਐਤਕੀਂ ਵੀ ਇਹ ਰਵਾਇਤ ਬਾਦਸਤੂਰ ਕਾਇਮ ਹੈ। ਟੈਨਿਸ ਦੇ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ 'ਆਸਟ੍ਰੇਲੀਅਨ ਓਪਨ' ਦੀ ਸ਼ੁਰੂਆਤ ਟੈਨਿਸ ਦੇ ਅੰਤਰਰਾਸ਼ਟਰੀ ਅਤੇ ਮੁੱਖ ਸੀਜ਼ਨ ਦੀ ਬਾਕਾਇਦਾ ਸ਼ੁਰੂਆਤ ਹੈ। 15 ਜਨਵਰੀ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਸਾਰੇ ਪ੍ਰਮੁੱਖ ਟੈਨਿਸ ਖਿਡਾਰੀਆਂ ਦੇ ਜਲਵੇ ਵਿਖਾਉਣ ਵਾਲਾ ਆਸਟ੍ਰੇਲੀਅਨ ਓਪਨ 28 ਜਨਵਰੀ ਤੱਕ ਚੱਲੇਗਾ। ਪਿਛਲੀ ਵਾਰ ਦੇ ਆਸਟ੍ਰੇਲੀਅਨ ਓਪਨ ਵਿਚ ਮਹਾਨ ਖਿਡਾਰੀ ਰੌਜ਼ਰ ਫੈਡਰਰ ਨੇ ਪੁਰਖਾਂ ਦੇ ਅਤੇ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੇ ਔਰਤਾਂ ਦੇ ਵਰਗ ਦਾ ਖ਼ਿਤਾਬ ਜਿੱਤਿਆ ਸੀ।
ਇਸ ਵਾਰ ਪੁਰਖਾਂ ਦੇ ਮੁਕਾਬਲਿਆਂ ਵਿਚ ਮੁੱਖ ਮੁਕਾਬਲਾ ਮੌਜੂਦਾ ਚੈਂਪੀਅਨ ਸਵਿਟਜ਼ਰਲੈਂਡ ਦੇਸ਼ ਦੇ ਰੌਜ਼ਰ ਫੈਡਰਰ, ਸਪੇਨ ਦੇ ਰਾਫੇਲ ਨਡਾਲ, ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਾਬਕਾ ਜੇਤੂ ਸਟਾਨਿਸਲਾਸ ਵਾਵਰਿੰਕਾ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਰਾਫੇਲ ਨਡਾਲ ਹਾਲਾਂਕਿ ਇਸ ਵੇਲੇ ਸੌ ਫੀਸਦੀ ਫਿੱਟ ਨਹੀਂ ਲੱਗਦੇ ਪਰ ਇਹ ਇਕ ਚੈਂਪੀਅਨ ਖਿਡਾਰੀ ਹਨ, ਜੋ ਕਿਸੇ ਵੇਲੇ ਵੀ ਆਪਣੀ ਕਾਬਲੀਅਤ ਵਿਖਾ ਸਕਦੇ ਹਨ। ਕੱਝ ਇਹੋ ਜਿਹੀ ਹੀ ਹਾਲਤ ਵਾਵਰਿੰਕਾ ਦੀ ਵੀ ਹੈ, ਜਿਸ ਨੇ ਇਸ ਟੂਰਨਾਮੈਂਟ ਦੇ ਬਾਅਦ ਆਰਾਮ ਕਰਨ ਦਾ ਐਲਾਨ ਕੀਤਾ ਹੈ ਭਾਵ ਉਹ ਆਪਣਾ ਸਾਰਾ ਧਿਆਨ ਇਸ ਆਸਟ੍ਰੇਲੀਅਨ ਓਪਨ ਉੱਪਰ ਕੇਂਦ੍ਰਿਤ ਕਰੇਗਾ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਲੱਕ ਦੀ ਸੱਟ ਕਾਰਨ ਇਸ ਵਾਰ ਆਸਟਰੇਲੀਆ ਓਪਨ ਤੋਂ ਬਾਹਰ ਹਨ। ਮਰੇ ਨੂੰ ਪਿਛਲੇ ਸਾਲ ਇਹ ਸੱਟ ਲੱਗੀ ਸੀ ਅਤੇ ਵਿੰਬਲਡਨ ਕੁਆਰਟਰ ਫਾਈਨਲ ਵਿਚ ਹਾਰ ਦੇ ਬਾਅਦ ਤੋਂ ਉਹ ਏ.ਟੀ.ਪੀ. ਟੂਰ ਉੱਤੇ ਨਹੀਂ ਖੇਡ ਰਹੇ।
ਔਰਤਾਂ ਦੇ ਵਰਗ ਵਿਚ ਮੁੱਖ ਮੁਕਾਬਲਾ ਪਹਿਲਾ ਦਰਜਾ ਪ੍ਰਾਪਤ ਰੋਮੇਨਿਆ ਦੇਸ਼ ਦੀ ਸਿਮੋਨਾ ਹੈਲੇਪ, ਐਂਜਲੀਕੇ ਕਰਬਰ, ਡੈਨਮਾਰਕ ਦੀ ਖਿਡਾਰਨ ਕੈਰੋਲਿਨ ਵੋਜ਼ਨਿਆਕੀ ਅਤੇ ਰੂਸ ਦੀ ਮਾਰੀਆ ਸ਼ੋਰਾਪੋਵਾ ਵਿਚਾਲੇ ਰਹਿਣ ਦੀ ਉਮੀਦ ਹੈ, ਕਿਉਂਕਿ ਮੌਜੂਦਾ ਜੇਤੂ ਅਤੇ ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਨਿੱਜੀ ਕਾਰਨਾਂ ਕਰਕੇ ਆਸਟਰੇਲੀਅਨ ਓਪਨ ਤੋਂ ਨਾਂਅ ਵਾਪਸ ਲੈ ਲਿਆ ਸੀ। ਆਪਣੇ ਪੁੱਤਰ ਦੀ ਕਸਟਡੀ ਲਈ ਕਾਨੂੰਨੀ ਲੜਾਈ ਲੜ ਰਹੀ ਦੋ ਵਾਰ ਦੀ ਚੈਂਪੀਅਨ ਵਿਕਟੋਰੀਆ ਅਜ਼ਾਰੈਂਕਾ ਨੂੰ ਟੂਰਨਾਮੈਂਟ ਲਈ ਵਾਈਲਡ ਕਾਰਡ ਮਿਲਿਆ ਹੈ। ਭਾਰਤ ਦੇਸ਼ ਲਈ ਮਹਿਲਾ ਵਰਗ ਦੀ ਇਕੋ-ਇਕ ਚੁਣੌਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਇਸ ਵਾਰ ਆਸਟਰੇਲੀਅਨ ਓਪਨ ਟੂਰਨਮੈਂਟ ਵਿਚ ਹਿੱਸਾ ਨਹੀਂ ਲਵੇਗੀ। ਗੋਡੇ ਦੀ ਸੱਟ ਕਰਕੇ ਇਸ ਵਾਰ ਨਹੀਂ ਖੇਡ ਰਹੀ ਸਾਨੀਆ ਨੇ ਆਸਟਰੇਲੀਅਨ ਓਪਨ ਦਾ ਡਬਲਜ਼ ਖਿਤਾਬ 2016 ਵਿਚ ਜਿੱਤਿਆ ਸੀ, ਜਦਕਿ 2009 ਵਿਚ ਉਹ ਮਿਕਸਡ ਡਬਲਜ਼ ਵਿਚ ਚੈਂਪੀਅਨ ਰਹੀ ਸੀ। ਭਾਰਤ ਵਲੋਂ ਇਸ ਵਾਰ ਸਿਰਫ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਹੀ ਡਬਲਜ਼ ਮੁਕਾਬਲਿਆਂ ਵਿਚ ਆਪੋ-ਆਪਣੇ ਜੋੜੀਦਾਰਾਂ ਨਾਲ ਇਸ ਟੂਰਨਾਮੈਂਟ ਵਿਚ ਖੇਡ ਰਹੇ ਹਨ। ਆਸਟੇਰਲੀਅਨ ਓਪਨ ਇਨਾਮੀ ਰਾਸ਼ੀ ਦੇ ਮਾਮਲੇ ਵਿਚ ਟੈਨਿਸ ਦੇ ਗਰੈਂਡ ਸਲੈਮ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਧਨੀ ਟੂਰਨਾਮੈਂਟ ਬਣ ਗਿਆ ਹੈ। ਇਸ ਵਾਰ ਇਸ ਟੂਰਨਾਮੈਂਟ ਦੀ ਇਨਾਮ ਰਾਸ਼ੀ ਕੁੱਲ ਮਿਲਾ ਕੇ 4 ਕਰੋੜ ਆਸਟ੍ਰੇਲੀਆਈ ਡਾਲਰ ਹੋਵੇਗੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023


ਖ਼ਬਰ ਸ਼ੇਅਰ ਕਰੋ

ਕੌਮਾਂਤਰੀ ਖੇਡਾਂ :

ਤਹਿਲਕਿਆਂ 'ਚ ਬੀਤੇਗਾ ਸਾਲ 2018

ਜਿਥੇ ਲੰਘੇ ਸਾਲ ਨੇ ਖੇਡਾਂ ਦੀ ਦੁਨੀਆ 'ਚ ਵੱਡੇ ਉਤਰਾਅ-ਚੜ੍ਹਾਅ ਨਾਲ ਕੌੜੀਆਂ ਅਤੇ ਮਿੱਠੀਆਂ ਯਾਦਾਂ ਦਾ ਸਫਰ ਤਹਿ ਕੀਤਾ, ਉਥੇ ਸਾਲ 2018 ਕੌਮਾਂਤਰੀ ਖੇਡਾਂ 'ਚ ਨਵੇਂ ਮੁਕਾਮ ਸਿਰਜਣ ਲਈ ਤਿਆਰ ਹੈ। ਇਸ ਸਾਲ ਖੇਡ ਪ੍ਰੇਮੀ ਫੀਫਾ ਵਿਸ਼ਵ ਕੱਪ ਏਸ਼ੀਆਈ ਖੇਡਾਂ, ਰਾਸ਼ਟਰ ਮੰਡਲ ਖੇਡਾਂ, ਵਿੰਟਰ ਉਲੰਪਿਕ, ਹਾਕੀ ਵਿਸ਼ਵ ਕੱਪ ਦੇ ਵਕਾਰੀ ਮੁਕਾਬਲਿਆਂ ਸਮੇਤ ਕ੍ਰਿਕਟ, ਟੈਨਿਸ, ਬੈਡਮਿੰਟਨ ਆਦਿ ਖੇਡਾਂ 'ਚ ਖਿਡਾਰੀਆਂ ਦੇ ਕ੍ਰਿਸ਼ਮਈ ਪ੍ਰਦਰਸ਼ਨ ਦਾ ਰੱਜ ਕੇ ਲੁਤਫ਼ ਲੈਣਗੇ। ਆਓ ਰੂਬਰੂ ਹੋਈਏ ਇਸ ਸਾਲ ਹੋਣ ਵਾਲੇ ਕੁਝ ਪ੍ਰਮੁੱਖ ਟੂਰਨਾਮੈਂਟਾਂ ਦੇ-
ਫੀਫਾ ਵਿਸ਼ਵ ਕੱਪ : ਵਿਸ਼ਵ 'ਚ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ ਫੁੱਟਬਾਲ ਨਾਲ ਜੁੜੀ ਸਭ ਤੋਂ ਵੱਡੀ ਪ੍ਰਤੀਯੋਗਤਾ ਫੀਫਾ ਵਿਸ਼ਵ ਕੱਪ 14 ਜੂਨ ਤੋਂ 15 ਜੁਲਾਈ ਤੱਕ ਪਹਿਲੀ ਵਾਰ ਰੂਸ 'ਚ ਖੇਡਿਆ ਜਾਵੇਗਾ। ਵਿਸ਼ਵ ਕੱਪ ਦਾ ਇਹ 21ਵਾਂ ਸੰਸਕਰਣ ਹੈ। ਇਸ ਵਕਾਰੀ ਖਿਤਾਬ ਲਈ ਕੁਆਲੀਫਾਈ ਕਰ ਚੁੱਕੀਆਂ 32 ਟੀਮਾਂ ਜ਼ੋਰਅਜ਼ਮਾਈ ਕਰਨਗੀਆਂ। ਅਰਜਨਟੀਨਾ 'ਚ ਆਯੋਜਿਤ ਹੋਏ 2006 ਵਿਸ਼ਵ ਕੱਪ ਤੋਂ ਬਾਅਦ ਯੂਰਪ 'ਚ ਹੋਣ ਵਾਲਾ ਇਹ ਪਹਿਲਾ ਵਿਸ਼ਵ ਕੱਪ ਹੈ। ਇਸ ਤੋਂ ਪਹਿਲਾਂ 2014 'ਚ ਬ੍ਰਾਜ਼ੀਲ 'ਚ ਵਿਸ਼ਵ ਕੱਪ 'ਚ ਜਰਮਨੀ ਜੇਤੂ ਰਿਹਾ ਸੀ।
ਏਸ਼ੀਆਈ ਖੇਡਾਂ : ਉਲੰਪਿਕ ਖੇਡਾਂ ਤੋਂ ਬਾਅਦ ਏਸ਼ੀਆਈ ਖੇਡਾਂ ਹੀ ਵਿਸ਼ਵ ਪੱਧਰੀ ਮੁਕਾਬਲਿਆਂ 'ਚ ਵੱਡਾ ਟੂਰਨਾਮੈਂਟ ਹੈ। ਇਸ ਸਾਲ ਇਸ ਦਾ ਆਯੋਜਨ 8 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ (ਪਾਲੇਮਬਾਗ) 'ਚ ਹੋਵੇਗਾ। ਇਸ ਵਿਚ 40 ਖੇਡਾਂ ਨਾਲ ਜੁੜੇ 462 ਈਵੈਂਟਸ ਹੋਣਗੇ। ਇਹ ਏਸ਼ੀਆਈ ਖੇਡਾਂ ਦਾ 18ਵਾਂ ਅਖਾੜਾ ਹੈ। 1962 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇਹ ਖੇਡਾਂ ਜਕਾਰਤਾ 'ਚ ਹੋਣ ਜਾ ਰਹੀਆਂ ਹਨ। ਦਰਅਸਲ ਪਹਿਲਾਂ ਇਹ ਖੇਡਾਂ ਦੀ ਮੇਜ਼ਬਾਨੀ ਹਨੋਈ (ਵੀਅਤਨਾਮ) ਨੇ ਕਰਨੀ ਸੀ ਪਰ ਵਿੱਤੀ ਕਾਰਨਾਂ ਕਰਕੇ ਉਸ ਨੇ ਆਪਣਾ ਨਾਂਅ ਵਾਪਸ ਲੈ ਲਿਆ।
ਰਾਸ਼ਟਰ ਮੰਡਲ ਖੇਡਾਂ : 21ਵੀਆਂ ਰਾਸ਼ਟਰ ਮੰਡਲ ਖੇਡਾਂ ਜਿਨ੍ਹਾਂ ਨੂੰ ਗੋਲਡ ਕੋਸਟ 2018 (ਆਸਟ੍ਰੇਲੀਆ) ਕਰਕੇ ਜਾਣਿਆ ਜਾਵੇਗਾ, 4 ਅਪ੍ਰੈਲ ਤੋਂ 15 ਅਪ੍ਰੈਲ ਤੱਕ ਹੋਣਗੀਆਂ। ਇਨ੍ਹਾਂ ਖੇਡਾਂ 'ਚ 70 ਰਾਸ਼ਟਰ ਮੰਡਲ ਸਮੂਹ 'ਚ ਸ਼ਾਮਿਲ ਦੇਸ਼ ਹਿੱਸਾ ਲੈਣਗੇ। ਇਥੇ 18 ਖੇਡਾਂ 'ਚ 275 ਈਵੈਂਟਸ 'ਚ ਖਿਡਾਰੀ ਜ਼ੋਰ ਅਜ਼ਮਾਈ ਕਰਨਗੇ। ਆਸਟ੍ਰੇਲੀਆ ਇਨ੍ਹਾਂ ਖੇਡਾਂ ਦੀ ਪੰਜਵੀਂ ਵਾਰ ਮੇਜ਼ਬਾਨੀ ਕਰੇਗਾ। ਰਾਸ਼ਟਰ ਮੰਡਲ ਖੇਡ ਮੇਲੇ 'ਚ ਅਕਸਰ ਜ਼ਿਆਦਾਤਰ ਸਰਦਾਰੀ ਆਸਟ੍ਰੇਲੀਆ ਦੀ ਹੀ ਰਹੀ ਹੈ।
ਵਿੰਟਰ ਉਲੰਪਿਕਸ : ਹਰੇਕ ਚਾਰ ਸਾਲ ਬਾਅਦ ਹੋਣ ਵਾਲੀਆਂ ਵਿੰਟਰ ਉਲੰਪਿਕਸ ਇਸ ਸਾਲ ਦੱਖਣੀ ਕੋਰੀਆ ਦੇ ਪਿਉਗਚੈਗ ਸ਼ਹਿਰ 'ਚ 9 ਤੋਂ 25 ਫਰਵਰੀ ਤੱਕ ਹੋਣਗੀਆਂ। ਇਨ੍ਹਾਂ ਵਿਚ ਲਗਪਗ 90 ਦੇਸ਼ ਹਿੱਸਾ ਲੈਣਗੇ, ਜਿਥੇ 15 ਖੇਡ ਵੰਨਗੀਆਂ 'ਚ 102 ਈਵੈਂਟਸ ਲਈ ਖਿਡਾਰੀ ਕਰੋ ਜਾਂ ਮਰੋ ਤੱਕ ਦੇ ਦਾਅ ਖੇਡਦੇ ਨਜ਼ਰ ਆਉਣਗੇ। ਵਿੰਟਰ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਿਉਗਚੈਗ ਤੀਜਾ ਏਸ਼ੀਆਈ ਸ਼ਹਿਰ ਹੈ। ਇਸ ਤੋਂ ਪਹਿਲਾਂ ਜਪਾਨ ਦੇ ਸਪੋਰੋ (1972) ਅਤੇ ਨਗੋਨ (1998) ਇਹ ਪਹਿਚਾਣ ਹਾਸਲ ਕਰ ਚੁੱਕੇ ਹਨ।
ਕ੍ਰਿਕਟ ਮੁਕਾਬਲੇ : ਹਾਲਾਂਕਿ ਕ੍ਰਿਕਟ ਮੁਕਾਬਲੇ ਸਾਰਾ ਸਾਲ ਚਲਦੇ ਰਹਿਣਗੇ ਤੇ ਭਾਰਤੀ ਟੀਮ ਦੀ ਸ਼ੁਰੂਆਤ ਦੱਖਣੀ ਅਫਰੀਕੀ ਦੌਰੇ ਨਾਲ ਹੋ ਚੁੱਕੀ ਹੈ ਪਰ ਇਸ ਵਾਰ ਜ਼ਿਆਦਾਤਰ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਜਦੋਂ ਇੰਗਲੈਂਡ ਦੌਰੇ 'ਤੇ ਜਾਵੇਗੀ, ਟਿਕੀਆਂ ਰਹਿਣਗੀਆਂ। ਭਾਰਤੀ ਟੀਮ 3 ਤੋਂ 8 ਜੁਲਾਈ ਤੱਕ ਤਿੰਨ ਟੀ-20 ਮੈਚ ਅਤੇ 12 ਜੁਲਾਈ ਤੋਂ 17 ਜੁਲਾਈ ਤੱਕ ਤਿੰਨ ਇਕ-ਦਿਨਾ ਮੈਚ ਅਤੇ 11 ਅਗਸਤ ਤੋਂ 11 ਸਤੰਬਰ ਤੱਕ 5 ਟੈਸਟ ਮੈਚ ਖੇਡੇਗੀ। ਭਾਰਤੀ ਟੀਮ ਇਸ ਸਾਲ ਦਸੰਬਰ 'ਚ ਆਪਣਾ ਸਫਰ ਆਸਟ੍ਰੇਲੀਆ ਟੂਰ ਨਾਲ ਸਮਾਪਤ ਕਰੇਗੀ। ਇਸ ਦੇ ਨਾਲ ਹੀ ਸੰਨ 2018 'ਚ ਹੋਣ ਵਾਲੇ ਆਈ.ਪੀ.ਐਲ. ਮੁਕਾਬਲੇ ਵੀ ਖਿੱਚ ਦਾ ਕੇਂਦਰ ਹੋਣਗੇ, ਜਿਥੇ ਦੇਖਣਾ ਹੋਵੇਗਾ ਕਿ ਦੋ ਸਾਲ ਬਾਅਦ ਵਾਪਸੀ ਕਰਨ ਵਾਲੀਆਂ ਟੀਮਾਂ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਟਲਜ਼ ਦਰਸ਼ਕਾਂ ਦੀਆਂ ਉਮੀਦਾਂ 'ਤੇ ਕਿੰਨਾ ਖਰਾ ਉਤਰਦੀਆਂ ਹਨ।
ਹਾਕੀ ਵਿਸ਼ਵ ਕੱਪ : ਹਾਕੀ ਦੀ 14ਵੀਂ ਖਿਤਾਬੀ ਕਸ਼ਮਕਸ਼ 28 ਨਵੰਬਰ ਤੋਂ 16 ਦਸੰਬਰ ਤੱਕ ਭੁਵਨੇਸ਼ਵਰ (ਓਡੀਸ਼ਾ) 'ਚ ਦੇਖੀ ਜਾ ਸਕੇਗੀ। ਇਸ ਵਿਸ਼ਵ ਕੱਪ 'ਚ 16 ਟੀਮਾਂ ਸ਼ਿਰਕਤ ਕਰਨਗੀਆਂ। ਭਾਰਤ 1975 'ਚ ਪਹਿਲੀ ਵਾਰ ਚੈਂਪੀਅਨ ਬਣਿਆ ਸੀ। ਵਿਸ਼ਵ ਕੱਪ ਜਿੱਤਣ 'ਚ ਪਾਕਿਸਤਾਨ ਮੋਹਰੀ ਹੈ। ਭਾਰਤ ਦੀ ਮੇਜ਼ਬਾਨੀ 'ਚ ਖੇਡੇ ਜਾ ਰਹੇ ਇਸ ਵਿਸ਼ਵ ਕੱਪ 'ਚ ਖੇਡ ਪ੍ਰੇਮੀਆਂ ਨੂੰ ਭਾਰਤੀ ਟੀਮ ਤੋਂ ਵੱਡੀਆਂ ਉਮੀਦਾਂ ਹਨ। ਇਸ ਸਾਲ ਮਹਿਲਾ ਵਿਸ਼ਵ ਕੱਪ ਵੀ 25 ਜੁਲਾਈ ਤੋਂ 5 ਅਗਸਤ ਤੱਕ ਖੇਡਿਆ ਜਾਵੇਗਾ।
ਇਸ ਤੋਂ ਇਲਾਵਾ ਟੈਨਿਸ ਦੇ ਆਸਟ੍ਰੇਲੀਆ ਓਪਨ ਟੂਰਨਾਮੈਂਟ ਦੀ ਸ਼ੁਰੂਆਤ 15 ਜਨਵਰੀ ਨੂੰ ਹੋਵੇਗੀ। ਬੈਡਮਿੰਟਨ ਦੇ ਵਕਾਰੀ ਮੁਕਾਬਲੇ ਆਲ ਇੰਗਲੈਂਡ 14 ਤੋਂ 18 ਮਾਰਚ ਅਤੇ ਥਾਮਸ ਅਤੇ ਉਬੇਰ ਕੱਪ ਮਈ 'ਚ ਬੈਂਕਾਕ 'ਚ ਅਤੇ ਯੂਥ ਉਲੰਪਿਕਸ 6 ਤੋਂ 18 ਅਕਤੂਬਰ ਤੱਕ ਬੋਨਸ ਆਇਰਸ 'ਚ ਖੇਡੇ ਜਾਣਗੇ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

'ਖੇਲੋ ਇੰਡੀਆ' ਦੇਵੇ ਹੋਕਾ, ਜਾਗ ਵੇ ਸੁੱਤਿਆ ਪੰਜਾਬੀ ਲੋਕਾ...

ਦੇਸ਼ ਦੇ ਉੱਭਰਦੇ ਨੌਜਵਾਨਾਂ ਦੀਆਂ ਖੇਡ ਕਾਰਗੁਜ਼ਾਰੀਆਂ ਮਾਪਣ ਲਈ ਦਿੱਲੀ ਵਿਖੇ 'ਖੇਲੋ ਇੰਡੀਆ' ਖੇਡ ਮਹਾਂਕੁੰਭ ਹੋਣ ਜਾ ਰਿਹਾ ਹੈ। 31 ਜਨਵਰੀ ਤੋਂ 8 ਫਰਵਰੀ ਤੱਕ 16 ਖੇਡਾਂ ਦੇ, ਦੇਸ਼ ਦੇ ਲੜਕੇ ਤੇ ਲੜਕੀਆਂ ਵੱਖ-ਵੱਖ ਖੇਡ ਸਟੇਡੀਅਮਾਂ ਵਿਚ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਵਿਖਾਉਣਗੇ। ਅਥਲੈਟਿਕਸ 'ਚ 576, ਆਰਚਰੀ 'ਚ 256, ਬੈਡਮਿੰਟਨ 'ਚ 192, ਬਾਸਕਟਬਾਲ 'ਚ 192, ਬਾਕਸਿੰਗ 'ਚ 416, ਫੁੱਟਬਾਲ 'ਚ 288, ਜੂਡੋ 'ਚ 256, ਜਿਮਨਾਸਟਕ 'ਚ 392, ਹਾਕੀ 'ਚ 288, ਕਬੱਡੀ 'ਚ 192, ਖੋ ਖੋ 'ਚ 192 ਤੇ ਸ਼ੂਟਿੰਗ 'ਚ 128 ਖਿਡਾਰੀ 63ਵੀਆਂ ਨੈਸ਼ਨਲ ਸਕੂਲ ਖੇਡਾਂ 2018 ਅੰਡਰ-17 ਸਾਲ ਵਰਗ 'ਚ ਪਹਿਲੀਆਂ 8 ਟੀਮਾਂ ਦੇ ਖਿਡਾਰੀ, ਨੈਸ਼ਨਲ ਫੈਡਰੇਸ਼ਨਾਂ ਵਲੋਂ 4, ਖੇਡ ਆਯੋਜਕਾਂ ਵਲੋਂ 2, ਸੀ.ਬੀ.ਐਸ.ਈ. ਵਲੋਂ 2 ਤੇ ਮੇਜ਼ਬਾਨ ਰਾਜ ਵਲੋਂ 2 ਖਿਡਾਰੀ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਗੇ। ਇਸ ਖੇਡ ਮਹਾਂਕੁੰਭ ਵਿਚੋਂ ਚੁਣੇ ਗਏ 1000 ਖਿਡਾਰੀਆਂ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਆਉਣ ਵਾਲੇ 5 ਸਾਲ ਲਈ ਵਜ਼ੀਫੇ ਦੇ ਰੂਪ ਵਿਚ ਕੇਂਦਰ ਸਰਕਾਰ ਵਲੋਂ ਦਿੱਤੀ ਜਾਵੇਗੀ। ਇਨ੍ਹਾਂ ਚੁਣੇ ਗਏ ਖਿਡਾਰੀਆਂ ਨੂੰ 2024 ਦੀਆਂ ਉਲੰਪਿਕ ਖੇਡਾਂ ਦਾ ਨਿਸ਼ਾਨਾ ਦੇ ਕੇ ਤਿਆਰੀ ਕਰਵਾਈ ਜਾਵੇਗੀ ਤੇ 209 ਸੋਨ ਤਗਮੇ ਇਨ੍ਹਾਂ ਖੇਡਾਂ 'ਚ ਦਾਅ 'ਤੇ ਲੱਗਣਗੇ।
ਆਜ਼ਾਦੀ ਦੇ 70 ਸਾਲ ਬੀਤ ਜਾਣ ਦੇ ਬਾਅਦ ਵੀ ਕੇਂਦਰੀ ਖੇਡ ਮੰਤਰਾਲੇ ਵਲੋਂ ਦੇਸ਼ ਵਿਚ ਵੱਖ-ਵੱਖ ਖੇਡ ਸਕੀਮਾਂ ਤਹਿਤ ਕਰੋੜਾਂ ਰੁਪਏ ਖਰਚ ਕੀਤੇ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਪਹਿਲੀ ਵਾਰ ਇਹੋ ਜਿਹੀ ਖੇਡ ਸਕੀਮ ਦੇਸ਼ ਦੇ ਖਿਡਾਰੀਆਂ ਲਈ ਬਣੀ ਹੈ, ਜੋ ਸਿੱਧੇ ਤੌਰ 'ਤੇ ਖਿਡਾਰੀਆਂ ਲਈ ਵਰਦਾਨ ਸਿੱਧ ਹੋਵੇਗੀ। ਇਸ ਦੇ ਆਉਣ ਵਾਲੇ ਨਤੀਜਿਆਂ ਦੀ ਭਵਿੱਖਬਾਣੀ ਪਹਿਲਾਂ ਹੀ ਕਰਨਾ ਅਤਿਕਥਨੀ ਹੋਵੇਗੀ। ਪਰ ਜਿਸ ਤਰ੍ਹਾਂ 'ਖੇਲੋ ਇੰਡੀਆ' ਦਾ ਹੋਕਾ ਉੱਚਾ ਹੁੰਦਾ ਜਾ ਰਿਹਾ ਹੈ, ਇਸ ਵਿਚ ਕਿਸੇ ਵੀ ਜਾਗਰੂਕ ਖਿਡਾਰੀ, ਸੰਸਥਾ ਦਾ ਸੁੱਤੇ ਰਹਿਣਾ ਉਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜ੍ਹਾ ਕਰੇਗਾ।
ਜਿਥੋਂ ਤੱਕ ਪੰਜਾਬ ਦੀਆਂ ਖੇਡ ਸੰਸਥਾਵਾਂ, ਸਰਕਾਰੀ ਖੇਡ ਅਦਾਰਿਆਂ ਦੀ 'ਖੇਲੋ ਇੰਡੀਆ' ਬਾਰੇ ਪਹੁੰਚ ਦਾ ਸਵਾਲ ਹੈ, ਇਹ ਅਜੇ ਤੱਕ ਨਕਾਰਾਤਮਕ ਹੀ ਹੈ। ਮਈ, 2016 ਤੋਂ ਭਾਰਤ ਸਰਕਾਰ ਦੇ ਖੇਡ ਮੰਤਾਰਲੇ ਵਲੋਂ ਲਗਾਤਾਰ 'ਖੇਲੋ ਇੰਡੀਆ' ਦੇ ਮਹਾਨ ਖੇਡ ਮਹਾਂਕੁੰਭ ਬਾਰੇ ਲੋਕਾਂ ਨੂੰ ਦੇਸ਼ ਭਰ ਵਿਚ ਜਾਗਰੂਕ ਕੀਤਾ ਗਿਆ ਸੀ। ਪਰ ਖੇਡ ਵਿਭਾਗ ਪੰਜਾਬ, ਸਿੱਖਿਆ ਵਿਭਾਗ ਪੰਜਾਬ, ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਤਿੱਕੜੀ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ ਪੰਜਾਬ ਦੇ ਉੱਭਰਦੇ ਖਿਡਾਰੀ ਇਸ ਮਹਾਂਕੁੰਭ ਵਿਚ ਆਟੇ 'ਚ ਲੂਣ ਦੇ ਬਰਾਬਰ ਹੀ ਹਨ, ਕਿਉਂਕਿ ਇਸ ਦੀ ਚੋਣ 63ਵੀਆਂ ਨੈਸ਼ਨਲ ਸਕੂਲ ਖੇਡਾਂ ਅੰਡਰ-17, ਨੈਸ਼ਨਲ ਓਪਨ ਚੈਂਪੀਅਨਸ਼ਿਪ 2017-18 ਦੀਆਂ ਪਹਿਲੀਆਂ ਚਾਰ ਟੀਮਾਂ ਵਿਚ ਹੋਈ ਸੀ। ਜਿਥੋਂ ਤੱਕ 63ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਪ੍ਰਾਪਤੀਆਂ ਦਾ ਸਵਾਲ ਹੈ, ਪੰਜਾਬ ਦੀਆਂ 'ਖੇਲੋ ਇੰਡੀਆ' ਵਾਲੀਆਂ 16 ਖੇਡਾਂ ਗੈਰ-ਉਲੰਪਿਕ ਖੇਡਾਂ ਦੇ ਭਾਰ ਹੇਠ ਨੱਪੀਆਂ ਗਈਆਂ ਹਨ। ਜਿਹੜੇ ਖਿਡਾਰੀ ਆਪਣੇ ਦਮ-ਖਮ 'ਤੇ ਵਿਅਕਤੀਗਤ ਖੇਡਾਂ ਵਿਚੋਂ ਪਹਿਲੀਆਂ 8 ਪੁਜ਼ੀਸ਼ਨਾਂ 'ਤੇ ਆ ਕੇ ਖੇਡਾਂ ਵਿਚ ਭਾਗ ਲੈਣ ਦੇ ਯੋਗ ਬਣੇ ਹਨ, ਉਸ ਵਿਚ ਸਿੱਖਿਆ ਵਿਭਾਗ ਪੰਜਾਬ ਵਲੋਂ ਸਿਰਫ ਇਕ ਡਾਕੀਆ ਬਣ ਕੇ ਚਿੱਠੀ ਪਹੁੰਚਾਉਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਕੀਤਾ ਗਿਆ। ਖਿਡਾਰੀਆਂ ਦੀ 'ਖੇਲੋ ਇੰਡੀਆ' ਦੀ ਤਿਆਰੀ ਦਾ ਕੋਈ ਕੋਚਿੰਗ ਕੈਂਪ ਨਹੀਂ ਲੱਗਾ, ਖਿਡਾਰੀਆਂ ਬਾਰੇ ਮੀਡੀਆ ਨੂੰ ਕੋਈ ਸਾਰਥਕ ਜਾਣਕਾਰੀ ਨਹੀਂ ਦਿੱਤੀ ਗਈ।
ਪੰਜਾਬ ਦਾ ਖੇਡ ਵਿਭਾਗ ਤਾਂ ਵਿੱਤੀ ਐਮਰਜੈਂਸੀ ਦੀ ਮਾਰ ਹੇਠ ਹੋਣ ਕਰਕੇ ਅਸਲੀ ਨਿਸ਼ਾਨੇ ਤੋਂ ਖੁੰਝਦਾ ਨਜ਼ਰ ਆ ਰਿਹਾ ਹੈ। ਸਾਲ 2017-18 ਸੈਸ਼ਨ ਬੀਤ ਜਾਣ ਦੇ ਬਾਅਦ ਵੀ ਖਿਡਾਰੀਆਂ ਨੂੰ ਕੋਈ ਖੇਡ ਸਮੱਗਰੀ ਨਸੀਬ ਨਹੀਂ ਹੋਈ ਤੇ ਖਿਡਾਰੀਆਂ ਲਈ ਐਲਾਨੀਆਂ ਸਹੂਲਤਾਂ ਦੀ ਦਿੱਲੀ ਵੀ ਅਜੇ ਵੀ ਦੂਰ ਵਿਖਾਈ ਦੇ ਰਹੀ ਹੈ। 'ਖੇਲੋ ਇੰਡੀਆ' ਤਹਿਤ ਪੰਜਾਬ ਨੂੰ ਕੇਂਦਰੀ ਸਕੀਮਾਂ ਦਾ ਕੋਈ ਪਟਾਰਾ ਨਹੀਂ ਖੁੱਲ੍ਹਿਆ। ਇਸ ਲਈ ਵਿਭਾਗ ਆਪਣੇ ਵਿੱਤੀ ਸਰੋਤਾਂ ਦੇ ਸਿਰ 'ਤੇ ਹੀ ਡੰਗ ਟਪਾਈ ਕਰ ਕੇ ਬੁੱਤਾ ਸਾਰ ਰਿਹਾ ਹੈ। ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਵਾਲੀ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਜਾਗਣ ਦਾ ਵੇਲਾ ਅਜੇ ਵੀ ਨਹੀਂ ਆਇਆ ਹੈ। ਇਹ ਐਸੋਸੀਏਸ਼ਨ ਨੈਸ਼ਨਲ ਖੇਡਾਂ ਦੇ ਮੌਕੇ 4 ਸਾਲ ਬਾਅਦ ਕੁੰਭਕਰਨੀ ਨੀਂਦ ਤੋਂ ਜਾਗ ਕੇ ਆਪਣਾ ਕੰਮ ਸਾਰ ਕੇ ਫਿਰ ਉਸੇ ਅਵਸਥਾ ਵਿਚ ਚਲੀ ਜਾਂਦੀ ਹੈ।
ਖੇਡਾਂ ਦੀ ਜਾਗਦੀ ਕੜੀ ਦੀਆਂ ਪਹਿਰੇਦਾਰ ਖੇਡ ਐਸੋਸੀਏਸ਼ਨਾਂ ਹਨ, ਜੋ ਕਿ ਕੁਝ ਵਿਅਕਤੀਆਂ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ, ਕਿਉਂਕਿ ਰਾਜਨੀਤਕ ਲੋਕਾਂ ਤੇ ਨੌਕਰਸ਼ਾਹਾਂ ਦੇ ਕਬਜ਼ੇ ਹੇਠ ਆਈਆਂ ਖੇਡ ਐਸੋਸੀਏਸ਼ਨਾਂ ਦੇ ਖਿਡਾਰੀ ਆਪਣਾ ਭਵਿੱਖ ਸਵਾਰਨ ਲਈ ਆਪਣੀ ਜ਼ਮੀਨ ਖੁਦ ਤਿਆਰ ਕਰ ਰਹੇ ਹਨ। ਖੇਡ ਐਸੋਸੀਏਸ਼ਨਾਂ ਨੂੰ ਸਰਕਾਰੀ ਤੰਤਰ 'ਤੇ ਗਿਲ੍ਹਾ ਹੈ ਕਿ 'ਖੇਲੋ ਇੰਡੀਆ' ਵਿਚ ਪੰਜਾਬ ਦੀ ਹਿੱਸੇਦਾਰੀ ਕਿੰਨੀ ਕੁ ਹੋਵੇ? ਪੰਜਾਬੀ ਖਿਡਾਰੀ ਆਪਣੇ ਮਾਣ-ਸਨਮਾਨ ਨੂੰ ਕਾਇਮ ਕਿਵੇਂ ਰੱਖਣ? ਇਸ ਵਾਸਤੇ ਕਿਸੇ ਵੀ ਸਰਕਾਰੀ ਸੰਸਥਾ ਨੇ ਕੋਈ ਮੁੱਢਲੀ ਚਾਰਾਜੋਈ ਨਹੀਂ ਕੀਤੀ। ਇੱਥੋਂ ਤੱਕ ਕਿ ਪੰਜਾਬੀ ਖਿਡਾਰੀਆਂ ਨੂੰ ਇਕ ਮੰਚ 'ਤੇ ਇਕੱਠੇ ਕਰਨ ਲਈ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕੋਈ ਤਾਲਮੇਲ ਕੇਂਦਰ ਨਾਲ ਤੇ ਆਪਸ ਵਿਚ ਨਹੀਂ ਕੀਤਾ ਗਿਆ ਤੇ ਕੋਈ ਵੀ ਨੋਡਲ ਅਫਸਰ ਇਨ੍ਹਾਂ ਖੇਡਾਂ ਲਈ ਨਹੀਂ ਨਿਯੁਕਤ ਕੀਤਾ ਗਿਆ। ਖਿਡਾਰੀ ਆਪਣੇ ਝੰਡੇ ਤੇ ਡੰਡੇ ਲੈ ਕੇ ਪੰਜਾਬ ਦੇ ਵਾਸੀ ਹੁੰਦੇ ਹੋਏ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ।
ਜਿੱਥੋਂ ਤੱਕ ਕੇਂਦਰ ਸਰਕਾਰ ਵਲੋਂ ਉੱਭਰਦੇ ਖਿਡਾਰੀਆਂ ਲਈ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਸਵਾਲ ਹੈ, ਖੇਡਾਂ ਦੇ ਜਾਣਕਾਰ ਸੂਤਰਾਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ ਕਿ 'ਖੇਲੋ ਇੰਡੀਆ' ਦੇ ਪ੍ਰਤਿਭਾਵਾਨ ਖਿਡਾਰੀਆਂ ਨੂੰ ਆਪਣੀ ਬੁੱਕਲ ਵਿਚ ਸਮੇਟਣ ਲਈ ਦੇਸ਼ ਭਰ ਦੀਆਂ ਜੁਗਾੜੂ ਖੇਡ ਅਕੈਡਮੀਆਂ ਜੋ ਕਾਰਪੋਰੇਟ ਸੈਕਟਰ ਵਲੋਂ ਕਾਲੇ ਧਨ ਨੂੰ ਚਿੱਟਾ ਕਰਨ ਲਈ ਜਨਤਕ ਜ਼ਿੰਮੇਵਾਰੀ ਸਕੀਮ ਅਧੀਨ ਖੋਲ੍ਹੀਆਂ ਜਾ ਰਹੀਆਂ ਹਨ, ਉਨ੍ਹਾਂ ਦੀਆਂ ਬਾਜ਼ ਅੱਖਾਂ ਕਿਤੇ ਪੰਜਾਬ ਦੇ ਗੱਭਰੂਆਂ ਨੂੰ ਪੰਜਾਬ ਤੋਂ ਪ੍ਰਵਾਸ ਨਾ ਕਰਵਾ ਦੇਣ। ਕਿਉਂਕਿ ਭਾਰਤ ਭਰ ਦੇ ਜੁਗਾੜੂ ਕੋਚਾਂ ਦੀਆਂ ਅੱਖਾਂ ਇਨ੍ਹਾਂ ਖੇਡਾਂ ਵਿਚੋਂ ਚੰਗੇ ਖਿਡਾਰੀਆਂ ਨੂੰ ਖਿੱਚਣ ਵੱਲ ਲੱਗੀਆਂ ਹੋਈਆਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਜਾਗਣ ਦੀ ਲੋੜ ਹੈ, ਕਿਉਂਕਿ ਅਜੇ ਸਰਬ ਭਾਰਤੀ ਯੂਨੀਵਰਸਿਟੀ 'ਖੇਲੋ ਇੰਡੀਆ' ਦੇ ਮੁਕਾਬਲੇ ਮਾਰਚ ਮਹੀਨੇ ਹੋਣ ਵਾਲੇ ਹਨ। ਇਸ ਲਈ 'ਖੇਲੋ ਇੰਡੀਆ ਦੇਵੇ ਹੋਕਾ ਜਾਗ ਵੇ ਸੁੱਤਿਆ ਪੰਜਾਬੀ ਲੋਕਾ' ਦੇ ਨਾਅਰੇ 'ਤੇ ਪੰਜਾਬੀ ਭਾਈਚਾਰਾ ਕਿੰਨਾ ਕੁ ਅਮਲ ਕਰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਮੋਬਾ: 98729-78781

ਪਿੰਡ ਦੀ ਗਰਾਊਂਡ 'ਤੇ ਖੇਡ ਕੇ ਭਾਰਤ ਦੀ ਅੰਗਹੀਣ ਟੀਮ ਦਾ ਕਪਤਾਨ ਬਣਿਆ-ਦਿਨੇਸ਼ ਕੁਮਾਰ ਸੈਨ

ਦਿਨੇਸ਼ ਕੁਮਾਰ ਸੈਨ ਭਾਵੇਂ ਅਪਾਹਜ ਹੈ ਪਰ ਉਸ ਅੰਦਰ ਹੌਸਲਾ ਐਨਾ ਵਿਸ਼ਾਲ ਹੈ ਕਿ ਇਕ ਛੋਟੇ ਜਿਹੇ ਪਿੰਡ ਦੀ ਗਰਾਊਂਡ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਆਪਣੀ ਮਿਹਨਤ ਅਤੇ ਲਗਨ ਸਦਕਾ ਅੱਜ ਉਹ ਭਾਰਤ ਦੀ ਅੰਗਹੀਣ ਕ੍ਰਿਕਟ ਟੀਮ ਦਾ ਕਪਤਾਨ ਹੈ, ਇਹ ਹੈ ਦਿਨੇਸ਼ ਦੇ ਹੌਸਲੇ ਦੀ ਵੱਡੀ ਉਡਾਨ। ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਸੋਨੀਪਤ ਦੇ ਪਿੰਡ ਵਲੀ ਕੁਤਬਪੁਰ ਨਿਵਾਸੀ ਦਿਨੇਸ਼ ਕੁਮਾਰ ਸੈਨ ਦਾ ਜਨਮ 31 ਜੁਲਾਈ, 1985 ਨੂੰ ਪਿਤਾ ਇੰਦਰ ਸੈਨ ਪੰਵਾਰ ਦੇ ਘਰ ਮਾਤਾ ਵਿੱਦਿਆ ਦੇਵੀ ਦੀ ਕੁੱਖੋਂ ਹੋਇਆ। ਦਿਨੇਸ਼ ਬਚਪਨ ਤੋਂ ਹੀ ਇਕ ਲੱਤ ਤੋਂ ਪੋਲੀਓਗ੍ਰਸਤ ਹੋਣ ਕਰਕੇ ਇਕ ਪੈਰ ਤੋਂ ਅਪਾਹਜ ਹੈ ਅਤੇ ਲੰਗੜਾਅ ਕੇ ਤੁਰਦਾ ਹੈ ਪਰ ਬਚਪਨ ਤੋਂ ਹੀ ਕ੍ਰਿਕਟ ਦੇ ਬੇਹੱਦ ਜਨੂਨ ਅੱਗੇ ਦਿਨੇਸ਼ ਦੀ ਅਪਾਹਜਤਾ ਵੀ ਅੜਿੱਕਾ ਨਾ ਬਣੀ। ਬਾਪ ਇੰਦਰ ਸੈਨ ਨੇ ਬੇਟੇ ਅੰਦਰ ਕ੍ਰਿਕਟ ਖੇਡਣ ਦੀ ਅਥਾਹ ਭਾਵਨਾ ਵੇਖੀ ਤਾਂ ਬਾਪ ਦੀ ਵਡਿਆਈ ਨੇ ਵੀ ਦਿਨੇਸ਼ ਅੰਦਰ ਹੌਸਲੇ ਦੀ ਇਕ ਹੋਰ ਚਿਣਗ ਜਗਾ ਦਿੱਤੀ।
ਇਥੇ ਹੀ ਬਸ ਨਹੀਂ, ਤਾਏ ਈਸ਼ਵਰ ਸੈਨ ਨੇ ਵੀ ਦਿਨੇਸ਼ ਨੂੰ ਹੋਰ ਥਾਪੜਾ ਦੇ ਦਿੱਤਾ ਅਤੇ ਅੱਜ ਕ੍ਰਿਕਟ ਦੀ ਖੇਡ ਵਿਚ ਦਿਨੇਸ਼ ਜਿਸ ਮੁਕਾਮ 'ਤੇ ਪਹੁੰਚਿਆ ਹੈ, ਉਹ ਪਰਿਵਾਰ ਵਲੋਂ ਮਿਲੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਇਹ ਗੱਲ ਖੁਦ ਦਿਨੇਸ਼ ਵੀ ਮੰਨਦਾ ਹੈ। ਚਾਹੇ ਅੱਤ ਦੀ ਗਰਮੀ ਹੋਵੇ ਜਾਂ ਠੰਢ ਪਰ ਦਿਨੇਸ਼ ਖੇਡ ਦੇ ਮੈਦਾਨ ਵਿਚ ਜੀਅ ਤੋੜ ਮਿਹਨਤ ਕਰਦਾ ਗਿਆ। ਦਿਨੇਸ਼ ਨੇ ਸਾਲ 2003 ਵਿਚ ਇਕ ਕ੍ਰਿਕਟ ਖਿਡਾਰੀ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਸ਼ੁਰੂਆਤੀ ਦੌਰ ਵਿਚ ਉਹ ਹਰਿਆਣਾ ਦੀ ਅੰਗਹੀਣ ਕ੍ਰਿਕਟ ਟੀਮ ਵਿਚ ਖੇਡਣ ਲੱਗਿਆ ਅਤੇ ਬਿਹਾਰ ਵਿਚ ਹੋਏ ਇੰਟਰ ਸਟੇਟ ਕ੍ਰਿਕਟ ਮੁਕਾਬਲਿਆਂ ਵਿਚ ਦਿਨੇਸ਼ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਗਾਤਾਰ ਹੀ ਦਿਨੇਸ਼ ਵਲੋਂ ਕੀਤੇ ਜਾਂਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਆਖਰ ਹਰਿਆਣਾ ਦੀ ਕ੍ਰਿਕਟ ਟੀਮ ਦੀ ਕਪਤਾਨੀ ਦਾ ਤਾਜ ਵੀ ਦਿਨੇਸ਼ ਦੇ ਸਿਰ ਆ ਸਜਿਆ। ਦਿਨੇਸ਼ ਲਈ ਖੁਸ਼ੀ ਉਸ ਸਮੇਂ ਹੋਰ ਦੁੱਗਣੀ ਹੋ ਗਈ, ਜਦੋਂ ਉਸ ਦੀ ਚੋਣ ਭਾਰਤ ਦੀ ਅੰਗਹੀਣ ਕ੍ਰਿਕਟ ਟੀਮ ਵਿਚ ਹੋ ਗਈ ਅਤੇ ਦਿਨੇਸ਼ ਅੱਜ ਭਾਰਤ ਦੀ ਕ੍ਰਿਕਟ ਟੀਮ ਦਾ ਕਪਤਾਨ ਹੈ। ਦਿਨੇਸ਼ ਨੇ ਫ਼ਾਸਟ ਬੌਲਰ ਵਜੋਂ ਖੇਡਦਿਆਂ ਬਤੌਰ ਕਪਤਾਨ ਆਪਣੀ ਟੀਮ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ਵਿਚ ਅਨੇਕ ਜਿੱਤਾਂ ਹਾਸਲ ਕਰਵਾਈਆਂ।
ਦਿਨੇਸ਼ ਕੁਮਾਰ ਸੈਨ ਆਪਣੀ ਟੀਮ ਸਮੇਤ ਬੰਗਲਾਦੇਸ਼, ਅਫਗਾਨਿਸਤਾਨ, ਪਾਕਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਨਾਲ ਅਨੇਕ ਮੈਚ ਖੇਡ ਚੁੱਕਾ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ 2019 ਵਿਚ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ 'ਤੇ ਟਿਕੀਆਂ ਹੋਈਆਂ ਹਨ ਅਤੇ ਉਹ ਵਰਲਡ ਕੱਪ ਉੱਪਰ ਆਪਣਾ ਕਬਜ਼ਾ ਜਮਾਉਣ ਲਈ ਜਾਹੋ ਜਲਾਲ ਨਾਲ ਤਿਆਰੀ ਵਿਚ ਲੱਗਾ ਹੋਇਆ। ਐਨਾ ਖੇਡਣ ਦੇ ਬਾਵਜੂਦ ਵੀ ਦਿਨੇਸ਼ ਅਫ਼ਸੋਸ ਨਾਲ ਆਖਦਾ ਹੈ ਕਿ ਕੇਂਦਰ ਸਰਕਾਰ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਦੇਣ ਦੇ ਜੋ ਦਾਅਵੇ ਕਰਦੀ ਹੈ, ਉਸ ਦੀ ਹਕੀਕਤ ਇਹ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਸਰਕਾਰ ਅਪਾਹਜ ਖਿਡਾਰੀਆਂ ਲਈ ਕੁਝ ਨਹੀਂ ਕਰ ਰਹੀ ਅਤੇ ਜੇਕਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕੋਲ ਜਾ ਕੇ ਆਪਣਾ ਹੱਕ ਮੰਗਦੇ ਹਾਂ ਤਾਂ ਉਹ ਕੇਂਦਰ ਸਰਕਾਰ ਕੋਲ ਭੇਜ ਦਿੰਦੇ ਹਨ ਅਤੇ ਅਸੀਂ ਅਪਾਹਜ ਖਿਡਾਰੀ ਉਨ੍ਹਾਂ ਦੋਵਾਂ ਵਿਚਕਾਰ ਪਿਸਦੇ ਆ ਰਹੇ ਹਾਂ, ਜਦਕਿ ਅਸੀਂ ਵੀ ਦੇਸ਼ ਦੇ ਦੂਸਰੇ ਖਿਡਾਰੀਆਂ ਵਾਂਗ ਦੇਸ਼ ਲਈ ਖੇਡ ਕੇ ਦੇਸ਼ ਦਾ ਨਾਂਅ ਚਮਕਾ ਰਹੇ ਹਾਂ। ਦਿਨੇਸ਼ ਕੁਮਾਰ ਹਮੇਸ਼ਾ ਰਿਣੀ ਰਹਿੰਦਾ ਹੈ ਆਪਣੇ ਗੁਰੂ ਸੰਜੇ ਭਾਰਦਵਾਜ, ਕੋਚ ਲਾਲ ਬਹਾਦਰ ਸ਼ਾਸਤਰੀ ਕਲੱਬ ਦਿੱਲੀ ਦਾ ਜਿਨ੍ਹਾਂ ਦੀ ਯੋਗ ਰਹਿਨੁਮਾਈ ਸਦਕਾ ਹੀ ਉਹ ਕ੍ਰਿਕਟ ਜਗਤ ਵਿਚ ਮੰਜ਼ਿਲਾਂ ਸਰ ਕਰ ਰਿਹਾ ਹੈ।


ਮੋਗਾ। ਮੋਬਾ: 98551-14484

2017 ਦੀ ਕਬੱਡੀ ਦੇ ਅੰਗ-ਸੰਗ

ਹਿੰਦੁਸਤਾਨ ਵਿਚ ਕਬੱਡੀ ਦੀ ਖੇਡ 'ਤੇ ਛਾਇਆ ਰਿਹਾ ਕਾਲਾ ਪ੍ਰਛਾਵਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਬੱਡੀ ਨੂੰ ਸਦਮੇ
ਸਾਲ 2017 ਵਿਚ ਕਬੱਡੀ ਖੇਡ ਜਗਤ ਦਾ ਧਾਵੀ ਤੇਜੀ ਨਿਜਾਮਪੁਰ, ਸੀਰਾ ਹਠੂਰ, ਟਾਈਗਰ ਸਾਂਦਰਾ, ਜੈੱਟ ਬਾਸੀ, ਰੱਤੂ ਟਿੱਬਾ, ਖੇਡ ਪ੍ਰਮੋਟਰ ਮੇਜਰ ਸਮਰਾ, ਅਮਰਜੀਤ ਸਿੰਘ ਬਾਊ ਵਿਰਕ, ਖੇਡ ਸੰਚਾਲਕ ਗੁਰਦੀਪ ਸਿੰਘ ਮੱਲ੍ਹੀ ਤੇ ਮੰਚ ਸੰਚਾਲਕ ਪ੍ਰੇਮ ਸਿੰਘ ਪ੍ਰੇਮੀ ਬਡਬਰ ਸਦੀਵੀ ਵਿਛੋੜਾ ਦੇ ਗਏ।
ਇੰਗਲੈਂਡ ਵਿਚ ਕਬੱਡੀ
ਪਿਛਲੇ ਕਈ ਸਾਲਾਂ ਤੋਂ ਆਪਸੀ ਖਹਿਬਾਜ਼ੀ ਦਾ ਸ਼ਿਕਾਰ ਹੋਈ ਯੂ.ਕੇ. ਦੀ ਕਬੱਡੀ ਨੂੰ ਇਸ ਸਾਲ ਦੁਬਾਰਾ ਬੂਰ ਪਿਆ, ਜਿਸ ਵਿਚ ਚੜ੍ਹਦੇ-ਲਹਿੰਦੇ ਪੰਜਾਬ ਦੇ ਖਿਡਾਰੀ ਖੇਡਦੇ ਨਜ਼ਰ ਆਏ।
ਯੂਰਪ ਤੇ ਅਮਰੀਕਾ ਦੀ ਕਬੱਡੀ
ਹੋਰਨਾਂ ਦੇਸ਼ਾਂ ਵਾਂਗ ਯੂਰਪ ਤੇ ਯੂ.ਐਸ.ਏ. ਵਿਚ ਵੀ ਕਬੱਡੀ ਦੀ ਧਮਾਲ ਦੇਖਣ ਨੂੰ ਮਿਲੀ। ਯੂਰਪ ਦੀ ਕਬੱਡੀ ਵਿਚ ਦੀਪਾ ਖਾਈ ਬੈਸਟ ਰੇਡਰ ਤੇ ਕੁਲਦੀਪ ਸ਼ਿਕਾਰ ਮਾਛੀਆਂ ਬੈਸਟ ਜਾਫੀ ਬਣੇ। ਅਮਰੀਕਾ ਵਿਚ ਨਵੀਂ ਬਣੀ ਟਰੰਪ ਸਰਕਾਰ ਨੇ ਕਬੱਡੀ ਵਾਲਿਆਂ ਨੂੰ ਕੁਝ ਨਿਰਾਸ਼ ਕਰ ਦਿੱਤਾ। ਇਸ ਸਾਲ ਜਿੱਥੇ ਅਮਰੀਕਾ ਜਾਣ ਦੇ ਚਾਹਵਾਨ ਨਵੇਂ ਖਿਡਾਰੀਆਂ ਨੂੰ ਵੀਜ਼ੇ ਨਹੀਂ ਮਿਲੇ, ਉੱਥੇ ਪਹਿਲਾਂ ਤੋਂ ਸਫ਼ਰ ਕਰ ਰਹੇ ਕੁਝ ਖਿਡਾਰੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ।
ਕੈਨੇਡਾ ਵਿਚ ਕਬੱਡੀ
ਪੰਜਾਬੀਆਂ ਦੀ ਖੇਡ ਕਬੱਡੀ ਨੂੰ ਸਭ ਤੋਂ ਵੱਧ ਅਮੀਰੀ ਬਖਸ਼ਣ ਵਾਲਾ ਮੁਲਕ ਕੈਨੇਡਾ ਤੇ ਇਸ ਦੇ ਖੇਡ ਪ੍ਰਬੰਧਕ ਧੜੇਬੰਦੀ ਦਾ ਸ਼ਿਕਾਰ ਹਨ। ਇਸ ਸਾਲ ਓਂਟਾਰੀਓ ਦੀ ਖੇਡ ਫੈਡਰੇਸ਼ਨ ਜਿੱਥੇ ਇਕੱਠੀ ਹੋਈ ਦਿਖਾਈ ਦਿੱਤੀ, ਉੱਥੇ ਬੀ.ਸੀ. ਵਿਚ ਇਕੋ ਸਮੇਂ ਤਿੰਨ ਫੈਡਰੇਸ਼ਨਾਂ ਦੇ ਮੈਚ ਵੀ ਹੋਏ, ਜਿਸ ਨੇ ਜਿੱਥੇ ਦਰਸ਼ਕਾਂ ਦੀ ਦਿਲਚਸਪੀ ਘਟਾ ਦਿੱਤੀ, ਉੱਥੇ ਕਬੱਡੀ ਖਿਡਾਰੀਆਂ ਦੇ ਮੁਕਾਬਲਿਆਂ ਨੂੰ ਵੀ ਪ੍ਰਭਾਵਿਤ ਕੀਤਾ।
ਲੜਕੀਆਂ ਦੀ ਕਬੱਡੀ
ਵਰਲਡ ਕੱਪ ਤੋਂ ਬਾਅਦ ਨਵੰਬਰ ਮਹੀਨੇ ਵਿਚ ਇਸ ਸਾਲ ਮਨੀਲਾ (ਫਿਲਪਾਈਨਜ਼) ਵਿਚ ਲੜਕੀਆਂ ਦਾ ਅੰਤਰਰਾਸ਼ਟਰੀ ਕਬੱਡੀ ਕੱਪ ਖੇਡਿਆ ਗਿਆ, ਜਿਸ ਵਿਚ ਭਾਰਤ ਜੇਤੂ ਰਿਹਾ। ਇਸ ਟੂਰਨਾਮੈਂਟ ਵਿਚ ਵਿਸ਼ਵ ਕੱਪ ਦੀਆਂ ਚੈਂਪੀਅਨ ਖਿਡਾਰਨਾਂ ਨੇ ਭਾਗ ਲਿਆ। ਯੂ.ਐਸ.ਏ. ਟੀਮ ਦੀ ਕਪਤਾਨ ਗੁਰਅੰਮ੍ਰਿਤ ਹਰੀ ਖ਼ਾਲਸਾ ਨੂੰ ਲਖਬੀਰ ਸਹੋਤਾ ਨੇ ਸੋਨ ਤਗਮਾ ਪਾ ਕੇ ਸਨਮਾਨਿਤ ਕੀਤਾ। ਉੱਥੇ ਭਾਰਤ ਦੀ ਵਿਸ਼ਵ ਕੱਪ ਜੇਤੂ ਖਿਡਾਰਨ ਰਣਦੀਪ ਕੌਰ ਯੂ.ਐਸ.ਏ. ਵਿਖੇ ਹੋਈਆਂ ਪੁਲਿਸ ਖੇਡਾਂ 'ਚ ਕੁਸ਼ਤੀ 'ਚ ਸੋਨ ਤਗਮਾ ਜਿੱਤਣ ਵਿਚ ਕਾਮਯਾਬ ਹੋਈ।
ਨਵੀਆਂ ਅਕੈਡਮੀਆਂ ਦਾ ਆਗਮਨ
ਇਸ ਸਾਲ ਕਈ ਨਵੀਆਂ ਟੀਮਾਂ ਦਾ ਕਬੱਡੀ ਦਾ ਆਗਮਨ ਹੋਇਆ, ਜਿਨ੍ਹਾਂ ਵਿਚ ਆਜ਼ਾਦ ਐਡਮਿੰਟਨ ਕਲੱਬ ਘੱਲ ਕਲਾਂ, ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆਂ, ਬਾਬਾ ਨੰਦ ਸਿੰਘ ਕਲੱਬ ਨਾਨਕਸਰ ਕਲੇਰਾਂ, ਬਾਬਾ ਫੱਲੂ ਪੀਰ ਕਲੱਬ ਰੌਣੀ, ਬਾਬਾ ਸੁਖਚੈਨ ਸਾਹਿਬ ਕਲੱਬ ਫਗਵਾੜਾ, ਸ਼ਹੀਦ ਜਸਵੰਤ ਸਿੰਘ ਖਾਲੜਾ ਅਕੈਡਮੀ, ਕੈਲੇਫੋਰਨੀਆ ਈਗਲ ਕਲੱਬ ਮਾਣੂੰਕੇ, ਚੰਦਰ ਸ਼ੇਖਰ ਆਜ਼ਾਦ ਕਲੱਬ ਹਰਿਆਣਾ ਆਦਿ ਨਵੀਆਂ ਟੀਮਾਂ ਦਾ ਆਗਮਨ ਹੋਇਆ ਹੈ। ਇਨ੍ਹਾਂ ਟੀਮਾਂ ਨੇ ਬਹੁਤ ਸਾਰੇ ਕਬੱਡੀ ਸਟਾਰ ਖਿਡਾਰੀਆਂ ਨੂੰ ਵੱਖ-ਵੱਖ ਟੀਮਾਂ 'ਚੋਂ ਲਿਆ ਕੇ ਇਨ੍ਹਾਂ ਟੀਮਾਂ ਵਿਚ ਖੜ੍ਹੇ ਕਰ ਦਿੱਤਾ ਹੈ, ਜਿਸ ਨਾਲ ਦੋਵੇਂ ਫੈਡਰੇਸ਼ਨਾਂ ਕੋਲ ਕਬੱਡੀ ਕੱਪਾਂ ਦੀ ਗਿਣਤੀ ਵਧੀ ਹੈ।
ਪਿੰਡਾਂ ਵਿਚਲੀ ਕਬੱਡੀ ਤੋਂ
ਲੋਕ ਹੋਏ ਨਿਰਾਸ਼
ਪੰਜਾਬ ਦੇ ਪਿੰਡਾਂ ਵਿਚ ਸਰਕਲ ਸਟਾਈਲ ਕਬੱਡੀ ਦਾ ਬਜਟ ਭਾਵੇਂ ਲੱਖਾਂ 'ਚ ਪੁੱਜ ਗਿਆ ਹੈ ਪਰ ਅਨੁਸ਼ਾਸਨ ਤੇ ਮਿਆਰੀ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਕਬੱਡੀ ਕਰਾਉਣ ਵਾਲੇ ਔਖੇ ਨਜ਼ਰ ਆਏ, ਉੱਥੇ ਦਰਸ਼ਕਾਂ ਵਿਚ ਨਿਰਾਸ਼ਾ ਦਾ ਆਲਮ ਦੇਖਣ ਨੂੰ ਮਿਲਿਆ, ਜਿਸ ਕਾਰਨ ਪਿੰਡਾਂ ਵਿਚਲੇ ਟੂਰਨਾਮੈਂਟਾ 'ਤੇ ਇਸ ਸਾਲ ਦਰਸ਼ਕਾਂ ਦੀ ਗਿਣਤੀ ਘਟਦੀ ਨਜ਼ਰ ਆਈ। ਕਬੱਡੀ ਦੇ ਕੋਈ ਠੋਸ ਨਿਯਮ ਨਾ ਹੋਣ ਕਾਰਨ ਹਰ ਕੋਈ ਕਬੱਡੀ ਨੂੰ ਆਪੋ-ਧਾਪੀ ਖਿੱਚੀ ਫਿਰਦਾ ਹੈ, ਜਿਸ ਕਰਕੇ ਕਬੱਡੀ ਦਾ ਅੰਦਰੂਨੀ ਪ੍ਰਬੰਧ ਵਿਗੜਦਾ ਜਾ ਰਿਹਾ ਹੈ। ਲੋੜ ਹੈ ਇਸ ਖੇਡ ਦੇ ਸੰਚਾਲਕਾਂ ਨੂੰ ਇਕ ਚੰਗਾ ਖਰੜਾ ਤਿਆਰ ਕਰਨ ਦੀ।
(ਸਮਾਪਤ)


-ਕਬੱਡੀ ਕੁਮੈਂਟੇਟਰ। ਮੋਬਾ: 98724-59691

ਕੌਮੀ ਹਾਕੀ ਤੋਂ ਪ੍ਰਭਾਵਸ਼ਾਲੀ ਨਤੀਜੇ ਮਿਲਣ ਦੀ ਆਸ ਬੱਝੀ

ਅਸੀਂ ਹੁਣ ਕਹਿ ਸਕਦੇ ਹਾਂ ਕਿ ਵਿਸ਼ਵ ਕੱਪ ਹਾਕੀ 2018 ਲਈ ਘਰੇਲੂ ਮੈਦਾਨ ਭੁਵਨੇਸ਼ਵਰ ਵਿਖੇ ਉਸ਼ਨਿਆ ਅਤੇ ਯੂਰਪੀਨ ਮਹਾਂਦੀਪ ਦੀਆਂ ਟੀਮਾਂ ਦੇ ਰੂਬਰੂ ਸਖਤ ਚੁਣੌਤੀ ਬਣ ਸਕਦੀ ਹੈ। ਇਸ ਗੱਲ ਦੀ ਗਵਾਹੀ ਦਿੱਤੀ ਹੈ 2017 ਦੇ ਹਾਕੀ ਵਰਲਡ ਲੀਗ ਫਾਈਨਲ ਦੇ ਮੈਚਾਂ ਨੇ। ਭਾਵੇਂ ਕੁਝ ਤਰੁੱਟੀਆਂ ਦੇਖੀਆਂ ਗਈਆਂ ਹਨ ਪਰ ਭਵਿੱਖ ਵਿਚ ਇਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
2017 ਦੇ ਇਸ ਹਾਕੀ ਵਰਲਡ ਲੀਗ ਫਾਈਨਲਜ਼ ਦੇ ਮੈਚਾਂ ਦਾ ਜੋ ਭਾਰਤੀ ਟੀਮ ਨੇ ਆਸਟ੍ਰੇਲੀਆ, ਇੰਗਲੈਂਡ, ਬੈਲਜ਼ੀਅਮ, ਅਰਜਨਟੀਨਾ ਵਿਰੁੱਧ ਖੇਡੇ, ਗਹੁ ਨਾਲ ਜੇ ਅਧਿਐਨ ਕਰੀਏ ਤਾਂ ਪਤਾ ਲਗਦਾ ਹੈ ਕਿ ਪੈਨਲਟੀ ਕਾਰਨਰ ਵਿਭਾਗ ਸਾਡੀ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਫੀਲਡ ਗੋਲਾਂ ਦੀ ਕਮੀ 'ਚ ਪੈਨਲਟੀ ਕਾਰਨਰ ਰਾਹੀਂ ਗੋਲ ਅੰਤਲੇ ਛਿਣਾਂ 'ਚ ਵੀ ਮੈਚ ਦਾ ਪਾਸਾ ਪਲਟ ਕੇ ਰੱਖ ਦਿੰਦਾ ਹੈ। ਇਸੇ ਵਿਭਾਗ 'ਚ ਸਾਡੇ ਡਰੈਗ ਫਲਿਕਰਾਂ ਨੂੰ ਕਾਫੀ ਮਿਹਨਤ ਦੀ ਲੋੜ ਹੈ। ਹਾਕੀ ਇੰਡੀਆ ਇਸ ਪੱਖੋਂ ਹਰ ਟੂਰਨਾਮੈਂਟ 'ਚ ਨਵੇਂ-ਨਵੇਂ ਤਜਰਬੇ ਤਾਂ ਕਰ ਰਹੀ ਹੈ। ਬਦਲਵੇਂ ਖਿਡਾਰੀ ਵੀ ਪਰਖ ਰਹੀ ਹੈ ਪਰ ਨਤੀਜੇ ਅਜੇ ਵੀ ਪ੍ਰਭਾਵਸ਼ਾਲੀ ਨਹੀਂ ਮਿਲ ਰਹੇ। ਇਸ ਪੱਖੋਂ ਵਧੇਰੇ ਗੰਭੀਰ ਹੋਣ ਦੀ ਲੋੜ ਹੈ।
ਪਿਛਲੇ ਪੰਦਰਾਂ ਸਾਲਾਂ ਦੀ ਵਿਸ਼ਵ ਹਾਕੀ ਦਾ ਜੇ ਰਿਕਾਰਡ ਦੇਖੀਏ ਤਾਂ ਪਤਾ ਲਗਦਾ ਹੈ ਕਿ ਅਰਜਨਟੀਨਾ ਅਤੇ ਬੈਲਜ਼ੀਅਮ, ਪੈਨ-ਅਮਰੀਕਨ ਅਤੇ ਯੂਰਪੀਨ ਮਹਾਂਦੀਪ ਦੀਆਂ ਦੋ ਅਜਿਹੀਆਂ ਟੀਮਾਂ ਹਨ, ਜਿਨ੍ਹਾਂ ਨੇ ਵਿਸ਼ਵ ਪੱਧਰੀ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਨਾਲ ਹਾਕੀ ਸੰਸਾਰ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਦੋਵੇਂ ਦੇਸ਼ਾਂ ਦੀ ਹਾਕੀ ਭਾਰਤੀ ਹਾਕੀ ਲਈ ਪ੍ਰੇਰਨਾ ਸਰੋਤ ਬਣਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਜਰਮਨੀ ਹੀ ਛਾਏ ਰਹੇ। 2017 ਦੇ ਇਸ ਐਡੀਸ਼ਨ 'ਚ ਆਸਟ੍ਰੇਲੀਆ ਨੂੰ ਪਹਿਲਾ, ਅਰਜਨਟੀਨਾ ਨੂੰ ਦੂਜਾ, ਭਾਰਤ ਨੂੰ ਤੀਜਾ, ਜਰਮਨੀ ਨੂੰ ਚੌਥਾ, ਬੈਲਜ਼ੀਅਮ ਨੂੰ ਪੰਜਵਾਂ, ਸਪੇਨ ਨੂੰ ਛੇਵਾਂ, ਨੀਦਰਲੈਂਡ ਨੂੰ ਸੱਤਵਾਂ ਅਤੇ ਇੰਗਲੈਂਡ ਨੂੰ ਅੱਠਵਾਂ ਸਥਾਨ ਮਿਲਿਆ। ਦੁਨੀਆ ਦੀਆਂ ਧੜੱਲੇਦਾਰ ਟੀਮਾਂ ਜੋ ਵਿਸ਼ਵ ਕੱਪ-2018 ਲਈ ਤਿਆਰੀਆਂ ਕਰ ਰਹੀਆਂ ਹਨ, ਇਸ ਟੂਰਨਾਮੈਂਟ 'ਚ ਉਨ੍ਹਾਂ ਦਾ ਜੋ ਪ੍ਰਦਰਸ਼ਨ ਰਿਹਾ ਹੈ, ਉਸ ਪੱਖੋਂ ਸਾਨੂੰ ਭਾਰਤੀ ਟੀਮ ਦੀ ਪ੍ਰਾਪਤੀ ਮਾਣਮੱਤੀ ਲਗਦੀ ਹੈ। ਇਸ ਅਹਿਮ ਟੂਰਨਾਮੈਂਟ 'ਚ ਭਾਵੇਂ ਭਾਰਤੀ ਟੀਮ ਨੇ ਜ਼ਿਆਦਾ ਜਿੱਤਾਂ ਹਾਸਲ ਨਹੀਂ ਕੀਤੀਆਂ ਪਰ ਫੈਸਲਾਕੁੰਨ ਮੈਚਾਂ 'ਚ ਉਸ ਦੇ ਪ੍ਰਦਰਸ਼ਨ ਨੇ ਖੇਡ ਪ੍ਰੇਮੀਆਂ ਦਾ ਦਿਲ ਜਿੱਤਿਆ ਹੈ।
ਸਨਸਨੀਖੇਜ਼ ਮੈਚਾਂ 'ਚ ਭਾਰਤੀ ਟੀਮ ਦਾ ਫਤਹਿਯਾਬ ਬਣਨਾ ਉਸ ਦੀ ਮਾਨਸਿਕ ਕਰੜਾਈ ਅਤੇ ਮਨੋਵਿਗਿਆਨਕ ਕਮਜ਼ੋਰੀਆਂ ਤੋਂ ਨਜਾਤ ਹਾਸਲ ਕਰਨ ਦੀ ਗਵਾਹੀ ਵੀ ਭਰਦਾ ਹੈ। ਖਾਸ ਕਰਕੇ ਬੈਲਜ਼ੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚਣਾ। ਕੁਝ ਚਿਰ ਪਹਿਲਾਂ ਭਾਰਤੀ ਟੀਮ ਨੇ ਢਾਕਾ (ਬੰਗਲਾਦੇਸ਼) ਵਿਖੇ ਏਸ਼ੀਆ ਕੱਪ ਜਿੱਤਿਆ, ਜਿਸ ਨੇ ਚੰਗੀਆਂ ਸੰਭਾਵਨਾਵਾਂ ਪੈਦਾ ਕੀਤੀਆਂ। ਗੌਰਤਲਬ ਹੈ ਕਿ ਕੋਚ ਰੋਏਲੈਟ ਓਲਟਮੈਜ ਤੋਂ ਬਾਅਦ ਨਵਨਿਯੁਕਤ ਕੋਚ ਸ਼ੋਅਰਡ ਮਰਿਨੇ ਦਾ ਭਾਰਤੀ ਟੀਮ ਨਾਲ ਜੁੜਨਾ ਲਾਹੇਵੰਦ ਸਾਬਤ ਹੋ ਰਿਹਾ ਹੈ। ਵਿਸ਼ਵ ਕੱਪ ਹਾਕੀ 2018 ਤੱਕ ਕੋਚ ਪੂਰੀ ਤਰ੍ਹਾਂ ਵੱਖ-ਵੱਖ ਖਿਡਾਰੀਆਂ ਨੂੰ ਸਮਝ ਲਵੇਗਾ। ਅਸੀਂ ਆਸ ਕਰਦੇ ਹਾਂ ਕਿ ਕੋਚਾਂ ਅਤੇ ਖਿਡਾਰੀਆਂ ਦਾ ਇਹ ਤਾਲਮੇਲ ਭਵਿੱਖ 'ਚ ਹਰ ਵਿਭਾਗ 'ਚ ਵਧੀਆ ਨਤੀਜੇ ਪੈਦਾ ਕਰੇਗਾ। ਕਾਂਸੀ ਨੂੰ ਚਾਂਦੀ 'ਚ ਅਤੇ ਚਾਂਦੀ ਨੂੰ ਸੋਨੇ ਵਿਚ ਬਦਲਣ ਵਾਸਤੇ ਜਿਥੇ ਮਿਹਨਤ ਦੀ ਲੋੜ ਹੈ, ਨਾਲ ਹੀ ਵਕਤ ਵੀ ਲੱਗੇਗਾ।
ਜਿਵੇਂ ਸਾਡੇ ਸਟਰਾਈਕਰਾਂ ਨੂੰ ਆਪਣੇ ਹਮਲਿਆਂ 'ਚ ਹੋਰ ਤਿੱਖਾਪਣ ਲਿਆਉਣ ਦੀ ਲੋੜ ਹੈ, ਕਾਊਂਟਰ ਅਟੈਕ ਲਈ ਰਣਨੀਤੀ 'ਚ ਸੁਧਾਰ ਕਰਨ ਦੀ ਲੋੜ ਹੈ। ਨਾਜ਼ੁਕ ਪਲਾਂ 'ਚ ਹਰੇ, ਪੀਲੇ ਕਾਰਡ ਨੂੰ ਲੈਣ ਤੋਂ ਗੁਰੇਜ਼ ਕਰਨ ਲਈ, ਮੈਦਾਨੀ ਪਲਾਂ ਅੰਦਰ ਵਧੇਰੇ ਚੌਕੰਨਾ ਹੋ ਕੇ ਖੇਡਣ ਦੀ ਲੋੜ ਹੈ। ਸਾਡੀ ਟੀਮ ਦਾ ਗੋਲਕੀਪਿੰਗ ਵਿਭਾਗ ਭਰੋਸੇਯੋਗ ਕੰਮ ਕਰ ਰਿਹਾ ਹੈ। ਰੱਖਿਆਤਮਕ ਪੰਕਤੀ 'ਚ ਵੱਖਰੇ-ਵੱਖਰੇ ਖਿਡਾਰੀਆਂ ਨੂੰ ਪਰਖਿਆ ਜਾ ਰਿਹਾ ਹੈ, ਜਿਸ ਦੇ ਵਿਸ਼ਵ ਕੱਪ ਹਾਕੀ 2018 ਤੱਕ ਪ੍ਰਭਾਵਸ਼ਾਲੀ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਭਾਰਤੀ ਹਾਕੀ ਟੀਮ ਨੇ ਹਾਕੀ ਵਰਲਡ ਲੀਗ ਫਾਈਨਲਜ਼ 'ਚ ਆਪਣੇ ਪ੍ਰਦਰਸ਼ਨ ਨਾਲ ਜੋ ਆਸ ਪੈਦਾ ਕੀਤੀ ਹੈ, ਉਸ ਦੇ ਨਾਲ-ਨਾਲ ਦੇਸ਼ ਵਾਸੀਆਂ ਅਤੇ ਮੀਡੀਏ ਨੂੰ ਵੀ ਕੌਮੀ ਖੇਡ ਨੂੰ ਉਭਾਰਨ ਲਈ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ। ਜੇ ਜਿੱਤਾਂ ਨਾਲ ਹੀ ਕਿਸੇ ਖੇਡ ਦੀ ਅਵਾਮ 'ਚ ਰੁਚੀ ਵਧਦੀ ਹੈ ਤਾਂ ਉਸ ਪੱਖੋਂ ਸਾਡੀ ਕੌਮੀ ਟੀਮ ਨੂੰ ਹੁਣ ਅਵਾਮ ਦੀ, ਮੀਡੀਏ ਦੀ ਵੀ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ, 2018 ਦੇ ਵਿਸ਼ਵ ਕੱਪ ਲਈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

2017 ਦੀ ਕਬੱਡੀ ਦੇ ਅੰਗ-ਸੰਗ

ਹਿੰਦੁਸਤਾਨ ਵਿਚ ਕਬੱਡੀ ਦੀ ਖੇਡ 'ਤੇ ਛਾਇਆ ਰਿਹਾ ਕਾਲਾ ਪ੍ਰਛਾਵਾਂ

ਨਵੰਬਰ, 2016 ਵਿਚ ਹੋਈ ਨੋਟਬੰਦੀ ਨੇ ਪੰਜਾਬ ਦੀ ਧਰਤੀ 'ਤੇ ਹੋਣ ਵਾਲੇ ਕਬੱਡੀ ਸੀਜ਼ਨ 2017 ਦਾ ਹੁਸਨ ਹੀ ਖੋਹ ਲਿਆ। ਨਕਦੋ-ਨਕਦੀ ਦੀ ਖੇਡ ਕਬੱਡੀ ਦੇ ਹੋਣ ਵਾਲੇ ਟੂਰਨਾਮੈਂਟਾਂ ਨੂੰ ਕਰਾਉਣ ਦੇ ਚਾਹਵਾਨ ਇਸ ਸਾਲ ਪੈਸੇ ਦੀ ਕਮੀ ਕਾਰਨ ਮਾਯੂਸ ਦਿਖਾਈ ਦਿੱਤੇ। ਮਾਲਵਾ ਤੇ ਮਾਝੇ ਵਿਚ ਇਸ ਸਾਲ ਦੇ ਸ਼ੁਰੂ ਵਿਚ ਨਾਮਾਤਰ ਖੇਡ ਮੇਲੇ ਹੀ ਹੋਏ। ਪਰ ਪ੍ਰਵਾਸੀਆਂ ਦੀ ਧਰਤੀ ਦੁਆਬੇ ਦੇ ਕਈ ਟੂਰਨਾਮੈਂਟ ਲੱਖਾਂ ਦੀਆਂ ਰੇਡਾਂ ਤੇ ਜੱਫਿਆਂ ਦੀ ਹਲਚਲ ਪੈਦਾ ਕਰ ਗਏ। ਪੈਸੇ ਦੀ ਖੜੋਤ ਤੇ ਕਬੱਡੀ ਵਿਚ ਘਟ ਰਹੇ ਅਨੁਸ਼ਾਸਨ ਕਾਰਨ ਇਸ ਸਾਲ ਕਬੱਡੀ ਕਰਾਉਣ ਵਾਲੇ ਪ੍ਰਬੰਧਕ ਆਪਣੇ ਖਿੱਤੇ ਦੀ ਖੇਡ ਤੋਂ ਬੇਮੁੱਖ ਜਾਪੇ। ਵਿਧਾਨ ਸਭਾ ਚੋਣਾਂ 'ਚ ਰੁੱਝੇ ਵਧੇਰੇ ਪੰਜਾਬੀਆਂ ਨੇ ਜਿੱਥੇ ਇਸ ਸੀਜ਼ਨ 'ਚ ਕਬੱਡੀ ਨੂੰ ਵਧੇਰੇ ਤਰਜੀਹ ਨਹੀਂ ਦਿੱਤੀ, ਉੱਥੇ ਵਧੇਰੇ ਟੂਰਨਾਮੈਂਟ 3 ਜਾਂ 2 ਦਿਨ ਹੋਣ ਦੀ ਬਜਾਏ ਇਕ ਦਿਨ 'ਚ ਹੀ ਸਮੇਟੇ ਗਏ। ਇਸ ਸਾਰੇ ਵਰਤਾਰੇ ਨੂੰ ਲੈ ਕੇ ਗੱਲ ਕਰਦੇ ਹਾਂ ਲੰਘ ਗਏ ਵਰ੍ਹੇ 2017 ਦੀ ਕਬੱਡੀ ਬਾਰੇ।
ਨੋਟਬੰਦੀ ਦਾ ਮਾੜਾ ਪ੍ਰਭਾਵ
2016 ਦੇ ਅਖੀਰ 'ਚ ਹੋਈ ਨੋਟਬੰਦੀ ਨੇ ਚੜ੍ਹਦੇ ਸਾਲ ਹੀ ਜਿੱਥੇ ਪੂਰੇ ਦੇਸ਼ ਦੀ ਆਰਥਿਕ ਹਾਲਤ ਤਰਸਯੋਗ ਜਿਹੀ ਬਣਾ ਦਿੱਤੀ, ਉੱਥੇ ਨਕਦੋ-ਨਕਦੀ ਦੇ ਕਾਰੋਬਾਰ ਵਾਲੀ ਕਬੱਡੀ ਨੂੰ ਨੋਟਬੰਦੀ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਜਨਵਰੀ ਮਹੀਨੇ ਵਿਚ ਮਾਲਵਾ ਖੇਤਰ 'ਚ ਗਿਣਤੀ ਦੇ ਹੀ ਖੇਡ ਮੇਲੇ ਹੋਏ, ਜਿਨ੍ਹਾਂ ਦੇ ਪ੍ਰਬੰਧਕਾਂ ਨੂੰ ਵੀ ਖਰਚ ਪੱਖੋਂ ਹੱਥ ਘੁੱਟ ਕੇ ਕੰਮ ਕਰਨਾ ਪਿਆ। ਵਧੇਰੇ ਟੂਰਨਾਮੈਂਟਾਂ ਦੇ ਪ੍ਰਬੰਧਕ ਖਿਡਾਰੀਆਂ ਨੂੰ ਨਕਦ ਰਾਸ਼ੀ ਦੀ ਥਾਂ ਚੈੱਕ ਦਿੰਦੇ ਨਜ਼ਰ ਆਏ। ਜਨਵਰੀ ਵਿਚ ਜਿਥੇ ਸੈਂਕੜਿਆਂ ਦੀ ਗਿਣਤੀ 'ਚ ਟੂਰਨਾਮੈਂਟ ਹੁੰਦੇ ਹਨ, ਉੱਥੇ ਇਸ ਸਾਲ ਕਿਤੇ-ਕਿਤੇ ਟਾਵੇਂ-ਟਾਵੇਂ ਟੂਰਨਾਮੈਂਟ ਹੀ ਹੋ ਸਕੇ, ਜਿਨ੍ਹਾਂ ਦਾ ਬਜਟ ਪਹਿਲਾਂ ਨਾਲੋਂ ਹੌਲਾ ਹੋਇਆ ਜਾਪਿਆ।
ਨੈਸ਼ਨਲ ਸਟਾਈਲ ਕਬੱਡੀ
ਪ੍ਰੋ-ਕਬੱਡੀ ਲੀਗ ਵਿਚ ਰਣ ਸਿੰਘ ਰਣੀਆ ਤੇ ਮਨਿੰਦਰ ਸਿੰਘ ਮਨੀ ਨੇ ਜਿੱਥੇ ਬੰਗਾਲ ਵਾਰੀਅਰਜ਼ ਟੀਮ ਲਈ ਤਕੜਾ ਪ੍ਰਦਰਸ਼ਨ ਕੀਤਾ, ਉੱਥੇ ਈਰਾਨ ਵਿਖੇ ਹੋਈ ਚੈਂਪੀਅਨਸ਼ਿਪ ਵਿਚ ਵੀ ਪੰਜਾਬੀ ਖਿਡਾਰੀ ਮਨਿੰਦਰ ਮਨੀ ਤੇ ਵਰਲਡ ਕੱਪ ਦੀ ਬੈਸਟ ਸਟੋਪਰ ਰਣਦੀਪ ਕੌਰ ਤੇ ਮਨਪ੍ਰੀਤ ਬੁਢਲਾਡਾ ਪੰਜਾਬੀ ਮੂਲ ਦੇ ਖਿਡਾਰੀ ਦੇਸ਼ ਦਾ ਝੰਡਾ ਬਰਦਾਰ ਬਣੇ।
ਕਬੱਡੀ ਵਿਚ ਵੱਡੇ ਮਾਣ-ਸਨਮਾਨ
ਇਸ ਸਾਲ ਕਬੱਡੀ ਵਿਚ ਖੇਡ ਪ੍ਰਮੋਟਰ ਮਹਿੰਦਰ ਮੌੜ ਯੂ.ਕੇ., ਜਸ ਸੋਹਲ ਕੈਨੇਡਾ ਤੇ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਖੁਸ਼ੀ ਦੁੱਗਾਂ, ਮੱਖਣ ਮੱਖੀ ਕਲਾਂ, ਸਪਿੰਦਰ ਮਨਾਣਾ, ਪੰਮਾ ਸੋਹਾਣਾ, ਜੋਧਾ ਸੁਰਖਪੁਰ, ਸੰਦੀਪ ਗੁਰਦਾਸਪੁਰ, ਘੁੱਦਾ ਕਾਲਾ ਸੰਘਾ, ਬਾਗੀ ਪਰਮਜੀਤਪੁਰ ਤੇ ਸੇਵਕ ਸਰਾਵਾਂ ਆਦਿ ਤੋਂ ਇਲਾਵਾ ਕੁਮੈਂਟੇਟਰ ਬਸੰਤ ਬਾਜਾਖਾਨਾ ਦਾ ਮਹਿੰਗੀਆਂ ਕਾਰਾਂ ਨਾਲ ਮਾਣ-ਸਨਮਾਨ ਤੇ ਜੀਵਨ ਮਾਣੂਕੇ ਨੇ ਸਾਢੇ ਪੰਜ ਲੱਖ, ਬਾਗੀ ਪਰਮਜੀਤਪੁਰ ਨੇ ਸਾਢੇ ਤਿੰਨ ਲੱਖ ਦੀਆਂ ਰੇਡਾਂ ਪਾਈਆਂ। ਸੁੱਖਾ ਭੰਡਾਲ, ਖੁਸ਼ੀ ਦੁੱਗਾ, ਸੋਹਣ ਰੁੜਕੀ, ਮੰਗੀ ਬੱਗਾ ਪਿੰਡ ਨੇ ਮਹਿੰਗੇ ਜੱਫੇ ਲਗਾਉਣ ਦਾ ਰਿਕਾਰਡ ਬਣਾਇਆ।
ਚੋਣਾਂ 'ਚ ਕੁੱਦਿਆ ਕਬੱਡੀ ਖਿਡਾਰੀ
ਪਹਿਲੀ ਵਾਰ ਵਿਸ਼ਵ ਕੱਪ ਦਾ ਜੇਤੂ ਖਿਡਾਰੀ ਗੁਲਜ਼ਾਰ ਸਿੰਘ ਮੂਣਕ ਇਸ ਵਾਰ ਪੰਜਾਬ ਦੀ ਸਰਗਰਮ ਸਿਆਸਤ ਦਾ ਹਿੱਸਾ ਬਣਿਆ, ਜਿਸ ਨੇ ਦਿੜ੍ਹਬਾ ਤੋਂ ਅਕਾਲੀ-ਭਾਜਪਾ ਵਲੋਂ ਚੋਣ ਲੜੀ। ਖੇਡ ਲੇਖਕ ਡਾ: ਸੁਖਦਰਸ਼ਨ ਸਿੰਘ ਚਹਿਲ ਨੇ ਵਿਸ਼ਵ ਕੱਪ ਬਾਰੇ ਕਿਤਾਬਾਂ ਲਿਖਣ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਆਪਣੀ ਨੌਵੀਂ ਪੁਸਤਕ 'ਵਾਹ ਕਬੱਡੀ' ਪਾਠਕਾਂ ਦੇ ਰੂਬਰੂ ਕੀਤੀ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਮੰਦਰਾਂ ਨੇ 'ਚੱਕ ਦੇ ਕਬੱਡੀ' ਟਾਈਟਲ ਹੇਠ ਕਬੱਡੀ ਬਾਰੇ ਰੰਗਦਾਰ ਪੁਸਤਕ ਲੜੀ ਵੀ ਸ਼ੁਰੂ ਕੀਤੀ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਕਬੱਡੀ ਕੁਮੈਂਟੇਟਰ। ਮੋਬਾ: 98724-59691

ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਹੈ ਸਮਸ ਆਲਮ ਦਾ ਨਾਂਅ

ਲਿਮਕਾ ਬੁੱਕ ਆਫ ਰਿਕਾਰਡ ਵਿਚ ਨਾਂਅ ਦਰਜ ਹੋਣ ਦਾ ਮਾਣ ਹਾਸਲ ਹੈ ਅੰਗਹੀਣ ਵੀਲ੍ਹਚੇਅਰ 'ਤੇ ਚੱਲਣ ਵਾਲੇ ਖਿਡਾਰੀ ਸਮਸ ਆਲਮ ਨੂੰ, ਜਿਸ ਨੇ ਅਪਾਹਜ ਹੁੰਦਿਆਂ ਹੋਇਆਂ ਵੀ ਦੇਸ਼ ਲਈ ਖੇਡਦਿਆਂ ਖੇਡ ਜਗਤ ਵਿਚ ਉਹ ਮਾਣ ਹਾਸਲ ਕੀਤਾ ਹੈ, ਜਿਹੜਾ ਕਿਸੇ ਹਾਰੇ-ਸਾਰੇ ਦੇ ਵੱਸ ਦਾ ਕੰਮ ਨਹੀਂ। ਸਮਸ ਆਲਮ ਦਾ ਜਨਮ 17 ਜੁਲਾਈ, 1986 ਨੂੰ ਬਿਹਾਰ ਪ੍ਰਾਂਤ ਦੇ ਜ਼ਿਲ੍ਹਾ ਮਧੁਬਨੀ ਦੇ ਇਕ ਛੋਟੇ ਜਿਹੇ ਪਿੰਡ ਰਾਤਾਊਸ ਵਿਖੇ ਪਿਤਾ ਮੁਹੰਮਦ ਨਸੀਰ ਦੇ ਘਰ ਮਾਤਾ ਛਾਕੀਆ ਖਾਤੂਨ ਦੀ ਕੁੱਖੋਂ ਹੋਇਆ। ਸਮਸ ਆਲਮ ਨੇ ਬਚਪਨ ਵਿਚ ਪੈਰ ਪਾਇਆ ਤਾਂ ਮੁਢਲੀ ਵਿੱਦਿਆ ਦੇ ਨਾਲ-ਨਾਲ ਉਸ ਨੂੰ ਤੈਰਨ ਦਾ ਸ਼ੌਕ ਜਾਗਿਆ ਅਤੇ ਉਹ ਆਪਣੇ ਘਰ ਦੇ ਕੋਲ ਹੀ ਬਣੇ ਇਕ ਛੋਟੇ ਜਿਹੇ ਤਾਲਾਬ 'ਤੇ ਚਲਾ ਜਾਂਦਾ, ਜਿੱਥੇ ਉਹ ਤੈਰਨ ਲਗਦਾ ਤੇ ਜਦ ਪਿੰਡ ਦੇ ਲੋਕ ਅਤੇ ਸਮਸ ਆਲਮ ਦੇ ਸੰਗੀ-ਸਾਥੀ ਉਸ ਨੂੰ ਤੈਰਦਾ ਵੇਖਦੇ ਤਾਂ ਉਸ ਨੂੰ ਹੌਸਲਾ ਦਿੰਦੇ ਅਤੇ ਉਸ ਨੇ ਕਦੇ ਜ਼ਿੰਦਗੀ ਵਿਚ ਸੋਚਿਆ ਨਹੀਂ ਸੀ ਕਿ ਪਿੰਡ ਦੇ ਉਸ ਛੋਟੇ ਜਿਹੇ ਤਾਲਾਬ ਵਿਚ ਤੈਰਨ ਵਾਲਾ ਸਮਸ ਆਲਮ ਇਕ ਦਿਨ ਅੰਤਰਰਾਸ਼ਟਰੀ ਪੱਧਰ ਦਾ ਤੈਰਾਕ ਸਾਬਤ ਹੋਵੇਗਾ ਅਤੇ ਸਮਸ ਆਲਮ ਦੇ ਉਸੇ ਪਿੰਡ ਵਿਚ ਉਹ ਛੋਟਾ ਜਿਹਾ ਤਾਲਾਬ ਅੱਜ ਵੀ ਮੌਜੂਦ ਹੈ ਅਤੇ ਸਮਸ ਆਲਮ ਜਦ ਵੀ ਆਪਣੇ ਪਿੰਡ ਵਿਚ ਜਾਂਦਾ ਹੈ ਤਾਂ ਉਸ ਤਾਲਾਬ ਨੂੰ ਜ਼ਰੂਰ ਸਿਜਦਾ ਕਰਦਾ ਹੈ।
ਵਕਤ ਇਨਸਾਨ ਨੂੰ ਕਦੇ-ਕਦੇ ਕੀ ਤੋਂ ਕੀ ਬਣਾ ਦਿੰਦਾ ਹੈ ਅਤੇ ਸਮਸ ਆਲਮ ਨਾਲ ਵੀ ਵਕਤ ਨੇ ਕੁਝ ਅਜਿਹਾ ਹੀ ਕੀਤਾ ਕਿ ਉਸ ਦੀ ਜ਼ਿੰਦਗੀ ਦੇ ਮਾਅਨੇ ਹੀ ਬਦਲ ਕੇ ਰਹਿ ਗਏ। ਸਮਸ ਆਲਮ ਦੀ ਮੁਢਲੀ ਵਿੱਦਿਆ ਪਿੰਡ ਦੇ ਹੀ ਇਕ ਮਦਰੱਸੇ ਵਿਚ ਹੋਈ ਅਤੇ ਉਸ ਤੋਂ ਬਾਅਦ ਆਪਣੇ ਇੰਜੀਨੀਅਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਮੁੰਬਈ ਵੱਲ ਰੁਖ਼ ਕਰ ਲਿਆ, ਜਿੱਥੇ ਉਸ ਦਾ ਭਰਾ ਪਹਿਲਾਂ ਹੀ ਰਹਿ ਰਿਹਾ ਸੀ। ਮੁੰਬਈ ਦੇ ਬਾਂਦਰਾ ਵਿਖੇ ਰਿਵਲ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਅਤੇ ਕਰਾਟੇ ਖੇਡਣ ਲਈ ਮਨ ਬਣਿਆ ਅਤੇ ਇਹ ਸਮਸ ਆਲਮ ਦੀ ਖੇਡ ਪ੍ਰਤੀ ਭਾਵਨਾ ਅਤੇ ਆਤਮ-ਵਿਸ਼ਵਾਸ ਸੀ ਕਿ ਉਹ ਕਰਾਟੇ ਦੀ ਖੇਡ ਦਾ ਬਲੈਕ ਬੈਲਟ ਹੈ। ਸਮਸ ਆਲਮ ਨੇ ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਅਨੇਕਾਂ ਜਿੱਤਾਂ ਦਰਜ ਕਰਕੇ ਆਪਣੇ ਸੂਬੇ ਬਿਹਾਰ ਦਾ ਨਾਂਅ ਰੌਸ਼ਨ ਕੀਤਾ, ਇਸੇ ਕਰਕੇ ਤਾਂ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਉਸ ਨੂੰ ਖੇਲ ਰਤਨ ਨਾਲ ਸਨਮਾਨ ਚੁੱਕੇ ਹਨ। ਸਾਲ 2006 ਵਿਚ ਸਮਸ ਆਲਮ ਭਾਰਤ ਵਲੋਂ ਕਰਾਟੇ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਕਾਠਮੰਡੂ ਗਿਆ ਅਤੇ ਸਾਲ 2008 ਵਿਚ ਉਸ ਨੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਵੀ ਲਿਆ ਅਤੇ ਹੁਣ ਤੱਕ ਸਮਸ ਆਲਮ 50 ਦੇ ਕਰੀਬ ਤਗਮੇ ਜਿੱਤ ਕੇ ਆਪਣੇ ਨਾਂਅ ਕਰ ਚੁੱਕਾ ਹੈ।
ਸਾਲ 2010 ਵਿਚ ਸਮਸ ਆਲਮ ਦੀ ਰੀੜ੍ਹ ਦੀ ਹੱਡੀ ਵਿਚ ਦਰਦ ਉੱਠਿਆ ਅਤੇ ਉਹ ਇਕ ਡਾਕਟਰ ਕੋਲ ਗਿਆ, ਜਿੱਥੇ ਡਾਕਟਰ ਨੇ ਕਿਹਾ ਕਿ ਉਸ ਦੀ ਰੀੜ੍ਹ ਦੀ ਹੱਡੀ ਵਿਚ ਇਕ ਗੰਢ ਹੈ ਅਤੇ ਆਪ੍ਰੇਸ਼ਨ ਕਰਕੇ ਉਸ ਨੂੰ ਕੱਢ ਦਿੱਤਾ ਜਾਵੇਗਾ। ਸਮਸ ਆਲਮ ਦਾ ਆਪ੍ਰੇਸ਼ਨ ਹੋਇਆ ਪਰ ਉਸ ਨੂੰ ਕੋਈ ਫਰਕ ਨਾ ਪਿਆ। ਡਾਕਟਰ ਉਸ ਨੂੰ ਭਰੋਸਾ ਦਿੰਦਾ ਰਿਹਾ ਪਰ ਡਾਕਟਰ ਦਾ ਦਿੱਤਾ ਭਰੋਸਾ ਵੀ ਸਮਸ ਆਲਮ ਨੂੰ ਠੀਕ ਨਾ ਕਰ ਸਕਿਆ। ਸਮਸ ਆਲਮ ਦੀ ਦੁਬਾਰਾ ਜਾਂਚ ਹੋਈ ਤਾਂ ਪਤਾ ਲੱਗਾ ਕਿ ਆਪ੍ਰੇਸ਼ਨ ਠੀਕ ਢੰਗ ਨਾਲ ਨਾ ਹੋਇਆ ਅਤੇ ਰੀੜ੍ਹ ਦੀ ਹੱਡੀ ਵਿਚ ਗੰਢ ਜਿਉਂ ਦੀ ਤਿਉਂ ਮੌਜੂਦ ਸੀ। ਉਸ ਦਿਨ ਤੋਂ ਲੈ ਕੇ ਸਮਸ ਆਲਮ ਚੱਲ ਨਹੀਂ ਸਕਿਆ ਅਤੇ ਹੁਣ ਉਸ ਨੂੰ ਪੱਕਾ ਅਹਿਸਾਸ ਹੋਣ ਲੱਗਾ ਕਿ ਸ਼ਾਇਦ ਹੁਣ ਉਹ ਕਦੇ ਵੀ ਜ਼ਿੰਦਗੀ ਭਰ ਆਪਣੇ ਪੈਰਾਂ 'ਤੇ ਚੱਲ-ਫਿਰ ਨਹੀਂ ਸਕੇਗਾ। ਇਹ ਗੱਲ ਸਮਸ ਆਲਮ ਲਈ ਬਰਦਾਸ਼ਤ ਕਰਨੀ ਬੜੀ ਔਖੀ ਸੀ ਅਤੇ ਉਹ ਡੂੰਘੇ ਸਦਮੇ ਵਿਚ ਚਲਾ ਗਿਆ ਅਤੇ ਉਸ ਦੇ ਸੋਚੇ ਅਰਮਾਨ ਅਤੇ ਸੰਜੋਏ ਸੁਪਨੇ ਤਿੜਕਦੇ ਨਜ਼ਰ ਆਏ ਅਤੇ ਸਮਸ ਆਲਮ ਦੇ ਖੋਹੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਰੀ-ਹੈਬਲੀਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਮੁਲਾਕਾਤ ਖੁਦ ਅਪਾਹਜ ਅਤੇ ਤੈਰਾਕੀ ਦਾ ਗੁਰੂ ਰਾਜਾਰਾਮ ਨਾਲ ਹੋਈ, ਜਿਸ ਨੇ ਸਮਸ ਆਲਮ ਵਿਚ ਮੁੜ ਤੋਂ ਅਜਿਹਾ ਵਿਸ਼ਵਾਸ ਜਗਾਇਆ ਕਿ ਸਮਸ ਆਲਮ ਨੇ ਹੁਣ ਆਪਣੇ ਖੋਹੇ ਹੋਏ ਵਿਸ਼ਵਾਸ ਨੂੰ ਫਿਰ ਖੜ੍ਹਾ ਕਰ ਲਿਆ ਅਤੇ ਹੁਣ ਉਹ ਤੈਰਾਕੀ ਦੇ ਗੁਰ ਸਿੱਖਣ ਲੱਗਿਆ।
ਸਮਸ ਆਲਮ ਨੇ ਛੇਤੀ ਹੀ ਇਕ ਪੈਰਾ ਜਾਣੀ ਅਪਾਹਜ ਖਿਡਾਰੀ ਵਜੋਂ ਆਪਣੀ ਪਹਿਚਾਣ ਬਣਾ ਲਈ ਅਤੇ ਅੱਜ ਸਮਸ ਆਲਮ ਅੰਤਰਰਾਸ਼ਟਰੀ ਪੈਰਾ ਸਵਿਮਿੰਗ ਵਿਚ ਸੋਨ ਤਗਮਾ ਜੇਤੂ ਹੈ ਅਤੇ ਸਮੁੰਦਰ ਵਿਚ ਸਭ ਤੋਂ ਲੰਮੀ ਤੈਰਾਕੀ ਕਰਨ ਦਾ ਰਿਕਾਰਡ ਵੀ ਸਮਸ ਆਲਮ ਦੇ ਨਾਂਅ ਹੀ ਬੋਲਦਾ ਹੈ। ਇਸੇ ਕਰਕੇ ਤਾਂ ਉਸ ਨੂੰ 'ਲਿਮਕਾ ਬੁੱਕ ਆਫ ਰਿਕਾਰਡ' ਵਿਚ ਸ਼ਾਮਿਲ ਹੋਣ ਦਾ ਮਾਣ ਹਾਸਲ ਹੈ। ਜੇਕਰ ਸਮਸ ਆਲਮ ਦੇ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਸਾਲ 2013 ਵਿਚ ਉਸ ਨੂੰ ਜਿਗਰ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 2016 ਵਿਚ ਬਿਹਾਰ ਵਿਖੇ ਡਿਸਏਬਲ ਸਪੋਰਟਸ ਅਕੈਡਮੀ ਵਲੋਂ ਕਰਨ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 2016 ਵਿਚ ਹੀ ਬਿਹਾਰ ਸਰਕਾਰ ਨੇ ਖੇਲ ਸਨਮਾਨ ਨਾਲ ਸਨਮਾਨਿਆ। ਸਾਲ 2017 ਵਿਚ ਨੀਨਾ ਫਾਊਂਡੇਸ਼ਨ ਮੁੰਬਈ ਵਲੋਂ ਵਿਲ ਸਟਾਰ ਐਵਾਰਡ ਦੇ ਨਾਲ ਸਨਮਾਨਿਤ ਹੋਇਆ। ਸਮਸ ਆਲਮ ਖੇਡ ਦੇ ਖੇਤਰ ਵਿਚ ਹੀ ਇਕ ਨਾਂਅ ਨਹੀਂ ਹੈ, ਉਹ ਇਕ ਚੰਗਾ ਸਪੋਕਸਮੈਨ ਵੀ ਹੈ ਅਤੇ ਉਹ ਅਕਸਰ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਉਤਸ਼ਾਹਿਤ ਕਰਦਾ ਹੈ। ਸਮਸ ਆਲਮ ਦਾ ਹੁਣ ਅਗਲਾ ਨਿਸ਼ਾਨਾ 2018 ਵਿਚ ਇੰਡੋਨੇਸ਼ੀਆ ਵਿਖੇ ਹੋਣ ਜਾ ਰਹੀਆਂ ਪੈਰਾ ਏਸ਼ੀਅਨ ਖੇਡਾਂ ਅਤੇ 2020 ਵਿਚ ਟੋਕੀਓ ਵਿਖੇ ਹੋਣ ਵਾਲੀ ਪੈਰਾ ਉਲੰਪਿਕ ਵਿਚ ਭਾਗ ਲੈ ਕੇ ਦੇਸ਼ ਲਈ ਰਿਕਾਰਡ ਬਣਾਉਣ ਦਾ ਹੈ। ਸਮਸ ਆਲਮ ਦਾ ਹੌਸਲਾ ਇਸੇ ਤਰ੍ਹਾਂ ਹੀ ਬਣਿਆ ਰਹੇ, ਜਿਵੇਂ ਖਿਆਬ ਭਲੇ ਟੂਟਤੇ ਰਹੇ ਮਗਰ ਹੌਸਲੇ ਫਿਰ ਬੀ ਜ਼ਿੰਦਾ ਹੋ, ਹੌਸਲਾ ਅਪਨਾ ਐਸਾ ਰਖੋ ਜਹਾਂ ਮੁਸ਼ਕਲੇ ਬੀ ਸਰਮਿੰਦਾ ਹੋ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਬੈਡਮਿੰਟਨ ਮਹਾਂ ਸੰਗਰਾਮ ਦੁਬਈ ਦਾ ਲੇਖਾ-ਜੋਖਾ

ਜੁਝਾਰੂ ਖੇਡ ਦੇ ਬਾਵਜੂਦ ਸਿੰਧੂ ਨਵੇਂ ਸਾਲ ਦਾ ਤੋਹਫ਼ਾ ਨਾ ਦੇ ਸਕੀ

ਖੇਡ ਪ੍ਰੇਮੀਆਂ ਨੇ ਇਕ ਬਹੁਤ ਹੀ ਸੰਘਰਸ਼ਮਈ ਬੈਡਮਿੰਟਨ ਖੇਡ ਦੇ ਮੁਕਾਬਲੇ ਤੇ ਖਾਸ ਤੌਰ 'ਤੇ ਫਾਈਨਲ ਦੁਬਈ ਸੁਪਰ ਸੀਰੀਜ਼ ਦਾ ਫਾਈਨਲ ਮੈਚ ਦੇਖਣ ਨੂੰ ਮਿਲਿਆ। ਖੇਡ ਮਾਹਿਰਾਂ ਦਾ ਇਸ ਮੈਚ ਬਾਰੇ ਇਹ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਕਿ ਇਹ ਮੈਚ ਕਿਸੇ ਪਾਸੇ ਵੱਲ ਜਾ ਸਕਦਾ ਸੀ। ਇਸ ਮੈਚ ਨੇ ਸਾਇਨਾ ਨੇਹਵਾਲ ਦੇ ਉਸ ਮੈਚ ਦੀ ਯਾਦ ਕਰਵਾ ਦਿੱਤੀ, ਜਦੋਂ ਭਾਰਤ ਇਸ ਟੂਰਨਾਮੈਂਟ ਵਿਚ ਅਖੀਰ ਤੱਕ ਪਹੁੰਚਿਆ ਸੀ ਪਰ ਸਾਇਨਾ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ ਸੀ।
ਇਸ ਵਾਰ ਇਸ ਮੈਚ ਦਾ ਸਿਹਰਾ ਜਾਪਾਨ ਦੀ ਯਾਮਾਗੁਚੀ ਦੇ ਸਿਰ 'ਤੇ ਬੱਝਾ, ਜਿਸ ਨੂੰ ਸਿੰਧੂ ਨੇ ਕੁਝ ਦਿਨ ਪਹਿਲਾਂ ਇਸ ਟੂਰਨਾਮੈਂਟ ਵਿਚ ਇਕਪਾਸੜ ਮੈਚ ਵਿਚ ਹਾਰ ਦਿੱਤੀ ਸੀ ਤੇ ਇਹ ਉਮੀਦ ਜਗਾ ਦਿੱਤੀ ਸੀ ਕਿ ਇਸ ਵਾਰੀ ਵੀ ਇਤਿਹਾਸ ਦੁਹਰਾਇਆ ਜਾਵੇਗਾ ਤੇ ਸਿੰਧੂ ਪਹਿਲਾ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਪਾ ਦੇਵੇਗੀ, ਜਿਸ ਨਾਲ ਧਨ ਰਾਸ਼ੀ ਵੀ ਜੁੜੀ ਹੋਈ ਹੈ।
ਪਹਿਲਾਂ ਵੀ ਦੋਵੇਂ ਖਿਡਾਰਨਾਂ ਵਿਚ ਜੋ ਮੁਕਾਬਲੇ ਹੋਏ, ਉਸ ਵਿਚ ਸਿੰਧੂ ਨੇ ਪੰਜ ਵਾਰ ਮੈਚ ਆਪਣੇ ਨਾਂਅ ਕੀਤੇ ਤੇ ਯਾਮਾਗੁਚੀ ਨੇ ਕੇਵਲ ਦੋ ਵਾਰੀ। ਜਦੋਂ ਇਸ ਟੂਰਨਾਮੈਂਟ ਵਿਚ ਹੀ ਸਿੰਧੂ ਨੇ ਸੈਮੀਫਾਈਨਲ ਵਿਚ ਚੀਨ ਦੀ 8 ਨੰਬਰ ਦੀ ਖਿਡਾਰਨ ਨੂੰ ਸਿੱਧੇ ਸੈੱਟਾਂ 21-15, 21-18 ਵਿਚ ਜਿੱਤੀ ਤਾਂ ਇਹ ਆਸ ਹੋਰ ਵੀ ਮਜ਼ਬੂਤ ਹੋ ਗਈ ਕਿ ਇਸ ਵਾਰ ਸਿੰਧੂ ਭਾਰਤ ਨੂੰ ਨਵੇਂ ਸਾਲ ਦਾ ਇਕ ਤੋਹਫ਼ਾ ਦੇਵੇਗੀ।
ਪਰ ਫਿਰ ਵੀ ਨਤੀਜਾ ਨਿਰਾਸ਼ਾਜਨਕ ਨਹੀਂ ਕਿਹਾ ਜਾ ਸਕਦਾ ਤੇ ਖੇਡ ਮੰਤਰੀ ਹਰਸ਼ਵਰਧਨ ਸਿੰਘ ਰਠੌੜ ਨੇ ਸਿੰਧੂ ਨੂੰ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੰਦੇ ਹੋਏ ਉਸ ਦੀ ਭਰਪੂਰ ਪ੍ਰਸੰਸਾ ਕੀਤੀ ਹੈ ਤੇ ਸਿੰਧੂ ਨੂੰ ਲੜਕੀਆਂ ਲਈ ਪ੍ਰੇਰਨਾ ਦਾ ਇਕ ਸਰੋਤ ਦੱਸਿਆ ਹੈ।
ਪਰ ਇਸ ਮੈਚ ਵਿਚ ਜਾਪਾਨ ਦੀ ਖਿਡਾਰਨ ਯਾਮਾਗੁਚੀ ਦੀ ਤਾਰੀਫ ਕਰਨੀ ਬਣਦੀ ਹੈ, ਜਿਸ ਨੇ ਕਈ ਵਾਰੀ ਮੈਚ ਵਿਚ ਪਛੜਨ ਦੇ ਬਾਵਜੂਦ ਤੀਜੀ ਗੇਮ ਵਿਚ ਆਖਰ ਵਿਚ ਜਦੋਂ ਅੰਕ ਬਰਾਬਰੀ 'ਤੇ 19-19 'ਤੇ ਹੋ ਗਿਆ, ਉਸ ਸਮੇਂ ਯਾਮਾਗੁਚੀ ਨੇ ਖੇਡ ਵਿਚ ਅਜਿਹਾ ਉਲਟਫੇਰ ਕੀਤਾ ਤੇ ਟੂਰਨਾਮੈਂਟ ਆਪਣੇ ਨਾਂਅ ਕਰ ਲਿਆ।
ਖੇਡ ਪ੍ਰੇਮੀ ਇਸ ਦਾ ਕਾਰਨ ਸਿੰਧੂ ਦੇ ਸਟੈਮਨਾ ਵਿਚ ਘਾਟ ਨੂੰ ਵੀ ਦੱਸ ਰਹੇ ਹਨ। ਜਦੋਂ ਲੰਮੀਆਂ ਰੈਲੀਆਂ ਹੋਈਆਂ ਤਾਂ ਇਹ ਗੱਲ ਸਿੰਧੂ ਦੀ ਸਰੀਰਕ ਭਾਸ਼ਾ ਤੋਂ ਸਪੱਸ਼ਟ ਹੋ ਰਹੀ ਸੀ। ਇਹ ਮੈਚ ਇਸ ਤਰ੍ਹਾਂ ਯਾਮਾਗੁਚੀ ਨੇ 21-15, 12-21, 19-21 ਨਾਲ ਜਿੱਤਿਆ, ਪਰ ਇਸ ਮੈਚ ਦਾ ਜੇ ਸਿਲਸਿਲੇਵਾਰ ਵਿਸ਼ਲੇਸ਼ਣ ਕਰੀਏ ਤਾਂ ਇਸ ਮੈਚ ਬਾਰੇ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਯਾਮਾਗੁਚੀ ਦੀ ਖੇਡ ਇਸ ਪ੍ਰਕਾਰ ਦੀ ਸੀ ਕਿ ਜਿਸ ਨਾਲ ਸਿੰਧੂ ਨੂੰ ਬੈਡਮਿੰਟਨ ਦੇ ਮੈਦਾਨ 'ਤੇ ਦੁੜਾ-ਦੁੜਾ ਕੇ ਥਕਾ ਦਿੱਤਾ ਜਾਵੇ ਤੇ ਤੀਸਰੀ ਗੇਮ ਲਈ ਉਸ ਦੀ ਸਰੀਰਕ ਸਮਰੱਥਾ ਇੰਨੀ ਘਟ ਜਾਵੇ ਕਿ ਜਿਸ ਨਾਲ ਯਾਮਾਗੁਚੀ ਆਸਾਨੀ ਨਾਲ ਮੈਚ ਜਿੱਤ ਜਾਵੇ ਤੇ ਅਜਿਹਾ ਹੀ ਹੋਇਆ।
ਕੁੱਲ ਮਿਲਾ ਕੇ ਇਹ ਫਾਈਨਲ ਮੈਚ ਯਾਦਗਾਰੀ ਸਾਬਤ ਹੋਇਆ। ਇਸ ਨਾਲ ਭਾਰਤ ਦੀ ਇੱਜ਼ਤ ਬਰਕਰਾਰ ਰਹੀ। ਭਾਰਤ ਵਲੋਂ ਇਸ ਦੁਬਈ ਸੀਰੀਜ਼ ਦੀ ਭਾਗਦਾਰੀ ਪੀ.ਵੀ. ਸਿੰਧੂ ਨੇ ਤੇ ਕੰਦਬਰੀ ਸ੍ਰੀ ਕਾਂਤ ਨੇ ਹੀ ਕੀਤੀ ਪਰ ਸ੍ਰੀ ਕਾਂਤ ਸਾਰੇ 3 ਮੈਚ ਹਾਰ ਗਿਆ। ਮਾਹਿਰਾਂ ਅਨੁਸਾਰ ਅਜੇ ਵੀ ਉਹ ਮਾਸਪੇਸ਼ੀਆਂ ਦੇ ਖਿਚਾਓ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਇਆ। ਸਾਲ ਦੇ ਅਖੀਰ ਵਿਚ ਹੋਏ ਇਸ ਟੂਰਨਾਮੈਂਟ ਵਿਚ ਇਹ ਸੰਦੇਸ਼ ਲੁਕਿਆ ਹੋਇਆ ਹੈ ਕਿ ਦੇਸ਼ ਨੂੰ ਹੁਣ ਹੋਰ ਪੀ.ਵੀ. ਸਿੰਧੂ ਤੇ ਸਾਇਨਾ ਵਰਗੇ ਖਿਡਰੀਆਂ ਦੀ ਲੋੜ ਹੈ, ਤਾਂ ਜੋ ਜਿਹੜਾ ਡਬਲਜ਼ ਦਾ ਖੇਤਰ ਸੁੰਨਾ ਪਿਆ ਹੈ, ਉਸ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਸਕੇ।


-274-ਏ.ਐਕਸ., ਮਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਕੌਰ ਸਿੰਘ ਮੁੱਕੇਬਾਜ਼ ਵਰਗੇ ਧੁਰੰਤਰ ਖਿਡਾਰੀਆਂ ਪ੍ਰਤੀ ਸਰਕਾਰੀ ਬੇਰੁਖ਼ੀ ਕਿਉਂ?

ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖੁਰਦ ਨਿਵਾਸੀ ਤੇ ਮੁੱਕੇਬਾਜ਼ੀ ਵਰਗੀ ਸਖ਼ਤ ਖੇਡ ਦੇ ਖਿਡਾਰੀ... ਦਰਅਸਲ ਮਹਾਨ ਖਿਡਾਰੀ ਸ: ਕੌਰ ਸਿੰਘ ਦੀ ਦਰਦ ਕਹਾਣੀ ਵੱਖ-ਵੱਖ ਸੰਚਾਰ ਮਾਧਿਆਮਾਂ 'ਚ ਆਉਣ ਤੋਂ ਕੁਝ ਕੁ ਦਿਨਾਂ ਬਾਅਦ ਇਹ ਖ਼ਬਰ ਵੀ ਆ ਗਈ ਕਿ 'ਮੁੁੱਕੇਬਾਜ਼ ਕੌਰ ਸਿੰਘ ਦੀ ਮਦਦ ਲਈ ਮੁੱਖ ਮੰਤਰੀ ਵਲੋਂ ਦੋ ਲੱਖ ਰੁਪਏ ਜਾਰੀ।' ਇਹ ਦਰਦ ਕਹਾਣੀ ਸਿਰਫ ਇਕੱਲੇ ਕੌਰ ਸਿੰਘ ਦੇ ਦਰਦ ਦੀ ਕਹਾਣੀ ਨਹੀਂ, ਸਗੋਂ ਸਰਕਾਰਾਂ ਵਲੋਂ ਬੇਰੁਖ਼ੀ ਦਾ ਸ਼ਿਕਾਰ ਹੋਏ ਸਾਡੇ ਮਹਾਨ ਭਾਰਤ ਦੇ ਅਨੇਕਾਂ ਹੋਰਨਾਂ ਮਹਾਨ ਖਿਡਾਰੀਆਂ ਦੇ ਦਰਦ ਦੀ ਕਹਾਣੀ ਵੀ ਹੈ, ਜਿਸ ਨੂੰ ਸਮੁੱਚੇ ਭਾਰਤ ਦੇਸ਼ ਦਾ ਅਤੇ ਖੇਡ ਜਗਤ ਦਾ ਦਰਦ ਸਮਝਿਆ ਜਾਣਾ ਚਾਹੀਦਾ ਹੈ। ਖੇਡਾਂ ਦੇ ਖੇਤਰ ਦੇ ਅਜਿਹੇ ਹੀਰੇ ਖਿਡਾਰੀ ਬਿਮਾਰੀ ਸਮੇਂ ਆਪਣਾ ਇਲਾਜ ਕਰਾਉਣ ਤੋਂ ਵੀ ਅਸਮਰੱਥ ਹਨ। ਬੇਹੱਦ ਅਫਸੋਸ! ਅਜਿਹੇ ਬੇਸ਼ਕੀਮਤੀ ਹੀਰਿਆਂ ਨੂੰ ਤਾਂ ਸਰਕਾਰ ਵਲੋਂ ਸਭ ਤਰ੍ਹਾਂ ਦੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਦੇਣੀਆਂ ਚਾਹੀਦੀਆਂ ਹਨ। ਕਿਉਂਕਿ ਅਜਿਹੇ ਹੀਰੇ ਦੇਸ਼, ਕੌਮ ਅਤੇ ਸਮਾਜ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਵਲੋਂ ਪਾਏ ਗਏ ਪੂਰਨਿਆਂ ਦੇ ਪਦਚਿੰਨ੍ਹਾਂ 'ਤੇ ਚੱਲ ਕੇ ਹੀ ਆਉਣ ਵਾਲੀਆਂ ਪੀੜ੍ਹੀਆਂ ਦੇ ਖਿਡਾਰੀਆਂ ਨੇ ਕੁਝ ਸਿੱਖਣਾ ਅਤੇ ਕਰਨਾ ਹੁੰਦਾ ਹੈ। ਕੌਰ ਸਿੰਘ ਦਿਲ ਦੀ ਬਿਮਾਰੀ, ਨਾੜਾਂ ਨਾਲ ਸਬੰਧਤ ਬਿਮਾਰੀ ਅਤੇ ਲੱਤਾਂ ਦੇ ਦਰਦ ਦੀ ਬਿਮਾਰੀ ਨਾਲ ਪੀੜਤ ਹੈ। ਪਿਛਲੇ ਦਿਨੀਂ ਉਹ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ 22 ਦਿਨ ਲਾ ਕੇ ਆਪਣੇ ਘਰ ਪਰਤ ਆਇਆ ਸੀ। ਦਰਅਸਲ ਸੱਚ ਤਾਂ ਇਹ ਹੈ ਕਿ ਸਰਕਾਰ ਵਲੋਂ ਖੇਡ ਸੱਭਿਆਚਾਰ ਵਿਕਸਤ ਕਰਨ ਲਈ ਸਭ ਤੋਂ ਪਹਿਲਾਂ ਸ਼ਾਨਦਾਰ ਪ੍ਰਾਪਤੀਆਂ ਵਾਲੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਬਣਦਾ ਮਾਣ-ਸਨਮਾਨ ਅਤੇ ਨੌਕਰੀਆਂ ਆਦਿ ਦਿੱਤੀਆਂ ਜਾਣ। ਭਾਵ ਕਿਸੇ ਨੂੰ ਵੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਲਈ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਤਾਂ ਜੋ ਉਹ ਪੂਰੀ ਤਨਦੇਹੀ ਨਾਲ ਖੇਡ ਸਕਣ ਭਾਵ ਖਿਡਾਰੀਆਂ ਦਾ ਖੇਡਾਂ ਪ੍ਰਤੀ ਸਮਰਪਣ ਅਤੇ ਮਨੋਬਲ ਬਣਿਆ ਰਹੇ। ਸੱਚ ਤਾਂ ਇਹ ਕਿ ਅਜਿਹਾ ਸਭ ਕੁਝ ਕੌਰ ਸਿੰਘ ਵਰਗੇ ਹੀਰੇ ਖਿਡਾਰੀਆਂ ਦੀ ਬਦੌਲਤ ਹੀ ਸੰਭਵ ਹੋ ਸਕਦਾ ਹੈ। ਅਜੋਕੇ ਯੁੱਗ, ਸਮੇਂ ਅਤੇ ਸਮਾਜ ਦੀ ਅਗਵਾਈ ਕਰਨ ਵਾਲੀਆਂ ਸਰਕਾਰਾਂ ਵਲੋਂ ਅਜਿਹੇ ਹੀਰੇ ਖਿਡਾਰੀਆਂ ਵੱਲ ਬੇਰੁਖ਼ੀ ਅਖ਼ਤਿਆਰ ਕਰਨੀ ਭਾਰੀ ਪੈ ਸਕਦੀ ਹੈ। ਇਸ ਕੌੜੇ ਸੱਚ ਨੂੰ ਵੀ ਵਿਚਾਰਨਾ ਬਣਦਾ ਹੈ।


-ਪਿੰਡ ਚੁੁੱਘੇ ਖੁਰਦ, ਡਾਕ: ਬਹਿਮਣ ਦੀਵਾਨਾ, ਜ਼ਿਲ੍ਹਾ ਬਠਿੰਡਾ। ਮੋਬਾ: 75894-27462

ਕ੍ਰਿਕਟ ਪ੍ਰੇਮੀਆਂ ਦੇ ਚੇਤੇ ਵਿਚੋਂ ਕਦੇ ਨਹੀਂ ਵਿਸਰੇਗਾ ਭਾਰਤੀ ਟੀਮ ਦੁਆਰਾ ਸਾਲ 2017 ਦੌਰਾਨ ਕੀਤਾ ਪ੍ਰਦਰਸ਼ਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪਹਿਲਾ ਮੈਚ ਪਾਕਿਸਤਾਨ ਨਾਲ ਹੋਇਆ, ਜੋ 124 ਦੌੜਾਂ ਨਾਲ ਜਿੱਤਿਆ। ਦੂਸਰਾ ਮੈਚ ਸ੍ਰੀਲੰਕਾ ਨਾਲ ਹੋਇਆ, ਜਿਸ ਨੂੰ 7 ਵਿਕਟਾਂ ਨਾਲ ਭਾਰਤੀ ਟੀਮ ਨੇ ਮੈਚ ਜਿੱਤਿਆ। ਤੀਸਰਾ ਸਾਊਥ ਅਫ਼ਰੀਕਾ ਨਾਲ, ਜੋ 8 ਵਿਕਟਾਂ ਨਾਲ ਜਿੱਤਿਆ। ਚੌਥਾ ਸੈਮੀਫ਼ਾਈਨਲ ਬੰਗਲਾਦੇਸ਼ ਨਾਲ ਹੋਇਆ, ਜੋ ਭਾਰਤੀ ਟੀਮ ਨੇ 9 ਵਿਕਟਾਂ ਨਾਲ ਜਿੱਤਿਆ। ਆਖ਼ਰੀ ਫ਼ਾਈਨਲ ਮੈਚ ਪਾਕਿਸਤਾਨ ਨਾਲ ਹੋਇਆ, ਜਿਸ ਵਿਚ 180 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਭਾਰਤੀ ਟੀਮ ਵੈਸਟ ਇੰਡੀਜ਼ ਦੇ ਦੌਰੇ 'ਤੇ ਗਈ, ਜਿੱਥੇ ਪੰਜ ਇਕ ਦਿਨਾ ਮੈਚਾਂ ਦੀ ਲੜੀ ਹੋਈ। ਇੱਥੇ ਵੀ ਭਾਰਤੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ। ਪੰਜ ਮੈਚਾਂ ਦੀ ਲੜੀ ਵਿਚ ਇਕ ਮੈਚ ਤਾਂ ਬਿਨਾਂ ਨਤੀਜੇ ਤੋਂ ਰਹਿ ਗਿਆ। ਬਾਕੀ ਬਚੇ 4 ਮੈਚਾਂ ਵਿਚੋਂ 1 ਵੈਸਟ ਇੰਡੀਜ਼ ਤੇ 3 ਮੈਚ ਭਾਰਤੀ ਟੀਮ ਨੇ ਜਿੱਤੇ, ਵੈਸਟ ਇੰਡੀਜ਼ ਨੂੰ ਉਨ੍ਹਾਂ ਦੀ ਧਰਤੀ 'ਤੇ ਹਰਾ ਕੇ ਲੜੀ ਜਿੱਤ ਲਈ। ਬੇਸ਼ੱਕ ਇਕ ਹੋਏ ਟੀ-20 ਮੈਚ ਭਾਰਤੀ ਟੀਮ ਵੈਸਟ ਇੰਡੀਜ਼ ਹੱਥੋਂ ਹਾਰ ਗਈ ਪਰ ਫਿਰ ਵੀ ਆਪਣੇ ਹੌਸਲੇ ਬੁਲੰਦ ਰੱਖੇ।
ਅਗਸਤ-ਸਤੰਬਰ ਦੌਰਾਨ ਭਾਰਤੀ ਟੀਮ ਸ੍ਰੀਲੰਕਾ ਦੇ ਦੌਰੇ 'ਤੇ ਗਈ। ਇਹ ਦੌਰਾ ਤਾਂ ਭਾਰਤੀ ਟੀਮ ਲਈ ਇਕ ਯਾਦਗਾਰੀ ਤੇ ਸਰਬੋਤਮ ਦੌਰਾ ਹੋ ਨਿਬੜਿਆ, ਜੋ ਕਿ ਇਤਿਹਾਸ ਵਿਚ ਸੁਨਹਿਰੀ ਕਲਮਾਂ ਨਾਲ ਲਿਖਿਆ ਜਾਣ ਵਾਲਾ ਦੌਰਾ ਹੈ, ਕਿਉਂਕਿ ਇਥੇ ਹੋਏ ਟੈਸਟ ਮੈਚਾਂ ਅਤੇ ਇਕ ਦਿਨਾ ਮੈਚਾਂ ਦੀਆਂ ਲੜੀਆਂ ਕਲੀਨ ਸਵੀਪ ਕਰਕੇ ਜਿੱਤੀਆਂ। ਤਿੰਨ ਟੈਸਟ ਮੈਚਾਂ ਦੀ ਲੜੀ ਭਾਰਤੀ ਟੀਮ ਨੇ 3-0 ਨਾਲ ਜਿੱਤ ਲਈ। ਇਸ ਉਪਰੰਤ ਪਹਿਲਾ ਮੈਚ 304, ਦੂਜਾ ਇਕ ਪਾਰੀ ਤੇ 53 ਦੌੜਾਂ ਅਤੇ ਆਖ਼ਰੀ ਮੈਚ ਇਕ ਪਾਰੀ ਅਤੇ 171 ਦੌੜਾਂ ਨਾਲ ਜਿੱਤਿਆ। ਇਸ ਤੋਂ ਬਾਅਦ 5 ਇਕ ਦਿਨਾ ਮੈਚਾਂ ਦੀ ਲੜੀ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਸ਼ਲਾਘਾਯੋਗ ਰਿਹਾ। ਇਕ ਵੀ ਮੈਚ ਬਿਨਾਂ ਹਾਰੇ ਜਿੱਥੇ 5-0 ਨਾਲ ਲੜੀ ਜਿੱਤ ਕੇ ਭਾਰਤੀ ਟੀਮ ਨੇ ਨਵਾਂ ਰਿਕਾਰਡ ਬਣਾਇਆ, ਉਥੇ ਇਹ 2017 ਵਿਚਲੀ ਸਭ ਤੋਂ ਵੱਡੀ ਜਿੱਤ ਬਣ ਗਈ।
ਅਕਤੂਬਰ-ਨਵੰਬਰ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਦਾ ਦੌਰਾ ਕੀਤਾ। ਇਸ ਦੌਰਾਨ ਵਨ ਡੇਅ ਮੈਚਾਂ ਦੀ ਲੜੀ ਵਿਚ 3 ਮੈਚ ਖੇਡੇ ਗਏ, ਜਿਸ ਵਿਚ ਭਾਰਤ ਨੇ 2 ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ 1 ਮੈਚ ਜਿੱਤਿਆ। ਇਹ ਸੀਰੀਜ਼ ਵੀ ਭਾਰਤੀ ਟੀਮ ਨੇ ਆਪਣੇ ਖ਼ਾਤੇ ਵਿਚ ਪਾ ਲਈ। ਇਸ ਤੋਂ ਬਾਅਦ ਤਿੰਨ ਟੀ-20 ਮੈਚਾਂ ਦੀ ਲੜੀ ਹੋਈ, ਜਿਸ ਵਿਚ ਵੀ ਭਾਰਤੀ ਟੀਮ ਨੇ 2-1 ਨਾਲ ਲੜੀ ਆਪਣੇ ਨਾਂਅ ਕਰ ਲਈ। ਉਪਰੋਕਤ ਸਾਰੇ ਮੈਚਾਂ ਤੋਂ ਬਾਅਦ ਗੱਲ ਆ ਗਈ 2017 ਦੇ ਆਖ਼ਰੀ ਮਹੀਨਿਆਂ 'ਤੇ ਭਾਵ ਨਵੰਬਰ-ਦਸੰਬਰ 'ਤੇ। ਇਸ ਸਮੇਂ ਸ੍ਰੀਲੰਕਾ ਦੀ ਟੀਮ ਭਾਰਤ ਦੇ ਦੌਰੇ 'ਤੇ ਆਈ। ਸਭ ਨੂੰ ਇਹੀ ਸੀ ਕਿ ਸਾਲ ਦੀ ਸ਼ੁਰੂਆਤ ਜਿੱਤ ਨਾਲ ਹੋਈ ਸੀ, ਹੁਣ ਕਿਤੇ ਸਾਲ ਦਾ ਅੰਤ ਹਾਰ ਨਾਲ ਨਾ ਹੋ ਜਾਵੇ। ਪਰ ਇੱਥੇ ਵੀ ਭਾਰਤੀ ਟੀਮ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਵਿਖਾਈ। ਇੰਡੀਆ ਟੀਮ ਸਾਰੇ ਭਾਰਤ ਵਾਸੀਆਂ ਦੀਆਂ ਉਮੀਦਾਂ 'ਤੇ ਖਰੀ ਉਤਰੀ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ 2 ਮੈਚ ਡਰਾਅ ਰਹੇ ਅਤੇ ਇਕ ਭਾਰਤੀ ਟੀਮ ਨੇ ਜਿੱਤ ਕੇ ਸਾਲ ਦੀ ਆਖ਼ਰੀ ਟੈਸਟ ਲੜੀ ਵੀ ਆਪਣੇ ਨਾਂਅ ਕਰ ਲਈ। ਇਸ ਉਪਰੰਤ ਇਕ ਦਿਨਾ ਮੈਚਾਂ ਦੀ ਲੜੀ ਵਿਚ 1 ਮੈਚ ਹਾਰ ਕੇ, 2 ਮੈਚ ਜਿੱਤ ਕੇ ਸਾਲ ਦੀ ਆਖ਼ਰੀ ਇਕ ਦਿਨਾ ਲੜੀ ਜਿੱਤ ਕੇ ਭਾਰਤ ਦਾ ਨਾਂਅ ਦੁਨੀਆ ਦੇ ਕੋਨੇ-ਕੋਨੇ ਵਿਚ ਚਮਕਾ ਦਿੱਤਾ। ਇਸ ਲੜੀ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ ਭਾਰਤ ਦਾ ਪ੍ਰਸਿੱਧ ਬੱਲੇਬਾਜ਼ ਰੋਹਿਤ ਸ਼ਰਮਾ, ਜਿਸ ਨੇ ਦੂਸਰੇ ਵਨ ਡੇਅ ਵਿਚ 153 ਗੇਂਦਾਂ ਖੇਡ ਕੇ 208 ਦੌੜਾਂ ਬਣਾ ਕੇ ਦੋਹਰਾ ਸੈਂਕੜਾ ਆਪਣੇ ਰਿਕਾਰਡ ਵਿਚ ਜੋੜਿਆ। ਇਸ ਦੇ ਨਾਲ ਹੀ ਸਾਲ ਦੀ ਆਖ਼ਰੀ 3 ਟੀ-20 ਮੈਚਾਂ ਦੀ ਲੜੀ ਖੇਡੀ ਗਈ। ਇਹ ਵੀ ਭਾਰਤੀ ਟੀਮ ਨੇ ਆਪਣੇ ਨਾਂਅ ਕਰ ਲਈ ਹੈ।
ਇਹ ਲੜੀ ਜਿੱਤਣ ਤੋਂ ਬਾਅਦ 14 ਲੜੀਆਂ ਇਕ ਸਾਲ ਵਿਚ ਜਿੱਤਣ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ। ਇਸ ਲੜੀ ਦੇ ਦੂਸਰੇ ਮੈਚ ਵਿਚ ਵੀ ਰੋਹਿਤ ਸ਼ਰਮਾ ਨੇ ਧੂੰਆਂਧਾਰ ਬੱਲੇਬਾਜ਼ੀ ਕਰਦਿਆਂ 43 ਗੇਂਦਾਂ 'ਤੇ 118 ਦੌੜਾਂ ਬਣਾ ਕੇ ਨਵਾਂ ਇਤਿਹਾਸ ਸਿਰਜਿਆ। ਜੇਕਰ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਕੁੱਲ 2818 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ ਟੈਸਟ ਮੈਚਾਂ ਵਿਚ 1059, ਇਕ ਦਿਨਾ ਮੈਚਾਂ 'ਚ 1460 ਦੌੜਾਂ ਅਤੇ ਟੀ-20 ਵਿਚ 299 ਦੌੜਾਂ ਬਣਾਈਆਂ। ਰੋਹਿਤ ਸ਼ਰਮਾ, ਜਿਸ ਨੇ 21 ਇਕ ਦਿਨਾ ਮੈਚ ਖੇਡ ਕੇ 1293 ਦੌੜਾਂ ਅਤੇ ਸਿਖਰ ਧਵਨ ਨੇ 960 ਦੌੜਾਂ ਬਣਾਈਆਂ। ਜੇਕਰ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਜਜਵਿੰਦਰ ਚਹਿਲ ਨੇ ਟੀ-20 ਮੈਚਾਂ ਵਿਚ ਸਭ ਤੋਂ ਵੱਧ 19 ਵਿਕਟਾਂ 2017 ਦੌਰਾਨ ਲਈਆਂ। ਇਸ ਤੋਂ ਇਲਾਵਾ ਬਾਕੀ ਵੀ ਸਾਰੇ ਗੇਂਦਬਾਜ਼ਾਂ ਦੀ ਗੇਂਦਾਬਾਜ਼ੀ ਵਧੀਆ ਰਹੀ ਹੈ। ਉਪਰੋਕਤ ਦਰਸਾਈਆਂ ਜਿੱਤਾਂ ਦਾ ਸਿਹਰਾ ਹਰ ਉਸ ਭਾਰਤੀ ਖਿਡਾਰੀ ਨੂੰ ਜਾਂਦਾ ਹੈ, ਜੋ ਟੀਮ ਨਾਲ ਮੈਦਾਨ ਵਿਚ ਖੇਡਿਆ ਹੈ, ਕਿਉਂਕਿ ਜਿੱਤ ਲਈ ਇਕ ਵਿਅਕਤੀ ਨਹੀਂ, ਬਲਕਿ ਸਾਰੀ ਟੀਮ ਦਾ ਸਹਿਯੋਗ ਹੁੰਦਾ ਹੈ। ਜੇਕਰ ਕਿਹਾ ਜਾਵੇ ਕਿ ਕ੍ਰਿਕਟ ਪ੍ਰੇਮੀਆਂ ਦੇ ਚੇਤੇ ਵਿਚੋਂ ਕਦੇ ਨਹੀਂ ਵਿਸਰੇਗਾ ਭਾਰਤੀ ਟੀਮ ਦੁਆਰਾ ਸਾਲ 2017 ਦੌਰਾਨ ਕੀਤਾ ਪ੍ਰਦਰਸ਼ਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਸ ਸਾਲ ਵਿਚ ਕੋਈ ਲੜੀ ਨਹੀਂ ਹਾਰੀ, ਸਾਰੀਆਂ ਹੀ ਜਿੱਤੀਆਂ ਹਨ। ਹੁਣ ਭਵਿੱਖ ਅੰਦਰ ਵੀ ਇਹੀ ਉਮੀਦ ਹੈ ਕਿ ਜਿਵੇਂ 2017 ਦੌਰਾਨ ਭਾਰਤੀ ਟੀਮ ਨੇ ਪ੍ਰਦਰਸ਼ਨ ਕੀਤਾ ਹੈ, ਉਸੇ ਤਰ੍ਹਾਂ 2018 ਵਿਚ ਵੀ ਪ੍ਰਦਰਸ਼ਨ ਜਾਰੀ ਰਹੇਗਾ। (ਸਮਾਪਤ)


-ਸੁਖਰਾਜ ਚਹਿਲ ਧਨੌਲਾ
ਮੋਬਾ: 78892-93014


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX