ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਜਾਪਾਨੀ ਪੁਦੀਨਾ (ਮੈਂਥਾ) ਤਕਨੀਕੀ ਢੰਗ ਨਾਲ ਉਗਾਉ ਤੇ ਝਾੜ ਨੂੰ ਵਧਾਉ

ਪੰਜਾਬ ਵਿਚ ਜਾਪਾਨੀ ਪੁਦੀਨਾ (ਮੈਂਥਾ) ਦੀ ਕਾਸ਼ਤ ਤਕਰੀਬਨ 15 ਹਜ਼ਾਰ ਹੈਕਟਰ ਰਕਬੇ 'ਤੇ ਕੀਤੀ ਜਾਂਦੀ ਹੈ। ਇਹ ਫ਼ਸਲ ਅਨੇਕਾਂ ਫਾਇਦੇ ਵਾਲੀ ਅਤੇ ਬਹੁਤ ਖੁਸ਼ਬੂਦਾਰ ਹੁੰਦੀ ਹੈ। ਇਸ ਦੀ ਵਰਤੋਂ ਸਿਰ ਦਰਦ, ਜੁਕਾਮ, ਗਲਾ ਖਰਾਬ, ਉਲਟੀਆਂ, ਮੂੰਹ ਦੇ ਛਾਲਿਆਂ ਲਈ, ਦੰਦਾਂ ਦੇ ਦਰਦਾਂ ਲਈ, ਬੁਖਾਰ, ਪੇਟ ਦਰਦ ਆਦਿ ਲਈ ਕੀਤੀ ਜਾਂਦੀ ਹੈ। ਇਸ ਨੂੰ ਖੂਨ ਸਾਫ ਕਰਨ ਦਾ ਵੀ ਵਧੀਆ ਜ਼ਰੀਆ ਮੰਨਿਆ ਜਾਂਦਾ ਹੈ। ਕੀੜੇ ਦੀ ਕੱਟੀ ਜਗ੍ਹਾ ਉੱਤੇ ਵੀ ਪੁਦੀਨੇ ਨੂੰ ਮਸਲ ਕੇ ਲਗਾਏ ਜਾਣ ਨਾਲ ਕਾਫ਼ੀ ਰਾਹਤ ਮਿਲਦੀ ਹੈ। ਇਸ ਦਾ ਤੇਲ ਦਵਾਈਆਂ, ਖੁਸ਼ਬੂਦਾਰ ਤੇਲ, ਹਾਰ ਸ਼ਿੰਗਾਰ ਦਾ ਸਮਾਨ ਆਦਿ ਬਣਾਉਣ ਦੇ ਕੰਮ ਆਉਂਦਾ ਹੈ। ਇਸ ਦੀ ਕਾਸ਼ਤ ਲਈ ਚੰਗੇ ਨਿਕਾਸ ਵਾਲੀਆਂ ਰੇਤਲੀ ਮੈਰਾ ਤੋਂ ਮੈਰਾ ਜ਼ਮੀਨਾਂ, ਜੋ ਕਲਰਾਠੇਪਣ ਅਤੇ ਸੇਮ ਤੋਂ ਮੁਕਤ ਹੋਣ, ਬਹੁਤ ਢੁਕਵੀਆਂ ਹਨ। ਇਹ ਫ਼ਸਲ ਮੈਂਥਾ-ਆਲੂ, ਮੈਂਥਾ-ਤੋਰੀਆ, ਮੈਂਥਾ-ਜਵੀ (ਚਾਰਾ), ਮੈਂਥਾ-ਬਾਸਮਤੀ, ਮੈਂਥਾ-ਕਣਕ-ਮੱਕੀ-ਆਲੂ, ਮੈਂਥਾ-ਮੱਕੀ (ਅਗਸਤ), ਮੈਂਥਾ-ਮੱਕੀ-ਆਲੂ ਦੇ ਫ਼ਸਲ ਚੱਕਰ ਲਈ ਬਹੁਤ ਢੁਕਵੀਂ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਜਾਪਾਨੀ ਪੁਦੀਨੇ (ਮੈਂਥੇ) ਦੀ ਕਾਸ਼ਤ ਤਕਨੀਕੀ ਢੰਗਾਂ ਨਾਲ ਕਰਕੇ ਪੈਦਾਵਾਰ ਅਤੇ ਆਮਦਨ ਵਿਚ ਹੋਰ ਵਾਧਾ ਕਰਨ।
ਸਿਫਾਰਸ਼ ਕੀਤੀਆਂ ਕਿਸਮਾਂ ਬੀਜੋ
ਪੰਜਾਬ ਵਿਚ ਮੈਂਥੇ ਦੀਆਂ ਉੱਨਤ ਕਿਸਮਾਂ ਦਾ ਵੇਰਵਾ ਹੇਠਾਂ ਦਸਿਆ ਗਿਆ ਹੈ। ਕੋਸੀ - ਇਹ ਇਕ ਵਧੇਰੇ ਝਾੜ ਦੇਣ ਵਾਲੀ ਕਿਸਮ ਹੈ। ਇਸ ਦੇ ਹਰੇ ਮਾਦੇ (ਤਣਾ ਅਤੇ ਪੱਤੇ) ਦਾ ਔਸਤ ਝਾੜ 100-125 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 0.6-0.7 ਫ਼ੀਸਦੀ ਹੁੰਦੀ ਹੈ। ਇਸ ਕਿਸਮ ਦੀ ਕਟਾਈ ਬਿਜਾਈ ਤੋਂ 150 ਦਿਨਾਂ ਬਾਅਦ ਕਰਨ 'ਤੇ ਹਰੇ ਮਾਦੇ ਅਤੇ ਤੇਲ ਦਾ ਵੱਧ ਝਾੜ ਮਿਲਦਾ ਹੈ।
ਪੰਜਾਬ ਸਪੀਅਰਮਿੰਟ 1- ਇਸ ਕਿਸਮ ਦਾ ਤਣਾ ਟਾਹਣੀਦਾਰ ਵਾਲਾਂ ਵਾਲਾ ਅਤੇ ਜਾਮਣੀ ਹਰੇ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਲੰਬੂਤਰੇ ਅਤੇ ਕੱਟੇ-ਵੱਢੇ ਹੁੰਦੇ ਹਨ। ਇਸ ਦੇ ਫੁੱਲ ਜਾਮਣੀ ਤੋਂ ਚਿੱਟੇ ਹੁੰਦੇ ਹਨ। ਇਸ ਦੇ ਬੂਟੇ ਸਿਹਤਮੰਦ ਅਤੇ ਫੁੱਲ ਆਉਣ ਤੱਕ ਔਸਤਨ 75 ਸੈਂਟੀਮਿਟਰ ਉੱਚੇ ਹੋ ਜਾਂਦੇ ਹਨ। ਹਰੇ ਮਾਦੇ (ਤਣਾ ਅਤੇ ਪੱਤੇ) ਦੇ ਆਧਾਰ 'ਤੇ ਇਸ ਵਿਚ 0.57 ਪ੍ਰਤੀਸ਼ਤ ਉਡਣਸ਼ੀਲ ਤੇਲ ਦੀ ਮਾਤਰਾ ਹੁੰਦੀ ਹੈ। ਇਸ ਦੇ ਤੇਲ ਵਿਚ ਕਾਰਵੋਨ ਮੁੱਖ ਤੱਤ ਹੈ।
ਰਸ਼ੀਅਨ ਮਿੰਟ- ਇਸ ਦਾ ਤਣਾ ਹਰਾ, ਵਾਲਾਂ ਵਾਲਾ, ਟਾਹਣੀਦਾਰ ਅਤੇ ਸਿੱਧਾ ਉੱਗਣ ਵਾਲਾ ਹੁੰਦਾ ਹੈ। ਇਸ ਦੇ ਪੱਤੇ ਵੀ ਵਾਲਾਂ ਵਾਲੇ ਅਤੇ ਕਿੰਗਰੇਦਾਰ ਹੁੰਦੇ ਹਨ। ਇਸ ਦੇ ਫੁੱਲ ਜਾਮਣੀ ਰੰਗ ਦੇ ਅਤੇ ਆਕਾਰ ਵਿਚ ਛੋਟੇ ਹੁੰਦੇ ਹਨ। ਫੁੱਲ ਆਉਣ ਤੱਕ ਬੂਟੇ ਦੀ ਔਸਤਨ ਉਚਾਈ ਲਗਪਗ 55 ਸੈਂਟੀਮੀਟਰ ਹੋ ਜਾਂਦੀ ਹੈ। ਹਰੇ ਮਾਦੇ (ਤਣਾ ਅਤੇ ਪੱਤੇ) ਦੇ ਆਧਾਰ 'ਤੇ ਇਸ ਵਿਚ 0.57 ਪ੍ਰਤੀਸ਼ਤ ਉਡਣਸ਼ੀਲ ਤੇਲ ਦੀ ਮਾਤਰਾ ਹੁੰਦੀ ਹੈ। ਇਸ ਦੇ ਤੇਲ ਵਿਚ ਇਕ ਖਾਸ ਤਰ੍ਹਾਂ ਦੀ ਸੁਗੰਧੀ ਹੋਣ ਕਾਰਨ, ਇਸ ਕਿਸਮ ਦੀ ਵਧੇਰੇ ਮੰਗ ਸੁਗੰਧੀ ਉਦਯੋਗ ਵਿਚ ਹੈ।
ਬੀਜ ਨੂੰ ਸੋਧ ਕੇ ਬੀਜੋ
ਇਸ ਫ਼ਸਲ ਦਾ ਵਾਧਾ ਜੜ੍ਹਾਂ ਰਾਹੀਂ ਹੁੰਦਾ ਹੈ। ਇਕ ਏਕੜ ਲਈ 2 ਕੁਇੰਟਲ ਜੜ੍ਹਾਂ ਜੋ ਕਿ 5-8 ਸੈਂਟੀਮੀਟਰ ਲੰਮੀਆਂ ਹੋਣ ਵਰਤਣੀਆਂ ਚਾਹੀਦੀਆਂ ਹਨ। ਇੰਨੀਆਂ ਜੜ੍ਹਾਂ ਅੱਧੇ ਕਨਾਲ ਥਾਂ ਵਿਚੋਂ ਮਿਲ ਜਾਂਦੀਆਂ ਹਨ। ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਸਾਫ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਫਿਰ ਸਾਫ ਜੜ੍ਹਾਂ ਨੂੰ 0.1 ਪ੍ਰਤੀਸ਼ਤ ਬਾਵਿਸਟਨ 50 ਡਬਲਯੂ ਪੀ (ਕਾਰਬੈਂਡਾਜ਼ਿਮ) 50 ਘੁਲਣਸ਼ੀਲ ਦੇ ਘੋਲ ਵਿਚ 5-10 ਮਿੰਟਾਂ ਲਈ ਡੋਬ ਕੇ ਰੱਖੋ। ਇਹ ਘੋਲ ਬਣਾਉਣ ਲਈ ਇਕ ਗ੍ਰਾਮ ਦਵਾਈ ਇਕ ਲਿਟਰ ਪਾਣੀ ਵਿਚ ਪਾਉਣੀ ਚਾਹੀਦੀ ਹੈ। ਅਜਿਹਾ 50 ਲਿਟਰ ਦਵਾਈ ਵਾਲਾ ਘੋਲ 40 ਕਿਲੋ ਜੜ੍ਹਾਂ ਨੂੰ ਇਕ ਵਾਰ ਡੋਬਣ ਲਈ ਕਾਫ਼ੀ ਹੁੰਦਾ ਹੈ। ਪੰਜ-ਦਸ ਮਿੰਟਾਂ ਬਾਅਦ ਇਹ ਜੜ੍ਹਾਂ ਘੋਲ ਵਿਚੋਂ ਕੱਢ ਕੇ ਤੇ ਇੰਨੀਆਂ ਹੋਰ ਜੜ੍ਹਾਂ ਇਸ ਘੋਲ ਵਿਚ ਡੋਬ ਕੇ ਸੋਧ ਲਉ। ਇਸ ਤਰ੍ਹਾਂ ਬਾਕੀ ਜੜ੍ਹਾਂ ਨੂੰ ਬਾਰੀ-ਬਾਰੀ ਇਸ ਘੋਲ ਵਿਚ ਡੋਬ ਕੇ ਸੋਧ ਲਓ। ਬਿਜਾਈ ਸਮੇਂ ਸਿਰ ਅਤੇ ਸਹੀ ਢੰਗ ਨਾਲ ਕਰੋ
ਮੈਂਥੇ ਦੀ ਬਿਜਾਈ ਲਈ ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਦਾ ਸਮਾਂ ਬਹੁਤ ਢੁਕਵਾਂ ਹੁੰਦਾ ਹੈ। ਜਿਸ ਜਗ੍ਹਾ 'ਤੇ ਪਾਣੀ ਦੀ ਸਹੂਲਤ ਵਧੀਆ ਹੋਵੇ ਉਥੇ ਅਪ੍ਰੈਲ ਵਿਚ ਵੀ ਪਨੀਰੀ ਰਾਹੀਂ ਇਹ ਫ਼ਸਲ ਬੀਜੀ ਜਾ ਸਕਦੀ ਹੈ। ਫ਼ਸਲ ਦੀਆਂ ਜੜ੍ਹਾਂ ਨੂੰ 45 ਸੈਂਟੀਮੀਟਰ ਵਿੱਥ ਵਾਲੀਆਂ ਕਤਾਰਾਂ ਵਿਚ ਇਕ-ਦੂਜੇ ਨਾਲ ਜੋੜ ਕੇ 4-5 ਸੈਂਟੀਮੀਟਰ ਡੂੰਘੀਆਂ ਬੀਜ ਦਿਉ ਅਤੇ ਬਾਅਦ ਵਿਚ ਹਲਕਾ ਸੁਹਾਗਾ ਫੇਰ ਕੇ ਹਲਕਾ ਪਾਣੀ ਲਾ ਦਿਉ। ਪੁੰਗਰੀਆਂ ਹੋਈਆਂ ਜੜ੍ਹਾਂ ਨਹੀਂ ਬੀਜਣੀਆਂ ਚਾਹੀਦੀਆਂ ਕਿਉਂ ਕਿ ਉਹਨਾਂ ਵਿਚੋਂ ਬਹੁਤੀਆਂ ਮਰ ਜਾਂਦੀਆਂ ਹਨ। ਵੱਧ ਹਰਾ ਮਾਦਾ ਅਤੇ ਪਾਣੀ ਦੀ ਬੱਚਤ ਲਈ ਜੜ੍ਹਾਂ ਨੂੰ 67.5 ਸੈਂਟੀਮੀਟਰ ਚੌੜੇ ਬੈੱਡਾਂ (ਦੋ ਲਾਈਨਾਂ) 'ਤੇ ਬੀਜੋ ਜਾਂ ਜੜ੍ਹਾਂ ਨੂੰ ਖਿਲਾਰ ਕੇ 60 ਸੈਂਟੀਮੀਟਰ ਚੌੜੀਆਂ ਵੱਟਾਂ ਬਣਾਉ । ਬਿਜਾਈ ਤੋਂ ਬਾਅਦ ਝੋਨੇ ਦੀ ਪਰਾਲੀ 2.4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਖਿਲਾਰ ਦਿਉ ਅਤੇ ਬਿਜਾਈ ਪਿੱਛੋਂ ਹਲਕਾ ਜਿਹਾ ਪਾਣੀ ਵੀ ਦਿਉ । (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਜਨਲ ਸਟੇਸ਼ਨ, ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਇਸ ਮੌਸਮ ਵਿਚ ਪਤਝੜੀ ਫ਼ਲਦਾਰ ਬੂਟਿਆਂ ਦੀ ਕਾਸ਼ਤ ਲਈ ਸਿਫਾਰਸ਼ਾਂ

(ਲੜੀ ਜੋੜਨ ਲਈ ਮੰਗਲਵਾਰ ਦਾ ਅੰਕ ਦੇਖੋ)
ਫ਼ਲਦਾਰ ਬੂਟਿਆਂ ਵਿਚਕਾਰ ਫ਼ਾਸਲਾ : ਫ਼ਲਦਾਰ ਬੂਟਿਆਂ ਵਿਚਕਾਰ ਸਹੀ ਫ਼ਾਸਲਾ ਜਿੱਥੇ ਧੁੱਪ ਅਤੇ ਹਵਾ ਦਾ ਵਧੀਆ ਨਿਕਾਸ ਕਰਦਾ ਹੈ ਉੱਥੇ ਹੀ ਬੂਟਿਆਂ ਦੀ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫਲ ਦੇਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਸਖ਼ਤ ਨਾਸ਼ਪਾਤੀ 7.5×7.5 ਮੀਟਰ (72 ਬੂਟੇ ਪ੍ਰਤੀ ਏਕੜ), ਅਰਧ-ਨਰਮ ਅਤੇ ਨਰਮ ਨਾਸ਼ਪਾਤੀ 6.0×6.0 ਮੀਟਰ (110 ਬੂਟੇ ਪ੍ਰਤੀ ਏਕੜ), ਆੜੂ 6.5×6.5 ਮੀਟਰ (90 ਬੂਟੇ ਪ੍ਰਤੀ ਏਕੜ), ਅਲੂਚਾ 6.0×6.0 ਮੀਟਰ (110 ਬੂਟੇ ਪ੍ਰਤੀ ਏਕੜ), ਆੜੂ ਅਤੇ ਅਲੂਚਾ ਸੰਘਣੀ ਪ੍ਰਣਾਲੀ ਰਾਹੀਂ 6.0×1.5 ਮੀਟਰ (440 ਬੂਟੇ ਪ੍ਰਤੀ ਏਕੜ), ਅੰਗੂਰ (ਬਾਵਰ ਸਿਸਟਮ ਤੇ) 10×10 ਮੀਟਰ (440 ਬੂਟੇ ਪ੍ਰਤੀ ਏਕੜ), ਅੰਗੂਰ (ਵਾਈ ਸਿਸਟਮ 'ਤੇ) 4×1.5 ਮੀਟਰ (660 ਬੂਟੇ ਪ੍ਰਤੀ ਏਕੜ), ਅਨਾਰ (ਕੰਧਾਰੀ ਕਿਸਮ) 4×4 ਮੀਟਰ (240 ਬੂਟੇ ਪ੍ਰਤੀ ਏਕੜ), ਅਨਾਰ (ਗਣੇਸ਼ ਕਿਸਮ) 3×3 ਮੀਟਰ (440 ਬੂਟੇ ਪ੍ਰਤੀ ਏਕੜ), ਅੰਜੀਰ 6×6 ਮੀਟਰ (110 ਬੂਟੇ ਪ੍ਰਤੀ ਏਕੜ), ਫਾਲਸਾ 1.5×1.5 ਮੀਟਰ (1760 ਬੂਟੇ ਪ੍ਰਤੀ ਏਕੜ) ਦਾ ਫਾਸਲਾ ਰੱਖ ਕੇ ਲਗਾਉਣੇ ਚਾਹੀਦੇ ਹਨ।
ਫ਼ਲਦਾਰ ਬੂਟੇ ਲਗਾਉਣ ਦਾ ਸਹੀ ਢੰਗ: ਬੂਟੇ ਲਗਾਉਣ ਤੋਂ ਪਹਿਲਾਂ ਬਾਗ਼ ਲਈ ਸੜਕ, ਪਾਣੀ ਵਾਸਤੇ ਖਾਲੀਆਂ ਅਤੇ ਬਾਗ ਵਿਚਕਾਰ ਰਸਤੇ ਆਦਿ ਦੀ ਵਿਉਂਤਬੰਦੀ ਕਰ ਲਉ। ਬੂਟੇ ਲਗਾਉਣ ਤੋਂ ਪਹਿਲਾਂ ਜਗ੍ਹਾ ਨੂੰ ਚੰਗੀ ਤਰ੍ਹਾਂ ਨਾਲ ਪੱਧਰੀ ਕਰ ਲਵੋ। ਬੂਟਿਆਂ ਨੂੰ ਸਹੀ ਫਾਸਲੇ 'ਤੇ ਲਗਾਉਣ ਲਈ ਪਲਾਟਿੰਗ ਬੋਰਡ ਦੀ ਸਹਾਇਤਾ ਲਵੋ। ਬੂਟੇ ਲਗਾਉਣ ਵਾਸਤੇ ਟੋਏ ਪੁੱਟਣ ਲਈ ਕਹੀ ਜਾਂ ਟੋਏ ਪੁੱਟਣ ਵਾਲੀ ਮਸ਼ੀਨ ਦੀ ਮਦਦ ਲਵੋ। ਹਰ ਇੱਕ ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਟੋਏ ਨੂੰ ਦੁਬਾਰਾ ਭਰਨ ਲਈ ਉੱਪਰਲੀ 30 ਸੈਂਟੀਮੀਟਰ ਤੱਕ ਦੀ ਮਿੱਟੀ ਇੱਕ ਪਾਸੇ ਰੱਖ ਲਵੋ। ਇਨ੍ਹਾਂ ਵਿਚ ਬੂਟੇ ਲਗਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਧੁੱਪ ਲਗਾਉ। ਇਨ੍ਹਾਂ ਟੋਇਆਂ ਨੂੰ ਭਰਨ ਲਈ ਉਪਰਲੀ ਅੱਧੀ ਮਿੱਟੀ ਅਤੇ ਉਸੇ ਮਾਤਰਾ ਵਿਚ ਗਲੀ-ਸੜੀ ਦੇਸੀ ਰੂੜੀ ਦੀ ਖਾਦ ਮਿਲਾ ਕੇ ਜ਼ਮੀਨ ਦੇ ਉੱਪਰ ਤੱਕ ਭਰ ਲਵੋ। ਬੂਟੇ ਲਗਾਉਣ ਤੋਂ ਪਹਿਲਾਂ ਇਨ੍ਹਾਂ ਟੋਇਆਂ ਵਿਚ ਹਲਕਾ ਜਿਹਾ ਪਾਣੀ ਲਗਾ ਦਿਉ। ਪਾਣੀ ਲਗਾਉਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ 'ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰੀ ਕਰ ਦਿਉ। ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈ. ਸੀ. 2 ਕਿਲੋ ਮਿੱਟੀ ਵਿਚ ਰਲਾ ਕੇ ਪ੍ਰਤੀ ਟੋਏ ਦੇ ਹਿਸਾਬ ਨਾਲ ਪਾ ਦਿਉ। ਬੂਟੇ ਲਗਾਉਣ ਵੇਲੇ ਇਹ ਧਿਆਨ ਵਿਚ ਰੱਖੋ ਕਿ ਪਿਉਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਤੱਕ ਉੱਚਾ ਜ਼ਰੂਰ ਹੋਵੇ। ਨਵੇਂ ਲਗਾਏ ਬੂਟਿਆਂ ਦੇ ਆਲੇ-ਦੁਆਲੇ ਮਿੱਟੀ ਨੂੰ ਚੰਗੀ ਤਰ੍ਹਾਂ ਨਾਲ ਦਬਾਉਣ ਤੋਂ ਬਾਅਦ ਹਲਕੀ ਮਾਤਰਾ ਵਿਚ ਪਾਣੀ ਲਗਾਉ।
ਨਵੇਂ ਲਗਾਏ ਫ਼ਲਦਾਰ ਬੂਟਿਆਂ ਦੀ ਸਾਂਭ-ਸੰਭਾਲ: ਨਵੇਂ ਲਗਾਏ ਬੂਟਿਆਂ ਨੂੰ ਸਿੱਧੇ ਰੱਖਣ ਲਈ ਸੋਟੀ ਦਾ ਸਹਾਰਾ ਦਿਉ। ਬੂਟਿਆਂ ਨੂੰ ਲੋੜ ਅਨੁਸਾਰ ਥੋੜੇ-ਥੋੜੇ ਵਕਫ਼ੇ 'ਤੇ ਪਾਣੀ ਲਗਾਉ। ਪਰ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿਚ ਪਾਣੀ ਨਾ ਲਗਾਉ। ਬੂਟਿਆਂ ਦੀ ਜੜ੍ਹ ਤੋਂ ਫੁੱਟਣ ਵਾਲੀਆਂ ਟਹਿਣੀਆਂ ਅਤੇ ਸੁੱਕੀਆਂ ਅਤੇ ਰੋਗੀ ਟਹਿਣੀਆਂ ਨੂੰ ਸਮੇਂ-ਸਮੇਂ ਸਿਰ ਕੱਟਦੇ ਰਹੋ। ਜੇਕਰ ਬੂਟਿਆਂ ਨੂੰ ਸਿਉਂਕ ਦਾ ਹਮਲਾ ਹੋਣ ਲੱਗੇ ਤਾਂ ਇਨ੍ਹਾਂ ਨੂੰ ਅੱਧਾ ਲਿਟਰ ਕਲੋਰੋਪਾਈਰੀਫ਼ਾਸ 20 ਈ. ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਉ ਅਤੇ ਬਾਅਦ ਵਿਚ ਹਲਕਾ ਜਿਹਾ ਪਾਣੀ ਲਾ ਦਿਉ। ਇਨ੍ਹਾਂ ਬੂਟਿਆਂ ਦੇ ਵਧੀਆ ਵਾਧੇ ਅਤੇ ਵਿਕਾਸ ਲਈ ਦੋ ਸਾਲ ਦੀ ਉਮਰ ਤੋਂ ਬਾਅਦ ਸਿਫਾਰਿਸ਼ ਕੀਤੀਆਂ ਖਾਦਾਂ ਪਾਉ ਤਾਂ ਜੋ ਇਨ੍ਹਾਂ ਤੋਂ ਚੰਗਾ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫ਼ਲ ਪੈਦਾ ਕੀਤੇ ਜਾ ਸਕਣ।
ਹਵਾ ਰੋਕੂ ਵਾੜ ਲਗਾਉਣਾ: ਬਾਗ਼ ਨੂੰ ਤੇਜ਼ ਹਵਾਵਾਂ ਤੋਂ ਬਚਾਅ ਲਈ ਹਵਾ ਵਾਲੇ ਪਾਸੇ ਸਫ਼ੈਦਾ, ਅਰਜਨਾ, ਜਾਮਨ, ਅੰਬ, ਸ਼ਹਿਤੂਤ ਆਦਿ ਬੂਟਿਆਂ ਦੀ ਵਾੜ ਲਗਾਉ। ਇਨ੍ਹਾਂ ਹਵਾ ਰੋਕੂ ਵਾੜ ਦੇ ਤੌਰ 'ਤੇ ਲਗਾਏ ਗਏ ਦਰੱਖਤਾਂ ਦੇ ਵਿਚਕਾਰ ਬੋਗਨਵਿਲੀਆ, ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਬੂਟਿਆਂ ਦੀ ਵਾੜ ਵੀ ਲਗਾ ਦੇਣੀ ਚਾਹੀਦੀ ਹੈ। ਪਰ ਇਹ ਧਿਆਨ ਵਿਚ ਰੱਖੋ ਕਿ ਨਿੰਬੂ ਜਾਤੀ ਦੇ ਬਾਗਾਂ ਦੁਆਲੇ ਨਿੰਬੂ ਜਾਤੀ ਦੇ ਬੂਟਿਆਂ ਦੀ ਵਾੜ ਨਹੀਂ ਲਗਾਉਣੀ ਚਾਹੀਦੀ। (ਸਮਾਪਤ)


-ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ,
ਖੇਤਰੀ ਖੋਜ ਕੇਂਦਰ, ਗੁਰਦਾਸਪੁਰ

ਸੂਈ ਅੜ ਗਈ ਰਕਾਟ ਦੇ ਉੱਤੇ

ਮਨੁੱਖੀ ਜੀਵਨ ਦੇ ਰਹਾਓ ਦਾ ਮੂਲ ਸਰੋਤ ਸੰਗੀਤ ਹੈ। ਸੰਗੀਤ ਪੈਦਾ ਹੁੰਦਾ ਹੈ ਤਾਂ ਸਰੀਰ ਨੂੰ ਰਵਾਨਗੀ ਮਿਲਦੀ ਹੈ, ਸੰਗੀਤ ਹੀ ਮਨ ਨੂੰ ਸੰਸਾਰ ਨਾਲ ਜੋੜਦਾ ਹੈ। ਸੰਗੀਤ ਹੀ ਬੌਧਿਕਤਾ ਦਾ ਮੂਲ ਹੈ। ਸੰਗੀਤ ਦਾ ਮੁੱਢਲਾ ਰੂਪ ਭੌਤਿਕਤਾ ਨਹੀਂ ਹੁੰਦਾ। ਇਹ ਅਨੰਦਮਈ ਅਵਸਥਾ ਦਾ ਅਦਿੱਖ ਅੰਗ ਹੈ। ਇਸੇ ਵਿਚ ਜੀਵਨ ਦੀਆਂ ਖੁਸ਼ੀਆਂ, ਗਮੀਆਂ ਦੇ ਰਾਜ਼ ਛੁਪੇ ਪਏ ਹਨ। ਪਰ ਮਨੁੱਖ ਜਦੋਂ ਆਵਾਜ਼ ਨਾਲ ਇਸ ਨੂੰ ਜੋੜ ਲੈਂਦਾ ਹੈ ਤਾਂ ਸਾਰੀ ਗੜਬੜ ਹੋ ਜਾਂਦੀ ਹੈ। ਰੂਹ ਤੋਂ ਨਿਕਲ ਕੇ ਇਹ ਸਰੀਰ ਦੀ ਕੈਦ ਵਿਚ ਆ ਜਾਂਦਾ ਹੈ। ਸੁਰ ਤੇ ਗਲੇ ਦਾ ਰਸ ਕੁਦਰਤ ਦੀ ਦੇਣ ਹੈ, ਪਰ ਸ਼ਬਦਾਂ ਦੀ ਚੋਣ ਸਾਡੀ ਸਮਝ ਦੀ ਸੀਮਾ ਹੋ ਸਕਦੀ ਹੈ। ਕੋਈ ਸਮਾਂ ਸੀ ਕਿ ਗੀਤ, ਸੰਗੀਤ ਵੀ ਹੁੰਦਾ ਸੀ। ਪਰ ਅੱਜ ਨਾ ਗੀਤ ਹੈ, ਨਾ ਸੰਗੀਤ। ਜੇ ਕੋਈ ਤਾਰਾ ਕਿਤੇ ਚਮਕਦਾ ਵੀ ਹੈ ਤਾਂ ਉਹ ਡੀ.ਜੇ. ਦੇ ਸ਼ੋਰ ਵਿਚ ਦੱਬ ਕੇ ਰਹਿ ਜਾਂਦਾ ਹੈ। ਸਮੇਂ-ਸਮੇਂ 'ਤੇ ਕਈ ਸੰਸਥਾਵਾਂ ਜਾਂ ਲੋਕਾਂ ਨੇ ਮੋੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਭ ਵਿਅਰਥ। ਰਾਤੋ-ਰਾਤ ਸਟਾਰ ਬਣਨ ਦੀ ਹੋੜ ਨੇ ਰਕਾਟਾਂ ਦੀ ਅੜੀ ਸੂਈ ਵਾਂਗ, ਸੰਗੀਤ ਨੂੰ ਐਸਾ ਸਰੀਰਾਂ ਵਿਚ ਵਾੜ ਦਿੱਤਾ ਹੈ ਕਿ ਰੂਹ ਦਾ ਨਾਮੋ-ਨਿਸ਼ਾਨ ਨਹੀਂ ਰਿਹਾ। ਉਂਜ ਉਮੀਦ ਕਦੇ ਛੱਡਣੀ ਨਹੀਂ ਚਾਹੀਦੀ।


ਮੋਬਾ: 98159-45018

ਕਰਜ਼ਾ ਮੁਆਫ਼ੀ ਇਕ ਗੰਭੀਰ ਸਮੱਸਿਆ ਬਣੀ

ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਸਾਲ ਚੋਣ ਮੁਹਿੰਮ ਦੇ ਦੌਰਾਨ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਕੀਤੇ ਗਏ ਵਾਅਦੇ ਸਰਕਾਰ ਲਈ ਗੰਭੀਰ ਸਮੱਸਿਆ ਬਣ ਗਈ ਹੈ। ਦਿਨੋਂ-ਦਿਨ ਇਹ ਹੋਰ ਗੁੰਝਲਦਾਰ ਬਣਦੀ ਜਾ ਰਹੀ ਹੈ। ਮਾਨਸਾ ਤੋਂ ਮਾਲਵੇ ਦੇ 5 ਜ਼ਿਲ੍ਹਿਆਂ ਦੇ 47,000 ਛੋਟੇ ਕਿਸਾਨਾਂ ਦੇ 170 ਕਰੋੜ ਰੁਪਏ ਦੇ ਸਹਿਕਾਰੀ ਸਭਾਵਾਂ ਤੋਂ ਲਏ ਕਰਜ਼ਿਆਂ ਦੀ ਮੁਆਫ਼ੀ ਨਾਲ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰਨ ਉਪਰੰਤ ਮੁੱਖ ਮੰਤਰੀ ਨੇ 1.15 ਲੱਖ ਹੋਰ ਕਿਸਾਨਾਂ ਦੇ 580 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ, ਜਿਸ ਨੂੰ 31 ਜਨਵਰੀ ਤੋਂ ਪਹਿਲਾਂ-ਪਹਿਲਾਂ ਅਮਲੀ ਰੂਪ ਦਿੱਤਾ ਜਾਣਾ ਹੈ। ਇਸ ਤਰ੍ਹਾਂ ਤਕਰੀਬਨ ਇਕ ਲੱਖ ਸੱਠ ਹਜ਼ਾਰ ਛੋਟੇ ਤੇ ਸੀਮਿਤ ਕਿਸਾਨਾਂ ਦੇ 748 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਹੋਣਗੇ। ਇਨ੍ਹਾਂ ਕਿਸਾਨਾਂ ਦੇ ਕੇਵਲ ਉਹ ਕਰਜ਼ੇ ਹੀ ਜਿਹੜੇ ਉਨ੍ਹਾਂ ਨੇ ਸਹਿਕਾਰੀ ਸਭਾਵਾਂ ਤੋਂ ਲਏ ਹੋਏ ਹਨ, ਮੁਆਫ਼ ਹੋਣਗੇ। ਇਨ੍ਹਾਂ ਕਿਸਾਨਾਂ ਨੇ ਜੋ ਆੜ੍ਹਤੀਆਂ ਜਾਂ ਕਿਸੇ ਨਿੱਜੀ ਖੇਤਰ ਦੇ ਹੋਰ ਵਿਅਕਤੀਆਂ ਜਾਂ ਤਜਾਰਤੀ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ, ਉਹ ਇਸ ਮੁਆਫ਼ੀ ਦੇ ਘੇਰੇ ਵਿਚ ਨਹੀਂ ਆਉਂਦੇ। ਫ਼ੇਰ 5500 ਦੇ ਕਰੀਬ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਕਰਜ਼ੇ ਹਨ ਜਿਨ੍ਹਾਂ ਸਬੰਧੀ ਕਰਜ਼ਾ ਮੁਆਫ਼ੀ ਦਾ ਐਲਾਨ ਸਰਕਾਰ ਵਲੋਂ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ 165 ਕਰੋੜ ਰੁਪਏ ਦੀ ਰਾਹਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੁਣ 5,5 ਲੱਖ ਰੁਪਏ ਦੀ ਰਾਹਤ ਸਰਕਾਰ ਵਲੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 10 ਲੱਖ ਦੇ ਕਰੀਬ ਖੇਤ ਮਜ਼ਦੂਰ ਵੀ ਆਪਣਿਆਂ ਕਰਜ਼ਿਆਂ ਦੀ ਮੁਆਫ਼ੀ ਦੀ ਮੰਗ ਕਰ ਰਹੇ ਹਨ। ਸਰਕਾਰ ਵਲੋਂ ਇਨ੍ਹਾਂ ਦੇ ਕਰਜ਼ਿਆਂ ਦੀ ਮੁਆਫ਼ੀ ਖਜ਼ਾਨੇ ਦੀ ਹਾਲਤ 'ਚ ਸੁਧਾਰ ਆਉਣ 'ਤੇ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਪ੍ਰੰਤੂ ਖੇਤ ਮਜ਼ਦੂਰਾਂ ਨੇ ਨਿੱਜੀ ਖੇਤਰ ਦੇ ਵਿਅਕਤੀਆਂ ਤੋਂ ਕਰਜ਼ੇ ਲਏ ਹੋਏ ਹਨ, ਕਿਉਂਕਿ ਖੇਤੀ ਕਰਜ਼ੇ ਬੈਂਕਾਂ ਤੇ ਖੇਤੀ ਸਹਿਕਾਰੀ ਸਭਾਵਾਂ ਤੋਂ ਲੈਣ ਲਈ ਇਹ ਯੋਗ ਨਹੀਂ। ਜੇ ਸਰਕਾਰ ਨਿੱਜੀ ਖੇਤਰ ਤੋਂ ਲਏ ਕਰਜ਼ੇ ਖੇਤ ਮਜ਼ਦੂਰਾਂ ਦੇ ਮੁਆਫ਼ ਕਰਦੀ ਹੈ ਤਾਂ ਕਿਸਾਨਾਂ ਵਲੋਂ ਵੀ ਇਹ ਮੰਗ ਉੱਠੇਗੀ। ਕਿਸਾਨਾਂ ਜ਼ੁੰਮੇ 73000 ਕਰੋੜ ਰੁਪਏ ਦਾ ਕਰਜ਼ਾ ਹੈ। ਫ਼ੇਰ ਸਵਾਲ ਪੈਦਾ ਹੁੰਦਾ ਹੈ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਬੇਜ਼ਮੀਨੇ ਕਾਮਿਆਂ ਦੇ ਕਿਸ ਮਿਤੀ ਤੋਂ ਬਾਅਦ ਲਏ ਕਰਜ਼ੇ ਮੁਆਫ਼ ਕੀਤੇ ਜਾਣ। ਇਹ ਸਮੱਸਿਆ ਵੀ ਸਰਕਾਰ ਅੱਗੇ ਆਵੇਗੀ। ਸਰਕਾਰ ਵਲੋਂ ਬਣਾਈਆਂ ਗਈਆਂ ਸੂਚੀਆਂ ਵਿਚ ਵੀ ਕਈ ਊਣਤਾਈਆਂ ਸਾਹਮਣੇ ਆਈਆਂ ਹਨ, ਜੋ ਨੁਕਤਾਚੀਨੀ ਦਾ ਕਾਰਨ ਬਣ ਰਿਹਾ ਹੈ।
ਸਰਕਾਰ ਦਾ ਸਾਰਾ ਅਮਲਾ ਤੇ ਅਧਿਕਾਰੀ ਕਰਜ਼ਾ ਮੁਆਫ਼ੀ ਲਈ ਸੂਚੀਆਂ ਅਤੇ ਹੋਰ ਕਾਰਵਾਈ ਕਰਨ 'ਚ ਰੁਝ ਗਏ ਹਨ। ਵਿਕਾਸ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਸਹਿਕਾਰੀ ਸਭਾਵਾਂ ਨੂੰ ਮੁਆਫ਼ ਕੀਤੇ ਕਰਜ਼ਿਆਂ ਦਾ ਪੈਸਾ ਪੇਂਡੂ ਵਿਕਾਸ ਫੰਡ ਵਿਚੋਂ ਦਿੱਤੇ ਜਾਣ ਦੀ ਤਜਵੀਜ਼ ਹੈ। ਇਸ ਨਾਲ ਲਿੰਕ ਸੜਕਾਂ ਦੀ ਮੁਰੰਮਤ, ਨਵੀਂ ਉਸਾਰੀ ਅਤੇ ਵਿਕਾਸ ਦੇ ਹੋਰ ਕੰਮ ਖੜ੍ਹ ਜਾਣਗੇ। ਸਰਕਾਰੀ ਖਜ਼ਾਨੇ ਵਿਚ ਕੋਈ ਇਸ ਕਰਜ਼ਾ ਮੁਆਫ਼ੀ ਲਈ ਪੈਸਾ ਨਹੀਂ, ਕਿਉਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਹੁਕਮਰਾਨ ਕਾਂਗਰਸ ਸਰਕਾਰ ਨੇ ਖਾਲੀ ਖਜ਼ਾਨਾ ਹੀ ਵਿਰਾਸਤ 'ਚ ਲਿਆ ਸੀ। ਕਰਜ਼ਾ ਮੁਆਫ਼ੀ ਨਾਲ ਮੁਲਹਿੱਕ ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਸਹਿਕਾਰੀ ਸੁਸਾਇਟੀਆਂ ਦਾ ਕਾਰੋਬਾਰ ਤੇ ਸਹਿਕਾਰੀ ਢਾਂਚਾ ਵੀ ਤਿੱਤਰ-ਬਿੱਤਰ ਹੋ ਜਾਵੇਗਾ। ਆਜ਼ਾਦੀ ਮਿਲਣ ਤੋਂ ਬਾਅਦ ਪਿਛਲੀ ਸ਼ਤਾਬਦੀ ਦੇ 50ਵੇਂ 'ਚ ਪਿੰਡਾਂ ਵਿਚ ਖੇਤੀ ਸਹਿਕਾਰੀ ਸਭਾਵਾਂ ਪਿੰਡ ਦੇ ਕਿਸਾਨਾਂ ਨੂੰ ਖੇਤੀ ਲਈ ਮਾਲੀ ਸਹਾਇਤਾ ਦੇਣ ਵਜੋਂ ਅਤੇ ਪਿੰਡ ਦੇ ਲੋਕਾਂ ਦੀਆਂ ਅਮਾਨਤਾਂ ਰੱਖ ਕੇ ਇਹ ਕੰਮ ਸਿਰੇ ਚਾੜ੍ਹਨ ਦੇ ਉਦੇਸ਼ ਨਾਲ ਸਥਾਪਿਤ ਕੀਤੀਆਂ ਗਈਆਂ ਸਨ। ਇਨ੍ਹਾਂ ਸੁਸਾਇਟੀਆਂ ਦੇ ਕਾਰੋਬਾਰ ਤੋ ਹੋਏ ਨੁਕਸਾਨ ਤੇ ਫਾਇਦੇ ਲਈ ਸੁਸਾਇਟੀਆਂ ਦੇ ਮੈਂਬਰ ਹੀ ਜ਼ੁੰਮੇਵਾਰ ਸਨ, ਜਿਸ ਕਾਰਨ ਉਹ ਕਿਸੇ ਨੂੰ ਖੇਤੀ ਦੇ ਕੰਮਾਂ ਲਈ ਲੋੜ ਤੋਂ ਵੱਧ ਕਰਜ਼ੇ ਨਹੀਂ ਦਿੰਦੇ ਸਨ। ਉਸ ਤੋਂ ਬਾਅਦ ਕੋਆਪਰੇਟਿਵ ਵਿਭਾਗ (ਜੋ ਸਰਕਾਰੀ ਮਹਿਕਮਾ ਸੀ) ਨੇ ਇਨ੍ਹਾਂ ਸੁਸਾਇਟੀਆਂ ਦਾ ਆਕਾਰ ਵੱਡਾ ਕਰਕੇ ਇਨ੍ਹਾਂ ਨੂੰ ਬੈਂਕਾਂ ਦਾ ਰੂਪ ਦੇ ਦਿੱਤਾ। ਜਿਸ ਨਾਲ ਸਹਿਕਾਰਤਾ ਲਹਿਰ ਦੇ ਸਾਰੇ ਉਦੇਸ਼ ਖ਼ਤਮ ਹੋ ਗਏ ਅਤੇ ਇਨ੍ਹਾਂ ਸਭਾਵਾਂ 'ਤੇ ਸਰਕਾਰ ਦਾ ਕੰਟਰੋਲ ਹੋ ਗਿਆ। ਕਰਜ਼ਾ ਮੁਆਫ਼ੀ ਦੇ ਚੱਕਰਵਿਊ 'ਚ ਫਸੀਆਂ ਇਹ ਸਹਿਕਾਰੀ ਸਭਾਵਾਂ ਹੁਣ ਕੀ ਰੂਪ ਧਾਰਨ ਕਰਦੀਆਂ ਹਨ ਇਹ ਭਵਿੱਖ ਵਿਚ ਹੀ ਪਤਾ ਲੱਗੇਗਾ।
ਕਰਜ਼ਾ ਮੁਆਫ਼ੀ ਦੀਆਂ ਸੂਚੀਆਂ 'ਚ ਸ਼ਾਮਿਲ ਡਿਫਾਲਟਰ ਕਿਸਾਨਾਂ ਨੂੰ ਇਨ੍ਹਾਂ ਸੁਸਾਇਟੀਆਂ ਨੇ ਫ਼ਸਲੀ ਕਰਜ਼ਾ ਦੇਣਾ ਹਾਲ ਦੀ ਘੜੀ ਤਾਂ ਬੰਦ ਹੀ ਕਰ ਦਿੱਤਾ ਹੈ। ਬੈਂਕ ਵੀ ਇਨ੍ਹਾਂ ਨਾਦਹਿੰਦ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਲਾਂਭੇ ਹੀ ਰਹਿਣਗੇ। ਨਿੱਜੀ ਖੇਤਰ ਦੇ ਆੜ੍ਹਤੀ ਤਾਂ ਇਨ੍ਹਾਂ ਕਿਸਾਨਾਂ ਨੂੰ ਕੋਈ ਕਰਜ਼ਾ ਜਾਂ ਮਾਲੀ ਇਮਦਾਦ ਦੇਣ ਲਈ ਤਿਆਰ ਹੀ ਨਹੀਂ। ਇਸ ਤਰ੍ਹਾਂ ਇਨ੍ਹਾਂ ਛੋਟੇ ਤੇ ਸੀਮਿਤ ਕਿਸਾਨਾਂ ਨੂੰ ਖੇਤੀ ਕਰਨਾ ਹੀ ਅਸੰਭਵ ਹੋ ਜਾਵੇਗਾ। ਘਰੇਲੂ ਤੇ ਬਿਮਾਰੀ ਆਦਿ ਸਬੰਧੀ ਅਚਨਚੇਤ ਖਰਚੇ ਚਲਾਉਣੇ ਵੀ ਮੁਸ਼ਕਿਲ ਹੋ ਜਾਣਗੇ, ਜਿਸ ਉਪਰੰਤ ਇਹ ਆਪਣੀਆਂ ਜ਼ਮੀਨਾਂ ਵੇਚਣ ਜਾਂ ਠੇਕੇ 'ਤੇ ਦੇਣ ਲਈ ਮਜਬੂਰ ਹੋ ਜਾਣਗੇ। ਬੇਜ਼ਮੀਨੇ ਖੇਤ ਮਜ਼ਦੂਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹੋ ਨਹੀਂ ਕਈ ਕਿਸਾਨ ਦੁਖੀ ਹਨ ਕਿ ਜੋ ਪਿੰਡਾਂ 'ਚ ਸੂਚੀਆਂ ਬਣਾ ਕੇ ਉਨ੍ਹਾਂ ਦਾ ਨਾਂਅ ਡਿਫਾਲਟਰਾਂ 'ਚ ਦਰਜ ਕਰਕੇ ਡਿਸਪਲੇਅ ਕੀਤਾ ਗਿਆ ਹੈ ਉਹ ਭਾਵੇਂ ਸੋਸ਼ਲ ਆਡਿਟ ਦੇ ਦ੍ਰਿਸ਼ਟੀਕੋਣ ਨਾਲ ਕੀਤਾ ਗਿਆ ਹੈ। ਪਰ ਉਨ੍ਹਾਂ ਦੀ ਸਾਖ਼ ਨੂੰ ਸਖ਼ਤ ਸੱਟ ਲੱਗੀ ਹੈ। ਉਨ੍ਹਾਂ ਨੂੰ ਆਪਣੇ ਮੁੰਡੇ-ਕੁੜੀਆਂ ਦੇ ਰਿਸ਼ਤੇ ਕਰਨ 'ਚ ਵੀ ਔਖ ਆਵੇਗੀ।
ਖੇਤੀ ਖੇਤਰ 'ਚ ਜੋ ਕਰਜ਼ੇ ਵਸੂਲਣਯੋਗ ਨਹੀਂ ਉਹ ਬੈਂਕਾਂ ਦੇ ਕੁੱਲ ਐਨ. ਪੀ. ਏਜ਼ ਦੇ 8.3 ਫ਼ੀਸਦੀ ਹੀ ਹਨ। ਕਿਸਾਨਾਂ ਜ਼ੁੰਮੇ ਕਰਜ਼ਿਆਂ ਦਾ 6 ਫ਼ੀਸਦੀ ਹੀ ਡਿਫਾਲਟ ਵਿਚ ਹੈ, ਜਦੋਂਕਿ ਨਾਨ-ਪ੍ਰਾਇਰਟੀ ਖੇਤਰ 'ਚ ਡਿਫਾਲਟ ਦੀ ਦਰ 20.83 ਫ਼ੀਸਦੀ ਹੈ। ਕਿਸਾਨ ਤਾਂ ਨਾਦਹਿੰਦੇ ਇਸ ਲਈ ਹੋਏ ਕਿ ਉਨ੍ਹਾਂ ਨੂੰ ਮਹਿੰਗਾਈ ਹੋਣ ਉਪਰੰਤ ਫ਼ਸਲ ਦਾ ਯੋਗ ਮੁੱਲ ਨਹੀਂ ਮਿਲਿਆ, ਕਿਉਂਕਿ ਸਰਕਾਰ ਵੱਲੋਂ ਐਮ. ਐਸ. ਪੀ. ਸੂਚਕ ਅੰਕ ਆਧਾਰ 'ਤੇ ਨਹੀਂ ਵਧਾਈ ਗਈ। ਇਸ ਲਈ ਬਿਨਾਂ ਸ਼ੱਕ ਹੀ ਕਿਸਾਨ ਕਰਜ਼ਿਆਂ ਦੀ ਮੁਆਫ਼ੀ ਦੇ ਹੱਕਦਾਰ ਹਨ। ਪਰ ਕਈ ਅਰਥ ਸ਼ਾਸਤਰ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਜਦੋਂ ਤਕ ਸਰਕਾਰੀ ਖਜ਼ਾਨੇ ਦੀ ਹਾਲਤ ਵਿਚ ਸੁਧਾਰ ਨਾ ਆਉਂਦਾ ਜਾਂ ਕੇਂਦਰ ਸਹਾਇਤਾ ਦੇਣ ਲਈ ਅੱਗੇ ਨਾ ਆਉਂਦਾ ਕਰਜ਼ਾ ਮੁਆਫ਼ੀ ਦਾ ਇਹ ਕੰਮ ਸ਼ੁਰੂ ਕਰਨਾ ਉੱਚਿਤ ਹੀ ਨਹੀਂ ਸੀ। ਭਾਵੇਂ ਸੱਤਾਧਾਰੀ ਕਾਂਗਰਸ ਸਰਕਾਰ ਵਲੋਂ ਚੋਣਾਂ ਵੇਲੇ ਕਰਜ਼ਾ ਮੁਆਫ਼ੀ ਸਬੰਧੀ ਐਲਾਨ ਕੀਤੇ ਗਏ ਸਨ, ਪ੍ਰੰਤੂ ਜਦੋਂ ਤਕ ਮੁਆਫ਼ੀ ਲਈ ਖਜ਼ਾਨੇ ਵਿਚ ਪੂਰਾ ਪ੍ਰਬੰਧ ਨਾ ਹੁੰਦਾ ਮੁਆਫ਼ੀ ਦੀ ਸ਼ੁਰੂਆਤ ਹੀ ਨਹੀਂ ਕਰਨੀ ਲੋੜੀਂਦੀ ਸੀ। ਕਿਸਾਨਾਂ ਨੂੰ ਉਨ੍ਹਾਂ ਦੇ ਆਗੂਆਂ ਦੀਆਂ ਬੈਠਕਾਂ ਕਰਕੇ ਇਸ ਸਬੰਧੀ ਸਹੀ ਜਾਣਕਾਰੀ ਦੇ ਕੇ ਸਮਝਾਇਆ ਜਾ ਸਕਦਾ ਸੀ। ਕਰਜ਼ਾ ਮੁਆਫ਼ੀ ਨਾਲੋਂ ਛੋਟੇ ਤੇ ਸੀਮਿਤ ਕਿਸਾਨਾਂ ਦੀ ਉਪਜ ਐਮ. ਐਸ. ਪੀ. ਤੋਂ ਵੱਧ ਕੀਮਤ (ਭਾਵੇਂ ਬੋਨਸ ਦੀ ਸ਼ਕਲ 'ਚ ਹੁੰਦੀ) ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਸੀ। ਉਨ੍ਹਾਂ ਦੀ ਫ਼ਸਲ ਦੀ ਖਰੀਦ ਲਈ ਇਹ ਪ੍ਰਣਾਲੀ ਭਵਿੱਖ 'ਚ ਵੀ ਜਾਰੀ ਰੱਖ ਕੇ ਉਨ੍ਹਾਂ ਨੂੰ ਸੰਤੁਸ਼ਟ ਕੀਤਾ ਜਾ ਸਕਦਾ ਸੀ। ਸਾਰੀਆਂ ਰਾਜਨੀਤਕ ਪਾਰਟੀਆਂ ਹੀ ਚੋਣਾਂ ਵੇਲੇ ਅਜਿਹੇ ਵਾਅਦੇ ਤੇ ਐਲਾਨ ਕਰਦੀਆਂ ਹਨ, ਪ੍ਰੰਤੂ ਉਨ੍ਹਾਂ ਨੂੰ ਤਾਂ ਹੀ ਪੂਰਾ ਕਰਦੀਆਂ ਹਨ ਜੇ ਸਰਕਾਰ ਕੋਲ ਸਾਧਨ ਤੇ ਸਮੱਰਥਾ ਹੋਵੇ। ਕੁਝ ਅਰਥ ਸ਼ਾਸਤਰ ਵਗਿਆਨੀਆਂ ਅਨੁਸਾਰ ਕਰਜ਼ਾ ਮੁਆਫ਼ੀ ਨਾਲ ਬੈਂਕਾਂ ਤੇ ਵਿੱਤੀ ਸੰਸਥਾਵਾਂ ਦਾ ਆਰਥਿਕ ਢਾਂਚਾ ਪ੍ਰਭਾਵਿਤ ਹੁੰਦਾ ਹੈ, ਆਮਦਨ-ਖਰਚ ਦੇ ਚਿੱਠੇ ਖਰਾਬ ਹੁੰਦੇ ਹਨ ਅਤੇ ਕਰਜ਼ ਲੈਣ ਵਾਲਿਆਂ ਨੂੰ ਭਵਿੱਖ ਵਿਚ ਕਰਜ਼ਿਆਂ ਦੀ ਵਾਪਸੀ ਨਾ ਕਰਨ ਲਈ ਉਤਸ਼ਾਹ ਮਿਲਦਾ ਹੈ।


-ਮੋਬਾ: 98152-36307

ਅਲੋਪ ਹੁੰਦਾ ਪੰਜਾਬੀ ਸੱਭਿਆਚਾਰ

ਭੱਠੀ

ਅੱਜ ਤੋਂ ਕੋਈ ਚਾਰ ਕੁ ਦਹਾਕੇ ਪਹਿਲਾਂ ਪਿੰਡਾਂ ਵਿਚ ਮੇਰੀ ਸਰਦਾਰੀ ਹੁੰਦੀ ਸੀ। ਨਿਆਣੇ-ਸਿਆਣੇ ਕੀ ਗੱਭਰੂ ਤੇ ਮੁਟਿਆਰਾਂ ਦੁਪਹਿਰ ਢਲਦਿਆਂ ਹੀ ਬੋਝਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਅਨਾਜ ਲੈ ਕੇ ਮੇਰੀ ਹਾਜ਼ਰੀ ਭਰਨ ਆਉਂਦੇ। ਉਹ ਦਿਨ ਮੇਰੇ ਲਈ ਭਾਗਾਂ ਵਾਲੇ ਦਿਨ ਸੀ, ਮੇਰੇ ਕੋਲ ਵਿਆਹ ਵਾਲੇ ਘਰ ਵਾਂਗ ਭੀੜ ਲੱਗੀ ਰਹਿੰਦੀ ਸੀ। ਕਿਉਂਕਿ ਉਨ੍ਹਾਂ ਸਮਿਆਂ 'ਚ ਭੁੰਨ ਕੇ ਖਾਣ ਵਾਲਾ ਅਨਾਜ ਮੱਕੀ, ਬਾਜਰਾ, ਛੋਲੇ, ਜੌਂ, ਕਣਕ ਆਦਿ ਹੀ ਲੋਕਾਂ ਲਈ ਖਾਣ ਦੇ ਮੁੱਖ ਪਦਾਰਥ ਹੋਇਆ ਕਰਦੇ ਸਨ ਅਤੇ ਲੋਕਾਂ ਨੂੰ ਦਾਣੇ ਭੁੰਨਾ ਕੇ ਖਾਣ ਦਾ ਸ਼ੌਕ ਵੀ ਸੀ। ਲੋਕ ਜਦੋਂ ਕਦੇ ਤੁਰ ਕੇ ਦੂਰ ਨੇੜੇ ਜਾਂਦੇ ਤਾਂ ਸਫਰ 'ਚ ਆਪਣੀ ਭੁੱਖ ਮਿਟਾਉਣ ਲਈ ਦਾਣੇ ਭੁੰਨਾ ਕੇ ਆਪਣੇ ਨਾਲ ਲੈ ਜਾਂਦੇ ਸਨ। ਉਸ ਸਮੇਂ ਦਾਣੇ ਭੁੰਨਣ ਦਾ ਕੰਮ ਤਾਈ ਮੁਖਤਿਆਰੋ ਕਰਿਆ ਕਰਦੀ ਸੀ। ਉਹ ਬੜੇ ਨਿੱਘੇ ਤੇ ਮਿੱਠੇ ਸੁਭਾਅ ਦੀ ਮਾਲਕਣ ਸੀ। ਉਹ ਦਾਣੇ ਭੁੰਨਣ ਲਈ ਛੋਲਿਆਂ ਦਾ ਗੂਣਾ, ਛਟੀਆਂ ਦੀ ਰਹਿੰਦ-ਖੂੰਹਦ, ਸਰ੍ਹੋਂ ਦੀ ਪਲ੍ਹੋ ਆਦਿ ਬਾਲਣ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਦੀ। ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਭਾਵੇਂ ਉਹ ਆਪਣੇ ਹੋਰ ਕੰਮਾਂ-ਕਾਰਾਂ ਵਿਚ ਰੁੱਝੀ ਰਹਿੰਦੀ ਸੀ, ਪਰ ਉਹ ਮੈਨੂੰ ਨਵੀਂ ਵਹੁਟੀ ਵਾਂਗ ਮਿੱਟੀ-ਪੋਚਾ ਲਗਾ ਕੇ ਸ਼ਿੰਗਾਰੀ ਰੱਖਦੀ ਸੀ। ਉਸ ਸਮੇਂ ਦਾਣੇ ਭੁੰਨਾਉਣ ਵਾਲਿਆਂ ਦੀ ਮੇਰੇ ਆਲੇ-ਦੁਆਲੇ ਬੜੀ ਭੀੜ ਹੁੰਦੀ ਅਤੇ ਦਾਣੇ ਭਨਾਉਣ ਵਾਲਿਆਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ। ਤਾਈ ਮੁਖਤਿਆਰੋ ਆਪਣੀ ਮਿੱਠ-ਬੋਲੀ ਕਰਕੇ ਦਾਣੇ ਭੁੰਨਾਉਣ ਆਏ ਛੋਟੇ ਜੁਆਕਾਂ ਤੋਂ ਝੋਕਾ ਵੀ ਲਵਾ ਲੈਂਦੀ। ਉਨ੍ਹਾਂ ਸਮਿਆਂ 'ਚ ਦਾਣੇ ਭੁੰਨਾਉਣ ਦਾ ਕੰਮ ਏਨਾ ਕੁ ਹੁੰਦਾ ਸੀ ਕਿ ਤਾਈ ਮੁਖਤਿਆਰੋ ਦਾ ਗੁਜ਼ਾਰਾ ਦਾਣੇ ਭੁੰਨਾਉਣ ਵਾਲਿਆਂ ਦੀਆਂ ਚੁੰਗਾਂ ਨਾਲ ਹੀ ਹੋ ਜਾਂਦਾ ਸੀ। ਦਾਣੇ ਭੁੰਨਾਉਣ ਲਈ ਜੇਕਰ ਕਿਸੇ ਦੀ ਵਾਰੀ ਅੱਗੇ ਪਿੱਛੇ ਹੋ ਜਾਂਦੀ ਤਾਂ ਉਹ ਤਾਈ ਮੁਖਤਿਆਰੋ ਤੇ ਗਿਲਾ ਸ਼ਿਕਵਾ ਕਰਦਾ, ਤਾਈ ਉਸ ਨੂੰ ਆਪਣੇ ਕੋਲ ਬਿਠਾ ਕੇ ਦਾਣੇ ਭੁੰਨਦੀ ਨਾਲੇ ਗੱਲੀਬਾਂਤੀ ਲੱਪ ਦਾਣਿਆਂ ਦੀ ਦੇ ਕੇ ਉਸ ਵੱਲੋਂ ਕੀਤਾ ਹੋਇਆ ਗਿਲਾ-ਸ਼ਿਕਵਾ ਦੂਰ ਕਰ ਦਿੰਦੀ। ਆਥਣ ਵੇਲੇ ਵੱਖ-ਵੱਖ ਅਗਵਾੜਾਂ 'ਚੋਂ ਇੱਕਠੀਆਂ ਹੋ ਦਾਣੇ ਭੁੰਨਾਉਣ ਆਈਆਂ, ਮੁਟਿਆਰਾਂ ਮੇਰੇ ਆਲੇ-ਦੁਆਲੇ ਇੰਝ ਝੁੰਡ ਬਣਾ ਲੈਂਦੀਆਂ, ਜਿਵੇਂ ਸ਼ਾਮ ਸਮੇਂ ਸੰਘਣੇ ਦਰੱਖਤਾਂ ਵਿਚ ਚਿੜੀਆਂ ਦੀ ਚੁਰ-ਚੁਰ ਹੁੰਦੀ ਹੋਵੇ। ਬਸ ਫਿਰ ਕੀ ਉਹ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਥੱਕਦੀਆਂ ਨਹੀਂ ਸਨ ਤੇ ਤਾਈ ਮੁਖਤਿਆਰੋ ਆਵਾਜ਼ਾਂ ਦਿੰਦੀ, 'ਨਿੱਕੀਏ ਲਿਆ ਦਾਣੇ ਫੜਾ ਤੇਰੀ ਵਾਰੀ ਏ', ਅੱਗੋਂ ਅਵਾਜ਼ ਆਉਂਦੀ 'ਤਾਈ ਹੋਰ ਕਿਸੇ ਦੇ ਦਾਣੇ ਭੁੰਨਦੇ ਮਸਾਂ ਮਿਲੀ ਏ 'ਰੱਜੋ' ਅੱਜ ਦੋ ਚਾਰ ਗੱਲਾਂ ਹੋਰ ਕਰ ਲੈਣ ਦੇ ਇਹ ਤਾਂ ਘਰੋਂ ਹੀ ਨਹੀਂ ਨਿਕਲਦੀ ਵੱਡੀ ਕਾਮੀ ਬਣੀ ਰਹਿੰਦੀ ਏ।' ਤਾਈ ਮੁਖਤਿਆਰੋ ਇਨ੍ਹਾਂ ਮੁਟਿਆਰਾਂ ਨੂੰ ਝੋਕਾ ਲਾਉਣ ਲਈ ਵਾਰ-ਵਾਰ ਕਹਿੰਦੀ ਪਰ ਇਹ ਤਾਂ ਆਪਣੀਆਂ ਗੱਲਾਂ ਵਿਚ ਇੰਨੀਆਂ ਮਸਰੂਫ ਹੁੰਦੀਆਂ ਕਿ ਇਨ੍ਹਾਂ ਨੂੰ ਕੁਝ ਪਤਾ ਹੀ ਨਾ ਲਗਦਾ ਫਿਰ ਤਾਈ ਉੱਚੀ ਆਵਾਜ਼ ਵਿਚ ਬੋਲਦੀ ਤਾਂ ਇਕਦਮ ਸੰਨਾਟਾ ਛਾ ਜਾਂਦਾ ਤੇ ਕੋਈ ਨਾ ਕੋਈ ਮੁਟਿਆਰ ਭੱਜ ਕੇ ਝੋਕਾ ਲਾਉਣਾ ਸ਼ੁਰੂ ਕਰ ਦਿੰਦੀ। ਕੁਝ ਪਲਾਂ 'ਚ ਹੀ ਫਿਰ ਉਹੀ ਮੁਟਿਆਰਾਂ ਦੀ ਚਿੜੀਆਂ ਵਾਂਗ ਚੁਰ-ਚੁਰ ਸ਼ੁਰੂ ਹੋ ਜਾਂਦੀ। ਕਿੰਨੇ ਨਸੀਬਾਂ ਵਾਲੇ ਦਿਨ ਸਨ ਉਹ ਨਾ ਕਿਸੇ ਦਾ ਡਰ ਭੈਅ ਤੇ ਨਾ ਕਿਸੇ ਦੇ ਮਨਾਂ ਵਿਚ ਖੋਟ ਸੀ। ਆਥਣ ਵੇਲੇ ਮੂੰਹ ਸੋਜਲੇ ਹੀ ਮੁਟਿਆਰਾਂ ਆਪੋ-ਆਪਣੇ ਦਾਣੇ ਭੁੰਨਾ ਕੇ ਘਰਾਂ ਨੂੰ ਚਲੀਆਂ ਜਾਂਦੀਆਂ ਤੇ ਫਿਰ ਤਾਈ ਮੁਖਤਿਆਰੋ ਫੁਰਤੀ ਨਾਲ ਮੇਰੇ ਤੇ ਪੌਲਾ-ਪੌਲਾ ਲੀੜਾ ਫੇਰਦੀ ਤੇ ਆਸੇ-ਪਾਸੇ ਖਿਲਰੇ ਦਾਣਿਆਂ ਨੂੰ ਇੱਕਠਿਆਂ ਕਰਕੇ ਆਪਣੇ ਕੋਲ ਪਏ ਬੱਠਲ ਵਿਚ ਪਾ ਕੇ ਘਰ ਚਲੀ ਜਾਂਦੀ ਤੇ ਆਥਣ ਦੀ ਦਾਲ-ਰੋਟੀ ਬਣਾਉਣ ਦੇ ਆਹਰ-ਪਾਹਰ ਵਿਚ ਰੁੱਝ ਜਾਂਦੀ। ਇਥੇ ਹੀ ਬੱਸ ਨਹੀਂ ਇਸ ਪਿੱਛੋਂ ਪਿੰਡ ਦੇ ਗੱਭਰੂ ਰਾਤ ਦਾ ਰੋਟੀ-ਟੁੱਕ ਖਾ ਕੇ ਸਿਆਲ ਦੀਆਂ ਠੰਡੀਆਂ ਰਾਤਾਂ ਨੂੰ ਸੇਕ ਦਾ ਨਿੱਘ ਮਾਣਨ ਲਈ ਮੇਰੇ ਦੁਆਲੇ ਆ ਜੁੜਦੇ। ਭਾਵੇਂ ਪਿੰਡ ਦੇ ਗੱਭਰੂ ਖੇਤਾਂ ਵਿਚੋਂ ਕੰਮ ਦੇ ਥੱਕੇ ਭੰਨੇ ਹੁੰਦੇ ਪਰ ਫਿਰ ਵੀ ਉਹ ਮੇਰੇ ਕੋਲ ਬੈਠੇ ਕੇ ਹੱਸਦੇ-ਖੇਡਦੇ ਵੱਡੀ ਰਾਤ ਤੱਕ ਸਮਾਂ ਬਿਤਾ ਦਿੰਦੇ। ਕਈ ਗੱਭਰੂਆਂ ਦੀਆਂ ਮਾਵਾਂ ਉਨ੍ਹਾਂ ਨੂੂੰ ਘਰ ਆਉਣ ਲਈ ਆਵਾਜ਼ਾਂ ਮਾਰਦੀਆਂ। ਫਿਰ ਵੀ ਉਹ ਸਮਾਂ ਬਹੁਤ ਚੰਗਾ ਸੀ। ਸਾਰੇ ਪਿੰਡ ਵਾਸੀ ਇਕ-ਦੂਜੇ ਦੇ ਦੁੱਖ-ਸੁੱਖ ਦੇ ਭਾਈਵਾਲ ਸਨ। ਮੇਰੀ ਤਪੀ ਹੋਈ ਹਿੱਕ ਉਨ੍ਹਾਂ ਦੇ ਹਰ ਰੋਜ਼, ਰਾਤ ਨੂੰ ਇਕ-ਦੂਜੇ ਨਾਲ ਖੁਸ਼ੀ ਦੇ ਪਲ ਸਾਂਝੇ ਕਰਨ ਦਾ ਮੁੱਖ ਟਿਕਾਣਾ ਸੀ। ਕੁਝ ਪਿੰਡਾਂ ਵਿਚ ਪੁਰਾਤਨ ਵਿਰਸੇ ਨਾਲ ਮੋਹ ਰੱਖਣ ਵਾਲੇ ਲੋਕਾਂ ਨੇ ਮੇਰੀ ਹੋਂਦ ਨੂੰ ਅਜੇ ਵੀ ਬਚਾ ਕੇ ਰੱਖਿਆ ਹੋਇਆ ਹੈ। ਭਾਵੇਂ ਬਾਕੀਆਂ ਨੇ ਨਿਰਮੋਹੇ ਹੁੰਦਿਆਂ ਮੈਨੂੰ ਇਕ ਤਰ੍ਹਾਂ ਨਾਲ ਦੇਸ਼ ਨਿਕਾਲਾ ਦੇ ਦਿੱਤਾ ਹੈ।


-ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ (ਪੰਜਾਬ) 151102
ਮੋਬਾਈਲ: 9417079435
ਮੇਲ : jivansidhus@gmail.com

ਵਿਰਸੇ ਦੀਆਂ ਬਾਤਾਂ

ਧੂਣੀ ਦੁਆਲੇ ਚਲਦਾ ਸੈਸ਼ਨ

ਠੰਢ ਨੇ ਕਮਾਲ ਕੀਤੀ ਪਈ ਆ। ਧੁੱਪ ਨਾ ਨਿਕਲੇ ਤਾਂ ਰਜਾਈ ਛੱਡਣ ਨੂੰ ਜੀਅ ਨਹੀਂ ਕਰਦਾ ਤੇ ਜੇ ਸੂਰਜ ਦਿਸ ਪਵੇ ਤਾਂ ਧੁੱਪ 'ਚੋਂ ਉੱਠਣ ਨੂੰ ਮਨ ਨਹੀਂ ਕਰਦਾ। ਇਕਦਮ ਪਈ ਠੰਢ ਨੇ ਜਨ-ਜੀਵਨ ਬੇਹੱਦ ਪ੍ਰਭਾਵਿਤ ਕੀਤਾ ਹੈ। ਵੈਸੇ 'ਆਈ ਬਸੰਤ, ਪਾਲਾ ਉਡੰਤ' ਮਸ਼ਹੂਰ ਹੈ, ਪਰ ਵਕਤ ਦੱਸੇਗਾ ਕਿ ਬਸੰਤ ਮਗਰੋਂ ਪਾਲਾ ਇਵੇਂ ਰਹਿੰਦੈ ਜਾਂ ਉਡੰਤਰ ਹੁੰਦਾ।
ਪਰ ਪਿਛਲੇ ਕਈ ਦਿਨਾਂ ਤੋਂ ਜਿਹੜੀ ਠੰਢ ਪੈ ਰਹੀ ਹੈ, ਇਹ ਬਰਦਾਸ਼ਤ ਤੋਂ ਬਾਹਰ ਹੈ। ਧੁੰਦ, ਕੋਰ੍ਹਾ। ਨਿਆਣੇ ਮਜਬੂਰੀ 'ਚ ਸਕੂਲ ਜਾਂਦੇ ਨੇ ਤੇ ਕੰਮਾਂ 'ਤੇ ਜਾਣ ਵਾਲੇ ਨਾ ਸਰਦਾ ਹੋਣ ਕਰਕੇ ਘਰੋਂ ਨਿਕਲਦੇ ਹਨ। ਵੈਸੇ ਹਰ ਮੌਸਮ ਦਾ ਆਨੰਦ ਮਾਨਣਾ ਚਾਹੀਦਾ। ਪਰ ਕਈ ਵਾਰ ਚਾਹੁੰਦਿਆਂ ਹੋਇਆਂ ਵੀ ਆਨੰਦ ਨਹੀਂ ਮਾਣਿਆ ਜਾਂਦਾ। ਬੇਵੱਸੀ ਹੁੰਦੀ ਹੈ।
ਪਹੁ ਫੁਟਾਲੇ ਤੋਂ ਪਹਿਲਾਂ ਪਿੰਡਾਂ ਵਿਚੋਂ ਨਿਕਲੋ ਤਾਂ ਕਈ ਥਾਵਾਂ 'ਤੇ ਧੂਣੀਆਂ ਬਲਦੀਆਂ ਦਿਸਣਗੀਆਂ। ਮੂੰਗਫਲੀਆਂ ਦੇ ਛਿੱਲੜ ਖਿੱਲਰੇ ਮਿਲਣਗੇ। ਧੁੰਦ, ਧੂਣੀ ਤੇ ਮੂੰਗਫ਼ਲੀ-ਗੱਚਕ ਦਾ ਗਠਜੋੜ ਬਹੁਤ ਪਿਆਰ ਹੈ। ਛਿਟੀਆਂ ਦੀ ਅੱਗ ਸੇਕਦਿਆਂ ਖਾਧੀ ਮੂੰਗਫ਼ਲੀ ਬਦਾਮਾਂ ਤੋਂ ਵੱਧ ਸੁਆਦ ਦਿੰਦੀ ਹੈ। ਲੋਈਆਂ, ਖੇਸਾਂ ਦੀ ਬੁੱਕਲ ਮਾਰ ਧੂਣੀ ਮੂਹਰੇ ਬੈਠੇ ਲੋਕ ਜਦੋਂ ਸਿਆਸਤੀ ਟੋਟਕੇ ਸਾਂਝੇ ਕਰਦੇ ਹਨ ਤਾਂ ਇਉਂ ਜਾਪਦੈ ਜਿਵੇਂ ਇਥੇ ਗੂਗਲ ਦਾ ਦਫ਼ਤਰ ਖੁੱਲ੍ਹ ਗਿਆ ਹੋਵੇ। ਉਹ ਦੁਨੀਆ ਭਰ ਦੇ ਵਿਸ਼ਿਆਂ 'ਤੇ ਚਰਚਾ ਹੁੰਦੀ ਹੈ। ਬਹਿਸ ਕੀਤੀ ਜਾਂਦੀ ਹੈ। ਸਹਿਮਤੀ-ਅਸਹਿਮਤੀ ਦਾ ਮਾਹੌਲ ਬਣਦੈ। ਕਈ ਵਾਰ ਗੱਲ ਕਿਸੇ ਸਿੱਟੇ ਪਹੁੰਚ ਜਾਂਦੀ ਹੈ, ਕਈ ਵਾਰ ਨਹੀਂ ਵੀ। ਕਈ ਵਾਰ ਗੁੱਸਾ ਗਿਲਾ ਵੀ ਹੋ ਜਾਂਦਾ। ਪਰ ਇਸ ਵਿਚਾਰ ਚਰਚਾ ਵਿੱਚੋਂ ਬੜਾ ਕੁੱਝ ਨਿਕਲ ਕੇ ਸਾਹਮਣੇ ਆਉਂਦਾ।
ਇਸ ਤਸਵੀਰ ਨੂੰ ਦੇਖ ਕੇ ਇਹ ਸਾਰੇ ਖਿਆਲ ਮਨ ਵਿਚ ਉੱਮੜ ਆਏ। ਪਾਲੇ ਨੂੰ ਭਜਾਉਣ ਲਈ ਤਿੰਨ ਜਣੇ ਧੂਣੀ ਮੂਹਰੇ ਬੈਠ ਹਨ, ਬੁੱਕਲਾਂ ਮਾਰ ਕੇ। ਤਿੰਨਾਂ ਨੇ ਪਤਾ ਨਹੀਂ ਕਿਹੜੇ-ਕਿਹੜੇ ਵਿਸ਼ਿਆਂ 'ਤੇ ਵਿਚਾਰਾਂ ਦੀ ਸਾਂਝ ਪਾਈ ਹੋਵੇਗੀ। ਧੂਣੀ ਦੀਆਂ ਇਹ ਤਸਵੀਰਾਂ ਦੇਖ ਇਉਂ ਲਗਦੈ, ਜਿਵੇਂ ਅੱਗ ਮੂਹਰੇ ਅਸੀਂ ਆਪ ਹੀ ਬੈਠੇ ਹੋਈਏ। ਇਨ੍ਹਾਂ ਦੀ ਸੰਗਤ ਮਾਣਦੇ ਹੋਈਏ। ਕੁੱਝ ਪੁੱਛਦੇ, ਕੁੱਝ ਦੱਸਦੇ ਹੋਈਏ।
ਜਿਵੇਂ ਸੱਥਾਂ ਨੂੰ ਪਿੰਡਾਂ ਦੀ ਸੰਸਦ ਕਿਹਾ ਜਾਂਦਾ, ਬਿਲਕੁਲ ਉਵੇਂ ਸਿਆਲ਼ਾਂ 'ਚ ਧੂਣੀ ਦੁਆਲੇ ਬੈਠ ਵਿਚਾਰਾਂ ਦੀ ਸਾਂਝ ਪਾਉਂਦੇ ਲੋਕ ਵੀ ਸੰਸਦ ਦੇ ਸੈਸ਼ਨ ਵਿਚ ਹਿੱਸਾ ਲੈਣ ਵਾਲੇ ਹੀ ਜਾਪਦੇ ਹਨ। ਕੋਈ ਉੱਚੀ ਬੋਲਦਾ, ਕੋਈ ਹੌਲੀ। ਕੋਈ ਵਿਰੋਧ ਪ੍ਰਗਟਾਉਂਦਾ, ਕੋਈ ਖੁਸ਼ ਹੁੰਦਾ। ਇਸ ਸੰਸਦ ਦਾ ਆਪਣਾ ਮਹੱਤਵ ਹੈ। ਖਾਸ ਗੱਲ ਇਹ ਹੈ ਕਿ ਇੱਥੇ ਕੋਈ ਖਰਚ ਨਹੀਂ ਆਉਂਦਾ। ਇੱਥੇ ਕੋਈ ਸਵਾਰਥ ਨਹੀਂ ਹੁੰਦਾ।
ਸਾਡੀ ਸੰਸਦ ਦੇ ਇਹ ਸੈਸ਼ਨ ਚੱਲਦੇ ਰਹਿਣਗੇ। ਨਵੇਂ ਵਿਚਾਰ ਨਿਕਲਦੇ ਰਹਿਣ। ਭਾਈਚਾਰਕ ਸਾਂਝ ਬਰਕਰਾਰ ਰਹੇ। ਇਹੀ ਕਾਮਨਾ ਹੈ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਇਸ ਮੌਸਮ ਵਿਚ ਪਤਝੜੀ ਫ਼ਲਦਾਰ ਬੂਟਿਆਂ ਦੀ ਕਾਸ਼ਤ ਲਈ ਸਿਫਾਰਸ਼ਾਂ

ਮੌਜੂਦਾ ਮੌਸਮ ਪਤਝੜੀ ਫ਼ਲਦਾਰ ਬੂਟੇ ਲਗਾਉਣ ਲਈ ਬਹੁਤ ਹੀ ਅਨੁਕੂਲ ਹੈ। ਪਤਝੜੀ ਫ਼ਲਦਾਰ ਬੂਟੇ ਉਹ ਹੁੰਦੇ ਹਨ ਜਿਹੜੇ ਕਿ ਸਰਦੀਆਂ ਦੇ ਮੌਸਮ ਵਿਚ ਅਣ-ਸੁਖਾਵੇਂ ਹਾਲਾਤਾਂ ਨੂੰ ਸਹਿਣ ਕਰਨ ਲਈ ਆਪਣੇ ਪੱਤੇ ਝਾੜ ਕੇ ਆਰਾਮ ਦੀ ਅਵਸਥਾ ਵਿਚ ਚਲੇ ਜਾਂਦੇ ਹਨ। ਆਮ ਤੌਰ 'ਤੇ ਪਤਝੜੀ ਫ਼ਲਦਾਰ ਬੂਟੇ ਜਿਵੇਂ ਕਿ ਸੇਬ, ਨਾਸ਼ਪਾਤੀ, ਅਲੂਚਾ, ਆੜੂ, ਅਖਰੋਟ ਆਦਿ ਠੰਢੇ ਇਲਾਕਿਆਂ ਵਿਚ ਲਗਾਏ ਜਾਂਦੇ ਹਨ। ਪਰ ਆੜੂ, ਅਲੂਚਾ ਅਤੇ ਨਾਸ਼ਪਾਤੀ ਦੇ ਬੂਟਿਆਂ ਦੀਆਂ ਘੱਟ ਠੰਢ ਦੀ ਲੋੜ ਵਾਲੀਆਂ ਕਿਸਮਾਂ ਪ੍ਰਾਪਤ ਹੋਣ ਨਾਲ ਇਨ੍ਹਾਂ ਨੂੰ ਪੰਜਾਬ ਦੇ ਨੀਮ ਗਰਮ ਪੌਣ-ਪਾਣੀ ਵਿਚ ਲਗਾਉਣਾ ਸੰਭਵ ਹੋਇਆ ਹੈ। ਬਾਗ਼ ਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸ ਵਿਚ ਜਲਵਾਯੂ ਦੇ ਅਨੁਕੂਲ ਹੀ ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਲਗਾਈਆਂ ਜਾਣ। ਪਤਝੜੀ ਫ਼ਲਦਾਰ ਬੂਟੇ ਉਦੋਂ ਲਗਾਏ ਜਾਂਦੇ ਹਨ, ਜਦੋਂ ਇਹ ਸਥਿਲ ਹਾਲਤ ਵਿਚ ਹੁੰਦੇ ਹਨ। ਇਨ੍ਹਾਂ ਬੂਟਿਆਂ ਨੂੰ ਨਵਾਂ ਫੁਟਾਰਾ ਸ਼ੁਰੂ ਹੋਣ ਤੋਂ ਪਹਿਲਾਂ ਅੱਧ ਜਨਵਰੀ ਤੱਕ ਲਗਾ ਦੇਣਾ ਚਾਹੀਦਾ ਹੈ, ਜਿਵੇਂ ਕਿ ਆੜੂ ਅਤੇ ਅਲੂਚਾ ਫ਼ਲਦਾਰ ਬੂਟੇ ਆਦਿ। ਨਾਸ਼ਪਾਤੀ ਅਤੇ ਅੰਗੂਰ ਦੇ ਬੂਟੇ ਅੱਧ ਫਰਵਰੀ ਤੱਕ ਜ਼ਰੂਰ ਲਗਾ ਦੇਣੇ ਚਾਹੀਦੇ ਹਨ। ਇਸ ਲਈ ਪਤਝੜੀ ਫ਼ਲਦਾਰ ਬੂਟਿਆਂ ਨੂੰ ਲਗਾਉਣ ਲੱਗਿਆਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਵਿਉਂਤਬੰਦੀ ਕਰਨੀ ਚਾਹੀਦੀ ਹੈ।
ਫਲ਼ਦਾਰ ਬੂਟੇ ਲਗਾਉਣ ਲਈ ਜ਼ਮੀਨ ਦੀ ਚੋਣ: ਫ਼ਲਦਾਰ ਬੂਟੇ ਲਾਉਣ ਲਈ ਜ਼ਮੀਨ ਡੂੰਘੀ, ਚੰਗੇ ਪਾਣੀ ਦੇ ਨਿਕਾਸ ਵਾਲੀ, ਦਰਮਿਆਨੀ, ਭਾਰੀ ਅਤੇ ਉਪਜਾਊ ਹੋਣੀ ਚਾਹੀਦੀ ਹੈ। ਇਸ ਦੀ 2 ਮੀਟਰ ਤੱਕ ਦੀ ਡੂੰਘਾਈ ਤੱਕ ਕੋਈ ਰੋੜ ਜਾਂ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ। ਇਸ ਵਿਚ ਕੋਈ ਲੂਣਾ ਜਾਂ ਤੇਜ਼ਾਬੀਪਣ ਨਹੀਂ ਹੋਣਾ ਚਾਹੀਦਾ। ਪਾਣੀ ਦਾ ਪੱਧਰ 3 ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਅਤੇ ਇਸ ਵਿਚ ਕੋਈ ਉਤਰਾਅ-ਚੜ੍ਹਾਅ ਨਹੀਂ ਆਉਣਾ ਚਾਹੀਦਾ। ਫ਼ਲਦਾਰ ਬੂਟਿਆਂ ਵਾਲੀ ਜ਼ਮੀਨ ਦੀ ਹੇਠਲੀ ਤਹਿ 'ਤੇ ਤੱਤਾਂ ਦਾ ਦਰਜਾ ਅਤੇ ਹੋਰ ਹਾਲਤਾਂ ਵੀ ਫ਼ਲਦਾਰ ਬੂਟਿਆਂ ਦੇ ਵਾਧੇ ਲਈ ਬਹੁਤ ਜ਼ਰੂਰੀ ਹਨ। ਇਸ ਕਰਕੇ ਬਾਗ਼ ਲਗਾਉਣ ਤੋਂ ਪਹਿਲਾਂ ਜ਼ਮੀਨ ਦੀ 2 ਮੀਟਰ ਦੀ ਡੂੰਘਾਈ ਤੱਕ ਪਰਖ ਕਰਵਾ ਲੈਣੀ ਚਾਹੀਦੀ ਹੈ। ਇਸ ਕੰਮ ਲਈ ਜ਼ਮੀਨ ਦੀ ਹਰ ਤਹਿ ਵਿਚੋਂ ਲੋਹੇ ਦੀ ਬੋਕੀ ਜਾਂ ਔਗਰ ਨਾਲ ਜਾਂ ਟੋਆ ਪੁੱਟ ਕੇ 500 ਗ੍ਰਾਮ ਮਿੱਟੀ ਦਾ ਨਮੂਨਾ ਲਉ। ਜਿਵੇਂ ਕਿ ਮਿੱਟੀ ਦੀ ਉੱਪਰਲੀ 15 ਸੈਂਟੀਮੀਟਰ ਦੀ ਤਹਿ, 15 ਤੋਂ 30 ਸੈਂਟੀਮੀਟਰ ਦੀ ਤਹਿ, 30 ਤੋਂ 60 ਸੈਂਟੀਮੀਟਰ ਦੀ ਤਹਿ, 60 ਤੋਂ 90 ਸੈਂਟੀਮੀਟਰ ਦੀ ਤਹਿ, 90 ਤੋਂ 120 ਸੈਂਟੀਮੀਟਰ ਦੀ ਤਹਿ, 120 ਤੋਂ 150 ਸੈਂਟੀਮੀਟਰ ਦੀ ਤਹਿ ਅਤੇ 150 ਤੋਂ 200 ਸੈਂਟੀਮੀਟਰ ਦੀ ਤਹਿ ਵਿਚੋਂ ਨਮੂਨੇ ਲੈ ਲਵੋ। ਇਸ ਤਰ੍ਹਾਂ ਇਹ ਸੱਤ ਤਹਿਆਂ ਬਣ ਜਾਣਗੀਆਂ। ਜੇਕਰ ਕੋਈ ਸਖ਼ਤ ਜਾਂ ਪਥਰੀਲੀ ਤਹਿ ਆ ਜਾਵੇ ਤਾਂ ਉਸ ਦੀ ਮੋਟਾਈ ਤੇ ਡੂੰਘਾਈ ਦੇਖ ਲਓ ਅਤੇ ਉਸ ਦਾ ਵੱਖਰਾ ਨਮੂਨਾ ਲਓ। ਹਰ ਨਮੂਨੇ ਉੱਪਰ ਤਹਿ ਦੀ ਡੂੰਘਾਈ ਲਿਖ ਲਓ ਅਤੇ ਹਰ ਨਮੂਨੇ ਨੂੰ ਵੱਖਰੀ ਕੱਪੜੇ ਦੀ ਸਾਫ਼ ਥੈਲੀ ਵਿਚ ਬੰਨ੍ਹ ਲਵੋ ਤਾਂ ਕਿ ਇਕ ਦੂਜੇ ਨਮੂਨੇ ਦੀ ਆਪਸ ਵਿਚ ਮਿਲਾਵਟ ਨਾ ਹੋ ਸਕੇ।
ਬਾਗ਼ ਦੀ ਜ਼ਮੀਨ ਦੀ ਨਿਸ਼ਾਨਬੰਦੀ : ਬਾਗ਼ ਵਿਚ ਪਤਝੜੀ ਬੂਟੇ ਲਗਾਉਣ ਤੋਂ ਪਹਿਲਾਂ ਬਾਗ਼ ਦੀ ਨਿਸ਼ਾਨਬੰਦੀ ਕਿਸੇ ਬਾਗ਼ਬਾਨੀ ਮਾਹਿਰ ਦੀ ਮਦਦ ਨਾਲ ਕਰਵਾ ਲੈਣੀ ਚਾਹੀਦੀ ਹੈ।
ਫਲ਼ਦਾਰ ਬੂਟੇ ਲਗਾਉਣ ਦਾ ਸਮਾਂ : ਸਿਫਾਰਿਸ਼ ਕੀਤੀਆਂ ਕਿਸਮਾਂ ਦੇ ਫ਼ਲਦਾਰ ਬੂਟੇ ਜਨਵਰੀ ਤੋਂ ਫਰਵਰੀ ਮਹੀਨਿਆਂ ਵਿਚ ਲਗਾ ਦਿਉ। ਇਹ ਬੂਟੇ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ਼ ਵਿਚ ਲਗਾ ਦੇਣੇ ਚਾਹੀਦੇ ਹਨ। ਇਨ੍ਹਾਂ ਬੂਟਿਆਂ ਵਿਚ ਆੜੂ ਅਤੇ ਅਲੂਚਾ ਜਿਨ੍ਹਾਂ ਵਿਚ ਨਵੀਂ ਫੋਟ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਇਸ ਲਈ ਇਨ੍ਹਾਂ ਨੂੰ ਜਨਵਰੀ ਦੇ ਤੀਜੇ ਹਫਤੇ ਤੱਕ ਲਗਾ ਦਿਉ। ਅੰਗੂਰ, ਨਾਸ਼ਪਾਤੀ ਅਤੇ ਅਨਾਰ ਦੇ ਬੂਟਿਆਂ ਨੂੰ ਫਰਵਰੀ ਦੇ ਦੂਜੇ ਪੰਦਰਵਾੜੇ ਤੱਕ ਲਗਾ ਦਿਉ।
ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਦੀ ਚੋਣ ਅਤੇ ਖਰੀਦ : ਹਮੇਸ਼ਾ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਿਸ਼ ਕੀਤੀਆਂ ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਹੀ ਬਾਗ਼ ਵਿਚ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਫ਼ਲਾਂ ਦੀ ਚੰਗੀ ਪੈਦਾਵਾਰ ਅਤੇ ਗੁਣਵੱਤਾ ਪ੍ਰਾਪਤ ਕੀਤੀ ਜਾ ਸਕੇ। ਇਸ ਮੌਸਮ ਵਿਚ ਵੱਖ-ਵੱਖ ਪਤਝੜੀ ਫ਼ਲਦਾਰ ਬੂਟਿਆਂ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਵੱਖ-ਵੱਖ ਕਿਸਮਾਂ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਨ੍ਹਾਂ ਬੂਟਿਆਂ ਵਿਚ ਸਖ਼ਤ ਨਾਸ਼ਪਾਤੀ ਵਿਚ ਪੰਜਾਬ ਨਾਖ ਅਤੇ ਪੱਥਰਨਾਖ; ਅਰਧ-ਨਰਮ ਨਾਸ਼ਪਾਤੀ ਵਿਚ ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬੱਗੂਗੋਸ਼ਾ ; ਨਰਮ ਨਾਸ਼ਪਾਤੀ ਵਿਚ ਨਿਜੀਸਿਕੀ, ਪੰਜਾਬ ਸੋਫਟ; ਆੜੂ ਵਿਚ ਪਰਤਾਪ, ਫਲੋਰਿਡਾ ਪ੍ਰਿੰਸ, ਸ਼ਾਨੇ-ਪੰਜਾਬ, ਅਰਲੀ ਗਰੈਂਡ, ਪ੍ਰਭਾਤ, ਸ਼ਰਬਤੀ, ਪੰਜਾਬ ਨੈਕਟਰੇਨ : ਅਲੂਚਾ ਵਿਚ ਸਤਲੁਜ ਪਰਪਲ, ਕਾਲਾ ਅੰਮ੍ਰਿਤਸਰੀ; ਅੰਗੂਰ ਵਿਚ ਸੁਪੀਰੀਅਰ ਸੀਡਲੈਸ, ਪੰਜਾਬ ਪਰਪਲ, ਫਲੇਮ ਸੀਡਲੈਸ, ਬਿਊਟੀ ਸੀਡਲੈਸ, ਪਰਲਿਟ; ਅਨਾਰ ਵਿਚ ਗਨੇਸ਼ ਅਤੇ ਕੰਧਾਰੀ, ਅੰਜੀਰ ਵਿਚ ਬਰਾਊਨ ਟਰਕੀ ਕਿਸਮਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫਾਲਸਾ ਦੇ ਬੂਟੇ ਵੀ ਇਸ ਮੌਸਮ ਵਿਚ ਲਗਾਏ ਜਾਂਦੇ ਹਨ। ਇਹ ਬੂਟੇ ਵਧੀਆ ਨਸਲ ਦੇ,ਨੰਗੀਆਂ ਜੜ੍ਹਾਂ ਵਾਲੇ, ਸਿਹਤਮੰਦ, ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ, ਨਰੋਏ ਅਤੇ ਦਰਮਿਆਨੀ ਉਚਾਈ ਵਾਲੇ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਖਰੀਦ ਕਰਨ ਲੱਗੇ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਇਨ੍ਹਾਂ ਦੀ ਪਿਉਂਦ ਸਹੀ ਜੜ੍ਹ-ਮੁੱਢ ਤੇ ਕੀਤੀ ਹੋਵੇ, ਪਿਉਂਦੀ ਜੋੜ ਪੱਧਰਾ ਹੋਵੇ ਅਤੇ ਬਹੁਤ ਉੱਚਾ ਨਾ ਹੋਵੇ। ਸਿਫਾਰਿਸ਼ ਕੀਤੀਆਂ ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਕਿਸੇ ਸਰਕਾਰੀ ਮਨਜ਼ੂਰਸ਼ੁਦਾ ਨਰਸਰੀਆਂ, ਬਾਗ਼ਬਾਨੀ ਵਿਭਾਗ ਦੀਆਂ ਨਰਸਰੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਖੇਤਰੀ ਖੋਜ ਕੇਂਦਰਾਂ ਤੋਂ ਹੀ ਖਰੀਦਣੀਆਂ ਚਾਹੀਦੀਆਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ

ਉੱਦਮੀ ਨੌਜਵਾਨ ਕਿਸਾਨਾਂ ਲਈ ਪ੍ਰੇਰਨਾਸ੍ਰੋਤ : ਭੁਪਿੰਦਰ ਸਿੰਘ ਬਰਗਾੜੀ

ਪੰਜਾਬ ਵਿਚ ਬਹੁਤ ਸਾਰੇ ਨੌਜਵਾਨ ਖਾਸ ਕਰਕੇ ਕਿਸਾਨੀ ਪਿਛੋਕੜ ਦੇ ਨੌਜਵਾਨ ਅਜਿਹੇ ਹਨ ਜੋ ਖੇਤੀਬਾੜੀ ਦੇ ਨਾਲ-ਨਾਲ ਕੋਈ ਨਾ ਕੋਈ ਸਹਾਇਕ ਕਿੱਤਾ ਅਪਣਾ ਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰਕੇ ਚੰਗਾ ਜੀਵਨ ਬਸਰ ਕਰ ਰਹੇ ਹਨ। ਇਸੇ ਤਰ੍ਹਾਂ ਦਾ ਹੀ ਨੌਜਵਾਨ ਕਿਸਾਨ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਰਗਾੜੀ ਦਾ ਵਸਨੀਕ ਭੁਪਿੰਦਰ ਸਿੰਘ ਹੈ ਜੋ ਕਿੱਤੇ ਵਜੋਂ ਅਧਿਆਪਕ ਹੋਣ ਦੇ ਬਾਵਜੂਦ ਬਜ਼ੁਰਗਾਂ ਤੋਂ ਵਿਰਾਸਤ ਵਿਚ ਮਿਲੇ ਗੁੜ ਬਨਾਉਣ ਦੇ ਕਿੱਤੇ ਨੂੰ ਬਹੁਤ ਹੀ ਸਫ਼ਲਤਾਪੂਰਵਕ ਅੱਗੇ ਵਧਾ ਕੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਵਜੋਂ ਵਿਚਰ ਰਿਹਾ ਹੈ। ਗੁੜ ਸਦੀਆਂ ਤੋਂ ਮਨੁੱਖ ਦੀ ਖੁਰਾਕ ਦਾ ਮਹੱਤਵਪੂਰਨ ਮੁੱਖ ਹਿੱਸਾ ਰਿਹਾ ਹੈ, ਭਾਵੇਂ ਕਿ ਪਿਛਲੀ ਸਦੀ ਦੌਰਾਨ ਰੋਜ਼ਮਰ੍ਹਾ ਦੀ ਵਰਤੋਂ ਵਿਚ ਖੰਡ ਦਾ ਬੋਲਬਾਲਾ ਹੋ ਗਿਆ ਹੈ, ਪ੍ਰੰਤੂ ਗੁੜ ਦੀ ਵਰਤੋਂ ਅਤੇ ਮੰਗ ਬਰਕਰਾਰ ਹੀ ਰਹੀ ਹੈ। ਪੰਜਾਬ ਵਿਚ ਛੇਵੇਂ ਦਹਾਕੇ ਤੱਕ ਬਲਦਾਂ ਰਾਹੀਂ ਘੁਲਾੜੀਆਂ ਨਾਲ ਗੰਨੇ ਦਾ ਰਸ ਕੱਢ ਕੇ ਗੁੜ ਬਣਦਾ ਰਿਹਾ ਹੈ। ਬਾਅਦ ਵਿਚ ਇੰਜਣ ਤੇ ਬਿਜਲੀ ਦੀਆਂ ਮੋਟਰਾਂ ਆ ਜਾਣ ਨਾਲ ਉਤਪਾਦਨ ਵਧਦਾ ਗਿਆ। ਭੁਪਿੰਦਰ ਸਿੰਘ ਨੂੰ ਗੁੜ ਉਤਪਾਦਨ ਦੇ ਖੇਤਰ ਵਿਚ ਪੈਰ ਧਰਨ ਦਾ ਸਬੱਬ ਉਦੋਂ ਬਣਿਆ, ਜਦੋਂ ਉਨ੍ਹਾਂ ਨੇ 2011 ਵਿਚ ਆਪਣੀ ਬੇਟੀ ਦਾ ਵਿਆਹ ਕਰਨ ਸਮੇਂ ਗੁੜ ਵਿਚ ਦੇਸੀ ਘਿਓ ਅਤੇ ਡਰਾਈਫਰੂਟ ਪਾ ਕੇ ਤਿਆਰ ਕੀਤੇ ਗੁੜ ਦੇ ਡੱਬੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕਾਰਡਾਂ ਦੇ ਨਾਲ ਵੰਡੇ। ਰਿਸ਼ਤੇਦਾਰਾਂ ਵਲੋਂ ਇਸ ਗੁੜ ਦੀ ਹੋਰ ਮੰਗ ਕਰਨ ਨਾਲ ਭੁਪਿੰਦਰ ਸਿੰਘ ਨੇ ਇਸ ਕੰਮ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਤੇ ਦੋ ਤਰ੍ਹਾਂ ਦਾ ਗੁੜ ਬਣਾਉਣਾ ਸ਼ੁਰੂ ਕੀਤਾ। ਬਾਜ਼ਾਰ ਵਿਚ ਮਿਲਦੇ ਕਾਸਟਿਕ ਸੋਡੇ ਅਤੇ ਰੰਗ ਵਾਲੇ ਗੁੜ ਨਾਲੋਂ, ਭੁਪਿੰੰਦਰ ਸਿੰਘ ਵਲੋਂ ਬਣਾਏ ਜਾਂਦੇ ਗੁੜ ਦੇ ਮਿਆਰੀਪਣ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ, ਕਿਉਂਕਿ ਇਨ੍ਹਾਂ ਵਲੋਂ ਪਰੰਪਰਿਕ ਤਰੀਕੇ ਨਾਲ ਭਿੰਡੀ ਦੇ ਤਣੇ ਦੀ ਲੇਸ ਨਾਲ ਗੰਨੇ ਦੇ ਜੂਸ ਨੂੰ ਸਾਫ ਕੀਤਾ ਜਾਂਦਾ ਸੀ ਅਤੇ ਕੋਈ ਕੈਮੀਕਲ ਜਾਂ ਮਸਾਲਾ ਆਦਿ ਬਿਲਕੁਲ ਵੀ ਨਹੀਂ ਵਰਤਿਆ । ਇਹੀ ਇਸ ਗੁੜ ਦੀ ਪ੍ਰਸਿੱਧੀ ਦਾ ਕਾਰਨ ਬਣਿਆ। ਹੁਣ ਜਿੱਥੇ ਵੀ ਕਿਤੇ ਚੰਗੇ ਗੁੜ ਦੀ ਗੱਲ ਹੁੰਦੀ ਹੈ ਤਾਂ ਭੁਪਿੰਦਰ ਸਿੰਘ ਬਰਗਾੜੀ ਦਾ ਨਾਂਅ ਜ਼ਰੂਰ ਲਿਆ ਜਾਂਦਾ ਹੈ।
ਭੁਪਿੰਦਰ ਸਿੰਘ ਬਰਗਾੜੀ ਵਿੱਦਿਅਕ ਯੋਗਤਾ ਪੱਖੋਂ ਐਮ.ਏ., ਈ.ਟੀ.ਟੀ., ਬੀ.ਐਡ ਹੈ ਅਤੇ ਕਿੱਤੇ ਵਜੋਂ ਅਧਿਆਪਕ ਹੈ। ਆਪਣੇ ਸਕੂਲ ਸਮੇਂ ਤੋਂ ਬਾਅਦ ਇਸ ਕਾਰਜ ਲਈ ਸਮਾਂ ਦਿੰਦਾ ਹੈ। ਪਿਛਲੇ ਸਮੇਂ ਦੌਰਾਨ ਉਨ੍ਹਾਂ ਦੇ ਗੁੜ ਦੀ ਵਧੀ ਮੰਗ ਨੇ ਉਨ੍ਹਾਂ ਨੂੰ ਗੰਨੇ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ। ਇਸ ਮਕਸਦ ਲਈ ਉਸ ਨੇ ਇਕ ਸੈਲਫ ਹੈਲਪ ਗਰੁੱਪ ਦਾ ਗਠਨ ਕੀਤਾ ਅਤੇ ਆਪਣੇ ਮੈਂਬਰ ਸਾਥੀਆਂ ਨੂੰ ਗੰਨੇ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ। ਜਿਸ ਦੇ ਚੰਗੇ ਸਿੱਟੇ ਸਾਹਮਣੇ ਆਏ ਅਤੇ ਅੱਜ ਉਸ ਦੇ ਗਰੁੱਪ ਦੇ ਸੱਤ ਕਿਸਾਨ ਤਕਰੀਬਨ ਚੌਵੀ ਏਕੜ ਵਿਚ ਉਨ੍ਹਾਂ ਦੀ ਲੋੜ ਮੁਤਾਬਕ ਗੰਨੇ ਦੀ ਕਾਸ਼ਤ ਕਰਦੇ ਹਨ। ਗੰਨੇ ਦੀ ਫ਼ਸਲ 'ਚੋਂ ਚੰਗੀ ਆਮਦਨ ਹੋਣ ਲੱਗ ਪਈ ਹੈ। ਉਹ ਖੁਦ ਵੀ ਗੁੜ ਲਈ ਉੱਤਮ ਮੰਨੀ ਜਾਂਦੀ ਸੀ.ਓ. ਜੇ. 85 ਕਿਸਮ ਦੇ ਗੰਨੇ ਦੀ ਦੋ ਏਕੜ ਵਿਚ ਕਾਸ਼ਤ ਕਰਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਰਵਾਏ ਜਾਂਦੇ ਮੁਕਾਬਲਿਆਂ ਦੌਰਾਨ ਪਿਛਲੇ ਪੰਜ ਸਾਲਾਂ ਵਿਚ ਉਹ ਗੁੜ ਅਤੇ ਸ਼ੱਕਰ ਵਿਚ ਚਾਰ ਵਾਰ ਪਹਿਲਾ ਅਤੇ ਇਕ ਵਾਰ ਦੂਜਾ ਇਨਾਮ ਜਿੱਤ ਚੁੱਕੇ ਹਨ। ਮਿਆਰੀ ਗੁੜ ਉਤਪਾਦਨ ਲਈ 2014 ਵਿਚ ਭੁਪਿੰਦਰ ਸਿੰਘ ਬਰਗਾੜੀ ਨੂੰ ਉੱਦਮੀ ਕਿਸਾਨ ਸਟੇਟ ਐਵਾਰਡ ਮਿਲ ਚੁੱਕਾ ਹੈ। ਇੰਡੀਅਨ ਇੰਸਟੀਚਿਊਟ ਆਫ ਸ਼ੂਗਰਕੇਨ ਰਿਸਰਚ ਲਖਨਊ ਵਿਖੇ ਰਾਸ਼ਟਰੀ ਗੁੜ ਸੰਮੇਲਨ ਦੌਰਾਨ ਭਾਰਤ ਭਰ ਦੇ ਗੁੜ ਉਤਪਾਦਕਾਂ ਨਾਲ ਆਪਣੇ ਉਤਪਾਦਨ ਅਤੇ ਮਾਰਕੀਟਿੰਗ ਤਜਰਬੇ ਸਾਂਝੇ ਕਰ ਚੁੱਕਾ ਹੈ।
ਭੁਪਿੰਦਰ ਸਿੰਘ ਬਰਗਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਲੋਂ ਲਗਾਏੇ ਜਾਂਦੇ ਕਿਸਾਨ ਮੇਲੇ ਦੌਰਾਨ ਸਟਾਲ ਲਾਉਂਦਾ ਹੈ, ਜਿੱਥੇ ਉਸ ਦਾ ਮਕਸਦ ਵੱਧ ਤੋਂ ਵੱਧ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਲਈ ਪ੍ਰੇਰਿਤ ਕਰਨ ਦਾ ਹੁੰਦਾ ਹੈ। ਉਸ ਨੂੰ ਉਤਪਾਦਨ ਅਤੇ ਮਾਰਕੀਟਿੰਗ ਨਾਲ ਸਬੰਧਿਤ ਅਥਾਹ ਜਾਣਕਾਰੀ ਹੈ, ਜੋ ਉਹ ਕਿਸਾਨਾਂ ਨਾਲ ਸਾਂਝੀ ਵੀ ਕਰਦਾ ਹੈ।
ਉਹ ਖੇਤੀ ਸਾਹਿਤ ਪੜ੍ਹਨ ਵਿਚ ਬਹੁਤ ਰੁਚੀ ਰੱਖਦਾ ਹੈ। ਉਨ੍ਹਾਂ ਦਾ ਵਚਾਰ ਹੈ ਕਿ ਸਿਰਫ ਸਰਕਾਰਾਂ ਨੂੰ ਕੋਸਣ ਨਾਲ ਕੁਝ ਨਹੀਂ ਬਨਣਾ, ਖੁਦ ਹੀ ਹਿੰਮਤ ਕਰਨੀ ਪੈਣੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਸਹਾਇਕ ਕਿੱਤੇ ਜਿਵੇਂ ਮਧੂ ਮੱਖੀਆਂ ਪਾਲਣਾ, ਬੈਕਯਾਰਡ ਪੋਲਟਰੀ ਫਾਰਮਿੰਗ, ਬੱਕਰੀ ਪਾਲਣ, ਡੇਅਰੀ ਫਾਰਮਿੰਗ, ਗੁੜ ਬਣਾ ਕੇ ਖੁਦ ਵੇਚਣਾ ਅਜਿਹੇ ਸਹਾਇਕ ਕਿੱਤੇ ਹਨ ਜਿਨ੍ਹਾਂ ਨੂੰ ਕਿਸਾਨ ਅਪਣਾ ਕੇ ਖੇਤੀ ਕਿੱਤੇ ਨੂੰ ਲਾਹੇਵੰਦਾ ਕਿੱਤਾ ਬਣਾ ਸਕਦਾ ਹੈ।


-ਬਲਾਕ ਖੇਤੀਬਾੜੀ ਅਫਸਰ, ਪਠਾਨਕੋਟ।

ਜਦੋਂ ਹੱਥ ਬਣੇ ਔਜ਼ਾਰ

ਮਨੁੱਖੀ ਹੱਥ ਇਕ ਐਸੀ ਚੀਜ਼ ਹੈ, ਜਿਹੜੀ ਹਰ ਔਜ਼ਾਰ ਦਾ ਮੁੱਢਲਾ ਸਰੋਤ ਹੈ। ਹੱਥ ਹਰ ਕੰਮ ਕਰ ਸਕਦਾ ਹੈ। ਅੱਜ ਦੀ ਹਰ ਮਸ਼ੀਨ, ਹੱਥ ਦੇ ਕੰਮ ਨੂੰ ਛੋਹਲ਼ਾ ਕਰਨ ਦਾ ਹੀ ਇਕ ਤਰੀਕਾ ਹੈ। ਭਾਵੇਂ ਕਿ ਸੁਪਰ ਮਸ਼ੀਨੀ ਯੁੱਗ ਆ ਗਿਆ ਹੈ, ਪਰ ਹੱਥ ਦੇ ਕੰਮ ਦੀ ਕਦਰ ਹਾਲੇ ਘਟੀ ਨਹੀਂ। ਅੱਜ ਵੀ ਹੱਥ ਦੀ ਪੱਕੀ ਰੋਟੀ ਤੋਂ ਲੈ ਕੇ, ਇੱਟਾਂ ਦੀ ਚਿਣਾਈ ਤੱਕ ਹਰ ਕੰਮ ਕਲਾਤਮਿਕ ਤੇ ਫਾਇਦੇਮੰਦ ਹੈ। ਪੁਰਾਣੇ ਸਮੇਂ ਵਿਚ ਔਰਤਾਂ ਨੂੰ ਘਰਾਂ ਦੇ ਵੀਹ ਕੰਮ ਹੁੰਦੇ ਸਨ, ਪਰ ਫਿਰ ਵੀ ਉਹ ਕਢਾਈ ਦਾ ਕੰਮ ਕਰਨ ਲਈ ਵਿਹਲ ਕੱਢ ਲੈਂਦੀਆਂ ਸਨ। ਅੱਜ ਸਾਡੀ ਮੱਧ ਵਰਗੀ ਜਮਾਤ ਵਿਹਲੀ ਤਾਂ ਰਹਿ ਲੈਂਦੀ ਹੈ, ਪਰ ਸੂਈ ਧਾਗੇ ਨੂੰ ਫੜ੍ਹਨਾ ਹੱਤਕ ਸਮਝਦੀ ਹੈ। ਦੂਸਰੇ ਪਾਸੇ ਨਿਮਨ ਵਰਗ ਨੂੰ ਕੰਮ ਦੀ ਲੋੜ ਹੈ। ਜੇਕਰ ਉਹ ਔਰਤਾਂ ਆਪਣੇ ਦਿਨ ਵਿਚ 2-4 ਘੰਟੇ ਕੱਢ ਕੇ ਕਰੋਸ਼ੀਏ ਦਾ ਕੰਮ ਕਰ ਲੈਣ ਤਾਂ ਉਸ ਸਮਾਨ ਤੋਂ 200 ਤੋਂ ਹਜ਼ਾਰ ਰੁਪਏ ਤੱਕ ਕਮਾਇਆ ਜਾ ਸਕਦਾ ਹੈ। ਚੰਗੀ ਗੱਲ ਇਹ ਹੈ ਕਿ ਕਈ ਲੋਕਾਂ ਨੇ ਭਲਾਈ ਗਰੁੱਪ ਬਣਾਏ ਹੋਏ ਹਨ, ਜੋ ਪੇਂਡੂ ਔਰਤਾਂ ਨੂੰ ਰੁਜ਼ਗਾਰ ਦਿੰਦੇ ਹਨ। ਦੇਸ਼-ਵਿਦੇਸ਼ ਵਿਚ ਹੱਥ ਦੇ ਬਣੇ ਹੋਏ ਕਾਂਟੇ, ਚੂੜੀਆਂ, ਦਸਤਾਨੇ, ਟੋਪੀਆਂ, ਬੈਗ, ਛੱਤਰੀ ਕਵਰ, ਸ਼ਾਲ ਤੇ ਪਰਸ ਆਦਿ ਲੋਕ ਬਹੁਤ ਪਸੰਦ ਕਰਦੇ ਹਨ। ਇਸ ਕੰਮ ਲਈ ਕੇਂਦਰ ਸਰਕਾਰ ਦੀਆਂ ਕਈ ਸਕੀਮਾਂ ਹਨ ਤੇ ਸਾਰਸ ਮੇਲਾ ਵੀ ਲਗਾਉਂਦੇ ਹਨ, ਜਿੱਥੇ ਇਨ੍ਹਾਂ ਕਲਾਕਾਰਾਂ ਨੂੰ ਮੁਫ਼ਤ ਸਟਾਲ ਵੀ ਦਿੱਤੇ ਜਾਂਦੇ ਹਨ। ਹੱਥ ਦੇ ਕੰਮ ਦੀ ਕਦਰ ਕਰਨ ਵਾਲੇ ਹਾਲੇ ਘੱਟ ਨਹੀਂ ਹਨ, ਬਸ ਤੁਹਾਨੂੰ ਹੀ ਥੋੜੀ ਹਿੰਮਤ ਦੀ ਲੋੜ ਹੈ।

-ਮੋਬਾ: 98159-45018

ਕਣਕ ਦਾ ਉਤਪਾਦਨ ਵਧਾਉਣ ਲਈ ਛੋਟੇ ਕਿਸਾਨਾਂ ਨੂੰ ਵੀ ਸਹੂਲਤਾਂ ਉਪਲਬਧ ਕੀਤੀਆਂ ਜਾਣ

ਅੱਜਕਲ੍ਹ ਦਾ ਠੰਢਾ ਮੌਸਮ ਕਣਕ ਲਈ ਲਾਭਦਾਇਕ ਹੋਣ ਕਾਰਨ ਅਤੇ ਬਿਜਾਈ ਤੋਂ ਬਾਅਦ ਸਮੇਂ ਸਿਰ ਬਾਰਿਸ਼ ਹੋਣ ਕਾਰਨ ਕਣਕ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੋ ਗਈ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਅਨੁਸਾਰ ਉਤਪਾਦਨ ਪਿਛਲੇ ਸਾਲ ਦੇ 165.88 ਲੱਖ ਟਨ ਤੋਂ ਵੱਧ ਹੋਵੇਗਾ, ਜੇ ਅੱਗੇ ਮਾਰਚ-ਅਪ੍ਰੈਲ 'ਚ ਵੀ ਮੌਸਮ ਅਨੁਕੂਲ ਰਿਹਾ। ਭਾਰਤ ਸਰਕਾਰ ਦੇ ਆਈ. ਸੀ. ਏ. ਆਰ.-ਕਣਕ ਅਤੇ ਜੌਂ ਦੀ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ: ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਦੇਸ਼ 'ਚ ਕਣਕ ਦਾ ਉਤਪਾਦਨ ਪਿਛਲੇ ਸਾਲ ਦੇ 98.37 ਮਿਲੀਅਨ ਟਨ ਦੇ ਮੁਕਾਬਲੇ 100 ਮਿਲੀਅਨ ਟਨ ਹੋ ਜਾਣ ਦਾ ਇਮਕਾਨ ਹੈ। ਕਣਕ ਪੈਦਾ ਕਰਨ ਵਾਲੇ ਪੰਜਾਬ, ਹਰਿਆਣਾ ਤੇ ਉੱਤਰੀ ਭਾਰਤ ਦੀਆਂ ਦੂਜੀਆਂ ਥਾਵਾਂ 'ਤੇ ਵਰਤਮਾਨ ਚਲ ਰਿਹਾ ਠੰਢਾ ਮੌਸਮ ਕਣਕ ਦੀ ਫ਼ਸਲ ਲਈ ਅਤਿ ਲਾਭਦਾਇਕ ਹੈ। ਪਿਛਲੇ ਮਹੀਨੇ ਤੱਕ ਦੇਸ਼ ਵਿਚ 28 ਮਿਲੀਅਨ ਹੈਕਟੇਅਰ ਰਕਬੇ 'ਤੇ ਕਣਕ ਦੀ ਬਿਜਾਈ ਹੋ ਚੁੱਕੀ ਸੀ, ਜੋ ਵਧ ਕੇ ਪਿਛਲੇ ਸਾਲ ਦੇ 30.4 ਮਿਲੀਅਨ ਹੈਕਟੇਅਰ ਨੂੰ ਛੂਹ ਜਾਣ ਦੀ ਸੰਭਾਵਨਾ ਹੈ। ਪੰਜਾਬ 'ਚ ਕਣਕ ਦੀ ਕਾਸ਼ਤ ਪਿਛਲੇ ਸਾਲ 34.97 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ। ਇਸ ਸਾਲ ਪਿਛਲੇ ਸਾਲ ਦੇ ਅੰਤ ਤੱਕ 34.90 ਲੱਖ ਹੈਕਟੇਅਰ ਰਕਬਾ ਬੀਜਿਆ ਜਾ ਚੁੱਕਾ ਸੀ। ਡਾਇਰੈਕਟਰ ਬੈਂਸ ਅਨੁਸਾਰ ਰਕਬਾ ਲਗਪਗ ਪਿਛਲੇ ਸਾਲ ਦੇ ਪੱਧਰ 'ਤੇ ਹੀ ਰਹਿਣ ਦੀ ਆਸ ਹੈ। ਹੁਣ ਜੋ ਦੇਰੀ ਨਾਲ ਬਿਜਾਈ ਹੋ ਰਹੀ ਹੈ ਉਸ ਲਈ ਕਿਸਾਨਾਂ ਨੂੰ ਲੇਟ ਕਾਸ਼ਤ ਕਰਨ ਵਾਲੀਆਂ ਸਫ਼ਲ ਡਬਲਿਊ. ਜੀ. 544 ਅਤੇ ਐਚ. ਡੀ. 3117 ਜਿਹੀਆਂ ਕਿਸਮਾਂ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਆਈ. ਸੀ. ਏ. ਆਰ. - ਭਾਰਤੀ ਖੇਤੀ ਖੋਜ ਸੰਸਥਾਨ ਦੇ ਕਣਕ ਦੇ ਬ੍ਰੀਡਰ ਡਾ. ਰਾਜਬੀਰ ਯਾਦਵ ਅਨੁਸਾਰ ਐਚ ਡੀ 3117 ਕਿਸਮ ਇਸ ਵੇਲੇ ਬੀਜ ਕੇ ਵੀ ਕਿਸਾਨਾਂ ਨੂੰ ਮੁਕਾਬਲਤਨ ਚੰਗਾ ਝਾੜ ਦੇ ਦੇਵੇਗੀ।
ਖਰੀਫ਼ ਦੇ ਮੌਸਮ 'ਚ ਝੋਨੇ ਦੀ ਰਿਕਾਰਡ ਫ਼ਸਲ ਵੱਢਣ ਤੋਂ ਬਾਅਦ ਕਿਸਾਨਾਂ ਨੂੰ ਕਣਕ ਦੀ ਵਧੀਆ ਉਪਜ ਮਿਲਣ ਦੀਆਂ ਆਸਾਂ ਬੰਨ੍ਹ ਜਾਣ ਨਾਲ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਭਾਵੇਂ ਛੋਟੇ ਤੇ ਸੀਮਿਤ ਕਿਸਾਨ ਕਰਜ਼ਾ ਮੁਆਫ਼ੀ ਦੇ ਜਾਲ 'ਚ ਉਲਝੇ ਹੋਏ ਹਨ। ਡਾਇਰੈਕਟਰ ਬੈਂਸ ਅਨੁਸਾਰ ਕੇਂਦਰ ਦੇਸ਼ ਦੇ ਅੰਨ ਭੰਡਾਰ 'ਚ ਪੰਜਾਬ ਵਲੋਂ ਕਣਕ ਦਾ ਸਭ ਰਾਜਾਂ ਨਾਲੋਂ ਵੱਧ ਯੋਗਦਾਨ ਪਾਉਣ ਲਈ ਆਸ ਬੰਨ੍ਹੀ ਬੈਠਾ ਹੈ। ਕੇਂਦਰ ਵਲੋਂ 128 ਕਰੋੜ ਰੁਪਏ ਦਾ ਯੋਗਦਾਨ ਆਇਆ ਹੈ ਅਤੇ ਖੇਤੀਬਾੜੀ ਵਿਭਾਗ ਨੇ ਰਾਜ ਸਰਕਾਰ ਵਲੋਂ ਪਾਏ ਜਾਣ ਵਾਲੇ ਯੋਗਦਾਨ ਨੂੰ ਸ਼ਾਮਿਲ ਕਰਕੇ 216 ਕਰੋੜ ਰੁਪਏ ਦੀ ਯੋਜਨਾ ਬਣਾ ਕੇ ਵਿੱਤ ਵਿਭਾਗ ਨੂੰ ਭੇਜੀ ਹੈ। ਇਸ ਤਰ੍ਹਾਂ ਆਰ. ਕੇ. ਵਾਈ. ਸਕੀਮ ਥੱਲੇ ਪੀਲੀ ਕੁੰਗੀ ਦੇ ਹਮਲੇ ਨੂੰ ਕਾਬੂ ਕਰਨ ਲਈ ਕਿਸਾਨਾਂ ਨੂੰ 5 ਕਰੋੜ ਰੁਪਏ ਦਵਾਈਆਂ 'ਤੇ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਸਕੀਮ ਦੀ ਵਿੱਤ ਵਿਭਾਗ ਵਲੋਂ ਪ੍ਰਵਾਨਗੀ ਦਿੱਤੇ ਜਾਣ ਉਪਰੰਤ ਕਿਸਾਨਾਂ ਨੂੰ ਜੋ ਕਣਕ ਦੀਆਂ ਐਚ ਡੀ 2967, ਐਚ ਡੀ 3086, ਡਬਲਿਊ ਐਚ 1105 ਆਦਿ ਕਿਸਮਾਂ ਦੇ ਬੀਜ 1000 ਰੁਪਏ ਦੀ ਰਿਆਇਤ ਦੇ ਕੇ ਸਬਸਿਡੀ 'ਤੇ ਦਿੱਤੇ ਗਏ ਹਨ ਉਹ ਸਬਸਿਡੀ ਦੀ ਰਕਮ ਵੀ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।
ਕਣਕ ਹਾੜੀ ਦੀ ਰਵਾਇਤੀ ਮੁੱਖ ਫ਼ਸਲ ਹੈ, ਜਿਸ ਨੂੰ ਹਰ ਛੋਟਾ, ਵੱਡਾ ਕਿਸਾਨ ਬੀਜਦਾ ਹੈ। ਵੱਡੇ ਤੇ ਖੁਸ਼ਹਾਲ ਕਿਸਾਨ ਤਾਂ ਨਵੇਂ ਬੀਜਾਂ, ਪੌਦ ਸੁਰੱਖਿਆ ਵਿਧੀਆਂ ਅਤੇ ਨਵੀਂ ਖੋਜ ਤੋਂ ਪੂਰਾ ਲਾਭ ਉਠਾ ਕੇ ਆਪਣੀ ਉਤਪਾਦਕਤਾ ਵਧਾ ਰਹੇ ਹਨ ਪਰ ਛੋਟੇ ਕਿਸਾਨ ਅਜੇ ਵੀ ਇਨ੍ਹਾਂ ਤਕਨੀਕਾਂ ਦੇ ਲਾਭ ਤੋਂ ਵਾਂਝੇ ਹਨ, ਕਿਉਂਕਿ ਇਹ ਖੇਤੀ ਪ੍ਰਸਾਰ ਸੇਵਾਵਾਂ ਪਛੜ ਜਾਣ ਕਾਰਨ ਉਨ੍ਹਾਂ ਤੱਕ ਨਹੀਂ ਪਹੁੰਚ ਰਹੀਆਂ। ਪੰਜਾਬ ਸਰਕਾਰ ਨੂੰ ਇਸ ਸ਼੍ਰੇਣੀ ਦੇ ਕਿਸਾਨਾਂ ਨੂੰ ਨਵੀਂ ਖੋਜ ਦਾ ਲਾਭ ਪਹੁੰਚਾਉਣ ਲਈ ਖੇਤੀ ਪ੍ਰਸਾਰ ਸੇਵਾ ਨੂੰ ਮੁੜ ਜੀਵਿਤ ਕਰਨਾ ਚਾਹੀਦਾ ਹੈ। ਇਸ ਲਈ ਸਰਕਾਰ ਨੂੰ ਵੀ ਉੱਤਰ ਪ੍ਰਦੇਸ਼ ਵਲੋਂ ਸ਼ੁਰੂ ਕੀਤੀ ਗਈ ਕਿਸਾਨ ਪਾਠਸ਼ਾਲਾ ਯੋਜਨਾ ਜਿਹੀ ਸਕੀਮ ਨੂੰ ਵਜੂਦ 'ਚ ਲਿਆਉਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਹੁਣ ਪਿਛਲੀ ਸ਼ਤਾਬਦੀ ਦੇ 70ਵੇਂ ਦਾ ਸਮੂਹਿਕ ਵਿਕਾਸ ਢਾਂਚਾ ਲਿਆਉਣਾ ਤਾਂ ਸੰਭਵ ਨਹੀਂ ਹੋਵੇਗਾ। ਅਜਿਹੀ ਕੋਈ ਨਵੀਂ ਸਕੀਮ ਅਮਲ ਵਿਚ ਲਿਆਂਦੀ ਜਾਏ, ਜਿਸ ਤਹਿਤ ਖੇਤੀਬਾੜੀ ਵਿਭਾਗ, ਪੀ ਏ ਯੂ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਨਿੱਜੀ ਖੇਤਰ ਦੀਆਂ ਕਿਸਾਨ ਸੰਸਥਾਵਾਂ ਇਕਜੁੱਟ ਹੋ ਕੇ ਕੰਮ ਕਰਨ ਅਤੇ ਨਵੀਂ ਖੋਜ ਨੂੰ ਅੰਦਰਲੇ ਪਿੰਡਾਂ ਤੱਕ, ਛੋਟੇ ਤੇ ਸੀਮਿਤ ਕਿਸਾਨਾਂ ਨੂੰ ਪਹੁੰਚਾ ਕੇ ਉਨ੍ਹਾਂ ਦੀ ਆਮਦਨ 'ਚ ਵਾਧਾ ਕਰਨ।
ਪੰਜਾਬ ਵਿਚ ਜੋ ਕਣਕ ਦੀ ਉਤਪਾਦਕਤਾ 51 ਕੁਇੰਟਲ ਪ੍ਰਤੀ ਹੈਕਟੇਅਰ 'ਤੇ ਪਹੁੰਚੀ ਹੈ ਉਸ ਵਿਚ ਕੀਮੀਆਈ ਖਾਦਾਂ ਦੀ ਵਰਤੋਂ ਦਾ ਵਿਸ਼ੇਸ਼ ਰੋਲ ਹੈ। ਕੇਂਦਰ ਸਰਕਾਰ ਵਲੋਂ ਯੂਰੀਏ ਦੀ ਖਪਤ ਘਟਾਉਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਯੂਰੀਏ ਦੇ ਥੈਲੇ ਦਾ ਵਜ਼ਨ ਵੀ 50 ਕਿਲੋ ਦੀ ਬਜਾਏ 45 ਕਿਲੋ ਕੀਤਾ ਜਾ ਰਿਹਾ ਹੈ। ਇਸ ਨਾਲ ਯੂਰੀਏ ਦੀ ਖਪਤ ਘਟਣ ਦੀ ਕੋਈ ਸੰਭਾਵਨਾ ਨਹੀਂ। ਕਿਤੇ ਛੋਟੇ ਕਿਸਾਨ ਵਜ਼ਨ ਸਬੰਧੀ ਭੰਬਲਭੂਸੇ 'ਚ ਪੈ ਕੇ ਖਪਤ ਵਧਾ ਨਾ ਬੈਠਣ? ਵਧੇਰੇ ਮਹੱਤਤਾ ਫਾਸਫੋਰਸ ਤੇ ਪੋਟਾਸ਼ ਦੀ ਖਪਤ ਵਧਾਉਣ 'ਤੇ ਦਿੱਤੇ ਜਾਣ ਦੀ ਲੋੜ ਹੈ ਕਿਉਂਕਿ ਨਾਈਟ੍ਰੋਜਨ (ਐਨ), ਫਾਸਫੋਰਸ (ਪੀ) ਤੇ ਪੋਟਾਸੀਅਮ (ਕੇ) ਦੀ ਵਰਤੋਂ 'ਚ ਸਤੁਲਨ ਨਹੀਂ ਰੱਖਿਆ ਜਾ ਰਿਹਾ। ਭਾਵੇਂ ਨੀਮ-ਕੋਟਿਡ ਯੂਰੀਏ ਦੀ ਵਰਤੋਂ 10 ਪ੍ਰਤੀਸ਼ਤ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀ ਹੈ ਪਰ ਕਿਸਾਨ ਇਸ ਨੂੰ ਆਮ ਯੂਰੀਏ ਦੀ ਖੁਰਾਕ ਦੇ ਬਰਾਬਰ ਹੀ ਪਾ ਰਹੇ ਹਨ। ਯੂਰੀਏ ਦਾ ਉਦਯੋਗ ਵਲੋਂ ਇਸਤੇਮਾਲ ਕਰਕੇ ਇਸ 'ਤੇ ਦਿੱਤੀ ਜਾ ਰਹੀ ਭਾਰੀ ਸਬਸਿਡੀ ਦੇ ਫ਼ਾਇਦੇ ਨੂੰ ਰੋਕਣ ਲਈ ਜੋ ਨਵੀਂ ਵਿਧੀ ਰਾਹੀਂ ਸਬਸਿਡੀ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾਂ ਕਰਾਉਣ ਦੀ ਬਣਾਈ ਗਈ ਹੈ ਉਹ ਵੀ ਛੋਟੇ ਤੇ ਸੀਮਿਤ ਕਿਸਾਨਾਂ ਲਈ ਵਿਸ਼ੇਸ਼ ਕਰਕੇ ਯੋਗ ਨਹੀਂ। ਉਨ੍ਹਾਂ ਨੂੰ ਪੂਰੀ ਕੀਮਤ ਦੇ ਕੇ ਪਹਿਲਾਂ ਇਹ ਖਾਦ ਖਰੀਦਣਾ ਅਸੰਭਵ ਹੋਵੇਗਾ। ਇਸ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਅਕਤੂਬਰ ਵਿਚ ਕਿਸਾਨਾਂ ਵਲੋਂ ਪੂਰੀ ਕੀਮਤ ਅਦਾ ਕਰਕੇ ਸਬਸਿਡੀ ਵਾਲੇ ਖਰੀਦੇ ਗਏ ਬੀਜਾਂ ਦੀ ਸਬਸਿਡੀ ਦੀ ਰਕਮ ਅਜੇ ਤੱਕ ਵੀ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾਂ ਨਹੀਂ ਹੋਈ। ਕਈ ਅਜਿਹੇ ਕਿਸਾਨ ਜਿਨ੍ਹਾਂ ਨੇ ਇਹ ਬੀਜ ਪਿਛਲੀ ਹਾੜ੍ਹੀ ਵਿਚ ਖਰੀਦੇ ਸਨ, ਸਬਸਿਡੀ ਦੀ ਰਕਮ ਦੀ ਵਸੂਲੀ ਲਈ ਅੱਜ ਵੀ ਉਹ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਦੀਆਂ ਫੇਰੀਆਂ ਪਾ ਰਹੇ ਹਨ।


ਮੋਬਾ: 98152-36307

ਘਰੇਲੂ ਲੋੜ ਦੀਆਂ ਫ਼ਸਲਾਂ ਕਿਸਾਨ ਆਪਣੇ ਖੇਤਾਂ 'ਚ ਪੈਦਾ ਕਰਨ

ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਬਾਹਰ ਆ ਕੇ ਜੋ ਵਸਤੂਆਂ ਖੇਤਾਂ ਵਿਚੋਂ ਤਿਆਰ ਹੁੰਦੀਆਂ, ਨੂੰ ਆਪਣੇ ਖੇਤ ਵਿਚ ਪੈਦਾ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ। ਇਸ ਨਾਲ ਕਿਸਾਨਾਂ ਦੀ ਹਾਲਤ ਵਿਚ ਸੁਧਾਰ ਆ ਸਕਦੀ ਹੈ। ਸਭ ਤੋਂ ਪਹਿਲਾਂ ਇਹ ਪਹਿਲ-ਕਦਮੀ ਉਨ੍ਹਾਂ ਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਅਜੋਕੇ ਸਮੇਂ ਵਿਚ ਬਹੁਤ ਸਾਰੇ ਕਿਸਾਨਾਂ ਅਜਿਹੇ ਹਨ, ਜਿਹੜੇ ਸਬਜ਼ੀਆਂ ਤੋਂ ਲੈ ਕੇ ਹੋਰ ਅਨੇਕਾਂ ਚੀਜ਼ਾਂ ਜੋ ਖੇਤਾਂ ਵਿਚ ਉਗਾਈਆਂ ਜਾਂਦੀਆਂ ਹਨ, ਉਹ ਬਜ਼ਾਰ ਵਿਚੋਂ ਮੁੱਲ ਲੈ ਕੇ ਆਉਂਦੇ ਹਨ, ਜੋ ਕਿਸਾਨਾਂ ਨੂੰ ਬਿਲਕੁਲ ਨਹੀਂ ਸੋਭਦਾ, ਕਿਉਂਕਿ ਉਹ ਆਪਣੇ ਖੇਤ ਵਿਚ ਹਰੇਕ ਤਰ੍ਹਾਂ ਦੀ ਚੀਜ਼ ਪੈਦਾ ਕਰ ਸਕਦੇ ਹਨ। ਇਕ ਨਮਕ ਨੂੰ ਛੱਡ ਕੇ ਹਰ ਵਸਤੂ ਆਪਣੇ ਖੇਤ ਵਿਚ ਪੈਦਾ ਕੀਤੀ ਜਾ ਸਕਦੀ ਹੈ। ਪ੍ਰੰਤੂ ਅਜਿਹਾ ਕਰਨ ਤੋਂ ਬਹੁਤੇ ਕਿਸਾਨ ਦੂਰ ਹਨ। ਕੰਗਾਲੀ ਦੇ ਰਾਹ ਪਈ ਕਿਰਸਾਨੀ ਨੂੰ ਬਚਾਉਣ ਲਈ ਇਹ ਤਰੀਕਾ ਸਭ ਤੋਂ ਫ਼ਾਇਦੇਮੰਦ ਰਹੇਗਾ।
ਫ਼ਸਲਾਂ ਆਪਣੇ ਹੱਥੀਂ ਤਿਆਰ ਕਰਨ ਦੇ ਕਿਸਾਨਾਂ ਨੂੰ ਬਹੁਤ ਸਾਰੇ ਲਾਭ ਹੋ ਸਕਦੇ ਹਨ। ਜੇਕਰ ਅੱਜ ਦੇ ਸਮੇਂ ਵਿਚ ਬਿਮਾਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਸੰਖਿਆ ਅਣਗਿਣਤ ਹੈ ਕਿਉਂਕਿ ਹੁਣ ਤਕਰੀਬਨ ਹਰੇਕ ਘਰ ਅੰਦਰ ਇਕ ਆਦਮੀ ਜਾਂ ਔਰਤ ਕਿਸੇ ਨਾ ਕਿਸੇ ਬਿਮਾਰੀ ਤੋਂ ਜ਼ਰੂਰ ਪੀੜਤ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਫ਼ਸਲਾਂ ਉੱਤੇ ਕੀਤੀ ਜਾਂਦੀ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ। ਇਸ ਨਾਲ ਧਰਤੀ ਅੰਦਰਲੀ ਤਾਕਤ ਨੂੰ ਕਮਜ਼ੋਰ ਕਰਕੇ ਰਸਾਇਣਕ ਖਾਦਾਂ ਦਾ ਪ੍ਰਭਾਵ ਵਧ ਜਾਂਦਾ ਹੈ। ਫ਼ਸਲਾਂ ਵਿਚ ਰਸਾਇਣਕ ਖਾਦ ਦੀ ਮਾਤਰਾ ਵਧਣ ਕਾਰਨ ਧਰਤੀ ਦੀ ਕੁਦਰਤੀ ਤਾਕਤ ਘੱਟ ਜਾਂਦੀ ਹੈ ਅਤੇ ਰਸਾਇਣਕ ਖਾਦਾਂ ਦੇ ਪ੍ਰਭਾਵ ਕਾਰਨ ਲੋਕਾਂ ਨੂੰ ਬਿਮਾਰੀਆਂ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ। ਇਸ ਤੋਂ ਇਲਾਵਾ ਕੀਟਨਾਸ਼ਕ ਦਵਾਈਆਂ ਵਾਤਾਵਰਨ ਦੀ ਸ਼ੁੱਧਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ, ਜਿਸ ਕਾਰਨ ਵਾਤਾਵਰਨ ਵਿਚ ਘੁਲੀਆਂ ਜ਼ਹਿਰਾਂ ਲੋਕਾਂ ਨੂੰ ਬਿਮਾਰ ਕਰਦੀਆਂ ਹਨ। ਜੇਕਰ ਕਿਸਾਨਾਂ ਦੁਆਰਾ ਆਪਣੇ ਲਈ ਫ਼ਸਲ ਖੇਤ ਵਿਚ ਉਗਾਈ ਜਾਵੇ ਤਾਂ ਇਸ ਨਾਲ ਬਿਮਾਰੀਆਂ ਤੋਂ ਵੀ ਮੁਕਤੀ ਮਿਲ ਜਾਵੇਗੀ, ਕਿਉਂਕਿ ਆਪਣੇ ਲਈ ਉਗਾਈ ਫ਼ਸਲ ਉੱਪਰ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਦੀ ਬਿਜਾਏ ਰੂੜੀ ਆਦਿ ਦੀ ਦੇਸੀ ਖਾਦ ਦੀ ਜ਼ਿਆਦਾ ਵਰਤੋਂ ਕੀਤੀ ਜਾਵੇਗੀ। ਜੇਕਰ ਕੋਈ ਅਜਿਹੀ ਬਿਮਾਰੀ ਜਾਂ ਸੁੰਡੀ ਆਦਿ ਦੀ ਫ਼ਸਲ 'ਤੇ ਮਾਰ ਪੈ ਜਾਵੇ ਤੇ ਫ਼ਸਲ ਨੂੰ ਨੁਕਸਾਨ ਜ਼ਿਆਦਾ ਹੋ ਰਿਹਾ ਹੋਵੇ ਤਾਂ ਫਿਰ ਲੋੜ ਅਨੁਸਾਰ ਖੇਤੀਬਾੜੀ ਵਿਭਾਗ ਦੀ ਮਦਦ ਜਾਂ ਹੋਰ ਖੇਤੀ ਮਾਹਿਰਾਂ ਦੀ ਮਦਦ ਲੈ ਕੇ ਇਸ ਦੇ ਬਚਾਅ ਲਈ ਹੱਲ ਕੀਤਾ ਜਾਣਾ ਚਾਹੀਦਾ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਬਿਨ੍ਹਾਂ ਰੇਹ-ਸਪਰੇਅ ਤੋਂ ਤਿਆਰ ਕਰਕੇ ਪਕਾਈ ਫ਼ਸਲ ਦਾ ਭਾਅ ਵੀ ਵੱਧ ਮਿਲ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਵੀ ਚੰਗਾ ਸਹਾਰਾ ਮਿਲ ਸਕਦਾ ਹੈ, ਕਿਉਂਕਿ ਬਹੁਤੇ ਲੋਕ ਅੱਜ ਦੇ ਸਮੇਂ ਵਿਚ ਫ਼ਸਲਾਂ 'ਤੇ ਅੰਨ੍ਹੇਵਾਹ ਕੀਤੀ ਜਾਂਦੀ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਬਹੁਤ ਚਿੰਤਤ ਹਨ ਅਤੇ ਇਸ ਤਰ੍ਹਾਂ ਤਿਆਰ ਕੀਤੀਆਂ ਵਸਤੂਆਂ ਨੂੰ ਲੈਣ ਤੋਂ ਉਹ ਗੁਰੇਜ਼ ਕਰਦੇ ਹਨ। ਇਹ ਲੋਕ ਅਜਿਹੇ ਲੋਕਾਂ ਤੋਂ ਕਣਕ ਜਾਂ ਹੋਰ ਕੋਈ ਫ਼ਸਲ ਲੈਣ ਨੂੰ ਪਹਿਲ ਦਿੰਦੇ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਰੇਹ-ਸਪਰੇਅ ਤੋਂ ਫ਼ਸਲ ਤਿਆਰ ਕੀਤੀ ਹੋਵੇ। ਪਰ ਅਜਿਹੇ ਲੋਕ ਬਹੁਤ ਘੱਟ ਮਿਲਦੇ ਹਨ, ਜਿਹੜੇ ਇਸ ਤਰ੍ਹਾਂ ਫ਼ਸਲ ਪਾਲਦੇ ਹਨ। ਇਸ ਲਈ ਬਿਨਾਂ ਰੇਹਾਂ-ਸਪਰੇਆਂ ਤੋਂ ਫ਼ਸਲ ਪਾਲਣ ਵੱਲ ਕਦਮ ਵਧਾਉਣੇ ਚਾਹੀਦੇ ਹਨ।
ਆਪਣੇ ਲਈ ਫ਼ਸਲਾਂ ਉਗਾਉਣ ਦਾ ਸਭ ਤੋਂ ਵੱਡਾ ਲਾਭ ਇਹ ਵੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਮਿਲਾਵਟੀ ਚੀਜ਼ਾਂ ਖਾਣ ਤੋਂ ਵੀ ਮੁਕਤੀ ਮਿਲ ਜਾਵੇਗੀ, ਕਿਉਂਕਿ ਹੁਣ ਮੁਨਾਫ਼ਾ ਜ਼ਿਆਦਾ ਕਮਾਉਣ ਦੇ ਚੱਕਰ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦਾ ਬਿਲਕੁਲ ਸ਼ੁੱਧ ਮਿਲਣਾ ਬਹੁਤ ਮੁਸ਼ਕਿਲ ਹੈ, ਜਿਸ ਕਰਕੇ ਇਹ ਮਿਲਾਵਟੀ ਚੀਜ਼ਾਂ ਖਾਣ ਨਾਲ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਜਦੋਂ ਸਭ ਆਪਣੇ-ਆਪ ਵਸਤੂਆਂ ਤਿਆਰ ਕੀਤੀਆਂ ਜਾਣਗੀਆਂ ਤਾਂ ਇਨ੍ਹਾਂ ਮਿਲਾਵਟਖੋਰਾਂ ਤੋਂ ਵੀ ਮੁਕਤੀ ਮਿਲੇਗੀ ਅਤੇ ਸਾਰਾ ਕੁਝ ਸ਼ੁੱਧ ਮਿਲੇਗਾ। ਸ਼ੁੱਧ ਵਸਤੂਆਂ ਖੁਦ ਕਾਸ਼ਤ ਕਰਕੇ ਆਪਣੇ ਤੌਰ 'ਤੇ ਵੇਚੀਆਂ ਜਾ ਸਕਦੀਆਂ ਹਨ। ਇਸ ਨਾਲ ਜਿੱਥੇ ਆਪਣੇ-ਆਪ ਨੂੰ ਫ਼ਾਇਦਾ ਹੋਵੇਗਾ, ਉਥੇ ਜੋ ਖਰੀਦ ਕਰੇਗਾ ਉਸ ਨੂੰ ਵੀ ਸ਼ੁੱਧ ਚੀਜ਼ਾਂ ਮਿਲ ਜਾਣਗੀਆਂ। ਇਸ ਲਈ ਲਗਾਤਾਰ ਮੰਦਹਾਲੀ ਦਾ ਸਾਹਮਣਾ ਕਰ ਰਹੀ ਕਿਰਸਾਨੀ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਕਰਨੇ ਪੈਣਗੇ। ਆਪਣੇ ਤੌਰ 'ਤੇ ਚੀਜ਼ਾਂ ਪੈਦਾ ਕਰਕੇ ਆਪਣੇ ਘਰ ਅਤੇ ਹੋਰ ਥਾਵਾਂ 'ਤੇ ਵੇਚ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਨਾਲ ਫ਼ਸਲੀ ਚੱਕਰ 'ਚੋਂ ਵੀ ਬਾਹਰ ਨਿਕਲਿਆ ਜਾ ਸਕਦਾ ਹੈ। ਜਿਹੜੀਆਂ ਫ਼ਸਲਾਂ ਦੇ ਭਾਅ ਸਬੰਧੀ ਸਰਕਾਰਾਂ 'ਤੇ ਟੇਕ ਰੱਖਣੀ ਪੈਂਦੀ ਹੈ ਉਸ ਤੋਂ ਵੀ ਖਹਿੜਾ ਛੁੱਟ ਜਾਵੇਗਾ। ਸਭ ਤੋਂ ਗੰਭੀਰ ਹੋ ਰਹੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਵੀ ਬਚਾਇਆ ਜਾ ਸਕਦਾ ਹੈ, ਕਿਉਂਕਿ ਜਦੋਂ ਝੋਨਾ ਆਦਿ ਬੀਜਣ ਦੀ ਲੋੜ ਨਾ ਪਈ ਤਾਂ ਫਿਰ ਧਰਤੀ ਵਿਚੋਂ ਜ਼ਿਆਦਾ ਪਾਣੀ ਕੱਢਣ ਦੀ ਜ਼ਰੂਰਤ ਨਹੀਂ ਪਵੇਗੀ। ਪੁਰਾਣੇ ਸਮਿਆਂ 'ਚ ਲੋਕ ਸਭ ਕੁਝ ਆਪਣੇ ਹੱਥੀਂ ਆਪਣੇ ਹੀ ਖੇਤ ਵਿਚ ਉਗਾ ਕੇ ਤਿਆਰ ਕਰਦੇ ਸਨ, ਜਿਸ ਕਰਕੇ ਉਦੋਂ ਲੋਕ ਤੰਦਰੁਸਤ ਰਹਿੰਦੇ ਸਨ, ਜਦਕਿ ਉਦੋਂ ਹੁਣ ਵਾਂਗ ਮਸ਼ੀਨੀਕਰਨ ਵੀ ਨਹੀਂ ਹੁੰਦਾ ਸੀ, ਫਿਰ ਵੀ ਆਪ ਲੋਕ ਮਿਹਨਤ ਕਰਕੇ ਸਭ ਚੀਜ਼ਾਂ ਤਿਆਰ ਕਰਦੇ ਸਨ। ਹੁਣ ਤਾਂ ਸਭ ਕੁਝ ਆਸਾਨੀ ਨਾਲ ਹੋ ਸਕਦਾ ਹੈ। ਇਸ ਲਈ ਸਾਨੂੰ ਉਸ ਸਮੇਂ ਦੇ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਹੈ। ਹੁਣ ਵੀ ਪਹਿਲਾਂ ਵਾਂਗ ਸਭ ਲੋਕ ਆਪਣੇ ਹੱਥੀਂ ਚੀਜ਼ਾਂ ਤਿਆਰ ਕਰਨ ਅਤੇ ਸਭ ਤੰਦਰੁਸਤੀ ਵਾਲਾ ਜੀਵਨ ਜਿਊਣ।


-ਧਨੌਲਾ 148105 (ਬਰਨਾਲਾ)

ਪੁਰਾਤਨ ਪੰਜਾਬ ਦੀ ਸ਼ਾਹੀ ਅਸਵਾਰੀ ਸੀ 'ਟਾਂਗਾ'

ਸਮਾਂ ਆਪਣੀ ਚਾਲ ਚਲਦਾ ਰਹਿੰਦਾ ਹੈ। ਜੇਕਰ ਪੁਰਾਤਨ ਪਿੰਡਾਂ ਵਾਲੇ ਪੰਜਾਬ 'ਤੇ ਝਾਤੀ ਮਾਰੀਏ, ਜਦੋਂ ਕਿ ਬਹੁਤੀ ਅਬਾਦੀ ਪਿੰਡਾਂ ਵਿਚ ਹੀ ਵਸਦੀ ਸੀ ਤੇ ਕਈ ਕਈ ਪਿੰਡਾਂ ਨੂੰ ਇਕੋ ਹੀ ਸ਼ਹਿਰ ਨੇੜੇ ਲਗਦਾ ਸੀ ਤੇ ਉਥੇ ਹੀ ਲੋਕ ਆਪਣੀਆਂ ਫ਼ਸਲਾਂ ਵੇਚ ਕੇ ਘਰਾਂ ਦਾ ਜ਼ਰੂਰੀ ਸਾਮਾਨ ਜਿਵੇਂ ਕੱਪੜਾ, ਰਸੋਈ ਅਤੇ ਖੇਤੀਬਾੜੀ ਨਾਲ ਸਬੰਧਿਤ ਚੀਜ਼ਾਂ ਉਸੇ ਸ਼ਹਿਰੋਂ ਹੀ ਸਾਰੇ ਲੋਕ ਲਿਆਉਂਦੇ ਸਨ। ਜਾਣ-ਆਉਣ ਦੇ ਸਾਧਨ ਵੀ ਸੀਮਿਤ ਸਨ, ਸਾਈਕਲ ਪ੍ਰਧਾਨ ਸਨ। ਰੇਲ ਗੱਡੀ ਰਾਹੀਂ ਸ਼ਹਿਰਾਂ ਨੂੰ ਜਾਣਾ ਜਾਂ ਜਿੱਥੇ ਕਿਤੇ ਰੇਲਵੇ ਸਟੇਸ਼ਨ ਨੇੜੇ ਨਹੀਂ ਸਨ, ਉਥੋਂ ਤੱਕ ਟਾਂਗਿਆਂ 'ਤੇ ਲੋਕਾਂ ਨੇ ਆਉਣਾ ਤੇ ਜਾਣਾ ਜਿਸ ਦਾ ਕਿਰਾਇਆ ਕੁਝ ਆਨੇ ਹੀ ਹੁੰਦੇ ਸਨ, ਜਿਵੇਂ ਚਾਰ ਆਨੇ, ਅੱਠ ਆਨੇ, ਬਾਰਾਂ ਆਨੇ। ਬਹੁਤੇ ਸਾਧਨ ਈਜਾਦ ਨਾ ਹੋਣ ਕਾਰਨ ਟਾਂਗਾ ਹੀ ਸ਼ਾਹੀ ਅਸਵਾਰੀ ਹੁੰਦਾ ਸੀ ਤੇ ਉਨ੍ਹਾਂ ਸਮਿਆਂ ਵਿਚ ਪੈਸੇ ਦਾ ਪਸਾਰ ਬਹੁਤ ਘੱਟ ਸੀ ਫਿਰ ਵੀ ਟਾਂਗਿਆਂ ਵਾਲੇ ਟਾਂਗੇ ਤੇ ਘੋੜੇ ਨੂੰ ਸ਼ਿੰਗਾਰ ਕੇ ਰੱਖਦੇ ਤੇ ਚੰਗੀ ਦਿਹਾੜੀ ਬਣਾਉਂਦੇ ਰਹੇ ਹਨ। ਸਾਡੇ ਪਿੰਡ ਦਾ ਇਕੋ ਇਕ ਟਾਂਗਾ ਸੀ ਆਤਮਾ ਸਿੰਘ ਦਾ। ਜ਼ਿਮੀਂਦਾਰ ਘਰਾਣੇ ਨਾਲ ਸਬੰਧਤ ਆਤਮਾ ਸਿੰਘ ਸੁਭਾਅ ਦਾ ਭਾਵੇਂ ਅੜਬ ਸੀ, ਪਰ ਵਧੀਆ ਘੋੜਾ ਤੇ ਟਾਂਗਾ ਰੱਖਦਾ ਸੀ ਤੇ ਦੱਦਾਹੂਰ ਤੋਂ ਡਗਰੂ ਸਟੇਸ਼ਨ ਤੱਕ ਅੱਠ ਆਨੇ, ਬਾਰਾਂ ਆਨੇ ਤੇ ਬਾਅਦ ਵਿਚ ਇਕ ਤੇ ਦੋ ਰੁਪਏ ਤੱਕ ਵੀ ਲੈਂਦਾ ਰਿਹਾ ਹੈ। ਇਸੇ ਕਰਕੇ ਟਾਂਗੇ ਵਾਲਿਆਂ ਨੂੰ ਘੋੜੇ ਦਾ ਖ਼ਰਚਾ ਕਰਕੇ ਸੌ-ਸਵਾ ਸੌ ਰੁਪਏ ਆਮ ਹੀ ਬਣ ਜਾਂਦੇ ਸਨ, ਜਿਸ ਨੂੰ ਉਹ ਵਧੀਆ ਗੁਜ਼ਾਰਾ ਸਮਝਦੇ ਸਨ। ਇਸੇ ਤਰ੍ਹਾਂ ਹੀ ਹੋਰ ਵੀ ਪਿੰਡਾਂ ਤੋਂ ਟਾਂਗੇ ਸਟੇਸ਼ਨਾਂ ਤੱਕ ਜਾਂ ਸ਼ਹਿਰਾਂ ਤੱਕ ਜਾਂਦੇ ਰਹੇ ਹਨ। ਸਮੇਂ ਦੇ ਬਦਲਾਅ ਨਾਲ ਤੇ ਅਤਿ ਆਧੁਨਿਕ ਅਜੋਕੇ ਸਮੇਂ ਵਿਚ ਅਸੀ ਕਾਰਾਂ ਵਾਲੇ ਹੋ ਗਏ ਹਾਂ ਤੇ ਇਹ ਸਾਡਾ ਵਿਰਸਾ ਸਾਥੋਂ ਬਹੁਤ ਪਿਛਾਂਹ ਰਹਿ ਗਿਆ ਹੈ। ਅੱਜਕੱਲ੍ਹ ਤਾਂ ਇਹ ਟਾਂਗੇ ਬਿਲਕੁਲ ਅਲੋਪ ਹੋ ਚੁੱਕੇ ਹਨ, ਹਾਂ ਕਿਤੇ-ਕਿਤੇ ਟਾਂਵਾਂ-ਟਾਂਵਾਂ ਕਿਸੇ ਨੇ ਭਾਵੇਂ ਸ਼ੌਂਕ ਨਾਲ ਰੱਖਿਆ ਹੋਵੇ। ਦਿੱਲੀ ਵਰਗੇ ਮਹਾਨਗਰਾਂ 'ਚ ਕਿਤੇ ਕਿਤੇ ਵੇਖਣ ਨੂੰ ਇਹ ਮਿਲ ਹੀ ਜਾਂਦੇ ਹਨ, ਜਿੱਥੇ ਲੋਕ ਇਨ੍ਹਾਂ ਨੂੰ ਰੋਕ ਕੇ ਇਨ੍ਹਾਂ ਦੇ ਮਾਲਕਾਂ ਨਾਲ ਪੁਰਾਤਨ ਸਮੇਂ ਦੀਆਂ ਗੱਲਾਂ ਬਾਤਾਂ ਪੁੱਛਦੇ ਹਨ ਤੇ ਜਾਂ ਫ਼ਿਰ ਫੋਟੋਆਂ ਖਿੱਚ ਕੇ ਫੇਸਬੁੱਕ ਜਾਂ ਵਟਸਅੱਪ 'ਤੇ ਪਾਉਂਦੇ ਰਹਿੰਦੇ ਹਨ। ਹਾਂ ਕਿਤੇ ਕਿਤੇ ਮਿਊਜ਼ਮਾਂ ਜਾਂ ਪ੍ਰਦਰਸ਼ਨੀਆਂ ਦਾ ਸ਼ਿੰਗਾਰ ਬਣੇ ਹੋਏ ਹਨ ਇਹ ਟਾਂਗੇ, ਜਿੱਥੇ ਜਾ ਕੇ ਸਾਡੀ ਅਜੋਕੀ ਪੀੜ੍ਹੀ ਬਜ਼ੁਰਗਾਂ ਨੂੰ ਆਮ ਹੀ ਪੁੱਛਦੀ ਵੇਖੀ ਜਾ ਸਕਦੀ ਹੈ।


-ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX