ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕੱਲ੍ਹ ਬਸੰਤ ਪੰਚਮੀ 'ਤੇ ਵਿਸ਼ੇਸ਼

ਬਸੰਤ ਦਾ ਮੌਸਮ ਤੇ ਬਸੰਤ ਪੰਚਮੀ ਦਾ ਤਿਉਹਾਰ

ਜਦੋਂ ਕੁਦਰਤ ਦੀ ਅਨੁਪਮ ਲੀਲ੍ਹਾ ਆਪਣੇ ਮਨਮੋਹਕ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਅਤੇ ਬਿਰਛ ਬੂਟੇ ਤੇ ਫ਼ਸਲਾਂ ਨਵੀਂ ਵਿਆਹੀ ਦੁਲਹਨ ਵਾਂਗ ਰੰਗਾਂ ਤੇ ਮਹਿਕਾਂ ਨਾਲ ਸਜੀਆਂ ਹੁੰਦੀਆਂ ਹਨ ਤਾਂ ਪੰਜਾਬ ਵਿਚ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ।
ਮਾਘ ਮਹੀਨੇ ਦੇ ਚਾਨਣੇ ਪੱਖ ਦੇ ਪੰਜਵੇਂ ਦਿਨ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਡੀਆਂ ਪ੍ਰਾਚੀਨ ਰਵਾਇਤਾਂ ਵਿਚ ਬਸੰਤ ਪੰਚਮੀ ਨੂੰ ਪੀਲੇ ਰੰਗ ਦੀ ਖ਼ੂਬਸੂਰਤੀ ਨਾਲ ਜੋੜਿਆ ਗਿਆ ਹੈ।
ਬਸੰਤ ਰੁੱਤ ਅੰਦਰ ਅਲੂਚੇ, ਆੜੂ ਤੇ ਬੱਗੂਗੋਸ਼ਿਆਂ ਦੀਆਂ ਪੱਤਹੀਣ ਸ਼ਾਖਾਵਾਂ 'ਤੇ ਅਣਗਿਣਤ ਹਰੀਆਂ ਡੋਡੀਆਂ 'ਚੋਂ ਲਾਲ, ਦੂਧੀਆ ਤੇ ਕਿਰਮਚੀ ਰੰਗਾਂ ਦੇ ਫੁੱਲ ਆਪਣੇ ਖ਼ੂਬਸੂਰਤ ਨੈਣ ਖੋਲ੍ਹ ਕੇ ਨਵੀਂ ਦੁਨੀਆ ਦਾ ਸ਼ਾਨਾਂਮੱਤਾ ਸਵਾਗਤ ਕਰਦੇ ਹਨ ਅਤੇ ਬਹੁਤ ਸਾਰੇ ਹੋਰ ਬਿਰਛਾਂ ਦੀਆਂ ਰੁੰਡ-ਮੁੰਡ ਸ਼ਾਖਾਵਾਂ 'ਤੇ ਨਵੀਆਂ ਤੇ ਨਰਮ ਨਾਜ਼ੁਕ ਪੱਤੀਆਂ ਦੇ ਨਵੇਂ ਸੁੰਦਰ ਸੰਸਾਰ ਦਾ ਭਾਗਾਂ ਭਰਿਆ ਆਗਮਨ ਹੁੰਦਾ ਹੈ।
ਕਦੇ ਕਦੇ ਜਦੋਂ ਸਰਦੀ ਅਗੇਤੀ ਵਿਦਿਆ ਹੋ ਜਾਂਦੀ ਹੈ ਤਾਂ ਨਿੰਬੂ, ਮਾਲਟੇ, ਸੰਗਤਰੇ, ਮੁਸੱਮੀ, ਮਿੱਠੇ ਅਤੇ ਗਲਗਲਾਂ ਦੇ ਸਦਾ ਬਹਾਰ ਬੂਟਿਆਂ ਦੀਆਂ ਸ਼ਾਖਾਵਾਂ 'ਤੇ ਚਿੱਟੀਆਂ, ਬਦਾਮੀ ਤੇ ਸੁਰਮਈ ਡੋਡੀਆਂ ਆਪਣੀਆਂ ਮਹਿਕਾਂ ਨਾਲ ਭਰੀਆਂ ਪੋਟਲੀਆਂ ਨਵੀਆਂ ਨਾਜ਼ੁਕ ਪੱਤੀਆਂ ਦੀਆਂ ਨਰਮ ਤਲੀਆਂ 'ਤੇ ਮਲਕੜੇ ਜਿਹੇ ਉਦਾਰਤਾ ਨਾਲ ਖੋਲ੍ਹਣ ਲੱਗ ਜਾਂਦੀਆਂ ਹਨ, ਅੰਬਾਂ ਦੀਆਂ ਨਵੀਆਂ ਕਰੂੰਬਲਾਂ ਵਿਚ ਨਵੇਂ ਕੋਹਰ ਦੀਆਂ ਨਾਜ਼ੁਕ ਤੂਈਆਂ 'ਚੋਂ ਇਕ ਵਿਲੱਖਣ ਹੁਸਨ ਨਜ਼ਰ ਆਉਣ ਲੱਗ ਪੈਂਦਾ ਹੈ ।
ਪਤਝੜ ਦੇ ਕਹਿਰ ਨਾਲ ਬਿਰਛ ਬੂਟਿਆਂ ਦੀਆਂ ਝੰਬੀਆਂ ਪੱਤਰ ਮੁਕਤ ਸ਼ਾਖਾਵਾਂ ਅਨੇਕਾਂ ਨਵੀਆਂ ਨਾਜ਼ੁਕ ਪੱਤੀਆਂ 'ਤੇ ਆਪਣੇ ਮਸਤੀ ਭਰੇ ਨੈਣ ਖੋਲ੍ਹਦੀਆਂ ਹਨ ਤੇ ਸੁੰਦਰ ਡੋਡੀਆਂ ਨੂੰ ਪਹੁ ਦੀ ਸੰਦਲੀ ਧੁੱਪ ਜਦੋਂ ਆਪਣੀਆਂ ਸੁਖਾਵੀਆਂ ਜੱਫੀਆਂ ਪਾ ਕੇ ਮਿਲਦੀ ਹੈ ਤਾਂ ਧਰਤੀ 'ਤੇ ਕੁਦਰਤ ਵਲੋਂ ਸਿਰਜੇ ਗਏ ਇਕ ਅਦੁੱਤੀ ਸਵਰਗ ਦੇ ਦਰਸ਼ਨ ਹੁੰਦੇ ਹਨ।
ਵੰਨ-ਸੁਵੰਨੇ ਰੰਗਾਂ ਨਾਲ ਸਜੇ ਫੁੱਲਾਂ ਨੂੰ ਪੋਲੇ-ਪੋਲੇ ਚੁੰਮਣ ਦਿੰਦੀ ਬਸੰਤ ਦੀ ਸੁਖਾਵੀਂ ਹਵਾ ਮਹਿਕਾਂ ਨਾਲ ਲਿਬੜੇ ਆਪਣੇ ਬੁੱਲ੍ਹਾਂ ਨਾਲ ਸਾਰੇ ਆਲੇ-ਦੁਆਲੇ ਨੂੰ ਸੁਗੰਧਤ ਕਰ ਦਿੰਦੀ ਹੈ।
ਪਹੁ ਦੇ ਸੱਜਰੇ ਖਿੜੇ ਫੁੱਲਾਂ 'ਤੇ ਆਪਣੇ ਨਾਜ਼ੁਕ ਬੁੱਲ੍ਹ ਰੱਖ ਕੇ ਕੋਸੇ ਤੇ ਮਿੱਠੇ ਚੁੰਮਣ ਦਿੰਦੇ ਕੁਦਰਤ ਦੇ ਖ਼ੂਬਸੂਰਤ ਕਲਾਕਾਰ ਅਨੇਕਾਂ ਭੌਰੇ, ਤਿਤਲੀਆਂ ਤੇ ਮਧੂ ਮੱਖੀਆਂ ਆਪਣੀਆਂ ਮਿੱਠੀਆਂ ਅਵਾਜ਼ਾਂ ਦੇ ਮਧੁਰ ਸੰਗੀਤ ਨਾਲ ਜੋਬਨਮੱਤੇ ਮਾਹੌਲ ਨੂੰ ਇਕ ਹੋਰ ਅਨੂਠੀ ਸੁੰਦਰਤਾ ਪ੍ਰਦਾਨ ਕਰ ਦਿੰਦੀਆਂ ਹਨ ।
ਬਸੰਤ ਦੀ ਸੂਹੀ ਸੱਜਰੀ ਧੁੱਪ, ਹਰੇ ਸਾਵੇ ਘਾਹ 'ਚ ਛੂਣ੍ਹ ਛੁਲ੍ਹਾਈਆਂ ਖੇਡਦੀ, ਘਾਹ ਦੀਆਂ ਪੱਤੀਆਂ ਨਾਲ ਲਟਕਦੀਆਂ ਤ੍ਰੇਲ ਦੀਆਂ ਚਾਂਦੀ ਰੰਗੀਆਂ ਬੂੰਦਾਂ ਵਿਚ ਆਪਣੇ ਸੂਹੇ ਸੁਨਹਿਰੀ ਰੰਗ ਰਲਾ ਕੇ ਕੁਦਰਤ ਦੇ ਅਨੁਪਮ ਹੀਰੇ ਜਵਾਹਰਾਂ ਦੀ ਸਿਰਜਣਾ ਕਰਨ ਦੇ ਕਾਰਜ ਵਿਚ ਜੁਟ ਜਾਂਦੀ ਹੈ ਤੇ ਫੇਰ ਪਹੁ ਦੀ ਸੱਜਰੀ ਹਵਾ ਇਨ੍ਹਾਂ ਸੁੰਦਰ ਹੀਰਿਆਂ ਨੂੰ ਗਹਿਣਿਆਂ ਤੋਂ ਬੁੱਚੀਆਂ ਘਾਹ ਦੀਆਂ ਪੱਤੀਆਂ ਨਾਲ ਟੁੰਗਣ ਲੱਗ ਜਾਂਦੀ ਹੈ।
ਮਧੂ ਮੱਖੀਆਂ ਦੇ ਛੱਤੇ ਇਨ੍ਹਾਂ ਦਿਨਾਂ ਵਿਚ ਸ਼ਹਿਦ ਨਾਲ ਭਰਨੇ ਸ਼ੁਰੂ ਹੋ ਜਾਂਦੇ ਹਨ ਤੇ ਆਲੇ-ਦੁਆਲਿਓਂ ਹਵਾ 'ਚ ਰਲੀ ਕੜਾਹੇ ਵਿਚ ਕੜ੍ਹਦੇ ਮਿੱਠੇ ਦੀ ਸੁਖਾਵੀਂ ਜਿਹੀ ਮਹਿਕ ਮਨਾਂ ਨੂੰ ਜਿਵੇਂ ਨਸ਼ਿਆ ਜਾਂਦੀ ਹੈ ।
ਬਸੰਤ ਦੇ ਦਿਨਾਂ 'ਚ ਦੂਰ-ਦੁਮੇਲ ਤੱਕ ਸਰ੍ਹੋਂ ਦੇ ਪੀਲੇ ਫੁੱਲਾਂ ਦਾ ਸੋਨਾ ਖਿਲਰਿਆ ਨਜ਼ਰ ਆਉਂਦਾ ਹੈ। ਕਈ ਵਾਰ ਕਿਤੇ ਕਿਤੇ ਸਰ੍ਹੋਂ ਦੇ ਫੁੱਲਾਂ ਦੇ ਪੀਲੇ ਰੰਗ ਦੇ ਸਾਗਰ ਵਿਚ ਕੁਦਰਤ ਅਲਸੀ ਦੇ ਫੁੱਲਾਂ ਦਾ ਨੀਲਾ ਰੰਗ ਰਲਾ ਕੇ ਬਸੰਤ ਦੀ ਸਜ ਧਜ ਵਿਚ ਵਾਧਾ ਕਰ ਦਿੰਦੀ ਹੈ ।
ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ: ਮੋਹਨ ਸਿੰਘ ਬਸੰਤ ਦੀ ਖ਼ੂਬਸੂਰਤੀ 'ਚੋਂ ਆਪਣੀ ਹਮੇਸ਼ਾ ਲਈ ਵਿਛੜੀ ਪਤਨੀ 'ਬਸੰਤ' ਦੇ ਰੂਪ ਤੇ ਉਹਦੀਆਂ ਅਭੁੱਲ ਸਿਮਰਤੀਆਂ ਨੂੰ ਸੁਰਜੀਤ ਹੁੰਦਿਆਂ ਵੇਖਦਾ ਹੈ ਤੇ ਲਿਖਦਾ ਹੈ-
ਹੁਸਨ ਭਰੀ ਬਸੰਤ ਦੀ ਸ਼ੈਲ ਨੱਢੀ,
ਸੀਗੀ ਸਿਖਰ ਜਵਾਨੀ 'ਤੇ ਆਈ ਹੋਈ।
ਕਿਤੇ ਹਿੱਕ ਸੀ ਧੜਕਦੀ ਬੁਲਬੁਲਾਂ ਦੀ,
ਕਿਤੇ ਭੌਰ ਦੀ ਅੱਖ ਸਧਰਾਈ ਹੋਈ।
ਕਿਤੇ ਸਰ੍ਹੋਂ ਨੇ ਸੋਨਾ ਖਿਲਾਰਿਆ ਸੀ,
ਕਿਤੇ ਤਰੇਲ ਨੇ ਚਾਂਦੀ ਲੁਟਾਈ ਹੋਈ।
ਸੀ ਬਸੰਤ ਰਾਣੀ ਜਾਂ ਇਹ ਹੀਰ ਜੱਟੀ,
ਨਵੀਂ ਝੰਗ ਸਿਆਲਾਂ ਤੋਂ ਆਈ ਹੋਈ।
ਬਸੰਤ ਦੇ ਦਿਨਾਂ ਵਿਚ ਸਿਆਲ ਦੀ ਧੁੰਦ ਤੇ ਕੋਰੇ ਲੱਦੀ ਸਰਦੀ ਨੂੰ ਆਪਣੇ ਸਿਰ ਤੋਂ ਛੰਡਕ ਕੇ ਮੌਸਮ ਅਨੇਕਾਂ ਖ਼ੂਬਸੂਰਤ ਰੰਗਾਂ ਤੇ ਮਹਿਕਾਂ ਦਾ ਸ਼ਾਨਦਾਰ ਉਪਹਾਰ ਲੈ ਕੇ ਪੂਰੀ ਸਜਧਜ ਨਾਲ ਹਾਜ਼ਰ ਹੁੰਦਾ ਹੈ, ਇਸੇ ਲਈ ਪੰਜਾਬ 'ਚ ਸ਼ਾਇਦ ਸਦੀਆਂ ਤੋਂ ਇਹ ਕਹਾਵਤ ਪ੍ਰਚੱਲਤ ਹੈ ਕਿ-'ਆਈ ਬਸੰਤ ਪਾਲਾ ਉਡੰਤ!'
ਬਸੰਤ ਦੇ ਇਸ ਦਿਲਕਸ਼ ਮੌਸਮ ਵਿਚ ਜਦ ਵਣ ਤ੍ਰਿਣ ਸਰਸਬਜ਼ ਰੂਪ ਧਾਰ ਲੈਂਦੇ ਹਨ ਤਾਂ ਠੰਢੇ ਸਵੇਰਿਆਂ ਵਿਚ ਸੂਰਜ ਦੇ ਨਿੱਘੇ ਸੰਦਲੀ ਹਾਸੇ ਖਿਲਰ ਜਾਂਦੇ ਹਨ, ਸਮੁੱਚੇ ਵਾਤਾਵਰਨ ਵਿਚ ਗੋਰੀਆਂ ਧੁੱਪਾਂ ਦਾ ਹੁਸਨ ਅਤੇ ਰੰਗਾਂ ਤੇ ਮਹਿਕਾਂ ਦੀ ਅਮੁੱਲ ਦੌਲਤ ਖਿਲਰ ਜਾਂਦੀ ਹੈ । ਕੁਦਰਤ ਦੀ ਸਾਜੀ ਅਨੁਪਮ ਲੀਲ੍ਹਾ ਨਾਲ ਕਠੋਰ ਤੋਂ ਕਠੋਰ ਮਨ ਵੀ ਪਸੀਜ ਜਾਂਦੇ ਹਨ ਤੇ ਸੱਜਰੇ ਰੂਪ ਨਾਲ ਇਕਮਿਕ ਹੋ ਜਾਂਦੇ ਹਨ ।
ਅਜਿਹੇ ਸਮੇਂ ਆਤਮਾ ਤੇ ਪ੍ਰਮਾਤਮਾ ਵਿਚਾਲੇ ਵਿਛੋੜੇ ਦੀ ਵੇਦਨਾ ਤੋਂ ਮਨ ਮੁਕਤ ਹੋ ਜਾਂਦਾ ਹੈ, ਮਨ ਨਵੇਂ ਖੇੜੇ ਤੇ ਹੁਲਾਸ ਨਾਲ ਭਰ ਜਾਂਦਾ ਹੈ, ਚਿਰਾਂ ਵਿਛੁੰਨੇ ਸੱਜਣਾਂ ਲਈ ਪਿਆਰ ਦਾ ਸੋਮਾ ਮਨ ਵਿਚੋਂ ਉਮੜ ਪੈਂਦਾ ਹੈ, ਮਨ ਪਿਆਰ ਦੇ ਅੱਥਰੇ ਵੇਗ ਤੇ ਹੜ੍ਹ ਨਾਲ ਛਲਕ ਛਲਕ ਜਾਂਦਾ ਹੈ, ਤੇ ਨਵੀਆਂ ਰੀਝਾਂ ਤੇ ਸੰਭਾਵਨਾਵਾਂ ਨਾਲ ਜੁੜ ਜਾਂਦਾ ਹੈ । ਲੰਮੀਆਂ ਜੁਦਾਈਆਂ ਉਪਰੰਤ ਆਪਣੇ ਹਿਰਦੇ ਦੇ ਸਵਾਮੀ ਨਾਲ ਜੁੜਨ ਵਰਗਾ ਅਹਿਸਾਸ ਮਨ ਵਿਚ ਉਤਪੰਨ ਹੋ ਜਾਂਦਾ ਹੈ।
ਪਿਆਰ, ਖੁਸ਼ੀ ਤੇ ਮਿਲਾਪ ਨਾਲ ਜੁੜੀ ਮਨ ਦੀ ਖ਼ੂਬਸੂਰਤ ਅਵੱਸਥਾ ਦਾ ਬਹੁਤ ਹੀ ਮਾਰਮਿਕ ਤੇ ਵਾਸਤਵਿਕ ਚਿਤਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ 'ਬਾਰਾਮਾਹ ਮਾਝ' ਵਿਚ ਮਿੱਠੀ ਤੇ ਰਹੱਸਮਈ ਭਾਸ਼ਾ ਦੁਆਰ ਕੀਤਾ ਹੈ-
ਫਲਗੁਣਿ ਅਨੰਦ ਉਪਾਰਜਨਾ
ਹਰਿ ਸਜਣ ਪ੍ਰਗਟੇ ਆਇ।
ਸੰਤ ਸਹਾਈ ਰਾਮ ਕੇ
ਕਰਿ ਕਿਰਪਾ ਦੀਆ ਮਿਲਾਇ।
ਸੇਜ ਸੁਹਾਵੀ ਸਰਬ ਸੁਖ, ਹੁਣਿ ਦੁਖਾ ਨਾਹੀ ਜਾਇ।
ਇੱਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ।
ਅਤੇ ਫਿਰ ਫੁਰਮਾਇਆ-
ਫਲਗੁਣਿ ਨਿੱਤ ਸਲਾਹੀਐ,
ਜਿਸ ਨੋ ਤਿਲੁ ਨਾ ਤਮਾਇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਬ੍ਰਿਹ ਨਾਟਕ' ਵਿਚ ਬਸੰਤ ਰੁੱਤ ਦਾ ਬਹੁਤ ਹੀ ਦਿਲ ਮੋਹਕ ਤੇ ਰੁਮਾਂਚਮਈ ਚਿਤਰਨ ਪੇਸ਼ ਕੀਤਾ ਹੈ -
ਫੂਲ ਰਹੇ ਸਿਗਰੇ ਬ੍ਰਿਜ ਕੇ ਤਰ,
ਫੂਲਿ ਲਤਾ ਤਿਨ ਸੋ ਲਪਟਾਈ।
ਫੂਲਿ ਰਹੇ ਸਰ ਸਾਰਸ ਸੁੰਦਰ,
ਸੋਭ ਸਮੂਹ ਬਢੀ ਅਧਿਕਾਈ।
ਅਰਥਾਤ- ਇਸ ਮੌਸਮ ਅੰਦਰ ਵਾਤਾਵਰਨ ਵਿਚ ਖੇੜਾ ਤੇ ਹੁਲਾਸ ਉਤਪੰਨ ਹੋ ਜਾਂਦਾ ਹੈ, ਬਿਰਛਾਂ ਦੇ ਗਲਾਂ ਨਾਲ ਲਿਪਟ ਕੇ ਵੇਲਾਂ ਸਨੇਹ ਦਾ ਪ੍ਰਗਟਾਵਾ ਕਰਦੀਆਂ ਹਨ ।
'ਬਸੰਤ ਪੰਚਮੀ' ਦਾ ਦਿਨ ਸਮੂਹ ਪੰਜਾਬੀਆਂ, ਵਿਸ਼ੇਸ਼ ਕਰਕੇ ਇਥੋਂ ਦੇ ਪੇਂਡੂ ਲੋਕਾਂ ਲਈ ਰੁੱਤਾਂ ਦੀ ਖ਼ੂਬਸੂਰਤ ਦੁਨੀਆ ਨਾਲ ਜੁੜਿਆ ਇਕ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ ਤੇ ਬਸੰਤ ਰੁੱਤ ਪੰਜਾਬ ਦੀਆਂ ਰੁੱਤਾਂ ਦੀ ਸੁਨੱਖੀ ਰਾਣੀ ਹੈ। ਬਸੰਤ ਦਾ ਦਿਹਾੜਾ ਇਸ ਕਰਕੇ ਵੀ ਮਹੱਤਵਪੂਰਨ ਤੇ ਵਿੱਲਖਣ ਹੈ ਕਿਉਂਕਿ ਇਸ ਦੀਆਂ ਜੜ੍ਹਾਂ ਕਿਸੇ ਵਿਸ਼ੇਸ਼ ਮਜ਼ਹਬ ਜਾਂ ਫਿਰਕੇ ਨਾਲ ਨਹੀਂ ਜੁੜੀਆਂ ਹੋਈਆਂ, ਸਗੋਂ ਇਹ ਤਾਂ ਕਈ ਹੋਰ ਰੁੱਤਾਂ 'ਚੋਂ ਇਕ ਅਤੀ ਸ਼ਾਨਾਂਮੱਤੀ ਰੁੱਤ ਦੀ ਵਿਲੱਖਣ ਸੁੰਦਰਤਾ ਨਾਲ ਜੁੜਿਆ ਪੰਜਾਬੀਆਂ ਤੇ ਇਸ ਦੇ ਗੁਆਂਢੀ ਰਾਜਾਂ ਦੇ ਲੋਕਾਂ ਦਾ ਮਨ ਪਸੰਦ ਦਿਹਾੜਾ ਹੈ, ਜਿਸ ਨੂੰ ਸਾਰੇ ਧਰਮਾਂ ਤੇ ਫਿਰਕਿਆਂ ਨਾਲ ਜੁੜੇ ਲੋਕ ਪੂਰੇ ਉਤਸ਼ਾਹ ਤੇ ਭਾਈਚਾਰਕ ਭਾਵਨਾ ਨਾਲ ਰਲ ਕੇ ਮਨਾਉਂਦੇ ਹਨ । ਇਉਂ ਇਸ ਦਿਹਾੜੇ ਨੂੰ ਵੱਖ-ਵੱਖ ਧਰਮਾਂ ਤੇ ਸੰਪਰਦਾਵਾਂ ਨਾਲ ਜੁੜੇ ਵੰਨ-ਸੁਵੰਨੇ ਮਣਕਿਆਂ ਨੂੰ ਗੁੰਦ ਕੇ ਰੱਖਣ ਵਾਲੀ ਕੌਮੀ ਏਕਤਾ ਦੀ ਇਕ ਮਜ਼ਬੂਤ ਡੋਰ ਦੇ ਰੂਪ ਵਿਚ ਵੇਖਣਾ ਚਾਹੀਦਾ ਹੈ।
ਪੰਜਾਬ 'ਚ ਬਸੰਤ ਪੰਚਮੀ ਵਾਲੇ ਦਿਨ ਬੱਚਿਆਂ ਤੇ ਇਸਤਰੀਆਂ ਵਿਚ ਪੀਲੇ ਰੰਗ ਦੇ ਕੱਪੜੇ ਪਹਿਨਣ ਦੀ ਰਸਮ ਸਦੀਆਂ ਤੋਂ ਪ੍ਰਚੱਲਤ ਰਹੀ ਹੈ। ਇਸ ਦਿਨ ਇਥੋਂ ਦੇ ਪਿੰਡਾਂ ਵਿਚ ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਕਈ ਰਸਮਾਂ ਕਰਨ ਦਾ ਰਿਵਾਜ ਚਲਦਾ ਰਿਹਾ ਹੈ। ਬਸੰਤ ਪੰਚਮੀ ਵਾਲੇ ਦਿਨ ਸਰ੍ਹੋਂ ਦੇ ਤੋੜੇ ਤਾਜ਼ੇ ਫੁੱਲਾਂ ਨੂੰ ਬੱਚਿਆਂ ਦੇ ਵਾਲਾਂ ਤੇ ਕੰਨਾਂ ਤੇ ਟੁੰਗਣ ਦੀ ਰਸਮ ਨੂੰ ਮਹੱਤਵਪੂਰਨ ਸ਼ਗਨ ਸਮਝਿਆ ਜਾਂਦਾ ਰਿਹਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਆਮ ਘਰਾਂ ਵਿਚ ਮਾਲਣਾਂ ਬੱਚਿਆਂ ਲਈ ਸਰ੍ਹੋਂ ਦੇ ਫੁੱਲ ਲਿਆ ਕੇ ਬਸੰਤ ਪੰਚਮੀ ਵਾਲੇ ਦਿਨ ਲਾਗ ਪ੍ਰਾਪਤ ਕਰਿਆ ਕਰਦੀਆਂ ਸਨ ।
ਬਸੰਤ ਪੰਚਮੀ ਵਾਲੇ ਦਿਨ ਖਾਣ ਪੀਣ ਲਈ ਅਨੇਕਾਂ ਵੰਨ-ਸੁਵੰਨੇ ਪਦਾਰਥ ਤਿਆਰ ਕਰਕੇ ਤੇ ਰਲ ਮਿਲ ਕੇ ਵਰਤਣ ਦਾ ਰਿਵਾਜ ਵੀ ਸਾਡੇ ਸਮਾਜ ਵਿਚ ਪ੍ਰਚੱਲਤ ਰਿਹਾ ਹੈ। ਬਸੰਤ ਪੰਚਮੀ ਵਾਲੇ ਦਿਨ ਚਾਵਲਾਂ 'ਚ ਕੇਸਰ ਤੇ ਲੂਣ ਪਾ ਕੇ ਤੇ ਹਲਦੀ ਦੇ ਪਾਊਡਰ ਨਾਲ ਇਨ੍ਹਾਂ ਦਾ ਰੰਗ ਪੀਲਾ ਕਰਕੇ ਖਾਣ ਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਸੀ।
ਬਸੰਤ ਪੰਚਮੀ ਦਾ ਦਿਹਾੜਾ ਦੂਰ ਪਿੱਛੇ ਤੱਕ ਸਾਡੇ ਇਤਿਹਾਸ ਤੇ ਮਿਥਿਹਾਸ ਨਾਲ ਵੀ ਜੁੜਿਆ ਹੋਇਆ ਹੈ। ਰਿਗਵੇਦ ਵਿਚ ਗਰਮੀ, ਸਰਦੀ ਤੇ ਬਸੰਤ ਤਿੰਨ ਰੁੱਤਾਂ ਦਾ ਵਰਨਣ ਪ੍ਰਾਪਤ ਹੈ।
ਇਤਿਹਾਸ ਤੋਂ ਪਤਾ ਲਗਦਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਵਿਸ਼ੇਸ਼ ਦਰਬਾਰ ਲਗਾਇਆ ਕਰਦੇ ਸਨ। ਇਸ ਦਿਨ ਉਨ੍ਹਾਂ ਦੇ ਸਾਰੇ ਫੌਜੀ ਪੀਲੀਆਂ ਵਰਦੀਆਂ ਪਹਿਨ ਕੇ ਪਰੇਡ ਕਰਿਆ ਕਰਦੇ ਸਨ ।
ਧਰਮ ਤੇ ਦੀਨ ਹੇਤੂ ਬਲੀਦਾਨ ਤੇ ਅਸੂਲਾਂ ਲਈ ਕੁਰਬਾਨੀ ਦੀ ਭਾਵਨ ਵੀ ਬਸੰਤ ਪੰਚਮੀ ਦੇ ਦਿਹਾੜੇ ਨਾਲ ਜੁੜੀ ਹੋਈ ਹੈ। ਬਾਦਸ਼ਾਹ ਸ਼ਾਹਜਹਾਨ ਦੇ ਰਾਜ ਕਾਲ ਦੌਰਾਨ ਲਾਹੌਰ ਦੇ ਸੂਬੇਦਾਰ ਨੇ ਬਸੰਤ ਪੰਚਮੀ ਵਾਲੇ ਦਿਨ ਆਪਣਾ ਧਰਮ ਤਿਆਗ ਕੇ ਮੁਸਲਮਾਨ ਬਣਨ ਤੋਂ ਇਨਕਾਰ ਕਰਨ 'ਤੇ ਬਾਲ ਹਕੀਕਤ ਰਾਏ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸੀ। ਇਸੇ ਦਿਨ ਸ਼ਹੀਦ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟ ਦੇਣ ਦੀ ਦੁਖਦਾਈ ਘਟਨਾ ਵਾਪਰੀ ਸੀ ਤੇ ਇਸੇ ਹੀ ਦਿਨ ਸੰਨ 1873 ਵਿਚ ਅੰਗਰੇਜ਼ਾਂ ਨੇ ਨਾਮਧਾਰੀ ਸੰਪਰਦਾਏ ਦੇ ਸੰਸਥਾਪਕ ਸਤਿਗੁਰੂ ਰਾਮ ਸਿੰਘ ਨੂੰ ਬਰਮਾ ਵਿਚ ਦੇਸ਼ ਨਿਕਾਲਾ ਦੇ ਦਿੱਤਾ ਸੀ। ਇਉਂ ਬਸੰਤ ਪੰਚਮੀ ਦਾ ਦਿਹਾੜਾ ਸਾਡੇ ਲਈ ਆਪਣੇ ਦੀਨ ਧਰਮ ਤੇ ਅਸੂਲਾਂ ਦੀ ਰਾਖੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਵਾਸਤੇ ਵਚਨਬੱਧਤਾ ਪ੍ਰਗਟਾਉਣ ਦਾ ਦਿਹਾੜਾ ਵੀ ਹੈ। ਸ਼ਾਇਦ ਇਸੇ ਕਰਕੇ ਸਾਡੇ ਅਮਰ ਸ਼ਹੀਦ ਬਿਸਮਿਲ ਨੇ ਲਿਖਿਆ ਤੇ ਸ਼ਹੀਦ ਭਗਤ ਸਿੰਘ ਨੇ ਗਾਇਆ ਸੀ-'ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਨੀ ਮੇਰਾ ਰੰਗ ਦੇ ਬਸੰਤੀ ਚੋਲਾ । '
ਲਾਹੌਰ, ਜਿੱਥੇ ਦੇਸ਼ ਦੀ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਵਾਲੇ ਦਿਨ ਮਾਸੂਮ ਬਾਲਕ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਗਿਆ ਸੀ, ਵਿਖੇ ਬਸੰਤ ਪੰਚਮੀ ਦੇ ਦਿਹਾੜੇ ਨੂੰ ਇਕ ਰਾਸ਼ਟਰੀ ਤਿਉਹਾਰ ਵਜੋਂ ਮਨਾਉਣ ਦੀ ਰੀਤ ਪ੍ਰਚੱਲਤ ਸੀ। ਇਸ ਦਿਨ ਉਥੋਂ ਦੇ ਪਤੰਗਬਾਜ਼, ਮਾਧੋਲਾਲ ਹੁਸੈਨ ਦੇ ਮਜ਼ਾਰ 'ਤੇ, ਜੋ ਮਹਾਨ ਸੂਫ਼ੀ ਕਵੀ ਸ਼ਾਹ ਹੁਸੈਨ ਦਾ ਚੇਲਾ ਸੀ, ਲੋਕ ਪਤੰਗ ਉਡਾਉਣ ਨੂੰ ਚੰਗਾ ਸ਼ਗਨ ਸਮਝਦੇ ਸਨ। ਮਕਾਨਾਂ ਦੀਆਂ ਉੱਚੀਆਂ ਛੱਤਾਂ 'ਤੇ ਪਤੰਗ ਉਡਾਉਣ ਵਾਲੇ ਬੱਚਿਆਂ ਦੀ ਸੁਰੱਖਿਆ ਦੇ ਬਹਾਨੇ, ਬਲੀਦਾਨ ਦੀ ਭਾਵਨਾ ਨਾਲ ਜੁੜੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮਨਾਉਣ 'ਤੇ ਭਾਵੇਂ ਪਾਕਿਸਤਾਨੀ ਹੁਕਮਰਾਨਾਂ ਨੇ ਪਾਬੰਦੀ ਲਾ ਦਿੱਤੀ ਸੀ, ਪਰ ਪਤੰਗਬਾਜ਼ਾਂ ਦੇ ਅੰਬਰਾਂ 'ਤੇ ਉਡਦੇ ਉਤਸ਼ਾਹ, ਇਰਾਦਿਆਂ 'ਤੇ ਜ਼ਜ਼ਬਾਤ ਦੇ ਨਰੋਏ ਖੰਭ ਉਹ ਨਾ ਕੱਟ ਸਕੇ ਤੇ ਕੁਝ ਚਿਰ ਪਿੱਛੋਂ ਉਨ੍ਹਾਂ ਨੇ ਪਤੰਗ ਉਡਾਉਣ 'ਤੇ ਲਾਈਆਂ ਪਾਬੰਦੀਆਂ ਮੁੜ ਢਿੱਲੀਆਂ ਕਰ ਦਿੱਤੀਆਂ। ਇਉਂ ਪਾਕਿਸਤਾਨੀ ਪੰਜਾਬ ਦੇ ਲੋਕ ਰੰਗ ਬਰੰਗੇ ਪਤੰਗ ਤੇ ਗੁੱਡੀਆਂ ਨਿਰੰਤਰ ਅਸਮਾਨਾਂ 'ਤੇ ਚਾੜ੍ਹਦੇ ਰਹੇ ਹਨ ਤੇ ਪੂਰੇ ਚਾਅ ਤੇ ਉਤਸ਼ਾਹ ਨਾਲ ਪੀਲੇ ਬਸਤਰ ਪਹਿਨ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਂਦੇ ਆਏ ਹਨ।

-ਪਿੰਡ ਤੇ ਡਾਕ: ਜਗਤਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 94632-33991.


ਖ਼ਬਰ ਸ਼ੇਅਰ ਕਰੋ

'ਏਲੀਅਨਾਂ' ਨੂੰ 'ਵਾਜਾਂ ਮਾਰਦੇ 'ਵੋਏਜਰ'... ਕਿੱਥੇ ਹੋ ਬਈ?

ਜਦੋਂ ਦਾ ਮਨੁੱਖ ਨੇ ਪੁਲਾੜ ਵਿਚ ਰਾਕਟ ਤੇ ਪੁਲਾੜੀ ਜਹਾਜ਼ ਭੇਜਣੇ ਸ਼ੁਰੂ ਕੀਤੇ ਹਨ ਉਦੋਂ ਤੋਂ ਹੀ ਮਨੁੱਖ ਦੀ ਇਹ ਜਾਣਨ ਦੀ ਇੱਛਾ ਦਿਨੋ-ਦਿਨ ਤੀਬਰ ਹੋਈ ਹੈ ਕਿ ਕੀ ਧਰਤੀ ਤੋਂ ਇਲਾਵਾ ਕਿਤੇ ਹੋਰ ਸਾਡੇ ਵਰਗੇ ਜੀਵ ਹਨ ਜਾਂ ਨਹੀਂ। ਚੰਨ ਉੱਤੇ ਤਾਂ ਚਰਖਾ ਕੱਤਦੀ ਕੋਈ ਮਾਈ ਨਹੀਂ ਮਿਲੀ। ਮੰਗਲ ਉੱਤੇ ਵੀ ਕੋਈ ਯੋਧੇ ਨਹੀਂ ਲੱਭੇ। ਦੋਹੀਂ ਥਾਈਂ ਉਜਾੜ ਮਿਲੀ ਹੈ, ਪਰ ਫਿਰ ਵੀ ਮਨੁੱਖ ਵਲੋਂ ਪੁਲਾੜ ਵਿਚ ਏਲੀਅਨਾਂ ਦੀ ਤਲਾਸ਼ ਜਾਰੀ ਹੈ। ਭਾਂਤ-ਭਾਂਤ ਦੇ ਟਰਾਂਸਮੀਟਰ, ਰੇਡੀਓ ਟੈਲੀਸਕੋਪ/ਰਿਸੀਵਰ ਪ੍ਰਾਜੈਕਟ ਅਤੇ ਪੁਲਾੜੀ ਜਹਾਜ਼ ਇਸ ਕੰਮ ਵਿਚ ਲੱਗੇ ਹੋਏ ਹਨ। 1977 ਵਿਚ ਇਸ ਸਿਲਸਿਲੇ ਵਿਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ। ਪਹਿਲੀ ਸੀ ਓਹਾਇਓ ਦੇ ਰੇਡੀਓ ਟੈਲੀਸਕੋਪ ਦੇ ਰਿਸੀਵਿੰਗ ਸੈੱਟ ਉੱਤੇ ਬਹੱਤਰ ਸਕਿੰਟ ਦਾ ਇਕ ਸ਼ਕਤੀਸਾਲੀ ਸਿਗਨਲ ਸੈਗੇਟੇਰੀਅਸ ਤਾਰਾ ਸਮੂਹ ਦੀ ਦਿਸ਼ਾ ਵਿਚੋਂ ਆਇਆ। ਇਹ ਧਰਤੀ ਦੇ ਕਿਸੇ ਵੀ ਸਿਗਨਲ ਨਾਲੋਂ ਏਨਾ ਵੱਖਰਾ ਅਤੇ ਏਨਾ ਸ਼ਕਤੀਸ਼ਾਲੀ ਸੀ ਕਿ ਡਿਊਟੀ ਉੱਤੇ ਬੈਠੇ ਵਿਗਿਆਨੀ ਉੱਛਲ ਪਏ। ਉਨ੍ਹਾਂ ਇਸ ਦੀ ਸਕਰੀਨ ਸ਼ੀਟ ਉੱਤੇ ਝਟ ਇਕ ਦਾਇਰਾ ਲਾ ਕੇ ਹੈਰਾਨੀ ਵਿਚ ਵਾਓ ਲਿਖਿਆ। ਦੁੱਖ ਦੀ ਗੱਲ ਇਹ ਹੋਈ ਕਿ ਉਸ ਪਿੱਛੋਂ ਕਦੇ ਵੀ ਇਹੋ ਜਿਹਾ ਕੋਈ ਸਿਗਨਲ ਨਹੀਂ ਡੀਟੈਕਟ ਹੋਇਆ। ਦੂਜੀ ਗੱਲ ਇਹ ਕਿ ਇਸੇ ਵਰ੍ਹੇ ਪੁਲਾੜ ਵਿਚ ਏਲੀਅਨਾਂ ਦੀ ਤਲਾਸ਼ ਲਈ ਦੋ ਵੱਡੇ ਜਹਾਜ਼ ਵੋਏਜਰ-1 ਅਤੇ ਵੋਏਜਰ-2 ਲਾਂਚ ਕੀਤੇ ਗਏ ਜੋ ਅੱਜ ਚਾਲੀ ਸਾਲ ਬਾਅਦ ਵੀ ਏਲੀਅਨਾਂ ਨੂੰ ਲੱਭਦੇ ਫਿਰ ਰਹੇ ਹਨ। ਢੰਡੋਰਾ ਫੇਰ ਰਹੇ ਹਨ। ਆਵਾਜਾਂ ਮਾਰ ਰਹੇ ਹਨ, ਓ, ਬਈ ਕਿਤੇ ਕੋਈ ਹੈ?... ਜਿਥੇ ਵੀ ਹੋ ਗੱਲ ਕਰੋ ਸਾਡੇ ਨਾਲ। ਅੰਗਰੇਜ਼ੀ ਵਿਚ, ਪੰਜਾਬੀ ਵਿਚ, ਰੇਡੀਓ/ਟੀ.ਵੀ. ਦੇ ਕਿਸੇ ਭਾਸ਼ਾ ਵਿਚ। ਸਾਡੀ ਦੁਨੀਆ ਦੀ ਕਿਸੇ ਵੱਡੀ ਭਾਸ਼ਾ ਵਿਚ। ਆਓ, ਇਨ੍ਹਾਂ ਪੁਲਾੜੀ ਜਹਾਜ਼ਾਂ ਬਾਰੇ ਜ਼ਰਾ ਵਿਸਥਾਰ ਨਾਲ ਗੱਲ ਕਰੀਏ।
ਗੱਲ 1970 ਤੋਂ ਸ਼ੁਰੂ ਹੁੰਦੀ ਹੈ ਜਦੋਂ ਨਾਸਾ ਨੇ ਸਾਡੇ ਸੂਰਜ ਪਰਿਵਾਰ ਦੇ ਬਾਹਰੀ ਦੋ ਗ੍ਰਹਿਆਂ ਜੁਪੀਟਰ ਅਤੇ ਸ਼ਨੀ ਦੀ ਮਹਾਂਯਾਤਰਾ ਦਾ ਮਿਸ਼ਨ ਵਿਉਂਤਿਆ। ਇਨ੍ਹਾਂ ਦੋਹਾਂ ਗ੍ਰਹਿਆਂ ਨੂੰ ਧਰਤੀ ਦੇ ਟੈਲੀਸਕੋਪਾਂ ਨਾਲ ਬਥੇਰਾ ਫਰੋਲਿਆ ਜਾ ਚੁੱਕਾ ਸੀ, ਪਰ ਪੁਲਾੜੀ ਪਰੋਬ ਉਧਰ ਕੋਈ ਨਹੀਂ ਸੀ ਗਈ। ਹੁਣ ਇਨ੍ਹਾਂ ਗ੍ਰਹਿਆਂ 'ਤੇ ਇਨ੍ਹਾਂ ਦੇ ਚੰਨਾਂ (ਉਪਗ੍ਰਹਿਆਂ) ਦੀ ਛਾਣ-ਬੀਣ ਲਈ ਵੋਏਜਰਾਂ ਜਹਾਜ਼ਾਂ ਨੂੰ ਟੀ.ਵੀ. ਕੈਮਰੇ, ਇਨਫਰਾ ਰੈੱਡ/ਅਲਟਰਾ ਵਾਇਲੈਟ ਸਕੈਨਰ, ਪਲਾਜ਼ਮਾ ਡੀਟੈਕਟਰ/ਕਾਸਮਿਕ ਰੇਅ ਚਾਰਜਡ ਪਾਰਟੀਕਲ ਡੀਟੈਕਟਰਾਂ ਨਾਲ ਲੈੱਸ ਕਰ ਕੇ ਭੇਜਣ ਦਾ ਪ੍ਰੋਗਰਾਮ ਬਣਾਇਆ ਗਿਆ। ਪੁਲਾੜੀ ਜਹਾਜ਼ਾਂ ਨੇ ਸੂਰਜ ਤੋਂ ਏਨੀ ਦੂਰ ਜਾਣਾ ਸੀ ਕਿ ਇਨ੍ਹਾਂ ਲਈ ਬਿਜਲੀ ਦੇਣ ਲਈ ਸੋਲਰ ਪੈਨਲ ਕੰਮ ਨਹੀਂ ਆ ਸਕਦੇ ਸਨ। ਇਸ ਲਈ ਬਿਜਲੀ ਦੇਣ ਵਾਸਤੇ ਰੇਡੀਓ-ਐਕਟਿਵ ਪਲੂਟੋਨੀਅਮ-238 ਦਾ ਸਹਾਰਾ ਲਿਆ ਗਿਆ। ਇਸ ਦੇ ਹੌਲੀ-ਹੌਲੀ ਖੁਰਨ ਨਾਲ ਸੇਕ ਨੂੰ ਵਰਤ ਕੇ 249 ਵਾਟ ਬਿਜਲੀ ਦਾ ਪ੍ਰਬੰਧ ਕੀਤਾ ਗਿਆ। ਵੋਏਜਰ ਜੋੜੀ ਦਾ ਵੋਏਜਰ-2 ਵੀਹ ਅਗਸਤ 1977 ਨੂੰ ਅਤੇ ਵੋਏਜਰ-1 ਪੰਜ ਸਤੰਬਰ 1977 ਨੂੰ ਲਾਂਚ ਕੀਤਾ ਗਿਆ। ਵੋਏਜਰ-2 ਦੀ ਸਪੀਡ ਰਤਾ ਘੱਟ ਸੀ ਅਤੇ ਵੋਏਜਰ-1 ਦੀ ਵੱਧ। ਇਸ ਲਈ ਵੋਏਜਰ-1 ਪਿੱਛੋਂ ਚਲ ਕੇ ਵੀ ਉਸ ਨਾਲੋਂ ਅਗਾਂਹ ਨਿਕਲ ਗਿਆ।
ਯੋਜਨਾਕਾਰਾਂ ਨੇ ਪਹਿਲਾਂ ਇਹ ਜਹਾਜ਼ ਜੁਪੀਟਰ ਤੇ ਸ਼ਨੀ ਤਕ ਸੋਚੇ ਸਨ। ਫਿਰ ਇਨ੍ਹਾਂ ਦੀ ਮਾਰ ਯੂਰੇਨਸ ਤੇ ਨੈਪਚੂਨ ਤਕ ਵਧਾਈ ਗਈ ਅਤੇ ਫਿਰ ਇਸ ਤੋਂ ਵੀ ਅਗਾਂਹ ਡੀਪ ਸਪੇਸ, ਡੂੰਘੇ ਪੁਲਾੜ ਵਿਚ ਇਨ੍ਹਾਂ ਨੂੰ ਏਲੀਅਨਾਂ ਨੂੰ ਆਵਾਜਾਂ ਮਾਰਨ ਦਾ ਕੰਮ ਸੌਂਪਣ ਦਾ ਨਿਰਣਾ ਕੀਤਾ ਗਿਆ। ਇਸ ਵਾਸਤੇ ਚੌਵੀ ਘੰਟੇ ਸੰਚਾਰ ਨੈੱਟਵਰਕ ਵਾਸਤੇ ਧਰਤੀ ਉੱਤੇ ਤਿੰਨ ਦੈਂਤ-ਆਕਾਰੀ ਰੇਡੀਓ ਐਨਟੀਨਾ ਮੈਡਰਿਡ (ਸਪੇਨ), ਕੈਨਬਰਾ (ਆਸਟਰੇਲੀਆ) ਤੇ ਗੋਲਡਸਟੋਨ (ਕੈਲੀਫੋਰਨੀਆ) ਵਿਚ ਲਾਏ ਗਏ। 1990 ਤਕ ਇਨ੍ਹਾਂ ਦੋਹਾਂ ਜਹਾਜ਼ਾਂ ਨੇ ਚਾਰੇ ਬਾਹਰੀ ਗ੍ਰਹਿ, ਉਨ੍ਹਾਂ ਦੇ ਉਪਗ੍ਰਹਿ ਅਤੇ ਰਿੰਗਾਂ (ਛੱਲੇ) ਪੂਰੀ ਤਰ੍ਹਾਂ ਫਰੋਲ ਲਏ। ਇਨ੍ਹਾਂ ਨੇ ਦੱਸਿਆ ਕਿ ਜੁਪੀਟਰ ਦੇ ਚੰਨ ਆਇਓ ਉੱਤੇ ਨੌਂ ਵੱਡੇ ਜਵਾਲਾਮੁਖੀ ਹਨ। ਜੁਪੀਟਰ ਉੱਤੇ ਬਿਜਲੀ ਲਿਸ਼ਕਣ ਦੀ ਖ਼ਬਰ ਵੀ ਇਨ੍ਹਾਂ ਨੇ ਹੀ ਦਿੱਤੀ। ਜੁਪੀਟਰ ਦੁਆਲੇ ਛੱਲਿਆਂ ਦੀ ਹੋਂਦ ਅਤੇ ਜੁਪੀਟਰ-2 ਚੰਨ ਯੂਰੋਪਾ ਉੱਤੇ ਧਰਤੀ ਵਾਂਗ ਲਹਿਰਾਂ ਦੇ ਮਹਾਂਸਾਗਰ ਦਾ ਪਤਾ ਵੀ ਪਹਿਲੀ ਵਾਰ ਇਨ੍ਹਾਂ ਨੇ ਦਿੱਤਾ। ਯੂਰੇਨਸ ਤੇ ਨੈਪਚੂਨ ਦੇ ਛੱਲੇ, ਸ਼ਨੀ ਦੇ ਚੰਨ ਟਾਈਟਨ ਨਾਈਟਰੋਜਨ ਦੀ ਬਹੁਤਾਤ ਵਾਲਾ ਵਾਯੂਮੰਡਲ ਅਤੇ ਚਾਰੇ ਗ੍ਰਹਿਆਂ ਦੇ ਵੱਡੀ ਗਿਣਤੀ ਵਿਚ ਉੱਪਗ੍ਰਹਿਆਂ ਦੀ ਖ਼ਬਰ ਵੀ ਇਨ੍ਹਾਂ ਜਹਾਜ਼ਾਂ ਨੇ ਹੀ ਦਿੱਤੀ। ਯੂਰੇਨਸ ਉੱਤੇ ਚੁੰਬਕੀ ਫੀਲਡ ਅਤੇ ਇਸ ਦੀ ਦਿਸ਼ਾ ਘੁੰਮਣ ਦੀ ਧੁਰੀ ਦੀ ਥਾਂ ਮੱਧ ਰੇਖਾ ਨੇੜੇ ਹੋਣ ਦਾ ਸੱਚ ਵੀ ਇਸੇ ਜੋੜੀ ਨੇ ਖੋਜਿਆ।
ਸਾਡੇ ਇਨ੍ਹਾਂ ਚਾਰ ਬਾਹਰੀ ਗ੍ਰਹਿਆਂ ਦੀ ਛਾਣਬੀਣ ਆਪਣੇ ਆਪ ਵਿਚ ਵੱਡਾ ਕੰਮ ਸੀ, ਪਰ ਵੋਏਜਰ ਜੋੜੀ ਨੂੰ ਇਸ ਤੋਂ ਵਡੇਰੇ ਪ੍ਰਾਜੈਕਟ ਲਈ ਤਿਆਰ ਕੀਤਾ ਗਿਆ। ਸਾਡੇ ਸੂਰਜ ਪਰਿਵਾਰ ਦੇ ਗ੍ਰਹਿਆਂ, ਐਸਟਰਾਇਡਾਂ, ਪੂਛਲ ਤਾਰਿਆਂ ਤੇ ਕਿਊਪਰ ਬੈਲਟ ਆਬਜੈਕਟਾਂ ਦੇ ਸਮੂਹ ਨੂੰ ਵਿਗਿਆਨੀ ਹੀ ਲੀਓਸਫੀਅਰ ਆਖਦੇ ਹਨ। ਇਸ ਵਿਚ ਸੋਲਰ ਹਵਾ ਵਗਦੀ ਹੈ, ਜਿਸ ਵਿਚ ਸੂਰਜ ਤੋਂ ਨਿਕਲੇ ਇਲੈਕਟਰਾਨ ਤੇ ਪਰੋਟਾਨ ਭਾਰੀ ਗਿਣਤੀ ਵਿਚ ਹੁੰਦੇ ਹਨ। ਸੂਰਜ ਤੋਂ ਅਠਾਰਾਂ ਅਰਬ ਕਿਲੋ ਮੀਟਰ ਦੂਰੀ ਉੱਤੇ ਸੋਲਰ ਵਿੰਡ ਦੀ ਬਾਹਰੀ ਹੱਦ ਮੁੱਕ ਜਾਂਦੀ ਹੈ ਅਤੇ ਇੰਟਰਸਟੈਲਰ ਪੁਲਾੜ ਸ਼ੁਰੂ ਹੋ ਜਾਂਦਾ ਹੈ। ਵੋਏਜਰਾਂ ਨੂੰ ਇਸ ਦੀ ਛਾਣਬੀਣ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਚੁੰਬਕੀ ਫੀਲਡ, ਇਸ ਦੇ ਚਾਰਜਡ ਕਣ, ਪਲਾਜ਼ਮਾ ਤੇ ਕਾਸਮਿਕ ਰੇਂਜ ਦੀ ਪ੍ਰਕਿਰਤੀ ਨੂੰ ਸਮਝਣ ਦਾ ਕਾਰਜ ਸੌਂਪਿਆ ਗਿਆ ਇਨ੍ਹਾਂ ਨੂੰ। ਪੁਲਾੜ ਵਿਚ ਘੁੰਮ ਰਹੀ ਅਲਟਰਾ-ਵਾਇਲੈਟ ਅਬਜ਼ਰਵੇਟਰੀ ਵਾਂਗ ਇਨ੍ਹਾਂ ਨੂੰ ਪੁਲਾੜ ਵਿਚ ਅਲਟਰਾਵਾਇਲਟ ਰੇਡੀਏਸ਼ਨ ਛੱਡਣ ਵਾਲੇ ਖਗੋਲੀ ਪਿੰਡਾਂ ਉੱਤੇ ਨਜ਼ਰ ਰੱਖਣ ਦਾ ਕਾਰਜ ਵੀ ਸੌਂਪਿਆ ਗਿਆ।
ਵੋਏਜਰ-1 ਵੋਏਜਰ-2 ਨੂੰ ਹੀ ਨਹੀਂ ਪਾਇਨੀਅਰ-੧੦, ਪਾਇਨੀਅਰ-੧੧ ਤੇ ਨਿਊ ਹੋਰਾਈਜ਼ਨ ਪੁਲਾੜੀ ਜਹਾਜ਼ਾਂ ਨੂੰ ਵੀ ਸਪੀਡ ਅਤੇ ਫਾਸਲੇ ਪੱਖੋਂ ਪਿੱਛੇ ਛੱਡ ਕੇ ਅੱਗੇ ਜਾਣ ਵਾਲਾ ਪੁਲਾੜੀ ਜਹਾਜ਼ ਹੈ। ਇਹ ਮਾਅਰਕੇ ਇਸ ਨੇ 1990 ਵਿਚ ਹੀ ਮਾਰ ਲਏ ਸਨ। ਦਸੰਬਰ 2004 ਵਿਚ ਵੋਏਜਰ-1 ਅਤੇ ਦਸੰਬਰ 2007 ਵਿਚ ਵੋਏਜਰ-2 ਨੇ ਟਰਮੀਨੇਸ਼ਨ ਸ਼ਾਕ ਨੂੰ ਕਰਾਸ ਕੀਤਾ। ਇਹ ਕਿਹੜੀ ਥਾਂ ਹੈ ਭਲਾ, ਤੁਸੀਂ ਪੁੱਛੋਗੇ। ਉਤਰ ਹੈ, ਇਹ ਉਹ ਥਾਂ ਹੈ ਜਿਥੇ ਸੋਲਰ ਵਿੰਡ ਦੀ ਸਪੀਡ ਆਵਾਜ਼ ਤੋਂ ਘੱਟ ਹੋ ਜਾਂਦੀ ਹੈ। 25 ਅਗਸਤ 2012 ਨੂੰ ਵਾਏਜਰ-ਇੰਟਰਾ-ਸਟੈਲਰ ਸਪੇਸ ਵਿਚ ਦਾਖਲ ਹੋਣ ਵਾਲਾ ਪਹਿਲਾ ਪੁਲਾੜੀ ਜਹਾਜ਼ ਬਣ ਗਿਆ। ਜਹਾਜ਼ 3.6 ਆਸਟਰੋਨਾਮੀਕਲ ਯੂਨਿਟ ਪ੍ਰਤੀ ਵਰ੍ਹਾ ਅਤੇ ਵੋਏਜਰ-2 ਜਹਾਜ਼ 3.3 ਆਸਟਰੋਨਾਮੀਕਲ ਯੂਨਿਟ ਪ੍ਰਤੀ ਵਰ੍ਹਾ ਦੀ ਸਪੀਡ ਉੱਤੇ ਡੂੰਘੇ ਪੁਲਾੜ ਵਿਚ ਅਗਾਂਹ ਤੁਰੇ ਜਾ ਰਹੇ ਹਨ। ਚਾਲੀ ਹਜ਼ਾਰ ਸਾਲ ਬਾਅਦ ਇਹ ਜੋੜੀ ਤਾਰਿਆਂ ਦੇ ਦੇਸ਼ ਵਿਚ ਪਹੁੰਚ ਜਾਵੇਗੀ। ਐਸਟਰੋਨਾਮੀਕਲ ਯੂਨਿਟ ਦਾ ਅਰਥ ਦੱਸਣਾ ਇਥੇ ਉਚਿਤ ਲਗਦਾ ਹੈ। ਇਹ ਹੈ ਸਾਡੀ ਧਰਤੀ ਤੋਂ ਸਾਡੇ ਸੂਰਜ ਦੀ ਦੂਰੀ ਜਿਸ ਨੂੰ ਇਕ ਇਕਾਈ ਭਾਵ ਏ. ਯੂ. ਕਹਿੰਦੇ ਹਨ। ਉਦੋਂ ਵੋਏਜਰ-1 ਜਹਾਜ਼ ਏ. ਸੀ. ਪਲੱਸ 7,93,888 ਤਾਰੇ 1.6 ਪ੍ਰਕਾਸ਼ ਵਰ੍ਹੇ ਦੂਰ ਅਤੇ ਵੋਏਜਰ-2 ਜਹਾਜ਼ ਰਾਸ-248 ਤਾਰੇ ਤੋਂ 1.7 ਪ੍ਰਕਾਸ਼ ਵਰ੍ਹੇ ਦੂਰ ਹੋਵੇਗਾ। ਵੋਏਜਰ-2 ਜੇ ਉਸੇ ਦਿਸ਼ਾ ਵਿਚ ਇੰਜ ਤੁਰੀ ਗਿਆ ਤਾਂ 2,96,000 ਸਾਲ ਵਿਚ ਆਕਾਸ਼ ਦੇ ਸਭ ਤੋਂ ਚਮਕੀਲੇ ਤਾਰੇ ਸਿਰੀਅਸ ਤੋਂ 4.6 ਪ੍ਰਕਾਸ਼ ਵਰ੍ਹੇ ਦੂਰ ਹੋਵੇਗਾ। ਸਪੱਸ਼ਟ ਹੈ ਕਿ ਵੋਏਜਰ ਜਹਾਜ਼ ਦੂਰ ਪੁਲਾੜ ਵਿਚ ਏਲੀਅਨਾਂ ਨੂੰ ਖੋਜਣ ਅਤੇ ਧਰਤੀ ਦਾ ਢੰਡੋਰਾ ਫੇਰਨ ਲਈ ਵਿਉਂਤੇ ਗਏ ਮਿਸ਼ਨ ਹਨ।
ਵੋਏਜਰ ਜਹਾਜ਼ਾਂ ਦੀ ਸਭ ਤੋਂ ਵੱਧ ਮਹੱਤਵ ਵਾਲੀ ਸ਼ੈਅ ਹੈ ਗੋਲਡਨ ਰਿਕਾਰਡ। ਇਸ ਵਿਚ ਸਾਡੀ ਧਰਤੀ ਤੇ ਇਸ ਦੇ ਮਨੁੱਖ ਦੀ ਕਹਾਣੀ ਹੈ ਜੋ ਏਲੀਅਨਾਂ ਲਈ ਅੰਕਿਤ ਕੀਤੀ ਗਈ ਹੈ। ਜੇ ਕਿਤੇ ਇਹ ਜਹਾਜ਼ ਏਲੀਅਨਾਂ ਦੇ ਸੰਪਰਕ ਵਿਚ ਆਉਣ ਤਾਂ ਉਹ ਇਸ ਕਹਾਣੀ ਨੂੰ ਪੜ੍ਹ/ਸੁਣ ਕੇ/ਡੀ. ਕੋਡ ਕਰ ਕੇ ਸਾਡੀ ਧਰਤੀ ਨਾਲ ਸੰਪਰਕ ਕਰ ਲੈਣ। ਅਸੀਂ ਤਾਂ ਉਦੋਂ ਤੱਕ ਨਹੀਂ ਹੋਣਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਰਾਬਤਾ ਸਥਾਪਤ ਕਰਨ। ਦੋਹਾਂ ਜਹਾਜ਼ਾਂ ਵਿਚ ਇਕ ਟਾਈਮ ਕੈਪਸੂਲ ਹੈ। ਇਹ 12 ਇੰਚ ਦੀ ਗੋਲਡ ਪਲੇਟਡ ਤਾਂਬੇ ਦੀ ਫੋਨੋਗਰਾਫ਼ ਡਿਸਕ ਦੇ ਰੂਪ ਵਿਚ ਹੈ। ਇਹ ਇਕ ਸੁਰੱਖਿਅਤ ਅਲਮੀਨੀਅਮ ਜੈਕਟ ਵਿਚ ਕਾਰਟਰਿਜ ਤੇ ਨੀਡਲ ਸਮੇਤ ਬੰਦ ਹੈ। ਡਿਸਕ ਦੀ ਇਕ ਸਾਈਡ ਉੱਤੇ ਦੱਸਿਆ ਗਿਆ ਹੈ ਕਿ ਇਹ ਧਰਤੀ ਤੋਂ ਆ ਰਿਹਾ ਹੈ। ਧਰਤੀ ਦੀ ਸਥਿਤੀ ਚੌਦਾਂ ਪਲਸਾਰ ਤਾਰਿਆਂ ਜਿਨ੍ਹਾਂ ਦੇ ਪਲਸੋਸ਼ਨ ਪੀਰੀਅਡ ਐਨ ਸ਼ੁੱਧਤਾ ਨਾਲ ਦੱਸੇ ਜਾ ਸਕਦੇ ਹਨ, ਦੇ ਆਧਾਰ ਉੱਤੇ ਸਪੱਸ਼ਟ ਕੀਤੀ ਗਈ ਹੈ। ਪਲਸਾਰ ਤਾਰੇ ਐਨ ਨਿਸਚਿਤ ਕਾਲ ਅੰਤਰ ਨਾਲ ਨਿਰੰਤਰ ਸਿਗਨਲ ਛੱਡਦੇ ਹਨ। ਡਿਸਕ ਦੇ ਇਸੇ ਪਾਸੇ ਰਿਕਾਰਡ ਨਾਲ ਚਲਾਉਣ ਦੀ ਵਿਧੀ ਸੰਕੇਤਾਂ ਨਾਲ ਸਮਝਾਈ ਗਈ ਹੈ। ਸਾਰਾ ਕੁਝ ਵੱਧ ਤੋਂ ਵੱਧ ਸੌਖੀ ਤਰ੍ਹਾਂ ਸਮਝ ਆਉਣ ਵਾਲੇ ਚਿੱਤਰਾਂ ਨਾਲ ਸਮਝਾਇਆ ਗਿਆ ਹੈ।
ਡਿਸਕ ਦੇ ਦੂਜੇ ਪਾਸੇ ਦੁਨੀਆ ਭਰ ਦੀਆਂ 115 ਤਸਵੀਰਾਂ ਐਨਾਲਾਗ ਰੂਪ ਵਿਚ ਹਨ ਜਿਨ੍ਹਾਂ ਵਿਚ ਮਨੁੱਖੀ ਜੀਵਨ ਤੇ ਇਸ ਦੀ ਸੱਭਿਅਤਾ ਦੀ ਕਹਾਣੀ ਪੇਸ਼ ਹੈ। ਬੱਚੇ ਦਾ ਜਨਮ, ਪਾਲਣ ਪੋਸ਼ਣ, ਸਕੂਲੀ ਸਿੱਖਿਆ, ਖੇਡਾਂ, ਖਾਣ-ਪੀਣ, ਘਰ, ਭਵਨ, ਤਾਜ ਮਹਿਲ ਵਰਗੀਆਂ ਮਹੱਤਵਪੂਰਨ ਬਿਲਡਿੰਗਾਂ, ਪਾਲਤੂ/ਜੰਗਲੀ ਜੀਵ/ਪੰਛੀ/ਜਾਨਵਰ, ਆਵਾਜਾਈ ਦੇ ਸਾਧਨ, ਵਿਗਿਆਨ/ਤਕਨਾਲੋਜੀ ਦੀਆਂ ਪ੍ਰਾਪਤੀਆਂ ਦੇ ਵੇਰਵੇ ਹਨ। ਰਿਕਾਰਡ ਦਾ ਬਾਕੀ ਹਿੱਸਾ ਆਡੀਓ ਰੂਪ ਵਿਚ ਹੈ ਜਿਸ ਨੂੰ 16 ਸਹੀ ਦੋ ਬਟਾ ਤਿੰਨ ਚੱਕਰ ਪ੍ਰਤੀ ਮਿੰਟ ਉੱਤੇ ਚਲਾ ਕੇ ਸੁਣਿਆ ਜਾ ਸਕਦਾ ਹੈ। ਇਸ ਵਿਚ ਲਹਿਰਾਂ, ਹਵਾਵਾਂ, ਬਿਜਲੀ ਦੀ ਕੜਕ ਆਦਿ ਕੁਦਰਤੀ ਆਵਾਜ਼ਾਂ, ਪੰਛੀਆਂ/ਜਾਨਵਰਾਂ ਦੀਆਂ ਭਾਂਤ-ਭਾਂਤ ਦੀਆਂ ਆਵਾਜ਼ਾਂ ਅਤੇ ਪੂਰਬ/ਪੱਛਮ ਦੇ ਕਲਾਸਕੀ ਸੰਗੀਤ ਦੇ ਚੁਣਵੇਂ ਨਮੂਨੇ ਹਨ। ਸਾਡੇ ਦੇਸ਼ ਦੀ ਨੁਮਾਇੰਦਗੀ ਕਾਰਲ ਸਾਗਾਨ ਦੀ ਸਿਫ਼ਾਰਿਸ਼ ਉੱਤੇ ਜੈਪੁਰ ਘਰਾਣੇ ਦੀ ਕੇਸਰ ਬਾਈ ਦੇ ਗਾਇਨ ਨਾਲ ਕੀਤੀ ਗਈ ਹੈ। 1969 ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੇਸਰ ਬਾਈ ਨੇ ਇਸ ਵਾਸਤੇ 'ਜਾਤ ਕਹਾਂ ਹੋ ਅਕੇਲੀ ਗੋਰੀ' ਗਾਇਆ ਸੀ। ਕੇਸਰਬਾਈ 1977 ਵਿਚ ਹੀ ਸੁਰਗਵਾਸ ਹੋ ਗਈ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ।

ਘੁੰਮਣ ਦੇ ਸ਼ੌਕੀਨ ਹੋ ਤਾਂ ਜ਼ਰੂਰ ਜਾਣਾ ਭਾਰਤ ਦੇ ਫ਼ਰਾਂਸ ਪੁਡੂਚੇਰੀ

ਕੁਝ ਲੋਕ ਵਿਦੇਸ਼ਾਂ ਵਿਚ ਘੁੰਮਣ ਦਾ ਸ਼ੌਕ ਰੱਖਦੇ ਹਨ ਪਰ ਪੈਸੇ ਦੀ ਕਮੀ ਕਾਰਨ ਆਪਣਾ ਸ਼ੌਕ ਪੂਰਾ ਨਹੀਂ ਕਰ ਪਾਉਂਦੇ। ਜੇਕਰ ਤੁਸੀਂ ਫ਼ਰਾਂਸ ਘੁੰਮਣ ਦਾ ਸ਼ੌਕ ਰੱਖਦੇ ਹੋ ਪਰ ਪੈਸੇ ਦੀ ਕਮੀ ਕਾਰਨ ਫਰਾਂਸ ਨਹੀਂ ਜਾ ਸਕਦੇ ਤਾਂ ਤੁਸੀਂ ਭਾਰਤ ਵਿਚ ਹੀ ਮੌਜੂਦ 'ਫ਼ਰਾਂਸੀਸੀ ਭਾਰਤ' ਦੇ ਨਾਂਅ ਨਾਲ ਜਾਣੇ ਜਾਂਦੇ ਪੁਡੂਚੇਰੀ ਘੁੰਮ ਕੇ ਆਪਣਾ ਸ਼ੌਕ ਵੀ ਪੂਰਾ ਕਰ ਸਕਦੇ ਹੋ ਅਤੇ ਫ਼ਰਾਂਸ ਦੀ ਵੀ ਇਕ ਝਲਕ ਪਾ ਸਕਦੇ ਹੋ।
ਬੰਗਾਲ ਦੀ ਖਾੜੀ ਦੇ ਪੂਰਬ ਵਿਚ ਸਥਿਤ ਪੁਡੂਚੇਰੀ ( ਜੋ ਕਿ 2006 ਤੱਕ ਪਾਂਡੀਚੇਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ , ਭਾਰਤ ਦਾ ਇਕ ਵਿਲੱਖਣ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜੋ ਚਾਰ ਅਲੱਗ-ਅਲੱਗ ਟੁੱਕੜਿਆਂ ਨੂੰ ਮਿਲਾ ਕੇ ਬਣਿਆ ਹੈ ਅਤੇ ਇਹ ਟੁੱਕੜੇ ਤਿੰਨ ਅਲੱਗ-ਅਲੱਗ ਪ੍ਰਦੇਸ਼ਾਂ ਵਿਚ ਹਨ । ਦੋ ਟੁੱਕੜੇ ਪੁਡੂਚੇਰੀ ਅਤੇ ਕਰਾਇਕਲ ਤਾਮਿਲਨਾਡੂ ਵਿਚ, ਤੀਜਾ ਟੁੱਕੜਾ ਮਹੇ ਕੇਰਲ ਵਿਚ ਅਤੇ ਚੌਥਾ ਟੁੱਕੜਾ ਯਮਨ ਆਂਧਰਾ ਪ੍ਰਦੇਸ਼ ਵਿਚ ਹੈ। ਪੁਡੂਚੇਰੀ ਸਭ ਤੋਂ ਵੱਡਾ ਜ਼ਿਲਾ ਹੋਣ ਕਾਰਨ ਪ੍ਰਦੇਸ਼ ਦੀ ਰਾਜਧਾਨੀ ਹੈ। ਹਵਾਈ ਜਹਾਜ਼ ਰਾਹੀਂ ਜਾਣ ਲਈ ਸਭ ਤੋਂ ਨੇੜੇ ਦਾ ਹਵਾਈ ਅੱਡਾ ਚੇਨਈ ਹੈ ਜੋ ਇੱਥੋਂ ਲੱਗਪਗ 150 ਕਿਲੋਮੀਟਰ ਦੂਰ ਹੈ ਅਤੇ ਰੇਲ ਮਾਰਗ ਰਾਹੀਂ ਜਾਣ ਲਈ ਸਭ ਤੋਂ ਨੇੜੇ ਦਾ ਮੁੱਖ ਰੇਲਵੇ ਜੰਕਸ਼ਨ ਬਿਲੂਪੁਰਮ ਹੈ ਜੋ ਇੱਥੋਂ ਲੱਗਪਗ 40 ਕਿਲੋਮੀਟਰ ਦੂਰ ਹੈ । ਵੈਸੇ ਪੁਡੂਚੇਰੀ ਵੀ ਰੇਲਵੇ ਲਾਈਨ ਨਾਲ ਜੁੜਿਆ ਹੋਇਆ ਹੈ ਪ੍ਰੰਤੂ ਦਿੱਲੀ ਤੋਂ ਹਫ਼ਤੇ ਵਿਚ ਇਕ ਗੱਡੀ ਹੀ ਸਿੱਧੀ ਪੁਡੂਚੇਰੀ ਜਾਂਦੀ ਹੈ। ਆਜ਼ਾਦੀ ਤੋਂ ਪਹਿਲਾਂ ਇਹ ਖੇਤਰ ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਦੇ ਰਾਜ ਅਧੀਨ ਰਿਹਾ ਹੈ ਪਰੰਤੂ ਜ਼ਿਆਦਾ ਸਮਾਂ ਇੱਥੇ ਫਰਾਂਸੀਸੀਆਂ ਦਾ ਹੀ ਰਾਜ ਰਿਹਾ ਹੈ। ਜਦੋਂ ਅੰਗਰੇਜ਼ਾ ਦਾ ਲਗਪਗ ਸਾਰੇ ਭਾਰਤ 'ਤੇ ਰਾਜ ਹੋ ਗਿਆ ਸੀ, ਉਸ ਸਮੇਂ ਵੀ ਪੁਡੂਚੇਰੀ 'ਤੇ ਫ਼ਰਾਂਸੀਸੀਆਂ ਦਾ ਰਾਜ ਰਿਹਾ ਅਤੇ ਉਸ ਸਮੇਂ ਇਹ ਖੇਤਰ ਪੰਜ ਹਿੱਸਿਆਂ ਵਿਚ ਫੈਲਿਆ ਹੋਇਆ ਸੀ। ਇਕ ਹਿੱਸਾ ਚੰਦਨਗੋਰ ਜੋ ਹੁਣ ਪੱਛਮੀ ਬੰਗਾਲ ਦਾ ਹਿੱਸਾ ਹੈ, ਫਰਵਰੀ 1951 ਵਿਚ ਭਾਰਤ ਵਿਚ ਮਿਲ ਗਿਆ ਸੀ ਅਤੇ ਕਾਨੂੰਨੀ ਰੂਪ ਵਿਚ ਜੂਨ 1952 ਵਿਚ ਭਾਰਤ ਦਾ ਹਿੱਸਾ ਬਣ ਗਿਆ। ਬਾਕੀ ਦੇ ਚਾਰ ਹਿੱਸੇ 1954 ਤੱਕ ਫ਼ਰਾਂਸੀਸੀ ਭਾਰਤ ਦਾ ਹਿੱਸਾ ਰਹੇ ਅਤੇ 16 ਅਗਸਤ 1962 ਨੂੰ ਇਹ ਕਾਨੂੰਨੀ ਰੂਪ ਵਿਚ ਭਾਰਤ ਵਿਚ ਮਿਲ ਗਏ ਅਤੇ ਇਨ੍ਹਾਂ ਚਾਰ ਭਾਗਾਂ ਨੂੰ ਮਿਲਾ ਕੇ ਪਾਂਡੀਚੇਰੀ ਦਾ ਗਠਨ ਹੋਇਆ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਪੂਰੇ ਭਾਰਤ ਵਿਚ ਆਜ਼ਾਦੀ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ ਹੈ ਪਰੰਤੂ ਪੁਡੂਚੇਰੀ ਵਿਚ ਆਜ਼ਾਦੀ ਦਿਵਸ 16 ਅਗਸਤ ਨੂੰ ਮਨਾਇਆ ਜਾਂਦਾ ਰਿਹਾ ਕਿਉਂਕਿ ਪੁਡੂਚੇਰੀ ਪੂਰੀ ਤਰਾਂ 16 ਅਗਸਤ 1962 ਨੂੰ ਹੀ ਆਜ਼ਾਦ ਹੋਇਆ ਸੀ। ਅੱਜਕਲ੍ਹ ਇੱਥੋਂ ਦੇ ਜ਼ਿਆਦਾਤਰ ਲੋਕ 15 ਅਗਸਤ ਨੂੰ ਹੀ ਆਜ਼ਾਦੀ ਦਿਵਸ ਮਨਾਉਂਦੇ ਹਨ ਪਰ ਕੁਝ ਲੋਕ ਅਜੇ ਵੀ 16 ਅਗਸਤ ਨੂੰ ਹੀ ਆਜ਼ਾਦੀ ਦਿਵਸ ਮਨਾਉਂਦੇ ਹਨ। ਅਲੱਗ- ਅਲੱਗ ਪ੍ਰਦੇਸ਼ਾਂ ਵਿਚ ਫੈਲਿਆ ਹੋਣ ਕਾਰਨ ਅਲੱਗ-ਅਲੱਗ ਖੇਤਰ ਵਿਚ ਅਲੱਗ-ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਲਈ ਅੰਗਰੇਜ਼ੀ ਤੋਂ ਇਲਾਵਾ ਤਾਮਿਲ, ਤੇਲਗੂ, ਮਲਿਆਲਮ ਅਤੇ ਫ਼ਰੈਂਚ ਇੱਥੋਂ ਦੀਆਂ ਸਰਕਾਰੀ ਭਾਸ਼ਾਵਾਂ ਹਨ। ਭਾਰਤ ਵਿਚ ਕੁਝ ਵਸਨੀਕ ਜੋ ਫ਼ਰਾਂਸੋ- ਪਾਂਡੀਚੇਰੀਅਨ ਵਜੋਂ ਜਾਣੇ ਜਾਂਦੇ ਹਨ, ਅਜੇ ਵੀ ਫ਼ਰਾਂਸ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਹਿੱਸਾ ਲੈਂਦੇ ਹਨ। 2002 ਤੋਂ ਬਾਅਦ ਤਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਾਕਾਇਦਾ ਆਪਣੇ ਚੋਣ ਪ੍ਰਚਾਰ ਲਈ ਇੱਥੇ ਆਏ ਹਨ।
ਕਿਉਂਕਿ ਪੁਡੂਚੇਰੀ 'ਤੇ ਲੱਗਪਗ 300 ਸਾਲ ਫ਼ਰਾਂਸੀਸੀਆਂ ਦਾ ਰਾਜ ਰਿਹਾ ਹੈ। ਇਸ ਲਈ ਇਸ ਸ਼ਹਿਰ ਵਿਚ ਅੱਜ ਵੀ ਫ਼ਰਾਂਸੀਸੀ ਕਲਾ ਅਤੇ ਸੰਸਕ੍ਰਿਤੀ ਦੇਖਣ ਨੂੰ ਮਿਲ ਜਾਂਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਤਾਂ ਪੁਡੂਚੇਰੀ ਨੂੰ ਫ਼ਰਾਂਸੀਸੀ ਸੰਸਕ੍ਰਿਤੀ ਦੀ ਖਿੜਕੀ ਦਾ ਦਰਜਾ ਦਿੱਤਾ ਸੀ। ਅੱਜ ਵੀ ਭਾਰਤੀ ਅਤੇ ਫਰਾਂਸੀਸੀ ਸੰਸਕ੍ਰਿਤੀ ਦੇ ਇਕਠੇ ਦਰਸ਼ਨ ਕਰ ਕੇ ਮਨ ਖੁਸ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੁਡੂਚੇਰੀ ਸਦੀਆਂ ਤੋਂ ਅਧਿਆਤਮਿਕ ਕੇਂਦਰ ਵੀ ਰਿਹਾ ਹੈ ਅਤੇ ਸਦੀਆਂ ਤੋਂ ਲੋਕ ਜੀਵਨ ਦੀ ਦੌੜ-ਭੱਜ ਤੋਂ ਥੱਕ ਕੇ ਸ਼ਾਂਤੀ ਦੀ ਤਲਾਸ਼ ਵਿਚ ਪੁਡੂਚੇਰੀ ਆਉਂਦੇ ਹਨ। ਵੈਸੇ ਤਾਂ ਪੂਰਾ ਪੁਡੂਚੇਰੀ ਹੀ ਬਹੁਤ ਸੁੰਦਰ ਹੈ ਪਰੰਤੂ ਅਰਵਿੰਦੋ ਆਸ਼ਰਮ, ਪੈਰਾਡਾਈਜ਼ ਬੀਚ, ਆਰੋਬਿੱਲੇ ਬੀਚ, ਡੁਪਲਿਕਸ ਮੂਰਤੀ, ਫ਼ਰੈਂਚ ਵਾਰ ਮੈਮੋਰੀਅਲ, 19 ਵੀਂ ਸਦੀ ਦਾ ਲਾਈਟ ਹਾਊਸ, ਦ ਬਾਸਿਲਿਕਾ ਆਫ਼ ਸੇਕ੍ਰੇਡ ਹਾਰਟ ਆਫ਼ ਜੀਸਸ ਵੇਖਣ ਯੋਗ ਸਥਾਨ ਹਨ।
ਅਰਵਿੰਦੋ ਆਸ਼ਰਮ-ਪੱਛਮੀ ਬੰਗਾਲ ਵਿਚ ਪੈਦਾ ਹੋਏ ਮਹਾਨ ਦੇਸ਼ਭਗਤ, ਦਾਰਸ਼ਨਿਕ, ਰਾਸ਼ਟਰਵਾਦੀ ਅਤੇ ਅਧਿਆਤਮਿਕ ਗੁਰੂ ਸ੍ਰੀ ਅਰਵਿੰਦੋ ਘੋਸ਼ ਨੇ ਗਿਆਨ ਪ੍ਰਾਪਤ ਕਰਨ ਲਈ ਕਈ ਸਾਲ ਪੁਡੂਚੇਰੀ ਵਿਚ ਬਿਤਾਏ। ਉਹ ਇਸ ਖੇਤਰ ਵਿਚ ਇੰਨੇ ਮਸ਼ਹੂਰ ਹੋਏ ਕਿ ਅੱਜ ਵੀ ਲੋਕ ਉਨ੍ਹਾਂ ਨੂੰ ਉਸੇ ਅੰਦਾਜ਼ ਅਤੇ ਆਦਰ ਸਤਿਕਾਰ ਨਾਲ ਪੂਜਦੇ ਹਨ। ਅਰਵਿੰਦੋ ਆਸ਼ਰਮ ਦਾ ਨਿਰਮਾਣ ਅਰਵਿੰਦੋ ਨੇ ਹੀ ਕਰਵਾਇਆ ਸੀ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਅੱਜ ਵੀ ਇਸ ਆਸ਼ਰਮ ਵਿਚ ਆਉਂਦੇ ਹਨ ਅਤੇ ਅੱਜ ਇਹ ਆਸ਼ਰਮ ਇਕ ਤੀਰਥ ਸਥਾਨ ਦਾ ਦਰਜਾ ਹਾਸਲ ਕਰ ਚੁੱਕਾ ਹੈ। ਦੁਨੀਆ ਭਰ ਤੋਂ ਲੋਕ ਅਰਵਿੰਦੋ ਸੁਸਾਇਟੀ ਦੇ ਮੈਂਬਰ ਹਨ ਅਤੇ ਲਗਭਗ 1500 ਮੈਂਬਰ ਇਸ ਆਸ਼ਰਮ ਵਿਚ ਰਹਿੰਦੇ ਹਨ। ਇਹ ਇਮਾਰਤ ਖ਼ੂਬਸੂਰਤ ਪੌਦਿਆਂ ਦੇ ਨਾਲ ਘਿਰੀ ਹੋਈ ਹੈ ਅਤੇ ਖ਼ੂਬਸੂਰਤ ਬਗੀਚੇ ਦੇ ਵਿਹੜੇ ਵਿਚ ਗੁਰੂ ਅਰਵਿੰਦੋ ਦੀ ਸਮਾਧੀ ਹੈ। ਇਸ ਆਸ਼ਰਮ ਵਿਚ ਆਮ ਤੌਰ 'ਤੇ ਸ਼ਾਂਤੀ ਹੀ ਰਹਿੰਦੀ ਹੈ।
ਲਾਈਟ ਹਾਊਸਂਸਮੁੰਦਰੀ ਤੱਟ ਤੇ ਗੋਰੀਮੇਡੁ ਪਹਾੜੀ 'ਤੇ ਬਣਿਆ ਲਾਈਟ ਹਾਊਸ ਅੱਜ ਵੀ ਖ਼ੂਬਸੂਰਤੀ ਨਾਲ ਖੜ੍ਹਾ ਹੈ। ਪੁਰਾਣੇ ਸਮੇਂ ਵਿਚ ਇਸ ਦਾ ਪ੍ਰਯੋਗ ਰਾਤ ਦੇ ਸਮੇਂ ਸਮੁੰਦਰੀ ਜਹਾਜ਼ਾਂ ਨੂੰ ਦਿਸ਼ਾ ਵਿਖਾਉਣ ਵਾਸਤੇ ਹੁੰਦਾ ਸੀ। ਸ਼ਹਿਰ ਦੀ ਪੱਛਮੀ ਸੀਮਾ ਤੋਂ ਲਗਭਗ 5 ਕਿਲੋਮੀਟਰ ਦੂਰ ਬਣਿਆ ਇਹ ਲਾਈਟ ਹਾਊਸ ਅੱਜ ਵੀ ਸੈਲਾਨੀਆਂ ਲਈ ਖਿੱਚ ਦਾ ਮੁੱਖ-ਕੇਂਦਰ ਹੈ।
ਪੈਰਾਡਾਈਜ਼ ਬੀਚਂਇਹ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਦੂਰ ਕੁਡੁਲੋਰ ਰੋਡ 'ਤੇ ਸਥਿਤ ਹੈ। ਇੱਥੇ ਸਮੁੰਦਰ ਵਿਚਕਾਰ ਇਕ ਖਾੜੀ ਹੈ ਜਿੱਥੇ ਕਿਸ਼ਤੀ ਰਾਹੀਂ ਹੀ ਜਾਇਆ ਜਾ ਸਕਦਾ ਹੈ। ਕਿਸ਼ਤੀ ਰਾਹੀਂ ਜਾਂਦੇ ਸਮੇਂ ਪਾਣੀ ਵਿਚ ਡੋਲਫਿਨ ਨੂੰ ਮਸਤੀ ਕਰਦਿਆਂ ਵੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਇੱਥੋਂ ਦਾ ਨਜ਼ਾਰਾ ਸੱਚਮੁਚ ਇੰਨਾ ਮਨਮੋਹਕ ਹੈ ਜਿਸ ਨੂੰ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਕਿਸੇ ਨੇ ਇੱਥੋ ਦਾ ਨਜ਼ਾਰਾ ਵੇਖ ਕੇ ਸਵਰਗ ਦੀ ਕਲਪਨਾ ਕੀਤੀ ਹੋਵੇ ਅਤੇ ਇਸ ਬੀਚ ਦਾ ਨਾਮ ਪੈਰਾਡਾਈਜ਼ ਬੀਚ ਰੱਖ ਦਿੱਤਾ ਹੋਵੇ।
ਫ਼ਰੈਂਚ ਵਾਰ ਮੈਮੋਰੀਅਲਂਪੁਡੂਚੇਰੀ 'ਤੇ ਜ਼ਿਆਦਾ ਸਮਾਂ ਫ਼ਰਾਂਸ ਦਾ ਰਾਜ ਰਿਹਾ ਹੈ ਇਸ ਕਰਕੇ ਇਥੋਂ ਦੇ ਲੋਕ ਫ਼ਰਾਂਸੀਸੀ ਫ਼ੌਜ ਵਿਚ ਵੀ ਨੌਕਰੀਆਂ ਕਰਦੇ ਰਹੇ ਹਨ ਅਤੇ ਸਮੇਂ-ਸਮੇਂ 'ਤੇ ਫ਼ਰਾਂਸ ਲਈ ਯੁੱਧ ਵੀ ਲੜਦੇ ਰਹੇ ਹਨ। ਪਹਿਲੇ ਵਿਸ਼ਵ ਯੁੱਧ ਸਮੇਂ ਫ਼ਰਾਂਸ ਲਈ ਲੜਦੇ ਹੋਏ ਸ਼ਹੀਦ ਹੋਏ ਬਹਾਦੁਰ ਸੈਨਿਕਾਂ ਦੀ ਯਾਦ ਵਿਚ ਦੱਖਣੀ ਤੱਟ ਤੇ ਗੋਬਰਟ ਐਵਨਿਊ ਵਿਚ ਇਕ ਫ਼ਰੈਂਚ ਵਾਰ ਮੈਮੋਰੀਅਲ ਬਣਾਇਆ ਗਿਆ ਹੈ। ਹਰ ਸਾਲ 14 ਜੁਲਾਈ ਨੂੰ ਇੱਥੇ ਬੈਸਟਾਇਲ ਡੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਸਮਾਰਕ ਨੂੰ ਖ਼ੂਬਸੂਰਤੀ ਨਾਲ ਸਜਾਇਆ ਜਾਂਦਾ ਹੈ ਅਤੇ ਸ਼ਹੀਦ ਬਹਾਦੁਰ ਸੈਨਿਕਾਂ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸਰਾਧਾਂਜਲੀ ਦਿੱਤੀ ਜਾਂਦੀ ਹੈ। ਵਾਰ ਮੈਮੋਰੀਅਲ ਦੇ ਸਾਹਮਣੇ ਹੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਵੀ ਲੱਗੀ ਹੈ ਜਿਸ ਕਾਰਨ ਇਸ ਸਥਾਨ ਨੂੰ ਗਾਂਧੀ ਬੀਚ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਆਰੋਬਿੱਲੇ ਬੀਚ-ਸ਼ਹਿਰ ਤੋਂ ਲੱਗਪਗ 12 ਕਿਲੋਮੀਟਰ ਦੂਰ ਇਹ ਬੀਚ ਆਰੋਬਿੱਲੇ ਦੇ ਨੇੜੇ ਸਥਿਤ ਹੈ। ਇਸ ਬੀਚ 'ਤੇ ਪਾਣੀ ਦੀ ਗਹਿਰਾਈ ਜ਼ਿਆਦਾ ਨਹੀਂ ਹੈ। ਇਸ ਲਈ ਤੈਰਾਕੀ ਦੇ ਸ਼ੌਕੀਨਾਂ ਲਈ ਇਹ ਸਭ ਤੋਂ ਵਧੀਆ ਸਥਾਨ ਹੈ। ਛੁੱਟੀ ਵਾਲੇ ਦਿਨ ਤੈਰਾਕੀ ਦੇ ਸ਼ੌਕੀਨਾਂ ਦੀ ਇੱਥੇ ਭੀੜ ਲੱਗੀ ਰਹਿੰਦੀ ਹੈ।
ਡੁਪਲਿਕਸ ਮੂਰਤੀ-ਫਰੈਂਕਾਇਸ ਡੁਪਲਿਕਸ ਪੁਡੂਚੇਰੀ ਦੇ ਸਫ਼ਲ ਗਵਰਨਰਾਂ ਵਿਚੋਂ ਇਕ ਸਨ ਅਤੇ ਉਹ 1780 ਤੱਕ ਪੁਡੂਚੇਰੀ ਦੇ ਗਵਰਨਰ ਰਹੇ। ਉਨ੍ਹਾਂ ਦੇ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀਆਂ ਦੋ ਮੂਰਤੀਆਂ ਲਗਵਾਉਣ ਦਾ ਫ਼ੈਸਲਾ ਹੋਇਆ। ਇਕ ਫ਼ਰਾਂਸ ਵਿਚ ਅਤੇ ਦੂਸਰੀ ਪੁਡੂਚੇਰੀ ਵਿਚ। ਗ੍ਰੇਨਾਈਟ ਦੀ ਇਹ ਮੂਰਤੀ 2.88 ਮੀਟਰ ਉੱਚੀ ਹੈ ਅਤੇ ਦੱਖਣੀ ਤੱਟ 'ਤੇ ਗੋਬਰਟ ਐਵੇਨਿਊ ਵਿਚ ਲਗਾਈ ਗਈ ਹੈ। ਮੂਰਤੀ ਦੇ ਆਲੇ-ਦੁਆਲੇ ਖ਼ੂਬਸੂਰਤ ਅਤੇ ਰੰਗ-ਬਿਰੰਗੇ ਫੁੱਲਾਂ ਦਾ ਬਗ਼ੀਚਾ ਹੈ ਜਿੱਥੇ ਬੱਚਿਆਂ ਨੂੰ ਖੇਡਦੇ ਵੇਖਿਆ ਜਾ ਸਕਦਾ ਹੈ।

-ਮਾਡਲ ਟਾਊਨ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94647-30770.

ਔਖਿਆਈ ਰੂਹ-ਸਾਥੀ ਮਿਲਣ ਦੀ

ਵਿਆਹ ਤੋਂ ਪਹਿਲਾਂ ਤਕਰੀਬਨ ਹਰੇਕ ਪ੍ਰਾਣੀ ਦੀ ਤਮੰਨਾ ਹੁੰਦੀ ਹੈ ਕਿ ਉਸ ਦਾ ਆਪਣੇ ਰੂਹਸਾਥੀ ਨਾਲ ਮੇਲ ਹੋ ਜਾਵੇ ਤੇ ਬਾਅਦ ਵਿਚ ਵਿਆਹ ਵੀ ਹੋ ਜਾਵੇ। ਸਾਇੰਸ ਇਹ ਆਖਦੀ ਹੈ ਕਿ ਇਸ ਗ੍ਰਹਿ 'ਤੇ ਹਰੇਕ ਦੇ ਕੋਈ 5,00,000,000 ਰੂਹਸਾਥੀ ਹੈਣ ਪਰ ਸਾਰੇ ਦੇ ਸਾਰੇ ਸਬੱਬ, ਚਾਂਸ ਦੀ ਓਟ ਪਿੱਛੇ ਨੇ। ਇਨ੍ਹਾਂ ਸਿਰ ਚਕਰਾਅ ਦੇਣ ਵਾਲੇ ਅੰਕਾਂ ਦੀ ਨਿਬਤ ਨੂੰ ਜੇਕਰ ਘਟਾ ਲਈਏ ਤਾਂ 10,000 ਵਿਚ ਤੁਹਾਡਾ ਇਕ ਰੂਹਸਾਥੀ ਤੁਹਾਡੇ ਇਕ ਜੀਵਨ ਕਾਲ ਲਈ ਹੈ। ਔਖਿਆਈ ਉਵੇਂ ਫਿਰ ਬਰਕਰਾਰ ਰਹਿੰਦੀ ਹੈ ਕਿ ਇਨ੍ਹਾਂ 10,000 ਵਿਚੋਂ ਉਹ ਕਿਹੜਾ ਹੈ, ਜਿਸ ਉੱਤੇ ਪਹਿਲੀ ਹੀ ਨਜ਼ਰ ਮੋਹਰ ਲਗਾ ਦੇਵੇਗੀ ਕਿ ਇਹੋ ਹੈ ਮੇਰੇ ਸੁਪਨਿਆਂ ਦਾ ਰੂਹਸਾਥੀ।
ਮੇਰੇ ਇਕ ਦੋਸਤ ਕਰਨਲ ਸਾਹਿਬ ਨੇ ਆਪਣੇ ਬੇਟੇ ਦੇ ਵਿਆਹ ਦੌਰਾਨ ਜੋੜੇ ਨੂੰ ਢੁਕਵੀਆਂ ਅਸੀਸੜੀਆਂ ਦੇਣ ਤੋਂ ਪਹਿਲਾਂ ਬਹੁਤ ਕੁਝ ਡੂੰਘਾ ਸੋਚਿਆ ਤਾਂ ਜੋ ਮੂੰਹੋਂ ਨਿਕਲਣ ਵਾਲੇ ਸ਼ਬਦ ਉਨ੍ਹਾਂ ਦੇ ਜੀਵਨ ਸਫ਼ਰ ਨਾਲ ਸਹੀ ਮੇਲ ਖਾਣ। ਉਹਨੇ ਪੂਰੀਆਂ ਸੰਭਵ ਤਿਲ੍ਹਕਣਬਾਜ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਅੰਦਾਜ਼ਾ ਕੀਤਾ ਕਿ ਮੰਨਿਆ ਕਿ ਉਸ ਦੇ ਬੇਟੇ ਦੇ ਕਰੋੜਾਂ ਰੂਹਸਾਥੀ ਹੈਣ ਪਰ ਉਹ ਪੂਰੇ ਗ੍ਰਹਿ 'ਤੇ ਖਿੰਡੇ ਹੋਏ ਹਨ। ਜਿਸ ਉਮਰ ਤੋਂ ਉਸ ਦੇ ਬੇਟੇ ਨੇ ਰੂਹਸਾਥੀ ਲੱਭਣ ਦੇ ਇਰਾਦੇ ਨਾਲ ਆਪਣੀ ਨਜ਼ਰ ਘੁਮਾਉਣੀ ਸ਼ੁਰੂ ਕੀਤੀ ਹੋਵੇਗੀ ਤੇ ਅੱਜ ਦੇ ਵਿਆਹ ਦੇ ਮੌਕੇ ਵਿਚਕਾਰ ਦਾ ਅਰਸਾ ਬਾਹਲਾ ਨਾ ਹੋਣ ਕਰਕੇ, ਸ਼ਾਇਦ ਹੀ ਉਸ ਦਾ ਬੇਟਾ ਏਨੇ ਲੰਮੇ ਚੌੜੇ ਗ੍ਰਹਿ ਨੂੰ ਗਾਹ ਸਕਿਆ ਹੋਵੇ। ਇਸ ਪੂਰੀ ਸ਼ਸ਼ੋਪੰਜ ਵਿਚ ਉਹਨੇ ਆਹ ਅਸੀਸੜੀ ਦਿੱਤੀ, 'ਮੈਂ ਯਕੀਨਨ ਤਾਂ ਕਹਿ ਨਹੀਂ ਸਕਦਾ ਕਿ ਤੁਸੀਂ ਵਾਕਿਆ ਹੀ ਇਕ-ਦੂਜੇ ਲਈ ਬਣੇ ਹੋਏ ਹੋ। ਪਰ ਇਹ ਵੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਕਿ ਤੁਸਾਂ ਇਕ-ਦੂਜੇ ਨੂੰ ਪਸੰਦ ਕੀਤਾ ਤੇ ਚੁਣਿਆ ਹੈ। ਖ਼ੁਸ਼ ਰਹੋ, ਰੱਬ ਰਾਖਾ।'
ਰੂਹਸਾਥੀ ਦੀ ਭਾਲ... ਤੀਰ ਤੁੱਕੇ ਵਾਲਾ ਸਬੱਬ ਹੈ। ਪਰ ਇਨਸਾਨ ਲੱਗਾ ਰਹਿੰਦਾ ਹੈ ਆਪਣੇ ਆਦਰਸ਼ਕ ਸਾਥੀ ਨੂੰ ਖੋਜਣ ਵਿਚ। ਖਿਆਲ ਬਹੁਤ ਪੁਰਾਣਾ ਹੈ। ਪਲੈਟੋ/ਅਫ਼ਲਾਤੂਨ ਦੇ 'ਸਿੰਪੋਜ਼ੀਅਮ' ਵਿਚ ਯੂਨਾਨੀ ਦੇਵਤਿਆਂ ਵਿਚੋਂ ਸਿਰਕੱਢ ਦੇਵਤਾ 'ਜ਼ੂਅਸ' ਨੇ ਇਨਸਾਨ ਦੇ ਘੁਮੰਡ ਨੂੰ ਤੋੜਨ ਲਈ, ਉਸ ਵਿਚ ਹਲੀਮੀ ਲਿਆਉਣ ਵਾਸਤੇ ਉਸ ਨੂੰ ਦੋ ਭਾਗਾਂ ਵਿਚ ਕਰ ਦਿੱਤਾ। ਉਦੋਂ ਤੋਂ ਹੀ ਇਕ ਭਾਗ ਦੂਜੇ ਵਿਛੜੇ ਬਿਹਤਰ ਭਾਗ ਨੂੰ ਭਾਲਣ ਲਈ ਭਟਕਦਾ ਰਹਿੰਦਾ ਹੈ। ਦੂਸਰੇ ਸ਼ਬਦਾਂ ਵਿਚ, ਸ਼ੁਰੂ ਤੋਂ ਹੀ ਇਨਸਾਨੀ ਫ਼ਿਤਰਤ ਵਿਚ ਇਕ ਵਜੋਂ ਦਾ ਉਕਰਿਆ ਹੋਇਆ ਹੈ ਕਿ ਉਹ ਆਪਣੇ ਰੂਹਸਾਥੀ ਲਈ ਲੋਚਦਾ ਹੈ ਤੇ ਭਾਲਦਾ ਰਹਿੰਦਾ ਹੈ। ਇਸ ਵਾਸਤੇ ਇਨਸਾਨੀ ਅਧੂਰਾਪਣ ਤਾਂ ਹੀ ਸੰਪੂਰਨ ਹੋ ਸਕਦਾ ਹੈ ਜਦ ਇਸ ਦਾ ਬਿਹਤਰ ਅੱਧ ਪਿਘਲ ਕੇ ਇਸ ਨਾਲ ਇਕ ਹੋ ਜਾਵੇ ਤੇ ਇਸ ਮਿੱਠੇ ਸਰਾਪ ਤੋਂ ਨਿਜ਼ਾਤ ਮਿਲ ਸਕੇ।
ਦੋ ਵਿਛੜੇ ਅੱਧਾਂ ਦਾ ਆਪਸੀ ਮੇਲ ਜਿੰਨਾ ਰਮਣੀਕ ਹੈ, ਓਨਾ ਹੀ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਲੋਕਾਂ ਦੇ ਦਿਲਾਂ ਵਿਚ ਕੁਝ ਅਜਿਹੀਆਂ ਨਾਮੁਮਕਿਨ ਆਸ਼ਾਵਾਂ ਘਰ ਕਰੀ ਰੱਖਦੀਆਂ ਹਨ ਕਿ ਚੰਗੇ ਭਲੇ ਰਿੜ੍ਹ ਰਹੇ ਜੀਵਨ ਵਿਚ ਖਾਹਮਖਾਹ ਦਾ ਖ਼ਦਸ਼ਾ ਜਿਹਾ ਰਹਿੰਦਾ ਹੈ ਕਿ ਸ਼ਾਇਦ ਮੱਠੀ ਰਫ਼ਤਾਰ ਨਾਲ ਚਲ ਰਹੀ ਜ਼ਿੰਦਗੀ ਆਦਰਸ਼ਕ ਨਹੀਂ ਜਾਂ ਓਨੀ ਰੁਮਾਂਟਿਕ ਨਹੀਂ, ਜਿਸ ਦੌਰਾਨ ਦੋਵੇਂ ਸਾਥੀ ਇਕ-ਦੂਜੇ ਦੇ ਪ੍ਰੇਮ ਵਿਚ ਲਟੂ ਰਹਿਣ। ਇਸ ਕਿਸਮ ਦਾ ਭਰਮ ਸ਼ਾਦੀਸ਼ੁਦਾ ਜੀਵਨ ਵਿਚ ਖਲਬਲੀ ਲਿਆਈ ਰੱਖਦਾ ਹੈ। ਦੋਵੇਂ ਜਾਂ ਇਕ ਸਾਥੀ ਉਸ ਰੁਮਾਂਟਿਕ ਵਾਪਰਨਾ ਦੀ ਉਡੀਕ ਵਿਚ ਰਹਿੰਦਾ ਹੈ ਜਿਹੜੀ ਸਾਰੀ ਉਮਰ ਸ਼ਾਇਦ ਨਾ-ਮੁਮਕਿਨ ਹੀ ਰਹੇ।
ਮੇਰੇ ਇਕ ਡਾਕਟਰ ਯਾਰ ਨੇ ਆਪਣੀ ਹੱਡ-ਬੀਤੀ ਦੱਸਦਿਆਂ ਕਿਹਾ, 'ਇਕ ਦਿਨ ਪਹਿਲੀ ਨਜ਼ਰੇ ਹੀ ਉਸ ਨੂੰ ਇਉਂ ਲੱਗਾ ਕਿ ਜਿਸ ਉਤੇ ਉਸ ਦੀ ਟਿਕਟਿਕੀ ਲੱਗ ਗਈ ਸੀ ਸ਼ਾਇਦ ਉਹ ਹੀ ਉਸ ਦਾ ਰੂਹਸਾਥੀ ਸੀ। ਫਿਰ ਕਿੱਤੇ ਦੇ ਰੁਝੇਵਿਆਂ ਨੇ, ਜ਼ਿੰਦਗੀ ਦੀਆਂ ਹੋਰ ਅਣਮੁੱਕ ਮੰਗਾਂ ਨੇ ਇਸ ਵਾਪਰਨਾ ਨੂੰ ਫਿੱਕਾ ਪਾ ਦਿੱਤਾ। ਮੈਨੂੰ ਇਉਂ ਮਹਿਸੂਸ ਹੋਇਆ ਕਿ ਜੇਕਰ ਉਹ ਭਾਵ ਹਕੀਕਤ ਵਿਚ ਉਹੀ ਸੀ, ਯਾਨੀ ਰੂਹਸਾਥੀ ਮਿਲਣ ਦਾ ਤਾਂ ਏਨੀ ਛੇਤੀ ਭਾਫ਼ ਵਾਂਗ ਉੱਡ ਵੀ ਕਿਉਂ ਗਿਆ।' ਉਸ ਦੇ ਕਹਿਣ ਦਾ ਮਤਲਬ ਇਹ ਸੀ ਕਿ ਇਨਸਾਨ ਪਹਿਲੀ ਨਜ਼ਰੇ ਉਠੇ ਪਿਆਰ ਨੂੰ ਬੇਲੋੜੀ ਮਹੱਤਤਾ ਦੇ ਰਿਹਾ ਹੈ।
ਸਾਡੇ ਇਕ ਬਹੁਤ ਸੀਨੀਅਰ ਐਂਗਲੋ ਇੰਡੀਅਨ ਅਫ਼ਸਰ ਨੇ ਦੋ ਕੁ ਪੈੱਗ ਮਾਰ ਕੇ (ਮੈੱਸ ਵਿਚ) ਅਕਸਰ ਆਪਣੀ ਸੁਪਤਨੀ ਬਾਰੇ ਦੱਸਣਾ ਕਿ ਸਕੂਲ ਦੇ ਦਿਨਾਂ ਤੋਂ ਹੀ ਉਹ ਇਕ-ਦੂਜੇ ਨੂੰ ਜਾਣਦੇ ਸਨ। ਅਫ਼ਸਰ ਬਣਨ ਉਪਰੰਤ ਉਹਨੇ ਉਸੇ ਸੁਪਨਿਆਂ ਦੀ ਸ਼ਹਿਜ਼ਾਦੀ ਨਾਲ ਵਿਆਹ ਕਰਵਾਇਆ। ਅਸੀਂ ਉਨ੍ਹੀਂ ਦਿਨੀਂ ਅਜੇ ਛੜੇ ਛਟਾਂਕ ਹੁੰਦੇ ਸੀ। ਉਹਨੇ ਸਾਨੂੰ ਨਸੀਹਤਾਂ ਕਰਨੀਆਂ ਕਿ ਥਿਊਰੀ ਵਿਚ ਹਾਂ, ਰੂਹਸਾਥੀ ਠੀਕ ਹੈ। ਏਨੀ ਲੰਮੀ ਚੌੜੀ ਦੁਨੀਆ ਵਿਚ ਕਿਸੇ ਵੀ ਲੜਕੀ 'ਤੇ ਦਿਲ ਆ ਜਾਣਾ ਇਕ ਸੁਭਾਵਿਕ ਜਿਹੀ ਘਟਨਾ ਹੁੰਦੀ ਹੈ ਤੇ ਪਹਿਲਾ ਖਿਆਲ ਜਿਹੜਾ ਆਮ ਸਿਰ ਚੁੱਕਦਾ ਹੈ ਉਹ ਉਸ ਲੜਕੀ ਨਾਲ ਵਿਆਹ ਕਰਵਾਉਣ ਦਾ ਹੀ ਹੁੰਦਾ ਹੈ। ਵਿਆਹ ਪਿੱਛੋਂ ਵੀ ਤੁਹਾਨੂੰ ਥਿਊਰੀ ਵਾਲਾ ਰੂਹਸਾਥੀ ਸ਼ਾਇਦ ਦੂਰ ਦੀ ਗੱਲ ਲੱਗੇ। ਪਰ ਫਿਰ ਕੀ! ਉਸ ਦੀ ਨਸੀਹਤ ਦਾ ਨਿਚੋੜ ਇਹੋ ਸੀ ਕਿ ਇਕ ਨੂੰ ਜਾਂ ਦੋਵਾਂ ਸਾਥੀਆਂ ਨੂੰ ਕਿਤੇ ਤਾਂ ਰੁਕਣਾ ਹੀ ਹੁੰਦਾ ਹੈ। ਕਈ ਵਾਰ ਉਹਨੇ ਬਹੁਤ ਹੀ ਬੇਬਾਕ ਲਹਿਜ਼ੇ ਵਿਚ ਗ੍ਰਹਿਸਥੀ 'ਤੇ ਵਰ੍ਹਨਾ, 'ਬਹੁਤ ਹੀ ਕੋਈ ਪਹੁੰਚਿਆ ਹੋਇਆ ਪ੍ਰਾਣੀ ਆਪਣੀ ਜ਼ਿੰਦਗੀ ਦੇ ਆਖਰ ਵਿਚ ਸ਼ਾਇਦ ਹੀ ਕਿਸੇ ਸਾਰਥਿਕ ਦਾਅਵੇ ਨਾਲ ਕਹਿ ਸਕੇ ਕਿ ਏਨੀ ਭਰੀ ਦੁਨੀਆ ਵਿਚ ਉਸ ਨੂੰ ਫ਼ਲਾਂ (ਫਲਾਣੇ) ਨਾਲ ਵਿਆਹ ਕਰਵਾਉਣਾ ਸਹੀ ਰਹਿਣਾ ਸੀ। ਨਹੀਂ ਤਾਂ ਆਦਰਸ਼ਕ ਵਿਆਹ ਵੀ ਆਮ ਤੌਰ 'ਤੇ ਗ਼ਲਤੀਆਂ ਹੀ ਹੁੰਦੀਆਂ ਨੇ।' ਉਸ ਦੇ ਕਹਿਣ ਦਾ ਤੱਤ ਇਹ ਸੀ ਕਿ ਇਸ ਮੁਕੰਮਲ ਜੱਗ ਵਿਚ ਜਾਂ ਏਨੀ ਨਾ-ਸੰਪੂਰਨ ਦੁਨੀਆ ਅੰਦਰ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਨਾਲ ਹੋ ਸਕਦਾ ਹੈ ਕਿ ਰੂਹਸਾਥੀ ਮਿਲ ਸਕਦਾ ਸੀ। ਯਾਨੀ ਪੂਰੇ ਯਕੀਨ ਨਾਲ ਕੋਈ ਵੀ ਨਹੀਂ ਕਹਿ ਸਕਦਾ ਕਿ ਉਸ ਦਾ ਫ਼ਲਾਂ ਰੂਹਸਾਥੀ ਇਸ ਗ੍ਰਹਿ ਦੇ ਫ਼ਲਾਂ ਖੱਲ-ਖੂੰਜੇ ਵਿਚ ਹੈ। ਵਾਹ ਪੈਣ ਤੋਂ ਬਾਅਦ ਹੀ...।
ਅਸਲ ਵਿਚ ਰੂਹਸਾਥੀ ਲੱਭਣ ਦਾ ਭੂਤ ਇਨਸਾਨ 'ਤੇ ਇਸ ਕਰਕੇ ਸਵਾਰ ਰਹਿੰਦਾ ਹੈ ਕਿ ਰੁਮਾਂਟਿਕ ਪੱਧਰ 'ਤੇ ਉਹ ਇਸ ਦੀ ਲੱਜ਼ਤ ਮਾਣਨਾ ਚਾਹੁੰਦਾ ਹੈ, ਜਦ ਕਿ ਰੁਮਾਂਟਿਕ ਪਿਆਰ ਦੀ ਪ੍ਰੰਪਰਾ ਮੁਕਾਬਲਤਨ ਕਾਫ਼ੀ ਨਵੀਂ ਹੈ। ਇਸ ਤੋਂ ਪਹਿਲਾਂ ਇਕ ਸਾਥੀ ਅਮੂਮਨ ਦੂਸਰੇ ਸਾਥੀ ਤੋਂ ਆਸ ਰੱਖਦਾ ਸੀ ਕਿ ਚੰਗੇ ਮਾੜੇ ਵਕਤਾਂ ਵਿਚ ਉਹ ਇਕ-ਦੂਜੇ ਦੀ ਬਾਂਹ ਫੜਨਗੇ। ਯਾਨੀ ਉਹ ਮਿਲ ਕੇ ਜੀਵਨ ਸੰਘਰਸ਼ ਕਰਨਗੇ। ਪਹਿਲੇ ਜ਼ਮਾਨਿਆਂ ਵਿਚ ਤੇ ਹੁਣ ਵੀ ਆਮ ਅਨੁਭਵ ਇਹੋ ਹੀ ਹੈ ਕਿ ਦੂਸਰੇ ਸਾਥੀ ਨੂੰ ਆਪਣੀ ਰੂਹ ਮੂਜਬ ਢਾਲ੍ਹਿਆ ਜਾ ਸਕਦਾ ਹੈ। ਚੰਗੇ ਤੋਂ ਚੰਗੇ ਸਾਥੀ ਦੀ ਚੋਣ ਤੇ ਕੁੰਡਲੀਆਂ ਦੇ ਮੁਕੰਮਲ ਸੁਮੇਲ ਦੇ ਬਾਵਜੂਦ ਵੀ ਇਹ ਜ਼ਰੂਰੀ ਨਹੀਂ ਕਿ ਦੋਵੇਂ ਸਾਥੀ ਛੇਤੀ ਹੀ ਇਕ-ਦੂਜੇ ਦੇ ਸਕੇ ਮਹਿਸੂਸਣ ਲੱਗ ਪੈਣ। ਵਕਤ ਬੜੀ ਡਾਢੀ ਦਵਾਈ ਹੈ। ਸਮਾਂ ਪੈ ਕੇ ਇਕ-ਦੂਜੇ ਦੀ ਹਾਜ਼ਰ ਹਜ਼ੂਰੀ ਵਿਚ ਜ਼ਿੰਦਗੀ ਬਸਰ ਕਰਨ ਨਾਲ ਹੌਲੀ-ਹੌਲੀ ਦੋਵੇਂ ਰੂਹਾਂ ਇਕ-ਦੂਜੇ ਵਿਚ ਕੁਝ ਸੱਕਾਪਨ ਮਹਿਸੂਸਣ ਲੱਗ ਪੈਂਦੀਆਂ ਹਨ। ਇਹ ਚਮਤਕਾਰ ਇਕ ਦਿਨ ਵਿਚ ਨਾ ਵੀ ਵਾਪਰੇ, ਸ਼ਾਇਦ ਸਾਲਾਂ ਲੱਗ ਜਾਣ ਜਾਂ ਉਮਰ ਦੀ ਸੁਰਮਈ ਸ਼ਾਮ ਵਿਚ, ਸ਼ੁਕਰਾਨੇ ਵਜੋਂ ਜਾਂ ਅਹਿਸਾਨਾਂ ਕਰਕੇ, ਕਾਰਨ ਬੜੇ ਨੇ, ਇਹ ਵਲਵਲਾ ਉੱਠੇ ਕੇ ਉਨ੍ਹਾਂ ਨੇ ਆਪਸੀ ਸੱਚੇ ਸਹਿਯੋਗ ਨਾਲ ਪੂਰੀ ਕਬੀਲਦਾਰੀ ਨੂੰ ਸਿਰੇ ਚੜ੍ਹਾਇਆ ਹੈ। ਲੋੜ ਹੈ ਤਾਂ ਧੀਰਜ ਦੀ, ਵਕਤ ਦੀ, ਤੋੜ ਨਿਭਾਉਣ ਦੀ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 97806-66268.

ਚਲੋ, ਵਾਤਾਵਰਨ ਬਚਾਈਏ

ਵਰ੍ਹਾ 2017 ਵੀ ਬਾਕੀ ਵਰ੍ਹਿਆਂ ਦੀ ਤਰ੍ਹਾਂ ਸਮੇਂ ਦੀ ਤੋਰ ਤੁਰਦਾ ਬੀਤ ਗਿਆ ਹੈ। ਸਾਡੀ ਸਭ ਦੀ ਉਮਰ ਵੀ ਇਕ ਸਾਲ ਅੱਗੇ ਨੂੰ ਵਧ ਗਈ ਹੈ। ਸਭ ਦੇ ਮਨਸੂਬੇ ਹੋਰ ਧਨ ਪਦਾਰਥ ਤੇ ਲੋੜਾਂ ਦੀ ਯੋਜਨਾਬੰਦੀ ਹੋਏਗੀ। ਪਰ ਕੀ ਨਵਾਂ ਸਾਲ ਸਾਡੇ ਮੱਥੇ ਨੂੰ ਠਕੋਰੇਗਾ, ਇਹ ਤੁਰਿਆ ਜਾਂਦਾ ਸਮਾਂ, ਕੀ ਸਾਡੇ ਮਨ ਦੇ ਬੂਹੇ 'ਤੇ ਠੱਕ-ਠੱਕ ਕਰੇਗਾ?
ਜਿਸ ਟਾਹਣ 'ਤੇ ਬੈਠੇ ਹੋਈਏ ਉਸ ਨੂੰ ਵੀ ਕਦੇ ਕੋਈ ਕੱਟਦਾ ਹੈ। ਜਿਥੇ ਸਭ ਵਸਦੇ ਹੋਣ ਉਹ ਧਰਤੀ, ਸਥਾਨ ਤਾਂ ਆਪਣਾ ਹੁੰਦਾ ਹੈ। ਅਸੀਂ ਸਭ ਇਸ ਧਰਤੀ ਦੀ ਧਰਮਸ਼ਾਲਾ ਵਿਚ ਵਸਦੇ, ਹੱਸਦੇ, ਰੋਂਦੇ, ਸਭ ਨੂੰ ਪਿੱਛੇ ਛੱਡ ਕੇ ਸਭਨਾਂ ਤੋਂ ਉੱਚਾ ਰੁਤਬਾ ਪਾਉਂਦੇ ਤੇ ਸਭ ਤੋਂ ਬੁੱਚਾ ਕਿਰਦਾਰ ਲੁਕਾਉਂਦੇ ਹੀ ਰਹਾਂਗੇ...?
ਅਕਾਰਣ ਤਾਂ ਨਹੀਂ ਹੈ ਇਹ ਮਨੁੱਖੀ ਕਾਰਖਾਨਾ, ਕਿੰਨੇ ਸਮਿਆਂ ਦੀ ਘਾਲਣਾ ਨਾਲ ਅੱਗੇ ਵਧੀ ਇਹ ਜੀਵਨ ਪ੍ਰਣਾਲੀ, ਕੁਦਰਤ ਦੀ ਅਨੋਖੀ ਪ੍ਰਕਿਰਿਆ ਤੇ ਮਨੁੱਖੀ ਸਿਆਣਪ ਤੇ ਸੂਝ-ਬੂਝ ਦਾ ਤਜਰਬਾ ਤੇ ਮਿਹਨਤ ਦੋਵਾਂ ਦਾ ਫਲ ਹੈ। ਲੈਣ-ਦੇਣ, ਵਪਾਰ, ਵਾਧਾ-ਘਾਟਾ, ਸਿੱਖਣਾ ਫੇਰ ਅੱਗੇ ਵਧਣਾ, ਵਸਤਾਂ ਤੇ ਅਹਿਸਾਸ ਸਭੋ ਵਿਕਾਸ ਤੇ ਮਿਹਨਤ ਦਾ ਸਿੱਟਾ ਹੈ।
ਇਨਸਾਨ ਕਹਾਉਣ ਤੇ ਬਣਨ ਵਿਚ ਢੇਰ ਅੰਤਰ ਹੈ। ਅਸੂਲ ਬਣਾਉਂਦੇ ਨੇ ਇਨਸਾਨ ਤੇ ਉਸ ਦਾ ਸੁਚੱਜਾ ਵਰਤਾਰਾ ਤੇ ਤਾਲ-ਮੇਲ ਕੁਦਰਤ ਦੀ ਬਖਸ਼ਿਸ਼ ਨੂੰ ਕਦਰ ਨਾਲ ਵਰਤਦਾ ਲੈਅ ਵਿਚ ਤੁਰਦਾ ਜਾਂਦਾ ਹੈ, ਜੀਵਨ ਪ੍ਰਣਾਲੀ ਨੂੰ ਅੱਗੇ ਤੋਰਦਾ, ਵਰ੍ਹਿਆਂ ਦੇ ਨਾਲ ਤੁਰਦਾ, ਸਦੀਆਂ ਦੇ ਪੰਨੇ ਲਿਖਦਾ, ਹਰ ਇਕ ਦੇ ਆਚਰਣ ਵਿਚ ਉਸ ਦਾ ਮਾਤਾ-ਪਿਤਾ, ਪੂਰਵਜ਼, ਜਿਊਣ ਦੀ ਖੇਡ ਨਾਲ ਉਸ ਵਿਚ ਮੌਜੂਦ ਹਨ, ਉਨ੍ਹਾਂ ਨੂੰ ਹੋਰ ਲਿਸ਼ਕਾਉਂਦਾ, ਆਪਣਾ ਯੋਗਦਾਨ ਪਾਉਂਦਾ ਹੈ ਹਰੇਕ, ਤੇ ਹਰੇਕ ਨੂੰ ਬਣਾਉਂਦੇ ਹਨ ਉਸ ਦੇ ਅਸੂਲ। ਅਸੂਲ ਜੋ ਮਿਲਦੇ ਹੋਣ, ਅਧਿਆਪਕਾਂ ਕੋਲੋਂ, ਸਿਖਣਾ ਜੋ ਮਿਲਦਾ ਹੈ ਸਿੱਖਣ ਵਾਲੇ ਨੂੰ ਲਿਖਾਰੀ, ਡਾਕਟਰ, ਦੋਸਤ, ਮਿੱਤਰ, ਸਹਿਪਾਠੀ, ਸਹਿਯੋਗੀ ਕੋਲੋਂ। ਆਪਣੇ ਮਨਪਸੰਦ ਅਸੂਲਾਂ ਦਾ ਗੁਲਦਸਤਾ ਤਿਆਰ ਕਰੇ, ਹਰ ਕੋਈ ਆਜ਼ਾਦ ਹੋ, ਇਸ ਲਈ..., ਪਰ ਕਿਸ ਪੜਾਅ 'ਤੇ ਖੜ੍ਹੇ ਹਾਂ ਅਸੀਂ ਕਿ ਅਸੂਲਾਂ ਵਾਲਾ ਬੰਦਾ ਅੱਜ ਖ਼ਾਮੋਸ਼ ਹੁੰਦਾ ਜਾ ਰਿਹਾ ਹੈ। ਪਦਾਰਥਵਾਦ ਤੇ ਬਾਜ਼ਾਰ, ਵਪਾਰ ਦੇ ਇਸ ਯੁੱਗ ਨੇ ਵਿਦਵਾਨਾਂ ਨੂੰ ਵਿਚਾਰਸ਼ੀਲਾਂ ਨੂੰ ਵਾਧੂ ਨਕਾਰਨ ਵਿਚ ਕੋਈ ਕਸਰ ਨਹੀਂ ਰੱਖੀ, ਭੀੜ ਵਿਚ ਚੱਕੀਰਾਹੇ ਦੀ ਸੁਣਦਾ ਹੀ ਕੌਣ ਹੈ।
ਮੈਂ ਪਿਛਲੇ ਡੇਢ ਕੁ ਦਹਾਕੇ ਤੋਂ ਸਮੇਂ-ਸਮੇਂ ਸਿਰ ਅਖ਼ਬਾਰ ਲਈ ਲਿਖਦੀ ਰਹੀ ਆਪਣੀ ਸੂਝ-ਬੂਝ ਮੁਤਾਬਿਕ। ਪਰ ਤਕਰੀਬਨ ਤਿੰਨ ਕੁ ਸਾਲਾਂ ਤੋਂ ਕਲਮ ਬਿਲਕੁਲ ਚੁੱਪ ਸੀ। ਇੰਜ ਲੱਗੇ ਕਿ ਕਲਾ ਦਾ ਕੋਈ ਅਗਲਾ ਪੜਾਅ ਇਵੇਂ ਹੁੰਦਾ ਹੋਵੇਗਾ, ਪਰ ਗਹਿਰੀ ਸੁੰਨ... ਹਿੰਮਤ ਜਿਹੀ ਕਰ ਕੇ ਡੂੰਘਾ ਟਟੋਲਿਆ ਤੇ ਵੇਦਨਾ ਜਿਹੀ ਭਰ ਕੇ ਇਕ ਛੋਟੀ ਜਿਹੀ ਘਟਨਾ ਸਾਹਮਣੇ ਆ ਖੜ੍ਹੀ... ਘਰ ਤੱਕ ਅਖ਼ਬਾਰ ਨੂੰ ਪਹੁੰਚਾਉਣ ਵਾਲਾ ਲੜਕਾ ਕੁਝ ਕੋਤਾਹੀ ਵਰਤਦਾ, ਕਦੇ ਅਖ਼ਬਾਰ ਨਾਲੀ ਵਿਚ, ਕਦੇ ਬਾਰਿਸ਼ ਵਿਚ, ਕਦੇ ਦੋ ਦਿਨ ਦਾ ਅਖ਼ਬਾਰ ਇਕੱਠਾ ਤੇ ਕਦੇ ਮੈਗਜ਼ੀਨ ਵਾਲਾ ਸਫ਼ਾ ਗ਼ਾਇਬ, ਬਿੱਲ ਲੈਣ ਲਈ ਪੁੱਜੇ ਏਜੰਸੀ ਮਾਲਕ ਨੂੰ ਸ਼ਿਕਾਇਤ ਕਰ ਦੇਣ 'ਤੇ ਸਾਡਾ ਅਖ਼ਬਾਰ ਬੰਦ। ਰੋਜ਼ ਦਾ ਚਾਹ ਦਾ ਸਾਥੀ ਅਖ਼ਬਾਰ ਗ਼ਾਇਬ ਹੋ ਗਿਆ। ਹਰ ਰੋਜ਼ ਸਾਡਾ ਸਹਾਇਕ ਚਾਰ-ਪੰਜ ਕਿਲੋਮੀਟਰ ਤੋਂ ਅਖ਼ਬਾਰ ਲੱਭ ਕੇ ਲਿਆਵੇ, ਮਨ ਤੇ ਬਿਰਤੀ ਵੀ ਦੋਵੇਂ ਅੱਕ-ਥੱਕ ਗਏ।
ਮੇਰੇ ਨਾਲੋਂ ਕਿਤੇ ਪ੍ਰੇਸ਼ਾਨ ਮੇਰਾ ਸਾਥੀ ਪਰਮਜੀਤ ਮਾਂਗਟ, ਕਦੇ ਅਖ਼ਬਾਰ ਕਿਸੇ ਦੂਸਰੇ ਦੇ ਘਰ ਸੁਟਵਾ ਕੇ ਬਿੱਲ ਦਿਓ, ਫਿਰ ਪਿੰਡ ਵਿਚ ਬੈਠੇ ਹੋਣ ਕਾਰਨ ਪੰਜਾਬੀਅਤ ਦੀ ਸਹੀ ਸ਼ਬਦਾਂ ਵਿਚ ਤਰਜ਼ਮਾਨੀ ਕਰਨ ਦੀ ਸਜ਼ਾ, ਤੇ ਫੇਰ...ਫੇਰ... ਕਈ ਵਾਰ ਕਰਕੇ ਅਖ਼ਬਾਰ ਬੰਦ, ਪਰ ਕੁਦਰਤ ਵੀ ਬਲਵਾਨ ਤੇ ਮਿੱਤਰ ਹੀ ਰਹਿੰਦੀ ਹੈ। ਮੇਰੇ ਸਾਥੀ ਪਰਮਜੀਤ ਮਾਂਗਟ ਇਸ ਸਦਮੇ ਕਾਰਨ ਡਾਇਰੀ ਲਿਖਣ ਲੱਗੇ ਤੇ ਚੰਗੀ ਲੇਖਣੀ ਅੱਗੇ ਆਉਣ ਲੱਗੀ ਤੇ ਕੁਦਰਤ ਨੇ ਤਾਂ ਫਿਰ ਦੋਹਰੀ ਬਖ਼ਸ਼ਿਸ਼ ਕਰ ਦਿੱਤੀ ਤੇ ਅੱਜ ਫਿਰ ਮਨ ਨੇ ਅੰਗੜਾਈ ਭਰੀ ਕਿ ਚੱਲ ਫਿਰ ਤੋਂ ਵਿਚਾਰਾਂ ਦੀ ਸਾਂਝ ਪਾਈਏ...।
ਅੱਜ ਇਕ ਰੁੱਖ ਜੋ ਮੇਰੇ ਕਮਰੇ ਦੀ ਬਾਰੀ ਦੇ ਸਾਹਮਣੇ ਖੜ੍ਹਾ ਹੈ, ਉਸ ਦੇ ਪਿੱਛੇ ਖੜ੍ਹੇ ਝਾੜੀਨੁਮਾ ਛੋਟੇ-ਛੋਟੇ ਪੌਦੇ, ਸਭ ਇਕ ਵਿਸਮਾਦੀ ਚੁੱਪਧਾਰੀ ਖੜ੍ਹੇ ਹਨ, ਇਨ੍ਹਾਂ ਸਭਨਾਂ ਨੇ ਝੁਲਸਦੀ ਗਰਮੀ... ਲੂ... ਘੱਟਾ ਮਿੱਟੀ, ਧੂੰਆਂ... ਜ਼ਹਿਰ ਤੇ ਸਾਡਾ ਸਭ ਦਾ ਪੈਦਾ ਕੀਤਾ ਖ਼ਤਰਨਾਕ ਪ੍ਰਦੂਸ਼ਣ ਸਭੋ ਕੁਝ ਆਪਣੇ ਅੰਦਰ ਸੋਖ਼ ਲਿਆ ਸੀ। ਫਿਰ ਇਹ ਤੇਜ਼ ਹਨੇਰੀਆਂ ਵਿਚ ਲਿਫ਼-ਲਿਫ਼ ਕੇ ਨੀਵੇਂ ਹੋ ਕੇ ਇਸ ਧਰਤੀ ਨੂੰ ਸਿਜਦਾ ਹੀ ਕਰਦੇ ਰਹੇ, ਕਈ ਟਾਹਣ ਵੀ ਟੁੱਟੇ, ਕਈ ਪੰਛੀਆਂ ਦੇ ਆਲ੍ਹਣੇ ਵੀ ਡਿੱਗੇ, ਪਰ ਕਿਣਮਿਣ ਕਣੀਆਂ ਦੀ ਫੁਹਾਰ ਨੇ ਇਨ੍ਹਾਂ ਨੂੰ ਸਭ ਕੁਝ ਭੁਲਾ ਦਿੱਤਾ। ਪੱਤਿਆਂ ਦੀ ਸਾਰੀ ਮਿੱਟੀ ਲਾਹ ਸੁੱਟੀ ਤੇ ਤਿਪ-ਤਿਪ ਫੁਹਾਰਾਂ ਨੇ ਇਨ੍ਹਾਂ ਵਿਚ ਨਵੀਂ ਰੂਹ ਭਰ ਦਿੱਤੀ, ਇਨ੍ਹਾਂ ਸਾਵੇ-ਸਾਵੇ ਪੱਤਰਾਂ ਵਿਚ ਫੁੱਲ ਵੀ ਖਿੜੇ ਤੇ ਫਲ ਵੀ ਟਪਕੇ, ਰਸ ਵੀ ਡੁੱਲ੍ਹਿਆ। ਚੰਬਾ ਕਲੀਆਂ, ਗੁਲਾਬ ਕਿਆਰੀਆਂ ਸਭੇ ਮਹਿਕੇ, ਛੋਟੀ-ਛੋਟੀ ਪ੍ਰਕਿਰਿਆ, ਗਤੀ ਤੇ ਨਤੀਜਾ, ਟਿਕਿਆ ਹੋਇਆ ਇਕ ਸਾਰ... ਪਰ ਤੂੰ ਨਾ ਟਿਕਿਆ...ਵੇ ਮਨਾ... ਕੁਦਰਤ ਦੀ ਲੈਅ ਗਤੀ ਤੋਂ ਬਾਹਰਾ ਹੋ ਕੇ ਭੱਜਦਾ ਹੀ ਰਿਹਾ, ਤੇਰੀਆਂ ਲੋੜਾਂ ਤੇਰੀਆਂ ਭੁੱਖਾਂ ਤੇਰੇ ਸੁਪਨੇ ਕੁਦਰਤ ਤੋਂ ਬਾਹਰ ਹੀ ਹਨ... ਫਿਰ ਇਨ੍ਹਾਂ ਨੂੰ ਪੂਰਨ ਲਈ ਸ਼ੈਤਾਨੀ ਨੀਤੀਆਂ, ਜਦੋਂ ਤੇਰੇ ਸਭੋ ਕਾਰੇ ਤੇਰੇ ਆੜੇ ਆਉਂਦੇ ਹਨ ਤੇ ਕਿੰਨਾ ਰੋਂਦਾ, ਪਿੱਟਦਾ ਹੈਂ ਤੇ ਦੋਸ਼ ਕੁਦਰਤ ਨੂੰ ਦਿੰਦਾ ਹੈਂ... ਤੇਰਾ ਕੁਝ ਨਹੀਂ ਬਣਨਾ, ਤੇਰੀ ਭਟਕਣਾ ਤੇਰੀ ਹੀ ਸਿਰਜਣਾ ਹੈ... ਸਿਰਜਕ ਦੀ ਸਿਰਜਣਾ ਤੇ ਇਕ ਤਾਲ, ਇਕ ਸਾਰ ਮਲਕੜੇ ਜਿਹੇ ਤੁਰਦੀ ਕੰਨੋ-ਕੰਨੀ ਖ਼ਬਰ ਨਹੀਂ ਹੋਣ ਦਿੰਦੀ, ਤੇਰੇ ਲਾਏ ਲਾਂਬੂ ਨੂੰ ਜਗ ਦੇਖਦਾ ਹੈ, ਉਸ ਦੀ ਲੱਗੀ ਤੇ ਅੰਦਰੋਂ ਅੰਦਰੀ ਧੁਖਦੀ ਮਘਦੀ ਜਿਹੀ ਸੇਕ ਦਿੰਦੀ, ਰਾੜ੍ਹ ਕੇ ਰੱਖ ਦਿੰਦੀ ਹੈ, ਕੱਚਾ ਰਤਾ ਨਹੀਂ ਛੱਡਦੀ, ਜਿਸ ਨੂੰ ਪਕਾਉਣ 'ਤੇ ਰੱਖ ਦੇਵੇ, ਤੇਰੀ ਹਰ ਫ਼ਸਲ ਭਰ ਜਾਂਦੀ ਹੈ, ਪੱਕ ਜਾਂਦੀ ਹੈ... ਹਰ ਪੇਟ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਇਸ ਨੂੰ ਵੀ ਹਰ ਮੌਸਮ ਦਾ ਵਾਰ ਝੱਲਣਾ ਪੈਂਦਾ ਹੈ, ਪਰ ਤੇਰੇ ਪੱਲੇ ਨਹੀਂ ਪੈਂਦੀ। ਤੇਰੀਆਂ ਕਿੰਨੀਆਂ ਫ਼ਸਲਾਂ ਪੱਕੀਆਂ, ਨੋਟ ਬਣੀਆਂ, ਤੇਰੀਆਂ ਲੋੜਾਂ ਪੂਰੀਆਂ ਪਰ ਤੇਰੀਆਂ ਲੋੜਾਂ, ਯੋਜਨਾਵਾਂ ਫਿਰ ਕਰਜ਼ੇ ਤੇ ਖੁਦਕੁਸ਼ੀਆਂ ਬਣਦੀਆਂ ਹੀ ਰਹੀਆਂ। ਕਿਉਂਕਿ ਇਹ ਤੇਰੀ ਯੋਜਨਾ ਹੈ, ਇਹ ਤੇਰੇ ਜੀਵਨ ਦੇ ਵੱਡੇ ਸਮਾਗਮ, ਵੱਡੇ ਵਿਆਹ, ਵੱਡਾ ਦਿਖਾਵਾ ਤੇਰਾ ਨੱਕ, ਤੇਰਾ ਵਿਹਾਰ, ਤੇਰੀ ਯੋਜਨਾਬੰਦੀ ਦਾ ਸਿੱਟਾ ਹੈ। ਏਨੀ ਕੁਹਜੀ-ਕੁਚੱਜੀ ਜੀਵਨਸ਼ੈਲੀ, ਜਾਪੇ ਜਿਵੇਂ ਅਸਮਾਨ ਛੂਹ ਲਿਆ...। ਵਾਹ!...ਕਾਸ਼! ਇਹ ਸਾਲ ਤੈਨੂੰ ਬਦਲੇ, ਮਨਾ ਕਿਤੇ ਮੰਨ ਜਾਵੇਂ ਤੂੰ ਇਸ ਵਾਰੀ, ਚੱਲ ਇਸ ਧੁੰਦ ਦੀ ਚਾਦਰ ਥੱਲੇ ਦੁਆ ਕਰੀਏ! ਇਸ ਵਾਰ ਬਸੰਤ ਆਵੇ ਜ਼ਰੂਰ, ਤੂੰ ਤੇ ਮੈਂ ਬਸੰਤੀ ਹੋ ਜਾਈਏ... ਚੱਲ ਫਿਰ ਦੁਆਵਾਂ ਕਰੀਏ... ਇਹ ਵਾਤਾਵਰਨ ਬਚੇ... ਚੰਗੇ ਸਾਹ ਲੈਣ ਜੋਗਾ... ਚੱਲ ਵਾਤਾਵਰਨ ਬਚਾਈਏ ਤਨ ਤੇ ਮਨ ਦੋਵਾਂ ਦਾ...।

-ਪਿੰਡ ਤੇ ਡਾਕ: ਛੰਦੜਾਂ, ਜ਼ਿਲ੍ਹਾ ਲੁਧਿਆਣਾ-141113.
ਮੋਬਾਈਲ : 98141-25722.

ਭੁੱਲੀਆਂ ਵਿਸਰੀਆਂ ਯਾਦਾਂ

ਪੰਜਾਬੀ ਫ਼ਿਲਮਾਂ ਵਿਚ, ਨਾਟਕਾਂ ਵਿਚ ਤੇ ਟੀ.ਵੀ. ਦੇ ਲੜੀਵਾਰ ਪ੍ਰੋਗਰਾਮਾਂ ਵਿਚ ਹਰਭਜਨ ਜੱਬਲ ਜਿਹੜੀ ਕਲਾ ਵਿਖਾ ਗਏ ਤੇ ਦਰਸ਼ਕਾਂ ਨੂੰ ਹਸਾ ਗਏ ਹਨ, ਉਹ ਕਲਾ ਕਿਸੇ ਹੋਰ ਕਲਾਕਾਰ ਦੇ ਹਿੱਸੇ ਨਹੀਂ ਆਈ। ਹਰਭਜਨ ਜੱਬਲ ਨੂੰ ਹਿੰਦੀ ਫ਼ਿਲਮਾਂ ਵਾਲਿਆਂ ਨੇ ਆਖਿਆ ਸੀ, 'ਅਸੀਂ ਤੈਨੂੰ ਆਪਣੀ ਫ਼ਿਲਮ ਦਾ ਹੀਰੋ ਲੈਂਦੇ ਹਾਂ, ਤੂੰ ਆਪਣੇ ਕੇਸ, ਦਾੜ੍ਹੀ ਮੁਨਾ ਦੇ।' ਜੱਬਲ ਨੇ ਆਖਿਆ, 'ਕੇਸ-ਦਾੜ੍ਹੀ ਮੇਰੇ ਗੁਰੂ ਦੀ ਦਿੱਤੀ ਹੋਈ ਦਾਤ ਹੈ ਮੈਨੂੰ, ਮੈਂ ਹੀਰੋ ਬਣਨ ਲਈ ਕੇਸ-ਦਾੜ੍ਹੀ ਨਹੀਂ ਮੁਨਾ ਸਕਦਾ ਤੇ ਨਾ ਹੀ ਤੁਹਾਡੀ ਫ਼ਿਲਮ ਦਾ ਹੀਰੋ ਬਣ ਸਕਦਾ ਹਾਂ।' ਅਖੀਰ ਤੱਕ ਜੱਬਲ ਕੇਸਾਂ ਤੇ ਦਾੜ੍ਹੀ ਨਾਲ ਹੀ ਫ਼ਿਲਮਾਂ ਤੇ ਨਾਟਕਾਂ ਵਿਚ ਕੰਮ ਕਰਦਾ ਰਿਹਾ ਸੀ। ਪਰ ਅੱਜ ਦੇ ਕਲਾਕਾਰ ਹੀਰੋ ਬਣਨ ਲਈ ਹਰ ਸਮਝੌਤਾ ਕਰ ਲੈਂਦੇ ਹਨ। ਬਹੁਤ ਘੱਟ ਕਲਾਕਾਰ ਹਨ ਜਿਹੜੇ ਕੇਸਾਂ ਤੇ ਦਾੜ੍ਹੀ ਨਾਲ ਫ਼ਿਲਮਾਂ ਤੇ ਨਾਟਕਾਂ ਵਿਚ ਕੰਮ ਕਰਦੇ ਹਨ। ਜੱਬਲ ਯਾਰਾਂ ਦਾ ਯਾਰ ਸੀ। ਉਹ ਤੇ ਉਸ ਦੀ ਘਰਵਾਲੀ ਇਸ ਸੰਸਾਰ ਵਿਚ ਨਹੀਂ ਪਰ ਕਲੋਲਾਂ ਕਰਦੇ ਆਪਣੀ ਇਕ ਯਾਦ ਛੱਡ ਗਏ ਹਨ।

-ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-136

ਅੰਤਰਰਾਸ਼ਟਰੀ ਪਛਾਣ ਦਿਵਾਉਣ ਵਾਲਾ ਮਹਿਬੂਬ ਖ਼ਾਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਤਰ੍ਹਾਂ 1935 ਵਿਚ ਮਹਿਬੂਬ ਖ਼ਾਨ ਨੇ 'ਅਲ ਹਿਲਾਲ' ਫ਼ਿਲਮ ਦਾ ਨਿਰਦੇਸ਼ਨ ਕੀਤਾ। ਇਹ ਫ਼ਿਲਮ ਹਾਲੀਵੁੱਡ ਦੇ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਸੀਸਿਲ ਬੀ ਡੀਮੈਲੀ ਦੀ ਫ਼ਿਲਮ 'ਦਿ ਸਾਈਨ ਆਫ਼ ਕ੍ਰਾਸ' (1932) ਤੋਂ ਪ੍ਰੇਰਿਤ ਸੀ। ਫ਼ਿਲਮ ਵਿਚ ਉਸ ਵੇਲੇ ਦੇ ਚਰਚਿਤ ਸਿਤਾਰੇ ਕੁਨਾਰ, ਇੰਦਰਾ, ਸਿਤਾਰਾ ਦੇਵੀ, ਯਾਕੂਬ ਸ਼ਾਮਿਲ ਸਨ। ਅਰਬ ਅਤੇ ਰੋਮ ਦੇ ਦਰਮਿਆਨ ਯੁੱਧ ਦੇ ਪਿਛੋਕੜ 'ਤੇ ਆਧਾਰਿਤ ਇਹ ਫ਼ਿਲਮ ਦਰਸ਼ਕਾਂ ਦਾ ਮਨ ਜਿੱਤਣ 'ਚ ਸਫ਼ਲ ਰਹੀ ਸੀ।
'ਅਲ ਹਿਲਾਲ' ਦੀ ਕਾਮਯਾਬੀ ਤੋਂ ਫੌਰਨ ਬਾਅਦ ਸਾਗਰ ਮੂਵੀਟੋਨ ਵਾਲਿਆਂ ਨੇ ਉਸਨੂੰ ਆਪਣੀ ਅਗਲੀ ਫ਼ਿਲਮ 'ਚੈਲੇਂਜ' ਦਾ ਨਿਰਦੇਸ਼ਨ ਦੇਣ ਦੀ ਵੀ ਘੋਸ਼ਣਾ ਕਰ ਦਿੱਤੀ, ਜਿਸ ਦਾ ਨਾਇਕ ਮੋਤੀ ਲਾਲ ਸੀ। ਮੋਤੀ ਲਾਲ ਤੋਂ ਮਹਿਬੂਬ ਖ਼ਾਨ ਖ਼ੁਸ਼ ਨਹੀਂ ਸੀ, ਕਿਉਂਕਿ ਉਸ ਦੇ ਕਾਰਨ ਹੀ ਉਹ ਇਕ ਫ਼ਿਲਮ 'ਚ ਹੀਰੋ ਬਣਨ ਤੋਂ ਵਾਂਝਿਆ ਰਹਿ ਗਿਆ ਸੀ। ਇਸ ਲਈ ਉਸ ਨੇ ਸਾਗਰ ਮੂਵੀਟੋਨ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ। ਇਕ ਵਾਰ ਫਿਰ ਫਰਦੂਨ ਇਰਾਨੀ ਹੀ ਉਸ ਦੀ ਮਦਦ ਲਈ ਅੱਗੇ ਆਇਆ ਅਤੇ ਉਸ ਨੇ ਸਮਝੌਤਾ ਕਰਵਾ ਦਿੱਤਾ।
ਇਸ ਸਮਝੌਤੇ ਦੇ ਅਨੁਸਾਰ ਹੁਣ ਸਟਾਰ ਕਾਸਟ ਸਾਰੀ ਬਦਲ ਦਿੱਤੀ ਗਈ ਸੀ। ਫ਼ਿਲਮ ਦਾ ਟਾਈਟਲ ਵੀ 'ਚੈਲੇਂਜ' ਤੋਂ ਬਦਲ ਕੇ 'ਡੈਕਨ ਕਵੀਨ' ਰੱਖ ਦਿੱਤਾ ਗਿਆ ਸੀ। ਮੋਤੀ ਲਾਲ ਦੀ ਥਾਂ 'ਤੇ ਸੁਰਿੰਦਰ ਨਾਥ ਨੂੰ ਪ੍ਰਮੁੱਖ ਭੂਮਿਕਾ ਦਿੱਤੀ ਗਈ।
ਸਾਗਰ ਮੂਵੀਟੋਨ ਨੇ ਹੀ ਫਿਰ ਉਸ ਨੂੰ 'ਮਨਮੋਹਨ' (1936) ਫ਼ਿਲਮ ਦਾ ਨਿਰਦੇਸ਼ਨ ਸੌਂਪਿਆ। ਇਹ ਫ਼ਿਲਮ ਨਿਊ ਥੀਏਟਰ (ਕਲਕੱਤਾ) ਦੀ ਫ਼ਿਲਮ 'ਦੇਵਦਾਸ' ਤੋਂ ਪ੍ਰੇਰਿਤ ਸੀ। ਇਹ ਮੂਵੀ ਵੀ ਹਿੱਟ ਹੋਈ ਅਤੇ ਇਸ ਤੋਂ ਬਾਅਦ 1937 ਤੋਂ 1940 ਤੱਕ ਮਹਿਬੂਬ ਖ਼ਾਨ ਨੇ ਸਾਗਰ ਮੂਵੀਟੋਨ ਲਈ 'ਜਾਗੀਰਦਾਰ', 'ਹਮ ਤੁਮ ਔਰ ਵੋਹ', 'ਵਤਨ', 'ਏਕ ਹੀ ਰਾਸਤਾ' ਅਤੇ 'ਅਲੀ ਬਾਬਾ ਔਰ ਚਾਲੀਸ ਚੋਰ' ਆਦਿ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਜਦੋਂ 'ਅਲੀ ਬਾਬਾ ਔਰ ਚਾਲੀਸ ਚੋਰ' ਆਰੰਭ ਕੀਤੀ ਗਈ ਤਾਂ ਮਹਿਬੂਬ ਨੇ ਇਸ ਦਾ ਮਹੂਰਤ ਇੰਪੀਰੀਅਲ ਸਟੂਡੀਓ 'ਚ ਕਰਨ ਦਾ ਫ਼ੈਸਲਾ ਕੀਤਾ। ਇਹ ਉਹੀ ਸਟੂਡੀਓ ਸੀ, ਜਿਸ ਦੀ ਇਸੇ ਹੀ ਟਾਈਟਲ ਅਧੀਨ ਨਿਰਮਿਤ ਫ਼ਿਲਮ 'ਚ ਮਹਿਬੂਬ ਖ਼ਾਨ ਨੂੰ ਚਾਲੀ ਚੋਰਾਂ 'ਚ ਸ਼ਾਮਿਲ ਕਰ ਕੇ ਇਕ ਡਰੰਮ 'ਚ ਪਾ ਦਿੱਤਾ ਗਿਆ ਸੀ। ਮਹਿਬੂਬ ਦੀ 'ਅਲੀ ਬਾਬਾ' ਵਿਚ ਸੁਰਿੰਦਰ ਨੇ ਡਬਲ ਰੋਲ ਕੀਤਾ ਸੀ ਅਤੇ ਸਰਦਾਰ ਅਖ਼ਤਰ ਉਸ ਦੀ ਨਾਇਕਾ ਸੀ। ਸਰਦਾਰ ਅਖ਼ਤਰ ਨਾਲ ਇਸੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਮਹਿਬੂਬ ਦਾ ਪਿਆਰ ਸਿਰੇ ਚੜ੍ਹਿਆ ਅਤੇ ਦੋਵਾਂ ਨੇ ਸ਼ਾਦੀ ਕਰ ਲਈ। ਇਹ ਮਹਿਬੂਬ ਦੀ ਦੂਸਰੀ ਸ਼ਾਦੀ ਸੀ।
ਪਰ ਸਾਗਰ ਮੂਵੀਟੋਨ ਦੀ ਅਚਾਨਕ ਹੀ ਮਾਲੀ ਹਾਲਤ ਕਾਫ਼ੀ ਵਿਗੜ ਗਈ ਸੀ। ਇਸ ਲਈ ਇਸ ਕੰਪਨੀ ਨੂੰ ਬੰਦ ਕਰ ਕੇ ਇਸ ਨੂੰ ਨਵਾਂ ਨਾਂਅ ਨੈਸ਼ਨਲ ਸਟੂਡੀਓ ਦੇ ਕੇ ਦੁਬਾਰਾ ਫ਼ਿਲਮ ਨਿਰਮਾਣ ਸ਼ੁਰੂ ਕੀਤਾ ਗਿਆ। ਇਸ ਨਵੇਂ ਬੈਨਰ ਅਧੀਨ ਹੀ ਮਹਿਬੂਬ ਨੇ 'ਔਰਤ' (1940), 'ਬਹਿਨ' (1941) ਅਤੇ 'ਰੋਟੀ' (1942) ਵਰਗੀਆਂ ਸਫ਼ਲ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। 'ਰੋਟੀ' ਕਿਸੇ ਬਾਹਰਲੇ ਬੈਨਰ ਲਈ ਬਣਾਈ ਗਈ ਅੰਤਿਮ ਫ਼ਿਲਮ ਸੀ ਕਿਉਂਕਿ ਉਸ ਤੋਂ ਬਾਅਦ ਉਸ ਨੇ ਆਪਣਾ ਬੈਨਰ ਸਥਾਪਤ ਕਰ ਲਿਆ ਸੀ।
ਆਪਣੇ ਬੈਨਰ (ਮਹਿਬੂਬ ਖ਼ਾਨ ਪ੍ਰੋਡਕਸ਼ਨਜ਼) ਦੇ ਅਧੀਨ ਉਸ ਨੇ ਸਭ ਤੋਂ ਪਹਿਲਾਂ 'ਨਜ਼ਮਾ' ਦਾ ਨਿਰਮਾਣ ਕੀਤਾ। ਇਸ ਫ਼ਿਲਮ ਦਾ ਪਿਛੋਕੜ ਲਖਨਊ ਨਾਲ ਜੁੜਦਾ ਸੀ। ਭਾਰਤੀ ਸਿਨੇਮਾ 'ਚ ਪਹਿਲੀ ਵਾਰ ਮੁਸਲਿਮ ਸੱਭਿਆਚਾਰ ਨੂੰ ਰਜਤਪਟ 'ਤੇ ਦਿਖਾਉਣ ਦਾ ਸਿਲਸਿਲਾ ਇਥੋਂ ਹੀ ਸ਼ੁਰੂ ਹੋਇਆ ਸੀ। ਇਸ 'ਚ ਅਸ਼ੋਕ ਕੁਮਾਰ ਨਾਇਕ ਸੀ, ਜਦੋਂ ਕਿ ਨਾਇਕਾ ਦੀ ਭੂਮਿਕਾ ਵੀਨਾ ਨੇ ਪੇਸ਼ ਕੀਤੀ ਸੀ। ਅਸ਼ੋਕ ਕੁਮਾਰ ਨੇ ਡਾਕਟਰ ਯੂਸਫ ਦਾ ਰੋਲ ਨਿਭਾਇਆ ਸੀ, ਜੋ ਕਿ ਆਪਣੇ ਅਮੀਰ ਮਕਾਨ ਮਾਲਕ ਦੀ ਲੜਕੀ (ਵੀਨਾ) ਨਾਲ ਪਿਆਰ ਕਰਦਾ ਹੈ ਪਰ ਸਮਾਜਿਕ ਰੁਕਾਵਟਾਂ ਕਰ ਕੇ ਉਸ ਨਾਲ ਸ਼ਾਦੀ ਨਹੀਂ ਕਰ ਸਕਦਾ। ਅਪ੍ਰਤੱਖ ਤੌਰ 'ਤੇ ਮਹਿਬੂਬ ਖ਼ਾਨ ਨੇ ਇਕ ਵਾਰ ਫਿਰ ਸਮਾਜਿਕ ਕੁਰੀਤੀਆਂ 'ਤੇ ਚੋਟ ਕੀਤੀ ਸੀ।
'ਨਜ਼ਮਾ' ਦੇ ਹਿੱਟ ਹੋਣ ਤੋਂ ਬਾਅਦ ਮਹਿਬੂਬ ਨੇ 'ਤਕਦੀਰ' ਮੂਵੀ ਬਣਾਈ। 'ਤਕਦੀਰ' ਨੂੰ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਇਸ 'ਚ ਉਸ ਨੇ 14 ਸਾਲ ਦੀ ਨਰਗਿਸ ਨੂੰ ਲਾਂਚ ਕੀਤਾ ਸੀ। ਮਹਿਬੂਬ ਹਾਲੀਵੁੱਡ ਦੀ ਸ਼ੈਲੀ 'ਚ ਵੱਡੇ ਕੈਨਵਸ ਵਾਲੀ ਕੋਈ ਫ਼ਿਲਮ ਬਣਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ 'ਹੁਮਾਯੂੰ' (1945) ਦਾ ਨਿਰਮਾਣ ਕੀਤਾ। ਵੱਡੇ ਬਜਟ ਦੀ ਇਸ ਫ਼ਿਲਮ 'ਚ ਅਸ਼ੋਕ ਕੁਮਾਰ, ਵੀਨਾ ਅਤੇ ਨਰਗਿਸ ਵਰਗੇ ਸਿਤਾਰੇ ਸਨ। ਸੰਵਾਦ ਆਗਾ ਜਾਨੀ ਕਸ਼ਮੀਰੀ ਨੇ ਲਿਖੇ ਸਨ। ਫ਼ਿਲਮ ਨੂੰ ਆਲੋਚਕਾਂ ਨੇ ਤਾਂ ਪਸੰਦ ਕੀਤਾ ਸੀ ਪਰ ਅਗਲੀ ਕਤਾਰ ਦਿਆਂ ਦਰਸ਼ਕਾਂ ਨੇ ਇਸ ਪ੍ਰਤੀ ਵਿਸ਼ੇਸ਼ ਰੁਚੀ ਨਹੀਂ ਦਿਖਾਈ ਸੀ। (ਬਾਕੀ ਅਗਲੇ ਅੰਕ 'ਚ)

-ਮੋਬਾਈਲ : 099154-93043.

ਮੁਕਤਸਰ ਦਾ ਇਤਿਹਾਸ ਤੇ ਵਰਤਮਾਨ

ਪੰਜਾਬ ਦਾ ਮੱਧਕਾਲੀ ਇਤਿਹਾਸ ਜੰਗਾਂ ਯੁੱਧਾਂ ਦਾ ਇਤਿਹਾਸ ਹੈ ਪਰ ਇਸ ਇਤਿਹਾਸ ਨੇ ਜਿਥੇ ਇਤਿਹਾਸਕ ਨਗਰਾਂ ਨੂੰ ਵਸਾਇਆ, ਉਥੇ ਪੰਜਾਬ ਦੇ ਭਵਿੱਖ ਲਈ ਨਵੀਆਂ ਪਰੰਪਰਾਵਾਂ ਵੀ ਸਿਰਜੀਆਂ ਅਤੇ ਨਵੀਆਂ ਰਵਾਇਤਾਂ ਰਾਹੀਂ ਮਨੁੱਖ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗ਼ਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਇਕ ਵਿਲੱਖਣ ਘਟਨਾ ਨਾਲ ਜੁੜਿਆ ਹੋਇਆ ਹੈ।
ਕਿਹਾ ਜਾਂਦਾ ਹੈ ਕਿ ਪੁਰਾਤਨ ਕਸਬੇ ਜਲਾਲਾਬਾਦ (ਪੱਛਮੀ) ਦੇ ਤਿੰਨ ਖੱਤਰੀ ਭਰਾ ਸਨ। ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ। ਇਹ ਤਿੰਨੋ ਸ਼ਿਵ ਜੀ ਦੇ ਪੱਕੇ ਉਪਾਸ਼ਕ ਸਨ। ਇਨ੍ਹਾਂ ਦੇ ਨਾਂ ਸਨ - ਖਿਦਰਾਣਾ, ਧਿੰਗਾਣਾ ਅਤੇ ਰੁਪਾਣਾ ਸੀ। ਇਸ ਇਲਾਕੇ ਵਿਚ ਪਾਣੀ ਦੀ ਹਮੇਸ਼ਾ ਕਿੱਲਤ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ।
ਰੇਤਲਾ ਇਲਾਕਾ ਅਤੇ ਪਾਣੀ ਦੀ ਥੁੜ੍ਹ ਕਾਰਨ ਹੀ ਤਿੰਨਾਂ ਭਰਾਵਾਂ ਨੇ ਇਥੇ ਤਿੰਨ ਢਾਬਾਂ ਖੁਦਵਾਈਆਂ। ਹਰ ਵਰ੍ਹੇ ਸਾਉਣ ਦੇ ਮਹੀਨੇ ਪੈਂਦੇ ਮੀਂਹ ਇਨ੍ਹਾਂ ਢਾਬਾਂ ਨੂੰ ਪਾਣੀ ਨਾਲ ਭਰ ਕੇ ਆਲੇ-ਦੁਆਲੇ ਰੌਣਕਾਂ ਲਾ ਦਿੰਦੇ। ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਦੇ ਪੀਣ ਅਤੇ ਆਪਣੇ ਪੀਣ ਲਈ ਕਰਦੇ। ਇਨ੍ਹਾਂ ਤਿੰਨਾਂ ਦੀਆਂ ਢਾਬਾਂ ਕਰਕੇ ਹੀ ਆਲੇ-ਦੁਆਲੇ ਤਿੰਨ ਪਿੰਡ ਧਿੰਗਾਣਾ, ਰੁਪਾਣਾ ਅਤੇ ਖਿਦਰਾਣਾ ਵਸ ਗਏ।
ਮੁਕਤਸਰ ਦੀ ਅਸਲ ਇਤਿਹਾਸਕ ਯਾਤਰਾ ਦਸਮ ਪਾਤਸ਼ਾਹ ਦੇ ਆਉਣ ਨਾਲ ਸ਼ੁਰੂ ਹੋਈ। ਸੰਨ 1705 ਵਿਚ ਔਰੰਗਜ਼ੇਬ ਦੀਆਂ ਫੌਜਾਂ ਨਾਲ ਯੁੱਧ ਤੋਂ ਬਾਅਦ ਗੁਰੂ ਜੀ ਮਾਲਵੇ ਦੇ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਅਖੀਰ ਕੋਟਕਪੂਰੇ ਪੁੱਜੇ। ਕੋਟਕਪੂਰੇ ਪੁੱਜ ਕੇ ਗੁਰੂ ਜੀ ਨੂੰ ਖ਼ਬਰ ਮਿਲੀ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵਧ ਰਹੀਆਂ ਹਨ।
ਉਸ ਵੇਲੇ ਕੋਟਕਪੂਰੇ ਇਲਾਕੇ ਦਾ ਚੌਧਰੀ ਕਪੂਰਾ ਬਰਾੜ ਗੁਰੂ ਜੀ ਕੋਲੋਂ ਅੰਮ੍ਰਿਤ ਛਕ ਕੇ ਕਪੂਰ ਸਿੰਘ ਬਣ ਚੁੱਕਿਆ ਸੀ। ਜਦੋਂ ਗੁਰੂ ਜੀ ਨੇ ਉਸ ਕੋਲੋਂ ਮੁਗਲਾਂ ਦਾ ਮੁਕਾਬਲਾ ਕਰਨ ਲਈ ਕਿਲ੍ਹਾ ਮੰਗਿਆ ਤਾਂ ਉਸ ਨੇ ਟਾਲ-ਮਟੋਲ ਕੀਤੀ। ਇਸ ਉਪਰੰਤ ਗੁਰੂ ਜੀ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ ਉਤੇ ਜਾ ਪਹੁੰਚੇ।
ਖਿਦਰਾਣੇ ਦੀ ਢਾਬ 'ਤੇ ਪਹੁੰਚਣ ਵੇਲੇ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਝੈਲ ਸਿੱਖ ਵੀ ਪਹੁੰਚ ਚੁੱਕੇ ਸਨ, ਜਿਹੜੇ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ। ਇਹ ਸਿੱਖ ਮਗਰੋਂ ਚਾਲੀ ਮੁਕਤਿਆਂ ਵਜੋਂ ਇਤਿਹਾਸ ਵਿਚ ਜਾਣੇ ਜਾਣ ਲੱਗੇ। ਮੁਕਤਸਰ ਸਾਹਿਬ ਦੀ ਇਸ ਇਤਿਹਾਸਕ ਜੰਗ ਦੀ ਯੁੱਧ-ਨੀਤੀ ਬਾਰੇ ਭਾਈ ਗਿਆਨ ਸਿੰਘ ਨੇ ਆਪਣੇ ਪ੍ਰਸਿੱਧ ਗ੍ਰੰਥ 'ਤਵਾਰੀਖ ਗੁਰੂ ਖਾਲਸਾ' ਵਿਚ ਲਿਖਿਆ ਹੈ :
ਤਦੋਂ ਨੂੰ ਇਕ ਸਿੱਖ ਨੇ ਉਚੇ ਬ੍ਰਿਛ ਚੜ੍ਹ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ! ਤੁਰਕ ਨੇੜੇ ਆ ਪੁੱਜੇ ਹਨ, ਅਜੇ ਏਥੋਂ ਦੋ ਕੋਹ ਖਿਦਰਾਣਾ ਹੈ। ਮਹਾਰਾਜ ਬੋਲੇ ਕੋਈ ਡਰ ਨਹੀਂ, ਤੁਸੀਂ ਫਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ। ਗੁਰੂ ਜੀ ਤਾਂ ਸਰਬੱਗ ਸੇ ਤੇ ਸਿੱਖਾਂ ਨੂੰ ਖਬਰ ਸੀ ਕਿ ਸਾਡੇ ਪਿਛੇ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘ ਆਉਂਦੇ ਹਨ। ਏਨੇ ਨੂੰ ਖਿਦਰਾਣੇ ਦੇ ਕੰਢੇ ਗੁਰੂ ਜੀ ਨੂੰ ਬੈਰਾੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇਥੇ ਸਾਰੇ ਸੁਖ ਹਨ। ਅਸੀਂ ਜਲ ਰੋਕ ਰੱਖਾਂਗੇ, ਤੁਰਕ ਤਿਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਨ੍ਹਾਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਅਗੇਰੇ ਹੋ ਜਾਵਾਂਗੇ। ਨਾਲੇ ਏਸ ਕੇਰ (ਟੋਬੇ ਵਿਚੋਂ ਪੁੱਟ ਕੇ ਸੁੱਟੀ ਹੋਈ ਮਿੱਟੀ ਦੇ ਤੋਦੇ) ਦੀ ਆੜ ਵਿਚ ਲੜਾਈ ਚੰਗੀ ਹੋ ਸਕਦੀ ਹੈ। ਏਹ ਬਾਤ ਸੁਣ ਗੁਰੂ ਸਾਹਿਬ ਜੀ ਉਸ ਤਲਾਉ ਦੇ ਪੱਛਮ ਵੱਲ ਟਿੱਬੀ 'ਤੇ ਖਲੋਤੇ ਅਤੇ ਜੰਗ ਦੀ ਸਲਾਹ ਕਰਨ ਲੱਗੇ। ਤਦੋਂ ਨੂੰ ਸ਼ਾਹੀ ਲਸ਼ਕਰ ਨੇੜੇ ਆ ਪੁੱਜਾ। ਜਿਹੜੇ ਮਝੈਲ ਸਿੰਘ ਗੁਰੂ ਸਾਹਿਬ ਦੇ ਮਗਰ-ਮਗਰ ਆ ਰਹੇ ਸਨ, ਉਨ੍ਹਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਇੱਛਾ ਧਾਰ, ਸ਼ਹੀਦ ਹੋਣ ਲਈ ਉਸੇ ਢਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ ਤੇ ਆਪ ਨੂੰ ਥੋੜ੍ਹਿਆ ਤੋਂ ਬਹੁਤੇ ਦਿਖਾਵਣ ਤੇ ਏਸ ਖਯਾਲ ਨਾਲ ਕਿ ਤੁਰਕ ਅਗਾਹਾਂ ਗੁਰੂ ਸਾਹਿਬ ਵੱਲ ਨਾ ਚਲੇ ਜਾਣ, ਪਹਿਲਾਂ ਅਸੀਂ ਮੁਠ ਭੇੜ ਕਰ ਲਈਏ, ਸਭ ਨੇ ਆਪਣੇ ਬਸਤਰ ਬਿਰਛਾਂ 'ਤੇ ਖਿੰਡਾ ਦਿੱਤੇ, ਜਿਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਾਨੀ ਫੌਜ ਸਭ ਓਧਰੇ ਝੁਕ ਗਈ। ਜਦ ਐਨ ਮਾਰ ਹੇਠ ਆਈ ਤਾਂ ਸਿੰਘਾਂ ਨੇ ਇਕੋ ਵਾਰੀ ਬਾੜ-ਝਾੜ ਦਿੱਤੀ, ਜਿਸ ਨਾਲ ਵੀਹ-ਪੰਜੀਹ ਡਿੱਗ ਪਏ। ਅਚਨਚੇਤ ਝਾੜਾਂ ਵਿਚੋਂ ਬੰਦੂਕਾਂ ਚਲੀਆਂ ਤਾਂ ਵਜੀਦ ਖ਼ਾਂ ਨੇ ਜਾਣਿਆ ਕਿ ਏਥੇ ਤੀਕ ਸਿੱਖਾਂ ਸਮੇਤ ਗੁਰੂ ਹੈ।
ਇੰਜ ਖਿਦਰਾਣੇ ਦੀ ਧਰਤੀ 'ਤੇ ਸਿੱਖਾਂ ਅਤੇ ਤੁਰਕਾਂ ਵਿੱਚ ਗਹਿ-ਗੱਚ ਲੜਾਈ ਹੋਣ ਲੱਗੀ। ਖੂਬ ਮਾਰੋ ਮਾਰ ਤੇ ਕਾੜ-ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉਠਿਆ। ਇਥੇ ਹੋਏ ਇਸ ਯੁੱਧ ਦੀ ਬੜੀ ਜੀਵੰਤ ਤਸਵੀਰਕਸ਼ੀ ਕਰਦਿਆਂ ਭਾਈ ਗਿਆਨ ਸਿੰਘ ਨੇ ਅੱਗੇ ਲਿਖਿਆ ਹੈ :
ਸਿੰਘ ਸ਼ਮਸ਼ੀਰਾਂ ਖਿੱਚ-ਖਿੱਚ ਕੇ ਤੁਰਕਾਨੀਆਂ ਤੇ ਸ਼ੇਰਾ ਵਾਂਙੂੰ ਟੁੱਟ ਪਏ ਤੇ ਖਟਾ ਖਟ ਤਲਵਾਰਾਂ ਚੱਲਣ ਲੱਗ ਪਈਆਂ, ਧਰਤੀ ਲਾਲ ਗੁਲਾਲ ਹੋ ਗਈ, ਬੇਅੰਤ ਘੋੜੇ ਸਿਪਾਹੀ ਫੱਟੜ ਤੇ ਮੁਰਦੇ ਦਿਸਣ ਲੱਗੇ, ਸ਼ਾਹੀ ਸਿਪਾਹੀ ਪਿੱਛੇ ਨੂੰ ਮੁੜੇ ਤਾਂ ਵਜੀਦ ਖ਼ਾਂ ਨੇ ਵੰਗਾਰ ਵੰਗਾਰ ਕੇ ਮੋੜ ਮੋੜ ਲੜਾਏ, ਬੇਅੰਤ ਰੁੰਡ ਮੁੰਡ ਬਿਖਰ ਗਏ। ਇਕ ਇਕ ਸਿੰਘ ਨੇ ਯਾਰਾਂ-ਯਾਰਾਂ ਨੂੰ ਥਾਇੰ ਰੱਖਿਆ।
ਸਿੱਖਾਂ ਨੇ ਤੁਰਕਾਂ ਨੂੰ ਪਛਾੜਿਆ। ਵੈਸਾਖ ਦਾ ਮਹੀਨਾ ਹੋਣ ਕਰਕੇ ਸਾਰਾ ਰੇਤਲਾ ਅਤੇ ਝਾੜਾਂ ਦਾ ਇਲਾਕਾ ਤਪਣ ਲੱਗਾ। ਭਾਵੇਂ ਚੌਧਰੀ ਕਪੂਰੇ ਦੇ ਦੱਸੇ ਹੋਏ ਕਾਰਨ ਤੁਰਕਾਂ ਨੇ ਖਿਦਰਾਣੇ ਤਲਾਅ ਵਿਚੋਂ ਪਾਣੀ ਪ੍ਰਾਪਤ ਕਰਨ ਲਈ ਕਈ ਹੱਲੇ ਕੀਤੇ ਪਰ ਸਿੱਖਾਂ ਨੇ ਉਹਦੀ ਪੇਸ਼ ਨਾ ਜਾਣ ਦਿੱਤੀ। ਅੰਤ ਕਪੂਰੇ ਨੇ ਵਜੀਦ ਖਾਂ ਨੂੰ ਕਿਹਾ ਕਿ ਏਧਰ ਤਾਂ ਤੀਹ-ਤੀਹ ਕੋਹ ਤੱਕ ਪਾਣੀ ਨਹੀਂ ਲੱਭਦਾ, ਜੇ ਪਿੱਛੇ ਮੁੜ ਗਏ ਤਾਂ ਵੀ ਦਸ ਕੋਹ ਤੋਂ ਉਰ੍ਹਾਂ ਪਾਣੀ ਨਹੀਂ ਮਿਲਣਾ। ਇਸ ਕਰਕੇ ਚੰਗਾ ਹੈ ਕਿ ਪਿਛਾਂਹ ਹੀ ਮੁੜ ਜਾਈਏ, ਨਹੀਂ ਤਾਂ ਝਾੜਾਂ ਵਿਚ ਲੁਕੇ ਸਿੱਖ ਛੁਪ-ਛੁਪ ਕੇ ਵਾਰ ਕਰਨਗੇ ਤੇ ਤਿਹਾਈਆਂ ਤੁਰਕ ਫੌਜਾਂ ਸਾਥ ਛੱਡ ਜਾਣਗੀਆਂ। ਉਧਰ ਗੁਰੂ ਜੀ ਨੇ ਫੱਟੜ ਹੋਏ ਸਿੱਖਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇਖਿਆ ਕਿ ਇਕ-ਇਕ ਸਿੱਖ ਕੋਲ ਸੱਤ-ਸੱਤ ਤੁਰਕ ਮੋਏ ਪਏ ਸਨ। ਦੂਰ ਤਲਾਅ ਦੇ ਕੰਢੇ ਬੈਠੀ ਮਾਈ ਭਾਗੋ ਆਪਣੇ ਜ਼ਖਮ ਧੋ ਰਹੀ ਸੀ। ਉਸ ਨੇ ਬੜੀ ਬਹਾਦਰੀ ਨਾਲ ਤੁਰਕਾਂ ਦੇ ਆਹੂ ਲਾਹੇ ਸਨ। ਇਹ ਉਹੀ ਮਾਈ ਭਾਗ ਕੌਰ ਹੈ, ਜੋ ਬੇਦਾਵਾ ਲਿਖਣ ਵਾਲੇ ਮਝੈਲ ਸਿੱਖਾਂ ਨੂੰ ਲਾਹਨਤਾਂ ਪਾ ਕੇ ਮੁੜ ਗੁਰੂ ਜੀ ਕੋਲ ਲੈ ਆਈ ਸੀ ਤੇ ਇਥੇ ਇਨ੍ਹਾਂ ਸਿੱਖਾਂ ਨੇ ਬਹਾਦਰੀ ਨਾਲ ਸ਼ਹੀਦੀ ਪਾ ਕੇ ਗੁਰੂ ਜੀ ਤੋਂ ਮੁਆਫ਼ੀ ਮੰਗ ਕੇ ਭੁੱਲ ਬਖਸ਼ਾ ਲਈ ਸੀ।
ਗੁਰੂ ਜੀ ਨੇ ਸਹਿਕਦੇ ਮਹਾਂ ਸਿੰਘ ਨੂੰ ਦੇਖਿਆ। ਉਸ ਦੀ ਬਹਾਦਰੀ ਵੇਖ ਕੇ ਕਿਹਾ, ਭਾਈ ਮਹਾਂ ਸਿੰਘ ਜੋ ਮੰਗਣਾ ਮੰਗ ਲੈ। ਮਹਾਂ ਸਿੰਘ ਨੇ ਤਰਲਾ ਲੈਂਦਿਆਂ ਕਿਹਾ 'ਸੱਚੇ ਪਾਤਸ਼ਾਹ ਜੋ ਅਨੰਦਪੁਰ ਸਾਹਿਬ ਵਿਚ ਬੇਦਾਵਾ ਲਿਖਣ ਦੀ ਬੱਜਰ ਗ਼ਲਤੀ ਕੀਤੀ ਸੀ, ਉਹ ਬਖਸ਼ ਦਿਓ ਤੇ ਬੇਦਾਵਾ ਪਾੜ੍ਹ ਕੇ ਭੁੱਲ ਬਖਸ਼ੋ ਤੇ ਮੁਕਤ ਕਰ ਦਿਓ।'' ਗੁਰੂ ਜੀ ਨੇ ਬੇਦਾਵਾ ਪਾੜ ਕੇ ਮਹਾਂ ਸਿੰਘ ਨੂੰ ਗਲ ਨਾਲ ਲਾ ਲਿਆ ਤੇ ਸਿੱਖਾਂ ਦੀ ਟੁੱਟੀ ਫਿਰ ਗੁਰੂ ਜੀ ਨਾਲ ਗੰਢੀ ਗਈ। ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਆਪਣੇ ਹੱਥੀਂ ਚਿਖਾ 'ਤੇ ਰੱਖ ਕੇ ਕਿਸੇ ਨੂੰ ਪੰਜ ਹਜ਼ਾਰੀ ਤੇ ਕਿਸੇ ਨੂੰ ਸੱਤ ਹਜ਼ਾਰੀ ਦਾ ਵਰ ਦੇ ਕੇ ਆਪਣੇ ਹੱਥੀਂ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ। ਇਹੀ ਚਾਲੀ ਮੁਕਤੇ ਹਨ, ਜਿਨ੍ਹਾਂ ਨੇ ਧਰਮ ਹੇਤ ਕੁਰਬਾਨੀ ਦਿੱਤੀ ਤੇ ਹਰ ਰੋਜ਼ ਸਿੱਖ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਚਾਲੀ ਮੁਕਤਿਆਂ ਦੀ ਪਾਵਨ ਧਰਤੀ 'ਤੇ ਹੀ ਇਤਿਹਾਸਕ ਸ਼ਹਿਰ ਮੁਕਤਸਰ ਵਸਿਆ ਹੋਇਆ ਹੈ।
ਮੁਕਤਸਰ ਦੇ ਇਤਿਹਾਸਕ ਸਥਾਨਾਂ ਵਿਚ ਕਈ ਪ੍ਰਸਿੱਧ ਗੁਰਦੁਆਰੇ ਸ਼ਾਮਲ ਹਨ। ਮੁੱਖ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਹੈ। 1743 ਵਿਚ ਭਾਈ ਲੰਗਰ ਸਿੰਘ ਦੀ ਨਿਸ਼ਾਨਦੇਹੀ 'ਤੇ ਮਾਨਾਵਾਲਾ ਦੇ ਸੋਢੀ ਮਾਨ ਨੇ ਸੰਗਤ ਦੇ ਸਹਿਯੋਗ ਨਾਲ ਇਸ ਗੁਰਦੁਆਰੇ ਦੀ ਪੱਕੀ ਇਮਾਰਤ ਉਸਾਰੀ। ਇਸ ਦੇ ਨਾਲ ਹੀ ਵਿਸ਼ਾਲ ਸਰੋਵਰ ਮੌਜੂਦ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਨਾਂਅ ਵੱਡੀ ਜਗੀਰ ਲਾਈ ਸੀ, ਜੋ ਬਾਅਦ ਵਿਚ ਅੰਗਰੇਜ਼ੀ ਰਾਜ ਸਮੇਂ ਬੰਦ ਕਰ ਦਿੱਤੀ ਗਈ। ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲੂਏ ਨੇ ਮੁਕਤਸਰ ਦੇ ਗੁਰਦੁਆਰਿਆਂ ਲਈ ਕਈ ਕੁਝ ਕੀਤਾ।
1922 ਤੱਕ ਗੁਰਦੁਆਰਾ ਸੁਧਾਰ ਲਹਿਰ ਦੇ ਮੱਦੇਨਜ਼ਰ ਬਹੁਤ ਸਾਰੇ ਗੁਰੂਦਵਾਰੇ ਮਹੰਤਾਂ ਕੋਲੋਂ ਅਜ਼ਾਦ ਕਰਾ ਲਏ ਗਏ ਪਰ ਮੁਕਤਸਰ ਦੇ ਦਰਬਾਰ ਸਾਹਿਬ 'ਤੇ ਅਜੇ ਵੀ ਪੁਜਾਰੀਆਂ ਦਾ ਕਬਜ਼ਾ ਸੀ। 1922 ਦੀ ਮਾਘੀ ਨੂੰ ਦੀਵਾਨ ਕਰਕੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਅਧੀਨ ਆ ਜਾਵੇ। ਜਦੋਂ 17 ਫਰਵਰੀ, 1922 ਨੂੰ ਪਿੰਡ ਥਾਂਦੇਵਾਲਾ ਵਿਚ ਇਕ ਵੱਡਾ ਦੀਵਾਨ ਕੀਤਾ ਗਿਆ ਤਾਂ ਪੁਜਾਰੀਆਂ ਨੇ ਇਕੱਠ ਤੋਂ ਡਰਦਿਆਂ ਸਮਝੌਤਾ ਕਰਨਾ ਪ੍ਰਵਾਨ ਕਰ ਲਿਆ। ਸਿੱਖ ਸੰਗਤ ਨੇ ਪੁਜਾਰੀਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ। ਪਰ ਇਸ ਸਮਝੌਤੇ ਅਨੁਸਾਰ ਕੇਵਲ ਗੁਰੂਦਵਾਰਾ ਤੰਬੂ ਸਾਹਿਬ ਦਾ ਹੀ ਪ੍ਰਬੰਧ ਮਿਲਿਆ। ਕਮੇਟੀ ਦੇ ਯਤਨਾਂ ਕਰਕੇ 21 ਫਰਵਰੀ 1922 ਨੂੰ ਟੁੱਟੀ ਗੰਢੀ ਸਾਹਿਬ ਦਾ ਕਬਜ਼ਾ ਮਿਲ ਗਿਆ।
ਦੂਜਾ ਪ੍ਰਸਿੱਧ ਗੁਰਦੁਆਰਾ ਤੰਬੂ ਸਾਹਿਬ ਹੈ। ਇਹ ਸਰੋਵਰ ਦੇ ਦੱਖਣ-ਪੂਰਬ ਵੱਲ ਸਥਿਤ ਹੈ। ਇਸ ਦੇ ਨਾਲ ਹੀ ਮਾਈ ਭਾਗ ਕੌਰ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ।
ਦਰਬਾਰ ਸਾਹਿਬ ਤੋਂ 100 ਗਜ਼ ਦੂਰ ਉੱਤਰ-ਪੂਰਬ ਵੱਲ ਗੁਰਦੁਆਰਾ ਸ਼ਹੀਦ ਗੰਜ ਹੈ। ਇਸ ਸਥਾਨ 'ਤੇ ਗੁਰੂ ਜੀ ਨੇ ਆਪਣੇ ਹੱਥੀਂ ਚਾਲੀ ਮੁਕਤਿਆਂ ਦਾ ਸਸਕਾਰ ਕਰਕੇ ਉਨ੍ਹਾਂ ਨੂੰ ਰੁਤਬੇ ਬਖਸ਼ੇ ਸਨ।
ਖਿਦਰਾਣੇ ਦੀ ਢਾਬ ਤੋਂ ਕੋਈ ਇਕ-ਡੇਢ ਕਿਲੋਮੀਟਰ 'ਤੇ ਗੁਰਦੁਆਰਾ ਟਿੱਬੀ ਸਾਹਿਬ ਹੈ। ਇੱਥੇ ਹੀ ਗੁਰੂ ਜੀ ਨੇ ਤੁਰਕਾਂ 'ਤੇ ਤੀਰਾਂ ਦਾ ਮੀਂਹ ਵਰਸਾਇਆ ਸੀ। ਟਿੱਬੀ ਸਾਹਿਬ ਤੋਂ ਦੱਖਣ ਵੱਲ 200 ਗਜ਼ ਦੀ ਦੂਰੀ 'ਤੇ ਗੁਰਦੁਆਰਾ ਰਕਾਬਸਰ ਹੈ।
ਟਿੱਬੀ ਸਾਹਿਬ ਦੇ ਉੱਤਰ-ਪੱਛਮ ਵੱਲ ਗੁਰਦੁਆਰਾ ਦਾਤਣਸਰ ਹੈ। ਮੁਕਤਸਰ ਤੋਂ ਬਠਿੰਡੇ ਵੱਲ ਜਾਂਦੀ ਸੜਕ 'ਤੇ ਗੁਰਦੁਆਰਾ ਦੂਖ ਨਿਵਾਰਣ, ਤਰਨ ਤਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਖਿਦਰਾਣੇ ਤੋਂ ਰੁਪਾਣੇ ਵੱਲ ਜਾਂਦਿਆਂ ਇਸ ਸਥਾਨ 'ਤੇ ਰੁਕੇ ਸਨ। ਪਹਿਲਾਂ ਇਥੇ ਛੋਟੀ ਜਿਹੀ ਛੱਪੜੀ ਸੀ ਪਰ ਹੁਣ ਪੱਕਾ ਸਰੋਵਰ ਤੇ ਕਾਫੀ ਵੱਡਾ ਗੁਰਦੁਆਰਾ ਹੈ।
ਇਥੋਂ ਦੀਆਂ ਹੋਰ ਇਤਿਹਾਸਕ ਇਮਾਰਤਾਂ ਵਿਚ ਦੋ ਮੰਜ਼ਿਲੀ ਜਾਮਾ ਮਸਜਿਦ ਹੈ ਜਿਸ ਨੂੰ ਮਮਦੋਟ ਦੇ ਨਵਾਬ ਮੌਲਵੀ ਰਜਬ ਅਲੀ ਮੀਆਂ ਬਦਰੂਦੀਨ ਸ਼ਾਹ ਜੋ ਕਿ ਪਿੰਡ ਮਘਰੂਵਾਲੀ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਦਾ ਵਾਸੀ ਸੀ, ਨੇ 16 ਨਵੰਬਰ 1894 ਵਿਚ ਬਣਵਾਇਆ ਸੀ। ਵੰਡ ਤੋਂ ਬਾਅਦ ਮੁਸਲਮਾਨ ਭਾਵੇਂ ਵੱਡੀ ਗਿਣਤੀ ਵਿਚ ਇਥੋਂ ਹਿਜਰਤ ਕਰ ਗਏ ਪਰ ਅਜੇ ਵੀ ਆਲੇ-ਦੁਆਲੇ ਵਸਦੇ ਸੈਂਕੜੇ ਮੁਸਲਮਾਨ ਜੁੰਮੇ ਅਤੇ ਈਦ ਵਾਲੇ ਦਿਨ ਇਸ ਮਸਜਿਦ ਦੀ ਸ਼ੋਭਾ ਵਧਾਉਂਦੇ ਹਨ।
ਸਾਲ 2005 ਵਿਚ ਮੁਕਤਸਰ ਦੀ ਤੀਜੀ ਸ਼ਤਾਬਦੀ ਮਨਾਈ ਗਈ। ਇਸ ਸਮੇਂ ਕੁਝ ਇਤਿਹਾਸਕ ਇਮਾਰਤਾਂ ਦੀ ਉਸਾਰੀ ਕੀਤੀ ਗਈ। ਇਹਦੇ ਵਿਚ ਪ੍ਰਸਿੱਧ ਮੁਕਤੇ-ਮਿਨਾਰ ਹੈ। ਇਹ 81 ਫੁੱਟ ਉੱਚਾ ਤੇ 11 ਫੁੱਟ ਦੇ ਮੁੱਠੇ ਵਾਲਾ ਖੰਡਾ ਹੈ। ਉਪਰੋਂ ਇਸ ਦੀ ਚੌੜਾਈ 16 ਫੁੱਟ ਅਤੇ ਵਿਚਕਾਰੋਂ 13 ਫੁੱਟ ਹੈ। ਇਸ ਦੇ ਦੁਆਲੇ ਚਾਲੀ ਮੁਕਤਿਆਂ ਦੀ ਯਾਦ ਵਿਚ ਚਾਲੀ ਵੱਡੇ ਕੜੇ ਹਨ ਅਤੇ ਇਨ੍ਹਾਂ ਕੜਿਆਂ ਵਿਚ ਹੀ ਇਹ ਖੰਡਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਮੌਕੇ ਮੁਕਤਸਰ ਦੇ ਆਲੇ-ਦੁਆਲੇ ਜਾਂਦੀਆਂ ਸੜਕਾਂ 'ਤੇ ਸੱਤ ਵੱਡੇ ਸ਼ਾਨਦਾਰ ਗੇਟ ਬਣਾਏ ਗਏ ਹਨ ਜਿਵੇਂ ਭਾਈ ਮਹਾਂ ਸਿੰਘ, ਦਾਨ ਸਿੰਘ, ਲੰਗਰ ਸਿੰਘ ਆਦਿ ਦੀ ਯਾਦ ਵਿਚ। ਇਨ੍ਹਾਂ ਵਿਚੋਂ ਕੁਝ ਸਫੈਦ ਤੇ ਕੁਝ ਲਾਲ ਪੱਥਰ ਦੇ ਹਨ ਪਰ ਇਹ ਸਾਂਭ-ਸੰਭਾਲ ਦੀ ਮੰਗ ਕਰਦੇ ਹਨ। ਇਹ ਸ਼ਹਿਰ 7 ਨਵੰਬਰ 1995 ਨੂੰ ਜ਼ਿਲ੍ਹਾ ਬਣਿਆ। ਰਾਜਨੀਤੀ ਦੇ ਖੇਤਰ ਵਿਚ ਮੁਕਤਸਰ ਦੀ ਸਦਾ ਝੰਡੀ ਰਹੀ ਹੈ। ਪਵਿੱਤਰ ਨਗਰੀ ਹੋਣ ਦੇ ਬਾਵਜੂਦ ਅੱਜ ਇਸ ਸ਼ਹਿਰ ਦੀ ਹਾਲਤ ਤਰਸਯੋਗ ਹੈ। ਇਤਿਹਾਸਕ ਵਿਰਾਸਤ ਨੂੰ ਸਾਂਭਣ ਲਈ ਕੋਈ ਯਤਨ ਹੁੰਦਾ ਨਜ਼ਰ ਨਹੀਂ ਆਉਂਦਾ।

-ਮੋਬਾਈਲ : 94173-58120.

ਮਾਘੀ 'ਤੇ ਵਿਸ਼ੇਸ਼

ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਪੈਗ਼ਾਮ ਲੈ ਕੇ ਆਉਂਦਾ ਹੈ ਮਾਘੀ ਦਾ ਦਿਹਾੜਾ

ਮਕਰ ਸੰਕਰਾਂਤੀ ਜਾਂ ਮਾਘ ਮਹੀਨੇ ਦੀ ਸੰਗਰਾਂਦ ਦੀ ਆਪਣੀ ਸੱਭਿਆਚਾਰਕ ਅਤੇ ਸਮਾਜਿਕ ਮਹੱਤਤਾ ਹੈ। ਇਕ ਤਿਉਹਾਰ ਵਜੋਂ ਇਸ ਨੂੰ ਹਰ ਸਾਲ ਆਮ ਤੌਰ 'ਤੇ 13 ਜਨਵਰੀ (ਸਰਦੀ ਦੇ ਅੱਧ ਵਿਚ) ਨੂੰ ਬੜੇ ਉਤਸ਼ਾਹ ਅਤੇ ਭਿੰਨ-ਭਿੰਨ ਰਸਮਾਂ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਕਿਉਂਕਿ ਸਾਡੇ ਦੇਸ਼ ਵਿਚ ਮਕਰ ਸੰਕਰਾਂਤੀ ਦਾ ਦਿਨ ਬੜਾ ਸ਼ੁਭ ਤੇ ਪਵਿੱਤਰ ਸਵੀਕਾਰਿਆ ਜਾਂਦਾ ਹੈ। ਇਸ ਦਿਨ ਪ੍ਰਤੀ ਸ਼ਰਧਾ ਭਾਵਨਾ ਰੱਖਣ ਵਾਲੇ ਲੋਕਾਂ ਵਲੋਂ ਤਨੋ, ਮਨੋ ਅਤੇ ਵਿਸ਼ਵਾਸ ਨਾਲ ਦਿਲ ਦੀਆਂ ਡੂੰਘਾਈਆਂ ਵਿਚੋਂ ਪਰਮਾਤਮਾ ਦੀ ਅਰਾਧਨਾ ਕੀਤੀ ਜਾਂਦੀ ਹੈ। ਰਵਾਇਤੀ ਤੌਰ 'ਤੇ ਮਕਰ ਸੰਕਰਾਂਤੀ ਦਾ ਤਿਉਹਾਰ ਸੂਰਜ ਦੀ ਯਾਤਰਾ ਅਤੇ ਨਵੇਂ ਸਾਲ ਦੀ ਆਮਦ ਨਾਲ ਸਬੰਧਿਤ ਹੈ। ਸੂਰਜੀ ਕੈਲੰਡਰ ਅਨੁਸਾਰ ਸੂਰਜ ਜਦੋਂ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਸੰਕਰਾਂਤੀ ਜਾਂ ਸੰਗਰਾਂਦ ਕਿਹਾ ਜਾਂਦਾ ਹੈ। ਭਾਵੇਂ ਬਾਰਾਂ ਦੇਸੀ ਮਹੀਨਿਆਂ ਦੀ ਪਹਿਲੀ ਤਰੀਕ ਅਰਥਾਤ ਸੰਗਰਾਂਦ ਨੂੰ ਸੂਰਜ ਇਕ ਰਾਸ਼ੀ ਵਿਚੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਪਰੰਤੂ ਇਨ੍ਹਾਂ ਵਿਚੋਂ ਮਕਰ ਸੰਗਰਾਂਦ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਮਕਰ ਰਾਸ਼ੀ ਸਾਰੀਆਂ ਰਾਸ਼ੀਆਂ ਵਿਚੋਂ ਪ੍ਰਧਾਨ ਰਾਸ਼ੀ ਮੰਨੀ ਜਾਂਦੀ ਹੈ, ਇਸ ਕਰਕੇ ਇਹ ਦਿਨ ਸਭ ਸੰਗਰਾਂਦਾਂ ਵਿਚ ਵਧੇਰੇ ਮਹੱਤਵ ਰੱਖਦਾ ਹੈ। ਅਸਲ ਵਿਚ ਇਸ ਦਿਨ ਤੋਂ ਸੂਰਜ ਆਪਣੀ ਯਾਤਰਾ ਉੱਤਰ ਤੋਂ ਦੱਖਣ ਵੱਲ ਨੂੰ ਕਰਦਾ ਹੈ। ਇਸ ਲਈ ਇਹ ਦਿਨ ਲੋਕਾਂ ਲਈ ਭਰਪੂਰ ਸਰਦੀ ਤੋਂ ਬਾਅਦ ਰਾਹਤ ਦਾ ਦਿਨ ਹੁੰਦਾ ਹੈ ਕਿਉਂਕਿ ਇਸ ਦਿਨ ਤੋਂ ਸਰਦੀ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਤੋਂ ਬਾਅਦ ਉੱਤਰੀ ਅਰਧ ਗੋਲੇ ਵਿਚ ਰਾਤ ਦੇ ਮੁਕਾਬਲੇ ਦਿਨਾਂ ਦੀ ਲੰਬਾਈ ਵਧਣੀ ਸ਼ੁਰੂ ਹੋ ਜਾਂਦੀ ਹੈ।
ਪੰਜਾਬ ਵਿਚ ਮਕਰ ਸੰਕਰਾਂਤੀ ਤੋਂ ਪੂਰਵਲੀ ਸ਼ਾਮ ਯਾਨੀ ਪੋਹ ਮਹੀਨੇ ਦੇ ਅਖੀਰਲੇ ਦਿਨ ਲੋਹੜੀ ਮਨਾਈ ਜਾਂਦੀ ਹੈ ਅਤੇ ਅਗਲੇ ਦਿਨ ਭਾਵ ਮਕਰ ਸੰਕਰਾਂਤੀ ਵਾਲੇ ਦਿਨ/ਪਹਿਲੀ ਮਾਘ ਨੂੰ ਮਾਘੀ ਦਾ ਜੋੜ ਮੇਲ ਹੁੰਦਾ ਹੈ। ਦੇਸੀ ਮਹੀਨਿਆਂ ਵਿਚ ਮਾਘ ਨੂੰ ਸ਼ੁਭ ਸਥਾਨ ਹਾਸਲ ਹੈ। ਇਸ ਮਹੀਨੇ ਵਿਚ ਹੋਰ ਵੀ ਅਨੇਕ ਪੁਰਬ ਤੇ ਤਿਉਹਾਰ ਆਉਂਦੇ ਹਨ। ਅਚਲਾ ਸਪਤਮੀ, ਮਾਘੀ ਪੂਰਨਿਮਾ, ਮਾਘੀ ਮੱਸਿਆ (ਮੋਨੀ ਮੱਸਿਆ) ਅਤੇ ਬਸੰਤ ਪੰਚਮੀ ਇਸੇ ਮਹੀਨੇ ਦੇ ਪੁਰਬ ਤੇ ਤਿਉਹਾਰ ਹਨ। ਪੰਜਾਬੀ ਇਸ ਦਿਨ ਨੂੰ ਸਭ ਤੋਂ ਠੰਢਾ ਦਿਨ ਮੰਨਦੇ ਹਨ। ਠੰਢੀਆਂ ਹਵਾਵਾਂ ਤੋਂ ਬਚਣ ਖਾਤਰ ਉਹ ਅੱਗ ਦੁਆਲੇ ਨੱਚਦੇ ਤੇ ਭੰਗੜਾ ਪਾਉਂਦੇ ਹਨ ਅਤੇ ਮੂੰਗਫਲੀ, ਰਿਉੜੀਆਂ ਤੇ ਗੱਚਕ ਖਾਂਦੇ ਹਨ। ਥਾਂ-ਥਾਂ ਲਗਦੇ ਮਾਘੀ ਦੇ ਮੇਲਿਆਂ ਵਿਚ ਜਵਾਨ ਕਬੱਡੀ ਖੇਡਦੇ ਹਨ, ਦਿਲ ਦੇ ਅਰਮਾਨ ਪੂਰੇ ਕਰਦੇ ਹਨ, ਲੋਕ ਗੀਤ ਗਾਉਂਦੇ ਹਨ ਅਤੇ ਅਲਗੋਜ਼ੇ ਤੇ ਤੰਬੂਰੇ ਵਜਾਉਂਦੇ ਹਨ। ਪੰਜਾਬ ਵਿਚ ਸਭ ਤੋਂ ਮਸ਼ਹੂਰ ਮਾਘੀ ਦਾ ਜੋੜ ਮੇਲ ਮੁਕਤਸਰ ਸਾਹਿਬ ਵਿਖੇ ਹੁੰਦਾ ਹੈ। ਇਸ ਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਸਿੰਘਾਂ ਦੀ ਟੁੱਟੀ ਗੰਢ ਕੇ ਉਨ੍ਹਾਂ ਨੂੰ ਮੁਕਤੀ ਦਾ ਦਾਨ ਦਿੱਤਾ ਸੀ ਅਤੇ ਉਨ੍ਹਾਂ ਮੁਕਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਲਈ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਉਥੇ ਪੁੱਜਦੇ ਹਨ।
ਮਕਰ ਸੰਕਰਾਂਤੀ ਵਾਲੇ ਦਿਨ ਸਰੋਵਰ ਜਾਂ ਨਦੀ ਵਿਚ ਇਸ਼ਨਾਨ ਕਰਨ ਦੀ ਬੜੀ ਮਹੱਤਤਾ ਹੈ ਪਰੰਤੂ ਇਸ਼ਨਾਨ ਕਰਨ ਤੋਂ ਪਹਿਲਾਂ ਤਿਲਾਂ ਦੇ ਤੇਲ ਨਾਲ ਸਰੀਰ 'ਤੇ ਮਾਲਿਸ਼ ਕਰਨੀ ਜਾਂ ਜਲ ਵਿਚ ਤਿਲ ਮਿਲਾ ਕੇ ਇਸ਼ਨਾਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ। ਲੱਖਾਂ ਲੋਕ ਇਸ ਦਿਨ ਤੀਰਥਰਾਜ ਪ੍ਰਯਾਗ, ਗੜ੍ਹ ਮੁਕਤੇਸ਼ਵਰ, ਪਟਨਾ ਅਤੇ ਗੰਗਾ ਸਾਗਰ (ਬੰਗਾਲ) ਆਦਿ ਸਥਾਨਾਂ 'ਤੇ ਇਸ਼ਨਾਨ ਕਰਨ ਜਾਂਦੇ ਹਨ। ਪ੍ਰਯਾਗਰਾਜ ਵਿਖੇ ਗੰਗਾ, ਜਮੁਨਾ ਤੇ ਅਦ੍ਰਿਸ਼ ਸਰਸਵਤੀ ਦੇ ਸੰਗਮ 'ਤੇ ਕਰੋੜਾਂ ਸ਼ਰਧਾਲੂ ਇਸ਼ਨਾਨ ਕਰਦੇ ਹਨ। ਇਸ ਮਹੀਨੇ ਲੋਕ ਤਿਲ ਖਾਂਦੇ ਹਨ ਤੇ ਤਿਲ ਜਾਂ ਤਿਲਾਂ ਤੋਂ ਬਣੀ ਮਠਿਆਈ ਇਕ-ਦੂਜੇ ਨੂੰ ਭੇਟ ਕਰਦੇ ਹਨ। ਇਸ ਕਰਕੇ ਮਾਘ ਦੇ ਮਹੀਨੇ ਨੂੰ 'ਤਿਲ ਫੁਲ ਦਾ ਮਹੀਨਾ' ਵੀ ਕਿਹਾ ਜਾਂਦਾ ਹੈ। ਪੰਜਾਬੀ ਲੋਕ ਇਸ ਮਹੀਨੇ ਨੂੰ ਕਲਿਆਣਕਾਰੀ ਮੰਨਦੇ ਹੋਏ ਇਸ ਮਹੀਨੇ ਕੰਨਿਆ ਦਾਨ ਕਰਨ ਨੂੰ ਤਰਜੀਹ ਦਿੰਦੇ ਹਨ। ਲੋਕ ਵਿਸ਼ਵਾਸ ਹੈ ਕਿ ਇਸ ਮਹੀਨੇ ਕੀਤਾ ਦਾਨ ਪਾਪਾਂ ਨੂੰ ਤਿਲ-ਤਿਲ ਕਰਕੇ ਕੱਟ ਦਿੰਦਾ ਹੈ।
ਪੰਜਾਬ ਵਿਚ ਰੁੱਤਾਂ ਅਨੁਸਾਰ ਖਾਣ-ਪੀਣ, ਰਹਿਣ-ਸਹਿਣ ਅਤੇ ਕੰਮ-ਕਾਰ ਬਾਰੇ ਕਈ ਟੋਟਕੇ ਸੁਣਨ ਨੂੰ ਮਿਲਦੇ ਹਨ। ਅਖੇ 'ਚੇਤ ਨਿੰਮ ਵਿਸਾਖੇ ਭਾਤ, ਜੇਠ-ਹਾੜ੍ਹ ਸੌਵੇਂ ਦਿਨ-ਰਾਤ। ਸਾਵਣ ਹਰੜਾਂ ਭਾਦਰੋਂ ਚਿਤਰਾ, ਅੱਸੂ ਗੁੜ ਖਾਣੇ ਨੂੰ ਮਿੱਤਰਾ। ਕੱਤਕ ਮੂਲੀ ਮੱਘਰ ਤੇਲ, ਪੋਹ ਵਿਚ ਕਰੇ ਦੁੱਧ ਦਾ ਮੇਲ। ਮਾਘ ਮਾਸ ਘਿਓ ਖਿਚੜੀ ਖਾਏ।' ਸੋ ਮਾਘ ਦੇ ਮਹੀਨੇ ਧਾਨ ਦੀ ਨਵੀਂ ਫਸਲ ਆਉਣ ਕਰਕੇ ਖਿਚੜੀ ਨਵੀਂ ਕੀਤੀ ਜਾਂਦੀ ਹੈ ਭਾਵ ਸ਼ਗਨ ਵਜੋਂ ਪਕਾਈ ਜਾਂਦੀ ਹੈ। ਇਸ ਕਰਕੇ ਇਸ ਮਹੀਨੇ ਨੂੰ 'ਖਿਚੜੀ ਵਾਲਾ ਮਹੀਨਾ' ਵੀ ਕਹਿੰਦੇ ਹਨ। ਪੰਜਾਬੀ ਲੋਕ ਲੋਹੜੀ ਦੀ ਰਾਤ ਨੂੰ ਬਾਜਰੇ ਦੀ ਖਿਚੜੀ ਬਣਾ ਕੇ ਰੱਖਦੇ ਹਨ ਅਤੇ ਮਾਘੀ ਦੇ ਦਿਨ ਉਹ ਖਿਚੜੀ ਖਾਣੀ ਸ਼ੁਭ ਮੰਨਦੇ ਹਨ। ਇਸੇ ਲਈ ਕਿਹਾ ਜਾਂਦਾ ਹੈ, 'ਪੋਹ ਰਿੱਧੀ ਮਾਘ ਖਾਧੀ' ਅਤੇ 'ਮਾਘ ਮਾਸ ਘਿਉ ਖਿਚੜੀ ਖਾਏ।'
ਭਾਰਤ ਵਿਚ ਮਕਰ ਸੰਕਰਾਂਤੀ ਦਾ ਤਿਉਹਾਰ ਵਖ-ਵੱਖ ਖੇਤਰੀ ਨਾਵਾਂ ਨਾਲ ਜਾਣਿਆ ਜਾਂਦਾ ਹੈ। ਦੱਖਣੀ ਭਾਰਤ ਖ਼ਾਸ ਕਰਕੇ ਤਾਮਿਲਨਾਡੂ ਵਿਚ ਇਹ ਤਿਉਹਾਰ ਪੋਂਗਲ ਦੇ ਨਾਂਅ ਨਾਲ ਪ੍ਰਸਿੱਧ ਹੈ। ਪੋਂਗਲ ਸ਼ਬਦ ਦੇ ਅਰਥ ਹਨ 'ਉਬਾਲਣਾ'। ਰਵਾਇਤ ਅਨੁਸਾਰ ਤਾਮਿਲ ਲੋਕਾਂ ਵਲੋਂ ਅਨਾਜ ਦੇਣ ਕਾਰਨ ਪ੍ਰਮਾਤਮਾ ਦਾ ਧੰਨਵਾਦ ਕਰਨ ਅਤੇ ਸੂਰਜ ਦੇਵਤੇ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਅਤੇ ਨਵੀਂ ਆਈ ਚੌਲਾਂ ਦੀ ਉਪਜ ਵਿਚੋਂ ਉਬਲੇ ਚੌਲ ਬਣਾਏ ਜਾਂਦੇ ਹਨ। ਚੌਲਾਂ ਦਾ ਇਹ ਪਕਵਾਨ ਪੋਂਗਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪੋਂਗਲ ਚਾਰ ਦਿਨ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੋਹ ਮਹੀਨੇ ਦੇ ਆਖਰੀ ਦਿਨ ਤੋਂ ਸ਼ੁਰੂ ਹੋ ਕੇ ਮਾਘ ਮਹੀਨੇ ਦੇ ਤੀਜੇ ਦਿਨ ਤੱਕ ਚਲਦਾ ਹੈ। ਤਾਮਿਲ ਲੋਕ ਪਰੰਪਰਕ ਤੌਰ 'ਤੇ ਮਾਘ ਮਹੀਨੇ ਨੂੰ ਵਿਆਹਾਂ ਦਾ ਮਹੀਨਾ ਮੰਨਦੇ ਹਨ। ਮਹਾਰਾਸ਼ਟਰ ਵਿਚ ਇਸ ਦਿਨ ਰਿਸ਼ਤੇਦਾਰਾਂ ਅਤੇ ਗਵਾਂਢੀਆਂ ਵਿਚ ਸ਼ੱਕਰ, ਚੀਨੀ ਜਾਂ ਗੁੜ ਤੇ ਤਿਲ ਤੋਂ ਬਣੀਆਂ ਰੰਗਦਾਰ ਮਿਠਾਈਆਂ ਆਪਸ ਵਿਚ ਵੰਡ ਕੇ ਬਦਲੀਆਂ ਜਾਂਦੀਆਂ ਹਨ। ਗੁਜਰਾਤ ਵਿਚ ਇਸ ਦਿਨ ਇਕ-ਦੂਜੇ ਨੂੰ ਤੋਹਫ਼ੇ ਭੇਟ ਕੀਤੇ ਜਾਣ ਦਾ ਰਿਵਾਜ ਹੈ। ਇਸ ਸ਼ੁਭ ਦਿਨ ਗੁਜਰਾਤੀ ਪੰਡਿਤ ਖ਼ਗੋਲ ਵਿਗਿਆਨ ਤੇ ਦਰਸ਼ਨ ਦੇ ਖੇਤਰ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੰਦੇ ਹਨ।
ਇਸ ਤਿਉਹਾਰ ਦੀ ਵਿਸ਼ੇਸ਼ ਪਛਾਣ ਇਹ ਹੈ ਕਿ ਇਸ ਤਿਉਹਾਰ 'ਤੇ ਅੰਤਰ-ਰਾਸ਼ਟਰੀ ਪੱਧਰ 'ਤੇ ਪਤੰਗ ਉਡਾਏ ਜਾਂਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਦਿਨ ਤੋਂ ਹਵਾ ਦਾ ਰੁਖ ਬਦਲਦਾ ਹੈ। ਸਾਰੇ ਭਾਰਤ ਵਿਚ ਲੱਖਾਂ ਦੀ ਗਿਣਤੀ ਵਿਚ ਖ਼ੂਬਸੂਰਤ ਰੰਗਦਾਰ ਪਤੰਗ ਅਕਾਸ਼ ਵਿਚ ਉਡਾਏ ਵੀ ਜਾਂਦੇ ਹਨ ਅਤੇ ਇਕ-ਦੂਜੇ ਦੇ ਪਤੰਗ ਕੱਟੇ ਵੀ ਜਾਂਦੇ ਹਨ। ਇਸ ਤਰ੍ਹਾਂ ਪਤੰਗਬਾਜ਼ੀ ਰਾਹੀਂ ਭਾਰਤ ਦੀ ਸੁੰਦਰਤਾ ਤੇ ਸੱਭਿਆਚਾਰਕ ਵਿਭਿੰਨਤਾ ਦੇ ਦਰਸ਼ਨ ਹੁੰਦੇ ਹਨ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਇਹ ਤਿਉਹਾਰ ਆਪਣੀ ਸਮਾਜਿਕ ਅਤੇ ਸੱਭਿਆਚਾਰਕ ਪਛਾਣ ਦਰਸਾਉਂਦਾ ਹੋਇਆ ਭਾਰਤੀ ਵਿਰਾਸਤ ਦੀ ਸੋਝੀ ਕਰਵਾਉਂਦਾ ਹੈ, ਸੰਸਕ੍ਰਿਤੀ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰਦਾ ਹੈ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਪੈਗ਼ਾਮ ਦਿੰਦਾ ਹੈ।

-ਸਟੇਟ ਐਵਾਰਡੀ ਤੇ ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 85678-86223.

ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ

ਕਿਸਾਨਾਂ ਦੀ ਖੱਟੀ,
ਸ਼ਹੀਦ ਦੁੱਲਾ ਭੱਟੀ।

ਸਿਆਣਿਆਂ ਦਾ ਅਖਾਣ ਹੈ, 'ਜਿਨ੍ਹਾਂ ਘੜੀ ਨਾ ਵੇਖੀ ਦੁੱਖ ਦੀ, ਉਨ੍ਹਾਂ ਨੂੰ ਕਦਰ ਕੀ ਸੁੱਖ ਦੀ।' ਇਕ ਹੋਰ ਅਖਾਣ ਇਹ ਵੀ ਹੈ, 'ਜਿਨ੍ਹਾਂ ਨੇ ਸੁੱਖਾਂ ਨੂੰ ਪਿੱਛੇ ਸੁੱਟਿਆ, ਉਨ੍ਹਾਂ ਨੂੰ ਦੁੱਖਾਂ ਨੇ ਆ ਕੇ ਲੁੱਟਿਆ।'
ਇਹ ਦੋ ਚੋਣਾਂ ਨੇ ਸਾਡੇ ਪੰਜਾਬ ਦੀਆਂ, ਜਿਨ੍ਹਾਂ ਦਾ ਮਤਲਬ ਬਹੁਤ ਡੂੰਘਾ ਤੇ ਲੰਮਾ-ਚੌੜਾ ਹੈ। ਇਸ 'ਚ ਦੁੱਖ ਤੇ ਸੁੱਖ ਦੀ ਸਾਂਝ ਤੇ ਦੁੱਖ-ਸੁੱਖ ਦਾ ਵੇਰਵਾ ਬੜੇ ਸੋਹਣੇ ਤੇ ਅਨੋਖੇ ਤਰੀਕੇ ਨਾਲ ਕੀਤਾ ਗਿਆ ਹੈ। ਦੁੱਖ ਤੇ ਸੁੱਖ ਦੀ ਇਕੋ ਦੁਨੀਆ ਹੈ। ਇਹ ਦੋਵੇਂ ਨਾਲ-ਨਾਲ ਰਹਿੰਦੇ ਹਨ ਪਰ ਲੱਜਤਾਂ ਵੱਖੋ ਵੱਖ ਹਨ। ਪੰਜਾਬ ਦੀ ਧਰਤੀ ਸਦੀਆਂ ਤੋਂ ਦੁੱਖਾਂ ਨਾਲ ਲੜ ਰਹੀ ਹੈ। ਪੰਜਾਬ ਦੀ ਧਰਤੀ ਨੇ ਬੜੇ ਵੱਡੇ-ਵੱਡੇ ਦੁੱਖ ਦੇਖੇ ਪਰ ਹਿੰਮਤ ਨਹੀਂ ਹਾਰੀ। ਇੰਨੇ ਦੁੱਖ ਸਹਿ ਕੇ ਵੀ ਪੰਜਾਬ ਦੀ ਧਰਤੀ ਨੇ ਆਪਣੀ ਅਣਖ ਤੇ ਗ਼ੈਰਤ ਦਾ ਸੌਦਾ ਨਹੀਂ ਕੀਤਾ।
ਏਡੀ ਸਬਰ ਤੇ ਸ਼ੁਕਰ ਕਰਨ ਵਾਲੀ ਧਰਤੀ ਨੇ ਆਪਣੀ ਕੁੱਖ 'ਚੋਂ ਗੁਰੂਆਂ, ਪੀਰਾਂ, ਭਗਤਾਂ ਤੇ ਸੂਫ਼ੀਆਂ ਨੂੰ ਜਨਮ ਦਿੱਤਾ। ਇਸੇ ਲਈ ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਭਗਤਾਂ ਤੇ ਸੂਫੀਆਂ ਦੀ ਧਰਤੀ ਆਖਦੇ ਹਨ। ਧਰਤੀ ਮਾਂ ਹੁੰਦੀ ਹੈ, ਜਦੋਂ ਮਾਂ ਦੁੱਖਾਂ ਨਾਲ ਲੜ ਰਹੀ ਹੋਵੇ ਤਾਂ ਔਲਾਦ ਕੋਲੋਂ ਨਹੀਂ ਵੇਖਿਆ ਜਾਂਦਾ। ਫਿਰ ਪੰਜਾਬ ਦੇ ਅਣਖੀ ਤੇ ਗ਼ੈਰਤਮੰਦ ਲੱਜਪਾਲ ਪੁੱਤਰ ਇਹ ਕਿਵੇਂ ਵੇਖ ਸਕਦੇ ਸਨ। ਉਨ੍ਹਾਂ ਆਪਣੀ ਮਾਂ ਤੋਂ ਜਾਨਾਂ ਵਾਰ ਦਿੱਤੀਆਂ ਤੇ ਸਦਾ ਲਈ ਇਤਿਹਾਸ 'ਚ ਅਮਰ ਹੋ ਗਏ।
ਇਨ੍ਹਾਂ ਲੱਜਪਾਲ ਪੁੱਤਰਾਂ 'ਚੋਂ ਇਕ ਨਾਂਅ ਹੈ, ਦੁੱਲਾ ਭੱਟੀ। ਦੁੱਲੇ ਭੱਟੀ ਦੀ ਧਰਤੀ 'ਤੇ ਘਰ-ਬਾਰ ਦੇ ਵੇਰਵੇ ਸਾਂਝੇ ਕਰਨੇ ਬੜੇ ਜ਼ਰੂਰੀ ਹਨ। ਦੁੱਲੇ ਦਾ ਪਿੰਡ ਪਿੰਡੀ ਭੱਟੀਆਂ ਮੌਜੂਦਾ ਪਿੰਡੀ ਭੱਟੀਆਂ ਦੇ ਨਾਲ ਹੀ ਹੈ। ਪਿੰਡੀ ਭੱਟੀਆਂ ਜ਼ਿਲ੍ਹਾ ਹਾਫਿਜ਼ਾਬਾਦ, ਪੰਜਾਬ (ਪਾਕਿਸਤਾਨ) ਦਾ ਤਹਿਸੀਲ ਹੈੱਡ-ਕੁਆਟਰ ਹੈ। ਦੁੱਲੇ ਦੇ ਸਾਰੇ ਪਿੰਡ ਦੀ ਜੂਹ 'ਚ ਇਕ ਗੱਲ ਬੜੀ ਮਸ਼ਹੂਰ ਸੀ ਬਲਕਿ ਮੇਰੀ ਵੇਖੀ ਪਰਖੀ ਹੋਈ ਵੀ ਹੈ ਕਿ ਇਸ ਧਰਤੀ ਦੇ ਜਿਹੜੇ ਭੱਟੀ ਰਾਜਪੂਤ ਸਨ, ਉਹ ਕੱਦ-ਕਾਠ ਦੇ ਲੰਮੇ, ਖ਼ੂਬਸੂਰਤ ਲੰਮੀਆਂ ਅੱਖਾਂ, ਲੰਮੀਆਂ ਧੌਣਾਂ, ਉੱਚੇ ਨੱਕ ਤੇ ਖ਼ੂਬਸੂਰਤ ਜੁੱਸਿਆਂ ਦੇ ਮਾਲਕ ਸਨ। ਇਹ ਜਰਖੇਜ਼ ਧਰਤੀ ਬੜੀ ਭਾਗਾਂ ਵਾਲੀ ਹੈ। ਇਸ ਧਰਤੀ ਬਾਰੇ ਮੈ ਇਕ ਗੱਲ ਦੱਸਣੀ ਹੋਰ ਜ਼ਰੂਰੀ ਸਮਝਦਾ ਹਾਂ ਕਿ ਇਸ ਖਿੱਤੇ 'ਚ ਜੰਗਲੀ ਖ਼ਰਗੋਸ਼, ਜਿਸ ਨੂੰ ਅਸੀਂ ਪੰਜਾਬੀ 'ਚ ਸਹਿਆ ਵੀ ਆਖਦੇ ਹਾਂ, ਬਹੁਤ ਜ਼ਿਆਦਾ ਪਾਏ ਜਾਂਦੇ ਸਨ। ਇਹ ਖ਼ਰਗੋਸ਼ ਇੰਨੇ ਫੁਰਤੀਲੇ, ਤਾਕਤਵਰ ਤੇ ਤੇਜ਼ ਦੌੜਾਕ ਸਨ ਕਿ ਜੇ ਸੌ ਕੁੱਤਾ ਇਕ ਖ਼ਰਗੋਸ਼ ਮਗਰ ਛੱਡਿਆ ਜਾਂਦਾ ਤਾਂ ਇਕ-ਅੱਧਾ ਕੁੱਤਾ ਹੀ ਉਸ ਨੂੰ ਫੜਨ 'ਚ ਕਾਮਯਾਬ ਹੁੰਦਾ, ਬਾਕੀ ਦੇ ਸਾਰੇ ਫਾਰਗ ਹੋ ਜਾਂਦੇ ਸਨ। ਇੱਥੇ ਇਹ ਗੱਲ ਕਰਨ ਦਾ ਮਤਲਬ ਇਹ ਹੈ ਕਿ ਜੇ ਇਸ ਧਰਤੀ ਦੇ ਜੰਗਲੀ ਜਾਨਵਰਾਂ ਤੇ ਇੱਥੋਂ ਦੀਆਂ ਫਸਲਾਂ 'ਚ ਇਨੀ ਤਾਕਤ ਹੈ ਤਾਂ ਇੱਥੋਂ ਦੇ ਵਸਨੀਕ ਕਿੰਨੇ ਕੁ ਤਾਕਤਵਰ ਤੇ ਦਲੇਰ ਹੋਣਗੇ।
ਪੰਜਾਬ ਦੀ ਗ਼ੈਰਤ ਦੀ ਨਿਸ਼ਾਨੀ
ਪੰਜਾਬ ਦੀਆਂ ਲੋਕ-ਗਥਾਵਾਂ 'ਚ ਇਸ਼ਕ-ਮੁਹੱਬਤ ਦਾ ਜ਼ਿਕਰ ਬਹੁਤ ਜ਼ਿਆਦਾ ਹੈ ਪਰ ਦੁੱਲੇ ਭੱਟੀ ਦੀ ਕਹਾਣੀ 'ਚ ਦੁੱਲੇ ਦਾ ਸੋਹਣਾ, ਸਾਫ ਤੇ ਅਣਖੀ ਕਿਰਦਾਰ ਉੱਭਰ ਕੇ ਸਾਹਮਣੇ ਆਉਂਦਾ ਹੈ। ਸੱਚੇ ਤੇ ਸੁੱਚੇ ਕਿਰਦਾਰ ਦੇ ਨਾਲ-ਨਾਲ ਉਸ ਦੀ ਸ਼ਖਸੀਅਤ ਵਿਚਲੇ ਬਹਾਦਰੀ, ਦਲੇਰੀ ਤੇ ਮਰਦਾਨਗੀ ਦੇ ਗੁਣਾਂ ਕਾਰਨ ਦੁੱਲਾ ਪੰਜਾਬੀਆਂ ਦਾ ਇਕ ਗ਼ੈਰਤਮੰਦ ਨਾਇਕ ਸਾਬਿਤ ਹੁੰਦਾ ਹੈ। ਦੁੱਲੇ ਭੱਟੀ ਦੀ ਕਹਾਣੀ ਨੂੰ ਪੰਜਾਬ ਦੀਆਂ ਦੂਸਰੀਆਂ ਕਹਾਣੀਆਂ ਨਾਲੋਂ ਵੱਖਰਾ ਤੇ ਉੱਚਾ ਮੁਕਾਮ ਮਿਲਿਆ ਹੈ। ਉਹ ਪੰਜਾਬੀ ਨਫਸਿਆਤ ਨੂੰ ਬੜੇ ਵਧੀਆ ਤਰੀਕੇ ਨਾਲ ਸਮਝਦਾ ਸੀ, ਇਕ ਇਹੋ ਜਿਹਾ ਗੱਭਰੂ ਜਿਹੜਾ ਮੌਤ ਤੋਂ ਨਹੀਂ ਡਰਦਾ ਸੀ ਬਲਕਿ ਜ਼ਾਲਮਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਪੰਜਾਬੀਆਂ ਦਾ ਮਾਣ ਵਧਾਉਂਦਾ ਸੀ।
ਦੁੱਲੇ ਭੱਟੀ ਦਾ ਜੰਮ-ਪਲ
ਦੁੱਲਾ ਭੱਟੀ 1557 ਈ: ਨੂੰ ਪੰਜਾਬ ਦੇ ਮੁਸਲਮਾਨ ਰਾਜਪੂਤ ਘਰਾਣੇ 'ਚ ਪਿੰਡੀ ਭੱਟੀਆਂ, ਜ਼ਿਲ੍ਹਾ ਹਾਫਿਜ਼ਾਬਾਦ 'ਚ ਪੈਦਾ ਹੋਇਆ। ਉਸ ਸਮੇਂ ਦੁੱਲੇ ਭੱਟੀ ਦੇ ਬਾਪ ਨੂੰ ਪੂਰੇ ਹੋਇਆਂ ਚਾਰ ਮਹੀਨੇ ਹੋ ਗਏ ਸਨ। ਦੁੱਲੇ ਭੱਟੀ ਦਾ ਅਸਲ ਨਾਂਅ ਅਬਦੁੱਲਾ ਭੱਟੀ ਸੀ। ਸਾਡੇ ਸਾਂਦਲ ਬਾਰ ਦੇ ਵਸੇਬ 'ਚ ਕੁਝ ਲਾਡ-ਪਿਆਰ ਚੋਖਾ ਹੈ ਤਾਂ ਹੀ ਲੋਕੀਂ ਆਪਣੇ ਬਾਲਾਂ ਦੇ ਨਾਂਅ ਕੁਝ ਵਿਗਾੜ ਕੇ ਲੈਂਦੇ ਹਨ। ਅਬਦੁੱਲਾ ਭੱਟੀ ਨੂੰ ਲਾਡ-ਪਿਆਰ ਨਾਲ ਦੁੱਲਾ ਭੱਟੀ ਦੇ ਨਾਂਅ ਨਾਲ ਬੁਲਾਇਆ ਜਾਂਦਾ ਸੀ ਤੇ ਅੱਜ ਵੀ ਆਧੁਨਿਕ ਕੰਪਿਊਟਰ ਦੇ ਜ਼ਮਾਨੇ 'ਚ ਵੀ ਲੋਕੀਂ ਦੁੱਲਾ ਭੱਟੀ ਹੀ ਆਖਦੇ ਹਨ। ਸਾਡੇ ਪੰਜਾਬ 'ਚ ਜਦ ਵੀ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਕੰਮ ਉਸ ਨੂੰ ਗੁੜ੍ਹਤੀ ਦੇਣਾ ਹੁੰਦਾ ਹੈ। ਗੁੜ੍ਹਤੀ ਸ਼ਹਿਦ ਜਾਂ ਗੁੜ ਨਾਲ ਦਿੱਤੀ ਜਾਂਦੀ ਹੈ ਪਰ ਦੁੱਲੇ ਦੀ ਗੁੜਤੀ ਦਾ ਢੰਗ ਕੁਝ ਵੱਖਰਾ ਸੀ। ਦੁੱਲੇ ਦੀ ਮਾਂ ਲੱਧੀ ਨੇ ਆਪਣੇ ਪੁੱਤਰ ਦੀ ਸ਼ਕਲ ਤੇ ਹੱਡ-ਪੈਰ ਵੇਖ ਕੇ ਪਾਨ ਚੜ੍ਹੀ ਤਲਵਾਰ ਨੂੰ ਪਾਣੀ ਨਾਲ ਧੋ ਕੇ ਦੁੱਲੇ ਨੂੰ ਗੁੜ੍ਹਤੀ ਦਿੱਤੀ ਸੀ। ਪੰਜਾਬ ਦੀ ਇਕ ਕਹਾਵਤ ਹੈ, 'ਜੰਮਦੀਆਂ ਸੂਲ਼ਾਂ ਦੇ ਮੂੰਹ ਤਿੱਖੇ।' ਦੁੱਲਾ ਮੁਗ਼ਲਾਂ ਲਈ ਤਾਂ ਸੂਲ਼ ਸੀ ਪਰ ਪੰਜਾਬੀਆਂ ਲਈ ਇੱਜ਼ਤ ਤੇ ਗ਼ੈਰਤ ਦਾ ਰਖਵਾਲਾ ਸਾਬਿਤ ਹੋਇਆ। ਦੁੱਲੇ ਦੇ ਪਿਉ ਦਾ ਨਾਂਅ ਫਰੀਦ ਖਾਂ ਭੱਟੀ ਸੀ। ਉਸ ਦਾ ਕੱਦ ਸਾਢੇ ਛੇ ਫੁੱਟ ਸੀ। ਦੁੱਲੇ ਦੇ ਦਾਦੇ ਦਾ ਨਾਂਅ ਬਿਜਲੀ ਖਾਂ ਉਰਫ ਸਾਂਦਲ ਸੀ ਤੇ ਉਸ ਦਾ ਕੱਦ ਵੀ ਲਗਭਗ ਸਾਡੇ ਛੇ ਫੁੱਟ ਹੀ ਸੀ। ਦੁੱਲਾ ਭੱਟੀ ਵੀ ਬਹੁਤ ਖੂਬਸੂਰਤ ਤੇ ਜਵਾਨ ਸੀ। ਉਹ ਸਿਰ ਤੇ ਪੱਗੜੀ, ਗਲ ਖੁੱਲ੍ਹਾ ਕੁੜਤਾ ਤੇ ਤੇੜ ਲੂੰਗੀ ਬੰਨ੍ਹਦਾ ਸੀ। ਦੁੱਲੇ ਬਾਰੇ ਇਕ ਗੱਲ ਬੜੀ ਮਸ਼ਹੂਰ ਹੈ ਕਿ ਪਿੰਡੀ ਭੱਟੀਆਂ ਦੇ ਇਲਾਕੇ ਨੇ ਉਸ ਤੋਂ ਬਾਅਦ ਇਹੋ ਜਿਹਾ ਸੋਹਣਾ ਤੇ ਜਵਾਨ ਬੰਦਾ ਨਹੀਂ ਵੇਖਿਆ। ਦੁੱਲੇ ਦੇ ਯਾਰ-ਬੇਲੀ ਜਿਨ੍ਹਾਂ ਨਾਲ ਉਸ ਦਾ ਉੱਠਣਾ-ਬੈਠਣਾ ਸੀ, ਉਨ੍ਹਾਂ 'ਚ ਮੇਹਰੂ ਪੋਸਤੀ, ਪਿਰਥਾ ਜੱਟ, ਦਾਦੂ ਖਾਂ ਡੋਗਰ, ਜਮਾਲ ਖਾਂ, ਕਮਾਲ ਖਾਂ, ਸਰਮਚੂ, ਕਲਾਬਰਵਾਲਾ, ਤੁੱਲਾ ਮਰਾਸੀ, ਦਉਲਾ ਕੌਲਾ ਤੇ ਖਬਾਨਾਂ ਵਜ਼ੀਰ ਸਨ। ਇਨ੍ਹਾਂ ਦੀ ਅਕਸਰ ਬੈਠਕ ਹੁੰਦੀ ਰਹਿੰਦੀ ਸੀ। ਇਨ੍ਹਾਂ ਦੀਆਂ ਗੱਲਾਂ 'ਚ ਜ਼ਿਆਦਾ ਚਰਚਾ ਲੜਾਈ ਤੇ ਜੰਗੀ ਚਾਲਾਂ 'ਤੇ ਹੀ ਹੁੰਦੀ ਸੀ। ਦੁੱਲੇ ਦਾ ਭਤੀਜਾ ਮਸਤੀ ਖਾਂ ਵੀ ਬੜਾ ਜੰਗਜੂ ਸੀ। ਉਹ ਦਲੇਰੀ ਤੇ ਮਰਦਾਨਗੀ 'ਚ ਆਪਣੀ ਮਿਸਾਲ ਆਪ ਸੀ। ਦੁੱਲੇ ਦੀ ਬੱਕੀ , ਜਿਸ 'ਤੇ ਉਹ ਸਵਾਰੀ ਕਰਦਾ ਸੀ, ਬਾਰੇ ਵੀ ਬੜੀਆਂ ਗੱਲਾਂ ਮਸ਼ਹੂਰ ਸਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਲਿੱਪੀ-ਅੰਤਰ :- 1. ਰਾਜਵਿੰਦਰ ਸਿੰਘ ਸਿੱਧੂ
ਮੋਬਾਈਲ: 9855503224
2. ਸਰਬਜੀਤ ਸਿੰਘ ਸੰਧੂ,
ਮੋਬਾਈਲ: 9501011799

ਗੁਲ-ਗੁਲਸ਼ਨ-ਗੁਲਫਾਮ ਧੂਣੀ ਦਾ ਬਦਲਿਆ ਰੂਪ ਫਾਇਰ ਪਿੱਟ

ਮਨੁੱਖ ਅਤੇ ਅੱਗ ਦਾ ਸਬੰਧ ਮਨੁੱਖਤਾ ਦੀ ਹੋਂਦ ਜਿੰਨਾ ਹੀ ਪੁਰਾਣਾ ਹੈ। ਸਾਡੇ ਮਿਥਿਹਾਸ, ਇਤਿਹਾਸ, ਸੱਭਿਆਚਾਰ, ਰੀਤੀ-ਰਿਵਾਜ, ਤਿੱਥ-ਤਿਉਹਾਰ, ਸਭਨਾਂ ਵਿਚ ਅੱਗ ਦਾ ਅਹਿਮ ਸਥਾਨ ਨਜ਼ਰ ਆਉਂਦਾ ਹੈ। ਪੁਰਾਣੇ ਵੇਲਿਆਂ ਵਿਚ ਲੋਕ ਅਕਸਰ ਪਿੰਡਾਂ ਵਿਚ ਸਰਦ ਰੁੱਤ ਦੌਰਾਨ ਧੂਣੀਆਂ ਜਾਂ ਚੁੱਲ੍ਹਿਆਂ ਅੱਗੇ ਬੈਠੇ ਨਜ਼ਰ ਆਉਂਦੇ ਸਨ। ਪੁਰਾਣੀਆਂ ਸੱਭਿਆਤਾਵਾਂ ਦੇ ਨਿਰੀਖਣ ਦੌਰਾਨ ਵੀ ਅਗਨ-ਕੁੰਡਾਂ ਦੀ ਮੌਜੂਦਗੀ ਸਾਹਮਣੇ ਆਉਂਦੀ ਹੈ। ਤਰੱਕੀ ਦੇ ਚਲਦਿਆਂ ਮਨੁੱਖ ਨੇ ਹਰ ਖੇਤਰ ਵਿਚ ਨਵੀਆਂ ਪੁਲਾਂਘਾਂ ਪੁੱਟੀਆਂ ਹਨ। ਸ਼ਹਿਰਾਂ ਅਤੇ ਵਿਦੇਸ਼ ਵਸਦੇ ਲੋਕਾਂ ਦੀ ਜੀਵਨ-ਜਾਚ ਤੇਜ਼ੀ ਨਾਲ ਬਦਲਦੀ ਨਜ਼ਰ ਆਉਂਦੀ ਹੈ। ਸਾਡੇ ਪਿੰਡਾਂ ਦੀਆਂ ਧੂਣੀਆਂ ਨੂੰ ਗੋਰਿਆਂ ਜਾਂ ਅਮੀਰ ਲੋਕਾਂ ਨੇ 'ਫਾਇਰ ਪਿੱਟ' ਜਾਂ 'ਫਾਇਰ ਪਲੇਸ' ਦਾ ਨਾਂਅ ਦੇ ਕੇ ਬਗੀਚੀਆਂ ਵਿਚ ਸਥਾਨ ਦਿੱਤਾ ਹੈ। ਬਗੀਚੀਆਂ ਵਿਚ ਸਾਡੇ ਲੋਕਾਂ ਦਾ ਸ਼ੌਕ ਵੀ ਕਾਫ਼ੀ ਵਧਣ ਕਾਰਨ ਇਹ 'ਫਾਇਰ ਪਿੱਟ' ਬਣਨੇ ਸ਼ੁਰੂ ਹੋ ਗਏ ਹਨ ਅਤੇ ਤਕਨੀਕੀ ਰੂਪ ਵਿਚ ਇਹ ਲਾਭਕਾਰੀ ਵੀ ਹੋ ਨਿਬੜਦੇ ਹਨ।
ਪਹਿਲਾਂ ਪਹਿਲ ਤਾਂ 'ਫਾਇਰ ਪਿੱਟ' ਮਿੱਟੀ ਵਿਚ ਘੱਟ ਡੂੰਘਾ ਟੋਇਆ ਪੁੱਟ ਕੇ ਥੋੜ੍ਹੇ ਬਹੁਤ ਪੱਥਰ ਆਦਿ ਰੱਖ ਕੇ ਹੀ ਤਿਆਰ ਕਰ ਲਈ ਜਾਂਦੀ ਸੀ। ਪ੍ਰੰਤੂ ਫਿਰ ਪੱਥਰਾਂ ਨੂੰ ਬੜੀ ਬਾਖੂਬੀ ਵਰਤਿਆ ਜਾਣ ਲੱਗਾ। ਦਰਅਸਲ ਫਾਇਰ ਪਿੱਟ ਬਣਾਉਣ ਦਾ ਮੁੱਖ ਮਕਸਦ ਅੱਗ ਬਾਲਣਾ ਅਤੇ ਉਸ ਨੂੰ ਖਾਸ ਖੇਤਰ ਤੋਂ ਬਾਹਰ ਵਧਣ ਤੋਂ ਰੋਕਣਾ ਹੁੰਦਾ ਹੈ। ਵਿਦੇਸ਼ਾਂ ਵਿਚ 'ਫਾਇਰ ਪਿੱਟ' ਓਪਨ ਯਾਨੀ ਖਾਲੀ ਸਥਾਨਾਂ ਅਤੇ ਫਾਇਰ ਪਲੇਸ ਕਿਸੇ ਦੀਵਾਰ ਨਾਲ ਜਾਂ ਫਿਰ ਅਲੱਗ ਢਾਂਚੇ ਦੇ ਰੂਪ ਵਿਚ ਬਣਾਈ ਜਾਂਦੀ ਹੈ। ਘਰਾਂ ਜਾਂ ਇਮਾਰਤਾਂ ਅੰਦਰ ਬਣਨ ਵਾਲੀਆਂ ਫਾਇਰ ਪਿੱਟ ਤਾਂ ਬਹੁਤ ਹੀ ਸੋਹਣੀਆਂ ਵਿਲੱਖਣਤਾ ਭਰਪੂਰ ਬਣਦੀਆਂ ਹਨ।
ਪੱਥਰਾਂ ਤੋਂ ਬਾਅਦ ਇੱਟਾਂ ਦੀ ਖੂਬ ਵਰਤੋਂ ਕੀਤੀ ਗਈ ਅਤੇ ਹੁਣ ਵੀ ਜਾਰੀ ਹੈ। ਫਾਇਰ ਪਿੱਟ ਓਪਨ ਵਿਚ ਜ਼ਿਆਦਾਤਰ ਬਣਾਈ ਹੀ ਪੱਥਰਾਂ ਜਾਂ ਫਿਰ ਇੱਟਾਂ ਨਾਲ ਜਾਂਦੀ ਹੈ। ਹਾਲਾਂਕਿ ਤਰੱਕੀ ਦੇ ਚਲਦਿਆਂ ਅਨੇਕਾਂ ਕਿਸਮ ਦੀਆਂ ਧਾਤਾਂ ਦਾ ਪ੍ਰਯੋਗ ਕਾਫੀ ਵਧ ਗਿਆ ਹੈ। ਬੜੀਆਂ ਧਾਤਾਂ ਵਰਤੀਆਂ ਜਾ ਸਕਦੀਆਂ ਹਨ ਪ੍ਰੰਤੂ ਤਾਂਬਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਹੋਰਨਾਂ ਮਟੀਰੀਅਲਾਂ ਦੀ ਬਜਾਏ ਕਾਫੀ ਮਹਿੰਗਾ ਪੈਂਦਾ ਹੈ। ਫਾਇਰ ਪਿੱਟ ਬਨਾਵਟ ਦੇ ਅਨੁਸਾਰ ਸਥਾਈ, ਅਸਥਾਈ ਅਤੇ ਚੱਕਵੀਂ ਹੋ ਸਕਦੀ ਹੈ। ਧਾਤਾਂ ਤੋਂ ਬਣੀਆਂ ਜ਼ਿਆਦਾਤਰ ਚੱਕਵੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋੜ ਪੈਣ 'ਤੇ ਕਿਸੇ ਵੀ ਸਥਾਨ 'ਤੇ ਰੱਖਿਆ ਜਾ ਸਕਦਾ ਹੁੰਦਾ ਹੈ। ਕੁਝ ਲੋਕ ਟੇਬਲ (ਮੇਜ਼) ਨੁਮਾ ਫਾਇਰ ਪਿੱਟ ਵੀ ਤਿਆਰ ਕਰ ਲੈਂਦੇ ਹਨ। ਜ਼ਿਆਦਾਤਰ ਚੱਕਵੀਆਂ ਧਾਤ ਤੋਂ ਬਣਨ ਵਾਲੀਆਂ ਫਾਇਰ ਪਿੱਟ ਤੋਂ ਅੱਗ ਦੇ ਸੇਕ ਦੇ ਨਾਲ-ਨਾਲ ਗਰਿੱਲ ਯਾਨੀ ਮਾਸ ਜਾਂ ਪਨੀਰ ਆਦਿ ਭੋਜਨ ਨੁਮਾ ਵਸਤੂ ਪਕਾਉਣ ਦੇ ਲਈ ਵੀ ਵਰਤ ਲਿਆ ਜਾਂਦਾ ਹੈ। ਫਾਇਰ ਪਿੱਟ ਦਾ ਆਕਾਰ ਅਤੇ ਦਿੱਖ ਉਸ ਦੀ ਲੋੜ ਅਤੇ ਵਰਤੋਂ ਅਨੁਸਾਰ ਰੱਖਿਆ ਜਾਂਦਾ ਹੈ। ਕੁਝ ਇਲਾਕਿਆਂ ਵਿਚ ਮਿੱਟੀ ਤੋਂ ਬਣੀਆਂ ਚਿਮਨੀਨੁਮਾ 'ਫਾਇਰ ਪਿੱਟ' ਵੀ ਕਾਫੀ ਪ੍ਰਚਲਿਤ ਹੁੰਦੀਆਂ ਹਨ।
'ਫਾਇਰ ਪਿੱਟ' ਵਿਚ ਅੱਗ ਦਾ ਸਰੋਤ ਕਈ ਤਰ੍ਹਾਂ ਦਾ ਹੋ ਸਕਦਾ ਹੁੰਦਾ ਹੈ। ਸਾਡੇ ਇਲਾਕਿਆਂ ਵਿਚ ਜ਼ਿਆਦਾਤਰ ਲੱਕੜ ਜਾਂ ਪਾਥੀਆਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਕਾਫੀ ਲੋਕ ਕੋਲੇ ਦੀ ਵਰਤੋਂ ਵੀ ਕਰਦੇ ਹਨ। ਪ੍ਰੰਤੂ ਵਿਦੇਸ਼ਾਂ ਵਿਚ ਇਨ੍ਹਾਂ ਵਸਤਾਂ ਤੋਂ ਹਟ ਕੇ ਪ੍ਰੋਪੇਨ ਜਾਂ ਕਈ ਤਰ੍ਹਾਂ ਦੀ ਗੈਸ, ਜੈੱਲ ਆਦਿ ਦੀ ਵਰਤੋਂ ਕਾਫੀ ਵਧ ਰਹੀ ਹੈ। ਖਾਸ ਤੌਰ 'ਤੇ ਜੋ ਫਾਇਰ ਪਿੱਟ ਘਰਾਂ ਦੀ ਅੰਦਰ ਵਰਤੀ ਜਾਂਦੀ ਹੈ, ਉਸ ਵਿਚ ਗੈਸ ਆਦਿ ਦੀ ਵਰਤੋਂ ਕਰਨੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਕਿਉਂਕਿ ਇਸ ਤਰੀਕੇ ਨਾਲ ਧੂੰਆਂ ਨਾਮਾਤਰ ਹੀ ਨਿਕਲਦਾ ਹੈ ਤੇ ਘਰ ਅੰਦਰੋਂ ਖਰਾਬ ਨਹੀਂ ਹੁੰਦੇ। ਇਹ ਬਿਲਕੁਲ ਸਾਡੀਆਂ ਪੁਰਾਣੀਆਂ ਅੰਗੀਠੀਆਂ ਤਰ੍ਹਾਂ ਹੁੰਦੀਆਂ ਹਨ, ਬੱਸ ਫਰਕ ਏਨਾ ਹੁੰਦਾ ਹੈ ਕਿ ਅੰਗੀਠੀਆਂ ਬਹੁਤ ਧੂੰਆਂ ਕਰ ਦਿੰਦੀਆਂ ਹਨ ਅਤੇ ਦੂਸਰੀਆਂ ਨਹੀਂ। ਕਈ ਸੱਜਣ ਤਾਂ ਫਾਇਰ ਪਿੱਟ ਦੇ ਐਨੇ ਜ਼ਿਆਦਾ ਸ਼ੌਕੀਨ ਹੁੰਦੇ ਹਨ ਕਿ ਉਨ੍ਹਾਂ ਦੇ ਬਗੀਚਿਆਂ ਵਿਚ ਅਤੇ ਘਰਾਂ ਦੇ ਅੰਦਰ ਦੋਵੇਂ ਜਗ੍ਹਾ ਹੀ ਫਾਇਰ ਪਿੱਟ ਵੇਖਣ ਨੂੰ ਮਿਲਦੀਆਂ ਹਨ।
ਬਗੀਚੀਆਂ ਵਿਚ 'ਫਾਇਰ ਪਿੱਟ' ਬਣਾਉਣ ਦਾ ਰੁਝਾਨ ਸਾਡੇ ਸੂਬੇ ਵਿਚ ਬਹੁਤ ਜ਼ਿਆਦਾ ਪ੍ਰਚਲਿਤ ਨਹੀਂ ਸੀ ਪ੍ਰੰਤੂ ਪਿਛਲੇ ਕੁਝ ਸਾਲਾਂ ਦੌਰਾਨ ਜਦ ਤੋਂ ਘਰਾਂ ਦੀ ਤਰ੍ਹਾਂ ਬਗੀਚੀਆਂ ਵੀ ਨਕਸ਼ੇ ਆਧਾਰ 'ਤੇ ਤਕਨੀਕੀ ਰੂਪ ਵਿਚ ਬਣਨੀਆਂ ਸ਼ੁਰੂ ਹੋਈਆਂ ਹਨ, ਉਦੋਂ ਤੋਂ ਫਾਇਰ ਪਿੱਟ ਨੂੰ ਨਕਸ਼ੇ ਵਿਚ ਫਿੱਟ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਸਹੀ ਰੂਪ ਵਿਚ ਜੇਕਰ (ਡਿਜ਼ਾਈਨ) ਕਰਕੇ ਬਗੀਚੀ ਵਿਚ 'ਫਾਇਰ ਪਿੱਟ' ਬਣਾਈ ਜਾਵੇ ਤਾਂ ਉਹ ਖੂਬਸੂਰਤੀ ਵਿਚ ਵੀ ਵਾਧਾ ਕਰਨ ਵਿਚ ਯੋਗਦਾਨ ਪਾਉਂਦੀ ਹੈ। ਕੁਝ ਸੱਜਣਾਂ ਦਾ ਸਵਾਲ ਹੁੰਦਾ ਹੈ ਕਿ ਸਰਦ ਰੁੱਤ ਦੌਰਾਨ ਤਾਂ ਅਸੀਂ ਅੱਗ ਬਾਲ ਲਵਾਂਗੇ ਪ੍ਰੰਤੂ ਗਰਮੀ ਰੁੱਤ ਦੌਰਾਨ ਉਸ ਸਥਾਨ 'ਤੇ ਕੀ ਕੀਤਾ ਜਾਵੇਗਾ? ਫਾਇਰ ਪਿੱਟ ਜਾਂ ਅਗਨ ਕੁੰਡ ਨਾਮੀ ਸਥਾਨ ਦੇ ਵਿਚਲੇ ਹਿੱਸੇ ਦੇ ਹਿਸਾਬ ਨਾਲ ਟੇਬਲ ਤਿਆਰ ਕਰ ਲਏ ਜਾਂਦੇ ਹਨ। ਸਥਾਨ ਦੀ ਸਾਫ਼-ਸਫਾਈ ਕਰਕੇ ਖੂਬਸੂਰਤ ਟੇਬਲ ਰੱਖ ਕੇ ਉਸੇ ਸਥਾਨ ਨੂੰ ਗਰਮੀਆਂ ਦੀ ਸ਼ਾਮ ਨੂੰ ਆਨੰਦ ਲਿਆ ਜਾ ਸਕਦਾ ਹੈ।
ਬਗੀਚੀਆਂ ਬਣਾਉਣ ਜਾਂ ਬਣਵਾਉਣ ਦੇ ਸ਼ੌਕੀਨਾਂ ਨੂੰ ਇਕ ਰਾਏ 'ਤੇ ਪੂਰੀ ਤਰਜੀਹ ਦੇਣੀ ਚਾਹੀਦੀ ਹੈ ਕਿ ਬਗੀਚੀ ਹਮੇਸ਼ਾ ਨਕਸ਼ੇ ਅਨੁਸਾਰ ਤਿਆਰ ਕੀਤੀ ਜਾਵੇ। ਫ਼ਿਲਮਾਂ ਜਾਂ ਤਸਵੀਰਾਂ ਵਿਚ ਦਿਸਣ ਵਾਲੇ ਦ੍ਰਿਸ਼ ਹਮੇਸ਼ਾ ਨਕਸ਼ੇ ਅਨੁਸਾਰ ਬਣਾਈਆਂ ਬਗੀਚੀਆਂ ਵਿਚੋਂ ਹੀ ਜ਼ਿਆਦਾ ਝਲਕਦੇ ਹਨ। ਸਾਡੇ ਅਨੇਕਾਂ ਤਿੱਥ-ਤਿਉਹਾਰਾਂ ਜਾਂ ਰਸਮਾਂ ਵਿਚ ਅੱਗ ਬਾਲੀ ਜਾਂਦੀ ਹੈ, ਸੋ ਫਾਇਰ ਪਿੱਟ ਜਾਂ ਅਗਨ ਕੁੰਡ ਨੂੰ ਬਕਾਇਦਾ ਵਰਤਿਆ ਜਾ ਸਕਦਾ ਹੈ। ਫਰਵਰੀ-ਮਾਰਚ ਮਹੀਨੇ ਦੌਰਾਨ ਜਿਨ੍ਹਾਂ ਸੱਜਣਾਂ ਨੇ ਬਗੀਚੀਆਂ ਤਿਆਰ ਕਰਨੀਆਂ ਹਨ, ਉਹ ਇਮਾਰਤੀ ਕੰਮ ਜਿਵੇਂ ਕਿ ਰਸਤੇ, ਪੂਲ ਜਾਂ ਫਾਇਰ ਪਿੱਟ ਆਦਿ ਬਣਾਉਣ ਦਾ ਕੰਮ ਹੁਣੇ ਤੋਂ ਸ਼ੁਰੂ ਕਰ ਲੈਣ ਤਾਂ ਕੰਮ ਢੁਕਵੇਂ ਸਮੇਂ 'ਤੇ ਨੇਪਰੇ ਚੜ੍ਹ ਸਕਦਾ ਹੈ।

ਮੋਬਾਈਲ : 98142-39041.
landscapingpeople@rediffmail.com

ਭੁੱਲੀਆਂ ਵਿਸਰੀਆਂ ਯਾਦਾਂ

ਸਾਲ ਤਾਂ ਯਾਦ ਨਹੀਂ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਨਾਵਲ ਗੋਸ਼ਟੀ ਹੋਈ ਸੀ। ਉਸ ਗੋਸ਼ਟੀ ਵਿਚ ਕਈ ਸਾਹਿਤਕ ਸਭਾਵਾਂ ਦੇ ਮੈਂਬਰ ਵੀ ਆਏ ਸਨ। ਉਸ ਸਮੇਂ ਹੀ ਉਪਰੋਕਤ ਸੋਹਣੇ ਗੱਭਰੂ ਸਾਹਿਤਕਾਰ ਵੀ ਨਜ਼ਰੀਂ ਪੈ ਗਏ। ਸੋਹਣ ਸਿੰਘ ਮੀਸ਼ਾ ਤੇਜ਼ ਸੁਰਤੀ ਦੇ ਮਾਲਕ ਸੀ। ਡਾ: ਗੁਰਦਿਆਲ ਸਿੰਘ ਸਾਊ ਸੁਭਾਅ ਦੇ ਮਾਲਕ ਸੀ। ਮੈਨੂੰ ਫੋਟੋ ਖਿਚਦਿਆਂ ਦੇਖ ਮੀਸ਼ਾ ਨੇ ਕਿਹਾ, 'ਬਾਜਵਾ, ਕੀ ਅਸੀਂ ਮਾੜੇ ਹਾਂ, ਸਾਡੀ ਵੀ ਕਦੀ ਤਸਵੀਰ ਖਿੱਚ ਦਿਆ ਕਰ।' ਮੈਂ ਜਵਾਬ ਦਿੱਤਾ, 'ਤੁਸੀਂ ਸਾਰੇ ਹੀ ਮੇਰੇ ਨਾਲੋਂ ਤਕੜੇ ਹੋ, ਮੈਂ ਹੀ ਮਾੜਾ ਹਾਂ।' ਸ: ਗੁਰਦਿਆਲ ਸਿੰਘ ਨੇ ਕਿਹਾ, 'ਬਾਜਵਾ ਸਾਡੀ ਫੋਟੋ ਖਿੱਚ ਦੇ ਮਸਾਂ ਅਸੀਂ ਤਿੰਨੇ ਇਕੱਠੇ ਹੋਏ ਹਾਂ, ਪਤਾ ਨਹੀਂ ਫੇਰ ਕਦੋਂ ਅਸੀਂ ਤਿੰਨੇ ਇਕੱਠੇ ਹੋਈਏ।' ਮੈਂ ਤਿੰਨੇ ਮਿੱਤਰਾਂ ਡਾ: ਗੁਰਦਿਆਲ ਸਿੰਘ, ਸੋਹਣ ਸਿੰਘ ਮੀਸ਼ਾ ਅਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੌਜੂਦਾ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਦੀ ਤਸਵੀਰ ਖਿੱਚ ਦਿੱਤੀ। ਇਹ ਤਸਵੀਰ ਇਕ ਯਾਦ ਬਣ ਗਈ ਏ।

-ਮੋਬਾਈਲ : 98767-41231

ਮਾਪੇ ਬੱਚੇ ਦੀ ਸ਼ਖ਼ਸੀਅਤ ਵਿਚ ਵਿਗਾੜ ਨਾ ਪੈਣ ਦੇਣ

ਇਹ ਆਮ ਵੇਖਣ ਵਿਚ ਆਉਂਦਾ ਹੈ ਕਿ ਚੰਗੇ ਭਲੇ ਬੱਚਿਆਂ ਦੀ ਪ੍ਰਸਨੈਲਿਟੀ ਵਿਚ ਵਿਗਾੜ ਐਵੇਂ ਹੀ ਪੈ ਜਾਂਦਾ ਹੈ। ਸਾਨੂੰ ਵੇਖਣ 'ਚ ਉਹ ਐਵੇਂ ਹੀ ਲਗਦਾ ਹੈ ਪਰ ਅਸਲ ਵਿਚ ਇਹ ਵਿਗਾੜ ਹੌਲੀ-ਹੌਲੀ ਨਜ਼ਰ ਆਉਣ ਲਗਦਾ ਹੈ ਤੇ ਫਿਰ ਬੱਚੇ ਦੇ ਭਵਿੱਖ ਨੂੰ ਖਰਾਬ ਕਰਨ ਵੱਲ ਚੱਲ ਪੈਂਦਾ ਹੈ। ਇਸ ਤੋਂ ਪਹਿਲਾਂ ਕਿ ਇਹ ਵਿਗਾੜ ਜ਼ਿਆਦਾ ਵਿਗੜ ਜਾਵੇ ਪ੍ਰਸਨੈਲਿਟੀ ਵਿਚ ਆ ਰਹੀ ਗਿਰਾਵਟ ਨੂੰ ਠੱਲ੍ਹ ਪਾਉਣੀ ਬਹੁਤ ਹੀ ਜ਼ਰੂਰੀ ਹੈ।
ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖੋ ਕਿ ਤੁਹਾਡਾ ਬੱਚਾ ਜ਼ਿਆਦਾ ਚਿੰਤਤ ਤਾਂ ਨਹੀਂ ਰਹਿੰਦਾ? ਕੀ ਉਹ ਬਹੁਤ ਜ਼ਿਆਦਾ ਜ਼ਿੱਦ ਤਾਂ ਨਹੀਂ ਕਰਦਾ? ਕੀ ਉਹ ਹਮੇਸ਼ਾ ਹੀ ਫੈਸ਼ਨ ਕਰਨ 'ਚ ਮਸਤ ਤਾਂ ਨਹੀਂ ਰਹਿੰਦਾ? ਕੀ ਉਹ ਲਗਾਤਾਰ ਪੜ੍ਹਾਈ ਵਿਚ ਹੀ ਤਾਂ ਨਹੀਂ ਗੁਆਚਿਆ ਰਹਿੰਦਾ? ਕੀ ਉਹ ਵਾਰ-ਵਾਰ ਬਗੈਰ ਕਿਸੇ ਗੱਲ ਤੋਂ ਹੱਥ ਹੀ ਤਾਂ ਨਹੀਂ ਧੋਂਦਾ ਰਹਿੰਦਾ? ਕੀ ਉਹ ਗੱਲ ਗੱਲ 'ਤੇ ਸ਼ੱਕੀ ਸੁਭਾਅ ਦਾ ਪ੍ਰਗਟਾਵਾ ਤਾਂ ਨਹੀਂ ਕਰਦਾ? ਜੇਕਰ ਇਨ੍ਹਾਂ ਵਿਚੋਂ ਕੁਝ ਜਾਂ ਇਕ-ਦੋ ਗੱਲਾਂ ਤੁਹਾਡੇ ਬੱਚੇ 'ਤੇ ਲਾਗੂ ਹੁੰਦੀਆਂ ਹਨ ਤਾਂ ਉਸ ਦੀ ਪ੍ਰਸਨੈਲਿਟੀ ਵਿਚ ਪੈ ਰਿਹਾ ਵਿਗਾੜ ਤੁਹਾਡੀ ਤਵੱਜੋਂ ਦੀ ਮੰਗ ਕਰਦਾ ਹੈ। ਇਸ ਗੱਲ ਨੂੰ ਕਿਸੇ ਵੀ ਕੀਮਤ 'ਤੇ ਅੱਖੋਂ ਓਹਲੇ ਨਾ ਕਰੋ। ਵਰਨਾ ਜ਼ਿਆਦਾ ਪਛਤਾਉਣਾ ਪੈ ਸਕਦਾ ਹੈ।
ਅਜਿਹੀ ਹਾਲਤ ਵਿਚ ਬੱਚੇ ਬੁਰੀ ਸੰਗਤ ਵੱਲ ਜਾ ਸਕਦੇ ਹਨ। ਉਨ੍ਹਾਂ ਨੂੰ ਇਕਦਮ ਰੋਕਿਆ ਨਹੀਂ ਜਾ ਸਕਦਾ। ਵਰਨਾ ਬੱਚੇ ਵਿਚ ਵਿਦਰੋਹ ਦੀ ਭਾਵਨਾ ਉਤੇਜਿਤ ਹੋ ਸਕਦੀ ਹੈ ਤੇ ਕੰਮ ਹੋਰ ਵੀ ਵਿਗੜ ਸਕਦਾ ਹੈ। ਇਥੇ ਬੜੀ ਹੀ ਸਾਵਧਾਨੀ ਦੀ ਜ਼ਰੂਰਤ ਹੈ। ਬੱਚੇ ਨੂੰ ਵੱਧ ਤੋਂ ਵੱਧ ਪਿਆਰ ਦੇਵੋ। ਉਸ ਨੂੰ ਇਹ ਮਹਿਸੂਸ ਹੋਣ ਲੱਗੇ ਕਿ ਤੁਹਾਡੇ ਬੈਠੇ ਉਸ ਨੂੰ ਕੋਈ ਵੀ ਡਰ ਸਤਾ ਨਹੀਂ ਸਕਦਾ। ਜਦੋਂ ਤੁਸੀਂ ਅਜਿਹਾ ਮਾਹੌਲ ਤਿਆਰ ਕਰ ਦੇਵੋਗੇ ਤਾਂ ਤੁਹਾਡੇ ਬੱਚੇ 'ਚ ਪੈਦਾ ਹੋ ਰਹੀ ਗੜਬੜ ਸਹੀ ਵਕਤ 'ਤੇ ਹੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ।
ਅਜਿਹੀਆਂ ਮੁਸ਼ਕਿਲਾਂ ਅਕਸਰ ਹੁਸ਼ਿਆਰ ਵਿਦਿਆਰਥੀਆਂ ਨੂੰ ਆਉਂਦੀਆਂ ਹਨ ਤੇ ਉਨ੍ਹਾਂ ਦੇ ਮਾਂ-ਬਾਪ ਆਪਣੇ ਬੱਚੇ ਨੂੰ ਹੁਸ਼ਿਆਰ ਸਮਝ ਕੇ ਅੱਖੋਂ ਓਹਲੇ ਕਰ ਦਿੰਦੇ ਹਨ। ਪਤਾ ਉਦੋਂ ਲਗਦਾ ਹੈ ਜਦੋਂ ਪਾਣੀ ਪੁਲ ਉਪਰੋਂ ਦੀ ਗੁਜ਼ਰ ਜਾਂਦਾ ਹੈ। ਕਈ ਮਾਪੇ ਮੇਰੇ ਪਾਸ ਆ ਕੇ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਏਨਾ ਹੁਸ਼ਿਆਰ ਤਾਂ ਹੈ ਨਹੀਂ ਤੇ ਫਿਰ ਉਸ ਨੂੰ ਅਜਿਹਾ ਰੋਗ ਕਿਵੇਂ ਲੱਗ ਸਕਦਾ ਹੈ। ਤੁਸੀਂ ਕਿਵੇਂ ਆਖ ਸਕਦੇ ਹੋ ਕਿ ਤੁਹਾਡਾ ਬੱਚਾ ਹੁਸ਼ਿਆਰ ਨਹੀਂ। ਹੁਸ਼ਿਆਰ ਬੱਚਾ ਉਹ ਹੀ ਨਹੀਂ ਹੁੰਦਾ ਜਿਹੜਾ ਜ਼ਿਆਦਾ ਨੰਬਰ ਲਵੇ। ਸਗੋਂ ਹੁਸ਼ਿਆਰ ਬੱਚਾ ਉਹ ਹੁੰਦਾ ਹੈ ਜਿਹੜਾ ਕੇ ਕਿਸੇ ਵੀ ਮੁਸ਼ਕਿਲ ਦਾ ਹੱਲ ਆਪਣੇ ਹੀ ਤਰੀਕੇ ਨਾਲ ਕਰ ਕੇ ਵਿਖਾ ਦੇਵੇ।
ਮੇਰੇ ਕੋਲ ਇਕ ਵਾਰੀ ਅਜਿਹਾ ਹੀ ਕੇਸ ਆਇਆ। ਉਸ ਬੱਚੇ ਦੇ ਮਾਪੇ ਕਹਿੰਦੇ ਕਿ ਉਨ੍ਹਾਂ ਦਾ ਬੱਚਾ ਕੋਈ ਜ਼ਿਆਦਾ ਹੁਸ਼ਿਆਰ ਤਾਂ ਹੈ ਨਹੀਂ ਤੇ ਉਸ ਦੀ ਪੜ੍ਹਨ 'ਚ ਵਾਕਿਆ ਹੀ ਕੋਈ ਜ਼ਿਆਦਾ ਰੁਚੀ ਸੀ ਵੀ ਨਹੀਂ। ਮੈਂ ਉਨ੍ਹਾਂ ਨੂੰ ਦੱਸਿਆ ਕਿ ਤੁਹਾਡਾ ਬੱਚਾ ਇਕ ਬੜੇ ਹੀ ਕਮਾਲ ਦਾ ਨੇਤਾ ਬਣੇਗਾ। ਰੱਬ ਦੀ ਕਰਨੀ ਹੋਇਆ ਇਵੇਂ ਹੀ। ਹੁਣ ਉਹ ਬੱਚਾ ਨਹੀਂ ਨੇਤਾ ਹੀ ਹੈ ਤੇ ਲੋਕਾਂ ਨੂੰ ਮੱਤਾਂ ਦਿੰਦਾ ਹੈ। ਸਿਰਫ਼ ਨੇਤਾ ਹੀ ਨਹੀਂ ਸਗੋਂ ਇਕ ਉੱਚੀ ਪਦਵੀ ਦਾ ਮਾਲਕ ਹੈ। ਕਈ ਕਹਿੰਦੇ-ਕਹਾਉਂਦੇ ਨੇਤਾ ਉਸ ਨੂੰ ਸਲੂਟ ਮਾਰਦੇ ਹਨ। ਕੀ ਉਹ ਬੱਚਾ ਹੁਸ਼ਿਆਰ ਨਹੀਂ ਸੀ? ਗੱਲ ਸਿਰਫ਼ ਦਿਮਾਗ ਦੀ ਵਰਤੋਂ ਕਰਨ ਦੀ ਹੈ। ਕਿਸੇ ਵੀ ਵਿਅਕਤੀ ਦਾ ਦਿਮਾਗ ਕਿਸੇ ਨਾਲੋਂ ਘੱਟ ਨਹੀਂ ਹੁੰਦਾ। ਬਸ ਸਿਰਫ਼ ਕਿਸਮ-ਕਿਸਮ ਦਾ ਫਰਕ ਜ਼ਰੂਰ ਹੁੰਦਾ ਹੈ।
ਤੁਹਾਡੇ ਬੱਚੇ ਦੀ ਪ੍ਰਸਨੈਲਿਟੀ ਵਿਚ ਪੈ ਰਿਹਾ ਵਿਗਾੜ ਤੁਹਾਡੀ ਤਵੱਜੋਂ ਦੀ ਮੰਗ ਕਰਦਾ ਹੈ। ਇਸ ਗੱਲ ਨੂੰ ਕਿਸੇ ਵੀ ਕੀਮਤ 'ਤੇ ਅੱਖੋਂ ਓਹਲੇ ਨਾ ਕਰੋ।

-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਵਾਰਡ ਨੰਬਰ : 3, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com

ਮਿੰਨੀ ਕਹਾਣੀ: ਜ਼ਮੀਨ ਦਾ ਮੁੱਲ

ਵਿਦੇਸ਼ ਤੋਂ ਪੜ੍ਹ ਕੇ ਆਏ ਪੋਤੇ ਨੂੰ ਦਾਦੀ ਖੇਤ ਵਾਲ਼ੀ ਮੋਟਰ 'ਤੇ ਲੈ ਗਈ। ਉਹ ਦੱਸਦੀ ਹੈ, ਪੁੱਤ ਇਹ ਜ਼ਮੀਨ ਬਹੁਤ ਕੀਮਤੀ ਹੈ। ਤੈਨੂੰ ਪਤੈ ਇਸ ਜ਼ਮੀਨ ਨੂੰ ਲੈ ਕੇ ਕਿੰਨੀ ਵਾਰ ਆਪਣੇ ਸ਼ਰੀਕਾਂ ਨਾਲ ਲੜਾਈਆਂ ਤੇ ਝਗੜੇ ਹੋਏ ਨੇ ਪਰ ਅਸੀਂ ਕਦੇ ਇਸ ਜ਼ਮੀਨ ਤੋਂ ਕਬਜ਼ਾ ਨੀ ਛੱਡਿਆ।
'ਮੈਨੂੰ ਪਤੈ ਦਾਦੀ, ਇਸ ਜ਼ਮੀਨ ਪਿੱਛੇ ਖ਼ੂਨ-ਖਰਾਬੇ ਨੇ ਮੇਰੇ ਦਾਦੇ ਨੂੰ ਨਿਗਲ ਲਿਆ ਤੇ ਚਾਚੇ ਨੂੰ ਅਪਾਹਜ ਕਰ ਦਿੱਤਾ। ਮੈਨੂੰ ਇਹ ਵੀ ਪਤੈ ਆਪਣੇ ਸ਼ਰੀਕਾਂ ਦੇ ਦੋ ਮੁੰਡੇ ਵੀ ਇਸ ਜ਼ਮੀਨ ਨੇ ਨਿਗਲੇ ਅਤੇ ਸਾਡਾ ਤਾਇਆ ਅੱਜ ਵੀ ਕਾਲ ਕੋਠੜੀ ਵਿਚ ਜ਼ਿੰਦਗੀ ਕੱਟ ਰਿਹਾ ਹੈ।'
'ਹਾਂ ਪੁੱਤ, ਤੂੰ ਸਹੀ ਕਿਹਾ।'
'ਪਰ ਦਾਦੀ, ਆਪਣੇ ਅਤੇ ਵੈਰੀਆਂ ਨੂੰ ਸਦਾ ਲਈ ਤੋਰ ਕੇ ਵੀ ਇਹ ਜ਼ਮੀਨ ਦਾ ਟੁਕੜਾ ਤਾਂ ਅਜੇ ਵੀ ਇੱਥੇ ਹੀ ਖੜ੍ਹਾ ਹੈ, ਹੁਣ ਪਤਾ ਨੀ ਕਿਸਦੀ ਬਲੀ ਲਵੇਗਾ?'
ਹੌਸਲੇ ਨਾਲ ਗੱਲਾਂ ਦੱਸਣ ਵਾਲੀ ਦਾਦੀ ਦੇ ਮੂੰਹ ਵਿਚੋਂ ਸ਼ਬਦ ਮੁੱਕ ਗਏ ਅਤੇ ਬੁੱਲ੍ਹਾਂ ਉੱਤੇ ਸਿੱਕਰੀ ਆ ਗਈ।

-ਪ੍ਰਵੀਨ ਚੌਧਰੀ
ਪੁੱਤਰੀ ਸ੍ਰੀ ਪਵਨ ਚੌਹਾਨ, ਪਿੰਡ ਥੋਪੀਆ, ਤਹਿ. ਬਲਾਚੌਰ (ਨਵਾਂਸ਼ਹਿਰ)।
ਮੋਬਾਈਲ : 98149-40008

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-136: ਅੰਤਰਰਾਸ਼ਟਰੀ ਪਛਾਣ ਦਿਵਾਉਣ ਵਾਲਾ ਮਹਿਬੂਬ ਖ਼ਾਨ

ਕਹਿੰਦੇ ਹਨ ਕਿ ਸਿਰਜਣਾ ਕੁਦਰਤ ਦੀ ਦੇਣ ਹੁੰਦੀ ਹੈ। ਇਹ ਕਲਾ ਨਾ ਤਾਂ ਖਰੀਦੀ ਜਾ ਸਕਦੀ ਹੈ ਅਤੇ ਨਾ ਹੀ ਰਾਤੋ-ਰਾਤ ਵਿਕਸਤ ਕੀਤੀ ਜਾ ਸਕਦੀ ਹੈ। ਹਾਂ, ਮਿਹਨਤ ਅਤੇ ਲਗਨ ਨਾਲ ਇਸ ਨੂੰ ਕੁਝ ਪ੍ਰਫੁੱਲਤ ਜ਼ਰੂਰ ਕੀਤਾ ਜਾ ਸਕਦਾ ਹੈ। ਇਹ ਸਚਾਈ ਮਹਿਬੂਬ ਖ਼ਾਨ ਦੇ ਜੀਵਨ ਸੰਘਰਸ਼ ਤੋਂ ਸਾਫ਼ ਝਲਕਦੀ ਹੈ। ਲਗਪਗ ਅਨਪੜ੍ਹ ਹੋਣ ਦੇ ਬਾਵਜੂਦ ਇਹ ਸ਼ਖ਼ਸ ਸਿਰਫ਼ ਆਪਣੇ ਜੁਝਾਰੂਪਨ ਕਰਕੇ ਹੀ ਭਾਰਤ ਦਾ ਮਹਾਨ ਫ਼ਿਲਮਸਾਜ਼ ਬਣਨ 'ਚ ਸਫ਼ਲ ਹੋਇਆ ਸੀ।
ਮਹਿਬੂਬ ਖ਼ਾਨ ਨੇ ਭਾਵੇਂ ਆਪਣੇ-ਆਪ ਨੂੰ ਇਕ ਕੁਸ਼ਲ ਨਿਰਮਾਤਾ-ਨਿਰਦੇਸ਼ਕ ਵਜੋਂ ਪੂਰੀ ਤਰ੍ਹਾਂ ਸਿੱਧ ਕੀਤਾ, ਪਰ ਉਸ ਦੀ ਅਸਲ ਇੱਛਾ ਤਾਂ ਫ਼ਿਲਮ ਸਟਾਰ ਬਣਨ ਦੀ ਹੀ ਸੀ। ਉਸ ਦਾ ਜਨਮ ਗੁਜਰਾਤ ਦੇ ਬੜੌਦਾ ਸ਼ਹਿਰ ਦੇ ਨਜ਼ਦੀਕ, ਇਕ ਛੋਟੇ ਜਿਹੇ ਪਿੰਡ ਮਰਾਰ ਵਿਚ ਹੋਇਆ ਸੀ। ਪਰਿਵਾਰਕ ਪੱਧਰ 'ਤੇ ਉਸ ਦੇ ਮਾਂ-ਬਾਪ ਛੋਟੇ ਜਿਹੇ ਕਿਸਾਨ ਵਰਗ ਨਾਲ ਸਬੰਧਤ ਸਨ। ਫ਼ਿਲਮਾਂ ਪ੍ਰਤੀ ਮਹਿਬੂਬ ਦਾ ਝੁਕਾਅ ਬਚਪਨ ਤੋਂ ਹੀ ਉਸ ਵੇਲੇ ਬਣਿਆ, ਜਦੋਂ ਉਸ ਦੇ ਪਿੰਡ 'ਮੰਡੂਏ' ਵਾਲੇ ਫ਼ਿਲਮਾਂ ਦਾ ਪ੍ਰਦਰਸ਼ਨ ਕਰਨ ਆਉਂਦੇ ਸਨ।
ਇਕ ਰੇਲਵੇ ਗਾਰਡ (ਜੀਵਾ) ਦੇ ਮਹਿਬੂਬ ਦੇ ਘਰ ਵਾਲਿਆਂ ਨਾਲ ਨਿੱਜੀ ਸਬੰਧ ਸਨ। ਇਸ ਲਈ ਇਕ ਦਿਨ 16 ਸਾਲ ਦੀ ਉਮਰ 'ਚ ਮਹਿਬੂਬ ਜੀਵਾ ਨਾਲ ਮੁੰਬਈ ਚਲਾ ਗਿਆ। ਉਸ ਦੀ ਜੇਬ 'ਚ ਉਸ ਵੇਲੇ ਤਿੰਨ ਰੁਪਏ ਸਨ। ਜਦੋਂ ਮਹਿਬੂਬ ਦੇ ਘਰ ਵਾਲਿਆਂ ਨੂੰ ਆਪਣੇ ਬੇਟੇ ਦੇ ਘਰੋਂ ਦੌੜ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਜੀਵਾ ਨੂੰ ਬਹੁਤ ਫਿਟਕਾਰਾਂ ਪਾਈਆਂ। ਇਸ ਲਈ ਜੀਵਾ ਮਹਿਬੂਬ ਨੂੰ ਘਰ ਵਾਪਸ ਲੈ ਆਇਆ। ਘਰ ਵਾਲਿਆਂ ਨੇ ਝਟਪਟ ਆਪਣੇ ਲਾਡਲੇ ਪੁੱਤਰ ਦਾ ਨਿਕਾਹ ਲਾਗੇ ਦੇ ਇਕ ਪਿੰਡ ਦੀ ਲੜਕੀ (ਫਾਤਿਮਾ) ਨਾਲ ਕਰਵਾ ਦਿੱਤਾ ਤਾਂ ਕਿ ਫ਼ਿਲਮਾਂ ਦਾ ਭੂਤ ਮਹਿਬੂਬ ਦੇ ਸਿਰ ਤੋਂ ਉਤਰ ਜਾਵੇ।
ਪਰ ਮਾਇਆ ਨਗਰੀ ਦਾ ਜਾਦੂ ਤਾਂ ਮਹਿਬੂਬ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਇਸ ਲਈ ਉਸ ਨੇ ਫਿਰ ਆਪਣੀ ਜੇਬ 'ਚੋਂ ਬਚਾਏ ਹੋਏ ਉਹੀ ਤਿੰਨ ਰੁਪਏ ਕੱਢੇ ਅਤੇ ਜੀਵਾ ਨਾਲ ਬੰਬਈ ਆ ਗਿਆ। ਜੀਵਾ ਨੇ ਹੀ ਉਸ ਨੂੰ ਉਸ ਵੇਲੇ ਦੇ ਪ੍ਰਸਿੱਧ ਫ਼ਿਲਮਸਾਜ਼ ਆਰਦੇਸ਼ੀਰ ਇਰਾਨੀ ਨਾਲ ਮਿਲਾਇਆ। ਇਸ ਨਿਰਮਾਤਾ ਨੇ ਆਪਣੀ ਇੰਪੀਰੀਅਲ ਕੰਪਨੀ ਖੋਲ੍ਹੀ ਸੀ, ਜਿਸ ਨੇ 'ਆਲਮਆਰਾ' ਵਰਗੀ ਟਾਕੀ ਦਾ ਨਿਰਮਾਣ ਕੀਤਾ ਸੀ। ਇਰਾਨੀ ਨੇ ਮਹਿਬੂਬ ਖ਼ਾਨ ਨੂੰ ਬਤੌਰ ਐਕਸਟਰਾ ਆਪਣੀ ਕੰਪਨੀ 'ਚ ਨੌਕਰੀ ਦੇ ਦਿੱਤੀ। ਉਸ ਨੂੰ ਮਹੀਨੇ ਦੇ 30 ਰੁਪਏ ਮੁਆਵਜ਼ਾ ਮਿਲਣਾ ਤੈਅ ਹੋਇਆ। ਆਪਣੀ ਪਹਿਲੀ ਤਨਖਾਹ 'ਚੋਂ 10 ਰੁਪਏ ਬਚਾਅ ਕੇ ਮਹਿਬੂਬ ਖ਼ਾਨ ਨੇ ਆਪਣੇ ਪਰਿਵਾਰ ਨੂੰ ਭੇਜੇ।
ਮਹਿਬੂਬ ਨੂੰ ਨੌਕਰੀ ਤਾਂ ਮਿਲ ਗਈ ਪਰ ਮੁਸ਼ਕਿਲ ਇਹ ਸੀ ਕਿ ਉਸ ਦਾ ਚਿਹਰਾ ਫ਼ਿਲਮਾਂ 'ਚੋਂ ਕਈ ਸਾਲ ਦੇਖਣ ਨੂੰ ਨਹੀਂ ਮਿਲਿਆ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਦਾ ਕੋਈ ਵੀ ਕਲੋਜ਼ਅਪ ਲੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ। ਮਿਸਾਲ ਦੇ ਤੌਰ 'ਤੇ 'ਅਲੀ ਬਾਬਾ ਔਰ ਚਾਲੀਸ ਚੋਰ' ਵਿਚ ਮਹਿਬੂਬ ਨੂੰ ਚਾਲੀ ਚੋਰਾਂ 'ਚੋਂ ਇਕ ਚੋਰ ਬਣਾਇਆ ਗਿਆ। ਉਸ ਨੂੰ ਲੁਕ ਕੇ ਇਕ ਡਰੰਮ 'ਚ ਬੈਠਣ ਲਈ ਕਿਹਾ ਗਿਆ। ਅਜਿਹੀ ਸਥਿਤੀ 'ਚ ਉਹ ਕੈਮਰੇ ਦੇ ਸਾਹਮਣੇ ਕਿਵੇਂ ਆ ਸਕਦਾ ਸੀ? ਲਗਪਗ ਅਜਿਹੀ ਹੀ ਸਥਿਤੀ ਉਸ ਦੀ 'ਸ਼ੀਰੀਂ ਖੁਸਰੋ' ਅਤੇ 'ਨਾਚਵਾਲੀ' ਫ਼ਿਲਮਾਂ 'ਚ ਵੀ ਹੋਈ ਸੀ।
1931 ਤੋਂ 1936 ਤੱਕ ਆਪਣੇ ਇਸ ਫ਼ਿਲਮੀ ਸਫ਼ਰ ਤੋਂ ਮਹਿਬੂਬ ਖ਼ਾਨ ਨੂੰ ਇਹ ਤਾਂ ਸਮਝ ਆ ਗਈ ਸੀ ਕਿ ਬਤੌਰ ਇਕ ਸਿਨੇ-ਕਲਾਕਾਰ ਉਸ ਦਾ ਭਵਿੱਖ ਬਹੁਤਾ ਉੱਜਲ ਨਹੀਂ ਹੈ। ਇਸ ਲਈ ਉਸ ਨੇ ਕੈਮਰੇ ਦੇ ਪਿੱਛੇ ਜਾਣ ਜਾਂ ਨਿਰਦੇਸ਼ਕ ਬਣਨ ਦਾ ਫ਼ੈਸਲਾ ਕੀਤਾ। ਆਪਣੇ ਦੋ ਦੋਸਤਾਂ (ਕੈਮਰਾਮੈਨ ਫਰਦੂਨ ਇਰਾਨੀ ਅਤੇ ਲੈਬ ਅਸਿਸਟੈਂਟ ਗੰਗਾਧਰ) ਦੇ ਨਾਲ ਮਿਲ ਕੇ ਉਸ ਨੇ ਇਕ ਪਟਕਥਾ ਤਿਆਰ ਕੀਤੀ। ਹੁਣ ਅਗਲੀ ਸਮੱਸਿਆ ਇਹ ਸੀ ਕਿ ਇਸ ਲਈ ਫਾਈਨਾਂਸ ਕਿਥੋਂ ਆਏਗਾ? ਇਥੇ ਕੈਮਰਾਮੈਨ ਫਰਦੂਨ ਇਰਾਨੀ ਫਿਰ ਇਕ ਵਾਰ ਮਹਿਬੂਬ ਦੀ ਮਦਦ ਲਈ ਆਇਆ।
ਫਰਦੂਨ ਇਰਾਨੀ ਨੇ ਸਾਗਰ ਮੂਵੀਟੋਨ ਦੇ ਸੰਚਾਲਕ ਅੰਬਾ ਲਾਲ ਪਟੇਲ ਨਾਲ ਗੱਲ ਕੀਤੀ। ਅੰਬਾ ਲਾਲ ਨੇ ਇਕ ਸ਼ਰਤ ਰੱਖੀ, ਜਿਸ ਦੇ ਅਨੁਸਾਰ ਉਸ ਨੇ ਮਹਿਬੂਬ ਖ਼ਾਨ ਨੂੰ ਤਿੰਨ ਦਿਨ ਲਈ ਨਿਰਦੇਸ਼ਨ ਦੇਣ ਦਾ ਫ਼ੈਸਲਾ ਕੀਤਾ। ਜੇਕਰ ਇਨ੍ਹਾਂ ਤਿੰਨਾਂ ਦਿਨਾਂ 'ਚ ਮਹਿਬੂਬ ਆਪਣੀ ਪ੍ਰਤਿਭਾ ਨਾਲ ਅੰਬਾ ਲਾਲ ਨੂੰ ਪ੍ਰਭਾਵਿਤ ਕਰਨ 'ਚ ਸਫ਼ਲ ਰਿਹਾ ਤਾਂ ਪੂਰੀ ਦੀ ਪੂਰੀ ਫ਼ਿਲਮ ਦਾ ਨਿਰਦੇਸ਼ਨ ਉਸ ਨੂੰ ਹੀ ਦਿੱਤਾ ਜਾਏਗਾ। ਪਰ ਜੇਕਰ ਅੰਬਾ ਲਾਲ ਨੂੰ ਨਿਰਦੇਸ਼ਕ ਪਸੰਦ ਨਾ ਆਇਆ ਤਾਂ ਸਾਰਾ ਹਰਜਾਨਾ ਫਰਦੂਨ ਇਰਾਨੀ ਨੂੰ ਭਰਨਾ ਪੈਣਾ ਸੀ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX