ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-12: ਘਟੋਤਕਚ

ਬੱਚਿਓ, ਮਹਾਭਾਰਤ ਵਿਚ 'ਇੰਦਰਪ੍ਰਸਥ' ਦਾ ਜ਼ਿਕਰ ਆਉਂਦਾ ਹੈ। ਅਜੋਕੀ ਦਿੱਲੀ ਇਸੇ ਇੰਦਰਪ੍ਰਸਥ ਦਾ ਨਵਾਂ ਨਾਂਅ ਹੈ। ਮਹਾਭਾਰਤ ਨਾਲ ਸਬੰਧਿਤ ਬਹਾਦਰ ਵਿਅਕਤੀ ਭੀਮ ਦਾ ਵਿਆਹ ਇਕ ਰਾਖ਼ਸ਼ਣੀ ਨਾਲ ਹੋਇਆ ਮੰਨਿਆ ਜਾਂਦਾ ਹੈ, ਜਿਸ ਨੇ ਘਟੋਤਕਚ ਨੂੰ ਜਨਮ ਦਿੱਤਾ ਸੀ। ਇਸੇ ਘਟੋਤਕਚ ਨੂੰ ਇਕ ਕਾਰਟੂਨ ਪਾਤਰ ਵਜੋਂ ਅੱਜਕਲ੍ਹ ਬੜੀ ਪ੍ਰਸਿੱਧੀ ਮਿਲੀ ਹੋਈ ਹੈ। ਘਟੋਤਕਚ ਬੱਚਿਆਂ ਨੂੰ ਬੇਹੱਦ ਲੁਭਾਉਣ ਵਾਲਾ ਪਾਤਰ ਹੈ। ਇਸ ਨਾਲ ਸਬੰਧਿਤ ਕਾਰਟੂਨ ਮੂਵੀ ਦੋ ਭਾਗਾਂ ਵਿਚ ਫੁੱਲ ਐਚ.ਡੀ. ਦੇ ਰੂਪ ਵਿਚ ਤਿਆਰ ਕੀਤੀ ਗਈ ਹੈ। ਹੱਥ ਵਿਚ ਗਦਾ ਲਈ ਘਟੋਤਕਚ ਹਾਥੀ ਵਰਗੇ ਜੰਗਲੀ ਜੀਵਾਂ ਨਾਲ ਵਿਚਰਦਾ ਹੈ। ਜਦੋਂ ਉਹ 'ਮੈਂ ਹੂੰ ਘਟੋਤਕਚ, ਮੈਂ ਦੁਨੀਆ ਮੇਂ ਸਬ ਸੇ ਨਿਰਾਲਾ' ਗਾਉਂਦਾ ਹੈ ਤਾਂ ਬੱਚੇ ਵੀ ਉਸ ਦੇ ਨਾਲ ਗੁਣਗੁਣਾਉਣ ਅਤੇ ਨੱਚਣ ਲੱਗਦੇ ਹਨ। ਕਦੇ-ਕਦੇ ਇਹ ਆਪਣੇ ਦੋਸਤ ਹਾਥੀ ਦੇ ਬੱਚੇ ਨਾਲ ਨਾਰਾਜ਼ ਵੀ ਹੋ ਜਾਂਦਾ ਹੈ ਤੇ ਕਦੇ ਉਸ ਨੂੰ ਝਿੜਕਦਾ ਵੀ ਹੈ। ਇਹ ਅਥਾਹ ਜਾਦੂਈ ਸ਼ਕਤੀਆਂ ਦਾ ਮਾਲਕ ਹੈ। ਬੱਚਿਆਂ ਨੂੰ ਇਸ ਦੇ ਕਾਰਨਾਮੇ ਬਹੁਤ ਚੰਗੇ ਲੱਗਦੇ ਹਨ। ਇਸ ਪਾਤਰ ਨਾਲ ਸਬੰਧਿਤ ਇਹ ਕਾਰਟੂਨ ਫ਼ਿਲਮ ਸਿੰਗੀਤਮ ਸ੍ਰੀਨਿਵਾਸਾ ਰਾਓ ਦੀ ਨਿਰਦੇਸ਼ਨਾ ਅਧੀਨ ਤਿਆਰ ਹੋਈ ਅਤੇ ਇਸ ਦੀ ਕਹਾਣੀ ਅਪਰਾਜਿਤ ਸ਼ੁਕਲਾ ਨੇ ਲਿਖੀ। ਇਹ ਫ਼ਿਲਮ 23 ਮਈ, 2008 ਨੂੰ ਰਿਲੀਜ਼ ਹੋਈ ਸੀ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਚਲਾਕੋ ਦੀ ਚਲਾਕੀ

ਵਣ ਜੀਵਾਂ ਵਿਚੋਂ ਸਭ ਤੋਂ ਚਲਾਕ ਸਮਝੀ ਜਾਂਦੀ ਮੌਮ ਲੂੰਬੜੀ ਨੇ ਕਾਨਵੈਂਟ ਸਕੂਲ ਦੀ ਪਹਿਲੀ 'ਚ ਪੜ੍ਹ ਰਹੀ ਬੇਟੀ ਲਿਲੀਅਨ ਉਰਫ ਚਲਾਕੋ ਨੂੰ ਪਹਿਲਾ ਪਾਠ ਇਹੋ ਪੜ੍ਹਾ ਕੇ ਭੇਜਿਆ ਸੀ ਕਿ 'ਬੇਟਾ ਲਾਲਚ ਕਦੇ ਨਾ ਕਰਨਾ ਅਤੇ ਨਾ ਹੀ ਕਿਸੇ ਦੀ ਵਸਤ ਨੂੰ ਚਲਾਕੀ ਨਾਲ ਪ੍ਰਾਪਤ ਕਰਨਾ, ਨਹੀਂ ਤਾਂ ਤੁਹਾਡਾ ਲਾਲਚ ਬੁਰੀ ਬਿਪਤਾ ਬਣ ਤੁਹਾਨੂੰ ਕਦੇ ਨਾ ਕਦੇ ਸ਼ਰਮਿੰਦਾ ਕਰੇਗਾ।'
ਪਰ ਇੰਗਲਿਸ਼ ਮੀਡੀਅਮ ਵਾਲੇ ਕਥਿਤ ਪਬਲਿਕ ਸਕੂਲ ਦੀ ਨਰਸਰੀ, ਯੂ.ਕੇ.ਜੀ. ਤੇ ਐਲ.ਕੇ.ਜੀ. ਪਾਸ ਕਰ ਫਸਟ 'ਚ ਪੁੱਜੀ ਚਲਾਕੋ ਤਾਂ ਮਾਤ ਭਾਸ਼ਾ ਵਿਚ ਘਰੋਂ ਗ੍ਰਹਿਣ ਕੀਤੇ ਸੱਚੇ-ਸੁੱਚੇ ਸੰਸਕਾਰ ਤਾਂ ਕਦੋਂ ਦੇ ਭੁੱਲ ਚੁੱਕੀ ਸੀ। ਸੋ, ਉਸ ਨੇ ਕਾਂ ਦੇ ਮੂੰਹ (ਚੁੰਝ) ਵਿਚ ਪਨੀਰ ਦਾ ਟੁਕੜਾ ਦੇਖ ਉਸ ਨੂੰ ਹਥਿਆਉਣ ਲਈ ਹਾਈ-ਫਾਈ ਸਕੀਮ ਬਣਾਈ। ਚਲਾਕੋ ਨੇ ਕਾਂ ਦੇ ਮੋਬਾਈਲ ਫੋਨ ਦੀ ਐਲ.ਈ.ਡੀ. ਸਕਰੀਨ ਉੱਤੇ ਉਸੇ ਵਰਗੇ ਕਾਂ ਦੀ ਚੁੰਝ (ਮੂੰਹ) ਵਿਚ ਉਸ ਤੋਂ ਵੀ ਵੱਡਾ ਚੀਜ਼ ਦਾ ਟੁਕੜਾ ਫੜੀ ਵਾਲੀ ਫੋਟੋ ਭੇਜ ਦਿੱਤੀ। ਉਸ ਨੇ ਸੋਚਿਆ ਜਦੋਂ ਕਾਂ ਆਪਣੇ ਮੋਬਾਈਲ ਦੀ ਸਕਰੀਨ 'ਤੇ ਡਿਸਪਲੇ ਹੋਈ ਫੋਟੋ ਦੇਖੇਗਾ ਤਾਂ ਝੱਟ ਫੋਟੋ ਵਾਲੇ ਕਾਂ ਤੋਂ ਵੱਡਾ ਟੁਕੜਾ ਖੋਹਣ ਲਈ ਆਪਣਾ ਮੂੰਹ ਖੋਲ੍ਹੇਗਾ। ਸੋ, ਇਸ ਤਰ੍ਹਾਂ ਉਸ ਦੇ ਆਪਣੇ ਮੂੰਹ ਵਾਲਾ ਪਨੀਰ ਦਾ ਟੁਕੜਾ ਹੇਠਾਂ ਉਸ ਕੋਲ ਆ ਡਿਗੇਗਾ। ਜਦੋਂ ਚਲਾਕੋ ਆਪਣੀ ਚਾਲ 'ਚ ਨਾਕਾਮ ਹੋ ਗਈ ਤਾਂ ਕਾਂ ਨੇ ਕਿਹਾ, 'ਚਲਾਕੋ! ਹੁਣ ਸੋਸ਼ਲ ਮੀਡੀਆ 'ਤੇ ਸਭ ਚੰਗਾ-ਮੰਦਾ ਵਾਇਰਲ ਹੋ ਜਾਂਦਾ। ਤੇਰੀ ਬਣਾਈ ਸਕੀਮ ਦੀ ਵੀਡੀਓ ਵੀ ਮੇਰੇ ਸਮਾਰਟ ਫੋਨ 'ਤੇ ਆ ਗਈ ਸੀ। ਸੋ, ਮੈਂ ਆਪਣੇ ਪਨੀਰ ਦੇ ਟੁਕੜੇ ਨਾਲ ਹਲਕਾ ਜਿਹਾ ਵਿਸਫੋਟ ਲਗਾ ਰਿਮੋਟ ਨਾਲ ਧਮਾਕਾ ਕਰ ਦਿੱਤਾ, ਜਿਸ ਦੇ ਧੂੰਏਂ ਤੇ ਧੱਕੇ ਨਾਲ ਤੂੰ ਮੂੰਹ ਭਨਾ ਬੈਠੀ। ਇਸ ਤਰ੍ਹਾਂ ਚਲਾਕੋ ਦੀ ਚਲਾਕੀ ਠੁੱਸ ਹੋ ਗਈ।

-ਮੁਖ਼ਤਾਰ ਗਿੱਲ,
ਪਿੰਡ ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109

ਕਿਤਾਬਾਂ ਦੀ ਸੰਭਾਲ

ਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ। ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਸਫਲਤਾ ਦੀ ਪੌੜੀ ਭਾਵ ਇਕ ਜਮਾਤ ਤੋਂ ਦੂਸਰੀ ਜਮਾਤ ਵਿਚ ਜਾਂਦੇ ਹਾਂ। ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਅਸੀਂ ਸਾਰਾ ਸਾਲ ਇਨ੍ਹਾਂ ਨੂੰ ਪੜ੍ਹਨਾ ਤੇ ਵਿਚਾਰਨਾ ਹੁੰਦਾ ਹੈ।
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਜਿਲਦਾਂ ਨਹੀਂ ਹੁੰਦੀਆਂ। ਅਧਿਆਪਕ ਬੱਚਿਆਂ ਨੂੰ ਕਿਤਾਬਾਂ ਵੰਡਣ ਸਮੇਂ ਬੱਚਿਆਂ ਨੂੰ ਤਾਕੀਦ ਕਰਦੇ ਹਨ ਕਿ ਬੱਚਿਓ, ਆਪਣੀਆਂ ਕਿਤਾਬਾਂ 'ਤੇ ਜਿਲਦਾਂ ਜ਼ਰੂਰ ਚੜ੍ਹਵਾ ਲਈਆਂ ਜਾਣ। ਕੁਝ ਬੱਚੇ ਤੇ ਉਨ੍ਹਾਂ ਦੇ ਮਾਪੇ ਬੱਚਿਆਂ ਦੀਆਂ ਕਿਤਾਬਾਂ 'ਤੇ ਜਿਲਦਾਂ ਚੜ੍ਹਵਾ ਲੈਂਦੇ ਹਨ ਤੇ ਕਈ ਇਨ੍ਹਾਂ ਕਿਤਾਬਾਂ 'ਤੇ ਜਿਲਦਾਂ ਨਹੀਂ ਚੜ੍ਹਾਉਂਦੇ, ਜਿਸ ਕਾਰਨ ਇਹ ਕਿਤਾਬਾਂ ਸਾਲ ਦੇ ਵਿਚਕਾਰ ਹੀ ਫਟ ਜਾਂਦੀਆਂ ਹਨ। ਕਿਤਾਬਾਂ ਫਟਣ ਕਾਰਨ ਜਾਂ ਪੜ੍ਹਨ ਸਮੇਂ ਬੱਚਿਆਂ ਕੋਲ ਨਾ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਨ ਸਮੇਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਸਮੇਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ।
ਇਸ ਤਰ੍ਹਾਂ ਉਹ ਬੱਚੇ ਪੜ੍ਹਾਈ ਵਿਚ ਅੱਗੇ ਲੰਘ ਜਾਂਦੇ ਹਨ, ਜੋ ਕਿਤਾਬਾਂ ਨੂੰ ਪੂਰਨ ਰੂਪ ਵਿਚ ਸਤਿਕਾਰ ਦਿੰਦੇ ਹਨ। ਕਿਤਾਬ ਨੂੰ ਕਦੇ ਵਿਚਕਾਰੋਂ ਮੋੜ ਕੇ ਨਾ ਪੜ੍ਹੋ, ਇਸ ਨਾਲ ਕਿਤਾਬ ਦੀ ਜਿਲਦ, ਵਿਚਕਾਰਲਾ ਧਾਗਾ ਟੁੱਟ ਜਾਵੇਗਾ। ਕਿਤਾਬ ਪੜ੍ਹਨ ਤੋਂ ਬਾਅਦ ਉਸ ਦੇ ਪੰਨਿਆਂ ਨੂੰ ਵੇਖੋ ਕਿ ਕੋਈ ਪੰਨਾ ਮੁੜ ਤਾਂ ਨਹੀਂ ਗਿਆ। ਕਿਤਾਬ ਬੰਦ ਕਰਨ ਸਮੇਂ ਉਸ ਵਿਚ ਕੋਈ ਮੋਟਾ ਪੈੱਨ ਆਦਿ ਨਾ ਪਾਇਆ ਜਾਵੇ। ਇਸ ਤਰ੍ਹਾਂ ਵੀ ਕਿਤਾਬ ਖਰਾਬ ਹੋ ਜਾਂਦੀ ਹੈ। ਪੜ੍ਹਨ ਤੋਂ ਬਾਅਦ ਕਿਤਾਬਾਂ ਨੂੰ ਸਹੀ ਸਥਾਨ 'ਤੇ ਜ਼ਰੂਰ ਰੱਖਿਆ ਜਾਵੇ। ਸਕੂਲ ਤੋਂ ਘਰ ਜਾਣ ਸਮੇਂ ਕਿਤਾਬਾਂ ਨੂੰ ਸਹੀ ਥਾਂ ਜਾਂ ਘਰ ਵਿਚ ਕਿਤਾਬਾਂ ਰੱਖਣ ਲਈ ਬੁੱਕ ਰੈਕ ਵੀ ਬਣਾਇਆ ਜਾ ਸਕਦਾ ਹੈ। ਘਰ ਵਿਚ ਕਿਸੇ ਚੋਣਵੇਂ ਜਾਂ ਉੱਚੀ ਥਾਂ 'ਤੇ ਕਿਤਾਬਾਂ ਨੂੰ ਰੱਖਿਆ ਜਾਵੇ। ਜੇ ਘਰ ਵਿਚ ਕੋਈ ਛੋਟਾ ਬੱਚਾ ਹੈ ਤਾਂ ਉਸ ਦੀ ਪਹੁੰਚ ਤੋਂ ਵੀ ਕਿਤਾਬਾਂ ਨੂੰ ਦੂਰ ਰੱਖੋ। ਅੱਜਕਲ੍ਹ ਕਿਤਾਬਾਂ 'ਤੇ ਪਲਾਸਟਿਕ ਪੇਪਰ ਦੀਆਂ ਜਿਲਦਾਂ ਵੀ ਬਾਜ਼ਾਰ ਵਿਚ ਉਪਲਬਧ ਹਨ, ਜਿਸ ਨਾਲ ਕਿਤਾਬਾਂ ਸਾਰਾ ਸਾਲ ਵਧੀਆ ਹਾਲਤ ਵਿਚ ਰਹਿੰਦੀਆਂ ਹਨ। ਸੋ ਆਓ ਕਿਤਾਬਾਂ ਦੀ ਸੰਭਾਲ ਪ੍ਰਤੀ ਅਸੀਂ ਸੰਜੀਦਾ ਹੋਈਏ, ਜਿਨ੍ਹਾਂ ਸਾਨੂੰ ਗਿਆਨ ਦੇਣਾ ਹੈ, ਸਾਡੀ ਜ਼ਿੰਦਗੀ ਨੂੰ ਸੰਵਾਰਨਾ ਹੈ। ਇਸ ਲਈ ਕਿਤਾਬਾਂ ਨੂੰ ਪੜ੍ਹੋ ਤੇ ਸੰਭਾਲ ਕਰਨ ਦੀ ਆਦਤ ਪਾਓ।

-ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ। ਮੋਬਾ: 94630-57786

ਬੁਝਾਰਤਾਂ

1. ਧਰਤੀ ਦਾ ਬਣਿਆ ਭਗਵਾਨ, ਉਹਦੇ ਪਿੱਛੇ ਪਿਆ ਜਹਾਨ।
2. ਸਿੱਖਿਆ ਬਾਂਦਰ ਨੂੰ ਦੇ ਕੇ, ਘਰ ਆਪਣਾ ਉਜਾੜਨ ਵਾਲੀ,
ਰੁੱਖਾਂ 'ਚ ਲਟਕਾ ਆਪਣਾ ਘਰ, ਫੁਰਰ ਫੁਰਰ ਉੱਡਦੀ ਰਹਿਣ ਵਾਲੀ।
3. ਕਾਰਤਿਕੇ ਦਾ ਵਾਹਨ ਅਖਵਾਏ, ਰਾਸ਼ਟਰੀ ਪੰਛੀ ਦਾ ਸਨਮਾਨ ਪਾਵੇ।
ਬੱਦਲ ਬੁਲਾਉਣ ਦਾ ਇਸ ਨੂੰ ਵਰਦਾਨ, ਨਾਂਅ ਦੱਸੋ ਉਸ ਦਾ ਪਹਿਚਾਣ।
4. ਅੱਗੇ-ਅੱਗੇ ਭੱਜਿਆ ਜਾਵੇ, ਹਿੰਮਤੀਆਂ ਨੂੰ ਨਾਲ ਰਲਾਵੇ।
5. ਸ਼ਾਹੂਕਾਰਾਂ ਲਈ ਵਰਦਾਨ, ਜ਼ਿਮੀਂਦਾਰਾਂ ਲਈ ਨੁਕਸਾਨ।
6. ਬੁੱਝੋ ਲੋਕੋ ਇਕ ਪਹੇਲੀ, ਜਦੋਂ ਮੈਂ ਕੱਟਦੀ ਤਾਂ ਬਣ ਜਾਵਾਂ ਨਵੀਂ ਨਵੇਲੀ।
7. ਦਾਨ ਦੇਈਏ ਅੱਗੇ ਆਵੇ, ਮੰਗੀਏ ਤਾਂ ਪਿੱਛੇ ਹਟ ਜਾਵੇ।
8. ਬਾਰਾਂ ਮਹੀਨੇ ਵਿਕਦਾ ਰਹਿੰਦਾ, ਹਰ ਇਕ ਸਬਜ਼ੀ ਦੇ ਵਿਚ ਪੈਂਦਾ।
9. ਸਿਦਕੀ ਨਾ ਉਸ ਬਾਰੇ ਸੋਚਣ, ਕਾਇਰ ਹਮੇਸ਼ਾ ਉਸ ਨੂੰ ਕੋਸਣ।
10. ਵਫਾਦਾਰੀ ਵਿਚ ਉਸ ਤੋਂ ਪਿੱਛੇ ਸਾਰੇ,
ਫਿਰ ਵੀ ਦੁਨੀਆ ਉਸ ਨੂੰ ਦੁਰਕਾਰੇ।

ਉੱਤਰ : (1) ਪੈਸਾ, (2) ਬਿਜੜਾ, (3) ਮੋਰ, (4) ਸਮਾਂ, (5) ਵਿਆਜ, (6) ਪੈਨਸਿਲ, (7) ਕੜਾ, (8) ਆਲੂ, (9) ਕਿਸਮਤ, (10) ਕੁੱਤਾ।
-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾ: 98763-22677

ਸ਼ੁੱਭ ਵਿਚਾਰ

* ਸਾਡੇ ਕੋਲ ਜਿੰਨਾ ਮਰਜ਼ੀ ਧਨ, ਦੌਲਤ ਤੇ ਜਾਇਦਾਦ ਆ ਜਾਵੇ ਪਰ ਅਸੀਂ ਉਹ ਖੁਸ਼ੀ, ਉਹ ਸੁੱਖ-ਚੈਨ ਕਦੇ ਨਹੀਂ ਪਾ ਸਕਦੇ, ਜੋ ਸਾਨੂੰ ਆਪਣੇ ਮਾਪਿਆਂ ਨਾਲ ਰਹਿ ਕੇ, ਉਸ ਦੀ ਸੇਵਾ ਕਰਕੇ ਮਿਲ ਸਕਦਾ। ਕਿਉਂਕਿ ਮਾਪਿਆਂ ਦਾ ਦਰਜਾ ਸਭ ਤੋਂ ਉੱਚਾ ਹੈ ਤੇ ਉਨ੍ਹਾਂ ਦੀ ਸੇਵਾ ਸਭ ਤੀਰਥਾਂ ਤੋਂ ਉੱਤਮ ਮੰਨੀ ਜਾਂਦੀ ਹੈ। ਇਸ ਲਈ ਸਾਨੂੰ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਨਹੀਂ, ਬਲਕਿ ਆਪਣੇ ਕੋਲ ਰੱਖਣਾ ਚਾਹੀਦਾ।
* ਸਾਨੂੰ ਆਪਣੀ ਕਿਰਤ-ਕਮਾਈ ਵਿਚੋਂ ਜਿੰਨਾ ਅਸਾਨੀ ਨਾਲ ਸੰਭਵ ਹੋਵੇ, ਥੋੜ੍ਹਾ-ਬਹੁਤ ਦਾਨ-ਪੁੰਨ ਜ਼ਰੂਰ ਕਰਨਾ ਚਾਹੀਦਾ, ਜੋ ਕਿਤੇ ਨਾ ਕਿਤੇ ਜ਼ਰੂਰ ਸਹਾਈ ਹੁੰਦਾ ਤੇ ਆਪਣੇ ਰੁਝੇਵਿਆਂ 'ਚੋਂ ਕੁਝ ਸਮਾਂ ਕੱਢ ਕੇ ਉਸ ਪਰਮਾਤਮਾ ਦੇ ਘਰ ਜ਼ਰੂਰ ਗੁਜ਼ਾਰਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਸਾਡੇ ਘਰ ਦੇ ਦੁੱਖ-ਦਲਿੱਦਰ ਤੇ ਕਲ਼ਾ-ਕਲੇਸ਼ ਦੂਰ ਹੋਣਗੇ ਤੇ ਘਰ ਵਿਚ ਸੁੱਖਾਂ ਦਾ ਵਾਸਾ ਹੋਵੇਗਾ।
* ਕਿਤਾਬਾਂ ਪੜ੍ਹਨ ਦੀ ਆਦਤ ਆਪਣੀਆਂ ਆਦਤਾਂ ਵਿਚ ਜ਼ਰੂਰ ਸ਼ਾਮਿਲ ਕਰੋ, ਕਿਉਂਕਿ ਕਿਤਾਬਾਂ ਗਿਆਨਵਾਨ ਹੁੰਦੀਆਂ ਹਨ ਤੇ ਇਨਸਾਨ ਗਿਆਨ ਨਾਲ ਹੀ ਮਹਾਨ ਬਣਦਾ ਹੈ। ਇਹ ਇਨਸਾਨ ਦਾ ਅਜਿਹਾ ਅਨਮੋਲ ਖਜ਼ਾਨਾ ਹੈ, ਜਿਸ ਨੂੰ ਕੋਈ ਚੋਰੀ ਵੀ ਨਹੀਂ ਕਰ ਸਕਦਾ। ਇਸ ਨੂੰ ਜਿੰਨਾ ਵੰਡਿਆ ਜਾਵੇ, ਇਹ ਓਨਾ ਹੀ ਵਧਦਾ ਹੈ।

-ਹਰਮੇਸ਼ ਬਸਰਾ ਮੁਫ਼ਲਿਸ,
ਪਿੰਡ ਗਿੱਲਾਂ, ਡਾਕ: ਚਮਿਆਰਾ, ਜਲੰਧਰ। ਮੋਬਾ: 97790-43348

ਬਾਲ ਸਾਹਿਤ

ਸੁਪਨਿਆਂ ਦਾ ਮਹੱਲ
(ਬਾਲ ਨਾਵਲ)
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪੰਨੇ : 56, ਮੁੱਲ : 100 ਰੁਪਏ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ-53
ਸੰਪਰਕ : 99558-31357

ਇਹ ਨਾਵਲ ਤਿੰਨ ਮਿੱਤਰਾਂ ਦੀ ਕਹਾਣੀ ਹੈ, ਜੋ ਜਾਤੀ ਅਤੇ ਧਰਮ ਤੋਂ ਉਤਾਂਹ ਉੱਠ ਕੇ ਆਪਣਾ ਦੋਸਤੀ ਕਰਮ ਤੇ ਧਰਮ ਨਿਭਾਉਂਦੇ ਹਨ। ਰਜਤ, ਰਮਨ ਅਤੇ ਰਹਿਮਾਨ। ਇਸ ਨਾਵਲ ਵਿਚੋਂ ਬਹੁਤ ਸਾਰੇ ਸੁਨੇਹੇ ਅਤੇ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਪਹਿਲਾ ਸੁਨੇਹਾ ਮਿਹਨਤ ਦਾ ਹੈ। ਮਿਹਨਤ ਨਾਲ ਕੀ ਕੁਝ ਨਹੀਂ ਕੀਤਾ ਜਾ ਸਕਦਾ? ਰਜਤ, ਰਮਨ ਮਿਹਨਤ ਦੇ ਬਲਬੂਤੇ ਵੱਡੇ ਇਮਤਿਹਾਨ ਪਾਸ ਕਰਕੇ ਚੰਗੀਆਂ ਨੌਕਰੀਆਂ 'ਤੇ ਤਾਇਨਾਤ ਹੁੰਦੇ ਹਨ। ਰਹਿਮਾਨ ਆਰਥਿਕ ਤੌਰ 'ਤੇ ਕਮਜ਼ੋਰ ਹੁੰਦਿਆਂ ਵੀ ਆਪਣੀ ਮਿਹਨਤ ਰਾਹੀਂ ਪਿੰਡ ਵਿਚ ਚੰਗਾ ਨਾਂਅ ਪੈਦਾ ਕਰਦਾ ਹੈ ਤੇ ਆਰਥਿਕ ਤੌਰ 'ਤੇ ਮਜ਼ਬੂਤ ਹੁੰਦਾ ਹੈ। ਚੰਗੀ ਅਤੇ ਸਾਫ਼-ਸੁਥਰੀ ਸੋਚ ਮਾੜੀ ਸੋਚ ਨੂੰ ਬਦਲ ਦਿੰਦੀ ਹੈ। ਰਹਿਮਾਨ ਦੇ ਮਨ 'ਚ ਖੋਟ ਹੈ ਤੇ ਉਹ ਰਜਤ, ਰਮਨ ਹੁਰਾਂ ਦੀ ਜਾਇਦਾਦ 'ਤੇ ਕਬਜ਼ਾ ਕਰਕੇ ਆਪਣੇ ਸੁਪਨਿਆਂ ਦਾ ਮਹੱਲ ਉਸਾਰਨਾ ਚਾਹੁੰਦਾ ਹੈ। ਪਰ ਰਜਤ, ਰਮਨ ਦੇ ਮਾਪਿਆਂ ਦੇ ਚੰਗੇ ਵਰਤਾਓ ਤੇ ਪਿਆਰ-ਮੁਹੱਬਤ ਸਾਹਵੇਂ ਉਸ ਦਾ ਨਜ਼ਰੀਆ ਬਦਲ ਕੇ ਹਾਂ-ਪੱਖੀ ਹੋ ਜਾਂਦਾ ਹੈ। ਪਿਆਰ ਦਾ ਬਦਲਾ ਪਿਆਰ ਵਿਚ ਵਟ ਜਾਂਦਾ ਹੈ। ਕੁੜੀਆਂ ਦੀ ਪੜ੍ਹਾਈ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਪਿਛਲਖੋਰੀ ਰਹੁ-ਰੀਤਾਂ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ। ਰਹਿਮਾਨ ਦੀ ਭੈਣ ਜਿਆ ਪਰਦੇ ਦਾ ਤਿਆਗ ਕਰਕੇ ਪੜ੍ਹਾਈ 'ਚ ਖੂਬ ਮਿਹਨਤ ਕਰਦੀ ਹੈ ਤੇ ਆਈ.ਏ.ਐਸ. ਜਿਹੇ ਇਮਤਿਹਾਨ ਵਿਚੋਂ ਪਾਸ ਹੁੰਦੀ ਹੈ। ਲੇਖਕ ਕੁੜੀਆਂ ਦੀ ਪੜ੍ਹਾਈ ਦੇ ਹੱਕ ਵਿਚ ਹੈ। ਲੇਖਕ ਦਾ ਇਹ ਸੁਨੇਹਾ ਵੀ ਨਾਵਲ ਵਿਚ ਗੂੰਜ ਵਾਂਗ ਸੁਣਾਈ ਦਿੰਦਾ ਹੈ ਕਿ ਸਾਨੂੰ ਜਾਤ-ਪਾਤ ਦਾ ਤਿਆਗ ਕਰਕੇ ਬਰਾਬਰੀ ਦਾ ਸਮਾਜ ਤਿਆਰ ਕਰਨਾ ਚਾਹੀਦਾ ਹੈ। ਰਹਿਮਾਨ ਦਾ ਵਿਆਹ ਜਿਆ ਦੀ ਸਹੇਲੀ ਕਵਿਤਾ ਨਾਲ ਕਰਵਾ ਕੇ ਲੇਖਕ ਆਪਣੇ ਆਸ਼ੇ ਦੀ ਪੂਰਤੀ ਕਰਦਾ ਦਿਖਾਈ ਦਿੰਦਾ ਹੈ। ਤਿਆਗ ਅਤੇ ਪਿਆਰ ਦਾ ਵੀ ਇਸ ਨਾਵਲ ਵਿਚ ਵੱਡਾ ਰੋਲ ਹੈ। ਰਜਤ ਦੇ ਮਾਪੇ ਆਪਣੀ ਜਾਇਦਾਦ ਰਹਿਮਾਨ ਦੇ ਨਾਂਅ ਲਗਵਾ ਕੇ ਵੱਡੇ ਤਿਆਗ ਅਤੇ ਆਪਣੀ ਮੁਹੱਬਤ ਦਾ ਪ੍ਰਮਾਣ ਪੇਸ਼ ਕਰਦੇ ਹਨ। ਇੰਜ ਇਹ ਨਾਵਲ ਕਈ ਸੁਨੇਹੇ ਦਿੰਦਾ ਹੋਇਆ ਸੁਖੈਨ ਭਾਵੀ ਹੋ ਨਿਬੜਦਾ ਹੈ।

-ਕੇ. ਐਲ. ਗਰਗ

ਚੁਟਕਲੇ

* ਜੱਜ-ਤੁਹਾਡੀ ਪਤਨੀ ਭੱਜ ਗਈ ਤਾਂ ਤੁਸੀਂ ਪੁਲਿਸ ਥਾਣੇ ਜਾਓ, ਕੋਰਟ ਵਿਚ ਕਿਉਂ ਆਏ ਹੋ?
ਰੋਹਿਤ-ਪਿਛਲੀ ਵਾਰ ਮੈਂ ਥਾਣੇ ਹੀ ਗਿਆ ਸੀ, ਤਾਂ ਪੁਲਿਸ ਵਾਲੇ ਉਸ ਨੂੰ ਲੱਭ ਕੇ ਮੇਰੇ ਕੋਲ ਛੱਡ ਗਏ ਸਨ।
* ਇਕ ਬਜ਼ੁਰਗ ਆਦਮੀ ਨੇ ਇਕ ਕੰਪਨੀ ਦੇ ਦਫ਼ਤਰ ਜਾ ਕੇ ਮੈਨੇਜਰ ਨੂੰ ਕਿਹਾ-'ਤੁਹਾਡੇ ਦਫ਼ਤਰ ਵਿਚ ਮੇਰਾ ਲੜਕਾ ਕੰਮ ਕਰਦਾ ਹੈ। ਕੀ ਮੈਂ ਉਸ ਨੂੰ ਮਿਲ ਸਕਦਾ ਹਾਂ?'
ਮੈਨੇਜਰ ਨੇ ਉਸ ਬਜ਼ੁਰਗ ਨੂੰ ਗੌਰ ਨਾਲ ਵੇਖਿਆ ਤੇ ਕਿਹਾ-'ਅਫ਼ਸੋਸ ਹੈ ਕਿ ਤੁਸੀਂ ਦੇਰ ਨਾਲ ਪਹੁੰਚੇ। ਤੁਹਾਡਾ ਲੜਕਾ ਤੁਹਾਡਾ ਅੰਤਿਮ ਸੰਸਕਾਰ ਕਰਨ ਲਈ ਛੁੱਟੀ ਲੈ ਕੇ ਹੁਣੇ ਹੀ ਗਿਆ ਹੈ।'
* ਇਕ ਵਾਰ ਦੋ ਮੂਰਖ ਵਿਅਕਤੀ ਗੱਡੀ ਵਿਚ ਯਾਤਰਾ ਕਰ ਰਹੇ ਸਨ ਤਾਂ ਰਾਤ ਹੋਣ ਵਾਲੀ ਸੀ।
ਪਹਿਲਾ ਮੂਰਖ-ਕਿਉਂ ਭਾਈ, ਇਹ ਦਰਖ਼ਤ ਇੰਨੀ ਤੇਜ਼ੀ ਨਾਲ ਪਿੱਛੇ ਕਿਉਂ ਭੱਜਦੇ ਜਾ ਰਹੇ ਹਨ।
ਦੂਜਾ ਮੂਰਖ-ਭਾਈ, ਰਾਤ ਹੋਣ ਵਾਲੀ ਹੈ, ਆਪਣੇ ਘਰ ਜਾ ਰਹੇ ਹਨ।

-ਗੋਬਿੰਦ ਸੁਖੀਜਾ
ਢਿੱਲਵਾਂ (ਕਪੂਰਥਲਾ)। ਮੋਬਾ: 98786-05929

ਬਾਲ ਨਾਵਲ-44 ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਵੀਰ ਜੀ, ਮੇਰੇ ਉੱਪਰ ਤੁਹਾਡੇ ਪਹਿਲਾਂ ਹੀ ਬੜੇ ਅਹਿਸਾਨ ਹਨ। ਤੁਸੀਂ ਜਿੰਨੇ ਮੇਰੀ ਮਦਦ ਕੀਤੀ ਹੈ ਜਾਂ ਕਰ ਰਹੇ ਹੋ, ਇਸ ਦੀਆਂ ਮੈਂ ਸਾਰੀ ਉਮਰ ਦੇਣੀਆਂ ਨਹੀਂ ਦੇ ਸਕਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਨੂੰ ਸਭ ਕੁਝ ਭੁਲਾ ਕੇ ਪੜ੍ਹਾਈ ਕਰਨੀ ਹੀ ਪੈਣੀ ਏ। ਮੈਂ ਅੱਜ ਰਾਤੀਂ ਹੀ ਆਪਣੀ ਪੜ੍ਹਾਈ ਦਾ ਟਾਈਮ ਟੇਬਲ ਬਣਾਵਾਂਗਾ ਅਤੇ ਸਵੇਰ ਤੋਂ ਹੀ ਉਸ ਉੱਪਰ ਅਮਲ ਕਰਨਾ ਸ਼ੁਰੂ ਕਰ ਦਿਆਂਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾਂ ਕਿ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ।'
'ਸ਼ਾਬਾਸ਼ ਹਰੀਸ਼', ਸਿਧਾਰਥ ਨੇ ਹਰੀਸ਼ ਦੀ ਪਿੱਠ 'ਤੇ ਥਾਪੀ ਦੇ ਕੇ ਕਿਹਾ, 'ਮੈਨੂੰ ਤੇਰੇ ਤੋਂ ਬਹੁਤ ਉਮੀਦਾਂ ਹਨ। ਮੇਰੀ ਤਾਂ ਬਸ ਇਕੋ ਖਾਹਿਸ਼ ਹੈ ਕਿ ਤੂੰ ਮੇਰੀਆਂ ਉਮੀਦਾਂ 'ਤੇ ਖਰਾ ਉਤਰੇਂ। ਆਉਣ ਵਾਲੇ ਸਮੇਂ ਵਿਚ ਤੂੰ 'ਵੱਡਾ ਬੰਦਾ' ਤਾਂ ਬਣੇਂ ਹੀ ਪਰ ਵੱਡੇ ਬੰਦੇ ਦੇ ਨਾਲ-ਨਾਲ 'ਵਧੀਆ ਇਨਸਾਨ' ਵੀ ਬਣੇਂ।'
'ਠੀਕ ਹੈ ਵੀਰ ਜੀ, ਮੈਂ ਵੱਡਾ ਬੰਦਾ ਤਾਂ ਭਾਵੇਂ ਨਾ ਬਣਾਂ ਪਰ ਚੰਗਾ ਇਨਸਾਨ ਜ਼ਰੂਰ ਬਣਾਂਗਾ।'
'ਸ਼ਾਬਾਸ਼! ਚੱਲ ਹੁਣ ਉੱਠ, ਮੇਘਾ ਖਾਣਾ ਬਣਾ ਕੇ ਉਡੀਕ ਰਹੀ ਹੋਣੀ ਐ।'
ਉਹ ਦੋਵੇਂ ਉੱਠੇ ਅਤੇ ਰਸੋਈ ਵੱਲ ਤੁਰ ਪਏ।
ਹਰੀਸ਼ ਖਾਣਾ ਖਾ ਕੇ ਆਪਣੇ ਕਮਰੇ ਵਿਚ ਆ ਗਿਆ। ਕੁਝ ਦੇਰ ਉਹ ਮੇਜ਼ ਕੋਲ ਪਈ ਕੁਰਸੀ 'ਤੇ ਬੈਠ ਕੇ ਸੋਚਦਾ ਰਿਹਾ ਅਤੇ ਫਿਰ ਪੈੱਨ ਅਤੇ ਰਫ਼ ਕਾਗਜ਼ ਲੈ ਕੇ ਆਪਣੀ ਪੜ੍ਹਾਈ ਦਾ ਟਾਈਮ ਟੇਬਲ ਬਣਾਉਣ ਲੱਗਾ। ਦੋ-ਤਿੰਨ ਵਾਰੀ ਉਸ ਉੱਪਰ ਕੱਟ-ਵੱਢ ਕਰਨ ਤੋਂ ਬਾਅਦ ਉਸ ਨੂੰ ਤਸੱਲੀ ਹੋ ਗਈ ਲਗਦੀ ਸੀ। ਉਸ ਤੋਂ ਬਾਅਦ ਉਸ ਨੇ ਆਪਣਾ ਟਾਈਮ ਟੇਬਲ ਇਕ ਡਾਇਰੀ 'ਤੇ ਲਿਖਿਆ, ਜਿਹੜੀ ਉਸ ਨੂੰ ਸਿਧਾਰਥ ਨੇ ਦਿੱਤੀ ਸੀ।
ਸਟੱਡੀ ਰੂਮ ਵਿਚ ਅਲਾਰਮ ਵਾਲੀ ਘੜੀ ਸਿਧਾਰਥ ਨੇ ਸ਼ੁਰੂ ਵਿਚ ਹੀ ਰੱਖ ਦਿੱਤੀ ਸੀ ਪਰ ਅਜੇ ਤੱਕ ਹਰੀਸ਼ ਨੂੰ ਉਸ ਦੀ ਲੋੜ ਨਹੀਂ ਸੀ ਪਈ। ਅੱਜ ਉਸ ਨੇ ਉਹ ਘੜੀ ਚੁੱਕੀ ਅਤੇ ਆਪਣੇ ਹੁਣੇ ਬਣਾਏ ਟਾਈਮ ਟੇਬਲ ਮੁਤਾਬਿਕ ਸਵੇਰੇ ਪੰਜ ਵਜੇ ਦਾ ਅਲਾਰਮ ਲਗਾ ਲਿਆ।
ਸੌਣ ਤੋਂ ਪਹਿਲਾਂ ਉਹ ਆਪਣੀ ਕਿਤਾਬ ਫੜ ਕੇ ਪੜ੍ਹਨ ਲੱਗਾ ਪਰ ਉਸ ਨੇ ਮਸਾਂ ਦੋ ਕੁ ਸਫੇ ਹੀ ਪੜ੍ਹੇ ਸਨ ਕਿ ਦਿਨ ਦੀ ਥਕਾਵਟ ਕਰਕੇ ਨੀਂਦ ਨੇ ਪੂਰਾ ਜ਼ੋਰ ਪਾ ਲਿਆ। ਕਿਤਾਬ ਉਸ ਦੇ ਹੱਥ 'ਚੋਂ ਛੁੱਟ ਗਈ। ਉਸ ਨੇ ਫਟਾਫਟ ਉੱਠ ਕੇ ਕਿਤਾਬ ਮੇਜ਼ ਉੱਪਰ ਰੱਖੀ ਅਤੇ ਬੱਤੀ ਬੰਦ ਕਰ ਕੇ ਸੌਂ ਗਿਆ।
ਟਰਨ... ਟਰਨ... ਟਰਨ... ਹਰੀਸ਼ ਨੀਂਦ 'ਚੋਂ ਅੱਭੜਵਾਹੇ ਉੱਠਿਆ ਅਤੇ ਅਲਾਰਮ ਬੰਦ ਕੀਤਾ। ਉਸ ਨੂੰ ਅੱਜ ਐਨੀ ਗੂੜ੍ਹੀ ਨੀਂਦ ਆਈ ਕਿ ਪਤਾ ਹੀ ਨਾ ਲੱਗਾ ਕਿ ਕਿਸ ਵੇਲੇ ਸਵੇਰ ਦੇ ਪੰਜ ਵੱਜ ਗਏ।
ਦੋ ਕੁ ਮਿੰਟ ਹੋਰ ਲੇਟਣ ਤੋਂ ਬਾਅਦ ਉਹ ਉੱਠਿਆ। ਬਾਥਰੂਮ ਜਾ ਕੇ ਉਸ ਨੇ ਚੰਗੀ ਤਰ੍ਹਾਂ ਮੂੰਹ ਧੋਤਾ ਅਤੇ ਅੱਖਾਂ 'ਤੇ ਛਿੱਟੇ ਮਾਰੇ। ਮੂੰਹ ਧੋ ਕੇ, ਇਕ ਗਿਲਾਸ ਪਾਣੀ ਪੀ ਕੇ ਉਹ ਕੁਰਸੀ 'ਤੇ ਬੈਠ ਕੇ ਪੜ੍ਹਨ ਲੱਗਾ। ਸੱਤ ਵਜੇ ਤੱਕ ਦੋ ਘੰਟੇ ਪੜ੍ਹ ਕੇ ਉਹ ਉੱਠਿਆ ਅਤੇ ਬਾਥਰੂਮ ਨਹਾਉਣ ਚਲਾ ਗਿਆ।
ਅੱਠ ਵਜੇ ਤੱਕ ਉਹ ਨਾਸ਼ਤਾ ਕਰ ਕੇ ਆਪਣੇ ਵੀਰ ਜੀ ਤੋਂ ਪੰਜ ਮਿੰਟ ਪਹਿਲਾਂ ਹੀ ਸਾਈਕਲ 'ਤੇ ਸਕੂਲ ਵੱਲ ਤੁਰ ਪਿਆ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਦੇਸ਼ ਗਾਨ

ਮੇਰਾ ਵਤਨ ਕਈ ਰੰਗ ਤਰੰਗਾਂ ਦਾ,
ਉਠਦੇ ਜਜ਼ਬੇ ਆਸ ਉਮੰਗਾਂ ਦਾ।
ਮਿਲਣਸਾਰਤਾ ਸਾਡੀ ਨੂੰ ਤਾਂ ਜਾਣੇ ਕੁੱਲ ਜਹਾਨ,
ਏਸੇ ਗੱਲ ਦੀ ਖੁਸ਼ੀ ਹੈ ਸਾਨੂੰ ਏਸੇ ਗੱਲ 'ਤੇ ਮਾਣ।
ਜ਼ਖ਼ੀਰਾ ਸੋਨ ਸੁਨਹਿਰੀ ਢੰਗਾਂ ਦਾ,
ਉਠਦੇ ਜਜ਼ਬੇ.........।
ਭਾਰਤ ਜ਼ਿੰਦਗੀ ਦੀ ਹੈ ਝਾਕੀ ਸਿਰਜੇ ਨਵਾਂ ਮਾਹੌਲ,
ਮਧੁਰ ਰਸੀਲੇ ਵਿਚ ਕੰਨਾਂ ਦੇ ਰਹਿਣ ਗੂੰਜਦੇ ਬੋਲ।
ਝਲਕਾਰਾ ਹੈ ਮੋਰੀ ਫੰਗਾਂ ਦਾ।
ਉਠਦੇ ਜਜ਼ਬੇ........।
ਆਫ਼ਤਾਬ ਦੀ ਲੋਅ ਦੇ ਵਿਚੋਂ ਝਾਕੇ ਖੁਸ਼ੀ ਹਜ਼ਾਰ।
ਨਫ਼ਰਤ ਵਾਸ ਨਹੀਂ ਹੈ ਇਥੇ 'ਭੱਟੀ' ਵਸੇ ਪਿਆਰ।
ਚਾਂਦੀ ਵਰਗਾ ਪਾਣੀ ਗੰਗਾ ਦਾ,
ਉਠਦੇ ਜਜ਼ਬੇ.........।

-ਕੁੰਦਨ ਲਾਲ ਭੱਟੀ,
ਬੰਤਾ ਸਿੰਘ ਕਾਲੋਨੀ, ਵਾ: ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ)। ਮੋਬਾ: 94643-17983

ਬਾਲ ਕਹਾਣੀ: ਮਿੱਠੂ ਰਾਮ ਦੀ ਪਾਰਟੀ

ਬੱਚਿਓ, ਮਿੱਠੂ ਰਾਮ ਨਾਂਅ ਦੇ ਇਕ ਵਿਅਕਤੀ ਦੀ ਸ਼ਾਦੀ ਹੋਈ ਨੂੰ ਤਾਂ ਭਾਵੇਂ 15 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਸੀ। ਪ੍ਰੰਤੂ ਕੁਦਰਤ ਵਲੋਂ ਅਜੇ ਤੱਕ ਉਸ ਦੇ ਘਰ ਕੋਈ ਸੰਤਾਨ ਦੀ ਬਖਸ਼ਿਸ਼ ਨਹੀਂ ਸੀ ਹੋਈ। ਉਹ ਦੋਵੇਂ ਪਤੀ-ਪਤਨੀ ਇਸ ਗੱਲੋਂ ਬੜੇ ਚਿੰਤਤ ਤੇ ਉਦਾਸ ਮਨ ਨਾਲ ਜ਼ਿੰਦਗੀ ਜਿਉ ਰਹੇ ਸਨ। ਮਿੱਠੂ ਨੇ ਦੁੱਧ ਵਾਸਤੇ ਆਪਣੇ ਘਰ ਇਕ ਡੱਬੀ ਬੱਕਰੀ ਅਤੇ ਇਕ ਕਾਲੀ ਕੁੱਕੜੀ ਤੇ ਇਕ ਪਾਲਤੂ ਭੀਸ਼ੀ ਕੁੱਤੀ ਵੀ ਰੱਖੀ ਹੋਈ ਸੀ। ਜੋ ਆਪਸ ਵਿਚ ਪੱਕੀਆਂ ਸਹੇਲੀਆਂ ਬਣ ਚੁੱਕੀਆਂ ਸਨ। ਜਿਨ੍ਹਾਂ ਨੂੰ ਮਿੱਠੂ ਤੇ ਉਸ ਦੀ ਪਤਨੀ ਆਪਣੇ ਪੁੱਤਾਂ-ਧੀਆਂ ਵਾਂਗ ਪਿਆਰ ਕਰਿਆ ਕਰਦੇ ਸਨ। ਆਖਰ ਕੁਦਰਤ ਦੀ ਬਖਸ਼ਿਸ਼ ਹੋਈ ਕਿ ਮਿੱਠੂ ਦੇ ਘਰ ਪੁੱਤਰ ਨੇ ਜਨਮ ਲਿਆ। ਮਿੱਠੂ ਦੇ ਘਰ ਖੁਸ਼ੀਆਂ ਦੀ ਮਹਿਕ ਬਿਖਰ ਗਈ ਸੀ ਅਤੇ ਮਿੱਠੂ ਦੀ ਬੱਕਰੀ, ਕੁੱਕੜੀ ਤੇ ਕੁੱਤੀ ਦੇ ਮਨ ਵਿਚ ਵੀ ਬਹੁਤ ਚਾਅ ਪੈਦਾ ਹੋ ਗਿਆ ਸੀ ਤੇ ਉਹ ਖੁਸ਼ੀਆਂ 'ਚ ਨੱਚਦੀਆਂ ਫਿਰਦੀਆਂ ਸਨ।
ਹੁਣ ਪੁੱਤਰ ਪੈਦਾ ਹੋਣ ਦੀ ਖੁਸ਼ੀ 'ਚ ਮਿੱਠੂ ਨੇ ਆਪਣੇ ਘਰ ਵੱਡੀ ਪਾਰਟੀ ਰੱਖੀ ਹੋਈ ਸੀ। ਇਸ ਬਾਰੇ ਜਿਉਂ ਹੀ ਬੱਕਰੀ ਅਤੇ ਕੁੱਕੜੀ ਨੂੰ ਪਤਾ ਚੱਲਿਆ ਕਿ ਪਾਰਟੀ ਵਾਲੇ ਦਿਨ ਉਨ੍ਹਾਂ ਦੇ ਪੁੱਤਰਾਂ (ਮੇਮਣਿਆਂ) ਅਤੇ ਚੂਚਿਆਂ ਨੂੰ ਝਟਕਾ ਦਿੱਤਾ ਜਾਵੇਗਾ। ਇਨ੍ਹਾਂ ਗੱਲਾਂ ਨੂੰ ਲੈ ਕੇ ਬੱਕਰੀ ਅਤੇ ਕੁੱਕੜੀ ਗਮ ਦੇ ਮਾਹੌਲ 'ਚ ਡੁੱਬ ਗਈਆਂ। ਪਰ ਨਾਲੋ-ਨਾਲ ਹੀ ਕੁੱਕੜੀ ਨੇ ਬੱਕਰੀ ਨੂੰ ਇਕ ਸੁਝਾਅ ਦਿੰਦਿਆਂ ਕਿਹਾ... ਕਿ ਭੈਣੇ-ਭੈਣੇ ਮੈਨੂੰ ਇਕ ਸਕੀਮ ਸੁੱਝੀ ਐ, ਕੁੱਕੜੀ ਦੀ ਸਕੀਮ ਸੁਣ ਕੇ ਬੱਕਰੀ ਅਤੇ ਭੀਸ਼ੀ ਕੁੱਤੀ ਖਿੜਖਿੜਾ ਗਈਆਂ ਸਨ।
ਮਿੱਠੂ ਦੀ ਪਾਰਟੀ 'ਚ ਦੋ ਦਿਨ ਬਾਕੀ ਰਹਿੰਦੇ ਸਨ ਕਿ ਇਕ ਦਿਨ ਉਸ ਦੇ ਘਰ ਵਿਚ ਸਵੇਰੇ-ਸਵੇਰੇ ਅੰਧ-ਵਿਸ਼ਵਾਸ਼ੀ ਮਾਹੌਲ ਪੈਦਾ ਹੋ ਗਿਆ। ਕਿਉਂਕਿ ਉਸ ਦੇ ਨਵ-ਜੰਮੇ ਲੜਕੇ ਦੇ ਸਾਰੇ ਸਰੀਰ ਤੇ ਨੋਚੀ ਹੋਈ ਚਮੜੀ ਦੇ ਜ਼ਖ਼ਮ ਦਿਖ ਰਹੇ ਸਨ। ਲੜਕਾ ਬੁਰੀ ਤਰ੍ਹਾਂ ਚੀਕ ਵੀ ਰਿਹਾ ਸੀ। ਉਪਰੰਤ ਮੁੰਡੇ ਨੂੰ ਸ਼ਹਿਰ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਜ਼ਖ਼ਮੀ ਮੁੰਡੇ ਦੀ ਹਾਲਤ ਠੀਕ ਨਾ ਹੋਣ ਕਾਰਨ ਮਿੱਠੂ ਨੇ ਰੱਖੀ ਹੋਈ ਪਾਰਟੀ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਸੀ।
ਉਪਰੰਤ ਠੀਕ ਹੋਣ ਤੇ ਮੁੰਡੇ ਨੂੰ ਘਰ ਲਿਆਂਦਾ ਗਿਆ ਸੀ। ਭੀਸ਼ੀ ਕੁੱਤੀ ਦੇ ਬੱਕਰੀ ਤੇ ਮੁਰਗੀ ਦੀ ਸਕੀਮ ਵਾਲੀ ਗੱਲ ਹਜ਼ਮ ਨਾ ਹੋਈ ਤੇ ਆਖਰ ਭੀਸ਼ੀ ਕੁੱਤੀ ਨੇ ਚੁਗਲਖੋਰ ਬਣ ਆਪਣੇ ਮਾਲਕ ਮਿੱਠੂ ਕੋਲ ਸਾਰੀ ਗੱਲ ਦਾ ਭਾਂਡਾ ਭੰਨ ਦਿੱਤਾ। ਇਸ ਗੱਲ ਨੂੰ ਲੈ ਕੇ ਜਿਉਂ ਹੀ ਮਿੱਠੂ ਨੇ ਨਰਾਜ਼ਗੀ ਭਰੇ ਮਨ ਨਾਲ ਬੱਕਰੀ ਅਤੇ ਕੁੱਕੜੀ ਤੋਂ ਇਸ ਦੀ ਅਸਲੀਅਤ ਨੂੰ ਜਾਨਣਾ ਚਾਹਿਆ, ਤਾਂ ਅੱਗੋਂ ਉਨ੍ਹਾਂ ਦੋਵਾਂ ਨੇ ਸੱਚ ਦੀ ਹਾਮੀ ਭਰਦਿਆਂ ਕਿਹਾ... ਕਿ ਐ ਮਾਲਕ ਜਦੋਂ ਤੇਰੇ ਘਰ ਕੋਈ ਸੰਤਾਨ ਨਹੀਂ ਸੀ। ਤਾਂ ਅਸੀਂ ਤਿੰਨੋਂ ਸਹੇਲੀਆਂ ਵੀ ਤੁਹਾਡੇ ਮਨ ਦੀ ਇੱਛਾ ਪੂਰਤੀ ਲਈ ਪ੍ਰਮਾਤਮਾ ਅੱਗੇ ਦਿਨ-ਰਾਤ ਅਰਦਾਸ ਕਰਿਆ ਕਰਦੀਆਂ ਸਨ। ਤੇ ਨਾਲੇ ਸਮੇਂ-ਸਮੇਂ ਤੇ ਦੁੱਧ-ਅੰਡੇ ਦੇ ਕੇ ਸਹਾਇਕ ਧੰਦੇ ਵਜੋਂ ਸਾਥ ਵੀ ਦੇ ਰਹੀਆਂ ਹਾਂ... ਪ੍ਰੰਤੂ ਹੁਣ ਜਿਉਂ ਹੀ ਤੇਰੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਤਾਂ ਤੂੰ ਹੈਵਾਨ ਬਣਨ ਦਾ ਰੂਪ ਧਾਰਨ ਕਰ ਲਿਆ ਹੈ। ਪੁੱਤਰ ਜਨਮ ਦੀ ਪਾਰਟੀ 'ਚ ਤੂੰ ਸਾਨੂੰ ਤੇ ਸਾਡੇ ਪੁੱਤਰਾਂ ਨੂੰ ਖਤਮ ਕਰਨ ਵੱਲ ਤੁਲ ਗਿਐਂ ਹੈਂ। ਹੁਣ ਸਾਨੂੰ ਇਹ ਵੀ ਪਤਾ ਹੈ। ਕਿ ਤੈਨੂੰ ਇਹ ਗੱਲ ਸਾਡੀ ਗਦਾਰ ਹੋਈ ਪੱਕੀ ਸਹੇਲੀ ਭੀਸ਼ੀ ਕੁੱਤੀ ਨੇ ਦੱਸੀ ਐ, ਸਾਡੇ ਗੁਰੂਆਂ-ਪੀਰਾਂ ਨੇ ਵੀ ਸੱਚ ਹੀ ਲਿਖਿਆ ਐ ਕਿ 'ਕੁੱਤਾ ਰਾਜ ਬਹਾਲੀਐ ਫਿਰਿ ਚਕੀ ਚਾਟੈ'' ਐ ਮਾਲਕ ਅਸੀਂ ਤੈਨੂੰ ਫੇਰ ਹੱਥ ਜੋੜ ਕੇ ਅਪੀਲ ਕਰਦੀਆਂ ਹਾਂ ਕਿ ਸਾਡੀ ਬਣਾਈ ਸਕੀਮ ਮੁਤਾਬਕ ਕਾਲੀ ਕੁੱਕੜੀ ਨੇ ਤੇਰੇ ਇਕਲੇ ਪਏ ਪੁੱਤਰ ਉੱਪਰ ਮੂੰਹ ਹਨੇਰੇ ਹੀ ਆਪਣੀ ਚੁੰਝ ਨਾਲ ਮੱਠਾ-ਮੱਠਾ ਜਿਹਾ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਸੀ। ਪ੍ਰੰਤੂ ਡੂੰਘੇ ਜ਼ਖਮ ਨਹੀਂ ਸਨ ਕੀਤੇ। ਜਿਸ ਕਾਰਨ ਪਾਰਟੀ ਦਾ ਸਮਾਂ ਟੱਪ ਗਿਆ ਹੈ। ਤੂੰ ਕਿਸੇ ਅੰਧ-ਵਿਸ਼ਵਾਸੀ ਦਾ ਵੀ ਸ਼ਿਕਾਰ ਨਾ ਹੋ। ਬੱਕਰੀ ਤੇ ਕਾਲੀ ਕੁੱਕੜੀ ਦੀ ਗੱਲ ਨੇ ਮਿੱਠੂ ਦੇ ਧੁਰ-ਅੰਦਰ ਤੱਕ ਜ਼ਬਰਦਸਤ ਹਲੂਣਾ ਮਾਰ ਦਿੱਤਾ ਸੀ। ਮਿੱਠੂ ਨੇ ਦੋਵਾਂ ਜਣੀਆਂ ਨੂੰ ਮੁਆਫ ਕਰ ਦਿੱਤਾ ਅਤੇ ਆਪਣੇ ਪੁੱਤਰ ਦੇ ਜਨਮ ਦਿਨ ਦੀ ਪਾਰਟੀ ਮਾਸਾਹਾਰੀ ਦੀ ਬਜਾਏ ਸ਼ਾਕਾਹਾਰੀ ਪਾਰਟੀ ਕਰਨ ਵੱਲ ਮਨ ਬਣਾ ਲਿਆ ਸੀ।

-ਡਾ: ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-12: ਮਾਈ ਫਰੈਂਡ ਗਣੇਸ਼ਾ

ਰਾਜੀਵ ਐਸ. ਰੂਈਆ ਵਲੋਂ ਨਿਰਦੇਸ਼ਤ ਬਾਲੀਵੁੱਡ ਬਾਲ ਫ਼ਿਲਮ 'ਮਾਈ ਫਰੈਂਡ ਗਣੇਸ਼ਾ' ਵਿਚਲਾ ਅੱਠ ਸਾਲਾ ਨਾਇਕ ਆਸ਼ੂ (ਮਾਸਟਰ ਅਲੀ) ਹੈ ਜੋ ਮਾਪਿਆਂ ਵਲੋਂ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਘਰ ਦੀ ਨੌਕਰਾਣੀ ਗੰਗੂਬਾਈ (ਉਪਾਸਨਾ ਸਿੰਘ) ਦੇ ਮਾਧਿਅਮ ਦੁਆਰਾ ਆਸ਼ੂ ਗਣੇਸ਼ ਜੀ ਨਾਲ ਦੋਸਤੀ ਕਰਦਾ ਹੈ। ਗਣੇਸ਼ ਜੀ ਦਾ ਆਪਣੇ ਵਾਹਨ ਮੂਸ਼ਕਰਾਜ (ਚੂਹੇ) ਸਮੇਤ ਉਸ ਦੇ ਘਰ ਆਉਣਾ, ਉਸ ਨਾਲ ਹੱਸਣਾ-ਖੇਡਣਾ, ਅੰਗਰੇਜ਼ੀ ਬੋਲਣਾ ਆਸ਼ੂ ਨੂੰ ਚੰਗਾ ਲਗਦਾ ਹੈ। ਐਨੀਮੇਸ਼ਨ ਦੇ ਰੂਪ ਵਿਚ ਵਿਚਰਦਾ ਪਾਤਰ ਗਣੇਸ਼ਾ ਆਸ਼ੂ ਨਾਲ ਖਾਰ ਖਾਣ ਵਾਲੇ ਮੁੰਡਿਆਂ ਅਤੇ ਉਨ੍ਹਾਂ ਦੇ ਸਕੂਲ ਦੀ ਬੱਸ ਅਗਵਾ ਕਰਨ ਵਾਲੇ ਅਪਰਾਧੀਆਂ ਨੂੰ ਉਨ੍ਹਾਂ ਦੀ ਗ਼ਲਤੀ ਦਾ ਅਹਿਸਾਸ ਕਰਵਾ ਕੇ ਚੰਗੇ ਕਾਰਜ ਕਰਨ ਦੀ ਪ੍ਰੇਰਨਾ ਦਿੰਦਾ ਹੈ। ਗਣੇਸ਼ਾ ਆਪਣੇ ਚਮਤਕਾਰ ਦਿਖਾਉਂਦਾ ਹੋਇਆ ਮੂਸ਼ਕਰਾਜ ਨਾਲ ਅਸਮਾਨ ਵਿਚ ਉੱਡਦਾ ਹੈ ਅਤੇ ਪਾਣੀ ਉੱਪਰ ਨੱਚਦਾ ਟੱਪਦਾ ਹੈ। ਇਹ ਸਭ ਕੁਝ ਆਸ਼ੂ ਨੂੰ ਬਹੁਤ ਚੰਗਾ ਲੱਗਦਾ ਹੈ। ਜਦੋਂ ਆਸ਼ੂ ਦੀ ਦੋਸਤ ਤਾਨੀਆ ਬਹੁਤ ਬਿਮਾਰ ਹੋ ਜਾਂਦੀ ਹੈ ਤਾਂ ਇਸ ਸੰਕਟ ਦੀ ਘੜੀ ਵਿਚ ਵੀ ਗਣੇਸ਼ਾ ਆਸ਼ੂ ਨੂੰ ਹੌਸਲਾ ਦਿੰਦਾ ਹੈ। ਇਹ ਐਨੀਮੇਸ਼ਨ ਤਿੰਨ ਭਾਗਾਂ ਵਿਚ ਬਣੀ ਹੋਈ ਹੈ। ਗਣੇਸ਼ਾ ਆਪਣੀ ਸੂਝ-ਬੂਝ, ਫੁਰਤੀਲੇਪਨ ਅਤੇ ਚਮਤਕਾਰਾਂ ਨਾਲ ਐਨੀਮੇਸ਼ਨ ਵਿਚ ਦਿਲਚਸਪੀ ਪੈਦਾ ਕਰਦਾ ਹੈ।

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾਈਲ : 98144-23703.
dsaasht@yahoo.co.in

ਕਿਉਂ ਉਗਾਇਆ ਜਾਂਦਾ ਹੈ ਕ੍ਰਿਸਮਸ ਰੁੱਖ

ਸਾਰੀ ਦੁਨੀਆ 'ਚ ਦਸੰਬਰ ਮਹੀਨੇ ਦੇ ਆਖਰੀ ਹਫ਼ਤੇ ਵਿਚ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਕ੍ਰਿਸਮਸ ਦੇ ਰੁੱਖ ਦੀ ਖ਼ਾਸ ਮਹੱਤਤਾ ਹੁੰਦੀ ਹੈ। ਪਿਆਰੇ ਬੱਚਿਓ, ਆਓ ਅੱਜ ਤੁਹਾਨੂੰ ਕ੍ਰਿਸਮਸ ਰੁੱਖ ਦੇ ਉਗਾਉਣ ਸਬੰਧੀ ਜਾਣਕਾਰੀ ਦੇਈਏ। ਕ੍ਰਿਸਮਸ ਰੁੱਖ ਇਕ ਸਦਾਬਹਾਰ ਪੌਦਾ ਹੈ, ਆਮ ਤੌਰ 'ਤੇ ਕ੍ਰਿਸਮਸ ਦੇ ਮੌਕੇ 'ਤੇ ਡਲਗਸ ਫਰ ਜਾਂ ਬਾਲਸਮ ਦੇ ਪੌਦੇ 'ਤੇ ਰੌਸ਼ਨੀ ਅਤੇ ਸਜਾਵਟ ਦਾ ਸਾਮਾਨ ਲਗਾ ਦਿੱਤਾ ਜਾਂਦਾ ਹੈ। ਇਸ ਪ੍ਰਥਾ ਦਾ ਆਰੰਭ ਪ੍ਰਾਚੀਨ ਕਾਲ ਦੇ ਮਿਸਰ ਵਾਸੀਆਂ, ਚੀਨੀਆਂ ਜਾਂ ਹੈਬਰਿਊ ਲੋਕਾਂ ਨੇ ਕੀਤਾ ਮੰਨਿਆ ਜਾਂਦਾ ਹੈ। ਇਹ ਲੋਕ ਇਸ ਸਦਾਬਹਾਰ ਰੁੱਖ ਦੀਆਂ ਮਾਲਾ ਅਤੇ ਫੁੱਲਾਂ ਦੇ ਹਾਰਾਂ ਨੂੰ ਜੀਵਨ ਦੀ ਨਿਰੰਤਰਤਾ ਦੀ ਪ੍ਰਤੀਕ ਮੰਨਦੇ ਹਨ। ਦੇਵ ਪੂਜਕ ਯੂਰਪ ਵਾਸੀਆਂ ਵਿਚ ਇਸਾਈ ਧਰਮ ਦੇ ਸ਼ੁਰੂ ਹੋਣ ਤੱਕ ਰੁੱਖਾਂ ਦੀ ਪੂਜਾ ਕਾਫ਼ੀ ਪ੍ਰਚਲਿਤ ਸੀ। ਇਸੇ ਕਾਲ ਵਿਚ ਘਰਾਂ ਨੂੰ ਨਵੇਂ ਸਾਲ ਦੇ ਦਿਨ ਲੋਕ ਇਨ੍ਹਾਂ ਸਦਾਬਹਾਰ ਰੁੱਖਾਂ ਨਾਲ ਸਜਾਉਂਦੇ ਸਨ। ਇਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਰੁੱਖਾਂ ਨੂੰ ਘਰਾਂ ਵਿਚ ਸਜਾਉਣ ਨਾਲ ਭੂਤ-ਪ੍ਰੇਤ ਅਤੇ ਬੁਰਾਈਆਂ ਦੂਰ ਰਹਿੰਦੀਆਂ ਹਨ। ਇਨ੍ਹਾਂ ਰੁੱਖਾਂ ਨੂੰ ਪੰਛੀਆਂ ਦੇ ਉਪਯੋਗ ਲਈ ਵੀ ਲਗਾਇਆ ਜਾਂਦਾ ਹੈ।
ਆਧੁਨਿਕ ਕ੍ਰਿਸਮਸ ਰੁੱਖ ਦੀ ਸ਼ੁਰੂਆਤ ਪੱਛਮੀ ਜਰਮਨੀ ਵਿਚ ਹੋਈ। ਇਸ ਦੇ ਆਰੰਭ ਦੀ ਇਕ ਕਹਾਣੀ ਹੈ। ਮੱਧ ਯੁੱਗ ਦੇ ਲੋਕਪ੍ਰਿਯ ਨਾਟਕ ਵਿਚ ਈਡਨ ਗਾਰਡਨ ਨੂੰ ਮੰਚਿਤ ਕਰਨ ਦੇ ਲਈ ਇਕ ਫਰ ਦੇ ਰੁੱਖ ਦੀ ਵਰਤੋਂ ਕੀਤੀ ਗਈ, ਜਿਸ ਉੱਪਰ ਸੇਬ ਲਟਕਾਏ ਗਏ। ਉਸ ਤਰ੍ਹਾਂ ਜਿਵੇਂ 'ਸਵਰਗ ਰੁੱਖ' (ਪੈਰਾਡਾਈਜ਼ ਟ੍ਰੀ) ਦਾ ਵਰਣਨ ਮਿਲਦਾ ਹੈ। ਜਰਮਨੀ ਦੇ ਲੋਕਾਂ ਨੇ 24 ਦਸੰਬਰ (ਜੋ ਕਿ ਆਦਮ ਅਤੇ ਈਦ ਦੀ ਦਾਅਵਤਦੇ ਉਤਸਵ ਦਾ ਦਿਨ ਮੰਨਿਆ ਜਾਂਦਾ ਹੈ) ਨੂੰ ਫਰ ਦਾ ਰੁੱਖ ਆਪਣੇ ਵਿਹੜੇ ਵਿਚ ਲਗਾਉਣਾ ਸ਼ੁਰੂ ਕਰ ਦਿੱਤਾ। ਸੁੰਦਰਤਾ ਵਧਾਉਣ ਦੇ ਲਈ ਇਸ ਉੱਪਰ ਲੋਕੀਂ ਪੰਨੇ ਆਦਿ ਵੀ ਲਟਕਾਉਂਦੇ ਸਨ। ਇਹ ਲੋਕੀਂ ਲੱਕੜੀ ਤੋਂ ਬਣੀ ਤਿਕੋਨੇ ਅਕਾਰ ਦੀ ਕ੍ਰਿਸਮਸ ਪਿਰਾਮਿਡ ਬਣਾਉਂਦੇ ਸਨ, ਜਿਸ ਵਿਚ ਕ੍ਰਿਸਮਸ ਦੀਆਂ ਮੂਰਤੀਆਂ, ਮੋਮਬੱਤੀਆਂ ਅਤੇ ਇਕ ਸਿਤਾਰਾ ਰੱਖਣ ਦੇ ਲਈ ਫੱਟੇ ਲੱਗੇ ਹੁੰਦੇ ਸਨ। 16ਵੀਂ ਸਦੀ ਤੱਕ ਕ੍ਰਿਸਮਸ ਪਿਰਾਮਿਡ ਅਤੇ ਕ੍ਰਿਸਮਸ ਰੁੱਖ ਅਲੋਪ ਹੋ ਗਏ ਅਤੇ ਆਧੁਨਿਕ ਕ੍ਰਿਸਮਸ ਰੁੱਖ ਦਾ ਪ੍ਰਚਲਣ ਹੋ ਗਿਆ। ਇਹ ਰਿਵਾਜ਼ ਅਠਾਰਵੀਂ ਸਦੀ ਵਿਚ ਜਰਮਨੀ ਦੇ ਲੂਥਰ ਅਨੁਆਈਆਂ ਵਿਚ ਬਹੁਤ ਪ੍ਰਚਲਿਤ ਹੋਇਆ। 19ਵੀਂ ਸਦੀ ਦੇ ਅੱਧ ਵਿਚ ਮਹਾਰਾਣੀ ਵਿਕਟੋਰੀਆ ਦੇ ਪਤੀ ਜਰਮਨ ਪ੍ਰਿੰਸ ਅਲਬਰਟ ਨੇ ਇੰਗਲੈਂਡ ਵਿਚ ਵੀ ਇਸ ਦਾ ਪ੍ਰਚਾਰ ਕੀਤਾ। ਪ੍ਰਿੰਸ ਅਲਬਰਟ ਨੇ ਸੰਨ 1841 ਵਿਚ ਵਿੰਡਸਰ ਕੈਸਲ ਵਿਚ ਪਹਿਲਾ ਕ੍ਰਿਸਮਸ ਰੁੱਖ ਲਗਾਇਆ ਸੀ। ਅਮਰੀਕਾ, ਆਸਟ੍ਰੇਲੀਆ, ਸਵਿਟਜ਼ਰਲੈਂਡ, ਪੋਲੈਂਡ, ਹਾਲੈਂਡ ਰਾਹੀਂ ਕ੍ਰਿਸਮਸ ਚੀਨ ਤੇ ਜਾਪਾਨ ਤੱਕ ਜਾ ਪਹੁੰਚਿਆ। ਅੱਜਕਲ੍ਹ ਕ੍ਰਿਸਮਸ ਰੁੱਖ ਨੂੰ ਸਜਾਉਣ ਲਈ ਵੰਨ-ਸੁਵੰਨੇ ਬਲਬਾਂ ਦੇ ਡਿਜ਼ਾਈਨ ਬਣਾ ਕੇ ਬਿਜਲੀ ਨਾਲ ਵੀ ਸਜਾਇਆ ਜਾਂਦਾ ਹੈ।

-ਮਹਾਂਬੀਰ ਸਿੰਘ ਗਿੱਲ
ਚੇਤਨਪੁਰਾ, ਅੰਮ੍ਰਿਤਸਰ।
ਮੋਬਾਈਲ : 98144-16722.

ਬੁਝਾਰਤਾਂ

1. ਧਰਤੀ ਦਾ ਬਣਿਆ ਭਗਵਾਨ, ਉਹਦੇ ਪਿੱਛੇ ਪਿਆ ਜਹਾਨ।
2. ਸਿੱਖਿਆ ਬਾਂਦਰ ਨੂੰ ਦੇ ਕੇ, ਘਰ ਆਪਣਾ ਉਜਾੜਨ ਵਾਲੀ,
ਰੁੱਖਾਂ 'ਚ ਲਟਕਾਂ ਆਪਣਾ ਘਰ, ਫੁਰਰ ਫੁਰਰ ਉੱਡਦੀ ਰਹਿਣ ਵਾਲੀ।
3. ਕਾਰਤਿਕੇ ਦਾ ਵਾਹਨ ਅਖਵਾਏ, ਰਾਸ਼ਟਰੀ ਪੰਛੀ ਦਾ ਸਨਮਾਨ ਪਾਵੇ,
ਬੱਦਲ ਬੁਲਾਉਣ ਦਾ ਇਸ ਨੂੰ ਵਰਦਾਨ, ਨਾਂਅ ਦੱਸੋ ਉਸ ਦਾ ਪਹਿਚਾਣ।
4. ਅੱਗੇ-ਅੱਗੇ ਭੱਜਿਆ ਜਾਵੇ, ਹਿੰਮਤੀਆਂ ਨੂੰ ਨਾਲ ਰਲਾਵੇ।
5. ਸਾਹੂਕਾਰਾਂ ਲਈ ਵਰਦਾਨ, ਜਿਮੀਂਦਾਰਾਂ ਲਈ ਨੁਕਸਾਨ।
6. ਬੁੱਝੋ ਲੋਕੋ ਇਕ ਪਹੇਲੀ, ਜਦੋਂ ਮੈਂ ਕੱਟਦੀ ਤਾਂ ਬਣ ਜਾਵਾਂ ਨਵੀਂ ਨਵੇਲੀ।
7. ਦਾਨ ਦੇਈਏ ਅੱਗੇ ਆਵੇ, ਮੰਗੀਏ ਤਾਂ ਪਿੱਛੇ ਹਟ ਜਾਵੇ।
8. ਬਾਰਾਂ ਮਹੀਨੇ ਵਿਕਦਾ ਰਹਿੰਦਾ, ਹਰ ਇਕ ਸ਼ਬਜੀ ਦੇ ਵਿਚ ਪੈਂਦਾ।
9. ਸਿਦਕੀ ਨਾ ਉਸ ਬਾਰੇ ਸੋਚਣ, ਕਾਇਰ ਹਮੇਸ਼ਾ ਉਸ ਨੂੰ ਕੋਸਣ।
10. ਵਫਾਦਾਰੀ ਵਿਚ ਉਸ ਤੋਂ ਪਿੱਛੇ ਸਾਰੇ,
ਫਿਰ ਵੀ ਦੁਨੀਆ ਉਸ ਨੂੰ ਦੁਰਕਾਰੇ।
ਉੱਤਰ઺(1) ਪੈਸਾ, (2) ਬਿਜੜਾ, (3) ਮੋਰ, (4) ਸਮਾਂ, (5) ਵਿਆਜ, (6) ਪੈਨਸਿਲ, (7) ਕੜਾ, (8) ਆਲੂ, (9) ਕਿਸਮਤ, (10) ਕੁੱਤਾ।

-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾ:98763-22677

ਬਾਲ ਨਾਵਲ-43: ਖੱਟੀਆਂ-ਮਿੱਠੀਆਂ ਗੋਲੀਆਂ

ਜਦੋਂ ਰਿਕਸ਼ਾ ਤੁਰਨ ਲੱਗਾ ਤਾਂ ਬੰਦ ਘਰ ਵੱਲ ਦੇਖ ਕੇ ਹਰੀਸ਼ ਦਾ ਮਨ ਫਿਰ ਭਰ ਆਇਆ। ਰਿਕਸ਼ਾ ਤੁਰਿਆ ਤਾਂ ਉਸ ਨੇ ਆਪਣੇ-ਆਪ 'ਤੇ ਕੰਟਰੋਲ ਕਰ ਲਿਆ।
ਰਿਕਸ਼ਾ ਤੋਰ ਕੇ ਸਿਧਾਰਥ ਨੇ ਆਪਣਾ ਸਕੂਟਰ ਸਟਾਰਟ ਕੀਤਾ ਅਤੇ ਚਲਦੇ ਰਿਕਸ਼ੇ 'ਤੇ ਸਿਧਾਰਥ ਨੇ ਹਰੀਸ਼ ਨੂੰ ਕਿਹਾ, 'ਮੈਂ ਘਰ ਪਹੁੰਚ ਰਿਹਾ ਹਾਂ, ਤੂੰ ਮਗਰੇ ਹੀ ਆ ਜਾ।'
ਸਿਧਾਰਥ ਦੇ ਘਰ ਪਹੁੰਚਣ ਤੋਂ ਵੀਹ-ਪੰਝੀ ਮਿੰਟ ਬਾਅਦ ਹਰੀਸ਼ ਪਹੁੰਚ ਗਿਆ। ਸਿਧਾਰਥ ਨੇ ਉਸ ਦਾ ਟਰੰਕ ਅਤੇ ਬਿਸਤਰੇ ਵਾਲੀ ਗੰਢ ਸਟੋਰ ਵਿਚ ਟਿਕਾ ਦਿੱਤੀ। ਕਿਤਾਬਾਂ ਉਸ ਨੇ ਸਟੱਡੀ ਰੂਮ ਵਿਚ ਰੱਖ ਦਿੱਤੀਆਂ। ਹਰੀਸ਼ ਜਦੋਂ ਦਾ ਵੀਰ ਜੀ ਦੇ ਘਰ ਆਇਆ ਹੈ, ਸਿਧਾਰਥ ਨੇ ਉਸ ਦਾ ਬਿਸਤਰਾ ਸਟੱਡੀ ਰੂਮ ਵਿਚ ਪਏ ਦੀਵਾਨ ਉੱਪਰ ਹੀ ਕਰ ਦਿੱਤਾ ਸੀ। ਹੁਣ ਵੀ ਉਸ ਦਾ ਪੱਕਾ ਟਿਕਾਣਾ ਸਟੱਡੀ ਰੂਮ ਵਿਚ ਹੀ ਕਰ ਦਿੱਤਾ, ਤਾਂ ਜੋ ਉਹ ਆਪਣੇ ਵੱਖਰੇ ਕਮਰੇ ਵਿਚ ਚੰਗੀ ਤਰ੍ਹਾਂ ਪੜ੍ਹਾਈ ਕਰ ਸਕੇ।
ਹਰੀਸ਼ ਨੇ ਆਪਣੀਆਂ ਬਹੁਤੀਆਂ ਕਿਤਾਬਾਂ, ਕਾਪੀਆਂ ਅਲਮਾਰੀ ਵਿਚ ਸਾਂਭ ਦਿੱਤੀਆਂ ਅਤੇ ਜਿਹੜੀਆਂ ਉਸ ਨੇ ਪੜ੍ਹਨੀਆਂ ਸਨ, ਉਹ ਮੇਜ਼ ਉੱਪਰ ਰੱਖ ਲਈਆਂ। ਐਨੀ ਦੇਰ ਵਿਚ ਸਿਧਾਰਥ ਵੀ ਉਸ ਕੋਲ ਆ ਗਿਆ। ਸਿਧਾਰਥ ਨੇ ਉਸ ਨੂੰ ਬੜੇ ਅਪਣੱਤ ਨਾਲ ਕਹਿਣਾ ਸ਼ੁਰੂ ਕੀਤਾ, 'ਵੇਖ ਬੇਟਾ, ਇਹ ਤੇਰਾ ਆਪਣਾ ਘਰ ਹੈ। ਤੈਨੂੰ ਕਿਸੇ ਕਿਸਮ ਦੀ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਕੱਲ੍ਹ ਤੋਂ ਤੂੰ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਹੈ। ਜੋ ਹੋਣਾ ਸੀ, ਉਹ ਹੋ ਗਿਆ। ਹੁਣ ਤੂੰ ਸਵੇਰ ਤੋਂ ਬਾਕਾਇਦਾ ਸਕੂਲ ਵੀ ਜਾਣੈ ਅਤੇ ਪਿਛਲੇ ਦਿਨਾਂ ਵਿਚ ਜਿਹੜਾ ਪੜ੍ਹਾਈ ਦਾ ਨੁਕਸਾਨ ਹੋਇਐ, ਉਹ ਵੀ ਪੂਰਾ ਕਰਨੈ। ਤੂੰ ਹੁਣ ਕਿਸੇ ਹੋਰ ਪਾਸੇ ਧਿਆਨ ਨਹੀਂ ਦੇਣਾ। ਦਸਵੀਂ ਕਲਾਸ ਹਰ ਬੱਚੇ ਦੀ ਜ਼ਿੰਦਗੀ ਬੜੀ ਅਹਿਮ ਕਲਾਸ ਹੁੰਦੀ ਹੈ। ਇਸ ਦਾ ਪ੍ਰਭਾਵ ਸਾਰੀ ਉਮਰ ਤੱਕ ਰਹਿੰਦਾ ਹੈ। ਤੁਸੀਂ ਭਾਵੇਂ ਪੀ-ਐਚ.ਡੀ. ਕਰ ਲਵੋ ਪਰ ਜਦੋਂ ਵੀ ਤੁਹਾਨੂੰ ਕਿਸੇ ਇੰਟਰਵਿਊ 'ਤੇ ਜਾਣਾ ਪਵੇ, ਉਹ ਦਸਵੀਂ ਦੇ ਨੰਬਰ ਜ਼ਰੂਰ ਦੇਖਦੇ ਹਨ। ਇਸ ਤੋਂ ਇਲਾਵਾ ਤੁਹਾਡੀ ਜ਼ਿੰਦਗੀ ਦੇ ਕੈਰੀਅਰ ਦਾ ਇਹ ਇਕ ਬੜਾ ਹੀ ਮਹੱਤਵਪੂਰਨ ਮੋੜ ਹੈ। ਪਹਿਲਾਂ ਦਸਵੀਂ ਅਤੇ ਉਸ ਤੋਂ ਬਾਅਦ ਪਲੱਸ ਟੂ ਤੱਕ ਤੂੰ ਪੂਰੀ ਜਾਨ ਮਾਰਨੀ ਹੈ। ਵੈਸੇ ਤਾਂ ਸਾਰੀ ਜ਼ਿੰਦਗੀ ਹੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਪਰ ਪਲੱਸ ਟੂ ਨੇ ਤੁਹਾਡੇ ਕੈਰੀਅਰ ਦਾ ਨਿਰਣਾ ਕਰਨਾ ਹੁੰਦਾ ਹੈ ਕਿ ਤੁਸੀਂ ਕਿਹੜੇ ਪ੍ਰੋਫੈਸ਼ਨਲ ਕਾਲਜ ਵਿਚ ਜਾਣੈ।
'ਮੈਨੂੰ ਪਤਾ ਹੈ ਕਿ ਮਾਂ ਦੀ ਯਾਦ ਸਾਰੀ ਉਮਰ ਕੋਈ ਨਹੀਂ ਭੁਲਾ ਸਕਦਾ। ਮਾਂ ਵਰਗਾ ਘਣਛਾਵਾਂ ਬੂਟਾ ਹੋਰ ਕੋਈ ਨਹੀਂ ਹੋ ਸਕਦਾ, ਜਿਸ ਦੀ ਸੰਘਣੀ ਛਾਂ ਵਿਚ ਤੁਹਾਨੂੰ ਸੁੱਖ, ਆਰਾਮ ਅਤੇ ਅਸੀਸਾਂ ਹੀ ਮਿਲਦੀਆਂ ਹਨ। ਪਰ ਇਸ ਦੇ ਬਾਵਜੂਦ ਮੈਂ ਤੈਨੂੰ ਕਹਾਂਗਾ ਕਿ ਤੈਨੂੰ ਕੁਝ ਦੇਰ ਲਈ ਸਾਰਾ ਕੁਝ ਭੁਲਾ ਕੇ ਸਿਰਫ ਪੜ੍ਹਾਈ ਵੱਲ ਮਨ ਇਕਾਗਰ ਕਰਨਾ ਚਾਹੀਦੈ। ਉਮੀਦ ਹੈ ਤੂੰ ਮੇਰਾ ਆਖਾ ਮੰਨੇਗਾ ਅਤੇ ਸਵੇਰ ਤੋਂ ਹੀ ਆਪਣੀ ਪੜ੍ਹਾਈ ਬਾਕਾਇਦਾ ਸ਼ੁਰੂ ਕਰ ਦੇਵੇਂਗਾ। ਕੋਈ ਵੀ ਮੁਸ਼ਕਿਲ ਆਵੇ ਤਾਂ ਮੈਨੂੰ ਦੱਸਣੀ ਐ। ਮੈਂ ਹਮੇਸ਼ਾ ਤਨ, ਮਨ ਅਤੇ ਧਨ ਨਾਲ ਤੇਰੀ ਮਦਦ ਕਰਾਂਗਾ। ਮੈਂ ਹਮੇਸ਼ਾ ਤੇਰੇ ਨਾਲ ਹਾਂ।' (ਚਲਦਾ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਕੁਝ ਜਾਣਕਾਰੀ

* ਰਾਕ ਗਾਰਡਨ ਦੇ ਨਿਰਮਾਤਾ ਕੌਨ ਸਨ?
ਂਸ੍ਰੀ ਨੇਕ ਚੰਦ
* ਮਲਾਲਾ ਯੂਸਫਜਈ ਕਿਸ ਦੇਸ਼ ਦੀ ਜੰਮਪਲ ਹੈ?
ਂਪਾਕਿਸਤਾਨ
* ਭਾਰਤ ਦਾ 29ਵਾਂ ਰਾਜ ਕਿਹੜਾ ਹੈ? ਂਤੇਲੰਗਾਨਾ
* ਇਸਲਾਮ ਧਰਮ ਦੇ ਬਾਨੀ ਕੌਣ ਸਨ? ਂਹਜ਼ਰਤ ਮੁਹੰਮਦ
* ਭਾਰਤ ਵਿਚ ਜਨਗਣਨਾ ਕਿੰਨੇ ਸਾਲਾਂ ਬਾਅਦ ਹੁੰਦੀ ਹੈ? ਂ10 ਸਾਲਾਂ ਬਾਅਦ।
* ਇਤਿਹਾਸ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ।
ਂਹੈਰੋਡੋਟਸ ਨੂੰ
* ਅੰਮ੍ਰਿਤਾ ਪ੍ਰੀਤਮ ਦੀ ਕਿਹੜੀ ਰਚਨਾ ਭਾਰਤ ਤੇ ਪਾਕਿਸਤਾਨ ਵਿਚ ਮਸ਼ਹੂਰ ਹੋਈ? ਂਅੱਜ ਆਖਾਂ ਵਾਰਿਸ ਸ਼ਾਹ ਨੂੰ (ਕਵਿਤਾ)
* ਪੰਜਾਬੀ ਦੀ ਟਕਸਾਲੀ ਬੋਲੀ ਕਿਹੜੀ ਹੈ? ਂਮਾਝੀ
* ਆਰੀਆ ਭੱਟ ਕੌਣ ਸੀ?
ਂਇਕ ਮਹਾਨ ਗਣਿਤਕਾਰ
* ਪੰਜਾਬੀਆਂ ਦੀ ਮਾਂ ਖੇਡ ਕਿਹੜੀ ਹੈ? ਂਕਬੱਡੀ
* ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਬਣੀ ਸੀ? ਂਸ੍ਰੀਮਤੀ ਪ੍ਰਤਿਭਾ ਪਾਟਿਲ


-ਪਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਡਾਲੀ ਗੁਰੂ (ਅੰਮ੍ਰਿਤਸਰ)।

ਬਾਲ ਸਾਹਿਤ

ਨੱਚ ਟੱਪ ਬਾਲੜੀਏ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਮੁੱਲ : 70 ਰੁਪਏ, ਸਫੇ : 88
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਸੰਪਰਕ : 98764-52223

ਪੁਸਤਕ ਦੇ ਨਾਂਅ ਤੋਂ ਜਾਪਦਾ ਹੈ ਕਿ ਪੁਸਤਕ ਵਿਚ ਸਿਰਫ਼ ਬਾਲੜੀਆਂ ਲਈ ਹੀ ਕਵਿਤਾਵਾਂ ਹੋਣਗੀਆਂ, ਪਰ 'ਨੱਚ ਟੱਪ ਬਾਲੜੀਏ' ਪੁਸਤਕ ਵਿਚ ਲੇਖਕ ਨੇ ਬਾਲਾਂ ਲਈ ਰੰਗ-ਬਰੰਗਾ ਗੁਲਦਸਤਾ ਕਵਿਤਾਵਾਂ ਰਾਹੀਂ ਪੇਸ਼ ਕੀਤਾ ਹੈ। ਕਵਿਤਾ ਦੇ ਅਖੀਰ ਵਿਚ ਕੋਈ ਨਾ ਕੋਈ ਸਿੱਖਿਆ ਵੀ ਜ਼ਰੂਰ ਦਿੱਤੀ ਹੈ। ਕਵਿਤਾਵਾਂ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਕੇ, ਮਾਲਾਵਾਂ ਬਣਾ ਕੇ, ਬਾਲਾਂ ਦੇ ਮਨਾਂ ਵਿਚ ਪਾਈਆਂ ਹਨ।
'ਬਹੁਤ ਸਹੇਲੀਆਂ ਮੇਰੀਆਂ ਭਾਵੇਂ,
ਪਰ ਪੱਕੀ ਸਹੇਲੀ ਕਿਤਾਬ ਕੁੜੇ।
ਕਿੰਨੀਆਂ ਪੜ੍ਹੀਆਂ, ਕਿੰਨੀਆਂ ਬਾਕੀ,
ਰੱਖਿਆ ਨਹੀਂ ਹਿਸਾਬ ਕੁੜੇ।'
(ਪੱਕੀ ਸਹੇਲੀ)
'ਤੋਪਾਂ ਛੱਡ ਅੰਗਰੇਜ਼ ਸੀ ਭੱਜੇ,
ਗਾਂਧੀ ਜਦੋਂ ਚਲਾਇਆ ਚਰਖਾ।
ਸੂਟ ਅੰਗਰੇਜ਼ੀ ਪਾਉਣੇ ਭੁੱਲੇ,
ਐਸਾ ਸੂਤ ਬਣਾਇਆ ਚਰਖਾ।'
(ਚਰਖਾ)
'ਇਹ ਚੰਨ, ਤਾਰੇ ਸਿਤਾਰੇ,
ਉੱਡਦੇ ਜੁਗਨੂੰ ਜੋ ਸਾਰੇ।
ਰੇਤ ਟਿੱਬੇ ਜੋ ਨਦੀਆਂ ਖਿਲਾਰੇ,
ਉੱਚੇ ਪਰਬਤ ਉੱਤੇ ਧਰਤੀ ਉਭਾਰੇ।'
(ਕੁਦਰਤ ਦੇ ਰੰਗ)
ਇਹ ਪੁਸਤਕ ਦਾ ਦੂਜਾ ਐਡੀਸ਼ਨ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਬਾਲ ਪਾਠਕਾਂ ਨੇ ਇਸ ਨੂੰ ਖ਼ੂਬ ਪਸੰਦ ਕੀਤਾ ਹੈ। ਪੁਸਤਕ ਵਿਚ ਬਾਲਾਂ ਲਈ ਹਰ ਰੰਗ ਪੇਸ਼ ਕੀਤਾ ਗਿਆ ਹੈ। ਕਵਿਤਾਵਾਂ ਨਾਲ ਢੁਕਵੇਂ ਚਿੱਤਰ ਕਵਿਤਾਵਾਂ ਨੂੰ ਹੋਰ ਖ਼ੂਬਸੂਰਤ ਬਣਾਉਂਦੇ ਹਨ। ਪ੍ਰਿੰ: ਬਹਾਦਰ ਸਿੰਘ ਗੋਸਲ ਦਾ ਯਤਨ ਸ਼ਲਾਘਾ ਭਰਪੂਰ ਹੈ। ਪੁਸਤਕ ਸਾਂਭਣ ਤੇ ਪੜ੍ਹਨ ਯੋਗ ਹੈ। ਪੰਜਾਬੀ ਬਾਲ ਸਾਹਿਤ ਵਿਚ ਪੁਸਤਕ 'ਨੱਚ ਟੱਪ ਬਾਲੜੀਏ' ਦਾ ਸਵਾਗਤ ਹੈ।

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਅਨਮੋਲ ਬਚਨ

* ਰਿਸ਼ਤੇ ਦੂਰ ਰਹਿਣ ਨਾਲ ਟੁੱਟਦੇ ਨਹੀਂ ਤੇ ਕੋਲ ਰਹਿਣ 'ਤੇ ਜੁੜਦੇ ਨਹੀਂ ਪਰ ਅਹਿਸਾਸ ਅਜਿਹਾ ਹੈ ਕਿ ਆਪਣਿਆਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ।
* ਸੱਚਾ ਦੋਸਤ ਉਹ ਹੈ ਜੋ ਤੁਹਾਡੀਆਂ ਸਿਰਫ ਚੰਗਿਆਈਆਂ ਹੀ ਨਾ ਦੱਸੇ, ਸਗੋਂ ਖਾਮੀਆਂ ਤੋਂ ਵੀ ਜਾਣੂ ਕਰਾਵੇ।
* ਵਿਅਕਤੀ ਨੂੰ ਆਪਣੇ ਵਿਚੋਂ ਕਮੀਆਂ ਲੱਭਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਕਮੀਆਂ ਲੱਭਣ ਲਈ ਲੋਕ ਹੀ ਕਾਫੀ ਹਨ।
* ਜਦੋਂ ਦੋ ਦੋਸਤਾਂ ਵਿਚ ਇਕ-ਦੂਜੇ ਨਾਲੋਂ ਚੰਗਾ ਕਹਾਉਣ ਦੀ ਜੰਗ ਛਿੜ ਜਾਵੇ, ਉਹ ਦੋਸਤੀ ਜ਼ਿਆਦਾ ਚਿਰ ਨਹੀਂ ਟਿਕਦੀ।
* ਆਪਣੇ-ਆਪ ਨੂੰ ਅਜਿਹਾ ਬਣਾ ਕੇ ਰੱਖੋ, ਜੇਕਰ ਕੋਈ ਤੁਹਾਡੀ ਬੁਰਾਈ ਕਰੇ ਤਾਂ ਸਾਹਮਣੇ ਵਾਲੇ ਨੂੰ ਯਕੀਨ ਨਾ ਆਵੇ।

-ਕੁਲਦੀਪ ਕੌਰ ਛਾਜਲੀ,
ਪਿੰਡ ਤੇ ਡਾਕ: ਛਾਜਲੀ, ਜ਼ਿਲ੍ਹਾ ਸੰਗਰੂਰ।

ਕਵਿਤਾ: ਸਾਡੇ ਅਧਿਆਪਕ

ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ,
ਸਾਡੇ ਲਈ ਨੇ ਗਿਆਨ ਦਾ ਸੋਮਾ, ਸਾਡੇ ਚਾਨਣ ਮੁਨਾਰੇ।
ਗਿਆਨ ਦੇ ਗੱਫੇ ਵੰਡਦੇ ਸਾਨੂੰ,
ਨਿੱਤ ਸਕੂਲੇ ਆ ਕੇ।
ਅਸੀਂ ਵੀ ਆਦਰ ਕਰਦੇ ਪੂਰਾ,
ਮਿਲੀਏ ਸਿਰ ਝੁਕਾ ਕੇ।
ਸਾਨੂੰ ਇਹ ਮਾਪਿਆਂ ਤੋਂ ਵੀ ਵਧ ਕੇ,
ਜਾਈਏ ਵਾਰੇ-ਵਾਰੇ।
ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ।
ਆਗਿਆ ਦਾ ਪਾਲਣ ਹਾਂ ਕਰਦੇ
ਪੜ੍ਹੀਏ ਮਨ-ਚਿੱਤ ਲਾ ਕੇ।
ਚੰਗੇ ਬੱਚੇ ਅਸੀਂ ਕਹਾਉਣਾ,
ਇਨ੍ਹਾਂ ਦਾ ਨਾਂਅ ਰੁਸ਼ਨਾ ਕੇ।
ਗੁਰੂ ਦੀ ਸਿੱਖਿਆ 'ਤੇ ਅਮਲ ਜੋ ਕਰਦਾ,
ਉਹ ਜ਼ਿੰਦਗੀ 'ਚ ਕਦੇ ਨਾ ਹਾਰੇ,
ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ।
ਫੁੱਲਾਂ ਵਾਂਗੂੰ ਰੱਖਦੇ ਸਾਨੂੰ,
ਝਿੜਕਾਂ ਕਦੇ ਨਾ ਪਾਉਂਦੇ।
ਸਮੇਂ ਦੇ ਪਾਬੰਦ ਰਹਿਣ ਦੀ,
ਸਾਨੂੰ ਜਾਚ ਸਿਖਾਉਂਦੇ।
ਪੜ੍ਹ-ਲਿਖ ਚੰਗੇ ਇਨਸਾਨ ਹੈ ਬਣਨਾ,
ਹੋਣੇ ਵਾਰੇ-ਨਿਆਰੇ।
ਸਾਡੇ ਅਧਿਆਪਕ ਸਾਨੂੰ ਲਗਦੇ ਬੜੇ ਪਿਆਰੇ।

-ਗੁਰਪ੍ਰੀਤ ਕੌਰ ਚਹਿਲ,
ਪੰਜਾਬੀ ਅਧਿਆਪਕਾ, ਸ: ਸੈ: ਸਕੂਲ, ਚਹਿਲਾਂਵਾਲੀ (ਮਾਨਸਾ)। ਮੋਬਾ: 90565-26703


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX