ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਤਰਨ ਤਾਰਨ ,25 ਜੂਨ {ਹਰਿੰਦਰ ਸਿੰਘ} -ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਅੱਲ੍ਹੜ ਉਮਰ ਤੇ ਮਾਪੇ

ਅਕਸਰ ਜਦੋਂ ਘਰਾਂ ਵਿਚ ਬੱਚੇ ਵੱਡੇ ਹੋ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਮਾਪੇ ਆਪਣੇ ਜਵਾਨ ਹੋ ਰਹੇ ਬੱਚਿਆਂ ਅੰਦਰ ਆ ਰਹੀਆਂ ਤਬਦੀਲੀਆਂ ਲਈ ਹਾਣ ਦੇ ਨਹੀਂ ਬਣਦੇ। ਸਾਡੀ ਇਹੀ ਕਮਜ਼ੋਰੀ ਹੈ ਕਿ ਸਾਨੂੰ ਸ਼ੁਰੂ-ਸ਼ੁਰੂ ਵਿਚ ਤਬਦੀਲੀਆਂ ਚੰਗੀਆਂ ਨਹੀਂ ਲਗਦੀਆਂ, ਕਿਉਂਕਿ ਮਾਪੇ ਆਪਣੇ ਬੱਚਿਆਂ ਦਾ ਬਚਪਨ ਹੀ ਦੇਖਣ ਦੇ ਆਦੀ ਹੋ ਚੁੱਕੇ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਵੱਡਾ ਹੁੰਦਾ ਬੱਚਾ ਵਧ ਰਹੀਆਂ ਜ਼ਿੰਮੇਵਾਰੀਆਂ ਦਾ ਪ੍ਰਤੀਕ ਲੱਗਣ ਲੱਗ ਪੈਂਦਾ ਹੈ। 14 ਜਾਂ 15 ਸਾਲ ਦੀ ਉਮਰ ਵਿਚ ਬੱਚਿਆਂ ਵਿਚ ਬਹੁਤ ਜ਼ਿਆਦਾ ਤਬਦੀਲੀਆਂ ਆਉਂਦੀਆਂ ਹਨ ਅਤੇ ਜੇਕਰ ਮਾਪੇ ਉਨ੍ਹਾਂ ਦੀ ਜੀਵਨ ਯਾਤਰਾ ਸ਼ੁਰੂ ਕਰਨ ਵਿਚ ਮਦਦ ਕਰਨ ਤਾਂ ਉੱਚੀਆਂ ਮੰਜ਼ਿਲਾਂ ਦਾ ਸਫਰ ਸ਼ੁਰੂ ਕਰ ਰਹੇ ਬੱਚੇ ਸਫਲ ਇਨਸਾਨ ਜ਼ਰੂਰ ਬਣ ਸਕਦੇ ਹਨ। ਅੱਲ੍ਹੜ ਉਮਰ ਜ਼ਿੰਦਗੀ ਦਾ ਉਹ ਪੜਾਅ ਹੈ ਜਦੋਂ ਬਚਪਨ ਆਪਣੀਆਂ ਹੱਦਾਂ ਤੋਂ ਅੱਗੇ ਵਧ ਰਿਹਾ ਹੁੰਦਾ ਹੈ। ਕਈ ਭਲੇ ਪੁਰਸ਼ ਜ਼ਿੰਦਗੀ ਦੇ ਇਸ ਪੜਾਅ ਨੂੰ ਇਕ ਨਵਾਂ ਜਨਮ ਮੰਨਦੇ ਹਨ। ਇਸ ਉਮਰ ਵਿਚ ਬੱਚੇ ਦਲੀਲ ਦੀ ਮੰਗ ਕਰਦੇ ਹਨ, ਉਹ ਪੜ੍ਹਾਈ 'ਤੇ ਜ਼ਿਆਦਾ ਦੇਰ ਤੱਕ ਧਿਆਨ ਕੇਂਦਰਿਤ ਕਰਦੇ ਹਨ। ਅਜਿਹੇ ਮੌਕੇ ਇਨ੍ਹਾਂ ਅੱਲ੍ਹੜਾਂ ਦੇ ਆਪਣੇ ਮਾਪਿਆਂ ਨਾਲ ਅਕਸਰ ਹੀ ਨੋਕ-ਝੋਕ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ।
ਜਿੰਨੀ ਦੇਰ ਮਾਪੇ ਅਤੇ ਅੱਲ੍ਹੜ ਆਪਸ ਵਿਚ ਦੋਸਤ ਨਹੀਂ ਬਣਨਗੇ, ਓਨੀ ਦੇਰ ਤੱਕ ਦੋਵੇਂ ਹੀ ਆਪੋ-ਆਪਣੇ ਰਸਤਿਆਂ 'ਤੇ ਭੱਜ-ਭੱਜ ਕੇ ਥੱਕਦੇ ਰਹਿਣਗੇ। ਇਥੇ ਚਾਹੀਦਾ ਤਾਂ ਇਹ ਹੈ ਕਿ ਬਚਪਨ ਤੋਂ ਅੱਗੇ ਵਧ ਰਹੇ ਬੱਚੇ ਆਪਣੇ ਫਰਜ਼ ਪਛਾਨਣ ਅਤੇ ਮਾਪੇ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਚਾਈਂ-ਚਾਈਂ ਆਪਣੇ ਮੋਢਿਆਂ 'ਤੇ ਚੁੱਕਣ। ਮਾਪਿਆਂ ਨੂੰ ਉਨ੍ਹਾਂ ਨਾਲ ਦੋਸਤੀ ਰੱਖਣੀ ਚਾਹੀਦੀ ਹੈ। ਦੋਸਤੀ ਵਿਚ ਮਾਪੇ ਬੱਚਿਆਂ ਦੇ ਗੁਣਾਂ-ਔਗੁਣਾਂ ਦੀ ਚੰਗੀ ਤਰ੍ਹਾਂ ਪਹਿਚਾਣ ਕਰ ਸਕਦੇ ਹਨ। ਮਾਪੇ ਧਿਆਨ ਰੱਖਣ ਕਿ ਕਿਤੇ ਉਨ੍ਹਾਂ ਦੇ ਬੱਚੇ ਪੜ੍ਹਾਈ ਅਤੇ ਹੋਰ ਜ਼ਰੂਰੀ ਖਰਚਿਆਂ ਤੋਂ ਬਿਨਾਂ ਐਸ਼ੋ-ਇਸ਼ਰਤ ਵੱਲ ਤਾਂ ਨਹੀਂ ਖਰਚਾ ਕਰ ਰਹੇ। ਜੇਕਰ ਬੱਚਿਆਂ ਦੇ ਖਰਚੇ ਇਕਦਮ ਵਧ ਜਾਣ ਤਾਂ ਮਾਪੇ ਖਿਆਲ ਰੱਖਣ ਕਿ ਕੁਝ ਗ਼ਲਤ ਤਾਂ ਨਹੀਂ ਵਾਪਰ ਰਿਹਾ, ਕਿਤੇ ਉਨ੍ਹਾਂ ਦੇ ਬੱਚੇ ਕਿਸੇ ਗ਼ਲਤ ਹਾਣ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ, ਕਿਤੇ ਨਸ਼ਿਆਂ ਦੀ ਦਲਦਲ 'ਚ ਤਾਂ ਨਹੀਂ ਜਾ ਰਹੇ। ਜੇ ਬੱਚੇ ਮਾਪਿਆਂ ਦੇ ਮੂਹਰੇ ਉੱਚੀ ਭਾਸ਼ਾ ਵਿਚ ਗੱਲ ਕਰਨ ਲੱਗ ਜਾਣ ਤਾਂ ਮਾਪੇ ਸਮਝ ਲੈਣ ਕਿ ਉਨ੍ਹਾਂ ਦੇ ਜਵਾਨ, ਅੱਲ੍ਹੜ ਹੋਏ ਬੱਚੇ ਹੁਣ ਉਨ੍ਹਾਂ ਦੇ ਹੱਥਾਂ 'ਚੋਂ ਬਾਹਰ ਹੁੰਦੇ ਜਾ ਰਹੇ ਹਨ। ਇਥੇ ਹੁਣ ਮਾਪਿਆਂ ਦੀ ਦੋਸਤੀ, ਉਨ੍ਹਾਂ ਦਾ ਪਿਆਰ ਅਤੇ ਵਧੀਆ ਸਾਥ ਹੀ ਬੱਚਿਆਂ ਨੂੰ ਸਹੀ ਰਸਤੇ 'ਤੇ ਲਿਆ ਸਕਦਾ ਹੈ, ਨਾ ਕਿ ਕੋਈ ਸਖ਼ਤੀ ਕਰਕੇ ਜਾਂ ਡਰਾਵੇ ਵਗੈਰਾ ਦੇ ਕੇ।
ਅਕਸਰ ਕੁਝ ਬੱਚਿਆਂ ਵਿਚ ਅਪਰਾਧ ਕਰਨ ਦੀ ਬਿਰਤੀ ਵੀ ਦੇਖਣ ਨੂੰ ਮਿਲਦੀ ਹੈ। ਇਹ ਸਮਾਂ ਇਨ੍ਹਾਂ ਬੱਚਿਆਂ ਲਈ ਬੜਾ ਨਾਜ਼ੁਕ ਹੁੰਦਾ ਹੈ, ਕਿਉਂਕਿ ਕੁਝ ਕੁ ਅਮੀਰ ਘਰਾਂ ਦੇ ਬੱਚੇ ਕਦੋਂ ਕਿਸ ਪਾਸੇ ਮੁੜ ਜਾਣ, ਘਰ ਵਾਲਿਆਂ ਨੂੰ ਖ਼ਬਰ ਤੱਕ ਵੀ ਨਹੀਂ ਹੁੰਦੀ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬੱਚੇ ਕਿਸੇ ਨਾ ਕਿਸੇ ਚਿੰਤਾ 'ਚ ਪਏ ਰਹਿੰਦੇ ਹਨ। ਅਜਿਹੀ ਸਥਿਤੀ 'ਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਚੰਗੇਰਾ, ਉੱਚਾ ਅਤੇ ਦੋਸਤਾਨਾ ਸਲੂਕ ਬਣਾ ਕੇ ਆਪਣੇ ਬਾਹਰ ਭੱਜ ਰਹੇ ਬੱਚਿਆਂ ਨੂੰ ਪਿਆਰ ਨਾਲ ਬੁੱਕਲ ਵਿਚ ਲੈਣਾ ਪਵੇਗਾ। ਜਿੰਨੀ ਦੇਰ ਮਾਪੇ ਆਪਣੇ ਬੱਚਿਆਂ ਦੇ ਮਨ ਦੀ ਭਾਸ਼ਾ ਨਹੀਂ ਪੜ੍ਹਨਗੇ, ਓਨੀ ਦੇਰ ਮਾਪੇ ਅਤੇ ਬੱਚੇ ਦੋਵੇਂ ਹੀ ਉਲਝੇ ਰਹਿਣਗੇ। ਮਾਤਾ-ਪਿਤਾ ਆਪਣੇ ਜਵਾਨ ਹੋਏ ਬੱਚਿਆਂ ਨੂੰ ਚੰਗੀ ਸੰਗਤ, ਲਾਇਬ੍ਰੇਰੀ ਨਾਲ ਜੋੜਨ, ਉਨ੍ਹਾਂ ਨੂੰ ਸਫਲ ਇਨਸਾਨਾਂ ਦੀਆਂ ਸਵੈ-ਜੀਵਨੀਆਂ ਪੜ੍ਹਨ ਲਈ ਪ੍ਰੇਰਿਤ ਕਰਨ। ਸਾਨੂੰ ਇਹ ਹਮੇਸ਼ਾ ਯਾਦ ਰਹੇ ਕਿ ਜਿੰਨੀ ਦੇਰ ਮਾਪਿਆਂ ਦੇ ਘਰ ਸਾਹਿਤਕ ਕਿਤਾਬਾਂ ਨਹੀਂ ਟਿਕਣਗੀਆਂ, ਓਨੀ ਦੇਰ ਉਨ੍ਹਾਂ ਦੇ ਬੱਚੇ ਸਹੀ ਅਤੇ ਗ਼ਲਤ ਦੀ ਪਛਾਣ ਨਹੀਂ ਕਰ ਸਕਣਗੇ। ਮਾਪੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਜਵਾਨ ਹੋਣ ਤੋਂ ਪਹਿਲਾਂ ਹੀ ਸਮਝਾਉਣ ਕਿ ਉਨ੍ਹਾਂ ਦਾ ਕਿਤਾਬਾਂ ਤੋਂ ਵਧੀਆ ਕੋਈ ਹੋਰ ਦੋਸਤ ਨਹੀਂ।
ਅੱਲ੍ਹੜ ਉਮਰ ਜ਼ਿੰਦਗੀ ਦਾ ਨਾਜ਼ੁਕ ਹੀ ਨਹੀਂ, ਸਗੋਂ ਬੜਾ ਪਿਆਰਾ ਜਿਹਾ ਪੜਾਅ ਹੈ, ਇਸ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ। ਅੱਲ੍ਹੜ ਸਾਡੇ ਸੱਭਿਆਚਾਰ ਦਾ ਓਨੀ ਦੇਰ ਆਦਰ/ਸਤਿਕਾਰ ਨਹੀਂ ਕਰਨਗੇ, ਜਿੰਨੀ ਦੇਰ ਮਾਪੇ ਆਪਣੇ ਜਵਾਨ ਬੱਚਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਨਗੇ। ਪਿਆਰ, ਘੂਰ ਨਾਲੋਂ ਵੀ ਵੱਡਾ ਹਥਿਆਰ ਹੁੰਦਾ ਹੈ। ਮਾਪਿਆਂ ਦੇ ਹੱਥ ਵਿਚ ਬੱਚਿਆਂ ਦੇ ਜੀਵਨ ਦੀ ਡੋਰ ਹੁੰਦੀ ਹੈ। ਮਾਪੇ ਇਸ ਡੋਰ ਦੇ ਤੁਣਕੇ ਨੂੰ ਐਨੇ ਪਿਆਰ ਨਾਲ ਮਾਰਨ ਕਿ ਜਵਾਨ ਹੋ ਰਹੇ ਬੱਚੇ ਅੰਬਰੀਂ ਉਡਾਰੀਆਂ ਮਾਰਨ ਦੀ ਕੋਸ਼ਿਸ਼ ਵਿਚ ਜੁਟ ਜਾਣ। ਧਿਆਨ ਰਹੇ ਕਿ ਮਾਪਿਆਂ ਵਲੋਂ ਘਰੋਂ ਵਰਤਾਇਆ ਪਿਆਰ ਹੀ ਬੱਚੇ ਅੱਗੇ ਦੂਜਿਆਂ ਨੂੰ ਵੰਡਣਗੇ, ਫਿਰ ਚਾਹੇ ਉਹ ਅਧਿਆਪਕਾਂ 'ਚ ਵੰਡਣ ਤੇ ਚਾਹੇ ਆਪਣੇ ਸੰਗੀ-ਸਾਥੀਆਂ 'ਚ। ਅੱਲ੍ਹੜਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਕੇਵਲ ਮਾਪਿਆਂ ਦੀ ਹੀ ਨਹੀਂ, ਸਗੋਂ ਇਸ 'ਚ ਸਮਾਜ ਨੂੰ ਵੀ ਆਪਣਾ ਇਕ ਅਹਿਮ ਰੋਲ ਅਦਾ ਕਰਨਾ ਪਵੇਗਾ। ਅਸੀਂ ਰਹਿੰਦੇ ਜਿਥੇ ਮਰਜ਼ੀ ਹੋਈਏ, ਪਰ ਸਾਡਾ ਭਾਈਚਾਰਾ, ਸੱਭਿਆਚਾਰ ਅਤੇ ਬੋਲਬਾਣੀ ਤਾਂ ਇਕੋ ਹੀ ਹੈ। ਆਓ ਆਪਾਂ ਸਾਰੇ ਰਲ ਕੇ ਆਪਣਾ ਹੀ ਨਹੀਂ, ਆਪਣੇ ਨਾਲ ਦੇ ਸਾਥੀਆਂ ਦੇ ਘਰਾਂ ਵਿਚ ਵੀ ਖੁਸ਼ੀਆਂ ਦੇ ਚਿਰਾਗ ਰੌਸ਼ਨ ਦੇਖਣ ਲਈ ਹੰਭਲਾ ਮਾਰੀਏ। ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਇਸ ਲਈ ਇਨ੍ਹਾਂ ਨੇ ਤਾਂ ਸਮਾਜ ਨੂੰ ਆਪਣੇ ਸ਼ਬਦਾਂ ਦੇ ਜ਼ਰੀਏ ਹੀ ਹੋਕਾ ਦੇਣਾ ਹੁੰਦਾ ਹੈ। ਕਿਸੇ ਵਿਦਵਾਨ ਨੇ ਕਿਆ ਖੂਬ ਲਿਖਿਆ ਹੈ-
'ਹਮਨੇ ਤੋ ਚਿਰਾਗ਼ ਰੌਸ਼ਨ ਕਰ ਦੀਆ, ਅਬ ਹਵਾਓਂ ਸੇ ਜ਼ਿੰਮੇਵਾਰੀ ਆਪ ਕੀ ਹੈ।'


-ਵਿਦਿਆਰਥਣ, ਪੀ.ਐਚ.ਡੀ.,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
kiranpahwa888@gmail.com


ਖ਼ਬਰ ਸ਼ੇਅਰ ਕਰੋ

ਬੱਚੇ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ?

ਬੱਚੇ ਸਿਰਫ ਮਾਂ-ਪਿਓ ਦੀ ਹੀ ਅਸਲੀ ਦੌਲਤ ਨਹੀਂ ਹੁੰਦੇ। ਉਹ ਆਪਣੇ ਦੇਸ਼ ਅਤੇ ਸਮਾਜ ਦੀ ਵੀ ਧਨ-ਦੌਲਤ ਹੁੰਦੇ ਹਨ। ਅੱਜ ਦੇ ਬੱਚੇ ਭਵਿੱਖ ਦੇ ਵਾਰਸ ਵੀ ਹਨ ਤੇ ਸਰਮਾਇਆ ਵੀ। ਬੱਚਿਆਂ ਦਾ ਸਰਬਪੱਖੀ ਵਿਕਾਸ ਹੀ ਦੇਸ਼ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਣ ਵਿਚ ਮੀਲ-ਪੱਥਰ ਸਾਬਤ ਹੋ ਸਕਦਾ ਹੈ।
ਬੱਚਿਆਂ ਦੇ ਸਰਬਪੱਖੀ ਵਿਕਾਸ ਵਾਸਤੇ ਬਚਪਨ ਤੋਂ ਹੀ ਗਿਆਨ ਦਿੱਤੇ ਜਾਣ ਦੀ ਲੋੜ ਹੈ। ਕਈ ਮਾਪੇ ਸ਼ੁਰੂ ਤੋਂ ਹੀ ਬੱਚੇ ਦੀ ਕਿਤਾਬੀ ਪੜ੍ਹਾਈ 'ਤੇ ਹੀ ਸਾਰਾ ਜ਼ੋਰ ਲਾ ਦਿੰਦੇ ਹਨ। ਬੱਚੇ ਦੀ ਤੰਦਰੁਸਤੀ ਤੇ ਹੋਰ ਪੱਖਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਥੇ ਇਹ ਸਮਝਣ ਦੀ ਲੋੜ ਹੈ ਕਿ ਬੱਚੇ ਦੀ ਸੰਤੁਲਿਤ ਸ਼ਖ਼ਸੀਅਤ ਦੇ ਵਿਕਾਸ ਵਾਸਤੇ ਸਰੀਰਕ, ਮਾਨਸਿਕ, ਸਮਾਜਿਕ ਤੇ ਬੌਧਿਕ ਵਿਕਾਸ ਦਾ ਸੁਮੇਲ ਹੋਣਾ ਜ਼ਰੂਰੀ ਹੈ। ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਰਿਸ਼ਟ-ਪੁਸ਼ਟ ਸਰੀਰ ਤੇ ਰੌਸ਼ਨ ਦਿਮਾਗ ਵੀ ਜ਼ਰੂਰੀ ਹੁੰਦਾ ਹੈ।
ਬੱਚੇ ਦੀ ਸਿੱਖਿਆ ਮਾਂ ਦੇ ਗਰਭ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਬੱਚੇ ਦਾ ਸੰਤੁਲਿਤ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਘਰੇਲੂ ਮਾਹੌਲ ਸੁਖਾਵਾਂ ਹੋਵੇ। ਜਿਹੋ ਜਿਹਾ ਬਚਪਨ ਵਿਚ ਮਾਹੌਲ ਮਿਲਦਾ ਹੈ, ਉਸ ਦਾ ਪ੍ਰਛਾਵਾਂ ਸਾਰੀ ਉਮਰ ਹੀ ਰਹਿੰਦਾ ਹੈ। ਬੱਚਿਆਂ ਦੀਆਂ ਸਾਰੀਆਂ ਲੋੜਾਂ ਘਰ ਤੋਂ ਹੀ ਪੂਰੀਆਂ ਕੀਤੇ ਜਾਣ ਦੀ ਲੋੜ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਲਈ ਜ਼ਰੂਰੀ ਹਨ। ਖੇਡਾਂ ਸਹਿਣਸ਼ੀਲਤਾ, ਸਹਿਯੋਗ, ਅਨੁਸ਼ਾਸਨ, ਸਮੇਂ ਦੀ ਕਦਰ ਅਤੇ ਜ਼ਿੰਦਗੀ ਦੇ ਸੰਘਰਸ਼ ਵਾਸਤੇ ਤਿਆਰ ਰਹਿਣ ਵਾਸਤੇ ਪ੍ਰੇਰਨਾ ਦਾ ਸਰੋਤ ਹੁੰਦੀਆਂ ਹਨ। ਨੰਨੇ-ਮੁੰਨੇ ਬੱਚਿਆਂ ਨੂੰ ਮਾਂ-ਪਿਓ ਦੇ ਪਿਆਰ ਦੇ ਨਾਲ-ਨਾਲ ਦਾਦੇ-ਦਾਦੀ, ਨਾਨੇ-ਨਾਨੀ, ਭੂਆ-ਫੁੱਫੜ, ਤਾਇਆ-ਤਾਈ, ਚਾਚਾ-ਚਾਚੀ, ਭੈਣਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਪਿਆਰ ਦੀ ਲੋੜ ਹੁੰਦੀ ਹੈ। ਹੁਣ ਇਕ ਤਾਂ ਪਰਿਵਾਰ ਸੀਮਤ ਹੋ ਰਹੇ ਹਨ ਤੇ ਦੂਜਾ ਮੋਬਾਈਲ ਫੋਨਾਂ ਨੇ ਬੱਚਿਆਂ ਨੂੰ ਪਰਿਵਾਰ ਦੇ ਪਿਆਰ ਤੋਂ ਵਾਂਝਿਆਂ ਕਰ ਦਿੱਤਾ ਹੈ। ਬਹੁਤ ਸਾਰੇ ਸਮਾਜਿਕ ਰਿਸ਼ਤਿਆਂ ਦਾ ਨਿੱਘ ਨਾ ਮਿਲਣ ਕਰਕੇ ਬੱਚੇ ਜ਼ਿਦੀ, ਹਉਮੈਵਾਦੀ ਤੇ ਅਲਹਿਦਗੀ ਪਸੰਦ ਹੋ ਗਏ ਹਨ। ਇਨ੍ਹਾਂ ਪ੍ਰਵਿਰਤੀਆਂ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਰੁਕ ਜਾਂਦਾ ਹੈ।
ਜੇਕਰ ਅਸੀਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ ਸਾਨੂੰ ਸਕੂਲ ਪਾਠਕ੍ਰਮ ਵਿਚ ਬਹੁਤ ਹੀ ਤਬਦੀਲੀਆਂ ਕਰਨ ਦੀ ਲੋੜ ਹੈ। ਬੱਚਿਆਂ ਨੂੰ ਆਪਣੇ ਦੇਸ਼ ਦੇ ਪੁਰਾਤਨ ਇਤਿਹਾਸ, ਸੱਭਿਆਚਾਰ ਤੇ ਵਿਸ਼ੇਸ਼ ਕਰਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਨਿਡਰ ਤੇ ਬਹਾਦਰ ਬਣਾਉਣ ਲਈ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸ਼ਿਵਾ ਜੀ, ਝਾਂਸੀ ਦੀ ਰਾਣੀ, ਰਾਣਾ ਪ੍ਰਤਾਪ ਤੇ ਹੋਰ ਦੇਸ਼ ਭਗਤਾਂ ਦੀਆਂ ਜੀਵਨੀਆਂ ਬਾਰੇ ਪਾਠਕ੍ਰਮ ਵਿਚ ਸ਼ਾਮਿਲ ਪੁਸਤਕਾਂ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ।
ਬੱਚਿਆਂ ਨੂੰ ਜਾਦੂ-ਟੂਣਿਆਂ, ਵਹਿਮਾਂ-ਭਰਮਾਂ, ਡਾਕੂਆਂ, ਖਲਨਾਇਕਾਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੇ ਜਾਣ ਦੀ ਲੋੜ ਹੈ। ਉਨ੍ਹਾਂ ਨੂੰ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਅਤੇ 'ਐ ਮੇਰੇ ਵਤਨ ਕੇ ਲੋਗੋ' ਵਰਗੇ ਦੇਸ਼ ਭਗਤੀ ਦੇ ਗੀਤ ਪੜ੍ਹਾਏ ਜਾਣ ਦੀ ਲੋੜ ਹੈ। ਉਨ੍ਹਾਂ ਦੇ ਸਰਬਪੱਖੀ ਵਿਕਾਸ ਵਾਸਤੇ ਉਨ੍ਹਾਂ ਨੂੰ ਲੱਚਰ ਗੀਤਾਂ ਤੇ ਲੱਚਰ ਸਾਹਿਤ ਤੋਂ ਦੂਰ ਰੱਖਣਾ ਚਾਹੀਦਾ ਹੈ। ਬੱਚਿਆਂ ਵਿਚ ਵਿਗਿਆਨਕ ਅਤੇ ਯਥਾਰਥਵਾਦੀ ਵਿਚਾਰਧਾਰਾ ਪੈਦਾ ਕਰਕੇ ਉਨ੍ਹਾਂ ਨੂੰ ਸਫਲਤਾ ਦੀ ਮੰਜ਼ਿਲ 'ਤੇ ਪਹੁੰਚਾਇਆ ਜਾ ਸਕਦਾ ਹੈ। ਜੇਕਰ ਅਸੀਂ ਬੱਚਿਆਂ 'ਤੇ ਬੋਹੜ ਬਣੇ ਰਹਾਂਗੇ ਤਾਂ ਬੱਚੇ ਵਧ-ਫੁੱਲ ਕੇ ਪ੍ਰਫੁਲਤ ਨਹੀਂ ਹੋ ਸਕਦੇ। ਬੋਹੜਾਂ ਵਰਗੀ ਛਾਂ ਉਨ੍ਹਾਂ ਨੂੰ ਜ਼ਰੂਰ ਦਿਓ ਪਰ ਆਪਣੇ ਕੰਮ ਆਪ ਕਰਨ ਦੀ ਆਦਤ ਪਾਉਣੀ ਵੀ ਲਾਜ਼ਮੀ ਹੈ।
ਬੱਚਿਆਂ ਨੂੰ ਵਿਰਸੇ ਵਿਚ ਪੂੰਜੀ ਭਾਵੇਂ ਘੱਟ ਦਿਓ ਪਰ ਉਨ੍ਹਾਂ ਨੂੰ ਸਫਲ ਮਨੁੱਖ ਸਿਰਜਣ ਵਾਸਤੇ, ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ।


-ਸਾਇੰਸ ਮਿਸਟ੍ਰੈੱਸ, ਸ: ਹਾ: ਸਕੂਲ, ਝੰਡੇਰ (ਅੰਮ੍ਰਿਤਸਰ)। ਮੋਬਾ: 98155-84220

ਔਰਤ ਦੇ ਹੱਕਾਂ ਨੂੰ ਜਾਣੋ

1956 ਵਿਚ ਬਣੇ ਹਿੰਦੂ ਉੱਤਰਾਧਿਕਾਰੀ ਕਾਨੂੰਨ ਵਿਚ ਔਰਤਾਂ ਨੂੰ ਕਾਫੀ ਹੱਕ ਦਿੱਤੇ ਗਏ ਹਨ, ਜੋ ਮਹੱਤਵਪੂਰਨ ਹਨ-
* ਕਿਸੇ ਮਰਦ ਦੀ ਜਾਇਦਾਦ ਵਿਚ ਉਸ ਦੀ ਵਿਧਵਾ ਪਤਨੀ, ਮਾਂ, ਬੇਟੀਆਂ ਅਤੇ ਬੇਟੇ ਸਾਰੇ ਪਹਿਲੀ ਸ਼੍ਰੇਣੀ ਦੇ ਵਾਰਸ ਹਨ।
* ਪਿਤਾ ਤੋਂ ਪਹਿਲਾਂ ਮਰਨ ਵਾਲੇ ਲੜਕੇ ਜਾਂ ਲੜਕੀ ਦੇ ਬੱਚਿਆਂ ਨੂੰ ਵੀ ਦਾਦੇ ਦੀ ਸੰਪਤੀ ਵਿਚੋਂ ਬਰਾਬਰ ਦਾ ਹਿੱਸਾ ਮਿਲੇਗਾ।
* ਪਿਤਾ ਦੇ ਰਿਹਾਇਸ਼ੀ ਮਕਾਨ ਵਿਚ ਕੁਆਰੀ, ਵਿਧਵਾ ਜਾਂ ਪਤੀ ਦੁਆਰਾ ਛੱਡੀ ਗਈ, ਸਾਰੀਆਂ ਲੜਕੀਆਂ ਨੂੰ ਰਹਿਣ ਦਾ ਹੱਕ ਹੈ। ਉਹ ਭਰਾਵਾਂ ਦੀ ਮਰਜ਼ੀ ਜਾਂ ਦਇਆ 'ਤੇ ਨਿਰਭਰ ਨਹੀਂ ਹੈ।
* ਪਤੀ ਦੀ ਮੌਤ ਦੇ ਸਮੇਂ ਗਰਭਵਤੀ ਪਤਨੀ ਦਾ ਬੱਚਾ ਵੀ ਸੰਪਤੀ ਦਾ ਓਨਾ ਹੀ ਹੱਕਦਾਰ ਹੈ, ਜਿੰਨੇ ਪਹਿਲਾਂ ਹੋਏ ਬੱਚੇ।
* ਔਰਤ ਦਾ ਆਪਣੀ ਜਾਇਦਾਦ 'ਤੇ ਪੂਰਾ ਅਧਿਕਾਰ ਹੈ, ਉਹ ਉਸ ਨੂੰ ਵੇਚ ਸਕਦੀ ਹੈ, ਗਹਿਣੇ ਰੱਖ ਸਕਦੀ ਹੈ ਜਾਂ ਜਿਸ ਨੂੰ ਚਾਹੇ, ਦੇ ਸਕਦੀ ਹੈ।
* ਔਰਤ ਦੇ ਨਾਂਅ ਜੋ ਵੀ ਜਾਇਦਾਦ, ਗਹਿਣੇ ਜਾਂ ਪੈਸੇ ਉਸ ਨੂੰ ਵਿਆਹ ਤੋਂ ਪਹਿਲਾਂ, ਵਿਆਹ ਦੇ ਸਮੇਂ ਜਾਂ ਬਾਅਦ ਵਿਚ ਮਿਲਦੇ ਹਨ, ਉਹ ਉਸ ਦਾ ਇਸਤਰੀਧਨ ਹੈ ਅਤੇ ਉਸ 'ਤੇ ਸਿਰਫ ਉਸ ਦਾ ਪੂਰਾ ਅਧਿਕਾਰ ਹੈ।
* ਉੱਤਰਾਧਿਕਾਰੀ ਵਿਚ, ਤੋਹਫ਼ੇ ਵਿਚ ਜਾਂ ਤਲਾਕ ਤੋਂ ਬਾਅਦ ਗੁਜ਼ਾਰਾ ਭੱਤੇ ਲਈ ਮਿਲੀ ਚੱਲ-ਅਚੱਲ ਜਾਇਦਾਦ 'ਤੇ ਔਰਤ ਦਾ ਪੂਰਾ ਹੱਕ ਹੁੰਦਾ ਹੈ।
* ਉੱਤਰਾਧਿਕਾਰ ਵਿਚ ਜਾਇਦਾਦ ਮਿਲਣ ਤੋਂ ਬਾਅਦ ਕੋਈ ਵਿਧਵਾ ਦੁਬਾਰਾ ਵਿਆਹ ਕਰਵਾ ਲਵੇ ਤਾਂ ਉਸ ਨੂੰ ਜਾਇਦਾਦ ਮੋੜਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਸ 'ਤੇ ਉਸ ਦਾ ਪੂਰਾ ਕਾਨੂੰਨੀ ਹੱਕ ਹੈ।
ਇਹ ਹੱਕ ਮਿਲਣ ਦੇ ਬਾਵਜੂਦ ਵੀ ਕਾਨੂੰਨ ਵਿਚ ਕੁਝ ਖਾਮੀਆਂ ਹਨ। ਪਰ 2015 ਵਿਚ ਹਿੰਦੂ ਕਾਨੂੰਨ ਵਿਚ ਸੋਧ ਤੋਂ ਪਿੱਛੋਂ ਲੜਕੀ ਜਨਮ ਸਿੱਧ ਅਧਿਕਾਰ ਹੋਣ ਕਰਕੇ ਆਪਣੇ ਹਿੱਸੇ ਦੀ ਵੰਡ ਦੀ ਮੰਗ ਕਰ ਸਕਦੀ ਹੈ।

ਚੌਲਾਂ ਦਾ ਆਟਾ ਫੇਸਪੈਕ ਲਈ ਅਸਰਦਾਇਕ

ਆਓ ਜਾਣੀਏ ਚੌਲਾਂ ਦੇ ਆਟੇ ਦੀ ਵਰਤੋਂ ਕਿਵੇਂ ਕੀਤੀ ਜਾਵੇ-
ਇਕ ਟੋਨਰ ਦੇ ਰੂਪ ਵਿਚ : ਜਿਨ੍ਹਾਂ ਲੋਕਾਂ ਦੀ ਚਮੜੀ ਤੇਲੀ ਹੋਵੇ, ਉਨ੍ਹਾਂ ਨੂੰ ਚੌਲਾਂ ਦੇ ਆਟੇ ਵਿਚ ਪਾਣੀ ਮਿਲਾ ਕੇ ਰਾਤ ਨੂੰ ਰੱਖ ਦੇਣਾ ਚਾਹੀਦਾ ਹੈ। ਸਵੇਰੇ ਉਸੇ ਪਾਣੀ ਵਿਚ ਅੱਧਾ ਨਿੰਬੂ ਨਿਚੋੜ ਕੇ ਉਸ ਦਾ ਪੇਸਟ ਤਿਆਰ ਕਰ ਲਓ ਅਤੇ ਉਸ ਪੇਸਟ ਨੂੰ ਚਿਹਰੇ 'ਤੇ ਲਗਾ ਲਓ। ਥੋੜ੍ਹੀ ਦੇਰ ਤੱਕ ਉਸ ਨੂੰ ਸਾਫ਼ ਪਾਣੀ ਨਾਲ ਧੋ ਲਓ। ਚਮੜੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਚਮੜੀ ਵਿਚ ਚਮਕ ਵੀ ਆਵੇਗੀ। ਸ਼ੁਰੂ ਵਿਚ ਹਫ਼ਤੇ ਵਿਚ ਇਕ ਵਾਰ ਕਰੋ।
ਰੰਗਤ ਨਿਖਾਰਨ ਲਈ : ਰੰਗਤ ਨਿਖਾਰਨ ਲਈ ਚੌਲਾਂ ਦੇ ਆਟੇ ਵਿਚ ਸ਼ਹਿਦ ਅਤੇ ਦਹੀਂ ਮਿਲਾ ਕੇ ਫੇਸਪੈਕ ਤਿਆਰ ਕਰੋ ਅਤੇ ਇਸ ਨੂੰ ਆਪਣੇ ਚਿਹਰੇ ਅਤੇ ਧੌਣ 'ਤੇ ਲਗਾਓ। 15 ਤੋਂ 20 ਮਿੰਟ ਬਾਅਦ ਚਿਹਰਾ ਅਤੇ ਧੌਣ ਧੋ ਲਓ। ਕੁਝ ਸਮੇਂ ਤੱਕ ਨਿਯਮਤ ਕਰਨ ਨਾਲ ਰੰਗ ਵਿਚ ਸੁਧਾਰ ਆ ਜਾਵੇਗਾ।
ਮ੍ਰਿਤ ਚਮੜੀ ਨੂੰ ਹਟਾਉਂਦਾ ਹੈ : ਚੌਲਾਂ ਦੇ ਆਟੇ ਵਿਚ ਥੋੜ੍ਹਾ ਜਿਹਾ ਸ਼ਹਿਦ ਜਾਂ ਜੈਤੂਨ ਦਾ ਤੇਲ ਮਿਲਾ ਕੇ ਸਕਰੱਬ ਤਿਆਰ ਕਰੋ ਅਤੇ ਇਸ ਨੂੰ ਚਿਹਰੇ, ਧੌਣ, ਬਾਹਾਂ ਅਤੇ ਹੱਥਾਂ 'ਤੇ ਲਗਾਓ। ਚਿਹਰੇ 'ਤੇ ਹਥੇਲੀਆਂ ਨਾਲ ਗੋਲ-ਗੋਲ ਘੁਮਾਉਂਦੇ ਹੋਏ ਥੋੜ੍ਹਾ ਆਰਾਮ ਨਾਲ ਰਗੜੋ। ਇਸੇ ਤਰ੍ਹਾਂ ਧੌਣ, ਬਾਹਾਂ ਅਤੇ ਹੱਥ ਹਥੇਲੀਆਂ ਨਾਲ ਹਲਕਾ-ਹਲਕਾ ਰਗੜੋ। ਇਸ ਤਰ੍ਹਾਂ ਮ੍ਰਿਤ ਚਮੜੀ ਸਾਫ਼ ਹੋ ਜਾਂਦੀ ਹੈ।
ਝੁਰੜੀਆਂ ਨੂੰ ਦੂਰ ਕਰਨ ਲਈ : ਵਧਦੀ ਉਮਰ ਵਿਚ ਝੁਰੜੀਆਂ ਪੈਣੀਆਂ ਇਕ ਕੁਦਰਤੀ ਪ੍ਰਕਿਰਿਆ ਹੈ ਪਰ ਸਮਾਂ ਰਹਿੰਦੇ ਜੇ ਅਸੀਂ ਸਾਵਧਾਨ ਰਹੀਏ ਅਤੇ ਚਮੜੀ ਦੀ ਸਹੀ ਦੇਖਭਾਲ ਕਰੀਏ ਤਾਂ ਇਸ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ। ਇਸ ਵਾਸਤੇ ਚੌਲਾਂ ਦੇ ਆਟੇ ਵਿਚ ਖੀਰੇ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। ਜਦੋਂ ਤੱਕ ਇਹ ਪੇਸਟ ਲੱਗਾ ਹੈ, ਉਦੋਂ ਤੱਕ ਗੱਲ ਨਾ ਕਰੋ। ਕੁਝ ਦੇਰ ਤੱਕ ਉਸ ਨੂੰ ਸਾਫ਼ ਪਾਣੀ ਨਾਲ ਧੋ ਲਓ। ਅਜਿਹਾ ਹਫਤੇ ਵਿਚ ਇਕ ਜਾਂ ਦੋ ਵਾਰ ਕਰੋ।
ਟੈਨਿੰਗ ਹਟਾਉਣ ਲਈ : ਗਰਮੀਆਂ ਵਿਚ ਅਕਸਰ ਟੈਨਿੰਗ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੋ ਜਾਂਦੀ ਹੈ। ਇਸ ਵਾਸਤੇ ਚੌਲਾਂ ਦੇ ਆਟੇ ਵਿਚ ਦੁੱਧ ਮਿਲਾ ਕੇ ਉਸ ਪੇਸਟ ਨੂੰ ਟੈਨਿੰਗ ਵਾਲੀ ਚਮੜੀ 'ਤੇ ਲਗਾਓ, ਥੋੜ੍ਹੀ ਦੇਰ ਬਾਅਦ ਧੋ ਲਓ। ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ।
ਡਿਓਡਰੈਂਟ ਦਾ ਵੀ ਕਰਦਾ ਹੈ ਕੰਮ : ਚੌਲਾਂ ਦੇ ਪਾਊਡਰ ਦਾ ਪੇਸਟ ਆਪਣੀਆਂ ਬਗਲਾਂ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਇਸ ਨੂੰ ਸਾਫ਼ ਕਰ ਲਓ। ਇਸ ਨਾਲ ਪਸੀਨੇ ਦੀ ਬਦਬੂ ਵੀ ਨਹੀਂ ਆਵੇਗੀ ਅਤੇ ਬਗਲਾਂ ਦਾ ਰੰਗ ਵੀ ਸਾਫ਼ ਹੋਵੇਗਾ।
ਫੇਸਪੈਕ ਲਈ : 2-3 ਵੱਡੇ ਚਮਚ ਕੱਚੇ ਚੌਲਾਂ ਨੂੰ ਠੰਢੇ ਪਾਣੀ ਵਿਚ ਹੌਲੀ ਸੇਕ 'ਤੇ ਗਰਮ ਕਰੋ। ਚੌਲ ਉਬਾਲੋ ਨਾ। ਨਰਮ ਹੋਣ 'ਤੇ ਚੌਲ ਨਿਤਾਰ ਲਓ ਅਤੇ ਚੌਲਾਂ ਦਾ ਪਾਣੀ ਸੁੱਟੋ ਨਾ, ਬਾਅਦ ਵਿਚ ਚਿਹਰਾ ਧੋਣ ਦੇ ਕੰਮ ਵਿਚ ਲਿਆਓ। ਚੌਲਾਂ ਵਿਚ ਇਕ ਚਮਚ ਗਰਮ ਦੁੱਧ ਪਾਓ। ਇਕ ਵੱਡਾ ਚਮਚ ਸ਼ਹਿਦ ਪਾਓ ਅਤੇ ਚੰਗੀ ਤਰ੍ਹਾਂ ਤਿੰਨਾਂ ਨੂੰ ਫੈਂਟੋ। ਫੈਂਟੀ ਹੋਈ ਸਮੱਗਰੀ ਚਿਹਰੇ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਚੌਲਾਂ ਦੇ ਪਾਣੀ ਜਾਂ ਸਾਦੇ ਪਾਣੀ ਨਾਲ ਧੋ ਲਓ। ਇਸੇ ਤਰ੍ਹਾਂ ਚੌਲਾਂ ਨਾਲ ਸੰਤਰਾ, ਸੇਬ, ਸਟ੍ਰਾਬਰੀ ਵੀ ਪੀਸ ਕੇ ਤੁਸੀਂ ਲਗਾ ਸਕਦੇ ਹੋ। ਠੰਢਕ ਲਈ ਦਹੀਂ ਦੇ ਨਾਲ ਮਿਲਾ ਕੇ ਚਿਹਰੇ 'ਤੇ ਅੱਧਾ ਘੰਟਾ ਲਗਾਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।

ਭਰਵੀਂ ਲੌਕੀ

ਸਮੱਗਰੀ : * 1 ਦਰਮਿਆਨੇ ਆਕਾਰ ਦੀ ਲੌਕੀ।
ਮੈਰੀਨੇਟ ਕਰਨ ਲਈ :
* 50 ਮਿ: ਲਿ: ਨਿੰਬੂ ਦਾ ਰਸ
* 1/2 ਚਮਚਾ ਮਿਰਚ ਪਾਊਡਰ
* 2 ਚਮਚ ਗਰਮ ਮਸਾਲਾ
ਭਰਾਈ ਲਈ :
* 2 ਚਮਚੇ ਤੇਲ
* 1/2 ਚਮਚਾ ਜੀਰਾ ਸਾਬਤ
* 1 ਪਿਆਜ਼ ਕੱਟਿਆ ਹੋਇਆ
* 150 ਗ੍ਰਾ: ਟਮਾਟਰ ਕੱਟੇ ਹਏ
* 3 ਹਰੀਆਂ ਮਿਰਚਾਂ ਕੱਟੀਆਂ ਹੋਈਆਂ
* 1 ਚਮਚ ਅਦਰਕ ਪੇਸਟ
* 2 ਚਮਚ ਲਸਣ ਪੇਸਟ
* 1 ਚਮਚ ਕੱਟਿਆ ਧਨੀਆ
* 200 ਗ੍ਰਾ: ਕੱਦੂਕਸ਼ ਕੀਤਾ ਪਨੀਰ
* ਨਮਕ ਤੇ ਮਿਰਚ ਸਵਾਦ ਮੁਤਾਬਿਕ।
ਵਿਧੀ : 1. ਲੌਕੀ ਨੂੰ ਉਬਲਦੇ ਪਾਣੀ ਵਿਚ ਪਾਓ।
2. ਛਿੱਲ ਕੇ ਲੰਬੇ ਰੁਖ਼ ਬੀਜ ਕੱਢ ਲਓ।
3. ਲੌਕੀ ਉੱਪਰ ਮੈਰੀਨੇਟ ਪਾਓ ਅਤੇ ਇਕ ਘੰਟੇ ਲਈ ਇਕ ਪਾਸੇ ਰੱਖ ਦਿਓ। ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਬਾਕੀ ਸਮੱਗਰੀ ਨਾਲ ਜ਼ੀਰਾ ਪਾਓ।
4. ਪੰਜ ਮਿੰਟ ਲਈ ਤਲੋ।
5. ਲੌਕੀ ਵਿਚ ਭਰਾਈ ਕਰੋ ਅਤੇ ਧਾਗਾ ਲਪੇਟ ਦਿਓ ਤਾਂ ਜੋ ਭਰਾਈ ਨਾ ਨਿਕਲ ਸਕੇ।
6. ਇਕ ਫੋਇਲ ਵਿਚ ਰੱਖ ਕੇ ਗਰਮ ਓਵਨ ਵਿਚ 15 ਤੋਂ 20 ਮਿੰਟ ਤੱਕ ਬੇਕ ਕਰੋ।
7. ਪੁਦੀਨਾ ਅਤੇ ਧਨੀਆ ਚਟਣੀ ਨਾਲ ਗਰਮਾ-ਗਰਮ ਪਰੋਸੋ।
**

ਜਦੋਂ ਹੋਵੋ ਫੁਰਸਤ ਵਿਚ

ਵੈਸੇ ਤਾਂ ਕੰਮ ਵਿਚ ਇਨਸਾਨ ਬਹੁਤ ਰੁੱਝਾ ਰਹਿੰਦਾ ਹੈ ਪਰ ਰੁੱਝੇ ਹੋਏ ਇਨਸਾਨ ਦੇ ਵੀ ਕੁਝ ਕੰਮ ਲਟਕੇ ਰਹਿ ਜਾਂਦੇ ਹਨ ਪਰ ਕਦੇ ਰੁੱਝੇ ਹੋਏ ਇਨਸਾਨ ਨੂੰ ਕੁਝ ਸਮੇਂ ਲਈ ਕੰਮਾਂ ਤੋਂ ਫੁਰਸਤ ਦੇ ਦਿੱਤੀ ਜਾਵੇ ਤਾਂ ਅਜਿਹੇ ਵਿਚ ਉਸ ਨੂੰ ਸਮਝ ਨਹੀਂ ਆਉਂਦੀ ਕਿ ਆਪਣੇ ਫੁਰਸਤ ਦੇ ਪਲਾਂ ਦਾ ਕਿਵੇਂ ਮਜ਼ਾ ਲਿਆ ਜਾਵੇ। ਜੇ ਤੁਹਾਨੂੰ ਵੀ ਮੌਕਾ ਮਿਲੇ ਤਾਂ ਆਪਣੇ ਫੁਰਸਤ ਦੇ ਪਲ ਇਧਰ-ਉਧਰ ਸੋਚਣ ਵਿਚ ਬਰਬਾਦ ਨਾ ਕਰੋ, ਉਨ੍ਹਾਂ ਦਾ ਪੂਰਾ ਮਜ਼ਾ ਲਓ।
* ਫੁਰਸਤ ਦੇ ਪਲਾਂ ਵਿਚ ਆਪਣੀ ਪਸੰਦ ਅਨੁਸਾਰ ਭਾਰਤੀ ਸੰਗੀਤ ਜਾਂ ਪੱਛਮੀ ਸੰਗੀਤ ਸੁਣੋ।
* ਆਪਣੇ ਘਰ ਦੇ ਖਿੜਕੀਆਂ, ਦਰਵਾਜ਼ੇ ਖੋਲ੍ਹੋ ਅਤੇ ਕੁਦਰਤ ਦਾ ਅਨੰਦ ਲਓ।
* ਜੋ ਪੁਸਤਕਾਂ, ਮੈਗਜ਼ੀਨ ਤੁਸੀਂ ਵੱਖਰੇ ਪੜ੍ਹਨ ਲਈ ਕਦੇ ਰੱਖੇ ਸੀ, ਉਨ੍ਹਾਂ ਨੂੰ ਪੜ੍ਹ ਲਓ। ਆਪਣੇ ਦਿਮਾਗ ਨੂੰ ਪ੍ਰਸ਼ਨੋਤਰੀ ਅਤੇ ਕ੍ਰਾਸਵਰਡ ਪਜ਼ਲ ਵਿਚ ਲਗਾਓ। ਪਤਾ ਹੀ ਨਹੀਂ ਲੱਗੇਗਾ ਕਿ ਸਮਾਂ ਕਿਵੇਂ ਬੀਤ ਗਿਆ।
* ਆਪਣੀ ਪਸੰਦ ਦੀ ਫਰੂਟ ਚਾਟ ਜਾਂ ਸਬਜ਼ੀਆਂ ਦਾ ਸਲਾਦ ਕੱਟੋ ਅਤੇ ਆਰਾਮ ਨਾਲ ਖਾ ਕੇ ਉਸ ਦਾ ਪੂਰਾ ਅਨੰਦ ਲਓ।
* ਆਪਣੀ ਪਸੰਦ ਦਾ ਵਧੀਆ ਖਾਣਾ ਬਣਾਓ ਅਤੇ ਜ਼ਮੀਨ 'ਤੇ ਬੈਠ ਕੇ ਖਾਣੇ ਦਾ ਲੁਤਫ ਲਓ।
* ਸ਼ਾਮ ਨੂੰ ਆਰਾਮ ਕੁਰਸੀ 'ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲਓ।
* ਕੰਪਿਊਟਰ ਉਪਲਬਧ ਹੋਣ 'ਤੇ ਆਪਣੇ ਦਿਮਾਗ ਦੇ ਵਿਸਥਾਰ ਲਈ ਕੁਝ ਜਾਣਕਾਰੀ ਇਕੱਠੀ ਕਰੋ।
* ਪੁਰਾਣੇ ਮੈਗਜ਼ੀਨਾਂ ਨਾਲ ਵੱਖ-ਵੱਖ ਤਰ੍ਹਾਂ ਦੇ ਖਾਣੇ ਬਣਾਉਣ ਦੀਆਂ ਵਿਧੀਆਂ ਇਕੱਠੀਆਂ ਕਰਕੇ ਨੋਟ ਕਰੋ ਅਤੇ ਪੁਰਾਣੇ ਮੈਗਜ਼ੀਨਾਂ ਵਿਚ ਚੰਗੇ ਲੇਖਾਂ ਨੂੰ ਦੁਬਾਰਾ ਪੜ੍ਹੋ। ਤੁਸੀਂ ਉਨ੍ਹਾਂ ਨੂੰ ਦੁਬਾਰਾ ਪੜ੍ਹ ਕੇ ਆਪਣੇ-ਆਪ ਨੂੰ ਤਰੋਤਾਜ਼ਾ ਰੱਖ ਸਕਦੇ ਹੋ।
* ਜਿਨ੍ਹਾਂ ਨੂੰ ਤੁਸੀਂ ਕਾਫੀ ਸਮੇਂ ਤੋਂ ਫੋਨ ਕਰਨ ਲਈ ਸੋਚ ਰਹੇ ਹੋ, ਟੈਲੀਫੋਨ ਚੁੱਕੋ ਅਤੇ ਉਨ੍ਹਾਂ ਨੂੰ ਫੋਨ ਕਰੋ।
* ਆਪਣੀ ਅਤੇ ਪਰਿਵਾਰ ਦੀਆਂ ਅਲਮਾਰੀਆਂ ਵਿਚ ਕੱਪੜਿਆਂ ਦੀ ਦੁਬਾਰਾ ਸੈਟਿੰਗ ਕਰੋ। ਉਨ੍ਹਾਂ ਦੀ ਸਫ਼ਾਈ ਵੀ ਕਰ ਸਕਦੇ ਹੋ।
* ਜੇ ਤੁਹਾਡੀ ਚਿੱਤਰ ਕਲਾ ਚੰਗੀ ਹੈ ਤਾਂ ਛੋਟੇ-ਮੋਟੇ ਮੌਕਿਆਂ ਲਈ ਕਾਰਡ ਤਿਆਰ ਕਰਕੇ ਰੱਖ ਸਕਦੇ ਹੋ।
* ਘਰ ਦੀ ਸਜਾਵਟ ਵਿਚ ਛੋਟੀ-ਮੋਟੀ ਤਬਦੀਲੀ ਕਰ ਸਕਦੇ ਹੋ।
* ਪੁਰਾਣੀ ਫੋਟੋ ਐਲਬਮ ਦੇਖੋ। ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਬਿਤਾਏ ਗਏ ਪੁਰਾਣੇ ਚੰਗੇ ਪਲਾਂ ਨੂੰ ਯਾਦ ਕਰੋ।
* ਕੁਝ ਸਮੇਂ ਲਈ ਅੱਖਾਂ ਨੂੰ ਬੰਦ ਕਰਕੇ ਆਸ਼ਾਵਾਦੀ ਸੁਪਨੇ ਲਓ। ਸਮਾਂ ਕਿਵੇਂ ਬੀਤਿਆ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ।
* ਆਪਣੀ ਡਾਇਰੀ ਵਿਚ ਆਪਣੀਆਂ ਚੰਗੀਆਂ ਅਤੇ ਮਾੜੀਆਂ ਭਾਵਨਾਵਾਂ ਨੂੰ ਲਿਖੋ।
* ਕੁਝ ਸਮੇਂ ਲਈ ਆਪਣੇ ਮਨ ਨੂੰ ਸ਼ਾਂਤ ਰੱਖੋ। ਅਗਰਬੱਤੀ ਜਲਾਓ ਅਤੇ ਮਨ ਨੂੰ ਚਿੰਤਾਵਾਂ ਤੋਂ ਦੂਰ ਰੱਖੋ। ਇਨ੍ਹਾਂ ਸਭ ਨਾਲ ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਮਿਲੇਗੀ ਅਤੇ ਸਭ ਚੰਗਾ ਲੱਗੇਗਾ।
* ਆਤਮ-ਚਿੰਤਨ ਜ਼ਰੂਰ ਕਰੋ। ਆਪਣੀਆਂ ਕੀਤੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX